ਭਾਦੋਂ ' ਚ ਜੱਟ ਸਾਧ ਹੋ ਗਿਆ ਸੀ ? - ਸੁਖਪਾਲ ਸਿੰਘ ਗਿੱਲ
ਅਤੀਤ ਤੋ ਵਰਤਮਾਨ ਤੱਕ ਬਹੁਤ ਸਾਰੀਆਂ ਕਹਾਵਤਾਂ ਕਹਾਣੀਆਂ ਅਤੇ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ।ਜੇ ਹੁਣ ਦੀ ਤਰ੍ਹਾਂ ਰੂੜ੍ਹੀਵਾਦੀ ਵਿਚਾਰ ਪੱਲੇ ਬੰਨੀ ਰੱਖੇ ਤਾਂ ਇਹ ਭਵਿੱਖ ਵਿੱਚ ਵੀ ਰੂੜ੍ਹੀਵਾਦ ਦੇ ਪਰਛਾਂਵੇਂ ਦਿੰਦੀਆਂ ਰਹਿਣਗੀਆਂ। ਭਾਦੋਂ ਵਰਖਾ ਰੱੁਤ ਦਾ ਦੂਜਾ ਮਹੀਨਾ ਹੁੰਦਾ ਹੈ।ਪਹਿਲਾਂ ਮਹੀਨਾ ਸਾਉਣ ਹੁੰਦਾ ਹੈ।ਸਾਉਣ ਦੇ ਛਰਾਟਿਆਂ ਦਾ ਭਵਿੱਖੀ ਅਨੁਮਾਨ ਲੱਗ ਜਾਂਦਾ ਹੈ ਜਿਸ ਨਾਲ ਜਿਮੀਦਾਰ ਵਰਗ ਚੌਕਸ ਹੋ ਜਾਂਦਾ ਹੈ।ਸਾਉਣ ਮਹੀਨੇ ਫਸਲਾਂ ਪੱਖੋਂ ਕੁੱਝ ਜੱਟ ਮੋਕਲਾ ਜਿਹਾ ਹੋ ਜਾਂਦਾ ਹੈ।ਫਸਲ ਦੀ ਆਮਦ ਵੱਲ ਤਿਆਰੀ ਖਿੱਚੀ ਜਾਦੀ ਹੈ।ਸੱਭਿਆਚਾਰਕ ਪੱਖ ਤੋਂ ਤੀਆਂ ਦਾ ਤਿਉਹਾਰ ਮਨਾਉਣ ਤੋ ਬਾਅਦ ਕਿਹਾ ਜਾਂਦਾ ਹੈ “ਸਾਉਣ ਵੀਰ ਇੱਕਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ”।
ਆਮ ਕਹਾਵਤ ਹੈ ਕਿ ਭਾਦੋਂ ਵਿੱਚ ਜੱਟ ਸਾਧ ਹੋ ਗਿਆ ਸੀ।ਇਸ ਪੱਖ ਦੇ ਤਰਕ ਅਤੇ ਰੂੜ੍ਹੀਵਾਦ ਦੋ ਪਹਿਲੂ ਹਨ।ਰੂੜ੍ਹੀਵਾਦ ਪੱਖ ਤੋ ਸਿਆਣਿਆਂ ਤੋ ਕਹਾਵਤ ਸੁਣੀ ਗਈ ਹੈ ਕਿ ਭਾਦੋਂ ਦੀ ਸਵੇਰੇ ਜੱਟ ਖੇਤ ਗਿਆ।ਲਹਿੰਬਰੀਆਂ ਫਸਲਾਂ ਵਿੱਚ ਕੰਮ ਕਰਨਾ ਸੀ ਕਿ ਚਿੱਟੀ ਧੁੱਪ ਟਟਿਆਣੇ ਵਾਂਗ ਨੱਚਣ ਲੱਗ ਪਈ।ਗਰਮੀ ਅਤੇ ਚਿੱਪ-ਚਿੱਪ ਕਰਦਾ ਪਸੀਨਾ ਜੱਟ ਨੂੰ ਕੰਮ ਛੁਡਾ ਕੇ ਸਾਧ ਬਣਨ ਵੱਲ ਲੈ ਗਿਆ। “ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ” ਇਸ ਮਹੀਨੇ ਪੈਲਾਂ ਪਾਉਂਦੇ ਝੋਨੇ ਵਿੱਚੋਂ ਘਾਹ ਕੱਢਿਆ ਜਾਂਦਾ ਹੈ।ਕਮਾਦ ਦੀ ਫਸਲ ਦੇ ਮੁੱਢੇ ਬੰਨੇ ਜਾਂਦੇ ਹਨ। ਨਰਮਾ ਅਤੇ ਹਰਾ ਚਾਰਾ ਵੀ ਜੋਬਨ ਉੱਤੇ ਹੁੰਦਾ ਹੈ।ਤਰਕ ਦੇ ਆਧਾਰ ਤੇ ਦੇਖੀਏ ਭਾਦੋਂ ਦੀ ਨਿੱਚੜਦੀ ਗਰਮੀ ਵਿੱਚ ਇਹਨਾਂ ਫਸਲਾਂ ਦੀ ਦੇਖਭਾਲ ਕਰਨੀ ਕਿਸੇ ਤਪੱਸਿਆ ਤੋ ਘੱਟ ਨਹੀ ਹੈ।ਇਸ ਲਈ ਇਸ ਤਪੱਸਿਆਮਈ ਮਹੀਨੇ ਵਿੱਚ ਕੰਮ ਕਰਨ ਲਈ ਜੱਟ ਨੂੰ ਉਸਦੀ ਤਪੱਸਿਆ ਵਜੋਂ ਸਾਧ ਦਾ ਰੁਤਬਾ ਦਿੱਤਾ ਗਿਆ।ਜੱਟ ਦੀ ਤਪੱਸਿਆ ਦਾ ਸਿਖਰ ਇਸੇ ਮਹੀਨੇ ਹੁੰਦਾ ਹੈ।
ਭਾਦੋਂ ਮਹੀਨੇ ਦੀ ਕਹਾਵਤ ਹੈ “ ਭਾਦੋਂ ਦੇ ਛਰਾਟੇ, ਗੁੰਨੇ ਰਹਿ ਗਏ ਆਟੇ” ਸਾਉਣ ਤੋ ਉਲਟ ਇਸ ਮਹੀਨੇ ਇੱਕ ਦਮ ਛਰਾਟੇ ਪੈਣ ਦਾ ਕੋਈ ਅਨੁਮਾਨ ਨਹੀਂ ਹੁੰਦਾ।ਆਟੇ ਗੁੰਨੇ ਰਹਿ ਜਾਂਦੇ ਹਨ, ਖੇਤਾਂ ਵੱਲ ਭੱਜਣਾ ਪੈ ਜਾਂਦਾ ਹੈ।ਇਸ ਤੋ ਇਲਾਵਾ ਭਾਦੋਂ ਮਹੀਨਾ ਇਮਤਿਹਾਨ ਵੀ ਲੈਂਦਾ ਹੈ।ਸਾਧ ਦੀ ਤਪੱਸਿਆ ਦਾ ਕੋਈ ਨਤੀਜਾ ਨਹੀਂ ਦੇਖਦਾ।ਜੱਟ ਦੀ ਤਪੱਸਿਆ ਦਾ ਨਤੀਜਾ ਅੱਸੂ ਕੱਤਕ ਵਿੱਚ ਦਿਖ ਜਾਂਦਾ ਹੈ।ਦੇਸੀ ਮਹੀਨਿਆਂ ਵਿੱਚ ਇਸਦੀ ਮਹੱਤਤਾ ਮਨੁੱਖਤਾ ਅਤੇ ਫਸਲਾਂ ਲਈ ਆਪਣੀ ਹੀ ਪਹਿਚਾਣ ਹੈ।ਅੰਗਰੇਜ਼ੀ ਮਹੀਨਿਆਂ ਦੇ ਅੱਧ ਅਗਸਤ ਤੋਂ ਅੱਧ ਸਤੰਬਰ ਤੱਕ ਇਹ ਮਹੀਨਾ ਹੁੰਦਾ ਹੈ।ਇਸ ਮਹੀਨੇ ਵਿੱਚ ਫਸਲਾਂ ਦੀ ਸੰਭਾਲ ਬੱਚੇ ਨੂੰ ਸੰਭਾਲਣ ਬਰਾਬਰ ਦੀ ਹੁੰਦੀ ਹੈ।ਹਰ ਪੱਖੋਂ ਤਪੱਸਿਆ ਹੀ ਤਪੱਸਿਆ।ਹੁਣ ਮਸ਼ੀਨੀ ਯੁੱਗ ਨੇ ਭਾਦੋਂ ਵਿੱਚ ਜੱਟ ਦੇ ਸਾਧ ਬਣਨ ਦੀ ਕਥਾ ਨੂੰ ਅਤੀਤ ਦੇ ਪਰਛਾਂਵੇਂ ਬਣਾ ਦਿੱਤਾ ਹੈ।ਵਿਿਗਆਨਕ ਉੱਨਤੀ ਅਤੇ ਹਰੀਕ੍ਰਾਂਤੀ ਨੇ ਇਸ ਕਹਾਵਤ ਨੂੰ ਜੱਟ ਦੀ ਖੇਤਾਂ ਵਿੱਚ ਹੁੰਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾ ਦਿੱਤਾ ਹੈ।ਗੁਰੂ ਨਾਨਕ ਦਾ ਕਥਨ, “ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਸਹੀ ਰੂਪ ਵਿੱਚ ਪੇਸ਼ ਕੀਤਾ ਹੈ।
ਭਾਦੋਂ ਨਾਨਕਸ਼ਾਹੀ ਜੰਤਰੀ ਦਾ ਛੇਵਾਂ ਮਹੀਨਾ ਹੈ।ਅਗਸਤ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ।ਸਾਡੀ ਪਵਿੱਤਰ ਗੁਰਬਾਣੀ ਵਿੱਚ ਇਸ ਮਹੀਨੇ ਨੂੰ ਇਉਂ ਉਚਾਰਿਆ ਗਿਆ ਹੈ :-
“ਭਾਦੁਇ ਭਰਮਿ ਭੁਲਾਣੀਆ, ਦੂਜੇ ਲਗਾ ਹੇਤੁ॥
ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥
ਜਿਤੁ ਦਿਿਨ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥
ਪਕੜ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥
ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥
ਹਥ ਮਰੋੜੇ ਤਨੁ ਕਪੇ, ਸਿਆਹਹੁ ਹੋਆ ਸੇਤੁ॥
ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥
ਨਾਨਕ` ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭੁ ਦੇਤੁ॥
ਸੇ ਭਾਦੁਇ ਨਰਕਿ ਨ ਪਾਈਅਹਿ, ਗੁਰ ਰਖਣ ਵਾਲਾ ਹੇਤੁ॥”
ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖ ਤੋਂ ਇਸ ਮਹੀਨੇ ਨੂੰ ਪ੍ਰਵਾਨ ਕੀਤਾ ਗਿਆ ਹੈ।ਸਿਰੜ, ਸਿਦਕ, ਮਿਹਨਤ ਅਤੇ ਧਾਰਮਿਕਤਾ ਦਾ ਖਜ਼ਾਨਾ ਭਾਦੋਂ ਮਹੀਨਾ ਜੱਟ ਦੀ ਹਰ ਪੱਖੋਂ ਤਪੱਸਿਆ ਕਰਕੇ ਹੀ ਜੱਟ ਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾਉਂਦਾ ਹੈ।ਅੰਨ ਦਾਤੇ ਦਾ ਖਿਤਾਬ ਪਾਉਂਦਾ ਹੈ।ਸਹਿਣਸ਼ੀਲਤਾ ਵਾਲੀ ਤਪੱਸਿਆ ਹੀ ਜੱਟ ਨੂੰ ਭਾਦੋਂ ਮਹੀਨੇ ਸਾਧ ਦਾ ਰੁਤਬਾ ਦਿੰਦੀ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ,
98781-11445
ਧੀ ਨਾਲ ਹੀ ਸੋਂਹਦਾ ਸੱਭਿਆਚਾਰ - ਸੁਖਪਾਲ ਸਿੰਘ ਗਿੱਲ
ਧੀ ਸੱਭਿਆਚਾਰ ਦੀ ਇਕਾਈ ਹੈ ਇਸ ਤੋਂ ਬਿਨ੍ਹਾਂ ਸੱਭਿਆਚਾਰ ਬੇ-ਜਾਨ ਹੁੰਦਾ ਹੈ।ਜਿਵੇਂ ਸਿੱਕੇ ਦੀ ਕੀਮਤ ਦੋਵੇ ਪਾਸਿਆਂ ਨਾਲ ਹੁੰਦੀ ਹੈ।ਉਸੇ ਤਰ੍ਹਾਂ ਸੱਭਿਆਚਾਰ ਦੀ ਕੀਮਤ ਇਸਦੇ ਅੰਗਾਂ ਅਤੇ ਧੀਆਂ ਨਾਲ ਹੁੰਦੀ ਹੈ।ਸੱਭਿਆਚਾਰ ਦਾ ਅੰਗ ਚਰਖਾ, ਕਿੱਕਲੀ,ਖੂਹ,ਗੁੱਡੀਆਂ,ਪਟੋਲੇ,ਖੇਤ ਅਤੇ ਢੋਲ ਮਾਹੀ ਸਭ ਧੀ ਤੋਂ ਬਿਨ੍ਹਾਂ ਨਾ-ਹੋਇਆ ਲੱਗਦਾ ਹੈ।
ਬਾਬਲ ਦੇ ਵਿਹੜੇ ਦਾ ਸ਼ਿੰਗਾਰ ਧੀ ਜਦੋਂ ਸਹੁਰੇ ਘਰ ਵਿਦਾ ਹੁੰਦੀ ਹੈ ਤਾਂ ਸਭ ਕੁੱਝ ਪਲਟਿਆਂ ਜਾਂਦਾ ਹੈ।ਹੁਣ ਧੀ ਨੂੰ ਬਹੂ,ਨੂੰਹ ਅਤੇ ਭਰਜਾਈ ਆਦਿ ਵਿੱਚ ਬਦਲਣਾ ਅਤੇ ਗਵਾਚਣਾ ਪੈਂਦਾ ਹੈ।ਪੰਜਾਬੀਅਤ ਦਾ ਮਾਣਮੱਤਾ ਗਾਇਕ ਹਰਭਜਨ ਮਾਨ ਜਦੋਂ ਇਹ ਗਾਣਾ:-
“ ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹੋ ਦੁਆ”
ਗਾੳਂੁਦਾ ਹੈ ਤਾਂ ਸੱਭਿਆਚਾਰ ਸ਼ਿਖਰਾਂ ਛੂੰਹ ਰਿਹਾ ਹੁੰਦਾ ਹੈ।ਸੱਭਿਆਚਾਰ ਧੀ ਦੇ ਜਨਮ ਤੋਂ ਬੁਢਾਪੇ ਤੱਕ ਵੱਖ-ਵੱਖ ਪੜਾਵਾਂ ਵਿੱਚ ਗੂੰਜਦਾ ਹੈ।ਕਿੱਕਲੀ ਤੋਂ ਲੈ ਕੇ ਅਰਥੀ ਤੱਕ ਰਸਮ ਰਿਵਾਜ ਧੀ ਨਾਲ ਬੰਨੇ੍ਹ ਹੋਏ ਹਨ:-
“ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦਪੁੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ”
ਮੁਕਲਾਵੇ ਜਾਂਦੀ ਧੀ ਚੰਨ ਮਾਹੀ ਨੂੰ ਇਉਂ ਟਕੋਰਾ ਕਰਦੀ ਹੈ:-
“ ਮੈ ਤਾਂ ਕੁੜੀਆਂ ਦਾ ਦਿਲ ਪ੍ਰਚਾਵਾਂ ਰੋਂਦੀ ਨਾਂ ਤੂੰ ਜਾਣੀ ਸੋਹਣਿਆਂ”
ਸੱਸ ਨਾਲ ਸਹੁਰੇ ਘਰ 36 ਦਾ ਅੰਕੜਾ ਇਉਂ ਉਜਾਗਰ ਕਰਦੀ ਹੈ:-
“ ਸੁਥਣੇ ਸੱਤ ਰੰਗੀਏ ਤੈਨੂੰ ਸੱਸ ਮਰੀ ਤੇ ਪਾਵਾਂ”
ਸਮੇਂ ਦੇ ਬਦਲੇ ਵੇੇਗ ਨੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ।ਸਮੇਂ ਦਾ ਹਾਣੀ ਬਣਨ ਵਿੱਚ ਪਿੱਛੇ ਰਹਿ ਗਿਆ ਹੈ।ਧੀ ਦਾ ਸੱਭਿਆਚਾਰ ਗ੍ਰਸ ਗਿਆ ਹੈ।ਹਿੰਸਾ ਬਲਾਤਕਾਰ,ਦਰਿੰਦਗੀ ਅਤੇ ਕੁੱਝ ਧੀਆਂ ਦੇ ਬਾਬਲ ਦੀ ਪੱਗ ਨੂੰ ਦਾਗ ਲਾਉਣ ਦੇ ਕੰਮਾਂ ਨੇ ਧੀ ਪ੍ਰਤੀ ਸਮਾਜ ਦਾ ਨਜ਼ਰੀਆਂ ਬਦਲਿਆ ਹੈ।ਪਿੰਡਾਂ ਦੀ ਭਾਸ਼ਾ ਵਿੱਚ
“ਧੀ ਤੋਂ ਨਾਂ ਡਰੋਂ ਧੀ ਦੇ ਕਰਮਾਂ ਤੋਂ ਡਰੋ”
ਲਾਗੂ ਹੋ ਚੁੱਕਾ ਹੈ।ਇਹਨਾਂ ਕਾਰਨਾਂ ਕਰਕੇ ਧੀ ਪ੍ਰਤੀ ਸੱਭਿਆਚਾਰ ਦਾ ਮੇਲ ਘਸਮੈਲਾ ਹੋ ਚੁੱਕਾ ਹੈ।ਪੰਜਾਬ ਦੇ ਰਸਮ ਰਿਵਾਜ ਅਤੇ ਸੱਭਿਆਚਾਰ ਵਿੱਚ ਹਰਭਜਨ ਮਾਨ ਅਤੇ ਗੁਰਦਾਸ ਮਾਨ ਵਰਗੇ ਕਲਾਂਕਾਰਾਂ ਨੇ ਧੀ ਦੇ ਸੱਭਿਆਚਾਰ ਨਾਲ ਮੇਲ ਦੀ ਗਵਾਹੀ ਕਾਇਮ ਰੱਖੀ ਹੋਈ ਹੈ।ਹਕੀਕਤ ਵਿੱਚ ਹਲਾਤ ਵੱਖਰੇ ਚੱਲ ਰਹੇ ਹਨ।ਮੁੱਕਦੀ ਗੱਲ ਧੀ ਬਿਨਾਂ ਸੱਭਿਆਚਾਰ ਅਧੂਰਾ ਲੱਗਦਾ ਹੈ ਅਤੇ ਸੱਭਿਆਚਾਰ ਬਿਨਾਂ ਮਾਣਮੱਤੀਆਂ ਧੀਆਂ ਵੀ ਮਹਿਕ ਨਹੀਂ ਬਖੇਰ ਸਕਦੀਆਂ।
ਸੁਖਪਾਲ ਸਿੰਘ ਗਿੱਲ
ਫੋਨ:-98781-11445
ਵਿਰਾਸਤੀ ਵਿਰਸੇ ਦਾ ਮੋਤੀ — ਗੁੜ - ਸੁਖਪਾਲ ਸਿੰਘ ਗਿੱਲ
ਗੁੜ ਬਾਰੇ ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ ਫਰਿਆਦ ਕੀਤੀ ਕਿ ਲੋਕ ਮੈਨੂੰ ਖਾਂਦੇ ਹਨ । ਅੱਗੋਂ ਰੱਬ ਨੇ ਜਵਾਬ ਦਿੱਤਾ ਪਰੇ ਹਟ ਜਾ ਮੇਰਾ ਵੀ ਜੀਅ ਕਰ ਗਿਆ ਹੈ ਕਿ ਤੈਨੂੰ ਖਾ ਲਵਾਂ । ਪੁਰਾਤਨ ਸਮੇਂ ਤੋਂ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਅਤੇ ਸ਼ਿੰਗਾਰ ਰਿਹਾ ਹੈ । ਵਿੱਚ ਵਿਚਾਲੇ ਖੁਰਾਸਾਨੀ ਦੁਲੱਤੇ ਮਾਰ ਕੇ ਚੀਨੀ ਵੱਲ ਨੂੰ ਹੋ ਗਏ ਸਾਂ ।ਇਸ ਦੇ ਦੁਰਪ੍ਰਭਾਵ ਇੰਨੇ ਵੱਧ ਗਏ ਹਨ ਕਿ ਕਾਬੂ ਤੋਂ ਬਾਹਰ ਹੋ ਗਏ ਹਨ । ਹੁਣ ਗੁੜ ਦੀ ਯਾਦ ਦੁਬਾਰੇ ਆ ਗਈ ਹੈ । ਹੈਰਾਨੀ ਹੁੰਦੀ ਹੈ ਜੋ ਸਾਡੇ ਘਰਾਂ ਦੀ ਖੁਸ਼ਬੂ ਸੀ ਉਸਦੀ ਚਾਹ ਦਾ ਕੱਪ ਪੰਜਾਹ ਰੁਪਏ ਵਿੱਚ ਮਿਲਦਾ ਹੈ । ਖੁਸ਼ੀ ਵੀ ਹੁੰਦੀ ਹੈ ਕਿ ਗੁੜ ਦਾ ਰੇਟ ਅੱਜ ਚੀਨੀ ਤੋਂ ਵੱਧ ਹੈ ।ਸ਼ੱਕਰ ਤਾਂ ਲੱਭਿਆ ਵੀ ਨਹੀਂ ਮਿਲਦੀ । ਕਿੱਥੇ ਸ਼ੱਕਰ ਦਾ ਸ਼ਰਬਤ ਅੱਜ ਤੇ ਸ਼ਰਬਤਾਂ ਨੂੰ ਫਿੱਕਾ ਅਤੇ ਝੂਠਾ ਕਰਦਾ ਸੀ । ਜੇ ਖੇਤੀ ਦੇ ਸਹਾਇਕ ਧੰੰਦੇ ਦਾ ਇੱਕ ਕਿੱਤਾ ਗੁੜ ਬਣਾਉਣਾ ਰਹਿੰਦਾ ਤਾਂ ਕਈ ਝੰਜਟਾਂ ਦਾ ਨਿਬੇੜਾ ਹੋ ਜਾਣਾ ਸੀ । ਗਰਮ ਗੁੜ ਵਿਰਸੇ ਦੀ ਸੁਗਾਤ ਨੂੰ ਅੱਜ ਤਰਸਣਾ ਪੈਂਦਾ ਹੈ । ਰੂੜੀ ਤੋਂ ਤਿਆਰ ਹੋਇਆ ਗੰਨਾ ਗੁੜ ਪੈਦਾ ਕਰਕੇ ਗੁਣਵੱਤਾ ਭਰਪੂਰ ਹੁੰਦਾ ਸੀ । ਸਭ ਤੋਂ ਵੱਡੀ ਗੱਲ ਹੈ ਕਿ ਗੁੜ ਬਣਾਉਣ ਸਮੇਂ ਭਾਈਚਾਰਕ ਏਕਤਾ ਦਾ ਸਬੂਤ ਵੀ ਮਿਲਦਾ ਸੀ । ਗੁੜ ਬਣਾਉਣ ਵਾਲੀ ਘੁਲਾੜੀ ਤੇ ਰੌਣਕ ਲੱਗੀ ਰਹਿੰਦੀ ਸੀ । ਜੋ ਅੱਜ ਗਾਇਬ ਹੈ ।
ਪਿੰਡਾਂ ਦੇ ਲੋਕਾਂ ਨੂੰ ਜਦੋਂ ਫਰਜ਼ੀ ਤਿਆਰ ਹੋ ਰਹੇ ਗੁੜ ਖਰੀਦ ਦੇ ਦੇਖਿਆ ਜਾਂਦਾ ਹੈ ਤਾਂ ਅਜੀਬ ਲੱਗਦਾ ਹੈ । ਜਿਹਨਾਂ ਨੇ ਘਰਾਂ ਚ ਗੁੜ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੁੰਦਾ ਹੈ । ਉਹਨਾਂ ਲਈ ਤਾਂ ਹੋਰ ਵੀ ਅਜੀਬ ਲੱਗਦਾ ਹੈ । ਗੰਨੇ ਤੋਂ ਚੀਨੀ ਬਣਾਉਣ ਨੂੰ ਪ੍ਰਫੁਲਿੱਤ ਕਰਨ ਲਈ ਉੱਦਮ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਹਨ । ਖੰਡ ਮਿੱਲਾਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਭੁਗਤਾਨ ਸੰਬੰਧੀ ਦਿੱਕਤਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਹੈ । ਅੱਜ ਸਮਾਂ ਮੰਗ ਕਰਦਾ ਹੈ ਕਿ ਗੁੜ ਨੂੰ ਖੇਤੀ ਦੇ ਪ੍ਰਮੁੱਖ ਸਹਾਇਕ ਧੰਦੇ ਵਜੋਂ ਉਤਸ਼ਾਹਿਤ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ । ਸਿਰਫ ਮਿਹਨਤ ਦੀ ਲੋੜ ਹੈ । ਸਾਡਾ ਖੁਸਿਆ ਮਿਹਨਤੀ ਸੁਭਾਅ ਇਸ ਵਿੱਚ ਰੁਕਾਵਟ ਹੈ । ਆਖਰ ਇਸ ਵੱਲ ਮੁੜਨਾ ਪਵੇਗਾ । ਗੁੜ ਜਿੱਥੇ ਆਯੂਰਵੈਦਿਕ ਦਵਾਈ ਹੈ । ਉੱਥੇ ਪਰਚੂਨ ਵਿੱਚ ਵਿਕਦਾ ਹੈ । ਜੇ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਦੇਖੀਏ ਤਾਂ ਉਹ ਪੰਜਾਬ ਵਿੱਚ ਆ ਕੇ ਇਹ ਕਿੱੱਤਾ ਅਪਣਾ ਕੇ ਖੁਸ਼ਹਾਲ ਹੋ ਰਹੇ ਹਨ । ਸਾਡਾ ਤਾਂ ਇਹ ਵਿਰਾਸਤੀ ਕਿੱਤਾ ਹੈ ।
ਬੀਤ ਦੇ ਇਲਾਕੇ ਦਾ ਗੁੜ ਮਸ਼ਹੂਰ ਹੈ । ਗੰਨਾ ਸਾਰੇ ਪੰਜਾਬ ਵਿੱਚ ਹੁੰਦਾ ਹੈ । ਚੀਨੀ ਨਾਲ ਸਿਹਤ ਲਈ ਖਿਲਵਾੜ ਹੋ ਕੇ ਮਨੁੱਖਤਾ ਲਈ ਵੰਗਾਰ ਨੇ ਗੁੜ ਦੀ ਯਾਦ ਦਿਵਾਈ ਹੈ । ਉਂਝ ਗੁੜ ਨਾਲ ਖਿਲਵਾੜ ਉਦੋਂ ਹੀ ਸ਼ੁਰੂ ਹੋ ਗਿਆ ਸੀ । ਜਦੋਂ ਮੈਲ ਉਤਾਰਨ ਲਈ ਰਸਾਇਣਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ । ਜੈਵਿਕ ਤਰੀਕੇ ਦੇ ਗੁੜ ਨਾਲ ਲੋਕ ਸਿਹਤ ਪੱਖੋਂ ਬਲਵਾਨ ਰਹਿੰਦੇ ਹਨ । ਅੱਜ ਕਿਸਾਨ ਆਪਣਾ ਗੁੜ ਤਿਆਰ ਕਰਕੇ ਖੁਦ ਵੇਚਣ ਤਾਂ ਕੋਈ ਮਿਹਣਾ ਨਹੀਂ । ਇਸ ਕਿੱਤੇ ਨਾਲ ਸ਼ਰਮ ਪਰੇ ਕਰਕੇ ਰੱਖ ਦੇਣੀ ਚਾਹੀਦੀ ਹੈ । ਥੋੜ੍ਹੇ ਸਮੇਂ ਵਿੱਚ ਹੀ ਜੈਵਿਕ ਗੁੜ ਅਤੇ ਖੁਦ ਮੰਡੀਕਰਨ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਣਗੇ । ਕੜਾਹੇ ਅਤੇ ਵੇਲਣੇ ਵਿੱਚੋਂ ਨਿਕਲ ਕੇ ਗੁੜ ਆਇਰਨ ਦੀ ਲੋੜ ਵੀ ਪੂਰੀ ਕਰਦਾ ਹੈ । ਗੁੜ ਦੀ ਗੱਚਕ ਅਤੇ ਟਿੱਕੀ ਬਣਾਕੇ ਕੀਮਤ ਹੋਰ ਵੀ ਵੱਧ ਮਿਲਦੀ ਹੈ । ਇਹ ਸਾਡਾ ਗੁਣ ਹੋਰਾਂ ਨੇ ਕਬੂਲ ਕਰਕੇ ਸਾਨੂੰ ਹਾਸ਼ੀਏ ਵੱਲ ਧੱਕਿਆ ਹੈ । ਆਪਣੇ ਗੰਨੇ ਦਾ ਰਸ ਵੇਚਣ ਵਾਲੇ 5 ਹਜ਼ਾਰ ਰੁਪਈਆ ਰੋਜ਼ ਦਾ ਕਮਾ ਲੈਂਦੇ ਹਨ । ਇਸ ਲਈ ਗੁੜ ਦਾ ਧੰਦਾ ਆਤਮ ਨਿਰਭਰਤਾ ਦਾ ਸਬੂਤ ਦੇਵੇਗਾ । ਜਿਸ ਨਾਲ ਕਿਸਾਨ ਦੀ ਜੇਬ ਹਰੀ ਰਹੇਗੀ । ਨਿੱਤ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ।
ਉਂਝ ਵੀ ਸਾਡੇ ਬਾਬੇ ਨਾਨਕ ਨੇ ਕਰਤਾਰਪੁਰ ਵਿੱਚ ਕਿਰਤ ਦੀ ਬੀਜ ਬੋਅ ਕੇ ਸਾਨੂੰ ਮਿਹਨਤ ਦਾ ਸਬਕ ਦਿੱਤਾ ਸੀ । ਅਸੀਂ ਇਹ ਵੀ ਭੁਲਾ ਦਿੱਤਾ ਹੈ । " ਕਿਰਸਾਣੀ ਕਿਰਸਾਣੁ ਕਰੇ " ਜਨਮ ਸਮੇਂ ਗੁੜ ਆਦਿ ਵਸਤਾਂ ਦੀ ਬਣੀ ਘੁੱਟੀ ਬੱਚੇ ਨੂੰ ਦੇ ਕੇ ਗੁੜ੍ਹਤੀ ਦਿੱਤੀ ਜਾਂਦੀ ਸੀ । ਦਿਲ ਵਿੱਚ ਛੁਰੀ ਮੂੰਹ ਵਿੱਚ ਗੁੜ ਦੀ ਕਹਾਵਤ ਵੀ ਭਾਰੂ ਰਹੀ ਜੋ ਅੱਜ ਵੀ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ । ਵਿਆਹ ਸ਼ਾਦੀ ਸਮੇਂ ਗੁੜ ਦੀ ਭਾਜੀ ਦਿੱਤੀ ਜਾਂਦੀ ਸੀ । ਜੋ ਅੱਜ ਦੇ ਦੇਸੀ ਟੱਟੂਆਂ ਨੇ ਮਿਠਾਈ ਨੂੰ ਇਸਦੀ ਥਾਂ ਦੇ ਦਿੱਤੀ ਹੈ । ਹੇੈਰਾਨੀ ਇਹ ਵੀ ਹੈ ਕਿ ਮਿਠਾਈ ਖਾਣ ਨੂੰ ਅੱਜ ਕੋਈ ਤਿਆਰ ਨਹੀਂ ਹੈ । ਪਰ ਗੁੜ ਫਿਰ ਵੀ ਨਹੀਂ ਦਿੱਤਾ ਜਾਂਦਾ ਹੈ । ਗੁੜ ਦੇ ਰੰਗ ਨੂੰ ਰਸਾਇਣ ਪਾ ਕੇ ਚਿੱਟਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਗੁੜ ਆਪਣਾ ਦੇਸੀ ਗੁਣ ਖਤਮ ਕਰ ਦਿੰਦਾ ਹੈ । ਗੰਨੇ ਦੀ ਫਸਲ ਮੋਂਢੀ ਰੱਖ ਕੇ ਦੁਵਾਰੇ ਵੀ ਹੋ ਜਾਂਦੀ ਹੈ । ਜੋ ਹੋਰ ਫਸਲਾਂ ਵਿੱਚ ਨਹੀਂ ਹੁੰਦਾ । ਜੱਟ ਗੰਨਾਂ ਨਹੀਂ ਦਿੰਦਾ ਸੀ ਗੁੜ ਦੀ ਭੇਲੀ ਦੇ ਦਿੰਦਾ ਸੀ । ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਹੈ । ਆਓ ਇਸ ਵੱਲ ਤੁਰੰਤ ਮੁੜੀਏ ।
ਸੁਖਪਾਲ ਸਿੰਘ ਗਿੱਲ
9878111445
ਦੁਬਾਰੇ ਸੋਧ ਕੇ ਭੇਜਿਆ
ਅਬਿਆਣਾ ਕਲਾਂ
ਸਿੱਖਿਆ ਧੀ ਦਾ ਸਦਾਬਹਾਰ ਗਹਿਣਾ - ਸੁਖਪਾਲ ਸਿੰਘ ਗਿੱਲ
ਸੱਭਿਆਚਾਰ , ਸਮਾਜਿਕ ਅਤੇ ਜੀਵਨ ਜਾਂਚ ਲਈ ਸਿੱਖਿਆ ਮਾਨਵ ਜਾਤੀ ਲਈ ਬੁਨਿਆਦ ਹੈ । ਪਰ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਸਿੱਖਿਆ ਧੀ ਦਾ ਸਦਾਬਹਾਰ ਗਹਿਣਾ ਹੈ । ਸਿੱਖਿਆ ਦਾ ਅਸਲੀ ਅਰਥ ਅਜਿਹੀ ਸਿੱਖਿਆ ਦੇਣਾ ਹੈ , ਜਿਸ ਨਾਲ ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਦੇਣਾ ਹੈ । ਇਸ ਨਾਲ ਹੀ ਸਖਸ਼ੀਅਤ ਨਿਖਾਰੀ ਜਾਂਦੀ ਹੈ । ਕਿਹਾ ਵੀ ਜਾਂਦਾ ਹੈ ਕਿ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੈ । ਆਦਮੀ ਦੀ ਕੀਮਤ ਵੀ ਉਸਦੇ ਚੱਜ ਆਚਾਰ ਲਈ ਪੈਂਦੀ ਹੈ । ਸਾਡੇ ਸਮਾਜ ਵਿੱਚ ਧੀ ਨੂੰ ਸਿੱਖਿਆ ਦੇਣ ਲਈ ਸਾਰੇ ਪਰਿਵਾਰ ਦਾ ਧਿਆਨ ਕੇਂਦਰਿਤ ਹੁੰਦਾ ਹੈ । ਉਂਝ ਸੰਯੁਕਤ ਪਰਿਵਾਰ ਵਿੱਚ ਧੀ ਦੀ ਨੈਤਿਕ ਸਿੱਖਿਆ ਹਮੇਸ਼ਾ ਉੱਚੀ ਰਹਿੰਦੀ ਸੀ । ਮਾਪਿਆਂ ਨੇ ਜੰਮਦੀ ਸਾਰ ਪਹਿਲੀ ਕਿਲਕਾਰੀ ਨਾਲ ਹੀ ਧੀ ਦੀ ਨੈਤਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਅੱਜ ਬਦਲੇ ਜ਼ਮਾਨੇ ਨੇ ਇਸ ਸਿੱਖਿਆ ਦਾ ਰੁਖ ਬਦਲਿਆ ਹੈ।
ਸਿੱਖਿਆ ਸੱਭਿਅਤ ਸਮਾਜ ਦੀ ਬੁਨਿਆਦ ਹੈ । ਇਸ ਨਾਲ ਜੀਵਨ ਜਾਂਚ ਪਤਾ ਚੱਲਦੀ ਹੈ । ਸਿੱਖਿਆ , ਸਮਾਜਿਕ, ਕਿਤਾਬੀ ਅਤੇ ਅਨੁਭਵੀ ਹੁੰਦੀ ਹੈ ।ਧੀ ਨੂੰ ਸਭ ਤੋਂ ਪਹਿਲਾ ਨੈਤਿਕ ਸਿੱਖਿਆ ਫਿਰ ਕਿਤਾਬੀ ਸਿੱਖਿਆ ਦੀ ਲੋੜ ਹੁੰਦੀ । ਸਿਆਣੇ ਕਹਿ ਵੀ ਦਿੰਦੇ ਸਨ ਪੜ੍ਹਨ ਨਾਲੋਂ ਕੜ੍ਹਨਾਂ ਵੀ ਬਹੁਤ ਜ਼ਰੂਰੀ ਹੈ । ਜੋ ਅਸੀਂ ਕਿਤਾਬਾਂ ਵਿੱਚ ਸਿੱਖਦੇ ਹਾਂ , ਉਸ ਨਾਲ ਸਮਾਜੀਕਰਨ ਘਰਾਂ ਵਿੱਚ ਨਾਲੋਂ ਨਾਲ ਹੋਣ ਲੱਗੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ ਹੈ । ਜੋ ਪੜ੍ਹੇ ਲਿਖੇ ਨੈਤਿਕ ਪੱਖ ਤੋਂ ਪੂਰੇ ਹੁੰਦੇ ਹਨ । ਉਹਨਾਂ ਦੀ ਜੀਵਨਸ਼ੈਲੀ ਵੀ ਪੂਰੀ ਹੁੰਦੀ ਹੈ । ਧੀ ਦਾ ਸਮਾਜੀਕਰਨ ਅਤੇ ਸਿੱਖਿਆ ਨਾਲ ਸਰਬ ਪੱਖੀ ਹੋ ਜਾਂਦਾ ਹੈ । ਜਿਸ ਨਾਲ 2 ਘਰ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਹੋ ਜਾਂਦਾ ਹੈ । ਸਕੂਲੀ ਸਿੱਖਿਆ ਵਿੱਚ ਵੀ ਧੀ ਦੀ ਸਿੱਖਿਆ ਦਾ ਸਮਾਜਿਕ ਨੈਤਿਕ ਪੱਖ ਕਵਰ ਕਰਨ ਲਈ ਅਧਿਆਏ ਹੋਣਾ ਚਾਹੀਦਾ ਹੈ । ਇਸਦੇ ਮੁਕਾਬਲੇ ਵੀ ਹੋਣੇ ਚਾਹੀਦੇ ਹਨ । ਸਾਡੀਆਂ ਧੀਆਂ ਸਾਡਾ ਮਾਣ ਹੁੰਦੀਆਂ ਹਨ ।
ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿਆਹ ਸਮੇਂ ਅਨੰਦ^ਕਾਰਜ ਦੀ ਦਾਤ ਬਖਸ਼ੀ ਇਸ ਲਈ ਸਾਡੇ ਵਿਆਹ ਸਮਝੋਤੇ ਨਹੀਂ ਬਲਕਿ ਅਨੰਦ ਹੁੰਦੇ ਹਨ । ਚਾਰ ਲਾਵਾਂ ਦੇ ਪਾਠ ਵਿੱਚ ਹਰ ਤਰਾਂ੍ਹ ਦੀ ਸਿੱਖਿਆ ਮਿਲ ਜਾਂਦੀ ਹੈ । ਧੀ ਕਹਿੰਦੀ ਹੈ ਕਿ ਮੈਂ ਸਾਰੇ ਝੂਠੇ ਸਾਕ ਖਤਮ ਕਰਕੇ ਪਤੀ ਪਰਮੇਸ਼ਰ ਦੇ ਲੜ ਲੱਗੀ ਹਾਂ । ੌ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ , ਹਭ ਕਿਝੁ ਤਿਆਗੀ , ਹਭੈ ਸਾਕ ਕੂੜਾਵੇ ਡਿਠੇ ਤਓੁ ਪਲੈ ਤੈਡੈ ਲਾਗੀ ੌ ਪਤੀ ^ ਪਤਨੀ ਨੂੰ ਇਹ ਵੀ ਸੰਦੇਸ਼ ਹੈ ਕਿ ੌ ਨਿਵਣੁ ਸੁ ਅਖਰੁ , ਖਵਣ ਗੁਣੁ ਜਿਹਬਾ ਮਣੀਆ ਮੰਤੁ ੌ ਮਾਂ ^ ਪਿਉ ਨੂੰ ਪਤਾ ਹੁੰਦਾ ਹੈ ਕਿ ਧੀ ਨੇ ਜ਼ਿਆਦਾ ਸਮਾਂ ਸਹੁਰੇ ਘਰ ਰਹਿਣਾ ਹੈ । ਦੋਵਾਂ ਘਰਾਂ ਵਿੱਚ ਸਾਰਥਿਕ ਰੋਲ ਵੀ ਨਿਭਾਉਣਾ ਹੈ । ਇਸ ਲਈ ਧੀ ਦੀ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਗੁਰਬਾਣੀ ਹੁਕਮ ਕਰਦੀ ਹੈ । ਕਿ ਜੀਵ ਇਸਤਰੀ ਤਾਂ ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨ ਨਾਲ ਅਗਲੇ ਘਰ ਵੀ ਸੁਖੀ ਰਹਿੰਦੀ ਹੈ । ਅਜਿਹੀ ਧੀ ਦਾ ਆਚਾਰਨ ਹਮੇਸ਼ਾ ਉੱਚਾ ਰਹਿੰਦਾ ਹੈ । ਸਹੁਰੇ ਘਰ ਮਾਣ ਪਾਉਂਦੀ ਹੈ ।
ਪਹਿਲੀ ਲੋਰੀ ਤੋਂ ਸ਼ੁਰੂ ਹੋਈ ਸਿੱਖਿਆ ਪਰਿਵਾਰਿਕ ਹਾਲਾਤਾਂ ਤੇ ਵੀ ਨਿਰਭਰ ਕਰਦੀ ਹੈ । ਜੇ ਧੀ ਦੇ ਮਾਂ ਬਾਪ ਦੀ ਆਪਸ ਵਿੱਚ ਅਣ ^ ਬਣ ਰਹੇ ਤਾਂ ਅਸਰ ਧੀ ਤੇ ਵੀ ਪੈਂਦਾ ਹੈ ।ਧੀ ਰੂਪੀ ਸੋਨੇ ਨੂੰ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਸਿੱਖਿਆ ਪੱਖੋਂ ਅਧੂਰੀ ਰਹੇ । ਨੈਤਿਕ ਸਿੱਖਿਆ ਲਈ ਪਰਿਵਾਰ ਵਿੱਚ ਧੀ ਨੂੰ ਸਾਰਥਿਕ ਮਾਹੋਲ ਮਿਲਣਾ ਜ਼ਰੂਰੀ ਹੈ । ਆਖਰ ਜਦੋਂ ਅਨੰਦ ਕਾਰਜ ਹੁੰਦੇ ਹਨ ਤਾਂ ਸਹੇਲੀਆਂ ਵੀ ਸਿੱਖਿਆ ਪੜ੍ਹਦੀਆਂ ਸਨ । ਇਹ ਸਿੱਖਿਆ ਉਸ ਅਨੰਦ ^ ਕਾਰਜ ਤੋਂ ਬਾਅਦ ਸ਼ੁਰੂ ਕਰਦੀਆਂ ਸਨ । ਇਹ ਸਿੱਖਿਆ ਬਚਪਨ ਤੋਂ ਅਨੰਦ^ਕਾਰਜ ਤੱਕ ਦੀ ਸਿੱਖਿਆ ਦਾ ਨਿਚੋੜ ਹੁੰਦਾ ਸੀ । ਇਸ ਵਿੱਚ ਸਮਾਜ ਦੇ ਅਨੁਭਵ ਛੁਪੇ ਹੁੰਦੇ ਸਨ । ਸਿੱਖਿਆ ਰਾਹੀਂ ਆਪਣੀ ਸਹੇਲੀ ਅਤੇ ਹੋਣ ਵਾਲੇ ਪਤੀ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆ ਸਨ । ਵਿਆਂਦੜ ਕੁੜੀ ਦੇ ਸਹੁਰੇ ਪਰਿਵਾਰ ਨੂੰ ਵੀ ਇਹ ਸਿੱਖਿਆ ਸੇਧਿਤ ਹੁੰਦੀ ਸੀ । ਇਹ ਸਿੱਖਿਆ ਸ਼ੀਸ਼ੇ ਚ ਜੜਾ ਕੇ ਰੱਖੀ ਜਾਂਦੀ ਸੀ ਜੋ ਅੱਜ ਵੀ ਬਹੁਤੇ ਘਰਾਂ ਦਾ ਸ਼ਿੰਗਾਰ ਹੈ । ਅਜਿਹੀ ਸਿੱਖਿਆ ਪੜ੍ਹਨੀ ਹਕੀਕਤ ਵਿੱਚ ਤਾਂ ਮਿੱਟਣ ਕਿਨਾਰੇ ਹੈ । ਪਰ ਇਸਦੇ ਮਿੱਟਦੇ ਜਾ ਰਹੇ ਰੂਝਾਨ ਨਾਲ ਸ਼ਾਨਾਮਤੀ ਵਿਰਸਾ , ਰਸਮਾਂ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਜਿਸ ਨਾਲ ਧੀਆਂ ਭੈਣਾਂ ਦੇ ਚਾਅ ਮਲਾਰ ਮਧੋਲੇ ਗਏ ਹਨ । ਕਿਹਾ ਵੀ ਗਿਆ ਹੈ ਕਿ ਧੀ ਤੋਂ ਬਿਨਾਂ ਤਾਂ ਸੱਭਿਆਚਾਰ ਹੀ ਬੇਜ਼ਾਨ ਹੁੰਦਾ ਹੈ ।ਇਸ ਮਾਣ ਮੱਤੇ ਰਿਵਾਜ਼ ਨੂੰ ਲੋਕਾਂ ਦੀ ਦੋੜ ਨੇ ਖਤਮ ਕਰ ਦਿੱਤਾ ਹੈ । ਮੁੜ ਸੁਰਜੀਤ ਹੋ ਜਾਵੇ ਭਾਵੇਂ ਜੰਝ ਤੋਰਨ ਦੇ ਸਮੇਂ ਇਹ ਸਿੱਖਿਆ ਪੜ੍ਹ ਦਿੱਤੀ ਜਾਵੇ । ਆਓ ਧੀਓ ਸਹੁਰੇ ਘਰ ਨੈਤਿਕ ਵਿਵਹਾਰ ਉੱਚਾ ਰੱਖ ਕੇ ਗੁਰਬਾਣੀ ਦੀ ਸੇਧ ਅਨੁਸਾਰ ਜੀਵਨ ਬਸਰ ਕਰੀਏ ।
ਸੁਖਪਾਲ ਸਿੰਘ ਗਿੱਲ
9878111445 ਅਬਿਆਣਾ ਕਲਾਂ
ਪੱਕ ਪਈਆਂ ਕਣਕਾਂ ਲੁਕਾਠ ਰੱਸਿਆ - ਸੁਖਪਾਲ ਸਿੰਘ ਗਿੱਲ
ਫਸਲਾਂ ਦੀ ਰਾਣੀ ਅਤੇ ਹਾੜ੍ਹੀ ਦਾ ਸ਼ਿੰਗਾਰ ਕਣਕ ਪੱਕਣ ਵੱਲ ਪੁੱਜ ਚੁੱਕੀ ਹੈ । ਸਮੇਂ ਦੀ ਤਬਦੀਲੀ ਨਾਲ ਕਣਕ ਦਾ ਵਿਕਾਸ ਵੀ ਹਰ ਪੱਖੋਂ ਹੋਇਆ । ਹਰੀ ਕ੍ਰਾਂਤੀ ਤੋਂ ਬਾਅਦ ਕਣਕ ਦਾ ਸੁਨਹਿਰੀ ਯੁੱਗ ਸ਼ੁਰੂ ਹੋਇਆ ਸੀ । ਹੁਣ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਕੇਂਦਰੀ ਪੂਲ ਵਿੱਚ ਕਣਕ ਵੱਧ ਭੇਜਦਾ ਹੈ । ਇਸਦਾ ਅੰਦਾਜ਼ਾ ਪੰਜਾਬ ਦੀਆਂ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰਾਂ ਤੋਂ ਵੀ ਲੱਗਦਾ ਹੈ । ਇਹਨੀ ਦਿਨੀ ਕਣਕਾਂ ਜਦੋਂ ਮੰਡੀਆਂ ਵਿੱਚ ਜਾਂਦੀਆ ਹਨ ਤਾਂ ਜੱਟ ਬੋਹਲ ਉੱਤੇ ਪਿਆ ਕਿਸੇ ਫਿਲਮੀ ਅੰਦਾਜ਼ ਤੋ ਘੱਟ ਨਹੀਂ ਲੱਗਦਾ । ਕਈ ਵਾਰ ਕਣਕ ਦੀ ਵਾਢੀ ਸਮੇਂ ਮੀਂਹ ਅਤੇ ਗੜੇਮਾਰੀ ਨਾਲ ਕੁਦਰਤ ਕਰੋਪ ਹੋ ਜਾਂਦੀ ਹੈ । ਇਸ ਲਈ ਕਿਹਾ ਵੀ ਜਾਂਦਾ ਹੈ ਕਿ " ਕਿੱਥੇ ਰੱਖ ਲਾ ਲੁਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ " ਸਮੇਂ ਦੀ ਤਬਦੀਲੀ ਨਾਲ ਹਰੀ ਤੋਂ ਸੁਨਹਿਰੀ ਹੋਈ ਕਣਕ ਕਿਸਾਨ ਦੀ ਨਵੀਂ ਇਬਾਦਤ ਅਤੇ ਆਰਥਿਕਤਾ ਦਾ ਸੁਨਹਿਰੀ ਪੰਨਾ ਲਿਖਦੀ ਹੈ —
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਕਾਮਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
ਜਿਵੇਂ ਰੁੱਤਾਂ ਦੀ ਰਾਣੀ ਬਸੰਤ ਹੈ , ਉਸੇ ਤਰ੍ਹਾਂ ਹੀ ਕਣਕ ਨੂੰ ਫਸਲਾਂ ਅਤੇ ਹਾੜ੍ਹੀ ਦੀ ਰਾਣੀ ਕਿਹਾ ਜਾ ਸਕਦਾ ਹੈ । ਉਂਝ ਤਾਂ ਸਾਰੀ ਪ੍ਰਕਿਰਤੀ ਹੀ ਪੁੰਗਰਦੀ ਹੈ ਪਰ ਕਣਕ ਜੋਬਨ ਹੰਢਾ ਕੇ ਸੁੱਕਦੀ ਹੈ —
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।
ਕਣਕ ਦਾ ਵਿਸਾਖੀ ਨਾਲ ਗੂੜ੍ਹਾ ਸਬੰਧ ਹੈ । ਪਹਿਲੇ ਸਮੇਂ ਵਿਸਾਖੀ ਤੱਕ ਕਣਕ ਕੱਟ ਕੇ ਮੇਲੇ ਨੂੰ ਜਾਂਦੇ ਸਨ । ਪਰ ਹੁਣ ਕਈ ਵਾਰੀ ਵਿਸਾਖੀ ਨੂੰ ਵਾਢੀ ਸ਼ੁਰੂ ਹੁੰਦੀ ਹੈ । ਬਦਲਦੇ ਸਮੇਂ ਦੇ ਮਿਜ਼ਾਜ਼ ਅਤੇ ਵਿਕਾਸ ਨੇ ਕਣਕ ਅਤੇ ਵਿਸਾਖੀ ਦਾ ਆਪਸੀ ਸਬੰਧਾਂ ਤੇ ਪ੍ਰਭਾਵ ਛੱਡਿਆ ਹੈ । ਕਣਕ ਵੇਚਦਾ ਜੱਟ ਉਂਝ ਨਵਾਬ ਲੱਗਦਾ ਹੈ । ਪਰ ਜਦੋਂ ਮੰਡੀਆਂ ਚ ਰੁਲਦਾ ਹੈ ਫਿਰ ਅਜੀਬ ਸਥਿਤੀ ਲੱਗਦੀ ਹੈ । ਇਸ ਵਾਰ ਕਿਸਾਨੀ ਅੰਦੋਲਨ ਨੇ ਕਣਕ ਦੀ ਫਸਲ ਨੂੰ ਨਵੀਂ ਰੂਹ ਦਿੱਤੀ ਹੈ । ਪੱਕੀ ਕਣਕ ਕਿਸਾਨ ਅੰਦੋਲਨ ਨੂੰ ਮਘਾਉਣ ਦਾ ਜ਼ਰੀਆ ਵੀ ਬਣ ਰਹੀ ਹੈ । ਸਿਹਤ ਪੱਖ ਤੋਂ ਤਾਕਤਵਰ ਕਣਕ ਜਿਹਨਾਂ ਨੂੰ ਅਲਰਜੀ ਕਰਦੀ ਹੈ ਉਹ ਵੀ ਗੰਭੀਰ ਸਥਿਤੀ ਚ ਰਹਿੰਦੇ ਹਨ । ਹਰ ਪੱਖੋਂ ਕਣਕ ਦਾ ਜੋੜ ਕਿਸਾਨ ਨਾਲ ਸਿਰੇ ਤੱਕ ਨਿਭਦਾ ਹੈ ।ਹਰ ਸਾਲ ਰੁੱਤ ਬੇਈਮਾਨ ਨਾ ਹੋਵੇ ਕਣਕ ਸਹੀ ਸਲਾਮਤ ਘਰ ਪੁੱਜ ਜਾਵੇ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਫਰੀਦਾ ਜੋ ਤੇ ਮਾਰਨਿ ਮੁਕੀਆਂ - ਸੁਖਪਾਲ ਸਿੰਘ ਗਿੱਲ
ਪਿਛਲੇ ਪੌਣੇ ਇੱਕ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਕਰਕੇ ਕਿਸਾਨ ਘਰੋਂ ਬੇਘਰ ਹੈ। ਬੀਂਡੀ ਜੁੜੇ ਪੰਜਾਬ ਦੇ ਚੁਲ੍ਹਿਆਂ ਤੋਂ ਦਿੱਲੀ ਦੇ ਬਾਰਡਰ ਤੱਕ ਵਹੀਰਾ ਘੱਤੀ ਲੋਕ ਪੀੜਾ ਹੰਢਾ ਰਹੇ ਹਨ। ਇੱਕ ਪਾਸੇ ਕਰੋਨਾ ਦਾ ਡਰ ਦੂਜੇ ਪਾਸੇ ਕਿਸਾਨ ਨੂੰ ਅੰਦੋਲਨ ਕਰਕੇ ਦੋਹਰੀ ਲੜਾਈ ਲੜਨੀ ਪੈ ਰਹੀ ਹੈ। ਕਹਾਵਤ ਵੀ ਹੈ “ਰੋਏ ਤੋਂ ਬਿਨਾਂ ਮਾਂ ਵੀ ਦੁੱਧ ਨਹੀਂ ਦਿੰਦੀ”। ਜਿਸ ਤਰ੍ਹਾਂ ਕਿਸਾਨਾਂ ਦੇ ਪੈਂਦੇ ਘਸੁੰਨ ਨਾਲ ਵੀ ਸਬਰ ਪੱਲੇ ਬੰਨੀ ਬੈਠੇ ਹਨ। ਉੱਥੇ ਬਾਬਾ ਫਰੀਦ ਜੀ ਦੀ ਬਾਣੀ ਵੀ ਚੇਤੇ ਆਉਂਦੀ ਹੈ:-
“ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾ ਨਾ ਮਾਰੇ ਘੁੰਮਿ”
ਸਰਕਾਰ ਕਿਸਾਨਾਂ ਲਈ ਇਹ ਕਾਨੂੰਨ ਰਾਮਬਾਣ ਦੱਸ ਰਹੀ ਹੈ। ਪਰ ਕਿਸਾਨ ਨਹੀਂ ਮੰਨਦੇ। ਇਹ ਕੈਸੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਸਮਝੋ ਬਾਹਰ ਹੈ ਜਿਸਨੂੰ ਫਾਇਦਾ ਦੇਣਾ ਹੈ ਉਹ ਕਹਿੰਦੇ ਸਾਨੂੰ ਇਸ ਦੇ ਕਫਾਇਦੇ ਹਨ। ਪਰ ਹਾਕਮ ਧਿਰ ਧੱਕੇ ਨਾਲ ਥੋਪ ਰਹੀ ਹੈ। ਇੱਥੇ ਕਿਸਾਨ ਨੇਤਾ ਚੌਧਰੀ ਛੋਟੂ ਰਾਮ ਦੇ ਵਾਰਿਸ ਆਪਣੇ ਪੁਰਖਿਆਂ ਨੂੰ ਇਉਂ ਯਾਦ ਕਰਦੇ ਹਨ।
“ਸੁਣ ਕਿਸਾਨਾਂ ! ਚੌਕਸ ਰਹਿ, ਚੌਕੰਨਾ ਹੋ। ਹੁਸ਼ਿਆਰੀ ਤੋਂ ਲੈ ਕੰਮ। ਇਹ ਦੁਨੀਆਂ ਠੱਗਾਂ ਦੀ ਬਸਤੀ, ਠੱਗਾਂ ਦੇ ਜਾਲ ਵਿੱਚ ਅਸਾਨੀ ਨਾਲ ਫਸਦਾ ਤੂੰ। ਜਿਨ੍ਹਾਂ ਨੂੰ ਪਾਲੇ ਤੂੰ, ਪੱਖ ਉਹੀ ਪੂਰਣ ਖਿਲਾਫ ਤੇਰੇ। ਪਰ ਤੈਨੂੰ ਕੋਈ ਖਬਰ ਈ ਨਹੀਂ। ਕੋਈ ਤੈਨੂੰ ਪੀਰ ਬਣ ਲੁੱਟਦਾ,ਕੋਈ ਪੁਰੋਹਿਤ ਬਣ ਲੁੱਟਦਾ।ਕੋਈ ਤੈਨੂੰ ਵਿਆਜ ਨਾਲ ਲੁੱਟਦਾ।ਕੋਈ ਰਿਸ਼ਵਤ ਨਾਲ ਲੁੱਟਦਾ।ਕੋਈ ਤੈਨੂੰ ਸ਼ਾਹ ਬਣ ਲੁੱਟਦਾ। ਕੋਈ ਖੁਦ ਗਾਹਕ ਬਣ ਤੈਨੂੰ ਲੁੱਟਦਾ। ਕੋਈ ਗਾਹਕ ਬਣ ਉੱਨ-ਜਿਹੀ ਤੇਰੀ ਉਤਾਰਦਾ। ਕੋਈ ਆੜ੍ਹਤ ਨਾਲ ਤੈਨੂੰ ਠੱਗਦਾ, ਕੋਈ ਕਮਿਸ਼ਨ ਨਾਲ ਤੇਰੀ ਦੌਲਤ ਚੱਟਦਾ। ਕੋਈ ਪਿਣਾਈ ਚ ਤੇਰੀ ਹੱਥ ਫੇਰੀ ਕਰਦਾ, ਕੋਈ ਤੁਲਾਈ ਵਿੱਚ ਤੇਰੀ ਅੱਖੀਂ ਘੱਟਾ ਪਾਉਂਦਾ। ਕਦੇ ਧੋਖਾ ਕੀਤਾ ਜਾਂਦਾ ਤੇਰੇ ਨਾਲ ਭਾਅ ਚ, ਕਦੇ ਹਿਸਾਬ ਵਿੱਚ ਤੈਨੂੰ ਦਲ ਲਿਆ ਜਾਂਦਾ। ਜੇ ਤੂੰ ਹੈ ਕੁੱਝ ਖੁਸ਼ਹਾਲ, ਕਾਂਰੂੰ ਤੇ ਹਾਤਿਮਤਾਈ ਬਣਾ, ਤੈਨੂੰ ਲੁੱਟਣ ਵਾਲੇ ਭੱਟ ਨੇ ਮੌਜੂਦ। ਜੇਕਰ ਤੂੰ ਹੈ ਕੰਗਾਲ, ਸਾਹੂਕਾਰ ਜੋਂਕ ਵਾਂਗ ਤੈਨੂੰ ਚਿੰਬੜ ਜਾਂਦਾ।
ਜ਼ਰਾ ਸੋਚ। ਇੰਨੇ ਭੂਤਾਂ ਤੋਂ ਕਿਵੇਂ ਬਚੇਗਾ ! ਖਮੋਸ਼ੀ ਤੇ ਬੇਜੁਬਾਨੀ ਨਾਲ ? ਨਹੀਂ, ਬਲਿਕ ਮੁਹਿੰਮ ਤੇ ਆਵਾਜ ਚੁੱਕਣ ਨਾਲ। ਸੁਕੂਨ ਨਾਲ ਨਹੀਂ, ਤਾਕਤ ਨਾਲ। ਬੇਵੱਸੀ ਨਾਲ ਨਹੀਂ, ਅੰਦੋਲਨ ਨਾਲ। ਸੰਘਰਸ਼ ਕਰ। ਗਫਲਤ ਸੁਪਨਿਆਂ ਤੋਂ ਜਾਗ। ਪਾਸਾ ਵੱਟ। ਉੱਠ, ਮੂੰਹ ਧੋ, ਸਰਗਰਮ ਹੋ। ਕਰਮਯੁੱਧ ਵਿੱਚ ਕੁੱਦ, ਆਪਣੇ ਦੁਸ਼ਮਣਾਂ ਦੇ ਛੱਕੇ ਛੁਡਾ ਦੇ”।
ਸਰਕਾਰ ਅਪਣੀਆਂ ਬਣਾਈਆਂ ਮੰਡੀਆਂ ਬਾਰੇ ਵੀ ਦੱਸਦੀ ਹੈ ਕਿ ਇਹ ਠੱਗਦੀਆਂ ਹਨ। ਪਰ ਬੰਦ ਵੀ ਨਹੀਂ ਕਰਾਂਗੇ,ਘੱਟੋ ਘੱਟ ਸਮਰਥਨ ਮੁੱਲ ਬਾਰੇ ਵੀ ਕਿਸਾਨ ਬਾਰੇ ਚੁੱਪੀ ਧਾਰੀ ਹੈ। ਇਹ ਕਿਸਾਨਾਂ ਦੀ ਚਿਰ ਸਥਾਈ ਮੰਗ ਹੈ ਇਸ ਬਾਰੇ ਕੋਈ ਸਮਝੌਤਾ ਨਹੀਂ ਹੋ ਸਕਦਾ। ਅਰਥਸ਼ਾਸ਼ਤਰੀ ਕਿਸਾਨੀ ਮਾਹਿਰ ਵੀ ਆਪਣੇ ਕਾਨੂੰਨਾਂ ਬਾਰੇ ਨਾਂਹ ਪੱਖੀ ਪ੍ਰਭਾਵ ਛੱਡ ਚੁੱਕੇ ਹਨ। ਖੇਤਾਂ ਦੇ ਰਾਜਿਆਂ ਨੂੰ ਮਜ਼ਦੂਰਾਂ ਵਾਂਗ ਕੰਮ ਕਰਨ ਦਾ ਹਊਆ ਵੀ ਖੜ੍ਹਾ ਕੀਤਾ ਗਿਆ ਹੈ। ਕੰਪਨੀਆਂ ਕੋਲ ਵੱਡੇ ਗੁਦਾਮ ਤੇ ਜਮ੍ਹਾਖੋਰੀ ਦਾ ਡਰ ਸਤਾ ਰਿਹਾ ਹੈ। ਕਿਸਾਨ ਨੇ ਖੇਤ ਤੋਂ ਘਰ ਤੱਕ ਦਾ ਮਾਮਲਾ ਸਿਲਸਿਲੇ ਵਾਈਜ਼ ਸ਼ੱਕ ਦੇ ਘੇਰੇ ਚ ਖੜ੍ਹਾ ਹੈ। ਸੰਵਿਧਾਨਿਕ ਹੱਕ ਵੀ ਖੇਤੀ ਰਾਜਾਂ ਦਾ ਹਿੱਸਾ ਹੈ। ਇਸ ਦੀ ਉਲੰਘਣਾ ਵੀ ਜਾਪਦੀ ਹੈ। ਇਸ ਬਾਰੇ ਖੇਤੀ ਮੰਤਰੀ ਵੀ ਜਵਾਬ ਦੇ ਚੁੱਕੇ ਹਨ। ਕਿ ਖੇਤੀ ਰਾਜ ਦਾ ਵਿਸ਼ਾ ਹੇ ਉਹ ਕੀ ਜਵਾਬ ਦੇਣ ? ਜੀ.ਐਸ.ਟੀ ਦੇ ਕਾਨੂੰਨ ਰਾਹੀਂ ਰਾਜ ਦੀ ਆਮਦਨ ਹੜੱਪਣ ਦਾ ਮਾਮਲਾ ਵੀ ਭੱਖਦਾ ਹੈ। ਨਿੱਜੀ ਕੰਪਨੀਆਂ ਨੂੰ ਕਰ ਮੁਕਤੀ ਦੇ ਡਰ ਕਾਰਨ ਰਾਜਾਂ ਦੀ ਬਚੀ ਖੁਚੀ ਆਮਦਨ ਵੀ ਖਤਮ ਕਰਨ ਦਾ ਮਸਲਾ ਸਤਾ ਰਿਹਾ ਹੈ।
ਸਰਕਾਰ ਸਿਰਫ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਪਰ ਕਿਸਾਨ ਦੀ ਬਾਗਬਾਨੀ ਪਹਿਲਾਂ ਹੀ ਬਾਹਰ ਕੀਤੀ ਹੋਈ ਹੈ। ਬਾਗਬਾਨੀ ਦੀ ਕੁਲ ਉੱਪਜ 40 ਫੀਸਦੀ ਭੰਡਾਰਨ ਦੀ ਕਮੀ ਕਰਕੇ ਖਰਾਬ ਹੋ ਜਾਂਦਾ ਹੈ। ਮੰਡੀਆਂ ਨੂੰ ਜਿਥੇ ਖਤਮ ਕੀਤਾ ਉੱਥੇ ਇਹ ਮੰਤਰ ਫੇਲ੍ਹ ਹੀ ਰਿਹਾ ਹੈ। ਦੇਸ਼ ਦੇ ਢਾਈ ਸੌ ਦੇ ਲਗਭਗ ਅਤੇ ਪੰਜਾਬ ਦੇ 31-32 ਸੰਗਠਨ ਪੂਰੀ ਤਰ੍ਹਾਂ ਇਨ੍ਹਾਂ ਬਿਲਾਂ ਦੇ ਖਿਲਾਫ ਹਨ। ਮੁਲਾਜ਼ਮ ਅਤੇ ਮਜ਼ਦੂਰ ਵਰਗ ਵੀ ਮੈਦਾਨ ਵਿੱਚ ਉੱਤਰ ਗਿਆ ਹੈ। 200 ਸ਼ਹੀਦੀਆਂ ਦੇ ਬਾਵਜੂਦ ਵੀ ਸਰਕਾਰ ਚੁੱਪੀ ਵੱਟੀ ਬੈਠੀ ਹੈ। ਕਿਸਾਨ ਅੰਦੋਲਨਾਂ ਨੇ ਕਾਰਪੋਰੇਟ ਨੂੰ ਪੂਰੀ ਤਰ੍ਹਾਂ ਚੁਣੌਤੀ ਦਿੱਤੀ ਹੈ। ਅਪਣੀ ਨੈਤਿਕ ਜਿੱਤ ਕਰਕੇ ਕਿਸਾਨ ਦਰਵੇਸ਼ਾਂ ਵਾਲਾ ਰੁੱਖ ਧਾਰੀ ਬੈਠੇ ਹਨ। ਇਸ ਕਰਕੇ ਕਿਸਾਨਾਂ ਦੀ ਜਿੱਤ ਯਕੀਨੀ ਹੈ। ਇੰਬਰਾਈਮ ਲਿੰਕਨ ਦੀ ਤਰ੍ਹਾ ਤਰਜ ਧਾਰੀ ਬੈਠੇ ਹਨ “ਮੈਂ ਹੋਲੀ ਤੁਰਦਾ ਹਾਂ ਪਰ ਮੈਂ ਕਦੇ ਵੀ ਵਾਪਿਸ ਨਹੀਂ ਪਰਤਿਆ”। ਤੈਅ ਕੀਤੇ ਮੁਕਾਮ ਤੇ ਪੁੱਜੇ ਤੋਂ ਬਿਨਾਂ ਸਾਡੇ ਮਾਣਮੱਤੇ ਗਾਇਕ ਲੇਖਕ ਪਹਿਲੇ ਹੀ ਦਸ ਚੁੱਕੇ ਹਨ। ਇਸ ਲਈ ਕਰਮਯੁੱਧ ਵਿੱਚ ਕੁੱਦੇ ਕਿਸਾਨ ਨੂੰ ਤੁਰੰਤ ਹੱਕ ਦਿੰਦੇ ਜਾਣ ਤਾਂ ਜੋ ਲੋਕਤੰਤਰ ਦੀ ਜਿੱਤ ਹੋ ਸਕੇ। ਸਰਕਾਰ ਦਾ ਪੱਖ “ਤਬਾਹੀ ਦੀ ਬਣ ਕੇ, ਤਬਾਹੀ ਮੈਂ ਆਵਾਂ, ਜੋ ਖਲਕਤ ਮੁਕਾਵੇ, ਮੈਂ ਉਸਨੂੰ ਮੁਕਾਵਾਂ” ਦੂਜੇ ਪਾਸੇ ਕਿਸਾਨ ਰੁੱਖਾਂ ਦੀ ਜੀਰਾਂਦਿ ਬਣ ਕੇ ਸਾਂਤੀ ਦੇ ਪੁੰਜ ਬਣੀ ਬੈਠੇ ਹਨ।ਇੱਥੇ ਇਹ ਵੀ ਵਰਣਨ ਯੋਗ ਹੈ ਇਹ ਫਕੀਰਾਂ ਵਾਂਗ ਇਤਹਾਸ ਰਚ ਰਹੀ ਕੋਮ ਗਲਤ ਤੋਹਮਤਾਂ ਨੂੰ ਵੀ ਪਿੰਡੇ ਹੰਢਾ ਰਹੇ ਹਨ। ਮੁੱਕਦੀ ਗੱਲ ਇਹ ਹੈ ਕਿ ਸਰਕਾਰ ਨੂੰ ਲੋਕਤੰਤਰ ਦੀ ਸਹੀ ਪਰਿਭਾਸ਼ਾਂ ਸਮਝ ਕੇ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਬਸੰਤੀ ਰੰਗ ਕਿਸਾਨੀ ਦੇ ਸੰਗ - ਸੁਖਪਾਲ ਸਿੰਘ ਗਿੱਲ
ਬਸੰਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਬਸੰਤ ਦਾ ਅਰਥ ਹੈ, ਬਹਾਰ। ਛੇ ਰੁੱਤਾਂ ਵਿੱਚ ਬਸੰਤ ਰੁੱਤ ਨਿਵੇਕਲਾ ਸੁਨੇਹਾ ਦਿੰਦੀ ਹੈ। ਵਿਰਸੇ ਦੀ ਬਾਤ ਸੁਣਾਉਂਦੀ ਬਸੰਤ ਰੁੱਤ ਦਾ ਸਾਡੇ ਕਿੱਤੇ ਖੇਤੀਬਾੜੀ ਨਾਲ ਵੀ ਗੂੜ੍ਹਾ ਸੰਬੰਧ ਹੈ ।ਕਿਸਾਨੀ ਖੇਤੀਬਾੜੀ ਸਾਨੂੰ ਜੰਮਣ ਸਾਰ ਹੀ ਗੁੜ੍ਹਤੀ ਵਿੱਚ ਮਿਲ ਜਾਂਦੀ ਹੈ। ਖੇਤੀ ਪਵਿੱਤਰ ਕਿੱਤਾ ਹੈ। ਇਸ ਲਈ ਬਸੰਤ ਰੁੱਤ ਦਾ ਪੰਜਾਬੀਅਤ ਨਾਲ ਨੇੜਿਓ ਮੇਲ ਹੈ। ਬਸੰਤ ਸਾਡੀ ਧਾਰਮਿਕ, ਸੱਭਿਆਚਾਰਕ, ਸੱਭਿਅਤਾ ਅਤੇ ਸਮਾਜਿਕ ਜਿੰਦਗੀ ਦਾ ਸ਼ਿੰਗਾਰ ਵੀ ਹੈ। ਰੁੱਤਾਂ ਦੇ ਨਾਲ-ਨਾਲ ਸਾਡੇ ਰੀਤੀ ਰਿਵਾਜਾਂ ਦੀ ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੀ ਹੈ। ਬਸੰਤ ਦੇ ਸੰਗ ਖੇਤੀ ਅਤੇ ਅਧਿਆਤਮਵਾਦ ਦੇਖੀਏ ਤਾਂ ਸਾਡੀ ਖੁਸ਼ੀ ਵਿੱਚ ਹੋਰ ਵੀ ਵਾਧਾ ਕਰਦੀ ਹੈ। ਆਜਾਦੀ ਤੋਂ ਪਹਿਲਾਂ ਹਕੀਕਤ ਰਾਏ ਦੀ ਯਾਦ ਵਿੱਚ ਇਸ ਦਾ ਮੇਲਾ ਲਾਹੌਰ ਵਿੱਚ ਲੱਗਿਆ ਕਰਦਾ ਸੀ।
ਧਾਰਮਿਕ ਪੱਖ ਤੋਂ ਹਿੰਦੂ ਧਰਮ ਵਿੱਚ ਬਸੰਤ ਰੁੱਤ ਵਿੱਚ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਛੋਟੇ ਬੱਚਿਆਂ ਨੂੰ ਇਸ ਦਿਨ ਅੱਖਰ ਗਿਆਨ ਵੀ ਕਰਾਇਆ ਜਾਂਦਾ ਹੈ। ਬਸੰਤ ਪੰਚਮੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਗੁਰਦੁਆਰਾ ਗੁਰੂ ਕੀ ਲਾਹੌਰ ਵਿਖੇ ਮੇਲਾ ਭਰਦਾ ਹੈ। ਇਸ ਦਿਨ ਪੰਚਮ ਪਾਤਸ਼ਾਹ ਦੇ ਘਰ ਮੀਰੀ-ਪੀਰੀ ਦੇ ਮਾਲਕ ਨੇ ਜਨਮ ਲਿਆ ਸੀ। ਗੁਰਬਾਣੀ ਵਿੱਚ ਬਸੰਤ ਰਾਗ ਵੀ ਅੰਕਿਤ ਕੀਤਾ ਗਿਆ ਹੈ:-
“ਹਰਿ ਕਾ ਨਾਮ ਧਿਆਇ ਕੈ ਹੋਹੁ ਹਰਿਆ ਭਾਈ ।।
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ।।
ਵਣੁ ਤ੍ਰਿਣ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ।।
ਮਿਲ ਸਾਧੂ ਸੁਖੁ ਊਪਜੈ ਲਥੀ ਸਭ ਛਾਈ ।।
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ” ।।
ਸਾਡੀਆਂ ਫਸਲਾਂ ਜਾ ਜੋਬਨ ਵੀ ਬਸੰਤ ਰੁੱਤੇ ਸਿਖਰ ਤੇ ਹੁੰਦਾ ਹੈ। ਇਸ ਰੁੱਤ ਨੂੰ ਕਿਸਾਨੀ ਪੱਖ ਫਸਲਾਂ ਵੱਲ ਤੱਕਦਾ ਹੋਇਆ ਗਿਣਤੀਆਂ ਮਿਣਤੀਆਂ ਸ਼ੁਰੂ ਕਰਦਾ ਹੈ। ਜੋ ਵਿਸਾਖੀ ਤੀਕਰ ਮਨ ਵਿੱਚ ਚੱਲਦੀਆਂ ਰਹਿੰਦੀਆਂ ਹਨ । ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਇਹ ਮੌਸਮੀ ਤਿਉਹਾਰ ਹੈ। ਕਿਸਾਨ ਖੇਤਾਂ ਦੇ ਬੰਨੇ ਬੰਨੇ ਤੁਰਦਾ ਫਿਰਦਾ ਪੀਲੇ ਰੰਗ ਵਾਂਗ ਖਿੜ੍ਹ ਜਾਂਦਾ ਹੈ। ਬਸੰਤ ਪੰਚਮੀ ਨੂੰ ਗਿੱਧਾ ਵੀ ਪੈਂਦਾ ਹੈ। ਜਿਸ ਨੂੰ ਬਸੰਤੀ ਗਿੱਧਾ ਕਿਹਾ ਜਾਂਦਾ ਹੈ। ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀਆਂ ਇਨ੍ਹਾਂ ਸਤਰਾਂ ਨੂੰ ਬਸੰਤ ਦੇ ਸੰਗ ਇਉ ਪ੍ਰਸੰਗਿਤ ਕੀਤਾ ਜਾ ਸਕਦਾ ਹੈ “ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ” ਅਤੇ “ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ” ਇਸੇ ਤਰ੍ਹਾਂ ਇਸ ਰੁੱਤ ਤੋਂ ਪ੍ਰਕਿਰਤੀ ਦੀ ਬਹਾਰ ਸ਼ੁਰੂ ਹੁੰਦੀ ਹੈ। ਇਸ ਸਮੇਂ ਗੀਤ, ਬੀਰਤਾ ਅਤੇ ਸ਼ਿੰਗਾਰ ਰਸ ਦਾ ਪ੍ਰਗਟਾਅ ਵੀ ਦੇਖਣ ਨੂੰ ਮਿਲਦਾ ਹੈ। ਬਹੁਤੇ ਕਵੀਆਂ ਗੀਤਾਕਾਰਾਂ ਨੇ ਬਸੰਤ ਰੁੱਤ ਨੂੰ ਨੇੜਿਓ ਟੁੰਬਿਆ। ਬਸੰਤ ਰੁੱਤ ਨੂੰ ਆਪ ਮੁਹਾਰੇ ਹੀ ਮਨ ਦੀ ਖੁਸ਼ੀ ਅਤੇ ਤਨ ਦੀ ਖੁਸ਼ੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਬਸੰਤ ਰੁੱਤ ਨੂੰ ਕਿਸਾਨਾਂ ਦੇ ਸ਼ਗਨਾਂ ਦਾ ਸੁਨੇਹਾ ਵੀ ਸ਼ੁਰੂ ਹੁੰਦਾ ਹੈ।
ਖੇਤਾਂ ਵਿੱਚ ਖਿੜ੍ਹੇ ਸਰ੍ਹੋਂ ਅਤੇ ਹੋਰ ਫਸਲਾਂ ਦੇ ਪੀਲੇਪਣ ਨਾਲ ਰੰਗੀ ਧਰਤੀ ਮਾਤਾ ਸਾਡੀ ਜਿੰਦਗੀ ਦੇ ਵੱਖ-ਵੱਖ ਰੰਗਾਂ ਦੀ ਅਤੇ ਪੱਖਾਂ ਦੀ ਬਾਤ ਪਾਉਂਦੀ ਹੈ। ਖੇਤਾਂ ਵਿੱਚ ਖੂਬ ਉਗੜ੍ਹਿਆ ਪੀਲਾ ਰੰਗ ਆਤਮਾ ਨੂੰ ਵੀ ਸਕੂਨ ਦਿੰਦਾ ਹੈ। ਬਸੰਤ ਰੁੱਤ ਨੂੰ ਲਿਖਣ ਲਈ ਬਹੁਤ ਸੂਝ ਸਮਝ ਤੋਂ ਕੰਮ ਲੈਣਾ ਪੈਂਦਾ ਹੈ। ਜਿੰਦਗੀ ਦੀ ਸਜਾਵਟ ਨੂੰ ਖੇਤਾਂ ਦੇ ਸੰਗ ਵੀ ਬਸੰਤ ਪ੍ਰਗਟ ਕਰਦੀ ਹੈ। ਬਸੰਤੀ ਰੰਗ ਪਹਿਨਣਾ ਇਸ ਰੁੱਤੇ ਮਾਨਵਤਾ ਦੇ ਮਨ ਨੂੰ ਚੰਗਾ ਅਤੇ ਸ਼ੁੱਭ ਭਾਉਂਦਾ ਹੈ। ਆਲਸੀ ਅਤੇ ਛੋਟੇ ਬੱਚੇ ਨੂੰ ਨਹਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। “ਆਈ ਬਸੰਤ ਪਾਲਾ ਉਡੰਤ” ਇਹ ਵੀ ਤਕਾਜਾ ਲਗਾਇਆ ਜਾਂਦਾ ਹੈ ਕਿ ਪੁੰਗਰੀ ਹੋਈ ਪ੍ਰਕਿਰਤੀ ਹੁਣ ਵਿੱਚ ਵਿਚਾਲੇ ਨਹੀਂ ਅਟਕਦੀ। ਬਸੰਤ ਦੀ ਰੁੱਤੇ ਸਭ ਤਰ੍ਹਾਂ ਦਾ ਸਾਹਿਤ ਆਪਣੇ ਆਪ ਹੀ ਪੁੰਗਰਨ ਲੱਗਦਾ ਹੈ। ਇਹ ਰੁੱਤ ਖੁਸ਼ੀਆਂ ਖੇੜਿਆ ਨੂੰ ਜਿੰਦਗੀ ਦੇ ਸੰਗ ਹੋਸ਼-ਜੋਸ਼ ਅਤੇ ਖੇੜੇ ਪ੍ਰਧਾਨ ਕਰਦੀ ਹੈ।
ਇਸ ਰੁੱਤੇ ਪੀਲੇ ਕੱਪੜਿਆਂ ਦਾ ਪਹਿਨਣਾ ਆਰਜੀ ਨਹੀਂ ਹੁੰਦਾ ਬਲਕਿ ਹਰ ਵਰ੍ਹੇ ਨਵਿਆਇਆ ਜਾਂਦਾ ਹੈ। ਕਿਸਾਨੀ ਅੰਦੋਲਨ ਦੌਰਾਨ ਬਸੰਤੀ ਰੁੱਤ ਹੋਰ ਵੀ ਗੂੜ੍ਹੀ ਹੋ ਗਈ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਇਸ ਰੰਗ ਦਾ ਕੰਮ ਹੈ। ਬਸੰਤ ਪੰਚਮੀ ਨੂੰ ਗਰਮੀ ਦੀ ਰੁੱਤ ਦੀ ਦਸ਼ਤਕ ਵੀ ਸ਼ੁਰੂ ਹੁੰਦੀ ਹੈ। ਇਸ ਰੁੱਤ ਦੇ ਜਮਾਨੇ ਦਿਲਾਂ ਦੇ ਹੁਲਾ-ਹੁਲਾਸ ਦੇ ਨਾਲ ਪਤੰਗ ਵੀ ਉਡਾਉਂਦੇ ਹਨ । ਠੀਕ ਉਸੇ ਤਰ੍ਹਾਂ ਪੇਚੇ ਲੜਾਉਂਦੇ ਹਨ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵਿੱਚ ਕਿਸਾਨੀ ਦਾ ਕੇਂਦਰ ਨਾਲ ਪੇਚਾ ਪਿਆ । ਇਸ ਰੁੱਤ ਦੇ ਛੇੜ-ਛਾੜ ਨੂੰ ਬਸੰਤ ਤੋਂ ਬਸੰਤਰ ਉਹ ਲੋਕ ਬਣਾਉਂਦੇ ਹਨ ਜਿਨ੍ਹਾਂ ਵਿੱਚ ਗਿਆਨ ਦੀ ਕਮੀ ਹੁੰਦੀ ਹੈ। ਕਿਸਾਨੀ ਅੰਦੋਲਨ ਵਿੱਚ ਬਸੰਤੀ ਬਸਤਰ ਪਹਿਨੇ ਆਮ ਮਿਲਦੇ ਹਨ। ਜੋ ਜਜ਼ਬੇ, ਜੋਸ਼, ਹੌਸਲੇ ਅਤੇ ਭਾਈਚਾਰਕ ਏਕਤਾ ਦੀ ਗਵਾਹੀ ਭਰਦੇ ਹਨ। ਆਓ ਬਸੰਤ ਰੁੱਤ ਮਨਾਈਏ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
9878111445
ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ
ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
ਰਸਮ ਰਿਵਾਜ਼ ਖਿੱਤੇ ਦੇ ਖੁਸ਼ੀਆਂ ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ ਠੀਕ ਸਮਝਦਾ ਹੈ ਪਰ ਉਸਦਾ ਹਸ਼ਰ ਆਪਣੇ ਆਪ ਵਿੱਚ ਗੁਵਾਚਿਆ ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ ਇਹਨਾਂ ਦੇ ਵੇਰਵੇ ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ ਸੁਨੇਹਾ ਦਿੰਦੇ ਹਨ ।
ਪੰਜਾਬੀਆਂ ਦਾ ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।
ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ । ਇਸ ਲਈ ਇਸਦੇ ਰਸਮ ਰਿਵਾਜ਼ ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ । ਜਦੋਂ ਕਿ ਇਹਨਾਂ ਵਿੱਚ ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ ਖੁਰਾਸਾਨੀ ਦੁਲੱਤੇ ਮਾਰਦੇ ਹਨ , ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ ਮਸਤੀ ਦੀ ਅਫੀਮ ਵੀ ਲੱਗਦੀ ਹੈ । ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ ਵਿਰਾਸਤ , ਵਿਰਸੇ ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ
ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
ਰਸਮ ਰਿਵਾਜ਼ ਖਿੱਤੇ ਦੇ ਖੁਸ਼ੀਆਂ ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ ਠੀਕ ਸਮਝਦਾ ਹੈ ਪਰ ਉਸਦਾ ਹਸ਼ਰ ਆਪਣੇ ਆਪ ਵਿੱਚ ਗੁਵਾਚਿਆ ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ ਇਹਨਾਂ ਦੇ ਵੇਰਵੇ ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ ਸੁਨੇਹਾ ਦਿੰਦੇ ਹਨ ।
ਪੰਜਾਬੀਆਂ ਦਾ ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।
ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ । ਇਸ ਲਈ ਇਸਦੇ ਰਸਮ ਰਿਵਾਜ਼ ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ । ਜਦੋਂ ਕਿ ਇਹਨਾਂ ਵਿੱਚ ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ ਖੁਰਾਸਾਨੀ ਦੁਲੱਤੇ ਮਾਰਦੇ ਹਨ , ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ ਮਸਤੀ ਦੀ ਅਫੀਮ ਵੀ ਲੱਗਦੀ ਹੈ । ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ ਵਿਰਾਸਤ , ਵਿਰਸੇ ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ - ਸੁਖਪਾਲ ਸਿੰਘ ਗਿੱਲ
ਇਬਰਾਹਿਮਲਿੰਕਨ ਨੇ ਕਿਹਾ ਸੀ ਕਿ, “ਲੋਕਤੰਤਰ ਲੋਕਾਂ ਦੀ,ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ”।ਇਸ ਤੇ ਇੱਕ ਹੋਰ ਦਾਰਸ਼ਨਿਕ ਨੇ ਵਿਅੰਗਆਤਮਿਕ ਲਹਿਜੇ ਚ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਦੀ ਪਿੱਠ ਤੇ ਤੋੜਨਾ ਹੈ”।ਇਸ ਸਭ ਕਾਸੇ ਤੋ ਅੱਗੇ ਚੱਲ ਕੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ ਨੂੰ ਦੇਖਿਆ ਜਾਵੇ ਤਾ ਲੋਕਤੰਤਰ ਦਾ ਅਰਥ, “ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਨੇ ਆਪਣੀ ਪਿੱਠ ਤੇ ਤੁੜਵਾਉਣਾ ਹੁੰਦਾ ਹੈ”ਵਜੋਂ ਦੇਖਿਆਜਾ ਸਕਦਾ ਹੈ।ਬੜੀ ਹੈਰਾਨੀ ਹੈ ਕਿ ਜਿਸਦੇ ਫਾਇਦੇ ਇਸ ਤਰ੍ਹਾਂ ਦੱਸਦੇ ਹੋ ਜਿਵੇਂ ਕਿਸੇ ਅਣਜਾਣ ਦਰਜੀ ਨੇ ਪਜ਼ਾਮਾ ਬਣਾਉਣ ਦੀ ਥਾਂ ਕੱਛਾ ਬਣਾ ਦਿੱਤਾ ਤੇ ਕੱਛੇ ਦੇ ਫਾਇਦੇ ਦੱਸਕੇ ਆਪਣੀ ਭੁੱਲ ਨੂੰ ਲੁਕਾਉਂਦਾ ਰਿਹਾ।ਅੱਜ ਦੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਇਉਂ ਲੱਗਦਾ ਹੈ ਕਿ ਲੋਕਤਿੰਤਰ ਦੀ ਅਸਲੀ ਪ੍ਰੀਭਾਸ਼ਾ ਉੱਡ—ਪੁੱਡ ਗਈ ਹੈ।
ਲੋਕਤੰਤਰ ਵਲੋ ਵਿਕਾਸ,ਪ੍ਰਸ਼ਾਸਨ ਨੂੰ ਗੋਲ ਸਥਾਪਤ ਕਰਨ ਦਾ ਟੀੱਚਾ ਮੰਨਕੇ ਚੱਲਣਾ ਹੁੰਦਾ ਹੈ।ਜਿਸ ਵਿੱਚੋ ਖੇਤੀ ਖੇਤਰ ਵੀ ਇੱਕ ਹੈ।ਲੋਕਤੰਤਰ ਨੂੰ ਵਿਕਾਸ ਲਈ ਪ੍ਰਸ਼ਾਸਨ ਦੀ ਸਮਰੱਥਾ ਵਧਾਉਣ ਦੇ ਇਵਜ ਵਜੋ ਦੇਖਣਾ ਚਾਹੀਦਾ ਹੈ।ਇਸ ਦਾ ਮਕਸਦ ਰਾਸ਼ਟਰ ਨਿਰਮਾਣ ਲੋਕਾਂ ਦਾ ਏਕੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੱਕ ਰਹਿਣਾ ਚਾਹੀਦਾ ਹੈ।ਇੱਥੇ ਉਲਟ ਹੈ।ਊਲਟ ਪ੍ਰਭਾਵ ਹੀ ਦੇਖਣ ਨੂੰ ਮਿਲਦੇ ਹਨ।ਕਿਸਾਨ ਇਸ ਅੰਦੋਲਨ ਨੂੰ ਸਫਲ ਬਣਾਕੇ ਅਪਣੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਭਵਿੱਖੀ ਅਸਰ ਨਾਲ ਜੋੜਕੇ ਦੇਖ ਰਹੀਆ ਹਨ।ਫੋਕੇ ਬਹਿਕਾਵੇ ਕੂੜ ਪ੍ਰਚਾਰ ਨੁ ਬੇਅਸਰ ਕਰ ਰਹੀਆ ਹਨ।26 ਜਨਵਰੀ ਦੀ ਟਰੈਕਟਰ ਪ੍ਰੇਡ ਨੇ ਕਿਸਾਨੀ ਅੰਦੋਲਨ ਦੇ ਪ੍ਰਸੰਗ ਚ ਵਧੀਆ ਸੁਨੇਹਾ ਦਿੱਤਾ।ਇਸ ਤੋ ਇਲਾਵਾ ਦੁੱਧ ਨਾਲ ਪਾਣੀ ਵੀ ਵੱਖ ਹੋ ਗਿਆ।
ਪੰਜਾਬੀ ਕਿਸਾਨਾਂ ਨੇ ਅੰਦੋਲਨ ਦੋਰਾਨ ਹੌਸਲਾ, ਸਬਰ ਅਤੇ ਏਕਾ ਰੱਖਕੇ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਰੱਖ ਕੇ ਇਓ ਪੜ੍ਹਲਿਆ, “ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ”।ਇੱਥੇ ਕੰਨਵਰ ਗਰੇਵਾਲ ਜੇਹੇ ਹੀਰੇ ਨੇ ਦੱਸ ਦਿੱਤਾ ਸੀ ਕਿ, “ਮੈਂ ਕਿਹਾ ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜ੍ਹ ਦੇ,ਇੱਕ ਪਾਸੇ ਕਰੇ ਬਿਨ੍ਹਾ ਹੁਣ ਕਿੱਥੇ ਮੁੜਦੇ”।ਲੋਕਤੰਤਰ ਵਿੱਚ ਪ੍ਰੇਰਣਾ ਅਤੇ ਲੋਕਾਂ ਦੀ ਮਹੱਤਤਾ ਪਹਿਲੀ ਪੋੜੀ ਹੁੰਦੀਹੈ।ਪਰ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਦੋਨੋਂ ਗਾਇਬ ਹਨ।ਵਿਕਾਸ ਕਰ ਰਹੇ ਦੇਸ਼ਾਂ ਵਿੱਚ ਲੋਕਤੰਤਰ ਦੀ ਵੱਡਮੱਲੀ ਦੇਣ ਹੁੰਦੀ ਹੈ।ਲੋਕਾਂ ਦੀਆ ਆਸ਼ਾਵਾਂ ਅਤੇ ਇੱਛਾਵਾਂ ਅਨੁਸਾਰ ਸਰਕਾਰ ਨੇ ਕੰਮ ਕਰਨੇ ਹੁੰਦੇ ਹਨ।ਪਰ ਇੱਥੇ ਦੇਸ਼—ਧਰੋਹੀ ਅਤੇ ਅਸ਼ਾਂਤੀ ਫੈਲਾੳਣ ਵਾਲੇ ਤੱਤਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ।ਲੋਕਾਂ ਅਤੇ ਸਰਕਾਰ ਵਿੱਚ ਵੱਧ ਰਹੇ ਪਾੜੇ ਕਰਕੇ ਹੀ ਉੱਨਤੀ ਵਿੱਚ ਰੁਕਾਵਟ ਆਊਣ ਅਤੇ ਅਸ਼ਾਂਤੀ ਫੈਲਣ ਦਾ ਡਰ ਲੱਗਾ ਹੋਇਆ ਹੈ।ਕਿਸਾਨੀ ਕਾਨੂੰਨਾਂ ਨੂੰ ਪ੍ਰੇਰਣਾ ਰਾਹੀਂ ਸਮਝ ਅਤੇ ਸਮਝਾਉਣ ਦੀ ਜਗ੍ਹਾ ਸਰਕਾਰ ਵਲੋਂ ਥੋਪਿਆ ਜਾ ਰਿਹਾ ਹੈ।ਕਿਸਾਨ ਅਤੇ ਸਰਕਾਰ ਵਿੱਚ ਪਾੜਾ ਵੱਧ ਰਿਹਾ ਹੈ।ਇੱਥੇ ਲੋਕਤੰਤਰ ਦੇ ਔਗੁਣ ਸਪੱਸ਼ਟ ਸੰਕੇਤ ਦੇ ਰਹੇ ਹਨ।ਵਿਗਿਆਨ ਅਤੇ ਉੱਨਤੀ ਦੇ ਦੋਰ ਅਤੇ ਦੋੜ ਵਿੱਚੋ ਵੀ ਪਛੜਨ ਦੀਆ ਸੰਭਾਵਨਾਵਾਂ ਵੱਧ ਰਹੀਆ ਹਨ।
ਕਿਸਾਨਾਂ ਨਾਲ ਮੀਟਿੰਗਾਂ ਦੇ ਬਾਵਯੂਦ ਵੀ ਅਸਫਲਤਾ ਪੱਲ੍ਹੇ ਪੈਣੀ ਨਿਰਾਸ਼ਾਜਨਕ ਹੈ।ਇੳਂ ਪ੍ਰਤੀਤ ਹੁੰਦਾ ਹੈ,ਦਾਲ ਚ ਕੁੱਝ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਲੱਗਦੀ ਹੈ।ਰਾਜਨੀਤੀ ਵਿੱਚੋਂ ਲੋਕਤੰਤਰ ਦਾ ਵਰਕਾ ਹੀ ੳੱਡ ਗਿਆ ਹੈ।ਲੋਕਤੰਤਰ ਵਿੱਚ ਪ੍ਰਸ਼ਾਸਨ ਦਾ ਵਤੀਰਾ ਲੋਕਹਿੱਤਾਂ ਲਈ ਹੁੰਦਾ ਹੈ।ਪਰ ਕਿਸਾਨੀ ਅੰਦੋਲਨ ਦੇ ਚਸ਼ਮੇ ਰਾਹੀ ਦੇਖਿਆ ਜਾਵੇ ਤਾਂ ਇਹ ਵੀ ਗਾਇਬ ਲੱਗਦਾ ਹੈ।ਲੋਕਤੰਤਰ ਦੇ ਗੁਣਾਂ ਉੱਤੇ ਔਗੁਣਾ ਨੇ ਰੰਗ ਫੇਰ ਦਿੱਤਾ ਹੈ।ਜਿਸ ਤਰ੍ਹ੍ ਅੱਜ ਇੰਨ੍ਹੀਆ ਕੁਦਰਤੀ ਮਾਰਾਂ, ਸਰਕਾਰੀ ਕਾਨੂੰਨਾਂ ਅਤੇ ਮੋਸਮਾਂ ਵਿੱਚ ਉਲਝਿਆ ਕਿਸਾਨ ਅਸੁਰੱਖਿਆ ਮਹਿਸੁਸ ਕਰ ਰਿਹਾ ਹੈ,ਉਸੇ ਤਰ੍ਹਾਂ ਸਰਕਾਰਾਂ ਨੂੰ ਤਰਸ ਕਰ ਲੈਣਾ ਚਾਹੀਦਾ ਹੈ।ਭਾਰਤਮਾਤਾ ਦੇ ਸਿਰ ਤੇ ਲੋਕਤੰਤਰ ਦੀ ਓਟ,ਲੋਟ—ਪੋਟ ਹੋ ਗਈ ਲੱਗਦੀ ਹੈ।ਸਰਕਾਰ ਦਾ ਕੇਂਦਰੀਕਰਨ ਵੀ ਸਪੱਸ਼ਟ ਦਿਖਾਈ ਦਿੰਦਾ ਹੈ।ਅੱਜ ਦੇ ਨੇਤਾ ਰਾਜਨੀਤੀ ਅਤੇ ਲੋਕਤੰਤਰ ਵਿੱਚ ਕਹਾਵਤ, “ਰਾਜਨੀਤੀ ਦਾ ਅਸੂਲ ਭਾਰਾ ਜਿਹਾ ਦਾਅ ਲੱਗੇ ਤਿਹਾ ਲਾ ਲਈਏ,ਲੱਗੀ ਅੱਗ ਨਾ ਚੜ੍ਹੇ ਦਰਿਆ ਕਾਰਨ ਹੱਠ ਕਰਕੇ ਨਾ ਜਾਨ ਗਵਾ ਲਈਏ”।ਸਪੱਸ਼ਟ ਦੇਖਣ ਨੂੰ ਮਿਲਦੀ ਹੈ।ਲੋਕਤੰਤਰ ਦੇ ਮੂਲ ਭਾਵ ਤੋਂ ਪਿੱਛੇ ਹੱਟ ਕੇ ਲੋਕਾਂ ਦੀ ਸਰਕਾਰ ਮੋਕੇ ਭਾਲਕੇ ਦਾਅ ਪੇਚ ਵੀ ਖੇਡਦੀ ਜਾਪਦੀ ਹੈ।ਆਪ ਮੁਹਾਰੇ ਕਿਸਾਨਾਂ ਦਾ ਵਹੀਰਾਂ ਘੱਤਕੇ ਜਾਣ ਦਾ ਸੁਨੇਹਾ ਇਹ ਹੈ ਕਿ ਕਿਸਾਨ ਮਿੱਟੀ ਹੋਣਤੋਂ ੳੱਪਰ ਉੱਠਕੇ ਕਾਨੂੰਨੀ ਦਾਅ ਪੇਚਾਂ ਦੀ ਪਰਖ—ਪੜਚੋਲ ਵੀ ਕਰ ਲੈਂਦੇ ਹਨ।ਗਦਰੀ ਬਾਬਿਆਂ ਦੇ ਸੰਗ ਕਿਸਾਨੀ ਬਾਬੇ ਕਿਸਾਨ ਅੰਦੋਲਨ ਨੂੰ ਜਨਅੰਦੋਲਨ ਵਿੱਚ ਬਦਲਣ ਲਈ ਵਧਾਈ ਦੇ ਪਾਤਰ ਵੀ ਹਨ।
ਪੰਜਾਬੀ ਕਿਸਾਨਾਂ ਨੇ ਦੇਸ਼ ਭਗਤੀ ਦਾ ਸਬੂਤ ਦੇ ਕੇ ਅੰਦੋਲਨ ਦੀ ਅਵੱਗਿਆ ਅਤੇ ਘੁਸਪੈਠ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਹੈ।ਸਰਕਾਰ ਜਿਨ੍ਹਾ ਨੇ ਅਵੱਗਿਆ ਕੀਤੀ,ਉਨ੍ਹਾ ਤੇ ਕਾਨੂੰਨੀ ਸਿਕੰਜਾ ਕੱਸ ਰਹੀ ਹੈ,ਪਰ ਅਵੱਗਿਆ ਕਰਨ ਵਾਲੇ ਆਪਣੀ ਗੱਲ ਨੂੰ ਠੀਕ ਰੱਖਣ ਦੀਆਂ ਦਲੀਲਾਂ ਦਿੰਦੇ ਹਨ।ਇੱਥੇ ਸਭ ਤੋ ਵੱਡੀ ਖੁਸ਼ੀ ਭਰਿਆ ਸੁਨੇ੍ਹਾ ਇਹ ਹੈ ਕਿ 26 ਜਨਵਰੀ ਨੂੰ ਆਪ ਮੁਹਾਰੇ ਪੱਜੀ ਸੰਗਤ ਨੇ ਟਰੈਕਟਰਾਂ ਨਾਲ ਸ਼ਾਨਦਾਰ ਪ੍ਰੇਡ ਕਰਕੇ ਲੋਕਤੰਤਰ ਦੀ ਪਰਿਭਾਸ਼ਾ ਸਹੀ ਪ੍ਰਭਾਸ਼ਿਤ ਕਰਨ ਦੀਮਿਸਾਲ ਪੈਦਾ ਕੀਤੀ।ਲੋਕਾਂ ਨੇ ਵੀ ਟਰੈਕਟਰ ਪ੍ਰੇਡ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਨੇ੍ਹਾ ਦਿੱਤਾ।ਇੱਥੇ ਕਿਸਾਨ ਅੰਦੋਲਨ ਜਨ ਅੰਨਦੋਲਨ ਬਣਨ ਦਾ ਸ਼ਾਨਾਂਮਤੀ ਸੁਨ੍ਹੇਹਾ ਵੀ ਦਿੱਤਾ।ਸਰਕਾਰ ਦਾ ਪੱਖ ਡੇਢ ਸਾਲ ਲਈ ਕਿਸਾਨੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਕਹਿਣਾ ਸੱਪਸ਼ਟ ਸੰਕੇਤ ਦਿੰਦਾ ਹੈ,ਕਿ ਸਰਕਾਰ ਅਤੇ ਅਫਸਰਸ਼ਾਹੀ ਵਿੱਚ ਕਿਤੇ ਨਾ ਕਿਤੇ ਪਾੜਾ ਜ਼ਰੂਰ ਹੈ।ਕਿਸਾਨ ਦਾ ਪੱਖ ਕੇ, “ਚੋਰਮੋਹਰੀਓ”ਇਹ ਕਾਨੂੰਨ ਬਣੇ ਵੀ ਸਹੀ ਸਾਬਤ ਹੁੰਦਾਜਾਪਦਾ ਹੈ।ਇਹ ਵੀ ਸਾਬਤ ਹੁੰਦਾ ਹੈ ਕਿ ਕਿਸਾਨੀ ਕਾਨੂੰਨ ਬਣਾਏ ਨਹੀਂ ਬਲਕਿ ਬਣੇ ਬਣਾਏ ਮਿਲੇ ਹਨ।ਲੋਕਤੰਤਰ ਵਿੱਚ ਮਸਲੇ ਗੱਲਬਾਤ ਰਾਹੀ ਹੱਲ ਹੁੰਦੇ ਹਨ।ਸਰਕਾਰ ਨੇ ਗੱਲਬਾਤ ਦੇ ਕਈ ਦੋਰ ਚਲਾਏ ਵੀ ਹਨ,ਪਰ ਪਰਨਾਲਾ ਉੱਥੇ ਦਾ ਉੱਥੇ ਹੀਹੈ,“ਮੈਂ ਨਾ ਮਾਨੂੰ” ਦੀ ਸਥਿੱਤੀ ਵੀ ਬਰਕਰਾਰ ਰੱਖੀ। ਪਰ ਅੱਜ ਇਹ ਲੋੜ ਅਤੇ ਆਸ ਹੈ ਕਿ ਇਸ ਸਵੇਦਨਸ਼ੀਲ ਸੰਕਟ ਨੂੰ ਸਰਕਾਰ ਗੱਲਬਾਤ ਰਾਹੀ ਹੱਲ ਕਰੇ।ਲੋਕਾਂ ਦੀਆਂ ਭਾਵਨਾ ਦਾ ਸਤਿਕਾਰ ਕਰੇ।ਸਹੀ ਅਤੇ ਸਲੀਕੇ ਭਰਭੂਰ ਜਮਹੂਰੀਅਤ ਦਾ ਨਕਸ਼ਾ ਪੇਸ਼ ਕਰੇ। ਨਾਲ ਹੀ ਨਾਲ ਭਾਰਤ ਮਾਤਾ ਦਾ ਲੋਕਤੰਤਰੀ ਨੱਗ ਕਾਇਮ ਰੱਖੇ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781—11445