Sukhpal Singh Gill

 ਉਹ ਸੁਰਜੀਤ ਹੋ ਗਈ -  ਸੁਖਪਾਲ ਸਿੰਘ ਗਿੱਲ

 ਮਨੁੱਖ ਦੇ ਜੀਵਨ ਦਾ ਪਹਿਲਾ ਫੋਡਾ ਉਸ ਦਾ ਅਧਿਆਪਕ ਹੁੰਦਾ ਹੈ।ਜੰਮਣਸਾਰ ਹੁਣ ਤਾਂ ਗਿਣਤੀਆਂ ਮਿਣਤੀਆਂ ਜ਼ਿਆਦਾ ਸ਼ੁਰੂ ਹੋ ਜਾਂਦੀਆਂ ਹਨ, ਸਾਡੇ ਸਮੇਂ ਵਿੱਚ ਸਿਰਫ਼ ਪ੍ਰਾਇਮਰੀ ਸਕੂਲ ਵਿੱਚ ਛੇ ਸਾਲ ਦੇ ਹੁੰਦੇ ਸਾਰ ਦਾਖਲਾ ਲੈਣਾ ਪੈਂਦਾ ਸੀ। ਬੱਚੇ ਦੀ ਬੁਨਿਆਦ ਨੂੰ ਪ੍ਰਾਇਮਰੀ ਅਧਿਆਪਕ ਹੀ ਪਕੇਰੀ ਕਰਦਾ ਸੀ। ਇਸੇ ਪ੍ਰਸੰਗ ਦੀ ਪਾਤਰ ਮੇਰੇ ਪ੍ਰਾਇਮਰੀ ਸਕੂਲ ਅਬਿਆਣਾ ਕਲਾਂ ਰੂਪਨਗਰ ਦੀ ਅਧਿਆਪਕਾ ਸ੍ਰੀਮਤੀ ਸੁਰਜੀਤ ਕੌਰ ਸਰਥਲੀ "ਭੈਣ ਜੀ" ਹਨ।
   ਭੈਣ ਜੀ ਨੇ ਰਹਿਨੁਮਾਈ ਚ ਉਂਗਲੀ ਫੜ ਕੇ ਪੂਰਨੇ ਪਾ ਕੇ ੳ ਅ ਸਿਖਾਇਆ। ਜਿਹਨਾਂ ਦੀ ਬਦੋਲਤ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਿੱਚ ਨੌਕਰੀ ਕਰਦਾ ਹਾਂ। ਸਾਡੇ ਪਿੰਡ ਅਬਿਆਣਾ ਕਲਾਂ ਲੰਬਾ ਸਮਾਂ ਪੜਾਉਣ ਤੋਂ ਬਾਅਦ ਆਪਣੀ ਧੀ ਕੋਲ ਕੈਨੇਡਾ ਚਲੇ ਗਏ। ਜਦੋਂ ਆਉਂਦੇ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਅਚਾਨਕ ਅਖ਼ਬਾਰ ਰਾਹੀਂ ਉਹਨਾਂ ਦੇ ਚੱਲ ਵਸਣ ਦਾ ਪਤਾ ਲੱਗਾ। ਤੁਰੰਤ ਉਹਨਾਂ ਦੀ ਧੀ ਦਾ ਨੰਬਰ ਲੈ ਕੇ ਦੁੱਖ ਚ ਸ਼ਰੀਕ ਹੋਇਆ।ਇਸ ਤੋਂ ਬਾਅਦ ਪਿੰਡ ਦੇ ਬੱਸ ਅੱਡੇ ਵੱਲ ਨੂੰ ਨਿਕਲ ਗਿਆ।  "ਓ ਵੀਰੇ ਤੈਨੂੰ ਪਤਾ ਸੁਰਜੀਤ ਕੌਰ ਭੈਣ ਜੀ ਚੱਲ ਵਸੇ" ਇੱਕ ਪਿੰਡ ਦੇ ਵਿਅਕਤੀ ਨੇ ਪੁੱਛਿਆ। ਮੈਂ ਕਿਹਾ, "ਹਾਂ, ਹੁਣੇ ਪੜ੍ਹ ਕੇ ਆਇਆ ਹਾਂ"...ਬਸ ਫਿਰ ਕੀ ਸੀ ਇੱਕ  ਦੁਕਾਨ ਵਿੱਚ ਇਕੱਠੇ ਹੋਏ ਸਭ "ਭੈਣ ਜੀ ਸੁਰਜੀਤ ਕੌਰ" ਦਾ ਦੁੱਖ ਸਮਝਦੇ ਉਹਨਾਂ ਦੀਆਂ ਆਪਣੇ ਪਿੰਡ ਦੇ ਸਕੂਲ ਦੀਆਂ ਯਾਦਾਂ ਸਾਂਝੀਆਂ ਕਰਨ ਲੱਗ ਪਏ।..... ਮੈਂ ਸਾਰਿਆਂ ਨੂੰ ਕਿਹਾ ਕਿ ਸਾਡੀਆਂ ਦੋ ਪੁਸ਼ਤਾਂ ਭੈਣ ਜੀ ਕੋਲ ਪੜ੍ਹੀਆਂ ਹਨ।... ਅੱਗੇ ਚੱਲ ਕੇ ਮੈਂ ਇੱਕ ਹੋਰ ਗੱਲ ਸਾਂਝੀ ਕੀਤੀ ਕਿ ਜਿਸ ਸਮੇਂ ਸਾਡੇ ਸਕੂਲ ਚ ਭੈਣ ਜੀ ਨੇ ਨੌਕਰੀ ਆਰੰਭ ਕੀਤੀ ਸੀ,ਉਸ ਸਮੇਂ ਕੁੜੀਆਂ ਨੂੰ ਤਾਂ ਪੜਾਇਆ ਹੀ ਨਹੀਂ ਜਾਂਦਾ ਸੀ। ਇਸ ਤੋਂ ਉਹਨਾਂ ਦੇ ਮਾਪਿਆਂ ਦੇ ਖਾਨਦਾਨ ਦੀ ਅਗਾਂਹਵਧੂ ਹੋਣ ਦੀ ਸੁਰਜੀਤ ਕੌਰ ਭੈਣ ਜੀ ਖੁਦ ਤਰਜ਼ਮਾਨ ਬਣੀ।
     ਕਹਿੰਦੇ ਹਨ ਕਿ ਗੁਲਾਬ ਦੀ ਕੀਮਤ ਖੁਸ਼ਬੋ ਲਈ ਹੁੰਦੀ ਹੈ ਇਸ ਤਰਜ਼ ਤੇ ਸਾਨੂੰ ਮਹਿਸੂਸ ਹੋਇਆ ਕਿ ਸਾਡੀ ਅਧਿਆਪਕਾ ਦੀ ਕੀਮਤ ਵੀ ਵਿਦਿਆ ਦਾ ਚਾਨਣ ਬਖੇਰਨ ਲਈ ਸੀ।ਮੈਂ ਅਰਸਤੂ ਦਾ ਬਿਆਨ ਦੱਸਿਆ ਕਿ,"ਮਾਂ ਪਿਓ ਬੱਚੇ ਨੂੰ ਜਨਮ ਦਿੰਦੇ ਹਨ,ਪਰ ਬੱਚੇ ਦੇ ਜੀਵਨ ਨੂੰ ਅਧਿਆਪਕ ਹੀ ਸੰਵਾਰਦਾ ਹੈ,ਇਸ ਲਈ ਅਧਿਆਪਕ ਵੱਧ ਸਨਮਾਨਯੋਗ ਹੁੰਦਾ ਹੈ " ਇਹਨਾਂ ਸਤਰਾਂ ਵਿੱਚ ਹੀ ਸਾਡੀ ਅਧਿਆਪਕਾ ਬਿਰਾਜਮਾਨ ਹੈ। ਅਧਿਆਪਕਾ ਸੁਰਜੀਤ ਕੌਰ ਸਰਥਲੀ ਅੱਜ ਚੱਲ ਵਸੇ ਹਨ।ਪਰ ਇਲਮ ਦੀ ਵਰਖਾ ਕਰਕੇ ਆਪਣੇ ਵਿਦਿਆਰਥੀਆਂ ਨੂੰ ਕਾਰ ਕਿੱਤੇ ਲਾਉਣ ਕਰਕੇ ਸਾਡੇ ਸਮਾਜ ਵਿੱਚ ਸਦੀਵੀ ਸੁਰਜੀਤ ਹੋ ਗਏ।
"ਸਾਹਾਂ ਕਰਕੇ ਤੂੰ ਮੁੜਨਾ ਨਹੀਂ ਸੁਰਜੀਤ ,
ਪਰ ਤੂੰ ਤਾਂ ਭੈਣ ਜੀ ਦਿਲਾਂ ਵਿੱਚ ਸਦਾ ਰਹੂੰਗੀ "ਸੁਰਜੀਤ"

ਨਾਨਕ - ਸੁਖਪਾਲ ਸਿੰਘ ਗਿੱਲ

ਹੇ ਨਾਨਕ, ਮੈਂ ਆਇਆ ਤੇਰੇ ਦਰ ਤੇ ਰਹਿਮਤ ਲੱਭਣ,
ਮੇਰੀ ਝੋਲੀ ਇੱਕ ਉਂਜਲ, ਰਹਿਮਤ ਦੀ ਮਿਹਰ ਦਾ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ, 
“ਜਾ ਤੂੰ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ”
ਮੈਂ ਪਾਪੀ ਅਕਿਰਤਘਣ ਪੰਜ ਚੋਰਾਂ ਦੇ ਘੇਰੇ ਵਿੱਚ ਹਾਂ,
ਧਿਆਨ ਲਾਉਂਦਾ ਹਾਂ, ਕੂੜ ਦੀ ਕੰਧ ਰਾਹ ਭੰਨਦੀ ਹੈ,
ਤੜਕੇ ਬਾਣੀ ਦੀਆਂ ਧੁਨਾਂ ਹਲੂਣਦੀਆਂ ਹਨ,
ਪਰ ਮੈਂ ਬੇਵੱਸ । 
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ, 
“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ,
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ”
ਹੇ ਨਾਨਕ ਤੇਰੀ ਹੱਥ ਵਾਲੀ ਦਾਤ ਰੂਪੀ ਰੋਟੀ ਦੀ,
ਸਮਝ ਤਾਂ ਆਉਂਦੀ ਹੈ ਪਰ ਤਵੇ ਦੀ ਰੋਟੀ ਵੱਲ
ਧਿਆਨ ਜੁੜ ਜਾਂਦਾ ਹੈ ਹੱਥ ਦਾ ਖਿਆਲ ਨਹੀਂ ਰਹਿੰਦਾ,
ਸ਼ੁਕਰ ਨੂੰ ਨਾ-ਸ਼ੁਕਰਾਪਣ ਗੰਢ ਮਾਰ ਦਿੰਦਾ ਹੈ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦਦਾ ਦਾਤਾ ਏਕੁ ਹੈ, ਸਭ ਕਉ ਦੇਵਨਹਾਰ”
ਮੈਂ ਸੁਣਦਾ, ਪੜ੍ਹਦਾ ਤੇ ਵਿਚਾਰ ਕਰਦਾ ਹਾਂ,
ਗੁਰੂ ਨੂੰ ਸਨਮੁੱਖ ਵੀ ਰੱਖਦਾ ਹਾਂ, ਪਰ ਪੰਜ ਚੋਰਾਂ ਤੋਂ ਖਹਿੜਾ,
ਨਹੀਂ ਛੁੱਟਦਾ, ਰਹਿਮਤ ਲਈ ਹਾੜੇ ਕੱਢਦਾ ਹਾਂ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜੈਸਾ ਬਾਲਕੁ ਭਾਇ ਸੁਭਾਈ ਲੱਖ ਅਪਰਾਧ ਕਮਾਵੈ,
ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”
ਹੇ ਨਾਨਕ ਆਪਣੀ ਮਿਹਰ ਦਾ ਇੱਕ ਉਂਜਲ ਮੇਰੀ ਝੋਲੀ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਪਿਛਲੇ ਅਉਗਣ ਬਖਸਿ ਲਏ, ਪ੍ਰਭ ਆਗੈ ਮਾਰਗਿ ਪਾਵੈ”

ਘਾਲਿ ਖਾਇ ਕਿਛੁ ਹਥਹੁ ਦੇਇ - ਸੁਖਪਾਲ ਸਿੰਘ ਗਿੱਲ

ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਨਾਲ      ਧੰਨ ਪੈਦਾ ਹੰਦਾ ਹੈ।ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।    
    ਮਜਦੂਰਾਂ ਦੀ ਸਾਰ ਲੈਣ ਲਈ ਸਰਕਾਰ ਵਿਸ਼ੇਸ਼ ਤਵੱਜੋ ਦੇਵੇ। ਅਖ਼ਬਾਰੀ ਇਸ਼ਤਿਹਾਰ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਇਸ ਵਿੱਚ ਮਜਦੂਰ ਵਰਗ ਦੇ ਬੇਵੱਸੀ ਅਤੇ ਸਰਕਾਰੀ ਧਿਰ ਦੀ ਖਾਨਾਪੂਰਤੀ ਹੋ ਜਾਂਦੀ ਹੈ। ਲੋਟੂ ਜਮਾਤ ਜੋ ਮਜਦੂਰ ਦਾ ਖੂਨ ਪੀਂਦੀ ਹੈ ਉਹ ਨਾਨਕ ਸਿੰਘ ਦੇ ਕਥਨ “ਲੋਕ ਪਾਣੀ ਪੁਣ ਕੇ ਪੀਂਦੇ ਹਨ ਪਰ ਲੁਕਾਈ ਦਾ ਖੂਨ ਅਣਪੁਣਿਆਂ ਹੀ ਪੀ ਜਾਂਦੇ ਹਨ” ਦੇ ਕਥਨ ਅੱਜ ਵੀ ਢੁੱਕਵੇਂ ਹਨ। ਲੋਕਾਂ ਅਤੇ ਜੋਕਾਂ ਦਾ ਫ਼ਲਸਫ਼ਾ ਸ਼ੁਰੂ ਤੋਂ ਹੀ ਭਾਰੀ ਰਿਹਾ ਜਦੋਂ ਇਸ ਫ਼ਲਸਫ਼ੇ ਅਤੇ ਪਾੜੇ ਵਿਰੁੱਧ ਕੁੱਝ ਜਗਿਆਸਾ ਆਈ ਤਾਂ ਮਜਦੂਰ ਵਰਗ ਸੁਲਗਿਆ ਪਰ ਕਾਰਪੋਰੇਟ ਜਗਤ ਨੂੰ ਇਹ ਗੱਲ ਪਚੀ ਨਹੀਂ। ਇਸ ਲਈ ਹੰਊਮੈ ਵਿੱਚੋਂ ਮਜਦੂਰਾਂ ਦਾ ਘਾਣ ਕੀਤਾ ਜਾਂਦਾ ਹੈ। ਇਸ ਵਰਤਾਰੇ ਪਿੱਛੇ ਕਾਰਪੋਰੇਟ ਦਾ ਹੰਕਾਰ ਝਲਕਦਾ ਹੈ। ਆਲਮੀ ਪੱਧਰ ਤੋਂ ਬਾਅਦ ਭਾਰਤ ਵਿੱਚ ਵੀ ਮਜਦੂਰਾਂ ਪ੍ਰਤੀ ਜਗਿਆਸਾ ਵਧੀ। ਇਸ ਲਈ ਭਾਰਤ ਵਿੱਚ ਮਜਦੂਰ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਿਆ। ਹਾਂ ਇੱਕ ਗੱਲ ਜਰੂਰ ਹੈ 1991 ਤੋਂ ਭਾਰਤ ਮਾਤਾ ਅੰਦਰ ਕਿਰਤ ਸੁਧਾਰਾਂ ਦੀ ਕੋਸ਼ਿਸ ਸ਼ੁਰੂ ਹੈ। ਇਸ ਦੀ ਸ਼ੁਰੂਆਤ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ। ਅੱਜ ਸੰਸਾਰ ਦੇ 80 ਦੇ ਲੱਗਭਗ ਦੇਸ਼ ਮਜਦੂਰ ਦੇ ਹਿੱਤਾਂ ਲਈ ਜਾਗਰੂਕ ਹਨ। ਇਹਨਾਂ ਸਭ ਕਾਸੇ ਪਿੱਛੇ 1886 ਦਾ ਸਾਕਾ ਹੀ ਕੰਮ ਕਰਦਾ ਹੈ। ਮਜਦੂਰ ਨੂੰ ਆਪਣੀ ਹੋਂਦ ਅਤੇ ਕਿਰਤ ਸ਼ਕਤੀ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇਸ ਨਾਲ ਮਜਦੂਰ ਜਾਗਰੂਕ ਹੋਕੇ  ਸੁਰੱਖਿਆ ਮਹਿਸੂਸ ਕਰੇਗਾ । ਸਿੱਟਾ ਇਹ ਨਿਕਲਦਾ ਹੈ ਕਿ ਰਾਜਨੀਤਿਕ ਵਰਗ ਵੀ ਜਵਾਬਦੇਹ ਬਣਦਾ ਹੈ।
    ਮਜਦੂਰ, ਕਿਰਤ ਅਤੇ ਕਿਰਤ ਸ਼ਕਤੀ ਦੀ ਦਿਸ਼ਾ ਅਤੇ ਦਸ਼ਾ ਪਹਿਲੀ ਪਾਤਸ਼ਾਹੀ ਨੇ ਦੁਨਿਆਵੀ ਅਤੇ ਰੂਹਾਨੀ ਤੌਰ ਤੇ 1452 ਵਿੱਚ ਸੈਦਪੁਰ ਏਮਨਾਬਾਦ ਪਾਕਿਸਤਾਨ ਵਿੱਚ ਉਜਾਗਰ ਕੀਤੀ ਸੀ। “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦਾ ਸੁਨਹਿਰੀ ਸੁਨੇਹਾ ਵੀ ਇੱਥੋਂ ਹੀ ਮਿਲਦਾ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਅਤੇ ਭਾਈ ਲਾਲੋ ਦਾ ਨਿਖੇੜ ਅਤੇ ਨਿਬੇੜ ਕਰਕੇ ਕਿਰਤ ਨੂੰ ਪ੍ਰਧਾਨ ਬਣਾਇਆ। ਅੱਜ ਭਾਵੇਂ ਸਮੇਂ ਦੇ ਹਾਣ ਅਨੁਸਾਰ ਮਲਕ ਭਾਗੋ ਨਵੇਂ ਜਾਮੇ ਵਿੱਚ ਆ ਜਾਂਦੇ ਹਨ ਪਰ ਫੈਸਲਾ ਉਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ। ਕਰਤਾਰਪੁਰ ਵਿੱਚ ਖੁਦ ਖੇਤੀ ਦੀ ਹੱਥੀ ਕਿਰਤ ਕਰਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। “ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇ” ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘੱਟ ਲੋਕ ਪੱਲੇ ਬੰਨਦੇ ਹਨ।ਬਹੁਤੇ ਲੋਕ ਕਲਯੁੱਗ ਦੇ ਘੇਰੇ ਵਿੱਚ ਹੀ ਹਨ। ਮਜਦੂਰ ਵਰਗ ਲਈ ਅੱਜ ਵੀ ਇਹ ਗੱਲ ਤਰੋਤਾਜ਼ਾ ਰਹਿੰਦੀ ਹੈ ਕਿ ਇਸ ਨੂੰ ਘੱਟ ਪੈਸੇ ਦਿੱਤੇ ਜਾਣ। ਮਜਦੂਰ ਲੋਕ ਹੱਥੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਨ। ਬਚਪਨ ਵਿੱਚ ਜਦੋਂ ਅਸੀਂ ਸੋਝੀ ਸੰਭਲੀ ਤਾਂ ਸਾਡੇ ਬਜੁਰਗ ਖੇਤਾਂ ਦੇ ਕੰਮ ਲਈ ਮਜਦੂਰ ਦਿਹਾੜੀ ਉੱਤੇ ਲਾਉਂਦੇ ਸਨ ਇਸ ਦੇ ਨਾਲ ਉਹਨਾਂ ਨੂੰ ਤਨਖਾਹ ਦੇ ਨਾਲ ਰੋਟੀ, ਚਾਹ ਅਤੇ ਪਾਣੀ ਵੀ ਦਿੰਦੇ ਸਨ। ਮਜਦੂਰ ਦਾ ਹੱਕ ਮਾਰਨ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਇਸੇ ਲਈ ਪਿੰਡਾਂ ਵਿੱਚ ਸੱਚੀਂ ਮੁੱਚੀਂ ਰੱਬ ਵੱਸਦਾ ਸੀ। ਮਜਦੂਰ ਦਾ ਹੱਕ ਅਤੇ ਪੈਸਾ ਮਾਰਨਾ ਆਪਣੀ ਸ਼ਾਨ ਅਤੇ ਹੱਕ ਸਮਝਣ ਵਾਲੇ ਲੋਕਾਂ ਨੂੰ ਗੁਰਬਾਣੀ ਦਾ ਇਹ ਹੁਕਮ ਮੰਨਣਾ ਪਵੇਗਾ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
    ਅੱਜ ਮਜਦੂਰ ਦਾ ਘਾਣ, ਸ਼ੋਸਣ ਅਤੇ ਹੱਕ ਮਾਰਨ ਦਾ ਤਰੀਕਾ ਨਵੇਂ ਯੁੱਗ ਅਨੁਸਾਰ ਬਿਰਾਜਮਾਨ ਹੈ। ਭੱਠਾ ਮਜਦੂਰ, ਖੇਤੀ ਖੇਤਰ, ਉਦਯੋਗਿਕ ਖੇਤਰ ਅਤੇ ਮਜਦੂਰ ਵਰਗ ਦੇ ਹੋਰ ਖੇਤਰ ਆਪਣੀ ਕਿਰਤ ਰਾਹੀਂ ਕਿਰਤ ਵੇਚਕੇ ਗੁਜਾਰਾ ਕਰਦੇ ਹਨ। ਕਿਰਤੀ ਵਰਗ ਅੱਜ ਵੀ ਸੁਰੱਖਿਅਤ ਨਹੀਂ ਹੈ। ਛੁੱਟੀ ਲਈ ਤਰਸਦਾ ਰਹਿੰਦਾ ਹੈ ਮਿਹਨਤ ਦੀ ਕੀਮਤ ਘੱਟ ਮਿਲਦੀ ਹੈ। ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਖੋਂ ਵੀ ਵਿਹੂਣਾ ਹੈ। ਮਜਦੂਰ ਅਤੇ ਧਨਾਢ ਦਾ ਪਾੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ। ਮਜਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਉਮਰ ਦਾ ਪੜਾਅ ਠੀਕ ਹੁੰਦਾ ਹੈ ਤਾਂ ਮਿਹਨਤ ਕਰਕੇ ਜੀਵਨ ਗੁਜਾਰ ਲੈਂਦਾ ਹੈ ਪਰ ਜਦੋਂ ਬੁਢਾਪੇ ਵਿੱਚ ਜਾਂਦਾ ਹੈ ਤਾਂ ਇਹਨਾਂ ਦਾ ਬੁਢਾਪਾ ਸਰਾਪਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਸਿਹਤ ਦੀ ਰੱਖਿਆ ਲਈ ਮਜਦੂਰ ਵਰਗ ਦੀ ਕੋਈ ਗਰੰਟੀ ਨਹੀਂ ਹੈ। ਕਰੋਨਾ ਕਾਲ ਵਿੱਚ ਮਜਦੂਰ ਦੀ ਦਸ਼ਾ ਨੇ ਨਵੇਂ ਅਧਿਆਏ ਲਿਖੇ। ਜਦੋਂ ਕਿਰਤੀ ਨੂੰ ਕਿਰਤ ਦਾ ਮੁੱਲ ਠੀਕ ਨਹੀਂ ਲੱਗਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਜੇ ਇਹਨਾਂ ਬਾਹਰ ਨੂੰ ਭੱਜਣ ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਇਹਨਾਂ ਦਾ ਸਰਬ ਪ੍ਰਵਾਨਿਤ ਜਵਾਬ ਹੁੰਦਾ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਵਿੱਚ ਕਿਰਤ ਦਾ ਅਸਲੀ ਅਤੇ ਸਹੀ ਮੁੱਲ ਮਿਲਦਾ ਹੈ। ਜਦੋਂ ਕਿਰਤ ਸ਼ਕਤੀ ਦੂਜੇ ਦੇਸ਼ਾਂ ਵੱਲ ਜਾਂਦੀ ਹੈ ਤਾਂ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਆਉਂਦੀ ਹੈ ਜਿਸ ਨਾਲ ਵਿਕਾਸ ਰੁਕਦਾ ਹੈ। ਸਾਡੇ ਆਪਣੇ ਮੁਲਕ ਵਿੱਚ ਸਰਕਾਰ ਨੂੰ ਹੋਰ ਵੀ ਮਜਦੂਰ ਵਰਗ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਕਾਇਦੇ ਕਾਇਮ ਕਰਨੇ ਚਾਹੀਦੇ ਹਨ। ਇਸ ਨਾਲ ਮਜਦੂਰ ਵਰਗ ਲਈ ਬਾਹਰਲੇ ਮੁਲਕਾਂ ਦੇ ਬਰਾਬਰ ਢੁੱਕਵੇਂ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 2022 ਵਿੱਚ ਮਜਦੂਰ ਲਈ ਸੁਨੇਹਾ ਦਿੱਤਾ ਸੀ “ਮਜਦੂਰ ਦਿਵਸ ਤੇ ਮੈਂ ਸਾਡੇ ਮਜਦੂਰਾਂ ਦੇ ਯਤਨਾਂ ਅਤੇ ਅਣਥੱਕ ਜ਼ਜਬੇ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੇ ਹੁਨਰ ਅਤੇ ਜਨੂੰਨ ਨੇ ਰਾਸ਼ਟਰ ਨਿਰਮਾਣ ਲਈ ਵਿਕਾਸ ਦੀਆਂ ਨਵੀਆਂ ਰਾਹਾਂ ਉੱਕਰੀਆਂ” ਸਾਡੇ ਦੇਸ਼ ਦੀ ਬਹੁ-ਗਿਣਤੀ ਦਸਾਂ ਨਹੁੰਆਂ ਦੀ ਕਿਰਤ ਕਰਦੀ ਹੈ ਪਰ ਉਜਰਤ ਘੱਟ ਮਿਲਦੀ ਹੈ। ਇਸ ਲਈ ਉਹਨਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੱਟਾ ਇਹ ਨਿਕਲਦਾ ਹੈ ਕਿ ਮਜਦੂਰ ਦੇ ਸਿਰ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ।
    ਮਜਦੂਰ ਆਪਣੀ ਕਿਰਤ ਸ਼ਕਤੀ ਨੂੰ ਪੇਟ ਭਰਨ ਤੱਕ ਸੀਮਤ ਰਹਿੰਦਾ ਹੈ। ਸਿਆਣੇ ਲੋਕ ਮਜਦੂਰ ਦੀ ਮਜਦੂਰੀ ਦਾ ਖਿਆਲ ਰੱਖਦੇ ਹਨ। ਸਮਾਜ ਵਿੱਚ ਮਜਦੂਰੀ ਮਾਰਨ ਵਾਲੇ ਵੀ ਹੁੰਦੇ ਹਨ ਅਜਿਹੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਹੁੰਦੇ ਹਨ। ਪਿੰਡਾਂ ਦੇ ਲੋਕ ਰਸੋਈ ਆਪਣੇ ਅਤੇ ਮਜਦੂਰ ਲਈ ਇਕੋ ਤਰ੍ਹਾਂ ਦੀ ਰੱਖਦੇ ਹਨ। ਖਾਣੇ ਵਿੱਚ ਵਿਤਕਰਾ ਨਹੀਂ ਕਰਦੇ। ਅੱਜ ਸਭ ਤੋਂ ਮਾੜੀ ਹਾਲਤ ਬਾਲ ਮਜਦੂਰੀ ਕਰਕੇ ਵੀ ਹੁੰਦੀ ਹੈ। ਬਚਪਨ, ਚਾਅ ਮਲਾਰ ਅਤੇ ਖੇਲ ਖਿਲਾਰ ਛੱਡਕੇ ਜਦੋਂ ਬਾਲ ਮਜਦੂਰੀ ਲਈ ਮਜਬੂਰ ਹੋਣਾ ਪੈਦਾ ਹੈ ਤਾਂ ਬਾਲਪਣ ਦੇ ਅਰਮਾਨ ਮਰ ਜਾਂਦੇ ਹਨ। ਇਹ ਸਮਾਜ ਦੀ ਵੱਡੀ ਬੁਰਾਈ ਹੈ। ਦੇਸ਼ ਦੀ ਤਰੱਕੀ, ਸੱਭਿਅਤਾ ਅਤੇ ਆਲਮੀ ਮੁਹਾਂਦਰੇ ਲਈ ਮਜਦੂਰ ਦੀ ਤਰਾਸਦੀ ਸਭ ਤੋਂ ਖਤਰਨਾਕ ਅਤੇ ਪਿਛਾਂਹ ਖਿੱਚੂ ਸਮਝੀ ਜਾਂਦੀ ਹੈ। ਇਸ ਪਿੱਛੇ ਜਗੀਰੂ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਵਾਰ ਮਜਦੂਰ  ਵਿੱਚੋਂ ਮਜਬੂਰ  ਦੀ ਝੱਲਕ ਪੈਂਦੀ ਹੈ। ਮਜ਼ਦੂਰਾਂ  ਦਿਨ ਦਿਹਾੜੇ ਹੋਰ ਹੀ ਮਨਾਈ ਜਾਂਦੇ ਹਨ ਜਦੋਂ ਕਿ ਮਜਦੂਰ ਤਾਂ ਵਿਚਾਰਾ ਆਪਣੀ ਮਜਦੂਰੀ ਅਤੇ ਢਿੱਡ ਭਰਨ ਲਈ ਮਿਹਨਤ ਵਿੱਚ ਖੁੱਭਿਆ ਰਹਿੰਦਾ ਹੈ। ਵਿਦਿਆ, ਸਿਹਤ, ਭੁੱਖ ਅਤੇ ਸਮਾਜਿਕ ਤਰਾਸਦੀ ਨਾਲ ਜੂਝਦਾ ਰਹਿੰਦਾ ਹੈ। ਇਸ ਸਾਰੇ ਵਰਤਾਰੇ ਨੂੰ ਸੰਤ ਰਾਮ ਉਦਾਸੀ ਨੇ ਇਉਂ ਵਰਨਣ ਕੀਤਾ ਸੀ:-
    “ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿਥੇ ਤੰਗ ਨਾਲ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨੀਆਂ ਨੂੰ ਤੇ ਦੰਦ ਕਰੇੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ”
    ਅੱਜ ਮਜਦੂਰ ਦੇ ਹਾਲਾਤ ਅਤੇ ਤਰਾਸਦੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਲੋੜ ਹੈ। ਮਜਦੂਰ ਨੂੰ ਲੁੱਟਣ ਵਾਲਾ ਆਰਥਿਕ ਨਿਜ਼ਾਮ ਨੰਗਾ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਅਤੇ ਅਮੀਰ ਵਰਗ ਦੇ ਪੱਖ ਤੋਂ ਵੀ ਘੋਖਣਾ ਚਾਹੀਦਾ ਹੈ। ਧਨਾਢ ਵਰਗ ਲਾਲਚ, ਦੌਲਤ, ਸ਼ਾਹੀ ਠਾਠਬਾਠ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਮਜਦੂਰ ਵਰਗ ਅੱਜ ਵੀ ਦੋ ਡੰਗ ਦੀ ਰੋਟੀ ਲਈ ਤਰਸਦਾ ਹੈ।
“ਤੁਹਾਨੂੰ ਤਾਂ ਬਸ ਵੇਹਲ ਨਹੀਂ ਆਪਣੀ ਆਯਾਸ਼ੀ ਤੋਂ,
ਤਾਹੀਉ ਤਾਂ ਅੱਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ,
ਮੈਂ ਤਾਂ ਹਮੇਸ਼ਾ ਦਬਿਆ ਰਹਾਂਗਾ,
ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ,
ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ”
    ਮਜਦੂਰ ਵਰਗ ਦਾ ਉਦੇਸ਼ ਮਜਦੂਰਾਂ ਨੂੰ ਜਾਗਰੂਕ ਕਰਕੇ ਹਰ ਪੱਖ ਦੀ ਸੁਰੱਖਿਆ ਪ੍ਰਦਾਨ ਕਰਨਾ ਹੈ। ਪਰ ਇਸ ਦੇ ਉਦੇਸ਼ ਜਿੱਥੋਂ ਚੱਲੇ ਸਨ ਉੱਥੇ ਹੀ ਦਬੇ ਪਏ ਹਨ। ਸਰਕਾਰਾਂ ਦੀਆਂ ਕੋਸ਼ਿਸਾਂ ਤਾਂ ਹੋਈਆਂ ਕੁੱਝ ਮਜਦੂਰ ਭਲਾਈ ਲਈ ਵੀ ਸਰਕਾਰਾਂ ਨੇ ਕੰਮ ਕੀਤੇ ਪਰ ਤਰਾਸਦੀ ਜਾਰੀ ਹੈ। ਕਿਸੇ ਵੀ ਸਮਾਜ ਦੇ ਵਿਕਾਸ ਲਈ ਮਜਦੂਰ ਹੱਥੀ ਕਿਰਤ, ਇਲਮ ਅਤੇ ਤਨਦੇਹੀ ਨਾਲ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਦਾ ਹੈ। ਇਸ ਨੂੰ ਤਰੋ ਤਾਜ਼ਾ ਰੱਖਣ ਲਈ ਸਰਮਾਏਦਾਰੀ ਬਨਾਮ ਕਿਰਤੀ ਸਵਰਾਜ ਵਿੱਚੋਂ ਮਜਦੂਰ ਜਮਾਤ ਨੂੰ ਇਨਕਲਾਬੀ ਰਾਹਾਂ ਦਾ ਪਾਂਧੀ ਬਨਣਾ ਚਾਹੀਦਾ ਹੈ।

                                ਸੁਖਪਾਲ ਸਿੰਘ ਗਿੱਲ
                                ਅਅਬਿਆਣਾ ਕਲਾਂ
                                ਮੋ: 98781-11445

ਆਸਾੜੁ ਤਪੰਦਾ ਤਿਸੁ ਲਗੈ - ਸੁਖਪਾਲ ਸਿੰਘ ਗਿੱਲ

ਦੇਸ਼ੀ ਮਹੀਨੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ। ਇਸ ਪ੍ਰਸੰਗ ਵਿੱਚ ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ  ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਇਸ ਬਾਰ ਗਰਮੀ ਭਰਪੂਰ ਪੈ ਰਹੀ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹਿੰਦਾ ਹੀ ਹੈ। ਸ਼ਾਇਦ ਕੁਦਰਤ ਨੇ ਹੀ ਇਸ ਨੂੰ ਵਰ ਦਿੱਤਾ ਹੈ ਕਿ ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਨੂੰ ਸਿਦਕ ਦੀ ਕਸਵੱਟੀ ਤੇ ਲਾਉਂਦਾ ਹੈ।  ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ  ਗੁਰਭਜਨ ਗਿੱਲ ਜੀ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
ਇਸ ਬਾਰ ਹੱਦਾਂ ਟੱਪੀ ਜੇਠ ਮਹੀਨੇ ਦੀ ਗਰਮੀ ਦੱਸਦੀ ਹੈ ਕਿ ਹਾੜ੍ਹ ਮਹੀਨਾ ਹੋਰ ਤਪਾਏਗਾ। ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਅੱਜ ਵੀ ਇਸ ਮਹੀਨੇ ਦੇ ਆਖੀਰ ਵਿੱਚ ਮੀਂਹ ਪੈਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
     “ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”

ਕਿਸਾਨ ਦਾ ਪੁੱਤ ਇਸ ਮਹੀਨੇ ਖੇਤੀ ਦੇ ਕੰਮਾਂ ਵਿੱਚ ਸਿਰੜ ਪੁਗਾਉਂਣ ਨਾਲ ਹੀ ਪਰਖਿਆਂ ਜਾਂਦਾ ਹੈ। ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”

ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੁੱਧ ਦਾ ਛੱਪੜ ਵੀ ਇਸੇ ਰੁੱਤ ਵਿੱਚੋਂ ਉਪਜੀ ਸੀ। ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ।  ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਇਸ ਤੋਂ ਇਲਾਵਾ ਪਤੀ ਪਤਨੀ ਦੇ ਵਾਰਤਾਲਾਪ ਵਿੱਚ ਹਾੜ੍ਹ ਮਹੀਨੇ ਦੀ ਵੰਨਗੀ ਵੀ ਮਿਲਦੀ ਹੈ “ਜੇਠ ਨਾ ਜਾਈ ਚੰਗੀਆਂ ਫਸਲਾਂ ਪੱਕੀਆਂ, ਹਾੜ੍ਹ ਨਾ ਜਾਈਂ ਧੁੱਪਾਂ ਡਾਹਢੀਆਂ”। ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ। ਕਿਸਾਨ ਅੰਦੋਲਨ ਵਿੱਚ ਹਾੜ੍ਹ ਮਹੀਨੇ ਨੂੰ ਇਉਂ ਦਰਸਾਇਆ ਗਿਆ ਸੀ “ਦਰਿਆਵਾਂ ਨੂੰ ਨੱਕੇ ਲਾਉਂਣ ਵਾਲੇ ਡਰਦੇ ਨਹੀਂ ਪਾਣੀ ਦੀਆਂ ਬੁਛਾਰਾਂ ਤੋਂ, ਹਾੜ੍ਹ ਦੀ ਗਰਮੀ ਚ ਝੌਨਾ ਪਾਲਣ ਵਾਲੇ ਦਬਦੇ ਨਹੀਂ ਕਦੇ ਜ਼ਲਮ ਸਰਕਾਰਾਂ ਤੋਂ ”। ਇਸ ਦੇਸੀ ਮਹੀਨੇ ਵਿੱਚ ਮਜਦੂਰ ਨੂੰ ਮੁਸ਼ੱਕਤ ਕਰਕੇ ਰੋਟੀ ਕਮਾਉਂਣ ਦੀ ਚਿੰਤਾ ਰਹਿੰਦੀ ਹੈ। ਮਜਦੂਰ ਵਰਗ ਹਾੜ੍ਹ ਮਹੀਨੇ ਮਜਬੂਰ ਹੁੰਦਾ ਹੈ। ਦੇਸੀ ਰੁੱਤਾਂ ਦੇ ਚੱਕਰ ਵਿੱਚ ਹਾੜ੍ਹ ਮਹੀਨਾ ਆਪਣੀਆਂ ਵੰਨਗੀਆਂ ਦੇ ਪਰਛਾਵੇਂ ਅਤੀਤ ਤੋਂ ਵਰਤਮਾਨ ਤੱਕ ਇਕੋ ਰਫਤਾਰ ਨਾਲ ਪਾ ਰਿਹਾ ਹੈ। ਭੱਵਿਖ ਵਿੱਚ ਵੀ ਹਾੜ੍ਹ ਮਹੀਨਾ ਧਾਰਮਿਕ ਸੱਭਿਆਚਾਰਕ ਅਤੇ ਰੁੱਤਾਂ ਤਿੱਥਾਂ ਅਨੁਸਾਰ ਤਪਸ਼ ਭਰਿਆ ਹੀ ਰਹੇਗਾ।
                            ਸੁਖਪਾਲ ਸਿੰਘ ਗਿੱਲ
                            ਅਅਬਿਆਣਾ ਕਲਾਂ
                            998781-11445

ਸਮਾਜਿਕ ਕੋਹੜ ਹੈ- ਇਕੱਲਾਪਣ - ਸੁਖਪਾਲ ਸਿੰਘ ਗਿੱਲ

ਜਦੋਂ ਕੋਈ ਵੀ ਵਿਸ਼ਾ ਜਾਂ ਚੀਜ਼ ਆਪਣੇ ਨਾ-ਪੱਖੀ ਪ੍ਰਭਾਵ ਦਿਖਾਉਂਦੇ ਹਨ ਉਦੋਂ ਅਸੀਂ ਜਾਗਦੇ ਹਾਂ। ਉਸ ਤੋਂ ਬਾਅਦ ਉਸ ਦੇ ਪਿੱਛੇ ਕਾਰਨਾਂ ਦੀ ਪਰਖ ਪੜਚੋਲ ਕਰਕੇ ਹੱਲ ਕਰਨ ਦੀ ਦੁਹਾਈ ਮਚਾਉਂਦੇ ਹਾਂ। ਅਜਿਹਾ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਕਰਕੇ ਹੁੰਦਾ ਹੈ। ਅੱਜ ਇਸੇ ਲੜੀ ਤਹਿਤ ਇਕੱਲਾਪਣ ਜਾਂ ਇਕੱਲਾ ਰਹਿਣਾ ਭਖਦਾ ਅਤੇ ਖਾਸ ਮਸਲਾ ਹੈ। ਇਸ ਨੇ ਮਨੁਖਤਾ ਅਤੇ ਖਾਸ ਤੌਰ ਤੇ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਅੱਜ ਦੀ ਜੀਵਨਸ਼ੈਲੀ ਦੀ ਇਹ ਮੁੱਖ ਸਮੱਸਿਆ ਹੈ। ਰੱਦੀ ਸਿਰਫ ਅਖਬਾਰਾਂ, ਕਾਪੀਆਂ ਅਤੇ ਕਾਗਜਾਂ ਦੀ ਨਹੀਂ ਹੁੰਦੀ ਬਹੁਤੀ ਵਾਰ ਬੇਕਦਰਿਆਂ ਦੀ ਨਾ-ਸਨਾਸ਼ੀ ਵੀ ਮਹਿੰਗਾ ਮਾਲ ਸਵੱਲੇ ਭਾਅ ਵੇਚ ਦਿੰਦੀ ਹੈ। ਕੋਹੜ ਦਾ ਰੂਪ ਧਾਰਨ ਕਰ ਚੁੱਕਿਆ ਇਕੱਲਾਪਣ ਸ਼ੁਰੂ ਹੋਣ ਦੇ ਵੱਖ-ਵੱਖ ਕਾਰਨ ਹਨ। ਅਜੌਕੇ ਸਮੇਂ ਧਾਰਮਿਕ, ਸਮਾਜਿਕ ਅਤੇ ਸ੍ਰਿਸ਼ਟਾਚਾਰ ਨੂੰ ਕੀਲੀ ਟੰਗਕੇ ਇਕੱਲਾਪਣ ਖੁਦ ਠੋਸਿਆ ਅਤੇ ਖੁਦ ਸਹੇੜਿਆ ਜਾਂਦਾ ਹੈ। ਹਾਂ ਇਕ ਗੱਲ ਹੋਰ ਵੀ ਹੈ ਕਿ ਨਵੀਂ ਪੁਰਾਣੀ ਪੀੜੀ ਦਾ ਪਾੜਾ ਵੱਧਣ ਕਰਕੇ ਜਦੋਂ ਖਿਆਲਾਤ ਨਹੀਂ ਮਿਲਦੇ ਤਾਂ ਵੀ ਵੱਖਰੀ ਸੋਚ ਕਰਕੇ ਨਵੀਂ ਪੀੜੀ ਹਾਣਦਿਆਂ ਨਾਲ ਖੁਸ਼ੀਆਂ ਮਨਾਉਂਦੀ ਹੈ ਪਰ ਬਜੁਰਗ ਨਵੀਂ ਪੀੜੀ ਨੂੰ ਪਿਆਰ ਕਰਨ ਦੇ ਬਾਵਜੂਦ ਵੀ ਸੰਤਾਪ ਹੰਢਾਉਂਦੇ ਹਨ। ਇਸ ਨਾਲ ਸਮਾਜ ਵੀ ਅੰਦਰੂਨੀ ਨਬਜ਼ ਤੇਜ਼ ਚੱਲਕੇ ਕਈ ਸਮਾਜਿਕ ਰੋਗ ਸਹੇੜਦੀ ਹੈ। ਇਕੱਲੇਪਣ ਦਾ ਉਦੈ, ਉਦੋਂ ਹੁੰਦਾ ਹੈ ਜਦੋਂ ਮਨੁੱਖਤਾ ਸਾਰੇ ਪ੍ਰਬੰਧਾਂ, ਵਿਵਸਥਾਵਾਂ ਅਤੇ ਆਦਰਸ਼ਾਂ ਵਿੱਚੋਂ ਵਿਸ਼ਵਾਸ ਗਵਾ ਲੈਂਦੀ ਹੈ। ਜੀਵਨਸ਼ੈਲੀ ਦੀ ਇਕੱਲਾਪਣ ਮੁੱਖ ਸਮੱਸਿਆ ਹੈ ਇਹ ਸਿਗਰਟ ਨੋਸ਼ੀ ਜਿੰਨਾ ਹੀ ਖਤਰਨਾਕ ਮੰਨਿਆ ਗਿਆ ਹੈ।
    ਇਕੱਲਾਪਣ, ਇਕੱਲਤਾ ਅਤੇ ਇਕੱਲਾ ਜੀਵਨ ਬਤੀਤ ਕਰਨਾ ਤੰਦਰੁਸਤੀ ਦਾ ਵੱਡਾ ਦੁਸ਼ਮਣ ਹੈ। ਇਕੱਲਾਪਣ ਮਾਨਸਿਕ ਕਮਜ਼ੋਰੀ ਪੈਦਾ ਕਰਕੇ ਸੰਤੁਲਨ ਵਿਗਾੜਦਾ ਹੈ। ਮਾਹਿਰਾਂ ਨੇ ਤਾਂ ਇਕੱਲੇਪਣ ਨੂੰ ਨਤੀਜੇ ਉੱਤੇ ਪਹੁੰਚਾਉਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ ਪਰ ਪੀੜੀ ਦਾ ਪਾੜਾ ਅਤੇ ਬਦਲਦੇ ਹਾਲਾਤ ਪੈਰ ਨਹੀਂ ਲੱਗਣ ਦਿੰਦੇ। ਇੰਗਲੈਡ ਨੇ ਤਾਂ ਇਕੱਲੇਪਣ ਦੀ ਸਮੱਸਿਆ ਨਾਲ ਜੂਝਣ ਲਈ 2018 ਵਿੱਚ ਇਕੱਲੇਪਣ ਲਈ ਮੰਤਰਲਾ ਸ਼ੁਰੂ ਕੀਤਾ, ਅਜਿਹਾ ਹੀ ਮੰਤਰਾਲਾ 2021 ਵਿੱਚ ਜਪਾਨ ਨੇ ਵੀ ਸ਼ੁਰੂ ਕੀਤਾ ਇਸ ਤੋਂ ਸਪੱਸ਼ਟ ਹੈ ਕਿ ਇਕੱਲੇਪਣ ਦਾ ਘੁਣ ਆਲਮੀ ਪੱਧਰ ਤੇ ਲੱਗਿਆ ਹੋਇਆ ਹੈ। ਖੋਜ ਕਰਤਾ ਬਦਲ ਰਹੇ ਸਮਾਜਿਕ ਸਬੰਧ ਅਤੇ ਸੋਚ ਵਿੱਚ ਵੱਡੇ ਖੱਪੇ ਨੂੰ ਹੀ ਇਕੱਲਤਾ ਦੀ ਨੀਂਹ ਦੱਸਦੇ ਹਨ। ਇਕੱਲੇਪਣ ਦੀ ਦਵਾਈ ਨਹੀਂ ਹੁੰਦੀ ਸਿਰਫ ਜੀਵਨ ਵਿੱਚ ਬਦਲਾਓ ਹੀ ਇਸ ਦਾ ਨੁਸਖਾ ਹੈ। ਭਾਵਨਾਵਾਂ ਨੂੰ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਮਾਜਿਕ ਤਰਾਸਦੀ ਇਹ ਹੁੰਦੀ ਹੈ ਕਿ ਜੋ ਕਿਸੇ ਨੂੰ ਇਸ ਇਕੱਲੇਪਣ ਚੋਂ ਕੱਢਣ ਦੀ ਸੋਚਦੇ ਹਨ ਹੋਲੀ-ਹੋਲੀ ਉਹ ਵੀ ਇਸੇ ਬੀਮਾਰੀ ਵਿੱਚ ਜਾ ਵੜਦੇ ਹਨ ਕਿਉਂਕਿ ਉਹਨਾਂ ਨੂੰ ਨਕਾਰਨ ਵਾਲੇ ਸਮਝਣ ਵਾਲਿਆਂ ਉੱਤੇ ਭਾਰੂ ਪੈਂ ਜਾਂਦੇ ਹਨ। ਇਸ ਸਮੱਸਿਆ ਨੇ ‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ’ ਦੇ ਵਿਸ਼ੇ ਨੂੰ ਉੱਲਟਾ ਕਰਨ ਦਾ ਯਤਨ ਵੀ ਕੀਤਾ।
    ਪੁਰਾਤਨ ਸਾਂਝੇ ਪਰਿਵਾਰਾਂ ਵਿੱਚ ਇਕੱਲੇਪਣ ਦਾ ਵਰਕਾ ਹੀ ਨਹੀਂ ਹੁੰਦਾ ਸੀ। ਜਿਵੇਂ ਜਿਵੇਂ ਛੋਟੇ ਪਰਿਵਾਰ ਹੁੰਦੇ ਗਏ ਉਵੇਂ-ਉਵੇਂ ਹੀ ਇਕੱਲਾਪਣ ਜੀਵਨ ਵਿੱਚ ਪਰਵੇਸ਼ ਕਰਦਾ ਗਿਆ। ਦਰਕਿਨਾਰ ਹੋਇਆ ਕਠੇਬਾ ਲੀਰੋ-ਲੀਰ ਹੋਕੇ ਆਪਣੀ ਹੋਣੀ ਨੂੰ ਝੂਰ ਰਿਹਾ ਹੈ। ਆਰਜ਼ੀ ਤੌਰ ਤੇ ਇਕਾਂਤ ਅਤੇ ਇਕੱਲੇਪਣ ਨੂੰ ਅਲੱਗ-ਅਲੱਗ ਕਰਦੇ ਹੋਏ ਸਰੀਰਿਕ ਅਤੇ ਸਿੱਖਿਆ ਦੇ ਤੌਰ ਤੇ ਠੀਕ ਵੀ ਸਮਝਿਆ ਜਾ ਸਕਦਾ ਹੈ। ਪਰ ਪੱਕੇ ਤੌਰ ਤੇ ਇਹ ਮਾਰੂ ਹੈ। ਇਕ ਇਕੱਲਾ ਰਹਿਣਾ ਪਸੰਦ ਕਰਦੇ ਹਨ ਦੂਜਿਆਂ ਦੀ ਇਕੱਲਾ ਰਹਿਣਾ ਮਜਬੂਰੀ ਬਣ ਜਾਂਦਾ ਹੈ। ਦੋਵੇਂ ਹੀ ਨਕਾਰਾ ਕਰਨ ਦਾ ਸੁਭਾਅ ਰੱਖਦੇ ਹਨ। ਜਿਹੜੇ ਆਦਤ ਦੇ ਤੌਰ ਤੇ ਇਕੱਲਾਪਣ ਸਹੀ ਸਮਝਦੇ ਹਨ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਜੋ ਇਕੱਲਾਪਣ ਹੰਢਾਉਂਦੇ ਹਨ ਉਹ ਕਿਸੇ ਦੂਜੇ ਨੂੰ ਆਪਣੇ ਨੇੜੇ ਢੁੱਕਣ ਤੇ ਚਿੜ-ਚਿੱੜੇ ਫੁੰਕਾਰੇ ਮਾਰਦੇ ਹਨ। ਸਮੱਸਿਆ ਤੋਂ ਡਰਕੇ ਮੈਦਾਨ ਵੀ ਛੱਡ ਦਿੰਦੇ ਹਨ। ਆਸ਼ਾਵਾਦੀ ਹੋਣ ਦੀ ਬਜਾਏ ਨਿਰਾਸ਼ਾਬਾਦ ਨੂੰ ਮੰਨ ਵਿੱਚ ਵਸਾ ਲੈਂਦੇ ਹਨ। ਇਹ ਸਥਿਤੀ ਇਕੱਲੇਪਣ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਿਕ ਮੌਤ ਵੱਲ ਧੱਕਦੀ ਹੈ। ਇਕੱਲਾਪਣ ਨਸ਼ੇ ਵੱਲ ਅਤੇ ਨਸ਼ਾ ਇਕੱਲੇਪਣ ਦਾ ਰਾਹ ਦਿਖਾਉਂਦਾ ਹੈ। ਸਵੈ ਮਾਣ ਕਾਰਨ ਜੋ ਦੂਜਿਆਂ ਦੇ ਮੁਕਾਬਲੇ ਨਹੀਂ ਕਰ ਸਕਦੇ ਉਹ ਵੀ ਉਦਾਸੀ ਅਤੇ ਇਕੱਲਤਾ ਦੇ  ਖਾਤੇ ਪੈ ਜਾਂਦੇ ਹਨ। ਅੱਜ ਕੱਲ ਇਕੱਲਾਪਣ ਇੱਕ ਬਿਜਨਸ ਵੀ ਬਣ ਗਿਆ ਹੈ। ਇਕੱਲੇਪਣ ਚੋਂ ਉਪਜੀ ਉਦਾਸੀ ਅਤੇ ਤਨਾਅ ਦਵਾਈਆਂ ਦੀ ਦਲਦਲ ਵਿੱਚ ਫਸਾਕੇ ਪੈਸਾ ਬਰਬਾਦ ਕਰਵਾਉਂਦਾ ਹੈ।    
    ਇਹ ਵਿਸ਼ਾ ਇਕ ਅਜਿਹੀ ਦਰਦਨਾਕ ਸਥਿਤੀ ਹੈ ਕਿ ਇਕੱਲੇਪਣ ਦੇ ਅਸੀਂ ਖੁੱਦ ਹੀ ਰਾਹੀ ਹੁੰਦੇ ਹਾਂ। ਰਸਤਾ ਵੀ ਅਸੀਂ ਹੀ ਹਾਂ, ਮੰਜਿਲ ਤੇ ਵੀ ਅਸੀਂ ਪੁੱਜਦੇ ਹਾਂ। ਮੰਜਿਲ ਜਿਹੋ ਜਿਹੀ ਹੋਵੇ ਜਿਆਦਾਤਰ ਇਕੱਲੇਪਣ ਦੀ ਮੰਜਿਲ ਤਬਾਹੀ ਹੁੰਦੀ ਹੈ। ਜਿਹੜੇ ਵਕਤ ਦੇ ਮਾਰੇ ਹੋਏ ਕਰੋਪੀ ਦੇ ਸ਼ਿਕਾਰ ਇਕੱਲਾਪਣ ਝੱਲਦੇ ਹਨ ਉਹਨਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਿਕ ਤੌਰ ਤੇ ਤੀਹਰੀ ਮਾਰ ਝੱਲਣੀ ਪੈਂਦੀ ਹੈ। ਇਕੱਲੇਪਣ ਕਾਰਨ ਉਹਨਾਂ ਦੀ ਔਲਾਦ ਸਮੇਂ ਦੇ ਅਨੁਸਾਰ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੀ ਹੈ। ਅਜੋਕੀ ਪੀੜੀ ਨੂੰ ਸੱਭਿਅਤ ਅਤੇ ਸੰਸ੍ਰਕਿਤੀ ਦੇ ਤੌਰ ਤੇ ਆਦਰ, ਸਤਿਕਾਰ ਰਹਿਤ ਪੀੜਾ ਦੇਣ ਵਾਲੀ ਸਾਡੀ ਪਹਿਲੀ ਪੀੜੀ ਹੈ। ਹੁਣ ਤਾਂ ਅਜਿਹੇ ਵਤੀਰਿਆਂ ਨੂੰ ਸਮਾਜਿਕ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਮਿਸਾਲ ਪੰਜਾਬ ਵਰਗੇ ਸੰਪੂਰਨ ਸੂਬੇ ਵਿੱਚ ਬਿਰਧ ਆਸ਼ਰਮ ਖੁਲੱਣਾ ਵੀ ਹੈ। ਦਾਰਸ਼ਨਿਕ ਦੱਸਦੇ ਹਨ ਕਿ ਜਦੋਂ ਸਮਾਜਿਕ ਕਠਨਾਈ ਆਉਂਦੀ ਹੈ ਤਾਂ ਕੁਦਰਤ ਬਲ ਬੁੱਧੀ ਬਖਸ਼ ਦਿੰਦੀ ਹੈ। ਪਰ ਇੱਥੇ ਇਕੱਲਾਪਣ ਪੀੜੀ ਦੀ ਪਾੜੇ ਦੀ ਮਾਰ ਹੇਠ ਆਉਂਦਾ ਹੈ। ਇਸ ਨਾਲ ਬਲ ਅਤੇ ਬੁੱਧੀ ਨੂੰ ਜੰਦਰੇ ਲੱਗ ਜਾਂਦੇ ਹਨ ਮਨੁੱਖਤਾ ਲਾਚਾਰ ਹੋ ਜਾਂਦੀ ਹੈ। ਭੁੱਖ, ਪਿਆਸ ਅਤੇ ਖੁਸ਼ੀ ਨੂੰ ਇਕੱਲਾਪਣ ਖਾ ਜਾਂਦਾ ਹੈ। ਕਈ ਜੰਮਾਦਰੂ ਦੀ ਇਕੱਲੇਪਣ ਦੇ ਆਦਿ ਹੁੰਦੇ ਹਨ ਖੁੱਦ ਹੀ ਸਮਾਜਿਕ ਲਾਹਨਤਾਂ ਸੱਦ ਕੇ ਮੰਨੋਰੋਗੀ ਬਣ ਜਾਂਦੇ ਹਨ। ਇਕੱਲਾਪਣ ਇੱਕ ਜੀਵਨ ਦੀ ਮਾੜੀ ਘਟਨਾ ਹੋ ਨਿਬੜਦੀ ਹੈ। ਇਹ ਅਲਾਮਤ ਖੁੱਦ ਇੱਕਲੀ ਜਾਨ ਹੀ ਸਮਾਜ ਨਾਲੋਂ ਅਤੇ ਘਰ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਦੀ ਹੈ। ਇਕੱਲਤਾ ਜਿਥੇ ਮਾਨਸਿਕ ਰੋਗਾਂ ਦੀ ਮਾਂ ਹੈ ਉਥੇ ਸਮਾਜਿਕ ਖੁਸ਼ੀਆਂ ਦਾ ਵੈਰੀ ਵੀ ਹੈ। ਇਕੱਲਤਾ ਰਹਿਤ ਭਾਵ ਇਕੱਠ ਦਾ ਸਮੂਹ ਮਾਨਸਿਕਤਾ ਤਰੋ-ਤਾਜ਼ਾ ਰੱਖਦੀ ਹੈ। ਇੱਕਲੇਪਣ ਵਿਚ ਇੰਦਰੀਆਂ ਬਾਹਰਮੁੱਖੀ ਹੋਕੇ ਸਮਾਜ ਵਿਚੋਂ ਸੁਖ ਭਾਲਦੀਆਂ ਹਨ। ਉਹਨਾਂ ਨੂੰ ਫਿਰ ਵੀ ਸੁਖ ਨਹੀਂ ਮਿਲਦਾ ਉਹ ਇਕੱਲੇ ਪੈ ਜਾਂਦੇ ਹਨ। ਸਾਥ ਬਿਨ੍ਹਾਂ ਜੱਗ ਸੁੰਨਾ ਦੇ ਸਿਧਾਂਤ ਅਨੁਸਾਰ ਇਕੱਲੇਪਣ ਵਿੱਚ ਇਕ ਹੱਦ ਤੋਂ ਬਾਅਦ ਬੰਦੇ ਦਾ ਅੰਦਰ ਧੁੱਖ ਜਾਂਦਾ ਹੈ ਬੰਦਾ ਸਭ ਕੁੱਝ ਛੱਡ ਦਿੰਦਾ ਹੈ। ਸ਼ੋਸਲ ਮੀਡੀਆ ਤੇ ਇਕੱਲਾਪਣ ਦੂਰ ਕਰਨ ਲਈ ਸੁਨੇਹੇ ਭੇਜੇ ਜਾਂ ਸਕਦੇ ਸਨ ਪਰ ਵਿਅਕਤੀਗਤ ਮਿਲਣੀ ਨਹੀਂ ਹੁੰਦੀ। ਸਮਾਜ ਦੀ ਕੋਹੜ ਅਤੇ ਨਾਸੂਰ ਰੂਪੀ ਇਕੱਲਤਾ, ਇਕੱਲੇਪਣ ਦੀ ਤਰਾਸਦੀ ਨੂੰ ਸਾਂਭਣ ਲਈ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਅੱਗੇ ਆਉਣ ਇਸ ਨਾਲ ਮਨੁੱਖ ਇਕੱਲੇਪਣ ਤੋਂ ਬਾਹਰ ਨਿਕਲ ਸਕੇਗਾ ਅਤੇ ਸਮਾਜ ਵਿੱਚ ਇਕੱਲਪੁਣਾ ਹੰਢਾ ਰਹੇ ਮਨੁੱਖ ਦੀ ਕੀਮਤ ਵਧੇਗੀ। ਇਸ ਨਾਲ ਇਸ ਤਰਾਸਦੀ ਵਾਲਾ ਬੰਦਾ ਸਮਾਜ ਵਿੱਚ ਮਜਾਕ ਦਾ ਪਾਤਰ ਨਹੀਂ ਬਣੇਗਾ ਅਤੇ ਸਮਾਜ ਵਿੱਚ ਬੋਝ ਬਣਨ ਤੋਂ ਛੁਟਕਾਰਾਂ ਪਾਵੇਗਾ।
ਸੁਖਪਾਲ ਸਿੰਘ ਗਿੱਲ
ਮੋ: 98781-11445

   ਪਿੰਡ ਦੀ ਜੂਹ  - ਸੁਖਪਾਲ ਸਿੰਘ ਗਿੱਲ

ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,

ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,

ਆਥਣ ਸਵੇਰੇ ਲੱਗੇ ਮਿੱਠੀ-ਮਿੱਠੀ ਲੋਅ,

ਚੰਨ ਅਤੇ ਤਾਰੇ ਲੱਗੇ ਚੁੰਨੀ ਦੇ ਸਿਤਾਰੇ,

ਮੰਦਰਾਂ ਚੋਂ ਹੋਕਾ ਵੱਜੇ ਰਾਮ ਨਾਮ ਦਾ,

ਬਾਣੀ ਦਾ ਸ਼ਬਦ ਕੰਨੀ ਰੱਸ ਘੋਲਦਾ,

ਪਹਿਲੇ ਪਹਿਰੇ ਬੇਬੇ ਦੁੱਧ ਟੁੱਕ ਸਾਂਭਦੀ,

ਬਾਪੂ ਨੂੰ ਕਬੀਲਦਾਰੀ ਪੰਡ ਮਾਰਦੀ,

ਵੱਟ ਬੰਨੇ ਖੇਤ ਤੇ ਕਿਆਰੀ ਲੱਗੇ ਰੂਹ ਵਰਗੀ,

ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,

ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,

ਤਿੱਖੀ-ਤਿੱਖੀ ਧੁੱਪ ਵਿੱਚ ਸੁੰਨੀਆਂ ਨੇ ਸੱਥਾਂ,

ਬਾਬਿਆਂ ਦੀ ਢਾਣੀ ਲੱਭੇ ਹਾਣੀਆਂ ਨੂੰ ਹਾਣੀ,

ਬਾਜੀ ਸੀਪ ਦੀ ਪਿਆਰੀ ਲੱਗੇ ਹਾਣੀ ਨੂੰ ਪਿਆਰੀ,

ਹੱਲ ਪੰਜਾਲੀ ਤੇ ਸੁਹਾਗੇ ਦਾ ਸਿਆੜ ਮਿਟਿਆ,

ਸਾਗ ਗੁੜ ਸਰੋਂ ਨੂੰ ਸੱਭਿਆਚਾਰ ਤੇ ਰਸੋਈ ਦਾ ਪਿਆਰ ਮਿਲਿਆ,

ਪੋਣ ਪਿੰਡ ਦੀ ਲੱਗਦੀ ਸੰਗੀਤ ਵਰਗੀ,

ਪੈਰੀਂ ਝਾਂਜਰਾਂ ਅਤੇ ਖੂਹਾਂ ਵਾਲਾ ਰਾਗ ਮੁੱਕਿਆ,

ਰੀਤੀ ਆਖਦੀ ਰਿਵਾਜ ਨੂੰ ਕਹਿੰਦੀ ਸਾਡੀ ਪਰਵਾਜ਼ ਮਰਗੀ,

ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,

ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,

ਧੀ ਸਾਂਝੀ, ਸਾਂਝੇ ਮਾਂਝੀ, ਸਾਂਝੀਆਂ ਸਨ ਦੁਆਵਾਂ,

ਬੂਹੇ ਬਾਰੀਆਂ ਵਿਚੋਂ ਦਿਖਦਾ, ਸੀ ਇੱਜਤਾਂ ਦਾ ਸਿਰਨਾਵਾਂ,

ਪੱਗ ਚੂੰਨੀ ਸਲਵਾਰ ਨੇ ਸੋਂਹਦੇ, ਗੱਭਰੂ ਤੇ ਮੁਟਿਆਰਾਂ,

ਡੋਲੀ ਤੁਰਦੀ ਪਿੰਡ ਦੇ ਵਿੱਚੋਂ ਹੰਝੂ ਕਿਰਨ ਹਜਾਰਾਂ,

ਰੂਹ ਤੇ ਜੂਹ ਅੱਜ ਧੁੰਦਲੀ ਜਾਪੇ ਨਾਲੇ ਸਾਕ ਨੇ ਸੰਗੀ,

ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,

ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,

ਪਿੰਡ ਅਬਿਆਣਾ ਖਿੱਤਾ ਹੈ ਪੁਆਧ ਦਾ,

ਇੱਕ ਪਾਸੇ ਖਾਲਸਾ ਨਗਾਰੇ ਮਾਰਦਾ,

ਦੂਜੇ ਪਾਸੇ ਝੰਡਾ ਰਣਜੀਤ ਰਾਜ ਦਾ,

ਲੱਜਪਾਲ ਗਿੱਲ ਨੂੰ ਅਵਾਜ਼ਾਂ ਮਾਰਦਾ,

ਦੇਖੀ ਕਿਤੇ ਭੁੱਲੀ ਨਾ ਸਲੀਕਾ ਪਿਆਰ ਦਾ,

ਜ਼ਮੀਨ ਅਤੇ ਜ਼ਮੀਰ ਦਾ ਸਬੰਧ ਜਾਣਦਾ,

ਰਹੀ ਪੁੱਤ ਗੋਦ ਦਾ ਆਨੰਦ ਮਾਣਦਾ,

ਫਸਲਾਂ ਤੇ ਨਸਲਾਂ ਨੂੰ ਸਾਂਭੋ ਹਰ ਪਲ ਮਾਣੋ ਸਰਗੀ,  

ਮੇਰੇ ਪਿੰਡ ਵਾਲੀ ਜੂਹ ਲੱਗੇ ਮਾਂ ਵਰਗੀ,

ਸ਼ਿਖਰ ਦੁਪਹਿਰੇ ਗੂੜ੍ਹੀ ਛਾਂ ਵਰਗੀ,

ਸਿੱਖੀ ਸਿਦਕ - ਸੁਖਪਾਲ ਸਿੰਘ ਗਿੱਲ

ਬੇਇਨਸਾਫ਼ੀ ਖਿਲਾਫ ਅਵਾਜ਼ ਉਠਾਉਣ ਦੇ ਨਾਲ ਸਰਬੱਤ ਦਾ ਭਲਾ ਮੰਗਣਾ ਸਿੱਖੀ ਦਾ ਮਾਣਮੱਤਾ ਫ਼ਲਸਫ਼ਾ ਹੈ।ਤੀਜੇ ਨਾਨਕ,ਨਾਨਾ ਸ੍ਰੀ ਗੁਰੂ ਅਮਰਦਾਸ ਦਾਸ ਜੀ ਦੀ ਗੋਦ ਵਿੱਚ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋਏ  ਤਾਂ ਇਲਾਹੀ ਜੋਤ ਨੇ ਇਲਾਹੀ ਜੋਤ ਦੀ ਪਹਿਚਾਣ ਕਰਕੇ ਕਿਹਾ,"ਦੋਹਤਾ ਕਾਹਲ ਨਾ ਕਰ ਵੇਲਾ ਆਉਣ ਦੇ"ਪੰਚਮ ਪਾਤਸ਼ਾਹ ਬਣ ਕੇ ਫ਼ਲਸਫ਼ੇ ਅਨੁਸਾਰ ਹਕੂਮਤ ਖਿਲਾਫ ਅਵਾਜ਼ ਉਠਾਈ ਤਾਂ ਕਾਫ਼ਿਰਾਂ ਨੂੰ ਮੁਆਫਿਕ ਨਹੀਂ ਆਈ। ਆਪਣਿਆਂ ਨੇ ਹਕੂਮਤ ਦੀ ਚਾਪਲੂਸੀ ਤੇ ਸ਼ਹਿ ਨਾਲ ਗੁਰੂ ਸਾਹਿਬ ਨੂੰ ਡੁਲਾਉਣਾ ਚਾਹਿਆ ਪਰ ਸਿਦਕੀ ਪ੍ਰਵਾਨਿਆਂ ਨੂੰ ਭਲਾ ਕੌਣ ਡੁਲਾ ਸਕਦਾ ਹੈ? ਆਖਿਰ ਜ਼ਾਲਿਮਾਂ ਨੇ ਸਿਦਕ ਪਰਖਣ ਲਈ ਤੱਤੀ ਤਵੀ ਦੀ ਕਸਵੱਟੀ ਲਾ ਦਿੱਤੀ। ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਲੈ ਕਿ ਪੰਚਮ ਪਾਤਸ਼ਾਹ ਗੁਲਾਮ ਭਾਰਤ ਦੇ ਪਹਿਲੇ ਸ਼ਹੀਦ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਕੌਮ ਨੂੰ ਵੱਡਮੁੱਲਾ ਸਰਮਾਇਆ ਦੇ ਗਏ। ਅਡੋਲ,ਸਿਰੜ ਅਤੇ ਸਿਦਕ ਦੇ ਮੁਜੱਸਮੇ ਪਾਤਸ਼ਾਹ ਨੇ ਤੱਤੀ ਤਵੀ ਨੂੰ ਸਿੱਖੀ ਦੇ ਸਿਦਕ ਦੀ ਕਸਵੱਟੀ ਤੇ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪਣੀ ਜੋਤ ਛੇਵੇਂ ਪਾਤਸ਼ਾਹ ਵਿੱਚ ਬਿਰਾਜਮਾਨ ਕਰਕੇ "ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ"ਦਾ ਉਚਾਰਨ ਕਰਕੇ ਸਿੱਖੀ ਨੂੰ ਮੀਰੀ ਪੀਰੀ ਦੇ ਲੜ ਲਾ ਕੇ ਭਾਣਾ ਮੰਨਣ ਦਾ ਸੁਨੇਹਾ ਦੇ ਗਏ। ਧੰਨ ਧੰਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445

ਥੱਪੜ - ਸੁਖਪਾਲ ਸਿੰਘ ਗਿੱਲ 

ਥੱਪੜ ਦੇ ਵਿਚ ਕੀ ਕੁਝ ਛੁਪਿਆ,
ਕੀ ਕੁਝ ਉਸ ਦੇ ਅੰਦਰ ਸੀ।
ਅਣਖੀ ਧੀਆਂ ਭੁੱਲ ਨਹੀਂ ਸਕੀਆਂ,
ਮਾਵਾਂ ਉਸ ਦਾ ਮੰਦਰ ਸੀ।
ਪੰਜ ਆਬ ਦੀ ਇੱਜ਼ਤ ਖਾਤਰ,
ਸੀਨੇ ਖੁੱਭਿਆ ਖ਼ੰਜ਼ਰ ਸੀ।
ਸੌ ਰੁਪਏ ਦੀ ਤੋਹਮਤ ਪਿੱਛੇ,
 ਥੱਪੜ ਬਣਿਆ ਮੰਜ਼ਰ ਸੀ।
 ਤਿੰਨ ਸੋ ਸਾਲ ਵੀ ਭੁੱਲਦੇ ਨਹੀਂਓ, 
ਕਹਿੰਦਾ ਮਲਿਕ ਸਿਕੰਦਰ ਸੀ।
ਇਤਿਹਾਸ ਦਾ ਪੰਨਾ ਲਿਖ ਦਿੱਤਾ,
 ਨਾਂ ਉਸ ਦਾ ਕੁਲਵਿੰਦਰ ਸੀ।

 

ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ  - ਸੁਖਪਾਲ ਸਿੰਘ ਗਿੱਲ

 ਦਾਨਿਸ਼ਵੰਦਾ ਦਾ ਕਥਨ ਹੈ ਕਿ ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ। ਜਦੋਂ ਡਾਲੀ ਨਾਲੋਂ  ਟੁੱਟਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ ਦੁੱਖਾਂ ਨੇ ਪੰਜਾਬ ਨੂੰ ਘੇਰ ਕੇ ਮੁਰਝਾਉਣ ਦੀ ਕੋਸ਼ਿਸ ਕੀਤੀ ਹੈ। ਸਾਰੇ ਮੁੱਦਿਆਂ ਤੋਂ ਅੱਜ ਪੰਜਾਬ ਦੀ ਨਸਲ, ਬਾਂਝਪਣ, ਨਾਮਰਦੀ ਅਤੇ ਟੈਸਟ ਟਿਊਬ ਸੈਂਟਰਾਂ ਦਾ ਮੁੱਦਾ ਸਭ ਤੋਂ ਉਪਰ ਹੋ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਕਾਵਿਕ ਰਚਨਾ ਰਾਹੀ ਨਕਸ਼ਾ ਪੇਸ਼ ਕੀਤਾ ਸੀ “ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦੀ”। “ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਨੀ ਸਈਓ”। ਇਸੇ ਤਰਜ਼ ਤੇ ਦੇਖਿਆ ਜਾਵੇ ਤਾਂ ਪੰਜਾਬ ਸਿਰ ਦੁੱਖਾਂ ਦਾ ਕਾਰਵਾਂ ਵੱਧਦਾ ਗਿਆ। ਸਪਤ ਸਿੰਧੂ ਤੋਂ ਅੱਜ ਤੱਕ ਇਤਿਹਾਸਿਕ ਝਰੋਖੇ ਵਿੱਚੋਂ ਪੰਜਾਬ ਨੂੰ ਦੇਖਿਆ ਜਾਵੇ ਤਾਂ ਤਰ੍ਹਾਂ-ਤਰ੍ਹਾਂ ਦੇ ਦੁੱਖ ਹੰਢਾ ਕੇ ਫਿਰ ਵੀ ਖੁਸ਼ਹਾਲ ਰਿਹਾ। ਸਾਜ਼ਿਸੀ ਅਤੇ ਬਦਕਿਸਮਤੀ ਵਾਲਾ ਵਰਤਾਰਾ ਨਾਲ ਦੀ ਨਾਲ ਚੱਲਦਾ ਰਿਹਾ ਪਰ ਆਪਣੇ ਸੁਭਾਅ ਅਤੇ ਆਦਤ ਸਦਕੇ ਦੁੱਖਾਂ ਦਾ ਪਹਾੜ ਢਾਉਂਦਾ ਰਿਹਾ।      ਸੰਸਾਰ, ਸੰਤਾਨ, ਉੱਤਪਤੀ ਅਨੁਸਾਰ ਪੀੜ੍ਹੀ ਦਰ ਪੀੜ੍ਹੀ ਦੇ ਪਾੜੇ ਦਾ ਨਿਰੰਤਰ ਵਰਤਾਰਾ ਚੱਲਦਾ ਰਿਹਾ। ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ ਇਹ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ। ਜੀਵ ਵਿਗਿਆਨਿਕ ਤੌਰ ਤੇ ਚਾਰਲਸ ਡਾਰਵਿਨ ਦਾ ਸਿਧਾਂਤ ਵੀ ਉੱਤਪਤੀ ਤੇ ਅਧਾਰਿਤ ਹੈ। ਪੰਜਾਬ ਅਤੇ ਮੁੱਦਿਆਂ ਅਤੇ ਚੁਣੋਤੀਆਂ ਦੀ ਹਾਲਤ ਇਹ ਬਣੀ ਹੈ ਕਿ ਕੋਈ ਮਾਂਵਾਂ ਨੂੰ ਰੋ ਰਿਹਾ ਕੋਈ ਮਾਸੀਆਂ ਨੂੰ ਰੋ ਰਿਹਾ ਹੈ। ਬੇਰੁਜਗਾਰੀ, ਨਸ਼ਾ, ਬੇਇਨਸਾਫੀ, ਖੇਤੀ ਸੰਕਟ ਅਤੇ ਪਰਵਾਸ ਤੋਂ ਇਲਾਵਾ ਅੱਜ ਭੱਖਦਾ ਮਸਲਾ ਬੇਗਾਨਾ ਵੀਰਜ ਅਤੇ ਬੇਗਾਨੀ ਕੁੱਖ ਨੇ ਪੰਜਾਬ ਦੀ ਸੱਭਿਅਤਾ ਨੂੰ ਨਿਗਲਣ ਦੀ ਕੋਸ਼ਿਸ ਕੀਤੀ ਹੋਈ ਹੈ। ਮਨੁੱਖੀ ਵਿਕਾਸ ਲਈ ਅੱਜ ਸੈਕਸੂਅਲ ਸਿਹਤ ਦੀ ਜਾਣ-ਪਹਿਚਾਣ ਦੀ ਸਖਤ ਜਰੂਰਤ ਹੈ। ਜਦੋਂ ਕਦੇ ਸੈਕਸੂਅਲ ਸਿਹਤ ਵਿਗੜਦੀ ਹੈ ਤਾਂ ਸਭ ਪਾਸੇ ਰੁਕਾਵਟਾਂ, ਚਿੰਤਾ, ਬੇਚੈਨੀ ਅਤੇ ਅਸੁਰੱਖਿਆ ਵੱਧ ਜਾਂਦੀ ਹੈ। ਸਮਾਜਿਕ ਹਿੰਸਾ ਅਤੇ ਸ਼ੰਕਾ ਸ਼ੁਰੂ ਹੋ ਜਾਂਦੀ ਹੈ।      ਸਵੈਮਾਣ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਪੰਜਾਬ ਅੱਜ ਨਸਲਾਂ ਅਤੇ ਫਸਲਾਂ ਨੂੰ ਉਜਾੜਨ ਵਾਲੇ ਵਿਰੁੱਧ ਲੜਾਈ ਲੜ ਰਿਹਾ ਹੈ ਨਾਲ ਦੀ ਨਾਲ ਸੁਚੇਤ ਹੋਕੇ ਵੀ ਚੱਲ ਰਿਹਾ ਹੈ। ਇਸ ਪ੍ਰਤੀ ਹਰ ਪੰਜਾਬੀ ਨੂੰ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ। ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦੇ ਜੰਮੇ ਨਿੱਤ ਨਵੀਆਂ ਮੁਹਿੰਮਾਂ ਵਿੱਚ ਖੜ੍ਹਦੇ ਸਨ। ਸਰੀਰਿਕ, ਮਰਦਾਨਗੀ ਅਤੇ ਸਮਾਜਿਕ ਪੱਖੋਂ ਤਕੜੇ ਮੁਜੱਸਮੇ ਵਾਲੇ ਹੁੰਦੇ ਸਨ। ਪੰਜਾਬੀ ਮਾਵਾਂ ਦੀ ਕੁੱਖ ਵਿੱਚੋਂ ਦਾਤੇ, ਭਗਤ ਅਤੇ ਸੂਰਮੇ ਜੰਮਦੇ ਸਨ। ਅੰਗਰੇਜ਼ੀ ਕਾਲ ਦੌਰਾਨ ਸਿੱਖ, ਪੰਜਾਬ ਅਤੇ ਜੱਟ ਰਜਮੈਂਟਾ ਦੀ ਚੜ੍ਹਤ ਅੱਜ ਵੀ ਲੁਕੀ ਛਿਪੀ ਨਹੀਂ ਹੈ। ਅੱਜ ਪੈਦਾ ਹੋ ਰਹੀ ਪੀੜ੍ਹੀ ਬਾਰੇ ਪੜ੍ਹਿਆ ਸੁਣਿਆ ਅਤੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਸ ਪਿੱਛੇ ਜਰੂਰ ਕੋਈ ਤਾਣਾ-ਬਾਣਾ ਬੁਣਿਆ ਗਿਆ ਹੈ। ਪਹਿਲੇ ਪੰਜਾਬ ਵਿੱਚ ਹਰ ਜੋੜੇ ਦੇ ਪੰਜ-ਸੱਤ ਬੱਚੇ ਹੁੰਦੇ ਸਨ ਫੇਰ ਭੇਡ ਚਾਲ ਨਾਲ ਦੋ ਤੱਕ ਸੀਮਿਤ ਹੋਏ।  ਖੁੱਦ ਸਹੇੜੀਆਂ ਅਲਾਮਤਾਂ, ਖਾਂਦਾ, ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਨਸ਼ਾ ਅਤੇ ਜੀਵਨ ਜੀਊਣ ਦੀ ਜਾਂਚ ਨੇ ਗਰਭ ਅਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਅੱਠ ਜੋੜਿਆ ਪਿੱਛੇ ਇੱਕ ਜੋੜੇ ਨੂੰ ਗਰਭ ਧਾਰਨ ਦੀ ਸਮੱਸਿਆ ਆ ਰਹੀ ਹੈ। ਇਛੁੱਕ ਜੋੜੇ ਇੱਕ ਸਾਲ ਤੱਕ ਔਲਾਦ ਪੈਦਾ ਨਾ ਕਰਨ ਤਾਂ ਉਹਨਾਂ ਨੂੰ ਬੇ-ਔਲਾਦਪਣ ਵੱਲ ਦੇਖਿਆ ਜਾਂਦਾ ਹੈ। ਬੇ-ਔਲਾਦਪਣ ਸਿਰਫ ਔਰਤਾਂ ਦੀ ਸਮੱਸਿਆ ਨਹੀਂ ਮਰਦਾਂ ਦੀ ਸਮੱਸਿਆ ਵੀ ਹੈ। ਦੋਵੇਂ ਲਿੰਗ 35-35 ਫੀਸਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਮਾਜਿਕ ਸਬੰਧ ਅਣ-ਸੁਖਾਵੇਂ ਬਣ ਰਹੇ ਹਨ। ਕੁਦਰਤੀ ਤੌਰ ਤੇ ਤੰਦਰੁਸਤ ਜੋੜਿਆ ਨੂੰ ਗਰਭ ਧਾਰਨ ਅਤੇ ਬੱਚੇ ਪੈਦਾ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਇਸ ਲਈ ਜਵਾਨੀ ਨੂੰ ਇਸ ਬਾਰੇ ਖਾਸ ਸੂਝ ਹੋਣੀ ਚਾਹੀਦੀ ਹੈ। ਔਰਤ ਵਿੱਚ ਅੰਡਾ ਨਾ ਬਣਨਾ, ਵਾਰ-ਵਾਰ ਗਰਭ ਗਿਰਨਾ, ਟਿਊਬਾਂ ਵਿੱਚ ਨੁਕਸ, ਬੱਚੇ ਦਾਨੀ ਵਿੱਚ ਸੋਜ ਆਦਿ ਨੁਕਸ ਹੁੰਦੇ ਹਨ ਜਦੋਂ ਕਿ ਮਰਦਾਂ ਵਿੱਚ ਸੁਕਰਾਣੂਆਂ ਦੀ ਕਮੀ, ਜਣਨ ਹਾਰਮੋਨ ਦੀ ਕਮੀ ਅਤੇ ਜਣਨ ਕਿਰਿਆ ਹੋਰ ਕਾਰਨਾਂ ਕਰਕੇ ਪ੍ਰਭਾਵਿਤ ਹੈ। ਇਸ ਸਭ ਵਰਤਾਰੇ ਪਿੱਛੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਠਦੀਆਂ ਹਨ ਕਿ ਪੰਜਾਬੀਆਂ ਦੀ ਨਸਲ ਖਰਾਬ ਕਰਨ ਦੀ ਸਾਜ਼ਿਸ ਹੈ। ਇਸ ਪਿੱਛੇ ਆਪ ਸਹੇੜੀਆਂ ਕਰਤੂਤਾਂ ਤੋਂ ਅਸੀਂ ਪੱਲਾ ਝਾੜਕੇ ਗੇਂਦ ਦੂਜੇ ਦੇ ਪਾਲੇ ਵਿੱਚ ਸੁੱਟ ਦਿੰਦੇ ਹਾਂ।
    ਪਿੱਛੇ ਜਿਹੇ ਸਾਡੀ ਸਰੋਮਣੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸਲਾਂ ਅਤੇ ਫਸਲਾਂ ਬਚਾਉਣ ਲਈ ਪੰਜਾਬੀਆਂ ਨੂੰ ਆਵਾਜ਼ ਮਾਰੀ ਇਕ ਵਾਰ ਤਾਂ ਤਹਿਲਕਾ ਮਚ ਗਿਆ ਸੀ ਪਰ ਹੋਲੀ-ਹੋਲੀ ਮੱਧਮ ਪੈ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦਾ ਫਰਮਾਨ ਦੁਨਿਆਵੀ ਫੁਰਮਾਣਾਂ ਤੋਂ ਉੱਚਾ ਹੈ ਇਸ ਲਈ ਇਸ ਸੰਦੇਸ਼ ਤੇ ਸਦਾ ਬਹਾਰ ਪਹਿਰਾ ਦੇ ਕੇ ਨਸਲ ਬਚਾਈ ਜਾ ਸਕਦੀ ਹੈ। ਸਿੰਘ ਸਾਹਿਬ ਨੇ ਇੱਥੋਂ ਤੱਕ ਕਿਹਾ ਸੀ ਕਿ ਇਹ ਅਣਡਿੱਠਾ ਜ਼ੁਲਮ ਸਾਨੂੰ ਆਪਣੀ ਧਰਤੀ ਛੱਡਣ ਲਈ ਮਜਬੂਰ ਕਰ ਰਿਹਾ ਹੈ। ਉਹਨਾਂ ਆਕੜਾਂ ਦਿੱਤਾ ਸੀ ਕਿ ਪੰਜਾਬ ਵਿੱਚ 625 ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਹਨ। ਉਹਨਾਂ ਵੱਲੋਂ ਵਿਚਾਰ ਪੇਸ਼ ਕੀਤਾ ਗਿਆ ਸੀ ਕਿ ਟਿਊਬ ਸੈਂਟਰਾਂ ਵਿੱਚ ਵੀਰਜ ਗੈਰਾਂ ਦਾ ਹੁੰਦਾ ਹੈ ਜਦੋਂ ਕਿ ਲੜਕੀ ਦੀ ਕੁੱਖ ਪੰਜਾਬੀ ਦੀ ਹੁੰਦੀ ਹੈ। ਸਿੰਘ ਸਾਹਿਬ ਦਾ ਇਹ ਫੁਰਮਾਣ ਇੱਕ ਲੋਕ ਲਹਿਰ ਵਾਂਗ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਸਿਰ ਜੋੜਕੇ ਨਸਲ ਖਰਾਬੀ ਦੀ ਬੁਰਾਈ ਦਾ ਮੁਕਾਬਲਾ ਕਰ ਸਕੇ। ਪੰਜਾਬੀਆਂ ਨੂੰ ਇਸ ਚਿੰਤਾ ਦਾ ਨਤੀਜਾ ਅਤੇ ਮੁਕਬਲਾ ਦੇਣਾ ਚਾਹੀਦਾ ਹੈ।      ਸਭ ਤੋਂ ਦੁਨਿਆਵੀ ਬੁਰਾਈ ਟੈਸਟ ਟਿਊਬ ਬੇਬੀ ਦੀ ਇਹ ਹੈ ਕਿ ਪੰਜਾਬੀਆਂ ਦੇ ਸਮਾਜਿਕ ਅਤੇ ਸੱਭਿਆਚਾਰ ਨਾਲ ਇਹ ਵਿਸ਼ਾ ਮੇਲ ਨਹੀਂ ਖਾਂਦਾ। ਪਰ ਮਜਬੂਰ ਹੋਣਾ ਪੈ ਰਿਹਾ ਹੈ ਇਹਨਾਂ ਤਕਨੀਕਾ ਨਾਲ ਵਿਆਹ ਵਾਲੇ ਜੋੜਿਆ ਦੇ ਸੰਭੋਗ ਤੋਂ ਬਿਨ੍ਹਾਂ ਲੈਬੋਰਟੀ ਦੀ ਮਦਦ ਨਾਲ ਮਾਨਵੀ ਸਪਰਮਾਂ ਅਦਾਨ-ਪ੍ਰਦਾਨ ਕਰਕੇ ਮੁੱਢਲੀ ਪ੍ਰਜਨਣ ਕਿਰਿਆ ਪੂਰੀ ਕੀਤੀ ਜਾਂਦੀ ਹੈ। ਪੰਜਾਬੀਆਂ ਦੇ ਮਨ ਵਿੱਚ ਇਸ ਕਿਰਿਆ ਪ੍ਰਤੀ ਤਰ੍ਹਾਂ-ਤਰ੍ਹਾਂ ਸ਼ੰਕੇ ਅਤੇ ਮਾਨਸਿਕ ਬੋਝ ਰਹਿੰਦਾ ਹੈ। ਵਿਗਿਆਨਿਕ ਸੋਝੀ ਵੀ ਮਾਨਸਿਕਤਾ ਨੂੰ ਮੋੜਾ ਨਹੀਂ ਦੇ ਰਹੀ। ਮੈਡੀਕਲ ਰਿਪੋਰਟ ਅਨੁਸਾਰ ਭਾਰਤ ਚ ਬਾਂਝਪਣ ਨਾਲ ਜੁੜੇ ਮਾਹਰ ਇਸਤਰੀ ਰੋਗਾਂ ਦੇ ਹੀ ਮਾਹਰ ਹੁੰਦੇ ਹਨ। ਇਸ ਨਾਲ ਸੂਝ ਤੋਂ ਬਿਨਾਂ ਮਸਲਾ ਹੋਰ ਗੁੰਝਲਦਾਰ ਬਣ ਜਾਂਦਾ ਹੈ। ਜਿਸ ਪਿੱਛੇ ਖਦਸ਼ਾ ਲੱਗਦਾ ਹੈ ਕਿਰਾਏ ਦੀ ਕੁੱਖ ਦਾ ਕੌੜਾ ਸੱਚ ਵੀ ਮੈਡੀਕਲ ਮਾਹਰ ਅਤੇ ਜਨਤਾ ਜਾਣਦੀ ਹੈ। ਜਨਣ ਅੰਗਾਂ ਉੱਤੇ ਜਹਿਰਾਂ ਦਾ ਇੰਨਾ ਪ੍ਰਭਾਵ ਹੈ ਕਿ ਬਾਲਗ ਅਤੇ ਨਬਾਲਿਗ ਇਸ ਦੀ ਜਕੜ ਵਿੱਚ ਆ ਚੁੱਕੇ ਹਨ। ਪੰਜਾਬੀਆਂ ਦੀ ਸੰਤਾਨ ਉੱਤਪਤੀ ਜੰਮਦੀ ਸਾਰ ਹੀ ਦਵਾਈਆਂ ਨਾਲ ਲੜਨ ਲੱਗ ਪੈਦੀ ਹੈ ਜਦੋਂ ਕਿ ਪਹਿਲਾ ਖਾਧ ਖੁਰਾਕਾਂ ਨਾਲ ਲੜਕੇ ਦੁਸ਼ਮਣਾਂ ਨੂੰ ਮਾਰ ਮੁਕਾਉਂਦੀ ਸੀ। ਇੱਕ ਮੋਟੇ ਅੰਦਾਜੇ ਅਨੁਸਾਰ 5 ਤੋਂ 20 ਜੋੜੇ ਬੇ-ਔਲਾਦੇ ਪਾਏ ਜਾਂਦੇ ਹਨ। ਔਰਤਾਂ 20 ਤੋਂ 25 ਫੀਸਦੀ ਤੱਕ ਗਰਭ ਗਿਰਨ ਅਤੇ ਗਰਭ ਠਹਿਰਣ ਤੋਂ ਪੀੜਤ ਹਨ। ਡਾਕਟਰ ਤੋਂ ਹਾਰਮੋਨ ਦੇ ਟੀਕੇ ਲਗਵਾ ਕੇ ਸੈਕਸ ਲਾਈਫ ਕਮਜੋਰ ਹੋ ਜਾਂਦੀ ਹੈ। ਪੰਜਾਬ ਵਿੱਚ ਆਮ ਧਾਰਨਾ ਕੰਮ ਕਰਦੀ ਹੈ ਕਿ ਪੋਤੇ ਦੇ ਵੀਰਜ ਸ਼ੁਕਰਾਣੂ ਦਾਦੇ ਨਾਲੋਂ ਅੱਜ ਘੱਟ ਹੁੰਦੇ ਹਨ। ਮਨੁੱਖੀ ਜੀਨਜ਼ ਨਾਲ ਖਿਲਵਾੜ ਅਤੇ ਬਿਗਾੜ ਪੈਦਾ ਹੋ ਚੁੱਕਿਆ ਹੈ। ਪੰਜਾਬ ਦੀ ਅਣਖ ਨੂੰ ਖੋਰਾ ਵੀ ਲੱਗਿਆ ਹੈ। ਪੀ.ਜੀ.ਆਈ. ਚੰਡੀਗੜ੍ਹ ਨੇ ਰਿਪੋਰਟ ਦਿੱਤੀ ਸੀ ਕਿ ਪੰਜਾਬੀਆਂ ਦੇ ਜੀਨਸ਼ ਵੱਡੀ ਪੱਧਰ ਤੇ ਖਰਾਬ ਹੋ ਰਹੇ ਹਨ। ਇਹ ਵੀ ਭੱਵਿਖੀ ਖਤਰੇ ਦੀ ਘੰਟੀ ਹੈ। ਖਿਲਵਾੜ ਹੋਣ ਤੋਂ ਬਾਅਦ ਆਯੂਰਵੈਦਿਕ ਅਤੇ ਤੰਤਰਿਕਾਂ ਦੇ ਜਾਲ ਵਿੱਚ ਫਸਕੇ ਪੰਜਾਬੀ ਹੋਰ ਵੀ ਨੀਵੇਂਪਣ ਵੱਲ ਜਾ ਰਹੇ ਹਨ। ਟੈਸਟ ਟਿਊਬ ਸੈਂਟਰ ਅਤੇ ਤਕਨੀਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਲਈ ਸਹੂਲਤਾਂ ਵੀ ਮਿਲਦੀਆਂ ਹਨ। ਪਰ ਜਿਹੜੇ ਸ਼ੰਕਾਵਾਂ ਅਤੇ ਹਨੇਰੇ ਵਿੱਚ ਰੱਖਕੇ ਗੁੰਮਰਾਹ ਕਰਦੇ ਹਨ ਉਹ ਪੰਜਾਬੀਆਂ ਦੀ ਨਸਲ ਨੂੰ ਖਰਾਬ ਕਰਨ ਦੇ ਮੁੱਖ ਜਿੰਮੇਵਾਰ ਹਨ।     ਪੰਜਾਬ ਦੀ ਪ੍ਰਜਣਨ ਦਰ 1.6 ਹੈ। ਪੰਜਾਬੀ ਮਰਦ ਨੂੰ ਮਰਦਾਨਗੀ ਅਤੇ ਔਰਤ ਨੂੰ ਜਨਣ ਸਮਰੱਥਾ ਕਾਇਮ ਰੱਖਣੀ ਸ਼ੋਕ ਅਤੇ ਆਦਤ ਬਣਨੀ ਚਾਹੀਦੀ ਹੈ। ਇਸ ਨਾਲ ਮਿਲਗੋਭਾ ਜਿਨਸ਼ ਪੈਦਾ ਹੋਣ ਦੀ ਬਜਾਏ ਆਪਣੀ ਆਬਰੂ ਪੈਦਾ ਹੋਵੇਗੀ। ਟੈਸਟ ਟਿਊਬ ਬੇਬੀ ਦਾ ਸੱਚ ਅਤੇ ਹੋਂਦ ਸਬੱਬੀ ਨਹੀਂ ਹੁੰਦੀ ਇਹ ਸਾਡੇ ਕਿਰਦਾਰ ਅਤੇ ਸੱਭਿਅਤਾ ਦੀ ਗਵਾਹੀ ਹੁੰਦੀ ਹੈ। ਕਿਸਮਤ ਵਾਲੇ ਹੈ ਉਹ ਜੋੜੇ ਜੋ ਕੁਦਰਤੀ ਤਰੀਕੇ ਨਾਲ ਆਪਣੀ ਸੰਤਾਨ ਪੈਦਾ ਕਰਦੇ ਹਨ ਮਾਨਸਿਕ ਬੋਝ ਤੋਂ ਮੁਕਤ ਰਹਿੰਦੇ ਹਨ। ਅੱਜ ਮੁੰਡੇ ਕੁੱੜੀਆਂ ਵਿਆਹ ਤੋਂ ਪਹਿਲਾ ਹੀ ਸੈਕਸ ਸਬੰਧ ਬਣਾ ਲੈਦੇ ਹਨ ਫਿਰ ਗਰਭਪਾਤ ਕਰਵਾਉਂਦੇ ਹਨ ਆਖਿਰ ਇਹਨਾਂ ਸੈਟਰਾਂ ਦੀ ਝੋਲੀ ਗਿਰ ਕੇ ਜੀਵਨ ਖਰਾਬ ਕਰਦੇ ਹਨ। 1978 ਵਿੱਚ ਪਹਿਲਾ ਟੈਸਟ ਟਿਊਬ ਬੱਚਾ ਹੋਇਆ ਸੀ ਉਦੋਂ ਮਿਸਰ ਦੀ ਅਲਅੱਜਹਰ ਯੂਨੀਵਰਸਿਟੀ ਨੇ ਪਤੀ ਪਤਨੀ ਦੇ ਅੰਡੇ ਹੋਣ ਨੂੰ ਜਾਇਜ਼ ਕਿਹਾ ਸੀ। ਪਤੀ ਪਤਨੀ ਦੇ ਅੰਡੇ ਤੋਂ ਬਿਨਾਂ ਜਾਇਜ਼ ਨਹੀਂ ਸੀ। ਪਾਕਿਸਤਾਨ ਵਿੱਚ 1989 ਵਿੱਚ ਟੈਸਟ ਟਿਊਬ ਬੇਬੀ ਪੈਦਾ ਹੋਈ ਸੀ ਮੌਲਵੀਆਂ ਨੇ ਇਸ ਨੂੰ ਹਰਾਮ ਅਤੇ ਅਮਰੀਕਾ ਦੀ ਸਾਜਿਸ ਦੱਸਿਆ ਸੀ।      ਬਾਂਝਪਣ ਰੋਕਣ ਲਈ ਟੈਸਟ ਟਿਊਬ ਸੈਂਟਰ ਵਿਗਿਆਨਿਕ ਅਤੇ ਮੈਡੀਕਲੀ ਤਰੱਕੀ ਤਾਂ ਹੈ ਇਸ ਦਾ ਲਾਭ ਲੋੜਵੰਦ ਅਤੇ ਜਾਣਕਾਰ ਲੈ ਰਹੇ ਹਨ ਜੋ ਉਹਨਾਂ ਲਈ ਠੀਕ ਵੀ ਹੈ ਪਰ ਜਦੋਂ ਵੀ ਕਿਸੇ ਤਰੱਕੀ ਵਿੱਚ ਸ਼ੰਕਾ ਜਾ ਪ੍ਰਤੱਖ ਪ੍ਰਮਾਣ ਹੋ ਜਾਂਦੇ ਹਨ ਤਾਂ ਸਭ ਕਾਸੀ ਕੇ ਪੋਚਾ ਫਿਰ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਜੋ ਇਸ ਵਿਸ਼ੇ ਤੇ ਸ਼ੰਕੇ ਹਨ ਉਹ ਵਿਗਿਆਨਿਕ ਅਤੇ ਮੈਡੀਕਲ ਸੋਝੀ ਨਾਲ ਨਵਿਰਤ ਹੋਣੇ ਚਾਹੀਦੇ ਹਨ ਇਹ ਦੱਸਣਾ ਵੀ ਸਭ ਤੋਂ ਪਹਿਲਾ ਹੋਣਾ ਚਾਹੀਦਾ ਹੈ ਜੇ ਬੰਦੇ ਵਿੱਚ ਬਿਲਕੁੱਲ ਨੁਕਸ ਹੈ ਤਾਂ ਵੀਰਜ਼ ਕਿੱਥੋਂ ਆਵੇਗਾ? ਪਤੀ ਦੇ ਵੀਰਜ਼ ਅਤੇ ਪਤਨੀ ਦੀ ਕੁੱਖ ਤੋਂ ਬਿਨਾਂ ਅਗਰ ਕੋਈ ਹੋਰ ਮੈਡੀਕਲ ਤੌਰ ਤਰੀਕਾ ਅਪਣਾਇਆ ਜਾਂਦਾ ਹੈ ਫਿਰ ਇਹ ਪੰਜਾਬ ਨੂੰ ਮੁਆਫਿਕ ਆਉਂਣਾ ਜ਼ਰੂਰੀ ਨਹੀ ਹੈ। ਇਸ ਨਾਲ ਲੋਕ ਮੁਰਝਾ ਜਾਣਗੇ ਉਹਨਾਂ ਦੀਆਂ ਨਜ਼ਰਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਇਹਨਾਂ ਸੈਂਟਰਾਂ ਲਈ ਪੰਜਾਬ ਦੇ ਸਮਾਜਿਕ ਅਤੇ ਮਾਨਸਿਕ ਪੱਖ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਪੰਜਾਬ ਵਿੱਚ ਨਪੁੰਸ਼ਕਤਾ ਦੀ ਦਰ ਵੀ 50 ਪ੍ਰਤੀਸ਼ਤ ਹੈ ਨਵੇਂ ਜੋੜੇ ਵੀ ਇਸ ਦੇ ਸ਼ਿਕਾਰ ਹਨ। ਪਤੀ ਪਤਨੀ ਕੁਦਰਤੀ ਔਲਾਦ ਪੈਦਾ ਕਰਨ ਤੋਂ ਬਿਨਾਂ ਅਧੂਰਾ ਲੱਗਦੇ ਹਨ। ਸਭ ਤੋਂ ਖਤਰਨਾਕ ਕੁਦਰਤੀ ਖਿਲਵਾੜ ਇਹ ਹੋ ਚੁੱਕਿਆ ਹੈ ਕਿ ਸੈਕਸ ਤੋਂ ਬਿਨਾਂ ਹੀ ਗਰਭ ਧਾਰਨ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਗੁਲਾਬ ਰੂਪੀ ਪੰਜਾਬ ਤਰ੍ਹਾਂ – ਤਰ੍ਹਾਂ ਦੇ ਦੁੱਖ ਹੰਢਾ ਰਿਹਾ ਹੈ। ਸਾਹਮਣਾ ਕਰਕੇ ਜੇਤੂ ਵੀ ਹੋ ਰਿਹਾ ਹੈ। ਪੰਜਾਬੀਆਂ ਦੀ ਨਸ਼ਲਕੁਸੀ ਅਤੇ ਮਿਲਗੋਭਾ ਪੈਦਾਇਸ਼ ਬਾਰੇ ਸਭ ਕਿਸਮ ਦੇ ਸ਼ੰਕੇ ਅਤੇ ਚਿੰਤਾਵਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪੰਜਾਬੀਆਂ ਦੀ ਨਸਲ ਬਚਾਉਣ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਨੂੰ ਸਰਕਾਰ, ਸਮਾਜ ਅਤੇ ਧਾਰਮਿਕ ਖੇਤਰ ਅੰਦਰ ਲੰਬਿਤ ਛੱਡਣ ਦੀ ਬਜਾਏ ਤੁਰੰਤ ਹੱਲ ਕਰਕੇ ਖੁਸ਼ ਗਵਾਰ ਸੁਨੇਹਾ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਇਸ ਤੋਂ ਬਿਨਾਂ ਦੁੱਖਾਂ ਦੀ ਦਾਸਤਾਨ ਲੰਬੀ ਹੁੰਦੀ ਹੋਈ ਗੁਰਦਾਸ ਮਾਨ ਦੀ ਬੋਲੀ ਨੂੰ ਤਾਜਾ ਰੱਖਦੀ ਰਹੇਗੀ “ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ”।
    ਆਉ ਅਕਾਲ ਤਖਤ ਦੇ ਹੁਕਮ ਅਨੁਸਾਰ ਅੱਜ ਤੋਂ ਪੰਜਾਬੀਆਂ ਦੀ ਨਸਲ ਬਾਰੇ ਇਕ ਲੋਕ ਲਹਿਰ ਅਰੰਭੀਏ ਇਸ ਨਾਲ ਹੀ ਪੰਜਾਬ ਭਾਰਤ ਮਾਤਾ ਦੀ ਮੁੰਦਰੀ ਦਾ ਨਗ ਬਣਿਆ ਰਹੇਗਾ। 

ਹਾੜ੍ਹ ਮਹੀਨਾ ਸਿਖ਼ਰ ਦੁਪਿਹਰਾ ਤੇਜ਼ ਹਵਾ - ਸੁਖਪਾਲ ਸਿੰਘ ਗਿੱਲ

ਤਪਸ਼ ਅਤੇ ਤੜਫ ਸਮਾਈ ਬੈਠਾ ਹਾੜ੍ਹ ਮਹੀਨਾ ਚੇਤ ਤੋਂ ਸ਼ੁਰੂ ਬ੍ਰਿਕਮੀ ਸੰਮਤ ਦਾ ਚੌਥਾ ਮਹੀਨਾ ਹੁੰਦਾ ਹੈ। ਇਹ ਮਹੀਨਾ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸੱਭਿਆਚਾਰਕ  ਅਤੇ ਆਰਥਿਕ ਸੁਨੇਹੇ ਦਿੰਦਾ ਹੈ। ਮੌਸਮਾਂ ਦੀ ਤਬਦੀਲੀ ਨੇ ਹਾੜ੍ਹ ਮਹੀਨੇ ਦਾ ਰੁੱਖ ਥੋੜਾ ਬਦਲਿਆ ਜ਼ਰੂਰ ਹੈ। ਪਰ ਹਾੜ੍ਹ ਮਹੀਨੇ ਦੀ ਗਰਮੀ ਦਾ ਪਰਛਾਵਾਂ “ਰੱਸੀ ਜਲ ਜਾਂਦੀ ਪਰ ਵੱਟ ਨਹੀਂ ਜਾਂਦਾ” ਰਹੇਗਾ ਹੀ। ਗਰਮੀ ਨਾਲ ਸਤਾਇਆ ਜ਼ਰੂਰ ਕਰੇਗਾ। ਹਾੜ੍ਹ ਮਹੀਨੇ ਦਾ ਪੇਂਡੂ ਜੀਵਨ ਨਾਲ ਖਾਸ ਰਿਸ਼ਤਾ ਹੈ। ਹੁਣ ਖੇਤੀ ਦੇ ਲਿਹਾਜ਼ ਤੋਂ ਮਸ਼ੀਨੀਕਰਨ ਨਾਲ ਕੁੱਝ ਵੱਖਰਾ ਹੋਇਆ ਹੈ। ਇਹ ਮਹੀਨਾ ਪੇਂਡੂ ਜੀਵਨ ਦੇ ਸਿਰੜ ਦਾ ਪ੍ਰਤੀਕ ਹੈ। ਇਸ ਦੇਸੀ ਮਹੀਨੇ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਆਉਂਦੀ ਹੈ। ਹਾੜ੍ਹ ਦੀਆਂ ਗਰਮ ਹਵਾਵਾਂ ਨੂੰ ਸ਼੍ਰੀ ਗੁਰਭਜਨ ਗਿੱਲ ਨੇ ਆਪਣੀ ਕਵਿਤਾ ਵਿੱਚ ਇਉਂ ਚਿਤਰਿਆ ਹੈ:-
“ਹਾੜ੍ਹ ਮਹੀਨਾ ਸਿਖਰ ਦੁਪਹਿਰਾ ਤੇਜ਼ ਹਵਾ, ਵੇਂਹਦੇ ਵੇਂਹਦੇ ਸਾਵਾਂ ਰੁੱਖ ਸੀ ਝੁਲਸ ਗਿਆ”
    
ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸਨ ਕਿ ਹਾੜ੍ਹ ਦੇ ਦਸ-ਪੰਦਰਾਂ ਪ੍ਰਵਿਸਟੇ ਨੂੰ ਬੱਦਲ ਪੈ ਜਾਂਦਾ ਹੈ। ਇਸ ਮਹੀਨੇ ਪੁਰਾਣੇ ਜ਼ਮਾਨੇ ਕੱਪੜਿਆਂ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਵਿਆਹ-ਸ਼ਾਦੀ ਵਗੈਰਾ ਆਮ ਕਰਦੇ ਹੁੰਦੇ ਸਨ। ਲੋਕ ਧਾਰਨਾ ਵੀ ਹੈ ਕਿ ਹਾੜ੍ਹ ਮਹੀਨੇ ਵਿਆਹ ਕਰਨ ਨਾਲ ਕੁਲ ਵਿੱਚ ਵਾਧਾ ਹੁੰਦਾ ਹੈ। ਇਸ ਲਈ “ਪੈਂਤੀ ਹਾੜ੍ਹ” ਦੀ ਦੰਦ ਕਥਾ ਵੀ ਜੁੜੀ ਹੋਈ ਹੈ। ਇੱਕ ਲਾਚਾਰ ਅਤੇ ਬੇਵਸੀ ਦਾ ਮਾਰਿਆ ਬੰਦਾ ਘਰਦਿਆਂ ਵੱਲੋਂ ਉਸ ਨੂੰ ਮਗਰ ਲਾ ਕੇ ਰੱਖਣਾ ਕਿ ਤੇਰਾ ਵਿਆਹ ਪੈਂਤੀ ਹਾੜ੍ਹ ਨੂੰ ਕਰਨਾ ਹੈ ਨਾ ਹੀ ਪੈਂਤੀ ਹਾੜ੍ਹ ਆਵੇ ਨਾ ਵਿਆਹ ਹੋਵੇ। ਸਪੱਸ਼ਟ ਹੈ ਕਿ ਉਸ ਸਮੇਂ ਅਨੁਸਾਰ ਇਸ ਮਹੀਨੇ ਵਿਆਹ ਹੁੰਦੇ ਸਨ। ਹਾੜ੍ਹ ਦੇ ਦੂਜੇ ਪੰਦਰਵਾੜੇ ਮੀਂਹ ਸ਼ੁਰੂ ਹੋਣ ਕਰਕੇ ਇਸ ਨੂੰ ਸੱਭਿਆਚਾਰਕ ਵੰਨਗੀ ਦਿੱਤੀ ਗਈ ਹੈ:-
     “ਬਰਸੇ ਅੱਧ ਹਾੜ੍ਹ ਤਾਂ ਭਰੇ ਭੰਡਾਰ, ਜੇਠ ਤਾਏ ਤੇ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ?”
ਇਸ ਮਹੀਨੇ ਸਿਖਰ ਦੀ ਗਰਮੀ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਣ ਕਰਕੇ ਜਿਮੀਂਦਾਰ ਆਪਣੇ ਸੰਦ-ਔਜ਼ਾਰ ਤਿਆਰ ਕਰਕੇ ਜ਼ਮੀਨ ਵਾਹੁਣ ਲਈ ਸਿਰੜ ਪੁਗਾਉਂਦੇ ਹਨ। ਹਾੜ੍ਹ ਖੇਤੀ ਤੇ ਪੇਂਡੂ ਜੀਵਨ ਨਾਲ ਜੁੜੇ ਕੰਮਕਾਰ, ਰੀਤੀ-ਰਿਵਾਜ ਅਤੇ ਸਾਹਿਤ ਬੁੱਕਲ ਵਿੱਚ ਸਾਂਭੀ ਬੈਠਾ ਹੈ। ਸਾਗਰਾਂ ਤੋਂ ਚੱਕਰਵਾਤੀ ਹਵਾਵਾਂ ਚੱਲਦੀਆਂ ਹਨ ਅਤੇ ਭਾਰਤ-ਪਾਕਿਸਤਾਨ ਵਿੱਚ ਬਰਸਾਤ ਦਾ ਸੁਨੇਹਾ ਦਿੰਦੀਆਂ ਹਨ। ਇਸ ਮਹੀਨੇ ਹਲ ਵਾਹੁਣਾ ਅੱਸੂ ਦੇ ਮਹੀਨੇ ਨਾਲੋਂ ਸੌ ਗੁਣਾ ਮੁਸ਼ੱਕਤ ਦਾ ਕੰਮ ਹੈ।
“ਹਾੜ੍ਹ ਦਾ ਇੱਕ ਸਾਵਣ ਦੇ ਦੋ,ਭਾਦੋਂ ਦੇ ਤ੍ਰੈ ਅਤੇ ਅੱਸੂ ਦਾ ਸੌ”
ਹਾੜ੍ਹ ਤੋਂ ਹਾੜ੍ਹੀ ਹੁੰਦੀ ਹੈ। ਹਾੜ੍ਹ, ਹਾੜ੍ਹੀ ਅਤੇ ਹਾੜੂ ਇੱਕ-ਦੂਜੇ ਦੇ ਪੂਰਕ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ, ਜੌਂ, ਛੋਲੇ, ਸਰੋਂ, ਮਟਰ, ਮਸਰ ਆਦਿ ਅਗਨੀ ਆਬ ਖਤਮ ਹੋਣ ਤੋਂ ਬਾਅਦ ਭੜੋਲੇ ਵਿੱਚ ਬੰਦ ਹੋ ਜਾਂਦੀਆਂ ਸਨ। ਹਾੜ੍ਹ ਮਹੀਨੇ ਹੀ ਪਸ਼ੂਆਂ ਲਈ ਹਰੇ ਚਾਰੇ ਦੀ ਚਮਕ ਬਹਾਰ ਸ਼ੁਰੂ ਹੋ ਜਾਂਦੀ ਹੈ। ਪਸ਼ੂ ਵੀ ਖੁਸ਼ ਰਹਿੰਦੇ ਹਨ। ਇਸ ਮਹੀਨੇ ਤੱਤੀ ਵਾ ਚੱਲਣ ਨਾਲ ਘੜਿਆਂ ਦਾ ਪਾਣੀ ਸੁੱਕ ਜਾਂਦਾ ਹੈ। ਕਾਂ ਦੀ ਅੱਖ ਫੁੱਟਦੀ ਜਾਂਦੀ ਹੈ। ਗਰਮੀ ਨਾਲ ਹੁੱਟ ਹੁੰਮਸ ਹੁੰਦਾ ਹੈ। ਮੀਂਹ ਦਾ ਛਿੱਟਾ ਵੀ ਵਰਦਾ ਹੈ। ਹਨੇਰੀਆਂ ਆਉਂਦੀਆਂ ਹਨ। ਹਾੜ੍ਹ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਬੱਦਲਾਂ ਚੋਂ ਚੰਨ ਨਿਕਲੇ ਤਾਂ ਅਨਾਜ ਬਹੁਤਾ ਹੋਣ ਦੀ ਮਿੱਥ ਅਤੇ ਥਿੱਤ ਵੀ ਹੈ।  ਪਹਿਲੇ ਲੋਕ ਹਾੜ੍ਹ ਮਹੀਨੇ ਕੋਠੇ ਤੇ ਸੌਂਦੇ ਸਨ। ਲੋਕ ਮੰਜੇ ਅੰਦਰ-ਬਾਹਰ ਕਰਕੇ ਹਾੜ੍ਹ ਗੁਜਾਰਦੇ ਸਨ। ਹਰ ਦੇਸੀ ਮਹੀਨੇ ਵਾਂਗ ਇਹ ਮਹੀਨਾ ਵੀ ਵੱਖ-ਵੱਖ ਤਰ੍ਹਾਂ ਦੇ ਸੁਨੇਹੇ ਦਿੰਦਾ ਹੈ।
“ਚੜਿਆ ਹਾੜ੍ਹ ਮਹੀਨਾ ਕੜਕਦਾ, ਮੇਰੇ ਅੰਦਰ ਭਾਂਬੜ ਭੜਕਦਾ,
ਇਸ ਬਿਰਹੋਂ ਸੂਰਜ ਚਾੜਿਆ, ਮੈਨੂੰ ਪਿਆਰੇ ਦਿਲੋਂ ਵਿਸਾਰਿਆ,
ਮੈਂ ਮੌਤੋਂ ਗੁਜਰੀ ਲੰਘ ਕੇ, ਕੇਹੀ ਬਰਛੀ ਲਾਈਆਂ ਸਾਰ ਮੈਂ,
ਮੈਨੂੰ ਹਿਜਰੀ ਆਤਸ਼ ਚਾੜਿਆ ਅਤੇ ਤਪਨ ਸਕਨ ਸਾੜਿਆ।”
ਧਾਰਮਿਕਤਾ ਪੱਖੋਂ ਪੋਹ ਮਹੀਨੇ ਦੀ ਸੰਗਰਾਂਦ ਅਤੇ ਪੁੰਨਿਆ ਖਾਸ ਹੁੰਦੇ ਹਨ। ਇਸ ਮਹੀਨੇ ਨੂੰ ਹਾੜ੍ਹ ,ਅਸਾੜ੍ਹ ਅਤੇ ਸੰਸਕ੍ਰਿਤ ਵਿੱਚ ਆਸ਼ੜ ਕਹਿੰਦੇ ਹਨ। ਜਿੰਨਾ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਉਨ੍ਹਾਂ ਨੂੰ ਹੀ ਹਾੜ੍ਹ ਮਹੀਨਾ ਤਪਾਉਂਦਾ ਹੈ। ਪਵਿੱਤਰ ਗੁਰਬਾਣੀ ਨੇ ਇਸ ਮਹੀਨੇ ਨੂੰ ਇਉਂ ਉਚਾਰਿਆ ਹੈ-
“ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿਨਾ ਪਾਸਿ”
ਪਿੰਡਾਂ ਦੇ ਜੀਵਨ ਨੂੰ ਹਾੜ੍ਹ ਮਹੀਨਾ ਕਠੋਰ ਅਤੇ ਸਿਦਕ ਭਰਪੂਰ ਬਣਾਉਂਦਾ ਹੈ। ਬੈਚੇਨੀ ਪੈਦਾ ਹੋਣ ਦੇ ਬਾਵਜੂਦ ਵੀ ਜੀਵਨ ਪੰਧ ਚਾਲੂ ਰਹਿੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨ ਅਨੁਸਾਰ ਹਾੜ੍ਹੀ ਦਾ ਇਜਲਾਸ ਵੀ ਕਰਦੀਆਂ ਹਨ। ਇਹ ਵੀ ਇਸ ਲਈ ਹੀ ਰੱਖਿਆ ਹੋਵੇਗਾ ਕਿ ਇਨ੍ਹੀ ਦਿਨੀਂ ਲੋਕਾਂ ਨੂੰ ਵਿਹਲ ਹੁੰਦਾ ਹੈ। ਕੋਇਲ ਚੇਤ ਤੋਂ ਸ਼ੁਰੂ ਹੋ ਕੇ ਹਾੜ੍ਹ ਮਹੀਨੇ ਆਪਣੇ ਅਤੀਤ ਵੱਲ ਜਾਂਦੀ ਹੈ। ਮੌਸਮੀ ਤਬਦੀਲੀਆਂ ਕਾਰਨ ਦੇਸੀ ਮਹੀਨੇ ਆਪਣਾ ਪੁਰਾਤਨ ਵਜੂਦ ਤਾਂ ਗਵਾਉਂਦੇ ਹਨ ਪਰ ਇਨ੍ਹਾਂ ਦਾ ਪਰਛਾਵਾਂ ਅਤੇ ਸੁਨੇਹਾ ਉਹੀ ਰਹਿੰਦਾ ਹੈ। ਹਾੜ੍ਹ ਮਹੀਨੇ ਨੇ ਹਾੜ੍ਹੇ ਕਢਾਉਣ ਦੀਆਂ ਆਵਾਜ਼ਾਂ ਦੇਈ ਹੀ ਜਾਣੀਆਂ ਹਨ।
ਸੁਖਪਾਲ ਸਿੰਘ ਗਿੱਲਅਬਿਆਣਾ ਕਲਾਂ
82649-61445