Sukhpal Singh Gill

ਕੋਹਾਂ ਤੀਕਰ ਬੰਜਰ ਸੀ - ਸੁਖਪਾਲ ਸਿੰਘ ਗਿੱਲ

ਕਵੀ ਫੁੱਲਾਂ ਦੇ ਗੁਲਦਸਤੇ ਵਾਂਗ ਹੁੰਦਾ ਹੈ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਆਪਣੇ ਸੁਨੇਹੇ ਦਿੰਦੇ ਹਨ। ਗੁਲਦਸਤੇ ਵਾਂਗ ਜਿਸ ਕਵੀ ਕੋਲ ਕਵਿਤਾ ਤੋਂ ਇਲਾਵਾ ਦਾਰਸ਼ਨਿਕਤਾ, ਫਿਲਾਸਪੀ ਅਤੇ ਹੋਰ ਵੰਨਗੀਆਂ ਦੇ ਰੰਗ ਵੀ ਹੋਣ ਉਹ ਆਪਣੀ ਕਵਿਤਾ ਨੂੰ ਭਰਪੂਰ ਸੰਦੇਸ਼ਵਾਹਕ ਸਾਬਤ ਕਰ ਦਿੰਦਾ ਹੈ। ਸੁਰਜੀਤ ਪਾਤਰ ਲਫ਼ਜਾ ਦਾ ਅਜਿਹਾ ਰਚਨਹਾਰਾਂ ਸੀ ਜਿਸ ਵਿੱਚ ਕਾਵਿ ਅਤੇ ਦਾਰਸ਼ਨਿਕਤਾ ਬਰਾਬਰ ਚੱਲਦੀ ਸੀ। ਕਵੀ ਦੀ ਆਤਮਾ ਵਿੱਚ ਕਲਾ, ਬੁੱਧੀ ਅਤੇ ਆਲੇ-ਦੁਆਲੇ ਦੇ ਹਾਲਾਤਾਂ ਦੀ ਅੰਦਰ ਤਰੰਗ ਹੁੰਦੀ ਹੈ। ਜੋ ਲਗਾਤਾਰ ਕੰਪਨ ਛੇੜੀ ਰੱਖਦੀ ਹੈ। ਕਵਿਤਾ ਅੰਦਰਲੀ ਲੋਅ ਨੂੰ ਬਾਹਰ ਕੱਢਕੇ ਪ੍ਰਕਾਸ਼ਮਾਨ ਕਰਦੀ ਹੈ। ਕਵਿਤਾ ਸਾਹਿਤ ਦਾ ਰੂਪ ਹੁੰਦੀ ਹੈ ਜਿਸ ਵਿੱਚ ਖਾਸ ਕਲਾਤਮਿਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਿਕ ਅਤੇ ਲੈਆਤਮਿਕ ਗੁਣ ਹੁੰਦੇ ਹਨ। ਮਨੁੱਖੀ ਹਿਰਦਿਆਂ ਦੇ ਵਲਵਲਿਆਂ ਦੀ ਸੁਹਜਮਈ ਤਰਜ਼ਮਾਨੀ ਕਰਦੀ ਹੈ। ਕਵਿਤਾ ਵਿੱਚ ਕਵੀ ਜਜਬਿਆਂ ਅਤੇ ਆਲੇ-ਦੁਆਲੇ ਦੇ ਬਹੁਮੁੱਲੇ ਅਤੇ ਸੋਹਣੇ ਸ਼ਬਦਾਂ ਦਾ ਪਹਰਾਵਾ ਪਹਿਨਾ ਕੇ ਸੁਰਤਾਲ ਵਿੱਚ ਸਰਲਤਾ ਨਾਲ ਆਤਮਿਕ ਅਤੇ ਬੌਧਿਕ ਰਸ ਪੈਦਾ ਕਰਦਾ ਹੈ। ਕਵੀ ਜੋ ਭਵਿੱਖ ਦੀ ਚੇਤੰਨਤਾ ਪੈਦਾ ਕਰਕੇ ਉਸ ਨੂੰ ਸ਼ਬਦਾਂ ਰਾਹੀ ਭਵਿੱਖੀ ਚਿੰਤਾ ਅਤੇ ਨਾਂਹ-ਪੱਖੀ ਪ੍ਰਭਾਵਾ ਨੂੰ ਰੋਕਣ ਦਾ ਯਤਨ ਕਰਦਾ ਹੈ। ਉਸ ਕਵੀ ਨੂੰ ਦਾਰਸ਼ਨਿਕਤਾ ਦੀ ਮਿਸਾਲ ਵੀ ਸਮੱਝਿਆ ਜਾਂਦਾ ਹੈ। ਇਹ ਗੁਣ ਡਾਕਟਰ ਸੁਰਜੀਤ ਪਾਤਰ ਵਿੱਚ ਪਾਏ ਜਾਂਦੇ ਸਨ। ਉਹਨਾਂ ਦੀ ਕਵਿਤਾ ਖੋਜ ਅਤੇ ਸਾਰਥਿਕ ਪਹੁੰਚ ਵਾਲੀ ਹੈ। ਇਸੇ ਲਈ ਉਹਨਾਂ ਵਿੱਚ ਸਦਾਬਹਾਰੀ ਸਾਹਿਤਕ ਲੋਅ ਸੀ। ਜਦੋਂ ਪਾਤਰ ਸਾਹਿਬ ਅੰਦਰੂਨੀ ਆਤਮਾ ਦੇ ਰਸ, ਹਿਰਦੇ ਚੋਂ ਉੱਪਜੀ ਤਰੰਗ ਅਤੇ ਆਤਮਿਕ ਆਵਾਜ਼ ਨਾਲ ਲਿਖਦੇ ਸਨ ਤਾਂ ਉਹ ਇੱਕ ਤਰ੍ਹਾਂ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਨਾਂ, ਮਨ, ਬੋਲੀ ਅਤੇ ਭਾਸ਼ਾ ਦਾ ਧਨੰਤਰ ਹੁੰਦੇ ਸਨ।
    ਵਿਅਕਤੀਗਤ ਤੌਰ ਤੇ ਉਹਨਾਂ ਦੀ ਸਖਸ਼ੀਅਤ ਫੁੱਲ ਵਰਗੀ ਸੀ ਜਿਵੇਂ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੁੰਦੀ ਹੈ। ਠੀਕ ਉਸੇ ਤਰ੍ਹਾਂ ਪਾਤਰ ਸਾਹਿਬ ਦੀ ਕੀਮਤ ਉਹਨਾਂ ਦੀ ਕਲਮ ਕਰਕੇ ਸੀ। ਮਿਲਾਪੜਾ, ਸਾਊ, ਇੰਨਸਾਫ ਪਸੰਦ ਅਤੇ ਹੱਕਾਂ ਦੀ ਪਹਿਰੇਦਾਰੀ ਉਹਨੇ ਦੇ ਰਗ-ਰਗ ਵਿੱਚ ਵਸੀ ਆਦਤ ਸੀ। ਸਕੂਲੀ, ਕਾਲਜੀ ਪੜ੍ਹਾਈ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਜਿਸ ਦਾ ਵਿਸ਼ਾ ਸੀ “ਲੋਕਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ”। ਆਪਣੇ ਗੁਰੂ ਅਧਿਆਪਕ ਸੁਰਜੀਤ ਸੇਠੀ ਦੀ ਸਲਾਹ ਤੇ ਆਪਣਾ ਤਖੱਲਸ ‘ਪਾਤਰ’ ਰੱਖਿਆ। ਬਸ ਫੇਰ ਪਾਤਰ-ਪਾਤਰ ਅਤੇ ਸੁਰਜੀਤ ਪਾਤਰ ਹੁੰਦੀ ਗਈ। ਸਾਹਿਤ ਅਕਾਦਮੀ, ਪੰਜਾਬ ਕਲਾ ਪ੍ਰੀਸ਼ਦ ਅਤੇ ਹੋਰ ਸਾਹਿਤਕ, ਸਮਾਜਿਕ ਤਾਣੇ-ਬਾਣੇ ਦੀ ਨੁਮਾਇੰਦਗੀ ਨਿਭਾਉਂਦੇ ਰਹੇ। ਸਮਾਜਿਕ ਭਾਵਨਾਵਾਂ ਦੀ ਤਰਜ਼ਮਾਨੀ ਕਰਕੇ ਜਟਿਲ ਸਮੱਸਿਆਵਾਂ ਹੱਲ ਕਰਨਾ ਉਹਨਾਂ ਦੇ ਸੁਭਾਅ ਦਾ ਪਹਿਲੂ ਸੀ। ਉਹਨਾਂ ਦੀ ਸ਼ਬਦਾਵਲੀ ਦੀ ਤਪਸ ਅਤੇ ਗਹਿਰਾਈ ਮਨੁੱਖਤਾ ਭਾਵਨਾਤਮਿਕ ਤੌਰ ਤੇ ਸਾਂਭਦੀ ਹੈ। ਲਿਖਤਾਂ ਨੂੰ ਯਥਾਰਥ ਅਤੇ ਪ੍ਰਮਾਣਿਕ ਅਨੁਭਵਾਂ ਦੇ ਸਹਾਰੇ ਮੰਤਰ ਮੁਗਧ ਹੋ ਕੇ ਤੋਰੀ ਰੱਖਿਆ। ਕਲਮ ਆਪਣੇ ਆਪ ਫਰਾਟੇ ਮਾਰਦੀ ਹੋਈ ਸ਼ਬਦ ਪਰੋਂਦੀ ਰਹਿੰਦੀ ਅਤੇ ਲੋਕਾਈ ਨੂੰ ਗੂੜ੍ਹੇ, ਸੋਹਣੇ ਅਤੇ ਤਾਕਤਵਰ ਸੁਨੇਹੇ ਦਿੰਦੀ ਰਹੀ। ਸਰੀਰਿਕ ਵਿਛੋੜਾ ਉਹਨਾਂ ਦੀਆਂ ਰਚਨਾਵਾਂ ਨੂੰ ਭਾਵਨਾਤਮਿਕ ਤੌਰ ਤੇ ਗੂੜ੍ਹੀ ਰੰਗਤ ਦੇ ਗਿਆ ਹਰ ਪਾਸੇ ਰਚਨਾਵਾਂ ਦੀ ਝੱਲਕ, ਆਵਾਜ਼ ਅਤੇ ਪਰਛਾਵੇਂ ਦਿਖਦੇ ਹਨ।
    ਅਜੌਕੇ ਯੁੱਗ ਵਿੱਚ ਯੁੱਗ ਪੁਰਸ਼ ਬਣਕੇ ਸਾਹਿਤ ਨੂੰ ਨਵੀਂ ਸੋਚ ਅਤੇ ਰੂਹ ਦਿੱਤੀ। ਇਸੇ ਦੌਰਾਨ ਉਹਨਾਂ ਨੇ ਬਹੁਤ ਗੂੜ੍ਹੀ ਅਤੇ ਨਾਮੀ ਰਚਨਾ ਲਿਖੀ “ਕੋਈ ਡਾਲੀਆਂ ਚੋਂ ਲੰਘਿਆਂ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ”। ਸਿਆਸੀ ਗਲਿਆਰਿਆਂ, ਝੰਜਟਾਂ ਅਤੇ ਸਮੇਂ ਦੀ ਖਿੱਚੋਤਾਣ ਵਿੱਚੋਂ ਸਾਥ ਬੇਦਾਗ ਹੋ ਕੇ ਜੀਵਨ ਗੁਜਾਰਿਆਂ। ਚੇਤੰਨਤਾ ਦਾ ਸਰੋਤ ਬਣਕੇ ਨਵੀਂਆਂ ਪੈੜਾਂ ਪਾਈਆਂ ਅਤੇ ਰਾਹਾਂ ਤੇ ਤੁਰਨ ਦੀ ਬਜਾਏ ਆਪ ਰਾਹ ਪਾਏ। ਭ੍ਰਿਸ਼ਟਾਚਾਰ ਬਾਰੇ ਸਿਆਸੀ ਜਮਾਤ ਤੇ ਉਹਨਾਂ ਦੀ ਮਾਰੀ ਚੋਟ ਅੱਜ ਵੀ ਝੰਜੋੜਦੀ ਹੈ “ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਨੇ, ਦੋਵਾਂ ਨੂੰ ਹੀ ਰੱਖਿਆ ਵੱਡੀ ਸਰਕਾਰ ਨੇ”। ਭਾਸ਼ਾ ਦਾ ਮਾਂ-ਬੋਲੀ ਪੰਜਾਬੀ ਦਾ ਦੀਵਾਨਾ ਪਾਤਰ ਭਾਸ਼ਾ ਦੀ ਚਿੰਤਾ ਕਰਦਾ ਹੋਇਆ ਇਸ ਨੂੰ ਬਚਾਉਂਣ ਲਈ ਵਾਸਤੇ ਪਾਉਂਦਾ ਹੈ “ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ-ਸ਼ਬਦ, ਵਾਕ-ਵਾਕ”। ਇਕ ਇੰਟਰਵਿਊ ਦੌਰਾਨ ਉਹਨਾਂ  ਕਿਹਾ ਸੀ “ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸਦੀ ਪਹਿਚਾਣ ਹੋਵੇਗੀ, ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸ਼ਮਾਂ ਦਾ ਪਹਿਰਾਵਾ ਬਣ ਗਈ ਹੈ”। ਇਸ ਤੋਂ ਇਲਾਵਾ ਬੋਲੀ ਬਾਰੇ ਇਕ ਹੋਰ ਗਹਿਰੀ ਰਮਜ਼ ਸਾਂਝੀ ਕਰਦੇ ਹਨ “ਮਾਂਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਮਾਂ ਨੂੰ ਕਿਸੇ ਨਾਲ ਬਟਾ ਨਹੀਂ ਸਕਦੇ”। ਅੱਗੇ ਚੱਲਕੇ ਕਹਿੰਦੇ ਹਨ ਇਹ ਸਿਰਫ ਬੋਲੀ ਦੇ ਮਰਨ ਦੀ ਗੱਲ ਨਹੀਂ ਬੰਦੇ ਦੇ ਮਰਨ ਦੀ ਗੱਲ ਹੈ। ਉਹਨਾਂ ਦੀਆਂ ਰਚਨਾਵਾਂ ਦਾ ਖਜ਼ਾਨਾ ਇਸ ਤਰ੍ਹਾਂ ਹੈ “ਹਵਾ ਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾ ਦੀ ਦਰਗਾਹ, ਪੱਤਝੜ ਦੀ ਪੰਜੇਬ, ਸਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ, ਸੂਰਜ ਮੰਦਿਰ ਦੀਆਂ ਪੌੜੀਆਂ, ਸ਼ਹਿਰ ਮਰੇ ਦੀ ਪਾਗਲ ਔਰਤ, ਇੱਛਾਧਾਰੀ”। ਇਸ ਤੋਂ ਇਲਾਵਾ ਮਣਾਂ ਦੇ ਹਿਸਾਬ ਨਾਲ ਹੋਰ ਸਾਹਿਤ ਵੀ ਉਹਨਾਂ ਵੱਲੋਂ ਰਚਿਆ ਗਿਆ।
    ਹੀਰਾ ਸੀ ਸੁਰਜੀਤ ਪਾਤਰ, ਇਹ ਹੀਰਾ ਕਈ ਸ਼ੀਸ਼ਿਆਂ ਨੂੰ ਕੱਟ ਸਕਦਾ ਸੀ। ਦਰਵੇਸ ਸੁਭਾਅ ਕਰਕੇ ਕਦੇ ਚੱਕ-ਰੱਖ ਵਿੱਚ ਨਹੀਂ ਪਿਆ। ਆਵਾਜ਼, ਖੋਜ ਅਤੇ ਲਿਖਤ ਨਾਲ ਤਰਾਸਦੀਆਂ ਦਾ ਮੁਕਾਬਲਾ ਕਰਕੇ ਜੇਤੂ ਨਿਕਲਣਾ ਵੀ ਪਾਤਰ ਸਾਹਿਬ ਦੇ ਹਿੱਸੇ ਸੀ। 79 ਸਾਲ ਦੇ ਯੁੱਗ ਪੁਰਸ਼ ਨੇ ਇਕ ਯੁੱਗ ਬਣਾਕੇ ਵਿਰਾਸਤ ਵਿੱਚ ਮਣਾਂ ਦੇ ਹਿਸਾਬ ਨਾਲ ਸਾਹਿਤਕ ਖਜ਼ਾਨਾ ਸਾਨੂੰ ਸੰਭਾਲ ਦਿੱਤਾ। ਉਹਨਾਂ ਦੀ ਸੋਚ ਹੱਦਾਂ ਪਾਰ ਕਰਕੇ ਉੱਥੇ ਤੱਕ ਉਡਾਰੀ ਭਰਦੀ ਸੀ ਜਿੱਥੇ ਹਨੇਰੇ ਵਿੱਚ ਜੀਵਨ ਖਤਮ ਹੁੰਦਾ ਹੈ। ਸ਼ੰਕਾ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ। ਸੱਭਿਅਤਾ, ਅਦਬ, ਸੂਖਮਤਾ ਅਤੇ ਸੱਭਿਆਚਾਰ ਦਾ ਮੁਜੱਸਮਾਂ ਉਹਨਾਂ ਦੀ ਕਲਮ ਵਿੱਚੋਂ ਕਿਰਦਾ ਸੀ। ਉਹ ਹਮੇਸ਼ਾ ਗੂੜ੍ਹੇ ਸਿਆਸੀ ਸਮਾਰੋਹਾਂ ਦਾ ਪ੍ਰੋਹਣਾ ਬਣਨ ਤੋਂ ਗੁਰੇਜ਼ ਕਰਦੇ ਸਨ। ਆਪਣੇ ਕਿਰਦਾਰ ਦੇ ਅਨੁਕੂਲ ਸ਼ਬਦ ਬੋਲਣੇ ਉਹਨਾਂ ਦੀ ਸਖਸੀਅਤ ਨੂੰ ਹੋਰ ਵੀ ਨਿਖਾਰਦੇ ਸਨ। ਅੱਜ ਦੀ ਮੁੱਖ ਤਰਾਸਦੀ ਪਰਵਾਸ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਪਹੁੰਚ ਅਪਣਾਈ ਗਈ। ਸ਼ਬਦਾ ਦੇ ਬਾਣ ਨਾਲ ਪਰਵਾਸ ਨੂੰ ਰੋਕਣ ਲਈ ਉਹਨਾਂ ਸੰਜੀਦਗੀ ਦਿਖਾਈ ਅਤੇ ਗਾਗਰ ਵਿੱਚ ਸਾਗਰ ਭਰਨ ਵਰਗਾ ਸੁਨੇਹਾ ਦਿੱਤਾ “ਏਥੋਂ ਕੁੱਲ ਪਰਿੰਦੇ ਹੀ ਉੱਡ ਗਏ, ਏਥੋਂ ਮੇਘ ਆਉਂਦੇ ਵੀ ਮੁੜ ਗਏ, ਏਥੋਂ ਕਰਨ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ”। ਸਤਰਾਂ ਮੂੰਹੋਂ ਬੋਲਦੀਆਂ ਹਨ ਕਿ ਤੜਫ ਅਤੇ ਚਿੰਤਾ ਪੰਜਾਬ ਲਈ ਖੂਨ ਵਿੱਚ ਹੀ ਵਸੀ ਹੋਈ ਸੀ। ਆਪਣੀ ਜ਼ਮੀਰ ਅਤੇ ਦਿਲ ਦਾ ਹੁਕਮ ਕਬੂਲਕੇ ਹਮੇਸ਼ਾ ਬੇ-ਇਨਸਾਫੀ ਦੇ ਵਿਰੁੱਧ ਖੜ੍ਹੇ। ਇਹੀਂ ਕਾਰਨ ਹੈ ਕਿ ਉਹਨਾਂ ਦੀ ਮਕਬੂਲੀਅਤ ਗੂੰਝ ਦੀ ਰਹੀ। ਕਦੇ ਵੀ ਜ਼ਜਬਾਤੀ ਹੋ ਕੇ ਸਮਾਜ ਅਤੇ ਸੱਭਿਅਤਾ ਦੇ ਬੂਹੇ ਨਹੀਂ ਛੱਡੇ। ਉਹਨਾਂ ਦੇ ਜ਼ਜਬਿਆਂ ਵਿੱਚੋਂ ਪਾਤਰ ਅਤੇ ਪਾਤਰ ਵਿੱਚੋਂ ਹਮੇਸ਼ਾ ਜ਼ਜਬੇ ਦਿਖਾਈ ਦਿੱਤੇ।
    1960 ਵਿਆਂ ਤੋਂ ਕਾਵਿ ਸਿਰਜਣਾ ਦਾ ਵਰਤਾਰਾ ਨਿਰੰਤਰ ਚੱਲਦਾ ਰਿਹਾ। ਸਮਾਜ ਵਿੱਚ ਰਾਜਨੀਤਿਕ ਚੇਤਨਾ ਅਤੇ ਜਬਰ ਦੇ ਵਿਰੁੱਧ ਉਹਨਾਂ ਦੀ ਕਵਿਤਾ ਇਨਕਲਾਬੀ ਸੁਰ ਵਿੱਚ ਤੁਰੰਤ ਆਪ ਮੁਹਾਰੇ ਬੋਲ ਪੈਦੀ ਸੀ। ਪ੍ਰਸਿੱਧ ਹੋਣ ਨਾਲੋਂ ਇਮਾਨਦਾਰ ਹੋਣਾ ਉਹਨਾਂ ਨੂੰ ਠੀਕ ਲੱਗਿਆ। ਰਸਨਾ, ਜੀਭ ਅਤੇ ਅੰਦਰ ਹਮੇਸ਼ਾ ਪੰਜਾਬ ਦੀਆਂ ਭਾਵਨਾਵਾਂ ਗੂੰਜਦੀਆਂ ਰਹੀਆਂ। ਲਫ਼ਜ, ਸੂਰਤ, ਚਾਲ-ਢਾਲ, ਵਹਿੰਦੀਧਾਰਾ ਵਾਂਗ ਜੁਝਾਰਵਾਦੀ ਕਵਿਤਾ ਰਾਹੀ ਕਦੇ ਵੀ ਵਕਾਰ ਅਤੇ ਅੰਦਾਜ਼ ਨੂੰ ਇਮਾਨਦਾਰੀ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ। ਨਵੀਂ ਪ੍ਰਗਤੀਵਾਦੀ ਵਿਚਾਰਾਂ ਨੂੰ ਸਮੇਟਦੀ ਪਾਤਰ ਦੀ ਕਵਿਤਾ ਲੋਕ ਵਿਸ਼ਵਾਸ ਨੂੰ ਜਿੱਤ ਲੈਂਦੀ ਹੈ। ਦੰਭਾਂ, ਪਾਖੰਡਾਂ ਅਤੇ ਨਕਲੀਪਣ ਦਾ ਪਰਦਾਫ਼ਾਸ਼ ਕਰਕੇ ਹਮੇਸ਼ਾ ਪੰਜਾਬ ਦੀ ਨਜ਼ਰ ਉਤਾਰਨ ਦੀ ਗੰਭੀਰਤਾ ਦਿਖਾਈ। ਮਾਨਵਵਾਦੀ ਦੀ ਸੋਚ ਦੀ ਪਹਿਚਾਣ ਕਰਕੇ ਰਿਸ਼ਤਿਆਂ ਨੂੰ ਭਾਵਨਾਤਮਿਕ ਤੌਰ ਤੇ ਮਾਨਵ ਬਿਰਤੀ ਵਿੱਚ ਵਸਾਇਆਂ। ਪਦਮਸ਼੍ਰੀ ਮਿਲਣ ਤੋਂ ਬਾਅਦ ਮਾਂ ਨੂੰ ਮਿਲਕੇ ਉਸ ਦੇ ਸ਼ਬਦ ਨਿੱਜੀ ਸੱਚ ਦੇ ਪਹਿਰੇਦਾਰ ਬਣਦੇ ਹਨ “ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਗਾ, ਪਦਮਸ਼੍ਰੀ ਹੋਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ”। ਭਾਸ਼ਾ ਅਤੇ ਰਿਜ਼ਕ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਬਣਾਉਂਣ ਨੂੰ ਪ੍ਰਮਾਣਿਤ ਕੀਤਾ। ਕਵਿਤਾ ‘ਪਿੱਛੇ-ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ’  ਵਿੱਚ ਬਾਹਰਲੇ ਰਾਜ ਦੀ ਕੁੜੀ ਨੂੰ ਭਾਸ਼ਾ ਨਾਲ ਰਿਜ਼ਕ ਨੂੰ ਸੁਖਾਲਾ ਬਣਾਉਂਣ ਲਈ ਗਿਆਨ ਵਿੱਚ ਵਾਧਾ ਕੀਤਾ। ਕਵਿਤਾ ਦੇ ਬੋਲ ਹਨ “ਊੜਾ ਐੜਾ ਲਿੱਖ ਰਹੀ ਬੇਟੀ ਨੰਦ ਕਿਸ਼ੋਰ ਦੀ, ਕਿੰਨਾਂ ਗੂੜਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ”    
    ਪੰਜਾਬ ਦੀ ਚਿੰਤਾ ਇੰਨੀ ਜਿਆਦਾ ਹੈ ਕਿ ਪਰਿਵਾਰ ਸਮਝ ਕੇ ਇਸ ਦੀ ਫਿਕਰਵੰਦੀ ਕਰਦਾ ਹੈ। ਕਿਸਾਨੀ ਅੰਦੋਲਨ ਸਮੇਂ ਪਾਤਰ ਦੀਆਂ ਸਾਹਿਤਕ ਲਾਹਣਤਾਂ ਇਕ ਟੈਲੀਸਕੋਪਿਕ ਹੱਥਿਆਰ ਵਾਂਗ ਟਿਕਾਣੇ ਵੱਜੀਆਂ। ਕਵਿਤਾ ਅਤੇ ਦਾਰਸ਼ਨਿਕਤਾ ਵਿਚਲਾ ਸੁਮੇਲ ਅਤੇ ਸੁਭਾਅ ਵਿੱਚੋਂ “ਇਹ ਮੇਲਾ ਹੈ” ਕਵਿਤਾ ਰਾਹੀਂ ਅਜਿਹਾ ਬਾਣ ਸਾਬਤ ਹੋਇਆ ਜਿਸ ਦਾ ਅੱਖਰ-ਅੱਖਰ ਸੱਚ ਸੀ। ਇਸ ਕਵਿਤਾ ਦੀ ਸਭ ਤੋਂ ਉੱਚੀ ਸੁੱਚੀ ਗੱਲ ਇਹ ਸੀ ਕਿ ਅੰਦੋਲਨ ਚੱਲਦੇ ਸਮੇਂ ਜੋ ਨਕਸ਼ਾ ਪਾਤਰ ਸਾਹਿਬ ਨੇ ਸਿਰਜਿਆ ਸੀ ਉਹ ਅੱਖਰ-ਅੱਖਰ ਸੱਚ ਹੋਇਆ। ਕਵਿਤਾ ਵਿੱਚੋਂ ਉੱਗਦੀ ਦਾਰਸ਼ਨਿਕਤਾ ਜ਼ਰੀਏ ਪਾਤਰ ਸਾਹਿਬ ਨੇ ਕਿਸਾਨ ਅੰਦੋਲਨ ਵਿੱਚ ਬੋਲੀ ਅਤੇ ਪੰਜਾਬ ਦਾ ਸੱਚਾ ਸਪੂਤ ਸਾਬਤ ਕੀਤਾ। ਜਦੋਂ ਸਰਕਾਰ ਵੱਲੋਂ ਪਾਣੀ ਅਤੇ ਬਿਜਲੀ ਕੱਟ ਕੇ ਅਤੇ ਹੋਰ ਜ਼ਲਾਲਤ ਦੇਕੇ ਅੰਦੋਲਨਕਾਰੀਆਂ ਨੂੰ ਦੁੱਖੀ ਕੀਤਾ ਤਾਂ ਰਕੇਸ਼ ਟਕੈਤ ਦੇ ਅੱਖਾਂ ਵਿੱਚ ਹੰਝੂ ਅਤੇ ਗੱਲੇ ਦਾ ਗੱਚ ਭਰ ਆਇਆ। ਇਸ ਮਾਹੌਲ ਨੂੰ ਭਾਵਨਾਵਾਂ ਨਾਲ ਜੁੜਨ ਦਾ ਹੁਲਾਰਾ ਅਤੇ ਹੁੰਗਾਰਾ ਮਿਲਿਆ। ਇਹਨਾਂ ਹੁੰਝੂਆਂ ਨੂੰ ਪਾਤਰ ਸਾਹਿਬ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਕਿ ਨਵੀਂ ਜ਼ਜਬਾਤੀ ਅਤੇ ਇਨਕਲਾਬੀ ਲਹਿਰ ਪੈਦਾ ਕਰ ਦਿੱਤੀ:-
“ਪਲਕਾਂ ਤੇ ਇੱਕ ਬੂੰਦ ਹੀ ਆਈ, ਦਿਲ ਵਿੱਚ ਕੋਈ ਸਮੁੰਦਰ ਸੀ,
ਦੇਖਣ ਨੂੰ ਇੱਕ ਕਤਰਾ ਪਾਣੀ, ਕੀ ਕੁੱਝ ਉਸਦੇ ਅੰਦਰ ਸੀ,
ਸੀਨੇ ਖੁੱਭਕੇ ਨੈਣੋਂ ਸਿੰਮਿਆ, ਕਿਹੋ ਜਿਹਾ ਇਹ ਖਜ਼ਰ ਸੀ,
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ, ਪੁੱਤ ਦੇ ਰੋਣ ਦਾ ਮੰਜ਼ਰ ਸੀ,
ਤਾਜ ਮੁੱਕਟ ਸਭ ਕਾਲੇ ਪੈ ਗਏ, ਖੁਰਿਆਂ ਕੂੜ ਅਡੰਬਰ ਸੀ,
ਝੂਠੇ ਤਖਤ ਮੁਨਾਰੇ ਡੁੱਬ ਗਏ, ਅੱਥਰੂ ਨਹੀਂ ਸਮੁੰਦਰ ਸੀ,
ਉਹ ਤੀਰਥ ਇਸ਼ਨਾਨ ਸੀ ਅੱਥਰੂ, ਅੱਖ ਪ੍ਰਭੂ ਦਾ ਮੰਦਰ ਸੀ,
ਧੂੜ ਧੁਲ ਗਈ ਰੁੱਖਾਂ ਉੱਤੋਂ, ਦੋ ਪਲਕਾਂ ਦੀ ਛਹਿਬਰ ਸੀ,
ਇੱਕ ਅੱਥਰੂ ਸਿਰਲੇਖ ਸੀ ਉਸਦਾ, ਕਵਿਤਾ ਵਿੱਚ ਸਮੁੰਦਰ ਸੀ”

ਸਾਹਿਤ ਦੀ ਦੂਰ-ਦੂਰ ਤੱਕ ਬੰਜਰ ਪਈ ਜ਼ਮੀਨ ਨੂੰ ਜ਼ਰਖੇਜ਼ ਬਣਾਕੇ ਸੁਰਜੀਤ ਪਾਤਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਜਿਹੇ ਸੁਨਹਿਰੀ ਹਰਫ਼ ਅਤੇ ਪੰਨੇ ਦਿੱਤੇ ਜਿਸ ਵਿੱਚ ਹਰ ਮੁਸੀਬਤ ਦਾ ਮੁਕਾਬਲਾ ਕਰਨ ਦਾ ਰੰਗ ਢੰਗ ਹੈ। ਸਾਹਿਤ ਨੂੰ ਸਮੇਂ ਦਾ ਹਾਣੀ ਅਤੇ ਪੰਜਾਬੀਆਂ ਦੀ ਰੂਹ ਅਨੁਸਾਰ ਤਰਾਸ਼ਿਆ। ਜਿਸ ਦੀ ਖੁਸ਼ਬੂ ਹਮੇਸ਼ਾ ਉਤਸ਼ਾਹਜਨਕ ਰਹਿੰਦੀ ਹੈ। ਪਾਤਰ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਕੇ ਜੀਤ, ਗੀਤ, ਸੰਗੀਤ ਅਤੇ ਸੁਰਜੀਤ ਬਣਕੇ ਨਿਖਰਿਆ।
ਸੁਖਪਾਲ ਸਿੰਘ ਗਿੱਲ
ਅਬਿਆਣਾਂ ਕਲਾਂ
ਮੋ: 98781-11445

ਮੈਂ ਧਰਤ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ - ਸੁਖਪਾਲ ਸਿੰਘ ਗਿੱਲ


    ਸਪਤ ਸਿੰਧੂ ਤੋਂ ਅੱਜ ਤੱਕ ਦੇ ਪੰਜਾਬ ਦੀ ਸਭਿਅਤਾ ਦਾ ਨਕਸ਼ਾ ਸਾਜਿਸ਼ੀ ਅਤੇ ਬਦਕਿਸਮਤੀ ਨਾਲ ਵਿਗੜਦਾ ਰਿਹਾ। ਪਹਿਰਾਵਾ, ਸਿਹਤ, ਸਿੱਖਿਆ, ਬੋਲੀ, ਲੋਕ ਗੀਤਾਂ ਅਤੇ ਮਿਸ਼ਰੀ ਵਰਗੀ ਬੋਲੀ ਕਰਕੇ ਪੰਜਾਬ ਦੀ ਨਕੋਰ ਨੁਹਾਰ ਰਹੀ। ਚੁੰਨੀ, ਸਿਰ ਦਾ ਛਾਇਆ ਅਤੇ ਪੱਗ ਸਿਰ ਦਾ ਤਾਜ ਰਹੀ। ਹੋਲੀ- ਹੋਲੀ ਇਹ ਸਭ ਕੁੱਝ ਇਸ ਸੁਨਹਿਰੀ ਪੰਜਾਬ ਲਈ ਧੁੰਦਲਾ ਹੁੰਦਾ ਗਿਆ। ਇਸ ਦੇ ਹਰ ਪੱਖ ਨੂੰ ਗ੍ਰਹਿਣ ਲੱਗਦੇ ਗਏ। ਨਸ਼ਾ ਦੁਨੀਆਂ ਦਾ ਮੁੱਦਾ ਹੈ ਪਰ ਪੰਜਾਬ ਦੀ ਸੱਭਿਅਤਾ ਨਾਲ ਇਸ ਦਾ ਕੋਈ ਮੇਲ-ਜੋਲ ਨਹੀਂ ਹੈ। ਸਰਕਾਰ ਦੇ ਹੰਭਲਿਆਂ ਦੇ ਬਾਵਜੂਦ ਵੀ ਅੱਜ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਖੁੱਦ ਨਸ਼ਈ ਹੋਕੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ। ਇੱਕ ਬਾਰ ਫੇਰ ਬਾਂਕੇ ਦਿਆਲ ਦਾ ਨਾਅਰਾ “ਪੱਗੜੀ ਸੰਭਾਲ ਓ ਜੱਟਾ ਪੱਗੜੀ” ਨਸ਼ੇ ਵਿਰੁੱਧ ਵਰਤਣਾ ਚਾਹੀਦਾ ਹੈ।  ਨਸ਼ਾ ਖਾਤਮੇ ਲਈ ਸਰਕਾਰੀ ਇੱਛਾ ਜ਼ੋਰਾਂ ਤੇ ਹੈ ਪਰ ਨਸ਼ੇ ਦਾ ਜੰਜਾਲ ਪੇਸ਼ ਨਹੀਂ ਜਾਣ ਦੇ ਰਿਹਾ। ਪੰਜਾਬ ਹਮੇਸ਼ਾ ਭਾਰਤ ਦੇ ਸਿਰ ਦਾ ਤਾਜ ਰਿਹਾ। ਆਜ਼ਾਦੀ ਲਈ ਵੈਰਿਆਂ ਦੇ ਮੂੰਹ ਮੋੜਦਾ ਰਿਹਾ। ਪਰ ਪੰਜਾਬ ਬਾਰੇ ਚਾਲਾ ਵੀ ਚੱਲਦੀਆਂ ਰਹੀਆਂ। ਮਹਿਕਦਾ ਅਤੇ ਰੰਗਲਾ ਪੰਜਾਬ ਨਸ਼ੇ ਨੇ ਇੱਕ ਵਾਰ ਬਦਸੂਰਤ ਕਰ ਦਿੱਤਾ ਹੈ। ਪ੍ਰਵਾਸ ਦੀ ਆਸ ਵਿੱਚ ਗਵਾਚਿਆ ਪੰਜਾਬ ਹਰ ਸਾਲ ਪੈਸਾ ਅਤੇ ਜਵਾਨੀ ਵਿਦੇਸ਼ਾਂ ਵਿੱਚ ਭੇਜ ਰਿਹਾ ਹੈ। ਕਨੇਡਾ ਦੀ ਵਸੋਂ ਦਾ 1.3 ਫੀਸਦੀ ਪੰਜਾਬੀ ਹਨ। ਪੰਜਾਬ ਦੀ 25 ਲੱਖ ਤੋਂ ਉਪਰ ਆਬਾਦੀ ਵਿਦੇਸ਼ਾਂ ਵਿੱਚ ਵਸੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਸਲਰ ਸ. ਜੋਗਿੰਦਰ ਸਿੰਘ ਪੁਆਰ ਨੇ ਵਿਦੇਸ਼ੀ ਰੁਝਾਣ ਰੋਕਣ ਲਈ ਰੁਜਗਾਰ ਗਰੰਟੀ ਯੋਜਨਾਂ ਘੜਣ ਦੀ ਨਸੀਅਤ ਦਿੱਤੀ ਸੀ। ਪੰਜਾਬ ਦੀ ਬੇਰੁਜਗਾਰੀ ਦੀ ਦਰ 2019 ਵਿੱਚ 8.2 ਸੀ ਜਿਸ ਵਿੱਚ ਸੁਧਾਰ ਨੂੰ ਬੂਰ ਨਹੀਂ ਪਿਆ। ਇਸ ਸਾਰੇ ਆਲਮ ਤੋਂ ਬਾਅਦ ਪੰਜਾਬੀਆਂ ਵਿੱਚ ਖੁਦਕੁਸੀਆਂ ਦਾ ਰੁਝਾਨ ਵੀ ਚਿੰਤਾ ਜਨਕ ਵਿਸ਼ਾ ਬਣਿਆ ਹੋਇਆ ਹੈ। ਨਸ਼ਾ ਸਭ ਉਜਾੜੇ ਅਤੇ ਬੁਰਾਈਆਂ ਮਾਂ ਹੈ। ਸਭ ਤੋਂ ਪਹਿਲਾ ਪੰਜਾਬ ਨੂੰ ਨਸ਼ੇ ਵਿਰੁੱਧ ਜੰਗ ਜਿੱਤਣੀ ਪਵੇਗੀ।  ਜੰਗਲ ਬੇਲਿਆ, ਹਰੇ ਭਰੇ ਮੈਦਾਨ ਪਹਾੜ, ਪਹਿਰਾਵਾ, ਲੋਕ ਗੀਤ, ਭੰਗੜੇ-ਗਿੱਧੇ ਮੇਲਿਆਂ ਖੇਡਾਂ ਅਤੇ ਵਗਦੇ ਪਾਣੀਆਂ ਦੇ ਪੰਜਾਬ ਦੀ ਧਰਤੀ ਅੱਜ ਕੁਰਲਾਉਂਦੀ ਹੋਈ ਆਪ ਮੁਹਾਰੇ ਬੋਲਣ ਲਈ ਮਜਬੂਰ ਹੈ “ਮੈਂ ਧਰਤ ਪੰਜਾਬ ਦੀ, ਲੋਕੋ ਵੱਸਦੀ ਉਜੜ ਗਈ ।” ਪਰ ਗੁਰੂਆਂ ਪੀਰਾਂ ਦਾ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਹੀ ਰਹੇਗਾ। ਇਹੀ ਆਸ ਹੈ। ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮਨ ਨੂੰ ਸ਼ਾਂਤੀ ਵੀ ਦਿੰਦੀਆਂ ਹਨ:-
    “ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ,
ਇਹ ਇੱਕ ਗੀਤ, ਇਕ ਰੀਤ ਅਤੇ ਇਤਿਹਾਸ ਵੀ ਹੈ,
ਗੁਰੂਆਂ, ਰਿਸ਼ੀਆਂ ਅਤੇ ਸੂਫੀਆਂ ਸਿਰਜਿਆਂ ਹੈ,
ਇਹ ਇਕ ਫਲਸਫਾਂ ਸੋਚ ਅਤੇ ਇਤਿਹਾਸ ਵੀ ਹੈ,
ਕਿੰਨੇ ਝੱਖੜ ਤੂਫਾਨਾਂ ਵਿਚੋਂ ਲੰਘਿਆ ਏ,
ਇਹਦਾ ਮੁਖੜਾ ਕੁੱਝ-ਕੁੱਝ ਉਦਾਸ ਵੀ ਹੈ ”

    ਅੱਜ ਪੰਜਾਬ ਦੀ ਨਵੀਂ ਨੁਹਾਰ ਲਈ ਨਸ਼ਾ ਮੁਕਤੀ ਤਰਜੀਹੀ ਮੁੱਦਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਾਬ ਨੇ ਵੱਡੀਆਂ ਵੱਡੀਆਂ ਆਫਤਾਂ ਦਾ ਮੂੰਹ ਮੋੜ ਦਿੱਤਾ ਨਸ਼ਾ ਤਾਂ ਛੋਟੀ ਗੱਲ ਹੈ। ਸਿਰਫ ਮਾਨਸਿਕਤਾ, ਇੱਛਾ ਸ਼ਕਤੀ ਅਤੇ ਲੋਕ ਲਹਿਰ ਉਭਾਰਨ ਦੀ ਲੋੜ ਹੈ। ਪੰਜਾਬ ਨਾ-ਬਰਾਬਰੀ ਝੱਲਣ ਅਤੇ ਮੁੜ ਸੁਰਜੀਤ ਹੋਣ ਦਾ ਬਲ ਰੱਖਦਾ ਹੈ। ਸਾਰਾ ਵਰਤਾਰਾ ਇਹਨਾਂ ਸਤਰਾਂ ਦੀ ਛਾਇਆ ਹੇਠ ਹੀ ਹੈ। ਨਸ਼ਾ ਕਈ ਕਿਸਮਾਂ ਦਾ ਹੁੰਦਾ ਹੈ ਜਿਵੇਂ ਕਿ ਕੁਦਰਤੀ ਨਸ਼ਾ, ਅਰਧ ਰਸਾਇਣਿਕ ਨਸ਼ਾ ਅਤੇ ਰਸਾਇਣਿਕ ਨਸ਼ਾ ਇਹ ਸਾਰੇ ਨਸ਼ੇ ਪੰਜਾਬ ਵਿੱਚ ਭਾਰੂ ਹਨ।  ਪੰਜਾਬ ਦੀ ਨਸ਼ਾ ਪੀੜਾ ਨੂੰ ਗੱਲੀਬਾਤੀ ਦਫਨ ਵੀ ਨਹੀਂ ਕੀਤਾ ਜਾ ਸਕਦਾ। ਇਸ ਪ੍ਰਤੀ ਲੋਕਾਂ ਅਤੇ ਸਰਕਾਰ ਦੀ ਦ੍ਰਿੜਤਾ ਦੀ ਲੋੜ ਹੈ। ਸਾਡੇ ਕੁੱਝ ਗਾਇਕਾ ਨੇ ਵੀ ਨਸ਼ੇ ਨੂੰ ਹੁਲਾਰਾ ਦਿੱਤਾ ਹੈ। ਨਸ਼ੇ ਦਾ ਸੇਵਨ ਮਾਨਵੀ ਸਦਾਚਾਰਕ ਜੀਵਨ ਨੂੰ ਨਕਾਰਾ ਕਰ ਦਿੰਦਾ ਹੈ। ਇਸ ਨਾਲ ਸਮਾਜ ਦਾ ਤਾਣਾ-ਬਾਣਾ ਨਸ਼ਟ ਹੋ ਕੇ ਹਿੰਸਾ ਫੈਲਦੀ ਹੈ। ਗੁਰਬਾਣੀ ਦੇ ਮਾਨਵਤਾ ਬਾਰੇ ਨਸ਼ੇ ਵਿਰੁੱਧ ਸੰਦੇਸ਼ ਨੂੰ ਜਾਗਰੂਕਤਾ ਫੈਲਾਉਣ ਲਈ ਵੱਡਾ ਸਮਝਿਆ ਗਿਆ ਹੈ, ਜੋ ਸੱਚ ਦੀ ਛਾਨਣੀ ਵਿਚੋਂ ਝੂਠ ਛਾਨਣ ਵਾਲਾ ਹੈ। ਪਰ ਫਿਰ ਵੀ ਧਰਮ ਪ੍ਰਚਾਰਕ ਆਪਣਾ ਬਹੁਤ ਯੋਗਦਾਨ ਨਹੀਂ ਪਾ ਸਕੇ। ਗੁਰਬਾਣੀ ਵਿੱਚ ਅੰਕਿਤ ਹੈ:-
    “ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਇ,
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ”

ਮਿੱਤਰਚਾਰਾ, ਨਿਰਾਸ਼ਾ, ਜਿੰਦਗੀ ਦੇ ਮਕਸਦ ਦੀ ਕਮੀ, ਆਰਥਿਕ ਅਤੇ ਬੇਰੁਜਗਾਰੀ ਸਮੱਸਿਆ ਪੰਜਾਬ ਵਿੱਚ ਨਸ਼ੇ ਦੇ ਕਾਰਨ ਦਾ ਸਰੂਪ ਹਨ। ਸਭ ਤੋਂ ਭੈੜੀ ਗੱਲ ਇਹ ਹੈ ਕਿ ਨਸ਼ਾ ਮਿਲਾਵਟੀ ਮਿਲ ਰਿਹਾ ਹੈ। ਜਿਸ ਨਾਲ ਨਸ਼ੇ ਦੇ ਦੁਰ ਪ੍ਰਭਾਵ ਵੱਧ ਜਾਂਦੇ ਹਨ। ਪੰਜਾਬੀ ਹੋਰ ਬਿਮਾਰੀਆਂ ਤੋਂ ਵੀ ਪੀੜਤ ਹੋ ਰਹੇ ਹਨ। ਨਸ਼ਿਆਂ ਦਾ ਪਸਾਰਾ ਇੰਨਾ ਵੱਧ ਗਿਆ ਹੈ ਕਿ ਪਛਾਣ ਕਰਨੀ ਵੀ ਔਖੀ ਹੋਈ ਪਈ ਹੈ। ਪੰਜਾਬ ਨਸ਼ੇ ਬਾਰੇ ਜਵਾਨੀ, ਕਾਨੂੰਨੀ ਅਤੇ ਵਰਦੀ ਘੇਰੇ ਵਿੱਚ ਰਹਿੰਦੇ ਹਨ। ਸਭ ਤੋਂ ਪਹਿਲਾ ਖਾਂਸੀ ਦੀ ਦਵਾਈ ਨੇ ਜਵਾਨੀ ਨੂੰ ਨਸ਼ੇ ਵਿੱਚ ਜਕੜਿਆਂ, ਇਸ ਤੋਂ ਬਾਅਦ “ਮਰਜ ਬੜਤੀ ਗਈ ਜੂੰ-ਜੂੰ ਦਵਾ ਕੀ”। ਪੰਜਾਬ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਦਾ ਰੋਲਾ-ਰੱਪਾ ਰਹਿੰਦਾ ਹੈ। ਪਿਛੇ ਜਿਹੇ ਗੁਜਰਾਤ ਦੀ ਮੁਦਰਾ ਬੰਦਰਗਾਹ ਤੇ 4269 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਸਨ। ਇਸ ਦੇ ਤਾਰ ਵੀ ਪੰਜਾਬ ਨਾਲ ਜੁੜੇ ਸਨ। ਇਹ ਪੰਜਾਬ ਲਈ ਅਲਾਰਮ ਸੀ। ਪਰ ਦੇਸ਼ ਵਾਸੀਆਂ ਨੂੰ ਇਸ ਦਾ ਨਤੀਜਾ ਨਹੀਂ ਮਿਲਿਆ। ਭੋਲੀ-ਭਾਲੀ ਜਨਤਾ ਸ਼ੱਕੀ ਹੋ ਜਾਂਦੀ ਹੈ ਕਿ ਪਰਦੇ ਪਿਛਲਾ ਸੱਚ ਕੀ ਹੈ? ਇਹਨਾਂ ਖਬਰਾਂ ਨੂੰ ਉਘਾੜਿਆਂ ਗਿਆ ਅਤੇ ਸਰਕਾਰ ਹਰਕਤ ਵਿੱਚ ਵੀ ਆਈ ਸੀ। ਨਸ਼ੇ ਬਾਰੇ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਤੇ ਗਲਤ ਖਬਰਾਂ ਵੀ ਚੱਲਦੀਆਂ ਹਨ। ਪਰ ਕਈ ਵਾਰੀ ਇਹੋ ਜਿਹੇ ਮਹੋਲ ਨੂੰ ਜਿਮੀ ਗੇਮਜ ਦੇ ਇਹਨਾਂ ਸਬਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਜਦੋਂ ਫਰਜੀ ਖਬਰਾਂ ਨੂੰ ਦੁਹਰਾਇਆ ਜਾਵੇ ਤਾਂ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲੀਅਤ ਕੀ ਹੈ? ਪੰਜਾਬ ਵਿੱਚ ਨਸ਼ੇ ਤੇ ਪਰਦਾ ਨਹੀਂ ਪਾਇਆ ਜਾ ਸਕਦਾ ਪਰ ਝੂਠੀਆਂ ਅਤੇ ਮਨਘੜਤ ਤੱਥਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਨਸ਼ਿਆਂ ਨਾਲ ਨਜਿੱਠਣ ਲਈ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਸੋਝੀ ਜਰੂਰੀ ਹੈ। ਪੰਜਾਬ ਵਿੱਚ ਮੰਨੋਰਜਨ ਦੇ ਸਾਧਨ ਲਈ ਨਸ਼ਾ ਖਤਰਨਾਕ ਰੁਝਾਨ ਪੈਦਾ ਕਰਦਾ ਹੈ। ਇਸ ਕਾਰਨ ਸਰਕਾਰੀ ਵੀ ਨਸ਼ਾ ਮੁਕਤੀ ਲਈ ਉਪਰਾਲਿਆਂ ਵਿੱਚ ਰੁੱਝੀ ਹੋਈ ਹੈ।
ਪੰਜਾਬ ਨਸ਼ੇ ਲਈ ਆਲਮੀ ਪੱਧਰ ਤੇ ਨਕਸ਼ੇ ਉੱਤੇ ਹੈ। ਮੌਜੂਦਾ ਪੰਜਾਬ ਸਰਕਾਰ ਇਸ ਵਿਸ਼ੇ ਤੇ ਸੁਹਿਰਦ ਅਤੇ ਚਿੰਤਕ ਵੀ ਹੈ। ਦੁੱਖ ਹੋਰ ਵੀ ਜਿਆਦਾ ਹੁੰਦਾ ਹੈ, ਜਦੋਂ ਰੰਗੀਲਾ ਪੰਜਾਬ ਨਸ਼ੀਲਾ ਪੰਜਾਬ ਕਹਿਲਾਉਣ ਲੱਗ ਜਾਂਦਾ ਹੈ। ਸਿਆਸੀ ਸੰਗੂਫੇ ਭਾਰੂ ਹੋ ਜਾਂਦੇ ਹਨ। ਨਸ਼ੇ ਬਾਰੇ ਕਾਨੂੰਨੀ ਕਾਇਦਿਆਂ ਅਤੇ ਦਾਇਰਿਆਂ ਦੀ ਵਿਆਖਿਆ ਤਾਂ ਹੁੰਦੀ ਹੈ ਪਰ ਜਦੋਂ ਨਸ਼ੇ ਦੀ ਫੜੋ-ਫੜਾਈ ਦੀਆਂ ਰੋਜ਼ਾਨਾ ਖਬਰਾਂ ਆਉਂਦੀਆਂ ਹਨ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਨਸ਼ਾ ਗੱਠ-ਜੋੜ ਦੀਆਂ ਸੁਰਖੀਆਂ ਵੀ ਭਾਰੂ ਰਹੀਆਂ। ਜਿਸ ਤਰ੍ਹਾਂ ਰਫਤਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਨਸ਼ੇ ਨੂੰ ਮੋੜਾ ਕੱਟਣ ਲਈ ਅਜੇ ਸਮਾਂ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ 1994 ਜੋ ਪਿੰਡਾਂ ਦੀ ਰੂਹ ਦੀ ਤਰਜਮਾਨੀ ਕਰਦਾ ਹੈ ਉਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਚਾਇਤਾਂ ਪ੍ਰਕਿਰਿਆ ਅਧੀਨ ਮਤੇ ਰਾਹੀ ਆਪਣੇ ਪਿੰਡ ਵਿਚੋਂ ਨਸ਼ਾ ਮੁਕਤੀ ਲਈ ਠੇਕਾ ਸ਼ਰਾਬ ਚੁਕਵਾ ਸਕਦੀਆਂ ਹਨ। ਪਰ ਇਹ ਸਭ ਕੁੱਝ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਸਰਕਾਰੀ ਮਾਲੀਏ ਦੀ ਆੜ ਕਰਕੇ ਆਪਣੀ ਮੌਤੇ ਮਰ ਜਾਂਦਾ ਹੈ। ਸ਼ਰਾਬ ਦੇ ਠੇਕੇ ਚੁਕਾਉਣ ਲਈ ਤੀਵੀਂਆਂ ਸ਼ਰਾਬ ਦੇ ਖੋਖੇ ਭੰਨਦੀਆਂ ਰਹਿੰਦੀਆਂ ਹਨ। ਇਸੇ ਕਰਕੇ ਪੰਜਾਬ ਵਿੱਚ ਇਹ ਵੀ ਚਰਚਾ ਰਹਿੰਦੀ ਹੈ ਕਿ ਸਿੰਥੈਟਿਕ ਨਸ਼ੇ ਦੀ ਬਜਾਏ ਅਫੀਮ ਵਰਗੇ ਨਸ਼ੇ ਵਰਤਣ ਲਈ ਮਾਪਦੰਡ ਬਣਾਏ ਜਾਣ। ਅਫੀਮ ਖੇਤੀ ਨਾਲ ਵੀ ਜੁੜੀ ਹੋਈ ਹੈ। ਚਲੋ ਖੈਰ ਇਹ ਮਸਲਾ ਤਾਂ ਸਿਹਤ ਮਾਹਿਰਾਂ ਅਤੇ ਸਰਕਾਰੀ ਦੀ ਕਚਹਿਰੀ ਵਿੱਚ ਪਿਆ ਹੈ। ਨਸ਼ਾ, ਨਸ਼ਾ ਹੀ ਹੁੰਦਾ ਹੈ।
ਨਸ਼ੇ ਬਾਰੇ ਰਿਪੋਰਟਾਂ ਮੁਤਾਬਿਕ 10 ਲੱਖ ਤੋਂ ਵੱਧ ਪੰਜਾਬੀ ਨਸ਼ਾ ਕਰਦੇ ਹਨ। ਇਸੇ ਕਰਕੇ ਅੱਜ ਪੰਜਾਬ ਵਿੱਚ ਚੌਥਾ ਦਰਿਆ ਨਸ਼ਿਆਂ ਦਾ ਵੱਗਦਾ ਹੈ। 2.65 ਲੱਖ ਨਸ਼ਈ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਾ ਰਹੇ ਹਨ। ਸੂਬੇ ਵਿੱਚ 36 ਨਸ਼ਾ ਛੁਡਾਓ ਸਰਕਾਰੀ ਅਤੇ 185 ਪ੍ਰਾਈਵੇਟ ਕੇਂਦਰ ਹਨ। ਪੰਜਾਬ ਦੀ ਆਬਾਦੀ 3.17 ਕਰੋੜ ਹੈ। ਇਸ ਆਬਾਦੀ ਦਾ 3 ਪ੍ਰਤੀਸ਼ਤ ਨਸ਼ੇ ਵਿੱਚ ਨਾਮ ਹੈ। ਨਸ਼ੇ ਦੀ ਓਵਰਡੋਜ ਨਾਲ ਪੰਜਾਬੀ ਮਰ ਰਹੇ ਹਨ। ਹਰ ਦੂਜੇ ਦਿਨ ਨਸ਼ੇ ਕਾਰਨ ਮੌਤ ਹੁੰਦੀ ਹੈ। ਆਮ ਤੌਰ ਤੇ ਸਮਾਜਿਕ ਖੇਮੇ ਵਿੱਚ ਨਸ਼ੇ ਦੀ ਗੱਲ ਕਰੀਏ ਕਿ ਜੋ ਨਸ਼ਾ ਨਹੀਂ ਕਰਦੇ ਉਹਨਾਂ ਦੇ ਹਾਵ-ਭਾਵ ਇਸ ਤਰ੍ਹਾਂ ਹੁੰਦੇ ਹਨ ਕਿ ਕਿਸੇ ਹੋਰ ਦੁਨੀਆਂ ਵਿੱਚ ਰਹਿੰਦੇ ਹਨ। ਉਹਨਾਂ ਨੂੰ ਨਸ਼ੇ ਦੇ ਨੁਕਸਾਨਾਂ, ਨਸ਼ੇ ਦੀ ਵਿਕਰੀ ਅਤੇ ਨਸ਼ੇ ਦੇ ਪ੍ਰਭਾਵਾਂ ਬਾਰੇ ਕੋਈ ਵਾ-ਵਾਸਤਾ ਨਹੀਂ ਹੁੰਦਾ। ਜੋ ਲੋਕ ਨਸ਼ਾ ਕਰਦੇ ਹਨ ਉਹਨਾਂ ਦੇ ਨਸ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਵੱਧ ਪ੍ਰਭਾਵ ਹੁੰਦਾ ਹੈ। ਮੋਨੋਵਿਗਿਆਨ ਦੱਸਦਾ ਕਿ ਨਸ਼ੇ ਦੇ ਨਾਲ ਨਫਰਤ ਕਰਨ ਵਾਲਾ ਵੀ ਨਸ਼ਾ ਕਰਦੇ ਹਨ। ਇਸ ਪਿੱਛੇ ਮਾੜੀ ਮਾਨਸਿਕਤਾ ਹੈ। ਨਸ਼ੇ ਤੋਂ ਲੜ ਛੁਡਾਉਣਾ ਚਾਹੁਣ ਵਾਲੇ ਵੀ ਮਾਨਸਿਕ ਕਮਜੋਰੀ ਕਰਕੇ ਇਸ ਵਿੱਚੋਂ ਨਿਕਲ ਨਹੀਂ ਸਕਦੇ, ਆਖਿਰ ਦਿਖਦੀ ਮੌਤ ਮੁਹਰੇ ਗੋਡੇ ਟੇਕ ਦਿੰਦੇ ਹਨ। ਅੱਜ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਵਿੱਚ ਪੂਜਾ ਰੂਮ ਵਾਂਗ ਬੀਅਰ ਬਾਰ ਵੀ ਮਿਲ ਜਾਂਦਾ ਹੈ। ਇਸ ਤੋਂ ਭਵਿੱਖੀ ਬਦਨਸੀਬੀ ਦੇ ਸੰਕੇਤ ਮਿਲਦੇ ਹਨ। ਕੇਰਲਾ ਵਾਂਗ ਸਾਡੇ ਘਰਾਂ ਦਾ ਸ਼ਿੰਗਾਰ ਕਿਤਾਬਾਂ ਹੁੰਦੀਆਂ ਤਾਂ ਨਕਸ਼ਾ ਹੋਰ ਹੋਣਾ ਸੀ।
ਅੱਜ ਪੰਜਾਬ ਨੂੰ ਨਵੀਂ ਨਕੋਰ ਨੁਹਾਰ ਦੇਣ ਲਈ ਨਸ਼ੇ ਵਿਰੁੱਧ ਲੋਕ ਲਹਿਰ ਪੈਦਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੰਕਟ ਦੇ ਸਮੇਂ ਅੱਖਾਂ ਮੀਚਣੀਆਂ ਤਬਾਹੀ ਦਾ ਕਾਰਨ ਬਣਦਾ ਹੈ। ਜਿਵੇਂ ਦ੍ਰਿੜ ਇਰਾਦੇ ਨਾਲ ਅੰਗਰੇਜ਼ ਭਜਾਏ, ਦੇਸ਼ ਦੀ ਰਾਖੀ ਕੀਤੀ ਅਤੇ ਕਿਸਾਨ ਅੰਦੋਲਨ ਜਿੱਤਿਆ ਇਸੇ ਤਰਜ ਤੇ ਨਸ਼ੇ ਦੀ ਜੰਗ ਜਿੱਤਣਾ ਔਖੀ ਨਹੀਂ। ਜੇ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਨਸ਼ੇ ਵਿਰੁੱਧ ਲਾਮਬੰਦ ਹੁੰਦੇ ਹਨ ਤਾਂ ਸਰਕਾਰੀ ਉਪਰਾਲਿਆਂ ਦਾ ਰੰਗ ਵੀ ਗੂੜਾ ਹੋ ਜਾਵੇਗਾ। ਕਈ ਵਾਰ ਅਜਿਹਾ ਵੀ ਲੱਗਦਾ ਹੈ ਕਿ ਨਸ਼ਾ ਹੁਣ ਧੁੰਦਲਾ ਮੁਦਾ ਹੈ ਕਿਉਂਕਿ ਇਸ ਦੀ ਰਟ-ਰਟਾਈ ਬਹੁਤ ਹੋ ਚੁੱਕੀ ਹੈ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਲਈ ਹਰ ਨਾਗਰਿਕ ਦਾ ਫਰਜ ਹੈ। ਅੱਜ ਪੰਜਾਬ ਜਿਸ ਆਲਮ ਵਿਚੋਂ ਗੁਜਰ ਰਿਹਾ ਹੈ ਇਉਂ ਪ੍ਰਤੀਤ ਹੁੰਦਾ ਹੈ:-
“ਫੁੱਲ ਉਗੇਂਦੀ ਧਰਤੀ ਤੇ, ਕਿਤੇ ਉੱਗ ਪੈਣ ਨਾ ਥੋਰਾਂ,
ਵਤਨ ਪੰਜਾਬ ਦੀਆਂ, ਡਾਹਢੇ ਦੇ ਹੱਥ ਡੋਰਾਂ ”  


                                ਸੁਖਪਾਲ ਸਿੰਘ ਗਿੱਲ
                                ਅਬਿਆਣਾ ਕਲਾਂ
                                ਮੋ: 98781-11445
    
    

ਔਰਤ ਦੇ ਸਮਾਜੀਕਰਨ ਦੀ ਬੁਨਿਆਦ ਸੀ – ਫੁਲਕਾਰੀ - ਸੁਖਪਾਲ ਸਿੰਘ ਗਿੱਲ

ਜੰਮਦੀ ਸਾਰ ਧੀ ਨੂੰ ਸਿਖਾਦਰੂ ਬਣਾਉਣ ਲਈ ਘਰ ਵਿੱਚੋਂ ਹੀ ਸਿਖਲਾਈ ਦਿੱਤੀ ਜਾਂਦੀ ਸੀ ਜੋ ਕਿ ਰੋਜਾਨਾ ਦੇ ਜੀਵਨ ਵਿੱਚ ਨਾਲੋ-ਨਾਲ ਨਕਲ ਨਾਲ ਆਪ ਵੀ ਸਿਖ ਜਾਂਦੀ ਸੀ। ਪਰਿਵਾਰਾਂ ਵਿੱਚ ਧੀਆਂ ਦੇ ਔਰਤ ਬਨਣ ਸਮੇਂ ਤੱਕ ਸਮਾਜੀਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪੜਾਅ ਆਉਂਦੇ ਸਨ। ਕਸੀਦਾ ਕੱਢਣਾ ਅਤੇ ਹੋਰ ਕਈ ਤਰ੍ਹਾਂ ਦੇ ਕਲਾਕਾਰੀ ਕੰਮ ਰੋਜਾਨਾ ਪਰਿਵਾਰਾਂ ਵਿੱਚ ਮਿਲ ਜਾਂਦੇ ਸਨ। ਪਹਿਲੇ ਸਮੇਂ ਔਰਤ ਘਰ ਦੇ ਕੰਮਾਂ ਵਿੱਚ ਮਾਹਰ ਹੋਣ ਕਰਕੇ ਹੀ ਉਸ ਦਾ ਸਮਾਜੀਕਰਨ ਸਮਝਿਆ ਜਾਂਦਾ ਸੀ। ਸੁਰੂਆਤੀ ਦੌਰ ਵਿੱਚ ਫੁਲਕਾਰੀ ਔਰਤ ਦੇ ਸਮਾਜੀਕਰਨ ਦੀ ਬੁਨਿਆਦ ਬਣੀ। ਫੁਲਕਾਰੀ ਨਾਮ ਤੋਂ ਹੀ ਸਪੱਸ਼ਟ ਹੈ ਕਿ ਫੁੱਲਾਂ ਦੀ ਕਾਰੀਗਰੀ। ਵਿਆਕਰਣ ਦੇ ਤੌਰ ਤੇ ਫੁੱਲ+ਕਾਰੀ ਮੰਨਿਆ ਜਾਂਦਾ ਹੈ। ਜਿਸ ਦਾ ਭਾਵ ਫੁੱਲਾਂ ਦੇ ਕੰਮ ਦੀ ਕਲਾਕਾਰੀ। ਪੰਜਾਬੀ ਸੱਭਿਆਚਾਰ ਅਤੇ ਜੀਵਨ ਜਾਂਚ ਨਾਲ ਜਿਸਮ ਰੂਹ ਦਾ ਸੁਮੇਲ ਰੱਖਦੀ ਫੁੱਲਕਾਰੀ ਦਾ ਆਰੰਭ ਪੰਜਾਬ ਦੀਆਂ ਔਰਤਾਂ ਵਿੱਚ ਪੰਦਰਵੀਂ ਸਦੀ ਵਿੱਚ ਸੁਰੂ ਹੋਣਾ ਮੰਨਿਆ ਜਾਂਦਾ ਹੈ। ਫੁੱਲਕਾਰੀ ਆਪਣੀ ਬੁੱਕਲ ਦੇ ਵਿੱਚ ਹੁਨਰ ਦੀ ਪੇਸ਼ਾਕਾਰੀ ਸਾਂਭੀ ਬੈਠੀ ਹੈ। ਫੁੱਲਕਾਰੀ ਨੂੰ ਲੋਕ ਕਢਾਈ ਦੇ ਤੌਰ ਤੇ ਵੀ ਮੰਨਿਆ ਜਾਂਦਾ ਹੈ। ਇਸ ਵਿੱਚ ਲੋਕਾਂ ਦਾ ਜੀਵਨ ਰਸਮ ਰਿਵਾਜ ਸਿਰਜੇ ਜਾਂਦੇ ਹਨ। ਬਹੁਤੇ ਕਬੀਲਿਆਂ ਵਿੱਚ ਫੁੱਲਕਾਰੀ ਪ੍ਰਚਲਿਤ ਰਹੀ ਪਰ ਪੰਜਾਬ ਨੇ ਵੱਖਰੀ ਪਹਿਚਾਣ ਬਣਾਈ। ਪੰਜਾਬ ਵਿੱਚ ਜਿਵੇ ਦੁੱਧ ਵੇਚਣ ਨੂੰ ਮਾੜਾ ਮੰਨਿਆ ਜਾਂਦਾ ਸੀ ਉਸੇ ਤਰ੍ਹਾਂ ਹੀ ਫੁੱਲਕਾਰੀ ਨੂੰ ਵੀ ਵੇਚਿਆ ਨਹੀਂ ਜਾਂਦਾ ਸੀ। ਬਲਕਿ ਘਰ ਵਿੱਚ ਗਹਿਣਾ ਬਣਾ ਕੇ ਸਾਂਭਿਆ ਜਾਂਦਾ ਸੀ। ਅਜੌਕੇ ਸਮੇਂ ਫੁੱਲਕਾਰੀ ਦੀ ਚਮਕ-ਦਮਕ ਬਦਲਵੇਂ ਰੂਪ ਵਿੱਚ ਮਿਲਦੀ ਹੈ ਪਰ ਹੱਥੀ ਹੁਨਰ ਤੋਂ ਬਿਨ੍ਹਾਂ ਆਪਣਾ ਮੂਲ ਰੂਪ ਪਛਾੜ ਲੈਂਦੀ ਹੈ।
      ਫੁੱਲਕਾਰੀ ਕੱਪੜੇ ਦੇ ਫੁੱਲਾਂ ਦੀ ਕਸੀਦਾਕਾਰੀ ਸੀ ਪਰ ਪਰਾਤਨ ਪੰਜਾਬ ਵਿੱਚ ਫੁੱਲਕਾਰੀ ਨੇ ਕਈ ਰੂਪ ਬਣਾ ਲਏ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਵੰਨ-ਸੁਵੰਨੇ ਰੂਪ ਵਿੱਚ ਪੇਸ਼ ਕੀਤਾ। ਫੁੱਲਕਾਰੀ ਦੀ ਤਿਲ ਪੱਤਰੀ ਕਿਸਮ ਵਿਆਹ ਦੇ ਸਮੇਂ ਲਾਗ ਵਿੱਚ ਦਿੱਤੀ ਜਾਂਦੀ ਸੀ। ਚੋਪ ਕਿਸਮ ਦੀ ਫੁੱਲਕਾਰੀ ਲੜਕੀ ਦੇ ਵਿਆਹ ਸਮੇਂ ਨਾਨੀ ਦੋਹਤੀ ਨੂੰ ਸੁਗਾਤ ਵਜੋਂ ਦਿੰਦੀ ਸੀ। ਜਿਸ ਦਾ ਆਕਾਰ ਵੱਡਾ ਹੁੰਦਾ ਸੀ। ਸੁਭਰ ਕਿਸਮ ਦੀ ਫੁੱਲਕਾਰੀ ਫੇਰਿਆਂ ਵੇਲੇ ਕੁੜੀ ਉੱਪਰ ਦਿੱਤੀ ਜਾਂਦੀ ਸੀ। ਨੀਲਕ ਕਿਸਮ ਦੀ ਫੁੱਲਕਾਰੀ ਖੱਦਰ ਉੱਤੇ ਗੂੜ੍ਹੇ ਰੰਗ ਨਾਲ ਕੱਢੀ ਜਾਂਦੀ ਸੀ। ਇਹ ਕੁੜੀ ਦੇ ਦਾਜ ਲਈ ਜਰੂਰੀ ਹੁੰਦੀ ਸੀ। ਛਮਾਸ ਫੁੱਲਕਾਰੀ ਸ਼ੀਸੇ ਦੇ ਗੋਲ ਟੁਕੜਿਆਂ ਨਾਲ ਜੜੀ ਹੁੰਦੀ ਸੀ। ਘੁੰਗਟ ਬਾਗ ਫੁੱਲਕਾਰੀ ਸਿਰ ਦੇ ਉਤਲੇ ਹਿੱਸੇ ਤੇ ਤਿਕੌਣੀ ਕਢਾਈ ਵਾਲੀ ਹੁੰਦੀ ਸੀ। ਇਸ ਤੋਂ ਇਲਾਵਾ ਵੱਖ-ਵੱਖ ਖਿਤਿਆਂ ਵਿੱਚ ਵੱਖ –ਵੱਖ ਕਿਸਮਾਂ ਦੇ ਨਾਮ ਵੀ ਹਨ। ਸਾਰਿਆਂ ਦਾ ਮੁੱਖ ਨਿਸ਼ਾਨਾ ਫੁੱਲਾ ਦੀ ਚਿਤਕਾਰੀ ਹੀ ਹੈ। ਫੁੱਲਕਾਰੀ ਸ਼ਗਨ ਅਤੇ ਸ਼ੁੱਭ ਕੰਮ ਦਾ ਪ੍ਰਤੀਕ ਹੁੰਦੀ ਸੀ। ਅੱਜ ਡੋਲੀ ਵਾਲੀ ਕਾਰ ਉੱਤੇ ਵੀ ਫੁੱਲਕਾਰੀ ਦੇਖੀ ਜਾਂਦੀ ਹੈ। ਵਿਆਹ ਵਾਲੇ ਮੁੰਡੇ ਦੇ ਸ਼ਗਨ ਦੇ ਪ੍ਰਤੀਕ ਵਜੋਂ ਮੱਥਾ ਟੇਕਣ ਜਾਣ ਸਮੇਂ ਭੈਣਾਂ ਵੱਲੋਂ ਫੁੱਲਕਾਰੀ ਸਿਰ ਉੱਤੇ ਤਾਣੀ ਜਾਂਦੀ ਸੀ। ਇਸ ਸਮੇਂ ਦੀ ਵੰਨਗੀ ਇਉਂ ਪੇਸ਼ ਕੀਤੀ ਗਈ ਹੈ:-   
    “ਫੁੱਲਕਾਰੀ ਮੇਰੀ ਮਾਂ ਨੇ ਕੱਢੀ, ਵੀਰਾ ਤੇਰੇ ਤੇ ਤਾਣੀ,
ਚੰਦ ਵਰਗੀ ਭਾਬੋ ਵੀਰਾ, ਕੱਲ ਨੂੰ ਵਿਆਹ ਕੇ ਲਿਆਉਣੀ”

    ਗਿੱਧੇ ਨਾਲ ਗੂੜ੍ਹਾ ਸਬੰਧ ਰੱਖਦੀ ਫੁੱਲਕਾਰੀ ਹੱਥੀਂ ਕਿਰਤ ਦਾ ਸ਼ਿੰਗਾਰ ਮੰਨੀ ਜਾਂਦੀ ਹੈ। ਅੱਜ ਮਸ਼ੀਨੀ ਯੁੱਗ ਵਿੱਚ ਫੁੱਲਕਾਰੀ ਦੀ ਉਹ ਗੱਲ ਨਹੀਂ ਰਹੀ। ਫੁੱਲਕਾਰੀ ਤ੍ਰਿੰਝਣ ਵਾਂਗ ਹੀ ਕੁੜੀਆਂ ਦੇ ਸਮੂਹ ਵਿੱਚ ਵੀ ਕੱਢੀ ਜਾਂਦੀ ਸੀ। ਉਸ ਸਮੇਂ ਭਾਈਚਾਰਕ ਏਕਤਾ ਵੀ ਹੁੰਦੀ ਸੀ। ਦਾਜ ਦੀ ਤਿਆਰੀ ਵੀ ਫੁੱਲਕਾਰੀ ਹੀ ਹੁੰਦੀ ਸੀ। ਕੁੜੀਆਂ ਦੇ ਸੁਹੱਪਣ ਨੂੰ ਦੂਣਾਂ ਵੀ ਕਰਦੀ ਹੈ। ਫੁੱਲਕਾਰੀ ਦੇ ਵੇਲ ਬੂਟਿਆਂ ਚਿੱਤਰਾਂ ਤੋਂ ਲੋਕ ਬੋਲੀ ਆਪ ਮੁਹਾਰੇ ਹੀ ਉੱਭਰ ਜਾਂਦੀ ਹੈ:-
    “ਹੁਸਨ ਗੋਰੀ ਦਾ ਚੋ-ਚੋ ਪੈਂਦਾ, ਜਿਉਂ ਮਾਖਿਓ ਮਖਿਆਰੀ ਦਾ,
ਨੈਣ ਗੋਰੀ ਦੇ ਕੱਜਲਾ ਪਾਇਆ, ਡਾਢਾ ਰੰਗ ਫੁੱਲਕਾਰੀ ਦਾ”
    ਫੁੱਲਕਾਰੀ ਪੀੜੀ ਦਰ ਪੀੜੀ ਚੱਲਦੀ ਹੈ। ਬੇਬੇ ਦੇ ਸੰਦੂਕਾਂ ਦਾ ਸ਼ਿੰਗਾਰ ਅੱਜ ਵੀ ਬਣੀ ਹੋਈ ਹੈ। ਇੱਕ ਪੀੜੀ ਦੂਜੀ ਪੀੜੀ ਲਈ ਸੁਗਾਤ ਵਿੱਚ ਫੁੱਲਕਾਰੀ ਛੱਡ ਜਾਂਦੀ ਹੈ। ਅਜੌਕੇ ਸਮੇਂ ਫੁੱਲਕਾਰੀ ਨੂੰ ਆਪਣੇ ਰੰਗਾਂ- ਢੰਗਾਂ ਨਾਲ ਵਰਤਿਆ ਜਾਂਦਾ ਹੈ। ਕਈ ਪਾਰਖੂ ਅੱਜ ਵੀ ਪੁਰਾਤਨ ਫੁੱਲਕਾਰੀ ਸਾਂਭੀ ਬੈਠੇ ਹਨ। ਕਈ ਘਰਾਂ ਨੂੰ ਇਸ ਦੀ ਕੀਮਤ ਦਾ ਬਹੁਤਾ ਗਿਆਨ ਵੀ ਨਹੀਂ ਹੈ। ਫੁੱਲਕਾਰੀ ਦੇ ਤੋਹਫੇ ਘਰਾਣਿਆਂ ਦੀ ਵੱਖਰੀ ਪਹਿਚਾਣ ਕਰਵਾਉਂਦੇ ਹਨ। ਮੁਟਿਆਰਾਂ ਦੇ ਅਰਮਾਨ ਸੁਪਨੇ ਅੱਜ ਵੀ ਇਨ੍ਹਾਂ ਫੁੱਲਕਾਰੀ ਵਿੱਚ ਦੇਖੇ ਜਾ ਸਕਦੇ ਹਨ। ਔਰਤ ਲਈ ਘਰ ਮੰਦਰ ਅਤੇ ਫੁੱਲਕਾਰੀ ਇਸ ਦੀ ਮਾਲਾ ਸਮਝੀ ਜਾਂਦੀ ਸੀ। ਪੰਜਾਬਣ ਦੇ ਸੁਹੱਪਣ ਨੂੰ ਕੱਜਣ ਲਈ ਅੱਜ ਵੀ ਸੋਨੇ ਤੇ ਸੁਹਾਗੇ ਦਾ ਰੂਪ ਮੰਨੀ ਜਾਂਦੀ ਹੈ।
    ਔਰਤ ਦੀ ਆਵਾਜ਼ ਅਮ੍ਰਿਤਾ ਪ੍ਰੀਤਮ ਨੇ ਫੁੱਲਕਾਰੀ ਨੂੰ ਆਪਣੀ ਰਚਨਾਂ ਵਿਚ ਪਰੋ ਕੇ ਅੱਜ ਵੀ ਤਰੋ- ਤਾਜਾ ਰੱਖਿਆ ਹੋਇਆ ਹੈ:
    “ਚਾਨਣ ਦੀ ਫੁੱਲਕਾਰੀ ਤੋਪਾ ਕੌਣ ਭਰੇ, ਅੰਬਰ ਦਾ ਇੱਕ ਆਲਾ,
ਸੂਰਜ ਬਾਲ ਦਿਆ,
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ”
ਪੰਜਾਬੀਆਂ ਨਾਲ ਫੁੱਲਕਾਰੀ ਦਾ ਰੰਗ ਆਜ਼ਾਦੀ ਤੋਂ ਬਾਅਦ ਫਿੱਕਾ ਜਰੂਰ ਪਿਆ ਇਸ ਦਾ ਕਾਰਣ ਤਕਨੀਕੀ ਤਰੱਕੀ ਸਮਝੀ ਜਾਂਦੀ ਹੈ। ਫੁੱਲਕਾਰੀ ਅੱਜ ਵੀ ਦਿਖਾਵੇ ਵਾਲੇ ਯੁੱਗ ਵਿੱਚ ਕਿਤੇ ਵੱਧ ਹਕੀਕੀ ਲੱਗਦੀ ਹੈ ਅਤੇ ਪੰਜਾਬ ਦੀ ਧੀ ਪੰਜਾਬਣ ਹੋਣ ਦਾ ਮਾਣ ਫੁੱਲਕਾਰੀ ਜਰੀਏ ਅੱਜ ਵੀ ਸੁਨਹਿਰੀ ਸੁਨੇਹਾ ਦਿੰਦਾ ਹੈ:-
“ਮੈਂ ਜੱਟੀ ਪੰਜਾਬ ਦੀ, ਮੇਰੇ ਗਜ-ਗਜ ਲੰਬੇ ਕੇਸ,
ਮੇਰੇ ਸਿਰ ਫੁੱਲਕਾਰੀ ਸੋਂਹਦੀ ਤੇ ਸੂਹਾ-ਸੂਹਾ ਵੇਸ”
ਅੱਜ ਇੱਕ ਵੰਨਗ ਦੇ ਤੌਰ ਤੇ ਫੁੱਲਕਾਰੀ ਦੇਖੀ ਹੰਡਾਈ ਜਾਂਦੀ ਹੈ ਪਰ ਹਕੀਕਤ ਵਿੱਚ ਇਹ ਅੱਜ ਦੀ ਪੀੜੀ ਦੀ ਰੂਹ ਦੀ ਆਵਾਜ਼ ਨਹੀਂ ਬਣਦੀ। ਇਸੇ ਲਈ ਅੱਜ ਇਹ ਵੰਨਗੀ ਵੀ ਕੁੜੀਆਂ ਦੇ ਪਾੜੇ ਵਿੱਚੋਂ ਗੁੰਮ ਗਈ ਲੱਗਦੀ ਹੈ।:-
“ਦਿਆਂ ਲੱਖ ਫੁੱਲਕਾਰੀਆਂ ਜਿੱਥੇ ਧੀ ਦਾ ਆਦਰ ਹੋ।”
ਸ਼ਾਲਾ ਪੰਜਾਬ ਦੇ ਵਿਰਸੇ ਵਿੱਚੋਂ ਗੁੰਮ ਹੋਇਆ ਚੀਜਾਂ ਅਤੇ ਖਾਸ ਤੌਰ ਤੇ ਫੁੱਲਕਾਰੀ ਇਕ ਵਾਰ ਫੇਰ ਪੰਜਾਬ ਦੀ ਰੂਹ ਬਣ ਸਕੇ।

                            ਸੁਖਪਾਲ ਸਿੰਘ ਗਿੱਲ
                            ਅਬਿਆਣਾ ਕਲਾਂ
                            ਮੋ: 98781-11445      

... ਟਟਿਆਣੇ ਵਰਗੀ ਧੁੱਪ ਮੰਗ - ਸੁਖਪਾਲ ਸਿੰਘ ਗਿੱਲ

ਬਜੁਰਗਾਂ ਨੇ ਸਮਾਜਿਕ ਖੋਜ ਕਰਕੇ ਬਣਾਈਆਂ ਕਹਾਵਤਾਂ ਪਿੱਛੇ  ਇਰਾਦਾ, ਵਿਸ਼ਵਾਸ, ਅਦਰਸ਼ੁ ਅਤੇ ਯੋਜਨਾਵਾਂ ਦਾ ਆਧਾਰ ਅਤੇ ਅਤੀਤ ਦਾ ਪ੍ਰਭਾਵ ਹੈ। ਇਹਨਾਂ ਪਿੱਛੇ ਕਹਾਵਤਾਂ ਨੂੰ ਘੜਨ ਲਈ ਲੰਬਾ ਗਿਆਨ ਅਤੇ ਹਾਲਾਤ ਨੇ ਭੂਮਿਕਾ ਨਿਭਾਈ। ਪੀੜੀ ਦਰ ਪੀੜੀ ਦਾ ਪਾੜਾ ਬੁਹਤੀ ਵਾਰੀ ਸਮਾਜ ਵਿੱਚ ਭਾਰੂ ਰਹਿੰਦਾ ਹੈ। ਕਾਲਜ ਦੇ ਦਿਨਾਂ ਦੌਰਾਨ 1988 ਵਿੱਚ ਆਏ ਹੜ੍ਹਾਂ ਦੀ ਯਾਦ ਸਾਂਝੀ ਕਰਦਾ ਹਾਂ ਮੈਂ ਉਸ ਸਮੇਂ ਸਰਕਾਰੀ ਕਾਲਜ ਰੋਪੜ ਵਿੱਚ ਵਿਦਿਆਰਥੀ ਸੀ। ਉਸ ਸਮੇਂ ਹੜ੍ਹਾਂ ਦਾ ਆਨੰਦ ਅਤੇ ਕਾਲਜ ਵਿੱਚ ਹੋਈਆਂ ਛੁੱਟੀਆਂ ਮਾਣਿਆ। ਕਾਰਨ ਇਹ ਸੀ ਉਸ ਸਮੇਂ ਸਿਰ ਉੱਤੇ ਸਮਾਜਿਕ ਭਾਰ ਨਹੀ ਸੀ। ਅੱਜ ਜਦੋਂ ਸਿਰ ਉੱਤੇ ਪਈ ਹੈ ਤਾਂ ਅੱਜ ਦੇ ਹਾਲਾਤਾਂ ਮੁਤਾਬਿਕ ਹੜ੍ਹ ਵੱਖਰਾ ਅਤੇ ਭੈ-ਭੀਤ ਸੁਨੇਹਾ ਦਿੰਦੇ ਹਨ।
    ਅੱਜ ਝੜੀ, ਸੋਕਾ ਅਤੇ ਡੋਬਾ ਪਿੰਡ ਦੇ ਜੀਵਨ ਤੇ ਭਾਰੂ ਪੈ ਜਾਂਦੇ ਹਨ। ਸਮੇਂ ਨਾ ਕਾਫੀ ਕੁੱਝ ਬਦਲਿਆ ਵੀ ਹੈ ਅੱਜ ਨਾ ਸੋਕਾ ਜਰਿਆ ਜਾਵੇ ਨਾ ਡੋਬਾ ਜਰਿਆ ਜਾਵੇ। ਇਹੀ ਵਰਤਾਰਾ ਅਤੀਤ ਵਿੱਚ ਸੀ। ਇਕ ਪੁਰਾਤਨ ਦੰਦ ਕਥਾ ਹੈ ਇਕ ਬਜੁਰਗ ਦੀਆਂ ਦੋ ਧੀਆਂ ਸਨ ਇਕ ਚੰਗਰ ਵਿੱਚ ਵਿਆਹੀ ਹੋਈ ਸੀ ਦੂਜੀ ਮੰਡ ਬੇਲੇ ਵਿੱਚ ਵਿਆਹੀ ਹੋਈ ਸੀ। ਉਸ ਲਈ ਦੋਵੇ ਧੀਆਂ ਬਰਾਬਰ ਸਨ। ਉਸ ਨੂੰ ਕਿਸੇ ਨੇ ਪੁੱਛਿਆ, “ਬਾਬਾ ਔੜ ਮੰਗਦਾ ਹੈ ਜਾਂ ਮੀਂਹ ਮੰਗਦਾ ਹੈ” ਬਾਬੇ ਨੇ ਉੱਤਰ ਦਿੱਤਾ, “ਪੁੱਤਰੋਂ ਨਾ ਮੀਂਹ ਮੰਗਦਾ ਹਾਂ ਨਾ ਔੜ ਮੰਗਦਾ ਹਾਂ ਕਾਰਣ ਇਹ ਹੈ ਮੇਰੀਆਂ ਦੋ ਧੀਆਂ ਹਨ ਇਕ ਚੰਗਰ ਵਿੱਚ ਵਿਆਹੀ ਹੈ ਅਤੇ ਦੂਜੀ ਮੰਡ ਬੇਲੇ ਵਿੱਚ ਵਿਆਹੀ ਹੋਈ ਹੈ ਜੇ ਮੀਂਹ ਪੈਂਦਾ ਤਾਂ ਬੇਲੇ ਵਾਲੀ ਦਾ ਨੁਕਸਾਨ ਜੇ ਔੜ ਲੱਗਦੀ ਹੈ ਤਾਂ ਚੰਗਰ ਵਾਲੀ ਦਾ ਨੁਕਸਾਨ ਇਸ ਲਈ ਮੈਨੂੰ ਦੋਵੇਂ ਹੀ ਮੁਆਫਿਕ ਨਹੀਂ ਹਨ”। ਸਿਆਣਿਆਂ ਨੇ ਆਪਣੇ ਜਮਾਨੇ ਵਿੱਚ ਝੜੀ ਨਾਲੋਂ ਔੜ ਨੂੰ ਚੰਗਾ ਸਮਝਿਆ ਸੀ। ਉਸ ਸਮੇਂ ਭੂਗੋਲਿਕ ਅਤੇ ਵਾਤਾਵਰਣਿਕ ਸਥਿਤੀ ਹੀ ਅਜਿਹੀ ਸੀ।
    ਅੱਜ ਔੜ ਝੜੀ ਅਤੇ ਸੋਕੇ ਡੋਬੇ ਲਈ ਵੱਖ-ਵੱਖ ਮਾਪਦੰਡ ਸਰਕਾਰਾਂ ਨੇ ਨਿਯਮਿਤ ਕੀਤੇ ਹਨ। ਇਹਨਾਂ ਲਈ ਦਰਜਾਬੰਦੀ ਕਰਕੇ ਜਨਤਾਂ ਦੇ ਹਿੱਤ ਘੋਖਕੇ ਫੈਸਲੇ ਲਏ ਜਾਂਦੇ ਹਨ। ਸਾਡੇ ਜੀਵਨ ਦਾ ਮੌਸਮ ਨਾਲ ਗੂੜਾ ਸਬੰਧ ਹੈ। ਸਾਡੇ ਮੁਲਕ ਨੇ ਸੰਨ 2002 ਵਿੱਚ ਪੁਲਾੜ ਵਿੱਚ ਮੌਸਮ ਉਪਗ੍ਰਹਿ ਛੱਡਿਆ ਸੀ। ਜਿਸ ਤੋਂ ਮੌਸਮ ਦੀ ਭਵਿੱਖਬਾਣੀ ਤਕਰੀਬਨ ਸਹੀ ਹੀ ਸਾਬਤ ਹੁੰਦੀ ਹੈ। ਪਹਿਲੇ ਸਿਆਣੇ ਪੰਛੀਆਂ ਦੀਆਂ ਉਡਾਰਾਂ, ਹਵਾਵਾਂ ਅਤੇ ਬੱਦਲ ਦੇਖਕੇ ਮੌਸਮ ਦੀ ਭੱਵਿਖਬਾਣੀ ਕਰਦੇ ਸਨ। ਦੇਸੀ ਮਹੀਨਿਆਂ ਮੁਤਾਬਿਕ ਮੌਸਮ ਦੀ ਚਾਲ-ਢਾਲ ਅਨੁਸਾਰ ਕੰਮ ਕਰਦੇ ਸਨ। ਉਂਝ ਮੌਸਮ ਵਿਭਾਗ 1875 ਵਿੱਚ ਸਥਾਪਿਤ ਹੋਇਆ ਸੀ। ਹੜ੍ਹਾਂ ਕਾਰਣ ਇੰਨ੍ਹਾਂ ਨੁਕਸਾਨ ਅਤੇ ਬਰਬਾਦੀ ਹੁੰਦੀ ਹੈ ਜਿਸ ਦੀ ਭਰਪਾਈ ਕਰਨੀ ਬੇਹੱਦ ਮੁਸ਼ਕਿਲ ਹੁੰਦੀ ਹੈ। ਸੋਕੇ ਕਾਰਨ ਇੰਨ੍ਹਾਂ ਨੁਕਸਾਨ ਨਹੀ ਹੁੰਦਾ ਜਿੰਨ੍ਹਾਂ ਮੀਂਹਾਂ ਕਾਰਨ ਹੁੰਦਾ ਹੈ। ਅੱਜ ਦੇ ਹੜ੍ਹਾਂ ਦਾ ਕਾਰਨ ਮਨੁੱਖੀ ਗਲਤੀਆਂ ਅਤੇ ਖੁੱਦ ਸਹੇੜੀਆਂ ਅਲਾਮਤਾਂ ਦਾ ਨਤੀਜਾ ਹੈ।
    ਪੁਰਾਤਨ ਪੇਂਡੂ ਜੀਵਨ ਵਿੱਚ ਦੁੱਧ, ਪੁੱਤ ਅਤੇ ਧੁੱਪ ਜੀਵਨ ਦਾ ਆਧਾਰ ਸਨ। ਪਰ ਇਹ ਹੁੰਦਾ ਕੁਦਰਤੀ ਵਰਤਾਰਾ ਸੀ ਜਾਂ ਨਸੀਬਾਂ ਦਾ ਖੇਲ ਹੁੰਦਾ ਸੀ। ਉਸ ਸਮੇਂ ਦੁੱਧ ਨੂੰ ਪੁੱਤ ਦੇ ਬਰਾਬਰ ਸਮਝਦੇ ਸਨ। ਕਿਹਾ ਵੀ ਜਾਂਦਾ ਸੀ, “ਉੱਠੇ ਪੁੱਤਰ ਗਿਆ ਦਲਿੱਦਰ”। ਧੁੱਪ ਨੂੰ ਮੀਂਹ ਨਾਲੋਂ ਕੁੱਝ ਚੰਗੀ ਸਮਝਦੇ। ਕਿਉਂਕਿ ਮੀਂਹ ਦਾ ਮੁਕਾਬਲਾ ਕਰਨ ਲਈ ਕੋਈ ਖਾਸ ਤਕਨੀਕ ਨਹੀਂ ਹੁੰਦੀ ਸੀ। ਇਸ ਲਈ ਬਜੁਰਗ ਹਾਲਾਤਾਂ ਮੁਤਾਬਕ ਦੁੱਧ, ਪੁੱਤ ਅਤੇ ਧੁੱਪ ਲਈ ਉਨੀਂਦਰੇ ਵਿੱਚ ਵੀ ਸੁਪਨੇ ਲਈ ਜਾਂਦੇ ਸਨ। ਅੱਜ ਦੁੱਧ ਮਿਲਵਾਟੀ ਅਤੇ ਪੁੱਤਰ ਬਾਗੀ ਸੁਭਾਅ ਦੇ ਹੋ ਗਏ ਹਨ। ਅਜੋਕੇ ਸਮੇਂ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਕੁਦਰਤ ਅਤੇ ਸਮੇਂ ਅੱਗੇ ਜੋਰ ਨਹੀਂ ਚੱਲਦਾ। ਇਹ ਵਰਤਾਰਾ ਅਤੀਤ ਤੋਂ ਹੀ ਲਾਗੂ ਹੈ। ਬਚਪਨ ਵਿੱਚ ਮੀਂਹਾਂ ਦੇ ਪਾਣੀ ਵਿੱਚ ਕਿਸ਼ਤੀਆਂ ਚਲਾਉਣੀਆਂ, ਨਹਾਉਣਾ ਅਤੇ ਛੁੱਟੀਆਂ ਹੋਣ ਸਮੇਂ ਨਜ਼ਾਰੇ ਆਉਂਦੇ ਸਨ। ਕਾਲਜ ਦੇ ਦਿਨਾਂ ਵਿੱਚ 26 ਸਤੰਬਰ 1988 ਤੋਂ 28 ਸਤੰਬਰ 1988 ਤੱਕ ਹੜ੍ਹਾਂ ਦੀ ਤਬਾਹੀ ਰਹੀ। ਅਸੀਂ ਨਿਆਣੀ ਬੁੱਧੀ ਕਰਕੇ ਇਹਨਾਂ ਹੜ੍ਹਾਂ ਨੂੰ ਨਿਆਣ ਮੱਤ ਨਾਲ ਹੀ ਦੇਖਦੇ ਸਾਂ। ਉਸ ਸਮੇਂ ਮੇਰੇ ਦਾਦਾ ਜੀ ਨੇ ਇਕ ਕਹਾਵਤ ਕਹੀ ਸੀ, “ਦੁੱਧ ਮੰਗ, ਪੁੱਤ ਮੰਗ, ਟਟਿਆਣੇ ਵਰਗੀ ਧੁੱਪ ਮੰਗ”। ਉਹਨਾਂ ਦੇ ਜ਼ਮਾਨੇ ਮੁਤਾਬਿਕ ਇਹ ਕਹਾਵਤ ਤਾਂ ਸਹੀ ਹੋਣੀ ਪਰ ਸਾਨੂੰ ਨਹੀ ਜਚੀ। ਅੱਜ ਹੜ੍ਹਾਂ ਦੇ ਹਾਲਾਤ ਨਾਲ ਹੋਏ ਨੁਕਸਾਨ ਨੇ ਇਕ ਵਾਰ ਫੇਰ ਹੜ੍ਹਾਂ ਅਤੇ ਮੀਂਹਾਂ ਨਾਲੋਂ ਧੁੱਪ ਚੰਗੀ ਦਾ ਵਰਕਾ ਖੋਲ ਦਿੱਤਾ। ਪਰ ਸ਼ੁੱਧ ਦੁੱਧ ਅਤੇ ਆਗਿਆਕਾਰੀ ਪੁੱਤਰ ਸਮੇਂ ਦੀ ਲੋੜ ਅਤੇ ਮੰਗ ਹੈ। ਕਈ ਕਹਾਵਤਾਂ ਅਤੀਤ ਅਤੇ ਵਰਤਮਾਨ ਲਈ ਖਿੜਕੀ ਦਾ ਕੰਮ ਕਰਦੀਆਂ ਹਨ ਜਿਹਨਾਂ ਵਿੱਚ ਮੇਰੇ ਦਾਦਾ ਜੀ ਦੀ ਕਹਾਵਤ “... ਟਟਿਆਣੇ ਵਰਗੀ ਧੁੱਪ ਮੰਗ” ਵੀ ਇਕ ਹੈ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445 

ਰਾਜਨੀਤੀਵਾਨੋ ਵਾਤਾਵਰਨ ਦਾ ਖਹਿੜਾ ਤਾਂ ਛੱਡੋ

ਕਹਿੰਦੇ ਹਨ ਇੱਕ ਘਰ ਦਾ ਡੈਣ ਵੀ ਛੱਡ ਦਿੰਦੀ ਹੈ। ਇਸੇ ਤਰਜ਼ ਤੇ ਸਾਡਾ ਭੱਖਦਾ ਮੁੱਦਾ ਵਾਤਾਵਰਨ ਹੈ। ਇਸ ਨੂੰ ਵੀ ਰਾਜਨੀਤਿਕ ਗਲਿਆਰੇ ਮੁਆਫ ਨਹੀਂ ਕਰ ਰਹੇ। ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਸਹਿਜ ਤਰੀਕੇ ਨਾਲ ਇਸ ਮਸਲੇ ਨਾਲ ਸਰਬਸੰਮਤੀ ਨਾਲ ਹੱਲ ਹੋਵੇ। ਵਾਤਾਵਰਨ ਦਾ ਢਿੰਡੋਰਾ ਪਿੱਟਣ ਵਾਲੇ ਬੁੱਧੀਜੀਵੀ ਇਸ ਬਾਰੇ ਜਾਗਰੂਕ ਹਨ ਪਰ ਜਦੋਂ ਇਸ ਰਾਜਨੀਤੀ ਘੁੱਸਪੈਠ ਕਰਦੀ ਹੈ ਤਾਂ ਜਾਗਰੂਕਤਾ ਵੀ ਲਾਵਾਰਿਸ ਹੋ ਕੇ ਰਹਿ ਜਾਂਦੀ ਹੈ। ਰਾਜਨੀਤਿਕ ਜਮਾਤ ਨੂੰ ਹੋਰ ਮੁੱਦੇ ਬਹੁਤ ਹਨ ਪਰ ਇਸ ਦਾ ਖਹਿੜਾ ਛੱਡ ਕੇ ਸਰਬਸਾਂਝੀ ਰਾਏ ਬਣਾਉਣੀ ਚਾਹੀਦੀ ਹੈ। ਵਾਤਾਵਰਨ ਭਵਿੱਖ ਦੇ ਸਾਹਾਂ ਨਾਲ ਜੁੜੀ ਕੁਦਰਤੀ ਪ੍ਰਕਿਰਿਆ ਹੈ। ਪੰਜਾਬ ਸਰਕਾਰ ਨੇ ਵਾਤਾਵਰਨ ਲਈ ਕੁੱਝ ਪੁਖਤਾ ਇੰਤਜ਼ਾਮ ਵੀ ਕੀਤੇ। ਜਿਸ ਦੀ ਤਾਜ਼ਾ ਮਿਸਾਲ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਮੱਤੇਵਾੜਾ ਹੈ।
    ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਸਰਕਾਰ ਨੇ ਵਣ ਮਹਿਕਮੇ ਦੇ ਕਈ ਛੁਪੇ ਰੁਸਤਮੇ ਬਾਹਰ ਲਿਆਂਦੇ ਹਨ ਪਰ ਇਹ ਵੀ ਰਾਜਨੀਤਿਕ ਬਦਲਾਖੋਰੀ ਤੋਂ ਪਰੇ ਹੋਣਾ ਚਾਹੀਦਾ ਹੈ। ਇਸ ਨਾਲ ਸਰਕਾਰ ਦਾ ਪੱਖ ਮਜ਼ਬੂਤ ਹੋਇਆ ਹੈ। ਜੰਗਲਾਂ ਦੀ ਕਟਾਈ ਲਈ ਤਾਂ ਮਾਣਯੋਗ ਅਦਾਲਤਾਂ ਨੇ ਵੀ ਸ਼ਾਇਦ ਰੋਕ ਲਗਾਈ ਹੋਈ ਹੈ। ਇਸ ਲਈ ਮੱਤੇਵਾੜਾ ਦਾ ਖਰਿੰਡ ਤਾਂ ਪੁੱਟਣਾ ਹੀ ਨਹੀਂ ਚਾਹੀਦਾ ਸੀ। ਸਰਕਾਰ ਵਣ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ਪਰ ਇਹ ਆਰਜ਼ੀ ਰਹਿ ਜਾਂਦੀ ਹੈ ਕਿਉਂਕਿ ਵਣ ਖੇਤੀ ਦੀ ਮੁੱਖ ਫਸਲ ਪਾਪੂਲਰ 5 ਸਾਲ ਬਾਅਦ ਕੱਟੀ ਜਾਂਦੀ ਹੈ। ਵਾਤਾਵਰਨ ਅਤੇ ਰੁੱਖਾਂ ਦੀ ਕੀਮਤ ਬਾਰੇ ਪਹਿਲੀ ਜਮਾਤ ਤੋਂ ਪੜ੍ਹਦਿਆਂ ਹੋਇਆ ਅਜੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ। ਯੂ.ਐਨ.ਓ. ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਕੋਲ 8953, ਰੂਸ ਕੋਲ 4461, ਅਮਰੀਕਾ ਕੋਲ 716, ਚੀਨ ਕੋਲ 102, ਭਾਰਤ ਕੋਲ ਮਹਿਜ਼ 28 ਰੁੱਖ ਪ੍ਰਤੀ ਵਿਅਕਤੀ ਹਨ। ਇੱਕ ਮਨੁੱਖ 16 ਰੁੱਖਾਂ ਜਿੰਨੀ ਆਕਸੀਜਨ ਲੈਂਦਾ ਹੈ। ਇਸ ਲਈ ਇਸ ਕੁਦਰਤੀ ਤੋਹਫੇ ਦਾ ਪਤਾ ਕੋਰੋਨਾ ਕਾਲ ਸਮੇਂ ਲੱਗਿਆ। ਜਦੋਂ ਕਿ ਸ਼ੁਰੂ ਤੋਂ ਹੀ ਸੁਚੇਤ ਰਹਿਣਾ ਬਣਦਾ ਸੀ। 
    ਰੁੱਖ ਜੀਵਨ ਅਤੇ ਜਿਊਣ ਦਾ ਸੰਤੁਲਨ ਕਾਇਮ ਰੱਖਦੇ ਹਨ। ਸਾਡੀ ਜ਼ਿੰਦਗੀ ਕਿਸੇ ਨਾ ਕਿਸੇ ਰੂਪ ਵਿੱਚ ਰੁੱਖ ਨਾਲ ਮਨੁੱਖ ਦਾ ਸਾਂਝ ਕਰਵਾਉਂਦੀ ਹੈ। ਸਮਾਜਿਕ ਮੇਲ ਜੋਲ ਵੀ ਰੱਖਦੀ ਹੈ। ਘਰਾਂ ਵਿੱਚ ਰੁੱਖ ਤਾਂ ਕੀ ਲਗਾਉਣੇ ਸਨ ਬਲਕਿ ਪੁੱਟ ਕੇ ਪਰੇ ਸੁੱਟ ਦਿੱਤੇ ਗਏ ਹਨ। ਕੁੱਝ ਲੋਕ ਘਰਾਂ ਵਿੱਚ ਕੋਈ ਖਾਸ ਕਿਸਮ ਦੇ ਬੂਟੇ ਲਗਾਉਣ ਲਈ ਅੰਧਵਿਸ਼ਵਾਸ ਨਾਲ ਵੀ ਜੋੜਦੇ ਹਨ। ਸਾਡੇ ਬਜ਼ੁਰਗਾਂ ਨੂੰ ਦੇਖੋ ਦੇਸੀ ਉਦਾਹਰਨ ਹੈ ਕਿ ਪਿੱਪਲਾਂ ਥੱਲੇ ਮੰਜੇ ਡਾਹ ਕੇ ਸੌਂਦੇ ਸਨ ਅਤੇ ਸੋ ਦਾ ਅੰਕੜਾ ਪਾਰ ਕਰਦੇ ਸਨ। ਸਾਡਾ ਗੁਆਂਢੀ ਸੂਬਾ ਹਿਮਾਚਲ ਹੈ। ਇਸ ਦਾ ਭੂਗੋਲਿਕ ਤੌਰ ਤੇ ਜੰਗਲੀ ਰਕਬਾ ਵੱਧ ਹੈ। ਇਸ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ। ਰੁੱਖਾਂ ਦੀ ਕਟਾਈ ਨਾਲ ਸਮਝ ਆ ਚੁੱਕੀ ਹੈ ਕਿ ਮਨੁੱਖ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਹੈ ਅਤੇ ਹੈਵਾਨੀਅਤ ਵੱਧ ਗਈ ਹੈ। ਵਾਤਾਵਰਨ ਬਚਾਉਣ ਲਈ ਰੁੱਖਾਂ ਪ੍ਰਤੀ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਜਿਸ ਨਾਲ “ਸਾਡਾ ਖਵਾਬ ਹਰਿਆ ਭਰਿਆ ਪੰਜਾਬ” ਦਾ ਨਾਅਰਾ ਬੁਲੰਦ ਹੋਣਾ ਚਾਹੀਦਾ ਹੈ। ਹਰ ਰਾਜਨੀਤਿਕ ਖੇਤਰ ਨੂੰ ਵਾਤਾਵਰਨ ਸੰਬੰਧੀ ਬੇਲੋੜੇ ਇਲਜ਼ਾਮ ਛੱਡ ਕੇ ਸਰਵਸੰਮਤੀ ਵਾਲਾ ਨਜ਼ਰੀਆ ਰੱਖਣਾ ਚਾਹੀਦਾ ਹੈ। ਜਿਸ ਨਾਲ ਪੰਜਾਬ ਭਵਿੱਖੀ ਸ਼ੁੱਭ ਸੰਕੇਤ ਦੇਵੇ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋਬਾ. ਨੰ. 98781—11445

ਸਾਵਿਣ ਸਰਸੀ ਕਾਮਣੀ ... - ਸੁਖਪਾਲ ਸਿੰਘ ਗਿੱਲ

ਨਾਨਕਸ਼ਾਹੀ ਸੰਮਤ ਦਾ ਚੇਤ ਤੋਂ ਸ਼ੁਰੂ ਹੋਏ ਸਾਲ ਦਾ ਪੰਜਵਾਂ ਮਹੀਨਾ ਸਾਵਣ ਹੈ । ਇਸ ਮਹੀਨੇ ਨੂੰ ਸੋਣ ਅਤੇ ਸਾਉਣ ਦੇ ਨਾਂ ਨਾਲ  ਵੀ ਪੁਕਾਰਦੇ ਹਨ । ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤੱਕ  ਇਹ ਦੇਸੀ ਮਹੀਨਾ ਹੁੰਦਾ ਹੈ । ਪਰਕਿਰਤੀ ਦਾ ਖੂਬਸੂਰਤ ਨਕਸ਼ਾ ਚਿਤਰਨ ਵਾਲਾ ਇਹ ਮਹੀਨਾ  ਆਪਣੀ ਬੁੱਕਲ ਵਿੱਚ   ਕਈ ਤਰ੍ਹਾਂ ਦੇ ਵੰੰਨਗ ਸਾਂਭੀ ਬੈਠਾ ਹੈ। ਇਸ ਮਹੀਨੇ ਦਾ ਮਨੁੱਖੀ ਜੀਵਨ ਤੇ ਅਧਿਆਤਮਕ ਪੱਖ ਤੋਂ ਪਵਿੱਤਰ  ਗੁਰਬਾਣੀ ਨੇ ਇਉਂ ਫੁਰਮਾਣ ਕੀਤਾ ਹੈ  —  
 " ਸਾਵਿਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ।।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮ ਅਧਾਰ ।।
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ।।
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ।।
ਵਣੁ ਤਿਣੁ ਪ੍ਰਭ ਸੰਗ ਮਉਲਿਆ ਸੰਮ੍ਰਥ ਪੁਰਖ ਅਪਾਰੁ ।।
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ।।
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ।।
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ।।
ਸਾਵਿਣ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ।। "
                                     ਸਾਵਣ  ਮਹੀਨਾ ਸੱਭਿਅਤਾ , ਸੱਭਿਆਚਾਰ  ਅਤੇ ਰੀਤੀ ਰਿਵਾਜ਼ਾ ਦਾ ਮਹੀਨਾ ਹੈ । ਇਸ ਤੋਂ ਪਹਿਲੇ ਹਾੜ੍ਹ ਦੀ ਤਪਸ਼ ਤੋਂ ਬਾਅਦ ਇਸ ਮਹੀਨੇ ਬਾਰੇ ਕਥਾ ਵਿਚਾਰ ਹੈ ਕਿ  ਇਹ ਸੱਪਾਂ , ਮਿਰਗਾਂ ਅਤੇ ਮੱਛੀਆਂ ਨੂੰ ਖੁਸ਼ੀ ਦਿੰਦਾ ਹੈ ਜਦੋਂ ਕਿ ਗਾਂ ਤੇ ਪੁੱਤ ਬਲਦ , ਗਰੀਬ , ਰਾਹਗੀਰ ਅਤੇ ਨੌਕਰ ਚਾਕਰ ਨੂੰ ਖੁਸ਼ੀ ਨਹੀਂ ਦਿੰਦਾ । ਇਸ ਵਿੱਚਾਰ ਦੇ ਤੱਥ ਆਪਣੇ ਵਿੱਚ ਬਹੁਤ ਕੁਝ ਸਮਾਈ ਬੈਠੇ ਹਨ । ਲੂਹ ਤੋਂ ਬਾਅਦ ਠੰਡਕ ਦੇ ਬੁੱਲੇ ਆਉਂਦੇ ਹਨ । ਇੱਕ ਪੰਛੀ ਜਿਸਦਾ ਸਾਵਣ ਨਾਲ ਇਤਿਹਾਸਕ , ਮਿਥਿਹਾਸਕ ਸਬੰਧ ਹੈ ਉਸਨੂੰ  ਬੰਬੀਹਾ , ਪਪੀਹਾ ਅਤੇ ਚਾਤਰਿਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਸ ਮਹੀਨੇ ਇਹ ਪੰਛੀ ਮੀਂਹ ਦੀ ਪੁਕਾਰ ਕਰਦਾ ਹੈ ਅਤੇ ਸਵਾਤੀ ਬੂੰਦ ਮੰਗਦਾ ਹੈ । ਕੋਇਲ ਵੀ ਬਾਗਾਂ ਵਿੱਚ ਬੋਲੀਆਂ ਪਾਉਂਦੀ ਹੈ —
 " ਪਈ ਕੂ — ਕੂ , ਕੂ — ਕੂ ਕਰਦੀ ਨੀ ਸਈਓ ਕੋਇਲ  ਹੰਝੂ ਡੋਲੇ ,
ਪਪੀਹਾ ਵੇਖੋ ਨੀਂ ਭੈੜਾ ਪੀਆ ਪੀਆ ਬੋਲੈ "
                           ਔਰਤਾਂ ਦੀਆਂ ਰੀਝਾਂ ਨੂੰ ਪੇਸ਼ ਕਰਨ ਦਾ ਮੌਕਾ ਸਾਂਭੀ ਬੈਠਾ ਮਰਦ ਪ੍ਰਧਾਨਤਾ ਤੋਂ ਆਰਜ਼ੀ ਰਾਹਤ ਵੀ ਦਿਵਾਉਂਦਾ  ਹੈ । ਔਰਤ ਨਾਲ ਸੋਣ ਦਾ ਜਿਸਮ ਰੂਹ ਵਾਲਾ ਸੁਮੇਲ ਹੈ । ਗੀਤ ਸੰਗੀਤ ਅਤੇ ਰਿਵਾਜ ਇੱਕਸੁਰ ਹੋ ਕੇ  ਚਾਅ ਮਲਾਰ ਵੰਡਦੇ ਹਨ । ਪਰ ਅੱਜ ਆਧੁਨਿਕਤਾ ਦੀ ਦੌੜ ਨੇ ਇਹਨਾਂ ਨੂੰ ਘਸਮੰਡਿਆ ਜ਼ਰੂਰ ਹੈ । ਵਿਆਹੀ ਕੁੜੀ ਸਾਵਣ ਮਹੀਨਾ ਕੱਟਣ ਆਪਣੇ ਮਾਪੇ ਜਾਂਦੀ ਹੈ । ਇਸਨੂੰ  ਲੈਰਾਂ ਮਹੀਨਾਂ ਵੀ ਕਿਹਾ ਜਾਂਦਾ ਹੈ । ਸੱਸ ਅਤੇ ਪਤੀ ਨਾਲੋਂ ਦੂਰੀ ਰੱਖਣ ਇਹ ਮਹੀਨਾਂ ਤੱਥ ਅਤੇ ਤੱਥ ਰਹਿਤ ਵਿਚਾਰ ਰੱਖਦਾ ਹੈ । ਲੋਕ ਬੋਲੀਆਂ ਵਿੱਚ ਵੀ ਇਸ ਮਹੀਨੇ ਗਿੱਧੇ ਦੀ ਲੌਰ ਨੂੰ ਇਉਂ ਪੇਸ਼ ਕੀਤਾ ਹੈ  —
" ਸਾਉਣ ਮਹੀਨਾ ਦਿਨ ਗਿੱਧੇ ਦੇ ਸਭੇ ਸਹੇਲੀਆਂ ਆਈਆਂ ,
ਭਿੱਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ੍ਹ ਆਈਆਂ "
                    ਤਮਾਮ ਬਨਸਪਤੀ ਦੀ ਪਿਆਸ ਬੁਝਾ ਕੇ ਇਹ ਮਹੀਨਾ ਪ੍ਰਕਿਰਤੀ ਨੂੰ ਹਰੀ ਭਰੀ ਕਰਨ ਦਾ ਹੁਲਾਰਾ ਅਤੇ ਹੁੰਗਾਰਾ ਦਿੰਦਾ ਹੈ । ਇਸ ਤੋਂ ਇਲਾਵਾ ਕੁਦਰਤ ਅਤੇ ਗੀਤ ਸੰਗੀਤ ਨੂੰ ਰਸ ਭਿੰਨਾ ਬਣਾਉਂਦਾ ਹੈ । ਅੰਬ ਅਤੇ ਜਮੋਏ ਪੂਰੇ ਜੋਬਨ ਤੇ ਰਸਦੇ ਹਨ । ਸਕੂਲਾਂ ਕਾਲਜਾਂ ਅਤੇ ਪਿੰਡਾਂ ਦੇ ਵਿਰਸੇ ਨੂੰ ਉਘਾੜਨ ਦਾ ਉਪਰਾਲਾ ਕਰਦਾ ਹੈ  । ਰੀਝਾਂ ਦਾ ਵਰਣਨ ਕਰਦਾ ਪਤੀ ਨਾਲੋਂ ਬਿਰਹੋਂ ਦੀਆਂ ਪੀੜ੍ਹਾਂ  ਅਤੇ ਸਖੀਆਂ ਸਹੇਲੀਆਂ ਨਾਲ ਮੇਲ ਕਰਾਉਂਦਾ ਹੈ  । ਕੁਆਰੀਆਂ ਕੁੜੀਆਂ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ ਜਿਸ ਨਾਲ ਉਹਨਾਂ ਨੂੰ ਮਨ ਪਸੰਦ ਵਰ ਦੀ ਧਾਰਨਾ ਬੱਝਦੀ  ਹੈ । ਹਰੀਆਂ ਚੂੜੀਆਂ ਔਰਤਾਂ ਪਹਿਨਦੀਆਂ ਹਨ   ਅਤੇ  ਸੋਮਵਾਰ ਸ਼ਿਵ ਜੀ ਦਾ  ਵਰਤ ਰੱਖੀਆਂ ਹਨ । ਔਰਤਾਂ ਦੇ ਸਮੁੱਚੇ ਪੱਖਾਂ ਦੀ ਕਲਾਕਾਰੀ ਅਤੇ ਤਰਜ਼ਮਾਨੀ ਕਰਦਾ ਹੋਇਆ ਕੁੜੀਆਂ ਦੀ ਜਵਾਨੀ ਦੇ ਹੜ੍ਹ ਨੂੰ  ਇਉਂ ਚਿਤਰਦਾ ਹੈ —
" ਆਇਆ ਸੋਣ ਮਹੀਨਾ ਕੁੜੀਓ ਲੈਕੇ ਠੰਡੀਆਂ ਹਵਾਵਾਂ ,
ਪੇਕੇ ਘਰੋਂ ਮੈਨੂੰ ਆਈਆਂ ਝਾਜਰਾਂ ਮਾਰ ਅੱਡੀ ਛਣਕਾਵਾਂ ,
ਖੱਟਾ ਡੋਰੀਆ ਉਡ — ਉਡ ਜਾਂਦਾ ਜਦ ਮੈਂ ਪੀਂਘ ਚੜਾਵਾਂ ,
ਸੋਣ ਦਿਆ ਬਦਲਾ ਵੇ ਮੈਂ ਤੇਰਾ ਜੱਸ ਗਾਵਾਂ  "
                      ਸਾਉਣ ਮਹੀਨੇ ਰੱਖੜ ਪੁੰਨਿਆ ਨੂੰ ਰੱਖੜੀ ਦਾ ਤਿਉਹਾਰ ਆਉਦਾਂ ਹੈ , ਜੋ ਭੈਣ ਭਰਾ ਦਾ ਪਿਆਰ ਜਤਾਉਂਦਾ ਹੈ ਇਸ ਮਹੀਨੇ ਵਿਆਹੀਆਂ ਕੁੜੀਆਂ ਨੂੰ ਸੰਧਾਰੇ ਦਿੱਤੇ ਜਾਂਦੇ ਹਨ । ਸਾਉਣ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾਂ ਤੀਆ ਦਾ ਤਿਉਹਾਰ ਮਨਾਉਣ ਲਈ ਕੁੜੀਆ ਗਿੱਧੇ ਪਾਉਂਦੀਆਂ ਅਤੇ ਪੀਂਘਾਂ ਝੂਟਦੀਆਂ ਹਨ । ਤਰ੍ਹਾਂ — ਤਰ੍ਹਾਂ ਦੇ ਸਵਾਦੀ ਪਕਵਾਨ ਬਣਾਉਂਦੀਆਂ ਹਨ । ਜੋ ਕੁੜੀਆਂ ਤੀਆਂ ਵਿੱਚ ਸ਼ਰੀਕ ਹੋਣੋ  ਖੁੰਝ ਜਾਂਦੀਆਂ ਉਹਨਾਂ ਨੂੰ ਸਹੁਰੇ ਘਰ ਹੀ ਤੀਆਂ ਦਾ ਤਿਉਹਾਰ ਪੁੱਜਦਾ ਕੀਤਾ ਜਾਂਦਾ ਹੈ । ਤੀਆਂ ਤੋਂ ਪਹਿਲੀ ਰਾਤ ਮਹਿੰਦੀ ਲਾਉਣ ਦੀ ਹੁੰਦੀ ਹੈ । ਸਭ ਔਰਤਾਂ ਦੇ ਹੱਥ ਮਹਿੰਦੀ ਨਾਲ ਸੂਹੇ ਨਜ਼ਰ ਪੈਂਦੇ ਹਨ । ਚੂੜੀਆਂ , ਰੀਬਨਾਂ ਅਤੇ ਹਾਰ ਸ਼ਿੰਗਾਰ ਦੇ ਲਿਸ਼ਕਾਰੇ ਵੱਜਦੇ ਹਨ । ਮਾਪਿਆਂ ਦੀਆਂ ਵਧੀਆਂ ਰੋਣਕਾਂ ਕਰਕੇ ਸਾਉਣ ਦੀ ਸਿਫਤ ਕੀਤੀ ਜਾਂਦੀ ਹੈ  ਅਤੇ ਵਿਛੋੜੇ ਕਰਕੇ ਭਾਦੋਂ ਨੂੰ  ਉਲਾਂਭਾ  ਦਿੱਤਾ ਜਾਂਦਾ ਹੈ  । —
" ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ "
                      ਕੁਦਰਤ ਦਾ  ਮਾਨਵੀਕਰਨ ਕਰਦਾ ਹੋਇਆ ਸਾਵਣ ਮਹੀਨਾ ਨਣਦ ਭਰਜਾਈ  ਦੇ ਰਿਸ਼ਤੇ ਨੂੰ ਗੂੜ੍ਹਾ ਬਣਾਉਂਦਾ ਹੈ । ਪੰਜਾਬ ਦੇ ਪੇਂਡੂ ਇਲਾਕਿਆ ਵਿੱਚ ਇਹ ਰੀਤ ਪ੍ਰਚਲਤ ਸੀ ਕਿ ਵਿਆਹ ਤੋਂ ਬਾਅਦ ਕੁੜੀਆਂ  ਪਹਿਲਾ ਸਾਵਣ ਮਹੀਨਾ ਮਾਪਿਆ ਕੋਲ ਸੁਹਾਗਮਈ ਤਰੀਕੇ ਨਾਲ ਮੰਨਾਉਂਦੀਆ ਹਨ  ਅਤੇ ਉਸ ਤੋਂ ਬਾਅਦ ਮਾਪਿਆ ਕੋਲ ਜ਼ਰੂਰੀ ਨਹੀਂ ਸੀ । ਬਾਅਦ ਵਿੱਚ ਆਪਣੀ ਕਬੀਲਦਾਰੀ ਵਿੱਚ ਖੁੱਭ ਜਾਂਦੀਆ ਹਨ । ਆਪੋ ਆਪਣੇ ਤਰੀਕੇ ਨਾਲ ਜਿੰਦਗੀ ਭਰ ਸਾਵਣ ਮੰਨਾਉਂਦੀਆ ਰਹਿੰਦੀਆਂ ਹਨ  । ਆਪਣੇ ਪਰਿਵਾਰਾਂ ਅਤੇ ਚੰਨ ਮਾਹੀ ਨਾਲ ਸੁਪਨੇ ਸੁਜੋਦੀਆਂ ਔਰਤਾਂ ਸ਼ਿਵ ਕੁਮਾਰ ਬਟਾਲਵੀ ਦੀ ਨਜ਼ਰ ਵਿੱਚ ਇਉਂ ਅਵਾਜ਼ ਦਿੰਦੀਆਂ  —
" ਲੰਘ  ਗਿਆ ਵੇ ਮਾਹੀਆ ਸਾਵਣ ਲੰਘ ਗਿਆ ,
ਸਾਰੀ ਧਰਤ  ਲਲਾਰੀ ਸਾਵੀ ਰੰਗ ਗਿਆ ।
ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ , ਬਾਗ਼ੀਂ ਪੀਂਘਾਂ ਪਾਈਆਂ ,
ਮੈਂ ਤੱਤੜੀ ਪਈ ਯਾਦ ਤੇਰੀ ਸੰਗ ,ਖੇਡਾਂ ਪੂਣ ਸਲਾਈਆਂ
ਆਉਣ ਤੇਰੇ ਦਾ ਲਾਰਾ , ਸੂਲੀ ਟੰਗ ਗਿਆ
ਲੰਘ ਗਿਆ ਵੇ ਮਾਹੀਆ ... ।

ਵੇਖ ਘਟਾਂ ਵਿੱਚ ਉਡਦੇ ਬਗਲੇ ਨੈਣਾਂ ਛਹਿਬਰ ਲਾਈ ,
ਆਪ ਤਾਂ ਤੁਰ ਗਿਉਂ ਲਾਮਾਂ ਉੱਤੇ ,ਜਿੰਦ ਮੇਰੀ ਕਮਲਾਈ
 ਕਾਲਾ ਬਿਸ਼ੀਆਰ ਨਾਗ ਹਿਜਰ ਦਾ ਡੰਗ ਗਿਆ
ਲੰਘ ਗਿਆ ਵੇ ਮਾਹੀਆ ...।

ਕੰਤ ਹੋਰਾਂ ਦੇ ਪਰਤੇ ਘਰ ਨੂੰ , ਤੂੰ ਕਿਓਂ ਦੇਰਾਂ ਲਾਈਆਂ
ਤੇਰੇ ਬਾਝੋਂ ਪਿੱਪਲ ਸੁੱਕ ਗਏ , ਤ੍ਰਿੰਞਣੀ ਗ਼ਮੀਆਂ ਛਾਈਆਂ
ਵਰ੍ਹਦਾ ਬੱਦਲ ਸਾਥੋਂ, ਅੱਥਰੂ ਮੰਗ ਗਿਆ
ਲੰਘ ਗਿਆ ਵੇ ਮਾਹੀਆ ...। "

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ

ਨਿਰੰਤਰ ਵਰਤਾਰਾ — ਪੀੜ੍ਹੀ ਦਰ ਪੀੜ੍ਹੀ ਪਾੜ੍ਹਾ - ਸੁਖਪਾਲ ਸਿੰਘ ਗਿੱਲ

 ਪੀੜ੍ਹੀ ਦਾ ਪਾੜ੍ਹਾ ਭਾਵ ਬਜ਼ੁਰਗਾਂ ਅਤੇ ਬੱਚਿਆ ਵਿਚਕਾਰ ਪਾੜ੍ਹਾ ਸੂਝ , ਸਿਆਣਪ , ਕਦਰਾਂ ਕੀਮਤਾਂ ਅਤੇ ਖਿਆਲਾਂ ਦਾ ਮੇਲ ਨਾ ਹੋਣ ਕਾਰਨ ਹੁੰਦਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮੇਂ ਦਾ ਵਰਤਾਰਾ ਹੈ । ਇੱਕ ਪਲ ਦੂਜੇ ਪਲ ਨਾਲੋਂ ਵੱਖਰਾ ਆਉਂਦਾ ਹੈ । ਜੀਵਨ ਦੀ ਰਫਤਾਰ ਲਗਾਤਾਰ ਚੱਲਦੀ  ਜੋ ਕੇ ਜ਼ਰੂਰੀ ਵੀ ਹੈ । ਗਤੀਸ਼ੀਲਤਾ ਨਾਲ ਨਵਾਂ ਪਣ ਉਦੇ ਹੁੰਦਾ ਹੈ । ਖੜ੍ਹਾ ਪਾਣੀ ਸੜ੍ਹ ਜਾਂਦਾ ਹੈ ਜਦੋਂ ਕਿ ਦਰਿਆਵਾਂ ਦਾ ਪਾਣੀ ਚੱਲਦੇ ਰਹਿਣ ਕਾਰਨ ਨਵੇਂ ਪਣ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ਇਸੇ ਤਰਜ਼ ਤੇ ਹੀ ਜੀਵਨ ਦੀ ਲੀਲਾ ਸਮੇਂ — ਸਮੇਂ ਦੀ ਹਾਣੀ ਵੀ ਬਣਨੀ ਚਾਹੀਦੀ ਹੈ ਨਹੀਂ ਤਾਂ ਪਛੜਾਪਨ ਹੀ ਲੱਗੇਗਾ । ਇਹ ਵੀ ਨਾ ਹੋਵੇ ਕਿ ਬੱਚੇ ਮਾਪਿਆਂ ਅਤੇ ਬਜ਼ੁਰਗਾਂ ਦੀ ਨੈਤਿਕਤਾ ਅਤੇ ਸੰਸਕਾਰਾਂ ਤੋਂ ਦੂਰ ਚਲੇ ਜਾਣ । ਇਸ ਨਾਲ ਸਮਾਜਿਕ ਸੰਕਟ ਅਤੇ ਵੱਖਰੇਵੇਂ ਬਣੇ ਰਹਿੰਦੇ ਹਨ । ਡੀਜ਼ੀਟਲ ਦੀ ਆੜ੍ਹ ਹੇਠ ਬਜ਼ੁਰਗਾਂ ਨੂੰ ਅਣਜਾਣ ਸਮਝਣ ਨਾਲੋਂ ਉਹਨਾਂ ਦੇ ਗਿਆਨ ਅਤੇ ਤਜ਼ਰਬੇ ਦਾ ਲਾਹਾ ਲੈਣਾ ਚਾਹੀਦਾ ਹੈ । ਉੰਝ ਸਮਾਜਿਕ ਆਰਥਿਕ  ਵਿਦਿਅਕ ਅਤੇ ਹੋਰ ਵੱਖ — ਵੱਖ ਪੱਖਾਂ ਤੋਂ ਪੀੜ੍ਹੀ ਦਾ ਪਾੜ੍ਹਾ ਕਾਇਮ ਹੀ ਰਹੇਗਾ । ਪੀੜ੍ਹੀ ਦੇ ਇਸ ਪਾੜ੍ਹੇ ਦੇ ਹਾਂ ਪੱਖੀ ਪ੍ਰਭਾਵ ਤਾਂ ਹਨ ਪਰ ਨਾ — ਪੱਖੀ ਪ੍ਰਭਾਵਾਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ । ਘਰ ਵਿੱਚ ਬਾਬਾ ਪੁੱਤ ਅਤੇ ਪੋਤਾ ਤਿੰਨੋ ਵੱਖਰਾ ਵੱਖਰਾ ਗਿਆਨ ਅਤੇ ਸਮੇਂ ਦਾ ਰੰਗ ਢੰਗ ਲਈ ਬੈਠੇ ਹਨ ।
                                   ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਸਮਾਜ ਵਿੱਚ ਵੱਖੋਂ ਵੱਖਰੀਆਂ ਸਭਾਵਨਾਮਾ ਅਤੇ ਤੌਰ ਤਰੀਕੇ ਲੈ ਕੇ ਬੈਠਾ ਹੈ । ਸਾਡੀ ਪੀੜ੍ਹੀ ਇਹੀ ਹੈ ਜਿਸ ਨੇ ਹਰ ਪੱਖ ਦੀ ਉੱਨਤੀ ਦੇਖੀ ਪਰ ਅਫਸੋਸ ਇਹ ਵੀ ਹੈ ਕਿ ਸਾਡੀ ਆਖਰੀ ਪੀੜ੍ਹੀ ਹੈ , ਜੋ ਮਾਂ ਪਿਉ ਤੋਂ ਡਰਦੀ , ਝਕਦੀ ਅਤੇ ਸਤਿਕਾਰ ਕਰਦੀ ਸੀ ਪਰ ਹੁਣ ਦੀ ਪੀੜ੍ਹੀ ਅਜਿਹੀ ਪਹਿਲੀ ਪੀੜ੍ਹੀ ਹੈ ਜੋ ਮਾਪਿਆ ਬਜ਼ੁਰਗਾਂ  ਤੋਂ ਡਰਦੀ ਨਹੀਂ ਬਲਕਿ ਡਰਾਉਂਦੀ ਹੈ । ਇਸਦਾ ਵੱਡਾ ਕਾਰਨ ਇਹ ਹੈ ਕਿ ਪਰਿਵਾਰ ਨਾਂ — ਪੱਖੀ ਬੱਚਾ ਇੱਕ ਯਾ ਦੋ ਹੀ ਹਨ । ਇਸ ਕਰਕੇ ਪਹਿਲੀ ਪੀੜ੍ਹੀ ਹੁਕਮ ਚਲਾਉਂਦੀ ਹੈ ਅਤੇ ਇਹ ਪੀੜ੍ਹੀ ਨਾਬਰੀ ਦਾ ਪ੍ਰਤੀਕ ਬਣ ਜਾਂਦੀ ਹੈ । ਸਾਡੀ ਪੀੜ੍ਹੀ ਨੇ ਤੱਪੜਾਂ ਬੋਰੀਆਂ ਉਪਰ ਬੈਠ ਕੇ ਪੜਿ੍ਹਆ ਅਤੇ ਹੁਣ ਦੀ ਪੀੜ੍ਹੀ ਨੂੰ ਵਧੀਆ ਸਕੂਲਾਂ , ਕਾਨਵੈਟਾਂ ਅਤੇ ਸਨਾਵਰਾਂ ਤੱਕ ਪਹੁੰਚਾਉਣ ਦਾ ਹਰ ਹੀਲਾ ਕੀਤਾ ਪਰ ਦੂਜੇ ਬੰਨੇ ਬਿਰਧ  ਆਸ਼ਰਮਾਂ ਦੀ ਗਿਣਤੀ ਵੱਧ ਦੀ ਗਈ । ਪਿੱਛਲੀ ਪੀੜ੍ਹੀ  ਅਜੋਕੀ ਪੀੜ੍ਹੀ ਨੂੰ ਗਿਆਨ ਅਤੇ ਅਕਲ ਦੀ ਚਿਣਗ ਲਗਾਉਣ ਲਈ ਤੱਤਪਰ ਰਹਿੰਦੀ ਹੈ ਪਰ ਇਹ ਪੀੜ੍ਹੀ ਉਲਟਾ ਬਜ਼ੁਰਗਾਂ ਨੂੰ ਹੀ ਗਿਆਲ ਦੇ ਰਹੀ ਹੈ ਇਸ ਲਈ ਇਹ ਖੱਪਾ ਦਿਨੋ ਦਿਨ ਵੱਧ ਦਾ ਜਾ ਰਿਹਾ ਹੈ । ਇਸ ਪਾੜ੍ਹੇ ਨੂੰ ਆਪਸੀ ਪਿਆਰ ਅਤੇ ਇੱਕ ਦੂਜੇ ਨੂੰ ਸਮਝਣ ਨਾਲ ਹੱਲ ਕੀਤਾ ਜਾ ਸਕਦਾ ਹੈ । ਇਸ ਤੋਂ ਬਿਨਾਂ ਖੁਦਕੁਸ਼ੀਆਂ , ਹਿੰਸਾ ਅਤੇ ਮਾਨਸਿਕ ਪਰੇਸ਼ਾਨੀ ਦਾ ਰੂਝਾਨ ਬਣਿਆ ਰਹੇਗਾ ਜੋ ਕਿ ਅੱਜ ਕੱਲ੍ਹ ਭਾਰੂ ਵੀ ਹੈ ।
                        ਆਮ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ  ਕਿ ਰੱਬ ਨੇ ਸਭ ਨੂੰ ਇੱਕੋ ਜਿਹੀ ਬੁੱਧੀ ਦਿੱਤੀ ਹੈ ਸਾਡਾ ਬੱਚਾ ਘੱਟ ਲਾਇਕ ਕਿਉਂ ੈ ਬੱਚੇ ਇਉਂ ਕਹਿੰਦੇ ਹਨ ਕਿ ਦੂਜੇ ਦਾ ਪਰਿਵਾਰ ਸਾਡੇ ਨਾਲੋਂ ਖੁਸ਼ਹਾਲ ਕਿਉਂ ਹੈ ੈ ਸਿਰਫ ਇਸੇ ਘੁੰਮਣਘੇਰੀ ਵਿੱਚ ਫਸੇ ਰਹਿੰਦੇ ਹਾਂ । ਰੱਬ ਦਾ ਸਿਧਾਂਤ  ਇਹ ਨਹੀਂ ਦੇਖਦੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਲਕਿ ਇਹਨਾਂ ਦਾ ਕੰਮਕਾਰ ਅਤੇ ਦਿਖ ਵੀ ਵੱਖ — ਵੱਖ  ਹੁੰਦੀ ਹੈ । ਸਹਿਣਸ਼ੀਲਤਾ ਘੱਟਣ ਦਾ ਕਾਰਨ ਇਹ ਹੈ ਕਿ ਲੋੜੋਂ ਵੱਧ ਆਸਾਂ ਲਾਉਣੀਆਂ । ਹਰ ਪੀੜ੍ਹੀ ਦਾ ਆਪਣੀ ਔਲਾਦ ਪ੍ਰਤੀ ਮਨੋਵਿਗਿਆਨ ਅਤੇ ਪਰਵਿਰਤੀ ਨਿਰੰਤਰ ਉਹੀ ਰਹਿੰਦੀ ਹੈ ਜਦਕਿ ਸਮਾਂ ਸਥਿੱਤੀ ਬਦਲ ਚੱੁਕੀ ਹੁੰਦੀ ਹੈ । ਔਲਾਦ ਦਾ ਮਨੋਵਿਗਿਆਨ ਪਿਛਲੀ ਪੀੜ੍ਹੀ ਤੋਂ ਭਿੰਨ ਹੁੰਦਾ ਹੈ । ਅਸਹਿਣਸ਼ੀਲਤਾ , ਗੁੱਸਾ , ਮੁਕਾਬਲਾ  ਅਤੇ ਨਕਲ ਭਾਰੂ ਹੈ । ਇਸਦਾ ਨਤੀਜਾ ਇਹ ਨਿਕਲਦਾ ਹੈ ਕਿ  ਹੁਕਮ ਅਤੇ ਨਾਬਰੀ ਦਾ 36 ਦਾ ਆਂਕੜਾਂ ਬਣਿਆ ਰਹਿੰਦਾ ਹੈ । ਵਿਚਾਰਾ ਪੱਖੋਂ ਤਾਂ ਮਾਪੇ ਬੱਚੇ ਵੱਡਾ ਅੰਤਰ ਸਾਂਭੀ ਬੈਠੇ ।ਅੱਜ ਮਾਪੇ ਬੱਚਿਆਂ ਤੋਂ ਗਿਆਨ ਲੈਂਦੇ ਹਨ ਜਦੋਂਕਿ ਪਹਿਲੇ ਸਿਰਫ ਬੱਚੇ ਮਾਪੇ ਅਤੇ ਅਧਿਆਪਕ ਤੋਂ ਗਿਆਨ ਲੈਂਦੇ ਸਨ ।  ਬੱਚੇ ਦੀ ਤੁਲਨਾ ਕਰਕੇ ਉਸਨੂੰ ਨਿਰਉਤਸ਼ਾਹਿਤ ਨਾ ਕੀਤਾ ਜਾਵੇ
                      ਜਿੱਥੇ ਬੱਚਿਆਂ ਨੂੰ ਵੱਡਿਆਂ ਦਾ ਆਦਰ ਅਤੇ ਹੁਕਮ ਮੰਨਣ ਦਾ ਸਬਕ ਸਿਖਾਇਆ ਜਾਂਦਾ ਹੈ ਉੱਥੇ ਹੀ ਬੱਚਿਆਂ ਦੇ ਸੁਪਨੇ ਮਾਰਨ ਨਾਲੋਂ ਮਾਪਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ੌ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰਜਾਣਾ ੌ  ਅੱਜ ਦੀ ਪੀੜ੍ਹੀ ਵੱਡਿਆ ਦੇ ਹੁਕਮ ਚ ਬੱਝੀ ਨਹੀਂ ਰਹਿ ਸਕਦੀ ਬਲਕਿ ਮਰਜ਼ੀ ਦੀ ਮਾਲਕ ਹੈ । ਇਸ ਲਈ  ਇਹਨਾਂ ਦੀਆਂ ਭਾਵਨਾਵਾਂ ਅਤੇ ਖਿਆਲਾਤ ਸਮਝ ਕੇ ਸੰਵਾਦ ਰਚਾਉਣ ਦੀ ਲੋੜ ਹੁੰਦੀ ਹੈ ।ਜਿਸ ਤੋਂ ਅਸੀਂ ਅਣਜਾਣ ਹੁੰਦੇ ਹਾਂ । ਸੰਵਾਦ ਅਜੋਕੀ ਪੀੜ੍ਹੀ ਨਹੀਂ ਬਲਕਿ ਮਾਪਿਆਂ ਬਜ਼ੁਰਗਾਂ ਵਲੋਂ ਰਚਾਇਆ ਜਾਣਾ ਜ਼ਰੂਰੀ ਹੈੈ । ਇਸ ਨਾਲ ਬੱਚਿਆਂ ਦੀ ਕੋਰੀ ਸਲੇਟ ਉੱਤੇ ਸਮਝ ਅਤੇ ਸਹਿਣਸ਼ੀਲਤਾ ਉੱਕਰ ਸਕਦੀ ਹੈ । ਸੰਵਾਦ ਨਹੀਂ ਤਾਂ ਬਰਬਾਦ ਹੈ । ਬਜ਼ੁਰਗ ਕਚੀਚੀਆਂ ਲੈਣ ਜੋਗੇ ਅਤੇ ਬੱਚੇ ਦੰਦ ਕੱਢ ਕੇ ਲਾਪਰਵਾਹੀ ਜੋਗੇ ਰਹਿ ਜਾਂਦੇ ਹਨ । ਇਹ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਕਿ ਸ਼ੋਸ਼ਲ ਮੀਡੀਆ ਦੇ ਗਿਆਨ ਕਰਕੇ ਬੱਚਿਆਂ ਨੂੰ ਗਿਆਨ ਵੱਧ ਹੈ ਬਜ਼ੁਰਗ ਆਪਣੇ ਜ਼ਮਾਨੇ ਦੀ ਸੋਚਦੇ ਰਹਿੰਦੇ ਹਨ । ਮਾਪੇ ਨਵੀਂ ਪੀੜ੍ਹੀ ਦੀਆਂ ਭਾਵਨਾਵਾਂ ਅਤੇ ਰਚਨਾਵਾਂ ਤੋਂ ਕੋਹਾਂ ਦੂਰ ਹੁੰਦੇ ਹਨ  । ਬੱਚੇ ਕੋਲ ਵੀ ਬਜ਼ੁਰਗਾਂ ਦੀਆਂ ਭਾਵਨਾਂਵਾਂ ਸਮਝਣ ਲਈ ਨਾ ਗਿਆਨ ਹੁੰਦਾ ਹੈ ਨਾ ਹੀ ਤਜ਼ਰਬਾ ਹੁੰਦਾ ਹੈ । ਇਸ ਲਈ ਹਲੀਮੀ ਨਾਲ ਪਹਿਲ ਵੱਡਿਆ ਵੱਲੋਂ ਹੋਣੀ ਚਾਹੀਦੀ ਹੈ । ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ  ਸਮਝਣ ਲਈ ਪ੍ਰੀਤ , ਪੇ੍ਰਮ ਅਤੇ ਹੁਕਮ ਵਿੱਚ ਬੱਝਣ ਦਾ ਸਬਕ ਸਿੱਖ ਲੈਣ ਤਾਂ ਪਾੜੇ ਨੂੰ ਘੱਟ ਕੀਤਾ ਜਾ ਸਕਦਾ ਹੈ ।
                             ਪਾੜ੍ਹ ਇੱਥੋਂ ਤੱਕ ਹੈ ਕਿ ਵੱਡੇ ਦੇ ਕਹੇ ਦੀ ਬੱਚੇ ਪਰਵਾਹ ਹੀ ਨਹੀਂ ਕਰਦੇ  ।ਫਟਾ ਫੱਟ ਮੂੰਹ ਤੋੜ ਜਵਾਬ ਦੇਣ ਤੋਂ ਵੀ ਪਰਹੇਜ਼ ਨਹੀਂ ਕਰਦੇ ਜੇ ਜਵਾਬ ਦੇਣ ਦਾ ਮਨ ਵੀ ਹੋਵੇ   ਤਾਂ ਜ਼ੁਬਾਨ ਦੀ ਜਗਾਹ ਹੱਥ ਜਾ ਸਿਰ ਹਿਲਾ ਦਿੱਤਾ ਜਾਂਦਾ ਹੈ । ਗੱਲ ਸੁਣ ਕੇ ਦੂਜੇ ਕੰਨ ਕੱਢਣ ਦਾ ਰੀਤੀ ਰਿਵਾਜ਼ ਹੀ ਚੱਲ ਪਿਆ ਹੈ । ਬੱਚੇ ਤੋਂ ਪੜ੍ਹਾਈ ਦੀ ਆਸ ਇੰਨੀ ਰੱਖੀ ਜਾਂਦੀ ਹੈ ਕਿ ਬੱਚਾ  ਕਿਸੇ ਤੋਂ ਘੱਟ ਨਾ ਹੋਵੇ । ਬੱਚੇ ਦੇ ਅੰਦਰੂਨੀ ਹੁਨਰ ਨੂੰ ਪਛਾਨਣ ਨਾਲੋਂ ਪੜ੍ਹਨ ਦਾ ਬੋਝ ਪਾਈ ਰੱਖਦੇ ਹਨ  । ਜੋ ਕੇ ਸਹਿਜ ਸੁਭਾਅ ਹੀ ਤਲਖੀ ਦਾ ਕਾਰਨ ਬਣਦਾ ਹੈ  । ਕਦੇ ਮੰਨ ਲਈ ਅਤੇ ਕਦੇ ਮਨਾ ਲਈ ਦੇ ਸਿਧਾਂਤ ਤੇ ਮਾਪਿਆ ਬਜ਼ੁਰਗਾਂ ਨੂੰ ਪਹਿਰਾ ਦੇਣ ਦੀ ਸਖਤ ਲੋੜ ਹੈ  । ਬੱਚੇਂ ਤੋਂ ਪਿਛਲੀ ਪੀੜ੍ਹੀ ਦੇ ਸਿਰੜ ਸਿਦਕ ਦੀ ਆਸ ਰੱਖੀ ਜਾਂਦੀ ਹੈ । ਜਦੋਂ ਕਿ ਮਸ਼ੀਨੀ ਯੁੱਗ ਕਰਕੇ ਸਭ ਬਦਲ ਚੁੱਕਾ ਹੈ । ਪੀੜ੍ਹੀ ਦਰ ਪੀੜ੍ਹੀ ਪਾੜ੍ਹਾ ਇੱਕ ਵਰਤਾਰਾ ਹੈ ਇਸ ਤੋਂ ਵਾਕਿਫ ਹੋਣ ਦੀ ਲੋੜ ਹੈ ।  ੌ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਹਾਂ ਦਾ ਲਾਭ ਦੋਹੇ ਗਿਆਨੀ ੌ ਵਾਲੀ ਪਰਵਿਰਤੀ ਧਾਰਨੀ ਚਾਹੀਦੀ ਹੈ । ਇਸਦੀ ਪਹਿਲ ਵੱਡਿਆਂ ਵੱਲੋਂ  ਅਤੇ ਦੂਜ ਬੱਚਿਆਂ ਵਲੋਂ ਹੋਣੀ ਚਾਹੀਦੀ ਹੈ । ਮਨੋਵਿਗਿਆਨ ਸਮਝਣ ਨਾਲ ਸੁਣਨ ਅਤੇ ਸਹਿਣ ਸ਼ਕਤੀ  ਵੱਧਦੀ ਹੈ । ਸਿਆਣੇ ਨਿਆਣੇ ਦੀ ਇੱਕ ਮੱਤ ਹੁੰਦੀ ਹੈ ਬਹੁਤ ਘੱਟ ਮਾਪਿਆ ਨੂੰ ਬੱਚਿਆ ਦੀ ਖੁਸ਼ੀ ਅਤੇ ਆਤਮ ਵਿਸ਼ਵਾਸ਼ ਵਧਾਉਣ ਦਾ ਮਾਣ ਮਿਲਦਾ ਹੈ । ਮਨੋਵਿਗਿਆਨ ਕਹਿੰਦਾ ਹੈ ਕਿ ਹਰ ਵਰਗ ਦੇ ਮਨੁੱਖ ਦੀਆਂ ਲੋੜਾਂ ਭਾਵਨਾਂਵਾ ਅਤੇ ਚਿੰਤਾਵਾਂ ਹੁੰਦੀਆਂ ਹਨ । ਇਸ ਲਈ ਗਿਆਨ ਸੂਝ ਅਤੇ ਚਿੰਤਨ ਤੇ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ । ਇਸ ਨਾਲ ਪੀੜੀ ਤੇ ਪਾੜੇ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ । ਅੰਗਰੇਜ਼ੀ ਕਵੀ ਅਗਿਆਤ ਦੀ ਕਵਿਤਾ ਬੱਚੇ ਦੀ ਹੂਕ ਨੂੰ ਬਜ਼ੁਰਗਾਂ ਦੀ ਕਚਿਹਰੀ ਵਿੱਚ ਇਉਂ ਪੇਸ਼ ਕਰਦੀ ਹੈ —
ਮੈਂ ਬੱਚਾਂ ਹਾਂ
ਸਾਰਾ ਜਗ ਮੇਰੀ ਆਮਦ ਦੀ ਉਡੀਕ ਵਿਚ ਹੈ
ਸਾਰੀ ਕਾਇਨਾਤ ਇਸ ਗੱਲ ਵਿੱਚ ਦਿਲਚਸਪੀ ਲੈ ਰਹੀ ਹੈ ਕਿ ਮੈਂ ਕੀ ਬਣਾਂਗਾ
ਸੱਭਿਅਤਾ ਇਕ ਤੱਕੜੀ ਵਾਂਗ ਲਟਕ ਰਹੀ ਹੈ
ਕਿ ਮੈਂ ਕੱਲ੍ਹ ਦੀ ਦੁਨੀਆਂ ਦਾ ਕੀ ਹੋਵਾਂਗਾ
ਮੈਂ ਬੱਚਾ ਹਾਂ ।
ਮੈਂ ਤੁਹਾਡੇ ਜਹਾਨ ਵਿੱਚ ਆਇਆ ਹਾਂ
ਜਿਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ
ਮੈਂ ਕਿਉਂ ਆਇਆ ਹਾਂ , ਮੈਂ ਇਹ ਵੀ ਨਹੀਂ ਜਾਣਦਾ
ਮੈਂ ਜਗਿਆਸੂ ਹਾਂ , ਮੈਂ ਇੱਛੁਕ ਹਾਂ
ਮੈਂ ਬੱਚਾ ਹਾਂ ।
ਤੁਹਾਡੇ ਹੱਥਾਂ ਵਿੱਚ ਹੀ ਮੇਰੇ ਹੱਥਾਂ ਦੀਆਂ ਲਕੀਰਾਂ ਨੇ
ਤੁਹਾਡੇ ਤੇ ਹੀ ਬਹੁਤਾ ਨਿਰਭਰ ਕਰਦਾ ਹੈ
ਕਿ ਮੈਂ ਸਫਲ ਹੋਵਾਂਗਾ ਜਾਂ ਅਸਫਲ
ਮੈਂ ਗੁਜ਼ਾਰਿਸ਼ ਕਰਦਾ , ਮੈਨੂੰ ਉਹ ਵਸੀਲੇ ਦਿਉ ਜੋ ਖੁਸ਼ੀ ਲਈ ਹਨ
ਮੈਂ ਹੱਥ ਬੰਨ੍ਹਦਾਂ ,
ਮੈਨੂੰ ਸਿੱਖਿਅਤ ਕਰੋ ਕਿ ਮੈਂ ਦੁਨੀਆਂ ਲਈ
ਇੱਕ ਸੌਗਾਤ ਹੋ ਸਕਦਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445

ਕੀ ਕਰੋਨਾ ਜੈਵਿਕ ਹਥਿਆਰ ਸੀ ?  - ਸੁਖਪਾਲ ਸਿੰਘ ਗਿੱਲ

ਕਰੋਨਾ ਬਾਰੇ ਬਹੁਤ ਸੱਚ ਝੂਠ ਚੱਲਦਾ ਰਿਹਾ ।  ਵੱਖ — ਵੱਖ ਖਿੱਤਿਆ ਦੀ ਅਲੱਗ — ਅਲੱਗ ਅਵਾਜ਼  ਰਹੀ , ਜਦੋਂ ਇਸ਼ਾਰੇ ਚੀਨ ਵੱਲ ਹੋਣ ਲੱਗੇ ਸਨ ਤਾਂ ਆਲਮੀ ਬਹਿਸ ਛਿੜ ਗਈ ਪਰ ਪੁਖਤਾ ਨਤੀਜਾ ਆਪਣੀ ਰਾਹ  ਆਪ ਹੀ ਮਰ ਗਿਆ । ਇਸ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਮੁਲਕਾਂ ਦੀ ਪਰਮਾਣੂ ਦੌੜ ਕਾਰਨ  ਅਜਿਹਾ ਹੋ ਸਕਦਾ ਹੈ । ਪਿੱਛਲੇ ਸਮਿਆਂ ਦੌਰਾਨ ਅਂੈਨਥਰੈਕਸ ਪਾਊਡਰ ਵੀ ਇਸੇ ਤਰਜ਼ ਤੇ ਮਨੁੱਖਤਾ ਨੂੰ ਡਰਾ ਚੁੱਕਿਆ ਹੈ ।ਜੈਵਿਕ ਹਥਿਆਰ ਮਲਟੀਪਲਾਈ ਹੋ ਕੇ ਛੇਤੀ ਅਤੇ ਵੱਧ ਤਬਾਹੀ ਕਰ ਦਿੰੰਦਾ ਹੈ । ਇਸ ਲਈ ਡਰ ਵੀ ਸੱਚ ਸੀ । 2019 ਵਿੱਚ  ਚੀਨ ਦੇ ਸ਼ਹਿਰ ਵੂਹਾਨ ਤੋਂ ਉੱਠੀ ਕਰੋਨਾ ਦੀ ਚਿਣਗ ਆਲਮੀ ਪੱਧਰ ਤੇ  ਭਾਂਬੜ ਬਣ ਕੇ ਮਚੀ ਸੀ । ਇਸ ਸਮੇਂ ਦਹਿਸ਼ਤ ਹਊਆ  ਅਤੇ ਡਰ ਪੈਦਾ ਹੋ ਕੇ ਮਨੁੱਖੀ ਜੀਵਨ ਘਸਮੰਡਿਆ ਗਿਆ ਸੀ । ਮਨੁੱਖਤਾ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਗਈ ਸੀ । ਇਸ ਛੂਤ ਦੀ ਬਿਮਾਰੀ ਨੇ 2020 ਮਾਰਚ ਤੱਕ ਮੌਤ ਦਰ 4.1 ਤੈਅ ਕੀਤੀ ਸੀ  । 2 ਤੋਂ 14 ਦਿਨਾਂ ਵਿੱਚ ਇਸ ਬਿਮਾਰੀ ਦੇ ਲੱਛਣ ਦਿਖੇ  ਸਨ । ਇੱਕਲਾਪਣ ਅਤੇ ਮਾਨਸਿਕ ਪਰੇਸ਼ਾਨੀ ਉੱਭਰੀ ਸੀ । ਵਿਸ਼ਵ ਸਿਹਤ ਸੰਸਥਾ ਨੇ ਵੀ 2019—2020 ਦੇ ਕਰੋਨਾ ਵਾਇਰਸ ਦੇ ਫੈਲਣ ਨੂੰ ਮਹਾਂਮਾਰੀ ਅਤੇ ਜਨਤਕ ਸਿਹਤ ਐਮਰਜੈਂਸੀ ਵਜੋਂ ਅੰਤਰਰਾਸ਼ਟਰੀ ਚਿੰਤਾ ਘੋਸ਼ਿਤ ਕੀਤੀ ਸੀ । ਇਸਦੀ ਪਹਿਲੀ ਇਨਫੈਕਸ਼ਨ 17 ਨੰਵਬਰ 2019 ਨੂੰ ਵੂਹਾਨ ਵਿੱਚੋਂ ਹੀ ਪੈਦਾ ਹੋਈ । ਦਸੰਬਰ 2020 ਤੱਕ ਇਹ ਮਹਾਂਮਾਰੀ 222 ਦੇਸ਼ਾਂ ਤੱਕ ਫੈਲ ਗਈ ਸੀ  ।ਪੰਜਾਬ ਵਿੱਚ 9 ਮਾਰਚ 2020 ਨੂੰ ਕਰੋਨਾ ਦਾ ਪਹਿਲਾ ਕੇਸ ਇਟਲੀ ਤੋਂ ਦਾਖਲ ਹੋਇਆ ਸੀ । ਸ਼ੁਰੂ ਵਿੱਚ ਚੰਮਗਿੱਦੜ ਤੋਂ ਮਨੁੱਖ ਤੱਕ ਪੁੱਜਿਆ ਇਹ ਵਾਇਰਸ ਅੱਜ ਵੀ ਅਤੀਤ ਦੇ ਪਰਛਾਵੇਂ ਨਾਲ — ਨਾਲ ਤੌਰ ਕੇ ਆਪਣੇ ਪੈਰ ਪਸਾਰ ਸਕਦਾ ਹੈ । ਅੱਜ ਵੀ ਇਸ ਬਾਰੇ ਮੈਡੀਕਲ ਤੌਰ ਤੇ ਇਹ ਭੈਭੀਤ ਹੀ ਹੈ ।
                    ਪਿੱਛੇ ਜਹੇ ਵਰਲਡ ਹੈਲਥ ਅੋਰਗਨਾਇਜ਼ੇਸ਼ਨ ਨੇ ਇਸਨੂੰ ਖਤਰਨਾਕ ਰੂਝਾਨਾਂ ਤੋਂ ਬਾਹਰ ਕਰ ਦਿੱਤੇ ਸੀ ਭਾਵ ਐਂਮਰਜੈਂਸੀ ਹਲਾਤ ਤੋਂ ਬਾਹਰ ਕਰ ਦਿੱਤਾ ਸੀ  ।ਇਸ ਨਾਲ ਸੁੱਖ ਦਾ ਸਾਹ ਆ ਕੇ ਇਸ ਦੇ ਪਰਛਾਵੇਂ ਵੀ ਮੱਧਮ ਪੈ ਗਏ ਸਨ ।  ਕਰੋਨਾ ਨਾਲ ਮਨੁੱਖੀ ਸਿਹਤ ਆਰਥਿਕਤਾ ਅਤੇ ਸਮਾਜ ਲਈ ਵੱਡੇ ਪੱਧਰ ਤੇ ਖਤਰੇ ਦੇ ਸ਼ੰਕੇ ਬਣੇ ਰਹੇ । ਭਾਵੇਂ ਸਰਕਾਰ ਵੱਲੋਂ ਬੰਦੋਬਸਤ ਕੀਤਾ ਹੋਇਆ ਸੀ ਜੋ ਹੁਣ ਵੀ ਹੈ। ਸਹੂਲਤਾਂ ਦੀ ਘਾਟ ਅਤੇ ਮਹਿੰਗਾਈ ਕਾਰਨ ਇਸਦਾ ਦੋਹਰਾ ਸੰਤਾਪ ਪਿੱਛੇ ਹੰਢਾ ਚੁਕੇ ਹਾਂ । ਬਾਕੀ ਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ 29 ਦਸੰਬਰ 2020 ਤੱਕ ਕਰੋਨਾ ਦੇ ਕੁੱਲ 10224303 ਕੇਸਾਂ ਦੀ  ਪੁਸ਼ਟੀ ਹੋਈ ਸੀ  । ਜਦਕਿ ਇਸਦੀ ਮੌਤ ਦਰ 1H45 ਵਿਸ਼ਵ ਅੰਕੜੇ ਤੋਂ ਘੱਟ ਸੀ । ਫੇਰ ਵੀ ਇਸੇ ਲੜੀ ਵਿੱਚ ਫੈਸਲਾ ਲੈ ਕੇ  11 ਮਾਰਚ 2020 ਨੂੰ ਕਰੋਨਾ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਸੀ । ਕੇਦਰ ਨੇ ਕੋਵਿਡ 19 ਨੂੰ ਆਫਤ ਐਲਾਨ ਕੇ ਇਸ ਦੀ ਆਫਤ ਪ੍ਰਬੰਧਨ ਕਨੂੰਨ 2005 ਦੀ ਧਾਰਾ 12(1) ਤਹਿਤ ਹਰ ਪਰਿਵਾਰ ਨੂੰ ਮੁਆਵਜ਼ੇ ਦਾ ਹੱਕਦਾਰ ਬਣਾਇਆ ਸੀ । ਉਸ ਸਮੇਂ   ਤੱਕ 3H85 ਲੱਖ ਭਾਰਤੀ ਇਸ ਨੇ ਨਿਗਲ ਲਏ ਸਨ ।  ਮੈਡੀਕਲ , ਜਨਤੱਕ ਵੰਡ ਪ੍ਰਣਾਲੀ , ਸਿੱਖਿਆ ਅਤੇ ਆਰਥਿਕ ਖੇਤਰ ਨੂੰ ਬਹੁਤ ਨੁਕਸਾਨ ਹੋਇਆ ਸੀ  । ਸਿੱਖਿਆ ਖੇਤਰ ਸਾਨੂੰ ਪੱਛੜੇਪਨ ਵੱਲ ਧੱਕ ਗਿਆ  । ਆਨਲਾਇਨ ਪੜ੍ਹਾਈ ਨੇ ਜਵਾਨੀ ਲਈ ਨਾਂ — ਪੱਖੀ ਪ੍ਰਭਾਵ ਵੱਧ ਪਾਏ । ਇਸ ਤੋਂ ਬਾਅਦ ਮਜ਼ਦੂਰ ਵਰਗ ਵੀ ਝੰਬਿਆ ਗਿਆ ।
                             ਕਰੋਨਾ ਅਤੇ ਵੂਹਾਨ ਸ਼ਹਿਰ ਆਮ ਚਰਚਾ ਵਿੱਚ ਰਹੇ  ।  ਇਸ ਆਫਤ ਨੂੰ ਮੈਡੀਕਲ ਮਾਫੀਏ  ਅਤੇ ਸਰਮਾਏਦਾਰੀ ਨੇ ਵੀ ਫਾਇਦੇ ਲਈ ਵਰਤਿਆ । ਇਸ ਆਫਤ ਨੇ ਇੱਕ ਦੂਜੇ ਤੋਂ ਮੂੰਹ ਲੁਕੋਇਆ ਸੀ ਪਰ ਕਿਸਾਨ ਅੰਦੋਲਨ ਨੇ ਇਸ ਗੈਰਕੁਦਰਤੀ ਮਾਹੌਲ ਨੂੰ ਵੰਗਾਰ ਕੇ ਕਰੋਨਾ ਦਾ ਨੱਕਾ ਮੋੜਨ ਦੀ ਪੂਰੀ ਕੋਸ਼ਿਸ਼ ਕੀਤੀ ਸੀ । ਇਸ ਦੌਰਾਨ ਕਿਸਾਨ "   ਨਿਸਚੈ ਕਰਿ ਅਪੁਨੀ ਜੀਤ ਕਰੋ  " ਤੇ ਅਮਲ ਕਰਦੇ ਰਹੇ ਆਖਰ ਜਿੱਤ ਵੀ ਹੋਈ ਸੀ । ਕਰੋਨਾ ਜਦੋਂ ਪੂਰਾ ਸ਼ਿਖਰ ਤੇ ਸੀ ਤਾਂ ਇੱਕ ਬਾਰ ਲੋਕ ਮਾਹੌਲ , ਟੈਸਟ ਅਤੇ ਦਵਾਈਆਂ ਤੋਂ ਘਬਰਾਉਣ ਲੱਗੇ ਸਨ  । ਟੀਕਾਕਰਨ ਸ਼ੁਰੂ  ਤਾਂ ਹੋਇਆ ਇਸ ਸਬੰਧੀ ਆਮ ਬੰਦੇ ਨੂੰ ਇਸਦੀਆਂ ਅਫਵਾਹਾਂ ਨੇ ਹਿਲਾ ਦਿੱਤਾ ਸੀ । ਉਸ ਸਮੇਂ ਦਾ ਡਰ ਭੈਅ ਅੱਜ ਤੱਕ ਵੀ ਕਰੋਨਾ ਦਾ ਕੇਸ ਨਿਕਲਣ ਸਮੇਂ ਤਰੋਤਾਜ਼ਾ  ਹੋ ਸਕਦਾ  । ਅੱਜ ਪਣਪ ਰਹੇ ਕਰੋਨਾ ਦੇ ਕੇਸ ਦੁਖਦੀ ਰਗ ਉੱਤੇ ਹੱਥ ਰੱਖਣ ਦੇ ਬਰਾਬਰ ਹੋ ਜਾਂਦੇ ਹਨ । ਇਸ ਮਹਾਂਮਾਰੀ ਵਿੱਚੋਂ ਸਿਹਤ ਪ੍ਰਤੀ ਜਾਗਰੂਕ ਹੋਣ ਦੇ  ਪ੍ਰਭਾਵ ਜ਼ਰੂਰ ਮਿਲੇ ਜਿਵੇਂ ਕਿ ਬੰਦ ਥਾਵਾਂ ਤੇ ਨਾ  ਜਾਣਾ  , ਮਾਸਕ ਅਤੇ ਹੱਥ ਧੋਣਾ ਇੱਕ ਰੀਤ ਹੀ ਬਣ ਗਈ ਹੈ । ਸਮਾਜਿਕ ਅਤੇ ਵਿਗਿਆਨਕ ਪਹਿਲੂ ਵੀ ਜੁੜੇ । ਵੱਧਦੇ ਕੇਸਾਂ ਨੇ ਅਫਵਾਹਾਂ ਦਾ ਬਜ਼ਾਰ ਗਰਮ ਤਾਂ ਕੀਤਾ ਹੈ , ਪਰ ਇਸ ਪ੍ਰਤੀ ਗੁਜ਼ਰੇ ਸਮੇਂ ਸਿੱਖੇ  ਪਹਿਲੂਆ ਕਾਰਨ  ਮਨੁੱਖਤਾ ਨੇ ਸੁੱਖ ਦਾ ਸਾਹ ਜ਼ਰੂਰ ਲਿਆ ਸੀ । ਹੁਣ ਤਾਜ਼ਾ ਰਿਪੋਰਟਾਂ ਛਪੀਆਂ ਹਨ ਕਿ ਇਹ  ਇੱਕ ਜੈਵਿਕ ਹਥਿਆਰ ਸੀ ਇਸਦੀ ਚੰਗੀਆੜੀ ਵੀ ਤਾਜ਼ਾ ਤਾਜ਼ਾ ਚੀਨ ਵੱਲੋਂ ਉੱਠੀ ਹੈ , ਕਿ ਕਰੋਨਾ ਵਾਇਰਸ ਸੱਚੀ ਹੀ ਤਿਆਰ ਕੀਤਾ ਗਿਆ ਸੀ । ਇਸ ਸਬੰਧੀ ਰਿਸਰਚਰ  ਚਾਓ ਸ਼ਾਓ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਸਾਥੀਆਂ ਨੂੰ  ਇਸਦੀ ਟੈਸਟਿੰਗ ਲਈ ਇਹ ਵਾਇਰਸ ਇਸ ਲਈ ਦਿੱਤਾ ਗਿਆ ਕਿ ਇਹ ਵਾਕਿਆ ਹੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ  ? ਇਹ ਉਸ ਸਮੇਂ  ਅਮਰੀਕੀ ਰਿਪੋਰਟ ਨਾਲ ਵੀ ਮੇਲ ਖਾਂਦਾ ਹੈ ਜੋ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਹ ਵਾਇਰਸ ਵੂਹਾਨ ਦੀ ਲੈਬ ਤੋਂ ਲੀਕ ਹੋਇਆ ਸੀ ।  ਜੈਵਿਕ ਹਥਿਆਰ ਸੀ ਜਾ ਨਹੀਂ ਇਹ ਮਾਮਲਾ ਕੂਟਨੀਤਕ ਅਤੇ ਵਿਗਿਆਨਕਾਂ ਦੀ ਕਚਹੈਰੀ ਵਿੱਚ ਲੰਬਤ ਹੈ । ਇਸ ਲਈ ਦੁਨੀਆਂ ਵਿੱਚ ਪਹਿਲੀ ਵਾਰ ਮੰਗੋਲੀਆ ਸੈਨਾ ਨੇ 1397 ਵਿੱਚ   ਜੈਵਿਕ ਹਥਿਆਰ ਦੀ ਕੀਤੀ ਵਰਤੋ ਕਰਕੇ ਅੱਜ ਵੀ ਜੈਵਿਕ ਹਥਿਆਰ ਡਰਾਉਂਦਾ ਰਹੇਗਾ ।   ਆਲਮੀ ਪੱਧਰ ਤੇ  ਜੇ ਅਜਿਹਾ ਕੁਝ ਹੈ ਤਾਂ ਇਸ ਬਾਰੇ ਸੰਭਲਣ ਦੀ ਬੇਹੱਦ ਲੋੜ ਹੈ ਤਾਂ ਮਨੁੱਖਤਾ ਤਬਾਹੀ ਤੋਂ ਬੱਚ ਜਾਵੇਗੀ
 ਸੁਖਪਾਲ ਸਿੰਘ ਗਿੱਲ
9878111445   (ਸੋਧ ਕੇ )
ਅਬਿਆਣਾ ਕਲਾਂ                                         

ਹਾੜ੍ਹ ਮਹੀਨਾ ਸਿਖ਼ਰ ਦੁਪਿਹਰਾ ਤੇਜ਼ ਹਵਾ - ਸੁਖਪਾਲ ਸਿੰਘ ਗਿੱਲ

ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ  ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹੇਗਾ ਹੀ। ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਦੇ ਸਿਰੜ ਦਾ ਪ੍ਰਤੀਕ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਸ਼੍ਰੀ ਗੁਰਭਜਨ ਗਿੱਲ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
       
ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
     “ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”

ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”

ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ।  ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ।
    
                            ਸੁਖਪਾਲ ਸਿੰਘ ਗਿੱਲ
                            ਅਬਿਆਣਾ ਕਲਾਂ
                            82649-61445

ਵਿਕਾਸ ਅਤੇ ਭਾਈਚਾਰਕ ਏਕਤਾ ਦਾ ਧੁਰਾ - ਸ਼ਾਮਲਾਤ ਜ਼ਮੀਨਾਂ - ਸੁੁਖਪਾਲ ਸਿੰਘ ਗਿੱਲ


ਸ਼ਾਮਲਾਤ ਸਾਰੇ ਪਿੰਡ ਦੀ ਸਾਂਝੀ ਜ਼ਮੀਨ ਹੁੰਦੀ ਹੈ ਜਿਸਨੂੰ ਜਿਸਨੂੰ ਸਾਰੇ ਪਿੰਡ ਵਾਸੀ ਸਾਂਝੇ ਮੰਤਵ ਲਈ ਵਰਤ ਸਕਦੇ ਹਨ , ਜਿਵੇਂ ਸਕੂਲ , ਹਸਪਤਾਲ , ਜੰਝਘਰ ਅਤੇ ਖੁੱਲੀ ਚਰਾਂਦ ਲਈ ਪਿੰਡ ਵਾਸੀਆਂ ਵੱਲੋਂ ਵਰਤੀ ਜਾ ਸਕਦੀ ਹੈ ਇਸ ਉੱਤੇ ਇੱਕਲੇ ਮਾਲਿਕ ਦਾ ਕਬਜਫ ਨਹੀਂ ਹੁੰਦਾ ।  ਪੰਜਾਬ  ਸਰਕਾਰ ਨੇ ਪੰਚਾਇਤੀ ਰਕਬੇ ਤੋਂ ਨਜ਼ਾਇਜ ਕਬਜੇ ਹਟਾਉਣ ਸੰਬੰਧੀ ਉਪਰਾਲੇ ਸ਼ੁੁਰੂ ਕੀਤੇ ਹੋਏ ਹਨ ।ਪਰ ਸੋਚ ਸੋਚ ਕੇ ਪੈਰ ਧਰਿਆ ਜਾ ਰਿਹਾ ਹੈ ।  ਸਰਕਾਰ ਦਾ ਇਹ ਫੈਸਲਾ ਪੰਚਾਇਤਾਂ ਦੀ ਕਿਤਾਬ ਵਿੱਚ ਸੁੁਨਹਿਰੀ ਪੰਨਾ ਲਿਖ ਰਿਹਾ ਹੈ। ਪਿੱਛਲੇ ਸਾਲ  ਸਰਕਾਰ ਨੇ ਨਜ਼ਾਇਜ ਕਬਜ਼ੇ ਵਾਲੀ 36 ਹਜਾਰ ਏਕੜ ਸ਼ਾਮਲਾਤ ਅਤੇ ਸਾਂਝੀ  ਜ਼ਮੀਨ ਦੀ ਸ਼ਨਾਖਤ ਕੀਤੀ ਸੀ ।  ਜਿਸ ਦੀ ਕੀਮਤ 8 ਹਜ਼ਾਰ ਕਰੋੜ ਰੁੁਪਏ ਬਣਦੀ ਹੈ।
ਪਿੰਡਾਂ ਦੇ ਵਿਕਾਸ ਵਿੱਚ ਸ਼ਾਮਲਾਤ ਜ਼ਮੀਨਾਂ ਦਾ ਵੱਡਾ ਰੋਲ ਹੁੰਦਾਂ ਹੈ ਪਰ ਕਈ ਵਾਰ ਇਹਨਾਂ ਜ਼ਮੀਨਾਂ ਨੂੰ ਇੱਕਲੇ ਪਰਿਵਾਰ ਵੱਲੋਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਮਲਕੀਅਤ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਹੁੰਦੀ ਹੈ  । ਇਸ ਵਰਤਾਰੇ ਨਾਲ ਭਾਈਚਾਰਕ ਏਕਤਾ ਨੂੰ ਢਾਅ ਲੱਗਦੀ ਹੈ ।      ਪੰਜਾਬ ਵਿੱਚ 6.68 ਲੱਖ ਏਕੜ ਪੰਚਾਇਤੀ ਜ਼ਮੀਨ ਹੈ ।ਇਸ ਵਿੱਚੋ 1.73 ਲੱਖ ਏਕੜ ਵਾਹੀ ਯੋਗ ਜ਼ਮੀਨ ਹੈ ।ਇਹ ਜ਼ਮੀਨ ਹਰ ਸਾਲ ਠੇਕੇ ਤੇ ਦੇ ਕੇ ਪੰਚਾਇਤਾਂ ਆਰਥਿਕ ਪਖੋਂ ਬਲਵਾਨ ਹੁੰਦੀਆਂ ਹਨ ਇਸ ਦਾ 30% ਦੇ ਲੱਗ -ਭੱਗ ਪੰਚਾਇਤ ਸੰਮਤੀ ਨੂੰ ਜਾਂਦਾ ਹੈ । ਇਸ ਨਾਲ ਪੰਚਾਇਤੀ ਰਾਜ ਸਵੈ ਸਰਕਾਰ ਚਲਾਉਣ ਦੇ ਸਮਰੱਥ ਹੁੰਦਾ ਹੈ ।ਪੰਚਾਇਤੀ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਪੰਜਾਬ ਵਿਲੇਜ਼ ਕਾਮਨਲੈਡ ਐਕਟ ਹੈ।ਪਰ ਨਜ਼ਾਇਜ ਕਬਜ਼ੇ ਛੁੁਡਾਉਣ ਲਈ ਪਿਛਲੇ ਸਮੇਂ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ।ਹੁੁਣ ਮੌਜੂਦਾ ਪੰਜਾਬ ਸਰਕਾਰ ਹੋਲੀ - ਹੋਲੀ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਦਿਲਚਸਪੀ ਲੈ ਰਹੀ ਹੈ । ਸਰਕਾਰ ਲੋਕਾਂ ਨੂੰ ਸਵੈ ਇੱਛਾ ਨਾਲ ਨਜ਼ਾਇਜ ਕਬਜ਼ੇ ਛੱਡਣ ਦੀ ਅਪੀਲ ਕਰ ਰਹੀ ਹੈ ।
ਪਿੱਛਲੇ ਆਂਕੜੇ ਅਨੁਸਾਰ   ਵੱਖ-ਵੱਖ ਅਦਾਲਤਾਂ ਵਿੱਚ 14230 ਏਕੜ ਜ਼ਮੀਨ ਦੇ ਕੇਸ ਚੱਲ ਰਹੇ ਹਨ ।ਜਿਸਦੀ ਮੌਜ਼ੂਦਾ ਸਮੇਂ ਸਥਿਤੀ ਹੋ ਵੀ ਵੱਧ ਹੈ ।  ਕਈ ਕੇਸ ਪੁੁਰਾਣੇ ਸਮੇਂ ਤੋਂ  ਲੰਬਿਤ ਪਏ ਹਨ  ।ਕਾਨੂੰਨ ਅਨੁੁਸਾਰ 26 ਜਨਵਰੀ1950 ਤੋਂ ਪਹਿਲਾਂ ਕਾਬਜ਼ਾ ਨੂੰ ਛੋਟ ਦਿੱਤੀ ਗਈ ਹੈ ।ਹੁੁਣ ਪੰਜਾਬ ਸਰਕਾਰ ਨਜ਼ਾਇਜ਼ ਕਬਜ਼ੇ ਛੁੁਡਾਉਣ ਲਈ ਪਰਮ ਅਗੇਤ ਧਨਾਢਾਂ ਹੇਠਲੀ ਜ਼ਮੀਨ ਨੂੰ ਦੇ ਰਹੀ ਹੈ ।ਇਸ ਨਾਲ ਭਾਵੇਂ ਹੱਲ ਚਲ ਮਚੀ ਹੈ ਪਰ ਸਰਕਾਰ ਦਾ ਇਹ ਮਾਣ ਮੱਤਾ ਫੈਸਲਾ ਪਿੰਡਾਂ ਦੀ ਭਲਾਈ ਲਈ  ਹੈ। ਜੇ ਨਜ਼ਾਇਜ਼ ਕਬਜ਼ੇ ਹਟਾਉਣ ਦੀ ਮੁੁਹਿੰਮ ਸਾਰਥਿਕ ਤਰੀਕੇ ਨਾਲ ਚਲਦੀ ਰਹੇ ਤਾਂ ਪੰਚਾਇਤਾਂ ਖੁੁਸ਼ਹਾਲ ਹੋ ਜਾਣਗੀਆਂ।ਹੁਣ ਸਰਕਾਰ ਵੱਲੋਂ ਸ਼ਾਮਲਾਤਾਂ ਵਿੱਚ ਵਸੇ ਘਰਾਂ ਨੂੰ ਨਾ ਉਜਾੜਨ ਲਈ ਉਤਸੁਕਤਾ ਦਿਖਾਈ ਜਾ ਰਹੀ ਹੈ । ਸਰਕਾਰ ਨੇ ਸਾਲ 2007 ਵਿੱਚ ਪੰਜਾਬ ਮੁਰੱਬਾਬੰਦੀ  ਐਕਟ ਵਿੱਚ ਸੋਧ ਕਰਦਿਆਂ ਧਾਰਾ 42 ਏ ਜੋੜ ਦਿੱਤੀ ਸੀ । ਜਿਸ ਤੋਂ ਬਾਅਦ ਪਿੰਡਾਂ ਦੀਆਂ ਸਾਂਝੀ ਜ਼ਮੀਨਾਂ ਖੇਵਟਦਾਰ ਵੰਡ ਨਹੀਂ ਸਕਦੇ ਹਨ ।
ਦੂਜੇ ਪਾਸੇ ਜਿੱਥੇ ਫੁੱਲ ਉੱਥੇ ਕੰਡੇ ਦੀ ਉਦਾਹਰਣ ਵੀ ਹੈ । ਖੇਤ ਮਜਦੂਰ, ਗਰੀਬ ਅਤੇ ਕਮਜ਼ੋਰ ਵਰਗ ਵੀ ਇਸ ਦੀ ਭੇਂਟ ਚੜ੍ਹ।
ਰਹੇ ਹਨ।ਨਜ਼ਾਇਜ਼ ਕਬਜ਼ੇ ਹਟਾਉਣ ਦੀ ਮੁੁਹਿੰਮ ਲਈ ਕੋਈ ਨਵੀਂ ਨੀਤੀ ਨਿਰਧਾਰਿਤ ਹੋਣੀ ਚਾਹੀਦੀ ਹੈ ਜਿਸ ਨਾਲ ਲੋੜਵੰਦਾਂ ਨੂੰ ਮਾਲਕੀ ਹੱਕ ਵੀ ਮਿਲਣੇ ਚਾਹੀਦੇ ਹਨ ।ਬਹੁੁਤੇ ਪਿੰਡਾਂ ਵਿੱਚ ਰਿਹਾਇਸ਼ੀ ਬਸਤੀਆਂ /ਘਰ ਵੀ ਸ਼ਾਮਲਾਤ ਜ਼ਮੀਨਾਂ ਤੇ ਬਣੇ ਹਨ ।ਇਹਨਾਂ ਨੂੰ ਨੀਤੀ ਤਹਿਤ ਤਬਾਦਲੇ ਅਧੀਨ ਜਾਂ  ਮਾਲਕੀ ਹੱਕ ਅਧੀਨ ਲਿਆ ਜਾਣਾ ਚਾਹੀਦਾ ਹੈ । ਹੋ ਸਕੇ 26 ਜਨਵਰੀ 1950 ਵਾਲੀ ਸ਼ਰਤ ਵੀ ਨਰਮ ਕਰਕੇ ਲੋੜਵੰਦਾਂ ਅਤੇ ਛੋਟੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਰੁੁਜ਼ਗਾਰ ਰੋਜ਼ੀ ਰੋਟੀ ਨੂੰ ਸੱਟ ਨਾ ਵੱਜੇ । ਪਿੰਡਾਂ ਦੀ ਭਾਈਚਾਰਕ ਏਕਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ।ਸ਼ਾਮਲਾਤ ਜ਼ਮੀਨਾਂ ਸਬੰਧੀ  ਪਿੰਡ ਵਾਸੀ ਖੁੱਦ ਜਾਗਰੂਕ ਹੋਕੇ ਇਸਦਾ ਸਹੀ ਇਸਤੇਮਾਲ ਕਰਨ ।
ਸ਼ਾਮਲਾਤ ਜ਼ਮੀਨਾਂ ਛੋਟੇ ਕਿਸਾਨਾਂ  ਅਤੇ ਖੇਤ ਮਜ਼ਦੂਰਾਂ ਦੀ ਆਰਥਿਕਤਾ ਦਾ ਧੁਰਾ ਹੁੰਦੇ ਹਨ । ਇਹ ਵਰਗ ਪਿੰਡ ਦੀ ਸ਼ਾਮਲਾਤ ਠੇਕੇ ਚਕੋਤੇ ਤੇ ਲੈ ਕੇ ਆਪਣਾ ਜੀਵਨ ਨਿਰਵਾਹ ਕਰ ਸਕਦੇ ਹਨ । ਪੰਜਾਬ ਵਿੱਚ ਇਹ ਹੋ ਵੀ ਰਿਹਾ ਹੈ ।   ਸਰਕਾਰ ਦੀ ਨਜ਼ਾਇਜ਼ ਕਬਜ਼ੇ ਛਡਾਉਣ ਦੀ  ਮੁੁਹਿੰਮ ਦਾ ਪੰਜਾਬ ਵਾਸੀਆ ਨੂੰ ਸਮਰੱਥਨ ਕਰਕੇ ਆਪ ਹੀ ਨਜ਼ਾਇਜ਼ ਕਬਜ਼ੇ ਛੱਡ ਦੇਣੇ ਚਾਹੀਦੇ ਹਨ । ਇਸ ਨਾਲ ਸਰਕਾਰ ਦੀ ਹੌਸਲਾ ਅਫਜ਼ਾਈ ਹੋਵੇਗੀ ਆਮ ਲੋਕ ਵੀ ਰਾਜ਼ੀ  ਰਹਿਣਗੇ ।  ਪੰਚਾਇਤਾਂ ਆਤਮ ਨਿਰਭਰ ਹੋਣਗੀਆਂ । ਇਸ ਲਈ ਸਰਕਾਰ ਨੂੰ ਲੋਕ , ਪੰਚਾਇਤ ,ਮਜਦੂਰ ਅਤੇ ਛੋਟੇ ਕਿਸਾਨਾਂ ਦੇ ਹਿੱਤਾਂ ਲਈ  ਨੀਤੀ ਨਿਰਧਾਰਿਤ ਕਰਨੀ ਚਾਹੀਦੀ ਹੈ ।ਇਸ ਨਾਲ ਪੰਜਾਬ ਸਰਕਾਰ ਹੋਰ ਵੀ ਸੁੁਨਹਿਰੀ ਪੰਨਾ ਲਿਖ ਸਕਦੀ ਹੈ।ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ਾਮਲਾਤ ਸਾਂਝੀਆਂ ਜ਼ਮੀਨਾਂ ਪਿੰਡਾਂ ਦੇ ਲੋਕਾਂ ਦੇ ਵਿਕਾਸ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੀਆਂ ਹਨ ।

ਸੁੁਖਪਾਲ ਸਿੰਘ ਗਿੱਲ
ਅਬਿਆਣਾਂ ਕਲਾਂ,
ਰੋਪੜ।
ਮੋਬਾ ਨੌ:-8264961445