ਲੋਕ ਸਭਾ ਚੋਣਾਂ ਵਿਚ ਪੰਥ ਹਾਰ ਗਿਆ ਬਾਦਲ ਪਰਿਵਾਰ ਜਿੱਤ ਗਿਆ - ਉਜਾਗਰ ਸਿੰਘ
ਕਦੀ ਸੋਚਿਆ ਵੀ ਨਹੀਂ ਸੀ ਕਿ ਆਪਣੀ ਹੋਂਦ ਤੋਂ 98 ਸਾਲਾਂ ਵਿਚ ਹੀ ਸ਼ਹੀਦਾਂ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਆਪਣਾ ਅਸਤਿਤਵ ਗੁਆਉਣ ਕਿਨਾਰੇ ਪਹੁੰਚ ਜਾਵੇਗੀ। ਅਕਾਲੀ ਦਲ ਉਹ ਪਾਰਟੀ ਹੈ ਜਿਸਦੇ ਜੁਝਾਰੂ ਸਿੰਘ ਅਤੇ ਸਿੰਘਣੀਆਂ ਸਿੱਖੀ ਦੀ ਸ਼ਾਨ ਨੂੰ ਕਇਮ ਰੱਖਣ ਲਈ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਅਤੇ ਸਿੰਘਣੀਆਂ ਦੇ ਸਾਮ੍ਹਣੇ ਉਨ੍ਹਾਂ ਦੇ ਬੱਚਿਆਂ ਦੇ ਟੋਟੇ ਕੀਤੇ ਗਏ ਪ੍ਰੰਤੂ ਆਪਣੇ ਸਿਰੜ੍ਹ, ਸਿਦਕ ਅਤੇ ਪ੍ਰਤੀਬੱਧਤਾ ਤੇ ਕਾਇਮ ਰਹੇ। ਸਿੱਖੀ ਸੰਕਲਪ ਅਤੇ ਵਿਚਾਰਧਾਰਾ ਨੂੰ ਆਂਚ ਨਹੀਂ ਆਉਣ ਦਿੱਤੀ। ਕੁਰਬਾਨੀ ਸ਼ਬਦ ਸਿੱਖੀ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਸਿੱਖ ਪੰਥ ਦੀ ਸ਼ਾਨ ਨੂੰ ਕਾਇਮ ਰੱਖਣ ਅਤੇ ਮਸੰਦਾਂ ਤੋਂ ਗੁਰੂ ਘਰਾਂ ਨੂੰ ਖਾਲੀ ਕਰਵਾਉਣ ਲਈ ਅਨੇਕਾਂ ਮੋਰਚੇ ਲਗਾਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜੈਤੋ ਅਤੇ ਚਾਬੀਆਂ ਦਾ ਮੋਰਚਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਗੁਰਦੁਆਰੇ ਮਸੰਦਾਂ ਤੋਂ ਖਾਲੀ ਕਰਵਾਏ ਗਏ ਪ੍ਰੰਤੂ ਅੱਜ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਆਪਣੇ ਮੁੱਖ ਨਿਸ਼ਾਨੇ ਤੋਂ ਭਟਕ ਗਿਆ ਹੈ। ਸਿੱਖ ਸਿਆਸਤ ਵਿਚ ਸਿਆਸੀ ਲਾਲਚ ਅਤੇ ਕੁਨਬਾਪਰਵਰੀ ਭਾਰੂ ਹੋ ਗਈ ਹੈ। ਯਾਦ ਕਰੋ ਅਕਾਲੀ ਫੂਲਾ ਸਿੰਘ ਨੂੰ ਜਿਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖੀ ਪਰੰਪਰਾਵਾਂ ਦੇ ਵਿਰੁਧ ਚਲਣ ਤੇ ਅਕਾਲ ਤਖ਼ਤ ਸਾਹਿਬ ਤੇ ਥਮਲੇ ਨਾਲ ਬੰਨ੍ਹਕੇ ਕੋਰੜੇ ਲਗਾਕੇ ਤਨਖ਼ਾਹ ਲਾਈ ਸੀ। ਅੱਜ ਦੇ ਅਕਾਲੀ ਦਲ ਦੇ ਸਿਆਸਤਦਾਨ ਸਿੱਖੀ ਅਸੂਲਾਂ ਨੂੰ ਕੋਰੜੇ ਮਾਰ ਰਹੇ ਹਨ। ਮਾਮੂਲੀ ਸਿਆਸੀ ਲਾਭ ਲੈਣ ਲਈ ਸਿੱਖੀ ਨੂੰ ਦਾਅ ਤੇ ਲਾ ਦਿੱਤਾ ਜਾਂਦਾ ਹੈ। ਉਸ ਸਮੇਂ ਨੂੰ ਯਾਦ ਕਰੋ ਜਦੋਂ ਅਕਾਲੀ ਦਲ ਅਤੇ ਕਾਂਗਰਸ ਰਲਕੇ ਚੋਣਾਂ ਲੜਦੇ ਰਹੇ ਸਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਇਕੋ ਵਿਅਕਤੀ ਹੁੰਦਾ ਸੀ। ਦੋਹਾਂ ਪਾਰਟੀਆਂ ਵਿਚ ਸਦਭਾਵਨਾ ਦਾ ਵਾਤਾਵਰਨ ਹੁੰਦਾ ਸੀ। ਸਿੱਖੀ ਕਿਸੇ ਇਕ ਸਿਆਸੀ ਪਾਰਟੀ ਦੀ ਗ਼ੁਲਾਮ ਨਹੀਂ ਹੈ। ਸਿੱਖ ਸਿਆਸਤਦਾਨ ਭਰਾਵੋ ਤੇ ਭੈਣੋ ਸਿਆਸੀ ਲਾਭ ਲੈਣ ਲਈ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਛਿੱਕੇ ਨਾ ਟੰਗੋ। ਸਿੱਖ ਵਿਚਾਰਧਾਰਾ ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਿੱਖ ਪੰਥ ਨੂੰ ਪੰਥ ਰਹਿਣ ਦਿਓ। ਇਸਨੂੰ ਕਿਸੇ ਸਿਆਸੀ ਪਾਰਟੀ ਦਾ ਗ਼ੁਲਾਮ ਨਾ ਬਣਾਓ। ਸਿਆਸੀ ਅਹੁਦੇ ਤਾਂ ਆਉਂਦੇ ਜਾਂਦੇ ਰਹਿਣੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਚਾਰਧਾਰਾ ਸਥਾਈ ਹੈ। ਇਸ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਜ ਆ ਜਾਓ, ਜਿਹੜਾ ਵੋਟਰ ਰਾਜ ਭਾਗ ਦਿੰਦਾ ਹੈ। ਉਹ ਰਾਜ ਭਾਗ ਖੋਹਣ ਵੀ ਜਾਣਦਾ ਹੈ। ਸਿਰੋਪਾਓ ਦੇ ਰੰਗ ਬਦਲਕੇ ਪ੍ਰਾਪਤ ਕੀਤਾ ਰਾਜ ਸਥਾਈ ਨਹੀਂ ਹੋ ਸਕਦਾ। ਬਿਹਤਰ ਹੋਵੇਗਾ ਅਕਾਲੀ ਦਲ ਦੀ ਡਿਗੀ ਸ਼ਾਖ਼ ਨੂੰ ਪੰਥਕ ਰੂਪ ਦੇ ਕੇ ਪੁਨਰ ਸੁਰਜੀਤ ਕਰੋ ਨਹੀਂ ਤਾਂ ਵਾਹਿਗੁਰੂ ਤੁਹਾਨੂੰ ਮੁਆਫ ਨਹੀਂ ਕਰੇਗਾ। 19 ਮਈ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਅਕਾਲੀ ਦਲ ਬਾਦਲ ਦੇ ਬਠਿੰਡਾ ਅਤੇ ਫੀਰੋਜਪੁਰ ਦੀਆਂ ਦੋ ਸੀਟਾਂ ਜਿਤੱਣ ਦੇ ਅਰਥ ਹਨ ਕਿ ਪੰਜਾਬ ਵਿਚੋਂ ਪੰਥ ਹਾਰ ਗਿਆ ਪ੍ਰੰਤੂ ਬਾਦਲ ਪਰਿਵਾਰ ਜਿੱਤ ਗਿਆ। ਸ਼ਰੋਮਣੀ ਅਕਾਲੀ ਦਲ ਜਦੋਂ ਤੋਂ ਚੋਣਾਂ ਲੜਨ ਲੱਗਿਆ ਹੈ, ਉਹ ਹਮੇਸ਼ਾ ਪੰਥ ਦੇ ਨਾਂ ਤੇ ਵੋਟਾਂ ਮੰਗਦਾ ਰਿਹਾ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜ ਵਾਰ ਬਣੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖ ਜਗਤ ਤੋਂ ਵੋਟਾਂ ਨਰਿੰਦਰ ਮੋਦੀ ਦੇ ਨਾਂ ਤੇ ਮੰਗੀਆਂ ਹਨ। ਜਿਸਦਾ ਸਿੱਧਾ ਅਰਥ ਹੈ ਕਿ ਸਿੱਖ ਜਗਤ ਨੂੰ ਭਗਵਾਂਕਰਨ ਦੇ ਰੰਗ ਵਿਚ ਰੰਗਣ ਲਈ ਅਕਾਲੀ ਦਲ ਦੇ ਦਿਗਜ਼ ਨੇਤਾ ਨੇ ਵੋਟਾਂ ਮੰਗੀਆਂ ਹਨ। ਇਸਦਾ ਇਕ ਭਾਵ ਇਹ ਵੀ ਹੈ ਕਿ ਅਕਾਲੀ ਦਲ ਆਪਦਾ ਅਕਸ ਖੋ ਬੈਠਾ ਹੈ, ਜਿਸ ਕਰਕੇ ਉਹ ਆਪਣੇ ਨਾਂ ਤੇ ਵੋਟਾਂ ਨਹੀਂ ਮੰਗ ਰਿਹਾ। ਇਕ ਕਿਸਮ ਨਾਲ ਅਸਿਧੇ ਤੌਰ ਤੇ ਬਾਦਲ ਪਰਿਵਾਰ ਨੇ ਮੰਨ ਲਿਆ ਹੈ ਕਿ ਉਨ੍ਹਾਂ ਦਾ ਆਪਣਾ ਆਧਾਰ ਖ਼ਤਮ ਹੋ ਚੁੱਕਾ ਹੈ। ਜੇਕਰ ਅਕਾਲੀ ਦਲ ਵਿਚ ਦਮ ਹੁੰਦਾ ਤਾਂ ਉਹ ਪੰਜ ਵਾਰ ਰਹੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਾਂ ਤੇ ਵੋਟਾਂ ਮੰਗਦਾ। ਅਸਲ ਵਿਚ ਪੰਜਾਬ ਦਾ ਸਿੱਖ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ 10 ਸਾਲ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਨਸ਼ਿਆਂ ਦੇ ਪ੍ਰਕੋਪ ਦੁਆਰਾ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕਰਨ ਕਰਕੇ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ ਹੈ। ਇਸ ਤੋਂ ਪਹਿਲਾਂ ਤਾਂ ਪਰਕਾਸ਼ ਸਿੰਘ ਬਾਦਲ ਹਮੇਸ਼ਾ ਇਹ ਕਹਿੰਦੇ ਰਹਿੰਦੇ ਸਨ ਕਿ ਪੰਥ ਖ਼ਤਰੇ ਵਿਚ ਹੈ ਕਿਉਂਕਿ ਅਕਾਲੀ ਦਲ ਇਕ ਪੰਥਕ ਪਾਰਟੀ ਕਹਾਉਂਦੀ ਹੈ। ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਕੇ ਵੋਟਾਂ ਮੰਗੀਆਂ ਜਾਂਦੀਆਂ ਰਹੀਆਂ ਹਨ। ਫਿਰ ਇਸ ਵਾਰੀ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪੰਥ ਦੇ ਨਾਂ ਤੇ ਵੋਟ ਕਿਉਂ ਨਹੀਂ ਮੰਗੀ ਗਈ? ਸਿੱਖਾਂ ਅਤੇ ਕਿਸਾਨਾ ਦੀ ਨੁਮਾਇੰਦਾ ਕਹਾਉਣ ਵਾਲੀ ਪਾਰਟੀ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਕਿਉਂ ਮੰਗ ਰਹੀ ਹੈ? ਜਦੋਂ ਕਿ ਮੋਦੀ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਗਿਣਿਆਂ ਜਾਂਦਾ ਹੈ। ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਉਸ ਰਿਪੋਰਟ ਨੂੰ ਲਾਗੂ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਕਿਸਾਨਾ ਦੀ ਆਮਦਨ ਦੁਗਣੀ ਕਰਨ ਦਾ ਲਾਰਾ ਲਗਾਇਆ ਜਾ ਰਿਹਾ ਹੈ ਪ੍ਰੰਤੂ ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ। ਸਿੱਖ ਜਗਤ ਬਾਦਲ ਪਰਿਵਾਰ ਤੋਂ ਇਸਦਾ ਜਵਾਬ ਮੰਗਦਾ ਹੈ। ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਵੋਟਰ ਸਿਆਣਾ ਨਿਕਲਿਆ ਜਿਨ੍ਹਾਂ ਸਮੁੱਚੇ ਪੰਜਾਬ ਨੂੰ ਭਗਵਾਂਕਰਨ ਤੋਂ ਬਚਾਉਣ ਲਈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਪਾਈਆਂ। ਕਿਹਾ ਜਾਂਦਾ ਹੈ ਕਿ ਬਾਦਲ ਪਰਿਵਾਰ ਗ਼ਲਤ ਢੰਗ ਤਰੀਕੇ ਵਰਤਕੇ ਆਪਣੇ ਆਪਨੂੰ ਭਗਵਾਂਕਰਨ ਦੇ ਰੰਗ ਵਿਚ ਰੰਗਣ ਕਰਕੇ ਬਠਿੰਡਾ ਵਿਚ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਫੀਰੋਜਪੁਰ ਵਿਚ ਸੁਖਬੀਰ ਸਿੰਘ ਬਾਦਲ ਨੂੰ ਜਿਤਾ ਗਿਆ ਹੈ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਉਨ੍ਹਾਂ ਦੀ ਸੁਚੱਜੇ ਢੰਗ ਨਾਲ ਪੜਤਾਲ ਕਰਵਾਕੇ ਦੋਸ਼ੀਆਂ ਨੂੰ ਬਣਦੀ ਸਜਾ ਨਾ ਦਿਵਾਉਣ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖ਼ੋਰਾ ਲੱਗ ਗਿਆ ਸੀ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੇ ਬਾਦਲ ਪਰਿਵਾਰ ਤੋਂ ਬਿਨਾਂ ਬਾਕੀ ਸਾਰੇ ਉਮੀਦਵਾਰਾਂ ਦੇ ਹਾਰਨ ਦਾ ਮੁੱਖ ਕਾਰਨ ਵੀ ਬੇਅਦਬੀ ਦੀਆਂ ਘਟਨਾਵਾਂ ਸਨ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਸਿੱਖ ਜਗਤ ਨੇ ਅਕਾਲੀ ਦਲ ਨਾਲੋਂ ਕਾਂਗਰਸ ਪਾਰਟੀ ਨੂੰ ਪਹਿਲ ਦਿੱਤੀ ਹੈ। ਹਾਲਾਂਕਿ ਕਾਂਗਰਸ ਪਾਰਟੀ ਤੇ ਇਲਜ਼ਾਮ ਲਗਾਇਆ ਜਾਂਦਾ ਹੈ ਜੋ ਕਿ ਕਿਸੇ ਹੱਦ ਤੱਕ ਸਹੀ ਵੀ ਹੈ ਕਿ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਲਾਹ ਨਾਲ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਸੀ। ਅਕਾਲ ਤਖ਼ਤ ਢਾਹੁਣ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਜ਼ਿੰਮੇਵਾਰ ਗਿਣੀਆਂ ਜਾਂਦੀਆਂ ਹਨ। ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਨ ਨੂੰ ਪਹਿਲ ਦਿੱਤੀ ਹੈ। ਅਕਾਲੀ ਦਲ ਦੀਆਂ ਦੋ ਵਕਾਰੀ ਪੰਥਕ ਸੀਟਾਂ ਖਡੂਰ ਸਾਹਿਬ ਅਤੇ ਆਨੰਦਪੁਰ ਸਨ, ਇਹ ਦੋਵੇਂ ਸੀਟਾਂ ਅਕਾਲੀ ਦਲ ਹਾਰ ਗਿਆ। ਹੈ। ਅਕਾਲੀ ਦਲ ਦਾ ਵੋਟ ਫੀ ਸਦੀ ਘਟਕੇ 27.48 ਰਹਿ ਗਿਆ ਹੈ। ਕਾਂਗਰਸ ਦਾ 40.15 ਫੀ ਸਦੀ ਹੈ। ਇਸ ਵਾਰ ਸਿੱਖ ਵੋਟਰਾਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਹਨ। ਖਡੂਰ ਸਾਹਿਬ ਵਿਧਾਨ ਸਭਾ ਪੰਥਕ ਹਲਕੇ ਤੋਂ ਅਕਾਲੀ ਦਲ ਦੀਆਂ 80 ਫੀ ਸਦੀ ਵੋਟਾਂ ਘਟ ਗਈਆਂ ਹਨ। ਖਡੂਰ ਸਾਹਿਬ ਲੋਕ ਸਭਾ ਹਲਕੇ ਵਿਚੋਂ ਅਕਾਲੀ ਦਲ ਦਾ ਵੋਟ ਬੈਂਕ 33 ਫੀ ਸਦੀ ਘਟਿਆ ਹੈ। ਬੇਅਦਬੀ ਦੇ ਮੁੱਦੇ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਨਾਲੋਂ ਨਾਤਾ ਤੋੜਨ ਕਰਕੇ ਇੰਝ ਹੋਇਆ ਹੈ। ਕਾਂਗਰਸ ਪਾਰਟੀ ਦੇ 8 ਵਿਚੋਂ ਜਿੱਤਣ ਵਾਲੇ 6 ਸਿੱਖ ਮੈਂਬਰ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਨੇ ਅਕਾਲੀ ਦਲ ਦੀ ਪੰਥਕ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸਦਾ ਮੁੱਖ ਕਾਰਨ ਅਕਾਲੀ ਦਲ ਦਾ ਪੰਥਕ ਵਿਚਾਰਧਾਰਾ ਤੋਂ ਕਿਨਾਰਾਕਸ਼ੀ ਕਰਨਾ ਹੈ। ਵੈਸੇ ਤਾਂ ਜਦੋਂ 1997 ਵਿਚ ਅਕਾਲੀ ਦਲ ਨੇ ਮੋਗਾ ਵਿਚ ਕਾਨਫਰੰਸ ਕਰਕੇ ਚੋਣਾਂ ਵਿਚ ਕੁੱਦਣ ਦਾ ਐਲਾਨ ਕੀਤਾ ਸੀ, ਉਦੋਂ ਅਕਾਲੀ ਦਲ ਨੂੰ ਪੰਥਕ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਬਣਾਉਣ ਦੀ ਸ਼ੁਰੂਆਤ ਕੀਤੀ ਸੀ, ਜਿਸਨੂੰ ਅਮਲੀ ਰੂਪ ਅਕਾਲੀ ਦਲ ਦੇ ਉਮੀਦਵਾਰਾਂ ਲਈ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਮੰਗਕੇ ਮੁਕੰਮਲ ਕੀਤਾ ਹੈ। ਪੰਜਾਬੀ ਬਹੁਤ ਸਿਆਣੇ, ਅਣਖ਼ੀ, ਈਨ ਨਾ ਮੰਨਣ ਵਾਲੇ ਅਤੇ ਨਵੀਆਂ ਪਗਡੰਡੀਆਂ ਬਣਾਕੇ ਚਲਣ ਵਾਲੇ ਹਨ। ਇਸਦਾ ਸਬੂਤ ਉਨ੍ਹਾਂ ਸਮੁੱਚੇ ਦੇਸ਼ ਨਾਲੋਂ ਵੱਖਰਾ ਫੈਸਲਾ ਕਰਕੇ 19 ਮਈ ਨੂੰ ਭਗਵਾਂਕਰਨ ਦੇ ਵਿਰੁਧ ਫਤਵਾ ਦਿੱਤਾ ਹੈ। ਬਹੁਤੇ ਅਣਖ਼ੀ 1 ਲੱਖ 54 ਹਜ਼ਾਰ 133 ਪੰਜਾਬੀਆਂ ਨੇ ਨੋਟਾ ਦੀ ਵਰਤੋਂ ਕਰਕੇ ਭਗਵਾਂਕਰਨ ਵਿਚ ਰੰਗੇ ਜਾਣ ਤੋਂ ਵੱਖ ਹੋਣ ਦਾ ਤਰੀਕਾ ਅਪਣਾਇਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰੈਲੀ ਵਿਚ ਇਹ ਕਿਹਾ ਗਿਆ ਕਿ ਫਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ। ਜਿਸਦਾ ਅਰਥ ਆਮ ਮੀਡੀਆ ਨੇ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਕੱਢਿਆ ਹੈ। ਅਸਲ ਵਿਚ ਜੇਕਰ ਧਿਆਨ ਨਾਲ ਸਿਆਸੀ ਘਟਨਾਕਰਮ ਨੂੰ ਵਾਚਿਆ ਜਾਵੇ ਤਾਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਵਿਰੁਧ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਮੈਦਾਨ ਵਿਚ ਆਉਣ ਨਾਲ ਬੀਬੀ ਬਾਦਲ ਵਿਰੁਧ ਭੁਗਤਣ ਵਾਲੀਆਂ ਵੋਟਾਂ ਵੰਡੀਆਂ ਗਈਆਂ ਹਨ। ਇਥੇ ਇਹ ਕਿਹਾ ਜਾ ਸਕਦਾ ਹੈ ਕਿ ਅਸਿਧੇ ਢੰਗ ਨਾਲ ਆਮ ਆਦਮੀ ਪਾਰਟੀ ਅਤੇ ਸੁਖਪਾਲ ਸਿੰਘ ਖਹਿਰਾ ਬੀਬੀ ਬਾਦਲ ਦੀ ਮਦਦ ਕਰ ਗਏ ਹਨ ਕਿਉਂਕਿ ਸਿੱਖ ਵੋਟਰ ਬਾਦਲ ਪਰਿਵਾਰ ਨੂੰ ਵੋਟਾਂ ਪਾਉਣ ਤੋਂ ਹਿਚਕਚਾਉਂਦੇ ਸਨ। ਏਸੇ ਤਰ੍ਹਾਂ ਫੀਰੋਜਪੁਰ ਵਿਚ ਸੁਖਬੀਰ ਸਿੰਘ ਬਾਦਲ ਵਿਰੁਧ ਭੁਗਤਣ ਵਾਲੀਆਂ ਵੋਟਾਂ ਵੀ ਵੰਡੀਆਂ ਗਈਆਂ ਅਤੇ ਅਸਿਧੇ ਤੌਰ ਤੇ ਉਸਦੀ ਮਦਦ ਕੀਤੀ ਗਈ ਹੈ। ਸਿਆਸੀ ਪਾਰਟੀਆਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੀਆਂ ਪ੍ਰੰਤੂ ਦੂਜਿਆਂ ਤੇ ਦੋਸ਼ ਲਗਾਉਣ ਲੱਗਿਆਂ ਭੋਰਾ ਵੀ ਸੋਚਦੀਆਂ ਨਹੀਂ। ਬਾਦਲ ਪਰਿਵਾਰ ਨੂੰ ਪੰਜਾਬੀਆਂ ਦੀ ਨਬਜ਼ ਪਛਾਨਣੀ ਚਾਹੀਦੀ ਹੈ। ਜੇਕਰ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖ ਜਗਤ ਨੂੰ ਸਮਝਣ ਵਿਚ ਬਾਦਲ ਪਰਿਵਾਰ ਦੇਰੀ ਕਰ ਗਿਆ ਤਾਂ ਪੰਜਾਬੀ ਇਸ ਪਰਿਵਾਰ ਨੂੰ ਸਿਆਸਤ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਲਈ ਮਜ਼ਬੂਰ ਹੋ ਜਾਣਗੇ। ਫ਼ੈਸਲਾ ਬਾਦਲ ਪਰਿਵਾਰ ਦੇ ਹੱਥ ਹੈ ਕਿ ਉਨ੍ਹਾਂ ਪੰਥ ਪ੍ਰਸਤ ਰਹਿਣਾ ਹੈ ਜਾਂ ਨਹੀਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com