ਲੋਕਤੰਤਰੀ ਪ੍ਰਕਿਰਿਆ ਦੇ ਪਹਿਲੇ ਦੋ ਗੇੜ ਲੰਘਣ ਤੱਕ ਹਾਲਾਤ ਦਾ ਵਹਿਣ ਸੁਲੱਖਣਾ ਨਹੀਂ ਜਾਪਿਆ - ਜਤਿੰਦਰ ਪਨੂੰ
ਬਿਨਾਂ ਸ਼ੱਕ ਬਹੁਤ ਸਾਰੇ ਵਿਸ਼ਲੇਸ਼ਣਕਾਰ ਇਹ ਗੱਲ ਲਿਖਣ ਤੱਕ ਚਲੇ ਜਾਂਦੇ ਹਨ ਕਿ ਇਸ ਵਾਰ ਕੇਂਦਰ ਦੀ ਸੱਤਾ ਮੁੜ ਕੇ ਸੰਭਾਲਣ ਦਾ ਨਰਿੰਦਰ ਮੋਦੀ ਦਾ ਸੁਫਨਾ ਪੂਰਾ ਨਹੀਂ ਹੋ ਸਕਣਾ, ਅਸੀਂ ਇਹ ਸਮਝਦੇ ਹਾਂ ਕਿ ਅਜੇ ਏਦਾਂ ਦੀ ਗੱਲ ਕਹਿਣ ਦਾ ਸਮਾਂ ਨਹੀਂ ਆਇਆ। ਫਿਰ ਵੀ ਇਹ ਜ਼ਰੂਰ ਹੈ ਕਿ ਏਦਾਂ ਦੇ ਅੰਦਾਜ਼ੇ ਲੱਗਣ ਦੇ ਹਾਲਾਤ ਬਣਨ ਦੀ ਸ਼ੁਰੂਆਤ ਹੋ ਗਈ ਹੈ, ਜਿੱਥੇ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਲਗਾਤਾਰ ਦੂਸਰੀ ਜਿੱਤ ਪੱਕੀ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਸੋਚਣ ਲੱਗ ਜਾਂਦੇ ਹਨ। ਇੱਕ ਵੱਡੀ ਗੱਲ ਨੋਟ ਕਰਨ ਦੀ ਇਹ ਹੈ ਕਿ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਮਨ ਦੀ ਗੱਲ ਕਹਿਣ ਵੇਲੇ ਅੱਗਾ-ਪਿੱਛਾ ਵੇਖ ਕੇ ਬੋਲਦੇ ਹਨ ਅਤੇ ਭਾਰਤ ਵਿੱਚ ਏਦਾਂ ਦਾ ਮਾਹੌਲ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ, ਜਿਸ ਬਾਰੇ ਮੁਹਾਵਰਾ ਪ੍ਰਚੱਲਤ ਹੈ ਕਿ 'ਕੰਧਾਂ ਵੀ ਸੁਣਦੀਆਂ ਹਨ, ਇਸ ਲਈ ਜ਼ਰਾ ਸੋਚ ਕੇ ਬੋਲਣਾ ਚਾਹੀਦਾ ਹੈ।' ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਪੱਖ ਦੀਆਂ ਕੱਟੜਪੰਥੀ ਤਾਕਤਾਂ ਏਡੀ ਖੁੱਲ੍ਹੀ ਅਤੇ ਏਨੀ ਅਣਸੁਖਾਵੀਂ ਭਾਸ਼ਾ ਵਿੱਚ ਆਪਣੀ ਗੱਲ ਕਹਿਣ ਲੱਗ ਪਈਆਂ ਹਨ ਕਿ ਉਨ੍ਹਾਂ ਦੀ ਕਾਟ ਕਰਨ ਵਾਲੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਮੂੰਹ-ਪਾਟੇ ਲੋਕ ਸਾਨੂੰ ਵੀ 'ਦੇਸ਼ ਧਰੋਹੀ' ਕਹਿ ਕੇ ਮਗਰ ਨਾ ਪੈ ਜਾਣ। ਪੰਜਾਬੀ ਦੇ ਅਖਾਣ ਕਿ 'ਲੱਜ ਰਖੰਦਾ ਅੰਦਰ ਵੜੇ ਤੇ ਮੂਰਖ ਆਖੇ ਮੈਥੋਂ ਡਰੇ' ਵਾਲੀ ਹਾਲਤ ਜਿਸ ਤਰ੍ਹਾਂ ਬਣਦੀ ਜਾਂਦੀ ਹੈ, ਉਸ ਦੀ ਇੱਕ ਝਲਕ ਇਸ ਹਫਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਾਧਵੀ ਪ੍ਰਗਿਆ ਦੀ ਪ੍ਰੈੱਸ ਕਾਨਫਰੰਸ ਤੋਂ ਮਿਲ ਗਈ ਹੈ।
ਕੇਸ ਅਦਾਲਤ ਵਿੱਚ ਹੋਣ ਕਾਰਨ ਅਸੀਂ ਇਹ ਗੱਲ ਨਹੀਂ ਕਹਿ ਰਹੇ ਕਿ ਸਾਧਵੀ ਪ੍ਰਗਿਆ ਸਿੰਘ ਠਾਕਰ ਉਸ ਕੇਸ ਵਿੱਚ ਦੋਸ਼ੀ ਸੀ ਜਾਂ ਨਹੀਂ, ਪਰ ਜਿਹੜੇ ਕੇਸ ਵਿੱਚ ਉਹ ਦਸ ਸਾਲ ਜੇਲ੍ਹ ਵਿੱਚ ਰਹਿ ਕੇ ਆਈ ਹੈ, ਉਹ ਅਜੇ ਸਿਰੇ ਨਹੀਂ ਲੱਗ ਸਕਿਆ। ਉਹ ਜ਼ਮਾਨਤ ਉੱਤੇ ਬਾਹਰ ਆਈ ਤਾਂ ਉਸ ਨੂੰ ਭਾਜਪਾ ਨੇ ਭੋਪਾਲ ਤੋਂ ਪਾਰਲੀਮੈਂਟ ਚੋਣ ਲਈ ਉਮੀਦਵਾਰ ਬਣਾ ਦਿੱਤਾ ਹੈ। ਬੀਬੀ ਨੇ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਹੀ ਆਪਣੇ ਅਸਲੀ ਰੰਗ ਦਿਖਾ ਦਿੱਤੇ ਹਨ। ਪਹਿਲ ਉਸ ਨੇ ਆਪਣੇ ਕੇਸ ਦੇ ਹਵਾਲੇ ਨਾਲ ਕੀਤੀ ਅਤੇ ਉਸ ਕੇਸ ਦੇ ਤਫਤੀਸ਼ੀ ਅਫਸਰ ਹੇਮੰਤ ਕਰਕਰੇ ਦੇ ਖਿਲਾਫ ਏਦਾਂ ਦੀ ਭੜਾਸ ਕੱਢੀ ਹੈ ਕਿ ਉਸ ਸਾਧਵੀ ਨੂੰ ਟਿਕਟ ਦੇਣ ਵਾਲੇ ਵੀ ਦੰਦਾਂ ਨਾਲ ਉਂਗਲਾਂ ਟੁੱਕਣ ਲੱਗੇ ਸਨ। ਹੇਮੰਤ ਕਰਕਰੇ ਇਸ ਦੇਸ਼ ਦੇ ਲੋਕਾਂ ਦੀ ਨਜ਼ਰ ਵਿੱਚ ਹੀਰੋ ਹੈ, ਦੇਸ਼ ਲਈ ਆਪਣੀ ਜਾਨ ਵਾਰਨ ਵਾਲਾ ਸ਼ਹੀਦ ਹੈ ਤੇ ਉਸ ਨੂੰ ਸਾਧਵੀ ਪ੍ਰਗਿਆ ਸਿੰਘ ਨੇ 'ਦੇਸ਼ ਧਰੋਹੀ' ਕਹਿ ਕੇ ਦਹਿਸ਼ਤਗਰਦਾਂ ਦੀ ਗੋਲੀ ਦੀ ਬਜਾਏ ਆਪਣੇ ਦਿੱਤੇ ਹੋਏ ਸਰਾਪ ਦੇ ਸੂਤਕ ਨਾਲ ਮਰਿਆ ਕਿਹਾ ਤੇ ਇਸ ਦੇ ਹਾਸੋਹੀਣੇ ਵੇਰਵੇ ਸੁਣਾਏ ਹਨ। ਬੀਬੀ ਕਹਿੰਦੀ ਹੈ ਕਿ ਉਸ ਨੇ ਮੈਨੂੰ ਜੇਲ੍ਹ ਭੇਜਿਆ ਤਾਂ ਮੈਂ ਓਦੋਂ ਕਿਹਾ ਸੀ ਕਿ 'ਤੇਰਾ ਸਰਬ ਨਾਸ ਹੋਵੇਗਾ' ਤੇ ਮੈਂ ਜਿਹੜਾ ਸਰਾਪ ਦਿੱਤਾ ਸੀ, ਉਸ ਦਾ ਸੂਤਕ ਸਵਾ ਮਹੀਨਾ ਚੱਲਦਾ ਹੈ, ਮੇਰੇ ਜੇਲ੍ਹ ਜਾਣ ਪਿੱਛੋਂ ਜਿਸ ਦਿਨ ਸਵਾ ਮਹੀਨਾ ਪੂਰਾ ਹੋਇਆ, ਉਸ ਦੀ ਮੌਤ ਹੋ ਗਈ। ਭਾਰਤ ਦੇਸ਼ ਇਹ ਸਮਝਦਾ ਸੀ ਕਿ ਮੁੰਬਈ ਵਿੱਚ ਹੋਏ ਬੜੇ ਵੱਡੇ ਹਮਲੇ ਵੇਲੇ ਅੱਤਵਾਦੀਆਂ ਨਾਲ ਲੜਦਾ ਹੇਮੰਤ ਕਰਕਰੇ ਦਹਿਸ਼ਤਗਰਦਾਂ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ, ਸਾਧਵੀ ਪ੍ਰਗਿਆ ਕਹਿ ਰਹੀ ਹੈ ਕਿ ਉਸ ਨੂੰ ਮੈਂ ਸਰਾਪ ਦੇ ਸੂਤਕ ਨਾਲ ਮਾਰਿਆ ਸੀ। ਭਾਰਤ ਦੇਸ਼ ਦਾ ਸਾਰਿਆਂ ਤੋਂ ਵੱਡਾ ਬਹਾਦਰੀ ਐਵਾਰਡ ਜੰਗ ਦੌਰਾਨ ਪਰਮਵੀਰ ਚੱਕਰ ਹੁੰਦਾ ਹੈ ਅਤੇ ਜਦੋਂ ਕੋਈ ਜੰਗ ਨਾ ਲੱਗੀ ਹੋਵੇ, ਆਪਣੇ ਦੇਸ਼ ਦੀ ਰਾਖੀ ਲਈ ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਨੂੰ ਅਸ਼ੋਕ ਚੱਕਰ ਦਿੱਤਾ ਜਾਂਦਾ ਹੈ। ਹੇਮੰਤ ਕਰਕਰੇ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਦਿੱਤਾ ਗਿਆ ਸੀ। ਸਾਧਵੀ ਪ੍ਰਗਿਆ ਦੇ ਇਨ੍ਹਾਂ ਸ਼ਬਦਾਂ ਕਾਰਨ ਇਸ ਐਵਾਰਡ ਦੀ ਸ਼ਾਨ ਵੀ ਘਟ ਗਈ, ਹੇਮੰਤ ਕਰਕਰੇ ਦੀ ਸ਼ਹੀਦੀ ਨੂੰ ਦਾਗ ਵੀ ਲੱਗ ਗਿਆ ਤੇ ਭਾਜਪਾ ਲੀਡਰ ਏਨੀ ਗੱਲ ਨਾਲ ਹਰ ਜ਼ਿਮੇਵਾਰੀ ਨੂੰ ਤਿਲਕਾ ਗਏ ਕਿ ਇਹ ਸਾਧਵੀ ਦੇ ਨਿੱਜੀ ਵਿਚਾਰ ਹਨ। ਕਮਾਲ ਦੀ ਪਾਰਟੀ ਹੈ।
ਅਸਲ ਵਿੱਚ ਕਮਾਲ ਦੀ ਪਾਰਟੀ ਨਹੀਂ, ਕਮਾਲ ਦੀ ਵਿਚਾਰਧਾਰਾ ਵਾਲੀ ਰਾਜਨੀਤੀ ਹੈ, ਜਿਸ ਵਿੱਚ ਇੱਕ ਆਗੂ ਕੁਝ ਕਹਿੰਦਾ ਨਹੀਂ, ਉਸ ਤੋਂ ਕਹਾਇਆ ਜਾਂਦਾ ਹੈ ਤੇ ਪਾਰਟੀ ਉਸ ਨੂੰ ਉਸ ਦੇ ਨਿੱਜੀ ਵਿਚਾਰ ਕਹਿ ਕੇ ਕੁਝ ਚਿਰ ਪਿੱਛੋਂ ਕਿਸੇ ਹੋਰ ਆਗੂ ਤੋਂ ਉਸ ਨਾਲੋਂ ਵੀ ਅਗਲੀ ਗੱਲ ਅਖਵਾ ਦੇਂਦੀ ਹੈ। ਇਸ ਤਰ੍ਹਾਂ ਉਹ ਲੋਕ ਹੌਲੀ-ਹੌਲੀ ਦੇਸ਼ ਦੇ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਕਰਦੇ ਤੇ ਕਦਮ-ਕਦਮ ਅੱਗੇ ਵੱਲ ਵਧੀ ਜਾਂਦੇ ਹਨ। ਪੰਜ ਸਾਲ ਪਹਿਲਾਂ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਆਗੂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਨਾਲ ਅੱਠ ਸੌ ਸਾਲਾਂ ਪਿੱਛੋਂ ਹਿੰਦੂ ਰਾਜ ਪਰਤਿਆ ਹੈ ਤਾਂ ਵਿਰੋਧ ਹੋਣ ਉੱਤੇ ਭਾਜਪਾ ਲੀਡਰਸ਼ਿਪ ਨੇ ਇਸ ਨੂੰ ਉਸ ਦਾ ਨਿੱਜੀ ਵਿਚਾਰ ਕਿਹਾ ਸੀ। ਫਿਰ ਕੁਝ ਚਿਰ ਲੰਘਾ ਕੇ ਇਹੋ ਗੱਲ ਹੋਰ ਆਗੂ ਵੀ ਆਪਣੇ ਭਾਸ਼ਣਾਂ ਵਿੱਚ ਇਸ ਤਰ੍ਹਾਂ ਜੋੜ ਕੇ ਬੋਲਣ ਲੱਗ ਪਏ ਕਿ ਭਾਰਤ ਦੇ ਹਿੰਦੂਆਂ ਨੇ ਅੱਠ ਸੌ ਸਾਲ ਜ਼ਿਆਦਤੀਆਂ ਝੱਲੀਆਂ ਹਨ, ਨਰਿੰਦਰ ਮੋਦੀ ਦੇ ਆਏ ਤੋਂ ਜ਼ਿਆਦਤੀਆਂ ਰੁਕੀਆਂ ਹਨ। ਇਸ ਦਾ ਭਾਵ ਇਹ ਸੀ ਕਿ ਅੱਠ ਸੌ ਸਾਲਾਂ ਬਾਅਦ ਏਦਾਂ ਦਾ ਰਾਜ ਆਇਆ ਹੈ, ਜਿਸ ਨੂੰ ਹਿੰਦੂ ਆਪਣਾ ਰਾਜ ਮੰਨ ਸਕਦੇ ਹਨ, ਪਰ ਇਹ ਗੱਲ ਸਿੱਧੀ ਨਹੀਂ ਸੀ ਕਹੀ ਜਾਂਦੀ, ਭਾਸ਼ਣਾਂ ਵਿੱਚ ਲੱਛੇਦਾਰ ਢੰਗ ਨਾਲ ਵਲਾਵਾਂ ਪਾ ਕੇ ਕਹੀ ਜਾਂਦੀ ਸੀ।
ਅੱਜ ਕੱਲ੍ਹ ਸ਼ਬਦਾਵਲੀ ਕਿਹੋ ਜਿਹੀ ਵਰਤੀ ਜਾਂਦੀ ਹੈ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਉਸ ਦੀ ਇੱਕ ਮਿਸਾਲ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਯੋਗੀ ਦੀ ਬੇਹੂਦਾ ਸ਼ਬਦਾਵਲੀ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਗਿਆ ਸੀ ਤਾਂ ਓਥੋਂ ਪਈ ਝਾੜ ਪਿੱਛੋਂ ਚੋਣ ਕਮਿਸ਼ਨ ਨੇ ਯੋਗੀ ਸਮੇਤ ਚਾਰ ਲੀਡਰਾਂ ਉੱਤੇ ਕੁਝ ਸਮਾਂ ਚੋਣ ਪ੍ਰਚਾਰ ਕਰਨ ਉਤੇ ਰੋਕ ਲਾ ਦਿੱਤੀ ਸੀ। ਤਿੰਨ ਦਿਨਾਂ ਦੀ ਪਾਬੰਦੀ ਮੁੱਕਦੇ ਸਾਰ ਯੋਗੀ ਫਿਰ ਆਪਣੇ ਰੰਗ ਵਿੱਚ ਆ ਗਿਆ। ਉਸ ਨੇ ਇੱਕ ਹਲਕੇ ਵਿੱਚ ਵਿਰੋਧੀ ਧਿਰ ਦੇ ਮੁਸਲਮਾਨ ਉਮੀਦਵਾਰ ਬਾਰੇ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਮੈਂਬਰ ਸਾਂ, ਇਹ ਆਗੂ ਵੀ ਪਾਰਲੀਮੈਂਟ ਮੈਂਬਰ ਸੀ ਤੇ ਇਸ ਨੇ ਮੈਨੂੰ ਆਪ ਇਹ ਗੱਲ ਕਹੀ ਸੀ ਕਿ ਅਸੀਂ ਬਾਬਰ ਨੂੰ ਵਡੇਰਾ ਮੰਨਦੇ ਹਾਂ। ਇਹ ਕਹਿਣ ਦੇ ਬਾਅਦ ਯੋਗੀ ਨੇ ਅਗਲੀ ਗੱਲ ਇਹ ਕਹਿ ਦਿੱਤੀ ਕਿ ਭਾਰਤ ਦੇ ਲੋਕਾਂ ਦੀ ਜ਼ਿਮੇਵਾਰੀ ਹੈ ਕਿ ਬਾਬਰ ਦੀ ਔਲਾਦ ਇਸ ਦੇਸ਼ ਦੀ ਰਾਜ ਸੱਤਾ ਤੋਂ ਦੂਰ-ਦੂਰ ਰੱਖੀ ਜਾਵੇ। ਉਸ ਆਗੂ ਨੇ ਆਪਣੇ ਆਪ ਨੂੰ 'ਬਾਬਰ ਦੀ ਔਲਾਦ' ਕਿਹਾ ਜਾਂ ਯੋਗੀ ਨੇ ਸਾਧਵੀ ਪ੍ਰਗਿਆ ਵਾਂਗ ਆਪਣੇ ਮਨ ਦੀ ਭਾਵਨਾ ਮੁਤਾਬਕ ਕਿੱਸਾ ਘੜ ਕੇ ਸਾਹਮਣੇ ਬੈਠੇ ਲੋਕਾਂ ਨੂੰ ਭੜਕਾਉਣ ਲਈ ਦਾਅ ਖੇਡਿਆ, ਇਹ ਤਾਂ ਪਤਾ ਨਹੀਂ, ਪਰ ਇਸ ਨਾਲ ਉਹੀ ਰਾਜਨੀਤੀ ਖੇਡੀ ਗਈ ਹੈ, ਜਿਸ ਕਾਰਨ ਅੱਜ ਕੱਲ੍ਹ ਇਸ ਤਰ੍ਹਾਂ ਦੀ ਦਹਿਸ਼ਤ ਮਹਿਸੂਸ ਕੀਤੀ ਜਾਣ ਲੱਗ ਪਈ ਹੈ ਕਿ ਪੰਜਾਬੀ ਦੇ ਅਖਾਣ ਮੁਤਾਬਕ ਕੰਧਾਂ ਸੁਣਦੀਆਂ ਹੋਣ ਦਾ ਖਤਰਾ ਸਮਝਣ ਵਾਲੇ ਲੋਕ ਵਾਹਵਾ ਸੋਚ ਕੇ ਅਤੇ ਆਸਾ-ਪਾਸਾ ਵੇਖ ਕੇ ਬੋਲਣ ਵਿੱਚ ਗਨੀਮਤ ਸਮਝਣ ਲੱਗੇ ਹਨ।
ਸਾਡੀ ਇਹ ਲਿਖਤ ਉਸ ਵਕਤ ਦੇ ਹਾਲਾਤ ਪੇਸ਼ ਕਰਨ ਦਾ ਯਤਨ ਹੈ, ਜਦੋਂ ਪਾਰਲੀਮੈਂਟ ਚੋਣਾਂ ਦੇ ਦੋ ਗੇੜਾਂ ਵਿੱਚ ਸਿਰਫ ਸਿਰਫ ਇੱਕ ਸੌ ਛਿਆਸੀ ਸੀਟਾਂ ਲਈ ਵੋਟਿੰਗ ਹੋਈ ਤੇ ਤਿੰਨ ਸੌ ਸਤਵੰਜਾ ਸੀਟਾਂ ਦੀ ਅਜੇ ਹੋਣੀ ਹੈ। ਅਗਲੇ ਪੰਜਾਂ ਦੌਰਾਂ ਦੌਰਾਨ ਕੀ ਹੋਵੇਗਾ, ਇਸ ਤੋਂ ਕੁਝ-ਕੁਝ ਅੰਦਾਜ਼ਾ ਲੱਗ ਸਕਦਾ ਹੈ। ਹਾਲਾਤ ਇਸ ਵਾਰੀ ਇਸ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਲਈ ਸੁਖਾਵੇਂ ਨਹੀਂ ਜਾਪਦੇ। ਕੱਲ੍ਹ ਨੂੰ ਕੀ ਹੋਵੇਗਾ, ਸਿਰਫ ਸੁੱਖ ਹੀ ਮੰਗੀ ਜਾ ਸਕਦੀ ਹੈ।
21 April 2019