ਕਿੱਥੇ ਟਿਕੀਆਂ ਹਨ ਸਿਹਤਮੰਦ ਸਮਾਜ ਦੇ ਚਾਹਵਾਨਾਂ ਦੀ ਅੱਖਾਂ - ਜਤਿੰਦਰ ਪਨੂੰ
ਪੰਜਾਬ ਭਾਰਤ ਦਾ ਹਿੱਸਾ ਹੈ। ਇਸ ਲਈ ਜੋ ਕੁਝ ਭਾਰਤ ਵਿੱਚ ਹੁੰਦਾ ਹੈ, ਉਹ ਪੰਜਾਬ ਵਿੱਚ ਵੀ ਹੋਣਾ ਹੈ, ਪੰਜਾਬ ਵਿੱਚ ਜੋ ਕੁਝ ਵਾਪਰਦਾ ਹੈ, ਉਸ ਦਾ ਭਾਰਤ ਉੱਤੇ ਓਨਾ ਅਸਰ ਕਦੇ ਨਹੀਂ ਪੈ ਸਕਦਾ। ਜਦੋਂ ਬਾਰਾਂ ਸਾਲਾਂ ਤੱਕ ਪੰਜਾਬ ਦੇ ਲੋਕ ਸਹਿਮੇ ਹੋਏ ਸਨ ਅਤੇ ਉਨ੍ਹਾਂ ਨੂੰ ਦੂਸਰੇ ਦਿਨ ਦਾ ਸੂਰਜ ਵੇਖਣ ਦਾ ਯਕੀਨ ਤੱਕ ਨਹੀਂ ਸੀ ਹੁੰਦਾ, ਬਾਕੀ ਭਾਰਤ ਵਿੱਚ ਜ਼ਿੰਦਗੀ ਓਦੋਂ ਆਮ ਤੌਰ ਉੱਤੇ ਬਿਨਾਂ ਕਿਸੇ ਵੱਡੇ ਡੋਕੋ-ਡੋਲੇ ਤੋਂ ਸਹਿਜ ਨਾਲ ਤੁਰਦੀ ਸੀ। ਕਦੇ-ਕਦਾਈ ਕੋਈ ਵਾਰਦਾਤ ਹੋ ਜਾਂਦੀ ਤਾਂ ਉਸ ਦਾ ਸਹਿਮ ਚਾਰ ਦਿਨ ਉਸ ਖਾਸ ਖੇਤਰ ਵਿੱਚ ਰਹਿੰਦਾ ਸੀ, ਬਾਕੀ ਦੇਸ਼ ਨੂੰ ਉਸ ਤੋਂ ਵੀ ਬਹੁਤਾ ਪ੍ਰਭਾਵ ਪਿਆ ਨਹੀਂ ਸੀ ਵੇਖਿਆ ਜਾਂਦਾ। ਇਸ ਦੇ ਉਲਟ ਜਦੋਂ ਭਾਰਤ ਵਿੱਚ ਕੁਝ ਵੀ ਵਾਪਰਦਾ ਹੈ ਤਾਂ ਪੰਜਾਬ ਉੱਤੇ ਅਸਰ ਘੱਟ ਜਾਂ ਵੱਧ ਹਮੇਸ਼ਾ ਪੈਂਦਾ ਹੈ, ਪਰ ਵਾਜਪਾਈ-ਅਡਵਾਨੀ ਵਾਲੀ ਲੀਡਰਸ਼ਿਪ ਵੇਲੇ ਭਾਜਪਾ ਨੇ ਪੰਜਾਬ ਵਿੱਚ ਇੱਕ ਇਹੋ ਜਿਹੀ ਧਿਰ ਆਪਣੇ ਨਾਲ ਪੱਕੀ ਗੰਢ ਲਈ ਸੀ, ਜਿਹੜੀ ਯਾਰਾਂ ਦੀ ਯਾਰੀ ਵੱਲ ਵੇਖਦੀ ਹੈ, ਐਬਾਂ ਵੱਲ ਵੇਖਣ ਦੀ ਲੋੜ ਉਹ ਕਦੇ ਨਹੀਂ ਸਮਝਦੀ। ਇਹ ਧਿਰ ਬਾਦਲ ਪਰਵਾਰ ਦੀ ਜੇਬ ਵਿੱਚ ਪੈ ਚੁੱਕਾ ਅਕਾਲੀ ਦਲ ਹੈ। ਅਕਾਲੀ ਦਲ ਦੇ ਆਗੂ ਬੜੇ ਮਾਣ ਨਾਲ ਆਖਦੇ ਹਨ ਕਿ ਉਹ ਭਾਜਪਾ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਪੱਕੀ ਭਾਈਵਾਲ ਧਿਰ ਹਨ ਤੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀ ਭਾਜਪਾ ਦਾ ਸਾਥ ਨਹੀਂ ਛੱਡਿਆ। ਏਨੀ ਪਤੀ-ਵਰਤਾ ਵਫਾ ਦਾ ਪ੍ਰਗਟਾਵਾ ਕਰਨ ਵਾਲੇ ਇਸ ਦਲ ਲਈ ਪੰਜਾਬ ਓਨਾ ਮਹੱਤਵ ਪੂਰਨ ਨਹੀਂ, ਜਿੰਨਾ ਭਾਜਪਾ ਨਾਲ ਰਹਿ ਕੇ ਕੇਂਦਰੀ ਰਾਜ ਵਿੱਚੋਂ ਹਿੱਸਾ-ਪੱਤੀ ਲੈਣਾ ਹੈ।
ਇਸ ਵਕਤ ਭਾਰਤ ਇੱਕ ਬੜੇ ਨਾਜ਼ਕ ਮੋੜ ਉੱਤੇ ਹੈ। ਇਨ੍ਹਾਂ ਚੋਣਾਂ ਵਿੱਚ ਜਿੱਦਾਂ ਦੇ ਸੰਕੇਤ ਮਿਲਦੇ ਹਨ, ਉਨ੍ਹਾਂ ਦਾ ਸਿੱਧਾ ਜ਼ਿਕਰ ਕਰਨ ਤੋਂ ਵੱਡੇ-ਵੱਡੇ ਲੇਖਕ ਵੀ ਝਿਜਕਦੇ ਹਨ ਤੇ ਵਲਾਵੇਂ ਪਾ ਕੇ ਆਪਣੀ ਗੱਲ ਕਹਿੰਦੇ ਹਨ ਕਿ ਮਈ ਲੰਘ ਜਾਣ ਪਿੱਛੋਂ ਕੀ ਕੁਝ ਵਾਪਰਨ ਦਾ ਡਰ ਹੈ, ਇਹ ਅਜੋਕੇ ਭਾਰਤ ਦੀ ਹਕੀਕੀ ਹਾਲਤ ਹੈ। ਜਦੋਂ ਵੀ ਪੀ ਸਿੰਘ ਦੀ ਚੜ੍ਹਤ ਦੇ ਸਮੇਂ ਕੁਝ ਸਾਧੂ ਤੇ ਸਾਧਵੀਆਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੇ ਦਬਾਅ ਹੇਠ ਵਾਜਪਾਈ ਸਮੇਤ ਭਾਜਪਾ ਦੀ ਸਾਰੇ ਦੇਸ਼ ਦੀ ਲੀਡਰਸ਼ਿਪ ਨੇ ਅੱਗੇ ਲਿਆਂਦਾ ਸੀ, ਓਦੋਂ ਹੀ ਅਗਲਾ ਦੌਰ ਸਮਝ ਆਉਣ ਲੱਗ ਪਿਆ ਸੀ, ਪਰ ਅਮਰੀਕੀ ਰਾਜਦੂਤ ਨਾਲ ਗੱਲਬਾਤ ਦੌਰਾਨ ਗੋਵਿੰਦਾਚਾਰੀਆ ਦੇ ਸ਼ਬਦਾਂ ਨੇ ਕੁਝ ਸਮਾਂ ਅਟਕਾ ਦਿੱਤਾ ਸੀ। ਗੋਵਿੰਦਾਚਾਰੀਆ ਨੇ ਓਦੋਂ ਵਾਜਪਾਈ ਨੂੰ ਆਪਣੀ ਪਾਰਟੀ ਦਾ 'ਮੁੱਖ ਨਹੀਂ, ਸਿਰਫ ਮੁਖੌਟਾ' ਕਹਿ ਦਿੱਤਾ ਸੀ ਤੇ ਇਸ ਨਾਲ ਵਾਜਪਾਈ ਧੜਾ ਏਨਾ ਭੜਕ ਗਿਆ ਕਿ ਗੋਵਿੰਦਾਚਾਰੀਆ ਨੂੰ ਪਾਰਟੀ ਵਿੱਚੋਂ ਕੱਢਣ ਦੇ ਨਾਲ ਉਹੋ ਜਿਹੀ ਸੋਚ ਵੀ ਕਈ ਸਾਲਾਂ ਲਈ ਦੱਬੀ ਗਈ ਸੀ।
ਓਦੋਂ ਵਾਲੀ ਸੋਚ ਅੱਜ ਨਿਸਾਰੇ ਉੱਤੇ ਹੈ। ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਚੁਣਨ ਦੇ ਲਈ ਯੋਗੀ ਆਦਿਤਿਆਨਾਥ ਦਾ ਗੁਣਾ ਐਵੇਂ ਨਹੀਂ ਪਿਆ ਸੀ। ਯੋਗੀ ਉਮਾ ਭਾਰਤੀ ਨਾਲੋਂ ਵੱਧ ਉਹ ਕੰਮ ਕਰ ਸਕਦਾ ਹੈ, ਜਿਨ੍ਹਾਂ ਲਈ ਕਿਸੇ ਵੇਲੇ ਉਮਾ ਭਾਰਤੀ ਨੂੰ ਅੱਗੇ ਲਿਆਂਦਾ ਸੀ। ਅੱਜ ਸਾਧਵੀ ਪ੍ਰਗਿਆ ਸਿੰਘ ਅੱਗੇ ਲਾਈ ਗਈ ਹੈ, ਜਿਹੜੀ ਉਸ ਵੇਲੇ ਉਮਾ ਭਾਰਤੀ ਦੇ ਨਾਲ ਉਭਾਰੀ ਗਈ ਸਾਧਵੀ ਰਿਤੰਬਰਾ ਨਾਲੋਂ ਵੱਧ ਉਸ ਸੋਚ ਨੂੰ ਅੱਗੇ ਵਧਾਉਣ ਲਈ ਕਾਹਲੀ ਹੈ। ਹਰ ਥਾਂ ਇਹ ਜਿਹੇ ਲੋਕ ਨਹੀਂ ਮਿਲਦੇ। ਇਸ ਲਈ ਆਸਾਮ ਦੇ ਮੁੱਖ ਮੰਤਰੀ ਵਾਂਗ ਕਾਂਗਰਸ ਦੀ ਦਿੱਤੀ ਬੁਰਕੀ ਚੱਬ ਚੁੱਕੇ ਅਤੇ ਸੱਤਾ ਸੁਖ ਮਾਨਣ ਲਈ ਭਾਜਪਾ ਵਿੱਚ ਆਏ ਕਈ ਆਗੂ ਇਸ ਸੋਚ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਇਸ ਸੋਚ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਬਣੇ ਦਿਖਾਈ ਦੇਂਦੇ ਹਨ। ਕਿਸੇ ਸਮੇਂ ਆਰ ਐੱਸ ਐੱਸ ਨਾਲ ਰਾਜਸੀ ਪਾਰਟੀਆਂ ਦੇ ਸੰਬੰਧਾਂ ਦਾ ਤਿੱਖਾ ਵਿਰੋਧ ਕਰਨ ਵਾਲਾ ਬਹੁਗੁਣਾ ਪਰਵਾਰ ਵੀ ਭਾਜਪਾ ਵਿੱਚ ਹੈ ਤੇ ਅਯੁੱਧਿਆ ਦੀ ਬਾਬਰੀ ਮਸਜਿਦ ਢਾਹੇ ਜਾਣ ਵਿਰੁੱਧ ਪਾਰਲੀਮੈਂਟ ਵਿੱਚ ਰੌਲੀ ਪਾਉਣ ਵਾਲਾਾ ਸਰਦਾਰ ਆਹਲੂਵਾਲੀਆ ਉਨ੍ਹਾਂ ਦਾ ਕਾਰਿੰਦਾ ਬਣ ਚੁੱਕਾ ਹੈ। ਪੰਜਾਬ ਦਾ ਅਕਾਲੀ ਦਲ ਵੀ ਸੱਤਾ ਸੁਖ ਲਈ ਹਰ ਹੱਦ ਟੱਪਣ ਵਾਲੀ ਧਿਰ ਹੈ। ਉਨ੍ਹਾਂ ਦਾ ਸਿੱਖੀ ਲਈ ਪ੍ਰੇਮ ਗੁਰੂ ਕੀ ਗੋਲਕ ਉੱਤੇ ਕਬਜ਼ਾ ਕਰੀ ਰੱਖਣ ਤੱਕ ਸੀਮਤ ਹੈ, ਤਖਤਾਂ ਦੇ ਜਥੇਦਾਰਾਂ ਨੂੰ ਉਹ ਆਪਣੇ ਘਰ ਦੇ ਨਿੱਜੀ ਨੌਕਰਾਂ ਤੋਂ ਵੱਧ ਫੁਰਤੀ ਨਾਲ ਬਦਲ ਦੇਣ ਦਾ ਫਾਰਮੂਲਾ ਵਰਤਦੇ ਹਨ ਅਤੇ ਏਸੇ ਲਈ ਧਾਰਮਿਕ ਹਸਤੀਆਂ ਉਨ੍ਹਾਂ ਅੱਗੇ ਝੁਕ-ਝੁਕ ਜਾਂਦੀਆਂ ਹਨ।
ਇਨ੍ਹਾਂ ਸਥਿਤੀਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਰਾ ਸੋਚ ਕੇ ਵੋਟ ਦੀ ਪਾਉਣ ਦੀ ਲੋੜ ਹੈ। ਉਹ ਇਸ ਤਰ੍ਹਾਂ ਸੋਚ ਕੇ ਵੋਟ ਪਾਉਣਗੇ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਇੱਕ ਗੱਲ ਸਾਫ ਹੈ ਕਿ ਇਸ ਵਾਰ ਪੰਜਾਬ ਦਾ ਰਾਜ ਚਲਾਉਣ ਵਾਲੀ ਪਾਰਟੀ ਆਪਣੀ ਜਿੱਤ ਦੇ ਵਹਿਮ ਵਿੱਚ ਬਹੁਤ ਹੈ। ਉਨ੍ਹਾਂ ਦਾ 'ਮਿਸ਼ਨ ਤੇਰਾਂ' ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਉਨ੍ਹਾਂ ਨੇ ਚੋਣ ਨਹੀਂ ਲੜਨੀ, ਤੇਰਾਂ ਸੀਟਾਂ ਵਾਸਤੇ ਆਪਣੇ ਆਗੂ ਨਾਮਜ਼ਦ ਕਰ ਕੇ ਪਾਰਲੀਮੈਂਟ ਵਿੱਚ ਭੇਜਣ ਦਾ ਅਧਿਕਾਰ ਪ੍ਰਾਪਤ ਕੀਤਾ ਹੋਇਆ ਹੋਵੇ। ਹਾਲਾਤ ਉਨ੍ਹਾਂ ਲਈ ਅਣਸੁਖਾਵੇਂ ਬਣਦੇ ਜਾਂਦੇ ਹਨ। ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਖੁਦ ਚੋਣ ਲੜਨ ਦੇ ਨਾਲ ਆਪਣੀ ਪਤਨੀ ਨੂੰ ਵੀ ਚੋਣ ਜੰਗ ਵਿੱਚ ਲਿਆ ਕੇ ਮਾਹੌਲ ਦਾ ਨਕਸ਼ਾ ਪਲਟਣ ਦਾ ਯਤਨ ਕੀਤਾ ਹੈ, ਮਾਹਰ ਆਖਦੇ ਹਨ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਵੀ ਭਾਜਪਾ ਦੇ ਆਗੂਆਂ ਨਾਲ ਬਾਕਾਇਦਾ ਸਲਾਹ ਕਰ ਲਈ ਹੋਵੇਗੀ। ਮਾਹਰ ਕਿੰਨਾ ਕੁ ਠੀਕ ਹਨ ਤੇ ਕਿੰਨਾ ਨਹੀਂ, ਇਸ ਬਾਰੇ ਅਸੀਂ ਕਹਿ ਨਹੀਂ ਸਕਦੇ, ਪਰ ਇੱਕ ਗੱਲ ਪੱਕੀ ਹੈ ਕਿ ਅਕਾਲੀ ਦਲ ਦੇ ਜਿੰਨੇ ਵੀ ਉਮੀਦਵਾਰ ਜਿੱਤਣਗੇ, ਉਹ ਸਿਰਫ ਕਹਿਣ ਨੂੰ ਅਕਾਲੀ ਹੋਣਗੇ, ਉਂਝ ਦਿੱਲੀ ਦੇ ਮਨਜਿੰਦਰ ਸਿੰਘ ਸਿਰਸੇ ਵਾਂਗ ਓਥੇ ਪਹੁੰਚ ਕੇ 'ਮੇਕ ਇਨ ਇੰਡੀਆ' ਦੀ ਮੋਹਰ ਵਾਲੇ ਗਿਣੇ ਜਾਣਗੇ ਅਤੇ ਏਨੇ ਪੱਕੇ ਚੇਲੇ ਬਣਨ ਦਾ ਯਤਨ ਕਰਨਗੇ ਕਿ ਸ਼ਿਵ ਸੈਨਾ ਵਾਲਿਆਂ ਵਾਂਗ ਬੁੜਬੁੜ ਵੀ ਨਹੀਂ ਕਰਨਗੇ। ਇਸ ਦੇ ਸਿੱਟੇ ਵਜੋਂ ਭਾਰਤ ਦਾ ਭਵਿੱਖ ਇਸ ਉੱਤੇ ਨਿਰਭਰ ਕਰੇਗਾ ਕਿ ਅਣਖ ਨਾਲ ਆਪਣਾ ਸਿਰ ਚੁੱਕ ਕੇ ਗੱਲ ਕਰਨ ਵਾਲੇ ਕਿੰਨੇ ਕੁ ਜਿੱਤਦੇ ਹਨ ਤੇ ਇਸ ਲੋੜ ਦੀ ਪੂਰਤੀ ਲਈ ਜਿਹੜੀਆਂ ਧਿਰਾਂ ਚੋਣ ਮੈਦਾਨ ਵਿੱਚ ਹਨ, ਸਿਹਤਮੰਦ ਸਮਾਜ ਦੇ ਚਾਹਵਾਨਾਂ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਹੀ ਟਿਕੀਆਂ ਹੋਈਆਂ ਹਨ, ਸਿਰਫ ਉਨ੍ਹਾਂ ਉੱਤੇ ਹੀ, ਬਾਕੀ ਸਭ ਤਾਂ ਚੱਲਦਿਆਂ ਨਾਲ ਚੱਲਣ ਵਾਲੇ ਬਣੀ ਜਾ ਰਹੇ ਹਨ।