ਨਿਰਾਸ਼ ਨਹੀਂ ਕਰਦੀ -- ਸੁੱਚਾ ਸੂਰਮਾ - 2024 - ਤਰਸੇਮ ਬਸ਼ਰ
ਸੰਤੁਲਿਤ ਪੜਚੋਲ ਦੀ ਕੋਸ਼ਿਸ਼ ।
"ਮੌੜ" ਇੱਕ ਅਜਿਹੀ ਫਿਲਮ ਸੀ ਜਿਸ ਨੂੰ ਆਲੋਚਕਾਂ ਨੇ ਵੀ ਸਰਾਹਿਆ ਤੇ ਉਹ ਕਮਾਈ ਪੱਖ ਤੋਂ ਵੀ ਕਾਮਯਾਬ ਸੀ । ਇੱਕ ਅਜਿਹਾ ਸਿਨਮਾ ਜਿਸ ਚ ਮਿਹਨਤ ਬੋਲਦੀ ਸੀ , ਸੂਖਮ ਚੀਜ਼ਾਂ ਤੇ ਵੀ ਧਿਆਨ ਦਿੱਤਾ ਗਿਆ ਸੀ ਜਿਹਨਾਂ ਬਾਰੇ ਪੰਜਾਬੀ ਸਿਨੇਮਾ ਚ ਜਿਆਦਾ ਨਹੀਂ ਸੀ ਸੋਚਿਆ ਜਾਂਦਾ । ਸਮਝਿਆ ਜਾਂਦਾ ਸੀ ਕਿ ਪੰਜਾਬੀ ਸਿਰੜ ਨਾਲ ਸਿਨਮਾ ਨਹੀਂ ਬਣਾਉਂਦੇ । ਮੌੜ ਇੱਕ ਲੋਕ ਨਾਇਕ ਦੀ ਜ਼ਿੰਦਗੀ ਤੇ ਅਧਾਰਿਤ ਕਿਰਤ ਸੀ, ਜਿਸ ਦਾ ਧਰਾਤਲ ਮਾਲਵੇ ਦੀ ਧਰਤੀ ਸੀ। ਖੁੱਲੇ ਬਜਟ ਦੀ ਇਸ ਫਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ , ਨਿਰਦੇਸ਼ਕ ਜਤਿੰਦਰ ਮੋਹਰ ਨੂੰ ਵੀ ਪ੍ਰਸ਼ੰਸ਼ਾ ਹਾਸਿਲ ਹੋਈ ਸੀ । ਬੋਲੀ , ਪਹਿਰਾਵਾ ,ਲੋਕੇਸ਼ਨ, ਕਿਰਦਾਰ ਸਭ ਕੁਝ ਵਾਸਤੇ ਸਰਾਹਨਾ ਕੀਤੀ ਗਈ ਸੀ ।
ਆਲੋਚਕਾਂ ਨੇ ਇਸ ਫਿਲਮ ਨੂੰ ਪੀਰੀਅਡ ਫਿਲਮਾਂ ਦੀ ਇੱਕ ਮੀਲ ਪੱਥਰ ਫਿਲਮ ਕਿਹਾ ਜਿਸਦਾ ਅਰਥ ਸੀ ਕਿ ਜੇਕਰ ਕੋਈ ਪੀਰੀਅਡ ਫਿਲਮ ਇਸ ਤੋਂ ਬਾਅਦ ਬਣੇਗੀ ਤਾਂ ਉਸ ਨੂੰ ਇਸ ਤੋਂ ਇੱਕ ਕਦਮ ਅੱਗੇ ਹੋਣਾ ਪਵੇਗਾ । ਕੁਦਰਤੀ ਇਹ ਚੁਣੌਤੀ ਬੱਬੂ ਮਾਨ ਅਭੀਨੀਤ ਅਤੇ ਅਮਿਤੋਜ ਮਾਨ ਨਿਰਦੇਸ਼ਤ ਸੁੱਚਾ ਸੂਰਮਾ, ਦੇ ਸਾਹਮਣੇ ਆ ਗਈ ਹੈ । ਪੁਰਾਤਨ ਪੰਜਾਬੀ ਜੀਵਨ ਵਿੱਚ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖਾਸ ਮਹਤਵ ਨੂੰ ਦਰਸ਼ਾਉਂਦੀ ਸੁੱਚਾ ਸੂਰਮਾ ਦੀ ਕਹਾਣੀ ਇੱਕ ਅਜਿਹੇ ਦਲੇਰ ਵਿਅਕਤੀ ਦੀ ਕਹਾਣੀ ਹੈ ਜੋ ਕਿਸੇ ਵੀ ਕੀਮਤ ਤੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕਰ ਸਕਦਾ, ਇੱਜਤ ਨੂੰ ਰੁਲਦਿਆਂ ਨਹੀਂ ਦੇਖ ਸਕਦਾ ।
ਉਹ ਇਸ ਖਾਤਰ ਜਿੱਥੇ ਆਪਣੀ ਭਰਜਾਈ ਅਤੇ ਉਸਦੇ ਪ੍ਰੇਮੀ ਨੂੰ ਸਰੇਰਾਹ ਕਤਲ ਕਰ ਦਿੰਦਾ ਹੈ ਉੱਥੇ ਹੀ ਇੱਕ ਹੋਰ ਅਜਿਹੇ ਜੋੜੇ ਨੂੰ ਵੀ ਕਤਲ ਕਰਦਾ ਹੈ , ਜੋ ਸਮਾਜਿਕ ਮਰਿਆਦਾ ਨੂੰ ਉਲੰਘ ਕੇ ਨੈਤਕਿਤਾ ਨੂੰ ਛਿੱਕੇ ਟੰਗ ਚੁੱਕੇ ਹੁੰਦੇ ਹਨ । ਇਸ ਜੁਰਮ ਦੀ ਸਜਾ ਚ ਸੁੱਚਾ ਸਿੰਘ ਨੂੰ ਸ਼ਰੇਆਮ ਉਸੇ ਥਾਂ ਤੇ ਫਾਂਸੀ ਦਿੱਤੀ ਜਾਂਦੀ ਹੈ ਜਿੱਥੇ ਇਹ ਕਤਲ ਹੋਏ ਸਨ , ਉਹ ਵੀ ਇਲਾਕੇ ਦੇ ਲੋਕਾਂ ਸਾਹਮਣੇ ।
ਅੱਜ ਜਮਾਨਾ ਬਦਲ ਗਿਆ ਹੈ । ਅੱਜ ਨੈਤਿਕ ਅਤੇ ਸਮਾਜਿਕ ਕਦਰ ਕੀਮਤਾਂ ਕਮਜ਼ੋਰ ਹੋ ਗਈਆਂ ਹਨ ਤੇ ਅਜਿਹੇ ਕਤਲਾਂ ਨੂੰ ਵੀ ਅਣਖ ਦੀ ਖਾਤਰ ਕੀਤੇ ਕਤਲ ਕਿਹਾ ਜਾਂਦਾ ਹੈ ।
ਬਹਰ ਹਾਲ ਤੁਸੀਂ ਅਣਖ ਅਤੇ ਪੰਜਾਬੀ ਰਹਿਤਲ ਨੂੰ ਅੱਜ ਵੀ ਵੱਖ ਕਰਕੇ ਨਹੀਂ ਦੇਖ ਸਕਦੇ , ਫਿਰ ਉਹ ਸਮਾਂ ਹੀ ਹੋਰ ਸੀ , ਲੋਕਾਂ ਨੇ ਸੁੱਚਾ ਸਿੰਘ ਨੂੰ ਸੁੱਚਾ ਸੂਰਮਾ ਕਿਹਾ , ਉਸ ਦੀ ਉਸਤਤ ਕੀਤੀ ਅਤੇ ਉਸ ਪੀੜੀ ਦਾ ਉਹ ਇਲਾਕਾਈ ਨਾਇਕ ਵੀ ਸੀ ,ਜਿਸ ਦੀ ਕਹਾਣੀ ਬਾਅਦ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਹੋ ਗਈ । ਉਸਦੀਆਂ ਗਾਥਾਵਾਂ ਗਾਈਆਂ ਗਈਆਂ , ਕਵੀਸ਼ਰ ਉਸ ਦੇ ਕਿੱਸੇ ਗਾਉਂਦੇ ਸਨ ਇਥੋਂ ਤੱਕ ਕਿ ਇੱਕ ਫਿਲਮ ਵੀ ਬਣ ਚੁੱਕੀ ਹੈ , ਵਰਿੰਦਰ ਅਤੇ ਗੁਰਚਰਨ ਪੋਹਲੀ ਦੀਆਂ ਮੁੱਖ ਭੂਮਿਕਾਵਾਂ ਨਾਲ "ਬਲਬੀਰੋ ਭਾਬੀ" 1981 ਚ ।
ਬੇਸ਼ਕ ਸੁੱਚਾ ਸੂਰਮਾ ਦੇ ਨਿਰਦੇਸ਼ਕ ਨੇ ਕਹਾਣੀ ਨੂੰ , ਉਸ ਸਮੇਂ ਦੇ ਧਰਾਤਲੀ ਹਾਲਾਤ ਨੂੰ ਨੇੜੇ ਤੋਂ ਪੇਸ਼ ਕਰਨ ਦਾ ਭਰਪੂਰ ਯਤਨ ਕੀਤਾ ਹੈ ਨਹੀਂ ਤਾਂ ਉਹ ਗੰਡਾਸਿਆਂ ਦੀ ਲੜਾਈ ਵਿੱਚ ਸੁੱਚਾ ਸਿੰਘ ਸੂਰਮਾ ਵੱਲੋਂ ਬੰਦੂਕ ਨਾਲ ਘੁੱਕਰ ਨੂੰ ਮਾਰਨ ਦੀ ਘਟਨਾ ਬਦਲ ਕੇ ਵੀ ਪੇਸ਼ ਕਰ ਸਕਦਾ ਸੀ, ਤਾਂ ਕਿ ਉਸ ਦਾ ਨਾਇਕ ਕਿਤੇ ਕਿਸੇ ਪੱਖੋਂ ਵੀ ਕਮਜ਼ੋਰ ਨਜ਼ਰ ਨਾ ਆਵੇ । ਇਕ ਲੋਕ ਨਾਇਕ ਗੰਡਾਸਿਆਂ ਦੀ ਲੜਾਈ ਵਿੱਚ ਸਾਹਮਣੇ ਵਾਲੇ ਨੂੰ ਬੰਦੂਕ ਨਾਲ ਕਿਉਂ ਕਤਲ ਕਰੇਗਾ , ਇਹ ਸੋਚਦਿਆਂ ਨਿਰਦੇਸ਼ਕ ਇਸ ਮੋੜ ਤੇ ਕੁਝ ਹੋਰ ਵੀ ਦਿਖਾ ਸਕਦਾ ਸੀ ।
ਪਰ ਅਮਿਤੋਜ ਮਾਨ ਨੇ ਧਰਾਤਲੀ ਹਕੀਕਤ ਨੂੰ ਪਹਿਲ ਦਿੱਤੀ , ਇਹ ਗੰਭੀਰਤਾ ਪੰਜਾਬੀ ਸਿਨੇਮਾਂ ਵਿੱਚ ਪਹਿਲਾਂ ਨਹੀਂ ਸੀ ਪਾਈ ਜਾਂਦੀ । ਬਹੁਤੇ ਨਿਰਮਾਤਾ ਨਿਰਦੇਸ਼ਕ ਉਹੀ ਪੇਸ਼ ਕਰਦੇ ਸਨ ਜੋ ਜਨਤਾ ਦੇ ਮਨ ਭਾਉਂਦਾ ਹੋਵੇ । ਮੈਂ ਇਸ ਸਕਾਰਾਤਮਕ ਮੋੜ ਨੂੰ ਪੰਜਾਬੀ ਸਿਨੇਮਾ ਦੇ ਲਈ ਅਹਿਮ ਮੋੜ ਤੌਰ ਤੇ ਦੇਖਦਾ ਹਾਂ ।
ਫਿਲਮ ਦੀ ਟੀਮ ਵੱਲੋਂ ਕਹਾਣੀ ਨੂੰ ਨੇੜੇ ਤੋਂ ਜਾਂਚਿਆ ਗਿਆ ਹੋਵੇਗਾ ਨਹੀਂ ਤਾਂ ਸੁੱਚਾ ਸਿੰਘ ਨੂੰ ਫਾਂਸੀ ਦੇਣ ਦਾ ਦ੍ਰਿਸ਼ ਵੀ ਚਕਿਤ ਕਰਦਾ ਹੈ । ਫਾਂਸੀ ਸ਼ਰੇਆਮ ਲੋਕਾਂ ਦੇ ਸਾਹਮਣੇ ਇੱਕ ਦਰਖਤ ਨਾਲ ਲਟਕਾ ਕੇ ਦਿੱਤੀ ਜਾ ਰਹੀ ਸੀ ਉਹ ਵੀ ਉੱਥੇ ਹੀ ਜਿੱਥੇ ਉਸਨੇ ਕਤਲ ਕੀਤੇ ਸੀ ।
ਹੋ ਸਕਦਾ ਅੰਗਰੇਜ ਹਾਕਮਾਂ ਸਮੇਂ ਇਸ ਤਰ੍ਹਾਂ ਹੁੰਦਾ ਹੋਵੇ ਪਰ ਪਹਿਲਾਂ ਨਹੀਂ ਸੀ ਸੁਣਿਆ ਗਿਆ । ਫਿਲਮ ਦੇ ਇਹ ਦ੍ਰਿਸ਼ ਪੂਰੀ ਫਿਲਮ ਵਿੱਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਣੇ ਹਨ ।
ਫਿਲਮ ਦੀ ਸਕਰਿਪਟ ਤੋਂ ਲੋਕ ਪਹਿਲਾਂ ਹੀ ਵਾਕਫ ਹਨ ਅਤੇ ਸਕਰੀਨਪਲੇ ਇਸ ਕਦਰ ਚੁਸਤ ਹਨ ਕਿ ਦੇਖਣ ਵਾਲੇ ਦੀ ਦਿਲਚਸਪੀ ਲਗਾਤਾਰ ਬਣੀ ਰਹਿੰਦੀ ਹੈ ਇਸ ਦੇ ਬਾਵਜੂਦ ਵੀ ਕਿ ਲੋਕਾਂ ਨੇ ਕਹਾਣੀ ਪਹਿਲਾਂ ਵੀ ਬਹੁਤ ਵਾਰ ਸੁਣੀ ਹੋਈ ਹੈ । ਅਤੀਤ ਦੇ ਨਾਇਕਾਂ ਦੀ ਜ਼ਿੰਦਗੀ ਤੇ ਬਣੀਆਂ ਫਿਲਮਾਂ ਸਮੇਂ ਇਹ ਚੁਣੌਤੀ ਦਿਲਚਸਪ ਹੁੰਦੀ ਹੈ ਕਿ ਲੋਕ ਉਸ ਕਹਾਣੀ ਤੋਂ ਵਾਕਫ ਹੁੰਦੇ ਹਨ ਕੋਈ ਰਹੱਸ ਬਾਕੀ ਨਹੀਂ ਹੁੰਦਾ ਪਰ ਫਿਰ ਨਿਰਦੇਸ਼ਕ ਦਾ ਕਮਾਲ ਬਾਕੀ ਹੁੰਦਾ ਹੈ ਕਿ ਫਿਲਮ ਇਸ ਤਰ੍ਹਾਂ ਦੀ ਬਣੇ ਕਿ ਲੋਕਾਂ ਦੀ ਦਿਲਚਸਪੀ ਅੰਤ ਤੱਕ ਬਰਕਰਾਰ ਰਹੇ ।
ਇਸ ਵਿੱਚ ਮੌੜ ਵੀ ਸਫਲ ਸੀ ਤੇ ਸੁੱਚਾ ਸੂਰਮਾ ਵੀ ਸਫਲ ਹੈ ।
ਸੁੱਚਾ ਸੂਰਮਾ ਫਿਲਮ ਦਾ ਸਭ ਤੋਂ ਮਹੱਤਵਪੂਰਨ ਤੇ ਰੌਸ਼ਨ ਪੱਖ ਲੇਖਕ , ਨਿਰਦੇਸ਼ਕ ਵੱਲੋਂ ਕੀਤੀ ਸੰਤੁਲਿਤ ਕਿਰਦਾਰ ਉਸਾਰੀ ਹੈ , ਕਿਰਦਾਰ ਜੋ ਸੁਭਾਵਿਕ ਲੱਗਦੇ ਹਨ । ਫਿਲਮ ਦੇ ਲਗਭਗ ਅੱਧ ਤੱਕ ਸੁੱਚਾ ਸਿੰਘ ਅਤੇ ਘੁੱਕਰ ਦੋਸਤ ਹੁੰਦੇ ਹਨ ਭਾਵੇਂ ਕਿ ਫਿਲਮ ਦਾ ਅੰਤ ਉਹਨਾਂ ਦੀ ਦੁਸ਼ਮਣੀ ਅਤੇ ਕਤਲ ਨਾਲ ਹੁੰਦਾ ਹੈ । ਦੋਸਤੀ ਨੂੰ ਦੁਸ਼ਮਣੀ ਵਿੱਚ ਬਦਲਦਿਆਂ ਜਿਸ ਤਰਾਂ ਘਟਨਾਕ੍ਰਮ ਕਰਵਟ ਲੈਂਦੇ ਹਨ ਨਿਰਦੇਸ਼ਕ ਇਸ ਬਿਰਤਾਂਤ ਨੂੰ ਸੰਤੁਲਿਤ ਅਤੇ ਕਲਾਤਮਕ ਢੰਗ ਨਾਲ ਫਿਲਮਾਉਣ ਵਿਚ ਕਾਮਯਾਬ ਹੈ ।
ਭਾਵੇਂ ਫਿਲਮ ਦਾ ਨਾਇਕ ਪੰਜਾਬ ਦਾ ਪ੍ਰਸਿੱਧ ਗਾਇਕ ਬੱਬੂ ਮਾਨ ਹੈ ਪਰ ਨਿਰਦੇਸ਼ਕ ਦੀ ਖੂਬੀ ਇਹ ਰਹੀ ਕਿ ਉਹ ਸਿਰਫ ਬੱਬੂ ਮਾਨ ਦੇ ਚਿਹਰੇ ਤੇ ਨਿਰਭਰ ਨਹੀਂ ਸੀ ਨਿਰਦੇਸ਼ਕ ਦੀ ਬਹੁਤੀ ਨਿਰਭਰਤਾ ਕਿਰਦਾਰਾਂ ਅਤੇ ਕਹਾਣੀ ਨੂੰ ਕਿਸ ਤਰਾਂ ਪੇਸ਼ ਕਰਨਾ ਹੈ ਇਸ ਤੇ ਸੀ । ਨਰੈਣਾ' (ਸਰਬਜੀਤ ਚੀਮਾ ), ਸੁੱਚਾ ਸਿੰਘ ਸੂਰਮਾ ਦਾ ਦੱਬੂ ਭਰਾ , ਜਿਹੇ ਕਮਜੋਰ ਕਿਰਦਾਰ ਪਹਿਲਾਂ ਪੰਜਾਬੀ ਸਿਨੇਮਾ ਵਿਧਾ ਚ ਪਰਦੇ ਤੇ ਦਿਖਾਈ ਨਹੀਂ ਦਿੱਤੇ , ਇਥੋਂ ਤੱਕ ਕਿ ਪੰਜਾਬੀ ਸਾਹਿਤ ਵਿੱਚ ਵੀ ਅਜਿਹੇ ਕਿਰਦਾਰ ਨਾ ਮਾਤਰ ਹੀ ਲਿਖੇ ਗਏ ਹਨ ,ਅਜਿਹੇ ਕਿਰਦਾਰ ਨੂੰ ਪਰਦੇ ਤੇ ਪ੍ਰਮੁੱਖਤਾ ਨਾਲ ਲਿਆਉਣਾ ਵੀ ਨਿਰਦੇਸ਼ਕ ਦੀ ਪ੍ਰਾਪਤੀ ਹੈ । ਬਲਬੀਰੋ , ਇੱਕ ਬੋਲਡ ਅਤੇ ਜਿੰਦਗੀ ਨੂੰ ਮਾਨਣ ਵਾਲੀ ਔਰਤ ਹੈ , ਜਿਸ ਅੰਦਰ ਤ੍ਰਿਸ਼ਨਾਵਾਂ ਦਾ ਤੇਜ ਵੇਗ ਹੈ , ਜੋ ਘੁਟ ਘੁਟ ਕੇ ਨਹੀਂ ਮਰਨਾ ਚਾਹੁੰਦੀ , ਅਤੇ ਉਹ ਉਨਾਂ ਸਮਿਆਂ ਵਿੱਚ ਸਦਾਚਾਰਕ ਕੀਮਤਾਂ ਨੂੰ ਠੋਕਰ ਮਾਰਨ ਦਾ ਜਿਗਰਾ ਰੱਖਦੀ ਹੈ ਜਦੋਂ ਆਮ ਘਰੇਲੂ ਔਰਤਾਂ ਇਹ ਸੋਚ ਵੀ ਨਹੀਂ ਸਨ ਸਕਦੀਆਂ , ਦਾ ਕਿਰਦਾਰ ਵੀ ਕਿਸੇ ਪੰਜਾਬੀ ਫਿਲਮ ਵਿੱਚ ਇਸ ਤਰ੍ਹਾਂ ਮੁੱਖ ਤੌਰ ਤੇ ਪਹਿਲਾਂ ਕਦੇ ਵੀ ਨਹੀਂ ਸੀ ਪੇਸ਼ ਕੀਤਾ ਗਿਆ ਹੈ । ਇੱਕ ਅਜਿਹਾ ਚਰਿੱਤਰ ਜਿਸ ਦਾ ਕੁੱਲ ਪ੍ਰਭਾਵ ਨਕਾਰਾਤਮਕ ਹੀ ਹੋਵੇ , ਕਹਾਣੀ ਉਸ ਦੇ ਆਲੇ ਦੁਆਲੇ ਘੁੰਮਦੀ ਹੈ ।
ਅਦਾਕਾਰਾ ਸਮੀਕਸ਼ਾ ਨੇ ਇਹ ਭੂਮਿਕਾ ਜੀਵੰਤ ਢੰਗ ਨਾਲ ਨਿਭਾਈ ਹੈ ।
ਅਜਿਹੇ ਵਿਲੱਖਣ ਕਿਰਦਾਰ ਹਿੰਦੀ ਦੀਆਂ ਕਲਾਤਮਕ ਫਿਲਮਾਂ ਵਿੱਚ ਦੇਖਣ ਨੂੰ ਮਿਲਦੇ ਸਨ ।
ਸੁੱਚਾ ਸੂਰਮਾ, ਬੇਸ਼ਕ ਬੱਬੂ ਮਾਨ ਦੇ ਕੈਰੀਅਰ ਦੀ ਇੱਕ ਮਹੱਤਵਪੂਰਨ ਫਿਲਮ ਦੇ ਤੌਰ ਤੇ ਯਾਦ ਕੀਤੀ ਜਾਵੇਗੀ ਉਹ ਸ਼ਾਇਦ ਅਭਿਨੇਤਾ ਦੇ ਤੌਰ ਤੇ ਆਪਣੀ ਸਭ ਤੋਂ ਵਧੀਆ ਕਾਰਜਕਾਰੀ ਵਾਲੀ ਭੂਮਿਕਾ ਵਿੱਚ ਵੀ ਹਨ । ਕਹਾਣੀ ਦਾ ਕਿਰਦਾਰ ਉਹਨਾਂ ਲਈ ਢੁਕਵਾਂ ਸੀ ਪਰ ਫਿਰ ਵੀ ਉਹ ਉਸ ਪੱਧਰ ਤੇ ਨਹੀਂ ਜਾ ਸਕੇ ਜਦੋਂ ਦਰਸ਼ਕ ਸਕਰੀਨ ਉੱਤੇ ਸੁੱਚੇ ਸੂਰਮੇ ਦੇ ਕਿਰਦਾਰ ਨੂੰ ਦੇਖਦਿਆਂ ਬੱਬੂ ਮਾਨ ਨੂੰ ਭੁੱਲ ਜਾਣ, ਉਹਨਾਂ ਨੂੰ ਸਿਰਫ ਸੁੱਚਾ ਯਾਦ ਰਹਿ ਜਾਵੇ ਪਰ ਫਿਰ ਵੀ ਉਹਨਾਂ ਨੇ ਆਪਣਾ ਬਿਹਤਰੀਨ ਕੰਮ ਕੀਤਾ ਹੈ , ਪ੍ਰਸਥਿਤੀਆਂ ਅਨੁਸਾਰ ਹਾਵ ਭਾਵ ਬਦਲੇ ਹੋਏ ਨਜਰ ਆਉਂਦੇ ਹਨ । ਸ਼ਾਇਦ ਇੱਕ ਮਸ਼ਹੂਰ ਗਾਇਕ ਵਜੋਂ ਉਹਨਾਂ ਦਾ ਵੱਡਾ ਰੁਤਬਾ ਵੀ ਇਕ ਕਾਰਨ ਹੋਵੇ ਜਿਸ ਕਾਰਨ ਸਕਰੀਨ ਉੱਤੇ ਸੁੱਚਾ ਸੂਰਮਾ ਉਪਰ ਬੱਬੂ ਮਾਨ ਭਾਰੀ ਦਿਖਾਈ ਦਿੰਦਾ ਹੋਵੇ ।
ਕੁਲ ਮਿਲਾ ਕੇ ਉਹ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫਿਲਮ ਦਾ ਭਾਰ ਚੁੱਕਣ ਚ ਸਫਲ ਹਨ ।
ਵੱਡੇ ਸਟਾਰ ਹੋਣ ਦਾ ਇਹ ਵੀ ਇੱਕ ਨੁਕਸਾਨ ਹੁੰਦਾ ਹੈ । ਮੁੱਖ ਖ਼ਲਨਾਇਕ ਘੁੱਕਰ ਦਾ ਕਿਰਦਾਰ ਅਭਿਨੇਤਾ ਜਗ ਸਿੰਘ ਵੱਲੋਂ ਨਿਭਾਇਆ ਗਿਆ ਹੈ । ਉਹ ਆਪਣੇ ਹਾਵ ਭਾਵ ,ਅਦਾਕਾਰੀ ਤੇ ਆਵਾਜ਼ ਨਾਲ ਪ੍ਰਭਾਵਿਤ ਕਰਦੇ ਹਨ । ਨਵੇਂ ਚਿਹਰਾ ਹੋਣ ਕਰਕੇ ਉਨਾਂ ਨੂੰ ਇਸ ਦਾ ਲਾਭ ਵੀ ਹੋਇਆ ਹੈ, ਉਨਾਂ ਦੀ ਪਹਿਛਾਣ ਘੁੱਕਰ ਦੇ ਤੌਰ ਤੇ ਬਣ ਗਈ ਹੈ । ਭਵਿੱਖ ਵਿੱਚ ਵੀ ਉਨਾਂ ਤੋਂ ਉਮੀਦਾਂ ਜਿਆਦਾ ਰਹਿਣਗੀਆਂ ।
ਪ੍ਰਚਲਤ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਅਦਾਕਾਰਾਂ ਦੀ ਬਜਾਏ ਨਵੇਂ ਪ੍ਰਤਿਭਾਸ਼ਾਲੀ ਅਦਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ।
ਪ੍ਰਚਲਤ ਅਦਾਕਾਰਾਂ ਦੀ ਬਜਾਏ ਅਜਿਹੇ ਕਲਾਕਾਰਾਂ ਨੂੰ ਮੌਕਾ ਦੇਣ ਨਾਲ ਫਿਲਮ ਦੇ ਕਿਰਦਾਰ ਜਿੱਥੇ ਸੁਭਾਵਿਕ ਲੱਗਦੇ ਹਨ ਉਥੇ ਹੀ ਨਵੀਂ ਪੀੜੀ ਨੂੰ ਆਪਣੀ ਪ੍ਰਤੀਭਾ ਸਾਬਿਤ ਕਰਨ ਦਾ ਮੌਕਾ ਮਿਲਦਾ ਹੈ ।
ਭਾਂਵੇਂ ਦਵਿੰਦਰ, ਗੁਰਵਿੰਦਰ ਮਕਨਾ ,ਅਨੀਤਾ ਸ਼ਬਦੀਸ਼ ,ਮਹਾਂਵੀਰ ਭੁੱਲਰ ਛੋਟੀਆਂ ਛੋਟੀਆਂ ਭੂਮਿਕਾਵਾਂ ਵਿੱਚ ਹਨ , ਪਰ ਇਹਨਾਂ ਦੀ ਅਦਾਇਗੀ ਸੁਭਾਵਿਕ ਹੈ, ਕਿਰਦਾਰ ਨਾਲ ਇੱਕ ਮਿਕ ਹੋਏ ਨਜ਼ਰ ਆਉਂਦੇ ਹਨ ।
ਕਹਾਣੀ ਵਿੱਚ ਨਰੈਣੇ ਦਾ ਕਿਰਦਾਰ ਵੀ ਮਹੱਤਵਪੂਰਨ ਤੇ ਉਪਰ ਲਿਖੇ ਅਨੁਸਾਰ ਨਿਵੇਕਲਾ ਹੈ ਇਹ ਕਿਰਦਾਰ ਕਿਸੇ ਸਮੇਂ ਦੇ ਪ੍ਰਸਿੱਧ ਲੋਕ ਗਾਇਕ ਸਰਬਜੀਤ ਚੀਮਾ ਨੇ ਨਿਭਾਇਆ ਹੈ । ਜੋ ਆਜਜੀ ਅਤੇ ਮਜਬੂਰੀ ਅਜਿਹੇ ਕਿਰਦਾਰ ਦੇ ਚਿਹਰੇ ਤੇ ਨਜ਼ਰ ਆਉਣੀ ਚਾਹੀਦੀ ਹੈ ਉਹ ਨਜ਼ਰ ਆਉਂਦੀ ਹੈ , ਬੇਸ਼ਕ ਉਹਨਾਂ ਨੇ ਉਮੀਦ ਤੋਂ ਵਧੀਆ ਕਾਰਕਰਦਗੀ ਦਿਖਾਈ ਹੈ ਪਰ ਇਹ ਕਿਰਦਾਰ ਬੜਾ ਅਹਿਮ ਤੇ ਵੱਖਰਾ ਸੀ ਜੇਕਰ ਕਿਸੇ ਨਵੇਂ ਚਿਹਰੇ ਤੋਂ ਵੀ ਕਰਵਾ ਲਿਆ ਜਾਂਦਾ ਤਾਂ ਵੀ ਠੀਕ ਰਹਿੰਦਾ, ਵੈਸੇ ਵੀ ਗਾਇਕਾਂ ਦੀ ਅਭਿਨੇਤਾ ਦੇ ਤੌਰ ਤੇ ਆਪਣੀਆਂ ਸੀਮਾਵਾਂ ਹੁੰਦੀਆਂ ਹਨ , ਫਿਰ ਇਹਨਾਂ ਦੀ ਇੱਕ ਪਛਾਣ ਪਹਿਲਾਂ ਵੀ ਬਣੀ ਹੁੰਦੀ ਹੈ ।
ਨਿਰਤੇਸ਼ਕ ਅਮਿਤੋਜ ਮਾਨ ਨੂੰ ਦਰਸ਼ਕਾਂ ਦੀ ਇਸ ਜਗਿਆਸਾ ਬਾਰੇ ਭਲੀਭਾਂਤ ਜਾਣਕਾਰੀ ਸੀ ਕਿ ਉਹ ਫਿਲਮ ਵਿੱਚ ਪੁਰਾਤਨ ਪੰਜਾਬ ਵੀ ਦੇਖਣਾ ਚਾਹੁਣਗੇ । ਮੌੜ ਵੇਲੇ ਪੁਰਾਤਨ ਪੰਜਾਬ ਦੀ ਝਲਕ ਦੀ ਬਹੁਤ ਚਰਚਾ ਰਹੀ ਸੀ। । ਸੁੱਚਾ ਸਿੰਘ ਸੂਰਮਾ ਦੇ ਭਰਾ ਨਰੈਣੇ ਦੇ ਵਿਆਹ ਨੂੰ ਫਿਲਮਾਉਂਦਿਆਂ ਨਿਰਦੇਸ਼ਕ ਪੁਰਾਣੀਆਂ ਰਸਮਾਂ , ਪਹਿਰਾਵੇ , ਗਹਿਣੇ ਮਿੱਟੀ ਦੇ ਘਰ ,ਆਲੇ ,ਦੀਵੇ ਆਦਿ ਕੈਮਰੇ ਚ ਤਰਤੀਬ ਨਾਲ ਕੈਦ ਕਰਨ ਚ ਸਫਲ ਹਨ ।, ਮਾਲਵੇ ਵਿੱਚ ਰੇਤ ਦੇ ਟਿੱਬਿਆਂ ਦਾ ਪਸਾਰਾ ਸੀ , ਰੋਹੀਆਂ ਵੀ ਕਹਿ ਦਿੰਦੇ ਹਨ.... ਕੱਚੀਆਂ ਗਲੀਆਂ , ਕੋਠੇ , ਨਰਮੇ ਦੀਆਂ ਛਟੀਆਂ ਆਦਿ ਸਕਰੀਨ ਤੇ ਦੇਖਣਾਂ ਚੰਗਾ ਲਗਦਾ ਹੈ । ਇਹ ਅਲਹਿਦਾ ਗੱਲ ਭਾਵੇਂ ਕਿ ਮੈਨੂੰ ਸੁੱਚਾ ਸੂਰਮਾ ਨਾਲੋਂ ਮੌੜ ਵਿੱਚ ਫਿਲਮਾਇਆ ਗਿਆ ਪੁਰਾਤਨ ਪੰਜਾਬ ਜਿਆਦਾ ਬਿਹਤਰ ਮਹਿਸੂਸ ਹੁੰਦਾ ਹੈ ।
ਬੋਲੀ ਪੱਖੋਂ ਵੀ ਹੋਰ ਮਿਹਨਤ ਕੀਤੀ ਜਾ ਸਕਦੀ ਸੀ , ਮੁੱਖ ਕਿਰਦਾਰ ਸਮੇਤ ਕਈ ਕਿਰਦਾਰਾਂ ਦੇ ਲਹਿਜੇ ਚੋਂ ਓਹਨਾਂ ਦੇ ਇਲਾਕਾਈ ਉਚਾਰਨ ਦਾ ਭਾਵ ਮਹਿਸੂਸ ਹੁੰਦਾ ਹੈ , ਭਾਂਵੇਂ ਕਿ ਧਿਆਨ ਦੇਣ ਅਤੇ ਅਜਿਹੀਆਂ ਬਰੀਕੀਆਂ ਨੂੰ ਸਮਝਣ ਵਾਲੇ ਲੋਕ ਹੀ ਇਹ ਸਮਝ ਸਕਣਗੇ ।
VFX ਤਕਨੀਕ ਦਾ ਵੀ ਪ੍ਰਯੋਗ ਕੀਤਾ ਗਿਆ ਹੈ ਪਰ ਇਹ ਜਿਆਦਾ ਪ੍ਰਭਾਵਸ਼ਾਲੀ ਨਹੀਂ ਪ੍ਰਤੀਤ ਹੁੰਦੀ , ਘੁੱਕਰ ਦਾ ਢੱਠੇ ਨਾਲ ਦਿਖਾਈ ਗਏ ਭੇੜ ਚ ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਢੱਠਾ ਤਕਨੀਕੀ ਤੌਰ ਤੇ ਬਣਿਆ ਹੋਇਆ ਹੈ । ਫਿਲਮ ਵਿੱਚ ਪਿੱਠਵਰਤੀ ਸੰਗੀਤ ਦ੍ਰਿਸ਼ਾਂ ਅਨੁਸਾਰ ਢੁਕਵਾਂ ਅਤੇ ਪ੍ਰਭਾਵ ਜਗਾਉਣ ਵਾਲਾ ਹੈ , ਭਾਵੇਂ ਕਿ ਫਿਲਮ ਦਾ ਸੰਗੀਤ ਪੱਖ ਇੰਨਾ ਪ੍ਰਭਾਵਸ਼ਾਲੀ ਨਹੀਂ । ਕੋਈ ਅਜਿਹਾ ਗਾਣਾ ਨਹੀਂ ਸੁਣਨ ਨੂੰ ਮਿਲਦਾ ਜੋ ਚੇਤਿਆਂ ਵਿੱਚ ਰਹਿ ਜਾਵੇ । ਫਿਲਮ ਚ ਇੱਕ ਗੀਤ ਪ੍ਰਸਿੱਧ ਗਾਇਕ ਸੁਖਵਿੰਦਰ ਦੀ ਆਵਾਜ਼ ਚ ਵੀ ਹੈ ।
ਸੁੱਚਾ ਸੂਰਮਾ ਦੀ" ਪ੍ਰੇਮ' ਕਹਾਣੀ ਰਾਹੀਂ ਕਿਉਂਕਿ ਪੁਰਾਤਨ ਪੰਜਾਬ ਵੀ ਦੇਖਣ ਨੂੰ ਮਿਲਦਾ ਹੈ , ਇਸ ਲਈ ਜਿਆਦਾ ਅੱਖਰਦੀ ਨਹੀਂ ਪਰ ਫਿਲਮ ਦੀ ਮੁੱਖ ਕਹਾਣੀ ਨਾਲ ਇਸ ਇਸ ਪ੍ਰੇਮ ਕਹਾਣੀ ਦਾ ਤਾਲਮੇਲ ਠੀਕ ਤਰ੍ਹਾਂ ਬੈਠਦਾ ਵੀ ਪ੍ਰਤੀਤ ਨਹੀਂ ਹੁੰਦਾ । ਇਸ ਨੂੰ ਹੋਰ ਸੰਖੇਪ ਵੀ ਕੀਤਾ ਜਾ ਸਕਦਾ ਤਾਂ ਸ਼ਾਇਦ ਬਿਹਤਰ ਹੁੰਦਾ ।
ਸੁੱਚਾ ਸੂਰਮਾ , ਜਤਿੰਦਰ ਮੋਹਰ ਦੀ ਨਿਰਦੇਸ਼ਿਤ ਮੌੜ ਤੋਂ ਬਾਅਦ ਵਿਰਸੇ ਨਾਲ ਜੁੜੀ ਹੋਈ ਦੂਜੀ ਮਹੱਤਵਪੂਰਨ ਫਿਲਮ ਹੈ ਜੋ ਨਿਰਾਸ਼ ਨਹੀਂ ਕਰਦੀ, ਜਿਸ ਦਾ ਤਕਨੀਕੀ ਪੱਖ ਵੀ ਮਜ਼ਬੂਤ ਹੈ ।
ਮੇਰੇ ਵਰਗੇ ਆਲੋਚਕ ਅਕਸਰ ਪੰਜਾਬੀ ਮਨੋਰੰਜਕ ਫ਼ਿਲਮਾਂ ਨੂੰ ਸ਼ਿਆਮ ਬੇਨੇਗਲ ਦੀ ਕਿਸੇ ਫਿਲਮ ਨਾਲ ਤੋਲਣ ਚ ਮਸਰੂਫ਼ ਹੋ ਜਾਂਦੇ ਹਨ , ਸ਼ਾਇਦ ਇਹ ਨਿਆ ਨਹੀਂ ਹੋਵੇਗਾ । ਪੰਜਾਬੀ ਸਿਨਮਾ ਮੁੜ ਉਭਰਨ ਦੇ ਪਹਿਲੇ ਦੌਰ ਵਿੱਚ ਹੈ, ਕੁਝ ਚੰਗਾ ਹੋ ਵੀ ਰਿਹਾ । ਖੁਸ਼ ਆਮਦੀਦ ਕਹਿਣਾ ਬਣਦਾ ਹੈ ।
ਖੈਰ ,ਰਾਹਤ ਦੀ ਗੱਲ ਇਹ ਹੈ ਕਿ ਪੰਜਾਬੀ ਸਿਨਮਾ ਵਿੱਚ ਹੁਣ "ਕੁਝ ਵੀ" ਪਰੋਸ ਦੇਣ ਵਾਲਾ ਸਮਾਂ ਸ਼ਾਇਦ ਖਤਮ ਹੋਣ ਵੱਲ ਹੈ । ਕੁਝ ਪ੍ਰਤਿਭਾਵਾਨ ਲੋਕ ਸਿਨੇਮਾ ਕਲਾ ਵਿੱਚ ਡੂੰਘੀਆਂ ਪੈੜਾ ਪਾਉਣ ਲਈ ਤਤਪਰ ਹਨ । ਪੰਜਾਬੀ ਦਰਸ਼ਕਾਂ ਨੇ ਵੀ ਚੰਗੀਆਂ ਫਿਲਮਾਂ ਨੂੰ ਹੁੰਗਾਰਾ ਦਿੱਤਾ ਹੈ ।
ਆਉਣ ਵਾਲੇ ਸਮੇਂ ਵਿੱਚ ਹੋਰ ਬੇਹਤਰੀਨ ਫਿਲਮਾਂ ਦਾ ਇੰਤਜ਼ਾਰ ਰਹੇਗਾ ।
ਅਮਿਤੋਜ ਮਾਨ, ਬੱਬੂ ਮਾਨ ਆਪਣੇ ਪ੍ਰਯੋਜਨ ਚ ਸਫਲ ਦਿੱਖ ਰਹੇ ਹਨ ।
ਤਰਸੇਮ ਬਸ਼ਰ 9814163071