'ਹੈਦਰਾਬੈਡ' ਤੇ 'ਗੋਰਖਪੂਅਰ' ਦੇ ਲੋਕਾਂ ਨੂੰ ਭੁੱਖੇ ਢਿੱਡ ਯੋਗ ਕੀਤੇ ਦਾ ਲਾਭ ਕਿੱਦਾਂ ਹੋ ਸਕੇਗਾ! - ਜਤਿੰਦਰ ਪਨੂੰ
ਸਾਡੇ ਲਈ ਇਹ ਗੱਲ ਖੁਸ਼ੀ ਵਾਲੀ ਹੋ ਸਕਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਉੱਤੇ ਯੂ ਐੱਨ ਓ ਨੇ ਸਾਲ ਦਾ ਇਕ ਦਿਨ ਯੋਗ ਲਈ ਤੈਅ ਕਰ ਦਿੱਤਾ ਹੈ। ਇਸ ਦਿਨ ਇੱਕੀ ਜੂਨ ਨੂੰ ਸੰਸਾਰ ਭਰ ਵਿੱਚ ਜਦੋਂ ਯੋਗ ਕੀਤਾ ਜਾ ਰਿਹਾ ਸੀ, ਭਾਰਤ ਤੋਂ ਇਹ ਗੱਲ ਸ਼ੁਰੂ ਹੋਈ ਹੋਣ ਕਾਰਨ ਏਥੋਂ ਦੇ ਪ੍ਰਧਾਨ ਮੰਤਰੀ ਤੇ ਰਾਜਾਂ ਵਿਚਲੇ ਬਹੁਤ ਸਾਰੇ ਮੁੱਖ ਮੰਤਰੀਆਂ ਦੀ ਅਗਵਾਈ ਹੇਠ ਓਸੇ ਦਿਨ ਯੋਗ ਕੈਂਪ ਲਾਏ ਜਾ ਰਹੇ ਸਨ। ਓਥੇ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਬਿਮਾਰੀਆਂ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਯੋਗ ਬਹੁਤ ਜ਼ਰੂਰੀ ਹੈ, ਪਰ ਜੇ ਸਿਰਫ ਯੋਗ ਕਰਨ ਨਾਲ ਸਾਰੇ ਦੁੁੱਖ ਦੂਰ ਕੀਤੇ ਜਾ ਸਕਦੇ ਹਨ ਤਾਂ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਥਾਂ ਯੋਗੀ ਰਾਮਦੇਵ ਦੀ ਯੋਗ ਕਰਾਉਣ ਵਾਲੀ ਮੰਡਲੀ ਦੇ ਲੋਕ ਬਿਠਾ ਦੇਣ ਬਾਰੇ ਸੋਚ ਲੈਣਾ ਚਾਹੀਦਾ ਹੈ। ਯੋਗ ਦਾ ਇੱਕ ਆਪਣਾ ਮਹੱਤਵ ਹੈ, ਪਰ ਇਹ ਸਾਰੇ ਦੁੱਖਾਂ ਦਾ ਦਾਰੂ ਨਹੀਂ ਹੋ ਸਕਦਾ। ਬਿਹਾਰ ਵਿੱਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦਾ ਇਲਾਜ ਯੋਗ ਨਹੀਂ ਹੋ ਸਕਦਾ ਅਤੇ ਉਨ੍ਹਾਂ ਪਰਵਾਰਾਂ ਵਿੱਚ ਬਾਕੀ ਬਚੇ ਜੀਆਂ ਨੂੰ ਸਿਰਫ ਯੋਗ ਕਰਵਾ ਕੇ ਇਸ ਬਿਮਾਰੀ ਤੋਂ ਬਚਾ ਲੈਣ ਦਾ ਹਿੱਕ ਠੋਕੂ ਦਾਅਵਾ ਕਰਨ ਵਾਲਾ ਵੀ ਕੋਈ ਨਹੀਂ ਲੱਭੇਗਾ। ਯੋਗ ਕਰਨ ਨੂੰ ਜਿਨ੍ਹਾਂ ਦਾ ਮਨ ਕਰਦਾ ਹੈ, ਉਹ ਜ਼ਰੂਰ ਕਰਨ, ਪਰ ਇਸ ਤੋਂ ਥੋੜ੍ਹਾ ਹਟ ਕੇ ਇਹ ਸੋਚਣ ਦਾ ਵੀ ਵਕਤ ਕੱਢ ਲੈਣ ਕਿ ਇਸ ਦੇਸ਼ ਵਿੱਚ ਬੀਤੇ ਬਹੱਤਰ ਸਾਲਾਂ ਵਿੱਚ ਜਿੰਨੇ ਫਾਰਮੂਲੇ ਵੀ ਵਰਤੇ ਗਏ ਹਨ, ਉਹ ਅਜੇ ਤੱਕ ਕਦੇ ਕਾਰਗਰ ਸਾਬਤ ਨਹੀਂ ਹੋਏ। 'ਮਰਜ਼ ਬੜਤਾ ਗਿਆ, ਜੂੰ-ਜੂੰ ਦਵਾ ਕੀ'।
ਸਾਡੇ ਦੇਸ਼ ਦੇ ਮਾਹਰ ਇਹ ਕਹਿੰਦੇ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਪਰਦੂਸ਼ਣ ਹੈ ਅਤੇ ਪਰਦੂਸ਼ਣ ਹਵਾ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ ਅਤੇ ਗਾਂ ਤੇ ਮਾਂ ਦੇ ਦੁੱਧ ਤੱਕ ਵੀ ਪਹੁੰਚ ਗਿਆ ਹੈ। ਹਵਾ ਵਿੱਚ ਪਰਦੂਸ਼ਣ ਸਭ ਨੂੰ ਦਿੱਸ ਸਕਦਾ ਹੈ, ਪਾਣੀ ਵਿੱਚ ਗੰਦਗੀ ਆਉਣ ਪਿੱਛੋਂ ਘਰਾਂ ਤੇ ਸੰਸਥਾਵਾਂ ਵਿੱਚ ਇਸ ਨੂੰ ਸਾਫ ਕਰਨ ਦੇ ਸਿਸਟਮ ਲਾਉਣੇ ਪੈ ਰਹੇ ਹਨ। ਸਬਜ਼ੀਆਂ ਦੇ ਬੂਟੇ ਨੂੰ ਛੇਤੀ ਅਤੇ ਬਹੁਤਾ ਝਾੜ ਦੇਣ ਵਾਲਾ ਟੀਕਾ ਲਾਇਆ ਜਾਣ ਨਾਲ ਉਨ੍ਹਾਂ ਵਿੱਚ ਕੈਮੀਕਲ ਦਾ ਪਰਦੂਸ਼ਣ ਹੈ। ਗਾਂਵਾਂ ਦਾ ਦੁੱਧ ਕੁਦਰਤੀ ਤਰੀਕੇ ਨਾਲ ਲੈਣ ਦੀ ਥਾਂ ਟੀਕੇ ਲਾ ਕੇ ਕੱਢਿਆ ਜਾਂਦਾ ਹੈ, ਇਸ ਬਾਰੇ ਸਾਰੇ ਲੋਕ ਜਾਣਦੇ ਹਨ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਸਾਡੇ ਕੋਲ ਦੂਸਰੇ ਰਾਜਾਂ ਤੋਂ ਜਿਹੜਾ ਫਲ ਪਹੁੰਚਦਾ ਹੈ, ਅੰਬ ਤੋਂ ਕੇਲੇ ਤੱਕ ਓਥੇ ਉਸ ਦੀਆਂ ਪੇਟੀਆਂ ਬੰਦ ਕਰਨ ਵੇਲੇ ਦਵਾਈ ਲਾਈ ਜਾਂਦੀ ਹੈ, ਜਿਹੜੀ ਸਾਡੇ ਤੱਕ ਪਹੁੰਚਣ ਦੌਰਾਨ ਉਸ ਫਲ ਦੇ ਅੰਦਰ ਤੱਕ ਰਚ-ਮਿਚ ਜਾਂਦੀ ਹੈ। ਪੰਜਾਬ ਵਿੱਚ ਹਦਵਾਣਾ ਅਤੇ ਖਰਬੂਜ਼ਾ ਬਚੇ ਹੋਏ ਸਮਝੇ ਜਾਂਦੇ ਸਨ, ਪਰ ਇਨ੍ਹਾਂ ਨੂੰ ਵੀ ਅੱਜਕੱਲ੍ਹ ਦਵਾਈਆਂ ਨਾਲ ਛੇਤੀ ਵਧਾਇਆ, ਮਿੱਠਾ ਕੀਤਾ ਤੇ ਪਕਾਇਆ ਜਾਣ ਲੱਗਾ ਹੈ। ਇਸ ਲਈ ਇਨ੍ਹਾਂ ਵਿੱਚ ਵੀ ਪਰਦੂਸ਼ਣ ਹੈ। ਜਦੋਂ ਫਲਾਂ ਤੋਂ ਲੈ ਕੇ ਗਾਂ ਦੇ ਦੁੱਧ ਤੱਕ ਪਰਦੂਸ਼ਣ ਹੈ ਤਾਂ ਬੱਚੇ ਨੂੰ ਜਿਹੜਾ ਦੁੱਧ ਉਸ ਦੀ ਮਾਂ ਪਿਆ ਸਕਦੀ ਹੈ, ਜਿਹੜਾ ਹਮੇਸ਼ਾ ਤੋਂ ਉਸ ਲਈ ਸਰਬ ਉੱਤਮ ਸਮਝਿਆ ਜਾਂਦਾ ਰਿਹਾ ਹੈ, ਉਸ ਉੱਤੇ ਵੀ ਫਲਾਂ ਅਤੇ ਗਾਂ ਵਾਲੇ ਦੁੱਧ ਦੇ ਪਰਦੂ਼ਸ਼ਣ ਕਾਰਨ ਇਹੋ ਅਸਰ ਪਹੁੰਚਣ ਲੱਗ ਪਿਆ ਹੈ। ਸਾਨੂੰ ਇਹ ਗੱਲ ਇੱਕ ਡਾਈਟੀਸ਼ਨ ਨੇ ਦੱਸੀ ਹੈ।
ਕਿਸੇ ਨੂੰ ਕੋਈ ਰੋਗ ਲੱਗ ਜਾਵੇ, ਉਹ ਡਾਕਟਰ ਕੋਲ ਜਾਂਦਾ ਹੈ ਤਾਂ ਲਗਭਗ ਹਰ ਡਾਕਟਰ ਕੋਲ ਆਪਣੀ ਦੁਕਾਨ ਤੋਂ ਦਵਾਈਆਂ ਵੇਚਣ ਦਾ ਪ੍ਰਬੰਧ ਹੁੰਦਾ ਹੈ। ਬਹੁਤੇ ਡਾਕਟਰ ਜਿਹੜੀ ਦਵਾਈ ਲਿਖ ਕੇ ਦੇਂਦੇ ਹਨ, ਉਹ ਏਨੀ ਵਿਸ਼ੇਸ਼ ਹੁੰਦੀ ਹੈ ਕਿ ਉਸ ਸ਼ਹਿਰ ਵਿੱਚੋਂ ਸਿਰਫ ਓਸੇ ਡਾਕਟਰ ਦੀ ਦੁਕਾਨ ਤੋਂ ਮਿਲੇਗੀ। ਇਸ ਦਾ ਕਾਰਨ ਸਮਝ ਆ ਜਾਂਦਾ ਹੈ। ਤੁਸੀਂ ਸੋਚੋ ਕਿ ਇੱਕ ਦਵਾਈ ਡਿਸਪਰੀਨ ਹੈ, ਉਸ ਡਾਕਟਰ ਨੇ ਉਹ ਦਵਾਈ ਪਰਚੀ ਉੱਤੇ ਡਿਸਪਰੀਨ ਨਹੀਂ ਲਿਖਣੀ, ਡਾਕਟਰ ਦਾ ਨਾਂਅ ਬਿਸ਼ਨ ਚੰਦਰ ਹੋਵੇ ਤਾਂ ਬਿਸ਼ਨ ਚੰਦਰ ਵਾਲੀ 'ਬੀ' ਨਾਲ ਜੋੜ ਕੇ 'ਬਸਪਰੀਨ' ਬਣਾ ਦਿੱਤੀ ਹੋਵੇਗੀ ਅਤੇ ਫਿਰ ਉਹ ਓਸੇ ਹਸਪਤਾਲ ਦੇ ਅੰਦਰ ਚੱਲਦੀ ਦੁਕਾਨ ਤੋਂ ਮਿਲੇਗੀ। ਦਵਾਈ ਕੰਪਨੀਆਂ ਡਾਕਟਰਾਂ ਨਾਲ ਮਿਲ ਕੇ ਫਰਾਡ ਕਰ ਰਹੀਆਂ ਹਨ ਤੇ ਸਿਹਤ ਵਿਭਾਗ ਦੇ ਵੱਡੇ ਅਫਸਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਰੋਕਦੇ ਨਹੀਂ, ਕਿਉਂਕਿ 'ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ' ਹਨ। ਏਦਾਂ ਦੀ ਦਵਾਈ ਵਿੱਚ ਸਿਰਫ ਲੋੜ ਵਾਲਾ ਇੱਕੋ ਤੱਤ ਨਹੀਂ ਹੁੰਦਾ, ਉਸ ਦੇ ਨਾਲ ਪੰਜ-ਚਾਰ ਹੋਰ ਤੱਤ ਮਿਲੇ ਹੁੰਦੇ ਹਨ ਅਤੇ ਉਹ ਬਿਨਾਂ ਲੋੜ ਤੋਂ ਜਿਸ ਮਰੀਜ਼ ਦੇ ਢਿੱਡ ਵਿੱਚ ਚਲੇ ਜਾਂਦੇ ਹਨ, ਉਸ ਦਾ ਇਲਾਜ ਯੋਗ ਨਾਲ ਕਦੇ ਨਹੀਂ ਹੋ ਸਕਣਾ ਹੁੰਦਾ। ਉਸ ਮਰੀਜ਼ ਦੇ ਇਲਾਜ ਲਈ ਸਰਕਾਰ ਨੂੰ ਸਰਕਾਰ ਵਾਲੇ ਫਰਜ਼ ਨਿਭਾਉਣ ਦੀ ਲੋੜ ਹੈ।
ਸਾਨੂੰ ਕਈ ਸਾਲਾਂ ਤੱਕ ਇਹ ਸਿਖਾਇਆ ਜਾਂਦਾ ਰਿਹਾ ਕਿ ਸਾਨੂੰ ਪੱਛਮ ਦੇ ਵਿਕਸਤ ਦੇਸ਼ਾਂ ਤੋਂ ਇਹ ਗੱਲਾਂ ਸਿੱਖਣ ਦੀ ਲੋੜ ਹੈ ਕਿ ਸਮਾਜ ਪ੍ਰਤੀ ਫਰਜ਼ ਕੀ ਹੁੰਦੇ ਹਨ ਤੇ ਗਲਤ ਗੱਲਾਂ ਹੋਣ ਤੋਂ ਕਿਵੇਂ ਰੋਕਣੀਆਂ ਹਨ। ਸਿਆਸੀ ਲੀਡਰ ਆਪ ਆਪਣੇ ਇਲਾਜ ਅਤੇ ਆਪਣੇ ਪਰਵਾਰਕ ਜੀਆਂ ਦੇ ਸਰਕਾਰੀ ਖਰਚ ਉੱਤੇ ਇਲਾਜ ਲਈ ਜਿਹੜੇ ਦੇਸ਼ਾਂ ਵੱਲ ਦੌੜੇ ਜਾਂਦੇ ਹਨ, ਓਥੋਂ ਵਾਪਸ ਆ ਕੇ ਕਦੇ ਓਥੋਂ ਵਰਗਾ ਸਿਸਟਮ ਲਾਗੂ ਕਰਨ ਦਾ ਕੋਈ ਯਤਨ ਨਹੀਂ ਕਰਦੇ। ਕੁਰਸੀਆਂ ਲਈ ਦੌੜ ਤੱਕ ਸਾਰੇ ਯਤਨ ਸੀਮਤ ਹੋ ਜਾਣ ਪਿੱਛੋਂ ਭਾਰਤ ਅਸਮਾਨ ਟੱਪ ਕੇ ਪੁਲਾੜ ਵਿੱਚ ਭਾਵੇਂ ਪੱਕਾ ਸਟੇਸ਼ਨ ਬਣਾਉਣ ਵਾਲਾ ਵੀ ਬਣ ਗਿਆ ਹੈ, ਪਰ ਆਪਣੇ ਪੈਰਾਂ ਹੇਠ ਪਿਆ ਗੰਦ ਇਸ ਨੂੰ ਅਜੇ ਤੱਕ ਨਹੀਂ ਦਿੱਸ ਸਕਿਆ। ਲੋਕ ਬਿਮਾਰੀਆਂ ਨਾਲ ਵੀ ਮਰਦੇ ਹਨ, ਭੀੜ ਦੀ ਭਾਜੜ ਵਿੱਚ ਕੁਚਲ ਕੇ ਵੀ ਤੇ ਹੜ੍ਹਾਂ ਵਿੱਚ ਗੋਤੇ ਖਾ ਕੇ ਵੀ ਮਰਦੇ ਹਨ। ਜਦੋਂ ਕਸਰ ਰਹੀ ਜਾਪਦੀ ਹੈ ਤਾਂ ਕਿਸੇ ਨਾ ਕਿਸੇ ਰਾਜ ਵਿੱਚ ਸੋਕਾ ਪੈ ਜਾਂਦਾ ਹੈ। ਆਗੂ ਲੋਕ ਰਾਹਤ ਦੇ ਨਾਂਅ ਉੱਤੇ ਬੱਜਟ ਫੂਕਦੇ ਤੇ ਵਿੱਚੋਂ ਆਪਣਾ ਹਿੱਸਾ ਵਸੂਲਦੇ ਹਨ, ਪਰ ਇਹੋ ਜਿਹਾ ਪੱਕਾ ਪ੍ਰਬੰਧ ਕਰਨ ਦਾ ਕੋਈ ਯਤਨ ਨਹੀਂ ਕਰਦੇ ਕਿ ਫਿਰ ਕਦੀ ਉਸ ਰਾਜ ਵਿੱਚ ਸੋਕਾ ਨਾ ਪਵੇ। ਸੋਕੇ ਦੀ ਆਮਦ ਵੀ ਸਿਆਸਤ ਦੀ ਵੱਡੀ ਲੋੜ ਸਮਝੀ ਜਾ ਰਹੀ ਹੈ।
ਹਿੰਦੀ ਦਾ ਵਿਅੰਗਕਾਰ ਕਾਕਾ ਹਾਥਰਸੀ ਬਹੁਤ ਤਿਖੀ ਚੋਭ ਲਾਇਆ ਕਰਦਾ ਸੀ। ਉਸ ਨੇ 'ਲਫਟੰਟ ਪਿਗਸਨ ਦੀ ਡਾਇਰੀ' ਵਾਲੀ ਕਿਤਾਬ ਵਿੱਚ ਲਿਖਿਆ ਸੀ ਕਿ ਭਾਰਤ ਵਿੱਚ ਆਏ ਅੰਗਰੇਜ਼ ਲੈਫਟੀਨੈਂਟ ਪਿਗਸਨ ਨੇ ਆਪਣੇ ਕਰਨਲ ਤੋਂ ਵੀਕ-ਐਂਡ ਮਨਾਉਣ ਦੀ ਛੁੱਟੀ ਮੰਗੀ ਸੀ। ਕਰਨਲ ਨੇ ਕਿਹਾ ਕਿ ਏਥੇ ਘੁੰਮਣ ਵਾਲਾ ਥਾਂ ਹੀ ਕੋਈ ਨਹੀਂ। ਇਸ ਗੱਲ ਤੋਂ ਹੈਰਾਨ ਹੋਏ ਲੈਫਟੀਨੈਂਟ ਪਿਗਸਨ ਨੇ ਪੁੱਛ ਲਿਆ ਕਿ ਫਿਰ ਏਥੇ ਹੈ ਕੀ? ਅੱਗੋਂ ਕਰਨਲ ਨੇ ਕਿਹਾ ਕਿ ਭਾਰਤ ਵਿੱਚ ਸਿਰਫ 'ਬੈਡ' ਅਤੇ 'ਪੂਅਰ' ਹਨ, ਹੋਰ ਏਥੇ ਕੁਝ ਨਹੀਂ ਲੱਭਦਾ। ਲੈਫਟੀਨੈਂਟ ਨੂੰ ਗੱਲ ਸਮਝ ਨਹੀਂ ਸੀ ਪਈ ਤਾਂ ਕਰਨਲ ਨੇ ਸਮਝਾਇਆ ਸੀ ਕਿ ਏਥੇ 'ਹੈਦਰਾਬੈਡ' ਹੈ, 'ਗਾਜ਼ੀਆਬੈਡ' ਹੈ, 'ਔਰੰਗਾਬੈਡ' ਹੈ ਜਾਂ 'ਨੂਰਪੂਅਰ' ਹੈ, 'ਕਾਨਪੂਅਰ' ਹੈ ਅਤੇ 'ਗੋਰਖਪੂਅਰ' ਵੀ ਹੈ, ਪਰ ਵੀਕ-ਐਂਡ ਲਈ ਵੇਖਣ ਵਾਲਾ ਕੁਝ ਨਹੀਂ ਲੱਭਣਾ। ਉਸ ਅੰਗਰੇਜ਼ ਕਰਨਲ ਨੇ ਸਾਡੇ ਦੇਸ਼ ਦੇ ਲਈ ਨਫਰਤ ਦੀ ਭਾਵਨਾ ਨਾਲ ਇਹ ਗੱਲ ਕਹੀ ਜਾਂ ਕਾਕਾ ਹਾਥਰਸੀ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ, ਪਰ ਦੇਸ਼ ਦੇ ਆਜ਼ਾਦੀ ਦੇ ਬਹੱਤਰ ਸਾਲ ਬਾਅਦ ਵੀ ਏਥੇ ਇਹੋ ਕੁਝ ਦਿੱਸ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦਾ ਇਲਾਜ ਕਰਨ ਦੇ ਲਈ ਸਰਕਾਰ ਨੂੰ ਸਰਕਾਰ ਦੇ ਫਰਜ਼ ਨਿਭਾਉਣ ਦੀ ਲੋੜ ਹੈ, ਸਿਰਫ ਯੋਗ ਕਰਨ ਨਾਲ ਕੁਝ ਨਹੀਂ ਹੋਣ ਲੱਗਾ। ਕਬੀਰ ਜੀ ਨੇ ਕਿਹਾ ਸੀ: ਭੂਖੇ ਭਗਤਿ ਨਾ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਭੁੱਖੇ ਢਿੱਡਾਂ ਨਾਲ ਯੋਗ ਨਹੀਂ ਕੀਤਾ ਜਾ ਸਕਦਾ। ਯੋਗ ਕਰਨਾ ਮਾੜਾ ਨਹੀਂ, ਪਰ ਲੋਕਾਂ ਦਾ ਢਿੱਡ ਭਰਨ ਦੇ ਉਪਰਾਲਾ ਕਰਨਾ ਇਸ ਕਿਰਿਆ ਤੋਂ ਵੱਧ ਜ਼ਰੂਰੀ ਹੋ ਸਕਦਾ ਹੈ।
ਹੋਂਦ ਕਾਇਮ ਰੱਖਣ ਦੇ ਸੰਕਟ ਨਾਲ ਜੂਝਦੀ ਹੋਈ ਕਾਂਗਰਸ ਪਾਰਟੀ - ਜਤਿੰਦਰ ਪਨੂੰ
ਉਹ ਦਿਨ ਭਾਰਤ ਦੇ ਲੋਕਾਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਯਾਦ ਹੋਣਗੇ, ਜਦੋਂ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਪਿੱਛੋਂ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਕਿ ਮੇਰਾ ਮਿਸ਼ਨ ਸਿਰਫ ਪ੍ਰਧਾਨ ਮੰਤਰੀ ਬਣਨਾ ਨਹੀਂ, ਭਾਰਤ ਨੂੰ 'ਕਾਂਗਰਸ ਮੁਕਤ' ਦੇਸ਼ ਬਣਾਉਣ ਤੱਕ ਜਾਂਦਾ ਹੈ। ਕਾਂਗਰਸ ਲੀਡਰਾਂ ਨੇ ਓਦੋਂ ਜਵਾਬ ਵਿੱਚ ਆਖਿਆ ਸੀ ਕਿ ਕਾਂਗਰਸ ਨੂੰ ਖਤਮ ਕਰਨ ਦੇ ਸੁਫਨੇ ਲੈਣ ਵਾਲੇ ਕਈ ਆਏ ਤੇ ਚੱਲਦੇ ਬਣੇ, ਕਾਂਗਰਸ ਅੱਜ ਵੀ ਕਾਇਮ ਹੈ ਤੇ ਅੱਗੋਂ ਵੀ ਰਹੇਗੀ। ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ। ਅਗਲੇ ਦਿਨਾਂ ਵਿੱਚ ਲਗਭਗ ਹਰ ਰਾਜ ਤੋਂ ਖਬਰਾਂ ਆਉਣ ਲੱਗ ਪਈਆਂ ਕਿ ਕਾਂਗਰਸੀ ਆਗੂ ਇਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਅਸੀਂ ਓਦੋਂ ਇਹ ਗੱਲ ਲਿਖੀ ਸੀ ਕਿ ਹਿੰਦੀ ਦੇ ਦੋ ਸ਼ਬਦ 'ਮੁਕਤ' ਅਤੇ 'ਯੁਕਤ' ਇੱਕੋ ਜਿਹੀ ਧੁਨੀ ਵਾਲੇ ਹਨ ਅਤੇ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦਾ ਨਾਅਰਾ ਦੇ ਕੇ ਅੱਗੇ ਆਇਆ, ਪਰ ਅਮਲ ਵਿੱਚ ਭਾਜਪਾ ਨੂੰ 'ਕਾਂਗਰਸ ਯੁਕਤ' ਕਰਨ ਦੇ ਰਾਹ ਪੈ ਗਿਆ ਹੈ। 'ਯੁਕਤ' ਦਾ ਮਤਲਬ ਹੁੰਦਾ ਹੈ ਕਿ ਇਸ ਚੀਜ਼ ਦੇ ਵਿੱਚ ਦੂਸਰੀ ਚੀਜ਼ ਵੀ ਸ਼ਾਮਲ ਹੈ। ਕਈਆਂ ਰਾਜਾਂ ਦੇ ਸਾਬਕਾ ਮੰਤਰੀ ਹੀ ਨਹੀਂ, ਮੌਜੂਦਾ ਮੰਤਰੀ ਵੀ ਪਾਰਟੀ ਛੱਡਣ ਤੇ ਭਾਜਪਾ ਵਿੱਚ ਜਾਣ ਲੱਗ ਪਏ ਸਨ ਅਤੇ ਅੱਜ ਕਈ ਰਾਜਾਂ ਦੇ ਭਾਜਪਾ ਮੁੱਖ ਮੰਤਰੀ ਓਦੋਂ ਕਾਂਗਰਸ ਵਿੱਚੋਂ ਆਏ ਹੋਏ ਹਨ। ਅਰੁਣਾਚਲ ਪ੍ਰਦੇਸ਼ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਪੇਮਾ ਖਾਂਡੂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹਿ ਚੁੱਕਾ ਹੈ ਤੇ ਮਨੀਪੁਰ ਦਾ ਭਾਜਪਾ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੀ ਪਹਿਲਾਂ ਕਾਂਗਰਸ ਨੇ ਮੰਤਰੀ ਬਣਾਇਆ ਸੀ। ਕਈ ਰਾਜਾਂ ਵਿੱਚ ਇਹੋ ਜਿਹੇ ਸਾਬਕਾ ਕਾਂਗਰਸੀ ਇਸ ਵੇਲੇ ਭਾਜਪਾ ਦੀਆਂ ਸਰਕਾਰਾਂ ਵਿੱਚ ਮੰਤਰੀ ਬਣੇ ਮਿਲ ਜਾਣਗੇ।
ਦਸ ਸਾਲ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਵੱਖਰੀ ਕੋਠੀ ਵਿੱਚੋਂ ਰਿਮੋਟ ਬਟਨ ਨਾਲ ਚਲਾਈ ਸੀ, ਉਸ ਦੌਰਾਨ ਹੋਏ ਸਿਖਰਾਂ ਦੇ ਭ੍ਰਿਸ਼ਟਾਚਾਰ ਨਾਲ ਇਹ ਪਾਰਟੀ ਆਪ ਤਾਂ ਡੁੱਬੀ ਹੀ, ਦੇਸ਼ ਦੀ ਧਰਮ ਨਿਰਪੱਖਤਾ ਨੂੰ ਵੱਡੀ ਢਾਹ ਲੱਗਣ ਦਾ ਕਾਰਨ ਵੀ ਬਣ ਗਈ ਸੀ। ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੀ ਵਾਰੀ ਭਾਜਪਾ ਦੋ ਸੌ ਬਿਆਸੀ ਸੀਟਾਂ ਜਿੱਤ ਕੇ ਪਹਿਲੀ ਵਾਰੀ ਪਾਰਲੀਮੈਂਟ ਵਿੱਚ ਕਿਸੇ ਦੇ ਸਹਾਰੇ ਬਿਨਾਂ ਰਾਜ ਕਰਨ ਜੋਗੀ ਹੋ ਗਈ, ਓਦੋਂ ਕਾਂਗਰਸ ਲੀਡਰਸ਼ਿਪ ਨੂੰ ਕੁਝ ਸੋਚਣਾ ਚਾਹੀਦਾ ਸੀ। ਉਹ ਵਹਿਮ ਦਾ ਸ਼ਿਕਾਰ ਹੋ ਕੇ ਇਹੀ ਸੋਚਦੇ ਰਹੇ ਕਿ ਇੱਕੋ ਵਾਰੀ ਭਾਜਪਾ ਜਿੱਤਣ ਨਾਲ ਲੋਕਾਂ ਦਾ ਮਨ ਉਚਾਟ ਹੋ ਜਾਣਾ ਹੈ, ਫਿਰ ਸਾਥੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਜਿਸ ਨੂੰ ਦੇਸ਼ ਦੀ ਵਾਗ ਸੌਂਪੀ ਜਾ ਸਕੇ। ਉਹ ਲੋਕਾਂ ਵਿੱਚ ਕੰਮ ਕਰਨ ਦੀ ਥਾਂ ਪਾਰਟੀ ਦੀ ਹਾਈ ਕਮਾਨ ਵਿੱਚ ਇਹ ਪਿਆਦੇ ਫਿੱਟ ਕਰਨ ਲੱਗੇ ਰਹੇ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੇਰੇ ਹੱਥ ਫਲਾਣਾ ਰਾਜ ਆ ਜਾਵੇ ਤੇ ਫਲਾਣੀ ਪਾਰਲੀਮੈਂਟ ਸੀਟ ਮੈਂ ਆਪਣੇ ਪਰਵਾਰ ਦੇ ਫਲਾਣੇ ਜੀਅ ਲਈ ਤਿਆਰ ਕਰ ਲਵਾਂ। ਜਿਹੜੇ ਕਿਸੇ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਨਸੀਬ ਹੋ ਗਿਆ, ਉਹ ਪਾਰਟੀ ਹਾਈ ਕਮਾਨ ਨੂੰ ਵੀ ਟਿੱਚ ਜਾਣਨ ਲੱਗ ਪਿਆ ਤੇ ਹਾਈ ਕਮਾਨ ਹੌਲੀ-ਹੌਲੀ ਇਸ 'ਹਾਈ' ਵਾਲੇ ਰੁਤਬੇ ਤੋਂ 'ਲੋਅ' ਹੁੰਦੀ ਚਲੀ ਗਈ। ਤਾਜ਼ਾ ਪਾਰਲੀਮੈਂਟ ਚੋਣਾਂ ਦੀ ਹਾਰ ਤੋਂ ਬਾਅਦ ਪਾਰਟੀ ਦੇ ਬਹੁਤੇ ਲੀਡਰ ਇਸ ਹਕੀਕਤ ਨੂੰ ਮੰਨਦੇ ਹਨ, ਪਰ ਆਪਣੀ ਪਾਰਟੀ ਨੂੰ ਮੁੜ ਕੇ ਖੜੀ ਕਰਨ ਦੇ ਲਈ ਜ਼ੋਰ ਲਾਉਣ ਦੀ ਥਾਂ ਮਰਨੇ ਪਈ ਹੋਈ ਪਾਰਟੀ ਦੀ ਸਫ ਉੱਤੇ ਵੀ ਆਪਣੀ ਚੌਧਰ ਭਾਲਦੇ ਹਨ। ਨਤੀਜਾ ਇਹ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਦੇ ਬਾਅਦ ਲੱਗਭਗ ਹਰ ਇੱਕ ਰਾਜ ਵਿੱਚ ਬੜੀ ਬੁਰੀ ਤਰ੍ਹਾਂ ਪਾਟਕ ਦਾ ਸ਼ਿਕਾਰ ਹੋਈ ਪਈ ਹੈ।
ਅਸੀਂ ਪਿਛਲੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਟਕਰਾਅ ਦੀ ਸਥਿਤੀ ਪੰਜਾਬ ਵਿੱਚ ਵੇਖੀ ਹੈ। ਰਾਜਸਥਾਨ ਤੋਂ ਪੰਝੀ ਦੀਆਂ ਪੰਝੀ ਸੀਟਾਂ ਹਾਰ ਜਾਣ ਮਗਰੋਂ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਕੁਰਸੀ ਖੋਹਣ ਦੀ ਮੁਹਿੰਮ ਵਿੱਢ ਦਿੱਤੀ ਹੈ। ਇਹੋ ਲੜਾਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਕਾਂਗਰਸੀ ਸਰਕਾਰ ਵਾਲੇ ਰਾਜਾਂ ਤੋਂ ਤੁਰਦੀ ਮਰਨੇ ਪਈ ਹਾਲਤ ਵਾਲੇ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਤੇ ਨਿਤਾਣੀ ਹਾਲਤ ਵਾਲੀ ਪੱਛਮੀ ਬੰਗਾਲ ਕਾਂਗਰਸ ਦੇ ਦਫਤਰ ਤੱਕ ਜਾ ਪਹੁੰਚੀ ਹੈ। ਹਰਿਆਣਾ ਕਾਂਗਰਸ ਕਮੇਟੀ ਜਦੋਂ ਲੋਕ ਸਭਾ ਚੋਣਾਂ ਵਿੱਚ ਹਾਰ ਬਾਰੇ ਵਿਚਾਰ ਕਰਨ ਬੈਠੀ ਤਾਂ ਕੁਝ ਲੀਡਰਾਂ ਨੇ ਮੌਜੂਦਾ ਪ੍ਰਧਾਨ ਦੇ ਖਿਲਾਫ ਏਦਾਂ ਦਾ ਹੰਗਾਮਾ ਕੀਤਾ ਕਿ ਅੱਕ ਕੇ ਉਹ ਵੀ ਅੱਗੋਂ ਇਹ ਕਹਿਣ ਲੱਗ ਪਿਆ ਕਿ ਫਿਰ ਮੈਨੂੰ ਗੋਲੀ ਮਾਰ ਦਿਓ। ਦਿੱਲੀ ਕਾਂਗਰਸ ਪਾਰਟੀ ਦਾ ਭੱਠਾ ਵੀ ਪਾਰਟੀ ਦੀ ਆਪਸੀ ਖਾਨਾਜੰਗੀ ਅਤੇ ਖਾਸ ਤੌਰ ਉੱਤੇ ਇੱਕ ਸਾਬਕਾ ਮੁੱਖ ਮੰਤਰੀ ਬੀਬੀ ਦੇ ਜ਼ਿੱਦੀਪੁਣੇ ਕਾਰਨ ਬੈਠਾ ਦੱਸਿਆ ਜਾਂਦਾ ਹੈ। ਹਰ ਪਾਸੇ ਆਪਸੀ ਟਕਰਾਅ ਦਾ ਮਾਹੌਲ ਹੈ ਤੇ ਆਖਰ ਵਿੱਚ ਏਨੀ ਗੱਲ ਹਰ ਆਗੂ ਕਹਿ ਦੇਂਦਾ ਹੈ ਕਿ ਉਹ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਹੁਕਮ ਮੰਨਣਗੇ। ਉਹ ਦੋਵੇਂ ਭੈਣ-ਭਰਾ ਕਿਸੇ ਆਗੂ ਨੂੰ ਹੁਕਮ ਦੇਣ ਜੋਗੇ ਰਹਿ ਨਹੀਂ ਗਏ ਅਤੇ ਰਹਿਣਾ ਵੀ ਨਹੀਂ ਚਾਹੁੰਦੇ ਲੱਗਦੇ, ਕਿਉਂਕਿ ਲੀਡਰਾਂ ਦੇ ਪਾਏ ਹੋਏ ਹਰ ਕਿਸੇ ਪੁਆੜੇ ਦੇ ਬਾਅਦ ਬਦਨਾਮੀ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ ਤੇ ਲੀਡਰ ਫਿਰ ਲੀਡਰ ਬਣੇ ਰਹਿੰਦੇ ਹਨ।
ਉਹ ਦਿਨ ਬਹੁਤ ਪਿੱਛੇ ਰਹਿ ਗਏ ਹਨ, ਜਦੋਂ ਕਾਂਗਰਸ ਪਾਰਟੀ ਭਾਰਤ ਦੇਸ਼ ਦੀ ਆਜ਼ਾਦੀ ਲਹਿਰ ਦੀ ਅਗਵਾਈ ਦਾ ਦਾਅਵਾ ਕਰ ਕੇ ਉਸ ਦਾ ਖੱਟਿਆ ਖਾਂਦੀ ਹੁੰਦੀ ਸੀ। ਇਸ ਵੇਲੇ ਉਸ ਦੌਰ ਦੀ ਕਾਂਗਰਸ ਦੀ ਅਗਵਾਈ ਵੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਤੇ ਉਸ ਦੌਰ ਦੇ ਵੱਡੇ ਆਗੂ ਮਹਾਤਮਾ ਗਾਂਧੀ ਦੀ ਫੋਟੋ ਕਰੰਸੀ ਨੋਟਾਂ ਤੋਂ ਲਾਹੁਣ ਦੀਆਂ ਸੁਰਾਂ ਦੇ ਨਾਲ ਉਸ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਦੇਸ਼ ਭਗਤ ਕਹਿਣ ਤੇ ਵਡਿਆਉਣ ਦਾ ਚੱਕਰ ਚੱਲ ਪਿਆ ਹੈ। ਜਦੋਂ ਭਾਜਪਾ ਆਗੂ ਨਰਿੰਦਰ ਮੋਦੀ ਨੇ ਕੇਂਦਰ ਦੀ ਸੱਤਾ ਸੰਭਾਲੀ ਸੀ, ਓਦੋਂ ਪਹਿਲੀ ਵਾਰੀ ਕੇਰਲਾ ਦੇ ਭਾਜਪਾ ਦੇ ਮੈਗਜ਼ੀਨ ਵਿੱਚ ਇਹੋ ਜਿਹਾ ਲੇਖ ਛਪਿਆ ਸੀ ਕਿ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਗਲਤ ਕੀਤਾ, ਜਵਾਹਰ ਲਾਲ ਨਹਿਰੂ ਨੂੰ ਗੋਲੀ ਮਾਰਨੀ ਚਾਹੀਦੀ ਸੀ। ਭਾਜਪਾ ਨੇ ਸਿਰਫ ਏਨਾ ਕਿਹਾ ਸੀ ਕਿ ਲੇਖ ਸਾਡੇ ਮੈਗਜ਼ੀਨ ਨੇ ਜ਼ਰੂਰ ਛਾਪਿਆ ਹੈ, ਪਰ ਇਹ ਵਿਚਾਰ ਪਾਰਟੀ ਦੇ ਨਹੀਂ, ਲੇਖਕ ਦੇ ਆਪਣੇ ਹਨ, ਜਦ ਕਿ ਲੇਖਕ ਵੀ ਪਾਰਟੀ ਲੀਡਰ ਸੀ। ਅੱਜ ਕੋਈ ਓਹਲਾ ਰੱਖੇ ਬਿਨਾਂ ਮਹਾਤਮਾ ਗਾਂਧੀ ਦੇ ਕਤਲ ਨੂੰ ਵੀ ਜਾਇਜ਼ ਠਾਹਿਰਾਇਆ ਜਾਣ ਲੱਗਾ ਹੈ ਅਤੇ ਪਿਛਲੇਰੇ ਸਾਲ ਬਣਾਈ ਗਈ ਨਾਮ-ਨਿਹਾਦ ਹਿੰਦੂ ਹਾਈ ਕੋਰਟ ਦੀ ਮੁਖੀ ਪੂਜਾ ਸ਼ਕੁਨ ਪਾਂਡੇ ਨਾਂਅ ਵਾਲੀ ਬੀਬੀ ਨੇ ਗਾਂਧੀ ਦੇ ਪੁਤਲੇ ਉੱਤੇ ਸਰੇਆਮ ਗੋਲੀਆਂ ਦਾਗਣ ਦਾ ਕੰਮ ਵੀ ਕਰਨ ਤੋਂ ਝਿਜਕ ਨਹੀਂ ਵਿਖਾਈ। ਭਾਜਪਾ ਲੀਡਰਾਂ ਨੇ ਕਿਹਾ ਸੀ ਕਿ ਸਾਡਾ ਉਸ ਬੀਬੀ ਨਾਲ ਕੋਈ ਸੰਬੰਧ ਨਹੀਂ, ਪਰ ਸੋਸ਼ਲ ਮੀਡੀਆ ਉਸ ਬੀਬੀ ਦੇ ਨਾਲ ਭਾਜਪਾ ਲੀਡਰਾਂ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ।
ਇਹ ਦੌਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਲਈ ਸਿਰ ਵਿੱਚ ਠੰਢਾ ਪਾਣੀ ਪਾ ਕੇ ਸੋਚਣ ਦਾ ਹੈ, ਜਦੋਂ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦਾ ਨਾਅਰਾ ਦੇਣ ਵਾਲੇ ਨਰਿੰਦਰ ਮੋਦੀ ਨੂੰ ਕੁਝ ਕਰਨ ਦੀ ਲੋੜ ਨਹੀਂ, ਕਾਂਗਰਸ ਦੇ ਆਗੂ ਖੁਦ ਇਹ ਕੰਮ ਕਰਨ ਰੁੱਝੇ ਜਾਪਦੇ ਹਨ। ਕਾਂਗਰਸ ਇਸ ਵਕਤ ਹੋਂਦ ਕਾਇਮ ਰੱਖਣ ਦੀ ਜਿਹੜੀ ਲੜਾਈ ਲੜ ਰਹੀ ਹੈ, ਉਸ ਵਿੱਚ ਹੋਰ ਕੁਝ ਵੀ ਕਰਨੋਂ ਪਹਿਲਾਂ ਉਸ ਨੂੰ ਆਪਣੇ ਅੰਦਰ ਦੀ ਸਫਾਈ ਕਰਨੀ ਪੈਣੀ ਹੈ। ਰਾਹੁਲ ਗਾਂਧੀ ਇਸ ਕੰਮ ਲਈ ਯੋਗ ਵਿਅਕਤੀ ਨਹੀਂ ਤੇ ਇਕੱਲਾ ਉਹ ਕੁਝ ਕਰਨ ਜੋਗਾ ਹੋ ਜਾਵੇਗਾ, ਇਹ ਗੱਲ ਸੋਚੀ ਤੱਕ ਨਹੀਂ ਜਾ ਸਕਦੀ, ਪਰ ਹੋਰ ਉਸ ਨਾਲ ਖੜੋਵੇਗਾ ਕੌਣ, ਕੋਈ ਦਿੱਸਦਾ ਵੀ ਨਹੀਂ। ਬਹੁਤ ਹੀ ਔਝੜ ਦੇ ਦੌਰ ਤੋਂ ਲੰਘ ਰਹੀ ਹੈ ਕਾਂਗਰਸ ਪਾਰਟੀ।
ਹਾਲਾਤ ਦੀ ਸਿਫਤੀ ਤਬਦੀਲੀ ਪਿੱਛੋਂ ਵੀ ਮੋੜਾ ਜ਼ਰੂਰ ਪਵੇਗਾ, ਪਰ ਤੁਰਤ-ਫੁਰਤ ਨਹੀਂ - ਜਤਿੰਦਰ ਪਨੂੰ
ਕਦੇ-ਕਦੇ ਹਕੀਕਤਾਂ ਮਨ ਪਸੰਦ ਨਾ ਹੋਣ ਤਾਂ ਕਈ ਲੋਕਾਂ ਦਾ ਮੰਨਣ ਨੂੰ ਦਿਲ ਨਹੀਂ ਕਰਦਾ। ਫਿਰ ਉਹ ਐਨ ਇਸ ਦੇ ਉਲਟ ਤਸਵੀਰ ਦੀ ਕਲਪਣਾ ਕਰਨ ਅਤੇ ਹਕੀਕਤਾਂ ਨੂੰ ਆਪਣੀ ਪਸੰਦ ਮੁਤਾਬਕ ਢਾਲਣ ਦੇ ਯਤਨ ਵਿੱਚ ਹਾਸੋਹੀਣੀ ਹਾਲਤ ਵਿੱਚ ਫਸ ਜਾਂਦੇ ਹਨ। ਭਾਰਤ ਦੀ ਮੌਜੂਦਾ ਸਿਆਸੀ ਹਕੀਕਤ ਵੀ ਇਹੀ ਹੈ। ਸਮੁੱਚੀ ਤਸਵੀਰ ਬਦਲ ਚੁੱਕੀ ਹੈ ਤੇ ਐਨੀ ਜ਼ਿਆਦਾ ਬਦਲ ਚੁੱਕੀ ਹੈ ਕਿ ਉਸ ਨੂੰ ਝੁਠਲਾਉਣ ਵਾਲੇ ਮਜ਼ਾਕ ਦਾ ਪਾਤਰ ਬਣ ਸਕਦੇ ਹਨ।
ਭਾਰਤ ਦੀ ਪਾਰਲੀਮੈਂਟ ਵਿੱਚ ਕਈ ਵਾਰੀ ਅੱਗੇ ਵੀ ਤਾਕਤਾਂ ਦਾ ਸੰਤੁਲਨ ਵਿਗੜਦਾ ਰਿਹਾ ਸੀ ਤੇ ਉਸ ਦੇ ਬਾਅਦ ਹਰ ਵਾਰ ਇਹ ਆਸ ਕਾਇਮ ਰਹਿੰਦੀ ਸੀ ਕਿ ਵਿਰੋਧ ਦੀਆਂ ਧਿਰਾਂ ਐਨੀਆਂ ਕਮਜ਼ੋਰ ਨਹੀਂ ਹੋਈਆਂ ਕਿ ਮੋੜਾ ਪਾਉਣ ਦੇ ਦਾਅਵੇ ਦਾ ਮਜ਼ਾਕ ਉਡਾਇਆ ਜਾਵੇ। ਇਸ ਵਾਰੀ ਉਨ੍ਹਾਂ ਸਾਰੇ ਵੇਲਿਆਂ ਤੋਂ ਸਥਿਤੀ ਵੱਖਰੀ ਹੈ। ਕਾਰਨ ਭਾਵੇਂ ਕੋਈ ਰਿਹਾ ਹੋਵੇ, ਪਾਰਲੀਮੈਂਟ ਵਿੱਚ ਸੰਤੁਲਨ ਅਸਲੋਂ ਹੀ ਬਦਲਿਆ ਨਜ਼ਰ ਆਉਂਦਾ ਹੈ। ਭਾਜਪਾ ਦੇ ਆਗੂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਦੀ ਰਾਜਨੀਤੀ ਵਿੱਚ ਇੱਕ ਦਮ ਵੱਡੇ ਹੁਲਾਰੇ ਨਾਲ ਬਾਕੀ ਸਭ ਧਿਰਾਂ ਦੇ ਲੀਡਰਾਂ ਤੋਂ ਅੱਗੇ ਲੰਘ ਗਈ ਅਤੇ ਆਪਣੀ ਪਾਰਟੀ ਦੇ ਅੰਦਰ ਵੀ ਉਹ ਦੋਵੇਂ ਏਨਾ ਵੱਡਾ ਕੱਦ ਕੱਢ ਗਏ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਾ ਕੋਈ ਨਹੀਂ ਦਿੱਸ ਰਿਹਾ। ਜਿਹੜੇ ਮੁਰਲੀ ਮਨੋਹਰ ਜੋਸ਼ੀ ਨੇ ਕਿਸੇ ਵਕਤ ਸਿੱਧਾ ਵਿਰੋਧ ਕੀਤਾ ਤੇ ਨਰਿੰਦਰ ਮੋਦੀ ਦੀ ਨਾਰਾਜ਼ਗੀ ਸਹੇੜ ਲਈ ਸੀ, ਪੰਜ ਸਾਲ ਪਿੱਛੋਂ ਉਸ ਨੂੰ ਚੁੱਪ ਰਹਿ ਕੇ ਪਾਰਟੀ ਅੰਦਰੋਂ ਵਿਰੋਧ ਦੀ ਅਗਵਾਈ ਕਰਦਾ ਕਿਹਾ ਜਾਂਦਾ ਸੀ, ਉਹ ਅੱਜ ਨਰਿੰਦਰ ਮੋਦੀ ਦੀ ਜਿੱਤ ਦੇ ਸੋਹਲੇ ਗਾ ਰਿਹਾ ਹੈ। ਲਾਲ ਕ੍ਰਿਸ਼ਨ ਅਡਵਾਨੀ ਨੂੰ ਪਿਛਲੀ ਵਾਰੀ ਮਾਰਗ ਦਰਸ਼ਕ ਮੰਡਲ ਵਿੱਚ ਵੀ ਬਿਠਾਇਆ ਸੀ ਤਾਂ ਪਾਰਲੀਮੈਂਟ ਮੈਂਬਰ ਵਜੋਂ ਰਾਜਨੀਤੀ ਨਾਲ ਨੇੜਲੇ ਸੰਬੰਧ ਰੱਖੀ ਜਾਣ ਦਾ ਮੌਕਾ ਉਹ ਵਰਤ ਸਕਦਾ ਸੀ, ਅੱਜ ਉਹ ਵੀ ਮੌਕਾ ਨਹੀਂ ਰਹਿ ਗਿਆ। ਕਿਹਾ ਜਾਂਦਾ ਸੀ ਕਿ ਨਾਗਪੁਰ ਵਾਲੀ ਧਿਰ ਪਾਰਲੀਮੈਂਟ ਚੋਣਾਂ ਪਿੱਛੋਂ ਕਿਸੇ ਤਰ੍ਹਾਂ ਦੀ ਭੁਆਂਟਣੀ ਦੇ ਸਕਦੀ ਹੈ, ਲੱਗਦਾ ਹੈ ਕਿ ਉਸ ਧਿਰ ਨੂੰ ਖੁਦ ਨੂੰ ਭੁਆਂਟਣੀ ਆ ਗਈ ਹੈ।
ਕਾਂਗਰਸ ਪਾਰਟੀ ਇਸ ਵਕਤ ਆਪਣੀ ਵਾਗ ਸੰਭਾਲਣ ਜੋਗਾ ਲੀਡਰ ਲੱਭਣ ਦੀ ਭਟਕਣ ਵਿੱਚ ਉਲਝੀ ਦਿਖਾਈ ਦੇਂਦੀ ਹੈ ਤੇ ਹੋਰ ਪਾਰਟੀਆਂ ਵਿੱਚੋਂ ਕੋਈ ਸਿਰ ਚੁੱਕ ਸਕਣਾ ਜੋਗਾ ਦਿਖਾਈ ਨਹੀਂ ਦੇਂਦਾ। ਇਸ ਦੇ ਬਾਵਜੂਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਲੀਮੈਂਟਰੀ ਆਗੂ ਦੀ ਚੋਣ ਵੇਲੇ ਮੀਟਿੰਗ ਵਿੱਚ ਇਹ ਕਹਿ ਦਿੱਤਾ ਹੈ ਕਿ ਬਵੰਜਾ ਵੀ ਹੋਏ ਤਾਂ ਸਾਨੂੰ ਕੋਈ ਚਿੰਤਾ ਨਹੀਂ, ਅਸੀਂ ਇੱਕ-ਇੱਕ ਇੰਚ ਉੱਤੇ ਭਾਜਪਾ ਨਾਲ ਲੜਾਂਗੇ। ਸੁਣਨ ਨੂੰ ਚੰਗਾ ਲੱਗ ਸਕਦਾ ਹੈ, ਇਸ ਦੇ ਬਾਵਜੂਦ ਸਥਿਤੀਆਂ ਇਸ ਦਾਅਵੇ ਦੀ ਹਾਮੀ ਨਹੀਂ ਭਰਦੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਨ ਦੇ ਬਹੁਤੇ ਆਗੂ ਏਦਾਂ ਦੇ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਭਾਜਪਾ ਦਾ ਇਸ਼ਾਰਾ ਮਿਲਣ ਦੀ ਉਡੀਕ ਤੱਕ ਕਾਂਗਰਸ ਨੂੰ ਵੇਟਿੰਗ ਰੂਮ ਮੰਨ ਕੇ ਬੈਠੇ ਹਨ, ਜਦੋਂ ਉਸ ਪਾਸਿਓਂ ਕੋਈ ਇਸ਼ਾਰਾ ਆ ਗਿਆ, ਜਾਣ ਨੂੰ ਪਲ ਨਹੀਂ ਲਾਉਣਗੇ। ਭਾਜਪਾ ਏਦਾਂ ਦਾ ਸੰਕੇਤ ਇਸ ਲਈ ਨਹੀਂ ਭੇਜ ਰਹੀ ਕਿ ਇਹ ਲੋਕ ਸਿਰਫ ਕੁਰਸੀਆਂ ਦੀ ਰਾਜਨੀਤੀ ਕਰਨ ਵਾਲੇ ਹਨ, ਜਿਨ੍ਹਾਂ ਬਾਰੇ ਪ੍ਰਿੰਅਕਾ ਗਾਂਧੀ ਵੀ ਕਹਿ ਚੁੱਕੀ ਹੈ ਕਿ ਇਹ ਕਾਂਗਰਸ ਵਿੱਚ ਰਹਿ ਕੇ ਇਸ ਦਾ ਕਤਲ ਕਰਨ ਵਾਲੇ ਹਨ। ਇਨ੍ਹਾਂ ਉੱਤੇ ਰਾਹੁਲ ਗਾਂਧੀ ਏਦਾਂ ਦੀ ਝਾਕ ਅਜੇ ਵੀ ਰੱਖਦਾ ਹੈ ਤਾਂ ਉਹ ਹਕੀਕਤਾਂ ਨੂੰ ਜਾਂ ਤਾਂ ਪਛਾਣਦਾ ਨਹੀਂ, ਜਾਂ ਫਿਰ ਮੰਨਣ ਤੋਂ ਬਚਣਾ ਚਾਹੁੰਦਾ ਹੈ।
ਅਸਲ ਵਿੱਚ ਵੱਡੀ ਲੜਾਈ ਵਿੱਚ ਹਾਰ ਦਾ ਮੁੱਢ ਓਦੋਂ ਹੀ ਬੱਝ ਗਿਆ ਸੀ, ਜਦੋਂ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਹਰ ਇੱਕ ਧਰਮ ਦੇ ਮੁੱਖ ਅਸਥਾਨਾਂ ਵਿੱਚ ਹਾਜ਼ਰੀ ਲਵਾਉਣ ਤੇ ਰਾਜਨੀਤੀ ਲਈ ਧਰਮ ਨੂੰ ਵਰਤਣ ਵਾਲੀ ਚਾਲ ਸ਼ੁਰੂ ਕੀਤੀ ਸੀ। ਪੰਜਾਬ ਵਿੱਚ ਖੇਡੀ ਗਈ ਇਹੋ ਖੇਡ ਉਸ ਦੀ ਆਪਣੀ ਮੌਤ ਤੇ ਪੰਜਾਬ ਦੇ ਲੰਮੇ ਦੁਖਾਂਤ ਦੇ ਕਈ ਕਾਰਨਾਂ ਵਿੱਚੋਂ ਇੱਕ ਬੜਾ ਵੱਡਾ ਕਾਰਨ ਬਣੀ ਸੀ, ਪਰ ਉਸ ਦੇ ਪੁੱਤਰ ਅਤੇ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਕੋਲ ਤਜਰਬੇ ਤੋਂ ਸਿੱਖਣ ਦਾ ਮੌਕਾ ਹੋਣ ਦੇ ਬਾਵਜੂਦ ਉਹ ਏਸੇ ਖੇਡ ਵਿੱਚ ਰੁੱਝਾ ਰਿਹਾ ਅਤੇ ਅੰਤ ਨੂੰ ਆਪਣੀ ਜਾਨ ਗਵਾਉਣ ਦੇ ਨਾਲ ਆਪਣੀ ਪਾਰਟੀ ਅੱਗੇ ਏਦਾਂ ਦੇ ਕੰਡੇ ਖਿਲਾਰ ਗਿਆ, ਜਿਹੜੇ ਚੁਗੇ ਨਾ ਜਾ ਸਕਣ। ਰਾਹੁਲ ਗਾਂਧੀ ਤੋਂ ਅਜੇ ਤੱਕ ਉਸ ਵੇਲੇ ਦੇ ਖਿਲਾਰੇ ਹੋਏ ਕੰਡੇ ਨਹੀਂ ਚੁਣੇ ਜਾ ਸਕੇ ਤੇ ਉਸ ਦੀ ਪਾਰਟੀ ਦੇ ਮੌਜੂਦਾ ਲੀਡਰ ਉਸ ਦੇ ਨਾਲ ਤੁਰੇ ਜਾਂਦਿਆਂ ਵੀ ਰਾਹੁਲ ਗਾਂਧੀ ਦੀ ਰਾਜਨੀਤਕ ਪ੍ਰੰਪਰਾ ਦਾ ਅੰਤ ਮੰਗਣ ਵਾਲਿਆਂ ਨਾਲ ਰਲੇ ਹੋਏ ਹਨ। ਉਹ ਔਝੜ ਵਿੱਚ ਫਸਿਆ ਹੈ। ਪਾਰਟੀ ਨੂੰ ਅੱਗੇ ਤੋਰਨਾ ਚਾਹੁੰਦਾ ਹੈ, ਜਿਸ ਦਾ ਮੁੱਖ ਕਾਰਨ ਭਾਵੇਂ ਉਸ ਦੀ ਰਾਜ ਕਰਨ ਦੀ ਇੱਛਾ ਸਮਝ ਪੈਂਦੀ ਹੈ, ਪਰ ਉਹ ਅੱਗੇ ਵੱਲ ਤੋਰਨਾ ਤਾਂ ਚਾਹੁੰਦਾ ਹੈ, ਉਸ ਦੀ ਟੀਮ ਉਸ ਦੇ ਨਾਲ ਨਿਭਣ ਵਾਲੀ ਦਿਖਾਈ ਨਹੀਂ ਦੇ ਰਹੀ।
ਜਿਹੜੀ ਗੱਲ ਕਾਂਗਰਸ ਪਾਰਟੀ ਨੂੰ, ਤੇ ਭਾਜਪਾ ਦੀ ਰਾਜਨੀਤੀ ਪਿੱਛੇ ਦਿਖਾਈ ਦੇਂਦੀ ਭਾਰਤ ਵਿੱਚ ਇੱਕ ਧਰਮ ਦਾ ਰਾਜ ਕਾਇਮ ਕਰਨ ਦੀ ਇੱਛਾ ਨੂੰ ਜਾਨਣ ਵਾਲੀਆਂ ਹੋਰ ਪਾਰਟੀਆਂ ਨੂੰ ਸਮਝਣੀ ਚਾਹੀਦੀ ਹੈ, ਉਹ ਇਹ ਕਿ ਭਾਰਤ ਦੀ ਰਾਜਨੀਤੀ ਇੱਕ ਖਾਸ ਮੋੜ ਮੁੜ ਚੁੱਕੀ ਹੈ। ਬਹੁਤ ਸਾਰੇ ਲੋਕ ਅਜੇ ਤੱਕ ਇਹ ਸੋਚੀ ਬੈਠੇ ਹਨ ਕਿ ਭਾਰਤ ਧਰਮ-ਨਿਰਪੱਖ ਵਿਰਾਸਤ ਵਾਲਾ ਦੇਸ਼ ਹੈ ਅਤੇ ਜਿਵੇਂ ਬੀਤੇ ਸਮੇਂ ਦੇ ਕਈ ਦੌਰਾਂ ਦੇ ਬਾਅਦ ਮੋੜਾ ਕੱਟਦਾ ਰਿਹਾ ਹੈ, ਇਸ ਵਾਰ ਵੀ ਕੱਟ ਲਵੇਗਾ। ਉਨ੍ਹਾਂ ਦੀ ਇਹ ਗੱਲ ਅਸੀਂ ਕੱਟ ਨਹੀਂ ਰਹੇ, ਆਸ ਰੱਖੀ ਜਾ ਸਕਦੀ ਹੈ ਕਿ ਕੱਟ ਲਵੇਗਾ, ਪਰ ਏਹੋ ਜਿਹਾ ਮੋੜਾ ਕੱਟਣ ਦੀ ਆਸ ਬਹੁਤੀ ਛੇਤੀ ਕਰਨੀ ਔਖੀ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਸ ਸੋਚ ਦੀ ਪ੍ਰਤੀਨਿਧਤਾ ਕਰਦੇ ਹਨ, ਉਹ ਸੋਚ ਅੱਜ ਦੇਸ਼ ਦੀ ਗਲੀ-ਗਲੀ ਪਹੁੰਚ ਚੁੱਕੀ ਹੈ ਤੇ ਮੱਧ ਵਰਗੀ ਮਾਨਸਿਕਤਾ ਜਦੋਂ ਕਿਸੇ ਪਾਸੇ ਵੱਲ ਨੂੰ ਇੱਕ ਵਾਰੀ ਉਲਾਰ ਹੋ ਜਾਵੇ, ਉਹ ਛੇਤੀ ਕੀਤੇ ਪਿੱਛੇ ਨਹੀਂ ਮੁੜਦੀ ਹੁੰਦੀ। ਪੱਛਮੀ ਬੰਗਾਲ ਵਿੱਚ ਤੀਹ ਨਾਲੋਂ ਵੱਧ ਸਾਲ ਖੱਬੇ ਪੱਖੀਆਂ ਦਾ ਰਾਜ ਇੱਕ ਸਿਧਾਂਤ ਅਧਾਰਤ ਰਾਜਨੀਤੀ ਵਾਲਾ ਕਿਹਾ ਜਾਂਦਾ ਰਿਹਾ ਸੀ, ਪਰ ਉਸ ਦੇ ਟੁੱਟ ਜਾਣ ਪਿੱਛੋਂ ਉਸ ਨਾਲ ਜੁੜੇ ਮੱਧ ਵਰਗੀ ਮਾਨਸਿਕਤਾ ਵਾਲੇ ਲੋਕ ਪਹਿਲਾਂ ਤ੍ਰਿਣਮੂਲ ਕਾਂਗਰਸ ਵੱਲ ਮੁੜੇ ਸਨ ਅਤੇ ਫਿਰ ਭਾਜਪਾ ਮਗਰ ਲਾਮਬੰਦ ਹੋਏ ਦਿਖਾਈ ਦੇਣ ਲੱਗ ਪਏ ਹਨ। ਬੀਤੇ ਹਫਤੇ ਸੀ ਪੀ ਆਈ ਐੱਮ ਦੇ ਇੱਕ ਵਿਧਾਇਕ ਦਾ ਦਿੱਲੀ ਪਹੁੰਚ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਾ ਏਸੇ ਵਰਤਾਰੇ ਦਾ ਪ੍ਰਤੀਕ ਹੈ। ਪੱਛਮੀ ਬੰਗਾਲ ਵਿੱਚ ਖੱਬੇ ਪੱਖੀਆਂ ਵਾਲੇ ਕਈ ਦਫਤਰ ਪਹਿਲਾਂ ਉਸ ਪਾਰਟੀ ਨੂੰ ਪਤਾ ਲੱਗਣ ਦਿੱਤੇ ਬਿਨਾਂ ਤ੍ਰਿਣਮੂਲ ਕਾਂਗਰਸ ਦੇ ਦਫਤਰਾਂ ਦੇ ਰੂਪ ਧਾਰ ਗਏ ਸਨ ਤੇ ਅੱਜ ਕੱਲ੍ਹ ਉਨ੍ਹਾਂ ਹੀ ਦਫਤਰਾਂ ਅੰਦਰ ਬੈਠੇ ਹੋਏ ਕਈ ਲੋਕ ਅਚਾਨਕ ਤ੍ਰਿਣਮੂਲ ਛੱਡ ਕੇ ਉਨ੍ਹਾਂ ਹੀ ਟਿਕਾਣਿਆਂ ਨੂੰ ਭਾਜਪਾ ਦਫਤਰਾਂ ਦਾ ਰੂਪ ਦੇਣ ਲੱਗ ਪਏ ਹਨ। ਅਸਲ ਵਿੱਚ ਉਹ ਲੋਕ ਕਦੇ ਵੀ ਖੱਬੇ ਪੱਖੀ ਸਿਧਾਂਤ ਵਾਲੇ ਨਹੀਂ ਸਨ ਬਣੇ, ਸਿਰਫ ਸੱਤਾ ਦਾ ਸੁਖ ਮਾਨਣ ਤੇ ਜੁਰਅੱਤ ਦੀ ਜ਼ਿੰਦਗੀ ਜਿਊਣ ਲਈ ਖੱਬੇ ਪੱਖੀਆਂ ਦੇ ਨਾਲ ਸਨ। ਇਸ ਵੇਲੇ ਭਾਜਪਾ ਦੇ ਨੇੜੇ ਜਾ ਰਹੇ ਹਨ ਤਾਂ ਫਿਰ ਕਿਸੇ ਸਿਧਾਂਤਕ ਸੋਚ ਕਾਰਨ ਨਹੀਂ, ਧੱਕੇ ਨਾਲ ਉਸ ਰਾਜ ਉੱਤੇ ਕਬਜ਼ਾ ਕਰਨ ਜੋਗੀ ਹੁੰਦੀ ਜਾਪਦੀ ਧਿਰ ਨਾਲ ਜੁੜ ਰਹੇ ਹਨ। ਇਹੋ ਲੋਕ ਕੁਝ ਸਮਾਂ ਪਾ ਕੇ ਮੋੜਾ ਕੱਟ ਸਕਦੇ ਹਨ, ਪਰ ਏਨੀ ਛੇਤੀ ਨਹੀਂ ਕੱਟਣ ਲੱਗੇ।
ਹਾਲਾਤ ਵਿੱਚ ਆਈ ਹੋਈ ਇਸ ਸਿਫਤੀ ਤਬਦੀਲੀ ਦੇ ਪਿੱਛੋਂ ਰਾਹੁਲ ਗਾਂਧੀ ਦਾ ਇਹ ਕਹਿਣਾ ਕੋਈ ਵੱਡੇ ਅਰਥ ਨਹੀਂ ਰੱਖਦਾ ਕਿ ਉਸ ਦੀ ਪਾਰਟੀ ਬਵੰਜਾ ਪਾਰਲੀਮੈਂਟ ਮੈਂਬਰਾਂ ਨਾਲ ਵੀ ਇੰਚ-ਇੰਚ ਲੜਾਈ ਲੜ ਸਕਦੀ ਹੈ, ਪਰ ਇਸ ਦਾ ਇਹ ਅਰਥ ਵੀ ਨਹੀਂ ਕਿ ਲੜਾਈ ਖਤਮ ਹੋ ਜਾਣੀ ਹੈ। ਵਿਰੋਧ ਹੋਣਾ ਤਾਂ ਯਕੀਨੀ ਹੈ। ਸਵਾਲ ਇਸ ਵਕਤ ਕਿਸੇ ਇੱਕ ਜਾਂ ਦੂਸਰੀ ਪਾਰਟੀ ਦਾ ਨਹੀਂ, ਦੇਸ਼ ਦੀ ਧਰਮ ਨਿਰਪੱਖ ਸੋਚ ਦੀ ਵਿਰਾਸਤ ਸੰਭਾਲਣ ਤੇ ਬਚਾਉਣ ਲਈ ਉਠਦੇ ਸਵਾਲਾਂ ਅਤੇ ਕਿੰਤੂਆਂ ਦਾ ਹੈ। ਵਿਰੋਧ ਦੀ ਖਾਤਰ ਵਿਰੋਧ ਤਾਂ ਸ਼ਿਵ ਸੈਨਾ ਵੀ ਕਰੀ ਜਾਵੇਗੀ। ਭਵਿੱਖ ਦਾ ਮੋੜਾ ਜਿਹੜੇ ਵੀ ਹਾਲਾਤ ਵਿੱਚ ਪਵੇ ਅਤੇ ਜਦੋਂ ਵੀ ਪਵੇ, ਇਸ ਦੇ ਬਾਰੇ ਸੋਚਣਾ ਰੋਸ਼ਨ ਮੱਥੇ ਵਾਲਿਆਂ ਦਾ ਕੰਮ ਹੈ, ਅਤੇ ਉਹ ਸੋਚਣਗੇ ਵੀ।
ਰਾਜਨੀਤੀ ਨਿਤਾਣੀ ਨਹੀਂ ਹੋਈ, ਅਗਲੀ ਤਿਆਰੀ ਛੋਹ ਲਵੇਗੀ - ਜਤਿੰਦਰ ਪਨੂੰ
ਭਾਰਤ ਦੇ ਲੋਕਾਂ ਨੂੰ ਤੇਈ ਮਈ ਦੇ ਦਿਨ ਦੀ ਇਸ ਲਈ ਉਡੀਕ ਸੀ ਕਿ ਉਸ ਦਿਨ ਅਗਲੇ ਪੰਜ ਸਾਲਾਂ ਲਈ ਜਿਸ ਆਗੂ ਨੇ ਦੇਸ਼ ਦੀ ਕਮਾਨ ਸਾਂਭਣੀ ਹੈ, ਉਸ ਦਾ ਫੈਸਲਾ ਸਾਹਮਣੇ ਆਉਣਾ ਸੀ। ਉਹ ਘੜੀ ਆ ਗਈ ਹੈ। ਭਾਜਪਾ ਦੇ ਆਗੂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਦੇਸ਼ ਦੇ ਲੋਕਾਂ ਦਾ ਏਡਾ ਵੱਡਾ ਹੁੰਗਾਰਾ ਮਿਲਿਆ ਕਿ ਚੋਣ ਕਿਆਫੇ ਲਾਉਣ ਵਾਲੇ ਵੱਡੇ ਧਨੰਤਰ ਵੀ ਹੈਰਾਨੀ ਪ੍ਰਗਟ ਕਰਦੇ ਦਿਖਾਈ ਦਿੱਤੇ ਹਨ। ਜਿਹੜੇ ਲੋਕ ਮੰਨਦੇ ਸਨ ਕਿ ਦੋਵਾਂ ਵੱਲ ਆਮ ਲੋਕਾਂ ਦਾ ਮੁਹਾਣ ਚੋਖਾ ਹੈ, ਉਹ ਵੀ ਇਸ ਤਰ੍ਹਾਂ ਦੀ ਵੱਡੀ ਜਿੱਤ ਦੀ ਗੱਲ ਕਦੇ ਨਹੀਂ ਸਨ ਕਹਿੰਦੇ। ਭਾਜਪਾ ਇੱਕ ਪਾਰਟੀ ਵਜੋਂ ਤਿੰਨ ਸੌ ਸੀਟਾਂ ਤੋਂ ਉੱਪਰ ਚਲੀ ਗਈ ਹੈ ਤੇ ਆਪਣੇ ਗੱਠਜੋੜ ਸਮੇਤ ਸਾਢੇ ਤਿੰਨ ਸੌ ਨੂੰ ਟੱਪਦੇ ਹੋਏ ਉਹ ਇਸ ਤਰ੍ਹਾਂ ਦਾ ਰਿਕਾਰਡ ਬਣਾਉਣ ਨੂੰ ਪਹੁੰਚ ਗਈ, ਜਿਹੜਾ ਛੇਤੀ ਕੀਤੇ ਟੁੱਟਣ ਵਾਲਾ ਨਹੀਂ ਜਾਪਦਾ। ਖੁਦ ਭਾਜਪਾ ਦੇ ਕਈ ਆਗੂ ਏਡੀ ਵੱਡੀ ਜਿੱਤ ਤੋਂ ਹੈਰਾਨ ਹਨ ਤੇ ਖਾਸ ਕੇ ਭਾਜਪਾ ਵਿਚਲੇ ਮੋਦੀ-ਵਿਰੋਧੀ ਕੁਝ ਆਗੂ ਤਾਂ ਪਰੇਸ਼ਾਨ ਵੀ ਹੋਣਗੇ।
ਪੰਜ ਸਾਲ ਪਹਿਲਾਂ ਹੋਈ ਜਿੱਤ ਦੇ ਬਾਅਦ ਅਸੀਂ ਇਹ ਲਿਖਿਆ ਸੀ ਕਿ ਨਰਿੰਦਰ ਮੋਦੀ ਆਗੂ ਹੀ ਨਹੀਂ, ਸ਼ੋਅਮੈਨ ਵਜੋਂ ਵੀ ਏਨਾ ਪ੍ਰਭਾਵ ਪਾਊ ਹੈ ਕਿ ਉਸ ਦੀ ਟੱਕਰ ਦਾ ਦੂਸਰਾ ਪੇਸ਼ਕਾਰ ਭਾਰਤ ਦੇ ਸਿਆਸੀ ਅਖਾੜੇ ਤੋਂ ਲੱਭਣਾ ਔਖਾ ਹੋ ਜਾਂਦਾ ਹੈ। ਉਹ ਤੱਥਾਂ ਤੋਂ ਕੋਰੇ ਭਾਸ਼ਣ ਵੀ ਕਰੀ ਜਾਵੇ ਤਾਂ ਲੋਕ ਉਸ ਦਾ ਹੁੰਗਾਰਾ ਦੇਣ ਲੱਗੇ ਰਹਿੰਦੇ ਹਨ। ਏਦਾਂ ਦੀ ਨੌਬਤ ਕਈ ਵਾਰ ਆ ਚੁੱਕੀ ਹੈ ਕਿ ਉਸ ਦਾ ਕੀਤਾ ਭਾਸ਼ਣ ਹਕੀਕਤਾਂ ਨਾਲੋਂ ਉਲਟ ਜਾਂ ਹਕੀਕਤਾਂ ਦੀ ਭੰਨ-ਤੋੜ ਵਾਲਾ ਹੋਣ ਦੀ ਗੱਲ ਸ਼ਾਮ ਪੈਣ ਤੱਕ ਸਾਹਮਣੇ ਆ ਜਾਂਦੀ ਸੀ, ਪਰ ਅਗਲੇ ਦਿਨ ਉਸ ਦੇ ਜਲਸੇ ਵਿੱਚ ਭੀੜ ਪਹਿਲਾਂ ਤੋਂ ਵੀ ਵੱਧ ਦਿਖਾਈ ਦੇਂਦੀ ਸੀ। ਕਈ ਵਾਰੀ ਇਸ ਤਰ੍ਹਾਂ ਜਾਪਦਾ ਹੁੰਦਾ ਸੀ, ਜਿਵੇਂ ਲੋਕ ਸਿਆਸੀ ਆਗੂ ਦਾ ਭਾਸ਼ਣ ਸੁਣਨ ਤੋਂ ਵੱਧ ਦਿਲਚਸਪ ਕਿੱਸੇ ਸੁਣ ਕੇ ਮਨੋਰੰਜਨ ਕਰਨ ਦੀ ਭਾਵਨਾ ਨਾਲ ਓਥੇ ਗਏ ਹੁੰਦੇ ਸਨ। ਸਿੱਟੇ ਵਜੋਂ ਉਹ ਏਦਾਂ ਦਾ ਆਗੂ ਬਣ ਕੇ ਸਾਹਮਣੇ ਆਇਆ ਸੀ, ਜਿਸ ਦੇ ਬਰਾਬਰ ਦੀ ਪ੍ਰਭਾਵ ਪਾਉਣ ਵਾਲੀ ਸ਼ਖਸੀਅਤ ਵਿਰੋਧ ਦੀ ਮੁੱਖ ਧਿਰ ਕਾਂਗਰਸ ਪਾਰਟੀ ਕੋਲ ਤਾਂ ਕੀ, ਹੋਰਨਾਂ ਵਿੱਚੋਂ ਵੀ ਕਿਸੇ ਪਾਰਟੀ ਕੋਲ ਨਹੀਂ ਸੀ ਲੱਭਦੀ। ਨਤੀਜਾ ਇਸ ਦਾ ਜੋ ਨਿਕਲਿਆ, ਉਹ ਇਸ ਅਖਾਣ ਵਰਗਾ ਸੀ ਕਿ 'ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ।' ਨਰਿੰਦਰ ਮੋਦੀ ਨੇ ਇਹੋ ਕੀਤਾ ਹੈ।
ਕਾਂਗਰਸ ਪਾਰਟੀ ਦਾ ਦੁਖਾਂਤ ਇਹ ਹੈ ਕਿ ਉਹ ਨਹਿਰੂ-ਗਾਂਧੀ ਪਰਵਾਰ ਤੋਂ ਬਾਹਰ ਕਿਸੇ ਵੀ ਮਾਂ ਦੀ ਕੁੱਖੋਂ ਜੰਮਣ ਵਾਲੇ ਬੱਚੇ ਨੂੰ ਅਕਲਮੰਦ ਮੰਨਣ ਨੂੰ ਤਿਆਰ ਨਹੀਂ। ਰਾਜੀਵ ਗਾਂਧੀ ਨੂੰ ਜਿਹੜੇ ਹਾਲਾਤ ਵਿੱਚ ਕੁਰਸੀ ਮਿਲੀ ਸੀ, ਦੇਸ਼ ਦੇ ਲੋਕਾਂ ਨੂੰ ਪਤਾ ਸੀ ਤੇ ਏਸੇ ਲਈ ਜਦੋਂ ਉਸ ਨੇ ਬੜੇ ਸਿਆਣੇ ਮੰਨੇ ਜਾਂਦੇ ਪ੍ਰਣਬ ਮੁਕਰਜੀ ਨੂੰ ਖੂੰਜੇ ਲਾ ਦਿੱਤਾ ਤਾਂ ਲੋਕ ਚੁੱਪ ਕੀਤੇ ਰਹੇ ਸਨ, ਪਰ ਜਦੋਂ ਸੋਨੀਆ ਗਾਂਧੀ ਨੂੰ ਕੁਰਸੀ ਛੱਡਣ ਦਾ ਫੈਸਲਾ ਲੈਣਾ ਪਿਆ, ਪ੍ਰਣਬ ਮੁਕਰਜੀ ਉਸ ਵਕਤ ਤੱਕ ਫਿਰ ਕਾਂਗਰਸ ਵਿੱਚ ਵਾਪਸ ਆ ਚੁੱਕਾ ਸੀ ਤੇ ਉਸ ਦੀ ਪਾਰਟੀ ਵਿੱਚ ਚੋਖੀ ਇੱਜ਼ਤ ਸੀ। ਉਹ ਸ਼ਰਦ ਪਵਾਰ ਅਤੇ ਹੋਰਨਾਂ ਨਾਲ ਓਦੋਂ ਪਾਰਟੀ ਛੱਡ ਕੇ ਨਹੀਂ ਸੀ ਗਿਆ, ਜਦੋਂ ਸੋਨੀਆ ਗਾਂਧੀ ਨੂੰ ਵਿਦੇਸ਼ਣ ਕਹਿ ਕੇ ਉਸ ਨੂੰ ਪਾਰਟੀ ਆਗੂ ਬਣਾਉਣ ਦਾ ਵਿਰੋਧ ਹੋਇਆ ਸੀ। ਪਾਰਟੀ ਨਾਲ ਰਹਿ ਕੇ ਉਹ ਵਫਾਦਾਰੀ ਸਾਬਤ ਕਰ ਚੁੱਕਾ ਸੀ। ਸੋਨੀਆ ਗਾਂਧੀ ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਥਾਂ ਡਾਕਟਰ ਮਨਮੋਹਨ ਸਿੰਘ ਵਰਗੇ ਗੈਰ ਸਿਆਸੀ ਬੰਦੇ ਨੂੰ ਅੱਗੇ ਇਸ ਲਈ ਕੀਤਾ ਸੀ ਕਿ ਪ੍ਰਣਬ ਮੁਕਰਜੀ ਦੇ ਅੱਗੇ ਆਉਣ ਦੇ ਬਾਅਦ ਨਹਿਰੂ-ਗਾਂਧੀ ਪਰਵਾਰ ਦੇ ਜਵਾਕ ਰਾਹੁਲ ਗਾਂਧੀ ਲਈ ਫਿਰ ਕੋਈ ਚਾਂਸ ਬਾਕੀ ਨਾ ਰਹਿਣ ਦਾ ਡਰ ਸੀ। ਮਨਮੋਹਨ ਸਿੰਘ ਨੂੰ ਉਹ ਮਾਂ-ਪੁੱਤਰ ਕੀ ਸਮਝਦੇ ਸਨ, ਇਹ ਗੱਲ ਓਦੋਂ ਪਤਾ ਲੱਗੀ ਸੀ, ਜਦੋਂ ਇੱਕ ਵਾਰ ਦਿੱਲੀ ਦੇ ਇੱਕ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਸਾਹਮਣੇ ਤਕਰੀਰ ਕਰਦੇ ਹੋਏ ਰਾਹੁਲ ਗਾਂਧੀ ਨੇ ਇਹ ਆਖਿਆ ਸੀ ਕਿ ਕਈ ਲੋਕ ਪੁੱਛਦੇ ਹਨ ਕਿ ਤੁਸੀਂ ਪ੍ਰਧਾਨ ਮੰਤਰੀ ਕਦੋਂ ਬਣੋਗੇ, ਪਰ ਮੈਂ ਕਹਿੰਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਤਾਂ ਮੈਂ ਅੱਜ ਸ਼ਾਮ ਨੂੰ ਬਣ ਸਕਦਾ ਹਾਂ। ਇਹ ਗੱਲ ਕਹਿਣਾ ਦਾ ਦੂਸਰਾ ਭਾਵ ਇਹ ਸੀ ਕਿ ਮਨਮੋਹਨ ਸਿੰਘ ਦਾ ਕੀ ਹੈ, ਉਸ ਨੂੰ ਤਾਂ ਮੈਂ ਅੱਜ ਸ਼ਾਮ ਨੂੰ ਉਠਾ ਕੇ ਉਹਦੇ ਵਾਲੀ ਥਾਂ ਕੁਰਸੀ ਉੱਤੇ ਬਹਿ ਸਕਦਾ ਹਾਂ ਤੇ ਇਸ ਤਕਰੀਰ ਨੇ ਮਨਮੋਹਨ ਸਿੰਘ ਇਕੱਲੇ ਦੇ ਅਕਸ ਦਾ ਨਹੀਂ, ਕਾਂਗਰਸ ਪਾਰਟੀ ਦਾ ਵੀ ਨੁਕਸਾਨ ਕੀਤਾ ਸੀ। ਇਸ ਦੇ ਬਾਵਜੂਦ ਪਾਰਟੀ ਵਿੱਚ ਕਿਸੇ ਦੀ ਇਹ ਮੰਨਣ ਦੀ ਹਿੰਮਤ ਨਹੀਂ ਸੀ ਪਈ ਕਿ ਮੁੰਡਾ ਠੀਕ ਨਹੀਂ ਕਰ ਰਿਹਾ।
ਰਹਿੰਦੀ ਕਸਰ ਕਾਂਗਰਸ ਨਾਲ ਜੁੜੇ ਜਾਂ ਇਸ ਤੋਂ ਵੱਖਰਾ ਪਿੰਡ ਬੰਨ੍ਹਦੇ ਫਿਰਦੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਹਊਮੈ ਨੇ ਕੱਢ ਦਿੱਤੀ। ਆਖਰੀ ਗੇੜ ਦੀਆਂ ਵੋਟਾਂ ਪੈਣ ਅਤੇ ਐਗਜ਼ਿਟ ਪੋਲ ਵਿੱਚ ਕੁਝ ਹੱਦ ਤੱਕ ਨਤੀਜੇ ਦੀ ਝਲਕ ਮਿਲ ਚੁੱਕਣ ਪਿੱਛੋਂ ਵੀ ਉਨ੍ਹਾਂ ਦੀ ਹਊਮੈ ਨਹੀਂ ਘਟੀ। ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਸੱਦਣੀ ਸੀ ਤਾਂ ਬੀਬੀ ਮਾਇਆਵਤੀ ਨੇ ਇਹ ਗੱਲ ਕਹਿ ਦਿੱਤੀ ਕਿ ਓਥੇ ਤਦੇ ਆਵਾਂਗੀ, ਜੇ ਮੈਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਮੰਨੇ ਜਾਣ ਦਾ ਇਰਾਦਾ ਬਾਕੀ ਲੀਡਰ ਬਣਾ ਸਕਦੇ ਹੋਣਗੇ। ਤੇਲਗੂ ਦੇਸਮ ਵਾਲਾ ਚੰਦਰ ਬਾਬੂ ਨਾਇਡੂ ਕਿਸੇ ਵਕਤ ਪ੍ਰਧਾਨ ਮੰਤਰੀ ਵਾਲੇ ਅਹੁਦੇ ਲਈ ਪੇਸ਼ਕਸ਼ ਹੋਈ ਤੋਂ ਇਹ ਕਹਿ ਕੇ ਛੱਡ ਆਇਆ ਸੀ ਕਿ ਉਹ ਦਿੱਲੀ ਆ ਕੇ ਆਂਧਰਾ ਵਿੱਚ ਆਪਣਾ ਆਧਾਰ ਕਿਸੇ ਤਰ੍ਹਾਂ ਦੇ ਖਤਰੇ ਵਿੱਚ ਨਹੀਂ ਪਾ ਸਕਦਾ, ਪਰ ਇਸ ਵਾਰੀ ਉਸ ਰਾਜ ਵਿੱਚ ਪਾਰਲੀਮੈਂਟ ਦੇ ਨਾਲ ਵਿਧਾਨ ਸਭਾ ਚੋਣਾਂ ਹੁੰਦੀਆਂ ਹੋਣ ਦੇ ਬਾਵਜੂਦ ਆਪਣੇ ਰਾਜ ਵਿੱਚ ਕੁਝ ਕੰਮ ਕਰਨ ਦੀ ਥਾਂ ਸਾਰੇ ਦੇਸ਼ ਦੇ ਗੇੜੇ ਲਾਉਂਦਾ ਰਿਹਾ। ਉਸ ਦੇ ਮਨ ਵਿੱਚ ਇਹ ਗੱਲ ਭਾਰੂ ਹੋਈ ਪਈ ਸੀ ਕਿ ਆਂਧਰਾ ਮੇਰੇ ਕੋਲ ਰਹਿਣਾ ਨਹੀਂ ਤੇ ਇਸ ਮੌਕੇ ਭਾਰਤ ਦੀ ਸਭ ਤੋਂ ਵੱਡੀ ਕੁਰਸੀ ਦਾ ਦਾਅ ਖੇਡ ਲਿਆ ਜਾਵੇ ਤਾਂ ਸ਼ਾਇਦ ਓਥੇ ਹੀ ਗੱਲ ਬਣ ਜਾਂਦੀ ਹੋਵੇ। ਇਹ ਦੌੜ ਕਈਆਂ ਨੂੰ ਲੈ ਬੈਠੀ ਹੈ। ਉੜੀਸਾ ਵਿੱਚ ਜਿਹੜਾ ਨਵੀਨ ਪਟਨਾਇਕ ਪੰਜਵੀਂ ਵਾਰੀ ਆਪਣੇ ਲੋਕਾਂ ਦਾ ਚਹੇਤਾ ਬਣ ਕੇ ਉੱਭਰਿਆ ਤੇ ਸਰਕਾਰ ਬਣਾਉਣ ਲਈ ਤਿਆਰ ਹੈ, ਉਸ ਨੂੰ ਚੰਦਰ ਬਾਬੂ ਨਾਇਡੂ ਦੇ ਕਾਂਗਰਸ ਤੇ ਭਾਜਪਾ ਦੋਵਾਂ ਤੋਂ ਬਰਾਬਰ ਫਾਸਲੇ ਉੱਤੇ ਚੱਲਣ ਤੇ ਬਿਹਾਰ ਵਾਲੇ ਨਿਤੀਸ਼ ਕੁਮਾਰ ਦੇ ਮੁੜ-ਮੁੜ ਸਿਆਸੀ ਚੋਲੇ ਬਦਲਣ ਦੇ ਸ਼ੁਗਲ ਤੋਂ ਕੁਝ ਸਬਕ ਸਿੱਖਣਾ ਪੈਣਾ ਹੈ। ਇਹੀ ਗੱਲ ਕੁਝ ਲੋਕ ਮਮਤਾ ਬੈਨਰਜੀ ਨੂੰ ਕਹਿਣਾ ਚਾਹੁੰਦੇ ਹਨ, ਪਰ ਉਹ ਖੁਦ ਏਨੀ ਸਿਆਣੀ ਬਣਦੀ ਹੈ ਕਿ ਸਮਝਾਉਣ ਦੀ ਲੋੜ ਨਹੀਂ।
ਇੱਕ ਹੋਰ ਧਿਰ ਖੱਬੇ ਪੱਖੀਆਂ ਦੀ ਹੈ, ਜਿਨ੍ਹਾਂ ਨੂੰ ਬਹੁਤ ਵੱਡੀ ਸੱਟ ਪੈਣ ਪਿੱਛੋਂ ਵੀ ਕੁਝ ਚਿਰ ਬਾਅਦ ਗੱਲ ਕਰਨੀ ਪੈਣੀ ਹੈ, ਪਰ ਹਾਲ ਦੀ ਘੜੀ ਇਹ ਕਹਿਣ ਵਿੱਚ ਹਰਜ ਨਹੀਂ ਕਿ ਪਹਿਲੀ ਪਾਰਲੀਮੈਂਟ ਵਿੱਚ ਭਾਰਤ ਦੀ ਰਾਜਨੀਤੀ ਦਾ ਮੁਹਾਂਦਰਾ ਬਦਲਣ ਦੇ ਸੰਕੇਤ ਦੇਣ ਵਾਲੀ ਇਹ ਧਿਰ ਅੱਜ ਆਪਣੀ ਹੋਂਦ ਕਾਇਮ ਰੱਖਣ ਦੀ ਲੜਾਈ ਲੜ ਰਹੀ ਹੈ। ਇਸ ਦੇ ਏਨਾ ਪਛੜਦੇ ਜਾਣ ਦਾ ਓਨਾ ਨੁਕਸਾਨ ਕਮਿਊਨਿਸਟਾਂ ਨੂੰ ਨਹੀਂ, ਜਿੰਨਾ ਦੇਸ਼ ਨੂੰ ਹੋਵੇਗਾ, ਪਰ ਇਸ ਵਿੱਚ ਕਿਸੇ ਹੋਰ ਦਾ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਨੂੰ ਇਸ ਹਾਲਤ ਬਾਰੇ ਖੁਦ ਸੋਚਣ ਤੇ ਲੋਕਾਂ ਅੱਗੇ ਹਕੀਕਤ ਨੂੰ ਪ੍ਰਵਾਨ ਕਰਨ ਦੀ ਲੋੜ ਪੈ ਸਕਦੀ ਹੈ। ਬਾਕੀ ਗੱਲਾਂ ਦਾ ਨਿਬੇੜਾ ਮੋਦੀ ਰਾਜ ਦੇ ਅਗਲੇ ਪੰਜ ਸਾਲ ਆਪੇ ਕਰ ਦੇਣਗੇ। ਕੁੰਭ ਮੇਲਾ ਬਾਰਾਂ ਸਾਲਾਂ ਪਿੱਛੋਂ ਅਤੇ ਅਰਧ ਕੁੰਭ ਛੇ ਸਾਲਾਂ ਬਾਅਦ ਆਉਂਦਾ ਹੈ। ਭਾਰਤੀ ਲੋਕਤੰਤਰ ਦਾ ਪਾਰਲੀਮੈਂਟ ਵਾਲਾ ਕੁੰਭ ਪੰਜ ਸਾਲਾਂ ਬਾਅਦ ਤੇ ਵਿਧਾਨ ਸਭਾਵਾਂ ਵਾਲਾ ਮੱਧ-ਕੁੰਭ ਥੋੜ੍ਹੇ-ਥੋੜ੍ਹੇ ਚਿਰ ਦੇ ਬਾਅਦ ਕਿਸੇ ਨਾ ਕਿਸੇ ਰਾਜ ਚੱਲਦਾ ਰਹਿੰਦਾ ਹੈ। ਸਾਰੀ ਲੜਾਈ ਖਤਮ ਨਹੀਂ ਹੋ ਗਈ, ਪੈਰ-ਪੈਰ ਉੱਤੇ ਹੁੰਦੀ ਰਹਿਣੀ ਹੈ। ਇਹ ਮਿੱਥ ਕੇ ਚੱਲਣਾ ਪੈਣਾ ਹੈ ਕਿ ਰਾਜਨੀਤੀ ਨਿਤਾਣੀ ਨਹੀਂ ਹੋ ਗਈ, ਇਹ ਅਗਲੇ ਚੋਣ ਦੰਗਲਾਂ ਦੀ ਤਿਆਰੀ ਵਿੱਚ ਖੜੇ ਪੈਰ ਜੁੱਟ ਸਕਦੀ ਹੈ।
ਚਿਰਾਂ ਤੱਕ ਕੰਨਾਂ ਵਿੱਚ ਗੂੰਜਦਾ ਰਹੇਗਾ ਇਸ ਵਾਰ ਦੀਆਂ ਚੋਣਾਂ ਦਾ ਬੇਸੁਰਾ ਰੌਲਾ-ਗੌਲਾ - ਜਤਿੰਦਰ ਪਨੂੰ
ਜਿਵੇਂ ਕੋਈ ਵਾਵਰੋਲਾ ਲੰਘ ਜਾਵੇ ਤਾਂ ਉਸ ਨਾਲ ਪਿਆ ਗੰਦ ਬਾਅਦ ਵਿੱਚ ਵੀ ਗਲੀਆਂ-ਬਾਜ਼ਾਰਾਂ ਵਿੱਚ ਦਿਖਾਈ ਦੇਂਦਾ ਹੈ, ਉਵੇਂ ਹੀ ਵਾਵਰੋਲੇ ਵਰਗੀ ਇਸ ਵਾਰ ਦੀ ਚੋਣ ਮੁਹਿੰਮ ਲੰਘ ਜਾਣ ਵੇਲੇ ਚੋਖਾ ਗੰਦ ਖਿਲਾਰ ਗਈ ਹੈ, ਜਿਸ ਨੇ ਕਈ ਦਿਨ ਚਰਚਾ ਦਾ ਵਿਸ਼ਾ ਬਣੇ ਰਹਿਣਾ ਹੈ। ਚੋਣ ਕਿਸੇ ਵੀ ਲੋਕਤੰਤਰ ਵਿੱਚ ਇੱਕ ਪਵਿੱਤਰ ਪ੍ਰਕਿਰਿਆ ਦੇ ਤੌਰ ਉੱਤੇ ਜਾਣੀ ਜਾਂਦੀ ਹੈ, ਪਰ ਅਸੀਂ ਜਿਹੋ ਜਿਹੇ ਲੋਕਤੰਤਰ ਵਿੱਚ ਵੱਸਦੇ ਹਾਂ, ਜਿੱਥੇ ਅਰਥਾਂ ਦੇ ਅਨਰਥ ਕਰਨ ਦਾ ਕੰਮ ਜ਼ਿਆਦਾ ਹੁੰਦਾ ਹੈ, ਉਸ ਵਿੱਚ ਲੋਕਤੰਤਰੀ ਪ੍ਰਕਿਰਿਆ ਵੀ ਓਸੇ ਵਰਗੀ ਹੁੰਦੀ ਹੈ। ਹਰ ਚੋਣ ਵੇਲੇ ਅਸੀਂ ਇਹ ਸੁਣ ਲੈਂਦੇ ਸਾਂ ਕਿ ਜੋ ਕੁਝ ਐਤਕੀਂ ਵਾਪਰਿਆ ਹੈ, ਅੱਗੇ ਕਦੇ ਵਾਪਰਿਆ ਨਹੀਂ ਸੀ, ਪਰ ਅਗਲੀ ਵਾਰੀ ਉਸ ਤੋਂ ਵੀ ਵੱਧ ਹੋਣ ਨਾਲ ਇਹੋ ਕੁਝ ਫਿਰ ਕਹਿਣਾ ਪੈ ਜਾਂਦਾ ਹੈ। ਭਾਰਤ ਦੀ ਹਰ ਕੋਈ ਸਰਕਾਰ ਕਹਿੰਦੀ ਰਹੀ ਹੈ ਕਿ ਦੇਸ਼ ਅੱਗੇ ਜਾ ਰਿਹਾ ਹੈ, ਪਰ ਦੇਸ਼ ਅੱਗੇ ਵਧੇ ਜਾਂ ਨਾ, ਲੋਕਤੰਤਰੀ ਪ੍ਰਕਿਰਿਆ ਦੇ ਦਾਗੀ ਹੋਣ ਦਾ ਅਮਲ ਹਰ ਵਾਰੀ ਅੱਗੇ ਵਧੀ ਜਾਂਦਾ ਹੈ।
ਲੋਕਤੰਤਰ ਦੇ ਅਕਸ ਨੂੰ ਦਾਗੀ ਹੋਣ ਤੋਂ ਬਚਾਉਣ ਦੇ ਜਿੰਨੇ ਕੁ ਪ੍ਰਬੰਧ ਕਿਸੇ ਵੀ ਹੋਰ ਦੇਸ਼ ਵਿੱਚ ਕੀਤੇ ਮਿਲਣਗੇ, ਓਨੇ ਹੀ ਜਾਂ ਸ਼ਾਇਦ ਉਸ ਤੋਂ ਵੱਧ ਕਰਨ ਦਾ ਦਾਅਵਾ ਭਾਰਤ ਵਿੱਚ ਵੀ ਕੀਤਾ ਜਾਂਦਾ ਹੈ। ਜਿੰਨੇ ਮਰਜ਼ੀ ਪ੍ਰਬੰਧ ਹੁੰਦੇ ਜਾਣ, ਅਮਲ ਵਿੱਚ ਲਾਗੂ ਕਰਨ ਦਾ ਕੰਮ ਤਾਂ ਉਨ੍ਹਾਂ ਇਨਸਾਨਾਂ ਨੇ ਕਰਨਾ ਹੁੰਦਾ ਹੈ, ਜਿਹੜੇ ਅਮਲ ਕਰਨ ਵੇਲੇ ਹਾਕਮਾਂ ਦੇ ਦਾਬੇ ਅੱਗੇ ਜਾਂ ਫਿਰ ਇਹ ਅਹੁਦਾ ਦਿਵਾਉਣ ਵਾਲਿਆਂ ਦੇ ਅਹਿਸਾਨ ਅੱਗੇ ਝੁਕੇ ਹੋਏ ਹੁੰਦੇ ਹਨ। ਇਸ ਵਕਤ ਦਾ ਚੋਣ ਕਮਿਸ਼ਨ ਇਸ ਦੀ ਸਾਰਿਆਂ ਤੋਂ ਉੱਘੀ ਮਿਸਾਲ ਸਾਬਤ ਹੋ ਗਿਆ ਹੈ। ਉਸ ਕੋਲ ਸ਼ਿਕਾਇਤਾਂ ਜਾਂਦੀਆਂ ਸਨ ਤੇ ਕੋਈ ਕਾਰਵਾਈ ਹੀ ਨਹੀਂ ਸੀ ਕਰਦਾ ਤੇ ਜਦੋਂ ਸੁਪਰੀਮ ਕੋਰਟ ਨੇ ਝਿੜਕ ਮਾਰੀ ਤਾਂ ਏਦਾਂ ਦੀ ਕਾਰਵਾਈ ਕਰਨ ਦੇ ਰਾਹ ਪੈ ਗਿਆ ਕਿ ਦੇਸ਼ ਦੀ ਵਾਗ ਸੰਭਾਲਣ ਵਾਲੀ ਪਾਰਟੀ ਦਾ ਇੱਕ ਅੱਡਾ ਜਾਪਣ ਲੱਗ ਪਿਆ ਸੀ। ਆਖਰੀ ਇੱਕ ਹਫਤਾ ਉਸ ਦੇ ਅਮਲਾਂ ਨੇ ਚੋਣ ਕਮਿਸ਼ਨ ਦੀ ਇੱਕ ਪਾਰਟੀ ਦੇ ਹੱਕ ਵਿੱਚ ਦੁਰਵਰਤੋਂ ਦਾ ਕੋਈ ਰਿਕਾਰਡ ਹੀ ਬਣਾ ਦੇਣਾ ਜਾਪਦਾ ਸੀ।
ਦੂਸਰਾ ਪੱਖ ਸਰਕਾਰੀ ਮਸ਼ੀਨਰੀ ਦਾ ਹੈ, ਜਿਸ ਨੂੰ ਹਰ ਪਾਰਟੀ ਨੇ ਆਪੋ ਆਪਣੇ ਰਾਜ ਵਿੱਚ ਹਮੇਸ਼ਾ ਵਰਤਣ ਦਾ ਦਾਅ ਵਰਤਿਆ ਹੈ, ਪਰ ਇਸ ਵਾਰੀ ਇਹ ਕੰਮ ਵੀ ਸਿਖਰਾਂ ਛੋਹ ਗਿਆ। ਆਖਰੀ ਹਫਤੇ ਵਿੱਚ ਇਸ ਦੀ ਅਸਲੀ ਵੰਨਗੀ ਪੱਛਮੀ ਬੰਗਾਲ ਵਿੱਚ ਵੇਖਣ ਨੂੰ ਮਿਲੀ। ਇੱਕ ਪਾਸੇ ਕੇਂਦਰ ਦੀਆਂ ਏਜੰਸੀਆਂ ਭਾਜਪਾ ਨੂੰ ਜਿਤਾਉਣ ਲਈ ਸਰਗਰਮੀ ਫੜ ਤੁਰੀਆਂ ਅਤੇ ਦੂਸਰੇ ਪਾਸੇ ਪੱਛਮੀ ਬੰਗਾਲ ਦੇ ਸਰਕਾਰੀ ਅਫਸਰਾਂ ਦਾ ਇੱਕ ਵੱਡਾ ਹਿੱਸਾ ਬੀਬੀ ਮਮਤਾ ਬੈਨਰਜੀ ਦੇ ਦਾਬੇ ਹੇਠ ਕਾਨੂੰਨ ਨੂੰ ਪੈਰਾਂ ਹੇਠ ਰੋਲਣ ਤੱਕ ਪਹੁੰਚ ਗਿਆ। ਦੁਵੱਲੀ ਲੜਾਈ ਨੇ ਨੁਕਸਾਨ ਲੋਕਾਂ ਦਾ ਕੀਤਾ। ਸਤਿਕਾਰ ਦੇ ਪ੍ਰਤੀਕ ਵਿਦਿਆਸਾਗਰ ਵਰਗੇ ਮਹਾਨ ਇਨਸਾਨ ਦੀ ਮੂਰਤੀ ਵੀ ਇਸੇ ਖੇਡ ਵਿੱਚ ਤੋੜੀ ਗਈ। ਚੋਣਾਂ ਬਹੁਤ ਵਾਰੀ ਆਈਆਂ ਹਨ ਤੇ ਬਹੁਤ ਵਾਰੀ ਫੇਰ ਵੀ ਆਉਣਗੀਆਂ, ਪਰ ਜਿੰਨਾ ਨੁਕਸਾਨ ਸੱਭਿਆਚਾਰਕ ਵਿਰਾਸਤ ਤੇ ਭਾਈਚਾਰਕ ਸਾਂਝ ਨੂੰ ਤਰੇੜਾਂ ਦੇ ਪੱਖ ਤੋਂ ਹੋ ਗਿਆ ਹੈ, ਉਸ ਨੂੰ ਮਿਣਿਆ ਵੀ ਨਹੀਂ ਜਾ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੀ ਚਿੰਤਾ ਨਾ ਓਥੇ ਰਾਜ ਕਰਦੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਬੀਬੀ ਮਮਤਾ ਬੈਨਰਜੀ ਨੂੰ ਹੈ, ਨਾ ਭਾਜਪਾ ਆਗੂਆਂ ਨੂੰ। ਸਿਖਰਲੇ ਹਕੂਮਤੀ ਤਖਤ ਵੱਲ ਦੌੜ ਵਿੱਚ ਇਨ੍ਹਾਂ ਦੋਵਾਂ ਧਿਰਾਂ ਦੇ ਆਗੂਆਂ ਨੂੰ ਹੋਰ ਕਿਸੇ ਗੱਲ ਬਾਰੇ ਚਿੰਤਾ ਹੀ ਨਹੀਂ ਸੀ।
ਤੀਸਰਾ ਪੱਖ ਇਸ ਚੋਣ ਵਿੱਚ ਹੱਦੋਂ ਵੱਧ ਨੀਵੀਂ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਸੀ। ਕਈ ਵਾਰੀ ਭਾਸ਼ਣਾਂ ਵਿੱਚ ਗਾਲ੍ਹਾਂ ਵਰਗੀ ਬੋਲੀ ਵਰਤੀ ਜਾਂਦੀ ਸੀ ਤੇ ਕੁਝ ਥਾਂਈਂ ਸਿੱਧੀ ਗਾਲ੍ਹ ਵੀ ਕੱਢ ਦੇਣ ਦੀ ਖਬਰ ਆਈ ਸੀ। ਇੱਕ ਆਗੂ ਏਸੇ ਰੌਂਅ ਵਿੱਚ ਦੂਸਰੀ ਪਾਰਟੀ ਦੇ ਆਗੂ ਨੂੰ ਮਾਂ ਦੀ ਗੰਦੀ ਗਾਲ੍ਹ ਕੱਢ ਗਿਆ ਤੇ ਫਿਰ ਇਹ ਕਹਿਣ ਲੱਗ ਪਿਆ ਕਿ ਮੈਂ ਵਿਰੋਧ ਦੀ ਧਿਰ ਦੇ ਆਗੂ ਬਾਰੇ ਕਿਸੇ ਵੱਲੋਂ ਆਇਆ ਮੈਸੇਜ ਪੜ੍ਹ ਰਿਹਾ ਸਾਂ, ਗਾਲ੍ਹ ਉਸ ਵਿੱਚ ਲਿਖੀ ਹੋਣ ਕਾਰਨ ਪੜ੍ਹੀ ਗਈ ਹੈ ਤੇ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ। ਹੇਠਲਿਆਂ ਦੀ ਗੱਲ ਕੀ ਕਰਨੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਨੂੰ ਕੋਈ ਭੱਦੀ ਗੱਲ ਕਹੀ ਤਾਂ ਅੱਗੋਂ ਬੀਬੀ ਨੇ ਵੀ ਕਹਿ ਦਿੱਤਾ ਕਿ ਪਹਿਲਾਂ ਨਰਿੰਦਰ ਮੋਦੀ ਆਪਣੀ ਪਤਨੀ ਨੂੰ ਇਨਸਾਫ ਦੇਵੇ, ਜਿਸ ਨੂੰ ਵਿਆਹ ਕੇ ਪੰਜਾਹ ਸਾਲਾਂ ਤੋਂ ਛੱਡ ਰੱਖਿਆ ਹੈ ਅਤੇ ਭਾਜਪਾ ਲੀਡਰਾਂ ਦੀ ਪਤਨੀਆਂ ਡਰਦੀਆਂ ਹਨ ਕਿ ਸਾਨੂੰ ਵੀ ਸਾਡੇ ਪਤੀਆਂ ਤੋਂ ਛੁਡਵਾ ਨਾ ਦੇਵੇ। ਇਸ ਸੱਟ ਪਿੱਛੋਂ ਉਹ ਖੁਦ ਤਾਂ ਨਹੀਂ ਬੋਲਿਆ, ਪਰ ਉਸ ਦੀ ਸਰਕਾਰ ਵਿਚਲੇ ਮਹਾਰਾਸ਼ਟਰ ਦੇ ਇੱਕ ਭਾਈਵਾਲ ਪਾਰਟੀ ਵਾਲੇ ਦਲਿਤ ਆਗੂ ਨੇ ਇਹ ਚੋਟ ਕਰ ਦਿੱਤੀ ਕਿ ਮਾਇਆਵਤੀ ਨੇ ਵਿਆਹ ਨਹੀਂ ਕਰਵਾਇਆ, ਵਿਆਹੀ ਹੁੰਦੀ ਤਾਂ ਉਸ ਨੂੰ ਪਰਵਾਰਕ ਜ਼ਿੰਦਗੀ ਦਾ ਪਤਾ ਹੁੰਦਾ ਤੇ ਲੋਕਾਂ ਦੇ ਦੁੱਖਾਂ ਨੂੰ ਜਾਣ ਸਕਦੀ। ਇਹ ਦੋਵੇਂ ਪਾਸੇ ਸਿਰੇ ਦੇ ਭੱਦੇਪਣ ਦੀ ਹੱਦ ਸੀ। ਬਹੁਤ ਸਾਲ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਤੇ ਉਸ ਦੇ ਵਕਤ ਮਾਇਆਵਤੀ ਬਾਰੇ ਏਦਾਂ ਦੀ ਕੁਝ ਭੱਦੀ ਗੱਲ ਕਹੀ ਗਈ ਸੀ ਤਾਂ ਉਸ ਨੇ ਜਵਾਬ ਵਿੱਚ ਵਾਜਪਾਈ ਦੀ ਗੋਦ ਲਈ ਧੀ ਅਤੇ ਜਵਾਈ ਬਾਰੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਇੱਕ ਆਗੂ ਦੇ ਘਰ ਧੀ ਤਾਂ ਜੰਮੀ ਨਹੀਂ ਤੇ ਜਵਾਈ ਤੁਰੇ ਫਿਰਦੇ ਹਨ। ਵਾਜਪਾਈ ਸਾਹਿਬ ਕਈ ਦਿਨ ਪਾਰਲੀਮੈਂਟ ਵਿੱਚ ਨਹੀਂ ਸਨ ਗਏ। ਫਿਰ ਇੱਕ ਹੋਰ ਆਗੂ ਨੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਕੁਆਰੇ ਹੋਣ ਕਾਰਨ ਲੋਕ ਪੁੱਛਦੇ ਹਨ ਕਿ ਉਹ ਵਿਆਹ ਕਦੋਂ ਕਰਵਾਉਣਗੇ ਤੇ ਨਾਲ ਭੱਦਾ ਇਸ਼ਾਰਾ ਕਰ ਦਿੱਤਾ ਤਾਂ ਕਿਸੇ ਹੋਰ ਨੇ ਜਵਾਬੀ ਮਿਹਣਾ ਮਾਰ ਦਿੱਤਾ ਸੀ ਕਿ ਵਾਜਪਾਈ ਸਾਹਿਬ ਸਾਰੀ ਉਮਰ ਦੇ ਕੁਆਰੇ ਹੋਣ ਕਰ ਕੇ ਤਿੰਨ ਲੀਡਰ ਬੀਬੀਆਂ ਇਨ੍ਹਾਂ ਦੀ ਸਰਕਾਰ ਨੂੰ ਨਹੀਂ ਚੱਲਣ ਦੇਂਦੀਆਂ। ਇਹ ਭਾਰਤ ਦੇ ਲੋਕਤੰਤਰ ਦਾ ਭੱਦਾ ਨਮੂਨਾ ਸੀ। ਇਸ ਵਾਰੀ ਦੀ ਪਾਰਲੀਮੈਂਟ ਚੋਣ ਨੇ ਇਸ ਭੱਦੇਪਣ ਨੂੰ ਬਹੁਤ ਜ਼ਿਆਦਾ ਅੱਗੇ ਪੁਚਾਉਣ ਦਾ ਕੰਮ ਕੀਤਾ ਹੈ, ਜਿਸ ਤੋਂ ਲੋਕ ਦੁਖੀ ਹੋਏ ਪਏ ਹਨ।
ਲੋਕ ਇਸ ਕਾਰਨ ਵੀ ਦੁਖੀ ਹਨ ਕਿ ਇੱਕ ਪਾਰਟੀ ਨੇ ਇਹੋ ਜਿਹੇ ਲੋਕ ਅੱਗੇ ਕੀਤੇ ਸਨ, ਜਿਨ੍ਹਾਂ ਨੇ ਬਾਕੀਆਂ ਉੱਤੇ ਚੋਟਾਂ ਕਰਨ ਦੇ ਬਾਅਦ ਉਸ ਮਹਾਤਮਾ ਗਾਂਧੀ ਨੂੰ ਵੀ ਨਿਸ਼ਾਨਾ ਬਣਾ ਲਿਆ ਹੈ, ਜਿਸ ਨੂੰ ਭਾਰਤ ਦੀ ਹਰ ਸਰਕਾਰ ਦੁਨੀਆ ਵਿੱਚ 'ਰਾਸ਼ਟਰ ਪਿਤਾ' ਕਹਿ ਕੇ ਪੇਸ਼ ਕਰਦੀ ਰਹੀ ਹੈ। ਕਾਂਗਰਸ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਰਾਜ ਦੌਰਾਨ ਸ਼ੰਕਰ ਸਿੰਘ ਵਘੇਲਾ ਦੀ ਭਾਜਪਾ ਸਰਕਾਰ ਜਦੋਂ ਗੁਜਰਾਤ ਵਿੱਚ ਤੋੜੀ ਸੀ ਤਾਂ ਭਾਜਪਾ ਆਗੂਆਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਹੇਠਾਂ ਪਹਿਲੀ ਵਾਰੀ ਧਰਨਾ ਮਾਰਿਆ ਸੀ ਤੇ ਚਰਚਾ ਹੋਈ ਸੀ ਕਿ ਕੰਮ ਨਰਸਿਮਹਾ ਰਾਓ ਨੇ ਗਲਤ ਕੀਤਾ ਸੀ, ਪਰ ਏਸੇ ਬਹਾਨੇ ਭਾਜਪਾ ਨੂੰ ਗਾਂਧੀ ਦੀ ਸ਼ਰਣ ਲੈ ਆਂਦਾ ਸੀ। ਓਦੋਂ ਬਾਅਦ ਹੌਲੀ-ਹੌਲੀ ਭਾਜਪਾ ਆਗੂਆਂ ਨੇ ਗਾਂਧੀ-ਭਗਤ ਹੋਣ ਦਾ ਦਿਖਾਵਾ ਆਰੰਭ ਕਰ ਦਿੱਤਾ, ਪਰ ਵਿੱਚੋਂ ਉਹ ਓਸੇ ਸੋਚ ਉੱਤੇ ਚੱਲਦੇ ਰਹੇ ਸਨ। ਏਸੇ ਲਈ ਚਾਰ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ ਬਾਅਦ ਉਨ੍ਹਾਂ ਦੇ ਕਈ ਲੋਕਾਂ ਨੇ ਗਾਂਧੀ-ਵਿਰੋਧ ਤੋਂ ਸ਼ੁਰੂ ਕਰ ਕੇ ਗਾਂਧੀ ਜੀ ਦੇ ਚਾਲ-ਚੱਲਣ ਦੇ ਖਿਲਾਫ ਕਿੱਸੇ-ਕਹਾਣੀਆਂ ਪੇਸ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਤਾਜ਼ਾ ਚੋਣ ਵਿੱਚ ਇਸ ਪਾਰਟੀ ਦੇ ਆਗੂਆਂ ਨੇ ਮਹਾਤਮਾ ਗਾਂਧੀ ਦੇ ਖਿਲਾਫ ਨਰਮ ਹਮਲਾਵਰੀ ਤੋਂ ਸ਼ੁਰੂ ਕੀਤਾ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ ਨੇ ਇਹ ਕਹਿ ਕੇ ਸਿਖਰ ਕਰ ਦਿੱਤੀ ਕਿ ਗਾਂਧੀ ਭਾਰਤ ਦਾ ਨਹੀਂ, 'ਪਾਕਿਸਤਾਨ ਦਾ ਰਾਸ਼ਟਰ ਪਿਤਾ' ਸੀ। ਪਾਰਟੀ ਨੇ ਉਸ ਨੂੰ ਚੋਣ ਚੱਲਦੀ ਹੋਣ ਕਰ ਕੇ ਝਿੜਕ ਮਾਰੀ, ਸਸਪੈਂਡ ਕੀਤਾ, ਪਰ ਪਾਰਟੀ ਤੋਂ ਨਹੀਂ ਸੀ ਕੱਢਿਆ, ਕਿਉਂਕਿ ਸੋਚ ਵੱਲੋਂ ਪਾਰਟੀ ਤੋਂ ਵੱਖਰੀ ਗੱਲ ਉਸ ਨੇ ਕੀਤੀ ਹੀ ਨਹੀਂ ਸੀ। ਵਕਤੀ ਤੌਰ ਉੱਤੇ ਸਸਪੈਂਡ ਕਰ ਕੇ ਫਿਰ ਵਾਪਸ ਲੈ ਲੈਣਗੇ।
ਇਸ ਤਰ੍ਹਾਂ ਦਾ ਕਈ ਕੁਝ ਪੇਸ਼ ਕਰ ਕੇ ਇਹ ਚੋਣ ਲੰਘ ਗਈ ਹੈ। ਜੰਗਲੀਂ ਘੁੰਮਣ ਵਾਲੇ ਇੱਕ ਵਾਤਾਵਰਣ ਪ੍ਰੇਮੀ ਨੇ ਇੱਕ ਦਿਨ ਦੱਸਿਆ ਸੀ ਕਿ ਮੋਟਰ ਸਾਈਕਲ ਨੂੰ ਪੂਰੀ ਰੇਸ ਦੇਣ ਪਿੱਛੋਂ ਉਜਾੜ ਅਤੇ ਸ਼ਾਂਤ ਜਗ੍ਹਾ ਵਿੱਚ ਅਚਾਨਕ ਬੰਦ ਕਰ ਦੇਈਏ ਤਾਂ ਕਈ ਪਲ ਬਾਅਦ ਤੱਕ ਉਸ ਦੀ ਆਵਾਜ਼ ਗੂੰਜਦੀ ਸੁਣੀ ਜਾਂਦੀ ਹੈ। ਭਾਰਤ ਕਿਸੇ ਸ਼ਾਂਤ ਜੰਗਲ ਵਾਂਗ ਤਾਂ ਨਹੀਂ, ਪਰ ਮਾਹੌਲ ਸ਼ਾਂਤੀ ਵਾਲਾ ਹੀ ਹੁੰਦਾ ਸੀ ਤੇ ਕੁਝ ਹੱਦ ਤੱਕ ਅਜੇ ਵੀ ਸ਼ਾਂਤ ਕਿਹਾ ਜਾ ਸਕਦਾ ਹੈ। ਇਸ ਵਾਰੀ ਚੋਣ ਜਿੱਦਾਂ ਦਾ ਧਮੱਚੜ ਪਾਉਂਦੀ ਗਈ ਹੈ, ਇਸ ਦੇ ਰੌਲੇ ਵਿੱਚ ਤੇਈ ਮਈ ਦੇ ਚੋਣ ਨਤੀਜੇ ਨਾਲ ਅਚਾਨਕ ਬਰੇਕ ਲੱਗਣ ਦੇ ਬਾਅਦ ਇਹ ਰੌਲਾ ਅਗਲਾ ਚੋਖਾ ਚਿਰ ਸਾਡੇ ਕੰਨਾਂ ਵਿੱਚ ਗੂੰਜਦਾ ਰਹੇਗਾ। ਚੋਣਾਂ ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਇਸ ਗੱਲ ਦੀ ਚਰਚਾ ਸੁਣਨ ਨੂੰ ਬੜਾ ਚਿਰ ਮਿਲਦੀ ਸਕਦੀ ਹੈ ਕਿ ਚੋਣ ਹੀ ਹੋਣੀ ਹੋਵੇ ਤਾਂ ਭਾਰਤ ਦੀ ਇਸ ਵਾਰ ਦੀ ਚੋਣ ਵਰਗੀ 'ਦਮਦਾਰ' ਹੋਣੀ ਚਾਹੀਦੀ ਹੈ, ਨਹੀਂ ਤਾਂ ਕਰਾਉਣ ਦਾ ਫਾਇਦਾ ਵੀ ਕੀ ਹੈ!
ਕਿੱਧਰ ਜਾ ਰਿਹਾ ਹੈ ਦੇਸ਼ ਅਤੇ ਕੀ ਬਣੇਗਾ ਇਸ ਦੇਸ਼ ਦਾ ਚੋਣਾਂ ਤੋਂ ਬਾਅਦ - ਜਤਿੰਦਰ ਪਨੂੰ
ਇਸ ਸਤਾਰਾਂ ਮਈ ਨੂੰ ਭਾਰਤ ਦੀ ਪਾਰਲੀਮੈਂਟ ਲਈ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਉੱਨੀ ਮਈ ਨੂੰ ਵੋਟਾਂ ਪੈਣ ਦਾ ਆਖਰੀ ਗੇੜ ਗੁਜ਼ਰ ਜਾਵੇਗਾ। ਚਾਰ ਦਿਨ ਬਾਅਦ ਤੇਈ ਮਈ ਨੂੰ ਨਤੀਜੇ ਆਉਣ ਲੱਗਣਗੇ। ਇਹ ਸ਼ਾਇਦ ਇਕੋ ਦਿਨ ਸਾਰੇ ਨਹੀਂ ਆ ਸਕਣਗੇ, ਕਿਉਂਕਿ ਬਹੁਤ ਸਾਰੇ ਹਲਕਿਆਂ ਵਿੱਚ ਵੋਟਿੰਗ ਮਸ਼ੀਨਾਂ ਦੇ ਨਾਲ ਵੀ ਵੀ ਪੈਟ ਮਸ਼ੀਨਾਂ ਲੱਗੀਆਂ ਹਨ ਅਤੇ ਉਨ੍ਹਾਂ ਚੋਣ ਖੇਤਰਾਂ ਵਿੱਚ ਵੀ ਵੀ ਪੈਟ ਮਸ਼ੀਨ ਦੀਆਂ ਪਰਚੀਆਂ ਗਿਣਨ ਅਤੇ ਫਿਰ ਵੋਟਿੰਗ ਮਸ਼ੀਨਾਂ ਨਾਲ ਮਿਲਾ ਕੇ ਇਹ ਵੇਖਣ ਵਿੱਚ ਸਮਾਂ ਲੱਗੇਗਾ ਕਿ ਕੋਈ ਸ਼ਰਾਰਤ ਨਾ ਹੋ ਗਈ ਹੋਵੇ। ਅਗਲੇ ਦਿਨ ਚੌਵੀ ਮਈ ਤੱਕ ਨਤੀਜੇ ਮਿਲਣ ਪਿੱਛੋਂ ਦੇਸ਼ ਨੂੰ ਪਾਰਲੀਮੈਂਟ ਮਿਲ ਜਾਵੇਗੀ ਤੇ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਪੜਾਅ ਖਤਮ ਹੋ ਜਾਵੇਗਾ। ਆਮ ਲੋਕਾਂ ਦੇ ਲਈ ਸੋਚਣ ਦਾ ਸਵਾਲ ਏਨਾ ਹੈ ਕਿ ਇਸ ਦੇ ਪਿੱਛੋਂ ਸਰਕਾਰ ਕਿਸ ਤਰ੍ਹਾਂ ਦੀ ਬਣੇਗੀ, ਪਰ ਅਸੀਂ ਇਹ ਸੋਚ ਰਹੇ ਹਾਂ ਕਿ ਸਰਕਾਰ ਤਾਂ ਜਿੱਦਾਂ ਦੀ ਵੀ ਬਣ ਜਾਵੇ, ਇਹ ਦੇਸ਼ ਜਿਸ ਰਾਹ ਪੈ ਗਿਆ ਹੈ, ਇਹ ਪਹੁੰਚੇਗਾ ਕਿੱਥੇ!
ਚੋਣਾਂ ਦੇ ਇਸ ਪੜਾਅ ਉੱਤੇ ਅਸੀਂ ਕਿਸੇ ਇੱਕ ਜਾਂ ਦੂਸਰੀ ਪਾਰਟੀ ਦੇ ਪੱਖ ਜਾਂ ਵਿਰੋਧ ਬਾਰੇ ਸੋਚਣ ਦੀ ਥਾਂ ਇਸ ਦੇਸ਼ ਦੀ ਰਾਜ ਪ੍ਰਣਾਲੀ ਦੇ ਉਨ੍ਹਾਂ ਅਦਾਰਿਆਂ ਬਾਰੇ ਸੋਚੀਏ, ਜਿਨ੍ਹਾਂ ਆਸਰੇ ਰਾਜ ਚੱਲਦਾ ਹੈ ਤਾਂ ਵੱਧ ਠੀਕ ਹੈ। ਭਾਰਤ ਦੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਰਾਜ ਦੇ ਤਿੰਨ ਪ੍ਰਮੁੱਖ ਅੰਗ: ਵਿਧਾਨ ਪਾਲਿਕਾ (ਪਾਰਲੀਮੈਂਟ ਤੇ ਵਿਧਾਨ ਸਭਾਵਾਂ), ਕਾਰਜ ਪਾਲਿਕਾ (ਜਿਸ ਵਿੱਚ ਸਮੁੱਚੀ ਸਰਕਾਰੀ ਮਸ਼ੀਨਰੀ ਸ਼ਾਮਲ ਹੈ) ਅਤੇ ਨਿਆਂ ਪਾਲਿਕਾ (ਅਦਾਲਤਾਂ) ਹਨ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਦਾ ਵੀ ਮਹੱਤਵ ਘੱਟ ਕਰ ਕੇ ਨਹੀਂ ਵੇਖਣਾ ਚਾਹੀਦਾ। ਆਦਿ ਕਾਲ ਤੋਂ ਲੈ ਕੇ ਲੋਕਾਂ ਨੂੰ ਦਾਬੇ ਹੇਠ ਰੱਖਣ ਲਈ ਸਰਕਾਰਾਂ ਜਿਹੜੀ ਮਸ਼ੀਨਰੀ ਵਰਤਦੀਆਂ ਰਹੀਆਂ ਹਨ, ਉਸ ਦੇ ਭ੍ਰਿਸ਼ਟ ਹੋ ਜਾਣ ਦੀ ਚਰਚਾ ਵੀ ਚੱਲਦੀ ਰਹੀ ਹੈ। ਜਦੋਂ ਉਨ੍ਹਾਂ ਕੋਲ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਫੜ ਕੇ ਕੇਸ ਬਣਾ ਲੈਣ ਦਾ ਅਧਿਕਾਰ ਹੁੰਦਾ ਹੈ ਤਾਂ ਉਨ੍ਹਾਂ ਅਧਿਕਾਰੀਆਂ ਵੱਲੋਂ ਤਾਕਤ ਦੀ ਦੁਰਵਰਤੋਂ ਕਰ ਕੇ ਜਾਂ ਵਰਤੋਂ ਦੇ ਡਰਾਵੇ ਨਾਲ ਭ੍ਰਿਸ਼ਟਾਚਾਰ ਦਾ ਚੱਕਰ ਸੌਖਾ ਚਲਾਇਆ ਜਾ ਸਕਦਾ ਹੈ। ਇਹ ਚੱਕਰ ਪੁਲਸ ਵਾਲੇ ਵੀ ਚਲਾਉਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਹੋਰਨਾਂ ਤੋਂ ਵੱਧ ਚਲਾਉਂਦੇ ਹਨ, ਜ਼ਮੀਨੀ ਮਾਮਲਿਆਂ ਨਾਲ ਜੁੜਿਆ ਵਿਭਾਗ ਵੀ ਇਹ ਕੰਮ ਕਰਦਾ ਹੈ, ਬਿਜਲੀ ਵਾਲੇ ਵੀ ਕਰਦੇ ਹਨ ਤੇ ਸਿਹਤ ਵਿਭਾਗ ਤੋਂ ਲੈ ਕੇ ਸੜਕ ਮਹਿਕਮੇ ਵਾਲਿਆਂ ਤੱਕ ਇਹੋ ਕਰੀ ਜਾਂਦੇ ਹਨ। ਇਨ੍ਹਾਂ ਨੂੰ ਏਦਾਂ ਕਰਨ ਤੋਂ ਰੋਕਣ ਦੀ ਪੁਰਾਣੇ ਸਮਿਆਂ ਵਿੱਚ ਕੋਈ ਪ੍ਰਵਾਹ ਨਹੀਂ ਸੀ ਕੀਤੀ ਜਾਂਦੀ, ਪਰ ਜਦੋਂ ਲੋਕ ਰਾਜ ਦਾ ਦੌਰ ਆ ਗਿਆ ਤਾਂ ਵਿਧਾਨ ਪਾਲਿਕਾ ਦੇ ਚੁਣੇ ਹੋਏ ਆਗੂਆਂ ਰਾਹੀਂ ਅਜਿਹੇ ਕਾਨੂੰਨ ਬਣਾਉਣ ਦਾ ਕੰਮ ਸ਼ੁਰੂ ਹੋਇਆ, ਜਿਨ੍ਹਾਂ ਕਾਨੂੰਨਾਂ ਨਾਲ ਸਰਕਾਰੀ ਮਸ਼ੀਨਰੀ ਲੋਕਾਂ ਉੱਤੇ ਦਹਿਸ਼ਤ ਪਾਉਣ ਜਾਂ ਲੁੱਟ ਕਰਨ ਦਾ ਕੰਮ ਕਰਨ ਤੋਂ ਰੋਕੀ ਜਾ ਸਕੇ। ਫਿਰ ਵਿਧਾਨ ਪਾਲਿਕਾ ਵਿੱਚ ਵੀ ਭ੍ਰਿਸ਼ਟਾਚਾਰ ਆਣ ਵੜਿਆ।
ਭਾਰਤ ਦੀ ਅਜੋਕੀ ਲੋਕ ਸਭਾ ਦੇ ਤੀਸਰੇ ਹਿੱਸੇ ਤੋਂ ਵੱਧ ਮੈਂਬਰ ਏਦਾਂ ਦੇ ਹਨ, ਜਿਨ੍ਹਾਂ ਦੇ ਕੇਸਾਂ ਦੀ ਗਿਣਤੀ ਕਰਦਾ ਕੋਈ ਵੀ ਆਦਮੀ ਥੱਕ ਜਾਵੇਗਾ। ਇਸ ਨੂੰ ਰੋਕ ਲਾਉਣੀ ਚਾਹੀਦੀ ਸੀ, ਪਰ ਲਾਈ ਨਹੀਂ ਗਈ। ਉਲਟਾ ਇਹ ਹੋਇਆ ਕਿ ਇਨ੍ਹਾਂ ਅਦਾਰਿਆਂ ਦੀ ਬਹੁ-ਸੰਮਤੀ ਨਾਲ ਚੁਣੇ ਗਏ ਆਗੂ ਆਪਣੀ ਇਸ ਤਾਕਤਵਰ ਹਸਤੀ ਨੂੰ ਵਰਤ ਕੇ ਇਹ ਯਕੀਨੀ ਕਰਨ ਲੱਗ ਪਏ ਕਿ ਲੋਕਤੰਤਰ ਦੇ ਤੀਸਰੇ ਅੰਗ ਨਿਆਂ-ਪਾਲਿਕਾ ਨੂੰ ਵੀ ਪ੍ਰਭਾਵਤ ਕੀਤਾ ਜਾਵੇ। ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆਂ ਦਾ ਇੱਕ ਬਾਕਾਇਦਾ ਸਿਸਟਮ ਬਣਾਇਆ ਗਿਆ ਸੀ ਤੇ ਚੱਲਦਾ ਪਿਆ ਸੀ, ਪਰ ਪਿਛਲੇ ਸਮੇਂ ਵਿੱਚ ਉਸ ਵੱਲੋਂ ਕੀਤੇ ਫੈਸਲਿਆਂ ਨੂੰ ਵੀ ਮਰੋੜਿਆ ਜਾਣ ਲੱਗ ਪਿਆ ਹੈ। ਮੌਜੂਦਾ ਕੇਂਦਰ ਸਰਕਾਰ ਨੇ ਇਸ ਕੰਮ ਵਿੱਚ ਬੀਤੇ ਦੀ ਕਿਸੇ ਵੀ ਹੋਰ ਸਰਕਾਰ ਦਾ ਰਿਕਾਰਡ ਤੋੜ ਦਿੱਤਾ ਹੈ। ਫਿਰ ਵੀ ਭਾਰਤ ਦੀ ਨਿਆਂ ਪਾਲਿਕਾ ਨੇ ਕੁਝ ਹੱਦ ਤੱਕ ਇਸ ਹਮਲੇ ਦਾ ਟਾਕਰਾ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਹੈ ਤੇ ਅਜੇ ਤੱਕ ਪੂਰੀ ਤਰ੍ਹਾਂ ਸਰਕਾਰ ਦੀ ਜਕੜ ਵਿੱਚ ਨਹੀਂ ਆ ਸਕੀ। ਨਿਆਂ ਪਾਲਿਕਾ ਤੜਫੜਾ ਰਹੀ ਜਾਪਦੀ ਹੈ। ਖਬਰਾਂ ਇਹ ਮਿਲਦੀਆਂ ਹਨ ਕਿ ਜਿਹੜਾ ਵੀ ਜੱਜ ਸਰਕਾਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਜਾਣ ਤੋਂ ਇਨਕਾਰੀ ਹੋਵੇ, ਉਸ ਨੂੰ ਚੱਕਰ ਵਿੱਚ ਫਸਾਇਆ ਜਾ ਸਕਦਾ ਹੈ।
ਅਸੀਂ ਪਾਕਿਸਤਾਨ ਦੇ ਬਾਰੇ ਪਿਛਲੇ ਸਾਲਾਂ ਵਿੱਚ ਸੁਣਿਆ ਸੀ ਕਿ ਜਿਸ ਜੱਜ ਨੇ ਫੌਜੀ ਸਰਕਾਰ ਮੂਹਰੇ ਵੀ ਝੁਕਣ ਤੋਂ ਇਨਕਾਰ ਕਰੀ ਰੱਖਿਆ ਸੀ, ਉਸ ਦੇ ਪੁੱਤਰ ਨੂੰ ਹੱਜ ਨਾਲ ਜੁੜੀ ਹੋਈ ਇੱਕ ਸੰਸਥਾ ਨੇ ਨੇਕੀ ਦੇ ਕੰਮ ਕਰਨ ਬਹਾਨੇ ਉਸ ਸੰਸਥਾ ਨਾਲ ਜੋੜਿਆ ਤੇ ਫਿਰ ਉਸ ਨੂੰ ਮੁੱਖ ਜੱਜ ਦੇ ਖਿਲਾਫ ਵਰਤਿਆ ਸੀ। ਹੱਜ ਦਾ ਨਾਂਅ ਵਰਤ ਕੇ ਭ੍ਰਿਸ਼ਟਾਚਾਰ ਕਰਨ ਵਾਲੀ ਉਸ ਸੰਸਥਾ ਵਿੱਚ ਜੁੜ ਕੇ ਉਹ ਮੁੰਡਾ ਕਈ ਗੱਲਾਂ ਵਿੱਚ ਉਲਝ ਗਿਆ ਤਾਂ ਸੰਸਥਾ ਦੇ ਹੋਰਨਾਂ ਲੋਕਾਂ ਦਾ ਕੁਝ ਨਹੀਂ ਸੀ ਵਿਗੜਿਆ, ਕਿਉਂਕਿ ਉਹ ਸਰਕਾਰ ਦੀ ਸੈਨਤ ਉੱਤੇ ਹੀ ਉਸ ਮੁੰਡੇ ਨੂੰ ਫਸਾਉਣ ਦਾ ਕੰਮ ਕਰ ਰਹੇ ਸਨ, ਪਰ ਮੁੰਡੇ ਦੇ ਖਿਲਾਫ ਕੇਸ ਚੁੱਕ ਕੇ ਚੀਫ ਜਸਟਿਸ ਨੂੰ ਘੇਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਦਿੱਲੀ ਤੋਂ ਆਉਂਦੀਆਂ ਖਬਰਾਂ ਇਹ ਦੱਸਦੀਆਂ ਹਨ ਕਿ ਭਾਰਤ ਵਿੱਚ ਵੀ ਏਦਾਂ ਦੀਆਂ ਸਾਜ਼ਿਸ਼ਾਂ ਹੋ ਸਕਦੀਆਂ ਹਨ, ਜਿਨ੍ਹਾਂ ਨਾਲ ਕੁਝ ਖਾਸ ਜੱਜਾਂ ਨੂੰ ਘੇਰਿਆ ਜਾ ਸਕਦਾ ਹੈ। ਫਿਰ ਨਿਆਂ ਪਾਲਿਕਾ ਵੀ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕੇਗੀ। ਇਸ ਦੀ ਇੱਕ ਮਿਸਾਲ ਭਾਰਤ ਦੇ ਮੁੱਖ ਜੱਜ ਦੇ ਖਿਲਾਫ ਦੋਸ਼ਾਂ ਵਾਲੀ ਹੋ ਸਕਦੀ ਹੈ, ਜਿਸ ਦੇ ਸੱਚ-ਝੂਠ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ। ਇਸ ਤੋਂ ਵੱਧ ਭੈੜੀ ਗੱਲ ਇਹ ਹੈ ਕਿ ਦੇਸ਼ ਦੇ ਦੋ ਵੱਡੇ ਉਦਯੋਗਪਤੀਆਂ ਨੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੀਤੇ ਗਏ ਹੁਕਮਾਂ ਨਾਲ ਸਭ ਤੋਂ ਵੱਡੀ ਅਦਾਲਤ ਦੇ ਸਟਾਫ ਤੋਂ ਛੇੜ-ਛਾੜ ਕਰਵਾ ਕੇ ਹੁਕਮ ਬਦਲਵਾਉਣ ਦੀ ਸਫਲਤਾ ਹਾਸਲ ਕਰ ਲਈ ਹੈ। ਇੱਕ ਵੱਡੇ ਉਦਯੋਗਪਤੀ ਦੇ ਖਿਲਾਫ ਇੱਕ ਫੌਰੈਂਸਿਕ ਮਾਹਰ ਦੀ ਆਡਿਟ ਰਿਪੋਰਟ ਲਈ ਜੱਜਾਂ ਨੇ ਨਾਂਅ ਲਿਖ ਕੇ ਹੁਕਮ ਕੀਤਾ ਸੀ, ਪਰ ਕਿਉਂਕਿ ਉਹ ਮਾਹਰ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਸੀ ਹੋਣਾ, ਉਸ ਦੀ ਥਾਂ ਅਦਾਲਤ ਵੱਲੋਂ ਦਿੱਤੇ ਹੁਕਮ ਵਿੱਚ ਇੱਕ ਨਾਂਅ ਹੋਰ ਜੋੜ ਦਿੱਤਾ ਗਿਆ, ਤਾਂ ਕਿ ਦੋਵਾਂ ਵਿੱਚੋਂ ਕਿਸੇ ਇੱਕ ਤੋਂ ਰਿਪੋਰਟ ਬਣਵਾਈ ਤੇ ਅਦਾਲਤ ਨੂੰ ਪੇਸ਼ ਕੀਤੀ ਜਾ ਸਕੇ। ਦੂਸਰਾ ਮਾਮਲਾ ਕਿਸੇ ਵੱਡੇ ਬਿਲਡਰ ਖਿਲਾਫ ਸੀ। ਇਸ ਵਿੱਚ ਵੀ ਅਸਲੀ ਹੁਕਮਾਂ ਦੇ ਵਿਚਾਲੇ ਕੁਝ ਇਹੋ ਜਿਹਾ ਜੋੜ ਦਿੱਤਾ ਗਿਆ ਕਿ ਜੱਜਾਂ ਨੂੰ ਆਪਣੇ ਸਟਾਫ ਦੇ ਖਿਲਾਫ ਸਖਤੀ ਦਾ ਹੁਕਮ ਕਰਨ ਦੀ ਲੋੜ ਪੈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਮ ਸਿਰਫ ਸਰਮਾਏਦਾਰ ਨਹੀਂ ਕਰਦੇ, ਸਰਕਾਰਾਂ ਵੀ ਕਰਨੋਂ ਨਹੀਂ ਰਹਿੰਦੀਆਂ ਤੇ ਫਿਰ ਨਤੀਜਾ ਇਹ ਨਿਕਲਦਾ ਹੈ ਕਿ ਲੋਕਤੰਤਰ ਵਿੱਚ ਇਨਸਾਫ ਦਾ ਆਖਰੀ ਦਰਵਾਜ਼ਾ ਵੀ ਪ੍ਰਭਾਵਤ ਹੋ ਜਾਂਦਾ ਹੈ। ਬੀਤੇ ਬਹੱਤਰ ਸਾਲਾਂ ਦੇ ਆਜ਼ਾਦ ਭਾਰਤ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ ਸੁਪਰੀਮ ਕੋਰਟ ਦੇ ਚਾਰ ਜੱਜ ਇੱਕ ਦਿਨ ਪ੍ਰੈੱਸ ਕਾਨਫਰੰਸ ਕਰਨ ਬੈਠ ਗਏ, ਪਰ ਇਹ ਤਾਂ ਸ਼ੁਰੂਆਤ ਸੀ, ਅੱਗੋਂ ਕੌਣ ਜਾਣਦਾ ਹੈ ਕਿ ਕੀ ਵਾਪਰੇਗਾ!
ਇੱਕ ਥਾਂ ਬੈਠੇ ਮਿੱਤਰਾਂ ਵਿੱਚੋਂ ਇੱਕ ਨੇ ਕਿਹਾ ਸੀ ਕਿ ਭਾਰਤ ਦਾ ਭਵਿੱਖ ਕੁਝ ਠੀਕ ਜਿਹਾ ਨਹੀਂ ਲੱਗਦਾ ਤੇ ਦੂਸਰੇ ਨੇ ਆਖਿਆ ਸੀ ਕਿ ਬਾਕੀ ਰਹਿ ਕੀ ਗਿਆ ਹੈ, ਜਿਹੜਾ ਹੋਰ ਵਿਗੜ ਜਾਵੇਗਾ! ਇਹ ਸਿਰਫ ਉਨ੍ਹਾਂ ਦੋ ਮਿੱਤਰਾਂ ਦੇ ਮਨ ਦੀ ਸਥਿਤੀ ਨਹੀਂ, ਭਾਰਤ ਦੇ ਬਹੁਤ ਸਾਰੇ ਲੋਕਾਂ ਦੀ ਮਨੋ-ਸਥਿਤੀ ਬਣ ਚੁੱਕੀ ਹੈ। ਜਦੋਂ ਫੌਜ ਤੇ ਏਅਰ ਫੋਰਸ ਦੇ ਸਿਖਰਲੇ ਅਫਸਰ ਵੀ ਸਿਆਸੀ ਲੀਡਰਾਂ ਦੀ ਲੋੜ ਮੁਤਾਬਕ ਪ੍ਰੈੱਸ ਕਾਨਫਰੰਸਾਂ ਕਰਨ ਲੱਗਣ ਅਤੇ ਪ੍ਰੈੱਸ ਕਾਨਫਰੰਸਾਂ ਵਿੱਚ ਸਰਕਾਰ ਦੇ ਖਿਲਾਫ ਲੱਗਦੇ ਦੋਸ਼ਾਂ ਦੀ ਸਫਾਈ ਦੇਣ ਲੱਗਣ ਤਾਂ ਏਦਾਂ ਦੀ ਮਨੋ-ਸਥਿਤੀ ਪੈਦਾ ਹੋਣੀ ਸੁਭਾਵਕ ਹੈ। ਨੌਕਰੀ ਕਰਨ ਦੇ ਲਈ ਕੀ ਕੁਝ ਨਹੀਂ ਕਰਨਾ ਪੈਂਦਾ, ਅਫਸਰ ਫੌਜ ਦੇ ਹੋਣ ਜਾਂ ਸਿਵਲ ਦੇ, ਹਨ ਤਾਂ ਉਹ ਵੀ ਇਨਸਾਨ ਹੀ।
ਪਾਰਲੀਮੈਂਟ ਦੀਆਂ ਚੋਣਾਂ, ਚੱਲਦੀ ਪ੍ਰਕਿਰਿਆ ਤੇ ਪ੍ਰਕਿਰਿਆ ਚੱਲਣ ਤੋਂ ਪਹਿਲਾਂ ਦੇ ਕਿੱਸੇ - ਜਤਿੰਦਰ ਪਨੂੰ
ਭਾਰਤ ਦੀ ਪਾਰਲੀਮੈਂਟ ਲਈ ਚੋਣਾਂ ਦੀ ਪ੍ਰਕਿਰਿਆ ਜਿਹੜੇ ਪੜਾਅ ਉੱਤੇ ਪਹੁੰਚ ਗਈ ਹੈ, ਜੇ ਚੋਣ ਕਮਿਸ਼ਨ ਵੱਲੋਂ ਪਾਬੰਦੀ ਨਾ ਲੱਗੀ ਹੁੰਦੀ ਤਾਂ ਇਸ ਵੇਲੇ ਤੱਕ ਕਈ ਚੈਨਲਾਂ ਨੇ ਚੋਣ ਸਰਵੇਖਣ ਦੇ ਨਾਂਅ ਉੱਤੇ ਲੋਕਾਂ ਅੱਗੇ ਕਈ ਕੁਝ ਪਰੋਸ ਦੇਣਾ ਸੀ। ਫਿਰ ਵੀ ਕੁਝ ਨਾ ਕੁਝ ਪਰੋਸਿਆ ਜਾਣ ਦਾ ਅਮਲ ਜਾਰੀ ਹੈ ਤੇ ਅਖੀਰ ਤੱਕ ਜਾਰੀ ਰਹਿਣਾ ਹੈ। ਅਣ-ਐਲਾਨੇ ਚੋਣ ਸਰਵੇਖਣ ਦੇ ਕੰਮ ਵਿੱਚ ਇਸ ਵਾਰੀ ਦੇਸ਼ ਦੀ ਮੌਜੂਦਾ ਸਰਕਾਰ ਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਇੱਕ ਬਹੁ-ਚਰਚਿਤ ਆਗੂ ਸੁਬਰਾਮਨੀਅਮ ਸਵਾਮੀ ਵੀ ਬੋਲਿਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਇਸ ਵਾਰੀ ਭਾਜਪਾ ਦੀਆਂ ਆਪਣੀਆਂ ਸੀਟਾਂ ਸਵਾ ਦੋ ਸੌ ਦੇ ਨੇੜੇ ਆਉਣਗੀਆਂ ਤੇ ਉਸ ਦੇ ਭਾਈਵਾਲਾਂ ਦੀਆਂ ਮਿਲਾ ਕੇ ਬਹੁ-ਸੰਮਤੀ ਦੇ ਜੁਗਾੜ ਕਰਨ ਦੇ ਨੇੜੇ ਜਾ ਸਕਦੀਆਂ ਹਨ ਤੇ ਨਹੀਂ ਵੀ ਜਾ ਸਕਦੀਆਂ। ਦੂਸਰੀ ਗੱਲ ਇਹ ਆਖੀ ਕਿ ਜੇ ਸਚਮੁੱਚ ਸਵਾ ਦੋ ਸੌ ਸੀਟਾਂ ਤੱਕ ਭਾਜਪਾ ਜਾ ਕੇ ਰੁਕ ਗਈ ਤਾਂ ਭਾਈਵਾਲ ਧਿਰਾਂ ਅਗਲੇ ਪ੍ਰਧਾਨ ਮੰਤਰੀ ਬਣਨ ਵਾਸਤੇ ਨਰਿੰਦਰ ਮੋਦੀ ਦੇ ਨਾਂਅ ਉੱਤੇ ਸਹਿਮਤ ਨਹੀਂ ਹੋ ਸਕਣੀਆਂ ਤੇ ਕੋਈ ਹੋਰ ਲੱਭਣਾ ਪਵੇਗਾ। ਇਹ ਵੀ ਕਮਾਲ ਦੀ ਗੱਲ ਹੈ ਕਿ ਜਿਹੜੇ ਭਾਜਪਾ ਆਗੂ ਦਾ ਨਾਂਅ ਅਗਲੇ ਪ੍ਰਧਾਨ ਮੰਤਰੀ ਵਾਸਤੇ ਨਰਿੰਦਰ ਮੋਦੀ ਦੇ ਬਦਲ ਵਜੋਂ ਚਰਚਾ ਵਿੱਚ ਆਇਆ ਹੈ, ਉਸ ਬਾਰੇ ਉਸੇ ਦਿਨ ਤੋਂ ਬੀਮਾਰ ਹੋਣ ਦੀਆਂ ਖਬਰਾਂ ਆਏ ਦਿਨ ਆਉਣ ਲੱਗ ਪਈਆਂ ਹਨ। ਇਸ ਦਾ ਆਪ ਵਿੱਚ ਕਿਸੇ ਤਰ੍ਹਾਂ ਦਾ ਸੰਬੰਧ ਹੈ ਜਾਂ ਨਹੀਂ, ਕਹਿਣਾ ਬੜਾ ਮੁਸ਼ਕਲ ਹੈ, ਪਰ ਵੱਡੀ ਗੱਲ ਇਹ ਹੈ ਕਿ ਭਾਜਪਾ ਅੰਦਰ ਇਹ ਚਰਚਾ ਚੱਲਦੀ ਪਈ ਹੈ ਕਿ ਇਸ ਵਾਰੀ ਉਨ੍ਹਾਂ ਦੀਆਂ ਸੀਟਾਂ ਅੱਗੇ ਵਾਂਗ ਆਪਣੇ ਸਿਰ ਬਹੁ-ਗਿਣਤੀ ਜੋਗੀਆਂ ਨਹੀਂ ਆ ਸਕਣੀਆਂ। ਅੰਦਰ ਦੀ ਇਸ ਚਰਚਾ ਦੇ ਪ੍ਰਭਾਵ ਹੇਠ 'ਰਾਸ਼ਟਰ ਭਗਤੀ' ਦਾ ਮੁੱਦਾ ਉਭਾਰਨ ਦਾ ਕੰਮ ਹੋਰ ਤੇਜ਼ੀ ਨਾਲ ਹੋਣ ਲੱਗ ਪਿਆ ਹੈ।
ਸਾਨੂੰ ਇਹ ਮੰਨਣ ਵਿੱਚ ਕੋਈ ਹਰਜ਼ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਬੁਲਾਰਾ ਬਹੁਤ ਜ਼ਬਰਦਸਤ ਹੈ, ਪਰ ਸਿਰਫ ਬੁਲਾਰਾ ਨਹੀਂ, ਤੱਥਾਂ ਨੂੰ ਭੰਨ-ਤੋੜ ਕੇ ਪੇਸ਼ ਕਰਨ ਅਤੇ ਕਾਲੇ ਨੂੰ ਚਿੱਟਾ ਕਹਿਣ ਤੋਂ ਵਧ ਕੇ ਏਦਾਂ ਦੀ ਪੇਸ਼ਕਾਰੀ ਵਿੱਚ ਵੀ ਬਹੁਤ ਮਾਹਰ ਹੈ। ਮਹਾਰਤ ਏਨੀ ਕਮਾਲ ਦੀ ਹੈ ਕਿ ਲੋਕਾਂ ਨੂੰ ਭਾਸ਼ਣ ਵਾਲੀ ਜਾਦੂ ਦੀ ਪਟਾਰੀ ਵਿੱਚ ਕਰੇਲੇ ਰੱਖਣ ਮਗਰੋਂ ਖਰਬੂਜ਼ੇ ਨਿਕਲਦੇ ਵਿਖਾ ਸਕਦਾ ਹੈ। ਲੋਕ ਬਿਨਾਂ ਕਿਸੇ ਘੋਖ ਕੀਤੇ ਤੋਂ ਸੱਚ ਮੰਨ ਲੈਂਦੇ ਹਨ। ਇਸ ਦੀ ਇੱਕ ਮਿਸਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਹੁੰਦਿਆਂ ਕੁੰਭ ਦੇ ਮੇਲੇ ਵਿੱਚ ਆਇਆ ਸੀ, ਹਜ਼ਾਰ ਦੇ ਕਰੀਬ ਲੋਕ ਭਾਜੜ ਵਿੱਚ ਮਰ ਗਏ ਸਨ ਤੇ ਕਾਂਗਰਸ ਸਰਕਾਰ ਨੇ ਬਦਨਾਮੀ ਤੋਂ ਬਚਣ ਵਾਸਤੇ ਇਹ ਖਬਰ ਦਬਾ ਦਿੱਤੀ ਸੀ। ਫਿਰ ਕੁਝ ਚੈਨਲਾਂ ਨੇ ਰਿਕਾਰਡ ਪੇਸ਼ ਕੀਤਾ ਕਿ ਜਿਸ ਦਿਨ ਕੁੰਭ ਮੇਲੇ ਦਾ ਕਾਂਡ ਵਾਪਰਿਆ ਸੀ, ਪ੍ਰਧਾਨ ਮੰਤਰੀ ਉਸ ਦਿਨ ਦਿੱਲੀ ਵਿੱਚ ਪਾਰਲੀਮੈਂਟ ਵਿੱਚ ਬੋਲਦਾ ਪਿਆ ਸੀ ਤੇ ਕੁੰਭ ਮੇਲੇ ਵਿੱਚ ਇੱਕ ਦਿਨ ਪਹਿਲਾਂ ਆਇਆ ਸੀ, ਉਸ ਦਿਨ ਕੁੰਭ ਮੇਲੇ ਵਿੱਚ ਦੇਸ਼ ਦਾ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਦੇ ਮਗਰ ਜੁੜੀ ਹੋਈ ਵਫਾਦਾਰ ਫੋਰਸ ਨੇ ਉਸ ਦਾ ਭਾਸ਼ਣ ਇਸ ਦਾ ਸੱਚ ਸੁਣੇ ਬਗੈਰ ਸਭ ਥਾਂ ਫੈਲਾਇਆ ਪਿਆ ਸੀ। ਰਾਹੁਲ ਗਾਂਧੀ ਏਦਾਂ ਦੀ ਕਲਾਕਾਰੀ ਆਪਣੇ ਭਾਸ਼ਣਾਂ ਵਿੱਚ ਦਿਖਾਉਣ ਜੋਗਾ ਨਹੀਂ ਅਤੇ ਉਸ ਦੇ ਪਿੱਛੇ ਖੜੀ ਪਾਰਟੀ ਸਾਰੇ ਭਾਰਤ ਦੇ ਲੋਕਾਂ ਤੱਕ ਇਹ ਗੱਲ ਪੁਚਾਉਣ ਜੋਗੀ ਨਹੀਂ ਕਿ ਸਾਡਾ ਆਗੂ ਵੀ ਆਹ ਕੁਝ ਬੋਲਦਾ ਹੈ।
ਇਹ ਸਾਰੀ ਕਹਾਣੀ ਅਸੀਂ ਇਸ ਲਈ ਪੇਸ਼ ਕੀਤੀ ਹੈ ਕਿ ਭਾਰਤ ਵਿੱਚ ਇਸ ਵਕਤ ਲੋਕਾਂ ਦੀ ਰਾਏ ਲੋਕਤੰਤਰ ਦੇ ਅਸੂਲਾਂ ਨਾਲ ਪ੍ਰਚਾਰੇ ਜਾਂਦੇ ਕਿਸੇ ਚੋਣ ਮੈਨੀਫੈਸਟੋ ਨਾਲ ਨਹੀਂ ਬਣਦੀ, ਜਿੰਨਾ ਵੱਡਾ ਗਪੌੜ ਕੋਈ ਛੱਡੇਗਾ, ਓਨੀ ਹੀ ਉਸ ਦੀ ਪਾਰਟੀ ਦੇ ਪੱਖ ਵਿੱਚ ਪ੍ਰਭਾਵ ਬਣਦਾ ਸਮਝਿਆ ਜਾਣ ਲੱਗਾ ਹੈ। ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਇਹ ਗੱਲ ਅੱਜ ਤੱਕ ਅਸੀਂ ਬਹੁਤ ਵਾਰੀ ਸੁਣੀ ਹੈ, ਪਰ ਕਾਨੂੰਨ ਦੀ ਜਿਹੜੀ ਵਫਾ ਦੀ ਆਸ ਸਾਡੇ ਆਮ ਲੋਕਾਂ ਤੋਂ ਰੱਖੀ ਜਾਂਦੀ ਹੈ, ਭਾਰਤ ਦੀ ਵਾਗ ਸੰਭਾਲ ਚੁੱਕੇ ਜਾਂ ਸੰਭਾਲਣ ਦੇ ਖਾਹਿਸ਼ਮੰਦਾਂ ਵਿੱਚ ਉਸ ਹੱਦ ਤੱਕ ਨਹੀਂ ਲੱਭਦੀ। ਮਿਸਾਲ ਵਜੋਂ ਦੇਸ਼ ਨੇ ਇੱਕ ਦਲ-ਬਦਲੀਆਂ ਰੋਕਣ ਦਾ ਕਾਨੂੰਨ ਬਣਾਇਆ ਹੈ, ਜਿਸ ਦਾ ਦੋਸ਼ੀ ਸਾਬਤ ਹੋਏ ਵਿਧਾਇਕ ਜਾਂ ਪਾਰਲੀਮੈਂਟ ਮੈਂਬਰ ਨੂੰ ਮੈਂਬਰੀ ਛੱਡਣੀ ਪੈ ਸਕਦੀ ਹੈ। ਇਸ ਉੱਤੇ ਅਮਲ ਬਹੁਤ ਘੱਟ ਹੁੰਦਾ ਹੈ। ਫਿਰ ਵੀ ਕਾਨੂੰਨ ਦੇ ਮੁਤਾਬਕ ਜਿਹੜੇ ਆਗੂਆਂ ਨੇ ਦਲ-ਬਦਲੀ ਕਰਨੀ ਹੈ, ਉਨ੍ਹਾਂ ਉੱਤੇ ਮੈਂਬਰੀ ਖੁੱਸਣ ਦਾ ਕੁਹਾੜਾ ਇਸ ਲਈ ਲਟਕਦਾ ਹੈ ਕਿ ਇਹ ਦੇਸ਼ ਦੇ ਕਾਨੂੰਨ ਮੁਤਾਬਕ ਜੁਰਮ ਦਾ ਕੰਮ ਗਿਣਿਆ ਜਾਂਦਾ ਹੈ। ਮੈਂਬਰੀ ਖੋਹਣ ਦੇ ਫੈਸਲੇ ਵਿੱਚ ਵੀ ਲਿਖਿਆ ਜਾਂਦਾ ਹੈ ਕਿ ਇਸ ਮੈਂਬਰ ਨੇ ਏਦਾਂ ਦਾ ਜੁਰਮ ਕੀਤਾ ਹੈ। ਇਹ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਹੋਰਨਾਂ ਤੋਂ ਵੱਧ ਸਮਝਣੀ ਚਾਹੀਦੀ ਹੈ। ਇਸ ਦੇ ਬਾਵਜੂਦ ਦੇਸ਼ ਦਾ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਜਾ ਕੇ ਕਹਿ ਦੇਂਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਚਾਲੀ ਵਿਧਾਇਕ ਮੇਰੇ ਸੰਪਰਕ ਵਿੱਚ ਹਨ ਅਤੇ ਲੋਕ ਸਭਾ ਚੋਣਾਂ ਲੰਘਦੇ ਸਾਰ ਦਲ-ਬਦਲੀ ਕਰ ਕੇ ਸਾਡੇ ਨਾਲ ਆ ਜਾਣਗੇ। ਸਾਫ ਹੈ ਕਿ ਪ੍ਰਧਾਨ ਮੰਤਰੀ ਕਾਨੂੰਨ ਤੋੜਨ ਦਾ ਜੁਰਮ ਕਰਨ ਲਈ ਹੋਰਨਾਂ ਨੂੰ ਉਕਸਾਉਣ ਦਾ ਇਕਬਾਲ ਕਰੀ ਜਾਂਦਾ ਹੈ। ਜਿਸ ਦੇਸ਼ ਵਿੱਚ ਗੈਰ-ਕਾਨੂੰਨੀ ਕੰਮ ਲਈ ਹੋਰ ਲੋਕਾਂ ਨੂੰ ਉਕਸਾਉਣ ਵਿੱਚ ਪ੍ਰਧਾਨ ਮੰਤਰੀ ਨੂੰ ਹਰਜ ਨਹੀਂ ਜਾਪਦਾ, ਉਹ ਸਾਡਾ ਭਾਰਤ ਹੀ ਹੈ।
ਅਗਲੀ ਗੱਲ ਇਹ ਕਿ ਦੇਸ਼ ਦੇ ਲੋਕਾਂ ਨੂੰ ਇਸ ਵਕਤ ਦੇ ਚੋਣ ਕਮਿਸ਼ਨ ਦਾ ਪੱਖ-ਪਾਤੀ ਹੋਣਾ ਬੜਾ ਚੁਭਦਾ ਹੈ ਤੇ ਇਸ ਬਾਰੇ ਸੁਪਰੀਮ ਕੋਰਟ ਤੱਕ ਸ਼ਿਕਾਇਤਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਪੱਖ-ਪਾਤੀ ਹੈ ਅਤੇ ਓਥੇ ਬੈਠੇ ਹੋਏ ਅਜੋਕੇ ਚੋਣ ਕਮਿਸ਼ਨਰ ਹੀ ਵਿਹਾਰ ਤੋਂ ਪੱਖ-ਪਾਤੀ ਨਹੀਂ ਕਹੇ ਜਾਣਗੇ, ਕਈ ਪਿਛਲੇ ਵੀ ਪੱਖ-ਪਾਤੀ ਸਨ। ਜੇ ਉਹ ਪੱਖ-ਪਾਤੀ ਨਾ ਹੁੰਦੇ ਤਾਂ ਪਿਛਲੀ ਵਾਰ ਦੀ ਪਾਰਲੀਮੈਂਟ ਚੋਣ ਨੂੰ ਪੰਜ ਸਾਲ ਲੰਘਣ ਤੱਕ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਕਿਉਂ ਨਾ ਲੱਗਾ ਕਿ ਪ੍ਰਧਾਨ ਮੰਤਰੀ ਸਮੇਤ ਬਹੁਤ ਸਾਰੇ ਆਗੂਆਂ ਨੇ ਚੋਣਾਂ ਦੇ ਬਾਅਦ ਖਰਚੇ ਦਾ ਲੇਖ ਦੇਣ ਵਾਸਤੇ ਜਦੋਂ ਐਫੀਡੇਵਿਟ ਪੇਸ਼ ਕੀਤੇ ਤਾਂ ਨਿਰਾ ਝੂਠ ਗੁੰਨ੍ਹਿਆ ਗਿਆ ਸੀ। ਇਹ ਗੱਲ ਅਸੀਂ ਭਾਜਪਾ ਦੇ ਬਜਾਏ ਦੀ ਥਾਂ ਬਿਹਾਰ ਦੇ ਰਾਸ਼ਟਰੀ ਜਨਤਾ ਦਲ ਤੋਂ ਸ਼ੁਰੂ ਕਰ ਸਕਦੇ ਹਾਂ। ਲਾਲੂ ਪ੍ਰਸਾਦ ਸਮੇਤ ਪੰਜ ਆਗੂਆਂ ਨੇ ਖਰਚੇ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਅਠਾਈ ਲੱਖ ਰੁਪਏ ਮਦਦ ਦਿੱਤੀ ਸੀ, ਪਰ ਲਾਲੂ ਪ੍ਰਸਾਦ ਦੀ ਆਪਣੀ ਪ੍ਰਧਾਨਗੀ ਵਾਲੀ ਪਾਰਟੀ ਨੇ ਇਸ ਦੀ ਥਾਂ ਇਹ ਐਫੀਡੇਵਿਟ ਪੇਸ਼ ਕੀਤਾ ਹੈ ਕਿ ਅਸੀਂ ਕਿਸੇ ਵੀ ਉਮੀਦਵਾਰ ਨੂੰ ਚੋਣ ਲੜਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਅਤੇ ਇਸ ਕੰਮ ਲਈ ਉਨ੍ਹਾਂ ਦਾ ਕੀਤਾ ਖਰਚ ਪਾਰਟੀ ਖਾਤੇ ਵਿੱਚ ਨਾ ਗਿਣਿਆ ਜਾਵੇ। ਉਮੀਦਵਾਰ ਵਜੋਂ ਲਾਲੂ ਪ੍ਰਸਾਦ ਹੋਰ ਬਿਆਨ ਦੇਂਦਾ ਹੈ ਤੇ ਪਾਰਟੀ ਪ੍ਰਧਾਨ ਵਜੋਂ ਇਸ ਤੋਂ ਉਲਟ ਬਿਆਨ ਦੇਂਦਾ ਹੈ ਤੇ ਚੋਣ ਕਮਿਸ਼ਨ ਚੈੱਕ ਹੀ ਨਹੀਂ ਕਰਦਾ। ਇਹੋ ਹਾਲ ਹੋਰਨਾਂ ਪਾਰਟੀਆਂ ਦਾ ਹੈ ਤੇ ਸਭ ਤੋਂ ਨਿਰਾਲਾ ਕਿੱਸਾ ਖੁਦ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦਾ ਹੈ।
ਮੋਹਾਲੀ ਦੇ ਰਾਮ ਕੁਮਾਰ ਨੇ ਇਸ ਸੰਬੰਧ ਵਿੱਚ ਇੱਕ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਬਾਈ ਜੁਲਾਈ ਨੂੰ ਹੋਣੀ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਤੋਂ ਮਿਲੇ ਅੰਕੜੇ ਪੇਸ਼ ਕਰ ਕੇ ਰਾਮ ਕੁਮਾਰ ਨੇ ਪਾਰਲੀਮੈਂਟ ਚੋਣਾਂ ਪਿੱਛੋਂ ਆਗੂਆਂ ਵੱਲੋਂ ਦਿੱਤੇ ਵੇਰਵੇ ਨੂੰ ਜਾਂਚਣ ਦੀ ਮੰਗ ਕੀਤੀ ਹੈ। ਅਰਜ਼ੀ ਵਿੱਚ ਇਹ ਕਿਹਾ ਗਿਆ ਹੈ ਕਿ ਸਾਧਵੀ ਉਮਾ ਭਾਰਤੀ, ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਸ ਦੇ ਪੁੱਤਰ ਵਰੁਣ ਗਾਂਧੀ ਤੇ ਫਿਲਮ ਸਟਾਰ ਹੇਮਾ ਮਾਲਿਨੀ ਤੱਕ ਨੇ ਪਿਛਲੀ ਵਾਰ ਚੋਣ ਖਰਚ ਲਈ ਭਾਜਪਾ ਤੋਂ ਲੱਖਾਂ ਰੁਪਏ ਮਿਲਣ ਦੀ ਗੱਲ ਆਪਣੇ ਐਫੀਡੇਵਿਟ ਵਿੱਚ ਲਿਖੀ ਹੈ। ਦੂਸਰੇ ਪਾਸੇ ਭਾਜਪਾ ਨੇ ਲਿਖਿਆ ਹੈ ਕਿ ਇਨ੍ਹਾਂ ਨੂੰ ਚੋਣਾਂ ਲੜਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ ਗਿਆ। ਝੂਠ ਪਾਰਟੀ ਬੋਲਦੀ ਹੈ ਜਾਂ ਪਾਰਟੀ ਦਾ ਉਮੀਦਵਾਰ, ਪਰ ਚੋਣ ਕਮਿਸ਼ਨ ਨੂੰ ਇਸ ਦੀ ਕੋਈ ਚਿੰਤਾ ਕਦੇ ਨਹੀਂ ਹੋਈ। ਹੁੰਦੀ ਇਸ ਲਈ ਨਹੀਂ ਕਿ ਜੇ ਚਿੰਤਾ ਕੀਤੀ ਜਾਣ ਲੱਗੀ ਤਾਂ ਮਾਮਲਾ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਚਲਾ ਜਾਂਦਾ ਹੈ। ਨਰਿੰਦਰ ਮੋਦੀ ਨੇ ਆਪਣੇ ਐਫੀਡੇਵਿਟ ਵਿੱਚ ਲਿਖਿਆ ਹੈ ਕਿ ਪਿਛਲੀ ਵਾਰੀ ਲੋਕ ਸਭਾ ਚੋਣ ਲੜਨ ਵਾਸਤੇ ਉਸ ਨੂੰ ਭਾਜਪਾ ਦੇ ਫੰਡ ਵਿੱਚੋਂ ਬੱਤੀ ਲੱਖ ਤਰਵੰਜਾ ਹਜ਼ਾਰ ਰੁਪਏ ਮਦਦ ਵਜੋਂ ਦਿੱਤੇ ਗਏ ਸਨ, ਪਰ ਪਾਰਟੀ ਨੇ ਇਹ ਗੱਲ ਨਹੀਂ ਕਹੀ ਕਿ ਉਨ੍ਹਾਂ ਨੇ ਨਹੀਂ ਦਿੱਤੇ, ਸਗੋਂ ਇਹ ਦੱਸਿਆ ਹੈ ਕਿ ਨਰਿੰਦਰ ਮੋਦੀ ਨਾਂਅ ਦੇ ਉਮੀਦਵਾਰ ਨੂੰ ਚੋਣ ਲੜਨ ਵਾਸਤੇ ਚਾਲੀ ਲੱਖ ਰੁਪਏ ਦਿੱਤੇ ਸਨ। ਸਾਡਾ ਚੋਣ ਕਮਿਸ਼ਨ ਪੰਜ ਸਾਲ ਲੰਘਣ ਪਿੱਛੋਂ ਵੀ ਓਦੋਂ ਵਾਲੇ ਉਮੀਦਵਾਰਾਂ, ਜਿਨ੍ਹਾਂ ਵਿੱਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਸ਼ਾਮਲ ਸੀ, ਦੇ ਐਫੀਡੇਵਿਟ ਵੇਖਣ ਦਾ ਵਕਤ ਨਹੀਂ ਕੱਢ ਸਕਿਆ। ਉਸ ਚੋਣ ਦੌਰਾਨ ਵੀ ਐੱਸ ਸੰਪਤ ਮੁੱਖ ਚੋਣ ਕਮਿਸ਼ਨਰ ਹੁੰਦਾ ਸੀ, ਫਿਰ ਹਰੀ ਸ਼ੰਕਰ ਬ੍ਰਹਮਾ, ਨਸੀਮ ਜ਼ੈਦੀ, ਅਚਲ ਕੁਮਾਰ ਜੋਤੀ, ਓਮ ਪ੍ਰਕਾਸ਼ ਰਾਵਤ ਵੀ ਬਣੇ ਸਨ ਤੇ ਅੱਜ ਕੱਲ੍ਹ ਛੇਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਹੱਥ ਵਿੱਚ ਕਮਾਨ ਹੈ, ਪਰ ਐਫੀਡੇਵਿਟ ਵੇਖਣ ਦਾ ਵਕਤ ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਵੀ ਨਹੀਂ ਲੱਗਾ ਜਾਪਦਾ।
ਸਾਨੂੰ ਇਹ ਸਮਝ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਣਾ ਚਾਹੀਦਾ ਹੈ ਕਿ ਸਿਰ ਖੁਰਕਣ ਜੋਗਾ ਵਿਹਲ ਤਾਂ ਸਰਪੰਚੀ ਕਿਸੇ ਬੰਦੇ ਨੂੰ ਨਹੀਂ ਦੇਂਦੀ, ਏਡੇ ਵੱਡੇ ਅਹੁਦੇ ਉੱਤੇ ਜਾ ਕੇ 'ਛੋਟੇ-ਛੋਟੇ' ਕੰਮਾਂ ਲਈ ਸਮਾਂ ਕਿੱਥੇ ਬਚਦਾ ਹੈ!
ਕਿੱਥੇ ਟਿਕੀਆਂ ਹਨ ਸਿਹਤਮੰਦ ਸਮਾਜ ਦੇ ਚਾਹਵਾਨਾਂ ਦੀ ਅੱਖਾਂ - ਜਤਿੰਦਰ ਪਨੂੰ
ਪੰਜਾਬ ਭਾਰਤ ਦਾ ਹਿੱਸਾ ਹੈ। ਇਸ ਲਈ ਜੋ ਕੁਝ ਭਾਰਤ ਵਿੱਚ ਹੁੰਦਾ ਹੈ, ਉਹ ਪੰਜਾਬ ਵਿੱਚ ਵੀ ਹੋਣਾ ਹੈ, ਪੰਜਾਬ ਵਿੱਚ ਜੋ ਕੁਝ ਵਾਪਰਦਾ ਹੈ, ਉਸ ਦਾ ਭਾਰਤ ਉੱਤੇ ਓਨਾ ਅਸਰ ਕਦੇ ਨਹੀਂ ਪੈ ਸਕਦਾ। ਜਦੋਂ ਬਾਰਾਂ ਸਾਲਾਂ ਤੱਕ ਪੰਜਾਬ ਦੇ ਲੋਕ ਸਹਿਮੇ ਹੋਏ ਸਨ ਅਤੇ ਉਨ੍ਹਾਂ ਨੂੰ ਦੂਸਰੇ ਦਿਨ ਦਾ ਸੂਰਜ ਵੇਖਣ ਦਾ ਯਕੀਨ ਤੱਕ ਨਹੀਂ ਸੀ ਹੁੰਦਾ, ਬਾਕੀ ਭਾਰਤ ਵਿੱਚ ਜ਼ਿੰਦਗੀ ਓਦੋਂ ਆਮ ਤੌਰ ਉੱਤੇ ਬਿਨਾਂ ਕਿਸੇ ਵੱਡੇ ਡੋਕੋ-ਡੋਲੇ ਤੋਂ ਸਹਿਜ ਨਾਲ ਤੁਰਦੀ ਸੀ। ਕਦੇ-ਕਦਾਈ ਕੋਈ ਵਾਰਦਾਤ ਹੋ ਜਾਂਦੀ ਤਾਂ ਉਸ ਦਾ ਸਹਿਮ ਚਾਰ ਦਿਨ ਉਸ ਖਾਸ ਖੇਤਰ ਵਿੱਚ ਰਹਿੰਦਾ ਸੀ, ਬਾਕੀ ਦੇਸ਼ ਨੂੰ ਉਸ ਤੋਂ ਵੀ ਬਹੁਤਾ ਪ੍ਰਭਾਵ ਪਿਆ ਨਹੀਂ ਸੀ ਵੇਖਿਆ ਜਾਂਦਾ। ਇਸ ਦੇ ਉਲਟ ਜਦੋਂ ਭਾਰਤ ਵਿੱਚ ਕੁਝ ਵੀ ਵਾਪਰਦਾ ਹੈ ਤਾਂ ਪੰਜਾਬ ਉੱਤੇ ਅਸਰ ਘੱਟ ਜਾਂ ਵੱਧ ਹਮੇਸ਼ਾ ਪੈਂਦਾ ਹੈ, ਪਰ ਵਾਜਪਾਈ-ਅਡਵਾਨੀ ਵਾਲੀ ਲੀਡਰਸ਼ਿਪ ਵੇਲੇ ਭਾਜਪਾ ਨੇ ਪੰਜਾਬ ਵਿੱਚ ਇੱਕ ਇਹੋ ਜਿਹੀ ਧਿਰ ਆਪਣੇ ਨਾਲ ਪੱਕੀ ਗੰਢ ਲਈ ਸੀ, ਜਿਹੜੀ ਯਾਰਾਂ ਦੀ ਯਾਰੀ ਵੱਲ ਵੇਖਦੀ ਹੈ, ਐਬਾਂ ਵੱਲ ਵੇਖਣ ਦੀ ਲੋੜ ਉਹ ਕਦੇ ਨਹੀਂ ਸਮਝਦੀ। ਇਹ ਧਿਰ ਬਾਦਲ ਪਰਵਾਰ ਦੀ ਜੇਬ ਵਿੱਚ ਪੈ ਚੁੱਕਾ ਅਕਾਲੀ ਦਲ ਹੈ। ਅਕਾਲੀ ਦਲ ਦੇ ਆਗੂ ਬੜੇ ਮਾਣ ਨਾਲ ਆਖਦੇ ਹਨ ਕਿ ਉਹ ਭਾਜਪਾ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਪੱਕੀ ਭਾਈਵਾਲ ਧਿਰ ਹਨ ਤੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀ ਭਾਜਪਾ ਦਾ ਸਾਥ ਨਹੀਂ ਛੱਡਿਆ। ਏਨੀ ਪਤੀ-ਵਰਤਾ ਵਫਾ ਦਾ ਪ੍ਰਗਟਾਵਾ ਕਰਨ ਵਾਲੇ ਇਸ ਦਲ ਲਈ ਪੰਜਾਬ ਓਨਾ ਮਹੱਤਵ ਪੂਰਨ ਨਹੀਂ, ਜਿੰਨਾ ਭਾਜਪਾ ਨਾਲ ਰਹਿ ਕੇ ਕੇਂਦਰੀ ਰਾਜ ਵਿੱਚੋਂ ਹਿੱਸਾ-ਪੱਤੀ ਲੈਣਾ ਹੈ।
ਇਸ ਵਕਤ ਭਾਰਤ ਇੱਕ ਬੜੇ ਨਾਜ਼ਕ ਮੋੜ ਉੱਤੇ ਹੈ। ਇਨ੍ਹਾਂ ਚੋਣਾਂ ਵਿੱਚ ਜਿੱਦਾਂ ਦੇ ਸੰਕੇਤ ਮਿਲਦੇ ਹਨ, ਉਨ੍ਹਾਂ ਦਾ ਸਿੱਧਾ ਜ਼ਿਕਰ ਕਰਨ ਤੋਂ ਵੱਡੇ-ਵੱਡੇ ਲੇਖਕ ਵੀ ਝਿਜਕਦੇ ਹਨ ਤੇ ਵਲਾਵੇਂ ਪਾ ਕੇ ਆਪਣੀ ਗੱਲ ਕਹਿੰਦੇ ਹਨ ਕਿ ਮਈ ਲੰਘ ਜਾਣ ਪਿੱਛੋਂ ਕੀ ਕੁਝ ਵਾਪਰਨ ਦਾ ਡਰ ਹੈ, ਇਹ ਅਜੋਕੇ ਭਾਰਤ ਦੀ ਹਕੀਕੀ ਹਾਲਤ ਹੈ। ਜਦੋਂ ਵੀ ਪੀ ਸਿੰਘ ਦੀ ਚੜ੍ਹਤ ਦੇ ਸਮੇਂ ਕੁਝ ਸਾਧੂ ਤੇ ਸਾਧਵੀਆਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੇ ਦਬਾਅ ਹੇਠ ਵਾਜਪਾਈ ਸਮੇਤ ਭਾਜਪਾ ਦੀ ਸਾਰੇ ਦੇਸ਼ ਦੀ ਲੀਡਰਸ਼ਿਪ ਨੇ ਅੱਗੇ ਲਿਆਂਦਾ ਸੀ, ਓਦੋਂ ਹੀ ਅਗਲਾ ਦੌਰ ਸਮਝ ਆਉਣ ਲੱਗ ਪਿਆ ਸੀ, ਪਰ ਅਮਰੀਕੀ ਰਾਜਦੂਤ ਨਾਲ ਗੱਲਬਾਤ ਦੌਰਾਨ ਗੋਵਿੰਦਾਚਾਰੀਆ ਦੇ ਸ਼ਬਦਾਂ ਨੇ ਕੁਝ ਸਮਾਂ ਅਟਕਾ ਦਿੱਤਾ ਸੀ। ਗੋਵਿੰਦਾਚਾਰੀਆ ਨੇ ਓਦੋਂ ਵਾਜਪਾਈ ਨੂੰ ਆਪਣੀ ਪਾਰਟੀ ਦਾ 'ਮੁੱਖ ਨਹੀਂ, ਸਿਰਫ ਮੁਖੌਟਾ' ਕਹਿ ਦਿੱਤਾ ਸੀ ਤੇ ਇਸ ਨਾਲ ਵਾਜਪਾਈ ਧੜਾ ਏਨਾ ਭੜਕ ਗਿਆ ਕਿ ਗੋਵਿੰਦਾਚਾਰੀਆ ਨੂੰ ਪਾਰਟੀ ਵਿੱਚੋਂ ਕੱਢਣ ਦੇ ਨਾਲ ਉਹੋ ਜਿਹੀ ਸੋਚ ਵੀ ਕਈ ਸਾਲਾਂ ਲਈ ਦੱਬੀ ਗਈ ਸੀ।
ਓਦੋਂ ਵਾਲੀ ਸੋਚ ਅੱਜ ਨਿਸਾਰੇ ਉੱਤੇ ਹੈ। ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣਨ ਦੇ ਲਈ ਯੋਗੀ ਆਦਿਤਿਆਨਾਥ ਦਾ ਗੁਣਾ ਐਵੇਂ ਨਹੀਂ ਪਿਆ ਸੀ। ਯੋਗੀ ਉਮਾ ਭਾਰਤੀ ਨਾਲੋਂ ਵੱਧ ਉਹ ਕੰਮ ਕਰ ਸਕਦਾ ਹੈ, ਜਿਨ੍ਹਾਂ ਲਈ ਕਿਸੇ ਵੇਲੇ ਉਮਾ ਭਾਰਤੀ ਨੂੰ ਅੱਗੇ ਲਿਆਂਦਾ ਸੀ। ਅੱਜ ਸਾਧਵੀ ਪ੍ਰਗਿਆ ਸਿੰਘ ਅੱਗੇ ਲਾਈ ਗਈ ਹੈ, ਜਿਹੜੀ ਉਸ ਵੇਲੇ ਉਮਾ ਭਾਰਤੀ ਦੇ ਨਾਲ ਉਭਾਰੀ ਗਈ ਸਾਧਵੀ ਰਿਤੰਬਰਾ ਨਾਲੋਂ ਵੱਧ ਉਸ ਸੋਚ ਨੂੰ ਅੱਗੇ ਵਧਾਉਣ ਲਈ ਕਾਹਲੀ ਹੈ। ਹਰ ਥਾਂ ਇਹ ਜਿਹੇ ਲੋਕ ਨਹੀਂ ਮਿਲਦੇ। ਇਸ ਲਈ ਆਸਾਮ ਦੇ ਮੁੱਖ ਮੰਤਰੀ ਵਾਂਗ ਕਾਂਗਰਸ ਦੀ ਦਿੱਤੀ ਬੁਰਕੀ ਚੱਬ ਚੁੱਕੇ ਅਤੇ ਸੱਤਾ ਸੁਖ ਮਾਨਣ ਲਈ ਭਾਜਪਾ ਵਿੱਚ ਆਏ ਕਈ ਆਗੂ ਇਸ ਸੋਚ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਇਸ ਸੋਚ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਬਣੇ ਦਿਖਾਈ ਦੇਂਦੇ ਹਨ। ਕਿਸੇ ਸਮੇਂ ਆਰ ਐੱਸ ਐੱਸ ਨਾਲ ਰਾਜਸੀ ਪਾਰਟੀਆਂ ਦੇ ਸੰਬੰਧਾਂ ਦਾ ਤਿੱਖਾ ਵਿਰੋਧ ਕਰਨ ਵਾਲਾ ਬਹੁਗੁਣਾ ਪਰਵਾਰ ਵੀ ਭਾਜਪਾ ਵਿੱਚ ਹੈ ਤੇ ਅਯੁੱਧਿਆ ਦੀ ਬਾਬਰੀ ਮਸਜਿਦ ਢਾਹੇ ਜਾਣ ਵਿਰੁੱਧ ਪਾਰਲੀਮੈਂਟ ਵਿੱਚ ਰੌਲੀ ਪਾਉਣ ਵਾਲਾਾ ਸਰਦਾਰ ਆਹਲੂਵਾਲੀਆ ਉਨ੍ਹਾਂ ਦਾ ਕਾਰਿੰਦਾ ਬਣ ਚੁੱਕਾ ਹੈ। ਪੰਜਾਬ ਦਾ ਅਕਾਲੀ ਦਲ ਵੀ ਸੱਤਾ ਸੁਖ ਲਈ ਹਰ ਹੱਦ ਟੱਪਣ ਵਾਲੀ ਧਿਰ ਹੈ। ਉਨ੍ਹਾਂ ਦਾ ਸਿੱਖੀ ਲਈ ਪ੍ਰੇਮ ਗੁਰੂ ਕੀ ਗੋਲਕ ਉੱਤੇ ਕਬਜ਼ਾ ਕਰੀ ਰੱਖਣ ਤੱਕ ਸੀਮਤ ਹੈ, ਤਖਤਾਂ ਦੇ ਜਥੇਦਾਰਾਂ ਨੂੰ ਉਹ ਆਪਣੇ ਘਰ ਦੇ ਨਿੱਜੀ ਨੌਕਰਾਂ ਤੋਂ ਵੱਧ ਫੁਰਤੀ ਨਾਲ ਬਦਲ ਦੇਣ ਦਾ ਫਾਰਮੂਲਾ ਵਰਤਦੇ ਹਨ ਅਤੇ ਏਸੇ ਲਈ ਧਾਰਮਿਕ ਹਸਤੀਆਂ ਉਨ੍ਹਾਂ ਅੱਗੇ ਝੁਕ-ਝੁਕ ਜਾਂਦੀਆਂ ਹਨ।
ਇਨ੍ਹਾਂ ਸਥਿਤੀਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਰਾ ਸੋਚ ਕੇ ਵੋਟ ਦੀ ਪਾਉਣ ਦੀ ਲੋੜ ਹੈ। ਉਹ ਇਸ ਤਰ੍ਹਾਂ ਸੋਚ ਕੇ ਵੋਟ ਪਾਉਣਗੇ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਇੱਕ ਗੱਲ ਸਾਫ ਹੈ ਕਿ ਇਸ ਵਾਰ ਪੰਜਾਬ ਦਾ ਰਾਜ ਚਲਾਉਣ ਵਾਲੀ ਪਾਰਟੀ ਆਪਣੀ ਜਿੱਤ ਦੇ ਵਹਿਮ ਵਿੱਚ ਬਹੁਤ ਹੈ। ਉਨ੍ਹਾਂ ਦਾ 'ਮਿਸ਼ਨ ਤੇਰਾਂ' ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਨ੍ਹਾਂ ਨੇ ਚੋਣ ਨਹੀਂ ਲੜਨੀ, ਤੇਰਾਂ ਸੀਟਾਂ ਵਾਸਤੇ ਆਪਣੇ ਆਗੂ ਨਾਮਜ਼ਦ ਕਰ ਕੇ ਪਾਰਲੀਮੈਂਟ ਵਿੱਚ ਭੇਜਣ ਦਾ ਅਧਿਕਾਰ ਪ੍ਰਾਪਤ ਕੀਤਾ ਹੋਇਆ ਹੋਵੇ। ਹਾਲਾਤ ਉਨ੍ਹਾਂ ਲਈ ਅਣਸੁਖਾਵੇਂ ਬਣਦੇ ਜਾਂਦੇ ਹਨ। ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਖੁਦ ਚੋਣ ਲੜਨ ਦੇ ਨਾਲ ਆਪਣੀ ਪਤਨੀ ਨੂੰ ਵੀ ਚੋਣ ਜੰਗ ਵਿੱਚ ਲਿਆ ਕੇ ਮਾਹੌਲ ਦਾ ਨਕਸ਼ਾ ਪਲਟਣ ਦਾ ਯਤਨ ਕੀਤਾ ਹੈ, ਮਾਹਰ ਆਖਦੇ ਹਨ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਵੀ ਭਾਜਪਾ ਦੇ ਆਗੂਆਂ ਨਾਲ ਬਾਕਾਇਦਾ ਸਲਾਹ ਕਰ ਲਈ ਹੋਵੇਗੀ। ਮਾਹਰ ਕਿੰਨਾ ਕੁ ਠੀਕ ਹਨ ਤੇ ਕਿੰਨਾ ਨਹੀਂ, ਇਸ ਬਾਰੇ ਅਸੀਂ ਕਹਿ ਨਹੀਂ ਸਕਦੇ, ਪਰ ਇੱਕ ਗੱਲ ਪੱਕੀ ਹੈ ਕਿ ਅਕਾਲੀ ਦਲ ਦੇ ਜਿੰਨੇ ਵੀ ਉਮੀਦਵਾਰ ਜਿੱਤਣਗੇ, ਉਹ ਸਿਰਫ ਕਹਿਣ ਨੂੰ ਅਕਾਲੀ ਹੋਣਗੇ, ਉਂਝ ਦਿੱਲੀ ਦੇ ਮਨਜਿੰਦਰ ਸਿੰਘ ਸਿਰਸੇ ਵਾਂਗ ਓਥੇ ਪਹੁੰਚ ਕੇ 'ਮੇਕ ਇਨ ਇੰਡੀਆ' ਦੀ ਮੋਹਰ ਵਾਲੇ ਗਿਣੇ ਜਾਣਗੇ ਅਤੇ ਏਨੇ ਪੱਕੇ ਚੇਲੇ ਬਣਨ ਦਾ ਯਤਨ ਕਰਨਗੇ ਕਿ ਸ਼ਿਵ ਸੈਨਾ ਵਾਲਿਆਂ ਵਾਂਗ ਬੁੜਬੁੜ ਵੀ ਨਹੀਂ ਕਰਨਗੇ। ਇਸ ਦੇ ਸਿੱਟੇ ਵਜੋਂ ਭਾਰਤ ਦਾ ਭਵਿੱਖ ਇਸ ਉੱਤੇ ਨਿਰਭਰ ਕਰੇਗਾ ਕਿ ਅਣਖ ਨਾਲ ਆਪਣਾ ਸਿਰ ਚੁੱਕ ਕੇ ਗੱਲ ਕਰਨ ਵਾਲੇ ਕਿੰਨੇ ਕੁ ਜਿੱਤਦੇ ਹਨ ਤੇ ਇਸ ਲੋੜ ਦੀ ਪੂਰਤੀ ਲਈ ਜਿਹੜੀਆਂ ਧਿਰਾਂ ਚੋਣ ਮੈਦਾਨ ਵਿੱਚ ਹਨ, ਸਿਹਤਮੰਦ ਸਮਾਜ ਦੇ ਚਾਹਵਾਨਾਂ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਹੀ ਟਿਕੀਆਂ ਹੋਈਆਂ ਹਨ, ਸਿਰਫ ਉਨ੍ਹਾਂ ਉੱਤੇ ਹੀ, ਬਾਕੀ ਸਭ ਤਾਂ ਚੱਲਦਿਆਂ ਨਾਲ ਚੱਲਣ ਵਾਲੇ ਬਣੀ ਜਾ ਰਹੇ ਹਨ।
ਲੋਕਤੰਤਰੀ ਪ੍ਰਕਿਰਿਆ ਦੇ ਪਹਿਲੇ ਦੋ ਗੇੜ ਲੰਘਣ ਤੱਕ ਹਾਲਾਤ ਦਾ ਵਹਿਣ ਸੁਲੱਖਣਾ ਨਹੀਂ ਜਾਪਿਆ - ਜਤਿੰਦਰ ਪਨੂੰ
ਬਿਨਾਂ ਸ਼ੱਕ ਬਹੁਤ ਸਾਰੇ ਵਿਸ਼ਲੇਸ਼ਣਕਾਰ ਇਹ ਗੱਲ ਲਿਖਣ ਤੱਕ ਚਲੇ ਜਾਂਦੇ ਹਨ ਕਿ ਇਸ ਵਾਰ ਕੇਂਦਰ ਦੀ ਸੱਤਾ ਮੁੜ ਕੇ ਸੰਭਾਲਣ ਦਾ ਨਰਿੰਦਰ ਮੋਦੀ ਦਾ ਸੁਫਨਾ ਪੂਰਾ ਨਹੀਂ ਹੋ ਸਕਣਾ, ਅਸੀਂ ਇਹ ਸਮਝਦੇ ਹਾਂ ਕਿ ਅਜੇ ਏਦਾਂ ਦੀ ਗੱਲ ਕਹਿਣ ਦਾ ਸਮਾਂ ਨਹੀਂ ਆਇਆ। ਫਿਰ ਵੀ ਇਹ ਜ਼ਰੂਰ ਹੈ ਕਿ ਏਦਾਂ ਦੇ ਅੰਦਾਜ਼ੇ ਲੱਗਣ ਦੇ ਹਾਲਾਤ ਬਣਨ ਦੀ ਸ਼ੁਰੂਆਤ ਹੋ ਗਈ ਹੈ, ਜਿੱਥੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਲਗਾਤਾਰ ਦੂਸਰੀ ਜਿੱਤ ਪੱਕੀ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਸੋਚਣ ਲੱਗ ਜਾਂਦੇ ਹਨ। ਇੱਕ ਵੱਡੀ ਗੱਲ ਨੋਟ ਕਰਨ ਦੀ ਇਹ ਹੈ ਕਿ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਮਨ ਦੀ ਗੱਲ ਕਹਿਣ ਵੇਲੇ ਅੱਗਾ-ਪਿੱਛਾ ਵੇਖ ਕੇ ਬੋਲਦੇ ਹਨ ਅਤੇ ਭਾਰਤ ਵਿੱਚ ਏਦਾਂ ਦਾ ਮਾਹੌਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ, ਜਿਸ ਬਾਰੇ ਮੁਹਾਵਰਾ ਪ੍ਰਚੱਲਤ ਹੈ ਕਿ 'ਕੰਧਾਂ ਵੀ ਸੁਣਦੀਆਂ ਹਨ, ਇਸ ਲਈ ਜ਼ਰਾ ਸੋਚ ਕੇ ਬੋਲਣਾ ਚਾਹੀਦਾ ਹੈ।' ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਪੱਖ ਦੀਆਂ ਕੱਟੜਪੰਥੀ ਤਾਕਤਾਂ ਏਡੀ ਖੁੱਲ੍ਹੀ ਅਤੇ ਏਨੀ ਅਣਸੁਖਾਵੀਂ ਭਾਸ਼ਾ ਵਿੱਚ ਆਪਣੀ ਗੱਲ ਕਹਿਣ ਲੱਗ ਪਈਆਂ ਹਨ ਕਿ ਉਨ੍ਹਾਂ ਦੀ ਕਾਟ ਕਰਨ ਵਾਲੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਮੂੰਹ-ਪਾਟੇ ਲੋਕ ਸਾਨੂੰ ਵੀ 'ਦੇਸ਼ ਧਰੋਹੀ' ਕਹਿ ਕੇ ਮਗਰ ਨਾ ਪੈ ਜਾਣ। ਪੰਜਾਬੀ ਦੇ ਅਖਾਣ ਕਿ 'ਲੱਜ ਰਖੰਦਾ ਅੰਦਰ ਵੜੇ ਤੇ ਮੂਰਖ ਆਖੇ ਮੈਥੋਂ ਡਰੇ' ਵਾਲੀ ਹਾਲਤ ਜਿਸ ਤਰ੍ਹਾਂ ਬਣਦੀ ਜਾਂਦੀ ਹੈ, ਉਸ ਦੀ ਇੱਕ ਝਲਕ ਇਸ ਹਫਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਾਧਵੀ ਪ੍ਰਗਿਆ ਦੀ ਪ੍ਰੈੱਸ ਕਾਨਫਰੰਸ ਤੋਂ ਮਿਲ ਗਈ ਹੈ।
ਕੇਸ ਅਦਾਲਤ ਵਿੱਚ ਹੋਣ ਕਾਰਨ ਅਸੀਂ ਇਹ ਗੱਲ ਨਹੀਂ ਕਹਿ ਰਹੇ ਕਿ ਸਾਧਵੀ ਪ੍ਰਗਿਆ ਸਿੰਘ ਠਾਕਰ ਉਸ ਕੇਸ ਵਿੱਚ ਦੋਸ਼ੀ ਸੀ ਜਾਂ ਨਹੀਂ, ਪਰ ਜਿਹੜੇ ਕੇਸ ਵਿੱਚ ਉਹ ਦਸ ਸਾਲ ਜੇਲ੍ਹ ਵਿੱਚ ਰਹਿ ਕੇ ਆਈ ਹੈ, ਉਹ ਅਜੇ ਸਿਰੇ ਨਹੀਂ ਲੱਗ ਸਕਿਆ। ਉਹ ਜ਼ਮਾਨਤ ਉੱਤੇ ਬਾਹਰ ਆਈ ਤਾਂ ਉਸ ਨੂੰ ਭਾਜਪਾ ਨੇ ਭੋਪਾਲ ਤੋਂ ਪਾਰਲੀਮੈਂਟ ਚੋਣ ਲਈ ਉਮੀਦਵਾਰ ਬਣਾ ਦਿੱਤਾ ਹੈ। ਬੀਬੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਹੀ ਆਪਣੇ ਅਸਲੀ ਰੰਗ ਦਿਖਾ ਦਿੱਤੇ ਹਨ। ਪਹਿਲ ਉਸ ਨੇ ਆਪਣੇ ਕੇਸ ਦੇ ਹਵਾਲੇ ਨਾਲ ਕੀਤੀ ਅਤੇ ਉਸ ਕੇਸ ਦੇ ਤਫਤੀਸ਼ੀ ਅਫਸਰ ਹੇਮੰਤ ਕਰਕਰੇ ਦੇ ਖਿਲਾਫ ਏਦਾਂ ਦੀ ਭੜਾਸ ਕੱਢੀ ਹੈ ਕਿ ਉਸ ਸਾਧਵੀ ਨੂੰ ਟਿਕਟ ਦੇਣ ਵਾਲੇ ਵੀ ਦੰਦਾਂ ਨਾਲ ਉਂਗਲਾਂ ਟੁੱਕਣ ਲੱਗੇ ਸਨ। ਹੇਮੰਤ ਕਰਕਰੇ ਇਸ ਦੇਸ਼ ਦੇ ਲੋਕਾਂ ਦੀ ਨਜ਼ਰ ਵਿੱਚ ਹੀਰੋ ਹੈ, ਦੇਸ਼ ਲਈ ਆਪਣੀ ਜਾਨ ਵਾਰਨ ਵਾਲਾ ਸ਼ਹੀਦ ਹੈ ਤੇ ਉਸ ਨੂੰ ਸਾਧਵੀ ਪ੍ਰਗਿਆ ਸਿੰਘ ਨੇ 'ਦੇਸ਼ ਧਰੋਹੀ' ਕਹਿ ਕੇ ਦਹਿਸ਼ਤਗਰਦਾਂ ਦੀ ਗੋਲੀ ਦੀ ਬਜਾਏ ਆਪਣੇ ਦਿੱਤੇ ਹੋਏ ਸਰਾਪ ਦੇ ਸੂਤਕ ਨਾਲ ਮਰਿਆ ਕਿਹਾ ਤੇ ਇਸ ਦੇ ਹਾਸੋਹੀਣੇ ਵੇਰਵੇ ਸੁਣਾਏ ਹਨ। ਬੀਬੀ ਕਹਿੰਦੀ ਹੈ ਕਿ ਉਸ ਨੇ ਮੈਨੂੰ ਜੇਲ੍ਹ ਭੇਜਿਆ ਤਾਂ ਮੈਂ ਓਦੋਂ ਕਿਹਾ ਸੀ ਕਿ 'ਤੇਰਾ ਸਰਬ ਨਾਸ ਹੋਵੇਗਾ' ਤੇ ਮੈਂ ਜਿਹੜਾ ਸਰਾਪ ਦਿੱਤਾ ਸੀ, ਉਸ ਦਾ ਸੂਤਕ ਸਵਾ ਮਹੀਨਾ ਚੱਲਦਾ ਹੈ, ਮੇਰੇ ਜੇਲ੍ਹ ਜਾਣ ਪਿੱਛੋਂ ਜਿਸ ਦਿਨ ਸਵਾ ਮਹੀਨਾ ਪੂਰਾ ਹੋਇਆ, ਉਸ ਦੀ ਮੌਤ ਹੋ ਗਈ। ਭਾਰਤ ਦੇਸ਼ ਇਹ ਸਮਝਦਾ ਸੀ ਕਿ ਮੁੰਬਈ ਵਿੱਚ ਹੋਏ ਬੜੇ ਵੱਡੇ ਹਮਲੇ ਵੇਲੇ ਅੱਤਵਾਦੀਆਂ ਨਾਲ ਲੜਦਾ ਹੇਮੰਤ ਕਰਕਰੇ ਦਹਿਸ਼ਤਗਰਦਾਂ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ, ਸਾਧਵੀ ਪ੍ਰਗਿਆ ਕਹਿ ਰਹੀ ਹੈ ਕਿ ਉਸ ਨੂੰ ਮੈਂ ਸਰਾਪ ਦੇ ਸੂਤਕ ਨਾਲ ਮਾਰਿਆ ਸੀ। ਭਾਰਤ ਦੇਸ਼ ਦਾ ਸਾਰਿਆਂ ਤੋਂ ਵੱਡਾ ਬਹਾਦਰੀ ਐਵਾਰਡ ਜੰਗ ਦੌਰਾਨ ਪਰਮਵੀਰ ਚੱਕਰ ਹੁੰਦਾ ਹੈ ਅਤੇ ਜਦੋਂ ਕੋਈ ਜੰਗ ਨਾ ਲੱਗੀ ਹੋਵੇ, ਆਪਣੇ ਦੇਸ਼ ਦੀ ਰਾਖੀ ਲਈ ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਨੂੰ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਦਿੱਤਾ ਗਿਆ ਸੀ। ਸਾਧਵੀ ਪ੍ਰਗਿਆ ਦੇ ਇਨ੍ਹਾਂ ਸ਼ਬਦਾਂ ਕਾਰਨ ਇਸ ਐਵਾਰਡ ਦੀ ਸ਼ਾਨ ਵੀ ਘਟ ਗਈ, ਹੇਮੰਤ ਕਰਕਰੇ ਦੀ ਸ਼ਹੀਦੀ ਨੂੰ ਦਾਗ ਵੀ ਲੱਗ ਗਿਆ ਤੇ ਭਾਜਪਾ ਲੀਡਰ ਏਨੀ ਗੱਲ ਨਾਲ ਹਰ ਜ਼ਿਮੇਵਾਰੀ ਨੂੰ ਤਿਲਕਾ ਗਏ ਕਿ ਇਹ ਸਾਧਵੀ ਦੇ ਨਿੱਜੀ ਵਿਚਾਰ ਹਨ। ਕਮਾਲ ਦੀ ਪਾਰਟੀ ਹੈ।
ਅਸਲ ਵਿੱਚ ਕਮਾਲ ਦੀ ਪਾਰਟੀ ਨਹੀਂ, ਕਮਾਲ ਦੀ ਵਿਚਾਰਧਾਰਾ ਵਾਲੀ ਰਾਜਨੀਤੀ ਹੈ, ਜਿਸ ਵਿੱਚ ਇੱਕ ਆਗੂ ਕੁਝ ਕਹਿੰਦਾ ਨਹੀਂ, ਉਸ ਤੋਂ ਕਹਾਇਆ ਜਾਂਦਾ ਹੈ ਤੇ ਪਾਰਟੀ ਉਸ ਨੂੰ ਉਸ ਦੇ ਨਿੱਜੀ ਵਿਚਾਰ ਕਹਿ ਕੇ ਕੁਝ ਚਿਰ ਪਿੱਛੋਂ ਕਿਸੇ ਹੋਰ ਆਗੂ ਤੋਂ ਉਸ ਨਾਲੋਂ ਵੀ ਅਗਲੀ ਗੱਲ ਅਖਵਾ ਦੇਂਦੀ ਹੈ। ਇਸ ਤਰ੍ਹਾਂ ਉਹ ਲੋਕ ਹੌਲੀ-ਹੌਲੀ ਦੇਸ਼ ਦੇ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਦੇ ਤੇ ਕਦਮ-ਕਦਮ ਅੱਗੇ ਵੱਲ ਵਧੀ ਜਾਂਦੇ ਹਨ। ਪੰਜ ਸਾਲ ਪਹਿਲਾਂ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਨਾਲ ਅੱਠ ਸੌ ਸਾਲਾਂ ਪਿੱਛੋਂ ਹਿੰਦੂ ਰਾਜ ਪਰਤਿਆ ਹੈ ਤਾਂ ਵਿਰੋਧ ਹੋਣ ਉੱਤੇ ਭਾਜਪਾ ਲੀਡਰਸ਼ਿਪ ਨੇ ਇਸ ਨੂੰ ਉਸ ਦਾ ਨਿੱਜੀ ਵਿਚਾਰ ਕਿਹਾ ਸੀ। ਫਿਰ ਕੁਝ ਚਿਰ ਲੰਘਾ ਕੇ ਇਹੋ ਗੱਲ ਹੋਰ ਆਗੂ ਵੀ ਆਪਣੇ ਭਾਸ਼ਣਾਂ ਵਿੱਚ ਇਸ ਤਰ੍ਹਾਂ ਜੋੜ ਕੇ ਬੋਲਣ ਲੱਗ ਪਏ ਕਿ ਭਾਰਤ ਦੇ ਹਿੰਦੂਆਂ ਨੇ ਅੱਠ ਸੌ ਸਾਲ ਜ਼ਿਆਦਤੀਆਂ ਝੱਲੀਆਂ ਹਨ, ਨਰਿੰਦਰ ਮੋਦੀ ਦੇ ਆਏ ਤੋਂ ਜ਼ਿਆਦਤੀਆਂ ਰੁਕੀਆਂ ਹਨ। ਇਸ ਦਾ ਭਾਵ ਇਹ ਸੀ ਕਿ ਅੱਠ ਸੌ ਸਾਲਾਂ ਬਾਅਦ ਏਦਾਂ ਦਾ ਰਾਜ ਆਇਆ ਹੈ, ਜਿਸ ਨੂੰ ਹਿੰਦੂ ਆਪਣਾ ਰਾਜ ਮੰਨ ਸਕਦੇ ਹਨ, ਪਰ ਇਹ ਗੱਲ ਸਿੱਧੀ ਨਹੀਂ ਸੀ ਕਹੀ ਜਾਂਦੀ, ਭਾਸ਼ਣਾਂ ਵਿੱਚ ਲੱਛੇਦਾਰ ਢੰਗ ਨਾਲ ਵਲਾਵਾਂ ਪਾ ਕੇ ਕਹੀ ਜਾਂਦੀ ਸੀ।
ਅੱਜ ਕੱਲ੍ਹ ਸ਼ਬਦਾਵਲੀ ਕਿਹੋ ਜਿਹੀ ਵਰਤੀ ਜਾਂਦੀ ਹੈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਉਸ ਦੀ ਇੱਕ ਮਿਸਾਲ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਯੋਗੀ ਦੀ ਬੇਹੂਦਾ ਸ਼ਬਦਾਵਲੀ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਗਿਆ ਸੀ ਤਾਂ ਓਥੋਂ ਪਈ ਝਾੜ ਪਿੱਛੋਂ ਚੋਣ ਕਮਿਸ਼ਨ ਨੇ ਯੋਗੀ ਸਮੇਤ ਚਾਰ ਲੀਡਰਾਂ ਉੱਤੇ ਕੁਝ ਸਮਾਂ ਚੋਣ ਪ੍ਰਚਾਰ ਕਰਨ ਉਤੇ ਰੋਕ ਲਾ ਦਿੱਤੀ ਸੀ। ਤਿੰਨ ਦਿਨਾਂ ਦੀ ਪਾਬੰਦੀ ਮੁੱਕਦੇ ਸਾਰ ਯੋਗੀ ਫਿਰ ਆਪਣੇ ਰੰਗ ਵਿੱਚ ਆ ਗਿਆ। ਉਸ ਨੇ ਇੱਕ ਹਲਕੇ ਵਿੱਚ ਵਿਰੋਧੀ ਧਿਰ ਦੇ ਮੁਸਲਮਾਨ ਉਮੀਦਵਾਰ ਬਾਰੇ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਮੈਂਬਰ ਸਾਂ, ਇਹ ਆਗੂ ਵੀ ਪਾਰਲੀਮੈਂਟ ਮੈਂਬਰ ਸੀ ਤੇ ਇਸ ਨੇ ਮੈਨੂੰ ਆਪ ਇਹ ਗੱਲ ਕਹੀ ਸੀ ਕਿ ਅਸੀਂ ਬਾਬਰ ਨੂੰ ਵਡੇਰਾ ਮੰਨਦੇ ਹਾਂ। ਇਹ ਕਹਿਣ ਦੇ ਬਾਅਦ ਯੋਗੀ ਨੇ ਅਗਲੀ ਗੱਲ ਇਹ ਕਹਿ ਦਿੱਤੀ ਕਿ ਭਾਰਤ ਦੇ ਲੋਕਾਂ ਦੀ ਜ਼ਿਮੇਵਾਰੀ ਹੈ ਕਿ ਬਾਬਰ ਦੀ ਔਲਾਦ ਇਸ ਦੇਸ਼ ਦੀ ਰਾਜ ਸੱਤਾ ਤੋਂ ਦੂਰ-ਦੂਰ ਰੱਖੀ ਜਾਵੇ। ਉਸ ਆਗੂ ਨੇ ਆਪਣੇ ਆਪ ਨੂੰ 'ਬਾਬਰ ਦੀ ਔਲਾਦ' ਕਿਹਾ ਜਾਂ ਯੋਗੀ ਨੇ ਸਾਧਵੀ ਪ੍ਰਗਿਆ ਵਾਂਗ ਆਪਣੇ ਮਨ ਦੀ ਭਾਵਨਾ ਮੁਤਾਬਕ ਕਿੱਸਾ ਘੜ ਕੇ ਸਾਹਮਣੇ ਬੈਠੇ ਲੋਕਾਂ ਨੂੰ ਭੜਕਾਉਣ ਲਈ ਦਾਅ ਖੇਡਿਆ, ਇਹ ਤਾਂ ਪਤਾ ਨਹੀਂ, ਪਰ ਇਸ ਨਾਲ ਉਹੀ ਰਾਜਨੀਤੀ ਖੇਡੀ ਗਈ ਹੈ, ਜਿਸ ਕਾਰਨ ਅੱਜ ਕੱਲ੍ਹ ਇਸ ਤਰ੍ਹਾਂ ਦੀ ਦਹਿਸ਼ਤ ਮਹਿਸੂਸ ਕੀਤੀ ਜਾਣ ਲੱਗ ਪਈ ਹੈ ਕਿ ਪੰਜਾਬੀ ਦੇ ਅਖਾਣ ਮੁਤਾਬਕ ਕੰਧਾਂ ਸੁਣਦੀਆਂ ਹੋਣ ਦਾ ਖਤਰਾ ਸਮਝਣ ਵਾਲੇ ਲੋਕ ਵਾਹਵਾ ਸੋਚ ਕੇ ਅਤੇ ਆਸਾ-ਪਾਸਾ ਵੇਖ ਕੇ ਬੋਲਣ ਵਿੱਚ ਗਨੀਮਤ ਸਮਝਣ ਲੱਗੇ ਹਨ।
ਸਾਡੀ ਇਹ ਲਿਖਤ ਉਸ ਵਕਤ ਦੇ ਹਾਲਾਤ ਪੇਸ਼ ਕਰਨ ਦਾ ਯਤਨ ਹੈ, ਜਦੋਂ ਪਾਰਲੀਮੈਂਟ ਚੋਣਾਂ ਦੇ ਦੋ ਗੇੜਾਂ ਵਿੱਚ ਸਿਰਫ ਸਿਰਫ ਇੱਕ ਸੌ ਛਿਆਸੀ ਸੀਟਾਂ ਲਈ ਵੋਟਿੰਗ ਹੋਈ ਤੇ ਤਿੰਨ ਸੌ ਸਤਵੰਜਾ ਸੀਟਾਂ ਦੀ ਅਜੇ ਹੋਣੀ ਹੈ। ਅਗਲੇ ਪੰਜਾਂ ਦੌਰਾਂ ਦੌਰਾਨ ਕੀ ਹੋਵੇਗਾ, ਇਸ ਤੋਂ ਕੁਝ-ਕੁਝ ਅੰਦਾਜ਼ਾ ਲੱਗ ਸਕਦਾ ਹੈ। ਹਾਲਾਤ ਇਸ ਵਾਰੀ ਇਸ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਲਈ ਸੁਖਾਵੇਂ ਨਹੀਂ ਜਾਪਦੇ। ਕੱਲ੍ਹ ਨੂੰ ਕੀ ਹੋਵੇਗਾ, ਸਿਰਫ ਸੁੱਖ ਹੀ ਮੰਗੀ ਜਾ ਸਕਦੀ ਹੈ।
21 April 2019
ਚੋਣਾਂ ਦੀ ਚਿੰਤਾ ਸਭ ਨੂੰ, ਪਰ ਓਦੋਂ ਬਾਅਦ ਦੀ ਚਿੰਤਾ ਕਿਸ ਨੂੰ ਹੈ? - ਜਤਿੰਦਰ ਪਨੂੰ
ਇਸ ਵਾਰ ਦੀ ਪਾਰਲੀਮੈਂਟ ਚੋਣ ਦੀਆਂ ਵੋਟਾਂ ਪੈਣ ਵਾਲਾ ਅਜੇ ਪਹਿਲਾ ਗੇੜ ਵੀ ਨਹੀਂ ਆਇਆ ਕਿ ਉਨ੍ਹਾਂ ਚੋਣਾਂ ਤੋਂ ਬਾਅਦ ਦੇ ਭਾਰਤ ਦੀ ਅਸਲੋਂ ਵੱਖਰੀ ਦਿੱਖ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਸੰਕੇਤ ਵੀ ਬਹੁਤ ਸਾਰੇ ਸਾਫ ਮਿਲ ਰਹੇ ਹਨ। ਜਿਹੜਾ ਧਮੱਚੜ ਉਸ ਤੋਂ ਬਾਅਦ ਪੈ ਸਕਦਾ ਹੈ, ਉਸ ਦੀ ਵੰਨਗੀ ਪੇਸ਼ ਹੋਣ ਲੱਗ ਪਈ ਹੈ। ਸਾਡੇ ਪੰਜਾਬ ਦੀ ਰਾਜਨੀਤੀ ਇਸ ਤੋਂ ਏਨੀ ਨਿਰਲੇਪ ਤੇ ਇਸ ਤਰ੍ਹਾਂ ਚੱਲ ਰਹੀ ਹੈ, ਜਿਵੇਂ ਕਿਸੇ ਨੂੰ ਕੋਈ ਚਿੰਤਾ ਹੀ ਨਾ ਹੋਵੇ।
ਸੱਚਮੁੱਚ ਪੰਜਾਬ ਦੀ ਸਥਿਤੀ ਵੇਖ ਕੇ ਸਾਨੂੰ ਕੋਈ ਹੈਰਾਨੀ ਨਹੀਂ ਹੋਈ। ਕਾਂਗਰਸ ਪਾਰਟੀ ਦੇ ਆਗੂ ਸੀਟਾਂ ਦੀ ਵੰਡ ਕਾਰਨ ਇਸ ਹਾਲ ਨੂੰ ਪਹੁੰਚੇ ਹੋਏ ਹਨ ਕਿ ਹਾਈ ਕਮਾਂਡ ਦੇ ਖਾਸ ਗਿਣੇ ਜਾਣ ਵਾਲੇ ਸੱਜਣ ਵੀ ਪੰਜਾਬ ਵਿੱਚ ਪਾਰਟੀ ਦੇ ਜੜ੍ਹੀਂ ਤੇਲ ਦੇਣ ਲੱਗੇ ਹੋਏ ਸੁਣੀਂਦੇ ਹਨ। ਇਸ ਚੱਕਰ ਵਿੱਚ ਕੇਂਦਰੀ ਕਮਾਂਡ ਦਾ ਵੀ ਨੁਕਸਾਨ ਹੋਈ ਜਾਂਦਾ ਹੈ। ਜਿਸ ਕਿਸੇ ਦੀ ਟਿਕਟ ਕੱਟੀ ਜਾਵੇ, ਉਹ ਰਾਤੋ-ਰਾਤ ਬੋਲੀ ਬਦਲ ਕੇ ਅਕਾਲੀ ਦਲ ਜਾਂ ਭਾਜਪਾ ਨਾਲ ਜੁੜਨ ਦੀਆਂ ਗੱਲਾਂ ਕਹਿਣ ਲੱਗ ਪੈਂਦਾ ਹੈ ਤੇ ਇਹ ਗੱਲ ਭੁੱਲ ਜਾਂਦਾ ਹੈ ਕਿ ਹਾਲੇ ਹਫਤਾ ਪਹਿਲਾਂ ਤੱਕ ਉਹ ਇਨ੍ਹਾ ਦੋਵਾਂ ਧਿਰਾਂ ਨੂੰ ਫਿਰਕੂ ਦੱਸ ਕੇ ਕੋਸਦਾ ਸੁਣਿਆ ਗਿਆ ਸੀ। ਆਮ ਆਦਮੀ ਪਾਰਟੀ ਨੂੰ ਕਿਸੇ ਸਮੇਂ ਪੰਜਾਬ ਦੇ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ। ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਅਸੀਂ ਇਹ ਕਿਹਾ ਕਿ ਇਹ ਕਮਲਿਆਂ ਦਾ ਟੋਲਾ ਪਾਰ ਲੱਗਣ ਵਾਲਾ ਨਹੀਂ ਤਾਂ ਬਹੁਤ ਸਾਰੇ ਆਪਣੇ-ਪਰਾਏ ਸਾਨੂੰ ਗਾਲ੍ਹਾਂ ਕੱਢਣ ਤੱਕ ਚਲੇ ਗਏ ਸਨ। ਬਾਅਦ ਵਿੱਚ ਉਹ ਟੋਲਾ ਜਿਵੇਂ ਪਾਟਾ ਅਤੇ ਖਹਿਰਾ ਧੜਾ ਵੱਖਰਾ ਹੋਣ ਪਿੱਛੋਂ ਬਹੁਤੇ ਥਾਂਈਂ ਇੱਕ ਦੂਸਰੇ ਨਾਲ ਜਿਵੇਂ ਆਢਾ ਲੱਗ ਪਿਆ, ਉਸ ਨੇ ਸਾਬਤ ਕਰ ਦਿੱਤਾ ਕਿ ਕਿਸੇ ਇੱਕਸੁਰਤਾ ਵਾਲੀ ਸਿਆਸਤ ਤੋਂ ਸੱਖਣਾ ਇਹ ਟੋਲਾ ਲੰਮਾ ਸਮਾਂ ਨਿਭਣ ਵਾਲਾ ਨਹੀਂ ਸੀ ਤੇ ਇਹੋ ਕੁਝ ਹੋ ਰਿਹਾ ਹੈ।
ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰ ਕਹਿਣ ਲੱਗ ਪਿਆ ਹੈ ਕਿ ਇਸ ਵਾਰ ਭਾਜਪਾ ਜਦੋਂ ਕੇਂਦਰ ਵਿੱਚ ਸਰਕਾਰ ਬਣਾਵੇਗੀ ਤਾਂ ਓਥੋਂ ਪੰਜਾਬ ਲਈ ਨੋਟਾਂ ਦੀਆਂ ਟਰਾਲੀਆਂ ਭਰ-ਭਰ ਆਉਣਗੀਆਂ। ਪਿਛਲੀ ਵਾਰ ਅਕਾਲੀ ਆਗੂਆਂ ਨੇ ਕਿਹਾ ਸੀ ਕਿ ਅਰੁਣ ਜੇਤਲੀ ਖਜ਼ਾਨਾ ਮੰਤਰੀ ਬਣ ਕੇ ਪੰਜਾਬ ਵਾਸਤੇ ਨੋਟਾਂ ਦੇ ਟਰੰਕ ਭੇਜੇਗਾ, ਪਰ ਅਣਪੜ੍ਹ ਅਕਾਲੀ ਜਥੇਦਾਰਾਂ ਨੇ ਟਰੰਕ ਦੀ ਟਿੱਪੀ ਪਲਟ ਕੇ ਇਹ ਕਹਿਣਾ ਆਰੰਭ ਕਰ ਦਿੱਤਾ ਸੀ ਕਿ ਅਰੁਣ ਜੇਤਲੀ ਨੋਟਾਂ ਦੇ ਟਰੱਕ ਭੇਜੇਗਾ। ਹਾਲੇ ਦੋ ਮਹੀਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਬਣੀ ਨੂੰ ਹੋਏ ਸਨ ਕਿ ਉਨ੍ਹਾਂ ਨੇ ਹੋਰ ਨੋਟ ਭੇਜਣਾ ਭੁਲਾ ਕੇ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਦਿੱਤੇ ਪੈਸਿਆਂ ਦਾ ਹਿਸਾਬ ਮੰਗ ਲਿਆ ਸੀ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅੱਜ ਮਨਮੋਹਨ ਸਿੰਘ ਸਰਕਾਰ ਹੁੰਦੀ ਤਾਂ ਸਾਡੇ ਨਾਲ ਏਦਾਂ ਨਾ ਹੁੰਦੀ। ਫਿਰ ਵੀ ਇਸ ਵਾਰੀ ਦਾ ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਸੁਖਬੀਰ ਸਿੰਘ ਬਾਦਲ ਨੇ ਇਹ ਸ਼ੋਸ਼ਾ ਛੱਡ ਦਿੱਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੋਬਾਰਾ ਬਣੀ ਤਾਂ ਪੰਜਾਬ ਨੂੰ ਨੋਟਾਂ ਦੀਆਂ ਟਰਾਲੀਆਂ ਆਉਣਗੀਆਂ। ਮੁਕਤਸਰ ਨੇੜੇ ਕਿਸੇ ਦਾਣਾ ਮੰਡੀ ਦਾ ਫੜ੍ਹ ਖਾਲੀ ਕਰਵਾ ਲੈਣਾ ਚਾਹੀਦਾ ਹੈ, ਤਾਂ ਕਿ ਟਰਾਲੀਆਂ ਲਾਹੁਣ ਵਿੱਚ ਦਿੱਕਤ ਨਾ ਆਵੇ, ਪਰ ਪੰਜਾਬ ਨੂੰ ਜਿੰਨੇ ਟਰੱਕ ਨੋਟਾਂ ਦੇ ਪਹਿਲਾਂ ਮਿਲੇ ਸਨ, ਇਸ ਵਾਰੀ ਸ਼ਾਇਦ ਉਹ ਵੀ ਮਿਲਣ ਦੀ ਬਹੁਤੀ ਝਾਕ ਨਹੀਂ ਰਹਿ ਜਾਣੀ।
ਬਹੁਤੀ ਚਿੰਤਾ ਦਾ ਵਿਸ਼ਾ ਦੇਸ਼ ਪੱਧਰ ਦੀ ਸਿਆਸੀ ਸਥਿਤੀ ਹੈ, ਜਿਸ ਵਿੱਚ ਭਾਜਪਾ ਦੇ ਮੁੱਢ ਬੰਨ੍ਹਣ ਵਾਲੇ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਜਾਂ ਸ਼ਾਂਤਾ ਕੁਮਾਰ ਆਦਿ ਨਾਲ ਇਸ ਵੇਲੇ ਜੋ ਬੀਤ ਰਹੀ ਹੈ, ਉਹ ਕਿਸੇ ਚਰਚਾ ਦੀ ਮੁਥਾਜ ਨਹੀਂ। ਦੂਸਰੇ ਪਾਸੇ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਦੇ ਵਿਰੋਧ ਦੀਆਂ ਧਿਰਾਂ ਉੱਤੇ ਜਿੰਨਾ ਤਿੱਖਾ ਹਮਲਾ ਹੋ ਰਿਹਾ ਹੈ, ਜਿਵੇਂ ਵਿਰੋਧ ਕਰਨ ਵਾਲੇ ਹਰ ਆਗੂ ਉੱਤੇ ਦੇਸ਼-ਧਰੋਹੀ ਦਾ ਠੱਪਾ ਲਾਇਆ ਜਾਂਦਾ ਹੈ, ਗੱਲ ਉਸ ਤੋਂ ਅੱਗੇ ਵਧੀ ਜਾ ਰਹੀ ਹੈ। ਅੱਜ ਤੱਕ ਕਦੇ ਇਸ ਦੇਸ਼ ਵਿੱਚ ਵਿਰੋਧੀ ਧਿਰ ਦੀਆਂ ਮੀਟਿੰਗਾਂ ਵਿੱਚ ਰਾਜ ਕਰਦੀ ਧਿਰ ਦੇ ਬੰਦਿਆਂ ਨੇ ਸ਼ਾਮਲ ਹੋ ਕੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦਾ ਕੰਮ ਨਹੀਂ ਸੀ ਕੀਤਾ, ਪਰ ਇਸ ਵਾਰ ਇਹ ਕੁਝ ਵੀ ਹੋ ਗਿਆ ਹੈ। ਰਾਹੁਲ ਗਾਂਧੀ ਦੀਆਂ ਦੋ ਬੈਠਕਾਂ ਵਿੱਚ ਭਾਜਪਾ ਸਮੱਰਥਕ ਮੋਦੀ-ਮੋਦੀ ਦਾ ਰਾਗ ਅਲਾਪਦੇ ਰਹੇ ਤੇ ਉਸ ਦਾ ਭਾਸ਼ਣ ਇੱਕ ਤਰ੍ਹਾਂ ਇਸ ਰਾਗ ਦੀ ਮੁਹਾਰਨੀ ਹੇਠ ਦੱਬਣ ਦਾ ਯਤਨ ਕੀਤਾ ਗਿਆ ਹੈ। ਵਿਰੋਧ ਦੀਆਂ ਪਾਰਟੀਆਂ ਦੇ ਚੋਣ ਪ੍ਰੋਗਰਾਮਾਂ ਵਿੱਚ ਵੜ ਕੇ ਕੀਤੀ ਜਾ ਰਹੀ ਇਸ ਸਿਆਸੀ ਸਟਰਾਈਕ ਤੋਂ ਹੈਰਾਨੀ ਪੈਦਾ ਹੋਣਾ ਸੁਭਾਵਕ ਹੈ ਤੇ ਇਹ ਭਾਰਤ ਦੇ ਭਵਿੱਖ ਬਾਰੇ ਕਿਸੇ ਖਾਸ ਤਰ੍ਹਾਂ ਦੇ ਸੰਕੇਤ ਦੇਣ ਵਾਲਾ ਵੀ ਹੈ।
ਇਸ ਤੋਂ ਵੱਧ ਮਾੜੇ ਸੰਕੇਤ ਸੰਸਾਰ ਦੀ ਕੂਟਨੀਤੀ ਉਹਲੇ ਲੜੀ ਜਾ ਰਹੀ ਇੱਕ ਖਾਸ ਜੰਗ ਬਾਰੇ ਮਿਲ ਰਹੇ ਹਨ ਤੇ ਉਹ ਸੰਕੇਤ ਅਣਗੌਲੇ ਕੀਤੇ ਜਾ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੂਝ ਤੋਂ ਸੱਖਣਾ ਨਹੀਂ ਮੰਨਣਾ ਚਾਹੀਦਾ, ਉਹ ਬੜੀ ਚਾਤਰ ਚਾਲ ਚੱਲ ਕੇ ਆਪਣੇ ਦੇਸ਼ ਦੀ ਚਿਰਾਂ ਤੋਂ ਲੜੀ ਜਾ ਰਹੀ ਲੜਾਈ ਨੂੰ ਭਾਰਤ ਵਰਗੇ ਦੇਸ਼ ਦੀ ਲੀਡਰਸ਼ਿਪ ਤੇ ਭਾਰਤੀ ਲੋਕਾਂ ਦੇ ਸਿਰ ਲੱਦੀ ਜਾ ਰਿਹਾ ਹੈ। ਹਾਲੇ ਤੱਕ ਅਮਰੀਕਾ ਜਾਂ ਉਸ ਧੜੇ ਦੇ ਦੇਸ਼ਾਂ ਦੀਆਂ ਸਰਕਾਰਾਂ ਦੀ ਭਾਰਤ ਵੱਲ ਪਹੁੰਚ ਵਿੱਚ ਜ਼ਰਾ ਕੁ ਲਚਕ ਦਿਖਾਈ ਦੇਂਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਉਹ ਭਾਰਤ ਵੱਲ ਨਹੀਂ, ਭਾਰਤ ਦੇ ਨਾਗਰਿਕਾਂ ਦੇ ਰੂਪ ਵਿੱਚ ਦਿੱਸਦੇ ਇੱਕ ਸੌ ਕਰੋੜ ਤੋਂ ਵੱਧ ਗ੍ਰਾਹਕਾਂ ਵੱਲ ਝਾਕ ਰਹੇ ਹਨ। ਇਸ ਵਕਤ ਇਸ ਤੋਂ ਵੱਖਰੀ ਗੱਲ ਇਹ ਹੈ ਕਿ ਜਿਨ੍ਹਾਂ ਦੇਸ਼ਾਂ ਦੀ ਪਿੱਠ ਉੱਤੇ ਅਮਰੀਕੀ ਸਰਕਾਰ ਰਾਸ਼ਟਰਪਤੀ ਹੈਰੀ ਟਰੂਮੈਨ ਅਤੇ ਆਈਜ਼ਨਹਾਵਰ ਦੇ ਸਮੇਂ ਤੋਂ ਖੜੋਂਦੀ ਤੇ ਭਾਰਤ ਦਾ ਵਿਰੋਧ ਕਰਦੀ ਆਈ ਸੀ, ਉਨ੍ਹਾਂ ਤੋਂ ਪਾਸਾ ਵੱਟ ਕੇ ਅਚਾਨਕ ਭਾਰਤ ਦੇ ਪੱਖ ਵਿੱਚ ਇਸ ਤਰ੍ਹਾਂ ਦਾ ਪੈਂਤੜਾ ਲੈਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਭਾਰਤੀ ਲੋਕ ਬਾਗੋ-ਬਾਗ ਹੋਈ ਜਾਂਦੇ ਹਾਂ।
ਸਾਨੂੰ ਇਹ ਗੱਲ ਯਾਦ ਨਹੀਂ ਰਹੀ ਕਿ ਜਿਵੇਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਹੇਜ ਭਾਰਤ ਨਾਲ ਜਦੋਂ ਵੀ ਜ਼ਾਹਰ ਹੁੰਦਾ ਤਾਂ ਓਦੋਂ ਭਾਰਤ ਨਾਲ ਨਹੀਂ, ਭਾਰਤੀ ਨਾਗਰਿਕ ਵਜੋਂ ਇੱਕ ਸੌ ਕਰੋੜ ਤੋਂ ਵੱਧ ਗ੍ਰਾਹਕਾਂ ਨਾਲ ਹੁੰਦਾ ਸੀ, ਉਵੇਂ ਹੀ ਅੱਜ ਵਾਲਾ ਪੈਂਤੜਾ ਵੀ ਭਾਰਤ ਵਾਸਤੇ ਨਹੀਂ, ਭਾਰਤ ਦੇ ਨਾਗਰਿਕਾਂ ਦੇ ਰੂਪ ਵਿੱਚ ਵਿੱਚ ਇੱਕ ਸੌ ਤੀਹ ਕਰੋੜ ਲੋਕਾਂ ਦੀ ਫੌਜ ਲਈ ਹੋ ਸਕਦਾ ਹੈ। ਜਿਹੜੀ ਮਹਾਂ ਸ਼ਕਤੀ ਵੀਹ ਤੋਂ ਵੱਧ ਸਾਲਾਂ ਤੋਂ ਇਸਲਾਮਿਕ ਦਹਿਸ਼ਤਗਰਦੀ ਨਾਲ ਕਦੀ ਅਫਗਾਨਿਸਤਾਨ ਤੇ ਕਦੀ ਇਰਾਕ ਵਿੱਚ ਸਿੰਗ ਫਸਾਈ ਰੱਖਦੀ ਸੀ ਤੇ ਪਾਕਿਸਤਾਨ ਵਰਗੇ ਦੇਸ਼ ਨੂੰ ਮਾਇਕ ਮਦਦ ਦੇ ਕੇ ਵੀ ਉਸ ਦੀ ਦੋਗਲੀ ਨੀਤੀ ਦਾ ਨੁਕਸਾਨ ਝੱਲੀ ਜਾਂਦੀ ਸੀ, ਉਸ ਦੀ ਨੀਤੀ ਦਾ ਇਹ ਮੋੜਾ ਭਾਰਤ ਵੱਲ ਅਚਾਨਕ ਤੇ ਬਿਨਾਂ ਵਜ੍ਹਾ ਨਹੀਂ ਪਿਆ ਹੋ ਸਕਦਾ। ਪਾਕਿਸਤਾਨ ਪੈਸੇ ਵੀ ਲੈਂਦਾ ਸੀ, ਆਪਣੇ ਹਵਾਈ ਅੱਡੇ ਵੀ ਅਫਗਾਨਿਸਤਾਨ ਦੀ ਜੰਗ ਲਈ ਅਮਰੀਕਾ ਨੂੰ ਦੇ ਦੇਂਦਾ ਸੀ, ਪਰ ਅਮਰੀਕਾ ਦੇ ਦੁਸ਼ਮਣਾਂ ਓਸਾਮਾ ਬਿਨ ਲਾਦੇਨ ਤੇ ਮੁੱਲਾ ਉਮਰ ਨੂੰ ਆਪਣੀਆਂ ਫੌਜੀ ਛਾਉਣੀਆਂ ਵਿੱਚ ਰੱਖ ਕੇ ਅਮਰੀਕਾ ਦੀ ਨੀਂਦ ਉਡਾ ਛੱਡਦਾ ਸੀ। ਭਾਰਤੀ ਆਗੂ ਏਦਾਂ ਦੀ ਦੋਹਰੀ ਖੇਡ ਨਹੀਂ ਖੇਡਣਗੇ। ਇਸਲਾਮੀ ਅੱਤਵਾਦ ਦੇ ਵਿਰੋਧ ਵਿੱਚ ਉਹ ਅਮਰੀਕਾ ਦੀ ਇਸ ਜੰਗ ਨੂੰ ਆਪਣੀ ਸਦੀਆਂ ਦੀ ਪੁਰਾਣੀ ਲੜਾਈ ਮੰਨ ਕੇ ਸਾਰਾ ਜ਼ਿੰਮਾ ਆਪਣੇ ਸਿਰ ਲੈਣ ਵੇਲੇ ਇੱਕ ਪਲ ਵੀ ਗੁਆਉਣ ਦੀ ਥਾਂ ਸਗੋਂ ਇਸ ਵਿੱਚ ਮਾਣ ਮਹਿਸੂਸ ਕਰਨਗੇ।
ਜਦੋਂ ਭਵਿੱਖ ਵਿੱਚ ਇਸ ਕਿਸਮ ਦੀ ਸਥਿਤੀ ਸਚਮੁੱਚ ਪੈਦਾ ਹੋਵੇਗੀ, ਜਿਸ ਦੇ ਸੰਕੇਤ ਅੱਜ ਮਿਲਦੇ ਪਏ ਹਨ ਤਾਂ ਫਿਰ ਕੀ ਹੋਵੇਗਾ, ਪੰਜਾਬ ਦੀ ਰਾਜਨੀਤੀ ਵਾਲੇ ਮੰਚ ਦੇ ਕਿਸੇ ਵੀ ਪਾਤਰ ਦੇ ਮਨ ਵਿੱਚ ਇਹ ਗੱਲ ਹੋਣ ਦਾ ਕੋਈ ਸੰਕੇਤ ਕਿਤੋਂ ਨਹੀਂ ਮਿਲਦਾ। ਇਨ੍ਹਾਂ ਸਭਨਾਂ ਵਿੱਚੋਂ ਕੋਈ ਵੀ ਨੱਕ ਤੋਂ ਅੱਗੇ ਸੋਚਣ ਵਾਲਾ ਨਹੀਂ ਲੱਭਦਾ। ਆਪੋ-ਆਪਣੀ ਸੀਟ ਦੀ ਚਿੰਤਾ ਤੇ ਪਰਵਾਰ ਦੀ ਚਿੰਤਾ ਹੈ, ਪਰ ਭਾਰਤ ਦੀ ਚਿੰਤਾ ਗਾਇਬ ਹੈ। ਜਦੋਂ ਅਸੀਂ ਭਾਰਤ ਦੀ ਚਿੰਤਾ ਦੇ ਸਿਰਾਂ ਤੋਂ ਗਾਇਬ ਹੋਣ ਦੀ ਗੱਲ ਕਰਦੇ ਹਾਂ ਤਾਂ ਇਹ ਚਿੰਤਾ ਇੱਕ ਦੇਸ਼ ਬਾਰੇ ਨਹੀਂ, ਦੇਸ਼ ਦੇ ਇੱਕ ਸੌ ਤੀਹ ਕਰੋੜ ਤੋਂ ਵੱਧ ਭਾਰਤੀ ਲੋਕਾਂ ਦੇ ਉਸ ਭਵਿੱਖ ਬਾਰੇ ਹੋਣ ਦੀ ਗੱਲ ਕਰਦੇ ਹਾਂ, ਜਿਸ ਬਾਰੇ ਸੋਚਣ ਦੀ ਚੋਣਾਂ ਦੌਰਾਨ ਕਿਸੇ ਕੋਲ ਵਿਹਲ ਹੀ ਨਹੀਂ।
07 April 2019