'ਹੈਦਰਾਬੈਡ' ਤੇ 'ਗੋਰਖਪੂਅਰ' ਦੇ ਲੋਕਾਂ ਨੂੰ ਭੁੱਖੇ ਢਿੱਡ ਯੋਗ ਕੀਤੇ ਦਾ ਲਾਭ ਕਿੱਦਾਂ ਹੋ ਸਕੇਗਾ! - ਜਤਿੰਦਰ ਪਨੂੰ
ਸਾਡੇ ਲਈ ਇਹ ਗੱਲ ਖੁਸ਼ੀ ਵਾਲੀ ਹੋ ਸਕਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਉੱਤੇ ਯੂ ਐੱਨ ਓ ਨੇ ਸਾਲ ਦਾ ਇਕ ਦਿਨ ਯੋਗ ਲਈ ਤੈਅ ਕਰ ਦਿੱਤਾ ਹੈ। ਇਸ ਦਿਨ ਇੱਕੀ ਜੂਨ ਨੂੰ ਸੰਸਾਰ ਭਰ ਵਿੱਚ ਜਦੋਂ ਯੋਗ ਕੀਤਾ ਜਾ ਰਿਹਾ ਸੀ, ਭਾਰਤ ਤੋਂ ਇਹ ਗੱਲ ਸ਼ੁਰੂ ਹੋਈ ਹੋਣ ਕਾਰਨ ਏਥੋਂ ਦੇ ਪ੍ਰਧਾਨ ਮੰਤਰੀ ਤੇ ਰਾਜਾਂ ਵਿਚਲੇ ਬਹੁਤ ਸਾਰੇ ਮੁੱਖ ਮੰਤਰੀਆਂ ਦੀ ਅਗਵਾਈ ਹੇਠ ਓਸੇ ਦਿਨ ਯੋਗ ਕੈਂਪ ਲਾਏ ਜਾ ਰਹੇ ਸਨ। ਓਥੇ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਬਿਮਾਰੀਆਂ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਯੋਗ ਬਹੁਤ ਜ਼ਰੂਰੀ ਹੈ, ਪਰ ਜੇ ਸਿਰਫ ਯੋਗ ਕਰਨ ਨਾਲ ਸਾਰੇ ਦੁੁੱਖ ਦੂਰ ਕੀਤੇ ਜਾ ਸਕਦੇ ਹਨ ਤਾਂ ਹਸਪਤਾਲਾਂ ਵਿੱਚ ਮਾਹਰ ਡਾਕਟਰਾਂ ਦੀ ਥਾਂ ਯੋਗੀ ਰਾਮਦੇਵ ਦੀ ਯੋਗ ਕਰਾਉਣ ਵਾਲੀ ਮੰਡਲੀ ਦੇ ਲੋਕ ਬਿਠਾ ਦੇਣ ਬਾਰੇ ਸੋਚ ਲੈਣਾ ਚਾਹੀਦਾ ਹੈ। ਯੋਗ ਦਾ ਇੱਕ ਆਪਣਾ ਮਹੱਤਵ ਹੈ, ਪਰ ਇਹ ਸਾਰੇ ਦੁੱਖਾਂ ਦਾ ਦਾਰੂ ਨਹੀਂ ਹੋ ਸਕਦਾ। ਬਿਹਾਰ ਵਿੱਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦਾ ਇਲਾਜ ਯੋਗ ਨਹੀਂ ਹੋ ਸਕਦਾ ਅਤੇ ਉਨ੍ਹਾਂ ਪਰਵਾਰਾਂ ਵਿੱਚ ਬਾਕੀ ਬਚੇ ਜੀਆਂ ਨੂੰ ਸਿਰਫ ਯੋਗ ਕਰਵਾ ਕੇ ਇਸ ਬਿਮਾਰੀ ਤੋਂ ਬਚਾ ਲੈਣ ਦਾ ਹਿੱਕ ਠੋਕੂ ਦਾਅਵਾ ਕਰਨ ਵਾਲਾ ਵੀ ਕੋਈ ਨਹੀਂ ਲੱਭੇਗਾ। ਯੋਗ ਕਰਨ ਨੂੰ ਜਿਨ੍ਹਾਂ ਦਾ ਮਨ ਕਰਦਾ ਹੈ, ਉਹ ਜ਼ਰੂਰ ਕਰਨ, ਪਰ ਇਸ ਤੋਂ ਥੋੜ੍ਹਾ ਹਟ ਕੇ ਇਹ ਸੋਚਣ ਦਾ ਵੀ ਵਕਤ ਕੱਢ ਲੈਣ ਕਿ ਇਸ ਦੇਸ਼ ਵਿੱਚ ਬੀਤੇ ਬਹੱਤਰ ਸਾਲਾਂ ਵਿੱਚ ਜਿੰਨੇ ਫਾਰਮੂਲੇ ਵੀ ਵਰਤੇ ਗਏ ਹਨ, ਉਹ ਅਜੇ ਤੱਕ ਕਦੇ ਕਾਰਗਰ ਸਾਬਤ ਨਹੀਂ ਹੋਏ। 'ਮਰਜ਼ ਬੜਤਾ ਗਿਆ, ਜੂੰ-ਜੂੰ ਦਵਾ ਕੀ'।
ਸਾਡੇ ਦੇਸ਼ ਦੇ ਮਾਹਰ ਇਹ ਕਹਿੰਦੇ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਪਰਦੂਸ਼ਣ ਹੈ ਅਤੇ ਪਰਦੂਸ਼ਣ ਹਵਾ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ ਅਤੇ ਗਾਂ ਤੇ ਮਾਂ ਦੇ ਦੁੱਧ ਤੱਕ ਵੀ ਪਹੁੰਚ ਗਿਆ ਹੈ। ਹਵਾ ਵਿੱਚ ਪਰਦੂਸ਼ਣ ਸਭ ਨੂੰ ਦਿੱਸ ਸਕਦਾ ਹੈ, ਪਾਣੀ ਵਿੱਚ ਗੰਦਗੀ ਆਉਣ ਪਿੱਛੋਂ ਘਰਾਂ ਤੇ ਸੰਸਥਾਵਾਂ ਵਿੱਚ ਇਸ ਨੂੰ ਸਾਫ ਕਰਨ ਦੇ ਸਿਸਟਮ ਲਾਉਣੇ ਪੈ ਰਹੇ ਹਨ। ਸਬਜ਼ੀਆਂ ਦੇ ਬੂਟੇ ਨੂੰ ਛੇਤੀ ਅਤੇ ਬਹੁਤਾ ਝਾੜ ਦੇਣ ਵਾਲਾ ਟੀਕਾ ਲਾਇਆ ਜਾਣ ਨਾਲ ਉਨ੍ਹਾਂ ਵਿੱਚ ਕੈਮੀਕਲ ਦਾ ਪਰਦੂਸ਼ਣ ਹੈ। ਗਾਂਵਾਂ ਦਾ ਦੁੱਧ ਕੁਦਰਤੀ ਤਰੀਕੇ ਨਾਲ ਲੈਣ ਦੀ ਥਾਂ ਟੀਕੇ ਲਾ ਕੇ ਕੱਢਿਆ ਜਾਂਦਾ ਹੈ, ਇਸ ਬਾਰੇ ਸਾਰੇ ਲੋਕ ਜਾਣਦੇ ਹਨ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਸਾਡੇ ਕੋਲ ਦੂਸਰੇ ਰਾਜਾਂ ਤੋਂ ਜਿਹੜਾ ਫਲ ਪਹੁੰਚਦਾ ਹੈ, ਅੰਬ ਤੋਂ ਕੇਲੇ ਤੱਕ ਓਥੇ ਉਸ ਦੀਆਂ ਪੇਟੀਆਂ ਬੰਦ ਕਰਨ ਵੇਲੇ ਦਵਾਈ ਲਾਈ ਜਾਂਦੀ ਹੈ, ਜਿਹੜੀ ਸਾਡੇ ਤੱਕ ਪਹੁੰਚਣ ਦੌਰਾਨ ਉਸ ਫਲ ਦੇ ਅੰਦਰ ਤੱਕ ਰਚ-ਮਿਚ ਜਾਂਦੀ ਹੈ। ਪੰਜਾਬ ਵਿੱਚ ਹਦਵਾਣਾ ਅਤੇ ਖਰਬੂਜ਼ਾ ਬਚੇ ਹੋਏ ਸਮਝੇ ਜਾਂਦੇ ਸਨ, ਪਰ ਇਨ੍ਹਾਂ ਨੂੰ ਵੀ ਅੱਜਕੱਲ੍ਹ ਦਵਾਈਆਂ ਨਾਲ ਛੇਤੀ ਵਧਾਇਆ, ਮਿੱਠਾ ਕੀਤਾ ਤੇ ਪਕਾਇਆ ਜਾਣ ਲੱਗਾ ਹੈ। ਇਸ ਲਈ ਇਨ੍ਹਾਂ ਵਿੱਚ ਵੀ ਪਰਦੂਸ਼ਣ ਹੈ। ਜਦੋਂ ਫਲਾਂ ਤੋਂ ਲੈ ਕੇ ਗਾਂ ਦੇ ਦੁੱਧ ਤੱਕ ਪਰਦੂਸ਼ਣ ਹੈ ਤਾਂ ਬੱਚੇ ਨੂੰ ਜਿਹੜਾ ਦੁੱਧ ਉਸ ਦੀ ਮਾਂ ਪਿਆ ਸਕਦੀ ਹੈ, ਜਿਹੜਾ ਹਮੇਸ਼ਾ ਤੋਂ ਉਸ ਲਈ ਸਰਬ ਉੱਤਮ ਸਮਝਿਆ ਜਾਂਦਾ ਰਿਹਾ ਹੈ, ਉਸ ਉੱਤੇ ਵੀ ਫਲਾਂ ਅਤੇ ਗਾਂ ਵਾਲੇ ਦੁੱਧ ਦੇ ਪਰਦੂ਼ਸ਼ਣ ਕਾਰਨ ਇਹੋ ਅਸਰ ਪਹੁੰਚਣ ਲੱਗ ਪਿਆ ਹੈ। ਸਾਨੂੰ ਇਹ ਗੱਲ ਇੱਕ ਡਾਈਟੀਸ਼ਨ ਨੇ ਦੱਸੀ ਹੈ।
ਕਿਸੇ ਨੂੰ ਕੋਈ ਰੋਗ ਲੱਗ ਜਾਵੇ, ਉਹ ਡਾਕਟਰ ਕੋਲ ਜਾਂਦਾ ਹੈ ਤਾਂ ਲਗਭਗ ਹਰ ਡਾਕਟਰ ਕੋਲ ਆਪਣੀ ਦੁਕਾਨ ਤੋਂ ਦਵਾਈਆਂ ਵੇਚਣ ਦਾ ਪ੍ਰਬੰਧ ਹੁੰਦਾ ਹੈ। ਬਹੁਤੇ ਡਾਕਟਰ ਜਿਹੜੀ ਦਵਾਈ ਲਿਖ ਕੇ ਦੇਂਦੇ ਹਨ, ਉਹ ਏਨੀ ਵਿਸ਼ੇਸ਼ ਹੁੰਦੀ ਹੈ ਕਿ ਉਸ ਸ਼ਹਿਰ ਵਿੱਚੋਂ ਸਿਰਫ ਓਸੇ ਡਾਕਟਰ ਦੀ ਦੁਕਾਨ ਤੋਂ ਮਿਲੇਗੀ। ਇਸ ਦਾ ਕਾਰਨ ਸਮਝ ਆ ਜਾਂਦਾ ਹੈ। ਤੁਸੀਂ ਸੋਚੋ ਕਿ ਇੱਕ ਦਵਾਈ ਡਿਸਪਰੀਨ ਹੈ, ਉਸ ਡਾਕਟਰ ਨੇ ਉਹ ਦਵਾਈ ਪਰਚੀ ਉੱਤੇ ਡਿਸਪਰੀਨ ਨਹੀਂ ਲਿਖਣੀ, ਡਾਕਟਰ ਦਾ ਨਾਂਅ ਬਿਸ਼ਨ ਚੰਦਰ ਹੋਵੇ ਤਾਂ ਬਿਸ਼ਨ ਚੰਦਰ ਵਾਲੀ 'ਬੀ' ਨਾਲ ਜੋੜ ਕੇ 'ਬਸਪਰੀਨ' ਬਣਾ ਦਿੱਤੀ ਹੋਵੇਗੀ ਅਤੇ ਫਿਰ ਉਹ ਓਸੇ ਹਸਪਤਾਲ ਦੇ ਅੰਦਰ ਚੱਲਦੀ ਦੁਕਾਨ ਤੋਂ ਮਿਲੇਗੀ। ਦਵਾਈ ਕੰਪਨੀਆਂ ਡਾਕਟਰਾਂ ਨਾਲ ਮਿਲ ਕੇ ਫਰਾਡ ਕਰ ਰਹੀਆਂ ਹਨ ਤੇ ਸਿਹਤ ਵਿਭਾਗ ਦੇ ਵੱਡੇ ਅਫਸਰਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਰੋਕਦੇ ਨਹੀਂ, ਕਿਉਂਕਿ 'ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ' ਹਨ। ਏਦਾਂ ਦੀ ਦਵਾਈ ਵਿੱਚ ਸਿਰਫ ਲੋੜ ਵਾਲਾ ਇੱਕੋ ਤੱਤ ਨਹੀਂ ਹੁੰਦਾ, ਉਸ ਦੇ ਨਾਲ ਪੰਜ-ਚਾਰ ਹੋਰ ਤੱਤ ਮਿਲੇ ਹੁੰਦੇ ਹਨ ਅਤੇ ਉਹ ਬਿਨਾਂ ਲੋੜ ਤੋਂ ਜਿਸ ਮਰੀਜ਼ ਦੇ ਢਿੱਡ ਵਿੱਚ ਚਲੇ ਜਾਂਦੇ ਹਨ, ਉਸ ਦਾ ਇਲਾਜ ਯੋਗ ਨਾਲ ਕਦੇ ਨਹੀਂ ਹੋ ਸਕਣਾ ਹੁੰਦਾ। ਉਸ ਮਰੀਜ਼ ਦੇ ਇਲਾਜ ਲਈ ਸਰਕਾਰ ਨੂੰ ਸਰਕਾਰ ਵਾਲੇ ਫਰਜ਼ ਨਿਭਾਉਣ ਦੀ ਲੋੜ ਹੈ।
ਸਾਨੂੰ ਕਈ ਸਾਲਾਂ ਤੱਕ ਇਹ ਸਿਖਾਇਆ ਜਾਂਦਾ ਰਿਹਾ ਕਿ ਸਾਨੂੰ ਪੱਛਮ ਦੇ ਵਿਕਸਤ ਦੇਸ਼ਾਂ ਤੋਂ ਇਹ ਗੱਲਾਂ ਸਿੱਖਣ ਦੀ ਲੋੜ ਹੈ ਕਿ ਸਮਾਜ ਪ੍ਰਤੀ ਫਰਜ਼ ਕੀ ਹੁੰਦੇ ਹਨ ਤੇ ਗਲਤ ਗੱਲਾਂ ਹੋਣ ਤੋਂ ਕਿਵੇਂ ਰੋਕਣੀਆਂ ਹਨ। ਸਿਆਸੀ ਲੀਡਰ ਆਪ ਆਪਣੇ ਇਲਾਜ ਅਤੇ ਆਪਣੇ ਪਰਵਾਰਕ ਜੀਆਂ ਦੇ ਸਰਕਾਰੀ ਖਰਚ ਉੱਤੇ ਇਲਾਜ ਲਈ ਜਿਹੜੇ ਦੇਸ਼ਾਂ ਵੱਲ ਦੌੜੇ ਜਾਂਦੇ ਹਨ, ਓਥੋਂ ਵਾਪਸ ਆ ਕੇ ਕਦੇ ਓਥੋਂ ਵਰਗਾ ਸਿਸਟਮ ਲਾਗੂ ਕਰਨ ਦਾ ਕੋਈ ਯਤਨ ਨਹੀਂ ਕਰਦੇ। ਕੁਰਸੀਆਂ ਲਈ ਦੌੜ ਤੱਕ ਸਾਰੇ ਯਤਨ ਸੀਮਤ ਹੋ ਜਾਣ ਪਿੱਛੋਂ ਭਾਰਤ ਅਸਮਾਨ ਟੱਪ ਕੇ ਪੁਲਾੜ ਵਿੱਚ ਭਾਵੇਂ ਪੱਕਾ ਸਟੇਸ਼ਨ ਬਣਾਉਣ ਵਾਲਾ ਵੀ ਬਣ ਗਿਆ ਹੈ, ਪਰ ਆਪਣੇ ਪੈਰਾਂ ਹੇਠ ਪਿਆ ਗੰਦ ਇਸ ਨੂੰ ਅਜੇ ਤੱਕ ਨਹੀਂ ਦਿੱਸ ਸਕਿਆ। ਲੋਕ ਬਿਮਾਰੀਆਂ ਨਾਲ ਵੀ ਮਰਦੇ ਹਨ, ਭੀੜ ਦੀ ਭਾਜੜ ਵਿੱਚ ਕੁਚਲ ਕੇ ਵੀ ਤੇ ਹੜ੍ਹਾਂ ਵਿੱਚ ਗੋਤੇ ਖਾ ਕੇ ਵੀ ਮਰਦੇ ਹਨ। ਜਦੋਂ ਕਸਰ ਰਹੀ ਜਾਪਦੀ ਹੈ ਤਾਂ ਕਿਸੇ ਨਾ ਕਿਸੇ ਰਾਜ ਵਿੱਚ ਸੋਕਾ ਪੈ ਜਾਂਦਾ ਹੈ। ਆਗੂ ਲੋਕ ਰਾਹਤ ਦੇ ਨਾਂਅ ਉੱਤੇ ਬੱਜਟ ਫੂਕਦੇ ਤੇ ਵਿੱਚੋਂ ਆਪਣਾ ਹਿੱਸਾ ਵਸੂਲਦੇ ਹਨ, ਪਰ ਇਹੋ ਜਿਹਾ ਪੱਕਾ ਪ੍ਰਬੰਧ ਕਰਨ ਦਾ ਕੋਈ ਯਤਨ ਨਹੀਂ ਕਰਦੇ ਕਿ ਫਿਰ ਕਦੀ ਉਸ ਰਾਜ ਵਿੱਚ ਸੋਕਾ ਨਾ ਪਵੇ। ਸੋਕੇ ਦੀ ਆਮਦ ਵੀ ਸਿਆਸਤ ਦੀ ਵੱਡੀ ਲੋੜ ਸਮਝੀ ਜਾ ਰਹੀ ਹੈ।
ਹਿੰਦੀ ਦਾ ਵਿਅੰਗਕਾਰ ਕਾਕਾ ਹਾਥਰਸੀ ਬਹੁਤ ਤਿਖੀ ਚੋਭ ਲਾਇਆ ਕਰਦਾ ਸੀ। ਉਸ ਨੇ 'ਲਫਟੰਟ ਪਿਗਸਨ ਦੀ ਡਾਇਰੀ' ਵਾਲੀ ਕਿਤਾਬ ਵਿੱਚ ਲਿਖਿਆ ਸੀ ਕਿ ਭਾਰਤ ਵਿੱਚ ਆਏ ਅੰਗਰੇਜ਼ ਲੈਫਟੀਨੈਂਟ ਪਿਗਸਨ ਨੇ ਆਪਣੇ ਕਰਨਲ ਤੋਂ ਵੀਕ-ਐਂਡ ਮਨਾਉਣ ਦੀ ਛੁੱਟੀ ਮੰਗੀ ਸੀ। ਕਰਨਲ ਨੇ ਕਿਹਾ ਕਿ ਏਥੇ ਘੁੰਮਣ ਵਾਲਾ ਥਾਂ ਹੀ ਕੋਈ ਨਹੀਂ। ਇਸ ਗੱਲ ਤੋਂ ਹੈਰਾਨ ਹੋਏ ਲੈਫਟੀਨੈਂਟ ਪਿਗਸਨ ਨੇ ਪੁੱਛ ਲਿਆ ਕਿ ਫਿਰ ਏਥੇ ਹੈ ਕੀ? ਅੱਗੋਂ ਕਰਨਲ ਨੇ ਕਿਹਾ ਕਿ ਭਾਰਤ ਵਿੱਚ ਸਿਰਫ 'ਬੈਡ' ਅਤੇ 'ਪੂਅਰ' ਹਨ, ਹੋਰ ਏਥੇ ਕੁਝ ਨਹੀਂ ਲੱਭਦਾ। ਲੈਫਟੀਨੈਂਟ ਨੂੰ ਗੱਲ ਸਮਝ ਨਹੀਂ ਸੀ ਪਈ ਤਾਂ ਕਰਨਲ ਨੇ ਸਮਝਾਇਆ ਸੀ ਕਿ ਏਥੇ 'ਹੈਦਰਾਬੈਡ' ਹੈ, 'ਗਾਜ਼ੀਆਬੈਡ' ਹੈ, 'ਔਰੰਗਾਬੈਡ' ਹੈ ਜਾਂ 'ਨੂਰਪੂਅਰ' ਹੈ, 'ਕਾਨਪੂਅਰ' ਹੈ ਅਤੇ 'ਗੋਰਖਪੂਅਰ' ਵੀ ਹੈ, ਪਰ ਵੀਕ-ਐਂਡ ਲਈ ਵੇਖਣ ਵਾਲਾ ਕੁਝ ਨਹੀਂ ਲੱਭਣਾ। ਉਸ ਅੰਗਰੇਜ਼ ਕਰਨਲ ਨੇ ਸਾਡੇ ਦੇਸ਼ ਦੇ ਲਈ ਨਫਰਤ ਦੀ ਭਾਵਨਾ ਨਾਲ ਇਹ ਗੱਲ ਕਹੀ ਜਾਂ ਕਾਕਾ ਹਾਥਰਸੀ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ, ਪਰ ਦੇਸ਼ ਦੇ ਆਜ਼ਾਦੀ ਦੇ ਬਹੱਤਰ ਸਾਲ ਬਾਅਦ ਵੀ ਏਥੇ ਇਹੋ ਕੁਝ ਦਿੱਸ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦਾ ਇਲਾਜ ਕਰਨ ਦੇ ਲਈ ਸਰਕਾਰ ਨੂੰ ਸਰਕਾਰ ਦੇ ਫਰਜ਼ ਨਿਭਾਉਣ ਦੀ ਲੋੜ ਹੈ, ਸਿਰਫ ਯੋਗ ਕਰਨ ਨਾਲ ਕੁਝ ਨਹੀਂ ਹੋਣ ਲੱਗਾ। ਕਬੀਰ ਜੀ ਨੇ ਕਿਹਾ ਸੀ: ਭੂਖੇ ਭਗਤਿ ਨਾ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਭੁੱਖੇ ਢਿੱਡਾਂ ਨਾਲ ਯੋਗ ਨਹੀਂ ਕੀਤਾ ਜਾ ਸਕਦਾ। ਯੋਗ ਕਰਨਾ ਮਾੜਾ ਨਹੀਂ, ਪਰ ਲੋਕਾਂ ਦਾ ਢਿੱਡ ਭਰਨ ਦੇ ਉਪਰਾਲਾ ਕਰਨਾ ਇਸ ਕਿਰਿਆ ਤੋਂ ਵੱਧ ਜ਼ਰੂਰੀ ਹੋ ਸਕਦਾ ਹੈ।