ਮਾਘਿ ਮਜਨੁ ਸੰਗਿ ਸਾਧੂਆ - ਸੁਖਪਾਲ ਸਿੰਘ ਗਿੱਲ
ਤਿਓਹਾਰਾਂ ਵਾਂਗ ਆਉਂਦੇ ਦੇਸੀ ਮਹੀਨਿਆਂ ਵਿੱਚੋਂ ਮਾਘ ੧੯੯੯ ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਗਿਆਰਵਾਂ ਮਹੀਨਾ ਹੈ।ਇਹ ਮਹੀਨਾ ਸਰਦੀ, ਸ਼ਹੀਦੀਆਂ ਅਤੇ ਸ਼ਰਧਾ ਸਮਾਈ ਬੈਠੇ ਪੋਹ ਮਹੀਨੇ ਤੋਂ ਬਾਅਦ ਆਉਂਦਾ ਹੈ।ਪੋਹ ਨੂੰ ਮਾੜਾ ਮਹੀਨਾ ਮੰਨਿਆ ਜਾਂਦਾ ਹੈ ਇਸ ਲਈ ਆਉਂਦੇ ਮਾਘ ਮਹੀਨੇ ਵਿੱਚ ਕਾਰਜਾਂ ਦੀ ਭੀੜ ਬਣ ਜਾਂਦੀ ਹੈ।ਇਸ ਮਹੀਨੇ ਬਸੰਤ ਰੁੱਤ ਸਵਾਗਤ ਕਰਦੀ ਹੈ।ਸਰਦੀ ਅਤੇ ਕੋਹਰੇ ਦੀ ਝੰਬੀ ਪ੍ਰਕਿਰਤੀ ਬਹਾਰ ਰੁੱਤ ਦੀ ਆਮਦ ਵੱਲ ਤੁਰਦੀ ਹੈ।ਮਾਘ ਮਹੀਨੇ ਦੀ ਕੋਸੀ ਕੋਸੀ ਧੁੱਪ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀ:-
"ਮਾਘ ਨਜ਼ਾਰੇ ਧੁੱਪਾਂ ਦੇ,ਪੱਤੇ ਝੜਦੇ ਰੁੱਖਾਂ ਦੇ"
ਪੋਹ, ਮਾਘ ਅਤੇ ਫੱਗਣ ਇੱਕ ਦੂਜੇ ਨਾਲ ਪ੍ਰਕਿਰਤੀ ਦੇ ਤੌਰ ਤੇ ਜੁੜੇ ਹੋਏ ਹਨ। ਮਾਘਿ ਦੀ ਸ਼ੁਰੂਆਤ ਮਾਘੀ ਨਾਲ ਹੁੰਦੀ ਹੈ।ਇਸ ਵਿੱਚ ਗੁਰੂ ਹਰ ਰਾਏ ਸਾਹਿਬ ਅਤੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਨ ਵੀ ਆਉਂਦਾ ਹੈ।ਇਸ ਲਈ ਇਹ ਮਹੀਨਾ ਧਾਰਮਿਕ ਅਤੇ ਇਤਿਹਾਸਕ ਕੜੀਆਂ ਵੀ ਜੋੜਦਾ ਹੈ। ਬਰਫ਼ਾਨੀ ਜਿਹੀ ਰੁੱਤ ਕਰਕੇ ਇਸ ਮਹੀਨੇ ਜ਼ਰੀਏ ਇਸਤਰੀ ਨੂੰ ਪੰਚਮ ਗੁਰਦੇਵ ਪ੍ਰਭੂ ਮਾਹੀ ਨਾਲ ਮਿਲਾਪ ਦਾ ਤਰੀਕਾ ਇਉਂ ਸਮਝਾਉਂਦੇ ਹਨ:-
"ਹਿਮਕਰ ਰੁਤਿ ਮਨਿ ਭਾਵਤੀ,ਮਾਘੁ ਫਗਣੁ ਗੁਣਵੰਤ ਜੀਉ"
ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਨਾਮ ਸਿਮਰਨ ਨਾਲ ਅਠਾਹਟ ਤੀਰਥਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ:- "ਪੁੰਨ ਦਾਨ ਪੂਜਾ ਪ੍ਰਮੇਸੁਰ,ਜੁਗਿ ਜੁਗਿ ਏਕੋ ਜਾਤਾ, ਨਾਨਕ ਮਾਘਿ ਮਹਾ ਰਸੁ,ਹਰਿ ਜਪਿ ਅਠਸਠਿ ਤੀਰਥ ਨਾਤਾ"
ਮਾਝ ਬਾਰਹ ਮਾਹਾ ਮਹੱਲਾ੫ ੧੩੬ ਵਿੱਚ ਗੁਰੂ ਜੀ ਫੁਰਮਾਉਂਦੇ ਹਨ ਕਿ ਕਰਮਕਾਂਡਾਂ ਅਤੇ ਫੋਕਟ ਚੀਜ਼ਾਂ ਤੋਂ ਪਿੱਛੇ ਹਟ ਕੇ ਪ੍ਰਭ ਪਿਆਰ ਮਿਲਦਾ ਹੈ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ :-"ਮਾਘਿ ਮਜਨੁ ਸੰਗਿ,ਧੂੜੀ ਕਰਿ ਇਸਨਾਨੁ,
ਹਰਿ ਕਾ ਨਾਮੁ ਧਿਆਇ,ਸੁਣਿ ਸਭਨਾ ਨੋ ਕਰਿ ਦਾਨੁ,
ਜਨਮ ਕਰਮ ਮਲੁ ਉਚਰੈ,ਮਨਿ ਤੇ ਜਾਇ ਗੁਮਾਨੁ,
ਕਾਮ ਕਰੋਧਿ ਨ ਮੋਹੀਐ, ਬਿਨਸੈ ਲੋਭੁ ਸੁਥਾਨੁ, ਸੱਚੇ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ,
ਅਠਸਠਿ ਤੀਰਥ ਸਗਲ ਪੁੰਨ,ਜੀਅ ਦਇਆ ਪਰਵਾਨੁ,ਜਿਸੁ ਨੋ ਦੇਵੈ ਦਇਆ ਕਰਿ,ਸੋਈ ਪੁਰਖੁ ਸੁਜਾਨੁ,ਜਿਨਾ ਮਿਲਿਆ ਪ੍ਰਭੁ ਆਪਣਾ, ਨਾਨਕ ਤਿਨ ਕੁਰਬਾਨੁ, ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੂ ਮਿਹਰਵਾਨ"
ਕਿਸਾਨੀ ਪੱਖ ਤੋਂ ਇਹ ਮਹੀਨਾ ਵੱਖਰੀ ਪਹੁੰਚ ਰੱਖਦਾ ਹੈ।ਇਸ ਮਹੀਨੇ ਪੋਹ ਦੇ ਝੰਬੇ ਹਰੇ ਚਾਰੇ ਅਤੇ ਫ਼ਸਲਾਂ ਉਭਾਰ ਮਾਰਦੀਆਂ ਹਨ। ਪੋਹ ਮਹੀਨੇ ਦੀ ਠੰਢ ਤੋਂ ਵੱਡੇ ਦਿਨਾਂ ਦੀ ਆਮਦ ਨਾਲ ਧੁੱਪਾਂ ਪ੍ਰਕਿਰਤੀ ਅਤੇ ਜੀਵ ਜੰਤੂਆਂ ਨੂੰ ਨਿਖਾਰਦੀਆਂ ਹਨ।ਇਹ ਮਹੀਨਾ ਜ਼ਿਮੀਂਦਾਰ ਲਈ ਅਖੀਰਲਾ ਗਿਣਿਆ ਜਾਂਦਾ ਹੈ ਇਸ ਵਿੱਚ ਤੂੜੀ ਤੰਦ ,ਦਾਣਾ ਫੱਕਾ ਮੁੱਕਣ ਦੇ ਕੰਢੇ ਹੁੰਦਾ ਹੈ। ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬੱਚੇ ਬੁੱਢੇ ਧੂਣੀਆਂ ਸੇਕਦੇ ਹਨ।ਮਾਘ ਤੋਂ ਫੱਗਣ, ਫੱਗਣ ਤੋਂ ਚੇਤ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਬਾਰਾਂ ਮਹੀਨਿਆਂ ਦੇ ਰੁੱਤਾਂ ਤਿੱਥਾਂ ਦੇ ਚੱਕਰ ਵਿੱਚ ਮਾਘ ਵੱਖਰੀ ਵੰਨਗੀ ਤੇ ਸੁਹਾਵਣੀ ਕਿਸਮ ਦਾ ਮਹੀਨਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445