ਘਰੇ ਮੇਰੇ ਜੇਠ ਦੀ ਪੁੱਗੇ - ਸੁਖਪਾਲ ਸਿੰਘ ਗਿੱਲ
" ਲਾਣੇਦਾਰ ਨੂੰ ਪੁੱਛ ਲੈ ਪੁੱਤ"ਨਵੀਂ ਵਿਆਹੀ ਬਹੂ ਨੂੰ ਸੱਸ ਨੇ ਉਦੋਂ ਕਿਹਾ ਜਦੋਂ ਬਹੂ ਨੇ ਪਿਓਕੇ ਜਾਣ ਲਈ ਪੁਛਿਆ। ਬੇਬੇ ਲਾਣੇਦਾਰ ਕੌਣ ਹੈ?ਤੇਰਾ ਜੇਠ ਹੈ। ਅੱਗੇ ਨੂੰ ਵੀ ਹਰ ਕੰਮ ਉਸੇ ਨੂੰ ਪੁੱਛੀਂ, ਨਾਲੇ ਹੋਰ ਐ ਉਸ ਦੇ ਅੱਗੇ ਜ਼ਬਾਨ ਬੰਦ ਰੱਖਣੀ। ਘੁੰਡ ਵੀ ਹਮੇਸ਼ਾ ਕੱਢਣਾ।ਜੇਠ ਮੁਹਰੇ ਸਿਰ ਤੋਂ ਚੂੰਨੀ ਵੀ ਨਹੀਂ ਉਤਰਨੀ ਚਾਹੀਦੀ।ਬੇਬੇ ਨੇ ਸੱਸ ਰੂਪ ਵਿੱਚ ਬਹੂ ਨੂੰ ਨਸੀਹਤ ਦਿੱਤੀ।..... ਠੀਕ ਹੈ ਬੇਬੇ ਜੀ। ਫਿਰ ਹੁਣ ਦੱਸੋ ਮੈਂ ਮਾਪਿਆਂ ਨੂੰ ਜਾਵਾਂ। ... ਠਹਿਰ, ਠਹਿਰ......। ਵੇ ਮਲੂਕਿਆ ! ਬਹੂ ਮਾਪੀ ਜਾਣ ਨੂੰ ਪੁੱਛਦੀ ਐ, ਬੇਬੇ ਪੁੱਤ ਨਾਲ ਅੰਦਰੋਂ ਜੁੜੀ ਤਾਰ ਦਾ ਸਹਾਰਾ ਲੈ ਕੇ ਫਫਾਕੁੱਟ ਤਰਜ਼ ਚ ਉੱਚੀ ਬੋਲ ਕੇ ਪੁੱਛਦੀ ਹੈ,ਕੀ ਕਹਿਣਾ ਇਸ ਨੂੰ?...."ਇਸ ਨੂੰ ਕਹਿ ਕਿ ਅੱਜ ਤੱਕ ਉੱਥੇ ਹੀ ਰਹੀ।ਇਸ ਵਾਂਗ ਇਸ ਘਰ ਚੋਂ ਹੋਰ ਤਾਂ ਇਸ ਤਰ੍ਹਾਂ ਕੋਈ ਪੁੱਛਣ ਦੀ ਹਿੰਮਤ ਨਹੀਂ ਕਰਦੀ,ਇਹ ਆਈ ਨਵੀਂ ਮਹਾਰਾਣੀ , ਨਹੀਂ ਜਾਣਾ ਅਜੇ,ਕੰਮ ਬਹੁਤ ਹੈ।ਨਾਲ ਹੋਰ ਕਰੀਂ ਬੇਬੇ,ਇਸ ਦੀ ਮਾਂ ਨੂੰ ਵੀ ਦੱਸ ਦੇਵੀਂ ਕਿ ਐਵੇਂ ਤੁਰੇ ਰਹਿਣ ਦਾ ਸਾਡੇ ਘਰ ਰਿਵਾਜ਼ ਨਹੀਂ ਹੈ।"ਜੇਠ ਨੇ ਲਾਣੇਦਾਰੀ ਲਹਿਜ਼ੇ ਚ ਕਿਹਾ। ਨਵੀਂ ਵਿਆਹੀ ਨੂੰਹ ਨੂੰ ਖਾਮੋਸ਼ ਖੜ੍ਹੀ ਨੂੰ ਇੱਕ ਗਾਣਾ ਚੇਤੇ ਆਇਆ।ਉਸ ਅਨੁਸਾਰ ਆਪਣੇ ਲਈ ਗਿਣਤੀਆਂ ਮਿਣਤੀਆਂ ਕਰਨ ਲੱਗੀ।
"ਘਰੇ ਮੇਰੇ ਜੇਠ ਦੀ ਪੁੱਗੇ ,
ਰਾਂਝਾ ਰੁਲ ਜੁ ਬੱਕਰੀਆਂ ਚਾਰੇ,
ਵੇ ਚਿੱਤ ਕਰਾਂ ਹੋ ਜਾ ਸਾਧਣੀ,
ਸੱਸ ਚੰਦਰੀ ਬੋਲੀਆਂ ਮਾਰੇ"
ਦਰਵਾਜ਼ਾ ਖੜਕਿਆ,"ਮਲੂਕਿਆ ਘਰੇਂ ਹੈ?.....ਆ ਜਾਓ ਲੰਘ ਆਓ ਲਾਲਾ ਜੀ ਦੱਸੋ ਕੀ ਸੇਵਾ ਸੁਵਾ ਕਰੀਏ,"ਲਾਣੇਦਾਰ ਨੇ ਕਿਹਾ।..."ਓ ਭਾਈ ਹਾੜ੍ਹੀ ਵੇਚ ਵੱਟ ਲਈ ਮੈਂ ਤਾਂ ਆਇਆ ਹਿਸਾਬ ਕਰਨ".... ਮਲੂਕੇ ਨੇ ਬੇਬੇ ਤੋਂ ਹਿਸਾਬ ਕਿਤਾਬ ਦੀ ਕਾਪੀ ਫੜ ਕੇ ਲਾਲੇ ਨਾਲ ਲੇਖਾ- ਜੋਖਾ ਕਰ ਲਿਆ।.....ਲਾਲਾ ਉੱਠਿਆ...ਐਂ ਕਰੀਂ ਆ ਜਾਈਂ ਨਵੇਂ ਕੱਪੜੇ ਆਏ ਹਨ ਲੈ ਆਇਓ।.... ਨਹੀਂ ਲਾਲਾ ਜੀ ਅਗਲੀ ਛਿਮਾਹੀ ਦੇਖਾਂਗੇ।ਇਹ ਬਿਰਤਾਂਤ ਦੇਖ ਕੇ ਨਵੀਂ ਨੂੰਹ ਸੋਚ ਚ ਡੁੱਬ ਗਈ ਕਿ ਘਰ ਚ ਤਾਂ ਜੇਠ ਦੀ ਹੀ ਪੁੱਗਤ ਹੈ।ਇਹ ਧਾਰਨਾ ਨੂੰਹ ਦੇ ਦਿਲ ਦਿਮਾਗ ਚ ਦੋਹਰੀ ਤਰ੍ਹਾਂ ਪਕੇਰੀ ਹੋ ਗਈ,ਜੇਠ ਨੂੰ ਪੁੱਛਣਾ ਅਤੇ ਹਿਸਾਬ ਕਿਤਾਬ ਕਰਕੇ।... ਸੋਚਿਆ ਕਿ ਸ਼ਾਮ ਨੂੰ ਘਰ ਆਉਂਦੇ ਪਤੀ ਨੂੰ ਦੱਸਾਂਗੀ।ਇਹ ਸੋਚ ਕੇ ਦਿਲਾਸਾ ਆ ਗਿਆ। ਸ਼ਾਮ ਨੂੰ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਤੂੰ ਤਾਂ ਹੱਡਭੰਨਵੀਂ ਮੁਸ਼ੱਕਤ ਕਰਨ ਵਾਲਾ ਹੈ।ਤੇਰਾ ਭਾਈ ਮੁਫ਼ਤ ਦਾ ਲਾਣੇਦਾਰ ਹੈ,ਨਾ ਕੰਮ ਨਾ ਕਾਰ।ਫਿਰ ਵੀ ਪੁੱਛ ਉਸੇ ਦੀ ਹੁੰਦੀ ਹੈ।
ਮੈਂ ਪੇਕੇ ਜਾਣਾ ਹੈ।ਘਰਵਾਲੇ ਨੂੰ ਕਿਹਾ।...ਇਹ ਅਖਤਿਆਰ ਵੀਰੇ ਕੋਲ ਹਨ ਉਹੀ ਭੇਜੂ, ਤੈਨੂੰ ਦੱਸਿਆ ਹੈ ਕਿ ਸਭ ਨੂੰ ਪੁੱਛ ਲਿਆ।...ਬਸ ਫਿਰ ਅੱਗੇ ਪੁੱਛਣ ਦੀ ਲੋੜ ਹੀ ਨਹੀਂ ਹੈ,ਜੋ ਕਰੂੰ ਲਾਣੇਦਾਰ ਹੀ ਕਰੂੰ। ...ਜੇਠ ਲਾਣੇਦਾਰ ਨੇ ਕਰਨਾ ਸੀ ਤਾਂ ਵਿਆਹ ਕਿਉਂ ਕਰਵਾਇਆ?ਨੋਕ ਝੋਕ ਸ਼ੁਰੂ ਹੋ ਗਈ।ਆਖਰ ਸੰਯੁਕਤ ਪਰਿਵਾਰ ਦੇ ਕਠੇਬੇ ਵਿੱਚ ਢਲਣਾ ਹੀ ਪੈਣਾ ਹੈ।...... ਮੇਰੀ ਮਾਂ ਵੀ ਇਸੇ ਤਰ੍ਹਾਂ ਦੱਸਿਆ ਕਰਦੀ ਸੀ,....ਬਹੂ ਸੋਚ ਵਿਚ ਡੁੱਬ ਗਈ।
ਸੰਯੁਕਤ ਪਰਿਵਾਰਾਂ ਵਿੱਚ ਅਨੁਸ਼ਾਸਨ ਦੀ ਇਹੀ ਬੁਨਿਆਦ ਸੀ, ਕਿ ਸਭ ਕੁੱਝ ਲਾਣੇਦਾਰ ਦੇ ਅਧੀਨ ਹੁੰਦਾ ਸੀ।ਲਾਣੇਦਾਰ ਨਿਰਪੱਖ ਅਤੇ ਘਰ ਨੂੰ ਅੱਗੇ ਤੋਰਨ ਲਈ ਤਤਪਰ ਰਹਿੰਦਾ ਸੀ। ਉਸਨੂੰ ਸਾਰਾ ਪਰਿਵਾਰ ਇੱਕ ਸਮਾਨ ਹੁੰਦਾ ਸੀ।....ਕਹਾਵਤ,"ਇੱਕ ਆਪਣਾ ਪੁੱਤ ਦੂਜਾ ਭਾਈ ਦਾ ਪੁੱਤਰ ਹੁੰਦਾ ਹੈ,ਜੋ ਆਪਣਾ ਪੁੱਤ ਹੁੰਦਾ ਹੈ ਓ ਭਾਈ ਦਾ ਨਹੀਂ ਹੁੰਦਾ " ਇਸ ਤੱਥ ਕਹਾਵਤ ਤੋਂ ਕੋਹਾਂ ਦੂਰ ਰਹਿ ਕੇ ਹੀ ਲਾਣੇਦਾਰੀ ਅਤੇ ਪਰਿਵਾਰ ਇਕੱਠਾ ਰਹਿੰਦਾ ਹੈ। ਸ਼ਾਮ ਨੂੰ ਸਲਾਹ ਮਸ਼ਵਰਾ ਅਤੇ ਸਵੇਰੇ ਕਰਨ ਵਾਲੇ ਕੰਮਾਂ ਦੀ ਰੂਪਰੇਖਾ ਵੀ ਨੂੰਹ ਦਾ ਜੇਠ ਲਾਣੇਦਾਰ ਹੀ ਤੈਅ ਕਰਦਾ। ਹਾੜ੍ਹੀ ਸਾਉਣੀ ਘਰ ਲਈ ਖਰੀਦੋ ਫਰੋਖਤ ਲਾਣੇਦਾਰੀ ਰੂਪ ਵਿੱਚ ਜੇਠ ਹੀ ਕਰਦਾ। ਹਾਂ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਲਾਣੇਦਾਰ ਜੇਠ ਦੀ ਆਪਣੀ ਬੇਬੇ ਅਤੇ ਘਰ ਦੀ ਸਿਆਣੀ ਨਾਲ ਅੰਦਰੂਨੀ ਤਾਰ ਜੁੜੀ ਹੁੰਦੀ ਸੀ। ਦੋਵੇਂ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਸਨ। ਨਵੀਂ ਨੂੰਹ ਨੂੰ ਵਿਅੰਗ ਯਾਦ ਆਇਆ,"ਕਿ ਦੇਸੀ ਮਹੀਨਿਆਂ ਚ ਸਿਰਫ਼ ਇੱਕ ਮਹੀਨਾ ਹੀ ਜੇਠ ਦਾ ਹੁੰਦਾ ਹੈ।ਇਸ ਮੇਰੇ ਘਰ ਵਿੱਚ ਤਾਂ ਸਾਰਾ ਸਾਲ ਹੀ ਜੇਠ ਦੀ ਪੁੱਗਦੀ ਰਹੂ"ਇਸ ਵਿਅੰਗ ਨੂੰ ਅੰਦਰੋਂ ਅੰਦਰ ਹੀ ਹਜ਼ਮ ਕਰ ਗਈ ਕਿਉਂਕਿ ਘਰ ਦਾ ਅੰਦਾਜ਼ਾ ਉਸ ਵਲੋਂ ਲਗਾਇਆ ਜਾ ਚੁੱਕਾ ਸੀ ਕਿ ਕਿੰਨਾ ਅਗਾਂਹਵਧੂ ਹੈ,ਇਹ ਕਿ ਇਸਦੇ ਹੋਰ ਅਰਥ ਕੱਢ ਕੇ ਮੈਂਨੂੰ ਹੋਰ ਜ਼ਲੀਲ ਨਾ ਕਰਨ..." ਔਰਤ ਦੀ ਜ਼ਾਤ ਨੂੰ ਜਿੰਨਾ ਪੁੱਤ ਪਿਆਰਾ ਹੁੰਦਾ ਹੈ ਉਂਨ੍ਹਾਂ ਹੀ ਪਤੀ ਪਿਆਰਾ ਹੁੰਦਾ ਹੈ।ਘਰ ਬਾਹਰ ਪਤੀ ਦੀ ਬੇਵਸੀ ਨਹੀਂ ਸਹਾਰ ਸਕਦੀ।ਘਰ ਵਿੱਚ ਜੇ ਜੇਠ ਦੀ ਬਜਾਏ ਉਸ ਦੇ ਪਤੀ ਦੀ ਚੱਲੇ ਤਾਂ ਸ਼ੀਨਾ ਚੌੜਾ,ਨਾ ਚੱਲੇ ਤਾਂ ਸ਼ੀਨਾ ਜ਼ੋਰੀ ਸਹਿਣ ਕਰਨੀ ਪੈਂਦੀ ਹੈ। ਛੜੇ ਜੇਠ ਵਿੱਚ ਵੱਧ ਲਾਲਸਾ ਹੁੰਦੀ ਹੈ। ਇਸ ਦੀ ਜ਼ਮੀਨ ਜਾਇਦਾਦ ਇਸ ਦੀ ਸੇਵਾ ਕਰਵਾਉਂਦੀ ਹੈ ਜੋ ਕਿ ਜ਼ਿਆਦਾਤਰ ਛੋਟੀ ਭਰਜਾਈ ਫਰਜ਼ ਸਮਝ ਕੇ ਵੀ ਕਰਦੀ ਹੈ।ਨਵੀਂ ਨੂੰਹ ਵੱਡੀ ਉਮਰ ਅਤੇ ਵਿਚਾਰਧਾਰਾ ਕਰਕੇ ਦਿਓਰ ਨੂੰ ਵੱਧ ਮਾਨਤਾ ਦਿੰਦੀ ਹੈ।ਇਸ ਲਈ ਲੋਕ ਬੋਲੀ ਵੀ ਹੈ।
"ਦਿਓਰ ਭਾਵੇਂ ਮੱਝ ਚੁੰਘ ਜਾਏ, ਛੜੇ ਜੇਠ ਨੂੰ ਲੱਸੀ ਨੀ ਦੇਣੀ" ਇਸ ਤੋਂ ਇਲਾਵਾ ਸਾਡੇ ਕੁੱਝ ਗਾਣਿਆਂ ਨੇ ਵੀ ਜੇਠ ਨੂੰ ਅਸੱਭਿਅਕ ਹਾਸ਼ੀਏ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਜੇਠ ਦਾ ਰਿਸ਼ਤਾ ਸਮਾਜਿਕ ਰੁਤਬੇ ਅਤੇ ਸਰੁੱਖਿਆ ਵਾਲਾ ਹੈ।ਜੇਠ ਜ਼ਿੰਮੇਵਾਰੀ ਦਾ ਅਹਿਸਾਸ ਵੀ ਰੱਖਦੇ ਹਨ। ਇਸੇ ਲਈ ਜੇਠ ਨੂੰ ਕਈ ਸਾਹਿਤਿਕ ਰੰਗਾਂ ਵਿੱਚ ਰੰਗਿਆ ਗਿਆ ਹੈ। ਜੇਠ ਦੀ ਇੱਜ਼ਤ ਅਤੇ ਸਤਿਕਾਰ ਕਰਨਾ ਸਮਾਜਿਕ ਨੈਤਿਕਤਾ ਹੁੰਦੀ ਹੈ ਇਸੇ ਲਈ ਜੇਠ ਅੱਗੇ ਘੁੰਡ ਕੱਢਣਾ ਜ਼ਰੂਰੀ ਹੁੰਦਾ ਸੀ।ਜੇਠ ਵੀ ਖੰਘੂਰਾ ਮਾਰ ਕੇ ਹੀ ਘਰ ਵੜਦਾ ਸੀ।ਇਸ ਲਈ ਭਾਬੀ ਟਕੋਰ ਕਰਦੀ ਹੈ।
"ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ,ਜੇਠ ਦੀਆਂ ਅੱਖਾਂ ਵਿਚ ਪਾ ਦਿੰਦੀ ਹਾਂ,ਘੁੰਡ ਕੱਢਣੇ ਦੀ ਅਲਖ ਮੁਕਾ ਦਿੰਦੀ ਹਾਂ"
ਮੁੱਕਦੀ ਗੱਲ ਇਹ ਹੈ ਕਿ ਪੀੜ੍ਹੀ ਦਾ ਪਾੜਾ ਨਵੇਂ ਹਾਲਾਤ ਨਵੇਂ ਮਾਹੌਲ ਲੱਭਦਾ ਹੈ, ਪਰ ਪੁਰਾਤਨ ਕਹਾਵਤਾਂ,ਦੰਦ ਕਥਾਵਾਂ ਅਤੇ ਗੀਤ ਸੰਗੀਤ ਡੂੰਘੀ ਸੋਚ ਅਤੇ ਖੋਜ ਵਿੱਚੋਂ ਨਿਕਲੇ ਸਨ। ਇਹਨਾਂ ਵਿੱਚ ਹੀ ਸਮਾਜਿਕ ਆਰਥਿਕ ਤਰੱਕੀ ਛੁਪੀ ਹੋਈ ਸੀ।
ਬੁਢਾਪਾ ਆਉਂਦਾ ਹੈ ਜਾਂਦਾ ਨਹੀਂ - ਸੁਖਪਾਲ ਸਿੰਘ ਗਿੱਲ
ਬੁਢਾਪਾ ਜੀਵਨ ਦਾ ਹਿੱਸਾ ਹੈ।ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ "ਆਪਣੀ ਅਕਲ ਬੇਗਾਨੀ ਮਾਇਆ ਵੱਡੀ "ਦਾ ਬੇਹੂਦਾ ਸਬੂਤ ਦਿੱਤਾ ਜਾਂਦਾ ਹੈ।ਪਹਿਲੀ ਕਿਲਕਾਰੀ ਤੋਂ ਮਰਨ ਤੱਕ ਮਨੁੱਖ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਦਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਸਾਡੀ ਪਵਿੱਤਰ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ:-
"ਬਾਲ ਜੁਵਾਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ "
ਇਹਨਾਂ ਤਿੰਨਾਂ ਅਵਸਥਾਵਾਂ ਵਿੱਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਥ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿੱਚ ਕਰ ਲੈਂਦੇ ਹਨ।ਇਸ ਕਰਕੇ ਇਸ ਨੂੰ ਸ਼ਰਾਪ ਵੀ ਮੰਨਿਆ ਜਾਂਦਾ ਹੈ।
ਪਹਿਲੇ ਜ਼ਮਾਨੇ ਸੰਤੁਲਿਤ ਖੁਰਾਕ ਨਾਲ ਬੁਢਾਪਾ ਦੇਰ ਨਾਲ ਆਉਂਦਾ ਸੀ। ਅੱਜਕਲ੍ਹ ਬੁਢਾਪੇ ਦੀ ਕੋਈ ਉਮਰ ਨਹੀਂ ਹੈ।
ਘਰ ਪਰਿਵਾਰ ਵਿੱਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਆਨੰਦ ਮਾਣਦਾ ਹੈ।ਸਭ ਕੁੱਝ ਧੀਆਂ ਪੁੱਤਰਾਂ ਲਈ ਇਕੱਠਾ ਕਰਦਾ ਹੈ। ਭਾਗਾਂ ਵਾਲੇ ਹੁੰਦੇ ਹਨ ਉਹ ਜਿਹਨਾਂ ਦਾ ਬੁਢਾਪਾ ਸੌਖਾ ਅਤੇ ਖੁਸ਼ੀ ਨਾਲ ਆਪਣੀ ਫੁੱਲਵਾੜੀ ਵਿੱਚ ਬੈਠਦਾ ਹੈ। ਜਵਾਨੀ ਵਿੱਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿੱਚ ਇਹ ਸਹਾਰਨਯੋਗ ਨਹੀਂ ਹੁੰਦੀਆਂ।
ਇਹ ਇਕੱਲਤਾ ਹੰਢਾਉਂਦਾ ਹੈ,ਪਰ ਇਸ ਅਵਸਥਾ ਵਿੱਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿੱਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ।ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ,ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿੱਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿੱਚ ਕੀਤੀਆਂ ਚੇਤੇ ਆਉਂਦੀਆਂ ਹਨ,ਹੋ ਕੁੱਝ ਵੀ ਨਹੀਂ ਸਕਦਾ।ਜੋ ਭੁੱਲਣਾ ਚਾਹੁੰਦਾ ਹੈ ਉਹ ਭੁੱਲ ਨਹੀਂ ਹੁੰਦਾ,ਵਾਰ ਵਾਰ ਗਰਾਰੀ ਉੱਥੇ ਹੀ ਖੜ੍ਹ ਜਾਂਦੀ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਬੁਢਾਪੇ ਵਿੱਚ ਪਛਤਾਵਾ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਬਚਪਨ ਜਵਾਨੀ ਵਿੱਚ ਮਨ ਸ਼ਕਤੀਸ਼ਾਲੀ ਹੋਣ ਕਰਕੇ ਪ੍ਰਵਾਹ ਨਹੀਂ ਕਰਦਾ। ਬੁਢਾਪੇ ਵਿੱਚ ਮਨ ਕਮਜ਼ੋਰ ਹੋਣ ਕਰਕੇ ਅੱਗੇ ਆ ਜਾਂਦੀਆਂ ਹਨ। ਆਖਿਰ ਬੁਢਾਪੇ ਵਿੱਚ ਰੱਬ ਯਾਦ ਆਉਂਣ ਲੱਗਦਾ ਹੈ ।ਇਸ ਦੀ ਉਦਾਹਰਨ ਜੱਲ੍ਹਣ ਨੇ ਇਉਂ
ਦਿੱਤੀ ਹੈ:-
"ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ,
ਬੁੱਢੇ ਹੋ ਕੇ ਮਾਲਾ ਫੇਰੀ,ਰੱਬ ਦਾ ਉਲਾਂਭਾ ਲਾਹਿਆ"
ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ।ਘਰ ਦੀ ਵਾਂਗਡੋਰ ਵੀ ਸਾਂਭਿਆ ਕਰਦੇ ਸਨ।ਅੱਜ ਬੁਢਾਪਾ ਰੁਲਦਾ ਤਾਂ ਆਮ ਵੇਖਿਆ ਪਰ ਸਤਿਕਾਰਯੋਗ ਬੁਢਾਪਾ ਲੱਭਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਨੇ 1ਅਕਤੂਬਰ 1991ਨੂੰ ਬੁਢਾਪਾ ਦਿਵਸ ਮਨਾਉਣ ਲਈ ਮਤਾ ਪਾਸ ਕੀਤਾ ਸੀ। ਹੁਣ ਹਾਰਵਰਡ ਦੇ ਵਿਗਿਆਨਕ ਬੁਢਾਪੇ ਨੂੰ ਬਿਮਾਰੀ ਮੰਨਣ ਲੱਗ ਪਏ ਹਨ। ਭਾਰਤ ਬਲਵਾਨ ਸੰਸਕ੍ਰਿਤੀ ਵਾਲਾ ਮੁਲਕ ਹੋਣ ਕਰਕੇ ਇੱਥੇ ਬੁਢਾਪੇ ਦੀ ਵੰਨ ਸੁਵੰਨਤਾ ਹੈ।ਬਿਰਧ ਆਸ਼ਰਮ ਮੂੰਹ ਚਿੜਾਉਂਦੇ ਹਨ।ਬੁਢਾਪਾ ਅਤੇ ਸਮਾਜਿਕ ਕਦਰਾਂ ਵਿੱਚ ਆਈਆਂ ਤਬਦੀਲੀਆਂ, ਬੁਢਾਪੇ ਦੀ ਪ੍ਰੀਵਾਰ ਸਮਾਜ ਵਿੱਚ ਥਾਂ ਅਤੇ ਸਾਕੇਦਾਰੀ ਪ੍ਰਣਾਲੀ ਵਿੱਚ ਬੁਢਾਪੇ ਦਾ ਰੁੱਤਬਾ ਸਮਾਜ ਵਿਗਿਆਨ ਦੀ ਵਿਸ਼ੇਸ਼ ਖੋਜ ਮੰਗਦਾ ਹੈ।ਇਸ ਨਾਲ ਬੁਢਾਪੇ ਦੀਆਂ ਤ੍ਰਾਸਦੀਆਂ ਦਾ ਸੂਰਜ ਡੁੱਬ ਜਾਵੇਗਾ
ਲਾਲਸਾ ਬਰਾਸਤਾ ਮੁਆਫ਼ੀ - ਸੁਖਪਾਲ ਸਿੰਘ ਗਿੱਲ
ਸਿਆਣਿਆਂ ਦਾ ਮੱਤ ਹੈ,"ਜਾਣਬੁੱਝ ਕੇ ਕੀਤੀ ਗਲਤੀ ਦੀ ਮੁਆਫੀ ਨਹੀਂ ਹੁੰਦੀ,ਪਰ ਅਣਜਾਣ ਪੁਣੇ ਵਿੱਚ ਹੋਈ ਗਲਤੀ ਬਖ਼ਸ਼ਣਯੋਗ ਹੁੰਦੀ ਹੈ" ਇੱਥੇ ਤਾਂ ਸਭ ਪ੍ਰੀਭਾਸ਼ਾਵਾਂ ਅਤੇ ਮੌਕਾਪ੍ਰਸਤੀ ਨੂੰ ਬੁੱਕਲ ਵਿੱਚ ਸਾਂਭੀ ਬੈਠੇ ਰਹੇ। ... ਵੇਲਾ ਬੀਤਣ ਤੋਂ ਬਾਅਦ ਜਾਗੇ। ਖਿਮਾਂ ਨਾਲ ਕੁੱਝ ਨਾ ਕੁੱਝ ਬਖਸ਼ੀਆਂ ਰਾਹਾਂ ਜ਼ਰੂਰ ਮਿਲ ਜਾਂਦੀਆਂ ਹਨ। ਅਹਿਸਾਸ ਕਰਕੇ ਪੰਥਕ ਏਕੇ ਲਈ ਸਭ ਅਕਾਲ ਤਖ਼ਤ ਸਾਹਿਬ ਦੇ ਦਰ ਤੇ ਸਵਾਲੀ ਬਣ ਕੇ ਖੜ੍ਹ ਜਾਂਦੇ ਤਾਂ ਸਭ ਦਾ ਭਲਾ ਸੀ।ਚਲੋ ਖੈਰ.....। ਅਣਜਾਣ ਪੁਣਾ ਸ਼ਾਇਦ ਇਹ ਤਾਂ ਸੀ ਕੌਣ ਸਾਹਿਬ ਨੂੰ ਆਖੇਗਾ ਇੰਝ ਨਹੀਂ ਤੇ ਇੰਝ ਕਰ। ਹੋਰ ਸਭ ਅਣਜਾਣ ਨਹੀਂ ਜਾਣ ਕੇ ਸੀ।..... ਮੁਆਫ਼ੀ ਮੰਗਣ ਵਾਲੇ ਸੱਤਾ ਮਾਣਦੇ ਸਮੇਂ ਚੁੱਪ ਰਹਿਣ ਕਰਕੇ ਵੱਡੇ ਗੁਨ੍ਹਾਗਾਰ ਤਾਂ ਹੈ ਹੀ...... ਸੱਚ ਅਜੇ ਵੀ ਬੋਲਦੇ ਨਹੀਂ। ਚੁੱਪ ਦਾ ਸੱਚ ਇਹ ਸੀ,"ਜੋ ਵੱਟਿਆ ਉਹ ਖੱਟਿਆ" ਜੋ ਰਾਜਸੀ ਲਾਹਾ ਮਿਲਦਾ ਹੈ ਲੈ ਲਵੋ ਬਾਕੀ ਦੇਖਿਆ ਜਾਂਉ। ਪ੍ਰੀਵਾਰ ਪ੍ਰਸਤੀ ਹੱਕ ਨਹੀਂ ਹੁੰਦਾ ਪਰ ....।ਇਹ ਮੁਆਫ਼ੀ ਰਾਜਸੀ ਲਾਲਸਾ ਵਿੱਚੋਂ ਉਪਜੀ ਹੈ ਭਲਿਓ ਹੋਰਾਂ ਰਾਜਸੀ ਖੇਮਿਆਂ ਵਿੱਚ ਭਟਕਣ ਲਈ ਕਹਾਵਤ ਢੁਕਵੀਂ ਹੈ,"ਜੇ ਹੁੰਦੀ ਚੱਜ ਆਚਾਰੀ ਕਾਹਨੂੰ ਫਿਰਦੀ ਬੇਗਾਨੀ ਦੁਆਰੀਂ" .... ਅਜੇ ਵੀ ਮੁਆਫ਼ੀ ਦਾ ਫੁਰਨਾ ਹਿਰਦੇ ਦੀ ਅਵਾਜ਼ ਨਹੀਂ ਹੈ ਇਹ ਤਾਂ ਜਨਤਾ ਜਨਾਰਦਨ ਨੇ ਰਾਹ ਦਿਖਾਉਣ ਕਰਕੇ.......। ..... ਨਕਾਰਿਆ ਹੱਥ ਪੱਲਾ ਮਾਰਦਾ ਹੀ ਹੈ। ਗੱਲ ਫਸ ਗਈ । ਪਹਿਲੀ ਝਲਕੇ ਤਾਂ ਸ਼ੰਕਾ ਲਗਦੀ ਸੀ।ਪਰ ਨਹੀਂ ਸੱਚੀਂ ਹੀ ਜਨਤਾ ਦੇ ਮਾਰੇ ਖਿਮਾਂ ਯਾਚਨਾ ਮੰਗ ਰਹੇ ਹਨ। ਜਿਵੇਂ ਜਨਤਾ ਬੇਵੱਸ ਸੀ ਉਵੇਂ ਹੀ ਇਹ ਵੀ ਜਨਤਾ ਨੇ ਬੇਵੱਸ.....। ਰਾਜ ਭਾਗ ਭੋਗਦਿਆਂ ਨੂੰ ਅੱਜ ਦਾ ਪਤਾ ਸੀ ਕੱਲ੍ਹ ਦਾ ਨਹੀਂ।... ਕੱਲ੍ਹ ਅੱਜ ਵਿੱਚ ਆਣ ਪਹੁੰਚੀ। ਹੁਣ ਪਛਤਾਵਾ ਕੱਲ੍ਹ ਦੇ ਪੱਲੇ ਰਹਿ ਗਿਆ ਵਖਤ ਖੁੰਝ ਚੁੱਕਾ ਹੈ ਹੱਥ ਨਹੀਂ ਆ ਸਕਦਾ। ..... ਚਿੜੀਆਂ ਚੁਗ ਗਈ ਖੇਤ। ਬੂਟਾ ਭਲਾ ਜੜ੍ਹ ਤੋਂ ਬਿਨਾਂ ਕਿਵੇਂ ਸਲਾਮਤ ਰਹਿ ਸਕਦਾ। ..... ਪਿਛੋਕੜ ਵੱਲ ਝਾਤ ਹੀ ਨਹੀਂ ਮਾਰੀ। ਜਿੱਥੇ ਹੁਣ ਆਸ ਲਗਾਈ ਉੱਥੇ ਤਾਂ ਸਭ ਤਰ੍ਹਾਂ ਦਾ ਖਜ਼ਾਨਾ ਹੈ। ਰੂਹਾਨੀ ਰੁੱਤਬਾ ਅਤੇ ਧਾਰਮਿਕ ਪ੍ਰਭੂਸੱਤਾ ਦਾ ਕੇਂਦਰ ਬਿੰਦੂ ਹੈ। ਰਾਜਨੀਤੀ ਝੁਕ ਝੁਕ ਕੇ ਸਿੱਜਦਾ ਕਰਦੀ ਹੋਈ ਅਗਵਾਈ ਲੈਂਦੀ ਰਹੀ, ਇਹ ਤਾਂ....।ਜਾਣਦੇ ਹੋਏ ਵੀ ਅਣਜਾਣ ਬਣੇ ਨੂੰ ਢੋਈ ਨਹੀਂ ਮਿਲਦੀ, ਪਰ ਹੁਣ ਦਰ ਬਖਸ਼ਿੰਦਗੀ ਦਾ ਹੈ । ...ਜਾਣੇ ਅਣਜਾਣੇ,ਪਾਪ ਪੁੰਨ, ਸੱਚ ਝੂਠ, ਭੁੱਲਾਂ ਚੁੱਕਾਂ ਦੀ ਵਿਰਾਸਤ ਤਾਂ ਪੁਰਾਣੀ ਹੈ ਪਰ ਹਾਲਾਤ, ਸਮੀਕਰਨਾਂ , ਗੁਨਾਹ,ਕੌਮ ਦੀ ਨਰਾਜ਼ਗੀ ਅਤੇ ਸਮਾਂ ਤਾਜ਼ਾ ਹੈ ਨਾਲ ਹੀ ਰਾਜਸੀ ਲਾਲਸਾ ਝਲਕਦੀ ਹੈ। ਜਾਣ ਕੇ ਅਣਜਾਣ ਬਣਿਆ ਨੂੰ ਰੱਬ ਵੀ ਨਹੀਂ ਬਖਸ਼ਦਾ। ਹੁਣ ਫੈਸਲਾ ਨਹੀਂ ,ਅਕਾਲ ਤਖਤ ਸਾਹਿਬ ਦਾ ਹੁਕਮ ਹੁੰਦਾ ਹੈ।ਇਸ ਹੁਕਮ ਨੂੰ ਝੋਲੀ ਚ ਪਾਉਣਾ ਹੀ ਧਰਮ ਹੈ।ਇਤਿਹਾਸ ਪੜ੍ਹ ਲੈਂਦੇ ਸਤਾਰਾਂ ਸੌ ਪੈਂਹਠ ਵਿੱਚ ਲਾਹੌਰ ਖਾਲਸਾ ਰਾਜ ਸਥਾਪਿਤ ਕਰਨ ਦੀ ਬੁਨਿਆਦ ਵੀ ਅਕਾਲ ਤਖ਼ਤ ਸਾਹਿਬ ਤੋਂ ਬੱਝੀ ਸੀ। ਲੋਕਾਂ ਨੂੰ ਸੱਤਾ ਸਮੇਂ ਕੀ ਸਮਝਿਆ? ਇਸ ਦਾ ਜਵਾਬ ਲੋਕਾਂ ਨੇ ਸਭ ਕੁੱਝ ਹੰਢਾਉਂਦੇ ਹੋਏ ਦੇ ਦਿੱਤਾ ਹੈ। ਸ਼ੀਸ਼ਾ ਦਿਖਿਆ ਤਾਂ ਲੱਗਾ ਕਿ ਝੂਠ ਨਹੀਂ ਬੋਲਦਾ। .... ਫ਼ਲਸਫ਼ਾ ਬਲਵਾਨ ਉੱਤਮ ਹੈ 'ਸ਼ਰਨ ਪਰੇ ਸੋ ਤਰੇ' ......ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਹੋਣ ਤੋਂ ਬਿਨਾਂ ਕਦੇ ਵੀ ਕੋਈ ਹੱਲ ਨਹੀਂ ਹੋਇਆ । ਸੰਗਤ ਬਲਵਾਨ ਹੈ।.....ਹਾਂ ਪਰ ਅਠੱਤਰ ਤੋਂ ਸਤੰਨਵੇਂ ਤੱਕ ਦਾ ਸਫ਼ਰ ਵੀ ਸੰਗਤ ਦੀ ਕਚਹਿਰੀ ਵਿੱਚ ਪਿਆ ਹੈ। ....ਆਖਰ ਜਨਤਾ ਨੂੰ ਪ੍ਕਾਸ਼ ਕਰਨਾ ਪਿਆ ਸੀ। ਚੰਗੇ ਕਰਮ ਵੀ ਹੋਏ.... ਆਖਿਰ ਪਰਨਾਲਾ ਉਥੇ ਹੀ ਰਿਹਾ। ਬਖ਼ਸ਼ਿੰਦਗੀ ਵਾਲੇ ਦਰ ਤੇ ਜੋ ਪਹੁੰਚ ਜਾਂਦਾ ਹੈ ਉਸ ਦਾ ਲੇਖਾ ਜੋਖਾ ਕਰਕੇ ਭਵਿੱਖੀ ਅਸਰ ਨਾਲ ਨਸੀਹਤ ਦੇ ਕੇ ਹੁਕਮ ਸੁਣਾਇਆ ਜਾਂਦਾ ਹੈ।... ਹੁਕਮ ਪ੍ਰਵਾਨ ਹੁੰਦਾ ਹੈ। ਕਸੂਰਵਾਰ ਨੂੰ ਬਖਸ਼ਣਾ ਗੁਣ ਅਤੇ ਖਿਮਾਂ ਰੱਬੀ ਗੁਣ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਭੁੱਲ ਦੀ ਬਖਸ਼ਿਸ਼ ਪ੍ਰਵਾਨ ਕਰਦੀ ਹੈ"ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ,ਖਿੰਥਾ ਖਿਮਾ ਹੰਢਾਵਉ" ਭਾਵੇਂ ਰਾਜਸੀ ਲਾਲਸਾ ਨਾਲ ਹੀ ਸਹੀ......ਆਖਿਰ ਝੁੱਕ ਕੇ ਨਿਮਰਤਾ ਨਾਲ ਬਖਸ਼ਿੰਦਗੀ ਦੇ ਦਰ ਤੇ ਪੁੱਜੇ ਹੀ ਹੋ ਤਾਂ ਕੌਮ ਵੀ ਇਹੀ ਚਾਹੁੰਦੀ ਹੈ "ਆਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋਂ ਬੀਤੀ ਸੋ ਬੀਤੀ" ਅਕਾਲ ਤਖ਼ਤ ਮਹਾਨ ਹੈ।
ਉਹ ਸੁਰਜੀਤ ਹੋ ਗਈ - ਸੁਖਪਾਲ ਸਿੰਘ ਗਿੱਲ
ਨਾਨਕ - ਸੁਖਪਾਲ ਸਿੰਘ ਗਿੱਲ
ਘਾਲਿ ਖਾਇ ਕਿਛੁ ਹਥਹੁ ਦੇਇ - ਸੁਖਪਾਲ ਸਿੰਘ ਗਿੱਲ
ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਨਾਲ ਧੰਨ ਪੈਦਾ ਹੰਦਾ ਹੈ।ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।
ਮਜਦੂਰਾਂ ਦੀ ਸਾਰ ਲੈਣ ਲਈ ਸਰਕਾਰ ਵਿਸ਼ੇਸ਼ ਤਵੱਜੋ ਦੇਵੇ। ਅਖ਼ਬਾਰੀ ਇਸ਼ਤਿਹਾਰ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਇਸ ਵਿੱਚ ਮਜਦੂਰ ਵਰਗ ਦੇ ਬੇਵੱਸੀ ਅਤੇ ਸਰਕਾਰੀ ਧਿਰ ਦੀ ਖਾਨਾਪੂਰਤੀ ਹੋ ਜਾਂਦੀ ਹੈ। ਲੋਟੂ ਜਮਾਤ ਜੋ ਮਜਦੂਰ ਦਾ ਖੂਨ ਪੀਂਦੀ ਹੈ ਉਹ ਨਾਨਕ ਸਿੰਘ ਦੇ ਕਥਨ “ਲੋਕ ਪਾਣੀ ਪੁਣ ਕੇ ਪੀਂਦੇ ਹਨ ਪਰ ਲੁਕਾਈ ਦਾ ਖੂਨ ਅਣਪੁਣਿਆਂ ਹੀ ਪੀ ਜਾਂਦੇ ਹਨ” ਦੇ ਕਥਨ ਅੱਜ ਵੀ ਢੁੱਕਵੇਂ ਹਨ। ਲੋਕਾਂ ਅਤੇ ਜੋਕਾਂ ਦਾ ਫ਼ਲਸਫ਼ਾ ਸ਼ੁਰੂ ਤੋਂ ਹੀ ਭਾਰੀ ਰਿਹਾ ਜਦੋਂ ਇਸ ਫ਼ਲਸਫ਼ੇ ਅਤੇ ਪਾੜੇ ਵਿਰੁੱਧ ਕੁੱਝ ਜਗਿਆਸਾ ਆਈ ਤਾਂ ਮਜਦੂਰ ਵਰਗ ਸੁਲਗਿਆ ਪਰ ਕਾਰਪੋਰੇਟ ਜਗਤ ਨੂੰ ਇਹ ਗੱਲ ਪਚੀ ਨਹੀਂ। ਇਸ ਲਈ ਹੰਊਮੈ ਵਿੱਚੋਂ ਮਜਦੂਰਾਂ ਦਾ ਘਾਣ ਕੀਤਾ ਜਾਂਦਾ ਹੈ। ਇਸ ਵਰਤਾਰੇ ਪਿੱਛੇ ਕਾਰਪੋਰੇਟ ਦਾ ਹੰਕਾਰ ਝਲਕਦਾ ਹੈ। ਆਲਮੀ ਪੱਧਰ ਤੋਂ ਬਾਅਦ ਭਾਰਤ ਵਿੱਚ ਵੀ ਮਜਦੂਰਾਂ ਪ੍ਰਤੀ ਜਗਿਆਸਾ ਵਧੀ। ਇਸ ਲਈ ਭਾਰਤ ਵਿੱਚ ਮਜਦੂਰ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਿਆ। ਹਾਂ ਇੱਕ ਗੱਲ ਜਰੂਰ ਹੈ 1991 ਤੋਂ ਭਾਰਤ ਮਾਤਾ ਅੰਦਰ ਕਿਰਤ ਸੁਧਾਰਾਂ ਦੀ ਕੋਸ਼ਿਸ ਸ਼ੁਰੂ ਹੈ। ਇਸ ਦੀ ਸ਼ੁਰੂਆਤ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ। ਅੱਜ ਸੰਸਾਰ ਦੇ 80 ਦੇ ਲੱਗਭਗ ਦੇਸ਼ ਮਜਦੂਰ ਦੇ ਹਿੱਤਾਂ ਲਈ ਜਾਗਰੂਕ ਹਨ। ਇਹਨਾਂ ਸਭ ਕਾਸੇ ਪਿੱਛੇ 1886 ਦਾ ਸਾਕਾ ਹੀ ਕੰਮ ਕਰਦਾ ਹੈ। ਮਜਦੂਰ ਨੂੰ ਆਪਣੀ ਹੋਂਦ ਅਤੇ ਕਿਰਤ ਸ਼ਕਤੀ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇਸ ਨਾਲ ਮਜਦੂਰ ਜਾਗਰੂਕ ਹੋਕੇ ਸੁਰੱਖਿਆ ਮਹਿਸੂਸ ਕਰੇਗਾ । ਸਿੱਟਾ ਇਹ ਨਿਕਲਦਾ ਹੈ ਕਿ ਰਾਜਨੀਤਿਕ ਵਰਗ ਵੀ ਜਵਾਬਦੇਹ ਬਣਦਾ ਹੈ।
ਮਜਦੂਰ, ਕਿਰਤ ਅਤੇ ਕਿਰਤ ਸ਼ਕਤੀ ਦੀ ਦਿਸ਼ਾ ਅਤੇ ਦਸ਼ਾ ਪਹਿਲੀ ਪਾਤਸ਼ਾਹੀ ਨੇ ਦੁਨਿਆਵੀ ਅਤੇ ਰੂਹਾਨੀ ਤੌਰ ਤੇ 1452 ਵਿੱਚ ਸੈਦਪੁਰ ਏਮਨਾਬਾਦ ਪਾਕਿਸਤਾਨ ਵਿੱਚ ਉਜਾਗਰ ਕੀਤੀ ਸੀ। “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦਾ ਸੁਨਹਿਰੀ ਸੁਨੇਹਾ ਵੀ ਇੱਥੋਂ ਹੀ ਮਿਲਦਾ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਅਤੇ ਭਾਈ ਲਾਲੋ ਦਾ ਨਿਖੇੜ ਅਤੇ ਨਿਬੇੜ ਕਰਕੇ ਕਿਰਤ ਨੂੰ ਪ੍ਰਧਾਨ ਬਣਾਇਆ। ਅੱਜ ਭਾਵੇਂ ਸਮੇਂ ਦੇ ਹਾਣ ਅਨੁਸਾਰ ਮਲਕ ਭਾਗੋ ਨਵੇਂ ਜਾਮੇ ਵਿੱਚ ਆ ਜਾਂਦੇ ਹਨ ਪਰ ਫੈਸਲਾ ਉਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ। ਕਰਤਾਰਪੁਰ ਵਿੱਚ ਖੁਦ ਖੇਤੀ ਦੀ ਹੱਥੀ ਕਿਰਤ ਕਰਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। “ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇ” ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘੱਟ ਲੋਕ ਪੱਲੇ ਬੰਨਦੇ ਹਨ।ਬਹੁਤੇ ਲੋਕ ਕਲਯੁੱਗ ਦੇ ਘੇਰੇ ਵਿੱਚ ਹੀ ਹਨ। ਮਜਦੂਰ ਵਰਗ ਲਈ ਅੱਜ ਵੀ ਇਹ ਗੱਲ ਤਰੋਤਾਜ਼ਾ ਰਹਿੰਦੀ ਹੈ ਕਿ ਇਸ ਨੂੰ ਘੱਟ ਪੈਸੇ ਦਿੱਤੇ ਜਾਣ। ਮਜਦੂਰ ਲੋਕ ਹੱਥੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਨ। ਬਚਪਨ ਵਿੱਚ ਜਦੋਂ ਅਸੀਂ ਸੋਝੀ ਸੰਭਲੀ ਤਾਂ ਸਾਡੇ ਬਜੁਰਗ ਖੇਤਾਂ ਦੇ ਕੰਮ ਲਈ ਮਜਦੂਰ ਦਿਹਾੜੀ ਉੱਤੇ ਲਾਉਂਦੇ ਸਨ ਇਸ ਦੇ ਨਾਲ ਉਹਨਾਂ ਨੂੰ ਤਨਖਾਹ ਦੇ ਨਾਲ ਰੋਟੀ, ਚਾਹ ਅਤੇ ਪਾਣੀ ਵੀ ਦਿੰਦੇ ਸਨ। ਮਜਦੂਰ ਦਾ ਹੱਕ ਮਾਰਨ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਇਸੇ ਲਈ ਪਿੰਡਾਂ ਵਿੱਚ ਸੱਚੀਂ ਮੁੱਚੀਂ ਰੱਬ ਵੱਸਦਾ ਸੀ। ਮਜਦੂਰ ਦਾ ਹੱਕ ਅਤੇ ਪੈਸਾ ਮਾਰਨਾ ਆਪਣੀ ਸ਼ਾਨ ਅਤੇ ਹੱਕ ਸਮਝਣ ਵਾਲੇ ਲੋਕਾਂ ਨੂੰ ਗੁਰਬਾਣੀ ਦਾ ਇਹ ਹੁਕਮ ਮੰਨਣਾ ਪਵੇਗਾ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
ਅੱਜ ਮਜਦੂਰ ਦਾ ਘਾਣ, ਸ਼ੋਸਣ ਅਤੇ ਹੱਕ ਮਾਰਨ ਦਾ ਤਰੀਕਾ ਨਵੇਂ ਯੁੱਗ ਅਨੁਸਾਰ ਬਿਰਾਜਮਾਨ ਹੈ। ਭੱਠਾ ਮਜਦੂਰ, ਖੇਤੀ ਖੇਤਰ, ਉਦਯੋਗਿਕ ਖੇਤਰ ਅਤੇ ਮਜਦੂਰ ਵਰਗ ਦੇ ਹੋਰ ਖੇਤਰ ਆਪਣੀ ਕਿਰਤ ਰਾਹੀਂ ਕਿਰਤ ਵੇਚਕੇ ਗੁਜਾਰਾ ਕਰਦੇ ਹਨ। ਕਿਰਤੀ ਵਰਗ ਅੱਜ ਵੀ ਸੁਰੱਖਿਅਤ ਨਹੀਂ ਹੈ। ਛੁੱਟੀ ਲਈ ਤਰਸਦਾ ਰਹਿੰਦਾ ਹੈ ਮਿਹਨਤ ਦੀ ਕੀਮਤ ਘੱਟ ਮਿਲਦੀ ਹੈ। ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਖੋਂ ਵੀ ਵਿਹੂਣਾ ਹੈ। ਮਜਦੂਰ ਅਤੇ ਧਨਾਢ ਦਾ ਪਾੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ। ਮਜਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਉਮਰ ਦਾ ਪੜਾਅ ਠੀਕ ਹੁੰਦਾ ਹੈ ਤਾਂ ਮਿਹਨਤ ਕਰਕੇ ਜੀਵਨ ਗੁਜਾਰ ਲੈਂਦਾ ਹੈ ਪਰ ਜਦੋਂ ਬੁਢਾਪੇ ਵਿੱਚ ਜਾਂਦਾ ਹੈ ਤਾਂ ਇਹਨਾਂ ਦਾ ਬੁਢਾਪਾ ਸਰਾਪਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਸਿਹਤ ਦੀ ਰੱਖਿਆ ਲਈ ਮਜਦੂਰ ਵਰਗ ਦੀ ਕੋਈ ਗਰੰਟੀ ਨਹੀਂ ਹੈ। ਕਰੋਨਾ ਕਾਲ ਵਿੱਚ ਮਜਦੂਰ ਦੀ ਦਸ਼ਾ ਨੇ ਨਵੇਂ ਅਧਿਆਏ ਲਿਖੇ। ਜਦੋਂ ਕਿਰਤੀ ਨੂੰ ਕਿਰਤ ਦਾ ਮੁੱਲ ਠੀਕ ਨਹੀਂ ਲੱਗਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਜੇ ਇਹਨਾਂ ਬਾਹਰ ਨੂੰ ਭੱਜਣ ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਇਹਨਾਂ ਦਾ ਸਰਬ ਪ੍ਰਵਾਨਿਤ ਜਵਾਬ ਹੁੰਦਾ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਵਿੱਚ ਕਿਰਤ ਦਾ ਅਸਲੀ ਅਤੇ ਸਹੀ ਮੁੱਲ ਮਿਲਦਾ ਹੈ। ਜਦੋਂ ਕਿਰਤ ਸ਼ਕਤੀ ਦੂਜੇ ਦੇਸ਼ਾਂ ਵੱਲ ਜਾਂਦੀ ਹੈ ਤਾਂ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਆਉਂਦੀ ਹੈ ਜਿਸ ਨਾਲ ਵਿਕਾਸ ਰੁਕਦਾ ਹੈ। ਸਾਡੇ ਆਪਣੇ ਮੁਲਕ ਵਿੱਚ ਸਰਕਾਰ ਨੂੰ ਹੋਰ ਵੀ ਮਜਦੂਰ ਵਰਗ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਕਾਇਦੇ ਕਾਇਮ ਕਰਨੇ ਚਾਹੀਦੇ ਹਨ। ਇਸ ਨਾਲ ਮਜਦੂਰ ਵਰਗ ਲਈ ਬਾਹਰਲੇ ਮੁਲਕਾਂ ਦੇ ਬਰਾਬਰ ਢੁੱਕਵੇਂ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 2022 ਵਿੱਚ ਮਜਦੂਰ ਲਈ ਸੁਨੇਹਾ ਦਿੱਤਾ ਸੀ “ਮਜਦੂਰ ਦਿਵਸ ਤੇ ਮੈਂ ਸਾਡੇ ਮਜਦੂਰਾਂ ਦੇ ਯਤਨਾਂ ਅਤੇ ਅਣਥੱਕ ਜ਼ਜਬੇ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੇ ਹੁਨਰ ਅਤੇ ਜਨੂੰਨ ਨੇ ਰਾਸ਼ਟਰ ਨਿਰਮਾਣ ਲਈ ਵਿਕਾਸ ਦੀਆਂ ਨਵੀਆਂ ਰਾਹਾਂ ਉੱਕਰੀਆਂ” ਸਾਡੇ ਦੇਸ਼ ਦੀ ਬਹੁ-ਗਿਣਤੀ ਦਸਾਂ ਨਹੁੰਆਂ ਦੀ ਕਿਰਤ ਕਰਦੀ ਹੈ ਪਰ ਉਜਰਤ ਘੱਟ ਮਿਲਦੀ ਹੈ। ਇਸ ਲਈ ਉਹਨਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੱਟਾ ਇਹ ਨਿਕਲਦਾ ਹੈ ਕਿ ਮਜਦੂਰ ਦੇ ਸਿਰ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ।
ਮਜਦੂਰ ਆਪਣੀ ਕਿਰਤ ਸ਼ਕਤੀ ਨੂੰ ਪੇਟ ਭਰਨ ਤੱਕ ਸੀਮਤ ਰਹਿੰਦਾ ਹੈ। ਸਿਆਣੇ ਲੋਕ ਮਜਦੂਰ ਦੀ ਮਜਦੂਰੀ ਦਾ ਖਿਆਲ ਰੱਖਦੇ ਹਨ। ਸਮਾਜ ਵਿੱਚ ਮਜਦੂਰੀ ਮਾਰਨ ਵਾਲੇ ਵੀ ਹੁੰਦੇ ਹਨ ਅਜਿਹੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਹੁੰਦੇ ਹਨ। ਪਿੰਡਾਂ ਦੇ ਲੋਕ ਰਸੋਈ ਆਪਣੇ ਅਤੇ ਮਜਦੂਰ ਲਈ ਇਕੋ ਤਰ੍ਹਾਂ ਦੀ ਰੱਖਦੇ ਹਨ। ਖਾਣੇ ਵਿੱਚ ਵਿਤਕਰਾ ਨਹੀਂ ਕਰਦੇ। ਅੱਜ ਸਭ ਤੋਂ ਮਾੜੀ ਹਾਲਤ ਬਾਲ ਮਜਦੂਰੀ ਕਰਕੇ ਵੀ ਹੁੰਦੀ ਹੈ। ਬਚਪਨ, ਚਾਅ ਮਲਾਰ ਅਤੇ ਖੇਲ ਖਿਲਾਰ ਛੱਡਕੇ ਜਦੋਂ ਬਾਲ ਮਜਦੂਰੀ ਲਈ ਮਜਬੂਰ ਹੋਣਾ ਪੈਦਾ ਹੈ ਤਾਂ ਬਾਲਪਣ ਦੇ ਅਰਮਾਨ ਮਰ ਜਾਂਦੇ ਹਨ। ਇਹ ਸਮਾਜ ਦੀ ਵੱਡੀ ਬੁਰਾਈ ਹੈ। ਦੇਸ਼ ਦੀ ਤਰੱਕੀ, ਸੱਭਿਅਤਾ ਅਤੇ ਆਲਮੀ ਮੁਹਾਂਦਰੇ ਲਈ ਮਜਦੂਰ ਦੀ ਤਰਾਸਦੀ ਸਭ ਤੋਂ ਖਤਰਨਾਕ ਅਤੇ ਪਿਛਾਂਹ ਖਿੱਚੂ ਸਮਝੀ ਜਾਂਦੀ ਹੈ। ਇਸ ਪਿੱਛੇ ਜਗੀਰੂ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਵਾਰ ਮਜਦੂਰ ਵਿੱਚੋਂ ਮਜਬੂਰ ਦੀ ਝੱਲਕ ਪੈਂਦੀ ਹੈ। ਮਜ਼ਦੂਰਾਂ ਦਿਨ ਦਿਹਾੜੇ ਹੋਰ ਹੀ ਮਨਾਈ ਜਾਂਦੇ ਹਨ ਜਦੋਂ ਕਿ ਮਜਦੂਰ ਤਾਂ ਵਿਚਾਰਾ ਆਪਣੀ ਮਜਦੂਰੀ ਅਤੇ ਢਿੱਡ ਭਰਨ ਲਈ ਮਿਹਨਤ ਵਿੱਚ ਖੁੱਭਿਆ ਰਹਿੰਦਾ ਹੈ। ਵਿਦਿਆ, ਸਿਹਤ, ਭੁੱਖ ਅਤੇ ਸਮਾਜਿਕ ਤਰਾਸਦੀ ਨਾਲ ਜੂਝਦਾ ਰਹਿੰਦਾ ਹੈ। ਇਸ ਸਾਰੇ ਵਰਤਾਰੇ ਨੂੰ ਸੰਤ ਰਾਮ ਉਦਾਸੀ ਨੇ ਇਉਂ ਵਰਨਣ ਕੀਤਾ ਸੀ:-
“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿਥੇ ਤੰਗ ਨਾਲ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨੀਆਂ ਨੂੰ ਤੇ ਦੰਦ ਕਰੇੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਅੱਜ ਮਜਦੂਰ ਦੇ ਹਾਲਾਤ ਅਤੇ ਤਰਾਸਦੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਲੋੜ ਹੈ। ਮਜਦੂਰ ਨੂੰ ਲੁੱਟਣ ਵਾਲਾ ਆਰਥਿਕ ਨਿਜ਼ਾਮ ਨੰਗਾ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਅਤੇ ਅਮੀਰ ਵਰਗ ਦੇ ਪੱਖ ਤੋਂ ਵੀ ਘੋਖਣਾ ਚਾਹੀਦਾ ਹੈ। ਧਨਾਢ ਵਰਗ ਲਾਲਚ, ਦੌਲਤ, ਸ਼ਾਹੀ ਠਾਠਬਾਠ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਮਜਦੂਰ ਵਰਗ ਅੱਜ ਵੀ ਦੋ ਡੰਗ ਦੀ ਰੋਟੀ ਲਈ ਤਰਸਦਾ ਹੈ।
“ਤੁਹਾਨੂੰ ਤਾਂ ਬਸ ਵੇਹਲ ਨਹੀਂ ਆਪਣੀ ਆਯਾਸ਼ੀ ਤੋਂ,
ਤਾਹੀਉ ਤਾਂ ਅੱਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ,
ਮੈਂ ਤਾਂ ਹਮੇਸ਼ਾ ਦਬਿਆ ਰਹਾਂਗਾ,
ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ,
ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ”
ਮਜਦੂਰ ਵਰਗ ਦਾ ਉਦੇਸ਼ ਮਜਦੂਰਾਂ ਨੂੰ ਜਾਗਰੂਕ ਕਰਕੇ ਹਰ ਪੱਖ ਦੀ ਸੁਰੱਖਿਆ ਪ੍ਰਦਾਨ ਕਰਨਾ ਹੈ। ਪਰ ਇਸ ਦੇ ਉਦੇਸ਼ ਜਿੱਥੋਂ ਚੱਲੇ ਸਨ ਉੱਥੇ ਹੀ ਦਬੇ ਪਏ ਹਨ। ਸਰਕਾਰਾਂ ਦੀਆਂ ਕੋਸ਼ਿਸਾਂ ਤਾਂ ਹੋਈਆਂ ਕੁੱਝ ਮਜਦੂਰ ਭਲਾਈ ਲਈ ਵੀ ਸਰਕਾਰਾਂ ਨੇ ਕੰਮ ਕੀਤੇ ਪਰ ਤਰਾਸਦੀ ਜਾਰੀ ਹੈ। ਕਿਸੇ ਵੀ ਸਮਾਜ ਦੇ ਵਿਕਾਸ ਲਈ ਮਜਦੂਰ ਹੱਥੀ ਕਿਰਤ, ਇਲਮ ਅਤੇ ਤਨਦੇਹੀ ਨਾਲ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਦਾ ਹੈ। ਇਸ ਨੂੰ ਤਰੋ ਤਾਜ਼ਾ ਰੱਖਣ ਲਈ ਸਰਮਾਏਦਾਰੀ ਬਨਾਮ ਕਿਰਤੀ ਸਵਰਾਜ ਵਿੱਚੋਂ ਮਜਦੂਰ ਜਮਾਤ ਨੂੰ ਇਨਕਲਾਬੀ ਰਾਹਾਂ ਦਾ ਪਾਂਧੀ ਬਨਣਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ
ਅਅਬਿਆਣਾ ਕਲਾਂ
ਮੋ: 98781-11445
ਆਸਾੜੁ ਤਪੰਦਾ ਤਿਸੁ ਲਗੈ - ਸੁਖਪਾਲ ਸਿੰਘ ਗਿੱਲ
ਦੇਸ਼ੀ ਮਹੀਨੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿੱਚ ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਇਸ ਬਾਰ ਗਰਮੀ ਭਰਪੂਰ ਪੈ ਰਹੀ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹਿੰਦਾ ਹੀ ਹੈ। ਸ਼ਾਇਦ ਕੁਦਰਤ ਨੇ ਹੀ ਇਸ ਨੂੰ ਵਰ ਦਿੱਤਾ ਹੈ ਕਿ ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਨੂੰ ਸਿਦਕ ਦੀ ਕਸਵੱਟੀ ਤੇ ਲਾਉਂਦਾ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਗੁਰਭਜਨ ਗਿੱਲ ਜੀ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
ਇਸ ਬਾਰ ਹੱਦਾਂ ਟੱਪੀ ਜੇਠ ਮਹੀਨੇ ਦੀ ਗਰਮੀ ਦੱਸਦੀ ਹੈ ਕਿ ਹਾੜ੍ਹ ਮਹੀਨਾ ਹੋਰ ਤਪਾਏਗਾ। ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਅੱਜ ਵੀ ਇਸ ਮਹੀਨੇ ਦੇ ਆਖੀਰ ਵਿੱਚ ਮੀਂਹ ਪੈਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
“ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”
ਕਿਸਾਨ ਦਾ ਪੁੱਤ ਇਸ ਮਹੀਨੇ ਖੇਤੀ ਦੇ ਕੰਮਾਂ ਵਿੱਚ ਸਿਰੜ ਪੁਗਾਉਂਣ ਨਾਲ ਹੀ ਪਰਖਿਆਂ ਜਾਂਦਾ ਹੈ। ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”
ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੁੱਧ ਦਾ ਛੱਪੜ ਵੀ ਇਸੇ ਰੁੱਤ ਵਿੱਚੋਂ ਉਪਜੀ ਸੀ। ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ। ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਇਸ ਤੋਂ ਇਲਾਵਾ ਪਤੀ ਪਤਨੀ ਦੇ ਵਾਰਤਾਲਾਪ ਵਿੱਚ ਹਾੜ੍ਹ ਮਹੀਨੇ ਦੀ ਵੰਨਗੀ ਵੀ ਮਿਲਦੀ ਹੈ “ਜੇਠ ਨਾ ਜਾਈ ਚੰਗੀਆਂ ਫਸਲਾਂ ਪੱਕੀਆਂ, ਹਾੜ੍ਹ ਨਾ ਜਾਈਂ ਧੁੱਪਾਂ ਡਾਹਢੀਆਂ”। ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ। ਕਿਸਾਨ ਅੰਦੋਲਨ ਵਿੱਚ ਹਾੜ੍ਹ ਮਹੀਨੇ ਨੂੰ ਇਉਂ ਦਰਸਾਇਆ ਗਿਆ ਸੀ “ਦਰਿਆਵਾਂ ਨੂੰ ਨੱਕੇ ਲਾਉਂਣ ਵਾਲੇ ਡਰਦੇ ਨਹੀਂ ਪਾਣੀ ਦੀਆਂ ਬੁਛਾਰਾਂ ਤੋਂ, ਹਾੜ੍ਹ ਦੀ ਗਰਮੀ ਚ ਝੌਨਾ ਪਾਲਣ ਵਾਲੇ ਦਬਦੇ ਨਹੀਂ ਕਦੇ ਜ਼ਲਮ ਸਰਕਾਰਾਂ ਤੋਂ ”। ਇਸ ਦੇਸੀ ਮਹੀਨੇ ਵਿੱਚ ਮਜਦੂਰ ਨੂੰ ਮੁਸ਼ੱਕਤ ਕਰਕੇ ਰੋਟੀ ਕਮਾਉਂਣ ਦੀ ਚਿੰਤਾ ਰਹਿੰਦੀ ਹੈ। ਮਜਦੂਰ ਵਰਗ ਹਾੜ੍ਹ ਮਹੀਨੇ ਮਜਬੂਰ ਹੁੰਦਾ ਹੈ। ਦੇਸੀ ਰੁੱਤਾਂ ਦੇ ਚੱਕਰ ਵਿੱਚ ਹਾੜ੍ਹ ਮਹੀਨਾ ਆਪਣੀਆਂ ਵੰਨਗੀਆਂ ਦੇ ਪਰਛਾਵੇਂ ਅਤੀਤ ਤੋਂ ਵਰਤਮਾਨ ਤੱਕ ਇਕੋ ਰਫਤਾਰ ਨਾਲ ਪਾ ਰਿਹਾ ਹੈ। ਭੱਵਿਖ ਵਿੱਚ ਵੀ ਹਾੜ੍ਹ ਮਹੀਨਾ ਧਾਰਮਿਕ ਸੱਭਿਆਚਾਰਕ ਅਤੇ ਰੁੱਤਾਂ ਤਿੱਥਾਂ ਅਨੁਸਾਰ ਤਪਸ਼ ਭਰਿਆ ਹੀ ਰਹੇਗਾ।
ਸੁਖਪਾਲ ਸਿੰਘ ਗਿੱਲ
ਅਅਬਿਆਣਾ ਕਲਾਂ
998781-11445
ਸਮਾਜਿਕ ਕੋਹੜ ਹੈ- ਇਕੱਲਾਪਣ - ਸੁਖਪਾਲ ਸਿੰਘ ਗਿੱਲ
ਜਦੋਂ ਕੋਈ ਵੀ ਵਿਸ਼ਾ ਜਾਂ ਚੀਜ਼ ਆਪਣੇ ਨਾ-ਪੱਖੀ ਪ੍ਰਭਾਵ ਦਿਖਾਉਂਦੇ ਹਨ ਉਦੋਂ ਅਸੀਂ ਜਾਗਦੇ ਹਾਂ। ਉਸ ਤੋਂ ਬਾਅਦ ਉਸ ਦੇ ਪਿੱਛੇ ਕਾਰਨਾਂ ਦੀ ਪਰਖ ਪੜਚੋਲ ਕਰਕੇ ਹੱਲ ਕਰਨ ਦੀ ਦੁਹਾਈ ਮਚਾਉਂਦੇ ਹਾਂ। ਅਜਿਹਾ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਕਰਕੇ ਹੁੰਦਾ ਹੈ। ਅੱਜ ਇਸੇ ਲੜੀ ਤਹਿਤ ਇਕੱਲਾਪਣ ਜਾਂ ਇਕੱਲਾ ਰਹਿਣਾ ਭਖਦਾ ਅਤੇ ਖਾਸ ਮਸਲਾ ਹੈ। ਇਸ ਨੇ ਮਨੁਖਤਾ ਅਤੇ ਖਾਸ ਤੌਰ ਤੇ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਅੱਜ ਦੀ ਜੀਵਨਸ਼ੈਲੀ ਦੀ ਇਹ ਮੁੱਖ ਸਮੱਸਿਆ ਹੈ। ਰੱਦੀ ਸਿਰਫ ਅਖਬਾਰਾਂ, ਕਾਪੀਆਂ ਅਤੇ ਕਾਗਜਾਂ ਦੀ ਨਹੀਂ ਹੁੰਦੀ ਬਹੁਤੀ ਵਾਰ ਬੇਕਦਰਿਆਂ ਦੀ ਨਾ-ਸਨਾਸ਼ੀ ਵੀ ਮਹਿੰਗਾ ਮਾਲ ਸਵੱਲੇ ਭਾਅ ਵੇਚ ਦਿੰਦੀ ਹੈ। ਕੋਹੜ ਦਾ ਰੂਪ ਧਾਰਨ ਕਰ ਚੁੱਕਿਆ ਇਕੱਲਾਪਣ ਸ਼ੁਰੂ ਹੋਣ ਦੇ ਵੱਖ-ਵੱਖ ਕਾਰਨ ਹਨ। ਅਜੌਕੇ ਸਮੇਂ ਧਾਰਮਿਕ, ਸਮਾਜਿਕ ਅਤੇ ਸ੍ਰਿਸ਼ਟਾਚਾਰ ਨੂੰ ਕੀਲੀ ਟੰਗਕੇ ਇਕੱਲਾਪਣ ਖੁਦ ਠੋਸਿਆ ਅਤੇ ਖੁਦ ਸਹੇੜਿਆ ਜਾਂਦਾ ਹੈ। ਹਾਂ ਇਕ ਗੱਲ ਹੋਰ ਵੀ ਹੈ ਕਿ ਨਵੀਂ ਪੁਰਾਣੀ ਪੀੜੀ ਦਾ ਪਾੜਾ ਵੱਧਣ ਕਰਕੇ ਜਦੋਂ ਖਿਆਲਾਤ ਨਹੀਂ ਮਿਲਦੇ ਤਾਂ ਵੀ ਵੱਖਰੀ ਸੋਚ ਕਰਕੇ ਨਵੀਂ ਪੀੜੀ ਹਾਣਦਿਆਂ ਨਾਲ ਖੁਸ਼ੀਆਂ ਮਨਾਉਂਦੀ ਹੈ ਪਰ ਬਜੁਰਗ ਨਵੀਂ ਪੀੜੀ ਨੂੰ ਪਿਆਰ ਕਰਨ ਦੇ ਬਾਵਜੂਦ ਵੀ ਸੰਤਾਪ ਹੰਢਾਉਂਦੇ ਹਨ। ਇਸ ਨਾਲ ਸਮਾਜ ਵੀ ਅੰਦਰੂਨੀ ਨਬਜ਼ ਤੇਜ਼ ਚੱਲਕੇ ਕਈ ਸਮਾਜਿਕ ਰੋਗ ਸਹੇੜਦੀ ਹੈ। ਇਕੱਲੇਪਣ ਦਾ ਉਦੈ, ਉਦੋਂ ਹੁੰਦਾ ਹੈ ਜਦੋਂ ਮਨੁੱਖਤਾ ਸਾਰੇ ਪ੍ਰਬੰਧਾਂ, ਵਿਵਸਥਾਵਾਂ ਅਤੇ ਆਦਰਸ਼ਾਂ ਵਿੱਚੋਂ ਵਿਸ਼ਵਾਸ ਗਵਾ ਲੈਂਦੀ ਹੈ। ਜੀਵਨਸ਼ੈਲੀ ਦੀ ਇਕੱਲਾਪਣ ਮੁੱਖ ਸਮੱਸਿਆ ਹੈ ਇਹ ਸਿਗਰਟ ਨੋਸ਼ੀ ਜਿੰਨਾ ਹੀ ਖਤਰਨਾਕ ਮੰਨਿਆ ਗਿਆ ਹੈ।
ਇਕੱਲਾਪਣ, ਇਕੱਲਤਾ ਅਤੇ ਇਕੱਲਾ ਜੀਵਨ ਬਤੀਤ ਕਰਨਾ ਤੰਦਰੁਸਤੀ ਦਾ ਵੱਡਾ ਦੁਸ਼ਮਣ ਹੈ। ਇਕੱਲਾਪਣ ਮਾਨਸਿਕ ਕਮਜ਼ੋਰੀ ਪੈਦਾ ਕਰਕੇ ਸੰਤੁਲਨ ਵਿਗਾੜਦਾ ਹੈ। ਮਾਹਿਰਾਂ ਨੇ ਤਾਂ ਇਕੱਲੇਪਣ ਨੂੰ ਨਤੀਜੇ ਉੱਤੇ ਪਹੁੰਚਾਉਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ ਪਰ ਪੀੜੀ ਦਾ ਪਾੜਾ ਅਤੇ ਬਦਲਦੇ ਹਾਲਾਤ ਪੈਰ ਨਹੀਂ ਲੱਗਣ ਦਿੰਦੇ। ਇੰਗਲੈਡ ਨੇ ਤਾਂ ਇਕੱਲੇਪਣ ਦੀ ਸਮੱਸਿਆ ਨਾਲ ਜੂਝਣ ਲਈ 2018 ਵਿੱਚ ਇਕੱਲੇਪਣ ਲਈ ਮੰਤਰਲਾ ਸ਼ੁਰੂ ਕੀਤਾ, ਅਜਿਹਾ ਹੀ ਮੰਤਰਾਲਾ 2021 ਵਿੱਚ ਜਪਾਨ ਨੇ ਵੀ ਸ਼ੁਰੂ ਕੀਤਾ ਇਸ ਤੋਂ ਸਪੱਸ਼ਟ ਹੈ ਕਿ ਇਕੱਲੇਪਣ ਦਾ ਘੁਣ ਆਲਮੀ ਪੱਧਰ ਤੇ ਲੱਗਿਆ ਹੋਇਆ ਹੈ। ਖੋਜ ਕਰਤਾ ਬਦਲ ਰਹੇ ਸਮਾਜਿਕ ਸਬੰਧ ਅਤੇ ਸੋਚ ਵਿੱਚ ਵੱਡੇ ਖੱਪੇ ਨੂੰ ਹੀ ਇਕੱਲਤਾ ਦੀ ਨੀਂਹ ਦੱਸਦੇ ਹਨ। ਇਕੱਲੇਪਣ ਦੀ ਦਵਾਈ ਨਹੀਂ ਹੁੰਦੀ ਸਿਰਫ ਜੀਵਨ ਵਿੱਚ ਬਦਲਾਓ ਹੀ ਇਸ ਦਾ ਨੁਸਖਾ ਹੈ। ਭਾਵਨਾਵਾਂ ਨੂੰ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਮਾਜਿਕ ਤਰਾਸਦੀ ਇਹ ਹੁੰਦੀ ਹੈ ਕਿ ਜੋ ਕਿਸੇ ਨੂੰ ਇਸ ਇਕੱਲੇਪਣ ਚੋਂ ਕੱਢਣ ਦੀ ਸੋਚਦੇ ਹਨ ਹੋਲੀ-ਹੋਲੀ ਉਹ ਵੀ ਇਸੇ ਬੀਮਾਰੀ ਵਿੱਚ ਜਾ ਵੜਦੇ ਹਨ ਕਿਉਂਕਿ ਉਹਨਾਂ ਨੂੰ ਨਕਾਰਨ ਵਾਲੇ ਸਮਝਣ ਵਾਲਿਆਂ ਉੱਤੇ ਭਾਰੂ ਪੈਂ ਜਾਂਦੇ ਹਨ। ਇਸ ਸਮੱਸਿਆ ਨੇ ‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ’ ਦੇ ਵਿਸ਼ੇ ਨੂੰ ਉੱਲਟਾ ਕਰਨ ਦਾ ਯਤਨ ਵੀ ਕੀਤਾ।
ਪੁਰਾਤਨ ਸਾਂਝੇ ਪਰਿਵਾਰਾਂ ਵਿੱਚ ਇਕੱਲੇਪਣ ਦਾ ਵਰਕਾ ਹੀ ਨਹੀਂ ਹੁੰਦਾ ਸੀ। ਜਿਵੇਂ ਜਿਵੇਂ ਛੋਟੇ ਪਰਿਵਾਰ ਹੁੰਦੇ ਗਏ ਉਵੇਂ-ਉਵੇਂ ਹੀ ਇਕੱਲਾਪਣ ਜੀਵਨ ਵਿੱਚ ਪਰਵੇਸ਼ ਕਰਦਾ ਗਿਆ। ਦਰਕਿਨਾਰ ਹੋਇਆ ਕਠੇਬਾ ਲੀਰੋ-ਲੀਰ ਹੋਕੇ ਆਪਣੀ ਹੋਣੀ ਨੂੰ ਝੂਰ ਰਿਹਾ ਹੈ। ਆਰਜ਼ੀ ਤੌਰ ਤੇ ਇਕਾਂਤ ਅਤੇ ਇਕੱਲੇਪਣ ਨੂੰ ਅਲੱਗ-ਅਲੱਗ ਕਰਦੇ ਹੋਏ ਸਰੀਰਿਕ ਅਤੇ ਸਿੱਖਿਆ ਦੇ ਤੌਰ ਤੇ ਠੀਕ ਵੀ ਸਮਝਿਆ ਜਾ ਸਕਦਾ ਹੈ। ਪਰ ਪੱਕੇ ਤੌਰ ਤੇ ਇਹ ਮਾਰੂ ਹੈ। ਇਕ ਇਕੱਲਾ ਰਹਿਣਾ ਪਸੰਦ ਕਰਦੇ ਹਨ ਦੂਜਿਆਂ ਦੀ ਇਕੱਲਾ ਰਹਿਣਾ ਮਜਬੂਰੀ ਬਣ ਜਾਂਦਾ ਹੈ। ਦੋਵੇਂ ਹੀ ਨਕਾਰਾ ਕਰਨ ਦਾ ਸੁਭਾਅ ਰੱਖਦੇ ਹਨ। ਜਿਹੜੇ ਆਦਤ ਦੇ ਤੌਰ ਤੇ ਇਕੱਲਾਪਣ ਸਹੀ ਸਮਝਦੇ ਹਨ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਜੋ ਇਕੱਲਾਪਣ ਹੰਢਾਉਂਦੇ ਹਨ ਉਹ ਕਿਸੇ ਦੂਜੇ ਨੂੰ ਆਪਣੇ ਨੇੜੇ ਢੁੱਕਣ ਤੇ ਚਿੜ-ਚਿੱੜੇ ਫੁੰਕਾਰੇ ਮਾਰਦੇ ਹਨ। ਸਮੱਸਿਆ ਤੋਂ ਡਰਕੇ ਮੈਦਾਨ ਵੀ ਛੱਡ ਦਿੰਦੇ ਹਨ। ਆਸ਼ਾਵਾਦੀ ਹੋਣ ਦੀ ਬਜਾਏ ਨਿਰਾਸ਼ਾਬਾਦ ਨੂੰ ਮੰਨ ਵਿੱਚ ਵਸਾ ਲੈਂਦੇ ਹਨ। ਇਹ ਸਥਿਤੀ ਇਕੱਲੇਪਣ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਿਕ ਮੌਤ ਵੱਲ ਧੱਕਦੀ ਹੈ। ਇਕੱਲਾਪਣ ਨਸ਼ੇ ਵੱਲ ਅਤੇ ਨਸ਼ਾ ਇਕੱਲੇਪਣ ਦਾ ਰਾਹ ਦਿਖਾਉਂਦਾ ਹੈ। ਸਵੈ ਮਾਣ ਕਾਰਨ ਜੋ ਦੂਜਿਆਂ ਦੇ ਮੁਕਾਬਲੇ ਨਹੀਂ ਕਰ ਸਕਦੇ ਉਹ ਵੀ ਉਦਾਸੀ ਅਤੇ ਇਕੱਲਤਾ ਦੇ ਖਾਤੇ ਪੈ ਜਾਂਦੇ ਹਨ। ਅੱਜ ਕੱਲ ਇਕੱਲਾਪਣ ਇੱਕ ਬਿਜਨਸ ਵੀ ਬਣ ਗਿਆ ਹੈ। ਇਕੱਲੇਪਣ ਚੋਂ ਉਪਜੀ ਉਦਾਸੀ ਅਤੇ ਤਨਾਅ ਦਵਾਈਆਂ ਦੀ ਦਲਦਲ ਵਿੱਚ ਫਸਾਕੇ ਪੈਸਾ ਬਰਬਾਦ ਕਰਵਾਉਂਦਾ ਹੈ।
ਇਹ ਵਿਸ਼ਾ ਇਕ ਅਜਿਹੀ ਦਰਦਨਾਕ ਸਥਿਤੀ ਹੈ ਕਿ ਇਕੱਲੇਪਣ ਦੇ ਅਸੀਂ ਖੁੱਦ ਹੀ ਰਾਹੀ ਹੁੰਦੇ ਹਾਂ। ਰਸਤਾ ਵੀ ਅਸੀਂ ਹੀ ਹਾਂ, ਮੰਜਿਲ ਤੇ ਵੀ ਅਸੀਂ ਪੁੱਜਦੇ ਹਾਂ। ਮੰਜਿਲ ਜਿਹੋ ਜਿਹੀ ਹੋਵੇ ਜਿਆਦਾਤਰ ਇਕੱਲੇਪਣ ਦੀ ਮੰਜਿਲ ਤਬਾਹੀ ਹੁੰਦੀ ਹੈ। ਜਿਹੜੇ ਵਕਤ ਦੇ ਮਾਰੇ ਹੋਏ ਕਰੋਪੀ ਦੇ ਸ਼ਿਕਾਰ ਇਕੱਲਾਪਣ ਝੱਲਦੇ ਹਨ ਉਹਨਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਿਕ ਤੌਰ ਤੇ ਤੀਹਰੀ ਮਾਰ ਝੱਲਣੀ ਪੈਂਦੀ ਹੈ। ਇਕੱਲੇਪਣ ਕਾਰਨ ਉਹਨਾਂ ਦੀ ਔਲਾਦ ਸਮੇਂ ਦੇ ਅਨੁਸਾਰ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੀ ਹੈ। ਅਜੋਕੀ ਪੀੜੀ ਨੂੰ ਸੱਭਿਅਤ ਅਤੇ ਸੰਸ੍ਰਕਿਤੀ ਦੇ ਤੌਰ ਤੇ ਆਦਰ, ਸਤਿਕਾਰ ਰਹਿਤ ਪੀੜਾ ਦੇਣ ਵਾਲੀ ਸਾਡੀ ਪਹਿਲੀ ਪੀੜੀ ਹੈ। ਹੁਣ ਤਾਂ ਅਜਿਹੇ ਵਤੀਰਿਆਂ ਨੂੰ ਸਮਾਜਿਕ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਮਿਸਾਲ ਪੰਜਾਬ ਵਰਗੇ ਸੰਪੂਰਨ ਸੂਬੇ ਵਿੱਚ ਬਿਰਧ ਆਸ਼ਰਮ ਖੁਲੱਣਾ ਵੀ ਹੈ। ਦਾਰਸ਼ਨਿਕ ਦੱਸਦੇ ਹਨ ਕਿ ਜਦੋਂ ਸਮਾਜਿਕ ਕਠਨਾਈ ਆਉਂਦੀ ਹੈ ਤਾਂ ਕੁਦਰਤ ਬਲ ਬੁੱਧੀ ਬਖਸ਼ ਦਿੰਦੀ ਹੈ। ਪਰ ਇੱਥੇ ਇਕੱਲਾਪਣ ਪੀੜੀ ਦੀ ਪਾੜੇ ਦੀ ਮਾਰ ਹੇਠ ਆਉਂਦਾ ਹੈ। ਇਸ ਨਾਲ ਬਲ ਅਤੇ ਬੁੱਧੀ ਨੂੰ ਜੰਦਰੇ ਲੱਗ ਜਾਂਦੇ ਹਨ ਮਨੁੱਖਤਾ ਲਾਚਾਰ ਹੋ ਜਾਂਦੀ ਹੈ। ਭੁੱਖ, ਪਿਆਸ ਅਤੇ ਖੁਸ਼ੀ ਨੂੰ ਇਕੱਲਾਪਣ ਖਾ ਜਾਂਦਾ ਹੈ। ਕਈ ਜੰਮਾਦਰੂ ਦੀ ਇਕੱਲੇਪਣ ਦੇ ਆਦਿ ਹੁੰਦੇ ਹਨ ਖੁੱਦ ਹੀ ਸਮਾਜਿਕ ਲਾਹਨਤਾਂ ਸੱਦ ਕੇ ਮੰਨੋਰੋਗੀ ਬਣ ਜਾਂਦੇ ਹਨ। ਇਕੱਲਾਪਣ ਇੱਕ ਜੀਵਨ ਦੀ ਮਾੜੀ ਘਟਨਾ ਹੋ ਨਿਬੜਦੀ ਹੈ। ਇਹ ਅਲਾਮਤ ਖੁੱਦ ਇੱਕਲੀ ਜਾਨ ਹੀ ਸਮਾਜ ਨਾਲੋਂ ਅਤੇ ਘਰ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਦੀ ਹੈ। ਇਕੱਲਤਾ ਜਿਥੇ ਮਾਨਸਿਕ ਰੋਗਾਂ ਦੀ ਮਾਂ ਹੈ ਉਥੇ ਸਮਾਜਿਕ ਖੁਸ਼ੀਆਂ ਦਾ ਵੈਰੀ ਵੀ ਹੈ। ਇਕੱਲਤਾ ਰਹਿਤ ਭਾਵ ਇਕੱਠ ਦਾ ਸਮੂਹ ਮਾਨਸਿਕਤਾ ਤਰੋ-ਤਾਜ਼ਾ ਰੱਖਦੀ ਹੈ। ਇੱਕਲੇਪਣ ਵਿਚ ਇੰਦਰੀਆਂ ਬਾਹਰਮੁੱਖੀ ਹੋਕੇ ਸਮਾਜ ਵਿਚੋਂ ਸੁਖ ਭਾਲਦੀਆਂ ਹਨ। ਉਹਨਾਂ ਨੂੰ ਫਿਰ ਵੀ ਸੁਖ ਨਹੀਂ ਮਿਲਦਾ ਉਹ ਇਕੱਲੇ ਪੈ ਜਾਂਦੇ ਹਨ। ਸਾਥ ਬਿਨ੍ਹਾਂ ਜੱਗ ਸੁੰਨਾ ਦੇ ਸਿਧਾਂਤ ਅਨੁਸਾਰ ਇਕੱਲੇਪਣ ਵਿੱਚ ਇਕ ਹੱਦ ਤੋਂ ਬਾਅਦ ਬੰਦੇ ਦਾ ਅੰਦਰ ਧੁੱਖ ਜਾਂਦਾ ਹੈ ਬੰਦਾ ਸਭ ਕੁੱਝ ਛੱਡ ਦਿੰਦਾ ਹੈ। ਸ਼ੋਸਲ ਮੀਡੀਆ ਤੇ ਇਕੱਲਾਪਣ ਦੂਰ ਕਰਨ ਲਈ ਸੁਨੇਹੇ ਭੇਜੇ ਜਾਂ ਸਕਦੇ ਸਨ ਪਰ ਵਿਅਕਤੀਗਤ ਮਿਲਣੀ ਨਹੀਂ ਹੁੰਦੀ। ਸਮਾਜ ਦੀ ਕੋਹੜ ਅਤੇ ਨਾਸੂਰ ਰੂਪੀ ਇਕੱਲਤਾ, ਇਕੱਲੇਪਣ ਦੀ ਤਰਾਸਦੀ ਨੂੰ ਸਾਂਭਣ ਲਈ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਅੱਗੇ ਆਉਣ ਇਸ ਨਾਲ ਮਨੁੱਖ ਇਕੱਲੇਪਣ ਤੋਂ ਬਾਹਰ ਨਿਕਲ ਸਕੇਗਾ ਅਤੇ ਸਮਾਜ ਵਿੱਚ ਇਕੱਲਪੁਣਾ ਹੰਢਾ ਰਹੇ ਮਨੁੱਖ ਦੀ ਕੀਮਤ ਵਧੇਗੀ। ਇਸ ਨਾਲ ਇਸ ਤਰਾਸਦੀ ਵਾਲਾ ਬੰਦਾ ਸਮਾਜ ਵਿੱਚ ਮਜਾਕ ਦਾ ਪਾਤਰ ਨਹੀਂ ਬਣੇਗਾ ਅਤੇ ਸਮਾਜ ਵਿੱਚ ਬੋਝ ਬਣਨ ਤੋਂ ਛੁਟਕਾਰਾਂ ਪਾਵੇਗਾ।
ਸੁਖਪਾਲ ਸਿੰਘ ਗਿੱਲ
ਮੋ: 98781-11445
ਪਿੰਡ ਦੀ ਜੂਹ - ਸੁਖਪਾਲ ਸਿੰਘ ਗਿੱਲ
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਆਥਣ ਸਵੇਰੇ ਲੱਗੇ ਮਿੱਠੀ-ਮਿੱਠੀ ਲੋਅ,
ਚੰਨ ਅਤੇ ਤਾਰੇ ਲੱਗੇ ਚੁੰਨੀ ਦੇ ਸਿਤਾਰੇ,
ਮੰਦਰਾਂ ਚੋਂ ਹੋਕਾ ਵੱਜੇ ਰਾਮ ਨਾਮ ਦਾ,
ਬਾਣੀ ਦਾ ਸ਼ਬਦ ਕੰਨੀ ਰੱਸ ਘੋਲਦਾ,
ਪਹਿਲੇ ਪਹਿਰੇ ਬੇਬੇ ਦੁੱਧ ਟੁੱਕ ਸਾਂਭਦੀ,
ਬਾਪੂ ਨੂੰ ਕਬੀਲਦਾਰੀ ਪੰਡ ਮਾਰਦੀ,
ਵੱਟ ਬੰਨੇ ਖੇਤ ਤੇ ਕਿਆਰੀ ਲੱਗੇ ਰੂਹ ਵਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਤਿੱਖੀ-ਤਿੱਖੀ ਧੁੱਪ ਵਿੱਚ ਸੁੰਨੀਆਂ ਨੇ ਸੱਥਾਂ,
ਬਾਬਿਆਂ ਦੀ ਢਾਣੀ ਲੱਭੇ ਹਾਣੀਆਂ ਨੂੰ ਹਾਣੀ,
ਬਾਜੀ ਸੀਪ ਦੀ ਪਿਆਰੀ ਲੱਗੇ ਹਾਣੀ ਨੂੰ ਪਿਆਰੀ,
ਹੱਲ ਪੰਜਾਲੀ ਤੇ ਸੁਹਾਗੇ ਦਾ ਸਿਆੜ ਮਿਟਿਆ,
ਸਾਗ ਗੁੜ ਸਰੋਂ ਨੂੰ ਸੱਭਿਆਚਾਰ ਤੇ ਰਸੋਈ ਦਾ ਪਿਆਰ ਮਿਲਿਆ,
ਪੋਣ ਪਿੰਡ ਦੀ ਲੱਗਦੀ ਸੰਗੀਤ ਵਰਗੀ,
ਪੈਰੀਂ ਝਾਂਜਰਾਂ ਅਤੇ ਖੂਹਾਂ ਵਾਲਾ ਰਾਗ ਮੁੱਕਿਆ,
ਰੀਤੀ ਆਖਦੀ ਰਿਵਾਜ ਨੂੰ ਕਹਿੰਦੀ ਸਾਡੀ ਪਰਵਾਜ਼ ਮਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਧੀ ਸਾਂਝੀ, ਸਾਂਝੇ ਮਾਂਝੀ, ਸਾਂਝੀਆਂ ਸਨ ਦੁਆਵਾਂ,
ਬੂਹੇ ਬਾਰੀਆਂ ਵਿਚੋਂ ਦਿਖਦਾ, ਸੀ ਇੱਜਤਾਂ ਦਾ ਸਿਰਨਾਵਾਂ,
ਪੱਗ ਚੂੰਨੀ ਸਲਵਾਰ ਨੇ ਸੋਂਹਦੇ, ਗੱਭਰੂ ਤੇ ਮੁਟਿਆਰਾਂ,
ਡੋਲੀ ਤੁਰਦੀ ਪਿੰਡ ਦੇ ਵਿੱਚੋਂ ਹੰਝੂ ਕਿਰਨ ਹਜਾਰਾਂ,
ਰੂਹ ਤੇ ਜੂਹ ਅੱਜ ਧੁੰਦਲੀ ਜਾਪੇ ਨਾਲੇ ਸਾਕ ਨੇ ਸੰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਪਿੰਡ ਅਬਿਆਣਾ ਖਿੱਤਾ ਹੈ ਪੁਆਧ ਦਾ,
ਇੱਕ ਪਾਸੇ ਖਾਲਸਾ ਨਗਾਰੇ ਮਾਰਦਾ,
ਦੂਜੇ ਪਾਸੇ ਝੰਡਾ ਰਣਜੀਤ ਰਾਜ ਦਾ,
ਲੱਜਪਾਲ ਗਿੱਲ ਨੂੰ ਅਵਾਜ਼ਾਂ ਮਾਰਦਾ,
ਦੇਖੀ ਕਿਤੇ ਭੁੱਲੀ ਨਾ ਸਲੀਕਾ ਪਿਆਰ ਦਾ,
ਜ਼ਮੀਨ ਅਤੇ ਜ਼ਮੀਰ ਦਾ ਸਬੰਧ ਜਾਣਦਾ,
ਰਹੀ ਪੁੱਤ ਗੋਦ ਦਾ ਆਨੰਦ ਮਾਣਦਾ,
ਫਸਲਾਂ ਤੇ ਨਸਲਾਂ ਨੂੰ ਸਾਂਭੋ ਹਰ ਪਲ ਮਾਣੋ ਸਰਗੀ,
ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,
ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,
ਸਿੱਖੀ ਸਿਦਕ - ਸੁਖਪਾਲ ਸਿੰਘ ਗਿੱਲ
ਬੇਇਨਸਾਫ਼ੀ ਖਿਲਾਫ ਅਵਾਜ਼ ਉਠਾਉਣ ਦੇ ਨਾਲ ਸਰਬੱਤ ਦਾ ਭਲਾ ਮੰਗਣਾ ਸਿੱਖੀ ਦਾ ਮਾਣਮੱਤਾ ਫ਼ਲਸਫ਼ਾ ਹੈ।ਤੀਜੇ ਨਾਨਕ,ਨਾਨਾ ਸ੍ਰੀ ਗੁਰੂ ਅਮਰਦਾਸ ਦਾਸ ਜੀ ਦੀ ਗੋਦ ਵਿੱਚ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋਏ ਤਾਂ ਇਲਾਹੀ ਜੋਤ ਨੇ ਇਲਾਹੀ ਜੋਤ ਦੀ ਪਹਿਚਾਣ ਕਰਕੇ ਕਿਹਾ,"ਦੋਹਤਾ ਕਾਹਲ ਨਾ ਕਰ ਵੇਲਾ ਆਉਣ ਦੇ"ਪੰਚਮ ਪਾਤਸ਼ਾਹ ਬਣ ਕੇ ਫ਼ਲਸਫ਼ੇ ਅਨੁਸਾਰ ਹਕੂਮਤ ਖਿਲਾਫ ਅਵਾਜ਼ ਉਠਾਈ ਤਾਂ ਕਾਫ਼ਿਰਾਂ ਨੂੰ ਮੁਆਫਿਕ ਨਹੀਂ ਆਈ। ਆਪਣਿਆਂ ਨੇ ਹਕੂਮਤ ਦੀ ਚਾਪਲੂਸੀ ਤੇ ਸ਼ਹਿ ਨਾਲ ਗੁਰੂ ਸਾਹਿਬ ਨੂੰ ਡੁਲਾਉਣਾ ਚਾਹਿਆ ਪਰ ਸਿਦਕੀ ਪ੍ਰਵਾਨਿਆਂ ਨੂੰ ਭਲਾ ਕੌਣ ਡੁਲਾ ਸਕਦਾ ਹੈ? ਆਖਿਰ ਜ਼ਾਲਿਮਾਂ ਨੇ ਸਿਦਕ ਪਰਖਣ ਲਈ ਤੱਤੀ ਤਵੀ ਦੀ ਕਸਵੱਟੀ ਲਾ ਦਿੱਤੀ। ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਲੈ ਕਿ ਪੰਚਮ ਪਾਤਸ਼ਾਹ ਗੁਲਾਮ ਭਾਰਤ ਦੇ ਪਹਿਲੇ ਸ਼ਹੀਦ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਕੌਮ ਨੂੰ ਵੱਡਮੁੱਲਾ ਸਰਮਾਇਆ ਦੇ ਗਏ। ਅਡੋਲ,ਸਿਰੜ ਅਤੇ ਸਿਦਕ ਦੇ ਮੁਜੱਸਮੇ ਪਾਤਸ਼ਾਹ ਨੇ ਤੱਤੀ ਤਵੀ ਨੂੰ ਸਿੱਖੀ ਦੇ ਸਿਦਕ ਦੀ ਕਸਵੱਟੀ ਤੇ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪਣੀ ਜੋਤ ਛੇਵੇਂ ਪਾਤਸ਼ਾਹ ਵਿੱਚ ਬਿਰਾਜਮਾਨ ਕਰਕੇ "ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ"ਦਾ ਉਚਾਰਨ ਕਰਕੇ ਸਿੱਖੀ ਨੂੰ ਮੀਰੀ ਪੀਰੀ ਦੇ ਲੜ ਲਾ ਕੇ ਭਾਣਾ ਮੰਨਣ ਦਾ ਸੁਨੇਹਾ ਦੇ ਗਏ। ਧੰਨ ਧੰਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445