ਪੱਕ ਪਈਆਂ ਕਣਕਾਂ ਲੁਕਾਠ ਰੱਸਿਆ - ਸੁਖਪਾਲ ਸਿੰਘ ਗਿੱਲ   

ਫਸਲਾਂ ਦੀ ਰਾਣੀ ਅਤੇ ਹਾੜ੍ਹੀ ਦਾ ਸ਼ਿੰਗਾਰ ਕਣਕ ਪੱਕਣ ਵੱਲ ਪੁੱਜ ਚੁੱਕੀ ਹੈ । ਸਮੇਂ ਦੀ ਤਬਦੀਲੀ ਨਾਲ ਕਣਕ ਦਾ ਵਿਕਾਸ ਵੀ ਹਰ ਪੱਖੋਂ ਹੋਇਆ । ਹਰੀ ਕ੍ਰਾਂਤੀ ਤੋਂ ਬਾਅਦ ਕਣਕ ਦਾ ਸੁਨਹਿਰੀ ਯੁੱਗ ਸ਼ੁਰੂ ਹੋਇਆ ਸੀ । ਹੁਣ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਕੇਂਦਰੀ ਪੂਲ ਵਿੱਚ ਕਣਕ ਵੱਧ ਭੇਜਦਾ ਹੈ । ਇਸਦਾ ਅੰਦਾਜ਼ਾ ਪੰਜਾਬ ਦੀਆਂ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰਾਂ ਤੋਂ ਵੀ ਲੱਗਦਾ ਹੈ ।   ਇਹਨੀ ਦਿਨੀ ਕਣਕਾਂ ਜਦੋਂ ਮੰਡੀਆਂ ਵਿੱਚ ਜਾਂਦੀਆ ਹਨ ਤਾਂ ਜੱਟ ਬੋਹਲ ਉੱਤੇ ਪਿਆ ਕਿਸੇ ਫਿਲਮੀ ਅੰਦਾਜ਼ ਤੋ ਘੱਟ ਨਹੀਂ ਲੱਗਦਾ । ਕਈ ਵਾਰ ਕਣਕ ਦੀ ਵਾਢੀ ਸਮੇਂ ਮੀਂਹ ਅਤੇ ਗੜੇਮਾਰੀ ਨਾਲ ਕੁਦਰਤ ਕਰੋਪ ਹੋ ਜਾਂਦੀ ਹੈ । ਇਸ ਲਈ ਕਿਹਾ ਵੀ ਜਾਂਦਾ ਹੈ ਕਿ " ਕਿੱਥੇ ਰੱਖ ਲਾ ਲੁਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ   " ਸਮੇਂ ਦੀ ਤਬਦੀਲੀ ਨਾਲ ਹਰੀ ਤੋਂ ਸੁਨਹਿਰੀ ਹੋਈ ਕਣਕ ਕਿਸਾਨ ਦੀ ਨਵੀਂ ਇਬਾਦਤ ਅਤੇ ਆਰਥਿਕਤਾ ਦਾ ਸੁਨਹਿਰੀ ਪੰਨਾ ਲਿਖਦੀ ਹੈ —
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਕਾਮਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
 ਜਿਵੇਂ ਰੁੱਤਾਂ ਦੀ ਰਾਣੀ ਬਸੰਤ ਹੈ , ਉਸੇ ਤਰ੍ਹਾਂ ਹੀ ਕਣਕ ਨੂੰ ਫਸਲਾਂ ਅਤੇ ਹਾੜ੍ਹੀ ਦੀ ਰਾਣੀ ਕਿਹਾ ਜਾ ਸਕਦਾ ਹੈ । ਉਂਝ ਤਾਂ ਸਾਰੀ ਪ੍ਰਕਿਰਤੀ ਹੀ ਪੁੰਗਰਦੀ ਹੈ ਪਰ ਕਣਕ ਜੋਬਨ ਹੰਢਾ ਕੇ ਸੁੱਕਦੀ ਹੈ —
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ  ਨੀ ਪਰੇਮੀਏਂ ! ਵਿਸਾਖੀ ਚੱਲੀਏ ।
 ਕਣਕ ਦਾ ਵਿਸਾਖੀ ਨਾਲ ਗੂੜ੍ਹਾ ਸਬੰਧ ਹੈ । ਪਹਿਲੇ ਸਮੇਂ ਵਿਸਾਖੀ ਤੱਕ ਕਣਕ ਕੱਟ ਕੇ ਮੇਲੇ ਨੂੰ ਜਾਂਦੇ ਸਨ । ਪਰ ਹੁਣ ਕਈ ਵਾਰੀ ਵਿਸਾਖੀ ਨੂੰ ਵਾਢੀ ਸ਼ੁਰੂ ਹੁੰਦੀ ਹੈ । ਬਦਲਦੇ ਸਮੇਂ ਦੇ ਮਿਜ਼ਾਜ਼  ਅਤੇ ਵਿਕਾਸ ਨੇ ਕਣਕ ਅਤੇ ਵਿਸਾਖੀ ਦਾ ਆਪਸੀ ਸਬੰਧਾਂ ਤੇ ਪ੍ਰਭਾਵ ਛੱਡਿਆ ਹੈ ।  ਕਣਕ ਵੇਚਦਾ ਜੱਟ ਉਂਝ ਨਵਾਬ ਲੱਗਦਾ ਹੈ । ਪਰ ਜਦੋਂ ਮੰਡੀਆਂ ਚ ਰੁਲਦਾ ਹੈ ਫਿਰ ਅਜੀਬ ਸਥਿਤੀ ਲੱਗਦੀ ਹੈ । ਇਸ ਵਾਰ ਕਿਸਾਨੀ ਅੰਦੋਲਨ ਨੇ ਕਣਕ ਦੀ ਫਸਲ ਨੂੰ ਨਵੀਂ ਰੂਹ ਦਿੱਤੀ ਹੈ । ਪੱਕੀ ਕਣਕ ਕਿਸਾਨ ਅੰਦੋਲਨ ਨੂੰ  ਮਘਾਉਣ ਦਾ ਜ਼ਰੀਆ ਵੀ ਬਣ ਰਹੀ ਹੈ । ਸਿਹਤ ਪੱਖ ਤੋਂ ਤਾਕਤਵਰ ਕਣਕ ਜਿਹਨਾਂ ਨੂੰ ਅਲਰਜੀ ਕਰਦੀ ਹੈ ਉਹ ਵੀ ਗੰਭੀਰ ਸਥਿਤੀ ਚ ਰਹਿੰਦੇ ਹਨ । ਹਰ ਪੱਖੋਂ ਕਣਕ ਦਾ ਜੋੜ ਕਿਸਾਨ ਨਾਲ ਸਿਰੇ ਤੱਕ ਨਿਭਦਾ ਹੈ ।ਹਰ ਸਾਲ ਰੁੱਤ ਬੇਈਮਾਨ ਨਾ ਹੋਵੇ ਕਣਕ ਸਹੀ ਸਲਾਮਤ ਘਰ ਪੁੱਜ ਜਾਵੇ ।

ਸੁਖਪਾਲ ਸਿੰਘ ਗਿੱਲ   
9878111445
ਅਬਿਆਣਾ ਕਲਾਂ