ਚੋਣਾਂ ਦੀ ਚਿੰਤਾ ਸਭ ਨੂੰ, ਪਰ ਓਦੋਂ ਬਾਅਦ ਦੀ ਚਿੰਤਾ ਕਿਸ ਨੂੰ ਹੈ? - ਜਤਿੰਦਰ ਪਨੂੰ
ਇਸ ਵਾਰ ਦੀ ਪਾਰਲੀਮੈਂਟ ਚੋਣ ਦੀਆਂ ਵੋਟਾਂ ਪੈਣ ਵਾਲਾ ਅਜੇ ਪਹਿਲਾ ਗੇੜ ਵੀ ਨਹੀਂ ਆਇਆ ਕਿ ਉਨ੍ਹਾਂ ਚੋਣਾਂ ਤੋਂ ਬਾਅਦ ਦੇ ਭਾਰਤ ਦੀ ਅਸਲੋਂ ਵੱਖਰੀ ਦਿੱਖ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਸੰਕੇਤ ਵੀ ਬਹੁਤ ਸਾਰੇ ਸਾਫ ਮਿਲ ਰਹੇ ਹਨ। ਜਿਹੜਾ ਧਮੱਚੜ ਉਸ ਤੋਂ ਬਾਅਦ ਪੈ ਸਕਦਾ ਹੈ, ਉਸ ਦੀ ਵੰਨਗੀ ਪੇਸ਼ ਹੋਣ ਲੱਗ ਪਈ ਹੈ। ਸਾਡੇ ਪੰਜਾਬ ਦੀ ਰਾਜਨੀਤੀ ਇਸ ਤੋਂ ਏਨੀ ਨਿਰਲੇਪ ਤੇ ਇਸ ਤਰ੍ਹਾਂ ਚੱਲ ਰਹੀ ਹੈ, ਜਿਵੇਂ ਕਿਸੇ ਨੂੰ ਕੋਈ ਚਿੰਤਾ ਹੀ ਨਾ ਹੋਵੇ।
ਸੱਚਮੁੱਚ ਪੰਜਾਬ ਦੀ ਸਥਿਤੀ ਵੇਖ ਕੇ ਸਾਨੂੰ ਕੋਈ ਹੈਰਾਨੀ ਨਹੀਂ ਹੋਈ। ਕਾਂਗਰਸ ਪਾਰਟੀ ਦੇ ਆਗੂ ਸੀਟਾਂ ਦੀ ਵੰਡ ਕਾਰਨ ਇਸ ਹਾਲ ਨੂੰ ਪਹੁੰਚੇ ਹੋਏ ਹਨ ਕਿ ਹਾਈ ਕਮਾਂਡ ਦੇ ਖਾਸ ਗਿਣੇ ਜਾਣ ਵਾਲੇ ਸੱਜਣ ਵੀ ਪੰਜਾਬ ਵਿੱਚ ਪਾਰਟੀ ਦੇ ਜੜ੍ਹੀਂ ਤੇਲ ਦੇਣ ਲੱਗੇ ਹੋਏ ਸੁਣੀਂਦੇ ਹਨ। ਇਸ ਚੱਕਰ ਵਿੱਚ ਕੇਂਦਰੀ ਕਮਾਂਡ ਦਾ ਵੀ ਨੁਕਸਾਨ ਹੋਈ ਜਾਂਦਾ ਹੈ। ਜਿਸ ਕਿਸੇ ਦੀ ਟਿਕਟ ਕੱਟੀ ਜਾਵੇ, ਉਹ ਰਾਤੋ-ਰਾਤ ਬੋਲੀ ਬਦਲ ਕੇ ਅਕਾਲੀ ਦਲ ਜਾਂ ਭਾਜਪਾ ਨਾਲ ਜੁੜਨ ਦੀਆਂ ਗੱਲਾਂ ਕਹਿਣ ਲੱਗ ਪੈਂਦਾ ਹੈ ਤੇ ਇਹ ਗੱਲ ਭੁੱਲ ਜਾਂਦਾ ਹੈ ਕਿ ਹਾਲੇ ਹਫਤਾ ਪਹਿਲਾਂ ਤੱਕ ਉਹ ਇਨ੍ਹਾ ਦੋਵਾਂ ਧਿਰਾਂ ਨੂੰ ਫਿਰਕੂ ਦੱਸ ਕੇ ਕੋਸਦਾ ਸੁਣਿਆ ਗਿਆ ਸੀ। ਆਮ ਆਦਮੀ ਪਾਰਟੀ ਨੂੰ ਕਿਸੇ ਸਮੇਂ ਪੰਜਾਬ ਦੇ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ। ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਅਸੀਂ ਇਹ ਕਿਹਾ ਕਿ ਇਹ ਕਮਲਿਆਂ ਦਾ ਟੋਲਾ ਪਾਰ ਲੱਗਣ ਵਾਲਾ ਨਹੀਂ ਤਾਂ ਬਹੁਤ ਸਾਰੇ ਆਪਣੇ-ਪਰਾਏ ਸਾਨੂੰ ਗਾਲ੍ਹਾਂ ਕੱਢਣ ਤੱਕ ਚਲੇ ਗਏ ਸਨ। ਬਾਅਦ ਵਿੱਚ ਉਹ ਟੋਲਾ ਜਿਵੇਂ ਪਾਟਾ ਅਤੇ ਖਹਿਰਾ ਧੜਾ ਵੱਖਰਾ ਹੋਣ ਪਿੱਛੋਂ ਬਹੁਤੇ ਥਾਂਈਂ ਇੱਕ ਦੂਸਰੇ ਨਾਲ ਜਿਵੇਂ ਆਢਾ ਲੱਗ ਪਿਆ, ਉਸ ਨੇ ਸਾਬਤ ਕਰ ਦਿੱਤਾ ਕਿ ਕਿਸੇ ਇੱਕਸੁਰਤਾ ਵਾਲੀ ਸਿਆਸਤ ਤੋਂ ਸੱਖਣਾ ਇਹ ਟੋਲਾ ਲੰਮਾ ਸਮਾਂ ਨਿਭਣ ਵਾਲਾ ਨਹੀਂ ਸੀ ਤੇ ਇਹੋ ਕੁਝ ਹੋ ਰਿਹਾ ਹੈ।
ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰ ਕਹਿਣ ਲੱਗ ਪਿਆ ਹੈ ਕਿ ਇਸ ਵਾਰ ਭਾਜਪਾ ਜਦੋਂ ਕੇਂਦਰ ਵਿੱਚ ਸਰਕਾਰ ਬਣਾਵੇਗੀ ਤਾਂ ਓਥੋਂ ਪੰਜਾਬ ਲਈ ਨੋਟਾਂ ਦੀਆਂ ਟਰਾਲੀਆਂ ਭਰ-ਭਰ ਆਉਣਗੀਆਂ। ਪਿਛਲੀ ਵਾਰ ਅਕਾਲੀ ਆਗੂਆਂ ਨੇ ਕਿਹਾ ਸੀ ਕਿ ਅਰੁਣ ਜੇਤਲੀ ਖਜ਼ਾਨਾ ਮੰਤਰੀ ਬਣ ਕੇ ਪੰਜਾਬ ਵਾਸਤੇ ਨੋਟਾਂ ਦੇ ਟਰੰਕ ਭੇਜੇਗਾ, ਪਰ ਅਣਪੜ੍ਹ ਅਕਾਲੀ ਜਥੇਦਾਰਾਂ ਨੇ ਟਰੰਕ ਦੀ ਟਿੱਪੀ ਪਲਟ ਕੇ ਇਹ ਕਹਿਣਾ ਆਰੰਭ ਕਰ ਦਿੱਤਾ ਸੀ ਕਿ ਅਰੁਣ ਜੇਤਲੀ ਨੋਟਾਂ ਦੇ ਟਰੱਕ ਭੇਜੇਗਾ। ਹਾਲੇ ਦੋ ਮਹੀਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਬਣੀ ਨੂੰ ਹੋਏ ਸਨ ਕਿ ਉਨ੍ਹਾਂ ਨੇ ਹੋਰ ਨੋਟ ਭੇਜਣਾ ਭੁਲਾ ਕੇ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਦਿੱਤੇ ਪੈਸਿਆਂ ਦਾ ਹਿਸਾਬ ਮੰਗ ਲਿਆ ਸੀ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅੱਜ ਮਨਮੋਹਨ ਸਿੰਘ ਸਰਕਾਰ ਹੁੰਦੀ ਤਾਂ ਸਾਡੇ ਨਾਲ ਏਦਾਂ ਨਾ ਹੁੰਦੀ। ਫਿਰ ਵੀ ਇਸ ਵਾਰੀ ਦਾ ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਸੁਖਬੀਰ ਸਿੰਘ ਬਾਦਲ ਨੇ ਇਹ ਸ਼ੋਸ਼ਾ ਛੱਡ ਦਿੱਤਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੋਬਾਰਾ ਬਣੀ ਤਾਂ ਪੰਜਾਬ ਨੂੰ ਨੋਟਾਂ ਦੀਆਂ ਟਰਾਲੀਆਂ ਆਉਣਗੀਆਂ। ਮੁਕਤਸਰ ਨੇੜੇ ਕਿਸੇ ਦਾਣਾ ਮੰਡੀ ਦਾ ਫੜ੍ਹ ਖਾਲੀ ਕਰਵਾ ਲੈਣਾ ਚਾਹੀਦਾ ਹੈ, ਤਾਂ ਕਿ ਟਰਾਲੀਆਂ ਲਾਹੁਣ ਵਿੱਚ ਦਿੱਕਤ ਨਾ ਆਵੇ, ਪਰ ਪੰਜਾਬ ਨੂੰ ਜਿੰਨੇ ਟਰੱਕ ਨੋਟਾਂ ਦੇ ਪਹਿਲਾਂ ਮਿਲੇ ਸਨ, ਇਸ ਵਾਰੀ ਸ਼ਾਇਦ ਉਹ ਵੀ ਮਿਲਣ ਦੀ ਬਹੁਤੀ ਝਾਕ ਨਹੀਂ ਰਹਿ ਜਾਣੀ।
ਬਹੁਤੀ ਚਿੰਤਾ ਦਾ ਵਿਸ਼ਾ ਦੇਸ਼ ਪੱਧਰ ਦੀ ਸਿਆਸੀ ਸਥਿਤੀ ਹੈ, ਜਿਸ ਵਿੱਚ ਭਾਜਪਾ ਦੇ ਮੁੱਢ ਬੰਨ੍ਹਣ ਵਾਲੇ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਜਾਂ ਸ਼ਾਂਤਾ ਕੁਮਾਰ ਆਦਿ ਨਾਲ ਇਸ ਵੇਲੇ ਜੋ ਬੀਤ ਰਹੀ ਹੈ, ਉਹ ਕਿਸੇ ਚਰਚਾ ਦੀ ਮੁਥਾਜ ਨਹੀਂ। ਦੂਸਰੇ ਪਾਸੇ ਕੇਂਦਰ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਦੇ ਵਿਰੋਧ ਦੀਆਂ ਧਿਰਾਂ ਉੱਤੇ ਜਿੰਨਾ ਤਿੱਖਾ ਹਮਲਾ ਹੋ ਰਿਹਾ ਹੈ, ਜਿਵੇਂ ਵਿਰੋਧ ਕਰਨ ਵਾਲੇ ਹਰ ਆਗੂ ਉੱਤੇ ਦੇਸ਼-ਧਰੋਹੀ ਦਾ ਠੱਪਾ ਲਾਇਆ ਜਾਂਦਾ ਹੈ, ਗੱਲ ਉਸ ਤੋਂ ਅੱਗੇ ਵਧੀ ਜਾ ਰਹੀ ਹੈ। ਅੱਜ ਤੱਕ ਕਦੇ ਇਸ ਦੇਸ਼ ਵਿੱਚ ਵਿਰੋਧੀ ਧਿਰ ਦੀਆਂ ਮੀਟਿੰਗਾਂ ਵਿੱਚ ਰਾਜ ਕਰਦੀ ਧਿਰ ਦੇ ਬੰਦਿਆਂ ਨੇ ਸ਼ਾਮਲ ਹੋ ਕੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਦਾ ਕੰਮ ਨਹੀਂ ਸੀ ਕੀਤਾ, ਪਰ ਇਸ ਵਾਰ ਇਹ ਕੁਝ ਵੀ ਹੋ ਗਿਆ ਹੈ। ਰਾਹੁਲ ਗਾਂਧੀ ਦੀਆਂ ਦੋ ਬੈਠਕਾਂ ਵਿੱਚ ਭਾਜਪਾ ਸਮੱਰਥਕ ਮੋਦੀ-ਮੋਦੀ ਦਾ ਰਾਗ ਅਲਾਪਦੇ ਰਹੇ ਤੇ ਉਸ ਦਾ ਭਾਸ਼ਣ ਇੱਕ ਤਰ੍ਹਾਂ ਇਸ ਰਾਗ ਦੀ ਮੁਹਾਰਨੀ ਹੇਠ ਦੱਬਣ ਦਾ ਯਤਨ ਕੀਤਾ ਗਿਆ ਹੈ। ਵਿਰੋਧ ਦੀਆਂ ਪਾਰਟੀਆਂ ਦੇ ਚੋਣ ਪ੍ਰੋਗਰਾਮਾਂ ਵਿੱਚ ਵੜ ਕੇ ਕੀਤੀ ਜਾ ਰਹੀ ਇਸ ਸਿਆਸੀ ਸਟਰਾਈਕ ਤੋਂ ਹੈਰਾਨੀ ਪੈਦਾ ਹੋਣਾ ਸੁਭਾਵਕ ਹੈ ਤੇ ਇਹ ਭਾਰਤ ਦੇ ਭਵਿੱਖ ਬਾਰੇ ਕਿਸੇ ਖਾਸ ਤਰ੍ਹਾਂ ਦੇ ਸੰਕੇਤ ਦੇਣ ਵਾਲਾ ਵੀ ਹੈ।
ਇਸ ਤੋਂ ਵੱਧ ਮਾੜੇ ਸੰਕੇਤ ਸੰਸਾਰ ਦੀ ਕੂਟਨੀਤੀ ਉਹਲੇ ਲੜੀ ਜਾ ਰਹੀ ਇੱਕ ਖਾਸ ਜੰਗ ਬਾਰੇ ਮਿਲ ਰਹੇ ਹਨ ਤੇ ਉਹ ਸੰਕੇਤ ਅਣਗੌਲੇ ਕੀਤੇ ਜਾ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੂਝ ਤੋਂ ਸੱਖਣਾ ਨਹੀਂ ਮੰਨਣਾ ਚਾਹੀਦਾ, ਉਹ ਬੜੀ ਚਾਤਰ ਚਾਲ ਚੱਲ ਕੇ ਆਪਣੇ ਦੇਸ਼ ਦੀ ਚਿਰਾਂ ਤੋਂ ਲੜੀ ਜਾ ਰਹੀ ਲੜਾਈ ਨੂੰ ਭਾਰਤ ਵਰਗੇ ਦੇਸ਼ ਦੀ ਲੀਡਰਸ਼ਿਪ ਤੇ ਭਾਰਤੀ ਲੋਕਾਂ ਦੇ ਸਿਰ ਲੱਦੀ ਜਾ ਰਿਹਾ ਹੈ। ਹਾਲੇ ਤੱਕ ਅਮਰੀਕਾ ਜਾਂ ਉਸ ਧੜੇ ਦੇ ਦੇਸ਼ਾਂ ਦੀਆਂ ਸਰਕਾਰਾਂ ਦੀ ਭਾਰਤ ਵੱਲ ਪਹੁੰਚ ਵਿੱਚ ਜ਼ਰਾ ਕੁ ਲਚਕ ਦਿਖਾਈ ਦੇਂਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਉਹ ਭਾਰਤ ਵੱਲ ਨਹੀਂ, ਭਾਰਤ ਦੇ ਨਾਗਰਿਕਾਂ ਦੇ ਰੂਪ ਵਿੱਚ ਦਿੱਸਦੇ ਇੱਕ ਸੌ ਕਰੋੜ ਤੋਂ ਵੱਧ ਗ੍ਰਾਹਕਾਂ ਵੱਲ ਝਾਕ ਰਹੇ ਹਨ। ਇਸ ਵਕਤ ਇਸ ਤੋਂ ਵੱਖਰੀ ਗੱਲ ਇਹ ਹੈ ਕਿ ਜਿਨ੍ਹਾਂ ਦੇਸ਼ਾਂ ਦੀ ਪਿੱਠ ਉੱਤੇ ਅਮਰੀਕੀ ਸਰਕਾਰ ਰਾਸ਼ਟਰਪਤੀ ਹੈਰੀ ਟਰੂਮੈਨ ਅਤੇ ਆਈਜ਼ਨਹਾਵਰ ਦੇ ਸਮੇਂ ਤੋਂ ਖੜੋਂਦੀ ਤੇ ਭਾਰਤ ਦਾ ਵਿਰੋਧ ਕਰਦੀ ਆਈ ਸੀ, ਉਨ੍ਹਾਂ ਤੋਂ ਪਾਸਾ ਵੱਟ ਕੇ ਅਚਾਨਕ ਭਾਰਤ ਦੇ ਪੱਖ ਵਿੱਚ ਇਸ ਤਰ੍ਹਾਂ ਦਾ ਪੈਂਤੜਾ ਲੈਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਭਾਰਤੀ ਲੋਕ ਬਾਗੋ-ਬਾਗ ਹੋਈ ਜਾਂਦੇ ਹਾਂ।
ਸਾਨੂੰ ਇਹ ਗੱਲ ਯਾਦ ਨਹੀਂ ਰਹੀ ਕਿ ਜਿਵੇਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਹੇਜ ਭਾਰਤ ਨਾਲ ਜਦੋਂ ਵੀ ਜ਼ਾਹਰ ਹੁੰਦਾ ਤਾਂ ਓਦੋਂ ਭਾਰਤ ਨਾਲ ਨਹੀਂ, ਭਾਰਤੀ ਨਾਗਰਿਕ ਵਜੋਂ ਇੱਕ ਸੌ ਕਰੋੜ ਤੋਂ ਵੱਧ ਗ੍ਰਾਹਕਾਂ ਨਾਲ ਹੁੰਦਾ ਸੀ, ਉਵੇਂ ਹੀ ਅੱਜ ਵਾਲਾ ਪੈਂਤੜਾ ਵੀ ਭਾਰਤ ਵਾਸਤੇ ਨਹੀਂ, ਭਾਰਤ ਦੇ ਨਾਗਰਿਕਾਂ ਦੇ ਰੂਪ ਵਿੱਚ ਵਿੱਚ ਇੱਕ ਸੌ ਤੀਹ ਕਰੋੜ ਲੋਕਾਂ ਦੀ ਫੌਜ ਲਈ ਹੋ ਸਕਦਾ ਹੈ। ਜਿਹੜੀ ਮਹਾਂ ਸ਼ਕਤੀ ਵੀਹ ਤੋਂ ਵੱਧ ਸਾਲਾਂ ਤੋਂ ਇਸਲਾਮਿਕ ਦਹਿਸ਼ਤਗਰਦੀ ਨਾਲ ਕਦੀ ਅਫਗਾਨਿਸਤਾਨ ਤੇ ਕਦੀ ਇਰਾਕ ਵਿੱਚ ਸਿੰਗ ਫਸਾਈ ਰੱਖਦੀ ਸੀ ਤੇ ਪਾਕਿਸਤਾਨ ਵਰਗੇ ਦੇਸ਼ ਨੂੰ ਮਾਇਕ ਮਦਦ ਦੇ ਕੇ ਵੀ ਉਸ ਦੀ ਦੋਗਲੀ ਨੀਤੀ ਦਾ ਨੁਕਸਾਨ ਝੱਲੀ ਜਾਂਦੀ ਸੀ, ਉਸ ਦੀ ਨੀਤੀ ਦਾ ਇਹ ਮੋੜਾ ਭਾਰਤ ਵੱਲ ਅਚਾਨਕ ਤੇ ਬਿਨਾਂ ਵਜ੍ਹਾ ਨਹੀਂ ਪਿਆ ਹੋ ਸਕਦਾ। ਪਾਕਿਸਤਾਨ ਪੈਸੇ ਵੀ ਲੈਂਦਾ ਸੀ, ਆਪਣੇ ਹਵਾਈ ਅੱਡੇ ਵੀ ਅਫਗਾਨਿਸਤਾਨ ਦੀ ਜੰਗ ਲਈ ਅਮਰੀਕਾ ਨੂੰ ਦੇ ਦੇਂਦਾ ਸੀ, ਪਰ ਅਮਰੀਕਾ ਦੇ ਦੁਸ਼ਮਣਾਂ ਓਸਾਮਾ ਬਿਨ ਲਾਦੇਨ ਤੇ ਮੁੱਲਾ ਉਮਰ ਨੂੰ ਆਪਣੀਆਂ ਫੌਜੀ ਛਾਉਣੀਆਂ ਵਿੱਚ ਰੱਖ ਕੇ ਅਮਰੀਕਾ ਦੀ ਨੀਂਦ ਉਡਾ ਛੱਡਦਾ ਸੀ। ਭਾਰਤੀ ਆਗੂ ਏਦਾਂ ਦੀ ਦੋਹਰੀ ਖੇਡ ਨਹੀਂ ਖੇਡਣਗੇ। ਇਸਲਾਮੀ ਅੱਤਵਾਦ ਦੇ ਵਿਰੋਧ ਵਿੱਚ ਉਹ ਅਮਰੀਕਾ ਦੀ ਇਸ ਜੰਗ ਨੂੰ ਆਪਣੀ ਸਦੀਆਂ ਦੀ ਪੁਰਾਣੀ ਲੜਾਈ ਮੰਨ ਕੇ ਸਾਰਾ ਜ਼ਿੰਮਾ ਆਪਣੇ ਸਿਰ ਲੈਣ ਵੇਲੇ ਇੱਕ ਪਲ ਵੀ ਗੁਆਉਣ ਦੀ ਥਾਂ ਸਗੋਂ ਇਸ ਵਿੱਚ ਮਾਣ ਮਹਿਸੂਸ ਕਰਨਗੇ।
ਜਦੋਂ ਭਵਿੱਖ ਵਿੱਚ ਇਸ ਕਿਸਮ ਦੀ ਸਥਿਤੀ ਸਚਮੁੱਚ ਪੈਦਾ ਹੋਵੇਗੀ, ਜਿਸ ਦੇ ਸੰਕੇਤ ਅੱਜ ਮਿਲਦੇ ਪਏ ਹਨ ਤਾਂ ਫਿਰ ਕੀ ਹੋਵੇਗਾ, ਪੰਜਾਬ ਦੀ ਰਾਜਨੀਤੀ ਵਾਲੇ ਮੰਚ ਦੇ ਕਿਸੇ ਵੀ ਪਾਤਰ ਦੇ ਮਨ ਵਿੱਚ ਇਹ ਗੱਲ ਹੋਣ ਦਾ ਕੋਈ ਸੰਕੇਤ ਕਿਤੋਂ ਨਹੀਂ ਮਿਲਦਾ। ਇਨ੍ਹਾਂ ਸਭਨਾਂ ਵਿੱਚੋਂ ਕੋਈ ਵੀ ਨੱਕ ਤੋਂ ਅੱਗੇ ਸੋਚਣ ਵਾਲਾ ਨਹੀਂ ਲੱਭਦਾ। ਆਪੋ-ਆਪਣੀ ਸੀਟ ਦੀ ਚਿੰਤਾ ਤੇ ਪਰਵਾਰ ਦੀ ਚਿੰਤਾ ਹੈ, ਪਰ ਭਾਰਤ ਦੀ ਚਿੰਤਾ ਗਾਇਬ ਹੈ। ਜਦੋਂ ਅਸੀਂ ਭਾਰਤ ਦੀ ਚਿੰਤਾ ਦੇ ਸਿਰਾਂ ਤੋਂ ਗਾਇਬ ਹੋਣ ਦੀ ਗੱਲ ਕਰਦੇ ਹਾਂ ਤਾਂ ਇਹ ਚਿੰਤਾ ਇੱਕ ਦੇਸ਼ ਬਾਰੇ ਨਹੀਂ, ਦੇਸ਼ ਦੇ ਇੱਕ ਸੌ ਤੀਹ ਕਰੋੜ ਤੋਂ ਵੱਧ ਭਾਰਤੀ ਲੋਕਾਂ ਦੇ ਉਸ ਭਵਿੱਖ ਬਾਰੇ ਹੋਣ ਦੀ ਗੱਲ ਕਰਦੇ ਹਾਂ, ਜਿਸ ਬਾਰੇ ਸੋਚਣ ਦੀ ਚੋਣਾਂ ਦੌਰਾਨ ਕਿਸੇ ਕੋਲ ਵਿਹਲ ਹੀ ਨਹੀਂ।
07 April 2019