ਮਾਂ ਬੋਲੀ ਦਾ ਰੁਤਬਾ - ਸੁਖਪਾਲ ਸਿੰਘ ਗਿੱਲ
ਰੁਤਬੇ ਨਾਲ ਕਿਸੇ ਵੀ ਚੀਜ਼ ਦੀ ਪਹਿਚਾਣ ਬਰਕਰਾਰ ਰਹਿੰਦੀ ਹੈ । ਰੁਤਬਾ ਉੱਚਾ - ਸੁੱਚਾ ਰੱਖਣਾ ਹੰਢਾਉਣ ਵਾਲਿਆ ਦਾ ਫਰਜ਼ ਹੁੰਦਾ ਹੈ । ਮਾਂ ਬੋਲੀ ਪੰਜਾਬੀ ਦਾ ਰੁਤਬਾ ਕਾਇਮ ਰੱਖਣ ਲਈ ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚ ਕੀਤੀ ਜਾ ਚੁਕੀ ਹੈ । ਧਰਨੇ , ਮੁਜ਼ਹਾਰੇ, ਡਰਾਮੇ ਤੇ ਲਾਮਬੰਦੀਆਂ ਵੀ ਕੀਤੀਆਂ ਗਈਆਂ । ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ ਪਰਨਾਲਾ ਉੱਥੇ ਹੀ ਰਿਹਾ । ਮਾਂ ਬੋਲੀ ਨੇ ਅਤੀਤ ਲੱਭਣ ਲਈ ਜਿੱਥੋਂ ਪੈਂਡਾ ਤਹਿ ਕੀਤਾ ਸੀ ਉੱਥੇ ਹੀ ਵਾਪਸ ਜਾਂਦੀ ਰਹੀ । ਜਿਹਨਾਂ ਤੋਂ ਉਸ ਦੇ ਰੁਤਬੇ ਨੂੰ ਉੱਚੇ ਕਰਨ ਦੀ ਆਸ ਸੀ ਉਹਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਰਹੇ। ਫਿਰ ਰੁਤਬੇ ਦੀ ਆਸ ਕਿੱਥੋਂ ? ਖੁਦ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਤਾਂ ਸਾਨੂੰ ਪੰਜਾਬੀ ਦੀ ਪੂਰੀ ਪੈਂਤੀ ਵੀ ਨਹੀਂ ਆਉਂਦੀ । ਇਸ ਸਵਾਲ ਦੇ ਜਵਾਬ ਵਿੱਚ ਮਾਂ ਬੋਲੀ ਪ੍ਰਤੀ ਸਾਰਾ ਨਕਸ਼ਾ ਹੀ ਸਾਫ ਹੋ ਜਾਂਦਾ ਹੈ । ਜ਼ਿੰਮੇਵਾਰ ਅਸੀ ਖੁਦ ਵੀ ਬਣ ਜਾਂਦੇ ਹਾਂ ।
ਸਰਕਾਰ ਨੇ ਮਾਂ ਬੋਲੀ ਪ੍ਰਤੀ ਕੁਝ ਨਿਯਮ ਵੀ ਬਣਾਏ ਹਨ , ਪਰ ਫਾਇਲਾਂ ਵਿੱਚ ਦਬ ਜਾਂਦੇ ਹਨ । ਵਾਰਿਸ ਸ਼ਾਹ , ਬੁੱਲੇ ਸ਼ਾਹ , ਸ਼ਿਵ , ਪਾਤਰ ਤੇ ਸਰਫ਼ ਨੇ ਮਾਂ ਬੋਲੀ ਸੰਭਾਲਣ ਲਈ ਬਣਦਾ ਯੋਗਦਾਨ ਪਾਇਆ । ਇਸੇ ਲਈ ਪੰਜਾਬੀ ਮਾਣਮੱਤੇ ਗਾਇਕ ਗੁਰਦਾਸ ਮਾਨ ਨੇ ਗਾਇਆ ਸੀ " ਮਾਂ ਬੋਲੀ ਦਾ ਰੁਤਬਾ ਇਸਦੇ ਸ਼ਾਇਰਾ ਕਰਕੇ ਹੈ " । ਇਸ ਤੋ ਇਲਾਵਾ ਇਸ ਮਾਣ ਮੱਤੇ ਗਾਇਕ ਨੇ ਕਦੇ ਯਾਰ ਪੰਜਾਬੀੇ , ਕਦੇ ਪਿਆਰ ਪੰਜਾਬੀ ਤੇ ਕਦੇ ਜ਼ੁਲਮ ਨੂੰ ਰੋਕਣ ਵਾਲੀ ਤਲਵਾਰ ਪੰਜਾਬੀ ਦਾ ਹੋਕਾ ਦਿੱਤਾ । ਮਾਂ ਬੋਲੀ ਦੇ ਸਿਰ ਤੇ ਰਾਜ ਭਾਗ ਸੰਭਾਲੇ ਗਏ । ਬਣਦਾ ਇਕ ਟੁੱਕ ਰੁਤਬਾ ਨਹੀਂ ਮਿਲ ਸਕਿਆ । ਪੰਜਾਬੀਆਂ ਦੇ ਜਿੰਮੇ ਮਾਂ ਬੋਲੀ ਤੋਂ ਇਲਾਵਾ ਮਾਂ ਨੂੰ ਵਿਸਾਰਨ ਦੇ ਵੀ ਦੋਸ਼ ਲਗ ਰਹੇ ਹਨ । ਇਹ ਸਾਡੀ ਸੱਭਿਅਤਾ ਨੂੰ ਵੀ ਦਾਗਦਾਰ ਕਰ ਰਿਹਾ ਹੈ ।ਅੱਜ ਮਿਲ ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ ਕਿ ਮਾਂ ਬੋਲੀ ਨੂੰ ਉੱਚਾ ਰੁਤਬਾ ਦੇਣ ਦਾ ਉਪ ਬੰਦ ਕਰੀਏ ਤਾਂ ਜੋ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਉਹਨਾਂ ਦੀ ਹਾਣੀ ਬਣ ਸਕੇ ।
1948 ਭਾਸ਼ਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ । ਜਨਵਰੀ 1968 ਵਿੱਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨ ਦੀ ਅਧਿਸੂਚਨਾ ਜਾਰੀ ਹੋਈ । ਪਰ ਅੰਗਰੇਜੀ ਵਿੱਚ ਪੱਤਰ ਵਿਹਾਰ ਅੱਜ ਵੀ ਬੇਰੁੱਖੀ ਜ਼ਾਹਰ ਕਰਦਾ ਹੈ । ਪੰਜਾਬੀ ਦੇ ਮਾਣ ਮੱਤੇ ਸ਼ਾਇਰ ਸੁਰਜੀਤ ਪਾਤਰ ਨੇ ਸਿਰੇ ਦੀ ਕਵਿਤਾ ਜਿਸ ਦਾ ਅੰਤਰੀਵ ਭਾਵ ਜਿੱਥੇ ਮਾਂ ਬੋਲੀ ਬੋਲਣ ਤੇ ਜ਼ੁਰਮਾਨਾ ਹੁੰਦਾ ਹੈ ਲਿਖ ਕੇ ਸਿਰੇ ਤੇ ਗੰਢ ਮਾਰ ਦਿੱਤੀ ।ਇਹ ਕਵਿਤਾ ਸਾਨੂੰ ਚਿੜਨ ਲਈ ਮਜ਼ਬੂਰ ਕਰਦੀ ਹੈ । ਪੰਜਾਬੀ ਜਦੋਂ ਹੋਰ ਕੋਈ ਭਾਸ਼ਾ ਬੋਲਦਾ ਹੈ ਤਾਂ ਝੂਠਾ ਜਿਹਾ ਲੱਗਦਾ ਹੈ । ਆਓ ਲਿਖਤਾਂ ਅਤੇ ਕਲਮਾਂ ਦਾ ਰੁੱਖ ਮੋੜ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਕਰਨ ਲਈ ਯਤਨ ਆਰੰਭੀਏ । ਸ਼ਾਇਰਾਂ ਦਾ ਸਾਥ ਦੇਣ ਲਈ ਸਰਕਾਰਾਂ ਨਾਲ ਮਿਲ ਕੇ ਮਾਂ ਬੋਲੀ ਦਾ ਰੁਤਬਾ ਉੱਚਾ ਰੱਖੀਏ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਭਰੋਸੇਯੋਗਤਾ ਖੋ ਰਿਹਾ ਸ਼ੋਸ਼ਲ ਮੀਡੀਆ -ਸੁਖਪਾਲ ਸਿੰਘ ਗਿੱਲ
" ਲੋੜ ਕਾਂਢ ਦੀ ਮਾਂ " ਦੇ ਕਥਨ ਅਨੁਸਾਰ ਸ਼ੋਸ਼ਲ ਮੀਡੀਆ ਹੋਂਦ ਵਿੱਚ ਆਇਆ ਸੀ । ਲੋਕਾਂ ਨੂੰ ਸਹੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਇਸਦਾ ਮੁੱਖ ਮੰਤਵ ਹੈ । ਜਿਹੜੀਆਂ ਗੱਲਾਂ ਅਸੀਂ ਸਟੇਜ ਤੇ ਜਾਂ ਭਰੀ ਸਭਾ ਵਿੱਚ ਨਹੀਂ ਕਹਿ ਸਕਦੇ ਉਹ ਸ਼ੋਸ਼ਲ ਮੀਡੀਏ ਰਾਹੀਂ ਦੱਸ ਸਕਦੇ ਹਾਂ । ਜਿੰਨੀ ਤੇਜ਼ੀ ਨਾਲ ਇਸ ਨੇ ਮਾਨਤਾ ਪ੍ਰਾਪਤ ਕੀਤੀ ਸੀ , ਉਨੀਂ ਹੀ ਤੇਜ਼ੀ ਨਾਲ ਇਸ ਵਿੱਚ ਗਿਰਾਵਟ ਵੀ ਆਈ । ਇਸਦੀ ਸਹੀ ਵਰਤੋਂ ਤਰੱਕੀ ਨੂੰ ਸਿਖਰ ਤੇ ਪਹੁੰਚਾਉਂਦੀ ਹੈ ਪਰ ਕੁਵਰਤੋਂ ਸਭ ਪੱਖਾਂ ਦਾ ਸੰਤੁਲਨ ਵਿਗਾੜਦੀ ਹੈ ।
ਅਜੋਕੇ ਸਮੇਂ ਪ੍ਰਿੰਟ ਮੀਡੀਏ ਤੇ ਕੁਝ ਦੋਸ਼ ਵੀ ਲੱਗ ਰਹੇ ਹਨ , ਜਿਸ ਦੇ ਬਦਲ ਵਜੋਂ ਸ਼ੋਸ਼ਲ ਮੀਡੀਏ ਨੇ ਲੋਕਾਂ ਦਾ ਪੱਖ ਪੂਰਿਆ ਸੀ । ਪ੍ਰਿੰਟ ਮੀਡੀਏ ਨੂੰ ਗਲਤੀ ਦਾ ਅਹਿਸਾਸ ਅਤੇ ਮੁਆਫੀ ਮੰਗਣਾ ਵੱਡਾ ਗੁਣ ਹੈ ਪਰ ਸ਼ੋਸ਼ਲ ਮੀਡੀਏ ਤੋਂ ਜਵਾਬ ਮੰਗਣਾ ਔਖਾ ਹੈ । ਇਸ ਵੱਲੋਂ ਅਫਵਾਹਾਂ , ਗਲਤ ਜਾਣਕਾਰੀ ਅਤੇ ਕਿਸੇ ਦੇ ਆਚਰਣ ਖਿਲਾਫ ਪ੍ਰਚਾਰ ਕਰਕੇ ਆਪਣੀ ਭਰੋਸੇਯੋਗਤਾ ਦਾਅ ਤੇ ਲਾ ਦਿੱਤੀ । ਇਸ ਨਾਲ ਹੁਣ ਇਹ ਕਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਇਸ ਤੋਂ ਬਿਨਾ ਚੰਗੇ ਸੀ । ਇਸਦੀ ਸਹੀ ਵਰਤੋਂ ਅਤੇ ਅਜੋਕੀ ਲੋੜ ਨੂੰ ਇਸਦੇ ਨਾਂਹ ਪੱਖੀ ਪ੍ਰਭਾਵਾਂ ਨੇ ਪੂਰੀ ਤਰਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ ।
ਸ਼ੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਔਰਤ ਜਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ । ਕਿਸੇ ਦੀ ਧੀ ਭੈਣ ਇਥੋਂ ਤੱਕ ਕਿ ਔਰਤਾਂ ਦੀਆਂ ਨਾਮਵਰ ਹਸਤੀਆਂ ਨੂੰ ਵੀ ਨਹੀਂ ਬਖਸ਼ਿਆ । ਬਿਨਾ ਸੋਚੇ ਸਮਝੇ ਕਿਸੇ ਵੀ ਔਰਤ ਤੇ ਕਮੈਂਟ ਕਰਨਾ ਸ਼ੋਸ਼ਲ ਮੀਡੀਏ ਵਿੱਚ ਆਮ ਜਿਹਾ ਹੋ ਗਿਆ ਹੈ । ਇਸ ਦੇ ਵਿਰੋਧ ਵਿੱਚ ਲਾਮਬੰਦੀ ਵੀ ਹੋਈ । ਜਿਸ ਕਰਕੇ ਸਰਕਾਰ ਅਤੇ ਸੂਚਨਾ ਮੰਤਰਾਲਾ ਹਰਕਤ ਵਿੱਚ ਆਇਆ । ਸ਼ੋਸ਼ਲ ਮੀਡੀਏ ਤੇ ਘਸਮੰਡੀ ਮਾਨਵਤਾ ਨੂੰ ਆਪਣਾ ਵਕਾਰ ਸਹੀ ਸਾਬਤ ਕਰਨ ਲਈ ਕਾਫੀ ਸਮਾਂ ਲੱਗਦਾ ਹੈ । ਇੱਕ ਵਾਰ ਕਿਸੇ ਬੇਵਕੂਫ ਵੱਲੋਂ ਦੋਸ਼ ਲਗਾ ਕੇ ਆਪਣੀ ਸੂਝ ਦਾ ਸਬੂਤ ਦੇ ਦਿੱਤਾ ਜਾਂਦਾ ਹੈ ਪਰ ਇਸ ਨੂੰ ਗਲਤ ਸਾਬਤ ਕਰਨ ਲਈ ਮਕੜੀ ਜਾਲ ਵਿੱਚ ਫਸਣ ਤੋਂ ਹਰ ਕੋਈ ਕੰਨ੍ਹੀ ਕਤਰਾਉਂਦਾ ਹੈ । ਝੂਠੀ ਅਤੇ ਗਲਤ ਵਰਤੋਂ ਦੰਗਿਆ ਅਤੇ ਕਤਲਾ ਨੂੰ ਸੁਨੇਹਾ ਵੀ ਦਿੰਦੀ ਹੈ । ਇਸ ਬਕਵਾਸ ਨਾਲ ਸਮਾਜਿਕ ਤਾਣਾ ਬਾਣਾ ਨਸ਼ਟ ਹੁੰਦਾ ਹੈ ।
ਸ਼ੋਸ਼ਲ ਮੀਡੀਏ ਨੇ ਨੌਜਵਾਨ ਵਰਗ ਨੂੰ ਪੜ੍ਹਾਈ ਅਤੇ ਰੁਜ਼ਗਾਰ ਮੁੱਖੀ ਬਣਾਉਣ ਦੀ ਨਾਂਹ ਪੱਖੀ ਭੂਮਿਕਾ ਨਿਭਾਈ , ਜਦੋਂ ਕੇ ਇਸਦੀ ਸੁਚੱਜੀ ਵਰਤੋਂ ਦੀ ਲੋੜ ਹੈ । ਸਮਾਜਿਕ ਕਿਰਦਾਰ ਅਤੇ ਰਿਸ਼ਤੇ ਨਾਤੇ ਫਿੱਕੇ ਪਏ । ਆਮ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ । ਅੱਜ ਤਰੱਕੀ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਏ ਦੀ ਜੋ ਭੂਮਿਕਾ ਹੈ ਉਸ ਨੂੰ ਸਾਡੀ ਘੱਟ ਸੂਝ ਨੇ ਹਾਸ਼ੀਏ ਵੱਲ ਕਰਨ ਦਾ ਯਤਨ ਕੀਤਾ ਹੈ । ਸਮੇਂ ਤੋਂ ਪਹਿਲਾਂ ਕਿਸੇ ਵੀ ਚੀਜ਼ ਦੇ ਨਾਂਹ ਪੱਖੀ ਪ੍ਰਭਾਵ ਘੋਖਣੇ ਸਾਡੀ ਪਹੁੰਚ ਤੋਂ ਦੂਰ ਹੀ ਰਹੇ । ਜਿਸਦਾ ਅਸੀਂ ਖਮਿਆਜਾ ਵੀ ਭੁਗਤਦੇ ਰਹੇ । ਇਸੇ ਪ੍ਰਸੰਗ ਵਿੱਚ ਸ਼ੋਸ਼ਲ ਮੀਡੀਆ ਵੀ ਆਇਆ ਜਿਸ ਕਾਰਨ ਇਸਦਾ ਪ੍ਰਭਾਵ ਭਰੋਸੇ ਯੋਗਤਾ ਤੋਂ ਗੈਰ ਭਰੋਸੇ ਯੋਗਤਾ ਵੱਲ ਵੀ ਗਿਆ । ਇਹ ਅਜੋਕੇ ਸਮੇਂ ਦਾ ਵਰਦਾਨ ਹੈ । ਪਰ ਇਸ ਨੂੰ ਹੰਢਾਉਣ ਤੋਂ ਪਹਿਲਾਂ ਮਾੜੀ ਸੋਚ ਅਤੇ ਨਾਂਹ ਪੱਖੀ ਪ੍ਰਭਾਵ ਸਬੰਧੀ ਚੇਤਨਾ ਪੈਦਾ ਕਰਨ ਦੀ ਬੇਹੱਦ ਲੋੜ ਸੀ । ਅੱਜ ਸ਼ੋਸ਼ਲ ਮੀਡੀਏ ਦੀ ਵਰਤੋਂ ਲਈ ਸਖਤ ਕਾਨੂੰਨੀ ਸੀਮਾਵਾਂ ਦੀ ਲੋੜ ਹੈ , ਤਾਂ ਜੋ ਇਸ ਦੀ ਖੁਰ ਰਹੀ ਭਰੋਸੇ ਯੋਗਤਾ ਬਹਾਲ ਹੋ ਸਕੇ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਗੁੜ ਅਤੇ ਰੱਬ - ਸੁਖਪਾਲ ਸਿੰਘ ਗਿੱਲ
ਵਿਅੰਗਾਤਮਕ ਤੌਰ ਤੇ ਕਿਹਾ ਜਾਂਦਾ ਹੈ ਕਿ, "ਗੁੜ ਨੇ ਰੱਬ ਨੂੰ ਫਰਿਆਦ ਕੀਤੀ ਕਿ ਰੱਬਾ ਮੈਨੂੰ ਸਾਰੇ ਲੋਕ ਖਾਈ ਜਾਂਦੇ ਹਨ,ਤਾਂ ਰੱਬ ਨੇ ਉਤਰ ਦਿੱਤਾ, "ਪਰੇ ਹੋ ਜਾ, ਮੇਰੀ ਵੀ ਰੂਹ ਕਰ ਗਈ ਹੈ "। ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾ ਮਿਠਾਸ ਵਾਲਾ ਗੁਣ ਉਸਦੀ ਵਿਸ਼ੇਸਤਾ ਨੂੰ ਪ੍ਰਗਟ ਕਰਦਾ ਹੋਇਆ ਗੁਣਾਤਮਿਕਤਾ ਵਧਾਉਂਦਾ ਹੈ।
ਕੁਦਰਤੀ ਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ ਨੇ ਸਮਤੋਲ ਰੱਖਣ ਲਈ ਮਨੁੱਖ ਨੂੰ ਗੁੜ ਦੀ ਨਿਆਮਤ ਦਿੱਤੀ। ਵੈਦਿਕ ਪੱਖ ਤੋਂ ਗੁੜ ਪਾਚਨ ਕਿਰਿਆ,ਅਸਥਮਾ ਅਤੇ ਖੂਨ ਸਫਾ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਵਰਦਾਨ ਹੈ। ਆਮ ਤੌਰ ਤੇ ਸਾਡੇ ਬਜ਼ੁਰਗ ਰੋਟੀ ਉਪਰੋਂ ਗੁੜ ਹੀ ਖਾਂਦੇ ਸਨ, ਜਿਸ ਨੂੰ ਅੱਜ-ਕੱਲ੍ਹ ਖੁਰਾਸਾਨੀ ਦੁਲੱਤੇ ਮਾਰਨ ਵਾਲਿਆਂ ਨੇ ਸਵੀਟ ਡਿਸ਼ ਦਾ ਨਾਮ ਦਿੱਤਾ ਹੋਇਆ ਹੈ। ਗੁੜ ਦੀ ਖੁਸ਼ਬੋ ਅਤੇ ਗੁੜ ਤੋਂ ਬਣੀ ਸ਼ਰਾਬ ਸਾਡੇ ਵਿਰਸੇ ਵਿਚ ਛੁਪੀ ਹੋਈ ਹੈ।
ਜ਼ਿਮੀਂਦਾਰ ਪਰਿਵਾਰ ਦਾ ਸਿਹਤ ਪੱਖੋਂ ਗੁੜ ਖਜ਼ਾਨਾ ਰਿਹਾ ਹੈ। ਹੁਣ ਗੁੜ ਵਿਚ ਕੈਮੀਕਲ ਮਿਲਾਵਟਾਂ ਨੇ ਮਨੁੱਖਤਾ ਨੂੰ ਘੇਰਿਆ ਹੈ। ਉਲਾਂਭੇ ਰੱਬ ਨੂੰ ਦੇਈ ਜਾਂਦੇ ਹਾਂ। ਸਵੇਰੇ ਗੁੜ ਦੀ ਬਣੀ ਚਾਹ ਤੋਂ ਲੈ ਕੇ ਸ਼ਾਮ ਦੀ ਰੋਟੀ ਘਿਉ ਸ਼ੱਕਰ ਨਾਲ ਖਾਣ ਤੱਕ ਸਾਡਾ ਵਿਰਸਾ ਜਾਗਦਾ ਸੀ।ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਵਿਚ ਗੁੜ ਦੀ ਵਰਤੋਂ ਹੋਣ ਕਰਕੇ ਇਨ੍ਹਾਂ ਦਾ ਮਿਠਾਸ ਗੂੜ੍ਹਾ ਹੋ ਜਾਂਦਾ ਸੀ। ਗੰਨੇ ਤੋਂ ਬਣਿਆ ਗੁੜ ਬਾਰੇ ਕਹਾਵਤ ਵੀ ਮਸ਼ਹੂਰ ਸੀ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਭੇਲੀ ਦੇ ਦਿੰਦਾ ਹੈ।
ਰੱਬ ਦੀ ਇਸ ਨਿਆਮਤ ਨੂੰ ਵਿਸਾਰਨ ਅਤੇ ਮਿਲਾਵਟ ਤੋਂ ਬਾਅਦ ਹੁਣ ਸੂਝ ਆਉਣ ਲੱਗ ਪਈ ਹੈ। ਲੋਕ ਵੀ ਜਾਗ ਰਹੇ ਹਨ, ਸਰਕਾਰਾਂ ਵੀ ਗੁੜ ਦੀ ਸਿਖਲਾਈ ਦੇਣ ਲਈ ਰੁਝ ਗਈਆਂ ਹਨ। ਹੁਣ ਗੁੜ ਦੀ ਗੁੜ੍ਹਤੀ ਅਤੇ ਗੁਣਾਤਮਿਕਤਾ ਨਜ਼ਰ ਆਉਣ ਲੱਗ ਪਈ ਹੈ। ਅੱਜ ਜਦੋਂ ਜ਼ਿਮੀਂਦਾਰ ਪਰਿਵਾਰ ਗੁੜ ਦੀ ਰੇੜ੍ਹੀ ਤੋਂ ਗੁੜ ਖਰੀਦਦਾ ਹੈ ਤਾਂ ਓਪਰਾ-ਓਪਰਾ ਜਿਹਾ ਲੱਗਦਾ ਹੈ।ਪੱਥਰ ਚੱਟ ਕੇ ਮੁੜ੍ਹਨ ਦੀ ਆਦਤ ਅਤੇ ਸੁਭਾਅ ਨਾਲ ਅੱਜ ਕੁਦਰਤ ਦੀ ਇਸ ਨਿਆਮਤ ਦੀ ਸੋਝੀ ਸ਼ੁਰੂ ਹੋਣ ਨਾਲ ਇੱਕ ਵਾਰ ਮੁੜ ਤੋਂ ਗੁੜ ਸਾਡੇ ਘਰਾਂ ਦਾ ਸ਼ਿੰਗਾਰ ਬਣਦਾ ਨਜ਼ਰ ਆਉਂਦਾ ਹੈ। ਆਓ ਇਸ ਰੱਬ ਦੀ ਨਿਆਮਤ ਨੂੰ ਦੁਬਾਰੇ ਖੁਦ ਪੈਦਾ ਕਰਨ ਦੀ ਆਦਤ ਪਾਈਏ ਤਾਂ ਜੋ ਪਰਿਵਾਰਾਂ ਦੇ ਸਾਰੇ ਪੱਖ ਸਹੀ ਸਲਾਮਤ ਹੋ ਸਕਣ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781-11445
ਰੋਟੀ 'ਚ ਕਿਰਕਲ ਵਾਂਗ ਹਨ ਰਸਮਾਂ ਵਿਹੂਣੇ ਵਿਆਹ
ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀ ਦਰ ਪੀੜ੍ਹੀ ਸਮਾਜਿਕ ਵਿਕਾਸ ਸੰਸਾਰ ਦੇ ਆਉਣ ਜਾਣ ਦੀ ਪ੍ਰਕਿਰਿਆ ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀ ਮੋਹ,ਤਰੱਕੀ ਅਤੇ ਵਿਆਹ ਦੀ ਕਲਪਨਾ ਸ਼ੁਰੂ ਹੋ ਜਾਂਦੀ ਹੈ। ਮੋਹ ਅਤੇ ਤਰੱਕੀ ਭਾਵੇਂ ਫਿੱਕੀ ਪੈ ਜਾਵੇ ਪਰ ਵਿਆਹ ਕਰਨ ਅਤੇ ਕਰਾਉਣ ਦੀ ਨੈਤਿਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਸਮਾਜ ਵਿਚ ਪੈਂਠ ਬਣਾਉਣ ਲਈ ਵੀ ਵਿਆਹ ਕਰਨਾ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਮਿਹਣਾ-ਤਾਅਨਾ ਤਿਆਰ ਹੁੰਦਾ ਹੈ ਕਿ ਤੇਰਾ ਵਿਆਹ ਤਾਂ ਹੋਇਆ ਨਹੀਂ।
ਵਿਆਹ ਦੋ ਜਿੰਦਾਂ ਦੇ ਮੇਲ ਦੇ ਨਾਲ-ਨਾਲ ਸਮਾਜ ਦੀ ਨਵੀਂ ਇਕਾਈ ਦਾ ਮੇਲ ਵੀ ਹੁੰਦਾ ਹੈ। ਪਹਿਲਾਂ ਛੋਟੀ ਉਮਰ ਵਿਚ ਵਿਆਹ ਕੀਤੇ ਜਾਂਦੇ ਸਨ ਜੋ ਕਿਸੇ ਹੱਦ ਤੱਕ ਸਹੀ ਵੀ ਸਨ। ਇਸ ਨਾਲ ਦਰਿੰਦਗੀ ਅਤੇ ਅਸੱਭਿਅਕ ਆਦਤਾਂ ਨੂੰ ਰੋਕ ਲੱਗਦੀ ਸੀ। ਉਂਜ ਕਾਨੂੰਨ ਅਨੁਸਾਰ ਬਾਲ ਵਿਆਹ ਰੋਕਣੇ ਸਹੀ ਵੀ ਹਨ ਪਰ ਸੈਕਸ ਸਿੱਖਿਆ ਤੋਂ ਅੱਜ ਤੱਕ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ। ਖੁੱਲ੍ਹ-ਦਿਲੀ ਵਾਲਾ ਵਿਸ਼ਾ ਅਜੇ ਤੱਕ ਵਿਵਾਹਕ ਸਬੰਧ ਨਹੀਂ ਬਣ ਸਕੇ। ਕਿਤੇ ਨਾ ਕਿਤੇ ਇਹ ਵਿਸ਼ਾ ਵੀ ਰੁਕਾਵਟ ਹੈ। ਜੇ ਸਰੀਰਕ ਕ੍ਰਿਆਵਾਂ, ਜੀਵ ਵਿਗਿਆਨਕ ਪਹਿਲੂ ਅਤੇ ਸਿੱਖਿਆ ਦਾ ਸੁਮੇਲ ਪਰਿਵਾਰਕ ਸਾਂਝਾ ਵਿਚ ਘੁਲ ਜਾਵੇ ਤਾਂ ਰਿਸ਼ਤਿਆਂ ਦੀ ਪਕੜ ਸਲਾਮਤ ਰਹਿ ਸਕਦੀ ਹੈ।
ਆਪਣੇ ਵਿਆਹ ਦੀ ਖੁੱਲੀ ਗੱਲ ਕਰਨੀ ਅਜੇ ਵੀ ਮੁੰਡੇ ਕੁੜੀਆਂ ਲਈ ਸ਼ਰਮ ਪੈਦਾ ਕਰਦਾ ਹੈ । ਖਾਸ ਤੌਰ ਤੇ ਧੀਆਂ ਇਸ ਦੇ ਪ੍ਰਭਾਵ ਨੂੰ ਹੰਢਾਉਂਦੀਆਂ ਹਨ। ਬੱਚੇ ਦੇ ਵਿਕਾਸ ਦਾ ਪਹਿਲਾ ਫੌਡਾ ਪਾਲਣ-ਪੋਸ਼ਣ ਦੂਜਾ ਰੁਜ਼ਗਾਰ ਅਤੇ ਤੀਜਾ ਵਿਆਹ ਹੁੰਦਾ ਹੈ। ਵਿਆਹ ਵਿਚ ਰਸਮਾਂ, ਸਭ ਕਿਸਮ ਦੇ ਰਿਵਾਜ਼ ਅਤੇ ਚਾਅ ਮਲ੍ਹਾਰ ਛਿਪੇ ਹੁੰਦੇ ਹਨ। ਪੜਾਅਵਾਰ ਪਾਣੀ ਵਾਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਸਮ ਰਿਵਾਜ਼ ਵਿਆਹਾਂ ਨੂੰ ਸ਼ਿੰਗਾਰਦੇ ਹਨ। ਮੰਗਣੀ ਦੀ ਰਸਮ ਤੋਂ ਬਾਅਦ ਸਾਹਾ ਸਧਾਉਣਾ, ਭਾਜੀ ਨਾਲ ਕਾਰਡਾਂ ਦੀ ਵੰਡ, ਪੇਕੇ ਵਿਆਹ ਦੱਸਣ ਜਾਣਾ, ਮਾਈਆਂ ਵੱਟਣਾ, ਨਾਨਕਾ ਮੇਲ, ਜਾਗੋ, ਸੇਹਰਾਬੰਧੀ, ਧਾਰਮਿਕ ਰਸਮਾਂ, ਥਾਲੀ ਦੇਣੀ, ਬੂਟ ਲੁਕਾਉਣੇ, ਧਾਮ ਅਤੇ ਸਿੱਠਣੀਆਂ, ਡੋਲੀ ਤੋਰਨੀ ਅਤੇ ਬੰਨ੍ਹੇ ਦੀ ਮਾਂ ਵੱਲੋਂ ਪਾਣੀ ਵਾਰਨ ਤੱਕ ਦਾ ਸਫਰ ਵਿਆਹ ਨੂੰ ਲੰਬੇ ਸਮੇਂ ਤੱਕ ਮਿਠਾਸ ਭਰਿਆ ਰੱਖਦਾ ਹੈ। ਆਪਣੇ ਅੰਦਰ ਅਤੇ ਆਲੇ-ਦੁਆਲੇ ਝਾਤ ਮਾਰ ਕੇ ਦੇਖੀਏ ਕਿ ਹੁਣ ਇਹ ਰਸਮਾਂ ਕਿੰਨੀਆਂ ਕੁ ਨਿਭਾਈਆਂ ਜਾਂਦੀਆਂ ਹਨ। ਮਹਿਜ਼ ਖਾਨਾ ਪੂਰਤੀ ਹੀ ਚੱਲਦੀ ਹੈ।ਬਹੁਤੀ ਜਗ੍ਹਾ ਇਨ੍ਹਾਂ ਦੀ ਲੋੜ ਹੀ ਨਹੀਂ ਪੈਂਦੀ ਪਰ ਜਿਵੇਂ ਰੋਟੀ ਵਿਚ ਕਿਰਕਲ ਰੋਟੀ ਦੀ ਲੋੜ ਨੂੰ ਬੇਲੋੜ ਕਰ ਦਿੰਦੀ ਹੈ ਇਸੇ ਤਰ੍ਹਾਂ ਰਸਮਾਂ ਤੋਂ ਬਿਨਾਂ ਵਿਆਹ ਵੀ ਇਹੋ ਕੁਝ ਹਾਲਾਤ ਪੈਦਾ ਕਰਦਾ ਹੈ।ਜੇ ਵਿਆਹ ਦੇ ਸਮੇਂ ਚਾਅ ਮਲਾਰਾਂ ਦੀ ਬਜਾਏ ਬੋਝ ਅਤੇ ਪਰੇਸ਼ਾਨੀ ਹੰਢਾਈ ਜਾਵੇ ਤਾਂ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਲੀਰੋ-ਲੀਰ ਹੁੰਦੀ ਹੈ। ਪਿਆਰ ਵਿਆਹ, ਲੜਕੀ ਨੂੰ ਬੋਝ ਸਮਝਣਾ ਅਤੇ ਰੂੜ੍ਹੀਵਾਦੀ ਮਾਨਸਿਕਤਾ ਸਮਾਜ ਦੀ ਹਿੰਸਾ ਨੇ ਵੀ ਸ਼ਾਹੀ ਅਤੇ ਲਾਡਲੇ ਰਸਮ ਰਿਵਾਜ਼ ਘਸਮੈਲੇ ਕੀਤੇ ਹਨ। ਗਿੱਧਾ,ਭੰਗੜ੍ਹਾ ਅਤੇ ਸਿੱਠਣੀਆਂ ਵੀ ਅਤੀਤ ਗਵਾ ਕੇ ਮਜਬੂਰੀ ਦੀ ਝਲਕ ਪੇਸ਼ ਕਰਦੀਆਂ ਹਨ।
ਸੱਭਿਆਚਾਰ ਰੋਜ਼ਮਰਾ ਹੰਢਾਉਣ ਵਾਲੀਆਂ ਆਦਤਾਂ ਦਾ ਨਕਸ਼ਾ ਤਾਂ ਹੈ ਪਰ ਜੇ ਇਹ ਆਦਤਾਂ ਵਿਰਸੇ ਨੂੰ ਹੰਢਾਉਣ ਵਿਚ ਨਾਕਾਮ ਰਹਿੰਦੀਆਂ ਹਨ ਤਾਂ ਪਿਆਰ, ਰੰਗ, ਛੋਹ ਅਤੇ ਸਾਂਝਾਂ ਦਾ ਅੰਦਾਜ਼ਾ ਖੁਦ ਹੀ ਲੱਗ ਜਾਂਦਾ ਹੈ। ਵਿਆਹ ਸਬੰਧੀ ਰਸਮਾਂ ਰਿਵਾਜਾਂ ਨੂੰ ਕਿਤਾਬਾਂ ਵਿਚ ਲੁਕਣ ਲਈ ਮਜਬੂਰ ਹੋਣਾ ਪਵੇਗਾ। ਜਿੰਨਾ ਮਰਜ਼ੀ ਪਦਾਰਥਵਾਦੀ ਬਣ ਜਾਈਏ ਪੈਸੇ ਦਾ ਜਾਲ ਵਿਛਾ ਲਈਏ ਜੇ ਅਨੰਦਮਈ ਤਰੀਕੇ ਨਾਲ ਰਸਮਾਂ ਰਿਵਾਜ ਨਾ ਮਨਾ ਸਕੀਏ ਤਾਂ ਜੀਵਨ ਦਾ ਰੰਗ ਫਿੱਕਾ ਹੀ ਰਹੇਗਾ।ਆਓ ਵਿਰਸੇ ਦੇ ਪੁਰਾਣੇ ਰੰਗਾਂ ਅਨੁਸਾਰ ਵਿਆਹ ਕਰਨ ਦੀ ਪਿਰਤ ਨਵੇਂ ਸਿਰਿਓ ਸ਼ੁਰੂ ਕਰੀਏ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781-11445
ਹੜ੍ਹਾਂ ਤੋਂ ਬਚਣ ਲਈ ਉਪਰਾਲੇ ਜ਼ਰੂਰੀ - ਸੁਖਪਾਲ ਸਿੰਘ ਗਿੱਲ
ਹਰ ਸਾਲ ਸਮੇਂ - ਸਮੇਂ ਤੇ ਕੁਦਰਤੀ ਆਫ਼ਤਾਂ ਸਮਾਜਿਕ ਅਤੇ ਆਰਥਿਕ ਸੰਤੁਲਨ ਵਿਗਾੜ ਦਿੰਦੀਆਂ ਹਨ । ਸਰਕਾਰ ਵਲੋਂ ਇੰਤਜਾਮ ਕੀਤੇ ਜਾਂਦੇ ਹਨ , ਪਰ ਫਿਰ ਵੀ ਕਈ ਵਾਰ ਕੁਦਰਤ ਦੀ ਕਰੋਪੀ ਨੁਕਸਾਨ ਕਰ ਹੀ ਦਿੰਦੀ ਹੈ । ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰਕਾਰ ਵਲੋਂ ਆਫ਼ਤ - ਪ੍ਰਬੰਧਨ ਕੀਤੇ ਜਾਂਦੇ ਹਨ । ਇਹਨਾਂ ਲਈ ਲੋਕਾਂ ਦਾ ਸਹਿਯੋਗ ਅਤੀ ਜ਼ਰੂਰੀ ਹੈ ।
15 ਜੂਨ ਤੋਂ 30 ਸੰਤਬਰ ਤੱਕ ਹਰ ਸਾਲ ਹੜ੍ਹਾਂ ਦਾ ਰੋਲਾ - ਰੱਪਾ ਪ੍ਰਸ਼ਾਸ਼ਨ ਦੀ ਨੀਂਦ ਹਰਾਮ ਕਰਕੇ ਰੱਖ ਦਿੰਦਾ ਹੈ । ਮੀਟਿੰਗ ਤੇ ਮੀਟਿੰਗ ਹੋਣ ਨਾਲ ਲੋਕਾਂ ਦੇ ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਹਨ । ਫਲੱਡ ਕੰਟਰੋਲ ਰੂਮ ਸਥਾਪਿਤ ਕਰਕੇ ਹੇਠਲੇ ਪੱਧਰ ਤੱਕ ਲਾਮਬੰਦੀ ਕੀਤੀ ਜਾਂਦੀ ਹੈ । ਇਸ ਵਿਸ਼ੇ ਤੇ 24 ਘੰਟੇ ਇਕ ਮੁਲਾਜ਼ਮ ਫੋਨ ਤੇ ਹਾਜ਼ਰ ਰਹਿੰਦਾ ਹੈ । ਇਹ ਕੰਟਰੋਲ ਰੂਮ ਪੁਲਸ ਥਾਣੇ ਵਿੱਚ ਪੱਕੇ ਤੌਰ ਤੇ ਬਣਨੇ ਚਾਹੀਦੇ ਹਨ । ਇੱਥੇ 24 ਘੰਟੇ ਮੁਲਾਜ਼ਮ ਫੋਨ ਤੇ ਹਾਜ਼ਰ ਰਹਿੰਦਾ ਹੈ । ਹੋਰ ਮਹਿਕਮੇ ਆਪਣਾ ਕੰਮ ਕਰ ਸਕਦੇ ਹਨ ।
ਜਾਗਰੂਕਤਾ ਹੀ ਉਪਾਅ ਹੁੰਦਾ ਹੈ , ।ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪਾ ਦਾ ਸਹੀ ਸਮੇਂ ਆਯੋਜਨ ਕਰਨਾ ਚਾਹੀਦਾ ਹੈ । ਲੋਕਾਂ ਵੱਲੋਂ ਛੋਟੀਆਂ - ਮੋਟੀਆਂ ਅਣਗਹਿਲੀਆਂ ਵੀ ਹੜ੍ਹ ਦਾ ਕਾਰਨ ਬਣ ਜਾਂਦੀਆਂ ਹਨ । ਰਸਤੇ , ਨਾਲੇ - ਨਾਲੀਆਂ ਅਤੇ ਖੱਡਾਂ ਵਿੱਚ ਗੰਦ - ਮੰਦ ਸੁੱਟਣਾ ਅਤੇ ਨਜ਼ਾਇਜ ਕਬਜੇ ਵੀ ਹੜ੍ਹਾਂ ਦਾ ਕਾਰਨ ਹਨ । ਇਹ ਉਪਰਾਲੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹਨ । ਭਾਖੜਾ ਡੈਮ ਪਾਣੀ ਛੱਡਣ ਵੇਲੇ ਲੋਕਾਂ ਨੂੰ ਸੁਨੇਹਾ ਦਿੰਦਾ ਹੈ ।ਇਸ ਤੋਂ ਇਲਾਵਾ ਸਰਕਾਰ ਵੀ ਹੜ੍ਹਾਂ ਦੇ ਮੌਸਮ ਨੂੰ ਮੱਦੇ ਨਜ਼ਰ ਰੱਖ ਕੇ ਖਤਰਿਆਂ ਤੋਂ ਬਚਣ ਲਈ ਹੋਕਾ ਦਿੰਦੀ ਰਹਿੰਦੀ ਹੈ । ਇਸ ਦੀ ਵੀ ਕਈ ਵਾਰ ਲੋਕ ਪਰਵਾਹ ਨਹੀਂ ਕਰਦੇ । ਇਹ ਲੋਕਾਂ ਦੀ ਮਜ਼ਬੂਰੀ ਜਾਂ ਢੀਠਪੁਣਾ ਹੀ ਸਮਝਿਆ ਜਾ ਸਕਦਾ ਹੈ । ਕੁਦਰਤੀ ਆਫ਼ਤ ਦਾ ਟਾਕਰਾ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਹੋ ਸਕਦਾ ।
ਕੁਦਰਤ ਨੂੰ ਚੈਲਿੰਜ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸਦੀ ਮਾਰ ਦਾ ਮੁਕਾਬਲਾ ਕਰਨ ਲਈ ਉਪਰਾਲੇ ਕੀਤੇ ਜਾ ਸਕਦੇ ਹਨ । 1988 ਦੇ ਹੜ੍ਹਾਂ ਦੀ ਮਾਰ ਅੱਜ ਵੀ ਖੌਫਨਾਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਵੀ ਬਹੁਤਾ ਕੁਝ ਨਹੀਂ ਸਿੱਖਿਆ । ਹੁਣੇ - ਹੁਣੇ ਸਰਕਾਰ ਨੇ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਟੋਭਿਆ ਦੀ ਸਫਾਈ ਕਰਵਾਉਣ ਦਾ ਸਹੀ ਉਪਰਾਲਾ ਕੀਤਾ ਹੈ । ਹਰ ਸਾਲ ਖੱਡਾਂ ਦੀ ਸਫਾਈ ਵੀ ਸਰਕਾਰ ਕਰਾਉਂਦੀ ਹੈ । ਸਤਲੁਜ , ਘੱਗਰ ਅਤੇ ਬਿਆਸ ਦੀ ਮਾਰ ਵਾਲੇ ਇਲਾਕੇ ਹਰ ਸਾਲ ਭੈਭੀਤ ਰਹਿੰਦੇ ਹਨ । ਇਹਨਾਂ ਲਈ ਪੱਕਾ ਇੰਤਜ਼ਾਮ ਹੋਣਾ ਚਾਹੀਦਾ ਹੈ । ਜਾਗਰੂਕ ਹੋ ਕੇ ਉਪਰਾਲੇ ਕਰਨਾ ਸਾਡਾ ਫਰਜ਼ ਹੈ । ਇਸ ਲਈ ਆਓ ਸਰਕਾਰ ਨਾਲ ਸਹਿਯੋਗ ਕਰਕੇ ਇਹਨਾਂ ਦੀ ਮਾਰ ਤੋਂ ਬਚਣ ਲਈ ਪੱਕੇ ਉਪਰਾਲੇ ਕਰੀਏ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਏਕਤਾ ਦਾ ਸਬੂਤ ਦਈਏ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਅਣਹੋਂਦ ਦਾ ਅਹਿਸਾਸ - ਸੁਖਪਾਲ ਸਿੰਘ ਗਿੱਲ
ਕਿਸੇ ਬੰਦੇ ਦੀ ਅਣਹੋਂਦ ਹੀ ਉਸਦੇ ਹੋਣ ਜਾਂ ਨਾ ਹੋਣ ਦਾ ਅਹਿਸਾਸ ਕਰਵਾਉਂਦੀ ਹੈ । ਇਸੇ ਪ੍ਰਸੰਗ ਵਿੱਚ ਪਿੰਡੇ ਤੇ ਹੰਢਾਏ ਆਪਣੇ ਤਜ਼ਰਬੇ ਨਾਲ ਹੀ ਹੋਂਦ ਨੂੰ ਅਣਹੋਂਦ ਵਿੱਚ ਬਦਲਣ ਸਮੇਂ ਸਹੀ ਪਤਾ ਚੱਲਦਾ ਹੈ । ਪਿੱਛਲੇ ਸਾਲ ਮੇਰੇ ਪਿਤਾ ਜੀ ਦੀ ਮੌਤ ਨੇ ਅਣਹੋਂਦ ਦਾ ਅਹਿਸਾਸ ਕਰਵਾਇਆ । ਇੱਕ ਗੱਲ ਹੋਰ ਉਪਜੀ ਕਿ ਜਿਵੇਂ ਫੁੱਲ ਦੀ ਕੀਮਤ ਖੁਸ਼ਬੂ ਲਈ ਹੁੰਦੀ ਹੈ । ਉਸੇ ਤਰਾਂ ਬੰਦੇ ਦੀ ਕੀਮਤ ਵੀ ਉਸਦੀ ਹੋਂਦ ਲਈ ਹੁੰਦੀ ਹੈ । ਅੰਤਮ ਰਸਮਾਂ ਤੋਂ ਬਾਅਦ ਮੈਨੂੰ 45 ਸਾਲਾ ਗੁਜ਼ਰੀ ਜਿੰਦਗੀ ਫੁੱਲਾਂ ਦੀ ਸੇਜ ਹੀ ਲੱਗੀ ।
ਥੋੜ੍ਹੇ ਦਿਨਾਂ ਬਾਅਦ ਇੱਕ ਬੰਦਾ ਮੋਟਰ ਦੀ ਚਾਬੀ ਲੈਣ ਆਇਆ , ਮੈਨੂੰ ਉਸਦਾ ਆਉਣਾ ਅਜ਼ੀਬ ਲੱਗਾ । ਹੋਰ ਵੀ ਅਜੀਬ ਲੱਗਾ ਜਦੋਂ ਉਸ ਨੇ ਮੇਰੇ ਤੋਂ ਮੋਟਰ ਦੀ ਜਾਬੀ ਮੰਗੀ । ਹੋਰ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਰੱਖ ਗਿਆ ਇਹ ਸੁਣਾ ਕੇ ਹੁਣ ਤੂੰ ਹੀ ਘਰ ਦਾ ਮਾਲਕ ਹੈ ।ਇਸ ਤੋਂ ਬਾਅਦ ਇੱਕ ਹੋਰ ਬੰਦਾ ਪੁੱਛਣ ਆਇਆ ਕਿ ਮੈਂ ਤੁਹਾਡੇ ਖੇਤ ਵਿੱਚੋਂ ਆੜ ਕੱਢ ਕੇ ਪਾਣੀ ਦੇਣਾ ਹੈ । ਮੈਂ ਇੱਕ ਦਮ ਫੈਸਲਾ ਤਾਂ ਨਹੀਂ ਲੈ ਸਕਿਆ ਪਰ ਇਹ ਸੋਚ ਕੇ ਪਹਿਲੇ ਵੀ ਇਨਾਂ ਦੇ ਕੰਮ ਚੱਲਦੇ ਸੀ ਹਾਂ ਕਰ ਦਿੱਤੀ । ਇਸ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਹਾਡੇ ਪਿਤਾ ਜੀ ਨੂੰ ਮੈਂ ਕਦੇ ਨਹੀਂ ਸੀ ਪੁੱਛਿਆ । ਮੈਂ ਇਨਾ ਫੈਸਲਿਆਂ ਤੇ ਆਪਣੇ ਆਪ ਵਿੱਚ ਗੁਵਾਚ ਗਿਆ । ਮੈਨੂੰ ਜ਼ਿੰਮੇਵਾਰੀ ਦੇ ਅਹਿਸਾਸ ਨੇ ਅਣਹੋਂਦ ਦੇ ਅਹਿਸਾਸ ਦੇ ਸਾਹਮਣੇ ਖੜਾ ਕਰ ਦਿੱਤਾ।
ਅਹਿਸਾਸ ਹੋਇਆ ਜੇ ਮੈਂ ਆਪਣੀ ਮਰਜੀ ਦੇ ਹਿਸਾਬ ਨਾਲ ਚੱਲਾਂ , ਤਾਂ ਦੋ ਪਾਸੀ ਫਸਦਾ ਨਜ਼ਰ ਆਇਆ । ਇੱਕ ਪਾਸੇ ਪਿਓ ਦੀ ਦਿਸ਼ਾ ਨੂੰ ਨਕਾਰਨਾ ਦੂਜੇ ਪਾਸੇ ਸਮਾਜਿਕ ਏਕਤਾ ਖਦੇੜਨੀ । ਸੋਚ ਵਿਚਾਰ ਤੋਂ ਬਾਅਦ ਰੀਤ ਅਨੁਸਾਰ ਤੁਰੇ ਆਉਦੇਂ ਪਰਿਵਾਰਕ ਫੈਸਲਿਆਂ ਤੇ ਤੁਰਨ ਦਾ ਫੈਸਲਾ ਕਰ ਲਿਆ । ਨਿੱਤ ਦਿਨ ਨਵੇਂ ਤਜ਼ਰਬੇ ਹੋਂਦ ਵਿੱਚ ਆਉਣ ਲੱਗੇ । ਇਹਨਾਂ ਵਿੱਚੋਂ ਪਿਤਾ ਨਾਲ ਗੁਜ਼ਾਰੇ 45 ਵਰੇ , ਅਣਹੋਂਦ ਦਾ ਇੱਕ ਸਾਲ ਅਤੇ ਪਲ - ਪਲ ਅਹਿਸਾਸ ਜਿੰਦਗੀ ਲਈ ਬਹੁਤ ਕੁਝ ਨਵਾਂ ਸਿਰਜ ਰਿਹਾ ਹੈ ਸੱਚੀ ਸ਼ਰਧਾ ਵੀ ਇਹੀ ਹੈ ਕਿ ਉਹਨਾਂ ਦੇ ਪਾਏ ਪੂਰਨੇ ਚੇਤੇ ਵਿੱਚ ਵਸੇ ਰਹਿਣ ਨਾਲ ਹੀ ਉਹਨਾਂ ਦੀ ਅਣਹੋਂਦ ਨੂੰ ਹੋਂਦ ਵਿੱਚ ਸਮਝਣ ਦਾ ਸਬਕ ਵੀ ਮਿਲਦਾ ਰਹੇਗਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਮੁਲਾਜ਼ਮ ਅਤੇ ਮੋਬਾਇਲ ਫੋਨ ਦੀ ਵਰਤੋਂ - ਸੁਖਪਾਲ ਸਿੰਘ ਗਿੱਲ,
ਨਵੇਂ ਜ਼ਮਾਨੇ ਦੀ ਤਰੱਕੀ ਅਨੁਸਾਰ ਤੁਰਨਾ ਤਾ ਸਹੀ ਹੈ, ਪਰ ਜੇ ਇਸ ਦਾ ਅਉਗਣਾਂ ਨੂੰ ਨਾ ਹੰਡਾਇਆ ਜਾਵੇ। ਅੱਜ ਸਾਇੰਸ ਅਤੇ ਟੈਕਨੋਲੋਜੀ ਦੇ ਜ਼ਮਾਨੇ ਵਿਚ ਮੋਬਾਇਲ ਫੋਨ ਦੀ ਵਰਤੋਂ ਭਾਰੂ ਹੈ। ਇਸ ਦੇ ਸਹੀ ਉਪਯੋਗ ਦੇ ਨਾਲ ਨਾਲ ਗਲਤ ਉਪਯੋਗ ਵੀ ਹੋ ਰਹੇ ਹਨ।ਜਿਸ ਦੀ ਗਵਾਹੀ ਰੋਜ਼ਾਨਾ ਅਖਬਾਰੀ ਸੁਰਖੀਆਂ ਵੀ ਭਰਦੀਆਂ ਹਨ। ਮੋਬਾਇਲ ਫੋਨ ਦੇ ਉਪਯੋਗ ਸਿੱਕੇ ਦੇ ਦੋਨੋ ਪਾਸਿਆਂ ਵਾਂਗ ਹਨ। ਪਰ ਹਲਾਤਾਂ ਨੇ ਇਸ ਨੂੰ ਬੇਲੋੜੇ ਅਤੇ ਬੇਸਮਝੀ ਵਾਲੇ ਪਾਸੇ ਤੋਰ ਦਿੱਤਾ ਹੈ।
ਅੱਜ ਭੱਖਦਾ ਮਸਲਾ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਪੰਜਾਬ ਦਾ ਸਰਕਾਰੀ ਤੰਤਰ ਡੰਗ ਟਪਾਉ ਅਤੇ ਬਚਕਾਨਾ ਕਾਰਵਾਈ ਦੀ ਆਦਤ ਪਾ ਚੁੱਕਾ ਹੈ। ਸਹੀ ਗੱਲ ਰੱਖਣ ਦਾ ਜ਼ਮਾਨਾ ਵੀ ਨਹੀਂ ਹੈ। ਅੱਜ ਮੋਬਾਇਲ ਫੋਨ ਨੂੰ ਤਰੱਕੀ ਅਤੇ ਵਿਕਾਸ ਤੋਂ ਦੇਖਦੇ ਹੋਏ ਸਰਕਾਰ ਨੇ ਮੋਬਾਇਲ ਭੱਤਾ ਵੀ ਦਿੱਤਾ ਹੈ। ਇਸ ਨਾਲ ਵੱਡਾ ਮੁਲਾਜ਼ਮ ਮੋਬਾਇਲ ਕਰਕੇ ਅਤੇ ਵਟਸਅੱਪ ਕਰਕੇ ਭਾਰ ਮੁੱਕਤ ਸਮਝ ਲੈਂਦਾ ਹੈ। ਥੱਲੇ ਵਾਲਾ ਮੈਸਜ਼ ਦੇਖੇ ਜਾਂ ਨਾ ਦੇਖੇ ਸਭ ਕੁੱਝ ਉਸ ਦੇ ਜ਼ਿੰਮੇ ਪਾ ਦਿੱਤਾ ਜਾਦਾ ਹੈ। ਇਸ ਤਰੀਕੇ ਨਾਲ ਗਲਤ ਅਤੇ ਤੱਥ ਵਿਹੂਣੀਆਂ ਰਿਪੋਰਟਾਂ ਭੇਜਣ ਦਾ ਰੂਝਾਨ ਵੱਧਦਾ ਹੈ।
ਵਟਸਅੱਪ ਉਤੇ ਸੂਝਵਾਨ ਤੰਤਰ ਵੱਲੋਂ ਸਰਕਾਰੀ ਮੁਲਾਜਮਾਂ ਲਈ ਵਰਤੋਂ ਤੇ ਰੋਕ ਲਗਾਈ ਗਈ ਸੀ। ਪਰ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਦੇ ਕੇ ਜਲਦੀ ਇਹ ਫੈਸਲਾ ਵਾਪਸ ਲੈ ਲਿਆ ਸੀ। ਇਹ ਬਿਰਤਾਂਤ ਵੀ ਬਹੁਤ ਕੁੱਝ ਦੱਸਦਾ ਹੈ।ਜੇ ਅਧਿਆਪਕ ਸਕੂਲ ਵਿਚ ਫੋਨ ਦੀ ਵਰਤੋਂ ਕਰੇ ਤਾਂ ਅੰਦਾਜ਼ਾ ਸਹਿਜੇ ਹੀ ਲੱਗ ਜਾਦਾ ਹੈ। ਚਿੱਠੀ ਪੱਤਰ ਕਈ ਦਿਨਾਂ ਤੱਕ ਦਫਤਰ ਵਿਚ ਰੁਲਦਾ ਰਹਿੰਦਾ ਹੈ। ਜਦੋਂ ਹਫੜਾ ਦਫੜੀ ਮਚਦੀ ਹੈ ਤਾਂ ਵਟਸਅੱਪ ਦਾ ਸਹਾਰਾ ਲੈ ਕੇ ਵਟਸਅੱਪ ਪ੍ਰਾਪਤੀ ਵਾਲਾ ਮਾਨਸਿਕ ਤਣਾਅ ਵਿਚ ਪਾ ਦਿੱਤਾ ਜਾਦਾ ਹੈ। ਜੇ ਚਿੱਠੀ ਪੱਤਰ ਦਫਤਰ ਦੇ ਐਡਰੈਸ ਤੇ ਜਾਵੇ ਜਾਂ ਦਫਤਰੀ ਈ.ਮੇਲ ਤੇ ਜਾਵੇ ਤਾਂ ਕਈ ਮੁਸ਼ਕਿਲਾ ਹੱਲ ਹੋ ਜਾਂਦੀਆ ਹਨ।
ਸਰਕਾਰੀ ਮੁਲਾਜ਼ਮ ਦੇ ਵਟਸਅੱਪ ਪ੍ਰੋਫਾਇਲ ਤੇ ਅਪਣੀ ਫੋਟੋ ਲਾਉਣੀ ਲਾਜ਼ਮੀ ਬਣਾਈ ਜਾਵੇ। ਇਹ ਸਿਧਾਂਤ ਆਮ ਨਾਗਰਿਕਾਂ ਲਈ ਵੀ ਜਰੂਰੀ ਹੋਵੇ ਤਾਂ ਜੋ ਸ਼ਕਲ ਤੋਂ ਬੰਦੇ ਬਾਰੇ ਪਤਾ ਚਲ ਸਕੇ। ਮੁਲਾਜ਼ਮਾਂ ਨੂੰ ਦਫਤਰੀ ਫੋਨ ਅਤੇ ਦਫਤਰੀ ਈ.ਮੇਲਾਂ ਦੀ ਹਾਰਡ ਕਾਪੀ ਰਾਹੀਂ ਸੁਨੇਹੇ ਦਿੱਤੇ ਜਾਣ। ਇਸ ਨਾਲ ਕਈ ਕਿਸਮ ਦੇ ਪ੍ਰਸ਼ਾਸ਼ਕੀ ਸੁਧਾਰ ਹੋਣ ਦੀ ਆਸ ਬੱਝੇਗੀ। ਮੁਲਾਜ਼ਮ ਆਪਣਾ ਕੰਮ ਕਰਦਾ ਹੁੰਦਾ ਹੈ, ਧੜਾ ਧੜ ਆਉਂਦੇ ਫੋਨਾਂ ਤੋਂ ਦੁੱਖੀ ਹੋ ਜਾਦਾ ਹੈ। ਦਫਤਰੀ ਕੰਮ ਖੂਹ ਖਾਤੇ ਪੈ ਜਾਂਦਾ ਹੈ। ਹਾਂ ਇਕ ਗੱਲ ਜ਼ਰੂਰ ਹੈ ਕਿ ਆਪਣਾ ਉਚ ਅਧਿਕਾਰੀ ਫੋਨ ਕਰੇ ਤਾਂ ਮੁਲਾਜ਼ਮ ਨੂੰ ਚੁੱਕਣ ਵਿਚ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ।ਆਮ ਲੋਕਾਂ ਵੱਲੋਂ ਆਉਂਦੇ ਮੋਬਾਇਲ ਫੋਨਾਂ ਵਿਚ ਮੁਲਾਜ਼ਮ ਗਵਾਚ ਹੀ ਜਾਦਾ ਹੈ। ਇਸ ਵਿਸ਼ੇ ਤੇ ਬਹੁੱਤੇ ਲੋਕ ਗੈਰ ਜਿੰਮੇਵਾਰੀ ਦਿਖਾਉਂਦੇ ਹਨ।ਦਫਤਰੀ ਕੰਮ ਵਿਚ ਵਿਚਾਲੇ ਲਟਕ ਜਾਦਾ ਹੈ। ਇਸ ਲਈ ਇਸ ਵਿਸ਼ੇ ਤੇ ਮੁਲਾਜ਼ਮਾਂ ਨੂੰ ਮੋਬਾਇਲ ਫੋਨ ਵਰਤਣ ਲਈ ਅਗਵਾਈ ਲੀਹਾਂ ਜਾਰੀ ਹੋਣ, ਤਾਂ ਜੋ ਫੋਨਾਂ ਵਿਚ ਗਵਾਚਣ ਨਾਲੋ ਆਪਣੇ ਮਹਿਕਮੇ ਦਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ।ਮੋਬਾਇਲ ਅਤੇ ਵੱਟਸਅੱਪ ਜ਼ਰੀਏ ਇਕ ਦੂਜੇ ਮੁਲਾਜ਼ਮ ਤੇ ਜਿੰਮੇਵਾਰੀ ਸੁੱਟਣਾ ਇਕ ਦੱਮ ਬੰਦ ਹੋਣਾ ਚਾਹੀਦਾ ਹੈ।ਇਸ ਨਾਲ ਕਈ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ।
ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ,
98781-11445
ਹਾੜ੍ਹੀ ਦੀ ਰਾਣੀ - ਕਣਕ - ਸੁਖਪਾਲ ਸਿੰਘ ਗਿੱਲ
ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ ਜੇਬ ਹਰੀ ਕਰਨ ਵੱਲ ਜਾ ਰਹੀ ਹੈ । ਸਾਡੇ ਮਾਣ ਮੱਤੇ ਵਿਰਸੇ ਨਾਲ ਜੁੜੀ ਕਣਕ ਆਰਥਿਕ ਅਤੇ ਸੱਭਿਆਚਾਰਕ ਪੱਖੋਂ ਸਾਡਾ ਜੀਵਨ ਸ਼ਿੰਗਾਰਦੀ ਹੈ । ਇਸੇ ਲਈ ਹਰੀ ਕ੍ਰਾਂਤੀ ਦੀ ਖੋਜ਼ ਹੋਈ ਸੀ । 1960 ਤੋਂ ਪਹਿਲਾਂ ਕੁਦਰਤ ਦੀ ਮਿਹਰਬਾਨੀ ਤੇ ਕਣਕ ਦੀ ਆਮਦ ਟਿਕੀ ਹੋਈ ਸੀ । ਮਾਰੂ ਕਣਕ ਮਸਾਂ ਹੀ ਛੇ ਮਹੀਨੇ ਦੇ ਗੁਜ਼ਾਰੇ ਜੋਗੀ ਘਰ ਪਹੁੰਚਦੀ ਸੀ । ਪਹਿਲੇ ਕਣਕ ਭੜੋਲਿਆਂ ਵਿੱਚ ਫੇਰ ਵੱਡੇ ਡਰੰਮਾਂ ਵਿੱਚ ਹੁਣ ਬੱਦਲਾਂ ਹੇਠ ਹੀ ਅੰਬਾਰ ਲੱਗੇ ਰਹਿੰਦੇ ਹਨ । ਇਸ ਕ੍ਰਾਂਤੀ ਨੇ ਅਤੀਤ ਨੂੰ ਭਵਿੱਖ ਨਾਲ ਜੋੜ ਕੇ ਹਾੜ੍ਹੀ ਦੀ ਰਾਣੀ ਬਣਾ ਕੇ ਕਣਕ ਨੂੰ ਪੇਸ਼ ਕੀਤਾ ਹੈ । ਹਕੀਕਤ ਵੀ ਇਹੋ ਹੈ ।
ਸਮਾਜਿਕ ਅਤੇ ਸੱਭਿਆਚਾਰਕ ਵੰਨਗੀ ਦੀ ਕਹਾਵਤ " ਕੁੜੀ ਪੇਟ ਵਿੱਚ ਕਣਕ ਖੇਤ ਵਿੱਚ ਆ ਜਵਾਈਆ ਮੰਡੇ ਖਾ " ਬਹੁਤ ਕੁਝ ਸਾਂਭੀ ਬੈਠੀ ਹੈ । ਸਰਕਾਰ ਨੇ ਕਣਕ ਦੀਆਂ ਉੱਨਤ ਕਿਸਮਾਂ ਦੀ ਖੋਜ ਕਰਕੇ ਕਿਸਾਨ ਨੂੰ ਦਿੱਤੀ । ਆਰਥਿਕਤਾ ਦਾ ਧੁਰਾ ਕਹਾਉਂਦੀ ਕਣਕ ਨੇ ਕੇਂਦਰੀ ਪੂਲ ਵਿੱਚ ਵੱਧ ਯੋਗਦਾਨ ਪਾਉਣ ਕਰਕੇ ਪੰਜਾਬ ਅਤੇ ਕਿਸਾਨ ਦਾ ਨਾਮ ਰੋਸ਼ਨ ਕੀਤਾ ਹੈ । ਹੁਣ ਤਾਂ ਕਣਕ ਦੇ ਢੇਰਾਂ ਨੂੰ ਸਾਂਭਣਾ ਵੀ ਮੁਸ਼ਕਲ ਹੋ ਜਾਂਦਾ ਹੈ । ਇਸ ਪ੍ਰਤੀ ਵੱਖ - ਵੱਖ ਸਿਆਸੀ ਖੇਡਾਂ ਵੀ ਹੁੰਦੀਆਂ ਹਨ । ਕਣਕ ਨਾਲ ਤਰ੍ਹਾਂ - ਤਰ੍ਹਾਂ ਦੀਆਂ ਸੱਭਿਆਚਾਰਕ ਸਮਾਜਿਕ ਅਤੇ ਸਾਹਿਤਿਕ ਵੰਨਗੀਆਂ ਵੀ ਇਸ ਗੱਲ ਦੀ ਗਵਾਹ ਹਨ , ਕਿ ਕਣਕ ਦਾ ਪੰਜਾਬੀਆਂ ਨਾਲ ਗੂੜ੍ਹਾ ਰਿਸ਼ਤਾ ਹੈ ।
ਪਹਿਲੇ ਸਮੇਂ ਦੀ ਕਹਾਵਤ ਹੈ ਕਿ " ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ " ਭਾਵ ਇਹ ਕਿ ਜਦੋਂ ਕੋਠੀ ਭੜੋਲੇ ਵਿੱਚ ਕਣਕ ਆ ਜਾਂਦੀ ਸੀ , ਉਦੋਂ ਤਰ੍ਹਾਂ ਤਰ੍ਹਾਂ ਦੇ ਸਮਾਜਿਕ ਫੁਰਨੇ ਫੁਰਦੇ ਸਨ । ਨਵੇਂ ਕਪੜੇ ਸਿਲਾਉਣੇ ਵਿਆਹ ਕਰਨੇ ਅਤੇ ਹੋਰ ਸੁਪਨੇ ਵੀ ਕਣਕ ਦੀ ਆਮਦ ਤੇ ਨਿਰਭਰ ਸੀ ।
40 ਕਿੱਲੋ ਬੀਜ ਤੋਂ 30 ਕੁਇੰਟਲ ਬਣਾ ਕੇ ਅੰਬਾਰ ਲਗਾਉਣਾ ਕਿਸਾਨ ਦਾ ਮਿਹਨਤੀ ਸੁਭਾਅ ਅਤੇ ਲਗਨ ਦਰਸਾਉਂਦਾ ਹੈ ।ਇਸੇ ਕਰਕੇ ਅੰਨਦਾਤਾ ਵੀ ਕਹਾਉਂਦਾ ਹੈ । ਪਹਿਲਾਂ ਕਣਕਾਂ ਬਲਦਾਂ ਨਾਲ ਗਾਹੀਆਂ ਜਾਂਦੀਆ ਸਨ , ਫਿਰ ਥਰੈਸ਼ਰ ਹੁਣ ਟਰੈਕਟਰ ਅਤੇ ਕੰਬਾਈਨਾਂ ਝੱਟ - ਪੱਟ ਕਣਕ ਕੱਢ ਦਿੰਦੀਆਂ ਹਨ । ਕਣਕ ਦਾ ਹਾੜ੍ਹੀ ਨਾਲ ਜਿਸਮ - ਰੂਹ ਦਾ ਰਿਸ਼ਤਾ ਹੈ । ਦੋਵੇਂ ਇੱਕ ਦੂਜੇ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ । ਅੱਜ ਸਿਹਤ ਦੇ ਪੱਖ ਤੋਂ ਕਣਕ ਅਲਰਜੀ ਵੀ ਕਰ ਰਹੀ ਹੈ । ਜੋ ਕੇ ਕੁਦਰਤ ਦੀ ਕਰੋਪੀ ਦੀ ਮਿਸਾਲ ਹੈ । ਕਣਕ ਦਾ ਜੂਸ ਵੱਖ - ਵੱਖ ਬਿਮਾਰੀਆਂ ਲਈ ਵੀ ਵਰਤਿਆ ਜਾਂਦਾ ਹੈ ।
ਲਾਲਾ ਧਨੀ ਰਾਮ ਚਾਤਰਿਕ ਦੀ ਅਮਰ ਲਿਖਤ " ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾ ਦਾ ਹਿਸਾਬ ਕੱਟ ਕੇ "ਅੱਜ ਵੀ ਕਣਕ ਦੇ ਸੱਭਿਆਚਾਰਕ , ਆਰਥਿਕ ਅਤੇ ਸਾਹਿਤਿਕ ਰੁਤਬੇ ਨੂੰ ਹੁਲਾਰਾ ਦਿੰਦੀ ਹੈ । ਬਜ਼ੁਰਗਾਂ ਦੀ ਲਿਖਤਾਂ " ਕਣਕ ਕਮਾਦੀ ਸੰਘਣੀ ਡੱਡੂ ਟੱਪ ਜਵਾਰ , ਮੈਂਸੀ ਜਾਈਆਂ ਕੱਟੀਆਂ ਤਾਂ ਸੋਨੇ ਦੇ ਘਰਬਾਰ " ਕਣਕ ਬਾਰੇ ਵੱਖ - ਵੱਖ ਸੁਮੇਲਾ ਦੀ ਮਿਸਾਲ ਰੱਖਦੀ ਹੈ । ਮਾਣ ਮੱਤੇ ਗਾਇਕਾਂ ਨੇ " ਏਧਰ ਕਣਕਾਂ ਓਧਰ ਕਣਕਾਂ " ਵੀ ਗਾ ਕੇ ਕਣਕ ਦਾ ਸੱਭਿਆਚਾਰਕ ਰੂਪਾਂਤਰ ਪੇਸ਼ ਕੀਤਾ ਹੈ ।
ਹਾੜ੍ਹੀ ਦੀ ਰਾਣੀ ਕਣਕ ਜੀਵਨ ਦੇ ਸਾਰੇ ਪੱਖਾਂ ਨੂੰ ਖੁਸ਼ਹਾਲ ਬਣਾ ਕੇ ਹਰੇ ਤੋਂ ਸੁਨਹਿਰੀ ਬਣਾਉਂਦੀ ਹੈ । ਪੰਜਾਬੀਆਂ ਲਈ ਭਾਵੇਂ ਤਰ੍ਹਾਂ - ਤਰ੍ਹਾਂ ਦੇ ਪਕਵਾਨ ਹੋਣ ਪਰ ਕਣਕ ਦੀ ਰੋਟੀ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ । 20 ਕੁ ਦਿਨਾਂ ਦੀ ਮਿਹਨਤ ਰੂਪੀ ਹਫੜਾ ਦਫੜੀ ਛੇ ਮਹੀਨੇ ਦਾ ਗੁਜ਼ਾਰਾ ਸਾਂਭ ਲੈਂਦੀ ਹੈ । ਬਦਲੇ ਜ਼ਮਾਨੇ ਨੇ ਕਣਕ ਨੂੰ ਆਪਣੀ ਰੰਗਤ ਵੀ ਦਿੱਤੀ ਹੈ । ਅਨੇਕਾਂ ਕਾਜ ਸਵਾਰਨ ਲਈ ਕਣਕ ਦਾ ਵੱਡਾ ਯੋਗਦਾਨ ਹੈ । ਹਾੜ੍ਹੀ ਅਤੇ ਪੰਜਾਬੀਆਂ ਦੀ ਰੂਹ ਨਾਲ ਕਣਕ ਦਾ ਸੁਮੇਲ ਸਦੀਵੀ ਰਹੇਗਾ ।ਹਾੜ੍ਹੀ ਨਾਲ ਕਣਕ ਦੀ ਪਹਿਚਾਣ ਬਾਕੀ ਫਸਲਾਂ ਨਾਲੋਂ ਅਲੱਗ ਚਮਕਦੀ ਰਹੇਗੀ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਆਗਾਮੀ ਚੋਣ ਮੁੱਦਾ ਬਣੇ ਪਾਣੀ ਦਾ ਸੰਕਟ - ਸੁਖਪਾਲ ਸਿੰਘ ਗਿੱਲ
ਆਪਣੇ ਸੁਭਾਅ ਅਨੁਸਾਰ ਸਮਾਜਿਕ, ਧਾਰਮਿਕ , ਸੱਭਿਆਚਾਰਕ ਅਤੇ ਸਿਹਤ ਪੱਖੋਂ ਬਹੁਤ ਮਿਸਾਲਾਂ ਹਨ ਕਿ ਵੇਲਾ ਬੀਤਣ ਤੋਂ ਬਾਅਦ ਜਾਗ ਆਈ । ਅਜਿਹੇ ਸਮੇਂ ਨਮੋਸ਼ੀ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ । ਅੱਜ ਅਸੀ ਪਾਣੀ ਦੇ ਸੰਕਟ ਨਾਲ ਜੂਝਣ ਲਈ ਤਿਆਰ ਖੜੇ ਹਾਂ। ਦੂਸ਼ਿਤ ਅਤੇ ਪਾਣੀ ਦੀ ਸ਼ੁੱਧਤਾ ਬਾਰੇ ਬਹੁਤ ਸਾਰਾ ਲਿਖਿਆ , ਪੜ੍ਹਿਆ ਅਤੇ ਸੁਣਿਆ ਜਾ ਚੁੱਕਾ ਹੈ ਪਰ ਸਭ ਕੁੱਝ ਫਿੱਕਾ ਹੈ ।
" ਪਹਿਲਾਂ ਪਾਣੀ ਜੀਓ ਹੈ " ਦੇ ਪਵਿੱਤਰ ਵਾਕ ਨੂੰ ਵੀ ਹਿਰਦੇ ਚ ਨਹੀਂ ਵਸਾ ਸਕੇ ।ਪਾਣੀ ਬਿਨਾਂ ਮਨੁੱਖਤਾ , ਪਸ਼ੂ ਅਤੇ ਬਨਸਪਤੀ ਸਭ ਬੇਜ਼ਾਨ ਹਨ । ਜੀਉਣਾ ਅਸੰਭਵ ਹੈ । ਜਦੋਂ ਸਾਡੀ ਅੱਖ ਮੁੱਢਲੀ ਅਤੇ ਜ਼ਰੂਰੀ ਲੋੜ ਪਾਣੀ ਲਈ ਨਾ ਖੁੱਲ੍ਹੀ ਤਾਂ ਤਰੱਕੀ ਦੀ ਹੋਰ ਆਸ ਕਿੱਥੋਂ ? ਪਾਣੀ ਨੂੰ ਆਬ ਹਯਾਤ ਦਾ ਦਰਜਾ ਸੀ । ਇਸ ਲਈ ਇਸ ਨੂੰ ਪੁੰਨ ਕਰਮ ਨਾਲ ਜੋੜ ਕੇ ਦੇਖਿਆ ਜਾਂਦਾ ਸੀ । ਪਾਣੀ ਭਾਈਚਾਰਕ ਏਕਤਾ ਅਤੇ ਸਾਂਝੀਵਾਲਤਾ ਵੀ ਦਿੰਦਾ ਸੀ ।ਇਸ ਲਈ ਪੰਜਾਬ ਪੰਚਾਇਤੀ ਰਾਜ ਐਕਟ ਵਿੱਚ ਵੀ ਪਾਣੀ ਨੂੰ ਅੰਕਤ ਕੀਤਾ ਗਿਆ ਹੈ । ਬਦਲੇ ਦੌਰ ਨੇ ਸਭ ਕੁਝ ਘਸਮੰਡ ਕੇ ਪੁਲੀਤ ਕਰ ਦਿੱਤਾ ਹੈ ।
ਰਾਸ਼ਟਰੀ ਪੱਧਰ ਤੇ 5723 ਬਲਾਕਾਂ ਵਿੱਚੋਂ 1820 ਬਲਾਕਾਂ ਵਿੱਚ ਪਾਣੀ ਦੀ ਮਾੜੀ ਹਾਲਤ ਅਤੇ ਪਾਣੀ ਦਾ ਪੱਧਰ ਹਰ ਸਾਲ ਥੱਲੇ ਜਾਣ ਦੀ ਰਿਪੋਰਟ ਨੇ ਕੁਝ ਕੰਨ ਖੋਲੇ ਸਨ । ਪਰ ਸਰਕਾਰੀ ਉਪਰਾਲੇ ਲੋਕਾਂ ਦਾ ਸਹਿਯੋਗ ਮੰਗਦੇ ਰਹੇ । ਦਿਨੋਂ ਦਿਨ ਪਲੀਤ ਹੁੰਦੀ ਪਾਣੀ ਦੀ ਹਾਲਤ ਲਈ ਡੰਗ ਟਪਾਊ ਨੀਤੀ ਵੀ ਜ਼ਿੰਮੇਵਾਰ ਹੈ। ਇੱਥੋਂ ਸਾਡੇ ਸਮਾਜੀਕਰਨ ਅਤੇ ਨੈਤਿਕ ਸੁਭਾਅ ਦੀ ਅਲੱਗ ਜਿਹੀ ਪਹਿਚਾਣ ਮਿਲਦੀ ਹੈ । ਖੁਦ ਪੁਲੀਤ ਕੀਤੇ ਪਾਣੀ ਨੇ ਮਨੁੱਖ ਦੇ ਸਾਰੇ ਪੱਖ ਪ੍ਰਭਾਵਿਤ ਕੀਤੇ ।ਹੋਰ ਵੀ ਡਰ ਲਗਦਾ ਹੈ ਜਦੋਂ ਅਗਲੇ ਦਹਾਕੇ ਪਾਣੀ ਖਤਮ ਹੋਣ ਦੇ ਸ਼ੰਕੇ ਖੜੇ ਹੁੰਦੇ ਹਨ ।
ਹੁਣ " ਆਗੈ ਸਮਝ ਚਲੋ " ਦੇ ਸਿਧਾਂਤ ਨੂੰ ਗ੍ਰਹਿਣ ਕਰਕੇ ਹੀ ਸਾਫ ਤੇ ਸ਼ੁੱਧ ਪਾਣੀ ਲਈ ਮੁੱਦਾ ਲੋਕ ਕਚਿਹਰੀ ਵਿੱਚ ਲੰਬਿਤ ਨਹੀਂ ਰਹਿਣਾ ਚਾਹੀਦਾ । ਅੱਜ ਰਾਜਨੀਤਿਕ ਵਰਗ ਉੱਤੇ ਦਬਾਓ ਬਣਾਉਣ ਲਈ ਲੋਕ ਇਕਮਤ ਹੋਣ ਤਾਂ ਜੋ ਆਗਾਮੀ ਚੋਣਾਂ ਵਿੱਚ ਹਰ ਰਾਜਨੀਤਕ ਜਮਾਤ ਸ਼ੁੱਧ ਪਾਣੀ ਦਾ ਮੁੱਦਾ ਪਰਮ ਅਗੇਤ ਦੇ ਤੌਰ ਤੇ ਵਿਚਾਰੇ । ਮਾਮਲਾ ਇੰਨ੍ਹਾਂ ਗੁੰਝਲ ਚੁੱਕਾ ਹੈ ਕਿ ਥੋੜਾ ਕੀਤਾ ਲੋਟ ਨਹੀਂ ਆਵੇਗਾ। ਪਰ ਰਾਜਨੀਤਕ ਗਲਿਆਰੇ ਸ਼ੁਰੂਆਤ ਕਰ ਸਕਦੇ ਹਨ । ਸਹੀ ਅਰਥਾਂ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਰਾਜ ਨਹੀਂ ਸੇਵਾ ਹੋਵੇਗੀ । ਰਾਜਨੀਤਕ ਵਰਗ ਇਸ ਤੋਂ ਇਲਾਵਾ ਸਖਤ ਨੀਤੀ ਦਾ ਨਿਰਮਾਣ ਵੀ ਕਰੇ ਤਾਂ ਜੋ ਲੋਕ ਵੀ ਸਹਿਯੋਗ ਦੇ ਸਕਣ ।
ਸਭ ਤੋਂ ਮਾੜੀ ਗੱਲ ਇਹ ਹੈ ਕਿ ਪਾਣੀ ਸਮਾਜਿਕ ਢਾਂਚੇ ਵਿੱਚ ਅਮੀਰੀ ਗਰੀਬੀ ਅਤੇ ਉੱਚੇ ਨੀਵੇਂ ਦਾ ਪਾੜਾ ਖੜ੍ਹਾ ਕਰਕੇ ਸਾਨੂੰ ਸ਼ਰਮਸਾਰ ਕਰ ਰਿਹਾ ਹੈ । ਦੂਸ਼ਿਤ ਪਾਣੀ ਸ਼ਰਾਬ ਵਾਂਗ ਮਨੁੱਖੀ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ । ਅੱਜ ਪਾਣੀ ਦਾ ਸੰਕਟ ਦੂਰ ਨਿਕਲ ਚੁੱਕਾ ਹੈ । ਇਹ ਸਿਰਫ ਸਖਤੀ , ਜਾਗਰੂਕਤਾ ਅਤੇ ਸਹਿਯੋਗ ਨਾਲ ਮੁੜਨ ਦੀ ਆਸ ਹੈ । ਲਾਰੇ ਲਪੇ ਅਤੇ ਢਿੱਲੇ ਉਪਰਾਲੇ ਬੰਦ ਕਰਕੇ ਕਾਨੂੰਨੀ ਅਤੇ ਸਮਾਜਿਕ ਨਿਯਮਾਂ ਵਾਲੀ ਨੂੰ ਲਾਗੂ ਕਰਨਾ ਪਵੇਗਾ ਜਿਸ ਦੀ ਸਮਾਂ ਮੰਗ ਕਰਦਾ ਹੈ ਤਾਂ ਜੋ ਭਵਿੱਖੀ ਪੀੜੀ ਸੁੱਖ ਦਾ ਸਾਹ ਲੈ ਸਕੇ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
31 Jan 2019
ਪਾਣੀ ਦੀ ਨਿਕਾਸੀ ਦੇ ਨਿਯਮਾਂ ਦਾ ਮੁਲਾਂਕਣ ਹੋਵੇ
ਪਾਣੀ ਦੀ ਨਿਕਾਸੀ ਸੰਬੰਧੀ ਮਸਲੇ ਬਹੁਤੀ ਥਾਈਂ ਭਾਈਚਾਰਕ ਏਕਤਾ ਖਦੇੜ ਕੇ ਰੱਖ ਦਿੰਦੇ ਹਨ।ਇਸ ਮਸਲੇ ਸੰਬੰਧੀ ਸਮੇਂ ਦੇ ਹਾਲਾਤਾਂ ਅਤੇ ਭੂਗੋਲਿਕ ਸਥਿਤੀਆਂ ਅਨੁਸਾਰ ਮਾਪਦੰਡ ਅਤੇ ਨਿਯਮ ਬਣੇ ਸਨ ਪਰ ਸਮੇਂ ਦੇ ਹਾਣੀ ਨਹੀ ਬਣ ਸਕੇ।ਇਸਦਾ ਕਾਰਨ ਬਦਲੀਆਂ ਮੌਸਮੀ ਪਰਸਥਿਤੀਆਂ, ਵਾਤਾਵਰਣ ਅਤੇ ਜ਼ਮੀਨ ਦੀ ਸੁਰੱਖਿਆ ਵਗੈਰਾ ਹਨ।ਪਹਿਲੇ ਸਮੇਂ ਘੱਟ ਪਾਣੀ ਅਤੇ ਘੱਟ ਵਸੋਂ ਸੀ ਜਿਸ ਕਰਕੇ ਪਾਣੀ ਦੀ ਨਿਕਾਸੀ ਕੋਈ ਖਾਸ ਮੁੱਦਾ ਵੀ ਨਹੀ ਸੀ।
ਅਜ਼ਾਦੀ ਤੋ ਬਾਅਦ ਅਤੇ ਮੁਰੱਬਾਬੰਦੀ ਵੇਲੇ ਪਾਣੀ ਦੀ ਨਿਕਾਸੀ ਦਾ ਮਸਲਾ ਸਾਹਮਣੇ ਆਇਆ।ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੀ ਵਸੋਂ ਇਸ ਮਸਲੇ ਨਾਲ ਵੱਧ ਪ੍ਰਭਾਵਿਤ ਹੋਈ।ਪਾਣੀ ਦਾ ਵਹਾਓ ਕੁਦਰਤੀ ਨਿਯਮਾਂ ਤੇ ਨਿਰਭਰ ਹੁੰਦਾ ਹੈ।ਇਸ ਨੂੰ ਪ੍ਰਸ਼ਾਸ਼ਨਿਕ ਨਿਯਮਾਂਵਲੀ ਵੀ ਮਿਲ ਜਾਂਦੀ ਹੈ।ਹਕੀਕੀ ਦੰਦ ਕਥਾਵਾਂ ਅਨੁਸਾਰ ਪਾਣੀ ਆਪਣਾ ਰੁਖ ਆਪ ਹੀ ਅਖਤਿਆਰ ਕਰ ਲੈਂਦਾ ਹੈ।ਜਿਸ ਦੀ ਲਪੇਟ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।ਸਮੇਂ-ਸਮੇਂ ਤੇ ਹੋਏ ਨਜਾਇਜ਼ ਕਬਜੇ ਵੀ ਪਾਣੀ ਦੀ ਨਿਕਾਸੀ ਦੇ ਮਸਲੇ ਖੜੇ ਕਰਦੇ ਹਨ।ਸਰਕਾਰ ਨੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ 1961 ਅਤੇ ਪੰਜਾਬ ਪੰਚਾਇਤੀ ਰਾਜ 1994 ਦੀ ਰਚਨਾ ਕਰਕੇ ਇਹਨਾਂ ਦੇ ਨਬੇੜੇ ਪੰਚਾਇਤ ਪੱਧਰ ਤੇ ਕਰਨ ਦੇ ਯਤਨ ਕੀਤੇ ਹਨ।ਫਿਰ ਵੀ ਪਾਣੀ ਦੀ ਨਿਕਾਸੀ ਸੰਬੰਧੀ ਮਸਲੇ ਖੜੇ ਹੀ ਰਹਿੰਦੇ ਹਨ।
ਪਹਿਲੇ ਸਮੇਂ ਵਿੱਚ ਲਾਠੀ ਦੇ ਜ਼ੋਰ ਨਾਲ ਆਪਣੇ ਪਾਣੀ ਦੀ ਨਿਕਾਸੀ ਵੀ ਕਰ ਲਈ ਜਾਂਦੀ ਸੀ।ਇਸ ਸੰਬੰਧੀ ਸਰਕਾਰ ਵੱਲੋਂ ਕਾਨੂੰਨ ਕਾਇਦੇ ਸਥਾਪਿਤ ਕੀਤੇ ਗਏ।ਪੁਲੀਆਂ ਦੀ ਉਸਾਰੀ, ਨਜਾਇਜ਼ ਕਬਜੇ ਦੂਰ ਕਰਾਉਣੇ ਅਤੇ ਟੋਭਿਆਂ ਦਾ ਨਿਰਮਾਣ ਸਰਕਾਰੀ ਉਪਰਾਲਿਆਂ ਦਾ ਹਿੱਸਾ ਹੈ।ਪਾਣੀ ਦੀ ਨਿਕਾਸੀ ਦਾ ਮਸਲਾ ਘਰ ਤੋਂ ਘਰ, ਮੁਹੱਲੇ ਤੋਂ ਮੁਹੱਲਾ ਅਤੇ ਪਿੰਡਾਂ ਤੋਂ ਪਿੰਡਾਂ ਵਿਚਕਾਰ ਜ਼ਾਹਰ ਹੁੰਦਾ ਰਹਿੰਦਾ ਹੈ।ਇਸ ਲਈ ਸਰਕਾਰ ਵੱਲੋਂ ਗੰਦੇ ਪਾਣੀ ਦੇ ਨਿਕਾਸ ਲਈ ਗਰਾਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਅਧੀਨ ਵੱਡਾ ਰੋਲ ਇਸ ਮੁੱਦੇ ਤੇ ਨਿਭਾਇਆ ਜਾਂਦਾ ਹੈ।ਪਾਣੀ ਦੀ ਨਿਕਾਸੀ ਆਮ ਤੌਰ ਤੇ ਕਾਨੂੰਨੀ ਘੇਰਿਆਂ ਵਿੱਚ ਰਹਿੰਦੀ ਹੈ।ਜਿਮੀਂਦਾਰਾਂ ਦਾ ਵੱਟ-ਬੰਨੇ ਦਾ ਰੋਲਾ ਵੀ ਬਹੁਤੀ ਵਾਰ ਪਾਣੀ ਦੀ ਨਿਕਾਸੀ ਸੰਬੰਧੀ ਖੜਾ ਹੁੰਦਾ ਸੀ।
ਖੇਤਾਂ ਦੇ ਪਾਣੀ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਸੰਬੰਧੀ ਝੰਜਟ ਮਾੜੀ ਸੋਚ ਤੇ ਵੀ ਨਿਰਭਰ ਕਰਦੇ ਹਨ।ਸਾਧਨਾਂ, ਯੋਜਨਾਬੰਦੀ ਅਤੇ ਤਕਨੀਕੀ ਘਾਟ ਕਾਰਨ ਵੀ ਪਾਣੀ ਦੀ ਨਿਕਾਸੀ ਸੁਰਖੀਆਂ ਵਿੱਚ ਰਹਿੰਦੀ ਹੈ।ਡੰਗ ਟਪਾ ਕੇ ਸਾਰਨ ਦੀ ਆਦਤ ਵੀ ਇਸ ਝੰਜਟ ਨੂੰ ਗੂੜ੍ਹਾ ਕਰਦੀ ਹੈ।ਭਵਿੱਖ ਬਾਰੇ ਬਿਲਕੁਲ ਸੋਚਿਆ ਨਹੀਂ ਜਾਂਦਾ।ਜਿਸ ਤੇ ਨਤੀਜੇ ਸਮਾਜਿਕ ਸੰਤੁਲਨ ਵਿਗਾੜਦੇ ਹਨ।ਅੱਜ ਸਮੇਂ ਦੇ ਹਾਲਾਤ, ਭੂਗੋਲਿਕ ਸਥਿਤੀਆਂ ਅਤੇ ਕੁਦਰਤ ਨਾਲ ਹੋਈ ਛੇੜਛਾੜ ਦੇ ਨਤੀਜੇ ਵਜੋਂ ਪਾਣੀ ਦੀ ਨਿਕਾਸੀ ਸੰਬੰਧੀ ਨਿਯਮਾਂ ਨੂੰ ਮੁਲਾਂਕਣ ਕਰਨਾ ਜ਼ਰੂਰੀ ਹੈ।ਇਸ ਮੁੱਦੇ ਤੇ ਭਾਈਚਾਰਕ ਸਹਿਯੋਗ ਅਤਿਅੰਤ ਜ਼ਰੂਰੀ ਹੈ।ਜੇਕਰ ਲੋੜਾਂ, ਸਮੱਸਿਆਵਾਂ ਅਤੇ ਹਾਲਾਤਾਂ ਮੁਤਾਬਿਕ ਪਾਣੀ ਦੀ ਨਿਕਾਸੀ ਲਈ ਸਮਾਜਿਕ ਅਤ ਸਦਾਚਾਰਕ ਨਿਯਮਾਂਵਲੀ ਨਿਰਧਾਰਿਤ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।ਇਸ ਨਾਲ ਸਮਾਜਿਕ ਝੰਜਟ ਖਤਮ ਹੋਣ ਦੀ ਆਸ ਬੱਝੇਗੀ।ਆਦਮੀ ਸਿਹਤ ਅਤੇ ਆਰਥਿਕ ਪੱਖੋ ਖੁਸ਼ਹਾਲ ਹੋਵੇਗਾ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445
5 Jan. 2019
ਜਾਗਰੂਕਤਾ ਹੀ ਉਪਾਅ ਹੈ ਕੈਂਸਰ ਦਾ - ਸੁਖਪਾਲ ਸਿੰਘ ਗਿੱਲ
ਬਾਹਰਲੇ ਮੁਲਕਾਂ ਨਾਲੋ ਕੈਸਰ ਮੌਤ ਦੀ ਦਰ ਪੰਜਾਬ ਵਿੱਚ ਵੱਧ ਹੈ। ਵਿਕਸਤ ਦੇਸ਼ਾਂ ਵਿੱਚ ਭਾਵੇ ਕੈਸਰ ਰੋਗ ਪਨਪਦਾ ਹੈ ਪਰ ਜਾਗਰੂਕਤਾ ਹੋਣ ਕਾਰਨ ਸਮੇਂ ਸਿਰ ਫੜਿਆ ਜਾਦਾ ਹੈ। ਸਾਡੇ ਮੁਲਕ ਵਿੱਚ ਜਾਗਰੂਕਤਾ ਦੀ ਕਮੀ ਅਤੇ ਮਾਨਸਿਕ ਕਮਜ਼ੋਰੀ ਕਾਰਨ ਕੈਸਰ ਦੀ ਛਾਣਬੀਣ ਲੇਟ ਹੋ ਜਾਦੀ ਹੈ।ਜ਼ਹਿਰੀਲਾ ਵਾਤਾਵਰਨ ਦੂਸ਼ਿਤ ਪਾਣੀ ਵਰਗੀਆਂ ਅਲਾਂਮਤਾਂ ਕਰਕੇ ਇਸ ਨਾਮੁਰਾਦ ਬਿਮਾਰੀ ਨੇ ਪੈਰ ਪਸਾਰੇ ਹਨ।ਭਾਵੇ ਸਰਕਾਰੀ ਉਪਰਾਲੇ ਜਾਰੀ ਹਨ ਪਰ ਸਹੂਲਤਾਂ ਦਾ ਸਮੇਂ ਸਿਰ ਫਾਇਦਾ ਲੈਣ ਵਿੱਚ ਜਨਤਾ ਪਛੜ ਜਾਦੀ ਹੈ।
ਸਰਕਾਰਾਂ ਇਸ ਵਿਸ਼ੇ ਤੇ ਗੰਭੀਰ ਤਾਂ ਹਨ ਤਾ ਹੀ ਟੀਕਾਕਰਨ ਅਤੇ ਟੈਸਟ ਉੱਪਲਬਧ ਕਰਵਾਏ ਜਾਦੇ ਹਨ। ਇੱਥੋ ਤੱਕ ਕੀ ਸਰਕਾਰ ਨੇ 20 ਕੀਟਨਾਸ਼ਕਾਂ ਤੇ ਪਾਬੰਦੀ ਲਾ ਦਿੱਤੀ ਹੈ। ਮਰਦ ਅਤੇ ਔਰਤਾਂ ਦਾ ਕੈਸਰ ਅੰਗਾਂ ਅਨੁਸਾਰ ਹੁੰਦਾ ਹੈ। ਮਨੁੱਖ ਮਾਨਸਿਕ ਡਰ ਨਾਲ ਕਈ ਵਾਰ ਟੈਸਟ ਕਰਵਾਉਣ ਤੋ ਡਰ ਜਾਦਾ ਹੈ।ਇਨ੍ਹੇ ਨੂੰ ਰੋਗ ਵੱਧ ਕੇ ਵਸੋ ਬਾਹਰ ਹੋ ਜਾਦਾ ਹੈ। ਮੈਡੀਕਲ ਖੇਤਰ ਪਹਿਲੇ ਪੜਾਅ ਤੇ ਇਸ ਦੇ ਇਲਾਜ ਦਾ ਰੌਲਾ ਪਾਉਦਾ ਹੈ ਪਰ ਅਜੇ ਤੱਕ ਇਸ ਦਾ ਇਲਾਜ ਘੁੰਮਣ ਘੇਰੀਆ ਅਤੇ ਲੇਖਿਆ ਜੋਖਿਆ ਵਿੱਚ ਪਿਆ ਹੋਇਆ ਹੈ।ਸਰਕਾਰ ਨੇ ਕੈਸਰ ਰਾਹਤ ਕੋਸ਼ ਫੰਡ ਵੀ ਜਾਰੀ ਕੀਤਾ ਹੋਇਆ ਹੈ ਪਰ ਇਸ ਦੀ ਲੋੜ ਹੀ ਨਾ ਪਵੇ ਅਜਿਹੇ ਉਪਰਾਲੇ ਸਰਕਾਰ ਦੀ ਕਚਿਹਰੀ ਵਿੱਚ ਲੰਬਿਤ ਪਏ ਹਨ।
ਅੰਧ ਵਿਸ਼ਵਾਸ਼ ਦੀ ਮਾਰ ਹੇਠ ਵੀ ਇਹ ਰੋਗ ਪੈਰ ਪਸਾਰ ਰਿਹਾ ਹੈ। ਨੀਮ ਹਕੀਮ ਖਤਰਾ ਏ ਜਾਨ ਵੀ ਆਪਣਾ ਨਾ ਪੱਖੀ ਯੋਗਦਾਨ ਪਾ ਰਹੇ ਹਨ।ਇਹ ਵਿਸ਼ੇ ਹੋਰ ਵੀ ਖਤਰਨਾਕ ਹੋਰ ਵੀ ਖਤਰਨਾਕ ਹਨ। ਕੈਸਰ ਦੇ ਮਰੀਜ਼ ਧਾਗੇ ਤਵੀਤਾਂ ਤੇ ਵਿਸ਼ਵਾਸ਼ ਕਰਦੇ ਦੇਖੇ ਗਏ ਹਨ। ਉਂਝ ਪੰਜਾਬ ਦੇ ਪਾਣੀਆ ਵਿੱਚ ਵੀ ਕੈਸਰ ਦੀ ਕਰੋਪਤਾ ਆ ਰਹੀ ਹੈ ਵੱਡੀਆ ਸੰਸਥਾਵਾ ਅਤੇ ਸਰਕਾਰਾਂ ਅਜੇ ਤੱਕ ਖੋਜਾਂ ਵਿੱਚ ਹੀ ਪਈਆ ਹੋਈਆ ਹਨ ਪੱਲੇ ਕੁੱਝ ਵੀ ਨਹੀ ਪਿਆ।ਕੈਸਰ ਦਾ ਇਲਾਜ ਇਨ੍ਹਾਂ ਮਹਿੰਗਾ ਹੈ ਕਿ ਆਮ ਬੰਦੇ ਦੇ ਵੱਸ ਤੋ ਬਾਹਰ ਹੁੰਦਾ ਹੈ।ਮੌਤ ਦਰ ਇਸ ਰੋਗ ਨਾਲ ਬਾਕੀ ਦੇਸ਼ਾਂ ਮੁਕਾਬਲੇ ਸਾਡੇ ਦੇਸ਼ ਵਿੱਚ ਵੱਧ ਹੈ।ਅਜੇ ਤੱਕ ਇਸ ਮਾਰੂ ਰੋਗ ਤੋ ਬਚਣ ਲਈ ਮੈਡੀਕਲ ਅਦਾਰੇ ਅਤੇ ਆਮ ਜਨਤਾ ਮੇਲ ਜੋਲ ਨਹੀ ਵਧਾ ਸਕੇ ਨਾ ਹੀ ਇਸ ਵਿਸ਼ੇ ਤੇ ਖੋਜ ਸੰਸਥਾਵਾ ਨੇ ਕੋਈ ਮਾਅਰਕੇ ਵਾਲਾ ਹੱਲ ਲੱਭਿਆ ਹੈ।ਕੀਤੇ ਜਾਦੇ ਇਲਾਜ ਦੇ ਪ੍ਰਭਾਵ ਨਾਲੋ ਦੁਰਪ੍ਰਭਾਵ ਵੱਧ ਹੁੰਦੇ ਹਨ।
ਘੱਟ ਜਾਣਕਾਰੀ ਅਤੇ ਮਾਨਸਿਕ ਡਰ ਕਾਰਨ ਝੋਲਾ ਛਾਪ ਡਾਕਟਰਾਂ ਦਾ ਸਹਾਰਾ ਵੀ ਇਸ ਦਾ ਕਾਰਨ ਬਣਦਾ ਹੈ ਪੰਜਾਬ ਨੂੰ ਲੱਗੀ ਨਜ਼ਰ ਨੇ ਨਸ਼ੇ ਤੋ ਬਾਅਦ ਕੈਂਸਰ ਨੂੰ ਦੂਜੇ ਨੰਬਰ ਤੇ ਗ੍ਰਸਿਆ ਹੈ। ਸਰਕਾਰ ਦੇ ਉਪਰਾਲੇ ਉਦੋਂ ਤੱਕ ਫਿੱਕੇ ਹਨ, ਜਦੋਂ ਤੱਕ ਇਸ ਦੇ ਪੈਦਾ ਹੋਣ ਦੇ ਕਾਰਨਾਂ ਦੀ ਪੜਚੋਲ ਕਰਕੇ ਉਸ ਨਾਲ ਸਖਤੀ ਨਹੀਂ ਕੀਤੀ ਜਾਦੀ । ਇਸ ਵਿਸ਼ੇ ਤੇ ਪੜ੍ਹ, ਲਿਖ ਅਤੇ ਸੁਣ ਬਹੁਤ ਕੁਝ ਲਿਆ ਪਰ ਹੁਣ ਸਮਾਂ ਮੰਗ ਕਰਦਾ ਹੈ ਕਿ ਇਸ ਰੋਗ ਦੇ ਬਚਾਅ ਲਈ ਸਖਤ ਨੀਤੀ ਨਿਰਧਾਰਤ ਕੀਤੀ ਜਾਵੇਂ।ਤਾਂ ਜੋ ਭਵਿੱਖ ਸੁਖਾਲਾ ਹੋਣ ਦੀ ਆਸ ਬੱਝੇ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445