ਜਸਪਾਲ ਮਾਨਖੇੜਾ ਦਾ ਨਵਾਂ ਨਾਵਲ " ਹਰ ਮਿੱਟੀ ਦੀ ਆਪਣੀ ਖ਼ਸਲਤ " - ਤਰਸੇਮ ਬਸ਼ਰ
ਇੱਕ ਸੰਖੇਪ ਤਬਸਰਾ
ਮਹਿਲਾਵਾਂ ਨਾਲ , ਮਜ਼ਲੂਮਾਂ ਨਾਲ ਵਧੀਕੀਆਂ ਹੁੰਦਿਆਂ ਰਹੀਆਂ ਹਨ , ਸਮਾਜ ਚ ਇਸ ਦਾ ਵਿਰੋਧ ਵੀ ਹੁੰਦਾ ਰਿਹਾ ਹੈ ਰੋਸ ਵੀ ਉਪਜਦਾ ਰਿਹਾ ਹੈ , ਪਰ ਹਰ ਘਟਨਾ ਦਾ ਰੋਸ , ਲੋਕ ਰੋਹ ਚ ਨਹੀਂ ਬਦਲਦਾ । ਅਜਿਹਾ ਚੰਦ ਘਟਨਾਵਾਂ ਚ ਦੇਖਣ ਨੂੰ ਮਿਲਦਾ ਹੈ , ਫਿਰ ਲੋਕ ਰੋਹ ਅੱਗੇ ਸਿਸਟਮ ਨੂੰ ਆਪਣੇ ਕਾਰਜ ਦਾ ਰਵਾਇਤੀ ਢੰਗ ਵੀ ਬਦਲਣਾ ਪਿਆ , ਇਨਸਾਫ਼ ਵੀ ਮਿਲਿਆ ਹੈ ।
ਅਫਸੋਸ ਕਿ ਇਹ ਜਿਆਦਾਤਰ ਨਹੀਂ ਹੁੰਦਾ , ਕਦੇ ਕਦੇ ਅਜਿਹਾ ਹੁੰਦਾ ਹੈ ।
ਜਸਪਾਲ ਮਾਨਖੇੜਾ ਦਾ ਨਵਾਂ ਨਾਵਲ "ਹਰ ਮਿੱਟੀ ਦੀ ਆਪਣੀ ਖ਼ਸਲਤ " ਵੀ ਇਸੇ ਤਰਾਂ ਦੇ ਰੋਸ ਨੂੰ ਲੋਕ ਰੋਹ ਚ ਬਦਲਣ ਦੀ ਸੂਖਮ ਤੇ ਅਦਿਖ ਪ੍ਰਕਿਰਿਆ ਨੂੰ ਦੇਖਣ ਦੀ , ਅਤੇ ਪਾਠਕਾਂ ਨੂੰ ਦਿਖਾਉਣ ਦੀ ਕਲਾਤਮਕ ਪ੍ਰਭਾਵਸ਼ਾਲੀ ਕੋਸ਼ਿਸ਼ ਹੈ ।
ਜਸਪਾਲ ਮਾਨਖੇੜਾ ਨੇ ਇਕ ਮਹਿਲਾ ਨਾਲ ਹੋਈ ਵਧੀਕੀ , ਜੁਲਮ , ਜੁਰਮ ਤੋਂ ਬਾਦ ਘਟਨਾਵਾਂ ਦੀ ਪਿਠਭੂਮੀ ਚ ਵਾਪਰਦੇ ਘਟਨਾਕ੍ਰਮ ਨੂੰ ਸ਼ਬਦ ਦਿੱਤੇ ਹਨ , ਸਜੀਵ ਕਰਨ ਦਾ ਯਤਨ ਕੀਤਾ ਹੈ । ਤੁਸੀਂ ਰੋਸ ਮੁਜਾਹਰੇ , ਮਾਰਚ ਦੇਖੇ ਹਨ ਅਕਸਰ ਦੇਖਦੇ ਹਾਂ , ਪਰ ਇਹ ਰੋਸ ਧਰਨੇ ,ਲੋਕ ਰੋਹਾਂ ਚ ਕਿਵੇਂ ਬਦਲਦੇ ਹਨ ,ਇਸ ਸੂਖਮ ਵਰਤਾਰੇ ਨੂੰ ਨਹੀਂ ਦੇਖਿਆ । ਤੁਸੀਂ ਨਹੀਂ ਦੇਖਿਆ ਲੋਕ ਲਹਿਰਾਂ ਦਾ ਜਨਮ ਕਿਸ ਤਰਾ ਹੁੰਦਾ ਹੈ ।
ਇਸੇ ਵਰਤਾਰੇ ਦਾ ਦਿਲਚਸਪ ਵਰਣਨ ਹੈ ।
"ਹਰ ਮਿੱਟੀ ਦੀ ਆਪਣੀ ਖ਼ਸਲਤ '।
ਕਿਸੇ ਚਰਚਿਤ ਅਪਰਾਧ ਘਟਨਾ ਦੇ ਪਿਛੋਕੜ ਅਤੇ ਘਟਨਾ ਵਾਪਰਨ ਤੋਂ ਬਾਦ , ਇਨਸਾਫ਼ ਮਿਲਣ ਤੱਕ ਦੀ ਕਹਾਣੀ ਪੰਜਾਬੀ ਸਾਹਿਤ ਚ ਨਾਵਲ ਰੂਪ ਚ ਜਿਆਦਾ ਲਿਖੀ ਵੀ ਨਹੀਂ ਗਈ । ਅਜਿਹੇ ਹੀ ਇੱਕ ਕਾਂਡ ਦੀ ਬੁਨਿਆਦ ਤੇ ਮਾਨਖੇੜਾ ਦੇ ਇਸ ਨਾਵਲ ਦੀ ਕਹਾਣੀ ਬੁਣੀ ਗਈ ਹੈ ।
ਇੱਕ ਵਿਲੱਖਣ ਸਾਹਿਤਕ ਪਹਿਲ
ਇਨਸਾਫ਼ ਦੇ ਇਸ ਘੋਲ ਚ ਲੇਖਕ ਆਪ ਵੀ ਆਂਸ਼ਿਕ ਰੂਪ ਚ ਸ਼ਾਮਿਲ ਰਿਹਾ ਸੀ ।
ਇੱਕ ਅਪਰਾਧ ਤੇ ਅਧਾਰਿਤ ਕਹਾਣੀ ਤੇ ਹੀ ਕਿਉਂ ਨਾਵਲ ਲਿਖਣਾ ਪਿਆ ਜਾਂ ਲਿਖਿਆ ਹੈ ਇਸ ਪ੍ਰਸ਼ਨ ਦੇ ਜਵਾਬ ਚ ਮਾਨਖੇੜਾ ਦਾ ਕਹਿਣਾ ਹੈ ਕਿ ਸਮਾਜ ਚ ਮਜ਼ਲੂਮ ਤਬਕੇ ਨਾਲ ਅਕਸਰ ਵਧੀਕੀ ਹੁੰਦੀ ਹੈ । ਸਮਾਜ ਧੜੇਬੰਦੀਆਂ ਚ ਵੰਡਿਆ ਹੋਇਆ ਹੈ , ਇਸ ਲਈ ਇਨਸਾਫ਼ ਦੇ ਰਾਜ ਦੀ ਕਲਪਨਾ ਬੇਮਾਨੀ ਹੋ ਜਾਂਦੀ ਰਹੀ ਹੈ , ਪਰ ਕਈ ਵਾਰ ਸਮਾਜ ਅਨਿਆਂ ਖਿਲਾਫ ਇੱਕਜੁਟ ਹੁੰਦਾ ਹੈ , ਤੇ ਇਨਸਾਫ਼ ਵੀ ਮਿਲਦਾ ਹੈ ।
ਅਜਿਹਾ ਕਦੀ ਕਦਾਈਂ ਹੁੰਦਾ ਹੈ , ਮੇਰੇ ਵਰਗੇ ਲੋਕ ਜੋ ਕਮਜੋਰ ਵਰਗ ਲਈ ਸਮਾਨਤਾ ਦੇ ਹਾਮੀ ਰਹੇ ਹਨ ਲੜੇ ਹਨ , ਉਹਨਾਂ ਲਈ ਅਜਿਹੇ ਲੋਕ ਰੋਹ ,ਅਤੇ ਇਸ ਉਪਰੰਤ ਜਿੱਤ , ਬਹੁਤ ਅਰਥ ਰੱਖਦੇ ਹਨ ।
ਇਸੇ ਲਈ ਇਹ ਨਾਵਲ ਲਿਖਣ ਦੀ ਸੋਚੀ ਸੀ, ਇਨਸਾਫ਼ ਪਸੰਦ ਲੋਕਾਂ ਨੂੰ ਉਤਸ਼ਾਹ ਵੀ ਮਿਲੇ , ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲੇ । ਕਾਮਯਾਬ ਲੋਕਾਂ ਦੇ ਘੋਲ ਨੂੰ ਦਸਤਾਵੇਜ਼ੀ ਰੂਪ ਵੀ ਮਿਲ ਜਾਵੇ ਤਾਂ ਬਿਹਤਰ ਸੀ ।
ਮਾਨਖੇੜਾ ਅਨੁਸਾਰ ਉਹਨਾਂ ਨੇ ਇਹ ਨਾਵਲ ਪ੍ਰਤੀਬਧਤਾ ਦੇ ਚਲਦਿਆਂ ਰਾਤਾਂ ਨੂੰ ਜਾਗ ਜਾਗ ਕੇ ਵੀ ਲਿਖਿਆ ਹੈ ਮਿਹਨਤ ਕੀਤੀ । ਅਸੀਂ ਘਟਨਾਂ ਨਾਲ ਜੁੜੇ ਲੋਕਾਂ ਤੱਕ ਵੀ ਪਹੁੰਚੇ ,ਕੁਦਰਤੀ ਉਹਨਾਂ ਰੋਸ ਮੋਰਚਿਆਂ ਚ ਵੀ ਜਾਨ ਦਾ ਸਬਬ ਵੀ ਬਣਿਆ ਸੀ ਜੋ ਉਸ ਘਟਨਾ ਤੋਂ ਬਾਦ ਵਿਰੋਧ ਚ ਲੱਗੇ ਸਨ । ਸੋ ਪੂਰੇ ਵਰਤਾਰੇ ਨੂੰ ਦੇਖਣ ਸਮਝਣ ਦਾ ਮੌਕਾ ਬਣਦਾ ਰਿਹਾ ਸੀ , ਲੋਕਾਂ ਦੇ ਚਿਹਰੇ ਦੀਆਂ ਸ਼ਿਕਣਾਂ ਯਾਦ ਸਨ , ਬਾਦ ਚ ਆਈ ਚਮਕ ਵੀ ਯਾਦ ਸੀ ।
ਇਹ ਨਿੱਜੀ ਚਮਕ ਨਹੀਂ ਸੀ ਨਾ ਹੀ ਨਿੱਜੀ ਜਿੱਤ , ਪਰ ਇਹ ਸਭ ਦੀ ਸੀ ।
ਸਮੂਹਿਕ ਉਤਸ਼ਾਹ ।
ਅਜਿਹੇ ਵਰਤਾਰੇ ਨੂੰ ਮਹਿਸੂਸ ਕਰਨਾ , ਆਪਣੇ ਆਪ ਚ ਵਿਲੱਖਣ ਅਨੁਭਵ ਹੁੰਦਾ ਹੈ , ਤੇ ਉਸ ਨੂੰ ਕਲਮੀ ਰੂਪ ਦੇਣਾ ਅਨੂਠਾ ਤੇ ਦਿਲਚਸਪ ਤਜੁਰਬਾ ।
ਆਪਣੇ ਆਪ ਨੂੰ ਤਸਕੀਨ ਦੇਣ ਵਾਲਾ ਕਾਰਜ ਵੀ ।
ਜਸਪਾਲ ਮਾਨਖੇੜਾ ਨੂੰ ਪੰਜਾਬੀ ਸਾਹਿਤ ਚ ਨਾਮਵਰ ਕਹਾਣੀਕਾਰ ਵਜੋਂ ਜਾਣਿਆਂ ਜਾਂਦਾ ਹੈ , । ਕਾਮਰੇਡ" ਹਰਦੇਵ ਅਰਸ਼ੀ "ਦੀ ਜਿੰਦਗੀ ਤੇ ਲਿਖੇ ਨਾਵਲ ਰੋਹੀ ਦਾ ਲਾਲ ਤੋਂ ਬਾਦ ਹੁਣ ਉਸ ਦੀ ਚਰਚਾ ਨਾਵਲਕਾਰ ਵਜੋਂ ਵੀ ਹੋ ਰਹੀ ਹੈ ।
ਕਹਾਣੀ ਤੋਂ ਨਾਵਲ ਵੱਲ ਮੁੜਨ ਪਿੱਛੇ ਮਾਨਖੇੜਾ ਅਨੁਸਾਰ ਕੋਈ ਯੋਜਨਾਬਧ ਪ੍ਰਯੋਜਨ ਨਹੀਂ , ਕਈ ਵਾਰ ,ਕਈ ਵਿਸ਼ੇ ਨਾਵਲ ਚ ਹੀ ਲਿਖੇ ਜਾ ਸਕਦੇ ਹੁੰਦੇ ਹਨ , ਜਿਵੇਂ ਇਸ ਕਹਾਣੀ ਦੇ ਵਿਸ਼ੇ ਨੂੰ ਨਾਵਲ ਚ ਨਿਭਾਇਆ ਜਾ ਸਕਦਾ ਸੀ , ਅਰਸ਼ੀ ਜੀ ਦੀ ਜਿੰਦਗੀ ਦੇ ਬੜੇ ਪਹਿਲੂ ਤੇ ਮਹਤਵਪੂਰਨ ਤਤਕਾਲੀਨ ਹਾਲਾਤ ਸਨ , ਜੋ ਨਾਵਲ ਦੇ ਰੂਪ ਲਿਖਣਾ ਹੀ ਜਿਆਦਾ ਮੁਨਾਸਿਬ ਸਨ ।
ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ,
ਫਿਰ ਕੋਈ" ਹਰ ਮਿੱਟੀ ਦੀ ਆਪਣੀ ਖ਼ਸਲਤ" ਵਰਗੀ ਕਿਰਤ ਰਚੀ ਜਾਂਦੀ ਹੈ ।
ਮਾਨਖੇੜਾ ਅਨੁਸਾਰ ਨਾਵਲ ਚ ਭਾਂਵੇ ਪਾਤਰਾਂ ਦੇ ਨਾਮ ਬਦਲ ਦਿੱਤੇ ਗਏ ਹਨ , ਵਾਪਰਨ ਦਾ ਸਥਾਨ ਵੀ ਬਦਲਿਆ ਗਿਆ ਹੈ ਪਰ ਮੇਰੀ ਕੋਸ਼ਿਸ਼ ਸੀ ਕਿ ਕਹਾਣੀ ਯਥਾਰਥ ਦੇ ਨੇੜੇ ਹੋਵੇ , ਸਮਾਜ ਚ ਚੇਤੰਨਤਾ ਦਾ ਸਾਧਨ ਬਣ ਸਕਣ ਦੇ ਸਮਰੱਥ ਹੋਵੇ , ਤੇ ਇਸ ਚ ਪ੍ਰਵਾਹ ਵੀ ਹੋਵੇ ਪ੍ਰੇਰਨਾ ਵੀ । ।
ਉਹਨਾਂ ਅਨੁਸਾਰ ਵਾਪਰੀਆਂ ਘਟਨਾਵਾਂ ਤੇ ਨਾਵਲ ਲਿਖਣਾ ਮਾਤਰ ਲਿਖਣ ਪ੍ਰਕਿਰਿਆ ਨਹੀਂ ਹੁੰਦੀ, ਇਸ ਲਈ ਘਟਨਾਵਾਂ ਨੂੰ , ਸਮਾਜ ਤੇ ਹੋਏ ਉਸ ਦੇ ਅਸਰ ਨੂੰ ਸਮਝਣਾ ਵੀ ਰਚਨਤਾਮਕ ਕਿਰਿਆ ਦਾ ਹਿੱਸਾ ਹੁੰਦਾ ਹੈ ,ਖਾਸ ਕਰਕੇ ਇਸ ਨਾਵਲ ਚ ਸਮੂਹਿਕ ਸਮਾਜਿਕ ਪ੍ਰਤੀਕਿਰਿਆ ਨੂੰ ਸਮਝਿਆ ਜਾਣਾ ਬਹੁਤ ਅਹਿਮ ਸੀ , ਜੋ ਬਾਦ ਚ ਲੋਕ ਰੋਹ ਚ ਬਦਲ ਗਈ ।
ਸੂਖਮ ਵਰਤਾਰਾ , ਜੋ ਦਿਖਾਈ ਨਹੀਂ ਦੇਵੇਗਾ , ਮਹਿਸੂਸ ਕਰਨ ਹੁੰਦਾ ਹੈ , ਸਮਝਣਾ ਹੁੰਦਾ ਹੈ ।
ਗੰਭੀਰ ਸਾਹਿਤ ਖਾਸ ਕਰ ਵਾਪਰੀਆਂ ਘਟਨਾਵਾਂ ਤੇ ਲਿਖਣ ਵੇਲੇ ਇਹ ਵੀ ਜਰੂਰੀ ਹੁੰਦਾ ਹੈ ਇਹ ਸਚਾਈ ਦੇ ਨੇੜੇ ਹੋਵੇ , ਮੈਂ ਇਹ ਕੋਸ਼ਿਸ਼ ਕੀਤੀ ਹੈ ।
ਉਹਨਾਂ ਅਨੁਸਾਰ ਉਹਨਾਂ ਨੇ ਪਾਤਰਾਂ ਦੀ ਅੰਦਰੂਨੀ ਖ਼ਸਲਤ ਨੂੰ ਯਥਾਰਥ ਰੂਪ ਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਕੋਸ਼ਿਸ਼ ਕੀਤੀ ਹੈ ਕਿਰਦਾਰ ਸੁਭਾਵਿਕ ਪ੍ਰਤੀਕਿਰਿਆਵਾਂ ਚ ਨਜਰ ਆਉਣ , ਉਹਨਾਂ ਦੇ ਅੰਦਰ ਚ ਰਹੇ ਸੂਖਮ ਵਰਤਾਰੇ ਨੂੰ ਵੀ ਸ਼ਬਦ ਦਿੱਤੇ ਜਾ ਸਕਣ ।
ਸਿਸਟਮ ਚ ਕਮੀਆਂ ਲਿਖੀਆਂ ਤਾਂ ਜਾਣ ਹੀ , ਪਰ ਉਹ ਕਹਾਣੀ ਅਤੇ ਪਾਤਰਾਂ ਦੀਆਂ ਸਥਿਤੀਆਂ ਤੋਂ ਵੀ ਪਤਾ ਲੱਗਣ । ਭਾਸ਼ਾਈ ਪਖ ਤੇ ਧਿਆਨ ਦਿੱਤਾ ਗਿਆ ਹੈ , ਸੰਵਾਦਾਂ ਚ ਖਿੱਤੇ ਦੀ ਮੂਲ ਬੋਲੀ ਦੀ ਪੁੱਠ ਹੈ ।
ਅੰਤ ਚ ਜਸਪਾਲ ਮਾਨਖੇੜਾ ਅਨੁਸਾਰ ਗਲਪ ਚ ਦਿਲਚਸਪੀ ਅਤੇ ਪ੍ਰਵਾਹ ਦੀ ਵੀ ਆਪਣੀ ਮਹਤੱਤਾ ਹੈ , ਇਹ ਇਸ ਨਾਵਲ ਚ ਵੀ ਹੈ , ਭਾਂਵੇ ਕਿ ਇਸ ਚ ਕਲਪਨਾ ਦੀ ਉਡਾਰੀ ਦੀ ਜਿਆਦਾ ਜਗ੍ਹਾ ਨਹੀਂ ਸੀ । ਅਨਿਆਂ ਦੇ ਖਿਲਾਫ ਖੜੇ ਹੋਣਾ ਪੰਜਾਬ ਦੀ ਖ਼ਸਲਤ ਚ ਹੈ
ਇੱਕ ਸੁਭਾਵਿਕ ਕੌਮੀ ਪ੍ਰਤੀਕਰਮ ।
ਇਸ ਨਾਵਲ ਚ ਇਹ ਖ਼ਸਲਤ ਅਨੁਭਵ ਵੀ ਹੋਵੇਗੀ , ਤੇ ਦਿਖੇਗੀ ਵੀ ।
ਅਖੀਰਲੇ ਪੰਨੇ ਤੇ ਹਨੇਰੀ ਦਾ ਜਿਕਰ ਹੈ , ਜਿਸ ਚ ਸਰਮਾਏਦਾਰੀ ਦੇ ਵੱਡੇ ਵੱਡੇ ਦਰੱਖਤਾਂ ਦੇ ਪੁੱਟੇ ਜਾਨ ਦਾ ਦ੍ਰਿਸ਼ ਸੰਕੇਤਕ ਰੂਪ ਵਿੱਚ ਬਹੁਤ ਕੁੱਝ ਕਹਿੰਦਾ ਹੈ।।
ਕਈ ਸਾਲਾਂ ਚ ਲਿਖੇ ਗਏ ਨਵੇਂ ਨਾਵਲ ਲਈ ਜਸਪਾਲ ਮਾਨਖੇੜਾ ਨੂੰ ਸ਼ੁਭ ਕਾਮਨਾਵਾਂ । ਮਾਨਖੇੜਾ ਦਾ ਜਿਸਮਾਨੀ ਕੱਦ ਲੰਬਾ ਹੈਤਾਂ ਸਾਹਿਤ ਵਿੱਚ , ਲੋਕ ਘੋਲਾਂ ਵੀ ਉਹਨਾਂ ਦਾ ਕੱਦ ਘੱਟ ਨਹੀਂ । ਆਸ ਹੈ ਇਹ ਨਾਵਲ ਇਸ ਲੰਬੇ ਕੱਦ ਨੂੰ ਹੋਰ ਵੱਡਾ ਕਰੇਗਾ ।
ਤੇ ਵੱਡੇ ਹੋ ਕੇ ਛੋਟਾ ਬਣ ਕੇ ਰਹਿਣਾ ਜਸਪਾਲ ਮਾਨਖੇੜਾ ਨੂੰ ਬਾਖੂਬੀ ਆਉਂਦਾ ਹੈ।
ਇਹ ਜੁਗਤ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ।
ਨਾਵਲ ਪੀਪਲਜ਼ ਫੋਰਮ ਬਰਗਾੜੀ ਵੱਲੋਂ ਛਾਪਿਆ ਗਿਆ ਹੈ ।