ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ - ਸੁਖਪਾਲ ਸਿੰਘ ਗਿੱਲ

ਪਿਛਲੇ ਸਮੇਂ ਤੋਂ ਮਨੁੱਖ ਦੀ ਮਾਨਸਿਕਤਾ ਨੂੰ ਝੂਠ ਦੇ ਗਲਬੇ ਨੇ ਆਪਣੀ ਬੁੱਕਲ ਵਿੱਚ ਰੱਖਿਆ ਹੋਇਆ ਹੈ।ਇਸ ਨਾਲ ਸਮਾਜਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸੋਸ਼ਲ,ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆ ਆਮ ਤੌਰ ਤੇ ਬੇਲਗਾਮ ਹੋ ਕੇ ਮਨਘੜ੍ਹਤ ਸਹਾਰੇ ਚੱਲਦਾ ਹੈ। ਸੱਚ ਝੂਠ ਨੂੰ ਨਿਖਾਰਨ ਲਈ ਸਮਾਂ ਲੱਗਦਾ ਹੈ ਇੰਨੇ ਨੂੰ ਮੁੱਦਾ ਬੇਹਾ ਹੋ ਜਾਂਦਾ ਹੈ। ਨਵੀਂ ਗੱਲ ਮਾਰਕੀਟ ਵਿੱਚ ਆ ਜਾਂਦੀ ਹੈ ।ਸਹੀ ਸੱਚ ਸਾਹਮਣੇ ਆਉਣਾ ਚਾਹੀਦਾ ਹੈ।ਝੂਠ ਨੂੰ ਵਾਰ ਵਾਰ ਪ੍ਰਚਾਰਨ ਨਾਲ ਸੱਚ ਹੀ ਲੱਗਦਾ ਹੈ। ਫੈਸਲਾ ਲੈਣ ਸਮੇਂ ਤਾਂ ਮਨੁੱਖੀ ਸੋਚ ਹਨ੍ਹੇਰੀ ਵਿੱਚ ਭਟਕਦੇ ਪੰਛੀ ਵਰਗੀ ਹੋ ਜਾਂਦੀ ਹੈ। ਦਾਰਸ਼ਨਿਕ, ਬੁੱਧੀਜੀਵੀ ਅਤੇ ਸਵੈ ਵਿਸ਼ਵਾਸ਼ ਵਾਲੇ ਹੀ ਕਿਸੇ ਗੱਲ ਦਾ ਅਖੀਰ ਟੋਹ ਲੈਂਦੇ ਹਨ। ਝੂਠ ਨੂੰ ਝੂਠ ਅਤੇ ਸੱਚ ਨੂੰ ਸੱਚ ਕਹਿਣਾ ਦੁਨੀਆਂ ਦਾ ਵੱਡਾ ਕੰਮ ਹੈ। ਸੱਚ ਅਤੇ ਅਚਾਰ ਨੂੰ ਤਰਾਸ਼ ਕਰਨ ਵਾਲੀਆਂ ਕਲਮਾਂ ਅਤੇ ਅਵਾਜ਼ਾਂ ਕਰਕੇ ਹੀ ਗੇਂਦ ਗੋਲਾ ਵਿੱਚ ਆ ਜਾਂਦੀ ਹੈ। ਮਹਾਂਰਿਸ਼ੀ ਬਾਲਮੀਕ ਜੀ ਨੇ ਕਿਹਾ ਸੀ,"ਸੱਚ ਸਾਰੇ ਪੁੰਨਾਂ ਅਤੇ ਸਦਗੁਣਾਂ ਦੀ ਜੜ੍ਹ ਹੈ"
     ਹੁਣ ਤਾਜ਼ਾ ਸਾਡੀ ਧੀ ਵਿਨੇਸ਼ ਫੋਗਾਟ ਵਾਲਾ ਵਰਤਾਰਾ ਵੀ ਇਸੇ ਲੜ੍ਹੀ ਦਾ ਹਿੱਸਾ ਹੈ। ਬਹੁਤ ਚਰਚਾਵਾਂ ਅਤੇ ਤੋਹਮਤਾਂ ਭਾਰੂ ਹੋਈਆਂ। ਕੁਝ ਨੇ ਸਹੀ ਤਸਵੀਰ ਪੇਸ਼ ਕਰਨ ਦੀ ਬਜਾਏ ਸਿਆਸੀ ਰਲਗੱਡਤਾ ਅਤੇ ਹੰਕਾਰ ਨੂੰ ਭਾਰੂ ਹੋਣ ਦਾ ਮੌਕਾ ਦਿੱਤਾ। ਚੰਗਾ ਹੋਵੇ ਮੁੱਦਿਆਂ ਤੇ ਅਧਾਰਿਤ ਸੱਚ ਪੇਸ਼ ਕਰਨ ਲਈ ਸਖ਼ਤ ਨਿਯਮਾਂਵਲੀ ਬਣੇ। ਮਨਘੜ੍ਹਤ ਕਹਾਣੀਆਂ ਤੇ ਲਗਾਮ ਲੱਗੇ। ਵਿਨੇਸ਼ ਫੋਗਾਟ ਨੂੰ ਇਸ ਯੁੱਗ ਦੀ ਸ਼ਾਬਾਸ਼ ਹੈ ਕਿ ਉਹ ਮੈਦਾਨ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਉਤਸ਼ਾਹ ਅਤੇ ਹੌਂਸਲੇ ਨਾਲ ਲੜੀ। ਦੋਵੇਂ ਮੋਰਚਿਆਂ ਤੇ ਲੜਾਈ ਲੜ ਕੇ ਔਰਤ ਜਾਤ ਨੂੰ ਸੁਨੇਹਾ ਦਿੱਤਾ ਕਿ ਉਹ ਜਜ਼ਬਾਤੀ ਰੌਂਅ ਵਿੱਚ ਵੀ ਪੰਘਰ ਕੇ ਆਪਣੀ ਅੰਦਰੂਨੀ ਦ੍ਰਿਸ਼ਟੀ ਨਾਲ ਸਭ ਕੁੱਝ ਕਰ ਸਕਦੀ ਹੈ।ਪਰ ਸੌ ਗ੍ਰਾਮ ਤੋਂ ਹਾਰ ਕੇ ਉਸ ਦੀ ਨੇ ਕਿਹਾ,"ਮਾਂ ਕੁਸ਼ਤੀ ਜਿੱਤੀ ਮੈਂ ਹਾਰ ਗਈ, ਅਲਵਿਦਾ ਕੁਸ਼ਤੀ" ਲੋਕਾਂ ਦੇ ਦਿਲਾਂ ਚ ਘਰ ਕਰਕੇ ਇਸ ਧੀ ਨੇ ਸੰਸਾਰ ਪੱਧਰ ਤੇ ਇਕ ਨਵੀਂ ਸ਼ੁਰੂਆਤ ਕੀਤੀ। ਵਿਨੇਸ਼ ਫੋਗਾਟ ਸਿਆਸੀ ਚਿੱਕੜ ਵਿੱਚ ਉੱਗਿਆ ਕਮਲ ਦਾ ਫੁੱਲ ਸਾਬਿਤ ਹੋਈ।ਭਾਰਤ ਦੀ ਇੱਕ ਅਰਬ ਚਾਲੀ ਕਰੋੜ ਅਬਾਦੀ ਵਿੱਚ ਵਿਨੇਸ਼ ਫੋਗਾਟ ਨੇ ਨਵਾਂ ਅਧਿਆਏ ਅਰੰਭ ਦਿੱਤਾ ਹੈ।
          ਸੱਚ ਹੈ ਕਿ ਵਿਨੇਸ਼ ਫੋਗਾਟ ਨੇ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਜਿੱਤੇ। ਮਾਅਰਕੇ ਵਾਲੀ ਗੱਲ ਇਹ ਹੈ ਕਿ ਚੈਂਪੀਅਨ ਯੂਈ ਸੂਸਾਕੀ ਨੂੰ ਵੀ ਚਿੱਤ ਕਰ ਦਿੱਤਾ। ਵਜ਼ਨ ਲਈ ਭੁੱਖ ਨਾਲ ਵੀ ਲੜੀ।ਭਾਰ ਘਟਾਉਣ ਅਤੇ ਨਿਯਮਤ ਕਰਨ ਲਈ ਵੀ ਕੋਸ਼ਿਸ਼ਾਂ ਕਰਦੀ ਰਹੀ। ਜਦੋਂ ਉਸਨੂੰ ਅਯੋਗ ਘੋਸ਼ਿਤ ਕੀਤਾ ਤਾਂ ਚਰਚਾਵਾਂ ਵਿੱਚੋਂ ਸੱਚ ਦੱਸਣ ਲਈ ਸਭ ਪਾਸੇ ਆਪਣੀ ਆਪਣੀ ਸੋਚ ਖਿਲਾਰੀ ਗਈ।ਇਸ ਨਾਲ ਸ਼ੰਕਾਵਾਂ ਪੈਦਾ ਹੋਣਾ ਸੁਭਾਵਿਕ ਹੈ। ਕੋਈ ਸਾਜ਼ਿਸ਼, ਕੋਈ ਸਟਾਫ ਨੂੰ, ਕੋਈ ਵਾਲ ਕੱਟਣ ਨੂੰ ਅਤੇ ਕੋਈ ਦਿੱਲੀ ਦੇ ਘੋਲ ਨੂੰ ਬਿਨਾਂ ਘੋਖਿਆਂ ਹੀ ਉਭਾਰਨ ਲੱਗਿਆ।ਇਹ ਸਭ ਵਿਨੇਸ਼ ਫੋਗਾਟ ਪ੍ਰਤੀ ਹਮਦਰਦੀ ਕਰਕੇ ਹੋਇਆ। ਲਿੰਗ ਅਨੁਪਾਤ ਵਾਲੇ ਹਰਿਆਣਾ ਸੂਬੇ ਦੀ ਧੀ ਕਿੱਥੇ ਪੁੱਜੀ ਇਹ ਵੀ ਸੋਚਣ ਅਤੇ ਸ਼ਾਬਾਸ਼ ਦੇ ਪੰਨੇ ਹਨ।ਇਹ ਨੋਬਤ ਆਉਣ ਤੋਂ ਪਹਿਲਾਂ ਕੋਈ ਸਪੱਸ਼ਟ ਨਿਯਮ ਹੋਣੇ ਚਾਹੀਦੇ ਹਨ। ਸੰਵੇਦਨਸ਼ੀਲ ਮੁੱਦੇ ਤੁਰੰਤ ਪ੍ਰਭਾਵ ਨਾਲ ਤਹਿ ਤੱਕ ਘੋਖ ਕੇ ਬੁਲੇਟਿਨ ਜਾਰੀ ਕਰਨ ਲਈ ਨੀਤੀ ਘੜੀ ਜਾਵੇ।ਇਸ ਨਾਲ ਸੱਚ ਅਤੇ ਆਚਾਰੀ ਸੰਕੇਤ ਮਿਲਣਗੇ।
   ਅੰਤਰ ਰਾਸ਼ਟਰੀ ਕੁਸ਼ਤੀ ਦੇ ਨਿਯਮ ਹਨ ਕਿ ਅਧਿਕਾਰਤ ਤੌਰ ਤੇ ਪਹਿਲੀ ਵਾਰ ਕੀਤੇ ਵਜ਼ਨ ਅਨੁਸਾਰ ਹੀ ਖੇਡਣ ਦੀ ਇਜਾਜ਼ਤ ਹੈ। ਮੈਡੀਕਲ ਜਾਂਚ ਵੀ ਹੁੰਦੀ ਹੈ। ਫਾਈਨਲ ਪ੍ਰਵੇਸ਼ ਵਿੱਚ ਖਿਡਾਰੀ ਨੂੰ ਭਾਰ ਤੋਲਣ ਦੀ ਪ੍ਰਕਿਰਿਆ ਵਿੱਚੋਂ ਫਿਰ ਤੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਨਿਯਮਾਂ ਨਾਲ ਸਮਝੌਤਾ ਕੀਤੇ ਬਿਨਾਂ ਸਭ ਪਾਬੰਦ ਹੁੰਦੇ ਹਨ। ਫਾਈਨਲ ਵਿੱਚ ਭਾਰ ਵਧਣ ਵਾਲਾ ਬਾਹਰਹੋ ਜਾਂਦਾ ਹੈ। ਤਗਮਾ ਸਹੀ ਭਾਰ ਵਾਲੇ ਨੂੰ ਮਿਲ ਜਾਂਦਾ ਹੈ। ਇੱਥੇ ਵਰਣਨ ਯੋਗ ਹੈ ਕਿ 2016 ਵਿੱਚ ਵੀ ਵਿਨੇਸ਼ ਫੋਗਾਟ ਨੂੰ 48 ਕਿੱਲੋਗਰਾਮ ਵਰਗ ਵਿੱਚ ਭਾਰ ਘਟਾਉਣਾ ਪਿਆ ਸੀ। ਟੋਕੀਓ ਵਿੱਚ 53 ਕਿੱਲੋ ਵਰਗ ਵਿੱਚ ਵਿਨੇਸ਼ ਫੋਗਾਟ ਖੇਡੀ ਸੀ।2022  ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ 52 ਕਿੱਲੋ ਵਿੱਚ ਸੋਨ ਕੁੜੀ ਬਣੀ ਸੀ।ਹੁਣ ਵੀ ਭਾਰ ਘਟਾਉਣ ਲਈ ਕੋਸ਼ਿਸ਼ ਹੋਈ ਘਟਣ ਦੇ ਬਾਵਜੂਦ ਵੀ 100 ਗਰਾਮ ਨੇ ਕਾਂਟਾ ਬਦਲ ਦਿੱਤਾ। ਇਸ ਦਾ ਦੁੱਖ ਵਿਨੇਸ਼ ਫੋਗਾਟ ਦੇ ਸਿਰ ਉੱਤੇ ਅਤੇ ਭਾਰਤੀਆਂ ਦੇ ਮੋਢੇ ਉੱਤੇ ਰਹੇਗਾ।ਪਰ ਖਿਡਾਰੀ ਦੀ ਸੋਚ ਅਤੇ ਸ਼ਖ਼ਸੀਅਤ ਕਰਕੇ ਭਾਰ ਮੁਕਤ ਵੀ ਹੋਇਆ ਜਾ ਸਕਦਾ ਹੈ।
ਇਸ ਖੇਡ ਵਿੱਚ ਭਾਰ ਘਟਾਉਣਾ ਆਮ ਵਰਤਾਰਾ ਹੈ।
ਇਸ ਧੀ ਨੇ  ਹੁਣ ਵੀ ਭਾਰ ਘਟਾ ਕੇ ਭਾਰਤ ਦੇਸ਼ ਨੂੰ ਮਾਣ ਦੁਆਇਆ ਹੈ।ਸਰਜਨ ਦਿਕਸ਼ਾ ਪਦਾਰੀਵਾਲਾ ਨੇ ਦੱਸਿਆ ਵੀ ਹੈ ਕਿ ਇਕਦਮ ਤਿੰਨ ਮੈਚ ਖੇਡਣ ਕਰਕੇ ਊਰਜਾ ਦੀ ਖਪਤ ਕਰਕੇ ਭੁੱਖ ਨਾਲ ਖਾਣਾ, ਖਾਣ ਲਈ ਮਜਬੂਰ ਹੋਣਾ ਪਿਆ। ਨੀਂਦ ਅਤੇ ਰੱਸੀ ਟੱਪਣਾ ਵਰਗੀਆਂ ਪ੍ਰਕਿਰਿਆ ਵਿੱਚੋਂ ਵਿਨੇਸ਼ ਫੋਗਾਟ ਗੁਜ਼ਰੀ।ਭਾਰ ਘਟਿਆ ਵੀ ਹੈ। ਸਾਡੀ ਟੀਮ ਵਿੱਚ 13 ਮਾਹਰ ਡਾਕਟਰ, ਪੋਸ਼ਣ ਅਤੇ ਮਾਨਸਿਕਤਾ ਸੰਬੰਧੀ ਸੀ।ਪਰ ਫਿਰ ਵੀ ਨੌਬਤ ਆਉਣ ਨਾਲ ਸ਼ੰਕਾ ਨਿਵਿਰਤੀ ਨਹੀਂ ਹੋ ਸਕਦੀ।
 ਗੁਰਬਾਣੀ ਦੇ ਪਵਿੱਤਰ ਸਿਰਲੇਖ ਅਧੀਨ ਸੱਚ ਉੱਪਰ ਹੁੰਦਾ ਹੈ ਇਸ ਤੋਂ ਵੀ ਉਪਰ ਸੱਚ ਆਚਾਰੀ ਹੁੰਦਾ ਹੈ।ਅੱਜ ਸਮਾਂ ਮੰਗ ਕਰਦਾ ਹੈ ਕਿ ਸੱਚ ਇੱਕ ਦੁਆਈ ਬਣੇ।ਇਸ ਨਾਲ ਭੰਬਲਭੂਸੇ ਦੀ ਥਾਂ ਮੁੱਦਾ ਮੰਨਣ ਯੋਗ ਹੋਵੇਗਾ ਜਾਗਰੂਕਤਾ ਵਾਲਿਆਂ ਨੂੰ ਸਹੀ ਤਸਵੀਰ ਲੱਭ ਪਵੇਗੀ।2001-2024  ਤੱਕ ਦੇ ਕੁਸ਼ਤੀ ਸਫ਼ਰ ਦੌਰਾਨ ਇਸ ਧੀ ਧਿਆਣੀ ਨੇ ਅਨੇਕਾਂ ਤਰ੍ਹਾਂ ਦੇ ਤਜ਼ਰਬਿਆਂ ਰਾਹੀਂ ਔਰਤ ਨੂੰ ਨਵੀਂ ਦਿਸ਼ਾ ਦਾ ਪੰਨਾ ਲਿਖ ਕੇ ਅੱਗੇ ਤੁਰਨ ਲਈ ਮਹੌਲ ਸਿਰਜਿਆ। ਇਸੇ ਲਈ ਇਹ ਹਮਦਰਦੀ, ਤਾਰੀਫ਼ ਅਤੇ ਸ਼ਾਬਾਸ਼ ਦੀ ਪਾਤਰ ਹੈ।ਇਹ ਵਿਚਾਰੀ ਤਾਂ ਉੱਥੇ ਪੁੱਜੀ ਜਿੱਥੇ ਇਸ ਖੇਤਰ ਵਿੱਚ ਕੋਈ ਨਾਰੀ ਨਹੀਂ ਪੁੱਜ ਸਕੀ।ਸੱਚ ਉਜਾਗਰ ਕਰਨ  ਵਿੱਚ ਕਿੱਥੇ ਕੁਤਾਹੀ ਹੋਈ? ਅਯੋਗ ਕਿਉਂ ਹੋਈ? ਸਾਜ਼ਿਸ਼ ਦਾ ਝੂਠ ਸੱਚ ਕੀ ਹੈ?ਇਸ ਨੂੰ ਜਾਂਚ ਅਧੀਨ ਕਰਕੇ ਭਵਿੱਖੀ ਅਸਰ ਵਾਲੇ ਸਬਕ ਸਿੱਖਣੇ ਚਾਹੀਦੇ ਹਨ।ਸੱਚ ਝੂਠ ਦਾ ਨਿਤਾਰਾ ਕਰਨ ਲਈ ਸਮੇਂ ਦੀ ਹਾਣੀ ਸਖ਼ਤ ਨਿਯਮਾਂਵਲੀ ਬਣਨੀ ਚਾਹੀਦੀ ਹੈ। ਨਿਰਾਪੁਰਾ ਮੁੱਦੇ ਨੂੰ ਬਿਨਾਂ ਵਿਚਾਰੇ ਪ੍ਰਚਾਰ ਕਰਨ ਨਾਲੋਂ ਸੱਚ ਤਰਾਸ਼ ਕੇ ਉਸ ਨੂੰ ਪੇਸ਼ ਕੀਤਾ ਜਾਵੇ।ਇਸ ਨਾਲ ਸਭ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ। ਵਿਨੇਸ਼ ਫੋਗਾਟ ਵਰਗੀਆਂ ਧੀਆਂ ਹੋਰ ਮਾਣ ਮਹਿਸੂਸ ਕਰਨਗੀਆਂ।