ਅਜੋਕਾ ਸਿੱਖੀ ਪ੍ਰਚਾਰ ਬਨਾਮ Difenacoum ! - ਬਿੱਟੂ ਅਰਪਿੰਦਰ ਸਿੰਘ

ਫਰੈਂਕਫ਼ੋਰਟ ਸ਼ਹਿਰ ਦੇ ਧੁੱਰ ਅੰਦਰ ਇੱਕ ਇਤਿਹਾਸਕ ਇਮਾਰਤ ਏ Kleinmarkthalle ! ਭਾਵ ਛੋਟੀ ਮੰਡੀ ! ਇਹ ਇਮਾਰਤ ਦੂਜੀ ਸੰਸਾਰ ਯੁੱਧ ਵੇਲੇ ਢੱਠ ਕੇ ਥੇਹ ਬਣ ਗਈ ਸੀ । ਯੁੱਧ ਸਮਾਪਤੀ ਉਪਰੰਤ ਇਸ ਨੂੰ ਫੇਰ ਖੜੀ ਕਰ ਲਿਆ ਗਿਆ । ਲਗਭਗ ਸੱਤਰ ਸਾਲ ਪੁਰਾਣੀ ਇਸ ਇਮਾਰਤ ਨੂੰ ਬੀਤੇ ਦਿਨੀ ਢਾਹ ਕੇ ਨਵੇਂ ਸਿਰਿੰਓ ਬਣਾਉਣ ਦੀ ਗੱਲ ਵੀ ਚੱਲੀ ਪਰ ਸ਼ਹਿਰ ਦੇ ਵਸਨੀਕ ਇਸਨੂੰ ਵਿਰਾਸਤੀ ਇਮਾਰਤ ਮੰਨਦੇ ਹਨ ਉਹਨਾਂ ਨੇ ਢਹੁਣ ਵਾਲੇ ਮਤੇ ਤੇ ਗੁਣਾ ਨਾ ਪਾਇਆ । ਲੰਮੀ ਚੌੜੀ ਬਹਿਸ , ਬੈਠਕਾਂ ਤੇ ਮੀਟਿੰਗਾਂ ਮਗਰੋਂ ਫੈਸਲਾ ਹੋਇਆ ਕਿ ਇਸ ਨੂੰ ਹਿਸਿਆਂ ਵਿੱਚ ਵੰਡ ਕੇ ਮੁਰੰਮਤ ਕੀਤੀ ਜਾਵੇ ਤੇ ਪੁਰਾਣੀ ਦਿੱਖ ਵੀ ਕਾਇਮ ਰਹੇ । ਇਸ ਮੁਰੰਮਤ ਨੂੰ ਸ਼ਾਇਦ ਕੁਹ ਸਾਲਾਂ ਦਾ ਸਮਾਂ ਵੀ ਲੱਗ ਸਕਦਾ !
ਇਸ ਵੱਡੇ ਹਾਲ ਨੂੰ ਮੁਰੰਮਤ ਕਰਨ ਦਾ ਇੱਕ ਮੁੱਖ ਕਾਰਨ ਬੇਸਮੈਂਟ ਵੀ ਹੈ ਜੋ ਪੁਰਾਣੀ ਹੋਣ ਕਾਰਨ ਚੂਹਿਆਂ ਦਾ ਅਨੰਦ ਮਈ ਰੈਣ ਬਸੇਰਾ ਹੈ । ਅਣਗਿਣਤ ਚੂਹਿਆਂ ਦਾ ਰਾਤ ਨੂੰ ਮਾਰਕੀਟ ਹਾਲ ਤੇ ਪੂਰਨ ਕਬਜ਼ਾ ਹੁੰਦਾ ਹੈ । ਸਿਹਤ ਵਿਭਾਗ ਵਾਲੇ ਸਮੇਂ ਸਮੇਂ ਤੇ ਕੈਮੀਕਲ ਦਵਾਈਆਂ ਰਾਹੀਂ ਚੂਹਿਆਂ ਤੇ ਮਾਰੂ ਹੱਲੇ ਕਰਦੇ ਰਹਿੰਦੇ ਹਨ । ਪਰ ਫਿਰ ਵੀ ਚੂਹੇ ਆਪਣੀ ਹੋਂਦ ਬਚਾਉਣ ਚ, ਕਾਮਯਾਬ ਹੋ ਹੀ ਜਾਦੇ ਨੇ ਤੇ ਆਪਣੀ ਨਵੀਂ ਜੱਥੇਬੰਦੀ ਨਾਲ ਹਮਲਾਵਰ ਹੋ ਕੇ ਨਿੱਤਰ ਆਉਂਦੇ ਨੇ ! ਵਰਨਣਯੋਗ ਹੈ ਕਿ ਚੂਹੇ ਬੜੀ ਸਿਆਣੀ ਜਾਤ ਚ, ਗਿਣੇ ਜਾਂਦੇ ਹਨ ।
ਪਿੱਛਲੇ ਵਰ੍ਹੇ ਭਰ ਸਿਆਲ ਦੀ ਮਾਈਨਸ ਤਾਪਮਾਨ ਠੰਡ ਵਿੱਚ ਹਾਲ ਦੀ ਪਹਿਲੀ ਮੰਜ਼ਲ ਦੇ ਛੱਤ Terrace ਤੇ ਕੰਮ ਕਰਦਿਆਂ ਮੇਰੀ ਨਿਗਾਹ ਦੋ ਕਰਮਚਾਰੀਆਂ ਤੇ ਪਈ ਜੋ ਚੂਹੇ ਮਾਰ ਦਵਾਈ ਵੱਖੋ ਵੱਖਰੀਆਂ ਥਾਂਵਾਂ ਤੇ ਟਿਕਾ ਰਹੇ ਸਨ । ਵਾਹਵਾ ਠੰਡ ਕਾਰਨ ਮੈਂ ਉਹਨਾਂ ਨੂੰ ਕਾਫ਼ੀ ਦੀ ਸੁਲ੍ਹਾ ਮਾਰ ਲਈ, ਠੰਡ ਦੇ ਝੰਬਿਆਂ ਨੇ ਝੱਟ ਹਾਮੀ ਭਰ ਦਿੱਤੀ ! ਮੈਂ ਦੋ ਮੱਗ ਤੱਤੀ ਤੱਤੀ ਕੌਫ਼ੀ ਦੇ ਫੜਾ ਕੇ ਗਲੀਂ ਜੁੱਟ ਪਿਆ ! ਇੱਕ ਤੁਰਕੀ ਮੁਲਕ ਵਾਲਾ ਉਮੇਰ ਨਾਂ ਆਲਾ ਭਾਊ ਵਾਹਵਾ ਗਾਲੜੀ ਸੀ ਤੇ ਗੱਲਬਾਤ ਦਾ ਵਿਸ਼ਾ ਵੀ “ਚੂਹੇ ਕਿਲੰਗ ਅਪਰੇਸ਼ਨ” ਤੇ ਸੀ ! ਮੈਂ ਉਹਨੂੰ ਦੱਸਿਆ ਕਿ ਨਿੱਕੇ ਹੁੰਦਿਆਂ ਅੰਹੀ ਬੜੇ ਚੂਹੇ ਗੱਡੀ ਚਾੜੇ ! ਰਾਤ ਦੇ ਕੜਿੱਕੀਆਂ ਚ, ਫਸੇ ਚੂਹਿਆਂ ਦੀਆਂ ਲਾਸ਼ਾਂ ਬਿਲੇ ਲਾਉਣ ਦੀ ਡਿਊਟੀ ਮੇਰੀ ਹੁੰਦੀ ਸੀ । ਤੁਰਕੀ ਭਾਊ ਕਹਿੰਦਾ ਕਿ, ਸਿੰਘ ਤਾਹਡੇ ਚੂਹੇ ਮਾਰ ਦਵਾਈ ਨੀ ਹੁੰਦੀ ? ਮੈਹਿਆ ਭਰਾਵਾ ਹਿੰਦੋਸਤਾਨ ਚ, ਭ੍ਰਿਸ਼ਟਾਚਾਰ ਈ ਏਨਾ ਵਾਂ ਕਿ ਲੋਕ ਜ਼ਹਿਰ ਚ, ਵੀ ਮਿਲਾਵਟ ਕਰਦੇ ਆ ! ਚੂਹੇ ਮਰਦੇ ਕਿੱਥੇ ਸੀ ! ਅਗਲੀ ਸਵੇਰ ਭੰਗੜਾ ਪਾਉਂਦੇ ਸੀ !

ਉਮੇਰ ਹਾਸੇ ਵਾਲੀ ਗੱਲ ਨੂੰ ਗੰਭੀਰਤਾ ਨਾਲ ਅੱਗੇ ਤੋਰਦਾ ਆਖਦਾ ਨਹੀਂ ਸਿੰਘ ਇਹ ਚੂਹੇ ਬੜੀ ਸਿਆਣੀ ਜਾਤ ਹੁੰਦੇ ਆ ! ਇਹਨਾਂ ਚ, ਜਦੋਂ ਕੋਈ ਚੂਹਾ ਦਵਾਈ ਖਾ ਕੇ ਰੱਬ ਨੂੰ ਪਿਆਰਾ ਹੋ ਜਾਂਦਾ ਤਾਂ ਬਾਕੀ ਸੁਚੇਤ ਹੋ ਜਾਂਦੇ ਨੇ ਤੇ ਦਵਾਈ ਨੂੰ ਮੂੰਹ ਨਹੀਂ ਲਾਉਂਦੇ ! ਮੈਂ ਤੁਰੰਤ ਸਵਾਲ ਕੀਤਾ ਫਿਰ ਤੁੰਹੀ ਦਵਾਈ ਰੱਖ ਕੇ ਸਮਾਂ ਖਰਾਬ ਕਿੰਓ ਕਰਨ ਡਹੇ ਜੇ ! ਓਹਨੇ ਦੱਸਿਆ ਕਿ ਹੁਣ ਇਹ Difenacoum ਨਾਂ ਦੀ ਦਵਾਈ ਦੀ ਇੱਕ ਵਿਸ਼ੇਸ਼ ਕਿਸਮ ਆਈ ਆ ਇਹ ਚਾਰ ਦਿਨ ਬਾਅਦ ਰੰਗ ਵਿਖਾਉਂਦੀ ਏ ! ਚੂਹੇ ਸਵਾਦ ਸਵਾਦ ਵਿੱਚ ਖਾਈ ਜਾਂਦੇ ਨੇ ਤੇ ਫੇਰ ਬੜੀ ਦੇਰ ਹੋ ਚੁੱਕੀ ਹੁੰਦੀ ਆ ! ਭਾਵ ਸਲੋਅ ਪੋਇਜ਼ਨ ! ਮੇਰਾ ਮੱਥਾ ਠਣਕਿਆ ਤੇ ਉਹ ਚਲੇ ਗਏ !
ਇਹ Difenacoum ਨਾਂ ਦੀ ਜ਼ਹਿਰ ਮੇਰੇ ਦਿਮਾਗ਼ ਚ, ਘੁੰਮਣ ਲੱਗੀ ਤੇ ਮੇਰਾ ਧਿਆਨ ਅਜੋਕੇ ਅਪਗ੍ਰੇਡ ਪ੍ਰਚਾਰ ਵੱਲ ਚਲਾ ਗਿਆ ਕਿ ਕਿਸ ਤਰਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਜ਼ਹਿਰ ਸਾਡੇ ਸਿਰਾਂ ਵਿੱਚ ਤੁੰਨਿਆ ਜਾ ਰਿਹਾ ! ਲੋਕ ਝਬਰ ਝਬਰ ਇਹ ਆਪਣੇ ਖੋਪੜ ਵਿੱਚ ਤੁੰਨ ਲੈਂਦੇ ਨੇ ਤੇ ਮਾਨਸਿਕ ਨਪੁੰਸਕ ਹੋ ਜਾਂਦੇ ਆ ! ਫੇਰ ਜਾਗਦਾ ਤਰਕ ਵਾਲਾ ਕੀੜਾ ! ਸਰੋਵਰਾਂ ਤੇ ਸ਼ੱਕ , ਅਰਦਾਸ ਤੇ ਸ਼ੱਕ, ਬਾਣੀਆਂ ਤੇ ਸ਼ੱਕ ਇਤਿਹਾਸਿਕ ਸਰੋਤਾਂ ਤੇ ਤਰਕ, ਅੰਮ੍ਰਿਤ ਦੀ ਪਹੁਲ ਤੇ ਸ਼ੱਕ, ਗੱਲ ਕੀ ਆਪਣੇ ਨਾਂ ਪਿੱਛੇ ਲੱਗੇ ਸਿੰਘ ਕੌਰ ਤੇ ਖ਼ਾਲਸਾ ਤੱਖਲਸ ਬਾਰੇ ਵੀ ਵਹਿਮ ! ਕਿੰਓਕਿ ਸਿੰਘ,ਕੌਰ ਤੇ ਖ਼ਾਲਸਾ ਵੀ ਤੇ ਅੰਮ੍ਰਿਤ ਦੀ ਦਾਤ ਮਗਰੋਂ ਹੀ ਬਖਸ਼ਿਸ਼ ਹੋਏ ਆ ਨਾਂ ! ਤੇ ਜੇ ਮੁੱਢ ਤੇ ਸ਼ੱਕ ਤੇ ਸੱਭ ਕੁਹ ਸ਼ੱਕੀ !
ਇਹ ਪ੍ਰਚਾਰ ਜਿਸਦੀ ਜਿਆਦਾ ਹਨੇਰੀ 1995 ਮਗਰੋਂ ਪ੍ਰਚੰਡ ਹੋਈ ਦਾ ਅਸਰ ਪੰਜਾਬ ਚ, ਸਪਸ਼ਟ ਨਜ਼ਰ ਆਉਂਦਾ ਕਿ ਪੰਜਾਬ ਦੀ ਨੌਜਵਾਨੀ ਕਿਸ ਤਰਾਂ ਨਸ਼ਿਆਂ ਚ, ਗ਼ਰਕ ਹੋਈ, ਇਸਾਈਅਤ ਦਾ ਬੋਲ ਬਾਲਾ ਕਿਸ ਕਦਰ ਵਧਿਆ ! ਢੱਡਰੀਆਂ ਵਾਲੇ ਦਾ ਪ੍ਰਚਾਰ ਸੁਣ ਨੌਜਵਾਨਾਂ ਕੇਸ ਤੱਕ ਕਤਲ ਕਰਦਿਆਂ ਤੱਕ ਦੀਆਂ ਵੀਡੀਓ ਲੋਕਾਂ ਨੇ ਵੇਖੀਆਂ ! ਦਰਅਸਲ ਇਹਨਾਂ ਪਿੱਛੇ ਹਕੂਮਤਾਂ ਦਾ ਅਸ਼ੀਰਵਾਦ ਏ ! ਜੋ ਇਹਨਾਂ ਨੂੰ ਸੁਰੱਖਿਆ ਛੱਤਰੀ ਦੇਂਦੀਆਂ ਨੇ ਹਲਾਸ਼ੇਰੀ ਤੇ ਦਮੜੇ ਟਿਕਟਾਂ ਤੱਕ ਸਰਕਾਰੀ !
ਜੂਨ ਦੇ ਮਹੀਨੇ ਦਾ ਚੜਦਾ ਹਫਤਾ ਸਿੱਖਾਂ ਲਈ ਬੈਰਾਗਮਈ ਤੇ ਬੀਰ ਰੱਸੀ ਵੀ ਹੈ ਬੜੇ ਸਿੰਘ ਸਿੰਘਣੀਆਂ ਅਜੇ ਵੀ ਜਿੰਓਦੇ ਜਾਗਦੇ ਚੜਦੀ ਕਲਾ ਵਿੱਚ ਹਨ ਜਿਨ੍ਹਾਂ ਨੇ ਇਹ ਕਹਿਰ ਵੇਖਿਆ ਤੇ ਕਈਆਂ ਨੇ ਹੱਢੀਂ ਹੰਢਾਇਆ ! ਅਨੇਕਾਂ ਚਸ਼ਮਦੀਦ ਗਵਾਹ ਹਨ ਜਿੰਨਾਂ ਨੇ ਜੂਨ ਚੁਰਾਸੀ ਦੇ ਮਰਜੀਵੜੇ ਸਿੰਘਾ ਦੇ ਦਰਸ਼ਨ ਕੀਤੇ ਜੋ ਪੰਜ ਬਾਣੀਆਂ ਦੇ ਧਾਰਨੀ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਦੀ ਅਰਦਾਸ ਵਾਲੇ ਤੇ ਚੰਡੀ ਦੀ ਵਾਰ ਪੜਨ ਵਾਲੇ ਯੁੱਧਵੀਰ ਸੰਤ ਸਿਪਾਹੀ ਸੂਰਮੇ ਸਨ । ਇਹਨਾਂ ਤੋ ਬਾਅਦ ਵੀ ਰੜੇ ਮੈਦਾਨ ਕਮਾਦਾਂ ਦੀਆਂ ਧੋੜੀਆਂ ਤੇ ਕੱਚੇ ਕੋਠਿਆਂ ਚੁਬਾਰਿਆਂ ਦਾ ਆਸਰਾ ਲੈਕੇ ਕਈ ਕਈ ਦਿਨ ਮੁਕਾਬਲੇ ਕਰਨ ਵਾਲੇ ਵੀ ਦਸਮ ਦੀ ਬਾਣੀ ਤੇ ਪੂਰਨ ਨਿਸ਼ਚਾ ਰੱਖਣ ਵਾਲੇ ਸਨ ! ਇਹਨਾ ਸਿੰਘਾਂ ਨੂੰ ਜਦੋਂ ਹਕੂਮਤ ਨੇ ਪੁਰਾਤਨ ਸਿੰਘਾਂ ਵਾਂਗ ਇਤਿਹਾਸ ਦੁਹਰਾਉਂਦੇ ਵੇਖਿਆ ਤਾਂ ਇਹ ਅਪਗ੍ਰੇਡ ਕਾਂਗਿਆਰੀ ਪੰਥ ਵਿੱਚ ਵਾੜੀ ਗਈ ! ਮਕਸਦ ਸੀ ਬੀਰਰਸ ਨੂੰ ਕੱਢਣਾ , ਸੰਤ ਸਿਪਾਹੀ ਬਿਰਤੀ ਦਾ ਨਿਖੇੜਾ ਕਰਨਾ, ਤੇ ਭਗਤੀ ਸ਼ਕਤੀ ਨੂੰ ਵੱਖ ਕਰ ਬ੍ਰਹਮਣ ਵਾਂਗ ਮੰਤਰ ਪੜਨ ਲਾਉਣਾ ਤੇ ਆਪਣੀ ਪੂਜਾ ਦਾ ਜੁਗਾੜ ਕਰਨਾ ਬੱਸ !
ਅਬਦਾਲੀ ਨੇ ਸਰੋਵਰ ਇਸ ਕਰਕੇ ਪੂਰਿਆ ਕੇ ਉਹਨੂੰ ਖ਼ਬਰ ਮਿਲੀ ਕਿ ਇਹ ਸਿੱਖੜੇ ਇਸ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਅਦੁੱਤੀ ਸ਼ਕਤੀ ਪ੍ਰਾਪਤ ਕਰ ਵੈਰੀ ਤੇ ਕੜਕ ਪੈਂਦੇ ਹਨ । ਉਨ ਇਹ ਕੁਕਰਮ ਕੀਤਾ ਕਿ ਹਰਿਮੰਦਰ ਤੇ ਸਰੋਵਰ ਢਾਹ ਦਿੱਤਾ ! ਹੁਣ ਦੇ ਪਰਚਾਰਿਕ ( ਮੁਆਫ਼ ਕਰਨਾ ਸਾਰੇ ਨਹੀ ) ਇਹ ਵੀ ਓਹੋ ਕੁਕਰਮ ਕਰ ਰਹੇ ਹਨ, ਇਹ ਸਾਡੀਆਂ ਨਸਲਾਂ ਦੇ ਸਿਰਾਂ ਚੋ, ਪਾਵਨ ਸਰੋਵਰ ਮਿਟਾ ਦੇਣਾ ਚੰਹੁਦੇ ਹਨ । ਪ੍ਰਥਮ ਭਗੌਤੀ ਦੀ ਅਰਦਾਸ ਪ੍ਰਤੀ ਇਹ ਭੰਬਲਭੂਸੇ ਪਾ ਰਹੇ ਹਨ ਅੰਮ੍ਰਿਤ ਦੀਆਂ ਬਾਣੀਆ ਤੇ ਕਿੰਤੂ ਪ੍ਰੰਤੂ ਕਰਕੇ ਆਸਥਾ ਤੇ ਸੱਟ ਮਾਰ ਰਹੇ ਹਨ । ਬਸ ਇਹੋ ਇਹਨਾਂ ਦਾ ਮਿਸ਼ਨ ਹੈ !
ਪਰ ਭਲਾ ਹੋਵੇ ਸੋਸ਼ਲ ਮੀਡੀਏ ਦਾ ਤੇ ਇਹਨਾਂ ਦੇ ਪ੍ਰਚਾਰ ਦਾ ਵਿਰੋਧ ਕਰਨ ਵਾਲੇ ਦਸਮ ਦੇ ਦੁਲਾਰਿਆਂ ਦਾ ਜੋ ਇਹਨਾਂ ਬਾਰੇ ਸੰਗਤਾਂ ਨੂੰ ਜਾਗਰੂਕ ਕਰਕੇ ਗੁਰੂ ਦਾ ਹੁਕਮ ਵਜਾ ਰਹੇ ਹਨ । ਇਹੀ ਕਾਰਨ ਹੈ ਕਿ ਇਹ ਪੰਥ ਤੇ ਖ਼ਾਲਸਾ ਰਾਜ ਦੀ ਗੱਲ ਕਰਨ ਵਾਲਿਆਂ ਦੇ ਉਲਟ ਭੁਗਤਦੇ ਹਨ ! ਹੱਕ ਸੱਚ ਦੀ ਗੱਲ ਕਰਨ ਵਾਲੇ ਜਾਂ ਤਾਂ ਪਰਲੋਕ ਭੇਜ ਦਿੱਤੇ ਜਾਂਦੇ ਹਨ ਤੇ ਜਾਂ ਪੰਜਾਬ ਨਿਕਾਲਾ ! ਪਰ ਇਹਨਾ ਦੀ ਸੁਰੱਖਿਆ ਪੱਕੀ ਇਹ ਗੱਲ ਵੀ ਖਾਲਿਸਤਾਨ ਜਿੰਦਾਬਾਦ ਮਹਿਕਮੇ ਵਾਲੇ ਪੱਗਾਂ ਚ, ਸਿਰ ਫਸਾਈ ਅਰਧ ਨਾਸਤਿਕਾਂ ਨੂੰ ਸਮਝ ਲੈਣੀ ਚਹੀਦੀ ਹੈ !
ਸਾਡਾ ਨਿੱਜੀ ਤਜਰਬਾ ਹੈ ਕਿ ਇਹਨਾਂ ਦੇ Difenacoum ਦੀ ਡੋਜ਼ ਵਾਲੇ ਪ੍ਰਚਾਰ ਤੋਂ ਪ੍ਰਭਾਵਿਤ ਕਿਸੇ ਪ੍ਰਾਣੀ ਦੇ ਕੰਨ ਵਿੱਚ ਜਦ ਕੋਈ ਇਹ ਅਵਾਜ਼ ਪਾਉਂਦਾ ਹੈ, “ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ “ ਤਾਂ ਝੱਟ ਹੋਸ਼ ਵਿੱਚ ਆ ਗੁਰੂ ਚਰਨੀ ਲੱਗ ਜਾਂਦਾ ਹੈ । ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਦਸਮ ਪਾਤਸ਼ਾਹ ਜੀ ਦੇ ਮੁਖ਼ਾਰਬਿੰਦ ਤੋ ਉਚਰੇ ਬਚਨ ਵੀ ਸਾਡੇ ਲਈ ਗੁਰਬਾਣੀ ਹੀ ਹੈ ਸੋ ਸੱਚੀ ਸੁੱਚੀ ਆਸਥਾ ਨੇ ਹੀ ਪਾਰ ਉਤਾਰਾ ਕਰਨਾ ਹੈ !
ਅਖੀਰ ਵਿੱਚ ਅਪਗ੍ਰੇਡ ਪ੍ਰਚਾਰਕਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਅਨਿਨ ਭਗਤਾਂ ਦੇ ਪਰਿਵਾਰਾਂ ਤੇ ਕਿਰਦਾਰਾਂ ਤੋਂ ਆਪ ਜੀ ਨੂੰ ਲੱਗੇ ਕਿ ਪ੍ਰਚਾਰ ਦਾ ਪ੍ਰਤਾਪ ਨਜ਼ਰ ਆਉਂਦਾ ਹੈ ਤਾਂ ਜਰੂਰ ਸੁਣਿਓ ਮੈ ਆਪ ਜੀ ਨੂੰ ਰੋਕ ਕੇ ਪਾਪਾਂ ਦਾ ਭਾਗੀ ਨਹੀਂ ਬਣਨਾ ਚਹੁੰਦਾ ! ਨਹੀ ਤੇ ਭਾਈ ਪੰਜਾਬੀ ਦੀ ਇੱਕ ਕਹਾਵਤ ਹੈ “ਆਪ ਤੇ ਡੁੱਬਾਂ ਬਾਹਮਣਾ ਜਜਮਾਨ ਵੀ ਡੋਬੇਂ” ! ਸੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ । ਆਪ ਤੇ ਆਪਣੇ ਪਰਿਵਾਰਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜ ਕੇ ਅਨੰਦ ਮਈ ਜੀਵਨ ਬਤੀਤ ਕਰੋ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ
ਜੂਨ ਚੁਰਾਸੀ ਦੇ ਸਮੂਹ ਸ਼ਹੀਦਾਂ ਨੂੰ ਕਰੋੜਾਂ ਨਮਨ
ਬਿੱਟੂ ਅਰਪਿੰਦਰ ਸਿੰਘ