ਇੱਕ ਮਹਤਵਪੂਰਨ ਫਿਲਮ ਦੀ ਚਰਚਾ - ਤਰਸੇਮ ਬਸ਼ਰ
"A man called otto " _ A Hollywood film - 2023
ਮੈਂ ਸਾਹਤਿਕ ਰਚਨਾ ਅਧਾਰਤ ਲਗਭਗ 60 ਫਿਲਮਾਂ ਬਾਰੇ ਲਿਖਿਆ ਹੈ ਇਹਨਾਂ ਵਿੱਚ ਬਹੁਤੀਆਂ ਹਿੰਦੀ ਦੀਆਂ ਫਿਲਮਾਂ ਸਨ ਤੇ ਬਾਕੀ ਤਿੰਨ ਪੰਜਾਬੀ ਫ਼ਿਲਮਾਂ ਹਨ । ਕੁਦਰਤੀ ਗੱਲ ਹੈ ਕਿ ਸਾਹਤਿਕ ਕਹਾਣੀਆਂ ਤੇ ਬਣੀਆਂ ਫਿਲਮਾਂ ਗਹਿਰੀਆਂ ਹੁੰਦੀਆਂ ਹਨ , ਇਹਨਾਂ ਚ ਦਿਲਚਸਪ ਮਾਨਸਿਕ ਵਿਖਿਆਨ ਤੇ ਮੋੜ ਹੁੰਦੇ ਹਨ ਇਹਨਾਂ ਨੂੰ ਦੇਖਣ ਪੜਨ ਤੋਂ ਬਾਅਦ ਸਧਾਰਨ ਕਿਸਮ ਦਾ ਸਿਨਮਾ ਤੁਹਾਨੂੰ ਪ੍ਰਭਾਵਿਤ ਨਹੀਂ ਕਰਦਾ । ਜਲਦੀ ਹੀ ਮੈਨੂੰ ਵੀ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਹੁਤੀਆਂ ਨਹੀਂ ਹਨ ।
ਹੁਣ ਬੜੀ ਦੇਰ ਤੋਂ ਬਾਅਦ ਕਿਸੇ ਅਜਿਹੀ ਰਚਨਾ ਅਜਿਹੀ ਫਿਲਮ ਦੀ ਤਲਾਸ਼ ਸੀ ਜਿਸ ਦੀ ਚਰਚਾ ਕਰਨ ਵਿੱਚ ਆਨੰਦ ਆਵੇ ਜੋ ਬਹੁ ਅਰਥੀ ਹੋਵੇ ਅਤੇ ਡੂੰਘੀ ਕਹਾਣੀ ਵਿੱਚ ਭਿੱਜੀ ਹੋਵੇ । ਇਸੇ ਤਲਾਸ਼ ਵਿੱਚ ਇੱਕ ਦਿਨ ਇੱਕ ਅਜਿਹੀ ਫਿਲਮ ਬਾਰੇ ਇੱਕ ਲੇਖ ਪੜਨ ਨੂੰ ਮਿਲਿਆ ਜਿਸ ਦੀ ਕਹਾਣੀ ਨਵੀਂ ਸੀ ,ਵਿਸ਼ਾ ਫਿਲਮੀ ਪਰਪੇਖ ਵਿੱਚ ਵਿਲੱਖਣ ਸੀ ਤੇ ਭਾਵੇਂ ਕਿ ਇਹ ਹਾਲੀਵੁੱਡ ਦੀ ਬਣੀ ਹੋਈ ਫਿਲਮ ਸੀ ਪਰ ਇਸ ਦੀ ਕਹਾਣੀ ਹਰ ਦੇਸ਼ ਵਿੱਚ ਵਾਪਰਦੀ ਹੈ ਹਰ ਮਹੱਲੇ ਵਿੱਚ ਇਸਦੇ ਕਿਰਦਾਰ ਮਿਲ ਜਾਂਦੇ ਹਨ । ਸੱਚ ਤਾਂ ਇਹ ਹੈ ਕਿ ਇਸ ਫਿਲਮ ਨੇ ਮੇਰੇ ਦਿਨ ਤੇ ਗਹਿਰਾ ਅਸਰ ਕੀਤਾ ਹੈ, ਇਸ ਤਰ੍ਹਾਂ ਲੱਗਿਆ ਕਿ ਇਹ ਉਹੀ ਫਿਲਮ ਸੀ ਜਿਸ ਦੀ ਮੈਨੂੰ ਤਲਾਸ਼ ਸੀ , ਜਿਸ ਨੂੰ ਦੇਖ ਕੇ ਲੱਗਿਆ ਕਿ ਇਹ ਫਿਲਮ ਦੇਖੀ ਜਾਣੀ ਚਾਹੀਦੀ ਹੈ ਜੇਕਰ ਤੁਸੀਂ ਚੰਗੇ ਸਿਨੇਮੇ ਨੂੰ ਪਸੰਦ ਕਰਦੇ ਹੋ ।
ਫਿਲਮ ਦਾ ਮੁੱਖ ਕਿਰਦਾਰ "ਓਟੋ ਅੰਡਰਸਨ "ਹੈ ਉਮਰ ਤਕਰੀਬਨ 60-65 ਸਾਲ ,ਜਿਸਦੀ ਭੂਮਿਕਾ ਪ੍ਰਸਿੱਧ ਬਾਲੀਵੁੱਡ ਅਭਿਨੇਤਾ 'ਟੋਮ ਹੈਂਕਸ "ਨੇ ਨਿਭਾਈ ਹੈ । ਓਟੋ ਜੋ ਇੱਕ ਕਲੋਨੀ ਵਿੱਚ ਇੱਕਲਾ ਰਹਿੰਦਾ ਹੈ ਜੋ ਕਾਫੀ ਸਮਾਂ ਪਹਿਲਾਂ ਵਸਾਈ ਗਈ ਸੀ , ਉਸ ਦੀ ਪਤਨੀ ਦੀ ਮ੍ਰਿਤੂ ਕੁਝ ਮਹੀਨੇ ਪਹਿਲਾਂ ਹੋ ਗਈ ਹੈ ਉਸ ਤੋਂ ਬਾਅਦ ਉਹ ਲੰਬੇ ਨਿਰਾਸ਼ਾ ਦੌਰ ਵਿੱਚੋਂ ਲੰਘ ਰਿਹਾ ਹੈ । ਹੁਣ ਇਹ ਉਸੇ ਤਰ੍ਹਾਂ ਦਾ ਪਾਤਰ ਹੈ ਜਿਸ ਤਰ੍ਹਾਂ ਦੇ ਕਿਰਦਾਰ ਸਾਡੀਆਂ ਗਲੀਆਂ ਮੁਹੱਲੇ ਪਿੰਡਾਂ ਵਿੱਚ ਹੁੰਦੇ ਹਨ । ਜੋ ਬੱਚਿਆਂ ਦੀਆਂ ਇਲਤਾਂ ਤੋਂ ਦੁਖੀ ਹਨ , ਲੋਕਾਂ ਦੇ ਅਨੁਸ਼ਾਸਨ ਵਿੱਚ ਨਾ ਰਹਿਣ ਤੇ ਪਰੇਸ਼ਾਨ ਹੋ ਜਾਂਦੇ ਹਨ , ਜੋ ਫਾਲਤੂ ਖਰਚਿਆਂ ਨੂੰ ਬਰਬਾਦੀ ਦਾ ਕਾਰਨ ਮੰਨਦੇ ਹਨ ,ਜੋ ਅਕਸਰ ਬੁੜਬੜਾਉਂਦੇ ਹਨ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ ਇਹ ਦੁਨੀਆ ਦਾ ਖਾਤਮਾ ਨੇੜੇ ਹੈ .....ਜਲਦੀ ਹੀ ਮੇਰੇ ਸਮੇਤ ਆਪਾਂ ਸਾਰੇ ਅਜਿਹੇ ਕਿਰਦਾਰਾਂ ਤੋਂ ਅੱਕ ਜਾਂਦੇ ਹਾਂ , ਸਮਾਜ ਲਈ ਉਹ ਤਕਰੀਬਨ ਗੈਰ ਪ੍ਰਸੰਗਿਕ ਵਿਅਕਤੀ ਹੁੰਦੇ ਹਨ , ਅਸੀਂ ਉਹਨਾਂ ਨੂੰ ਇਕੱਲਿਆਂ ਛੱਡ ਦਿੰਦੇ ਹਾਂ ।
ਫਿਲਮ ਦੀ ਸ਼ੁਰੂਆਤ ਇੱਕ ਸਟੋਰ ਵਿੱਚੋਂ ਹੁੰਦੀ ਹੈ ਜਿੱਥੇ ਓਟੋ ਇਕ ਰੱਸੀ ਲੈਣ ਆਇਆ ਹੈ ਉਸ ਨੂੰ ਪੰਜ ਫੁੱਟ ਦੀ ਰੱਸੀ ਚਾਹੀਦੀ ਹੈ ਤਾਂ ਕਿ ਉਹ ਆਤਮਹੱਤਿਆ ਕਰ ਸਕੇ ਪਰ ਸਟੋਰ ਦਾ ਕਰਿੰਦਾ ਕਹਿੰਦਾ ਹੈ ਕਿ ਉਹਨਾਂ ਦੇ ਸਟੋਰ ਵਿੱਚ ਪੰਜ ਫੁੱਟ ਦੀ ਰੱਸੀ ਨਹੀਂ ਮਿਲਦੀ ਇਥੇ ਛੇ ਫੁੱਟ ਦਾ ਹੀ ਟੋਟਾ ਮਿਲੇਗਾ । ਓਟੋ ਵੱਧ ਪੈਸੇ ਖਰਚ ਕੇ ਕਦੇ ਖੁਸ਼ ਨਹੀਂ ਉਸ ਵੇਲੇ ਵੀ ਨਹੀਂ ਜਦੋਂ ਕਿ ਉਹ ਆਤਮ ਹੱਤਿਆ ਲਈ ਰੱਸੀ ਲੈ ਰਿਹਾ ਹੈ , ਉਹ ਬੇਈਮਾਨੀ ਨੂੰ ਨਫਰਤ ਕਰਦਾ ਹੈ ,ਸਖਤ ਨਫਰਤ ... ਤੇ ਇਹ ਸਰਾਸਰ ਬੇਈਮਾਨੀ ਹੈ ਕਿ ਪੰਜ ਫੁੱਟ ਦਾ ਟੋਟਾ ਦੇ ਕੇ ਉਹ ਛੇ ਫੁੱਟ ਦੇ ਪੈਸੇ ਲੈ ਰਹੇ ਸਨ । ਉਹ ਮਾਲ ਦੇ ਕਰਿੰਦਿਆਂ ਨਾਲ ਬਹਿਸ ਕਰਦਾ ਹੈ ਲੜਦਾ ਹੈ ਅਤੇ ਫਿਰ ਦੁਖੀ ਹੋ ਕੇ ਘਰ ਆ ਜਾਂਦਾ ਹੈ , ਤੇ ਕਹਿੰਦਾ ਹੈ ਕਿ ਨੌਜਵਾਨ ਪੀੜੀ ਦਾ ਬੇੜਾ ਗਰਕ ਹੋ ਗਿਆ ਹੈ ਇਹ ਦੁਨੀਆ ਨੂੰ ਨਰਕ ਵੱਲ ਲੈ ਜਾਏਗੀ ......।
ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਜ਼ਿੰਦਗੀ ਖੂਬਸੂਰਤ ਹੈ ਇਹ ਫਿਲਮ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਿਸ ਤਰ੍ਹਾਂ ਖੂਬਸੂਰਤ ਹੁੰਦੀ ਹੈ ਜਾਂ ਹੋ ਸਕਦੀ ਹੈ । ਕਹਾਣੀ ਅੱਗੇ ਦੱਸਣ ਤੋਂ ਪਹਿਲਾਂ ਦੱਸ ਦੇ ਵਾਂ ਕਿ ਇਹ ਫਿਲਮ ਫੈਡਰਿਕ ਬੈਕਮੈਨ ਦੇ ਪਹਿਲਾਂ ਤੋਂ ਛਾਇਆ ਹੋਏ ਨਾਵਲ " ਏ ਮੈਨ ਹੂ ਕਾਲ਼ਡ ਓਵੇ "ਤੇ ਅਧਾਰਿਤ ਹੈ ਜਿਸ ਉਪਰ ਪਹਿਲਾਂ ਵੀ ਸਵਿਡਿਸ਼ ਫਿਲਮ ਬਣ ਚੁੱਕੀ ਸੀ । ਫਿਲਮ ਦੇ ਨਿਰਦੇਸ਼ਕ "ਮਾਰਕ ਫਸਟ੍ਰਰ "ਹਨ । ਓਟੋ ਦੀ ਭੂਮਿਕਾ "ਟੋਮ ਹੇਂਕਸ "ਨੇ ਨਿਭਾਈ ਹੈ ਜਵਾਨ ਓਟੋ ਦੀ ਭੂਮਿਕਾ ਉਹਨਾਂ ਦੇ ਬੇਟੇ ਟਰੂ ਹੈਂਕਸ ਨੇ ।
ਜਵਾਨ ਓਟੋ ਦੇ ਫਿਲਮ ਵਿੱਚ ਕੁਝ ਦ੍ਰਿਸ਼ ਹਨ ਉਹਨਾਂ ਦਿਨਾਂ ਦੇ ਜਦੋਂ ਉਹ ਆਪਣੀ ਪਤਨੀ ਨਾਲ ਘੁੰਮਣ ਜਾਂਦਾ ਹੈ ਕੁਝ ਸਮਾਂ ਬਿਤਾਉਂਦਾ ਹੈ ਜਿਸਦੀ ਕਿ ਬਾਅਦ ਵਿੱਚ ਮੌਤ ਹੋ ਜਾਂਦੀ ਹੈ ।
ਜਿਵੇਂ ਕਹਾਣੀ ਆਰੰਭ ਕਰਦਿਆਂ ਦੱਸਿਆ ਹੈ ਕਿ ਓਟੋ ਆਪਣੀ ਕਿਸਮ ਦਾ ਇੱਕ ਅਲੱਗ ਇਨਸਾਨ ਹੈ । ਅਸੂਲ ਪ੍ਰਸਤ ਅਨੁਸ਼ਾਸਨ ਪਸੰਦ ਤੇ ਰੁੱਖਾ ਕੋਰਾ ਤੇ ਕੰਜੂਸ । ਉਹ ਜ਼ਿੰਦਗੀ ਤੋਂ ਨਿਰਾਸ਼ ਹੈ ਉਸਦੀ ਪਤਨੀ ਨਾਲ ਉਸ ਦਾ ਪ੍ਰੇਮ ਬਹੁਤ ਜਿਆਦਾ ਸੀ ਜੋ ਕਿ ਹੁਣ ਦੁਨੀਆਂ ਵਿੱਚ ਨਹੀਂ ਉਹ ਜਲਦੀ ਤੋਂ ਜਲਦੀ ਦੁਨੀਆ ਤੋਂ ਰੁਖਸਤ ਹੋਣਾ ਚਾਹੁੰਦਾ ਹੈ , ਉਹ ਦੁਨੀਆਂ ਵਿੱਚ ਕਿਸੇ ਨੂੰ ਪਸੰਦ ਨਹੀਂ ਕਰਦਾ ।
ਜਿਸ ਕਲੋਨੀ ਵਿੱਚ ਉਹ ਰਹਿੰਦੇ ਹਨ ਉਹ ਕਾਫੀ ਪੁਰਾਣੀ ਕਲੋਨੀ ਹੈ ਜਿਸ ਵਿੱਚ ਉਸਦਾ ਇੱਕ ਪੁਰਾਣਾ ਪੜੋਸੀ ਵੀ ਹੈ , ਤੇ ਬਦਲ ਰਹੇ ਹਾਲਾਤਾਂ ਵਿੱਚ ਇਸ ਕਲੋਨੀ ਤੇ ਇੱਕ ਬਿਲਡਰ ਦੀ ਨਜ਼ਰ ਹੈ । ਓਟੋ ਜਿਸ ਦਿਨ ਰੱਸੀ ਲੈ ਕੇ ਆਉਂਦਾ ਹੈ ਆਤਮ ਹੱਤਿਆ ਲਈ ਸੋਚ ਲੈਂਦਾ ਹੈ ਤਾਂ ਉਹ ਆਪਣੇ ਘਰ ਦੀ ਬਿਜਲੀ ਅਤੇ ਟੈਲੀਫੋਨ ਆਦਿ ਬੰਦ ਕਰਵਾਉਣ ਦੀ ਅਰਜੀ ਵੀ ਦੇ ਦਿੰਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਕਿਸੇ ਨੂੰ ਲੋੜ ਹੋਵੇਗੀ ।
ਉਹ ਪੈਸੇ ਦੀ ਫਜੂਲ ਖਰਚੀ ਦੇ ਸਖਤ ਖਿਲਾਫ ਹੈ ਭਾਵੇਂ ਆਪ ਉਹ ਮੌਤ ਦੇ ਮੁਹਾਨੇ ਤੇ ਖੜਾ ਹੈ ।
ਉਸੇ ਦਿਨ ਉਸ ਦੇ ਗਵਾਂਢ ਵਿੱਚ ਇੱਕ ਮੈਕਸੀਕਨ ਜੋੜਾ ਰਹਿਣ ਲਈ ਆਉਂਦਾ ਹੈ ਜਿਸ ਵਿੱਚ ਜੋੜੇ ਤੋਂ ਇਲਾਵਾ ਦੋ ਬੱਚੇ ਹਨ । ਮੈਰੀਸੋਲ ਇੱਕ ਸਮਰਪਿਤ ਪਤਨੀ ਹੈ ਤੇ ਸਮਝਦਾਰ ਇਨਸਾਨ ਹੈ । ਜਿਸ ਦਿਨ ਓਟੋ ਆਤਮ ਹੱਤਿਆ ਦੀ ਸੋਚ ਰਿਹਾ ਹੁੰਦਾ ਹੈ ਉਹ ਉਸ ਕਲੋਨੀ ਵਿੱਚ ਉਸੇ ਦਿਨ ਆਉਂਦੇ ਹਨ ਤੇ ਉਸਦਾ ਪਤੀ ਕਾਰ ਨੂੰ ਸਹੀ ਤਰ੍ਹਾਂ ਤੇ ਪਾਰਕ ਨਹੀਂ ਕਰ ਪਾਉਂਦਾ ਓਟੋ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਉਹ ਉਸ ਨਾਲ ਬਹਿਸਦਾ ਹੈ ਤੇ ਕਹਿੰਦਾ ਹੈ ਕਿ ਪਹਿਲਾਂ ਕਾਰ ਚਲਾਉਣਾ ਸਿੱਖ । ਉਹ ਕਾਰ ਖੁਦ ਚਲਾ ਕੇ ਪਾਰਕ ਕਰ ਦਿੰਦਾ ਹੈ ।
ਓਟੋ ਇਸ ਬਹਿਸ ਤੋਂ ਬਾਅਦ ਆਪਣੇ ਆਤਮ ਹੱਤਿਆ ਲਈ ਘਰ ਚਲਾ ਜਾਂਦਾ ਹੈ ਪਰ ਉਸਦੇ ਜਾਣ ਤੋਂ ਤੁਰੰਤ ਬਾਅਦ ਮੈਰਿਜੋਲ ਉਸਦੇ ਕੋਲ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਅਸੀਂ ਤੁਹਾਡੇ ਲਈ ਕੁਝ ਲੈ ਕੇ ਆਏ ਹਾਂ । ਇਹ ਮੈਕਸੀਕਨ ਖਾਨਾ ਹੁੰਦਾ ਹੈ । ਮੈਰੀ ਸੋਲ ਜੋ ਇੱਕ ਨੇਕ ਦਿਲ ਦੀ ਔਰਤ ਹੈ ਓਟੋ ਨੂੰ ਪਸੰਦ ਕਰਦੀ ਹੈ ਉਸ ਵਿੱਚ ਆਪਣੇ ਪਿਤਾ ਦਾ ਅਕਸ ਦੇਖਦੀ ਹੈ ਓਟੋ ਦੀ ਜ਼ਿੰਦਗੀ ਲਈ ਇੱਕ ਮਹੱਤਵਪੂਰਨ ਕਿਰਦਾਰ ਦੇ ਤੌਰ ਤੇ ਸਾਹਮਣੇ ਆਉਂਦੀ ਹੈ ।
ਫਿਲਮ ਵਿੱਚ ਵੀ ਅਸੀਂ ਦੇਖਦੇ ਹਾਂ ਮੇਰੀਸੋਲ , ਪੜੋਸੀ ਦੇ ਤੌਰ ਤੇ ਓਟੋ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੁੰਦੀ ਹੈ ਜਿਸ ਤਰਾਂ ਕਿਸੇ ਜੰਮੇ ਹੋਏ ਝਰਨੇ ਦੇ ਪਾਣੀ ਵਿੱਚ ਕੋਈ ਬੰਦਾ ਢੀਮ ਸਿੱਟ ਕੇ ਹਲਚਲ ਪੈਦਾ ਕਰ ਦਵੇ ।
ਅਸੀਂ ਗਲੀ ਮਹੱਲਿਆਂ ਚ ਅਕਸਰ ਅਜਿਹੇ ਪਾਤਰ ਦੇਖਦੇ ਰਹਿੰਦੇ ਹਾਂ ਜੋ ਬਹੁਤੇ ਸਮਾਜਿਕ ਨਹੀਂ ਹੁੰਦੇ ਤੇ ਸਮਾਜ ਵੀ ਉਹਨਾਂ ਤੋਂ ਪਰੇ ਹੀ ਰਹਿੰਦਾ ਹੈ , ਉਹ ਅਜੋਕੀ ਪੀੜੀ ਤੋਂ ਸਿਰਫ ਨਰਾਜ਼ ਨਹੀਂ ਹੁੰਦੇ ਨਿਰਾਸ਼ ਵੀ ਹੁੰਦੇ ਹਨ ਉਹਨਾਂ ਦੇ ਭਵਿੱਖ ਨੂੰ ਮਾੜਾ ਹੀ ਦੇਖਦੇ ਹਨ , ਉਹਨਾਂ ਦੇ ਭਵਿੱਖ ਬਾਰੇ ਮਾੜਾ ਐਲਾਨਦੇ ਹਨ , ਤੇ ਆਮ ਤੌਰ ਤੇ ਸਮਾਜ ਉਹਨਾਂ ਤੋਂ ਕੰਨੀ ਕਤਰਾ ਜਾਂਦਾ ਹੈ ਨਫਰਤ ਕਰਦਾ ਹੈ ਕਿ ਬੱਚਿਆਂ ਨੂੰ ਬਦਦੁਆ ਦੇ ਰਿਹਾ ਹੈ ।
ਜ਼ਿਆਦਾਤਰ ਤਰ ਵਾਰੀ ਇਹਨਾਂ ਨੂੰ ਮਨਹੂਸ ਬੁੱਢੇ ਦਾ ਲਕਬ ਮਿਲ ਜਾਂਦਾ ਹੈ। ਤੁਸੀਂ ਦੇਖਿਓ ਤੁਹਾਡੇ ਆਸੇ ਪਾਸੇ ਵੀ ਇਹ ਬਜ਼ੁਰਗ ਹੁੰਦੇ ਹਨ ।
ਭਾਵੇਂ ਮੇਰੀਸੋਲ ਆਪਣੇ ਅਪਣੱਤ ਦਾ ਇਜ਼ਹਾਰ ਕਰਦੀ ਹੈ ਉਸ ਦਾ ਪਰਿਵਾਰ ਵੀ ਉਸ ਨੂੰ ਮੋਹ ਦਿਖਾਉਂਦਾ ਹੈ ਪਰ ਓਟੋ ਦੁਨੀਆਂ ਤੋਂ ਜਾਣ ਲਈ ਬਜਿੱਦ ਹੈ ।
ਉਹ ਲੋਕਾਂ ਦੇ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਡਾਢਾ ਦੁਖੀ ਹੈ ਉਸ ਸਮੇਂ ਵੀ ਜਦੋਂ ਕਿ ਉਹ ਮਰਨ ਦੀ ਸੋਚ ਚੁੱਕਿਆ ਹੈ ਉਹ ਸਮਾਜ ਤੋਂ ਅੱਕ ਗਿਆ ਹੈ । ਉਹ ਅਕਸਰ ਸੋਚਦਾ ਰਹਿੰਦਾ ਹੈ ਕਿ ਉਹ ਗਲਤ ਨਹੀਂ ਹੈ ਪਰ ਸਮਾਜ ਉਸ ਨੂੰ ਸਹੀ ਵੀ ਤਾਂ ਨਹੀਂ ਕਹਿੰਦਾ ।
ਲੋਕ ਗੰਦਗੀ ਨੂੰ ਵੰਡ ਦੇ ਅਨੁਸਾਰ ਡੱਬਿਆ ਵਿੱਚ ਨਹੀਂ ਪਾਉਂਦੇ ਲੋਕ ਗੱਡੀ ਪਾਰਕਿੰਗ ਲਈ ਨਿਯਮ ਦੀ ਪਾਲਣਾ ਨਹੀਂ ਕਰਦੇ । ਜਿਸ ਦੇ ਜਿਸ ਰਸਤੇ ਲਈ ਮਨਾਹੀ ਹੈ ਉਧਰ ਦੀ ਜਾਂਦੇ ਹਨ ।ਲੋਕ ਮਸ਼ੀਨਰੀ ਤੇ ਨਿਰਭਰ ਹੋ ਗਏ ਹਨ ...ਨੌਜਵਾਨ ਪੀੜੀ ਨਿਕੰਮੀ ਹੋਊਗੀ ਤੇ ਹੋਰ ਪਤਾ ਨਹੀਂ ਕੀ ਕੀ...।
ਸਮਝਿਆ ਜਾ ਸਕਦਾ ਹੈ ਕਿ ਉਹ ਕਦਰਾਂ ਕੀਮਤਾਂ ਦਾ ਹਾਮੀ ਹੈ ।
ਉਹ ਹੱਥੀ ਕੰਮ ਕਰਨ ਨੂੰ ਪਹਿਲ ਦਿੰਦਾ ਹੈ , ਇੱਕ ਦਿਨ ਉਹ ਅਖਬਾਰ ਵੰਡਣ ਵਾਲੇ ਮੁੰਡੇ ਦਾ ਸਾਈਕਲ ਆਪਣੇ ਹੱਥਾਂ ਨਾਲ ਠੀਕ ਕਰ ਦਿੰਦਾ ਹੈ , ਤੇ ਮੁੰਡੇ ਨੂੰ ਨਸੀਹਤ ਕਰਦਾ ਹੈ ਕਿ ਆਪਣੇ ਹੱਥੀ ਵੀ ਕੁਝ ਕਰਿਆ ਕਰੋ ।
ਰੋਜ਼ ਸੈਰ ਕਰਨ ਲਈ ਨਿਕਲਦਾ ਇੱਕ ਮੁਹੱਲੇ ਦਾ ਮੁੰਡਾ ਉਸ ਨੂੰ ਇਕ ਦਿਨ ਇੱਕ ਬਿੱਲਾ ਰੱਖਣ ਲਈ ਕਹਿੰਦਾ ਹੈ ਪਰ ਉਹ ਬਿੱਲਿਆਂ ਨੂੰ ਸਖਤ ਨਫਰਤ ਕਰਦਾ ਹੈ ਪਰ ਉਹ ਮੁੰਡਾ ਉਹ ਉਸਦੇ ਬਿੱਲੇ ਨੂੰ ਘਰ ਛੱਡ ਦਿੰਦਾ ਹੈ ਬਿੱਲਾ ਉਸੇ ਬੇਡ ਤੇ ਉਸ ਥਾਂ ਤੇ ਜਾ ਕੇ ਸੌ ਜਾਂਦਾ ਹੈ ਜਿੱਥੇ ਉਸਦੀ ਪਤਨੀ ਸੌਂਦੀ ਹੁੰਦੀ ਸੀ । ਪਤਨੀ ਨਾਲ ਲਗਾਓ ਦੇ ਚਲਦਿਆਂ , ਉਹ ਉਸ ਬਿੱਲੇ ਨੂੰ ਉਸ ਦਿਨ ਉੱਥੇ ਹੀ ਸੌਣ ਦਿੰਦਾ ਹੈ ਅਤੇ ਬਿੱਲਾ ਉਸ ਦੇ ਇਕਾਂਤ ਨੂੰ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰਦਾ ਤਾਂ ਉਹ ਉਸਨੂੰ ਆਪਣੇ ਕਮਰੇ ਵਿੱਚ ਵੀ ਰਹਿਣ ਦਿੰਦਾ ਹੈ । ਕਾਫੀ ਸਮੇਂ ਤੋਂ ਇਕੱਲਾ ਰਹਿਣ ਤੋਂ ਬਾਅਦ ਬਿੱਲੇ ਦੇ ਆਉਣ ਤੇ ਉਸ ਦੀ ਇੱਕਲਤਾ ਕੁਝ ਹੱਦ ਤੱਕ ਘਟਨੀ ਆਰੰਭ ਹੋ ਜਾਂਦੀ ਹੈ ।
ਅਖਬਾਰ ਸੁੱਟਣ ਵਾਲਾ ਮੁੰਡਾ ਇੱਕ ਦਿਨ ਓਟੋ ਕੋਲ ਆਉਂਦਾ ਹੈ ਉਹ ਕਹਿੰਦਾ ਹੈ ਕਿ ਉਸਦੇ ਪਿਤਾ ਨੇ ਉਸਨੂੰ ਘਰੋਂ ਕੱਢ ਦਿੱਤਾ ਹੈ ਕਿਉਂਕਿ ਉਹ ਇੱਕ ਟਰਾਂਸਜੈਂਡਰ ਹੈ । ਕੀ ਉਹ ਆਟੋ ਦੇ ਕੋਲ ਕੁਝ ਦਿਨ ਰਹਿ ਸਕਦਾ ਹੈ । ਓਟੋ , ਜੋ ਕਿ ਆਤਮ ਹੱਤਿਆ ਲਈ ਦੋ ਕੋਸ਼ਿਸ਼ਾਂ ਕਰ ਚੁੱਕਿਆ ਹੈ , ਤੇ ਕਰ ਰਿਹਾ ਹੈ ਅਤੇ ਇਕੱਲਾ ਰਹਿਣਾ ਚਾਹੁੰਦਾ ਹੈ ਨੂੰ ਇਹ ਚੰਗਾ ਨਹੀਂ ਲੱਗਦਾ ਪਰ ਉਸਦੇ ਚਿਹਰੇ ਤੇ ਆਏ ਭਾਵ ਉਸ ਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੰਦੇ ਹਨ ।ਉਸ ਤੇ ਤਰਸ ਕਰਕੇ ਰਹਿਣ ਲਈ ਆਗਿਆ ਦੇ ਦਿੰਦਾ ਹੈ । ਦੂਜੇ ਦਿਨ ਮੁੰਡਾ ਬਹੁਤ ਸਾਊ ਬੱਚਿਆਂ ਦੀ ਤਰ੍ਹਾਂ ਉਸ ਲਈ ਖਾਣਾ ਬਣਾਉਂਦਾ ਹੈ ਉਸ ਦੇ ਬਿੱਲੇ ਨੂੰ ਵੀ ਖਾਣਾ ਬਣਾ ਕੇ ਦਿੰਦਾ ਹੈ ।
ਉਸ ਤੋਂ ਪ੍ਰਭਾਵਿਤ ਹੁੰਦਾ ਹੈ । ਉਸ ਦੇ ਮਨ ਵਿੱਚ ਉਸ ਲਈ ਕੁਝ ਜਗਹਾ ਬਣ ਜਾਂਦੀ ਹੈ ਨਹੀਂ ਤਾਂ ਉਹ ਉਸਨੂੰ ਬਹੁਤ ਨਿਕੰਮਾ ਤੇ ਮੂਰਖ ਲੜਕਾ ਸਮਝਦਾ ਸੀ , ਜੋ ਆਪਣੇ ਕਿਰਦਾਰ ਤੋਂ ਡਿੱਗ ਚੁੱਕਿਆ ਸੀ ।
ਸੈਰ ਕਰਨ ਵਾਲਾ ਉਹ ਮੁੰਡਾ ਜਿਸ ਦਾ ਢੰਗ ਓਟੋ ਨੂੰ ਬਿਲਕੁਲ ਪਸੰਦ ਨਹੀਂ ਇੱਕ ਦਿਨ ਉਸਨੂੰ ਦੱਸਦਾ ਹੈ ਕਿ ਉਸਦੇ ਪੁਰਾਣੇ ਮਿੱਤਰ ਦਾ ਘਰ ਉਸ ਬੰਦੇ ਨੇ ਲੈ ਲਿਆ ਹੈ ਜੋ ਉਸ ਕਲੋਨੀ ਨੂੰ ਕਬਜਾਉਣਾ ਚਾਹੁੰਦਾ ਹੈ । ਉਸਦੇ ਪੁਰਾਣੇ ਮਿੱਤਰ ਨਾਲ ਵੀ ਉਸਦੀ ਆਪਣੀ ਇੱਕ ਕਹਾਣੀ ਅਤੇ ਖੁੰਦਕ ਦੀ ਕਥਾ ਹੈ ।
ਜਵਾਨੀ ਵੇਲੇ ਦਾ ਉਸ ਦਾ ਇਹ ਸਾਥੀ ਉਸ ਨਾਲ ਹਮੇਸ਼ਾ ਈਰਖਾ ਕਰਦਾ ਰਿਹਾ ਸੀ ਤੇ ਉਹ ਵੀ ਭਾਂਵੇ ਇਸ ਦੀ ਭਾਵਨਾ ਕਦੇ ਈਰਖਾ ਦੀ ਨਹੀਂ ਸੀ , ਹਾਂ ,ਮੁਕਾਬਲਾ ਜਰੂਰ ਸੀ । ਉਹ ਹਮੇਸ਼ਾ ਓਟੋ ਵੱਡੀ ਗੱਡੀ ਲਿਆਉਂਦਾ ਤੇ ਫੋਰਡ ਦੀ ਹੀ ਲਿਆਂਦਾ ਫੋਰਡ ਦੀ ਗੱਡੀ ਓਟੋ ਨੂੰ ਪਸੰਦ ਨਹੀਂ ਸੀ । ਆਟੋ ਇਸ ਮੁਕਾਬਲੇਬਾਜ਼ੀ ਨੂੰ ਖਤਮ ਕਰਨ ਲਈ ਇਕ ਦਿਨ ਉਸ ਦੇ
ਘਰੇ ਜਾਂਦਾ ਹੈ । ਉਹ ਸ਼ੈਮਪੇਨ ਦੀ ਬੋਤਲ ਵੀ ਨਾਲ ਲੈ ਜਾਂਦਾ ਹੈ , ਤਾਂ ਕਿ ਖੁਸ਼ਗਵਾਰ ਮਾਹੌਲ ਵਿੱਚ ਗੱਲਾਂ ਬਾਤਾਂ ਹੋ ਸਕਣ , ਪਰ ਉਸ ਦਾ ਮਿੱਤਰ ਹਾਲੇ ਦੋਸਤੀ ਦੀ ਮੂਡ ਵਿੱਚ ਨਹੀਂ । ਉਹ ਅਚਾਨਕ ਇੱਕ ਹੋਰ ਕੰਪਨੀ ਦੀ ਵੱਡੀ ਗੱਡੀ ਓਟੋ ਨੂੰ ਦਿਖਾਉਂਦਾ ਹੈ ਇਹ ਓਟੋ ਨੂੰ ਪਰੇਸ਼ਾਨ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ । ਓਟੋ, ਜਿਸ ਨੂੰ ਉਸ ਵੱਲੋਂ ਲਿਆਂਦੀਆਂ ਵੱਡੀਆਂ ਗੱਡੀਆਂ ਨਾਲ ਕੋਈ ਸਮੱਸਿਆ ਨਹੀਂ ਪਰ ਇਹ ਦੇਖ ਕੇ ਉਸਨੂੰ ਗੁੱਸਾ ਜਾਂਦਾ ਹੈ ਕਿ ਉਸਦੇ ਦੋਸਤ ਨੇ ਗੱਡੀ ਦੀ ਕੰਪਨੀ ਬਦਲ ਲਈ ਹੈ ਉਸ ਅਨੁਸਾਰ ਜਿਸ ਕੰਪਨੀ ਤੇ ਉਸਨੇ ਇਨਾ ਮਾਣ ਕੀਤਾ ਹੈ ਉਸਨੂੰ ਇੱਕਦਮ ਨਹੀਂ ਸੀ ਬਦਲਣਾ ਚਾਹੀਦਾ । ਇਹ ਵੀ ਉਸਦੇ ਅਸੂਲ ਦਾ ਇੱਕ ਹਿੱਸਾ ਹੈ।
ਸਿੱਧੇ ਸਿੱਧੇ ਸ਼ਬਦਾਂ ਵਿੱਚ ਓਟੋ ਦਾ ਮਤਲਬ ਸੀ ਕਿ ਇਹ ਵੀ ਕੋਈ ਬੰਦਿਆਂ ਵਾਲੀ ਗੱਲ ਹੋਈ ।
ਉਹ ਨਰਾਜ਼ ਹੋ ਕੇ ਵਾਪਸ ਆ ਜਾਂਦਾ ਹੈ ।
ਪਰ ਹੁਣ ਕਈ ਸਾਲਾਂ ਬਾਅਦ ਹੁਣ ਉਸ ਦਾ ਮਿੱਤਰ ਮੁਸੀਬਤ ਵਿੱਚ ਸੀ ਉਸਦੇ ਉਸ ਬੇਟੇ ਨੇ ਹੀ ਉਸਦੇ ਘਰ ਦਾ ਸੌਦਾ ਕਰ ਦਿੱਤਾ ਸੀ ਜਿਸ ਦੇ ਉੱਪਰ ਉਸਦਾ ਮਿੱਤਰ ਹਮੇਸ਼ਾ ਮਾਨ ਕਰਦਾ ਰਿਹਾ ਸੀ । ਸੈਰ ਕਰਨ ਵਾਲਾ ਮੁੰਡਾ ਆਟੋ ਨੂੰ ਆਪਣੇ ਮਿੱਤਰ ਦੀ ਮਦਦ ਕਰਨ ਲਈ ਕਹਿੰਦਾ ਹੈ ।
ਓੰਟੋ ਆਪਣੇ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਕੋਈ ਚੰਗਾ ਕਰਨ ਦਾ ਮੌਕਾ ਮਿਲਣ ਤੇ ਖੁਸ਼ ਹੈ । ਉਸ ਕੋਲ ਲਿਆਕਤ ਹੈ ਅਤੇ ਤਰੀਕਾ ਵੀ ਇੱਕ ਯੂ ਟੀਊਬਰ ਲੜਕੀ ਨਾਲ ਰਲ ਕੇ ਉਹ ਬਿਲਡਰ ਨੂੰ ਆਉਣ ਤੇ ਭਜਾ ਦਿੰਦਾ ਹੈ ।
ਯੂਟੀਊਬ ਪਰ ਲੜਕੀ ਦੀ ਵੀ ਆਪਣੀ ਇੱਕ ਅਹਿਮੀਅਤ ਹੈ ਇਸ ਕਹਾਣੀ ਵਿੱਚ ਉਹ ਉਟੋ ਤੋਂ ਇਸ ਕਰਕੇ ਪਸੰਦ ਕਰਦੀ ਹੈ ਕਿ ਉਸਨੇ ਇੱਕ ਦਿਨ ਆਪਣੀ ਜਾਨ ਤੇ ਖੇਡ ਕੇ ਇੱਕ ਹੋਰ ਬੰਦੇ ਨੂੰ ਟ੍ਰੇਨ ਥੱਲੇ ਆਉਣ ਤੋਂ ਬਚਾਇਆ ਸੀ । ਭਾਵੇਂ ਕਿ ਉਸ ਨੂੰ ਹਾਲੇ ਇਹ ਨਹੀਂ ਪਤਾ ਕਿ ਉਸ ਦਿਨ ਵੀ ਜਿਸ ਦਿਨ ਉਸਨੇ ਉਸ ਆਦਮੀ ਨੂੰ ਪ੍ਰਿੰਸ ਲਾਉਣ ਤੋਂ ਬਚਾਇਆ ਸੀ ਉਸ ਦਿਨ ਵੀ ਉਹ ਆਤਮ ਹੱਤਿਆ ਦੀ ਤਿਆਰੀ ਕਰ ਰਿਹਾ ਸੀ ।
ਉਹ ਆਪਣਾ ਦੁੱਖ ਭੁੱਲ ਕੇ ਉਸ ਬੰਦੇ ਦੇ ਬੱਚਿਆਂ ਦੇ ਦੁੱਖ ਨੂੰ ਦੇਖ ਰਿਹਾ ਸੀ ।
ਓਟੋ ਦੇ ਇੱਕ ਮਹੱਲੇਦਾਰ ਅਤੇ ਪੁਰਾਣੇ ਦੋਸਤ ਦਾ ਘਰ ਬਚ ਗਿਆ ਸੀ ਉਹ ਸੰਤੁਸ਼ਟ ਅਤੇ ਖੁਸ਼ ਸੀ ।
ਕਹਾਣੀ ਦੇ ਇਸ ਮੋੜ ਤੇ ਆ ਕੇ ਇੱਕ ਤ੍ਰਾਸਦੀ ਦੀ ਵਾਪਰਦੀ ਹੈ । ਪਹਿਲਾਂ ਜਦੋਂ ਕਿ ਓਟੋ ਕੋਲ ਜੀਣ ਦੀ ਕੋਈ ਵਜਹਾ ਨਹੀਂ ਹੁੰਦੀ ਸੀ ਤਾਂ ਮਰਨਾ ਚਾਹੁੰਦਾ ਸੀ ਪਰ ਹੁਣ ਜਦੋਂ ਕਿ ਉਹ ਸਮਾਜਿਕ ਹੋ ਗਿਆ ਹੈ ਉਸ ਨਾਲ ਕੁਝ ਲੋਕ ਜੁੜ ਗਏ ਹਨ ਮੈਰਿਸੋ ਲ ਤੋਂ ਆਉਣ ਤੋਂ ਬਾਅਦ ਉਸ ਦਾ ਸਮਾਜਿਕ ਜੀਵਨ ਬਦਲਾਓ ਦੇ ਦੌਰ ਵਿੱਚ ਹੈ , ਉਸ ਨੂੰ ਜ਼ਿੰਦਗੀ ਵਿੱਚ ਦਿਲਚਸਪੀ ਜਾਗੀ ਹੈ ਤਾਂ ਅਚਾਨਕ ਉਹ ਬਿਮਾਰ ਹੋ ਜਾਂਦਾ ਹੈ , ਅਚਾਨਕ ਬੇਹੋਸ਼ ਹੋ ਜਾਂਦਾ ਹੈ। ਡਾਕਟਰ ਦੱਸਦੇ ਹਨ ਕਿ ਉਸਦਾ ਦਿਲ ਵੱਡਾ ਹੋ ਗਿਆ ਹੈ । ਮੇਰਿਸੋਲ ਜੋ ਕਿ ਉਸ ਨੂੰ ਆਪਣੇ ਪਿਤਾ ਦੀ ਥਾਂ ਮੰਨਦੀ ਹੈ ਉਸਦੀ ਮਿਜ਼ਾਜ ਪੁਰਸ਼ੀ ਲਈ ਹਸਪਤਾਲ ਜਾਂਦੀ ਹੈ ।
ਮੈਰੀਸੋਲ ਇਸ ਗੱਲ ਤੇ ਖੂਬ ਹੱਸਦੀ ਹੈ ਉਹ ਕਹਿੰਦੀ ਹੈ ਕਿ ਜਿਸ ਬਾਰੇ ਇਹ ਮਸ਼ਹੂਰ ਹੈ ਕਿ ਉਸ ਕੋਲ ਦਿਲ ਨਹੀਂ ਹੈ ਉਹ ਪੈਸੇ ਨਹੀਂ ਖਰਚਦਾ ਭਾਵੇਂ ਕਿ ਇਕੱਲਾ ਰਹਿੰਦਾ ਹੈ.... ਉਸ ਕੋਲ ਪੈਸੇ ਹਨ ਵੀ ਤੇ ...ਤੁਸੀਂ ਕਹਿ ਰਹੇ ਹੋ ਦਿਲ ਵੱਡਾ ਹੋ ਗਿਆ ਹੈ ਉਹ ਤਾਂ ਬਿਮਾਰ ਹੈ । ।
ਖੈਰ ਓਟੋ ਹਸਪਤਾਲ ਤੋਂ ਘਰੇ ਆ ਜਾਂਦਾ ਹੈ । ਹੁਣ ਉਸ ਦਾ ਪਰਿਵਾਰ ਵੱਡਾ ਪਰਿਵਾਰ ਹੋ ਗਿਆ ਹੈ ਉਸ ਨਾਲ ਲੋਕ ਮਿਲ ਵਰਤਣ ਲੱਗ ਗਏ ਹਨ ਉਸ ਦਾ ਦਿਲ ਵੀ ਬਹਿਲ਼ ਗਿਆ ਹੈ ਪਰ ਉਸਨੂੰ ਪਤਾ ਹੈ ਕਿ ਹੁਣ ਉਸਨੇ ਜਾਣਾ ਹੈ , ਉਸ ਦੀ ਬਿਮਾਰੀ ਲਾ ਇਲਾਜ ਹੈ । । ਮੈਰਿਸੋਲ ਦੇ ਬੱਚੇ ਦੇ ਜਨਮਦਿਨ ਤੇ ਉਹ ਇੱਕ ਪਾਲਣਾ ਉਸ ਲਈ ਲੈ ਕੇ ਆਉਂਦਾ ਹੈ ਇਹ ਉਹੀ ਪਾਲਣਾ ਹੈ ਜੋ ਉਸਨੇ ਆਪਣੇ ਬੱਚੇ ਲਈ ਬਣਾਇਆ ਸੀ ਜੋ ਕਿ ਉਸਨੇ ਹੁਣ ਤੱਕ ਸਾਂਭਿਆ ਹੋਇਆ ਹੈ ।
ਇਹ ਉਸ ਲਈ ਬਹੁਤ ਕੀਮਤੀ ਚੀਜ਼ ਸੀ ਬੱਚਾ ਇੱਕ ਦੁਰਘਟਨਾ ਵਿੱਚ ਜਨਮ ਤੋਂ ਪਹਿਲਾਂ ਹੀ ਮਰ ਗਿਆ ਸੀ ਜਿਸਦਾ ਉਸਦੀ ਪਤਨੀ ਅਤੇ ਉਸਨੇ ਬਹੁਤ ਕੰਮ ਕੀਤਾ ਸੀ ਉਹਨਾਂ ਦੇ ਚਾ ਰਸਤੇ ਵਿੱਚ ਹੀ ਦਮ ਤੋੜ ਗਏ ਸਨ । ਹੁਣ ਕਿਉਂਕਿ ਇਹਨਾਂ ਬੱਚਿਆਂ ਨਾਲ ਉਸ ਉਸ ਦਾ ਆਪਣੇ ਪਨ ਦਾ ਰਿਸ਼ਤਾ ਹੈ ਤਾਂ ਇਹ ਤੋਹਫਾ ਉਹ ਮੇਰੀਸੋਲ ਦੇ ਬੱਚੇ ਨੂੰ ਦਿੰਦਾ ਹੈ । ਉਹ ਹੁਣ ਇਹਨਾਂ ਬੱਚਿਆਂ ਵਿੱਚ ਆਪਣੇ ਬੱਚਿਆਂ ਨੂੰ ਤੱਕਦਾ ਹੈ ।
ਹੁਣ ਜਦੋਂ ਕਿ ਭੁੱਲੀ ਵਿਸਰੀ ਹੋਈ ਜਿੰਦਗੀ ਉਸ ਨੂੰ ਦੁਬਾਰਾ ਇਸ ਮੋੜ ਤੇ ਆ ਕੇ ਮਿਲ ਗਈ ਹੈ ਤਾਂ ਦੁੱਖ ਇਹ ਵੀ ਹੈ ਕਿ ਹੁਣ ਉਸ ਕੋਲ ਜਿਆਦਾ ਸਮਾਂ ਨਹੀਂ ਹੈ ।
ਪਹਿਲਾਂ ਉਸ ਕੋਲ ਜੀਨ ਦੀ ਵਜਹਾ ਨਹੀਂ ਸੀ ਹੁਣ ਉਸ ਕੋਲ ਜੀਨ ਦੇ ਕਾਰਨ ਹਨ ਪਰ ਸਮਾਂ ਨਹੀਂ ਹੈ ।
ਇੱਕ ਦਿਨ ਮੈਰੀਸੋਲ ਦਾ ਪਤੀ ਦੇਖਦਾ ਹੈ ਕਿ ਅੱਜ ਰੋਜ਼ਾਨਾ ਦੀ ਤਰ੍ਹਾਂ ਓਟੋ ਆਪਣੀ ਬਰਫ ਸਾਫ ਕਰਨ ਘਰ ਤੋਂ ਬਾਹਰ ਨਹੀਂ ਆਇਆ । ਉਸ ਦੇ ਅਖਬਾਰ ਵੀ ਉਸੇ ਤਰ੍ਹਾਂ ਪਏ ਹਨ ਉਹ ਭੱਜ ਕੇ ਘਰ ਜਾਂਦੇ ਹਨ ਤਾਂ ਉਹੀ ਹੁੰਦਾ ਹੈ ਜਿਸ ਦਾ ਮੇਰੀਸੋਲ ਨੂੰ ਡਰ ਹੁੰਦਾ ਹੈ ।ਓਟੋ ਉਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ
ਉਸਨੇ ਇੱਕ ਵਸੀਅਤ ਲਿਖ ਕੇ ਰੱਖੀ ਸੀ ਜੋ ਉਹਨਾਂ ਨੂੰ ਉਸ ਮੌਕੇ ਮਿਲਦੀ ਹੈ ਜਿਸ ਵਿੱਚ ਵਿਚ ਵੀ ਹੋਰ ਚੀਜ਼ਾਂ ਤੋਂ ਇਲਾਵਾ ਕੁਝ ਨਸੀਹਤਾਂ ਵੀ ਸਨ, ਇਹ ਮੇਰਿਸੋਲ਼ ਲਈ ਸਨ ।
ਉਸ ਨੇ ਮੇਰੀਸੋਲ ਨੂੰ ਲਿਖਿਆ ਸੀ ਕਿ ਉਹ ਜੋ ਗੱਡੀ ਨਵੀਂ ਲੈ ਕੇ ਆਏ ਹਨ ਉਹ ਉਸ ਨੂੰ ਆ ਖੁਦ ਚਲਾਵੇ ਉਸ ਦੇ ਪਤੀ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ । ਉਸ ਨੇ ਕਦੇ ਖਰਚਾ ਨਹੀਂ ਕੀਤਾ , ਇਸ ਲਈ ਉਸ ਕੋਲ ਕਾਫੀ ਪੈਸੇ ਜੁੜੇ ਹੋਏ ਹਨ ਉਹ ਉਹਨਾਂ ਦੇ ਬੱਚਿਆਂ ਦੇ ਕੰਮ ਆਉਣਗੇ । ਉਸ ਦੇ ਸੰਸਕਾਰ ਨੂੰ ਬਹੁਤਾ ਆਲੀਸ਼ਾਨ ਤਰੀਕੇ ਨਾਲ ਨਾ ਕੀਤਾ ਜਾਵੇ ਉਹ ਸਧਾਰਨ ਕੀਤਾ ਜਾਵੇ ਤਾਂ ਚੰਗਾ ਹੈ । ਉਹ ਅੰਤ ਵਿੱਚ ਕਹਿੰਦਾ ਹੈ ਕਿ ਉਹ ਸਾਰੇ ਖੁਸ਼ ਰਹਿਣ ।
ਇਹ ਵਸੀਅਤ ਅਤੇ ਨਸੀਹਤਾਂ ਪੜ੍ਦਿਆਂ ਫਿਲਮ ਖਤਮ ਹੋ ਜਾਂਦੀ ਹੈ ਉਸ ਸਮੇਂ ਖਤਮ ਹੁੰਦੀ ਹੈ ਜਦੋਂ ਅਸੀਂ ਦੇਖਦੇ ਹੋਏ ਬਹੁਤ ਭਾਵਕ ਹੋ ਜਾਂਦੇ ਹਾਂ । ਸਾਨੂੰ ਆਪਣੇ ਆਲੇ ਦੁਆਲੇ ਵਿੱਚ ਵਿਚਰਦੇ ਇਹੋ ਜਿਹੇ ਪਾਤਰਾਂ ਦਾ ਖਿਆਲ ਹੁੰਦਾ ਹੈ ਉਹਨਾਂ ਪ੍ਰਤੀ ਹਮਦਰਦੀ ਵੀ ਪੈਦਾ ਹੁੰਦੀ ਹੈ ।
ਇਸ ਫਿਲਮ ਦੀ ਪ੍ਰਾਪਤੀ ਵੀ ਇਹੀ ਹੈ ।
ਹਾਲੀਵੁੱਡ ਦੀ ਇਹ ਕਹਾਣੀ ਅਮਰੀਕਾ ਦੇ ਕਿਸੇ ਮਹੱਲੇ ਦੀ ਕਹਾਣੀ ਨਾ ਹੋ ਕੇ , ਆਪਣੇ ਸ਼ਹਿਰ ਅਤੇ ਪਿੰਡ ਦੀ ਕਿਸੇ ਗਲੀ ਦੇ ਪਾਤਰ ਦੀ ਕਹਾਣੀ ਲੱਗੀ । ਇਹ ਫਿਲਮ ਦੇਖਦਿਆਂ ਮੈਂ ਰਿਸ਼ੀਕੇਸ਼ ਮੁਖਰਜੀ ਦੀ ਫਿਲਮਾਂ ਆਨੰਦ ਅਤੇ ਬਾਵਰਚੀ ਨੂੰ ਵੀ ਕਾਫੀ ਵਾਰ ਯਾਦ ਕੀਤਾ ਇਹ ਉਹਨਾਂ ਦੀਆਂ ਫਿਲਮਾਂ ਵਰਗੀ ਹੀ ਇੱਕ ਸ਼ਾਨਦਾਰ ਫਿਲਮ ਹੈ ।
ਬੇਸ਼ਕ ਫਿਲਮ ਦੇ ਲੇਖਕ ਨਿਰਦੇਸ਼ਕ ਨਿਰਮਾਤਾ ਅਦਾਕਾਰ ਇੱਕ ਅਜਿਹੇ ਨਵੇਕਲੇ ਵਿਸ਼ੇ ਤੇ ਫਿਲਮ ਬਣਾਉਣ ਲਈ ਵਧਾਈ ਦੇ ਹੱਕਦਾਰ ਹਨ । ਫਿਲਮ ਨੇ ਉਨਾਂ ਸਮਾਜਿਕ ਪਾਤਰਾਂ ਨਾਲ ਵੀ ਨਿਆ ਕਰਨ ਦਾ ਯਤਨ ਕੀਤਾ ਹੈ ਜਿਨਾਂ ਨੂੰ ਸਿਰਫ ਇਸ ਅਧਾਰ ਤੇ ਰੱਦ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਕੋਲ ਨਸੀਹਤਾਂ ਤੋਂ ਇਲਾਵਾ ਕੁਝ ਨਹੀਂ ।
ਕੁਝ ਵੀ ਹੋਵੇ , ਫਿਲਮ ਦੇਖਣ ਤੋਂ ਬਾਦ ਓਟੋ ਦਾ ਪਾਤਰ ਤੁਹਾਡੇ ਜਿਹਨ ਚ ਕੁਝ ਦਿਨ ਜ਼ਰੂਰ ਭਾਰੂ ਰਹੇਗਾ , ਸ਼ਾਇਦ ਇਸ ਤੋਂ ਜਿਆਦਾ ਵੀ ।
ਤਰਸੇਮ ਬਸ਼ਰ
9814163071