Arpinder Singh Sekhon

ਦੋ ਕੁ ਲਫ਼ਜ਼ ਦਾਸ ਵਲੋ !  - ਬਿੱਟੂ ਮਝੈਲ ਅਰਪਿੰਦਰ ਸੇਖ਼ੋ 

ਪਾਤਰ ਦੇ ਲ਼ਿਖੇ ਹਰਫ਼ਾਂ ਦਾ ਤਰਜੁਮਾ ਬਾਬੇਕਿਆਂ ਦੀ ਬੋਲੀ ਚ, ਹੇਠਾਂ ! ਦੋਸਤੋ ਸੱਚ ਇਹ ਵਾ ਕਿ ਮੈਥੋਂ ਵੱਡਾ ਇਸ਼ਕ ਮਿਜਾਜ਼ੀ, ਖੁਸ਼ ਮਿਜਾਜ਼ੀ ਤੇ ਰੋਮਾਂਸਵਾਦੀ ਕੋਈ ਨਹੀ ! ਮੈਂ ਹਰ ਪਲ ਨੂੰ ਜੀਣ ਦੀ ਕੋਸ਼ਿਸ਼ ਕਰਦਾਂ ਵਾ ! ਪਰ ਮਨੁੱਖਤਾ ਨਾਲ ਹੁੰਦੀਆਂ ਬੇਨਿਆਈਆਂ ਮੇਰੇ ਸੁਭਾਅ ਨੂੰ ਉਦਾਸ ਕਰ ਜਾਂਦੀਆਂ ਵਾਂ ! ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨਾਲ ਮੇਰਾ ਡਾਹਡਾ ਇਸ਼ਕ ਵਾ ! ਬਾਕੀ ਸੱਭ ਮਗਰੋਂ ! ਰੋਮਾਂਸਵਾਦੀ ਤੇ ਮੇਮਾਂ ਦੀਆਂ ਮਹਿਫਲਾਂ ਦਾ ਬੀਬਾ ਮਝੈਲ ਹੁੰਦਿਆਂ ਮੈਂ ਕਈ ਵਾਰ ਰੁਮਾਂਟਿਕ ਕਵਿਤਾ ਲਿਖਣ ਲੱਗਾ ਪਰ ਲਿਖਿਆ ਕੌਮ ਦਾ ਦਰਦ ਗਿਆ ! ਇਹ ਬਾਬੇ ਦੀ ਅਪਾਰ ਰਹਿਮਤ ਹੈ ਕਿ ਮੇਰੇ ਵਰਗੇ ਪਾਪੀ ਵਿੱਚ ਵੀ ਇੱਕ ਚੰਗਾ ਬੰਦਾ ਹੈ ! ਤੇ ਮੈਨੂੰ ਮੇਰੇ ਤੇ ਮਾਣ ਹੈ ! ਬਾਬਾ ਅੰਗ ਸੰਗ ਰਹੇ ਸਾਰੇ ਭੈਣ ਭਰਾ ਮੇਰੇ ਦਿਲ ਚ, ਨਿਕਲਿਆ ਪਾਤਰ ਦੇ ਗੀਤ ਦਾ ਤਰਜੁਮਾ ਪੜੋ ਇਹ ਮੇਰੇ ਦਿਲ ਦੀ ਹੂਕ ਏ !
ਰੱਬ ਰਾਖਾ 
Bittu Arpinder Singh

ਸੁੰਨ-ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸੱਭ ਖ਼ੈਰ ਏ….
ਕਦੇ ਨਾਂ ਕਰੇਸੀ ਜਿੰਨੇ ਗੱਲ ਹੱਕ ਸੱਚ ਦੀ
ਦੱਸੋ ਭਲਾ ਯਾਰੋ ਮੈਨੂੰ ਉਹ ਕੈਸਾ ਸ਼ਾਇਰ ਏ…

ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ
ਵੀਰਾ ਕਿਤੇ ਬਾਹਰ ਗਿਆ ਜੋ ਫੁੱਲ ਭਰ ਸੀ
ਆਥਣੇ ਖੜਾਕ ਹੋਇਆ ਮੈਂ ਗਈ ਡਰ ਸੀ
ਦਿਨ ਚੜੇ ਪਤਾ ਲੱਗਾ ਵੀਰ ਗਿਆ ਮਰ ਸੀ
ਉਦੋਂ ਦਾ ਈ ਸਾਡੇ ਨਾਲ ਹਾਕਮਾਂ ਦਾ ਵੈਰ ਏ….
ਦਿਲ ਹੀ ਉਦਾਸ ਏ ਜੀ ਬਾਕੀ ਸੱਭ ਖ਼ੈਰ ਏ….

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ 
ਸੂਰਜ ਦੇ ਚੜ੍ਹਨ ‘ਚ ਹਾਲੇ ਬਾਹਲੀ ਦੇਰ ਸੀ
ਪਹਿਲੀ ਵਾਰ ਚੜ ਆਈ ਹਾਕਮਾਂ ਦੀ ਹੇੜ ਸੀ 
ਪਾਟੀਆਂ ਬਿਆਈਆਂ ਵਾਲਾ ਬਾਪੂ ਪਿਆ ਢੇਰ ਸੀ 
ਹਾਲੇ ਤਾਈਂ ਮਾਂ ਮੇਰੀ ਭੁੱਲਿਆ ਨਾਂ ਕਹਿਰ ਏ….
ਦਿਲ ਹੀ ਉਦਾਸ ਏ ਜੀ ਬਾਕੀ ਸੱਭ ਖ਼ੈਰ ਏ….

ਕਿੱਥੋਂ ਦੀਆਂ ਗਿਰਜਾਂ ਨੂੰ ਕਿਥੋਂ ਚੋਗਾ ਲੱਭਿਆ 
ਪੁੱਤ ਨਾਂ ਜਵਾਨ ਕੋਈ ਵਿਹੜਿਆਂ ਚ, ਛੱਡਿਆ ! 
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ‘ਚ ਤਰੰਗਾ ਗਿਆ ਗੱਡਿਆ
ਜਾਹ ਓ ਤਰੰਗਿਆ ਸਾਡਾ ਤੇਰਾ ਵੈਰ ਏ…
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ…. 

ਕਦੇ ਨਾਂ ਕਰੇਸੀ ਜਿੰਨੇ ਗੱਲ ਕੌਮੀ ਹੱਕ ਦੀ
ਦੱਸ “ਬਿੱਟੂ ਸੇਖ਼ੋਂ” ਮੈਨੂੰ ਉਹ ਕੈਸਾ ਸ਼ਾਇਰ ਏ….!

ਬਾਬੇਕਿਆਂ ਦੀ ਪ੍ਰਸੰਸਾ ਦਾ ਪਾਤਰ
ਦੇਸੀ ਗ਼ਾਲਿਬ ਬਿੱਟੂ ਮਝੈਲ

"ਧਰਮ ਕੀ ਧੁਜਾ ਕਉ ਜਗਤ ਮੈ ਝੁਲਾਰਹੁ" - ਬਿੱਟੂ ਅਰਪਿੰਦਰ ਸਿੰਘ

ਜਿਸਦਾ ਸਰਲ ਅਰਥ ਸੰਸਾਰ ਵਿੱਚ ਧਰਮ ਦਾ ਝੰਡਾ ਬੁਲੰਦ ਕਰਨਾ ਹੈ ! ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਦੀ ਅਰਦਾਸ ਹਰ ਗੁਰ ਸਿੱਖ ਨਿਤਾ ਪ੍ਰਤੀ ਕਰਦਾ ਤੇ ਸਰਬੱਤ ਦਾ ਭਲਾ ਮੰਗਦਾ ਹੈ ! ਗੁਰੂ ਕਿਆਂ ਦੇ ਝੰਡੇ ਭਾਵ ਨਿਸ਼ਾਨ ਸਾਹਿਬ ਕੁਲ ਸੰਸਾਰ ਦੇ ਝੰਡਿਆਂ ਤੋ ਵਿਲੱਖਣ ਇਸ ਕਰਕੇ ਹਨ ਕਿ ਇਹਨਾਂ ਨੂੰ ਬੁਲੰਦ ਰੱਖਣ ਲਈ ਸ਼ਹਾਦਤਾਂ ਦੀ ਇੱਕ ਅਮੁੱਕ ਕਤਾਰ ਹੈ ! ਜੋ ਚੀਨ ਦੀ ਕੰਧ ਨਾਲੋਂ ਵੀ ਲੰਮੇਰੀ ਹੈ !
ਝੰਡਿਆਂ ਦੀ ਮਹੱਤਤਾ ਵੀ ਓਹੋ ਜਾਣਦੇ ਨੇ ਜਿੰਨਾ ਆਪਣਾ ਇਤਿਹਾਸ ਪੜਿਆ ਹੋਵੇ ! ਸਿੱਖਾਂ ਦਾ ਤੇ ਇਤਿਹਾਸ ਈ ਨਿਸ਼ਾਨ ਸਾਹਿਬਾਂ ਦੀ ਛਤਰ ਛਾਇਆਂ ਹੇਠ ਰਚਿਆ ਗਿਆ ਹੈ ! ਅਜੇ ਕੱਲ ਦੀਆਂ ਗੱਲਾਂ ਨੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਫਰਲੇ ਲਹਿ ਲਹਿਰਾ ਰਹੇ ਸਨ ਤੇ ਮਰਜੀਵੜੇ  ਛਾਵੇਂ ਮੌਤ ਨੂੰ ਟਿੱਚਰਾਂ ਕਰ ਰਹੇ ਸਨ ! ਅਖੌਤੀ ਸੁੱਪਰ ਪਾਵਰ ਗਾੜੀ ਹਿੱਕ ਡਾਹ ਕਿ ਡੱਟੇ ਸੂਰਮੇ ਆਖ਼ਰੀ ਸਾਹ ਤੇ ਅੰਤਲੀ ਗੋਲੀ ਤੱਕ ਲੜੇ ! ਵੀਰਗਤੀ ਨੂੰ ਪ੍ਰਾਪਤ ਹੋਏ ਯੁੱਧ ਵੀਰਾਂ ਦੇ ਮਿੱਟੀ ਹੋਏ ਸਰੀਰ ਜਦੋਂ ਹੁਕਮਰਾਨ ਚੁੱਕ ਰਹੇ ਸੀ ਤੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਫਰਲੇ ਵੱਖਰੇ ਹੀ ਮਾਣ ਮੱਤੇ ਅੰਦਾਜ ਨਾਲ ਲਹਿ ਲਹਿਰਾ ਅਖੌਤੀ ਸੁੱਪਰ ਪਾਵਰ ਦਾ ਮੂੰਹ ਚਿੜਾ ਰਹੇ ਸੀ ! ਦੂਜੇ ਪਾਸੇ ਹਾਢੇ ਆਲ਼ਿਆਂ ਨੇ ਜਦੋਂ ਦੁਰਗਾ ਇੰਦਰਾ ਠੋਕੀ ਪੂਰੇ ਬਾਰਾਂ ਦਿਨ ਸਰਕਾਰੀ ਝੰਡੇ ਨੂੰ ਸਿਰ ਨੂੰ ਚੁੱਕਣ ਦਿੱਤਾ ! ਹੁਣ ਦੱਸੋ ਬਈ ਜਿੱਤ ਬੁਲੰਦ ਨਿਸ਼ਾਨ ਸਾਹਿਬ ਆਲ਼ਿਆਂ ਦੀ ਹੋਈ ਕਿ ਝੁਕੇ ਝੰਡੇ ਆਲ਼ਿਆਂ ਦੀ ! ਫਤਿਹ ਖ਼ਾਲਸੇ ਦੀ !
ਕੁਹ ਵਰੇ ਪਹਿਲਾਂ ਲੱਗਾ ਕਿਸਾਨ ਮੋਰਚਾ ਵੀ ਗੁਰੂ ਦੀ ਕਲਾ ਸੀ ! ਬੜੀਆਂ ਚੀਜ਼ਾਂ ਸਪਸ਼ਟ ਹੋਈਆਂ ! ਬੜੀ ਕਾਂਗਿਆਰੀ ਪਰਗਟ ਹੋਈ ! ਕਿਹੜਾ ਕਿੰਨੇ ਪਾਣੀ ਚ, ਪਤਾ ਲੱਗ ਗਿਆ ! ਧਰਮ ਦਾ ਮਖੌਟਾ ਪਾ ਸੰਗਤ ਦਾ ਧੰਨ ਖਾਣ ਆਲੇ ਪਰਚਾਰਿਕ ਨਾਸਤਿਕ ਕਾਮਰੇਡਾਂ ਦੇ ਮਾਮੇ ਬਣ ਉਹਨਾਂ ਦੀ ਝੋਲੀ ਜਾ ਪਏ ! ਅਖੌਤੀ ਸਮਾਜ ਸੇਵਕਾਂ ਦਾ ਡਰਾਮਾ ਕਰਨ ਵਾਲਿਆਂ ਨਿਸ਼ਾਨ ਸਾਹਿਬ ਸਾੜ ਕਿ ਲਾਹਨਤ ਖੱਟ ਲਈ ! ਅਖੌਤੀ ਪੰਥਕਾਂ ਤੇ ਰਾਜੇਵਾਲ ਉਗਰਾਹਾਂ ਜੁੰਡਲੀ ਨੇ ਸਰਕਾਰ ਦੀ ਬਜਾਏ ਆਹਡਾ ਆਪਣੇ ਨੌਜਵਾਨਾਂ ਨਾਲ ਲਾ ਛੱਡਿਆ !
ਕਾਮਰੇਡਾਂ, ਕਿਸਾਨਾਂ ਤੇ ਲੀਡਰਾਂ ਦੀਆਂ ਨਾਕਾਮਯਾਬੀਆਂ ਤੋਂ ਅੱਕੇ ਨੌਜਵਾਨ ਲਾਲ ਕਿਲੇ ਤੇ ਜਾ ਚੜੇ ! ਉਹਨਾਂ ਇਤਹਾਸ ਦਾ ਇੱਕ ਨਵਾਂ ਵਰਕਾ ਲਿੱਖ ਮਾਰਿਆ ! ਲਾਲ ਕਿਲੇ ਦੀ ਫ਼ਸੀਲ ਤੇ ਖਾਲਸਾਈ ਨਿਸ਼ਾਨ ਝੂਲ ਰਿਹਾ ਸੀ ਤੇ ਹੇਠਾਂ ਨਿਹੰਗ ਸਿੰਘਾ ਦੇ ਘੋੜੇ ਨੱਚ ਰਹੇ ਸੀ ਕਲਾ ਅਕਾਲ ਦੀ ! ਸੰਸਾਰ ਦੇ ਸਿੱਖ ਸ਼ੋਸ਼ਲ ਮੀਡੀਆ ਤੇ ਲਾਈਵ ਵੇਖ ਕਿ ਬਾਗੋਂ ਬਾਗ ਹੋ ਕਹੇ ਸੀ ! ਓਸ ਸਮੇਂ ਜੇ ਸੱਭ ਤੋ ਵੱਧ ਕਿਹੇ ਨੂੰ ਪੀੜ ਹੋਈ ਤੇ ਉਹ ਸੀ ਡੱਬੂ ਮਾਨ ਸਿਰੇ ਦਾ ਰਾਸ਼ਟਰਵਾਦੀ ਚਵਲ ! ਜਿੰਨੇ ਪ੍ਰੈੱਸ ਮੂਹਰੇ ਬਹਿ ਕੇ ਵੈਣ ਪਾਏ ਕਿ “ਮੈਂ ਆਪਣੇ ਪਿਓ ਮਰੇ ਤੇ ਨੀ ਰੋਇਆ ਜਿੰਨਾ ਅੱਜ ਰੋਇਆਂ” ਪਿਓ ਦਾ ਪੁੱਤ ਹੁੰਦਾ ਤੇ ਰੋਣ ਆਉਂਦਾ ਲਾਹਨਤੀਆ ! ਪਰ ਗੁੜਤੀ ਤੇ ਜਮਨਾ ਪਾਰ ਵਾਲਿਆਂ ਦੀ ਸੀ ! ਭਾਈ ਲੋਕੋ ਇਹਨਾਂ ਕੋਈ ਪੰਜਾਬੀ ਦੀ ਸੇਵਾ ਨਹੀਂ ਜੋ ਕੀਤੀ ਪੰਜਾਬੀ ਨੇ ਇਹ ਕਮੀਨੇ ਜੀਣ ਜੋਗੇ ਕਰਤੇ ! ਇਹ ਲਚਰਤਾ ਕਿ “ ਪਹਿਲਾ ਪੈਗ ਪੀ ਕਿ ਤੇਰੀ ਬਾਂਹ ਫੜਨੀ” ਜਾਂ “ਸੇਫ ਨਹੀਂ ਜਗਾ ਕੋਈ ਕਮਾਦ ਵਰਗੀ” ਅਨੇਕਾ ਲਾਈਨਾਂ ਨੇ ਇਸ ਕਮਬਖ਼ਤ ਦੀਆਂ ਨੇ ! ਦੱਸੋ ਇਹ ਵਿਰਸਾ ਸਾਡਾ ! 
ਸੋ ਜਰਮਨ ਤੇ ਯੂਰਪ ਚ, ਵੱਸਦੇ ਪੰਜਾਬੀਓ ਜੇ ਪੰਜਾਬ, ਪੰਜਾਬੀਅਤ ਤੇ ਆਪਣੇ ਮਾਣ ਮੱਤੇ ਮੱਤੇ ਵਿਰਸੇ ਤੇ ਫਖਰ ਕਰਦੇ ਹੋ ਤੇ ਇਸ ਚਵਲ ਡੱਬੂ ਮਾਨ ਦਾ ਮੁਕੰਮਲ ਬਾਈਕਾਟ ਕਾਟ ਕਰੋ ! ਦੱਸ ਦਿਓ ਇਸ ਦੋ ਟੱਕੇ ਦੇ ਬੇਸੁਰੇ ਗਵੱਈਏ ਨੂੰ ਕਿ ਅਸੀਂ ਸ਼ਹੀਦ ਭਾਈ ਲਾਲੀ ਖੰਟਾਂ ਵਾਲੇ ਦੇ ਫੈਨ ਆਂ , ਨਾਂ ਕਿ ਕਿਹੇ ਸਰਕਾਰੀ ਡੱਬੂ ਖੰਟਾਂ ਆਲੇ ਦੇ ਫੈਨ ! ਚਹੀਦਾ ਤੇ ਜਰਮਨ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ, ਪੰਥਕ ਜੱਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਸੀ ਐਸੇ ਗਦਾਰਾਂ ਦਾ ਵਿਰੋਧ ਕਰਨ ਪਰ ਗੁਰੂ ਜਾਣੇ ਸਿੰਘਾਂ ਕਿੰਨਾ ਚਿਰ ਹੋਰ ਮੋਨ ਵਰਤ ਰੱਖਣਾ ! ਪਰ ਦਾਸ ਨੇ ਕੂਕਰ ਦਾ ਫ਼ਰਜ਼ ਨਿਭਾਅ ਦਿੱਤਾ ! ਕੱਲ ਵੀਰ ਚਰਨਜੀਤ ਸਿੰਘ ਸੁਜੋਂ ਨਾਲ ਅਮਰੀਕਾ ਗੱਲ ਹੋਈ ਜਿਨ ਬੱਤੀ ਮਾਨ ਦੀਆਂ ਪੂਛਾਂ ਚੁਕਾਈਆਂ ਸਨ ! ਬੀਤੇ ਦਿਨੀ ਬੱਤੀ ਮਾਨ ਦੇ ਸ਼ੋਅ ਫਿਲਾਪ ਕਰਵਾ ਕੇ ਫਿਰ ਬੱਲੇ ਬੱਲੇ ਖੱਟ ਗਏ ਹਨ ! ਵੀਰ ਸੁਜੋਂ ਵੀ ਹੈਰਾਨ ਹਨ ਕਿ ਯੂਰਪ ਦੀਆਂ ਜੱਥੇਬੰਦੀਆਂ ਕੋਈ ਬਿਆਨ ਕਿੰਓ ਨਹੀਂ ਦੇ ਰਹੀਆਂ ਜਦ ਕਿ ਗਰਮੀਆਂ ਚ, ਬੱਤੀ ਮਾਨ ਦੇ ਅਖਾੜੇ ਵੀ ਲੱਗਣ ਜਾ ਰਹੇ ਹਨ ! 
ਅਖੀਰ ਵਿੱਚ ਜਰਮਨ ਤੇ ਯੂਰਪ ਰਹਿੰਦੇ ਸਮੂਹ ਭੈਣਾਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਪੰਜਾਬੀ ਮਾਂ ਬੋਲੀ ਨੂੰ ਮੁਹੱਬਤ ਕਰਦੇ ਹੋ ਤੇ ਕੋਈ ਵੀ ਇਸ ਲਾਹਨਤੀ ਦੇ ਸ਼ੋਅ ਵਿੱਚ ਜਾ ਕੇ ਲਾਹਨਤਾਂ ਦਾ ਭਾਗੀਦਾਰ ਨਾਂ ਬਣੇ ! ਜੇਕਰ ਫਿਰ ਵੀ ਜਾਂਦਾ ਹੈ ਤੇ ਟਰੱਕ ਲਾਹਨਤਾਂ ਦਾ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਵੱਲੋਂ ! ਅਸੀ ਸਾਰੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਸੇਵਾਦਾਰ ਵਲੰਟੀਅਰ ਬੱਬੂ ਮਾਨ ਦੇ 6 ਅਪਰੈਲ ਸੋਮਵਾਰ ਦੇ ਸ਼ੋਅ ਦਾ ਮੁਕੰਮਲ ਬਾਈਕਾਟ ਕਰਦੇ ਹਾਂ 
ਅਕਾਲ ਸਹਾਇ !
ਪੰਜਾਬੀ ਬੋਲਦੇ ਲਾਕੇ ਆਲ਼ਾ ਮਝੈਲ
ਬਿੱਟੂ ਅਰਪਿੰਦਰ ਸਿੰਘ

ਉਹ ਆਈ ਮੇਰੀ ਮੜੀ ਤੇ ਦੀਵਾ - ਬਿੱਟੂ ਮਝੈਲ ਅਰਪਿੰਦਰ ਸੇਖ਼ੋ 

ਉਹ ਆਈ ਮੇਰੀ ਮੜੀ ਤੇ ਦੀਵਾ ਜਗਾ ਕੇ ਚਲੇ ਗਈ 
ਮੁੱਦਤ ਤੋ ਸੁੱਤੀਆਂ ਯਾਦਾ ਨੂੰ ਫੇਰ ਜਗਾ ਕੇ ਚਲੇ ਗਈ 

ਪਤਾ ਨਹੀਂ ਕੀ ਵੈਰ ਏ, ਮੇਰੀ ਸਰਾਫਤ ਨਾਲ ਉਸ ਦਾ 
ਯਾਦਾ ਦੇ ਠੰਡੇ ਧੂਣੇ ਨੂੰ, ਉਹ ਫੇਰ ਮਗਾ ਕੇ ਚਲੇ ਗਈ 

ਮੁਹੱਬਤ ਦੀ ਮੁਹਾਰਨੀ ਨਾਂ, ਗਲ ਸੀ ਉਸ ਦੇ ਵੱਸ ਦੀ 
ਫੇ ਰੱਬ ਜਾਣੇ ਕਾਸ ਤੋ, ਦੋ ਅੱਥਰੂ ਵਗਾ ਕੇ ਚਲੇ ਗਈ 

ਸੀਨੇ ਜੋ ਦੱਬੀ ਅਗਨ ਸੀ, ਓਸ ਬੇਵਫ਼ਾ ਦੇ ਇਸ਼ਕ ਦੀ 
ਉਹ ਬਣਕੇ ਬੁਲਾ ਹਵਾ ਦਾ, ਤੇ ਫੇ ਮਗਾ ਕੇ ਚਲੇ ਗਈ 

ਸੋਖੋਂ ਨੂੰ ਠੱਗਦੀ ਰਹੀ ਸੀ ਜੋ ਸ਼ੋਖ ਅਦਾਵਾਂ ਨਾ ਸਦਾ 
ਲਹਿੰਦੇ ਪਾਸੇ ਕਬਰ ਦੇ ਦੋ ਹਾਓਕੇ ਠਗਾ ਕੇ ਚਲੇ ਗਈ

ਦੇਸੀ ਗਾਲਿਬ 
ਬਿੱਟੂ ਮਝੈਲ ਅਰਪਿੰਦਰ ਸੇਖ਼ੋ !

ਉੱਚਾ ਬੁਰਜ ਲਹੌਰ ਦਾ ! - ਬਿੱਟੂ ਅਰਪਿੰਦਰ ਸਿੰਘ

ਲ਼ਓ ਬਈ ਹਾਢੇ ਆਲੇ ਵੱਡੇ ਬਾਈ ਵਲੈਤੀਏ ਨੇ ਸਹਿਤ ਜਗਤ ਚ, ਨਵਾਂ ਬੰਬ ਸੁੱਟਤਾ ਜੇ ! 25 ਅਕਤੂਬਰ ਨੂੰ ਖੜਾਕ ਸੁਣ ਲਿਓ ! ਵੀਰ ਸ਼ਿਵਚਰਨ ਜੱਗੀ ਕੁੱਸੇ ਨੇ ਪਹਿਲਾਂ ਵੀ ਪੰਜਾਬੀ ਸਹਿਤ ਜਗਤ ਵਿੱਚ ਡਾਹਢੇ ਧਮਾਕੇ ਕੀਤੇ ਨੇ ਤੇ ਇਹਨਾਂ ਕਾਰਨਾਮਿਆਂ ਕਰਕੇ ਸਦੈਵ ਚਰਚਾ ਵਿੱਚ ਰਿਹਾ ਹੈ ! ਪੰਜਾਬ ਦਾ ਇਹ ਮਲਵਈ ਪੁੱਤ ਪੂਰਨ ਤੌਰ ਤੇ ਮਾਂ ਦੀ ਬੋਲੀ ਪੰਜਾਬੀ ਨੂੰ ਸਮਰਪਿਤ ਹੈ ਧੁੰਮਾ ਏਥੋਂ ਤੱਕ ਨੇ ਕਿ ਕਈ ਨਾਵਲਾਂ ਦਾ ਅੰਗਰੇਜ਼ੀ ਤਰਜਮਾ ਵੀ ਹੋ ਚੁੱਕਾ ਤੇ ਵਲੈਤਣ ਗੋਰੀਆਂ ਵੀ ਬਾਈ ਦੀਆਂ ਪ੍ਰਸ਼ੰਸਕ ਵਾਂ !

ਖੁੱਲਮ ਖੁੱਲੇ ਸੁਭਾਅ ਦਾ ਮਾਲਕ ਬਾਈ ਸ਼ਿਵਚਰਨ ਜੰਮਣ ਭੋਂ ਨਾਲ ਜੁੜਿਆ ਉਹ ਬੋਹੜ ਹੈ ਜਿਸ ਦੀ ਪੰਜਾਬੀ ਸਹਿਤ ਤੇ ਇੱਕ ਨਿਵੇਕਲੀ ਗੂੜੀ ਛਾਂ ਹੈ ਤੇ ਪਾਠਕ ਇਸ ਛਾਂ ਦਾ ਖੂਬ ਅਨੰਦ ਮਾਣਦੇ ਹਨ ! ਹਰ ਉਮਰ ਦੇ ਬੰਦੇ ਨੂੰ ਬਾਈ ਦਾ ਹਰ ਨਾਵਲ ਆਪਣੇ ਹਾਣ ਦਾ ਲਗਦਾ ਹੈ ! ਤੇ ਪਾਠਕ ਝੱਟ ਘੁੱਲ ਮਿਲ ਜਾਂਦੇ ਹਨ !

“ਉੱਚਾ ਬੁਰਜ ਲਹੌਰ ਦਾ” ਪਾਠਕਾਂ ਤੱਕ 15 ਅਕਤੂਬਰ ਤੱਕ ਪਹੁੰਚ ਜਾਵੇਗਾ । ਇਸ ਨਾਵਲ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਮੇਰਾ ਨਾਂ ਵੀ ਵੱਜਦਾ ਨਹੀਂ ਬੋਲਦਾ ਵਾ ! ਕੁਹ ਮਹੀਨੇ ਪਹਿਲਾਂ ਵੀਰ ਜੱਗੀ ਹੋਣਾ ਨਾਵਲ ਦੇ ਇਕ ਸਫ਼ੇ ਫੋਟੋ ਘੱਲੀ ਸੀ ! ਬੜੀ ਦਿਲਚਸਪ ਸੀ ਮੈਂ ਪੜ ਕਿ ਬੜਾ ਹੱਸਿਆ ਹੋ ਸਕਦਾ ਕਈ ਕਾਮਰੇਡ ਪੜ ਕਿ ਗਾਹਲਾਂ ਵੀ ਕੱਢਣ ! ਪਰ ਹਰੇਕ ਨਾਵਲ ਖਰੀਦ ਕੇ ਜਰੂਰ ਪੜਿਓ ! ਇਹ ਤੇ ਪੜਕੇ ਪਤਾ ਲੱਗੂ ਕਿ ਦਾਸ ਮਝੈਲ ਦਾ ਤਵਾ ਲਾਇਆ ਬਾਈ ਨੇ ਕਿ ……!

ਸੋ ਪੰਜਾਬੀ ਸਹਿਤ ਦੀ ਝੋਲੀ ਹਰਫ਼ਾਂ ਦਾ ਇੱਕ ਹੋਰ ਪਰਾਗਾ ਪਾਉਣ ਲਈ ਵੀਰ ਸ਼ਿਵਚਰਨ ਜੀ ਦਾ ਧੰਨਵਾਦ ! ਬਾਬਾ ਹਰਫ਼ਾਂ ਵਿੱਚ ਬਰਕਤਾਂ ਪਾਵੇ ਤੇ ਬਾਈ ਇਸੇ ਤਰਾਂ ਡਟਿਆ ਰਹੇ ! ਨਵੇਂ ਨਾਵਲ ਨੂੰ ਪੰਜਾਬੀ ਸਹਿਤ ਜਗਤ ਵਿੱਚ ਖ਼ੁਸ਼-ਆਮਦੀਦ ! ਢੇਰ ਸਾਰੀਆਂ ਵਧਾਈਆਂ ਉਸ ਪੰਜਾਬੀ ਮਾਂ ਨੂੰ ਜਿਨ ਸ਼ਿਵ ਵਰਗਾ ਹਰਫ਼ਾਂ ਦਾ ਜਾਦੂਗਰ ਜੰਮਿਆ !

ਨਾਵਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲਿਆਂ ਨੇ ਛਾਪਿਆ ਹੈ ਤੇ ਹੇਠ ਲਿਖੇ ਪੱਤੇ ਤੇ ਮਿਲੇਗਾ ਫ਼ੋਨ ਨੰਬਰ ਤੇ ਕਾਲ ਕਰਕੇ ਡਾਕ ਰਾਹੀਂ ਵੀ ਮੰਗਵਾ ਸਕਦੇ ਹੋ ਜੀ ! ਮਾਣੋ ਅਨੰਦ ਮਿੱਤਰੋ !
ਬਿੱਟੂ ਅਰਪਿੰਦਰ ਸਿੰਘ
ਫਰੈਂਕਫ਼ੋਰਟ ਜਰਮਨ

ਸੁਮੀਤ ਗੁਲਾਟੀ
ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ ਲੁਧਿਆਣਾ
+91 98762 07774

ਅਲਵਿਦਾ ਦਾਦਾ ਸ੍ਰੀ - ਬਿੱਟੂ ਅਰਪਿੰਦਰ ਸਿੰਘ  ਜਰਮਨ

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ 
ਅਲਵਿਦਾ ਦਾਦਾ ਸ੍ਰੀ 
“ਹਾਢਾ ਜਵਾਨ ਪੜਕੇ ਡੀ ਸੀ ਲੱਗੂ “ ਇਹ ਬੋਲ ਸੀ ਬਾਪੂ ਜੀ ਸਰਪੰਚ ਸ. ਮੱਸਾ ਸਿੰਘ ਹੋਣਾ ਦੇ ਜਦੋਂ ਮੈਂ ਪਹਿਲੀ ਵਾਰ ਟਾਈ ਲਾ ਕੇ ਬੇਰਿੰਗ ਕਰਿਸਚੀਅਨ ਸਕੂਲ ਵਟਾਲੇ ਪੜਨ ਗਿਆ ਸੀ । ਜਦੋਂ ਬੜੇ ਵਰੇ ਪਹਿਲਾਂ ਮੈਂ ਜਰਮਨ ਤੋ ਪਹਿਲੀ ਵਾਰ ਪੰਜਾਬ ਗਿਆ ਤਾਂ ਬਾਪੂ ਆਂਹਦਾ ਕੀ ਕਾਰੋਬਾਰ ਕਰਦਾ ਹੁੰਨਾਂ ਬਾਹਰ ? ਮੈਂ ਗੱਲ ਪਲਟਣ ਦੇ ਬਹਾਨੇ ਕਿਹਾ ਬਾਪੂ ਤੁੰਹੀ ਕਹਿੰਦੇ ਹੀ ਵੱਡਾ ਹੋਕੇ ਡੀ ਸੀ ਲੱਗੂ ਓਹ ਤੇ ਲੱਗ ਨੀ ਹੋਇਆ ! ਬਾਪੂ ਕਹਿੰਦਾ ਭਲਾ ਹੋਇਆ ਨਹੀਂ ਲੱਗਾ ਜਿਹੜੇ ਲੱਗੇ ਉਹ ਵੀ ਤੇ ਵੱਢੀ ਲਈ ਜਾਂਦੇ ਨਿਕਰਮੇ ! 
ਦੁੱਧ ਚਿੱਟੀ ਆਤਮਾ ਵਾਲੇ ਬਾਪੂ ਦਾ ਲਿਬਾਸ ਵੀ ਸਾਰੀ ਉਮਰ ਚਿੱਟਾ ਹੀ ਰਿਹਾ । ਚਿੱਟਾ ਕੁੜਤਾ , ਚਿੱਟਾ ਚਾਦਰਾ ਤੇ ਚਿੱਟੀ ਦਸਤਾਰ ਵਿੱਚ ਮੈਂ ਬਾਪੂ ਨੂੰ ਹਮੇਸ਼ਾ ਵੇਖਿਆ । ਏਸੇ ਲਿਬਾਸ ਵਿੱਚ ਹੀ ਬਾਪੂ ਹੋਣਾ ਬੜੀ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਜੋੜਿਆਂ ਤੇ ਬਰਤਨਾਂ ਦੀ ਸੇਵਾ ਕਰਨੀ । ਕਾਰ ਸੇਵਾ ਵਾਲੇ ਮਹਾਂਪੁਰਖਾਂ ਨਾਲ ਵੀ ਬਾਪੂ ਜੀ ਦਾ ਡਾਹਢਾ ਪਿਆਰ ਰਿਹਾ । ਮੈਨੂੰ ਚੇਤਾ ਜਦੋਂ ਗੁਰਦੁਆਰਾ ਸ੍ਰੀ ਅਚੱਲ ਸਾਹਿਬ ਸਾਹਿਬ ਅਖੌਤੀ ਕਾਲੀਆਂ ਦੇ ਕਬਜ਼ੇ ਚੋਂ ਛੁਡਾ ਕੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸੌਂਪਿਆ ਸੀ ਬਾਪੂ ਜੀ ਨਿੱਠ ਕਿ ਬਾਬਿਆਂ ਨਾਲ ਖੜੇ ਸੀ । ਏਸੇ ਤਰਾਂ ਹੀ ਛੇਵੀਂ ਪਾਤਸ਼ਾਹੀ ਜੀ ਦੇ ਗੁਰਦੁਆਰਾ ਸ੍ਰੀ ਗੁਰੂਆਣਾ ਸਾਹਿਬ ਦੀ ਸੇਵਾ ਵੇਲੇ ਅਖੌਤੀ ਮੋਹਤਬਰਾਂ ਨਾਲ ਟੱਕਰ ਲੈਕੇ ਗੁਰੂ ਘਰ ਦੀ ਸੇਵਾ ਮਹਾਂਪੁਰਸ਼ਾਂ ਨੂੰ ਸੌਂਪੀ ਸੀ । 
ਸੱਭ ਨੇ ਇੱਕ ਦਿਨ ਤੁਰ ਜਾਣਾ ਕਿਹੇ ਨੇ ਅੱਗੋਂ ਕਿਸੇ ਨੇ ਪਿੱਛੋਂ ਪਰ ਕੁਹ ਅਭੁੱਲ ਤੇ ਅਮਿੱਟ ਯਾਦਾਂ ਹੁੰਦੀਆਂ ਜੋ ਉਮਰ ਭਰ ਯਾਦ ਰਹਿੰਦੀਆਂ । ਜਦੋਂ ਬਾਪੂ ਸਰਪੰਚ ਨੇ ਗੁਰਦਾਸਪੁਰ ਜੇਲ੍ਹ ਚੋਂ ਵਟਾਲੇ ਤਰੀਕੇ ਆਉਣਾ ਤਾਂ ਸੱਤ ਫੁੱਟ ਦੇ ਬਾਪੂ ਸਰਪੰਚ ਨੂੰ ਹੱਥਕੜੀਆਂ ਲਈ ਪੁਲਿਸ ਆਲੇ ਬੌਣੇ ਜਹੇ ਲੱਗਣੇ ! ਵੱਡੇ ਬਾਗ਼ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਕਚਹਿਰੀਆਂ ਚ, ਮੇਲਾ ਲੱਗ ਜਾਣਾ ! ਸਾਰਿਆਂ ਸ਼ਕਰ ਘਿਓ, ਖ਼ੀਰ ਕੜਾਹ ਕੁਹ ਨਾ ਕੁਹ ਲੈ ਆਉਣਾ ਪੁਲਿਸ ਆਲ਼ਿਆਂ ਹੱਸਕੇ ਕਹਿਣਾ ਸਰਪੰਚਾ ਤਾਹਡੀ ਤਰੀਕ ਤੇ ਰੋਜ਼ ਪੈਣੀ ਚਹੀਦੀ ਨਾਲ ਸਾਡੇ ਵੀ ਲੇਹੜ ਹੋ ਜਾਂਦੇ । 
ਸਾਡੇ ਖੁੱਲੇ ਡੁੱਲੇ ਦਾਦਕੇ ਪਰਿਵਾਰ ਤੇ ਗੁਰੂ ਪਾਤਸ਼ਾਹ ਜੀਆਂ ਦੀ ਸਦਾ ਅਪਾਰ ਬਖਸ਼ਿਸ਼ ਰਹੀ ! ਧੰਨ ਗੁਰੂ ਗ੍ਰੰਥ ਸਾਹਿਬ ਜੀ ਸਦਾ ਅੰਗ ਸੰਗ ਹਨ ! ਡੇਰੇ ਤੇ ਬਣਿਆ ਅਲੀਸ਼ਾਨ ਗੁਰਦੁਆਰਾ ਸਾਹਿਬ ਵਟਾਲੇ ਤੋਂ ਜਲੰਧਰ ਨੂੰ ਜਾਂਦਿਆਂ ਸੱਜੇ ਹੱਥ ਹਾਈਵੇ ਤੋਂ ਦਿੱਖ ਜਾਂਦਾ ਹੈ । ਜੋ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਣਵਾਇਆ ਹੈ ।  ਗੁਰੂ ਦੀ ਰਹਿਮਤ ਤੇ ਬਖਸ਼ੀ ਵਡਿਆਈ ਵੀ ਏਨੀ ਮਿਲੀ ਕਿ ਪਹਿਲਾਂ ਬਾਪੂ ਜੀ ਸਰਪੰਚ ਰਹੇ ਤੇ ਫੇਰ ਮੇਰੇ ਪਿਤਾ ਜੀ ਸਰਪੰਚ ! ਲੰਬੜਦਾਰੀ ਵੀ ਪਰਿਵਾਰ ਕੋਲ ਹੈ ! ਭਾਵ ਚਾਚਾ ਜੀ ਲੰਬੜਦਾਰ ਹਨ ! ਕੁੱਲ ਰਹਿਮਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ! 
ਸੋ ਜਿੰਦਗੀ ਦੇ ਕਈ ਹਾੜ ਸਿਆਲ ਵੇਖ ਨੱਬੇ ਪਚਾਨਵੇਂ ਸਾਲ ਦੀ ਉਮਰ ਭੋਗ ਬਾਪੂ ਜੀ ਪਿੱਛਲੇ ਦਿਨੀ ਆਖ਼ਰੀ ਫ਼ਤਿਹ ਬੁੱਲਾ ਗਏ ! ਸੰਖੇਪ ਬਿਮਾਰੀ ਬਾਅਦ ਆਰਮੀ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਬਾਪੂ ਜੀ ਪਰਿਵਾਰ ਨੂੰ ਵਿਛੋੜਾ ਦੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ! ਬਾਪੂ ਸਿਰਦਾਰ ਮੱਸਾ ਸਿੰਘ ਜੀ ਸਾਬਕਾ ਸਰਪੰਚ ਸੇਖਵਾਂ ਹੋਣਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 21 ਜੁਲਾਈ 2025 ਦਿਨ ਸੋਮਵਾਰ ਨੂੰ ਪਿੰਡ ਸੇਖਵਾਂ ਡੇਰਾ ਬਾਬਾ ਦਮਦਮਾ ਸਾਹਿਬ ਵਿਖੇ ਪੈਣਗੇ ! ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ ਜੀ ! 
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਜੀ ! 
ਅਕਾਲ ਸਹਾਇ ! 
ਬਿੱਟੂ ਅਰਪਿੰਦਰ ਸਿੰਘ  ਜਰਮਨ

ਅਜੋਕਾ ਸਿੱਖੀ ਪ੍ਰਚਾਰ ਬਨਾਮ Difenacoum ! - ਬਿੱਟੂ ਅਰਪਿੰਦਰ ਸਿੰਘ

ਫਰੈਂਕਫ਼ੋਰਟ ਸ਼ਹਿਰ ਦੇ ਧੁੱਰ ਅੰਦਰ ਇੱਕ ਇਤਿਹਾਸਕ ਇਮਾਰਤ ਏ Kleinmarkthalle ! ਭਾਵ ਛੋਟੀ ਮੰਡੀ ! ਇਹ ਇਮਾਰਤ ਦੂਜੀ ਸੰਸਾਰ ਯੁੱਧ ਵੇਲੇ ਢੱਠ ਕੇ ਥੇਹ ਬਣ ਗਈ ਸੀ । ਯੁੱਧ ਸਮਾਪਤੀ ਉਪਰੰਤ ਇਸ ਨੂੰ ਫੇਰ ਖੜੀ ਕਰ ਲਿਆ ਗਿਆ । ਲਗਭਗ ਸੱਤਰ ਸਾਲ ਪੁਰਾਣੀ ਇਸ ਇਮਾਰਤ ਨੂੰ ਬੀਤੇ ਦਿਨੀ ਢਾਹ ਕੇ ਨਵੇਂ ਸਿਰਿੰਓ ਬਣਾਉਣ ਦੀ ਗੱਲ ਵੀ ਚੱਲੀ ਪਰ ਸ਼ਹਿਰ ਦੇ ਵਸਨੀਕ ਇਸਨੂੰ ਵਿਰਾਸਤੀ ਇਮਾਰਤ ਮੰਨਦੇ ਹਨ ਉਹਨਾਂ ਨੇ ਢਹੁਣ ਵਾਲੇ ਮਤੇ ਤੇ ਗੁਣਾ ਨਾ ਪਾਇਆ । ਲੰਮੀ ਚੌੜੀ ਬਹਿਸ , ਬੈਠਕਾਂ ਤੇ ਮੀਟਿੰਗਾਂ ਮਗਰੋਂ ਫੈਸਲਾ ਹੋਇਆ ਕਿ ਇਸ ਨੂੰ ਹਿਸਿਆਂ ਵਿੱਚ ਵੰਡ ਕੇ ਮੁਰੰਮਤ ਕੀਤੀ ਜਾਵੇ ਤੇ ਪੁਰਾਣੀ ਦਿੱਖ ਵੀ ਕਾਇਮ ਰਹੇ । ਇਸ ਮੁਰੰਮਤ ਨੂੰ ਸ਼ਾਇਦ ਕੁਹ ਸਾਲਾਂ ਦਾ ਸਮਾਂ ਵੀ ਲੱਗ ਸਕਦਾ !
ਇਸ ਵੱਡੇ ਹਾਲ ਨੂੰ ਮੁਰੰਮਤ ਕਰਨ ਦਾ ਇੱਕ ਮੁੱਖ ਕਾਰਨ ਬੇਸਮੈਂਟ ਵੀ ਹੈ ਜੋ ਪੁਰਾਣੀ ਹੋਣ ਕਾਰਨ ਚੂਹਿਆਂ ਦਾ ਅਨੰਦ ਮਈ ਰੈਣ ਬਸੇਰਾ ਹੈ । ਅਣਗਿਣਤ ਚੂਹਿਆਂ ਦਾ ਰਾਤ ਨੂੰ ਮਾਰਕੀਟ ਹਾਲ ਤੇ ਪੂਰਨ ਕਬਜ਼ਾ ਹੁੰਦਾ ਹੈ । ਸਿਹਤ ਵਿਭਾਗ ਵਾਲੇ ਸਮੇਂ ਸਮੇਂ ਤੇ ਕੈਮੀਕਲ ਦਵਾਈਆਂ ਰਾਹੀਂ ਚੂਹਿਆਂ ਤੇ ਮਾਰੂ ਹੱਲੇ ਕਰਦੇ ਰਹਿੰਦੇ ਹਨ । ਪਰ ਫਿਰ ਵੀ ਚੂਹੇ ਆਪਣੀ ਹੋਂਦ ਬਚਾਉਣ ਚ, ਕਾਮਯਾਬ ਹੋ ਹੀ ਜਾਦੇ ਨੇ ਤੇ ਆਪਣੀ ਨਵੀਂ ਜੱਥੇਬੰਦੀ ਨਾਲ ਹਮਲਾਵਰ ਹੋ ਕੇ ਨਿੱਤਰ ਆਉਂਦੇ ਨੇ ! ਵਰਨਣਯੋਗ ਹੈ ਕਿ ਚੂਹੇ ਬੜੀ ਸਿਆਣੀ ਜਾਤ ਚ, ਗਿਣੇ ਜਾਂਦੇ ਹਨ ।
ਪਿੱਛਲੇ ਵਰ੍ਹੇ ਭਰ ਸਿਆਲ ਦੀ ਮਾਈਨਸ ਤਾਪਮਾਨ ਠੰਡ ਵਿੱਚ ਹਾਲ ਦੀ ਪਹਿਲੀ ਮੰਜ਼ਲ ਦੇ ਛੱਤ Terrace ਤੇ ਕੰਮ ਕਰਦਿਆਂ ਮੇਰੀ ਨਿਗਾਹ ਦੋ ਕਰਮਚਾਰੀਆਂ ਤੇ ਪਈ ਜੋ ਚੂਹੇ ਮਾਰ ਦਵਾਈ ਵੱਖੋ ਵੱਖਰੀਆਂ ਥਾਂਵਾਂ ਤੇ ਟਿਕਾ ਰਹੇ ਸਨ । ਵਾਹਵਾ ਠੰਡ ਕਾਰਨ ਮੈਂ ਉਹਨਾਂ ਨੂੰ ਕਾਫ਼ੀ ਦੀ ਸੁਲ੍ਹਾ ਮਾਰ ਲਈ, ਠੰਡ ਦੇ ਝੰਬਿਆਂ ਨੇ ਝੱਟ ਹਾਮੀ ਭਰ ਦਿੱਤੀ ! ਮੈਂ ਦੋ ਮੱਗ ਤੱਤੀ ਤੱਤੀ ਕੌਫ਼ੀ ਦੇ ਫੜਾ ਕੇ ਗਲੀਂ ਜੁੱਟ ਪਿਆ ! ਇੱਕ ਤੁਰਕੀ ਮੁਲਕ ਵਾਲਾ ਉਮੇਰ ਨਾਂ ਆਲਾ ਭਾਊ ਵਾਹਵਾ ਗਾਲੜੀ ਸੀ ਤੇ ਗੱਲਬਾਤ ਦਾ ਵਿਸ਼ਾ ਵੀ “ਚੂਹੇ ਕਿਲੰਗ ਅਪਰੇਸ਼ਨ” ਤੇ ਸੀ ! ਮੈਂ ਉਹਨੂੰ ਦੱਸਿਆ ਕਿ ਨਿੱਕੇ ਹੁੰਦਿਆਂ ਅੰਹੀ ਬੜੇ ਚੂਹੇ ਗੱਡੀ ਚਾੜੇ ! ਰਾਤ ਦੇ ਕੜਿੱਕੀਆਂ ਚ, ਫਸੇ ਚੂਹਿਆਂ ਦੀਆਂ ਲਾਸ਼ਾਂ ਬਿਲੇ ਲਾਉਣ ਦੀ ਡਿਊਟੀ ਮੇਰੀ ਹੁੰਦੀ ਸੀ । ਤੁਰਕੀ ਭਾਊ ਕਹਿੰਦਾ ਕਿ, ਸਿੰਘ ਤਾਹਡੇ ਚੂਹੇ ਮਾਰ ਦਵਾਈ ਨੀ ਹੁੰਦੀ ? ਮੈਹਿਆ ਭਰਾਵਾ ਹਿੰਦੋਸਤਾਨ ਚ, ਭ੍ਰਿਸ਼ਟਾਚਾਰ ਈ ਏਨਾ ਵਾਂ ਕਿ ਲੋਕ ਜ਼ਹਿਰ ਚ, ਵੀ ਮਿਲਾਵਟ ਕਰਦੇ ਆ ! ਚੂਹੇ ਮਰਦੇ ਕਿੱਥੇ ਸੀ ! ਅਗਲੀ ਸਵੇਰ ਭੰਗੜਾ ਪਾਉਂਦੇ ਸੀ !

ਉਮੇਰ ਹਾਸੇ ਵਾਲੀ ਗੱਲ ਨੂੰ ਗੰਭੀਰਤਾ ਨਾਲ ਅੱਗੇ ਤੋਰਦਾ ਆਖਦਾ ਨਹੀਂ ਸਿੰਘ ਇਹ ਚੂਹੇ ਬੜੀ ਸਿਆਣੀ ਜਾਤ ਹੁੰਦੇ ਆ ! ਇਹਨਾਂ ਚ, ਜਦੋਂ ਕੋਈ ਚੂਹਾ ਦਵਾਈ ਖਾ ਕੇ ਰੱਬ ਨੂੰ ਪਿਆਰਾ ਹੋ ਜਾਂਦਾ ਤਾਂ ਬਾਕੀ ਸੁਚੇਤ ਹੋ ਜਾਂਦੇ ਨੇ ਤੇ ਦਵਾਈ ਨੂੰ ਮੂੰਹ ਨਹੀਂ ਲਾਉਂਦੇ ! ਮੈਂ ਤੁਰੰਤ ਸਵਾਲ ਕੀਤਾ ਫਿਰ ਤੁੰਹੀ ਦਵਾਈ ਰੱਖ ਕੇ ਸਮਾਂ ਖਰਾਬ ਕਿੰਓ ਕਰਨ ਡਹੇ ਜੇ ! ਓਹਨੇ ਦੱਸਿਆ ਕਿ ਹੁਣ ਇਹ Difenacoum ਨਾਂ ਦੀ ਦਵਾਈ ਦੀ ਇੱਕ ਵਿਸ਼ੇਸ਼ ਕਿਸਮ ਆਈ ਆ ਇਹ ਚਾਰ ਦਿਨ ਬਾਅਦ ਰੰਗ ਵਿਖਾਉਂਦੀ ਏ ! ਚੂਹੇ ਸਵਾਦ ਸਵਾਦ ਵਿੱਚ ਖਾਈ ਜਾਂਦੇ ਨੇ ਤੇ ਫੇਰ ਬੜੀ ਦੇਰ ਹੋ ਚੁੱਕੀ ਹੁੰਦੀ ਆ ! ਭਾਵ ਸਲੋਅ ਪੋਇਜ਼ਨ ! ਮੇਰਾ ਮੱਥਾ ਠਣਕਿਆ ਤੇ ਉਹ ਚਲੇ ਗਏ !
ਇਹ Difenacoum ਨਾਂ ਦੀ ਜ਼ਹਿਰ ਮੇਰੇ ਦਿਮਾਗ਼ ਚ, ਘੁੰਮਣ ਲੱਗੀ ਤੇ ਮੇਰਾ ਧਿਆਨ ਅਜੋਕੇ ਅਪਗ੍ਰੇਡ ਪ੍ਰਚਾਰ ਵੱਲ ਚਲਾ ਗਿਆ ਕਿ ਕਿਸ ਤਰਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਜ਼ਹਿਰ ਸਾਡੇ ਸਿਰਾਂ ਵਿੱਚ ਤੁੰਨਿਆ ਜਾ ਰਿਹਾ ! ਲੋਕ ਝਬਰ ਝਬਰ ਇਹ ਆਪਣੇ ਖੋਪੜ ਵਿੱਚ ਤੁੰਨ ਲੈਂਦੇ ਨੇ ਤੇ ਮਾਨਸਿਕ ਨਪੁੰਸਕ ਹੋ ਜਾਂਦੇ ਆ ! ਫੇਰ ਜਾਗਦਾ ਤਰਕ ਵਾਲਾ ਕੀੜਾ ! ਸਰੋਵਰਾਂ ਤੇ ਸ਼ੱਕ , ਅਰਦਾਸ ਤੇ ਸ਼ੱਕ, ਬਾਣੀਆਂ ਤੇ ਸ਼ੱਕ ਇਤਿਹਾਸਿਕ ਸਰੋਤਾਂ ਤੇ ਤਰਕ, ਅੰਮ੍ਰਿਤ ਦੀ ਪਹੁਲ ਤੇ ਸ਼ੱਕ, ਗੱਲ ਕੀ ਆਪਣੇ ਨਾਂ ਪਿੱਛੇ ਲੱਗੇ ਸਿੰਘ ਕੌਰ ਤੇ ਖ਼ਾਲਸਾ ਤੱਖਲਸ ਬਾਰੇ ਵੀ ਵਹਿਮ ! ਕਿੰਓਕਿ ਸਿੰਘ,ਕੌਰ ਤੇ ਖ਼ਾਲਸਾ ਵੀ ਤੇ ਅੰਮ੍ਰਿਤ ਦੀ ਦਾਤ ਮਗਰੋਂ ਹੀ ਬਖਸ਼ਿਸ਼ ਹੋਏ ਆ ਨਾਂ ! ਤੇ ਜੇ ਮੁੱਢ ਤੇ ਸ਼ੱਕ ਤੇ ਸੱਭ ਕੁਹ ਸ਼ੱਕੀ !
ਇਹ ਪ੍ਰਚਾਰ ਜਿਸਦੀ ਜਿਆਦਾ ਹਨੇਰੀ 1995 ਮਗਰੋਂ ਪ੍ਰਚੰਡ ਹੋਈ ਦਾ ਅਸਰ ਪੰਜਾਬ ਚ, ਸਪਸ਼ਟ ਨਜ਼ਰ ਆਉਂਦਾ ਕਿ ਪੰਜਾਬ ਦੀ ਨੌਜਵਾਨੀ ਕਿਸ ਤਰਾਂ ਨਸ਼ਿਆਂ ਚ, ਗ਼ਰਕ ਹੋਈ, ਇਸਾਈਅਤ ਦਾ ਬੋਲ ਬਾਲਾ ਕਿਸ ਕਦਰ ਵਧਿਆ ! ਢੱਡਰੀਆਂ ਵਾਲੇ ਦਾ ਪ੍ਰਚਾਰ ਸੁਣ ਨੌਜਵਾਨਾਂ ਕੇਸ ਤੱਕ ਕਤਲ ਕਰਦਿਆਂ ਤੱਕ ਦੀਆਂ ਵੀਡੀਓ ਲੋਕਾਂ ਨੇ ਵੇਖੀਆਂ ! ਦਰਅਸਲ ਇਹਨਾਂ ਪਿੱਛੇ ਹਕੂਮਤਾਂ ਦਾ ਅਸ਼ੀਰਵਾਦ ਏ ! ਜੋ ਇਹਨਾਂ ਨੂੰ ਸੁਰੱਖਿਆ ਛੱਤਰੀ ਦੇਂਦੀਆਂ ਨੇ ਹਲਾਸ਼ੇਰੀ ਤੇ ਦਮੜੇ ਟਿਕਟਾਂ ਤੱਕ ਸਰਕਾਰੀ !
ਜੂਨ ਦੇ ਮਹੀਨੇ ਦਾ ਚੜਦਾ ਹਫਤਾ ਸਿੱਖਾਂ ਲਈ ਬੈਰਾਗਮਈ ਤੇ ਬੀਰ ਰੱਸੀ ਵੀ ਹੈ ਬੜੇ ਸਿੰਘ ਸਿੰਘਣੀਆਂ ਅਜੇ ਵੀ ਜਿੰਓਦੇ ਜਾਗਦੇ ਚੜਦੀ ਕਲਾ ਵਿੱਚ ਹਨ ਜਿਨ੍ਹਾਂ ਨੇ ਇਹ ਕਹਿਰ ਵੇਖਿਆ ਤੇ ਕਈਆਂ ਨੇ ਹੱਢੀਂ ਹੰਢਾਇਆ ! ਅਨੇਕਾਂ ਚਸ਼ਮਦੀਦ ਗਵਾਹ ਹਨ ਜਿੰਨਾਂ ਨੇ ਜੂਨ ਚੁਰਾਸੀ ਦੇ ਮਰਜੀਵੜੇ ਸਿੰਘਾ ਦੇ ਦਰਸ਼ਨ ਕੀਤੇ ਜੋ ਪੰਜ ਬਾਣੀਆਂ ਦੇ ਧਾਰਨੀ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਦੀ ਅਰਦਾਸ ਵਾਲੇ ਤੇ ਚੰਡੀ ਦੀ ਵਾਰ ਪੜਨ ਵਾਲੇ ਯੁੱਧਵੀਰ ਸੰਤ ਸਿਪਾਹੀ ਸੂਰਮੇ ਸਨ । ਇਹਨਾਂ ਤੋ ਬਾਅਦ ਵੀ ਰੜੇ ਮੈਦਾਨ ਕਮਾਦਾਂ ਦੀਆਂ ਧੋੜੀਆਂ ਤੇ ਕੱਚੇ ਕੋਠਿਆਂ ਚੁਬਾਰਿਆਂ ਦਾ ਆਸਰਾ ਲੈਕੇ ਕਈ ਕਈ ਦਿਨ ਮੁਕਾਬਲੇ ਕਰਨ ਵਾਲੇ ਵੀ ਦਸਮ ਦੀ ਬਾਣੀ ਤੇ ਪੂਰਨ ਨਿਸ਼ਚਾ ਰੱਖਣ ਵਾਲੇ ਸਨ ! ਇਹਨਾ ਸਿੰਘਾਂ ਨੂੰ ਜਦੋਂ ਹਕੂਮਤ ਨੇ ਪੁਰਾਤਨ ਸਿੰਘਾਂ ਵਾਂਗ ਇਤਿਹਾਸ ਦੁਹਰਾਉਂਦੇ ਵੇਖਿਆ ਤਾਂ ਇਹ ਅਪਗ੍ਰੇਡ ਕਾਂਗਿਆਰੀ ਪੰਥ ਵਿੱਚ ਵਾੜੀ ਗਈ ! ਮਕਸਦ ਸੀ ਬੀਰਰਸ ਨੂੰ ਕੱਢਣਾ , ਸੰਤ ਸਿਪਾਹੀ ਬਿਰਤੀ ਦਾ ਨਿਖੇੜਾ ਕਰਨਾ, ਤੇ ਭਗਤੀ ਸ਼ਕਤੀ ਨੂੰ ਵੱਖ ਕਰ ਬ੍ਰਹਮਣ ਵਾਂਗ ਮੰਤਰ ਪੜਨ ਲਾਉਣਾ ਤੇ ਆਪਣੀ ਪੂਜਾ ਦਾ ਜੁਗਾੜ ਕਰਨਾ ਬੱਸ !
ਅਬਦਾਲੀ ਨੇ ਸਰੋਵਰ ਇਸ ਕਰਕੇ ਪੂਰਿਆ ਕੇ ਉਹਨੂੰ ਖ਼ਬਰ ਮਿਲੀ ਕਿ ਇਹ ਸਿੱਖੜੇ ਇਸ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਅਦੁੱਤੀ ਸ਼ਕਤੀ ਪ੍ਰਾਪਤ ਕਰ ਵੈਰੀ ਤੇ ਕੜਕ ਪੈਂਦੇ ਹਨ । ਉਨ ਇਹ ਕੁਕਰਮ ਕੀਤਾ ਕਿ ਹਰਿਮੰਦਰ ਤੇ ਸਰੋਵਰ ਢਾਹ ਦਿੱਤਾ ! ਹੁਣ ਦੇ ਪਰਚਾਰਿਕ ( ਮੁਆਫ਼ ਕਰਨਾ ਸਾਰੇ ਨਹੀ ) ਇਹ ਵੀ ਓਹੋ ਕੁਕਰਮ ਕਰ ਰਹੇ ਹਨ, ਇਹ ਸਾਡੀਆਂ ਨਸਲਾਂ ਦੇ ਸਿਰਾਂ ਚੋ, ਪਾਵਨ ਸਰੋਵਰ ਮਿਟਾ ਦੇਣਾ ਚੰਹੁਦੇ ਹਨ । ਪ੍ਰਥਮ ਭਗੌਤੀ ਦੀ ਅਰਦਾਸ ਪ੍ਰਤੀ ਇਹ ਭੰਬਲਭੂਸੇ ਪਾ ਰਹੇ ਹਨ ਅੰਮ੍ਰਿਤ ਦੀਆਂ ਬਾਣੀਆ ਤੇ ਕਿੰਤੂ ਪ੍ਰੰਤੂ ਕਰਕੇ ਆਸਥਾ ਤੇ ਸੱਟ ਮਾਰ ਰਹੇ ਹਨ । ਬਸ ਇਹੋ ਇਹਨਾਂ ਦਾ ਮਿਸ਼ਨ ਹੈ !
ਪਰ ਭਲਾ ਹੋਵੇ ਸੋਸ਼ਲ ਮੀਡੀਏ ਦਾ ਤੇ ਇਹਨਾਂ ਦੇ ਪ੍ਰਚਾਰ ਦਾ ਵਿਰੋਧ ਕਰਨ ਵਾਲੇ ਦਸਮ ਦੇ ਦੁਲਾਰਿਆਂ ਦਾ ਜੋ ਇਹਨਾਂ ਬਾਰੇ ਸੰਗਤਾਂ ਨੂੰ ਜਾਗਰੂਕ ਕਰਕੇ ਗੁਰੂ ਦਾ ਹੁਕਮ ਵਜਾ ਰਹੇ ਹਨ । ਇਹੀ ਕਾਰਨ ਹੈ ਕਿ ਇਹ ਪੰਥ ਤੇ ਖ਼ਾਲਸਾ ਰਾਜ ਦੀ ਗੱਲ ਕਰਨ ਵਾਲਿਆਂ ਦੇ ਉਲਟ ਭੁਗਤਦੇ ਹਨ ! ਹੱਕ ਸੱਚ ਦੀ ਗੱਲ ਕਰਨ ਵਾਲੇ ਜਾਂ ਤਾਂ ਪਰਲੋਕ ਭੇਜ ਦਿੱਤੇ ਜਾਂਦੇ ਹਨ ਤੇ ਜਾਂ ਪੰਜਾਬ ਨਿਕਾਲਾ ! ਪਰ ਇਹਨਾ ਦੀ ਸੁਰੱਖਿਆ ਪੱਕੀ ਇਹ ਗੱਲ ਵੀ ਖਾਲਿਸਤਾਨ ਜਿੰਦਾਬਾਦ ਮਹਿਕਮੇ ਵਾਲੇ ਪੱਗਾਂ ਚ, ਸਿਰ ਫਸਾਈ ਅਰਧ ਨਾਸਤਿਕਾਂ ਨੂੰ ਸਮਝ ਲੈਣੀ ਚਹੀਦੀ ਹੈ !
ਸਾਡਾ ਨਿੱਜੀ ਤਜਰਬਾ ਹੈ ਕਿ ਇਹਨਾਂ ਦੇ Difenacoum ਦੀ ਡੋਜ਼ ਵਾਲੇ ਪ੍ਰਚਾਰ ਤੋਂ ਪ੍ਰਭਾਵਿਤ ਕਿਸੇ ਪ੍ਰਾਣੀ ਦੇ ਕੰਨ ਵਿੱਚ ਜਦ ਕੋਈ ਇਹ ਅਵਾਜ਼ ਪਾਉਂਦਾ ਹੈ, “ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ “ ਤਾਂ ਝੱਟ ਹੋਸ਼ ਵਿੱਚ ਆ ਗੁਰੂ ਚਰਨੀ ਲੱਗ ਜਾਂਦਾ ਹੈ । ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਦਸਮ ਪਾਤਸ਼ਾਹ ਜੀ ਦੇ ਮੁਖ਼ਾਰਬਿੰਦ ਤੋ ਉਚਰੇ ਬਚਨ ਵੀ ਸਾਡੇ ਲਈ ਗੁਰਬਾਣੀ ਹੀ ਹੈ ਸੋ ਸੱਚੀ ਸੁੱਚੀ ਆਸਥਾ ਨੇ ਹੀ ਪਾਰ ਉਤਾਰਾ ਕਰਨਾ ਹੈ !
ਅਖੀਰ ਵਿੱਚ ਅਪਗ੍ਰੇਡ ਪ੍ਰਚਾਰਕਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਅਨਿਨ ਭਗਤਾਂ ਦੇ ਪਰਿਵਾਰਾਂ ਤੇ ਕਿਰਦਾਰਾਂ ਤੋਂ ਆਪ ਜੀ ਨੂੰ ਲੱਗੇ ਕਿ ਪ੍ਰਚਾਰ ਦਾ ਪ੍ਰਤਾਪ ਨਜ਼ਰ ਆਉਂਦਾ ਹੈ ਤਾਂ ਜਰੂਰ ਸੁਣਿਓ ਮੈ ਆਪ ਜੀ ਨੂੰ ਰੋਕ ਕੇ ਪਾਪਾਂ ਦਾ ਭਾਗੀ ਨਹੀਂ ਬਣਨਾ ਚਹੁੰਦਾ ! ਨਹੀ ਤੇ ਭਾਈ ਪੰਜਾਬੀ ਦੀ ਇੱਕ ਕਹਾਵਤ ਹੈ “ਆਪ ਤੇ ਡੁੱਬਾਂ ਬਾਹਮਣਾ ਜਜਮਾਨ ਵੀ ਡੋਬੇਂ” ! ਸੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ । ਆਪ ਤੇ ਆਪਣੇ ਪਰਿਵਾਰਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜ ਕੇ ਅਨੰਦ ਮਈ ਜੀਵਨ ਬਤੀਤ ਕਰੋ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ
ਜੂਨ ਚੁਰਾਸੀ ਦੇ ਸਮੂਹ ਸ਼ਹੀਦਾਂ ਨੂੰ ਕਰੋੜਾਂ ਨਮਨ
ਬਿੱਟੂ ਅਰਪਿੰਦਰ ਸਿੰਘ

ਪੱਗਾਂ ਚ, ਸਿਰ ਫਸਾਈ ਗੰਡੋਏ ! - ਬਿੱਟੂ ਅਰਪਿੰਦਰ ਸਿੰਘ ਜਰਮਨ

ਮੇਰੇ ਪਿੰਡ ਦੇ ਚੜਦੇ ਪਾਸੇ ਢਾਬਾਂ ਕੰਢੇ ਇੱਕ ਪਿੱਪਲ ਦਾ ਰੁੱਖ ਹੁੰਦਾ ਸੀ । ਮੈਹਰਿਆਂ ਦਾ ਵਿਚਕਾਰਲਾ ਮੁੰਡਾ ਸ਼ਿੰਦਾ ਤਿੱਖੜ ਦੁਪਹਿਰੇ ਛੱਪੜ ਵਿੱਚ ਕੁੰਡੀ ਸੁੱਟ ਕੇ ਘੰਟਿਆਂ ਬੱਧੀ ਪਿੱਪਲ ਦੀ ਛਾਂਵੇ ਬੈਇਠਾ ਰਹਿੰਦਾ ! ਅੰਹੀ ਨਿਆਣੇ ਹੁੰਦੇ ਸਾਂ ਤੇ ਟੈਮ ਪਾਸ ਕਰਨ ਲਈ ਲਈ ਚਾਚੇ ਸ਼ਿੰਦੇ ਕੋਲ ਜਾ ਬਹਿੰਦੇ !
ਸ਼ਿੰਦਾ ਇਕਹਿਰੇ ਜਹੇ ਸਰੀਰ ਵਾਲਾ ਹਸਮੁਖ ਸੁਭਾਅ ਦਾ ਮਾਲਕ ਸੀ । ਉਹ ਨੱਕ ਵਿੱਚ ਬੋਲਦਾ ਤੇ ਸਿਰ ਤੇ ਬੱਝੇ ਮੜਾਸੇ ਨੂੰ ਅਕਸਰ ਹਲਾਉਂਦਾ ਰਹਿੰਦਾ ਜਾਂ ਗਿੱਚੀ ਘੁਰਕਦਾ ਰਹਿੰਦਾ ! ਢਿੰਝਣ ਦੇ ਲੰਮੇ ਢਾੰਗੇ ਨਾਲ ਬੱਝੀ ਕੁੰਡੀ ਦਾ ਕਾਨਾ  ਜਦੋਂ ਛੱਪੜ ਚ, ਹਿੱਲਦਾ ਤੇ ਉਹ ਸੁਚੇਤ ਹੋ ਜਾਂਦਾ ਕਿ ਸ਼ਿਕਾਰ ਫਸ ਗਿਆ !
ਸਾਡੇ ਨਿਆਣਿਆਂ ਲਈ ਦਿਲਚਸਪ ਚੀਜ਼ ਉਹਦੇ ਲਾਗੇ ਪਈ ਅੱਧ ਵੱਡੀ ਪਲਾਸਟਿਕ ਦੀ ਬੋਤਲ ਹੁੰਦੀ ! ਜਿਹਦੇ ਚ, ਕੀੜੇ ਜਾਂ ਸੁੰਡੇ ਕੁਰਬਲ ਕੁਰਬਲ ਕਰ ਰਹੇ ਹੁੰਦੇ ! ਚਾਚਾ ਆਹ ਕਾਹਦੇ ਲਈ ਆ ? ਮੇਰਾ ਅਗਲਾ ਸਵਾਲ ਹੁੰਦਾ ! ਚਾਚਾ ਸ਼ਿੰਦਾ ਖੱਚਰਾ ਜਿਹਾ ਹੱਸਦਾ ਗਿੱਚੀ ਖੁਰਕਦਾ ਤੇ ਆਂਹਦਾ, “ਪੁੱਤ ਇਹ ਗੰਡੋਏ ਆ, ਮੱਛੀ ਫਸਾਉਣ ਦਾ ਕੰਮ ਇਹਨਾਂ ਦਾ ਵਾ ! ਏਨੇ ਨੂੰ ਕੋਈ ਵੱਡੀ ਨਿੱਕੀ ਮੱਛੀ ਕੁੰਡੀ ਚ, ਫਸ ਜਾਂਦੀ !
ਹੁਣ ਬੜਿਆਂ ਵਰਿਆਂ ਮਗਰੋਂ ਮੈਂ ਜਦੋਂ ਪੱਗਾਂ ਚ, ਸਿਰ ਫਸਾਈ ਪੰਥ ਵਿਚਲੇ ਗੰਡੋਇਆਂ ਵੱਲ ਵੇਹਨਾਂ ਵਾਂ ਤੇ ਮੇਰਾ ਧਿਆਨ ਚਾਚੇ ਸ਼ਿੰਦੇ ਦੇ ਗੰਡੋਇਆਂ ਵੱਲ ਚਲਾ ਜਾਂਦਾ ਹੈ !ਇਹ ਪੰਥ ਚ, ਵਿਚਰ ਰਹੇ ਦਾਨੇ ਸਾਨੇ ਗੰਡੋਏ ਕੌਮ ਵਿਚਲੇ ਟੈਲੈਂਟਿਡ, ਭਾਵਕ, ਬੇਬਾਕ, ਹੋਣਹਾਰ ਤੇ ਦਲੇਰ ਨੌਜਵਾਨਾਂ ਦੀ ਸ਼ਨਾਖ਼ਤ ਕਰਕੇ ਦੁਸ਼ਮਣ ਦਾ ਅਹਾਰ (ਖੁਰਾਕ) ਬਣਾਂਉਂਦੇ ਹਨ । ਇਹਨਾਂ ਗੰਡੋਇਆਂ ਦਾ ਕੰਮ ਤੱਤੇ ਨਾਹਰੇ, ਗਰਮ ਤਕਰੀਰਾਂ ਤੇ ਇਮੋਸ਼ਨਲ ਸਪੀਚ , ਇਹ ਵੇਖਣ ਨੂੰ ਕੱਟੜ ਖਾਲਿਸਤਾਨੀ ਲਗਦੇ ਨੇ ਪਰ ਤਾਰਾਂ ਕਿਤੇ ਹੋਰ ਜੁੜਦੀਆਂ ਹਨ !
ਹੁਕਮਰਾਨਾਂ ਨੂੰ ਪਤਾ ਹੁੰਦਾ ਕਿਹੜਾ , ਭਾਈ ਜੋਗਾ ਸਿੰਘ ਖਾਲਿਸਤਾਨੀ, ਵੀਰ ਦੀਪ ਸਿੱਧੂ, ਸ਼ੁੱਭਦੀਪ ਮੂਸੇਵਾਲੇ ਜਾਂ ਬੀਤੇ ਸਮੇਂ ਤਰਨਤਾਰਨ ਇਲਾਕੇ ਨਾਲ ਸਬੰਧਿਤ ਇਕ ਨੋਜਵਾਨ ਪੱਤਰਕਾਰ ( ਨਾਮ ਵਿਸਰ ਗਿਆ ) ਵਾਂਗ ਹਕੂਮਤ ਲਈ ਮਸਲਾ ਖੜ੍ਹਾ ਕਰ ਸਕਦੇ ਹਨ ਨੂੰ ਬਿਲੇ ਲਾ ਦਿੱਤਾ ਜਾਂਦਾ ! ਡਿਬਰੂਗੜ ਜੇਲ੍ਹ ਜਾਂ ਹੋਰਨਾਂ ਜੇਲ੍ਹਾਂ ਚ, ਬੈਠੇ ਸ਼ਹੀਦ ਸਿੰਘਾ ਦੇ ਵਾਰਸ ਵੀ ਇਸੇ ਕੜੀ ਦਾ ਹਿੱਸਾ ਹਨ ਕਿ ਉਹ ਕਿਸੇ ਦੀ ਕਾਣ ਨਹੀਂ ਮੰਨਦੇ ! ਵਰਨਾ ਝੰਡਿਆਂ ਚ, ਡੰਡੇ ਫਸਾ ਕਿ ਜ਼ਿੰਦਾਬਾਦ ਮੁਰਦਾਬਾਦ ਆਲ਼ੇ ਗੰਡੋਏ ਤੇ ਦੇਸ਼ ਅਤੇ ਵਿਦੇਸ਼ ਬੜੇ ਤੁਰੇ ਫਿਰਦੇ ਹਨ ।
ਹੱਥਲੀ ਲਿਖਤ ਲਿਖਣ ਦਾ ਕਾਰਨ ਵੀ ਨੌਜਵਾਨੀ ਨੂੰ ਸੁਚੇਤ ਕਰਨਾ ਹੈ ਕਿ ਗੰਡੋਇਆਂ ਤੋਂ ਸੰਭਲ਼ ਕੇ ! ਇਹ ਨਹੀਂ ਕਿ ਆਪਾਂ ਖ਼ਾਲਸਾ ਰਾਜ ਦੀ ਗੱਲ ਨਹੀਂ ਕਰਨੀ ਜਾਂ ਆਪਣੇ ਸ਼ਹੀਦ ਸਿੰਘਾਂ ਜਾਂ ਲੋੜਵੰਦ ਪਰਿਵਾਰਾਂ ਦੀ ਬਾਂਹ ਨਹੀਂ ਫੜਨੀ, ਜਰੂਰ ਫੜਨੀ ਹੈ, ਪਰ ਸੁਚੇਤ ਹੋ ਕੇ ! ਵਿਦੇਸ਼ਾਂ ਚ, ਵੱਸਦੇ ਵੀਰ ਬੜੀ ਸ਼ੁੱਭ ਭਾਵਨਾ ਨਾਲ ਪੰਜਾਬ ਵਸਦੇ ਆਪਣੇ ਗੁਰ ਭਾਈਆਂ ਦੀ ਮਦਦ ਕਰਦੇ ਹਨ ਜਾਂ ਕਰਨੀ ਚਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਗੰਡੋਇਆਂ ਤੋ ਬਾਈਪਾਸ ਹੋ ਕੇ !
ਬਾਕੀ ਜਿਸ ਕੋਲੋਂ ਵੀ ਦੋ ਜਹਾਨ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਲੈਣੀ ਹੈ ਲੈ ਹੀ ਲੈਣੀ ਆ ! ਪਰ ਆਪਣੇ ਆਪ ਨੂੰ ਵੱਡੇ ਖਾਲਿਸਤਾਨੀ ਦੱਸਣ ਵਾਲੇ ਗੰਡੋਇਆਂ ਤੋ ਸਾਵਧਾਨ ਹੋਕੇ ! ਇਹ ਪਰਖ ਲੈਣਾ ਕਿ ਬੰਦਾ ਦੋਗਲਾ ਤੇ ਨਹੀਂ ਜੋ ਸਾਰੇ ਘਰ ਰੱਖ ਰਿਹਾ ਹੈ ! ਕਿੱਸੇ ਸਿਆਣੇ ਨੇ ਕਿਹਾ ਯੁੱਧ ਜਾਂ ਤੇ ਲੜਿਆ ਜਾਂਦਾ ਜਾਂ ਨਹੀਂ ਲੜਿਆ ਜਾਂਦਾ, ਪਰ ਜੇ ਲੜਿਆ ਜਾਂਦਾ ਤਾਂ ਲਕੀਰ ਖਿੱਚ ਤੇ ਅੱਧ ਵਿਚਾਲੇ ਨਹੀਂ ਕਿ ਦੋਵੇ ਪਾਸੇ ਰੱਖੀ ਜਾਓ ! ਸੋ ਸਾਵਧਾਨ ਗੰਡੋਇਆਂ ਤੋਂ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ !
ਬਿੱਟੂ ਅਰਪਿੰਦਰ ਸਿੰਘ  
ਜਰਮਨ

ਨਵਾਂ ਕੰਜਰਖ਼ਾਨਾ ! - ਬਿੱਟੂ ਅਰਪਿੰਦਰ ਸਿੰਘ ਜਰਮਨ

ਛਿੱਤਰ ਲਵੇ ਲਾਹ ਸੌ ਮਾਰੇ ਤੇ ਇਕ ਗਿਣੇ ! ਹੈਂਅ ਨਵਾਂ ਕੰਜਰ ਖ਼ਾਨਾ !
ਇਹ ਸਾਰੇ Experiement ਕਰਨ ਲਈ ਪੰਜਾਬ ਦੀ ਸਰਜ਼ਮੀਨ ਈ ਕਿੰਓ ਲੱਭਦੀ ਆ । ਹੋਰ ਕਿਤੇ ਮਰੋ ਗੰਦ ਪਾਓ ! ਕੋਈ ਕਰੇ ਭਲਾ ਹਿੰਮਤ ਕਿ ਮਦੀਨੇ ਤੀਆਂ ਲਾਉਣੀਆਂ ਜਾਂ ਮੁਜਰਾ ਕਰਨਾ, ਅਗਲਿਆਂ ਮਿੰਟ ਲਾਉਣਾ ਧੌਣ ਤੇ ਛੁਰੀ ਰੱਖ ਕਲਮਾਂ ਪੜਨ ਲੱਗਿਆਂ ।
ਲੋਕੋ ਇਹ ਸਾਜ਼ਿਸ਼ ਹੈ ਪੰਜਾਬ ਦਾ ਮਹੌਲ ਖਰਾਬ ਕਰਨ ਦੀ ! ਲੱਗ ਭੱਗ ਅੱਧੀ ਸਦੀ ਪਹਿਲਾਂ ਵੀ ਇਸੇ ਅਪਰੈਲ ਦੇ ਮਹੀਨੇ ਨਰਕਧਾਰੀ ਲਾਣੇ ਦਾ ਇੱਕ ਸਮਾਗਮ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਰਜ਼ਮੀਨ ਤੇ ਰੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਦਾ ਮੁੱਢ ਬੰਨਿਆ ਜਾਂਦਾ । ਜੇ ਕਿਹੇ ਗਰਮ ਖਿਆਲੀਏ ਸਿੰਘ ਨੇ ਦੋ ਚਾਰ ਪੱਠੇ ( ਗੰਦੇ ਪਠੋਰੇ ) ਝਟਕਾ ਤੇ ਫੇ ਕਹਿਣਾ ਸਿੰਘ ਕੱਟੜਵਾਦੀ ਆ । ਸੋ ਐਸੇ ਕੰਜਰ ਖ਼ਾਨਿਆਂ ਨੂੰ ਤੁਰੰਤ ਠੱਲ ਪਾਉਣੀ ਚਹੀਦੀ ਹੈ ।
ਪੰਜ ਛੇ ਵਰੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਘਟਨਾ ਹੈ ਕਿ ਇੱਕ ਨੌਜਵਾਨ ਕੁੜੀ ਇੱਕ ਲੈਸਪੀਆਨ ਸਾਥਣ ਨਾਲ ਰਹਿਣ ਲਈ ਬਜ਼ਿਦ ਸੀ ਕੇਸ ਠਾਣੇ ਗਿਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ । ਬੜੀ ਹੈਰਾਨੀ ਹੋਈ ਕਿ ਪੱਛਮ ਦਾ ਇਹ ਰਿਵਾਜ ਪੰਜਾਬ ਵਾਲੇ ਪਾਸੇ ਕਿੱਦਾਂ ਚਲਾ ਗਿਆ ! ਅਸਾਂ ਦਿਹਾਤੀ ਬੰਦਿਆਂ ਨੇ ਪੱਛਮੀ ਮੁਲਕਾਂ ਦੀ ਖੁੱਲ ਬਾਰੇ ਪਿੰਡਾਂ ਚ, ਬੜਾ ਕੁਹ ਪੜਿਆ ਸੁਣਿਆ ਸੀ, ਪਰ ਜਦੋਂ ਏਥੇ ਆਣਕੇ CSD (ਕਰਿਸਟੋਫ਼ਰ ਸਟ੍ਰੀਟ ਡੇਅ) ਵਰਗੇ ਸਮਲਿੰਗੀ ਮੇਲੇ ਲੱਗੇ ਵੇਖੇ ਤੇ ਮੂੰਹ ਅੱਡੇ ਰਹਿ ਗਏ ।
ਸੁਣਿਆ ਸੀ ਬਾਂਦਰ ਤੋ ਬੰਦਾ ਬਣਿਆ ।ਕਈ ਖੋਜਾਰਥੀ ਮੰਨਦੇ ਹਨ ਕਿ ਬਾਂਦਰ ਤੋਂ ਥੋੜੀ ਸੁਧਰੀ ਨਸਲ ਆਦਿ ਮਾਨਵ ਨੇ ਸੱਭ ਤੋਂ ਪਹਿਲਾਂ ਅੱਗ ਤੇ ਫੇਰ ਚੱਕੇ (Wheel) ਦੀ ਕਾਢ ਕੱਢੀ । ਪਰ ਨਵੀਆਂ ਖੋਜਾਂ ਤੋਂ ਜੋ ਤੱਥ ਸਾਹਮਣੇ ਆਇਆ ਹੈ ਉਹ ਹੈ ਕਿ ਮਨੁੱਖ ਚ, ਸੱਭ ਤੋ ਪਹਿਲਾਂ ਸ਼ਰਮ ਦਾ ਅਹਿਸਾਸ ਹੋਇਆ ਤੇ ਉਹਨਾਂ ਸਰੀਰ ਢੱਕਣ ਲਈ ਪੱਤਿਆਂ ਦੀ ਸਕਰਟ ਦੀ ਕਾਢ ਨਾਲ ਲੰਗੋਟਾ ਕੱਸ ਲਿਆ । ਜੰਗਲਾਂ ਤੋ ਤੁਰੇ ਮਾਨਵ ਨੇ ਏਨੀ ਤਰੱਕੀ ਕਰ ਲਈ ਕਿ ਮਨੁੱਖ ਸ਼ਰਮ ਹਯਾ ਦੀਆਂ ਹੱਦਾਂ ਈ ਟੱਪ ਗਿਆ । ਗਰਮੀਆਂ ਚ, ਨਾਂ ਮਾਤਰ ਲੀੜਿਆਂ ਚ, ਤੁਰੀ ਫਿਰਦੀ ਲੋਕਾਈ ਤੇ ਰਹਿੰਦੀ ਕਸਰ ਸਮਲਿੰਗੀ ਮੇਲਿਆਂ ਨੇ ਕੱਢ ਘੱਤੀ ! ਸੱਭ ਨੰਗ ਧੜੰਗ ਵੇਖ ਕਿ ਲਗਦਾ ਕਿ ਮਨੁੱਖ ਦਾ ਮਨ ਭਰ ਗਿਆ ਤੇ ਘਰ ਵਾਪਸੀ ਵੱਲ ਤੁਰ ਪਿਆ ਜੰਗਲਾਂ ਵੱਲ ਨੂੰ ਜਿੱਥੋਂ ਆਇਆ ਸੀ ! Human back to Jungale ! ਭਾਵ ਬੰਦੇ ਤੋਂ ਬਾਂਦਰ ਬਣਨ !

ਕ੍ਰੋਧ, ਲ਼ੋਭ, ਮੋਹ, ਹੰਕਾਰ ਪੰਜਾ ਵਕਾਰਾਂ ਦਾ ਸਿਖਰਲਾ ਸਿਰਦਾਰ ਕਾਮ ਹੈ ! ਸ੍ਰੇਸ਼ਟੀ ਤੇ ਕੁੱਦਰਤ ਦਾ ਸੱਭ ਤੋਂ ਉੱਤਮ ਵਰਦਾਨ ਕਾਮ ( ਸ਼ਕਤੀ ) ! ਜੇ ਸ੍ਰੇਸ਼ਟੀ ਤੇ ਕਾਮ ਸ਼ਕਤੀ ਹੈ ਤਾਂ ਮਨੁੱਖ ਦਾ ਉਤਪੱਤੀ ਹੈ ਨਹੀਂ ਤੇ ਕੱਖ ਵੀ ਨਹੀ ਬ੍ਰਹਿਮੰਡ ਹੀ ਨਹੀ ! ਭਾਵ ਵਿਆਖਿਆ ਕਰਨ ਆਲਾ ਹੀ ਕੋਈ ਨਹੀ ! ਇਸ ਸ਼ਕਤੀ ਦੀ ਸਹੀ ਵਰਤੋਂ ਕਰ ਜਦ ਮਨੁੱਖ ਇਸ ਨੂੰ ਉੱਪਰ ਚੁੱਕ ਦਸਵੇਂ ਦੁਆਰ (ਅਦਿੱਖ ਨੇਤਰ ਰਾਂਹੀ ਪ੍ਰਗਟ ਕਰਦਾ ਹੈ ਤਾਂ ਇਹ ਸੰਸਾਰ ਲਈ ਕਲਿਆਣਕਾਰੀ ਹੋ ਨਿਬੜਦੀ ਏ ! ਐਸਾ ਭਾਰਤ ਵਰਸ਼ ਦੇ ਰਿਸ਼ੀਆਂ, ਮੁਨੀਆਂ, ਪੈਗੰਬਰੀ ਅਵਤਾਰਾਂ ਦਾ ਮੰਨਣਾ ਹੈ ! ਤੇ ਇਹੋ ਤੱਤਸਾਰ ਕੱਢ ਹਿੰਦੋਸਤਾਨ ਦੇ ਅਵਤਾਰੀ ਪੁਰਸ਼ਾਂ ਨੇ ਕਾਮ ਤੇ ਗ੍ਰੰਥ ਲਿੱਖ ਮਾਰੇ !

ਹੁਣ ਸੋਚਣ ਆਲੀ ਗੱਲ ਹੈ ਕਿ ਇਹਨਾ ਗ੍ਰੰਥਾਂ ਵਿਚਲੇ ਤੱਤਸਾਰ ਨੂੰ ਸਮਝ ਕਿ ਬਣਨਾ ਤੇ ਚਤੁਰ ਸਿਆਣੇ ਸੀ ਚਤੁਰਾਈ ਹਾਸਿਲ ਕਰਨੀ ਸੀ ! “ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ” ਮੱਤ ਉੱਚੀ ਚੁੱਕਣੀ ਸੀ ! ਸ਼ਕਤੀ ਨੂ ਉੱਪਰ ਚੁੱਕ ਸਾਰਥਿਕ ਵਰਤੋਂ ਕਰਨੀ ਸੀ ਪਰ ਹੰਕਾਰ ਤੇ “ਮੈਨੂੰ ਵੱਧ ਪਤਾ” ਨੇ ਕਾਮ ਹੇਠਾਂ ਸੁੱਟ ਦਿੱਤਾ ਤੇ ਲੋਕ ਨਾਲਿਆਂ ਦੇ ਢਿੱਲੇ ਹੋ ਗਏ ! ਨਤੀਜਾ ਸਾਹਮਣੇ ਅੰਬਰਸਰ ਲੱਗ ਰਿਹਾ ਸਮਲਿੰਗੀ ਮੇਲਾ ! ਬਾਬਾ ਸੁਮੱਤ ਬਖਸ਼ੇ !

ਸਮਾਜ ਨੂੰ ਇਹ ਸੋਚਣਾ ਚਹੀਦਾ ਕਿ ਕੀ ਕਾਰਨ ਹਨ ਕਿ ਸਮਾਜ ਦਾ ਇੱਕ ਹਿੱਸਾ ਮਾਡਰਨਿਟੀ ਦੇ ਨਾਂ ਤੇ ਗੈਰ ਕੁਦਰਤੀ ਰਾਹਾਂ ਤੇ ਤੁਰਿਆ ਫਿਰਦਾ ! ਜੋ ਘਾਤਕ ਬਿਮਾਰੀਆਂ ਨੂੰ ਸੱਦਾ ਈ ਨਹੀਂ ਦੇ ਰਿਹਾ ਸਗੋਂ ਬਿਮਾਰ ਸਮਾਜ ਦੀ ਸਿਰਜਣਾ ਵਾਲੇ ਰਾਹ ਪਿਆ ਹੋਇਆ ਏ ! ਪ੍ਰਸ਼ਾਸਨ ਨੂੰ ਵੀ ਐਸੇ ਖੁੱਲੇ ਕੰਜਰ ਖ਼ਾਨਿਆਂ ਦੇ ਅਖਾੜੇ ਰੋਕਣੇ ਚਾਹੀਦੇ ਹਨ ! ਵੈਸੇ ਵੀ ਮਨੁੱਖ ਆਦਿਵਕਾਲ ਤੋਂ ਹੀ ਗੈਰ ਕੁਦਰਤੀ ਕੁਕਰਮ ਕਰਦਾ ਰਿਹਾ ਹੈ ਇਹਦੇ ਸਬੂਤ ਅਜੰਤਾ ਏਲੋਰਾ ਦੀਆਂ ਗੁਫ਼ਾਵਾਂ ਵਿੱਚ ਮੂਰਤੀਆਂ ਦੇ ਰੂਪ ਵਿੱਚ ਸੈੰਕੜੇ ਸਾਲਾਂ ਤੋਂ ਸਥਾਪਿਤ ਹਨ ! ਪਰ ਜਨਤਕ ਰੂਪ ਵਿੱਚ ਖੁੱਲੇ ਤੌਰ ਤੇ ਸਮਾਜ ਲਈ ਘਾਤਕ ਹਨ ਭੁੱਲਾਂ ਚੁੱਕਾਂ ਲਈ ਖਿਮਾਂ !
ਬਿੱਟੂ ਅਰਪਿੰਦਰ ਸਿੰਘ ਜਰਮਨ

ਇਸ਼ਕ ਝਮੇਲੇ ! - ਬਿੱਟੂ ਅਰਪਿੰਦਰ ਸਿੰਘ ਸੇਖੋਂ

ਕੱਤੀ ਇੱਕ ਨਾ ਪੂਣੀ ਇਸ਼ਕ ਦੀ ਚਰਖਾ ਲੈਗੇ ਖੇੜੇ,
ਘੜਾ ਘੜੋਲੀ ਖੜਕਣ ਕਿੱਧਰੇ ਮਾਤਮ ਸਾਡੇ ਵਿਹੜੇ !

ਚੂਰੀ ਮੁੱਕਗੀ ਵੰਝਲੀ ਟੁੱਟਗੀ ਕੱਖ ਰਿਹਾ ਨਾ ਪੱਲੇ,
ਕੰਨ ਪੜਵਾਏ ਜੋਗ ਕਮਾਇਆ ਵੇਖ ਸਮੇਂ ਦੇ ਗੇੜੇ !

ਪੰਡ ਪੰਨੂ ਦੀ ਬੰਨ ਕੇ ਲੈ ਗਏ ਇਸ਼ਕ ਮਜ਼ਬ ਦੇ ਵੈਰੀ,
ਵਿੱਚ ਥਲਾਂ ਦੇ ਕਿਸਮਤ ਸੜਗੀ ਕੋਈ ਨਾ ਨੇੜੇ ਤੇੜੇ !

ਕਿਹੇ ਝੱਲੇ ਨੇ ਨਹਿਰ ਪੁੱਟਤੀ ਤਿੱਪ ਨਾਂ ਆਇਆ ਪਾਣੀ !
ਇਸ਼ਕ ਇਬਾਦਤ ਓਹੋ ਜਾਣੈ ਜੋ ਇਹ ਕਿਸਬ ਸਹੇੜੇ !

ਫੁੱਲਾਂ ਨਾਲ ਮੁਹੱਬਤ ਕਰਕੇ ਜੇ ਕੋਈ ਮਾਣੇ ਮਸਤੀ,
ਫੇ ਭਲਾ ਕੋਈ ਬਿੱਟੂ ਸ਼ਾਹ ਕਿੰਓ ਇਸ਼ਕ ਝਮੇਲੇ ਝੇੜੇ !

ਅਪਗ੍ਰੇਡ ਵਾਰਸ਼ !
ਬਿੱਟੂ ਸ਼ਾਹ ਮਝੈਲ
ਪੰਜਾਬੀ ਬੋਲਦੇ ਲਾਕੇ ਆਲ਼ਾ !
ਪੂਰਾ ਨਾਵਾਂ
ਬਿੱਟੂ ਅਰਪਿੰਦਰ ਸਿੰਘ ਸੇਖੋਂ

ਸੱਜਣ - ਬਿੱਟੂ ਅਰਪਿੰਦਰ ਸਿੰਘ ਫਰੈੰਕਫ਼ੋਰਟ ਜਰਮਨੀ

ਸੱਜਣ ਅਸਾਂ ਦੇ ਦੂਰ ਵਸੇਂਦੇ ਵਸਦੇ ਬੱਦਲਾਂ ਓਹਲੇ,
ਦਰਦ ਹਿਜਰ ਦਾ ਦੱਸ ਓ ਸੱਜਣਾਂ ਕਿੱਥੇ ਕੋਈ ਫਰੋਲੇ !
ਹੰਝੂਆਂ ਮਿੱਟੀ ਸਿੱਲੀ ਕੀਤੀ ਲੋਕਾਂ ਸਮਝੀਆਂ ਕਣੀਆਂ,
ਇਸ਼ਕ ਤੇਰੇ ਦੀ ਘੁੰਮਣ ਘੇਰੀ ਬਣ ਗਈ ਵਾਅ ਵਰੋਲੇ !
ਵਾਂਗ ਤਪੱਸਿਆ ਮੁਹੱਬਤ ਕੀਤੀ ਕੱਖ ਪਿਆ ਨਾਂ ਪੱਲੇ,
ਰਾਂਝਾ ਰਹਿ ਗਿਆ ਮੱਝਾਂ ਕੁੱਟਦਾ ਹੀਰ ਦੇ ਤੁਰ ਗਏ ਡੋਲੇ !
ਦੋ ਪਲ ਆਸ਼ਕ ਘੂਕ ਸੌਂ ਗਿਆ ਪਿਆਰ ਨੇ ਭੰਨਤੇ ਕਾਨੇ ,
ਤਿੱਖੜ ਦੁਪਹਿਰੇ ਮਿਰਜ਼ਾ ਵੱਡ ਗਏ ਚੜ ਕੇ ਆਏ ਟੋਲੇ !
ਇਸ਼ਕ ਮਜਾਜੀ ਤਿਕੜਮ ਬਾਜ਼ੀ ਰੋਗ ਅਵੱਲੜਾ ਯਾਰੋ !
ਬਿੱਟੂ ਵਰਗੇ ਦੇਸੀ ਗਾਲਿਬ, ਇਸ਼ਕ ਨੇ ਘਰ ਘਰ ਰੋਲੇ !
ਬਿੱ2 ਮਝੈਲ !