... ਟਟਿਆਣੇ ਵਰਗੀ ਧੁੱਪ ਮੰਗ - ਸੁਖਪਾਲ ਸਿੰਘ ਗਿੱਲ
ਬਜੁਰਗਾਂ ਨੇ ਸਮਾਜਿਕ ਖੋਜ ਕਰਕੇ ਬਣਾਈਆਂ ਕਹਾਵਤਾਂ ਪਿੱਛੇ ਇਰਾਦਾ, ਵਿਸ਼ਵਾਸ, ਅਦਰਸ਼ੁ ਅਤੇ ਯੋਜਨਾਵਾਂ ਦਾ ਆਧਾਰ ਅਤੇ ਅਤੀਤ ਦਾ ਪ੍ਰਭਾਵ ਹੈ। ਇਹਨਾਂ ਪਿੱਛੇ ਕਹਾਵਤਾਂ ਨੂੰ ਘੜਨ ਲਈ ਲੰਬਾ ਗਿਆਨ ਅਤੇ ਹਾਲਾਤ ਨੇ ਭੂਮਿਕਾ ਨਿਭਾਈ। ਪੀੜੀ ਦਰ ਪੀੜੀ ਦਾ ਪਾੜਾ ਬੁਹਤੀ ਵਾਰੀ ਸਮਾਜ ਵਿੱਚ ਭਾਰੂ ਰਹਿੰਦਾ ਹੈ। ਕਾਲਜ ਦੇ ਦਿਨਾਂ ਦੌਰਾਨ 1988 ਵਿੱਚ ਆਏ ਹੜ੍ਹਾਂ ਦੀ ਯਾਦ ਸਾਂਝੀ ਕਰਦਾ ਹਾਂ ਮੈਂ ਉਸ ਸਮੇਂ ਸਰਕਾਰੀ ਕਾਲਜ ਰੋਪੜ ਵਿੱਚ ਵਿਦਿਆਰਥੀ ਸੀ। ਉਸ ਸਮੇਂ ਹੜ੍ਹਾਂ ਦਾ ਆਨੰਦ ਅਤੇ ਕਾਲਜ ਵਿੱਚ ਹੋਈਆਂ ਛੁੱਟੀਆਂ ਮਾਣਿਆ। ਕਾਰਨ ਇਹ ਸੀ ਉਸ ਸਮੇਂ ਸਿਰ ਉੱਤੇ ਸਮਾਜਿਕ ਭਾਰ ਨਹੀ ਸੀ। ਅੱਜ ਜਦੋਂ ਸਿਰ ਉੱਤੇ ਪਈ ਹੈ ਤਾਂ ਅੱਜ ਦੇ ਹਾਲਾਤਾਂ ਮੁਤਾਬਿਕ ਹੜ੍ਹ ਵੱਖਰਾ ਅਤੇ ਭੈ-ਭੀਤ ਸੁਨੇਹਾ ਦਿੰਦੇ ਹਨ।
ਅੱਜ ਝੜੀ, ਸੋਕਾ ਅਤੇ ਡੋਬਾ ਪਿੰਡ ਦੇ ਜੀਵਨ ਤੇ ਭਾਰੂ ਪੈ ਜਾਂਦੇ ਹਨ। ਸਮੇਂ ਨਾ ਕਾਫੀ ਕੁੱਝ ਬਦਲਿਆ ਵੀ ਹੈ ਅੱਜ ਨਾ ਸੋਕਾ ਜਰਿਆ ਜਾਵੇ ਨਾ ਡੋਬਾ ਜਰਿਆ ਜਾਵੇ। ਇਹੀ ਵਰਤਾਰਾ ਅਤੀਤ ਵਿੱਚ ਸੀ। ਇਕ ਪੁਰਾਤਨ ਦੰਦ ਕਥਾ ਹੈ ਇਕ ਬਜੁਰਗ ਦੀਆਂ ਦੋ ਧੀਆਂ ਸਨ ਇਕ ਚੰਗਰ ਵਿੱਚ ਵਿਆਹੀ ਹੋਈ ਸੀ ਦੂਜੀ ਮੰਡ ਬੇਲੇ ਵਿੱਚ ਵਿਆਹੀ ਹੋਈ ਸੀ। ਉਸ ਲਈ ਦੋਵੇ ਧੀਆਂ ਬਰਾਬਰ ਸਨ। ਉਸ ਨੂੰ ਕਿਸੇ ਨੇ ਪੁੱਛਿਆ, “ਬਾਬਾ ਔੜ ਮੰਗਦਾ ਹੈ ਜਾਂ ਮੀਂਹ ਮੰਗਦਾ ਹੈ” ਬਾਬੇ ਨੇ ਉੱਤਰ ਦਿੱਤਾ, “ਪੁੱਤਰੋਂ ਨਾ ਮੀਂਹ ਮੰਗਦਾ ਹਾਂ ਨਾ ਔੜ ਮੰਗਦਾ ਹਾਂ ਕਾਰਣ ਇਹ ਹੈ ਮੇਰੀਆਂ ਦੋ ਧੀਆਂ ਹਨ ਇਕ ਚੰਗਰ ਵਿੱਚ ਵਿਆਹੀ ਹੈ ਅਤੇ ਦੂਜੀ ਮੰਡ ਬੇਲੇ ਵਿੱਚ ਵਿਆਹੀ ਹੋਈ ਹੈ ਜੇ ਮੀਂਹ ਪੈਂਦਾ ਤਾਂ ਬੇਲੇ ਵਾਲੀ ਦਾ ਨੁਕਸਾਨ ਜੇ ਔੜ ਲੱਗਦੀ ਹੈ ਤਾਂ ਚੰਗਰ ਵਾਲੀ ਦਾ ਨੁਕਸਾਨ ਇਸ ਲਈ ਮੈਨੂੰ ਦੋਵੇਂ ਹੀ ਮੁਆਫਿਕ ਨਹੀਂ ਹਨ”। ਸਿਆਣਿਆਂ ਨੇ ਆਪਣੇ ਜਮਾਨੇ ਵਿੱਚ ਝੜੀ ਨਾਲੋਂ ਔੜ ਨੂੰ ਚੰਗਾ ਸਮਝਿਆ ਸੀ। ਉਸ ਸਮੇਂ ਭੂਗੋਲਿਕ ਅਤੇ ਵਾਤਾਵਰਣਿਕ ਸਥਿਤੀ ਹੀ ਅਜਿਹੀ ਸੀ।
ਅੱਜ ਔੜ ਝੜੀ ਅਤੇ ਸੋਕੇ ਡੋਬੇ ਲਈ ਵੱਖ-ਵੱਖ ਮਾਪਦੰਡ ਸਰਕਾਰਾਂ ਨੇ ਨਿਯਮਿਤ ਕੀਤੇ ਹਨ। ਇਹਨਾਂ ਲਈ ਦਰਜਾਬੰਦੀ ਕਰਕੇ ਜਨਤਾਂ ਦੇ ਹਿੱਤ ਘੋਖਕੇ ਫੈਸਲੇ ਲਏ ਜਾਂਦੇ ਹਨ। ਸਾਡੇ ਜੀਵਨ ਦਾ ਮੌਸਮ ਨਾਲ ਗੂੜਾ ਸਬੰਧ ਹੈ। ਸਾਡੇ ਮੁਲਕ ਨੇ ਸੰਨ 2002 ਵਿੱਚ ਪੁਲਾੜ ਵਿੱਚ ਮੌਸਮ ਉਪਗ੍ਰਹਿ ਛੱਡਿਆ ਸੀ। ਜਿਸ ਤੋਂ ਮੌਸਮ ਦੀ ਭਵਿੱਖਬਾਣੀ ਤਕਰੀਬਨ ਸਹੀ ਹੀ ਸਾਬਤ ਹੁੰਦੀ ਹੈ। ਪਹਿਲੇ ਸਿਆਣੇ ਪੰਛੀਆਂ ਦੀਆਂ ਉਡਾਰਾਂ, ਹਵਾਵਾਂ ਅਤੇ ਬੱਦਲ ਦੇਖਕੇ ਮੌਸਮ ਦੀ ਭੱਵਿਖਬਾਣੀ ਕਰਦੇ ਸਨ। ਦੇਸੀ ਮਹੀਨਿਆਂ ਮੁਤਾਬਿਕ ਮੌਸਮ ਦੀ ਚਾਲ-ਢਾਲ ਅਨੁਸਾਰ ਕੰਮ ਕਰਦੇ ਸਨ। ਉਂਝ ਮੌਸਮ ਵਿਭਾਗ 1875 ਵਿੱਚ ਸਥਾਪਿਤ ਹੋਇਆ ਸੀ। ਹੜ੍ਹਾਂ ਕਾਰਣ ਇੰਨ੍ਹਾਂ ਨੁਕਸਾਨ ਅਤੇ ਬਰਬਾਦੀ ਹੁੰਦੀ ਹੈ ਜਿਸ ਦੀ ਭਰਪਾਈ ਕਰਨੀ ਬੇਹੱਦ ਮੁਸ਼ਕਿਲ ਹੁੰਦੀ ਹੈ। ਸੋਕੇ ਕਾਰਨ ਇੰਨ੍ਹਾਂ ਨੁਕਸਾਨ ਨਹੀ ਹੁੰਦਾ ਜਿੰਨ੍ਹਾਂ ਮੀਂਹਾਂ ਕਾਰਨ ਹੁੰਦਾ ਹੈ। ਅੱਜ ਦੇ ਹੜ੍ਹਾਂ ਦਾ ਕਾਰਨ ਮਨੁੱਖੀ ਗਲਤੀਆਂ ਅਤੇ ਖੁੱਦ ਸਹੇੜੀਆਂ ਅਲਾਮਤਾਂ ਦਾ ਨਤੀਜਾ ਹੈ।
ਪੁਰਾਤਨ ਪੇਂਡੂ ਜੀਵਨ ਵਿੱਚ ਦੁੱਧ, ਪੁੱਤ ਅਤੇ ਧੁੱਪ ਜੀਵਨ ਦਾ ਆਧਾਰ ਸਨ। ਪਰ ਇਹ ਹੁੰਦਾ ਕੁਦਰਤੀ ਵਰਤਾਰਾ ਸੀ ਜਾਂ ਨਸੀਬਾਂ ਦਾ ਖੇਲ ਹੁੰਦਾ ਸੀ। ਉਸ ਸਮੇਂ ਦੁੱਧ ਨੂੰ ਪੁੱਤ ਦੇ ਬਰਾਬਰ ਸਮਝਦੇ ਸਨ। ਕਿਹਾ ਵੀ ਜਾਂਦਾ ਸੀ, “ਉੱਠੇ ਪੁੱਤਰ ਗਿਆ ਦਲਿੱਦਰ”। ਧੁੱਪ ਨੂੰ ਮੀਂਹ ਨਾਲੋਂ ਕੁੱਝ ਚੰਗੀ ਸਮਝਦੇ। ਕਿਉਂਕਿ ਮੀਂਹ ਦਾ ਮੁਕਾਬਲਾ ਕਰਨ ਲਈ ਕੋਈ ਖਾਸ ਤਕਨੀਕ ਨਹੀਂ ਹੁੰਦੀ ਸੀ। ਇਸ ਲਈ ਬਜੁਰਗ ਹਾਲਾਤਾਂ ਮੁਤਾਬਕ ਦੁੱਧ, ਪੁੱਤ ਅਤੇ ਧੁੱਪ ਲਈ ਉਨੀਂਦਰੇ ਵਿੱਚ ਵੀ ਸੁਪਨੇ ਲਈ ਜਾਂਦੇ ਸਨ। ਅੱਜ ਦੁੱਧ ਮਿਲਵਾਟੀ ਅਤੇ ਪੁੱਤਰ ਬਾਗੀ ਸੁਭਾਅ ਦੇ ਹੋ ਗਏ ਹਨ। ਅਜੋਕੇ ਸਮੇਂ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਕੁਦਰਤ ਅਤੇ ਸਮੇਂ ਅੱਗੇ ਜੋਰ ਨਹੀਂ ਚੱਲਦਾ। ਇਹ ਵਰਤਾਰਾ ਅਤੀਤ ਤੋਂ ਹੀ ਲਾਗੂ ਹੈ। ਬਚਪਨ ਵਿੱਚ ਮੀਂਹਾਂ ਦੇ ਪਾਣੀ ਵਿੱਚ ਕਿਸ਼ਤੀਆਂ ਚਲਾਉਣੀਆਂ, ਨਹਾਉਣਾ ਅਤੇ ਛੁੱਟੀਆਂ ਹੋਣ ਸਮੇਂ ਨਜ਼ਾਰੇ ਆਉਂਦੇ ਸਨ। ਕਾਲਜ ਦੇ ਦਿਨਾਂ ਵਿੱਚ 26 ਸਤੰਬਰ 1988 ਤੋਂ 28 ਸਤੰਬਰ 1988 ਤੱਕ ਹੜ੍ਹਾਂ ਦੀ ਤਬਾਹੀ ਰਹੀ। ਅਸੀਂ ਨਿਆਣੀ ਬੁੱਧੀ ਕਰਕੇ ਇਹਨਾਂ ਹੜ੍ਹਾਂ ਨੂੰ ਨਿਆਣ ਮੱਤ ਨਾਲ ਹੀ ਦੇਖਦੇ ਸਾਂ। ਉਸ ਸਮੇਂ ਮੇਰੇ ਦਾਦਾ ਜੀ ਨੇ ਇਕ ਕਹਾਵਤ ਕਹੀ ਸੀ, “ਦੁੱਧ ਮੰਗ, ਪੁੱਤ ਮੰਗ, ਟਟਿਆਣੇ ਵਰਗੀ ਧੁੱਪ ਮੰਗ”। ਉਹਨਾਂ ਦੇ ਜ਼ਮਾਨੇ ਮੁਤਾਬਿਕ ਇਹ ਕਹਾਵਤ ਤਾਂ ਸਹੀ ਹੋਣੀ ਪਰ ਸਾਨੂੰ ਨਹੀ ਜਚੀ। ਅੱਜ ਹੜ੍ਹਾਂ ਦੇ ਹਾਲਾਤ ਨਾਲ ਹੋਏ ਨੁਕਸਾਨ ਨੇ ਇਕ ਵਾਰ ਫੇਰ ਹੜ੍ਹਾਂ ਅਤੇ ਮੀਂਹਾਂ ਨਾਲੋਂ ਧੁੱਪ ਚੰਗੀ ਦਾ ਵਰਕਾ ਖੋਲ ਦਿੱਤਾ। ਪਰ ਸ਼ੁੱਧ ਦੁੱਧ ਅਤੇ ਆਗਿਆਕਾਰੀ ਪੁੱਤਰ ਸਮੇਂ ਦੀ ਲੋੜ ਅਤੇ ਮੰਗ ਹੈ। ਕਈ ਕਹਾਵਤਾਂ ਅਤੀਤ ਅਤੇ ਵਰਤਮਾਨ ਲਈ ਖਿੜਕੀ ਦਾ ਕੰਮ ਕਰਦੀਆਂ ਹਨ ਜਿਹਨਾਂ ਵਿੱਚ ਮੇਰੇ ਦਾਦਾ ਜੀ ਦੀ ਕਹਾਵਤ “... ਟਟਿਆਣੇ ਵਰਗੀ ਧੁੱਪ ਮੰਗ” ਵੀ ਇਕ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 98781-11445