ਚਿਰਾਂ ਤੱਕ ਕੰਨਾਂ ਵਿੱਚ ਗੂੰਜਦਾ ਰਹੇਗਾ ਇਸ ਵਾਰ ਦੀਆਂ ਚੋਣਾਂ ਦਾ ਬੇਸੁਰਾ ਰੌਲਾ-ਗੌਲਾ - ਜਤਿੰਦਰ ਪਨੂੰ
ਜਿਵੇਂ ਕੋਈ ਵਾਵਰੋਲਾ ਲੰਘ ਜਾਵੇ ਤਾਂ ਉਸ ਨਾਲ ਪਿਆ ਗੰਦ ਬਾਅਦ ਵਿੱਚ ਵੀ ਗਲੀਆਂ-ਬਾਜ਼ਾਰਾਂ ਵਿੱਚ ਦਿਖਾਈ ਦੇਂਦਾ ਹੈ, ਉਵੇਂ ਹੀ ਵਾਵਰੋਲੇ ਵਰਗੀ ਇਸ ਵਾਰ ਦੀ ਚੋਣ ਮੁਹਿੰਮ ਲੰਘ ਜਾਣ ਵੇਲੇ ਚੋਖਾ ਗੰਦ ਖਿਲਾਰ ਗਈ ਹੈ, ਜਿਸ ਨੇ ਕਈ ਦਿਨ ਚਰਚਾ ਦਾ ਵਿਸ਼ਾ ਬਣੇ ਰਹਿਣਾ ਹੈ। ਚੋਣ ਕਿਸੇ ਵੀ ਲੋਕਤੰਤਰ ਵਿੱਚ ਇੱਕ ਪਵਿੱਤਰ ਪ੍ਰਕਿਰਿਆ ਦੇ ਤੌਰ ਉੱਤੇ ਜਾਣੀ ਜਾਂਦੀ ਹੈ, ਪਰ ਅਸੀਂ ਜਿਹੋ ਜਿਹੇ ਲੋਕਤੰਤਰ ਵਿੱਚ ਵੱਸਦੇ ਹਾਂ, ਜਿੱਥੇ ਅਰਥਾਂ ਦੇ ਅਨਰਥ ਕਰਨ ਦਾ ਕੰਮ ਜ਼ਿਆਦਾ ਹੁੰਦਾ ਹੈ, ਉਸ ਵਿੱਚ ਲੋਕਤੰਤਰੀ ਪ੍ਰਕਿਰਿਆ ਵੀ ਓਸੇ ਵਰਗੀ ਹੁੰਦੀ ਹੈ। ਹਰ ਚੋਣ ਵੇਲੇ ਅਸੀਂ ਇਹ ਸੁਣ ਲੈਂਦੇ ਸਾਂ ਕਿ ਜੋ ਕੁਝ ਐਤਕੀਂ ਵਾਪਰਿਆ ਹੈ, ਅੱਗੇ ਕਦੇ ਵਾਪਰਿਆ ਨਹੀਂ ਸੀ, ਪਰ ਅਗਲੀ ਵਾਰੀ ਉਸ ਤੋਂ ਵੀ ਵੱਧ ਹੋਣ ਨਾਲ ਇਹੋ ਕੁਝ ਫਿਰ ਕਹਿਣਾ ਪੈ ਜਾਂਦਾ ਹੈ। ਭਾਰਤ ਦੀ ਹਰ ਕੋਈ ਸਰਕਾਰ ਕਹਿੰਦੀ ਰਹੀ ਹੈ ਕਿ ਦੇਸ਼ ਅੱਗੇ ਜਾ ਰਿਹਾ ਹੈ, ਪਰ ਦੇਸ਼ ਅੱਗੇ ਵਧੇ ਜਾਂ ਨਾ, ਲੋਕਤੰਤਰੀ ਪ੍ਰਕਿਰਿਆ ਦੇ ਦਾਗੀ ਹੋਣ ਦਾ ਅਮਲ ਹਰ ਵਾਰੀ ਅੱਗੇ ਵਧੀ ਜਾਂਦਾ ਹੈ।
ਲੋਕਤੰਤਰ ਦੇ ਅਕਸ ਨੂੰ ਦਾਗੀ ਹੋਣ ਤੋਂ ਬਚਾਉਣ ਦੇ ਜਿੰਨੇ ਕੁ ਪ੍ਰਬੰਧ ਕਿਸੇ ਵੀ ਹੋਰ ਦੇਸ਼ ਵਿੱਚ ਕੀਤੇ ਮਿਲਣਗੇ, ਓਨੇ ਹੀ ਜਾਂ ਸ਼ਾਇਦ ਉਸ ਤੋਂ ਵੱਧ ਕਰਨ ਦਾ ਦਾਅਵਾ ਭਾਰਤ ਵਿੱਚ ਵੀ ਕੀਤਾ ਜਾਂਦਾ ਹੈ। ਜਿੰਨੇ ਮਰਜ਼ੀ ਪ੍ਰਬੰਧ ਹੁੰਦੇ ਜਾਣ, ਅਮਲ ਵਿੱਚ ਲਾਗੂ ਕਰਨ ਦਾ ਕੰਮ ਤਾਂ ਉਨ੍ਹਾਂ ਇਨਸਾਨਾਂ ਨੇ ਕਰਨਾ ਹੁੰਦਾ ਹੈ, ਜਿਹੜੇ ਅਮਲ ਕਰਨ ਵੇਲੇ ਹਾਕਮਾਂ ਦੇ ਦਾਬੇ ਅੱਗੇ ਜਾਂ ਫਿਰ ਇਹ ਅਹੁਦਾ ਦਿਵਾਉਣ ਵਾਲਿਆਂ ਦੇ ਅਹਿਸਾਨ ਅੱਗੇ ਝੁਕੇ ਹੋਏ ਹੁੰਦੇ ਹਨ। ਇਸ ਵਕਤ ਦਾ ਚੋਣ ਕਮਿਸ਼ਨ ਇਸ ਦੀ ਸਾਰਿਆਂ ਤੋਂ ਉੱਘੀ ਮਿਸਾਲ ਸਾਬਤ ਹੋ ਗਿਆ ਹੈ। ਉਸ ਕੋਲ ਸ਼ਿਕਾਇਤਾਂ ਜਾਂਦੀਆਂ ਸਨ ਤੇ ਕੋਈ ਕਾਰਵਾਈ ਹੀ ਨਹੀਂ ਸੀ ਕਰਦਾ ਤੇ ਜਦੋਂ ਸੁਪਰੀਮ ਕੋਰਟ ਨੇ ਝਿੜਕ ਮਾਰੀ ਤਾਂ ਏਦਾਂ ਦੀ ਕਾਰਵਾਈ ਕਰਨ ਦੇ ਰਾਹ ਪੈ ਗਿਆ ਕਿ ਦੇਸ਼ ਦੀ ਵਾਗ ਸੰਭਾਲਣ ਵਾਲੀ ਪਾਰਟੀ ਦਾ ਇੱਕ ਅੱਡਾ ਜਾਪਣ ਲੱਗ ਪਿਆ ਸੀ। ਆਖਰੀ ਇੱਕ ਹਫਤਾ ਉਸ ਦੇ ਅਮਲਾਂ ਨੇ ਚੋਣ ਕਮਿਸ਼ਨ ਦੀ ਇੱਕ ਪਾਰਟੀ ਦੇ ਹੱਕ ਵਿੱਚ ਦੁਰਵਰਤੋਂ ਦਾ ਕੋਈ ਰਿਕਾਰਡ ਹੀ ਬਣਾ ਦੇਣਾ ਜਾਪਦਾ ਸੀ।
ਦੂਸਰਾ ਪੱਖ ਸਰਕਾਰੀ ਮਸ਼ੀਨਰੀ ਦਾ ਹੈ, ਜਿਸ ਨੂੰ ਹਰ ਪਾਰਟੀ ਨੇ ਆਪੋ ਆਪਣੇ ਰਾਜ ਵਿੱਚ ਹਮੇਸ਼ਾ ਵਰਤਣ ਦਾ ਦਾਅ ਵਰਤਿਆ ਹੈ, ਪਰ ਇਸ ਵਾਰੀ ਇਹ ਕੰਮ ਵੀ ਸਿਖਰਾਂ ਛੋਹ ਗਿਆ। ਆਖਰੀ ਹਫਤੇ ਵਿੱਚ ਇਸ ਦੀ ਅਸਲੀ ਵੰਨਗੀ ਪੱਛਮੀ ਬੰਗਾਲ ਵਿੱਚ ਵੇਖਣ ਨੂੰ ਮਿਲੀ। ਇੱਕ ਪਾਸੇ ਕੇਂਦਰ ਦੀਆਂ ਏਜੰਸੀਆਂ ਭਾਜਪਾ ਨੂੰ ਜਿਤਾਉਣ ਲਈ ਸਰਗਰਮੀ ਫੜ ਤੁਰੀਆਂ ਅਤੇ ਦੂਸਰੇ ਪਾਸੇ ਪੱਛਮੀ ਬੰਗਾਲ ਦੇ ਸਰਕਾਰੀ ਅਫਸਰਾਂ ਦਾ ਇੱਕ ਵੱਡਾ ਹਿੱਸਾ ਬੀਬੀ ਮਮਤਾ ਬੈਨਰਜੀ ਦੇ ਦਾਬੇ ਹੇਠ ਕਾਨੂੰਨ ਨੂੰ ਪੈਰਾਂ ਹੇਠ ਰੋਲਣ ਤੱਕ ਪਹੁੰਚ ਗਿਆ। ਦੁਵੱਲੀ ਲੜਾਈ ਨੇ ਨੁਕਸਾਨ ਲੋਕਾਂ ਦਾ ਕੀਤਾ। ਸਤਿਕਾਰ ਦੇ ਪ੍ਰਤੀਕ ਵਿਦਿਆਸਾਗਰ ਵਰਗੇ ਮਹਾਨ ਇਨਸਾਨ ਦੀ ਮੂਰਤੀ ਵੀ ਇਸੇ ਖੇਡ ਵਿੱਚ ਤੋੜੀ ਗਈ। ਚੋਣਾਂ ਬਹੁਤ ਵਾਰੀ ਆਈਆਂ ਹਨ ਤੇ ਬਹੁਤ ਵਾਰੀ ਫੇਰ ਵੀ ਆਉਣਗੀਆਂ, ਪਰ ਜਿੰਨਾ ਨੁਕਸਾਨ ਸੱਭਿਆਚਾਰਕ ਵਿਰਾਸਤ ਤੇ ਭਾਈਚਾਰਕ ਸਾਂਝ ਨੂੰ ਤਰੇੜਾਂ ਦੇ ਪੱਖ ਤੋਂ ਹੋ ਗਿਆ ਹੈ, ਉਸ ਨੂੰ ਮਿਣਿਆ ਵੀ ਨਹੀਂ ਜਾ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੀ ਚਿੰਤਾ ਨਾ ਓਥੇ ਰਾਜ ਕਰਦੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਬੀਬੀ ਮਮਤਾ ਬੈਨਰਜੀ ਨੂੰ ਹੈ, ਨਾ ਭਾਜਪਾ ਆਗੂਆਂ ਨੂੰ। ਸਿਖਰਲੇ ਹਕੂਮਤੀ ਤਖਤ ਵੱਲ ਦੌੜ ਵਿੱਚ ਇਨ੍ਹਾਂ ਦੋਵਾਂ ਧਿਰਾਂ ਦੇ ਆਗੂਆਂ ਨੂੰ ਹੋਰ ਕਿਸੇ ਗੱਲ ਬਾਰੇ ਚਿੰਤਾ ਹੀ ਨਹੀਂ ਸੀ।
ਤੀਸਰਾ ਪੱਖ ਇਸ ਚੋਣ ਵਿੱਚ ਹੱਦੋਂ ਵੱਧ ਨੀਵੀਂ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਸੀ। ਕਈ ਵਾਰੀ ਭਾਸ਼ਣਾਂ ਵਿੱਚ ਗਾਲ੍ਹਾਂ ਵਰਗੀ ਬੋਲੀ ਵਰਤੀ ਜਾਂਦੀ ਸੀ ਤੇ ਕੁਝ ਥਾਂਈਂ ਸਿੱਧੀ ਗਾਲ੍ਹ ਵੀ ਕੱਢ ਦੇਣ ਦੀ ਖਬਰ ਆਈ ਸੀ। ਇੱਕ ਆਗੂ ਏਸੇ ਰੌਂਅ ਵਿੱਚ ਦੂਸਰੀ ਪਾਰਟੀ ਦੇ ਆਗੂ ਨੂੰ ਮਾਂ ਦੀ ਗੰਦੀ ਗਾਲ੍ਹ ਕੱਢ ਗਿਆ ਤੇ ਫਿਰ ਇਹ ਕਹਿਣ ਲੱਗ ਪਿਆ ਕਿ ਮੈਂ ਵਿਰੋਧ ਦੀ ਧਿਰ ਦੇ ਆਗੂ ਬਾਰੇ ਕਿਸੇ ਵੱਲੋਂ ਆਇਆ ਮੈਸੇਜ ਪੜ੍ਹ ਰਿਹਾ ਸਾਂ, ਗਾਲ੍ਹ ਉਸ ਵਿੱਚ ਲਿਖੀ ਹੋਣ ਕਾਰਨ ਪੜ੍ਹੀ ਗਈ ਹੈ ਤੇ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ। ਹੇਠਲਿਆਂ ਦੀ ਗੱਲ ਕੀ ਕਰਨੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਨੂੰ ਕੋਈ ਭੱਦੀ ਗੱਲ ਕਹੀ ਤਾਂ ਅੱਗੋਂ ਬੀਬੀ ਨੇ ਵੀ ਕਹਿ ਦਿੱਤਾ ਕਿ ਪਹਿਲਾਂ ਨਰਿੰਦਰ ਮੋਦੀ ਆਪਣੀ ਪਤਨੀ ਨੂੰ ਇਨਸਾਫ ਦੇਵੇ, ਜਿਸ ਨੂੰ ਵਿਆਹ ਕੇ ਪੰਜਾਹ ਸਾਲਾਂ ਤੋਂ ਛੱਡ ਰੱਖਿਆ ਹੈ ਅਤੇ ਭਾਜਪਾ ਲੀਡਰਾਂ ਦੀ ਪਤਨੀਆਂ ਡਰਦੀਆਂ ਹਨ ਕਿ ਸਾਨੂੰ ਵੀ ਸਾਡੇ ਪਤੀਆਂ ਤੋਂ ਛੁਡਵਾ ਨਾ ਦੇਵੇ। ਇਸ ਸੱਟ ਪਿੱਛੋਂ ਉਹ ਖੁਦ ਤਾਂ ਨਹੀਂ ਬੋਲਿਆ, ਪਰ ਉਸ ਦੀ ਸਰਕਾਰ ਵਿਚਲੇ ਮਹਾਰਾਸ਼ਟਰ ਦੇ ਇੱਕ ਭਾਈਵਾਲ ਪਾਰਟੀ ਵਾਲੇ ਦਲਿਤ ਆਗੂ ਨੇ ਇਹ ਚੋਟ ਕਰ ਦਿੱਤੀ ਕਿ ਮਾਇਆਵਤੀ ਨੇ ਵਿਆਹ ਨਹੀਂ ਕਰਵਾਇਆ, ਵਿਆਹੀ ਹੁੰਦੀ ਤਾਂ ਉਸ ਨੂੰ ਪਰਵਾਰਕ ਜ਼ਿੰਦਗੀ ਦਾ ਪਤਾ ਹੁੰਦਾ ਤੇ ਲੋਕਾਂ ਦੇ ਦੁੱਖਾਂ ਨੂੰ ਜਾਣ ਸਕਦੀ। ਇਹ ਦੋਵੇਂ ਪਾਸੇ ਸਿਰੇ ਦੇ ਭੱਦੇਪਣ ਦੀ ਹੱਦ ਸੀ। ਬਹੁਤ ਸਾਲ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਤੇ ਉਸ ਦੇ ਵਕਤ ਮਾਇਆਵਤੀ ਬਾਰੇ ਏਦਾਂ ਦੀ ਕੁਝ ਭੱਦੀ ਗੱਲ ਕਹੀ ਗਈ ਸੀ ਤਾਂ ਉਸ ਨੇ ਜਵਾਬ ਵਿੱਚ ਵਾਜਪਾਈ ਦੀ ਗੋਦ ਲਈ ਧੀ ਅਤੇ ਜਵਾਈ ਬਾਰੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਇੱਕ ਆਗੂ ਦੇ ਘਰ ਧੀ ਤਾਂ ਜੰਮੀ ਨਹੀਂ ਤੇ ਜਵਾਈ ਤੁਰੇ ਫਿਰਦੇ ਹਨ। ਵਾਜਪਾਈ ਸਾਹਿਬ ਕਈ ਦਿਨ ਪਾਰਲੀਮੈਂਟ ਵਿੱਚ ਨਹੀਂ ਸਨ ਗਏ। ਫਿਰ ਇੱਕ ਹੋਰ ਆਗੂ ਨੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਕੁਆਰੇ ਹੋਣ ਕਾਰਨ ਲੋਕ ਪੁੱਛਦੇ ਹਨ ਕਿ ਉਹ ਵਿਆਹ ਕਦੋਂ ਕਰਵਾਉਣਗੇ ਤੇ ਨਾਲ ਭੱਦਾ ਇਸ਼ਾਰਾ ਕਰ ਦਿੱਤਾ ਤਾਂ ਕਿਸੇ ਹੋਰ ਨੇ ਜਵਾਬੀ ਮਿਹਣਾ ਮਾਰ ਦਿੱਤਾ ਸੀ ਕਿ ਵਾਜਪਾਈ ਸਾਹਿਬ ਸਾਰੀ ਉਮਰ ਦੇ ਕੁਆਰੇ ਹੋਣ ਕਰ ਕੇ ਤਿੰਨ ਲੀਡਰ ਬੀਬੀਆਂ ਇਨ੍ਹਾਂ ਦੀ ਸਰਕਾਰ ਨੂੰ ਨਹੀਂ ਚੱਲਣ ਦੇਂਦੀਆਂ। ਇਹ ਭਾਰਤ ਦੇ ਲੋਕਤੰਤਰ ਦਾ ਭੱਦਾ ਨਮੂਨਾ ਸੀ। ਇਸ ਵਾਰੀ ਦੀ ਪਾਰਲੀਮੈਂਟ ਚੋਣ ਨੇ ਇਸ ਭੱਦੇਪਣ ਨੂੰ ਬਹੁਤ ਜ਼ਿਆਦਾ ਅੱਗੇ ਪੁਚਾਉਣ ਦਾ ਕੰਮ ਕੀਤਾ ਹੈ, ਜਿਸ ਤੋਂ ਲੋਕ ਦੁਖੀ ਹੋਏ ਪਏ ਹਨ।
ਲੋਕ ਇਸ ਕਾਰਨ ਵੀ ਦੁਖੀ ਹਨ ਕਿ ਇੱਕ ਪਾਰਟੀ ਨੇ ਇਹੋ ਜਿਹੇ ਲੋਕ ਅੱਗੇ ਕੀਤੇ ਸਨ, ਜਿਨ੍ਹਾਂ ਨੇ ਬਾਕੀਆਂ ਉੱਤੇ ਚੋਟਾਂ ਕਰਨ ਦੇ ਬਾਅਦ ਉਸ ਮਹਾਤਮਾ ਗਾਂਧੀ ਨੂੰ ਵੀ ਨਿਸ਼ਾਨਾ ਬਣਾ ਲਿਆ ਹੈ, ਜਿਸ ਨੂੰ ਭਾਰਤ ਦੀ ਹਰ ਸਰਕਾਰ ਦੁਨੀਆ ਵਿੱਚ 'ਰਾਸ਼ਟਰ ਪਿਤਾ' ਕਹਿ ਕੇ ਪੇਸ਼ ਕਰਦੀ ਰਹੀ ਹੈ। ਕਾਂਗਰਸ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਰਾਜ ਦੌਰਾਨ ਸ਼ੰਕਰ ਸਿੰਘ ਵਘੇਲਾ ਦੀ ਭਾਜਪਾ ਸਰਕਾਰ ਜਦੋਂ ਗੁਜਰਾਤ ਵਿੱਚ ਤੋੜੀ ਸੀ ਤਾਂ ਭਾਜਪਾ ਆਗੂਆਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਹੇਠਾਂ ਪਹਿਲੀ ਵਾਰੀ ਧਰਨਾ ਮਾਰਿਆ ਸੀ ਤੇ ਚਰਚਾ ਹੋਈ ਸੀ ਕਿ ਕੰਮ ਨਰਸਿਮਹਾ ਰਾਓ ਨੇ ਗਲਤ ਕੀਤਾ ਸੀ, ਪਰ ਏਸੇ ਬਹਾਨੇ ਭਾਜਪਾ ਨੂੰ ਗਾਂਧੀ ਦੀ ਸ਼ਰਣ ਲੈ ਆਂਦਾ ਸੀ। ਓਦੋਂ ਬਾਅਦ ਹੌਲੀ-ਹੌਲੀ ਭਾਜਪਾ ਆਗੂਆਂ ਨੇ ਗਾਂਧੀ-ਭਗਤ ਹੋਣ ਦਾ ਦਿਖਾਵਾ ਆਰੰਭ ਕਰ ਦਿੱਤਾ, ਪਰ ਵਿੱਚੋਂ ਉਹ ਓਸੇ ਸੋਚ ਉੱਤੇ ਚੱਲਦੇ ਰਹੇ ਸਨ। ਏਸੇ ਲਈ ਚਾਰ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ ਬਾਅਦ ਉਨ੍ਹਾਂ ਦੇ ਕਈ ਲੋਕਾਂ ਨੇ ਗਾਂਧੀ-ਵਿਰੋਧ ਤੋਂ ਸ਼ੁਰੂ ਕਰ ਕੇ ਗਾਂਧੀ ਜੀ ਦੇ ਚਾਲ-ਚੱਲਣ ਦੇ ਖਿਲਾਫ ਕਿੱਸੇ-ਕਹਾਣੀਆਂ ਪੇਸ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਤਾਜ਼ਾ ਚੋਣ ਵਿੱਚ ਇਸ ਪਾਰਟੀ ਦੇ ਆਗੂਆਂ ਨੇ ਮਹਾਤਮਾ ਗਾਂਧੀ ਦੇ ਖਿਲਾਫ ਨਰਮ ਹਮਲਾਵਰੀ ਤੋਂ ਸ਼ੁਰੂ ਕੀਤਾ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ ਨੇ ਇਹ ਕਹਿ ਕੇ ਸਿਖਰ ਕਰ ਦਿੱਤੀ ਕਿ ਗਾਂਧੀ ਭਾਰਤ ਦਾ ਨਹੀਂ, 'ਪਾਕਿਸਤਾਨ ਦਾ ਰਾਸ਼ਟਰ ਪਿਤਾ' ਸੀ। ਪਾਰਟੀ ਨੇ ਉਸ ਨੂੰ ਚੋਣ ਚੱਲਦੀ ਹੋਣ ਕਰ ਕੇ ਝਿੜਕ ਮਾਰੀ, ਸਸਪੈਂਡ ਕੀਤਾ, ਪਰ ਪਾਰਟੀ ਤੋਂ ਨਹੀਂ ਸੀ ਕੱਢਿਆ, ਕਿਉਂਕਿ ਸੋਚ ਵੱਲੋਂ ਪਾਰਟੀ ਤੋਂ ਵੱਖਰੀ ਗੱਲ ਉਸ ਨੇ ਕੀਤੀ ਹੀ ਨਹੀਂ ਸੀ। ਵਕਤੀ ਤੌਰ ਉੱਤੇ ਸਸਪੈਂਡ ਕਰ ਕੇ ਫਿਰ ਵਾਪਸ ਲੈ ਲੈਣਗੇ।
ਇਸ ਤਰ੍ਹਾਂ ਦਾ ਕਈ ਕੁਝ ਪੇਸ਼ ਕਰ ਕੇ ਇਹ ਚੋਣ ਲੰਘ ਗਈ ਹੈ। ਜੰਗਲੀਂ ਘੁੰਮਣ ਵਾਲੇ ਇੱਕ ਵਾਤਾਵਰਣ ਪ੍ਰੇਮੀ ਨੇ ਇੱਕ ਦਿਨ ਦੱਸਿਆ ਸੀ ਕਿ ਮੋਟਰ ਸਾਈਕਲ ਨੂੰ ਪੂਰੀ ਰੇਸ ਦੇਣ ਪਿੱਛੋਂ ਉਜਾੜ ਅਤੇ ਸ਼ਾਂਤ ਜਗ੍ਹਾ ਵਿੱਚ ਅਚਾਨਕ ਬੰਦ ਕਰ ਦੇਈਏ ਤਾਂ ਕਈ ਪਲ ਬਾਅਦ ਤੱਕ ਉਸ ਦੀ ਆਵਾਜ਼ ਗੂੰਜਦੀ ਸੁਣੀ ਜਾਂਦੀ ਹੈ। ਭਾਰਤ ਕਿਸੇ ਸ਼ਾਂਤ ਜੰਗਲ ਵਾਂਗ ਤਾਂ ਨਹੀਂ, ਪਰ ਮਾਹੌਲ ਸ਼ਾਂਤੀ ਵਾਲਾ ਹੀ ਹੁੰਦਾ ਸੀ ਤੇ ਕੁਝ ਹੱਦ ਤੱਕ ਅਜੇ ਵੀ ਸ਼ਾਂਤ ਕਿਹਾ ਜਾ ਸਕਦਾ ਹੈ। ਇਸ ਵਾਰੀ ਚੋਣ ਜਿੱਦਾਂ ਦਾ ਧਮੱਚੜ ਪਾਉਂਦੀ ਗਈ ਹੈ, ਇਸ ਦੇ ਰੌਲੇ ਵਿੱਚ ਤੇਈ ਮਈ ਦੇ ਚੋਣ ਨਤੀਜੇ ਨਾਲ ਅਚਾਨਕ ਬਰੇਕ ਲੱਗਣ ਦੇ ਬਾਅਦ ਇਹ ਰੌਲਾ ਅਗਲਾ ਚੋਖਾ ਚਿਰ ਸਾਡੇ ਕੰਨਾਂ ਵਿੱਚ ਗੂੰਜਦਾ ਰਹੇਗਾ। ਚੋਣਾਂ ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਇਸ ਗੱਲ ਦੀ ਚਰਚਾ ਸੁਣਨ ਨੂੰ ਬੜਾ ਚਿਰ ਮਿਲਦੀ ਸਕਦੀ ਹੈ ਕਿ ਚੋਣ ਹੀ ਹੋਣੀ ਹੋਵੇ ਤਾਂ ਭਾਰਤ ਦੀ ਇਸ ਵਾਰ ਦੀ ਚੋਣ ਵਰਗੀ 'ਦਮਦਾਰ' ਹੋਣੀ ਚਾਹੀਦੀ ਹੈ, ਨਹੀਂ ਤਾਂ ਕਰਾਉਣ ਦਾ ਫਾਇਦਾ ਵੀ ਕੀ ਹੈ!