ਹੋਂਦ ਕਾਇਮ ਰੱਖਣ ਦੇ ਸੰਕਟ ਨਾਲ ਜੂਝਦੀ ਹੋਈ ਕਾਂਗਰਸ ਪਾਰਟੀ - ਜਤਿੰਦਰ ਪਨੂੰ
ਉਹ ਦਿਨ ਭਾਰਤ ਦੇ ਲੋਕਾਂ ਨੂੰ ਅਜੇ ਤੱਕ ਪੂਰੀ ਤਰ੍ਹਾਂ ਯਾਦ ਹੋਣਗੇ, ਜਦੋਂ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਪਿੱਛੋਂ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਕਿ ਮੇਰਾ ਮਿਸ਼ਨ ਸਿਰਫ ਪ੍ਰਧਾਨ ਮੰਤਰੀ ਬਣਨਾ ਨਹੀਂ, ਭਾਰਤ ਨੂੰ 'ਕਾਂਗਰਸ ਮੁਕਤ' ਦੇਸ਼ ਬਣਾਉਣ ਤੱਕ ਜਾਂਦਾ ਹੈ। ਕਾਂਗਰਸ ਲੀਡਰਾਂ ਨੇ ਓਦੋਂ ਜਵਾਬ ਵਿੱਚ ਆਖਿਆ ਸੀ ਕਿ ਕਾਂਗਰਸ ਨੂੰ ਖਤਮ ਕਰਨ ਦੇ ਸੁਫਨੇ ਲੈਣ ਵਾਲੇ ਕਈ ਆਏ ਤੇ ਚੱਲਦੇ ਬਣੇ, ਕਾਂਗਰਸ ਅੱਜ ਵੀ ਕਾਇਮ ਹੈ ਤੇ ਅੱਗੋਂ ਵੀ ਰਹੇਗੀ। ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ। ਅਗਲੇ ਦਿਨਾਂ ਵਿੱਚ ਲਗਭਗ ਹਰ ਰਾਜ ਤੋਂ ਖਬਰਾਂ ਆਉਣ ਲੱਗ ਪਈਆਂ ਕਿ ਕਾਂਗਰਸੀ ਆਗੂ ਇਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਜਾ ਰਹੇ ਹਨ। ਅਸੀਂ ਓਦੋਂ ਇਹ ਗੱਲ ਲਿਖੀ ਸੀ ਕਿ ਹਿੰਦੀ ਦੇ ਦੋ ਸ਼ਬਦ 'ਮੁਕਤ' ਅਤੇ 'ਯੁਕਤ' ਇੱਕੋ ਜਿਹੀ ਧੁਨੀ ਵਾਲੇ ਹਨ ਅਤੇ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦਾ ਨਾਅਰਾ ਦੇ ਕੇ ਅੱਗੇ ਆਇਆ, ਪਰ ਅਮਲ ਵਿੱਚ ਭਾਜਪਾ ਨੂੰ 'ਕਾਂਗਰਸ ਯੁਕਤ' ਕਰਨ ਦੇ ਰਾਹ ਪੈ ਗਿਆ ਹੈ। 'ਯੁਕਤ' ਦਾ ਮਤਲਬ ਹੁੰਦਾ ਹੈ ਕਿ ਇਸ ਚੀਜ਼ ਦੇ ਵਿੱਚ ਦੂਸਰੀ ਚੀਜ਼ ਵੀ ਸ਼ਾਮਲ ਹੈ। ਕਈਆਂ ਰਾਜਾਂ ਦੇ ਸਾਬਕਾ ਮੰਤਰੀ ਹੀ ਨਹੀਂ, ਮੌਜੂਦਾ ਮੰਤਰੀ ਵੀ ਪਾਰਟੀ ਛੱਡਣ ਤੇ ਭਾਜਪਾ ਵਿੱਚ ਜਾਣ ਲੱਗ ਪਏ ਸਨ ਅਤੇ ਅੱਜ ਕਈ ਰਾਜਾਂ ਦੇ ਭਾਜਪਾ ਮੁੱਖ ਮੰਤਰੀ ਓਦੋਂ ਕਾਂਗਰਸ ਵਿੱਚੋਂ ਆਏ ਹੋਏ ਹਨ। ਅਰੁਣਾਚਲ ਪ੍ਰਦੇਸ਼ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਪੇਮਾ ਖਾਂਡੂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹਿ ਚੁੱਕਾ ਹੈ ਤੇ ਮਨੀਪੁਰ ਦਾ ਭਾਜਪਾ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੀ ਪਹਿਲਾਂ ਕਾਂਗਰਸ ਨੇ ਮੰਤਰੀ ਬਣਾਇਆ ਸੀ। ਕਈ ਰਾਜਾਂ ਵਿੱਚ ਇਹੋ ਜਿਹੇ ਸਾਬਕਾ ਕਾਂਗਰਸੀ ਇਸ ਵੇਲੇ ਭਾਜਪਾ ਦੀਆਂ ਸਰਕਾਰਾਂ ਵਿੱਚ ਮੰਤਰੀ ਬਣੇ ਮਿਲ ਜਾਣਗੇ।
ਦਸ ਸਾਲ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਵੱਖਰੀ ਕੋਠੀ ਵਿੱਚੋਂ ਰਿਮੋਟ ਬਟਨ ਨਾਲ ਚਲਾਈ ਸੀ, ਉਸ ਦੌਰਾਨ ਹੋਏ ਸਿਖਰਾਂ ਦੇ ਭ੍ਰਿਸ਼ਟਾਚਾਰ ਨਾਲ ਇਹ ਪਾਰਟੀ ਆਪ ਤਾਂ ਡੁੱਬੀ ਹੀ, ਦੇਸ਼ ਦੀ ਧਰਮ ਨਿਰਪੱਖਤਾ ਨੂੰ ਵੱਡੀ ਢਾਹ ਲੱਗਣ ਦਾ ਕਾਰਨ ਵੀ ਬਣ ਗਈ ਸੀ। ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੀ ਵਾਰੀ ਭਾਜਪਾ ਦੋ ਸੌ ਬਿਆਸੀ ਸੀਟਾਂ ਜਿੱਤ ਕੇ ਪਹਿਲੀ ਵਾਰੀ ਪਾਰਲੀਮੈਂਟ ਵਿੱਚ ਕਿਸੇ ਦੇ ਸਹਾਰੇ ਬਿਨਾਂ ਰਾਜ ਕਰਨ ਜੋਗੀ ਹੋ ਗਈ, ਓਦੋਂ ਕਾਂਗਰਸ ਲੀਡਰਸ਼ਿਪ ਨੂੰ ਕੁਝ ਸੋਚਣਾ ਚਾਹੀਦਾ ਸੀ। ਉਹ ਵਹਿਮ ਦਾ ਸ਼ਿਕਾਰ ਹੋ ਕੇ ਇਹੀ ਸੋਚਦੇ ਰਹੇ ਕਿ ਇੱਕੋ ਵਾਰੀ ਭਾਜਪਾ ਜਿੱਤਣ ਨਾਲ ਲੋਕਾਂ ਦਾ ਮਨ ਉਚਾਟ ਹੋ ਜਾਣਾ ਹੈ, ਫਿਰ ਸਾਥੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਜਿਸ ਨੂੰ ਦੇਸ਼ ਦੀ ਵਾਗ ਸੌਂਪੀ ਜਾ ਸਕੇ। ਉਹ ਲੋਕਾਂ ਵਿੱਚ ਕੰਮ ਕਰਨ ਦੀ ਥਾਂ ਪਾਰਟੀ ਦੀ ਹਾਈ ਕਮਾਨ ਵਿੱਚ ਇਹ ਪਿਆਦੇ ਫਿੱਟ ਕਰਨ ਲੱਗੇ ਰਹੇ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੇਰੇ ਹੱਥ ਫਲਾਣਾ ਰਾਜ ਆ ਜਾਵੇ ਤੇ ਫਲਾਣੀ ਪਾਰਲੀਮੈਂਟ ਸੀਟ ਮੈਂ ਆਪਣੇ ਪਰਵਾਰ ਦੇ ਫਲਾਣੇ ਜੀਅ ਲਈ ਤਿਆਰ ਕਰ ਲਵਾਂ। ਜਿਹੜੇ ਕਿਸੇ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਨਸੀਬ ਹੋ ਗਿਆ, ਉਹ ਪਾਰਟੀ ਹਾਈ ਕਮਾਨ ਨੂੰ ਵੀ ਟਿੱਚ ਜਾਣਨ ਲੱਗ ਪਿਆ ਤੇ ਹਾਈ ਕਮਾਨ ਹੌਲੀ-ਹੌਲੀ ਇਸ 'ਹਾਈ' ਵਾਲੇ ਰੁਤਬੇ ਤੋਂ 'ਲੋਅ' ਹੁੰਦੀ ਚਲੀ ਗਈ। ਤਾਜ਼ਾ ਪਾਰਲੀਮੈਂਟ ਚੋਣਾਂ ਦੀ ਹਾਰ ਤੋਂ ਬਾਅਦ ਪਾਰਟੀ ਦੇ ਬਹੁਤੇ ਲੀਡਰ ਇਸ ਹਕੀਕਤ ਨੂੰ ਮੰਨਦੇ ਹਨ, ਪਰ ਆਪਣੀ ਪਾਰਟੀ ਨੂੰ ਮੁੜ ਕੇ ਖੜੀ ਕਰਨ ਦੇ ਲਈ ਜ਼ੋਰ ਲਾਉਣ ਦੀ ਥਾਂ ਮਰਨੇ ਪਈ ਹੋਈ ਪਾਰਟੀ ਦੀ ਸਫ ਉੱਤੇ ਵੀ ਆਪਣੀ ਚੌਧਰ ਭਾਲਦੇ ਹਨ। ਨਤੀਜਾ ਇਹ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਦੇ ਬਾਅਦ ਲੱਗਭਗ ਹਰ ਇੱਕ ਰਾਜ ਵਿੱਚ ਬੜੀ ਬੁਰੀ ਤਰ੍ਹਾਂ ਪਾਟਕ ਦਾ ਸ਼ਿਕਾਰ ਹੋਈ ਪਈ ਹੈ।
ਅਸੀਂ ਪਿਛਲੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਟਕਰਾਅ ਦੀ ਸਥਿਤੀ ਪੰਜਾਬ ਵਿੱਚ ਵੇਖੀ ਹੈ। ਰਾਜਸਥਾਨ ਤੋਂ ਪੰਝੀ ਦੀਆਂ ਪੰਝੀ ਸੀਟਾਂ ਹਾਰ ਜਾਣ ਮਗਰੋਂ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਕੁਰਸੀ ਖੋਹਣ ਦੀ ਮੁਹਿੰਮ ਵਿੱਢ ਦਿੱਤੀ ਹੈ। ਇਹੋ ਲੜਾਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਕਾਂਗਰਸੀ ਸਰਕਾਰ ਵਾਲੇ ਰਾਜਾਂ ਤੋਂ ਤੁਰਦੀ ਮਰਨੇ ਪਈ ਹਾਲਤ ਵਾਲੇ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਤੇ ਨਿਤਾਣੀ ਹਾਲਤ ਵਾਲੀ ਪੱਛਮੀ ਬੰਗਾਲ ਕਾਂਗਰਸ ਦੇ ਦਫਤਰ ਤੱਕ ਜਾ ਪਹੁੰਚੀ ਹੈ। ਹਰਿਆਣਾ ਕਾਂਗਰਸ ਕਮੇਟੀ ਜਦੋਂ ਲੋਕ ਸਭਾ ਚੋਣਾਂ ਵਿੱਚ ਹਾਰ ਬਾਰੇ ਵਿਚਾਰ ਕਰਨ ਬੈਠੀ ਤਾਂ ਕੁਝ ਲੀਡਰਾਂ ਨੇ ਮੌਜੂਦਾ ਪ੍ਰਧਾਨ ਦੇ ਖਿਲਾਫ ਏਦਾਂ ਦਾ ਹੰਗਾਮਾ ਕੀਤਾ ਕਿ ਅੱਕ ਕੇ ਉਹ ਵੀ ਅੱਗੋਂ ਇਹ ਕਹਿਣ ਲੱਗ ਪਿਆ ਕਿ ਫਿਰ ਮੈਨੂੰ ਗੋਲੀ ਮਾਰ ਦਿਓ। ਦਿੱਲੀ ਕਾਂਗਰਸ ਪਾਰਟੀ ਦਾ ਭੱਠਾ ਵੀ ਪਾਰਟੀ ਦੀ ਆਪਸੀ ਖਾਨਾਜੰਗੀ ਅਤੇ ਖਾਸ ਤੌਰ ਉੱਤੇ ਇੱਕ ਸਾਬਕਾ ਮੁੱਖ ਮੰਤਰੀ ਬੀਬੀ ਦੇ ਜ਼ਿੱਦੀਪੁਣੇ ਕਾਰਨ ਬੈਠਾ ਦੱਸਿਆ ਜਾਂਦਾ ਹੈ। ਹਰ ਪਾਸੇ ਆਪਸੀ ਟਕਰਾਅ ਦਾ ਮਾਹੌਲ ਹੈ ਤੇ ਆਖਰ ਵਿੱਚ ਏਨੀ ਗੱਲ ਹਰ ਆਗੂ ਕਹਿ ਦੇਂਦਾ ਹੈ ਕਿ ਉਹ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਹੁਕਮ ਮੰਨਣਗੇ। ਉਹ ਦੋਵੇਂ ਭੈਣ-ਭਰਾ ਕਿਸੇ ਆਗੂ ਨੂੰ ਹੁਕਮ ਦੇਣ ਜੋਗੇ ਰਹਿ ਨਹੀਂ ਗਏ ਅਤੇ ਰਹਿਣਾ ਵੀ ਨਹੀਂ ਚਾਹੁੰਦੇ ਲੱਗਦੇ, ਕਿਉਂਕਿ ਲੀਡਰਾਂ ਦੇ ਪਾਏ ਹੋਏ ਹਰ ਕਿਸੇ ਪੁਆੜੇ ਦੇ ਬਾਅਦ ਬਦਨਾਮੀ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ ਤੇ ਲੀਡਰ ਫਿਰ ਲੀਡਰ ਬਣੇ ਰਹਿੰਦੇ ਹਨ।
ਉਹ ਦਿਨ ਬਹੁਤ ਪਿੱਛੇ ਰਹਿ ਗਏ ਹਨ, ਜਦੋਂ ਕਾਂਗਰਸ ਪਾਰਟੀ ਭਾਰਤ ਦੇਸ਼ ਦੀ ਆਜ਼ਾਦੀ ਲਹਿਰ ਦੀ ਅਗਵਾਈ ਦਾ ਦਾਅਵਾ ਕਰ ਕੇ ਉਸ ਦਾ ਖੱਟਿਆ ਖਾਂਦੀ ਹੁੰਦੀ ਸੀ। ਇਸ ਵੇਲੇ ਉਸ ਦੌਰ ਦੀ ਕਾਂਗਰਸ ਦੀ ਅਗਵਾਈ ਵੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਤੇ ਉਸ ਦੌਰ ਦੇ ਵੱਡੇ ਆਗੂ ਮਹਾਤਮਾ ਗਾਂਧੀ ਦੀ ਫੋਟੋ ਕਰੰਸੀ ਨੋਟਾਂ ਤੋਂ ਲਾਹੁਣ ਦੀਆਂ ਸੁਰਾਂ ਦੇ ਨਾਲ ਉਸ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਦੇਸ਼ ਭਗਤ ਕਹਿਣ ਤੇ ਵਡਿਆਉਣ ਦਾ ਚੱਕਰ ਚੱਲ ਪਿਆ ਹੈ। ਜਦੋਂ ਭਾਜਪਾ ਆਗੂ ਨਰਿੰਦਰ ਮੋਦੀ ਨੇ ਕੇਂਦਰ ਦੀ ਸੱਤਾ ਸੰਭਾਲੀ ਸੀ, ਓਦੋਂ ਪਹਿਲੀ ਵਾਰੀ ਕੇਰਲਾ ਦੇ ਭਾਜਪਾ ਦੇ ਮੈਗਜ਼ੀਨ ਵਿੱਚ ਇਹੋ ਜਿਹਾ ਲੇਖ ਛਪਿਆ ਸੀ ਕਿ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਗਲਤ ਕੀਤਾ, ਜਵਾਹਰ ਲਾਲ ਨਹਿਰੂ ਨੂੰ ਗੋਲੀ ਮਾਰਨੀ ਚਾਹੀਦੀ ਸੀ। ਭਾਜਪਾ ਨੇ ਸਿਰਫ ਏਨਾ ਕਿਹਾ ਸੀ ਕਿ ਲੇਖ ਸਾਡੇ ਮੈਗਜ਼ੀਨ ਨੇ ਜ਼ਰੂਰ ਛਾਪਿਆ ਹੈ, ਪਰ ਇਹ ਵਿਚਾਰ ਪਾਰਟੀ ਦੇ ਨਹੀਂ, ਲੇਖਕ ਦੇ ਆਪਣੇ ਹਨ, ਜਦ ਕਿ ਲੇਖਕ ਵੀ ਪਾਰਟੀ ਲੀਡਰ ਸੀ। ਅੱਜ ਕੋਈ ਓਹਲਾ ਰੱਖੇ ਬਿਨਾਂ ਮਹਾਤਮਾ ਗਾਂਧੀ ਦੇ ਕਤਲ ਨੂੰ ਵੀ ਜਾਇਜ਼ ਠਾਹਿਰਾਇਆ ਜਾਣ ਲੱਗਾ ਹੈ ਅਤੇ ਪਿਛਲੇਰੇ ਸਾਲ ਬਣਾਈ ਗਈ ਨਾਮ-ਨਿਹਾਦ ਹਿੰਦੂ ਹਾਈ ਕੋਰਟ ਦੀ ਮੁਖੀ ਪੂਜਾ ਸ਼ਕੁਨ ਪਾਂਡੇ ਨਾਂਅ ਵਾਲੀ ਬੀਬੀ ਨੇ ਗਾਂਧੀ ਦੇ ਪੁਤਲੇ ਉੱਤੇ ਸਰੇਆਮ ਗੋਲੀਆਂ ਦਾਗਣ ਦਾ ਕੰਮ ਵੀ ਕਰਨ ਤੋਂ ਝਿਜਕ ਨਹੀਂ ਵਿਖਾਈ। ਭਾਜਪਾ ਲੀਡਰਾਂ ਨੇ ਕਿਹਾ ਸੀ ਕਿ ਸਾਡਾ ਉਸ ਬੀਬੀ ਨਾਲ ਕੋਈ ਸੰਬੰਧ ਨਹੀਂ, ਪਰ ਸੋਸ਼ਲ ਮੀਡੀਆ ਉਸ ਬੀਬੀ ਦੇ ਨਾਲ ਭਾਜਪਾ ਲੀਡਰਾਂ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ।
ਇਹ ਦੌਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਲਈ ਸਿਰ ਵਿੱਚ ਠੰਢਾ ਪਾਣੀ ਪਾ ਕੇ ਸੋਚਣ ਦਾ ਹੈ, ਜਦੋਂ ਭਾਰਤ ਨੂੰ 'ਕਾਂਗਰਸ ਮੁਕਤ' ਕਰਨ ਦਾ ਨਾਅਰਾ ਦੇਣ ਵਾਲੇ ਨਰਿੰਦਰ ਮੋਦੀ ਨੂੰ ਕੁਝ ਕਰਨ ਦੀ ਲੋੜ ਨਹੀਂ, ਕਾਂਗਰਸ ਦੇ ਆਗੂ ਖੁਦ ਇਹ ਕੰਮ ਕਰਨ ਰੁੱਝੇ ਜਾਪਦੇ ਹਨ। ਕਾਂਗਰਸ ਇਸ ਵਕਤ ਹੋਂਦ ਕਾਇਮ ਰੱਖਣ ਦੀ ਜਿਹੜੀ ਲੜਾਈ ਲੜ ਰਹੀ ਹੈ, ਉਸ ਵਿੱਚ ਹੋਰ ਕੁਝ ਵੀ ਕਰਨੋਂ ਪਹਿਲਾਂ ਉਸ ਨੂੰ ਆਪਣੇ ਅੰਦਰ ਦੀ ਸਫਾਈ ਕਰਨੀ ਪੈਣੀ ਹੈ। ਰਾਹੁਲ ਗਾਂਧੀ ਇਸ ਕੰਮ ਲਈ ਯੋਗ ਵਿਅਕਤੀ ਨਹੀਂ ਤੇ ਇਕੱਲਾ ਉਹ ਕੁਝ ਕਰਨ ਜੋਗਾ ਹੋ ਜਾਵੇਗਾ, ਇਹ ਗੱਲ ਸੋਚੀ ਤੱਕ ਨਹੀਂ ਜਾ ਸਕਦੀ, ਪਰ ਹੋਰ ਉਸ ਨਾਲ ਖੜੋਵੇਗਾ ਕੌਣ, ਕੋਈ ਦਿੱਸਦਾ ਵੀ ਨਹੀਂ। ਬਹੁਤ ਹੀ ਔਝੜ ਦੇ ਦੌਰ ਤੋਂ ਲੰਘ ਰਹੀ ਹੈ ਕਾਂਗਰਸ ਪਾਰਟੀ।