ਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ - ਉਜਾਗਰ ਸਿੰਘ
ਦਸੰਬਰ ਦਾ ਮਹੀਨਾ ਸਿੱਖ ਜਗਤ ਲਈ ਬੜਾ ਮਹੱਤਵਪੂਰਨ ਅਤੇ ਦੁੱਖਦਾਈ ਹੈ ਕਿਉਂਕਿ ਇਸ ਮਹੀਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰੀ ਠੰਡੇ ਬੁਰਜ ਵਿਚ ਸਵਰਗ ਸਿਧਾਰ ਗਏ ਸਨ। ਲਗਪਗ ਤਿੰਨ ਸਦੀਆਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਮਾਨਵਤਾ ਦੀ ਰੱਖਿਆ ਲਈ ਜ਼ੁਲਮ ਦਾ ਮੁਕਾਬਲਾ ਕਰਦਿਆਂ ਆਪਣੀਆਂ ਮਾਸੂਮ ਜ਼ਿੰਦਗੀਆਂ ਦੀਆਂ ਕੁਰਬਾਨੀਆਂ ਦੇ ਕੇ ਸਿੱਖ ਸੰਗਤਾਂ ਨੂੰ ਸੱਚ ਦੇ ਰਾਹ ਤੇ ਚਲਣ ਅਤੇ ਆਪੋ ਆਪਣੇ ਧਰਮ ਵਿਚ ਮਜ਼ਬੂਤ ਅਤੇ ਸਥਾਈ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਮਾਤਾ ਗੁਜ਼ਰੀ ਜੀ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਠੰਡੇ ਬੁਰਜ ਵਿਚ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਸਮੇਂ ਸਿੱਖ ਜਗਤ ਵਿਚ ਬਹੁਤ ਜ਼ਿਆਦਾ ਨਿਘਾਰ ਆ ਚੱਕਾ ਹੈ। ਅਜਿਹੇ ਹਾਲਾਤ ਵਿਚ ਜਦੋਂ ਸਿੱਖ ਵਿਚਾਰਧਾਰਾ ਨੂੰ ਸਿੱਖਾਂ ਤੋਂ ਹੀ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਸਿਆਸਤ ਭਾਰੂ ਹੋ ਗਈ ਹੈ। ਲਾਲਚ ਨੇ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੋਇਆ ਹੈ। ਸਿੱਖ ਜਗਤ ਸਿੱਖ ਵਿਚਾਰਧਾਰਾ ਨੂੰ ਤਿਆਗਕੇ ਸਿਆਸੀ ਲਾਲਚ ਅਧੀਨ ਦੂਜੀਆਂ ਸਿਆਸੀ ਪਾਰਟੀਆਂ ਦੇ ਗ਼ੁਲਾਮ ਹੁੰਦੇ ਜਾ ਰਹੇ ਹਨ। ਵੋਟ ਦੀ ਰਾਜਨੀਤੀ ਨੇ ਸਿੱਖੀ ਨੂੰ ਸਭ ਤੋਂ ਵੱਧ ਨੁਕਮਸਾਨ ਪਹੁੰਚਾਇਆ ਹੈ। ਇਸ ਲਈ ਸਿੱਖ ਜਗਤ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਤੋਂ ਸਬਕ ਸਿੱਖਣ ਅਤੇ ਅਗਵਾਈ ਲੈਣ ਦੀ ਲੋੜ ਹੈ। ਕਿਸੇ ਵੀ ਕੌਮ ਦਾ ਭਵਿਖ ਉਸਦੇ ਬੱਚੇ ਹੁੰਦੇ ਹਨ, ਜਿਨ੍ਹਾਂ ਭਵਿਖ ਵਿਚ ਕੌਮ ਦੀ ਵਾਗ ਡੋਰ ਸੰਭਾਲਣੀ ਹੁੰਦੀ ਹੈ। ਇਸ ਲਈ ਸਿੱਖ ਬੱਚਿਆਂ ਅਤੇ ਨੌਜਵਾਨਾ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਆਪਣਾ ਜੀਵਨ ਬਸਰ ਕਰਦਿਆਂ ਧਰਮ ਦੀ ਰੱਖਿਆ ਲਈ ਕਾਰਗਰ ਰਹਿਣਾ ਚਾਹੀਦਾ ਹੈ। ਵੈਸੇ ਬਜ਼ੁਰਗ ਨੌਜਵਾਨਾ ਲਈ ਰਾਹ ਦਸੇਰਾ ਹੁੰਦੇ ਹਨ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਲਈ ਸਨ, ਜਿਸ ਕਰਕੇ ਸਾਹਿਬਜ਼ਾਦੇ ਆਪਣੇ ਧਰਮ ਦੇ ਅਸੂਲਾਂ ਤੇ ਡਟੇ ਰਹੇ। ਪ੍ਰੰਤੂ ਦੁੱਖ ਦੀ ਗੱਲ ਹੈ ਸਿੱਖ ਬਜ਼ੁਰਗ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕੇ, ਜਿਸ ਕਰਕੇ ਸਿੱਖ ਧਰਮ ਵਿਚ ਗਿਰਾਵਟ ਆ ਰਹੀ ਹੈ। ਸਿੱਖ ਸੰਗਤ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਵੀ ਸਿੱਖ ਵਿਚਾਰਧਾਰਾ ਅਨੁਸਾਰ ਮਨਾਉਣ ਤੋਂ ਬਾਗੀ ਹੋਈ ਪਈ ਹੈ। ਨਸ਼ਿਆਂ ਵਰਗੀਆਂ ਅਨੇਕਾਂ ਕੁਰੈਹਤਾਂ ਵਿਚ ਪੈ ਗਈ ਹੈ। ਸਿੱਖੀ ਸਰੂਪ ਨੂੰ ਵੀ ਤਿਲਾਂਜਲੀ ਦੇਈ ਬੈਠੀ ਹੈ। ਸਿੱਖ ਜਗਤ ਤਿੰਨ ਸਦੀਆਂ ਵਿਚ ਹੀ ਆਪਣੀ ਵਿਰਾਸਤ ਤੋਂ ਮੁੱਖ ਮੋੜ ਗਿਆ ਹੈ। ਸੰਸਾਰ ਦੇ ਇਤਿਹਾਸ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੋਂ ਇਲਾਵਾ ਅਜਿਹੀਆਂ ਕੁਰਬਾਨੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ, ਜਿਸ ਵਿਚ ਸਾਰੇ ਸਰਬੰਸ ਨੇ ਹੀ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਦਿਆਂ ਕੁਰਬਾਨੀਆਂ ਦਿੱਤੀਆਂ ਹੋਣ। ਇਤਨੀ ਛੋਟੀ ਉਮਰ ਵਿਚ ਜ਼ੁਲਮ ਦਾ ਮੁਕਾਬਲਾ ਕਰਦਿਆਂ ਕੁਰਬਾਨੀ ਕਰਨ ਦਾ ਵੀ ਹੋਰ ਕੋਈ ਇਤਿਹਾਸ ਨਹੀਂ ਹੈ। ਸਿੱਖ ਜਗਤ ਮਾਸੂਮਾਂ ਦੀਆਂ ਕੁਰਬਾਨੀਆਂ ਤੋਂ ਵੀ ਕੁਝ ਸਿੱਖਣ ਤੋਂ ਮੁਨਕਰ ਹੋ ਰਿਹਾ ਹੈ। ਵਰਤਮਾਨ ਸਮਾਜ ਵਿਚ ਸਿੱਖ ਜਗਤ ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਿਚ ਅਸਮਰੱਥ ਹੋਇਆ ਪਿਆ ਹੈ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਤਾਂ ਟੇਕਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਕਿਨਾਰਾ ਕਰੀ ਬੈਠੇ ਹਨ। ਛੋਟੇ ਛੋਟੇ ਅਹੁਦਿਆਂ ਦੇ ਲਾਲਚ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਅਤੇ ਪਰੰਪਰਾਵਾਂ ਦੇ ਵਿਰੁੱਧ ਭੁਗਤ ਰਹੇ ਹਨ। ਸਰਦਾਰ ਦਾ ਖ਼ਿਤਾਬ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਪ੍ਰੰਤੂ ਆਧੁਨਿਕ ਸਿੱਖ ਸਰਦਾਰੀਆਂ ਮਿੱਟੀ ਵਿਚ ਰੋਲ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣੇ ਹਨ ਪ੍ਰੰਤੂ ਮਨੁਖਤਾ ਦੇ ਹਿਤਾਂ ਤੇ ਪਹਿਰਾ ਦੇਣਾ ਅਤੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਆਪਣੇ ਜੀਵਨ ਵਿਚੋਂ ਵਿਸਾਰਨਾ ਸਿੱਖਾਂ ਲਈ ਆਤਮਘਾਤ ਦੇ ਬਰਾਬਰ ਹੋਵੇਗਾ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਕਿ ਕਿਸੇ ਉਪਰ ਹੱਥ ਨਾ ਚੁੱਕੋ ਪ੍ਰੰਤੂ ਜਦੋਂ ਕੋਈ ਹੋਰ ਹੱਦ ਬੰਨੇ ਟੱਪ ਕੇ ਜ਼ੁਲਮ ਕਰੇ ਤਾਂ ਤਲਵਾਰ ਚੁੱਕ ਲਓ ਪ੍ਰੰਤੂ ਸਿੱਖ ਸੰਗਤ ਇਨ੍ਹਾਂ ਗੱਲਾਂ ਤੋਂ ਹੀ ਕਿਨਾਰਾ ਕਰੀ ਬੈਠੀ ਹੈ। ਪਹਿਰਾਵਿਆਂ ਨਾਲ ਸਿੱਖ ਨਹੀਂ ਬਣਦਾ ਸਿੱਖ ਤਾਂ ਵਿਚਾਰਧਾਰਾ ਉਪਰ ਪਹਿਰਾ ਦੇਣ ਵਾਲਾ ਹੁੰਦਾ ਹੈ। ਹਾਲਾਂ ਕਿ ਸਿੱਖਾਂ ਦਾ ਇਤਿਹਾਸ ਬਹਾਦਰੀ, ਦ੍ਰਿੜ੍ਹਤਾ, ਲਗਨ ਅਤੇ ਸਰਬਤ ਦੇ ਭਲੇ ਦਾ ਪੈਰੋਕਾਰ ਹੈ। ਉਹ ਊਚ ਨੀਚ, ਜ਼ਾਤ ਪਾਤ ਅਤੇ ਸਮਾਜਿਕ ਵਰਗੀਕਰਨ ਦੇ ਵਿਰੁੱਧ ਹੈ। ਭਾਈ ਜੀਵਨ ਸਿੰਘ ਜਿਹੜਾ ਭਾਈ ਜੈਤਾ ਦੇ ਨਾਮ ਨਾਲ ਸਿੱਖ ਇਤਿਹਾਸ ਵਿਚ ਜਾਣਿਆਂ ਜਾਂਦਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸਨੂੰ ''ਰੰਘਰੇਟਾ ਗੁਰੂ ਕਾ ਬੇਟਾ'' ਕਿਹਾ ਸੀ। ਅਸੀਂ ਅਜੇ ਵੀ ਜ਼ਾਤ ਪਾਤ ਦੇ ਬੰਧਨ ਵਿਚ ਜਕੜੇ ਪਏ ਹਾਂ। ਮਜ਼ਹਬਾਂ, ਫਿਰਕਿਆਂ ਅਤੇ ਜ਼ਾਤਾਂ ਦੇ ਨਾਮ ਉਪਰ ਗੁਰਦੁਆਰੇ ਉਸਾਰ ਰਹੇ ਹਾਂ। ਸਿੱਖ ਗੁਰੂ ਦੀ ਬਾਣੀ ਦਾ ਪਾਠ ਤਾਂ ਕਰਦੇ ਹਨ ਪ੍ਰੰਤੂ ਉਸ ਉਪਰ ਅਮਲ ਨਹੀਂ ਕਰਦੇ, ਜਾਣੀ ਕਿ ਸਿੱਖ ਦੁਆਰਾ ਕਰਮ ਕਾਂਡਾਂ ਵਿਚ ਪੈ ਗਏ ਹਨ, ਜਿਨ੍ਹਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਢਣ ਦੀ ਕੋਸਿਸ਼ ਕੀਤੀ ਸੀ। ਸਿੱਖ ਜਗਤ ਦੀ ਵਿਰਾਸਤ ਅਮੀਰ ਹੈ। ਸੰਸਾਰ ਵਿਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ 7 ਅਤੇ 9 ਸਾਲ ਦੇ ਮਾਸੂਮ ਬੱਚਿਆਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੋਵੇ। ਇਸ ਸਮੇਂ ਸਿੱਖ ਆਪਣੀ ਵਿਰਾਸਤ ਤੋਂ ਮੁੱਖ ਮੋੜ ਰਹੇ ਹਨ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ 25 ਤੋਂ 27 ਦਸੰਬਰ ਦੇ ਦਰਮਿਆਨ ਮਨਾਇਆ ਜਾਂਦਾ ਹੈ। ਸਮੁੱਚੇ ਦੇਸ ਅਤੇ ਵਿਦੇਸ ਵਿਚੋਂ ਸਿੱਖ ਸੰਗਤਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਆਪਣੀ ਅਕੀਦਤ ਦੇ ਫੁਲ ਭੇਂਟ ਕਰਨ ਆਉਂਦੀਆਂ ਹਨ। ਇਸ ਮੌਕੇ ਤੇ ਸਿੱਖਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਸਾਰ ਵਿਚ ਜ਼ਬਰ ਜ਼ੁਲਮ ਦੇ ਵਿਰੁੱਧ ਇਕ ਮਤ ਹੋ ਕੇ ਲਾਮਬੰਦ ਹੋਣ ਅਤੇ ਸਰਬਤ ਦੇ ਭਲੇ ਦੇ ਸਿਧਾਂਤ ਤੇ ਪਹਿਰਾ ਦੇਣ। ਇਸ ਜੋੜ ਮੇਲ ਦੇ ਮੌਕੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿ ਸਿੱਖ ਸੰਗਤ ਵਿਚ ਕਿਹੜੀਆਂ ਊਣਤਾਈਆਂ ਆ ਗਈਆਂ ਹਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਕਿਹੜੇ ਉਪਰਾਲੇ ਕਰਨੇ ਚਾਹੀਦੇ ਹਨ। ਅਸੀਂ ਸ਼ਹੀਦੀ ਜੋੜ ਮੇਲ ਦੇ ਮੌਕੇ ਤੇ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਤੇ ਲੰਗਰ ਲਾ ਕੇ ਵਿਖਾਵੇ ਕਰਕੇ ਸ਼ਰਧਾ ਦੇ ਫੁਲ ਭੇਂਟ ਕਰਦੇ ਹਾਂ। ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ। ਲੰਗਰ ਦੀ ਭਾਵਨਾ ਸਮਝਣ ਦੀ ਲੋੜ ਹੈ। ਭੁਖਿਆਂ ਨੂੰ ਭੋਜਨ ਛਕਾਉਣਾ ਜ਼ਾਇਜ ਹੈ ਪ੍ਰੰਤੂ ਅਸੀਂ ਰਸਤਿਆਂ ਵਿਚ ਰੋਕਾਂ ਲਗਾਕੇ ਧੱਕੇ ਨਾਲ ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨਾ ਨੂੰ ਰੋਕ ਕੇ ਲੰਗਰ ਛਕਾਉਂਦੇ ਹਨ। ਲੰਗਰ ਵਿਚ ਖੀਰ, ਲਡੂ, ਜਲੇਬੀਆਂ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਪਕਵਾਨ ਬਣਾਉਂਦੇ ਹਾਂ ਜੋ ਬਿਲਕੁਲ ਹੀ ਜਾਇਜ ਨਹੀਂ। ਅਸੀਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਕੇਕ, ਖੀਰ, ਪੂੜੇ, ਪੀਜ਼ਾ, ਬਰਗਰ ਅਤੇ ਹੋਰ ਮਹਿੰਗੇ ਪਕਵਾਨ ਬਣਾਕੇ ਵਿਖਾਵਾ ਹੀ ਨਹੀਂ ਕੀਤਾ ਸਗੋਂ ਭਾਈ ਲਾਲੋ ਦੀ ਥਾਂ ਮਲਕ ਭਾਗੋ ਦਾ ਲੰਗਰ ਛਕਾ ਕੇ ਸੰਗਤ ਨੂੰ ਇਹ ਸੰਦੇਸ ਦਿੱਤਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਵਿਰੁੱਧ ਚਲੋ । ਗੁਰੂ ਦੇ ਸਿੱਖੋ ਆਧੁਨਿਕਤਾ ਦੇ ਰਾਹੀਂ ਸਿੱਖ ਸੰਕਲਪ ਦਾ ਨੁਕਸਾਨ ਕਰਨ ਤੋਂ ਬਾਜ ਆ ਜਾਓ, ਤੁਹਾਨੂੰ ਇਤਿਹਾਸ ਮੁਆਫ ਨਹੀਂ ਕਰੇਗਾ। ਤੁਹਾਡੇ ਨਾਲੋਂ ਤਾਂ ਇਕ ਹਿੰਦੂ ਆਈ ਏ ਐਸ ਅਧਿਕਾਰੀ ਸੁਰਿੰਦਰ ਕੁਮਾਰ ਵਾਲੀਆ ਹੀ ਚੰਗਾ ਰਿਹਾ ਜਿਹੜਾ ਜਦੋਂ ਉਹ ਡਿਪਟੀ ਕਮਿਸਨਰ ਫਤਿਹਗੜ੍ਹ ਸੀ ਤਾਂ ਉਸਨੇ ਅਜਿਹੇ ਲੰਗਰ ਲਾਉਣ ਦੀ ਮਨਾਹੀ ਕਰ ਦਿੱਤੀ ਸੀ ਅਤੇ ਨਾਲ ਹੀ ਅਸ਼ਲੀਲ ਪ੍ਰੋਗਰਾਮ ਭੰਗੜੇ, ਗਿੱਧੇ, ਜੂਆ, ਸਰਕਸਾਂ ਅਤੇ ਹੋਰ ਅਪਵਿਤਰ ਪੰਡਾਲ ਲਾਉਣ ਤੇ ਪਾਬੰਦੀ ਲਾ ਕੇ ਸਿੱਖ ਜਗਤ ਨੂੰ ਸਿੱਧੇ ਰਾਹ ਪਾਇਆ ਸੀ। ਤੁਸੀਂ ਗੁਰੂ ਦੇ ਸਿੱਖ ਹੋ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹੋ। ਸ਼ਹੀਦੀ ਜੋੜ ਮੇਲ ਉਪਰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਸੰਬੰਧੀ ਹੀ ਸਾਰੇ ਸਮਾਗਮਾ ਵਿਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣ ਤਾਂ ਜੋ ਸਿੱਖ ਸੰਗਤ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਸਕੇ। ਸਿਆਸੀ ਕਾਨਫਰੰਸਾਂ ਉਪਰ ਵੀ ਸਿਰਫ ਧਾਰਮਿਕ ਪ੍ਰੋਗਰਾਮ ਹੀ ਕੀਤੇ ਜਾਣੇ ਚਾਹੀਦੇ ਹਨ। ਆਪਣੇ ਅਮੀਰ ਇਤਿਹਾਸ ਤੇ ਨਜ਼ਰ ਮਾਰੋ ਜਦੋਂ ਇਹ ਭਾਣਾ ਵਰਤਿਆ ਸੀ ਤਾਂ ਇਸ ਸ਼ਹੀਦੀ ਜੋੜ ਮੇਲ ਦੇ ਸਮੇਂ ਆਲੇ ਦੁਆਲੇ ਦੇ ਪਿੰਡਾਂ ਵਿਚ ਅਫਸੋਸ ਵਜੋਂ ਰੋਟੀ ਨਹੀਂ ਪਕਾਈ ਜਾਂਦੀ ਸੀ। ਲੋਕ ਮੰਜਿਆਂ ਉਪਰ ਨਹੀਂ ਸਗੋਂ ਜ਼ਮੀਨ ਤੇ ਸੌਂਦੇ ਸਨ। ਲੋਕ ਸ਼ਹੀਦੀ ਜੋੜ ਮੇਲ ਤੇ ਕਾਲੇ ਕਪੜੇ ਪਹਿਨ ਕੇ ਆਉਂਦੇ ਸਨ। ਅਸੀਂ ਸਾਰਾ ਕੁਝ ਹੀ ਬਦਲ ਦਿੱਤਾ ਹੈ। ਸ਼ਹੀਦੀ ਜੋੜ ਮੇਲ ਦੇ ਮੌਕੇ ਵਾਹਿਗੁਰੂ ਵੀ ਅਫਸੋਸ ਵਜੋਂ ਮੀਂਹ ਪਾ ਕੇ ਅਥਰੂ ਕੇਰਦਾ ਹੈ। ਅਸੀਂ ਆਪਣੀਆਂ ਖੁਦਗਰਜੀਆਂ ਲਈ ਭੱਟਕ ਗਏ ਹਾਂ। ਮਹਿੰਗੇ ਰੁਮਾਲੇ, ਸੋਨੇ ਦੇ ਚੌਰ, ਖਾਮਖਾਹ ਦੀ ਸਜਾਵਟ ਅਤੇ ਹੋਰ ਵਿਖਾਵੇ ਕਰਕੇ ਆਪਣੀ ਉਸਤਤ ਕਰਵਾਉਣੀ ਚਾਹੁੰਦੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਗੁਰੂ ਦੇ ਲੜ ਲੱਗਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਕੋਸਿਸ਼ ਕਰਨੀ ਬਣਦੀ ਹੈ। ਲੰਘਿਆ ਵਕਤ ਹੱਥ ਨਹੀਂ ਆਉਣਾ ਆਪਣੀ ਵਿਰਾਸਤ ਨੂੰ ਸਾਬਤ ਸੂਰਤ ਵਿਚ ਰੱਖਣਾ ਹਰ ਸਿੱਖ ਦਾ ਫ਼ਰਜ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178
ujagarsingh48@yahoo.com
ਸਾਹਿਤ ਅਕਾਡਮੀ ਦਾ ਇਨਾਮ ਮਿਲਣ ਤੇ ਸ਼ਬਦਾਂ ਦਾ ਜਾਦੂਗਰ ਕਹਾਣੀਕਾਰਕਾਰ : ਕ੍ਰਿਪਾਲ ਕਜ਼ਾਕ (ਪ੍ਰੋ.) - ਉਜਾਗਰ ਸਿੰਘ
ਪ੍ਰੋ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਸਾਹਿਤ ਅਕਾਡਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ'। ਕ੍ਰਿਪਾਲ ਕਜ਼ਾਕ ਨੂੰ ਇਹ ਸਨਮਾਨ ਮਿਲਣ ਤੇ ਜਿਹੜਾ ਆਮ ਸਾਹਿਤਕਾਰਾਂ ਵਿਚ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆਂ ਰਹਿੰਦਾ ਸੀ ਕਿ ਸਾਹਿਤ ਅਕਾਡਮੀ ਦੇ ਇਨਾਮ ਸਿਰਫ ਜੁਗਾੜੀ ਸਾਹਿਤਕਾਰਾਂ ਨੂੰ ਹੀ ਮਿਲਦੇ ਹਨ, ਉਹ ਅੰਦੇਸ਼ਾ ਵੀ ਦੂਰ ਹੋ ਗਿਆ ਹੈ, ਹੁਣ ਬਿਨਾ ਸਿਫ਼ਾਰਸ ਵੀ ਅਵਾਰਡ ਮਿਲ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਤਨਾ ਵੱਡਾ ਕਹਾਣੀਕਾਰ ਪੰਜਾਬ ਵਿਚ ਉਹ ਵੀ ਉਨ੍ਹਾਂ ਦੇ ਮੁੱਖ ਦਫ਼ਤਰ ਵਾਲੇ ਪਟਿਆਲੇ ਸ਼ਹਿਰ ਵਿਚ ਰਹਿ ਰਿਹਾ ਹੈ। ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਉਸਨੇ ਦੋ ਦਰਜਨ ਦੇ ਲਗਪਗ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ। ਵੈਸੇ ਤਾਂ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਚਰਚਿਤ ਰਹੀਆਂ ਪ੍ਰੰਤੂ ਕੁਝ ਪੁਸਤਕਾਂ ਜਿਨ੍ਹਾਂ ਵਿਚ ਅੰਤਹੀਣ, ਕਾਲਾ ਇਲਮ, ਹੁੰਮਸ ਅਤੇ ਸ਼ਰੇਆਮ ਵਿਸ਼ੇਸ ਤੌਰ ਤੇ ਬਾਕੀਆਂ ਨਾਲੋਂ ਵਿਲੱਖਣ ਹਨ। ਕ੍ਰਿਪਾਲ ਕਜ਼ਾਕ ਨੇ ਪੰਜਾਬੀ ਯੂਨੀਵਰਸਿਟੀ ਵਿਚ ਜਾਣ ਤੋਂ ਬਾਅਦ ਬਹੁਤਾ ਖੋਜ ਦਾ ਕੰਮ ਕੀਤਾ। ਕਹਾਣੀਕਾਰਾਂ ਨੂੰ ਇਉਂ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਕਲਾ ਨੂੰ ਯੂਨੀਵਰਸਿਟੀ ਵਿਚ ਆਉਣ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਉਹ ਅਕਾਦਮਿਕ ਕੰਮ ਵਿਚ ਰੁੱਝ ਗਿਆ ਹੈ। ਉਸਨੇ ਕਹਾਣੀਆਂ ਲਿਖਣ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸਦਾ ਸਾਹਿਤ ਜਗਤ ਨੂੰ ਘਾਟਾ ਰਹੇਗਾ।
ਉਸਨੇ ਯੂਨੀਵਰਸਿਟੀ ਵਿਚ ਸੇਵਾ ਮੁਕਤੀ ਤੋਂ ਬਾਅਦ ਫਿਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦਾ ਨਤੀਜਾ ਸਾਹਿਤ ਅਕਾਡਮੀ ਦਾ ਅਵਾਰਡ ਤੁਹਾਡੇ ਸਾਹਮਣੇ ਹੈ। ਸੇਵਾ ਮੁਕਤੀ ਤੋਂ ਬਾਅਦ ਉਸਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ। ਅੰਤਹੀਣ ਦੀਆਂ ਤਿੰਨ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਨੇ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਇਨਾਮ ਦੇਣ ਲਈ ਚੁਣਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆਂ ਹੈ, ਜਿਨ੍ਹਾਂ ਬਾਰੇ ਕ੍ਰਿਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ। ਕ੍ਰਿਪਾਲ ਕਜ਼ਾਕ ਦੀ ਜ਼ਿੰਦਗੀ ਇਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿਚ ਅਨੇਕ ਵਾਰੀ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇਕ ਰਾਹ ਦਸੇਰਾ ਬਣਕੇ ਉਭਰਿਆ ਹੈ। ਉਸਨੇ ਆਪਣੇ ਜੀਵਨ ਵਿਚ ਉਸਨੇ ਜੋ ਹੰਢਾਇਆ ਉਹੀ ਲਿਖਿਆ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ। ਉਸਦੀ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੈ। ਉਸਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜ ਕਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੋਸ਼ ਇਲਾਕੇ ਵਿਚ ਇਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿਚ ਜੀਵਨ ਬਸਰ ਕਰ ਰਿਹਾ ਹੈ, ਪ੍ਰੰਤੂ ਆਪਣੇ ਜੀਵਨ ਦੇ ਨਿਰਵਾਹ ਲਈ ਅਜੇ ਵੀ ਉਸਨੂੰ ਇਸ ਵਡੇਰੀ ਉਮਰ ਵਿਚ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਮੈਂ ਪਹਿਲੀ ਵਾਰ 1980 ਵਿਚ ਮੇਰੇ ਇਕ ਦੋਸਤ ਦਰਸ਼ਨ ਸਿੰਘ ਵਿਰਕ ਦੇ ਇਹ ਦੱਸਣ ਤੇ ਕਿ ਇੱਕ ਪੰਜਾਬੀ ਦਾ ਕਹਾਣੀਕਾਰ, ਜਿਸ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਐਮ ਏ ਦੇ ਸਲੇਬਸ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਰੋਜ਼ੀ ਰੋਟੀ ਲਈ ਰਾਜਗਿਰੀ ਦਾ ਕੰਮ ਕਰਦਾ ਹੈ, ਉਸਨੂੰ ਮਿਲਣ ਲਈ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨੇੜੇ ਗਿਆ ਸੀ। ਉਹ ਉਸ ਸਮੇਂ ਇੱਕ ਸ਼ੈਲਰ ਦੀ ਇਮਾਰਤ ਦੀ ਉਸਾਰੀ ਕਰ ਰਿਹਾ ਸੀ, ਮੈਂ ਉਸਨੂੰ ਪੈੜ ਤੇ ਹੀ ਉਪਰ ਚੜ੍ਹਕੇ ਮਿਲਿਆ। ਮੈਂ ਕਿਉਂਕਿ ਸਾਹਿਤ ਦਾ ਵਿਦਿਆਰਥੀ ਸੀ, ਇਸ ਲਈ ਮੇਰਾ ਸਿਰ ਕਿਰਪਾਲ ਕਜ਼ਾਕ ਦੇ ਸਤਿਕਾਰ ਵਿਚ ਝੁਕ ਗਿਆ ਕਿਉਂਕਿ ਉਸਦੀ ਨਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ਕੋਈ ਮੁਲ ਨਹੀਂ ਪਾ ਰਿਹਾ ਸੀ। ਕ੍ਰਿਪਾਲ ਕਜ਼ਾਕ ਨੂੰ ਇਸ ਗੱਲ ਦਾ ਵੀ ਕੋਈ ਹੰਦੇਸ਼ਾ ਨਹੀਂ ਸੀ। ਉਸਦੀ ਖਾਸੀਅਤ ਇਹ ਹੈ ਕਿ ਉਸਨੇ ਆਰਥਿਕ ਤੌਰ ਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰਿਵਾਰ ਵਿਚ ਵੱਡਾ ਹੋਣ ਦੇ ਨਾਤੇ ਪਹਿਲਾਂ ਉਸਨੇ ਆਪਣੇ ਪਿਤਾ ਦੇ ਸਾਰੇ ਪਰਿਵਾਰ ਦੀ ਪਾਲਣ ਪੋਸ਼ਣ ਕੀਤੀ ਅਤੇ ਫਿਰ ਆਪਣੇ ਪਰਿਵਾਰ ਨੂੰ ਪਾਲਿਆ। ਸਾਰੀ ਉਮਰ ਉਹ ਇਸੇ ਚੱਕਰ ਵਿਚ ਉਲਝਿਆ ਰਿਹਾ। ਉਸਨੇ ਆਪਣੇ ਬਹੁਤ ਸਾਰੇ ਸਾਹਿਤਕਾਰ ਦੋਸਤਾਂ ਦੇ ਘਰ ਆਪ ਡੀਜ਼ਾਈਨ ਕੀਤੇ ਅਤੇ ਆਪ ਹੀ ਉਸਾਰੀ ਕੀਤੀ। ਉਹ ਦੋਸਤਾਂ ਦਾ ਦੋਸਤ ਹੈ ਪ੍ਰੰਤੂ ਸਾਹਿਤ ਸਿਰਜਣਾ ਬਾਰੇ ਕੋਰਾ ਹੈ। ਸੱਚੀ ਗੱਲ ਮੂੰਹ ਤੇ ਕਹਿ ਦਿੰਦਾ ਹੈ। ਉਹ ਸਿਰੜੀ ਕਿਸਮ ਦਾ ਇਨਸਾਨ ਹੈ। ਉਸਨੇ ਕਈ ਵੇਲਣ ਵੇਲੇ। ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇਕ ਪੇਂਟਰ ਦੀ ਦੁਕਾਨ ਤੇ ਵਾਧੂ ਸਮੇਂ ਵਿਚ ਕੰਮ ਕਰਦਾ ਰਿਹਾ। ਉਸਨੇ ਆਪਣੇ ਪਿੰਡ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿਚ ਇਕ ਲਾਇਬਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ। ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਪਟਿਆਲਾ ਸਥਿਤ ਪੱਤਰਕਾਰ ਸ਼ੇਰ ਸਿੰਘ ਗੁਪਤਾ ਨੂੰ ਉਸਦੀ ਸਾਰੀ ਕਹਾਣੀ ਦੱਸੀ। ਉਨ੍ਹਾਂ ਕ੍ਰਿਪਾਲ ਕਜ਼ਾਕ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ੇਰ ਸਿੰਘ ਗੁਪਤਾ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਕ੍ਰਿਪਾਲ ਕਜ਼ਾਕ ਬਾਰੇ ਲੇਖ ਲਿਖਿਆ ''ਬਰਿਕ ਟੂ ਬਰਿਕ ਵਰਡ ਬਾਈ ਵਰਡ''। ਉਸਤੋਂ ਬਾਅਦ ਜਦੋਂ ਮੈਂ ਉਸ ਸਮੇਂ ਪੰਜਾਬ ਦੇ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਕ੍ਰਿਪਾਲ ਕਜਜ਼ਾ ਬਾਰੇ ਦੱਸਿਆ ਤਾਂ ਉਨ੍ਹਾਂ ਡਾਕਟਰ ਭਗਤ ਸਿੰਘ ਉਪ ਕੁਲਪਤੀ ਨੂੰ ਫ਼ੋਨ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਵਿਚ ਇਤਨਾ ਵੱਡਾ ਕਹਾਣੀਕਾਰ ਰਹਿੰਦਾ ਹੈ ਤੇ ਉਹ ਰਾਜਗਿਰੀ ਦਾ ਕੰਮ ਕਰਦਾ ਹੈ। ਅਜਿਹੇ ਸਾਹਿਤਕਾਰ ਦਾ ਸਥਾਨ ਯੂਨੀਵਰਸਿਟੀ ਹੈ। ਇਸ ਲਈ ਉਸਦੀ ਕਾਬਲੀਅਤ ਦਾ ਲਾਭ ਉਠਾਇਆ ਜਾਵੇ। ਡਾ ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਦਾ ਰਾਹ ਖੁਲ੍ਹ ਗਿਆ। ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕ੍ਰਿਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਉਹ ਹਰ ਉਪ ਕੁਲਪਤੀ ਦਾ ਚਹੇਤਾ ਬਣ ਗਿਆ।
ਸਾਹਿਤਕਾਰ ਆਮ ਵਿਅਕਤੀ ਨਹੀਂ ਹੁੰਦਾ। ਕੁਦਰਤ ਵੱਲੋਂ ਦਿੱਤੇ ਅਸਧਾਰਣ ਗੁਣ ਹੀ ਕਿਸੇ ਵਿਅਕਤੀ ਨੂੰ ਸਾਹਿਤਕਾਰ ਬਣਾਉਣ ਵਿਚ ਸਹਾਈ ਹੁੰਦੇ ਹਨ। ਸਾਹਿਤਕਾਰ ਆਮ ਲੋਕਾਂ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਨੂੰ ਵਧੇਰੇ ਤੀਖਣਤਾ ਨਾਲ ਅਨੁਭਵ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸਮਾਜ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਸਾਰਾ ਸਮਾਜ ਉਨ੍ਹਾਂ ਨੂੰ ਵੇਖਦਾ ਹੈ ਪ੍ਰੰਤੂ ਕੋਈ ਪ੍ਰਤੀਕ੍ਰਿਆ ਨਹੀਂ ਦਿੰਦਾ। ਸਾਹਿਤਕਾਰ ਉਨ੍ਹਾਂ ਹਾਲਾਤਾਂ ਨੂੰ ਵੇਖਕੇ ਸਹਿਜ ਅਵਸਥਾ ਵਿਚ ਨਹੀਂ ਰਹਿ ਸਕਦਾ, ਇਸ ਲਈ ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀ ਕਲਮ ਨਾਲ ਸਾਹਿਤਕ ਰੂਪ ਵਿਚ ਲਿਖਕੇ ਸਮਾਜ ਨੂੰ ਪ੍ਰੇਰਨਾ ਦਿੰਦਾ ਹੈ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ। ਲੇਖਕ ਅਕਾਦਿਮਕ ਵਿਦਿਆ ਦੇ ਨਾਲੋਂ ਸਮਾਜਿਕ ਤੌਰ 'ਤੇ ਵਿਚਰਿਆ ਅਤੇ ਗੁੜ੍ਹਿਆ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਜ ਵਿਚ ਜੋ ਵਾਪਰ ਰਿਹਾ ਉਸਦਾ ਅਨੁਭਵ ਲੈਣ ਦੀ ਤੀਖ਼ਣ ਬੁਧੀ ਹੋਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿਚ ਪ੍ਰੋ.ਕ੍ਰਿਪਾਲ ਕਜ਼ਾਕ ਦਾ ਸਥਾਨ ਜ਼ਮੀਨ ਨਾਲ ਜੁੜੇ ਹੋਏ ਲੇਖਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਅਕਾਦਮਿਕ ਤੌਰ ਤੇ ਭਾਵੇਂ ਉਹ ਬਹੁਤੀ ਸਿਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ ਤੇ ਉਹ ਗੁੜ੍ਹਿਆ ਹੋਇਆ ਸੁਘੜ ਅਤੇ ਸੰਜੀਦਾ ਲੇਖਕ ਹੈ। ਆਪਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਆਪ ਪੰਜਾਬੀ ਯੂਨੀਵਰਸਿਟੀ ਨੇ ਫੋਕ ਲੋਰ ਸਹਾਇਕ ਦੀ ਅਸਾਮੀ ਬਣਾਕੇ ਉਸ ਉਪਰ ਨਿਯੁਕਤ ਕਰ ਦਿੱਤਾ ਅਤੇ ਉਸਦਾ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ। ਸੰਤੋਸ਼ਜਨਕ ਗੱਲ ਹੈ ਕਿ ਆਪਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰਕੇ ਉਸਦਾ ਮੁੱਲ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕ੍ਰਿਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਪਦਵੀ ਤੇ ਨਿਯੁਕਤ ਕਰਕੇ ਨਾਮਣਾ ਖੱਟਿਆ ਹੈ। ਭਾਵੇਂ ਐਨ ਐਸ ਰਤਨ ਆੲਂ ਏ ਐਸ ਅਧਿਕਾਰੀ ਜੋ ਥੋੜ੍ਹਾ ਸਮਾਂ ਕਾਰਜਕਾਰੀ ਉਪਕੁਲਪਤੀ ਰਹੇ, ਉਹ ਕ੍ਰਿਪਾਲ ਕਜ਼ਾਕ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਥਾਂ ਸਵਰਨ ਸਿੰਘ ਬੋਪਾਰਾਏ ਨਿਯੁਕਤ ਹੋ ਗਏ। ਆਪ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤ੍ਰਿਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਆਪ ਨੂੰ ਜਾਂਦਾ ਹੈ। ਆਪਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ।
ਪ੍ਰੋ.ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ੍ਰ ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਆਕੇ ਵੱਸ ਗਿਆ। ਆਪਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ। ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ। ਮਜਾਲ ਹੈ ਕੋਈ ਸ਼ਬਦ ਜੋੜ ਜਾਂ ਗ੍ਰਾਮਰ ਦੀ ਊਣਤਾਈ ਉਸਦੀ ਲੇਖਣੀ ਵਿਚ ਰਹਿ ਜਾਵੇ। ਉਹਨਾਂ ਪਿੰਡਾਂ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸਦੀ ਜਾਣਕਾਰੀ ਇੱਕਤਰ ਕੀਤੀ। ਪਿੰਡਾਂ ਦੇ ਲੋਕਾਂ ਦੇ ਜੀਵਨ ਜਿਉਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਂ ਵੇਖਿਆ। ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ, ਕਿਸ ਪ੍ਰਕਾਰ ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਮਜਬੂਰੀਆਂ ਦਾ ਕਿਸਾਨ ਜਾਂ ਖਾਂਦੇ ਪੀਂਦੇ ਪਰਿਵਾਰ ਨਜਾਇਜ਼ ਲਾਭ ਉਠਾਉਂਦੇ ਹਨ। ਇਸ ਕਰਕੇ ਉਸਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜਿੰਦਗੀ ਦਾ ਸਹੀ ਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ। ਸ਼ੁਰੂ ਦੇ ਸਮੇਂ ਵਿੱਚ ਆਪਨੇ ਕਹਾਣੀਆਂ ਦੀਆਂ ਚਾਰ ਪੁਸਤਕਾਂ ਅਤੇ ਇੱਕ ਨਾਵਲ ਲਿਖਿਆ । ਆਪਦੇ ਵਿਸ਼ੇ ਸਮੇਂ ਦੇ ਸੱਚ ਨੂੰ ਦਰਸਾਉਂਦੇ ਸਨ। ਇਸ ਤੋਂ ਉਪਰੰਤ ਆਪਨੇ ਸਿਕਲੀਗਰ ਲੋਕਾਂ ਦੀ ਜ਼ਿੰਦਗੀ ਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਹਨਾਂ ਨਾਲ ਰਹਿਕੇ ਉਹਨਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਤੇ ਖੋਜ ਭਰਪੂਰ ਪੁਸਤਕ ਲਿਖੀ, ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਇਆ ਅਤੇ ਹਿੰਦੀ ਤੇ ਅੰਗਰੇਜੀ ਵਿੱਚ ਅਨੁਵਾਦ ਕਰਵਾਕੇ ਵੀ ਪ੍ਰਕਾਸ਼ਤ ਕਰਵਾਇਆ। ਆਪਨੇ ਹੁਣ ਤੱਕ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ।
ਇਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਆਪਨੇ ਇੱਕ ਫੀਚਰ ਫਿਲਮ, 11ਹਿੰਦੀ ਤੇ ਪੰਜਾਬੀ ਦੀਆਂ ਟੈਲੀ ਫਿਲਮਾਂ, 9 ਡਾਕੂਮੈਂਟਰੀ ਫਿਲਮਾਂ, 7 ਟੀ ਵੀ ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਵੀ ਲਿਖੇ ਹਨ। ਆਪ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਰਹੀਆਂ ਹਨ ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ। ਇਸ ਅਵਾਰਡ ਤੋਂ ਪਹਿਲਾਂ ਪ੍ਰੋ. ਕਿਰਪਾਲ ਕਜ਼ਾਕ ਦੀਆਂ ਬਹੁਤ ਸਾਰੀਆਂ ਪੁਸਤਕਾਂ ਤੇ ਮਾਣ ਸਨਮਾਨ ਵੀ ਮਿਲੇ ਹਨ ਆਪਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ। ਜਿਹਨਾਂ ਵਿੱਚ ਵਿਸ਼ੇਸ਼ ਜਿਕਰ ਯੋਗ ਹਨ, ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪ੍ਰਿੰ ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ।
ਉਨ੍ਹਾਂ ਨੂੰ ਸਾਹਿਤ ਅਕਾਡਮੀ ਦਾ ਵਕਾਰੀ ਸਨਮਾਨ ਦਾ ਐਲਾਨ ਹੋਣ ਤੇ ਵੱਡੀ ਗਿਣਤੀ ਵਿਚ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਹੈ।
ਤਸਵੀਰਾਂ-ਕਿਰਪਾਲ ਕਜ਼ਾਕ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
ਭੋਗ ਤੇ ਵਿਸਸ਼ੇ : ਧਾਰਮਿਕ ਬਿਰਤੀ ਨੂੰ ਪ੍ਰਣਾਇਆ ਬਾਬਾ ਨਿਰਮਲ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ - ਉਜਾਗਰ ਸਿੰਘ
ਪੰਜਾਬ ਦੀ ਧਰਤੀ 'ਤੇ ਸੰਤਾਂ, ਮਹਾਂ ਪੁਰਸ਼ਾਂ ਅਤੇ ਅਧਿਆਤਮਕ ਦਰਵੇਸਾਂ ਨੇ ਜਨਮ ਲਿਆ ਅਤੇ ਪੰਜਾਬ ਦੀ ਸਰ ਜ਼ਮੀਂ ਨੂੰ ਆਪਣੀ ਦਰਵੇਸ਼ੀ ਨਾਲ ਧਾਰਮਿਕ ਰੰਗ ਵਿਚ ਰੰਗ ਦਿੱਤਾ। ਅਧਿਆਤਮਿਕਤਾ ਦੀ ਖ਼ੁਸ਼ਬੂ ਨੇ ਪੰਜਾਬੀਆਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਪ੍ਰੇਰਨਾ ਭਰ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸਾਨੀ ਅਤੇ ਦਿਹਾਤੀ ਇਲਾਕਿਆਂ ਵਿਚ ਵਸਣ ਵਾਲੇ ਲੋਕ ਸਿੱਖ ਧਰਮ ਨੂੰ ਤਾਂ ਮੰਨਦੇ ਸਨ ਪ੍ਰੰਤੂ ਅੰਮ੍ਰਿਤਧਾਰੀ ਨਹੀਂ ਸਨ। ਸਿੰਘ ਸਭਾ ਲਹਿਰ ਅਧੀਨ ਲੁਧਿਆਣਾ ਜਿਲ੍ਹੇ ਦੇ ਰਾੜਾ ਸਾਹਿਬ ਅਤੇ ਰਾਮਪੁਰ ਪਿੰਡ ਕੋਲ ਰੇਰੂ ਸਾਹਿਬ ਵਿਖੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰੂ ਘਰਾਂ ਦੀ ਸਥਾਪਨਾ ਹੋਈ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਗੁਰਮਤਿ ਦੀ ਇਸ ਲਹਿਰ ਨੇ ਦਿਹਾਤੀ ਇਲਾਕਿਆਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਰਵ ਪ੍ਰਵਾਨ ਕਰਕੇ ਨੌਜਵਾਨ ਪੀੜ੍ਹੀ ਦੀ ਰਹਿਨੁਮਾਈ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਦੀ ਬਖ਼ਸ਼ਿਸ਼ ਨਾਲ ਪਿੰਡਾਂ ਵਿਚ ਵੀ ਗੁਰਮਤਿ ਦੀ ਲਹਿਰ ਦਾ ਅਜਿਹਾ ਅਸਰ ਹੋਇਆ ਕਿ ਪਿੰਡਾਂ ਦੇ ਨੌਜਵਾਨ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ। ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੋਰਾਹਾ ਅਤੇ ਪਾਇਲ ਦੇ ਅੱਧ ਵਿਚਕਾਰ ਜਰਨੈਲੀ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਹੈ, ਜਿਹੜਾ ਪੜ੍ਹੇ ਲਿਖੇ ਵਿਦਵਾਨਾਂ, ਗੀਤਕਾਰਾਂ, ਡਾਕਟਰਾਂ, ਇੰਜਨੀਅਰਾਂ, ਪ੍ਰੋਫੈਸਰਾਂ, ਖਿਡਾਰੀਆਂ, ਵਕੀਲਾਂ, ਕਵੀਆਂ, ਗਾਇਕਾਂ, ਕਲਾਕਾਰਾਂ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸ ਪਿੰਡ ਵਿਚ ਵੀ ਗੁਰਮਤਿ ਲਹਿਰ ਦਾ ਅਜਿਹਾ ਵਾਵਰੋਲਾ ਉਠਿਆ ਕਿ ਪਿੰਡ ਦੇ ਨੌਜਵਾਨਾਂ ਨੇ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਬੀੜਾ ਚੁੱਕਿਆ। ਅਜਿਹੇ ਨੌਜਵਾਨਾ ਵਿਚ ਇਕ ਅਜਿਹਾ ਫ਼ਕਰ ਕਿਸਮ ਦਾ ਨੌਜਵਾਨ ਸੀ, ਦਿਆਲ ਸਿੰਘ ਜਿਹੜਾ 3 ਭਰਾਵਾਂ ਬਖਤੌਰ ਸਿੰਘ, ਸੰਪੂਰਨ ਸਿੰਘ, ਭਾਗ ਸਿੰਘ, ਦੋ ਭੈਣਾਂ ਗੁਰਨਾਮ ਕੌਰ ਅਤੇ ਹਰਬੰਸ ਕੌਰ ਦਾ ਲਾਡਲਾ ਭਰਾ ਸੀ। ਉਸਦਾ ਜਨਮ 12 ਜੂਨ 1931 ਨੂੰ ਪਿਤਾ ਪੰਜਾਬ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਪਿੰਡ ਕੱਦੋਂ ਵਿਚ ਹੋਇਆ। ਦਿਆਲ ਸਿੰਘ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਸੀ ਪ੍ਰੰਤੂ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਲਹਿਰ ਵਿਚ ਉਹ ਅਜਿਹਾ ਸ਼ਾਮਲ ਹੋਇਆ ਕਿ ਉਹ ਗੁਰੂ ਘਰ ਨੂੰ ਪ੍ਰਣਾਇਆ ਗਿਆ ਅਤੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਸੰਤ ਈਸ਼ਰ ਸਿੰਘ ਕੋਲ ਕਰਮਸਰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਜਾ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਘਰ ਦੇ ਹੀ ਲੇਖੇ ਆਪਣਾ ਸਾਰਾ ਜੀਵਨ ਲਾਉਣ ਦਾ ਪ੍ਰਣ ਕਰ ਲਿਆ। ਅੰਮ੍ਰਿਤ ਛੱਕਣ ਤੋਂ ਬਾਅਦ ਉਸਦਾ ਨਾਮ ਨਿਰਮਲ ਸਿੰਘ ਰੱਖਿਆ ਗਿਆ, ਜਿਸਦਾ ਜੀਵਨ ਸਵੱਛ ਪਾਣੀ ਦੀ ਤਰ੍ਹਾਂ ਨਿਰਮਲ ਅਤੇ ਪਵਿਤਰ ਸੀ। ਬਾਬਾ ਨਿਰਮਲ ਸਿੰਘ ਸੰਤ ਈਸ਼ਰ ਸਿੰਘ ਨਾਲ ਜਦੋਂ ਕੀਰਤਨ ਕਰਦੇ ਸਨ ਤਾਂ ਉਹ ਉਨ੍ਹਾਂ ਦੇ ਜਥੇ ਵਿਚ ਬਰਛਾ ਲੈ ਕੇ ਖੜ੍ਹਦਾ ਸੀ। ਜਦੋਂ ਸੰਤਾਂ ਦੇ ਕੀਰਤਨ ਨਹੀਂ ਹੁੰਦੇ ਸਨ ਤਾਂ ਉਹ ਲੰਗਰ ਵਿਚ ਸੇਵਾ ਕਰਦਾ ਸੀ। ਉਸਨੇ ਪਿੰਡ ਕੱਦੋਂ ਦੇ ਸਕੂਲ ਦੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ, ਉਨ੍ਹਾਂ ਨੂੰ ਰਾੜਾ ਸਾਹਿਬ ਗੁਰਦੁਆਰੇ ਵਿਚ ਲਿਜਾਉਣ ਦਾ ਪ੍ਰਬੰਧ ਵੀ ਕੀਤਾ। ਪਿੰਡ ਦੇ ਹੋਰ ਲੋਕਾਂ ਨੂੰ ਵੀ ਅਮ੍ਰਿਤ ਛੱਕਣ ਲਈ ਪ੍ਰੇਰ ਕੇ ਲੈ ਕੇ ਜਾਂਦੇ ਸਨ। ਉਸਦੇ ਉਦਮ ਸਦਕਾ ਪਿੰਡ ਕੱਦੋਂ ਵਿਖੇ 1972 ਵਿਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸਜਾਏ ਗਏ, ਜਿਸ ਵਿਚ ਪਿੰਡ ਕੱਦੋਂ ਅਤੇ ਉਸਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਅਮ੍ਰਿਤ ਪਾਨ ਕੀਤਾ। 1975 ਤੱਕ ਆਪ ਗੁਰਦੁਆਰਾ ਰਾੜਾ ਸਾਹਿਬ ਵਿਚ ਸੇਵਾ ਕਰਦੇ ਰਹੇ। ਜਦੋਂ 1975 ਵਿਚ ਸੰਤ ਈਸ਼ਰ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਬਾਬਾ ਨਿਰਮਲ ਸਿੰਘ ਆਪਣੇ ਪਿੰਡ ਕੱਦੋਂ ਆ ਗਏ। ਕੱਦੋਂ ਪਿੰਡ ਦੇ ਬਾਹਰਵਾਰ ਸ਼ਮਸ਼ਾਨ ਘਾਟ ਦੋਰਾਹੇ ਵਾਲੇ ਪਾਸੇ ਕਾਫੀ ਵੱਡੀ ਝਿੜੀ ਵਿਚ ਬਣੀ ਹੋਈ ਹੈ। ਦੋਰਾਹੇ ਜਾਣ ਲਈ ਲੋਕ ਭੂਤਾਂ ਪ੍ਰੇਤਾਂ ਤੋਂ ਡਰਦੇ ਦੂਸਰੇ ਰਸਤੇ ਦੋਰਾਹੇ ਨੂੰ ਵਿੰਗ ਵਲ ਪਾ ਕੇ ਜਾਂਦੇ ਸਨ। ਬਾਬਾ ਮੇਜਰ ਸਿੰਘ, ਬਾਬਾ ਨਿਰਮਲ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਇੱਕ ਟਰੱਸਟ ਬਣਾਕੇ ਫੈਸਲਾ ਕੀਤਾ ਕਿ ਇਸ ਸ਼ਮਸ਼ਾਨ ਘਾਟ ਵਿਚ ਗੁਰਦੁਆਰਾ ਬਣਾਇਆ ਜਾਵੇ ਤਾਂ ਜੋ ਲੋਕਾਂ ਵਿਚੋਂ ਡਰ ਖ਼ਤਮ ਹੋ ਜਾਵੇ, ਲੋਕਾਂ ਵਿਚ ਸਿੱਖ ਧਰਮ ਨਾਲ ਜੁੜ ਜਾਣ ਅਤੇ ਦੋਰਾਹੇ ਜਾਣ ਲਈ ਲੋਕ ਸਿਧੇ ਰਸਤੇ ਜਾ ਸਕਣ। ਇਨ੍ਹਾਂ ਨੇ 1976 ਵਿਚ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਸਰੋਵਰ ਅਤੇ ਫਿਰ 1977 ਵਿਚ ਗੁਰੂ ਘਰ ਦੀ ਉਸਾਰੀ ਸ਼ੁਰੂ ਕੀਤੀ, ਜਿਥੇ ਹੁਣ ਆਲੀਸ਼ਾਨ ਬਾਬਾ ਸਿੱਧਸਰ ਗੁਰੂ ਘਰ ਅਤੇ ਇਕ ਸਿਵਲ ਹਸਪਤਾਲ ਗੁਰੂ ਘਰ ਦੇ ਟਰੱਸਟ ਦੀ ਸਰਪਰਸਤੀ ਹੇਠ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਰਾੜਾ ਸਾਹਿਬ ਤੋਂ ਵਾਪਸ ਆ ਕੇ ਬਾਬਾ ਨਿਰਮਲ ਸਿੰਘ ਸਿੱਧਸਰ ਗੁਰੂ ਘਰ ਵਿਚ ਹੀ ਰਹਿਣ ਲੱਗ ਪਏ ਸੀ। 1980 ਵਿਚ ਜਦੋਂ ਸਰਦਾਰ ਬੇਅੰਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਨ ਤਾਂ ਉਨ੍ਹਾਂ ਪਿੰਡ ਤੋਂ ਸਿੱਧਸਰ ਗੁਰੂ ਘਰ ਤੱਕ ਪੱਕੀ ਸੜਕ ਬਣਵਾ ਦਿੱਤੀ ਸੀ। ਇਸ ਸੜਕ ਦੇ ਆਲੇ ਦੁਆਲੇ ਲੋਹੇ ਦਾ ਜੰਗਲਾ, ਲਾਈਟਾਂ ਅਤੇ ਗੁਰੂ ਘਰ ਤੋਂ ਕੀਰਤਨ ਸੁਣਨ ਲਈ ਸਪੀਕਰ ਪਿੰਡ ਦੀ ''ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ'' ਨੇ ਲਗਵਾ ਦਿੱਤੀਆਂ ਹਨ। ਬਾਬਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਬਾਬਾ ਨਿਰਮਲ ਸਿੰਘ ਦੇ ਬਿਮਾਰ ਹੋਣ ਕਰਕੇ ਉਸਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਸੀ। ਗੁਰਦੁਆਰਾ ਸਿੱਧਸਰ ਦੀ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਸਕੱਤਰ ਮਾਸਟਰ ਗੁਰਦੇਵ ਸਿੰਘ ਨੇ ਵੀ ਦੋ ਸਾਲ ਪਹਿਲਾਂ ਗੁਰੂ ਘਰ ਦੀ ਜ਼ਿੰਮੇਵਾਰੀ ਪਿੰਡ ਦੇ ਨੌਜਵਾਨਾ ਦੇ ਹੱਥ ਦੇ ਦਿੱਤੀ ਹੈ। ਗੁਰੂ ਘਰ ਸਿੱਧਸਰ ਵਿਚ ਸਿਆਸਤ ਨਾ ਹੋਣ ਕਰਕੇ ਹਸਪਤਾਲ ਅਤੇ ਗੁਰੂਘਰ ਦਾ ਕੰਮ ਵਧੀਆ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ 88 ਸਾਲ ਦੀ ਉਮਰ ਭੋਗ ਕੇ 14 ਦਸੰਬਰ 2019 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਭੋਗ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਿੱਧਸਰ ਪਿੰਡ ਕੱਦੋਂ ਵਿਖੇ 22 ਦਸੰਬਰ ਨੂੰ 12 ਵਜੇ ਦੁਪਹਿਰ ਤੋਂ 2 ਵਜੇ ਤੱਕ ਹੋਵੇਗੀ।
ਤਸਵੀਰ- ਬਾਬਾ ਨਿਰਮਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
'ਅਣਗਾਹੇ ਰਾਹ' ਪੁਸਤਕ ਪਰਵਾਸੀਆਂ ਦੀ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੀ ਕਹਾਣੀ - ਉਜਾਗਰ ਸਿੰਘ
ਗਿਆਨ ਸਿੰਘ ਸੰਧੂ ਦੀ ਪੁਸਤਕ ''ਅਣਗਾਹੇ ਰਾਹ'' ਪਰਵਾਸੀਆਂ ਦੀ ਜ਼ਿੰਦਗੀ ਵਿਚ ਸਫਲ ਹੋਣ ਲਈ ਜਦੋਜਹਿਦ ਭਰੀ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਦੀ ਦਾਸਤਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਪੁਸਤਕ ਨੂੰ ਪੜ੍ਹਨ ਲੱਗਿਆਂ ਇਹ ਸਵੈ ਜੀਵਨੀ ਜਾਪਦੀ ਸੀ ਪ੍ਰੰਤੂ ਜਦੋਂ ਪੂਰੀ ਪੁਸਤਕ ਪੜ੍ਹ ਲਈ ਤਾਂ ਮਹਿਸੂਸ ਹੋਇਆ ਕਿ ਇਹ ਇਕੱਲੇ ਗਿਆਨ ਸਿੰਘ ਸੰਧੂ ਦੀ ਕਹਾਣੀ ਨਹੀਂ ਸਗੋਂ ਇਹ ਕੈਨੇਡਾ ਵਿਚ ਵਸ ਰਹੇ ਹਰ ਪਰਵਾਸੀ ਦੀ ਸਵੈ ਜੀਵਨੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਿੱਖਾਂ/ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿਚ ਸੱਤ ਸਮੁੰਦਰੋਂ ਪਾਰ ਜਾ ਕੇ ਅਨੇਕਾਂ ਮੁਸ਼ਕਲਾਂ, ਦੁਸ਼ਵਾਰੀਆਂ ਅਤੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਦਾ ਹੋਇਆ ਸਫਲ ਹੋਇਆ ਹੈ। ਇਹ ਦਰਦ ਭਰੀ ਕਹਾਣੀ ਪੰਜਾਬੀਆਂ ਦੇ ਪਰਵਾਸ ਵਿਚ ਵਸਣ ਅਤੇ ਸਫਲ ਹੋਣ ਦੇ ਲਿਖੇ ਜਾਣ ਵਾਲੇ ਇਤਿਹਾਸ ਦਾ ਹਿੱਸਾ ਬਣ ਗਈ ਹੈ। ਇਹ ਪੁਸਤਕ ਪੜ੍ਹਕੇ ਹਰ ਪਰਵਾਸੀ ਨੂੰ ਇਹ ਉਸਦੀ ਆਪਣੀ ਜਦੋਜਹਿਦ ਦੀ ਦਾਸਤਾਂ ਲੱਗਦੀ ਹੈ। ਇਹੋ ਗਿਆਨ ਸਿੰਘ ਸੰਧੂ ਦੀ ਪ੍ਰਾਪਤੀ ਹੈ। 248 ਪੰਨਿਆਂ ਦੀ ਇਹ ਪੁਸਤਕ ਯੂਨੀਸਟਾਰ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋਂ ਪ੍ਰਕਾਸ਼ਤ ਕੀਤੀ, ਗਿਆਨ ਸਿੰਘ ਸੰਧੂ ਦੀ ਪੰਜਾਬੀ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਸਿੱਖ ਜਗਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 2017 ਤੱਕ ਦੇ ਸਮੇਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਲੜੀਵਾਰ ਮੋਤੀਆਂ ਦੀ ਤਰ੍ਹਾਂ ਪ੍ਰੋਇਆ ਗਿਆ ਹੈ। ਲੇਖਕ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਇਨ੍ਹਾਂ ਘਟਨਾਵਾਂ ਦੇ ਸਿੱਖ ਜਗਤ ਉਪਰ ਪਏ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਸੰਧੂ ਦੀ ਲੇਖਣੀ ਦਾ ਉਸਾਰੂ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਜਿਸ ਵਿਚ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਬਾਦ ਕਰਨ ਦੀ ਵਿਚਾਰਧਾਰਾ ਦਾ ਆਸਰਾ ਲੈਣ ਦੀ ਨਸੀਅਤ ਦਿੱਤੀ ਹੈ। ਹਰ ਸਮੱਸਿਆ ਦਾ ਹਲ ਸੰਬਾਦ ਨਾਲ ਕਰਨ ਲਈ ਕਿਹਾ ਹੈ ਕਿਉਂਕਿ ਟਕਰਾਓ ਨਾਲ ਸਾਰਥਿਕ ਨਤੀਜੇ ਨਹੀਂ ਨਿਕਲਦੇ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ, ਪੰਡਤਾਂ ਅਤੇ ਮੱਕੇ ਵਿਖੇ ਮੁਸਲਮਾਨ ਭਾਈਚਾਰੇ ਨਾਲ ਸੰਬਾਦ ਕਰਕੇ ਆਪਣੀ ਗੱਲ ਨੂੰ ਮੰਨਵਾਇਆ ਸੀ। ਸਾਂਤਮਈ ਢੰਗ ਨਾਲ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਕੰਮ ਵਿਚ ਸੰਧੂ ਨੇ ਸ਼ਾਂਤਮਈ ਢੰਗ ਵਰਤਿਆ ਉਥੇ ਹੀ ਸਫਲਤਾ ਨੇ ਉਸਦੀਆਂ ਮੰਜ਼ਲਾਂ ਸਫਲ ਕੀਤੀਆਂ। ਭਾਵੇਂ ਸਿੱਖਾਂ ਅਤੇ ਗਿਆਨ ਸਿੰਘ ਸੰਧੂ 'ਤੇ ਅਨੇਕਾਂ ਦੋਸ਼ ਅਤੇ ਤੂਹਮਤਾਂ ਲੱਗੀਆਂ ਪ੍ਰੰਤੂ ਸ਼ਾਂਤੀ ਨਾਲ ਸੰਬਾਦ ਕਰਨ ਕਰਕੇ ਅਖ਼ੀਰ ਕੈਨੇਡਾ ਵਿਚ ਸਿੱਖ ਮੁੱਖ ਧਾਰਾ ਵਿਚ ਆਕੇ ਵਿਲੱਖਣ ਯੋਗਦਾਨ ਪਾ ਰਹੇ ਹਨ। ਪੰਜਾਬੀ ਦੀ ਇਕ ਕਹਾਵਤ ਹੈ 'ਪੰਜਾਬੀਆਂ ਨੂੰ ਜੰਮਦਿਆਂ ਨਿਤ ਮੁਹਿੰਮਾ'। ਪੰਜਾਬੀ ਇਨ੍ਹਾਂ ਮੁਹਿੰਮਾ ਵਿਚ ਹਮੇਸ਼ਾ ਸਫਲ ਹੁੰਦੇ ਰਹੇ ਹਨ ਜਿਵੇਂ ਗਿਆਨ ਸਿੰਘ ਸੰਧੂ ਸਫਲ ਹੋਇਆ ਹੈ। ਉਸ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਜਦੋਂ ਉਹ ਕੈਨੇਡਾ ਜਾਣ ਤੋਂ ਬਾਅਦ, ਪਹਿਲੀ ਵਾਰ ਨੌਕਰੀ ਲੈਣ ਲਈ ਜਿਸ ਗੋਰੇ ਵਿਅਕਤੀ ਕੋਲ ਗਿਆ ਸੀ, ਉਸਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਅਖ਼ੀਰ ਉਹੀ ਗੋਰਾ ਉਸਦੇ ਕੋਲ ਨੌਕਰੀ ਲੈਣ ਲਈ ਆਇਆ ਤੇ ਉਸ ਦੇ ਕਾਰੋਬਾਰ ਵਿਚ ਨੌਕਰੀ ਕਰਦਾ ਰਿਹਾ।
ਗਿਆਨ ਸਿੰਘ ਸੰਧੂ ਦੇ ਜੀਵਨ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਇਨਸਾਨ ਆਪਣੇ ਧਰਮ ਵਿਚ ਪਰਪੱਕ ਹੋਵੇਗਾ ਤਾਂ ਹੀ ਉਸਨੂੰ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ। ਪਰਵਾਸ ਵਿਚ ਜਾ ਕੇ ਵਸਣ ਵਾਲੇ ਪੰਜਾਬੀਆਂ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਹੋਵੇਗੀ ਕਿਉਂਕਿ ਲੇਖਕ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਸ਼ਾਖ ਘਟਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਣੇ ਸਫਾਰਤਖਾਨੇ ਦੇ ਅਮਲੇ ਦੇ ਤਾਣੇ ਪੇਟੇ ਰਾਹੀਂ ਕੀਤੀਆਂ ਕਰਤੂਤਾਂ ਦਾ ਪਾਜ ਵੀ ਉਘੇੜਿਆ ਹੈ। ਭਾਰਤ ਸਰਕਾਰ ਦੀ ਸਿੱਖਾਂ ਦੀ ਵੱਧਦੀ ਸ਼ੋਹਰਤ ਨੂੰ ਰੋਕਣ ਲਈ ਪਰਵਾਸ ਦੇ ਗੁਰਦੁਆਰਿਆਂ ਵਿਚ ਧੜੇਬੰਦੀ ਪੈਦਾ ਕਰਕੇ ਸੂਹੀਆ ਤੰਤਰ ਦਾ ਜਾਲ ਵਿਛਾਕੇ ਉਨ੍ਹਾਂ ਨੂੰ ਦੋਫਾੜ ਕਰਨ ਦੇ ਢੰਗ ਨੂੰ ਵੀ ਨੰਗਿਆਂ ਕੀਤਾ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਗਰਦਾਨਕੇ ਕੈਨੇਡਾ ਸਰਕਾਰ ਨੂੰ ਵੀ ਗ਼ਲਤ ਗੁਪਤ ਜਾਣਕਾਰੀ ਦੇ ਕੇ ਸਿੱਖਾਂ ਵਿਰੁੱਧ ਭੜਕਾਇਆ ਜਾਂਦਾ ਰਿਹਾ ਹੈ। ਗਿਆਨ ਸਿੰਘ ਸੰਧੂ ਲਗਪਗ ਅੱਧੀ ਸਦੀ ਤੋਂ ਪਰਵਾਸ ਵਿਚ ਵਿਚਰ ਰਿਹਾ ਹੈ ਪ੍ਰੰਤੂ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਸ ਉਪਰ ਪੰਜਾਬ ਦੀਆਂ ਘਟਨਾਵਾਂ ਦਾ ਡੂੰਘਾ ਪ੍ਰਭਾਵ ਪਿਆ ਜਿਸਦਾ ਸੰਤਾਪ ਸਮੁੱਚਾ ਸਿੱਖ ਭਾਈਚਾਰਾ ਹੰਢਾਉਂਦਾ ਰਿਹਾ। ਇਸ ਵਜਾਹ ਕਰਕੇ ਪੰਜਾਬੀ ਭਾਈਚਾਰਾ ਕੈਨੇਡਾ ਵਿਚ ਹਾਸ਼ੀਏ ਤੋਂ ਦੂਰ ਰੱਖਿਆ ਗਿਆ। ਗਿਆਨ ਸਿੰਘ ਸੰਧੂ ਦੀ ਘਾਲਣਾ ਨੇ ਸਿੱਖ ਭਾਈਚਾਰੇ ਨੂੰ ਮੁੱਖਧਾਰਾ ਵਿਚ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਕਿਉਂਕਿ ਉਹ ਕੈਨੇਡਾ ਸਰਕਾਰ ਨੂੰ ਇਹ ਗੱਲ ਦਲੀਲਾਂ ਨਾਲ ਸਮਝਾਉਣ ਵਿਚ ਸਫਲ ਹੋਇਆ ਕਿ ਸਿੱਖ ਧਰਮ ਦੇ ਪੈਰੋਕਾਰ ਧਰਮ ਨਿਰਪੱਖ ਅਤੇ ਸ਼ਾਂਤੀ ਪਸੰਦ ਹਨ। ਜਿਹੜਾ ਉਨ੍ਹਾਂ ਬਾਰੇ ਗ਼ਲਤ ਪ੍ਰਚਾਰ ਕੀਤਾ ਗਿਆ ਉਹ ਗੈਰ ਵਾਜਬ ਹੈ। ਮੁੱਖ ਤੌਰ ਤੇ 'ਅਣਗਾਹੇ ਰਾਹ' ਦਾ ਵਿਸ਼ਾ ਭਾਰਤ ਅਤੇ ਕੈਨੇਡਾ ਵਿਚ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ 'ਤੇ ਹੋ ਰਹੀਆਂ ਜ਼ਿਆਦਤੀਆਂ ਅਤੇ ਬਦਨਾਮ ਕਰਨ ਦਾ ਵਿਵਰਣ ਦਿੰਦਾ ਹੈ। ਸਿੱਖ ਉਨ੍ਹਾਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਹੋਏ ਹਾਸ਼ੀਏ ਤੋਂ ਮੁੱਖ ਧਾਰਾ ਵਿਚ ਸ਼ਾਮਲ ਹੋ ਜਾਂਦੇ ਹਨ। ਪੁਸਤਕ ਵਿਚ ਗਿਆਨ ਸਿੰਘ ਸੰਧੂ ਨੇ ਸੰਕੇਤਕ ਤੌਰ ਤੇ ਲਿਖਿਆ ਹੈ ਕਿ ਭਾਰਤ ਸਰਕਾਰ ਦੇ ਸਫਾਰਤਖਾਨੇ ਆਪਣੀ ਸਰਕਾਰੀ ਮਸ਼ਨਰੀ ਦੀ ਗੁਪਤ ਮਦਦ ਨਾਲ ਕੁਝ ਲੋਕਾਂ ਤੋਂ ਖਾਲਿਸਤਾਨ ਦਾ ਪਰਪੰਚ ਚਲਾਕੇ ਸਿੱਖਾਂ ਨੂੰ ਬਦਨਾਮ ਕਰਦੇ ਰਹੇ ਹਨ। ਉਨ੍ਹਾਂ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪ੍ਰੰਤੂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਵਾਜ ਉਠਾਉਣ ਵਾਲਿਆਂ ਦੇ ਸ਼ਾਂਤੀ ਪੂਰਬਕ ਢੰਗ ਨਾਲ ਕੰਮ ਕਰਨ ਕਰਕੇ ਵੀ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਦਰਜ ਕਰਕੇ ਪੰਜਾਬ ਦੀ ਧਰਤੀ ਤੇ ਜਾਣ ਤੋਂ ਰੋਕਿਆ ਜਾਂਦਾ ਰਿਹਾ ਹੈ।
ਇਸ ਪੁਸਤਕ ਨੂੰ ਭਾਵੇਂ ਗਿਆਨ ਸਿੰਘ ਸੰਧੂ ਨੇ ਦਸ ਭਾਗਾਂ ਵਿਚ ਵੰਡਿਆ ਹੈ ਪ੍ਰੰਤੂ ਅਸਲ ਵਿਚ ਇਸ ਪੁਸਤਕ ਦੇ ਤਿੰਨ ਭਾਗ ਹਨ। ਬਾਕੀ ਇਨ੍ਹਾਂ ਤਿੰਨਾਂ ਦੇ ਉਪ ਭਾਗ ਹਨ। ਪਹਿਲੇ ਭਾਗ ਵਿਚ ਦੇਸ ਦੀ ਵੰਡ ਦਾ ਸੰਤਾਪ, ਖਾਲਿਸਤਾਨ ਦੀ ਮੁਹਿੰਮ, ਪੰਜਾਬ ਵਿਚ ਕਤਲੇਆਮ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਲਾਓ ਅਤੇ ਅੰਤ, ਸ੍ਰੀ ਹਰਿਮੰਦਰ ਸਾਹਿਬ ਉਪਰ ਨੀਲਾ ਤਾਰਾ ਅਪ੍ਰੇਸ਼ਨ, ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ, ਭਾਰਤੀ ਸਿਆਸਤ ਦੀ ਗੁੰਝਲਦਾਰ ਸਾਜਿਸ, ਸਿੱਖਾਂ ਵਿਚ ਗੁਪਤਚਰ ਏਜੰਸੀਆਂ ਦੀ ਘੁਸਪੈਠ ਸ਼ਾਮਲ ਹੈ। ਦੂਜੇ ਭਾਗ ਵਿਚ ਸਿੱਖ ਭਾਈਚਾਰੇ ਦੀ ਘੇਰਾਬੰਦੀ ਏਅਰ ਇੰਡੀਆ ਜਹਾਜ ਦਾ ਹਾਦਸਾ, ਸਿੱਖਾਂ ਨੂੰ ਬਦਨਾਮ ਕਰਨ ਕਰਕੇ ਤੇ ਸ਼ੱਕ ਦੀ ਸੂਈ ਸਿੱਖਾਂ ਵਲ ਕਰਨਾ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਸਰਗਰਮੀਆਂ, ਪਰਵਾਸੀਆਂ ਦੀ ਭਾਰਤ ਸਰਕਾਰ ਵੱਲੋਂ ਜਾਸੂਸੀ ਅਤੇ ਸਿੱਖਾਂ ਦਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ। ਤੀਜੇ ਭਾਗ ਵਿਚ ਰਾਇਲ ਕੈਨੇਡੀਅਨ ਮਾਂਉਂਟਿਡ ਪੁਲਿਸ ਵਿਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ, ਵਰਲਡ ਸਿੱਖ ਆਰਗੇਨਾਈਜੇਸਸ਼ਨ ਕੈਨੇਡਾ ਨੇ ਸਿੱਖ ਅਤੇ ਹੋਰ ਸਮੁਦਾਏ ਹਿਤਾਂ ਲਈ ਕੇਸ ਲੜਨੇ ਤੇ ਜਿਤ ਪ੍ਰਾਪਤ ਕਰਨੀ, ਕਾਰੋਬਾਰ ਵਿਚ ਫੈਲਾਓ ਅਤੇ ਗਿਰਾਵਟ, 'ਦਾ ਕੂਇਨ ਗੋਲਡਨ ਜੁਬਲੀ ਮੈਡਲ' ਅਤੇ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਸਨਮਾਨ ਦਾ ਮਿਲਣਾ, ਕ੍ਰਿਪਾਨ ਪਹਿਨਣ ਦਾ ਕੇਸ ਜਿੱਤਣਾ, ਦੂਜੇ ਸਮੁਦਾਏ ਦੇ ਕੇਸ ਲੜਕੇ ਜਿੱਤਣਾ, ਸਿੱਖਾਂ ਦਾ ਮੁੱਖ ਧਾਰਾ ਵਿਚ ਆਉਣਾ ਅਤੇ ਕਾਲੀ ਸੂਚੀ ਵਿਚੋਂ ਨਾਮ ਨਿਕਲਣਾ ਆਦਿ ਸ਼ਾਮਲ ਹਨ। ਭਾਵੇਂ ਪੁਸਤਕ ਦੇ ਇਨ੍ਹਾਂ ਤਿੰਨ ਭਾਗਾਂ ਅਤੇ ਉਪ ਭਾਗਾਂ ਦੇ ਨਾਵਾਂ ਤੋਂ ਹੀ ਉਨ੍ਹਾਂ ਵਿਚਲੀ ਸਮਗਰੀ ਦਾ ਪ੍ਰਗਟਾਵਾ ਹੋ ਜਾਂਦਾ ਹੈ ਪ੍ਰੰਤੂ ਫਿਰ ਵੀ ਪੁਸਤਕ ਪੜ੍ਹਨ ਲਈ ਰੌਚਕਤਾ ਬਰਕਰਾਰ ਰਹਿੰਦੀ ਹੈ।
ਇਸ ਪੁਸਤਕ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਿਆਨ ਸਿੰਘ ਸੰਧੂ ਦਾ ਇਕ ਆਮ ਮੱਧ ਵਰਗੀ ਪਰਿਵਾਰ ਵਿਚੋਂ ਕੈਨੇਡਾ ਵਿਚ ਜਾ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਲਡ ਕੈਨੇਡਾ, ਸਿੱਖ ਇੰਟਰਨੈਸ਼ਨਲ ਸੰਸਥਾ ਦਾ ਮੁੱਖੀ ਬਣਨਾ, ਉਥੋਂ ਦੇ ਲਗਪਗ ਸਾਰੇ ਪ੍ਰਧਾਨ ਮੰਤਰੀਆਂ, ਸੰਸਦ ਤੇ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨਾਲ ਵਰਕਿੰਗ ਤਾਲਮੇਲ ਬਣਾਈ ਰੱਖਣਾ ਅਤੇ ਸਿੱਖ ਜਗਤ ਦੇ ਹਿਤਾਂ ਤੇ ਪਹਿਰਾ ਦੇਣਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾਦਾਇਕ ਸਾਬਤ ਹੋਵੇਗਾ ਹੈ ਕਿਉਂਕਿ ਨੌਜਵਾਨ ਪਨੀਰੀ ਲਈ ਉਹ ਇਕ ਮਾਰਗ ਦਰਸ਼ਕ ਦੇ ਤੌਰ ਤੇ ਜਾਣੇ ਜਾਣਗੇ। ਗਿਆਨ ਸਿੰਘ ਸੰਧੂ ਨੇ ਇਕ ਸਿੱਖ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਦੀ ਪਰਜਾਤੰਤਰ ਪੱਖੀ ਵਿਚਾਰਧਾਰਾ ਨੂੰ ਆਧਾਰ ਬਣਾਕੇ ਕੈਨੇਡਾ ਦੇ ਪ੍ਰਬੰਧਕੀ ਢਾਂਚੇ ਨੂੰ ਦਲੀਲਾਂ ਨਾਲ ਇਹ ਦੱਸਣ ਅਤੇ ਮਨਾਉਣ ਵਿਚ ਸਫਲ ਹੋਇਆ ਹੈ ਕਿ ਕੈਨੇਡਾ ਦਾ ਪਰਜਤੰਤਰਿਕ ਢਾਂਚਾ ਸਿੱਖ ਧਰਮ ਦੀ ਵਿਰਾਸਤ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਉਸਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਵੇਂ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ ਪ੍ਰੰਤੂ ਉਹ ਤੇ ਉਨ੍ਹਾਂ ਦੀਆਂ ਲੜਕੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਉਚ ਅਹੁਦੇ ਤੇ ਮਾਣ ਸਨਮਾਨ ਪ੍ਰਾਪਤ ਕਰਕੇ ਸਿੱਖ ਧਰਮ ਦੇ ਅਨੁਆਈਆਂ ਦਾ ਸਿਰ ਸਮਾਜ ਵਿਚ ਉਚਾ ਕੀਤਾ ਹੈ। ਉਨ੍ਹਾਂ ਦੀ ਇਕ ਲੜਕੀ ਪਲਬਿੰਦਰ ਕੌਰ ਕੇਸਕੀ ਸਜਾਉਂਦੀ ਹੈ ਤੇ ਇਸ ਸਮੇਂ ਉਹ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਇਸ ਤੋਂ ਸਿਖਿਆ ਮਿਲਦੀ ਹੈ ਕਿ ਮਿਹਨਤ ਅਤੇ ਦ੍ਰਿੜ੍ਹਤਾ ਹਮੇਸਾ ਰੰਗ ਲਿਆਉਂਦੀ ਹੈ। ਗਿਆਨ ਸਿੰਘ ਸੰਧੂ ਨੇ ਗਦਰੀ ਬਾਬਿਆਂ ਦੀ ਕੈਨੇਡੀਅਨ ਸਮਾਜ ਵਿਚ ਬਰਾਬਰਤਾ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿਉਂਕਿ ਗਦਰੀ ਬਾਬਿਆਂ ਨਾਲ ਵੀ ਨਸਲੀ ਵਿਤਕਰਿਆਂ ਕਰਕੇ ਅਨੇਕਾਂ ਮੁਸੀਬਤਾਂ ਆਈਆਂ ਸਨ ਇਥੋਂ ਤੱਕ ਕਿ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਤੁਰ ਗਿਆ - ਉਜਾਗਰ ਸਿੰਘ
ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ ਕਿੱਤੇ ਨੂੰ ਆਪਣੇ ਅਸਰ ਰਸੂਖ ਨਾਲ ਪ੍ਰਭਾਵਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਨਿਰਪੱਖਤਾ ਪੱਤਰਕਾਰੀ ਦਾ ਧੁਰਾ ਹੈ। ਜਿਹੜਾ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਵਿਚ ਸਫਲ ਹੋ ਗਿਆ, ਉਹ ਜ਼ਿੰਦਗੀ ਭਰ ਜਦੋਜਹਿਦ ਤਾਂ ਕਰਦਾ ਹੀ ਰਹੇਗਾ ਪ੍ਰੰਤੂ ਸਮਾਜ ਵਿਚ ਉਸਦਾ ਮਾਨ ਸਨਮਾਨ ਬਣਿਆਂ ਰਹੇਗਾ।
ਸ਼ੰਗਾਰਾ ਸਿੰਘ ਭੁਲਰ ਅਜਿਹਾ ਪੱਤਰਕਾਰ ਤੇ ਸੰਪਾਦਕ ਸੀ ਜਿਸਨੇ ਲਿਖਿਆ ਵੀ ਨਿਰਪੱਖ ਹੋ ਕੇ ਅਤੇ ਦੋਸਤੀਆਂ ਬਣਾਈਆਂ ਤੇ ਨਿਭਾਈਆਂ ਵੀ। ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਗੁਣਾਂ ਕਰਕੇ ਉਹ ਸਮਾਜ ਵਿਚ ਸਤਿਕਾਰਿਆ ਜਾਂਦਾ ਸੀ। ਉਹ ਇਕੋ ਇਕ ਅਜਿਹਾ ਪੱਤਰਕਾਰ ਹੈ, ਜਿਹੜਾ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਇਕ ਨਿਊਜ ਏਜੰਸੀ ਦਾ ਸੰਪਾਦਕ ਰਿਹਾ ਹੈ। ਸ਼ੰਗਾਰਾ ਸਿੰਘ ਭੁਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਹੀ ਨੌਜਵਾਨੀ ਵਿਚ 'ਨਵਾਂ ਜ਼ਮਾਨਾ' ਅਖ਼ਬਾਰ ਵਿਚ ਉਪ ਸੰਪਾਦਕ ਦੇ ਤੌਰ ਤੇ ਆਪਣਾ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਅਖ਼ਬਾਰ ਦੀ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਨਿਰਪੱਖ ਪੱਤਰਕਾਰੀ ਦੀ ਗੁੜ੍ਹਤੀ ਨੇ ਸ਼ੰਗਾਰਾ ਸਿੰਘ ਭੁਲਰ ਨੂੰ ਜ਼ਿੰਦਗੀ ਭਰ ਡੋਲਣ ਨਹੀਂ ਦਿੱਤਾ ਅਤੇ ਪੱਤਰਕਾਰੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿਸ ਕਰਕੇ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ ਟਾਈਮਜ਼, ਰੋਜ਼ਾਨਾ ਸਪੋਕਸਮੈਨ ਅਤੇ ਇਕ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਸੰਪਾਦਕ ਬਣਕੇ ਪੱਤਰਕਾਰੀ ਵਿਚ ਆਪਣਾ ਨਾਮ ਕਮਾਇਆ। ਪੰਜਾਬੀ ਪੱਤਰਕਾਰੀ ਦਾ ਥੰਮ੍ਹ ਅਤੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਸ਼ੰਗਾਰਾ ਸਿੰਘ ਭੁਲਰ 74 ਸਾਲ ਦੀ ਉਮਰ ਭੋਗ ਕੇ ਆਪਣੇ ਪਿਛੇ ਪਤਨੀ ਅਮਰਜੀਤ ਕੌਰ ਭੁਲਰ, ਸਪੁੱਤਰ ਚੇਤਨਪਾਲ ਸਿੰਘ, ਰਮਨੀਕ ਸਿੰਘ ਅਤੇ ਸਪੁੱਤਰੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਿਮਰਤਾ, ਸਲੀਕੇ ਅਤੇ ਤਹਿਜ਼ੀਬ ਨਾਲ ਪੱਤਰਕਾਰੀ ਕਰਨ ਵਾਲਾ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਵੈਟਰਨ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਪੱਤਰਕਾਰੀ ਦੇ ਇਤਿਹਾਸ ਵਿਚ ਸੁਚਾਰੂ ਅਤੇ ਸਾਕਾਰਤਮਕ ਯੋਗਦਾਨ ਪਾਉਣ ਕਰਕੇ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਉਸ ਦੀਆਂ ਸੰਪਾਦਕੀਆਂ ਅਤੇ ਕਾਲਮ ਨਵੀਸ ਦੇ ਤੌਰ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਲਿਖੇ ਲੇਖਾਂ ਵਿਚਲੀਆਂ ਗੁਝੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ ਜੋ ਪ੍ਰਭਾਵਤ ਵਿਅਕਤੀਆਂ ਨੂੰ ਨਾ ਰੋਣ ਅਤੇ ਨਾ ਹੱਸਣ ਜੋਗਾ ਛੱਡਦੀਆਂ ਸਨ।
9 ਜਨਵਰੀ 1946 ਨੂੰ ਆਪਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਭੁਲਰ ਪਿੰਡ ਵਿਚ ਇਕ ਆਮ ਸਾਧਾਰਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿਚ ਕਰਨ ਤੋਂ ਬਾਅਦ ਬੀ ਏ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਜਿੰਦਰ ਸਿੰਘ ਹਮਦਰਦ ਆਪ ਦਾ ਜਮਾਤੀ ਸੀ। ਅਸਲ ਵਿਚ ਸ਼ੰਗਾਰਾ ਸਿੰਘ ਭੁਲਰ ਦੋਸਤਾਂ ਦਾ ਦੋਸਤ ਸੀ। ਉਸਨੂੰ ਦੋਸਤੀ ਬਣਾਉਣੀ ਅਤੇ ਨਿਭਾਉਣੀ ਆਉਂਦੀ ਸੀ। ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੈ। ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਅਤੇ ਸਾਹਿਤਕਾਰਾਂ ਦੇ ਮੁਦੱਈ ਮਹਿੰਦਰ ਸਿੰਘ ਰੰਧਾਵਾ ਨਾਲ ਉਸਦੇ ਨਿਕਟਵਰਤੀ ਸੰਬੰਧ ਸਨ। ਨਵਾਂ ਜ਼ਮਨਾ ਅਖ਼ਬਾਰ ਦੀ ਉਪ ਸੰਪਾਦਕੀ ਤੋਂ ਬਾਅਦ ਉਨ੍ਹਾਂ ਆਪਣੀ ਕਰਮਭੂਮੀ ਦਿੱਲੀ ਨੂੰ ਬਣਾਇਆ, ਜਿਥੇ ਉਨ੍ਹਾਂ ਨੇ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਦੇ ਰੋਜ਼ਾਨਾ ਜਥੇਦਾਰ ਅਖ਼ਬਾਰ ਵਿਚ ਕੰਮ ਕਰਦਿਆਂ ਆਪਣਾ ਸਥਾਨ ਬਣਾਇਆ। ਦਿੱਲੀ ਤੋਂ ਬਾਅਦ ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਆ ਗਏ। ਇਥੇ ਤਰੱਕੀ ਕਰਦਿਆਂ ਪਹਿਲਾਂ ਡਿਪਟੀ ਐਡੀਟਰ ਅਤੇ ਬਾਅਦ ਵਿਚ ਸੰਪਾਦਕ ਬਣੇ। ਉਨ੍ਹਾਂ 28 ਸਾਲ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਕੀਤੀ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਆਪਨੇ ਤਤਕਾਲ ਮੁੱਦਿਆਂ ਤੇ ਲਿਖਣ ਲਈ ਨੌਵਾਂ ਕਾਲਮ ਸੰਪਾਦਕੀ ਪੰਨੇ ਤੇ ਸ਼ੁਰੂ ਕੀਤਾ, ਜਿਹੜਾ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ। 2006 ਵਿਚ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣੇ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬੀ ਦੀ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ। ਜਦੋਂ ਪੰਜਾਬੀ ਜਾਗਰਣ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਤਾਂ ਇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣਕੇ ਅਖ਼ਬਾਰ ਨੂੰ ਸਥਾਪਤ ਕੀਤਾ। ਪੰਜਾਬੀ ਜਾਗਰਣ ਅਖ਼ਬਾਰ ਵਿਚ ਸਾਹਿਤਕ ਪੰਨਾ ਸ਼ੁਰੂ ਕਰਨ ਦਾ ਮਾਣ ਵੀ ਸ਼ੰਗਾਰਾ ਸਿੰਘ ਭੁਲਰ ਨੂੰ ਜਾਂਦਾ ਹੈ, ਜਿਸ ਕਰਕੇ ਬਹੁਤ ਸਾਰੇ ਸਾਹਿਤਕਾਰ ਪੰਜਾਬੀ ਜਾਗਰਣ ਨਾਲ ਜੁੜ ਗਏ। ਇਸ ਸਮੇਂ ਆਪ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲਿਖਦੇ ਸਨ। ਉਹ ਆਖ਼ਰ ਸਮੇਂ ਤੱਕ ਸਰਗਰਮ ਪੱਤਰਕਾਰੀ ਕਰਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। 1993 ਵਿਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੀ ਸੰਸਥਾ ਜਿਸਦੇ ਗਿਆਨੀ ਹਰੀ ਸਿੰਘ ਪ੍ਰਧਾਨ ਅਤੇ ਸ਼ੰਗਾਰਾ ਸਿੰਘ ਭੁਲਰ ਜਨਰਲ ਸਕੱਤਰ ਸਨ ਤਾਂ ਪੱਤਰਕਾਰਾਂ ਦੀ ਇਕ ਅੰਤਰਾਸ਼ਟਰੀ ਕਾਨਫਰੰਸ ਕਰਵਾਈ ਸੀ। ਉਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਾਗਮਾ ਵਿਚ ਸ਼ਿਰਕਤ ਕਰਦੇ ਰਹਿੰਦੇ ਸਨ।
ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੂੰ ਥਾਪੀ ਦੇ ਕੇ ਪੱਤਰਕਾਰਤਾ ਵਿਚ ਸਥਾਪਤ ਕੀਤਾ। ਲੱਗਪਗ ਅੱਧੀ ਸਦੀ ਉਹ ਪੰਜਾਬੀ ਪੱਤਰਕਾਰਤਾ ਵਿਚ ਆਪਣੀਆਂ ਲੇਖਣੀਆਂ ਕਰਕੇ ਛਾਏ ਰਹੇ। ਜਦੋਂ ਉਹ ਅਖ਼ਬਾਰਾਂ ਦੇ ਸੰਪਾਦਕ ਸਨ ਤਾਂ ਕੋਈ ਵੀ ਛੋਟੇ ਤੋਂ ਛੋਟਾ ਪੱਤਰਕਾਰ ਉਨ੍ਹਾਂ ਦੇ ਕਮਰੇ ਵਿਚ ਨਿਝੱਕ ਜਾ ਕੇ ਅਗਵਾਈ ਲੈ ਸਕਦਾ ਸੀ। ਇਨਸਾਨੀਅਤ ਉਨ੍ਹਾਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਦੀ ਨਿਗਾਹ ਵਿਚ ਕੋਈ ਵੱਡੇ ਛੋਟੇ ਵਿਅਕਤੀ ਦਾ ਫਰਕ ਨਹੀਂ ਸੀ। ਮੇਰਾ ਵੀ ਸ਼ੰਗਾਰਾ ਸਿੰਘ ਭੁਲਰ ਨਾਲ ਪਿਛਲੇ 40 ਸਾਲਾਂ ਤੋਂ ਵਾਹ ਵਾਸਤਾ ਸੀ। ਉਨ੍ਹਾਂ ਦੀ ਖ਼ੂਬੀ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇਕ ਵਾਰ ਮਿਲ ਗਿਆ ਉਸਨੂੰ ਹਮੇਸ਼ਾ ਲਈ ਆਪਣੀ ਬੁਕਲ ਵਿਚ ਲੈ ਕੇ ਆਪਣਾ ਬਣਾ ਲੈਂਦੇ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚੋਂ ਜਦੋਂ 2007 ਵਿਚ ਸੇਵਾ ਮੁਕਤ ਹੋਇਆ ਤਾਂ ਉਹ ਉਸ ਸਮੇਂ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਟਾਈਮਜ ਅਖ਼ਬਾਰ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਵਿਸ਼ੇਸ ਤੌਰ ਤੇ ਫੋਨ ਕਰਕੇ ਅਖ਼ਬਾਰ ਲਈ ਲੇਖ ਲਿਖਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤਾਂ ਨੌਕਰੀ ਸਮੇਂ ਸਰਕਾਰੀ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਤਿਆਰ ਕਰਦਾ ਰਿਹਾ ਹਾਂ ਮੇਰੀ ਤਾਂ ਲੇਖਣੀ ਵਿਚ ਸਰਕਾਰੀਪੁਣਾ ਹੋਵੇਗਾ ਪ੍ਰੰਤੂ ਉਨ੍ਹਾਂ ਕਿਹਾ ਕਿ ਤੁਹਾਡਾ ਤਜ਼ਰਬਾ ਕੰਮ ਆਵੇਗਾ, ਤੁਸੀਂ ਜ਼ਰੂਰ ਲੇਖ ਭੇਜਿਆ ਕਰੋ। ਮੈਨੂੰ ਸਥਾਪਤ ਕਰਨ ਵਿਚ ਵੀ ਭੁਲਰ ਸਾਹਿਬ ਦਾ ਵੱਡਾ ਯੋਗਦਾਨ ਹੈ , ਜਿਸ ਲਈ ਮੈਂ ਸਦਾ ਉਨਾਂ ਦਾ ਰਿਣੀ ਰਹਾਂਗਾ। ਉਨ੍ਹਾਂ ਦੇ ਸੁਭਾਅ ਦੀ ਇਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ਗੁੱਸਾ ਕਦੀਂ ਆਉਂਦਾ ਹੀ ਨਹੀਂ ਸੀ। ਉਹ ਹਮੇਸ਼ਾ ਹਰ ਵਿਅਕਤੀ, ਪੱਤਰਕਾਰ ਲਈ ਉਸਾਰੂ ਯੋਗਦਾਨ ਪਾਉਣ ਵਿਚ ਵਿਸ਼ਵਾਸ ਰੱਖਦੇ ਸਨ। ਪੰਜਾਬੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਅਣਹੋਂਦ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਕਿਉਂਕਿ ਪੰਜਾਬੀ ਪੱਤਰਕਾਰੀ ਨੂੰ ਜਿਹੜਾ ਘਾਟਾ ਉਨ੍ਹਾਂ ਦੇ ਜਾਣ ਨਾਲ ਪਿਆ ਹੈ, ਉਹ ਕਦੀਂ ਵੀ ਪੂਰਾ ਨਹੀਂ ਹੋ ਸਕਣਾ। ਮੈਂ 22 ਨਵੰਬਰ ਨੂੰ ਅਮਰੀਕਾ ਆਉਣਾ ਸੀ ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ 18 ਨਵੰਬਰ ਨੂੰ ਮੋਹਾਲੀ ਉਨ੍ਹਾਂ ਦੇ ਘਰ ਗਿਆ ਸੀ। ਭਾਵੇਂ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਸੀ ਪ੍ਰੰਤੂ ਉਹ ਚੜ੍ਹਦੀ ਕਲਾ ਵਿਚ ਸਨ। ਮੇਰੇ ਨਾਲ ਉਨ੍ਹਾਂ ਪੱਤਰਕਾਰੀ ਅਤੇ ਹੋਰ ਮਹਿੰਗਾਈ ਵਰਗੇ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਵੀ ਸਮਾਜਿਕ ਮੁੱਦਿਆਂ ਬਾਰੇ ਕਿਤਨੇ ਸੰਜੀਦਾ ਸਨ।
ਮੋਬਾਈਲ - 94178 13072
ਈ ਮੇਲ : ujagarsingh48@yahoo.com
ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ - ਉਜਾਗਰ ਸਿੰਘ
ਬਲਾਤਕਾਰਾਂ ਦੇ ਕੇਸਾਂ ਵਿਚ ਦੋਸ਼ੀਆਂ ਨੂੰ ਸਜਾਵਾਂ ਮਿਲਣ ਵਿਚ ਦੇਰੀ ਕਿਉਂ ਹੁੰਦੀ ਹੈ ਅਤੇ ਸਜਾਵਾਂ ਕਿਉਂ ਨਹੀਂ ਹੁੰਦੀਆਂ, ਇਸ ਮੁੱਦੇ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਇਹ ਬੇਇਨਸਾਫੀ ਕਿਸੇ ਇਕ ਕਾਰਨ ਕਰਕੇ ਨਹੀਂ ਸਗੋਂ ਇਸਦੇ ਬਹੁਪਰਤੀ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੇ ਕੇਸਾਂ ਵਿਚ ਸਿਆਸਤਦਾਨ ਅਤੇ ਪ੍ਰਭਾਵਸ਼ਾਲੀ ਲੋਕ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ। ਵੱਡੇ ਲੋਕ ਜਿਨ੍ਹਾਂ ਵਿਚ ਐਮ ਪੀ, ਵਿਧਾਨਕਾਰ ਅਤੇ ਹੋਰ ਉਚ ਅਹੁਦਿਆਂ ਤੇ ਤਾਇਨਾਤ ਅਧਿਕਾਰੀ ਸ਼ਾਮਲ ਹਨ, ਉਨ੍ਹਾਂ ਦੇ ਕੇਸਾਂ ਦੇ ਜਾਂ ਤਾਂ ਫੈਸਲੇ ਲਮਕਾਏ ਜਾ ਰਹੇ ਹਨ ਜਾਂ ਪੁਲਿਸ ਸਰਕਾਰੀ ਸ਼ਹਿ ਹੋਣ ਕਰਕੇ ਨੇਪਰੇ ਨਹੀਂ ਚੜ੍ਹਨ ਦਿੰਦੀ। ਏ ਆਈ ਪੀ ਡਵਲਯੂ ਏ ਦੀ ਪ੍ਰਧਾਨ ਰਤੀ ਰਾਓ ਅਤੇ ਜਨਰਲ ਸਕੱਤਰ ਮੀਨਾ ਤਿਵਾੜੀ ਅਨੁਸਾਰ ਲਗਪਗ ਦੋ ਦਰਜਨ ਪਤਵੰਤਿਆਂ ਵਲੋਂ ਕੀਤੇ ਗਏ ਬਲਾਤਕਾਰਾਂ ਦੇ ਕੇਸ ਠੰਡੇ ਬਸਤਿਆਂ ਵਿਚ ਰੱਖੇ ਹੋਏ ਹਨ। ਦੂਜੇ ਨੰਬਰ ਤੇ ਪੁਲਿਸ ਪ੍ਰਸ਼ਾਸਨ ਲਾਲਚ ਵਸ ਕੇਸਾਂ ਨੂੰ ਲਮਕਾ ਦਿੰਦਾ ਹੈ। ਇਸ ਤੋਂ ਬਾਅਦ ਗਵਾਹਾਂ ਨੂੰ ਲਾਲਚ ਦੇ ਕੇ ਮੁਕਰਾ ਦਿੱਤਾ ਜਾਂਦਾ ਹੈ। ਕਈ ਵਾਰ ਪੁਲਿਸ ਦੇ ਮੁਲਾਜ਼ਮ ਹੀ ਕੇਸ ਨੂੰ ਕਮਜ਼ੋਰ ਬਣਾਉਂਦੇ ਹਨ ਅਤੇ ਜਦੋਂ ਉਨ੍ਹਾਂ ਦੀ ਗਵਾਹੀ ਦਾ ਸਮਾਂ ਆਉਂਦਾ ਹੈ, ਉਹ ਹੀ ਮੁਕਰ ਜਾਂਦੇ ਹਨ। ਪੁਲਿਸ ਨੂੰ ਜਵਾਬਦੇਹ ਬਣਾਉਣਾ ਅਤਿਅੰਤ ਜ਼ਰੂਰੀ ਹੈ। ਕਾਨੂੰਨੀ ਪ੍ਰਕ੍ਰਿਆ ਵਿਚ ਪ੍ਰਭਾਵਤ ਲੜਕੀ ਤੋਂ ਅਜ਼ੀਬ ਕਿਸਮ ਦੇ ਸਵਾਲ ਪੁਛੇ ਜਾਂਦੇ ਹਨ, ਜਿਹੜੇ ਲੜਕੀਆਂ ਨੂੰ ਡੀਮਾਰਲਾਈਜ ਕਰਦੇ ਹਨ। ਪ੍ਰਭਾਵਸ਼ਾਲੀ ਲੋਕ ਪੁਲਿਸ ਵਾਲਿਆਂ ਦੀ ਮਦਦ ਨਾਲ ਪ੍ਰਭਾਵਤ ਲੜਕੀਆਂ ਤੇ ਸਮਝੌਤਾ ਕਰਨ ਜਾਂ ਕੇਸ ਵਾਪਸ ਲੈਣ ਦਾ ਦਬਾਓ ਪਾਇਆ ਜਾਂਦਾ ਹੈ। ਜੇ ਉਹ ਸਮਝੌਤਾ ਨਹੀਂ ਕਰਦੇ ਤਾਂ ਲੜਕੀਆਂ ਦੇ ਵਾਰਸਾਂ ਤੇ ਪੁਲਿਸ ਝੂਠੇ ਕੇਸ ਬਣਾ ਦਿੰਦੀ ਹੈ। ਦੋਸ਼ੀ ਜ਼ਮਾਨਤ ਤੇ ਆ ਕੇ ਇਨਸਾਫ ਦੇ ਰਾਹ ਵਿਚ ਰੋੜਾ ਬਣਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਸਾਡੇ ਦੇਸ ਵਾਸੀਆਂ ਦਾ ਅਜੇ ਤੱਕ ਕੌਮੀ ਕਰੈਕਟਰ ਹੀ ਨਹੀਂ ਬਣਿਆਂ। ਜਿਤਨੀ ਦੇਰ ਕੌਮੀ ਕਰੈਕਟਰ ਨਹੀਂ ਬਣਦਾ, ਉਤਨੀ ਦੇਰ ਪ੍ਰਭਾਵਤ ਲੜਕੀਆਂ ਨੂੰ ਇਨਸਾਫ ਮਿਲਣਾ ਤਾਂ ਇਕ ਪਾਸੇ ਰਿਹਾ ਦੋਸ਼ੀਆਂ ਨੂੰ ਸਜਾਵਾਂ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲੋਕਤੰਤਰ ਦੇ ਤਿੰਨ ਥੰਮ ਲੈਜਿਸਲੇਚਰ, ਕਾਰਜਕਾਰੀ ਅਤੇ ਨਿਆਇਕ ਪ੍ਰਣਾਲੀ ਆਪਣੇ ਫਰਜ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਭਾਰਤ ਦੀ ਨਿਆਇਕ ਪ੍ਰਣਾਲੀ ਵੀ ਗੁੰਝਲਦਾਰ ਅਤੇ ਇਨਸਾਫ ਨੂੰ ਲਮਕਾਉਣ ਵਾਲੀ ਹੈ। ਵਾਰ ਵਾਰ ਤਕਨੀਕੀ ਢੰਗ ਅਪਣਾ ਕੇ ਤਰੀਕਾਂ ਲੈ ਕੇ ਕੇਸ ਲਮਕਾਏ ਜਾਂਦੇ ਹਨ। ਜੇਕਰ ਹੇਠਲੀ ਕੋਰਟ ਵੱਲੋਂ ਸਜਾ ਹੋ ਜਾਂਦੀ ਹੈ ਤਾਂ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਵਿਚ ਅਪੀਲ ਹੋ ਜਾਂਦੀ ਹੈ, ਕਈ ਵਾਰ ਸਜਾ ਕਨਫਰਮ ਕਰਨ ਵਿਚ ਦੇਰੀ ਕਰ ਦਿੱਤੀ ਜਾਂਦੀ ਹੈ। ਅਖ਼ੀਰ ਵਿਚ ਰਾਸ਼ਟਰਪਤੀ ਕੋਲ ਅਪੀਲ ਆ ਜਾਂਦੀ ਹੈ। ਜਿਹੜੀ ਕਈ ਸਾਲਾਂ ਤੱਕ ਲਮਕਦੀ ਰਹਿੰਦੀ ਹੈ। ਦਿੱਲੀ ਵਿਖੇ ਸਭ ਤੋਂ ਚਰਚਿਤ ਅਤੇ ਦਰਿੰਦਗੀ ਵਾਲੇ ਨਿਰਭੈ ਬਲਾਤਕਾਰ ਕੇਸ ਵਿਚ 7 ਸਾਲਾਂ ਬਾਅਦ ਵੀ ਅਜੇ ਤੱਕ ਫਾਂਸੀ ਦੀ ਸਜਾ ਨਹੀਂ ਸਿਰੇ ਚੜ੍ਹੀ। ਦੇਸ਼ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਸਭਿਅਕ ਸਮਾਜ ਵਿਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹਨ। ਅਸਿਫਾਬਾਦ ਵਿਚ ਪ੍ਰਿਅੰਕਾ ਰੈਡੀ ਦੇ ਬਲਾਤਕਾਰ ਦੇ ਕੇਸ ਦੇ ਰਿਪੋਰਟ ਹੋਣ ਤੋਂ ਤਿੰਨ ਦਿਨ ਪਹਿਲਾਂ ਤੀਹ ਸਾਲਾ ਦਲਿਤ ਇਸਤਰੀ ਨਾਲ ਬਲਾਤਕਾਰ ਕਰਕੇ ਮਾਰ ਦਿੱਤੀ ਗਈ। ਪ੍ਰਸ਼ਸਾਨ ਦੇ ਕੰਨ ਤੇ ਜੂੰ ਨਹੀਂ ਸਰਕੀ। ਤਿਲੰਗਨਾ ਰਾਜ ਵਿਚ ਸਾਦਨਗਰ ਵਿਖੇ ਤਾਜ਼ਾ ਘਟਨਾ 24 ਸਾਲਾ ਪਸ਼ੂਆਂ ਦੀ ਡਾਕਟਰ ਪ੍ਰਿਅੰਕਾ ਰੈਡੀ ਨਾਲ ਸਮੂਹਿਕ ਬਲਾਤਕਾਰ ਕਰਕੇ ਸਬੂਤ ਖ਼ਤਮ ਕਰਨ ਲਈ ਸਾੜ ਕੇ ਮਾਰਨ ਦੀ ਖ਼ਬਰ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਭਾਰਤ ਦੇ ਸਮਾਜਿਕ ਤਾਣੇ ਬਾਣੇ ਵਿਚ ਫੈਲੀ ਅਸਥਿਰਤਾ ਦਾ ਪ੍ਰਗਟਾਵਾ ਕਰਦੀਆਂ ਹਨ। ਆਮ ਤੌਰ ਤੇ ਅਮੀਰ ਘਰਾਂ ਦੇ ਕਾਕੇ ਅਤੇ ਸਿਆਸੀ ਸ਼ਹਿ ਪ੍ਰਾਪਤ ਅਸਰ ਰਸੂਖ ਵਾਲੇ ਲੋਕ ਅਜਿਹੀਆਂ ਘਟਨਾਵਾਂ ਵਿਚ ਸ਼ਾਮਲ ਹੁੰਦੇ ਸਨ ਪ੍ਰੰਤੂ ਪ੍ਰਿਅੰਕਾ ਰੈਡੀ ਦੇ ਸਮੂਹਿਕ ਬਲਾਤਕਾਰ ਵਿਚ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦਾ ਸ਼ਾਮਲ ਹੋਣਾ ਮਨੁੱਖਤਾ ਦੀ ਖੋਖਲੀ ਮਾਨਸਿਕਤਾ ਦਾ ਪ੍ਰਤੀਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਥਿਤ 4 ਬਲਾਤਕਾਰੀ ਦਰਿੰਦਿਆਂ ਦੀ ਦਲੇਰੀ ਵੇਖਣ ਵਾਲੀ ਹੈ ਕਿ ਬੇਖੌਫ ਹੋ ਕੇ ਬਲਾਤਕਾਰ ਕਰਨ ਤੋਂ ਬਾਅਦ ਨੌਜਵਾਨ ਲੜਕੀ ਪ੍ਰਿਅੰਕਾ ਰੈਡੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਘਟਨਾ ਸਥਾਨ ਤੋਂ ਚਾਲੀ ਕਿਲੋਮੀਟਰ ਦੂਰ ਟਰੱਕ ਵਿਚ ਲਾਸ਼ ਰੱਖ ਕੇ ਚਟਨਪਲੀ ਦੇ ਸਥਾਨ ਤੇ ਇਕ ਹਾਈਵੇ ਦੇ ਪੁਲ ਦੇ ਹੇਠਾਂ ਤੇਲ ਪਾ ਕੇ ਅੱਗ ਲਗਾਕੇ ਸਾੜ ਦਿੱਤਾ। ਘਟਨਾ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਜਿਵੇਂ ਕੋਈ ਉਨ੍ਹਾਂ ਨੂੰ ਪੁਲਿਸ ਦਾ ਡਰ ਭੈ ਹੀ ਨਹੀਂ ਸੀ। ਪ੍ਰਿਅੰਕਾ ਰੈਡੀ ਦੀ ਭੈਣ ਐਫ ਆਈ ਆਰ ਦਰਜ ਕਰਵਾਉਣ ਲਈ ਖਜਲਖੁਆਰ ਹੁੰਦੀ ਰਹੀ ਪੁਲਿਸ ਰਿਪੋਰਟ ਦਰਜ ਕਰਨ ਤੋਂ ਕੰਨੀ ਕਤਰਾਉਂਦੀ ਰਹੀ। ਦੂਜੇ ਪਾਸੇ ਵੱਡੀ ਗੈਰਕਾਨੂੰਨੀ ਗੱਲ ਇਹ ਹੈ ਕਿ ਪੁਲਿਸ ਨੇ ਰਾਤ ਨੂੰ ਹੀ ਦੋਸ਼ੀ ਪਕੜ ਲਏ ਅਤੇ ਉਸੇ ਰਾਤ ਘਟਨਾ ਸਥਾਨ ਤੇ ਲਿਜਾਕੇ ਇਨਕਾਊਂਟਰ ਕਰਕੇ ਚਾਰੇ ਕਥਿਤ ਦੋਸ਼ੀ ਮਾਰ ਦਿੱਤੇ। ਹੋ ਸਕਦਾ ਇਨ੍ਹਾਂ ਨੂੰ ਮਾਰਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦਾ ਢੰਗ ਵਰਤਿਆ ਗਿਆ ਹੋਵੇ ਕਿਉਂਕਿ ਛਤੀਸਗੜ੍ਹ ਵਿਚ ਪੁਲਿਸ ਨੇ ਇਕ ਲੜਕੀ ਮੀਨਾ ਖਲੋਖੋ ਦਾ ਇਨਕਾਊਂਟਰ ਕਰਕੇ ਮਾਰ ਦਿੱਤੀ ਸੀ ਤੇ ਕਿਹਾ ਗਿਆ ਸੀ ਕਿ ਉਹ ਖੂੰਖਾਰ ਮਾਓਵਾਦੀ ਅਤਵਾਦੀ ਸੀ। ਅਸਲ ਵਿਚ ਉਸਦਾ ਸਮੂਹਿਕ ਬਲਾਤਕਾਰ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਕੀਤਾ ਸੀ, ਜਿਸ ਦਾ ਪਤਾ ਸੀ ਬੀ ਆਈ ਪੜਤਾਲ ਤੋਂ ਲੱਗਿਅ ਸੀ। ਭਾਵੇਂ ਪੁਲਿਸ ਕਹਿ ਰਹੀ ਹੈ ਕਿ ਬਲਾਤਕਾਰ ਦੇ ਚਾਰ ਦੋਸ਼ੀਆਂ ਨੇ ਘਟਨਾ ਸਥਾਨ ਤੋਂ ਪੁਲਿਸ ਦੀਆਂ ਬੰਦੂਕਾਂ ਖੋਹ ਕੇ ਭੱਜਣ ਦੀ ਕੋਸਿਸ਼ ਕੀਤੀ ਸੀ, ਇਸ ਕਰਕੇ ਉਨ੍ਹਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਦੀ ਇਹ ਥਿਊਰੀ ਆਮ ਲੋਕਾਂ ਦੇ ਗਲੇ ਉਤਰ ਨਹੀਂ ਰਹੀ ਕਿਉਂਕਿ 2008 ਵਿਚ ਵੀ ਹੈਦਰਾਬਾਦ ਪੁਲਿਸ ਨੇ ਏਸਿਡ ਅਟੈਕ ਕਰਨ ਵਾਲੇ ਤਿੰਨ ਨੌਜਵਾਨਾ ਨੂੰ ਝੂਠਾ ਇਨਕਾਊਂਟਰ ਕਰਕੇ ਮਾਰ ਦਿੱਤਾ ਸੀ। ਲੋਕ ਸਭ ਜਾਣਦੇ ਹਨ ਕਿ ਇਹ ਇਨਕਾਊਂਟਰ ਝੂਠਾ ਹੈ ਕਿਉਂਕਿ ਨਿਹੱਥੇ ਵਿਅਕਤੀ ਪੁਲਿਸ ਕੋਲੋਂ ਭੱਜਣ ਦੀ ਹਿੰਮਤ ਨਹੀਂ ਕਰ ਸਕਦੇ। ਪ੍ਰੰਤੂ ਆਮ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰ ਰਹੇ ਹਨ। ਦੋਸ਼ੀਆਂ ਨੇ ਘਿਨਾਉਣੀ ਹਰਕਤ ਕੀਤੀ, ਜਿਸ ਕਰਕੇ ਦੇਸ ਦੇ ਲੋਕਾਂ ਵਿਚ ਗੁੱਸਾ ਹੈ। ਇਸ ਕਰਕੇ ਹੀ ਲੋਕ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ। ਪੁਲਿਸ ਦੀ ਇਹ ਕਾਰਵਾਈ ਕਾਨੂੰਨ ਅਨੁਸਾਰ ਸਰਾਸਰ ਗ਼ਲਤ ਹੈ। ਪੁਲਿਸ ਨੂੰ ਕਾਨੂੰਨ ਆਪਣੇ ਹੱਥ ਨਹੀਂ ਲੈਣਾ ਚਾਹੀਦਾ ਸੀ। ਪੁਲਿਸ ਵੀ ਕੀ ਕਰੇ ਉਹ ਵੀ ਮਜ਼ਬੂਰ ਹੈ ਕਿਉਂਕਿ ਦੇਸ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ ਪ੍ਰੰਤੂ ਕਾਨੂੰਨ ਉਹ ਪੁਰਾਣੇ ਘਸੇ ਪਿਟੇ ਹਨ, ਜਿਨ੍ਹਾਂ ਦੇ ਚਲਦਿਆਂ ਦੋਸ਼ੀਆਂ ਨੂੰ ਸਜਾ ਦਿਵਾਉਣੀ ਪੁਲਿਸ ਦੇ ਵਸ ਦੀ ਗੱਲ ਨਹੀਂ ਕਿਉਂਕਿ ਸਾਡੀ ਨਿਆਇਕ ਪ੍ਰਣਾਲੀ ਅਨੁਸਾਰ ਮੌਕੇ ਦਾ ਗਵਾਹ ਹੋਣਾ ਜ਼ਰੂਰੀ ਹੈ। ਅਜਿਹੀ ਘਟਨਾ ਵਿਚ ਮੌਕੇ ਦਾ ਗਵਾਹ ਪੁਲਿਸ ਕਿਥੋਂ ਲਿਆਏਗੀ। ਜੇਕਰ ਝੂਠਾ ਗਵਾਹ ਖੜ੍ਹਾ ਕੀਤਾ ਜਾਵੇਗਾ ਤਾਂ ਵਕੀਲ ਗਵਾਹ ਨੂੰ ਉਲਝਾ ਲੈਂਦੇ ਹਨ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਮਨੁੱਖੀ ਹੱਕਾਂ ਦੇ ਰਖਵਾਲੇ ਦੋਸ਼ੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆ ਜਾਂਦੇ ਹਨ ਕਿਉਂਕਿ ਸਜਾ ਦੇਣ ਦਾ ਹੱਕ ਪੁਲਿਸ ਨੂੰ ਨਹੀਂ ਸਗੋਂ ਨਿਆਇਕ ਪ੍ਰਣਾਲੀ ਨੂੰ ਹੈ। ਪ੍ਰੰਤੂ ਅਫਸੋਸ ਇਸ ਗੱਲ ਦਾ ਹੈ ਕਿ ਮਨੁੱਖੀ ਹੱਕਾਂ ਦੇ ਰਖਵਾਲੇ ਜ਼ੁਰਮ ਕਰਨ ਵਾਲਿਆਂ ਦੇ ਹੱਕ ਵਿਚ ਤਾਂ ਆ ਜਾਂਦੇ ਹਨ ਪ੍ਰੰਤੂ ਜਦੋਂ ਮਜ਼ਲੂਮਾਂ ਉਪਰ ਜ਼ੁਲਮ ਹੁੰਦਾ ਹੈ, ਉਦੋਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਥੇ ਹੁੰਦੇ ਹਨ ਉਦੋਂ ਉਹ ਮੂੰਹ ਵਿਚ ਘੁੰਗਣੀਆਂ ਪਾ ਲੈਂਦੇ ਹਨ। ਮਨੁੱਖੀ ਹੱਕ ਤਾਂ ਸਾਰਿਆਂ ਦੇ ਬਰਾਬਰ ਹੁੰਦੇ ਹਨ। ਜਦੋਂ ਇਹ ਦਰਿੰਦੇ ਲੜਕੀਆਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ ਤਾਂ ਮਨੁੱਖੀ ਹੱਕਾਂ ਦੇ ਰਖਵਾਲੇ ਕਿਉਂ ਨਹੀਂ ਅੱਗੇ ਆਉਂਦੇ। ਇਹ ਵੇਖਣ ਵਿਚ ਆਇਆ ਹੈ ਕਿ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੀਆਂ ਸੰਸਥਾਵਾਂ ਮੁਜ਼ਰਮ ਦਾ ਪੱਖ ਪੂਰਦੀਆਂ ਹਨ। ਪੁਲਿਸ ਨੇ ਵੀ ਇਹ ਇਨਕਾਊਂਟਰ ਗ਼ਰੀਬ ਦੋਸ਼ੀਆਂ ਦਾ ਕੀਤਾ ਹੈ। ਜੇਕਰ ਅਸਰ ਰਸੂਖ਼ ਵਾਲਿਆਂ ਦਾ ਕਰਦੀ ਫਿਰ ਤਾਂ ਪਤਾ ਲੱਗਦਾ ਕਿ ਪੁਲਿਸ ਵਿਚ ਕਿਤਨੀ ਜ਼ੁਅਰਤ ਹੈ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜਾ ਮਿਲਣ ਦੀ ਦਰ 1973 ਵਿਚ 44 ਫ਼ੀ ਸਦੀ, 1987 ਵਿਚ 37 ਫੀ ਸਦੀ, 2009 ਵਿਚ 26 ਫ਼ੀ ਸਦੀ, 2010 ਵਿਚ 24 ਫ਼ੀ ਸਦੀ ਅਤੇ 2012 ਵਿਚ 27 ਫ਼ੀ ਸਦੀ ਰਹੀ ਹੈ। 2013 ਦੀ ਰਿਪੋਰਟ ਅਨੁਸਾਰ 2012 ਵਿਚ 24923 ਬਲਾਤਕਾਰ ਦੇ ਕੇਸ ਹੋਏ, ਜਿਨ੍ਹਾਂ ਵਿਚੋਂ 24470 ਕੇਸਾਂ ਵਿਚ ਸਬੂਤ ਨਾ ਹੋਣ ਕਰਕੇ ਸਜਾ ਨਹੀਂ ਹੋ ਸਕੀ ਭਾਵ 98 ਫ਼ੀ ਸਦੀ ਕੇਸ ਫੇਲ੍ਹ ਹੋ ਗਏ। ਨੈਸ਼ਨਲ ਕਰਾਈਮ ਰਿਕਾਰਡਜ ਬਿਊਰੋ ਅਨੁਸਾਰ ਰਾਜਸਥਾਨ ਦਾ ਜੋਧਪੁਰ ਅਤੇ ਦਿੱਲੀ ਸ਼ਹਿਰਾਂ ਵਿਚ 2015 ਵਿਚ ਸਭ ਤੋਂ ਜ਼ਿਆਦਾ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ ਸਨ। ਏ ਡੀ ਆਰ ਦੀ ਇਕ ਰਿਪੋਰਟ ਅਨੁਸਾਰ ਪ੍ਰਭਾਵਸ਼ਾਲੀ ਦੋਸ਼ੀਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਜ਼ਿਆਦ ਲੋਕ ਸ਼ਾਮਲ ਹਨ। ਉਨ੍ਹਾਂ ਦੇ ਕੁਝ ਚਰਚਿਤ ਕੇਸ ਅਜੇ ਵੀ ਕਚਹਿਰੀਆਂ ਵਿਚ ਲਟਕਦੇ ਹਨ, ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ, ਉਨ੍ਹਾਂ ਵਿਚ 2009 ਵਿਚ ਇਕ ਰੂਸ ਦੀ ਲੜਕੀ ਦਾ ਬਲਾਤਕਾਰ, 16 ਦਸੰਬਰ 2012 ਨੂੰ ਦਿੱਲੀ ਵਿਖੇ ਨਿਰਭੈ ਬਲਾਤਕਾਰ, ਮਾਰਚ 2013 ਵਿਚ ਸਵਿਟਜ਼ਰੈਂਡ ਦੀ ਵਿਆਹੁਤਾ ਇਸਤਰੀ ਦਾ ਉਸਦੇ ਪਤੀ ਦੇ ਸਾਹਮਣੇ ਸਮੂਹਕ ਬਲਾਤਕਾਰ ਕੀਤਾ ਗਿਆ, ਅਗਸਤ 2013 ਵਿਚ 22 ਸਾਲਾ ਫੋਟੋ ਜਰਨਲਿਸਟ ਦਾ ਬੰਬਈ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ, 14 ਮਾਰਚ 2015 ਨੂੰ ਪੱਛਵੀਂ ਬੰਗਾਲ ਵਿਚ 71 ਸਾਲਾ ਨਨ ਨਾਲ ਸਮੂਹਿਕ ਬਲਾਤਕਾਰ, 29 ਮਾਰਚ 2016 ਨੂੰ ਰਾਜਸਥਾਨ ਦੇ ਕਾਲਜ ਦੇ ਹੋਸਟਲ ਵਿਚ 17 ਸਾਲਾ ਦਲਿਤ ਲੜਕੀ ਨਾਲ ਪ੍ਰਿੰਸੀਪਲ, ਹੋਸਟਲ ਵਾਰਡਨ ਅਤੇ ਇਕ ਅਧਿਆਪਕ ਨੇ ਬਲਾਤਕਾਰ ਕਰਕੇ ਮਾਰ ਕੇ ਹੋਸਟਲ ਦੀ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤਾ, 2017 ਵਿਚ ਉਤਰ ਪ੍ਰਦੇਸ ਦੇ ਉਨਾਓ ਕਸਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਨਕਾਰ ਕੁਲਦੀਪ ਸਿੰਘ ਸੰਗਰ ਨੇ 17 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ, ਪਹਿਲਾਂ ਪੁਲਿਸ ਨੇ ਉਸ ਉਪਰ ਕੇਸ ਦਰਜ ਨਾ ਕੀਤਾ, ਜਦੋਂ ਲੋਕਾਂ ਦੇ ਦਬਾਓ ਤੋਂ ਬਾਅਦ ਕੇਸ ਦਰਜ ਕਰ ਲਿਆ ਤਾਂ ਸਮਝੌਤਾ ਕਰਨ ਲਈ ਜ਼ੋਰ ਪਾਇਆ ਗਿਆ। ਜਦੋਂ ਉਨ੍ਹਾਂ ਸਮਝੌਤਾ ਨਾ ਕੀਤਾ ਤਾਂ ਲੜਕੀ ਦੇ ਪਿਤਾ ਨੂੰ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਜੇਲ੍ਹ ਵਿਚ ਹੀ ਕੁੱਟ ਕੁੱਟ ਕੇ ਮਾਰ ਦਿੱਤਾ। ਇਕ ਗਵਾਹ ਯੂਨਸ ਨੂੰ ਵੀ ਮਰਵਾ ਦਿੱਤਾ। ਫਿਰ ਲੜਕੀ ਦੇ ਚਾਚੇ ਨੂੰ ਜੇਲ੍ਹ ਵਿਚ ਡੱਕ ਦਿੱਤਾ, ਜਿਹੜਾ ਉਸਦੇ ਕੇਸ ਦੀ ਪੈਰਵਾਈ ਕਰ ਰਿਹਾ ਸੀ। ਇਥੇ ਹੀ ਬਸ ਨਹੀਂ ਜਦੋਂ ਲੜਕੀ ਤਾਰੀਕ ਤੇ ਆਪਣੀਆਂ ਰਿਸ਼ਤੇਦਾਰ ਔਰਤਾਂ ਨਾਲ ਜਾ ਰਹੀ ਸੀ ਤਾਂ ਕਾਰ ਉਪਰ ਟਰੱਕ ਚੜ੍ਹਾ ਦਿੱਤਾ, ਜਿਸ ਵਿਚ 2 ਔਰਤਾਂ ਮਾਰੀਆਂ ਗਈਆਂ ਅਤੇ ਲੜਕੀ ਅਤੇ ਉਸਦਾ ਵਕੀਲ ਗੰਭੀਰ ਜ਼ਖਮੀ ਹੋ ਗਈ। ਕੁਲਦੀਪ ਸਿੰਘ ਸੰਗਰ ਜੇਲ੍ਹ ਵਿਚੋਂ ਹੀ ਸਾਰੀਆਂ ਕਾਰਵਾਈਆਂ ਕਰ ਰਿਹਾ ਹੈ। ਉਨਾਵ ਉਤਰ ਪ੍ਰਦੇਸ ਦਾ ਇਕ ਹੋਰ ਕੇਸ 12 ਦਸੰਬਰ 2018 ਨੂੰ 25 ਸਾਲਾ ਲੜਕੀ ਨਾਲ ਦੋ ਲੜਕਿਆਂ ਨੇ ਬਲਾਤਕਾਰ ਕੀਤਾ, ਜਿਸਦਾ ਕੇਸ ਚਲ ਰਿਹਾ ਸੀ ਪ੍ਰੰਤੂ ਕੇਸ ਵਾਪਸ ਲੈਣ ਲਈ ਦਬਾਓ ਪਾਇਆ ਜਾ ਰਿਹਾ ਸੀ। ਲੜਕੀ ਨੇ ਜਵਾਬ ਦੇ ਦਿੱਤਾ ਤਾਂ ਜ਼ਮਾਨਤ ਤੇ ਆਏ ਦੋਸ਼ੀਆਂ ਨੇ ਲੜਕੀ ਉਪਰ ਤੇਲ ਪਾ ਕੇ ਸਾੜ ਦਿੱਤਾ, ਜਿਸਦੀ 7 ਦਸੰਬਰ 2019 ਨੂੰ ਸਫਦਰਜੰਗ ਹਸਪਤਾਲ ਦਿੱਲੀ ਵਿਚ ਮੌਤ ਹੋ ਗਈ। 17 ਜਨਵਰੀ 2018 ਨੂੰ ਜੰਮੂ ਕਸ਼ਮੀਰ ਦੇ ਕਥੂਆ ਦੇ ਨੇੜੇ ਰਾਸਨਾ ਪਿੰਡ ਵਿਚ 8 ਸਾਲਾ ਲੜਕੀ ਆਸਫਾ ਨਾਲ ਬਲਾਤਕਾਰ ਕਰਕੇ ਕਤਲ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਜਦੋਂ ਪੁਲਿਸ ਨੇ ਦੋਸ਼ੀਆਂ ਵਿਰੁਧ ਕੇਸ ਦਰਜ ਕਰ ਲਿਆ ਤਾਂ ਜੰਮੂ ਕਸ਼ਮੀਰ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਕੇਸ ਦਰਜ ਕਰਨ ਵਿਰੁੱਧ ਦਿੱਤੇ ਧਰਨੇ ਵਿਚ ਬੈਠ ਗਏ। ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਹਨ। ਸਕੂਲ ਪੱਧਰ ਤੋਂ ਬੱਚਿਆਂ ਨੂੰ ਨੈਤਿਕਤਾ ਅਤੇ ਸੈਕਸ ਦੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤਾਂ ਜੋ ਉਹ ਵੱਡੇ ਹੋ ਕੇ ਚੰਗੇ ਸ਼ਹਿਰੀ ਬਣ ਸਕਣ। ਝੂਠੇ ਮੁਕਾਬਲਿਆਂ ਵਿਚ ਕਥਿਤ ਦੋਸ਼ੀਆਂ ਨੂੰ ਮਾਰਨ ਦੀ ਥਾਂ ਸਹੀ ਪੜਤਾਲ ਕਰਕੇ ਸਜਾਵਾਂ ਦਿਵਾਉਣਾ ਪੁਲਿਸ ਦਾ ਕੰਮ ਹੈ। ਸਜਾਵਾਂ ਦੇਣੀਆਂ ਕਚਹਿਰੀਆਂ ਦਾ ਕੰਮ ਹੈ। ਸਮਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੜਕਿਆਂ ਨੂੰ ਨੈਤਿਕਤਾ ਦੀ ਸਿਖਿਆ ਦੇਣ ਤਾਂ ਜੋ ਅਜਿਹੀਆਂ ਬਲਾਤਕਾਰਾਂ ਦੀਆਂ ਘਿਨਾਉਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਜਸਦੇਵ ਜੱਸ ਦੀ ਪੁਸਤਕ ''ਰੌਸ਼ਨੀ ਦੀਆਂ ਕਿਰਚਾਂ'' ਦਿਹਾਤੀ ਜੀਵਨ ਸ਼ੈਲੀ ਦਾ ਬ੍ਰਿਤਾਂਤ - ਉਜਾਗਰ ਸਿੰਘ
ਰੌਸ਼ਨੀ ਦੀਆਂ ਕਿਰਚਾਂ ਜਸਦੇਵ ਜੱਸ ਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਇਸ 104 ਪੰਨਿਆਂ, 200 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਅਤੇ ਸਪਰੈੱਡ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਪੁਸਤਕ ਵਿਚ 13 ਕਹਾਣੀਆਂ ਹਨ, ਜਿਹੜੀਆਂ ਦਿਹਾਤੀ ਜੀਵਨ ਸ਼ੈਲੀ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਬ੍ਰਿਤਾਂਤਿਕ ਢੰਗ ਨਾਲ ਜਾਣਕਾਰੀ ਦਿੰਦੀਆਂ ਹਨ। ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਪਿੰਡਾਂ ਦੇ ਜੀਵਨ ਵਿਚ ਵਿਚਰ ਰਹੇ ਲੋਕਾਂ ਦੇ ਸਮਾਜਿਕ ਸਰੋਕਾਰਾਂ, ਆਰਥਿਕ ਅਤੇ ਸਭਿਆਚਾਰਕ ਵਰਤਾਰੇ ਦੇ ਤਾਣੇ ਬਾਣੇ ਨਾਲ ਸੰਬੰਧਤ ਹਨ। ਇਸ ਪੁਸਤਕ ਦੀ ਸ਼ਬਦਾਵਲੀ ਦਿਹਾਤੀ, ਸਰਲ, ਸ਼ਪਸ਼ਟ, ਗਲਬਾਤੀ ਅਤੇ ਨਿਵੇਕਲੀ ਹੈ। ਕੁਝ ਕਹਾਣੀਆਂ ਨੂੰ ਛੱਡਕੇ ਬਾਕੀ ਕਹਾਣੀਆਂ ਵਿਚ ਅੱਗੇ ਪੜ੍ਹਨ ਲਈ ਦਿਲਚਸਪੀ ਬਣੀ ਰਹਿੰਦੀ ਹੈ। ਲਗਪਗ ਸਾਰੀਆਂ ਕਹਾਣੀਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਪ੍ਰੇਰਨਾ ਮਿਲਦੀ ਹੈ। ਕਹਾਣੀਕਾਰ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਸਨੇ ਕਹਾਣੀਆਂ ਦੀ ਰੌਚਿਕਤਾ ਬਣਾਉਣ ਲਈ ਇਸ਼ਕ ਮੁਸ਼ਕ ਦੀਆਂ ਬਾਤਾਂ ਵੀ ਪਾਈਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਸਮਾਜਿਕਤਾ ਦੀ ਝਲਕ ਵੀ ਆਉਂਦੀ ਹੈ। ਇਸਤਰੀ ਅਤੇ ਮਰਦ ਵਿਚ ਆਪਸੀ ਮਿਲਣ ਦੀ ਖਿੱਚ ਕੁਦਰਤੀ ਹੁੰਦੀ ਹੈ, ਜਿਸ ਬਾਰੇ ਕਈ ਕਹਾਣੀਆਂ ਵਿਚ ਦਰਸਾਇਆ ਗਿਆ ਹੈ। ਇਹ ਕਹਾਣੀਆਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ, ਉਨ੍ਹਾਂ ਨੂੰ ਵੀ ਦ੍ਰਿਸ਼ਟਾਂਤਿਕ ਢੰਗ ਨਾਲ ਪੇਸ਼ ਕਰਦੀਆਂ ਹਨ। ਦਿਹਾਤੀ ਪਰਿਵਾਰਾਂ ਵਿਚ ਬੰਦਸ਼ਾਂ ਅਧੀਨ ਜੀਵਨ ਬਸਰ ਕਰ ਰਹੀਆਂ ਲੜਕੀਆਂ ਅਤੇ ਉਨ੍ਹਾਂ ਦੇ ਰੁਮਾਂਸ ਕਰਨ ਦੇ ਢੰਗ ਦੀ ਪ੍ਰਵਿਰਤੀ ਵੀ ਦੱਸੀ ਗਈ ਹੈ। ਆਮ ਤੌਰ ਤੇ ਪੇਂਡੂ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੇ ਆਪਣੀ ਮਾਨਸਿਕ ਤ੍ਰਿਪਤੀ ਲਈ ਲੁਕ ਛਿਪ ਕੇ ਜਿਹੜੇ ਢੰਗ ਤਰੀਕੇ ਵਰਤਕੇ ਪੂਰਤੀ ਕਰਦੇ ਹਨ, ਉਸਦਾ ਪ੍ਰਗਟਾਵਾ ਵੀ ਇਸ ਪੁਸਤਕ ਦੀਆਂ ਕਹਾਣੀਆਂ ਕਰਦੀਆਂ ਹਨ। 'ਉਸ ਨੂੰ ਕਹੀਂ' ਸਿਰਲੇਖ ਵਾਲੀ ਕਹਾਣੀ ਵਿਚ ਦੀਪਾਂ ਅਤੇ ਉਸਦੀ ਸਹੇਲੀ ਅੰਜੂ ਦੋਵੇਂ ਇਕ ਦੂਜੀ ਤੋਂ ਚੋਰੀ ਇਕ ਲੜਕੇ ਨੂੰ ਪਿਆਰ ਕਰਦੀਆਂ ਹਨ। ਇਕ ਦੂਜੀ ਨਾਲ ਮਿਤਰਤਾ ਦੇ ਢੌਂਗ ਵਿਚ ਖ਼ਾਰ ਵੀ ਖਾਂਦੀਆਂ ਹਨ, ਜਿਸ ਨਾਲ ਲੜਕੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਸ ਲੜਕੇ ਦੀ ਪ੍ਰਾਪਤੀ ਲਈ ਦੋਵੇਂ ਇਕੋ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਕੇ ਉਸਨੂੰ ਆਪੋ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਦਿਹਾਤੀ ਇਲਾਕਿਆਂ ਵਿਚ ਲੜਕੀਆਂ ਅਤੇ ਲੜਕੀਆਂ ਦੇ ਮਿਲਣ ਨੂੰ ਵਰਜਿਤ ਵਿਖਾਇਆ ਗਿਆ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਰੌਸ਼ਨੀ ਦੀਆਂ ਕਿਰਚਾਂ' ਵਿਚ ਇਸਤਰੀ ਅਤੇ ਮਰਦ ਦੀ ਵਿਆਹੁਤਾ ਜੀਵਨ ਦਾ ਆਨੰਦ ਮਾਨਣ ਦੀ ਲਾਲਸਾ ਵਿਖਾਈ ਗਈ ਹੈ। ਇਸ ਰੌਸ਼ਨੀ ਦੀ ਪ੍ਰਾਪਤੀ ਲਈ ਕਿਸ ਪ੍ਰਕਾਰ ਦੋਵੇਂ ਤਰਲੋਮੱਛੀ ਹੁੰਦੇ ਰਹਿੰਦੇ ਹਨ। ਜੇਕਰ ਉਨ੍ਹਾਂ ਦੀ ਇਹ ਇੱਛਾ ਦੀ ਪ੍ਰਾਪਤੀ ਨਾ ਹੋਵੇ ਤਾਂ ਭਾਗੂ ਅਤੇ ਚੰਨੋਂ ਦੀ ਤਰ੍ਹਾਂ ਉਸਲਵੱਟੇ ਲੈਂਦੇ ਰਹਿੰਦੇ ਹਨ ਪ੍ਰੰਤੂ ਸਮਾਜਿਕ ਨੈਤਿਕਤਾ ਦਾ ਪੱਲਾ ਵੀ ਨਹੀਂ ਛੱਡਦੇ। ਦੁਨੀਆਂਦਾਰੀ ਵਿਚ ਵਿਚਰਦਿਆਂ ਲੁਕਣ ਮੀਟੀ ਖੇਡਦੇ ਹਨ। ਢਲਾਣ 'ਤੇ ਰੁਕੇ ਕਦਮ ਕਹਾਣੀ ਵਿਚ ਦਸਾਂ ਨਹੁਾੰਂ ਦੀ ਕਿਰਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਜਿਸ ਵਿਚ ਪ੍ਰੀਤਮ ਸਿੰਘ ਦੀ ਵਿਹਲਾ ਰਹਿਣ ਤੇ ਸੰਤੁਸ਼ਟੀ ਨਹੀਂ ਹੁੰਦੀ ਪ੍ਰੰਤੂ ਉਸਦੇ ਬੱਚੇ ਅਮੀਰ ਹੋਣ ਤੇ ਜਲਦੀ ਹੀ ਪੈਰ ਛੱਡ ਜਾਂਦੇ ਹਨ, ਬਜ਼ੁਰਗਾਂ ਦੀ ਕਦਰ ਨਹੀਂ ਕਰਦੇ ਅਤੇ ਨਾਲ ਹੀ ਆਪਣੀ ਅਣਗਹਿਣੀ ਕਰਕੇ ਪਛਤਾਉਂਦੇ ਹਨ। 'ਬੁਝੇ ਹੋਏ' ਕਹਾਣੀ ਵਿਚ ਮਰਦ ਅਤੇ ਔਰਤ ਦੀਆਂ ਅਸੰਤੁਲਤ ਭਾਵਨਾਵਾਂ ਪਦਮਾ ਅਤੇ ਦੇਵ ਦੇ ਪਾਤਰਾਂ ਰਾਹੀਂ ਦ੍ਰਿਸ਼ਟਾਂਤ ਕੀਤਾ ਗਿਆ ਹੈ। ਪਦਮਾ ਨੂੰ ਇਕ ਬੁਝਾਰਤ ਤੇ ਗੁੰਝਲਦਾਰ ਇਸਤਰੀ ਦੇ ਕਿਰਦਾਰ ਪੇਸ਼ ਕੀਤਾ ਗਿਆ ਹੈ, ਜਿਸਦੀ ਮਾਨਸਿਕਤਾ ਨੂੰ ਦੇਵ ਸਮਝ ਹੀ ਨਹੀਂ ਸਕਿਆ। ਔਰਤ ਨੂੰ ਸਮਝਣਾ ਬੜਾ ਕਠਿਨ ਕੰਮ ਹੈ। ਇਸਤਰੀ ਭਾਵੇਂ ਪਤਨੀ ਜਾਂ ਪ੍ਰੇਮਿਕਾ ਦੇ ਰੂਪ ਵਿਚ ਹੋਵੇ ਤਾਂ ਉਹ ਮਰਦ ਤੇ ਬੰਦਸ਼ਾਂ ਦਾ ਟੋਕਰਾ ਟਿਕਾ ਦਿੰਦੀ ਹੈ। ਅਰਥਾਤ ਆਪਣੀ ਮਰਜੀ ਅਨੁਸਾਰ ਮਰਦ ਨੂੰ ਉਂਗਲਾਂ ਤੇ ਨਚਾਉਣਾ ਚਾਹੁੰਦੀ ਹੈ। ਉਹ ਗਿਰਗਟ ਦੀ ਤਰ੍ਹਾਂ ਰੰਗ ਬਦਲਦੀ ਹੈ। ਜਾਦੂ ਕਹਾਣੀ ਵਿਚ ਮੋਹੀ ਇਸਤਰੀ ਪਾਤਰ ਆਪਣੀ ਤ੍ਰਿਪਤੀ ਲਈ ਇਕ ਅੱਲ੍ਹੜ੍ਹ ਉਮਰ ਦੇ ਅਣਭੋਲ ਬੱਚੇ ਸ਼ਿੰਦੇ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ। ਇਹ ਵੀ ਔਰਤ ਦੀ ਅਤ੍ਰਿਪਤੀ ਦੀ ਮੂੰਹ ਬੋਲਦੀ ਤਸਵੀਰ ਹੈ। ਰੁੱਸੇ ਹੋਏ ਕਹਾਣੀ ਵਿਚ ਦਾਰਾ ਅਤੇ ਉਸਦੀ ਪਤਨੀ ਪਾਰੋ ਦੇ ਦਾਰੇ ਦੇ ਸ਼ਰਾਬ ਪੀਣ ਕਰਕੇ ਕਾਟੋ ਕਲੇਸ਼ ਬਾਰੇ ਜਾਣਕਾਰੀ ਦਿੰਦੀ ਹੈ, ਜਿਹੜੀ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦੀ ਹੈ। ਇਸੇ ਤਰ੍ਹਾਂ ਤਿਲਕਣ ਸਿਰਲੇਖ ਵਾਲੀ ਕਹਾਣੀ ਵੀ ਫ਼ੌਜੀ ਪਤੀ ਦੇ ਘਰੋਂ ਬਾਹਰ ਰਹਿਣ ਦੀ ਤ੍ਰਾਸਦੀ ਦੀ ਵਿਵਰਣ ਦਿੰਦੀ ਹੋਈ ਇਹ ਦਰਸਾਉਂਦੀ ਹੈ ਕਿ ਪੀਤੋ ਆਪਣੇ ਪਤੀ ਦੇ ਵਿਛੋੜੇ ਵਿਚ ਤਿਲਮਲਾਉਂਦੀ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਉਹ ਕਦੀਂ ਸਾਈਂ ਬਾਬੇ ਅਤੇ ਕਦੀਂ ਦੀਪੇ ਨੂੰ ਆਪਣੀਆਂ ਭਾਵਨਾਵਾਂ ਦੀ ਪੂਰਤੀ ਲਈ ਸਾਧਨ ਬਣਾਉਣ ਦੇ ਉਪਰਾਲੇ ਕਰਦੀ ਹੈ ਪ੍ਰੰਤੂ ਸਮਾਜਿਕ ਨੈਤਿਕਤਾ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। 'ਪਿੰਡ ਵਾਲੀ' ਕਹਾਣੀ ਇਕ ਘਰਾਂ ਨੂੰ ਰੰਗ ਰੋਗਨ ਕਰਨ ਵਾਲੇ ਨੌਜਵਾਨ ਦੇ ਇਕਤਰਫਾ ਪਿਆਰ ਦੀ ਕਹਾਣੀ ਹੈ, ਜਿਸ ਵਿਚ ਉਹ ਜਦੋਂ ਇਕ ਪਿੰਡ ਵਿਚ ਆਪਣਾ ਕੰਮ ਕਰਨ ਲਈ ਜਾਂਦਾ ਹੈ ਤਾਂ ਇਕ ਸਾਹਮਣੇ ਘਰ ਵਿਚ ਰਹਿਣ ਵਾਲੀ ਲੜਕੀ ਦੇ ਮੁਸਕੜੀਂ ਹੱਸਣ ਨੂੰ ਗ਼ਲਤ ਸਮਝਣ ਤੇ ਇਕਤਰਫੇ ਪਿਆਰ ਵਿਚ ਅਜਿਹਾ ਫਸ ਜਾਂਦਾ ਹੈ ਕਿ ਉਸਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ ਹੈ। ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਅਜਿਹੀਆਂ ਗ਼ਲਤ ਫਹਿਮੀਆਂਵਿਚ ਪੈ ਕੇ ਆਪਣੀ ਚੈਨ ਨਹੀਂ ਗੁਆਉਣੀ ਚਹੀਦੀ। 'ਤੂੰ ਕੌਣ ਤੇ ਮੈਂ ਕੌਣ' ਕਹਾਣੀ ਜ਼ਾਤ ਪਾਤ ਦੀ ਪ੍ਰਵਿਰਤੀ ਵਿਚ ਫਸੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਰਮਜੀਤ ਜੋ ਕਿ ਟਰੱਕ ਡਰਾਇਵਰ ਹੈ ਆਪਣੇ ਦੋਸਤ ਦੀ ਜ਼ਾਤ ਤੋਂ ਅਣਜਾਣ ਹੋਣ ਕਕੇ ਉਸ ਨਾਲ ਘੁਲ ਮਿਲ ਜਾਂਦਾ ਹੈ ਅਤੇ ਇਕੱਠਿਆਂ ਖਾਣਾ ਖਾਂਦਾ ਰਹਿੰਦਾ ਹੈ। ਪ੍ਰੰਤੂ ਜਦੋਂ ਉਸਦੀ ਜ਼ਾਤ ਦਾ ਪਤਾ ਲਗਦਾ ਹੈ ਤਾਂ ਕਰੋਧਿਤ ਹੋ ਕੇ ਦੁੱਖੀ ਹੁੰਦਾ ਹੈ। ਮੌਤ ਦਾ ਚਿਹਰਾ ਇਸ ਪੁਸਤਕ ਦੀ ਆਖ਼ਰੀ ਕਹਾਣੀ ਹੈ, ਜਿਸ ਵਿਚ ਦਰਸਾਇਆ ਗਿਆ ਹੈ ਕਿ ਬਹਾਦਰ ਬਿਮਾਰ ਹੋ ਜਾਂਦਾ ਹੈ ਤਾਂ ਦੁੱਖ ਦੇ ਔਖੇ ਸਮੇਂ ਵਿਚ ਸਭ ਦੋਸਤ ਮਿਤਰ ਅਤੇ ਰਿਸ਼ਤੇਦਾਰ ਸਾਥ ਛੱਡ ਦਿੰਦੇ ਹਨ। ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤੇ ਵੀ ਬਾਤ ਨਹੀਂ ਪੁਛਦੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਵਿਸਾਰਿਆ ਬੇਗਾਨਿਆਂ ਦੁਲਾਰਿਆ - ਉਜਾਗਰ ਸਿੰਘ
ਭਾਰਤ ਸਰਕਾਰ ਨੇ ਕਾਫੀ ਜਕੋ-ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦੇ ਸਮਾਗਮ ਵਿਚ ਬੋਲਦਿਆਂ ਉਸਨੇ ਪਾਕਿਸਤਾਨ ਸਰਕਾਰ ਤੋਂ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਰੱਖ ਦਿੱਤੀ। ਲਾਂਘਾ ਖੁਲ੍ਹਣ ਨਾਲ ਨਵਜੋਤ ਸਿੰਘ ਸਿੱਧੂ ਦੀ ਚੜ੍ਹ ਮੱਚ ਗਈ। ਭਾਵੇਂ ਲਾਂਘਾ ਖੋਲ੍ਹਣ ਦਾ ਪ੍ਰਾਸੈਸ ਦੋਹਾਂ ਸਰਕਾਰਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਨੇ ਇਸਨੂੰ ਸੰਪੂਰਨ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ ਕਿਉਂਕਿ ਪਹਿਲ ਪਾਕਿਸਤਾਨ ਨੇ ਕੀਤੀ ਸੀ।
ਰਾਜਨੀਤਕ ਪਾਰਟੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਸਮਾਗਮਾ ਤੋਂ ਦੂਰ ਰੱਖਕੇ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਸਦਾ ਇਸ ਲਾਂਘੇ ਦੇ ਖੁਲ੍ਹਣ ਵਿਚ ਕੋਈ ਯੋਗਦਾਨ ਨਹੀਂ ਪ੍ਰੰਤੂ ਸਰਕਾਰਾਂ ਸਿੱਖ ਸੰਗਤਾਂ ਦੇ ਦਿਲਾਂ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਨਹੀਂ ਸਕਦੀਆਂ। ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਕੁਝ ਸਿਆਸੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਇਹ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਉਤਾਰਕੇ ਆਪਣੇ ਸਿਰ ਬੰਨ੍ਹਣ ਵਿਚ ਲੱਗੀਆਂ ਹੋਈਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਣ ਹਨ, ਸਿੱਖ ਸੰਗਤ ਵੀ ਭਲੀ ਭਾਂਤ ਜਾਣਦੀ ਹੈ। ਕਰਤਾਰਪੁਰ ਲਾਂਘੇ ਦੇ ਸਮਾਗਮਾ ਵਿਚ ਭਾਰਤ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਣਡਿਠ ਕਰਨ ਤੋਂ ਇਉਂ ਜਾਪਦਾ ਹੈ ਕਿ "ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਨੇ ਵਿਸਾਰਿਆ ਪ੍ਰੰਤੂ ਬੇਗਾਨਿਆਂ ਨੇ ਦੁਲਾਰਿਆ ਹੋਵੇ'' ਕਿਉਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਉਸਨੂੰ ਸੱਦਾ ਪੱਤਰ ਦੇ ਕੇ ਨਿਵਾਜਿਆ ਹੈ। 72 ਸਾਲਾਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੋਲ੍ਹਣ ਦਾ ਸਿੱਖ ਸੰਗਤ ਦਾ ਸੁਪਨਾ ਸਾਕਾਰ ਹੋ ਗਿਆ ਹੈ। 72 ਸਾਲਾਂ ਤੋਂ ਸਿੱਖ ਸੰਸਾਰ ਦੇ ਸਾਰੇ ਗੁਰੂ ਘਰਾਂ ਵਿਚ ਦਰਸ਼ਨਾ ਤੋਂ ਵਾਂਝੀ ਸੰਗਤ ਨੂੰ ਦਰਸ਼ਨੇ ਦੀਦਾਰ ਕਰਨ ਦੀ ਅਰਦਾਸ ਕਰਦੀ ਆ ਰਹੀ ਸੀ। ਜੇਕਰ ਸਹੀ ਅਰਥਾਂ ਵਿਚ ਸਿੱਖ ਸੰਗਤ ਦੀ ਬਾਂਹ ਫੜੀ ਹੈ ਤਾਂ ਉਹ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ, ਜਿਨ੍ਹਾਂ ਇਹ ਜ਼ਿੰਮੇਵਾਰੀ ਆਪਣੀ ਅਪਾਰ ਕਿਰਪਾ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਲਗਾਈ, ਉਨ੍ਹਾਂ ਦੇ ਉਦਮ ਸਦਕਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਦਾ ਮੌਕਾ ਸਿੱਖ ਸੰਗਤ ਨੂੰ ਮਿਲਿਆ ਹੈ। ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਦੇ ਯੋਗਦਾਨ ਨੂੰ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਸੀ। ਜਦੋਂ ਨਵਜੋਤ ਸਿੰਘ ਸਿੱਧੂ 18 ਅਗਸਤ 2018 ਨੂੰ ਆਪਣੇ ਕਰਿਕਟਰ ਦੋਸਤ ਜਨਾਬ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ ਲਈ ਗਏ ਤਾਂ ਉਥੇ ਉਨ੍ਹਾਂ ਦੇ ਕੰਨ ਵਿਚ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵੇਂ ਪ੍ਰਧਾਨ ਮੰਤਰੀ ਦੀ ਇਹ ਇੱਛਾ ਦੱਸੀ ਕਿ ਉਹ ਸਿੱਖ ਜਗਤ ਦੀ ਚਿਰਾਂ ਤੋਂ ਲਟਕਦੀ ਆ ਰਹੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਦੀਦਾਰ ਦੀ ਮੰਗ ਪੂਰੀ ਕਰਨਾ ਚਾਹੁੰਦੇ ਹਨ ਤਾਂ ਖ਼ੁਸ਼ੀ ਵਿਚ ਨਵਜੋਤ ਸਿੰਘ ਸਿੱਧੂ ਨੇ ਉਸਨੂੰ ਕਲਾਵੇ ਵਿਚ ਲੈ ਲਿਆ। ਇਹ ਇਕ ਕੁਦਰਤੀ ਗੱਲ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਖ਼ਬਰ ਸੁਣਕੇ ਭਾਵਨਾਵਾਂ ਵਿਚ ਬਹਿ ਗਿਆ ਅਤੇ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋ ਗਿਆ।
ਭਾਰਤ ਅਤੇ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਪਾਉਣ ਵਾਲੀ ਤਸਵੀਰ ਪ੍ਰਕਾਸ਼ਤ ਕੀਤੀ ਕਿਉਂਕ ਇਹ ਖ਼ਬਰ ਹੀ ਬਹੁਤ ਵੱਡੀ ਸੀ। ਸੰਸਾਰ ਵਿਚ ਬੈਠੇ ਸਾਰੇ ਸਿੱਖ ਜਗਤ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ, ਜਿਸ ਕਰਕੇ ਉਨ੍ਹਾਂ ਨੇ ਇਸ ਖ਼ਬਰ ਦੀ ਅਥਾਹ ਪ੍ਰਸੰਸਾ ਕੀਤੀ। ਸਿੱਖ ਜਗਤ ਇਕ ਕਿਸਮ ਨਾਲ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦਾ ਰਿਣੀ ਹੋ ਗਿਆ। ਹੈਰਾਨੀ ਉਦੋਂ ਹੋਈ ਜਦੋਂ ਸਿੱਖ ਜਗਤ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨਾਲ ਜੱਫੀ ਪਾਉਣ ਦੀ ਘੋਰ ਨਿੰਦਿਆ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਗਰਦਾਨ ਦਿੱਤਾ। ਲਾਂਘਾ ਖੁਲ੍ਹਣ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦੀ ਪ੍ਰਸੰਸਾ ਕਰਨ ਤੇ ਨਿੰਦਿਆ ਕੀਤੀ ਹੈ। ਉਨ੍ਹਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਸੰਸਾ ਬਰਦਾਸ਼ਤ ਨਹੀਂ ਹੋ ਰਹੀ ਸੀ। ਪਾਕਿਸਤਾਨ ਸਰਕਾਰ ਦੇ ਲਾਂਘਾ ਖੋਲ੍ਹਣ ਦੇ ਫ਼ੈਸਲੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦਾ ਸਿਆਸੀ ਕੱਦ ਬੁੱਤ ਉਚੇਰਾ ਹੋ ਗਿਆ ਜੋ ਕਿ ਸਿਆਸਤਦਾਨਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
ਲਾਂਘਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਸਭ ਤੋਂ ਵੱਡਾ ਯੋਗਦਾਨ ਜਨਰਲ ਕਮਰ ਜਾਵੇਦ ਬਾਜਵਾ ਦਾ ਹੈ, ਜਿਸਨੇ ਨਿੱਜੀ ਦਿਲਚਸਪੀ ਲੈ ਕੇ ਇਹ ਪ੍ਰਾਜੈਕਟ 11 ਮਹੀਨੇ ਵਿਚ ਮੁੁਕੰਮਲ ਕਰਵਾਇਆ ਜਦੋਂ ਕਿ ਸਾਰੀਆਂ ਕਨਸਟਰਕਸ਼ਨ ਕੰਪਨੀਆਂ ਨੇ ਇਤਨਾ ਵੱਡਾ ਪ੍ਰਾਜੈਕਟ ਮੁਕੰਮਲ ਕਰਨ ਲਈ 5 ਸਾਲ ਦਾ ਸਮਾਂ ਮੰਗਿਆ ਸੀ। ਜਨਰਲ ਬਾਜਵਾ ਨੇ ਇਹ ਸਾਰਾ ਕੰਮ ਆਪਣੇ ਹੱਥ ਲੈ ਲਿਆ ਅਤੇ ਇਸਦਾ ਠੇਕਾ ਸੇਵਾ ਮੁਕਤ ਫ਼ੌਜੀਆਂ ਦੀ "ਫਰੰਟੀਅਰ ਵਰਕਸ ਆਰਗੇਨਾਈਜੇਸ਼ਨ'' ਨੂੰ ਦੇ ਦਿੱਤਾ ਜੋ ਪਾਕਿਸਤਾਨ ਦੀ ਫ਼ੌਜ ਦੇ ਅਧੀਨ ਕੰਮ ਕਰਦੀ ਹੈ। ਇਸ ਪ੍ਰਾਜੈਕਟ ਉਪਰ 20 ਅਰਬ ਰੁਪਿਆ ਖ਼ਰਚ ਆਇਆ, ਉਹ ਸਾਰਾ ਖ਼ਰਚਾ ਫ਼ੌਜ ਨੇ ਦਿੱਤਾ ਹੈ। ਫ਼ੌਜ ਮੁਖੀ ਨਾਲ ਸਿੱਧੂ ਦੀ ਜੱਫੀ ਦਾ ਕੁਝ ਸਿਆਸਤਦਾਨਾ ਨੂੰ ਦੁੱਖ ਹੋਇਆ ਉਸੇ ਜਨਰਲ ਨੇ ਇਹ ਕੰਮ ਮੁਕੰਮਲ ਕਰਵਾਇਆ। ਨਵਜੋਤ ਸਿੰਘ ਸਿੱਧੂ ਨੂੰ ਵੀ ਗ਼ੈਰ ਜ਼ਰੂਰੀ ਵਾਦਵਿਵਾਦ ਵਾਲੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਮਰਾਨ ਖ਼ਾਨ ਨੂੰ ਵੀ ਗੁਰੂ ਘਰ ਦੇ ਸਮਾਗਮ ਵਿਚ ਧਾਰਾ 370 ਵਾਲਾ ਬਿਆਨ ਨਹੀਂ ਦੇਣਾ ਚਾਹੀਦਾ ਸੀ।
ਭਾਰਤ ਸਰਕਾਰ ਲਈ ਪਾਕਿਸਤਾਨ ਦੇ ਫ਼ੈਸਲੇ ਤੋਂ ਬਾਅਦ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣ ਗਈ ਸੀ, ਜੇਕਰ ਉਹ ਹਾਂ ਪੱਖੀ ਫ਼ੈਸਲਾ ਨਹੀਂ ਕਰਦੇ ਤਾਂ ਸਿੱਖ ਜਗਤ ਵਿਚ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਵਿਦਰੋਹ ਹੋਣ ਦੀ ਆਸ ਹੋ ਗਈ ਸੀ। ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰਖਦਿਆਂ ਭਾਰਤ ਸਰਕਾਰ ਨੇ ਤੁਰੰਤ ਰਾਤੋ ਰਾਤ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਾਂਘਾ ਖੋਲ੍ਹਣ ਦਾ ਫ਼ੈਸਲਾ ਕਰ ਦਿੱਤਾ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 26 ਨਵੰਬਰ 2018 ਨੂੰ ਨੀਂਹ ਪੱਥਰ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਤੋਂ ਰਖਵਾਇਆ। ਹੈਰਾਨੀ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਵਿਚ ਬੁਲਾਇਆ ਹੀ ਨਹੀਂ ਗਿਆ। ਅਕਾਲੀ ਦਲ ਜਿਸਦੇ ਨੇਤਾਵਾਂ ਦੀ ਸਮਾਗਮ ਵਿਚ ਸਟੇਜ ਤੇ ਬੈਠਣ ਦੀ ਕੋਈ ਪ੍ਰੋਟੋਕੋਲ ਹੀ ਨਹੀਂ ਸੀ, ਉਸਦੇ ਪ੍ਰਧਾਨ ਨੂੰ ਸਟੇਜ ਤੇ ਬਿਠਾਇਆ ਗਿਆ ਜਦੋਂ ਕਿ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸਦਾ ਵਿਰੋਧ ਕੀਤਾ ਸੀ। ਇਹ ਸੀ ਸਿਆਸੀ ਲਾਹਾ ਲੈਣ ਦੀ ਕਵਾਇਦ ਜਿਹੜੀ ਕੇਂਦਰ ਸਰਕਾਰ ਨੇ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਹੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਭਾਰਤ ਸਰਕਾਰ ਵੱਲੋਂ ਨੀਂਹ ਪੱਥਰ ਅਤੇ ਉਦਘਾਟਨੀ ਸਮਾਗਮਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਅਣਹੋਂਦ ਰੜਕਦੀ ਰਹੀ। ਪਾਕਿਸਤਾਨ ਸਰਕਾਰ ਨੇ 28 ਨਵੰਬਰ 2018 ਨੂੰ ਲਾਂਘੇ ਦਾ ਪਾਕਿਸਤਾਨ ਵਿਚ ਨੀਂਹ ਪੱਥਰ ਰੱਖਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਉਹੀ ਭਾਰਤੀ ਜਨਤਾ ਪਾਰਟੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਕਰਨ ਲਈ ਦੇਸ਼ ਦਾ ਗ਼ਦਾਰ ਕਹਿੰਦੇ ਸੀ, ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਅੱਡੀਆਂ ਚੁੱਕ ਕੇ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੀ ਦੋਗਲੀ ਨੀਤੀ ਦਾ ਉਦੋਂ ਪਰਦਾ ਫਾਸ਼ ਹੋ ਗਿਆ ਜਦੋਂ ਉਨ੍ਹਾਂ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਸਰਕਾਰ ਦੇ ਸੋਹਲੇ ਗਾਏ। ਸਿਆਸਤਦਾਨਾ ਦੀ ਲਾਂਘਾ ਖੁਲ੍ਹਣ ਦਾ ਸਿਹਰਾ ਆਪੋ ਆਪਣੇ ਸਿਰ ਬੰਨ੍ਹਣ ਦੀ ਭੁੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਤੇ ਆਯੋਜਤ ਕਰਨ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੀ ਸਾਂਝੀਵਾਲਤਾ ਦਾ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਸਾਂਝੀਵਾਲਤਾ ਦੀ ਥਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਆਸਤ ਕਰਨ ਲੱਗ ਗਈਆਂ ਅਤੇ ਇਸ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਲਾਹਕੇ ਆਪੋ ਆਪਣੇ ਸਿਰ ਬੰਨ੍ਹਣਾ ਚਾਹੁੰਦੀਆਂ ਹਨ। ਨਵਜੋਤ ਸਿੱਧੂ ਦੇ ਇਤਿਹਾਸਕ ਯੋਗਦਾਨ ਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਰੋਕ ਨਹੀਂ ਸਕਣਗੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਇਕ ਮੰਚ ਤੋਂ ਇਹ ਪੁਰਬ ਮਨਾਉਣ ਦੀ ਤਾਕੀਦ ਕੀਤੀ ਸੀ। ਇਸ ਤੋਂ ਪਹਿਲਾਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ, ਉਹ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਤੇ ਆਈਆਂ ਸਨ। ਉਨ੍ਹਾਂ ਦੇ ਸਾਰੇ ਪ੍ਰਬੰਧ ਜਿਸ ਵਿਚ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਜਾਂ ਹੋਰ ਸੀਨੀਅਰ ਮੰਤਰੀ ਸ਼ਾਮਲ ਹੋਏ ਸਨ, ਪੰਜਾਬ ਸਰਕਾਰ ਨੇ ਕੀਤੇ ਸਨ। ਇਹ ਪ੍ਰੋਟੋਕੋਲ ਵੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਪ੍ਰਬੰਧ ਪੰਜਾਬ ਸਰਕਾਰ ਕਰੇ। ਹੁਣ ਤੱਕ ਸਰਕਾਰ ਕਰਦੀ ਆਈ ਹੈ।
ਸਿਆਸੀ ਪਾਰਟੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਦੇ ਉਨ੍ਹਾਂ ਨੂੰ ਸਾਰੀ ਉਮਰ ਇਹ ਮੌਕੇ ਮਿਲਦੇ ਰਹਿਣਗੇ ਪ੍ਰੰਤੂ ਉਨ੍ਹਾਂ ਦੇ ਜੀਵਨ ਵਿਚ 550ਵਾਂ ਪ੍ਰਕਾਸ਼ ਪੁਰਬ ਮੁੜਕੇ ਨਹੀਂ ਆਉਣਾ। ਇਕ ਹੋਰ ਗੱਲ ਸੋਚਣ ਵਾਲੀ ਹੈ ਕਿ ਇਸ ਲਾਂਘੇ ਦੇ ਖੁਲ੍ਹਣ ਨਾਲ ਭਾਰਤ ਦੇ ਪਾਕਿਸਤਾਨ ਦੇ ਸੰਬੰਧਾਂ ਦੇ ਸੁਧਰਨ ਦੀ ਆਸ ਬੱਝੇਗੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਲਾਂਘਾ ਖੋਲ੍ਹਣ ਵਿਚ ਮੇਹਰ ਹੋ ਸਕਦੀ ਹੈ ਤਾਂ ਸੰਬੰਧਾਂ ਦੇ ਸੁਧਰਨ ਵਿਚ ਵੀ ਮੇਹਰ ਜ਼ਰੂਰ ਹੋਵੇਗੀ। ਜੇ ਸੰਬੰਧ ਸੁਧਰਨਗੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ।
ਪਾਕਿਸਤਾਨ ਸਰਕਾਰ ਨੇ ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਉਦਘਾਟਨ ਤੇ ਬੁਲਾਕੇ ਮਾਨ ਸਨਮਾਨ ਕੀਤਾ ਹੈ। ਭਾਰਤ ਸਰਕਾਰ ਨੇ ਅਜਿਹੀ ਨੀਤੀ ਅਪਣਾਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸਹਿਯੋਗ ਅਤੇ ਸਾਂਝੀਵਾਲਤਾ ਦੇ ਸੰਦੇਸ਼ ਦੀ ਉਲੰਘਣਾ ਕੀਤੀ ਹੈ। ਸਿੱਖ ਜਗਤ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦੇ ਯੋਗਦਾਨ ਦੀ ਹਮੇਸ਼ਾ ਰਿਣੀ ਰਹੇਗੀ ਕਿਉਂਕਿ ਉਨ੍ਹਾਂ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਸੁਧਰਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ।
ਮੋਬਾਈਲ - 94178 13072
ujagarsingh48@yahoo.com
ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ "ਪਾਰਲੇ ਪੁਲ'' - ਉਜਾਗਰ ਸਿੰਘ
ਸੁਰਜੀਤ ਪੰਜਾਬੀ ਦੀ ਸੰਜੀਦਾ, ਚਿੰਤਕ, ਸੁਘੜ ਅਤੇ ਸਮਤੁਲ ਸਾਹਿਤਕਾਰ ਹੈ। ਉਹ ਕਵਿਤਾ ਅਤੇ ਕਹਾਣੀ ਲਿਖਦੀ ਹੀ ਨਹੀਂ ਸਗੋਂ ਆਪ ਕਵਿਤਾ ਅਤੇ ਕਹਾਣੀ ਬਣਕੇ ਜ਼ਿੰਦਗੀ ਵਿਚ ਵਿਚਰਦੀ ਹੈ। ਉਹ ਅੰਦਰੋਂ ਤੇ ਬਾਹਰੋਂ ਇਕੋ ਜਹੀ ਹੈ। ਕਹਿਣੀ ਤੇ ਕਰਨੀ ਦੀ ਪ੍ਰਤੀਕ ਹੈ। ਉਸਨੇ ਹੁਣ ਤੱਕ 3 ਕਾਵਿ ਸੰਗ੍ਰਹਿ ਸ਼ਿਕਸਤ ਰੰਗ, ਹੇ ਸਖੀ ਅਤੇ ਵਿਸਮਾਦ ਪ੍ਰਕਾਸ਼ਤ ਕੀਤੇ ਹਨ। ਸ਼ਿਕਸਤ ਰੰਗ ਸ਼ਾਹਮੁਖੀ ਵਿਚ ਵੀ ਪ੍ਰਕਾਸ਼ਤ ਹੋਇਆ ਹੈ। ਇਕ ਕਾਵਿ ਸੰਗ੍ਰਹਿ ਕੂੰਜਾਂ ਦੀ ਸਹਿ ਸੰਪਾਦਨਾ ਕੀਤੀ ਹੈ। ਮੁੱਢਲੇ ਤੌਰ ਤੇ ਉਹ ਕਵਿਤਰੀ ਹੈ ਪ੍ਰੰਤੂ ਪਾਰਲੇ ਪੁਲ ਉਸਦੀ ਪਲੇਠੀ ਕਹਾਣੀਆਂ ਦੀ ਪੁਸਤਕ ਹੈ। ਕਵਿਤਰੀ ਹੋਣ ਕਰਕੇ ਉਸਦੀਆਂ ਕਹਾਣੀਆਂ ਦੀ ਸ਼ੈਲੀ ਵੀ ਕਾਵਿਕ ਹੀ ਹੈ, ਜਿਸ ਕਰਕੇ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਭਾਵੇਂ ਉਸਨੇ ਸਕੂਲ ਸਮੇਂ ਵਿਚ ਹੀ ਕਵਿਤਾਵਾਂ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ ਇਨ੍ਹਾਂ ਨੂੰ ਪੁਸਤਕ ਦੇ ਰੂਪ ਵਿਚ 2005 ਵਿਚ ਲਿਆਂਦਾ ਸੀ। ਉਸਦੀਆਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਪਰਵਾਸ ਵਿਚ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਜ਼ਮੀਨੀ ਹਕੀਕਤਾਂ ਦਾ ਪ੍ਰਗਟਾਵਾ ਕਰਦੀਆਂ ਹਨ। ਪਰਵਾਸ ਵਿਚ ਵੀ ਉਸਨੇ ਕਈ ਦੇਸ਼ਾਂ ਵਿਚ ਰਹਿੰਦਿਆਂ ਜਦੋਜਹਿਦ ਵਾਲਾ ਜੀਵਨ ਬਸਰ ਕੀਤਾ ਹੈ। ਜ਼ਿੰਦਗੀ ਦੇ ਇਸ ਸਫਰ ਵਿਚ ਅਨੇਕਾਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਅਤੇ ਪਰਵਾਸ ਵਿਚ ਵਿਚਰਦਿਆਂ ਜਿਹੜੀਆਂ ਸਮੱਸਿਆਵਾਂ ਨਾਲ ਦੋ ਹੱਥ ਕੀਤੇ, ਉਸੇ ਤਜਰਬੇ ਦੇ ਆਧਾਰ ਤੇ ਉਨ੍ਹਾਂ ਨੂੰ ਆਪਣੀ ਇਸ ਪੁਸਤਕ ਵਿਚ ਕਹਾਣੀਆਂ ਦੇ ਰੂਪ ਵਿਚ ਪੇਸ਼ ਕੀਤਾ ਹੈ। 128 ਪੰਨਿਆਂ, 200 ਰੁਪਏ ਕੀਮਤ, 10 ਕਹਾਣੀਆਂ ਵਾਲੀ ਇਹ ਪੁਸਤਕ ਪਰਵਾਜ਼ ਪਬਲੀਕੇਸ਼ਨ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੀਆਂ ਦੋ ਕਹਾਣੀਆਂ ਜਗਦੀਆਂ ਅੱਖਾਂ ਦਾ ਤਲਿੱਸਮ ਅਤੇ ਲੋਹ-ਪੁਰਸ਼ ਦੋ ਵਿਅਕਤੀਆਂ ਦੀ ਜ਼ਿੰਦਗੀ ਪ੍ਰਤੀ ਬਚਨਬੱਧਤਾ ਦਾ ਸਬੂਤ ਹਨ ਪ੍ਰੰਤੂ ਸੁਰਜੀਤ ਨੇ ਉਨ੍ਹਾਂ ਨੂੰ ਅਜਿਹੀ ਸ਼ਬਦਾਬਲੀ ਦਿੱਤੀ ਹੈ ਕਿ ਪਾਠਕ ਵਿਚ ਉਨ੍ਹਾਂ ਨੂੰ ਪੜ੍ਹਦਿਆਂ ਰੌਚਿਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ?
ਇਸ ਪੁਸਤਕ ਦੇ ਨਾਂ ਵਾਲੀ ਪਹਿਲੀ ਕਹਾਣੀ ਪਾਰਲੇ ਪੁਲ ਹੈ, ਜਿਸ ਵਿਚ ਲੇਖਕਾ ਨੇ ਅਮਰੀਕਾ ਵਿਚ ਰਹਿੰਦਿਆਂ ਸਮਾਜਿਕ ਤਾਣੇ ਬਾਣੇ ਬਾਰੇ ਜੋ ਮਹਿਸੂਸ ਕੀਤਾ ਹੈ, ਉਸਨੂੰ ਇਸ ਕਹਾਣੀ ਦਾ ਵਿਸ਼ਾ ਬਣਾਇਆ ਹੈ। ਮੁੱਢਲੇ ਤੌਰ ਤੇ ਅਮਰੀਕਾ ਦੀ ਦੋਗਲੀ ਨੀਤੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਪ੍ਰਬੰਧ ਸੰਸਾਰ ਦੇ ਹੋਰ ਦੇਸ਼ਾਂ ਵਿਚ ਹੋ ਰਹੀਆਂ ਹਿੰਸਕ ਕਾਰਵਾਈਆਂ ਨੂੰ ਸੰਜੀਦਗੀ ਨਾਲ ਨਹੀਂ ਲੈਂਦੀ ਪ੍ਰੰਤੂ ਜਦੋਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਵਰਲਡ ਟਰੇਡ ਸੈਂਟਰ ਉਤੇ ਹਮਲਾ ਹੁੰਦਾ ਹੈ ਤਾਂ ਉਸਨੂੰ ਸੰਸਾਰ ਵਿਚ ਸਭ ਤੋਂ ਵੱਡੀ ਹਿੰਸਕ ਕਾਰਵਾਈ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਲੇਖਕਾ ਦਾ ਭਾਵ ਹੈ ਕਿ ਅਜਿਹੀਆਂ ਹਿੰਸਕ ਕਾਰਵਾਈਆਂ ਵਿਚ ਡੁਲ੍ਹਣ ਵਾਲਾ ਖ਼ੂਨ ਸਾਰੇ ਸੰਸਾਰ ਦੇ ਲੋਕਾਂ ਦਾ ਇਕੋ ਜਿਹਾ ਹੁੰਦਾ ਹੈ। ਇਹ ਲੇਖਕਾ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਦਾ ਪ੍ਰਗਟਾਵਾ ਕਰਦਾ ਹੈ। ਸੁਰਜੀਤ ਦੀ ਇਸ ਕਹਾਣੀ ਦੀ ਕਮਾਲ ਇਹ ਹੈ ਕਿ ਇਸ ਵਿਚ ਬਹੁਤ ਮਹੱਤਵਪੁੂਰਨ ਵਿਸ਼ਿਆਂ ਨੂੰ ਲਿਆ ਗਿਆ ਹੈ। ਇਹ ਕਹਾਣੀ ਕਿਸੇ ਇਕ ਵਿਸ਼ੇ ਦੇ ਆਲੇ ਦੁਆਲੇ ਨਹੀਂ ਘੁੰਮਦੀ। ਇਸ ਵਿਚ ਨਸਲੀ ਵਿਤਕਰੇ, ਪਰਵਾਸੀਆਂ ਦੀ ਰੋਜ਼ੀ ਰੋਟੀ ਲਈ ਜਦੋਜਹਿਦ, ਮਾਂ ਬਾਪ ਦੀ ਬੱਚਿਆਂ ਵੱਲੋਂ ਅਣਗਹਿਲੀ ਕਰਕੇ ਇਕੱਲਤਾ, ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਅਤੇ ਉਨ੍ਹਾਂ ਦੇ ਕਿਰਿਆ ਕਰਮਾ ਦਾ ਪਾਖੰਡ ਨੂੰ ਵਿਸ਼ੇ ਬਣਾਇਆ ਗਿਆ ਹੈ। ਪਰਵਾਸੀ ਬਹੁਤ ਜਲਦੀ ਆਪਣੀ ਵਿਰਾਸਤ ਨੂੰ ਭੁੱਲਕੇ ਪੈਰ ਛੱਡਕੇ ਗੋਰਿਆਂ ਦੀ ਨਕਲ ਕਰਨ ਵਰਗੇ ਪਾਖੰਡ ਕਰਨ ਲੱਗ ਜਾਂਦੇ ਹਨ। ਇਨਸਾਨਾ ਨਾਲੋਂ ਜਾਨਵਰਾਂ ਦੇ ਜੀਵਨ ਨੂੰ ਬਿਹਤਰ ਸਮਝਿਆ ਜਾਂਦਾ ਹੈ ਕਿਉਂਕਿ ਗੋਰੇ ਲੋਕ ਸਮਾਜਿਕ ਰਿਸ਼ਤਿਆਂ ਦੇ ਨਿੱਘ ਦਾ ਆਨੰਦ ਮਾਨਣ ਤੇ ਰਿਸ਼ਤਿਆਂ ਦੇ ਬੰਧਨ ਵਿਚ ਬੱਝਕੇ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾਂਉਂਦੇ ਹਨ।
ਆਇਲਨ ਤੇ ਐਵਨ ਕਹਾਣੀ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਕਹਾਣੀ ਹੈ। ਇਕ ਪਾਸੇ ਦੇਸ਼ਾਂ ਦੇ ਘਰੇਲੂ ਯੁਧਾਂ ਕਰਕੇ ਆਇਲਨ ਅਤੇ ਉਸਦੇ ਪਰਿਵਾਰ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਆਇਲਨ ਦੀ ਸਮੁੰਦਰ ਦੇ ਕੰਢੇ ਪਈ ਲਾਸ਼ ਨੂੰ ਵੇਖਕ ਲੋਕ ਤ੍ਰਾਹ ਤ੍ਰਾਹ ਕਰਦੇ ਹਨ ਪ੍ਰੰਤੂ ਉਥੋਂ ਦੇ ਲੋਕ ਉਸਨੂੰ ਬਚਾ ਨਾ ਸਕੇ। ਦੂਜੇ ਪਾਸੇ ਐਵਨ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗਣ ਤੇ ਉਸਦੀ ਜ਼ਿੰਦਗੀ ਵਿਚ ਰੰਗ ਭਰਨ ਲਈ ਉਸਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਤਾਂ ਜੋ ਉਸ ਨੂੰ ਖ਼ੁਸ਼ ਰੱਖਣ ਲਈ ਉਸਦੇ ਮਰਨ ਤੋਂ ਪਹਿਲਾਂ ਹੀ ਕ੍ਰਿਸਮਸ ਦਾ ਤਿਓਹਾਰ ਮਨਾਕੇ ਇਕਮੁਠਤਾ ਦਾ ਸਬੂਤ ਦਿੱਤਾ। ਦੋਵੇਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਹਨ। ਪਰਵਾਸ ਵਿਚ ਵਾਪਰ ਰਹੀਆਂ ਹਿੰਸਕ ਤੇ ਨਸਲੀ ਘਟਨਾਵਾਂ ਵੀ ਇਸ ਕਹਾਣੀ ਵਿਚ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਐਮਰਜੈਂਸੀ ਰੂਮ ਕਹਾਣੀ ਵਿਚ ਸੁਰਜੀਤ ਨੇ ਇਹ ਦੱਸਿਆ ਹੈ ਕਿ ਕੈਨੇਡਾ ਦੀਆਂ ਸਿਹਤ ਸਹੂਲਤਾਂ ਭਾਵੇਂ ਬਿਹਤਰੀਨ ਹਨ ਪ੍ਰੰਤੂ ਐਮਰਜੈਂਸੀ ਵਿਚ ਵੀ ਆਪੋ ਆਪਣੀ ਵਾਰੀ ਅਨੁਸਾਰ ਹੀ ਮਰੀਜ ਵੇਖੇ ਜਾਂਦੇ ਹਨ। ਵਾਰੀ ਤੋੜਕੇ ਕਿਸੇ ਮਰੀਜ ਨੂੰ ਅਟੈਂਡ ਨਹੀਂ ਕੀਤਾ ਜਾਂਦਾ ਭਾਵੇਂ ਉਹ ਕਿਤਨਾ ਵੀ ਮਰਨ ਕਿਨਾਰੇ ਹੋਵੇ। ਇਥੋਂ ਤੱਕ ਕਿ ਕਈ ਮਰੀਜ਼ ਵਾਰੀ ਦੀ ਉਡੀਕ ਕਰਦੇ ਹੀ ਸਵਰਗ ਸਿਧਾਰ ਜਾਂਦੇ ਹਨ। ਇਸ ਕਹਾਣੀ ਵਿਚ ਪੰਜਾਬੀਆਂ ਵੱਲੋਂ ਪਰਵਾਸ ਵਿਚ ਵਸਣ ਲਈ ਵਰਤੇ ਜਾ ਰਹੇ ਗ਼ਲਤ ਹੱਥਕੰਡਿਆਂ ਬਾਰੇ ਵੀ ਦਰਸਾਇਆ ਗਿਆ ਹੈ। ਪੰਜਾਬੀ ਨਸ਼ੇ ਆਦਿ ਦੇ ਚਕਰਾਂ ਵਿਚ ਪੈ ਕੇ ਬਦਨਾਮੀ ਖੱਟ ਰਹੇ ਹਨ, ਜਿਸ ਕਰਕੇ ਪੰਜਾਬੀਆਂ ਦਾ ਅਕਸ ਸੰਸਾਰ ਵਿਚ ਖਰਾਬ ਹੋ ਰਿਹਾ ਹੈ। ਇਸਦੇ ਨਾਲ ਹੀ ਕੈਨੇਡਾ ਦੇ ਬਹੁਪਰਤੀ ਸਭਿਆਚਾਰ ਦੀ ਪ੍ਰਸੰਸਾ ਕੀਤੀ ਗਈ ਹੈ।
ਸੁਰਖ਼ ਸਵੇਰ ਕਹਾਣੀ ਵਿਚ ਭਾਰਤੀ ਪਰਿਵਾਰ ਜਦੋਂ ਕੈਨੇਡਾ ਜਾਂਦੇ ਹਨ ਤਾਂ ਉਹ ਬਾਗੋ ਬਾਗ ਹੋ ਜਾਂਦੇ ਹਨ ਪ੍ਰੰਤੂ ਉਥੇ ਜਾ ਕੇ ਸੈਟਲ ਹੋਣ ਲਈ ਅਨੇਕਾਂ ਵੇਲਣ ਵੇਲਦੇ ਹਨ। ਕੈਨੇਡਾ ਵਸਣ ਤੋਂ ਬਾਅਦ ਕੁਝ ਭਾਰਤੀ ਆਪਣੇ ਸਭਿਆਚਾਰ ਤੋਂ ਮੁਨਕਰ ਹੋ ਜਾਂਦੇ ਹਨ। ਰਿਸ਼ਤਿਆਂ ਵਿਚ ਗਿਰਾਵਟ ਆ ਜਾਂਦੀ ਹੈ। ਕੈਨੇਡਾ ਦੇ ਰੰਗ ਵਿਚ ਰੰਗਕੇ ਆਪਣੀ ਵਿਰਾਸਤ ਨੂੰ ਵੀ ਅਣਡਿਠ ਕਰ ਜਾਂਦੇ ਹਨ। ਸਿਮਰਨ ਕੌਰ ਵਿਰਦੀ ਸਿਮੋਨ ਬਣ ਜਾਂਦੀ ਹੈ। ਪਤੀ ਦੀ ਮੌਤ ਤੋਂ ਬਾਅਦ ਇਕੱਲੇਪਣ ਦੀ ਰੋਗੀ ਹੋ ਜਾਂਦੀ ਹੈ। ਉਸਦਾ ਸਪੁੱਤਰ ਕਰਨ ਅਤੇ ਨੂੰਹ ਜੈਸਮਿਨ ਸਿਮੋਨ ਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਸਾਰਾ ਸਾਮਾਨ ਅਰਥਾਤ ਸਿਮੋਨ ਲਈ ਪਤੀ ਦੀਆਂ ਨਿਸ਼ਾਨੀਆਂ ਨੂੰ ਦਾਨ ਵਿਚ ਦੇ ਕੇ ਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਸੁਰਜੀਤ ਇਸ ਕਹਾਣੀ ਵਿਚ ਮਾਪਿਆਂ ਨੂੰ ਆਤਮ ਵਿਸ਼ਵਾਸ ਵਿਚ ਸਮਰੱਥ ਹੋਣ ਲਈ ਪ੍ਰੇਰਦੀ ਹੈ ਕਿਉਂਕਿ ਪਰਵਾਸ ਦਾ ਸਭਿਆਚਾਰ ਹੀ ਅਜਿਹਾ ਹੈ ਕਿ ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ। ਵੈਲਨਟਾਈਨਜ਼ ਡੇਅ ਕਹਾਣੀ ਵੀ ਬੜੀ ਸੰਵੇਦਨਸ਼ੀਲ ਹੈ, ਜਿਸ ਵਿਚ ਭਾਰਤੀ ਪਰਿਵਾਰ ਦੀ ਜ਼ਿੰਦਗੀ ਅਤੇ ਪਰਵਾਸੀ ਪਰਿਵਾਰ ਦੀ ਜ਼ਿੰਦਗੀ ਦੀ ਤੁਲਨਾ ਕੀਤੀ ਗਈ ਹੈ। ਦੋਹਾਂ ਦੇਸ਼ਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਕੰਮ ਕਾਰ ਦਾ ਬਹੁਤ ਜ਼ਿਆਦਾ ਵਖਰੇਵਾਂ ਹੈ। ਅਜਿਹੇ ਹਾਲਾਤ ਵਿਚ ਰੋਜ਼ੀ ਦਾ ਰਹਿਣਾ ਜੋਖ਼ਮ ਭਰਿਆ ਹੋ ਜਾਂਦਾ ਹੈ। ਉਸਦੇ ਦਿਮਾਗ ਦੋਹਾਂ ਦੇਸ਼ਾਂ ਦੇ ਸਭਿਆਚਾਰ ਦਰਮਿਆਨ ਕਸ਼ਮਕਸ਼ ਕਰਦੇ ਰਹਿੰਦੇ ਹਨ ਪ੍ਰੰਤੂ ਉਹ ਦੋਹਾਂ ਵਿਚ ਸਮਤੁਲ ਰੱਖਕੇ ਆਪਣਾ ਪਰਿਵਾਰਿਕ ਜੀਵਨ ਇਕੱਲਤਾ ਵਿਚ ਰਹਿੰਦੀ ਹੋਈ ਬਸਰ ਕਰਦੀ ਹੈ। ਇਸ ਕਹਾਣੀ ਵਿਚ ਵੀ ਰਿਸ਼ਤਿਆਂ ਦੀ ਗਿਰਾਵਟ ਵਿਖਾਈ ਦਿੰਦੀ ਹੈ। ਬਿਅੰਤ ਦਾ ਆਪਣਾ ਵਿਓਪਾਰ ਚੌਪਟ ਹੋਣ ਦਾ ਕਾਰਨ ਉਸਦੀਆਂ ਆਦਤਾਂ ਹਨ, ਜਿਨ੍ਹਾਂ ਕਰਕੇ ਉਸਦਾ ਵਿਓਪਾਰ ਚੌਪਟ ਹੋ ਜਾਂਦਾ ਹੈ। ਦੱਸਣ ਦਾ ਭਾਵ ਹੈ ਕਿ ਜਿਹੜੀਆਂ ਇਨਸਾਨ ਵਿਚ ਕੁਰੀਤੀਆਂ ਭਾਰਤ ਵਿਚ ਹਨ, ਉਹ ਪਰਵਾਸ ਵਿਚ ਵੀ ਬਰਕਰਾਰ ਰਹਿੰਦੀਆਂ ਹਨ, ਸਗੋਂ ਉਥੇ ਜਾ ਕੇ ਡਾਲਰਾਂ ਦੀ ਚਕਾਚੌਂਧ ਵਿਚ ਫ਼ਜ਼ੂਲ ਖ਼ਰਚੀ ਕਰਦੇ ਹਨ।
ਜਗਦੀਆਂ ਅੱਖਾਂ ਦਾ ਤਲਿੱਸਮ ਇਕ ਵੱਖਰੀ ਕਿਸਮ ਦੀ ਬੜੀ ਦਿਲਚਸਪ ਕਹਾਣੀ ਹੈ। ਇਹ ਕਹਾਣੀ ਇਕ ਨੌਜਵਾਨ ਲੜਕੀ ਦੇ ਹੌਸਲੇ ਅਤੇ ਦ੍ਰਿੜ੍ਹਤਾ ਦੀ ਬਾਤ ਪਾਉਂਦੀ ਹੈ, ਉਸਨੇ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰਿਆ ਹੋਇਆ ਹੈ, ਜਿਸ ਨਾਲ ਬਿਮਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਉਹ ਲੜਕੀ ਹੈ ਲਵੀਨ? ਜਿਸਨੇ ਬਿਮਾਰ ਲੋਕਾਂ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਿਆਂ ਇਸ "ਅਮਰ ਕਰਮਾ ਔਰਗਨ ਡੋਨੇਸ਼ਨ ਸੋਸਾਇਟੀ'' ਦੇ ਕਾਰਜ਼ ਨੂੰ ਸ਼ੁਰੂ ਕੀਤਾ ਹੈ। ਇਹ ਕਹਾਣੀ ਦਰਸਾਉਂਦੀ ਹੈ ਕਿ ਇਨਸਾਨ ਦੀ ਬਿਹਤਰੀ ਲਈ ਸ਼ੁਭ ਕਾਰਜ ਕਰਨ ਲਈ ਵੱਡੀ ਉਮਰ ਦਾ ਹੋਣਾ ਜ਼ਰੂਰੀ ਨਹੀਂ ਪ੍ਰੰਤੂ ਇਨਸਾਨ ਦੇ ਮਨ ਵਿਚ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਇਕ ਨੌਜਵਾਨ ਲੜਕੀ ਲਵੀਨ ਬਜ਼ਰੁਗਾਂ ਦੀ ਸਹਾਇਤਾ ਨਾਲ ਇਸ ਸੰਸਥਾ ਦੀ ਅਗਵਾਈ ਕਰ ਰਹੀ ਹੈ। ਇਕ ਸੋਸਾਇਟੀ ਦੇ ਕਾਰਜਖੇਤਰ ਨੂੰ ਕਹਾਣੀ ਦਾ ਰੂਪ ਦੇਣ ਦੀ ਸਮਰੱਥਾ ਲਈ ਸਮਰੱਥਾਵਾਨ ਕਹਾਣੀਕਾਰ ਹੋਣਾ ਚਾਹੀਦਾ ਹੈ। ਲੇਖਕਾ ਆਪਣੀ ਇਹ ਕਹਾਣੀ ਲਿਖਕੇ ਆਪਣੀ ਕਾਬਲੀਅਤ ਦਾ ਸਬੂਤ ਦੇ ਚੁੱਕੀ ਹੈ। ਸੁਰਜੀਤ ਦੀ ਇਨਸਾਨੀ ਜ਼ਿੰਦਗੀ ਬਾਰੇ ਸੰਜੀਦਗੀ ਇਸ ਕਹਾਣੀ ਤੋਂ ਸਾਫ ਵਿਖਾਈ ਦਿੰਦੀ ਹੈ।
ਜੁਗਨੂੰ ਕਹਾਣੀ ਵੀ ਬਹੁ ਪਰਤੀ ਹੈ। ਇਹ ਕਹਾਣੀ ਪਰਵਾਸ ਵਿਚ ਵਸਣ ਦੀ ਲਾਲਸਾ, ਉਥੇ ਕਠਨਾਈਆਂ ਅਤੇ ਪੰਜਾਬ ਦਾ ਹੇਜ ਦਾ ਪ੍ਰਗਟਾਵਾ ਕਰਦੀ ਹੈ। ਫੇਸ ਬੁੱਕ ਦੀ ਅਡਿਕਸ਼ਨ ਪੰਜਾਬ ਦੀ ਤਰ੍ਹਾਂ ਅਮਰੀਕਾ ਵਿਚ ਵੀ ਪੰਜਾਬੀਆਂ ਵਿਚ ਬਹੁਤ ਜ਼ਿਆਦਾ ਹੈ, ਖ਼ਾਸ ਤੌਰ ਤੇ ਸਾਹਿਤਕ ਗਰੁਪ ਬਣਾਕੇ ਸ਼ਾਹਵਾ ਵਾਹਵਾ ਖੱਟਣ ਦੀ ਪ੍ਰਵਿਰਤੀ ਭਾਰੂ ਹੈ ਜਦੋਂ ਕਿ ਬਹੁਤੇ ਅਕਾਊਂਟ ਫ਼ਰਜੀ ਹੁੰਦੇ ਹਨ। ਫ਼ਰਜੀ ਅਕਾਊਂਟ ਵਾਲੇ ਭਾਵਨਾਤਮਕ ਤੌਰ ਤੇ ਬਲੈਮੇਲਿੰਗ ਕਰਦੇ ਹਨ। ਅਜੋਕੇ ਯੁਗ ਦੇ ਫੇਸ ਬੁੱਕੀ ਵਰਤਾਰੇ ਦਾ ਪਾਜ ਖੋਲ੍ਹਿਆ ਗਿਆ ਹੈ, ਜਿਸ ਵਿਚ ਸਮੁੱਚੇ ਪਰਿਵਾਰ ਵਿਚ ਫੇਸ ਬੁੱਕ ਲਈ ਲਲਕ ਲੱਗੀ ਰਹਿੰਦੀ ਹੈ। ਲੋਹ-ਪੁਰਸ਼ ਕਹਾਣੀ ਭਾਵੇਂ ਉਸਨੇ ਆਪਣੇ ਪਿਤਾ ਦੇ ਜੀਵਨ ਬਾਰੇ ਲਿਖੀ ਹੈ ਪ੍ਰੰਤੂ ਇਸ ਵਿਚ ਜਿਹੜੇ ਮੁੱਦੇ ਉਠਾਏ ਗਏ ਹਨ ਉਹ ਅਤਿ ਸੰਵੇਦਨਸ਼ੀਲ ਹਨ। ਪੰਜਾਬੀਆਂ ਨੇ ਪੰਜਾਬ ਦੇ ਕਾਲੇ ਦੌਰ ਵਿਚ ਜਿਹੜਾ ਸੰਤਾਪ ਹੰਢਾਇਆ ਹੈ, ਉਸਨੂੰ ਸੁਰਜੀਤ ਨੇ ਬਹੁਤ ਹੀ ਭਾਵਨਾਤਮਕ ਢੰਗ ਨਲ ਪੇਸ਼ ਕੀਤਾ ਹੈ ਕਿ ਕਿਵੇਂ ਹਸਦੇ ਵਸਦੇ ਬੇਕਸੂਰ ਪਰਿਵਾਰ ਬਿਨਾ ਵਜਾਹ ਕਾਲੇ ਦਿਨਾ ਦੀ ਲਪੇਟ ਵਿਚ ਆਉਂਦੇ ਰਹੇ ਹਨ। ਨਿੱਜੀ ਦਰਦਨਾਕ ਘਟਨਾ ਨੂੰ ਲੋਕਾਂ ਦੀ ਸਮੱਸਿਆ ਬਣਾਕੇ ਪੇਸ਼ ਕਰ ਦਿੱਤਾ ਹੈ।
'ਤੂੰ ਭਰੀਂ ਹੁੰਗਾਰਾ' ਪਰਵਾਸ ਵਿਚ ਰਹਿ ਰਹੇ ਪੰਜਾਬੀ ਪਰਿਵਾਰ ਦੀ ਕਹਾਣੀ ਹੈ, ਜਿਸ ਵਿਚ ਭਾਵੇਂ ਪਰਿਵਾਰ ਦੀ ਮੁੱਖੀ ਇਸਤਰੀ ਅਮਰੀਕਾ ਵਿਚ ਰਹਿ ਰਹੀ ਹੈ ਪ੍ਰੰਤੂ ਪੰਜਾਬ ਦੀ ਮਿੱਟੀ ਨਾਲ ਬਾਖ਼ੂਬੀ ਜੁੜੀ ਹੋਈ ਹੈ। ਰਬੜ ਦੇ ਪਲਾਂਟ ਨੂੰ ਸਾਧਨ ਬਣਾਕੇ ਉਹ ਕੁਦਰਤ ਦੇ ਗੁਣ ਗਾ ਰਹੀ ਹੈ। ਕੁਦਰਤ, ਦਰਖਤਾਂ, ਜ਼ਮੀਨ ਦੋਜ਼ ਪਾਣੀ ਦੀ ਦੁਰਵਰਤੋਂ ਬਾਰੇ ਪ੍ਰੇਰਿਤ ਕਰਦੀ ਹੈ ਪ੍ਰੰਤੂ ਉਨ੍ਹਾਂ ਦੀਆਂ ਲੜਕੀਆਂ ਆਪੋ ਆਪਣੇ ਮੋਬਾਈਲਾਂ ਤੇ ਰੁਝੀਆਂ ਹੋਈਆਂ ਹਨ, ਉਨ੍ਹਾਂ ਉਪਰ ਪਰਵਾਸ ਦਾ ਰੰਗ ਚੜ੍ਹ ਗਿਆ ਹੈ। ਪੰਜਾਬ ਦੇ ਸਭਿਆਚਾਰ ਨਾਲ ਵੀ ਬਾਵਾਸਤਾ ਹੈ, ਪੀਂਘਾਂ ਝੂਟਣ ਅਤੇ ਬੋਲੀਆਂ ਪਾ ਕੇ ਮਨਪ੍ਰਚਾਵਾ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਇਸਤੋਂ ਸ਼ਪਸ਼ਟ ਹੁੰਦਾ ਹੈ ਕਿ ਭਾਵੇਂ ਪੰਜਾਬੀ ਸੰਸਾਰ ਦੇ ਕਿਸੇ ਵੀ ਦੇਸ਼ ਵਿਚ ਚਲੇ ਜਾਣ ਪ੍ਰੰਤੂ ਪੰਜਾਬ ਦਾ ਹੇਜ ਉਨ੍ਹਾਂ ਵਿਚ ਬਰਕਰਾਰ ਰਹਿੰਦਾ ਹੈ। ਡਿਸਏਬਲ ਕਹਾਣੀ ਵੀ ਪਰਵਾਸ ਵਿਚ ਜਾਣ ਅਤੇ ਉਥੇ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਹੈ। ਪਹਿਲਾਂ ਮੀਰਾ ਬੜੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਕੇ ਸੈਟਲ ਹੁੰਦੀ ਹੈ। ਉਹ ਆਪਣੇ ਜਮਾਤੀ ਮਾਨਵ ਨਾਲ ਵਿਆਹ ਕਰਵਾ ਲੈਂਦੀ ਹੈ। ਉਸਨੂੰ ਸਪੌਂਸਰ ਕਰਕੇ ਅਮਰੀਕਾ ਬੁਲਾ ਲੈਂਦੀ ਹੈ। ਜਿਵੇਂ ਆਮ ਹੋ ਰਿਹਾ ਹੈ ਮਾਨਵ ਆਨੀ ਬਹਾਨੀ ਮੀਰਾ ਤੋਂ ਵੱਖ ਹੋ ਜਾਂਦਾ ਹੈ। ਵੱਖ ਹੋਣ ਤੋਂ ਪਹਿਲਾਂ ਇਕ ਦੂਜੇ ਦੇ ਚਰਿਤਰ ਤੇ ਚਿਕੜ ਛੁਟਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਵੀ ਸੁਰਜੀਤ ਨੇ ਬਾਖ਼ੂਬੀ ਨਾਲ ਚਿਤਰਿਆ ਹੈ ਕਿ ਹਸਪਤਾਲ, ਡਾਕਟਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਮਾਫੀਆ ਕੰਮ ਕਰ ਰਿਹਾ ਹੈ ਪ੍ਰੰਤੂ ਇਸ ਮਾਫੀਏ ਨੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਕੀਤੇ ਹਨ। ਬੀਮਾ ਕੰਪਨੀਆਂ ਵੀ ਖਪਤਕਾਰਾਂ ਦਾ ਨਜ਼ਾਇਜ਼ ਲਾਭ ਉਠਾ ਰਹੀਆਂ ਹਨ ਅਤੇ ਮਰੀਜ਼ ਵੀ ਗ਼ਲਤ ਸੂਚਨਾਵਾਂ ਦੇ ਕੇ ਬੀਮਾ ਕੰਪਨੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਜਿਵੇਂ ਸੁਰਜੀਤ ਨੇ ਕਵਿਤਰੀ ਦੇ ਤੌਰ ਲੋਕਾਂ ਦੇ ਮਨਾਂ ਨੂੰ ਝੰਜੋੜਕੇ ਸੁਜੱਗ ਕੀਤਾ ਹੈ, ਉਸੇ ਤਰ੍ਹਾਂ ਕਹਾਣੀਕਾਰ ਦੇ ਤੌਰ ਤੇ ਵੀ ਪਾਠਕ ਦੀ ਝੋਲੀ ਭਰੇਗੀ।
ਮੋਬਾਈਲ-94178 13072
ਗੁਰੂ ਨਾਨਕ ਵਿਚਾਰਧਾਰਾ ਦੀ ਪਰਕਰਮਾ ਕਰਨ ਵਾਲਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ - ਉਜਾਗਰ ਸਿੰਘ
ਸਿੱਖ ਧਰਮ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿੰਮੇਵਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਸਿੱਖ ਵਿਦਿਅਕ ਸੰਸਥਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੀ ਬਣਦੀ ਹੈ। ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਭਾਰੂ ਹੋ ਗਈ ਹੈ ਤਾਂ ਇਹ ਸੰਸਥਾਵਾਂ ਆਪਣੀ ਪ੍ਰੁਮੁੱਖ ਜ਼ਿੰਮੇਵਾਰੀ ਤੋਂ ਪਾਸਾ ਵੱਟਕੇ ਸਿਆਸਤ ਦੇ ਰਾਹ ਪੈ ਗਈਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਚੌਧਰ ਦੀ ਲੜਾਈ ਹੀ ਖ਼ਤਮ ਨਹੀਂ ਹੁੰਦੀ। ਇਨ੍ਹਾਂ ਨੇ ਗੁਰੂ ਘਰਾਂ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਜਿਹੇ ਹਾਲਾਤ ਵਿਚ ਇਕ ਮਰਦੇ ਮੁਜਾਹਦ ਨਰਪਾਲ ਸਿੰਘ ਸ਼ੇਰਗਿਲ ਬਿਨਾ ਕਿਸੇ ਲਾਲਚ ਸਿੱਖ ਧਰਮ ਦਾ ਸਹੀ ਅਰਥਾਂ ਵਿਚ ਪ੍ਰਚਾਰਕ ਬਣਕੇ ਨਿਤਰਿਆ। ਉਸਦੀ ਲਗਨ, ਦ੍ਰਿੜ੍ਹਤਾ ਅਤੇ ਸਿਖ ਧਰਮ ਬਾਰੇ ਪ੍ਰਤੀਬੱਧਤਾ ਨੇ ਉਸਨੂੰ ਗਲੋਬਲ ਪ੍ਰਚਾਰਕ ਦੇ ਤੌਰ ਸਥਾਪਤ ਕਰ ਦਿੱਤਾ। ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਅਗਾਂਵਧੂ ਇਲਾਕੇ ਦੇ ਵਾਸੀ ਹੀ ਪੜ੍ਹ ਲਿਖਕੇ ਮੱਲਾਂ ਮਾਰ ਸਕਦੇ ਹਨ ਪ੍ਰੰਤੂ ਨਰਪਾਲ ਸਿੰਘ ਸ਼ੇਰਗਿਲ ਨੇ ਇਹ ਮਿਥ ਵੀ ਤੋੜ ਦਿੱਤੀ। ਪੰਜਾਬ ਦੇ ਸਭ ਤੋਂ ਪਛੜੇ ਇਲਾਕੇ ਪਟਿਆਲਾ ਜਿਲ੍ਹੇ ਦੇ ਪਿੰਡ ਮਜਾਲ ਖ਼ੁਰਦ ਦਾ ਜੰਮਪਲ ਨਰਪਾਲ ਸਿੰਘ ਸ਼ੇਰਗਿਲ ਆਪਣੀ ਕਾਬਲੀਅਤ ਨਾਲ ਸੰਸਾਰ ਵਿਚ ਨਾਮਣਾ ਖੱਟਕੇ ਨਵੇਂ ਮੀਲ ਪੱਧਰ ਸਥਾਪਤ ਕਰ ਰਿਹਾ ਹੈ। ਇਸ ਇਲਾਕੇ ਨੂੰ ਪਛੜਿਆ ਹੋਇਆ ਅਤੇ ਜੰਗਲੀ ਕਿਹਾ ਜਾਂਦਾ ਸੀ। ਇਕ ਛੋਟੇ ਜਹੇ ਪਿੰਡ ਵਿਚੋਂ ਉਠਕੇ ਸੰਸਾਰ ਦੇ ਲਗਪਗ 50 ਦੇਸ਼ਾਂ ਦੀ ਅਜਿਹੀ ਯਾਤਰਾ ਕੀਤੀ, ਜਿਸਦਾ ਉਸਨੂੰ ਕੋਈ ਨਿੱਜੀ ਲਾਭ ਨਹੀਂ ਸਗੋਂ ਸਮੁਚੇ ਸਿੱਖ ਜਗਤ ਦਾ ਗਾਡੀ ਰਾਹ ਬਣਕੇ ਉਨ੍ਹਾਂ ਦੇ ਹਿੱਤਾਂ ਤੇ ਪਹਿਰਾ ਦਿੱਤਾ। ਉਸਦੀ ਦੂਰ ਅੰਦੇਸ਼ੀ ਦੀ ਵਿਦਵਤਾ ਦੀ ਦਾਤ ਦੇਣੀ ਬਣਦੀ ਹੈ ਕਿ ਸਿੱਖ ਜਗਤ ਦੇ ਰਾਹ ਵਿਚ ਆਉਣ ਵਾਲੀ ਹਰ ਸਮੱਸਿਆ ਦੀ ਜਾਣਕਾਰੀ ਪਾਿਲਾਂ ਹੀ ਤਸੱਵਰ ਕਰ ਲੈਂਦਾ ਹੈ। ਉਹ ਪਿਛਲੇ 53 ਸਾਲਾਂ ਤੋਂ ਸਿੱਖ ਜਗਤ ਦੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨ ਲਈ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਜੋ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੇਗਾ। ਜੇਕਰ ਨਰਪਾਲ ਸਿੰਘ ਸ਼ੇਰਗਿਲ ਬਾਰੇ ਇਹ ਕਹਿ ਲਿਆ ਜਾਵੇ ਕਿ ਉਹ ਹਰ ਵਿਲੱਖਣ ਕਾਰਜ ਵਿਚ ਹਮੇਸ਼ਾ ਪਹਿਲ ਕਦਮੀ ਕਰਦਾ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਪਹਿਲ ਕਦਮੀ ਵੀ ਕੋਈ ਇਕ ਨਹੀਂ ਸਗੋਂ ਉਸਨੇ ਹੁਣ ਤੱਕ ਅਨੇਕ ਪਹਿਲ ਕਦਮੀਆਂ ਅਜਿਹੀਆਂ ਕੀਤੀਆਂ ਹਨ, ਜਿਹੜੀਆਂ ਸਿੱਖ ਸੰਸਥਾਵਾਂ ਦੇ ਕਾਰਜ ਖੇਤਰ ਵਿਚ ਆਉਂਦੀਆਂ ਸਨ। ਹੈਰਾਨੀ ਤੇ ਸੰਤੁਸ਼ਟੀ ਇਸ ਗਲ ਦੀ ਹੈ ਕਿ ਉਸਨੇ ਇਨ੍ਹਾਂ ਪਹਿਲ ਕਦਮੀਆਂ ਲਈ ਸਰਕਾਰ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਕਿਸਮ ਦੀ ਕੋਈ ਆਰਥਿਕ ਮਦਦ ਨਹੀਂ ਲਈ ਸਗੋਂ ਆਪਣੀ ਜੇਬ ਵਿਚੋਂ ਖ਼ਰਚਕੇ ਸਿੱਖ ਜਗਤ ਨੂੰ ਅਗਾਉਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖਾਂ ਦੀਆਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ ਨਰਪਾਲ ਸਿੰਘ ਸ਼ੇਰਗਿਲ ਨੇ ਉਨ੍ਹਾਂ ਸਾਰੀਆਂ ਦੇ ਮੌਕੇ ਤੇ ਆਪਣੀ 21 ਸਾਲ ਤੋਂ ਹਰ ਸਾਲ ਪ੍ਰਕਾਸ਼ਤ ਹੋਣ ਵਾਲੀ ਪੁਸਤਕ ਆਪਣੇ ਰੋਜ਼ਗਾਰ ਦੇ ਨਾਲ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ'' ਦਾ ਅਜਿਹਾ ਵਿਲੱਖਣ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ, ਜਿਸ ਵਿਚ ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਪ੍ਰੇਰਨਾ ਦੇਣ ਵਾਲੇ ਪ੍ਰਸਿੱਧ ਵਿਦਵਾਨਾ ਦੇ ਲੇਖ ਪ੍ਰਕਾਸ਼ਤ ਕਰਕੇ ਸਮੁੱਚੇ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਦੇ ਕੀਤੇ। ਇਥੇ ਹੀ ਬਸ ਨਹੀਂ ਇਨ੍ਹਾਂ ਵਿਸ਼ੇਸ਼ ਅੰਕਾਂ ਨੂੰ ਮਹੱਤਵਪੂਰਨ ਥਾਵਾਂ ਜਿਵੇਂ ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਆਦਿ ਵਿਚ ਜਾਰੀ ਕਰਵਾਇਆ। ਸਿੱਖ ਧਰਮ ਬਾਰੇ ਨਰਪਾਲ ਸਿੰਘ ਸ਼ੇਰਗਿਲ ਦੀ ਬਚਨਬੱਧਤਾ ਦੀ ਦਾਦ ਦੇਣ ਨੂੰ ਦਿਲ ਕਰਦਾ ਹੈ। ਸਿੱਖ ਭਾਈਚਾਰਾ ਅਰਥਾਤ ਗੁਰੂ ਨਾਨਕ ਨਾਮ ਲੇਵਾ ਸੰਸਾਰ ਦੇ ਹਰ ਕੋਨੇ ਵਿਚ ਪਹੁੰਚੇ ਹੋਏ ਹਨ। ਇਥੇ ਹੀ ਬਸ ਨਹੀਂ ਉਹ ਆਪੋ ਆਪਣੇ ਖੇਤਰਾਂ ਵਿਚ ਮਾਅਰਕੇ ਮਾਰ ਰਹੇ ਹਨ। ਇਹ ਨਰਪਾਲ ਸਿੰਘ ਸ਼ੇਰਗਿਲ ਹੀ ਹੈ ਜਿਸਨੇ ਰਾਜਨੀਤੀ, ਵਿਓਪਾਰ, ਖੇਡਾਂ, ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਜਿਹੜੇ ਅਜਿਹੇ ਸਿੱਖਾਂ ਨੇ ਵਿਲੱਖਣ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਦੀ ਆਪਣੀ ਪੁਸਤਕ ਵਿਚ ਸੂਚੀ ਪ੍ਰਕਾਸ਼ਤ ਕਰਕੇ ਸੰਸਾਰ ਨੂੰ ਸਿੱਖਾਂ ਦੀ ਪਛਾਣ ਕਰਵਾਉਣ ਵਿਚ ਵਧੀਆ ਉਦਮ ਕੀਤਾ ਹੈ। ਸਿੱਖਾਂ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਪਤਵੰਤਿਆਂ ਤੋਂ ਪ੍ਰਰਨਾ ਲੈ ਕੇ ਹੰਭਲਾ ਮਾਰਕੇ ਸਿੱਖਾਂ ਦਾ ਨਾਮ ਦੁਨੀਆਂ ਵਿਚ ਰੌਸ਼ਨ ਕਰੇਗੀ। ਗੁਰੂ ਘਰ ਜਿਹੜੇ ਸਿੱਖ ਜਗਤ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹਨ, ਉਨ੍ਹਾਂ ਦੀ ਜਾਣਕਾਰੀ ਦੇਣ ਲਈ ਸੰਸਾਰ ਦੇ ਜਿਤਨੇ ਗੁਰੂ ਘਰ ਹਨ, ਉਨ੍ਹਾਂ ਦੀ ਸੂਚੀ, ਐਡਰੈਸ, ਈ ਮੇਲ ਅਤੇ ਟੈਲੀਫ਼ੋਨ ਸਮੇਤ ਦਿੱਤੇ ਗਏ ਹਨ ਤਾਂ ਜੋ ਜਿਹੜਾ ਸਿੱਖ ਦੁਨੀਆਂ ਵਿਚ ਕਿਸੇ ਵੀ ਸ਼ਹਿਰ ਜਾਵੇ ਤਾਂ ਉਹ ਉਥੇ ਦਰਸ਼ਨਾ ਲਈ ਜਾ ਸਕਦਾ ਹੈ। ਇਸੇ ਤਰ੍ਹਾਂ ਸੰਸਾਰ ਵਿਚ ਭਾਰਤ ਦੇ ਦੂਤ ਘਰਾਂ ਦੇ ਵੀ ਪਤੇ, ਈ ਮੇਲ ਤੇ ਟੈਲੀਫ਼ੋਨ ਨੰਬਰ ਦਰਜ ਕੀਤੇ ਗਏ ਹਨ ਤਾਂ ਜੋ ਭਾਰਤੀਆਂ ਨੂੰ ਆਪੋ ਆਪਣੇ ਕੰਮਾ ਲਈ ਖੱਜਲ ਖ਼ੁਆਰ ਨਾ ਹੋਣਾ ਪਵੇ। ਇਸ ਸਮੇਂ ਸੰਸਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ੇਰਗਿਲ ਨੇ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ-2019'' ਦਾ ਸਚਿਤਰ ਰੰਗਦਾਰ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਸੰਸਾਰ ਦੇ 550 ਪਤਵੰਤੇ ਸਿੱਖਾਂ/ ਇਸਤਰੀਆਂ ਦੀ ਸੂਚੀ ਦਰਜ ਕੀਤੀ ਹੈ, ਜਿਹੜੇ ਆਪੋ ਆਪਣੇ ਖੇਤਰਾਂ ਦੇ ਜਾਣੇ ਪਛਾਣੇ ਹਸਤਾਖ਼ਰ ਹਨ। ਨਰਪਾਲ ਸਿੰਘ ਸ਼ੇਰਗਿਲ 1966 ਤੋਂ ਇੰਗਲੈਂਡ ਵਿਚ ਲਗਾਤਾਰ ਆ ਜਾ ਰਿਹਾ ਹੈ। ਮਹੀਨੇ ਵਿਚ 15 ਦਿਨ ਆਪਣੀ ਮਾਤਭੂਮੀ ਪੰਜਾਬ ਅਤੇ 15 ਦਿਨ ਸੰਸਾਰ ਦੇ ਦੇਸ਼ਾਂ ਦੀ ਯਾਤਰਾ ਕਰਕੇ ਸਿੱਖ ਪਛਾਣ ਬਣਾਉਣ ਵਿਚ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਉਸਨੇ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਕਿ ਸਿੱਖਾਂ ਦੀ ਦਸਤਾਰ ਦਾ ਮਸਲਾ ਕਿਸੇ ਵਕਤ ਵੀ ਵਿਕਰਾਲ ਰੂਪ ਧਾਰ ਸਕਦਾ ਹੈ। ਇਸ ਲਈ ਉਸਨੇ ਪਹਿਲ ਕਰਕੇ 2005 ਵਿਚ ਦਸਤਾਰ ਦੀ ਪਛਾਣ ਨੂੰ ਸੰਸਾਰ ਵਿਚ ਪ੍ਰਚਾਰਨ ਲਈ ਇਕ ਸੋਵੀਨਾਰ ਪ੍ਰਕਾਸ਼ਤ ਕੀਤਾ। ਜੋ ਕਿ ਬਾਦ ਵਿਚ ਇਕ ਲਹਿਰ ਬਣ ਗਈ। 2005 ਵਿਚ ਹੀ ਮਾਤਾ ਗੁਜਰੀ ਅਤੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵੱਡ ਅਕਾਰੀ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦੇ 350ਵਾਂ ਸਥਾਪਨਾ ਦਿਵਸ ਦੇ ਮੌਕੇ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਸੋਵੀਨਾਰ ਪ੍ਰਕਾਸ਼ਤ ਕੀਤਾ। 2011 ਵਿਚ ਵਿਸਾਖੀ ਸੋਵੀਨਾਰ ਜ਼ਾਰੀ ਕੀਤਾ। 2017 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ''ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਪੈਕਟ'' ਦਾ ਵਿਸ਼ੇਸ਼ ਅੰਕ ਪ੍ਰਕਾਸ਼ਤ ਕੀਤਾ। ਨਸਲੀ ਵਿਤਕਰਿਆਂ ਬਾਰੇ ਵੀ ਉਨ੍ਹਾਂ ਸਭ ਤੋਂ ਪਹਿਲਾਂ ਆਪਣੀ ਆਵਾਜ਼ ਬੁਲੰਦ ਕੀਤੀ। ਨਰਪਾਲ ਸਿੰਘ ਸ਼ੇਰਗਿਲ ਦੀ ਸਿੱਖ ਜਗਤ ਬਾਰੇ ਕੀਤੇ ਉਦਮਾ ਦੀ ਕਦਰ ਪਾਉਂਦਿਆਂ ਮੁੱਖ ਮੰਤਰੀ ਪੰਜਾਬ, ਲੰਦਨ ਦੇ ਮੇਅਰ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ, ਧਾਰਮਿਕ, ਸਵੈਇਛਤ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਤ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਸਭ ਤੋਂ ਵੱਡਾ ਮਾਣ ਸਨਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1995 ਵਿਚ ਵਿਸ਼ਵ ਸਿੱਖ ਸਮੇਲਨ ਦੇ ਮੌਕੇ ਉਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਮਰੀਕਾ ਦੇ ਸਿੰਘ ਸਾਹਿਬ ਹਰਭਜਨ ਸਿੰਘ ਜੋਗੀ ਦੀ ਹਾਜ਼ਰੀ ਵਿਚ ਦੇ ਕੇ ਅਸੀਸ ਦਿੱਤੀ। ਉਮੀਦ ਕਰਦਾ ਹਾਂ ਕਿ ਨੌਜਵਾਨ ਸਿੱਖ ਨਰਪਾਲ ਸਿੰਘ ਸ਼ੇਰਗਿਲ ਦੀ ਸਿਦਕ ਦਿਲੀ ਅਤੇ ਦ੍ਰਿੜ੍ਹਤਾ ਤੋਂ ਪ੍ਰੇਰਨਾ ਲੈ ਕੇ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾਉਣਗੇ। ਵਾਹਿਗੁਰੂ ਨਰਪਾਲ ਸਿੰਘ ਸ਼ੇਰਗਿਲ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖ਼ਸ਼ੇ ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਧਰਮ ਦੀ ਪ੍ਰਫੁਲਤਾ ਲਈ ਹੋਰ ਅਕੀਦਤ ਦੇ ਫੁਲ ਭੇਂਟ ਕਰ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com