ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ - ਉਜਾਗਰ ਸਿੰਘ
ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ ਹੋਵੇਗੀ। ਟੀ.ਵੀ.ਕੱਟੀਮਨੀ ਹਿੰਦੀ ਦੇ ਪ੍ਰੋਫ਼ੈਸਰ ਵਿਦਵਾਨ ਸਾਹਿਤਕਾਰ ਹਨ, ਜਿਨ੍ਹਾਂ ਨੇ ਹੁਣ ਤੱਕ 18 ਪੁਸਤਕਾਂ ਲਿਖਿਆਂ ਹਨ, ਜਿਹੜੀਆਂ ਉਸਦੀ ਵਿਦਵਤਾ ਦਾ ਪ੍ਰਮਾਣ ਹਨ। ਭਾਰਤ ਇੱਕ ਵਿਸ਼ਾਲ, ਬਹੁ ਭਾਸ਼ਾਈ, ਨਸਲੀ, ਜ਼ਾਤਪਾਤ, ਰੰਗ/ਰੂਪ ਅਤੇ ਕੌਮੀ ਅਨੇਕਤਾ ਵਿੱਚ ਏਕਤਾ ਕਹਾਉਣ ਵਾਲਾ ਦੇਸ਼ ਹੈ। ਭਾਰਤ ਦੇ ਲੋਕ ਆਦਿਵਾਸੀਆਂ/ਕਬੀਲਿਆਂ ਦੇ ਲੋਕਾਂ ਪ੍ਰਤੀ ਉਸਾਰੂ ਸੋਚ ਨਹੀਂ ਰੱਖਦੇ, ਉਨ੍ਹਾਂ ਨੂੰ ਜੰਗਲੀ ਤੱਕ ਕਿਹਾ ਜਾਂਦਾ ਹੈ। ਦੇਸ ਨੂੰ ਆਜ਼ਾਦ ਹੋਇਆਂ ਭਾਵੇਂ 78 ਸਾਲ ਹੋ ਗਏ ਹਨ ਪ੍ਰੰਤੂ ਅਜੇ ਤੱਕ ਵੀ ਹਰ ਤਰ੍ਹਾਂ ਦਾ ਨਸਲੀ/ਰੰਗ ਭੇਦ ਬਰਕਰਾਰ ਹੈ। ਚਰਚਾ ਅਧੀਨ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵੀ ਇੱਕ ਆਦਿਵਾਸੀ ਸਿੱਖਿਆ ਸ਼ਾਸ਼ਤਰੀ ਸਾਬਕਾ ਉਪ-ਕੁਲਪਤੀ ਦੀ ਯੂਨੀਵਰਸਿਟੀ ਵਿੱਚ ਵਿਦਿਅਕ ਵਾਤਵਰਨ ਬਣਾਉਣ ਲਈ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਸਵੈ-ਜੀਵਨੀ ‘ਜੰਗੀਕਥੇ’ ਸਿਰਲੇਖ ਅਧੀਨ ਕੰਨੜ ਭਾਸ਼ਾ ਵਿੱਚ ਪ੍ਰਕਾਸ਼ਤ ਹੋਈ ਸੀ। ਇਸਦਾ ਤੇਲਗੂ, ਤਾਮਿਲ ਅਤੇ ਹਿੰਦੀ ਵਿੱਚ ਅਨੁਵਾਦ ਹੋ ਚੁੱਕਾ ਹੈ, ਮਰਾਠੀ ਵਿੱਚ ਪ੍ਰਕਾਸ਼ਨਾ ਅਧੀਨ ਹੈ। ਇਹ ਵਿਦਿਅਕ ਸਵੈ-ਜੀਵਨੀ ਨੂੰ ਪੰਜਾਬੀ ਰੂਪ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਦਿੱਤਾ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਦਾ ਪੰਜਾਬੀ ਰੂਪ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ, ਜਿਵੇਂ ਇਹ ਪੰਜਾਬੀ ਦੀ ਮੌਲਿਕ ਸਵੈ-ਜੀਵਨੀ ਹੋਵੇ। ਅਨੁਵਾਦਕ ਨੇ ‘ਜੰਗਲੀ ਉਪ ਕੁਲਪਤੀ ਦੀ ਕਥਾ’ ਦੀ ਰੂਹ ਪੰਜਾਬੀ ਰੂਪ ਵਿੱਚ ਪ੍ਰਵੇਸ਼ ਕਰ ਦਿੱਤੀ ਹੈ। ਇਹੋ ਅਨੁਵਾਦਕਾ ਦੀ ਕਮਾਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਵੈ-ਜੀਵਨੀ ਦਾ ਨਾਮ ਹੀ ਪੁਸਤਕ ਪੜ੍ਹਨ ਲਈ ਦਿਲਚਸਪੀ ਪੈਦਾ ਕਰਦਾ ਹੈ। ਜਦੋਂ ਪਾਠਕ ਪੜ੍ਹਨ ਲੱਗਦਾ ਹੈ ਤਾਂ ਅੱਧ ਵਿਚਕਾਰ ਪੂਰੀ ਪੜ੍ਹੀ ਬਿਨਾ ਛੱਡ ਨਹੀਂ ਸਕਦਾ। ਇਸ ਸਵੈ-ਜੀਵਨੀ ਦਾ ਆਮ ਜੀਵਨੀਆਂ ਨਾਲੋਂ ਫ਼ਰਕ ਹੈ ਕਿ ਇਸ ਵਿੱਚ ਟੀ.ਵੀ.ਕੱਟੀਮਨੀ ਨੇ ਮੱਧ ਪ੍ਰਦੇਸ਼ ਦੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦਾ ਉਪ-ਕੁਲਪਤੀ ਨਿਯੁਕਤ ਹੋਣ ਤੋਂ ਬਾਅਦ, ਵਿਦਿਆਲਾ ਦੀ ਉਸਾਰੀ ਅਤੇ ਉਸਨੂੰ ਸਥਾਪਤ ਕਰਨ ਸਮੇਂ ਆਦਿਵਾਸੀ ਹੋਣ ਕਰਕੇ ਜਿਹੜੀਆਂ ਮੁਸ਼ਕਲਾਂ ਪੇਸ਼ ਆਈਆਂ ਸਨ, ਉਨ੍ਹਾਂ ਬਾਰੇ ਵਿਆਖਿਆ ਨਾਲ ਕੀਤੀ ਜਦੋਜਹਿਦ ਦਾ ਵਰਣਨ ਕੀਤਾ ਹੈ। ਇਨ੍ਹਾਂ ਮੁਸ਼ਕਲਾਂ ‘ਤੇ ਕਾਬੂ ਪਾ ਕੇ ਸਫ਼ਲਤਾ ਦੇ ਝੰਡੇ ਗੱਡਣ ਦੀ ਕਹਾਣੀ ਨੂੰ ਦਿਲਚਸਪ ਢੰਗ ਨਾਲ ਲਿਖਿਆ ਹੈ। ਜੀਵਨੀਕਾਰ ਨੇ ਇਸ ਪੁਸਤਕ ਨੂੰ 25 ਛੋਟੇ-ਵੱਡੇ ਭਾਗਾਂ ਵਿੱਚ ਵੰਡਿਆ ਹੈ, ਜਿਨ੍ਹਾਂ ਵਿੱਚ ਪੂਰੀ ਕਹਾਣੀ ਵਰਣਨ ਕੀਤੀ ਹੈ। ਇਹ ਸਵੈ-ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਜੇਕਰ ਕਿਸੇ ਇਨਸਾਨ ਦਾ ਇਰਾਦਾ ਮਜ਼ਬੂਤ, ਨਿਸ਼ਾਨਾ ਨਿਸਚਤ, ਦਿਲ ਸਾਫ਼ ਹੋਵੇ ਤਾਂ ਬੁਲੰਦੀਆਂ ‘ਤੇ ਪਹੁੰਚਣ ਨੂੰ ਕੋਈ ਰੋਕ ਨਹੀਂ ਸਕਦਾ। ਭਾਵੇਂ ਅਨੇਕਾਂ ਅੜਿਚਣਾ ਆਉਂਦੀਆਂ ਹੋਣ, ਇੱਥੋਂ ਤੱਕ ਕਿ ਪਹਾੜ ਵੀ ਸਰ ਕੀਤੇ ਜਾ ਸਕਦੇ ਹਨ। ਇਹ ਜੰਗਲਾਂ ਵਿੱਚ ਘਿਰਿਆ ਅਤੇ ਆਦਿਵਾਸੀ ਇਲਾਕੇ ਵਿੱਚ ਯੂਨੀਵਰਸਿਟੀ ਕੰਪਲੈਕਸ ਟੀ.ਵੀ.ਕੱਟੀਮਨੀ ਦੀ ਉਸਾਰੂ ਸੋਚ ਦਾ ਪ੍ਰਤੀਕ ਬਣਕੇ ਆਦਿਵਾਸੀਆਂ ਦੀ ਪ੍ਰਤਿਭਾ ਵਿੱਚ ਵਾਧਾ ਕਰਦਾ ਹੈ। ਟੀ.ਵੀ.ਕੱਟੀਮਨੀ ਦੀ ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਮੁੱਖ ਤੌਰ ‘ਤੇ ਆਪਣੇ ਆਦਿਵਾਸੀਆਂ ਦੀ ਜਦੋਜਹਿਦ ਵਾਲੀ ਰੱਬ ਦੇ ਆਸਰੇ ਛੱਡੀ ਅਵੇਸਲੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਮਾਜ ਦੀ ਅਣਗਹਿਲੀ, ਉਨ੍ਹਾਂ ਦੀ ਆਪਣੀ ਲਾਪ੍ਰਵਾਹੀ, ਅਵੇਸਲਾਪਨ ਦਾ ਸ਼ਿਕਾਰ ਅਤੇ ਮੌਜੀ ਸੁਭਾਅ ਦੇ ਇਹ ਲੋਕ ਜਿਹੜੇ ਸਰਕਾਰੀ ਸਹੂਲਤਾਂ ਤੋਂ ਕੋਹਾਂ ਦੂਰ ਜੰਗਲਾਂ ਵਿੱਚ ਰਹਿੰਦੇ ਹੋਏ, ਜੰਗਲੀ ਬੂਟੀਆਂ ਦੀ ਖ਼ੁਰਾਕ ਨਾਲ ਜੀਵਨ ਬਸਰ ਕਰਦੇ ਹਨ, ਉਨ੍ਹਾਂ ਨੂੰ ਵੀ ਬਾਕੀ ਸਮਾਜ ਦੀ ਤਰ੍ਹਾਂ ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ। ਇਸ ਕਰਕੇ ਹੀ ਉਸਨੇ ਯੂਨੀਵਰਸਿਟੀ ਦਾ ਪਹਿਲਾਂ ਵੱਖ-ਵੱਖ ਵਿਭਾਗ ਖੋਲ੍ਹਕੇ, ਉਨ੍ਹਾਂ ਦੀ ਉਸਾਰੀ ਵਿੱਚ ਨਿੱਜੀ ਦਿਲਚਸਪੀ ਲੈਂਦਿਆਂ ਵਿਕਾਸ ਕੀਤਾ ਤੇ ਫਿਰ ਉਸ ਯੂਨੀਵਰਸਿਟੀ ਦੇ ਸੀਮਤ ਸਾਧਨਾ ਰਾਹੀਂ, ਜੰਗਲੀ ਲੋਕਾਂ ਦੀ ਭਲਾਈ ਕਰਨ ਨੂੰ ਪਹਿਲ ਦਿੱਤੀ, ਭਾਵੇਂ ਉਸਨੂੰ ਜੰਗਲੀ/ ਕਾਲਾ/ ਆਦਿਵਾਸੀ ਕਹਿਕੇ ਨਿੰਦਿਆ ਵੀ ਗਿਆ। ਉਸਨੇ ਆਪਣੇ ਸਮਾਜਕ ਸਟੇਟਸ ਨੂੰ ਦਾਅ ‘ਤੇ ਲਾ ਕੇ ਆਦਿਵਾਸੀਆਂ ਦੀ ਸਮਾਜਿਕ, ਆਰਥਿਕ, ਸਭਿਅਚਾਰਿਕ ਅਤੇ ਵਿਦਿਅਕ ਹਾਲਤ ਸੁਧਾਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਸਨ। ਮੁੱਖ ਮੰਤਵ ਤਾਂ ਕੱਟਾਮਨੀ ਦਾ ਇਹੋ ਸੀ ਕਿ ਆਦਿਵਾਸੀ ਲੋਕਾਂ ਦੀ ਬਿਹਤਰੀ ਲਈ ਹਰ ਕਦਮ ਚੁੱਕਿਆ ਜਾਵੇ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਸਮਤੁਲ ਵਿਕਾਸ ਲਈ ਇਹ ਯੂਨੀਵਰਸਿਟੀ ਸਥਾਪਤ ਕੀਤੀ ਸੀ। ਯੂਨੀਵਰਸਿਟੀ ਦੀ ਉਸ ਸਮੇਂ ਦੀ ਸਥਿਤੀ ਅਤੇ ਜੀਵਨੀਕਾਰ ਨੇ ਜੋ ਸੁਪਨੇ ਸਿਰਜੇ ਉਨ੍ਹਾਂ ਬਾਰੇ ਬਾਕਮਾਲ ਢੰਗ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਆਦਿਵਾਸੀ ਇਲਾਕੇ ਦੇ ਵਿੱਚ ਇਹ ਯੂਨੀਵਰਸਿਟੀ ਬਿਲਕੁਲ ਨਵੀਂ ਬਣੀ ਸੀ, ਇਸ ਦਾ ਢਾਂਚਾ ਉਸਾਰਨ ਲਈ ਯੋਗ ਢੰਗ ਨਾਲ ਤਰਤੀਬ ਦੇਣੀ ਜ਼ਰੂਰੀ ਸੀ। ਟੀ.ਵੀ.ਕੱਟੀਮਨੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਹਿਨਸ਼ੀਲਤਾ ਰੱਖਦੇ ਹੋਏ ਤਰਤੀਬ ਅਨੁਸਾਰ ਯੂਨੀਵਰਸਿਟੀ ਦੇ ਹਿੱਤ ਲਈ ਸਾਰੇ ਕਦਮ ਚੁੱਕੇ, ਜਿਨ੍ਹਾਂ ਵਿੱਚ ਸਫ਼ਾਈ ਦੇ ਨਾਕਸ ਪ੍ਰਬੰਧਾਂ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਵੱਲੋਂ ਸਹਿਯੋਗ ਨਾ ਦੇਣਾ, ਇੱਥੋਂ ਤੱਕ ਕਿ ਵਿਅੰਗ ਨਾਲ ਸਫ਼ਾਈ ਲਈ ਉਪ-ਕੁਲਪਤੀ ਨੂੰ ਭਾਰਤ ਰਤਨ ਵਰਗਾ ਸਰਵੋਤਮ ਸਨਮਾਨ ਲੈਣਾਂ ਵੀ ਕਿਹਾ ਗਿਆ ਪ੍ਰੰਤੂ ਉਹ ਪਿੱਛੇ ਨਹੀਂ ਹਟੇ, ਸਗੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਫ਼ਾਈ ਪ੍ਰਬੰਧ ਕਾਬਲੇਤਾਰੀਫ਼ ਕੀਤੇ। ਯੂਨੀਵਰਸਿਟੀ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੁਦਰਤੀ ਸੋਮਿਆਂ/ਨਾਲਿਆਂ ‘ਤੇ ਬੰਨ੍ਹ ਮਾਰਕੇ ਝੀਲ ਬਣਾਈ ਤੇ ਪਾਣੀ ਦੀ ਸਮੱਸਿਆ ਖ਼ਤਮ ਹੋਣ ਦੇ ਨਾਲ ਸੈਰਗਾਹ ਬਣ ਗਈ। 374 ਏਕੜ ਦੇ ਕੰਪਲੈਕਸ ਵਿੱਚ ਸਜਾਵਟੀ/ ਫਲਦਾਰ ਰੁੱਖ/ਪੌਦੇ ਲਗਵਾ ਕੇ ਪੰਜ ਸਾਲਾਂ ਵਿੱਚ ਮਨਮੋਹਕ ਹਰਿਆਵਲ ਵਾਲਾ ਵਾਤਾਵਰਨ ਬਣਾਇਆ। ਜੰਗਲੀ ਇਲਾਕਾ ਹੋਣ ਕਰਕੇ ਜੜ੍ਹੀਆਂ ਬੂਟੀਆਂ ਬਹੁਤ ਹੁੰਦੀਆਂ ਹਨ, ਜਿਹੜੀਆਂ ਬਹੁਤੀਆਂ ਮਾਨਵਤਾ ਦੀਆਂ ਬਿਮਾਰੀਆਂ ਤੋਂ ਰੋਕ ਥਾਮ ਲਈ ਕੰਮ ਆਉਂਦੀਆਂ ਹਨ। ਇਸ ਮੰਤਵ ਲਈ ਜੜ੍ਹੀ ਬੂਟੀ ਬਾਗ ਦੀ ਸਥਾਪਨਾ ਕੀਤੀ ਗਈ, ਲੁਪਤ ਹੋ ਰਹੀਆਂ ਜੜ੍ਹੀਆਂ ਬੂਟੀਆਂ ਨੂੰ ਸਾਂਭਣ ਦਾ ਕਾਰਜ਼ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਵੇਂ ਸਥਾਨਕ ਲੋੜਾਂ ਅਨੁਸਾਰ ਵਿਭਾਗ ਖੋਲ੍ਹਕੇ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਨਿਭਾਈ। ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਉਤਸ਼ਾਹਤ ਕਰਨ ਲਈ ਸਰਕਾਰਾਂ ਨਾਲ ਤਾਲਮੇਲ ਕਰਕੇ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨ ਕੇਂਦਰ ਖੋਲਿ੍ਹਆ ਗਿਆ, ਜਿਸਦਾ ਆਲੇ ਦੁਆਲੇ ਦੇ ਲੋਕਾਂ ਨੇ ਫਾਇਦਾ ਉਠਾਇਆ। ਟੀ.ਵੀ.ਕੱਟੀਮਨੀ ਦੀ ਸਥਾਨਕ ਲੋਕਾਂ ਨਾਲ ਹੋ ਰਹੇ ਸ਼ੋਸ਼ਣ ਲਈ ਹਮਦਰਦੀ, ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੇ ਉਪਰਾਲੇ ਸਲਾਹੁਣਯੋਗ ਹਨ। ਇੱਕ ਉਪ-ਕੁਲਪਤੀ ਕਿਤਨੀ ਦਿਲਚਸਪੀ ਲੈ ਕੇ ਯੂਨੀਵਰਸਿਟੀ ਅਤੇ ਸਥਾਨਕ ਲੋਕਾਂ ਦੀ ਸਥਾਪਤੀ ਲਈ ਸੰਵੇਦਨਸ਼ੀਲ ਹੈ, ਭਾਵੇਂ ਉਸਦੀ ਕਿਰਦਾਰਕੁਸ਼ੀ ਵੀ ਕੀਤੀ ਜਾ ਰਹੀ ਹੈ। ਵਿਸ਼ਵਵਿਦਿਆਲੇ ਨੂੰ ਰਾਸ਼ਟਰੀ ਰੂਪ ਦੇਣ ਲਈ ਕੀਤੇ ਗਏ ਕਾਰਜਾਂ ਦਾ ਵਿਵਰਣ ਅਤੇ ਉਪ-ਕੁਲਪਤੀ ਵਿਰੋਧੀ ਕੁਝ ਲੋਕਾਂ ਦੀਆਂ ਘਟੀਆਂ ਹਰਕਤਾਂ ਬਾਰੇ ਜਾਣਕਾਰੀ ਤੱਥਾਂ ਦੇ ਨਾਲ ਦਿੱਤੀ ਗਈ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਮਾਨਦਾਰੀ ਨਾਲ ਕੀਤਾ ਕੰਮ ਹਮੇਸ਼ਾ ਸਹੀ ਹੁੰਦਾ ਹੈ। ਉਪ-ਕੁਲਪਤੀ ਸਥਾਨਕ ਆਦਿਵਾਸੀਆਂ ਦੀਆਂ ਲੋੜਾਂ, ਰੋਜ਼ਗਾਰ ਅਤੇ ਕਲਾ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਅਤੇ ਮਨੋਰੰਜਨ ਲਈ ਪਲਾਸ਼ ਟਰਾਈਬਲ ਗਰੁਪ ਦੀ ਸਥਾਪਨਾ ਅਤੇ ਗੋਂਡੀ ਕਲਾ ਦੀ ਪ੍ਰਫੁਲਤਾ ਲਈ ਚਿਤਰਕਲਾ ਨੂੰ ਉਤਸ਼ਾਹਤ ਕੀਤਾ ਗਿਆ। ਯੂਨੀਵਰਸਿਟੀ ਵਿੱਚ ਰੋਜ਼ਗਾਰ ਦੇਣ ਵਾਲੇ ਵਿਭਾਗਾਂ ਦੀ ਸਥਾਪਨਾ ਕੀਤੀ ਗਈ। ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲਿਆਂ ਵਿੱਚ ਸਾਂਝ, ਮਿਲਵਰਤਨ ਤੇ ਸਹਿਯੋਗ ਬਣਾਉਣ ਲਈ ਦੀਵਾਲੀ, ਹੋਲੀ ਅਤੇ ਨਵਾਂ ਸਾਲ ਇਕੱਠਿਆਂ ਮਨਾਉਣੇ ਸ਼ੁਰੂ ਕੀਤੇ। ਆਦਿਵਾਸੀਆਂ ਦੇ ਬੱਚਿਆਂ ਨੂੰ ਪ੍ਰਾਇਮਰੀ ਤੋਂ ਪੜ੍ਹਾਉਣ ਲਈ ਏਕਲਵਿਆ ਕਿੰਡਰਗਾਰਟਨ, ਆਦਿਵਾਸੀ ਸਕੂਲ ਅਤੇ ਕੇਂਦਰੀ ਵਿਦਿਆਲਾ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਚਾਲੂ ਕੀਤੇ ਤਾਂ ਜੋ ਉਨ੍ਹਾਂ ਦੇ ਸਮਾਜਿਕ ਸਟੇਟਸ ਨੂੰ ਵਧਾਇਆ ਜਾ ਸਕੇ। ‘ਜੈੈਪਾਲ ਸਿੰਘ ਮੁੰਡਾ ਖੇਡ ਕੰਪਲੈਕਸ’ ਦੀ ਬਿਹਤਰੀਨ ਉਸਾਰੀ ਅਤੇ ਰਸਤੇ ਦੀਆਂ ਰੁਕਾਵਟਾਂ ਦਾ ਵਰਣਨ, ‘ਰਾਮਦਿਆਲ ਮੁੰਡਾ ਕੇਂਦਰੀ ਪੁਸਤਕਾਲਾ’ ਦੀ ਉਸਾਰੀ ਤੇ ਉਸ ਵਿੱਚ ਗੋਂਡੀ ਚਿੱਤਰਕਾਰੀ ਕਰਵਾਕੇ ਆਦਿਵਾਸੀਆਂ ਦੀ ਕਲਾ ਨੂੰ ਪ੍ਰਦਰਸ਼ਤ ਕੀਤਾ ਗਿਆ। ਵਿਸ਼ਵਵਿਦਿਆਲਾ ਵਿੱਚ ਠੇਕੇਦਾਰੀ ਪ੍ਰਣਾਲੀ ਨਾਲ ਮੈਸ ਬਣਾਉਣ ਤੇ ਚਲਾਉਣ ਦੀਆਂ ਉਲਝਣਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਦਿਵਾਸੀਆਂ ਵਿੱਚ ਵਿਗਿਆਨ ਬਾਰੇ ਚੇਤਨਤਾ ਅਤੇ ਨਵੀਨਤਾ ਸੰਬੰਧੀ ਚੁੱਕੇ ਗਏ ਕਦਮਾ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਵਿਗਿਆਨ ਤੋਂ ਬਿਨਾ ਤਰੱਕੀ ਸੰਭਵ ਨਹੀਂ। ਆਦਿਵਾਸੀਆਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਲਈ ਖੋਜਾਂ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧ ਸਰਕਾਰ ਨਾਲ ਤਾਲਮੇਲ ਕਰਕੇ ਕੀਤੇ ਗਏ। ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਦਿਵਾਸੀਆਂ ਨੂੰ ਦਿੱਤੀ ਜਾ ਰਹੀ ਵਿਦਿਅਕ ਅੱਖਰੀ ਪੜ੍ਹਾਈ ਦੇ ਨਤੀਜਿਆ ਅਤੇ ਇਨ੍ਹਾਂ ਦੇ ਮੁਲਾਂਕਣ ਦੇ ਪ੍ਰਬੰਧਾਂ ਵਿੱਚ ਸੁਧਾਰ ਦੀਆਂ ਤਰਕੀਬਾਂ ਦੱਸੀਆਂ ਗਈਆਂ। ਅਮਰਕੰਟਕ ਇਲਾਕੇ ਵਿੱਚ ਕੰਨੜ ਭਾਸ਼ਾ ਦੇ ਪ੍ਰਸਾਰ ਤੇ ਸੰਚਾਰ ਦੇ ਢੰਗ ਤਰੀਕੇ ਦਰਸਾਏ ਗਏ ਹਨ। ਟੀ.ਵੀ.ਕੱਟਾਮਨੀ ਨੇ ਰਾਸ਼ਟਰਪਤੀ ਨਾਲ ਨਾਰਵੇ ਅਤੇ ਸਵੀਡਨ ਦੀ ਯਾਤਰਾ ਸੰਬੰਧੀ ਜਾਣਕਾਰੀ ਦਿੱਤੀ ਹੈ, ਜਿਸ ਸਮੇਂ ਦੋਵੇਂ ਦੇਸ਼ਾਂ ਵਿੱਚ ਅਮਰਕੰਟਕ ਯੂਨੀਵਰਸਿਟੀ ਦੇ ਐਮ.ਓ.ਯੂ ‘ਤੇ ਇੱਕ ਆਦਿਵਾਸੀ ਨੂੰ ਦਸਤਖਤ ਕਰਨ ਦਾ ਮਾਣ ਮਿਲਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿੱਚ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਮੌਕੇ ਬਾਰੇ ਵੀ ਵਿਸਤਰਿਤ ਜਾਣਕਾਰੀ ਦਿੱਤੀ ਹੈ। ਮਣੀਪੁਰ ਵਿਚਲੇ ਯੂਨੀਵਰਸਿਟੀ ਦੇ ਰੀਜਨਲ ਕੇਂਦਰ ਦੀ ਰਾਜਨੀਤੀ ਅਤੇ ਇੱਥੋਂ ਦੀਆਂ ਮੈਤੀ , ਨਾਗਾ ਤੇ ਕੁਕੀ ਜਨਜਾਤੀ ਦੇ ਸਭਿਅਚਾਰ , ਰਹਿਣ ਸਹਿਣ, ਖਾਣ ਪੀਣ, ਪਹਿਨਣ ਦੀ ਸਿਆਸਤ ਅਤੇ ਵਿਦਿਆਰਥੀਆਂ ਦੀ ਰਾਜਨੀਤੀ ਬਾਰੇ ਦੱਸਿਆ ਗਿਆ ਹੈ ਕਿਵੇਂ ਉਹ ਉਪ-ਕੁਲਪਤੀ ਨੂੰ ਬੰਧਕ ਬਣਾਕੇ ਦਬਾਓ ਨਾਲ ਆਪਣੀਆਂ ਮੰਗਾਂ ਮਨਵਾਉਣ ਦਾ ਯਤਨ ਕਰਦੇ ਹਨ। ਇਸ ਇਲਾਕੇ ਵਿੱਚ ਸੰਘ ਦੀਆਂ ਸਿੱਖਿਆ ਬਾਰੇ ਸਰਗਰਮੀਆਂ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਦਰਸਾਇਆ ਗਿਆ ਹੈ। ਟੀ.ਵੀ.ਕੱਟੀਮਨੀ ਨੇ ਦੱਸਿਆ ਉਨ੍ਹਾਂ ਨੂੰ ਕ੍ਰਿਸਚੀਅਨ ਕਹਿ ਕੇ ਭੰਡਿਆ ਗਿਆ ਤੇ ਇਹ ਪ੍ਰਚਾਰ ਕੀਤਾ ਗਿਆ ਕਿ ਉਹ ਹਿੰਦੂਆਂ ਨੂੰ ਕ੍ਰਿਸਚੀਅਨ ਬਣਾ ਰਿਹਾ ਹੈ। ਇਸ ਯੂਨੀਵਰਸਿਟੀ ਦੀ ਘਟੀਆ ਸਿਆਸਤ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਕਿ ਉਸਨੂੰ ਫੇਲ੍ਹ ਕਰਨ ਲਈ ਸਾਜ਼ਸ਼ਾਂ ਹੋਈਆਂ ਪ੍ਰੰਤੂ ਉਹ ਸਫ਼ਲਤਾ ਨਾਲ ਬਚਕੇ ਨਿਕਲਦਾ ਰਿਹਾ। ਜੀਵਨੀਕਾਰ ਨੇ ਜਨਜਾਤੀਆਂ ਦੇ ਲੋਕਾਂ ਦੀ ਜਨਸੰਖਿਆ, ਸੁਭਾਅ, ਵਿਵਹਾਰ, ਰਹਿਣ ਸਹਿਣ, ਖਾਣ ਪੀਣ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਇਸ ਸਵੈ-ਜੀਵਨੀ ਦਾ ਪੰਜਾਬੀ ਰੂੁਪ ਕਰਦਿਆਂ ਕਮਾਲ ਦੀ ਸ਼ਬਦਾਵਲੀ ਵਰਤੀ ਹੈ, ਜਿਹੜੀ ਆਦਿਵਾਸੀਆਂ ਦੀ ਮਾਨਸਿਕਤਾ ਦਾ ਹੂਬਹੂ ਪ੍ਰਗਟਾਵਾ ਕਰਦੀ ਹੈ।
200 ਪੰਨਿਆਂ, 360 ਰੁਪਏ ਕੀਮਤ ਵਾਲੀ ਇਹ ਸਵੈ-ਜੀਵਨੀ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ - ਉਜਾਗਰ ਸਿੰਘ
ਭਾਰਤ ਦੇ ਕਿਸਾਨ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਕਰਕੇ ਕਿਸਾਨੀ ਦਾ ਭਵਿਖ਼ ਖ਼ਤਰੇ ਵਿੱਚ ਪਿਆ ਹੋਇਆ ਹੈ। ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਕਿਸਾਨਾ ਦੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਣ ਦੀ ਥਾਂ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਨਵਾਂ ਰੂਪ ਬਣਾਕੇ ਰਾਜਾਂ ਨੂੰ ਪ੍ਰੋਸਕੇ ਦੇ ਦਿੱਤਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ, ਜਿਸਦਾ ਹੋਰ ਸਮਾਜ ਵਰਗਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ, ਕਿਉਂਕਿ ਬਹੁਤੇ ਹੋਰ ਕਿਤੇ ਕਿਸਾਨਾ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਪੰਜਾਬ ਖ਼ੁਸ਼ਹਾਲ ਹੋਵੇਗਾ। ਰਾਜ ਸਰਕਾਰਾਂ ਵੀ ਕਸੂਤੀ ਸਥਿਤੀ ਵਿੱਚ ਫਸ ਗਈਆਂ ਹਨ ਪ੍ਰੰਤੂ ਜਿਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਉਥੇ ਤਾਂ ਇਹ ਨਵਾਂ ਰੂਪ ਲਾਗੂ ਹੋ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਜਿਹੜੇ ਕਿਸਾਨ ਖੇਤਾਂ ਵਿੱਚ ਹੋਣੇ ਚਾਹੀਦੇ ਹਨ, ਅੱਜ ਦਿਨ ਮਜ਼ਬੂਰੀ ਵਸ ਉਹ ਸੜਕਾਂ ‘ਤੇ ਰੁਲ ਰਹੇ ਹਨ। ਹਰ ਵਿਓਪਾਰੀ ਕਿਸਾਨ ਦੀਆਂ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਨ ਤੋਂ ਬਣੀਆਂ ਵਸਤਾਂ ‘ਤੇ ਲਾਭ ਹੀ ਨਹੀਂ ਲੈ ਰਿਹਾ ਸਗੋਂ ਉਨ੍ਹਾਂ ਦੀਆਂ ਮਜ਼ਬੂਰੀਆਂ ਨੂੰ ਵੀ ਵਰਤ ਰਿਹਾ ਹੈ। ਇਕੱਲਾ ਕਿਸਾਨ ਹੈ, ਜਿਸਨੂੰ ਆਪਣੀ ਉਪਜ ਦਾ ਮੁੱਲ ਲੈਣ ਲਈ ਮੰਡੀ ਵਿੱਚ ਜਾਣਾ ਪੈਂਦਾ ਹੈ, ਜਿਥੇ ਵਾਜਬ ਕੀਮਤ ਨਹੀਂ ਮਿਲ ਰਹੀ। ਕਿਸਾਨ ਨੂੰ ਬਾਕੀ ਖੇਤੀ ਉਤਪਾਦਨ ਤੋਂ ਬਣੀਆਂ ਜ਼ਰੂਰੀ ਵਸਤੂ ਨੂੰ ਲੈਣ ਲਈ ਵਿਓਪਾਰੀ ਕੋਲ ਜਾਣਾ ਪੈਂਦਾ ਹੈ। ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣਾ, ਖਾਦਾਂ ਤੇ ਕੀਟਨਾਸ਼ਕਾਂ ਵਿੱਚ ਮਿਲਾਵਟ ਤੇ ਮਹਿੰਗਾਈ ਕਿਸਾਨਾ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਕਿਸਾਨ ਸੰਸਥਾਵਾਂ ਇੱਕਮੁੱਠ ਹੋਣ ਦੀ ਥਾਂ ਆਪੋ ਆਪਣੀਆਂ ਡਫ਼ਲੀਆਂ ਵਜਾ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸੰਸਥਾ ਅਤੇ ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਦੇ ਨਾਲ ਮਿਲਕੇ ਬਾਕੀ ਕਿਸਾਨ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਖਨੌਰੀ ਸਰਹੱਦ ‘ਤੇ 26 ਨਵੰਬਰ 2024 ਨੂੰ ਕਿਸਾਨਾ ਦੀਆਂ ਜ਼ਾਇਜ ਮੰਗਾਂ ਮੰਨਵਾਉਣ ਲਈ ਮਰਨ ਵਰਤ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅਤੇ ਕੈਂਸਰ ਦੀ ਬੀਮਾਰੀ ਕਰਕੇ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਮੁੱਖ ਰਖਦਿਆਂ ਪੰਜਾਬੀ ਅਤੇ ਸਮੁੱਚਾ ਕਿਸਾਨ ਭਾਈਚਾਰਾ ਗਹਿਰੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਦੂਜੇ ਪਾਸੇ ਕਿਸਾਨ ਨੇਤਾ ਦੀ ਸਿਹਤ ਦਿਨ-ਬਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲਾਂ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਗੁਰਪੁਰਵ ਵਾਲੇ ਪਵਿਤਰ ਦਿਨ ਐਲਾਨ ਕੀਤਾ ਸੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਕਿਸਾਨਾ ਦੀਆਂ ਬਾਕੀ ਰਹਿੰਦੀਆਂ ਮੰਗਾਂ ਕੇਂਦਰ ਸਰਕਾਰ ਹਮਦਰਦੀ ਨਾਲ ਵਿਚਾਰ ਕਰਕੇ ਪ੍ਰਵਾਨ ਕਰ ਲਵੇਗੀ ਪ੍ਰੰਤੂ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ, ਸਗੋਂ ਤਿੰਨ ਕੇਂਦਰੀ ਕਾਨੂੰਨਾ ਨੂੰ ਨਵੇਂ ਰੂਪ ਅਧੀਨ ਵਾਪਸ ਲਿਆਂਦੇ ਜਾ ਰਹੇ ਹਨ। ਇਸ ਸਾਰੀ ਅਸਫਲਤਾ ਵਿੱਚ ਇਕੱਲੀ ਕੇਂਦਰ ਸਰਕਾਰ ਹੀ ਨਹੀਂ ਸਗੋਂ ਕਿਸਾਨ ਜਥੇਬੰਦੀਆਂ ਵੀ ਇੱਕਮੁੱਠ ਨਾ ਰਹਿਣ ਕਰਕੇ ਜ਼ਿੰਮੇਵਾਰ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਇੱਕ ਧੜੇ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕਰਕੇ ਕਿਸਾਨਾ ਦੀ ਏਕਤਾ ਨੂੰ ਤਾਰਪੀਡੋ ਕੀਤਾ ਸੀ। ਜਿਸਦਾ ਪ੍ਰਭਾਵ ਗ਼ਲਤ ਗਿਆ, ਕਿ ਕਿਸਾਨ ਨੇਤਾ, ਕਿਸਾਨਾ ਦੀ ਭਲਾਈ ਲਈ ਨਹੀਂ ਸਗੋਂ ਸਿਆਸੀ ਤਾਕਤ ਲਈ ਅੰਦੋਲਨ ਕਰ ਰਹੇ ਸਨ। ਕੇਂਦਰ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪੈ ਜਾਵੇ। ਇਸ ਮੰਤਵ ਵਿੱਚ ਕੇਂਦਰ ਸਰਕਾਰ ਸਫਲ ਹੋ ਗਈ ਹੈ। ਜਦੋਂ ਕਿਸੇ ਸੰਸਥਾ ਵਿੱਚ ਫੁੱਟ ਪੈ ਜਾਵੇ ਤਾਂ ਉਸਦੇ ਅੰਦੋਲਨ ਦਾ ਅਸਫਲ ਹੋਣਾ ਕੁਦਰਤੀ ਹੈ। ਪੰਜਾਬ ਵਿੱਚ ਕਿਸਾਨਾ ਦੀਆਂ 32 ਜਥੇਬੰਦੀਆਂ ਹਨ, ਇਹ ਇਤਨੀਆਂ ਜਥੇਬੰਦੀਆਂ ਕਿਉਂ ਬਣੀਆਂ ਕਿਉਂਕਿ ਇਨ੍ਹਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੈ? ਇਕੱਲਾ ਵਖਰੇਵਾਂ ਹੀ ਨਹੀਂ ਚੌਧਰ ਦਾ ਮਸਲਾ ਵੀ ਹੈ, ਭਾਵੇਂ ਉਦੇਸ਼ ਸਾਰਿਆਂ ਦਾ ਇੱਕੋ ਹੈ। ਸੋਚਣ ਵਾਲੀ ਗੱਲ ਹੈ, ਜਦੋਂ ਕਿਸਾਨਾ ਦਾ ਉਦੇਸ਼ ਇੱਕ ਹੈ ਤਾਂ ਸਾਰੇ ਇੱਕਮਤ ਕਿਉਂ ਨਹੀਂ ਹੁੰਦੇ? ਗੱਲ ਉਥੇ ਹੀ ਆ ਕੇ ਖੜ੍ਹ ਗਈ, ਹਰ ਜਥੇਬੰਦੀ ਕਿਸੇ ਵੀ ਸਮੱਸਿਆ ਦੇ ਹੱਲ ਦਾ ਕਰੈਡਿਟ ਖੁਦ ਲੈਣੀ ਚਾਹੁੰਦੀ ਹੈ। ਜਦੋਂ ਪਿਛਲੇ ਕਿਸਾਨ ਅੰਦੋਲਨ ਵਿੱਚ ਸਾਰੇ ਇਕੱਠੇ ਹੋ ਸਕਦੇ ਸਨ ਤਾਂ ਇਨ੍ਹਾਂ ਜਿਹੜੀਆਂ ਦੋ ਡੱਲੇਵਾਲ ਤੇ ਪੰਧੇਰ ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕੀਤਾ ਹੈ, ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਚਲਣ ਲਈ ਕਿਉਂ ਨਹੀਂ ਕੋਸ਼ਿਸ਼ ਕੀਤੀ ਸੀ? ਜੇ ਕੋਸ਼ਿਸ਼ ਵਿੱਚ ਅਸਫਲ ਹੋਏ ਤਾਂ ਫਿਰ ਇਕੱਲਿਆਂ ਅੰਦੋਲਨ ਸ਼ੁਰੂ ਨਹੀਂ ਸੀ ਕਰਨਾ ਚਾਹੀਦਾ। ਮਰਨ ਵਰਤ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦਾ। ਗੱਲਬਾਤ ਹੀ ਇੱਕੋ-ਇੱਕ ਰਾਹ ਸਮਝੌਤਾ ਕਰਨ ਦਾ ਹੁੰਦਾ ਹੈ। ਇਹ ਤਾਂ ਮੰਨਿਆਂ ਜਾ ਸਕਦਾ ਹੈ ਕਿ ਅੰਦੋਲਨ ਸ਼ੁਰੂ ਕਰਨ ਵਾਲੇ ਕਿਸਾਨ, ਕਿਸਾਨ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ ਪ੍ਰੰਤੂ ਇਕੱਲਿਆਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਹੈ। ਹੁਣ ਐਨ ਮੌਕੇ ‘ਤੇ ਬਾਕੀ ਜਥੇਬੰਦੀਆਂ ਨੂੰ ਨਾਲ ਚਲਣ ਲਈ ਕਿਹਾ ਜਾ ਰਿਹਾ ਹੈ। ਬਾਕੀ ਜਥੇਬੰਦੀਆਂ ਉਨ੍ਹਾਂ ਨਾਲ ਇਸ ਕਰਕੇ ਨਹੀਂ ਚਲ ਰਹੀਆਂ, ਕਿਉਂਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਮੰਨ ਲਈਆਂ ਤਾਂ ਕਰੈਡਿਟ ਅੰਦੋਲਨ ਸ਼ੁਰੂ ਵਾਲੀਆਂ ਜਥੇਬੰਦੀਆਂ ਨੂੰ ਜਾਵੇਗਾ। ਅੰਦੋਲਨ ਕਰ ਰਹੀਆਂ ਜਥੇਬੰਦੀਆਂ ਤੋਂ ਇਲਾਵਾ ਬਾਕੀ ਜਥੇਬੰਦੀਆਂ ਕਿਸਾਨੀ ਦਾ ਭਲਾ ਤਾਂ ਚਾਹੁੰਦੀਆਂ ਹਨ ਪ੍ਰੰਤੂ ਉਨ੍ਹਾਂ ਦੀ ਪੋਜ਼ੀਸ਼ਨ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਅੱਗੇ ਖੂਹ ਤੇ ਪਿੱਛੇ ਖਾਈ ਹੈ, ਉਹ ਜਾਣ ਤਾਂ ਕਿਧਰ ਜਾਣ। ਜੇਕਰ ਦੂਰ ਅੰਦੇਸ਼ੀ ਨਾਲ ਵੇਖਿਆ ਜਾਵੇ ਤਾਂ ਦੋ ਧੜਿਆਂ ਦੀ ਗੱਲ ਨੂੰ ਕੇਂਦਰ ਸਰਕਾਰ ਦਾ ਮੰਨਣਾ ਅਸੰਭਵ ਲੱਗਦਾ ਹੈ, ਹਾਂ ਜੇਕਰ ਸਾਰੇ ਇੱਕਮਤ ਹੋ ਜਾਣ ਫਿਰ ਤਾਂ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਤਾਂ ਉਹੀ ਮੁੜ-ਘਿੜ ਕਰੈਡਿਟ ਦਾ ਆਉਂਦਾ ਹੈ। ਪੰਜਾਬੀਆਂ ਖਾਸ ਤੌਰ ‘ਤੇ ਕਿਸਾਨਾ ਨੂੰ ਯਾਦ ਹੋਵੇਗਾ ਮਰਹੂਮ ਦਰਸ਼ਨ ਸਿੰਘ ਫੇਰੂਵਾਲ ਨੇ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਲਈ ਕੇਂਦਰ ਸਰਕਾਰ ਦੇ ਵਿਰੁੱਧ ਮਰਨ ਵਰਤ ਰੱਖਿਆ ਸੀ। 70 ਦਿਨ ਬਾਅਦ ਉਹ ਸਵਰਗ ਸਿਧਾਰ ਗਏ ਸਨ। ਕੇਂਦਰ ਸਰਕਾਰ ਦੇ ਅਜੇ ਤੱਕ ਕੰਨਾਂ ‘ਤੇ ਜੂੰ ਨਹੀਂ ਸਰਕੀ, ਪਰਨਾਲਾ ਉਥੇ ਦਾ ਉਥੇ ਹੀ ਹੈ। ਦਰਸ਼ਨ ਸਿੰਘ ਫੇਰੂਮਾਨ ਦੇ ਸਸਕਾਰ ‘ਤੇ ਜਾਣ ਤੋਂ ਵੀ ਲੋਕਾਂ ਨੂੰ ਰੋਕਿਆ ਗਿਆ ਸੀ। ਉਦੋਂ ਤੋਂ ਅੱਜ ਤੱਕ ਦਰਸ਼ਨ ਸਿੰਘ ਫੇਰੂਮਾਨ ਨੂੰ ਕਿਸੇ ਨੇ ਯਾਦ ਤੱਕ ਨਹੀਂ ਕੀਤਾ। ਅਜੇ ਵੀ ਕਿਸਾਨ ਨੇਤਾ ਅੰਤਰਝਾਤ ਮਾਰਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵਿੱਚ ਵਿਚਾਲੇ ਪੈ ਕੇ ਖ਼ਤਮ ਕਰਵਾ ਦੇਣ, ਉਨ੍ਹਾਂ ਦੀ ਆਹੂਤੀ ਨਾ ਦਿੱਤੀ ਜਾਵੇ। ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ। ਕਿਸਾਨ ਤਾਂ ਪਹਿਲਾਂ ਹੀ ਕਿਸਾਨ ਮਾਰੂ ਨੀਤੀਆਂ ਕਰਕੇ ਮਾਰੇ ਪਏ ਹਨ। ਸਰਕਾਰ ਤਾਂ ਉਨ੍ਹਾਂ ਨੂੰ ਮਾਰਨਾ ਹੀ ਚਾਹੁੰਦੀ ਹੈ, ਫਿਰ ਆਪ ਹੀ ਕਿਉਂ ਮਰਿਆ ਜਾਵੇ? ਤੁਸੀਂ ਕਿਸਾਨ ਭਰਾਵੋ ਇਹ ਸੋਚੋ ਕਿ ਸੜਕਾਂ ਤਾਂ ਹਰਿਆਣਾ ਸਰਕਾਰ ਨੇ ਰੋਕੀਆਂ ਹੋਈਆਂ ਹਨ, ਪ੍ਰਚਾਰ ਸੁਪਰੀਮ ਕੋਰਟ ਤੱਕ ਇਹ ਕੀਤਾ ਜਾ ਰਿਹਾ ਹੈ ਕਿ ਕਿਸਾਨਾ ਨੇ ਰਸਤੇ ਰੋਕੇ ਹੋਏ ਹਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ‘ਤੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਵਾਉਣ ਦਾ ਹੁਕਮ ਕਰਕੇ, ਇੱਕ ਹੋਰ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਜੇ ਸਰਕਾਰ ਜ਼ਬਰਦਸਤੀ ਕਰੇਗੀ ਤਾਂ ਹਾਲਾਤ ਖ਼ਰਾਬ ਹੋਣ ਦੇ ਖ਼ਦਸ਼ੇ ਹਨ। ਪੰਜਾਬ ਸਰਕਾਰ ਵੀ ਕਸੂਤੀ ਫਸ ਗਈ ਹੈ। ਜੇ ਕਿਸਾਨਾ ਨੇ ਇਨਸਾਫ਼ ਲੈਣਾ ਹੈ ਤਾਂ ਪਹਿਲਾਂ ਦੀ ਤਰ੍ਹਾ ਸਾਰੇ ਇੱਕਮੁੱਠ ਹੋ ਕੇ ਯੋਜਨਾਬੱਧ ਢੰਗ ਨਾਲ ਅੰਦੋਲਨ ਸ਼ੁਰੂ ਕੀਤਾ ਜਾਵੇ। ਪਹਿਲੇ ਅੰਦੋਲਨ ਵਿੱਚ ਤਾਂ ਸੰਸਾਰ ਵਿੱਚੋਂ ਕਿਸਾਨ ਅੰਦੋਲਨ ਨੂੰ ਪੂਰੀ ਸਮਾਜਿਕ ਅਤੇ ਆਰਥਿਕ ਸਪੋਰਟ ਸੀ। ਸਮਾਜ ਦਾ ਹਰ ਵਰਗ ਵਿਓਪਾਰੀ, ਪੱਲੇਦਾਰ, ਆੜ੍ਹਤੀਆ, ਗ਼ਰੀਬ, ਅਮੀਰ, ਮਜ਼ਦੂਰ ਇਥੋਂ ਤੱਕ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਹਰ ਇਨਸਾਨ ਇੱਕ ਦੂਜੇ ਤੋਂ ਮੂਹਰੇ ਹੋ ਪਵਿਤਰ ਕਾਰਜ਼ ਸਮਝਦਿਆਂ ਸ਼ਾਮਲ ਹੁੰਦਾ ਸੀ। ਅੱਜ ਉਹ ਪੋਜ਼ੀਸ਼ਨ ਨਹੀਂ ਹੈ। ਲੋਕ ਸੜਕਾਂ ਰੋਕਣ ਨੂੰ ਵੀ ਚੰਗਾ ਨਹੀਂ ਸਮਝ ਰਹੇ। ਭਾਵੇਂ 30 ਦਸੰਬਰ ਦੀ ਹੜਤਾਲ ਪੂਰਨ ਸਫਲ ਰਹੀ ਹੈ। ਜੇ ਹੜਤਾਲ ਕਰਨ ਲਈ ਇਕੱਠੇ ਹੋ ਸਕਦੇ ਤਾਂ ਵੈਸੇ ਕਿਉਂ ਨਹੀਂ? ਆਪੋ ਆਪਣੀ ਡਫਲੀ ਵਜਾਉਣ ਨਾਲ ਸਫਲਤਾ ਬਿਲਕੁਲ ਨਹੀਂ ਮਿਲ ਸਕਦੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹਂੀਂ ਵਿਗੜਿਆ, ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਨੂੰ ਬਚਾ ਲਓ। ਪੰਜਾਬੀਆਂ ਦੀ ਆਰਥਿਕ ਹਾਲਤ ਹੁਣ ਵੀ ਬਹੁਤੀ ਚੰਗੀ ਨਹੀਂ ਜੇ ਮੰਦਭਾਗੀ ਘਟਨਾ ਵਾਪਰ ਗਈ ਤਾਂ ਹੋਰ ਨਿਘਾਰ ਹੋ ਜਾਵੇਗਾ। ਪੰਜਾਬ ਦੇ ਬੁੱਧੀਜੀਵੀਆਂ ਨੇ ਜਿਵੇਂ ਪਹਿਲੇ ਕਿਸਾਨ ਅੰਦਲਨ ਵਿੱਚ ਭੂਮਿਕਾ ਨਿਭਾਈ ਸੀ ਹੁਣ ਵੀ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਕੇ ਇਹ ਮਰਨ ਵਰਤ ਖ਼ਤਮ ਕਰਵਾਉਣਾ ਚਾਹੀਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ - ਉਜਾਗਰ ਸਿੰਘ
ਡਾ.ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਸਤਿਕਾਰੇ ਜਾਣ ਵਾਲੇ ਇਨਸਾਨ ਜੋ ਭਾਰਤ ਦੀ ਸਿਆਸਤ ਵਿਚ ਇਮਾਨਦਾਰੀ ਦਾ ਧਰੂ ਤਾਰਾ ਕਰਕੇ ਜਾਣੇ ਜਾਂਦੇ ਸਨ, ਡਾ ਮਨਮੋਹਨ ਸਿੰਘ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਸੰਸਾਰ ਵਿਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਪ੍ਰਸਿੱਧੀ ਪ੍ਰਾਪਤ ਆਰਥਿਕ ਮਾਹਿਰ ਸਿਆਸਤਦਾਨਾ ਲਈ ਰਾਹ ਦਸੇਰਾ ਬਣਕੇ ਵਿਚਰਦੇ ਰਹੇ। ਭਾਰਤ ਦੇ ਭਰਿਸ਼ਟ ਨਿਜ਼ਾਮ ਵਿਚ ਡਾ.ਮਨਮੋਹਨ ਸਿੰਘ ਆਪਣੀ ਕਾਬਲੀਅਤ, ਇਮਾਨਦਾਰੀ, ਦਿਆਨਤਦਾਰੀ, ਸੰਵੇਦਨਸ਼ੀਲਤਾ, ਸ਼ਹਿਨਸ਼ੀਲਤਾ ਅਤੇ ਸਾਦਗੀ ਕਰਕੇ ਦਿਨ ਨੂੰ ਸੂਰਜ ਦੀ ਤਰ੍ਹਾਂ ਅਤੇ ਰਾਤ ਨੂੰ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ ਹਨ। ਭਾਵੇਂ ਭਾਰਤੀ ਪਰਜਾਤੰਤਰ ਨੇ ਉਨ੍ਹਾਂ ਦੀ ਕਾਬਲੀਅਤ ਦਾ ਆਪਣੀ ਲੋੜ ਅਨੁਸਾਰ ਲਾਭ ਤਾਂ ਉਠਾ ਲਿਆ ਪ੍ਰੰਤੂ ਉਨ੍ਹਾਂ ਨੂੰ ਬਣਦੀ ਇੱਜ਼ਤ ਤੇ ਮਾਣ ਨਹੀਂ ਦਿੱਤਾ। 1991 ਵਿਚ ਦੇਸ਼ ਦੀ ਆਰਥਕ ਤੌਰ ਤੇ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਵਾਲਾ ਡਾ.ਮਨਮੋਹਨ ਸਿੰਘ ਕਾਂਗਰਸ ਪਾਰਟੀ ਨੇ ਇਕ ਵਾਰ ਤਾਂ ਛੱਜ ਵਿਚ ਪਾ ਕੇ ਛੱਟ ਦਿੱਤਾ ਸੀ। ਪ੍ਰੰਤੂ ਮੁੜਕੇ ਫਿਰ ਕਾਂਗਰਸ ਪਾਰਟੀ ਨੂੰ ਡਾ. ਮਨਮੋਹਨ ਸਿੰਘ ਦਾ ਸਹਾਰਾ ਲੈਣਾ ਪਿਆ। ਡਾ.ਮਨਮੋਹਨ ਸਿੰਘ ਨੇ ਹੀ ਕਾਂਗਰਸ ਪਾਰਟੀ ਦੀ ਬੇੜੀ ਪਾਰ ਕੀਤੀ।
2004 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਸੋਨੀਆਂ ਗਾਂਧੀ ਦਾ ਵਿਦੇਸ਼ੀ ਹੋਣ ਦਾ ਮੁੱਦਾ ਜ਼ੋਰਾਂ ਤੇ ਸੀ ਤਾਂ ਉਨ੍ਹਾਂ ਨੇ ਮਜ਼ਬੂਰੀ ਵਸ ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ, ਕਾਬਲੀਅਤ ਅਤੇ ਦਿਆਨਤਦਾਰੀ ਨੂੰ ਮੁੱਖ ਰਖਕੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਕਰਕੇ ਉਨ੍ਹਾਂ ਦੇ ਸਿਰ ‘ਤੇ ਪ੍ਰਧਾਨ ਮੰਤਰੀ ਬਦਾ ਤਾਜ ਰੱਖਿਆ। ਡਾ.ਮਨਮੋਹਨ ਸਿੰਘ ਨੇ ਆਪਣੀ ਯੋਗਤਾ ਦੀ ਛਾਪ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਵਧਾਇਆ ਅਤੇ ਦੇਸ਼ ਦਾ ਰਾਜ ਭਾਗ ਸਫਲਤਾ ਨਾਲ ਚਲਾਇਆ, ਜਿਸ ਕਰਕੇ ਦੁਨੀਆਂ ਵਿਚ ਭਾਰਤ ਦੀ ਅਤੇ ਡਾ.ਮਨਮੋਹਨ ਸਿੰਘ ਦੀ ਤੂਤੀ ਬੋਲਣ ਲੱਗ ਪਈ। ਘੱਟ ਗਿਣਤੀ ਦੀ ਮਿਲੀਜੁਲੀ ਸਰਕਾਰ ਨੂੰ ਬਾਖ਼ੂਬੀ ਚਲਾਉਣ ਦਾ ਸਿਹਰਾ ਵੀ ਡਾ.ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ। 2009 ਦੀਆਂ ਲੋਕ ਸਭਾ ਚੋਣਾਂ ਡਾ.ਮਨਮੋਹਨ ਸਿੰਘ ਦੇ ਨਾਂ ਤੇ ਲੜੀਆਂ ਗਈਆਂ, ਜਿਸ ਕਰਕੇ ਦੂਜੀ ਵਾਰ ਕਾਂਗਰਸ ਡਾ.ਮਨਮੋਹਨ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾਉਣ ਵਿਚ ਸਫਲ ਹੋਈ। ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੇ ਮਨਮਰਜ਼ੀ ਕਰਦਿਆਂ ਕੇਂਦਰ ਸਰਕਾਰ ਦਾ ਅਕਸ ਡਾ.ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਖ਼ਰਾਬ ਕੀਤਾ। ਇਸ ਵਿਚ ਡਾ.ਮਨਮੋਹਨ ਸਿੰਘ ਦਾ ਕੋਈ ਕਸੂਰ ਨਹੀਂ ਸੀ, ਇਹ ਸਾਂਝੀ ਸਰਕਾਰ ਦੀਆਂ ਮਜ਼ਬੂਰੀਆਂ ਸਨ। ਇਹ ਡਾ.ਮਨਮੋਹਨ ਸਿੰਘ ਹੀ ਸੀ, ਜਿਸਨੇ ਭਰਿਸ਼ਟਾਚਾਰ ਦੇ ਇਲਜ਼ਾਮ ਦਾ ਸਾਹਮਣਾ ਕਰਨ ਵਾਲੇ ਮੰਤਰੀਆਂ ਦੀ ਛਾਂਟੀ ਕੀਤੀ, ਭਾਵੇਂ ਉਸਨੂੰ ਪਤਾ ਸੀ ਕਿ ਸਰਕਾਰ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਡਾ.ਮਨਮੋਹਨ ਸਿੰਘ ਦੀ ਇਮਾਨਦਾਰੀ ਦਾ ਸਿੱਕਾ ਅਜੇ ਤੱਕ ਵੀ ਸਾਰਾ ਸੰਸਾਰ ਮੰਨਦਾ ਹੈ। ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਉਸਦੇ ਉਦੋਂ ਦੇ ਮੁੱਖੀ ਰਾਸ਼ਟਰਪਤੀ ਬਰਾਕ ਓਬਾਮਾਂ ਡਾ.ਮਨਮੋਹਨ ਸਿੰਘ ਦਾ ਰੈਡ ਕਾਰਪੈਟ ਨਾਲ ਸਵਾਗਤ ਕਰਦੇ ਸਨ ਅਤੇ ਉਨ੍ਹਾਂ ਤੋਂ ਅਗਵਾਈ ਲੈਂਦੇ ਰਹੇ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਸਿਆਸਤਦਾਨਾਂ ਨੇ ਆਪਣੇ ਨਿੱਜੀ ਮੁਫਾਦਾਂ ਕਰਕੇ ਬਣਦਾ ਸਤਿਕਾਰ ਨਹੀਂ ਦਿੱਤਾ। ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਭਾਰਤੀ ਸਿਆਸਤਦਾਨ ਵੀ ਰੋਕ ਨਹੀਂ ਸਕਣਗੇ। ਯੂ.ਪੀ.ਏ ਨੇ ਆਪਣੀਆਂ ਅਸਫਲਤਾਵਾਂ ਡਾ.ਮਨਮੋਹਨ ਸਿੰਘ ਦੇ ਨਾਂ ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਇਤਨਾ ਸਾਧਾਰਨ ਤੇ ਸਾਦਾ ਜੀਵਨ ਬਤੀਤ ਕਰਨ ਵਾਲਾ ਪ੍ਰਧਾਨ ਮੰਤਰੀ ਦੁਨੀਆਂ ਵਿਚ ਕੋਈ ਹੋ ਹੀ ਨਹੀਂ ਸਕਦਾ।
ਡਾ.ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਦੇ ਗਾਹ ਪਿੰਡ ਵਿੱਚ ਸ.੍ਰ ਗੁਰਮੁਖ ਸਿੰਘ ਅਤੇ ਸ਼੍ਰੀਮਤੀ ਅੰਮ੍ਰਿਤ ਕੌਰ ਦੇ ਘਰ 26 ਸਤੰਬਰ 1932 ਨੂੰ ਹੋਇਆ ਸੀ। ਬਚਪਨ ਵਿੱਚ ਹੀ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਪਾਲਣ ਪੋਸ਼ਣ ਉਨ੍ਹਾਂ ਦੀ ਨਾਨੀ ਨੇ ਹੀ ਕੀਤੀ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਾਕਿਸਤਾਨ ਵਾਲੇ ਪੰਜਾਬ ਵਿੱਚ ਹੀ ਕੀਂਤੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਵਿੱਚ ਆ ਕੇ ਰਹਿਣ ਲੱਗ ਪਿਆ। ਬੀ. ਏ. ਉਨ੍ਹਾਂ ਨੇ ਹਿੰਦੂ ਕਾਲਜ ਤੋਂ 1952 ਵਿੱਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮ. ਏ .ਅਰਥ ਸ਼ਾਸ਼ਤਰ ਦੀ ਆਨਰਜ਼ ਵੀ ਪੰਜਾਬ ਯੂਨੀਵਰਸਿਟੀ ਤੋਂ 1954 ਵਿੱਚ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਹੁੰਦੀ ਸੀ। ਉਹ ਹਰ ਇਮਤਿਹਾਨ ਵਿੱਚ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਹੀ ਆਉਂਦੇ ਸਨ। ਫਿਰ ਉਨ੍ਹਾਂ ਨੇ ਉੱਚ ਵਿਦਿਆ ਲਈ ਯੂਨੀਵਰਸਿਟੀ ਆਫ਼ ਕੈਂਬਰਿਜ ਦੇ ਸੇਂਟ ਜਾਹਨਜ ਕਾਲਜ ਵਿੱਚ ਦਾਖਲਾ ਲੈ ਲਿਆ । ਇਸ ਤੋਂ ਬਾਅਦ ਯੂਨੀਵਰਸਿਟੀ ਆਫ਼ ਆਕਸਫੋਰਡ ਦੇ ਨੂਈਫਡ ਕਾਲਜ ਵਿੱਚ ਦਾਖਲਾ ਲਿਆ, ਜਿਥੋਂ 1962 ਵਿੱਚ ਪੜ੍ਹਾਈ ਖਤਮ ਕੀਤੀ। ਉਨ੍ਹਾਂ ਨੂੰ ਉਪਰੋਕਤ ਯੂਨੀਵਰਸਿਟੀਆਂ ਨੇ ਸਕਾਲਰਸ਼ਿਪ ਦੇ ਕੇ ਪੜ੍ਹਾਇਆ। ਉਨ੍ਹਾਂ ਨੇ ਆਪਣੀ ਪੀ. ਐਚ. ਡੀ. ਇੰਡੀਅਨ ਐਕਸਪੋਰਟ ਪਰਫਾਰਮੈਂਸ 1951-60 ਐਕਸਪੋਰਟ ਪ੍ਰਾਸਪੈਕਟਸ ਐਂਡ ਪਾਲਿਸੀ ਇਮਪਲੀਕੇਸ਼ਨਜ ਦੇ ਵਿਸ਼ੇ ਤੇ ਕੀਤੀ। ਉਨ੍ਹਾਂ ਨੇ ਇੱਕ ਪੁਸਤਕ ਇੰਡੀਆਜ਼ ਐਕਸਪੋਰਟ ਟਰੈਂਡਜ਼ ਐਂਡ ਪਰਾਸਪੈਕਟਸ ਫਾਰ ਸੈਲਫ ਸਸਟੇਂਡ ਗਰੋਥ ਲਿਖੀ ਜੋ ਕਿ ਉਨ੍ਹਾਂ ਦੇ ਪੀ. ਐਚ. ਡੀ. ਥੀਸਜ਼ ਤੇ ਹੀ ਅਧਾਰਤ ਹੈ। ਉਹ ਦਿੱਲੀ ਯੂਨੀਵਰਸਿਟੀ ਵਿੱਚ 1957 ਤੋਂ 59 ਤੱਕ ਅਰਥ ਸ਼ਾਸ਼ਤਰ ਦੇ ਸੀਨੀਅਰ ਲੈਕਚਰਾਰ, 1959 ਤੋਂ 63 ਤੱਕ ਰੀਡਰ ਅਤੇ 65 ਤੋਂ 67 ਤੱਕ ਪ੍ਰੋਫੈਸਰ ਰਹੇ। ਇਸ ਤੋਂ ਬਾਅਦ 1969 ਤੋਂ 71 ਤੱਕ ਪ੍ਰੋਫੈਸਰ ਇੰਟਰਨੈਸ਼ਨਲ ਟਰੇਡ ਰਹੇ। ਉਹ 1966 ਤੋਂ 69 ਤੱਕ ਯੂਨਾਈਟਡ ਨੇਸ਼ਨਜ਼ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ ਵਿੱਚ ਵੀ ਕੰਮ ਕਰਦੇ ਰਹੇ। ਇਕ ਵਾਰ ਉਹ ਜਹਾਜ ਵਿੱਚ ਜਾ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਉਦੋਂ ਦੇ ਭਾਰਤ ਦੇ ਵਿਦੇਸ਼ ਮੰਤਰੀ ਲਲਿਤ ਨਰਾਇਣ ਮਿਸ਼ਰਾ ਨਾਲ ਹੋ ਗਈ, ਮਿਸ਼ਰਾ ਡਾਕਟਰ ਮਨਮੋਹਨ ਸਿੰਘ ਨਾਲ ਹੋਈ ਗੱਲਬਾਤ ਤੋਂ ਏਨੇ ਪ੍ਰਭਾਵਤ ਹੋਏ ਤਾਂ ਉਨ੍ਹਾਂ ਨੇ ਡਾ.ਮਨਮੋਹਨ ਸਿੰਘ ਨੂੰ 1982 ਵਿੱਚ ਆਪਣੇ ਵਿਦੇਸ਼ ਮੰਤਰਾਲੇ ਵਿੱਚ ਸਲਾਹਕਾਰ ਨਿਯੁਕਤ ਕਰ ਲਿਆ। ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਰਿਜਰਵ ਬੈਂਕ ਆਫ਼ ਇੰਡੀਆ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ, ਜਿਸ ਅਹੁਦੇ ਤੇ ਉਹ 1985 ਤੱਕ ਰਹੇ। ਉਨ੍ਹਾਂ ਦੀ ਕਾਬਲੀਅਤ ਦੀ ਧਾਂਕ ਚਾਰੇ ਪਾਸੇ ਫੈਲ ਗਈ, ਤਦ ਉਨ੍ਹਾਂ ਨੂੰ ਭਾਰਤ ਦੇ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਲਗਾ ਦਿੱਤਾ ਗਿਆ ਕਿਉਂਕਿ ਕਮਿਸ਼ਨ ਦਾ ਚੇਅਰਮੈਨ ਤਾਂ ਹਮੇਸ਼ਾ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਉਹ ਇਸ ਅਹੁਦੇ ‘ਤੇ 1987 ਤੱਕ ਰਹੇ। ਆਰਥਿਕ ਪਾਲਿਸੀ ‘ਤੇ ਇੱਕ ਅਜ਼ਾਦ ਥਿੰਕ ਟੈਂਕ ਸਾਊਥ ਕਮਿਸ਼ਨ ਹੈ, ਜਿਸਦਾ ਹੈਡਕਵਾਰਟਰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿਚ ਹੀ ਹੁੰਦਾ ਹੈ। ਡਾ. ਮਨਮੋਹਨ ਸਿੰਘ ਨੂੰ ਇਸ ਦਾ ਜਨਰਲ ਸਕੱਤਰ ਬਣਾਇਆ ਗਿਆ ਤੇ ਉਨ੍ਹਾਂ ਨੇ 87 ਤੋਂ 90 ਤੱਕ ਉਸ ਵਿੱਚ ਕੰਮ ਕੀਤਾ। ਜਦੋਂ ਉਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਵਿੱਚ ਪ੍ਰਸੰਸਾ ਹੋ ਰਹੀ ਸੀ ਤਾਂ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ 1991 ਵਿੱਚ ਡਾ.ਮਨਮੋਹਨ ਸਿੰਘ ਨੂੰ ਭਾਰਤ ਸਰਕਾਰ ਦਾ ਖ਼ਜ਼ਾਨਾ ਮੰਤਰੀ ਬਣਾਇਆ। ਉਸ ਸਮੇਂ ਦੇਸ਼ ਦੀ ਆਰਥਕਤਾ ਬਹੁਤ ਹੀ ਡਾਵਾਂਡੋਲ ਸੀ। ਡਾ.ਮਨਮੋਹਨ ਸਿੰਘ ਨੇ ਆਪਣੀਆਂ ਆਰਥਕ ਨੀਤੀਆਂ ਨਾਲ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕੀਤਾ। ਉਨ੍ਹਾਂ ਨੇ ਲਿਬਰਲਾਈਜੇਸ਼ਨ ਦੀ ਪਾਲਿਸੀ ਅਪਣਾਈ। ਵਿਦੇਸ਼ੀ ਵਪਾਰੀਆਂ ਨੂੰ ਭਾਰਤ ਦੀ ਮਾਰਕੀਟ ਵਿੱਚ ਆਉਣ ਦੀ ਇਜ਼ਾਜ਼ਤ ਦਿੱਤੀ। ਲਾਈਸੈਂਸ ਰਾਜ ਸਿਸਟਮ ਖ਼ਤਮ ਕਰ ਦਿੱਤਾ। ਹਰ ਖੇਤਰ ਵਿੱਚ ਸਰਕਾਰ ਦੀ ਮਨਾਪਲੀ ਖ਼ਤਮ ਕਰ ਦਿੱਤੀ ਤਾਂ ਕਿਤੇ ਜਾਕੇ ਭਾਰਤ ਦੀ ਆਰਥਿਕਤਾ ਮਜ਼ਬੂਤ ਹੋਈ। ਉਨ੍ਹਾਂ ਨੂੰ ਭਾਰਤ ਦੀ ਆਰਥਿਕਤਾ ਨੂੰ ਸ਼ੋਸ਼ਲਿਸਟ ਰੂਪ ਦੇਣ ਵਾਲਾ ਵਿਤ ਮੰਤਰੀ ਕਿਹਾ ਜਾ ਸਕਦਾ ਹੈ। ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੀਡਰਾਂ ਨੇ ਡਾ.ਮਨਮੋਹਨ ਸਿੰਘ ਦੀ ਕਾਬਲੀਅਤ ਦੀ ਈਨ ਮੰਨ ਲਈ ਅਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਬਨਾਉਣਾ ਸ਼ੁਰੂ ਕਰ ਦਿੱਤਾ। ਨਿਊਜ ਵੀਕ ਮੈਗਜ਼ੀਨ ਨੇ ਲਿਖਿਆ ਦੂਜੇ ਲੀਡਰਾਂ ਦਾ ਪਿਆਰਾ ਲੀਡਰ ਡਾ.ਮਨਮੋਹਨ ਸਿੰਘ । ਮੁਹੰਮਦ ਇਲਬਰਾਲ ਨੇ ਲਿਖਿਆ ਕਿ ਡਾ.ਮਨਮੋਹਨ ਸਿੰਘ ਦੁਨੀਆਂ ਦੇ ਦੂਜੇ ਲੀਡਰਾਂ ਦਾ ਰੋਲ ਮਾਡਲ ਲੀਡਰ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਹਮੇਸ਼ਾ ਉਨ੍ਹਾਂ ਤੋਂ ਆਰਥਕ ਮਾਮਲਿਆਂ ਵਿੱਚ ਸਲਾਹ ਲੈਂਦੇ ਰਹੇ ਹਨ। ਫੋਰਬਜ਼ ਮੈਗਜ਼ੀਨ ਨੇ ਵੀ ਮੋਸਟ ਪਾਵਰਫੁਲ ਲੀਡਰਾਂ ਵਿੱਚ ਡਾ.ਮਨਮੋਹਨ ਸਿੰਘ ਨੂੰ 18 ਵੇਂ ਨੰਬਰ ਤੇ ਰੱਖਿਆ ਹੈ। ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਬੈਸਟ ਪ੍ਰਾਈਮ ਮਨਿਸਟਰ ਕਿਹਾ ਅਤੇ ਨਹਿਰੂ ਤੋਂ ਬਾਅਦ ਆਪਣੀ ਟਰਮ ਪੂਰੀ ਕਰਕੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਸਨ। ਕਾਂਗਰਸ ਦੇ ਸਤਵੇਂ ਤੇ ਪਹਿਲੇ ਨਾਨ ਹਿੰਦੂ ਪ੍ਰਧਾਨ ਮੰਤਰੀ ਸਨ। ਦੇਸ਼ ਦਾ ਅਠਾਰਵਾਂ ਰਾਜ ਸਭਾ ਵਿੱਚੋਂ ਪ੍ਰਧਾਨ ਮੰਤਰੀ ਬਣਨ ਵਾਲਾ ਦੂਜਾ ਪ੍ਰਧਾਨ ਮੰਤਰੀ ਹੈ। ਉਹ ਰਾਜ ਸਭਾ ਲਈ 1991, 97, 2003, 2009, 2014 ਅਤੇ 2019 ਵਿੱਚ ਚੁਣੇ ਗਏ ਸਨ। ਉਹ 22 ਮਈ 2004 ਤੋ ਮਈ 2009 ਤੱਕ ਅਤੇ ਮਈ 2009 ਤੋਂ ਮਈ 2014 ਤੱਕ ਪ੍ਰਧਾਨ ਮੰਤਰੀ ਰਹੇ ਹਨ।
ਡਾ.ਮਨਮੋਹਨ ਸਿੰਘ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਸੀ। ਸਾਲ 1997 ਵਿੱਚ ਯੂਨੀਵਰਸਿਟੀ ਆਫ਼ ਅਲਬਰਟਾ ਨੇ ਆਨਰੇਰੀ ਡਾਕਟਰ ਆਫ਼ ਲਾਅ, ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਜੁਲਾਈ 2005 ਵਿੱਚ ਡਾਕਟਰ ਆਫ਼ ਸਿਵਲ ਲਾਅ, ਯੂਨੀਵਰਸਿਟੀ ਆਫ ਕੈਂਬਰਿਜ਼ ਨੇ ਡਾਕਟਰ ਆਫ਼ ਸਿਵਲ ਲਾਅ, ਸੇਂਟ ਜਾਹਨਜ਼ ਕਾਲਜ ਨੇ ਉਨ੍ਹਾਂ ਦੇ ਨਾਂ ਤੇ ਪੀ. ਐਚ. ਡੀ. ਦੀ ਡਿਗਰੀ ਕਰਨ ਲਈ ਡਾ.ਮਨਮੋਹਨ ਸਿੰਘ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ, ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡਾਕਟਰੇਟ ਆਫ਼ ਲੈਟਰਜ਼ 2008, ਯੂਨੀਵਰਸਿਟੀ ਆਫ਼ ਮਦਰਾਸ ਨੇ 2008 ਵਿੱਚ ਆਨਰੇਰੀ ਡਾਕਟਰੇਟ ਦੀ ਡਿਗਰੀ ਅਤੇ ਕਿੰਗ ਸਾਊਤ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ 2010 ਵਿੱਚ ਦਿੱਤੀ।
ਉਨ੍ਹਾਂ ਨੂੰ 1987 ਵਿੱਚ ਪਦਮ ਵਿਭੂਸ਼ਣ ਦਾ ਖ਼ਿਤਾਬ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਬਹੁਤ ਹੀ ਮਾਅਰਕੇ ਦੇ ਕੰਮ ਕੀਤੇ ਭਾਵੇਂ ਸਾਂਝੀ ਸਰਕਾਰ ਦੀਆਂ ਆਪਣੀਆਂ ਵੱਖਰੀ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਉਹਨਾਂ ਵਿੱਚੋਂ ਕੁਝ ਕੁ ਵਰਨਣਯੋਗ ਹਨ, ਜਿਵੇਂ ਕਿ ਰਾਈਟ ਟੂ ਇਨਫਰਮੇਸ਼ਨ ਕਾਨੂੰਨ, ਗ਼ਰੀਬਾਂ ਲਈ ਨਰੇਗਾ, ਰੂਰਲ ਹੈਲਥ ਮਿਸ਼ਨ, ਆਈ. ਆਈ. ਟੀਜ, ਤੇ ਆਈ. ਆਈ. ਮੈਨੇਜਮੈਂਟ ਦਾ ਸਥਾਪਤ ਕਰਨਾ ਸ਼ਾਮਲ ਹਨ। ਉਨ੍ਹਾਂ ਦਾ ਵਿਆਹ ਸ਼੍ਰੀਮਤੀ ਗੁਰਸ਼ਰਨ ਕੌਰ ਨਾਲ 1958 ਵਿੱਚ ਹੋਇਆ। ਉਹ ਦੋਵੇਂ ਕੋਹਲੀ ਪਰਿਵਾਰ ਵਿੱਚੋਂ ਹਨ ਪ੍ਰੰਤੂ ਆਪਣੇ ਨਾਂ ਨਾਲ ਕੋਹਲੀ ਨਹੀਂ ਲਿਖਦੇ। ਉਨ੍ਹਾਂ ਦੇ ਤਿੰਨ ਲੜਕੀਆਂ ਉਪਿੰਦਰ, ਦਮਨ ਅਤੇ ਅੰਮ੍ਰਿਤਾ ਸਿੰਘ ਹਨ। ਡਾ.ਮਨਮੋਹਨ ਸਿੰਘ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਵੀ ਹੋਣਗੇ, ਜਿਨ੍ਹਾਂ ਨੇ ਆਪਣਾ ਅਹੁਦਾ ਛੱਡਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਨਿਵਾਸ ਖਾਲ੍ਹੀ ਕਰ ਦਿੱਤੀ ਸੀ। ਆਮ ਤੌਰ ਤੇ ਸਿਆਸਤਦਾਨ ਸਰਕਾਰੀ ਸਹੂਲਤਾਂ ਦਾ ਰਿਟਾਇਰਮੈਂਟ ਤੋਂ ਬਾਅਦ ਵੀ ਆਨੰਦ ਮਾਣਦੇ ਰਹਿੰਦੇ ਹਨ। ਭਾਰਤ ਸਰਕਾਰ ਉਨ੍ਹਾਂ ਦੇ ਸਤਿਕਾਰ ਵਜੋਂ 7 ਦਿਨ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ - ਉਜਾਗਰ ਸਿੰਘ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਥਾਂ ਗ਼ਲਤੀ ਦਰ ਗ਼ਲਤੀ ਕਰਦੀ ਜਾ ਰਹੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੁਅਤਲੀ/ਜਥੇਦਾਰੀ ਦੇ ਅਹੁਦੇ ਦੇ ਫਰਜ਼ ਨਿਭਾਉਣ ‘ਤੇ ਲਗਾਈ ਗਈ ਰੋਕ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਦਾ ਖੁਸਿਆ ਹੋਇਆ ਵਕਾਰ ਬਹਾਲ ਕਰਨ ਵਿੱਚ ਸਹਾਈ ਹੋ ਸਕਦੀ ਹੈ? ਬਿਲਕੁਲ ਕੋਈ ਸੰਭਾਵਨਾ ਨਹੀਂ ਲੱਗਦੀ, ਸਗੋਂ ਇਉਂ ਲੱਗ ਰਿਹਾ ਹੈ ਕਿ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਨੂੰ ਖ਼ਤਮ ਕਰਨ ‘ਤੇ ਤੁਲੀ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੇ ਇਸ ਜਲਦਬਾਜੀ ਵਿੱਚ ਲਏ ਗਏ ਫ਼ੈਸਲੇ ਦਾ ਸਿੱਖ ਕੌਮ ਨੂੰ ਕੀ ਲਾਭ ਹੋਵੇਗਾ? ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਵਤ ਜਥੇਦਾਰ ਸਾਹਿਬਾਨ ਦੀ ਸ਼ਾਖ਼ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਰਤਮਾਨ ਫ਼ੈਸਲੇ ਨਾਲ ਉਨ੍ਹਾਂ ਦਾ ਖੋਇਆ ਹੋਇਆ ਵਕਾਰ ਮੁੜ ਬਹਾਲ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਅਜਿਹਾ ਫ਼ੈਸਲਾ ਪਹਿਲੀ ਵਾਰ ਨਹੀਂ ਕੀਤਾ, ਜਦੋਂ ਕੋਈ ਜਥੇਦਾਰ ਉਨ੍ਹਾਂ ਮੁਤਾਬਕ ਫ਼ੈਸਲੇ ਨਹੀਂ ਕਰਦਾ ਫਿਰ ਉਹ ਕੋਈ ਬਹਾਨਾ ਬਣਾਕੇ ਉਸਨੂੰ ਹਟਾ ਦਿੰਦੇ ਹਨ। ਸਭ ਤੋਂ ਪਹਿਲਾਂ 1999 ਵਿੱਚ ਭਾਈ ਰਣਜੀਤ ਸਿੰਘ , ਮਾਰਚ 2000 ਵਿੱਚ ਗਿਆਨੀ ਪੂਰਨ ਸਿੰਘ, 2003 ਵਿੱਚ ਭਾਈ ਮਨਜੀਤ ਸਿੰਘ, 2015 ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ, 2017 ਵਿੱਚ ਗਿਆਨੀ ਗੁਰਮੁੱਖ ਸਿੰਘ ਅਤੇ ਛੇਵੇਂ ਗਿਆਨੀ ਹਰਪ੍ਰੀਤ ਸਿੰਘ ਹਨ। ਹਾਲਾਂ ਕਿ ਜਥੇਦਾਰ ਸਾਹਿਬਾਨ ਵਿਰੁੱਘ ਅਜਿਹਾ ਫ਼ੈਸਲਾ ਕਰਨ ਦਾ ਅਧਿਕਾਰੀ ਕਮੇਟੀ ਕੋਲ ਹੈ ਹੀ ਨਹੀਂ। ਇਹ ਅਧਿਕਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਹੈ। ਜੇਕਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਿਰੁੱਧ ਕੋਈ ਸ਼ਿਕਾਇਤ ਹੋਵੇ ਉਸਦੀ ਪੜਤਾਲ ਦਾ ਅਧਿਕਾਰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਕੋਲ ਹੈ। ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਿਹੜੀ ਸ਼ਿਕਾਇਤ ਉਸਦੇ ਰਿਸ਼ਤੇਦਾਰ ਨੇ ਹੁਣ ਦਿੱਤੀ ਹੈ, ਇਹ ਇੱਕ ਪਰਿਵਾਰਿਕ ਮਸਲਾ/ਝਗੜਾ ਹੈ, ਜੋ ਹਰ ਪਰਿਵਾਰ ਵਿੱਚ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ‘ਤੇ 1999 ਵਿੱਚ ਇਹ ਦੋਸ਼ ਲੱਗੇ ਸੀ, ਸ਼੍ਰੋਮਣੀ ਕਮੇਟੀ ਨੇ 2007 ਪੜਤਾਲ ਕਰਵਾਈ ਤੇ ਗਿਆਨੀ ਹਰਪ੍ਰੀਤ ਸਿੰਘ ਨਿਰਦੋਸ਼ ਪਾਇਆ ਗਿਆ। ਪ੍ਰੰਤੂ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਦੀ ਇਸੇ ਸ਼ਿਕਾਇਤ ‘ਤੇ ਪੁਲਿਸ ਨੇ ਪੜਤਾਲ ਕੀਤੀ ਜਿਸ ਕਰਕੇ ਗੁਰਪ੍ਰੀਤ ਸਿੰਘ ਨੂੰ ਸਜਾ ਹੋ ਗਈ ਸੀ। ਇਹ ਸ਼ਿਕਾਇਤ ਸਜ਼ਾ ਯਾਫਤਾ ਵਿਅਕਤੀ ਨੇ ਦਿੱਤੀ ਹੈ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਸੀ। ਹੁਣ ਦੁਬਾਰਾ ਪੜਤਾਲ ਕਰਵਾਉਣ ਦਾ ਭਾਵ ਸ਼ਪਸ਼ਟ ਹੈ ਕਿ ਉਸਦਾ ਪੰਜ ਸਿੰਘ ਸਹਿਬਾਨ ਵਿੱਚ ਸ਼ਾਮਲ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲਗਾਉਣਾ ਹਜ਼ਮ ਨਹੀਂ ਹੋ ਰਿਹਾ। ਇਸ ਫ਼ੈਸਲੇ ‘ਤੇ ਸ਼ੱਕ ਦੀ ਸੂਈ ਘੁੰਮਦੀ ਹੈ ਕਿਉਂਕਿ ਇਹ ਫ਼ੈਸਲਾ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਨੂੰ ਤਨਖ਼ਾਹ ਲਗਾਏ ਜਾਣ ਦਾ ਪ੍ਰਤੀ ਕਰਮ ਹੈ। ਸਿੱਖ ਸੰਗਤ ਇਸ ਨੂੰ ਬਦਲੇ ਦੀ ਕਾਰਵਾਈ ਕਹਿ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਰਕਾਰ ਦੇ ਉਨ੍ਹਾਂ ਮੰਤਰੀਆਂ ਜਿਹੜੇ ਅਕਾਲੀ ਸਰਕਾਰ ਦਾ ਹਿੱਸਾ ਰਹੇ ਸਨ, ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹ ਲਗਾਏ ਜਾਣ ਤੋਂ ਬਾਅਦ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਭਵਿਖ ਖ਼ਤਰੇ ਵਿੱਚ ਪੈ ਗਿਆ ਲੱਗਦਾ ਸੀ। ਇਸ ਫ਼ੈਸਲੇ ਦਾ ਸੰਸਾਰ ਦੇ ਵੱਖ-ਵੱਖ ਹਿੱਸਿਆ ਵਿੱਚ ਵਸਦੀ ਸਿੱਖ ਸੰਗਤ ਨੇ ਖੁਲ੍ਹੇ ਦਿਲ ਨਾਲ ਸਵਾਗਤ ਕੀਤਾ, ਕਿਉਂਕਿ 1970 ਤੋਂ ਬਾਅਦ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਪੱਖਤਾ ਨਾਲ ਪੰਥਕ ਹਿੱਤਾਂ ਲਈ ਕੀਤਾ ਗਿਆ ਫ਼ੈਸਲਾ ਮੰਨਿਆਂ ਗਿਆ ਹੈ। ਇਸ ਫ਼ੈਸਲੇ ਨਾਲ ਅਕਾਲੀ ਫੂਲਾ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਨੂੰ ਲਗਾਈ ਤਨਖ਼ਾਹ ਦੀ ਯਾਦ ਤਾਜਾ ਹੋ ਗਈ ਹੈ। ਇਹ ਫ਼ੈਸਲਾ ਵੀ ਅਕਾਲੀ ਫੂਲਾ ਸਿੰਘ ਵਰਗਾ ਹੀ ਲੱਗਦਾ ਹੈ। ਸਿੱਖ ਸੰਗਤ ਨੂੰ ਮਹਿਸੂਸ ਹੋ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਉਹ ਕਿਸੇ ਸਿਆਸਤਦਾਨ ਦੇ ਹੱਥਠੋਕੇ ਨਹੀਂ ਹਨ ਅਤੇ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੁਸਤਾ ਤੇ ਮਾਣ ਮਰਿਆਦਾ ਸਰਵੋਤਮ ਹੈ। ਇਸ ਤੋਂ ਪਹਿਲਾਂ ਜਥੇਦਾਰ ਸਾਹਿਬਾਨ ‘ਤੇ ਇਲਜ਼ਾਮ ਲੱਗਦੇ ਰਹੇ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੋਠੀ ਬੁਲਾਕੇ ਫ਼ੈਸਲੇ ਕਰਨ ਦੇ ਹੁਕਮ ਦਿੱਤੇ ਜਾਂਦੇ ਸਨ। ਸਿੱਖ ਸੰਗਤ ਨੂੰ ਇਸ ਫ਼ੈਸਲੇ ਵਿੱਚੋਂ ਪੰਥਕ ਸੋਚ ਦੀ ਖ਼ੁਸ਼ਬੋ ਆਉਂਦੀ ਮਹਿਸੂਸ ਹੋ ਰਹੀ ਸੀ। ਇਉਂ ਵੀ ਲੱਗ ਰਿਹਾ ਸੀ ਕਿ ਸਜ਼ਾ ਭੁਗਤਣ ਤੋਂ ਬਾਅਦ ਸਿੱਖ ਸਿਆਸਤਦਾਨ ਸੱਚੇ ਮਾਰਗ ‘ਤੇ ਚਲਣਗੇ ਤੇ ਅਕਾਲੀ ਦਲ ਦੁਬਾਰਾ ਆਪਣੀ ਸ਼ਾਖ਼ ਬਣਾਉਣ ਦੇ ਸਮਰੱਥ ਹੋਵੇਗਾ। ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਤਨਖ਼ਾਹ ਤੋਂ ਬਾਅਦ ਲੰਬਾ ਸਮਾਂ ਸਜ਼ਾ ਨਾ ਸੁਣਾਏ ਜਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਘਬਰਾਹਟ ਵਿੱਚ ਆ ਗਏ ਸਨ, ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੇ ਕੁਝ ਲੀਡਰਾਂ ਜਿਨ੍ਹਾਂ ਵਿੱਚੋਂ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਸਨ। ਸਮੁੱਚੇ ਸੰਸਾਰ ਦੀ ਸਿੱਖ ਸੰਗਤ ਨੇ ਵਿਰਸਾ ਸਿੰਘ ਵਲਟੋਹਾ ਦੇ ਇਲਜ਼ਾਮਾ ਦਾ ਬਹੁਤ ਬੁਰਾ ਮਨਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ਵਿੱਚੋਂ ਕੱਢਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੂੰ ਹੁਕਮ ਕੀਤੇ ਸਨ। ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਕੱਢਿਆ ਨਹੀਂ ਸਗੋਂ ਉਸ ਤੋਂ ਅਸਤੀਫ਼ਾ ਲੈ ਲਿਆ। ਇਸ ਦਾ ਵੀ ਸਿੱਖ ਸੰਗਤ ਨੇ ਬੁਰਾ ਮਨਾਇਆ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਦੀ ਅਵੱਗਿਆ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦੇ ਪ੍ਰਧਾਨ ਦਾ ਅਸਤੀਫ਼ਾ ਕਾਰਜਕਾਰਨੀ ਨੂੰ ਤਿੰਨ ਦਿਨਾ ਵਿੱਚ ਮਨਜ਼ੂਰ ਕਰਨ ਦੀ ਹਦਾਇਤ ਤੇ ਵੀ ਅਜੇ ਤੱਕ ਅਮਲ ਨਹੀਂ ਹੋਇਆ। ਅਕਾਲੀ ਦਲ ਨੂੰ ਲਗਾਤਾਰ ਖੋਰਾ ਨੇਤਾਵਾਂ ਦੀਆਂ ਗ਼ਲਤੀਆਂ ਕਰਕੇ ਲੱਗ ਰਿਹਾ ਹੈ।
ਇਸ ਸਮੇਂ ਦੌਰਾਨ ਚਾਰ ਵਿਧਾਨ ਸਭਾ ਦੇ ਹਲਕਿਆਂ ਦੀ ਉਪ ਚੋਣ ਆ ਗਈ। ਅਕਾਲੀ ਦਲ ਨੇ ਉਪ ਚੋਣਾ ਨਾ ਲੜਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਦਾ ਅਰਥ ਇਹ ਨਿਕਲਦਾ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਦੀ ਹੋਂਦ ਹੀ ਨਹੀਂ ਜਾਂ ਇਉਂ ਕਹਿ ਲਵੋ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਕੋਲ ਕੋਈ ਸਮਰੱਥ ਨੇਤਾ ਹੀ ਨਹੀਂ। ਸਿੱਖ ਸੰਗਤ ਨੇ ਉਪ ਚੋਣਾ ਨਾ ਲੜਨ ਨੂੰ ਵੀ ਗ਼ਲਤ ਫ਼ੈਸਲਾ ਕਿਹਾ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਦਲ ਦੀ ਸ਼ੋਸ਼ਲ ਮੀਡੀਆ ਟੀਮ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ 10 ਇਲਜ਼ਾਮ ਲਗਾਕੇ ਮੀਡੀਆ ਵਿੱਚ ਸਰਕੂਲੇਟ ਕਰ ਦਿੱਤੇ ਹਨ। ਇਹ ਉਹੀ ਇਲਜ਼ਾਮ ਹਨ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਨੇ ਲਗਾਏ ਹਨ। ਇਸਦਾ ਅਰਥ ਹੈ ਕਿ ਅਕਾਲੀ ਤੇ ਸ਼੍ਰੋਮਣੀ ਕਮੇਟੀ ਨੇ ਇਹ ਇਲਜ਼ਾਮ ਉਸ ਵਿਅਕਤੀ ਤੋਂ ਖੁਦ ਲਏ ਹਨ। ਇਨ੍ਹਾਂ ਇਲਜ਼ਾਮਾ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਪਿਆਰਿਆਂ ਨੂੰ ਦੇ ਦਿੱਤਾ, ਕੀ ਹਰਜਿੰਦਰ ਸਿੰਘ ਧਾਮੀ ਦੀ ਅੰਤ੍ਰਿੰਗ ਕਮੇਟੀ ਪੰਜ ਪਿਆਰਿਆਂ ਨਾਲੋਂ ਵੱਡੀ ਹੈ? ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗਿ ਲੁਧਿਆਣਾ ਜ਼ਿਲ੍ਹਾ ਦੇ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਪ੍ਰੰਤੂ ਕੁਝ ਕਮੇਟੀ ਮੈਂਬਰਾਂ ਦੇ ਇਤਰਾਜ਼ ਕਰਨ ‘ਤੇ ਇੱਕ ਤਿੰਨ ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਬਣਾਈ ਹੈ, ਜਿਹੜੀ ਗਿਆਨੀ ਹਰਪ੍ਰੀਤ ‘ਤੇ ਲੱਗੇ ਦੋਸ਼ਾਂ ਦੀ ਪੜਤਾਲ ਕਰੇਗੀ, ਉਤਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ‘ਤੇ ਸ੍ਰੀ ਅਕਾਲ ਤਖ਼ਤ ਦੀਆਂ ਮੀਟਿੰਗਾਂ ਵਿੱਚ ਜਾਣ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੀ ਥਾਂ ਤਖ਼ਤ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਤਖ਼ਤ ਦਾ ਕੰਮ ਵੇਖਣ ਦੀ ਹਦਾਇਤ ਕੀਤੀ ਗਈ ਹੈ। ਤਿੰਨ ਮੈਂਬਰੀ ਕਮੇਟੀ ਵਿੱਚ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਧੜੇ (ਬਾਦਲ) ਦੇ ਹੀ ਹਨ, ਫਿਰ ਉਹ ਕਮੇਟੀ ਫ਼ੈਸਲਾ ਨਿਰਪੱਖਤਾ ਨਾਲ ਕਿਵੇਂ ਕਰੇਗੀ? ਪਾਰਦਰਸ਼ਤਾ ਲਈ ਵਿਰੋਧੀ ਧਿਰ ਦਾ ਮੈਂਬਰ ਕਮੇਟੀ ਵਿੱਚ ਲੈਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕਦਮਾ ਨਾਲ ਉਸਦੀ ਨੀਅਤ ‘ਤੇ ਸ਼ੱਕ ਦੀ ਗੁੰਜਾਇਸ਼ ਬਣ ਗਈ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਜਿਤਨੀ ਦੇਰ ਜਥੇਦਾਰ ਸਾਹਿਬਾਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੇ, ਉਦੋਂ ਉਹ ਦੁੱਧ ਧੋਤੇ ਸਨ ਪ੍ਰੰਤੂ ਜਦੋਂ ਉਨ੍ਹਾਂ ਸਚਾਈ ਦਾ ਪੰਥਕ ਮਾਰਗ ਅਪਣਾਇਆ ਉਦੋਂ ਉਨ੍ਹਾਂ ‘ਤੇ ਚਿਕੜ ਉਛਾਲਣਾ ਸ਼ੁਰੂ ਕਰ ਦਿੱਤਾ। ਜਥੇਦਾਰ ਸਾਹਿਬਾਨ ਸਿੱਖ ਜਗਤ ਲਈ ਸਰਵੋਤਮ ਧਾਰਮਿਕ ਸ਼ਖ਼ਸੀਅਤਾਂ ਹਨ, ਇਨ੍ਹਾਂ ‘ਤੇ ਇਲਜ਼ਾਮ ਲਗਾਉਣਾ ਸ਼ੁਭ ਸ਼ਗਨ ਨਹੀਂ, ਸਗੋਂ ਇਹ ਇਲਜ਼ਾਮ ਉਦੋਂ ਲਗਾਉਣੇ ਵਾਜਬ ਸਨ ਜਦੋਂ ਸਿਰਸੇ ਵਾਲੇ ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕੀਤਾ ਸੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫ਼ੈਸਲਾ ਰੱਦ ਕਰ ਦੇਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ, ਇਤਿਹਾਸ ਵਿੱਚ ਉਨ੍ਹਾਂ ਦੇ ਨਾਮ ਉਨ੍ਹਾਂ ਜਥੇਦਾਰਾਂ ਨਾਲ ਅੰਕਤ ਹੋ ਜਾਣਗੇ ਜਿਨ੍ਹਾਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਹਮਲੇ ਤੇ ਹਿੰਸਕ ਗਤੀਵਿਧੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੇ - ਉਜਾਗਰ ਸਿੰਘ
ਸਭਿਅਕ ਸਮਾਜ ਵਿੱਚ ਹਮਲੇ, ਅਰਾਜਕਤਾ, ਹਿੰਸਕ ਕਾਰਵਾਈਆਂ ਅਤੇ ਲੜਾਈਆਂ ਝਗੜੇ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਣ, ਉਹ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦੇ। ਇਨ੍ਹਾਂ ਹਮਲਿਆਂ ਨੂੰ ਇਨਸਾਨੀਅਤ ਦੇ ਭਲੇ ਲਈ ਚੰਗਾ ਵੀ ਨਹੀਂ ਸਮਝਿਆ ਜਾਂਦਾ। ਇਹ ਹੁੰਦੇ ਕਿਉਂ ਹਨ? ਇਨ੍ਹਾਂ ਤੇ ਪੰਜਾਬੀ/ਸਿੱਖ ਸੰਜੀਦਗੀ ਨਾਲ ਵਿਚਾਰ ਕਿਉਂ ਨਹੀਂ ਕਰਦੇ? ਇਹ ਕਦੀਂ ਵੀ ਕਿਸੇ ਵੀ ਸਮਾਜ ਦੇ ਸੁਨਹਿਰੇ ਭਵਿਖ ਲਈ ਚੰਗੇ ਨਹੀਂ ਹੁੰਦੇ, ਸਗੋਂ ਉਸਦੇ ਰਾਹ ਵਿੱਚ ਰੋੜਾ ਬਣਦੇ ਹਨ। ਹਮਲਾ ਕਰਨ ਵਾਲਿਆਂ ਦੀ ਮਾਨਸਿਕਤਾ ਅਤੇ ਦੁੱਖ ਦਰਦਾਂ ਦੀ ਸਮੀਖਿਆ ਕਰਕੇ ਸਰਕਾਰਾਂ/ਸਮਾਜ ਨੂੰ ਕੋਈ ਸਾਰਥਿਕ ਹੱਲ ਲੱਭਣੇ ਚਾਹੀਦੇ ਹਨ। ਕਿਸੇ ਸਮਾਜ ਦੀ ਤਰੱਕੀ ਸ਼ਾਂਤਮਈ ਮਾਹੌਲ ਵਿੱਚ ਹੀ ਹੋ ਸਕਦੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਤਨਖ਼ਾਹ ਦੀ ਪਾਲਣਾ ਕਰਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਚੋਬਦਾਰ ਵੱਜੋਂ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੇ ਇੱਕ ਵਾਰ ਫਿਰ ਪੰਜਾਬ ਦੇ ਕਾਲੇ ਦਿਨਾ ਦੀ ਯਾਦ ਤਾਜਾ ਕਰਵਾ ਦਿੱਤੀ ਹੈ। ਭਾਵੇਂ ਇਹ ਹਮਲਾ ਨਿੱਜੀ ਰੰਜਸ਼ ਦਾ ਲੱਗਦਾ ਹੈ ਪ੍ਰੰਤੂ ਸਾਰੇ ਪੱਖ ਅਜੇ ਪੜਤਾਲ ਦਾ ਵਿਸ਼ਾ ਹਨ। ਇਹ ਹਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਤਨਖ਼ਾਹ ਕਰਕੇ ਚੋਬਦਾਰ ਦੇ ਰੂਪ ਵਿਚ ਤਨਖ਼ਾਹ ਪੂਰੀ ਕਰ ਰਹੇ ਸੇਵਾਦਾਰ ‘ਤੇ ਹਮਲਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਹ ਕੋਈ ਪਹਿਲੀ ਵਾਰ ਹਮਲਾ ਨਹੀਂ ਹੋਇਆ। ਸਿੱਖਾਂ ਦੀ ਖ਼ਾਨਜੰਗੀ ਕਰਕੇ ਪਹਿਲਾਂ ਵੀ ਆਪਸੀ ਖਹਿਬਾਜ਼ੀ ਕਰਕੇ ਕਈ ਨੌਜਵਾਨ ਕਾਲੇ ਦਿਨਾਂ ਵਿੱਚ ਪਾਟੋਧਾੜ ਕਰਕੇ ਮਾਰੇ ਗਏ ਸਨ। ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹਾਂ ਨਾਲ ਵੇਖਣਾਂ ਪੰਜਾਬੀਆਂ/ਸਿੱਖਾਂ ਲਈ ਹਮੇਸ਼ਾ ਘਾਤਕ ਸਾਬਤ ਹੁੰਦਾ ਰਿਹਾ ਹੈ, ਕਿਉਂਕਿ ਸਿੱਖ ਕੌਮ ਵਿੱਚ ਗ਼ਦਾਰਾਂ ਦਾ ਇਤਿਹਾਸ ਹੈ। ਇਸ ਤੋਂ ਪਹਿਲਾਂ ਅੱਸੀਵਿਆਂ ਵਿੱਚ ਅਨੇਕਾਂ ਘਟਨਾਵਾਂ ਹੋਈਆਂ। ਇਸੇ ਤਰ੍ਹਾਂ ਇੱਕ ਸ੍ਰੀ ਦਰਬਾਰ ਸਹਿਬ ਵਿੱਚ ਮੱਥਾ ਟੇਕਣ ਆਏ ਨੌਕਰੀ ਕਰ ਰਹੇ ਆਈ.ਪੀ.ਐਸ.ਅਧਿਕਾਰੀ ਅਟਵਾਲ ‘ਤੇ ਵੀ ਹਮਲਾ ਹੋਇਆ ਸੀ ਤੇ ਉਹ ਮਾਰਿਆ ਗਿਆ ਸੀ। ਹੋਰ ਵੀ ਕਈ ਨੌਜਵਾਨ ਕਈ ਘਟਨਾਵਾਂ ਦੌਰਾਨ ਮਾਰੇ ਗਏ ਸਨ। ਉਦੋਂ ਵੀ ਪਕੜ ਧਕੜ ਪੰਜਾਬੀਆਂ/ਸਿੱਖਾਂ ਦੀ ਹੀ ਹੋਈ ਸੀ, ਉਨ੍ਹਾਂ ‘ਤੇ ਅਥਾਹ ਤਸ਼ੱਦਦ ਹੋਇਆ। ਉਦੋਂ ਮਰਨ ਤੇ ਮਾਰਨ ਵਾਲੇ ਭਾਵੇਂ ਉਹ ਪੁਲਿਸ ਵਾਲੇ ਹੀ ਕਿਉਂ ਨਾ ਹੋਣ ਉਹ ਵੀ ਸਾਰੇ ਪੰਜਾਬੀ/ਸਿੱਖ ਸਨ। ਹੁਣ ਵੀ ਗੋਲੀ ਚਲਾਉਣ ਵਾਲਾ ਇੱਕ ਪੰਜਾਬੀ/ਸਿੱਖ ਹੀ ਹੈ। ਗੋਲੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਬਾਹਰਲੇ ਦਰਵਾਜ਼ੇ ਨੂੰ ਲੱਗੀ ਹੈ। ਸ੍ਰੀ ਹਰਿਮੰਦਰ ਸਾਹਿਬ ਪੰਜਾਬੀਆਂ/ਸਿੱਖਾਂ ਦਾ ਸਰਵੋਤਮ ਪਵਿਤਰ ਧਾਰਮਿਕ ਸਥਾਨ ਹੈ। ਪੰਜਾਬੀਆਂ/ਸਿੱਖਾਂ ਨੇ ਅਰਾਜਕਤਾ ਦਾ ਬਹੁਤ ਹੀ ਦਰਦਨਾਕ ਸੰਤਾਪ ਭੋਗਿਆ ਹੈ। ਅਸਥਿਰਤਾ ਦੇ ਮਾਹੌਲ ਵਿੱਚ ਹਜ਼ਾਰਾਂ ਪੰਜਾਬੀ/ਸਿੱਖ ਆਪਣੀਆਂ ਜਾਨਾ ਦੀਆਂ ਕੁਰਬਾਨੀਆਂ ਦੇ ਚੁੱਕੇ ਹਨ। ਹਜ਼ਾਰਾਂ ਮਾਵਾਂ, ਪਤਨੀਆਂ ਅਤੇ ਧੀਆਂ ਭੈਣਾ ਆਪਣੇ ਨਜ਼ਦੀਕੀ ਸੰਬੰਧੀਆਂ ਨੂੰ ਗੁਆ ਚੁੱਕੀਆਂ ਹਨ। ਉਨ੍ਹਾਂ ਦੇ ਦਰਦਾਂ ਦੇ ਜ਼ਖ਼ਮਾਂ ਦੀ ਅਜੇ ਤੱਕ ਕਸਕ/ਚੀਸ ਪਣਪ ਰਹੀ ਹੈ। ਪੰਜਾਬੀਆਂ/ਸਿੱਖਾਂ ਨੇ ਇਹ ਕਦੀਂ ਸੋਚਿਆ ਹੈ ਕਿ ਉਸ ਦੌਰ ਵਿੱਚ ਨੁਕਸਾਨ ਕਿਸਦਾ ਹੋਇਆ? ਉਹ ਨੁਕਸਾਨ ਵੀ ਸਾਡਾ ਪੰਜਾਬੀਆਂ/ਸਿੱਖਾਂ ਦਾ ਆਪਣਾ ਹੀ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂ ਘਰਾਂ ‘ਤੇ ਹਮਲਾ ਹੋਇਆ, ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਕਤਲੇਆਮ ਹੋਏ, ਜਿਸਨੂੰ ਨਸਲਕੁਸ਼ੀ ਕਿਹਾ ਜਾ ਜਾਂਦਾ ਹੈ। ਫਿਰ ਅਸੀਂ ਪੰਜਾਬੀਆਂ/ਸਿੱਖਾਂ ਨੇ ਕੀ ਖੱਟਿਆ? ਸਰਕਾਰਾਂ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ। ਜਦੋਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਅਸੀਂ ਅਜਿਹੀਆਂ ਘਟਨਾਵਾਂ ਦੀ ਨਿੰਦਿਆ ਕਰਕੇ ਹੀ ਚੁੱਪ ਕਰ ਜਾਂਦੇ ਹਾਂ। ਜਿਵੇਂ ਹੁਣ ਸੁਖਬੀਰ ਸਿੰਘ ਉਪਰ ਹੋਈ ਜਾਨ ਲੇਵਾ ਇਸ ਘਟਨਾ ਦੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ, ਇਥੋਂ ਤੱਕ ਕਿ ਛੋਟੇ ਛੋਟੇ ਵਰਕਰਾਂ ਅਤੇ ਧਾਰਮਿਕ ਵਿਅਕਤੀਆਂ ਨੇ ਵੀ ਨਿੰਦਿਆ ਕੀਤੀ ਹੈ, ਇਹ ਚੰਗੀ ਗੱਲ ਹੈ ਪ੍ਰੰਤੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬੀ/ਸਿੱਖ ਇੱਕਮਤ ਤੇ ਇੱਕਮੁੱਠ ਕਿਉਂ ਨਹੀਂ ਹੁੰਦੇ? ਜਿਵੇਂ ਹੁਣ ਇੱਕ ਦੂਜੇ ਤੋਂ ਮੂਹਰੇ ਹੋ ਕੇ ਨਿੰਦਿਆ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਿਉਂ ਤਤਪਰ ਨਹੀਂ ਹੁੰਦੇ?Êਵਰਕਰਾਂ ਨੂੰ ਚਾਹੀਦਾ ਹੈ, ਜਦੋਂ ਉਨ੍ਹਾਂ ਦੇ ਨੇਤਾ ਮਨਮਰਜ਼ੀਆਂ ਕਰਕੇ ਲੋਕਾਂ ਨਾਲ ਧੋਖਾ ਕਰਦੇ ਹਨ ਤਾਂ ਉਨ੍ਹਾਂ ਨੂੰ ਚੁਪ ਕਰਕੇ ਬੈਠਣਾ ਨਹੀਂ ਚਾਹੀਦਾ ਸਗੋਂ ਗ਼ਲਤ ਨੂੰ ਗ਼ਲਤ ਕਹਿਣਾ ਚਾਹੀਦਾ। ਨੇਤਾਵਾਂ ਦੀ ਆਪਣੀਆਂ ਖੁਦਗਰਜੀਆਂ ਕਰਕੇ ਚਮਚਾਗਿਰੀ ਕਰਨ ਲੱਗ ਜਾਂਦੇ ਹਨ। ਇਨ੍ਹਾਂ ਵਰਕਰਾਂ/ਲੋਕਾਂ ਨੂੰ ਆਪੋ ਆਪਣੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਜਿਹੇ ਹਾਲਾਤਾਂ ਵਿੱਚੋਂ ਬਾਹਰ ਕੱਢਣ ਲਈ ਜ਼ੋਰ ਪਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਆਪਣੇ ਘਰ ਪਰਿਵਾਰ ਫੂਕ ਪੰਜਾਬੀ/ਸਿੱਖ ਤਮਾਸ਼ਾ ਵੇਖ ਰਹੇ ਹਨ। ਕੇਂਦਰੀ ਸਰਕਾਰਾਂ ਦੀਆਂ ਏਜੰਸੀਆਂ ਤਾਂ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਦਾ ਅਜਿਹੀਆਂ ਕਾਰਵਾਈਆਂ ਪਿੱਛੇ ਹੋਣ ਦੇ ਸ਼ੱਕ ਪੈਦਾ ਹੁੰਦੇ ਹਨ। ਉਨ੍ਹਾਂ ਏਜੰਸੀਆਂ ਵਿੱਚ ਵੀ ਸਾਡੇ ਆਪਣੇ ਹੁੰਦੇ ਹਨ। ਸੋਚਣਾ ਤਾਂ ਸਾਨੂੰ ਪੰਜਾਬੀਆਂ/ਸਿੱਖਾਂ ਨੂੰ ਪਵੇਗਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬੀਆਂ/ਸਿੱਖਾਂ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ। ਗੁਰਬਾਣੀ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਵੈਸੇ ਸਾਰੇ ਧਰਮ ਹੀ ਕਤਲੇਆਮ ਨੂੰ ਪ੍ਰਵਾਨ ਨਹੀਂ ਕਰਦੇ। ਅਸੀਂ ਪੰਜਾਬੀ ਸਿੱਖ/ਗ਼ਲਤੀ ਤੇ ਗ਼ਲਤੀ ਕਰਕੇ ਆਪਣਾ ਨੁਕਸਾਨ ਆਪ ਕਰ ਰਹੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹੁਣ ਵੀ ਸੰਗਠਤ ਹੋ ਕੇ ਸੰਵੇਦਨਸ਼ੀਲ ਬਣੋ ਤਾਂ ਜੋ ਪੰਜਾਬ ਬਚਿਆ ਰਹੇ।
ਜੇਕਰ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਸੰਜੀਦਾ ਹੋ ਕੇ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੁਣ ਤਾਂ ਹਰ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ, ਜਦੋਂ ਵੀ ਲੋਕਾਈ ਦੀ ਕੋਈ ਮੰਗ ਉਠਦੀ ਹੈ ਤਾਂ ਸਰਕਾਰਾਂ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਿੱਚ ਸਮਾਂ ਬਰਬਾਦ ਕਰਦੀਆਂ ਹਨ। ਜੇਕਰ ਤੁਰੰਤ ਉਨ੍ਹਾਂ ਸਮੱਸਿਆਵਾਂ ਦੇ ਸਾਜਗਾਰ ਹੱਲ ਲੱਭ ਲਏ ਜਾਣ ਤਾਂ ਅਜਿਹੇ ਹਾਲਾਤ ਪੈਦਾ ਹੀ ਨਹੀਂ ਹੋ ਸਕਦੇ। ਵਕਤੀ ਤੌਰ ‘ਤੇ ਤਾਂ ਲੋਕ ਚੁੱਪ ਕਰ ਜਾਂਦੇ ਹਨ ਤੇ ਸਰਕਾਰਾਂ ਨੂੰ ਗ਼ਲਫਹਿਮੀ ਹੋ ਜਾਂਦੀ ਹੈ ਕਿ ਲੋਕ ਟਿਕ ਗਏ, ਅਸਲ ਵਿੱਚ ਅੰਦਰਖਾਤੇ ਲੋਕ ਰਿਝਦੇ ਰਹਿੰਦੇ ਹਨ। ਸਮਾਂ ਆਉਣ ਤੇ ਉਹ ਆਪਣਾ ਗੁੱਸਾ ਕੱਢਦੇ ਹਨ। ਉਨ੍ਹਾਂ ਵਿੱਚੋਂ ਕੁਝ ਕੁ ਜਿਹੜੇ ਜ਼ਿਆਦਾ ਗਰਮ ਖਿਆਲੀਏ ਹੁੰਦੇ ਹਨ, ਧਾਰਮਿਕ ਭਾਵਨਾਵਾਂ ਵਿੱਚ ਬੈਠਕੇ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ। ਫਿਰ ਸਰਕਾਰਾਂ ਉਨ੍ਹਾਂ ਨੂੰ ਸੁਧਾਰਨ ਦੀ ਥਾਂ ਤੰਗ ਪ੍ਰੇਸ਼ਾਨ ਕਰਦੀਆਂ ਹਨ। ਚਾਹੀਦਾ ਤਾਂ ਇਹ ਹੈ ਉਨ੍ਹਾਂ ਨੂੰ ਸਮਝਾ ਬੁਝਾਕੇ ਕੋਈ ਹੱਲ ਲੱਭਿਆ ਜਾਵੇ। ਵਰਤਮਾਨ ਘਟਨਾ ਦੇ ਪ੍ਰਤੀਕਰਮ ਵਜੋਂ ਕੁਝ ਸਿਆਸਤਦਾਨ ਇੱਕ ਦੂਜੇ ਦੇ ਵਿਰੁੱਧ ਦੋਸ਼ ਲਗਾਉਣ ਲੱਗ ਗਏ ਹਨ। ਉਹ ਅਜਿਹੀ ਮਾੜੀ ਘਟਨਾ ‘ਤੇ ਵੀ ਸੰਜੀਦਾ ਨਹੀਂ ਸਗੋਂ ਸਿਆਸੀ ਕਿੜਾਂ ਕੱਢਣ ਲੱਗ ਪਏ ਹਨ, ਜੋ ਸਮੇਂ ਦੀ ਨਜ਼ਾਕਤ ਅਨੁਸਾਰ ਠੀਕ ਨਹੀਂ ਹੈ। ਅਕਾਲੀ ਕਾਂਗਰਸ ਪਾਰਟੀ ਦੇ ਨੇਤਾਵਾਂ ‘ਤੇ ਇਲਜ਼ਾਮ ਲਗਾ ਰਹੇ ਹਨ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਤੇ ਅਕਾਲੀ ਸਰਕਾਰ ਦੀ ਅਣਗਹਿਲੀ ਕਹਿ ਰਹੇ ਹਨ। ਇਸ ਦੂਸ਼ਣਬਾਜ਼ੀ ਵਿੱਚੋਂ ਕੁਝ ਨਹੀਂ ਨਿਕਲਣਾ। ਮਿਲ ਬੈਠ ਕੇ ਕੋਈ ਸਮਾਧਾਨ ਲੱਭਿਆ ਜਾਵੇ। ਘਟਨਾ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਸ਼ਾਂਤੀ ਦੀ ਗੱਲ ਕਰਦੀਆਂ ਹਨ ਪ੍ਰੰਤੂ ਜਦੋਂ ਉਨ੍ਹਾਂ ਦੀ ਆਪਣੀ ਸਰਕਾਰ ਹੁੰਦੀ ਹੈ, ਉਦੋਂ ਸਿਆਸੀ ਤਾਕਤ ਦਾ ਆਨੰਦ ਮਾਣਦੇ ਹੋਏ ਲੋਕਾਈ ਦੀਆਂ ਭਾਵਨਾਵਾਂ ਨੂੰ ਛਿੱਕੇ ‘ਤੇ ਟੰਗ ਦਿੰਦੇ ਹਨ। ਵਰਤਮਾਨ ਹਾਲਾਤ ਦੇ ਸਾਰੇ ਸਿਆਸਤਦਾਨ ਜ਼ਿੰਮੇਵਾਰ ਹਨ। ਪੰਜਾਬ ਦੇ ਕਾਲੇ ਦਿਨਾਂ ਤੋਂ ਬਾਅਦ ਇੱਕ ਜਾਂਚ ਕਮਿਸ਼ਨ ਸਚਾਈ ਲੱਭਣ ਲਈ ਬਣਾਉਣ ਦੇ ਐਲਾਨ ਹੋਏ ਸਨ। ਉਹ ਕਮਿਸ਼ਨ ਅੱਜ ਤੱਕ ਨਹੀਂ ਬਣਿਆਂ, ਜਿਤਨੀ ਦੇ ਸਮੱਸਿਆ ਦੀ ਡੂੰਘਾਈ ਨਾਲ ਜਾਂਚ ਨਹੀਂ ਹੁੰਦੀ, ਉਤਨੀ ਦੇਰ ਕੋਈ ਹਲ ਨਹੀਂ ਨਿਕਲ ਸਕਦਾ। ਹੁਣ ਸਿਆਸਤ ਕਰਨ ਦਾ ਸਮਾਂ ਨਹੀਂ ਸਗੋਂ ਸਮੇਂ ਦੀ ਨਜ਼ਾਕਤ ਅਨੁਸਾਰ ਫ਼ੈਸਲੇ ਕਰਨੇ ਚਾਹੀਦੇ ਹਨ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬਿੰਦਰ ਸਿੰਘ ਖੁੱਡੀ ਕਲਾਂ ਦੀ ‘ਅੱਕੜ-ਬੱਕੜ’ ਪੁਸਤਕ ਬੱਚਿਆਂ ਦੀ ਸਿਹਤ ਲਈ ਲਾਭਦਾਇਕ - ਉਜਾਗਰ ਸਿੰਘ
ਬਿੰਦਰ ਸਿੰਘ ਖੁੱਡੀ ਕਲਾਂ ਮੁੱਢਲੇ ਤੌਰ ‘ਤੇ ਕਹਾਣੀਕਾਰ ਹੈ। ਉਸ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ (ਮਿੰਨੀ ਕਹਾਣੀ ਸੰਗ੍ਰਹਿ), ਵਾਪਸੀ ਟਿਕਟ (ਕਹਾਣੀ ਸੰਗ੍ਰਹਿ) ਅਤੇ ਇੱਕ ਬਾਲ ਕਾਵਿ ਸੰਗ੍ਰਹਿ ‘ਆਓ ਗਾਈਏ’ ਸ਼ਾਮਲ ਹੈ। ਚਰਚਾ ਅਧੀਨ ਉਸਦੀ ਚੌਥੀ ਪੁਸਤਕ ਪ੍ਰੰਤੂ ਦੂਜੀ ਬਾਲ ਪੁਸਤਕ ‘ਅੱਕੜ-ਬੱਕੜ’ (ਵਿਸਰੀਆਂ ਬਾਲ ਖੇਡਾਂ) ਹੈ। ਬਾਲ ਖੇਡਾਂ ਬੱਚਿਆਂ ਨੂੰ ਬਚਪਨ ਵਿੱਚ ਹੀ ਸਪੋਰਟਸਮੈਨ ਸਪਿਰਟ ਪੈਦਾ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਪੁਰਾਤਨ ਜ਼ਮਾਨੇ ਵਿੱਚ ਬੱਚੇ ਬਾਲ ਖੇਡਾਂ ਵਿੱਚ ਰੁੱਝੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਗ਼ਲਤ ਰਸਤਾ ਅਖ਼ਤਿਆਰ ਕਰਨ ਤੋਂ ਰੋਕਦੀਆਂ ਸਨ। ਅਜੋਕੇ ਨੈਟ ਦੇ ਜ਼ਮਾਨੇ ਵਿੱਚ ਬੱਚੇ ਬਾਲ ਖੇਡਾਂ ਤੋਂ ਮੁਨਕਰ ਹੋ ਚੁੱਕੇ ਹਨ, ਉਹ ਹਰ ਵਕਤ ਮੋਬਾਈਲ ਨੂੰ ਹੀ ਚਿੰਬੜੇ ਰਹਿੰਦੇ ਹਨ। ਇਸ ਲਈ ਇਹ ਪੁਸਤਕ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਵਿੱਚ ਯੋਗਦਾਨ ਪਾਵੇਗੀ। ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਵੀ ਰੱਖੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਕਰੇਗੀ। ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਕੁਦਰਤੀ ਹੈ ਕਿ ਬੱਚੇ ਦਿਮਾਗੀ ਤੌਰ ‘ਤੇ ਵੀ ਮਜ਼ਬੂਤ ਹੋਣਗੇ। ਬਿੰਦਰ ਸਿੰਘ ਖੁੱਡੀ ਕਲਾਂ ਨੇ ਪੁਰਾਤਨ ਭੁੱਲੀਆਂ ਵਿਸਰੀਆਂ 25 ਬਾਲ ਖੇਡਾਂ ਬਾਰੇ ਸੰਖੇਪ ਵਿੱਚ ਪ੍ਰੰਤੂ ਪੂਰੀ ਜਾਣਕਾਰੀ ਦਿੱਤੀ ਹੈ। ਅੱਜ ਕਲ੍ਹ ਦੇ ਬੱਚਿਆਂ ਨੂੰ ਪੁਰਾਤਨ ਖੇਡਾਂ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਬਚਪਨ ਮੋਬਾਈਲ ਨੇ ਖੋਹ ਲਿਆ ਹੈ। ਉਹ ਕਈ ਤਰ੍ਹਾਂ ਦੀਆਂ ਮੋਬਾਈਲ ਖੇਡਾਂ ਵਿੱਚ ਮਸਤ ਰਹਿੰਦੇ ਹਨ, ਇਥੋਂ ਤੱਕ ਕਿ ਖਾਣ ਪੀਣ ਵੀ ਭੁੱਲ ਜਾਂਦੇ ਹਨ। ਮੋਬਾਈਲ ਤੇ ਖੇਡਣ ਵਾਲੀਆਂ ਕਈ ਖੇਡਾਂ ਤਾਂ ਬਹੁਤ ਹੀ ਖ਼ਤਰਨਾਕ ਹਨ, ਜਿਹੜੀਆਂ ਬੱਚਿਆਂ ਨੂੰ ਕੁਰਾਹੇ ਪਾਉਂਦੀਆਂ ਹਨ। ਇਸ ਤੋਂ ਇਲਾਵਾ ਅਜੋਕੇ ਬੱਚੇ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਤਰਜੀਹ ਦਿੰਦੇ ਹਨ, ਜਿਹੜੀਆਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਜੇਕਰ ਬੱਚਿਆਂ ਨੂੰ ਪੁਰਾਤਨ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਦੀ ਕਸਰਤ ਹੋਵੇਗੀ ਤੇ ਸਰੀਰ ਨੂੰ ਤਾਕਤ ਦੇਣ ਵਾਲੀ ਖੁਰਾਕ ਖਾਣ ਵਿੱਚ ਦਿਲਚਸਪੀ ਲੈਣਗੇ। ਬਿੰਦਰ ਸਿੰਘ ਖੁੱਡੀ ਕਲਾਂ ਨੇ ਸਾਡੀ ਪੁਰਾਤਨ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਉਦਮ ਕੀਤਾ ਹੈ। ਉਨ੍ਹਾਂ ਨੇ ਤਾਂ ਇਸ ਪੁਸਤਕ ਵਿੱਚ ਬਾਲਾਂ ਦੇ ਖੇਡਣ ਵਾਲੀਆਂ ਖੇਡਾਂ ਲਿਖ ਕੇ ਸਾਰੀ ਜਾਣਕਾਰੀ ਦਿੱਤੀ ਹੈ। ਹੁਣ ਅਧਿਆਪਕਾਂ ਅਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਇਨ੍ਹਾਂ ਖੇਡਾਂ ਵਲ ਲਗਾਉਣ ਦੀ ਕੋਸ਼ਿਸ਼ ਕਰਨ। ਖੇਡਾਂ ਮੋਬਾਈਲ ਦੇ ਮਨੋਰੰਜਨ ਨਾਲੋਂ ਬੱਚਿਆਂ ਦਾ ਜ਼ਿਆਦਾ ਮਨੋਰੰਜਨ ਕਰਨਗੀਆਂ। ਇਹ ਖੇਡਾਂ ਸਾਡੀ ਪੁਰਾਤਨ ਅਮੀਰ ਵਿਰਾਸਤ ਦੀਆਂ ਪ੍ਰਤੀਕ ਹਨ। ਬਾਲ ਖੇਡਾਂ ਬੱਚਿਆਂ ਦੀ ਬੌਧਿਕ ਪ੍ਰਤਿਭਾ ਨੂੰ ਵਿਕਸਤ ਕਰਨਗੀਆਂ। ਇਨ੍ਹਾਂ ਦੇ ਖੇਡਣ ਨਾਲ ਬੱਚਿਆਂ ਵਿੱਚ ਆਪਸੀ ਸਾਂਝ, ਮਿਲਵਰਤਨ, ਸਹਿਯੋਗ ਅਤੇ ਸਦਭਾਵਨਾ ਪੈਦਾ ਹੋਵੇਗੀ। ਜਦੋਂ ਕਿ ਵਰਤਮਾਨ ਸਮੇਂ ਇਨ੍ਹਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖਾਸ ਪ੍ਰਬੰਧ ਨਹੀਂ ਕਰਨੇ ਪੈਂਦੇ, ਇਹ ਗਲੀ ਮੁਹੱਲਿਆਂ ਤੇ ਘਰਾਂ ਦੇ ਵਿਹੜਿਆਂ ਵਿੱਚ ਹੀ ਖੇਡੀਆਂ ਜਾ ਸਕਦੀਆਂ ਹਨ। ਕੁਝ ਖੇਡਾਂ ਘਰਾਂ ਦੇ ਅੰਦਰ ਹੀ ਖੇਡੀਆਂ ਜਾ ਸਕਦੀਆਂ ਹਨ। ਲੜਕੀਆਂ ਲਈ ਖਾਸ ਤੌਰ ‘ਤੇ ਲਾਭਦਾਇਕ ਹੋਣਗੀਆਂ ਕਿਉਂਕਿ ਸਾਡੇ ਸਮਾਜ ਵਿੱਚ ਅਜੇ ਵੀ ਲੜਕੀਆਂ ਦਾ ਘਰੋਂ ਬਾਹਰ ਜਾ ਕੇ ਖੇਡਣਾ ਚੰਗਾ ਨਹੀਂ ਸਮਝਿਆ ਜਾਂਦਾ। ਇਹ ਸਾਰੀਆਂ ਖੇਡਾਂ ਘਰਾਂ ਦੇ ਨਜ਼ਦੀਕ ਹੀ ਖੇਡੀਆਂ ਜਾ ਸਕਦੀਆਂ ਹਨ। ਇਨ੍ਹਾਂ ‘ਤੇ ਖ਼ਰਚਾ ਵੀ ਨਹੀਂ ਹੁੰਦਾ। ਇਨ੍ਹਾਂ ਦਾ ਨੁਕਸਾਨ ਕੋਈ ਨਹੀਂ, ਸਗੋਂ ਲਾਭ ਗੱਫੇ ਵਿੱਚ ਮਿਲਦੇ ਹਨ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇਨ੍ਹਾਂ ਬਾਲ ਖੇਡਾਂ ਦੀ ਪੂਰੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਹੈ, ਹਰ ਖੇਡ ਦੇ ਨਿਯਮਾ, ਖਿਡਾਰੀਆਂ ਦੀ ਗਿਣਤੀ ਅਤੇ ਖੇਡਣ ਵਾਲੇ ਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇੱਕ ਕਿਸਮ ਨਾਲ ਸੁੱਤੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਹੈ। ਇਹ ਪੁਸਤਕ ਸਿੱਖਿਆ ਵਿਭਾਗ ਨੂੰ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਭੇਜਣੀ ਚਾਹੀਦੀ ਹੈ। ਸਰੀਰਕ ਸਿੱਖਿਆ ਦੇ ਪੀਰੀਅਡਾਂ ਵਿੱਚ ਇਨ੍ਹਾਂ ਖੇਡਾਂ ਨੂੰ ਖਿਡਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੇਖਕ ਦਾ ਪੁਰਾਤਨ ਖੇਡ ਵਿਰਾਸਤ ਨੂੰ ਸਾਂਭਣ ਦਾ ਬਹੁਤ ਢੁਕਵਾਂ ਉਪਰਾਲਾ ਹੈ। ਜਿਹੜੀਆਂ 25 ਭੁੱਲੀਆਂ ਵਿਸਰੀਆਂ ਬਾਲ ਖੇਡਾਂ ਬਾਰੇ ਪੁਸਤਕ ਵਿੱਚ ਲਿਖਿਆ ਗਿਆ ਹੈ, ਉਹ ਇਸ ਪ੍ਰਕਾਰ ਹਨ : ਬਾਂਦਰ ਕਿੱਲਾ, ਊਚਕ ਨੀਚਕ, ਲੁਕਣ ਭਲਾਈ, ਕਿੱਕਲੀ, ਗੁੱਲੀ ਡੰਡਾ, ਅੱਡੀ ਛੜੱਪਾ, ਪੀਚੋ ਬੱਕਰੀ, ਘੁੱਤੀ ਪਾਉਣੇ, ਕਲੀ ਜੋਟਾ, ਗੋਲ ਕੁੰਡਲ, ਚੋਰ ਸਿਪਾਹੀ, ਬਾਰ੍ਹਾਂ ਗੀਟੀ, ਗੁੱਡੀਆਂ ਪਟੋਲੇ, ਸ਼ੇਰ ਅਤੇ ਬੱਕਰੀ, ਖਿੱਦੋ ਖੂੰਡੀ, ਕੂਕਾਂ ਕਾਂਗੜੇ, ਅੰਨ੍ਹਾ ਝੋਟਾ, ਰੱਸਾਕਸ਼ੀ, ਕੋਟਲਾ ਛਪਾਕੀ, ਪਿੱਠੂ ਗਰਮ, ਛੂਹਣ ਛਪਾਈ, ਡੂਮਣਾ ਮਖਿਆਲ, ਰੋੜੇ, ਲਾਟੂ ਘੁਮਾਉਣਾ ਜਾਂ ਗਧਾ ਚਲਾਉਣਾ, ਅਤੇ ਪੀਲ੍ਹ ਪਲਾਂਗੜਾ ਜਾਂ ਡੰਡਾ ਡੁੱਕਣਾ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇਨ੍ਹਾਂ ਖੇਡਾਂ ਨੂੰ ਲਿਖਣ ਸਮੇਂ ਸਰਲ ਸ਼ਬਦਾਵਲੀ ਬੱਚਿਆਂ ਦੇ ਸਮਝ ਵਿੱਚ ਆਉਣ ਵਾਲੀ ਵਰਤੀ ਹੈ। ਹਰ ਖੇਡ ਦੇ ਨਾਲ ਉਸ ਖੇਡ ਨੂੰ ਖੇਡਦੇ ਬੱਚਿਆਂ ਦੇ ਚਿਤਰ ਬਣਾ ਕੇ ਲਗਾਏ ਹੋਏ ਹਨ। ਪੁਸਤਕ ਦਾ ਨਾਮ ਵੀ ਬੱਚਿਆਂ ਲਈ ਦਿਲਚਸਪ ਹੋਵੇਗਾ। ਲੜਕੇ ਅਤੇ ਲੜਕੀਆਂ ਦੋਵੇਂ ਵੱਖਰੇ ਵੱਖਰੇ ਊਚਕ ਨੀਚਕ, ਲੁਕਣ ਲਭਾਈ, ਘੁੱਤੀ ਪਾਉਣਾ, ਕਲੀ ਜੋਟਾ, ਚੋਰ ਸਿਪਾਹੀ, ਕੂਕਾਂ ਕਾਂਗੜੇ, ਅੰਨ੍ਹਾ ਝੋਟਾ, ਪਿੱਠੂ ਗਰਮ ਅਤੇ ਛੂਹਣ ਛੁਹਾਈ ਖੇਡ ਸਕਦੇ ਹਨ। ਇਕੱਲੀਆਂ ਕੁੜੀਆਂ: ਕਿੱਕਲੀ, ਅੱਡੀ ਛੜੱਪਾ, ਪੀਚੋ ਬੱਕਰੀ, ਗੁੱਡੀਆਂ ਪਟੋਲੇ, ਸ਼ੇਰ ਅਤੇ ਬੱਕਰੀ, ਕੋਟਲਾ ਛਪਾਕੀ, ਡੂਮਣਾ ਮਖ਼ਿਆਲ, ਅਤੇ ਰੋੜੇ ਖੇਡਾਂ ਖੇਡ ਸਕਦੀਆਂ ਹਨ। ਲੜਕੇ: ਬਾਂਦਰ ਕਿੱਲਾ, ਗੁੱਲੀ ਡੰਡਾ, ਗੋਲ ਕੁੰਡਲ, ਬਾਰਾਂ ਗੀਟੀ, ਖਿੱਦੋ ਖੂੰਡੀ, ਰੱਸਾਕਸ਼ੀ, ਲਾਟੂ ਘੁਮਾਉਣਾ ਜਾਂ ਗਧਾ ਚਲਾਉਣਾ, ਅਤੇ ਪੀਲ੍ਹਪਲਾਂਗੜਾ ਜਾਂ ਡੰਡਾ ਡੁੱਕਣਾ ਲੜਕੇ ਖੇਡ ਸਕਦੇ ਹਨ। ਘਰਾਂ ਦੇ ਅੰਦਰ ਖਡੀਆਂ ਜਾ ਸਕਣ ਵਾਲੀਆਂ ਖੇਡਾਂ: ਲੁਕਣ ਲਭਾਈ, ਅੰਦਰ, ਕਲੀ ਜੋਟਾ, ਚੋਰ ਸਿਪਾਹੀ ਅਤੇ ਗੁੱਡੀਆਂ ਪਟੋਲੇ ਹਨ।
88 ਪੰਨਿਆਂ, 150 ਰੁਪਏ ਕੀਮਤ ਵਾਲੀ ਇਹ ਬਾਲ ਪੁਸਤਕ ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਬਿੰਦਰ ਸਿੰਘ ਖੁਡੀਕਲਾਂ: 9878605965
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਿਹਾਲ ਸਿੰਘ ਮਾਨ ਦੀ ‘ਗੁਰਬਾਣੀ ਲਿਪੀ ਗੁੱਝੇ ਭੇਦ’ ਖੋਜੀ ਪੁਸਤਕ - ਉਜਾਗਰ ਸਿੰਘ
ਗੁਰਬਾਣੀ ਲਿਪੀ ਗੁੱਝੇ ਭੇਦ ਨਿਹਾਲ ਸਿੰਘ ਮਾਨ ਦੀ ਪਲੇਠੀ ਪੁਸਤਕ ਹੈ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਅਤਿਅੰਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਹਾਲ ਸਿੰਘ ਮਾਨ ਨੇ ਮਹਿਜ ਤਿੰਨ ਸਾਲ ਦੇ ਸਮੇਂ ਵਿੱਚ ਗੁਰਬਾਣੀ ਦੇ ਲਿਪੀ ਵਿਧਾਨ ਬਾਰੇ ਖੋਜੀ ਪੁਸਤਕ ਲਿਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵਡਮੁੱਲੀ ਪੁਸਤਕ ਪਾਈ ਹੈ। ਸਾਰੀ ਉਮਰ ਉਹ ਆਪਣੀ ਸਰਕਾਰੀ ਨੌਕਰੀ ਦਿਆਨਤਦਾਰੀ ਨਾਲ ਕਰਦਾ ਰਿਹਾ। ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ 2019 ਵਿੱਚ ਗੁਰੂ ਦੇ ਲੜ ਲੱਗਕੇ ਅੰਮ੍ਰਿਤ ਪਾਨ ਕੀਤਾ। ਉਸ ਤੋਂ ਬਾਅਦ ਗੁਰਬਾਣੀ ਦੀ ਸਿਖਿਆ ਪ੍ਰਾਪਤ ਕੀਤੀ। ਬਹੁਤ ਸਾਰੇ ਵਿਦਵਾਨਾ ਦੀਆਂ ਪੁਸਤਕਾਂ ਪੜ੍ਹੀਆਂ। ਉਸ ਤੋਂ ਬਾਅਦ ਇੱਕ ਔਖੇ ਤੇ ਗੁੰਝਲਦਾਰ ਵਿਸ਼ੇ ਲਿਪੀ ਅਤੇ ਵਿਆਕਰਨ ਦੇ ਵਿਧਾਨ ਦੀ ਗੁਰਬਾਣੀ ਵਿੱਚ ਕੀਤੀ ਗਈ ਵਰਤੋਂ ਨੂੰ ਸਮਝਿਆ ਅਤੇ ਫਿਰ ਉਸ ਦਾ ਤੱਤ ਕੱਢਕੇ ਪੁਸਤਕ ਦਾ ਰੂਪ ਦਿੱਤਾ। ਅਜਿਹੇ ਵਿਸ਼ੇ ‘ਤੇ ਪੁਸਤਕ ਲਿਖਣਾ ਆਮ ਬੁੱਧੀਜੀਵੀ ਦੇ ਵਸ ਦੀ ਗੱਲ ਵੀ ਨਹੀਂ ਹੁੰਦੀ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਅਜਿਹਾ ਕਾਰਜ ਕਰਕੇ ਇੱਕ ਗੁਰਮੁੱਖ ਹੋਣ ਦਾ ਸਬੂਤ ਦੇ ਦਿੱਤਾ ਹੈ। ਵੈਸੇ ਅਜਿਹੀਆਂ ਪੁਸਤਕਾਂ ਭਾਸ਼ਾ ਵਿਗਿਆਨੀ ਲਿਖਦੇ ਹੁੰਦੇ ਹਨ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਇਹ ਪੁਸਤਕ ਲਿਖਕੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਕ ਆਮ ਵਿਅਕਤੀ ਵੀ ਅਜਿਹੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਮੇਰੇ ਵਰਗੇ ਬਹੁਤ ਸਾਰੇ ਵਿਅਕਤੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੁਸਤਕਾਂ ਲਿਖਕੇ ਫੁਲੇ ਨਹੀਂ ਸਮਾਉਂਦੇ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਇਹ ਪੁਸਤਕ ਲਿਖਕੇ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਇੱਕ ਵਿਲੱਖਣ ਕਾਰਜ ਹੀ ਨਹੀਂ ਕੀਤਾ ਸਗੋਂ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਵਿੱਚ ਗੁਰਬਾਣੀ ਦੀ ਓਟ ਲੈ ਕੇ ਔਖੇ ਤੋਂ ਔਖਾ ਕਾਰਜ ਕਰਨ ਦੀ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੋ ਸਕਦਾ ਬਸ਼ਰਤੇ ਕਿ ਉਹ ਵਿਅਕਤੀ ਗੁਰੂ ਦੇ ਲੜ ਲੱਗਕੇ ਸਹਿਜਤਾ, ਨਮ੍ਰਤਾ, ਆਪਾ ਵਾਰੂ ਪ੍ਰਵਿਰਤੀ ਤੇ ਲਗਨ ਨਾਲ ਜੁਟਿਆ ਰਹੇ। ਗੁਰਬਾਣੀ ਨੂੰ ਸਮਝਣ ਲਈ ਮਾਨਸਿਕ ਤੌਰ ‘ਤੇ ਇਨਸਾਨ ਨੂੰ ਗੁਰਬਾਣੀ ਲਿਖਣ ਵਾਲੇ ਦੇ ਸਮੇਂ ਅਤੇ ਸਥਿਤੀ ਵਿੱਚ ਪਹੁੰਚਣਾ ਪੈਂਦਾ ਹੈ।
ਨਿਹਾਲ ਸਿੰਘ ਮਾਨ ਦੀ ਇਹ ਪੁਸਤਕ ਗੁਰਬਾਣੀ ਦੇ ਸ਼ੁਧ ਪਾਠ ਕਰਨ ਵਿੱਚ ਸਹਾਈ ਹੋਵੇਗੀ ਕਿਉਂਕਿ ਲੇਖਕ ਨੇ ਵਿਆਕਰਣ ਨੂੰ ਸਮਝਕੇ ਇਸ ਦੇ ਪਾਠ ਨੂੰ ਸਰਲ ਬਣਾਉਣ ਦਾ ਉਪਰਾਲਾ ਕੀਤਾ ਹੈ। ਲਿਪੀ ਕਿਸੇ ਬੋਲੀ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ, 15 ਭਗਤਾਂ, 11 ਭੱਟਾਂ ਅਤੇ ਤਿੰਨ ਹੋਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਗੁਰਬਾਣੀ ਲਿਖਣ ਵਾਲੇ ਸਾਰੇ ਵੱਖ-ਵੱਖ ਸਥਾਨਾ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੀ ਬੋਲੀ ਵੀ ਵੱਖ-ਵੱਖ ਸੀ, ਇਸ ਕਰਕੇ ਇਸ ਵਿੱਚ 13 ਭਾਸ਼ਾਵਾਂ ਮੁੱਖ ਤੌਰ ‘ਤੇ ਪੰਜਾਬੀ, ਹਿੰਦੀ, ਮਰਾਠੀ, ਅਰਬੀ, ਫ਼ਾਰਸੀ, ਬੰਗਾਲੀ ਅਤੇ ਬ੍ਰਿਜ਼ ਭਾਸ਼ਾ ਵਿੱਚ ਇਹ ਬਾਣੀ ਲਿਖੀ ਗਈ ਹੈ। ਪੰਜਾਬੀ ਦੀਆਂ ਉਪ ਬੋਲੀਆਂ, ਲਹਿੰਦੀ, ਸਿੰਧੀ, ਦੱਖਣੀ, ਪੋਠੋਹਾਰੀ, ਮਲਵਈ ਅਤੇ ਪੁਆਧੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਵਿਆਕਰਣ ਦੇ ਸਾਰੇ ਨਿਯਮਾ ਦੀ ਇਹ ਪੁਸਤਕ ਵੱਖ-ਵੱਖ ਵਿਦਵਾਨਾ ਨਾਲ ਵਿਚਾਰ ਵਟਾਂਦਰਾ ਕਰਕੇ ਅਤੇ ਅਨੇਕਾਂ ਪੁਸਤਕਾਂ ਦਾ ਅਧਿਐਨ ਕਰਕੇ ਲਿਖੀ ਗਈ ਹੈ। ਲੇਖਕ ਨੂੰ ਗੁਰਬਾਣੀ ਦੀਆਂ ਭਾਸ਼ਾਈ ਜੁਗਤਾਂ ਬਾਰੇ ਜਾਣਕਾਰੀ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿਆਕਰਣ ਦੇ ਨੇਮਾ ਦਾ ਸੰਪੂਰਨ ਨਿਰੀਖਣ ਕੀਤਾ ਹੈ। ਗੁਰਬਾਣੀ ਦੇ ਜਗਿਆਸੂਆਂ ਅਤੇ ਖੋਜੀ ਵਿਦਿਆਰਥੀਆਂ ਲਈ ਇਹ ਪੁਸਤਕ ਸੁੰਡ ਦੀ ਗੱਠੀ ਸਾਬਤ ਹੋਵੇਗੀ। ਹਰ ਭਾਸ਼ਾ ਵਿਆਕਰਣ ਦੇ ਨਿਯਮਾ ਅਨੁਸਾਰ ਲਿਖੀ ਜਾਂਦੀ ਹੈ। ਇਸ ਪੁਸਤਕ ਵਿੱਚ ਗੁਰਬਾਣੀ ਨੂੰ ਸਮਝਣ ਲਈ ਫਾਰਮੂਲੇ ਸਮਝਾਏ ਗਏ ਹਨ। ਸਮੇਂ ਤੇ ਸਥਾਨ ਅਨੁਸਾਰ ਬੋਲੀ ਰੂਪ ਬਦਲਦੀ ਰਹਿੰਦੀ ਹੈ। ਗੁਰਮਤਿ ਸਾਹਿਤ ਬਾਰੇ ਵੀ ਖੋਜ ਵਿਦਵਾਨਾ ਨੇ ਸ਼ੋਧ ਤੇ ਖੋਜ ਪੱਤਰ ਲਿਖੇ ਹਨ। ਇਹ ਪੁਸਤਕ ਵੀ ਉਸੇ ਤਰ੍ਹਾਂ ਦੀ ਹੈ। ਗੁਰਬਾਣੀ ਦੀ ਸ਼ਬਦਾਵਲੀ ਰਸਦਾਇਕ ਹੈ, ਸ਼ਬਦਾਂ ਨਾਲ ਲੱਗੀਆਂ ਲਗਾਂ-ਮਾਤਰਾਂ ਵੀ ਰਸਦਾਇਕ ਬਣਾਉਂਦੀਆਂ ਹਨ। ਵੈਸੇ ਗੁਰਬਾਣੀ ਦੇ ਵਿਧੀ ਵਿਧਾਨ ਨੂੰ ਸਮਝਣ ਲਈ ਇਸ ਪੁਸਤਕ ਨੂੰ ਪੜ੍ਹਕੇ ਹੀ ਪਤਾ ਲੱਗ ਸਕਦਾ ਹੈ। ਮੈਂ ਨਿਹਾਲ ਸਿੰਘ ਮਾਨ ਦੀ ਇਸ ਪੁਸਤਕ ਬਾਰੇ ਲਿਖੇ ਕੁਝ ਚੈਪਟਰਾਂ ਬਾਰੇ ਲਿਖਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਵਿਆਕਰਣ ਦੇ ਨੇਮਾਂ ਅਨੁਸਾਰ ਸ਼ਬਦਾਂ ਦੀ ਵੰਡ 8 ਰੂਪਾਂ ਨਾਂਵ, ਪੜਨਾਂਵ, ਕ੍ਰਿਆ, ਵਿਸ਼ੇਸ਼ਣ, ਕ੍ਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ ਵਿੱਚ ਕੀਤੀ ਗਈ ਹੈ। ਲਗਾਂ-ਮਾਤਰਾਂ ਮੋਟੇ ਤੌਰ ‘ਤੇ 10 ਔਂਕੜ, ਦੁਲੈਂਕੜ, ਹੋੜਾ, ਕਨੌੜਾ, ਸਿਹਾਰੀ, ਬਿਹਾਰੀ, ਲਾਂ, ਦੁਲਾਈਆਂ, ਕੰਨਾ ਅਤੇ ਮੁਕਤਾ ਅੱਖਰ ਹੁੰਦੀਆਂ ਹਨ। ਗੁਰਬਾਣੀ ਨੂੰ ਸਾਹਿਤ ਦੇ ਬਾਕੀ ਰੂਪਾਂ ਦੀ ਤਰ੍ਹਾਂ ਪੜ੍ਹ ਨਹੀਂ ਸਕਦੇ। ਇਸ ਵਿੱਚ ਬਿਸ਼ਰਾਮ ਦਾ ਸਹੀ ਥਾਂ ਲਗਾਉਣਾ ਜ਼ਰੂਰੀ ਹੈ, ਨਹੀਂ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ। ਇਸ ਲਈ ਇਸ ਪੁਸਤਕ ਵਿੱਚ ਵਿਅਕਰਣ ਦੇ ਨੇਮਾ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਨਿਯਮਾ ਲਈ ਵਰਤੇ ਜਾਂਦੇ ਇਕੱਲੇ-ਇਕੱਲੇ ਨਿਯਮ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀ ਚੀਜ਼ ਕਿਥੇ ਕਿਸ ਤਰ੍ਹਾਂ ਵਰਤੀ ਗਈ ਹੈ। ਉਦਾਹਰਣ ਲਈ ਜਿਹੜੇ ਸ਼ਬਦ ਦੇ ਪਿੱਛਲੇ ਅੱਖ਼ਰ ਨੂੰ ਔਂਕੜ ਲੱਗਿਆ ਹੋਵੇ, ਤਾਂ ਉਹ ਇੱਕ ਵਚਨ ਹੋਵੇਗਾ ਪ੍ਰੰਤੂ ਜਿਨ੍ਹਾਂ ਨਾਵਾਂ ਦੇ ਅੰਤ ਵਿੱਚ ਔਂਕੜ ਹੋਵੇ ਉਹ ਆਮ ਤੌਰ ਤੇ ਪੁਲਿੰਗ ਅਤੇ ਇੱਕ ਵਚਨ ਹੁੰਦੇ ਹਨ। ਉਨ੍ਹਾਂ ਨੂੰ ਬਹੁ ਵਚਨ ਬਣਾਉਣ ਲਈ ਆਖ਼ਰੀ ਅੱਖ਼ਰ ਨਾਲੋਂ ਔਂਕੜ ਲਾਹ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਪੁÇਲੰਗ ਬਹੁ ਬਚਨ ਮੁਕਤਾ ਹੁੰਦਾ ਹੈ। ਜਦੋਂ ਕਿਸੇ ਸ਼ਬਦ ਨਾਲ ਵਿਸ਼ੇਸ਼ਣ ਹੋਵੇ ਤਾਂ ਵੀ ਵਿਸ਼ੇਸ਼ਣ ਦੇ ਨਾਲ ਨਾਉਂ ਦੇ ਵਿਸ਼ੇਸ਼ਣ ਕਰਕੇ ਔਂਕੜ ਲੱਥ ਜਾਂਦੀ ਹੈ। ਕਈ ਵਾਰ ਗੁਰਬਾਣੀ ਵਿੱਚ ਪੁÇਲੰਗ ਨਾਉਂ ਨਾਲ ਪੂਰਾ ਸੰਬੰਧਕ ਲਫ਼ਜ਼ ਨਹੀਂ ਆਉਂਦਾ, ਉਸ ਦੀ ਥਾਂ ਪੁÇਲੰਗ ਨਾਉਂ ਨਾਲ ਸਿਹਾਰੀ ਲੱਗ ਜਾਂਦੀ ਹੈ। ਇੱਕ ਵਚਨ ਪੁÇਲੰਗ ਨਾਉਂ ਅਖ਼ੀਰ ਵਿੱਚ ਹਾਹੇ ਅੱਖ਼ਰ ਨੂੰ ਸਿਹਾਰੀ ਲੱਗ ਜਾਂਦੀ ਹੈ। ਇਸਤਰੀ Çਲੰਗ ਨਾਵਾਂ ਦੇ ਅੰਤ ਵਿੱਚ ਆਮ ਤੌਰ ਤੇ ਔਂਕੜ ਨਹੀਂ ਲੱਗਦਾ ਜਿਵੇਂ ਪਿਆਸ, ਭੁੱਖ ਆਦਿ। ਹਰ ਬੋਲੀ ਵਿੱਚ ਤਿੰਨ (3) ਤਰ੍ਹਾਂ ਦੇ ਸ਼ਬਦ ਹੁੰਦੇ ਹਨ: 1.ਦੇਸੀ: (ਮੌਲਿਕ ਸ਼ਬਦ) ਜਿਹੜੇ ਆਪਣੀ ਹੀ ਬੋਲੀ ਦੇ ਹੁੰਦੇ ਹਨ। 2.ਤਦਭਵ: ਜਿਹੜੇ ਸ਼ਬਦ ਕਿਸੇ ਹੋਰ ਬੋਲੀ ਤੋਂ ਬਦਲਕੇ ਬਣਾਏ ਜਾਂਦੇ ਹਨ। 3.ਤਤਸਮ ਸ਼ਬਦ: ਜਿਹੜੇ ਸ਼ਬਦ ਦੂਜੀ ਭਾਸ਼ਾ ਤੋਂ ਇੰਨ ਬਿੰਨ ਲਏ ਜਾਂਦੇ ਹਨ। ਗੁਰਬਾਣੀ ਵਿੱਚ ਅਨੇਕਾਂ ਸ਼ਬਦ ਤਦਭਵ ਤੇ ਤਤਸਮ ਸ਼ਬਦ ਹਨ। ਉਕਾਰਾਂਤ ਸ਼ਬਦ ਜਿਸਦੇ ਪਿੱਛਲੇ ਅੱਖ਼ਰ ਨੂੰ ਔਂਕੜ ਲੱਗੀ ਹੋਵੇ, ਅਕਾਰਾਂਤ ਸ਼ਬਦ ਜਿਸਦਾ ਪਿੱਛਲਾ ਅੱਖ਼ਰ ਮੁਕਤਾ ਭਾਵ ਬਿਨਾ ਲਗਾਂ ਮਾਤਰਾ ਹੋਵੇ ਅਤੇ ਇਕਾਰਾਂਤ ਸ਼ਬਦ ਜਿਸਦੇ ਪਿੱਛਲੇ ਅੱਖ਼ਰ ਨੂੰ ਸਿਹਾਰੀ ਲੱਗੀ ਹੋਵੇ। ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ ਉਨ੍ਹਾਂ ਨੂੰ ਸੰਬੰਧਕ ਆਖਦੇ ਹਨ, ਜਿਵੇਂ ਦਾ, ਦੇ, ਦੀ, ਨੂੰ ਆਦਿ। ਗੁਰਬਾਣੀ ਵਿੱਚ ਕਈ ਅੱਖ਼ਰਾਂ ਹੇਠ ਕਈ ਚਿੰਨ੍ਹ ਲੱਗੇ ਹੁੰਦੇ ਹਨ, ਜਿਨ੍ਹਾਂ ਦੇ ਲੱਗਣ ਨਾਲ ਸ਼ਬਦ ਦਾ ਉਚਾਰਣ ਬਦਲ ਜਾਂਦਾ ਹੈ, ਇਸ ਲਈ ਇਹ ਉਦਾਤ, ਹਲੰਤ ਅਤੇ ਯਕਸ਼ ਚਿੰਨ੍ਹ ਲਗਾਉਣੇ ਜ਼ਰੂਰੀ ਬਣ ਜਾਂਦੇ ਹਨ। ਪੈਰ ਵਿੱਚ( ੍ਰ) ਰਾਰੇ ਦਾ ਉਚਾਰਨ ਅੱਧਾ ਰਾਰਾ ਬੋਲਣੀ ਹੈ ਜਿਵੇਂ ਗੁਰਬਾਣੀ ਵਿੱਚ ਬਸਤ੍ਰ ਤੇ ਵੈਸੇ ਉਚਾਰਨ ਵਿੱਚ ਬਸਤਰ ਲਿਖਿਆ ਜਾਂਦਾ ਹੈ। ਗੁਰਬਾਣੀ ਵਿੱਚ ਪ੍ਰਸਾਦਿ ਪ੍ਰੰਤੂ ਆਮ ਉਚਾਰਨ ਵਿੱਚ ਪਰਸਾਦਿ ਲਿਖਿਆ ਜਾਂਦਾ ਹੈ। ਗੁਰਬਾਣੀ ਵਿੱਚ ਯ ਅੱਖ਼ਰ ਬਹੁਤ ਵਾਰ ਵਰਤਿਆ ਗਿਆ ਹੈ। ਲੇਖਕ ਨੇ ਇਸਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿੱਚ ਵਰਤਣ ਦੇ ਕਾਰਨ ਦੱਸੇ ਹਨ। ਇਹ ਤਾਂ ਥੋੜ੍ਹੀਆਂ ਉਦਾਰਣਾ ਦੇ ਕੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਦੇ ਸ਼ੁਧ ਪਾਠ, ਉਚਾਰਨ ਅਤੇ ਸਮਝਣ ਲਈ ਇਸ ਪੁਸਤਕ ਨੂੰ ਪੜ੍ਹਨਾ ਅਤਿਅੰਤ ਜ਼ਰੂਰੀ ਹੈ। ਇਹ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ। ਜੇਕਰ ਸਾਰੀ ਪੁਸਤਕ ਬਾਰੇ ਲਿਖਿਆ ਜਾਵੇ ਤਾਂ ਇੱਕ ਵੱਖਰੀ ਪੁਸਤਕ ਬਣ ਜਾਵੇਗੀ। ਗੁਰਬਾਣੀ ਦੇ ਪ੍ਰੇਮੀਆਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਖੇਚਲ ਕਰਨੀ ਪਵੇਗੀ। ਅਖ਼ੀਰ ਵਿੱਚ ਨਿਹਾਲ ਸਿੰਘ ਮਾਨ ਦਾ ਧੰਨਵਾਦ ਕਰਦਾ ਹਾਂ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਭਵਿਖ ਵਿੱਚ ਹੋਰ ਖੋਜੀ ਪੁਸਤਕਾਂ ਲਿਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਭਰਨ ਦੀ ਕੋਸ਼ਿਸ਼ ਕਰਨਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ : ਕਰਮਜੀਤ ਸਿੰਘ ਗਠਵਾਲ - ਉਜਾਗਰ ਸਿੰਘ
ਪੰਜਾਬੀ ਦੇ ਸਾਹਿਤਕ ਪ੍ਰੇਮੀਆਂ ਦੀ ਇੱਕ ਨਿਵੇਕਲੀ ਆਦਤ ਹੈ ਕਿ ਉਹ ਖਾਮਖਾਹ ਹੀ ਕਈ ਵਾਰੀ ਸਾਹਿਤਕਾਰਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਸਾਹਿਤਕ ਸਹਾਇਤਾ ਲਈ ਆਸ ਦੀ ਕਿਰਨ ਵਿਖਾਈ ਦਿੰਦੀ ਹੋਵੇ। ਪ੍ਰੰਤੂ ਜਿਹੜੇ ਪੰਜਾਬੀ ਪ੍ਰੇਮੀ ਪੰਜਾਬੀ ਦੀ ਬਿਹਤਰੀ ਲਈ ਤਨੋਂ ਮਨੋਂ ਦਿਲ ਜਾਨ ਨਾਲ ਕੰਮ ਕਰਦੇ ਹੋਏ ਸਾਹਿਤਕ ਵਿਰਾਸਤ ਦੇ ਪਹਿਰੇਦਾਰ ਬਣਦੇ ਹਨ, ਉਨ੍ਹਾਂ ਦੇ ਯੋਗਦਾਨ ਬਾਰੇ ਤਾਂ ਉਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੀ ਨਹੀਂ, ਫੇਰ ਵੀ ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਤਾਂ ਮੂੰਹ ਵਿੱਚ ਘੁੰਗਣੀਆਂ ਪਾ ਲੈਂਦੇ ਹਨ। ਮੈਂ ਤੁਹਾਨੂੰ ਇੱਕ ਅਜਿਹੇ ਪ੍ਰਬੁੱਧ ਪੰਜਾਬੀ ਸਾਹਿਤਕ ਪ੍ਰੇਮੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ, ਜਿਸ ਦੇ ਯੋਗਦਾਨ ਅੱਗੇ ਸਿਰ ਝੁਕਾਉਣ ਨੂੰ ਦਿਲ ਤਾਂ ਕਰਦਾ ਹੀ ਹੈ, ਸਗੋਂ ਉਸ ਦੇ ਪੈਰ ਛੂਹਣ ਦੀ ਇੱਛਾ ਪੈਦਾ ਹੁੰਦੀ ਹੈ ਕਿਉਂਕਿ ਉਹ ਇਕੱਲਾ ਇਕੱਹਿਰਾ ਵਿਅਕਤੀ ਪੰਜਾਬੀ ਸਾਹਿਤਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਵਿੱਚ ਇਤਨਾ ਕੰਮ ਕਰ ਰਿਹਾ ਹੈ, ਜਿਤਨਾ ਕਿਸੇ ਯੂਨੀਵਰਸਿਟੀ ਜਾਂ ਅਖੌਤੀ ਪੰਜਾਬੀ ਪ੍ਰੇਮੀਆਂ ਨੇ ਅਜੇ ਕਰਨਾ ਤਾਂ ਕੀ ਹੈ ਪ੍ਰੰਤੂ ਇਸ ਪਾਸੇ ਸੋਚਿਆ ਵੀ ਨਹੀਂ। ਉਹ ਵਿਅਕਤੀ ਹੈ, ਕਰਮਜੀਤ ਸਿੰਘ ਗਠਵਾਲ, ਉਹ ਕੋਈ ਸਾਹਿਤਕਾਰ ਨਹੀਂ ਪ੍ਰੰਤੂ ਉਸ ਦਾ ਕੰਮ ਸਾਹਿਤਕਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਸਾਹਿਤ ਦਾ ਪ੍ਰੇਮੀ ਇਤਨਾ ਹੈ ਕਿ ਉਸ ਦੀ ਪੰਜਾਬੀ ਸਾਹਿਤ ਪ੍ਰਤੀ ਮਿਹਨਤ, ਬਚਨਵੱਧਤਾ, ਦ੍ਰਿੜ੍ਹਤਾ, ਸੰਕਲਪ ਅਤੇ ਲਗਨ ਨੂੰ ਸਲਾਮ ਕੀਤੇ ਬਿਨਾ ਕੋਈ ਵੀ ਰਹਿ ਨਹੀਂ ਸਕਦਾ। ਪੰਜਾਬੀ ਸਾਹਿਤਕ ਵਿਰਾਸਤ ਬਹੁਤ ਅਮੀਰ ਹੈ, ਉਸ ਅਮੀਰੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਪੰਜਾਬੀ ਪ੍ਰੇਮੀਆਂ ਦੀ ਹੀ ਬਣਦੀ ਹੈ। ਪ੍ਰੰਤੂ ਉਹ ਸਮਝਦੇ ਨਹੀਂ। ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਬਹੁਤ ਸਾਰੇ ਵੱਡੇ ਵਿਦਵਾਨ ਸਾਹਿਤਕਾਰ ਹੋਏ ਹਨ ਅਤੇ ਵਰਤਮਾਨ ਸਾਹਿਤਕਾਰ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਨੇ ਪੰਜਾਬੀ ਦੇ ਸਾਹਿਤਕ ਖ਼ਜਾਨੇ ਨੂੰ ਮਾਲੋ ਮਾਲ ਕੀਤਾ ਹੈ। ਪੰਜਾਬੀ ਦੀਆਂ ਅਨੇਕਾਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਹਨ। ਪੰਜਾਬ ਅਤੇ ਪਰਵਾਸ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ, ਲਗਪਗ ਹਰ ਸ਼ਹਿਰ ਅਤੇ ਕਸਬੇ ਵਿੱਚ ਸਾਹਿਤ ਅਤੇ ਸਭਿਅਚਾਰ ਦੀਆਂ ਸਭਾਵਾਂ/ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਪੰਜਾਬੀ ਬੋਲੀ ਦੀ ਪ੍ਰਫੁਲਤਾ ਦੀਆਂ ਪ੍ਰਤੀਕ ਹਨ। ਪੰਜਾਬੀ ਦਾ ਸਮੁੱਚੇ ਸੰਸਾਰ ਵਿੱਚ ਬੋਲਬਾਲਾ ਹੋ ਰਿਹਾ ਹੈ। ਪ੍ਰੰਤੂ ਇਨ੍ਹਾਂ ਸਾਹਿਤ ਸਭਾਵਾਂ ਵਿੱਚ ਆਪੋ ਆਪਣੀਆਂ ਕਵਿਤਾਵਾਂ ਸੁਣਾਉਣ, ਕਹਾਣੀਆਂ, ਨਾਵਲਾਂ, ਨਾਟਕਾਂ ਅਤੇ ਸਾਹਿਤ ਦੇ ਹੋਰ ਰੂਪਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਹੋਰ ਕੋਈ ਸਾਰਥਿਕ ਉਦਮ ਨਹੀਂ ਕੀਤਾ ਜਾਂਦਾ। ਸਰਕਾਰ, ਸਾਹਿਤਕ ਸੰਸਥਾਵਾਂ ਅਤੇ ਵੱਡੇ ਸਾਹਿਤਕਾਰਾਂ ਨੇ ਸਾਹਿਤਕ ਯੋਗਦਾਨ ਨੂੰ ਇੱਕ ਥਾਂ ‘ਤੇ ਸੰਭਾਲਣ ਦਾ ਕੋਈ ਸਾਰਥਿਕ ਉਪਰਾਲਾ ਨਹੀਂ ਕੀਤਾ। ਇੰਟਰਨੈਟ ਦੇ ਯੁਗ ਵਿੱਚ ਲਾਇਬ੍ਰੇਰੀਆਂ ਤੋਂ ਇਲਾਵਾ ਸਾਹਿਤ ਨੂੰ ਵੈਬ ਸਾਈਟਸ ਬਣਾਕੇ ਸੰਭਾਲਿਆ ਜਾਣਾ ਚਾਹੀਦਾ ਹੈ। ਗੂਗਲ ‘ਤੇ ਚੋਣਵੇਂ ਸਾਹਿਤਕਾਰਾਂ ਬਾਰੇ ਪੰਜ ਚਾਰ ਸਤਰਾਂ ਵਿੱਚ ਜਾਣਕਾਰੀ ਮਿਲਦੀ ਹੈ ਪ੍ਰੰਤੂ ਉਨ੍ਹਾਂ ਦੇ ਸਾਹਿਤ ਦੀ ਸੰਪੂਰਨ ਜਾਣਕਾਰੀ ਨਹੀਂ ਮਿਲਦੀ। ਇਸ ਲਈ ਸਾਹਿਤਕ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਅਤਿਅੰਤ ਜ਼ਰੂਰਤ ਹੈ, ਪੰਜਾਬੀ ਦੇ ਮੁੱਦਈ ਇਸ ਵਿਰਾਸਤ ਨੂੰ ਸਾਂਭਣ ਵਿੱਚ ਬਹੁਤੇ ਸੰਜੀਦਾ ਨਹੀਂ ਜਾਪਦੇ, ਉਨ੍ਹਾਂ ਨੂੰ ਆਪੋ ਆਪਣੀ ਸ਼ਾਹਵਾ ਬਾਹਵਾ ਪਿਆਰੀ ਲੱਗਦੀ ਹੈ। ਜੇਕਰ ਅਮੀਰ ਸਾਹਿਤਕ ਵਿਰਾਸਤ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਤੋਂ ਵਾਂਝੀ ਰਹਿ ਜਾਵੇਗੀ। ਵੈਸੇ ਪੰਜਾਬ ਸਰਕਾਰ ਨੂੰ ਇਸ ਲਈ ਉਦਮ ਕਰਨਾ ਬਣਦਾ ਹੈ ਕਿਉਂਕਿ ਐਡਾ ਵੱਡਾ ਉਦਮ ਕਿਸੇ ਇੱਕ ਵਿਅਕਤੀ ਦੇ ਵਸ ਦੀ ਗੱਲ ਨਹੀਂ। 11ਵੀਂ ਸਦੀ ਬਾਬਾ ਫ਼ਰੀਦ ਦੇ ਸਮੇਂ ਤੋਂ ਪੰਜਾਬੀ ਵਿੱਚ ਸਾਹਿਤ ਲਿਖਿਆ ਜਾ ਰਿਹਾ ਹੈ, ਭਾਵੇਂ ਉਦੋਂ ਲਿਪੀ ਗੁਰਮੁੱਖੀ ਨਹੀਂ ਸੀ। ਯੂਨੀਵਰਸਿਟੀਆਂ ਖਾਸ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਭਾਸ਼ਾ ਦੇ ਨਾਮ ‘ਤੇ ਬਣਾਈ ਗਈ ਹੈ, ਉਸ ਦਾ ਫ਼ਰਜ਼ ਬਣਦਾ ਹੈ ਕਿ ਸਾਹਿਤਕ ਵਿਰਾਸਤ ਨੂੰ ਸੰਗਠਤ ਢੰਗ ਨਾਲ ਇਕੱਤਰ ਕਰਕੇ ਕੋਈ ਵੈਬ ਸਾਈਟ ਵਿੱਚ ਰੱਖ ਦੇਵੇ ਤਾਂ ਜੋ ਕਦੀ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਥੋਂ ਮਿਲ ਸਕੇ। ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦੀ ਅਣਵੇਖੀ ਕਰਕੇ ਮੰਦਹਾਲੀ ਵਿੱਚੋਂ ਲੰਘ ਰਹੀ ਹੈ।
ਕੁਝ ਸਾਹਿਤ ਪ੍ਰੇਮੀਆਂ ਨੇ ਆਪੋ ਆਪਣੀਆਂ ਨਿੱਜੀ ਵੈਬ ਸਾਈਟਸ ਬਣਾਕੇ ਅਣਸੰਗਠਤ ਜਿਹੇ ਉਪਰਾਲੇ ਕੀਤੇ ਹੋਏ ਹਨ, ਉਨ੍ਹਾਂ ਵਿੱਚ ਉਹ ਆਪੋ ਆਪਣੀਆਂ ਰਚਨਾਵਾਂ ਪਾਉਂਦੇ ਹਨ, ਸਮੁੱਚੇ ਸਾਹਿਤ ਨੂੰ ਤਰਜ਼ੀਹ ਨਹੀਂ ਦਿੰਦੇ। ਉਨ੍ਹਾਂ ਉਪਰਾਲਿਆਂ ਨਾਲ ਸਮੁੱਚੀ ਵਿਰਾਸਤ ਨੂੰ ਇਕ ਥਾਂ ਇਕੱਤਰ ਨਹੀਂ ਕੀਤਾ ਜਾ ਸਕਦਾ। ਪਿਛਲੇ 12 ਕੁ ਸਾਲ ਤੋਂ ਪੰਜਾਬੀ ਦਾ ਇਕ ਹਮਦਰਦ ਤੇ ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ ਕਰਮਜੀਤ ਸਿੰਘ ਗਠਵਾਲ ਬਣਕੇ ਸਾਹਮਣੇ ਆ ਰਿਹਾ ਹੈ। ਉਹ ਭਾਵੇਂ ਤਕਨਾਲੋਜੀ ਦਾ ਮਾਹਿਰ ਨਹੀਂ ਸੀ, ਪ੍ਰੰਤੂ ਉਸ ਦੇ ਬੀ.ਟੈਕ.ਇੰਜਿਨੀਅਰ ਸਪੁੱਤਰ ਨੇ ਉਸ ਨੂੰ ਕੰਪਿਊਟਰ ਦੀ ਤਕਨਾਲੋਜੀ ਬਾਰੇ ਸਿਖਿਅਤ ਕਰ ਦਿੱਤਾ ਹੈ। ਉਸ ਤੋਂ ਬਾਅਦ ਉਸ ਨੇ ਪੰਜਾਬੀ ਟਾਈਪ, ਕੰਪਿਊਟਰ ‘ਤੇ ਸਿੱਖਣੀ ਸ਼ੁਰੂ ਕਰ ਦਿੱਤੀ ਤੇ ਇਸ ਸਮੇਂ ਉਹ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਹੀ ਆਪਣੇ ਵੱਲੋਂ ਬਣਾਈ ‘ਪੰਜਾਬੀ ਕਵਿਤਾ ਡਾਟ ਕਾਮ punjabi-kavita.com ਵੈਬ ਸਾਈਟ ਵਿੱਚ ਸਾਹਿਤ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਕਰਮਜੀਤ ਸਿੰਘ ਗਠਵਾਲ ਨੇ ਇਕੱਲਿਆਂ ਹੀ, ਇਸ ਥੋੜ੍ਹੇ ਜਹੇ ਸਮੇਂ ਵਿੱਚ ਇੱਕ ਸੰਸਥਾ ਜਿਤਨਾ ਕੰਮ ਕਰ ਲਿਆ ਹੈ। ਉਹ ਇਕੱਲਾ ਇਕੱਹਿਰਾ ਹੀ ਪਹਿਲਾਂ ਸਾਹਿਤਕਾਰਾਂ ਬਾਰੇ ਜਾਣਕਾਰੀ ਇਕੱਤਰ ਕਰ ਰਿਹਾ ਹੈ ਅਤੇ ਫਿਰ ਆਪ ਹੀ ਉਸ ਨੂੰ ਵੈਬ ਸਾਈਟ ਤੇ ਅਪਲੋਡ ਕਰ ਰਿਹਾ ਹੈ, ਪ੍ਰੰਤੂ ਕੁਝ ਸਾਹਿਤਕਾਰ ਉਸ ਨੂੰ ਜਾਣਕਾਰੀ ਦੇਣ ਵਿੱਚ ਸਹਿਯੋਗ ਵੀ ਦੇ ਰਹੇ ਹਨ। ਇਸ ਵੈਬਸਾਈਟ ‘ਤੇ ਉਸ ਨੇ ਪੰਜਾਬੀ ਕਵਿਤਾ, ਸੂਫ਼ੀ ਕਵਿਤਾ, ਉਰਦੂ ਕਵਿਤਾ, ਹਿੰਦੀ ਕਵਿਤਾ ਅਤੇ ਅਨੁਵਾਦ (Punjabi poetry, Suffi Poetry, ”rdu Poetry, 8indi Poetry and “ranslation) ਦੇ ਭਾਗ ਬਣਾਏ ਹਨ। ਪੰਜਾਬੀ ਕਵਿਤਾ ਭਾਗ ਵਿੱਚ 729, ਉਰਦੂ ਭਾਗ ਵਿੱਚ ਉਰਦੂ ਕਵਿਤਾ ਗੁਰਮੁਖੀ ਲਿਪੀ ਵਿੱਚ 22, ਹਿੰਦੀ ਕਵਿਤਾ ਗੁਰਮੁਖੀ ਲਿਪੀ ਭਾਗ ਵਿੱਚ 20 ਅਤੇ ਹਿੰਦੀ ਭਾਗ ਵਿੱਚ 42 ਕਵੀਆਂ ਤੇ ਕਵਿਤਰੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ। ਏਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਸਾਂਝੇ ਪੰਜਾਬ ਦਾ ਇੱਕ ਲੋਕ ਸ਼ਾਇਰ ਚਿਰਾਗ ਦੀਨ ਦਾਮਨ ਹੋਇਆ ਹੈ, ਜਿਹੜਾ ਉਸਤਾਦ ਦਾਮਨ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਕਰਮਜੀਤ ਸਿੰਘ ਗਠਵਾਲ ਦੀ ਵੈਬ ਸਾਈਟ ਤੇ ਉਸ ਦੀਆਂ 123 ਕਵਿਤਾਵਾਂ ਅਤੇ ਬਹੁਤ ਸਾਰੇ ਟੱਪੇ ਤੇ ਬੋਲੀਆਂ ਅਪਲੋਡ ਕੀਤੀਆਂ ਹੋਈਆਂ ਵੇਖੀਆਂ। ਉਸਤਾਦ ਦਾਮਨ ਪੜ੍ਹਿਆ ਲਿਖਿਆ ਨਹੀਂ ਸੀ, ਇਸ ਲਈ ਉਹ ਆਪਣੀਆਂ ਕਵਿਤਾਵਾਂ ਜ਼ੁਬਾਨੀ ਹੀ ਯਾਦ ਰੱਖਦਾ ਸੀ। ਉਸ ਦੇ ਜਿਉਂਦੇ ਜੀਅ ਪਾਕਿਸਤਾਨ ਵਿੱਚ ਉਸ ਦੀ ਕੋਈ ਵੀ ਪੁਸਤਕ ਨਹੀਂ ਪ੍ਰਕਾਸ਼ਤ ਹੋਈ। ਕਰਮਜੀਤ ਸਿੰਘ ਗਠਵਾਲ ਨੇ ਪਤਾ ਨਹੀਂ ਇਹ ਕਵਿਤਾਵਾਂ ਕਿਥੋਂ ਤੇ ਕਿਵੇਂ ਪ੍ਰਾਪਤ ਕੀਤੀਆਂ ਹਨ? ਇਥੋਂ ਉਸਦੀ ਪੰਜਾਬੀ ਬਾਰੇ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ ਕਿ ਉਹ ਪੰਜਾਬੀ ਦੀ ਸੰਭਾਲ ਲਈ ਕਿਤਨਾ ਸੰਜੀਦਾ ਹੈ। ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਥਾਪਤ ਅਤੇ ਬਹੁਤ ਸਾਰੇ ਨਵੇਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀਆਂ ਗੁਰਮੁਖੀ ਲਿਪੀ ਵਿੱਚ ਐਂਟਰੀਆਂ ਮਿਲਦੀਆਂ ਹਨ।
ਕਵਿਤਾ ਤੋਂ ਇਲਾਵਾ ਕਹਾਣੀ ਭਾਗ ਵਿੱਚ ਚੋਟੀ ਦੇ 43 ਕਹਾਣੀਕਾਰਾਂ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਅਪਲੋਡ ਕੀਤੀਆਂ ਹਨ। ਪੰਜਾਬੀ ਵਿਅਕਰਨ ਤੇ ਸ਼ਬਦ-ਕੋਸ਼ ਭਾਗ ਵਿੱਚ ਪੰਜਾਬੀ ਅਖਾਣ, ਪੰਜਾਬੀ ਸ਼ਬਦ-ਜੋੜ ਕੋਸ਼ ਅਤੇ ਪੰਜਾਬੀ ਅਰਬੀ-ਫਾਰਸੀ ਕੋਸ਼ ਸ਼ਾਮਲ ਹੈ। ਅਖਾਣ ਕੀ ਹੁੰਦੀ ਹੈ, ਇਸ ਬਾਰੇ ਪ੍ਰੋ.ਕ੍ਰਿਪਾਲ ਕਜ਼ਾਕ ਵੱਲੋਂ ਅਖਾਣ ਕਿਵੇਂ ਬਣਦੀ ਤੇ ਕੀ ਹੁੰਦੀ ਹੈ? ਅਤੇ ੳ ਤੋਂ ਵ ਤੱਕ ਬਣੇ ਅਖਾਣਾ ਬਾਰੇ ਦੱਸਿਆ ਗਿਆ ਹੈ। ਪੰਜਾਬੀ ਸ਼ਬਦ-ਜੋੜ ਕੋਸ਼ ਬਾਰੇ ਡਾ.ਹਰਕੀਰਤ ਸਿੰਘ ਬਾਰੇ ਅਤੇ ਉਸ ਵੱਲੋਂ ਪ੍ਰਕਾਸ਼ਤ ਪੁਸਤਕਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਅਰਬੀ-ਫਾਰਸੀ ਕੋਸ਼ ਬਾਰੇ ਡਾ.ਬੂਟਾ ਸਿੰਘ ਬਰਾੜ ਬਾਰੇ ਅਤੇ ਉਨ੍ਹਾਂ ਵੱਲੋਂ ਪੰਜਾਬੀ ਅਰਬੀ-ਫਾਰਸੀ ਕੋਸ਼ ਬਾਰੇ ਵਿਆਖਿਆ ਨਾਲ ਹਵਾਲਾ ਪੁਸਤਕਾਂ ਦੀ ਜਾਣਕਾਰੀ ਦਿੱਤੀ ਗਈ ਹੈ। ਅਨੁਵਾਦ ਭਾਗ ਵਿੱਚ 16 ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਪ੍ਰਮੁੱਖ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਗੁਰਮੁਖੀ ਲਿਪੀ ਵਿੱਚ ਅਨੁਵਾਦ ਕਰਕੇ ਅਪਲੋਡ ਕੀਤਾ ਹੈ। ਆਲੋਚਨਾ ਭਾਗ ਵਿੱਚ ਚੋਟੀ ਦੇ ਆਲੋਚਕਾਂ ਦੀਆਂ ਪੁਸਤਕਾਂ ਅਪਲੋਡਕੀਤੀਆਂ ਹਨ, ਜਿਨ੍ਹਾਂ ਵਿੱਚ ਆਲੋਚਨਾ-ਸੰਤ ਸਿੰਘ ਸੇਖੋਂ, ਆਲੋਚਨਾ-ਰਤਨ ਸਿੰਘ ਜੱਗੀ, ਆਲੋਚਨਾ-ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ-ਹਰਿਭਜਨ ਸਿੰਘ ਭਾਟੀਆ, ਕਵਿਤਾ ਤੇ ਵਿਗਿਆਨ-ਜਸਵੰਤ ਸਿੰਘ ਨੇਕੀ, ਕਵਿਤਾ-ਪ੍ਰੋਫੈਸਰ ਪੂਰਨ ਸਿੰਘ, ਕਵੀ ਦਾ ਦਿਲ-ਪ੍ਰੋਫੈਸਰ ਪੂਰਨ ਸਿੰਘ, ਗ਼ਜ਼ਲ-ਕਾਵਿ : ਥੀਮ ਅਤੇ ਰੂਪਾਕਾਰ, ਪੰਜਾਬੀ ਨਾਟਕ ਤੇ ਰੰਗ ਮੰਚ-ਕਪੂਰ ਸਿੰਘ ਘੁੰਮਣ, ਪ੍ਰਤੀਕਵਾਦ-ਰੋਸ਼ਨ ਲਾਲ ਆਹੂਜਾ, ਪ੍ਰਤੀਕਵਾਦ-ਮਨਮੋਹਨ ਸਿੰਘ, ਪ੍ਰਤੀਕਵਾਦ-ਰਾਜਿੰਦਰ ਸਿੰਘ ਲਾਂਬਾ, ਸ਼ੈਲੀ ਕੀ ਹੈ ? ਓ. ਪੀ. ਗੁਪਤਾ, ਪੰਜਾਬੀ ਕਹਾਣੀ-ਗੁਰਦੇਵ ਸਿੰਘ ਚੰਦੀ, ਨਿੱਕੀ ਕਹਾਣੀ-ਗੁਰਮੁਖ ਸਿੰਘ, ਨਿੱਕੀ ਕਹਾਣੀ-ਡਾ. ਮਹਿੰਦਰ ਪਾਲ ਕੋਹਲੀ, ਸਤਿਜੁਗੀ ਦਰਬਾਰ-ਬਾਵਾ ਬੁਧ ਸਿੰਘ, ਬਾਬਾ ਸ਼ੇਖ਼ ਫ਼ਰੀਦ-ਹਰਿਭਜਨ ਸਿੰਘ ਭਾਟੀਆ ਅਤੇ ਬਾਵਾ ਬੁਧ ਸਿੰਘ-ਹਰਿਭਜਨ ਸਿੰਘ ਭਾਟੀਆ.।
ਇਸ ਤੋਂ ਇਲਾਵਾ ਸਾਹਿਤ ਦੇ ਸਾਰੇ ਰੂਪਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜੇ ਬਹੁਤ ਸਾਰਾ ਕੰਮ ਰਹਿੰਦਾ ਹੈ, ਜਿਸ ਨੂੰ ਮੁਕੰਮਲ ਕਰਨ ਲਈ ਕਰਮਜੀਤ ਸਿੰਘ ਗਠਵਾਲ ਯਤਨਸ਼ੀਲ ਹੈ। ਪਰਮਾਤਮਾ ਉਸ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੇਵੇ ਤਾਂ ਜੋ ਉਹ ਇਸ ਮਹਾਨ ਯੱਗ ਨੂੰ ਪੂਰਾ ਕਰ ਸਕੇ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਕਾਲੀ ਫੂਲਾ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦਾ ਇਤਿਹਾਸਕ ਫ਼ੈਸਲਾ - ਉਜਾਗਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਬਾਗੋ ਬਾਗ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਵੱਲੋਂ ਸਿੱਖਾਂ ਦੀ ਸਰਵੋਤਮ ਸੰਸਥਾ ਦੇ ਵਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ/ਬਜ਼ਰ ਗੁਨਾਹਾਂ ਸੰਬੰਧੀ ਦਿੱਤੇ ਗਏ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੇ ਫ਼ੈਸਲਿਆਂ ਦੀ ਯਾਦ ਮੁੜ ਤਾਜਾ ਕਰਵਾ ਦਿੱਤੀ ਹੈ। ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੁਣਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਮਿਸਾਲੀ ਇਤਿਹਾਸਕ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਖੁੱਸੀ ਮਾਣ ਮਰਿਆਦਾ ਨੂੰ ਬਹਾਲ ਕਰਨ ਵਿੱਚ ਵੱਡਾ ਕਦਮ ਹੈ। ਇਸ ਫ਼ੈਸਲੇ ਤੋਂ ਬਾਅਦ ਭਵਿਖ ਵਿੱਚ ਅਕਾਲੀ ਦਲ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨੇਤਾ ਪੰਥ ਵਿਰੋਧੀ ਗ਼ਲਤ ਫ਼ੈਸਲੇ ਨਾ ਤਾਂ ਕਰਵਾ ਸਕਣਗੇ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਠੋਕੇ ਬਣਨ ਦਾ ਹੌਸਲਾ ਕਰਨਗੇ। ਇਸ ਇਤਿਹਾਸਕ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦਾ ਵਕਾਰ ਅਤੇ ਮਾਣ ਮਰਿਆਦਾ ਨੂੰ ਬਰਕਰਾਰ ਕਰ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਕਰਕੇ ਜਥੇਦਾਰ ਸਾਹਿਬਾਨ ਵਧਾਈ ਦੇ ਪਾਤਰ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਚ ਪ੍ਰਧਾਨੀ ਪ੍ਰਣਾਲੀ ਨੂੰ ਹੋਏ ਨੁਕਸਾਨ ਦੀ ਭਰਪਾਈ ਹੋ ਵੀ ਗਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਹਮੋ ਸਾਹਮਣੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਕੇ ਉਨ੍ਹਾਂ ਵੱਲੋਂ ਕੀਤੇ ਗ਼ਲਤ ਫ਼ੈਸਲਿਆਂ/ਬਜ਼ਰ ਗੁਨਾਹਾਂ ਨੂੰ ਸਿੱਧੇ ਸਵਾਲ ਕਰਕੇ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਕਿਹਾ ਹੋਵੇ। ਕੋਈ ਵੀ ਸਿਆਸੀ ਨੇਤਾ ਆਪਣੇ ਗੁਨਾਹਾਂ ਬਾਰੇ ਸਚਾਈ ਮੰਨਣ ਲਈ ਝਿਜਕਿਆ ਨਹੀਂ। ਇਸ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਕਦੀਂ ਵੀ ਆਪਣੀਆਂ ਗ਼ਲਤੀਆਂ ਨਹੀਂ ਮੰਨੀਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਪੂਰਾ ਹੋਮ ਵਰਕ ਕੀਤਾ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀਆਂ ਗ਼ਲਤੀਆਂ ਦੇ ਤੱਥਾਂ ਸਮੇਤ ਪੂਰੇ ਸਬੂਤ ਉਨ੍ਹਾਂ ਕੋਲ ਮੌਜੂਦ ਸਨ। ਇਸ ਲਈ ਕੋਈ ਨੇਤਾ ਝੂਠ ਦਾ ਸਹਾਰਾ ਨਹੀਂ ਲੈ ਸਕਿਆ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਪੰਥਕ ਹਿੱਤਾਂ ਤੋਂ ਦੂਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਤਾਂ ਜੋ ਸਿਆਸੀ ਤਾਕਤ ਸਦਾ ਉਨ੍ਹਾਂ ਦੀ ਝੋਲੀ ਵਿੱਚ ਪੈਂਦੀ ਰਹੇ। ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨਾ, ਜਥੇਦਾਰ ਸਾਹਿਬਾਨ ਨੂੰ ਆਪਣੇ ਘਰ ਬੁਲਾਉਣਾ ਬਾਦਲ ਪਰਿਵਾਰ ਦੀ ਸਿਆਸੀ ਤਾਕਤ ਨੂੰ ਖੋਖਲਾ ਕਰਨ ਵਿੱਚ ਕਾਰਗਰ ਸਾਬਤ ਹੋਇਆ ਹੈ। ਪੰਥਕ ਵਿਚਾਰਧਾਰਾ ਤੋਂ ਕਿਨਾਰਾ ਕਰਨ ਕਰਕੇ ਸ੍ਰ.ਪਰਕਾਸ਼ ਸਿੰਘ ਬਾਦਲ ਕੌਮੀ ਨੇਤਾ ਬਣਨਾ ਚਾਹੁੰਦੇ ਸਨ ਤੇ ਬਣ ਵੀ ਗਏ ਸਨ ਪ੍ਰੰਤੂ ਫਿਰ ਵੀ ਫ਼ਖ਼ਰੇ ਕੌਮ ਪੰਥਕ ਸੋਚ ਨੂੰ ਤਿਲਾਂਜ਼ਲੀ ਦੇਣ ਕਰਕੇ ਤੱਤਕਾਲੀ ਜਥੇਦਾਰ ਸਾਹਿਬਾਨ ਦੀ ਕ੍ਰਿਪਾ ਨਾਲ ਪ੍ਰਾਪਤ ਕੀਤਾ। ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। 2007 ਤੋਂ 2017 ਤੱਕ ਦੇ ਸਮੇਂ ਦੌਰਾਨ ਮਰਹੂਮ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਸਮੇਂ ਦੌਰਾਨ ਸਰਕਾਰ ਦੀਆਂ ਕਾਰਵਾਈਆਂ ਪੰਥਕ ਸੋਚ ਨੂੰ ਖ਼ੋਰਾ ਲਗਾਉਂਦੀਆਂ ਰਹੀਆਂ। ਸ੍ਰ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਨੇਤਾ ਉਸ ਸਰਕਾਰ ਵਿੱਚ ਹਿੱਸੇਦਾਰ ਸਨ ਅਤੇ ਉਹ ਪੰਥਕ ਵਿਚਾਰਧਾਰਾ ਨੂੰ ਛਿੱਕੇ ‘ਤੇ ਟੰਗ ਕੇ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹੇ। ਪੰਥ ਦੇ ਹਿੱਤਾਂ ਨੂੰ ਅੱਖੋਂ ਪ੍ਰੋਖੇ ਕਰਦੇ ਰਹੇ। ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਮੁਆਫੀ ਦੇਣਾ, ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ 90 ਲੱਖ ਤੋਂ ਉਪਰ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਨਕਲ ਕਰਨਾ, ਉਸ ਵਿਰੁੱਧ ਕੇਸ ਕੋਰਟ ਵਿੱਚੋਂ ਵਾਪਸ ਲੈਣਾ, ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ.ਲਗਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਈ ਸਾਰਥਕ ਫ਼ੈਸਲਾ ਨਾ ਕਰਨਾ , ਕੋਟਕਪੂਰਾ ਤੇ ਬਹਿਬਲ ਕਲਾਂ ਦੇ ਕਾਂਡ ਹੋਏ, ਪੰਜਾਬ ਪੁਲਿਸ ਨੇ ਗੋਲੀਆਂ ਚਲਾਕੇ ਦੋ ਨੌਜਵਾਨ ਸ਼ਹੀਦ ਕੀਤੇ ਪ੍ਰੰਤੂ ਸਰਕਾਰ ਨੇ ਕੋਈ ਇਨਸਾਫ਼ ਨਹੀਂ ਦਿੱਤਾ। ਇਹ ਸਾਰੇ ਕੰਮ ਪੰਥ ਵਿਰੋਧੀ ਸਨ। ਸਰਕਾਰ ਗੁਨਾਹ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਦੀ ਰਹੀ। ਬਾਦਲ ਪਰਿਵਾਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਣੀ ਮਰਜ਼ੀ ਅਨੁਸਾਰ ਸਿਆਸੀ ਹਿੱਤਾਂ ਲਈ ਵਰਤਦੇ ਰਹੇ। ਜਥੇਦਾਰ ਸਾਹਿਬਾਨ ਨੇ ਪੰਥਕ ਹਿੱਤਾਂ ‘ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਜਿਹੜੇ ਨੇਤਾਵਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਦੇ ਤਿੰਨ ਦਿਨਾ ਵਿੱਚ ਅਸਤੀਫ਼ੇ ਮਨਜ਼ੂਰ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਜਾਣਕਾਰੀ ਭੇਜਣ ਦੇ ਆਦੇਸ਼ ਦਿੱਤੇ। ਸਾਰੇ ਧੜੇ ਖ਼ਤਮ ਹੋਣਗੇ, ਦਾਗੀ ਤੇ ਬਾਗੀ ਇਕੱਠੇ ਹੋਣਗੇ ਤਾਂ ਪੰਥ ਦੇ ਸੁਨਹਿਰੇ ਭਵਿਖ ਦੀ ਆਸ ਕੀਤੀ ਜਾ ਸਕਦੀ ਹੈ। ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ 7 ਮੈਂਬਰੀ ਕਮੇਟੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣਾਕੇ 6 ਮਹੀਨੇ ਦੇ ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਕਮੇਟੀ ਦੇ ਬਾਕੀ ਮੈਂਬਰ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦੇ ਵੱਜੋਂ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਹਨ। ਇਹ ਕਮੇਟੀ ਵੀ ਨਿਰਪੱਖ ਹੋ ਕੇ ਦੋਵੇਂ ਧੜਿਆਂ ਦੇ ਬਾਰਾਬਰ ਮੈਂਬਰ ਰੱਖ ਕੇ ਬਣਾਈ ਗਈ ਹੈ। ਅਕਾਲੀ ਦਲ ਦੀ ਅਸਲੀ ਮੈਂਬਰਸ਼ਿਪ ਆਧਾਰ ਕਾਰਡ ਦੇ ਸਬੂਤਾਂ ਅਨੁਸਾਰ ਹੋਣ ਨੂੰ ਯਕੀਨੀ ਬਣਾਉਣਾ ਹੋਵੇਗਾ। ਅਖ਼ਬਾਰਾਂ ਲਈ ਦਿੱਤੇ ਇਸ਼ਤਿਹਾਰਾਂ ਦੀ ਰਕਮ ਨੇਤਾਵਾਂ ਤੋਂ ਵਿਆਜ ਸਮੇਤ ਵਾਪਸ ਲੈਣ ਦਾ ਹੁਕਮ ਸ਼ਲਾਘਾਯੋਗ ਹੈ। ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਸੁਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ ਤੇ ਡਾ.ਦਲਜੀਤ ਸਿੰਘ ਚੀਮਾ ਅਖ਼ਬਾਰਾਂ ਦੇ ਬਿਲਾਂ ਦੀ ਰਕਮ ਵਿਆਜ਼ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੁੰਧਕ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣਗੇ। ਸ੍ਰੀ ਅਕਾਲ ਤਖ਼ਤ ਦੇ ਇਨ੍ਹਾਂ ਫ਼ੈਸਲਿਆਂ ਨਾਲ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਹੈ। ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜਿਸਨੂੰ ਅਕਾਲੀ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ, ਉਸ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਦਿੱਤਾ ਗਿਆ ਫ਼ਖ਼ਰੇ-ਏ-ਕੌਮ ਦਾ ਖ਼ਿਤਾਬ ਵਾਪਸ ਲੈਣਾ ਵਿਲੱਖਣ ਫ਼ੈਸਲਾ ਹੈ, ਇਸ ਫ਼ੈਸਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜੇ ਤਖ਼ਤਾਂ ਦੀ ਪ੍ਰਭੁਸਤਾ ਦਾ ਪ੍ਰਗਟਾਵਾ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਬਾਗੀ ਤੇ ਦਾਗੀ ਨੇਤਾਵਾਂ ਨੂੰ ਦਿੱਤੀ ਗਈ ਮਿਸਾਲੀ ਧਾਰਮਿਕ ਸਜਾ ਦਰਬਾਰ ਸਾਹਿਬ ਅਧੀਨ ਸੰਗਤ ਲਈ ਬਣੇ ਬਾਥਰੂਮਾਂ ਦੀ ਸਫ਼ਾਈ ਕਰਨਾ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਨਿਗਰਾਨੀ ਕਰਨਾ ਆਪਣੇ ਆਪ ਵਿੱਚ ਨੇਤਾਵਾਂ ਲਈ ਸ਼ਰਮਨਾਕ ਹੈ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਚੋਲਾ ਪਾ ਕੇ ਬਰਛਾ ਲੈ ਕੇ ਇੱਕ ਘੰਟਾ ਸ੍ਰੀ ਦਰਬਾਰ ਸਾਹਿਬ ਦੀ ਡਿਊਡੀ ਸਾਹਮਣੇ ਬੈਠਣਾ ਵੀ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਏਗਾ। ਇਹ ਸਾਰੇ ਨੇਤਾ ਗਿਆਰਾਂ ਦਿਨ ਬਰਤਨ ਸਾਫ ਕਰਨਗੇ, ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਕੀਰਤਨ ਸਰਵਣ ਕਰਨਗੇ। ਧਾਰਮਿਕ ਸਜਾ ਦੌਰਾਨ ਸਾਰੇ ਨੇਤਾ ਆਪਣੇ ਗਲਾਂ ਵਿੱਚ ਤਖ਼ਤੀਆਂ ਪਾਉਣਗੇ। ਇਹ ਸਜਾ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਭੁਗਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਹੜੇ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸਿਰਸਾ ਨੂੰ ਮੁਆਫ਼ੀ ਦੇਣ ਸੰਬੰਧੀ ਆਪਣੇ ਸ਼ਪਸ਼ਟੀਕਰਨ ਭੇਜੇ ਸਨ, ਉਨ੍ਹਾਂ ਦੇ ਸ਼ਪਸ਼ਟੀਕਰਨ ਰੱਦ ਕਰ ਦਿੱਤੇ ਤੇ ਉਨ੍ਹਾਂ ਤਿੰਨਾ ਨੂੰ ਸ੍ਰੀ ਅਕਾਲ ਤਖ਼ਤ ਦੇ ਪੇਸ਼ ਹੋ ਕੇ ਮੁਆਫ਼ੀ ਮੰਗਣ ਦਾ ਹੁਕਮ ਕੀਤਾ ਗਿਆ ਹੈ, ਜਿਤਨੀ ਦੇਰ ਇਹ ਮੁਆਫੀ ਨਹੀਂ ਮੰਗਦੇ ਉਤਨੀ ਦੇਰ ਪਬਲਿਕ ਸਮਾਗਮਾ ਵਿੱਚ ਬੋਲਣ ‘ਤੇ ਰੋਕ ਲਗਾ ਦਿੱਤੀ ਹੈ। ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ 3 ਦਸੰਬਰ 12 ਵਜੇ ਤੱਕ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ। ਗਿਆਨੀ ਗੁਰਮੁੱਖ ਸਿੰਘ ਦੀ ਬਦਲੀ ਸ੍ਰੀ ਅਕਾਲ ਤਖ਼ਤ ਤੋਂ ਬਾਹਰ ਕਰਨ ਅਤੇ ਕਿਸੇ ਵੀ ਤਖ਼ਤ ‘ਤੇ ਲਗਾਉਣ ਦੀ ਮਨਾਹੀ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਜਿਹੜੇ ਜਥੇਦਾਰ ਪਹਿਲਾਂ ਧਾਰਮਿਕ ਸਜਾਵਾਂ ਲਗਾਉਂਦੇ ਸਨ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਵੀ ਉਨ੍ਹਾਂ ਤਖ਼ਤਾਂ ਤੋਂ ਸਜਾ ਲਗਾਈ ਜਾ ਸਕਦੀ ਹੈ। ਹਰਵਿੰਦਰ ਸਿੰਘ ਸਰਨਾਂ ਨੂੰ ਗ਼ਲਤ ਬਿਆਨੀ ਕਰਕੇ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਬਿਆਨਬਾਜ਼ੀ ਤੋਂ ਬਾਜ਼ ਨਾ ਆਇਆ ਤਾਂ ਧਾਰਮਿਕ ਸਜ਼ਾ ਦਿੱਤੀ ਜਾਵੇਗੀ। ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪਤਿਤ ਹੋਣ ਕਰਕੇ ਮੀਟਿੰਗ ‘ਚੋਂ ਬਾਹਰ ਭੇਜ ਦਿੱਤਾ ਗਿਆ। ਅਕਾਲੀ ਨੇਤਾਵਾਂ ਨੂੰ ਪਹਿਲੀ ਮਾਰਚ ਤੋਂ 30 ਅਪ੍ਰੈਲ 2025 ਤੱਕ 125000 ਬੂਟੇ ਲਗਾਉਣ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਤੋਂ ਬਾਅਦ ਸਿੱਖ ਜਗਤ ਵਿੱਚ ਸੰਤੁਸ਼ਟੀ ਆ ਗਈ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਜਦੋਂ ਆਪਣੇ ਬਿਗਾਨੇ ਹੋ ਗਏ - ਉਜਾਗਰ ਸਿੰਘ
ਜਦੋਂ ਆਪਣੇ ਹੀ ਧੋਖਾ ਦੇ ਜਾਣ ਫਿਰ ਬਿਗਾਨਿਆਂ ‘ਤੇ ਇਤਰਾਜ਼ ਕਰਨਾ ਸ਼ੋਭਾ ਨਹੀਂ ਦਿੰਦਾ। ਆਪਣਿਆਂ ਦੀ ਅਣਵੇਖੀ ਬਰਦਾਸ਼ਤ ਕਰਨੀ ਅÇਅੰਤ ਮੁਸ਼ਕਲ ਹੁੰਦੀ ਹੈ। ਉਦੋਂ ਇਨਸਾਨ ਨਾ ਜਿਉਂਦਾ ਹੋਇਆ ਵੀ ਜਿਉਂਦਿਆਂ ਵਰਗਾ ਨਹੀਂ ਹੁੰਦਾ। ਪੰਜਾਬੀਆਂ ਲਈ ਪ੍ਰਵਾਸ ਵਿੱਚ ਜਾ ਕੇ ਸੈਟਲ ਹੋਣਾ ਇੱਕ ਪਵਿਤਰ ਕਾਰਜ ਬਣਿਆਂ ਹੋਇਆ ਪਿਆ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਪਣੇ ਮਾਪਿਆਂ ਦੇ ਗਲ਼ਾਂ ਵਿੱਚ ਗੂਠੇ ਦੇ ਕੇ ਪ੍ਰਵਾਸ ਨੂੰ ਵਹੀਰਾਂ ਘੱਤ ਕੇ ਪਿੱਛੇ ਆਪਣੇ ਮਾਪਿਆਂ ਨੂੰ ਰੱਬ ਆਸਰੇ ਛੱਡ ਜਾ ਰਹੇ ਹਨ। ਬਜ਼ੁਰਗ ਮਾਪੇ ਏਥੇ ਬੇਆਸਰਾ ਹੋ ਕੇ ਰੁਲ ਰਹੇ ਹਨ। ਏਥੇ ਮੈਂ ਇੱਕ ਬਜ਼ੁਰਗ ਦੀ ਕਹਾਣੀ ਦੱਸਣ ਜਾ ਰਿਹਾ ਹਾਂ, ਜਿਸਨੇ ਆਪਣੇ ਦੋ ਬੱਚੇ ਮਿਹਨਤ ਕਰਕੇ, ਨੌਕਰੀ ਦੇ ਨਾਲ ਓਵਰ ਟਾਈਮ ਲਾ ਕੇ ਪੜ੍ਹਾਏ ਤੇ ਉਹ ਆਪ ਭਾਰਤ ਵਿੱਚ ਇਕੱਲਾ ਪੁੱਤਰਾਂ ਦੀ ਉਡੀਕ ਕਰਦਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਹਾਣੀ ਇਸ ਤਰ੍ਹਾਂ ਹੈ, ਮੈਂ 1974 ਵਿੱਚ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨੌਕਰੀ ਸ਼ੁਰੂ ਕੀਤੀ ਸੀ। ਉਥੇ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਦੋਸਤ ਬਣ ਗਏ। ਉਹ ਦੋਸਤੀ 50 ਸਾਲ ਬਾਅਦ ਵੀ ਬਰਕਰਾਰ ਹੈ। ਏਥੇ ਮੈਂ ਤਿੰਨ ਦੋਸਤਾਂ ਹਰਦੀਪ ਸਿੰਘ, ਰਮਣੀਕ ਸਿੰਘ ਸੈਣੀ ਅਤੇ ਫ਼ਕੀਰ ਸਿੰਘ ਦੀ ਦੋਸਤੀ ਬਾਰੇ ਦੱਸਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਅਖ਼ੀਰ ਤੱਕ ਨਿਭਣ ਦੇ ਸੁਪਨੇ ਸਿਰਜੇ ਸਨ। ਲਗਪਗ ਹਰ ਰੋਜ਼ ਹੀ ਉਹ ਇੱਕ ਦੂਜੇ ਦੇ ਘਰ ਬੈਠਕੇ ਇਕੱਠੇ ਹੀ ਖਾਣਾ ਖਾਂਦੇ ਸੀ। ਉਨ੍ਹਾਂ ਵਿੱਚੋਂ ਹਰਦੀਪ ਸਿੰਘ ਤੇ ਰਮਣੀਕ ਸਿੰਘ ਲੁਧਿਆਣਾ ਤੋਂ ਤੇ ਤੀਜਾ ਫ਼ਕੀਰ ਸਿੰਘ ਅੰਮ੍ਰਿਤਸਰ ਤੋਂ ਸੀ ਪ੍ਰੰਤੂ ਉਹ ਲੁਧਿਆਣੇ ਵਿਆਹਿਆ ਹੋਇਆ ਸੀ। ਫ਼ਕੀਰ ਸਿੰਘ ਦਾ ਸਹੁਰਾ ਪਰਿਵਾਰ ਚੌੜੇ ਬਾਜ਼ਾਰ ਦਾ ਚੰਗੇ ਸਿਆਸੀ ਤੇ ਸਮਾਜਿਕ ਅਸਰ ਰਸੂਖ਼ ਵਾਲਾ ਕਾਰੋਬਾਰੀ ਸੀ। ਰਮਣੀਕ ਸਿੰਘ ਦੇ ਪਰਿਵਾਰ ਦਾ ਵੀ ਹੌਜ਼ਰੀ ਦਾ ਵਿਓਪਾਰ ਸੀ। ਹਰਦੀਪ ਸਿੰਘ ਸਾਧਾਰਨ ਦਿਹਾਤੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਫ਼ਕੀਰ ਸਿੰਘ ਦੇ ਮਾਤਾ ਜੀ ਦੀ ਉਸ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਫਕੀਰ ਸਿੰਘ ਪਰਿਵਾਰ ਵਿੱਚ ਮਤਰੇਆ ਹੋਣ ਕਰਕੇ ਅਣਡਿਠ ਹੋਣ ਲੱਗ ਪਿਆ। ਅਜਿਹੇ ਹਾਲਾਤ ਵਿੱਚ ਉਸਦਾ ਪਾਲਣ ਪੋਸ਼ਣ ਉਸਦੀ ਭੂਆ ਨੇ ਕੀਤਾ। ਉਹ ਪੜ੍ਹਾਈ ਵਿੱਚ ਉਹ ਹਮੇਸ਼ਾ ਚੰਗੇ ਨੰਬਰ ਲੈਂਦਾ ਸੀ। ਉਸ ਨੇ ਬੀ.ਏ. ਕਰ ਲਈ ਤੇ ਫਿਰ ਪੰਜਾਬ ਸਿਵਲ ਸਕੱਤਰੇਤ ਵਿੱਚ ਚੰਡੀਗੜ੍ਹ ਵਿਖੇ ਨੌਕਰ ਹੋ ਗਿਆ ਸੀ। ਉਸ ਦੇ ਪਿਤਾ ਵੱਲੋਂ ਉਸਨੂੰ ਪਰਿਵਾਰ ਦੀ ਜਾਇਦਾਦ ਵਿੱਚੋਂ ਬਣਦਾ ਹਿੱਸਾ ਵੀ ਨਹੀਂ ਦਿੱਤਾ ਗਿਆ। ਫ਼ਕੀਰ ਸਿੰਘ ਦਾ ਵਿਆਹ ਹੋਣ ਤੋਂ ਬਾਅਦ ਉਸ ਦੇ ਸਹੁਰਿਆਂ ਦੀ ਸਪੋਰਟ ਕਰਕੇ ਉਸ ਦੀ ਜ਼ਿੰਦਗੀ ਵਧੀਆਂ ਬਸਰ ਹੋਣ ਲੱਗ ਪਈ। ਫ਼ਕੀਰ ਸਿੰਘ ਦੇ ਸਹੁਰਿਆਂ ਨੇ ਆਪਣਾ ਅਸਰ ਰਸੂਖ਼ ਵਰਤਕੇ ਉਸ ਨੂੰ ਇੱਕ ਬੈਂਕ ਵਿੱਚ ਦਿੱਲੀ ਵਿਖੇ ਅਧਿਕਾਰੀ ਨਿਯੁਕਤ ਕਰਵਾ ਦਿੱਤਾ। ਫ਼ਕੀਰ ਸਿੰਘ ਦਿੱਲੀ ਜਾ ਕੇ ਬੜਾ ਖ਼ੁਸ਼ ਹੋਇਆ ਕਿਉਂਕਿ ਇੱਕ ਤਾਂ ਅਧਿਕਾਰੀ ਬਣ ਗਿਆ, ਦੂਜੇ ਉਸ ਦੇ ਸਹੁਰਿਆਂ ਵੱਲੋਂ ਕੁਝ ਰਿਸ਼ਤੇਦਾਰ ਦਿੱਲੀ ਰਹਿੰਦੇ ਸਨ। ਦਿੱਲੀ ਵਿੱਚ ਉਸਦੇ ਦੋਸਤਾਂ ਦਾ ਦਾਇਰਾ ਵੀ ਵੱਡਾ ਹੋ ਗਿਆ। ਫ਼ਕੀਰ ਸਿੰਘ ਨੇ ਦਿੱਲੀ ਰੋਹਿਨੀ ਵਿਖੇ ਇੱਕ ਫਲੈਟ ਵੀ ਖ੍ਰੀਦ ਲਿਆ ਤੇ ਉਹ ਪੱਕਾ ਦਿੱਲੀ ਨਿਵਾਸੀ ਹੋ ਗਿਆ। ਹਰਦੀਪ ਸਿੰਘ ਅਤੇ ਰਮਣੀਕ ਸਿੰਘ ਦੇ ਪਰਿਵਾਰ ਅਕਸਰ ਉਸ ਕੋਲ ਦਿੱਲੀ ਅਤੇ ਉਹ ਉਨ੍ਹਾਂ ਕੋਲ ਚੰਡੀਗੜ੍ਹ ਅਤੇ ਪਟਿਆਲਾ ਪਰਿਵਾਰ ਸਮੇਤ ਆਉਂਦੇ ਰਹਿੰਦੇ ਸਨ। ਦਿੱਲੀ ਵਿਖੇ ਰਹਿੰਦਿਆਂ ਫ਼ਕੀਰ ਸਿੰਘ ਨੇ ਦੋਹਾਂ ਬੱਚਿਆਂ ਨੂੰ ਤਾਲੀਮ ਦਿਵਾਈ। ਦਿੱਲੀ ਵਰਗੇ ਮੈਟਰੋਲੀਟਨ ਸ਼ਹਿਰ ਵਿੱਚ ਇਕੱਲੇ ਵਿਅਕਤੀ ਦੀ ਤਨਖ਼ਾਹ ਨਾਲ ਪੜ੍ਹਾਉਣਾ ਬਹੁਤ ਔਖਾ ਹੁੰਦਾ ਹੈ। ਉਸ ਦਾ ਵੱਡਾ ਸਪੁੱਤਰ ਡਾਕਟਰ ਹੈ, ਛੋਟਾ ਸਪੁੱਤਰ ਆਪਣਾ ਕਾਰੋਬਾਰ ਕਰਦਾ ਹੈ। ਫ਼ਕੀਰ ਸਿੰਘ ਨੇ ਦੋਹਾਂ ਬੱਚਿਆਂ ਦੇ ਦੋ-ਦੋ ਵਾਰ ਵਿਆਹ ਕਰਵਾਏ ਕਿਉਂਕਿ ਉਹ ਆਪਣੇ ਵਿਆਹਾਂ ਵਿੱਚ ਵੀ ਚੰਗੇ ਪਤੀ ਸਾਬਤ ਨਹੀਂ ਹੋਏ। ਬੈਂਕ ਦੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪਤੀ ਪਤਨੀ ਆਪਣੇ ਸਪੁੱਤਰਾਂ ਕੋਲ ਚਲੇ ਜਾਂਦੇ ਸਨ। ਫ਼ਕੀਰ ਸਿੰਘ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਨੌਕਰੀ ਤੋਂ ਇਲਾਵਾ ਹੋਰ ਕੰਮ ਵੀ ਕਰਦਾ ਰਿਹਾ। ਇੱਥੋਂ ਤੱਕ ਕਿ ਬੱਚਿਆਂ ਨੂੰ ਪਰਵਾਸ ਵਿੱਚ ਸੈਟ ਕਰਵਾਉਣ ਲਈ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਪ੍ਰਾਈਵੇਟ ਇੱਕ ਬੈਂਕ ਵਿੱਚ ਨੌਕਰੀ ਕਰਦਾ ਰਿਹਾ। ਘਰ ਵੀ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਰਿਹਾ। ਕਈ ਵਾਰ ਦੋਵਾਂ ਦੋਸਤਾਂ ਨੇ ਕਹਿਣਾ ਕਿ ਐਨਾ ਕੰਮ ਨਾ ਕਰਿਆ ਕਰ ਸਗੋਂ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੁੰਦਾ ਹੈ ਪ੍ਰੰਤੂ ਉਹ ਲਗਾਤਾਰ ਰਾਤ ਬਰਾਤੇ ਕੰਮ ਕਰਦਾ ਰਿਹਾ। ਸਨ।
ਦੋ ਸਾਲ ਪਹਿਲਾਂ ਜਦੋਂ ਉਹ ਆਪਣੇ ਛੋਟੇ ਪੁਤਰ ਕੋਲ ਪ੍ਰਵਾਸ ਵਿੱਚ ਰਹਿ ਰਹੇ ਸਨ ਤਾਂ ਫ਼ਕੀਰ ਸਿੰਘ ਦੀ ਪਤਨੀ ਸਵਰਗ ਸਿਧਾਰ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਇਕੱਲਾਪਣ ਮਹਿਸੂਸ ਕਰਨ ਲੱਗ ਪਿਆ। ਇੱਕ ਸਾਲ ਤੋਂ ਫ਼ਕੀਰ ਸਿੰਘ ਇਕੱਲਾ ਹੀ ਦਿੱਲੀ ਵਿਖੇ ਆਪਣੇ ਫਲੈਟ ਵਿੱਚ ਰਹਿ ਰਿਹਾ ਸੀ। ਅਪ੍ਰੈਲ 2024 ਵਿੱਚ ਉਸ ਨੇ ਦੋਹਾਂ ਦੋਸਤਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਦੋਹਾਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਉਹ ਫਲੈਟ ਵੇਚਕੇ ਸਾਡੇ ਕੋਲ ਚੰਡੀਗੜ੍ਹ ਦੇ ਨੇੜੇ ਜੀਰਕਪੁਰ ਜਾਂ ਪਟਿਆਲਾ ਵਿਖੇ ਛੋਟਾ ਜਿਹਾ ਮਕਾਨ ਮੁੱਲ ਲੈ ਕੇ ਰਹਿਣ ਲੱਗ ਜਾਵੇ ਤਾਂ ਜੋ ਉਹ ਉਸ ਦਾ ਧਿਆਨ ਰੱਖ ਸਕਣ। ਪਟਿਆਲਾ ਨੇੜੇ ਉਸਦੀ ਭੂਆ ਦੇ ਲੜਕੇ ਵੀ ਰਹਿੰਦੇ ਹਨ। ਰਮਣੀਕ ਸਿੰਘ ਨੇ ਫ਼ਕੀਰ ਸਿੰਘ ਨੂੰ ਆਪਣੇ ਫਲੈਟ ਵਿੱਚ ਆ ਕੇ ਰਹਿਣ ਦੀ ਪੇਸ਼ਕਸ਼ ਵੀ ਕੀਤੀ ਕਿਉਂਕਿ ਦਿੱਲੀ ਤਾਂ ਉਸਦਾ ਆਪਣਾ ਕੋਈ ਨਹੀਂ ਰਹਿੰਦਾ ਪ੍ਰੰਤੂ ਉਸ ਦਾ ਦਿੱਲੀ ਦਾ ਤੇ ਬੈਂਕ ਦੇ ਦੋਸਤਾਂ ਦਾ ਮੋਹ ਇੰਝ ਕਰਨ ਤੋਂ ਰੋਕਦਾ ਰਿਹਾ। ਜੂਨ ਦੇ ਮਹੀਨੇ ਉਸਨੇ ਆਪਣੇ ਦੋਵੇਂ ਬਜ਼ੁਰਗ ਦੋਸਤਾਂ ਨੂੰ ਦੱਸਿਆ ਕਿ ਉਹ ਬਹੁਤ ਕਮਜ਼ੋਰ ਹੋ ਗਿਆ ਹੈ। ਦੋਸਤਾਂ ਨੇ ਕਿਹਾ ਕਿ ਥੋੜ੍ਹੀ ਗਰਮੀ ਘਟ ਜਾਵੇ ਫਿਰ ਤੁਹਾਨੂੰ ਮਿਲਕੇ ਜਾਵਾਂਗੇ ਤੇ ਜੇ ਤੂੰ ਠੀਕ ਸਮਝੇਂਗਾ ਤਾਂ ਆਪਣੇ ਕੋਲ ਲੈ ਆਵਾਂਗੇ। ਪ੍ਰੰਤੂ ਉਹ ਮੌਕਾ ਆ ਨਹੀਂ ਸਕਿਆ ਤੇ ਫ਼ਕੀਰ ਸਿੰਘ ਆਪਣੇ ਫਲੈਟ ਵਿੱਚ ਅਲਵਿਦਾ ਕਹਿ ਗਿਆ, ਜਿਸਦਾ ਇੱਕ ਦਿਨ ਬਾਅਦ ਪਤਾ ਲੱਗਾ। ਮਾਪੇ ਪੰਜਾਬ ਵਿੱਚ ਆਪਣੀ ਔਲਾਦ ਲਈ ਤਰਸਦੇ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ।
ਹਾਲਾਤ ਇਹ ਬਣੇ ਕਿ ਫ਼ਕੀਰ ਸਿੰਘ ਦੀ ਲਾਸ਼ ਦਿੱਲੀ ਦੇ ਸਰਕਾਰੀ ਹਸਪਤਾਲ ਦੇ ਮੁਰਦਘਾਟ ਵਿੱਚ ਕਈ ਦਿਨ ਪਈ ਪ੍ਰਵਾਸ ਵਿੱਚ ਵਸੇ ਆਪਣੇ ਪੁੱਤਰਾਂ ਨੂੰ ਉਡੀਕਦੀ ਰਹੀ। ਦਿੱਲੀ ਰੋਹਿਨੀ ਦੀ ਇੱਕ ਰਿਹਾਇਸ਼ੀ ਸੋਸਾਇਟੀ ਦੇ ਪ੍ਰਧਾਨ ਜਿਥੇ ਫ਼ਕੀਰ ਸਿੰਘ ਆਪਣੇ ਫਲੈਟ ਵਿੱਚ ਰਹਿ ਰਿਹਾ ਸੀ ਨੇ ਫ਼ਕੀਰ ਸਿੰਘ ਦੇ ਇੱਕ ਲੜਕੇ ਨੂੰ ਜਦੋਂ ਪਿਤਾ ਦੀ ਮੌਤ ਦੀ ਖ਼ਬਰ ਦਿੱਤੀ ਤਾਂ ਲੜਕੇ ਨੇ ਬਹੁਤੀ ਸੰਜੀਦਗੀ ਨਹੀਂ ਵਿਖਾਈ। ਸੋਸਾਇਟੀ ਦੇ ਪ੍ਰਧਾਨ ਨੂੰ ਗੁੱਸਾ ਆ ਗਿਆ ਤਾਂ ਉਸਨੇ ਲੜਕੇ ਦੀ ਲਾਹ ਪਾਹ ਕੀਤੀ ਫਿਰ ਉਸ ਨੇ ਕਿਹਾ ਉਹ ਆਵੇਗਾ। ਫਿਰ ਉਸ ਲੜਕੇ ਨੇ ਰਮਣੀਕ ਸਿੰਘ ਨੂੰ ਕੈਨੇਡਾ ਤੋਂ ਫ਼ੋਨ ਕਰਕੇ ਫ਼ਕੀਰ ਸਿੰਘ ਦੀ ਮੌਤ ਦੀ ਸੂਚਨਾ ਦਿੰਦਿਆਂ ਕਿਹਾ ਕਿ ਉਹ ਦਿੱਲੀ ਆ ਕੇ ਫ਼ੋਨ ਕਰੇਗਾ ਪ੍ਰੰਤੂ ਅਜੇ ਟਿਕਟ ਨਹੀਂ ਮਿਲ ਰਹੇ। ਉਸ ਨੇ ਇਹ ਖ਼ਬਰ ਹਰਦੀਪ ਸਿੰਘ ਤੱਕ ਪਹੁੰਚਾਉਣ ਨੂੰ ਵੀ ਕਿਹਾ। ਹਫ਼ਤਾ ਬਾਅਦ ਰਮਣੀਕ ਸਿੰਘ ਨੇ ਉਸ ਲੜਕੇ ਨੂੰ ਪ੍ਰਵਾਸ ਵਿੱਚ ਫੋਨ ਕੀਤਾ ਤਾਂ ਫੋਨ ਫਕੀਰ ਸਿੰਘ ਦੇ ਵੱਡੇ ਲੜਕੇ ਨੇ ਚੁੱਕਿਆ, ਜਿਹੜਾ ਦੂਜੇ ਦੇਸ਼ ਤੋਂ ਆਪਣੇ ਭਰਾ ਕੋਲ ਉਸ ਦੇ ਦੇਸ ਗਿਆ ਸੀ। ਰਮਣੀਕ ਸਿੰਘ ਨੇ ਕਿਹਾ ਤੁਸੀਂ ਅਜੇ ਤੱਕ ਕਿਉਂ ਨਹੀਂ ਆਏ? ਤਾਂ ਉਹ ਲੜਕਾ ਬੇਰੁਖੀ ਨਾਲ ਬੋਲਿਆ ਕਿ ਟਿਕਟਾਂ ਨਹੀਂ ਮਿਲ ਰਹੀਆਂ। ਰਮਣੀਕ ਸਿੰਘ ਨੇ ਇਹ ਸੂਚਨਾ ਹਰਦੀਪ ਸਿੰਘ ਨੂੰ ਦਿੱਤੀ। ਹਰਦੀਪ ਸਿੰਘ ਨੇ ਤੇ ਫਕੀਰ ਸਿੰਘ ਦੀ ਭੂਆ ਦੇ ਲੜਕੇ ਨੂੰ ਵੀ ਮੰਦਭਾਗੀ ਖ਼ਬਰ ਦੇ ਦਿੱਤੀ। ਉਸ ਨੇ ਸੋਸਾਇਟੀ ਦੇ ਪ੍ਰਧਾਨ ਦਾ ਨੰਬਰ ਲੱਭਕੇ ਉਸ ਨਾਲ ਗੱਲ ਕੀਤੀ। ਪ੍ਰਧਾਨ ਨੇ ਦੱਸਿਆ ਕਿ ਅਜੇ ਤੱਕ ਕੋਈ ਆਇਆ ਨਹੀਂ। ਫਕੀਰ ਸਿੰਘ ਦੀ ਭੂਆ ਦਾ ਲੜਕਾ ਸਪੁੱਤਰਾਂ ਦੀ ਬੇਰੁਖੀ ਕਰਕੇ ਆਪ ਦਿੱਲੀ ਜਾ ਕੇ ਸਸਕਾਰ ਕਰਨ ਦੀ ਕਹਿ ਰਿਹਾ ਸੀ ਪ੍ਰੰਤੂ ਖ਼ੂਨ ਦੇ ਰਿਸ਼ਤੇ ਤੋਂ ਬਿਨਾ ਲਾਸ਼ ਨਹੀਂ ਮਿਲਣੀ ਸੀ। ਜਦੋਂ ਦੋਵੇਂ ਬੱਚੇ ਨਾ ਆਏ ਤਾਂ ਪੁਲਿਸ ਇਨਸਪੈਕਟਰ ਨੇ ਸੋਸਾਇਟੀ ਦੇ ਪ੍ਰਧਾਨ ਤੋਂ ਨੰਬਰ ਲੈਕੇ ਪ੍ਰਵਾਸ ਵਿੱਚ ਫ਼ਕੀਰ ਸਿੰਘ ਦੇ ਲੜਕੇ ਨੂੰ ਫ਼ੋਨ ਕੀਤਾ ਕਿ ਜੇ ਤੁਸੀਂ ਆਉਂਦੇ ਨਹੀਂ ਹਸਪਤਾਲ ਵਾਲੇ ਲਾਸ਼ ਇਸ ਤੋਂ ਵੱਧ ਨਹੀਂ ਰੱਖਦੇ। ਉਲਟਾ ਫਕੀਰ ਸਿੰਘ ਦਾ ਲੜਕਾ ਕਹਿਣ ਲੱਗਾ ਤੁਸੀਂ ਕਦੇ ਵਿਦੇਸ਼ ਆਏ ਹੋ, ਤੁਹਾਨੂੰ ਪਤਾ ਸਾਨੂੰ ਵੀਜਾ ਨਹੀਂ ਮਿਲ ਰਿਹਾ। ਪੁਲਿਸ ਇਨਸਪੈਕਟਰ ਨੇ ਕਿਹਾ ਤੁਸੀਂ ਮੇਰੇ ਵਿਦੇਸ਼ ਆਉਣ ਬਾਰੇ ਪੁੱਛ ਰਹੇ ਹੋ, ਤੁਹਾਡੇ ਬਾਪ ਦੀ ਲਾਸ਼ ਰੁਲ ਰਹੀ ਹੈ। ਰਮਣੀਕ ਸਿੰਘ ਨੇ 10 ਦਿਨਾ ਬਾਅਦ ਫਕੀਰ ਸਿੰਘ ਦੇ ਛੋਟੇ ਲੜਕੇ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਦਿੱਲੀ ਆ ਗਏ ਹਨ ਤੇ ਹੁਣ ਥਾਣੇ ਜਾ ਰਹੇ ਹਨ। ਥਾਣੇ ਤੋਂ ਕਲੀਅਰੈਂਸ ਲੈ ਕੇ ਲਾਸ਼ ਮਿਲੇਗੀ। ਜਦੋਂ ਲਾਸ਼ ਮਿਲ ਗਈ ਤਾਂ ਤੁਹਾਨੂੰ ਦੱਸ ਦਿਆਂਗੇ। ਪ੍ਰੰਤੂ ਅੱਜ ਤੱਕ ਲੜਕਿਆਂ ਦਾ ਮੁੜਕੇ ਫ਼ੋਨ ਨਹੀਂ ਆਇਆ। ਪਤਾ ਲੱਗਾ ਹੈ ਕਿ ਲੜਕਿਆਂ ਨੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ, ਲਾਸ਼ ਦਾ ਸਸਕਾਰ ਕਰਕੇ ਸੋਸਾਇਟੀ ਦੇ ਗੁਰਦੁਆਰਾ ਸਾਹਿਬ ਅਖੰਡਪਾਠ ਪ੍ਰਕਾਸ਼ ਕਰਵਾਕੇ ਕਿਸੇ ਹੋਰ ਵਿਅਕਤੀ ਨੂੰ ਪਾਠ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦੇ ਕੇ ਚਲੇ ਗਏ। ਭੋਗ ਪੈਣ ਤੋਂ ਅੱਧਾ ਘੰਟਾ ਪਹਿਲਾਂ ਆਏ। ਪਤਾ ਲੱਗਾ ਹੈ ਹੁਣ ਦੋਵੇਂ ਬੱਚੇ ਫਲੈਟ ਨੂੰ ਆਪਣੇ ਨਾਮ ਕਰਵਾਕੇ ਵੇਚਣ ਵਿੱਚ ਲੱਗੇ ਹੋਏ ਹਨ। ਪ੍ਰਵਾਸ ਵਿੱਚ ਵਸੇ ਬੱਚਿਆਂ ਦੀ ਅਜਿਹੀ ਮਾਨਸਿਕਤਾ ਬਜ਼ੁਰਗਾਂ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬੀਓ ਬੱਚਿਆਂ ਨੂੰ ਪ੍ਰਵਾਸ ਵਿੱਚ ਭੇਜਣ ਸਮੇਂ ਆਪਣੇ ਬੁਢਾਪੇ ਵਿੱਚ ਵੇਖ ਭਾਲ ਦਾ ਪ੍ਰਬੰਧ ਜ਼ਰੂਰ ਕਰ ਲੈਣਾ ਨਹੀਂ ਤਾਂ ਫ਼ਕੀਰ ਸਿੰਘ ਵਾਲਾ ਹਾਲ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
(ਸੱਚੀ ਕਹਾਣੀ ਪ੍ਰੰਤੂ ਨਾਮ ਕਲਪਿਤ)