ਹਾਲਾਤ ਦੀ ਸਿਫਤੀ ਤਬਦੀਲੀ ਪਿੱਛੋਂ ਵੀ ਮੋੜਾ ਜ਼ਰੂਰ ਪਵੇਗਾ, ਪਰ ਤੁਰਤ-ਫੁਰਤ ਨਹੀਂ - ਜਤਿੰਦਰ ਪਨੂੰ
ਕਦੇ-ਕਦੇ ਹਕੀਕਤਾਂ ਮਨ ਪਸੰਦ ਨਾ ਹੋਣ ਤਾਂ ਕਈ ਲੋਕਾਂ ਦਾ ਮੰਨਣ ਨੂੰ ਦਿਲ ਨਹੀਂ ਕਰਦਾ। ਫਿਰ ਉਹ ਐਨ ਇਸ ਦੇ ਉਲਟ ਤਸਵੀਰ ਦੀ ਕਲਪਣਾ ਕਰਨ ਅਤੇ ਹਕੀਕਤਾਂ ਨੂੰ ਆਪਣੀ ਪਸੰਦ ਮੁਤਾਬਕ ਢਾਲਣ ਦੇ ਯਤਨ ਵਿੱਚ ਹਾਸੋਹੀਣੀ ਹਾਲਤ ਵਿੱਚ ਫਸ ਜਾਂਦੇ ਹਨ। ਭਾਰਤ ਦੀ ਮੌਜੂਦਾ ਸਿਆਸੀ ਹਕੀਕਤ ਵੀ ਇਹੀ ਹੈ। ਸਮੁੱਚੀ ਤਸਵੀਰ ਬਦਲ ਚੁੱਕੀ ਹੈ ਤੇ ਐਨੀ ਜ਼ਿਆਦਾ ਬਦਲ ਚੁੱਕੀ ਹੈ ਕਿ ਉਸ ਨੂੰ ਝੁਠਲਾਉਣ ਵਾਲੇ ਮਜ਼ਾਕ ਦਾ ਪਾਤਰ ਬਣ ਸਕਦੇ ਹਨ।
ਭਾਰਤ ਦੀ ਪਾਰਲੀਮੈਂਟ ਵਿੱਚ ਕਈ ਵਾਰੀ ਅੱਗੇ ਵੀ ਤਾਕਤਾਂ ਦਾ ਸੰਤੁਲਨ ਵਿਗੜਦਾ ਰਿਹਾ ਸੀ ਤੇ ਉਸ ਦੇ ਬਾਅਦ ਹਰ ਵਾਰ ਇਹ ਆਸ ਕਾਇਮ ਰਹਿੰਦੀ ਸੀ ਕਿ ਵਿਰੋਧ ਦੀਆਂ ਧਿਰਾਂ ਐਨੀਆਂ ਕਮਜ਼ੋਰ ਨਹੀਂ ਹੋਈਆਂ ਕਿ ਮੋੜਾ ਪਾਉਣ ਦੇ ਦਾਅਵੇ ਦਾ ਮਜ਼ਾਕ ਉਡਾਇਆ ਜਾਵੇ। ਇਸ ਵਾਰੀ ਉਨ੍ਹਾਂ ਸਾਰੇ ਵੇਲਿਆਂ ਤੋਂ ਸਥਿਤੀ ਵੱਖਰੀ ਹੈ। ਕਾਰਨ ਭਾਵੇਂ ਕੋਈ ਰਿਹਾ ਹੋਵੇ, ਪਾਰਲੀਮੈਂਟ ਵਿੱਚ ਸੰਤੁਲਨ ਅਸਲੋਂ ਹੀ ਬਦਲਿਆ ਨਜ਼ਰ ਆਉਂਦਾ ਹੈ। ਭਾਜਪਾ ਦੇ ਆਗੂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਦੀ ਰਾਜਨੀਤੀ ਵਿੱਚ ਇੱਕ ਦਮ ਵੱਡੇ ਹੁਲਾਰੇ ਨਾਲ ਬਾਕੀ ਸਭ ਧਿਰਾਂ ਦੇ ਲੀਡਰਾਂ ਤੋਂ ਅੱਗੇ ਲੰਘ ਗਈ ਅਤੇ ਆਪਣੀ ਪਾਰਟੀ ਦੇ ਅੰਦਰ ਵੀ ਉਹ ਦੋਵੇਂ ਏਨਾ ਵੱਡਾ ਕੱਦ ਕੱਢ ਗਏ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਾ ਕੋਈ ਨਹੀਂ ਦਿੱਸ ਰਿਹਾ। ਜਿਹੜੇ ਮੁਰਲੀ ਮਨੋਹਰ ਜੋਸ਼ੀ ਨੇ ਕਿਸੇ ਵਕਤ ਸਿੱਧਾ ਵਿਰੋਧ ਕੀਤਾ ਤੇ ਨਰਿੰਦਰ ਮੋਦੀ ਦੀ ਨਾਰਾਜ਼ਗੀ ਸਹੇੜ ਲਈ ਸੀ, ਪੰਜ ਸਾਲ ਪਿੱਛੋਂ ਉਸ ਨੂੰ ਚੁੱਪ ਰਹਿ ਕੇ ਪਾਰਟੀ ਅੰਦਰੋਂ ਵਿਰੋਧ ਦੀ ਅਗਵਾਈ ਕਰਦਾ ਕਿਹਾ ਜਾਂਦਾ ਸੀ, ਉਹ ਅੱਜ ਨਰਿੰਦਰ ਮੋਦੀ ਦੀ ਜਿੱਤ ਦੇ ਸੋਹਲੇ ਗਾ ਰਿਹਾ ਹੈ। ਲਾਲ ਕ੍ਰਿਸ਼ਨ ਅਡਵਾਨੀ ਨੂੰ ਪਿਛਲੀ ਵਾਰੀ ਮਾਰਗ ਦਰਸ਼ਕ ਮੰਡਲ ਵਿੱਚ ਵੀ ਬਿਠਾਇਆ ਸੀ ਤਾਂ ਪਾਰਲੀਮੈਂਟ ਮੈਂਬਰ ਵਜੋਂ ਰਾਜਨੀਤੀ ਨਾਲ ਨੇੜਲੇ ਸੰਬੰਧ ਰੱਖੀ ਜਾਣ ਦਾ ਮੌਕਾ ਉਹ ਵਰਤ ਸਕਦਾ ਸੀ, ਅੱਜ ਉਹ ਵੀ ਮੌਕਾ ਨਹੀਂ ਰਹਿ ਗਿਆ। ਕਿਹਾ ਜਾਂਦਾ ਸੀ ਕਿ ਨਾਗਪੁਰ ਵਾਲੀ ਧਿਰ ਪਾਰਲੀਮੈਂਟ ਚੋਣਾਂ ਪਿੱਛੋਂ ਕਿਸੇ ਤਰ੍ਹਾਂ ਦੀ ਭੁਆਂਟਣੀ ਦੇ ਸਕਦੀ ਹੈ, ਲੱਗਦਾ ਹੈ ਕਿ ਉਸ ਧਿਰ ਨੂੰ ਖੁਦ ਨੂੰ ਭੁਆਂਟਣੀ ਆ ਗਈ ਹੈ।
ਕਾਂਗਰਸ ਪਾਰਟੀ ਇਸ ਵਕਤ ਆਪਣੀ ਵਾਗ ਸੰਭਾਲਣ ਜੋਗਾ ਲੀਡਰ ਲੱਭਣ ਦੀ ਭਟਕਣ ਵਿੱਚ ਉਲਝੀ ਦਿਖਾਈ ਦੇਂਦੀ ਹੈ ਤੇ ਹੋਰ ਪਾਰਟੀਆਂ ਵਿੱਚੋਂ ਕੋਈ ਸਿਰ ਚੁੱਕ ਸਕਣਾ ਜੋਗਾ ਦਿਖਾਈ ਨਹੀਂ ਦੇਂਦਾ। ਇਸ ਦੇ ਬਾਵਜੂਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਲੀਮੈਂਟਰੀ ਆਗੂ ਦੀ ਚੋਣ ਵੇਲੇ ਮੀਟਿੰਗ ਵਿੱਚ ਇਹ ਕਹਿ ਦਿੱਤਾ ਹੈ ਕਿ ਬਵੰਜਾ ਵੀ ਹੋਏ ਤਾਂ ਸਾਨੂੰ ਕੋਈ ਚਿੰਤਾ ਨਹੀਂ, ਅਸੀਂ ਇੱਕ-ਇੱਕ ਇੰਚ ਉੱਤੇ ਭਾਜਪਾ ਨਾਲ ਲੜਾਂਗੇ। ਸੁਣਨ ਨੂੰ ਚੰਗਾ ਲੱਗ ਸਕਦਾ ਹੈ, ਇਸ ਦੇ ਬਾਵਜੂਦ ਸਥਿਤੀਆਂ ਇਸ ਦਾਅਵੇ ਦੀ ਹਾਮੀ ਨਹੀਂ ਭਰਦੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਨ ਦੇ ਬਹੁਤੇ ਆਗੂ ਏਦਾਂ ਦੇ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਭਾਜਪਾ ਦਾ ਇਸ਼ਾਰਾ ਮਿਲਣ ਦੀ ਉਡੀਕ ਤੱਕ ਕਾਂਗਰਸ ਨੂੰ ਵੇਟਿੰਗ ਰੂਮ ਮੰਨ ਕੇ ਬੈਠੇ ਹਨ, ਜਦੋਂ ਉਸ ਪਾਸਿਓਂ ਕੋਈ ਇਸ਼ਾਰਾ ਆ ਗਿਆ, ਜਾਣ ਨੂੰ ਪਲ ਨਹੀਂ ਲਾਉਣਗੇ। ਭਾਜਪਾ ਏਦਾਂ ਦਾ ਸੰਕੇਤ ਇਸ ਲਈ ਨਹੀਂ ਭੇਜ ਰਹੀ ਕਿ ਇਹ ਲੋਕ ਸਿਰਫ ਕੁਰਸੀਆਂ ਦੀ ਰਾਜਨੀਤੀ ਕਰਨ ਵਾਲੇ ਹਨ, ਜਿਨ੍ਹਾਂ ਬਾਰੇ ਪ੍ਰਿੰਅਕਾ ਗਾਂਧੀ ਵੀ ਕਹਿ ਚੁੱਕੀ ਹੈ ਕਿ ਇਹ ਕਾਂਗਰਸ ਵਿੱਚ ਰਹਿ ਕੇ ਇਸ ਦਾ ਕਤਲ ਕਰਨ ਵਾਲੇ ਹਨ। ਇਨ੍ਹਾਂ ਉੱਤੇ ਰਾਹੁਲ ਗਾਂਧੀ ਏਦਾਂ ਦੀ ਝਾਕ ਅਜੇ ਵੀ ਰੱਖਦਾ ਹੈ ਤਾਂ ਉਹ ਹਕੀਕਤਾਂ ਨੂੰ ਜਾਂ ਤਾਂ ਪਛਾਣਦਾ ਨਹੀਂ, ਜਾਂ ਫਿਰ ਮੰਨਣ ਤੋਂ ਬਚਣਾ ਚਾਹੁੰਦਾ ਹੈ।
ਅਸਲ ਵਿੱਚ ਵੱਡੀ ਲੜਾਈ ਵਿੱਚ ਹਾਰ ਦਾ ਮੁੱਢ ਓਦੋਂ ਹੀ ਬੱਝ ਗਿਆ ਸੀ, ਜਦੋਂ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਹਰ ਇੱਕ ਧਰਮ ਦੇ ਮੁੱਖ ਅਸਥਾਨਾਂ ਵਿੱਚ ਹਾਜ਼ਰੀ ਲਵਾਉਣ ਤੇ ਰਾਜਨੀਤੀ ਲਈ ਧਰਮ ਨੂੰ ਵਰਤਣ ਵਾਲੀ ਚਾਲ ਸ਼ੁਰੂ ਕੀਤੀ ਸੀ। ਪੰਜਾਬ ਵਿੱਚ ਖੇਡੀ ਗਈ ਇਹੋ ਖੇਡ ਉਸ ਦੀ ਆਪਣੀ ਮੌਤ ਤੇ ਪੰਜਾਬ ਦੇ ਲੰਮੇ ਦੁਖਾਂਤ ਦੇ ਕਈ ਕਾਰਨਾਂ ਵਿੱਚੋਂ ਇੱਕ ਬੜਾ ਵੱਡਾ ਕਾਰਨ ਬਣੀ ਸੀ, ਪਰ ਉਸ ਦੇ ਪੁੱਤਰ ਅਤੇ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਕੋਲ ਤਜਰਬੇ ਤੋਂ ਸਿੱਖਣ ਦਾ ਮੌਕਾ ਹੋਣ ਦੇ ਬਾਵਜੂਦ ਉਹ ਏਸੇ ਖੇਡ ਵਿੱਚ ਰੁੱਝਾ ਰਿਹਾ ਅਤੇ ਅੰਤ ਨੂੰ ਆਪਣੀ ਜਾਨ ਗਵਾਉਣ ਦੇ ਨਾਲ ਆਪਣੀ ਪਾਰਟੀ ਅੱਗੇ ਏਦਾਂ ਦੇ ਕੰਡੇ ਖਿਲਾਰ ਗਿਆ, ਜਿਹੜੇ ਚੁਗੇ ਨਾ ਜਾ ਸਕਣ। ਰਾਹੁਲ ਗਾਂਧੀ ਤੋਂ ਅਜੇ ਤੱਕ ਉਸ ਵੇਲੇ ਦੇ ਖਿਲਾਰੇ ਹੋਏ ਕੰਡੇ ਨਹੀਂ ਚੁਣੇ ਜਾ ਸਕੇ ਤੇ ਉਸ ਦੀ ਪਾਰਟੀ ਦੇ ਮੌਜੂਦਾ ਲੀਡਰ ਉਸ ਦੇ ਨਾਲ ਤੁਰੇ ਜਾਂਦਿਆਂ ਵੀ ਰਾਹੁਲ ਗਾਂਧੀ ਦੀ ਰਾਜਨੀਤਕ ਪ੍ਰੰਪਰਾ ਦਾ ਅੰਤ ਮੰਗਣ ਵਾਲਿਆਂ ਨਾਲ ਰਲੇ ਹੋਏ ਹਨ। ਉਹ ਔਝੜ ਵਿੱਚ ਫਸਿਆ ਹੈ। ਪਾਰਟੀ ਨੂੰ ਅੱਗੇ ਤੋਰਨਾ ਚਾਹੁੰਦਾ ਹੈ, ਜਿਸ ਦਾ ਮੁੱਖ ਕਾਰਨ ਭਾਵੇਂ ਉਸ ਦੀ ਰਾਜ ਕਰਨ ਦੀ ਇੱਛਾ ਸਮਝ ਪੈਂਦੀ ਹੈ, ਪਰ ਉਹ ਅੱਗੇ ਵੱਲ ਤੋਰਨਾ ਤਾਂ ਚਾਹੁੰਦਾ ਹੈ, ਉਸ ਦੀ ਟੀਮ ਉਸ ਦੇ ਨਾਲ ਨਿਭਣ ਵਾਲੀ ਦਿਖਾਈ ਨਹੀਂ ਦੇ ਰਹੀ।
ਜਿਹੜੀ ਗੱਲ ਕਾਂਗਰਸ ਪਾਰਟੀ ਨੂੰ, ਤੇ ਭਾਜਪਾ ਦੀ ਰਾਜਨੀਤੀ ਪਿੱਛੇ ਦਿਖਾਈ ਦੇਂਦੀ ਭਾਰਤ ਵਿੱਚ ਇੱਕ ਧਰਮ ਦਾ ਰਾਜ ਕਾਇਮ ਕਰਨ ਦੀ ਇੱਛਾ ਨੂੰ ਜਾਨਣ ਵਾਲੀਆਂ ਹੋਰ ਪਾਰਟੀਆਂ ਨੂੰ ਸਮਝਣੀ ਚਾਹੀਦੀ ਹੈ, ਉਹ ਇਹ ਕਿ ਭਾਰਤ ਦੀ ਰਾਜਨੀਤੀ ਇੱਕ ਖਾਸ ਮੋੜ ਮੁੜ ਚੁੱਕੀ ਹੈ। ਬਹੁਤ ਸਾਰੇ ਲੋਕ ਅਜੇ ਤੱਕ ਇਹ ਸੋਚੀ ਬੈਠੇ ਹਨ ਕਿ ਭਾਰਤ ਧਰਮ-ਨਿਰਪੱਖ ਵਿਰਾਸਤ ਵਾਲਾ ਦੇਸ਼ ਹੈ ਅਤੇ ਜਿਵੇਂ ਬੀਤੇ ਸਮੇਂ ਦੇ ਕਈ ਦੌਰਾਂ ਦੇ ਬਾਅਦ ਮੋੜਾ ਕੱਟਦਾ ਰਿਹਾ ਹੈ, ਇਸ ਵਾਰ ਵੀ ਕੱਟ ਲਵੇਗਾ। ਉਨ੍ਹਾਂ ਦੀ ਇਹ ਗੱਲ ਅਸੀਂ ਕੱਟ ਨਹੀਂ ਰਹੇ, ਆਸ ਰੱਖੀ ਜਾ ਸਕਦੀ ਹੈ ਕਿ ਕੱਟ ਲਵੇਗਾ, ਪਰ ਏਹੋ ਜਿਹਾ ਮੋੜਾ ਕੱਟਣ ਦੀ ਆਸ ਬਹੁਤੀ ਛੇਤੀ ਕਰਨੀ ਔਖੀ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਸ ਸੋਚ ਦੀ ਪ੍ਰਤੀਨਿਧਤਾ ਕਰਦੇ ਹਨ, ਉਹ ਸੋਚ ਅੱਜ ਦੇਸ਼ ਦੀ ਗਲੀ-ਗਲੀ ਪਹੁੰਚ ਚੁੱਕੀ ਹੈ ਤੇ ਮੱਧ ਵਰਗੀ ਮਾਨਸਿਕਤਾ ਜਦੋਂ ਕਿਸੇ ਪਾਸੇ ਵੱਲ ਨੂੰ ਇੱਕ ਵਾਰੀ ਉਲਾਰ ਹੋ ਜਾਵੇ, ਉਹ ਛੇਤੀ ਕੀਤੇ ਪਿੱਛੇ ਨਹੀਂ ਮੁੜਦੀ ਹੁੰਦੀ। ਪੱਛਮੀ ਬੰਗਾਲ ਵਿੱਚ ਤੀਹ ਨਾਲੋਂ ਵੱਧ ਸਾਲ ਖੱਬੇ ਪੱਖੀਆਂ ਦਾ ਰਾਜ ਇੱਕ ਸਿਧਾਂਤ ਅਧਾਰਤ ਰਾਜਨੀਤੀ ਵਾਲਾ ਕਿਹਾ ਜਾਂਦਾ ਰਿਹਾ ਸੀ, ਪਰ ਉਸ ਦੇ ਟੁੱਟ ਜਾਣ ਪਿੱਛੋਂ ਉਸ ਨਾਲ ਜੁੜੇ ਮੱਧ ਵਰਗੀ ਮਾਨਸਿਕਤਾ ਵਾਲੇ ਲੋਕ ਪਹਿਲਾਂ ਤ੍ਰਿਣਮੂਲ ਕਾਂਗਰਸ ਵੱਲ ਮੁੜੇ ਸਨ ਅਤੇ ਫਿਰ ਭਾਜਪਾ ਮਗਰ ਲਾਮਬੰਦ ਹੋਏ ਦਿਖਾਈ ਦੇਣ ਲੱਗ ਪਏ ਹਨ। ਬੀਤੇ ਹਫਤੇ ਸੀ ਪੀ ਆਈ ਐੱਮ ਦੇ ਇੱਕ ਵਿਧਾਇਕ ਦਾ ਦਿੱਲੀ ਪਹੁੰਚ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਾ ਏਸੇ ਵਰਤਾਰੇ ਦਾ ਪ੍ਰਤੀਕ ਹੈ। ਪੱਛਮੀ ਬੰਗਾਲ ਵਿੱਚ ਖੱਬੇ ਪੱਖੀਆਂ ਵਾਲੇ ਕਈ ਦਫਤਰ ਪਹਿਲਾਂ ਉਸ ਪਾਰਟੀ ਨੂੰ ਪਤਾ ਲੱਗਣ ਦਿੱਤੇ ਬਿਨਾਂ ਤ੍ਰਿਣਮੂਲ ਕਾਂਗਰਸ ਦੇ ਦਫਤਰਾਂ ਦੇ ਰੂਪ ਧਾਰ ਗਏ ਸਨ ਤੇ ਅੱਜ ਕੱਲ੍ਹ ਉਨ੍ਹਾਂ ਹੀ ਦਫਤਰਾਂ ਅੰਦਰ ਬੈਠੇ ਹੋਏ ਕਈ ਲੋਕ ਅਚਾਨਕ ਤ੍ਰਿਣਮੂਲ ਛੱਡ ਕੇ ਉਨ੍ਹਾਂ ਹੀ ਟਿਕਾਣਿਆਂ ਨੂੰ ਭਾਜਪਾ ਦਫਤਰਾਂ ਦਾ ਰੂਪ ਦੇਣ ਲੱਗ ਪਏ ਹਨ। ਅਸਲ ਵਿੱਚ ਉਹ ਲੋਕ ਕਦੇ ਵੀ ਖੱਬੇ ਪੱਖੀ ਸਿਧਾਂਤ ਵਾਲੇ ਨਹੀਂ ਸਨ ਬਣੇ, ਸਿਰਫ ਸੱਤਾ ਦਾ ਸੁਖ ਮਾਨਣ ਤੇ ਜੁਰਅੱਤ ਦੀ ਜ਼ਿੰਦਗੀ ਜਿਊਣ ਲਈ ਖੱਬੇ ਪੱਖੀਆਂ ਦੇ ਨਾਲ ਸਨ। ਇਸ ਵੇਲੇ ਭਾਜਪਾ ਦੇ ਨੇੜੇ ਜਾ ਰਹੇ ਹਨ ਤਾਂ ਫਿਰ ਕਿਸੇ ਸਿਧਾਂਤਕ ਸੋਚ ਕਾਰਨ ਨਹੀਂ, ਧੱਕੇ ਨਾਲ ਉਸ ਰਾਜ ਉੱਤੇ ਕਬਜ਼ਾ ਕਰਨ ਜੋਗੀ ਹੁੰਦੀ ਜਾਪਦੀ ਧਿਰ ਨਾਲ ਜੁੜ ਰਹੇ ਹਨ। ਇਹੋ ਲੋਕ ਕੁਝ ਸਮਾਂ ਪਾ ਕੇ ਮੋੜਾ ਕੱਟ ਸਕਦੇ ਹਨ, ਪਰ ਏਨੀ ਛੇਤੀ ਨਹੀਂ ਕੱਟਣ ਲੱਗੇ।
ਹਾਲਾਤ ਵਿੱਚ ਆਈ ਹੋਈ ਇਸ ਸਿਫਤੀ ਤਬਦੀਲੀ ਦੇ ਪਿੱਛੋਂ ਰਾਹੁਲ ਗਾਂਧੀ ਦਾ ਇਹ ਕਹਿਣਾ ਕੋਈ ਵੱਡੇ ਅਰਥ ਨਹੀਂ ਰੱਖਦਾ ਕਿ ਉਸ ਦੀ ਪਾਰਟੀ ਬਵੰਜਾ ਪਾਰਲੀਮੈਂਟ ਮੈਂਬਰਾਂ ਨਾਲ ਵੀ ਇੰਚ-ਇੰਚ ਲੜਾਈ ਲੜ ਸਕਦੀ ਹੈ, ਪਰ ਇਸ ਦਾ ਇਹ ਅਰਥ ਵੀ ਨਹੀਂ ਕਿ ਲੜਾਈ ਖਤਮ ਹੋ ਜਾਣੀ ਹੈ। ਵਿਰੋਧ ਹੋਣਾ ਤਾਂ ਯਕੀਨੀ ਹੈ। ਸਵਾਲ ਇਸ ਵਕਤ ਕਿਸੇ ਇੱਕ ਜਾਂ ਦੂਸਰੀ ਪਾਰਟੀ ਦਾ ਨਹੀਂ, ਦੇਸ਼ ਦੀ ਧਰਮ ਨਿਰਪੱਖ ਸੋਚ ਦੀ ਵਿਰਾਸਤ ਸੰਭਾਲਣ ਤੇ ਬਚਾਉਣ ਲਈ ਉਠਦੇ ਸਵਾਲਾਂ ਅਤੇ ਕਿੰਤੂਆਂ ਦਾ ਹੈ। ਵਿਰੋਧ ਦੀ ਖਾਤਰ ਵਿਰੋਧ ਤਾਂ ਸ਼ਿਵ ਸੈਨਾ ਵੀ ਕਰੀ ਜਾਵੇਗੀ। ਭਵਿੱਖ ਦਾ ਮੋੜਾ ਜਿਹੜੇ ਵੀ ਹਾਲਾਤ ਵਿੱਚ ਪਵੇ ਅਤੇ ਜਦੋਂ ਵੀ ਪਵੇ, ਇਸ ਦੇ ਬਾਰੇ ਸੋਚਣਾ ਰੋਸ਼ਨ ਮੱਥੇ ਵਾਲਿਆਂ ਦਾ ਕੰਮ ਹੈ, ਅਤੇ ਉਹ ਸੋਚਣਗੇ ਵੀ।