ਮੜ੍ਹੀ ਦਾ ਦੀਵਾ -1989 - ਤਰਸੇਮ ਬਸ਼ਰ
ਪੰਜਾਬੀ ਸਿਨਮਾ ਚ ਵੱਡੇ ਪੱਧਰ ਤੇ ਸਮਾਨੰਤਰ ਸਿਨੇਮਾ ਜਿਸ ਨੂੰ ਕਲਾ ਫਿਲਮਾਂ ਵੀ ਕਿਹਾ ਜਾਂਦਾ ਹੈ ਬਹੁਤ ਘੱਟ ਬਣਿਆ ਹੈ ਤੇ ਬਿਨਾਂ ਸ਼ੱਕ "ਮੜ੍ਹੀ ਦਾ ਦੀਵਾ" ਅਜਿਹੀਆਂ ਫਿਲਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫਿਲਮ ਹੈ । ਸਰਦਾਰ ਸੁਰਿੰਦਰ ਸਿੰਘ ਦੀ ਨਿਰਦੇਸਨਾ ਚ ਬਣੀ " ਮੜ੍ਹੀ ਦਾ ਦੀਵਾ " ਅੱਜ ਵੀ ਦੇਖੀ ਜਾਂਦੀ ਹੈ ਇੱਕ ਅਜਿਹੀ ਫਿਲਮ ਜੋ ਕਲਾ ਫਿਲਮ ਸੀ ਪਰ ਬਹੁਤ ਚਰਚਿਤ ਰਹੀ ।" ਮੜ੍ਹੀ ਦਾ ਦੀਵਾ " ਗੁਰਦਿਆਲ ਸਿੰਘ ਹੋਰਾਂ ਦਾ ਲਿਖਿਆ ਪਹਿਲਾਂ ਨਾਵਲ ਸੀ , ਜੋ ਪਹਿਲੀ ਵਾਰ 1964 ਛਪਿਆ ਸੀ ।
ਗਿਆਨਪੀਠ ਪੁਰਸਕਾਰ ਵਿਜੇਤਾ , ਪਦਮਸ਼੍ਰੀ ਗੁਰਦਿਆਲ ਸਿੰਘ ।
ਗੁਰਦਿਆਲ ਸਿੰਘ ਜੈਤੋ ।
"ਮੜ੍ਹੀ ਦਾ ਦੀਵਾ' ਨੂੰ ਉਸ ਸਾਲ ਦੀ ਸਰਵਸ੍ਰੇਸ਼ਟ ਪੰਜਾਬੀ ਫੀਚਰ ਫਿਲਮ ਦਾ ਰਾਸ਼ਟਰੀ ਅਵਾਰਡ ਵੀ ਮਿਲਿਆ ਸੀ, ਇਸ ਨਾਲ ਬੜੇ ਵੱਡੇ ਨਾਮ ਜੁੜੇ ਹੋਏ ਸਨ ਮਸਲਨ ਰਾਜ ਬੱਬਰ ,ਪੰਕਜ ਕਪੂਰ, ਦੀਪਤੀ ਨਵਲ, ਕੰਵਲਜੀਤ, ਪ੍ਰੀਕਸ਼ਤ ਸਾਹਨੀ ਤੇ ਹੋਰ । ਫਿਲਮ ਦਾ ਨਿਰਮਾਣ ਸਹਿਯੋਗ NFDC ਅਤੇ ਦੂਰਦਰਸ਼ਨ ਨੇ ਕੀਤਾ ਸੀ । ਨਾਵਲ ਪਹਿਲਾਂ ਹੀ ਚਰਚਾ ਵਿੱਚ ਆ ਚੁੱਕਿਆ ਸੀ। ਇਸ ਬਾਰੇ ਨਾਨਕ ਸਿੰਘ ਹੋਰਾਂ ਦਾ ਕਥਨ ਸੀ ਕਿ ਨਾਵਲ ਪੜ੍ਹ ਕੇ ਰੂਹ ਨਸ਼ਿਆ ਗਈ ਹੈ । ਰਾਸ਼ਟਰੀ ਪੱਧਰ ਤੇ ਵੀ ਨਾਵਲ ਜ਼ਿਕਰ ਵਿੱਚ ਸੀ, ਲੋਕ ਇਸ ਨੂੰ ਮੁਨਸ਼ੀ ਪ੍ਰੇਮ ਚੰਦ ਦੀਆਂ ਲਿਖਤਾਂ ਦੇ ਬਰਾਬਰ ਤੱਕ ਕਹਿ ਰਹੇ ਸਨ । ਪ੍ਰਸਿੱਧ ਵਿਦਵਾਨ ਡਾਕਟਰ ਨਾਮਵਰ ਸਿੰਘ ਨੇ ਕਿਹਾ ਸੀ ਕਿ ਅਜਿਹਾ ਨਾਵਲ ਕਦੇ ਕਦੇ ਹੀ ਆਉਂਦਾ ਹੈ ਹੁਣ ਜਦੋਂ ਭਾਰਤੀ ਨਾਵਲ ਵਿਧਾ ਖੜੋਤ ਵਿੱਚ ਹੈ ਤਾਂ ਯਥਾਰਥ ਦੇ ਨੇੜੇ ਦਾ ਇਹ ਚਿਤਰਨ ਭਾਰਤੀ ਸਾਹਿਤ ਨੂੰ ਨਵੀਂ ਦਿਸ਼ਾ ਦੇਵੇਗਾ ।
ਮੜ੍ਹੀ ਦਾ ਦੀਵਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ , ਰੂਸੀ ਭਾਸ਼ਾ ਵਿੱਚ ਅਨੁਵਾਦ ਹੋਣ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ ਸਨ ।
ਮੜ੍ਹੀ ਦਾ ਦੀਵਾ ਆਜ਼ਾਦੀ ਉਪਰਾਂਤ ਮਾਲਵੇ ਦੇ ਪੇਂਡੂ ਜੀਵਨ , ਇਸ ਪਛੜੀ ਕਹੀ ਜਾਂਦੀ ਰਹਿਤਲ ਦੇ ਲੋਕਾਂ ਦਾ ਚਿਤਰਨ ਹੈ , ਬਦਲਦੇ ਹਾਲਾਤ ਕਿਸ ਤਰਾਂ ਲੋਕਾਂ ਦੇ ਜੀਵਨ ਨੂੰ , ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ ਦਾ ਬਿਰਤਾਂਤ ਹੈ ਉੱਥੇ ਹੀ ਕਿਸਾਨ ਤੇ ਉਸ ਦੇ ਕਾਮੇ ਵਿਚਕਾਰ ਦੇ ਰਿਸ਼ਤੇ ਨੂੰ ਬੜੇ ਸੂਖਮ ਤਰੀਕੇ ਨਾਲ ਦਰਸਾਇਆ ਗਿਆ ਹੈ , ਬਦਲਦੇ ਹਾਲਾਤ ਤੇ ਭੌਤਿਕੀ ਜਰੂਰਤਾਂ ਇਸ ਰਿਸ਼ਤੇ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ,ਵੀ ਕਹਾਣੀ ਦਾ ਅਹਿਮ ਹਿੱਸਾ ਹੈ ।
ਪਾਤਰ ਸੁਭਾਵਿਕ ਅਤੇ ਸੱਚੇ ਪ੍ਰਤੀਤ ਹੁੰਦੇ ਹਨ, ਇਹ ਨਹੀਂ ਲੱਗਦਾ ਕਿ ਕਹਾਣੀ ਨੂੰ ਕਿਸੇ ਸਿੱਟੇ ਤੇ ਪਹੁੰਚਾਉਣ ਲਈ ਪਾਤਰਾਂ ਤੇ ਘਟਨਾਵਾਂ ਨੂੰ ਸਿਰਜਿਆ ਗਿਆ ਹੈ । ਜਿਵੇਂ ਮਾਲਵੇ ਚ ਉਸ ਸਮੇਂ ਔਰਤਾਂ ਦੀ ਅਜਿਹੀ ਸਥਿਤੀ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਬਸਰ ਕਰ ਸਕਣ , ਆਪਣੀ ਪਸੰਦ ਦਾ ਇਜ਼ਹਾਰ ਕਰ ਸਕੇ ਪਰ ਕਹਾਣੀ ਦੀ ਇਸਤਰੀ ਪਾਤਰ ਭਾਨੀ (ਦੀਪਤੀ ਨਵਲ)ਜਿਸ ਦਾ ਵਿਆਹ ਉਸ ਦੀ ਪਸੰਦ ਦੇ ਇਨਸਾਨ ਨਾਲ ਨਹੀਂ ਹੋਇਆ ਅਤੇ ਉਹ ਉਸਦੇ ਦੋਸਤ ਨੂੰ ਪਸੰਦ ਕਰਦੀ ਹੈ , ਉਹ ਇਸਦਾ ਇਜ਼ਹਾਰ ਵੀ ਕਰ ਦਿੰਦੀ ਹੈ ਤੇ ਦ੍ਰਿੜਤਾ ਨਾਲ ਆਪਣੀ ਮੁਹੱਬਤ ਤੇ ਖੜੀ ਵੀ ਰਹਿੰਦੀ ਹੈ ।
ਉਹਨਾਂ ਸਾਲਾਂ ਦੇ ਹਾਲਾਤਾਂ ਵਿੱਚ ਔਰਤ ਲਈ ਇਹ ਆਸਾਨ ਨਹੀਂ ਸੀ, ਬੜਾ ਕਠਿਨ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਜਿਹਾ ਕੋਈ ਵੀ ਨਹੀਂ ਹੋ ਸਕਦਾ , ਹੁੰਦੇ ਵੀ ਹਨ । ਨਾਵਲ ਦਾ ਇਹ ਇਸਤਰੀ ਪਾਤਰ ਉਹਨਾਂ" ਵਿਰਲੇ ਲੋਕਾਂ "ਵਿੱਚੋਂ ਹੀ ਲਿਆ ਗਿਆ ਇੱਕ ਪਾਤਰ ਹੈ ।
ਇਸੇ ਤਰ੍ਹਾਂ ਧਰਮ ਸਿੰਘ( ਜਿਸ ਦੀ ਭੂਮਿਕਾ ਪ੍ਰੀਕਸ਼ਤ ਸਾਹਨੀ ਨੇ ਨਿਭਾਈ ਹੈ ਅਤੇ ਸੰਵਾਦਾਂ ਵਿੱਚ ਆਵਾਜ਼ "ਸਰਦਾਰ ਸੋਹੀ "ਨੇ ਦਿੱਤੀ ਹੈ) ਜੋ ਖੁਦ ਜਿਮੀਦਾਰ ਹੈ ਜਿਸ ਕੋਲ ਨਾਵਲ ਦਾ ਮੁੱਖ ਪਾਤਰ ਜਗਸੀਰ ਕਾਮੇ ਦੇ ਤੌਰ ਤੇ ਕੰਮ ਕਰਦਾ ਹੈ , ਵੀ ਅਹਿਮ ਤੇ ਨਿਵੇਕਲਾ ਪਾਤਰ ਹੈ । ਉਹ ਕਾਮੇ ਅਤੇ ਕਿਸਾਨ ਦੇ ਰਿਸ਼ਤੇ ਵਿਚਲੀ ਮਾਸੂਮੀਅਤ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ , ਉਸਦੇ ਪਿਤਾ ਨੇ ਤੇ ਖੁਦ ਉਸ ਨੇ ਕਾਮੇ ਅਤੇ ਜ਼ਿਮੀਦਾਰ ਵਿਚਲੇ ਰਿਸ਼ਤੇ ਨੂੰ ਨੌਕਰ ਅਤੇ ਮਾਲਕ ਦਾ ਰਿਸ਼ਤਾ ਨਹੀਂ ਸਮਝਿਆ ਬਲਕਿ ਆਪਣੇ ਦੁੱਖ ਸੁੱਖ ਦਾ ਸਾਂਝੀ ਕਰਕੇ ਸਮਝਿਆ ਹੈ । ਆਪਣੇ ਪਿਤਾ ਦੇ ਕੌਲ ਨੂੰ , ਜੋ ਕਿ ਉਸ ਨੇ ਆਪਣੇ ਕਾਮੇ ਠੋਲੂ ਸਿੰਘ ਨਾਲ ਕੀਤਾ ਸੀ ਪੂਰਾ ਕਰਨਾ ਚਾਹੁੰਦਾ ਹੈ ਪਰ ਅਖੀਰ ਵਿੱਚ ਬਦਲਦੇ ਹਾਲਾਤਾਂ ਸਾਹਮਣੇ ਹਾਰ ਜਾਂਦਾ ਹੈ ,ਵਾਅਦਾ ਪੂਰਾ ਨਾ ਹੋਣ ਦੇ ਕਾਰਨ ਉਸ ਅੰਦਰ ਗਹਿਰੀ ਨਮੋਸ਼ੀ ਆ ਜਾਂਦੀ ਹੈ ਅਤੇ ਉਹ ਘਰ ਬਾਰ ਤਿਆਗ ਕੇ ਚਲਾ ਜਾਂਦਾ ਹੈ।
ਇਸ ਇੱਕ ਪਾਤਰ ਦੇ ਜਰੀਏ ਸਾਨੂੰ ਆਪਣੇ ਵਿਰਸੇ ਵਿੱਚ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਨੂੰ ਜਾਨਣ ਦਾ ਮੌਕਾ ਮਿਲਦਾ ਹੈ । ਉਦੋਂ ਵੀ ਧਰਮ ਸਿੰਘ ਵਰਗੇ ਲੋਕ ਸਨ ਜੋ ਆਪਣੇ ਸਾਂਝੀ ਨੂੰ ਆਪਣੇ ਦੁੱਖ ਸੁੱਖ ਦਾ ਸਾਂਝੀ ਸਮਝਦੇ ਸਨ ਨਾ ਕਿ ਨੌਕਰ ਅਤੇ ਉਹਨਾਂ ਲਈ ਕਿਸੇ ਨਾਲ ਕੀਤੇ ਹੋਏ "ਕੌਲ "ਦੇ ਕੀ ਅਰਥ ਹੁੰਦੇ ਸਨ ।
ਕੌਲ ਨਿਭਾਉਣ ਵਿੱਚ ਅਸਫਲ ਰਹਿਣ ਤੇ ਉਹ ਨਮੋਸ਼ੀ ਕਾਰਨ ਘਰ ਤੱਕ ਛੱਡ ਜਾਂਦਾ ਹੈ ।
ਕਹਾਣੀ ਵਿੱਚ ਇਹ ਵੀ ਜ਼ਿਕਰਯੋਗ ਹੈ ਕਿ ਉਹ ਹਰ ਸਮੇਂ ਜਗਸੀਰ ਅਤੇ ਉਸਦੇ ਗਰੀਬ ਪਰਿਵਾਰ ਦੇ ਪੱਖ ਵਿੱਚ ਖੜਾ ਨਜ਼ਰ ਆਉਂਦਾ ਹੈ ।
ਜਿਵੇਂ ਕਿ ਆਰੰਭ ਚ ਲਿਖਿਆ ਹੈ ਕਿ ਕਹਾਣੀ ਮਾਲਵੇ ਜੇ ਪਿੰਡਾਂ ਦੀ ਰਹਿਤਲ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ, ਤੇ ਕਹਾਣੀ ਦਾ ਕਾਲ ਦੇਸ਼ ਆਜ਼ਾਦ ਹੋਣ ਤੋਂ ਕੁਝ ਸਾਲਾਂ ਬਾਅਦ ਦਾ ਹੈ । ਉਨਾਂ ਸਾਲਾਂ ਦਾ ਜਦੋਂ ਲੋਕਾਂ ਦੀ ਜੀਵਨ ਸ਼ੈਲੀ ਬਦਲ ਰਹੀ ਹੈ ਤਾਂ ਸਮਾਜਿਕ ਬਣਤਰ ਵਿੱਚ ਵੀ ਬਦਲਾਓ ਆ ਰਿਹਾ ਹੈ, ਆਧੁਨਿਕਤਾ ਸਹੂਲਤਾਂ ਪੈਰ ਪਸਾਰ ਰਹੀਆਂ ਹਨ , ਜਮੀਨਾਂ ਦੀ ਅਹਿਮੀਅਤ ਵੱਧ ਰਹੀ ਹੈ । ਠੋਲਾ ਸਿੰਘ ਆਪਣੇ ਹੀ ਪਿੰਡ ਦੇ ਇੱਕ ਜ਼ਿਮੀਦਾਰ ਨਾਲ ਬੜੇ ਸਾਲਾਂ ਤੋਂ ਸਾਂਝੀ (ਸੀਰੀ)ਰਲਿਆ ਹੈ , ਠੋਲਾ ਸਿੰਘ ਹੁਣ ਆਪ ਬੁੱਢਾ ਹੋ ਗਿਆ ਹੈ ਤੇ ਬਿਮਾਰ ਹੈ ਅਤੇ ਉਹ ਆਪਣੇ ਪੁੱਤਰ ਜਗਸੀਰ ਅਤੇ ਪਤਨੀ ਨਾਲ ਰਹਿੰਦਾ ਹੈ । ਜ਼ਿਮੀਦਾਰ ਦਾ ਵੀ ਹੁਣ ਸਵਰਗਵਾਸ ਹੋ ਚੁੱਕਿਆ ਹੈ ਸਾਰਾ ਕੰਮ ਉਸਦਾ ਪੁੱਤਰ ਧਰਮ ਸਿੰਘ ਦੇਖਦਾ ਹੈ । ਧਰਮ ਸਿੰਘ ਪਿਤਾ ਦੇ ਨਕਸ਼ੇ ਕਦਮ ਤੇ ਚੱਲਣ ਵਾਲਾ ਜਿਮੀਦਾਰ ਹੈ, ਮਨੁੱਖਤਾ ਦਾ ਹਾਮੀ । ਉਹ ਕਾਮੇ ਨੂੰ ਸਿਰਫ ਕਾਮਾ ਸਮਝਣ ਵਾਲੇ ਆਦਰਸ਼ਾਂ ਤੇ ਨਹੀਂ ਚੱਲਦਾ ਉਹ ਕਾਮੇ ਨੂੰ ਆਪਣੇ ਦੁੱਖ ਸੁੱਖ ਦਾ ਭਾਗੀਦਾਰ ਮੰਨਦਾ ਹੈ । ਕਿਉਂਕਿ ਠੋਲਾ ਸਿੰਘ ਬਿਮਾਰ ਹੈ ਤਾਂ ਹੁਣ ਉਸ ਦਾ ਪੁੱਤਰ ਜਗਸੀਰ ਉਹਨਾਂ ਦੇ ਕੰਮ ਕਰਦਾ ਹੈ । ਧਰਮ ਸਿੰਘ ਜਗਸੀਰ ਨਾਲ ਵੀ ਉਹੀ ਰਿਸ਼ਤਾ ਰੱਖਦਾ ਹੈ ਜੋ ਉਸਦਾ ਪਿਤਾ ਠੋਲਾ ਸਿੰਘ ਨਾਲ ਰੱਖਦਾ ਸੀ ।
ਜਗਸੀਰ ਇੱਕ ਸੋਹਣਾ ਸਨੱਖਾ ਲੰਮਾ ਉੱਚਾ ਨੌਜਵਾਨ ਹੈ ਭਾਵੇਂ ਉਹ ਸ਼ਰਮੀਲੇ ਸੁਭਾਅ ਦਾ ਹੈ,ਸਾਫ ਦਿਲ ਦਾ ਵੀ ਹੈ । ਆਮ ਨੌਜਵਾਨਾਂ ਵਾਂਗ ਉਸ ਅੰਦਰ ਵੀ ਚਾਅ ਅੰਗੜਾਈ ਲੈ ਰਹੇ ਹਨ , ਪਿਤਾ ਠੋਲਾ ਸਿੰਘ ਬੀਮਾਰ ਹੈ ਇਸ ਲਈ ਉਸਦੀ ਵੀ ਇੱਛਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਵੇ ਉਸਦੀ ਮਾਤਾ ਵੀ ਚਾਹੁੰਦੀ ਹੈ ਪਰ ਜਗਸੀਰ ਦਾ ਵਿਆਹ ਛੇਤੀ ਹੋ ਜਾਵੇ , ਬਿਮਾਰ ਪਿਤਾ ਵਿਆਹ ਦੇਖ ਲਵੇ । ਪਰ ਇਹ ਆਸਾਨ ਨਹੀਂ..... ਕਿਉਂਕਿ ਠੋਲਾ ਸਿੰਘ ਨੇ ਵਿਆਹ ਕੁਝ ਅਜਿਹੇ ਹਾਲਾਤਾਂ ਵਿੱਚ ਕਰਾਇਆ ਸੀ ਕਿ ਕਿਹਾ ਜਾਂਦਾ ਹੈ ਕਿ ਉਸ ਦੀ ਪਤਨੀ ਭੱਜ ਕੇ ਉਸ ਨਾਲ ਆਈ ਹੈ ਅਤੇ ਉਦੋਂ ਦੇ ਸਮਾਜਿਕ ਹਾਲਾਤ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਤੇ ਬੁਰੀ ਮੰਨੀ ਜਾਂਦੀ ਸੀ। ਕਿਸੇ ਵੀ ਰਿਸ਼ਤੇ ਵਿੱਚ ਨਾਨਕਿਆਂ ਦਾ ਪੱਖ ਦੇਖਿਆ ਜਾਂਦਾ ਸੀ, ਇਸ ਪੱਖੋਂ ਠੋਲਾ ਸਿੰਘ ਦਾ ਸਮਾਜੀ ਜੀਵਨ ਸਮਾਜ ਦੀ ਨਿਗਹਾ ਵਿੱਚ ਦਾਗੀ ਸੀ ।
ਤੇ ਹਰ ਵਾਰ ਇਹ ਪੱਖ ਜਗਸੀਰ ਦੇ ਰਿਸ਼ਤੇ ਵੇਲੇ ਸਾਹਮਣੇ ਆ ਜਾਂਦਾ ਤੇ ਰਿਸ਼ਤਾ ਸਿਰੇ ਨਾ ਚੜਦਾ ।
ਪਰ ਫਿਰ ਵੀ ਠੋਲਾ ਸਿੰਘ ਨੂੰ ਇਹ ਹੌਸਲਾ ਹੈ ਕਿ ਉਹ ਜਗਸੀਰ ਲਈ ਚਾਰ ਵਿੱਘੇ ਜਮੀਨ ਛੱਡ ਕੇ ਜਾਵੇਗਾ ਜੋ ਕਿ ਧਰਮ ਸਿੰਘ ਦੇ ਪਿਤਾ ਨੇ ਉਸ ਨੂੰ ਦੇ ਦਿੱਤੀ ਸੀ । ਦਿੱਤੀ ਭਾਵੇਂ ਜੁਬਾਨੀ ਕਲਾਮੀ ਸੀ ਪਰ ਚਿਰਾਂ ਤੋਂ ਉਹੀ ਵਾਹ ਰਿਹਾ ਸੀ ।ਉਸ ਨੇ ਉਹਨਾਂ ਚਾਰ ਵਿਘਿਆ ਵਿੱਚ ਬਹੁਤ ਸਾਲ ਪਹਿਲਾਂ ਇਕ ਟਾਹਲੀ ਲਾ ਦਿੱਤੀ ਸੀ ਜਿਸ ਨੂੰ ਉਸ ਨੇ ਬੜੇ ਚਾਅ ਮੁਹੱਬਤ ਨਾਲ ਪਾਲਿਆ ਹੋਇਆ ਸੀ , ਇਸ ਤਰ੍ਹਾਂ ਉਸ ਨੇ ਇਹਨਾਂ ਚਾਰ ਵਿਗਿਆ ਨਾਲ ਆਪਣੇ ਮੇਰ ਪੈਦਾ ਕਰ ਲਈ ਸੀ । ਇਹਨਾਂ ਚਾਰ ਵਿਘੀਆ ਵਾਸਤੇ ਧਰਮ ਸਿੰਘ ਦਾ ਵੀ ਅਜਿਹਾ ਮੰਨਣਾ ਸੀ ਕਿ ਇਹ ਠੋਲਾ ਸਿੰਘ ਨੂੰ ਦਿੱਤੀ ਹੋਈ ਹੈ , ਉਸੇ ਦੀ ਹੈ ਭਾਵੇਂ ਕਿ ਲਿਖਤ ਪੜਤ ਕੋਈ ਨਹੀਂ ਹੋਈ , ਪਰ ਪਿਤਾ ਨੇ ਵਾਅਦਾ ਕੀਤਾ ਹੈ ਤਾਂ ਲੋਹੇ ਦੀ ਲਕੀਰ ਹੈ ।
ਠੋਲਾ ਸਿੰਘ ਆਪਣੇ ਇਸ ਸੁਪਨੇ ਨੂੰ ਅਧੂਰਾ ਛੱਡ ਕੇ ਜਹਾਨੋ ਕੂਚ ਕਰ ਜਾਂਦਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਂਦਾ ।
ਠੋਲਾ ਸਿੰਘ ਆਪਣੇ ਸਾਹ ਛੱਡਣ ਤੋਂ ਪਹਿਲਾਂ ਵਿੱਚ ਜਗਸੀਰ ਨੂੰ ਕਹਿੰਦਾ ਹੈ ਕਿ ਉਹ ਚਾਰ ਵਿੱਘਿਆਂ ਵਿੱਚ ਲੱਗੀ ਟਾਹਲੀ ਦੇ ਥੱਲੇ ਉਸਦੀ ਮਟੀ( ਮੜੀ)ਜਰੂਰ ਬਣਾਵੇ , ਮਰ ਰਹੇ ਪਿਤਾ ਦੇ ਇਹ ਕਹਿਣ ਪਿੱਛੇ ਦਰਅਸਲ ਇੱਕ ਲੁਕਿਆ ਮਕਸਦ ਹੈ , ਉਹ ਹੈ ਇਸ ਨਾਲ ਜਗਸੀਰ ਦਾ ਇਹਨਾਂ ਚਾਰ ਵਿਗਿਆ ਤੇ ਦਾਅਵਾ ਮਜ਼ਬੂਤ ਹੋਵੇਗਾ , ਮੇਰ ਹੋ ਜਾਏਗੀ । ਦਰਅਸਲ ਉਸ ਦੇ ਅੰਦਰ ਡਰ ਹੈ ਕਿ ਕਿਤੇ ਉਸ ਤੋਂ ਬਾਅਦ ਕੋਈ ਅਜਿਹੇ ਹਾਲਾਤ ਨਾ ਬਣ ਜਾਣ ਕਿ ਜਗਸੀਰ ਉਹਨਾਂ ਚਾਰ ਵਿਗਿਆ ਤੋਂ ਵਾਂਝਾ ਹੋ ਜਾਵੇ ।
ਜਗਸੀਰ ਪਿਤਾ ਦੀ ਇੱਛਾ ਮੁਤਾਬਕ ਚਾਰ ਵਿਗੀਆਂ ਦੇ ਖੇਤ ਵਿੱਚ ਖੜੀ ਟਾਲੀ ਥੱਲੇ ਇੱਟਾਂ ਨਾਲ ਪਿਤਾ ਦੀ ਮੜੀ ਬਣਾ ਦਿੰਦਾ ਹੈ ।
ਜ਼ਿੰਦਗੀ ਫਿਰ ਉਸੇ ਮਾਮੂਲ ਤੇ ਚੱਲ ਪੈਂਦੀ ਹੈ ।
ਪਿੰਡ ਵਿੱਚ ਜਗਸੀਰ ਦੋਸਤ ਨਿੱਕੇ (ਗੋਪੀ ਭੱਲਾ )ਦਾ ਵਿਆਹ ਹੁੰਦਾ ਹੈ । ਜਗਸੀਰ ,ਨਿੱਕੇ ਦੀ ਨਵਵਿਆਹੀ ਦੁਲਹਨ ਭਾਨੀ ਨੂੰ ਬਹੁਤ ਪਸੰਦ ਕਰਦਾ ਹੈ , ਕੁਝ ਘਟਨਾਵਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਭਾਨੀ ਵੀ ਜਗਸੀਰ ਨੂੰ ਪਸੰਦ ਕਰਨ ਲੱਗ ਪੈਂਦੀ ਹੈ । ਪਰ ਜਲਦੀ ਹੀ ਭਾਨੀ ਦੇ ਘਰੇ ਪਤਾ ਲੱਗਣ ਤੇ ਕਲੇਸ਼ ਖੜਾ ਹੋ ਜਾਂਦਾ ਹੈ । ਉਸ ਦਾ ਪਤੀ ਨਿੱਕਾ ਭਾਨੀ ਨਾਲ ਕੁੱਟਮਾਰ ਕਰਦਾ ਹੈ ।
ਗੁੱਸੇ ਚ ਇੱਕ ਸ਼ਾਮ ਜਗਸੀਰ ਸ਼ਰਾਬ ਪੀ ਕੇ ਨਿੱਕੇ ਦੇ ਘਰ ਚਲਾ ਜਾਂਦਾ ਹੈ ਜਿਸ ਦੇ ਝਗੜੇ ਨੂੰ ਸਾਰੇ ਪਿੰਡ ਵਾਲੇ ਦੇਖਦੇ ਹਨ ਪਿੰਡ ਵਾਲਿਆਂ ਵਿੱਚ ਹੁਣ ਭਾਨੀ ਤੇ ਜਗਸੀਰ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਹਨ । ਜਗਸੀਰ ਦੀ ਮੁਹੱਬਤ ਵਿੱਚ ਪਾਕੀਜ਼ਗੀ ਹੈ, ਖਾਹਿਸ਼ਾਂ ਰਹਿਤ ਮੁਹੱਬਤ । ਉਹ ਪਾਸਾ ਵੱਟ ਜਾਂਦਾ ਹੈ ।
ਸਮਾਂ ਬੀਤਦਾ ਹੈ , ਕਦੇ ਕਦਾਈ ਜਗਸੀਰ ਅਤੇ ਭਾਨੀ ਦਾ ਆਮਨਾਂ ਸਾਹਮਣਾ ਹੋ ਜਾਂਦਾ ਹੈ , ਤੇ ਭਾਨੀ ਉਸ ਨਾਲ ਦੁੱਖ ਸੁੱਖ ਵਡਾਉਣ ਦੀ ਗੱਲ ਕਰਦੀ ਹੈ , ਜਿਸ ਨੂੰ ਜਗਸੀਰ ਚੁੱਪ ਚਾਪ ਸੁਣਦਾ ਹੈ ਅੱਗੋਂ ਕੁਝ ਨਹੀਂ ਬੋਲਦਾ ।
ਉਧਰ ਧਰਮ ਸਿੰਘ ਕੋਸ਼ਿਸ਼ ਕਰ ਰਿਹਾ ਹੈ ਕਿ ਜਗਸੀਰ ਦਾ ਵਿਆਹ ਹੋ ਜਾਵੇ , ਪਰ ਹਰ ਥਾਂ ਤੋਂ ਜਵਾਬ ਮਿਲ ਜਾਂਦਾ ਹੈ , ਉਸ ਦੇ ਮਾਤਾ ਪਿਤਾ ਦਾ ਪਿਛੋਕੜ ਹਰ ਵਾਰ ਕੰਧ ਬਣ ਕੇ ਉਸ ਦੀ ਕਿਸਮਤ ਵਿੱਚ ਖੜਾ ਹੋ ਜਾਂਦਾ ਹੈ ।
ਜਗਸੀਰ, ਕਾਮਿਆਂ ਦਾ ਲੜਕਾ ਹੈ ਪਛੜੇ ਹੋਏ ਘਰ ਦਾ ਬੱਚਾ ਪਰ ਉਹ ਧਰਮ ਸਿੰਘ ਦਾ ਬਹੁਤ ਸਤਿਕਾਰ ਕਰਦਾ ਹੈ , ਧਰਮ ਸਿੰਘ ਦਾ ਉਸ ਨੂੰ ਬਾਪ ਵਰਗਾ ਆਸਰਾ ਹੈ । ਉਧਰ ਧਰਮ ਸਿੰਘ ਦਾ ਆਪਣਾ ਪੁੱਤ ਭੰਤਾ( ਕੰਵਲਜੀਤ) ਹੁਣ ਕੰਮਾਂਕਾਰਾਂ ਵਿੱਚ ਦਿਲਚਸਪੀ ਲੈਣ ਲੱਗ ਗਿਆ ਹੈ । ਉਸ ਨੂੰ ਉਹ ਚਾਰ ਵਿੱਘੇ ਚੁਭ ਰਹੇ ਹਨ ਜੋ ਉਸਦੇ ਵੱਡਿਆਂ ਨੇ ਜਗਸੀਰ ਦੇ ਪਿਤਾ ਨੂੰ ਦਿੱਤੇ ਸਨ ਅਤੇ ਹੁਣ ਭੰਤੇ ਦੇ ਪਿਤਾ ਧਰਮ ਸਿੰਘ ਨੇ ਜਗਸੀਰ ਨੂੰ ਦੇ ਦਿੱਤੇ ਹਨ । ਜਮੀਨਾਂ ਦੀ ਕਦਰ ਵੱਧ ਗਈ ਹੈ ਤਾਂ ਕੀਮਤ ਵੀ ਵਧ ਗਈ ਹੈ । ਪਿੰਡਾਂ ਵਿੱਚ ਬਿਜਲੀ ਦੇ ਖੰਭੇ ਲੱਗਣ ਲੱਗੇ ਪਏ ਹਨ, ਇਸ ਨਾਲ ਕਈ ਤਰ੍ਹਾਂ ਦੇ ਹੋਰ ਬਦਲਾਓ ਵੀ ਆਉਣ ਲੱਗੇ ਹਨ।
ਧਰਮ ਸਿੰਘ ਦੀ ਪਤਨੀ ਵੀ ਆਪਣੇ ਪੁੱਤ ਭੰਤੇ ਦੀ ਹਮਾਇਤ ਵਿੱਚ ਹੈ ਉਹ ਧਰਮ ਸਿੰਘ ਨੂੰ ਭਲਾ ਬੁਰਾ ਕਹਿੰਦੀ ਹੈ, ਕਹਿੰਦੀ ਹੈ ਕਿ ਕਿਉਂ ਉਹ ਨੌਕਰਾਂ ਨੂੰ ਜਮੀਨ ਦੇ ਰਿਹਾ ਹੈ । ਧਰਮ ਸਿੰਘ ਬਹੁਤ ਸਮਝਾਉਂਦਾ ਹੈ ਕਿ ਪਿਤਾ ਪੁਰਖਿਆਂ ਨੇ ਜਮੀਨ ਦਿੱਤੀ ਹੋਈ ਹੈ ਹੁਣ ਵਾਪਸ ਨਹੀਂ ਲੈ ਸਕਦੇ , ਆਖਰ ਪੁਰਖਿਆਂ ਦੀ ਦਿੱਤੀ ਹੋਈ ਜ਼ੁਬਾਨ ਵੀ ਕੋਈ ਕੀਮਤ ਰੱਖਦੀ ਹੈ ਕਿ ਨਹੀਂ ਪਰ ਉਹ ਮਾਂ ਪੁੱਤ ਆਪਣੀ ਜਿੱਦ ਤੇ ਬਜਿੱਦ ਹਨ
ਭੰਤਾ ਕਿਸੇ ਵੀ ਤਰ੍ਹਾਂ ਉਹ ਚਾਰ ਵਿੱਗੇ ਵਾਪਸ ਲੈਣਾ ਚਾਹੁੰਦਾ ਹੈ ਉਹ ਸਾਜਿਸ਼ ਕਰਕੇ ਖੇਤ ਵਿਚਲੀ ਟਾਹਲੀ ਨੂੰ ਵਡਵਾ ਦਿੰਦਾ ਹੈ । ਉਹ ਟਾਲੀ ਸਿਰਫ ਇੱਕ ਦਰਖਤ ਨਹੀਂ ਸੀ ਉਹ ਜਗਸੀਰ ਤੇ ਉਸਦੇ ਪਿਤਾ ਦੀ ਹੋਂਦ ਨਾਲ ਜੁੜਿਆ ਹੋਇਆ ਇੱਕ ਦਰਖਤ ਸੀ ਜਿਸ ਨਾਲ ਉਸ ਪਰਿਵਾਰ ਦਾ ਭਾਵਨਾਵਾਂ ਸਮੇਤ ਬਹੁਤ ਕੁਝ ਜੁੜਿਆ ਹੋਇਆ ਸੀ। ਜੁਗਸੀਰ ਭਾਵੇਂ ਭਾਰੀ ਸਦਮਾ ਲੱਗਦਾ ਹੈ ਪਰ ਉਹ ਚੁੱਪ ਰਹਿੰਦਾ ਹੈ, । ਟਾਹਲੀ ਵੱਡੇ ਜਾਣ ਤੋਂ ਬਾਅਦ ਉਹ ਆਪਣੇ ਪਿਉ ਦੀ ਮਟੀ ਦੀਆਂ ਇੱਟਾਂ ਆਪਣੇ ਘਰ ਲੈ ਆਂਦਾ ਹੈ । ਜਗਸੀਰ ਦੀ ਮਾਤਾ ਜੋ ਹੁਣ ਬਿਰਧ ਅਤੇ ਬੀਮਾਰ ਹੈ ਇਹ ਹਾਲਾਤ ਦੇਖ ਕੇ ਹੋਰ ਬਿਮਾਰ ਹੋ ਜਾਂਦੀ ਹੈ । ਭਾਵੇਂ ਉਹ ਉਲਾਂਭਾ ਲੈ ਕੇ ਧਰਮ ਸਿੰਘ ਕੋਲ ਵੀ ਜਾਂਦੀ ਹੈ ਪਰ ਧਰਮ ਸਿੰਘ ਉਸ ਨੂੰ ਭਰੋਸੇ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ । ਹਾਲਾਤ ਉਸ ਤੇ ਵਸੋਂ ਬਾਹਰ ਹੁੰਦੇ ਜਾ ਰਹੇ ਹਨ ।
ਕਾਮਿਆ ਦੇ ਮੁੰਡੇ ਜਗਸੀਰ ਦਾ ਟੁੱਟਣਾ ਹਾਲੇ ਬਾਕੀ ਸੀ ।
ਫਸਲ ਆਉਣ ਵੇਲੇ ਭੰਤਾ ਉਹਨਾਂ ਚਾਰ ਵਿਗਿਆਨ ਦੀ ਫਸਲ ਵੀ ਵੇਚਣ ਵਾਸਤੇ ਲੱਦ ਲੈਂਦਾ ਹੈ ਜੋ ਜਗਸੀਰ ਨੂੰ ਦਿੱਤੇ ਹੋਏ ਸਨ ।
ਇਹ ਜਗਸੀਰ ਨਾਲ ਬਹੁਤ ਵੱਡੀ ਜਿਆਦਤੀ ਸੀ ਜਗਸੀਰ ਵਿਰੋਧਤਾ ਕਰਦਾ ਹੈ ਪਰ ਉਹ ਭੰਤੇ ਤੇ ਹੱਥ ਨਹੀਂ ਚੁੱਕਦਾ ਭਾਵੇਂ ਕਿ ਭੰਤਾ ਉਸ ਨਾਲ ਮਾਰ ਕੁੱਟ ਵੀ ਕਰ ਲੈਂਦਾ ਹੈ ।
ਇਸ ਧੱਕੇ ਨਾਲ ਜਗਸੀਰ ਅੰਦਰੋਂ ਟੁੱਟ ਚੁੱਕਿਆ ਹੈ ਤੇ ਫਿਰ ਮਾਂ ਵੀ ਦੁੱਖ ਦੀ ਮਾਰੀ ਜਹਾਨੋ ਕੂਚ ਕਰ ਜਾਂਦੀ ਹੈ ।
ਧਰਮ ਸਿੰਘ ਹਾਲੇ ਵੀ ਆਪਣੇ ਕੌਲ ਦੇ ਉੱਪਰ ਖੜਾ ਹੈ ,ਉਹ ਫਸਲ ਦੇ ਪੈਸੇ ਲਿਆ ਕੇ ਜਗਸੀਰ ਨੂੰ ਦੇ ਦਿੰਦਾ ਹੈ , ਤੇ ਉਹ ਜਗਸੀਰ ਨੂੰ ਹਾਲਾਤ ਵਧੀਆ ਹੋਣ ਦਾ ਹੌਸਲਾ ਵੀ ਦਿੰਦਾ ਹੈ । ਜਗਸੀਰ ਨਾਲ ਹੋਈ ਜਿਆਦਤੀ ਕਾਰਨ ਧਰਮ ਸਿੰਘ ਬਹੁਤ ਦੁਖੀ ਹੈ ਉਹ ਪਤਨੀ ਅਤੇ ਪੁੱਤ ਨੂੰ ਨਹੀਂ ਸਮਝਾ ਸਕਦਾ ਤਾਂ ਨਮੋਸ਼ੀ ਦੇ ਚਲਦਿਆਂ ਉਹ ਬਿਨਾਂ ਦੱਸਿਓ ਘਰ ਛੱਡ ਕੇ ਚਲਾ ਜਾਂਦਾ ਹੈ ।
ਧਰਮ ਸਿੰਘ ਦੇ ਘਰ ਛੱਡਣ ਤੋਂ ਬਾਅਦ ਜਗਸੀਰ ਹੋਰ ਬੇਸਹਾਰਾ ਹੋ ਜਾਂਦਾ ਹੈ, ਕਿਉਂਕਿ ਹੁਣ ਉਸਦੀ ਮਾਂ ਵੀ ਨਹੀਂ ਰਹੀ ਹੈ ।
ਜ਼ਮੀਨ ਵੀ ਨਹੀਂ ਰਹੀ ਤੇ ਉਸਦੇ ਆਪਣੇ ਵੀ ਸਾਥ ਛੱਡਦੇ ਜਾ ਰਹੇ ਹਨ , ਅਜਿਹੀ ਸਥਿਤੀ ਵਿੱਚ ਉਸ ਦਾ ਇੱਕੋ ਸਾਥੀ ਹੈ ਉਸ ਦਾ ਲੰਗੋਟੀਆ ਯਾਰ "ਰੌਣਕੀ "।
ਰੌਣਕੀ ਵੀ ਇਕੱਲਾ ਹੈ ਉਹ ਅਮਲ ਕਰਦਾ ਹੈ ,ਘਰ ਵਾਲੀ ਛੱਡ ਕੇ ਜਾ ਚੁੱਕੀ ਹੈ । ਰੌਣਕੀ ਦਾ ਕਿਰਦਾਰ ਪੰਕਜ ਕਪੂਰ ਨੇ ਨਿਭਾਇਆ ਹੈ ਤੇ ਬਹੁਤ ਸ਼ਾਨਦਾਰ ਨਿਭਾਇਆ ਹੈ । ਉਸ ਦੀ ਬੋਲੀ ਵਿੱਚ ਮਾਲਵੇ ਦੀ ਪੁੱਠ ਹੈ । ਉਹ ਜਗਸੀਰ ਨੂੰ ਹੌਸਲਾ ਦਿੰਦਾ ਹੈ ਅਤੇ ਉਸਦੀ ਬਿਮਾਰੀ ਵਾਸਤੇ ਤਰੱਦਦ ਕਰਦਾ ਹੈ ਪਰ ਹਕੀਮ ਉਸਨੂੰ ਦੱਸ ਦਿੰਦਾ ਹੈ ਕਿ ਜਗਸੀਰ ਨਸ਼ੇ ਅਤੇ ਭੁੱਖ ਦੇ ਕਾਰਨ ਹੁਣ ਜਿਆਦਾ ਦੇਰ ਨਹੀਂ ਜਿੰਦਾ ਨਹੀਂ ਰਹਿ ਸਕਦਾ ।
ਆਖਰੀ ਸਮੇਂ ਵਿੱਚ ਰੌਣਕੀ ਅਤੇ ਜਗਸੀਰ ਗੱਲਾਂ ਕਰਦੇ ਹਨ । ਫਿਲਮ ਦੇ ਇਹ ਦ੍ਰਿਸ਼ ਬੜੇ ਮਾਰਮਿਕ ਹਨ । ਰੌਣਕੀ ਰੱਬ ਨੂੰ ਉਲਾਂਭੇ ਦਿੰਦਾ ਹੈ ਕਿ ਉਸ ਕੋਲ ਦਇਆ ਤਰਸ ਨਾ ਦੀ ਕੋਈ ਚੀਜ਼ ਨਹੀਂ ਹੈ, ਉਹ ਗਰੀਬਾਂ ਦਾ ਹਾਮੀ ਹੀ ਨਹੀਂ, ਉਹ ਸਾਰੇ ਦੁੱਖ ਗਰੀਬਾਂ ਦੀ ਝੋਲੀ ਪਾਉਂਦਾ ਹੈ ਆਦਿ ।
ਜਗਸੀਰ ਬਿਮਾਰ ਹੈ ਅਤੇ ਉਸ ਦੀ ਆਵਾਜ਼ ਵਿੱਚ ਬਹੁਤ ਕਮਜ਼ੋਰੀ ਹੈ ਜਿਸ ਕਾਰਨ ਰੌਣਕੀ ਅੰਦਰੋਂ ਡਰਿਆ ਹੁੰਦਾ ਹੈ ।
ਜਗਸੀਰ, ਰੌਣਕੀ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਹ ਉਸ ਦੀ ਮਟੀ ਬਣਾ ਦੇਵੇ ਤੇ ਤੇ ਹੁਣ ਦੁਨੀਆਂ ਵਿੱਚ ਭਾਨੀ ਹੀ ਹੈ ਜੋ ਉਸਨੂੰ ਆਪਣਾ ਸਮਝਦੀ ਹੈ ਉਹ ਭਾਨੀ ਨੂੰ ਕਹਿ ਦੇਵੇ ਕਿ ਉਹ ਮੇਰੇ ਬਾਦ ਮੇਰੀ ਮੜੀ ਤੇ ਦੀਵਾ ਜਗਾ ਦਿਆ ਕਰੇ ।
ਰੌਣਕੀ ਭਰੇ ਮਨ ਨਾਲ ਉਸ ਦੀਆਂ ਗੱਲਾਂ ਦੀ ਹਾਮੀ ਭਰ ਦਿੰਦਾ ਹੈ , ਅਤੇ ਜਗਸੀਰ ਨੂੰ ਮਰਦਿਆਂ ਹੋਇਆਂ ਦੇਖਦਾ ਹੈ । ਉਹ ਖੁਦ ਵੀ ਤਾਂ ਇਕੱਲਾ ਹੀ ਹੈ ਇੱਕ ਜਗਸੀਰ ਹੀ ਸੀ ਜਿਸ ਦਾ ਉਸਨੂੰ ਸਾਥ ਮਿਲਿਆ ਹੋਇਆ ਸੀ । ਉਸ ਦਾ ਵੀ ਹੋਰ ਸੰਗੀ ਸਾਥੀ ਕੋਈ ਨਹੀਂ ਸੀ ।
ਰੌਣਕੀ ਜਗਸੀਰ ਵਾਸਤੇ ਦਵਾਈ ਦੀਆਂ ਪੁੜੀਆਂ ਲੈਣ ਗਿਆ ਹੁੰਦਾ ਹੈ ਪਰ ਜਦੋਂ ਵਾਪਸ ਆਉਂਦਾ ਹੈ ਤਾਂ ਜਗਸੀਰ ਇਸ ਦੁਨੀਆ ਤੋਂ ਜਾ ਚੁੱਕਿਆ ਹੁੰਦਾ ਹੈ ।
ਦੁੱਖਾਂ ਦੀ ਇਕ ਲੰਮੀ ਕਹਾਣੀ ਖਤਮ ਹੋ ਗਈ ਹੁੰਦੀ ਹੈ ।
ਫਿਲਮ ਦੇ ਅਖੀਰਲੇ ਦ੍ਰਿਸ਼ਾਂ ਵਿੱਚ ਰੌਣਕੀ ਮੜ੍ਹੀ ਬਣਾਉਂਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਤੇ ਫਿਰ ਭਾਨੀ ਉਸ ਮੜ੍ਹੀ ਤੇ ਦੀਵਾ ਬਾਲਦੀ ਵੀ ਨਜ਼ਰ ਆਉਂਦੀ ਹੈ ।
ਮੜ੍ਹੀ ਤੇ ਦੀਵਾ ਬਾਲ ਕੇ ਜਾ ਰਹੀ ਭਾਨੀ ਤੇ ਫਿਲਮ ਖਤਮ ਹੋ ਜਾਂਦੀ ਹੈ ।
-------
ਮੜ੍ਹੀ ਦਾ ਦੀਵਾ, ਪੰਜਾਬੀ ਫਿਲਮ ਜਗਤ ਦੀ ਬਿਹਤਰੀਨ ਫਿਲਮ ਕਹੀ ਜਾ ਸਕਦੀ ਹੈ ਇਸ ਵਿੱਚ ਸਾਰੇ ਅਦਾਕਾਰਾਂ ਦੀ ਅਦਾਕਾਰੀ ਬੇਮਿਸਾਲ ਸੀ । ਰਾਜ ਬੱਬਰ ਭਾਵੇਂ ਹਿੰਦੀ ਫਿਲਮ ਜਗਤ ਦੇ ਵੀ ਸਫਲ ਕਲਾਕਾਰ ਹਨ , ਪਰ ਇਹ ਉਹਨਾਂ ਦੀ ਜ਼ਿੰਦਗੀ ਦੀ ਬਿਹਤਰੀਨ ਪੇਸ਼ਕਾਰੀ ਹੈ , ਪੰਕਜ ਕਪੂਰ ਦੀਪਤੀ ਨਵਲ ਪ੍ਰੀਕਸ਼ਤ ਸਾਨੀ , ਹਰਭਜਨ ਜਬਲ ਭਾਵੇਂ ਛੋਟੀਆਂ ਭੂਮਿਕਾਵਾਂ ਵਿੱਚ ਹਨ , ਪਰ ਉਨਾਂ ਵੱਲੋਂ ਨਿਭਾਏ ਗਏ ਕਿਰਦਾਰ ਕਮਾਲ ਹਨ ।
ਫਿਲਮ ਦਾ ਇੱਕ ਮਹੱਤਵਪੂਰਨ ਪੱਖ ਇਲਾਕਈ ਬੋਲੀ ਦਾ ਵੀ ਹੈ, ਬੋਲੀ ਸੁਭਾਵਿਕ ਮਲਵਈ ਬੋਲੀ ਹੈ ਅਤੇ ਪਹਿਰਾਵਾ ਵੀ ਸਥਾਨਕ ਪਰਿਵੇਸ਼ ਅਨੁਸਾਰ ਢੁਕਵਾਂ । ਫਿਲਮ ਹਰ ਪੱਖੋਂ ਮਜ਼ਬੂਤ ਹੈ , ਭਾਵੇਂ ਉਹ ਪਾਤਰਾਂ ਦੀ ਵੇਸ਼ ਭੂਸਾ ਹੋਵੇ ਜਾਂ ਰਹਿਣ ਸਹਿਣ ,ਬੋਲੀ ਜਾਂ ਫਿਰ ਖੇਤ ,ਪਿੰਡ ਅਤੇ ਘਰ ਦੇ ਦ੍ਰਿਸ਼ ।
ਫਿਲਮ ਵਿੱਚ ਸੰਗੀਤ ਮਹਿੰਦਰਜੀਤ ਸਿੰਘ ਦਾ ਹੈ, ਫਿਲਮ ਦੀ ਸੰਪਾਦਨਾ ਸ਼ੁਭਾਸ਼ ਸਹਿਗਲ ਨੇ ਕੀਤੀ ਹੈ ।
ਤਰਸੇਮ ਬਸ਼ਰ - 9814163071
ਨਿਰਾਸ਼ ਨਹੀਂ ਕਰਦੀ -- ਸੁੱਚਾ ਸੂਰਮਾ - 2024 - ਤਰਸੇਮ ਬਸ਼ਰ
ਸੰਤੁਲਿਤ ਪੜਚੋਲ ਦੀ ਕੋਸ਼ਿਸ਼ ।
"ਮੌੜ" ਇੱਕ ਅਜਿਹੀ ਫਿਲਮ ਸੀ ਜਿਸ ਨੂੰ ਆਲੋਚਕਾਂ ਨੇ ਵੀ ਸਰਾਹਿਆ ਤੇ ਉਹ ਕਮਾਈ ਪੱਖ ਤੋਂ ਵੀ ਕਾਮਯਾਬ ਸੀ । ਇੱਕ ਅਜਿਹਾ ਸਿਨਮਾ ਜਿਸ ਚ ਮਿਹਨਤ ਬੋਲਦੀ ਸੀ , ਸੂਖਮ ਚੀਜ਼ਾਂ ਤੇ ਵੀ ਧਿਆਨ ਦਿੱਤਾ ਗਿਆ ਸੀ ਜਿਹਨਾਂ ਬਾਰੇ ਪੰਜਾਬੀ ਸਿਨੇਮਾ ਚ ਜਿਆਦਾ ਨਹੀਂ ਸੀ ਸੋਚਿਆ ਜਾਂਦਾ । ਸਮਝਿਆ ਜਾਂਦਾ ਸੀ ਕਿ ਪੰਜਾਬੀ ਸਿਰੜ ਨਾਲ ਸਿਨਮਾ ਨਹੀਂ ਬਣਾਉਂਦੇ । ਮੌੜ ਇੱਕ ਲੋਕ ਨਾਇਕ ਦੀ ਜ਼ਿੰਦਗੀ ਤੇ ਅਧਾਰਿਤ ਕਿਰਤ ਸੀ, ਜਿਸ ਦਾ ਧਰਾਤਲ ਮਾਲਵੇ ਦੀ ਧਰਤੀ ਸੀ। ਖੁੱਲੇ ਬਜਟ ਦੀ ਇਸ ਫਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ , ਨਿਰਦੇਸ਼ਕ ਜਤਿੰਦਰ ਮੋਹਰ ਨੂੰ ਵੀ ਪ੍ਰਸ਼ੰਸ਼ਾ ਹਾਸਿਲ ਹੋਈ ਸੀ । ਬੋਲੀ , ਪਹਿਰਾਵਾ ,ਲੋਕੇਸ਼ਨ, ਕਿਰਦਾਰ ਸਭ ਕੁਝ ਵਾਸਤੇ ਸਰਾਹਨਾ ਕੀਤੀ ਗਈ ਸੀ ।
ਆਲੋਚਕਾਂ ਨੇ ਇਸ ਫਿਲਮ ਨੂੰ ਪੀਰੀਅਡ ਫਿਲਮਾਂ ਦੀ ਇੱਕ ਮੀਲ ਪੱਥਰ ਫਿਲਮ ਕਿਹਾ ਜਿਸਦਾ ਅਰਥ ਸੀ ਕਿ ਜੇਕਰ ਕੋਈ ਪੀਰੀਅਡ ਫਿਲਮ ਇਸ ਤੋਂ ਬਾਅਦ ਬਣੇਗੀ ਤਾਂ ਉਸ ਨੂੰ ਇਸ ਤੋਂ ਇੱਕ ਕਦਮ ਅੱਗੇ ਹੋਣਾ ਪਵੇਗਾ । ਕੁਦਰਤੀ ਇਹ ਚੁਣੌਤੀ ਬੱਬੂ ਮਾਨ ਅਭੀਨੀਤ ਅਤੇ ਅਮਿਤੋਜ ਮਾਨ ਨਿਰਦੇਸ਼ਤ ਸੁੱਚਾ ਸੂਰਮਾ, ਦੇ ਸਾਹਮਣੇ ਆ ਗਈ ਹੈ । ਪੁਰਾਤਨ ਪੰਜਾਬੀ ਜੀਵਨ ਵਿੱਚ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖਾਸ ਮਹਤਵ ਨੂੰ ਦਰਸ਼ਾਉਂਦੀ ਸੁੱਚਾ ਸੂਰਮਾ ਦੀ ਕਹਾਣੀ ਇੱਕ ਅਜਿਹੇ ਦਲੇਰ ਵਿਅਕਤੀ ਦੀ ਕਹਾਣੀ ਹੈ ਜੋ ਕਿਸੇ ਵੀ ਕੀਮਤ ਤੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕਰ ਸਕਦਾ, ਇੱਜਤ ਨੂੰ ਰੁਲਦਿਆਂ ਨਹੀਂ ਦੇਖ ਸਕਦਾ ।
ਉਹ ਇਸ ਖਾਤਰ ਜਿੱਥੇ ਆਪਣੀ ਭਰਜਾਈ ਅਤੇ ਉਸਦੇ ਪ੍ਰੇਮੀ ਨੂੰ ਸਰੇਰਾਹ ਕਤਲ ਕਰ ਦਿੰਦਾ ਹੈ ਉੱਥੇ ਹੀ ਇੱਕ ਹੋਰ ਅਜਿਹੇ ਜੋੜੇ ਨੂੰ ਵੀ ਕਤਲ ਕਰਦਾ ਹੈ , ਜੋ ਸਮਾਜਿਕ ਮਰਿਆਦਾ ਨੂੰ ਉਲੰਘ ਕੇ ਨੈਤਕਿਤਾ ਨੂੰ ਛਿੱਕੇ ਟੰਗ ਚੁੱਕੇ ਹੁੰਦੇ ਹਨ । ਇਸ ਜੁਰਮ ਦੀ ਸਜਾ ਚ ਸੁੱਚਾ ਸਿੰਘ ਨੂੰ ਸ਼ਰੇਆਮ ਉਸੇ ਥਾਂ ਤੇ ਫਾਂਸੀ ਦਿੱਤੀ ਜਾਂਦੀ ਹੈ ਜਿੱਥੇ ਇਹ ਕਤਲ ਹੋਏ ਸਨ , ਉਹ ਵੀ ਇਲਾਕੇ ਦੇ ਲੋਕਾਂ ਸਾਹਮਣੇ ।
ਅੱਜ ਜਮਾਨਾ ਬਦਲ ਗਿਆ ਹੈ । ਅੱਜ ਨੈਤਿਕ ਅਤੇ ਸਮਾਜਿਕ ਕਦਰ ਕੀਮਤਾਂ ਕਮਜ਼ੋਰ ਹੋ ਗਈਆਂ ਹਨ ਤੇ ਅਜਿਹੇ ਕਤਲਾਂ ਨੂੰ ਵੀ ਅਣਖ ਦੀ ਖਾਤਰ ਕੀਤੇ ਕਤਲ ਕਿਹਾ ਜਾਂਦਾ ਹੈ ।
ਬਹਰ ਹਾਲ ਤੁਸੀਂ ਅਣਖ ਅਤੇ ਪੰਜਾਬੀ ਰਹਿਤਲ ਨੂੰ ਅੱਜ ਵੀ ਵੱਖ ਕਰਕੇ ਨਹੀਂ ਦੇਖ ਸਕਦੇ , ਫਿਰ ਉਹ ਸਮਾਂ ਹੀ ਹੋਰ ਸੀ , ਲੋਕਾਂ ਨੇ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਕਿਹਾ , ਉਸ ਦੀ ਉਸਤਤ ਕੀਤੀ ਅਤੇ ਉਸ ਪੀੜੀ ਦਾ ਉਹ ਇਲਾਕਾਈ ਨਾਇਕ ਵੀ ਸੀ ,ਜਿਸ ਦੀ ਕਹਾਣੀ ਬਾਅਦ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਹੋ ਗਈ । ਉਸਦੀਆਂ ਗਾਥਾਵਾਂ ਗਾਈਆਂ ਗਈਆਂ , ਕਵੀਸ਼ਰ ਉਸ ਦੇ ਕਿੱਸੇ ਗਾਉਂਦੇ ਸਨ ਇਥੋਂ ਤੱਕ ਕਿ ਇੱਕ ਫਿਲਮ ਵੀ ਬਣ ਚੁੱਕੀ ਹੈ , ਵਰਿੰਦਰ ਅਤੇ ਗੁਰਚਰਨ ਪੋਹਲੀ ਦੀਆਂ ਮੁੱਖ ਭੂਮਿਕਾਵਾਂ ਨਾਲ "ਬਲਬੀਰੋ ਭਾਬੀ" 1981 ਚ ।
ਬੇਸ਼ਕ ਸੁੱਚਾ ਸੂਰਮਾ ਦੇ ਨਿਰਦੇਸ਼ਕ ਨੇ ਕਹਾਣੀ ਨੂੰ , ਉਸ ਸਮੇਂ ਦੇ ਧਰਾਤਲੀ ਹਾਲਾਤ ਨੂੰ ਨੇੜੇ ਤੋਂ ਪੇਸ਼ ਕਰਨ ਦਾ ਭਰਪੂਰ ਯਤਨ ਕੀਤਾ ਹੈ ਨਹੀਂ ਤਾਂ ਉਹ ਗੰਡਾਸਿਆਂ ਦੀ ਲੜਾਈ ਵਿੱਚ ਸੁੱਚਾ ਸਿੰਘ ਸੂਰਮਾ ਵੱਲੋਂ ਬੰਦੂਕ ਨਾਲ ਘੁੱਕਰ ਨੂੰ ਮਾਰਨ ਦੀ ਘਟਨਾ ਬਦਲ ਕੇ ਵੀ ਪੇਸ਼ ਕਰ ਸਕਦਾ ਸੀ, ਤਾਂ ਕਿ ਉਸ ਦਾ ਨਾਇਕ ਕਿਤੇ ਕਿਸੇ ਪੱਖੋਂ ਵੀ ਕਮਜ਼ੋਰ ਨਜ਼ਰ ਨਾ ਆਵੇ । ਇਕ ਲੋਕ ਨਾਇਕ ਗੰਡਾਸਿਆਂ ਦੀ ਲੜਾਈ ਵਿੱਚ ਸਾਹਮਣੇ ਵਾਲੇ ਨੂੰ ਬੰਦੂਕ ਨਾਲ ਕਿਉਂ ਕਤਲ ਕਰੇਗਾ , ਇਹ ਸੋਚਦਿਆਂ ਨਿਰਦੇਸ਼ਕ ਇਸ ਮੋੜ ਤੇ ਕੁਝ ਹੋਰ ਵੀ ਦਿਖਾ ਸਕਦਾ ਸੀ ।
ਪਰ ਅਮਿਤੋਜ ਮਾਨ ਨੇ ਧਰਾਤਲੀ ਹਕੀਕਤ ਨੂੰ ਪਹਿਲ ਦਿੱਤੀ , ਇਹ ਗੰਭੀਰਤਾ ਪੰਜਾਬੀ ਸਿਨੇਮਾਂ ਵਿੱਚ ਪਹਿਲਾਂ ਨਹੀਂ ਸੀ ਪਾਈ ਜਾਂਦੀ । ਬਹੁਤੇ ਨਿਰਮਾਤਾ ਨਿਰਦੇਸ਼ਕ ਉਹੀ ਪੇਸ਼ ਕਰਦੇ ਸਨ ਜੋ ਜਨਤਾ ਦੇ ਮਨ ਭਾਉਂਦਾ ਹੋਵੇ । ਮੈਂ ਇਸ ਸਕਾਰਾਤਮਕ ਮੋੜ ਨੂੰ ਪੰਜਾਬੀ ਸਿਨੇਮਾ ਦੇ ਲਈ ਅਹਿਮ ਮੋੜ ਤੌਰ ਤੇ ਦੇਖਦਾ ਹਾਂ ।
ਫਿਲਮ ਦੀ ਟੀਮ ਵੱਲੋਂ ਕਹਾਣੀ ਨੂੰ ਨੇੜੇ ਤੋਂ ਜਾਂਚਿਆ ਗਿਆ ਹੋਵੇਗਾ ਨਹੀਂ ਤਾਂ ਸੁੱਚਾ ਸਿੰਘ ਨੂੰ ਫਾਂਸੀ ਦੇਣ ਦਾ ਦ੍ਰਿਸ਼ ਵੀ ਚਕਿਤ ਕਰਦਾ ਹੈ । ਫਾਂਸੀ ਸ਼ਰੇਆਮ ਲੋਕਾਂ ਦੇ ਸਾਹਮਣੇ ਇੱਕ ਦਰਖਤ ਨਾਲ ਲਟਕਾ ਕੇ ਦਿੱਤੀ ਜਾ ਰਹੀ ਸੀ ਉਹ ਵੀ ਉੱਥੇ ਹੀ ਜਿੱਥੇ ਉਸਨੇ ਕਤਲ ਕੀਤੇ ਸੀ ।
ਹੋ ਸਕਦਾ ਅੰਗਰੇਜ ਹਾਕਮਾਂ ਸਮੇਂ ਇਸ ਤਰ੍ਹਾਂ ਹੁੰਦਾ ਹੋਵੇ ਪਰ ਪਹਿਲਾਂ ਨਹੀਂ ਸੀ ਸੁਣਿਆ ਗਿਆ । ਫਿਲਮ ਦੇ ਇਹ ਦ੍ਰਿਸ਼ ਪੂਰੀ ਫਿਲਮ ਵਿੱਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਣੇ ਹਨ ।
ਫਿਲਮ ਦੀ ਸਕਰਿਪਟ ਤੋਂ ਲੋਕ ਪਹਿਲਾਂ ਹੀ ਵਾਕਫ ਹਨ ਅਤੇ ਸਕਰੀਨਪਲੇ ਇਸ ਕਦਰ ਚੁਸਤ ਹਨ ਕਿ ਦੇਖਣ ਵਾਲੇ ਦੀ ਦਿਲਚਸਪੀ ਲਗਾਤਾਰ ਬਣੀ ਰਹਿੰਦੀ ਹੈ ਇਸ ਦੇ ਬਾਵਜੂਦ ਵੀ ਕਿ ਲੋਕਾਂ ਨੇ ਕਹਾਣੀ ਪਹਿਲਾਂ ਵੀ ਬਹੁਤ ਵਾਰ ਸੁਣੀ ਹੋਈ ਹੈ । ਅਤੀਤ ਦੇ ਨਾਇਕਾਂ ਦੀ ਜ਼ਿੰਦਗੀ ਤੇ ਬਣੀਆਂ ਫਿਲਮਾਂ ਸਮੇਂ ਇਹ ਚੁਣੌਤੀ ਦਿਲਚਸਪ ਹੁੰਦੀ ਹੈ ਕਿ ਲੋਕ ਉਸ ਕਹਾਣੀ ਤੋਂ ਵਾਕਫ ਹੁੰਦੇ ਹਨ ਕੋਈ ਰਹੱਸ ਬਾਕੀ ਨਹੀਂ ਹੁੰਦਾ ਪਰ ਫਿਰ ਨਿਰਦੇਸ਼ਕ ਦਾ ਕਮਾਲ ਬਾਕੀ ਹੁੰਦਾ ਹੈ ਕਿ ਫਿਲਮ ਇਸ ਤਰ੍ਹਾਂ ਦੀ ਬਣੇ ਕਿ ਲੋਕਾਂ ਦੀ ਦਿਲਚਸਪੀ ਅੰਤ ਤੱਕ ਬਰਕਰਾਰ ਰਹੇ ।
ਇਸ ਵਿੱਚ ਮੌੜ ਵੀ ਸਫਲ ਸੀ ਤੇ ਸੁੱਚਾ ਸੂਰਮਾ ਵੀ ਸਫਲ ਹੈ ।
ਸੁੱਚਾ ਸੂਰਮਾ ਫਿਲਮ ਦਾ ਸਭ ਤੋਂ ਮਹੱਤਵਪੂਰਨ ਤੇ ਰੌਸ਼ਨ ਪੱਖ ਲੇਖਕ , ਨਿਰਦੇਸ਼ਕ ਵੱਲੋਂ ਕੀਤੀ ਸੰਤੁਲਿਤ ਕਿਰਦਾਰ ਉਸਾਰੀ ਹੈ , ਕਿਰਦਾਰ ਜੋ ਸੁਭਾਵਿਕ ਲੱਗਦੇ ਹਨ । ਫਿਲਮ ਦੇ ਲਗਭਗ ਅੱਧ ਤੱਕ ਸੁੱਚਾ ਸਿੰਘ ਅਤੇ ਘੁੱਕਰ ਦੋਸਤ ਹੁੰਦੇ ਹਨ ਭਾਵੇਂ ਕਿ ਫਿਲਮ ਦਾ ਅੰਤ ਉਹਨਾਂ ਦੀ ਦੁਸ਼ਮਣੀ ਅਤੇ ਕਤਲ ਨਾਲ ਹੁੰਦਾ ਹੈ । ਦੋਸਤੀ ਨੂੰ ਦੁਸ਼ਮਣੀ ਵਿੱਚ ਬਦਲਦਿਆਂ ਜਿਸ ਤਰਾਂ ਘਟਨਾਕ੍ਰਮ ਕਰਵਟ ਲੈਂਦੇ ਹਨ ਨਿਰਦੇਸ਼ਕ ਇਸ ਬਿਰਤਾਂਤ ਨੂੰ ਸੰਤੁਲਿਤ ਅਤੇ ਕਲਾਤਮਕ ਢੰਗ ਨਾਲ ਫਿਲਮਾਉਣ ਵਿਚ ਕਾਮਯਾਬ ਹੈ ।
ਭਾਵੇਂ ਫਿਲਮ ਦਾ ਨਾਇਕ ਪੰਜਾਬ ਦਾ ਪ੍ਰਸਿੱਧ ਗਾਇਕ ਬੱਬੂ ਮਾਨ ਹੈ ਪਰ ਨਿਰਦੇਸ਼ਕ ਦੀ ਖੂਬੀ ਇਹ ਰਹੀ ਕਿ ਉਹ ਸਿਰਫ ਬੱਬੂ ਮਾਨ ਦੇ ਚਿਹਰੇ ਤੇ ਨਿਰਭਰ ਨਹੀਂ ਸੀ ਨਿਰਦੇਸ਼ਕ ਦੀ ਬਹੁਤੀ ਨਿਰਭਰਤਾ ਕਿਰਦਾਰਾਂ ਅਤੇ ਕਹਾਣੀ ਨੂੰ ਕਿਸ ਤਰਾਂ ਪੇਸ਼ ਕਰਨਾ ਹੈ ਇਸ ਤੇ ਸੀ । ਨਰੈਣਾ' (ਸਰਬਜੀਤ ਚੀਮਾ ), ਸੁੱਚਾ ਸਿੰਘ ਸੂਰਮਾ ਦਾ ਦੱਬੂ ਭਰਾ , ਜਿਹੇ ਕਮਜੋਰ ਕਿਰਦਾਰ ਪਹਿਲਾਂ ਪੰਜਾਬੀ ਸਿਨੇਮਾ ਵਿਧਾ ਚ ਪਰਦੇ ਤੇ ਦਿਖਾਈ ਨਹੀਂ ਦਿੱਤੇ , ਇਥੋਂ ਤੱਕ ਕਿ ਪੰਜਾਬੀ ਸਾਹਿਤ ਵਿੱਚ ਵੀ ਅਜਿਹੇ ਕਿਰਦਾਰ ਨਾ ਮਾਤਰ ਹੀ ਲਿਖੇ ਗਏ ਹਨ ,ਅਜਿਹੇ ਕਿਰਦਾਰ ਨੂੰ ਪਰਦੇ ਤੇ ਪ੍ਰਮੁੱਖਤਾ ਨਾਲ ਲਿਆਉਣਾ ਵੀ ਨਿਰਦੇਸ਼ਕ ਦੀ ਪ੍ਰਾਪਤੀ ਹੈ । ਬਲਬੀਰੋ , ਇੱਕ ਬੋਲਡ ਅਤੇ ਜਿੰਦਗੀ ਨੂੰ ਮਾਨਣ ਵਾਲੀ ਔਰਤ ਹੈ , ਜਿਸ ਅੰਦਰ ਤ੍ਰਿਸ਼ਨਾਵਾਂ ਦਾ ਤੇਜ ਵੇਗ ਹੈ , ਜੋ ਘੁਟ ਘੁਟ ਕੇ ਨਹੀਂ ਮਰਨਾ ਚਾਹੁੰਦੀ , ਅਤੇ ਉਹ ਉਨਾਂ ਸਮਿਆਂ ਵਿੱਚ ਸਦਾਚਾਰਕ ਕੀਮਤਾਂ ਨੂੰ ਠੋਕਰ ਮਾਰਨ ਦਾ ਜਿਗਰਾ ਰੱਖਦੀ ਹੈ ਜਦੋਂ ਆਮ ਘਰੇਲੂ ਔਰਤਾਂ ਇਹ ਸੋਚ ਵੀ ਨਹੀਂ ਸਨ ਸਕਦੀਆਂ , ਦਾ ਕਿਰਦਾਰ ਵੀ ਕਿਸੇ ਪੰਜਾਬੀ ਫਿਲਮ ਵਿੱਚ ਇਸ ਤਰ੍ਹਾਂ ਮੁੱਖ ਤੌਰ ਤੇ ਪਹਿਲਾਂ ਕਦੇ ਵੀ ਨਹੀਂ ਸੀ ਪੇਸ਼ ਕੀਤਾ ਗਿਆ ਹੈ । ਇੱਕ ਅਜਿਹਾ ਚਰਿੱਤਰ ਜਿਸ ਦਾ ਕੁੱਲ ਪ੍ਰਭਾਵ ਨਕਾਰਾਤਮਕ ਹੀ ਹੋਵੇ , ਕਹਾਣੀ ਉਸ ਦੇ ਆਲੇ ਦੁਆਲੇ ਘੁੰਮਦੀ ਹੈ ।
ਅਦਾਕਾਰਾ ਸਮੀਕਸ਼ਾ ਨੇ ਇਹ ਭੂਮਿਕਾ ਜੀਵੰਤ ਢੰਗ ਨਾਲ ਨਿਭਾਈ ਹੈ ।
ਅਜਿਹੇ ਵਿਲੱਖਣ ਕਿਰਦਾਰ ਹਿੰਦੀ ਦੀਆਂ ਕਲਾਤਮਕ ਫਿਲਮਾਂ ਵਿੱਚ ਦੇਖਣ ਨੂੰ ਮਿਲਦੇ ਸਨ ।
ਸੁੱਚਾ ਸੂਰਮਾ, ਬੇਸ਼ਕ ਬੱਬੂ ਮਾਨ ਦੇ ਕੈਰੀਅਰ ਦੀ ਇੱਕ ਮਹੱਤਵਪੂਰਨ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਵੇਗੀ ਉਹ ਸ਼ਾਇਦ ਅਭਿਨੇਤਾ ਦੇ ਤੌਰ ਤੇ ਆਪਣੀ ਸਭ ਤੋਂ ਵਧੀਆ ਕਾਰਜਕਾਰੀ ਵਾਲੀ ਭੂਮਿਕਾ ਵਿੱਚ ਵੀ ਹਨ । ਕਹਾਣੀ ਦਾ ਕਿਰਦਾਰ ਉਹਨਾਂ ਲਈ ਢੁਕਵਾਂ ਸੀ ਪਰ ਫਿਰ ਵੀ ਉਹ ਉਸ ਪੱਧਰ ਤੇ ਨਹੀਂ ਜਾ ਸਕੇ ਜਦੋਂ ਦਰਸ਼ਕ ਸਕਰੀਨ ਉੱਤੇ ਸੁੱਚੇ ਸੂਰਮੇ ਦੇ ਕਿਰਦਾਰ ਨੂੰ ਦੇਖਦਿਆਂ ਬੱਬੂ ਮਾਨ ਨੂੰ ਭੁੱਲ ਜਾਣ, ਉਹਨਾਂ ਨੂੰ ਸਿਰਫ ਸੁੱਚਾ ਯਾਦ ਰਹਿ ਜਾਵੇ ਪਰ ਫਿਰ ਵੀ ਉਹਨਾਂ ਨੇ ਆਪਣਾ ਬਿਹਤਰੀਨ ਕੰਮ ਕੀਤਾ ਹੈ , ਪ੍ਰਸਥਿਤੀਆਂ ਅਨੁਸਾਰ ਹਾਵ ਭਾਵ ਬਦਲੇ ਹੋਏ ਨਜਰ ਆਉਂਦੇ ਹਨ । ਸ਼ਾਇਦ ਇੱਕ ਮਸ਼ਹੂਰ ਗਾਇਕ ਵਜੋਂ ਉਹਨਾਂ ਦਾ ਵੱਡਾ ਰੁਤਬਾ ਵੀ ਇਕ ਕਾਰਨ ਹੋਵੇ ਜਿਸ ਕਾਰਨ ਸਕਰੀਨ ਉੱਤੇ ਸੁੱਚਾ ਸੂਰਮਾ ਉਪਰ ਬੱਬੂ ਮਾਨ ਭਾਰੀ ਦਿਖਾਈ ਦਿੰਦਾ ਹੋਵੇ ।
ਕੁਲ ਮਿਲਾ ਕੇ ਉਹ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫਿਲਮ ਦਾ ਭਾਰ ਚੁੱਕਣ ਚ ਸਫਲ ਹਨ ।
ਵੱਡੇ ਸਟਾਰ ਹੋਣ ਦਾ ਇਹ ਵੀ ਇੱਕ ਨੁਕਸਾਨ ਹੁੰਦਾ ਹੈ । ਮੁੱਖ ਖ਼ਲਨਾਇਕ ਘੁੱਕਰ ਦਾ ਕਿਰਦਾਰ ਅਭਿਨੇਤਾ ਜਗ ਸਿੰਘ ਵੱਲੋਂ ਨਿਭਾਇਆ ਗਿਆ ਹੈ । ਉਹ ਆਪਣੇ ਹਾਵ ਭਾਵ ,ਅਦਾਕਾਰੀ ਤੇ ਆਵਾਜ਼ ਨਾਲ ਪ੍ਰਭਾਵਿਤ ਕਰਦੇ ਹਨ । ਨਵੇਂ ਚਿਹਰਾ ਹੋਣ ਕਰਕੇ ਉਨਾਂ ਨੂੰ ਇਸ ਦਾ ਲਾਭ ਵੀ ਹੋਇਆ ਹੈ, ਉਨਾਂ ਦੀ ਪਹਿਛਾਣ ਘੁੱਕਰ ਦੇ ਤੌਰ ਤੇ ਬਣ ਗਈ ਹੈ । ਭਵਿੱਖ ਵਿੱਚ ਵੀ ਉਨਾਂ ਤੋਂ ਉਮੀਦਾਂ ਜਿਆਦਾ ਰਹਿਣਗੀਆਂ ।
ਪ੍ਰਚਲਤ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਅਦਾਕਾਰਾਂ ਦੀ ਬਜਾਏ ਨਵੇਂ ਪ੍ਰਤਿਭਾਸ਼ਾਲੀ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ।
ਪ੍ਰਚਲਤ ਅਦਾਕਾਰਾਂ ਦੀ ਬਜਾਏ ਅਜਿਹੇ ਕਲਾਕਾਰਾਂ ਨੂੰ ਮੌਕਾ ਦੇਣ ਨਾਲ ਫਿਲਮ ਦੇ ਕਿਰਦਾਰ ਜਿੱਥੇ ਸੁਭਾਵਿਕ ਲੱਗਦੇ ਹਨ ਉਥੇ ਹੀ ਨਵੀਂ ਪੀੜੀ ਨੂੰ ਆਪਣੀ ਪ੍ਰਤੀਭਾ ਸਾਬਿਤ ਕਰਨ ਦਾ ਮੌਕਾ ਮਿਲਦਾ ਹੈ ।
ਭਾਂਵੇਂ ਦਵਿੰਦਰ, ਗੁਰਵਿੰਦਰ ਮਕਨਾ ,ਅਨੀਤਾ ਸ਼ਬਦੀਸ਼ ,ਮਹਾਂਵੀਰ ਭੁੱਲਰ ਛੋਟੀਆਂ ਛੋਟੀਆਂ ਭੂਮਿਕਾਵਾਂ ਵਿੱਚ ਹਨ , ਪਰ ਇਹਨਾਂ ਦੀ ਅਦਾਇਗੀ ਸੁਭਾਵਿਕ ਹੈ, ਕਿਰਦਾਰ ਨਾਲ ਇੱਕ ਮਿਕ ਹੋਏ ਨਜ਼ਰ ਆਉਂਦੇ ਹਨ ।
ਕਹਾਣੀ ਵਿੱਚ ਨਰੈਣੇ ਦਾ ਕਿਰਦਾਰ ਵੀ ਮਹੱਤਵਪੂਰਨ ਤੇ ਉਪਰ ਲਿਖੇ ਅਨੁਸਾਰ ਨਿਵੇਕਲਾ ਹੈ ਇਹ ਕਿਰਦਾਰ ਕਿਸੇ ਸਮੇਂ ਦੇ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ ਨੇ ਨਿਭਾਇਆ ਹੈ । ਜੋ ਆਜਜੀ ਅਤੇ ਮਜਬੂਰੀ ਅਜਿਹੇ ਕਿਰਦਾਰ ਦੇ ਚਿਹਰੇ ਤੇ ਨਜ਼ਰ ਆਉਣੀ ਚਾਹੀਦੀ ਹੈ ਉਹ ਨਜ਼ਰ ਆਉਂਦੀ ਹੈ , ਬੇਸ਼ਕ ਉਹਨਾਂ ਨੇ ਉਮੀਦ ਤੋਂ ਵਧੀਆ ਕਾਰਕਰਦਗੀ ਦਿਖਾਈ ਹੈ ਪਰ ਇਹ ਕਿਰਦਾਰ ਬੜਾ ਅਹਿਮ ਤੇ ਵੱਖਰਾ ਸੀ ਜੇਕਰ ਕਿਸੇ ਨਵੇਂ ਚਿਹਰੇ ਤੋਂ ਵੀ ਕਰਵਾ ਲਿਆ ਜਾਂਦਾ ਤਾਂ ਵੀ ਠੀਕ ਰਹਿੰਦਾ, ਵੈਸੇ ਵੀ ਗਾਇਕਾਂ ਦੀ ਅਭਿਨੇਤਾ ਦੇ ਤੌਰ ਤੇ ਆਪਣੀਆਂ ਸੀਮਾਵਾਂ ਹੁੰਦੀਆਂ ਹਨ , ਫਿਰ ਇਹਨਾਂ ਦੀ ਇੱਕ ਪਛਾਣ ਪਹਿਲਾਂ ਵੀ ਬਣੀ ਹੁੰਦੀ ਹੈ ।
ਨਿਰਤੇਸ਼ਕ ਅਮਿਤੋਜ ਮਾਨ ਨੂੰ ਦਰਸ਼ਕਾਂ ਦੀ ਇਸ ਜਗਿਆਸਾ ਬਾਰੇ ਭਲੀਭਾਂਤ ਜਾਣਕਾਰੀ ਸੀ ਕਿ ਉਹ ਫਿਲਮ ਵਿੱਚ ਪੁਰਾਤਨ ਪੰਜਾਬ ਵੀ ਦੇਖਣਾ ਚਾਹੁਣਗੇ । ਮੌੜ ਵੇਲੇ ਪੁਰਾਤਨ ਪੰਜਾਬ ਦੀ ਝਲਕ ਦੀ ਬਹੁਤ ਚਰਚਾ ਰਹੀ ਸੀ। । ਸੁੱਚਾ ਸਿੰਘ ਸੂਰਮਾ ਦੇ ਭਰਾ ਨਰੈਣੇ ਦੇ ਵਿਆਹ ਨੂੰ ਫਿਲਮਾਉਂਦਿਆਂ ਨਿਰਦੇਸ਼ਕ ਪੁਰਾਣੀਆਂ ਰਸਮਾਂ , ਪਹਿਰਾਵੇ , ਗਹਿਣੇ ਮਿੱਟੀ ਦੇ ਘਰ ,ਆਲੇ ,ਦੀਵੇ ਆਦਿ ਕੈਮਰੇ ਚ ਤਰਤੀਬ ਨਾਲ ਕੈਦ ਕਰਨ ਚ ਸਫਲ ਹਨ ।, ਮਾਲਵੇ ਵਿੱਚ ਰੇਤ ਦੇ ਟਿੱਬਿਆਂ ਦਾ ਪਸਾਰਾ ਸੀ , ਰੋਹੀਆਂ ਵੀ ਕਹਿ ਦਿੰਦੇ ਹਨ.... ਕੱਚੀਆਂ ਗਲੀਆਂ , ਕੋਠੇ , ਨਰਮੇ ਦੀਆਂ ਛਟੀਆਂ ਆਦਿ ਸਕਰੀਨ ਤੇ ਦੇਖਣਾਂ ਚੰਗਾ ਲਗਦਾ ਹੈ । ਇਹ ਅਲਹਿਦਾ ਗੱਲ ਭਾਵੇਂ ਕਿ ਮੈਨੂੰ ਸੁੱਚਾ ਸੂਰਮਾ ਨਾਲੋਂ ਮੌੜ ਵਿੱਚ ਫਿਲਮਾਇਆ ਗਿਆ ਪੁਰਾਤਨ ਪੰਜਾਬ ਜਿਆਦਾ ਬਿਹਤਰ ਮਹਿਸੂਸ ਹੁੰਦਾ ਹੈ ।
ਬੋਲੀ ਪੱਖੋਂ ਵੀ ਹੋਰ ਮਿਹਨਤ ਕੀਤੀ ਜਾ ਸਕਦੀ ਸੀ , ਮੁੱਖ ਕਿਰਦਾਰ ਸਮੇਤ ਕਈ ਕਿਰਦਾਰਾਂ ਦੇ ਲਹਿਜੇ ਚੋਂ ਓਹਨਾਂ ਦੇ ਇਲਾਕਾਈ ਉਚਾਰਨ ਦਾ ਭਾਵ ਮਹਿਸੂਸ ਹੁੰਦਾ ਹੈ , ਭਾਂਵੇਂ ਕਿ ਧਿਆਨ ਦੇਣ ਅਤੇ ਅਜਿਹੀਆਂ ਬਰੀਕੀਆਂ ਨੂੰ ਸਮਝਣ ਵਾਲੇ ਲੋਕ ਹੀ ਇਹ ਸਮਝ ਸਕਣਗੇ ।
VFX ਤਕਨੀਕ ਦਾ ਵੀ ਪ੍ਰਯੋਗ ਕੀਤਾ ਗਿਆ ਹੈ ਪਰ ਇਹ ਜਿਆਦਾ ਪ੍ਰਭਾਵਸ਼ਾਲੀ ਨਹੀਂ ਪ੍ਰਤੀਤ ਹੁੰਦੀ , ਘੁੱਕਰ ਦਾ ਢੱਠੇ ਨਾਲ ਦਿਖਾਈ ਗਏ ਭੇੜ ਚ ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਢੱਠਾ ਤਕਨੀਕੀ ਤੌਰ ਤੇ ਬਣਿਆ ਹੋਇਆ ਹੈ । ਫਿਲਮ ਵਿੱਚ ਪਿੱਠਵਰਤੀ ਸੰਗੀਤ ਦ੍ਰਿਸ਼ਾਂ ਅਨੁਸਾਰ ਢੁਕਵਾਂ ਅਤੇ ਪ੍ਰਭਾਵ ਜਗਾਉਣ ਵਾਲਾ ਹੈ , ਭਾਵੇਂ ਕਿ ਫਿਲਮ ਦਾ ਸੰਗੀਤ ਪੱਖ ਇੰਨਾ ਪ੍ਰਭਾਵਸ਼ਾਲੀ ਨਹੀਂ । ਕੋਈ ਅਜਿਹਾ ਗਾਣਾ ਨਹੀਂ ਸੁਣਨ ਨੂੰ ਮਿਲਦਾ ਜੋ ਚੇਤਿਆਂ ਵਿੱਚ ਰਹਿ ਜਾਵੇ । ਫਿਲਮ ਚ ਇੱਕ ਗੀਤ ਪ੍ਰਸਿੱਧ ਗਾਇਕ ਸੁਖਵਿੰਦਰ ਦੀ ਆਵਾਜ਼ ਚ ਵੀ ਹੈ ।
ਸੁੱਚਾ ਸੂਰਮਾ ਦੀ" ਪ੍ਰੇਮ' ਕਹਾਣੀ ਰਾਹੀਂ ਕਿਉਂਕਿ ਪੁਰਾਤਨ ਪੰਜਾਬ ਵੀ ਦੇਖਣ ਨੂੰ ਮਿਲਦਾ ਹੈ , ਇਸ ਲਈ ਜਿਆਦਾ ਅੱਖਰਦੀ ਨਹੀਂ ਪਰ ਫਿਲਮ ਦੀ ਮੁੱਖ ਕਹਾਣੀ ਨਾਲ ਇਸ ਇਸ ਪ੍ਰੇਮ ਕਹਾਣੀ ਦਾ ਤਾਲਮੇਲ ਠੀਕ ਤਰ੍ਹਾਂ ਬੈਠਦਾ ਵੀ ਪ੍ਰਤੀਤ ਨਹੀਂ ਹੁੰਦਾ । ਇਸ ਨੂੰ ਹੋਰ ਸੰਖੇਪ ਵੀ ਕੀਤਾ ਜਾ ਸਕਦਾ ਤਾਂ ਸ਼ਾਇਦ ਬਿਹਤਰ ਹੁੰਦਾ ।
ਸੁੱਚਾ ਸੂਰਮਾ , ਜਤਿੰਦਰ ਮੋਹਰ ਦੀ ਨਿਰਦੇਸ਼ਿਤ ਮੌੜ ਤੋਂ ਬਾਅਦ ਵਿਰਸੇ ਨਾਲ ਜੁੜੀ ਹੋਈ ਦੂਜੀ ਮਹੱਤਵਪੂਰਨ ਫਿਲਮ ਹੈ ਜੋ ਨਿਰਾਸ਼ ਨਹੀਂ ਕਰਦੀ, ਜਿਸ ਦਾ ਤਕਨੀਕੀ ਪੱਖ ਵੀ ਮਜ਼ਬੂਤ ਹੈ ।
ਮੇਰੇ ਵਰਗੇ ਆਲੋਚਕ ਅਕਸਰ ਪੰਜਾਬੀ ਮਨੋਰੰਜਕ ਫ਼ਿਲਮਾਂ ਨੂੰ ਸ਼ਿਆਮ ਬੇਨੇਗਲ ਦੀ ਕਿਸੇ ਫਿਲਮ ਨਾਲ ਤੋਲਣ ਚ ਮਸਰੂਫ਼ ਹੋ ਜਾਂਦੇ ਹਨ , ਸ਼ਾਇਦ ਇਹ ਨਿਆ ਨਹੀਂ ਹੋਵੇਗਾ । ਪੰਜਾਬੀ ਸਿਨਮਾ ਮੁੜ ਉਭਰਨ ਦੇ ਪਹਿਲੇ ਦੌਰ ਵਿੱਚ ਹੈ, ਕੁਝ ਚੰਗਾ ਹੋ ਵੀ ਰਿਹਾ । ਖੁਸ਼ ਆਮਦੀਦ ਕਹਿਣਾ ਬਣਦਾ ਹੈ ।
ਖੈਰ ,ਰਾਹਤ ਦੀ ਗੱਲ ਇਹ ਹੈ ਕਿ ਪੰਜਾਬੀ ਸਿਨਮਾ ਵਿੱਚ ਹੁਣ "ਕੁਝ ਵੀ" ਪਰੋਸ ਦੇਣ ਵਾਲਾ ਸਮਾਂ ਸ਼ਾਇਦ ਖਤਮ ਹੋਣ ਵੱਲ ਹੈ । ਕੁਝ ਪ੍ਰਤਿਭਾਵਾਨ ਲੋਕ ਸਿਨੇਮਾ ਕਲਾ ਵਿੱਚ ਡੂੰਘੀਆਂ ਪੈੜਾ ਪਾਉਣ ਲਈ ਤਤਪਰ ਹਨ । ਪੰਜਾਬੀ ਦਰਸ਼ਕਾਂ ਨੇ ਵੀ ਚੰਗੀਆਂ ਫਿਲਮਾਂ ਨੂੰ ਹੁੰਗਾਰਾ ਦਿੱਤਾ ਹੈ ।
ਆਉਣ ਵਾਲੇ ਸਮੇਂ ਵਿੱਚ ਹੋਰ ਬੇਹਤਰੀਨ ਫਿਲਮਾਂ ਦਾ ਇੰਤਜ਼ਾਰ ਰਹੇਗਾ ।
ਅਮਿਤੋਜ ਮਾਨ, ਬੱਬੂ ਮਾਨ ਆਪਣੇ ਪ੍ਰਯੋਜਨ ਚ ਸਫਲ ਦਿੱਖ ਰਹੇ ਹਨ ।
ਤਰਸੇਮ ਬਸ਼ਰ 9814163071
"ਅਸ਼ੋਕ ਹੁਸ਼ਿਆਰਪੁਰੀ " - ਤਰਸੇਮ ਬਸ਼ਰ
ਮੈਂ ਸ਼ੌਂਕੀ ਨੂੰ ਕਿਹਾ ਕਿ ਮੈਂ ਤੇਰੇ ਤੇ ਲੇਖ ਲਿਖਣਾ ਹੈ ..
ਉਹਦੀ ਪ੍ਰਤੀਕਿਰਿਆ ਉਹੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਪਹਿਲਾਂ ਹੀ ਸੀ ....ਉਹਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ । ....ਸਗੋਂ ਹੋਰ ਹੀ ਕੋਈ ਮੈਸੇਜ ਲੈ ਕੇ ਬਹਿ ਗਿਆ ਸੀ. ਕਹਿਨ ਲੱਗਾ ...ਇਹਦਾ ਲੌਜਿਕ ਦੱਸ ....ਬਸ਼ਰ ਸਾਹਬ ਜੇ ਤੂੰ ਇਹਦਾ ਲੌਜਿਕ ਦੱਸ ਦੇਵੇ ਮੈਂ ਤੇਰੇ ਗੋਡਿਆਂ ਥੱਲੋਂ ਲੰਘ ਜਾਊਂਗਾ ..ਜਾ.....l
ਇਸ ਫਿਕਰੇ ਵਿੱਚ ਉਹ" ਤੂੰ "ਅਤੇ "ਜਾ" ਤੇ ਜ਼ਿਆਦਾ ਜ਼ੋਰ ਦਿੰਦਾ ਹੈ...ਜਾ... ਤੇ ਉਹ ਕੁਝ ਜ਼ਿਆਦਾ ਜ਼ੋਰ ਦਿੰਦਾ ਹੈ ਤੇ ਫਿਰ ਇਹ' ਜਾ" ਇੱਕ ਮੇਹਨੇ ਦੀ ਤਰ੍ਹਾਂ ਹੋ ਜਾਂਦੀ ਹੈ ਜੋ ਤੁਹਾਨੂੰ ਚੰਗੀ ਲੱਗਦੀ l
ਹੁਣ ਵੀ ਜੇ ਮੈਂ ਇਹ ਲੇਖ ਲਿਖਿਆ, ਓਹਨੇ ਪੜ੍ਹਿਆ ਵੀ ਤਾਂ ਉਹਦੇ ਚਿਹਰੇ ਤੇ ਕੋਈ ਖ਼ਾਸ ਫ਼ਰਕ ਨਜਰ ਨਹੀਂ ਪੈਣਾ l ਹਾਂ ..ਉਹ ਬਹੁਤ ਖੁਸ਼ ਹੋਣਾ ਸੀ ਜੇ ਮੈਂ ਓੁਸ ਨੂੰ ਇਕ ਫੇਸ ਦੇ ਬੈਰੀਅਰ ਤੇ ਕੁਆਰਟਰ ਲੈ ਕੇ ਪਿਆ ਦਿੰਦਾ ਹਾਂ.. ਤਾਂ ...l ਦਰਅਸਲ ਜ਼ਿੰਦਗੀ ਵਿੱਚ ਉਹ ਇੰਨਾ ਕੁ ਲੰਘ ਅੱਗੇ ਲੰਘ ਆਇਆ ਹੈ ਕਿ ਹੁਣ ਇਨ੍ਹਾਂ ਚੀਜ਼ਾਂ ਨਾਲ ਉਹਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਉਹਦੇ ਬਾਰੇ ਕੀ ਲਿਖ ਰਿਹਾ ਹੈ ਲਿਖ ਰਿਹਾ ਹੈ ਜਾਂ ਫਿਰ ਨਹੀਂ l
ਉਸ ਦਾ ਰੇਖਾ ਚਿੱਤਰ ਲਿਖਣ ਲੱਗਿਆ ਇਕ ਹੋਰ ਦੁਵਿਧਾ ਮੇਰੇ ਸਾਹਮਣੇ ਹੈ l ਆਮ ਤੌਰ ਤੇ ਆਪਣੀ ਰਚਨਾ ਵਿਚ ਅਖੀਰ ਤੇ ਸੰਵੇਦਨਾ ਦਾ ਹਲੂਣਾ ਦਿੰਦਾ ਹਾਂ....ਕੋਈ ਉਦਾਸ ਮਰਮ .ਕਿਸੇ ਡੂੰਘੇ ਦਰਦ ਦੀ ਗੱਲ ....ਪਰ ਇਸ ਲੇਖ ਵਾਸਤੇ ਮੈਨੂੰ ਕੋਈ ਅਜਿਹੀ ਅਖ਼ੀਰ ਨਹੀਂ ਮਿਲੀ l ਇਸ ਦੇ ਬਾਵਜੂਦ ਨਹੀਂ ਮਿਲੀ ਕਿ ਮੈਂ ਜਾਣਦਾ ਹਾਂ ਸ਼ੌਂਕੀ ਜੋ ਬਹੁਤ ਗਾਲੜੀ ਹੈ, ਹੱਸਦਾ ਹੈ ਉਸ ਦੇ ਅੰਦਰ ਕਿਤੇ ਗਮ ਹੈ ...l ਆਪਣੇ ਗ਼ਮ ਨੂੰ ਹਾਸੇ ਚ ਉਡਾਉਣ ਵਾਲਾ ਸ਼ੌਂਕੀ ਤੋਂ ਵੱਡਾ ਕਲਾਕਾਰ ਮੈਂ ਕੋਈ ਹੋਰ ਨਹੀਂ ਦੇਖਿਆ l
ਮੈਂ ਕਈ ਵਾਰ ਉਸ ਦੀ ਇਸ ਦੁਖਦੀ ਰਗ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤੇ ਉਹ ਬੜੀ ਚਲਾਕੀ ਨਾਲ ਇਸ ਨੂੰ ਟਾਲ ਜਾਂਦਾ ਹੈ l ਉਹ 56 ਸੈਕਟਰ ਵਿਚ ਆਪਣੇ ਘਰ ਦੀ ਛੱਤ ਤੇ ਬਣੇ ਕਮਰੇ ਵਿੱਚ ਰਹਿੰਦਾ ਹੈ ਜਿਸ ਦੀ ਛੱਤ ਟੀਨ ਦੀ ਬਣੀ ਹੋਈ ਹੈ l ਇਹ ਨੇ ਕਿ ਉਹ ਟੀਨ ਦੀ ਛੱਤ ਬਦਲ ਨਹੀਂ ਸਕਦਾ ਪਰ ਉਹਨੂੰ ਇਸ ਤਰ੍ਹਾਂ ਰਹਿਣਾ ਪਸੰਦ ਹੈ ... ਸ਼ਾਦੀ ਉਸ ਦੀ ਸਫ਼ਲ ਨਹੀਂ ਹੋਈ, ਹੋ ਵੀ ਨਹੀਂ ਸੀ ਸਕਦੀ ਕਿਉਂਕਿ ਉਸ ਦੇ ਅੰਦਰ ਇੱਕ ਭਟਕਣਾ ਹੈ ....ਇੱਕ ਖ਼ਲਲ ਜਿਸ ਨੂੰ ਜਦੋਂ ਤੁਸੀਂ ਸਮਝ ਨਹੀਂ ਸਕਦੇ ਤਾਂ ਕਮਲ ਵੀ ਕਹਿ ਸਕਦੇ ਹੋ l ਹਿੰਦੀ ਵਿਚ ਸ਼ਬਦ ਆਉਂਦਾ ਹੈ ਪਲਾਇਨ, ਪਲਾਇਨ ਭਾਵ ਭੱਜ ਜਾਣਾ l ਉਹ ਵੀ ਪਲਾਇਨਵਾਦੀ ਹੈ ਰਸਮੀ ਜ਼ਿੰਦਗੀ ਤੋਂ ਵੀ ਤੇ ਰਸਮੀ ਕਦਰਾਂ ਕੀਮਤਾਂ ਤੋਂ ਵੀ ਹਰ ਦਿਖਾਵੇ ਤੋਂ l
ਉਹ ਉਹ ਇਕੱਲਤਾ ਤੋਂ ਡਰਦਾ ਹੈ ਪਰ ਫਿਰ ਵੀ ਰਹਿੰਦਾ ਇਕੱਲਾ ਹੀ ਹੈ ..ਇਹ ਤਕਲੀਫ਼ ਸ਼ਾਇਦ ਉਸ ਨੇ ਆਪ ਚੁਨੀ ਹੈ l ਚੰਡੀਗਡ਼੍ਹ ਦੇ ਸੰਗੀਤਕ ਖੇਤਰ ਵਿਚ ਲੋਕ ਉਸ ਨੂੰ ਅਸ਼ੋਕ ਹੁਸ਼ਿਆਰਪੁਰੀ ਦੇ ਨਾਂ ਤੇ ਘੱਟ ਜਾਣਦੇ ਹਨ ਤੇ ਸ਼ੌਕੀ ਦੇ ਨਾਂ ਤੇ ਜ਼ਿਆਦਾ l ਉਹ ਢੋਲਕ ਵਜਾਉਂਦਾ ਹੈ l ਮੈਂ ਕਈ ਵਾਰ ਸੋਚਦਾ ਹਾਂ ਜੇਕਰ ਉਹ ਢੋਲਕ ਨਾ ਵਜਾਉਂਦਾ ਹੁੰਦਾ ਤਾਂ ਤਾਂ ਕੀ ਹੁੰਦਾ ....ਉਹ ਹਮੇਸ਼ਾਂ ਬਿਜ਼ੀ ਦਿਖਾਈ ਦਿੰਦਾ ਹੈ ਕਦੇ ਕਿਸੇ ਜਾਨਣ ਵਾਲੇ ਕੋਲ ..ਕਦੇ ਕਿਸੇ ਕਲਾਕਾਰ ਕੋਲ l ਜੇਕਰ ਉਸ ਕੋਲ ਢੋਲਕ ਦਾ ਇਹ ਸਾਥ ਨਾ ਹੁੰਦਾ ਤਾਂ ਬਹੁਤ ਮੁਸ਼ਕਿਲ ਹੁੰਦੀ ....ਸ਼ਾਇਦ ਉਸ ਦੀ ਬੇਚੈਨੀ ਉਸ ਨੂੰ ਸਾਧੂ ਜਾਂ ਫ਼ਕੀਰ ਬਣਾ ਦਿੰਦੀ ....ਜ਼ਰੂਰ ਹੀ ਉਹ ਕਿਸੇ ਧਾਰਮਿਕ ਸਥਾਨ ਵੱਲ ਚਲਾ ਜਾਂਦਾ l
ਆਪਣੇ ਨਾਲ ਨਾਲ ਉਹ ਹੁਸ਼ਿਆਰਪੁਰੀਆ ਲਾਉਂਦਾ ਹੈ ਪਰ ਅਸਲ ਵਿੱਚ ਦਸੂਹੇ ਦੇ ਲਾਗੇ ਦੇ ਪਿੰਡ ਤੋਂ ਹਨ l ਅਸ਼ੋਕ ਦਾ ਪਿਤਾ ਮਿਲਟਰੀ ਵਿੱਚ ਸੀ ਤੇ ਚੰਡੀ ਮੰਦਿਰ ਵਿਚ ਡਿਊਟੀ ਕਰਦਾ ਸੀ l ਉਸ ਦਾ ਜਨਮ ਵੀ ਚੰਡੀਗੜ੍ਹ ਹੀ ਹੋਇਆ l ਅਸ਼ੋਕ ਹੁਣ ਪਨਤਾਲੀ ਕੁ ਵਰ੍ਹਿਆਂ ਦਾ ਹੋਵੇਗਾ ਇਹ ਸਾਰੇ ਵੀ ਉਸ ਦੇ ਪੱਥਰਾਂ ਦੇ ਕਹੇ ਸ਼ਹਿਰ ਚ ਹੀ ਬੀਤੇ ਹਨ ਪਰ ਤੁਸੀਂ ਮਿਲੋ ਤਾਂ ਉਹਦੇ ਉੱਤੇ ਚੰਡੀਗਡ਼੍ਹ ਦਾ ਕੋਈ ਅਸਰ ਦਿਖਾਈ ਨਹੀਂ ਦੇਵੇਗਾ l ਨਾ ਓਹਦੀ ਬੋਲੀ ਵਿੱਚ ਨਾ ਓਹਦੇ ਰਹਿਣ ਸਹਿਣ ਵਿੱਚ.. ਨਾਂ ਉਸ ਦੀ ਸੁਭਾਅ ਵਿੱਚ l
ਉਹ ਸੈਰ ਬਹੁਤ ਕਰਦਾ ਹੈ ਤੇ ਉਸ ਤੋਂ ਵੀ ਵੱਧ ਸੈਰ ਕਰਦਾ ਉਹ ਸੋਚਦਾ ਬਹੁਤ ਹੈ l ਮੈਨੂੰ ਪਤਾ ਹੈ ਸੋਚਦਾ ਸੋਚਦਾ ਉਹ ਬਹੁਤ ਗਹਿਰੀਆਂ ਸੋਚਾਂ ਵਿਚ ਡੁੱਬ ਜਾਂਦਾ ਹੈ l ਆਪਣੇ ਬੁਢਾਪੇ ਬਾਰੇ ਸੋਚਦਾ ਹੈ ਤੇ ਆਪਣੇ ਮਰਨ ਤੋਂ ਬਾਅਦ ਦੇ ਹਾਲਾਤਾਂ ਬਾਰੇ l ਫਿਰ ਡਰ ਕੇ ਇਹ ਖਿਆਲ ਝਟਕ ਦਿੰਦਾ ਹੈ ।
ਇਸੇ ਦਰਮਿਆਨ ਹੀ ਜਦੋਂ ਤੁਸੀਂ ਉਸ ਕੋਲ ਪਹੁੰਚ ਗਏ ਤਾਂ ਤੁਰੰਤ ਉਹ ਆਪਣੀ ਸੈਰ ਵੀ ਮੁਲਤਵੀ ਕਰ ਦੇਵੇਗਾ ਅਤੇ ਸੋਚਾਂ ਨੂੰ ਵੀ l ਉਹ ਬਿਲਕੁਲ ਹਸਮੁਖ ਇਨਸਾਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰੇਗਾ "ਹਾਂਜੀ.. ਭਾਜੀ ਔਰ ਕਿਆ ਹਾਲ ਹੈ ..ਚਲੋ ਅੱਜ ਪਹਾੜਾਂ ਵੱਲ ਚੱਲਦੇ ਹਾਂ ..l
ਤੇ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਏਗਾ ,ਗੱਲਾਂ ਵੀ ਉਹ ਜਿਸ ਤੋਂ ਤੁਸੀਂ ਕਦੇ ਬੋਰ ਨਹੀਂ ਹੁੰਦੇ , ਬਹਤਿਆਂ ਤੁਹਾਡੀ ਰੁਚੀ ਦੀਆਂ l ਉਹ ਹਰ ਇੱਕ ਦੀ ਰੁਚੀ ਸਮਝ ਲੈਂਦਾ ਹੈ ਤੇ ਉਸ ਮੁਤਾਬਿਕ ਹੀ ਉਸ ਕੋਲ ਬਹੁਤ ਗੱਲਾਂ ਵੀ ਹੁੰਦੀਆਂ ਹਨ ।
ਮੇਰੇ ਵਰਗਾ ਸਭ ਕੁਝ ਜਾਣਦੇ ਹੋਏ ਵੀ ਉਸ ਦੀ ਉਦਾਸੀ ਨੂੰ ਲੱਭਣ ਦੀ ਨਾਕਾਮਯਾਬ ਕੋਸ਼ਿਸ਼ ਕਰੇਗਾ ਤੇ ਨਾਕਾਮਯਾਬ ਰਹਿ ਜਾਏਗਾ l
ਉਸ ਦੀ ਸ਼ਖ਼ਸੀਅਤ ਦਾ ਇਹੀ ਆਪਾ ਵਿਰੋਧ ਹੈ ਜੋ ਮੈਨੂੰ ਉਸ ਨਾਲ ਜੋੜੀ ਰੱਖਦਾ ਹੈ .....ਇਕ ਦਿਲਚਸਪ ਖਿੱਚ l ਇਕ ਰਾਜ ਚੋਂ ਥੋਡੇ ਸਾਹਮਣੇ ਹੈ ਪਰ ਤੁਸੀਂ ਜਾਣ ਨਹੀਂ ਸਕਦੇ l
ਮੈਨੂੰ ਠੀਕ ਠੀਕ ਯਾਦ ਨਹੀਂ ਉਹਦੇ ਨਾਲ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ l ਸ਼ਾਇਦ ਮੇਰੇ ਵੱਡੇ ਭਰਾ ਗਾਇਕ ਬਾਬੂ ਚੰਡੀਗੜ੍ਹੀਏ ਦੀ ਰਿਹਰਸਲ ਤੇ ਆਇਆ ਹੋਣਾ l ਬਲਦੇਵ ਕਾਕੜੀ ਨਾਲ l ਉਹ ਬੜੇ ਸਾਲ ਬਾਬੂ ਨਾਲ ਸੈਕਟਰੀ ਵੀ ਰਿਹਾ ਅਤੇ ਢੋਲਕ ਮਾਸਟਰ ਵੀ l ਬਾਬੂ ਨਾਲ ਅੱਜ ਵੀ ਉਹ ਇਕ ਤਰਫ਼ਾ ਮੁਹੱਬਤ ਨਿਭਾ ਰਿਹਾ ਹੈ l ਜਦੋਂ ਗੱਲ ਕਰੀਏ ਤਾਂ ਉਹ ਹਰ ਗੱਲ ਵਿੱਚ ਬਾਬੂ ਦਾ ਜ਼ਿਕਰ ਕਰਦਾ ਹੈ l ਬਾਬੂ ਮਸਰੂਫ ਹੈ ਤੇ ਸ਼ਾਇਦ ਉਹ ਸ਼ੌਕੀ ਦੀ ਇਸ ਨਿਸਬਤ ਨੂੰ ਨਹੀਂ ਜਾਣਦਾ l ਪਰ ਸ਼ੋਕੀ ਨੂੰ ਇਸ ਤਰਾਂ ਦੀ ਜਰੂਰਤ ਨਹੀਂ ।
ਕਿਸੇ ਨਾਲ ਰਾਬਤਾ ਬਣਾਉਣ ਦਾ ਓਹਦਾ ਆਪਣਾ ਬੇਬਾਕ ਢੰਗ ਹੈ l ਪਿਛਲੇ ਢਾਈ ਦਹਾਕਿਆਂ ਦੌਰਾਨ ਉਹ ਮੈਨੂੰ ਬਚਪਨ ਦੇ ਮੇਰੇ ਛੋਟੇ ਨਾਂ ਨਾਲ ਬੁਲਾਉਂਦਾ ਰਿਹਾ l ਇਸ ਵਿੱਚ ਕੋਈ ਰਸਮ ਨਹੀਂ ਸੀ ...ਕੋਈ ਰਸਮੀ ਆਦਰ ਨਹੀਂ ਸੀ ਮੈਨੂੰ ਚੰਗਾ ਲੱਗਦਾ ਸੀ ਉਸ ਦਾ ਇਹ ਬੁਲਾਉਣਾ l ਬਾਅਦ ਵਿਚ ਮੇਰੇ ਆਲੇ ਦੁਆਲੇ ਵਿੱਚ ਜਦੋਂ ਮੇਰਾ ਨਾਂ ਬਸ਼ਰ ਚਲਿਆ ਤਾਂ ਉਹਨੇ ਵੀ ਬਸ਼ਰ ਸਾਬ੍ਹ ਕਹਿਨਾ ਸ਼ੁਰੂ ਕਰ ਦਿੱਤਾ l ਬਸ਼ਰ ਸਾਹਬ ਦਿਨੇ ਦਿਨ ਹੀ ਰਹਿੰਦਾ ਹੈ । ਸ਼ਾਮ ਨੂੰ ਪੀਣ ਤੋਂ ਬਾਅਦ ਉਹ ਬਸ਼ਰ ਸਾਹਿਬ ਵੀ ਕਹਿੰਦਾ ਹੈ ,ਤੂੰ ਵੀl ਇਹ ਨਹੀਂ ਕਿ ਉਹਨੂੰ ਬੋਲਣ ਦਾ ਪਤਾ ਨਹੀਂ.. ਮੈਨੂੰ ਪਤਾ ਐ ਉਹ ਜਾਣ ਬੁੱਝ ਕੇ ਇਹ ਬੋਲੀ ਬੋਲਦਾ ਹੈ ਉਸ ਨੂੰ ਇਸ ਬੋਲੀ ਦੇ ਅਸਰ ਦਾ ਪਤਾ ਹੈ l ਉਹ "ਤੂੰ "ਕਹਿ ਕੇ ਆਪਣੇ ਹੱਕ ਦਾ ਐਲਾਨ ਕਰਦਾ ਹੈ l
ਜਿਵੇਂ ਮਿਸਾਲ ਵਜੋਂ" ਬਸ਼ਰ ਸਾਹਬ.. ਤੂੰ ਤਾਂ ਯਾਰ ਐਵੇਂ ਝੱਲ ਖਿਲਾਰਨ ਡਿਹਾਂ .... ਇੱਦਾਂ ਥੋੜਾ ਕਰੀਦਾ ਹੁੰਦੈ .......।
ਮੈਂ, ਪੁਰੀ ਸਾਹਿਬ ਤੇ ਸ਼ੌਕੀ ਅਕਸਰ ਚੰਡੀਗੜ੍ਹ ਇਕੱਠੇ ਹੁੰਦੇ ਹਾਂ l ਪੁਰੀ ਸਾਹਿਬ ਸਾਡੀ ਵਿੱਚੋਂ ਸਾਰਿਆਂ ਤੋਂ ਵੱਡੀ ਉਮਰ ਦੇ ਹਨ..ਅਦਬ ਅਹਿਤਰਾਮ ਨਾਲ ਗੱਲ ਕਰੀਦੀ ਹੈ l ਜਦੋਂ ਪੈੱਗ ਲੱਗਿਆ ਹੋਵੇ ਤਾਂ ਸ਼ੌਂਕੀ ਪੁਰੀ ਸਾਹਿਬ ਨਾਲ ਕੁਝ ਇਸ ਤਰ੍ਹਾਂ ਗੱਲ ਕਰੇਂਗਾ.. ਯਾਰ ਪੁਰੀ ਸਾਹਿਬ ..ਤੂੰ ਲੀਡਰ ਵੀ ਹੈਂ , ਯਾਰਾਂ ਦਾ ਯਾਰ ਵੀ , ਕਵੀ ਵੀ ....ਸਮਝ ਨਹੀਂ ਆਈ ਤੇਰੀ ਅੱਜ ਤੱਕ" ।
ਉਹ ਜਾਣ ਬੁੱਝ ਕੇ ਰਸਮੀ ਅਦਬ ਨੂੰ ਵਿਚੋਂ ਕਟ ਦਿੰਦਾ ਹੈ l
ਉਹ ਜਦੋਂ ਕਦੇ ਸਾਡੇ ਕੋਲ ਆਵੇਗਾ ਚੰਡੀਗਡ਼੍ਹ ਤੱ ਬਟੂਆ ਘਰੇ ਕੱਢ ਕੇ ਆਉਂਦਾ.. ਪੈਸੇ ਨਾਲ ਲੈ ਕੇ ਨਹੀਂ ਆਉਂਦਾ l ਦੂਜੇ ਅਰਥਾਂ ਚੋਂ ਕੰਜੂਸ ਹੈ l ਪਰ ਮੈਂ ਉਹਦਾ ਇਹ ਸੱਚ ਜਾਣਦਾ ਹਾਂ ਕਿ ਉਹ ਥੋੜ੍ਹੇ ਰੁਪਈਆਂ ਦਾ ਬਹੁਤ ਖਿਆਲ ਰੱਖਦਾ ਹੈ ਤੇ ਜ਼ਿਆਦਾ ਰੁਪਈਆਂ ਦਾ ਬਹੁਤ ਥੋੜ੍ਹਾ ਖ਼ਿਆਲ l
ਉਹਦੇ ਸੁਭਾਅ ਦੀ ਇੱਕ ਹੋਰ ਖ਼ਾਸੀਅਤ ਦਾ ਜ਼ਿਕਰ ਦਿਲਚਸਪ ਹੈ ....ਉਹ ਛੋਟੇ ਛੋਟੇ ਝੂਠ ਬੋਲੇਗਾ ਤੇ ਇਸ ਤਰ੍ਹਾਂ ਬੋਲੇਗਾ ਤੁਸੀਂ ਤੁਰੰਤ ਸਮਝੋਗੇ ਕਿ ਉਹ ਝੂਠ ਬੋਲ ਰਿਹਾ ਹੈ ਤੇ ਜਾਣਦਾ ਉਹ ਵੀ ਹੁੰਦਾ ਹੈ ਮੈਂ ਉਸ ਤਰ੍ਹਾਂ ਝੂਠ ਨਹੀਂ ਬੋਲ ਰਿਹਾ ਹੈ ਕਿ ਝੂਠ, ਝੂਠ ਲੱਗੇ ਪਰ ਝੂਠ ਬੋਲਣ ਦਾ ਉਹਦਾ ਆਪਣਾ ਇਕ ਢੰਗ ਹੈ l
ਚਲਾਕ ਹੋਣ ਦੇ ਬਾਵਜੂਦ ਝੂਠ ਤੇ ਮੁਲੰਮਾ ਨਹੀਂ ਚੜ੍ਹਾਉਂਦਾ ..ਝੂਠ ਨੂੰ ਝੂਠ ਵਰਗਾ ਰਹਿਣ ਦਿੰਦਾ ਹੈ l ਇੰਝ ਉਹ ਜਾਣ ਕੇ ਕਰਦਾ ਹੈ ਝੂਠ ਨੂੰ ਸੱਚ ਵਰਗਾ ਬਣਾ ਕੇ ਪੇਸ਼ ਕਰਨ ਦਾ ਪਾਪ ਨਹੀਂ ਕਰਨਾ ਚਾਹੁੰਦਾ ਹੁੰਦਾ ਉਹ l
ਕਈ ਵਾਰ ਮੈਨੂੰ ਲਗਦਾ ਹੈ ਕਿ ਉਸ ਨੇ ਜਿੰਦਗੀ ਜਿਉਣ ਦਾ ਇਹ ਤਰੀਕਾ ਜਾਣ ਬੁੱਝ ਕੇ ਅਪਨਾ ਲਿਆ ਹੈ , ਜੁੜੇ ਰਹਿ ਕੇ ਬੇ ਨਿਆਜ ਹੋ ਗਿਆ ਹੈ । ਸਲੀਕੇ ਚ ਰਹਿੰਦਿਆਂ ਵੀ ਕਮਲ ਮਾਰਨ ਦਾ ਢੰਗ ਉਸ ਨੂੰ ਆ ਗਿਆ ਹੈ ।
ਆਪਣੇ ਬਹੁਤ ਅੰਦਰ ਦੀਆਂ ਗੱਲਾਂ ਉਹ ਕਿਸੇ ਨਾਲ ਸਾਂਝੀਆਂ ਨਹੀਂ ਕਰਦਾ , ਪਰ ਢੋਲਕ ਵਜਾਉਣ ਵੇਲੇ ਉਹ ਜਦੋਂ ਆਪਣੇ ਆਪ ਨਾਲ ਇੱਕ ਮਿੱਕ ਹੁੰਦਾ ਹੈ ਜਰੂਰ ਉਹ ਕੁਝ ਗੱਲਾਂ ਆਪਣੇ ਆਪ ਨਾਲ ਕਰਦਾ ਹੈ ਕੁਝ ਢੋਲਕ ਨਾਲ ।
"ਅਸ਼ੋਕ ਹੁਸ਼ਿਆਰਪੁਰੀ" ਅਕਸਰ ਆਪਣੇ ਉਸਤਾਦ ਦੀਆਂ ਗੱਲਾਂ ਕਰਦਾ ਹੈ l ਬਿੰਟਾ ਭਾਅ ਜੀ ,ਏਦਾਂ ਦੇ ਨੇ ,ਬਿੰਟਾ ਭਾਅ ਜੀ ਇਹ ਕਰਦੇ ਨੇ ਬਿੰਟਾ ਭਾਜੀ ਆਹ ਕਰਦੇ ਨੇ ਬਿੰਟਾ ਭਾਅ ਜ਼ੀ ਨੇ ਉਨ੍ਹਾਂ ਨਾਲ ਵਜਾਇਆ ਹੈ ..ਬਿੰਟਾ ਭਾਜੀ ਨੇ ਉਸ ਗੀਤ ਵਿੱਚ" ਰੂਪਕ" ਦੀ ਤਾਲ ਵਜਾਈ ਸੀ .... ਬੜੀ ਟੇਡੀ ਤਾਲ .....l
ਭਾਅਜੀ ਦੀਆਂ ਗੱਲਾਂ ਬਹੁਤ ਸੁਣੀਆਂ ਸਨ ਜ਼ਿਆਦਾਤਰ ਅਸ਼ੋਕ ਕੋਲੋਂ .....ਮੈਂ ਪਹਿਲਾਂ ਵੀ ਲਿਖਿਆ ਹੈ ਕਿ ਅਸ਼ੋਕ ਦੀ ਖਾਸੀਅਤ ਹੈ ਉਹ ਉਹ ਰਸਮੀ ਇੱਜ਼ਤ ਨਹੀਂ ਕਰਦਾ ...ਉਹ ਪਿੱਠ ਪਿੱਛੇ ਵੀ ਆਪਣੇ ਉਸਤਾਦ ਨੂੰ "ਭਾਅ ਜੀ "ਹੀ ਕਹਿੰਦਾ ਹੈ..। ਇੱਕ ਉਹੀ ਇਨਸਾਨ ਦੇਖਿਆ ਹੈ ਜਿਸ ਨੂੰ ਉਹ ਤੂੰ ਤੋਂ ਬਗੈਰ ਗੱਲ ਕਰਦਾ ਹੈ । ਉਹਦੀਆਂ ਗੱਲਾਂ ਵੀ ਕਰਦਾ ਹੈ...ਆਦਤਾਂ ਦੀ ਵੀ ,ਭਾਜੀ ਕੀ ਪੀਣਾ ਪਸੰਦ ਕਰਦੇ ਨੇ 'ਕੀ ਖਾਂਦੇ ਨੇ l
ਇੱਕ ਵਾਰ ਮੁਹਾਲੀ ਸਚਿਨ ਆਹੂਜਾ ਦੇ ਸਟੂਡੀਓ ਵਿੱਚ ਅਸ਼ੋਕ ਦੇ ਉਸਤਾਦ ਬਿੰਟਾ ਭਾਅ ਨਾਲ ਵੀ ਮੁਲਾਕਾਤ ਹੋ ਹੀ ਗਈ....ਸ਼ਾਮ ਨੂੰ ਫਿਰ ਇਕੱਠੇ ਬੈਠੇ l
ਪੰਜਾਬੀ ਸੰਗੀਤ ਉਦਯੋਗ ਵਿੱਚ ਉਨ੍ਹਾਂ ਨੂੰ ਸਾਰੇ ਜਾਣਦੇ ਨੇ.. ਉਹ ਪਿਛਲੇ ਚਾਲੀ ਸਾਲਾਂ ਤੋਂ ਰਿਦਮ ਵਜਾ ਰਹੇ ਨੇ .....ਕੋਈ ਵੀ ਲੈਅ ਹੋਵੇ ਜਾਂ ਫਿਰ ਕੋਈ ਦੀ ਤਾਲ ..ਕੋਈ ਨਵਾਂ ਗਾਇਕ ਹੋਵੇ ਜਾਂ ਫਿਰ ਕਲਾਸੀਕਲ ਗਾਉਣ ਵਾਲਾ ਕੋਈ ਫ਼ਨਕਾਰ ਬਿੰਟਾ ਭਾਅ ਜੀ ਨੇ ਸਭ ਲਈ ਕੰਮ ਕੀਤਾ ਹੈ l
ਅਜਿਹੀ ਸੰਗੀਤਕ ਮਹਿਫ਼ਿਲ ਚ ਬੈਠਣ ਦਾ ਆਪਣਾ ਆਨੰਦ ਹੁੰਦਾ ਹੈ ਪਰ ਮੈਂ ਪਤਾ ਨਹੀਂ ਕਿਉਂ ਅਸ਼ੋਕ ਹੁਸ਼ਿਆਰਪੁਰੀ ਬਾਰੇ ਹੀ ਸੋਚਦਾ ਰਿਹਾ .....ਮੈਂ ਉਸ ਦੇ ਰੇਖਾ ਚਿੱਤਰ ਦੇ ਉਸ ਹਿੱਸੇ ਬਾਰੇ ਸੋਚਦਾ ਰਿਹਾ ਜੋ ਕੁਝ ਦਿਨ ਪਹਿਲਾਂ ਹੀ ਲਿਖਿਆ ਸੀ .. l ਮੈਂ ਮਹਿਸੂਸ ਕੀਤਾ ਕਿ ਬਿੰਟਾ ਭਾਅ ਜੀ ਵੀ ਅਸ਼ੋਕ ਹੁਸ਼ਿਆਰਪੁਰੀ ਨੂੰ ਪਸੰਦ ਕਰਦੇ ਹਨ ...ਜਿਸ ਦੀ ਕਿ ਮੈਨੂੰ ਉਮੀਦ ਨਹੀਂ ਸੀ ..ਜਿਹੋ ਜਿਹਾ ਸ਼ੌਂਕੀ ਦਾ ਖਾਸਾ ਹੈ ...ਉਸ ਲਈ ਅੰਦਰ ਤਕ ਜਾ ਕੇ ਸਮਝਣ ਦੀ ਲੋੜ ਹੁੰਦੀ ਹੈ ...ਨਹੀਂ ਤਾਂ ਤੁਸੀਂ ਜਲਦੀ ਹੀ ਅੱਕ ਜਾਓਗੇ ਤੇ ਪਾਸੇ ਹੋ ਜਾਓਗੇ ....ਜ਼ਿਆਦਾਤਰ ਇਸੇ ਤਰ੍ਹਾਂ ਹੁੰਦਾ ਹੋਣਾ ....ਪਰ ਬਿੰਟਾ ਜੀ ਦਾ ਸ਼ੌਕ ਨਾਲ ਵਿਹਾਰ ਦੇਖ ਕੇ ਮੈਨੂੰ ਤਸੱਲੀ ਹੋਈ ਸੀ l
ਮੈਨੂੰ ਉਹ ਸੁਲਝੇ ਹੋਏ ਇਨਸਾਨ ਲੱਗੇ ।
ਉਸਤਾਦ ਜੀ, ਆਪਣੇ ਸ਼ਾਗਿਰਦ ਨੂੰ ਸਮਝਦੇ ਸਨ .. l ਅਸ਼ੋਕ ਮਾੜਾ ਇਨਸਾਨ ਨਹੀ ਬਸ ਉਸ ਨੂੰ ਆਪਣੇ ਆਪ ਨੂੰ ਪੇਸ਼ ਕਰਨ ਦਾ ਢੰਗ ਜਾਣ ਬੁੱਝ ਟੇਡਾ ਚੁਣਦਾ ਹੈ ...ਜਾਂ ਫਿਰ ਪੀ ਕੇ ਜਦੋਂ ਝੱਲ ਖਿਲਾਰਦਾ ਹੈ ਫਿਰ ਸਾਰੇ ਉਸ ਤੋਂ ਅੱਕ ਜਾਂਦੇ ਹਨ l
ਬਿੰਟਾ ਭਾਜੀ ਵੱਲ ਦੇਖਦਿਆਂ ਅਸ਼ੋਕ ਸਭ ਨੂੰ ਸੰਬੋਧਤ ਸੀ ਤੇ ਰਿਦਮ ਦੀ ਮਹੱਤਤਾ ਦੱਸ ਰਿਹਾ ਸੀ ਉਹ ਖ਼ਾਸ ਤੌਰ ਤੇ ਮੈਨੂੰ ਸੰਬੋਧਤ ਸੀ " ਭਾਅਜੀ ਜਿਸ ਤਰ੍ਹਾਂ ਨੀਂਹ ਨਹੀ ਹੁੰਦੀ....ਨੀਂਵ .....ਗਾਣਿਆਂ ਵਿੱਚ ਰਿਦਮ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਸ ਤਰ੍ਹਾਂ ਨੀਂਵ ਹੋਵੇ ਉਸੇ ਤਰ੍ਹਾਂ ਦਾ ਮਕਾਨ ਬਣ ਜਾਂਦਾ ਹੈ ....ਗਾਣੇ ਵੀ ਰਿਦਮ ਦੀ ਨੀਂਵ ਤੇ ਬਣਦੇ ਹਨ " ਮੈਨੂੰ ਅਸ਼ੋਕ ਦਾ ਇਸ ਤਰ੍ਹਾਂ ਬੋਲਣਾ ਚੰਗਾ ਨਹੀਂ ਸੀ ਲੱਗਿਆ ਜਦੋਂ ਉਸ ਦਾ ਉਸਤਾਦ ਬੋਲਣ ਲਈ ਉਸ ਕੋਲ ਹੀ ਬੈਠਾ ਹੈ ....ਮੈਂ ਮੌਕਾ ਸੰਭਾਲਦਿਆਂ ਬਿਨਟਾ ਭਾਅ ਜੀ ਨੂੰ ਪੁੱਛਿਆ
"ਬਿੰਟਾ ਭਾਜੀ, "ਪੰਜਾਬੀ ਗਾਣੇ ਕਿਹੜੀ ਤਾਲ ਵਿਚ ਬਣਾਏ ਜਾਂਦੇ ਹਨ ..ਜ਼ਿਆਦਾਤਰ ਪੰਜਾਬੀ ਗਾਣੇ ?
.ਅਸ਼ੋਕ ਹੁਸ਼ਿਆਰਪੁਰੀ ਸਰੂਰ ਵਿੱਚ ਸੀ ਸ਼ਾਇਦ ਉਸਤਾਦ ਦੇ ਸਾਹਮਣੇ ਬੈਠਣ ਦੇ ਸਰੂਰ ਵਿੱਚ ਜਿਆਦਾ l ਉਸਤਾਦ ਤੋਂ ਪਹਿਲਾਂ ਉਹ ਬੋਲਿਆ
"ਭਾਜੀ ਮੈਂ ਤੁਹਾਨੂੰ ਦੱਸਦਾ ....ਕੇਰਵੈ ਚ......ਕੈਰਵੇ ਵਿੱਚ ਖੁੱਲ੍ਹ ਜ਼ਿਆਦਾ ਮਿਲ ਜਾਂਦੀ ਹੈ ...ਤਿੰਨ ਤਾਲ ਵਿਚ ਵੀ ਰਾਗੀ ਬੰਦਾ ਹੀ ਗਾ ਸਕਦਾ ਹੈ ....ਦੂਸਰਿਆਂ ਦੀ ਤਾਂ ਗੱਲ ਹੀ ਛੱਡੋ "
ਸ਼ਾਇਦ ਅਸ਼ੋਕ ਹੁਸ਼ਿਆਰਪੁਰੀ ਠੀਕ ਬੋਲ ਰਿਹਾ ਸੀ ਤਾਂ ਹੀ ਬਿੰਟਾ ਭਾਜੀ ਚੁੱਪ ਰਹੇ ਸਨ । ਉਨ੍ਹਾਂ ਨੇ ਇਸ ਵਿਚ ਦਖਲ ਦੀ ਜ਼ਰੂਰਤ ਨਹੀਂ ਸੀ ਸਮਝੀ l
ਅਸ਼ੋਕ ਢੋਲ ਦੀਆਂ ਤਾਲਾਂ ਦੀ ਗੱਲ ਕਰ ਰਿਹਾ ਸੀ lਤੀਨ ਤਾਲ ,ਕਹਿਰਵਾ .ਦਾਦਰਾ ..ਏਕ ਤਾਲ ..ਰੂਪਕ ਤੇ ਬਣੇ ਗੀਤਾਂ ਦੀ l ਇਹ ਪਹਿਲੀ ਮਹਿਫਲ ਸੀ ਜੋ ਸਿਰਫ਼ ਰਿਦਮ ਤੇ ਹੋਈ ਸੀ .....ਹਸਨ ਅਲੀ ਆਪਣੀ ਫਿਤਰਤ ਮੁਤਾਬਕ ਚੁੱਪ ਰਿਹਾ ਭਾਵੇਂ ਕਿ ਉਹ ਇਸ ਵਿੱਚ ਬਹੁਤ ਕੁਝ ਬੋਲ ਸਕਦਾ ਸੀ ....ਬੋਲਣ ਦਾ ਕੰਮ ਅਸ਼ੋਕ ਨੇ ਹੀ ਨਿਭਾਇਆ ਤੇ ਆਪਣੀ ਸੀਮਾ ਤੋਂ ਵੱਧ ਨਿਭਾਇਆ...ਉਹ ਅਕਸਰ ਇਸ ਤਰ੍ਹਾਂ ਕਰਦਾ ਰਹਿੰਦਾ ਹੈ l
ਮੈਂ ਉਸ ਨੂੰ ਸਿਰਫ਼ ਢੋਲਕ ਮਾਸਟਰ ਹੀ ਲਿਖਿਆ ਸੀ । ....ਸੰਗੀਤ ਸੁਣਨ ਦੀ ਉਸ ਦੀ ਤਮੀਜ ਬਾਰੇ ਨਹੀਂ ਲਿਖਿਆ ...ਢੋਲਕ ਵਜਾਉਣ ਪਿੱਛੇ ਉਸ ਦੀ ਵੱਡੀ ਸਲਾਹੀਅਤ ਬਾਰੇ ਨਹੀਂ ਲਿਖਿਆ ....ਸੰਗੀਤਕ ਬੈਠਕ ਵਿੱਚ ਬੈਠ ਵੀ ਮੈਂ ਇਹੀ ਸੋਚਦਾ ਰਿਹਾ ਕਿ ਜਲਦੀ ਹੀ ਇਸ ਬਾਰੇ ਲਿਖਾਂਗਾ l
ਅਸ਼ੋਕ ਨਾਲ ਦੋਸਤੀ ਨੂੰ ਪੱਚੀ ਵਰ੍ਹੇ ਹੋ ਗਏ ਹਨ .....ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਗੀਤ ਦਾਤਾ ਅਾਨੰਦ ਮਾਣ ਲਵੋ ਪਰ ਤੁਹਾਨੂੰ ਉਸ ਦੇ ਪਿੱਛੇ ਚੱਲ ਰਹੀ ਰਿਦਮ ਦੀ ਵੰਨਗੀ ਬਾਰੇ ਨਹੀਂ ਪਤਾ l ਤੁਹਾਨੂੰ ਗੀਤ ਚੰਗਾ ਲੱਗਦਾ ਹੈ ...ਬਸ l ਅਸ਼ੋਕ ਚਾਹੁੰਦਾ ਵੀ ਨਹੀਂ ਕਿ ਉਸ ਦੀ ਜ਼ਿੰਦਗੀ ਦੀ ਲੈਅ ਤਾਲ ਬਾਰੇ ਕੋਈ ਜਾਣ ਲਵੇ ਜਾਂ ਜਾਨਨਾ ਚਾਹੇ l ਜੇ ਤੁਸੀਂ ਜਾਣਨਾ ਚਾਹੋ ਵੀ ਤਾਂ ਉਹ ਤੁਹਾਨੂੰ ਗੀਤ ਸੁਣਾ ਦੇਵੇਗਾ ਤੇ ਦੱਸੇਗਾ ਕਿ ਰਫੀ ਸਾਹਿਬ ਦਾ ਗੀਤ" ਆਜ ਕਲ ਮੇ ਢਲ ਗਿਆ ...ਦਾਦਰਾ ਚ ਕੀਤੀ ਹੋਈ ਬੰਦਿਸ਼ ਹੈ ...." ਆਪਣੀ ਗੱਲ ਨਹੀਂ ਕਰੇਗਾ l
ਰਿਦਮ ਦੀਆਂ ਇਹ ਗੱਲਾਂ ਉਹ ਹਰੇਕ ਨਾਲ ਨਹੀਂ ਕਰਦਾ ਕੁਝ ਕੁ ਲੋਕਾਂ ਨਾਲ ਕਰਦਾ ਹੈ.. ਹੁਣ, ਮੇਰੇ ਨਾਲ ਵੀ l
ਉਸ ਨੇ ਇਕ ਦਿਨ ਫੋਨ ਕੀਤਾ" . ..ਭਾਜੀ ..ਝੱਪਤਾਲ ਚ ਰਫੀ ਸਾਹਿਬ ਦਾ ਗੀਤ ਸੁਣਨਾ .....ਬੜੀ ਔਖੀ ਤਾਲ ਹੈ ..ਕਿਆ ਬਾਤ ....ਆਵਾਜ਼ ਦੇ ਕੇ ਹਮੇਂ ਤੁਮ ਬੁਲਾਓ ...."l
ਮੈਨੂੰ ਉਸ ਦੀ ਦੀ ਇਕੱਲਤਾ ਦਾ ਅਹਿਸਾਸ ਹੈ ਜੋ ਉਹ ਕਿਸੇ ਹੋਰ ਨੂੰ ਨਹੀਂ ਹੋਣ ਦਿੰਦਾ ...।
ਮੈਂ ਕਿਹਾ" ਤੇ...ਏਕ ਤਾਲ "
" ਇਸ ਵਿੱਚ ਹਰ ਕੋਈ ਨਹੀ ਗਾ ਸਕਦਾ ਭਾਜੀ " ........ਅਚਾਨਕ ਸ਼ਾਇਦ ਉਸ ਨੂੰ ਮੇਰੇ ਭਾਵ ਦਾ ਪਤਾ ਲੱਗ ਗਿਆ ਸੀ...ਇਕਲਾਪੇ ਦੇ ਭਾਵ ਬਾਰੇ... ਉਸ ਨੇ ਫੋਨ ਕੱਟ ਦਿੱਤਾ ਸੀ l
ਉਹ ਕਹਿੰਦਾ ਹੈ ਕਿ ਏਕ ਤਾਲ ,ਔਖੀ ਤਾਲ ਹੈ .....ਪਰ ਜ਼ਿੰਦਗੀ ਦੀ ਇਸ ਔਖੀ ਏਕ ਤਾਲ ਨੂੰ ਉਸ ਨੇ ਆਪਣੇ ਢੰਗ ਨਾਲ ਸੌਖਾ ਨਗ਼ਮਾ ਬਣਾ ਲਿਆ ਹੈ l
ਬਹਰਹਾਲ ਮੈਂ ਸਿਰਫ ਗੀਤ ਨਹੀਂ ਸੁਣਦਾ ਮੈਨੂੰ ਰਿਦਮ ਵਿਚ ਵੀ ਦਿਲਚਸਪੀ ਹੁੰਦੀ ਹੈ...ਤੇ ਜਦ ਕਦੇ ਕੋਈ ਝਪ ਤਾਲ ਚ ਬੰਨਿਆ ਕੋਈ ਮੁਸ਼ਕਿਲ ਕਿਹਾ ਗੀਤ ਸੁਣਦਾ ਹਾਂ ਤਾਂ ਮੈਨੂੰ ਅਸ਼ੋਕ ਦੇ ਕਹੇ ਸ਼ਬਦ ਯਾਦ ਆ ਜਾਂਦੀ ਹੈ
"ਭਾਅ ਜੀ ਬੜੀ ਔਖੀ ਤਾਲ ਹੈ, ਬੜੀ ਟੇਢੀ "
ਸ਼ੌਕੀ ਨੇ ਆਪਣੀ ਜਿੰਦਗੀ ਦੀ ਇਸ ਟੇਢੀ ਤਾਲ ਨੂੰ ਮਾਨਣਾ ਸਿੱਖ ਲਿਆ ਹੈ ਸ਼ਾਇਦ ।
ਸਮਾਪਤ
ਲੇਖਕ ਤਰਸੇਮ ਬਸ਼ਰ_ 9814163071
ਜਸਪਾਲ ਮਾਨਖੇੜਾ ਦਾ ਨਵਾਂ ਨਾਵਲ " ਹਰ ਮਿੱਟੀ ਦੀ ਆਪਣੀ ਖ਼ਸਲਤ " - ਤਰਸੇਮ ਬਸ਼ਰ
ਇੱਕ ਸੰਖੇਪ ਤਬਸਰਾ
ਮਹਿਲਾਵਾਂ ਨਾਲ , ਮਜ਼ਲੂਮਾਂ ਨਾਲ ਵਧੀਕੀਆਂ ਹੁੰਦਿਆਂ ਰਹੀਆਂ ਹਨ , ਸਮਾਜ ਚ ਇਸ ਦਾ ਵਿਰੋਧ ਵੀ ਹੁੰਦਾ ਰਿਹਾ ਹੈ ਰੋਸ ਵੀ ਉਪਜਦਾ ਰਿਹਾ ਹੈ , ਪਰ ਹਰ ਘਟਨਾ ਦਾ ਰੋਸ , ਲੋਕ ਰੋਹ ਚ ਨਹੀਂ ਬਦਲਦਾ । ਅਜਿਹਾ ਚੰਦ ਘਟਨਾਵਾਂ ਚ ਦੇਖਣ ਨੂੰ ਮਿਲਦਾ ਹੈ , ਫਿਰ ਲੋਕ ਰੋਹ ਅੱਗੇ ਸਿਸਟਮ ਨੂੰ ਆਪਣੇ ਕਾਰਜ ਦਾ ਰਵਾਇਤੀ ਢੰਗ ਵੀ ਬਦਲਣਾ ਪਿਆ , ਇਨਸਾਫ਼ ਵੀ ਮਿਲਿਆ ਹੈ ।
ਅਫਸੋਸ ਕਿ ਇਹ ਜਿਆਦਾਤਰ ਨਹੀਂ ਹੁੰਦਾ , ਕਦੇ ਕਦੇ ਅਜਿਹਾ ਹੁੰਦਾ ਹੈ ।
ਜਸਪਾਲ ਮਾਨਖੇੜਾ ਦਾ ਨਵਾਂ ਨਾਵਲ "ਹਰ ਮਿੱਟੀ ਦੀ ਆਪਣੀ ਖ਼ਸਲਤ " ਵੀ ਇਸੇ ਤਰਾਂ ਦੇ ਰੋਸ ਨੂੰ ਲੋਕ ਰੋਹ ਚ ਬਦਲਣ ਦੀ ਸੂਖਮ ਤੇ ਅਦਿਖ ਪ੍ਰਕਿਰਿਆ ਨੂੰ ਦੇਖਣ ਦੀ , ਅਤੇ ਪਾਠਕਾਂ ਨੂੰ ਦਿਖਾਉਣ ਦੀ ਕਲਾਤਮਕ ਪ੍ਰਭਾਵਸ਼ਾਲੀ ਕੋਸ਼ਿਸ਼ ਹੈ ।
ਜਸਪਾਲ ਮਾਨਖੇੜਾ ਨੇ ਇਕ ਮਹਿਲਾ ਨਾਲ ਹੋਈ ਵਧੀਕੀ , ਜੁਲਮ , ਜੁਰਮ ਤੋਂ ਬਾਦ ਘਟਨਾਵਾਂ ਦੀ ਪਿਠਭੂਮੀ ਚ ਵਾਪਰਦੇ ਘਟਨਾਕ੍ਰਮ ਨੂੰ ਸ਼ਬਦ ਦਿੱਤੇ ਹਨ , ਸਜੀਵ ਕਰਨ ਦਾ ਯਤਨ ਕੀਤਾ ਹੈ । ਤੁਸੀਂ ਰੋਸ ਮੁਜਾਹਰੇ , ਮਾਰਚ ਦੇਖੇ ਹਨ ਅਕਸਰ ਦੇਖਦੇ ਹਾਂ , ਪਰ ਇਹ ਰੋਸ ਧਰਨੇ ,ਲੋਕ ਰੋਹਾਂ ਚ ਕਿਵੇਂ ਬਦਲਦੇ ਹਨ ,ਇਸ ਸੂਖਮ ਵਰਤਾਰੇ ਨੂੰ ਨਹੀਂ ਦੇਖਿਆ । ਤੁਸੀਂ ਨਹੀਂ ਦੇਖਿਆ ਲੋਕ ਲਹਿਰਾਂ ਦਾ ਜਨਮ ਕਿਸ ਤਰਾ ਹੁੰਦਾ ਹੈ ।
ਇਸੇ ਵਰਤਾਰੇ ਦਾ ਦਿਲਚਸਪ ਵਰਣਨ ਹੈ ।
"ਹਰ ਮਿੱਟੀ ਦੀ ਆਪਣੀ ਖ਼ਸਲਤ '।
ਕਿਸੇ ਚਰਚਿਤ ਅਪਰਾਧ ਘਟਨਾ ਦੇ ਪਿਛੋਕੜ ਅਤੇ ਘਟਨਾ ਵਾਪਰਨ ਤੋਂ ਬਾਦ , ਇਨਸਾਫ਼ ਮਿਲਣ ਤੱਕ ਦੀ ਕਹਾਣੀ ਪੰਜਾਬੀ ਸਾਹਿਤ ਚ ਨਾਵਲ ਰੂਪ ਚ ਜਿਆਦਾ ਲਿਖੀ ਵੀ ਨਹੀਂ ਗਈ । ਅਜਿਹੇ ਹੀ ਇੱਕ ਕਾਂਡ ਦੀ ਬੁਨਿਆਦ ਤੇ ਮਾਨਖੇੜਾ ਦੇ ਇਸ ਨਾਵਲ ਦੀ ਕਹਾਣੀ ਬੁਣੀ ਗਈ ਹੈ ।
ਇੱਕ ਵਿਲੱਖਣ ਸਾਹਿਤਕ ਪਹਿਲ
ਇਨਸਾਫ਼ ਦੇ ਇਸ ਘੋਲ ਚ ਲੇਖਕ ਆਪ ਵੀ ਆਂਸ਼ਿਕ ਰੂਪ ਚ ਸ਼ਾਮਿਲ ਰਿਹਾ ਸੀ ।
ਇੱਕ ਅਪਰਾਧ ਤੇ ਅਧਾਰਿਤ ਕਹਾਣੀ ਤੇ ਹੀ ਕਿਉਂ ਨਾਵਲ ਲਿਖਣਾ ਪਿਆ ਜਾਂ ਲਿਖਿਆ ਹੈ ਇਸ ਪ੍ਰਸ਼ਨ ਦੇ ਜਵਾਬ ਚ ਮਾਨਖੇੜਾ ਦਾ ਕਹਿਣਾ ਹੈ ਕਿ ਸਮਾਜ ਚ ਮਜ਼ਲੂਮ ਤਬਕੇ ਨਾਲ ਅਕਸਰ ਵਧੀਕੀ ਹੁੰਦੀ ਹੈ । ਸਮਾਜ ਧੜੇਬੰਦੀਆਂ ਚ ਵੰਡਿਆ ਹੋਇਆ ਹੈ , ਇਸ ਲਈ ਇਨਸਾਫ਼ ਦੇ ਰਾਜ ਦੀ ਕਲਪਨਾ ਬੇਮਾਨੀ ਹੋ ਜਾਂਦੀ ਰਹੀ ਹੈ , ਪਰ ਕਈ ਵਾਰ ਸਮਾਜ ਅਨਿਆਂ ਖਿਲਾਫ ਇੱਕਜੁਟ ਹੁੰਦਾ ਹੈ , ਤੇ ਇਨਸਾਫ਼ ਵੀ ਮਿਲਦਾ ਹੈ ।
ਅਜਿਹਾ ਕਦੀ ਕਦਾਈਂ ਹੁੰਦਾ ਹੈ , ਮੇਰੇ ਵਰਗੇ ਲੋਕ ਜੋ ਕਮਜੋਰ ਵਰਗ ਲਈ ਸਮਾਨਤਾ ਦੇ ਹਾਮੀ ਰਹੇ ਹਨ ਲੜੇ ਹਨ , ਉਹਨਾਂ ਲਈ ਅਜਿਹੇ ਲੋਕ ਰੋਹ ,ਅਤੇ ਇਸ ਉਪਰੰਤ ਜਿੱਤ , ਬਹੁਤ ਅਰਥ ਰੱਖਦੇ ਹਨ ।
ਇਸੇ ਲਈ ਇਹ ਨਾਵਲ ਲਿਖਣ ਦੀ ਸੋਚੀ ਸੀ, ਇਨਸਾਫ਼ ਪਸੰਦ ਲੋਕਾਂ ਨੂੰ ਉਤਸ਼ਾਹ ਵੀ ਮਿਲੇ , ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲੇ । ਕਾਮਯਾਬ ਲੋਕਾਂ ਦੇ ਘੋਲ ਨੂੰ ਦਸਤਾਵੇਜ਼ੀ ਰੂਪ ਵੀ ਮਿਲ ਜਾਵੇ ਤਾਂ ਬਿਹਤਰ ਸੀ ।
ਮਾਨਖੇੜਾ ਅਨੁਸਾਰ ਉਹਨਾਂ ਨੇ ਇਹ ਨਾਵਲ ਪ੍ਰਤੀਬਧਤਾ ਦੇ ਚਲਦਿਆਂ ਰਾਤਾਂ ਨੂੰ ਜਾਗ ਜਾਗ ਕੇ ਵੀ ਲਿਖਿਆ ਹੈ ਮਿਹਨਤ ਕੀਤੀ । ਅਸੀਂ ਘਟਨਾਂ ਨਾਲ ਜੁੜੇ ਲੋਕਾਂ ਤੱਕ ਵੀ ਪਹੁੰਚੇ ,ਕੁਦਰਤੀ ਉਹਨਾਂ ਰੋਸ ਮੋਰਚਿਆਂ ਚ ਵੀ ਜਾਨ ਦਾ ਸਬਬ ਵੀ ਬਣਿਆ ਸੀ ਜੋ ਉਸ ਘਟਨਾ ਤੋਂ ਬਾਦ ਵਿਰੋਧ ਚ ਲੱਗੇ ਸਨ । ਸੋ ਪੂਰੇ ਵਰਤਾਰੇ ਨੂੰ ਦੇਖਣ ਸਮਝਣ ਦਾ ਮੌਕਾ ਬਣਦਾ ਰਿਹਾ ਸੀ , ਲੋਕਾਂ ਦੇ ਚਿਹਰੇ ਦੀਆਂ ਸ਼ਿਕਣਾਂ ਯਾਦ ਸਨ , ਬਾਦ ਚ ਆਈ ਚਮਕ ਵੀ ਯਾਦ ਸੀ ।
ਇਹ ਨਿੱਜੀ ਚਮਕ ਨਹੀਂ ਸੀ ਨਾ ਹੀ ਨਿੱਜੀ ਜਿੱਤ , ਪਰ ਇਹ ਸਭ ਦੀ ਸੀ ।
ਸਮੂਹਿਕ ਉਤਸ਼ਾਹ ।
ਅਜਿਹੇ ਵਰਤਾਰੇ ਨੂੰ ਮਹਿਸੂਸ ਕਰਨਾ , ਆਪਣੇ ਆਪ ਚ ਵਿਲੱਖਣ ਅਨੁਭਵ ਹੁੰਦਾ ਹੈ , ਤੇ ਉਸ ਨੂੰ ਕਲਮੀ ਰੂਪ ਦੇਣਾ ਅਨੂਠਾ ਤੇ ਦਿਲਚਸਪ ਤਜੁਰਬਾ ।
ਆਪਣੇ ਆਪ ਨੂੰ ਤਸਕੀਨ ਦੇਣ ਵਾਲਾ ਕਾਰਜ ਵੀ ।
ਜਸਪਾਲ ਮਾਨਖੇੜਾ ਨੂੰ ਪੰਜਾਬੀ ਸਾਹਿਤ ਚ ਨਾਮਵਰ ਕਹਾਣੀਕਾਰ ਵਜੋਂ ਜਾਣਿਆਂ ਜਾਂਦਾ ਹੈ , । ਕਾਮਰੇਡ" ਹਰਦੇਵ ਅਰਸ਼ੀ "ਦੀ ਜਿੰਦਗੀ ਤੇ ਲਿਖੇ ਨਾਵਲ ਰੋਹੀ ਦਾ ਲਾਲ ਤੋਂ ਬਾਦ ਹੁਣ ਉਸ ਦੀ ਚਰਚਾ ਨਾਵਲਕਾਰ ਵਜੋਂ ਵੀ ਹੋ ਰਹੀ ਹੈ ।
ਕਹਾਣੀ ਤੋਂ ਨਾਵਲ ਵੱਲ ਮੁੜਨ ਪਿੱਛੇ ਮਾਨਖੇੜਾ ਅਨੁਸਾਰ ਕੋਈ ਯੋਜਨਾਬਧ ਪ੍ਰਯੋਜਨ ਨਹੀਂ , ਕਈ ਵਾਰ ,ਕਈ ਵਿਸ਼ੇ ਨਾਵਲ ਚ ਹੀ ਲਿਖੇ ਜਾ ਸਕਦੇ ਹੁੰਦੇ ਹਨ , ਜਿਵੇਂ ਇਸ ਕਹਾਣੀ ਦੇ ਵਿਸ਼ੇ ਨੂੰ ਨਾਵਲ ਚ ਨਿਭਾਇਆ ਜਾ ਸਕਦਾ ਸੀ , ਅਰਸ਼ੀ ਜੀ ਦੀ ਜਿੰਦਗੀ ਦੇ ਬੜੇ ਪਹਿਲੂ ਤੇ ਮਹਤਵਪੂਰਨ ਤਤਕਾਲੀਨ ਹਾਲਾਤ ਸਨ , ਜੋ ਨਾਵਲ ਦੇ ਰੂਪ ਲਿਖਣਾ ਹੀ ਜਿਆਦਾ ਮੁਨਾਸਿਬ ਸਨ ।
ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ,
ਫਿਰ ਕੋਈ" ਹਰ ਮਿੱਟੀ ਦੀ ਆਪਣੀ ਖ਼ਸਲਤ" ਵਰਗੀ ਕਿਰਤ ਰਚੀ ਜਾਂਦੀ ਹੈ ।
ਮਾਨਖੇੜਾ ਅਨੁਸਾਰ ਨਾਵਲ ਚ ਭਾਂਵੇ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ , ਵਾਪਰਨ ਦਾ ਸਥਾਨ ਵੀ ਬਦਲਿਆ ਗਿਆ ਹੈ ਪਰ ਮੇਰੀ ਕੋਸ਼ਿਸ਼ ਸੀ ਕਿ ਕਹਾਣੀ ਯਥਾਰਥ ਦੇ ਨੇੜੇ ਹੋਵੇ , ਸਮਾਜ ਚ ਚੇਤੰਨਤਾ ਦਾ ਸਾਧਨ ਬਣ ਸਕਣ ਦੇ ਸਮਰੱਥ ਹੋਵੇ , ਤੇ ਇਸ ਚ ਪ੍ਰਵਾਹ ਵੀ ਹੋਵੇ ਪ੍ਰੇਰਨਾ ਵੀ । ।
ਉਹਨਾਂ ਅਨੁਸਾਰ ਵਾਪਰੀਆਂ ਘਟਨਾਵਾਂ ਤੇ ਨਾਵਲ ਲਿਖਣਾ ਮਾਤਰ ਲਿਖਣ ਪ੍ਰਕਿਰਿਆ ਨਹੀਂ ਹੁੰਦੀ, ਇਸ ਲਈ ਘਟਨਾਵਾਂ ਨੂੰ , ਸਮਾਜ ਤੇ ਹੋਏ ਉਸ ਦੇ ਅਸਰ ਨੂੰ ਸਮਝਣਾ ਵੀ ਰਚਨਤਾਮਕ ਕਿਰਿਆ ਦਾ ਹਿੱਸਾ ਹੁੰਦਾ ਹੈ ,ਖਾਸ ਕਰਕੇ ਇਸ ਨਾਵਲ ਚ ਸਮੂਹਿਕ ਸਮਾਜਿਕ ਪ੍ਰਤੀਕਿਰਿਆ ਨੂੰ ਸਮਝਿਆ ਜਾਣਾ ਬਹੁਤ ਅਹਿਮ ਸੀ , ਜੋ ਬਾਦ ਚ ਲੋਕ ਰੋਹ ਚ ਬਦਲ ਗਈ ।
ਸੂਖਮ ਵਰਤਾਰਾ , ਜੋ ਦਿਖਾਈ ਨਹੀਂ ਦੇਵੇਗਾ , ਮਹਿਸੂਸ ਕਰਨ ਹੁੰਦਾ ਹੈ , ਸਮਝਣਾ ਹੁੰਦਾ ਹੈ ।
ਗੰਭੀਰ ਸਾਹਿਤ ਖਾਸ ਕਰ ਵਾਪਰੀਆਂ ਘਟਨਾਵਾਂ ਤੇ ਲਿਖਣ ਵੇਲੇ ਇਹ ਵੀ ਜਰੂਰੀ ਹੁੰਦਾ ਹੈ ਇਹ ਸਚਾਈ ਦੇ ਨੇੜੇ ਹੋਵੇ , ਮੈਂ ਇਹ ਕੋਸ਼ਿਸ਼ ਕੀਤੀ ਹੈ ।
ਉਹਨਾਂ ਅਨੁਸਾਰ ਉਹਨਾਂ ਨੇ ਪਾਤਰਾਂ ਦੀ ਅੰਦਰੂਨੀ ਖ਼ਸਲਤ ਨੂੰ ਯਥਾਰਥ ਰੂਪ ਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਕੋਸ਼ਿਸ਼ ਕੀਤੀ ਹੈ ਕਿਰਦਾਰ ਸੁਭਾਵਿਕ ਪ੍ਰਤੀਕਿਰਿਆਵਾਂ ਚ ਨਜਰ ਆਉਣ , ਉਹਨਾਂ ਦੇ ਅੰਦਰ ਚ ਰਹੇ ਸੂਖਮ ਵਰਤਾਰੇ ਨੂੰ ਵੀ ਸ਼ਬਦ ਦਿੱਤੇ ਜਾ ਸਕਣ ।
ਸਿਸਟਮ ਚ ਕਮੀਆਂ ਲਿਖੀਆਂ ਤਾਂ ਜਾਣ ਹੀ , ਪਰ ਉਹ ਕਹਾਣੀ ਅਤੇ ਪਾਤਰਾਂ ਦੀਆਂ ਸਥਿਤੀਆਂ ਤੋਂ ਵੀ ਪਤਾ ਲੱਗਣ । ਭਾਸ਼ਾਈ ਪਖ ਤੇ ਧਿਆਨ ਦਿੱਤਾ ਗਿਆ ਹੈ , ਸੰਵਾਦਾਂ ਚ ਖਿੱਤੇ ਦੀ ਮੂਲ ਬੋਲੀ ਦੀ ਪੁੱਠ ਹੈ ।
ਅੰਤ ਚ ਜਸਪਾਲ ਮਾਨਖੇੜਾ ਅਨੁਸਾਰ ਗਲਪ ਚ ਦਿਲਚਸਪੀ ਅਤੇ ਪ੍ਰਵਾਹ ਦੀ ਵੀ ਆਪਣੀ ਮਹਤੱਤਾ ਹੈ , ਇਹ ਇਸ ਨਾਵਲ ਚ ਵੀ ਹੈ , ਭਾਂਵੇ ਕਿ ਇਸ ਚ ਕਲਪਨਾ ਦੀ ਉਡਾਰੀ ਦੀ ਜਿਆਦਾ ਜਗ੍ਹਾ ਨਹੀਂ ਸੀ । ਅਨਿਆਂ ਦੇ ਖਿਲਾਫ ਖੜੇ ਹੋਣਾ ਪੰਜਾਬ ਦੀ ਖ਼ਸਲਤ ਚ ਹੈ
ਇੱਕ ਸੁਭਾਵਿਕ ਕੌਮੀ ਪ੍ਰਤੀਕਰਮ ।
ਇਸ ਨਾਵਲ ਚ ਇਹ ਖ਼ਸਲਤ ਅਨੁਭਵ ਵੀ ਹੋਵੇਗੀ , ਤੇ ਦਿਖੇਗੀ ਵੀ ।
ਅਖੀਰਲੇ ਪੰਨੇ ਤੇ ਹਨੇਰੀ ਦਾ ਜਿਕਰ ਹੈ , ਜਿਸ ਚ ਸਰਮਾਏਦਾਰੀ ਦੇ ਵੱਡੇ ਵੱਡੇ ਦਰੱਖਤਾਂ ਦੇ ਪੁੱਟੇ ਜਾਨ ਦਾ ਦ੍ਰਿਸ਼ ਸੰਕੇਤਕ ਰੂਪ ਵਿੱਚ ਬਹੁਤ ਕੁੱਝ ਕਹਿੰਦਾ ਹੈ।।
ਕਈ ਸਾਲਾਂ ਚ ਲਿਖੇ ਗਏ ਨਵੇਂ ਨਾਵਲ ਲਈ ਜਸਪਾਲ ਮਾਨਖੇੜਾ ਨੂੰ ਸ਼ੁਭ ਕਾਮਨਾਵਾਂ । ਮਾਨਖੇੜਾ ਦਾ ਜਿਸਮਾਨੀ ਕੱਦ ਲੰਬਾ ਹੈਤਾਂ ਸਾਹਿਤ ਵਿੱਚ , ਲੋਕ ਘੋਲਾਂ ਵੀ ਉਹਨਾਂ ਦਾ ਕੱਦ ਘੱਟ ਨਹੀਂ । ਆਸ ਹੈ ਇਹ ਨਾਵਲ ਇਸ ਲੰਬੇ ਕੱਦ ਨੂੰ ਹੋਰ ਵੱਡਾ ਕਰੇਗਾ ।
ਤੇ ਵੱਡੇ ਹੋ ਕੇ ਛੋਟਾ ਬਣ ਕੇ ਰਹਿਣਾ ਜਸਪਾਲ ਮਾਨਖੇੜਾ ਨੂੰ ਬਾਖੂਬੀ ਆਉਂਦਾ ਹੈ।
ਇਹ ਜੁਗਤ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ।
ਨਾਵਲ ਪੀਪਲਜ਼ ਫੋਰਮ ਬਰਗਾੜੀ ਵੱਲੋਂ ਛਾਪਿਆ ਗਿਆ ਹੈ ।
ਸਾਹਤਿਕ ਰੇਖਾ ਚਿੱਤਰ : ਸਤਨਾਮ ਸਿੰਘ ਸ਼ੌਕਰ - ਤਰਸੇਮ ਬਸ਼ਰ
ਜੇਕਰ ਗਾਰਗੀ ਸਾਹਿਬ ਨੇ ਆਪਣੇ ਇੱਕ ਰੇਖਾ ਚਿੱਤਰ ਦਾ ਨਾ "ਦੁੱਧ ਵਿਚ ਬਰਾਂਡੀ" ਨਾਲ ਰੱਖਿਆ ਹੁੰਦਾ ਤਾਂ ਯਕੀਨਨ ਸ਼ੌਕਰ ਸਾਹਿਬ ਬਾਰੇ ਲਿਖੇ ਰੇਖਾ ਚਿੱਤਰ ਦਾ ਨਾਂ ਮੈਂ ਵੀ "ਦੁੱਧ ਵਿਚ ਬਰਾਂਡੀ" ਹੀ ਰੱਖਦਾ ।
ਸਿਰ ਤੇ ਛੋਟੀ ਜਿਹੀ ਪੱਗ ,ਥੋੜ੍ਹਾ ਜਿਹਾ ਭਾਰਾ ਜਿਸਮ ,ਦਰਮਿਆਨਾ ਕੱਦ , ਤਪੇ ਹੋਏ ਸੋਨੇ ਦੇ ਰੰਗ ਵਰਗਾ ਕਣਕ ਭਿਨਾ ਚਿਹਰਾ ।
ਮਾਸੂਮੀਅਤ ਦੀ ਹਾਮੀ ਭਰਦੀਆਂ ਅੱਖਾਂ ਵਾਲੇ ਇਹਨਾਂ ਸਰਦਾਰ ਜੀ ਦਾ ਨਾਂ ਸਤਨਾਮ ਸਿੰਘ ਸ਼ੌਕਰ ਹੈ l ਜਿਹਨਾਂ ਨੂੰ ਪਿੰਡ ਵਾਲੇ ਅਤੇ ਪੁਰਾਣੇ ਵਾਕਫ਼ ਮਾਸਟਰ ਸਤਨਾਮ ਸਿੰਘ ਦੇ ਨਾਮ ਨਾਲ ਜਾਣਦੇ ਹਨ ।
ਪਰ ਪੰਜਾਬ ਦੇ ਸਾਹਤਿਕ ਹਲਕਿਆਂ ਚ ਉਹ ਹੁਣ ਸ਼ੌਕਰ ਸਾਹਬ ਦੇ ਨਾਮ ਨਾਲ ਹੀ ਮਸ਼ਹੂਰ ਹਨ ।
ਸ਼ੌਕਰ ਸਾਹਬ ਦੇ ਜਿਸਮਾਨੀ ਵੇਰਵੇ ਲਈ ਇੰਨੇ ਹਰਫ਼ ਸ਼ਾਇਦ ਬਹੁਤ ਹੋਣਗੇ ਪਰ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਲਿਖਣ ਲਈ ਸ਼ਬਦਾਂ ਦੇ ਵੱਡੇ ਜ਼ਖ਼ੀਰੇ ਦੀ ਲੋੜ ਪਏਗੀ l
ਜੇਕਰ ਤੁਸੀਂ ਸਤਨਾਮ ਸਿੰਘ ਸ਼ੌਕਰ ਨੂੰ ਕਿਸੇ ਸਾਹਿਤਕ ਪ੍ਰੋਗਰਾਮ ਵਿਚ ਦੇਖਿਆ ਹੈ ਤੇ ਉਸ ਲਿਬਾਸ ਵਿੱਚ ਦੇਖਿਆ ਹੈ ਜਿਸ ਵਿਚ ਉਹ ਜ਼ਿਆਦਾਤਰ ਰਹਿੰਦੇ ਹਨ ਤਾਂ ਤੁਸੀਂ ਸੋਚਣ ਲੱਗ ਪਵੋਗੇ ਇਸ ਜੱਟ ਜ਼ਿਮੀਂਦਾਰ ਦਾ ਬੁੱਧੀਜੀਵੀਆਂ ਦੇ ਇਕੱਠ ਵਿੱਚ ਕੀ ਕੰਮ ? ਪਰ ਬਾਅਦ ਵਿੱਚ ਉਨ੍ਹਾਂ ਬਾਰੇ ਜਾਣਨ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦਾ ਸਾਹਿਤ ਨਾਲ ਕੀ ਸਬੰਧ ਹੈ ...ਅਦਬ ਨਾਲ ਕੀ ਕੰਮ ਹੈ ... ਕਿੰਨਾ ਕੂ ਲਗਾਵ ਹੈ ।
ਇੰਨਾ ਕੂ , ਜਿੰਨਾ ਆਮ ਤੌਰ ਤੇ ਨਹੀਂ ਪਾਇਆ ਜਾਂਦਾ l
ਬੁੱਧੀਜੀਵਤਾ ਨੂੰ ਜੇਕਰ ਸਾਦਗੀ ਵਿੱਚੋਂ ਦੇਖਣਾ ਹੈ ਤਾਂ ਉਸ ਦੀ ਇੱਕ ਉਦਾਹਰਨ ਸਤਨਾਮ ਸਿੰਘ ਸ਼ੌਕਰ ਹਨ l ਜੇਕਰ ਪਾਠਕ ਦਾ ਪੱਧਰ ਨਿਰਧਾਰਤ ਕਰਨ ਦੇ ਮਾਪਦੰਡ ਮੇਰੇ ਹੋਣ ਤਾਂ ਮੈਂ ਇਹ ਕਹਿਣੋਂ ਸ਼ਾਇਦ ਹੀ ਝਿਜਕਾਂ ਕਿ ਸਤਨਾਮ ਸਿੰਘ ਸ਼ੋਕਰ ਪੰਜਾਬ ਦੇ ਵੱਡੇ ਪਾਠਕਾਂ ਵਿਚੋਂ ਇਕ ਹੈ l
ਓਹ ਵੀ ਇੱਕ ਗੰਭੀਰ ਪਾਠਕ ਜਿਸ ਨੂੰ ਅੱਖਰਾਂ ਚੋਂ ਮੰਜਰ ਤੱਕ ਲੈਣ ਦੀ ਜਾਚ ਹੋਵੇ ।
ਸ਼ੌਕਰ ਸਾਹਬ ਅਧਿਆਪਨ ਦੇ ਕਿੱਤੇ ਵਿੱਚੋਂ ਰਿਟਾਇਰ ਹੋਏ ਹਨ । ਉਹ ਚੰਡੀਗੜ੍ਹ ਦੇ ਨੇੜੇ ਲਗਦੇ ਪਿੰਡ ਹੋਸ਼ਿਆਰ ਪੁਰ ਦੇ ਵਸਨੀਕ ਹਨ ਤਾਂ ਉਹਨਾਂ ਨੂੰ ਨੌਕਰੀ ਵੀ ਚੰਡੀਗ੍ਹੜ ਪ੍ਰਸ਼ਾਸ਼ਨ ਚ ਹੀ ਮਿਲੀ । ਪਿੰਡਾ ਦੀ ਨਕਸ਼ ਨੁਹਾਰ ਬਦਲ ਗਈ ਹੈ ਤਾਂ ਇਹਨਾਂ ਪਿੰਡਾਂ ਵਾਲਿਆਂ ਦਾ ਰਹਿਣ ਸਹਿਣ ਤੌਰ ਤਰੀਕੇ ਵੀ ਬਦਲ ਗਏ ਹਨ । ਪੈਸੇ ਵੀ ਆ ਗਏ ਹਨ ਤਾਂ ਪਿੰਡਾ ਵਾਲਿਆਂ ਦੀ ਮੜਕ ਵੀ ਦੇਖਣ ਵਾਲੀ ਹੈ । ਪਰ ਮਾਸਟਰ ਸਤਨਾਮ ਸਿੰਘ ਉਹਨਾਂ ਚੋਂ ਨਹੀਂ । ਜਿੰਦਗੀ ਜਿਓਣ ਅਤੇ ਇਸ ਨੂੰ ਸਮਝਣ ਲਈ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੈ । ਗਹਿਰਾ ਤੇ ਗੰਭੀਰ ਨਜ਼ਰੀਆ । ਉਹਨਾਂ ਨੂੰ ਸਾਦਗੀ ਚ ਰਹਿਣਾ ਸੁਹਾਉਂਦਾ ਹੈ ।
ਜੇਕਰ ਤੁਸੀਂ ਸ਼ੋਕਰ ਸਾਹਿਬ ਨਾਲ ਪਹਿਲਾਂ ਕਦੀ ਗੱਲ ਨਹੀਂ ਕੀਤੀ ਤੇ ਤੁਹਾਨੂੰ ਕਿਸੇ ਕਿਤਾਬ ਦੇ ਸਬੰਧ ਵਿਚ ਉਨ੍ਹਾਂ ਨਾਲ ਗੱਲ ਕਰਨੀ ਪੈ ਗਈ ਤਾਂ ਸ਼ੋਕਰ ਸਾਹਬ ਦੀ ਅੱਗੋਂ ਆਈ ਆਵਾਜ਼ ਤੁਹਾਨੂੰ ਉਨ੍ਹਾਂ ਦੇ ਜੁੱਸੇ ਮੁਤਾਬਕ ਤੁਹਾਡੇ ਵੱਲੋਂ ਅੰਦਾਜ਼ਾ ਲਗਾਈ ਗਈ ਆਵਾਜ਼ ਤੋਂ ਅਲਹਿਦਾ ਪ੍ਰਤੀਤ ਹੋਵੇਗੀ l ਜੁੱਸੇ ਮੁਤਾਬਕ ਉਨ੍ਹਾਂ ਦੀ ਆਵਾਜ਼ ਪਤਲੀ ਹੈ , ਆਵਾਜ਼ ਵਿਚ ਮਾਸੂਮੀਅਤ ਹੁੰਦੀ ਹੈ ਜਿਸ ਦਾ ਅੰਦਾਜ਼ਾ ਦਿੱਖ ਅਨੁਸਾਰ ਤੁਸੀਂ ਨਹੀਂ ਸੀ ਲਗਾ ਸਕੇ l ਤੇ ਅੱਗੋਂ ਸ਼ੋਕਰ ਸਾਹਿਬ ਦੀ ਬੋਲੀ ਵੀ ਸਾਧਾਰਨ ਹੋਵੇਗੀ .ਵਿਦਵਤਾ ਦੇ ਪ੍ਰਦਰਸ਼ਨ ਤੋਂ ਰਹਿਤ .ਤੁਸੀਂ ਜਲਦੀ ਹੀ ਬੇਝਿਜਕ ਹੋ ਜਾਓਗੇ ।
ਉਨ੍ਹਾਂ ਨੂੰ ਫੋਨ ਮਿਲਾਉਣ ਵੇਲੇ ਵੱਜਦੀ ਰਿੰਗ ਟੋਨ ਵੀ ਜ਼ਰੂਰ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ...ਇਹ ਰਿੰਗ ਟੋਨ ਹੈ...l
ਕਹੀਂ ਦੀਪ ਜਲੇ ਕਹੀਂ ਦਿਲ .. ਲਤਾ ਮੰਗੇਸ਼ਕਰ ਦਾ ਗਾਇਆ ਹੋਇਆ ਬੇਹੱਦ ਸੁਰੀਲਾ ਗੀਤ ।
ਇਸ ਰਿੰਗ ਟੋਨ ਤੋਂ ਤੁਹਾਨੂੰ ਸ਼ੌਕਰ ਸਾਹਿਬ ਨੂੰ ਸਮਝਣ ਵਿੱਚ ਮਦਦ ਮਿਲੇਗੀ ।
ਪਹਿਲਾਂ ਉਹਨਾਂ ਦੀ ਜਨਮ ਭੂਮੀ ਬਾਰੇ ਲਿਖ ਦਿਆਂ,
ਮੈਂ ਉਪਰ ਵੀ ਲਿਖਿਆ ਹੈ ਸ਼ੌਕਰ ਸਾਹਿਬ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਪਰ ਓਸ ਹੁਸ਼ਿਆਰਪੁਰ ਦੇ ਨਹੀਂ ਜਿਸ ਬਾਰੇ ਤੁਸੀਂ ਜਾਣਦੇ ਹੋ ...ਇਹ ਹੁਸ਼ਿਆਰਪੁਰ ,ਪਿੰਡ ਚੰਡੀਗੜ੍ਹ ਦੀ ਜੂਹ ਚ ਵਸਿਆ ਹੈ l ਪਹਾੜਾਂ ਦੀ ਬੁੱਕਲ ਵਿਚ ਇੱਥੇ ਕਦੇ ਬਾਗ਼ਾਂ ਦਾ ਬੋਲਬਾਲਾ ਹੁੰਦਾ ਸੀ ...ਲੋਕ ਖੂਹਾਂ ਤੋਂ ਪਾਣੀ ਭਰਦੇ ਸਨ .ਬਰਸਾਤੀ ਨਾਲਿਆਂ ਚ ਹਰਲ ਹਰਲ ਕਰਦਾ ਪਾਣੀ .ਮੋਰ ਪੈਲਾਂ ਪਾਉਂਦੇ ਪਾਉਂਦੇ ਜੰਗਲ ਵੱਲ ਭੱਜ ਜਾਂਦੇ ਹੋਨਗੇ ....ਇਹ ਕਿਆਸ ਹੀ ਕੀਤਾ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦਾ ਵਾਯੂਮੰਡਲ ਨਾਲ ਵਾਤਾਵਰਨ ਹੁੰਦਾ ਹੋਵੇਗਾ .. l ਹੁਣ ਭਾਵੇਂ ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਵੱਡੀਆਂ ਉੱਚੀਆਂ ਇਮਾਰਤਾਂ ਉਸਰ ਰਹੀਆਂ ਨੇ ,ਸੜਕਾਂ ਦੇ ਜਾਲ ਵਿਛ ਰਹੇ ਹਨ ਆਧੁਨਿਕਤਾ ਦੀ ਹਨੇਰੀ ਨੇ ਬਹੁਤਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈ ਲਿਆ ਹੈ ....ਪਰ ਸ਼ੋਕਰ ਸਾਹਿਬ ਨੇ ਉਹ ਵਾਯੂਮੰਡਲ ਉਹ ਵਾਤਾਵਰਨ..ਉਹ ਪੁਰਾਣਾ ਹੁਸ਼ਿਆਰਪੁਰ ਆਪਣੇ ਅੰਦਰ ਸਾਂਭ ਕੇ ਰੱਖ ਲਿਆ ਹੈ । ਸ਼ਾਇਦ ਇਹੀ ਕਾਰਨ ਹੈ ਕਿ ਜਿਥੇ ਇਸ ਮਹਾਂਨਗਰ ਨਗਰ ਚ ਜਿੰਦਗੀ ਬਸਰ ਕਰਦਿਆਂ ਲੋਕਾਂ ਕੋਲ ਸਮਾਂ ਘਟ ਜਾਂਦਾ ਹੈ ਲੋਕ ਰੁੱਖੇ ਹੋ ਜਾਂਦੇ ਹਨ , ਅਸਹਿਜ ਹੋ ਜਾਂਦੇ ਹਨ ਪਰ ਉਹਨਾਂ ਨੂੰ ਹਮੇਸ਼ਾ ਸਥਿਰ ਤੇ ਸਹਿਜ ਦੇਖਿਆ ਹੈ ।
ਮੈਂ ਜਿੰਨੀਆਂ ਕਿਤਾਬਾਂ ਉਨ੍ਹਾਂ ਕੋਲ ਦੇਖੀਆਂ ਹਨ ,ਇਕੱਠੀਆਂ ,ਪਹਿਲਾਂ ਕਦੇ ਨਹੀਂ ਸੀ ਦੇਖੀਆਂ l
ਉਸ ਤੋਂ ਵੱਡੀ ਗੱਲ ਹੈ ਕਿ ਇਹ ਕਿਤਾਬਾਂ ਸਿਰਫ ਇਕੱਠੀਆਂ ਹੀ ਨਹੀਂ ਕੀਤੀਆਂ ਗਈਆਂ , ਇਹਨਾਂ ਚੋਂ ਬਹੁਤੀਆਂ ਉਹਨਾਂ ਨੇ ਪੜ੍ਹਨ ਲਈ ਖਰੀਦੀਆਂ ਹਨ l ਅਧਿਆਪਨ ਦੀ ਉਨ੍ਹਾਂ ਦੀ ਨੌਕਰੀ ਚੰਡੀਗਡ਼੍ਹ ਵਿੱਚ ਸੀ ....ਚੰਡੀਗੜ੍ਹ ਜਿੱਥੇ ਹਿੰਦੀ ਦਾ ਬੋਲਬਾਲਾ ਸੀ...ਜਿੱਥੇ ਅੰਗਰੇਜ਼ੀ ਦੇ ਪੈਰ ਲੱਗ ਚੁੱਕੇ ਸਨ ...ਜਿੱਥੇ ਹਿਮਾਚਲ ਸਮੇਤ ਨੇੜੇ ਤੇੜੇ ਦੇ ਰਾਜਾਂ ਤੋਂ ਆਏ ਲੋਕ ਵਧ ਰਹੇ ਸਨ ...ਉਨ੍ਹਾਂ ਹਾਲਾਤਾਂ ਵਿੱਚ ਵੀ ਸ਼ੋਕਰ ਸਾਹਿਬ ਨੇ ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਨਿਸਬਤ ਖੂਬ ਨਿਭਾਈ l ਉਹਨਾਂ ਕੋਲ ਬਹੁਤ ਸਾਰੀਆਂ ਪੰਜਾਬੀ ਦੀਆਂ ਉਹ ਕਿਤਾਬਾਂ ਮਿਲ ਜਾਣਗੀਆਂ ਜਿਹਨਾਂ ਬਾਰੇ ਹੁਣ ਖਿਆਲ ਕੀਤਾ ਜਾਂਦਾ ਹੈ ਕਿ ਹੁਣ ਉਹ ਬੀਤੇ ਸਮੇਂ ਦੀ ਬਾਤ ਹੋ ਗਈਆਂ ਹਨ ।
ਉਨ੍ਹਾਂ ਨਾਲ ਹੁਣ ਤਕ ਕੁਝ ਕੂ ਹੀ ਮੁਲਾਕਾਤਾਂ ਹੀ ਹੋਈਆਂ ਹਨ ...ਇਕ ਮੁਲਾਕਾਤ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਆਰੰਭ ਤੋਂ ਹੀ ਉਹਨਾਂ ਦਾ ਝੁਕਾਅ ਅਦਬ ਵੱਲ ਰਿਹਾ ਸੀ । ਵਿਸ਼ੇਸ਼ ਕਰਕੇ ਪੜ੍ਹਨ ਵੱਲ ।ਉਨ੍ਹਾਂ ਨੇ ਚੰਡੀਗਡ਼੍ਹ ਵਿੱਚ ਵੀ ਪੰਜਾਬੀ ਸਾਹਿਤਕਾਰਾਂ ਦੀ ਸੰਗਤ ਮਾਣੀ ਹੈ ਸ਼ਿਵ ਬਟਾਲਵੀ ਨਾਲ ਮੁਲਾਕਾਤਾਂ ਤੋਂ ਇਲਾਵਾ ਵੀ ਕਈ ਪੰਜਾਬੀ ਲੇਖਕਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ ।
"ਮੈਨੂੰ ਆਪ ਨੂੰ ਇਸ ਰਹੱਸ ਦੀ ਸਮਝ ਨਹੀਂ ਆਈ ਕਿ ਸੰਗੀਤ , ਸਾਹਿਤ , ਵਧੀਆ ਸਿਨਮਾ ਪ੍ਰਤੀ ਮੇਰਾ ਝੁਕਾਅ ਕਿਉਂ ਹੋਇਆ , ਪਰ ਇਹ ਸੰਬਧ ਰਿਹਾ , ਤੇ ਰੂਹ ਤੋਂ ਰਿਹਾ । ਸਾਡੇ ਘਰਾਂ ਚ ਕੋਈ ਵਡਾ ਲੇਖਕ ਨਹੀਂ ਸੀ ਨਾਂ ਇਹਨਾਂ ਪਿੰਡਾਂ ਚ ਬਹੁਤਾ ਅਦਬੀ ਮਾਹੌਲ ਸੀ ਭਾਂਵੇਂ ਕਿ ਅੱਜ ਕਲ ਬਹੁਤ ਕੁਝ ਬਦਲ ਗਿਆ ਹੈ ।"
ਕਲਾਸੀਕਲ ਸੰਗੀਤ ਪਸੰਦ ਕਰਨ ਵਾਲੇ ਸ਼ੌਕਰ ਸਾਹਬ ਠੂਮਰੀ ਦੇ ਸ਼ੌਕੀਨ ਹਨ ਤਾਂ ਉਹਨਾਂ ਨੂੰ ਫ਼ਿਲਮਾਂ ਵੀ ਉਹੀ ਪਸੰਦ ਹਨ ਜਿਹਨਾਂ ਚ ਗਹਿਰੀ ਸਾਹਤਿਕ ਰਮਜ਼ ਹੋਵੇ ।
ਬਹਰਹਾਲ
ਅੱਜਕੱਲ੍ਹ ਸ਼ੌਕਰ ਸਾਹਿਬ ਨੇ ਆਪਣਾ ਮੰਜਾ ਬੈਠਕ ਵਿੱਚੋਂ ਚੁੱਕ ਕੇ ਲਾਇਬਰੇਰੀ ਵਿੱਚ ਡਾਹ ਲਿਆ ਹੈ l ਮੰਜਾ ਉਹੀ ਹੈ ਪਿੰਡਾਂ ਵਾਲਾ ਦੇਸੀ ਨਿੱਗਰ ਤੇ ਪੁਰਾਣਾ ਮੰਜਾ...ਜਦ ਕੇ ਲਾਇਬਰੇਰੀ ਨਵੀਂ ਬਣ ਰਹੀ ਹੈ ਜਿਸ ਦੀ ਹਰ ਚੀਜ਼ ਵਿੱਚੋਂ ਚਮਕ ਪੈਂਦੀ ਹੈ l ਇਸ ਲਾਇਬਰੇਰੀ ਵਿਚ ਜ਼ਿਆਦਾਤਰ ਸਾਮਾਨ ਨਵਾਂ ਹੈ ਕਿਤਾਬਾਂ .. ਐਲਸੀਡੀ ....ਤੇ ਹੋਰ ਸਾਮਾਨ ਪਰ ਮੰਜਾ ਪੁਰਾਣਾ ਹੈ । ਉਹ ਮੰਜਾ ਇਸ ਆਧੁਨਿਕ ਲਾਇਬਰੇਰੀ ਵਿਚ ਇਸ ਕਰਕੇ ਹੈ ਕਿਉਂਕਿ ਸ਼ੌਕਰ ਸਾਹਬ ਇਸ ਤੇ ਬੈਠ ਕੇ ਜ਼ਿਆਦਾ ਬਿਹਤਰ ਸੋਚ ਸਕਦੇ ਹਨ ,ਜ਼ਿਆਦਾ ਬਿਹਤਰ ਢੰਗ ਨਾਲ ਆਰਾਮ ਕਰ ਸਕਦੇ ਹਨ ,ਪੜ੍ਹ ਸਕਦੇ ਹਨ , ਲਿਖ ਸਕਦੇ ਹਨ !
ਆਧੁਨਿਕਤਾ ਅਤੇ ਪੁਰਾਤਨਤਾ ਦਾ ਇਹ ਮੇਲ ਸੋਹਣਾ ਲਗਦਾ ਹੈ ਤੇ ਕਾਫੀ ਹੱਦ ਤੱਕ ਸ਼ੋਕਰ ਸਾਹਬ ਦੀ ਤਬੀਅਤ ਦੀ ਵੀ ਤਰਜਮਾਨੀ ਕਰਦਾ ਹੈ ।
ਮੈਂ ਦੁੱਧ ਚ ਬਰਾਂਡੀ ਦਾ ਜਿਕਰ ਵੀ ਇਸੇ ਲਈ ਕੀਤਾ ਹੈ । ਨਵੀਂ ਬਣੀ ਲਾਇਬਰੇਰੀ ਚ ਪੁਰਾਣਾਂ ਮੰਜਾ , ਇਹ ਆਪਾਵਿਰੋਧ ਮੈਨੂੰ ਅਕਸਰ ਦੁੱਧ ਚ ਬਰਾਂਡੀ ਯਾਦ ਕਰਵਾ ਦਿੰਦਾ ਹੈ ।
ਸ਼ੌਕਰ ਸਾਹਬ ਨੇ ਖੋਖਲੇ ਸਦਾਚਾਰ ਨੂੰ ਪਾਸੇ ਰਖਿਆ ਹੈ । ਉਹ ਕਈ ਆਰਥਿਕ ਤੰਗੀ ਤੁਰਸ਼ੀ ਝੇਲਦੇ ਲੇਖਕਾਂ ਨਾਲ ਔਖੇ ਸਮੇਂ ਚ ਖੜੇ ਹਨ , ਪਰ ਇਸ ਦਾ ਜ਼ਿਕਰ ਨਹੀਂ ਕਰਦੇ । ਵੈਸੇ ਤਾਂ ਹੁਣ ਘਟ ਹੈ ਪਰ ਜੇਕਰ ਘੁੱਟ ਪੀਣੀ ਹੋਵੇ ਤਾਂ ਉਹ ਤੁਹਾਡਾ ਸਾਥ ਦੇ ਦੇਣਗੇ । ਫੋਕੀ ਆਦਰਸ਼ਵਾਦਤਾ ਦੇ ਦਿਖਾਵੇ ਚ ਨਹੀਂ ਪੈਂਦੇ ।
ਉਹਨਾਂ ਨੇ ਕਾਫੀ ਲਿਖਿਆ ਹੈ , ਉਹਨਾਂ ਦਾ ਕਾਫੀ ਛਪਿਆ ਹੈ , ਪਰ ਕਿਤਾਬ ਨਹੀਂ ਛਪਵਾਈ ।
ਮੈਨੂੰ ਪੂਰੀ ਤਰਾਂ ਤਾਂ ਨਹੀਂ ਪਤਾ ਕਿਉਂ ਨਹੀਂ ਛਪਵਾਈ ਪਰ ਇਹ ਜਰੂਰ ਲਗਦਾ ਰਿਹਾ ਹੈ ਕਿ ਉਹਨੂੰ ਨੂੰ ਲਗਦਾ ਹੈ ਕਿ ਕਿਤਾਬ ਮਹਾਨ ਲੋਕਾਂ ਦੀ ਹੁੰਦੀ ਹੈ , ਮੈਂ ਕੁਝ ਨਹੀਂ ।
ਇਹੀ" ਕੁਝ ਨਹੀਂ" , ਸਾਡੇ ਅੱਗੇ ਵੱਡੇ ਆਦਮੀ ਦੇ ਰੂਪ ਵਿੱਚ ਲਿਆ ਖੜ੍ਹਾ ਕਰਦੀ ਹੈ । ਸ਼ਾਇਦ ਉਹ ਕਿਤਾਬ ਨਾ ਛਪਵਾਨ, ਇਸਦੇ ਬਾਵਜੂਦ ਵੀ ਨਾ ਛਪਵਾਉਣ ਜਦੋਂ ਕਿ ਉਹਨਾਂ ਨੂੰ ਇਹ ਪਤਾ ਵੀ ਹੋਵੇ ਕਿ ਉਹ ਬਹੁਤ ਸਾਰੇ ਚਰਚਿਤ ਲੇਖਕਾਂ ਚੋਂ ਚੰਗਾ ਲਿਖ ਰਹੇ ਹਨ ।
ਇਹ ਉਹਨਾਂ ਦੀ ਵੱਡੇ ਲੇਖਕਾਂ ਪ੍ਰਤੀ ਅਕੀਦਤ ਵੀ ਦਰਸਾਉਂਦੀ ਹੈ ।
ਉਹ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਲਿਖਦੇ ਹਨ । ਸਮਾਜਿਕ , ਰਾਜਨੀਤਕ , ਤੇ ਸਾਹਤਿਕ । ਜ਼ਿਆਦਤਰ ਮੈਂ ਦੇਖਿਆ ਹੈ ਕਿ ਹਰ ਉਸ ਬੰਦੇ ਨਾਲ ਖੜਦੇ ਰਹੇ ਹਨ ਜਿਸ ਤੋਂ ਕੁਝ ਚੰਗਾ ਹੋਣ ਦੀ ਉਮੀਦ ਹੋਵੇ । ਨਵੇਂ ਚੰਡੀਗ੍ਹੜ ਰਹਿੰਦਿਆਂ ਵੀ ਉਹਨਾਂ ਦੇ ਮੁੱਦੇ ਵੰਚਿਤ ਲੋਕਾਂ ਦੇ ਹੁੰਦੇ ਹਨ ਤੇ ਕਿਰਦਾਰ ਸਮਾਜ ਦੇ ਉਸ ਹਿੱਸੇ ਚੋ ਆਏ ਹੋਏ ਜਿੱਥੇ ਹਾਲੇ ਥੁੜਾਂ ਨੇ ਦੁੱਖ ਹਨ ।
ਕੁਝ ਵਰੇ ਪਹਿਲਾਂ ਇਕ ਦੁਰਘਟਨਾ ਤੋਂ ਬਾਦ ਹਾਲਾਂਕਿ ਉਹਨਾਂ ਨੂੰ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ , ਪਰ ਫਿਰ ਵੀ ਉਹ ਸਾਹਤਿਕ ਕਾਰਜਾਂ ਲਈ ਬਠਿੰਡੇ ਤੱਕ ਜਾ ਆਉਂਦੇ ਹਨ । ਉਹਨਾਂ ਅਨੁਸਾਰ ਅਜਿਹੇ ਕਾਰਜਾਂ ਚ ਜਾਣਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਚੇਤੰਨ ਕਰਨ ਵਾਲਾ ਹਿੱਸਾ ਕਾਰਜਸ਼ੀਲ ਰਹੇ । ਬੌਧਕਤਾ ਦਾ ਸੰਕਟ ਆਰਥਿਕਤਾ ਦੇ ਸੰਕਟ ਤੋਂ ਵੱਡਾ ਸੰਕਟ ਹੈ, ਬਹੁਤ ਹੱਦ ਤੱਕ ਆਰਥਿਕਤਾ ਦੇ ਸੰਕਟ ਦਾ ਜਨਮ ਦਾਤਾ ਵੀ ।
ਉਹਨਾਂ ਦੇ ਪਿੰਡ ਹੁਸ਼ਿਆਰਪੁਰ ਦੇ ਨਵੇਂ ਚੰਡੀਗੜ੍ਹ ਚ ਆਉਣ ਤੇ ਜਿੱਥੇ ਲੋਕ ਖੁਸ਼ ਹਨ , ਸ਼ੌਕਰ ਸਾਹਬ ਵੀ ਲੋਕਾਂ ਦੇ ਜੀਵਨ ਪੱਧਰ ਉਪਰ ਉੱਠਣ ਤੇ ਸੰਤੁਸ਼ਟ ਹਨ ਉਥੇ ਹੀ ਉਹਨਾਂ ਅੰਦਰ ਬਚਪਨ ਤੋਂ ਦੇਖੇ ਉਹ ਕੁਦਰਤੀ ਨਜ਼ਾਰੇ ਖਤਮ ਹੋ ਜਾਣ ਦਾ ਝੋਰਾ ਹੈ ਜਿਹਨਾਂ ਦੀਆਂ ਯਾਦਾਂ ਚਿਰਾਂ ਤੋਂ ਦਿਲ ਅੰਦਰ ਧੜਕ ਰਹੀਆਂ ਹਨ ।
ਖ਼ੈਰ ਮੈਂ ਸਮਝ ਸਕਦਾ ਹਾਂ ਕਿ ਉਸ ਸੂਖਮ ਭਾਵੀ ਮਨੁੱਖ ਦੀ ਸੰਵੇਦਨਾ ਨੂੰ , ਜਿਸ ਨੇ ਬਚਪਨ ਤੋਂ ਆਪਣੇ ਘਰੋਂ ਉੱਚੇ ਉੱਚੇ ਪਹਾੜ ਦੇਖੇ ਹੋਣ , ਉਹਨਾਂ ਚ ਗੁਵਾਚ ਜਾਂਦਾ ਹੋਵੇ , ਤੇ ਹੁਣ ਉਸ ਦੀ ਜੂਹ ਚ ਉਹਨਾਂ ਪਹਾੜਾਂ ਤੋਂ ਵੀ ਵੱਡੀਆਂ ਚਮਕਦਾਰ ਇਮਾਰਤਾਂ ਬਣ ਗਈਆਂ ਹੋਣ ।
ਕੁਦਰਤ ਹੋਰ ਦੂਰ ਜਾਂਦੀ ਮਹਿਸੂਸ ਹੁੰਦੀ ਹੋਵੇ ।
ਤਰਸੇਮ ਬਸ਼ਰ
98141_63071
ਗਰਮ ਹਵਾ ....1973 - ਤਰਸੇਮ ਬਸ਼ਰ
ਇਸ ਫਿਲਮ ਬਾਰੇ ਲਿਖਣਾ ਵਾਕਈ ਔਖਾ ਕਾਰਜ ਸੀ i ਵਜ੍ਹਾ .....ਵਜ੍ਹਾ ਸੀ ਇਸ ਦਾ ਹਟਵਾਂ ਵਿਸ਼ਾ ਅਤੇ ਕਿਰਦਾਰਾਂ ਦੀਆਂ ਮਾਨਸਿਕ ਪੀਡ਼ਾ ਦਾ ਵਸੀਹ ਘੇਰਾ ...ਜਿਨ੍ਹਾਂ ਨੂੰ ਇਕ ਕਹਾਣੀ ਵਿਚ ਕੈਦ ਕਰ ਕੇ ਪਾਠਕਾਂ ਅੱਗੇ ਰੱਖਣਾ ਸੌਖਾ ਨਹੀਂ ਸੀ l ਵੰਡ ਦੀ ਵੱਢ ਟੁੱਕ ਦੀਆਂ ਅਨੇਕਾਂ ਕਹਾਣੀਆਂ ਮਿਲਦੀਆਂ ਹਨ, ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ ਪਰ ਇਸ ਕਹਾਣੀ ਵਿੱਚ ਵੱਢ ਟੁੱਕ ਦੀ ਥਾਂ ਤੇ ਉਸ ਪਰਿਵਾਰ ਦੀਆਂ ਸਮਾਜਿਕ,ਆਰਥਿਕ ਮਾਨਸਿਕ 'ਮੁਸ਼ਕਲਾਂ ਦੀ ਗੱਲ ਕੀਤੀ ਗਈ ਸੀ ਜੋ ਮੁਸਲਮਾਨ ਪਰਿਵਾਰ ਵੰਡ ਵੇਲੇ ਪਾਕਿਸਤਾਨ ਦੀ ਥਾਂ ਤੇ ਹਿੰਦੁਸਤਾਨ ਵਿਚ ਰਹਿ ਗਏ ਸਨ l
ਇਹ ਮਾਨਸਿਕ ਅਸਥਿਰਤਾ , ਤੇ ਸੰਤਾਪ ਵੀ ਖੂਨੀ ਹਿੰਸਾ ਤੋਂ ਘਟ ਭਿਆਨਕ ਨਹੀਂ ।
ਫਿਲਮ ਦਾ ਸ਼ੂਰੁਆਤੀ ਦ੍ਰਿਸ਼ ਆਗਰਾ ਦੇ ਰੇਲਵੇ ਸਟੇਸ਼ਨ ਦਾ ਹੈ i ਵੰਡ ਹੋ ਚੁੱਕੀ ਹੈ ...ਮਹਾਤਮਾ ਗਾਂਧੀ ਦਾ ਕਤਲ ਵੀ ਹੋ ਚੁੱਕਿਆ ਹੈ i ਸਲੀਮ ਮਿਰਜ਼ਾ ( ਬਲਰਾਜ ਸਾਹਨੀ ) ਸਟੇਸ਼ਨ ਤੇ ਖੜੇ ਜਾ ਰਹੀ ਗੱਡੀ ਨੂੰ ਦੇਖ ਰਹੇ ਹਨ l ਉਹ ਅੱਜ ਇਕ ਹੋਰ ਪਰਿਵਾਰ ਨੂੰ ਪਾਕਿਸਤਾਨ ਭੇਜ ਆਏ ਹਨ...ਉਨ੍ਹਾਂ ਦੇ ਚਿਹਰੇ ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਹਨ l
ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੁਸਲਮਾਨ ਪਾਕਿਸਤਾਨ ਜਾ ਰਹੇ ਹਨ ....ਪਰ ਸਲੀਮ ਮਿਰਜ਼ਾ ਦੁਵਿਧਾ ਵਿੱਚ ਹਨ... ਉਹ ਆਪਣੀ ਸਰਜ਼ਮੀ ਛੱਡ ਕੇ ਜਾਣ ਨੂੰ ਤਿਆਰ ਨਹੀਂ l ਉਨ੍ਹਾਂ ਅਨੁਸਾਰ ਇਹ ਵਕਤੀ ਮਾਹੌਲ ਹੈ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ l
ਸਦੀਆਂ ਦੀ ਸਾਂਝ ਇੰਨੀ ਕਮਜ਼ੋਰ ਨਹੀਂ ਹੋ ਸਕਦੀ ਕਿ ਕਿਸੇ ਨੂੰ ਆਪਣੀ ਸਰਜ਼ਮੀਨ ਛੱਡ ਕੇ ਨਵੀਂ ਥਾਂ ਨੂੰ ਅਪਨਾਉਣਾ ਪਵੇ l
ਇਹ ਕਿਵੇਂ ਹੋ ਸਕਦਾ ਹੈ ।
ਪਰ ਸਮਾਜ ਵਿਚ ਚਲ ਰਹੀ ਨਫ਼ਰਤ ਦੀ ਗਰਮ ਹਵਾ ਤੋਂ ਵੀ ਉਹ ਵਾਕਫ ਹਨ ...ਸਮਾਜ ਵਿਚ ਨਫਰਤ ਦੀ ਇਕ ਲਕੀਰ ਖਿੱਚੀ ਗਈ ਹੈ ..ਇੱਕ ਡਰ ਹੈ ਜੋ ਅਚੇਤ ਮਨ ਵਿਚ ਸਲੀਮ ਮਿਰਜ਼ਾ ਦੇ ਦਿਲ ਵਿਚ ਵੀ ਹੈ l
ਪਰ ਸਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ..ਇੰਨੇ ਵੱਡੇ ਆਗੂ ਦੀ ਮੌਤ ਅਜਾਈਂ ਨਹੀਂ ਜਾ ਸਕਦੀ...ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਸ਼ਾਂਤੀ ਦੇ ਸੁਨੇਹੇ ਨੂੰ ਵੀ ਸਮਝਦੇ ਹਨ l
ਗਰਮ ਹਵਾ ,ਆਗਰਾ ਵਿਚ ਰਹਿੰਦੇ ਇਕ ਪਰਿਵਾਰ ਦੀ ਕਹਾਣੀ ਹੈ ਜਿਸ ਦੇ ਮੁਖੀ ਹਨ ਹਲੀਮ ਮਿਰਜ਼ਾ ਅਤੇ ਸਲੀਮ ਮਿਰਜ਼ਾ l ਦੋਵਾਂ ਭਰਾਵਾਂ ਦੀ ਸਮਾਜ ਵਿੱਚ ਇੱਜ਼ਤ ਹੈ ਉਨ੍ਹਾਂ ਦਾ ਜੁੱਤਿਆਂ ਦਾ ਕਾਰਖਾਨਾ ਹੈ l ਸਲੀਮ ਮਿਰਜ਼ਾ ਦੇ ਵੱਡੇ ਭਾਈ ਸਾਹਿਬ ਹਲੀਮ ਪਹਿਲਾ ਮੁਸਲਿਮ ਲੀਗ ਦੇ ਕਾਰਕੁੰਨ ਸਨ l ਪਰ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਉਹ ਮੁਸਲਿਮ ਲੀਗ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਭਾਰਤ ਵਿੱਚ ਰਹਿੰਦੇ ਮੁਸਲਿਮ ਪਰਿਵਾਰਾਂ ਦੀ ਨੁਮਾਇੰਦਗੀ ਦਾ ਦਮ ਭਰਦੇ ਹਨ l ਹਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਹੁਣ ਭਾਰਤ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਦੇ ਆਗੂ ਬਣਨ ਦਾ ਸੁਨਹਿਰਾ ਅਵਸਰ ਹੈ ....ਪਰ ਹਾਲਾਤਾਂ ਵਿੱਚ ਘੁਲੀ ਹੋਈ ਨਫ਼ਰਤ ਦੀ ਗੰਧ ਮਿਲਦਿਆਂ ਹੀ ਉਹ ਆਪਣਾ ਇਰਾਦਾ ਬਦਲ ਲੈਂਦੇ ਹਨ l
ਹਲੀਮ ਮਿਰਜ਼ਾ ..ਬਦਲੇ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਉਹ ਚੋਰੀ ਛੁਪੇ ਪਾਕਿਸਤਾਨ ਜਾਣ ਦਾ ਨਿਰਣਾ ਕਰ ਲੈਂਦੇ ਹਨ ...ਹਾਲਾਂਕਿ ਉਨ੍ਹਾਂ ਅਨੁਸਾਰ ਸਿੰਧੀਆ ਅਤੇ ਪੰਜਾਬੀਆਂ ਵਿੱਚ ਜਾ ਕੇ ਆਪਣੀ ਪਛਾਣ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ ...ਸਿੰਧੀ ਅਤੇ ਪੰਜਾਬੀ ਉੱਥੇ ਸਾਡੇ ਪੈਰ ਨਹੀਂ ਲੱਗਣ ਦੇਣਗੇ l
ਸਲੀਮ ਮਿਰਜ਼ਾ ਦੀ ਬੇਟੀ ਅਮੀਨਾ ਦੀ ਸ਼ਾਦੀ ਹਲੀਮ ਮਿਰਜ਼ਾ ਦੇ ਬੇਟੇ ਨਾਲ ਨਾਲ ਤੈਅ ਹੈ ..ਦੋਵੇਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਨ ਪਰ ਹਲੀਮ ਮਿਰਜ਼ਾ ਦੇ ਪਾਕਿਸਤਾਨ ਜਾਣ ਨਾਲ ਇਸ ਸ਼ਾਦੀ ਵਿੱਚ ਹੀ ਰਹਿ ਗਈ ਹੈ ਕਿਉਂਕਿ ਕਾਸਮ ਵੀ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ l
ਵੰਡ ਕਾਰਨ ਸਲੀਮ ਮਿਰਜ਼ਾ ਦਾ ਕਾਰਖਾਨਾ ਡਾਵਾਂਡੋਲ ਸਥਿਤੀ ਵਿੱਚ ਹੈ ....ਉਸ ਨੂੰ ਪੈਸੇ ਦਰਕਾਰ ਹਨ ਪਰ ਬੈਂਕ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਗੇ ...ਜਦੋਂ ਕਿ ਸਾਰੇ ਜਾ ਰਹੇ ਹਨ l
ਸਲੀਮ ਮਿਰਜ਼ਾ ਨਫ਼ਰਤ ਦੀ ਜੰਗ ਲੜਨਾ ਚਾਹੁੰਦੇ ਹਨ ਉਹ ਆਪਣੇ ਮਿੱਤਰ ਸ਼ਾਹੂਕਾਰ ਕੋਲ ਜਾਂਦੇ ਹਨ ਤਾਂ ਕਿ ਪੈਸਿਆਂ ਦਾ ਇੰਤਜ਼ਾਮ ਹੋ ਸਕੇ ਭਾਵੇਂ ਕਿ ਉਸ ਦਾ ਸੂਦ ਕਾਫ਼ੀ ਮਹਿੰਗਾ ਹੀ ਕਿਉਂ ਨਾ ਹੋਵੇ l
ਸ਼ਾਹੂਕਾਰ ਸਲੀਮ ਮਿਰਜ਼ਾ ਦਾ ਪੁਰਾਣਾ ਦੋਸਤ ਹੈ ਪਰ ਹੁਣ ਉਹ ਵੀ ਉਸ ਤੇ ਵਿਸ਼ਵਾਸ ਨਹੀਂ ਕਰਦਾ ....ਸ਼ਾਹੂਕਾਰ ਕਹਿ ਦਿੰਦਾ ਹੈ ਕਿ ਜੇਕਰ ਤੁਹਾਡੇ ਵੱਡੇ ਭਰਾ ਚੁੱਪਚਾਪ ਪਾਕਿਸਤਾਨ ਚਲੇ ਗਏ ਹਨ ਤਾਂ ਤੁਸੀਂ ਵੀ ਤੋਂ ਜਾ ਸਕਦੇ ਹੋ ਅਤੇ ਉਹ ਕਰਜ਼ਾ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ l ਬੇਵਿਸ਼ਵਾਸੀ ਦਾ ਇਹ ਮਾਹੌਲ ਸਲੀਮ ਮਿਰਜ਼ਾ ਨੂੰ ਚਿੰਤਾਵਾਂ ਵਿੱਚ ਪਾ ਦਿੰਦਾ ਹੈ ਅਤੇ ਉਹ ਆਪਣਾ ਭਵਿੱਖ ਡਾਵਾਂਡੋਲ ਮਹਿਸੂਸ ਕਰਦੇ ਹਨ l
ਸਲੀਮ ਮਿਰਜ਼ਾ ਦੇ ਰਾਹੀਂ ਘੱਟਗਿਣਤੀ ਦੇ ਉਸ ਵਰਗ ਦੀ ਪੀੜਾ ਨੂੰ ਉਦੋਂ ਵੀ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਜਦੋਂ ਉਹ ਆਪਨੀ ਹਵੇਲੀ ਦੀ ਕੁਰਕੀ ਤੋਂ ਬਾਅਦ ਕਿਰਾਏ ਲਈ ਮਕਾਨ ਦੇਖਣਾ ਸ਼ੁਰੂ ਕਰਦੇ ਹਨ l
ਇਸ ਮੁਸਲਮਾਨ ਪਰਿਵਾਰ ਨੂੰ ਕਿਰਾਏ ਤੇ ਮਕਾਨ ਦੇਣ ਲਈ ਕੋਈ ਤਿਆਰ ਨਹੀਂ ...ਕੋਈ ਨਫ਼ਰਤ ਕਰਦਾ ਹੈ ਤਾਂ ਕਿਸੇ ਦਾ ਤਰਕ ਹੈ ਕਿ ਕੀ ਪਤਾ ਉਹ ਕਦੋਂ ਪਾਕਿਸਤਾਨ ਚਲੇ ਜਾਨ...ਅਖ਼ੀਰ ਇਨ੍ਹਾਂ ਨੂੰ ਜਾਣਾ ਤਾਂ ਉੱਥੇ ਹੀ ਪੈਣਾ ਹੈ l
ਫ਼ਿਲਮ ਦੇ ਦੋ ਦ੍ਰਿਸ਼ ਹੋਰ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ...ਇਕ ਦ੍ਰਿਸ਼ ਉਹ ਹੈ ਜਦੋਂ ਪੂਰਾ ਪਰਿਵਾਰ ਪਾਕਿਸਤਾਨ ਜਾਣ ਜਾਂ ਨਾ ਜਾਣ ਬਾਰੇ ਰਾਏ ਕਰ ਰਿਹਾ ਹੈ ..ਹਲੀਮ ਮਿਰਜ਼ਾ ਹਾਲੇ ਸੋਚਾਂ ਵਿਚਾਰਾਂ ਵਿਚ ਹਨ ਰੋਟੀ ਖਾਂਦਿਆਂ ਇਨ੍ਹਾਂ ਵਿਚਾਰਾਂ ਵਿੱਚ ਹੀ ਪਰਿਵਾਰ ਦਾ ਇੱਕ ਬੱਚਾ ਪੁੱਛਦਾ ਹੈ " ਕੀ ਪਾਕਿਸਤਾਨ ਵਿੱਚ ਵੀ ਪਤੰਗ ਉੱਡਦੇ ਨੇ ? l
ਇੱਕ ਦ੍ਰਿਸ਼ ਹੋਰ ਹੈ ਜਦੋਂ ਸਲੀਮ ਮਿਰਜ਼ਾ ਆਪਣੇ ਮੁਨਸ਼ੀ ਨਾਲ ਕਿਤੇ ਜਾਣਾ ਚਾਹੁੰਦੇ ਹਨ ਤਾਂ ਤਾਂਗੇਵਾਲਾ ਉਨ੍ਹਾਂ ਤੋਂ ਚਾਰ ਗੁਣਾ ਵੱਧ ਪੈਸੇ ਮੰਗਦਾ ਹੈ ....ਤਾਂਗੇ ਵਾਲੇ ਦੇ ਦਿਲ ਵਿਚ ਮੁਸਲਮਾਨਾਂ ਵਾਸਤੇ ਨਫ਼ਰਤ ਹੈ ....ਉਹ ਸਾਫ ਸਾਫ ਕਹਿੰਦਾ ਹੈ ਕਿ ਜੇਕਰ ਘੱਟ ਪੈਸਿਆਂ ਵਿੱਚ ਤਾਂਘਾਂ ਕਰਨਾ ਹੈ ਤਾਂ ਪਾਕਿਸਤਾਨ ਜਾਓ ਉਥੇ ਤੁਹਾਨੂੰ ਹਰ ਚੀਜ਼ ਸਸਤੀ ਮਿਲ ਜਾਵੇਗੀ ...l
ਇਸ ਪਰਿਵਾਰ ਦਾ ਨੌਜਵਾਨ ਮੁੰਡਾ ਨੌਕਰੀ ਲਈ ਯੋਗ ਹੈ ......ਇਹ ਨੌਜਵਾਨ ਮੁੰਡਾ (ਸਿਕੰਦਰ ਮਿਰਜ਼ਾ )ਫਾਰੂਕ ਸ਼ੇਖ ਹੈ ....ਉਸ ਨੂੰ ਨੌਕਰੀ ਲਈ ਬੁਲਾ ਵੀ ਲੈ ਜਾਂਦਾ ਹੈ ਪਰ ਅਧਿਕਾਰੀ ਐਨ ਮੌਕੇ ਤੇ ਉਸ ਨੂੰ ਮਨ੍ਹਾ ਕਰ ਦਿੰਦੇ ਹਨ ਅਤੇ ਸਲਾਹ ਦਿੰਦੇ ਹਨ ਕਿ ਉਹ ਪਾਕਿਸਤਾਨ ਵਿੱਚ ਕਿਉਂ ਨਹੀਂ ਕੋਸ਼ਿਸ਼ ਕਰਦਾ ਹੈ, ਉੱਥੇ ਉਸ ਲਈ ਜ਼ਿਆਦਾ ਮੌਕੇ ਹਨ l
ਇਕ ਹੋਰ ਨੌਕਰੀ ਦੀ ਇੰਟਰਵਿਊ ਦੌਰਾਨ ਮੁਸਲਮਾਨ ਅਫ਼ਸਰ ਸਿਕੰਦਰ ਮਿਰਜ਼ਾ ਨੂੰ ਕਹਿ ਦਿੰਦਾ ਹੈ ਕਿ ਜੇਕਰ ਮੈਂ ਤੁਹਾਨੂੰ ਰੱਖ ਲਿਆ ਤਾਂ ਮੇਰੇ ਤੇ ਇਲਜ਼ਾਮ ਲੱਗੇਗਾ ਕਿ ਮੈਂ ਆਪਣੇ ਕੌਮ ਵਾਲਿਆਂ ਨੂੰ ਰੱਖ ਰਿਹਾ ਹਾਂ ....l
ਸਲੀਮ ਮਿਰਜ਼ਾ ਜ਼ਿੰਦਗੀ ਦੀ ਗੱਡੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋਰ ਣਾ ਚਾਹੁੰਦੇ ਹਨ ਪਰ ਮਾਹੌਲ ਵਿਚ ਫਿਰਕਾਪ੍ਰਸਤੀ ਘੁਲੀ ਹੋਈ ਹੈ ਇਹ ਕੰਮ ਇੰਨਾ ਆਸਾਨ ਨਹੀਂ....ਉਨ੍ਹਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਹ ਫਿਰਕਾਪ੍ਰਸਤੀ ਵਕਤੀ ਨਹੀਂ l
ਕਹਾਣੀ ਵਿਚ ਮਰਹੱਲਾ ਉਹ ਵੀ ਆ ਜਾਂਦਾ ਹੈ ਜਦੋਂ ਪ੍ਰਸ਼ਾਸਨ ਨੂੰ ਸਲੀਮ ਮਿਰਜ਼ਾ ਤੇ ਸ਼ੱਕ ਹੁੰਦਾ ਹੈ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰਦੇ ਹਨ ...ਇਸ ਸ਼ੱਕ ਦਾ ਕਾਰਨ ਹੈ ਉਨ੍ਹਾਂ ਦਾ ਵੱਡਾ ਭਰਾ ਜੋ ਹੁਣ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਮੁਸਲਿਮ ਆਗੂ ਹੈ ..ਨਾਲ ਖਤੋ ਕਿਤਾਬਤ l
ਸਲੀਮ ਮਿਰਜ਼ਾ ਦੀ ਪਤਨੀ ਕਹਿੰਦੀ ਹੈ ਕਿ ਹੁਣ ਤਾਂ ਉਨ੍ਹਾਂ ਨੂੰ ਥਾਣੇ ਵੀ ਬੁਲਾ ਲਿਆ ਗਿਆ .. ਕਿਉਂ ਨਾ ਪਾਕਿਸਤਾਨ ਚਲੇ ਜਾਈਏ ਪਰ ਸਲੀਮ ਮਿਰਜ਼ਾ ਹਾਲੇ ਵੀ ਇਸ ਵਾਸਤੇ ਰਾਜ਼ੀ ਨਹੀਂ l
ਇਸ ਦਰਮਿਆਨ ਸਕੀਨਾ ਦਾ ਮੰਗੇਤਰ, ਜੋ ਕਿ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ ...ਸਕੀਨਾ ਨਾਲ ਸ਼ਾਦੀ ਕਰਨ ਵਾਸਤੇ ਵਾਪਸ ਆਗਰੇ ਆਉਂਦਾ ਹੈ..ਉਹਨੂੰ ਸਕੀਨਾ ਨਾਲ ਮੁਹੱਬਤ ਹੈ ....ਪਰ ਪੁਲਸ ਉਸ ਨੂੰ ਘੁਸਪੈਠ ਦੇ ਦੋਸ਼ ਵਿੱਚ ਗਿ੍ਫ਼ਤਾਰ ਕਰ ਲੈਂਦੀ ਹੈ ....ਸ਼ਾਦੀ ਸਿਰਫ ਖਿਆਲ ਬਣ ਕੇ ਰਹਿ ਜਾਂਦੀ ਹੈ.. ਸੁਪਨਾ ਟੁੱਟ ਜਾਂਦਾ l
ਅਖੀਰ ਸਕੀਨਾ ਦੀ ਸ਼ਾਦੀ ਸਲੀਮ ਮਿਰਜ਼ਾ ਆਪਣੇ ਭਾਣਜੇ ਨਾਲ ਤੈਅ ਕਰ ਦਿੰਦਾ ਹੈ ਪਰ ਉਹ ਭਾਣਜਾ ਵੀ ਕਿਸੇ ਬਹਾਨੇ ਪਾਕਿਸਤਾਨ ਚਲਾ ਜਾਂਦਾ ਹੈ ....ਇਸ ਤਰ੍ਹਾਂ ਪਰਿਵਾਰ ਦੀ ਬਦਨਾਮੀ ਹੁੰਦੀ ਹੈ ....ਸਕੀਨਾ ਇੱਕ ਦਿਨ ਖੁਦਕਸ਼ੀ ਕਰ ਲੈਂਦੀ ਹੈ ...ਵੰਡ ਸਲੀਮ ਮਿਰਜ਼ਾ ਦੀ ਸਭ ਤੋਂ ਵੱਡੀ ਖੁਸ਼ੀ ਸਕੀਨਾ ਨੂੰ ਖਾ ਜਾਂਦੀ ਹੈ ....ਉਹ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ....ਜ਼ਿੰਦਗੀ ਬੋਝ ਬਣ ਕੇ ਰਹਿ ਜਾਂਦੀ ਹੈ l
ਵੰਡ ਨੇ ਉਹਨਾਂ ਦੀ ਝੋਲੀ ਦੁੱਖਾਂ ਨਾਲ ਭਰ ਦਿੱਤੀ ਹੈ ।
ਇਸ ਦਰਮਿਆਨ ਖਬਰ ਮਿਲਦੀ ਹੈ ਕਿ ਹਲੀਮ ਮਿਰਜ਼ਾ ਨੂੰ ਪਾਕਿਸਤਾਨ ਵਿਚ ਕਾਰਖਾਨਾ ਅਲਾਟ ਹੋ ਗਿਆ ਹੈ ....ਪਰ ਸਲੀਮ ਮਿਰਜ਼ਾ ਫਿਰ ਵੀ ਆਪਣੇ ਹਿੰਦੁਸਤਾਨ ਵਿੱਚ ਰਹਿਣ ਦੇ ਇਰਾਦੇ ਤੇ ਡਟੇ ਰਹਿੰਦੇ ਹਨ l
ਫਿਲਮ ਦਾ ਅੰਤ ਆਮ ਫ਼ਿਲਮਾਂ ਵਰਗਾ ਨਹੀਂ ਹੈ ....ਇਹ ਕੁਝ ਅਲਹਿਦਾ ਹੈ ....ਦੁੱਖ ਅਤੇ ਮੁਸੀਬਤਾਂ ਝੱਲਦਿਆਂ ਜਦੋਂ ਸਲੀਮ ਮਿਰਜ਼ਾ ਟੁੱਟ ਜਾਂਦੇ ਹਨ ....ਉਨ੍ਹਾਂ ਨੂੰ ਪਾਕਿਸਤਾਨ ਦਾ ਹਮਦਰਦ ਕਿਹਾ ਜਾਂਦਾ ਹੈ ,ਜਾਸੂਸ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਤਾਂ ਉਹ ਵੀ ਅਖੀਰ ਵਿਚ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲੈਂਦੇ ਹਨ ...ਉਸ ਦੇਸ਼ ਵਿਚ ਰਹਿਣ ਦਾ ਕੀ ਫ਼ਾਇਦਾ ਜਿਥੇ ਉਨ੍ਹਾਂ ਨੂੰ ਆਪਣਾ ਤਸਲੀਮ ਹੀ ਨਾ ਕੀਤਾ ਜਾਂਦਾ ਹੋਵੇ , ਜਿਸ ਦੀ ਉਮੀਦ ਵੀ ਨਾ ਹੋਵੇ
ਤਾਂਗਾ ਬੁਲਾ ਲਿਆ ਜਾਂਦਾ ਹੈ ,ਸਲੀਮ ਮਿਰਜ਼ਾ ਉਨ੍ਹਾਂ ਦਾ ਬੇਟਾ ਅਤੇ ਪਤਨੀ ਸਟੇਸ਼ਨ ਵੱਲ ਜਾ ਰਹੇ ਹਨ ....ਉਨ੍ਹਾਂ ਦਾ ਇਰਾਦਾ ਹੈ ਕਿ ਉਹ ਆਗਰੇ ਤੋਂ ਸਿੱਧਾ ਕਰਾਚੀ ਚਲੇ ਜਾਣਗੇ .....ਪਰ ਬਾਜ਼ਾਰ ਵਿੱਚ ਸਲੀਮ ਮਿਰਜ਼ਾ ਦੇ ਬੇਟੇ ਸਿਕੰਦਰ ਮਿਰਜ਼ਾ ਦੇ ਦੋਸਤ ਅਤੇ ਭਾਰੀ ਭੀੜ ਦੇਸ਼ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਹਨ' ਉਸ ਵਿਚ ਸਭ ਤਰ੍ਹਾਂ ਦੇ ਲੋਕ ਸ਼ਾਮਲ ਹਨ ......ਜਜ਼ਬੇ ਸਿਮੇ ਚਿਹਰਿਆਂ ਨੂੰ ਵੇਖ ਕੇ ਸਲੀਮ ਮਿਰਜ਼ਾ ਆਪਣੇ ਬੇਟੇ ਸਿਕੰਦਰ ਨੂੰ ਆਗਿਆ ਦੇ ਦਿੰਦੇ ਹਨ ਕਿ ਉਹ ਚਾਹਵੇ ਤਾਂ ਜਲੂਸ ਵਿਚ ਜਾ ਸਕਦਾ ਹੈ ਅਤੇ ਹਿੰਦੁਸਤਾਨ ਵਿੱਚ ਵੀ ਰਹਿ ਸਕਦਾ ਹੈ.... ਸਿਕੰਦਰ ਤਾਂਗੇ ਵਿੱਚੋਂ ਉਤਰ ਕੇ ਦੇਸ਼ ਭਗਤਾਂ ਦੇ ਉਸ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ ..ਏਕਤਾ ਅਤੇ ਅਖੰਡਤਾ ਦੇ ਨਾਅਰਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ ....ਤਾਂਗਾ ਥੋੜ੍ਹੀ ਦੂਰ ਹੀ ਜਾਂਦਾ ਹੈ ਕਿ ਸਲੀਮ ਮਿਰਜ਼ਾ ਵੀ ਤਾਂਗੇ ਵਾਲੇ ਨੂੰ ਤਾਂਘਾਂ ਰੋਕਣ ਲਈ ਕਹਿੰਦੇ ਹਨ ..ਏਕਤਾ ਅਤੇ ਅਖੰਡਤਾ ਦੀਆਂ ਆਵਾਜ਼ਾਂ ਨੇ ਉਨ੍ਹਾਂ ਅੰਦਰ ਫਿਰ ਹਿੰਮਤ ਭਰ ਦਿੱਤੀ ਹੈ ....ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਤੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਉਸ ਜਲੂਸ ਵਿਚ ਸ਼ਾਮਲ ਹੋਣ ਚਲੇ ਜਾਂਦੇ ਹਨ ਅਤੇ ਪਤਨੀ ਨੂੰ ਕਹਿ ਦਿੰਦੇ ਹਨ ਕਿ ਉਹ ਵਾਪਸ ਘਰ ਚਲੀ ਜਾਵੇ....ਅਸੀਂ ਪਾਕਿਸਤਾਨ ਨਹੀਂ ਜਾ ਰਹੇ l
ਏ ਕੇ ਹੰਗਲ ਇਸ ਫ਼ਿਲਮ ਵਿੱਚ ਪਾਕਿਸਤਾਨ ਤੋਂ ਆਏ ਹੋਏ ਵਪਾਰੀ ਦੀ ਭੂਮਿਕਾ ਵਿੱਚ ਹਨ ....ਉਹ ਸਿੰਧੀ ਹਨ ਅਡਵਾਨੀ ਸਾਹਿਬ ਅਤੇ ਚਾਹੁੰਦੇ ਹਨ ਕਿ ਆਗਰੇ ਵਿੱਚ ਉਨ੍ਹਾਂ ਦਾ ਕਾਰੋਬਾਰ ਹੋਰ ਵਧ ਜਾਵੇ ....ਵਪਾਰੀ ਹਨ ਪਰ ਉਨ੍ਹਾਂ ਦੇ ਦਿਲ ਵਿਚ ਜਨਮ ਭੂਮੀ ਛੱਡਣ ਦਾ ਦੁੱਖ ਹੈ l
ਵੰਡ ਦੇ ਕਾਰਨ ਉਲਝੇ ਹੋਏ ਤਾਣੇ ਵਿਚ ਕਹਾਣੀ ਦੇ ਕਿਰਦਾਰ ਘੁੱਟ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ ...ਸ਼ੰਕਾਵਾਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਹੈ ਤੇ ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ ਵੰਡ ਦੇ ਸੰਦਰਭ ਵਿਚ ਗੱਲ ਬਹੁਤ ਘੱਟ ਕੀਤੀ ਗਈ ਹੈ ...ਉਨ੍ਹਾਂ ਨੇ ਵੱਢ ਟੁੱਕ ਦਾ ਸੰਤਾਪ ਪੰਜਾਬ ਅਤੇ ਬੰਗਾਲ ਵਾਂਗੂੰ ਨਹੀਂ ਹਟਾਇਆ ਪਰ ਉਨ੍ਹਾਂ ਦੇ ਅੱਗੇ ਵੀ ਉਸ ਸਮੇਂ ਵੱਡਾ ਸਵਾਲ ਸੀ ਕਿ ਉਨ੍ਹਾਂ ਨੇ ਕਿੱਥੇ ਰਹਿਣਾ ਹੈ ਹਿੰਦੁਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ ...ਜਿੱਥੇ ਉਨ੍ਹਾਂ ਨੂੰ ਇਕ ਅਲੱਗ ਪਛਾਣ ਦਿੱਤੀ ਜਾਵੇਗੀ, ਮੁਹਾਜਿਰ l
ਖੰਡਿਤ ਮਾਨਸਿਕਤਾ ਚ ਘਿਰ ਗਏ ਲੋਕ ।
ਇਹ ਫਾਰੂਕ ਸ਼ੇਖ ਦੀ ਪਹਿਲੀ ਫ਼ਿਲਮ ਸੀ ....ਤੇ ਬਲਰਾਜ ਸਾਹਨੀ ਵੀ ਆਪਣੇ ਜੀਵਨ ਦੇ ਸਰਵਸ੍ਰੇਸ਼ਠ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ ...ਪੂਰੀ ਫ਼ਿਲਮ ਹੀ ਉਨ੍ਹਾਂ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ l
ਇਹ ਫ਼ਿਲਮ ਇਪਟਾ ਦੇ ਸਹਿਯੋਗ ਨਾਲ ਬਣਾਈ ਗਈ ਸੀ ਜਿਸ ਦਾ ਬਜਟ ਸੀਮਤ ਸੀ....ਫਿਲਮ ਦੇ ਨਿਰਦੇਸ਼ਕ ਹਨ" ਐਮ ਐਸ ਮੈਥਿਊ" ਜੋ ਕੇ ਇਪਟਾ ਦੇ ਕਾਰਕੁੰਨ ਸਨ l
ਨਿਰਦੇਸ਼ਕ ਦੇ ਤੌਰ ਤੇ ਐੱਮ ਐੱਸ ਮੈਥਿਊ ਦੀ ਸਮਰੱਥਾ ਦੇਖਣੀ ਹੋਵੇ ਤਾਂ ਉਨ੍ਹਾਂ ਦ੍ਰਿਸ਼ਾਂ ਨੂੰ ਦੇਖਣਾ ਬਣਦਾ ਹੈ ਜਿਨ੍ਹਾਂ ਵਿਚ ਬਲਰਾਜ ਸਾਹਨੀ ਅਤੇ ਫਾਰੂਕ ਸ਼ੇਖ ਕੈਮਰੇ ਦੇ ਸਾਹਮਣੇ ਆਪਣੇ ਸੰਵਾਦ ਬੋਲ ਰਹੇ ਹਨ ਉਨ੍ਹਾਂ ਦੇ ਸਾਹਮਣੇ ਕੋਈ ਕਿਰਦਾਰ ਨਹੀਂ ਬਲਕਿ ਕੈਮਰਾ ਹੈ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਇੰਨੇ ਜੀਵੰਤ ਹਨ ਕੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕੈਮਰੇ ਨੂੰ ਮੁਖ਼ਾਤਬ ਹਨ l
ਵੰਡ ਦੇ ਤੋਂ ਬਾਅਦ ਲੋਕਾਂ ਦੀ ਮਾਨਸਿਕ ਟੁੱਟ ਭੱਜ ਨੂੰ ਦਿਖਾਉਂਦੀ ਇਹ ਕਹਾਣੀ ਇਸਮਤ ਚੁਗਤਾਈ ਦੀ ਸੀ ਜੋ ਕਿ ਛਪੀ ਹੋਈ ਨਹੀਂ ਸੀ ...ਕਹਾਣੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਕਿ ਤੁਸੀਂ ਨਾਲ ਨਾਲ ਤੁਰਦੇ ਜਾਂਦੇ ਹੋ ਜੋ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਫਿਲਮ ਖਤਮ ਹੋ ਗਈ l
ਫਿਲਮ ਵਿਚ ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਦੀ ਛਾਪ ਬਾਖ਼ੂਬੀ ਦਿਖਾਈ ਦਿੰਦੀ ਹੈ ....ਫਿਲਮ ਦੀ ਸ਼ੁਰੂਆਤ ਉਨ੍ਹਾਂ ਦੇ ਸ਼ਿਅਰਾਂ ਨਾਲ ਹੁੰਦੀ ਹੈ ....ਕੈਫ਼ੀ ਆਜ਼ਮੀ ਨੇ ਫਿਲਮ ਦੇ ਸੰਵਾਦ ਇਸ ਤਰ੍ਹਾਂ ਲਿਖੇ ਹਨ ਜੋ ਸਿੱਧਾ ਤੁਹਾਡੇ ਜ਼ਿਹਨ ਵਿਚ ਉਤਰ ਜਾਂਦੇ ਹਨ ..ਕਿਰਦਾਰਾਂ ਦੀ ਰੂਹ ਵਿੱਚ ਉਤਰ ਕੇ ਲਿਖੇ ਗਏ ਇਹ ਸੰਵਾਦ ਫਿਲਮ ਦਾ ਪ੍ਰਮੁੱਖ ਆਕਰਸ਼ਣ ਹਨ l
ਇਸਮਤ ਚੁਗਤਾਈ ਦੀ ਕਥਾ ਨੂੰ ਪਟਕਥਾ ਵਿਚ ਬਦਲਣ ਲਈ ਕੈਫ਼ੀ ਆਜ਼ਮੀ ਅਤੇ ਸ਼ਮਾ ਜੈਦੀ ਦਾ ਯੋਗਦਾਨ ਸੀ l
ਲੀਕ ਤੋਂ ਹਟ ਕੇ ਪਾਇਆ ਗਿਆ ਯੋਗਦਾਨ l
ਫ਼ਿਲਮ ਵਿਚ ਗੀਤ ਸੰਗੀਤ ਵਾਸਤੇ ਜਿਆਦਾ ਜਗਾਹ ਨਹੀਂ ਸੀ , ਖੇਤਰੀ ਗੀਤ ਸਨ ਜਿਸ ਦਾ ਸੰਗੀਤ ਬਹਾਦੁਰ ਖਾਨ ਦਾ ਸੀ । ਕੈਮਰਾ ਇਸ਼ਾਨ ਆਰੀਆ ਵੱਲੋਂ ਸੰਭਾਲਿਆ ਗਿਆ ਸੀ ਜਿਹਨਾਂ ਨਾਮ ਫਿਲਮ ਦੇ ਤਿੰਨ ਨਿਰਮਾਤਾਵਾਂ ਵਿਚ ਅਬੁ ਸਿਵਾਨੀ ,ਐਮ ਐਸ ਸੇਥੂਉ ਨਾਲ ਵੀ ਦਰਜ ਹੈ ।
ਜੇਕਰ ਤੁਸੀਂ ਸਾਹਿਤ ਪਸੰਦ ਕਰਦੇ ਹੋ..ਗਹਿਰੀਆਂ ਕਲਾਤਮਕ ਚੀਜ਼ਾਂ ਨੂੰ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਦੇਖਣ ਵਾਲੀ ਹੈ ।
ਸਤਿਆਜੀਤ ਰੇਅ ਅਨੁਸਾਰ ਗਰਮ ਹਵਾ ਭਾਰਤੀ ਸਿਨੇਮਾ ਵਿਚ ਉਪਲਬਧੀ ਦੇ ਤੌਰ ਤੇ ਯਾਦ ਕੀਤੀ ਜਾਣੀ ਚਾਹੀਦੀ ਹੈ। ਇਕ ਅਜ਼ੀਮ ਲੇਖਕ ਦੀ ਅਜ਼ੀਮ ਕਹਾਣੀ ਤੇ ਬਣੀ, ਅਜ਼ੀਮ ਫ਼ਿਲਮ l
ਵਿਸ਼ਲੇਸ਼ਣ ਕਰਤਾ
ਤਰਸੇਮ ਬਸ਼ਰ
98141 63071
ਟ੍ਰੇਨ ਟੂ ਪਾਕਿਸਤਾਨ -1998 - ਤਰਸੇਮ ਬਸ਼ਰ
ਪਹਿਲਾਂ ਤਾਂ ਇਹ ਸਪਸ਼ਟ ਹੋ ਜਾਵੇ ਕਿ ਟਰੇਨ ਟੂ ਪਾਕਿਸਤਾਨ ਕੋਈ ਇਤਿਹਾਸਕ ਦਸਤਾਵੇਜ ਨਹੀਂ , ਇਹ ਇੱਕ ਕਾਲਪਨਿਕ ਕਹਾਣੀ ਜੋ ਸੱਚ ਦੇ ਨੇੜੇ ਹੈ ।
ਮਨੁੱਖਤਾ ਦੇ ਇਤਹਾਸ ਵਾਪਰੀ ਅਨੋਖੀ ਵੰਡ ਦੇ ਦੁਖਾਂਤ ਨੂੰ ਜੀਵੰਤ ਤੌਰ ਤੇ ਦਰਸ਼ਾਉਂਦੀ ਖੁਸ਼ਵੰਤ ਸਿੰਘ ਦੀ ਮਹਾਨ ਕਹਾਣੀ ।
ਖੁਸ਼ਵੰਤ ਸਿੰਘ ਦੀ ਇਹ ਕਹਾਣੀ ਵੰਡ ਦੀ ਸਿਰਫ ਕਤਲੋਗਾਰਤ ਨੂੰ ਹੀ ਨਹੀਂ ਦਰਸਾਉਂਦੀ ਬਲਕਿ ਇਹ ਸਮਝਣ ਵਿੱਚ ਵੀ ਮੱਦਦ ਕਰਦੀ ਹੈ ਕਿ ਕਿਸ ਤਰ੍ਹਾਂ ਆਮ ਸਮਾਜਿਕ ਮਨੁੱਖ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਹਾਲਾਤ ਕਿਵੇਂ ਇੱਕ ਚੰਗੇ ਭਲੇ ਕੋਮਲ ਭਾਵੀ ਮਨੁੱਖ ਨੂੰ ਦਰਿੰਦਾ ਬਣਾ ਦਿੰਦੇ ਹਨ ।
ਕਹਾਣੀ ਇਸ ਕਰਕੇ ਵੀ ਮਹਾਨ ਹੈ ਕੀ ਇਸ ਵਿੱਚ ਕੁਝ ਵੀ ਅਚਾਨਕ ਅਜਿਹਾ ਕੁਝ ਨਹੀਂ ਵਾਪਰਦਾ ਜੋ ਜਿਸ ਦਾ ਪ੍ਰਯੋਜਨ ਕਤਲੋ ਗਾਰਤ ਨਾਲ ਜਾ ਜੁੜਦਾ ਹੋਵੇ ।
ਇਸ ਦੇ ਪਾਤਰ ਆਮ ਸਾਧਾਰਨ ਜਿੰਦਗੀ ਚੋਂ ਆਉਂਦੇ ਹਨ , ਉਹ ਆਮ ਜਿੰਦਗੀ ਜੀ ਵੀ ਰਹੇ ਹਨ ਤੇ ਫਿਰ ਕਦਮ ਦਰ ਕਦਮ ਵੰਡ ਦੀ ਜਹਿਰ ਉਹਨਾਂ ਦੀ ਜਿੰਦਗੀ ਵਿੱਚ ਘੁਲ ਜਾਂਦੀ ਹੈ । ਜਿੰਦਗੀਆਂ ਬਦਸੂਰਤ ਹੋ ਜਾਂਦੀਆਂ ਹਨ ਤੇ ਸਮਾਜ ਜਹਰੀਲਾ ਹੋ ਜਾਂਦਾਂ ਹੈ ।
ਟਰੇਨ ਟੂ ਪਾਕਿਸਤਾਨ ਦੀ ਨਿਰਦੇਸ਼ਿਕਾ ਪਾਮੇਲਾ ਰੂਕਸ ਹਨ ਜੋ ਕਲਕੱਤੇ ਦੇ ਜੰਮ ਪਲ ਸਨ ਅਤੇ ਇਹ ਫਿਲਮ ਉਹਨਾਂ ਦੇ ਕੈਰੀਅਰ ਦੀ ਸਭ ਤੋਂ ਮਹਤਵਪੂਰਨ ਫਿਲਮ ਕਹੀ ਜਾਂਦੀ ਹੈ । ਫਿਲਮ ਦੀਆਂ ਮੁੱਖ ਭੂਮਿਕਾਵਾਂ ਚ ਨਿਰਮਲ ਪਾਂਡੇ, ਮੋਹਨ ਆਗਾਸ਼ੇ , ਦਿਵਯਾ ਦੱਤਾ ,ਰਜਤ ਕਪੂਰ , ਮੰਗਲ ਢਿੱਲੋਂ ਆਦਿ ਕਲਾਕਾਰ ਹਨ । ਇਸ ਫਿਲਮ ਚ ਸਾਡੇ ਦੋਸਤ ਤੇ ਪ੍ਰਤੀਭਾਸ਼ਾਲੀ ਕਲਾਕਾਰ ਗੁਰਿੰਦਰ ਮਕਣਾ ਦੀ ਛੋਟੀ ਜਿਹੀ ਭੂਮਿਕਾ ਸੀ । ਉਹਨਾਂ ਅਨੁਸਾਰ ਇਹ ਉਣਾ ਦੀ ਪਹਿਲੀ ਫਿਲਮ ਸੀ ਤੇ ਇਸ ਵਿਚ ਪੰਜਾਬ ਦੇ ਕਈ ਰੰਗਕਰਮੀਆਂ ਨੇ ਕੰਮ ਕੀਤਾ ਸੀ ।
ਇਸ ਫ਼ਿਲਮ ਦੇ ਕੁਝ ਦਰਿਸ਼ ,ਪਾਤਰਾਂ ਦੀ ਅੰਦਰੂਨੀ ਟੁਟ ਭਜ਼ ਸਦਾ ਲਈ ਤੁਹਡਾ ਚੇਤਿਆਂ ਚ ਰਹਿ ਜਾਵੇਗੀ । ਤੁਸੀਂ ਰੇਲ ਗੱਡੀ ਦੇ ਡਰਾਇਵਰ ਦਾ ਉਹ ਧੁਆਂਖਿਆ ਚਿਹਰਾ ਕਦੇ ਨਹੀਂ ਭੁੱਲ ਸਕੋਗੇ , ਜੋ ਲਾਸ਼ਾਂ ਨਾਲ ਭਰੀ ਗੱਡੀ ਪਾਕਿਸਤਾਨ ਤੋਂ ਲਿਆਉਂਦਾ ਹੈ, ਦੰਗਾਈਆਂ ਨੇ ਸਿਰਫ ਉਸ ਨੂੰ ਛਡ ਦਿੱਤਾ ਹੈ ਤਾਂ ਕਿ ਉਹ ਗੱਡੀ ਲਜਾ ਕੇ ਦੂਜੇ ਪਾਸੇ ਉਸ ਬੇਰਹਿਮੀ ਨੂੰ ਦਿਖਾ ਦੇਵੇ ।
ਤੁਸੀਂ ਹਿਜਰਤ ਕਰਕੇ ਆ ਰਹੇ ਖਾਲੀ ਹੱਥ ਲੋਕਾਂ ਦੇ ਸਮੂਹ ਨੂੰ ਵੀ ਨਹੀਂ ਭੁੱਲ ਸਕੋਗੇ ।
ਇਕ ਹੋਰ ਦ੍ਰਿਸ਼ ਇਸ ਫਿਲਮ ਨੂੰ ਦੇਖਣ ਤੋਂ ਕਈ ਦਿਨਾਂ ਬਾਅਦ ਵੀ ਤੁਹਾਡੇ ਜ਼ਿਹਨ ਵਿੱਚ ਆਉਂਦਾ ਰਹੇਗਾ । ਉਹ ਦ੍ਰਿਸ਼ ਜਦੋਂ ਪਿੰਡ ਵਾਲੇ ਅਚਾਨਕ ਦੇਖਦੇ ਹਨ ਪਿੰਡ ਦੇ ਨਾਲ ਦੀ ਲੰਘਦੇ ਸਤਲੁਜ ਦਰਿਆ ਲਾਸ਼ਾਂ ਨਾਲ ਭਰਿਆ ਹੋਇਆ ਹੈ ।
ਖੁਸ਼ਵੰਤ ਸਿੰਘ ਦੀ ਲਿਖੀ ਇਹ ਕਹਾਣੀ ਹੱਦ ਦੇ ਨੇੜੇ ਵਸੇ ਇੱਕ ਪਿੰਡ ਮਨੂ ਮਾਜਰਾ ਦੀ ਕਹਾਣੀ ਹੈ , ਜੋ ਵੰਡ ਦਾ ਅਧਿਕਾਰਤ ਐਲਾਨ ਹੋਣ ਤੋਂ ਬਾਦ ਵੀ ਸ਼ਾਂਤ ਹੈ । ਸਦੀਆਂ ਤੋਂ ਰਲ ਮਿਲ ਰਹਿ ਰਹੇ ਲੋਕ ਸੋਚ ਵੀ ਨਹੀਂ ਰਹੇ ਕਿ ਅਜਿਹਾ ਕੁਝ ਵਾਪਰ ਗਿਆ ਹੈ ਕਿ ਉਸ ਸਰਜਮੀਂ ਨੂੰ ਛਡ ਕੇ ਉਸ ਥਾਂ ਜਾਣਾ ਪਵੇਗਾ ,ਜਿਸ ਨੂੰ ਹੁਣ ਪਾਕਿਸਤਾਨ ਕਿਹਾ ਜਾਂਦਾ ਹੈ ।
ਅਸਲ ਚ ਉਹ ਇਹਨਾਂ ਸੱਚ ਬਣ ਚੁੱਕੀਆਂ ਪ੍ਰਸਥਿਤੀਆਂ ਨੂੰ ਕਬੂਲਣਾ ਵੀ ਨਹੀਂ ਚਾਹੁੰਦੇ ।
ਇੱਕ ਅਨਜਾਣ ਥਾਂ ਜਿੱਥੇ ਕਦੇ ਉਹ ਗਏ ਵੀ ਨਹੀਂ, ਅਚਾਨਕ ਪਿਓ ਦਾਦੀਆਂ ਦੀ ਜਗ੍ਹਾ ਛਡ ਕੇ ਉਹ ਕਿਵੇਂ ਬੇਗਾਨੀ ਥਾਂ ਚਲੇ ਜਾਨ।
ਜ਼ਿਲਾਧਿਕਾਰੀ ਹੁਕਮ ਚੰਦ( ਮੋਹਨ ਆਗਾਸ਼ੇ) ਹੈ , ਜੋ ਆਯਾਸ਼ ਹੈ ਪਰ ਸਖ਼ਤ ਪ੍ਰਸ਼ਾਸ਼ਕ ਵੀ ਹੈ । ਉਸ ਨੂੰ ਚੌਗਿਰਦੇ ਦੇ ਹਾਲਾਤ ਦਾ ਇਲਮ ਹੈ ਪਰ ਉਸ ਨੂੰ ਨਹੀਂ ਲਗਦਾ ਕਿ ਵੰਡ ਲਾਗੂ ਹੋ ਜਾਵੇਗੀ , ਕਤਲੋ ਗੈਰਤ ਤੱਕ ਨੌਬਤ ਪਹੁੰਚੇਗੀ । ਉਹ ਤਵਾਇਫਾਂ ਨੂੰ ਮਹਿਫ਼ਲ ਲਈ ਬੁਲਾਉਂਦਾ ਰਹਿੰਦਾ ਹੈ , ਉਦੋਂ ਅਫਸਰ ਇਸ ਤਰਾਂ ਕਰਦੇ ਹੀ ਸਨ । ਅਜਿਹੇ ਹੀ ਇਕ ਮੌਕੇ ਤੇ ਉਸ ਦੇ ਮਨਪਰਚਾਵੇ ਲਈ ਇੱਕ ਲੜਕੀ ਪੇਸ਼ ਕੀਤੀ ਜਾਂਦੀ ਹੈ, ਜਿਸ ਦਾ ਨਾਮ ਹਸੀਨਾ ਹੈ । ਇਹ ਭੂਮਿਕਾ ਦਿਵਯਾ ਦੱਤਾ ਨੇ ਕੀਤੀ ਹੈ । ਉਹ ਤਵਾਇਫ਼ ਹੈ ਪਰ ਮਾਸੂਮ ਹੈ । ਹੁਕਮ ਚੰਦ ਉਸ ਨੂੰ ਚਾਹੁਣ ਲਗਦਾ ਹੈ ।
ਪਰ ਹੁਕਮ ਚੰਦ ਅੰਦਰ ਇੱਕ ਡਰ ਹੈ ਕਿ ਉਹ ਮੁਸਲਿਮ ਹੈ ।
ਉਧਰ ਮਨੂ ਮਾਜਰੇ ਦੇ ਜੱਗੇ (ਨਿਰਮਲ ਪੰਡੇ )ਨੇ ਪਿੰਡ ਊਧਮ ਮਚਾਇਆ ਹੈ । ਉਹ ਬੜਾ ਅਖੜ ਬਦਮਾਸ਼ ਹੈ । ਪਿੰਡ ਦੀ ਇੱਕ ਮੁਸਲਿਮ ਕੁੜੀ ਨਾਲ ਇਸ਼ਕ ਵੀ ਕਰਦਾ ਹੈ ।
ਜੱਗੇ ਦੀਆਂ ਦੁਸ਼ਮਣੀਆਂ ਵੀ ਹਨ ।
ਸਭ ਕੁਝ ਸੁਭਾਵਿਕ ਚਲ ਰਿਹਾ ਹੈ , ਜਿਵੇਂ ਆਮ ਪਿੰਡ ਚ ਹੁੰਦਾ ਹੈ । ਮੰਗਲ ਢਿੱਲੋਂ ਪੁਲਿਸ ਅਧਿਕਾਰੀ ਹੈ । ਉਹ ਵੀ ਜਿਲਾ ਅਫਸਰ ਦਾ ਖਾਸ ਬੰਦਾ ਹੈ , ਤੇ ਉਸ ਨੂੰ ਵੀ ਲਗਦਾ ਹੈ ਕਿ ਸਭ ਕੁਝ ਠੀਕ ਠਾਕ ਹੈ , ਸਿਵਾਏ ਛੋਟੇ ਮੋਟੇ ਜੁਰਮ ਤੋਂ, ਉਹ ਹਰ ਜਗ੍ਹਾ ਹੀ ਹੁੰਦੇ ਨੇ । ਸਰਹੱਦੀ ਇਲਾਕੇ ਚ ਵੰਡ ਦੀ ਤ੍ਰਸਦੀ ਦੇਖਣ ਲਈ ਮਨੁੱਖੀ ਅਧਿਕਾਰ ਤਨਜ਼ੀਮ ਦਾ ਇੱਕ ਕਾਰਕੁਨ ਇਕਬਾਲ ,(ਰਜਤ ਕਪੂਰ )ਮਨੂ ਮਾਜਰਾ ਆਉਂਦਾ ਹੈ ।
ਹਾਲਾਤ ਬਿਲਕੁਲ ਠੀਕ ਹਨ ,ਕਿਤੇ ਕੋਈ ਕੜਵਾਹਟ ਨਹੀਂ ।ਇਕਬਾਲ ਆਪਣੀ ਠਹਿਰ ਪਿੰਡ ਦੇ ਗੁਰਦੁਆਰੇ ਚ ਰੱਖਦਾ ਹੈ, ਗੁਰਦਵਾਰੇ ਦਾ ਭਾਈ ਨੇਕ ਇਨਸਾਨ ਹੈ , ਉਹ ਉਸ ਨੂੰ ਆਸਰਾ ਦਿੰਦਾ ਹੈ ।
ਇਸੇ ਦਰਮਿਆਨ ਮਨੂੰ ਮਾਜਰਾ ਚ ਹੀ ਲੁਟੇਰੇ ਇੱਕ ਹਿੰਦੂ ਸ਼ਾਹੂਕਾਰ ਦੇ ਘਰ ਨੂੰ ਲੁੱਟਣ ਪੈ ਜਾਂਦੇ ਹਨ । ਉਸ ਹਿੰਦੂ ਸ਼ਾਹੂਕਾਰ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ । ਪੁਲੀਸ ਨੂੰ ਸ਼ਕ ਹੈ ਕਤਲ ਜੱਗੇ ਨੇ ਕੀਤਾ ਹੈ । ਜੱਗਾ ਵੀ ਫੜ ਲਿਆ ਜਾਂਦਾ ਹੈ ਤੇ ਇਕਬਾਲ ਨੂੰ ਵੀ ਜੋ ਕੁਝ ਦਿਨਾਂ ਤੋਂ ਗੁਰਦਵਾਰੇ ਚ ਰਹਿ ਰਿਹਾ ਸੀ । ਇਹ ਉਸੇ ਤਰਾਂ ਦੀਆਂ ਘਟਨਾਵਾਂ ਹਨ , ਮਾਮੂਲ ਹੈ ਜਿਸ ਤਰਾਂ ਆਮ ਹਾਲਾਤਾਂ ਚ ਹੁੰਦਾ ਹੈ । ਕੋਈ ਫਿਰਕਵਰਾਂ ਫਰਕ ਨਹੀਂ , ਹਾਲਾਂਕਿ ਵੰਡ ਹੋ ਵੀ ਚੁੱਕੀ ਹੈ ਭਾਂਵੇ ਕਤਲ ਵੀ ਹੋ ਗਿਆ ਹੈ ।
ਫਿਰ ਇੱਕ ਦਿਨ ਅਜਿਹਾ ਕੁਝ ਵਾਪਰਦਾ ਹੈ ਕਿ ਸਭ ਕੁਝ ਬਦਲ ਜਾਂਦਾ ਹੈ । ਪਿੰਡ ਦੇ ਸਟੇਸ਼ਨ ਤੇ ਇੱਕ ਰੇਲ ਗੱਡੀ ਆਉਂਦੀ ਹੈ , ਜਿਸ ਵਿੱਚ ਹਿੰਦੂ ਸਿੱਖਾਂ ਔਰਤਾਂ ਬੱਚਿਆਂ ਦੀਆਂ ਲਾਸ਼ਾਂ ਲਾਸ਼ਾਂ ਹਨ ਇਹ ਗੱਡੀ ਨਵੇਂ ਬਣੇ ਪਾਕਿਸਤਨ ਤੋਂ ਆਈ ਹੈ ।
ਮੌਕੇ ਤੇ ਫ਼ੌਜ ਵੀ ਆ ਜਾਂਦੀ ਹੈ ।
ਜ਼ਿਲਾਧਿਕਾਰੀ ਦੇ ਨਾਂ ਚਾਹੁੰਦਿਆ ਵੀ ਫ਼ੌਜ ਆਪਣੇ ਮੁਤਾਬਿਕ ਸਭ ਕੁਝ ਕਰਦੀ ਹੈ। ਫ਼ੌਜ ਦੇ ਅਧਿਕਾਰੀ ਪਿੰਡ ਵਾਲਿਆਂ ਨੂੰ ਬਾਲਣ ਤੇ ਮਿੱਟੀ ਦੇ ਤੇਲ ਦਾ ਇੰਤਜਾਮ ਕਰਨ ਨੂੰ ਕਹਿੰਦੇ ਹਨ । ਪਿੰਡ ਦੇ ਹਿੰਦੂ ਮੁਸਲਮਾਨ ਤੇ ਸਿੱਖ ਘਰ ਇਹ ਇੰਤਜਾਮ ਕਰਦੇ ਹਨ ਹਾਲਾਂਕਿ ਉਹ ਨਹੀਂ ਜਾਣਦੇ ਕਿ ਕੀ ਕੀਤਾ ਜਾਣਾ ਹੈ ਇਸ ਬਾਲਣ ਦਾ।
ਉਹਨਾਂ ਨੂੰ ਨਹੀਂ ਪਤਾ ਕਿ ਇਸ ਤੋਂ ਬਾਦ ਭਾਂਬੜ ਉਹਨਾਂ ਦੇ ਘਰਾਂ ਤੋਂ ਵੀ ਉੱਠਣ ਵਾਲੇ ਹਨ ।
ਉਸ ਬਾਲਣ ਨਾਲ ਫ਼ੌਜ ਉਹਨਾਂ ਅਣਗਿਣਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੀ ਹੈ , ਧੂੰਆਂ ਤੇ ਲਾਸ਼ਾਂ ਦੀ ਗੰਧ ਕਾਰਨ ਪਿੰਡ ਵਾਲੇ ਵੀ ਉਥੇ ਪਹੁੰਚ ਜਾਂਦੇ ਹਨ ।
ਕਤਲੋ ਗਾਰਤ ਦਾ ਅਸਰ
ਫ਼ੌਜ ਤੇ ਪੁਲਿਸ ਅਧਿਕਾਰੀ ਮੁਸਲਮਾਨਾਂ ਪ੍ਰਤੀ ਨਫਰਤ ਨਾਲ ਭਰ ਚੁੱਕੇ ਹਨ । ਕੁਝ ਕੂ ਛਡ ਕੇ ਪਿੰਡ ਵਾਲਿਆਂ ਵਿਚ ਵੀ ਨਫਰਤ ਆ ਚੁੱਕੀ ਹੈ ।
ਪਿੰਡ ਆਖਦੇ ਸਿਆਣੇ ਬੰਦੇ ਫੈਸਲਾ ਕਰਦੇ ਹਨ ਕਿ ਹੁਣ ਮੁਸਲਮਾਨਾਂ ਦਾ ਪਿੰਡ ਵਿੱਚ ਸੁਰੱਖਿਅਤ ਨਹੀਂ ।
ਕੁਝ ਹੀ ਸਮੇਂ ਵਿੱਚ ਸਭ ਕੁਝ ਬਦਲ ਜਾਂਦਾ ਹੈ ।
ਮੁਸਲਮਾਨ ਪਿੰਡ ਛਡਣ ਲਈ ਤਿਆਰ ਹੋ ਜਾਂਦੇ ਹਨ , ਇਹਨਾਂ ਚ ਜੱਗੇ ਦੀ ਪ੍ਰੇਮਿਕਾ ਵੀ ਹੈ , ਉਹ ਹੁਣ ਮਾਂ ਬਣਨ ਵਾਲੀ ਹੈ ।
ਪਿੰਡ ਛੱਡਣ ਦੇ ਇਨ੍ਹਾਂ ਦ੍ਰਿਸ਼ਾਂ ਵਿਚ ਕੁਝ ਭਾਵਪੂਰਨ ਦ੍ਰਿਸ਼ ਵੇਖਣ ਨੂੰ ਮਿਲਦੇ ਹਨ । ਪਿੰਡ ਦੇ ਸੰਜੀਦਾ ਸਿਖ ਜ਼ਿੰਮੇਵਾਰੀ ਲੈਂਦੇ ਹਨ ਕਿ ਉਹਨਾਂ ਦੀ ਜਿੰਮੇਵਾਰੀ ਤੇ ਮੁਸਲਮਾਨ ਘਰਾਂ ਨੂੰ ਪਿੰਡ ਵਿਚ ਹੀ ਰਹਿਣ ਦਿੱਤਾ ਜਾਵੇ ਪਰ ਫ਼ੌਜ ਦੇ ਅਧਿਕਾਰੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ।
ਵਾਯੁਮੰਡਲ ਵਿਚ ਜਹਿਰ ਘੁੱਲ ਚੁਕੀ ਹੈ , ਸਿਆਣੇ ਬੰਦੇ ਇਹ ਭਾਂਪ ਚੁੱਕੇ ਹਨ ਸੋ ਉਨ੍ਹ ਇਸੇ ਵਿਚ ਬਿਹਤਰੀ ਸਮਝਦੇ ਹਨ ਕਿ ਉਹਨਾਂ ਨੂੰ ਭੇਜ ਦਿੱਤਾ ਜਾਵੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ।
ਨਾਲ ਦੇ ਪਿੰਡ
ਜਿਥੋਂ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇਗਾ ਪਰ ਫ਼ੌਜ ਦੇ ਅਧਿਕਾਰੀ ਉਨ੍ਹਾਂ ਨੂੰ ਕਿਸੇ ਤਰਾਂ ਦਾ ਸਮਾਨ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਦਿੰਦੇ ਬਲਕਿ ਹੁਕਮ ਦਿੰਦੇ ਹਨ ਜੇਕਰ ਪੰਜ ਮਿੰਟਾਂ ਚ ਉਹ ਗੱਡੀਆਂ ਚ ਸਵਾਰ ਨਾ ਹੋਏ ਉਹਨਾਂ ਦਾ ਅੰਜਾਮ ਬੁਰਾ ਹੋਵੇਗਾ ।
ਪੰਜ ਮਿੰਟ ਵਾਲਾ ਇਹ ਦ੍ਰਿਸ਼ ਵੀ ਵਿਚਲਿਤ ਕਰਦਾ ਹੈ , ਜਨਮ ਭੂਮੀ ,ਘਰ ਬਾਰ ਛਡਣ ਦਾ ਫੈਸਲਾ ਤੇ ਸਿਰਫ ਪੰਜ ਮਿੰਟ ।
ਸ਼ਾਮ ਨੂੰ ਪਿੰਡ ਦੇ ਲੋਕ ਉਦਾਸ ਹਨ , ਉਹ ਭਜਨ ਸਿਮਰਨ ਕਰ ਰਹੇ ਹੁੰਦੇ ਹਨ ਕਿ ਕੁਝ ਸਿੱਖ ਨੌਜਵਾਨ ਗੁੱਸੇ ਨਾਲ ਭਰ ਹੋਏ ਉਥੇ ਆਉਂਦੇ ਹਨ । ਹਿੰਦੂ ਸਿੱਖਾਂ ਦੇ ਕਤਲੇਆਮ ਕਾਰਨ ਨਫਰਤ ਨਾਲ ਭਰੇ ਹੋਏ ਹਨ , ਉਹ ਪਿੰਡ ਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਬੁਜਦਿਲ ਹਨ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਚੰਗੇ ਭਲੇ ਪਿੰਡ ਵਿਚੋਂ ਕੱਢ ਦਿੱਤਾ ਹੈ , ਉਧਰ ਉਹ ਸਾਰੇ ਹਿੰਦੂ ਸਿੱਖਾਂ ਨੂੰ ਮਾਰ ਰਹੇ ਹਨ ।
ਉਹ ਬਦਲਾ ਲੈਣ ਦੀ ਗੱਲ ਕਰਦੇ ਹਨ ਤਾਂ ਪਿੰਡ ਦੇ ਕੁਝ ਲੁਟੇਰੇ ਕਿਸਮ ਦੇ ਅਤੇ ਕੁਝ ਗੁੱਸੇ ਨਾਲ ਭਰੇ ਪੀਤੇ ਨੌਜਵਾਨ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਜਾਂਦੇ ਹਨ ।
ਉਹ ਯੋਜਨਾ ਬਣਾ ਲੈਂਦੇ ਹਨ , ਜਦੋਂ ਪਾਕਿਸਤਾਨ ਨੂੰ ਗੱਡੀ ਜਾਵੇਗੀ ਤੇ ਹਮਲਾ ਕਰ ਦਿੱਤਾ ਜਾਵੇਗਾ । ਫਿਲਮ ਦੀ ਕਹਾਣੀ ਦਾ ਸਿਰਲੇਖ ਵੀ ਉਸੇ ਗੱਡੀ ਤੋਂ ਲਿਆ ਗਿਆ ਹੈ ਇੱਕ ਰੇਲ ਜੋ ਮੁਸਲਮਾਨਾਂ ਨਾਲ ਭਰੀ ਹੋਵੇਗੀ ਤੇ ਨਵੇਂ ਬਣੇ ਦੇਸ਼ ਵੱਲ ਜਾਵੇਗੀ । ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਪਾਕਿਸਤਾਨ ਜਾਣ ਵਾਲੀ ਗੱਡੀ ਛੱਤ ਉਪਰੋਂ ਵੀ ਪੂਰੀ ਤਰ੍ਹਾਂ ਦੀ ਹੋਵੇਗੀ । ਉਹ ਯੋਜਨਾ ਬਣਾ ਲੈਂਦੇ ਹਨ ਕਿ ਹੈ ਪੁਲ ਉਪਰ ਇਕ ਮਜ਼ਬੂਤ ਰੱਸਾ ਬੰਨ ਦਿੱਤਾ ਜਾਵੇਗਾ ਰੱਸੇ ਕਰਕੇ ਉਪਰ ਬੈਠੇ ਸਾਰੇ ਲੋਕ ਆਪਣੇ ਆਪ ਖਤਮ ਹੋ ਜਾਣਗੇ ।
ਬਾਕੀ ਫਿਰ ਗੱਡੀ ਉੱਪਰ ਵੀ ਹਮਲਾ ਕਰ ਦਿੱਤਾ ਜਾਵੇਗਾ ਬਾਕੀ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ ਜਾਵੇਗਾ ।
ਪੁਲਿਸ ਪ੍ਰਸ਼ਾਸਨ ਤੱਕ ਉਨ੍ਹਾਂ ਦੀ ਇਹ ਯੋਜਨਾ ਪਹੁੰਚ ਜਾਂਦੀ ਹੈ ।
ਪਰ ਪੁਲਸ ਹੁਣ ਆਪਣੇ ਆਪ ਨੂੰ ਬੇਬਸ ਪਾ ਰਹੀ ਹੈ ਪਾਕਿਸਤਾਨ ਨੂੰ ਜਾ ਰਹੀ ਗੱਡੀ ਵਿੱਚ ਹੋਣ ਵਾਲੀ ਕਤਲੋ-ਗਾਰਤ ਨੂੰ ਰੋਕਣ ਤੋਂ ਅਸਮਰਥ ਹੈ ।
ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਜ਼ਿਲ੍ਹਾ ਅਧਿਕਾਰੀ ਜੱਗੇ ਅਤੇ ਇਕਬਾਲ ਨੂੰ ਛੱਡਣ ਦਾ ਹੁਕਮ ਦੇ ਦਿੰਦਾ ਹੈ । ਰਿਹਾ ਹੋਣ ਤੋਂ ਬਾਦ ਜੱਗਾ ਜਦੋਂ ਘਰੇ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪ੍ਰੇਮਿਕਾ ਵੀ ਉਸ ਕਾਫ਼ਿਲੇ ਵਿਚ ਗਈ ਹੈ ਜਿਸ ਨੂੰ ਮਾਰੇ ਜਾਣ ਦੀ ਯੋਜਨਾ ਬਣਾਈ ਹੈ ।
ਉਹ ਉਸ ਕਤਲੇਆਮ ਨੂੰ ਰੋਕਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਜਾਂਦਾ ਹੈ ਫਿਲਮ ਦੇ ਅੰਤ ਵਿੱਚ ਉਹ ਆਪਣੀ ਜਾਨ ਤੇ ਖੇਡ ਕੇ ਵੀ ਉਸ ਰੱਸੇ ਨੂੰ ਕੱਟਦਾ ਹੈ ਜਿਸ ਕਾਰਨ ਹਜ਼ਾਰਾਂ ਲੋਕਾਂ ਨੇ ਮਾਰਿਆ ਜਾਣਾ ਸੀ ।
ਉਸ ਦੇ ਅੰਦਰ ਦਾ ਕਿਰਦਾਰ ਬਦਲ ਜਾਂਦਾ ਹੈ ਉਹ ਆਪਣੀ ਪ੍ਰੇਮਿਕਾ ਨੂੰ ਹੀ ਨਹੀਂ ਬਚਾਉਣਾ ਚਾਹੁੰਦਾ ਬਲ ਕੇ ਗੱਡੀ ਵਿੱਚ ਸਵਾਰ ਹਰੇਕ ਮਨੁੱਖ ਨੂੰ ਬਚਾਉਣਾ ਚਾਹੁੰਦਾ ਹੈ ।
ਜੱਗਾ ਰੱਸਾ ਕਟ ਦਿੰਦਾ ਹੈ ਪਰ ਉਹ ਆਪ ਮਾਰਿਆ ਜਾਂਦਾ ਹੈ ।
ਫਿਲਮ ਤੇ ਕਹਾਣੀ ਇਥੇ ਹੀ ਖਤਮ ਹੋ ਜਾਂਦੀ ਹੈ ਪਰ ਵੰਡ ਦੀ ਖੂਨੀ ਲੜਾਈ ਚ ਭਿੱਜੀ ਧਰਤੀ , ਉੱਜੜੇ , ਡਰੇ ,ਉਦਾਸ ਲੋਕਾਂ ਦੇ ਚਿਹਰੇ ਤੁਹਾਡੇ ਜ਼ਿਹਨ ਚ ਤੈਰਦੇ ਰਹਿ ਜਾਂਦੇ ਹਨ । ਕਹਾਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਕਿ ਕਿਰਦਾਰ ਸੰਤੁਲਿਤ ਤੇ ਸੁਭਾਵਿਕ ਨਜ਼ਰ ਆਉਂਦੇ ਹਨ , ਸਮੇਂ ਤੇ ਹਾਲਾਤ ਮੁਤਾਬਿਕ ਹੀ ਪ੍ਰਤੀਕਿਰਿਆ ਕਰਦੇ ਪ੍ਰਤੀਤ ਹੁੰਦੇ ਹਨ ।
ਫਿਲਮ ਦੀ ਵਿਸ਼ੇਸ਼ਤਾ ਇਸ ਦੀ ਚੁਸਤ ਸੰਪਾਦਨਾ ਵਿਚ ਨਜ਼ਰ ਆਉਂਦੀ ਹੈ। ਹਰ ਨਵਾਂ ਦ੍ਰਿਸ਼ ਨਵੀਂ ਜਗਿਆਸਾ ਲੈ ਕੇ ਆਉਂਦਾ ਹੈ । ਨਿਰਦੇਸ਼ਨ ਸੰਤੋਸ਼ਜਨਕ ਹੈ ।ਨਿਰਮਲ ਪਾਂਡੇ, ਮੋਹਨ ਆਗਾਸ਼ੇ ਦਿਵਿਆ ਦੱਤਾ ਦਾ ਕੰਮ ਪ੍ਰਭਾਵਿਤ ਕਰਦਾ ਹੈ । ਸੰਗੀਤ ਦੇ ਨਾਂ ਤੇ ਜ਼ਿਆਦਾ ਕੁਝ ਨਹੀਂ ।
ਕਾਸ਼ ਨਿਰਮਲ ਪਾਂਡੇ ਦੇ ਸ਼ਬਦਾਂ ਵਿਚ ਪੰਜਾਬੀ ਦੀ ਮੌਲਿਕ ਪੁੱਠ ਹੁੰਦੀ ।
ਬਹ ਰ ਹਾਲ , ਵੰਡ ਦੀ ਤ੍ਰਾਸਦੀ ਨੂੰ ਨੇੜਿਓਂ ਸਮਝਣ ਹੋਵੇ ਤਾਂ ਇਹ ਫਿਲਮ ਦੇਖੀ ਜਾਣੀ ਚਾਹੀਦੀ ਹੈ।
ਫਿਲਮ ਦੇਖਦਿਆਂ ਇਹ ਦੇਖ ਕੇ ਹੋਰ ਉਦਾਸ ਹੋ ਗਿਆ ਹਾਂ ਕਿ ਉਜੜਨ ਵੇਲੇ ਦੇ ਆਖਰੀ ਪਲਾਂ ਤੱਕ ਉਦੋਂ ਲੋਕਾਂ ਨੂੰ ਲਗਦਾ ਹੀ ਨਹੀਂ ਸੀ , ਕਿ ਵੰਡ ਲਾਗੂ ਹੋ ਜਾਵੇਗੀ ।
ਤਰਸੇਮ ਬਸ਼ਰ
ਪਿੰਜਰ , ਰਜ਼ੀਆ ਸੁਲਤਾਨ , ਤੇ ਮੌੜ (2023) - ਤਰਸੇਮ ਬਸ਼ਰ
ਹੋਰ ਵੀ ਅਨੇਕਾਂ ਨੇ , ਪਰ ਮੈਂ "ਮੌੜ' ਫਿਲਮ ਦੀ ਸਮੀਖਿਆ ਕਰਦਿਆਂ ਦੋ ਫ਼ਿਲਮਾਂ ਦਾ ਸੰਦਰਭ ਹੀ ਲਿਖਾਂਗਾ । ਇੱਕ ਸੀ ਚੰਦਰ ਪਰਕਾਸ਼ ਨਿਰਦੇਸ਼ਿਤ ਪਿੰਜਰ ਅਤੇ ਦੂਜੀ ਫਿਲਮ ਸੀ ਕਮਾਲ ਅਮਰੋਹੀ ਦੀ ਚਰਚਿਤ ਫਿਲਮ ਰਜ਼ੀਆ ਸੁਲਤਾਨ ।
ਪਿੰਜਰ , ਅੰਮ੍ਰਿਤਾ ਪ੍ਰੀਤਮ ਦੀ 1947 ਦੀ ਵੰਡ ਦੇ ਦੁਖਾਂਤ ਨਾਲ ਜੁੜੀ ਕਹਾਣੀ ਤੇ ਆਧਾਰਿਤ ਸੀ । ਪਿੰਜਰ ,ਮੈਂ ਇਸ ਲਈ ਦੇਖਣੀ ਸੀ ਕਿ ਇਹ ਉਹਨਾਂ ਫ਼ਿਲਮਾਂ ਦੀ ਸੂਚੀ ਚ ਸ਼ਾਮਿਲ ਸੀ , ਜਿਹਨਾਂ ਦੀ ਮੈਂ ਚਰਚਾ ਇਸ ਲਈ ਕਰਦਾ ਰਿਹਾਂ ਹਾਂ ਜੋ ਸਾਹਤਿਕ ਕਹਾਣੀਆਂ ਤੇ ਆਧਾਰਿਤ ਹਨ ,
ਤੇ ਰਜ਼ੀਆ ਸੁਲਤਾਨ ਦੇਖਣੀ ਮੇਰੀ ਨਿੱਜੀ ਪਸੰਦ ਸੀ । ਮੈਂ ਪਾਕੀਜ਼ਾ ਵਰਗੀ ਫਿਲਮ ਬਣਾਉਣ ਵਾਲੇ ਕਮਾਲ ਸਾਹਿਬ ਦੀ ਅਗਲੀ ਕਿਰਤ ਦੇਖਣਾ ਚਾਹੁੰਦਾ ਸੀ ।
ਖ਼ੈਰ , ਮੈਂ ਇਹ ਦੋਵੇਂ ਫ਼ਿਲਮਾਂ ਲਾਈਆਂ, ਪਰ ਅਧ ਵਿਚਕਾਰ ਛੱਡ ਦਿੱਤੀਆਂ । ਪਿੰਜਰ ਵੀ ਪੁਰਾਣੇ ਸਮੇਂ ਦੀ ਕਹਾਣੀ ਤੇ ਬਣੀ ਸੀ , ਤੇ ਬੇਸ਼ਕ "ਚੰਦਰ ਪਰਕਾਸ਼ "ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਵਾਪਿਸ ਲੈ ਜਾਣ ਵਿਚ ਅਸਫਲ ਰਹੇ ਸਨ । ਮਨੋਜ ਵਾਜਪਾਈ ਵੰਡ ਦੇ ਦੁਖਾਂਤ ਦੌਰਾਨ ਮਾਨਸਿਕ ਵਖਰੇਵੇਂ ਦੇ ਸ਼ਿਕਾਰ ਪੰਜਾਬੀ ਨੋਜਵਾਨ ਦੇ ਕਿਰਦਾਰ ਚ ਸਨ । ਉਹਨਾਂ ਉਹਨਾਂ ਦੀ ਦਿੱਖ ਅਤੇ ਬੋਲੀ ਤੋਂ ਉਹ ਪੰਜਾਬੀ ਨੌਜਵਾਨ ਨਜਰ ਆਉਣ ਚ ਅਸਫਲ ਸਨ , ਉਹਨਾਂ ਦੀ ਭਾਸ਼ਾ ਚ ਬਿਹਾਰੀ ਭਾਸ਼ਾ ਦੀ ਪੁੱਠ ਤੋਂ ਉਹ ਨਹੀਂ ਬਚ ਸਕੇ ਸਨ । ਤੱਤਕਾਲੀਨ ਸਮੇਂ ਨੂੰ ਦਿਖਾਉਣ ਲਈ ਬਣਾਏ ਗਏ ਸੈੱਟ ਵੀ" ਨਵੇਂ "ਬਣੇ ਹੋਏ ਪ੍ਰਤੀਤ ਹੁੰਦੇ ਸਨ । ਚਾਦਰੇ ਕੁੜਤੇ ,ਪਗ਼ਾਂ ਸਭ ਕੁਝ ਇਸੇ ਤਰ੍ਹਾਂ ਲਗਦਾ ਸੀ ਪੁਰਾਣੇ ਸਮਿਆਂ ਦਾ ਇਹ ਲਿਬਾਸ ਨਵਾਂ ਨਵਾਂ ਲਿਆਂਦਾ ਹੈ ਤੇ ਸਿੱਧਾ ਕਲਾਕਾਰਾਂ ਨੂੰ ਦੇ ਦਿੱਤਾ ਗਿਆ ਹੈ ਲਿਸ਼ਕਦਾ ਪੁਸ਼ਕਦਾ ਹੋਇਆ । ਨਿਰਦੇਸ਼ਕ ਸਿਰਫ ਕਹਾਣੀ ਤੇ ਨਿਰਭਰ ਸੀ, ਇਸ ਨੇ ਪੁਰਾਣਾ ਸਮਾਂ ਪਰਦੇ ਤੇ ਚਿੱਤਰਨ ਤੇ , ਅਤੇ ਕਿਰਦਾਰਾਂ ਨੂੰ ਮੂਲਕ ਪ੍ਰਕਿਰਤੀ ਚ ਫ਼ਿਲਮਾਉਣ ਤੇ ਜਿਆਦਾ ਤੱਵਜੋ ਨਹੀਂ ਸੀ ਦਿੱਤੀ ।
ਫਿਲਮ ਲੋਕਾਂ ਨੂੰ ਆਪਣੇ ਨਾਲ ਤੋਰਨ ਚ ਅਸਫਲ ਰਹੀ , ਰਹਿਣੀ ਹੀ ਸੀ ।
ਸਿਰਫ ਕਹਾਣੀ ਤੇ ਨਿਰਭਰਤਾ ਪਿੰਜਰ ਦੀ ਅਸਫਲਤਾ ਦਾ ਕਾਰਨ ਸੀ ਤਾਂ ਮੌੜ ਦੇ ਨਿਰਦੇਸ਼ਕ ਜਤਿੰਦਰ ਮੌਹਰ ਅੱਗੇ ਇਹ ਚੁਣੋਤੀ ਸੀ ਮੌੜ ਦੀ ਕਹਾਣੀ ਪੰਜਾਬ ਚ ਬੱਚੇ ਬੱਚੇ ਨੇ ਸੁਣੀ ਹੋਈ ਹੈ , ਫਿਲਮ ਵੀ ਬਣ ਚੁੱਕੀ ਸੀ , ਸਫਲ ਵੀ ਹੋਈ ਸੀ, ਫਿਰ ਦਰਸ਼ਕ ਇਹ ਫਿਲਮ ਦੇਖਣ ਲਈ ਪੈਸੇ ਕਿਉਂ ਲਾਉਣਗੇ? ਉਹ ਵੀ ਉਹਨਾਂ ਸਮਿਆਂ ਚ ਜਦੋਂ ਸਿਨਮਾ ਜਾਣ ਦਾ ਰੁਝਾਨ ਘਟਿਆ ਹੈ ।
ਕਮਾਲ ਅਮਰੋਹੀ , ਪਾਕੀਜ਼ਾ ਵਰਗਾ" ਕਮਾਲ " ਦਿਖਾ ਚੁੱਕੇ ਸਨ , ਪਾਕੀਜ਼ਾ ਲਈ ਉਹਨਾਂ ਨੇ ਆਪਣਾ ਸਭ ਕੁਝ ਝੋਕ ਦਿੱਤਾ ਸੀ , 12 ਤੋਂ 15 ਸਾਲ ਲੇਖੇ ਲਾ ਦਿੱਤੇ ਸਨ । ਛੋਟੀ ਛੋਟੀ ਗੱਲ ਤੇ , ਕਸਟਿਊਮ, ਭਾਸ਼ਾ ,ਦਿੱਖ ਤੇ ਬਾਰੀਕੀ ਨਾਲ ਕੰਮ ਕੀਤਾ ਸੀ । ਕਿਹਾ ਜਾਂਦਾ ਹੈ ਕਿ ਇੱਕ ਵਾਰ ਉਸ ਦ੍ਰਿਸ਼ ਤੇ ਕਈ ਦਿਨ ਲੱਗ ਗਏ ਸਨ ਜਿਸ ਵਿੱਚ ਮੁੱਖ ਤੌਰ ਤੇ ਮੀਨਾ ਕੁਮਾਰੀ ਨੇ ਮੁਜਰਾ ਕਰਨਾ ਸੀ ਤੇ ਦੂਰ ਦਿਖਾਈ ਦੇ ਰਹੇ ਕੋਠੇ ਤੇ ਇੱਕ ਜੂਨੀਅਰ ਕਲਕਾਰ ਨੇ ਰਕਸ ਕਰਨਾ ਸੀ , ਪਰ ਉਸ ਦੇ ਸਟੈਪ ਬੇਤਾਲੇ ਸਨ । ਸ਼ਾਇਦ ਹੀ ਕਿਸੇ ਦਾ ਧਿਆਨ ਉਥੇ ਜਾਂਦਾ , ਪਰ ਕਮਾਲ ਸਾਹਬ ਨੂੰ ਇਹ ਕਮੀ ਰੜਕਦੀ ਰਹੀ ਤੇ ਫਿਰ ਇੱਕ ਅਜਿਹੀ ਕਲਾਕਾਰ ਨੂੰ ਲਿਆਂਦਾ ਗਿਆ , ਜੋ ਮੁਜਰੇ ਚ ਪਾਰੰਗਤ ਸੀ । ਤਦ ਜਾ ਕੇ ਦ੍ਰਿਸ਼ ਪੂਰਾ ਕੀਤਾ ਗਿਆ ।
ਪਰ ਰਜ਼ੀਆ ਸੁਲਤਾਨ ਸ਼ਾਇਦ ਕਾਹਲੀ ਚ ਬਣੀ ਹੋਈ ਫਿਲਮ ਸੀ , ਇਸ ਚ ਕਮਾਲ ਸਾਹਬ ਦਾ ਉਹ" ਕਮਾਲ ' ਨਜਰ ਨਹੀਂ ਦੀ ਆਇਆ । ਸੈੱਟ ਵੀ ਸੁਭਾਵਿਕ ਨਜਰ ਨਹੀਂ ਸਨ ਆਏ , ਧਰਮਿੰਦਰ , ਕਾਲੇ ਗੁਲਾਮ ਦੀ ਜਗ੍ਹਾ ਧਰਮਿੰਦਰ ਹੀ ਮਹਿਸੂਸ ਹੁੰਦੇ ਰਹੇ । ਛੋਟੀਆਂ ਛੋਟੀਆਂ ਪਰ ਅਹਿਮ ਬਾਰੀਕੀਆਂ ਤੇ ਪੂਰਾ ਧਿਆਨ ਨਾ ਦੇਣ ਕਰਕੇ , ਫਿਲਮ ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਨਾਲ ਤੋਰਨ ਵਿਚ ਅਸਫਲ ਰਹੀ ।
"ਮੌੜ "ਦੀ ਮਿਕਨਾਤੀਸੀ ਖਿੱਚ ਵਿੱਚ, ਇਸ ਦੀ ਸਫਲਤਾ ਦੇ ਰਾਜ ਵਿੱਚ , ਵੀ ਇਹੀ ਰਾਜ ਹੈ , ਛੋਟਿਆਂ , ਨਿੱਕੀਆਂ ਚੀਜ਼ਾਂ ਪ੍ਰਤੀ ਚੇਤਨ ਦ੍ਰਿਸ਼ਟੀ । ਪੁਰਾਣੇ ਸਮੇਂ ਦਾ ਸੁਭਾਵਿਕ ਚਿੱਤਰਨ ਅਤੇ ਕਿਰਦਾਰਾਂ ਦੇ ਅੰਦਰ ਚੱਲ ਰਹੇ ਵਰਤਾਰੇ ਦੀ ਸਪਸ਼ਟਤਾ।
ਭਾਸ਼ਾ ਪ੍ਰਤੀ ਸੁਚੇਤ ਰਹਿਣਾਂ, ਭਾਸ਼ਾ ਨੂੰ ਮੂਲਕ ਪ੍ਰਕਿਰਤੀ ਚ ਪੇਸ਼ ਕਰਨਾ ਜਿੱਥੇ ਫਿਲਮ ਦਾ ਅਹਿਮ ਆਕਰਸ਼ਣ ਹੈ ਉਥੇ ਹੀ ਉਹਨਾਂ ਫ਼ਿਲਮਕਾਰਾਂ ਲਈ ਸੁਨੇਹਾ ਵੀ ਹੈ , ਜੋ ਅਜਿਹੀਆਂ ਬਰੀਕ ਚੀਜ਼ਾਂ ਪ੍ਰਤੀ ਅਵੇਸਲੇ ਰਹਿੰਦੇ ਹਨ ਤੇ ਸਮਝਦੇ ਹਨ ਕਿ ਦਰਸ਼ਕ ਇਸ ਮਹਾਨ ਪੱਧਰ ਤੱਕ ਨਹੀਂ ਸੋਚਦਾ, ਉਹਨਾਂ ਦਾ ਹੀਰੋ ਮਾਝੇ ਦੀ ਭਾਸ਼ਾ ਚ ਗੱਲ ਕਰਦਾ ਹੈ ਤੇ ਮਾਂ ਮਲਵਈ ਲਹਿਜੇ ਚ ।
ਮੌੜ ਲਈ ਜਤਿੰਦਰ ਮੌਹਰ ਦਾ ਰੋਹੀਆਂ ਦਿਖਾਉਣ ਲਈ , ਰਾਜਸਥਾਨ ਜਾਣਾ ਵੀ ਵਧੀਆ ਕਦਮ ਸੀ , ਇਹ ਇਲਾਕਾ ਅੱਜ ਵੀ ਉਸ ਪੰਜਾਬ ਵਰਗਾ ਹੈ ਜੋ ਪੰਜਾਬ ਅੱਜ ਤੋਂ ਇਕ ਸਦੀ ਪਹਿਲਾਂ ਹੁੰਦਾ ਸੀ , ਜੋ ਹੁਣ ਦੀਆਂ ਪੀੜੀਆਂ ਨੇ ਨਹੀਂ ਦੇਖਿਆ ।
ਮੌੜ ਚ ਕਿਰਦਾਰਾਂ ਦੇ ਪਹਿਰਾਵੇ ਪ੍ਰਤੀ ਚੇਤੰਨਤਾ ਵੀ ਪ੍ਰਭਾਵਿਤ ਕਰਦੀ ਹੈ। ਜਿੱਥੇ ਕੋਠੇ ਠਾਰੇ,ਪਿੰਡ , ਪਿੰਡਾਂ ਦੀਆਂ ਗਲੀਆਂ ਤਤਕਾਲੀਨ ਸਮੇਂ ਅਨੁਸਾਰ ਪ੍ਰਤੀਤ ਹੁੰਦਿਆਂ ਹਨ , ਉਥੇ ਹੀ ਨਿਰਦੇਸ਼ਕ ਦੀ ਇੱਕ ਹੋਰ ਪ੍ਰਾਪਤੀ ਦਾ ਜਿਕਰ ਕੀਤਾ ਜਾਣਾ ਚਾਹੀਦਾ ਹੈ ,ਉਹ ਹੈ ਕਿਰਦਾਰਾਂ ਲਈ ਨਵੇਂ ਚਿਹਰਿਆਂ ਦੀ ਚੋਣ । ਇਸ ਕਰਕੇ ਕਿਰਦਾਰ ਸੁਭਾਵਿਕ ਪ੍ਰਤੀਤ ਹੁੰਦੇ ਹਨ ।
ਪੰਜਾਬੀ ਸਿਨਮਾ ਨੂੰ ਕੁਝ ਹੋਰ ਪ੍ਰਤਿਭਾਸ਼ਾਲੀ ਫ਼ਨਕਾਰ ਮਿਲੇ ਹਨ ।
ਮੈਂ ਉਪਰ ਨਿਰਦੇਸ਼ਕ ਦੀ ਚੁਣੌਤੀ ਬਾਰੇ ਲਿਖਿਆ ਹੈ , ਫਿਲਮ ਦੀ ਕਹਾਣੀ ਬਹੁਤੇ ਲੋਕਾਂ ਨੇ ਸੁਣੀ ਸੀ , ਨਿਰਦੇਸ਼ਕ ਸਾਹਵੇਂ ਚੁਣੌਤੀ ਸੀ ਫਿਰ ਰੋਚਕਤਾ ਕਿਵੇਂ ਬਣੀ ਰਹੇ । ਇਸ ਲਈ ਜਰੂਰੀ ਸੀ ਚੁਸਤ ਸਕਰੀਨ ਪਲੇਅ , ਹੋ ਰੋਚਕ ਵੀ ਹੋਵੇ ਪਰ ਕਹਾਣੀ ਦੇ ਮੂਲ ਨੂੰ ਵੀ ਪਰਵਾਵਿਤ ਨਾ ਕਰੇ ।
ਤੇ ਉਹ ਸਫਲ ਰਹੇ । ਕਹਾਣੀ ਜਾਣਨ ਦੇ ਬਾਵਜੂਦ , ਦਰਸ਼ਕ ਚ ਜਿਗਆਸਾ ਬਣੀ ਰਹਿੰਦੀ ਹੈ ।
ਜਿਉਣਾ ਮੌੜ , ਬੇਸ਼ਕ ਹੁਣ ਤੱਕ ਪੰਜਾਬੀ ਨਾਇਕ ਵਜੋਂ ਸਥਾਪਿਤ ਹੋ ਚੁੱਕਿਆ ਕਿਰਦਾਰ ਹੈ , ਇੱਕ ਸੱਚੀ ਅਤੇ ਵਿਲੱਖਣ ਕਹਾਣੀ । ਉਹ ਲੁਟੇਰਾ ਹੈ ਪਰ ਮਾਨਵੀ ਕਦਰਾਂ-ਕੀਮਤਾਂ ਤੇ ਵੀ ਪਹਿਰਾ ਦਿੰਦਾ ਹੈ । ਬਦਲੇ ਅਤੇ ਅਣਖ ਲਈ ਖੂਨ ਵਾਹਾਉਂਦਾ ਹੈ ਪਰ ਮਜ਼ਲੂਮ ਦਾ ਹਾਮੀ ਹੈ । ਅਮੀਰਾਂ ਨੂੰ ਲੁੱਟਦਾ ਹੈ ਗਰੀਬਾਂ ਨੂੰ ਵੰਡਦਾ ਹੈ । ਜਤਿੰਦਰ ਮੌਹਰ ਨੇ ਉਸ ਦੇ ਜੀਵਨ ਤੇ ਸਰਚ ਕੀਤੀ ਹੈ , ਉਹਨਾਂ ਨੇ ਸਿਰਫ ਫਿਲਮ ਨੂੰ ਦਿਲਚਸਪ ਬਣਾਉਣ ਲਈ ਹੀ ਜੀਊਣੇ ਮੌੜ ਨੂੰ ਆਦਰਸ਼ਵਾਦੀ ਨਾਇਕ ਨਹੀਂ ਬਣਾਇਆ ।
ਜਿਉਣਾ ਮੌੜ ਦੇ ਕਿਰਦਾਰ ਨੂੰ ਸਮਝਣ ਲਈ ਨਿਰਦੇਸ਼ਕ ਦੀ ਆਲੌਕਿਕ ਦ੍ਰਿਸ਼ਟੀ ਤੇ ਲਿਆਕਤ ਦੀ ਪ੍ਰਸੰਸਾ ਕਰਨੀ ਬਣਦੀ ਹੈ ।
ਸਭ ਦੀ ਸੁਣੀ ਹੋਈ ਕਹਾਣੀ ਵਿਚ ਉਨ੍ਹਾਂ ਨੂੰ ਪਤਾ ਸੀ ਕਿ ਹਾਲੇ ਵੀ ਬਹੁਤ ਕੁਝ ਅਜਿਹਾ ਹੈ , ਜੋ ਦਰਸ਼ਕਾਂ ਨੂੰ ਸਿਨਮਾ ਤੱਕ ਲੈ ਕੇ ਆਵੇਗਾ ।
ਫਿਲਮ ਦਾ ਅੰਤ ਜਿਓਣੇ ਮੋੜ ਦੀ ਮੌਤ ਨਾਲ ਨਹੀਂ ਹੁੰਦਾ , ਨਿਰਦੇਸ਼ਕ ਨੇ ਦਰਸ਼ਕਾਂ ਤੇ ਛਡ ਦਿੱਤਾ ਹੈ ਕਿ ਮੌੜ ਦੀ ਮੌਤ ਕਿਸ ਤਰਾਂ ਹੋਈ , ਇਹ ਇਹ ਆਪ ਤਹਿ ਕਰ ਲੈਣ , ਕਿਉਂਕਿ ਇਸ ਸਬੰਧ ਵਿੱਚ ਕਈ ਮਿਥ ਪ੍ਰਚੱਲਤ ਹਨ । ਫਿਲਮ ਦੇ ਅੰਤ ਵਿੱਚ ਇਨ੍ਹਾਂ ਮਿੱਥਾਂ ਦਾ ਸਕਰੀਨ ਤੇ ਪਰਦਰਸ਼ਿਤ ਕੀਤਾ ਜਾਣਾ ਵੀ , ਜਤਿੰਦਰ ਮੌਹਰ ਦੀ ਸਾਹਤਿਕ ਸੂਝ ਬੂਝ ਦਾ ਪ੍ਰਤੀਕ ਅਤੇ ਮੁੱਖ ਕਿਰਦਾਰ ਪ੍ਰਤੀ ਇਮਾਨਦਾਰ ਰਹਿਣ ਦੀ ਸੂਚਕ ਹੈ ।
ਫਿਲਮੀ ਪਰਦੇ ਤੇ ਜੇਕਰ ਕਿਰਦਾਰ ਦੀ ਜਗ੍ਹਾ ਜੇਕਰ ਉਸ ਨੂੰ ਨਿਭਾਉਣ ਵਾਲਾ ਕਲਾਕਾਰ ਹੀ ਮਹਿਸੂਸ ਹੁੰਦਾ ਰਹੇ , ਤਾਂ ਇਹ ਪ੍ਰਦਰਸ਼ਨ , ਮਹਿੰਗਾ ਪੈ ਜਾਂਦਾ ਹੈ ।
ਮੁੱਖ ਕਿਰਦਾਰ ਚ , ਐਮੀ ਵਿਰਕ , ਜਿਉਣਾ ਮੌੜ ਦੇ ਕਿਰਦਾਰ ਚ ਜਾਣ ਫੂਕਣ ਚ ਅਸਫਲ ਰਹੇ ਹਨ ਭਾਂਵੇ ਕਿ ਉਹਨਾਂ ਨੇ ਇਸ ਚ ਆਪਣਾ ਸਰਵਸ਼੍ਰੇਸ਼ਠ ਕੰਮ ਕੀਤਾ ਹੈ । ਉਹਨਾਂ ਦਾ ਕਿਰਦਾਰ ਵੀ , ਦੇਵ ਖਰੋੜ ਦੀ ਬਨਿਸਬਤ ਔਖਾ ਸੀ । ਕਿਸ਼ਨੇ ਦੀ ਭੂਮਿਕਾ ਚ ਦੇਵ ਖਰੋੜ ਨੇ ਇੱਕੋ ਭਾਵ ਚ ਰਹਿਣਾ ਸੀ , ਉਹ ਆਪਣੀ ਦਿੱਖ ਦੇ ਨੇੜੇ , ਇੱਕ ਗੁਸੈਲ , ਅੜੀਅਲ ਨੌਜਵਾਨ ਦੇ ਰੂਪ ਚ ।
ਪਰ ਐਮੀ ਵਿਰਕ ਨੇ ਫਿਲਮ ਦੇ ਅੱਧ ਤੱਕ ਅਜਿਹੇ ਨੌਜਵਾਨ ਦੇ ਰੂਪ ਚ ਦਿਖਣਾ ਸੀ ਜੋ ਬਾਗੀ ਹੋਣ ਦਾ ਹੌਂਸਲਾ ਨਹੀਂ ਕਰ ਪਾਉਂਦਾ ਪਰ ਬਾਅਦ ਵਿੱਚ ਹਾਲਾਤ ਕਰਵਟ ਲੈਂਦੇ ਹਨ ਤੇ ਫਿਰ ਉਹ ਵੀ" ਰੋਹੀਆਂ "ਦਾ ਬਾਗੀ ਬਣ ਜਾਂਦਾ ਹੈ । ਪਰ ਬਾਗੀ ਦੇ ਰੂਪ ਚ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ , ਓਹਨਾਂ ਦੀ ਆਵਾਜ਼ ਚ ਉਹ ਗੜਕ ਮਹਿਸੂਸ ਨਹੀਂ ਹੁੰਦੀ ਜੋ ਇੱਕ ਬਦਲੇ ਦੀ ਅੱਗ ਚ , ਰਜਵਾੜੇ ਸ਼ਾਹੀ ਦੇ ਜੁਲਮਾਂ ਤੋਂ ਅੱਕੇ ਹੋਏ ਬਾਗੀ ਦੀ ਆਵਾਜ਼ ਚ ਹੋਣੀ ਚਾਹੀਦੀ ਹੈ ।
ਕੁਝ ਲੋਕ ਮੌੜ ਨੂੰ ਕਲਾ ਫਿਲਮ ਵੀ ਕਹਿ ਰਹੇ ਹਨ , ਜੋ ਠੀਕ ਪ੍ਰਤੀਤ ਨਹੀ ਹੁੰਦਾ , ਇਹ ਯਥਾਰਥ ਦੇ ਨੇੜੇ ਹੈ , ਸੁਭਾਵਿਕ, ਕਲਾਤਮਕ ਪੇਸ਼ਕਾਰੀ ਹੈ , ਜਿਸ ਦੀ ਕਹਾਣੀ ਦਿਲਚਸਪੀ ਪੈਦਾ ਕਰਦੀ ਹੈ , ਪਰ ਕਲਾ ਫਿਲਮ ਨਹੀਂ ਹੈ ।
ਫਿਲਮ ਚ ਮੌੜ ਦੀ ਪ੍ਰੇਮ ਕਹਾਣੀ ਪ੍ਰਸੰਗ ਦੀ ਜਰੂਰਤ ਨਹੀਂ ਸੀ ।
ਪੰਜਾਬ ਦੇ ਇਤਹਾਸ ਚ ਰੋਹੀਆਂ ਦੇ ਬਾਗੀਆਂ ਦਾ ਜਿਆਦਾ ਜਿਕਰ ਨਹੀਂ ਮਿਲਦਾ , ਪਰ ਫਿਲਮ ਚ ਕਈ ਵਾਰ ਇਹ ਜਿਕਰ ਉਸ ਤਰਾਂ ਮਿਲਦਾ ਹੈ, ਜਿਸ ਤਰਾਂ ਫੂਲਨ ਦੇਵੀ , ਪਾਨ ਸਿੰਘ ਤੋਮਰ ਅਤੇ ਹੋਰ ਡਕੈਤਾਂ ਦੀਆਂ ਕਹਾਣੀਆਂ ਚ ਬੀਹਡ ਦੀਆਂ ਘਾਟੀਆਂ ਦਾ ਜਿਕਰ ਹੁੰਦਾ ਹੈ । ਜੋ ਥੋੜਾ ਜਿਆਦਾ ਪ੍ਰਤੀਤ ਹੁੰਦਾ ਹੈ ।
ਬੇਸ਼ਕ , "ਮੋੜ "ਪੰਜਾਬੀ ਸਿਨਮਾ ਚ ਮੀਲ ਦਾ ਇੱਕ ਪੱਥਰ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਏਗੀ , ਹਾਸੋਹੀਣੀਆਂ ,ਫ਼ਿਲਮਾਂ ਦੇ ਦੌਰ ਚ ਇੱਕ ਗੰਭੀਰ ਫਿਲਮ ਦੇ ਤੌਰ ਗਿਣੀ ਜਾਵੇਗੀ , ਜਿਸ ਨੇ ਸਿਨਮਾ ਤੋਂ ਮੂੰਹ ਮੋੜ ਰਹੇ ਦਰਸ਼ਕਾਂ ਨੂੰ ਫਿਰ ਤੋਂ ਵਰਗਲਾ ਲਿਆ ਸੀ ।
ਮੌੜ ਨਾਲ ਇੱਕ ਵਧੀਕੀ ਇਹ ਵੀ ਰਹੀ ਹੈ ਕਿ ਬਹੁਤੇ ਲੋਕਾਂ ਨੇ ਇਸ ਨੂੰ ਆਲੋਚਕਾਂ ਤੇ ਤੌਰ ਤੇ ਦੇਖਿਆ ਤੇ ਪਰਖਿਆ ਹੈ ।
ਬਹੁਤੇ ਉਨ੍ਹਾਂ ਲੋਕਾਂ ਨੇ ਵੀ ਜਿਨ੍ਹਾਂ ਨੂੰ ਫਿਲਮ ਦਾ ਅਨੁਭਵ ਨਹੀਂ ।
ਫਿਲਮ ਬਣਾਉਣਾ ਬੜਾ ਮੁਸ਼ਕਲ ਕੰਮ ਹੈ , ਮੌੜ ਵਰਗੀ ਫਿਲਮ ਬਨਾਉਣਾ , ਅਤੀ ਮੁਸ਼ਕਿਲ ।
ਸ਼ਾਇਦ ਇਹ ਉਸ ਪੰਜਾਬੀ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਵੇ ਜਦੋਂ ਕਿਸੇ ਪੰਜਾਬੀ ਫਿਲਮ ਦੇ ਨਿਰਦੇਸ਼ਕ ਨੇ , ਨਿੱਕੀਆਂ ਨਿੱਕੀਆਂ ਸਮਝੀਆਂ ਜਾਂਦੀਆਂ ਚੀਜ਼ਾਂ ਨੂੰ ਵੱਡੀ ਮਹੱਤਤਾ ਦਿੱਤੀ ।
ਨਹੀਂ ਤਾਂ ਪੰਜਾਬੀ ਸਿਨਮਾ , ਇਸ ਗਹਿਰਾਈ ਤੱਕ ਸੋਚਣ ਦਾ ਆਦੀ ਨਹੀਂ ਸੀ ।
ਜਤਿੰਦਰ ਮੌਹਰ ਨੇ ਸ਼ਾਇਦ ਕੇ ਆਸਿਫ਼ ਬਾਰੇ ਪੜਿਆ ਹੋਣਾ ਹੈ ।
ਮੁਗ਼ਲ-ਏ-ਆਜ਼ਮ ਬਣਾਉਣ ਵੇਲੇ ਕੇ ਆਸਿਫ਼ ਨੇ ਹਰ ਚੀਜ ਨੂੰ ਮਹੱਤਵ ਦਿੱਤਾ । ਉਹਨਾਂ ਨੇ ਕਿਸੇ ਚੀਜ਼ ਲਈ ਸਮਝੌਤਾ ਕਰਨ ਤੋਂ ਨਿਰਮਾਤਾ ਨੂੰ ਮਨਾ ਕਰ ਦਿੱਤਾ ਸੀ । ਮੁਗ਼ਲ-ਏ-ਆਜ਼ਮ ਦੇ ਇਕ ਦ੍ਰਿਸ਼ ਵਿੱਚ , ਮੋਤੀ ਫਰਸ਼ ਤੇ ਡਿਗ ਰਹੇ ਹਨ , ਨਕਲੀ ਮੋਤੀ ਲਿਆਂਦੇ ਗਏ ਸਨ , ਪਰ ਕੇ ਆਸਿਫ਼ ਨੂੰ ਮੋਤੀਆਂ ਦੀ ਅਵਾਜ਼ ਵਿੱਚੋਂ ਉਹ ਕੁਦਰਤੀ ਖਣਕ ਮਹਿਸੂਸ ਨਹੀਂ ਹੋ ਰਹੀ ਸੀ , ਜੋਂ ਅਸਲੀ ਮੋਤੀ ਡਿੱਗਣ ਤੇ ਹੋਣੀ ਚਾਹੀਦੀ ਸੀ ।
ਅਖੀਰ ਅਸਲ ਮੋਤੀ ਲਿਆਂਦੇ ਗਏ ।
ਮੌੜ ਚ ਨਵੇਂ ਅਦਾਕਾਰ ਹਨ ਹੈ ਨਵੇਂ ਅਦਾਕਾਰਾਂ ਨੂੰ ਅਹਿਮ ਭੂਮਿਕਾਵਾਂ ਨਿਭਾਉਣ ਦਾ ਮੌਕਾ ਵੀ ਦਿੱਤਾ ਹੈ ਤੇ ਸਭ ਨੇ ਆਪਣੇ ਹੁਨਰ ਨਾਲ ਪ੍ਰਭਾਵਿਤ ਕੀਤਾ ਹੈ , ਫਿਲਮ ਦੇ ਕਿਰਦਾਰ ਸੰਤੁਲਿਤ ਹਨ , ਸੰਪਾਦਨਾ ਸ਼ਾਨਦਾਰ ਹੈ । ਦਰਸ਼ਕ ਕਿਸੇ ਮਰਹਲੇ ਤੇ ਬੋਰ ਨਹੀ ਹੁੰਦਾ ।
ਨਿਰਦੇਸ਼ਕ ਨੇ ਪਰੰਪਰਾ ਵਾਦੀ ਜੁਗਤਾਂ ਨਾਲ ਸਫਲ ਹੋਣ ਦੀ ਬਜਾਏ ਮਿਹਨਤ ਤੇ ਸਿਰੜ ਦਾ ਰਸਤਾ ਚੁਣਿਆ ਹੈ ਤੇ ਆਪਣੇ ਪ੍ਰਯੋਜਨ ਚ ਸਫਲ ਵੀ ਰਿਹਾ ਹੈ ।
ਸੰਗੀਤ ਦੀ ਬਹੁਤੀ ਜਗ੍ਹਾ ਵੀ ਨਹੀਂ ਸੀ , ਤੇ ਇਹ ਹੈ ਵੀ ਨਹੀਂ । ਗੋਨ , ਦੇਖਣ ਸੁਣਨ ਨੂੰ ਚੰਗਾ ਲਗਦਾ ਹੈ , ਨਾਲ ਡੋਲੀ ਵਰਗੀਆਂ ਪੁਰਾਤਨ ਮਾਨਤਾਵਾਂ ਦੇਖਣਾ ਵੀ ਚੰਗਾ ਲਗਦਾ ਹੈ । ਪੁਰਾਣੇ ਮਾਲਵੇ ਨੂੰ ਤੱਕਣ ਦੀ ਰੀਝ ਵੀ ਪੂਰੀ ਹੁੰਦੀ ਹੈ ,
ਇਹ ਸ਼ਾਇਦ ਪਹਿਲੀ ਵਾਰ ਦੇਖਦਾ ਹੈਂ ਕਿ ਕਿਸ਼ਨਾ ਵੀ ਕਿਸੇ ਨਾਇਕ ਤੋਂ ਘਟ ਨਹੀਂ ਸੀ ਭਾਵੇਂ ਕਿ ਅੱਜ ਤੱਕ ਸਿਰਫ ਜਿਉਣਾ ਮੌੜ ਨਾਇਕ ਦੇ ਤੌਰ ਤੇ ਸਥਾਪਤ ਮੰਨਿਆ ਜਾਂਦਾ ਰਿਹਾ ਹੈ।
ਕਿਸ਼ਨੇ ਦੇ ਕਿਰਦਾਰ ਨੂੰ ਅਹਿਮੀਅਤ ਬਾਰੇ
ਲਿਖਦਿਆਂ ਮੈ ਕਈ ਵਾਰ ਸੋਚਿਆ ਹੈ, ਪੰਜਾਬੀ ਕੌਮ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਰ ਮਿਟਣ ਵਾਲੀ ਕੌਮ ਹੈ , ਹੋਰ ਪਤਾ ਨਹੀਂ ਕਿੰਨੇ ਕੁ ਕਿਰਦਾਰ ਹਨ , ਜਿਨ੍ਹਾਂ ਨੂੰ ਨਾਇਕ ਵਜੋਂ ਸਥਾਪਤ ਕੀਤਾ ਜਾਣਾ ਬਾਕੀ ਹੈ ।
"ਦਬਦਬਾ" ਚ , ਕਾਲੇ ਭਾਉ ਦਾ ਕਿਰਦਾਰ ਵੀ ਅਜਿਹਾ ਹੀ ਸੀ , ਜਿਸ ਨੂੰ ਅਸੀਂ ਆਪਣੇ ਪੱਧਰ ਤੇ , ਛੋਟੀ ਵਸੀਲਿਆਂ ਨਾਲ ਫ਼ਿਲਮਾਂ ਲਿਆ ਹੈ ,
ਪਰ ਨਿਸਚਿਤ ਤੌਰ ਤੇ ਹੋਰ ਵੀ ਨਾਇਕ ਹਨ , ਜਿੰਨਾ ਨੂੰ ਸਕਰੀਨ ਤੇ ਲਿਆਂਦਾ ਜਾਣਾ ਚਾਹੀਦਾ ਹੈ ।
ਤਰਸੇਮ ਬਸ਼ਰ
9814163071
ਖਿਆਲ - ਤਰਸੇਮ ਬਸ਼ਰ
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ ।
ਵਿਰਲਾਂ ਥਾਣੀਂ ਆਉਂਦੀਆਂ ਰੌਸ਼ਨੀ ਦੀਆਂ ਕਿਰਨਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਛੱਤ ਧੁੱਪ ਨਾਲ ਭਰੀ ਹੋਈ ਹੈ । ਧੁੱਪੇ ਛੱਤ ਮੈਨੂੰ ਪਾਣੀ ਦੇ ਭਰੇ ਹੋਏ ਸਮੁੰਦਰ ਵਾਂਗ ਜਾਪਦੀ ਹੈ।
ਅਨੰਤ ।
ਮੈਂ ਧੁੱਪੇ ਚਲਾ ਜਾਂਦਾ ਹਾਂ ।
ਛਤ ਕਮਰਿਆਂ ਵਾਂਗ ਠੰਡੀ ਨਹੀਂ।
ਰਾਤ ਦਾ ਪਿਆ ਮੰਜਾ ਵੀ ਨਹੀਂ ।
ਕਮਰੇ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਠੰਢੀ ਯੱਖ਼ ਸਨ , ਛਤ ਵਿਚ ਧੁੱਪੇ ਪਾਈਆਂ ਸਭ ਚੀਜ਼ਾਂ ਨਿਘੀਆਂ ਹਨ ।
ਮੈਂ ਨਿੱਘੇ ਹੋਏ ਮੰਜੇ ਤੇ ਲੇਟ ਜਾਂਦਾ ਹਾਂ ।
ਪਿੰਡੇ ਤੇ ਪੈਂਦੀ ਧੁੱਪ ਜਿਵੇਂ ਅੰਦਰ ਧਸਦੀ ਜਾ ਰਹੀ ਹੈ ।
ਇਹ ਮੇਰੀ ਪਸੰਦ ਦਾ ਮੌਸਮ ਹੈ , ਬਹਾਰ ਨਹੀਂ ਹੈ ਪਰ ਹੈ ਬਹਾਰ ਵਰਗਾ।
ਠੰਡ ਅਤੇ ਨਿੱਘ ਦੇ ਆਪਾ ਵਿਰੋਧ ਵਿਚੋਂ ਨਿਕਲਿਆ ਹੋਇਆ ਹਸੀਨ ਅਹਿਸਾਸ । ਅਚਾਨਕ ਹਵਾ ਦਾ ਇੱਕ ਠੰਡਾ ਬੁਲਾ ਮੇਰੇ ਚਿਹਰੇ ਨਾਲ ਟਕਰਾਉਂਦਾ ਹੈ ,
ਪਤਾ ਨਹੀਂ ਕਦੋਂ, ਹਰੇ ਭਰੇ ਹਰਿਆਲੀ ਨਾਲ ਲੱਦੇ ਹੋਏ ਖ਼ੇਤ ਖ਼ਿਆਲਾਂ ਲਹਿਰਾਉਣ ਲੱਗ ਪੈਂਦੇ ਹਨ ।
ਬਰਸੀਮ ਦਾ ਖੇਤ, ਕਿਆਰੀਆਂ ਵਿਚ ਗਿੱਠ ਗਿੱਠ ਹੋਈ ਕਣਕ, ਸਭ ਕੁਝ ਤਰੇਲ ਨਾਲ ਭਿੱਜਿਆ ਹੋਇਆ ਹੈ, ਪੌਦਿਆਂ ਦੀਆਂ ਲਮਕਦੀਆਂ ਪੱਤੀਆਂ ਨਾਲ ਝੂਲਦੇ ਹੋਏ ਤਰੇਲ ਦੇ ਤੁਪਕੇ ।
ਜਿਥੋਂ ਤੱਕ ਨਿਗ੍ਹਾ ਜਾਵੇ ਹਰਿਆਲੀ ਹੀ ਹਰਿਆਲੀ ਹੈ ।
ਭਿੱਜੀ ਹੋਈ ਠੰਡੀ ਬਰਸੀਮ ਉੱਤੇ ਤੁਰੇ ਫਿਰਦੇ ਨਿੱਕੇ ਨਿੱਕੇ ਪੈਰ ।
ਇਹ ਤਾਂ ਮੈਂ ਹਾਂ ।
ਬਚਪਨ ਵਿੱਚ ਖੜਾ ਮੈਂ ।
ਨਿੱਕਾ ਜਿਹਾ ਮੈਂ ।
ਪੌਦਿਆਂ ਦੀਆਂ ਨੁੱਕਰਾਂ ਨਾਲ ਝੂਲਦੇ ਤਰੇਲ ਦੇ ਇਨ੍ਹਾਂ ਤੁਪਕਿਆਂ ਨੂੰ ਦੇਖ ਕੇ ਮੈਂ ਅਕਸਰ ਸੋਚਦਾ, ਕਿੰਨੇ ਚਲਾਕ ਹਨ , ਝੂਲਦੇ ਰਹਿੰਦੇ ਹਨ ਡਿੱਗਦੇ ਨਹੀਂ ।
ਬਰਸੀਮ ਦੇ ਖੇਤ ਵਿੱਚ ਖੜ੍ਹਾ ਮੈਂ ਸਾਹਮਣੇ ਪਿੰਡ ਦੇ ਘਰਾਂ ਨੂੰ ਤੱਕ ਰਿਹਾ ਹਾਂ ।
ਮੇਰੇ ਦੋਸਤ ਹਨ ਛੋਟੇ-ਬੜੇ ਦੋਸਤ, ਉਹ ਖੇਤਾਂ ਵੱਲ ਦੌੜੇ ਆ ਰਹੇ ਹਨ । ਉਹਨਾਂ ਦੇ ਪੈਰ ਨੰਗੇ ਹਨ, ਮੇਰੇ ਪੈਰ ਵੀ ਨੰਗੇ ਹਨ
ਹਰੀ ਭਿੱਜੀ ਹੋਈ ਬਰਸੀਮ ਵੀ ਠੰਡੀ ਹੈ ਪਰ ਮੇਰੇ ਨਿੱਕੇ ਪੈਰਾਂ ਨੂੰ ਠੰਡ ਦਾ ਕੋਈ ਅਹਿਸਾਸ ਨਹੀ ।
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ । ਦੋਸਤਾਂ ਨਾਲ ਖੇਡਦਿਆ ਉਦੋਂ ਭੁੱਖ ਵੀ ਨਹੀਂ ਸੀ ਲੱਗਦੀ ਹੁੰਦੀ । ਉਦੋਂ ਚਿੰਤਾ ਵੀ ਨਹੀਂ ਸੀ ਹੁੰਦੀ । ਉਦੋਂ...........
ਅਚਾਨਕ, ਹਵਾ ਦਾ ਜੋਰਦਾਰ ਤੇ ਠੰਡਾ ਬੁਲਾ ਆਇਆ , ਮੈਨੂੰ ਠੰਡ ਦਾ ਅਹਿਸਾਸ ਹੋਇਆ । ਠੰਡ ਦੇ ਇਸ ਅਹਿਸਾਸ ਨੇ ਮੈਨੂੰ ਖ਼ਿਆਲਾਂ ਦੀ ਦੁਨੀਆਂ ਤੋਂ ਬਾਹਰ ਲਿਆਂਦਾ ਸੀ ।
ਧੁੱਪ ਤੇਜ਼ ਸੀ ਪਰ ਹਵਾ ਠੰਢੀ ਸੀ ।
ਲੋਈ ਦੀ ਬੁੱਕਲ ਮਾਰਦਿਆਂ ਮੈਂ ਸੋਚ ਰਿਹਾ ਸੀ ਕੀ ਵਾਕਈ ਉਦੋਂ ਠੰਡ ਨਹੀਂ ਸੀ ਲਗਦੀ ।
ਤਰਸੇਮ ਬਸ਼ਰ
9814163071
ਰੱਬ ਜੀ - ਤਰਸੇਮ ਬਸ਼ਰ
ਕੁੱਝ ਇੱਕ ਆਦਤਾਂ ਜਾਂਦੀਆਂ ਨਹੀ ਭਾਵੇਂ ਕਿ ਅਸੀਂ ਜਾਣਦੇ ਹੁੰਦੇ ਹਾਂ ਕਿ ਸਾਡੀ ਸ਼ਖਸੀਅਤ ਦੇ ਮੁਲੰਕਣ ਵੇਲੇ ਵੀ ਗਲਤ ਪ੍ਰਭਾਵ ਪਾਉਂਦੀਆਂ ਹਨ । ਮੈਂ ਕਦੇ-ਕਦੇ ਕੋਈ ਫੋਨ ਨੰਬਰ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਲੈਂਦਾ ਹਾਂ ।ਦੋ-ਤਿੰਨ ਵਰੇ ਹੋ ਗਏ ਸਨ ਘਰ ਚ' ਰੰਗ ਨਹੀ ਸੀ ਕਰਵਾਇਆ । ਘੌਲੀ ਬੰਦੇ ਕੋਲ ਬਹਾਨੇ ਬਹੁਤ ਹੁੰਦੇ ਨੇ ,ਮੇਰੇ ਕੋਲ ਵੀ ਸਨ ।ਗੁਆਂਢ ਵਿੱਚ ਰੰਗ ਹੋਣ ਲੱਗਿਆ ਤਾਂ ਇਹ ਸਬੱਬ ਵੀ ਬਣ ਗਿਆ ਂਜੋ ਦੇਰ ਤੋਂ ਟਲਿਆ ਆ ਰਿਹਾ ਸੀ । ਜਿਸ ਸਵੇਰ ਉਹਨਾਂ ਨੇ ਰੰਗ ਕਰਨ ਆਉਣਾ ਸੀ ,ਮੈਨੂੰ ਅਚਾਨਕ ਯਾਦ ਆਏ ਉਹ ਫੋਨ ਨੰਬਰ ਂਜੋ ਕੰਧ ਤੇ ਲਿਖੇ ਹੋਏ ਸਨ। ਸੋਚਿਆ ਉਹਨਾਂ ਨੂੰ ਦੇਖ ਲਵਾਂ । ਚਾਰ ਪੰਜ ਨੰਬਰ ਸਨ । ਬਾਕੀ ਤਾਂ ਯਾਦ ਸਨ ਇੱਕ ਬਾਰੇ ਖਿਆਲ ਨਹੀਂ ਸੀ ਆ ਰਿਹਾ । ਇਹ ਸ਼ਾਇਦ ਸਭ ਪਹਿਲਾਂ ਲਿਖਿਆ ਸੀ । ਪੁਰਾਣਾ । ਪਹਿਲਾਂ ਤਾਂ ਸੋਚਿਆ ,ਚੱਲ ਛੱਡੋ ਹੋਣੈ ਕੋਈ ,ਪਰ ਫਿਰ ਲੱਗਿਆ ਜਰੂਰ ਕੋਈ ਖਾਸ ਨੰਬਰ ਹੀ ਹੋਣੈ ਂਜੋ ਲਿਖਿਆ ਗਿਆ ਹੈ । ਐਵੇ ਹਰੇਕ ਨੰਬਰ ਤਾਂ ਮੈਂ ਕੰਧ ਤੇ ਨਹੀਂ ਲਿਖਦਾ !
ਇੱਕੋ ਤਰੀਕਾ ਸੀ ਕਿ ਫੋਨ ਮਿਲਾ ਕੇ ਪੁੱਛ ਲਿਆ ਜਾਵੇ ।ਮੈਂ ਨਹੀਂ ਸੀ ਜਾਣਦਾ ਕਿ ਇਹ ਫੋਨ ਨੰਬਰ ਮੈਨੂੰ ਜਿੰਦਗੀ ਦੇ ਉਸ ਤਜਰਬੇ ਦੇ ਰੂਬਰੂ ਕਰ ਦੇਵੇਗਾ ,ਜਿਸ ਦੀ ਛਾਪ ,ਜਿਸ ਦਾ ਖਿਆਲ ਤਾਅ ਉਮਰ ਮੇਰੀ ਹਸਤੀ ਤੇ ਦਸਤਕ ਦਿੰਦਾ ਰਹੇਗਾ ,ਮੇਰੀ ਬੇਚੈਨੀ ਵਧਾਉਣ ਦਾ ਇੱਕ ਹੋਰ ਕਾਰਨ ਬਣ ਜਾਵੇਗਾ ।
ਖੈਰ ਮਨ ਦੀ ਨਾਹ ਨੁੱਕਰ ਤੋਂ ਬਾਅਦ ਮੈਂ ਫੋਨ ਮਿਲਾ ਹੀ ਲਿਆ । ਅੱਗੇ ਤੋ ਜਦੋਂ ਫੋਨ ਚੁੱਕਿਆ ਤਾਂ ਕੋਈ ਆਵਾਜ ਨਹੀਂ ਸੀ ਆਈ , ਹਾਂ ਕੋਈ ਖੰਘ ਰਿਹਾ ਸੀ । ਮੈਂ ਕਈ ਵਾਰ ਹੈਲੋ ਹੈਲੋ ਬੋਲਦਾ ਰਿਹਾ ਤਾਂ ਕਿਤੇ ਅੱਗੋਂ ਹੈਲੂ ਦੀ ਆਵਾਜ ਆਈ। ।
ਮੈਂ ਪੁੱਛਿਆ,'' ਤੁਸੀਂ ਕੌਣ ਬੋਲ ਰਹੇ ਹੋ ?''
ਅੱਗੋਂ ਬਹੁਤ ਹੀ ਕਮਜੋਰ ਜਿਹੀ ਆਵਾਜ ਚ' ਕੋਈ ਕੁੱਝ ਬੋਲਿਆ ਸੀ ਪਰ ਮੈਨੂੰ ਕੁੱਝ ਸਮਝ ਨਹੀਂ ਸੀ ਆਇਆ।
ਦੁਬਾਰਾ ਫਿਰ ਪੁੱਛਿਆ। ਕੌਣ ਜੀ
''ਬਾਬਾ ਜੀ ਬੋਲਦਾ ਹਾਂ.......।'' ,ਤੁਸੀਂ ਕੌਣ ?
''ਕਿਹੜਾ ਬਾਬਾ''
'' ਰੱਬ ਜੀ''
ਉਹਨੇ ਇਹ ਕਿਹਾ ਹੀ ਸੀ ਕਿ ਮੈਂ ਸਮਝ ਗਿਆ ਕਿ ਕੌਣ ਬੋਲ ਰਿਹਾ ਸੀ ਇਹ ਮੰਗਲ ਸੀ ਂਜੋ ਸਾਡੇ ਪਿੰਡ ਦੇ ਮੰਦਰ ਤੇ ਰਹਿੰਦਾ ਸੀ ।
''ਉਹ ! ਮੰਗਲ ਬੋਲ ਰਿਹਾ ਹੈ ।''
''ਹਾਂ ਜੀ ,ਤੁਸੀਂ ਕੌਣ ਹੋ ?''
''ਮੈਂ ਰਜਿੰਦਰ ਬੋਲਦਾ ਹਾਂ ।''
''ਕਿੱਥੋਂ ? ''
ਓਹਨੇ ਹਾਲੇ ਵੀ ਮੈਨੂੰ ਨਹੀਂ ਸੀ ਪਹਿਚਾਣਿਆ ।
''ਰਾਜੂ..ਗਿਆਨ ਦਾ ਮੁੰਡਾ ....ਚੰਡੀਗੜ੍ਹ ਤੋਂ ।''
ਕੁੱਝ ਪਲ ਉਹ ਚੁੱਪ ਰਿਹਾ ਫਿਰ ਜਦ ਯਾਦ ਆਇਆ ਤਾਂ ,ਓਹਦੀ ਜੁਬਾਨ ਚ' ਦਮ ਨਜਰ ਆਇਆ ਸੀ। ।
''ਬੜੀ ਕਿਰਪਾ ਕੀਤੀ ਸਰਮਾਂ ਜੀ ਹੋਰ ਸਭ ਠੀਕ ਠਾਕ ਹੈ ..ਨਾ ਕਦੇ ਮਿਲਣ ਆਏ............।''
''ਆਉਂਨਾ ਐ ,ਤੂੰ ਰੱਬ ਜੀ ਕਦੋਂ ਤੋਂ ਬਣ ਗਿਆ ?''
''ਬਣਿਆ ਨਹੀਂ ਬਣਾ ਦਿੱਤਾ ਐ ,ਮੈਂ ਤਾਂ ਬੱਸ...........''
ਓਹ ਚੁੱਪ ਹੋ ਗਿਆ ਸੀ ।
''ਕਿੰਨੇ ਸਾਲ ਹੋ ਗਏ ਬਾਬੇ ਬਣੇ ਨੂੰ ?''
''ਯਾਦ ਨਹੀਂ ,ਬਾਬਾ ਜੀ ਗੁਜਰ ਗਏ ਤਾਂ ਮੈਨੂੰ ਬਿਠਾ ਦਿੱਤਾ ....
''ਤੁਸੀਂ ਆਓ ਕਦੇ ,ਖੂਬ ਰੌਣਕ ਹੁੰਦੀ ਐ , ਦੂਰੋਂ ਲੋਕ ਆਉਂਦੇ ਹੈਗੇ ਨੇ ,ਆਪਾਂ....
....।
ਅੱਛਾ !
''ਕਭੀ ਆਓ।''
ਪਤਾ ਨਹੀਂ ਫੋਨ ਕੱਟਿਆ ਗਿਆ ਸੀ ਜਾਂ ਫੇਰ ਕੱਟ ਦਿੱਤਾ ਸੀ ਪਰ ਨਹੀਂ ਸੀ ਹੋ ਸਕੀ ।
ਫੋਨ ਕੱਟਿਆ ਗਿਆ ਤਾਂ ਮੇਰੀ ਚੇਤਨਾ ਹੋਰ ਸਰਗਰਮ ਹੋ ਗਈ ਦਰਅਸਲ ਮੈਂ ਥੋੜ੍ਹੇ ਪਲਾਂ ਦੀ ਇਸ ਗੱਲ ਬਾਤ ਤੋਂ ਸਾਰੇ ਹਾਲਾਤ ਦਾ ਨਾਂ ਨਹੀਂ ਠਹਿਰਾਉ ਦੀ ਜ਼ਰੂਰਤ ਸੀ ।
ਮੈਨੂੰ ਯਾਦ ਆਇਆ , ਮੈਂ ਆਪਣੇ ਆਪ ਤੇ ਹੈਰਾਨ ਸੀ ,ਮੈਂ ਮੰਗਲ ਨੂੰ ਥੋਨੂੰ ਕਹਿ ਰਿਹਾ ਸੀ ।ਉਸੇ ਮੰਗਲ ਨੂੰ ਂਜੋ ਬਚਪਨ ਵਿੱਚ ਸਾਡਾ ਦੋਸਤ ਸੀ । ਉਹ ਕਿਸੇ ਨਾਲ ਪੰਜਾਬ ਆ ਗਿਆ ਸੀ । ਸਾਡੇ ਤੋਂ ਥੋੜਾ ਵੱਡਾ ਸੀ । ਮੈਨੂੰ ਯਾਦ ਹੈ ਉਹ ਦੱਸਦਾ ਹੁੰਦਾ ਸੀ ਕਿ ਉਹ ਯਤੀਮ ਹੈ । ਝੋਨਾ ਲਾਓਦਾ ਲਓਦਾ ਉਹ ਪਿੰਡ ਚ' ਹੀ ਕਿਸੇ ਨਾਲ ਸੀਰੀ ਲੱਗ ਗਿਆ ਸੀ । ਉਸਨੂੰ ਪਿੰਡ ਭਾਅ ਗਿਆ ਸੀ ਸ਼ਾਇਦ ਇਸ ਕਰਕੇ ਕਿ ਪਿੰਡ ਦਾ ਮਾਹੌਲ ਚੰਗਾ ਸੀ ,ਪਿੰਡ ਦੇ ਲੋਕ ਦਿਆਲੂ ਸਨ ਕਿਸੇ ਵੀ ਅਜਿਹੇ ਬੱਚੇ ਵਾਸਦੇ ਸੁਰੱਖਿਅਤ ਜਗ੍ਹਾ ਂਜੋ ਇਕੱਲਤਾ ਦੇ ਭਾਵ ਨਾਲ ਡਰਿਆ ਹੋਵੇ । ਸਕਲੋਂ ਬਹੁਤ ਸਾਧਾਰਨ ,ਥੋੜੇ ਉੱਚੇ ਦੰਦ ,ਤੇ ਮਰੀਅਲ ਜਿਹਾ ਸਰੀਰ ,ਪੱਕਾ ਰੰਗ । ਵਿਹਲੇ ਸਮੇਂ ਉਹ ਮੰਦਰ ਤੇ ਹੁੰਦਾ ।ਬਾਬਾ ਜੀ ਗੱਦੀ ਤੇ ਚਿਲਮ ਚੱਲਦੀ ਹੁੰਦੀ ਤੇ ਉਹ ਬੜੀ ਖੁਸ਼ੀ ਖੁਸ਼ੀ ਚਿਲਮ ਭਰਦਾ ,ਸਭ ਨੂੰ ਕਸ਼ ਲਈ ਦਿੰਦਾ ਮੈਨੂੰ ਲੱਗਦਾ ਹੈ ਜਲੰਧਰ ਦੇ ਰੌਣਕ ਮੇਲੇ ਵਿਚ ਉਸ ਦੇ ਇਕਲਤਾ ਦੇ ਭਾਵ ਆਰਾਮ ਮਿਲ ਜਾਂਦਾ ਸੀ ਇਸੇ ਕਰ ਕੇ ਉਹ ਇਥੇ ਬੜ੍ਹਾ ਦਿਲ ਲਾ ਕੇ ਕੰਮ ਕਰਦਾ। ਮੰਦਰ ਤੇ ਜ਼ਿਆਦਾ ਉੱਠਣ-ਬਠਣ ਕਰਕੇ ਉਸਦਾ ਮਾਲਿਕ ਜਲਦੀ ਹੀ ਉਸ ਤੋਂ ਅੱਕ ਗਿਆ ਸੀ ।
ਉਹ ਬਹੁਤਾ ਮਿਹਨਤੀ ਸੀ ਵੀ ਨਹੀਂ । ਉਹਨੂੰ ਹੁਣ ਕੰਮ ਨਹੀਂ ਚੰਗਾ ਲੱਗਦਾ ।ਉਹ ਸਵੇਰ ਸ਼ਾਮ ਮੰਦਰ ਤੇ ਹੀ ਸੇਵਾ ਕਰਦਾ ਰਹਿੰਦਾ ,ਓਹਦਾ ਦਿਲ ਮੰਦਰ ਤੇ ਬਹੁਤਾ ਲੱਗਦਾ ਸੀ ।ਮੰਦਰ ਤੇ ਹੀ ਜਿਆਦਾ ਸਮਾਂ ਬਿਤਾਉਣਾ ਇਸ ਦੀ ਕੀਮਤ ਉਸਨੂੰ ਨੌਕਰੀ ਤੋਂ ਹਟਣ ਦੇ ਰੂਪ ਵਿੱਚ ਚੁਕਾਉਣੀ ਪਈ ਪਰ ਇਸ ਗੱਲ ਦਾ ਉਹਨੂੰ ਬਹੁਤ ਫਿਕਰ ਨਹੀਂ ਸੀ ਕੀਤਾ।
ਮੰਦਰ ਤੇ ਬਾਬਾ ਜੀ ਕੋਲ ਰੌਣਕਾਂ ਰਹਿੰਦੀਆਂ ਸਨ ,ਖਾਣਾ ਚਾਹ, ਚਿਲਮ ,ਬੈਠਕਾਂ ਚੱਲਦੀਆਂ ਰਹਿੰਦੀਆਂ ਸਨ । ਉਂਂਥੇ ਨਵੇਂ ਪੁਰਾਣੇ ,ਅਮੀਰ ਗਰੀਬ ਦਾ ਫਰਕ ਨਹੀਂ ਸੀ ।ਖਾਣੇ ਪੀਣੇ ਦੀ ਕੋਈ ਚਿੰਤਾਂ ਨਹੀਂ ਸੀ । ਇਕੱਲਤਾ ਦਾ ਖਲਾਅ ਥੋੜਾ ਭਰ ਗਿਆ ਸੀ ,
ਫਿਰ ਉਹ ਕਦੀਂ ਕਦਾਂਈ ਦਿਹਾੜੀ ਤੇ ਚਲਾ ਜਾਂਦਾ ਨਹੀਂ ਤਾਂ ਬਾਕੀ ਸਮਾਂ ਮੰਦਰ ਤੇ ਹੀ ਬੀਤਦਾ ਸੀ ।
ਓਹਨੂੰ ਸਮਝਣਾ ਔਖਾ ਸੀ । ਕੰਮ ਉਹ ਕਰਨਾ ਨਹੀਂ ਸੀ ਚਾਹੁੰਦਾ ਪਰ ਉਸ ਦੇ ਖੁਵਾਬ ਬਹੁਤ ਸਨ । ਉਹ ਘਰ ਵਸਾਉਣ ਦੀ ਵੀ ਸੋਚਦਾ ਸੀ ,ਪਿੰਡ ਚ'ਘਰ ਜੋਗੀ ਥਾਂ ਵੀ ਲੈਣੀ ਚਾਹੁੰਦਾ ਸੀ ।ਉਦੋਂ ਉਸਨੂੰ ਹਿੰਦੀ ਹੀ ਬੋਲਣੀ ਆਉਂਦੀ ਸੀ ,ਬਾਅਦ ਵਿੱਚ ਉਸਦੀ ਭਾਸ਼ਾ ਮਿਲੀ ਜੁਲੀ ਹੋਣ ਲੱਗ ਪਈ ਸੀ ਜਿਸ ਤੇ ਮੰਦਰ ਤੇ ਬੋਲੀ ਜਾਣ ਵਾਲੀ ਖਾਸਅਧਿਆਤਮਿਕ ਪ੍ਰਭਾਵ ਵਾਲੀ ਬੋਲੀ ਦਾ ਵੀ ਅਸਰ ਹੁੰਦਾ ਸੀ ।ਕਈ ਨਵੇਂ ਅੱਖਰ ,ਨਵੀਂ ਸ਼ੇੱਲੀ ਜੋ ਸਾਨੂੰ ਚੰਗੀ ਲੱਗਦੀ ।
ਉਹ ਬਹੁਤ ਡਰਪੋਕ ਸੀ ਪਰ ਇਹ ਨਹੀਂ ਕਿ ਉਹ ਬਹੁਤ ਸਿੱਧਾ ਸਾਦਾ ਸੀ ।ਮੈਨੂੰ ਯਾਦ ਹੈ ਮੰਦਰ ਤੇ ਰਹਿੰਦਿਆਂ ਉਸ ਨੇ ਓਹੀ ਗਲਤੀ ਕਰ ਲਈ ਸੀ ,ਜਿਸ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਹੀ ਉਸ ਤੇ ਸ਼ੱਕ ਸੀ । ਗੱਲ ਥੋੜੇ ਜਿਹੇ ਪੈਸਿਆਂ ਦੀ ਹੀ ਸੀ ਪਰ ਸਜਾ ਵੱਡੀ ਮਿਲੀ ਸੀ ਉਹਨੂੰ ਇਸ ਚੋਰੀ ਦੀ ।
ਉਹਨੂੰ ਮੰਦਰ ਚੋਂ ਕੱਢ ਦਿੱਤਾ ਗਿਆ ਤੇ ਪਿੰਡ ਤੋਂ ਵੀ ......। ਇਹ ਮੇਰੇ ਅਨੁਸਾਰ ਉਸੇ ਤਰ੍ਹਾਂ ਸੀ ਜਿਵੇਂ ਕਿਸੇ ਯਤੀਮ ਬੱਚੇ ਨੂੰ ਗੋਦ ਲੈ ਲਵੇ ਤੇ ਫਿਰ ਬਾਅਦ ਵਿੱਚ ਇੱਕ ਮਾਮੂਲੀ ਗਲਤੀ ਬਦਲੇ ਉਸ ਨੂੰ ਬੇ ਸਹਾਰਾ ਇਕੱਲਾ ਛੱਡ ਦਿੱਤਾ ਜਾਵੇ ।
ਇਹ ਮੇਰੇ ਵੇਖਣ ਦਾ ਢੰਗ ਸੀ ਪਰ ਮੰਗਲ ਖੁਦ ਕਿਸੇ ਵਿਚਾਰਗੀ ਦੇ ਭਾਵ ਨਾਲ ਨਹੀਂ ਸੀ ਭਰਿਆ ਹੋਇਆ । ਉਹ ਪਿੰਡ ਵਾਲ਼ਿਆਂ ਦੇ ਰੋਹ ਤੋਂ ਡਰ ਗਿਆ ਸੀ ਪਰ ਉਹਨਾਂ ਨੂੰ ਨਫ਼ਰਤ ਵੀ ਕਰਨ ਲੱਗ ਪਿਆ ਸੀ ।
ਉਹ ਡਰਦਾ ਪਿੰਡੋ ਚਲਾ ਗਿਆ ਪਰ ਉਹ ਪਿੰਡ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਹੋਇਆ, ਇਹ ਸ਼ਾਇਦ ਉਸਦਾ ਪਿੰਡ ਨਾਲ ਪਿਆਰ ਸੀ ਜਿਸ ਪਿੰਡ ਨੇ ਇਕ ਬੇ ਸਹਾਰਾ ਯਤੀਮ ਨੂੰ ਆਪਣੇਪਣ ਦੇ ਅਹਿਸਾਸ ਨਾਲ ਭਰ ਦਿੱਤਾ ਸੀ ।
ਉਹ ਹੁਣ ਪਿੰਡ ਦੇ ਨਾਲ ਦੇ ਨਿਕਲਦੇ ਸੇਮਨਾਲੇ ਤੇ ਜਾ ਬੈਠਾ ਸੀ ।ਇੱਕ ਦੋ ਦਿਨ ਚ' ਓਹਨੇ ਕਾਨਿਆ ਦਾ ਛੱਪਰ ਪਾ ਲਿਆ ਸੀ, ਨਾਲ ਦੇ ਪਿੰਡੋ ਖਾਣ ਪੀਣ ਦਾ ਇੰਤਜਾਮ ਕਰ ਲਿਆ ਸੀ ਭਰ ਰਿਹਾ ਪਿੰਡ ਦੀ ਜੂਹ ਦੇ ਅੰਦਰ ਅੰਦਰ ਹੀ ।
ਹੋ ਸਕਦਾ ਹੈ ਦਿਹਾੜੀ ਜਾਂਦਾ ਵੀ ਜਾਂਦਾ ਹੋਵੇ । ਅਸੀਂ ਖੇਡਦੇ ਜਦੋਂ ਕਦੇ ਓਧਰ ਜਾਂਦੇ ਤਾਂ ਉਹ ਸਾਡੇ ਨਾਲ ਗੱਲਾ ਮਾਰਦਾ ਪਿੰਡ ਵਾਲਿਆਂ ਨੂੰ ਬੁਰਾ ਭਲਾ ਕਹਿੰਦਾ । ਸਾਨੂੰ ਚਾਹ ਪਿਆਉਂਦਾ ਉਹ ਕਈ ਵਾਰ ਉਹ ਗੱਲਾਂ ਕਰਦਾ ਜਿਹਨੂੰ ਅਸੀਂ ਗੰਦੀਆਂ ਗੱਲਾਂ ਕਹਿੰਦੇ ਹੁੰਦੇ ਸੀ ।
ਮੈਂ ਅਕਸਰ ਰਾਤ ਨੂੰ ਸੁੱਤੇ ਪਿਆਂ ਉਸਦੀ ਛੱਪਰੀ ,ਨੇਰ੍ਹੇ ਤੇ ਇਕੱਲੇਪਣ ਦਾ ਖਿਆਲ ਕਰਦਿਆਂ ਡਰ ਜਾਂਦਾ ਪਰ ਉਹ ਇਸ ਤਰ੍ਹਾਂ ਦਾ ਨਹੀਂ ਸੀ ।
ਉਸ ਨੇ ਪਿੰਡ ਨਾਲ ਮੋਹ ਤੇ ਹੱਕ ਜਤਾ ਦਿੱਤਾ ਸੀ ਤੇ ਸੇਮ ਨਾਲੇ ਦੇ ਇਕਾਂਤ ਚ ਹੱਠ ਯੋਗ ਆਰੰਭ ਕਰ ਦਿੱਤਾ ਸੀ ।
ਇਸ ਹਠ ਵਿਚ ਨਾ ਹਲੀਮੀ ਸੀ ,ਨਾ ਫਰਿਆਦ । ਸੀ ਤਾਂ ਸਿਰਫ਼ ਆਪਣੇ ਬਣਦੇ ਹੱਕ ਦੀ ਲਲਕਾਰ । ਏਸ ਲਲਕਾਰ ਵਿਚ ਪਿਆਰ ਪਿਆ ਹੋਇਆ ਸੀ ਪਰ ਇਹ ਕਈ ਪਰਤਾਂ ਦੇ ਓਹਲੇ ਸੀ ਨਜ਼ਰ ਆਉਣਾ ਮੁਸ਼ਕਲ ਸੀ, ਏਸ ਨੂੰ ਮਹਿਸੂਸ ਕਰਨ ਵਾਸਤੇ ਦਿਬ-ਦ੍ਰਿਸ਼ਟੀ ਦੀ ਲੋੜ ਸੀ ਜੋ ਸ਼ਾਇਦ ਪਿੰਡ ਵਿਚ ਕਿਸੇ ਕੋਲ ਨਹੀਂ ਸੀ,l
ਉਸਦੀ ਉਮਰ ਹੀ ਅਜਿਹੀ ਸੀ ਜਦੋਂ ਕਾਮਨਾਵਾਂ ਆਂਗੜਾਈਆਂ ਲੈਦੀਆਂ ਹਨ ਕੁਝ ਸਾਲਾਂ ਦੇ ਬੱਦਲ ਗਿਰ ਗਿਰ ਕੇ ਆਉਂਦੇ ਹਨ ਸੁਪਨਿਆਂ ਦੀ ਤਰਾਂ ।
ਛੱਪਰ ਚ' ਰਹਿੰਦਿਆਂ ਵੀ ਦਰਅਸਲ ਉਹ ਇੱਛਾਵਾਂ ਅਤੇ ਕਾਮਨਾਵਾਂ ਨਾਲ ਭਰਿਆ ਹੋਇਆ ਮੁੰਡਾ ਸੀ ,ਜਿਸ ਨੂੰ ਇੱਕ ਘਰ ਦੀ ਦਰਕਾਰ ਸੀ, ਕੋਠੇ ਦੀ ਨਹੀਂ ਉਸ ਘਰ ਦੀ ਜਿਸ ਵਿੱਚ ਰਹਿ ਕੇ ਉਹ ਦੁਨੀਆਂ ਦੇ ਬਰਾਬਰ ਹੋਣ ਦੇ ਅਹਿਸਾਸ ਨੂੰ ਮਾਣ ਸਕੇ । ਤੀਵੀਂ ਵੀ ਹੋਵੇ ,ਬੱਚੇ ਵੀ ਹੋਣ ਤੇ ਰਿਸਤੇਦਾਰ ਵੀ ।
ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ ।ਅੱਤਵਾਦ ਦੀਆਂ ਘਟਨਾਵਾਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਹੋਣ ਲੱਗੀਆਂ ਸਨ । ਸੇਮਨਾਲੇ ਦੀ ਝੋਪੜੀ ,ਜਿਸ ਨੂੰ ਉਸ ਨੇ ਉਦੋਂ ਤੱਕ ਮਿਹਨਤ ਨਾਲ ਓਸ ਹੱਦ ਤਕ ਪੱਕਾ ਵੀ ਕਰ ਲਿਆ ਸੀ , ਤੋਂ ਮੰਗਲ ਨੂੰ ਫਿਰ ਮੰਦਰ ਤੇ ਲਿਆਦਾਂ ਗਿਆ । ਕਾਰਨ ਦੋ ਸਨ ਇੱਕ ਤਾਂ ਇਹ ਕਿ ਕੋਈ ਉਸਨੂੰ ਹੀ ਮਾਰ ਨਾ ਜਾਵੇ, ਦੂਜਾ ਇਹ ਵੀ ਸੀ ਕਿ ਮੰਦਰ ਤੇ ਕੋਈ ਨਹੀਂ ਸੀ ।ਹਾਲਾਤਾਂ ਨੂੰ ਭਾਂਪਦਿਆਂ ਵੱਡੇ ਬਾਬਾ ਜੀ ਹਰਦੁਆਰ ਚਲੇ ਗਏ ਸਨ ।
ਮੰਦਰ ਚ' ਰਹਿਣਾ ਖਤਰੇ ਤੋਂ ਖਾਲੀ ਨਹੀ ਸੀ ।
ਮੰਗਲ ਫਿਰ ਮੰਦਰ ਤੇ ਆ ਗਿਆ । ਪਤਾ ਨਹੀ ਪਿੰਡ ਦੀ ਜੂਹ ਵਿਚ ਇੱਕਲਤਾ ਨਾਲ ਹੰਢਾਏ ਦਿਨਾਂ ਨੂੰ ਕਿਵੇਂ ਯਾਦ ਕਰਦਾ ਹੋਵੇਗਾ l
ਮੰਦਰ ਚ' ਹੁਣ ਰੌਣਕ ਨਹੀਂ ਹੁੰਦੀ ਸੀ ।ਲੋਕ ਦਿਨ ਛਿਪਦੇ ਹੀ ਘਰਾਂ ਚ' ਵੜ ਜਾਂਦੇ ਸਨ ।
ਮੰਗਲ ਮੌਤ ਦੇ ਮੂੰਹ ਚ' ਬੈਠਾ ਸੀ, ।ਬਿਨਾਂ ਡਰ ,ਇੱਕ ਜਿੱਤ ਦੇ ਅਹਿਸਾਸ ਨਾਲ ,ਜਿੱਤ ਂਜੋ ਪਿੰਡ ਵਾਲਿਆਂ ਤੋਂ ਹਾਸਿਲ ਕੀਤੀ ਸੀ । ਹਾਲਾਤ ਬਹੁਤ ਮਾੜੇ ਸਨ ।
ਹਾਲਾਤ ਹੋਰ ਵਿਗੜੇ ਜਦੋਂ ਪਿੰਡ ਚ' ਹੀ ਹਮਲਾ ਹੋ ਗਿਆ ਤਾਂ ਪਿੰਡ ਦੇ ਬਹੁਤੇ ਘਰ ਪਿੰਡ ਛੱਡ ਗਏ ,ਅਸੀਂ ਵੀ ।
ਪਰ ਮੰਗਲ ਉੱਥੇ ਹੀ ਰਿਹਾ ਮੰਦਰ ਚ' । ਖਤਰੇ ਵਾਲੀ ਥਾਂ ਤੇ ਪਰ ਹੁਣ ਵੀ ਉੱਥੇ ਉਹ ਮਸਤ ਸੀ ।ਦਿਨੇ ਸੁੱਖਾ ਤੋੜਦਾ , ਸਕਾਉਂਦਾ ਫਿਰ ਚਿਲਮ ਭਰ ਲੈਂਦਾ ।
ਮਾੜਾ ਸਮਾਂ ਉਸਨੇ ਮੰਦਰ ਦੇ ਰਹਿ ਕੇ ਹੀ ਕੱਟਿਆ , ਸ਼ੁਕਰ ਇਹ ਹੋਇਆ ਕਿ ਉਸ ਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ।
ਸਮਾਂ ਬੀਤਿਆ।
ਹਲਾਤ ਬਦਲ ਰਹੇ ਸਨ l
ਕਾਫੀ ਅਰਸੇ ਬਾਦ ਇੱਕ ਵਾਰ ਮੈਂ ਪਿੰਡ ਗਿਆ ਤਾਂ ਹੈਰਾਨ ਰਹਿ ਗਿਆ ।
ਮੰਦਰ ਤੇ ਫਿਰ ਰੌਣਕ ਸੀ । ਵੱਡੇ ਬਾਬਾ ਜੀ ਆ ਗਏ ਸਨ ,ਮੰਗਲ ਵੀ ਕੰਮਕਾਰ ਚ' ਰੁਝਿਆ ਤੁਹਾਡੇ ਬਾਬਾ ਜੀ ਦੇ ਆਉਣ ਤੋਂ ਬਾਅਦ ਉਹ ਉਹਨਾਂ ਦੇ ਸ਼ਿਸ਼ ਦੇ ਰੂਪ ਵਿੱਚ ਵਿਚਰ ਰਿਹਾ ਸੀ
ਹੁਣ ਉਸ ਨੇ ਗੇਰੂਏ ਕਪੜੇ ਪਾ ਲਏ ਸਨ । ਉਹ ਮੇਰੇ ਕੋਲ ਆਇਆ ਤਾਂ ਪਤਾ ਲੱਗਿਆ ਉਹਦੀ ਬੋਲੀ ਵੀ ਸਾਧਾਂ ਵਾਲੀ ਹੋ ਗਈ ਸੀ ।
ਓਹਨੇ ਰੱਬ ਦੇ ਘਰੇ ਖੜ੍ਹ ਕੇ ਹੀ ਮੇਰੇ ਨਾਲ ਰੱਬ ਤੇ ਦੁਨੀਆ ਦੇ ਉਲਾਂਭੇ ਸਾਂਝੇ ਕੀਤੇ ਸਨ
। ਉਮਰ ਨਿੱਕਲਣ ਦਾ ਫਿਕਰ ਸੀ ਓਹਨੂੰ ਪਰ ਉਸਨੇ ਹਾਲੇ ਵੀ ਉਮੀਦ ਨਹੀਂ ਸੀ ਛੱਡੀ ।
ਬੂਟਿਆਂ ਨੂੰ ਪਾਣੀ ਪਾਉਂਦਾ ਉਹ ਕਹਿ ਰਿਹਾ ਸੀ ,'' ਰਾਜੂ ਭਾਈ ਮਾੜੇ ਦਿਨਾਂ ਮੇਂ ਵੀ ਸੇਵਾ ਕੀਤੀ ਐ.......ਕੋਈ ਯਹਾਂ ਨਹੀਂ ਆਤਾ ਥਾ ਡਰਤਾ.......ਪਰ ਮਿਲਿਆ ਕਿਆ ,ਅਬ ਜਿੰਦਗੀ ਨਿਕਲ ਗਈ.........ਕਿਤੇ ਇੱਥੇ ਂਜੋਗਾ ਨਾ ਰਹਿ ਜਾਊ.........
ਓਹਦੇ ਲਫਜਾਂ ਚ' ਡਰ ਸੀ ,ਇੱਕ ਚਿੰਤਾਂ
ਉਸ ਦੇ ਇਸ ਵਿਰੋਧਾਭਾਸ ਨੇ ਮੈਨੂੰ ਚੌਕਾ ਦਿੱਤਾ ਸੀ । ਬਾਬਾ ਜੀ ਪ੍ਰਤੀ ਵੀ ਉਸ ਤੇ ਖਿਆਲ ਬਹੁਤੇ ਚੰਗੇ ਨਹੀਂ ਸਨ ।
ਉਹਨਾਂ ਕੋਲ ਸੁੱਖਾਂ ਸੁਖਣ ਵਾਲਿਆ ਤੇ ਹੱਸਦਾ ਪਿਆ ਸੀ ।
''ਇਹਨਾਂ ਕੋਲ ਕਿਆ ਹੈ ਇਹ ਤਾਂ ਆਪ ਘਰੋਂ ਭੱਜ ਕੇ ਆਇਆ ਹੈ ....'ਓਹਦੇ ਚਿਹਰੇ ਉੱਤੇ ਘ੍ਰਿਣਾ ਦੇ ਭਾਵ ਸਨ ।ਮੇਰੇ ਹੱਥ ਵਿੱਚ ਮੋਬਾਇਲ ਦੇਖ ਕੇ ਓਹਨੇ ਮੇਰਾ ਨੰਬਰ ਆਪਣੀ ਡਾਇਰੀ ਵਿੱਚ ਲਿਖਵਾ ਕੇ ਡਾਇਰੀ ਜੇਬ ਵਿੱਚ ਪਾ ਲਈ ਸੀ । ਇੱਕ ਵਾਰ ਉਸਦਾ ਫੋਨ ਵੀ ਆਇਆ ਸੀ ਬਹੁਤੀਆਂ ਗੱਲਾਂ ਨਹੀਂ ਸਨ ਹੋਈਆਂ ,ਮੈਂ ਕਰਨੀਆਂ ਵੀ ਨਹੀਂ ਸੀ ਚਾਹੁੰਦਾ ਮੇਰੀ ਓਹਦੇ ਵਿੱਚ ਕੋਈ ਜਿਆਦਾ ਦਿਲਚਸਪੀ ਨਹੀਂ ਸੀ
ਉਦੋਂ ਹੀ ਸ਼ਾਇਦ ਮੈਂ ਕੰਧ ਉੱਤੇ ਇਹ ਨੰਬਰ ਲਿਖਿਆ ਸੀ
ਮਾਂ ਬੜੇ ਦਿਨਾਂ ਤੋਂ ਕਹਿ ਰਹੀ ਸੀ ਕਿ ਪਿੰਡ ਮੰਦਰ ਤੇ ਸੁੱਖ ਲਾਹ ਕੇ ਆਉਣੀ ਹੈ ,ਮੱਥਾ ਟੇਕਣ ਜਾਵਾਂਗੇ । ਮੈਂ ਨੰਬਰ ਲਿਖ ਲਿਆ ਹੋਣੈ ਤਾਂ ਕਿ ਕਦੇ ਜਾਣਾ ਹੋਵੇ ਤਾਂ ਗੱਲ ਕਰ ਲਵਾਂਗੇ ।
ਕੰਧ ਤੇ ਲਿਖੇ ਫੋਨ ਨੰਬਰ ਨੇ ਮੈੱਨੂੰ ਉਲਝਣ ਵਿੱਚ ਪਾ ਦਿੱਤਾ ਸੀ ।ਮੰਗਲ ਹੁਣ ਬਾਬਾ ਹੈ"ਬਾਬਾ ਰੱਬ ਜੀ "।ਓਹਦੇ ਅੰਦਰ ਇਹੋ ਜਿਹਾ ਕੁੱਝ ਵੀ ਨਹੀਂ ਸੀ ਜਿਸਨੂੰ ਮੇਰਾ ਮਨ ਕੋਈ ਰੁਹਾਨੀ ਗੁਣ ਮੰਨਦਾ ਹੋਵੇ । ਮੇਰੇ ਲਈ ਤਾਂ ਉਹ ਅਜਿਹਾ ਇੱਕ ਇਨਸਾਨ ਸੀ ਜਿਸ ਦੀਆਂ ਬਹੁਤੀਆਂ ਕਾਮਨਾਵਾਂ ,ਖੁਆਹਿਸaਾਂ ਪੂਰੀਆਂ ਨਹੀਂ ਸਨ ਹੋਈਆਂ ।
ਹੁਣ ਮੈਂ ਖਾਸ ਤੌਰ ਤੇ ਪਿੰਡ ਜਾਣਾ ਚਾਹੁੰਦਾ ਸੀ ।
ਇਹ ਦੇਖਣ ਲਈ ਕਿ ਮੰਗਲ ਤੋਂ ਰੱਖ ਜੀ ਬਣਿਆ ਇੱਕ ਸਾਧਾਰਨ ਮਨੁੱਖ ਕਿਵੇਂ ਵਿਚਰਦਾ ਹੈ ,ਓਹਦੇ ਵਿੱਚ ਕੀ ਕੁੱਝ ਬਦਲਿਆਂ ਹੈ ?
ਹਫਤੇ ਬਾਅਦ ਇਹ ਸਬੱਬ ਬਣਿਆ । ਗਰਮੀਆਂ ਦੀ ਦੁਪਹਿਰ ਸੀ ।ਮੰਦਰ ਵਿੱਚ ਸ਼ਾਂਤੀ ਸੀ । ਦਰਖਤਾਂ ਦੇ ਝੁੰਡ ਹੋਣ ਕਰਦੇ ਥੋੜੀ ਠੰਡਕ ਵੀ ।ਮੈਂ ਮੰਦਰ ਤੇ ਮੱਥਾ ਟੇਕਿਆ ਥੋੜਾ ਹੈਰਾਨ ਸਾਂ ਕਿ ਮੰਦਰ ਵਿੱਚ ਉਨੀ ਚਹਿਲ ਪਹਿਲ ਨਹੀਂ ਸੀ ਤੇ ਮੇਰੇ ਲਈ ਇਹ ਠੀਕ ਵੀ ਸੀ ।
ਜੇ ਪਿੰਡ ਵਾਲਿਆਂ ਨੂੰ ਮਿਲਣ ਲੱਗ ਜਾਵਾਂ ਤਾਂ ਪੂਰਾ ਦਿਨ ਨਿੱਕਲ ਜਾਂਦਾ ਹੈ ।ਥੋੜੀ ਦੂਰ ਧੂਣੇ ਤੇ ਬੈਠੇ ਮੰਗਲ ਨੂੰ ਮੈਂ ਦੇਖ ਲਿਆ ਸੀ । ਉਹ ਪੀੜੀ੍ ਤੇ ਬੈਠਾ ਸੀ ਤੇ ਉਸਦੇ ਸਾਹਮਣੇ ਇੱਕ ਮੁੰਡਾ ਤੇ ਇੱਕ ਔਰਤ ਬੈਠੇ ਸਨ । ਮੰਗਲ ਮੈਨੂੰ ਦੇਖ ਕੇ ਮੁਸਕਰਾਇਆ ।ਅੱਜ ਉਸਨੇ ਹੱਥ ਜੋੜ ਕੇ ਨਮਸਕਾਰ ਨਹੀਂ ਕੀਤੀ ਸੀ ਬਲਕਿ ਮੇਰੇ ਮੋਢੇ ਤੇ ਹੱਥ ਧਰਿਆ ਸੀ ।
ਸਾਇਦ ਮੇਰੇ ਲਈ ਇਹ ਇਸ਼ਾਰਾ ਸੀ ਕਿ ਮੈਂ ਮਰਿਆਦਾ ਦਾ ਧਿਆਨ ਰੱਖਾਂ ,ਮੇਰੇ ਸਾਹਮਣੇ ਮੰਗਲ ਨਹੀਂ ਸੀ ਬਲਕਿ ਬਾਬਾ ਰੱਬ ਜੀ ਸਨ ।
ਮੈਂ ਮੰਜੇ ਤੇ ਬੈਠ ਗਿਆ । ਉਹ ਉਹਨਾਂ ਨੂੰ ਬੇਫਿਕਰ ਹੋਣ ਦੀ ਗੱਲ ਕਰ ਰਿਹਾ ਸੀ । ਗੱਲਾਂ ਬਾਤਾਂ ਵਿੱਚੋਂ ਮੈਂ ਅੰਦਾਜਾਂ ਲਾਇਆ ਉਹ ਮਾਂ ਪੁੱਤ ਵਿਆਹ ਦੀ ਸਮੱਸਿਆ ਲੈ ਕੇ ਆਏ ਹੋਏ ਸੀ । ਮੰਜੇ ਤੇ ਬੈਠਾ ਮੈਂ ਸੋਚਦਾ ਰਿਹਾ ਅਜੀਬ ਸਥਿਤੀ ਹੈ । ਮੰਗਲ ਤਾਂ ਆਪ ਸਾਰੀ ਉਮਰ ਵਿਆਹ ਨਾ ਹੋਣ ਦੇ ਦੁੱਖ ਨੂੰ ਰੋਂਦਾ ਰਿਹਾ ਹੈ ।ਹੁਣ ਉਹ ਆਪ ਲੋਕਾਂ ਨੂੰ ਵਿਆਹ ਦਾ ਵਰ ਦੇ ਰਿਹਾ ਹੈ ।
ਉਹ ਵਿਹਲਾ ਹੋ ਕੇ ਮੇਰੇ ਕੋਲ ਮੰਜੇ ਦੀ ਦਾਉਣ ਤੇ ਆ ਬੈਠਾ ।ਉਹ ਅੱਗੇ ਨਾਲੋਂ ਸਾਫ ਸੁਥਰਾ ਸੀ ਪਰ ਉਸ ਦੀਆਂ ਅੱਖਾਂ ਗਹਿਰੀਆਂ ਸਨ ,ਇਹਨਾਂ ਚ' ਚਮਕ ਨਹੀਂ ਸੀ ,ਉਦਾਸੀ ਸੀ ।ਓਹਨੇ ਸਭ ਦਾ ਹਾਲ-ਚਾਲ ਪੁੱਛਿਆ ਬਚਪਣ ਦੀਆਂ ਗੱਲਾਂ ਕੀਤੀਆਂ । ਪਿੰਡ ਚ' ਇੱਕ-ਦੋ ਲੋਕਾਂ ਦੇ ਮਰਨ ਦੀ ਗੱਲ ਦੱਸੀ । ਉਹ ਅੱਗੇ ਨਾਲੋਂ ਬਹੁਤ ਸਿਆਣਪ ਨਾਲ ਗੱਲਾਂ ਕਰਦਾ ਰਿਹਾ ,ਉਸ ਦੇ ਹਾਵ ਭਾਵ ਵਿੱਚ ਅਪਣੱਤ ਸੀ ,ਬਚਪਣ ਦੀ ਦੋਸਤੀ ਦੇ ਨਿੱਘ ਦਾ ਅਹਿਸਾਸ ।
ਮੈਂ ਥੋੜਾ ਹੈਰਾਨ ਹੋ ਗਿਆ ਸਾਂ ।
ਮੈਂ ਕਿਸੇ ਬਦਲੇ ਹੋਏ ਮਨੁੱਖ ਨੂੰ ਦੇਖਣ ਆਇਆ ਸੀ ,ਕਿਸੇ ਅਚੰਭੇ ਨੂੰ ਮਹਿਸੂਸ ਕਰਨ ਦੀ ਇੱਛਾ ਲੈ ਕੇ ਆਇਆ ਸੀ ਪਰ ਮੰਗਲ ਵਿੱਚ ਪਹਿਲਾਂ ਨਾਲੋਂ ਵੀ ਵੱਧ ਹਲੀਮੀ ਸੀ ,ਸਿਆਣਪ ਵੀ ।
ਉਹ ਚਾਹ ਬਣਾ ਲਿਆਇਆ ਸੀ ,ਚਾਹ ਦਾ ਗਿਲਾਸ ਰੱਖਦਿਆਂ ,ਉਹ ਮੇਰੇ ਨੇੜੇ ਹੋ ਕੇ ਬਹਿ ਗਿਆ । ਆਸੇ-ਪਾਸੇ ਦੇਖਿਆ ਤੇ ਇਸ ਤਰ੍ਹਾਂ ਹੋਲੀ-ਹੌਲੀ ਬੋਲਣ ਲੱਗਿਆਂ ਜਿਵੇਂ ਕੋਈ ਰਾਜ ਦੀ ਗੱਲ ਕਹਿਣ ਲੱਗਿਆ ਹੋਵੇ ,''ਰਾਜੂ.......ਭਾਈ......ਕਦੇ ਕਦੇ ਦਿਲ ਕਰਦਾ ਹੈ ਕਿ ਇੱਥੋਂ ਭੱਜ ਜਾਵਾਂ ,ਕਿਸੇ ਸਹਿਰ ਵਿੱਚ ਜਾ ਕੇ ਜੇਬ ਕਤਰਾ ਬਣ ਜਾਵਾਂ ,ਚੋਰ ਬਣ ਜਾਵਾਂ, ਆਮ ਬੰਦਿਆਂ ਵਾਂਗੂੰ ਖਾਵਾਂ ਪੀਵਾਂ ।ਮੈਨੂੰ ਬੜੀ ਟੈਨਸਨ ਹੁੰਦੀ ਹੈ ਜਦੋਂ ਲੋਕ ਮੈਨੂੰ ਰੱਬ ਜੀ ਕਹਿ ਕੇ ਮੱਥਾ ਟੇਕਦੇ ਹਨ........ਜਿਸ ਦੀ ਕੋਈ ਇੱਛਾ ਪੂਰੀ ਨਹੀਂ ਹੋਈ ਲੋਕ ਉਸ ਕੋਲੋ ਓਹੀ ਮੰਗਣ ਆਉਦੇ ਨੇ ਂਜੋ ਉਸਨੂੰ ਵੀ ਨਹੀਂ ਮਿਲੀਆਂ..........।''
ਮੇਰੀਆਂ ਅੱਖਾਂ ਸਿਮ ਆਈਆਂ ਸਨ ,ਮੈਂ ਓਹਦੇ ਵੱਲ ਦੇਖ ਨਹੀਂ ਸੀ ਪਾ ਰਿਹਾ ।ਬੜੀ ਮੁਸਕਿਲ ਨਾਲ ਉਸਦੇ ਚਿਹਰੇ ਵੱਲ ਦੇਖਿਆ , । ਇਹ ਮੰਗਲ ਨਹੀਂ ਸੀ ਇਹ ''ਰੱਬ ਜੀ'' ਸੀ ਜਿਸ ਦੇ ਪ੍ਰਭਾਵ ਨੂੰ ਮੈਂ ਸਹਿ ਨਹੀਂ ਸੀ ਪਾ ਰਿਹਾ , । ਉਸ ਦੇ ਅੰਦਰ ਦਾ ਸਚ ਸੁਨ ਕੇ ਮੇਰਾ ਮਨ ਭਰ ਆਇਆ ।
ਹੁਣ ਮੈਂ ਉਸ ਨੂੰ ਰੱਬ ਜੀ ਮੰਨ ਲੈਣਾ ਚਹੁੰਦਾ ਸੀ ,ਆਪਨੇ ਬਹੁਤ ਛੋਟੇ ਹੋਣ ਨੂੰ ਤਸਲੀਮ ਕਰ ਲੈਣਾ ਚਾਹੁੰਦਾ ਸੀ ਤੇ ਉਹ ਕਹਿ ਰਿਹਾ ਸੀ ਉਹ ਰੱਬ ਜੀ ਤੋਂ ਸਧਾਰਨ ਇਨਸਾਨ ਹੋਣਾ ਲੋਚਦਾ ਹੈ ,ਲੋਕਾਂ ਦੇ ਬਣਾਏ ਰੱਬ ਜੀ ਦੇ ਖ਼ਾਸੇ ਚ ਉਸ ਦਾ ਦਮ ਘੁਟ ਰਿਹਾ ਹੈ ।
ਮੇਰੇ ਸਾਹਮਣੇ ਉਹ ਮੰਗਲ ਨਹੀਂ ਸੀ ਜਿਸ ਨੂੰ ਮੈਂ ਜਾਣਦਾ ਸੀ ਆਇਆ ਸੀ ਜਿਸ ਨੂੰ ਦੇਖਣਾ ਚਾਹੁੰਦਾ ਸੀ l
ਉਹ ਕੋਈ ਹੋਰ ਹੀ ਸੀ ਕੁਝ ਹੋਰ। ਅਣਕਿਆਸਿਆ ।
ਮੈਂ ਕਾਰ ਵਿੱਚ ਬੈਠ ਗਿਆ ,ਵਾਪਿਸ ਵੀ ਆ ਗਿਆ । ਮੈਨੂੰ ਕੁੱਝ ਨਹੀਂ ਸੀ ਪਤਾ ਲੱਗਿਆ ਕਿ ਕਦੋਂ ਮੈਂ ਵਾਪਿਸ ਘਰੇ ਪਹੁੰਚ ਗਿਆ ਸੀ ।
ਪਤਾ ਨਹੀ ਹੁਣ ਮੈਨੂੰ ਇਹ ਯਕੀਨ ਕਿਓਂ ਹੈ ਕਿ ਉਸ ਦੇ ਬੋਲ ਸਚ ਹੋ ਜਾਂਦੇ ਹੋਣਗੇ, ਉਸ ਦਾ ਅਸ਼ੀਰਵਾਦ ਕੰਮ ਕਰ ਜਾਂਦਾ ਹੋਵੇਗਾ ।
ਉਹਦੀ ਅਰਦਾਸ ਕਬੂਲ ਹੋ ਜਾਂਦੀ ਹੋਣੀ ਹੈ ।
ਤਰਸੇਮ ਬਸ਼ਰ
,9814163071