ਪਿੰਜਰ , ਰਜ਼ੀਆ ਸੁਲਤਾਨ , ਤੇ ਮੌੜ (2023) - ਤਰਸੇਮ ਬਸ਼ਰ

ਹੋਰ ਵੀ ਅਨੇਕਾਂ ਨੇ , ਪਰ ਮੈਂ "ਮੌੜ' ਫਿਲਮ ਦੀ ਸਮੀਖਿਆ ਕਰਦਿਆਂ ਦੋ ਫ਼ਿਲਮਾਂ ਦਾ ਸੰਦਰਭ ਹੀ ਲਿਖਾਂਗਾ । ਇੱਕ ਸੀ  ਚੰਦਰ ਪਰਕਾਸ਼   ਨਿਰਦੇਸ਼ਿਤ ਪਿੰਜਰ ਅਤੇ ਦੂਜੀ ਫਿਲਮ ਸੀ ਕਮਾਲ ਅਮਰੋਹੀ ਦੀ  ਚਰਚਿਤ ਫਿਲਮ ਰਜ਼ੀਆ ਸੁਲਤਾਨ ।
           ਪਿੰਜਰ , ਅੰਮ੍ਰਿਤਾ ਪ੍ਰੀਤਮ ਦੀ 1947 ਦੀ ਵੰਡ ਦੇ ਦੁਖਾਂਤ ਨਾਲ ਜੁੜੀ ਕਹਾਣੀ ਤੇ ਆਧਾਰਿਤ ਸੀ । ਪਿੰਜਰ ,ਮੈਂ ਇਸ ਲਈ ਦੇਖਣੀ ਸੀ ਕਿ ਇਹ  ਉਹਨਾਂ ਫ਼ਿਲਮਾਂ ਦੀ ਸੂਚੀ ਚ ਸ਼ਾਮਿਲ ਸੀ ,  ਜਿਹਨਾਂ ਦੀ ਮੈਂ ਚਰਚਾ ਇਸ ਲਈ ਕਰਦਾ ਰਿਹਾਂ ਹਾਂ ਜੋ ਸਾਹਤਿਕ ਕਹਾਣੀਆਂ ਤੇ ਆਧਾਰਿਤ ਹਨ ,
              ਤੇ ਰਜ਼ੀਆ ਸੁਲਤਾਨ ਦੇਖਣੀ ਮੇਰੀ  ਨਿੱਜੀ ਪਸੰਦ ਸੀ । ਮੈਂ ਪਾਕੀਜ਼ਾ ਵਰਗੀ ਫਿਲਮ ਬਣਾਉਣ ਵਾਲੇ ਕਮਾਲ ਸਾਹਿਬ ਦੀ ਅਗਲੀ ਕਿਰਤ ਦੇਖਣਾ ਚਾਹੁੰਦਾ ਸੀ ।
      ਖ਼ੈਰ , ਮੈਂ ਇਹ ਦੋਵੇਂ ਫ਼ਿਲਮਾਂ ਲਾਈਆਂ, ਪਰ ਅਧ ਵਿਚਕਾਰ ਛੱਡ ਦਿੱਤੀਆਂ । ਪਿੰਜਰ ਵੀ ਪੁਰਾਣੇ ਸਮੇਂ ਦੀ ਕਹਾਣੀ ਤੇ ਬਣੀ ਸੀ , ਤੇ ਬੇਸ਼ਕ "ਚੰਦਰ ਪਰਕਾਸ਼ "ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਵਾਪਿਸ  ਲੈ ਜਾਣ  ਵਿਚ ਅਸਫਲ ਰਹੇ ਸਨ ।  ਮਨੋਜ ਵਾਜਪਾਈ ਵੰਡ ਦੇ ਦੁਖਾਂਤ ਦੌਰਾਨ ਮਾਨਸਿਕ ਵਖਰੇਵੇਂ ਦੇ ਸ਼ਿਕਾਰ ਪੰਜਾਬੀ ਨੋਜਵਾਨ ਦੇ ਕਿਰਦਾਰ ਚ ਸਨ । ਉਹਨਾਂ ਉਹਨਾਂ ਦੀ ਦਿੱਖ ਅਤੇ ਬੋਲੀ ਤੋਂ ਉਹ ਪੰਜਾਬੀ ਨੌਜਵਾਨ ਨਜਰ ਆਉਣ ਚ ਅਸਫਲ ਸਨ  , ਉਹਨਾਂ ਦੀ ਭਾਸ਼ਾ ਚ ਬਿਹਾਰੀ ਭਾਸ਼ਾ ਦੀ ਪੁੱਠ ਤੋਂ ਉਹ ਨਹੀਂ ਬਚ ਸਕੇ ਸਨ ।  ਤੱਤਕਾਲੀਨ ਸਮੇਂ ਨੂੰ ਦਿਖਾਉਣ ਲਈ ਬਣਾਏ ਗਏ ਸੈੱਟ ਵੀ" ਨਵੇਂ "ਬਣੇ ਹੋਏ ਪ੍ਰਤੀਤ ਹੁੰਦੇ ਸਨ । ਚਾਦਰੇ ਕੁੜਤੇ ,ਪਗ਼ਾਂ ਸਭ ਕੁਝ ਇਸੇ ਤਰ੍ਹਾਂ ਲਗਦਾ ਸੀ ਪੁਰਾਣੇ ਸਮਿਆਂ ਦਾ ਇਹ ਲਿਬਾਸ ਨਵਾਂ ਨਵਾਂ ਲਿਆਂਦਾ ਹੈ ਤੇ ਸਿੱਧਾ ਕਲਾਕਾਰਾਂ ਨੂੰ ਦੇ ਦਿੱਤਾ ਗਿਆ ਹੈ ਲਿਸ਼ਕਦਾ ਪੁਸ਼ਕਦਾ ਹੋਇਆ ।  ਨਿਰਦੇਸ਼ਕ ਸਿਰਫ ਕਹਾਣੀ ਤੇ ਨਿਰਭਰ ਸੀ, ਇਸ ਨੇ ਪੁਰਾਣਾ ਸਮਾਂ ਪਰਦੇ ਤੇ ਚਿੱਤਰਨ ਤੇ , ਅਤੇ ਕਿਰਦਾਰਾਂ ਨੂੰ  ਮੂਲਕ ਪ੍ਰਕਿਰਤੀ ਚ ਫ਼ਿਲਮਾਉਣ ਤੇ ਜਿਆਦਾ ਤੱਵਜੋ ਨਹੀਂ ਸੀ ਦਿੱਤੀ ।  
          ਫਿਲਮ ਲੋਕਾਂ ਨੂੰ ਆਪਣੇ ਨਾਲ ਤੋਰਨ ਚ ਅਸਫਲ ਰਹੀ , ਰਹਿਣੀ ਹੀ ਸੀ ।
      ਸਿਰਫ ਕਹਾਣੀ ਤੇ ਨਿਰਭਰਤਾ ਪਿੰਜਰ ਦੀ ਅਸਫਲਤਾ  ਦਾ ਕਾਰਨ ਸੀ ਤਾਂ ਮੌੜ ਦੇ ਨਿਰਦੇਸ਼ਕ ਜਤਿੰਦਰ ਮੌਹਰ ਅੱਗੇ ਇਹ ਚੁਣੋਤੀ ਸੀ  ਮੌੜ ਦੀ ਕਹਾਣੀ ਪੰਜਾਬ ਚ ਬੱਚੇ ਬੱਚੇ ਨੇ ਸੁਣੀ ਹੋਈ ਹੈ ,  ਫਿਲਮ ਵੀ ਬਣ ਚੁੱਕੀ ਸੀ , ਸਫਲ ਵੀ ਹੋਈ ਸੀ, ਫਿਰ ਦਰਸ਼ਕ ਇਹ ਫਿਲਮ ਦੇਖਣ ਲਈ ਪੈਸੇ ਕਿਉਂ ਲਾਉਣਗੇ? ਉਹ ਵੀ ਉਹਨਾਂ ਸਮਿਆਂ ਚ ਜਦੋਂ ਸਿਨਮਾ ਜਾਣ ਦਾ ਰੁਝਾਨ ਘਟਿਆ ਹੈ ।
      ਕਮਾਲ ਅਮਰੋਹੀ , ਪਾਕੀਜ਼ਾ ਵਰਗਾ" ਕਮਾਲ " ਦਿਖਾ ਚੁੱਕੇ ਸਨ , ਪਾਕੀਜ਼ਾ ਲਈ ਉਹਨਾਂ ਨੇ ਆਪਣਾ ਸਭ ਕੁਝ ਝੋਕ ਦਿੱਤਾ ਸੀ , 12 ਤੋਂ 15 ਸਾਲ ਲੇਖੇ ਲਾ ਦਿੱਤੇ ਸਨ । ਛੋਟੀ ਛੋਟੀ ਗੱਲ ਤੇ , ਕਸਟਿਊਮ, ਭਾਸ਼ਾ ,ਦਿੱਖ ਤੇ  ਬਾਰੀਕੀ ਨਾਲ ਕੰਮ ਕੀਤਾ ਸੀ । ਕਿਹਾ ਜਾਂਦਾ ਹੈ ਕਿ  ਇੱਕ ਵਾਰ ਉਸ ਦ੍ਰਿਸ਼ ਤੇ ਕਈ ਦਿਨ ਲੱਗ ਗਏ ਸਨ ਜਿਸ ਵਿੱਚ ਮੁੱਖ ਤੌਰ ਤੇ ਮੀਨਾ ਕੁਮਾਰੀ ਨੇ ਮੁਜਰਾ ਕਰਨਾ ਸੀ ਤੇ  ਦੂਰ ਦਿਖਾਈ ਦੇ ਰਹੇ ਕੋਠੇ ਤੇ ਇੱਕ ਜੂਨੀਅਰ ਕਲਕਾਰ ਨੇ ਰਕਸ ਕਰਨਾ ਸੀ , ਪਰ ਉਸ ਦੇ  ਸਟੈਪ ਬੇਤਾਲੇ ਸਨ । ਸ਼ਾਇਦ ਹੀ ਕਿਸੇ ਦਾ ਧਿਆਨ ਉਥੇ ਜਾਂਦਾ , ਪਰ ਕਮਾਲ ਸਾਹਬ ਨੂੰ ਇਹ ਕਮੀ ਰੜਕਦੀ ਰਹੀ ਤੇ ਫਿਰ ਇੱਕ ਅਜਿਹੀ ਕਲਾਕਾਰ ਨੂੰ ਲਿਆਂਦਾ ਗਿਆ , ਜੋ ਮੁਜਰੇ ਚ  ਪਾਰੰਗਤ ਸੀ । ਤਦ ਜਾ ਕੇ ਦ੍ਰਿਸ਼ ਪੂਰਾ ਕੀਤਾ ਗਿਆ ।
      ਪਰ ਰਜ਼ੀਆ ਸੁਲਤਾਨ  ਸ਼ਾਇਦ ਕਾਹਲੀ ਚ ਬਣੀ ਹੋਈ ਫਿਲਮ ਸੀ , ਇਸ ਚ  ਕਮਾਲ ਸਾਹਬ ਦਾ ਉਹ" ਕਮਾਲ ' ਨਜਰ ਨਹੀਂ ਦੀ ਆਇਆ ।  ਸੈੱਟ ਵੀ ਸੁਭਾਵਿਕ ਨਜਰ ਨਹੀਂ ਸਨ ਆਏ  , ਧਰਮਿੰਦਰ , ਕਾਲੇ ਗੁਲਾਮ ਦੀ ਜਗ੍ਹਾ ਧਰਮਿੰਦਰ ਹੀ ਮਹਿਸੂਸ ਹੁੰਦੇ ਰਹੇ ।  ਛੋਟੀਆਂ ਛੋਟੀਆਂ  ਪਰ ਅਹਿਮ  ਬਾਰੀਕੀਆਂ ਤੇ ਪੂਰਾ ਧਿਆਨ ਨਾ ਦੇਣ ਕਰਕੇ , ਫਿਲਮ ਦਰਸ਼ਕਾਂ ਨੂੰ  ਪੁਰਾਣੇ ਸਮੇਂ ਚ ਨਾਲ ਤੋਰਨ ਵਿਚ ਅਸਫਲ ਰਹੀ ।
       "ਮੌੜ "ਦੀ ਮਿਕਨਾਤੀਸੀ ਖਿੱਚ ਵਿੱਚ, ਇਸ ਦੀ ਸਫਲਤਾ ਦੇ ਰਾਜ ਵਿੱਚ , ਵੀ ਇਹੀ ਰਾਜ ਹੈ , ਛੋਟਿਆਂ , ਨਿੱਕੀਆਂ ਚੀਜ਼ਾਂ ਪ੍ਰਤੀ ਚੇਤਨ ਦ੍ਰਿਸ਼ਟੀ   ।  ਪੁਰਾਣੇ ਸਮੇਂ ਦਾ ਸੁਭਾਵਿਕ  ਚਿੱਤਰਨ ਅਤੇ ਕਿਰਦਾਰਾਂ ਦੇ ਅੰਦਰ ਚੱਲ ਰਹੇ ਵਰਤਾਰੇ ਦੀ ਸਪਸ਼ਟਤਾ।
          ਭਾਸ਼ਾ ਪ੍ਰਤੀ ਸੁਚੇਤ ਰਹਿਣਾਂ, ਭਾਸ਼ਾ ਨੂੰ ਮੂਲਕ ਪ੍ਰਕਿਰਤੀ ਚ ਪੇਸ਼ ਕਰਨਾ ਜਿੱਥੇ ਫਿਲਮ ਦਾ ਅਹਿਮ ਆਕਰਸ਼ਣ ਹੈ ਉਥੇ ਹੀ ਉਹਨਾਂ ਫ਼ਿਲਮਕਾਰਾਂ ਲਈ ਸੁਨੇਹਾ ਵੀ ਹੈ , ਜੋ ਅਜਿਹੀਆਂ ਬਰੀਕ ਚੀਜ਼ਾਂ ਪ੍ਰਤੀ ਅਵੇਸਲੇ ਰਹਿੰਦੇ ਹਨ ਤੇ ਸਮਝਦੇ ਹਨ ਕਿ ਦਰਸ਼ਕ ਇਸ ਮਹਾਨ ਪੱਧਰ ਤੱਕ ਨਹੀਂ ਸੋਚਦਾ, ਉਹਨਾਂ ਦਾ ਹੀਰੋ ਮਾਝੇ ਦੀ ਭਾਸ਼ਾ ਚ ਗੱਲ ਕਰਦਾ ਹੈ ਤੇ ਮਾਂ ਮਲਵਈ ਲਹਿਜੇ ਚ ।
   
        ਮੌੜ ਲਈ ਜਤਿੰਦਰ ਮੌਹਰ ਦਾ    ਰੋਹੀਆਂ ਦਿਖਾਉਣ ਲਈ , ਰਾਜਸਥਾਨ ਜਾਣਾ ਵੀ ਵਧੀਆ ਕਦਮ ਸੀ  , ਇਹ ਇਲਾਕਾ ਅੱਜ ਵੀ ਉਸ ਪੰਜਾਬ ਵਰਗਾ  ਹੈ ਜੋ ਪੰਜਾਬ ਅੱਜ ਤੋਂ ਇਕ ਸਦੀ ਪਹਿਲਾਂ ਹੁੰਦਾ ਸੀ , ਜੋ ਹੁਣ ਦੀਆਂ ਪੀੜੀਆਂ ਨੇ ਨਹੀਂ  ਦੇਖਿਆ  ।
                  ਮੌੜ ਚ ਕਿਰਦਾਰਾਂ ਦੇ ਪਹਿਰਾਵੇ ਪ੍ਰਤੀ ਚੇਤੰਨਤਾ ਵੀ ਪ੍ਰਭਾਵਿਤ ਕਰਦੀ ਹੈ।  ਜਿੱਥੇ ਕੋਠੇ ਠਾਰੇ,ਪਿੰਡ , ਪਿੰਡਾਂ ਦੀਆਂ ਗਲੀਆਂ ਤਤਕਾਲੀਨ ਸਮੇਂ ਅਨੁਸਾਰ ਪ੍ਰਤੀਤ ਹੁੰਦਿਆਂ ਹਨ , ਉਥੇ ਹੀ ਨਿਰਦੇਸ਼ਕ ਦੀ ਇੱਕ ਹੋਰ ਪ੍ਰਾਪਤੀ ਦਾ ਜਿਕਰ ਕੀਤਾ ਜਾਣਾ ਚਾਹੀਦਾ ਹੈ ,ਉਹ ਹੈ ਕਿਰਦਾਰਾਂ ਲਈ ਨਵੇਂ ਚਿਹਰਿਆਂ ਦੀ ਚੋਣ ।   ਇਸ ਕਰਕੇ ਕਿਰਦਾਰ ਸੁਭਾਵਿਕ ਪ੍ਰਤੀਤ ਹੁੰਦੇ ਹਨ ।
          ਪੰਜਾਬੀ ਸਿਨਮਾ ਨੂੰ ਕੁਝ ਹੋਰ ਪ੍ਰਤਿਭਾਸ਼ਾਲੀ ਫ਼ਨਕਾਰ ਮਿਲੇ ਹਨ ।
          ਮੈਂ ਉਪਰ ਨਿਰਦੇਸ਼ਕ ਦੀ ਚੁਣੌਤੀ ਬਾਰੇ ਲਿਖਿਆ ਹੈ , ਫਿਲਮ ਦੀ ਕਹਾਣੀ ਬਹੁਤੇ  ਲੋਕਾਂ ਨੇ ਸੁਣੀ ਸੀ , ਨਿਰਦੇਸ਼ਕ ਸਾਹਵੇਂ ਚੁਣੌਤੀ ਸੀ ਫਿਰ ਰੋਚਕਤਾ ਕਿਵੇਂ ਬਣੀ ਰਹੇ । ਇਸ ਲਈ ਜਰੂਰੀ ਸੀ ਚੁਸਤ ਸਕਰੀਨ ਪਲੇਅ , ਹੋ ਰੋਚਕ ਵੀ ਹੋਵੇ ਪਰ ਕਹਾਣੀ ਦੇ ਮੂਲ ਨੂੰ  ਵੀ ਪਰਵਾਵਿਤ ਨਾ ਕਰੇ ।
ਤੇ  ਉਹ ਸਫਲ ਰਹੇ ।  ਕਹਾਣੀ ਜਾਣਨ ਦੇ ਬਾਵਜੂਦ , ਦਰਸ਼ਕ ਚ  ਜਿਗਆਸਾ ਬਣੀ ਰਹਿੰਦੀ ਹੈ ।

        
     ਜਿਉਣਾ ਮੌੜ , ਬੇਸ਼ਕ ਹੁਣ ਤੱਕ ਪੰਜਾਬੀ ਨਾਇਕ ਵਜੋਂ ਸਥਾਪਿਤ ਹੋ ਚੁੱਕਿਆ ਕਿਰਦਾਰ ਹੈ , ਇੱਕ ਸੱਚੀ ਅਤੇ ਵਿਲੱਖਣ ਕਹਾਣੀ ।  ਉਹ ਲੁਟੇਰਾ ਹੈ ਪਰ ਮਾਨਵੀ ਕਦਰਾਂ-ਕੀਮਤਾਂ ਤੇ ਵੀ ਪਹਿਰਾ ਦਿੰਦਾ ਹੈ । ਬਦਲੇ ਅਤੇ ਅਣਖ  ਲਈ ਖੂਨ ਵਾਹਾਉਂਦਾ ਹੈ ਪਰ ਮਜ਼ਲੂਮ ਦਾ ਹਾਮੀ ਹੈ  ।  ਅਮੀਰਾਂ ਨੂੰ ਲੁੱਟਦਾ ਹੈ ਗਰੀਬਾਂ ਨੂੰ ਵੰਡਦਾ ਹੈ । ਜਤਿੰਦਰ ਮੌਹਰ ਨੇ  ਉਸ ਦੇ ਜੀਵਨ ਤੇ ਸਰਚ ਕੀਤੀ ਹੈ , ਉਹਨਾਂ ਨੇ ਸਿਰਫ ਫਿਲਮ ਨੂੰ ਦਿਲਚਸਪ ਬਣਾਉਣ ਲਈ ਹੀ ਜੀਊਣੇ ਮੌੜ  ਨੂੰ  ਆਦਰਸ਼ਵਾਦੀ ਨਾਇਕ ਨਹੀਂ ਬਣਾਇਆ ।  
       ਜਿਉਣਾ ਮੌੜ ਦੇ ਕਿਰਦਾਰ ਨੂੰ ਸਮਝਣ ਲਈ ਨਿਰਦੇਸ਼ਕ ਦੀ ਆਲੌਕਿਕ ਦ੍ਰਿਸ਼ਟੀ ਤੇ ਲਿਆਕਤ  ਦੀ ਪ੍ਰਸੰਸਾ ਕਰਨੀ ਬਣਦੀ ਹੈ ।
   ਸਭ ਦੀ  ਸੁਣੀ ਹੋਈ ਕਹਾਣੀ ਵਿਚ ਉਨ੍ਹਾਂ ਨੂੰ ਪਤਾ ਸੀ ਕਿ ਹਾਲੇ ਵੀ ਬਹੁਤ ਕੁਝ ਅਜਿਹਾ ਹੈ , ਜੋ ਦਰਸ਼ਕਾਂ ਨੂੰ ਸਿਨਮਾ ਤੱਕ ਲੈ ਕੇ ਆਵੇਗਾ ।
       
        ਫਿਲਮ ਦਾ ਅੰਤ ਜਿਓਣੇ ਮੋੜ ਦੀ ਮੌਤ ਨਾਲ ਨਹੀਂ ਹੁੰਦਾ , ਨਿਰਦੇਸ਼ਕ ਨੇ ਦਰਸ਼ਕਾਂ ਤੇ ਛਡ ਦਿੱਤਾ ਹੈ ਕਿ ਮੌੜ ਦੀ ਮੌਤ ਕਿਸ ਤਰਾਂ ਹੋਈ , ਇਹ ਇਹ ਆਪ ਤਹਿ ਕਰ ਲੈਣ , ਕਿਉਂਕਿ ਇਸ ਸਬੰਧ ਵਿੱਚ ਕਈ  ਮਿਥ ਪ੍ਰਚੱਲਤ ਹਨ  । ਫਿਲਮ ਦੇ ਅੰਤ ਵਿੱਚ ਇਨ੍ਹਾਂ ਮਿੱਥਾਂ ਦਾ ਸਕਰੀਨ ਤੇ ਪਰਦਰਸ਼ਿਤ ਕੀਤਾ ਜਾਣਾ ਵੀ , ਜਤਿੰਦਰ ਮੌਹਰ  ਦੀ ਸਾਹਤਿਕ ਸੂਝ ਬੂਝ ਦਾ ਪ੍ਰਤੀਕ ਅਤੇ ਮੁੱਖ ਕਿਰਦਾਰ ਪ੍ਰਤੀ ਇਮਾਨਦਾਰ ਰਹਿਣ ਦੀ ਸੂਚਕ ਹੈ ।
          ਫਿਲਮੀ ਪਰਦੇ ਤੇ ਜੇਕਰ ਕਿਰਦਾਰ ਦੀ ਜਗ੍ਹਾ ਜੇਕਰ ਉਸ ਨੂੰ ਨਿਭਾਉਣ ਵਾਲਾ ਕਲਾਕਾਰ ਹੀ ਮਹਿਸੂਸ ਹੁੰਦਾ ਰਹੇ , ਤਾਂ ਇਹ ਪ੍ਰਦਰਸ਼ਨ , ਮਹਿੰਗਾ ਪੈ ਜਾਂਦਾ ਹੈ ।
            ਮੁੱਖ ਕਿਰਦਾਰ ਚ , ਐਮੀ ਵਿਰਕ , ਜਿਉਣਾ ਮੌੜ ਦੇ ਕਿਰਦਾਰ ਚ ਜਾਣ ਫੂਕਣ ਚ ਅਸਫਲ ਰਹੇ ਹਨ ਭਾਂਵੇ ਕਿ ਉਹਨਾਂ ਨੇ ਇਸ ਚ ਆਪਣਾ ਸਰਵਸ਼੍ਰੇਸ਼ਠ ਕੰਮ ਕੀਤਾ ਹੈ । ਉਹਨਾਂ ਦਾ ਕਿਰਦਾਰ ਵੀ , ਦੇਵ ਖਰੋੜ ਦੀ ਬਨਿਸਬਤ ਔਖਾ ਸੀ । ਕਿਸ਼ਨੇ ਦੀ ਭੂਮਿਕਾ ਚ ਦੇਵ ਖਰੋੜ ਨੇ ਇੱਕੋ ਭਾਵ ਚ ਰਹਿਣਾ ਸੀ , ਉਹ ਆਪਣੀ ਦਿੱਖ ਦੇ ਨੇੜੇ , ਇੱਕ ਗੁਸੈਲ , ਅੜੀਅਲ ਨੌਜਵਾਨ ਦੇ ਰੂਪ ਚ ।
     ਪਰ  ਐਮੀ ਵਿਰਕ ਨੇ ਫਿਲਮ ਦੇ ਅੱਧ ਤੱਕ ਅਜਿਹੇ ਨੌਜਵਾਨ ਦੇ ਰੂਪ ਚ ਦਿਖਣਾ ਸੀ ਜੋ ਬਾਗੀ ਹੋਣ ਦਾ ਹੌਂਸਲਾ ਨਹੀਂ ਕਰ ਪਾਉਂਦਾ ਪਰ ਬਾਅਦ ਵਿੱਚ ਹਾਲਾਤ ਕਰਵਟ ਲੈਂਦੇ ਹਨ ਤੇ ਫਿਰ ਉਹ ਵੀ" ਰੋਹੀਆਂ "ਦਾ ਬਾਗੀ ਬਣ ਜਾਂਦਾ ਹੈ ।  ਪਰ ਬਾਗੀ ਦੇ ਰੂਪ ਚ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੇ , ਓਹਨਾਂ ਦੀ ਆਵਾਜ਼ ਚ ਉਹ ਗੜਕ ਮਹਿਸੂਸ ਨਹੀਂ ਹੁੰਦੀ ਜੋ ਇੱਕ ਬਦਲੇ ਦੀ ਅੱਗ ਚ , ਰਜਵਾੜੇ ਸ਼ਾਹੀ ਦੇ ਜੁਲਮਾਂ ਤੋਂ ਅੱਕੇ ਹੋਏ ਬਾਗੀ ਦੀ ਆਵਾਜ਼ ਚ ਹੋਣੀ ਚਾਹੀਦੀ ਹੈ ।
          ਕੁਝ ਲੋਕ ਮੌੜ ਨੂੰ ਕਲਾ ਫਿਲਮ ਵੀ ਕਹਿ ਰਹੇ ਹਨ , ਜੋ ਠੀਕ ਪ੍ਰਤੀਤ ਨਹੀ ਹੁੰਦਾ , ਇਹ ਯਥਾਰਥ ਦੇ ਨੇੜੇ ਹੈ , ਸੁਭਾਵਿਕ, ਕਲਾਤਮਕ ਪੇਸ਼ਕਾਰੀ ਹੈ , ਜਿਸ ਦੀ ਕਹਾਣੀ ਦਿਲਚਸਪੀ ਪੈਦਾ ਕਰਦੀ ਹੈ , ਪਰ ਕਲਾ ਫਿਲਮ ਨਹੀਂ ਹੈ ।
       ਫਿਲਮ ਚ ਮੌੜ ਦੀ ਪ੍ਰੇਮ ਕਹਾਣੀ ਪ੍ਰਸੰਗ ਦੀ ਜਰੂਰਤ ਨਹੀਂ ਸੀ ।
              ਪੰਜਾਬ ਦੇ ਇਤਹਾਸ ਚ ਰੋਹੀਆਂ ਦੇ ਬਾਗੀਆਂ ਦਾ ਜਿਆਦਾ ਜਿਕਰ ਨਹੀਂ ਮਿਲਦਾ , ਪਰ ਫਿਲਮ ਚ ਕਈ ਵਾਰ  ਇਹ ਜਿਕਰ ਉਸ ਤਰਾਂ ਮਿਲਦਾ ਹੈ, ਜਿਸ ਤਰਾਂ ਫੂਲਨ ਦੇਵੀ , ਪਾਨ ਸਿੰਘ ਤੋਮਰ ਅਤੇ ਹੋਰ ਡਕੈਤਾਂ ਦੀਆਂ ਕਹਾਣੀਆਂ ਚ  ਬੀਹਡ ਦੀਆਂ  ਘਾਟੀਆਂ ਦਾ ਜਿਕਰ ਹੁੰਦਾ ਹੈ । ਜੋ ਥੋੜਾ ਜਿਆਦਾ ਪ੍ਰਤੀਤ ਹੁੰਦਾ ਹੈ ।
    ਬੇਸ਼ਕ ,  "ਮੋੜ "ਪੰਜਾਬੀ ਸਿਨਮਾ ਚ ਮੀਲ ਦਾ ਇੱਕ ਪੱਥਰ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਏਗੀ , ਹਾਸੋਹੀਣੀਆਂ ,ਫ਼ਿਲਮਾਂ ਦੇ ਦੌਰ ਚ ਇੱਕ ਗੰਭੀਰ ਫਿਲਮ ਦੇ ਤੌਰ ਗਿਣੀ ਜਾਵੇਗੀ , ਜਿਸ ਨੇ  ਸਿਨਮਾ ਤੋਂ ਮੂੰਹ ਮੋੜ ਰਹੇ ਦਰਸ਼ਕਾਂ ਨੂੰ ਫਿਰ ਤੋਂ ਵਰਗਲਾ ਲਿਆ ਸੀ ।
    ਮੌੜ ਨਾਲ ਇੱਕ ਵਧੀਕੀ ਇਹ ਵੀ ਰਹੀ ਹੈ ਕਿ ਬਹੁਤੇ ਲੋਕਾਂ ਨੇ ਇਸ ਨੂੰ ਆਲੋਚਕਾਂ ਤੇ ਤੌਰ ਤੇ ਦੇਖਿਆ ਤੇ ਪਰਖਿਆ ਹੈ ।
   ਬਹੁਤੇ ਉਨ੍ਹਾਂ ਲੋਕਾਂ ਨੇ ਵੀ ਜਿਨ੍ਹਾਂ ਨੂੰ ਫਿਲਮ ਦਾ ਅਨੁਭਵ ਨਹੀਂ ।
 ਫਿਲਮ ਬਣਾਉਣਾ ਬੜਾ ਮੁਸ਼ਕਲ ਕੰਮ ਹੈ , ਮੌੜ ਵਰਗੀ ਫਿਲਮ ਬਨਾਉਣਾ , ਅਤੀ ਮੁਸ਼ਕਿਲ ।
  ਸ਼ਾਇਦ ਇਹ ਉਸ ਪੰਜਾਬੀ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਵੇ ਜਦੋਂ ਕਿਸੇ ਪੰਜਾਬੀ ਫਿਲਮ ਦੇ ਨਿਰਦੇਸ਼ਕ ਨੇ , ਨਿੱਕੀਆਂ ਨਿੱਕੀਆਂ ਸਮਝੀਆਂ ਜਾਂਦੀਆਂ ਚੀਜ਼ਾਂ ਨੂੰ ਵੱਡੀ ਮਹੱਤਤਾ ਦਿੱਤੀ  ।  
  ਨਹੀਂ ਤਾਂ ਪੰਜਾਬੀ ਸਿਨਮਾ , ਇਸ ਗਹਿਰਾਈ ਤੱਕ ਸੋਚਣ ਦਾ ਆਦੀ ਨਹੀਂ ਸੀ ।
      ਜਤਿੰਦਰ ਮੌਹਰ ਨੇ ਸ਼ਾਇਦ ਕੇ ਆਸਿਫ਼ ਬਾਰੇ ਪੜਿਆ ਹੋਣਾ ਹੈ ।
ਮੁਗ਼ਲ-ਏ-ਆਜ਼ਮ ਬਣਾਉਣ ਵੇਲੇ  ਕੇ ਆਸਿਫ਼ ਨੇ ਹਰ ਚੀਜ ਨੂੰ ਮਹੱਤਵ ਦਿੱਤਾ ।  ਉਹਨਾਂ ਨੇ ਕਿਸੇ ਚੀਜ਼ ਲਈ ਸਮਝੌਤਾ ਕਰਨ ਤੋਂ ਨਿਰਮਾਤਾ ਨੂੰ ਮਨਾ ਕਰ ਦਿੱਤਾ ਸੀ ।  ਮੁਗ਼ਲ-ਏ-ਆਜ਼ਮ ਦੇ ਇਕ ਦ੍ਰਿਸ਼ ਵਿੱਚ , ਮੋਤੀ ਫਰਸ਼ ਤੇ ਡਿਗ ਰਹੇ ਹਨ , ਨਕਲੀ ਮੋਤੀ ਲਿਆਂਦੇ ਗਏ ਸਨ , ਪਰ ਕੇ ਆਸਿਫ਼ ਨੂੰ ਮੋਤੀਆਂ ਦੀ ਅਵਾਜ਼ ਵਿੱਚੋਂ ਉਹ ਕੁਦਰਤੀ ਖਣਕ ਮਹਿਸੂਸ ਨਹੀਂ ਹੋ ਰਹੀ ਸੀ , ਜੋਂ ਅਸਲੀ ਮੋਤੀ ਡਿੱਗਣ ਤੇ ਹੋਣੀ ਚਾਹੀਦੀ ਸੀ ।  
      ਅਖੀਰ ਅਸਲ ਮੋਤੀ ਲਿਆਂਦੇ ਗਏ ।
    ਮੌੜ ਚ ਨਵੇਂ ਅਦਾਕਾਰ ਹਨ ਹੈ ਨਵੇਂ ਅਦਾਕਾਰਾਂ ਨੂੰ ਅਹਿਮ ਭੂਮਿਕਾਵਾਂ ਨਿਭਾਉਣ ਦਾ ਮੌਕਾ ਵੀ ਦਿੱਤਾ ਹੈ ਤੇ ਸਭ ਨੇ ਆਪਣੇ ਹੁਨਰ ਨਾਲ ਪ੍ਰਭਾਵਿਤ ਕੀਤਾ ਹੈ , ਫਿਲਮ ਦੇ ਕਿਰਦਾਰ ਸੰਤੁਲਿਤ ਹਨ , ਸੰਪਾਦਨਾ ਸ਼ਾਨਦਾਰ ਹੈ । ਦਰਸ਼ਕ ਕਿਸੇ ਮਰਹਲੇ ਤੇ ਬੋਰ ਨਹੀ ਹੁੰਦਾ ।
 ਨਿਰਦੇਸ਼ਕ ਨੇ ਪਰੰਪਰਾ ਵਾਦੀ ਜੁਗਤਾਂ ਨਾਲ ਸਫਲ ਹੋਣ ਦੀ ਬਜਾਏ ਮਿਹਨਤ ਤੇ ਸਿਰੜ ਦਾ ਰਸਤਾ ਚੁਣਿਆ ਹੈ ਤੇ ਆਪਣੇ ਪ੍ਰਯੋਜਨ ਚ ਸਫਲ ਵੀ ਰਿਹਾ ਹੈ ।
  ਸੰਗੀਤ ਦੀ ਬਹੁਤੀ ਜਗ੍ਹਾ ਵੀ ਨਹੀਂ ਸੀ , ਤੇ ਇਹ ਹੈ ਵੀ ਨਹੀਂ ।  ਗੋਨ , ਦੇਖਣ ਸੁਣਨ ਨੂੰ ਚੰਗਾ ਲਗਦਾ ਹੈ , ਨਾਲ ਡੋਲੀ ਵਰਗੀਆਂ ਪੁਰਾਤਨ ਮਾਨਤਾਵਾਂ ਦੇਖਣਾ ਵੀ ਚੰਗਾ ਲਗਦਾ ਹੈ । ਪੁਰਾਣੇ ਮਾਲਵੇ ਨੂੰ ਤੱਕਣ ਦੀ ਰੀਝ ਵੀ ਪੂਰੀ ਹੁੰਦੀ ਹੈ ,
    ਇਹ ਸ਼ਾਇਦ ਪਹਿਲੀ ਵਾਰ ਦੇਖਦਾ ਹੈਂ ਕਿ ਕਿਸ਼ਨਾ ਵੀ ਕਿਸੇ ਨਾਇਕ ਤੋਂ ਘਟ ਨਹੀਂ ਸੀ ਭਾਵੇਂ ਕਿ ਅੱਜ ਤੱਕ ਸਿਰਫ ਜਿਉਣਾ ਮੌੜ ਨਾਇਕ ਦੇ ਤੌਰ ਤੇ ਸਥਾਪਤ ਮੰਨਿਆ ਜਾਂਦਾ ਰਿਹਾ ਹੈ।

 ਕਿਸ਼ਨੇ ਦੇ ਕਿਰਦਾਰ ਨੂੰ ਅਹਿਮੀਅਤ  ਬਾਰੇ

     ਲਿਖਦਿਆਂ  ਮੈ ਕਈ ਵਾਰ ਸੋਚਿਆ ਹੈ, ਪੰਜਾਬੀ ਕੌਮ ਅਤੇ ਮਨੁੱਖੀ ਕਦਰਾਂ ਕੀਮਤਾਂ ਲਈ ਮਰ ਮਿਟਣ ਵਾਲੀ ਕੌਮ ਹੈ , ਹੋਰ ਪਤਾ ਨਹੀਂ ਕਿੰਨੇ ਕੁ ਕਿਰਦਾਰ ਹਨ , ਜਿਨ੍ਹਾਂ ਨੂੰ ਨਾਇਕ ਵਜੋਂ ਸਥਾਪਤ ਕੀਤਾ ਜਾਣਾ ਬਾਕੀ ਹੈ ।  
        "ਦਬਦਬਾ" ਚ , ਕਾਲੇ ਭਾਉ ਦਾ ਕਿਰਦਾਰ ਵੀ ਅਜਿਹਾ ਹੀ ਸੀ , ਜਿਸ ਨੂੰ ਅਸੀਂ ਆਪਣੇ ਪੱਧਰ ਤੇ , ਛੋਟੀ ਵਸੀਲਿਆਂ ਨਾਲ ਫ਼ਿਲਮਾਂ ਲਿਆ ਹੈ ,
     ਪਰ ਨਿਸਚਿਤ ਤੌਰ ਤੇ ਹੋਰ ਵੀ ਨਾਇਕ ਹਨ , ਜਿੰਨਾ ਨੂੰ ਸਕਰੀਨ  ਤੇ ਲਿਆਂਦਾ ਜਾਣਾ ਚਾਹੀਦਾ ਹੈ ।

ਤਰਸੇਮ ਬਸ਼ਰ
9814163071