Ujagar Singh

30 ਮਈ 2022 ਨੂੰ ਭੋਗ ‘ਤੇ ਵਿਸ਼ੇਸ਼ - ਮੋਹ ਦੀਆਂ ਤੰਦਾਂ  ਜੋੜਨ ਵਾਲਾ ਤੁਰ ਗਿਆ ਕਿ੍ਰਸ਼ਨ ਲਾਲ ਰੱਤੂ - ਉਜਾਗਰ ਸਿੰਘ

ਮੋਹ ਦੀਆਂ ਤੰਦਾਂ ਜੋੜਨ ਵਾਲਾ ਰੰਗਲਾ ਸੱਜਣ ਕਿ੍ਰਸ਼ਨ ਲਾਲ ਰੱਤੂ ਬਿਨ ਦੱਸਿਆਂ ਦੀ ਤੁਰ ਗਿਆ, ਜਿਵੇਂ ਦੋਸਤਾਂ ਮਿਤਰਾਂ ਨਾਲ ਉਸਦਾ ਮੋਹ ਹੀ ਭੰਗ ਹੋ ਗਿਆ ਹੋਵੇ। ਮੁਹੱਬਤ ਦਾ ਮੁਜੱਸਮਾ ਅਤੇ ਦੋਸਤਾਂ ਦਾ ਨਿੱਘਾ ਤੇ ਪਿਆਰਾ ਦੋਸਤ, ਦੋਸਤੀ ਦੀ ਨਵੀਂ ਪਰੀਭਾਸ਼ਾ ਬਣਾ ਕੇ ਅਲਵਿਦਾ ਕਹਿ ਗਿਆ ਹੈ। ਪਿਤਾ ਭਾਗ ਰਾਮ ਦੀ ਗੋਦੜੀ ਦਾ ਲਾਲ ਖ਼ੁਸ਼ਬੋਆਂ ਦਾ ਵਣਜਾਰਾ ਬਣਕੇ ਸੁਗੰਧੀਆਂ ਵੰਡਦਾ ਹੋਇਆ, ਇਸ ਫਾਨੀ ਸੰਸਾਰ ਤੋਂ ਅਲੋਪ ਹੋ ਗਿਆ ਹੈ। ਖ਼ੁਸ਼ੀਆਂ ਅਤੇ ਖੇੜੇ ਦਾ ਆਨੰਦ ਮਾਣਦੇ ਰੱਤੂ ਪਰਿਵਾਰ ਦਾ ਬਾਗ ਬੈਰਾਨ ਹੋ ਗਿਆ। ਰੇਸ਼ਮੋ ਰੱਤੂ ਉਰਫ ਮਨਿੰਦਰ ਕੌਰ ਦੇ ਹੱਥ ਰੱਤੂ ਪਰਿਵਾਰ ਦੀ ਵਾਗ ਡੋਰ ਫੜਾ ਕੇ 21 ਮਈ 2022 ਨੂੰ ਆਪ ਸੁਰਖੁਰੂ ਹੋ ਕੇ ਤਾਰਿਆਂ ਵਿੱਚ ਵਿਲੀਨ ਹੋ ਗਿਆ ਹੈ। ਜਦੋਜਹਿਦ ਵਾਲੀ ਜ਼ਿੰਦਗੀ ਦਾ ਪ੍ਰਤੀਕ, ਕਿ੍ਰਸ਼ਨ ਲਾਲ ਰੱਤੂ ਇੱਕ ਸਾਧਾਰਨ ਦਿਹਾਤੀ ਪਰਿਵਾਰ ਦੇ ਕੱਚੇ ਕੋਠਿਆਂ ਵਾਲੇ ਘਰ ਵਿੱਚੋਂ ਉਠਕੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਸੰਚਾਲਕ  ਦੇ ਅਹੁਦੇ ਤੱਕ ਪਹੁੰਚ ਗਿਆ ਸੀ, ਜਿਥੇ ਸਾਧਾਰਨ ਪ੍ਰਤਿਭਾ ਵਾਲਾ ਵਿਅਕਤੀ ਪਹੁੰਚ ਨਹੀਂ ਸਕਦਾ। ਜਦੋਂ ਪਰਿਵਾਰ ਆਰਥਿਕ ਮਜ਼ਬੂਰੀਆਂ ਵਿੱਚੋਂ ਲੰਘ ਰਿਹਾ ਹੋਵੇ ਅਤੇ ਪਰਿਵਾਰ ਲਈ ਰੋਜ਼ ਮਰਰ੍ਹਾ ਦੇ ਖ਼ਰਚੇ ਕਰਨ ਦੀ ਸਮਰੱਥਾ ਨਾ ਹੋਵੇ। ਪਿਤਾ ਦਾ ਸਾਇਆ ਬੱਚਿਆਂ ‘ਤੇ ਬਚਪਨ ਵਿੱਚ ਹੀ ਉਠ ਜਾਵੇ ਤਾਂ ਹਰ ਨਿੱਕੀ ਮੋਟੀ ਮੁਸ਼ਕਲ ਪਹਾੜ ਬਣ ਕੇ ਖੜ੍ਹ ਜਾਂਦੀ ਹੈ। ਅਜਿਹੇ ਪਰਿਵਾਰ ਵਿੱਚ ਕਿ੍ਰਸ਼ਨ ਲਾਲ ਰੱਤੂ ਦਾ ਜਨਮ 5 ਜਨਵਰੀ 1964 ਨੂੰ ਜਲੰਧਰ ਜਿਲ੍ਹੇ ਦੇ ਮਹਿਤਪੁਰ ਪਿੰਡ ਵਿੱਚ ਭਾਗ ਰਾਮ ਦੇ ਘਰ ਹੋਇਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਪੜ੍ਹਾਈ ਦੇ ਨਾਲ ਹੀ ਫ਼ੈਕਟਰੀਆਂ ਵਿੱਚ ਮਿਹਨਤ ਮਜ਼ਦੂਰੀ ਕਰਨੀ ਪਈ। ਉਨ੍ਹਾਂ ਮੁਢਲੀ ਪੜ੍ਹਾਈ ਪਿੰਡ ਮਹਿਤਪੁਰ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਫਿਰ ਗ੍ਰੈਜੂਏਸ਼ਨ ਨੈਸ਼ਨਲ ਕਾਲਜ ਨਕੋਦਰ ਤੋਂ ਪਾਸ ਕੀਤੀ। ਸਿਆਸਤ ਵਿੱਚ ਠੁੰਗਾ ਮਾਰਨ ਦੇ ਨਾਲ ਹੀ ਉਸਨੇ ਐਮ ਏ ਪੰਜਾਬੀ ਵੀ ਪਾਸ ਕਰ ਲਈ। ਚੰਗਾ ਹੋਇਆ ਜਲਦੀ ਹੀ ਸਿਆਸਤ ਤੋਂ ਕਿਨਾਰਾ ਕਰ ਗਿਆ ਕਿਉਂਕਿ ਸੱਚੇ ਸੁੱਚੇ ਇਨਸਾਨ ਨੂੰ ਸਿਆਸਤ ਵਾਰਾ ਨਹੀਂ ਖਾਂਦੀ। ਅਜਿਹੇ ਸਮੇਂ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਦਿਨ ਸਮੇਂ ਕੰਮ ਕਰਨਾ ਪੈਂਦਾ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ (ਬੀ ਜੇ ਐਮ ਸੀ) ਬੈਚੂਲਰ ਆਫ਼ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਜਲੰਧਰ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਪਾਸ ਕੀਤੀ। ਫਿਰ ਉਨ੍ਹਾਂ ਆਪਣੇ ਵੱਡੇ ਪਰਿਵਾਰ ਦੀ ਆਰਥਿਕ ਮਦਦ ਦੇ ਇਰਾਦੇ ਨਾਲ ਬੂਟਾਂ ਦੀ ਦੁਕਾਨ ਖੋਲ੍ਹ ਲਈ। ਉਹ ਨਮਰਤਾ ਦੇ ਪੁਜਾਰੀ ਸਨ, ਸੌਦੇਬਾਜ਼ੀ ਕਰਨ ਵਿੱਚ ਅਣਭੋਲ ਸਨ ਕਿਉਂਕਿ ਦੁਕਾਨਦਾਰੀ ਵਾਲੇ ਗੁਰ ਅਪਣਾ ਨਹੀਂ ਸਕੇ, ਜਿਸ ਕਰਕੇ ਦੁਕਾਨਦਾਰੀ ਵਿੱਚ ਸਫਲ ਨਾ ਹੋਏ। ਉਹ ਗਾਹਕਾਂ ਤੋਂ ਪੈਸੇ ਮੰਗਣ ਵਿੱਚ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਇਸ ਵਜਾਹ ਨਾਲ ਦੁਕਾਨ ਦਾ ਉਧਾਰ ਬਹੁਤ ਵੱਧ ਗਿਆ। ਉਧਾਰ ਦੇ ਨਾ ਮੁੜਨ ਕਰਕੇ ਦੁਕਾਨਦਾਰੀ ਕਰਨੀ ਸੰਭਵ ਨਾ ਰਹੀ, ਫਿਰ ਉਨ੍ਹਾਂ ਦੁਕਾਨ ਤਾਲਾ ਲਾ ਕੇ 1989 ਵਿੱਚ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲਈ ਜਲੰਧਰ ਵਿਖੇ ਹੀ ਰੋਜ਼ਾਨਾ ‘ਅੱਜ ਦੀ ਆਵਾਜ਼’ ਅਖ਼ਬਾਰ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਇਸ ਨੌਕਰੀ ਤੋਂ ਤਜ਼ਰਬਾ ਤਾਂ ਹਾਸਲ ਕਰ ਲਿਆ ਪ੍ਰੰਤੂ ਤਨਖ਼ਾਹ ਬਹੁਤੀ ਜ਼ਿਆਦਾ ਨਹੀਂ ਸੀ, ਜਿਸ ਕਰਕੇ ਉਨ੍ਹਾਂ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰਜ਼ ਡਿਗਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ। ਦਾਖ਼ਲਾ ਤਾਂ ਲੈ ਲਿਆ ਪ੍ਰੰਤੂ ਫੀਸ ਭਰਨ ਲਈ ਮੁਸ਼ਕਲਾਂ ਆਉਣ ਕਰਕੇ ਉਹ ਹੌਸਲਾ ਢਾਹ ਬੈਠਾ। ਦੋਸਤਾਂ ਦਾ ਦੋਸਤ ਸੀ, ਇਸ ਕਰਕੇ ਉਸਦੇ ਇਕ ਦੋਸਤ ਨੇ ਫੀਸ ਦਾ ਹੰਭਲਾ ਮਾਰਿਆ, ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਡਿਗਰੀ ਪ੍ਰਾਪਤ ਕੀਤੀ। ਉਹ ਇਤਨਾ ਸਿਰੜ੍ਹੀ ਅਤੇ ਮਿਹਨਤੀ ਸੀ ਕਿ ਹਰ ਰੋਜ਼ ਜਲੰਧਰ ਅੱਜ ਦੀ ਆਵਾਜ਼ ਵਿੱਚ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਪਹਿਲੀ ਬਸ ਫੜਕੇ ਕਲਾਸ ਲਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਦਾ ਸੀ। ਏਸੇ ਤਰ੍ਹਾਂ ਕਲਾਸ ਖ਼ਤਮ ਕਰਨ ਤੋਂ ਬਾਅਦ ਜਲੰਧਰ ਲਈ ਬਸ ਫੜ ਲੈਂਦਾ ਸੀ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਨੌਕਰੀ ਜ਼ਰੂਰੀ ਸੀ। ਉਸਨੂੰ ਇਹ ਡਿਗਰੀ ਕਰਨ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ। ਫਿਰ ਰੋਜ਼ਾਨਾ ਅਜੀਤ ਵਿੱਚ ਉਪ ਸੰਪਾਦਕ ਦੀ ਨੌਕਰੀ ਕਰ ਲਈ। ਉਪ ਸੰਪਾਦਕ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਵੀ ਡਿਊਟੀ ਕਰਨੀ ਪੈਂਦੀ ਸੀ, ਉਹ ਆਪਣੇ ਪਿੰਡ ਮਹਿਤਪੁਰ ਤੋਂ ਸਾਈਕਲ ਤੇ ਹੀ ਅੱਤ ਦਰਜੇ ਦੀ ਗਰਮੀ ਅਤੇ ਕੜਾਕੇ ਦੀ ਸਰਦੀ ਵਿੱਚ ਆਉਂਦੇ ਜਾਂਦੇ ਸਨ।  1999 ਵਿੱਚ ਉਹ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ‘ਤੇ ਭਰਤੀ ਹੋ ਗਏ। ਨੌਕਰੀ ਦੌਰਾਨ ਭਾਵੇਂ ਉਨ੍ਹਾਂ ਆਪਣੀ ਡਿਊਟੀ ਵਿੱਚ ਤਨਦੇਹੀ ਨਾਲ ਕੰਮ ਕੀਤਾ ਪ੍ਰੰਤੂ ਫਿਰ ਵੀ  ਪਰਖ ਕਾਲ ਦੇ ਸਮੇਂ ਹੀ ਅਜਿਹਾ ਮੌਕਾ ਬਣਿਆਂ ਜਦੋਂ ਉਹ ਛੁੱਟੀ ਵਾਲੇ ਦਿਨ ਸਕੱਤਰੇਤ ਵਿਖੇ ਬਤੌਰ ਡਿਊਟੀ ਅਧਿਕਾਰੀ ਦੇ ਤੌਰ ਕੰਮ ਕਰ ਰਹੇ ਸਨ ਤਾਂ ਇਕ ਪੱਤਰਕਾਰ ਵੱਲੋਂ ਸ਼ਿਕਾਇਤ ਲਗਾਉਣ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਾਰਾ ਖੜੋਤ ਆ ਗਈ ਸੀ। ਜਿਸ ਕਰਕੇ ਉਨ੍ਹਾਂ ‘ਤੇ ਇਕ ਵਿਭਾਗੀ ਅਧਿਕਾਰੀ ਖਫਾ ਹੋ ਗਏ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋ ਕੇ ਭੁਗਤਣਾ ਪਿਆ। ਅਖ਼ੀਰ ਵਿਭਾਗ ਦੇ ਸਾਥੀ ਅਧਿਕਾਰੀਆਂ ਵੱਲੋਂ ਕਿ੍ਰਸ਼ਨ ਲਾਲ ਰੱਤੂ ਦਾ ਤਨਦੇਹੀ ਨਾਲ ਸਾਥ ਦੇਣ ਕਰਕੇ ਵਿਭਾਗ ਨੇ ਆਪਣੀ ਗ਼ਲਤੀ ਨੂੰ ਦਰੁਸਤ ਕਰਦਿਆਂ ਮੁੜ ਨੌਕਰੀ ਤੇ ਬਹਾਲ ਕਰ ਦਿੱਤਾ ਕਿਉਂਕਿ ਉਹ ਬੇਕਸੂਰ ਸਨ। ਸ਼ਰਾਫ਼ਤ, ਨੇਕ ਨੀਤੀ ਅਤੇ ਨਮਰਤਾ ਦਾ ਮੁਜੱਸਮਾ ਹੋਣ ਕਰਕੇ ਕਿ੍ਰਸ਼ਨ ਲਾਲ ਰੱਤੂ ਵਿਭਾਗ ਦਾ ਸਰਮਾਇਆ ਬਣ ਗਏ ਸਨ। ਲੋਕ ਸੰਪਰਕ ਵਿਭਾਗ ਵਿੱਚ ਸਾਰੀ ਉਮਰ ਨੌਕਰੀ ਦੌਰਾਨ ਉਨ੍ਹਾਂ ਨੂੰ ਕਦੀਂ ਵੀ ਕਿਸੇ ਨਾਲ ਉਚਾ ਬੋਲਦਾ ਨਹੀਂ ਵੇਖਿਆ। ਇਕ ਕਿਸਮ ਨਾਲ ਉਹ ਕਰਮਯੋਗੀ ਸਨ, ਆਪਣੇ ਕੰਮ ਤੱਕ ਮਤਲਬ ਰੱਖਦੇ ਸਨ। ਉਹ ਆਪਣੇ ਫ਼ਰਜ ਬੜੀ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਜਿਸ ਕਰਕੇ ਉਹ ਤਰੱਕੀ ਕਰਦੇ ਹੋਏ ਪਹਿਲਾਂ ਡਿਪਟੀ ਡਾਇਰੈਕਟਰ ਅਤੇ ਬਾਅਦ ਵਿੱਚ ਸੰਯੁਕਤ ਸੰਚਾਲਕ ਦੇ ਅਹੁਦੇ ਤੱਕ ਪਹੁੰਚ ਗਏ।  ਉਨ੍ਹਾਂ ਨੇ ਅਜੇ ਹੋਰ ਤਰੱਕੀਆਂ ਕਰਨੀਆਂ ਸਨ ਪ੍ਰੰਤੂ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਨ੍ਹਾਂ ਦੀ ਸਾਰੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ ਅਤੇ ਜੀਵਨ ਦੀ ਤਾਣੀ ਹਮੇਸ਼ਾ ਉਲਝੀ ਹੀ ਰਹੀ ਹੈ। ਪ੍ਰੰਤੂ ਕਿ੍ਰਸ਼ਨ ਲਾਲ ਰੱਤੂ ਨੇ ਹੌਸਲਾ ਨਹੀਂ ਹਾਰਿਆ ਕਿਉਂਕਿ ਉਨ੍ਹਾਂ ਦੀ ਪਤਨੀ ਹਮੇਸ਼ਾ ਸਾਥ ਅਤੇ ਹੌਸਲਾ ਦਿੰਦੀ ਰਹੀ। ਹਰ ਮੁਸ਼ਕਲ ਸਮੇਂ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਰਹੇ। ਉਨ੍ਹਾਂ ਦੇ ਕਈ ਵਾਰੀ ਐਕਸੀਡੈਂਟ ਹੋਏ। 2014 ਵਿੱਚ ਉਨ੍ਹਾਂ ਦਾ ਘਾਤਕ ਐਕਸੀਡੈਂਟ ਹੋਇਆ, ਜਦੋਂ ਉਹ ਆਪਣੇ ਸਪੁੱਤਰ ਨਾਲ ਸਕੂਟਰ ਦੇ ਪਿਛੇ ਬੈਠਾ ਜਾ ਰਿਹਾ ਸੀ। ਜਿਸ ਕਰਕੇ ਉਨ੍ਹਾਂ ਦੀ ਲੱਤ ਵਿੱਚ ਰਾਡ ਪਾਉਣੀ ਪਈ। ਬਦਕਿਸਮਤੀ ਇਹ ਰਹੀ ਕਿ ਲੱਤ ਵਿੱਚ ਇਨਫੈਕਸ਼ਨ ਹੋ ਗਿਆ, ਜਿਸ ਕਰਕੇ ਪਹਿਲਾਂ ਅੱਧਾ ਪੈਰ ਕੱਟਣਾ ਪਿਆ। ਇਸ ਦੌਰਾਨ ਹੀ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਕਰਕੇ ਉਨ੍ਹਾਂ ਦੀ ਇਕ ਲੱਤ ਅਤੇ ਬਾਂਹ ਪ੍ਰਭਾਵਤ ਹੋ ਗਈ। ਐਕਸੀਡੈਂਟ ਤੋਂ ਪ੍ਰਭਾਵਤ ਲੱਤ ਠੀਕ ਨਾ ਹੋਈ ਕਿਉਂਕਿ ਇਨਫੈਕਸ਼ਨ ਹੋਰ ਵੱਧ ਗਈ, ਜਿਸ ਕਰਕੇ ਗੈਂਗਰੀਨ ਹੋ ਗਈ ਫਿਰ ਅੱਧੀ ਲੱਤ ਕਟਵਾਉਣੀ ਪਈ। ਜਦੋਂ ਲੱਤ ਦੇ ਟੰਕੇ ਕਟਵਾਉਣ ਲਈ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪੈ ਗਿਆ, ਜੋ ਘਾਤਕ ਸਾਬਤ ਹੋਇਆ। ਹਮੇਸ਼ਾ ਹੰਸੂ ਹੰਸੂ ਕਰਦਾ ਕਿ੍ਰਸ਼ਨ ਲਾਲ ਰੱਤੂ ਸਾਡੇ ਕੋਲੋਂ 21 ਮਈ 2022 ਨੂੰ ਹਮੇਸ਼ਾ ਲਈ ਵਿਛੜ ਗਿਆ। ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਆਉਣ ਦੇ ਬਾਵਜੂਦ ਰੱਤੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਦਿਲ ਦਰਿਆ ਅਤੇ ਦਲੇਰ ਇਨਸਾਨ ਸਨ। ਅਧਿਕਾਰੀ ਤਾਂ ਉਹ ਵਧੀਆ ਹੈ ਹੀ ਸਨ ਪ੍ਰੰਤੂ ਵਿਭਾਗ ਵਿੱਚ ਬਿਹਤਰੀਨ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।
   ਉਨ੍ਹਾਂ ਦੇ ਦੋ ਲੜਕੇ ਨਵੀਨ ਰੱਤੂ ਅਤੇ ਦਿਨੇਸ਼ ਰੱਤੂ ਹਨ। ਉਨ੍ਹਾਂ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਰਕੇ ਨਵੀਨ ਰੱਤੂ ਆਈ ਏ ਐਸ ਯੂ ਟੀ ਕੇਡਰ ਵਿੱਚ ਚੁਣੇ ਗਏ। ਦੂਜਾ ਲੜਕਾ ਦਿਨੇਸ਼ ਰੱਤੂ ਕੈਨੇਡਾ ਵਿਖੇ ਰਹਿ ਰਿਹਾ ਹੈ। ਕਿ੍ਰਸ਼ਨ ਲਾਲ ਰੱਤੂ ਦੀ ਯਾਦ ਵਿੱਚ ਅੰਤਮ ਅਰਦਾਸ 30 ਮਈ 2022 ਨੂੰ ਗੁਰਦੁਆਰਾ ਸਾਹਿਬ, ਸ਼ਾਹਪੁਰ ਸੈਕਟਰ-38 ਬੀ ਚੰਡੀਗੜ੍ਹ ਵਿਖੇ ਦੁਪਹਿਰ 12-00 ਵਜੇ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                  
ਮੋਬਾਈਲ-94178 13072
ujagarsingh48@yahoo.com

ਸਿਹਤ ਮੰਤਰੀ ਦੀ ਬਰਖਾਸਤਗੀ ਸ਼ੁਭ ਸੰਕੇਤ: ਭਰਿਸ਼ਟਾਚਾਰੀਆਂ ਲਈ ਚੇਤਾਵਨੀ - ਉਜਾਗਰ ਸਿੰਘ

ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਆਪਣੇ ਹੀ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਆਮ ਆਦਮੀ ਪਾਰਟੀ ਦਾ ਪਹਿਲਾ ਦਲੇਰਾਨਾ ਫ਼ੈਸਲਾ ਕਿਹਾ ਜਾ ਸਕਦਾ ਹੈ। ਦੇਸ ਦੇ ਆਜ਼ਾਦ ਹੋਣ ਤੋਂ ਬਾਅਦ ਸਾਰੀਆਂ ਸਰਕਾਰਾਂ ਦਾ ਮੁੱਖ ਮੁੱਦਾ ਵਿਕਾਸ ਅਤੇ ਭਰਿਸ਼ਟਾਚਾਰ ਨੂੰ ਜੜੋਂ ਪੁੱਟਣ ਦਾ ਬਣਿਆਂ ਆ ਰਿਹਾ ਹੈ। ਪ੍ਰੰਤੂ 75 ਸਾਲ ਤੋਂ ਭਰਿਸ਼ਟਾਚਾਰ ਖ਼ਤਮ ਹੋਣ ਦੀ ਥਾਂ ਬਾਦਸਤੂਰ ਲਗਾਤਾਰ ਪ੍ਰਫੁਲਤ ਹੋ ਰਿਹਾ ਹੈ। ਹਰ ਵਾਰ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਭਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਮਗਜ਼ੇ ਮਾਰਦੀ ਹੈ ਪ੍ਰੰਤੂ ਬਿਆਨਾ ਤੱਕ ਹੀ ਸੀਮਤ ਰਹਿ ਜਾਂਦੀ ਹੈ ਕਿਉਂਕਿ ਭਰਿਸ਼ਟਾਚਾਰ ਸਮਾਜਿਕ ਤਾਣੇ ਬਾਣੇ ਦੀ ਰਗ-ਰਗ ਵਿੱਚ ਲਾਇਲਾਜ਼ ਬਿਮਾਰੀ ਦੀ ਤਰ੍ਹਾਂ ਘਰ ਕਰ ਗਿਆ ਹੈ। ਕੈਂਸਰ ਦਾ ਤਾਂ ਇਲਾਜ਼ ਹੋਣ ਲੱਗ ਗਿਆ ਪ੍ਰੰਤੂ ਭਰਿਸ਼ਟਾਚਾਰ ਨੂੰ ਠੱਲ ਨਹੀਂ ਪੈ ਰਹੀ। ਭਗਵੰਤ ਸਿੰਘ ਮਾਨ ਦਾ ਇਹ ਕਦਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਰਵੀ ਸਿੱਧੂ ਨੂੰ ਭਰਿਸ਼ਟਾਚਾਰ ਦੇ ਮੁੱਦੇ ਤੇ ਗ੍ਰਿਫ਼ਤਾਰ ਕਰਨ ਦੀ ਤਰ੍ਹਾਂ ਹੀ ਕਿਤੇ ਰਾਜਨੀਤਕ ਤਿਗੜਮਬਾਜ਼ੀ ਨਾ ਬਣਕੇ ਰਹਿ ਜਾਵੇਂ ਕਿਉਂਕਿ ਕੈਪਟਨ ਦੀ ਸਰਕਾਰ ਨੇ ਇਕ ਸੱਪ ਮਾਰ ਕੇ ਪੰਜ ਸਾਲ ਉਸਦੇ ਨਾਮ 'ਤੇ ਹੀ ਨਾਮਣਾ ਖੱਟਦੇ ਰਹੇ। ਸਿਹਤ ਮੰਤਰੀ 'ਤੇ ਕਾਰਵਾਈ ਕਰਨਾ 'ਕਾਂ ਮਾਰਕੇ ਦਰਵਾਜੇ 'ਤੇ ਟੰਗਣ ਵਾਲੀ ਗੱਲ ਹੈ' ਭਾਵ ਬਾਕੀਆਂ ਲਈ ਸੰਕੇਤ ਹੈ। ਮਾਨ ਸਾਹਿਬ ਭਰਿਸ਼ਟਾਚਾਰ ਦਾ ਧੁਰਾ ਤਾਂ ਬੇਸ਼ਕ ਕੁਝ ਸਿਆਸਦਾਨ ਸਮਝੇ ਜਾਂਦੇ ਹਨ ਪ੍ਰੰਤੂ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀ ਭੁਗਤ ਤੋਂ ਬਿਨਾ ਸੰਭਵ ਨਹੀਂ। ਉਨ੍ਹਾਂ 'ਤੇ ਵੀ ਕੋਈ ਕਾਰਵਾਈ ਕਰੋ ਤਾਂ ਜੋ ਉਨ੍ਹਾ ਨੂੰ ਵੀ ਕੰਨ ਹੋ ਜਾਣ। ਦਫਤਰਾਂ ਵਿੱਚ ਫਾਈਲ ਉਨ੍ਹਾਂ ਦੀ ਮੁੱਠੀ ਗਰਮ ਹੋਣ ਤੋਂ ਬਿਨਾ ਸਰਕਦੀ ਹੀ ਨਹੀਂ। ਹੁਣ ਤੱਕ ਪੰਜਾਬ ਵਿੱਚ ਦੋ ਪਾਰਟੀਆਂ ਅਰਥਾਤ ਕਾਂਗਰਸ ਅਤੇ ਅਕਾਲੀ ਦਲ/ਬੀ ਜੇ ਪੀ ਦੀਆਂ ਸਰਕਾਰਾਂ ਹੀ ਬਦਲ-ਬਦਲ ਕੇ ਬਣਦੀਆਂ ਆ ਰਹੀਆਂ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਤੀਜੇ ਬਦਲ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਥਾਪਤ ਪਾਰਟੀਆਂ ਨੇ ਆਪਣੀਆਂ ਲੂੰਬੜ ਚਾਲਾਂ ਨਾਲ ਉਨ੍ਹਾਂ ਦੀ ਸਰਕਾਰ ਬਣਨ ਨਹੀਂ ਦਿੱਤੀ ਸੀ। ਇਸ ਵਾਰ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੇ ਤੀਜੇ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਤਿਹਾਈ ਬਹੁਮਤ ਦੇ ਕੇ ਬਣਾ ਦਿੱਤੀ। ਹੁਣ ਪੰਜਾਬ ਦੇ ਲੋਕ ਇਸ ਸਰਕਾਰ ਦੇ ਚਮਤਕਾਰਾਂ ਦੀ ਉਡੀਕ ਵਿੱਚ ਹਨ ਪ੍ਰੰਤੂ ਵਿਧਾਨਕ ਪ੍ਰਣਾਲੀ/ਸਰਕਾਰੀਤੰਤਰ ਸਰਕਾਰ ਨੂੰ ਸਫਲ ਹੋਣ ਵਿੱਚ ਰੁਕਾਵਟਾਂ ਪਾ ਰਹੀ ਹੈ/ ਪੈਦਾ ਕਰੇਗੀ ਜਾਂ ਸਰਕਾਰ ਨੂੰ ਕੰਮ ਕਰਨ ਵਿੱਚ ਸਹਿਯੋਗ ਦੇਵੇਗੀ, ਸਾਰਾ ਕੁਝ ਇਸ ਤੇ ਹੀ ਨਿਰਭਰ ਕਰਦਾ ਹੈ। ਪੰਜਾਬ ਵਿੱਚ ਚੋਣਾ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਜ਼ਾਰੀ ਕਰਦੀਆਂ ਹਨ। ਉਹ ਇਨ੍ਹਾਂ ਚੋਣ ਮਨੋਰਥ ਪੱਤਰਾਂ ਵਿੱਚ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਕਰਕੇ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਨ੍ਹਾਂ ਵਾਅਦਿਆਂ ਵਿੱਚ ਸਾਰੀਆਂ ਪਾਰਟੀਆਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਵਾਅਦਾ ਵੀ ਕਰਦੀਆਂ ਹਨ ਪ੍ਰੰਤੂ ਵਾਅਦਿਆਂ ਨੂੰ ਬਹੁਤਾ ਬੂਰ ਨਹੀਂ ਪੈਂਦਾ। ਭਾਵ ਵਾਅਦੇ ਵਫ਼ਾ ਨਹੀਂ ਹੁੰਦੇ। ਸਰਕਾਰ ਬਣਨ ਤੇ ਹਰ ਪਾਰਟੀ ਇਹੋ ਕਹਿੰਦੀ ਹੈ ਕਿ ਉਨ੍ਹਾਂ ਨੇ ਭਰਿਸ਼ਟਾਚਾਰ ਨੂੰ ਨੱਥ ਪਾ ਲਈ ਹੈ। ਅਰਵਿੰਦ ਕੇਜਰੀਵਾਲ ਨੇ ਗੁਜਰਾਤ ਜਾ ਕੇ ਕਿਹਾ ਸੀ 10 ਦਿਨਾ ਵਿੱਚ ਭਗਵੰਤ ਮਾਨ ਸਰਕਾਰ ਨੇ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਤੁਸੀਂ ਸਿਹਤ ਮੰਤਰੀ ਗ੍ਰਿਫ਼ਤਾਰ ਕਰਕੇ ਆਪ ਹੀ ਦਸ ਦਿੱਤਾ ਹੈ ਕਿ ਅਜੇ ਵੀ ਭਰਿਸ਼ਟਾਚਾਰ ਬਾਦਸਤੂਰ ਜ਼ਾਰੀ ਹੈ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਵਾਲੀ ਕਹਾਵਤ ਸਹੀ ਸਾਬਤ ਹੁੰਦੀ ਹੈ।
ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਉਪਰ ਬਹੁਤ ਵੱਡੀਆਂ ਆਸਾਂ ਹਨ। ਸਰਕਾਰ ਵੱਲੋਂ ਭਰਿਸ਼ਟਾਚਾਰ ਸੰਬੰਧੀ ਇਕ ਵਟਸਅਪ ਨੰਬਰ ਵੀ ਜ਼ਾਰੀ ਕੀਤਾ ਹੈ। ਉਸ ਨੰਬਰ 'ਤੇ ਹਰ ਰੋਜ਼ ਹਜ਼ਾਰਾਂ ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਹਲ ਲੱਭਣੇ ਅਸੰਭਵ ਜਾਪਦੇ ਹਨ। ਇਕਾ ਦੁਕਾ ਕੇਸ ਰਜਿਸਟਰ ਕਰਕੇ ਭਰਿਸ਼ਟਾਂ ਨੂੰ ਆਗਾਹ ਕਰਨ ਵਿੱਚ ਸਫਲ ਵੀ ਹੋਏ ਹਨ ਪ੍ਰੰਤੂ ਬਹੁਤਾ ਫਰਕ ਦਿਸਣ ਨੂੰ ਮਿਲ ਨਹੀਂ ਰਿਹਾ। ਵੈਸੇ ਸਰਕਾਰ ਦੀ ਕਾਰਗੁਜ਼ਾਰੀ 6 ਮਹੀਨੇ ਬਾਅਦ ਪਰਖਣੀ ਬਣਦੀ ਹੈ ਪ੍ਰੰਤੂ ਜਦੋਂ ਸਰਕਾਰ ਖਾਮਖਾਹ ਦਮਗਜ਼ੇ ਮਾਰਦੀ ਹੈ ਕਿ ਭਰਿਸ਼ਟਾਚਾਰ ਖ਼ਤਮ ਕਰ ਦਿੱਤਾ ਤਾਂ ਅਜਿਹੇ ਹਾਲਾਤ ਵਿੱਚ ਨਿੱਜੀ ਤਜਰਬੇ ਦੇ ਆਧਾਰ 'ਤੇ ਸਿਰਫ ਇਕ ਕੇਸ ਦੀ ਉਦਾਹਰਣ ਦੇਵਾਂਗਾ। ਮੈਂ 33 ਸਾਲ ਸਰਕਾਰੀ ਤਾਣੇ ਬਾਣੇ ਵਿੱਚ ਨੌਕਰੀ ਕੀਤੀ ਹੈ। ਹਰ ਕਦਮ 'ਤੇ ਹੋਣ ਵਾਲੇ ਭਰਿਸ਼ਟਾਚਾਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਉਹ ਬੇਬਸ ਹਨ। ਉਹ ਹਰ ਥਾਂ 'ਤੇ ਜਾ ਕੇ ਚੈਕ ਨਹੀਂ ਕਰ ਸਕਦੇ। ਇਹ ਜ਼ਿੰਮੇਵਾਰੀ ਵਿਭਾਗੀ ਮੁਖੀਆਂ ਦੀ ਬਣਦੀ ਹੈ। ਵਿਭਾਗੀ ਮੁਖੀ ਆਪਣੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ 'ਤੇ ਕਰਮਚਾਰੀਆਂ 'ਤੇ ਨਿਰਭਰ ਹਨ। ਫਿਰ ਹੇਠਲੇ ਅਮਲੇ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ। ਇਹ ਠੀਕ ਹੈ ਕਿ ਸਾਰੇ ਨਾ ਤਾਂ ਭਰਿਸ਼ਟ ਹੁੰਦੇ ਹਨ ਅਤੇ ਨਾ ਹੀ ਇਮਾਨਦਾਰ ਪ੍ਰੰਤੂ ਜਿਹੜੇ ਭਰਿਸ਼ਟਾਚਾਰ ਵਿੱਚ ਲੁਪਤ ਹੋ ਗਏ ਹਨ, ਉਹ ਦੂਜਿਆਂ ਨੂੰ ਬਦਨਾਮ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਸਫਲ ਵੀ ਨਹੀਂ ਹੋਣ ਦਿੰਦੇ। ਉਲਟਾ ਇਮਾਨਦਾਰਾਂ ਨੂੰ ਸਜਾਵਾਂ ਭੁਗਤਣੀਆਂ ਪੈਂਦੀਆਂ ਹਨ। ਇਸ ਦੇ ਖਾਤਮੇ ਲਈ ਸਾਰੇ ਸਮਾਜ ਨੂੰ ਇਕਮੁੱਠ ਹੋ ਕੇ ਇਮਾਨਦਾਰਾਂ ਦਾ ਸਾਥ ਦੇਣਾ ਹੋਵੇਗਾ। ਮੈਂ ਮੋਹਾਲੀ ਆਪਣਾ ਮਕਾਨ ਵੇਚਣਾ ਸੀ। ਨੋ ਆਬਜੈਕਸ਼ਨ ਲੈਣ ਲਈ ਬੇਨਤੀ ਦਿੱਤੀ। ਅਲਾਟਮੈਂਟ ਲੈਟਰ ਅਤੇ ਰਜਿਸਟਰੀ ਦੀ ਕਾਪੀ ਨਾਲ ਨੱਥੀ ਕੀਤੀ। ਜਦੋਂ ਪਤਾ ਕੀਤਾ ਕਹਿੰਦੇ ਤੁਹਾਡੀ ਤਾਂ ਫਾਈਲ ਹੀ ਗੁੰਮ ਹੈ। ਸੀ ਡੀ ਨਹੀਂ ਹੋ ਸਕਦੀ। ਇਸੇ ਸਮੇਂ ਮੇਰੇ ਵੱਡੇ ਭਰਾ ਸਵਰਗਵਾਸ ਹੋ ਗਏ। ਮੈਂ ਦਫ਼ਤਰ ਨਹੀਂ ਜਾ ਸਕਿਆ। ਇਕ ਸੀਨੀਅਰ ਸਾਬਕਾ ਪੀ ਸੀ ਐਸ ਅਧਿਕਾਰੀ ਜਿਹੜਾ ਇਮਾਨਦਾਰੀ ਦਾ ਪ੍ਰਤੀਕ ਰਿਹਾ ਹੈ, ਜਿਸ ਨੇ ਭਰਿਸ਼ਟਾਚਾਰ ਦੇ ਕੇਸਾਂ ਦੀ ਪੜਤਾਲ ਕਰਕੇ ਵੱਡੇ ਮਗਰ ਮੱਛ ਜੇਲ੍ਹ ਭੇਜੇ ਸਨ, ਉਹ ਤਿੰਨ ਵਾਰ ਮੇਰੇ ਨੋ ਅਬਜੈਕਸ਼ਨ ਦੇ ਕੇਸ ਬਾਰੇ ਸੰਬੰਧਤ ਅਧਿਕਾਰੀ ਅਤੇ ਬਾਬੂਆਂ ਕੋਲ ਗਿਆ। ਕੁਝ ਪੱਲੇ ਨਹੀਂ ਪਿਆ। ਫਸਿਆ ਕੀ ਨਹੀਂ ਕਰਦਾ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ, ਦੋ ਵਿਧਾਨਕਾਰਾਂ ਅਤੇ ਇਕ ਉਸ ਅਧਿਕਾਰੀ ਦੇ ਨਜ਼ਦੀਕੀ ਤੋਂ ਫੋਨ ਕਰਵਾਏ। ਪੱਲੇ ਨਿਰਾਸਤਾ ਹੀ ਪਈ। ਉਧਰੋਂ ਮੇਰੀ ਰਜਿਸਟਰੀ ਕਰਵਾਉਣ ਦੀ ਤਾਰੀਕ ਨੇੜੇ ਆ ਰਹੀ ਸੀ ਪ੍ਰੰਤੂ ਉਨ੍ਹਾਂ ਦੇ ਕੰਨਾ ਤੇ ਜੂੰ ਨਹੀਂ ਸਰਕੀ। ਜਦੋਂ ਦਲਾਲ ਨੇ ਦਲਾਲੀ ਕੀਤੀ ਤਾਂ ਸੀ ਡੀ ਹੋ ਗਈ। ਗੱਲ ਏਥੇ ਹੀ ਖ਼ਤਮ ਨਹੀਂ ਹੁੰਦੀ, ਫਿਰ ਆਈ ਬਿਲਡਿੰਗ ਸ਼ਾਖਾ ਤੋਂ ਕਲੀਅਰੈਂਸ ਲੈਣ ਦੀ। ਉਸੇ ਦਫ਼ਤਰ ਵਿੱਚ ਕੰਮ ਕਰਦਾ ਇਕ ਐਕਸੀਅਨ ਮੇਰੇ ਨਾਲ ਬਿਲਡਿੰਗ ਸ਼ਾਖ਼ਾ ਵਿੱਚ ਗਏ ਉਨ੍ਹਾਂ ਦੀ ਵੀ ਸੁਣੀ ਨਹੀਂ ਗਈ, ਪ੍ਰੰਤੂ ਉਥੇ ਵੀ ਉਹੀ ਢੰਗ ਕੰਮ ਆਇਆ। ਅਖ਼ੀਰ ਫਾਈਲ ਚਲੀ ਗਈ ਲੇਖਾ ਸ਼ਾਖ਼ਾ ਵਿੱਚ। ਲੇਖਾ ਸ਼ਾਖ਼ਾ ਵਾਲੇ ਕਹਿਣ ਲੱਗੇ ਕਿ ਪੁਡਾ ਦੇ ਰਿਕਾਰਡ ਵਿੱਚ ਤੁਸੀਂ ਤਾਂ 5 ਲੱਖ ਰੁਪਿਆ ਹੀ ਨਹੀਂ ਜਮ੍ਹਾਂ ਕਰਵਾਇਆ। ਮੈਂ 26 ਸਾਲ ਮਕਾਨ ਦਾ ਮਾਲਕ ਬਿਨਾ ਰਕਮ ਜਮ੍ਹਾ ਕਰਵਾਏ ਕਿਵੇਂ ਬਣ ਗਿਆ? ਪੁਡਾ ਰਜਿਸਟਰੀ ਉਦੋਂ ਕਰਵਾਉਂਦਾ ਹੈ ਜਦੋਂ ਸਾਰੀ ਰਕਮ ਜਮ੍ਹਾ ਹੋ ਜਾਂਦੀ ਹੈ। ਦਫ਼ਤਰ ਵਾਲੇ ਕਹਿ ਰਹੇ ਹਨ ਕਿ ਰਕਮ ਹੀ ਨਹੀਂ ਆਈ। ਜਦੋਂ ਮੈਂ ਸਾਰੀਆਂ ਰਸੀਦਾਂ ਵਿਖਾਈਆਂ ਤਾਂ ਵੀ ਆਨਾਕਾਨੀ ਕਰਨ। ਫਿਰ ਦਲਾਲ ਦੀ ਦਖ਼ਅੰਦਾਜ਼ੀ ਹੋਈ ਤਾਂ ਕਲੀਅਰੈਂਸ ਹੋਈ। ਜਦੋਂ ਸਾਰੇ ਪਾਸੇ ਤੋਂ ਕਲੀਅਰੈਂਸ ਹੋ ਗਈ ਤਾਂ ਅਖ਼ੀਰ ਬਾਬੂ ਨੇ ਲਿਖ ਦਿੱਤਾ ਕਾਨੂੰਨੀ ਰਾਏ ਲਈ ਜਾਵੇ। ਏਥੇ ਇਹ ਵੀ ਲਿਖਣਾ ਜ਼ਰੂਰੀ ਹੈ ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਕੋਈ ਬੂਟਾ ਹਰਿਓ ਰਹਿਓ ਤਾਂ ਸੁਪਰਇਨਟੈਂਡੈਂਟ ਨੇ ਲਿਖ ਦਿੱਤਾ ਕਾਨੂੰਨੀ ਰਾਏ ਦੀ ਕੋਈ ਲੋੜ ਨਹੀਂ ਨੋ ਅਬਜੈਕਸ਼ਨ ਜ਼ਾਰੀ ਕੀਤਾ ਜਾਵੇ। ਸਾਰੇ ਕੇਸ ਵਿੱਚ ਸੁਪਰਇਨਟੈਂਡੈਂਟ ਦਾ ਰੋਲ ਸ਼ਲਾਘਾਯੋਗ ਰਿਹਾ ਹੈ। ਫਿਰ ਮੈਂ ਇਕ ਸਾਬਕਾ ਆਈ ਏ ਐਸ ਅਫਸਰ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਪੁਡਾ ਦੇ ਚੀਫ ਦੇ ਦਫਤਰ ਵਿੱਚ ਫੋਨ ਕਰਕੇ ਸਾਰੀ ਕਹਾਣੀ ਦੱਸੀ। ਫਿਰ ਚੀਫ ਦੇ ਦਫਤਰ ਵਿੱਚ ਸੰਬੰਧਤ ਕਰਮਚਾਰੀਆਂ ਨੂੰ ਬੁਲਾਕੇ ਤਾੜਨਾ ਕਰਕੇ ਉਸੇ ਦਿਨ ਐਨ ਓ ਸੀ ਜ਼ਾਰੀ ਕਰਨ ਦੇ ਹੁਕਮ ਦਿੱਤੇ ਤਾਂ ਸ਼ਾਮ ਨੂੰ ਸਰਬਰ ਡਾਊਨ ਹੋਣ ਦਾ ਬਹਾਨਾ ਮਾਰਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਜਿਹੜਾ ਐਨ ਓ ਸੀ ਜ਼ਾਰੀ ਕੀਤਾ, ਉਸ ਵਿੱਚ ਦੋ ਗ਼ਲਤੀਆਂ ਜਾਣ ਬੁਝਕੇ ਛੱਡ ਦਿੱਤੀਆਂ ਗਈਆਂ। ਉਧਰੋਂ ਮੇਰਾ ਐਗਰੀਮੈਂਟ ਖ਼ਤਮ ਹੋਣ ਦਾ ਆਖਰੀ ਦਿਨ ਸੀ। ਫਿਰ ਦਲਾਲ ਦੀ ਮਿਹਰਬਾਨੀ ਨਾਲ ਗ਼ਲਤੀਆਂ ਦਰੁਸਤ ਹੋਈਆਂ। ਏਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਤਹਿਸੀਲ ਦਫ਼ਤਰ ਵਿੱਚ ਬਿਨਾਂ ਭਰਿਸ਼ਟਾਚਾਰ ਦੇ ਰਜਿਸਟਰੀ ਮਿੰਟਾਂ ਵਿੱਚ ਹੀ ਹੋ ਗਈ। ਹੁਣ ਤੁਸੀਂ ਖੁਦ ਹੀ ਸੋਚੋ ਭਗਵੰਤ ਸਿੰਘ ਮਾਨ ਸੰਸਥਾਗਤ ਭਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰ ਸਕਣਗੇ? ਪਾਰਦਰਸ਼ਤਾ ਲਿਆਉਣ ਲਈ ਲੋਕ ਲਹਿਰ ਸਥਾਪਤ ਕਰਨ ਦੀ ਲੋੜ ਹੈ। ਅਧਿਕਾਰੀ ਦਫਤਰੀ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ ਇਮਾਨਦਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਿਤਾਂ ਤੇ ਪਹਿਰਾ ਦੇਣ ਤਾਂ ਹੀ ਸੰਭਵ ਹੋ ਸਕਦਾ ਹੈ। ਇਸਦੇ ਨਾਲ ਹੀ ਸਾਨੂੰ ਸਾਰੇ ਸਮਾਜਿਕ ਤਾਣੇ ਬਾਣੇ ਨੂੰ ਇਮਾਨਦਾਰ ਹੋਣਾ ਪਵੇਗਾ। ਕੋਈ ਐਸਾ ਕੰਮ ਨਹੀਂ ਜਿਸਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਇਕੱਲੀ ਸਰਕਾਰ ਲੋਕਾਂ ਦੇ ਸਹਿਯਗ ਤੋਂ ਬਿਨਾ ਕੁਝ ਨਹੀਂ ਕਰ ਸਕਦੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh480yahoo.com

ਰਵੀ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ 'ਕਿਤੇ ਉਹ ਨਾ ਹੋਵੇ' ਅਹਿਸਾਸਾਂ ਦਾ ਪੁਲੰਦਾ - ਉਜਾਗਰ ਸਿੰਘ

ਪੰਜਾਬੀ ਕਹਾਣੀ ਵਿੱਚ ਅਨੇਕਾਂ ਨਵੇਂ ਤਜ਼ਰਬੇ ਹੋ ਰਹੇ ਹਨ। ਖਾਸ ਤੌਰ 'ਤੇ ਨਵੇਂ ਕਹਾਣੀਕਾਰ ਪੰਜਾਬੀ ਕਹਾਣੀ ਦੀ ਵਿਰਾਸਤ ਵਿੱਚ ਵਡਮੁਲਾ ਯੋਗਦਾਨ ਪਾ ਰਹੇ ਹਨ। ਇਸ ਤੋਂ ਸਾਫ ਹੋ ਰਿਹਾ ਹੈ ਕਿ ਪੰਜਾਬੀ  ਕਹਾਣੀ ਪ੍ਰੌੜ੍ਹ ਅਵਸਥਾ ਨੂੰ ਪਾਰ ਕਰਦੀ ਵਿਖਾਈ ਦੇ ਰਹੀ ਹੈ। ਪਰਵਾਸ ਵਿੱਚ ਪੰਜਾਬੀ ਸੰਸਾਰ ਵਸਣ ਕਰਕੇ ਪ੍ਰਵਾਸ ਅਤੇ ਆਧੁਨਿਕਤਾ ਦਾ ਅਸਰ ਪੰਜਾਬੀ ਦੀਆਂ ਕਹਾਣੀਆਂ ਨੂੰ ਨਵੀਂਆਂ ਦਿਸ਼ਾਵਾਂ ਦੇ ਰਿਹਾ ਹੈ। ਰਵੀ ਸ਼ੇਰਗਿੱਲ ਭਾਵੇਂ ਅਜੇ ਉਭਰਦਾ ਕਹਾਣੀਕਾਰ ਹੈ ਪ੍ਰੰਤੂ ਬਾਲ ਕਹਾਣੀਆਂ ਤੋਂ ਸ਼ੁਰੂਆਤ ਕਰਕੇ ਹੁਣ ਬਾਲਗ ਕਹਾਣੀਕਾਰਾਂ ਵਿੱਚ ਪਲੇਠੇ ਕਹਾਣੀ ਸੰਗ੍ਰਹਿ ' ਕਿਤੇ ਉਹ ਨਾ ਹੋਵੇ' ਰਾਹੀਂ ਪ੍ਰਵੇਸ਼ ਕਰ ਚੁੱਕਾ ਹੈ। ਉਸ ਦੀਆਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ, ਬਿਰਤਾਂਤਿਕ, ਮੁਹਾਵਰਿਆਂ ਵਾਲੀ, ਛੋਟੇ ਛੋਟੇ ਫਿਕਰੇ ਅਤੇ ਚੁਲਬੁਲੀ ਹੈ। ਉਸ ਦੀਆਂ 10 ਕਹਾਣੀਆਂ ਵਾਲੀ ਇਸ ਕਹਾਣੀ ਸੰਗ੍ਰਹਿ ਵਿੱਚ ਭਾਵੇਂ ਬਹੁਤੀਆਂ ਕਹਾਣੀਆਂ ਮਾਨਵਤਾ ਦੇ ਮਾਨਸਿਕ ਅਹਿਸਾਸਾਂ ਦਾ ਪ੍ਰਗਟਾਵਾ ਕਰ ਰਹੀਆਂ ਹਨ ਪ੍ਰੰਤੂ ਇਸ ਪੁਸਤਕ ਵਿੱਚ ਹਰ ਕਹਾਣੀ ਦੇ ਵੱਖਰੇ ਰੰਗ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ' ਓ ਮੇਰਿਆ ਮਾਲਕਾ' ਵਿੱਚ ਵੀ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ। ਦਿਹਾਤੀ ਸ਼ਬਦਾਵਲੀ ਰਾਹੀਂ ਪਿੰਡਾਂ ਦਾ ਭਰਾਤਰੀ ਭਾਵ, ਭਾਵਨਾਤਮਿਕ ਸਾਂਝ, ਦੇਸ਼ ਦੀ ਵੰਡ ਸਮੇਂ ਮਿਲਵਰਤਨ, ਲੜਕੇ ਅਤੇ ਲੜਕੀ ਦੀ ਬਰਾਬਰਤਾ, ਪੱਤਰਕਾਰਾਂ ਦਾ ਕਿਰਦਾਰ, ਪਰਵਾਸੀ ਲਾੜਿਆਂ ਦੇ ਪਾਏ ਮਖੌਟੇ ਅਤੇ ਪਰਵਾਸ ਦੇ ਬਹਾਨੇ ਲੜਕੀਆਂ ਨਾਲ ਹੋ ਰਹੇ ਧੋਖਿਆਂ ਦਾ ਵਿਵਰਣ ਵਧੀਆ ਢੰਗ ਨਾ ਦਿੱਤਾ ਗਿਆ ਹੈ। ਇਸ ਕਹਾਣੀ ਦਾ ਮੂਲ ਆਧਾਰ ਕਹਾਣੀਕਾਰ ਨੇ ਪਰਵਾਸ ਵਿੱਚ ਵਿਆਹਾਂ ਦੇ ਬਹਾਨੇ ਕੀਤੇ ਜਾ ਰਹੇ ਧੋਖਿਆਂ ਬਾਰੇ ਜ਼ੈਲਦਾਰ ਦੀ ਲੜਕੀ ਜੱਸੀ ਨਾਲ ਹੋਏ ਦੁਖਾਂਤ ਰਾਹੀਂ ਦਰਸਾਇਆ ਗਿਆ ਹੈ। 'ਇੱਕ ਘੁੱਗੀ ਹੋਰ' ਕਹਾਣੀ ਭਾਵਨਾਵਾਂ ਅਤੇ ਮਨੁੱਖੀ ਮਨਾਂ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀ ਹੈ। ਇਸਤਰੀਆਂ ਦੀ ਇਸਤਰੀਆਂ ਪ੍ਰਤੀ ਮਾਨਸਿਕਾ ਦਾ ਵੀ ਪਰਦਾ ਫਾਸ਼ ਕਰਦੀ ਹੈ। ਜਦੋਂ ਜੀਤ ਅਲਟਰਾਸਾਊਂਡ ਕਰਵਾਉਣ ਦਾ ਵਿਰੋਧ ਕਰਦਾ ਹੈ ਤਾਂ ਮਨਦੀਪ ਅਤੇ ਜੀਤ ਦੀ ਮਾਂ ਦੋਵੇਂ ਭਰੂਣ ਹੱਤਿਆ ਦੀ ਪ੍ਰੋੜ੍ਹਤਾ ਕਰਦੀਆਂ ਹਨ। ਸਰਦਾਰਾਂ ਦੀਆਂ ਫੋਕੀਆਂ ਸਰਦਾਰੀਆਂ ਦੀ ਹਓਮੈ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਤੋਂ ਵੀ ਗੁਰੇਜ ਨਹੀਂ ਕਰਦੀ। ਜਦੋਂ ਕਿ ਕੁੜੀਆਂ ਸੰਸਾਰ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ, ਫਿਰ ਵੀ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਇਕ ਪਾਸੇ ਧੀਆਂ ਨੂੰ ਪਰਿਵਾਰਾਂ ਦੀ ਇਜ਼ਤ ਕਿਹਾ ਜਾਂਦਾ ਹੈ, ਦੂਜੇ ਪਾਸੇ ਬੇਕਿਰਕੀ ਨਾਲ ਉਨ੍ਹਾਂ ਦੀ ਭਰੂਣ ਹੱਤਿਆ ਕੀਤੀ ਜਾ ਰਹੀ ਹੈ। ਹਾਲਾਂ ਕਿ ਲੜਕੇ ਮਾਪਿਆਂ ਨੂੰ ਦੁਰਕਾਰਦੇ ਹਨ ਅਤੇ ਲੜ