Sukhpal Singh Gill

ਬੁਢਾਪਾ ਆਉਂਦਾ ਹੈ ਜਾਂਦਾ ਨਹੀਂ  ਆਉਂਦਾ ਹੈ ਜਾਂਦਾ ਨਹੀਂ - ਸੁਖਪਾਲ ਸਿੰਘ ਗਿੱਲ

     ਬੁਢਾਪਾ ਜੀਵਨ ਦਾ ਹਿੱਸਾ ਹੈ।ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ "ਆਪਣੀ ਅਕਲ ਬੇਗਾਨੀ ਮਾਇਆ ਵੱਡੀ "ਦਾ ਬੇਹੂਦਾ ਸਬੂਤ ਦਿੱਤਾ ਜਾਂਦਾ ਹੈ।ਪਹਿਲੀ ਕਿਲਕਾਰੀ ਤੋਂ ਮਰਨ ਤੱਕ ਮਨੁੱਖ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਦਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਸਾਡੀ ਪਵਿੱਤਰ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ:-
    "ਬਾਲ ਜੁਵਾਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ "
       ਇਹਨਾਂ ਤਿੰਨਾਂ ਅਵਸਥਾਵਾਂ ਵਿੱਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਥ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿੱਚ ਕਰ ਲੈਂਦੇ ਹਨ।ਇਸ ਕਰਕੇ ਇਸ ਨੂੰ ਸ਼ਰਾਪ ਵੀ ਮੰਨਿਆ ਜਾਂਦਾ ਹੈ।
ਪਹਿਲੇ ਜ਼ਮਾਨੇ ਸੰਤੁਲਿਤ ਖੁਰਾਕ ਨਾਲ ਬੁਢਾਪਾ ਦੇਰ ਨਾਲ ਆਉਂਦਾ ਸੀ। ਅੱਜਕਲ੍ਹ ਬੁਢਾਪੇ ਦੀ ਕੋਈ ਉਮਰ ਨਹੀਂ ਹੈ।
      ਘਰ ਪਰਿਵਾਰ ਵਿੱਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਆਨੰਦ ਮਾਣਦਾ ਹੈ।ਸਭ ਕੁੱਝ ਧੀਆਂ ਪੁੱਤਰਾਂ ਲਈ ਇਕੱਠਾ ਕਰਦਾ ਹੈ। ਭਾਗਾਂ ਵਾਲੇ ਹੁੰਦੇ ਹਨ ਉਹ ਜਿਹਨਾਂ ਦਾ ਬੁਢਾਪਾ ਸੌਖਾ ਅਤੇ ਖੁਸ਼ੀ ਨਾਲ ਆਪਣੀ ਫੁੱਲਵਾੜੀ ਵਿੱਚ ਬੈਠਦਾ ਹੈ। ਜਵਾਨੀ ਵਿੱਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿੱਚ ਇਹ ਸਹਾਰਨਯੋਗ ਨਹੀਂ ਹੁੰਦੀਆਂ।
ਇਹ ਇਕੱਲਤਾ ਹੰਢਾਉਂਦਾ ਹੈ,ਪਰ ਇਸ ਅਵਸਥਾ ਵਿੱਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿੱਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ।ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ,ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿੱਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿੱਚ ਕੀਤੀਆਂ ਚੇਤੇ ਆਉਂਦੀਆਂ ਹਨ,ਹੋ ਕੁੱਝ ਵੀ ਨਹੀਂ ਸਕਦਾ।ਜੋ ਭੁੱਲਣਾ ਚਾਹੁੰਦਾ ਹੈ ਉਹ ਭੁੱਲ ਨਹੀਂ ਹੁੰਦਾ,ਵਾਰ ਵਾਰ ਗਰਾਰੀ ਉੱਥੇ ਹੀ ਖੜ੍ਹ ਜਾਂਦੀ ਹੈ।
     ਅਕਸਰ ਕਿਹਾ ਜਾਂਦਾ ਹੈ ਕਿ ਬੁਢਾਪੇ ਵਿੱਚ ਪਛਤਾਵਾ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਬਚਪਨ ਜਵਾਨੀ ਵਿੱਚ ਮਨ ਸ਼ਕਤੀਸ਼ਾਲੀ ਹੋਣ ਕਰਕੇ ਪ੍ਰਵਾਹ ਨਹੀਂ ਕਰਦਾ। ਬੁਢਾਪੇ ਵਿੱਚ ਮਨ ਕਮਜ਼ੋਰ ਹੋਣ ਕਰਕੇ ਅੱਗੇ ਆ ਜਾਂਦੀਆਂ ਹਨ। ਆਖਿਰ ਬੁਢਾਪੇ ਵਿੱਚ ਰੱਬ ਯਾਦ ਆਉਂਣ ਲੱਗਦਾ ਹੈ ।ਇਸ ਦੀ ਉਦਾਹਰਨ ਜੱਲ੍ਹਣ ਨੇ ਇਉਂ
 ਦਿੱਤੀ ਹੈ:-
  "ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ,
ਬੁੱਢੇ ਹੋ ਕੇ ਮਾਲਾ ਫੇਰੀ,ਰੱਬ ਦਾ ਉਲਾਂਭਾ ਲਾਹਿਆ"
  ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ।ਘਰ ਦੀ ਵਾਂਗਡੋਰ ਵੀ ਸਾਂਭਿਆ ਕਰਦੇ ਸਨ।ਅੱਜ ਬੁਢਾਪਾ ਰੁਲਦਾ ਤਾਂ ਆਮ  ਵੇਖਿਆ ਪਰ ਸਤਿਕਾਰਯੋਗ ਬੁਢਾਪਾ ਲੱਭਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਨੇ 1ਅਕਤੂਬਰ 1991ਨੂੰ ਬੁਢਾਪਾ ਦਿਵਸ ਮਨਾਉਣ ਲਈ ਮਤਾ ਪਾਸ ਕੀਤਾ ਸੀ। ਹੁਣ ਹਾਰਵਰਡ ਦੇ ਵਿਗਿਆਨਕ ਬੁਢਾਪੇ ਨੂੰ ਬਿਮਾਰੀ ਮੰਨਣ ਲੱਗ ਪਏ ਹਨ। ਭਾਰਤ ਬਲਵਾਨ ਸੰਸਕ੍ਰਿਤੀ ਵਾਲਾ ਮੁਲਕ ਹੋਣ ਕਰਕੇ ਇੱਥੇ ਬੁਢਾਪੇ ਦੀ ਵੰਨ ਸੁਵੰਨਤਾ ਹੈ।ਬਿਰਧ ਆਸ਼ਰਮ ਮੂੰਹ ਚਿੜਾਉਂਦੇ ਹਨ।ਬੁਢਾਪਾ ਅਤੇ ਸਮਾਜਿਕ ਕਦਰਾਂ ਵਿੱਚ ਆਈਆਂ ਤਬਦੀਲੀਆਂ, ਬੁਢਾਪੇ ਦੀ ਪ੍ਰੀਵਾਰ ਸਮਾਜ ਵਿੱਚ ਥਾਂ ਅਤੇ ਸਾਕੇਦਾਰੀ ਪ੍ਰਣਾਲੀ ਵਿੱਚ ਬੁਢਾਪੇ ਦਾ ਰੁੱਤਬਾ ਸਮਾਜ ਵਿਗਿਆਨ ਦੀ ਵਿਸ਼ੇਸ਼ ਖੋਜ ਮੰਗਦਾ ਹੈ।ਇਸ ਨਾਲ ਬੁਢਾਪੇ ਦੀਆਂ ਤ੍ਰਾਸਦੀਆਂ ਦਾ ਸੂਰਜ ਡੁੱਬ ਜਾਵੇਗਾ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445

ਝੋਲਾ ਛਾਪ ਡਾਕਟਰ - ਸੁਖਪਾਲ ਸਿੰਘ ਗਿੱਲ

ਰੋਜ਼ਾਨਾ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ।ਜੋ ਸੱਚ ਝੂਠ,ਸੁਣੀ ਅਣਸੁਣੀ ਬੁਨਿਆਦ ਤੇ ਹੁੰਦੀਆਂ ਹਨ। ਤਜ਼ਰਬਿਆਂ ਅਤੇ ਉਮਰ ਹੰਢਾਉਣ ਦੇ ਨਾਲ ਨਾਲ ਬਹੁਤੀਆਂ ਗੱਲਾਂ, ਕਹਾਣੀਆਂ ਆਪਣੇ ਆਪ ਘੜ ਹੋ ਜਾਂਦੀਆਂ ਹਨ। ਬਜ਼ੁਰਗਾਂ ਤੋਂ ਕਈ ਕਥਾ ਕਹਾਣੀਆਂ ਸੁਣਦੇ ਤਾਂ ਹਾਂ ਉਹਨਾਂ ਵੱਲ ਸੁਣਨ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਮਰ ਦੇ ਤਰਾਜੂ ਵਿੱਚ ਗੱਲ ਮੇਚ ਨਹੀਂ ਆਉਂਦੀ। ਸੁਣੀ ਸੁਣਾਈ ਗੱਲ ਅੱਖਾਂ ਸਾਹਮਣੇ ਦਿਖੇ ਤਾਂ ਅਚੰਭੇ ਵਿੱਚ ਛੁਪੀ ਖੁਸ਼ੀ ਨਜ਼ਰ ਆਉਂਦੀ ਹੈ।
         ਪਿੰਡਾਂ ਵਿੱਚ ਇੱਕ ਚੁਟਕਲਾ ਜੋ ਸਚਾਈ ਵਾਂਗ ਪੇਸ਼ ਕੀਤਾ ਜਾਂਦਾ ਸੀ।ਇਹ ਸੁਣ ਕੇ ਬਚਪਨ ਵਿੱਚ ਸੱਚ ਮੰਨ ਲਿਆ ਸੀ। ਮੇਰੇ ਵਲੋਂ ਉਮਰ ਵਧਣ ਦੇ ਨਾਲ ਇਹੀ ਚੁਟਕਲਾ ਸਚਾਈ ਤੋਂ ਪਰੇ ਹਟਾ ਕੇ ਮਹਿਜ਼ ਚੁਟਕਲਾ ਹੀ ਸਮਝਿਆ ਗਿਆ।ਇਸ ਤਰ੍ਹਾਂ ਹੈ ਕਿ "ਇੱਕ ਝੋਲਾ ਛਾਪ ਡਾਕਟਰ ਸੀ ਉਸ ਕੋਲ ਮਰੀਜ਼ ਗਿਆ,ਉਸ ਡਾਕਟਰ ਨੇ ਝੱਟ ਮੂੰਧਾ ਕਰਕੇ ਪੈਂਟ ਦੇ ਉੱਤੋਂ ਹੀ ਟੀਕਾ ਲਗਵਾ ਦਿੱਤਾ, ਕਹਿੰਦੇ ਘਰ ਜਾ ਕੇ ਮਰੀਜ਼ ਨੇ ਦੇਖਿਆ ਕਿ ਪੈਂਟ ਵਿੱਚ ਬਟੂਆ ਗਿੱਲਾ ਹੈ, ਤਾਂ ਪਤਾ ਲੱਗਿਆ ਕਿ ਟੀਕਾ ਬਟੂਏ ਵਿੱਚ ਹੀ ਲਾ ਦਿੱਤਾ, ਮਰੀਜ਼ ਨੇ ਸੋਚਿਆ ਕਿ ਤਾਂ ਹੀ ਟੀਕੇ ਦਾ ਦੁੱਖ ਨਹੀਂ ਲੱਗਿਆ" ਇਹ ਭਾਵੇਂ ਹਾਸੋਹੀਣੀ ਗੱਲ ਹੈ, ਪਰ ਬੀਤੇ ਜ਼ਮਾਨੇ ਦੇ ਮੈਡੀਕਲ ਖੇਤਰ ਚ ਤਰੁੱਟੀਆਂ ਤੇ ਕਰਾਰੀ ਚੋਟ ਵੀ ਹੈ। ਉਸ ਸਮੇਂ ਵਿਕਾਸ ਖੁਣੋਂ ਸਹੀ ਵੀ ਜਾਪਦੀ ਹੈ।ਅਜ਼ਾਦੀ ਤੋਂ ਬਾਅਦ ਸ਼ਾਇਦ ਇਹੋ ਜਿਹੇ ਚੁਟਕਲੇ ਹਕੀਕਤ ਵਿੱਚ ਸਨ। ਹੁਣ ਅਜਿਹਾ ਚੁਟਕਲਾ ਬੇਹੂਦਾ ਲੱਗਦਾ ਹੈ ਕਿਉਂਕਿ ਮੈਡੀਕਲ ਖੇਤਰ ਵਿੱਚ ਸਾਡੇ ਮੁਲਕ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ।
                ਜਦੋਂ ਸੁਣੀਆਂ ਗੱਲਾਂ, ਕਹਾਣੀਆਂ ਅਤੇ ਚੁਟਕਲੇ ਹਕੀਕਤ ਵਿੱਚ ਨਜ਼ਰ ਆਉਂਦੇ ਹਨ, ਤਾਂ ਇਉਂ ਲੱਗਦਾ ਹੈ ਕਿ ਜ਼ਿੰਦਗੀ ਚ ਨਵਾਂਪਣ ਆਇਆ ਹੈ।ਇਹ ਕਲਪਨਾ ਤੇ ਆਧਾਰਤ ਵੀ ਹੁੰਦੇ ਹਨ।ਪਰ ਇਹਨਾਂ ਵਿਚੋਂ ਕੁੱਝ ਲੱਭ ਜ਼ਰੂਰ ਪੈਂਦਾ ਹੈ। ਕਿਹਾ ਵੀ ਗਿਆ ਹੈ ਕਲਪਨਾ ਗਿਆਨ ਤੋਂ ਵੱਧ ਮਹੱਤਵਪੂਰਨ ਹੈ। ਜਿਵੇਂ ਜਿਵੇਂ ਵਿਕਾਸ ਹੁੰਦਾ ਜਾਂਦਾ ਹੈ ਤਾਂ ਦੰਦ ਕਥਾਵਾਂ, ਚੁਟਕਲੇ ਝੂਠੇ ਜਿਹੇ ਲੱਗਦੇ ਹਨ।ਅਗਲੀ ਪੀੜ੍ਹੀ ਨੂੰ ਤਾਂ ਬਿਲਕੁਲ ਸੱਚ ਨਹੀਂ ਆਉਂਦਾ। ਅੱਜ ਸੁਪਨੇ ਵਿੱਚ ਹੀ ਪੈਂਟ ਦੇ ਉੱਤੋਂ ਟੀਕਾ ਲਗਦਾ ਦਿਖ ਸਕਦਾ ਹੈ, ਸਾਡੇ ਮੁਲਕ ਵਿੱਚ ਸ਼ਾਇਦ ਹਕੀਕਤ ਵਿੱਚ ਨਹੀਂ।
     ਕੁੱਝ ਦਿਨ ਪਹਿਲੇ ਕਰਤਾਰਪੁਰ ਸਾਹਿਬ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਮਿਲਿਆ।ਬਾਰਡਰ ਪਾਰ ਕਰਦੀ ਸਾਰ ਦਰਸ਼ਨ ਕਰਨ ਦੀ ਤਾਂਘ ਉਤੇਜਿਤ ਹੋਈ ਤੇ ਫਿਰ  ਪੂਰੀ ਹੋਈ। ਸਾਰੇ ਪਾਸੇ ਘੁੰਮ ਕੇ ਬਾਬੇ ਨਾਨਕ ਦੇ ਖੇਤ ਦੇਖੇ। ਆਉਣ ਦਾ ਸਮਾਂ ਹੋਇਆ ਤਾਂ ਦੇਖਿਆ ਗੁਰੂ ਘਰ ਅੰਦਰ ਹੀ ਝੋਲਾ ਛਾਪ ਡਾਕਟਰ ਇੱਕ ਵਿਅਕਤੀ ਨੂੰ ਮੁੰਧਾ ਕਰਕੇ ਸੁਣੇ ਚੁਟਕਲੇ ਦੀ ਤਰਜ਼ ਤੇ ਪੈਂਟ ਉੱਤੋਂ  ਟੀਕਾ ਲਾਉਂਦਾ ਅੱਖੀਂ ਦੇਖਿਆ ਤਾਂ ਬਟੂਏ ਵਾਲਾ ਕਾਂਢ ਯਾਦ ਆਇਆ।ਇਸ ਤੋਂ ਚੁਟਕਲਾ ਹਕੀਕਤ ਵੱਲ ਮੁੜਿਆ। ਜਾਪਿਆ ਕਿ ਤਰੱਕੀ ਬਾਝੋਂ ਸੱਤਰ ਸਾਲ ਪਹਿਲਾਂ ਇਹ ਸਾਡੇ ਵੀ ਸਹੀ ਹੀ ਹੋਣਾ। ਹੁਣ ਤਾਂ ਇਹ ਬੀਤੇ ਜ਼ਮਾਨੇ ਦੀ ਗਾਥਾ ਹੈ।ਮਨ ਦੀਆਂ ਘੁੰਮਣਘੇਰੀਆਂ ਵਿੱਚ ਇਹ ਪ੍ਰਮਾਣ ਮਿਲਿਆ ਅਜ਼ਾਦੀ ਤੋਂ ਬਾਅਦ ਭਾਰਤ ਮਾਤਾ ਨੇ ਬਹੁਤ ਵੱਡਾ ਸਾਰਥਿਕ ਵਿਕਾਸ ਕੀਤਾ।ਇੱਕ ਝੋਲਾ ਛਾਪ ਡਾਕਟਰ ਜੋ ਭਾਵੇਂ ਹਲਾਤਾਂ ਮੁਤਾਬਿਕ ਮਨੁੱਖਤਾ ਅਤੇ ਆਪਣੇ ਦੇਸ਼ ਦੀ ਸੇਵਾ ਕਰਦਾ ਅੱਜ ਨਜ਼ਰ ਪਿਆ, ਪਰ  ਅੱਜ ਅੱਖੀਂ ਦੇਖੇ ਝੋਲਾ ਛਾਪ ਡਾਕਟਰ ਦੇ ਚੁਟਕਲੇ ਨੂੰ ਹਕੀਕਤ ਵਿੱਚ ਦੇਖ ਕੇ ਮੇਰਾ ਸਿਰ ਭਾਰਤ ਮਾਤਾ ਦੇ ਵਿਕਾਸ ਵੱਲ ਝੁਕਿਆ ਅੰਦਰੋਂ ਭਾਰਤ ਮਾਤਾ ਦੀ ਜੈ ਆਪ ਮੁਹਾਰੇ ਨਿਕਲ ਗਿਆ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445

ਬਟਵਾਰੇ ਦੀਆਂ ਪੈੜਾਂ - ਸੁਖਪਾਲ ਸਿੰਘ ਗਿੱਲ

ਅਖ਼ਬਾਰ ਪੜ੍ਹ ਰਹੇ ਬਜ਼ੁਰਗ ਨੇ ਕਰਤਾਰਪੁਰ ਦਾ ਲਾਂਘਾਂ ਖੁੱਲਣ ਦੀ ਖ਼ਬਰ ਪੜ੍ਹ ਕੇ ਕਿਹਾ," ਬਟਵਾਰੇ ਦੀ ਤਕਲੀਫ਼ ਪਿਆਰ ਨਾਲ ਰਹਿੰਦੇ ਆਮ ਲੋਕਾਂ ਨੇ ਝੱਲੀ, ਲੀਡਰ ਤਾਂ ਲੀਡਰ ਹੀ ਰਹੇ ਨਾਲ ਲੀਡਰੀ ਦੀ ਵਿਰਾਸਤ ਵੀ ਬਣਾ ਲਈ "ਹਾਂ ਹਾਂ ਇਹ ਤਾਂ ਹੈ ਹੀ... ਦੂਜੇ ਨੇ ਪਿੰਡ ਚ ਬਣੇ ਚੁਬਾਰੇ ਵਾਲੇ ਘਰ ਅਤੇ ਪੁਰਾਣੀ ਇੱਟ ਦੇ ਖੂਹ ਵੱਲ ਇਸ਼ਾਰਾ ਕਰਕੇ ਕਿਹਾ,"ਆਹ ਦੇਖ ਇਸ ਘਰ ਵਿਚੋਂ ਕਰੀਮ ਬਖ਼ਸ਼ ਉਰਫ ਕਰੀਮੂ ਗੁੱਜਰ ਦਾ ਟੱਬਰ ਉੱਜੜਿਆ ਸੀ, ਵਧੀਆ ਰੱਜਿਆ ਪੁੱਜਿਆ ਪੈਸੇ ਵਾਲਾ ਟੱਬਰ ਸੀ,ਪਤਾ ਨੀ ਉਧਰ ਜਾ ਕੇ ਕੀ ਬਣਿਆ ਹੋਊ?.... ਦੋਵਾਂ ਬਜ਼ੁਰਗਾਂ ਦੇ ਚਿਹਰੇ ਤੋਂ ਬਟਵਾਰੇ ਦੀ ਮਾਯੂਸੀ ਝਲਕ ਰਹੀ ਸੀ। ਹੇ ਰੱਬਾ! ਅਜਿਹੇ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈਂ ਇੱਕ ਨੇ ਕਿਹਾ।...... ਤੈਨੂੰ ਯਾਦ ਹੈ ਖਟਾਣਾ ਪਿੰਡ ਚ ਮਸੀਤ ਚ ਮੁਸਲਮਾਨਾਂ ਨੂੰ ਘੇਰ ਕੇ ਵੱਢ ਟੁੱਕ ਕੀਤੀ ਸੀ। ਹਾਂ ਥੌੜਾ ਥੌੜਾ ਯਾਦ ਹੈ।ਛੱਡ ਯਾਰ ....ਬਟਵਾਰਾ ਸ਼ਬਦ ਕੰਨੀਂ ਸੁਣ ਕੇ ਮੇਰੇ ਤਾਂ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।ਇਹ ਕਤਲੇਆਮ ਦੀਆਂ ਸਾਖੀਆਂ ਹੁਣ ਦੀ ਪੀੜ੍ਹੀ ਨੇ ਬਜ਼ੁਰਗਾਂ ਅਤੇ ਕਿਤਾਬਾਂ ਚੋਂ ਸੁਣ ਪੜ੍ਹ ਲਈਆਂ ਹਨ।ਪੁੱਛਦੇ ਰਹਿੰਦੇ ਹਨ ਹੱਲੇ ਕਿਵੇਂ ਪਏ ਸਨ ? ਆਹੋ ਉਹ ਤਾਂ ਪੁੱਛਦੇ ਹਨ....ਬਟਵਾਰੇ ਦੀ ਦਾਸਤਾਨ ਹੁਣ ਦੀ ਪੀੜ੍ਹੀ ਨੂੰ ਸਿਲੇਬਸ ਵਿੱਚੋਂ ਮਿਲ ਜਾਂਦੀ ਹੈ।..... ਤੀਜਾ ਬਜ਼ੁਰਗ ਬੋਲਿਆ ਇਹ ਕਿਸੇ ਦੇ ਵਸ ਨਹੀਂ ਹੁੰਦਾ।......ਹੋਣੀ ਸੀ? ਯਾਰ ਸੰਤ ਸਿੰਘ ਮਸਕੀਨ ਦੀ ਕਥਾ ਚ ਆਇਆ ਸੀ ਕਿ ਰਾਵੀ ਕੰਢੇ ਗੁਰੂ ਨਾਨਕ ਦੇ ਸਮਾਉਣ ਸਮੇਂ ਹਿੰਦੂ ਤੇ ਮੁਸਲਮਾਨ ਨੇ ਉਪਰ ਦਿੱਤੀ ਚਾਦਰ ਆਪਣਾ ਆਪਣਾ ਦਾਅਵਾ ਕਰ ਖਿੱਚ ਧੂਹ ਕਰ ਕੇ ਪਾੜ ਦਿੱਤੀ ਸੀ। ਅੱਧੇ ਉੱਧਰ... ਅੱਧੇ ਇੱਧਰ ਹੋ ਗਏ ਸਨ। ਇਸ ਕਰਕੇ ਬਟਵਾਰਾ ਲਿਖਿਆ ਗਿਆ ਸੀ।ਚਲੋ ਸੰਤਾਂ ਦਾ ਕਿਹਾ ਸਿਰ ਮੱਥੇ....।ਪਰ ਇੱਕ ਹੋਰ ਹੈ ਨੁਕਸਾਨ ਸਿੱਖਾਂ ਦਾ ਹੋਇਆ,ਨਾ ਹਿੰਦੂ ਦਾ ਨਾ ਲੀਡਰਾਂ ਦਾ ..... ਆਮ ਮੁਸਲਮਾਨਾਂ ਨੂੰ ਉੱਜੜਨ ਦਾ ਚਾਅ ਨਹੀਂ ਸੀ,ਕਤਲੋ ਗਾਰਦ ਤੋਂ ਬਾਅਦ ਨਵੇਂ ਘਰ ਵਸਾਉਣੇ ਪਏ । ਲੀਡਰਾਂ ਨੂੰ ਐਸ਼ ਅਯਾਸ਼ੀ ਵਾਲਾ ਨਵਾਂ ਦੇਸ਼.......। ਲੀਡਰ ਤਾਂ ਵਜ਼ੀਰੇ ਆਜ਼ਮ, ਪ੍ਰਧਾਨ ਤੇ ਮੰਤਰੀ ਬਣ ਗਏ। ਆਮ ਲੋਕ ਅੱਜ ਵੀ ਸੰਤਾਪ ਹੰਢਾਉਂਦੇ ਹਨ।......ਆਹੋ । ਇੱਕ ਹੋਰ ਵੀ ਸਾਡੀ ਸਿੱਖ਼ਾਂ ਅਤੇ ਪੰਜਾਬੀਆਂ ਦੀ ਨੀਂਹ ਅਤੇ ਵਿਰਾਸਤ ਤਾਂ ਉੱਧਰ ਚਲੀ ਗਈ। ਕੀ ਸੋਚਿਆ ਸੀ ਜਾਂ ਨਹੀਂ?..... ਅੱਛਾ ਇੱਕ ਹੋਰ ਦੱਸੋ ਪੰਜਾਬੀਆਂ ਨੇ ਫਰੰਗੀਆਂ ਨੂੰ ਭਜਾਉਣ ਚ ਤਰੰਨਵੇਂ ਫ਼ੀਸਦੀ ਸਿਰ ਦਿੱਤੇ।... ਖੱਟਿਆ ਕੀ?..... ਖੱਟੀਆਂ ਤਾਂ ਦੋ ਚੀਜ਼ਾਂ ਹਨ। ਹੈਂ ਓ ਕਿਵੇਂ?.....ਇੱਕ ਤਾਂ ਮੁੜ ਕੇ ਫਰੰਗੀਆਂ ਦੇ ਪਿੱਛੇ ਤਰਲੇ ਕੱਢ ਰਹੇ ਹਾਂ,ਦੂਜਾ ਬਟਵਾਰੇ ਦੇ ਵਿਛੋੜੇ ਨੂੰ ਮੁੜ ਮਿਲਣ ਦੀਆਂ ਅਰਦਾਸਾਂ...। ਪਰ ਹੁਣ ਇੱਕ ਤਾਂ ਅਰਦਾਸ ਪੂਰੀ ਹੋਈ ਕਰਤਾਰਪੁਰ ਨਾਲ ਤਾਂ ਮਿਲਾਪ ਹੋ ਗਿਆ।...…. ਹਾਂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਂਡੀ ਪਾਤਸ਼ਾਹੀ ਵੀ ਉੱਧਰ ਹੀ ..। ਤਾਂ ਹੀ ਇੱਧਰ ਦੀ ਜਵਾਨੀ ਦੀ ਨਾਇਕ ਨਹੀਂ ਬਣ ਸਕੀ।ਸਾਡੀ ਪੀੜ੍ਹੀ ਤਾਂ ਇਹੀ ਸੋਚਦੀ ਮਰ ਚੱਲੀ,"ਰੱਬਾ ਕਰਾਈਂ ਕਿਤੇ ਮੇਲ ਦਿੱਲੀ ਤੇ ਲਾਹੌਰ ਦਾ" ....ਇਸ਼ਕ ਜਿਹਨਾਂ ਦੇ ਹੱਡੀਂ ਰਚਿਆ ਵਾਲਿਆਂ ਦੀ ਵਿਰਾਸਤ ਵੀ ਤਾਂ ਓਧਰ ਹੀ ਹੈ। ਵਾਰਿਸ ਬੁੱਲ੍ਹਾ,ਹੀਰ ਰਾਂਝੇ ਗੂੰਜਦੇ ਸਾਡੇ ਵੀ ਹਨ ਪਰ ਵਿਰਾਸਤ ਅਤੇ ਬੁਨਿਆਦ ਓਧਰ......।ਆ ਇੱਧਰ ਪਿੱਛੇ ਜਿਹੇ ਬਜਰੂੜ ਪਿੰਡ ਚ ਮੁਸਲਮਾਨ ਬਜ਼ੁਰਗ ਨੂੰ ਦਫ਼ਨ ਕਰਨ ਲਈ ਕਬਰ ਲਈ ਜਗ੍ਹਾ ਨਹੀਂ ਮਿਲੀ ਸੀ। ਸੁਣਿਆ ਰੌਲੇ ਰੱਪੇ ਤੋਂ ਬਾਅਦ ਮਿਲ ਗਈ ਸੀ...।ਆਹੋ ਪ੍ਰਸ਼ਾਸਨ ਨੇ ਜੱਦੋ-ਜਹਿਦ ਕਰਕੇ ਮਸਾਂ ਕਬਰ ਲਈ ਥਾਂ ਲਈ ਸੀ।...... ਬਟਵਾਰੇ ਦੀਆਂ ਪੈੜਾਂ ਅਤੇ ਪਰਛਾਵੇਂ ਅਜੇ ਵੀ ਇੱਧਰ-ਓਧਰ ਇੱਕੋ ਜਿਹੇ ਹਨ।ਸਿਰਫ ਸਾਹਿਤਕਾਰਾਂ ਅਤੇ ਗਾਇਕਾਂ ਨੇ ਇੱਧਰ ਉੱਧਰ ਪੁੱਲ ਦਾ ਕੰਮ ਕੀਤਾ ਹੈ।..... ਹਾਂ ਯਾਰ ਇੱਕ ਉਧਰ ਦਾ ਕਵੀ ਬਾਬਾ ਨਜ਼ਮੀ ਵੀ ਲਿਖਦਾ ਹੈ,"ਮਸਜਿਦ ਮੇਰੀ ਨੂੰ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ,ਆ ਜਾ ਦੋਵੇਂ ਬੈਹ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ "
"ਸਦੀਆਂ ਵਾਂਗੂੰ ਅੱਜ ਵੀ ਕੁੱਝ ਨਈਂ ਜਾਣਾ ਮਸਜਿਦ ਮੰਦਰ ਦਾ,ਲਹੂ ਤਾਂ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜ਼ਰ ਨੂੰ "
ਅਗਲਾ ਬਜ਼ੁਰਗ ਝੱਟ ਬੋਲਿਆ ਤਾਂ ਹੀ ਮੈਂ ਕਹਿੰਦਾ ਹਾਂ ਕਿ,"ਬਟਵਾਰਾ ਆਮ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਤਕਲੀਫ਼ ਦੇ ਗਿਆ, ਲੀਡਰਾਂ ਨੂੰ ਚਾਹੁੰਦੇ ਹੋਏ ਬਾਦਸ਼ਾਹੀਆਂ" ਰੱਬ ਖੈਰ ਕਰੇ.....।
ਸੁਖਪਾਲ ਸਿੰਘ ਗਿੱਲ

ਸੱਭਿਆਚਾਰਕ ਮੁਕਾਬਲੇਬਾਜ਼ੀ ਦਾ ਪ੍ਰਤੀਕ -ਸਿੱਠਣੀਆਂ - ਸੁਖਪਾਲ ਸਿੰਘ ਗਿੱਲ

ਮਹਾਨ ਕੋਸ਼ ਦੇ ਰਚਨਹਾਰੇ ਸਰਦਾਰ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਸੌ ਹੱਥ ਰੱਸਾ ਸਿਰੇ ਤੇ ਗੰਢ ਮਾਰ ਕੇ ਸਿੱਠਣੀਆਂ ਨੂੰ ਆਪਣੇ ਲਫ਼ਜ਼ਾਂ ਵਿੱਚ ਇਉਂ ਪ੍ਰੀਭਾਸ਼ਿਤ ਕੀਤਾ ਸੀ "ਸਿੱਠਣੀ ਵਿਅੰਗਮਈ ਅੰਦਾਜ਼ ਵਿੱਚ ਕਹੀ ਗੱਲ ਹੁੰਦੀ ਹੈ"ਇਹ ਔਰਤ ਦੀ ਰੂਹ ਦੀ ਖ਼ੁਰਾਕ ਅਤੇ ਹਾਸੇ ਮਜ਼ਾਕ ਨੂੰ ਵਿਆਹਾਂ ਵਿੱਚ ਜੋਬਨ ਉੱਤੇ ਲੈ ਜਾਂਦੀਆਂ ਹਨ।ਵਿਆਹ ਮਨੁੱਖੀ ਜਾਮੇ ਦੀ ਬੁਨਿਆਦ ਹੈ।ਇਸ ਲਈ ਵਿਆਹ ਦੇ ਤਰੀਕੇ ਬੋਲੀ, ਭਾਸ਼ਾ ਅਤੇ ਖਿੱਤਿਆਂ ਤੇ ਅਧਾਰਿਤ ਹੈ। ਵਿਆਹ ਬਾਰੇ ਤਰ੍ਹਾਂ ਤਰ੍ਹਾਂ ਦੇ ਰਸਮ, ਰਿਵਾਜ ਅਤੇ ਰੀਤੀਆਂ ਹੁੰਦੀਆਂ ਹਨ। ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਵਿਸ਼ੇ ਅਨੁਸਾਰ ਸਿੱਠਣੀਆਂ ਪੰਜਾਬੀ ਵਿਆਹ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ। ਵਿਆਹ ਦੇ ਪੁਰਾਤਨ ਤੋਂ ਹੁਣ ਤੱਕ ਦੇ ਸਫ਼ਰ ਨੇ ਕਾਫ਼ੀ ਕੁੱਝ ਖੋਰ ਦਿੱਤਾ ਹੈ। ਪੁਰਾਤਨ ਵਿਆਹ ਸ਼ਾਂਤੀ, ਸਹਿਣਸ਼ੀਲਤਾ ਅਤੇ ਭਾਈਚਾਰਕ ਏਕਤਾ ਦੇ ਮੁਜੱਸਮੇ ਹੁੰਦੇ ਸਨ।ਅੱਜ ਕੁੜੱਤਣ ਹੈ। ਸਿੱਠਣੀਆਂ ਤੋਂ ਬਿਨਾਂ ਵਿਆਹ ਅਧੂਰਾ ਜਿਹਾ ਲੱਗਦਾ ਹੈ। ਸਿੱਠਣੀਆਂ ਜ਼ਰੀਏ ਔਰਤਾਂ ਨਿੱਜੀ ਅਤੇ ਕਬੀਲੇ ਤੇ ਸਾਹਿਤ ਦੀ ਭਾਸ਼ਾ ਵਿੱਚ ਕਰਾਰੀ ਚੋਟ ਲਾਉਂਦੀਆਂ ਹਨ। ਵਿਆਹ ਵਿੱਚ ਦਿੱਤੀਆਂ ਜਾਂਦੀਆਂ ਸਿੱਠਣੀਆਂ ਦਾ ਖੂਬਸੂਰਤ ਅੰਦਾਜ਼ ਇਹ ਹੈ ਕਿ ਇਹਨਾਂ ਵਿੱਚ ਸਹਿਣਸ਼ੀਲਤਾ ਹੁੰਦੀ ਹੈ। ਵਿਆਹਾਂ ਵਿੱਚ ਔਰਤਾਂ ਸਿੱਠਣੀਆਂ ਦਾ ਸਬਕ ਲੈ ਕੇ ਜਾਂਦੀਆਂ ਸਨ ਤਾਂ ਕਿ ਦੂਜੀ ਧਿਰ ਦਾ ਮੁਕਾਬਲਾ ਕਰ ਸਕਣ। ਕੁੱਝ ਸੱਭਿਆਚਾਰ ਤੋਂ ਕੋਰੇ ਸਿੱਠਣੀਆਂ ਨੂੰ ਨਿੱਜਤਾ ਵਲ ਲੈਣ ਜਾਂਦੇ ਸਨ ਜਿਸ ਨਾਲ ਮਹੌਲ ਖਰਾਬ ਹੁੰਦਾ ਸੀ।
            ਸਿੱਠਣੀਆਂ ਰਾਹੀਂ ਜਾਝੀਆਂ ਮਾਝੀਆਂ ਨੂੰ ਸੱਭਿਅਤਾ ਗਾਲੀ ਗਲੋਚ ਰਾਹੀਂ ਵੀ ਨੀਵਾਂ ਦਿਖਾਇਆ ਜਾਂਦਾ ਸੀ। ਰਿਸ਼ਤੇ ਦਾ ਸਤਿਕਾਰ ਵੀ ਸਿੱਠਣੀਆਂ ਜ਼ਰੀਏ ਔਰਤਾਂ ਵਲੋਂ ਪੇਸ਼ ਕੀਤਾ ਜਾਂਦਾ ਸੀ। ਇਹਨਾਂ ਵਿੱਚ ਨੋਕਝੋਂਕ,ਮਾਣ ਮਰਿਆਦਾ ਅਤੇ ਮਨ ਦੀ ਭੜਾਸ ਕੱਢਣ ਲਈ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਸੀ। ਔਰਤਾਂ ਦਾ ਨੈਤਿਕ ਹਥਿਆਰ ਵੀ ਸਿੱਠਣੀਆਂ ਹੀ ਹੁੰਦੀਆਂ ਸਨ। ਲੋਕ ਸਾਦਗੀ ਨਾਲ ਸਿੱਠਣੀਆਂ ਦਾ ਆਨੰਦ ਮਾਣਿਆ ਕਰਦੇ ਸਨ।ਕੁੱਝ ਸਮੇਂ ਪਹਿਲਾਂ ਹੀ ਸਿੱਠਣੀਆਂ ਜ਼ੋਬਨ ਰੁੱਤ ਤੇ ਹੁੰਦੀਆਂ ਸਨ। ਸਿੱਠਣੀਆਂ ਸਮੇਂ ਔਰਤਾਂ ਦਾ ਅੰਦਾਜ਼ ਅਤੇ ਜਲੌਅ ਵੱਖਰੀ ਝਲਕ ਦਿੰਦਾ ਸੀ। ਸਿੱਠਣੀਆਂ ਰਾਹੀਂ ਰੰਗ ਬਿਖੇਰਦਾ ਔਰਤ ਮੁਖੀ ਜ਼ਜ਼ਬਾ ਵਿਆਹ ਨੂੰ ਸ਼ਿੰਗਾਰਨ ਅਤੇ ਔਰਤ ਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਵਿੱਚ ਸਿਰਾ ਕਰ ਦਿੰਦਾ। ਇੱਕ ਦੌਰ ਆਇਆ ਜਦੋਂ ਧੀਆਂ -ਧਿਆਣੀਆਂ ਅਤੇ ਭੈਣਾਂ ਨੂੰ ਇਸ ਵੰਨਗੀ ਤੋਂ ਦੂਰ ਰੱਖਣ ਲੱਗ ਪਏ।ਇਸ ਦਾ ਕਾਰਨ ਸਿੱਠਣੀਆਂ ਨੂੰ ਗਲਤ ਰੰਗਤ ਵੀ ਸੀ। ਕੁਝ ਬਦਲੇ ਜ਼ਮਾਨੇ ਨੇ ਖੁਰਾਸਾਨੀ ਦੁਲੱਤੇ ਵੀ ਮਾਰੇ। ਕਦੇ ਕਦੇ ਜ਼ਾਬਤੇ ਵਿੱਚ ਰਹਿਣ ਕੇ ਵੀ ਸਿੱਠਣੀਆਂ ਨੂੰ ਬਾਖੂਬੀ ਨਿਭਾਉਣ ਲਈ ਔਰਤਾਂ ਨੂੰ ਕਿਹਾ ਜਾਂਦਾ ਸੀ।
    ਪੰਜਾਬੀ ਸੱਭਿਆਚਾਰ ਨੂੰ ਘਸਮੈਲਾ ਕਰਨ ਲਈ ਪੰਜਾਬੀਆਂ ਨੇ ਔਕਾਤ ਤੋਂ ਵੱਧ ਕੇ ਉੱਚਾ ਦਿਖਣਾ ਅਤੇ ਪੱਛਮੀ ਪ੍ਰਭਾਵ ਧਾਰਨ ਕਰਕੇ ਆਪਣਾ ਕੁਫਰਜ਼ ਨਿਭਾਇਆ। ਇਸ ਨਾਲ ਪੰਜਾਬ ਦੀ ਰੂਹ, ਅਤੇ ਜੂਹ ਨੂੰ ਨੁਕਸਾਨ ਹੋਇਆ। ਸਮੇਂ ਦੇ ਹਾਣੀ ਬਣਨ ਦੀ ਹੋੜ ਅਤੇ ਦੌੜ ਵਿੱਚ ਸ਼ਾਮਲ ਹੋ ਕੇ ਲੋਰੀਆਂ ਸਮੇਂ ਤੋਂ ਮਿਲਿਆ ਸੱਭਿਆਚਾਰ ਦਾ ਖਜ਼ਾਨਾ ਖਤਮ ਕਰਨ ਵੱਲ ਤੇਜ਼ੀ ਨਾਲ ਵਧਿਆ ਗਿਆ ਹੈ। ਵਿਆਹ ਦਾ ਹਾਲ ਇੰਨਾ ਮਾੜਾ ਹੈ ਕਿ ਕੁੜੀ ਤੋਰਨ ਸਮੇਂ ਘਰਦੇ ਰਹਿ ਜਾਂਦੇ ਹਨ।ਚਾਅ-ਮਲਾਰ,ਰੌਣਕ, ਖੁਸ਼ੀ, ਖੇੜੇ ਅਤੇ ਖੁਸ਼ਬੋ ਖਤਮ ਹੋ ਗਈ ਹੈ। ਵਿਆਹ ਸਮੇਂ ਰੀਤੀ ਰਿਵਾਜ਼ ਬੋਝਲ ਲੱਗਣ ਲੱਗ ਪਏ ਹਨ। ਵਿਆਹ ਦੇ ਆਗਾਜ਼ ਸਮੇਂ ਨਾਨਕਾ ਮੇਲ ਪਹਿਲੇ ਦਿਨ ਸੱਜ ਧੱਜ ਕੇ ਆਉਂਦਾ ਸੀ।ਆਉਣ ਸਾਰ ਸਿੱਠਣੀਆਂ ਦਾ ਖੂਬਸੂਰਤ ਅੰਦਾਜ਼ ਪੇਸ਼ ਹੋ ਜਾਂਦਾ ਸੀ। ਨਾਨਕਿਆਂ ਵਲੋਂ:-
"ਕਿੱਥੇ ਗਈਆਂ ਲਾੜਿਆ ਵੇ ਤੇਰੀਆਂ ਦਾਦਕੀਆਂ, ਤੇਰੀਆਂ ਉੱਧਲ ਗਈਆਂ ਵੇ ਦਾਦਕੀਆਂ,
ਦਾਦਕਿਆਂ ਵੱਲੋਂ ਪੇਸ਼ਕਾਰੀ:-
"ਕਿੱਥੋਂ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ, ਪੀਤੀ ਸੀ ਪਿੱਛ ਜੰਮੇ ਸੀ ਰਿੱਛ, ਖੇਡਾਂ ਪਾਵਣ ਆਈਆਂ ਤੇਰੀਆਂ ਨਾਨਕੀਆਂ, ਖਾਣਗੀਆਂ ਲੱਡੂ ਜੰਮਣਗੀਆਂ ਡੱਡੂ, ਟੋਭੇ ਨਾਵਣ ਆਈਆਂ ਤੇਰੀਆਂ ਨਾਨਕੀਆਂ,"
ਮਾਮੀ ਨੂੰ ਸੁਚੇਤ ਕਰਨ ਲਈ ਸਿੱਠਣੀ:-
"ਸੁਣ ਨੀ ਮਾਮੀ ਵਿਆਹ ਤੇ ਆਈ ਟਿੱਕਾ ਸਜ਼ਾ ਕੇ ਆਈ,ਨੀ ਕੁੜੀ ਸਾਡੀ ਨੂੰ ਨਾ ਟੁੰਬ,ਨਾ ਛੱਲਾ ਨਾ ਕੋਈ ਸੂਟ ਲਿਆਈ"
ਜੰਝ ਸਮੇਂ ਸਿੱਠਣੀਆਂ ਦੀ ਝਲਕੀਆਂ:-
"ਜਾਝੀਂ ਉਸ ਪਿੰਡ ਤੋਂ ਆਏ ਜਿੱਥੇ ਰੁੱਖ ਵੀ ਨਾ, ਇਹਨਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ,
ਮਾਂਝੀਆਂ ਦੀ ਆਵਾਜ਼:-
"ਢਿੱਡ ਨਾ ਤੁਹਾਡਾ ਟੋਕਣਾ ਜਨੇਤੀਓ, ਅਸੀਂ ਨੌਂ ਮਣ ਰਿੰਨੇ ਚੌਲ, ਕੜਛਾ ਕੜਛਾ ਵੰਡ ਕੇ, ਤੁਹਾਡੀ ਅਜੇ ਨਾ ਰੱਜੀ ਰੂਹ,ਵੇ ਸ਼ਰਮਾ ਦੇ ਭੁੱਖੜੋ,ਵੇ ਜਨੇਤੀਓ"
ਲਾੜੇ ਨੂੰ ਸਿੱਠਣੀਆਂ:-
"ਵਾਹ ਵਾਹ ਨੀ ਚਰਖ਼ਾ ਧਮਕਦਾ,ਵਾਹ ਵਾਹ ਨੀ ਚਰਖ਼ਾ ਧਮਕਦਾ,ਹੋਰ ਤਾਂ ਜੀਜਾ ਚੰਗਾ ਭਲਾ ਪਰ ਇਹਦਾ ਢਿੱਡ ਲਮਕਦਾ"
ਇੱਕ ਹੋਰ:-"ਮੇਰੀ ਤਾਂ ਜੀਜਾ ਮੁੰਦਰੀ ਗੁਆਚੀ,ਤੇਰੀ ਗੁਆਚੀ ਮਾਂ ਵੇ,ਚੱਲ ਭਾਲਣ ਚੱਲੀਏ ਕਰ ਛੱਤਰੀ ਦੀ ਛਾਂ ਵੇ"
ਕੁੜਮ ਦੀ ਸਿੱਠਣੀਆਂ ਰਾਹੀਂ ਮਾਣ ਸਤਿਕਾਰ ਅਤੇ ਚੋਟਾਂ ਰਾਹੀਂ ਇੱਜ਼ਤ ਕੀਤੀ ਜਾਂਦੀ ਹੈ:-
"ਸਭ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ,ਸਭ ਮਿਰਚਾਂ ਘੋਟੋ ਜੀ ਸਾਡਾ ਕੁੜਮ ਘੋਟਣੇ ਵਰਗਾ,ਮਣ ਮੱਕੀ ਪਿਹਾ ਲਓ ਜੀ ਸਾਡਾ ਕੁੜਮ ਵਹਿੜਕੇ ਵਰਗਾ"
ਵਿਆਹ ਦੇ ਜੋੜ ਮਿਲਾ ਕੇ ਵਿਚੋਲਾ ਵੀ ਬਖਸ਼ਿਆ ਨਹੀਂ ਜਾਂਦਾ:-
"ਮੱਕੀ ਦਾ ਦਾਣਾ ਰਾਹ ਵਿੱਚ ਵੇਖ ਵਿਚੋਲਾ ਕੀ ਰੱਖਣਾ ਵਿਆਹ ਵਿੱਚ ਵੇ,
"ਮੱਕੀ ਦਾ ਦਾਣਾ ਟਿੰਡ ਵਿੱਚ ਵੇ ਵਿਚੋਲਾ ਨੀ ਰੱਖਣਾ ਪਿੰਡ ਵਿੱਚ ਵੇ"
ਵਿਆਹ ਦੇ ਵਿਹੜੇ ਵਿੱਚ ਸਿੱਠਣੀਆਂ ਸੱਭਿਆਚਾਰ ਦੀਆਂ ਵੰਨਗੀਆਂ ਅਤੇ ਖੁਸ਼ਬੂਆਂ ਬਿਖੇਰਦੀਆਂ ਵੱਖਰੀ ਚਿੱਤਰਕਾਰੀ ਹੁੰਦੀ ਸੀ।ਅੱਜ ਟਾਵੀਂਆਂ -ਟਾਵੀਂਆਂ ਸੁਣਦੀਆਂ ਹਨ, ਹਕੀਕਤ ਵਿੱਚ ਇਹਨਾਂ ਦੀ ਰੂਹ ਪੁਰਾਣੇ ਸਮਿਆਂ ਵਾਲੀ ਨਹੀਂ ਰਹੀ।ਇਸ ਵਿਰਸੇ ਨੂੰ ਸਾਂਭਣ, ਸੰਭਾਲਣ ਨਾਲ ਵਿਆਹ ਦੀਆਂ ਰੌਣਕਾਂ ਦੂਣੀਆਂ ਹੋ ਸਕਦੀਆਂ ਹਨ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ - ਸੁਖਪਾਲ ਸਿੰਘ ਗਿੱਲ

ਪਿਛਲੇ ਸਮੇਂ ਤੋਂ ਮਨੁੱਖ ਦੀ ਮਾਨਸਿਕਤਾ ਨੂੰ ਝੂਠ ਦੇ ਗਲਬੇ ਨੇ ਆਪਣੀ ਬੁੱਕਲ ਵਿੱਚ ਰੱਖਿਆ ਹੋਇਆ ਹੈ।ਇਸ ਨਾਲ ਸਮਾਜਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸੋਸ਼ਲ,ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆ ਆਮ ਤੌਰ ਤੇ ਬੇਲਗਾਮ ਹੋ ਕੇ ਮਨਘੜ੍ਹਤ ਸਹਾਰੇ ਚੱਲਦਾ ਹੈ। ਸੱਚ ਝੂਠ ਨੂੰ ਨਿਖਾਰਨ ਲਈ ਸਮਾਂ ਲੱਗਦਾ ਹੈ ਇੰਨੇ ਨੂੰ ਮੁੱਦਾ ਬੇਹਾ ਹੋ ਜਾਂਦਾ ਹੈ। ਨਵੀਂ ਗੱਲ ਮਾਰਕੀਟ ਵਿੱਚ ਆ ਜਾਂਦੀ ਹੈ ।ਸਹੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ।ਝੂਠ ਨੂੰ ਵਾਰ ਵਾਰ ਪ੍ਰਚਾਰਨ ਨਾਲ ਸੱਚ ਹੀ ਲੱਗਦਾ ਹੈ। ਫੈਸਲਾ ਲੈਣ ਸਮੇਂ ਤਾਂ ਮਨੁੱਖੀ ਸੋਚ ਹਨ੍ਹੇਰੀ ਵਿੱਚ ਭਟਕਦੇ ਪੰਛੀ ਵਰਗੀ ਹੋ ਜਾਂਦੀ ਹੈ। ਦਾਰਸ਼ਨਿਕ, ਬੁੱਧੀਜੀਵੀ ਅਤੇ ਸਵੈ ਵਿਸ਼ਵਾਸ਼ ਵਾਲੇ ਹੀ ਕਿਸੇ ਗੱਲ ਦਾ ਅਖੀਰ ਟੋਹ ਲੈਂਦੇ ਹਨ। ਝੂਠ ਨੂੰ ਝੂਠ ਅਤੇ ਸੱਚ ਨੂੰ ਸੱਚ ਕਹਿਣਾ ਦੁਨੀਆਂ ਦਾ ਵੱਡਾ ਕੰਮ ਹੈ। ਸੱਚ ਅਤੇ ਅਚਾਰ ਨੂੰ ਤਰਾਸ਼ ਕਰਨ ਵਾਲੀਆਂ ਕਲਮਾਂ ਅਤੇ ਅਵਾਜ਼ਾਂ ਕਰਕੇ ਹੀ ਗੇਂਦ ਗੋਲਾ ਵਿੱਚ ਆ ਜਾਂਦੀ ਹੈ। ਮਹਾਂਰਿਸ਼ੀ ਬਾਲਮੀਕ ਜੀ ਨੇ ਕਿਹਾ ਸੀ,"ਸੱਚ ਸਾਰੇ ਪੁੰਨਾਂ ਅਤੇ ਸਦਗੁਣਾਂ ਦੀ ਜੜ੍ਹ ਹੈ"
     ਹੁਣ ਤਾਜ਼ਾ ਸਾਡੀ ਧੀ ਵਿਨੇਸ਼ ਫੋਗਾਟ ਵਾਲਾ ਵਰਤਾਰਾ ਵੀ ਇਸੇ ਲੜ੍ਹੀ ਦਾ ਹਿੱਸਾ ਹੈ। ਬਹੁਤ ਚਰਚਾਵਾਂ ਅਤੇ ਤੋਹਮਤਾਂ ਭਾਰੂ ਹੋਈਆਂ। ਕੁਝ ਨੇ ਸਹੀ ਤਸਵੀਰ ਪੇਸ਼ ਕਰਨ ਦੀ ਬਜਾਏ ਸਿਆਸੀ ਰਲਗੱਡਤਾ ਅਤੇ ਹੰਕਾਰ ਨੂੰ ਭਾਰੂ ਹੋਣ ਦਾ ਮੌਕਾ ਦਿੱਤਾ। ਚੰਗਾ ਹੋਵੇ ਮੁੱਦਿਆਂ ਤੇ ਅਧਾਰਿਤ ਸੱਚ ਪੇਸ਼ ਕਰਨ ਲਈ ਸਖ਼ਤ ਨਿਯਮਾਂਵਲੀ ਬਣੇ। ਮਨਘੜ੍ਹਤ ਕਹਾਣੀਆਂ ਤੇ ਲਗਾਮ ਲੱਗੇ। ਵਿਨੇਸ਼ ਫੋਗਾਟ ਨੂੰ ਇਸ ਯੁੱਗ ਦੀ ਸ਼ਾਬਾਸ਼ ਹੈ ਕਿ ਉਹ ਮੈਦਾਨ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਉਤਸ਼ਾਹ ਅਤੇ ਹੌਂਸਲੇ ਨਾਲ ਲੜੀ। ਦੋਵੇਂ ਮੋਰਚਿਆਂ ਤੇ ਲੜਾਈ ਲੜ ਕੇ ਔਰਤ ਜਾਤ ਨੂੰ ਸੁਨੇਹਾ ਦਿੱਤਾ ਕਿ ਉਹ ਜਜ਼ਬਾਤੀ ਰੌਂਅ ਵਿੱਚ ਵੀ ਪੰਘਰ ਕੇ ਆਪਣੀ ਅੰਦਰੂਨੀ ਦ੍ਰਿਸ਼ਟੀ ਨਾਲ ਸਭ ਕੁੱਝ ਕਰ ਸਕਦੀ ਹੈ।ਪਰ ਸੌ ਗ੍ਰਾਮ ਤੋਂ ਹਾਰ ਕੇ ਉਸ ਦੀ ਨੇ ਕਿਹਾ,"ਮਾਂ ਕੁਸ਼ਤੀ ਜਿੱਤੀ ਮੈਂ ਹਾਰ ਗਈ, ਅਲਵਿਦਾ ਕੁਸ਼ਤੀ" ਲੋਕਾਂ ਦੇ ਦਿਲਾਂ ਚ ਘਰ ਕਰਕੇ ਇਸ ਧੀ ਨੇ ਸੰਸਾਰ ਪੱਧਰ ਤੇ ਇਕ ਨਵੀਂ ਸ਼ੁਰੂਆਤ ਕੀਤੀ। ਵਿਨੇਸ਼ ਫੋਗਾਟ ਸਿਆਸੀ ਚਿੱਕੜ ਵਿੱਚ ਉੱਗਿਆ ਕਮਲ ਦਾ ਫੁੱਲ ਸਾਬਿਤ ਹੋਈ।ਭਾਰਤ ਦੀ ਇੱਕ ਅਰਬ ਚਾਲੀ ਕਰੋੜ ਅਬਾਦੀ ਵਿੱਚ ਵਿਨੇਸ਼ ਫੋਗਾਟ ਨੇ ਨਵਾਂ ਅਧਿਆਏ ਅਰੰਭ ਦਿੱਤਾ ਹੈ।
          ਸੱਚ ਹੈ ਕਿ ਵਿਨੇਸ਼ ਫੋਗਾਟ ਨੇ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤੇ। ਮਾਅਰਕੇ ਵਾਲੀ ਗੱਲ ਇਹ ਹੈ ਕਿ ਚੈਂਪੀਅਨ ਯੂਈ ਸੂਸਾਕੀ ਨੂੰ ਵੀ ਚਿੱਤ ਕਰ ਦਿੱਤਾ। ਵਜ਼ਨ ਲਈ ਭੁੱਖ ਨਾਲ ਵੀ ਲੜੀ।ਭਾਰ ਘਟਾਉਣ ਅਤੇ ਨਿਯਮਤ ਕਰਨ ਲਈ ਵੀ ਕੋਸ਼ਿਸ਼ਾਂ ਕਰਦੀ ਰਹੀ। ਜਦੋਂ ਉਸਨੂੰ ਅਯੋਗ ਘੋਸ਼ਿਤ ਕੀਤਾ ਤਾਂ ਚਰਚਾਵਾਂ ਵਿੱਚੋਂ ਸੱਚ ਦੱਸਣ ਲਈ ਸਭ ਪਾਸੇ ਆਪਣੀ ਆਪਣੀ ਸੋਚ ਖਿਲਾਰੀ ਗਈ।ਇਸ ਨਾਲ ਸ਼ੰਕਾਵਾਂ ਪੈਦਾ ਹੋਣਾ ਸੁਭਾਵਿਕ ਹੈ। ਕੋਈ ਸਾਜ਼ਿਸ਼, ਕੋਈ ਸਟਾਫ ਨੂੰ, ਕੋਈ ਵਾਲ ਕੱਟਣ ਨੂੰ ਅਤੇ ਕੋਈ ਦਿੱਲੀ ਦੇ ਘੋਲ ਨੂੰ ਬਿਨਾਂ ਘੋਖਿਆਂ ਹੀ ਉਭਾਰਨ ਲੱਗਿਆ।ਇਹ ਸਭ ਵਿਨੇਸ਼ ਫੋਗਾਟ ਪ੍ਰਤੀ ਹਮਦਰਦੀ ਕਰਕੇ ਹੋਇਆ। ਲਿੰਗ ਅਨੁਪਾਤ ਵਾਲੇ ਹਰਿਆਣਾ ਸੂਬੇ ਦੀ ਧੀ ਕਿੱਥੇ ਪੁੱਜੀ ਇਹ ਵੀ ਸੋਚਣ ਅਤੇ ਸ਼ਾਬਾਸ਼ ਦੇ ਪੰਨੇ ਹਨ।ਇਹ ਨੋਬਤ ਆਉਣ ਤੋਂ ਪਹਿਲਾਂ ਕੋਈ ਸਪੱਸ਼ਟ ਨਿਯਮ ਹੋਣੇ ਚਾਹੀਦੇ ਹਨ। ਸੰਵੇਦਨਸ਼ੀਲ ਮੁੱਦੇ ਤੁਰੰਤ ਪ੍ਰਭਾਵ ਨਾਲ ਤਹਿ ਤੱਕ ਘੋਖ ਕੇ ਬੁਲੇਟਿਨ ਜਾਰੀ ਕਰਨ ਲਈ ਨੀਤੀ ਘੜੀ ਜਾਵੇ।ਇਸ ਨਾਲ ਸੱਚ ਅਤੇ ਆਚਾਰੀ ਸੰਕੇਤ ਮਿਲਣਗੇ।
   ਅੰਤਰ ਰਾਸ਼ਟਰੀ ਕੁਸ਼ਤੀ ਦੇ ਨਿਯਮ ਹਨ ਕਿ ਅਧਿਕਾਰਤ ਤੌਰ ਤੇ ਪਹਿਲੀ ਵਾਰ ਕੀਤੇ ਵਜ਼ਨ ਅਨੁਸਾਰ ਹੀ ਖੇਡਣ ਦੀ ਇਜਾਜ਼ਤ ਹੈ। ਮੈਡੀਕਲ ਜਾਂਚ ਵੀ ਹੁੰਦੀ ਹੈ। ਫਾਈਨਲ ਪ੍ਰਵੇਸ਼ ਵਿੱਚ ਖਿਡਾਰੀ ਨੂੰ ਭਾਰ ਤੋਲਣ ਦੀ ਪ੍ਰਕਿਰਿਆ ਵਿੱਚੋਂ ਫਿਰ ਤੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਨਿਯਮਾਂ ਨਾਲ ਸਮਝੌਤਾ ਕੀਤੇ ਬਿਨਾਂ ਸਭ ਪਾਬੰਦ ਹੁੰਦੇ ਹਨ। ਫਾਈਨਲ ਵਿੱਚ ਭਾਰ ਵਧਣ ਵਾਲਾ ਬਾਹਰਹੋ ਜਾਂਦਾ ਹੈ। ਤਗਮਾ ਸਹੀ ਭਾਰ ਵਾਲੇ ਨੂੰ ਮਿਲ ਜਾਂਦਾ ਹੈ। ਇੱਥੇ ਵਰਣਨ ਯੋਗ ਹੈ ਕਿ 2016 ਵਿੱਚ ਵੀ ਵਿਨੇਸ਼ ਫੋਗਾਟ ਨੂੰ 48 ਕਿੱਲੋਗਰਾਮ ਵਰਗ ਵਿੱਚ ਭਾਰ ਘਟਾਉਣਾ ਪਿਆ ਸੀ। ਟੋਕੀਓ ਵਿੱਚ 53 ਕਿੱਲੋ ਵਰਗ ਵਿੱਚ ਵਿਨੇਸ਼ ਫੋਗਾਟ ਖੇਡੀ ਸੀ।2022  ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ 52 ਕਿੱਲੋ ਵਿੱਚ ਸੋਨ ਕੁੜੀ ਬਣੀ ਸੀ।ਹੁਣ ਵੀ ਭਾਰ ਘਟਾਉਣ ਲਈ ਕੋਸ਼ਿਸ਼ ਹੋਈ ਘਟਣ ਦੇ ਬਾਵਜੂਦ ਵੀ 100 ਗਰਾਮ ਨੇ ਕਾਂਟਾ ਬਦਲ ਦਿੱਤਾ। ਇਸ ਦਾ ਦੁੱਖ ਵਿਨੇਸ਼ ਫੋਗਾਟ ਦੇ ਸਿਰ ਉੱਤੇ ਅਤੇ ਭਾਰਤੀਆਂ ਦੇ ਮੋਢੇ ਉੱਤੇ ਰਹੇਗਾ।ਪਰ ਖਿਡਾਰੀ ਦੀ ਸੋਚ ਅਤੇ ਸ਼ਖ਼ਸੀਅਤ ਕਰਕੇ ਭਾਰ ਮੁਕਤ ਵੀ ਹੋਇਆ ਜਾ ਸਕਦਾ ਹੈ।
ਇਸ ਖੇਡ ਵਿੱਚ ਭਾਰ ਘਟਾਉਣਾ ਆਮ ਵਰਤਾਰਾ ਹੈ।
ਇਸ ਧੀ ਨੇ  ਹੁਣ ਵੀ ਭਾਰ ਘਟਾ ਕੇ ਭਾਰਤ ਦੇਸ਼ ਨੂੰ ਮਾਣ ਦੁਆਇਆ ਹੈ।ਸਰਜਨ ਦਿਕਸ਼ਾ ਪਦਾਰੀਵਾਲਾ ਨੇ ਦੱਸਿਆ ਵੀ ਹੈ ਕਿ ਇਕਦਮ ਤਿੰਨ ਮੈਚ ਖੇਡਣ ਕਰਕੇ ਊਰਜਾ ਦੀ ਖਪਤ ਕਰਕੇ ਭੁੱਖ ਨਾਲ ਖਾਣਾ, ਖਾਣ ਲਈ ਮਜਬੂਰ ਹੋਣਾ ਪਿਆ। ਨੀਂਦ ਅਤੇ ਰੱਸੀ ਟੱਪਣਾ ਵਰਗੀਆਂ ਪ੍ਰਕਿਰਿਆ ਵਿੱਚੋਂ ਵਿਨੇਸ਼ ਫੋਗਾਟ ਗੁਜ਼ਰੀ।ਭਾਰ ਘਟਿਆ ਵੀ ਹੈ। ਸਾਡੀ ਟੀਮ ਵਿੱਚ 13 ਮਾਹਰ ਡਾਕਟਰ, ਪੋਸ਼ਣ ਅਤੇ ਮਾਨਸਿਕਤਾ ਸੰਬੰਧੀ ਸੀ।ਪਰ ਫਿਰ ਵੀ ਨੌਬਤ ਆਉਣ ਨਾਲ ਸ਼ੰਕਾ ਨਿਵਿਰਤੀ ਨਹੀਂ ਹੋ ਸਕਦੀ।
 ਗੁਰਬਾਣੀ ਦੇ ਪਵਿੱਤਰ ਸਿਰਲੇਖ ਅਧੀਨ ਸੱਚ ਉੱਪਰ ਹੁੰਦਾ ਹੈ ਇਸ ਤੋਂ ਵੀ ਉਪਰ ਸੱਚ ਆਚਾਰੀ ਹੁੰਦਾ ਹੈ।ਅੱਜ ਸਮਾਂ ਮੰਗ ਕਰਦਾ ਹੈ ਕਿ ਸੱਚ ਇੱਕ ਦੁਆਈ ਬਣੇ।ਇਸ ਨਾਲ ਭੰਬਲਭੂਸੇ ਦੀ ਥਾਂ ਮੁੱਦਾ ਮੰਨਣ ਯੋਗ ਹੋਵੇਗਾ ਜਾਗਰੂਕਤਾ ਵਾਲਿਆਂ ਨੂੰ ਸਹੀ ਤਸਵੀਰ ਲੱਭ ਪਵੇਗੀ।2001-2024  ਤੱਕ ਦੇ ਕੁਸ਼ਤੀ ਸਫ਼ਰ ਦੌਰਾਨ ਇਸ ਧੀ ਧਿਆਣੀ ਨੇ ਅਨੇਕਾਂ ਤਰ੍ਹਾਂ ਦੇ ਤਜ਼ਰਬਿਆਂ ਰਾਹੀਂ ਔਰਤ ਨੂੰ ਨਵੀਂ ਦਿਸ਼ਾ ਦਾ ਪੰਨਾ ਲਿਖ ਕੇ ਅੱਗੇ ਤੁਰਨ ਲਈ ਮਹੌਲ ਸਿਰਜਿਆ। ਇਸੇ ਲਈ ਇਹ ਹਮਦਰਦੀ, ਤਾਰੀਫ਼ ਅਤੇ ਸ਼ਾਬਾਸ਼ ਦੀ ਪਾਤਰ ਹੈ।ਇਹ ਵਿਚਾਰੀ ਤਾਂ ਉੱਥੇ ਪੁੱਜੀ ਜਿੱਥੇ ਇਸ ਖੇਤਰ ਵਿੱਚ ਕੋਈ ਨਾਰੀ ਨਹੀਂ ਪੁੱਜ ਸਕੀ।ਸੱਚ ਉਜਾਗਰ ਕਰਨ  ਵਿੱਚ ਕਿੱਥੇ ਕੁਤਾਹੀ ਹੋਈ? ਅਯੋਗ ਕਿਉਂ ਹੋਈ? ਸਾਜ਼ਿਸ਼ ਦਾ ਝੂਠ ਸੱਚ ਕੀ ਹੈ?ਇਸ ਨੂੰ ਜਾਂਚ ਅਧੀਨ ਕਰਕੇ ਭਵਿੱਖੀ ਅਸਰ ਵਾਲੇ ਸਬਕ ਸਿੱਖਣੇ ਚਾਹੀਦੇ ਹਨ।ਸੱਚ ਝੂਠ ਦਾ ਨਿਤਾਰਾ ਕਰਨ ਲਈ ਸਮੇਂ ਦੀ ਹਾਣੀ ਸਖ਼ਤ ਨਿਯਮਾਂਵਲੀ ਬਣਨੀ ਚਾਹੀਦੀ ਹੈ। ਨਿਰਾਪੁਰਾ ਮੁੱਦੇ ਨੂੰ ਬਿਨਾਂ ਵਿਚਾਰੇ ਪ੍ਰਚਾਰ ਕਰਨ ਨਾਲੋਂ ਸੱਚ ਤਰਾਸ਼ ਕੇ ਉਸ ਨੂੰ ਪੇਸ਼ ਕੀਤਾ ਜਾਵੇ।ਇਸ ਨਾਲ ਸਭ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ। ਵਿਨੇਸ਼ ਫੋਗਾਟ ਵਰਗੀਆਂ ਧੀਆਂ ਹੋਰ ਮਾਣ ਮਹਿਸੂਸ ਕਰਨਗੀਆਂ।

ਪੰਜਾਬੀਓ ਜਾਗਦੇ ਕਿ ਸੁੱਤੇ  - ਸੁਖਪਾਲ ਸਿੰਘ ਗਿੱਲ

ਪੈਂਤੀ ਅੱਖਰੀ ਨੂੰ ਪੰਜਾਬੀਆਂ ਦੀ ਮਾਂ-ਬੋਲੀ ਕਿਹਾ ਜਾਂਦਾ ਹੈ ਇਸ ਤੋਂ ਬਿਨ੍ਹਾਂ ਹੋਰਾਂ ਨੂੰ ਦੂਜੀ ਭਾਸ਼ਾ ਕਿਹਾ ਜਾਂਦਾ ਹੈ।  ਕਿਸੇ ਦੀ ਮਾਂ-ਬੋਲੀ ਨੂੰ ਉਸ ਤੋਂ ਦੂਰ ਕਰ ਦੇਣਾ ਵੱਡਾ ਗੁਨਾਹ ਹੈ। ਬੋਲੀ ਦੇ ਸਿਰ ਉੱਤੇ ਹੀ ਕੌਮ ਦਾ ਵਿਕਾਸ ਖੜਾ ਹੁੰਦਾ ਹੈ। ਪੰਜਾਬੀਆਂ ਦੇ ਸਮਾਜ ਦੀ ਚੇਤਨਾ ਤੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਪੰਜਾਬੀ ਮਾਂ-ਬੋਲੀ ਦੀ ਬੁੱਕਲ ਵਿੱਚ ਹਨ। ਇਸ ਜਰੀਏ ਪੰਜਾਬੀਆਂ ਨੂੰ ਹੁਲਾਰਾ, ਹੁੰਗਾਰਾਂ ਅਤੇ ਸਰਬਪੱਖੀ ਉਤਸ਼ਾਹ ਮਿਲਦਾ ਹੈ। ਇਸ ਕਰਕੇ ਪੰਜਾਬ ਮਾਂ-ਬੋਲੀ ਦੇ ਸਿਰ ਤੇ ਨੈਤਿਕ ਨਾਬਰੀ ਦਾ ਪ੍ਰਤੀਕ ਰਿਹਾ। ਇਸੇ ਕਾਰਨ ਹੀ ਪੰਜਾਬੀ ਬੋਲੀ ਨੂੰ ਪੰਜਾਬੀਆਂ ਤੋਂ ਦੂਰ ਕਰਨ ਦੀ ਨਜ਼ਰ ਲੱਗੀ ਰਹੀ।  ਉਂਝ 1952 ਵਿੱਚ ਪੰਜਾਬ ਵਿੱਚ ਮਰਦਮਸ਼ੁਮਾਰੀ ਵੇਲੇ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਉਂਣ ਵਿੱਚ ਹੀ ਅਸੀਂ ਬੌਂਦਲ ਗਏ ਸਾਂ। ਲਛਮਣ ਸਿੰਘ ਗਿੱਲ ਤਤਕਾਲੀ ਮੁੱਖ ਮੰਤਰੀ ਨੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਪੰਜਾਬੀ ਬੋਲੀ ਦਾ ਪਹਿਰੇਦਾਰ ਬਣਨ ਲਈ ਸਿਹਰਾ ਨਹੀਂ ਲਿਆ ਕਾਰਨ ਇਹ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਲਾਗੂ ਕਰਨ ਲਈ ਸਖਤੀ ਅਤੇ ਸ਼ਖਤ ਸਜ਼ਾ ਦਾ ਪ੍ਰਬੰਧ ਨਹੀਂ ਹੈ। ਇਸੇ ਕਰਕੇ ਪੰਜਾਬ ਬੋਲੀ ਤੋਂ ਬਾਅਦ ਬਹੁਪਰਤੀ ਸਮੱਸਿਆਵਾਂ ਵਿੱਚ ਘਿਰਦਾ ਗਿਆ। ਪਿਛੋਕੜ ਤੇ ਝਾਤ ਮਾਰੀਏ ਤਾਂ ਦਾਨਿਸ਼ਵੰਦਾ ਦੇ ਕਥਨ ਅਨੁਸਾਰ, “ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ” ਜਦੋਂ ਡਾਲੀ ਨਾਲੋਂ  ਟੁੱਟਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ ਦੁੱਖਾਂ ਨੇ ਪੰਜਾਬ ਨੂੰ ਘੇਰ ਕੇ ਮੁਰਝਾਉਣ ਦੀ ਕੋਸ਼ਿਸ ਕੀਤੀ ਹੈ। ਸਾਰੇ ਮੁੱਦਿਆਂ ਤੋਂ ਅੱਜ ਪੰਜਾਬ ਦੀ ਨਸਲ, ਬਾਂਝਪਣ, ਨਾਮਰਦੀ ਅਤੇ ਟੈਸਟ ਟਿਊਬ ਸੈਂਟਰਾਂ ਦਾ ਮੁੱਦਾ ਸਭ ਤੋਂ ਉਪਰ ਹੋ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿਕ ਰਚਨਾ ਰਾਹੀ ਨਕਸ਼ਾ ਪੇਸ਼ ਕੀਤਾ ਸੀ “ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦੀ”। “ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਨੀ ਸਈਓ”। ਇਸੇ ਤਰਜ਼ ਤੇ ਦੇਖਿਆ ਜਾਵੇ ਤਾਂ ਪੰਜਾਬ ਸਿਰ ਦੁੱਖਾਂ ਦਾ ਕਾਰਵਾਂ ਵੱਧਦਾ ਗਿਆ। ਸਪਤ ਸਿੰਧੂ ਤੋਂ ਅੱਜ ਤੱਕ ਇਤਿਹਾਸਿਕ ਝਰੋਖੇ ਵਿੱਚੋਂ ਪੰਜਾਬ ਨੂੰ ਦੇਖਿਆ ਜਾਵੇ ਤਾਂ ਤਰ੍ਹਾਂ-ਤਰ੍ਹਾਂ ਦੇ ਦੁੱਖ ਹੰਢਾ ਕੇ ਫਿਰ ਵੀ ਖੁਸ਼ਹਾਲ ਰਿਹਾ। ਸਾਜ਼ਿਸੀ ਅਤੇ ਬਦਕਿਸਮਤੀ ਵਾਲਾ ਵਰਤਾਰਾ ਨਾਲ ਦੀ ਨਾਲ ਚੱਲਦਾ ਰਿਹਾ ਪਰ ਆਪਣੇ ਸੁਭਾਅ ਅਤੇ ਆਦਤ ਸਦਕੇ ਦੁੱਖਾਂ ਦਾ ਪਹਾੜ ਢਾਉਂਦਾ ਰਿਹਾ।  ਬੋਲੀ ਤੋਂ ਬਾਅਦ ਪੰਜਾਬ ਨੂੰ ਹਰੀਕ੍ਰਾਂਤੀ ਰਾਹੀਂ ਉਤਸ਼ਾਹਿਤ ਕੀਤਾ ਗਿਆ ਇਸ ਨਾਲ ਪੰਜਾਬ ਵੱਲੋਂ ਕੇਂਦਰੀ ਪੂਲ ਵਿੱਚ ਵੱਡਾ ਹਿੱਸਾ ਅਨਾਜ ਦਾ ਭੇਜਿਆ ਗਿਆ। ਪੰਜਾਬ ਵਿੱਚ ਝੌਨੇ ਨੂੰ ਉਤਸ਼ਾਹਿਤ ਕੀਤਾ ਗਿਆ ਜਦੋਂ ਕਿ ਇਹ ਪੰਜਾਬ ਦੀ ਵਿਰਾਸਤੀ ਅਤੇ ਜੱਦੀ ਫਸਲ ਨਹੀਂ ਸੀ। ਇਸ ਵਰਤਾਰੇ ਨੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਨੂੰ ਲੱਖਾਂ ਮਣ ਖਾਂਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਰਾਹੀ ਬਰਬਾਦ ਕੀਤਾ ਗਿਆ ਇਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਹਮੇਸ਼ਾ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਉਸ ਦੇ ਮਾੜੇ ਪ੍ਰਭਾਵ ਵੀ ਦੇਖੇ ਜਾਂਦੇ ਹਨ। ਹਰੀਕ੍ਰਾਂਤੀ ਗੁਲਾਮੀ ਦਾ ਝੁੱਲ ਲਾਉਣ ਤੋਂ ਬਾਅਦ ਜਰੂਰੀ ਤਾਂ ਸੀ ਪਰ ਇਸ ਦੇ ਭੱਵਿਖਮੁੱਖੀ ਨਾਂਹ-ਪੱਖੀ ਪ੍ਰਭਾਵ ਦੇਖੇ ਹੀ ਨਹੀਂ ਗਏ। ਇਸ ਲਈ ਪੰਜਾਬ ਦੀ ਜਰਖੇਜ਼ ਜ਼ਮੀਨ, ਪੰਜਾਬ ਦਾ ਸੁਗੰਧਮਈ ਵਾਤਾਵਰਨ ਅਤੇ ਪੰਜਾਬੀਆਂ ਦੀ ਸਿਹਤ ਨਾਲ ਜੋ ਧੋਖਾ ਹੋਇਆ ਹੈ ਉਸ ਨੇ ਪੰਜਾਬੀਅਤ ਨੂੰ ਧੋਖਾ ਝੱਲਣ ਲਈ ਮਜਬੂਰ ਕੀਤਾ ਹੈ। ਝੋਨੇ ਅਤੇ ਖਾਂਦਾਂ ਦਵਾਈਆਂ ਕਰਕੇ ਪਾਣੀ ਦਾ ਪੱਧਰ ਬਹੁਤ ਨੀਵਾਂ ਅਤੇ ਬਹੁਤ ਦੂਸ਼ਿਤ ਹੋ ਚੁੱਕਿਆ ਹੈ। ਇਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਉਤਪੰਨ ਹੋ ਰਹੀਆਂ ਹਨ ਜਿਹਨਾਂ ਦਾ ਮੁਕਾਬਲਾ ਕਰਨ ਲਈ ਵੀ ਪੰਜਾਬ ਸਮੱਰਥ ਨਹੀਂ ਰਿਹਾ।  ਬੇਰੁਜਗਾਰੀ ਦੇ ਆਲਮ ਨੇ ਪੰਜਾਬ ਨੂੰ ਹਾਸ਼ੀਆਗਤ ਕੀਤਾ ਇਸ ਵਿੱਚੋਂ ਦੋ ਰੋਗ ਨਸ਼ਾ ਅਤੇ ਪਰਵਾਸ ਪੈਂਦਾ ਹੋਏ। ਨਸ਼ੇ ਦੇ ਆਲਮ ਨੇ ਪੰਜਾਬ ਨੂੰ ਉੜਦਾ ਪੰਜਾਬ ਬਣਾਇਆ ਇਸ ਪਿੱਛੇ ਪੰਜਾਬੀ ਸੱਥਾਂ ਵਿੱਚ ਵੱਡੀ ਪਲਾਨਿੰਗ ਵਿਚਾਰੀ ਜਾਂਦੀ ਹੈ। ਜਿਸ ਤਰੀਕੇ ਨਾਲ ਨਸ਼ੇ ਦਾ ਕਹਿਰ ਪੰਜਾਬ ਵਿੱਚ ਭਾਰੂ ਰਿਹਾ ਉਸ ਤੋਂ ਮਾਪੇ ਘਬਰਾ ਕੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਹੀ ਜ਼ਿੰਦਗੀ ਦਾ ਮਕਸਦ ਸਮਝਣ ਲੱਗੇ। ਬੇਰੁਜਗਾਰੀ ਅਤੇ ਨਸ਼ੇ ਦੇ ਝੰਬੇ ਪੰਜਾਬ ਨੇ ਪਰਵਾਸ ਦਾ ਰੁੱਖ ਅਖਤਿਆਰ ਕੀਤਾ। ਇਸ ਨਾਲ ਪੰਜਾਬੀ ਜਵਾਨੀ ਦੀ ਬੁੱਧੀ ਅਤੇ ਪੈਸਾ ਬਾਹਰਲੇ ਮੁਲਕਾਂ ਵਿੱਚ ਚਲਾ ਗਿਆ। ਜੋ ਲਗਾਤਾਰ ਜਾਰੀ ਹੈ। ਇਸ ਸਮੱਸਿਆ ਨੇ ਪਿੱਛੇ ਰਹਿ ਰਹੇ ਬਜੁਰਗਾਂ ਲਈ ਇਕੱਲਤਾ ਦਾ ਰੋਗ ਪੈਂਦਾ ਕੀਤਾ ਜਿਸ ਨਾਲ ਉਹਨਾਂ ਦਾ ਬੁਢਾਪਾ ਸਰਾਪਿਆ ਗਿਆ। ਬੱਚੇ ਵਿਦੇਸ਼ ਵਿੱਚ ਅਤੇ ਮਾਪੇ ਪੰਜਾਬ ਵਿੱਚ ਝੂਰਦੇ ਹਨ। ਆਪਣੇ ਦਿਲ ਦੇ ਪੱਥਰ ਧਰਨ ਲਈ ਇਸ ਗੱਲ ਦਾ ਸਹਾਰਾ ਲੈ ਲੈਂਦੇ ਹਨ ਕਿ ਚੱਲੋਂ ਇੱਥੋਂ ਤਾਂ ਚੰਗੇ ਹੀ ਹਨ। ਜਿਹੜੇ ਪੰਜਾਬ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਨਸ਼ਾ, ਬੇਰੁਜਗਾਰੀ ਅਤੇ ਸਿਹਤ ਦਾ ਭੂਤ ਹਰ ਪਲ ਸਤਾ ਰਿਹਾ ਹੈ। ਸਰਕਾਰੀ ਉਪਰਾਲੇ ਵੀ ਜਾਰੀ ਹਨ ਪਰ ਬੇਵਸੀ ਦਾ ਆਲਮ ਚਾਰੇ ਪਾਸੇ ਫੈਲਿਆ ਹੋਇਆ ਹੈ। ਇਸ ਸਾਰੇ ਦਾ ਨਿਚੋੜ ਇਹ ਨਿਕਲਦਾ ਹੈ ਕਿ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਿਆ ਹੈ। ਡਾਕਟਰ ਸੁਰਜੀਤ ਪਾਤਰ ਦੀ ਕਲਮ ਨੂੰ ਮਜਬੂਰ ਹੋਕੇ ਲਿਖਣਾ ਪਿਆ “ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ”
ਸੰਸਾਰ, ਸੰਤਾਨ, ਉੱਤਪਤੀ ਅਨੁਸਾਰ ਪੀੜ੍ਹੀ ਦਰ ਪੀੜ੍ਹੀ ਦੇ ਪਾੜੇ ਦਾ ਨਿਰੰਤਰ ਵਰਤਾਰਾ ਚੱਲਦਾ ਰਿਹਾ। ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ ਇਹ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ। ਜੀਵ ਵਿਗਿਆਨਿਕ ਤੌਰ ਤੇ ਚਾਰਲਸ ਡਾਰਵਿਨ ਦਾ ਸਿਧਾਂਤ ਵੀ ਉੱਤਪਤੀ ਤੇ ਅਧਾਰਿਤ ਹੈ। ਪੰਜਾਬ ਅਤੇ ਮੁੱਦਿਆਂ ਅਤੇ ਚੁਣੋਤੀਆਂ ਦੀ ਹਾਲਤ ਇਹ ਬਣੀ ਹੈ ਕਿ ਕੋਈ ਮਾਂਵਾਂ ਨੂੰ ਰੋ ਰਿਹਾ ਕੋਈ ਮਾਸੀਆਂ ਨੂੰ ਰੋ ਰਿਹਾ ਹੈ। ਬੇਰੁਜਗਾਰੀ, ਨਸ਼ਾ, ਬੇਇਨਸਾਫੀ, ਖੇਤੀ ਸੰਕਟ ਅਤੇ ਪਰਵਾਸ ਤੋਂ ਇਲਾਵਾ ਅੱਜ ਭੱਖਦਾ ਮਸਲਾ ਬੇਗਾਨਾ ਵੀਰਜ ਅਤੇ ਬੇਗਾਨੀ ਕੁੱਖ ਨੇ ਪੰਜਾਬ ਦੀ ਸੱਭਿਅਤਾ ਨੂੰ ਨਿਗਲਣ ਦੀ ਕੋਸ਼ਿਸ ਕੀਤੀ ਹੋਈ ਹੈ। ਮਨੁੱਖੀ ਵਿਕਾਸ ਲਈ ਅੱਜ ਸੈਕਸੂਅਲ ਸਿਹਤ ਦੀ ਜਾਣ-ਪਹਿਚਾਣ ਦੀ ਸਖਤ ਜਰੂਰਤ ਹੈ। ਜਦੋਂ ਕਦੇ ਸੈਕਸੂਅਲ ਸਿਹਤ ਵਿਗੜਦੀ ਹੈ ਤਾਂ ਸਭ ਪਾਸੇ ਰੁਕਾਵਟਾਂ, ਚਿੰਤਾ, ਬੇਚੈਨੀ ਅਤੇ ਅਸੁਰੱਖਿਆ ਵੱਧ ਜਾਂਦੀ ਹੈ। ਸਮਾਜਿਕ ਹਿੰਸਾ ਅਤੇ ਸ਼ੰਕਾ ਸ਼ੁਰੂ ਹੋ ਜਾਂਦੀ ਹੈ।  ਸਵੈਮਾਣ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਪੰਜਾਬ ਅੱਜ ਨਸਲਾਂ ਅਤੇ ਫਸਲਾਂ ਨੂੰ ਉਜਾੜਨ ਵਾਲੇ ਵਿਰੁੱਧ ਲੜਾਈ ਲੜ ਰਿਹਾ ਹੈ ਨਾਲ ਦੀ ਨਾਲ ਸੁਚੇਤ ਹੋਕੇ ਵੀ ਚੱਲ ਰਿਹਾ ਹੈ। ਇਸ ਪ੍ਰਤੀ ਹਰ ਪੰਜਾਬੀ ਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦੇ ਜੰਮੇ ਨਿੱਤ ਨਵੀਆਂ ਮੁਹਿੰਮਾਂ ਵਿੱਚ ਖੜ੍ਹਦੇ ਸਨ। ਸਰੀਰਿਕ, ਮਰਦਾਨਗੀ ਅਤੇ ਸਮਾਜਿਕ ਪੱਖੋਂ ਤਕੜੇ ਮੁਜੱਸਮੇ ਵਾਲੇ ਹੁੰਦੇ ਸਨ। ਪੰਜਾਬੀ ਮਾਵਾਂ ਦੀ ਕੁੱਖ ਵਿੱਚੋਂ ਦਾਤੇ, ਭਗਤ ਅਤੇ ਸੂਰਮੇ ਜੰਮਦੇ ਸਨ। ਅੰਗਰੇਜ਼ੀ ਕਾਲ ਦੌਰਾਨ ਸਿੱਖ, ਪੰਜਾਬ ਅਤੇ ਜੱਟ ਰਜਮੈਂਟਾ ਦੀ ਚੜ੍ਹਤ ਅੱਜ ਵੀ ਲੁਕੀ ਛਿਪੀ ਨਹੀਂ ਹੈ। ਅੱਜ ਪੈਦਾ ਹੋ ਰਹੀ ਪੀੜ੍ਹੀ ਬਾਰੇ ਪੜ੍ਹਿਆ ਸੁਣਿਆ ਅਤੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਤਾਣਾ-ਬਾਣਾ ਬੁਣਿਆ ਗਿਆ ਹੈ। ਪਹਿਲੇ ਪੰਜਾਬ ਵਿੱਚ ਹਰ ਜੋੜੇ ਦੇ ਪੰਜ-ਸੱਤ ਬੱਚੇ ਹੁੰਦੇ ਸਨ ਫੇਰ ਭੇਡ ਚਾਲ ਨਾਲ ਦੋ ਤੱਕ ਸੀਮਿਤ ਹੋਏ।  ਖੁੱਦ ਸਹੇੜੀਆਂ ਅਲਾਮਤਾਂ, ਖਾਂਦਾ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਨਸ਼ਾ ਅਤੇ ਜੀਵਨ ਜੀਊਣ ਦੀ ਜਾਂਚ ਨੇ ਗਰਭ ਅਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਅੱਠ ਜੋੜਿਆ ਪਿੱਛੇ ਇੱਕ ਜੋੜੇ ਨੂੰ ਗਰਭ ਧਾਰਨ ਦੀ ਸਮੱਸਿਆ ਆ ਰਹੀ ਹੈ। ਇਛੁੱਕ ਜੋੜੇ ਇੱਕ ਸਾਲ ਤੱਕ ਔਲਾਦ ਪੈਦਾ ਨਾ ਕਰਨ ਤਾਂ ਉਹਨਾਂ ਨੂੰ ਬੇ-ਔਲਾਦਪਣ ਵੱਲ ਦੇਖਿਆ ਜਾਂਦਾ ਹੈ। ਬੇ-ਔਲਾਦਪਣ ਸਿਰਫ ਔਰਤਾਂ ਦੀ ਸਮੱਸਿਆ ਨਹੀਂ ਮਰਦਾਂ ਦੀ ਸਮੱਸਿਆ ਵੀ ਹੈ। ਦੋਵੇਂ ਲਿੰਗ 35-35 ਫੀਸਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਮਾਜਿਕ ਸਬੰਧ ਅਣ-ਸੁਖਾਵੇਂ ਬਣ ਰਹੇ ਹਨ। ਕੁਦਰਤੀ ਤੌਰ ਤੇ ਤੰਦਰੁਸਤ ਜੋੜਿਆ ਨੂੰ ਗਰਭ ਧਾਰਨ ਅਤੇ ਬੱਚੇ ਪੈਦਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਇਸ ਲਈ ਜਵਾਨੀ ਨੂੰ ਇਸ ਬਾਰੇ ਖਾਸ ਸੂਝ ਹੋਣੀ ਚਾਹੀਦੀ ਹੈ। ਔਰਤ ਵਿੱਚ ਅੰਡਾ ਨਾ ਬਣਨਾ, ਵਾਰ-ਵਾਰ ਗਰਭ ਗਿਰਨਾ, ਟਿਊਬਾਂ ਵਿੱਚ ਨੁਕਸ, ਬੱਚੇ ਦਾਨੀ ਵਿੱਚ ਸੋਜ ਆਦਿ ਨੁਕਸ ਹੁੰਦੇ ਹਨ ਜਦੋਂ ਕਿ ਮਰਦਾਂ ਵਿੱਚ ਸੁਕਰਾਣੂਆਂ ਦੀ ਕਮੀ, ਜਣਨ ਹਾਰਮੋਨ ਦੀ ਕਮੀ ਅਤੇ ਜਣਨ ਕਿਰਿਆ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਹੈ। ਇਸ ਸਭ ਵਰਤਾਰੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਠਦੀਆਂ ਹਨ ਕਿ ਪੰਜਾਬੀਆਂ ਦੀ ਨਸਲ ਖਰਾਬ ਕਰਨ ਦੀ ਸਾਜ਼ਿਸ ਹੈ। ਇਸ ਪਿੱਛੇ ਆਪ ਸਹੇੜੀਆਂ ਕਰਤੂਤਾਂ ਤੋਂ ਅਸੀਂ ਪੱਲਾ ਝਾੜਕੇ ਗੇਂਦ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੇ ਹਾਂ। ਪਿੱਛੇ ਜਿਹੇ ਸਾਡੀ ਸਰੋਮਣੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸਲਾਂ ਅਤੇ ਫਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਆਵਾਜ਼ ਮਾਰੀ ਇਕ ਵਾਰ ਤਾਂ ਤਹਿਲਕਾ ਮਚ ਗਿਆ ਸੀ ਪਰ ਹੋਲੀ-ਹੋਲੀ ਮੱਧਮ ਪੈ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ ਦੁਨਿਆਵੀ ਫੁਰਮਾਣਾਂ ਤੋਂ ਉੱਚਾ ਹੈ ਇਸ ਲਈ ਇਸ ਸੰਦੇਸ਼ ਤੇ ਸਦਾ ਬਹਾਰ ਪਹਿਰਾ ਦੇ ਕੇ ਨਸਲ ਬਚਾਈ ਜਾ ਸਕਦੀ ਹੈ। ਸਿੰਘ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਅਣਡਿੱਠਾ ਜ਼ੁਲਮ ਸਾਨੂੰ ਆਪਣੀ ਧਰਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ। ਉਹਨਾਂ ਆਕੜਾਂ ਦਿੱਤਾ ਸੀ ਕਿ ਪੰਜਾਬ ਵਿੱਚ 625 ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਹਨ। ਉਹਨਾਂ ਵੱਲੋਂ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਟਿਊਬ ਸੈਂਟਰਾਂ ਵਿੱਚ ਵੀਰਜ ਗੈਰਾਂ ਦਾ ਹੁੰਦਾ ਹੈ ਜਦੋਂ ਕਿ ਲੜਕੀ ਦੀ ਕੁੱਖ ਪੰਜਾਬੀ ਦੀ ਹੁੰਦੀ ਹੈ। ਸਿੰਘ ਸਾਹਿਬ ਦਾ ਇਹ ਫੁਰਮਾਣ ਇੱਕ ਲੋਕ ਲਹਿਰ ਵਾਂਗ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਸਿਰ ਜੋੜਕੇ ਨਸਲ ਖਰਾਬੀ ਦੀ ਬੁਰਾਈ ਦਾ ਮੁਕਾਬਲਾ ਕਰ ਸਕੇ। ਪੰਜਾਬੀਆਂ ਨੂੰ ਇਸ ਚਿੰਤਾ ਦਾ ਨਤੀਜਾ ਅਤੇ ਮੁਕਬਲਾ ਦੇਣਾ ਚਾਹੀਦਾ ਹੈ।  ਸਭ ਤੋਂ ਦੁਨਿਆਵੀ ਬੁਰਾਈ ਟੈਸਟ ਟਿਊਬ ਬੇਬੀ ਦੀ ਇਹ ਹੈ ਕਿ ਪੰਜਾਬੀਆਂ ਦੇ ਸਮਾਜਿਕ ਅਤੇ ਸੱਭਿਆਚਾਰ ਨਾਲ ਇਹ ਵਿਸ਼ਾ ਮੇਲ ਨਹੀਂ ਖਾਂਦਾ। ਪਰ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਤਕਨੀਕਾ ਨਾਲ ਵਿਆਹ ਵਾਲੇ ਜੋੜਿਆ ਦੇ ਸੰਭੋਗ ਤੋਂ ਬਿਨ੍ਹਾਂ ਲੈਬੋਰਟੀ ਦੀ ਮਦਦ ਨਾਲ ਮਾਨਵੀ ਸਪਰਮਾਂ ਅਦਾਨ-ਪ੍ਰਦਾਨ ਕਰਕੇ ਮੁੱਢਲੀ ਪ੍ਰਜਨਣ ਕਿਰਿਆ ਪੂਰੀ ਕੀਤੀ ਜਾਂਦੀ ਹੈ। ਪੰਜਾਬੀਆਂ ਦੇ ਮਨ ਵਿੱਚ ਇਸ ਕਿਰਿਆ ਪ੍ਰਤੀ ਤਰ੍ਹਾਂ-ਤਰ੍ਹਾਂ ਸ਼ੰਕੇ ਅਤੇ ਮਾਨਸਿਕ ਬੋਝ ਰਹਿੰਦਾ ਹੈ। ਵਿਗਿਆਨਿਕ ਸੋਝੀ ਵੀ ਮਾਨਸਿਕਤਾ ਨੂੰ ਮੋੜਾ ਨਹੀਂ ਦੇ ਰਹੀ। ਮੈਡੀਕਲ ਰਿਪੋਰਟ ਅਨੁਸਾਰ ਭਾਰਤ ਚ ਬਾਂਝਪਣ ਨਾਲ ਜੁੜੇ ਮਾਹਰ ਇਸਤਰੀ ਰੋਗਾਂ ਦੇ ਹੀ ਮਾਹਰ ਹੁੰਦੇ ਹਨ। ਇਸ ਨਾਲ ਸੂਝ ਤੋਂ ਬਿਨਾਂ ਮਸਲਾ ਹੋਰ ਗੁੰਝਲਦਾਰ ਬਣ ਜਾਂਦਾ ਹੈ। ਜਿਸ ਪਿੱਛੇ ਖਦਸ਼ਾ ਲੱਗਦਾ ਹੈ ਕਿਰਾਏ ਦੀ ਕੁੱਖ ਦਾ ਕੌੜਾ ਸੱਚ ਵੀ ਮੈਡੀਕਲ ਮਾਹਰ ਅਤੇ ਜਨਤਾ ਜਾਣਦੀ ਹੈ। ਜਨਣ ਅੰਗਾਂ ਉੱਤੇ ਜਹਿਰਾਂ ਦਾ ਇੰਨਾ ਪ੍ਰਭਾਵ ਹੈ ਕਿ ਬਾਲਗ ਅਤੇ ਨਬਾਲਿਗ ਇਸ ਦੀ ਜਕੜ ਵਿੱਚ ਆ ਚੁੱਕੇ ਹਨ। ਪੰਜਾਬੀਆਂ ਦੀ ਸੰਤਾਨ ਉੱਤਪਤੀ ਜੰਮਦੀ ਸਾਰ ਹੀ ਦਵਾਈਆਂ ਨਾਲ ਲੜਨ ਲੱਗ ਪੈਦੀ ਹੈ ਜਦੋਂ ਕਿ ਪਹਿਲਾ ਖਾਧ ਖੁਰਾਕਾਂ ਨਾਲ ਲੜਕੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੀ ਸੀ। ਇੱਕ ਮੋਟੇ ਅੰਦਾਜੇ ਅਨੁਸਾਰ 5 ਤੋਂ 20 ਜੋੜੇ ਬੇ-ਔਲਾਦੇ ਪਾਏ ਜਾਂਦੇ ਹਨ। ਔਰਤਾਂ 20 ਤੋਂ 25 ਫੀਸਦੀ ਤੱਕ ਗਰਭ ਗਿਰਨ ਅਤੇ ਗਰਭ ਠਹਿਰਣ ਤੋਂ ਪੀੜਤ ਹਨ। ਡਾਕਟਰ ਤੋਂ ਹਾਰਮੋਨ ਦੇ ਟੀਕੇ ਲਗਵਾ ਕੇ ਸੈਕਸ ਲਾਈਫ ਕਮਜੋਰ ਹੋ ਜਾਂਦੀ ਹੈ। ਪੰਜਾਬ ਵਿੱਚ ਆਮ ਧਾਰਨਾ ਕੰਮ ਕਰਦੀ ਹੈ ਕਿ ਪੋਤੇ ਦੇ ਵੀਰਜ ਸ਼ੁਕਰਾਣੂ ਦਾਦੇ ਨਾਲੋਂ ਅੱਜ ਘੱਟ ਹੁੰਦੇ ਹਨ। ਮਨੁੱਖੀ ਜੀਨਜ਼ ਨਾਲ ਖਿਲਵਾੜ ਅਤੇ ਬਿਗਾੜ ਪੈਦਾ ਹੋ ਚੁੱਕਿਆ ਹੈ। ਪੰਜਾਬ ਦੀ ਅਣਖ ਨੂੰ ਖੋਰਾ ਵੀ ਲੱਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬੀਆਂ ਦੇ ਜੀਨਸ਼ ਵੱਡੀ ਪੱਧਰ ਤੇ ਖਰਾਬ ਹੋ ਰਹੇ ਹਨ। ਇਹ ਵੀ ਭੱਵਿਖੀ ਖਤਰੇ ਦੀ ਘੰਟੀ ਹੈ। ਖਿਲਵਾੜ ਹੋਣ ਤੋਂ ਬਾਅਦ ਆਯੂਰਵੈਦਿਕ ਅਤੇ ਤੰਤਰਿਕਾਂ ਦੇ ਜਾਲ ਵਿੱਚ ਫਸਕੇ ਪੰਜਾਬੀ ਹੋਰ ਵੀ ਨੀਵੇਂਪਣ ਵੱਲ ਜਾ ਰਹੇ ਹਨ। ਟੈਸਟ ਟਿਊਬ ਸੈਂਟਰ ਅਤੇ ਤਕਨੀਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਲਈ ਸਹੂਲਤਾਂ ਵੀ ਮਿਲਦੀਆਂ ਹਨ। ਪਰ ਜਿਹੜੇ ਸ਼ੰਕਾਵਾਂ ਅਤੇ ਹਨੇਰੇ ਵਿੱਚ ਰੱਖਕੇ ਗੁੰਮਰਾਹ ਕਰਦੇ ਹਨ ਉਹ ਪੰਜਾਬੀਆਂ ਦੀ ਨਸਲ ਨੂੰ ਖਰਾਬ ਕਰਨ ਦੇ ਮੁੱਖ ਜਿੰਮੇਵਾਰ ਹਨ। ਪੰਜਾਬ ਦੀ ਪ੍ਰਜਣਨ ਦਰ 1.6 ਹੈ। ਪੰਜਾਬੀ ਮਰਦ ਨੂੰ ਮਰਦਾਨਗੀ ਅਤੇ ਔਰਤ ਨੂੰ ਜਨਣ ਸਮਰੱਥਾ ਕਾਇਮ ਰੱਖਣੀ ਸ਼ੋਕ ਅਤੇ ਆਦਤ ਬਣਨੀ ਚਾਹੀਦੀ ਹੈ। ਇਸ ਨਾਲ ਮਿਲਗੋਭਾ ਜਿਨਸ਼ ਪੈਦਾ ਹੋਣ ਦੀ ਬਜਾਏ ਆਪਣੀ ਆਬਰੂ ਪੈਦਾ ਹੋਵੇਗੀ। ਟੈਸਟ ਟਿਊਬ ਬੇਬੀ ਦਾ ਸੱਚ ਅਤੇ ਹੋਂਦ ਸਬੱਬੀ ਨਹੀਂ ਹੁੰਦੀ ਇਹ ਸਾਡੇ ਕਿਰਦਾਰ ਅਤੇ ਸੱਭਿਅਤਾ ਦੀ ਗਵਾਹੀ ਹੁੰਦੀ ਹੈ। ਕਿਸਮਤ ਵਾਲੇ ਹੈ ਉਹ ਜੋੜੇ ਜੋ ਕੁਦਰਤੀ ਤਰੀਕੇ ਨਾਲ ਆਪਣੀ ਸੰਤਾਨ ਪੈਦਾ ਕਰਦੇ ਹਨ ਮਾਨਸਿਕ ਬੋਝ ਤੋਂ ਮੁਕਤ ਰਹਿੰਦੇ ਹਨ। ਅੱਜ ਮੁੰਡੇ ਕੁੱੜੀਆਂ ਵਿਆਹ ਤੋਂ ਪਹਿਲਾ ਹੀ ਸੈਕਸ ਸਬੰਧ ਬਣਾ ਲੈਦੇ ਹਨ ਫਿਰ ਗਰਭਪਾਤ ਕਰਵਾਉਂਦੇ ਹਨ ਆਖਿਰ ਇਹਨਾਂ ਸੈਟਰਾਂ ਦੀ ਝੋਲੀ ਗਿਰ ਕੇ ਜੀਵਨ ਖਰਾਬ ਕਰਦੇ ਹਨ। 1978 ਵਿੱਚ ਪਹਿਲਾ ਟੈਸਟ ਟਿਊਬ ਬੱਚਾ ਹੋਇਆ ਸੀ ਉਦੋਂ ਮਿਸਰ ਦੀ ਅਲਅੱਜਹਰ ਯੂਨੀਵਰਸਿਟੀ ਨੇ ਪਤੀ ਪਤਨੀ ਦੇ ਅੰਡੇ ਹੋਣ ਨੂੰ ਜਾਇਜ਼ ਕਿਹਾ ਸੀ। ਪਤੀ ਪਤਨੀ ਦੇ ਅੰਡੇ ਤੋਂ ਬਿਨਾਂ ਜਾਇਜ਼ ਨਹੀਂ ਸੀ। ਪਾਕਿਸਤਾਨ ਵਿੱਚ 1989 ਵਿੱਚ ਟੈਸਟ ਟਿਊਬ ਬੇਬੀ ਪੈਦਾ ਹੋਈ ਸੀ ਮੌਲਵੀਆਂ ਨੇ ਇਸ ਨੂੰ ਹਰਾਮ ਅਤੇ ਅਮਰੀਕਾ ਦੀ ਸਾਜਿਸ ਦੱਸਿਆ ਸੀ।  ਬਾਂਝਪਣ ਰੋਕਣ ਲਈ ਟੈਸਟ ਟਿਊਬ ਸੈਂਟਰ ਵਿਗਿਆਨਿਕ ਅਤੇ ਮੈਡੀਕਲੀ ਤਰੱਕੀ ਤਾਂ ਹੈ ਇਸ ਦਾ ਲਾਭ ਲੋੜਵੰਦ ਅਤੇ ਜਾਣਕਾਰ ਲੈ ਰਹੇ ਹਨ ਜੋ ਉਹਨਾਂ ਲਈ ਠੀਕ ਵੀ ਹੈ ਪਰ ਜਦੋਂ ਵੀ ਕਿਸੇ ਤਰੱਕੀ ਵਿੱਚ ਸ਼ੰਕਾ ਜਾ ਪ੍ਰਤੱਖ ਪ੍ਰਮਾਣ ਹੋ ਜਾਂਦੇ ਹਨ ਤਾਂ ਸਭ ਕਾਸੀ ਕੇ ਪੋਚਾ ਫਿਰ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਜੋ ਇਸ ਵਿਸ਼ੇ ਤੇ ਸ਼ੰਕੇ ਹਨ ਉਹ ਵਿਗਿਆਨਿਕ ਅਤੇ ਮੈਡੀਕਲ ਸੋਝੀ ਨਾਲ ਨਵਿਰਤ ਹੋਣੇ ਚਾਹੀਦੇ ਹਨ ਇਹ ਦੱਸਣਾ ਵੀ ਸਭ ਤੋਂ ਪਹਿਲਾ ਹੋਣਾ ਚਾਹੀਦਾ ਹੈ ਜੇ ਬੰਦੇ ਵਿੱਚ ਬਿਲਕੁੱਲ ਨੁਕਸ ਹੈ ਤਾਂ ਵੀਰਜ਼ ਕਿੱਥੋਂ ਆਵੇਗਾ? ਪਤੀ ਦੇ ਵੀਰਜ਼ ਅਤੇ ਪਤਨੀ ਦੀ ਕੁੱਖ ਤੋਂ ਬਿਨਾਂ ਅਗਰ ਕੋਈ ਹੋਰ ਮੈਡੀਕਲ ਤੌਰ ਤਰੀਕਾ ਅਪਣਾਇਆ ਜਾਂਦਾ ਹੈ ਫਿਰ ਇਹ ਪੰਜਾਬ ਨੂੰ ਮੁਆਫਿਕ ਆਉਂਣਾ ਜ਼ਰੂਰੀ ਨਹੀ ਹੈ। ਇਸ ਨਾਲ ਲੋਕ ਮੁਰਝਾ ਜਾਣਗੇ ਉਹਨਾਂ ਦੀਆਂ ਨਜ਼ਰਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਇਹਨਾਂ ਸੈਂਟਰਾਂ ਲਈ ਪੰਜਾਬ ਦੇ ਸਮਾਜਿਕ ਅਤੇ ਮਾਨਸਿਕ ਪੱਖ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਪੰਜਾਬ ਵਿੱਚ ਨਪੁੰਸ਼ਕਤਾ ਦੀ ਦਰ ਵੀ 50 ਪ੍ਰਤੀਸ਼ਤ ਹੈ ਨਵੇਂ ਜੋੜੇ ਵੀ ਇਸ ਦੇ ਸ਼ਿਕਾਰ ਹਨ। ਪਤੀ ਪਤਨੀ ਕੁਦਰਤੀ ਔਲਾਦ ਪੈਦਾ ਕਰਨ ਤੋਂ ਬਿਨਾਂ ਅਧੂਰਾ ਲੱਗਦੇ ਹਨ। ਸਭ ਤੋਂ ਖਤਰਨਾਕ ਕੁਦਰਤੀ ਖਿਲਵਾੜ ਇਹ ਹੋ ਚੁੱਕਿਆ ਹੈ ਕਿ ਸੈਕਸ ਤੋਂ ਬਿਨਾਂ ਹੀ ਗਰਭ ਧਾਰਨ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਲਾਬ ਰੂਪੀ ਪੰਜਾਬ ਤਰ੍ਹਾਂ – ਤਰ੍ਹਾਂ ਦੇ ਦੁੱਖ ਹੰਢਾ ਰਿਹਾ ਹੈ। ਸਾਹਮਣਾ ਕਰਕੇ ਜੇਤੂ ਵੀ ਹੋ ਰਿਹਾ ਹੈ। ਪੰਜਾਬੀਆਂ ਦੀ ਨਸ਼ਲਕੁਸੀ ਅਤੇ ਮਿਲਗੋਭਾ ਪੈਦਾਇਸ਼ ਬਾਰੇ ਸਭ ਕਿਸਮ ਦੇ ਸ਼ੰਕੇ ਅਤੇ ਚਿੰਤਾਵਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬੀਆਂ ਦੀ ਨਸਲ ਬਚਾਉਣ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਨੂੰ ਸਰਕਾਰ, ਸਮਾਜ ਅਤੇ ਧਾਰਮਿਕ ਖੇਤਰ ਅੰਦਰ ਲੰਬਿਤ ਛੱਡਣ ਦੀ ਬਜਾਏ ਤੁਰੰਤ ਹੱਲ ਕਰਕੇ ਖੁਸ਼ ਗਵਾਰ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਇਸ ਤੋਂ ਬਿਨਾਂ ਦੁੱਖਾਂ ਦੀ ਦਾਸਤਾਨ ਲੰਬੀ ਹੁੰਦੀ ਹੋਈ ਗੁਰਦਾਸ ਮਾਨ ਦੀ ਬੋਲੀ ਨੂੰ ਤਾਜਾ ਰੱਖਦੀ ਰਹੇਗੀ “ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ”। ਹੁਣ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਆਪਣੇ ਉਪਰਾਲਿਆ ਨਾਲ ਪੰਜਾਬੀਆਂ ਨੂੰ ਸੰਭਲਣ ਅਤੇ ਜਾਗਣ ਦਾ ਹੋਕਾ ਦਿੱਤਾ ਹੈ ਇਸ ਨੂੰ ਸਵੀਕਾਰ ਕਰਨਾ ਪੰਜਾਬੀਆਂ ਦੇ ਹਿੱਤ ਵਿੱਚ ਹੈ। ਸਿੰਘ ਸਹਿਬਾਨ ਦੇ ਸੰਦੇਸ਼ ਨਹੀਂ ਬਲਕਿ ਹੁਕਮ ਹੁੰਦੇ ਹਨ। ਇਸ ਲਈ ਜੋ ਹੁਕਮ ਹੋਏ ਹਨ ਉਹਨਾਂ ਨੂੰ ਮੰਨਕੇ ਲਾਗੂ ਕਰਨਾ ਸਾਡਾ ਫਰਜ਼ ਹੈ।  ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਜਾਗੋ ਆਪਣੀ ਮਾਂ-ਬੋਲੀ, ਆਪਣੇ ਪੰਜਾਬ  ਲਈ ਦਰਪੇਸ਼ ਵੰਗਾਰਾਂ ਦਾ ਹਰ ਪੱਖੋਂ ਮੁਕਾਬਲਾ ਕਰੀਏ।  ਸਿੰਘ ਸਹਿਬਾਨ ਦੇ ਹੁਕਮ ਅਨੁਸਾਰ ਅੱਜ ਤੋਂ ਪੰਜਾਬੀਆਂ ਦੀ ਨਸਲ, ਫਸਲ ਅਤੇ ਬਹੁਪੱਖੀ, ਬਹੁਪਰਤੀ ਚੁਣੌਤੀਆਂ ਨੂੰ ਕਬੂਲ ਕਰਕੇ ਇਹਨਾਂ ਦਾ ਨਿਵਾਰਨ ਕਰਨਾ ਹਰ ਪੰਜਾਬੀ ਦੀ ਜਿੰਮੇਵਾਰੀ ਹੈ। ਸਰਕਾਰਾਂ ਵੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਲੀਹਾਂ ਵੱਲ ਲਿਆ ਸਕਦੀਆਂ ਹਨ। ਪੰਜਾਬੀਓ ਜਾਗਦੇ ਕਿ ਸੁੱਤੇ ਦੇ ਸੰਕਲਪ ਵਿੱਚੋਂ ਪੰਜਾਬੀਅਤ ਲਈ ਇਕ ਪ੍ਰਮਾਣਿਤ ਅਤੇ ਸਰਬਪੱਖੀ ਲੋਕ ਲਹਿਰ ਅਰੰਭੀਏ ਇਸ ਨਾਲ ਹੀ ਪੰਜਾਬ ਭਾਰਤ ਮਾਤਾ ਦੀ ਮੁੰਦਰੀ ਦਾ ਨਗ ਬਣਿਆ ਰਹੇਗਾ ਅਤੇ ਪੁਰਾਤਨ ਪੰਜਾਬ ਨੂੰ ਲੱਭਿਆ ਜਾ ਸਕੇਗਾ

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ  - ਸੁਖਪਾਲ ਸਿੰਘ ਗਿੱਲ

  ਦੋ ਕੁ ਦਹਾਕੇ ਪਹਿਲਾਂ ਸਾਉਣ ਮਹੀਨੇ ਨਵੀਆਂ ਵਿਆਹੀਆਂ ਕੁੜੀਆਂ ਦੀਆਂ ਟੋਲੀਆਂ ਆਉਂਦੀਆਂ ਜਾਂਦੀਆਂ ਦੇਖੀਆਂ ਜਾਂਦੀਆਂ ਸਨ, ਤਾਂ ਲਗਦਾ ਸੀ ਕਿ ਧਰਤੀ ਉੱਤੇ ਖੁਸ਼ਬੂ ਖਿਲਾਰਦੀਆਂ ਹੋਈਆਂ ਸੱਭਿਆਚਾਰ ਅਤੇ ਪ੍ਰੀਤ ਦੀ ਛਹਿਬਰ ਲਗਾ ਰਹੀਆਂ ਹਨ। ਸਮੇਂ ਨੇ ਇਸ ਨਜ਼ਾਰੇ ਨੂੰ ਗੋਦੀ ਵਿੱਚ ਬਿਠਾ ਕੇ ਇਸ ਦੀ ਕਿਰਨ ਨੂੰ ਨਵਾਂ ਰੂਪ ਦਿੱਤਾ ਹੈ।ਉਸ ਸਮੇਂ ਸਾਉਣ ਮਹੀਨੇ ਨੂੰ ਇੱਕ ਸ਼ਗਨ ਵਜੋਂ ਵੇਖਿਆ ਜਾਂਦਾ ਸੀ।ਸੱਜ ਵਿਆਹੀਆਂ ਦੀ ਤਾਂ ਸਾਉਣ ਮਹੀਨਾ ਰੂਹ ਹੁੰਦੀ ਸੀ। ਇੱਕ ਰੀਤੀ ਰਿਵਾਜ਼ ਅਧੀਨ ਸਾਉਣ ਮਹੀਨੇ ਦੀ ਮਹੱਤਤਾ ਹੁੰਦੀ ਸੀ। ਵਿਆਹ ਤੋਂ ਬਾਅਦ ਜਿਹੜਾ ਪਹਿਲਾ ਸਾਉਣ ਮਹੀਨਾ ਆਉਂਦਾ ਸੀ ਉਹ ਮਹੀਨਾ ਕੁੜੀਆਂ ਵਲੋਂ ਮਾਪਿਆਂ ਦੇ ਘਰ ਮਨਾਇਆ ਅਤੇ ਬਿਤਾਇਆ ਜਾਂਦਾ ਸੀ। ਇਸਦਾ ਜੀਵ ਵਿਗਿਆਨਕ ਅਤੇ ਸੱਭਿਆਚਾਰਕ ਪੱਖ ਮੰਨਿਆ ਜਾਂਦਾ ਸੀ। ਉਸ ਸਮੇਂ ਦੀਆਂ ਪੀੜ੍ਹੀਆਂ ਨੇ ਆਪਣੇ ਤੌਰ ਤਰੀਕੇ ਨਾਲ ਇਸ ਮਹੀਨੇ ਨੂੰ ਰੀਤੀ ਰਿਵਾਜ਼ ਦੀ ਪਰਵਾਜ਼ ਬਣਾਇਆ ਸੀ। ਮਾਪਿਆਂ ਅਤੇ ਸਹੁਰਿਆਂ ਵਲੋਂ ਇਸ ਨੂੰ ਤਿਉਹਾਰ ਦੇ ਤੌਰ ਤੇ ਸਾਂਭ ਕੇ, ਵਿਆਹ ਤੋਂ ਬਾਅਦ  ਪ੍ਰੀਤਾਂ ਦਾ ਵਣਜਾਰਾ ਬਣਾ ਕੇ ਸਮਾਜ ਵਿੱਚ ਪੇਸ਼ ਕੀਤਾ ਜਾਂਦਾ ਸੀ। ਕੁਦਰਤ ਨੇ ਵੀ ਇਸ ਮਹੀਨੇ ਦੀ ਭਿੰਨਤਾ ਭਰਪੂਰ ਚਿੱਤਰਕਾਰੀ ਕੀਤੀ ਹੈ। ਇਸ ਮਹੀਨੇ ਇਕੱਠੀਆਂ ਹੋਈਆਂ ਸਹੇਲੀਆਂ ਭਾਦੋਂ ਮਹੀਨੇ ਦੇ ਵਿਛੋੜੇ ਨੂੰ ਇਉਂ ਬਿਆਨਦੀਆਂ ਹਨ:-
"ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ"
  ਨਾਨਕਸ਼ਾਹੀ ਕੈਲੰਡਰ ਅਨੁਸਾਰ ਚੇਤ ਮਹੀਨੇ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਕੇ ਸਾਉਣ ਮਹੀਨਾ ਦੇਸੀ ਮਹੀਨਿਆਂ ਦੀ ਇੱਕ ਲੜੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਮਾਜ ਦੇਸੀ ਹੁੰਦਾ ਸੀ ਉਦੋਂ ਮਹੀਨੇ ਵੀ ਦੇਸੀ ਪ੍ਰਚੱਲਿਤ ਹੁੰਦੇ ਸਨ।ਹਰ ਮਹੀਨੇ ਦੀ ਭਿੰਨਤਾ ਮੌਸਮੀ ਲਿਹਾਜ਼ ਨਾਲ ਵੱਖੋ ਵੱਖ ਹੁੰਦੀ ਹੈ। ਅੱਜ ਲੋਕ  ਸਾਉਣ ਮਹੀਨੇ ਦੇ ਅਤੀਤ ਨੂੰ ਮਹਿਸੂਸ ਕਰਕੇ ਉਸ ਵੱਲ ਜਾਣ ਦਾ ਹੁਲਾਰਾ ਲੈਂਦੇ ਹਨ ,ਪਰ ਸਮੇਂ ਦੇ ਹਲਾਤਾਂ ਮੁਤਾਬਿਕ ਸਭ ਕੁੱਝ ਵਕ਼ਤ ਦੀ ਹਨ੍ਹੇਰੀ ਵਿੱਚ ਗੁੰਮ ਹੋ ਜਾਂਦਾ ਹੈ। ਸਾਉਣ ਦਾ ਸੰਧਾਰੇ ਨਾਲ ਡੂੰਘਾ ਸਬੰਧ ਹੈ। ਅੱਜ ਦੋਵੇਂ ਅਤੀਤ ਦੀ ਸੱਭਿਆਚਾਰਕ ਵਿਰਾਸਤ ਨੂੰ ਲੱਭ ਰਹੇ ਹਨ। ਮਾਪਿਆਂ ਵਲੋਂ ਵਿਆਹ ਤੋਂ ਬਾਅਦ ਧੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ , ਪਰ ਹੁਣ ਅਤੀਤ ਅਤੇ ਵਰਤਮਾਨ ਦੇ ਸੰਧਾਰੇ ਵਿੱਚ ਅੰਤਰ ਹੈ। ਜ਼ਮਾਨੇ ਮੁਤਾਬਿਕ ਸਾਉਣ ਦੇ ਸੁਨੇਹੇ ਵੀ ਬਦਲ ਗਏ ਹਨ।ਸਾਉਣ ਮਹੀਨੇ ਦੀ ਕੁਦਰਤ ਨਾਲ ਸਾਂਝ ਤਾਂ ਕਾਇਮ ਹੈ ਪਰ ਲੋਕਾਂ ਅੰਦਰ ਸਾਉਣ ਦਾ ਸਲੀਕਾ ਰੀਤੀ ਰਿਵਾਜ਼ ਦੀ ਪਰਵਾਜ਼ ਨਹੀਂ ਭਰਦਾ। ਸਾਉਣ ਮਹੀਨੇ ਚਾਅ ਮਲਾਰ, ਰੌਣਕ ਅਤੇ ਰੰਗਲੀ ਮਿਜ਼ਾਜ ਦੀਆਂ ਫਿਜਾਵਾਂ ਅਤੇ ਹਵਾਵਾਂ ਚੱਲਦੀਆਂ ਹਨ। ਮੋਰਾਂ ਦੀਆਂ ਪੈਲਾਂ ਅਤੇ ਕੂਕਾਂ ਕੁਦਰਤ ਦੇ ਸੰਦੇਸ਼ ਵਾਹਕ ਵਜੋਂ ਕੰਮ ਕਰਦੀਆਂ ਲੱਗਦੀਆਂ ਹਨ।ਇੱਕ ਵੱਖਰੀ ਖਿੱਚ ਅਤੇ ਦਿਲ ਟੁੰਬਵਾਂ ਵਰਨਣ ਮਿਲਦਾ ਹੈ।ਇਹ ਵੰਨਗੀ ਬਾਕੀ ਮਹੀਨਿਆਂ ਨਾਲੋਂ ਸਾਉਣ ਦੇ ਵੱਖਰੇ ਪਰਛਾਵਿਆਂ ਨਾਲ‌ ਮਉਲੀ ਧਰਤੀ ਤੇ ਸਵਰਗ ਲੱਗਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਫੁਰਮਾਇਆ ਹੈ:-
  " ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ"
         ਇਸ ਮਹੀਨੇ ਦਾ ਮਨੁੱਖੀ ਜੀਵਨ ਲਈ ਅਧਿਆਤਮਕ ਪੱਖ ਪਵਿੱਤਰ ਗੁਰਬਾਣੀ ਵਿੱਚ ਦਰਜ ਹੈ। ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ:-
"ਸਾਵਿਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ,
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ,
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ,
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ,
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ,
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣ ਹਾਰੁ,
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ"
      ਹਾੜ੍ਹ ਦੇ ਝੰਬੇ ਰੁੱਖ, ਮਨੁੱਖ ਗਰਮੀ ਦੀ ਤਪਸ਼ ਤੋਂ ਬਾਅਦ ਸਾਉਣ ਮਹੀਨੇ ਦੀ ਸਿੱਲ ਅਤੇ ਸਿੱਲ੍ਹੀ ਹਵਾ ਨਾਲ ਕੁੱਝ ਰਾਹਤ ਮਹਿਸੂਸ ਕਰਦੇ ਹਨ।ਕਈ ਵਾਰ ਅਜਿਹਾ ਆਲਮ ਹੁੰਦਾ ਹੈ ਕਿ ਬਾਹਰ ਮੀਂਹ ਵਰ੍ਹਦਾ ਹੈ ਅੰਦਰ ਹੁੰਮਸ ਨਾਲ ਮੁੜ੍ਹਕੋ ਮੁੜ੍ਹਕੀ  ਹੁੰਦੇ ਹਨ।ਇਸ ਮਹੀਨੇ ਦੀ ਕਥਾ ਵਿਚਾਰ ਹੈ ਕਿ ਇਹ ਸੱਪਾਂ, ਮਿਰਗਾਂ ਅਤੇ ਮੱਛੀਆਂ ਨੂੰ ਖੁਸ਼ੀ ਦਿੰਦਾ ਹੈ,ਜਦ ਕਿ ਬਲਦ ਜੋ ਗਊ ਦਾ ਜਾਇਆ ਹੁੰਦਾ ਹੈ, ਗਰੀਬ, ਰਾਹਗੀਰ ਅਤੇ ਨੌਕਰ ਚਾਕਰ ਨੂੰ ਨਾ-ਖੁਸ਼ ਕਰਦਾ ਹੈ।ਇਸ ਮਹੀਨੇ ਬੰਬੀਹਾ ਪਪੀਹਾ ਕੁਦਰਤ ਨਾਲ ਸਾਂਝ ਪਾਉਣ ਕਰਕੇ ਸਾਉਣ ਮਹੀਨੇ ਨਾਲ ਕੁਦਰਤੀ ਸੰਬੰਧ ਗੂੜ੍ਹਾ ਕਰਦਾ ਹੈ।ਇਹ ਚਾਤ੍ਰਿਕ ਪਪੀਹਾ ਮੀਂਹ ਦੀ ਪੁਕਾਰ ਕਰਕੇ ਸਵਾਤੀ ਬੂੰਦ ਮੰਗਦਾ ਹੈ । ਬਾਂਗਾਂ ਬਹਾਰਾਂ ਦੇ ਰੰਗ ਨਾਲ ਕੋਇਲਾਂ ਸੁਰੀਲੀ ਸੁਰ ਕੱਢਦੀਆਂ ਹਨ।ਧਨੀ ਰਾਮ ਚਾਤ੍ਰਿਕ ਦਾ ਚਿਤਰਨ:-
"ਸਾਉਣ ਮਹੀਨਾ ਵਰਸਾਉਣ ਆਇਆ,
ਹਰ ਇਤਵਾਰ ਖਿੰਡੀਂਦੇ ਸਾਂਵੇਂ,
ਨੂੰਹਾ ਧੀਆਂ ਪੀਂਘਾਂ ਮਾਨਣ ਅੰਬਾਂ ਤੇ ਪਿੱਪਲਾਂ ਦੀ ਛਾਂਵੇਂ,
ਬੱਦਲਾਂ ਗਜ ਗਜ ਛਹਿਬਰ ਲਾਈ,
ਦਾਦਰ,ਮੋਰ ਪਪੀਹੇ ਬੋਲੇ,
ਕੰਤ ਵਿਛੁੰਨੀਆਂ ਸੁਲਗਣ ਲੁਕ -ਲੁਕ,
ਰੋ-ਰੋ, ਬੁੱਕ -ਬੁੱਕ ਅੱਥਰੂ ਡੋਲ੍ਹੇ"
       ਕੁਦਰਤ ਦਾ ਮਾਨਵੀਕਰਨ ਕਰਦਾ ਸਾਉਣ ਸਾਹਿਤ ਅਤੇ ਸੱਭਿਆਚਾਰ ਵਿੱਚ ਆਪਣੀ ਸੁਰ ਅਲਾਪਣ ਦਾ ਕੰਮ ਨਿਰੰਤਰ ਕਰਦਾ ਰਹੇਗਾ। ਪਿੱਪਲਾਂ ਬੋਹੜਾਂ ਥੱਲੇ ਪੀਂਘਾਂ ਝੂਟਦੀਆਂ ਕੁੜੀਆਂ ਚੰਨ ਮਾਹੀ ਦੇ ਪਿਆਰ ਦੇ ਸੁਪਨੇ ਲੈਂਦੀਆਂ ਨੂੰ ਨੰਦ ਲਾਲ ਨੂਰਪੁਰੀ ਦੇ ਇਉਂ ਕਲਮਾਂ ਰਾਹੀਂ ਸੁਨੇਹਾ ਦਿੱਤਾ ਹੈ:-
"ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ,
ਸਾਉਣ ਦਾ ਮਹੀਨਾ ਪੀਂਘਾਂ ਤੇਰੀਆਂ ਤੇ ਮੇਰੀਆਂ "
      ਪਿੰਡਾਂ ਦੇ ਜੀਵਨ ਦੀ ਪੇਸ਼ਕਾਰੀ ਕਰਦੀ ਕਹਾਵਤ ਜੋਂ ਖੇਤੀ ਦਾ ਕੁਦਰਤੀ ਪੱਖ ਦੱਸਦੀ ਹੈ।
"ਨਾ ਸਾਉਣ ਹਰੇ,ਨਾ ਹਾੜ੍ਹ ਸੁੱਕੇ "
      ਕੁਦਰਤ ਨਾਲ ਸਾਂਝ ਪੁਆਉਣ ਲਈ ਸਾਵਣ ਦੀ ਉਡੀਕ ਕਰਦਾ ਸੱਭਿਆਚਾਰ ਨੱਚਣ ਗਾਉਣ ਲਈ ਵਿਆਂਹਦੜ ਕੁੜੀਆਂ ਨੂੰ ਹੁਲਾਰਾ ਦਿੰਦਾ ਹੈ। ਰੰਗ ਬਿਖੇਰਦਾ ਸਾਉਣ ਗਿੱਧੇ ਦੇ ਪਿੜ ਬੰਨਦਾ ਹੋਇਆ ਲੋਕ ਕਾਵਿ ਰਾਹੀਂ ਸੁਨੇਹਾ ਦਿੰਦਾ ਹੈ:-
"ਛੰਮ-ਛੰਮ,ਛੰਮ-ਛੰਮ ਪੈਣ ਫੁਹਾਰਾਂ,
ਬਿਜਲੀ ਦੇ ਰੰਗ ਨਿਆਰੇ,
ਆਓ ਭਰਾਵੋ, ਗਿੱਧਾ ਪਾਈਏ,
ਸਾਨੂੰ ਸਾਉਣ ਸੈਨਤਾਂ ਮਾਰੇ,
ਫੇਰ ਕਦ ਨੱਚਾਂਗੇ, ਸਾਉਣ ਚ ਨੱਚਣ ਸਾਰੇ "
           ਸਾਉਣ ਦਾ ਮਹੀਨਾ ਪਿਆਰ ਦੀ ਰੁੱਤ ਅਤੇ ਰੂਹ ਹੁੰਦੀ ਹੈ। ਪਿਆਰ, ਸੁਹੱਪਣ ਅਤੇ ਕੁਦਰਤ ਨੂੰ ਬੁੱਕਲ ਵਿੱਚ ਸਾਂਭੀ ਬੈਠਾ ਸਾਉਣ ਪਿਆਰ ਦੀਆਂ ਪੀਂਘਾਂ ਝੂਟਣ ਲਈ ਪ੍ਰੇਰਿਤ  ਕਰਦਾ ਰਹੇਗਾ। ਕਾਲੀਆਂ ਘਟਾਵਾਂ, ਆਥਣ ਦੀ ਚਮਕੋਰ ਅਤੇ ਅਣਹੁੰਦੇ ਘੋਰਦੇ ਬੱਦਲ ਸਾਉਣ ਦੀ ਤਰਜ਼ਮਾਨੀ ਕਰਦੇ ਰਹਿਣਗੇ।ਇਸੇ ਨਾਲ ਪੰਜਾਬੀਆਂ ਦਾ ਅਮੀਰ ਵਿਰਸਾ ਅਤੇ ਸੱਭਿਆਚਾਰ ਤਰੋਤਾਜ਼ਾ ਰਹੇਗਾ। ਸਾਉਣ ਪ੍ਰੀਤਾਂ ਦਾ ਸਿਰਨਾਵਾਂ ਲਿਖਦਾ ਹੋਇਆ ਪ੍ਰੋਫੈਸਰ ਮੋਹਨ ਸਿੰਘ ਦੀਆਂ ਅਵਾਜ਼ਾਂ ਸੁਣਾਉਂਦਾ ਰਹੇਗਾ:-
"ਸਾਉਣ ਦਾ ਮਹੀਨਾ, ਗੂੜ੍ਹੇ ਪ੍ਰੀਤਾਂ ਦੇ ਰੰਗ ਵੇ,
ਧਰਤੀ ਦੇ ਲੋਕ ਵੀਣੀ ਗਗਨਾਂ ਦੀ ਤੰਗ ਵੇ,
ਦੁਨੀਆਂ ਨੇ ਸੰਗ ਛੱਡੀ, ਤੂੰ ਵੀ ਛੱਡ ਸੰਗ ਵੇ"

ਘਰੇ ਮੇਰੇ ਜੇਠ ਦੀ ਪੁੱਗੇ - ਸੁਖਪਾਲ ਸਿੰਘ ਗਿੱਲ

" ਲਾਣੇਦਾਰ ਨੂੰ ਪੁੱਛ ਲੈ ਪੁੱਤ"ਨਵੀਂ ਵਿਆਹੀ ਬਹੂ ਨੂੰ ਸੱਸ ਨੇ ਉਦੋਂ ਕਿਹਾ ਜਦੋਂ ਬਹੂ ਨੇ ਪਿਓਕੇ ਜਾਣ ਲਈ ਪੁਛਿਆ। ਬੇਬੇ ਲਾਣੇਦਾਰ ਕੌਣ ਹੈ?ਤੇਰਾ ਜੇਠ ਹੈ। ਅੱਗੇ ਨੂੰ ਵੀ ਹਰ ਕੰਮ ਉਸੇ ਨੂੰ ਪੁੱਛੀਂ, ਨਾਲੇ ਹੋਰ ਐ ਉਸ ਦੇ ਅੱਗੇ ਜ਼ਬਾਨ ਬੰਦ ਰੱਖਣੀ। ਘੁੰਡ ਵੀ ਹਮੇਸ਼ਾ ਕੱਢਣਾ।ਜੇਠ ਮੁਹਰੇ ਸਿਰ ਤੋਂ ਚੂੰਨੀ ਵੀ ਨਹੀਂ ਉਤਰਨੀ ਚਾਹੀਦੀ।ਬੇਬੇ ਨੇ ਸੱਸ ਰੂਪ ਵਿੱਚ ਬਹੂ ਨੂੰ ਨਸੀਹਤ ਦਿੱਤੀ।..... ਠੀਕ ਹੈ ਬੇਬੇ ਜੀ। ਫਿਰ ਹੁਣ ਦੱਸੋ ਮੈਂ ਮਾਪਿਆਂ ਨੂੰ ਜਾਵਾਂ। ... ਠਹਿਰ, ਠਹਿਰ......। ਵੇ ਮਲੂਕਿਆ ! ਬਹੂ ਮਾਪੀ ਜਾਣ ਨੂੰ ਪੁੱਛਦੀ ਐ, ਬੇਬੇ ਪੁੱਤ ਨਾਲ ਅੰਦਰੋਂ ਜੁੜੀ ਤਾਰ ਦਾ ਸਹਾਰਾ ਲੈ ਕੇ ਫਫਾਕੁੱਟ ਤਰਜ਼ ਚ ਉੱਚੀ ਬੋਲ ਕੇ ਪੁੱਛਦੀ ਹੈ,ਕੀ ਕਹਿਣਾ ਇਸ ਨੂੰ?...."ਇਸ ਨੂੰ ਕਹਿ ਕਿ ਅੱਜ ਤੱਕ ਉੱਥੇ ਹੀ ਰਹੀ।ਇਸ ਵਾਂਗ ਇਸ ਘਰ ਚੋਂ ਹੋਰ ਤਾਂ ਇਸ ਤਰ੍ਹਾਂ ਕੋਈ ਪੁੱਛਣ ਦੀ ਹਿੰਮਤ ਨਹੀਂ ਕਰਦੀ,ਇਹ ਆਈ ਨਵੀਂ ਮਹਾਰਾਣੀ , ਨਹੀਂ ਜਾਣਾ ਅਜੇ,ਕੰਮ ਬਹੁਤ ਹੈ।ਨਾਲ ਹੋਰ ਕਰੀਂ ਬੇਬੇ,ਇਸ ਦੀ ਮਾਂ ਨੂੰ ਵੀ ਦੱਸ ਦੇਵੀਂ ਕਿ ਐਵੇਂ ਤੁਰੇ ਰਹਿਣ ਦਾ ਸਾਡੇ ਘਰ ਰਿਵਾਜ਼ ਨਹੀਂ ਹੈ।"ਜੇਠ ਨੇ ਲਾਣੇਦਾਰੀ ਲਹਿਜ਼ੇ ਚ ਕਿਹਾ। ਨਵੀਂ ਵਿਆਹੀ ਨੂੰਹ ਨੂੰ ਖਾਮੋਸ਼ ਖੜ੍ਹੀ ਨੂੰ ਇੱਕ ਗਾਣਾ ਚੇਤੇ ਆਇਆ।ਉਸ ਅਨੁਸਾਰ ਆਪਣੇ ਲਈ ਗਿਣਤੀਆਂ ਮਿਣਤੀਆਂ ਕਰਨ ਲੱਗੀ।
"ਘਰੇ ਮੇਰੇ ਜੇਠ ਦੀ ਪੁੱਗੇ ,
ਰਾਂਝਾ ਰੁਲ ਜੁ ਬੱਕਰੀਆਂ ਚਾਰੇ,
ਵੇ ਚਿੱਤ ਕਰਾਂ ਹੋ ਜਾ ਸਾਧਣੀ,
ਸੱਸ ਚੰਦਰੀ ਬੋਲੀਆਂ ਮਾਰੇ"
                             ਦਰਵਾਜ਼ਾ  ਖੜਕਿਆ,"ਮਲੂਕਿਆ ਘਰੇਂ ਹੈ?.....ਆ ਜਾਓ ਲੰਘ ਆਓ ਲਾਲਾ ਜੀ ਦੱਸੋ ਕੀ ਸੇਵਾ ਸੁਵਾ ਕਰੀਏ,"ਲਾਣੇਦਾਰ ਨੇ ਕਿਹਾ।..."ਓ ਭਾਈ ਹਾੜ੍ਹੀ ਵੇਚ ਵੱਟ ਲਈ ਮੈਂ ਤਾਂ ਆਇਆ ਹਿਸਾਬ ਕਰਨ".... ਮਲੂਕੇ ਨੇ ਬੇਬੇ ਤੋਂ ਹਿਸਾਬ ਕਿਤਾਬ ਦੀ ਕਾਪੀ ਫੜ ਕੇ ਲਾਲੇ ਨਾਲ ਲੇਖਾ- ਜੋਖਾ ਕਰ ਲਿਆ।.....ਲਾਲਾ ਉੱਠਿਆ...ਐਂ ਕਰੀਂ ਆ ਜਾਈਂ ਨਵੇਂ ਕੱਪੜੇ ਆਏ ਹਨ ਲੈ ਆਇਓ।.... ਨਹੀਂ ਲਾਲਾ ਜੀ ਅਗਲੀ ਛਿਮਾਹੀ ਦੇਖਾਂਗੇ।ਇਹ ਬਿਰਤਾਂਤ ਦੇਖ ਕੇ ਨਵੀਂ ਨੂੰਹ ਸੋਚ ਚ ਡੁੱਬ ਗਈ ਕਿ ਘਰ ਚ ਤਾਂ ਜੇਠ ਦੀ ਹੀ ਪੁੱਗਤ ਹੈ।ਇਹ ਧਾਰਨਾ ਨੂੰਹ ਦੇ ਦਿਲ ਦਿਮਾਗ ਚ ਦੋਹਰੀ ਤਰ੍ਹਾਂ ਪਕੇਰੀ ਹੋ ਗਈ,ਜੇਠ ਨੂੰ ਪੁੱਛਣਾ ਅਤੇ ਹਿਸਾਬ ਕਿਤਾਬ ਕਰਕੇ।... ਸੋਚਿਆ ਕਿ ਸ਼ਾਮ ਨੂੰ ਘਰ ਆਉਂਦੇ ਪਤੀ ਨੂੰ ਦੱਸਾਂਗੀ।ਇਹ ਸੋਚ ਕੇ ਦਿਲਾਸਾ ਆ ਗਿਆ। ਸ਼ਾਮ ਨੂੰ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਤੂੰ ਤਾਂ ਹੱਡਭੰਨਵੀਂ ਮੁਸ਼ੱਕਤ ਕਰਨ ਵਾਲਾ ਹੈ।ਤੇਰਾ ਭਾਈ ਮੁਫ਼ਤ ਦਾ ਲਾਣੇਦਾਰ ਹੈ,ਨਾ ਕੰਮ ਨਾ ਕਾਰ।ਫਿਰ ਵੀ ਪੁੱਛ ਉਸੇ ਦੀ ਹੁੰਦੀ ਹੈ।
             ਮੈਂ ਪੇਕੇ ਜਾਣਾ ਹੈ।ਘਰਵਾਲੇ ਨੂੰ ਕਿਹਾ।...ਇਹ ਅਖਤਿਆਰ ਵੀਰੇ ਕੋਲ ਹਨ ਉਹੀ ਭੇਜੂ, ਤੈਨੂੰ ਦੱਸਿਆ ਹੈ ਕਿ ਸਭ ਨੂੰ ਪੁੱਛ ਲਿਆ।...ਬਸ ਫਿਰ ਅੱਗੇ ਪੁੱਛਣ ਦੀ ਲੋੜ ਹੀ ਨਹੀਂ ਹੈ,ਜੋ ਕਰੂੰ ਲਾਣੇਦਾਰ ਹੀ ਕਰੂੰ। ...ਜੇਠ ਲਾਣੇਦਾਰ ਨੇ ਕਰਨਾ ਸੀ ਤਾਂ ਵਿਆਹ ਕਿਉਂ ਕਰਵਾਇਆ?ਨੋਕ ਝੋਕ ਸ਼ੁਰੂ ਹੋ ਗਈ।ਆਖਰ ਸੰਯੁਕਤ ਪਰਿਵਾਰ ਦੇ ਕਠੇਬੇ ਵਿੱਚ ਢਲਣਾ ਹੀ ਪੈਣਾ ਹੈ।...... ਮੇਰੀ ਮਾਂ ਵੀ ਇਸੇ ਤਰ੍ਹਾਂ ਦੱਸਿਆ ਕਰਦੀ ਸੀ,....ਬਹੂ ਸੋਚ ਵਿਚ ਡੁੱਬ ਗਈ।
      ਸੰਯੁਕਤ ਪਰਿਵਾਰਾਂ ਵਿੱਚ ਅਨੁਸ਼ਾਸਨ ਦੀ ਇਹੀ ਬੁਨਿਆਦ ਸੀ, ਕਿ ਸਭ ਕੁੱਝ ਲਾਣੇਦਾਰ ਦੇ ਅਧੀਨ ਹੁੰਦਾ ਸੀ।ਲਾਣੇਦਾਰ ਨਿਰਪੱਖ ਅਤੇ ਘਰ ਨੂੰ ਅੱਗੇ ਤੋਰਨ ਲਈ ਤਤਪਰ ਰਹਿੰਦਾ ਸੀ। ਉਸਨੂੰ ਸਾਰਾ ਪਰਿਵਾਰ ਇੱਕ ਸਮਾਨ ਹੁੰਦਾ ਸੀ।....ਕਹਾਵਤ,"ਇੱਕ ਆਪਣਾ ਪੁੱਤ ਦੂਜਾ ਭਾਈ ਦਾ ਪੁੱਤਰ ਹੁੰਦਾ ਹੈ,ਜੋ ਆਪਣਾ ਪੁੱਤ ਹੁੰਦਾ ਹੈ ਓ ਭਾਈ ਦਾ ਨਹੀਂ ਹੁੰਦਾ " ਇਸ ਤੱਥ ਕਹਾਵਤ ਤੋਂ ਕੋਹਾਂ ਦੂਰ ਰਹਿ ਕੇ ਹੀ ਲਾਣੇਦਾਰੀ ਅਤੇ ਪਰਿਵਾਰ ਇਕੱਠਾ ਰਹਿੰਦਾ ਹੈ। ਸ਼ਾਮ ਨੂੰ ਸਲਾਹ ਮਸ਼ਵਰਾ ਅਤੇ  ਸਵੇਰੇ ਕਰਨ ਵਾਲੇ ਕੰਮਾਂ ਦੀ ਰੂਪਰੇਖਾ ਵੀ ਨੂੰਹ ਦਾ ਜੇਠ ਲਾਣੇਦਾਰ ਹੀ ਤੈਅ ਕਰਦਾ। ਹਾੜ੍ਹੀ ਸਾਉਣੀ ਘਰ ਲਈ ਖਰੀਦੋ ਫਰੋਖਤ ਲਾਣੇਦਾਰੀ ਰੂਪ ਵਿੱਚ ਜੇਠ ਹੀ ਕਰਦਾ। ਹਾਂ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਲਾਣੇਦਾਰ ਜੇਠ ਦੀ ਆਪਣੀ ਬੇਬੇ ਅਤੇ ਘਰ ਦੀ ਸਿਆਣੀ ਨਾਲ ਅੰਦਰੂਨੀ ਤਾਰ ਜੁੜੀ ਹੁੰਦੀ ਸੀ। ਦੋਵੇਂ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਸਨ। ਨਵੀਂ ਨੂੰਹ  ਨੂੰ ਵਿਅੰਗ ਯਾਦ ਆਇਆ,"ਕਿ ਦੇਸੀ ਮਹੀਨਿਆਂ ਚ ਸਿਰਫ਼ ਇੱਕ ਮਹੀਨਾ ਹੀ ਜੇਠ ਦਾ ਹੁੰਦਾ ਹੈ।ਇਸ ਮੇਰੇ ਘਰ ਵਿੱਚ ਤਾਂ ਸਾਰਾ ਸਾਲ ਹੀ ਜੇਠ ਦੀ ਪੁੱਗਦੀ ਰਹੂ"ਇਸ ਵਿਅੰਗ ਨੂੰ ਅੰਦਰੋਂ ਅੰਦਰ ਹੀ ਹਜ਼ਮ ਕਰ ਗਈ ਕਿਉਂਕਿ ਘਰ ਦਾ ਅੰਦਾਜ਼ਾ ਉਸ ਵਲੋਂ ਲਗਾਇਆ ਜਾ ਚੁੱਕਾ ਸੀ ਕਿ ਕਿੰਨਾ ਅਗਾਂਹਵਧੂ ਹੈ,ਇਹ ਕਿ ਇਸਦੇ ਹੋਰ ਅਰਥ ਕੱਢ ਕੇ ਮੈਂਨੂੰ ਹੋਰ ਜ਼ਲੀਲ ਨਾ ਕਰਨ..." ਔਰਤ ਦੀ ਜ਼ਾਤ ਨੂੰ ਜਿੰਨਾ ਪੁੱਤ ਪਿਆਰਾ ਹੁੰਦਾ ਹੈ ਉਂਨ੍ਹਾਂ ਹੀ ਪਤੀ ਪਿਆਰਾ ਹੁੰਦਾ ਹੈ।ਘਰ ਬਾਹਰ ਪਤੀ ਦੀ ਬੇਵਸੀ ਨਹੀਂ ਸਹਾਰ ਸਕਦੀ।ਘਰ ਵਿੱਚ ਜੇ ਜੇਠ ਦੀ ਬਜਾਏ ਉਸ ਦੇ ਪਤੀ ਦੀ ਚੱਲੇ ਤਾਂ ਸ਼ੀਨਾ ਚੌੜਾ,ਨਾ ਚੱਲੇ ਤਾਂ ਸ਼ੀਨਾ ਜ਼ੋਰੀ ਸਹਿਣ ਕਰਨੀ ਪੈਂਦੀ ਹੈ। ਛੜੇ  ਜੇਠ ਵਿੱਚ ਵੱਧ ਲਾਲਸਾ ਹੁੰਦੀ ਹੈ। ਇਸ ਦੀ ਜ਼ਮੀਨ ਜਾਇਦਾਦ ਇਸ ਦੀ ਸੇਵਾ ਕਰਵਾਉਂਦੀ ਹੈ ਜੋ ਕਿ ਜ਼ਿਆਦਾਤਰ ਛੋਟੀ ਭਰਜਾਈ ਫਰਜ਼ ਸਮਝ ਕੇ ਵੀ ਕਰਦੀ ਹੈ।ਨਵੀਂ ਨੂੰਹ ਵੱਡੀ ਉਮਰ ਅਤੇ ਵਿਚਾਰਧਾਰਾ ਕਰਕੇ ਦਿਓਰ ਨੂੰ ਵੱਧ ਮਾਨਤਾ ਦਿੰਦੀ ਹੈ।ਇਸ ਲਈ ਲੋਕ ਬੋਲੀ ਵੀ ਹੈ।
"ਦਿਓਰ ਭਾਵੇਂ ਮੱਝ ਚੁੰਘ ਜਾਏ, ਛੜੇ ਜੇਠ ਨੂੰ ਲੱਸੀ ਨੀ ਦੇਣੀ" ਇਸ ਤੋਂ ਇਲਾਵਾ ਸਾਡੇ ਕੁੱਝ ਗਾਣਿਆਂ ਨੇ ਵੀ ਜੇਠ ਨੂੰ ਅਸੱਭਿਅਕ ਹਾਸ਼ੀਏ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਜੇਠ ਦਾ ਰਿਸ਼ਤਾ ਸਮਾਜਿਕ ਰੁਤਬੇ ਅਤੇ ਸਰੁੱਖਿਆ ਵਾਲਾ ਹੈ।ਜੇਠ ਜ਼ਿੰਮੇਵਾਰੀ ਦਾ ਅਹਿਸਾਸ ਵੀ ਰੱਖਦੇ ਹਨ। ਇਸੇ ਲਈ ਜੇਠ ਨੂੰ ਕਈ ਸਾਹਿਤਿਕ ਰੰਗਾਂ ਵਿੱਚ ਰੰਗਿਆ ਗਿਆ ਹੈ। ਜੇਠ ਦੀ ਇੱਜ਼ਤ ਅਤੇ ਸਤਿਕਾਰ ਕਰਨਾ ਸਮਾਜਿਕ ਨੈਤਿਕਤਾ ਹੁੰਦੀ ਹੈ ਇਸੇ ਲਈ ਜੇਠ ਅੱਗੇ ਘੁੰਡ ਕੱਢਣਾ ਜ਼ਰੂਰੀ ਹੁੰਦਾ ਸੀ।ਜੇਠ ਵੀ ਖੰਘੂਰਾ ਮਾਰ ਕੇ ਹੀ ਘਰ ਵੜਦਾ ਸੀ।ਇਸ ਲਈ ਭਾਬੀ ਟਕੋਰ ਕਰਦੀ ਹੈ।
"ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ,ਜੇਠ ਦੀਆਂ ਅੱਖਾਂ ਵਿਚ ਪਾ ਦਿੰਦੀ ਹਾਂ,ਘੁੰਡ ਕੱਢਣੇ ਦੀ ਅਲਖ ਮੁਕਾ ਦਿੰਦੀ ਹਾਂ"
ਮੁੱਕਦੀ ਗੱਲ ਇਹ ਹੈ ਕਿ ਪੀੜ੍ਹੀ ਦਾ ਪਾੜਾ ਨਵੇਂ ਹਾਲਾਤ ਨਵੇਂ ਮਾਹੌਲ ਲੱਭਦਾ ਹੈ, ਪਰ ਪੁਰਾਤਨ ਕਹਾਵਤਾਂ,ਦੰਦ ਕਥਾਵਾਂ ਅਤੇ ਗੀਤ ਸੰਗੀਤ ਡੂੰਘੀ ਸੋਚ ਅਤੇ ਖੋਜ ਵਿੱਚੋਂ ਨਿਕਲੇ ਸਨ। ਇਹਨਾਂ ਵਿੱਚ ਹੀ ਸਮਾਜਿਕ ਆਰਥਿਕ ਤਰੱਕੀ ਛੁਪੀ ਹੋਈ ਸੀ।

ਬੁਢਾਪਾ ਆਉਂਦਾ ਹੈ ਜਾਂਦਾ ਨਹੀਂ - ਸੁਖਪਾਲ ਸਿੰਘ ਗਿੱਲ

     ਬੁਢਾਪਾ ਜੀਵਨ ਦਾ ਹਿੱਸਾ ਹੈ।ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ "ਆਪਣੀ ਅਕਲ ਬੇਗਾਨੀ ਮਾਇਆ ਵੱਡੀ "ਦਾ ਬੇਹੂਦਾ ਸਬੂਤ ਦਿੱਤਾ ਜਾਂਦਾ ਹੈ।ਪਹਿਲੀ ਕਿਲਕਾਰੀ ਤੋਂ ਮਰਨ ਤੱਕ ਮਨੁੱਖ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਦਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਸਾਡੀ ਪਵਿੱਤਰ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ:-
    "ਬਾਲ ਜੁਵਾਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ "
       ਇਹਨਾਂ ਤਿੰਨਾਂ ਅਵਸਥਾਵਾਂ ਵਿੱਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਥ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿੱਚ ਕਰ ਲੈਂਦੇ ਹਨ।ਇਸ ਕਰਕੇ ਇਸ ਨੂੰ ਸ਼ਰਾਪ ਵੀ ਮੰਨਿਆ ਜਾਂਦਾ ਹੈ।
ਪਹਿਲੇ ਜ਼ਮਾਨੇ ਸੰਤੁਲਿਤ ਖੁਰਾਕ ਨਾਲ ਬੁਢਾਪਾ ਦੇਰ ਨਾਲ ਆਉਂਦਾ ਸੀ। ਅੱਜਕਲ੍ਹ ਬੁਢਾਪੇ ਦੀ ਕੋਈ ਉਮਰ ਨਹੀਂ ਹੈ।
      ਘਰ ਪਰਿਵਾਰ ਵਿੱਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਆਨੰਦ ਮਾਣਦਾ ਹੈ।ਸਭ ਕੁੱਝ ਧੀਆਂ ਪੁੱਤਰਾਂ ਲਈ ਇਕੱਠਾ ਕਰਦਾ ਹੈ। ਭਾਗਾਂ ਵਾਲੇ ਹੁੰਦੇ ਹਨ ਉਹ ਜਿਹਨਾਂ ਦਾ ਬੁਢਾਪਾ ਸੌਖਾ ਅਤੇ ਖੁਸ਼ੀ ਨਾਲ ਆਪਣੀ ਫੁੱਲਵਾੜੀ ਵਿੱਚ ਬੈਠਦਾ ਹੈ। ਜਵਾਨੀ ਵਿੱਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿੱਚ ਇਹ ਸਹਾਰਨਯੋਗ ਨਹੀਂ ਹੁੰਦੀਆਂ।
ਇਹ ਇਕੱਲਤਾ ਹੰਢਾਉਂਦਾ ਹੈ,ਪਰ ਇਸ ਅਵਸਥਾ ਵਿੱਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿੱਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ।ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ,ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿੱਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿੱਚ ਕੀਤੀਆਂ ਚੇਤੇ ਆਉਂਦੀਆਂ ਹਨ,ਹੋ ਕੁੱਝ ਵੀ ਨਹੀਂ ਸਕਦਾ।ਜੋ ਭੁੱਲਣਾ ਚਾਹੁੰਦਾ ਹੈ ਉਹ ਭੁੱਲ ਨਹੀਂ ਹੁੰਦਾ,ਵਾਰ ਵਾਰ ਗਰਾਰੀ ਉੱਥੇ ਹੀ ਖੜ੍ਹ ਜਾਂਦੀ ਹੈ।
     ਅਕਸਰ ਕਿਹਾ ਜਾਂਦਾ ਹੈ ਕਿ ਬੁਢਾਪੇ ਵਿੱਚ ਪਛਤਾਵਾ ਮਹਿਸੂਸ ਹੋਣ ਲੱਗਦਾ ਹੈ ਕਿਉਂਕਿ ਬਚਪਨ ਜਵਾਨੀ ਵਿੱਚ ਮਨ ਸ਼ਕਤੀਸ਼ਾਲੀ ਹੋਣ ਕਰਕੇ ਪ੍ਰਵਾਹ ਨਹੀਂ ਕਰਦਾ। ਬੁਢਾਪੇ ਵਿੱਚ ਮਨ ਕਮਜ਼ੋਰ ਹੋਣ ਕਰਕੇ ਅੱਗੇ ਆ ਜਾਂਦੀਆਂ ਹਨ। ਆਖਿਰ ਬੁਢਾਪੇ ਵਿੱਚ ਰੱਬ ਯਾਦ ਆਉਂਣ ਲੱਗਦਾ ਹੈ ।ਇਸ ਦੀ ਉਦਾਹਰਨ ਜੱਲ੍ਹਣ ਨੇ ਇਉਂ
 ਦਿੱਤੀ ਹੈ:-
  "ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ,
ਬੁੱਢੇ ਹੋ ਕੇ ਮਾਲਾ ਫੇਰੀ,ਰੱਬ ਦਾ ਉਲਾਂਭਾ ਲਾਹਿਆ"
  ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ।ਘਰ ਦੀ ਵਾਂਗਡੋਰ ਵੀ ਸਾਂਭਿਆ ਕਰਦੇ ਸਨ।ਅੱਜ ਬੁਢਾਪਾ ਰੁਲਦਾ ਤਾਂ ਆਮ  ਵੇਖਿਆ ਪਰ ਸਤਿਕਾਰਯੋਗ ਬੁਢਾਪਾ ਲੱਭਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਨੇ 1ਅਕਤੂਬਰ 1991ਨੂੰ ਬੁਢਾਪਾ ਦਿਵਸ ਮਨਾਉਣ ਲਈ ਮਤਾ ਪਾਸ ਕੀਤਾ ਸੀ। ਹੁਣ ਹਾਰਵਰਡ ਦੇ ਵਿਗਿਆਨਕ ਬੁਢਾਪੇ ਨੂੰ ਬਿਮਾਰੀ ਮੰਨਣ ਲੱਗ ਪਏ ਹਨ। ਭਾਰਤ ਬਲਵਾਨ ਸੰਸਕ੍ਰਿਤੀ ਵਾਲਾ ਮੁਲਕ ਹੋਣ ਕਰਕੇ ਇੱਥੇ ਬੁਢਾਪੇ ਦੀ ਵੰਨ ਸੁਵੰਨਤਾ ਹੈ।ਬਿਰਧ ਆਸ਼ਰਮ ਮੂੰਹ ਚਿੜਾਉਂਦੇ ਹਨ।ਬੁਢਾਪਾ ਅਤੇ ਸਮਾਜਿਕ ਕਦਰਾਂ ਵਿੱਚ ਆਈਆਂ ਤਬਦੀਲੀਆਂ, ਬੁਢਾਪੇ ਦੀ ਪ੍ਰੀਵਾਰ ਸਮਾਜ ਵਿੱਚ ਥਾਂ ਅਤੇ ਸਾਕੇਦਾਰੀ ਪ੍ਰਣਾਲੀ ਵਿੱਚ ਬੁਢਾਪੇ ਦਾ ਰੁੱਤਬਾ ਸਮਾਜ ਵਿਗਿਆਨ ਦੀ ਵਿਸ਼ੇਸ਼ ਖੋਜ ਮੰਗਦਾ ਹੈ।ਇਸ ਨਾਲ ਬੁਢਾਪੇ ਦੀਆਂ ਤ੍ਰਾਸਦੀਆਂ ਦਾ ਸੂਰਜ ਡੁੱਬ ਜਾਵੇਗਾ

ਲਾਲਸਾ ਬਰਾਸਤਾ ਮੁਆਫ਼ੀ  - ਸੁਖਪਾਲ ਸਿੰਘ ਗਿੱਲ

ਸਿਆਣਿਆਂ ਦਾ ਮੱਤ ਹੈ,"ਜਾਣਬੁੱਝ ਕੇ ਕੀਤੀ ਗਲਤੀ ਦੀ ਮੁਆਫੀ ਨਹੀਂ ਹੁੰਦੀ,ਪਰ ਅਣਜਾਣ ਪੁਣੇ ਵਿੱਚ ਹੋਈ ਗਲਤੀ ਬਖ਼ਸ਼ਣਯੋਗ ਹੁੰਦੀ ਹੈ"  ਇੱਥੇ ਤਾਂ ਸਭ ਪ੍ਰੀਭਾਸ਼ਾਵਾਂ ਅਤੇ ਮੌਕਾਪ੍ਰਸਤੀ ਨੂੰ ਬੁੱਕਲ ਵਿੱਚ ਸਾਂਭੀ ਬੈਠੇ ਰਹੇ। ... ਵੇਲਾ ਬੀਤਣ ਤੋਂ ਬਾਅਦ ਜਾਗੇ। ਖਿਮਾਂ ਨਾਲ ਕੁੱਝ ਨਾ ਕੁੱਝ ਬਖਸ਼ੀਆਂ ਰਾਹਾਂ ਜ਼ਰੂਰ ਮਿਲ ਜਾਂਦੀਆਂ ਹਨ। ਅਹਿਸਾਸ ਕਰਕੇ ਪੰਥਕ ਏਕੇ ਲਈ ਸਭ ਅਕਾਲ ਤਖ਼ਤ ਸਾਹਿਬ ਦੇ ਦਰ ਤੇ ਸਵਾਲੀ ਬਣ ਕੇ ਖੜ੍ਹ ਜਾਂਦੇ ਤਾਂ ਸਭ ਦਾ ਭਲਾ  ਸੀ।ਚਲੋ ਖੈਰ.....। ਅਣਜਾਣ ਪੁਣਾ ਸ਼ਾਇਦ ਇਹ ਤਾਂ ਸੀ  ਕੌਣ ਸਾਹਿਬ ਨੂੰ ਆਖੇਗਾ ਇੰਝ ਨਹੀਂ ਤੇ ਇੰਝ ਕਰ। ਹੋਰ ਸਭ ਅਣਜਾਣ ਨਹੀਂ ਜਾਣ ਕੇ ਸੀ।..... ਮੁਆਫ਼ੀ ਮੰਗਣ ਵਾਲੇ ਸੱਤਾ ਮਾਣਦੇ ਸਮੇਂ ਚੁੱਪ ਰਹਿਣ ਕਰਕੇ ਵੱਡੇ ਗੁਨ੍ਹਾਗਾਰ ਤਾਂ ਹੈ ਹੀ...... ਸੱਚ ਅਜੇ ਵੀ ਬੋਲਦੇ ਨਹੀਂ। ਚੁੱਪ ਦਾ ਸੱਚ ਇਹ ਸੀ,"ਜੋ ਵੱਟਿਆ ਉਹ ਖੱਟਿਆ" ਜੋ ਰਾਜਸੀ ਲਾਹਾ ਮਿਲਦਾ ਹੈ ਲੈ ਲਵੋ ਬਾਕੀ ਦੇਖਿਆ ਜਾਂਉ। ਪ੍ਰੀਵਾਰ ਪ੍ਰਸਤੀ ਹੱਕ ਨਹੀਂ ਹੁੰਦਾ ਪਰ ....।ਇਹ ਮੁਆਫ਼ੀ ਰਾਜਸੀ ਲਾਲਸਾ ਵਿੱਚੋਂ ਉਪਜੀ ਹੈ ਭਲਿਓ  ਹੋਰਾਂ ਰਾਜਸੀ ਖੇਮਿਆਂ ਵਿੱਚ ਭਟਕਣ ਲਈ ਕਹਾਵਤ ਢੁਕਵੀਂ ਹੈ,"ਜੇ ਹੁੰਦੀ ਚੱਜ ਆਚਾਰੀ ਕਾਹਨੂੰ ਫਿਰਦੀ ਬੇਗਾਨੀ ਦੁਆਰੀਂ" .... ਅਜੇ ਵੀ ਮੁਆਫ਼ੀ ਦਾ ਫੁਰਨਾ ਹਿਰਦੇ ਦੀ ਅਵਾਜ਼ ਨਹੀਂ ਹੈ ਇਹ ਤਾਂ ਜਨਤਾ ਜਨਾਰਦਨ ਨੇ ਰਾਹ ਦਿਖਾਉਣ ਕਰਕੇ.......। ..... ਨਕਾਰਿਆ ਹੱਥ ਪੱਲਾ ਮਾਰਦਾ ਹੀ ਹੈ। ਗੱਲ ਫਸ ਗਈ । ਪਹਿਲੀ ਝਲਕੇ ਤਾਂ ਸ਼ੰਕਾ ਲਗਦੀ ਸੀ।ਪਰ ਨਹੀਂ ਸੱਚੀਂ ਹੀ ਜਨਤਾ ਦੇ ਮਾਰੇ ਖਿਮਾਂ ਯਾਚਨਾ ਮੰਗ ਰਹੇ ਹਨ। ਜਿਵੇਂ ਜਨਤਾ ਬੇਵੱਸ ਸੀ ਉਵੇਂ ਹੀ ਇਹ ਵੀ ਜਨਤਾ ਨੇ ਬੇਵੱਸ.....। ਰਾਜ ਭਾਗ ਭੋਗਦਿਆਂ ਨੂੰ ਅੱਜ ਦਾ ਪਤਾ ਸੀ ਕੱਲ੍ਹ ਦਾ ਨਹੀਂ।... ਕੱਲ੍ਹ ਅੱਜ ਵਿੱਚ ਆਣ ਪਹੁੰਚੀ। ਹੁਣ ਪਛਤਾਵਾ ਕੱਲ੍ਹ ਦੇ ਪੱਲੇ ਰਹਿ ਗਿਆ ਵਖਤ ਖੁੰਝ ਚੁੱਕਾ ਹੈ ਹੱਥ ਨਹੀਂ ਆ ਸਕਦਾ।  ..... ਚਿੜੀਆਂ ਚੁਗ ਗਈ ਖੇਤ। ਬੂਟਾ ਭਲਾ ਜੜ੍ਹ ਤੋਂ ਬਿਨਾਂ ਕਿਵੇਂ ਸਲਾਮਤ ਰਹਿ ਸਕਦਾ। ..... ਪਿਛੋਕੜ ਵੱਲ ਝਾਤ ਹੀ ਨਹੀਂ ਮਾਰੀ। ਜਿੱਥੇ ਹੁਣ ਆਸ ਲਗਾਈ ਉੱਥੇ ਤਾਂ ਸਭ ਤਰ੍ਹਾਂ ਦਾ ਖਜ਼ਾਨਾ ਹੈ। ਰੂਹਾਨੀ ਰੁੱਤਬਾ ਅਤੇ ਧਾਰਮਿਕ ਪ੍ਰਭੂਸੱਤਾ ਦਾ ਕੇਂਦਰ ਬਿੰਦੂ ਹੈ। ਰਾਜਨੀਤੀ ਝੁਕ ਝੁਕ ਕੇ ਸਿੱਜਦਾ ਕਰਦੀ ਹੋਈ ਅਗਵਾਈ ਲੈਂਦੀ ਰਹੀ, ਇਹ ਤਾਂ....।ਜਾਣਦੇ ਹੋਏ ਵੀ ਅਣਜਾਣ ਬਣੇ ਨੂੰ ਢੋਈ ਨਹੀਂ ਮਿਲਦੀ, ਪਰ ਹੁਣ ਦਰ ਬਖਸ਼ਿੰਦਗੀ ਦਾ ਹੈ ‌। ...ਜਾਣੇ ਅਣਜਾਣੇ,ਪਾਪ ਪੁੰਨ, ਸੱਚ ਝੂਠ, ਭੁੱਲਾਂ ਚੁੱਕਾਂ ਦੀ ਵਿਰਾਸਤ ਤਾਂ ਪੁਰਾਣੀ ਹੈ ਪਰ ਹਾਲਾਤ, ਸਮੀਕਰਨਾਂ , ਗੁਨਾਹ,ਕੌਮ ਦੀ ਨਰਾਜ਼ਗੀ ਅਤੇ ਸਮਾਂ ਤਾਜ਼ਾ ਹੈ ਨਾਲ ਹੀ ਰਾਜਸੀ ਲਾਲਸਾ ਝਲਕਦੀ ਹੈ। ਜਾਣ ਕੇ ਅਣਜਾਣ ਬਣਿਆ ਨੂੰ ਰੱਬ ਵੀ ਨਹੀਂ ਬਖਸ਼ਦਾ। ਹੁਣ ਫੈਸਲਾ ਨਹੀਂ ,ਅਕਾਲ ਤਖਤ ਸਾਹਿਬ ਦਾ ਹੁਕਮ ਹੁੰਦਾ ਹੈ।ਇਸ ਹੁਕਮ ਨੂੰ ਝੋਲੀ ਚ ਪਾਉਣਾ ਹੀ ਧਰਮ ਹੈ।ਇਤਿਹਾਸ ਪੜ੍ਹ ਲੈਂਦੇ ਸਤਾਰਾਂ ਸੌ ਪੈਂਹਠ ਵਿੱਚ ਲਾਹੌਰ ਖਾਲਸਾ ਰਾਜ ਸਥਾਪਿਤ ਕਰਨ ਦੀ ਬੁਨਿਆਦ ਵੀ ਅਕਾਲ ਤਖ਼ਤ ਸਾਹਿਬ ਤੋਂ ਬੱਝੀ ਸੀ।  ਲੋਕਾਂ ਨੂੰ ਸੱਤਾ ਸਮੇਂ ਕੀ ਸਮਝਿਆ? ਇਸ ਦਾ ਜਵਾਬ ਲੋਕਾਂ ਨੇ ਸਭ ਕੁੱਝ ਹੰਢਾਉਂਦੇ ਹੋਏ ਦੇ ਦਿੱਤਾ ਹੈ। ਸ਼ੀਸ਼ਾ ਦਿਖਿਆ ਤਾਂ ਲੱਗਾ ਕਿ ਝੂਠ ਨਹੀਂ ਬੋਲਦਾ। .... ਫ਼ਲਸਫ਼ਾ ਬਲਵਾਨ ਉੱਤਮ ਹੈ 'ਸ਼ਰਨ ਪਰੇ ਸੋ ਤਰੇ' ......ਅਕਾਲ ਤਖਤ ਸਾਹਿਬ ਨੂੰ ਜਵਾਬ ਦੇਹ ਹੋਣ ਤੋਂ ਬਿਨਾਂ ਕਦੇ ਵੀ ਕੋਈ ਹੱਲ ਨਹੀਂ ਹੋਇਆ । ਸੰਗਤ ਬਲਵਾਨ ਹੈ।.....ਹਾਂ ਪਰ ਅਠੱਤਰ ਤੋਂ ਸਤੰਨਵੇਂ ਤੱਕ ਦਾ ਸਫ਼ਰ ਵੀ ਸੰਗਤ ਦੀ ਕਚਹਿਰੀ ਵਿੱਚ ਪਿਆ ਹੈ। ....ਆਖਰ ਜਨਤਾ ਨੂੰ ਪ੍ਕਾਸ਼ ਕਰਨਾ ਪਿਆ ਸੀ। ਚੰਗੇ ਕਰਮ ਵੀ ਹੋਏ.... ਆਖਿਰ  ਪਰਨਾਲਾ ਉਥੇ ਹੀ ਰਿਹਾ। ਬਖ਼ਸ਼ਿੰਦਗੀ ਵਾਲੇ ਦਰ ਤੇ ਜੋ ਪਹੁੰਚ ਜਾਂਦਾ ਹੈ ਉਸ ਦਾ ਲੇਖਾ ਜੋਖਾ ਕਰਕੇ ਭਵਿੱਖੀ ਅਸਰ ਨਾਲ ਨਸੀਹਤ ਦੇ ਕੇ ਹੁਕਮ ਸੁਣਾਇਆ ਜਾਂਦਾ ਹੈ।... ਹੁਕਮ ਪ੍ਰਵਾਨ ਹੁੰਦਾ ਹੈ। ਕਸੂਰਵਾਰ ਨੂੰ ਬਖਸ਼ਣਾ ਗੁਣ ਅਤੇ ਖਿਮਾਂ ਰੱਬੀ ਗੁਣ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਭੁੱਲ ਦੀ ਬਖਸ਼ਿਸ਼ ਪ੍ਰਵਾਨ ਕਰਦੀ ਹੈ"ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ,ਖਿੰਥਾ ਖਿਮਾ ਹੰਢਾਵਉ"   ਭਾਵੇਂ ਰਾਜਸੀ ਲਾਲਸਾ ਨਾਲ ਹੀ ਸਹੀ......ਆਖਿਰ ਝੁੱਕ ਕੇ ਨਿਮਰਤਾ ਨਾਲ ਬਖਸ਼ਿੰਦਗੀ ਦੇ ਦਰ ਤੇ ਪੁੱਜੇ ਹੀ ਹੋ ਤਾਂ ਕੌਮ ਵੀ ਇਹੀ ਚਾਹੁੰਦੀ ਹੈ "ਆਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋਂ ਬੀਤੀ ਸੋ ਬੀਤੀ"  ਅਕਾਲ ਤਖ਼ਤ ਮਹਾਨ ਹੈ।