ਝੋਲਾ ਛਾਪ ਡਾਕਟਰ - ਸੁਖਪਾਲ ਸਿੰਘ ਗਿੱਲ
ਰੋਜ਼ਾਨਾ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ।ਜੋ ਸੱਚ ਝੂਠ,ਸੁਣੀ ਅਣਸੁਣੀ ਬੁਨਿਆਦ ਤੇ ਹੁੰਦੀਆਂ ਹਨ। ਤਜ਼ਰਬਿਆਂ ਅਤੇ ਉਮਰ ਹੰਢਾਉਣ ਦੇ ਨਾਲ ਨਾਲ ਬਹੁਤੀਆਂ ਗੱਲਾਂ, ਕਹਾਣੀਆਂ ਆਪਣੇ ਆਪ ਘੜ ਹੋ ਜਾਂਦੀਆਂ ਹਨ। ਬਜ਼ੁਰਗਾਂ ਤੋਂ ਕਈ ਕਥਾ ਕਹਾਣੀਆਂ ਸੁਣਦੇ ਤਾਂ ਹਾਂ ਉਹਨਾਂ ਵੱਲ ਸੁਣਨ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਮਰ ਦੇ ਤਰਾਜੂ ਵਿੱਚ ਗੱਲ ਮੇਚ ਨਹੀਂ ਆਉਂਦੀ। ਸੁਣੀ ਸੁਣਾਈ ਗੱਲ ਅੱਖਾਂ ਸਾਹਮਣੇ ਦਿਖੇ ਤਾਂ ਅਚੰਭੇ ਵਿੱਚ ਛੁਪੀ ਖੁਸ਼ੀ ਨਜ਼ਰ ਆਉਂਦੀ ਹੈ।
ਪਿੰਡਾਂ ਵਿੱਚ ਇੱਕ ਚੁਟਕਲਾ ਜੋ ਸਚਾਈ ਵਾਂਗ ਪੇਸ਼ ਕੀਤਾ ਜਾਂਦਾ ਸੀ।ਇਹ ਸੁਣ ਕੇ ਬਚਪਨ ਵਿੱਚ ਸੱਚ ਮੰਨ ਲਿਆ ਸੀ। ਮੇਰੇ ਵਲੋਂ ਉਮਰ ਵਧਣ ਦੇ ਨਾਲ ਇਹੀ ਚੁਟਕਲਾ ਸਚਾਈ ਤੋਂ ਪਰੇ ਹਟਾ ਕੇ ਮਹਿਜ਼ ਚੁਟਕਲਾ ਹੀ ਸਮਝਿਆ ਗਿਆ।ਇਸ ਤਰ੍ਹਾਂ ਹੈ ਕਿ "ਇੱਕ ਝੋਲਾ ਛਾਪ ਡਾਕਟਰ ਸੀ ਉਸ ਕੋਲ ਮਰੀਜ਼ ਗਿਆ,ਉਸ ਡਾਕਟਰ ਨੇ ਝੱਟ ਮੂੰਧਾ ਕਰਕੇ ਪੈਂਟ ਦੇ ਉੱਤੋਂ ਹੀ ਟੀਕਾ ਲਗਵਾ ਦਿੱਤਾ, ਕਹਿੰਦੇ ਘਰ ਜਾ ਕੇ ਮਰੀਜ਼ ਨੇ ਦੇਖਿਆ ਕਿ ਪੈਂਟ ਵਿੱਚ ਬਟੂਆ ਗਿੱਲਾ ਹੈ, ਤਾਂ ਪਤਾ ਲੱਗਿਆ ਕਿ ਟੀਕਾ ਬਟੂਏ ਵਿੱਚ ਹੀ ਲਾ ਦਿੱਤਾ, ਮਰੀਜ਼ ਨੇ ਸੋਚਿਆ ਕਿ ਤਾਂ ਹੀ ਟੀਕੇ ਦਾ ਦੁੱਖ ਨਹੀਂ ਲੱਗਿਆ" ਇਹ ਭਾਵੇਂ ਹਾਸੋਹੀਣੀ ਗੱਲ ਹੈ, ਪਰ ਬੀਤੇ ਜ਼ਮਾਨੇ ਦੇ ਮੈਡੀਕਲ ਖੇਤਰ ਚ ਤਰੁੱਟੀਆਂ ਤੇ ਕਰਾਰੀ ਚੋਟ ਵੀ ਹੈ। ਉਸ ਸਮੇਂ ਵਿਕਾਸ ਖੁਣੋਂ ਸਹੀ ਵੀ ਜਾਪਦੀ ਹੈ।ਅਜ਼ਾਦੀ ਤੋਂ ਬਾਅਦ ਸ਼ਾਇਦ ਇਹੋ ਜਿਹੇ ਚੁਟਕਲੇ ਹਕੀਕਤ ਵਿੱਚ ਸਨ। ਹੁਣ ਅਜਿਹਾ ਚੁਟਕਲਾ ਬੇਹੂਦਾ ਲੱਗਦਾ ਹੈ ਕਿਉਂਕਿ ਮੈਡੀਕਲ ਖੇਤਰ ਵਿੱਚ ਸਾਡੇ ਮੁਲਕ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ।
ਜਦੋਂ ਸੁਣੀਆਂ ਗੱਲਾਂ, ਕਹਾਣੀਆਂ ਅਤੇ ਚੁਟਕਲੇ ਹਕੀਕਤ ਵਿੱਚ ਨਜ਼ਰ ਆਉਂਦੇ ਹਨ, ਤਾਂ ਇਉਂ ਲੱਗਦਾ ਹੈ ਕਿ ਜ਼ਿੰਦਗੀ ਚ ਨਵਾਂਪਣ ਆਇਆ ਹੈ।ਇਹ ਕਲਪਨਾ ਤੇ ਆਧਾਰਤ ਵੀ ਹੁੰਦੇ ਹਨ।ਪਰ ਇਹਨਾਂ ਵਿਚੋਂ ਕੁੱਝ ਲੱਭ ਜ਼ਰੂਰ ਪੈਂਦਾ ਹੈ। ਕਿਹਾ ਵੀ ਗਿਆ ਹੈ ਕਲਪਨਾ ਗਿਆਨ ਤੋਂ ਵੱਧ ਮਹੱਤਵਪੂਰਨ ਹੈ। ਜਿਵੇਂ ਜਿਵੇਂ ਵਿਕਾਸ ਹੁੰਦਾ ਜਾਂਦਾ ਹੈ ਤਾਂ ਦੰਦ ਕਥਾਵਾਂ, ਚੁਟਕਲੇ ਝੂਠੇ ਜਿਹੇ ਲੱਗਦੇ ਹਨ।ਅਗਲੀ ਪੀੜ੍ਹੀ ਨੂੰ ਤਾਂ ਬਿਲਕੁਲ ਸੱਚ ਨਹੀਂ ਆਉਂਦਾ। ਅੱਜ ਸੁਪਨੇ ਵਿੱਚ ਹੀ ਪੈਂਟ ਦੇ ਉੱਤੋਂ ਟੀਕਾ ਲਗਦਾ ਦਿਖ ਸਕਦਾ ਹੈ, ਸਾਡੇ ਮੁਲਕ ਵਿੱਚ ਸ਼ਾਇਦ ਹਕੀਕਤ ਵਿੱਚ ਨਹੀਂ।
ਕੁੱਝ ਦਿਨ ਪਹਿਲੇ ਕਰਤਾਰਪੁਰ ਸਾਹਿਬ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਮਿਲਿਆ।ਬਾਰਡਰ ਪਾਰ ਕਰਦੀ ਸਾਰ ਦਰਸ਼ਨ ਕਰਨ ਦੀ ਤਾਂਘ ਉਤੇਜਿਤ ਹੋਈ ਤੇ ਫਿਰ ਪੂਰੀ ਹੋਈ। ਸਾਰੇ ਪਾਸੇ ਘੁੰਮ ਕੇ ਬਾਬੇ ਨਾਨਕ ਦੇ ਖੇਤ ਦੇਖੇ। ਆਉਣ ਦਾ ਸਮਾਂ ਹੋਇਆ ਤਾਂ ਦੇਖਿਆ ਗੁਰੂ ਘਰ ਅੰਦਰ ਹੀ ਝੋਲਾ ਛਾਪ ਡਾਕਟਰ ਇੱਕ ਵਿਅਕਤੀ ਨੂੰ ਮੁੰਧਾ ਕਰਕੇ ਸੁਣੇ ਚੁਟਕਲੇ ਦੀ ਤਰਜ਼ ਤੇ ਪੈਂਟ ਉੱਤੋਂ ਟੀਕਾ ਲਾਉਂਦਾ ਅੱਖੀਂ ਦੇਖਿਆ ਤਾਂ ਬਟੂਏ ਵਾਲਾ ਕਾਂਢ ਯਾਦ ਆਇਆ।ਇਸ ਤੋਂ ਚੁਟਕਲਾ ਹਕੀਕਤ ਵੱਲ ਮੁੜਿਆ। ਜਾਪਿਆ ਕਿ ਤਰੱਕੀ ਬਾਝੋਂ ਸੱਤਰ ਸਾਲ ਪਹਿਲਾਂ ਇਹ ਸਾਡੇ ਵੀ ਸਹੀ ਹੀ ਹੋਣਾ। ਹੁਣ ਤਾਂ ਇਹ ਬੀਤੇ ਜ਼ਮਾਨੇ ਦੀ ਗਾਥਾ ਹੈ।ਮਨ ਦੀਆਂ ਘੁੰਮਣਘੇਰੀਆਂ ਵਿੱਚ ਇਹ ਪ੍ਰਮਾਣ ਮਿਲਿਆ ਅਜ਼ਾਦੀ ਤੋਂ ਬਾਅਦ ਭਾਰਤ ਮਾਤਾ ਨੇ ਬਹੁਤ ਵੱਡਾ ਸਾਰਥਿਕ ਵਿਕਾਸ ਕੀਤਾ।ਇੱਕ ਝੋਲਾ ਛਾਪ ਡਾਕਟਰ ਜੋ ਭਾਵੇਂ ਹਲਾਤਾਂ ਮੁਤਾਬਿਕ ਮਨੁੱਖਤਾ ਅਤੇ ਆਪਣੇ ਦੇਸ਼ ਦੀ ਸੇਵਾ ਕਰਦਾ ਅੱਜ ਨਜ਼ਰ ਪਿਆ, ਪਰ ਅੱਜ ਅੱਖੀਂ ਦੇਖੇ ਝੋਲਾ ਛਾਪ ਡਾਕਟਰ ਦੇ ਚੁਟਕਲੇ ਨੂੰ ਹਕੀਕਤ ਵਿੱਚ ਦੇਖ ਕੇ ਮੇਰਾ ਸਿਰ ਭਾਰਤ ਮਾਤਾ ਦੇ ਵਿਕਾਸ ਵੱਲ ਝੁਕਿਆ ਅੰਦਰੋਂ ਭਾਰਤ ਮਾਤਾ ਦੀ ਜੈ ਆਪ ਮੁਹਾਰੇ ਨਿਕਲ ਗਿਆ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445