ਗਰਮ ਹਵਾ ....1973 - ਤਰਸੇਮ ਬਸ਼ਰ
ਇਸ ਫਿਲਮ ਬਾਰੇ ਲਿਖਣਾ ਵਾਕਈ ਔਖਾ ਕਾਰਜ ਸੀ i ਵਜ੍ਹਾ .....ਵਜ੍ਹਾ ਸੀ ਇਸ ਦਾ ਹਟਵਾਂ ਵਿਸ਼ਾ ਅਤੇ ਕਿਰਦਾਰਾਂ ਦੀਆਂ ਮਾਨਸਿਕ ਪੀਡ਼ਾ ਦਾ ਵਸੀਹ ਘੇਰਾ ...ਜਿਨ੍ਹਾਂ ਨੂੰ ਇਕ ਕਹਾਣੀ ਵਿਚ ਕੈਦ ਕਰ ਕੇ ਪਾਠਕਾਂ ਅੱਗੇ ਰੱਖਣਾ ਸੌਖਾ ਨਹੀਂ ਸੀ l ਵੰਡ ਦੀ ਵੱਢ ਟੁੱਕ ਦੀਆਂ ਅਨੇਕਾਂ ਕਹਾਣੀਆਂ ਮਿਲਦੀਆਂ ਹਨ, ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ ਪਰ ਇਸ ਕਹਾਣੀ ਵਿੱਚ ਵੱਢ ਟੁੱਕ ਦੀ ਥਾਂ ਤੇ ਉਸ ਪਰਿਵਾਰ ਦੀਆਂ ਸਮਾਜਿਕ,ਆਰਥਿਕ ਮਾਨਸਿਕ 'ਮੁਸ਼ਕਲਾਂ ਦੀ ਗੱਲ ਕੀਤੀ ਗਈ ਸੀ ਜੋ ਮੁਸਲਮਾਨ ਪਰਿਵਾਰ ਵੰਡ ਵੇਲੇ ਪਾਕਿਸਤਾਨ ਦੀ ਥਾਂ ਤੇ ਹਿੰਦੁਸਤਾਨ ਵਿਚ ਰਹਿ ਗਏ ਸਨ l
ਇਹ ਮਾਨਸਿਕ ਅਸਥਿਰਤਾ , ਤੇ ਸੰਤਾਪ ਵੀ ਖੂਨੀ ਹਿੰਸਾ ਤੋਂ ਘਟ ਭਿਆਨਕ ਨਹੀਂ ।
ਫਿਲਮ ਦਾ ਸ਼ੂਰੁਆਤੀ ਦ੍ਰਿਸ਼ ਆਗਰਾ ਦੇ ਰੇਲਵੇ ਸਟੇਸ਼ਨ ਦਾ ਹੈ i ਵੰਡ ਹੋ ਚੁੱਕੀ ਹੈ ...ਮਹਾਤਮਾ ਗਾਂਧੀ ਦਾ ਕਤਲ ਵੀ ਹੋ ਚੁੱਕਿਆ ਹੈ i ਸਲੀਮ ਮਿਰਜ਼ਾ ( ਬਲਰਾਜ ਸਾਹਨੀ ) ਸਟੇਸ਼ਨ ਤੇ ਖੜੇ ਜਾ ਰਹੀ ਗੱਡੀ ਨੂੰ ਦੇਖ ਰਹੇ ਹਨ l ਉਹ ਅੱਜ ਇਕ ਹੋਰ ਪਰਿਵਾਰ ਨੂੰ ਪਾਕਿਸਤਾਨ ਭੇਜ ਆਏ ਹਨ...ਉਨ੍ਹਾਂ ਦੇ ਚਿਹਰੇ ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਹਨ l
ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੁਸਲਮਾਨ ਪਾਕਿਸਤਾਨ ਜਾ ਰਹੇ ਹਨ ....ਪਰ ਸਲੀਮ ਮਿਰਜ਼ਾ ਦੁਵਿਧਾ ਵਿੱਚ ਹਨ... ਉਹ ਆਪਣੀ ਸਰਜ਼ਮੀ ਛੱਡ ਕੇ ਜਾਣ ਨੂੰ ਤਿਆਰ ਨਹੀਂ l ਉਨ੍ਹਾਂ ਅਨੁਸਾਰ ਇਹ ਵਕਤੀ ਮਾਹੌਲ ਹੈ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ l
ਸਦੀਆਂ ਦੀ ਸਾਂਝ ਇੰਨੀ ਕਮਜ਼ੋਰ ਨਹੀਂ ਹੋ ਸਕਦੀ ਕਿ ਕਿਸੇ ਨੂੰ ਆਪਣੀ ਸਰਜ਼ਮੀਨ ਛੱਡ ਕੇ ਨਵੀਂ ਥਾਂ ਨੂੰ ਅਪਨਾਉਣਾ ਪਵੇ l
ਇਹ ਕਿਵੇਂ ਹੋ ਸਕਦਾ ਹੈ ।
ਪਰ ਸਮਾਜ ਵਿਚ ਚਲ ਰਹੀ ਨਫ਼ਰਤ ਦੀ ਗਰਮ ਹਵਾ ਤੋਂ ਵੀ ਉਹ ਵਾਕਫ ਹਨ ...ਸਮਾਜ ਵਿਚ ਨਫਰਤ ਦੀ ਇਕ ਲਕੀਰ ਖਿੱਚੀ ਗਈ ਹੈ ..ਇੱਕ ਡਰ ਹੈ ਜੋ ਅਚੇਤ ਮਨ ਵਿਚ ਸਲੀਮ ਮਿਰਜ਼ਾ ਦੇ ਦਿਲ ਵਿਚ ਵੀ ਹੈ l
ਪਰ ਸਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ..ਇੰਨੇ ਵੱਡੇ ਆਗੂ ਦੀ ਮੌਤ ਅਜਾਈਂ ਨਹੀਂ ਜਾ ਸਕਦੀ...ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਸ਼ਾਂਤੀ ਦੇ ਸੁਨੇਹੇ ਨੂੰ ਵੀ ਸਮਝਦੇ ਹਨ l
ਗਰਮ ਹਵਾ ,ਆਗਰਾ ਵਿਚ ਰਹਿੰਦੇ ਇਕ ਪਰਿਵਾਰ ਦੀ ਕਹਾਣੀ ਹੈ ਜਿਸ ਦੇ ਮੁਖੀ ਹਨ ਹਲੀਮ ਮਿਰਜ਼ਾ ਅਤੇ ਸਲੀਮ ਮਿਰਜ਼ਾ l ਦੋਵਾਂ ਭਰਾਵਾਂ ਦੀ ਸਮਾਜ ਵਿੱਚ ਇੱਜ਼ਤ ਹੈ ਉਨ੍ਹਾਂ ਦਾ ਜੁੱਤਿਆਂ ਦਾ ਕਾਰਖਾਨਾ ਹੈ l ਸਲੀਮ ਮਿਰਜ਼ਾ ਦੇ ਵੱਡੇ ਭਾਈ ਸਾਹਿਬ ਹਲੀਮ ਪਹਿਲਾ ਮੁਸਲਿਮ ਲੀਗ ਦੇ ਕਾਰਕੁੰਨ ਸਨ l ਪਰ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਉਹ ਮੁਸਲਿਮ ਲੀਗ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਭਾਰਤ ਵਿੱਚ ਰਹਿੰਦੇ ਮੁਸਲਿਮ ਪਰਿਵਾਰਾਂ ਦੀ ਨੁਮਾਇੰਦਗੀ ਦਾ ਦਮ ਭਰਦੇ ਹਨ l ਹਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਹੁਣ ਭਾਰਤ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਦੇ ਆਗੂ ਬਣਨ ਦਾ ਸੁਨਹਿਰਾ ਅਵਸਰ ਹੈ ....ਪਰ ਹਾਲਾਤਾਂ ਵਿੱਚ ਘੁਲੀ ਹੋਈ ਨਫ਼ਰਤ ਦੀ ਗੰਧ ਮਿਲਦਿਆਂ ਹੀ ਉਹ ਆਪਣਾ ਇਰਾਦਾ ਬਦਲ ਲੈਂਦੇ ਹਨ l
ਹਲੀਮ ਮਿਰਜ਼ਾ ..ਬਦਲੇ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਉਹ ਚੋਰੀ ਛੁਪੇ ਪਾਕਿਸਤਾਨ ਜਾਣ ਦਾ ਨਿਰਣਾ ਕਰ ਲੈਂਦੇ ਹਨ ...ਹਾਲਾਂਕਿ ਉਨ੍ਹਾਂ ਅਨੁਸਾਰ ਸਿੰਧੀਆ ਅਤੇ ਪੰਜਾਬੀਆਂ ਵਿੱਚ ਜਾ ਕੇ ਆਪਣੀ ਪਛਾਣ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ ...ਸਿੰਧੀ ਅਤੇ ਪੰਜਾਬੀ ਉੱਥੇ ਸਾਡੇ ਪੈਰ ਨਹੀਂ ਲੱਗਣ ਦੇਣਗੇ l
ਸਲੀਮ ਮਿਰਜ਼ਾ ਦੀ ਬੇਟੀ ਅਮੀਨਾ ਦੀ ਸ਼ਾਦੀ ਹਲੀਮ ਮਿਰਜ਼ਾ ਦੇ ਬੇਟੇ ਨਾਲ ਨਾਲ ਤੈਅ ਹੈ ..ਦੋਵੇਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਨ ਪਰ ਹਲੀਮ ਮਿਰਜ਼ਾ ਦੇ ਪਾਕਿਸਤਾਨ ਜਾਣ ਨਾਲ ਇਸ ਸ਼ਾਦੀ ਵਿੱਚ ਹੀ ਰਹਿ ਗਈ ਹੈ ਕਿਉਂਕਿ ਕਾਸਮ ਵੀ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ l
ਵੰਡ ਕਾਰਨ ਸਲੀਮ ਮਿਰਜ਼ਾ ਦਾ ਕਾਰਖਾਨਾ ਡਾਵਾਂਡੋਲ ਸਥਿਤੀ ਵਿੱਚ ਹੈ ....ਉਸ ਨੂੰ ਪੈਸੇ ਦਰਕਾਰ ਹਨ ਪਰ ਬੈਂਕ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਗੇ ...ਜਦੋਂ ਕਿ ਸਾਰੇ ਜਾ ਰਹੇ ਹਨ l
ਸਲੀਮ ਮਿਰਜ਼ਾ ਨਫ਼ਰਤ ਦੀ ਜੰਗ ਲੜਨਾ ਚਾਹੁੰਦੇ ਹਨ ਉਹ ਆਪਣੇ ਮਿੱਤਰ ਸ਼ਾਹੂਕਾਰ ਕੋਲ ਜਾਂਦੇ ਹਨ ਤਾਂ ਕਿ ਪੈਸਿਆਂ ਦਾ ਇੰਤਜ਼ਾਮ ਹੋ ਸਕੇ ਭਾਵੇਂ ਕਿ ਉਸ ਦਾ ਸੂਦ ਕਾਫ਼ੀ ਮਹਿੰਗਾ ਹੀ ਕਿਉਂ ਨਾ ਹੋਵੇ l
ਸ਼ਾਹੂਕਾਰ ਸਲੀਮ ਮਿਰਜ਼ਾ ਦਾ ਪੁਰਾਣਾ ਦੋਸਤ ਹੈ ਪਰ ਹੁਣ ਉਹ ਵੀ ਉਸ ਤੇ ਵਿਸ਼ਵਾਸ ਨਹੀਂ ਕਰਦਾ ....ਸ਼ਾਹੂਕਾਰ ਕਹਿ ਦਿੰਦਾ ਹੈ ਕਿ ਜੇਕਰ ਤੁਹਾਡੇ ਵੱਡੇ ਭਰਾ ਚੁੱਪਚਾਪ ਪਾਕਿਸਤਾਨ ਚਲੇ ਗਏ ਹਨ ਤਾਂ ਤੁਸੀਂ ਵੀ ਤੋਂ ਜਾ ਸਕਦੇ ਹੋ ਅਤੇ ਉਹ ਕਰਜ਼ਾ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ l ਬੇਵਿਸ਼ਵਾਸੀ ਦਾ ਇਹ ਮਾਹੌਲ ਸਲੀਮ ਮਿਰਜ਼ਾ ਨੂੰ ਚਿੰਤਾਵਾਂ ਵਿੱਚ ਪਾ ਦਿੰਦਾ ਹੈ ਅਤੇ ਉਹ ਆਪਣਾ ਭਵਿੱਖ ਡਾਵਾਂਡੋਲ ਮਹਿਸੂਸ ਕਰਦੇ ਹਨ l
ਸਲੀਮ ਮਿਰਜ਼ਾ ਦੇ ਰਾਹੀਂ ਘੱਟਗਿਣਤੀ ਦੇ ਉਸ ਵਰਗ ਦੀ ਪੀੜਾ ਨੂੰ ਉਦੋਂ ਵੀ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਜਦੋਂ ਉਹ ਆਪਨੀ ਹਵੇਲੀ ਦੀ ਕੁਰਕੀ ਤੋਂ ਬਾਅਦ ਕਿਰਾਏ ਲਈ ਮਕਾਨ ਦੇਖਣਾ ਸ਼ੁਰੂ ਕਰਦੇ ਹਨ l
ਇਸ ਮੁਸਲਮਾਨ ਪਰਿਵਾਰ ਨੂੰ ਕਿਰਾਏ ਤੇ ਮਕਾਨ ਦੇਣ ਲਈ ਕੋਈ ਤਿਆਰ ਨਹੀਂ ...ਕੋਈ ਨਫ਼ਰਤ ਕਰਦਾ ਹੈ ਤਾਂ ਕਿਸੇ ਦਾ ਤਰਕ ਹੈ ਕਿ ਕੀ ਪਤਾ ਉਹ ਕਦੋਂ ਪਾਕਿਸਤਾਨ ਚਲੇ ਜਾਨ...ਅਖ਼ੀਰ ਇਨ੍ਹਾਂ ਨੂੰ ਜਾਣਾ ਤਾਂ ਉੱਥੇ ਹੀ ਪੈਣਾ ਹੈ l
ਫ਼ਿਲਮ ਦੇ ਦੋ ਦ੍ਰਿਸ਼ ਹੋਰ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ...ਇਕ ਦ੍ਰਿਸ਼ ਉਹ ਹੈ ਜਦੋਂ ਪੂਰਾ ਪਰਿਵਾਰ ਪਾਕਿਸਤਾਨ ਜਾਣ ਜਾਂ ਨਾ ਜਾਣ ਬਾਰੇ ਰਾਏ ਕਰ ਰਿਹਾ ਹੈ ..ਹਲੀਮ ਮਿਰਜ਼ਾ ਹਾਲੇ ਸੋਚਾਂ ਵਿਚਾਰਾਂ ਵਿਚ ਹਨ ਰੋਟੀ ਖਾਂਦਿਆਂ ਇਨ੍ਹਾਂ ਵਿਚਾਰਾਂ ਵਿੱਚ ਹੀ ਪਰਿਵਾਰ ਦਾ ਇੱਕ ਬੱਚਾ ਪੁੱਛਦਾ ਹੈ " ਕੀ ਪਾਕਿਸਤਾਨ ਵਿੱਚ ਵੀ ਪਤੰਗ ਉੱਡਦੇ ਨੇ ? l
ਇੱਕ ਦ੍ਰਿਸ਼ ਹੋਰ ਹੈ ਜਦੋਂ ਸਲੀਮ ਮਿਰਜ਼ਾ ਆਪਣੇ ਮੁਨਸ਼ੀ ਨਾਲ ਕਿਤੇ ਜਾਣਾ ਚਾਹੁੰਦੇ ਹਨ ਤਾਂ ਤਾਂਗੇਵਾਲਾ ਉਨ੍ਹਾਂ ਤੋਂ ਚਾਰ ਗੁਣਾ ਵੱਧ ਪੈਸੇ ਮੰਗਦਾ ਹੈ ....ਤਾਂਗੇ ਵਾਲੇ ਦੇ ਦਿਲ ਵਿਚ ਮੁਸਲਮਾਨਾਂ ਵਾਸਤੇ ਨਫ਼ਰਤ ਹੈ ....ਉਹ ਸਾਫ ਸਾਫ ਕਹਿੰਦਾ ਹੈ ਕਿ ਜੇਕਰ ਘੱਟ ਪੈਸਿਆਂ ਵਿੱਚ ਤਾਂਘਾਂ ਕਰਨਾ ਹੈ ਤਾਂ ਪਾਕਿਸਤਾਨ ਜਾਓ ਉਥੇ ਤੁਹਾਨੂੰ ਹਰ ਚੀਜ਼ ਸਸਤੀ ਮਿਲ ਜਾਵੇਗੀ ...l
ਇਸ ਪਰਿਵਾਰ ਦਾ ਨੌਜਵਾਨ ਮੁੰਡਾ ਨੌਕਰੀ ਲਈ ਯੋਗ ਹੈ ......ਇਹ ਨੌਜਵਾਨ ਮੁੰਡਾ (ਸਿਕੰਦਰ ਮਿਰਜ਼ਾ )ਫਾਰੂਕ ਸ਼ੇਖ ਹੈ ....ਉਸ ਨੂੰ ਨੌਕਰੀ ਲਈ ਬੁਲਾ ਵੀ ਲੈ ਜਾਂਦਾ ਹੈ ਪਰ ਅਧਿਕਾਰੀ ਐਨ ਮੌਕੇ ਤੇ ਉਸ ਨੂੰ ਮਨ੍ਹਾ ਕਰ ਦਿੰਦੇ ਹਨ ਅਤੇ ਸਲਾਹ ਦਿੰਦੇ ਹਨ ਕਿ ਉਹ ਪਾਕਿਸਤਾਨ ਵਿੱਚ ਕਿਉਂ ਨਹੀਂ ਕੋਸ਼ਿਸ਼ ਕਰਦਾ ਹੈ, ਉੱਥੇ ਉਸ ਲਈ ਜ਼ਿਆਦਾ ਮੌਕੇ ਹਨ l
ਇਕ ਹੋਰ ਨੌਕਰੀ ਦੀ ਇੰਟਰਵਿਊ ਦੌਰਾਨ ਮੁਸਲਮਾਨ ਅਫ਼ਸਰ ਸਿਕੰਦਰ ਮਿਰਜ਼ਾ ਨੂੰ ਕਹਿ ਦਿੰਦਾ ਹੈ ਕਿ ਜੇਕਰ ਮੈਂ ਤੁਹਾਨੂੰ ਰੱਖ ਲਿਆ ਤਾਂ ਮੇਰੇ ਤੇ ਇਲਜ਼ਾਮ ਲੱਗੇਗਾ ਕਿ ਮੈਂ ਆਪਣੇ ਕੌਮ ਵਾਲਿਆਂ ਨੂੰ ਰੱਖ ਰਿਹਾ ਹਾਂ ....l
ਸਲੀਮ ਮਿਰਜ਼ਾ ਜ਼ਿੰਦਗੀ ਦੀ ਗੱਡੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋਰ ਣਾ ਚਾਹੁੰਦੇ ਹਨ ਪਰ ਮਾਹੌਲ ਵਿਚ ਫਿਰਕਾਪ੍ਰਸਤੀ ਘੁਲੀ ਹੋਈ ਹੈ ਇਹ ਕੰਮ ਇੰਨਾ ਆਸਾਨ ਨਹੀਂ....ਉਨ੍ਹਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਹ ਫਿਰਕਾਪ੍ਰਸਤੀ ਵਕਤੀ ਨਹੀਂ l
ਕਹਾਣੀ ਵਿਚ ਮਰਹੱਲਾ ਉਹ ਵੀ ਆ ਜਾਂਦਾ ਹੈ ਜਦੋਂ ਪ੍ਰਸ਼ਾਸਨ ਨੂੰ ਸਲੀਮ ਮਿਰਜ਼ਾ ਤੇ ਸ਼ੱਕ ਹੁੰਦਾ ਹੈ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰਦੇ ਹਨ ...ਇਸ ਸ਼ੱਕ ਦਾ ਕਾਰਨ ਹੈ ਉਨ੍ਹਾਂ ਦਾ ਵੱਡਾ ਭਰਾ ਜੋ ਹੁਣ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਮੁਸਲਿਮ ਆਗੂ ਹੈ ..ਨਾਲ ਖਤੋ ਕਿਤਾਬਤ l
ਸਲੀਮ ਮਿਰਜ਼ਾ ਦੀ ਪਤਨੀ ਕਹਿੰਦੀ ਹੈ ਕਿ ਹੁਣ ਤਾਂ ਉਨ੍ਹਾਂ ਨੂੰ ਥਾਣੇ ਵੀ ਬੁਲਾ ਲਿਆ ਗਿਆ .. ਕਿਉਂ ਨਾ ਪਾਕਿਸਤਾਨ ਚਲੇ ਜਾਈਏ ਪਰ ਸਲੀਮ ਮਿਰਜ਼ਾ ਹਾਲੇ ਵੀ ਇਸ ਵਾਸਤੇ ਰਾਜ਼ੀ ਨਹੀਂ l
ਇਸ ਦਰਮਿਆਨ ਸਕੀਨਾ ਦਾ ਮੰਗੇਤਰ, ਜੋ ਕਿ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ ...ਸਕੀਨਾ ਨਾਲ ਸ਼ਾਦੀ ਕਰਨ ਵਾਸਤੇ ਵਾਪਸ ਆਗਰੇ ਆਉਂਦਾ ਹੈ..ਉਹਨੂੰ ਸਕੀਨਾ ਨਾਲ ਮੁਹੱਬਤ ਹੈ ....ਪਰ ਪੁਲਸ ਉਸ ਨੂੰ ਘੁਸਪੈਠ ਦੇ ਦੋਸ਼ ਵਿੱਚ ਗਿ੍ਫ਼ਤਾਰ ਕਰ ਲੈਂਦੀ ਹੈ ....ਸ਼ਾਦੀ ਸਿਰਫ ਖਿਆਲ ਬਣ ਕੇ ਰਹਿ ਜਾਂਦੀ ਹੈ.. ਸੁਪਨਾ ਟੁੱਟ ਜਾਂਦਾ l
ਅਖੀਰ ਸਕੀਨਾ ਦੀ ਸ਼ਾਦੀ ਸਲੀਮ ਮਿਰਜ਼ਾ ਆਪਣੇ ਭਾਣਜੇ ਨਾਲ ਤੈਅ ਕਰ ਦਿੰਦਾ ਹੈ ਪਰ ਉਹ ਭਾਣਜਾ ਵੀ ਕਿਸੇ ਬਹਾਨੇ ਪਾਕਿਸਤਾਨ ਚਲਾ ਜਾਂਦਾ ਹੈ ....ਇਸ ਤਰ੍ਹਾਂ ਪਰਿਵਾਰ ਦੀ ਬਦਨਾਮੀ ਹੁੰਦੀ ਹੈ ....ਸਕੀਨਾ ਇੱਕ ਦਿਨ ਖੁਦਕਸ਼ੀ ਕਰ ਲੈਂਦੀ ਹੈ ...ਵੰਡ ਸਲੀਮ ਮਿਰਜ਼ਾ ਦੀ ਸਭ ਤੋਂ ਵੱਡੀ ਖੁਸ਼ੀ ਸਕੀਨਾ ਨੂੰ ਖਾ ਜਾਂਦੀ ਹੈ ....ਉਹ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ....ਜ਼ਿੰਦਗੀ ਬੋਝ ਬਣ ਕੇ ਰਹਿ ਜਾਂਦੀ ਹੈ l
ਵੰਡ ਨੇ ਉਹਨਾਂ ਦੀ ਝੋਲੀ ਦੁੱਖਾਂ ਨਾਲ ਭਰ ਦਿੱਤੀ ਹੈ ।
ਇਸ ਦਰਮਿਆਨ ਖਬਰ ਮਿਲਦੀ ਹੈ ਕਿ ਹਲੀਮ ਮਿਰਜ਼ਾ ਨੂੰ ਪਾਕਿਸਤਾਨ ਵਿਚ ਕਾਰਖਾਨਾ ਅਲਾਟ ਹੋ ਗਿਆ ਹੈ ....ਪਰ ਸਲੀਮ ਮਿਰਜ਼ਾ ਫਿਰ ਵੀ ਆਪਣੇ ਹਿੰਦੁਸਤਾਨ ਵਿੱਚ ਰਹਿਣ ਦੇ ਇਰਾਦੇ ਤੇ ਡਟੇ ਰਹਿੰਦੇ ਹਨ l
ਫਿਲਮ ਦਾ ਅੰਤ ਆਮ ਫ਼ਿਲਮਾਂ ਵਰਗਾ ਨਹੀਂ ਹੈ ....ਇਹ ਕੁਝ ਅਲਹਿਦਾ ਹੈ ....ਦੁੱਖ ਅਤੇ ਮੁਸੀਬਤਾਂ ਝੱਲਦਿਆਂ ਜਦੋਂ ਸਲੀਮ ਮਿਰਜ਼ਾ ਟੁੱਟ ਜਾਂਦੇ ਹਨ ....ਉਨ੍ਹਾਂ ਨੂੰ ਪਾਕਿਸਤਾਨ ਦਾ ਹਮਦਰਦ ਕਿਹਾ ਜਾਂਦਾ ਹੈ ,ਜਾਸੂਸ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਤਾਂ ਉਹ ਵੀ ਅਖੀਰ ਵਿਚ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲੈਂਦੇ ਹਨ ...ਉਸ ਦੇਸ਼ ਵਿਚ ਰਹਿਣ ਦਾ ਕੀ ਫ਼ਾਇਦਾ ਜਿਥੇ ਉਨ੍ਹਾਂ ਨੂੰ ਆਪਣਾ ਤਸਲੀਮ ਹੀ ਨਾ ਕੀਤਾ ਜਾਂਦਾ ਹੋਵੇ , ਜਿਸ ਦੀ ਉਮੀਦ ਵੀ ਨਾ ਹੋਵੇ
ਤਾਂਗਾ ਬੁਲਾ ਲਿਆ ਜਾਂਦਾ ਹੈ ,ਸਲੀਮ ਮਿਰਜ਼ਾ ਉਨ੍ਹਾਂ ਦਾ ਬੇਟਾ ਅਤੇ ਪਤਨੀ ਸਟੇਸ਼ਨ ਵੱਲ ਜਾ ਰਹੇ ਹਨ ....ਉਨ੍ਹਾਂ ਦਾ ਇਰਾਦਾ ਹੈ ਕਿ ਉਹ ਆਗਰੇ ਤੋਂ ਸਿੱਧਾ ਕਰਾਚੀ ਚਲੇ ਜਾਣਗੇ .....ਪਰ ਬਾਜ਼ਾਰ ਵਿੱਚ ਸਲੀਮ ਮਿਰਜ਼ਾ ਦੇ ਬੇਟੇ ਸਿਕੰਦਰ ਮਿਰਜ਼ਾ ਦੇ ਦੋਸਤ ਅਤੇ ਭਾਰੀ ਭੀੜ ਦੇਸ਼ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਹਨ' ਉਸ ਵਿਚ ਸਭ ਤਰ੍ਹਾਂ ਦੇ ਲੋਕ ਸ਼ਾਮਲ ਹਨ ......ਜਜ਼ਬੇ ਸਿਮੇ ਚਿਹਰਿਆਂ ਨੂੰ ਵੇਖ ਕੇ ਸਲੀਮ ਮਿਰਜ਼ਾ ਆਪਣੇ ਬੇਟੇ ਸਿਕੰਦਰ ਨੂੰ ਆਗਿਆ ਦੇ ਦਿੰਦੇ ਹਨ ਕਿ ਉਹ ਚਾਹਵੇ ਤਾਂ ਜਲੂਸ ਵਿਚ ਜਾ ਸਕਦਾ ਹੈ ਅਤੇ ਹਿੰਦੁਸਤਾਨ ਵਿੱਚ ਵੀ ਰਹਿ ਸਕਦਾ ਹੈ.... ਸਿਕੰਦਰ ਤਾਂਗੇ ਵਿੱਚੋਂ ਉਤਰ ਕੇ ਦੇਸ਼ ਭਗਤਾਂ ਦੇ ਉਸ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ ..ਏਕਤਾ ਅਤੇ ਅਖੰਡਤਾ ਦੇ ਨਾਅਰਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ ....ਤਾਂਗਾ ਥੋੜ੍ਹੀ ਦੂਰ ਹੀ ਜਾਂਦਾ ਹੈ ਕਿ ਸਲੀਮ ਮਿਰਜ਼ਾ ਵੀ ਤਾਂਗੇ ਵਾਲੇ ਨੂੰ ਤਾਂਘਾਂ ਰੋਕਣ ਲਈ ਕਹਿੰਦੇ ਹਨ ..ਏਕਤਾ ਅਤੇ ਅਖੰਡਤਾ ਦੀਆਂ ਆਵਾਜ਼ਾਂ ਨੇ ਉਨ੍ਹਾਂ ਅੰਦਰ ਫਿਰ ਹਿੰਮਤ ਭਰ ਦਿੱਤੀ ਹੈ ....ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਤੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਉਸ ਜਲੂਸ ਵਿਚ ਸ਼ਾਮਲ ਹੋਣ ਚਲੇ ਜਾਂਦੇ ਹਨ ਅਤੇ ਪਤਨੀ ਨੂੰ ਕਹਿ ਦਿੰਦੇ ਹਨ ਕਿ ਉਹ ਵਾਪਸ ਘਰ ਚਲੀ ਜਾਵੇ....ਅਸੀਂ ਪਾਕਿਸਤਾਨ ਨਹੀਂ ਜਾ ਰਹੇ l
ਏ ਕੇ ਹੰਗਲ ਇਸ ਫ਼ਿਲਮ ਵਿੱਚ ਪਾਕਿਸਤਾਨ ਤੋਂ ਆਏ ਹੋਏ ਵਪਾਰੀ ਦੀ ਭੂਮਿਕਾ ਵਿੱਚ ਹਨ ....ਉਹ ਸਿੰਧੀ ਹਨ ਅਡਵਾਨੀ ਸਾਹਿਬ ਅਤੇ ਚਾਹੁੰਦੇ ਹਨ ਕਿ ਆਗਰੇ ਵਿੱਚ ਉਨ੍ਹਾਂ ਦਾ ਕਾਰੋਬਾਰ ਹੋਰ ਵਧ ਜਾਵੇ ....ਵਪਾਰੀ ਹਨ ਪਰ ਉਨ੍ਹਾਂ ਦੇ ਦਿਲ ਵਿਚ ਜਨਮ ਭੂਮੀ ਛੱਡਣ ਦਾ ਦੁੱਖ ਹੈ l
ਵੰਡ ਦੇ ਕਾਰਨ ਉਲਝੇ ਹੋਏ ਤਾਣੇ ਵਿਚ ਕਹਾਣੀ ਦੇ ਕਿਰਦਾਰ ਘੁੱਟ ਕੇ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ ...ਸ਼ੰਕਾਵਾਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਹੈ ਤੇ ਇਹ ਉਹ ਪਰਿਵਾਰ ਹਨ ਜਿਨ੍ਹਾਂ ਦੀ ਵੰਡ ਦੇ ਸੰਦਰਭ ਵਿਚ ਗੱਲ ਬਹੁਤ ਘੱਟ ਕੀਤੀ ਗਈ ਹੈ ...ਉਨ੍ਹਾਂ ਨੇ ਵੱਢ ਟੁੱਕ ਦਾ ਸੰਤਾਪ ਪੰਜਾਬ ਅਤੇ ਬੰਗਾਲ ਵਾਂਗੂੰ ਨਹੀਂ ਹਟਾਇਆ ਪਰ ਉਨ੍ਹਾਂ ਦੇ ਅੱਗੇ ਵੀ ਉਸ ਸਮੇਂ ਵੱਡਾ ਸਵਾਲ ਸੀ ਕਿ ਉਨ੍ਹਾਂ ਨੇ ਕਿੱਥੇ ਰਹਿਣਾ ਹੈ ਹਿੰਦੁਸਤਾਨ ਵਿੱਚ ਜਾਂ ਪਾਕਿਸਤਾਨ ਵਿੱਚ ...ਜਿੱਥੇ ਉਨ੍ਹਾਂ ਨੂੰ ਇਕ ਅਲੱਗ ਪਛਾਣ ਦਿੱਤੀ ਜਾਵੇਗੀ, ਮੁਹਾਜਿਰ l
ਖੰਡਿਤ ਮਾਨਸਿਕਤਾ ਚ ਘਿਰ ਗਏ ਲੋਕ ।
ਇਹ ਫਾਰੂਕ ਸ਼ੇਖ ਦੀ ਪਹਿਲੀ ਫ਼ਿਲਮ ਸੀ ....ਤੇ ਬਲਰਾਜ ਸਾਹਨੀ ਵੀ ਆਪਣੇ ਜੀਵਨ ਦੇ ਸਰਵਸ੍ਰੇਸ਼ਠ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ ...ਪੂਰੀ ਫ਼ਿਲਮ ਹੀ ਉਨ੍ਹਾਂ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ l
ਇਹ ਫ਼ਿਲਮ ਇਪਟਾ ਦੇ ਸਹਿਯੋਗ ਨਾਲ ਬਣਾਈ ਗਈ ਸੀ ਜਿਸ ਦਾ ਬਜਟ ਸੀਮਤ ਸੀ....ਫਿਲਮ ਦੇ ਨਿਰਦੇਸ਼ਕ ਹਨ" ਐਮ ਐਸ ਮੈਥਿਊ" ਜੋ ਕੇ ਇਪਟਾ ਦੇ ਕਾਰਕੁੰਨ ਸਨ l
ਨਿਰਦੇਸ਼ਕ ਦੇ ਤੌਰ ਤੇ ਐੱਮ ਐੱਸ ਮੈਥਿਊ ਦੀ ਸਮਰੱਥਾ ਦੇਖਣੀ ਹੋਵੇ ਤਾਂ ਉਨ੍ਹਾਂ ਦ੍ਰਿਸ਼ਾਂ ਨੂੰ ਦੇਖਣਾ ਬਣਦਾ ਹੈ ਜਿਨ੍ਹਾਂ ਵਿਚ ਬਲਰਾਜ ਸਾਹਨੀ ਅਤੇ ਫਾਰੂਕ ਸ਼ੇਖ ਕੈਮਰੇ ਦੇ ਸਾਹਮਣੇ ਆਪਣੇ ਸੰਵਾਦ ਬੋਲ ਰਹੇ ਹਨ ਉਨ੍ਹਾਂ ਦੇ ਸਾਹਮਣੇ ਕੋਈ ਕਿਰਦਾਰ ਨਹੀਂ ਬਲਕਿ ਕੈਮਰਾ ਹੈ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਇੰਨੇ ਜੀਵੰਤ ਹਨ ਕੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕੈਮਰੇ ਨੂੰ ਮੁਖ਼ਾਤਬ ਹਨ l
ਵੰਡ ਦੇ ਤੋਂ ਬਾਅਦ ਲੋਕਾਂ ਦੀ ਮਾਨਸਿਕ ਟੁੱਟ ਭੱਜ ਨੂੰ ਦਿਖਾਉਂਦੀ ਇਹ ਕਹਾਣੀ ਇਸਮਤ ਚੁਗਤਾਈ ਦੀ ਸੀ ਜੋ ਕਿ ਛਪੀ ਹੋਈ ਨਹੀਂ ਸੀ ...ਕਹਾਣੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਕਿ ਤੁਸੀਂ ਨਾਲ ਨਾਲ ਤੁਰਦੇ ਜਾਂਦੇ ਹੋ ਜੋ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਫਿਲਮ ਖਤਮ ਹੋ ਗਈ l
ਫਿਲਮ ਵਿਚ ਮਸ਼ਹੂਰ ਸ਼ਾਇਰ ਕੈਫੀ ਆਜ਼ਮੀ ਦੀ ਛਾਪ ਬਾਖ਼ੂਬੀ ਦਿਖਾਈ ਦਿੰਦੀ ਹੈ ....ਫਿਲਮ ਦੀ ਸ਼ੁਰੂਆਤ ਉਨ੍ਹਾਂ ਦੇ ਸ਼ਿਅਰਾਂ ਨਾਲ ਹੁੰਦੀ ਹੈ ....ਕੈਫ਼ੀ ਆਜ਼ਮੀ ਨੇ ਫਿਲਮ ਦੇ ਸੰਵਾਦ ਇਸ ਤਰ੍ਹਾਂ ਲਿਖੇ ਹਨ ਜੋ ਸਿੱਧਾ ਤੁਹਾਡੇ ਜ਼ਿਹਨ ਵਿਚ ਉਤਰ ਜਾਂਦੇ ਹਨ ..ਕਿਰਦਾਰਾਂ ਦੀ ਰੂਹ ਵਿੱਚ ਉਤਰ ਕੇ ਲਿਖੇ ਗਏ ਇਹ ਸੰਵਾਦ ਫਿਲਮ ਦਾ ਪ੍ਰਮੁੱਖ ਆਕਰਸ਼ਣ ਹਨ l
ਇਸਮਤ ਚੁਗਤਾਈ ਦੀ ਕਥਾ ਨੂੰ ਪਟਕਥਾ ਵਿਚ ਬਦਲਣ ਲਈ ਕੈਫ਼ੀ ਆਜ਼ਮੀ ਅਤੇ ਸ਼ਮਾ ਜੈਦੀ ਦਾ ਯੋਗਦਾਨ ਸੀ l
ਲੀਕ ਤੋਂ ਹਟ ਕੇ ਪਾਇਆ ਗਿਆ ਯੋਗਦਾਨ l
ਫ਼ਿਲਮ ਵਿਚ ਗੀਤ ਸੰਗੀਤ ਵਾਸਤੇ ਜਿਆਦਾ ਜਗਾਹ ਨਹੀਂ ਸੀ , ਖੇਤਰੀ ਗੀਤ ਸਨ ਜਿਸ ਦਾ ਸੰਗੀਤ ਬਹਾਦੁਰ ਖਾਨ ਦਾ ਸੀ । ਕੈਮਰਾ ਇਸ਼ਾਨ ਆਰੀਆ ਵੱਲੋਂ ਸੰਭਾਲਿਆ ਗਿਆ ਸੀ ਜਿਹਨਾਂ ਨਾਮ ਫਿਲਮ ਦੇ ਤਿੰਨ ਨਿਰਮਾਤਾਵਾਂ ਵਿਚ ਅਬੁ ਸਿਵਾਨੀ ,ਐਮ ਐਸ ਸੇਥੂਉ ਨਾਲ ਵੀ ਦਰਜ ਹੈ ।
ਜੇਕਰ ਤੁਸੀਂ ਸਾਹਿਤ ਪਸੰਦ ਕਰਦੇ ਹੋ..ਗਹਿਰੀਆਂ ਕਲਾਤਮਕ ਚੀਜ਼ਾਂ ਨੂੰ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਦੇਖਣ ਵਾਲੀ ਹੈ ।
ਸਤਿਆਜੀਤ ਰੇਅ ਅਨੁਸਾਰ ਗਰਮ ਹਵਾ ਭਾਰਤੀ ਸਿਨੇਮਾ ਵਿਚ ਉਪਲਬਧੀ ਦੇ ਤੌਰ ਤੇ ਯਾਦ ਕੀਤੀ ਜਾਣੀ ਚਾਹੀਦੀ ਹੈ। ਇਕ ਅਜ਼ੀਮ ਲੇਖਕ ਦੀ ਅਜ਼ੀਮ ਕਹਾਣੀ ਤੇ ਬਣੀ, ਅਜ਼ੀਮ ਫ਼ਿਲਮ l
ਵਿਸ਼ਲੇਸ਼ਣ ਕਰਤਾ
ਤਰਸੇਮ ਬਸ਼ਰ
98141 63071