ਰਾਜਨੀਤੀਵਾਨੋ ਵਾਤਾਵਰਨ ਦਾ ਖਹਿੜਾ ਤਾਂ ਛੱਡੋ

ਕਹਿੰਦੇ ਹਨ ਇੱਕ ਘਰ ਦਾ ਡੈਣ ਵੀ ਛੱਡ ਦਿੰਦੀ ਹੈ। ਇਸੇ ਤਰਜ਼ ਤੇ ਸਾਡਾ ਭੱਖਦਾ ਮੁੱਦਾ ਵਾਤਾਵਰਨ ਹੈ। ਇਸ ਨੂੰ ਵੀ ਰਾਜਨੀਤਿਕ ਗਲਿਆਰੇ ਮੁਆਫ ਨਹੀਂ ਕਰ ਰਹੇ। ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਸਹਿਜ ਤਰੀਕੇ ਨਾਲ ਇਸ ਮਸਲੇ ਨਾਲ ਸਰਬਸੰਮਤੀ ਨਾਲ ਹੱਲ ਹੋਵੇ। ਵਾਤਾਵਰਨ ਦਾ ਢਿੰਡੋਰਾ ਪਿੱਟਣ ਵਾਲੇ ਬੁੱਧੀਜੀਵੀ ਇਸ ਬਾਰੇ ਜਾਗਰੂਕ ਹਨ ਪਰ ਜਦੋਂ ਇਸ ਰਾਜਨੀਤੀ ਘੁੱਸਪੈਠ ਕਰਦੀ ਹੈ ਤਾਂ ਜਾਗਰੂਕਤਾ ਵੀ ਲਾਵਾਰਿਸ ਹੋ ਕੇ ਰਹਿ ਜਾਂਦੀ ਹੈ। ਰਾਜਨੀਤਿਕ ਜਮਾਤ ਨੂੰ ਹੋਰ ਮੁੱਦੇ ਬਹੁਤ ਹਨ ਪਰ ਇਸ ਦਾ ਖਹਿੜਾ ਛੱਡ ਕੇ ਸਰਬਸਾਂਝੀ ਰਾਏ ਬਣਾਉਣੀ ਚਾਹੀਦੀ ਹੈ। ਵਾਤਾਵਰਨ ਭਵਿੱਖ ਦੇ ਸਾਹਾਂ ਨਾਲ ਜੁੜੀ ਕੁਦਰਤੀ ਪ੍ਰਕਿਰਿਆ ਹੈ। ਪੰਜਾਬ ਸਰਕਾਰ ਨੇ ਵਾਤਾਵਰਨ ਲਈ ਕੁੱਝ ਪੁਖਤਾ ਇੰਤਜ਼ਾਮ ਵੀ ਕੀਤੇ। ਜਿਸ ਦੀ ਤਾਜ਼ਾ ਮਿਸਾਲ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਮੱਤੇਵਾੜਾ ਹੈ।
    ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਸਰਕਾਰ ਨੇ ਵਣ ਮਹਿਕਮੇ ਦੇ ਕਈ ਛੁਪੇ ਰੁਸਤਮੇ ਬਾਹਰ ਲਿਆਂਦੇ ਹਨ ਪਰ ਇਹ ਵੀ ਰਾਜਨੀਤਿਕ ਬਦਲਾਖੋਰੀ ਤੋਂ ਪਰੇ ਹੋਣਾ ਚਾਹੀਦਾ ਹੈ। ਇਸ ਨਾਲ ਸਰਕਾਰ ਦਾ ਪੱਖ ਮਜ਼ਬੂਤ ਹੋਇਆ ਹੈ। ਜੰਗਲਾਂ ਦੀ ਕਟਾਈ ਲਈ ਤਾਂ ਮਾਣਯੋਗ ਅਦਾਲਤਾਂ ਨੇ ਵੀ ਸ਼ਾਇਦ ਰੋਕ ਲਗਾਈ ਹੋਈ ਹੈ। ਇਸ ਲਈ ਮੱਤੇਵਾੜਾ ਦਾ ਖਰਿੰਡ ਤਾਂ ਪੁੱਟਣਾ ਹੀ ਨਹੀਂ ਚਾਹੀਦਾ ਸੀ। ਸਰਕਾਰ ਵਣ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ਪਰ ਇਹ ਆਰਜ਼ੀ ਰਹਿ ਜਾਂਦੀ ਹੈ ਕਿਉਂਕਿ ਵਣ ਖੇਤੀ ਦੀ ਮੁੱਖ ਫਸਲ ਪਾਪੂਲਰ 5 ਸਾਲ ਬਾਅਦ ਕੱਟੀ ਜਾਂਦੀ ਹੈ। ਵਾਤਾਵਰਨ ਅਤੇ ਰੁੱਖਾਂ ਦੀ ਕੀਮਤ ਬਾਰੇ ਪਹਿਲੀ ਜਮਾਤ ਤੋਂ ਪੜ੍ਹਦਿਆਂ ਹੋਇਆ ਅਜੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ। ਯੂ.ਐਨ.ਓ. ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਕੋਲ 8953, ਰੂਸ ਕੋਲ 4461, ਅਮਰੀਕਾ ਕੋਲ 716, ਚੀਨ ਕੋਲ 102, ਭਾਰਤ ਕੋਲ ਮਹਿਜ਼ 28 ਰੁੱਖ ਪ੍ਰਤੀ ਵਿਅਕਤੀ ਹਨ। ਇੱਕ ਮਨੁੱਖ 16 ਰੁੱਖਾਂ ਜਿੰਨੀ ਆਕਸੀਜਨ ਲੈਂਦਾ ਹੈ। ਇਸ ਲਈ ਇਸ ਕੁਦਰਤੀ ਤੋਹਫੇ ਦਾ ਪਤਾ ਕੋਰੋਨਾ ਕਾਲ ਸਮੇਂ ਲੱਗਿਆ। ਜਦੋਂ ਕਿ ਸ਼ੁਰੂ ਤੋਂ ਹੀ ਸੁਚੇਤ ਰਹਿਣਾ ਬਣਦਾ ਸੀ। 
    ਰੁੱਖ ਜੀਵਨ ਅਤੇ ਜਿਊਣ ਦਾ ਸੰਤੁਲਨ ਕਾਇਮ ਰੱਖਦੇ ਹਨ। ਸਾਡੀ ਜ਼ਿੰਦਗੀ ਕਿਸੇ ਨਾ ਕਿਸੇ ਰੂਪ ਵਿੱਚ ਰੁੱਖ ਨਾਲ ਮਨੁੱਖ ਦਾ ਸਾਂਝ ਕਰਵਾਉਂਦੀ ਹੈ। ਸਮਾਜਿਕ ਮੇਲ ਜੋਲ ਵੀ ਰੱਖਦੀ ਹੈ। ਘਰਾਂ ਵਿੱਚ ਰੁੱਖ ਤਾਂ ਕੀ ਲਗਾਉਣੇ ਸਨ ਬਲਕਿ ਪੁੱਟ ਕੇ ਪਰੇ ਸੁੱਟ ਦਿੱਤੇ ਗਏ ਹਨ। ਕੁੱਝ ਲੋਕ ਘਰਾਂ ਵਿੱਚ ਕੋਈ ਖਾਸ ਕਿਸਮ ਦੇ ਬੂਟੇ ਲਗਾਉਣ ਲਈ ਅੰਧਵਿਸ਼ਵਾਸ ਨਾਲ ਵੀ ਜੋੜਦੇ ਹਨ। ਸਾਡੇ ਬਜ਼ੁਰਗਾਂ ਨੂੰ ਦੇਖੋ ਦੇਸੀ ਉਦਾਹਰਨ ਹੈ ਕਿ ਪਿੱਪਲਾਂ ਥੱਲੇ ਮੰਜੇ ਡਾਹ ਕੇ ਸੌਂਦੇ ਸਨ ਅਤੇ ਸੋ ਦਾ ਅੰਕੜਾ ਪਾਰ ਕਰਦੇ ਸਨ। ਸਾਡਾ ਗੁਆਂਢੀ ਸੂਬਾ ਹਿਮਾਚਲ ਹੈ। ਇਸ ਦਾ ਭੂਗੋਲਿਕ ਤੌਰ ਤੇ ਜੰਗਲੀ ਰਕਬਾ ਵੱਧ ਹੈ। ਇਸ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ। ਰੁੱਖਾਂ ਦੀ ਕਟਾਈ ਨਾਲ ਸਮਝ ਆ ਚੁੱਕੀ ਹੈ ਕਿ ਮਨੁੱਖ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਹੈ ਅਤੇ ਹੈਵਾਨੀਅਤ ਵੱਧ ਗਈ ਹੈ। ਵਾਤਾਵਰਨ ਬਚਾਉਣ ਲਈ ਰੁੱਖਾਂ ਪ੍ਰਤੀ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਜਿਸ ਨਾਲ “ਸਾਡਾ ਖਵਾਬ ਹਰਿਆ ਭਰਿਆ ਪੰਜਾਬ” ਦਾ ਨਾਅਰਾ ਬੁਲੰਦ ਹੋਣਾ ਚਾਹੀਦਾ ਹੈ। ਹਰ ਰਾਜਨੀਤਿਕ ਖੇਤਰ ਨੂੰ ਵਾਤਾਵਰਨ ਸੰਬੰਧੀ ਬੇਲੋੜੇ ਇਲਜ਼ਾਮ ਛੱਡ ਕੇ ਸਰਵਸੰਮਤੀ ਵਾਲਾ ਨਜ਼ਰੀਆ ਰੱਖਣਾ ਚਾਹੀਦਾ ਹੈ। ਜਿਸ ਨਾਲ ਪੰਜਾਬ ਭਵਿੱਖੀ ਸ਼ੁੱਭ ਸੰਕੇਤ ਦੇਵੇ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781—11445