Sukhpal Singh Gill

ਪੰਚਾਇਤੀ ਰਾਜ ਦੀ ਮਹੱਤਤਾ - ਸੁਖਪਾਲ ਸਿੰਘ ਗਿੱਲ

ਅਜ਼ਾਦੀ ਤੋਂ ਬਾਅਦ ਜਦ ਪ੍ਰਸ਼ਾਸਨਿਕ, ਰਾਜਨੀਤਕ ਊਣਤਾਈਆਂ ਅਤੇ ਵਿਕਾਸ ਮੁਖੀ ਗਿਰਾਵਟਾਂ ਦਿਖਾਈ ਦੇਣ ਲੱਗ ਪਈਆਂ ਤਦ ਇਹਨਾਂ ਦਾ ਵੱਧ ਪ੍ਰਭਾਵ ਪਿੰਡਾਂ ਵਿੱਚ ਦਿਖਣਾ ਸ਼ੁਰੂ ਹੋਇਆ।ਭਾਰਤ ਦੀ 80% ਵਸੋਂ ਪਿੰਡਾਂ ਵਿੱਚ ਵਸਦੀ ਹੈ।ਇਸ ਲਈ ਸਾਰੇ ਤਾਣੇ-ਬਾਣੇ ਨੂੰ ਨਿਯਮਬੱਧ ਕਰਨ ਲਈ ਕਿਸੇ ਕਨੂੰਨੀ ਕਾਇਦੇ ਦੀ ਜ਼ਰੂਰਤ ਸੀ।ਇਸ ਕਾਇਦੇ ਵਿੱਚ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲੰਬੇ ਪੈਂਡੇ ਤੋਂ ਬਾਅਦ ਪੰਜਾਬ ਪੰਚਾਇਤੀ ਰਾਜ ਐਕਟ 24 ਅਪ੍ਰੈਲ 1994 ਨੂੰ ਘੜ ਕੇ ਲਾਗੂ ਕੀਤਾ ਗਿਆ।ਇਸ ਲਈ ਇਸ ਦਿਨ ਨੂੰ ਪੰਚਾਇਤੀ ਰਾਜ ਦਿਵਸ ਕਿਹਾ ਜਾਂਦਾ ਹੈ।
               ਪੰਜਾਬ ਪੰਚਾਇਤੀ ਰਾਜ ਸੰਸਥਾਵਾਂ ਦਾ ਇਤਿਹਾਸ ਮਹਾਰਾਜਾ ਅਸ਼ੋਕ ਦੇ ਸਮੇਂ ਤੋਂ ਵੇਖਿਆ ਜਾ ਸਕਦਾ ਹੈ।ਇਸ ਸਮੇਂ ਪਿੰਡਾਂ ਦੇ ਮੁਹਾਜ਼ਜ਼ ਵਿਅਕਤੀ ਫੈਸਲੇ ਕਰ ਲੈਂਦੇ ਸਨ।ਪਰ ਇਹਨਾਂ ਕੋਲ ਕੋਈ ਕਨੂੰਨੀ ਮਾਨਤਾ ਨਹੀਂ ਸੀ, ਨਾ ਹੀ ਉੱਪਰ ਕੋਈ ਪਰਖ ਪੜਚੋਲ ਸੀ।ਪੰਜ ਮੋਹਤਵਰ ਵਿਅਕਤੀਆਂ ਦਾ ਫੈਸਲਾ ਹੀ ਪ੍ਰਮਾਤਮਾ ਦਾ ਫੈਸਲਾ ਮੰਨਿਆ ਜਾਂਦਾ ਸੀ।ਇਹ ਲੋਕ ਪਿੰਡ ਦੀ ਸੱਥ ਵਿੱਚ ਬੈਠ ਕੇ ਫ਼ੈਸਲੇ ਲੈਂਦੇ ਸਨ। ਅਜ਼ਾਦੀ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਵੀ ਰਾਮਰਾਜ ਦੀ ਕਲਪਨਾ ਕੀਤੀ ਸੀ। ਉਹਨਾਂ ਦਾ ਮਤ ਸੀ ਕਿ ਪਿੰਡ ਪੱਧਰ ਤੋਂ ਵਿਕਾਸ ਲਈ ਨੁੰਮਾਇੰਦੇ ਚੁਣੇ ਜਾਣ। ਜਿੰਨਾ ਚਿਰ ਪਿੰਡ ਵਾਸੀਆਂ ਨੂੰ ਵਿਕਾਸ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਉੱਨੀ ਦੇਰ ਪਿੰਡਾਂ ਦਾ ਵਿਕਾਸ ਸਾਰਥਿਕ ਤਰੀਕੇ ਨਾਲ ਨਹੀਂ ਹੋ ਸਕਦਾ। ਅਜ਼ਾਦੀ ਤੋਂ ਬਾਅਦ ਪਿੰਡ ਦੇ ਲੋਕਾਂ ਲਈ 1952 ਵਿੱਚ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਇਆ ਗਿਆ।ਜਿਸ ਦਾ ਉਦੇਸ਼ ਪਿੰਡ ਦਾ ਸਰਬਪੱਖੀ ਵਿਕਾਸ ਸੀ।ਇਸ ਤਹਿਤ ਪਿੰਡਾਂ ਦੇ ਸਮੂਹ ਨੂੰ ਇੱਕ ਬਲਾਕ ਅਧੀਨ ਸੰਗਠਤ ਕੀਤਾ ਗਿਆ।ਇਸ ਲਈ ਬਲਾਕ ਵਿਕਾਸ ਦੇ ਪ੍ਰਸ਼ਾਸਨ ਦੀ ਇਕਾਈ ਮੰਨੀ ਗਈ ਹੈ।ਇਹ ਵਰਤਾਰਾ ਅੱਜ ਤੱਕ ਚੱਲਦਾ ਹੈ।
                    "ਲੋੜ ਕਾਂਢ ਦੀ ਮਾਂ"ਦੇ ਕਥਨ ਅਨੁਸਾਰ ਪਿੰਡ ਦੇ ਵਿਕਾਸ ਲਈ ਜਿਵੇਂ ਜਿਵੇਂ ਗਤੀ ਤੇਜ਼ ਹੁੰਦੀ ਗਈ ਤਿਵੇਂ ਤਿਵੇਂ ਪੈਦਾ ਤਰੁੱਟੀਆਂ ਨੂੰ ਸੁਧਾਰਨ ਲਈ ਯਤਨ ਵੀ ਅਰੰਭ ਹੋਏ।1952 ਦੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਨੂੰ ਸੁਧਾਰਨ ਲਈ 1957 ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਗਠਿਤ ਕੀਤੀ ਗਈ।ਇਸ ਕਮੇਟੀ ਨੇ ਸਿਫਾਰਸ਼ ਕੀਤੀ ਕਿ,"ਵਿਕਾਸ ਦੇ ਪ੍ਰਭਾਵਿਤ ਪ੍ਰੋਗਰਾਮ ਲਈ ਪ੍ਰਬੰਧਕੀ ਵਿਕੇਂਦਰੀਕਰਨ ਜ਼ਰੂਰੀ ਹੈ ਅਤੇ ਪ੍ਰਬੰਧਕੀ ਵਿਕੇਂਦਰੀਕਰਨ ਚੁਣੇ ਹੋਏ ਨੁਮਾਇੰਦੇ ਦੇ ਕੰਟਰੋਲ ਹੇਠ ਆਉਣਾ ਜ਼ਰੂਰੀ ਹੈ ਕਿਉਂਕਿ ਜ਼ਿੰਮੇਵਾਰੀ ਅਤੇ ਪਾਵਰ ਤੋਂ ਬਿਨਾਂ ਵਿਕਾਸ ਪ੍ਰਗਤੀ ਨਹੀਂ ਕਰ ਸਕਦਾ ਉਦੋਂ ਹੀ ਵਿਕਾਸ ਨੂੰ ਕਮਿਊਨਿਟੀ ਡਿਵੈਲਪਮੈਂਟ ਕਿਹਾ ਜਾ ਸਕਦਾ ਹੈ ਜਦੋਂ ਕਮਿਊਨਿਟੀ ਸਮੱਸਿਆਵਾਂ ਅਤੇ ਜ਼ਿੰਮੇਵਾਰੀ ਨੂੰ ਸਮੇਂ ਅਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਲੌੜੀਂਦੇ ਪਾਵਰ ਦਾ ਇਸਤੇਮਾਲ ਕਰੇ ਅਤੇ ਲੋਕਲ ਪ੍ਰਸ਼ਾਸਨ ਤੇ ਨਜ਼ਰ ਰੱਖੇ"ਇਸ ਵਿੱਚ ਦਫ਼ਤਰੀ ਅਤੇ ਫੀਲਡ ਸਟਾਫ ਦੋ ਸ਼੍ਰੇਣੀਆਂ ਰੱਖੀਆਂ ਗਈਆਂ।ਇਹ ਲੌੜੀਂਦੇ ਨਤੀਜੇ ਨਹੀਂ ਦੇ ਸਕੇ ਕਿਉਂਕਿ ਇਸ ਵਿੱਚ ਆਮ ਆਦਮੀ ਨੇ ਰੁਚੀ ਨਹੀਂ ਦਿਖਾਈ।
       ਇਸੇ ਲੜੀ ਤਹਿਤ ਪੰਚਾਇਤੀ ਰਾਜ ਨੂੰ ਸਾਫ ਸੁਥਰਾ, ਜ਼ਿੰਮੇਵਾਰ ਅਤੇ ਉਦੇਸ਼ ਪੂਰਤੀ ਲਈ 1977 ਵਿੱਚ ਅਸ਼ੋਕ ਮਹਿਤਾ ਕਮੇਟੀ ਬਣਾਈ ਗਈ।ਜਿਸ ਨੇ ਇਹ ਨਤੀਜਾ ਦਿੱਤਾ ਕਿ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਰਾਜਨੀਤੀ ਰੋੜਾ ਬਣਦੀ ਹੈ। ਪੰਚਾਇਤੀ ਰਾਜ ਸੰਸਥਾਵਾਂ ਨੂੰ ਫੈਸਲਾ ਲੈਣ ਲਈ ਪਾਵਰਾਂ ਦਿੱਤੀਆਂ ਜਾਣ।ਇਕਨਾਮਿਕ ਪਲਾਨਿੰਗ ਲਈ ਜ਼ਿਲ੍ਹੇ ਨੂੰ ਯੂਨਿਟ ਮੰਨਿਆ ਜਾਵੇ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਪ੍ਰਸ਼ਾਸਨ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ।
ਪੰਚਾਇਤੀ ਅਦਾਰਿਆਂ ਨੂੰ ਹੋਰ ਵੀ ਗਤੀਸ਼ੀਲ ਬਣਾਉਣ ਲਈ 1985 ਵਿੱਚ ਜੀ.ਵੀ.ਕੇ.ਰਾਓ ਕਮੇਟੀ ਗਠਿਤ ਕੀਤੀ ਗਈ ।ਇਸ ਨੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਬਲਾਕ ਨੂੰ ਵਿਕਾਸ ਦਾ ਧੁਰਾ ਮੰਨਿਆ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਕੋਆਰਡੀਨੇਟਰ ਮੰਨਿਆ।ਇਸ ਤੋਂ ਤੁਰੰਤ ਬਾਅਦ 1986 ਵਿੱਚ ਐਸ.ਐਮ.ਐਸ ਸਿੰਘਵੀ ਕਮੇਟੀ ਗਠਿਤ ਕੀਤੀ ਗਈ।ਇਸ ਨੇ ਪਿੰਡ ਅਤੇ ਗ੍ਰਾਮ ਸਭਾ ਨੂੰ ਲੋਕਤੰਤਰ ਦਾ ਅਧਿਕਾਰ ਕਰਾਰ ਦਿੱਤਾ। ਪੰਚਾਇਤੀ ਰਾਜ ਸੰਸਥਾਵਾਂ ਨੂੰ ਸਵੈ ਸਰਕਾਰ ਦਾ ਦਰਜਾ ਦਿੱਤਾ।ਇਸ ਨਾਲ ਪੰਚਾਇਤੀ ਰਾਜ ਦੇ ਸਵੈਮਾਣ ਵਿੱਚ ਵਾਧਾ ਹੋਇਆ।ਇਸ ਵਿੱਚ ਲੋਕਾਂ ਦੀ ਭਾਗੇਦਾਰੀ, ਪਲਾਨਿੰਗ ਅਤੇ ਵਿਕਾਸ ਜ਼ਰੂਰੀ ਪ੍ਰਕਿਰਿਆ ਹੈ।ਇਸ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦੀ ਮਿਆਦ ਪੂਰੀ ਹੋਣ ਤੋਂ ਇਹਨਾਂ ਦਾ ਕਾਰਜਕਾਲ ਤੁਰੰਤ ਖ਼ਤਮ ਹੋਣਾ ਚਾਹੀਦਾ ਹੈ।ਇਸ ਸਭ ਦੇ ਵਰਤਾਰੇ ਅਤੇ ਨਿਚੋੜ ਤੋਂ ਬਾਅਦ ਪੰਚਾਇਤੀ ਰਾਜ ਐਕਟ ਹੋਂਦ ਵਿੱਚ ਆਇਆ।ਇਸ ਦੇ ਨਾਲ ਪੰਚਾਇਤੀ ਜ਼ਮੀਨ ਦੀ ਰਾਖੀ ਲਈ ਪੰਜਾਬ ਵਿਲੇਜ਼ ਕਾਮਨ ਲੈਂਡ ਐਕਟ ਵੀ ਹੈ।
        ਇਹ ਐਕਟ ਹਕੀਕਤ ਵਿੱਚ ਲੋਕਾਂ ਦੀ ਭਾਗੀਦਾਰੀ ਬਣਾਉਂਦਾ ਹੈ।ਇਸ ਨਾਲ ਵਿਕਾਸ ਦੇ ਕੰਮਾਂ ਦੀ ਪਾਰਦਰਸ਼ਤਾ ਬਣੀ ਰਹਿੰਦੀ ਹੈ। ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਗ੍ਰਾਮ ਸਭਾ ਦਾ ਹਰੇਕ ਮੈਂਬਰ ਇਸ ਪ੍ਰਤੀ ਜਾਗਰੂਕ ਹੋਵੇ ਤਾਂ ਜੋ ਪਿੰਡ ਦਾ ਵਿਕਾਸ ਸਮਾਂਬੱਧ ਅਤੇ ਨਿਯਮਬੱਧ ਹੋ ਸਕੇ। ਇਹਨਾਂ ਕਮੇਟੀਆਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਬਲਾਕ ਤੇ ਫੋਕਸ ਕੀਤਾ ਗਿਆ ਹੈ। ਪੰਜਾਬ ਪੰਚਾਇਤੀ ਰਾਜ ਐਕਟ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਇਸ ਐਕਟ ਦੀ ਧਾਰਾ 216 ਤਹਿਤ ਪੈਸੇ ਦੀ ਕੁਵਰਤੋਂ ਰੋਕਣ ਅਤੇ ਰਿਕਵਰੀ ਕਰਨ ਲਈ ਪਾਵਰ ਦਿੱਤੀ ਗਈ ਹੈ।ਇਸ ਐਕਟ ਦੀ ਧਾਰਾ 218 ਨੇਕ ਨੀਅਤ ਨਾਲ ਕੀਤੀ ਕਾਰਵਾਈ ਨੂੰ ਕਨੂੰਨੀ ਪ੍ਰਕਿਰਿਆ ਤੋਂ ਬਾਹਰ ਕਰਦਾ ਹੈ।ਹਰ ਸਾਲ ਪੰਚਾਇਤੀ ਰਾਜ ਦਿਵਸ ਮਨਾਉਣ ਨਾਲ ਬੁੱਤਾ ਸਾਰਨ ਨਾਲੋਂ ਗ੍ਰਾਮ ਸਭਾ ਦੇ ਹਰ ਮੈਂਬਰ ਨੂੰ ਇਸ ਐਕਟ ਪ੍ਰਤੀ ਜਾਗਰੂਕ ਅਤੇ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਪੰਚਾਇਤੀ ਰਾਜ ਐਕਟ ਦੀ ਮਹੱਤਤਾ ਬਣੀ ਰਹੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445
24ਅਪਰੈਲ ਪੰਚਾਇਤੀ ਦਿਵਸ ਲਈ ਵਿਸ਼ੇਸ਼

ਕੋਇਲ ਕੁਕੇਂਦੀ ਆ ਗਈ - ਸੁਖਪਾਲ ਸਿੰਘ ਗਿੱਲ

ਕੋਇਲ ਸਾਹਿਤ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲਾ ਪੰਛੀ ਹੈ। ਇਸ ਤੋਂ ਇਲਾਵਾ ਇਹ ਸੈਲਾਨੀ ਪੰਛੀ ਵੀ ਹੈ। ਅੰਬਾਂ ਨੂੰ ਬੂਰ ਪੈਣ ਅਤੇ ਵਿਸਾਖ ਮਹੀਨੇ ਤੋਂ ਇਸ ਦੀ ਸੁਰੀਲੀ ਰਹਿਬਰ ਸ਼ੁਰੂ ਹੋ ਜਾਂਦੀ ਹੈ।ਇਸ ਪ੍ਰਸੰਗ ਵਿੱਚ ਭਾਈ ਵੀਰ ਸਿੰਘ ਜੀ ਨੇ ਪੁੱਖਤਾ ਕੀਤਾ ਹੈ:-
" ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾਈ ਗਈ,
ਉੱਚੜ-ਓ-ਚਿੜੀ ਲਾ ਗਈ,
ਹੁਣ ਜੀ ਨਾ ਲੱਗਦਾ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ"
       ਰੰਗ ਰੂਪ ਕਾਂ ਨਾਲ ਮਿਲਦਾ ਜੁਲਦਾ ਹੈ।ਇਹ ਚਲਾਕੀ ਨਾਲ ਆਪਣੇ ਅੰਡੇ ਕਾਂ ਦੇ ਘੁਰਨੇ ਵਿੱਚ ਦਿੰਦੀ ਹੈ। ਬੱਚੇ ਪੈਦਾ ਹੋ ਕੇ ਉਹ ਕੋਇਲਾਂ ਵਿੱਚ ਰਲ ਜਾਂਦੇ ਹਨ।ਇਹ ਪੱਖ ਮਾਂ ਦੀ ਮਮਤਾ ਦੇ ਪੱਖ ਨੂੰ ਝੂਠਾ ਸਾਬਤ ਕਰਦਾ ਹੈ।ਜੀਵ ਵਿਗਿਆਨ ਨੂੰ ਨਕਾਰਦਾ ਹੈ। ਇਸੇ ਲਈ ਕਿਹਾ ਵੀ ਜਾਂਦਾ ਹੈ,"ਕਾਂਵਾ ਦੇ ਕਾਂਵੀ, ਕੋਇਲਾ ਦੇ ਕੋਇਲੀ"
ਨਰ ਮਾਦਾ ਕੋਇਲ ਦੀ ਦਿੱਖ ਵਿੱਚ ਫਰਕ ਹੁੰਦਾ ਹੈ।ਨਰ ਕੋਇਲ ਗਾਉਂਦੀ ਹੈ ਮਾਦਾ ਚੁੱਪ ਰਹਿੰਦੀ ਹੈ। ਬਾਗ਼ ਅਤੇ ਪੁੰਗਰੀਆਂ ਪ੍ਰਕਿਰਤੀ ਨਾਲ ਕੋਇਲ ਦਾ ਗੂੜ੍ਹਾ ਸੰਬੰਧ ਹੈ। ਬਾਗਾਂ ਦੀ ਖੁਸ਼ਬੂ ਅਤੇ ਕੋਇਲ ਇੱਕ ਦੂਜੇ ਨੂੰ ਨਿਹਾਰਦੇ ਹਨ।ਇਹਨਾਂ ਵਿੱਚ ਇਹ ਪੰਛੀ ਸੁਰੀਲੀ ਆਵਾਜ਼ ਨਾਲ ਦਸਤਕ ਦਿੰਦੀ ਹੈ। ਇਸੇ ਕਰਕੇ ਪੰਜਾਬ ਦੀ ਸੁਰੀਲੀ ਆਵਾਜ਼ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਦਾ ਰੁਤਬਾ ਦਿੱਤਾ ਗਿਆ ਹੈ। ਕੋਇਲ ਦੀ ਆਵਾਜ਼ ਇਸ ਨੂੰ ਵੱਖਰੀ ਪਹਿਚਾਣ ਵੀ ਦਿੰਦੀ ਹੈ।
ਰੰਗ ਕਾਲਾ,ਜੀਭ ਗੁਲਾਬੀ ਅਤੇ ਆਵਾਜ਼ ਵਿੱਚੋਂ ਹੀ ਸਾਹਿਤਕ ਵੰਨਗੀਆਂ ਉੱਪਜਦੀਆਂ ਹਨ।ਇਹੀ ਹਰ ਸਾਲ ਕੋਇਲ ਨੂੰ ਤਰੋਤਾਜ਼ਾ ਕਰਦੀਆਂ ਹਨ।ਜੀਵ ਨੂੰ ਪ੍ਰਭੂ ਮਿਲਾਪ ਅਤੇ ਵਿਛੋੜੇ ਦੀ ਉਦਾਹਰਣ ਜ਼ਰੀਏ ਬਾਬਾ ਫ਼ਰੀਦ ਜੀ ਨੇ ਇਉਂ ਅੰਕਤ ਕੀਤਾ ਹੈ:-
" ਕਾਲੀ ਕੋਇਲ ਤੂ ਕਿਤ ਗੁਨ ਕਾਲੀ,
ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ"
         ਪੁਰਾਣੇ ਸਮਿਆਂ ਤੋਂ ਦੱਖਣੀ ਏਸ਼ੀਆ ਦੇਸ਼ਾਂ ਵਿੱਚ ਸਭ ਤੋਂ ਵੱਧ ਸਾਹਿਤ ਨੂੰ ਰੂਪਮਾਨ ਕਰਨ ਵਾਲਾ ਪੰਛੀ ਵੀ ਹੈ। ਸੁਣਿਆ ਜਾਂਦਾ ਹੈ ਪਰ ਦੇਖਿਆ ਘੱਟ ਜਾਂਦਾ ਹੈ।ਇਹ ਆਪਣੀ ਸੁਰੀਲੀ ਆਵਾਜ਼ ਪੱਤਿਆਂ ਵਿੱਚ ਲੁਕ ਕੇ ਗਾਉਂਦਾ ਹੈ। ਚਾਣਕਿਆ ਨੀਤੀ ਵਿੱਚ ਵੀ ਕਿਹਾ ਜਾਂਦਾ ਹੈ ਕਿ ਕੋਇਲਾਂ ਉਂਦੋ ਤੱਕ ਹੀ ਚੁੱਪ ਦਿਨ ਕੱਟਦੀਆਂ ਹਨ ਜਦ ਤੱਕ ਉਹ ਲੋਕਾਂ ਨੂੰ ਖੁਸ਼ ਕਰਨ ਵਾਲੀ ਆਵਾਜ਼ ਨਹੀਂ ਕੱਢਦੀਆਂ।
 ਲਾਲਾ ਧਨੀ ਰਾਮ ਚਾਤ੍ਰਿਕ ਨੇ ਕੋਇਲ ਨੂੰ ਇਉਂ ਸਿਰਜਿਆ ਹੈ:-
" ਨੀ ਕੋਇਲੇ ਕੂ ਊ ਕੂ ਊ ਗਾ,
ਕੰਠ ਤੇਰੇ ਵਿੱਚ ਸੁਰ ਪੰਚਮ ਦਾ,
ਇਸ਼ਕ ਅਮੀਰ ਰਸ ਦੇ ਪ੍ਰੀਤਮ ਦਾ,
ਪੀਆ ਨੂੰ ਮਿਲਣ ਦਾ ਚਾਅ,
ਪਰ ਹਨ ਕਾਲੇ ਤਦ ਕੀ ਡਰ ਹੈ,
ਕਾਲਿਆਂ ਨੂੰ ਅਪਣਾਉਂਦਾ ਹਰ ਹੈ,
ਹਿਰਦਾ ਹੋਵੇ ਸਫ਼ਾ ਨੀ ਕੋਇਲ-------"
   ਇਹ ਸੁਰੀਲਾ ਪੰਛੀ ਮੌਸਮ ਅਨੁਸਾਰ ਹਰ ਵਰ੍ਹੇ ਆਪਣੀ ਸੁਰੀਲੀ ਆਵਾਜ਼ ਨਾਲ ਵੱਖਰੀ ਪਹਿਚਾਣ ਬਣਾਉਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਲਿੰਗ ਅਨੁਪਾਤ,ਸਮਾਜ ਅਤੇ ਸਰਕਾਰੀ ਉਪਰਾਲੇ - ਸੁਖਪਾਲ ਸਿੰਘ ਗਿੱਲ

ਸਮਾਜ ਵਿੱਚ ਸੰਤੁਲਨ ਬਣਾਈ ਰੱਖਣ ਲਈ ਲਿੰਗ ਅਨੁਪਾਤ ਬੇਹੱਦ ਜ਼ਰੂਰੀ ਹੈ।ਇਸ ਤੋਂ ਪਹਿਲਾਂ ਸਾਨੂੰ ਲਿੰਗ ਅਨੁਪਾਤ ਬਾਰੇ ਸਮਝਣਾ ਪਵੇਗਾ। ਲਿੰਗ ਅਨੁਪਾਤ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਹੁੰਦੀ ਹੈ। ਮੈਡੀਕਲ ਮਾਹਰਾਂ ਅਨੁਸਾਰ ਨਰ ਮਾਦਾ ਲਿੰਗ ਅਨੁਪਾਤ 50:50 ਹੁੰਦਾ ਹੈ। ਲਿੰਗ ਅਨੁਪਾਤ ਸਮਾਜ ਦੀ ਕਿਤਾਬ ਦਾ ਪਹਿਲਾ ਵਰਕਾ ਹੁੰਦਾ ਹੈ।ਇਸ ਦੇ ਵਿਗੜਨ ਨਾਲ ਸਮਾਜ ਵਿੱਚ ਵਿਗਾੜ ਪੈਦਾ ਹੁੰਦਾ ਹੈ ਇਸ ਵਿਗਾੜ ਪਿੱਛੇ ਵਿਗੜੀ ਸੰਸਕ੍ਰਿਤੀ ਹੁੰਦੀ ਹੈ।ਇਹ ਦਿਸ਼ਾ ਅਤੇ ਦਸ਼ਾ ਅਸੀਂ ਹੰਢਾਈ ਵੀ ਹੈ। ਸਾਡੀ ਸੰਸਕ੍ਰਿਤੀ ਵਿੱਚ 105 ਮੁੰਡਿਆਂ ਪਿੱਛੇ 100 ਕੁੜੀਆਂ ਦਾ ਜਨਮ ਹੋਣਾ ਚਾਹੀਦਾ ਹੈ। ਲਿੰਗ ਅਨੁਪਾਤ ਵਿੱਚ ਸਭ ਤੋਂ ਵੱਡਾ ਮੁੱਦਾ ਮਾਦਾ ਲਿੰਗ ਅਨੁਪਾਤ ਨਾਲ ਹੁੰਦਾ ਹੈ। ਮਾਦਾ ਲਿੰਗ ਨੂੰ ਪਰੇ ਕਰਨ ਲਈ ਹਰ ਸੋਚ ,ਹਰਬਾ- ਜ਼ਰਬਾ ਭਾਰੂ ਹੁੰਦਾ ਹੈ। ਮਾਦਾ ਭਰੂਣ ਮਾਰਨ ਲਈ ਨਰ ਨੂੰ ਪੈਦਾ ਕਰਨ ਲਈ ਸਾਧਾਂ ਦੇ ਡੇਰਿਆਂ, ਦਾਈਆਂ,ਟਰੇਂਡ ਦਾਈਆਂ ਅਤੇ ਝੋਲਾ ਛਾਪ ਡਾਕਟਰਾਂ ਵੱਲ ਰੁੱਖ ਕੀਤਾ ਜਾਂਦਾ ਹੈ।ਇਸ ਵਿਸ਼ੇ ਤੇ ਖਿਲਵਾੜ ਦੀ ਕੋਸ਼ਿਸ਼ ਅੱਜ ਵੀ ਹੁੰਦੀ ਹੈ ਇਸ ਦੀ ਤਾਂਘ ਵੀ ਰਹਿੰਦੀ ਹੈ।ਗੱਲ ਇੰਨੀ ਹੈ ਕਿ ਪਹਿਲਾਂ ਗਲ ਵਿੱਚ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ ਫਿਰ ਸਾਇੰਸ ਨੇ ਤਰੱਕੀ ਕਰਕੇ ਛੁਰੀਆਂ ਕਟਾਰੀਆਂ ਨਾਲ ਮਾਦਾ ਭਰੂਣ ਮਾਰੇ ਗਏ। ਲਿੰਗ ਅਨੁਪਾਤ ਨੂੰ ਸਭ ਤੋਂ ਵੱਧ ਮਾਰ ਸੋਚ ਅਤੇ ਭਰੂਣ ਹਤਿਆਵਾਂ ਨੇ ਮਾਰੀ।ਇੱਕ ਵਾਰ ਤਾਂ ਭਰੂਣ ਹਤਿਆਵਾਂ ਨੇ ਲਿੰਗ ਅਨੁਪਾਤ ਦੀ ਪ੍ਰੀਭਾਸ਼ਾ ਹੀ ਲਿੰਗ ਗਰਭਪਾਤ ਬਣਾ ਦਿੱਤੀ ਸੀ।ਇਸ ਪਿੱਛੇ ਸਮਾਜ ਦੀ ਸੋਚ,ਦਾਜ, ਦਰਿੰਦਗੀ ਅਤੇ ਅਣਖ ਵੱਡੇ ਕਾਰਨ ਹਨ।ਲੱਖ ਉਪਰਾਲਿਆਂ ਦੇ ਬਾਵਜੂਦ ਸੋਚ ਅੱਜ ਵੀ ਉੱਥੇ ਹੀ ਖੜ੍ਹੀ ਹੈ।
 ਭਾਰਤ ਵਿੱਚ ਲਿੰਗ ਅਨੁਪਾਤ 929:1000 ਹੈ।ਭਾਰਤ ਦੇ ਪਿੰਡਾਂ ਵਿੱਚ ਲਿੰਗ ਅਨੁਪਾਤ 950:1000 ਹੈ ਜਦ ਕਿ ਸ਼ਹਿਰਾਂ ਵਿੱਚ 918:1000 ਹੈ ਇਸ ਪਿੱਛੇ ਸ਼ੰਕਾਵਾਂ ਹਨ ਕਿ ਸ਼ਹਿਰਾਂ ਦੇ ਲੋਕ ਜ਼ਿਆਦਾ ਪਹੁੰਚ ਰੱਖਦੇ ਹਨ ਇਸ ਲਈ ਅੱਜ ਵੀ ਦਾਂਇਓ-ਬਾਂਇਓ ਹੀਲਾ ਕਰ ਲੈਂਦੇ ਹਨ।ਇਸ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਆਮ ਪਾੜਾ ਦਿੱਖਦਾ ਹੈ।ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਆਲਮੀ ਪੱਧਰ ਤੇ ਲਿੰਗ ਅਨੁਪਾਤ 1:1 ਹੋਣਾ ਚਾਹੀਦਾ ਹੈ। ਪੰਜਾਬ ਵਿੱਚ 2016-17ਵਿੱਚ 888 ਕੁੜੀਆਂ ਪਿੱਛੇ 1000 ਮਰਦ ਹਨ।ਇਹ ਅੰਕੜਾ 2020 -21 ਵਿੱਚ 919:1000 ਹੋ ਗਿਆ ਸੀ।ਇਹ ਵਾਧਾ ਸਰਕਾਰ ਦੇ ਉਪਰਾਲਿਆਂ ਦਾ ਨਤੀਜਾ ਹੈ।ਭਾਰਤ ਵਿੱਚ 1951 ਤੋਂ 2011 ਤੱਕ ਮਾਦਾ ਭਰੂਣ ਨੀਵੇਂ ਪੱਧਰ ਤੇ ਹੀ ਰਿਹਾ ਪਰ 2011ਦੀ ਜਨ ਗਣਨਾ ਅਨੁਸਾਰ ਵੀ ਇਹ ਡਾਟਾ 100:111 ਰਿਹਾ ਹੈ।ਇਸ ਵਿੱਚ ਕੁੱਝ ਤਰੁਟੀਆਂ ਵੀ ਹੋ ਸਕਦੀਆਂ ਹਨ।1980 ਤੋਂ 2010 ਤੱਕ ਇੱਕ ਕਰੋੜ ਭਰੂਣ ਹਤਿਆਵਾਂ ਹੋਈਆਂ।ਇਸ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਫੁਰਮਾਨ ਆਪ ਮੁਹਾਰੇ ਮੂੰਹੋਂ ਨਿਕਲ ਆਉਂਦੇ ਹਨ:-
"ਏਤੀ ਮਾਰ ਪਈ ਕਰਲਾਣੈ, ਤੈ ਕੀ ਦਰਦ ਨ ਆਇਆ"
   ਅਬਾਦੀ ਦਾ ਲਿੰਗ ਅਨੁਪਾਤ ਕੁਦਰਤੀ ਕਾਰਕਾ, ਹਾਲਾਤਾਂ, ਦਵਾਈਆਂ, ਜੰਗ ਦੇ ਪ੍ਰਭਾਵ, ਗਰਭਪਾਤ ਅਤੇ ਰਜਿਸਟਰ ਦੀਆਂ ਤਰੁੱਟੀਆਂ ਕਰਕੇ ਵੀ ਪ੍ਰਭਾਵਿਤ ਹੁੰਦਾ ਹੈ। ਪੰਜਾਬ ਚ ਲਿੰਗ ਅਨੁਪਾਤ 918 ਦਰਜ ਕੀਤਾ ਗਿਆ ਹੈ ਜਦੋਂ ਕਿ ਜ਼ਿਲ੍ਹਾ ਕਪੂਰਥਲਾ ਸਭ ਤੋਂ ਉੱਪਰ 987 ਨਾਲ ਰਿਹਾ ਜਦਕਿ ਇਸ ਹੀ ਜ਼ਿਲ੍ਹੇ ਦੀ ਦਰ 2023 ਵਿੱਚ 992 ਸੀ। ਚਲੋ ਖੈਰ। ਮੁਸਲਿਮ ਭਾਈਚਾਰੇ ਵਾਲਾ ਮਲੇਰਕੋਟਲਾ ਵੀ961 ਦੀ ਦਰ ਨਾਲ ਉੱਚਾ ਰਿਹਾ। ਇਹਨਾਂ ਜ਼ਿਲਿਆਂ ਦੀ ਪ੍ਰਫਾਰਮੈਂਸ ਸ਼ਾਨਦਾਰ ਰਹੀ। ਪਠਾਨਕੋਟ ਦੀ ਦਰ ਸਭ ਤੋਂ ਘੱਟ 864 ਰਹੀ।ਇਹ ਜ਼ਰੂਰੀ ਚਿੰਤਾ ਦਾ ਵਿਸ਼ਾ ਹੈ। ਅੰਕੜੇ ਦੇਣੇ ਜ਼ਰੂਰੀ ਹੁੰਦਾ ਹੈ ਇਸ ਨਾਲ ਮੁਕਾਬਲੇਬਾਜ਼ੀ ਹੋਣ ਕਰਕੇ ਵੀ ਅਗਲੇ ਵਰ੍ਹੇ ਲਈ ਲੋਕ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਉਂਦੇ ਹਨ। ਸਮੇਂ ਦੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਤੇ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਵੀ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਦੀ ਪ੍ਰਸੰਸਾ ਲਿੰਗ ਅਨੁਪਾਤ ਵਧਾਉਣ ਲਈ ਪਾਰਲੀਮੈਂਟ ਵਿੱਚ ਕੀਤੀ ਸੀ। ਉਹਨਾਂ ਵਲੋਂ ਲਿੰਗ ਅਨੁਪਾਤ ਤੇ ਚਿੰਤਾ ਜ਼ਾਹਰ ਕੀਤੀ ਸੀ। ਭਰੂਣ ਹਤਿਆਵਾਂ ਤੇ ਚਿੰਤਾ ਲਈ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀ:-
" ਆ ਜਾ ਮਾਂਏਂ ਗੱਲਾਂ ਕਰੀਏ ਕੰਮ ਦੀਆਂ,
ਰਾਜਗੁਰੂ, ਸੁਖਦੇਵ,ਭਗਤ ਸਿੰਘ ਮਾਂਵਾਂ ਹੀ ਨੇ ਜੰਮਦੀਆਂ,
ਕੀ ਪਤਾ ਮੈਂ ਜੰਮਦਿਆਂ ਅਗੰਮੜਾ ਮਰਦ ਨੀ ਮਾਂਏ,
ਪੇਟ ਵਿੱਚ ਨਾ ਕਤਲ ਕਰਾਈਂ,ਏਹੀ ਮੇਰੀ ਅਰਜ਼ ਨੀ ਮਾਂਏ"
       ਜਦੋਂ ਲਿੰਗ ਅਨੁਪਾਤ ਨਾਲ ਛੇੜਛਾੜ ਦੇ ਨਤੀਜੇ ਆਉਂਣ ਲੱਗੇ ਤਾਂ ਅਫ਼ਰਾ ਤਫਰੀ ਮਚੀ ਸੀ।ਜਿਸ ਤਰ੍ਹਾਂ ਸਮਾਜ ਨੂੰ ਚਲਾਉਣ ਲਈ ਨਿਯਮਾਂਵਲੀ ਹੁੰਦੀ ਹੈ ਉਸ ਤਹਿਤ ਹੀ 1994 ਵਿੱਚ ਭਰੂਣ ਦੀ ਜਾਂਚ ਨੂੰ ਗੈਰਕਨੂੰਨੀ ਵਾਲਾ ਪੀ.ਸੀ.ਪੀ.ਐਨ.ਡੀ.ਟੀ ਕਨੂੰਨ ਬਣਿਆ ਉਸ ਸਮੇਂ ਹੀ ਪਹਿਲੀ ਵਾਰ ਭਰੂਣ ਦੀ ਪ੍ਰੀਭਾਸ਼ਾ ਨਿਰਧਾਰਤ ਹੋਈ ਸੀ।ਇਸ ਤੋਂ ਪਹਿਲਾਂ 1870 ਵਿੱਚ ਬਸਤੀਵਾਦੀ ਸਾਮਰਾਜ ਵਿੱਚ ਵੀ ਭਰੂਣ ਹਤਿਆਵਾਂ ਰੋਕਣ ਦਾ ਕਨੂੰਨ ਬਣਿਆ ਸੀ।ਸਾਡੀ ਸੰਸਕ੍ਰਿਤੀ ਬਰਾਬਰ ਕੋਈ ਨਹੀਂ ਹੈ।ਇੱਥੇ ਕੰਨਿਆ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੈ ਵਿਆਹ ਨੂੰ ਕੰਨਿਆਂ ਦਾਨ ਕਿਹਾ ਜਾਂਦਾ ਹੈ। ਸਿੱਖ ਧਰਮ ਵਿੱਚ ਕੁੜੀਮਾਰ ਨਾਲ ਰਾਬਤਾ ਨਾ ਰੱਖਣ ਦਾ ਹੁਕਮ ਹੈ। ਗੁਰੂ ਨਾਨਕ ਦੇਵ ਜੀ ਨੇ ਬਹੁਤ ਸਮਾਂ ਪਹਿਲਾਂ ਹੀ ਜਾਗਰੂਕ ਕੀਤਾ ਸੀ:-
" ਸੋ ਕਿਓ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ"
2017 ਵਿੱਚ ਯੂ ਐਨ ਓ ਨੇ ਵਿਕਾਸ ਟਿਕਾਊ ਟੀਚਿਆਂ ਵਿੱਚ ਲਿੰਗ ਅਨੁਪਾਤ ਨੂੰ ਦਰਜ਼ ਕੀਤਾ ਸੀ।ਭਾਰਤ ਵਿੱਚ ਭਰੂਣ ਹਤਿਆਵਾਂ 1970 ਤੋਂ 1994 ਤੱਕ ਬੇਰੋਕ ਬੇਟੋਕ ਚੱਲਦੀਆਂ ਰਹੀਆਂ। ਲੱਖਾਂ ਮਾਦਾ ਭਰੂਣ ਮਾਰੇ ਗਏ ਸਨ।
 2015 ਵਿੱਚ ਭਾਰਤ ਸਰਕਾਰ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰੋਗਰਾਮ ਪਾਣੀਪਤ ਤੋਂ ਚਲਾਇਆ ਇਸ ਲਈ 644 ਕਰੋੜ ਜਾਰੀ ਕੀਤੇ। ਪਹਿਲੇ 161ਜਿਲਿਆਂ ਵਿੱਚ ਚਲਾਇਆ ਇਸ ਪ੍ਰੋਗਰਾਮ ਨੇ ਬਣਦਾ ਹਿੱਸਾ ਪਾਇਆ । ਸਾਰਥਿਕ ਸਾਬਿਤ ਹੋਇਆ। ਭਲਵਾਨਾਂ ਵਾਲੇ ਅੰਦੋਲਨ ਨੇ ਇਸ ਦੀ ਫੂਕ ਜ਼ਰੂਰ ਕੱਢੀ ਸੀ। ਸਰਕਾਰ ਨਾਲ ਲੋਕਾਂ ਦੀ ਸ਼ਮੂਲੀਅਤ ਵੀ ਰਹੀ। ਪੰਜਾਬ ਵਿੱਚ ਭਰੂਣ ਹਤਿਆਵਾਂ ਦੇ ਦੋਸ਼ੀ ਫੜਨ ਨਾਲ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਦਾ ਹੈ। ਪਿਛਲੇ ਸਾਲਾਂ ਚ ਸੱਠ ਦੋਸ਼ੀ ਗਿਰਫ਼ਤਾਰ ਕੀਤੇ, ਚੋਦਾਂ ਅਲਟਰਾਸਾਊਂਡ ਸੀਲ ਕੀਤੇ। ਫੜਾਉਣ ਵਾਲੇ ਨੂੰ ਪੰਜਾਹ ਹਜ਼ਾਰ ਦਿੱਤਾ ਜਾਂਦਾ ਹੈ।ਸੁਧਰੀ ਸਥਿੱਤੀ ਵਿੱਚ ਚਾਲ ਢਾਲ ਨਰਮ ਪੈ ਜਾਂਦੀ ਹੈ।ਹੁਣ ਦਲੀਲਾਂ ਹਨ ਕਿ ਹਰ ਗਰਭਵਤੀ ਮਹਿਲਾ ਦੀ ਜਾਣਕਾਰੀ ਰੱਖੀ ਜਾਵੇ। ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ 2015-16 ਵਿੱਚ 12.1ਫੀਸਦੀ ਔਰਤਾਂ ਦੇ ਕੁੜੀਆਂ ਦੇ ਮੁਕਾਬਲੇ ਮੁੰਡੇ ਦੀ ਇੱਛਾ ਰੱਖਦੀਆਂ ਹਨ।ਇਹੀ ਅੰਕੜਾ ਹਰਿਆਣਾ ਵਿੱਚ 15.41ਹੈ।2019-20 ਇਹ ਅੰਕੜਾ ਪੰਜਾਬ ਵਿੱਚ 8.3 ਫੀਸਦੀ ਹਰਿਆਣਾ ਵਿੱਚ 10.41 ਸੀ।15-16 ਵਿੱਚ ਕੁੜੀਆਂ ਦੀ ਇੱਛਾ ਸ਼ਕਤੀ ਦੀ ਦਰ ਪੰਜਾਬ ਵਿੱਚ 1.9 ਫੀਸਦੀ ਸੀ 20-21 ਵਿੱਚ ਇਹ ਦਰ 6.9 ਸੀ। ਪੰਜਾਬ ਵਿੱਚ ਔਰਤ ਕੇਵਲ 13.25 ਫ਼ੀਸਦ ਮਰਦ 55.5 ਕੰਮ ਕਾਜ ਕਰਦੇ ਹਨ।ਜੋ ਘਰ ਚ ਆਰਥਿਕ ਯੋਗਦਾਨ ਪਾਉਂਦੀਆਂ ਹਨ ਉਹਨਾਂ ਦਾ ਰੁੱਤਬਾ ਵੱਧ ਹੁੰਦਾ ਹੈ।ਇਸ ਲਈ ਵੀ ਲਿੰਗ ਅਨੁਪਾਤ ਨੂੰ ਗ੍ਰਹਿਣ ਲੱਗਿਆ ਹੈ।
      ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹਨ।ਇਸ ਲਈ ਇਹੀ ਸੋਚ ਪਾੜੇ ਠੀਕ ਕਰ ਸਕਦੀ ਹੈ। ਰੂੜੀਵਾਦੀ ਵਿਚਾਰਾਂ ਨੂੰ ਹਟਾਉਣਾ ਚਾਹੀਦਾ ਹੈ। ਵੰਸ਼ ਵਾਦ ਦਾ ਫੰਡਾ ਵੀ ਹਟਣਾ ਚਾਹੀਦਾ ਹੈ। ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਹੈ।ਇਸ ਲਈ ਲਿੰਗ ਅਨੁਪਾਤ ਸੋਚ ਤੇ ਅਧਾਰਿਤ ਹੋਣ ਕਰਕੇ ਸੋਚ ਬਦਲਣ ਨਾਲ ਹੀ ਲਿੰਗ ਅਨੁਪਾਤ ਸਹੀ ਬਣਿਆ ਰਹਿ ਸਕਦਾ ਹੈ।ਆਓ ਭਰੂਣ ਹਤਿਆਵਾਂ ਰੋਕਣ ਨੂੰ ਸੋਚ ਚ ਵਸਾਈਏ ਤਾਂ ਜੋ ਲਿੰਗ ਅਨੁਪਾਤ ਆਪਣੇ ਆਪ ਬਰਾਬਰ ਬਣ ਜਾਵੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੁਤ ।।” - ਸੁਖਪਾਲ ਸਿੰਘ ਗਿੱਲ

ਕੁਦਰਤ ਨੇ ਜੀਉਣ ਲਈ ਹੀਲੇ ਨਾਲ ਵਸੀਲੇ ਬਣਾਏ ਹਨ । ਮਨੁੱਖ ਨੇ ਇਹਨਾਂ ਵਸੀਲਿਆਂ ਨੂੰ ਖਤਮ ਕਰਨ ਲਈ ਆਤਮਘਾਤ ਪੈਦਾ ਕੀਤਾ । ਇਸੇ ਪ੍ਰਸੰਗ ਵਿੱਚ ਵਾਤਾਵਰਨ ਦਾ ਵਿਸ਼ਾ ਆਉਂਦਾ ਹੈ । ਜੀਵਾ ਅਤੇ ਬਨਸਪਤੀ ਦੇ ਮਾਹੌਲ ਨਾਲ ਆਪ ਸੀ ਸੰਬੰਧਾਂ ਦਾ ਦੂਜਾ ਨਾਮ ਹੁੰਦਾ ਹੈ ਵਾਤਾਵਰਨ । ਇਸ ਨਾਲ ਖਿਲਵਾੜ ਕਰਨਾ ਗੁਨਾਹ ਹੈ । ਕੁਦਰਤ ਦਾ ਸੰਤੁਲਨ ਬਣਾਉਣ ਲਈ ਹਰ ਕੋਈ ਰਟੀ ਜਾਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ । ਇੱਥੋਂ ਤੱਕ ਕਿ ਗੁਰੂਆਂ ਦੇ ਮਹਾਨ ਫ਼ਲਸਫੇ ਨੂੰ ਵੀ ਨਹੀਂ ਮੰਨਦੇ । ਵਾਤਾਵਰਨ ਸੰਬੰਧੀ ਦਿਨ ਦਿਹਾੜੇ ਮਨਾਂ ਕੇ ਬੁੱਤਾ ਸਾਰ ਲਿਆ ਜਾਂਦਾ ਹੈ । ਵੰਗਾਰਾਂ ਪ੍ਹਤੱਖ ਹਨ ,  ਪਰ ਫਿਰ ਵੀ ਅਸੀਂ ਨਹੀਂ  ਸਮਝਦੇ । ਵਾਤਾਵਰਨ ਤੇ ਮਨੁੱਖ ਦੇ ਅਟੁੱਟ ਰਿਸ਼ਤੇ ਹਨ । ਹਵਾ ਪਾਣੀ ਅਤੇ ਧਰਤੀ ਮਾਂ ਨੂੰ ਦੂਸ਼ਿਤ ਕਰਕੇ ਮਾਨਵਜਾਤੀ ਦੀ ਸਿਹਤ ਖੁਦ ਸਹੇੜੀਆਂ ਅਲਾਮਤਾਂ ਕਰਕੇ ਖਤਰੇ ਵਿੱਚ ਹੈ।
ਫਰਵਰੀ 2007 ਵਿੱਚ ਪੈਰਿਸ ਵਿੱਚ ਵਾਤਾਵਰਨ ਕਾਨਫਰੰਸ ਆਯੋਜਿਤ ਕੀਤੀ ਗਈ ।ਇਸ ਵਿੱਚ ਉੱਘੇ ਵਿਗਿਆਨੀਆਂ ਨੇ ਕਿਹਾ ਕਿ ਜੇ ਹੁਣ ਵੀ ਗਰੀਨ ਹਾਊਸ ਨੂੰ ਜ਼ਹਿਰੀਲੀਆਂ ਗੈਸਾਂ ਤੋਂ ਨਾ ਬਚਾ ਸਕੇ ਫਿਰ ਸਾਡੇ ਕੋਲ ਪਛਤਾਉਣ ਲਈ ਕੋਈ ਸਮਾਂ ਨਹੀਂ ਹੋਵੇਗਾ । ਵਾਤਾਵਰਨ ਨੂੰ ਹਵਾ ਪਾਣੀ ਅਤੇ ਧਰਤੀ ਮਾਤਾ ਤੋਂ ਵੱਖ ਨਹੀਂ ਕਰ ਸਕਦੇ । ਜੇ ਇਹਨਾਂ ਤਿੰਨਾਂ ਮੁੱਦਿਆਂ ਤੇ ਵਿਚਾਰ ਹੋਵੇ ਤਾਂਹੀ ਵਾਤਾਵਰਨ ਸਲਾਮਤ ਰਹੇਗਾ । ਇਹ ਤਿੰਨੇ ਤੱਥ ਇੱਕ ਦੂਜੇ ਦੇ ਸਹਾਇਕ ਵਜੋਂ ਕੰਮ ਕਰਦੇ ਹਨ ।ਪੰਜਾਬ ਵਿੱਚ 9 ਪ੍ਰਤੀਸ਼ਤ ਤੋ ਘੱਟ ਰਕਬਾ ਜੰਗਲਾਂ ਅਧੀਨ ਹੈ।ਜਦੋਂ ਕਿ ਇਹ 33 ਫੀਸਦੀ ਚਾਹੀਦਾ ਹੈ।ਰੁੱਖ ਸਾਫ ਹਵਾ ਦਿੰਦੇ ਹਨ।ਦੂਸ਼ਿਤ ਹਵਾ ਨਾਲ ਭਾਰਤ ਵਿੱਚ ਹਜ਼ਾਰਾਂ ਮੌਤਾਂ ਹੁੰਦੀਆਂ ਹਨ।ਪੰਜਾਬ ਵਿੱਚ ਲੁਧਿਆਣਾ ਜਿਲ੍ਹਾ ਸੰਬੰਧੀ 1997—98 ਵਿੱਚ ਇੱਕ ਰਿਪੋਰਟ ਆਈ ਸੀ ਜਿਸ ਮੁਤਾਬਿਕ ਇੱਥੇ ਦੋ ਸੌਂ ਪੰਜਾਹ ਕਰੋੜ ਦਾ ਮੈਡੀਕਲ ਵਪਾਰ ਹੋਇਆ।ਆਲਮੀ ਪੱਧਰ ਤੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਾਤਾਵਰਨ ਬਾਰੇ ਇੱਕ ਰਾਏ ਨਹੀਂ ਬਣ ਸਕੀ।ਇਸਨੂੰ ਬਹੁਤਾ ਪੜਚੋਲਿਆ ਪਰ ਤੋਲਿਆ ਘੱਟ ਗਿਆ।ਤਾਪਮਾਨ ਵੱਧਣ ਕਰਕੇ ਵਾਤਾਵਰਨ ਦੀ ਤਬਦੀਲੀ ਵਿੱਚ 70 ਪ੍ਰਤੀਸ਼ਤ ਯੋਗਦਾਨ ਹੈ।ਪ੍ਰਾਇਮਰੀ ਸਿੱਖਿਆ ਤੋਂ ਪੜਾਇਆ ਜਾਂਦਾ ਹੈ ਕਿ ਸਾਹ ਲੈਣ ਵਾਸਤੇ ਆਕਸੀਜਨ ਜ਼ਰੂਰੀ ਹੁੰਦੀ ਹੈ।ਜਿਸ ਦਾ ਉਤਪੰਨ ਰੁੱਖਾਂਤੋਂ ਹੁੰਦਾ ਹੈ।ਰੁੱਖ ਕਾਰਬਨਡਾਈਆਕਸਾਈਡ ਜ਼ਜਬ ਕਰਦੇ ਹਨ ਅਤੇ ਆਕਸੀਜਨ ਛੱਡ ਦੇ ਹਨ ਪਰ ਰੁੱਖਾਂ ਹੇਠੋਂ ਰਕਬਾ ਘੱਟਣ ਦਾ ਸਿਲਸਿਲਾ, ਸਿਲਸਿਲੇਵਾਰ ਜਾਰੀ ਹੈ।ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਕੋਲ ਪ੍ਰਤੀ ਵਿਅਕਤੀ 8953 , ਰੂਸ ਕੋਲ 4461, ਅਮਰੀਕਾ ਕੋਲ 716, ਚੀਨ ਕੋਲ 102, ਭਾਰਤ ਕੋਲ ਮਹਿਜ ਸਿਰਫ 28 ਰੁੱਖ ਹਨ।ਜਦੋਂ ਕਿ ਫਾਰੈਸਟ ਸਰਵੇ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 20 ਹਜ਼ਾਰ ਹੈਕਟੇਅਰ ਵਾਧੇ ਦੀ ਸ਼ਿਫਾਰਸ਼ ਹੈ।
ਸਾਹਿਤਕ ਪੱਖ ਤੋਂ ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਦਿਲ ਟੁੰਬਵੀਂ ਕਵਿਤਾ ਹੈ :—
“ ਸਾਂਝੀ ਬੋਲੀ ਸਭ ਰੁੱਖਾਂ ਦੀ, ਦਿਲ ਕਰਦਾ ਲਿਖ ਜਾਵਾਂ,
ਮੇਰਾ ਵੀ ਇਹ ਦਿਲ ਕਰਦਾ ਏ, ਰੁੱਖ ਦੀ ਜ਼ੂਨੇ ਆਵਾਂ,
ਜੇ ਤੁਸੀ ਮੇਰਾ ਗੀਤ ਏ ਸੁਣਨਾ, ਮੈਂ ਰੁੱਖਾਂ ਵਿੱਚ ਗਾਵਾਂ,
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜੀਊਣ ਰੁੱਖਾਂ ਦੀ ਛਾਵਾਂ।”
ਰੁੱਖਾਂ ਦੀ ਕਟਾਈ ਨਾਲ 66 ਹਜ਼ਾਰ ਜੀਵਾ—ਜੰਤੂਆਂ ਅਤੇ ਪੌਦਿਆਂ ਦੀਆਂ ਨਸਲਾਂ ਨੂੰ ਖਤਰਾ ਹੈ।ਗੱਲ ਸਮਝਣੀ ਪਊ ਜੇ ਰੁੱਖ ਹੈ ਤਾਂ ਮਨੁੱਖ ਹੈ।ਰੁੱਖ ਅਤੇ ਕੁੱਖ ਦਾ ਸਮਾਜਿਕ ਮੇਲ ਵੀ ਕੀਤਾ ਜਾ ਸਕਦਾ ਹੈ।ਪਹਿਲੀ ਕਿਲਕਾਰੀ ਤੋਂ ਅਰਥੀ ਤੱਕ ਰੁੱਖਾਂ ਨਾਲ ਵਾਹ—ਵਾਸਤਾ ਪੈਂਦਾ ਹੈ।
ਧਰਤੀ ਦਾ ਵੀ ਵਾਤਾਵਰਨ ਲਈ ਮਹੱਤਵ ਹੈ।ਧਰਤੀ ਮਾਤਾ ਫਸਲਾਂ ਅਤੇ ਨਸਲਾਂ ਉੱਤੇ ਦਇਆ ਭਾਵਨਾ ਰੱਖਦੀ ਹੈ।ਇਸ ਵਿੱਚ ਵੀ ਲੱਖਾਂ ਟੰਨ ਜ਼ਹਿਰਾਂ ਅਤੇ ਰਸਾਇਣ ਘੋਲ ਦਿੱਤੇ ਗਏ ਹਨ।ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਪਰ ਉਸੇ ਦੀ ਚੁੰਨੀ ਵੀ ਉਤਾਰੀ ਜਾਂਦੇ ਹਾਂ।ਸੋਨਾ ਉਪਜਦੀ ਧਰਤੀ ਹੁਣ ਮਨੁੱਖੀ ਜਾਨਾਂ ਲਈ ਮਾਰੂ ਹੋ ਰਹੀ ਹੈ।ਧਰਤੀ ਦੀ ਸਿਹਤ ਖਰਾਬ ਤਾਂ ਮਨੁੱਖਤਾ ਦੀ ਸਿਹਤ ਆਪਣੇ ਆਪ ਖਰਾਬ ਹੋ ਜਾਂਦੀ ਹੈ।ਧਰਤੀ ਮਾਤਾ ਦੀ ਪੁਕਾਰ ਇਉਂ ਸੁਣੋ:—
“ ਕਦੇ—ਕਦੇ ਦਿਲ ਹੈ ਕਰਦਾ, ਲੋਕਾਂ ਵਰਗੀ ਹੋ ਜਾਵਾਂ,
ਹਾਂ ਮਾਂ ਧਰਤੀ , ਕਿਵੇਂ ਧੀਆਂ ਪੁੱਤਰਾਂ ਉੱਤੇ ਕਹਿਰ ਕਮਾਵਾਂ।”
ਮਨੁੱਖ ਨੇ ਧਰਤੀ ਨਾਲ ਧ੍ਰੋਹ ਕਮਾਇਆ ਪਰ ਧਰਤੀ ਨੇ ਆਸਰਾ ਹੀ ਦਿੱਤਾ।ਧਰਤੀ ਅਤੇ ਮਾਂ ਦਾ ਮਨੁੱਖ ਹਮੇਸ਼ਾ ਕਰਜਈ ਰਹੇਗਾ।ਮਨੁੱਖ ਮਿੱਟੀ ਵਿੱਚੋਂ ਉਪਜ ਕੇ , ਮਿੱਟੀ ੳੱੁਤੇ ਖੇਲ ਕੁੱਦ ਕੇ ,ਮਿੱਟੀ ਵਿੱਚ ਹੀ ਸਮਾ ਜਾਂਦਾ ਹੈ।
“ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”।ਇਹ ਕੁਦਰਤ ਦੀ ਦੇਣ ਹੈ ਇਸ ਤੋਂ ਬਿਨ੍ਹਾਂ ਜੀਵਨ ਅਸੰਭਵ ਹੈ।ਪਾਣੀ ਧਰਤੀ ਅਤੇ ਰੁੱਖਾਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ।ਮਨੁੱਖੀ ਸਿਹਤ ਲਈ ਵੀ ਬੇਹੱਦ ਜ਼ਰੂਰੀ ਹੈ।ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੁਣੇ ਹੀ ਧਰਤੀ ਹੇਠੋਂ ਪਾਣੀ ਤੇ ਪੱਧਰ ਨੂੰ ਨੀਵਾਂ ਹੋਣ ਤੋ ਰੋਕਣ ਲਈ ਧਰਤੀ ਦੇ ਪੁੱਤਰਾਂ ਲਈ ਝੋਨੇ ਦੀ ਸਿੱਧੀ ਬਿਜਾਈ ਵਾਸਤੇ 1500/— ਰੁਪਏ ਵਿੱਤੀ ਸਹਾਇਤਾ ਦੀ ਮੰਨਜ਼ੂਰੀ ਦਿੱਤੀ ਹੈ।ਇਸ ਨਾਲ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਗਾਏ ਗੀਤ ਤੇ ਪਹਿਰਾ ਦਿੱਤਾ ਹੈ :—
“ਚੱਕ ਤੇ ਟਿੱਬੇ ਲਾਤਾ ਝੋਨਾ, ਧਰਤੀ ਕਹਿੰਦੇ ਉਗਲੇ ਸੋਨਾ,
ਸਬਮਰਸੀਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ,
ਰੇਹਾਂ ਪ਼ਾ ਸਪਰੇਆਂ ਕਰਕੇ, ਮੰਡੀਆਂ ‘ਚ ਲਾ ਦਿੱਤੀਆਂ ਢੇਰੀਆਂ,
ਕਿੱਕਰਾਂ, ਟਾਹਲੀਆਂ, ਬੇਰੀਆਂ ਅੱਜ—ਕੱਲ੍ਹ ਦਿਖਦੀਆਂ ਨਹੀਂ।”
ਹਰ ਸਾਲ ਧਰਤੀ ਜਲ ਅਤੇ ਰੁੱਖਾਂ ਸੰਬੰਧੀ ਦਿਵਸ ਮਨ੍ਹਾਂ ਕੇ ਸਾਰ ਲਿਆ ਜਾਂਦਾ ਹੈ ਪਰ ਇਹ ਤਿੰਨੋਂ ਚੀਜ਼ਾਂ ਮਨੁੱਖ ਦੀ ਪੁੱਟੀ ਕਬਰ ਨਾਲ ਮਨੁੱਖ ਲਈ ਹੀ ਵੰਗਾਰ ਬਣ ਚੁੱਕੀਆਂ ਹਨ।ਉੱਘੇ ਵਾਤਾਵਰਨਪ੍ਰੇਮੀ ਲੈਸਟਰ ਬਰਾਊਨ ਨੇ ਕਿਹਾ ਸੀ “ਤੇਲ ਦੀਆਂ ਵਧਦੀਆਂ ਕੀਮਤਾਂ ਤੇ ਮੁੱਕ ਰਹੇ ਭੰਡਾਰ ਤੇ ਚਿੰਤਤ ਹੋ ਰਹੇ ਹਾਂ ਪਰ ਪੰਪਾਂ ਦੀ ਬੇਲੋੜੀ ਵਰਤੋਂ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਨਾ ਕਿਤੇ ਗੰਭੀਰ ਹੈ।” ਇਸ ਤੇ ਪਹਿਰਾ ਦੇਣਾ ਚਾਹੀਦਾ ਹੈ ਇਕੱਲੇ ਪੰਜਾਬ ਵਿੱਚ 15 ਲੱਖ ਤੋਂ ਉੱਪਰ ਟਿਊਬਵੈੱਲ ਹਨ।ਪੰਜਾਬ ਦੇ 75 ਫੀਸਦੀ ਬਲਾਕਾਂ ਵਿੱਚ ਜ਼ਮੀਨ ਦਾ ਪਾਣੀ ਡਾਰਕ ਜ਼ੋਨ ਘੋਸ਼ਿਤ ਕੀਤਾ ਹੋਇਆ ਹੈ।ਸਾਲ 2025 ਤੱਕ ਸੂਬੇ ਦੇ 90 ਫੀਸਦੀ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 10 ਮੀਟਰ ਤੋਂ ਹੇਠਾਂ ਹੋ ਜਾਵੇਗਾ। ਸਾਲ 2005 ਵਿੱਚ ਹੀ 60 ਪ੍ਰਤੀਸ਼ਤ ਖੂਹ ਸੁੱਕ ਗਏ ਸਨ।ਇਸ ਲਈ ਵਾਤਾਵਰਨ ਸੰਬੰਧੀ ਵਿਸ਼ੇਸ਼ ਪਹਿਲੂਆਂ ਤੇ ਚਰਚਾ ਕਰਨ ਦੀ ਵਧੇਰੇ ਲੋੜ ਹੈ।ਸਾਡੇ ਗੁਰੂਆਂ ਨੇ ਸਂੈਕੜੇ ਸਾਲ ਇਸ ਸਿਰਲੇਖ ਅਧੀਨ ਸਭ ਕੁੱਝ ਦਰਸਾ ਦਿਤਾ ਸੀ ਕਿ :— “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।।”
ਆਓ ਓਠੋ, ਸੰਭਲੋ , ਹੰਭਲਾ ਮਾਰ ਕੇ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਈਏੇ।ਇਸ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਦੀਆਂ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾਕਲਾਂ

ਚੇਤਿ ਗੋਵਿੰਦੁ ਅਰਾਧੀਐ - ਸੁਖਪਾਲ ਸਿੰਘ ਗਿੱਲ

ਨਾਨਕ ਸ਼ਾਹੀ ਬਿਕਰਮੀ ਸੰਮਤ ਦੇ ਪਹਿਲੇ ਮਹੀਨੇ ਚੇਤ ਵਿਚ ਪ੍ਰਕ੍ਰਿਤੀ ਦੀ ਰੋਣਕ ਪਰਤ ਆਉਂਦੀ ਹੈ। ਇਸ ਰੌਣਕ ਵਿੱਚੋਂ ਅਗਿਆਤ ਦਾ ਇਹ ਫੁਰਨਾ ਪੁੱਖਤਾ ਸਾਬਤ ਹੁੰਦਾ ਹੈ " ਖੇਤ ਮੇਰੀ ਜਿੰਦਗੀ ਨੇ , ਖੇਤ ਮੇਰੀ ਆਸ ਹਨ, ਕਿੰਨੀ ਸੁੰਦਰਤਾ ਵਿੱਛੀ ਇਹ ਲਹਿਲਾਉਂਦੇ ਖੇਤਾਂ ਵਿੱਚ" ਧਰਤੀ ਦੇ ਮਨਮੋਹਣ ਦ੍ਰਿਸ਼ ਨੂੰ ਚੇਤ ਮਹੀਨੇ ਵਿਚ ਪੁੰਗਰੀ ਪ੍ਰਕ੍ਰਿਤੀ ਹੋਰ ਵੀ ਸੁਹਾਵਣਾ ਬਣਾਉਂਦੀ ਹੈ। ਇਸ ਮਹੀਨੇ ਵੱਖਰੀਆ ਰੋਣਕਾਂ , ਪੌਣਾਂ, ਖ਼ੁਸ਼ਬੋਈਆਂ ਅਤੇ ਪ੍ਭਾਤਾਂ ਵੱਖਰੇ ਸੁਨੇਹੇ ਦਿੰਦੀਆਂ ਹਨ । ਪ੍ਰਕ੍ਰਿਤੀ ਨੂੰ ਪੁੰਗਰਨ ਵਿਚ ਇਸ ਦੇਸੀ ਮਹੀਨੇ ਦਾ ਖਾਸ ਮਹੱਤਵ ਹੈ "ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਏ" ਚੇਤ ਮਹੀਨੇ ਕਣਕ ਹਰੀ ਤੋਂ ਸੁਨਹਿਰੀ ਰੰਗ ਵੱਲ ਮੁੜ ਜਾਂਦੀ ਹੈ।ਕੋਇਲ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰਕਿਰਤੀ ਵਿੱਚ ਲੁਕ ਛਿਪ ਕੇ ਗਾਣੇ ਗਾਉਂਦੀ ਹੈ।ਮੌਸਮ ਦਾ ਲਿਹਾਜ਼ ਤਪਸ਼ ਵੱਲ ਵੱਧਦਾ ਹੈ।
         ਅਧਿਆਤਮਕ ਪੱਖ ਤੋਂ ਚੇਤ ਮਹੀਨੇ ਦਾ ਖਾਸ ਮਹੱਤਵ ਹੈ। ਰੁੱਤਾਂ , ਤਿੱਥਾਂ, ਦਿਨ, ਤਰੀਕਾਂ ਅਤੇ ਮੌਸਮ ਦੇ ਹੇਰ ਫੇਰ ਨਾਲ ਚੇਤ ਮਹੀਨਾਂ ਵੱਖਰਾ ਪ੍ਰਭਾਵ ਛੱਡਦਾ ਹੈ | ਮਹਾਨ ਗੁਰਬਾਣੀ ਵਿੱਚ ਬਾਰਾਂ ਮਾਹਾਂ ਵਿੱਚ ਚੇਤ ਮਹੀਨੇ ਨੂੰ ਇਉਂ ਅੰਕਿਤ ਕੀਤਾ ਗਿਆ ਹੈ।  
      "ਚੇਤਿ ਗੋਵਿੰਦ ਅਰਾਧੀਐ , ਹੋਵੇ ਅਨੰਦ ਘਣਾ॥
    ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਇਸ ਤੋਂ ਇਲਾਵਾ ਚੇਤ ਮਹੀਨੇ ਦਾ ਵਰਣਨ ਇਸ ਤਰ੍ਹਾ ਵੀ ਮਿਲਦਾ ਹੈ,
       " ਚੇਤਿ ਬਸੰਤ ਭਲਾ ਭਵਰ ਸੁਹਾਵੜੇ ,                       
 ਬਨ ਫੂਲੇ ਮੰਝ ਬਾਰਿ ਮੈਂ, ਪਿਰਮ ਘਰ ਬਾਹੁੜੇ"
        " ਕੱਤਕ ਕੂੰਜਾਂ ਚੇਤਿ ਡਉ, ਸਾਵਣਿ ਬਿਜੁਲੀਆਂ
          ਸੀਆਲੇ ਸੋਹੰਦੀਆਂ, ਪਿਰ ਗਲਿ ਬਾਹੜੀਆਂ"
      ਹਿੰਦੂ ਧਰਮ ਨਾਲ ਇਸ ਮਹੀਨੇ ਦਾ ਖਾਸ ਸੰਬੰਧ ਹੈ। ਵਰਤ ਅਤੇ ਨੁਵਰਾਤਰੇ ਇਸ ਮਹੀਨੇ ਆਉਦੇ ਹਨ। ਨਰਾਤਿਆਂ ਵਿੱਚ, ਦੁਰਗਾ ਪੂਜਾ ਕੀਤੀ ਜਾਂਦੀ ਹੈ। ਇਸ ਮਹੀਨੇ ਮੱਸਿਆ ਦਾ ਵੀ ਵਿਸ਼ੇਸ ਮਹੱਤਵ ਹੁੰਦਾ ਹੈ। ਇਸ ਸ਼ੁੱਭ ਮੌਕੇ ਤੇ ਇਸ਼ਨਾਨ, ਧਿਆਨ, ਭਗਵਾਨ ਸ਼ਿਵ ਦੀ ਪੂਜਾ, ਜਪ, ਤਪੱਸਿਆ ਅਤੇ ਦਾਨ ਕੀਤੇ ਜਾਂਦੇ ਹਨ। ਪਿਤਰਾਂ ਨਾਲ ਵੀ ਇਸ ਮਹੀਨੇ ਦਾ ਸੰਬੰਧ ਹੈ।ਚੇਤ ਚੋਦਸ ਨੂੰ ਪਿਹੋਵਾ, ਕੁਰੂਕਸ਼ੇਤਰ ਵਿੱਚ ਮੇਲਾ ਲੱਗਦਾ ਹੈ। ਲੋਕ ਇਸ ਮੇਲੇ ਚ ਪਿਤਰ ਪੂਜਦੇ ਹਨ।
       ਸਰਦੀ ਦੇ ਝੰਬਿਆ ਤੋਂ ਬਾਅਦ ਥੋੜੀ ਗਰਮੀ ਅਤੇ ਤਪਸ਼ ਮਹਿਸੂਸ ਹੁੰਦੀ ਹੈ। ਇਹ ਮਹੀਨਾ "ਤਬਦੀਲੀ ਕੁਦਰਤ ਦਾ ਨਿਯਮ ਹੈ" ਵਾਲੇ ਤੱਥ ਨੂੰ ਸਹੀ ਠਹਿਰਾਉਂਦਾ ਹੈ। ਕਈ ਤਰ੍ਹਾਂ ਦੀ ਤਬਦੀਲੀ ਨਜ਼ਰ ਪੈਂਦੀ ਹੈ। ਪਾਪੂਲਰ, ਅੰਬ, ਨਿੰਬੂ ਜਾਤੀ ਅਤੇ ਹੋਰ ਪ੍ਰਾਕ੍ਰਿਤੀ ਪੂੰਗਰਦੀ ਹੋਈ ਸਵਰਗ ਦਾ ਭੁਲੇਖਾ ਪਾਉਂਦੀ ਹੈ।
               " ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ,
        ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
        ਪੁੰਗਰੀਆਂ ਵੇਲਾਂ, ਵੇਲਾਂ ਰੁਖੀਂ ਚੜ੍ਹੀਆਂ,
        ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ"
ਸੱਭਿਆਚਾਰ ਅਤੇ ਸਾਹਿਤਕ ਪੱਖ ਤੋਂ ਇਹ ਮਹੀਨਾ ਕਲਮਾਂ ਨੂੰ ਹੁਲਾਰਾ ਦਿੰਦਾ ਹੈ। ਪ੍ਰਾਕ੍ਰਿਤੀ ਸੁਹਾਗਮਈ ਹੁੰਦੀ ਹੈ ।ਮਾਹੀ ਨੂੰ ਮੁਖ਼ਾਤਿਬ ਕਰਕੇ ਫਿਰੋਜ਼ਦੀਨ ਸ਼ਰਫ਼ ਨੇ ਚੇਤ ਨੂੰ ਇਉਂ ਚਿਤਰਿਆ:-
          "ਚੇਤਰ ਚੈਨ ਨਾ ਆਵੇ ਦਿਲ ਨੂੰ,
          ਤੇਰੇ ਵਾਜੋ ਪਿਆਰੇ ਜੀ ਹਾਂ ਮੈ ਤੇਰੇ ਦਰ ਦੀ
          ਬਰਦੀ,
 ਮਲੇ ਤੇਰੇ ਦੁਆਰੇ ਹੈ ਜੀ,
ਤੇਰੇ ਬਾਝੋਂ ਡੁੱਬਦੀ ਬੇੜੀ ਕਿਹੜਾ ਮੇਰੀ ਤਾਰੇ ਜੀ"
           
       '' ਫੱਗਣ ਖੰਭ ਲਪੇਟ ਕੇ, ਗੁੰਮਿਆ ਵਿੱਚ ਅਨੰਤ,
       ਚੇਤ ਤੇ ਝਾਤੀ ਪਾਉਂਦਿਆ, ਚਾਮਲ ਗਈ ਬਸੰਤ"
ਚੇਤ ਮਹੀਨਾ  ਕਾਫੀ ਕੁੱਝ ਨਿਵੇਕਲਾ ਨਾਲ ਲੈ ਕੇ ਆਉਂਂਦਾ ਹੈ। ਵਿਸਾਖੀ ਦਾ ਮੇਲਾ ਅਤੇ ਕਣਕ ਦੀ ਆਮਦ ਵੱਲ ਰਸਤਾ ਤੈਅ ਕਰਦਾ ਹੋਇਆ, ਸਮਾਜਿਕ ਖੁਸਹਾਲੀ ਨੂੰ ਉਜਾਗਰ ਕਰਦਾ, ਨਿਤ ਦਿਨ ਨਵੇ ਰੰਗ ਬਦਲਦਾ ਚੇਤ ਮਹੀਨਾ ਪ੍ਰਕਿਰਤੀ ਤੇ ਝਾਤੀ ਮਾਰਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ - ਸੁਖਪਾਲ ਸਿੰਘ ਗਿੱਲ

ਉਦਾਸੀ ਡਿਪਰੈਸ਼ਨ ਇੱਕ ਭਾਵਨਾਤਮਕ ਦਰਦ ਹੁੰਦਾ ਹੈ ਜਿਸ ਦਾ ਸਬੰਧ ਭਾਵਨਾਤਮਿਕ ਨਿਰਾਸ਼ਾ ਅਤੇ ਮਾਨਸਿਕ ਬੇਵੱਸੀ ਨਾਲ ਹੁੰਦਾ ਹੈ।ਬੰਦਾ ਚੁੱਪ ਗੁੰਮ ਸੁੰਮ ਰਹਿੰਦਾ ਹੈ। ਜ਼ਿੰਦਗੀ ਸੁਸਤੀ ਨੁਮਾ ਹੰਢਾਉਂਦਾ ਹੈ। ਗੰਭੀਰ ਉਦਾਸੀ ਤੋਂ ਬਾਅਦ ਉਦਾਸੀ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਉਦਾਸ ਰਹਿੰਦੇ ਹਾਂ ਤਾਂ ਸਮਾਜ ਦੇ ਕੁੱਝ ਲੋਕ ਸਾਨੂੰ ਗੱਲਾਂ ਬਾਤਾਂ ਚ ਅਨੁਭਵ ਕਰਦੇ ਹਨ। ਕਈ ਵਾਰ ਬਿਨਾਂ ਕਿਸੇ ਕਾਰਨ ਦੇ ਵੀ ਉਦਾਸੀ ਆ ਜਾਂਦੀ ਹੈ। ਖਿੜਿਆ ਮਨ ਬੇਵਸੀ ਨਾਲ ਉਦਾਸੀ ਵਲ ਚਲਾ ਜਾਂਦਾ ਹੈ।ਇਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।ਮਨ ਦੀਆਂ ਗਿਣਤੀਆਂ ਮਿਣਤੀਆਂ ਉਦਾਸੀ ਨੂੰ ਗੰਭੀਰ ਬਣਾ ਦਿੰਦੀਆਂ ਹਨ ਇਸ ਨਾਲ ਸਹਾਇਕ ਬਿਮਾਰੀਆਂ ਆ ਜਾਂਦੀਆਂ ਹਨ।ਜੀਵਨ ਨੀਰਸ ਅਤੇ ਮਨ ਬੁੱਝਿਆ ਹੋ ਜਾਂਦਾ ਹੈ। ਉਦਾਸੀ ਗੁਣਵਤਾ ਅਤੇ ਸੁਭਾਅ ਨੂੰ ਬਦਲ ਕੇ ਮਨੁੱਖ ਨੂੰ ਅਤੀਤ ਨਾਲੋਂ ਝੰਜੋੜ ਸੁੱਟਦੀ ਹੈ।ਇਸ ਦਾ ਪਤਾ ਲੱਗਣਾ ਅਤੇ ਸਵੈ-ਮੁੰਲਾਂਕਣ ਕਰਨਾ ਅੱਜ ਸਮੇਂ ਦੀ ਲੋੜ ਹੈ।
"ਮਨ ਜੀਤੈ ਜਗੁ ਜੀਤੁ"ਗੁਰਬਾਣੀ ਦੇ ਇਸ ਫੁਰਮਾਨ ਨਾਲ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਸਮਾਨ ਹੈ।ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈ। ਉਦਾਸੀ ਇੱਕ ਗੰਭੀਰ ਬਲਾ ਹੈ।ਇਹ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਮਨੁੱਖ ਨੂੰ ਨਸ਼ਟ ਕਰ ਦਿੰਦੀ ਹੈ। ਸਾਹਮਣੇ ਵਾਲੇ ਬੰਦੇ ਲਈ ਮਜ਼ਾਕ ਦਾ ਪਾਤਰ ਬਣ ਜਾਂਦੀ ਹੈ। ਮਜ਼ਾਕ ਕਰਕੇ ਵੀ ਅਸੀਂ ਇਸ ਨੂੰ ਬਿਮਾਰੀ ਨਹੀਂ ਸਮਝਦੇ।ਹੋਰ ਤਾਂ ਹੋਰ ਇਸ ਕਾਰਨ ਨਸ਼ੇ ਦਾ ਸਹਾਰਾ ਲੈ ਕੇ ਆਰਜ਼ੀ ਖੁਸ਼ੀ ਲੱਭਦੇ ਫਿਰਦੇ ਹਾਂ।ਇੱਕ ਤਾਜ਼ਾ ਨਸ਼ਰ ਰਿਪੋਰਟ ਮੁਤਾਬਕ 15 ਤੋਂ 29 ਸਾਲ ਤੱਕ ਦੇ ਲੋਕ ਇਸ ਤੋਂ ਵੱਧ ਪੀੜਤ ਹਨ ਕਿਉਂਕਿ ਇਹ ਉਮਰ ਭੱਜ ਨੱਠ ਕੇ ਕੁੱਝ ਕਰਨ ਦੀ ਹੁੰਦੀ ਹੈ।ਇਹੀ ਵਿੱਚ ਬੰਦਾ ਗ੍ਰਸ ਜਾਂਦਾ ਹੈ।ਇਸ ਦਾ ਕਾਰਨ ਪਦਾਰਥਵਾਦੀ ਹੋੜ ਵੀ ਹੈ।ਉਂਝ ਹਰ ਵਰਗ ਉੱਪਰ ਡਿਪਰੈਸ਼ਨ ਹਾਵੀ ਹੋ ਚੁੱਕੀ ਹੈ। ਉਦਾਸੀ ਨੂੰ ਪੀੜਤ ਦੇ ਸੁਭਾਅ ਨਾਲ ਜੋੜ ਕੇ ਦੇਖਣਾ ਬੱਜਰ ਗਲਤੀ ਹੈ। ਉਪਰੋਂ ਤੰਦਰੁਸਤ ਅੰਦਰੋਂ ਕੁੱਝ ਹੋਰ ਹੀ ਹੁੰਦਾ ਹੈ। ਅਜਿਹੀ ਸਥਿਤੀ ਸਮਝਣੀ ਚਾਹੀਦੀ ਹੈ।
ਅੰਕੜਿਆਂ ਜ਼ਰੀਏ ਭਾਰਤ ਚ 5 ਕਰੋੜ 60 ਲੱਖ ਲੋਕ ਉਦਾਸੀ ਤੋਂ ਪੀੜਤ ਹਨ। ਅੰਕੜਾ ਵਧ ਵੀ ਹੋ ਸਕਦਾ ਹੈ। ਵੱਡੀਆਂ ਮੈਡੀਕਲ ਸੰਸਥਾਵਾਂ ਕੋਲ ਜਦੋਂ ਮਰੀਜ਼ ਦੀ ਬਿਮਾਰੀ ਸਮਝ ਨਾ ਲੱਗੇ ਤਾਂ ਆਖਰ ਉਹਨਾਂ ਨੂੰ ਮਾਨਸਿਕ ਰੋਗੀ ਵਿਭਾਗ ਵਿੱਚ ਭੇਜਿਆ ਜਾਂਦਾ ਹੈ। ਉੱਥੋਂ ਠੀਕ ਵੀ ਹੋ ਜਾਂਦੇ ਹਨ। ਵਧੀਆ ਜੀਵਨ ਬਸਰ ਕਰਦੇ ਹਨ। ਉਦਾਸੀ ਨਿਤ ਦਿਨ ਵਧਦੀ ਜਾਂਦੀ ਹੈ।ਇਸ ਪਿੱਛੇ ਕਈ ਕਿਆਸੇ ਅਤੇ ਅਣਕਿਆਸੇ ਕਾਰਨ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ 6 ਵਿੱਚੋਂ 1 ਭਾਰਤੀ ਉਦਾਸੀ ਦਾ ਗ੍ਰਸਿਆ ਹੋਇਆ ਹੈ।ਇਸ ਨੂੰ ਯੋਗ ਸਾਧਨਾ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਸਾਡੇ ਮੁਲਕ ਵਿੱਚ ਉਦਾਸੀ ਡਿਪਰੈਸ਼ਨ ਦੇ ਝੰਬੇ ਹਰ ਸਾਲ 1ਲੱਖ ਲੋਕ ਖੁਦਕੁਸ਼ੀ ਵੀ ਕਰ ਲੈਂਦੇ ਹਨ।ਇਹ ਵੀ ਗੰਭੀਰ ਚਰਚਾ ਦਾ ਵਿਸ਼ਾ ਹੈ।ਇਸ ਤੇ ਚਿੰਤਾ ਅਤੇ ਗੰਭੀਰਤਾ ਵਿਖਾਉਣ ਦੀ ਲੋੜ ਹੈ।
     ਉਦਾਸੀ ਦੀ ਇੱਕ ਬੁਰਾਈ ਹੈ ਕਿ ਇਸ ਨੂੰ ਸਵੀਕਾਰ ਕਰਨ ਤੋਂ ਆਨਾਕਾਨੀ ਕਰਦੇ ਹਨ। ਇਹਨਾਂ ਦੀਆਂ ਆਦਤਾਂ ਰੋਜ਼ਾਨਾ ਗਤੀਵਿਧੀਆਂ ਇਹਨਾਂ ਦੀ ਮਾਨਸਿਕ ਸਿਹਤ ਦੀ ਤਰਜਮਾਨੀ ਕਰਦੀਆਂ ਹਨ। ਉਦਾਸੀ ਸ਼ਖ਼ਸੀਅਤ ਨੂੰ ਸੱਟ ਮਾਰਦੀ ਹੈ। ਕਈ ਵਾਰ ਦੇਰ ਹੋਏ ਤੋਂ ਪਤਾ ਚੱਲਦਾ ਹੈ ਕਿ ਇਹ ਆਦਤ ਨਹੀਂ ਬਲਕਿ ਬਿਮਾਰੀ ਹੈ। ਇਕੱਲਤਾ, ਖਾਣਪੀਣ, ਨਸ਼ੇ, ਰਿਟਾਇਰਮੈਂਟ ਅਤੇ ਜੈਨੇਟਿਕ ਇਸ ਅਲਾਮਤ ਦੇ ਵੱਡੇ ਕਾਰਨ ਹਨ।ਅੱਜ ਸਮੇਂ ਦੀ ਮੰਗ ਹੈ ਕਿ ਇਸਨੂੰ ਹਲਕੇ ਵਿੱਚ ਨਾ ਸਮਝੋ,ਨਾ ਡਾਕਟਰ ਤੋਂ ਛੁਪਾਓ ਨਾ ਡਾਕਟਰ ਕੋਲ ਜਾਣ ਤੋਂ ਗ਼ੁਰੇਜ਼ ਕਰੋ।ਇਸ ਅਲਾਮਤ ਨੂੰ ਸਵੀਕਾਰ ਕੇ,ਸੇਧ ਦੇ ਕੇ ਇਲਾਜ ਵੱਲ ਤੌਰਨਾ ਚਾਹੀਦਾ ਹੈ।ਇਹ ਨਕਾਰਾਤਮਿਕਤਾ ਵਿੱਚੋਂ ਕੱਢਣ ਲਈ ਰਾਮਬਾਣ ਹੋਵੇਗਾ।ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਪੈਦਾ ਕਰੋ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਟੁਟੀ ਹੋਈ ਸਤਾਰ ਰਬਾਬੀਆਂ ਦੀ - ਸੁਖਪਾਲ ਸਿੰਘ ਗਿੱਲ

ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈ। ਕਿਤਾਬ ਵਿੱਚ ਅੰਕਿਤ ਹੈ “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ ਉਹ ਰੂਹ ਵੀ ਗੁਆ ਬਹਿੰਦੇ ਹਨ” ਇਹਨਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ। ਇਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ "ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝੱਲਕੇ ਇਉਂ ਲੱਗਦਾ ਹੈ ਕਿ ਝੂਠ ਬੋਲਦਾ ਹੈ"। ਹੌਲੀ –ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲੱਗਦਾ ਹੈ। ਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ “ਕਿ ਭਾਸ਼ਾ ਖੁੱਦ ਸਭਿੱਅਤ ਹੈ" ਇਸੇ ਤਰਜ਼ ਤੇ ਦੇਖੀਏ ਤਾਂ ਮਾਂ ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈ। ਸਾਡੀ ਭਾਸ਼ਾ ਹੀ  ਸੰਪਰਕ ਦਾ ਸਾਧਨ ਬਣਦਾ ਹੈ, ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲੱਗਦਾ ਹੈ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲੱਗਦਾ ਹੈ। ਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ। ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈ। ਇੱਥੋਂ ਤੱਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ ਇਹ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿੱਤਰ ਬਾਰੇ ਇਕ ਦੰਦ ਕਥਾ ਆਉਂਦੀ ਹੈ ਕਿ ਇੱਕ ਤਿੱਤਰ ਤੋਂ ਬਾਅਦ ਦੂਜਾ ਤਿੱਤਰ ਬੋਲਦਾ ਹੈ। ਪਹਿਲਾ ਤਿੱਤਰ ਕਹਿੰਦਾ ਹੈ “ਪਿਦਰਮ ਸੁਲਤਾਨ ਬੂਦ” ਇਸ ਦਾ ਮਤਲਬ ਹੈ ਕਿ ਮੇਰਾ ਪਿਤਾ ਬਾਦਸ਼ਾਹ ਸੁਲਤਾਨ ਹੈ। ਦੂਜਾ ਤਿੱਤਰ ਝੱਟ ਉੱਤਰ ਦਿੰਦਾ ਹੈ “ਤੂਰਾਚ ਤੁਰਾ ਚਿਹ” ਇਸ ਦਾ ਮਤਲਬ ਹੈ ਤੂੰ ਕਿਆ ਹੈ? ਚੱਲੋ ਖੈਰ ਗੱਲ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਸ ਨੂੰ ਚੁਫੇਰਿਓ ਗ੍ਰਹਿਣ ਲੱਗਦਾ ਜਾਂਦਾ ਹੈ। ਕੁੱਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪੰਜਾਬੀ ਨਾਲ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਬੋਲੀ ਸੱਭਿਆਚਾਰ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤਿਰਵੈਣੀ ਹੈ। ਇਸ ਤੋਂ ਬਿਨ੍ਹਾਂ ਉਕਤ ਝੂਠ ਬੋਲਣ ਵਾਲਾ ਸੁਭਾਅ ਵੀ ਪੰਜਾਬੀ ਚੁੱਕੀ ਫਿਰਦੇ ਹਨ। ਪੰਜਾਬੀਆਂ ਦੀ ਇੱਕ ਗੱਲ ਅਜੀਬ ਹੈ ਇਹ ਬਿਨ੍ਹਾਂ ਸੋਚੇ ਸਮੱਝੇ ਮਗਰ ਲੱਗ ਜਾਂਦੇ ਹਨ ਜੇ ਕੋਈ ਅੰਗਰੇਜ਼ੀ ਹਿੰਦੀ ਬੋਲਦਾ ਹੈ ਤਾਂ ਉਸ ਦੀ ਰੀਸ ਕਰਦੇ ਹਨ ਉਸ ਨੂੰ ਆਪਣੇ ਤੋਂ ਮਹਾਨ ਸਮਝਦੇ ਹਨ। ਇਹ ਭੁੱਲ ਜਾਂਦੇ ਹਨ ਕਿ ਇਹ ਉਹਨਾਂ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ। ਮਾਂ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਭਾਸ਼ਾ ਹੁੰਦੀ ਹੈ। ਇਸ ਨੂੰ ਗੁਆ ਕੇ ਰੂਹ ਬੇਜਾਨ ਹੁੰਦੀ ਹੈ। ਇਸ ਨੂੰ ਵਿਸਾਰਨ ਨਾਲ ਮਾਂ ਵਿਸਰ ਜਾਂਦੀ ਹੈ। ਪੰਜਾਬੀ ਅੱਗੇ ਹਿੰਦੀ ਭਾਸ਼ਾ ਬੋਲੀਏ ਤਾਂ ਸਾਹਮਣੇ ਵਾਲੇ ਦੀ ਪ੍ਰਤੀਕ੍ਰਿਆ ਅਤੇ ਚਿਹਰਾ ਦੱਸ ਦਿੰਦਾ ਹੈ। ਖੁਰਾਸਾਨੀ ਦੁਲੱਤੇ ਮਾਰਨ ਵਾਲੇ ਬਹੁਤੇ ਪੰਜਾਬੀ ਸ਼ਹਿਰੀਕਰਨ ਕਰਕੇ ਵੀ ਪੰਜਾਬੀ ਬੋਲਣ ਨੂੰ ਹੀਣਤਾ ਸਮਝਣ ਲੱਗੇ ਹਨ। ਇਸ ਸਰਕਾਰ ਨੇ ਪੰਜਾਬੀ ਬੋਰਡ ਲਾਉਣਾ ਦਾ ਫੈਸਲਾ ਜ਼ਰੂਰ ਕੀਤਾ ਪਰ ਅੱਧਵਾਟੇ ਹੀ ਮੁੱਕ ਗਿਆ। ਰਾਜਨੀਤਿਕ ਸੱਭਿਆਚਾਰ ਵਿੱਚ ਹਮੇਸ਼ਾ ਖੇਤਰੀ ਪਾਰਟੀਆਂ ਨੇ ਆਪਣੀ ਮਾਂ ਬੋਲੀ ਲਈ ਕੁੱਝ ਕਰਨ ਦਾ ਯਤਨ ਕੀਤਾ ਹੈ।ਇਸ ਯਤਨ ਪਿੱਛੇ ਸ਼ਾਇਦ ਉਹਨਾਂ ਦੀ ਰੁਚੀ ਘੱਟ ਬਲਕਿ ਮਜਬੂਰੀ ਵੱਧ ਹੁੰਦੀ ਹੈ। ਇਹਨਾਂ ਦੇ ਬੱਚਿਆਂ ਨੇ ਸਿੱਖਿਆ ਕਿੱਥੋਂ ਲਈ? ਇਸ ਜਵਾਬ ਵਿੱਚ ਸਭ ਕੁੱਝ ਨੰਗਾ ਹੋ ਜਾਵੇਗਾ। ਅੱਜ ਪੰਜਾਬੀਆਂ ਨੇ 6-7 ਬੈਡ ਲੈਣ ਦੇ ਚੱਕਰ ਵਿੱਚ ਪੰਜਾਬੀ ਨੂੰ ਹੋਰ ਦੁਰਕਾਰਿਆ ਉਹਨਾਂ ਦੀ ਮਜਬੂਰੀ ਹੈ ਕਿ ਰਿਜ਼ਕ ਨਾਲ ਭਾਸ਼ਾ ਦਾ ਸੰਬੰਧ ਹੁੰਦਾ ਹੈ।
ਵੰਡ ਨੇ ਪੰਜਾਬੀ ਮਾਂ ਬੋਲੀ ਨੂੰ ਉਧੇੜਿਆਂ। ਪੰਜਾਬੀ ਦਾ ਹਾਲ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ ਵਿੱਚ ਇਕੋ ਜਿਹਾ ਹੈ। ਉੱਥੇ ਉਰਦੂ ਠੋਸਣ ਦੇ ਯਤਨ ਹੁੰਦੇ ਹਨ ਇੱਧਰ ਹਿੰਦੀ ਠੋਸਣ ਦੇ ਯਤਨ ਹੁੰਦੇ ਹਨ। ਮਾਂ ਬੋਲੀ ਪੰਜਾਬੀ ਭਾਸ਼ਾ ਹੀ ਰਹਿੰਦੀ ਹੈ। ਮਾਸੀ ਉਰਦੂ ਹਿੰਦੀ ਕੋਈ ਵੀ ਹੋ ਸਕਦੀ ਹੈ। ਸਤਿਕਾਰ ਬਰਾਬਰ ਹੁੰਦਾ ਹੈ। ਇੱਕ ਵਾਰ ਮੇਰੇ ਸਮਾਜਿਕ ਖੇਮੇ ਵਿੱਚ ਇੱਕ ਫੌਜੀ ਜਵਾਨ ਛੁੱਟੀ ਆਇਆ ਆ ਕੇ ਹਿੰਦੀ ਬੋਲਣ ਲੱਗਿਆ ਨਾਲ ਹੀ ਇੱਕ ਹੋਰ ਚੰਦਨ ਬ੍ਰਾਹਮਣਾਂ ਦਾ ਮੁੰਡਾ ਛੁੱਟੀ ਆਇਆ ਹੋਇਆ ਸੀ ਉਸ ਨੇ ਹਿੰਦੀ ਬੋਲਣ ਵਾਲੇ ਨੂੰ ਟੋਕ ਕੇ ਕਿਹਾ "ਬਸ ਰਹਿਣ ਦੇ ਯਾਰ ਸਾਨੂੰ ਪੰਜਾਬੀ ਆਉਂਦੀ ਹੈ" ਇੱਥੇ ਪੰਜਾਬੀ ਬੋਲੀ ਨਾ ਬੋਲਣਾ ਸਪੱਸ਼ਟ ਖੁਰਾਸਾਨੀ ਦੁਲੱਤਾ ਸੀ। ਕਈ ਪੰਜਾਬੀ ਇਸ ਤਰ੍ਹਾਂ ਵੀ ਕਹਿੰਦੇ ਹਨ “ਮੇਰੇ ਸਾਥ ਪੰਜਾਬੀ ਮੇਂ ਬਾਤ ਕਰੋ” ਲਾਹਣਤੀ ਕਿਤੇ ਦੇ। ਹਿੰਦੀ ਰਾਸ਼ਟਰੀ ਭਾਸ਼ਾ ਦਾ ਮਾਣ ਤਾਂ ਨਹੀਂ ਬਣ ਸਕੀ।ਪਰ 1948 ਵਿੱਚ ਪੰਜਾਬੀ ਦੇ ਦੀਵਾਨੇ ਇੱਧਰਲੇ ਪੰਜਾਬ ਵਿੱਚ ਜ਼ਰੂਰ ਜਾਗੇ ਸਨ। 1948 ਵਿੱਚ ਭਾਸ਼ਾਈ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ। ਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ ਜਾਰੀ ਹੋਈ। 1998 ਤੱਕ 10.40 ਕਰੋੜ ਪੰਜਾਬੀ ਬੋਲਦੇ ਸਨ। 1967 ਵਿੱਚ ਪੰਜਾਬੀ ਰਾਜ ਭਾਸ਼ਾ ਐਕਟ ਬਣਨ ਨਾਲ ਪੰਜਾਬੀ ਰਾਜ ਭਾਸ਼ਾ ਬਣੀ। ਪਰ ਪੰਜਾਬੀ ਜਾਏ ਹੋਰ ਪਾਸੇ ਮੂੰਹ ਮਾਰਨ ਵਿੱਚ ਯਕੀਨ ਰੱਖਣ ਲੱਗੇ:-
 “ਇੱਕੋਂ ਗੱਲ ਮਾੜੀ ਇਹਦੇ ਛੈਲ ਬਾਂਕੇ, ਬੋਲੀ ਆਪਣੀ ਮੰਨੋ ਭੁਲਾਈ ਜਾਂਦੇ, ਪਿੱਛੇ ਸਿੱਪੀਆਂ ਦੇ ਖਾਂਦੇ ਗੋਤੇ, ਪੰਜ ਆਬ ਦੇ ਮੋਤੀ ਰੁਲਾਈ ਜਾਂਦੇ”।
 ਸਕੂਲਾਂ ਵਿੱਚ ਆਮ ਤੌਰ ਤੇ ਹਿੰਦੀ ਦੀ ਪੰਜਾਬੀ ਤੋਂ ਵੱਧ ਪ੍ਰਫੁੱਲਤਾ ਦਾ ਰੌਲਾ ਪੰਜਾਬੀ ਪਾਉਂਦੇ ਰਹਿੰਦੇ ਹਨ,ਕਿਉਂਕ“ਵਿੱਦਿਅਕ ਅਦਾਰੇ ਚਾਨਣ ਮੁਨਾਰਿਆਂ ਵਾਂਗ ਹੁੰਦੇ ਹਨ”।ਇਸ ਲਈ ਜ਼ਰੂਰੀ ਵੀ ਹੈ।
ਹਾਂ ਇੱਕ ਗੱਲ ਜ਼ਰੂਰ ਹੈ ਕਿ ਸੱਭਿਆਚਾਰ ਨੇ ਪੰਜਾਬੀ ਜੀਉਂਦੀ ਅਤੇ ਮਾਨਮੱਤੀ ਰੱਖੀ ਹੋਈ ਹੈ। ਪੰਜਾਬੀ ਗੀਤ, ਸੰਗੀਤ ਦੇ ਟੱਪੇ ਉੱਤੇ ਹਰ ਕਿਸੇ ਦਾ ਪੈਰ ਉੱਠਦਾ ਹੈ। ਭੰਗੜਾ, ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਟੱਪੇ ਪੰਜਾਬੀ ਬੋਲੀ ਨਾਲ ਹੀ ਸੋਂਹਦੇ ਹਨ। ਇਹ ਪੰਜਾਬੀ ਬੋਲੀ ਤੋਂ ਬਿਨਾਂ ਰੂਹ ਤੋਂ ਸੱਖਣੇ ਲੱਗਦੇ ਹਨ। ਬੁੱਲ੍ਹਾ, ਵਾਰਿਸ,ਪਾਤਰ, ਅੰਮ੍ਰਿਤਾ ਅਤੇ ਪ੍ਰੋ ਮੋਹਨ ਸਿੰਘ ਵਗੈਰਾ ਨੇ ਸ਼ਿੰਗਾਰੀ ਪੰਜਾਬੀ ਬੋਲੀ ਵਿੱਚ ਬਲਵਾਨ ਵਿਰਸਾ ਪੰਜਾਬ ਵਿੱਚ ਜਾਨ ਪਾਈ ਰੱਖਦਾ ਹੈ।ਕਿਸਾਨੀ ਅੰਦੋਲਨ ਵਿੱਚ ਗੀਤਾਂ ਗਾਇਕਾਂ ਨੇ ਹੱਲਾ ਹੁਲਾਰਾ ਮਾਰ ਕੇ ਮਾਂ ਬੋਲੀ ਦੇ ਸਿਰ ਤੇ ਹੀ ਬਾਜ਼ੀ ਜਿੱਤੀ ਸੀ।ਇਹ ਅਜੋਕੇ ਜ਼ਮਾਨੇ ਦਾ ਸੁਨੇਹਾ ਹੈ।ਬਾਹਰ ਜਾ ਕੇ ਪੰਜਾਬੀ ਹੋਣ ਦਾ ਮਾਣ ਦੱਸਦੇ ਹੋਏ ਇੱਥੇ ਬੱਚਿਆਂ ਲਈ ਅੰਗਰੇਜ਼ੀ ਹਿੰਦੀ ਨੂੰ ਪਹਿਲ ਦਿੰਦੇ ਹਨ। ਪੰਜਾਬੀ ਕਵੀਆਂ ਨੇ ਵੱਖ ਵੱਖ ਰੁੱਚੀਆਂ ਤਰੁੱਟੀਆਂ ਨੂੰ ਅੰਦਾਜ਼ ਵਿੱਚ ਕਰਕੇ ਵਾਰਿਸ ਨੇ ਹੀਰ ਲਿਖ ਕੇ ਨਾਰੀਵਾਦ ਨੂੰ ਉਤਸ਼ਾਹਿਤ ਕੀਤਾ, ਸ਼ਿਵ ਕੁਮਾਰ ਨੇ ਇਸ਼ਕ ਆਸ਼ਿਕੀ ਅਤੇ ਸੰਤ ਰਾਮ ਉਦਾਸੀ ਨੇ ਗੁਰੂਆਂ ਦਾ ਫ਼ਲਸਫ਼ਾ ਅੱਗੇ ਤੌਰ ਕੇ ਜਾਤ ਪਾਤੀ ਤੇ ਕਰਾਰੀ ਚੋਟ ਮਾਰੀ। ਸਮਾਜ ਵਿੱਚ ਪੀੜ੍ਹੀ ਦਾ ਪਾੜਾ ਵੀ ਮਾਂ ਬੋਲੀ ਨੂੰ ਪਿੱਛੇ ਛੱਡ ਰਿਹਾ ਹੈ।ਇਸ ਪਿੱਛੇ ਵਿਚਾਰਧਾਰਾ ਵਾਲੇ ਕਾਰਕ ਹਨ। ਇਹਨਾਂ ਦੀ ਪਰਖ ਪੜਚੋਲ ਹਰ ਜਾਗਰੂਕ ਪੰਜਾਬੀ ਨੂੰ ਕਰਨੀ ਚਾਹੀਦੀ ਹੈ। ਬਹੁਤੇ ਕਵੀਆਂ ਨੇ ਪਹਿਲਾਂ ਹੀ ਮਾਂ ਬੋਲੀ ਨੂੰ ਹਿਰਦੇ ਵਿੱਚ ਵਸਾਉਣ ਲਈ ਹੋਕਾ ਦਿੱਤਾ ਹੈ ਉਹਨਾਂ ਨੂੰ ਨੀਤੀਆਂ ਦਾ ਅਤਾ ਪਤਾ ਹੋਣ ਕਰਕੇ ਕਲਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ।1954 ਵਿੱਚ ਹੀ ਫ਼ਿਰੋਜ਼ਦੀਨ ਸ਼ਰਫ਼ ਨੇ ਜਾਗਰੂਕ ਕਰਨ ਦਾ ਹੋਕਾ ਦਿੱਤਾ ਸੀ:-
"ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ,
ਪੁੱਛੀ ਜਿਹਨਾਂ ਨੇ ਸਾਰ ਨਾ ਸ਼ਰਫ਼ ਮੇਰੀ,
ਵੇਖ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ"
              ਅੱਜ ਇਸ ਚਿੱਕੜਨੁਮਾ ਵਰਤਾਰੇ ਵਿੱਚੋਂ ਮਾਂ ਬੋਲੀ ਦੇ ਕਮਲ ਬਣਕੇ ਉਪਜੀਏ। ਮਾਂ ਬੋਲੀ ਬੋਲਣ ਨਾਲ ਹੀ ਮਾਂ ਨੂੰ ਸਿੱਜਦਾ ਅਤੇ ਸ਼ਰਧਾਂਜਲੀ ਹੁੰਦੀ ਹੈ। ਪੰਜਾਬੀਆਂ ਅਤੇ ਪੰਜਾਬ ਦੀ ਊਰਜਾ ਮਾਂ ਬੋਲੀ ਪੰਜਾਬੀ ਹੀ ਹੈ। ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾ ਹੀ ਮਨੁੱਖ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਅਖਵਾਉਣ ਦਾ ਹੱਕ ਹੀ ਨਹੀਂ ਹੈ।ਹੁਣ ਦਲਜੀਤ ਨੇ ਲਲਕਾਰ ਮਾਰੀ ਹੈ "ਪੰਜਾਬੀ ਆ ਗਏ ਓਏ" ਪੰਜਾਬੀਆਂ ਦਾ ਰਿਸ਼ਤਾ ਪੰਜਾਬ ਨਾਲ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਮਾਂ ਬੋਲੀ ਪੰਜਾਬੀ ਨਾਲ ਜਿਸਮ ਰੂਹ ਵਾਲਾ ਸੁਮੇਲ ਹੈ। ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਪੰਜਾਬੀ ਅਧੂਰੇ ਲਗਦੇ ਹਨ। ਪੰਜਾਬ ਦਾ ਇਤਿਹਾਸ ਭੂਗੋਲਿਕ ਸਥਿੱਤੀ ਮੰਗ ਕਰਦੀ ਹੈ ਕਿ ਪੰਜਾਬੀ ਹੋਰ ਵੀ ਪ੍ਰਫੁੱਲਤ ਹੋਵੇ। ਰਾਜਨੀਤਿਕ ਅਤੇ ਸਮਾਜਿਕ ਖੇਮਿਆਂ ਵਿੱਚੋਂ ਇਹੀ ਵਚਨ ਮੰਗਦੀ ਹੈ।ਇਹ ਗੱਲ ਜ਼ਾਹਰ ਹੈ ਕਿ ਪੰਜਾਬੀ ਬੋਲੀ ਕਰਕੇ ਹੀ ਪੰਜਾਬ ਦਬਦਾ ਨਹੀਂ। ਸਾਡੀ ਬੋਲੀ ਸਾਡੀ ਊਰਜਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਮਨੁੱਖਤਾ ਲਈ ਰਾਮਬਾਣ -ਮੋਰਲ ਸਪੋਰਟ  - ਸੁਖਪਾਲ ਸਿੰਘ ਗਿੱਲ

ਮਨੁੱਖ ਸਮਾਜਿਕ ਪ੍ਰਾਣੀ ਹੈ।ਇਸ ਲਈ ਸਮਾਜ ਵਿੱਚ ਰਹਿੰਦਿਆਂ ਤਰ੍ਹਾਂ ਤਰ੍ਹਾਂ ਦੇ ਝਮੇਲਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਮਨੁੱਖ ਨੂੰ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਿਚਰ ਕੇ ਕਈ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ।ਮੋਰਲ ਸਪੋਰਟ ਜਿਸ ਨੂੰ ਪੰਜਾਬੀ ਵਿੱਚ ਨੈਤਿਕ ਸਮਰਥਨ ਕਿਹਾ ਜਾਂਦਾ ਹੈ ਇਹ ਮਨੁੱਖੀ ਜੀਵਨ ਵਿੱਚ ਇੱਕ ਸੰਜੀਵਨੀ ਬੂਟੀ ਦਾ ਰੁਤਬਾ ਰੱਖਦਾ ਹੈ। ਬਿਨਾਂ ਸੋਚੇ ਸਮਝੇ ਮੂੰਹੋਂ ਗੱਲ ਕੱਢ ਕੇ ਕਈ ਵਾਰ ਸਾਹਮਣੇ ਵਾਲੇ ਨੂੰ ਗੰਭੀਰ ਦੁਬਿਧਾ ਵਿੱਚ ਪਾ ਦਿੱਤਾ ਜਾਂਦਾ ਹੈ।ਇਹ ਵੀ ਕਹਿ ਲਿਆ ਜਾਵੇ ਕਿ "ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕੱਢਦਾ ਹਾਂ" ਤਾਂ ਵੀ ਅਤਿਕਥਨੀ ਨਹੀਂ ਹੈ।ਇਸ ਲਈ ਮੂੰਹੋਂ ਸ਼ਬਦ ਗੰਭੀਰਤਾ ਨਾਲ ਸੋਚ ਵਿਚਾਰ ਕੇ ਉਸ ਦੇ ਖਰੇ ਖੋਟੇ ਪ੍ਰਭਾਵ ਘੋਖ ਕੇ ਹੀ ਕੱਢਣੇ ਚਾਹੀਦੇ ਹਨ।ਇਹੀ ਮਨੁੱਖ ਦਾ ਸਦਾਚਾਰ ਹੋਣਾ ਚਾਹੀਦਾ ਹੈ। ਨੈਤਿਕ ਸਮਰਥਨ ਦੀ ਜਾਂਚ ਜ਼ਰੂਰੀ ਹੈ।
                ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦੀ ਭਾਵਨਾ ਪੜ੍ਹਨ ਦਾ ਸਲੀਕਾ ਹੋਣਾ ਚਾਹੀਦਾ ਹੈ। ਦੂਜੇ ਨਾਲ ਸੋਚ ਸਮਝ ਕੇ ਠਰ੍ਹੰਮੇ ਨਾਲ ਗੱਲ ਕਰਨੀ ਚਾਹੀਦੀ ਹੈ। ਹਮੇਸ਼ਾ ਨੈਤਿਕ ਸਮਰਪਣ ਵਿੱਚੋਂ ਹੀ ਨੈਤਿਕ ਸਮਰਥਨ ਉਪਜਦਾ ਹੈ।ਇਹ ਦੋਵੇਂ ਤੱਥ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ।ਸਮਝ ਲੈਣਾ ਚਾਹੀਦਾ ਹੈ ਕਿ ਨੈਤਿਕ ਸਮਰਥਨ ਆਸਰਾ ਦੇਣਾ ਹੁੰਦਾ ਹੈ। ਨੈਤਿਕ ਸਮਰਥਨ ਦੀ ਲੋੜ ਘੱਟ ਗਿਆਨਵਾਨ ਅਤੇ ਮਾਨਸਿਕ ਕੰਮਜ਼ੋਰ ਨੂੰ ਹੁੰਦੀ ਹੈ।ਜੋ ਹਾਲਾਤਾਂ ਤੋਂ ਭੱਜ ਜਾਂਦੇ ਹਨ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਲਈ ਨੈਤਿਕ ਸਮਰਥਨ ਰਾਮਬਾਣ ਹੁੰਦਾ ਹੈ।ਸਮਾਜ ਵਿੱਚ ਵਿਚਰਦਿਆਂ ਨੈਤਿਕ ਸਮਰਥਨ ਦੀ ਲੋੜ ਰੋਗੀਆਂ, ਆਰਥਿਕ, ਸਮਾਜਿਕ ਕੰਮਜ਼ੋਰ ਅਤੇ ਮਾਨਸਿਕ ਕਮਜ਼ੋਰ ਨੂੰ ਪੈਂਦੀ ਹੈ। ਨੈਤਿਕ ਸਮਰਥਨ ਨਾਲ ਠਹਿਰਾਓ ਆ ਜਾਂਦਾ ਹੈ।ਡਿੱਗਣ ਤੋਂ ਬਚ ਕੇ ਸਹਾਰਾ ਮਿਲ ਜਾਂਦਾ ਹੈ। ਨੈਤਿਕ ਸਮਰਥਨ ਹਾਸਲ ਕਰਨ ਵਾਲਾ ਰਾਹਤ ਜ਼ਰੂਰ ਮਹਿਸੂਸ ਕਰਦਾ ਹੈ।ਉਹ ਆਪਣੇ ਆਪ ਨੂੰ ਢਾਲ ਲੈਂਦਾ ਹੈ।
ਜਿਸ ਮਨੁੱਖ ਕੋਲ ਕਾਰਜ ਸਮਰੱਥਾ, ਈਮਾਨਦਾਰੀ ਅਤੇ ਰਿਸ਼ਟ ਪੁਸ਼ਟ ਸਿਹਤ ਹੈ,ਪਰ ਹੋਵੇ ਸਮਝਦਾਰ ਉਸਨੂੰ ਨੈਤਿਕ ਸਮਰਥਨ ਦੀ ਲੋੜ ਨਹੀਂ ਹੁੰਦੀ ਬਲਕਿ ਉਹ ਮੋਰਲ ਸਪੋਰਟ ਦੇ ਕੇ ਸਾਹਮਣੇ ਵਾਲੇ ਨੂੰ ਦੁਬਿੱਧਾ ਵਿੱਚੋਂ ਬਾਹਰ ਕੱਢ ਦਿੰਦਾ ਹੈ।ਅੰਧਵਿਸ਼ਵਾਸੀ,ਅਗਿਆਨੀ ਅਤੇ ਆਤਮਵਿਸ਼ਵਾਸ ਦੀ ਕਮੀ ਵਾਲੇ ਨੂੰ ਨੈਤਿਕ ਸਮਰਥਨ ਦੀ ਅਤੀ ਲੋੜ ਹੁੰਦੀ ਹੈ। ਨੈਤਿਕ ਸਮਰਥਨ ਦੇਣ ਵੇਲੇ ਹੱਸੋ ਨਾ ਬਲਕਿ ਸਾਹਮਣੇ ਵਾਲੇ ਦੀ ਰਮਜ਼ ਪੜ੍ਹ ਕੇ ਉਸ ਨਾਲ ਸੁਰ ਮਿਲਾ ਕੇ ਗੱਲ ਕਰੋ। ਉਸਨੂੰ ਇਹ ਵੀ ਮਹਿਸੂਸ ਨਾ ਹੋਵੇ ਕਿ ਮੈਨੂੰ ਸਪੋਰਟ ਦੇ ਰਿਹਾ ਹੈ ਨਹੀਂ ਤਾਂ ਦਿੱਤਾ ਸਮਰਥਨ ਬੇਅਸਰ ਹੋ ਜਾਂਦਾ ਹੈ। ਜਿਸਨੇ ਆਪ ਨੈਤਿਕ ਸਮਰਥਨ ਹਾਸਲ ਕਰਕੇ ਦੁਬਿੱਧਾ ਪਛਾੜੀ ਹੋਵੇ ਉਹ ਵਧੀਆ ਤਰੀਕੇ ਸਲੀਕੇ ਨਾਲ ਸਪੋਰਟ ਦੇ ਸਕਦਾ ਹੈ। ਨੈਤਿਕ ਸਮਰਥਨ ਦੇਣ ਸਮੇਂ ਉਸ ਵਰਗੀਆਂ ਗੱਲਾਂ ਨਾ ਕਰੋ ਬਲਕਿ ਉਸਨੂੰ ਚੁਣੋਤੀ ਨਾਲ ਭਿੜਨ ਬਾਰੇ ਮਾਨਸਿਕ ਤੌਰ ਤੇ ਤਿਆਰ ਕਰੋ। ਜਦੋਂ ਕੋਈ ਵਿਅਕਤੀ ਦੁਬਿੱਧਾ ਵਿੱਚ ਫਸ ਜਾਂਦਾ ਹੈ ਤਾਂ ਉਹ ਤਾਂ ਵੀ ਸਹੀ ਰਹਿ ਸਕਦਾ ਹੈ ਜੇ ਉਸਨੂੰ ਦੁਬਿੱਧਾ ਦਾ ਨਤੀਜਾ ਨਾ ਪਤਾ ਹੋਵੇ। ਇੱਥੇ ਮੋਟੀ ਬੁੱਧੀ ਵਰਦਾਨ ਬੁੱਧੀ ਵੀ ਕੰਮ ਕਰ ਜਾਂਦੀ ਹੈ।
         ਨੈਤਿਕ ਸਮਰਥਨ ਹਾਸਲ ਕਰਨ ਵਾਲਾ ਇੱਕ ਵਾਰ ਤਾਂ ਲੱਗੀ ਟਿਕ ਟਿਕੀ ਤੋਂ ਧਿਆਨ ਹਟਾ ਲੈਂਦਾ ਹੈ ਜਿਸ ਨਾਲ ਰਾਹਤ ਮਹਿਸੂਸ ਕਰਦਾ ਹੈ। ਗਿਆਨਵਾਨ ਤਾਂ ਚਿਹਰਾ ਪੜ੍ਹ ਕੇ ਸਪੋਰਟ ਦੇਣੀ ਸ਼ੁਰੂ ਕਰ ਦਿੰਦੇ ਹਨ।ਦਿ੍ੜ ਨਿਸ਼ਚਾ ਨੈਤਿਕ ਸਮਰਥਨ ਦਾ ਇੱਕ ਅਧਿਆਏ ਹੁੰਦਾ ਹੈ।ਜੇ ਨੈਤਿਕ ਸਮਰਥਨ ਦੇਣ ਵਾਲਾ ਸੋਚ ਲਵੇ ਕਿ ਮੈਂ ਸਾਰਥਿਕ ਤਰੀਕੇ ਨਾਲ ਸਹਾਇਤਾ ਕਰਨੀ ਹੈ ਤਾਂ ਸੌ ਤਾਲਿਆਂ ਨੂੰ ਇੱਕ ਚਾਬੀ ਲਾ ਸਕਦਾ ਹੈ। ਮੁੱਕਦੀ ਗੱਲ ਇਹ ਹੈ ਕਿ ਨੈਤਿਕ ਸਮਰਥਨ ਸਾਰੀਆਂ ਚਿੰਤਾਵਾਂ ਨੂੰ ਮੋੜਾ ਦੇ ਸਕਦਾ ਹੈ।ਇਹ ਜਾਨ ਪਾਉਣ ਦਾ ਕੰਮ  ਕਰਦਾ ਹੈ।ਇਸ ਲਈ ਹੀ ਨੈਤਿਕ ਸਮਰਥਨ ਨੂੰ ਮਨੁੱਖ ਲਈ ਸੰਜੀਵਨੀ ਕਿਹਾ ਜਾਂਦਾ ਹੈ।"ਮਨ ਜੀਤੈ ਜਗੁ ਜੀਤੁ" ਦੇ ਫ਼ਲਸਫ਼ੇ ਤੋਂ ਬਿਨਾਂ ਨੈਤਿਕ ਸਮਰਥਨ ਅਧੂਰਾ ਰਹਿ ਜਾਂਦਾ ਹੈ। ਇਸਨੂੰ ਸੌ ਰੋਗਾਂ ਦੀ ਇੱਕ ਨੁਸਖ਼ੇ ਨੁਮਾ ਦਵਾਈ ਕਿਹਾ ਜਾਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਟੁਟੀ ਹੋਈ ਸਤਾਰ ਰਬਾਬੀਆਂ ਦੀ - ਸੁਖਪਾਲ ਸਿੰਘ ਗਿੱਲ

ਰਸੂਲ ਹਮਜ਼ਾਤੋਵ ਦੀ ਕਿਤਾਬ ਪੜ੍ਹਦਿਆਂ ਗਿਰੇਬਾਨ ਵਿੱਚ ਝਾਤੀ ਮਾਰੀਏ ਤਾਂ ਪੰਜਾਬੀ ਮਾਂ ਬੋਲੀ ਬਾਰੇ ਗਹਿਰੀ ਚਿੰਤਾ ਲੱਗ ਜਾਂਦੀ ਹੈ। ਕਿਤਾਬ ਵਿੱਚ ਅੰਕਿਤ ਹੈ “ਜੋ ਲੋਕ ਆਪਣੀ ਭਾਸ਼ਾ ਵਿਸਾਰ ਦਿੰਦੇ ਹਨ ਉਹ ਰੂਹ ਵੀ ਗੁਆ ਬਹਿੰਦੇ ਹਨ” ਇਹਨਾਂ ਸਤਰਾਂ ਨਾਲ ਮੇਰਾ ਧਿਆਨ ਸਰਕਾਰੀ ਕਾਲਜ ਰੂਪਨਗਰ ਦੇ ਮੇਰੇ ਅਧਿਆਪਕ ਭੂਸ਼ਨ ਧਿਆਨਪੁਰੀ ਵੱਲ ਗਿਆ। ਇਕ ਵਾਰ ਆਪਣੇ ਅੰਦਾਜ਼ ਵਿੱਚ ਉਹਨਾਂ ਕਿਹਾ ਸੀ "ਜਦੋਂ ਵੀ ਕੋਈ ਪੰਜਾਬੀ ਹਿੰਦੀ ਬੋਲਦਾ ਹੈ ਤਾਂ ਪਹਿਲੀ ਝੱਲਕੇ ਇਉਂ ਲੱਗਦਾ ਹੈ ਕਿ ਝੂਠ ਬੋਲਦਾ ਹੈ"। ਹੌਲੀ –ਹੌਲੀ ਰੋਜ਼ਮਰਾ ਬੀਤਦੀ ਜ਼ਿੰਦਗੀ ਨਾਲ ਹੁਣ ਇਹ ਤੱਥ ਅਸਰਦਾਰ ਵੀ ਲੱਗਦਾ ਹੈ। ਥਾਮਸ ਮਾਨ ਦਾਰਸ਼ਨਿਕ ਨੇ ਕਿਹਾ ਸੀ “ਕਿ ਭਾਸ਼ਾ ਖੁੱਦ ਸਭਿੱਅਤ ਹੈ" ਇਸੇ ਤਰਜ਼ ਤੇ ਦੇਖੀਏ ਤਾਂ ਮਾਂ ਬੋਲੀ ਹੀ ਸੱਭਿਅਕ ਮਨੁੱਖ ਦਾ ਨਿਰਮਾਣ ਕਰਦੀ ਹੈ। ਸਾਡੀ ਭਾਸ਼ਾ ਹੀ  ਸੰਪਰਕ ਦਾ ਸਾਧਨ ਬਣਦਾ ਹੈ, ਜੇ ਇੱਕੋ ਖਿੱਤੇ ਦੇ ਲੋਕ ਦਿਖਾਵੇ ਲਈ ਇੱਕ ਪੰਜਾਬੀ ਬੋਲੇ ਦੂਜਾ ਕੋਈ ਹੋਰ ਭਾਸ਼ਾ ਬੋਲੇ ਤਾਂ ਇੱਕ-ਦੂਜੇ ਨਾਲੋਂ ਓਪਰੇ ਜਿਹੇ ਲੱਗਦਾ ਹੈ। ਵੱਖਰਾ ਦਿਖਾਉਣ ਲਈ ਖੁਦ ਝੂਠਾ ਲੱਗਦਾ ਹੈ। ਗੂੜ੍ਹ ਪੰਜਾਬੀਆਂ ਲਈ ਪੰਜਾਬੀ ਬੋਲੀ ਦੀ ਮਿਠਾਸ ਅੱਗੇ ਬਾਕੀ ਬੋਲੀਆਂ ਫਿੱਕੀਆਂ ਪੈ ਜਾਂਦੀਆਂ ਹਨ। ਭਾਵੇਂ ਹਰ ਇੱਕ ਨੂੰ ਆਪਣੀ ਭਾਸ਼ਾ ਪਿਆਰ ਹੁੰਦੀ ਹੈ। ਇੱਥੋਂ ਤੱਕ ਕਿ ਜੀਵ ਜੰਤੂ ਵੀ ਆਪਣੀ ਬੋਲੀ ਬੋਲਦੇ ਹਨ ਇਹ ਉਹਨਾਂ ਨੂੰ ਪਿਆਰੀ ਲੱਗਦੀ ਹੈ। ਤਿੱਤਰ ਬਾਰੇ ਇਕ ਦੰਦ ਕਥਾ ਆਉਂਦੀ ਹੈ ਕਿ ਇੱਕ ਤਿੱਤਰ ਤੋਂ ਬਾਅਦ ਦੂਜਾ ਤਿੱਤਰ ਬੋਲਦਾ ਹੈ। ਪਹਿਲਾ ਤਿੱਤਰ ਕਹਿੰਦਾ ਹੈ “ਪਿਦਰਮ ਸੁਲਤਾਨ ਬੂਦ” ਇਸ ਦਾ ਮਤਲਬ ਹੈ ਕਿ ਮੇਰਾ ਪਿਤਾ ਬਾਦਸ਼ਾਹ ਸੁਲਤਾਨ ਹੈ। ਦੂਜਾ ਤਿੱਤਰ ਝੱਟ ਉੱਤਰ ਦਿੰਦਾ ਹੈ “ਤੂਰਾਚ ਤੁਰਾ ਚਿਹ” ਇਸ ਦਾ ਮਤਲਬ ਹੈ ਤੂੰ ਕਿਆ ਹੈ? ਚੱਲੋ ਖੈਰ ਗੱਲ ਕਰਦੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਦੀ ਜਿਸ ਨੂੰ ਚੁਫੇਰਿਓ ਗ੍ਰਹਿਣ ਲੱਗਦਾ ਜਾਂਦਾ ਹੈ। ਕੁੱਝ ਸਕੂਲ ਪੰਜਾਬੀ ਬਾਰੇ ਵਿਰੋਧ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪੰਜਾਬੀ ਨਾਲ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਪੰਜਾਬੀ ਬੋਲੀ ਸੱਭਿਆਚਾਰ, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਤਿਰਵੈਣੀ ਹੈ। ਇਸ ਤੋਂ ਬਿਨ੍ਹਾਂ ਉਕਤ ਝੂਠ ਬੋਲਣ ਵਾਲਾ ਸੁਭਾਅ ਵੀ ਪੰਜਾਬੀ ਚੁੱਕੀ ਫਿਰਦੇ ਹਨ। ਪੰਜਾਬੀਆਂ ਦੀ ਇੱਕ ਗੱਲ ਅਜੀਬ ਹੈ ਇਹ ਬਿਨ੍ਹਾਂ ਸੋਚੇ ਸਮੱਝੇ ਮਗਰ ਲੱਗ ਜਾਂਦੇ ਹਨ ਜੇ ਕੋਈ ਅੰਗਰੇਜ਼ੀ ਹਿੰਦੀ ਬੋਲਦਾ ਹੈ ਤਾਂ ਉਸ ਦੀ ਰੀਸ ਕਰਦੇ ਹਨ ਉਸ ਨੂੰ ਆਪਣੇ ਤੋਂ ਮਹਾਨ ਸਮਝਦੇ ਹਨ। ਇਹ ਭੁੱਲ ਜਾਂਦੇ ਹਨ ਕਿ ਇਹ ਉਹਨਾਂ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ। ਮਾਂ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਭਾਸ਼ਾ ਹੁੰਦੀ ਹੈ। ਇਸ ਨੂੰ ਗੁਆ ਕੇ ਰੂਹ ਬੇਜਾਨ ਹੁੰਦੀ ਹੈ। ਇਸ ਨੂੰ ਵਿਸਾਰਨ ਨਾਲ ਮਾਂ ਵਿਸਰ ਜਾਂਦੀ ਹੈ। ਪੰਜਾਬੀ ਅੱਗੇ ਹਿੰਦੀ ਭਾਸ਼ਾ ਬੋਲੀਏ ਤਾਂ ਸਾਹਮਣੇ ਵਾਲੇ ਦੀ ਪ੍ਰਤੀਕ੍ਰਿਆ ਅਤੇ ਚਿਹਰਾ ਦੱਸ ਦਿੰਦਾ ਹੈ। ਖੁਰਾਸਾਨੀ ਦੁਲੱਤੇ ਮਾਰਨ ਵਾਲੇ ਬਹੁਤੇ ਪੰਜਾਬੀ ਸ਼ਹਿਰੀਕਰਨ ਕਰਕੇ ਵੀ ਪੰਜਾਬੀ ਬੋਲਣ ਨੂੰ ਹੀਣਤਾ ਸਮਝਣ ਲੱਗੇ ਹਨ। ਇਸ ਸਰਕਾਰ ਨੇ ਪੰਜਾਬੀ ਬੋਰਡ ਲਾਉਣਾ ਦਾ ਫੈਸਲਾ ਜ਼ਰੂਰ ਕੀਤਾ ਪਰ ਅੱਧਵਾਟੇ ਹੀ ਮੁੱਕ ਗਿਆ। ਰਾਜਨੀਤਿਕ ਸੱਭਿਆਚਾਰ ਵਿੱਚ ਹਮੇਸ਼ਾ ਖੇਤਰੀ ਪਾਰਟੀਆਂ ਨੇ ਆਪਣੀ ਮਾਂ ਬੋਲੀ ਲਈ ਕੁੱਝ ਕਰਨ ਦਾ ਯਤਨ ਕੀਤਾ ਹੈ।ਇਸ ਯਤਨ ਪਿੱਛੇ ਸ਼ਾਇਦ ਉਹਨਾਂ ਦੀ ਰੁਚੀ ਘੱਟ ਬਲਕਿ ਮਜਬੂਰੀ ਵੱਧ ਹੁੰਦੀ ਹੈ। ਇਹਨਾਂ ਦੇ ਬੱਚਿਆਂ ਨੇ ਸਿੱਖਿਆ ਕਿੱਥੋਂ ਲਈ? ਇਸ ਜਵਾਬ ਵਿੱਚ ਸਭ ਕੁੱਝ ਨੰਗਾ ਹੋ ਜਾਵੇਗਾ। ਅੱਜ ਪੰਜਾਬੀਆਂ ਨੇ 6-7 ਬੈਡ ਲੈਣ ਦੇ ਚੱਕਰ ਵਿੱਚ ਪੰਜਾਬੀ ਨੂੰ ਹੋਰ ਦੁਰਕਾਰਿਆ ਉਹਨਾਂ ਦੀ ਮਜਬੂਰੀ ਹੈ ਕਿ ਰਿਜ਼ਕ ਨਾਲ ਭਾਸ਼ਾ ਦਾ ਸੰਬੰਧ ਹੁੰਦਾ ਹੈ।
ਵੰਡ ਨੇ ਪੰਜਾਬੀ ਮਾਂ ਬੋਲੀ ਨੂੰ ਉਧੇੜਿਆਂ। ਪੰਜਾਬੀ ਦਾ ਹਾਲ ਉੱਧਰਲੇ ਪੰਜਾਬ ਅਤੇ ਇੱਧਰਲੇ ਪੰਜਾਬ ਵਿੱਚ ਇਕੋ ਜਿਹਾ ਹੈ। ਉੱਥੇ ਉਰਦੂ ਠੋਸਣ ਦੇ ਯਤਨ ਹੁੰਦੇ ਹਨ ਇੱਧਰ ਹਿੰਦੀ ਠੋਸਣ ਦੇ ਯਤਨ ਹੁੰਦੇ ਹਨ। ਮਾਂ ਬੋਲੀ ਪੰਜਾਬੀ ਭਾਸ਼ਾ ਹੀ ਰਹਿੰਦੀ ਹੈ। ਮਾਸੀ ਉਰਦੂ ਹਿੰਦੀ ਕੋਈ ਵੀ ਹੋ ਸਕਦੀ ਹੈ। ਸਤਿਕਾਰ ਬਰਾਬਰ ਹੁੰਦਾ ਹੈ। ਇੱਕ ਵਾਰ ਮੇਰੇ ਸਮਾਜਿਕ ਖੇਮੇ ਵਿੱਚ ਇੱਕ ਫੌਜੀ ਜਵਾਨ ਛੁੱਟੀ ਆਇਆ ਆ ਕੇ ਹਿੰਦੀ ਬੋਲਣ ਲੱਗਿਆ ਨਾਲ ਹੀ ਇੱਕ ਹੋਰ ਚੰਦਨ ਬ੍ਰਾਹਮਣਾਂ ਦਾ ਮੁੰਡਾ ਛੁੱਟੀ ਆਇਆ ਹੋਇਆ ਸੀ ਉਸ ਨੇ ਹਿੰਦੀ ਬੋਲਣ ਵਾਲੇ ਨੂੰ ਟੋਕ ਕੇ ਕਿਹਾ "ਬਸ ਰਹਿਣ ਦੇ ਯਾਰ ਸਾਨੂੰ ਪੰਜਾਬੀ ਆਉਂਦੀ ਹੈ" ਇੱਥੇ ਪੰਜਾਬੀ ਬੋਲੀ ਨਾ ਬੋਲਣਾ ਸਪੱਸ਼ਟ ਖੁਰਾਸਾਨੀ ਦੁਲੱਤਾ ਸੀ। ਕਈ ਪੰਜਾਬੀ ਇਸ ਤਰ੍ਹਾਂ ਵੀ ਕਹਿੰਦੇ ਹਨ “ਮੇਰੇ ਸਾਥ ਪੰਜਾਬੀ ਮੇਂ ਬਾਤ ਕਰੋ” ਲਾਹਣਤੀ ਕਿਤੇ ਦੇ। ਹਿੰਦੀ ਰਾਸ਼ਟਰੀ ਭਾਸ਼ਾ ਦਾ ਮਾਣ ਤਾਂ ਨਹੀਂ ਬਣ ਸਕੀ।ਪਰ 1948 ਵਿੱਚ ਪੰਜਾਬੀ ਦੇ ਦੀਵਾਨੇ ਇੱਧਰਲੇ ਪੰਜਾਬ ਵਿੱਚ ਜ਼ਰੂਰ ਜਾਗੇ ਸਨ। 1948 ਵਿੱਚ ਭਾਸ਼ਾਈ ਕਮਿਸ਼ਨ ਦੀ ਰਿਪੋਰਟ ਵਿੱਚ ਪੰਜਾਬੀ ਸਭ ਤੋਂ ਵੱਡੀ ਭਾਸ਼ਾ ਸੀ। ਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ ਜਾਰੀ ਹੋਈ। 1998 ਤੱਕ 10.40 ਕਰੋੜ ਪੰਜਾਬੀ ਬੋਲਦੇ ਸਨ। 1967 ਵਿੱਚ ਪੰਜਾਬੀ ਰਾਜ ਭਾਸ਼ਾ ਐਕਟ ਬਣਨ ਨਾਲ ਪੰਜਾਬੀ ਰਾਜ ਭਾਸ਼ਾ ਬਣੀ। ਪਰ ਪੰਜਾਬੀ ਜਾਏ ਹੋਰ ਪਾਸੇ ਮੂੰਹ ਮਾਰਨ ਵਿੱਚ ਯਕੀਨ ਰੱਖਣ ਲੱਗੇ:-
 “ਇੱਕੋਂ ਗੱਲ ਮਾੜੀ ਇਹਦੇ ਛੈਲ ਬਾਂਕੇ, ਬੋਲੀ ਆਪਣੀ ਮੰਨੋ ਭੁਲਾਈ ਜਾਂਦੇ, ਪਿੱਛੇ ਸਿੱਪੀਆਂ ਦੇ ਖਾਂਦੇ ਗੋਤੇ, ਪੰਜ ਆਬ ਦੇ ਮੋਤੀ ਰੁਲਾਈ ਜਾਂਦੇ”।
 ਸਕੂਲਾਂ ਵਿੱਚ ਆਮ ਤੌਰ ਤੇ ਹਿੰਦੀ ਦੀ ਪੰਜਾਬੀ ਤੋਂ ਵੱਧ ਪ੍ਰਫੁੱਲਤਾ ਦਾ ਰੌਲਾ ਪੰਜਾਬੀ ਪਾਉਂਦੇ ਰਹਿੰਦੇ ਹਨ,ਕਿਉਂਕ“ਵਿੱਦਿਅਕ ਅਦਾਰੇ ਚਾਨਣ ਮੁਨਾਰਿਆਂ ਵਾਂਗ ਹੁੰਦੇ ਹਨ”।ਇਸ ਲਈ ਜ਼ਰੂਰੀ ਵੀ ਹੈ।
ਹਾਂ ਇੱਕ ਗੱਲ ਜ਼ਰੂਰ ਹੈ ਕਿ ਸੱਭਿਆਚਾਰ ਨੇ ਪੰਜਾਬੀ ਜੀਉਂਦੀ ਅਤੇ ਮਾਨਮੱਤੀ ਰੱਖੀ ਹੋਈ ਹੈ। ਪੰਜਾਬੀ ਗੀਤ, ਸੰਗੀਤ ਦੇ ਟੱਪੇ ਉੱਤੇ ਹਰ ਕਿਸੇ ਦਾ ਪੈਰ ਉੱਠਦਾ ਹੈ। ਭੰਗੜਾ, ਗਿੱਧਾ, ਬੋਲੀਆਂ, ਸਿੱਠਣੀਆਂ ਅਤੇ ਟੱਪੇ ਪੰਜਾਬੀ ਬੋਲੀ ਨਾਲ ਹੀ ਸੋਂਹਦੇ ਹਨ। ਇਹ ਪੰਜਾਬੀ ਬੋਲੀ ਤੋਂ ਬਿਨਾਂ ਰੂਹ ਤੋਂ ਸੱਖਣੇ ਲੱਗਦੇ ਹਨ। ਬੁੱਲ੍ਹਾ, ਵਾਰਿਸ,ਪਾਤਰ, ਅੰਮ੍ਰਿਤਾ ਅਤੇ ਪ੍ਰੋ ਮੋਹਨ ਸਿੰਘ ਵਗੈਰਾ ਨੇ ਸ਼ਿੰਗਾਰੀ ਪੰਜਾਬੀ ਬੋਲੀ ਵਿੱਚ ਬਲਵਾਨ ਵਿਰਸਾ ਪੰਜਾਬ ਵਿੱਚ ਜਾਨ ਪਾਈ ਰੱਖਦਾ ਹੈ।ਕਿਸਾਨੀ ਅੰਦੋਲਨ ਵਿੱਚ ਗੀਤਾਂ ਗਾਇਕਾਂ ਨੇ ਹੱਲਾ ਹੁਲਾਰਾ ਮਾਰ ਕੇ ਮਾਂ ਬੋਲੀ ਦੇ ਸਿਰ ਤੇ ਹੀ ਬਾਜ਼ੀ ਜਿੱਤੀ ਸੀ।ਇਹ ਅਜੋਕੇ ਜ਼ਮਾਨੇ ਦਾ ਸੁਨੇਹਾ ਹੈ।ਬਾਹਰ ਜਾ ਕੇ ਪੰਜਾਬੀ ਹੋਣ ਦਾ ਮਾਣ ਦੱਸਦੇ ਹੋਏ ਇੱਥੇ ਬੱਚਿਆਂ ਲਈ ਅੰਗਰੇਜ਼ੀ ਹਿੰਦੀ ਨੂੰ ਪਹਿਲ ਦਿੰਦੇ ਹਨ। ਪੰਜਾਬੀ ਕਵੀਆਂ ਨੇ ਵੱਖ ਵੱਖ ਰੁੱਚੀਆਂ ਤਰੁੱਟੀਆਂ ਨੂੰ ਅੰਦਾਜ਼ ਵਿੱਚ ਕਰਕੇ ਵਾਰਿਸ ਨੇ ਹੀਰ ਲਿਖ ਕੇ ਨਾਰੀਵਾਦ ਨੂੰ ਉਤਸ਼ਾਹਿਤ ਕੀਤਾ, ਸ਼ਿਵ ਕੁਮਾਰ ਨੇ ਇਸ਼ਕ ਆਸ਼ਿਕੀ ਅਤੇ ਸੰਤ ਰਾਮ ਉਦਾਸੀ ਨੇ ਗੁਰੂਆਂ ਦਾ ਫ਼ਲਸਫ਼ਾ ਅੱਗੇ ਤੌਰ ਕੇ ਜਾਤ ਪਾਤੀ ਤੇ ਕਰਾਰੀ ਚੋਟ ਮਾਰੀ। ਸਮਾਜ ਵਿੱਚ ਪੀੜ੍ਹੀ ਦਾ ਪਾੜਾ ਵੀ ਮਾਂ ਬੋਲੀ ਨੂੰ ਪਿੱਛੇ ਛੱਡ ਰਿਹਾ ਹੈ।ਇਸ ਪਿੱਛੇ ਵਿਚਾਰਧਾਰਾ ਵਾਲੇ ਕਾਰਕ ਹਨ। ਇਹਨਾਂ ਦੀ ਪਰਖ ਪੜਚੋਲ ਹਰ ਜਾਗਰੂਕ ਪੰਜਾਬੀ ਨੂੰ ਕਰਨੀ ਚਾਹੀਦੀ ਹੈ। ਬਹੁਤੇ ਕਵੀਆਂ ਨੇ ਪਹਿਲਾਂ ਹੀ ਮਾਂ ਬੋਲੀ ਨੂੰ ਹਿਰਦੇ ਵਿੱਚ ਵਸਾਉਣ ਲਈ ਹੋਕਾ ਦਿੱਤਾ ਹੈ ਉਹਨਾਂ ਨੂੰ ਨੀਤੀਆਂ ਦਾ ਅਤਾ ਪਤਾ ਹੋਣ ਕਰਕੇ ਕਲਮ ਚੁੱਕਣ ਲਈ ਮਜਬੂਰ ਹੋਣਾ ਪਿਆ ਸੀ।1954 ਵਿੱਚ ਹੀ ਫ਼ਿਰੋਜ਼ਦੀਨ ਸ਼ਰਫ਼ ਨੇ ਜਾਗਰੂਕ ਕਰਨ ਦਾ ਹੋਕਾ ਦਿੱਤਾ ਸੀ:-
"ਮੁੱਠਾਂ ਮੀਟ ਕੇ ਨੁੱਕਰੇ ਰਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ,
ਪੁੱਛੀ ਜਿਹਨਾਂ ਨੇ ਸਾਰ ਨਾ ਸ਼ਰਫ਼ ਮੇਰੀ,
ਵੇਖ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ"
              ਅੱਜ ਇਸ ਚਿੱਕੜਨੁਮਾ ਵਰਤਾਰੇ ਵਿੱਚੋਂ ਮਾਂ ਬੋਲੀ ਦੇ ਕਮਲ ਬਣਕੇ ਉਪਜੀਏ। ਮਾਂ ਬੋਲੀ ਬੋਲਣ ਨਾਲ ਹੀ ਮਾਂ ਨੂੰ ਸਿੱਜਦਾ ਅਤੇ ਸ਼ਰਧਾਂਜਲੀ ਹੁੰਦੀ ਹੈ। ਪੰਜਾਬੀਆਂ ਅਤੇ ਪੰਜਾਬ ਦੀ ਊਰਜਾ ਮਾਂ ਬੋਲੀ ਪੰਜਾਬੀ ਹੀ ਹੈ। ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਸ਼ਾ ਹੀ ਮਨੁੱਖ ਦੇ ਅਸਲੀ ਰੂਪ ਨੂੰ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਅਖਵਾਉਣ ਦਾ ਹੱਕ ਹੀ ਨਹੀਂ ਹੈ।ਹੁਣ ਦਲਜੀਤ ਨੇ ਲਲਕਾਰ ਮਾਰੀ ਹੈ "ਪੰਜਾਬੀ ਆ ਗਏ ਓਏ" ਪੰਜਾਬੀਆਂ ਦਾ ਰਿਸ਼ਤਾ ਪੰਜਾਬ ਨਾਲ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦਾ ਮਾਂ ਬੋਲੀ ਪੰਜਾਬੀ ਨਾਲ ਜਿਸਮ ਰੂਹ ਵਾਲਾ ਸੁਮੇਲ ਹੈ। ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਪੰਜਾਬੀ ਅਧੂਰੇ ਲਗਦੇ ਹਨ। ਪੰਜਾਬ ਦਾ ਇਤਿਹਾਸ ਭੂਗੋਲਿਕ ਸਥਿੱਤੀ ਮੰਗ ਕਰਦੀ ਹੈ ਕਿ ਪੰਜਾਬੀ ਹੋਰ ਵੀ ਪ੍ਰਫੁੱਲਤ ਹੋਵੇ। ਰਾਜਨੀਤਿਕ ਅਤੇ ਸਮਾਜਿਕ ਖੇਮਿਆਂ ਵਿੱਚੋਂ ਇਹੀ ਵਚਨ ਮੰਗਦੀ ਹੈ।ਇਹ ਗੱਲ ਜ਼ਾਹਰ ਹੈ ਕਿ ਪੰਜਾਬੀ ਬੋਲੀ ਕਰਕੇ ਹੀ ਪੰਜਾਬ ਦਬਦਾ ਨਹੀਂ। ਸਾਡੀ ਬੋਲੀ ਸਾਡੀ ਊਰਜਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਸੋ ਕਿਉ ਮੰਦਾ ਆਖੀਐ - ਸੁਖਪਾਲ ਸਿੰਘ ਗਿੱਲ

ਔਰਤ ਦੀ ਹੋਣੀ ਅਤੇ ਹੋਣਾ ਸਮਾਜ ਵਿੱਚ ਅੱਡਰੇ ਹੋ ਕੇ ਚੱਲਦੇ ਦੋ ਵਿਸ਼ੇ ਹਨ। ਸਾਡੀ ਸੋਚ ਔਰਤ ਦੇ ਹੋਣ ਨੂੰ ਹੋਣੀ ਵਿੱਚ ਬਦਲ ਦਿੰਦੀ ਹੈ।ਇਹ ਆਦਿ ਕਾਲ ਤੋਂ ਚੱਲਦਾ ਆਇਆ ਹੈ।ਇਸ ਲਈ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਕਲਮਾਂ ਇਸ ਵਰਤਾਰੇ ਦੀਆਂ ਖੈਰ ਖਵਾਹ ਬਣੀਆਂ।ਹਿਰਦੇ ਵਿੱਚੋਂ ਨਿਕਲੀ ਹੂਕ ਵਿੱਚੋਂ ਲਿਖੇ ਸ਼ਬਦ  ਕਈ ਵਾਰ ਅਹਿਜੀ ਛਾਪ ਛੱਡਦੇ ਹਨ ਜੋ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਪੰਨੇ ਦੇ ਲਿਖੇ ਮਿਲਦੇ ਹਨ। ਇਸ ਪ੍ਰਸੰਗ ਵਿੱਚ ਔਰਤ ਪ੍ਰਤੀ ਸਮਾਜਿਕ ਨਜ਼ਰੀਏ ਨੂੰ ਪੇਸ਼ ਕਰਦੇ ਨਾਨਕ ਸਿੰਘ ਦੇ ਸ਼ਬਦ ਹਨ,"ਓ ਇਸਤਰੀ! ਤੂੰ ਏਡੀ ਉੱਚਤਾ ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਨਸ਼ੀਲਤਾ ਦੇ ਸੋਮੇ ਤੇਰੇ ਅੰਦਰ ,ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ,ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ,ਇਹ ਸਭ ਕੁੱਝ,ਹੇ ਇਸਤ੍ਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?"।ਔਰਤ ਬਾਰੇ ਬਹੁਤ ਪੜਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ। ਵੱਖ ਵੱਖ ਖਿੱਤਿਆਂ ਦੀਆਂ ਰੁਚੀਆਂ, ਸੰਭਾਵਨਾਵਾਂ ਅਤੇ ਦਿ੍ਸ਼ਟੀਕੋਣ ਵੱਖ ਵੱਖ ਹੁੰਦੇ ਹਨ। ਸਾਡੀ ਸੰਸਕਿ੍ਤੀ ਵਿੱਚ ਔਰਤ ਮਹਾਨ ਸੀ, ਮਹਾਨ ਹੈ, ਮਹਾਨ ਰਹੇਗੀ। ਪਰ ਇਹ ਕਥਨ ਔਰਤ ਇਮਾਨ ਇੱਜਤ ਦੇ ਚੱਕਰ ਵਿੱਚ ਫਸਕੇ ਵਯੂਦ ਗੁਆ ਦਿੰਦਾ ਹੈ।ਇਤਿਹਾਸ ਅਤੇ ਮਿਥਿਹਾਸ ਔਰਤ ਨੂੰ ਮਰਦ ਤੋਂ ਕਮਜੋਰ ਦੱਸਦਾ ਹੈ। ਇਸ ਨੂੰ ਸੀਮਤ ਦਾਇਰੇ ਵਿੱਚ ਰਹਿਣਾ ਪੈਂਦਾ ਹੈ। ਦਾਰਸ਼ਨਿਕ ਸੈਕਸ਼ਪੀਅਰ ਦਾ ਕਥਨ ਹੈ, "ਕਮਜੋਰੀ ਤੇਰਾ ਨਾਮ ਔਰਤ ਹੈ" ਔਰਤ ਖਿਲਾਫ਼ ਲਿੰਗਕ ਅਪਰਾਧ ਭਾਰੂ ਰਹਿੰਦੇ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਔਰਤ ਦੀ ਤ੍ਰਾਸਦੀ ਲਿਖੀ ਪਈ ਹੈ,
"ਔਰਤ ਅਤੇ ਕੁੜੀਆਂ ਖਿਲਾਫ਼ ਹਿੰਸਾ ਮਹਾਂਮਾਰੀ ਹੈ, ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਕੁੱਟ ਦਾ ਸਿਕਾਰ ਹੁੰਦੀ ਹੈ, ਸੰਭੋਗ ਲਈ ਮਜਬੂਰ ਕੀਤੀ ਜਾਂਦੀ ਹੈ ਜਾਂ ਜਿੰਦਗੀ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਦੁਰਵਿਵਹਾਰੀ ਨਜ਼ਦੀਕੀ ਹੁੰਦਾ ਹੈ"
  ਸਮਾਜ ਦਾ ਪ੍ਰਚੱਲਿਤ ਕਥਨ ਹੈ ਕਿ ਔਰਤ ਨੂੰ ਘਰ ਅੰਦਰ ਮਰਦ ਪਹਿਲਾਂ ਅਤੇ ਤਸੱਲੀ ਨਾਲ ਖੁਆ ਕੇ ਆਪ ਤਸੱਲੀ ਪ੍ਰਗਟ ਕਰਦੀ ਹੈ। ਕਿੰਨਾ ਤਹਿਜ਼ੀਬ ਵਾਲਾ ਸੁਭਾਅ! ਇਹ ਸਲੀਕਾ ਔਰਤ ਪ੍ਰਤੀ ਸਾਰੀਆਂ ਧਾਰਨਾਵਾਂ ਨੂੰ ਹਜ਼ਮ ਕਰਕੇ ਇੱਕ ਨੁਕਤੇ ਵਿੱਚ ਨਿਬੇੜ ਦਿੰਦਾ ਹੈ,ਜਾਂ ਕਹਿ ਲਿਆ ਜਾਵੇ ਇਸ ਨੁਕਤੇ ਵਿੱਚ ਸਮੁੰਦਰ ਹੈ। ਪਰ ਧੰਨ ਹੈ ਔਰਤ ਸਭ ਕੁੱਝ ਚੁੱਪ ਚੁਪੀਤੇ ਸਹਿਣ ਕਰੀ ਜਾਂਦੀ ਹੈ। ਅੰਮਿ੍ਤਾ ਪ੍ਰੀਤਮ ਦਾ ਇਹ ਕਥਨ ਇਸ ਵਰਤਾਰੇ ਤੇ ਢੁੱਕਵਾਂ ਹੈ,
"ਪ੍ਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪ੍ਰਛਾਵਾਂ ਨਹੀੰ ਹੁੰਦਾ"
  ਇਸਤਰੀ ਸੰਭੋਗ ਲਈ ਮਰਦ ਦੀ ਇੱਛਾ ਬਣਦੀ ਹੈ। ਪਰ ਇੱਛਾਵਾਂ ਦਾ ਅੰਤ ਨਹੀਂ ਹੁੰਦਾ ਨਾ ਹੀ ਤਿ੍ਪਤ ਹੁੰਦੀਆ ਹਨ। ਔਰਤ ਨੂੰ ਮਰਦ ਦਾ ਡਰ ਭੈਅ ਰਹਿੰਦਾ ਹੈ। ਇਸ ਪ੍ਰਤੀ ਕਨੂੰਨੀ ਸਿਕੰਜਾ ਤਾਂ ਹੈ ਪਰ ਸਾਡੀ ਸੰਸਕਿ੍ਤੀ ਵਿੱਚ ਇੱਜ਼ਤ ਬੜੀ ਸਮਝੀ ਜਾਂਦੀ ਹੈ। ਇਸ ਲਈ ਗੁਨਾਹ ਨੂੰ ਇੱਜ਼ਤ ਦੀ ਆੜ ਹੇਠ ਛੁਪਣ ਦਾ ਮੌਕਾ ਮਿਲਦਾ ਹੈ। ਹੋਰ ਦੇਸ਼ਾ ਵਿੱਚ ਅਜਿਹੀ ਸੋਚ ਨਹੀੰ ਹੈ। ਮਨੁੱਖ ਜੋ ਮਰਜ਼ੀ ਦਾ ਹੋਵੇ ਔਰਤ ਪ੍ਰਤੀ ਸੋਚ ਉਹੀ ਰੱਖਦਾ ਹੈ ਜੋ ਹੋਣੀ ਨਹੀਂ ਚਾਹੀਦੀ। ਬਹੁਤ ਕੁੱਝ ਬਦਲ ਚੁੱਕਿਆ ਹੈ ਪਰ ਔਰਤ ਪ੍ਰਤੀ ਨਜ਼ਰੀਆ ਅਤੇ ਮਨੁੱਖੀ ਸੋਚ ਘਰ ਦੀ ਸਰਦਲ ਦੇ ਬਾਹਰ ਕੁੱਤੇ ਵਾਂਗ ਬੈਠੀ ਹੈ। ਲੱਖ ਉਪਾਵਾਂ ਅਤੇ ਵਿਚਾਰਾਂ ਦੇ ਬਾਵਯੂਦ ਸਰਦਲ ਟੱਪਣ ਲਈ ਮਾਯੂਸ ਬੈਠੀ ਹੈ। ਔਰਤ ਨੂੰ ਪ੍ਰਕਿਰਤੀ ਦੀ ਕੰਨਿਆ ਸਮਝਿਆ ਜਾਂਦਾ ਹੈ। ਪਰ ਇਹ ਸਿਰਫ਼ ਸਮਝਿਆ ਹੀ ਜਾਂਦਾ ਹੈ ਮਨੁੱਖੀ ਸੋਚ ਮੂਹਰੇ ਇਹ ਵਿਚਾਰ ਗੋਡੇ ਟੇਕ ਦਿੰਦਾ ਹੈ। ਇਸ ਦਾ ਨਿਪਟਾਰਾ ਲਾਰਡ ਵਿਲੀਅਮ ਬਲੇਕ ਨੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ, "ਜਿਹੜਾ ਵਿਅਕਤੀ ਆਪਣੀ ਸੋਚ ਸਮਝ ਨਹੀਂ ਬਦਲ ਸਕਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਇਹ ਕਥਨ ਸਿਰੇ ਤੇ ਗੰਢ ਮਾਰਨ ਲਈ ਕਾਫੀ ਹੈ।
    ਜੀਵ ਵਿਗਿਆਨਕ, ਕੁਦਰਤੀ ਅਤੇ ਦੁਨਿਆਵੀ ਤੌਰ ਤੇ ਮਰਦ ਔਰਤ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹਨ। ਜੇ ਦੋਵੇਂ ਪਾਸੇ ਛੇੜਛਾੜ ਹੋਵੇ ਤਾਂ ਜੱਚਦਾ ਨਹੀਂ। ਇਸ ਪ੍ਰਤੀ ਸੀਮਤ ਦਾਇਰਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਨੂੰ ਸੀਮਤ ਰੱਖਣ ਵਾਲੀ ਸੋਚ ਉਭਾਰਨੀ ਚਾਹੀਦੀ ਹੈ। ਇੱਥੇ ਪੈਪਸੀਕੋ ਦੇ ਮੁਖੀ ਦੀ ਮਾਂ ਦਾ ਕਥਨ ਵੀ ਦਰਜ਼ ਕੀਤਾ ਗਿਆ ਹੈ,"ਤੂੰ ਪੈਪਸੀਕੋ ਦੀ ਮੁਖੀ ਬਣ ਗਈ ਹੈ ਪਰ ਘਰ ਦੇ ਬੂਹੇ ਅੰਦਰ ਪੈਰ ਧਰਦਿਆਂ ਹੀ ਤੂੰ ਇੱਕ ਪਤਨੀ ਇੱਕ ਮਾਂ ਹੈ ਜਿਸ ਦੀ ਕੋਈ ਥਾਂ ਨਹੀਂ ਲੈ ਸਕਦਾ" ਮਾਂ ਦੇ ਇਸ ਵਿਚਾਰ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਸੱਭਿਅਤਾ ਦਾ ਵਿਕਾਸ ਹੋ ਰਿਹਾ ਸੀ, ਤਾਂ ਔਰਤ ਨੂੰ ਜਿਸ ਸੀਮਤ ਦਿਸ਼ਾ ਚ ਰੱਖਿਆ ਸੀ ਉੱਥੇ ਮਰਦ ਨੂੰ ਵੀ ਬਾਹਰੀ ਅਤੇ ਆਰਥਿਕ ਪ੍ਰਬੰਧਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
     ਮਨੂੰ ਸਿਮਰਤੀ ਵਿੱਚ ਔਰਤ ਨੂੰ ਮਾਂ ਪਿਓ, ਘਰਵਾਲੇ ਅਤੇ ਪੁੱਤਰਾਂ ਦੇ ਅਧੀਨ ਰੱਖਿਆ ਗਿਆ ਹੈ। ਇਹ ਭਾਰਤੀ ਸੰਸਕਿ੍ਤੀ ਦੀ ਤਰਜ਼ਮਾਨੀ ਕਰਦਾ ਹੈ। ਆਲਮੀ ਪੱਧਰ ਤੇ ਇਹ ਠੀਕ ਨਹੀਂ ਜਾਪਦਾ। ਔਰਤਾਂ ਦੀ ਸਰਕਾਰ ਨੇ ਹਰ ਥਾਂ ਭਾਗੀਦਾਰੀ ਅਤੇ ਰਾਖਵਾਂਕਰਨ ਕਰਕੇ ਮਰਦ ਔਰਤ ਦੀ ਬਰਾਬਰਤਾ ਵੱਲ ਤੋਰਿਆ ਕਦਮ ਹੀ ਹੈ, ਮਾਨਸਿਕਤਾ ਨੂੰ ਮੋੜਾ ਦੇਣ ਲਈ ਕਾਫੀ ਕੁੱਝ ਕਰਨ ਲਈ ਬਾਕੀ ਹੈ। ਮਰਦ ਦੀ ਸੋੜੀ ਸੋਚ ਜਿਸ ਨੂੰ ਸਮਾਜ ਵੀ ਮਾਨਤਾ ਦੇ ਦਿੰਦਾ ਹੈ, ਇਸ ਅੱਗੇ ਸਭ ਬੇਵੱਸ ਹੋ ਜਾਂਦਾ ਹੈ। ਆਦਮੀ ਗਾਲ ਔਰਤ ਨੂੰ ਮੁਖਾਤਿਬ ਹੋ ਕੇ ਕੱਢਦਾ ਹੈ, ਔਰਤ ਮਰਦ ਨੂੰ ਗਾਲ ਨਹੀਂ ਕੱਢਦਾ। ਸਰਦਲ ਅੰਦਰ ਜਾਣ ਲਈ ਕੋਈ ਭਵਿੱਖੀ ਸੰਕੇਤ ਨਹੀਂ ਹੈ। ਔਰਤ ਅੱਜ ਵੀ ਵਿਚਾਰੀ ਹੈ। ਸਵੇਰੇ ਤੋਂ ਆਥਣ ਤੱਕ ਟੱਬਰ ਦੀ ਜੂਠ ਮਾਂਜਦੀ ਹੋਈ ਬਾਕੀ ਮੈਂਬਰਾਂ ਦਾ ਢਿੱਡ ਭਰਦੀ ਹੈ। ਇਹ ਸਭ ਕੁੱਝ ਸਹਿਣ ਕਰਦੀ ਹੈ, ਪਰ ਅਹਿਸਾਸ ਵੀ ਨਹੀਂ ਹੋਣ ਦਿੰਦੀ। ਉੱਮਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਾਇਆ ਸੀ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"
 ਔਰਤ ਪ੍ਰਤੀ ਸੋਚ ਇਸ ਕਦਰ ਹੀ ਬਦਲ ਜਾਵੇ ਕਿ ਘਰ ਵਿੱਚ ਨੈਤਿਕ ਬਰਾਬਰੀ ਹਾਸਿਲ ਕਰ ਸਕੇ। ਲੈਨਿਨ ਦਾ ਵਿਚਾਰ ਇਸ ਰੁਖ ਵੱਲ ਸਹੀ ਸਾਬਿਤ ਹੁੰਦਾ ਹੈ, "ਜਦੋਂ ਤੱਕ ਔਰਤ ਨੂੰ ਰਸੋਈ ਦੀ ਗੁਲਾਮੀ ਤੋਂ ਆਜਾਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸਦੀ ਅਜਾਦੀ ਅਧੂਰੀ ਹੈ" ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਆਦਮੀ ਆਇਆ ਕਿੱਥੋਂ? ਪਤਾ ਲੱਗ ਵੀ ਜਾਵੇ ਤਾਂ ਮਰਦ ਮਾਨਸਿਕਤਾ ਘੁੰਮ ਕੇ ਉੱਥੇ ਹੀ ਖੜ੍ਹ ਜਾਂਦੀ ਹੈ। ਆਦਮੀ ਦੇ ਮਨ ਵਿੱਚ ਮਰਦਾਨਗੀ, ਪ੍ਰਧਾਨਗੀ ਅਤੇ ਅਣਖ ਦੀ ਉੱਪਜ ਦਾ ਕੀੜਾ, ਜੋ ਉਸ ਦੀ ਸੋਚ ਦੀ ਤਰਜ਼ਮਾਨੀ ਕਰਦਾ ਹੈ, ਇਹੀ ਔਰਤ ਪ੍ਰਤੀ ਚੰਗੀ ਸੋਚ ਨੂੰ ਅੱਗੇ ਨਹੀਂ ਤੁਰਨ ਦਿੰਦਾ। ਮਾੜੀ ਸੋਚ ਦੀ ਬੁਨਿਆਦ ਉੱਤੇ ਟਿਕਿਆ ਮਰਦ ਪ੍ਰਧਾਨ ਸਮਾਜ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਇਹ ਨਹੀਂ ਸਮਝ ਲੈਂਦਾ ਚੰਗਾ ਮਾੜਾ ਕੁੱਝ ਨਹੀਂ ਹੁੰਦਾ, ਕੇਵਲ ਸੋਚ ਹੀ ਚੰਗੀ ਮਾੜੀ ਹੁੰਦੀ ਹੈ।ਆਓ ਆਪਣੀ ਸੰਸਕ੍ਰਿਤੀ ਮੁਤਾਬਿਕ ਔਰਤ ਦੇ ਸਤਿਕਾਰ ਨੂੰ ਘੋਖੀਏ ਇਸ ਨਾਲ ਹਵਸ਼, ਹਿੰਸਾ ਅਤੇ ਦਾਜ ਦਰਿੰਦਗੀ ਨੂੰ ਮੋੜਾ ਪੈਣ ਦੀ ਗੁੰਜਾਇਸ਼ ਜ਼ਰੂਰ ਬਣੇਗੀ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445