ਸਾਵਿਣ ਸਰਸੀ ਕਾਮਣੀ ... - ਸੁਖਪਾਲ ਸਿੰਘ ਗਿੱਲ

ਨਾਨਕਸ਼ਾਹੀ ਸੰਮਤ ਦਾ ਚੇਤ ਤੋਂ ਸ਼ੁਰੂ ਹੋਏ ਸਾਲ ਦਾ ਪੰਜਵਾਂ ਮਹੀਨਾ ਸਾਵਣ ਹੈ । ਇਸ ਮਹੀਨੇ ਨੂੰ ਸੋਣ ਅਤੇ ਸਾਉਣ ਦੇ ਨਾਂ ਨਾਲ  ਵੀ ਪੁਕਾਰਦੇ ਹਨ । ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤੱਕ  ਇਹ ਦੇਸੀ ਮਹੀਨਾ ਹੁੰਦਾ ਹੈ । ਪਰਕਿਰਤੀ ਦਾ ਖੂਬਸੂਰਤ ਨਕਸ਼ਾ ਚਿਤਰਨ ਵਾਲਾ ਇਹ ਮਹੀਨਾ  ਆਪਣੀ ਬੁੱਕਲ ਵਿੱਚ   ਕਈ ਤਰ੍ਹਾਂ ਦੇ ਵੰੰਨਗ ਸਾਂਭੀ ਬੈਠਾ ਹੈ। ਇਸ ਮਹੀਨੇ ਦਾ ਮਨੁੱਖੀ ਜੀਵਨ ਤੇ ਅਧਿਆਤਮਕ ਪੱਖ ਤੋਂ ਪਵਿੱਤਰ  ਗੁਰਬਾਣੀ ਨੇ ਇਉਂ ਫੁਰਮਾਣ ਕੀਤਾ ਹੈ  —  
 " ਸਾਵਿਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ।।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮ ਅਧਾਰ ।।
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ।।
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ।।
ਵਣੁ ਤਿਣੁ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰੁ ।।
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ।।
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ।।
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ।।
ਸਾਵਿਣ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ।। "
                                     ਸਾਵਣ  ਮਹੀਨਾ ਸੱਭਿਅਤਾ , ਸੱਭਿਆਚਾਰ  ਅਤੇ ਰੀਤੀ ਰਿਵਾਜ਼ਾ ਦਾ ਮਹੀਨਾ ਹੈ । ਇਸ ਤੋਂ ਪਹਿਲੇ ਹਾੜ੍ਹ ਦੀ ਤਪਸ਼ ਤੋਂ ਬਾਅਦ ਇਸ ਮਹੀਨੇ ਬਾਰੇ ਕਥਾ ਵਿਚਾਰ ਹੈ ਕਿ  ਇਹ ਸੱਪਾਂ , ਮਿਰਗਾਂ ਅਤੇ ਮੱਛੀਆਂ ਨੂੰ ਖੁਸ਼ੀ ਦਿੰਦਾ ਹੈ ਜਦੋਂ ਕਿ ਗਾਂ ਤੇ ਪੁੱਤ ਬਲਦ , ਗਰੀਬ , ਰਾਹਗੀਰ ਅਤੇ ਨੌਕਰ ਚਾਕਰ ਨੂੰ ਖੁਸ਼ੀ ਨਹੀਂ ਦਿੰਦਾ । ਇਸ ਵਿੱਚਾਰ ਦੇ ਤੱਥ ਆਪਣੇ ਵਿੱਚ ਬਹੁਤ ਕੁਝ ਸਮਾਈ ਬੈਠੇ ਹਨ । ਲੂਹ ਤੋਂ ਬਾਅਦ ਠੰਡਕ ਦੇ ਬੁੱਲੇ ਆਉਂਦੇ ਹਨ । ਇੱਕ ਪੰਛੀ ਜਿਸਦਾ ਸਾਵਣ ਨਾਲ ਇਤਿਹਾਸਕ , ਮਿਥਿਹਾਸਕ ਸਬੰਧ ਹੈ ਉਸਨੂੰ  ਬੰਬੀਹਾ , ਪਪੀਹਾ ਅਤੇ ਚਾਤਰਿਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਸ ਮਹੀਨੇ ਇਹ ਪੰਛੀ ਮੀਂਹ ਦੀ ਪੁਕਾਰ ਕਰਦਾ ਹੈ ਅਤੇ ਸਵਾਤੀ ਬੂੰਦ ਮੰਗਦਾ ਹੈ । ਕੋਇਲ ਵੀ ਬਾਗਾਂ ਵਿੱਚ ਬੋਲੀਆਂ ਪਾਉਂਦੀ ਹੈ —
 " ਪਈ ਕੂ — ਕੂ , ਕੂ — ਕੂ ਕਰਦੀ ਨੀ ਸਈਓ ਕੋਇਲ  ਹੰਝੂ ਡੋਲੇ ,
ਪਪੀਹਾ ਵੇਖੋ ਨੀਂ ਭੈੜਾ ਪੀਆ ਪੀਆ ਬੋਲੈ "
                           ਔਰਤਾਂ ਦੀਆਂ ਰੀਝਾਂ ਨੂੰ ਪੇਸ਼ ਕਰਨ ਦਾ ਮੌਕਾ ਸਾਂਭੀ ਬੈਠਾ ਮਰਦ ਪ੍ਰਧਾਨਤਾ ਤੋਂ ਆਰਜ਼ੀ ਰਾਹਤ ਵੀ ਦਿਵਾਉਂਦਾ  ਹੈ । ਔਰਤ ਨਾਲ ਸੋਣ ਦਾ ਜਿਸਮ ਰੂਹ ਵਾਲਾ ਸੁਮੇਲ ਹੈ । ਗੀਤ ਸੰਗੀਤ ਅਤੇ ਰਿਵਾਜ ਇੱਕਸੁਰ ਹੋ ਕੇ  ਚਾਅ ਮਲਾਰ ਵੰਡਦੇ ਹਨ । ਪਰ ਅੱਜ ਆਧੁਨਿਕਤਾ ਦੀ ਦੌੜ ਨੇ ਇਹਨਾਂ ਨੂੰ ਘਸਮੰਡਿਆ ਜ਼ਰੂਰ ਹੈ । ਵਿਆਹੀ ਕੁੜੀ ਸਾਵਣ ਮਹੀਨਾ ਕੱਟਣ ਆਪਣੇ ਮਾਪੇ ਜਾਂਦੀ ਹੈ । ਇਸਨੂੰ  ਲੈਰਾਂ ਮਹੀਨਾਂ ਵੀ ਕਿਹਾ ਜਾਂਦਾ ਹੈ । ਸੱਸ ਅਤੇ ਪਤੀ ਨਾਲੋਂ ਦੂਰੀ ਰੱਖਣ ਇਹ ਮਹੀਨਾਂ ਤੱਥ ਅਤੇ ਤੱਥ ਰਹਿਤ ਵਿਚਾਰ ਰੱਖਦਾ ਹੈ । ਲੋਕ ਬੋਲੀਆਂ ਵਿੱਚ ਵੀ ਇਸ ਮਹੀਨੇ ਗਿੱਧੇ ਦੀ ਲੌਰ ਨੂੰ ਇਉਂ ਪੇਸ਼ ਕੀਤਾ ਹੈ  —
" ਸਾਉਣ ਮਹੀਨਾ ਦਿਨ ਗਿੱਧੇ ਦੇ ਸਭੇ ਸਹੇਲੀਆਂ ਆਈਆਂ ,
ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ੍ਹ ਆਈਆਂ "
                    ਤਮਾਮ ਬਨਸਪਤੀ ਦੀ ਪਿਆਸ ਬੁਝਾ ਕੇ ਇਹ ਮਹੀਨਾ ਪ੍ਰਕਿਰਤੀ ਨੂੰ ਹਰੀ ਭਰੀ ਕਰਨ ਦਾ ਹੁਲਾਰਾ ਅਤੇ ਹੁੰਗਾਰਾ ਦਿੰਦਾ ਹੈ । ਇਸ ਤੋਂ ਇਲਾਵਾ ਕੁਦਰਤ ਅਤੇ ਗੀਤ ਸੰਗੀਤ ਨੂੰ ਰਸ ਭਿੰਨਾ ਬਣਾਉਂਦਾ ਹੈ । ਅੰਬ ਅਤੇ ਜਮੋਏ ਪੂਰੇ ਜੋਬਨ ਤੇ ਰਸਦੇ ਹਨ । ਸਕੂਲਾਂ ਕਾਲਜਾਂ ਅਤੇ ਪਿੰਡਾਂ ਦੇ ਵਿਰਸੇ ਨੂੰ ਉਘਾੜਨ ਦਾ ਉਪਰਾਲਾ ਕਰਦਾ ਹੈ  । ਰੀਝਾਂ ਦਾ ਵਰਣਨ ਕਰਦਾ ਪਤੀ ਨਾਲੋਂ ਬਿਰਹੋਂ ਦੀਆਂ ਪੀੜ੍ਹਾਂ  ਅਤੇ ਸਖੀਆਂ ਸਹੇਲੀਆਂ ਨਾਲ ਮੇਲ ਕਰਾਉਂਦਾ ਹੈ  । ਕੁਆਰੀਆਂ ਕੁੜੀਆਂ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ ਜਿਸ ਨਾਲ ਉਹਨਾਂ ਨੂੰ ਮਨ ਪਸੰਦ ਵਰ ਦੀ ਧਾਰਨਾ ਬੱਝਦੀ  ਹੈ । ਹਰੀਆਂ ਚੂੜੀਆਂ ਔਰਤਾਂ ਪਹਿਨਦੀਆਂ ਹਨ   ਅਤੇ  ਸੋਮਵਾਰ ਸ਼ਿਵ ਜੀ ਦਾ  ਵਰਤ ਰੱਖੀਆਂ ਹਨ । ਔਰਤਾਂ ਦੇ ਸਮੁੱਚੇ ਪੱਖਾਂ ਦੀ ਕਲਾਕਾਰੀ ਅਤੇ ਤਰਜ਼ਮਾਨੀ ਕਰਦਾ ਹੋਇਆ ਕੁੜੀਆਂ ਦੀ ਜਵਾਨੀ ਦੇ ਹੜ੍ਹ ਨੂੰ  ਇਉਂ ਚਿਤਰਦਾ ਹੈ —
" ਆਇਆ ਸੋਣ ਮਹੀਨਾ ਕੁੜੀਓ ਲੈਕੇ ਠੰਡੀਆਂ ਹਵਾਵਾਂ ,
ਪੇਕੇ ਘਰੋਂ ਮੈਨੂੰ ਆਈਆਂ ਝਾਜਰਾਂ ਮਾਰ ਅੱਡੀ ਛਣਕਾਵਾਂ ,
ਖੱਟਾ ਡੋਰੀਆ ਉਡ — ਉਡ ਜਾਂਦਾ ਜਦ ਮੈਂ ਪੀਂਘ ਚੜਾਵਾਂ ,
ਸੋਣ ਦਿਆ ਬਦਲਾ ਵੇ ਮੈਂ ਤੇਰਾ ਜੱਸ ਗਾਵਾਂ  "
                      ਸਾਉਣ ਮਹੀਨੇ ਰੱਖੜ ਪੁੰਨਿਆ ਨੂੰ ਰੱਖੜੀ ਦਾ ਤਿਉਹਾਰ ਆਉਦਾਂ ਹੈ , ਜੋ ਭੈਣ ਭਰਾ ਦਾ ਪਿਆਰ ਜਤਾਉਂਦਾ ਹੈ ਇਸ ਮਹੀਨੇ ਵਿਆਹੀਆਂ ਕੁੜੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ । ਸਾਉਣ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾਂ ਤੀਆ ਦਾ ਤਿਉਹਾਰ ਮਨਾਉਣ ਲਈ ਕੁੜੀਆ ਗਿੱਧੇ ਪਾਉਂਦੀਆਂ ਅਤੇ ਪੀਂਘਾਂ ਝੂਟਦੀਆਂ ਹਨ । ਤਰ੍ਹਾਂ — ਤਰ੍ਹਾਂ ਦੇ ਸਵਾਦੀ ਪਕਵਾਨ ਬਣਾਉਂਦੀਆਂ ਹਨ । ਜੋ ਕੁੜੀਆਂ ਤੀਆਂ ਵਿੱਚ ਸ਼ਰੀਕ ਹੋਣੋ  ਖੁੰਝ ਜਾਂਦੀਆਂ ਉਹਨਾਂ ਨੂੰ ਸਹੁਰੇ ਘਰ ਹੀ ਤੀਆਂ ਦਾ ਤਿਉਹਾਰ ਪੁੱਜਦਾ ਕੀਤਾ ਜਾਂਦਾ ਹੈ । ਤੀਆਂ ਤੋਂ ਪਹਿਲੀ ਰਾਤ ਮਹਿੰਦੀ ਲਾਉਣ ਦੀ ਹੁੰਦੀ ਹੈ । ਸਭ ਔਰਤਾਂ ਦੇ ਹੱਥ ਮਹਿੰਦੀ ਨਾਲ ਸੂਹੇ ਨਜ਼ਰ ਪੈਂਦੇ ਹਨ । ਚੂੜੀਆਂ , ਰੀਬਨਾਂ ਅਤੇ ਹਾਰ ਸ਼ਿੰਗਾਰ ਦੇ ਲਿਸ਼ਕਾਰੇ ਵੱਜਦੇ ਹਨ । ਮਾਪਿਆਂ ਦੀਆਂ ਵਧੀਆਂ ਰੋਣਕਾਂ ਕਰਕੇ ਸਾਉਣ ਦੀ ਸਿਫਤ ਕੀਤੀ ਜਾਂਦੀ ਹੈ  ਅਤੇ ਵਿਛੋੜੇ ਕਰਕੇ ਭਾਦੋਂ ਨੂੰ  ਉਲਾਂਭਾ  ਦਿੱਤਾ ਜਾਂਦਾ ਹੈ  । —
" ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ "
                      ਕੁਦਰਤ ਦਾ  ਮਾਨਵੀਕਰਨ ਕਰਦਾ ਹੋਇਆ ਸਾਵਣ ਮਹੀਨਾ ਨਣਦ ਭਰਜਾਈ  ਦੇ ਰਿਸ਼ਤੇ ਨੂੰ ਗੂੜ੍ਹਾ ਬਣਾਉਂਦਾ ਹੈ । ਪੰਜਾਬ ਦੇ ਪੇਂਡੂ ਇਲਾਕਿਆ ਵਿੱਚ ਇਹ ਰੀਤ ਪ੍ਰਚਲਤ ਸੀ ਕਿ ਵਿਆਹ ਤੋਂ ਬਾਅਦ ਕੁੜੀਆਂ  ਪਹਿਲਾ ਸਾਵਣ ਮਹੀਨਾ ਮਾਪਿਆ ਕੋਲ ਸੁਹਾਗਮਈ ਤਰੀਕੇ ਨਾਲ ਮੰਨਾਉਂਦੀਆ ਹਨ  ਅਤੇ ਉਸ ਤੋਂ ਬਾਅਦ ਮਾਪਿਆ ਕੋਲ ਜ਼ਰੂਰੀ ਨਹੀਂ ਸੀ । ਬਾਅਦ ਵਿੱਚ ਆਪਣੀ ਕਬੀਲਦਾਰੀ ਵਿੱਚ ਖੁੱਭ ਜਾਂਦੀਆ ਹਨ । ਆਪੋ ਆਪਣੇ ਤਰੀਕੇ ਨਾਲ ਜਿੰਦਗੀ ਭਰ ਸਾਵਣ ਮੰਨਾਉਂਦੀਆ ਰਹਿੰਦੀਆਂ ਹਨ  । ਆਪਣੇ ਪਰਿਵਾਰਾਂ ਅਤੇ ਚੰਨ ਮਾਹੀ ਨਾਲ ਸੁਪਨੇ ਸੁਜੋਦੀਆਂ ਔਰਤਾਂ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਰ ਵਿੱਚ ਇਉਂ ਅਵਾਜ਼ ਦਿੰਦੀਆਂ  —
" ਲੰਘ  ਗਿਆ ਵੇ ਮਾਹੀਆ ਸਾਵਣ ਲੰਘ ਗਿਆ ,
ਸਾਰੀ ਧਰਤ  ਲਲਾਰੀ ਸਾਵੀ ਰੰਗ ਗਿਆ ।
ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ , ਬਾਗ਼ੀਂ ਪੀਂਘਾਂ ਪਾਈਆਂ ,
ਮੈਂ ਤੱਤੜੀ ਪਈ ਯਾਦ ਤੇਰੀ ਸੰਗ ,ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ , ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ ... ।

ਵੇਖ ਘਟਾਂ ਵਿੱਚ ਉਡਦੇ ਬਗਲੇ ਨੈਣਾਂ ਛਹਿਬਰ ਲਾਈ ,
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ ,ਜਿੰਦ ਮੇਰੀ ਕਮਲਾਈ
 ਕਾਲਾ ਬਿਸ਼ੀਆਰ ਨਾਗ ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ ...।

ਕੰਤ ਹੋਰਾਂ ਦੇ ਪਰਤੇ ਘਰ ਨੂੰ , ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ , ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ, ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ ...। "

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ