ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ - ਉਜਾਗਰ ਸਿੰਘ
ਅਵਤਾਰਜੀਤ ਮਾਨਸਿਕ ਉਲਝਣਾ ਅਤੇ ਸਮਾਜਿਕ ਸਰੋਕਾਰਾਂ ਦਾ ਚਿਤੇਰਾ ਸਥਾਪਤ ਸ਼ਾਇਰ ਹੈ। ਉਸ ਦੇ ਪੰਜ ਮੌਲਿਕ ਕਾਵਿ ਸੰਗ੍ਰਹਿ ਅਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਉਸਦੀ ਸੱਤਵੀਂ ਪੁਸਤਕ ਹੈ। ਇਸ ਵਿਚਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਆਧੁਨਿਕਤਾ ਦੇ ਜ਼ਮਾਨੇ ਵਿੱਚ ਇਨਸਾਨ ਦੇ ਮਨ-ਮਸਤਕ ਵਿਚ ਅਨੇਕ ਵਿਚਾਰਾਂ ਦਾ ਪ੍ਰਵਾਹ ਲਗਾਤਰ ਉਠਦਿਆਂ, ਬੈਠਦਿਆਂ, ਤੁਰਦਿਆਂ, ਫਿਰਦਿਆਂ ਇੱਥੋਂ ਤੱਕ ਕਿ ਸੁਤਿਆਂ ਵੀ ਚਲਦਾ ਰਹਿੰਦਾ ਹੈ। ਅਵਤਾਰਜੀਤ ਅਜਿਹੀਆਂ ਪ੍ਰਸਥਿਤੀਆਂ ਦਾ ਚਿਤੇਰਾ ਸ਼ਾਇਰ ਹੈ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਕਾਵਿ ਸੰਗ੍ਰਹਿ ਵਿੱਚ ਉਸਨੇ ਆਪਣੇ ਨਿੱਜ ਦੇ ਸਾਧਨ ਰਾਹੀਂ ਫਸਟ ਪਰਸਨ ਵਿੱਚ ਸਮੁੱਚੀ ਮਾਨਵਤਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ ਕਿਸਮ ਨਾਲ ਲੋਕਾਈ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਭਾਵ ਜਨਰਲਾਈਜ਼ ਕਰ ਦਿੱਤਾ ਹੈ, ਜੋ ਉਸਦੀ ਪ੍ਰਾਪਤੀ ਹੈ। ਪੁਸਤਕ ਦਾ ਨਾਂ ਪੜ੍ਹਕੇ ਇਉਂ ਲੱਗਦਾ ਹੈ ਕਿ ਇਹ ਉਸਦੇ ਨਿੱਜ ਨਾਲ ਸੰਬੰਧਤ ਹੈ, ਪ੍ਰੰਤੂ ਇਸ ਵਿੱਚ ਭੋਰਾ ਵੀ ਸਚਾਈ ਨਹੀ ਹੈ, ਸਗੋਂ ਉਹ ਤਾਂ ਇਸ ਉਥਲ-ਪੁਥਲ ਨੂੰ ਲੋਕਾਈ ਦੀ ਪੀੜ ਵਿੱਚ ਬਦਲਣ ਵਿੱਚ ਸਫ਼ਲ ਹੋਇਆ ਹੈ। ਸ਼ਾਇਰ ਨੇ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਤਾਣੇ-ਬਾਣੇ ਦੀਆਂ ਤ੍ਰਾਸਦੀਆਂ ਵਿੱਚੋਂ ਲਏ ਹਨ, ਜਿਵੇਂ ਬਿਰਧ ਆਸ਼ਰਮ, ਮੁਲਾਜ਼ਮਾ ਦੀ ਪਰਿਵਾਰ ਪਾਲਣ ਦੀ ਕਠਨਾਈੋ, ਦਰਬਾਰੀਏ ਕਵੀੋ, ਮਨੁੱਖਤਾ ਵੱਲੋਂ ਨਫ਼ਰਤ ਵਿੱਚ ਜ਼ਹਿਰ, ਪੰਜਾਬ ਦੀ ਨਸਲਕੁਸ਼ੀੋ, ਕੁਰਬਾਨੀਆਂ, ਜਲਿ੍ਹਆਂ ਵਾਲੇ ਬਾਗ ਦੀ ਘਟਨਾ, ਰੋਟੀ ਦੀ ਭੁੱਖ, ਇਨਸਾਨ-ਇਨਸਾਨ ਦਾ ਦੁਸ਼ਮਣ, ਦਹਿਸ਼ਤਗਰਦੀ ਦੇ ਪ੍ਰਭਾਵ ਆਦਿ ਸ਼ਾਮਲ ਹਨ। ਉਹ ਕਵਿਤਾਵਾਂ ਸਿੰਬਾਲਿਕ ਢੰਗ ਨਾਲ ਲਿਖਦਾ ਹੈ। ਇਹੋ ਸ਼ਾਇਰ ਦੀ ਵਿਲੱਖਣ ਪ੍ਰਾਪਤੀ ਹੈ। ਇਸ ਕਾਵਿ ਸੰਗ੍ਰਹਿ ਵਿੱਚ 114 ਛੋਟੀਆਂ-ਵੱਡੀਆਂ ਕਵਿਤਾਵਾਂ ਹਨ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੋ ਭਾਗਾਂ ਵਿੱਚ ਹਨ। ਪਹਿਲੇ ਭਾਗ ਦੀ ਪਹਿਲੀ ਕਵਿਤਾ ‘ਸੈਲਫ਼ੀ’ ਤੋਂ ਪਹਿਲਾਂ ਇਹ ਚਾਰ ਸਤਰਾਂ:
ਜ਼ੁਰਤ ਕੀ ਏ ਵਕਤ ਦੀ, ਸਾਡੀ ਖੋਹ ਲਏ ਮੁਸਕਾਨ।
ਮੱਥਿਆਂ ਦੇ ਵਿੱਚ ਜਿੱਤ ਹੈ, ਸਾਡਾ ਮੁਹੱਬਤ ਚੋਣ ਨਿਸ਼ਾਨ।
ਕਵੀ ਦੀ ਮਜ਼ਬੂਤ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ, ਮੁਹੱਬਤ ਦਾ ਸੰਦੇਸ਼ ਵੀ ਦਿੰਦੀਆਂ ਹਨ। ਭਾਵ ਮੁਹੱਬਤ ਹੀ ਸੰਸਾਰ ਵਿੱਚ ਅਜਿਹੀ ਭਾਵਨਾ ਹੈ, ਜਿਹੜੀ ਜ਼ਿੰਦਗੀ ਨੂੰ ਤਰੋ-ਤਾਜ਼ਾ ਰੱਖਦੀ ਹੋਈ ਮਹਿਕਣ ਲਗਾ ਸਕਦੀ ਹੈ। ਹਰ ਮੁਸੀਬਤ ਨੂੰ ਸਰ ਕਰ ਸਕਦੀ ਹੈ। ਇਹ ਸਤਰਾਂ ਇੱਕ ਕਿਸਮ ਨਾਲ ਇਹ ਵੀ ਸਾਬਤ ਕਰਦੀਆਂ ਹਨ ਕਿ ਲੋਕਾਈ ਇਸ ਉਥਲ-ਪੁਥਲ ਦੇ ਬਾਵਜੂਦ ਵੀ ਬੁਲੰਦੀਆਂ ਨੂੰ ਛੂਹ ਸਕਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਵੀ ਆਸ਼ਾਵਾਦੀ ਹੈ। ਇਹ ਕਾਵਿ ਸੰਗ੍ਰਹਿ ਲਾਲਸਾਵਾਂ ਤੇ ਇਛਾਵਾਂ ਵਿੱਚ ਗ੍ਰਸੀ ਮਾਨਵਤਾ ਦੀ ਬਿਖਰੀ ਤੇ ਤਿੜਕੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਾ ਹੈ। ਕਵੀ ਰੁੱਖਾਂ ਰਾਹਂੀਂ ਮਨੁੱਖਾਂ ਦੇ ਦੁੱਖਾਂ ਦੀ ਗੱਲ ਕਰਦਾ ਹੈ। ਵਿਰੋਧ ਵੀ ਤਾਕਤ ਦਿੰਦਾ ਹੈ ਤੇ ਹਾਰ ਜਿੱਤ ਦੀ ਨਿਸ਼ਾਨਦੇਹੀ ਕਰਦਾ ਹੈ। ਅਸਫ਼ਲਤਾ ਨੂੰ ਇਨਸਾਨ ਭੁਲਾ ਨਹੀਂ ਸਕਦਾ, ਸਗੋਂ ਅਸਫ਼ਲਤਾ ਉਸਦੇ ਚੇਤਿਆਂ ਵਿੱਚ ਉਸਲਵੱਟੇ ਲੈਂਦੀ ਰਹਿੰਦੀ ਹੈ। ਛਲਾਵੇ ਗੁੰਮਰਾਹ ਨਹੀਂ ਕਰ ਸਕਦੇ। ਸ਼ਹਿਰੀਕਰਨ ਨੇ ਦਿਹਾਤ ਨੂੰ ਨਿਗਲ ਲਿਆ ਹੈ, ਜਿਸ ਕਰਕੇ ਇਨਸਾਨ ਦੇ ਮਨ ਵਿੱਚ ਟਿਕਾਅ ਨਹੀਂ ਰਹਿੰਦਾ। ਸੰਸਾਰ ਦੀ ਸੋਚ ਵਿੱਚ ਬਦਲਾਅ ਆ ਰਿਹਾ ਹੈ, ਪੁੱਤਰ ਮੋਹ ਦੀ ਥਾਂ ਪੁੱਤਰੀ ਮੋਹ ਵੱਧ ਰਿਹਾ ਹੈ। ਨਸ਼ੇ ਤੇ ਪਰਵਾਸ ਚਿੰਤਾ ਦੇ ਵਿਸ਼ੇ ਹਨ। ਇਹ ਚਿੰਤਾ/ਦੁੱਖ ਮਜ਼ਬੂਤੀ ਬਖ਼ਸ਼ਦੇ ਹਨ। ਪੰਜਾਬ ਨੇ ਜ਼ਾਲਮਾ ਤੇ ਜ਼ੁਲਮ ਦੇ ਮੁਕਾਬਲੇ ਕਰਕੇ, ਜਿੱਤਾਂ ਪ੍ਰਾਪਤ ਕੀਤੀਆਂ ਹਨ, ਪ੍ਰੰਤੂ ਨਸ਼ਿਆਂ ਤੋਂ ਹਾਰ ਗਏ ਹਨ, ‘ਵਿਰਸੇ ‘ਚ ਪਈ ਬੰਦੂਕ ਕਿੱਥੇ ਹੈ’ ਸਿਰਲੇਖ ਵਾਲੀ ਕਵਿਤਾ ਪੰਜਾਬੀਆਂ ਦੀ ਸੋਚ ਦਾ ਪ੍ਰਗਟਾਵਾ ਕਰਦੀ ਉਨ੍ਹਾਂ ਦੀ ਵਰਤਮਾਨ ਸਥਿਤੀ ਦਾ ਵਰਣਨ ਕਰਦੀ ਹੈ-
ਅਫ਼ਗਨੀ-ਅਬਦਾਲੀ ਵਰਗਿਆਂ ਤੇ ਤੈਮੂਰ, ਗਜ਼ਨਵੀ ਵਰਗਿਆਂ ਤੋਂ ਨਾ ਹਾਰ ਸਕੇ।
ਂ ਂ ਂ ਤੇ ਸਿਕੰਦਰ ਸ਼ਾਹਾਂ ਦੇ ਨੇਜ਼ੇ, ਤਲਵਾਰਾਂ, ਬਰਛੇ, ਛਵੀਆਂ, ਛੁਰੀਆਂ ਨਾ ਸਾਨੂੰ ਮਾਰ ਸਕੇ।
ਇੱਕ ਢਾਈ ਇੰਚ ਸਰਿੰਜ ਦੀ ਸੂਈ ਨੇ ਅੱਜ ਮਾਰ ਦਿੱਤਾ ਸਾਨੂੰ।
ਇਹ ਹੈ ਪੰਜਾਬ ਦੀ ਤ੍ਰਾਸਦੀ। ਪਰਵਾਸ, ਨਸ਼ਿਆਂ ਅਤੇ ਮਜ਼ਦੂਰਾਂ ਦੀ ਤ੍ਰਾਸਦੀ ਨਾਲ ਸੰਬੰਧਤ 30 ਕਵਿਤਾਵਾਂ ਹਨ। ਕਵਿਤਾਵਾਂ ਤੇ ਪੁਸਤਕਾਂ ਨੂੰ ਸ਼ਾਇਰ ਜੀਵਨ ਦਾ ਆਧਾਰ ਮੰਨਦਾ ਹੈ, ਕਿਉਂਕਿ ਉਸਨੇ ਲਗਪਗ 20 ਕਵਿਤਾਵਾਂ ਵਿੱਚ ਕਵਿਤਾ ਤੇ ਪੁਸਤਕਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ। ਗ਼ਰੀਬਾਂ ਦੀਆਂ ਬਸਤੀਆਂ, ਰੇਲ ਪਟੜੀਆਂ ‘ਤੇ ਕੋਲਾ ਚੁਗਦੇ ਬੱਚੇ, ਪਰਵਾਸ ਦੇ ਸਬਜ਼ਬਾਗ, ਕਰਜ਼ੇ, ਮਸ਼ੀਨਰੀ ਦੀ ਪੈਦਾ ਕੀਤੀ ਬੇਰੋਜ਼ਗਾਰੀ, ਜ਼ਿੰਦਗੀ ਦੀ ਤ੍ਰਾਸਦੀ ਬਿਆਨ ਕਰਦੀਆਂ ਹਨ। ਪਿਤਾ-ਮਾਤਾ ਦਿਵਸ ਦੇ ਮਕੜਜਾਲ ਵਿੱਚ ਪੰਜਾਬੀ ਫ਼ਸ ਗਏੇ, ਪ੍ਰੰਤੂ ਜੇਬ ਖਾਲ੍ਹੀ ਹੈ?ੈੈ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਸਿਕ ਜਦੋਜਹਿਦ ਦੀ ਦਾਸਤਾਂ ਵੀ ਹਨ। ਦੁਬਿਧਾ ਵਿੱਚੋਂ ਬਾਹਰ ਨਿਕਲਕੇ ਜ਼ਿੰਦਗੀ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਆਪਣੇ ਪੈਰ ਨਾ ਛੱਡੋ, ਅਖ਼ੀਰ ਪੈਰਾਂ ਨੇ ਹੀ ਸਹਾਰਾ ਦੇਣਾ ਹੈ। ਆਪਣੀ ਪਛਾਣ ਕਰੋ, ਸਾਰਾ ਕੁਝ ਤੁਹਾਡੇ ਅੰਦਰ ਹੀ ਹੈ। ਮਹਿਫ਼ਲਾਂ ਤੋਂ ਬਿਨਾ ਵੀ ਜ਼ਿੰਦਗੀ ਮਾਣੀ ਜਾ ਸਕਦੀ ਹੈ। ਬੱਚੇ ਦੇ ਜਨਮ ਤੋਂ ਲੈ ਕੇ ਅਖ਼ੀਰ ਤੱਕ ਇਨਸਾਨ ਵਹਿਮਾਂ-ਭਰਮਾ ਵਿੱਚ ਜਕੜਿਆ ਰਹਿੰਦਾ ਹੈ, ਫਿਰ ਪਛਾਣ ਪੱਤਰਾਂ ਤੇ ਜ਼ਮੀਨਾ ਜਾਇਦਾਦਾਂ ਵੀ ਵੰਡ ਵੰਡਾਈ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ, ਪ੍ਰੰਤੂ ਇਨਸਾਨ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮਨੁੱਖ ਵੀ ਗਮਲਿਆਂ ਦੇ ਪੌਦਿਆਂ ਦੀ ਤਰ੍ਹਾਂ ਪ੍ਰਫੁਲਤ ਨਹੀਂ ਹੁੰਦਾ, ਪ੍ਰਫ਼ੁਲਤ ਹੋਣ ਲਈ ਖੁਲ੍ਹੀ ਸੋਚ ਤੇ ਹਵਾ ਦੀ ਜ਼ਰੂਰਤ ਹੁੰਦੀ ਹੈ। ਮਾਸ ਨਾਲੋਂ ਨਹੁੰ ਤੋੜਨ ਦੀ ਜਿਵੇਂ ਤਕਲੀਫ ਹੁੰਦੀ ਹੈ, ਉਸੇ ਤਰ੍ਹਾਂ ਫ਼ੁੱਲ ਨੂੰ ਪੌਦੇ ਨਾਲੋਂ ਤੋੜਨ ‘ਤੇ ਹੁੰਦੀ ਹੈ। ਅਜਿਹੇ ਅਹਿਸਾਸ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਅਹਿਸਾਸ ਤੇ ਭਾਵਨਾਵਾਂ ਅਸਮਾਨ ਦੀ ਉਡਾਰੀ ਲਗਾ ਦਿੰਦੇ ਹਨ। ਇਸੇ ਤਰ੍ਹਾਂ ਸਫ਼ਲ ਜੀਵਨ ਲਈ ਅਹਿਸਾਸਾਂ ਦਾ ਹੋਣਾ ਲਾਭਦਾਇਕ ਹੁੰਦਾ ਹੈ। ਪਾਣੀ ਜੀਵਨ ਹੈ ਤੇ ਪਿਆਸ ਜੀਵਨ ਦਾ ਮਾਰਗ ਹੈ। ਇਹ ਕਵਿਤਾਵਾਂ ਜਿਥੇ ਭਾਵਨਾਵਾਂ ਦੀ ਗੱਲ ਕਰਦੀਆਂ ਹਨ, ਉਥੇ ਸਮਾਜਿਕ ਸਰੋਕਾਰਾਂ ਨਾਲ ਵੀ ਲਬਰੇਜ, ਕਵੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਪਰਵਾਸ ਵਿੱਚ ਮਿਹਨਤ ਕਰਦੇ ਹਨ, ਪ੍ਰੰਤੂ ਆਪਣੇ ਦੇਸ ਵਿੱਚ ਡਿਗਨਟੀ ਆਫ ਲੇਬਰ ਨਹੀਂ ਹੈ। ਮੰਜ਼ਲ ਦੀ ਪ੍ਰਾਪਤੀ ਲਈ ਮਿਹਨਤ ਲਾਜ਼ਮੀ ਤੇ ਫਿਰ ਆਨੰਦ ਹੀ ਆਨੰਦ ਹੈ। ਜ਼ਿੰਦਗੀ ਜਿਓਣ ਲਈ ਕਈ ਵੇਲਣ ਵੇਲਣੇ ਪੈਂਦੇ ਹਨ ਤੇ ਫਿਰ ਭਟਕਣਾ ਖ਼ਤਮ ਹੋ ਜਾਂਦੀ ਹੈ। ਖੰਡਰ ਵੀ ਸਭਿਅਤਾ ਦੀ ਅਮੀਰੀ ਦੀ ਨਿਸ਼ਾਨੀ ਹੁੰਦੇ ਹਨ। ਭੀੜਤੰਤਰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੁੰਦਾ ਹੈ। ਲੁਕਵੀਂ ਹਰ ਗੱਲ ਨੁਕਸਾਨਦਾਇਕ ਹੁੰਦੀ ਹੈ, ਲੁਕਵੇਂ ਗ਼ੈਰ ਇਖਲਾਕੀ ਸੰਬੰਧ ਅਣਮਨੁਖੀ ਤੇ ਗ਼ੈਰ ਕੁਦਰਤੀ ਵੀ ਹੁੰਦੇ ਹਨ। ਬ੍ਰਾਂਡਿਡ ਵਸਤਾਂ ਨੇ ਹੱਥ ਕਰਘਾ ਸਭਿਅਤਾ ਨੂੰ ਨਿਗਲ ਲਿਆ ਹੈ। ਪੰਜਾਬੀ ਗ਼ਰੀਬੀ, ਭੁੱਖਮਰੀ, ਬੇਰੋਜ਼ਗਾਰੀ, ਪਰਵਾਸ ਅਤੇ ਭੋਂ ਮਾਫ਼ੀਏ ਦੇ ਚੁੰਗਲ ਵਿੱਚ ਫਸਕੇ ਫ਼ਸਲਾਂ ਵਾਲੀਆਂ ਜ਼ਮੀਨਾਂ ਤੋਂ ਹੱਥ ਧੋ ਬੈਠਣਗੇ। ਪਰਜਤੰਤਰ ਪ੍ਰਣਾਲੀ ਦੀਆਂ ਖ਼ਾਮੀਆਂ ਦਾ ਇਵਜ਼ਾਨਾ ਭੁਗਤ ਰਹੇ ਹਾਂ, ਆਜ਼ਾਦੀ ਦੇ ਲਾਭ ਨਹੀਂ ਮਿਲ ਰਹੇ, ਸਾਜ਼ਸਾਂ ਦਾ ਸ਼ਿਕਾਰ ਹੋ ਰਹੇ ਹਾਂ। ਭਰਿਸ਼ਟਾਚਾਰ ਦਾ ਬੋਲਬਾਲਾ ਹੈ, ਵੋਟਾਂ ਮੌਕੇ ਵੋਟਰ ਵਿਕ ਜਾਂਦੇ ਹਨ, ਫਿਰ ਭਵਿਖ ਸੁਨਹਿਰਾ ਕਿਵੇਂ ਹੋਵੇਗਾ? ਸਾਡੀ ਮਾਨਸਿਕਤਾ ਦੀ ਤਰ੍ਹਾਂ ਗ਼ਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਜੰਗ ਦਾ ਇਵਜਾਨਾ ਮਾਸੂਮਾ ਨੂੰ ਭਗਤਣਾ ਪੈਂਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਕਵਿਤਾਵਾਂ ਮੰਗਦੀਆਂ ਹਨ।
ਦੂਜੇ ਭਾਗ ਵਿੱਚ ਸ਼ਾਇਰ ਲਿਖਦਾ ਹੈ ਕਿ ਆਧੁਨਿਕ ਤਕਨੀਕ ਦੇ ਕੰਪਿਊਟਰ, ਮੋਬਾਈਲ ਅਤੇ ਲੈਪਟਾਪ ਦੇ ਉਪਕਰਨਾ ਦੇ ਆਉਣ ਨਾਲ ਇਨਸਾਨ ਇਨ੍ਹਾਂ ਦਾ ਗ਼ੁਲਾਮ ਹੋ ਗਿਆ ਹੈ। ਪੁਸਤਕਾਂ ਦੇ ਛਪਾਈ ‘ਤੇ ਵੀ ਅਸਰ ਹੋਇਆ ਹੈ। ਮਨੁੱਖ ਦਾ ਪੱਥਰ ਯੁੱਗ ਤੋਂ ਅਧੁਨਿਕ ਤਕਨੀਕ ਦੇ ਸਫਰ ਦੀ ਦਾਸਤਾਂ ਹੈ। ਮਨੁੱਖ ਨੇ ਅਮੀਰ ਸਭਿਅਤਾ ਤੋਂ ਮੂੰਹ ਮੋੜ ਲਿਆ ਹੈ, ਉਪਕਰਨਾ ਦਾ ਕੈਦੀ ਬਣ ਗਿਆ। ਸ਼ੋਸ਼ਲ ਮੀਡੀਆ ਝੂਠ ਦਾ ਪੁਲੰਦਾ ਹੈ, ਮਨੁੱਖ ਉਸ ਵਿੱਚ ਹੀ ਮਸਤ ਹੋ ਗਿਆ ਹੈ। ਸ਼ੀਸ਼ੇ ਦੇ ਜੰਗਲ ਵਿੱਚ ਮਨੁੱਖ ਐਸਾ ਉਲਝਿਆ ਨਾ ਤਾਂ ਉਸ ਵਿੱਚ ਰਹਿ ਸਕਦਾ ਅਤੇ ਨਾ ਹੀ ਬਾਹਰ ਆ ਸਕਦਾ। ਇਸਦੀ ਚਕਾ-ਚੌਂਧ ਤੇ ਚਮਕ-ਦਮਕ ਮਨੁੱਖ ਨੂੰ ਭੁਸਲਾ ਕੇ ਰੱਖਦੀ ਹੈ। ਇਸ ਵਿੱਚ ਹੀ ਉਲਝਿਆ ਹੋਇਆ, ਆਪਣੀ ਮਾਨਸਿਕਤਾ ਨੂੰ ਪੱਠੇ ਪਾਉਂਦਾ ਰਹਿੰਦਾ ਹੈ ਪ੍ਰੰਤੂ ਉਸ ਵਿਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਸ਼ੀਸ਼ੇ ਦੇ ਜੰਗਲ ਵਿੱਚ ਸ਼ਰਮਸ਼ਾਰ ਹੋਇਆ ਘੁੰਮਣਘੇਰੀ ਵਿੱਚ ਪਿਆ ਰਹਿੰਦਾ ਹੈ। ਇਸ਼ਤਿਹਾਰਬਾਜ਼ੀ ਦਾ ਚਕਮਾ ਮਹਿੰਗੀਆਂ ਵਸਤਾਂ ਖ੍ਰੀਦਣ ਲਈ ਮੁਸ਼ਕਲ ਪੈਦਾ ਕਰ ਦਿੰਦਾ ਹੈ। ਨਮੋਸ਼ੀ, ਨਿਰਾਸਤਾ, ਚੁੱਪ, ਖ਼ੌਫ਼, ਖ਼ਾਮੋਸ਼ੀ ਅਤੇ ਬੇਬਸੀ ਨੇ ਘੇਰਾ ਪਾਇਆ ਹੈ, ਇਨ੍ਹਾਂ ਵਿੱਚੋਂ ਬਾਹਰ ਦਾ ਰਸਤਾ ਲੱਭਣਾ ਵੀ ਔਖਾ ਹੋ ਜਾਂਦਾ ਹੈ। ਇਹ ਚੁਣੌਤੀਆਂ ਮਿਹਨਤ ਨਾਲ ਸਰ ਹੋਣਗੀਆਂ। ਭੂਤ ਨੂੰ ਭੁੱਲਕੇ ਭਵਿਖ ਨੂੰ ਰੌਸ਼ਨ ਕਰੋ, ਦੂਜਿਆਂ ਦੇ ਨੁਕਸ ਕੱਢਣ ਦੀ ਥਾਂ ਆਪਣੇ ਵਿੱਚ ਸੁਧਾਰ ਕਰੋ, ਸੁਪਨੇ ਸਿਰਜੋ ਤਾਂ ਮੁਕੱਦਰ ਆਪ ਹੀ ਬਣ ਜਾਵੇਗਾ। ਅਵਤਾਰਜੀਤ ਤੋਂ ਭਵਿਖ ਵਿੱਚ ਹੋਰ ਬਾਕਮਾਲ ਕਵਿਤਾਵਾਂ ਦੀ ਉਮੀਦ ਕੀਤੀ ਜਾ ਸਕਦੀ ਹੈ।
207 ਪੰਨਿਆਂ, 450 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਸ਼ਤ ਕੀਤਾ ਹੈ।
ਸੰਪਰਕ:ਅਵਤਾਰਜੀਤ:9914203231
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਰਜੀਤ ਦੀ ‘ਜ਼ਿੰਦਗੀ ਇੱਕ ਹੁਨਰ’ ਪੁਸਤਕ : ਜ਼ਿੰਦਗੀ ਜਿਓਣ ਦੇ ਗੁਰ - ਉਜਾਗਰ ਸਿੰਘ
ਸੁਰਜੀਤ ਪੰਜਾਬੀ ਦੀ ਬਹੁ-ਪ ੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 7 ਮੌਲਿਕ ਪੁਸਤਕਾਂ, ਜਿਨ੍ਹਾਂ ਵਿੱਚ 5 ਕਵਿਤਾ ਸੰਗ੍ਰਹਿ ਅਤੇ ਦੋ ਵਾਰਤਕ, 3 ਸੰਪਾਦਿਤ ਪੁਸਤਕਾਂ, ਜਿਨ੍ਹਾਂ ਵਿੱੱਚ ਇਕ ਕਹਾਣੀ ਸੰਗ੍ਰਹਿ ਅਤੇ ਦੋ ਵਾਰਤਕ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸਦੀ ਇੱਕ ਪੁਸਤਕ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ‘ਜ਼ਿੰਦਗੀ ਇਕ ਹੁਨਰ’ ਉਸਦੀ 11ਵੀਂ ਵਾਰਤਕ ਦੀ ਪੁਸਤਕ ਹੈ। ਸੁਰਜੀਤ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ 9 ਅਤੇ ਦੂਜੇ ਭਾਗ ‘ਨੂਰ ਦੇ ਰੂ-ਬਰ’ੂ ਵਿੱਚ ਵੀ 9 ਲੇਖ ਹਨ। ਸੁਰਜੀਤ ਮੁੱਢਲੇ ਤੌਰ ‘ਤੇ ਕਵਿਤਰੀ ਹੈ। ਇਸ ਲਈ ਉਸ ਨੇ ਆਪਣੇ ਲੇਖਾਂ ਨੂੰ ਸਾਰਥਿਕ ਤੇ ਦਿਲਚਸਪ ਬਣਾਉਣ ਲਈ ਕਵਿਤਾਵਾਂ ਦੇ ਸ਼ਿਅਰ ਵੀ ਲੇਖਾਂ ਵਿੱਚ ਪਾਏ ਹਨ। ਕਵਿਤਰੀ ਹੋਣ ਕਰਕੇ ਵਾਰਤਕ ਵਿੱਚ ਰਵਾਨਗੀ ਦਰਿਆ ਦੇ ਵਹਿਣ ਦੀ ਤਰ੍ਹਾਂ ਹੈ। ਲੇਖਾਂ ਵਿੱਚ ਉਹ ਨੁਕਤੇ ਲਿਖੇ ਹਨ, ਜਿਹੜੇ ਆਮ ਜੀਵਨ ਵਿੱਚ ਸਾਰਥਿਕ ਹੋ ਸਕਦੇ ਹਨ। ਭਾਵੇਂ ਇਨ੍ਹਾਂ ਨੁਕਤਿਆਂ ਬਾਰੇ ਸਮਾਜ ਚੰਗੀ ਤਰ੍ਹਾਂ ਜਾਣਦਾ ਹੈ ਪ੍ਰੰਤੂ ਸੁਰਜੀਤ ਨੇ ਇਨ੍ਹਾਂ ਨੂੰ ਬੜੇ ਹੀ ਸਰਲ ਢੰਗ ਨਾਲ ਗੁਰਬਾਣੀ ਵਿੱਚੋਂ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸਿਸ਼ ਕੀਤੀ ਹੈ, ਇਨ੍ਹਾਂ ‘ਤੇ ਅਮਲ ਕਰਨ ਨਾਲ ਜ਼ਿੰਦਗੀ ਬਿਹਤਰੀਨ, ਆਨੰਦਮਈ, ਸੁਹਾਵਣੀ ਤੇ ਸੁਖਾਲੀ ਬਣ ਸਕਦੀ ਹੈ। ਪੁਸਤਕ ਦੇ ਸਿਰਲੇਖ ਵਾਲਾ ਪਹਿਲਾ ਲੇਖ ‘ਜ਼ਿੰਦਗੀ ਇਕ ਹੁਨਰ’ ਹੈ, ਜਿਸ ਵਿੱਚ ਜ਼ਿੰਦਗੀ ਜਿਓਣ ਦੇ ਅਣਗਿਣਤ ਨੁਕਤੇ ਦੱਸਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਸਾਰਥਿਕ ਜੀਵਨ ਜਿਓਣ ਦੇ ਗੁਰਾਂ ਵਿੱਚ ਅਨੁਸਸ਼ਾਨ, ਸੰਤੁਲਨ, ਜੋ ਮਿਲਿਆ ਉਸ ਤੋਂ ਸੰਤੁਸ਼ਟਤਾ, ਵਿਉਂਤ, ਉਸਾਰੂ ਸੋਚ, ਕਿਰਤ ਕਰਨਾ, ਇੱਛਾ ਸ਼ਕਤੀ ਤੇ ਕਾਬੂ, ਥੋੜ੍ਹੇ ਵਿੱਚ ਗੁਜ਼ਾਰਾ, ਪਰਿਵਾਰ ਵਿੱਚ ਰਹਿਣਾ, ਹਲੀਮੀ, ਪੌਸ਼ਟਿਕ ਖੁਰਾਕ, ਸਫਾਈ, ਕਸਰਤ, ਆਪੇ ਨਾਲ ਪਿਆਰ, ਚੰਗੀ ਸੰਗਤ, ਉਸਾਰੂ ਸੋਚ, ਪੁਸਤਕਾਂ ਪੜ੍ਹਨਾ, ਤਨ, ਮਨ ਤੇ ਬੁੱਧੀ ਦਾ ਸੁਮੇਲ, ਕਿੱਤੇ ਦੀ ਮੁਹਾਰਤ, ਆਸ਼ਾਵਾਦੀ ਰਹਿਣਾ, ਹਿੰਮਤੀ ਤੇ ਮਿਹਨਤੀ, ਨਿਸ਼ਾਨਾ ਨਿਸਚਤ, ਚਿੰਤਾ ਨਾ ਕਰਨਾ ਅਤੇ ਲੋਕਾਂ ਦੇ ਮਦਦਗਾਰ ਬਣਨਾ ਆਦਿ ਸ਼ਾਮਲ ਹਨ। ਇਸ ਲੇਖ ਵਿੱਚ ਹੀ ਪੁਸਤਕ ਦਾ ਨਚੋੜ ਹੈ। ‘ਕੋਈ ਦੀਪ ਜਲਾਓ ਕਿ ਹਨੇਰਾ ਮਿਟੇ’ ਲੇਖ ਵਿੱਚ ਪਰੰਪਰਾਵਾਂ ‘ਤੇ ਪਹਿਰਾ ਦੇਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਤਿਓਹਾਰ ਮਨਾਕੇ ਵਿਖਾਵਾ ਕਰਨ ਦੀ ਥਾਂ ਅਮਲੀ ਕੰਮ ਕੀਤਾ ਜਾਵੇ। ਆਪਣੇ ਅੰਦਰਲੇ ਰਾਵਣ ਦਾ ਨਾਸ ਕੀਤਾ ਜਾਵੇ, ਮਨ ਨੂੰ ਰੌਸ਼ਨ ਕੀਤਾ ਜਾਵੇ, ਵਾਤਾਵਰਨ ਦਾ ਧਿਆਨ ਰੱਖਿਆ ਜਾਵੇ, ਲੜਕੀਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ, ਸੋਚ ਬਦਲੀ ਜਾਵੇ, ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕੀਤੀ ਜਾਵੇ ਅਤੇ ਤਿਓਹਾਰ ਮਨਾਉਣ ਨਾਲ ਮਾਨਵਤਾ ਦਾ ਨੁਕਸਾਨ ਨਾ ਹੋਵੇ ਆਦਿ ਗੱਲਾਂ ‘ਤੇ ਪਹਿਰਾ ਦੇਣ ਦੀ ਤਾਕੀਦ ਕੀਤੀ ਗਈ ਹੈ। ‘ਜਲ ਬਿਨ ਸਾਖ ਕੁਮਲਾਵਤੀ’ ਲੇਖ ਵਿੱਚ ਬਹੁਤ ਹੀ ਵਧੀਆ ਉਦਾਹਰਨਾ ਦੇ ਕੇ ਪਾਣੀ ਦੀ ਜੀਵਨ ਲਈ ਮਹੱਤਤਾ ਦਰਸਾਈ ਗਈ ਹੈ। ਮਾਨਵਤਾ ਨੂੰ ਪਾਣੀ ਨੂੰ ਗੰਧਲਾ ਕਰਨਾ ਅਤੇ ਦੁਰਵਰਤੋਂ ਦੇ ਭਿਆਨਕ ਨਤੀਜਿਆਂ ਤੋਂ ਚੇਤੰਨ ਕਰਵਾਇਆ ਗਿਆ ਹੈ। ‘ਦੋਸਤੀ ਦੇ ਨਵੇਂ ਸਮੀਕਰਨ’ ਲੇਖ ਵਿੱਚ ਲੇਖਕ ਨੇ ਸੱਚੇ-ਸੁੱਚੇ ਦੋਸਤ ਬਣਾਉਣ ਅਤੇ ਸੱਚੀ ਦੋਸਤੀ ਨਿਭਾਉਣ ਦੀ ਸਲਾਹ ਦਿੱਤੀ ਹੈ ਤੇ ਦੋਸਤ ਬਣਾਉਣ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਸੱਚੇ ਦੋਸਤ ਰਿਸ਼ਤੇਦਾਰਾਂ ਨਾਲੋਂ ਵੀ ਬਿਹਤਰ ਢੰਗ ਨਾਲ ਵਿਚਰਦੇ ਹਨ। ਸ਼ੋਸ਼ਲ ਮੀਡੀਆ ਵਾਲੇ ਸਾਰੇ ਦੋਸਤ ਸਹੀ ਅਰਥਾਂ ਵਿੱਚ ਦੋਸਤ ਨਹੀਂ ਹੁੰਦੇ, ਕਿਉਂਕਿ ਅਸੀਂ ਉਨ੍ਹਾਂ ਨੂੰ ਮਿਲੇ ਹੀ ਨਹੀਂ ਹੁੰਦੇ। ਉਨ੍ਹਾਂ ਵਿੱਚੋਂ ਕੁਝ ਚੰਗੇ ਵੀ ਹੁੰਦੇ ਹਨ। ‘ਮੁਆਫ਼ੀ ਇਕ ਵਰਦਾਨ’ ਲੇਖ ਬਹੁਤ ਮਹੱਤਵਪੂਰਨ ਹੈ ਕਿਉਂਕਿ ਮਨੁੱਖ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਆਪਣੀ ਮਾਨਸਿਕ ਸ਼ਾਂਤੀ ਗੁਆ ਲੈਂਦੇ ਹਨ। ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਇਸ ਲਈ ਗ਼ਲਤੀ ਮੁਆਫ਼ ਕਰਕੇ ਸੁਰਖੁਰੂ ਹੋਣ ਵਿੱਚ ਹੀ ਬਿਹਤਰੀ ਹੈ। ਪਹਿਲਾਂ ਆਪਣੇ ਆਪ ਨੂੰ ਮੁਆਫ਼ ਕਰੋ ਤੇ ਫਿਰ ਗ਼ਲਤੀ ਕਰਨ ਵਾਲੇ ਨੂੰ ਮੁਆਫ਼ ਕਰ ਦਿਓ, ਮੁਆਫ਼ ਕਰਨ ਵਾਲਾ ਵੱਡਾ ਬਣ ਜਾਂਦਾ ਹੈ। ਸੰਤੁਲਨ ‘ਦਾ ਬੈਲੈਂਸ’ ਲੇਖ ਵਿੱਚ ਸਮਝਾਇਆ ਹੈ ਕਿ ਕੁਦਰਤ ਨਾਲ ਖਿਲਵਾੜ ਮਨੁੱਖਤਾ ਦਾ ਨੁਕਸਾਨ ਕਰਦਾ ਹੈ। ਕੁਦਰਤ ਦੇ ਨਿਯਮਾ ਦੇ ਵਿਰੁੱਧ ਅਸੀਂ ਜੰਗਲ ਵੱਢ ਰਹੇ ਹਾਂ, ਪਾਣੀ ਤੇ ਹਵਾ ਗੰਧਲਾ ਕਰ ਰਹੇ ਹਾਂ, ਜਿਸ ਕਰਕੇ ਤੂਫ਼ਾਨ ਤੇ ਭੁਚਾਲ ਆਉਂਦੇ ਹਨ। ਇਸ ਲਈ ਮਾਨਵਤਾ ਨੂੰ ਸੰਜਮ ਦਾ ਪੱਲਾ ਫੜ੍ਹਨਾ ਚਾਹੀਦਾ ਹੈ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆਂ ਰਹੇ। ‘ਦਾ ਸੈਕੰਡ ਚਾਂਸ’ ਲੇਖ ਇਨਸਾਨ ਨੇ ਨੌਕਰੀ ਤੋਂ ਸੇਵਾ ਮੁਕਤੀ ਦਾ ਜੀਵਨ ਕਿਵੇਂ ਗੁਜਾਰਨਾ ਹੈ, ਬਾਰੇ ਗੁਰ ਦੱਸੇ ਹਨ, ਰੁਝੇਵਾਂ ਰੱਖਣਾ ਅਤਿਅੰਤ ਜ਼ਰੂਰੀ ਹੈ ਕਿਉਂਕਿ ਵਿਹਲਾ ਮਨੁੱਖ ਸੋਚਦਾ ਰਹਿਣ ਕਰਕੇ ਬਿਮਾਰੀ ਗ੍ਰਸਤ ਹੋ ਜਾਂਦਾ ਹੈ। ਸ਼ੌਕ ਪੂਰੇ ਕਰੋ, ਸੈਰ ਕਰੋ, ਸੋਚ ਸਾਕਾਰਾਤਮਕ ਰੱਖੋ, ਸ਼ਿਕਾਇਤਾਂ ਤੇ ਝਗੜੇ ਨਾ ਕਰੋ, ਜ਼ਿੰਦਗੀ ਸਾਜ਼ਗਾਰ ਲੱਗੇਗੀ। ‘ਰੁੱਤਾਂ ਰਾਂਗਲੀਆਂ’ ਕੈਨੇਡਾ ਦੇ ਟਰਾਂਟੋ ਤੇ ਓਨਟਾਰੀਓ ਸ਼ਹਿਰਾਂ ਦੀਆਂ ਰੁੱਤਾਂ ਠੰਡੀਆਂ ਬਹੁਤ ਹੁੰਦੀਆਂ ਹਨ, ਰੁੱਤ ਅਨੁਸਾਰ ਖੇਡਾਂ ਬਦਲ ਜਾਂਦੀਆਂ ਹਨ, ਉਨ੍ਹਾਂ ਅਨੁਸਾਰ ਆਨੰਦ ਮਾਣੋ, ਗਰਮੀ ਵਿੱਚ ਪਤਝੜ ਵੀ ਸੁਹਾਵਣੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬਸੰਤ ਖ਼ੁਸ਼ਗਵਾਰ ਮੌਸਮ ਹੁੰਦਾ ਹੈ। ਪੰਜਾਬ ਵਿੱਚ ਸਾਉਣ ਸੁਹਾਵਣਾ ਹੁੰਦਾ ਹੈ। ਰੁੱਤਾਂ ਮੁਤਾਬਕ ਮਨੁੱਖ ਨੂੰ ਵੀ ਬਦਲਕੇ ਰੂਹ ਖ਼ੁਸ਼ ਰੱਖਣ ਦਾ ਬਲ ਸਿੱਖਣਾ ਜ਼ਰੂਰੀ ਹੈ। ‘ਏਕ ਸ਼ਜਰ ਮੁਹੱਬਤ ਕਾ’ ਲੇਖ ਵਿੱਚ ਸਮਝਾਇਆ ਹੈ ਕਿ ਜੀਵਨ ਬਹੁਤ ਛੋਟਾ ਹੈ, ਇਸ ਲਈ ਧਰਮਾ ਦੇ ਚੱਕਰ ਵਿੱਚ ਨਫ਼ਰਤ ਨਾ ਫੈਲਾਓ, ਕਿਉਂਕਿ ਪਰਮਾਤਮਾ ਇੱਕ ਹੈ। ਮੁਹੱਬਤ ਹੀ ਇੱਕੋ-ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਜ਼ਿੰਦਗੀ ਸੁਹਾਵਣੀ ਹੋ ਸਕਦੀ ਹੈ। ਇਸ ਲਈ ਮੁਹੱਬਤ ਪੱਲੇ ਬੰਨ੍ਹ ਲਓ।
ਪੁਸਤਕ ਦਾ ਦੂਜਾ ਭਾਗ ‘ਨੂਰ ਦੇ ਰੂ-ਬਰੂ ਹੈ, ਜਿਸ ਵਿੱਚਲੇ ਸਾਰੇ ਲੇਖ ਇਸਤਰੀਆਂ ਨਾਲ ਸੰਬੰਧਤ ਹਨ। ਪਹਿਲਾ ਲੇਖ ‘ਕੌਰਡ ਔਫ਼ ਲਵ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੇ ਦਾ ਨਾੜੂਆ, ਜੇ ਇਸਤਰੀ ਚਾਹੇ ਤਾਂ ਦਾਨ ਕਰ ਸਕਦੀ ਹੈ, ਜਿਸ ਨਾਲ ਅਨੇਕਾਂ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਨਾੜੂਆ ਵੈਸੈ ਵੀ ਬੱਚੇ ਦੀ ਪੈਦਾਇਸ਼ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ‘ਮਾਂ ਜ਼ਿੰਦਗੀ ਦਾ ਦੂਜਾ ਨਾਂ’ ਵਿੱਚ ਮਾਂ ਦੀ ਦੇਣ ਬਾਰੇ ਦੱਸਿਆ ਹੈ, ਮਾਂ ਬੱਚਿਆਂ ਨੂੰ ਸਿਰਫ਼ ਜਨਮ ਹੀ ਨਹੀਂ ਦਿੰਦੀ, ਬਲਕਿ ਉਨ੍ਹਾਂ ਦੇ ਪਾਲਣ ਪੋਸ਼ਣ ਲਈ ਵੀ ਆਪਣਾ ਜੀਵਨ ਲਾ ਦਿੰਦੀ ਹੈ। ਇਸ ਲਈ ਮਾਂ ਦਿਵਸ ਤੋਹਫ਼ਿਆਂ ਅਤੇ ਪ੍ਰੀਤੀ ਭੋਜਾਂ ਦੀ ਪਰੰਪਰਾ ਤੱਕ ਨਾ ਕੀਤਾ ਜਾਵੇ, ਉਸਨੂੰ ਹਮੇਸ਼ਾ ਮਾਣ ਸਤਿਕਾਰ ਦਿੱਤਾ ਜਾਵੇ। ‘ਔਰਤ-ਸਿਆਣਪ ਅਤੇ ਸ਼ਕਤੀ ਦਾ ਮੁਜੱਸਮਾ’ ਲੇਖ ਨੂੰ ਪੜ੍ਹਕੇ ਪਾਠਕ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ, ਔਰਤ ਦੀ ਸਮਾਜ ਨੂੰ ਇਤਨੀ ਵੱਡੀ ਦੇਣ ਦੇ ਬਾਵਜੂਦ ਮਰਦ ਪ੍ਰਧਾਨ ਸਮਾਜ ਔਰਤ ਦਾ ਬਣਦਾ ਮਾਨ ਸਨਮਾਨ ਨਹੀਂ ਕਰਦਾ। ਔਰਤਾਂ ਬਲਾਤਕਾਰ ਵਰਗੀਆਂ ਅਨੇਕਾਂ ਵੰਗਾਰਾਂ ਦਾ ਮੁਕਾਬਲਾ ਕਰਦਿਆਂ ਵੀ ਮਰਦ ਨਾਲ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਦੀਆਂ ਹਨ। ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਲੇਖ ਵਿੱਚ ਸੁਰਜੀਤ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਸੰਬੰਧੀ ਸੰਸਾਰ ਦੀਆਂ ਔਰਤਾਂ ਦੇ ਸੰਗਠਤ ਰੂਪ ਵਿੱਚ ਆਪਣੇ ਹੱਕਾਂ ਦੀ ਬਰਾਬਰੀ ਲਈ ਕੀਤੇ ਯਤਨਾ ਦਾ ਨਤੀਜਾ ਹੈ। ਇਸ ਕਰਕੇ ਸੰਸਾਰ ਵਿੱਚ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਹੈ, ਹਰ ਸੰਸਥਾ ਔਰਤਾਂ ਦੇ ਹੱਕਾਂ ਦੀ ਪ੍ਰੋੜ੍ਹਤਾ ਦੀ ਜ਼ਿੰਮੇਵਾਰੀ ਲੈਣ ਵਿੱਚ ਖ਼ੁਸ਼ੀ ਮਹਿਸੂਸ ਕਰਦੀ ਹੈ। ‘ਤਿ੍ਰਵੈਣੀ’ ਲੇਖ ਵਿੱਚ ਸੰਸਾਰ ਦੀਆਂ ਤਿੰਨ ਅਜਿਹੀਆਂ ਦਲੇਰ ਤੇ ਬਹਾਦਰ ਇਸਤਰੀਆਂ : ਰੋਜ਼ਾ ਪਾਰਕਸ, ਐਲਿਸ ਵਾਕਰ ਅਤੇ ਓਪੇਰਾ ਵਿਨਫ਼ਰੇ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀ ਬਦੌਲਤ ਅੱਜ ਸੰਸਾਰ ਦੀਆਂ ਔਰਤਾਂ ਆਜ਼ਾਦੀ ਦਾ ਨਿੱਘ ਮਾਣ ਰਹੀਆਂ ਹਨ। ਸੰਸਾਰ ਵਿੱਚ ਹੁਣ ਤੱਕ ਜਿਹੜੀਆਂ ਔਰਤਾਂ ਨੇ ਉਚੇ ਮੁਕਾਮ ਪ੍ਰਾਪਤ ਕੀਤੇ ਹਨ, ਉਹ ਉਨ੍ਹਾਂ ਨੇ ਇਨ੍ਹਾਂ ਅਧਿਕਾਰਾਂ ਕਰਕੇ ਹੀ ਪ੍ਰਾਪਤ ਕੀਤੇ ਹਨ। ‘ਦਾ ਫ਼ੇਮਸ ਫ਼ਈਵ’ ਲੇਖ ਵਿੱਚ ਪੰਜ ਔਰਤਾਂ : ਐਮਲੀ ਮਰਫ਼ੀ, ਆਇਰਨ ਮਾਰਟਿਨ ਪਰਲਬੀ, ਨੈਨੀ ਮੂਲੀ ਮੈਕਲੰਗ, ਲੂਈਸ ਮਕੀਨੀ ਅਤੇ ਹੈਨਰੀਅਟਾ ਮਯੂਰ ਬਾਰੇ ਦੱਸਿਆ ਹੈ, ਜਿਨ੍ਹਾਂ ਨੇ 1927 ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਤੇ ਫਿਰ ਇੰਗਲੈਂਡ ਵਿੱਚ ਬਿ੍ਰਟਿਸ਼ ਸਰਕਾਰ ਦੀ ‘ ਜੂਡੀਸ਼ੀਅਲ ਪ੍ਰੀਵੀ ਕੌਂਸਲ’ ਵਿੱਚ ਕੇਸ ਲੜਕੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿਵਾਏ ਸਨ। ਇਹ ਪੰਜੇ ਔਰਤਾਂ ‘ਦਾ ਫ਼ੇਮਸ ਫ਼ਾਈਵ’ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ, ਪ੍ਰੰਤੂ ਅਜੇ ਔਰਤਾਂ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਇਕ ਹੋਰ ਮਾਂ-ਸਾਡੀ ਮਾਂ ਬੋਲੀ’ ਲੇਖ ਵਿੱਚ ਦੱਸਿਆ ਪੰਜਾਬੀਆਂ ਵੱਲੋਂ ਪੰਜਾਬੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ, ਭਾਵੇਂ ਕੈਨੇਡਾ ਵਿੱਚ ਪੰਜਾਬੀ ਪੜ੍ਹਾਉਣ ਦੀ ਪ੍ਰਵਿਰਤੀ ਸ਼ੁਰੂ ਹੋ ਗਈ ਹੈ, ਕੁਝ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ। ਪੰਜਾਬੀ ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ ਤੇ ਰੇਡੀਓ ਵੀ ਪੰਜਾਬੀ ਵਿੱਚ ਪ੍ਰੋਗਰਾਮ ਕਰਦੇ ਹਨ। ‘ਆਹ ਲੈ ਫੜ ਲੈ ਗੱਡੀ ਦੀ ਚਾਬੀ’ ਵਿਚ ਇਸਤਰੀਆਂ ਦੇ ਤਿੰਨ ਕੰਮਾ ਬਾਰੇ ਦੱਸਿਆ ਹੈ, ਇੱਕ ਤਾਂ ਉਹ ਕੰਮਾਂ ਤੇ ਜਾਂਦੀਆਂ ਹਨ, ਦੂਜੇ ਘਰ ਦਾ ਕੰਮ ਕਰਦੀਆਂ ਹਨ ਅਤੇ ਤੀਜੇ ਸ਼ਰਾਬੀ ਪਤੀਆਂ ਨੂੰ ਪਾਰਟੀਆਂ ਤੋਂ ਘਰਾਂ ਵਿੱਚ ਵਾਪਸ ਲਿਆਉਂਦੀਆਂ ਹਨ, ਜਿਨ੍ਹਾਂ ਦੇ ਪਤੀ ਨਸ਼ੇੜੀ ਹਨ, ਉਨ੍ਹਾਂ ਦੀ ਜ਼ਿੰਦਗੀ ਤਾਂ ਬਰਬਾਦ ਹੋਣ ਦੇ ਬਰਾਬਰ ਹੋ ਜਾਂਦੀ ਹੈ। ‘ਵਿਪਰੀਤ ਪ੍ਰਸਥਿਤੀਆਂ ਵਿੱਚ ਜਿਨ੍ਹਾਂ ਕਲਮ ਚੁੱਕੀ (ਕੈਨੇਡੀਅਨ ਪੰਜਾਬੀ ਨਾਰੀ-ਕਵਿਤਾ) ’ ਵਿੱਚ ਪੰਜਾਬੀ ਕਵਿਤਰੀਆਂ ਵੱਲੋਂ ਪਿਛਲੀ ਅੱਧੀ ਸਦੀ ਵਿੱਚ ਵੱਖ-ਵੱਖ ਰੰਗਾਂ ਵਿੱਚ ਰੰਗੀ ਸਮਾਜਿਕ ਸਰੋਕਾਰਾਂ ਵਾਲੀ ਕਵਿਤਾ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ ਸੁਰਜੀਤ ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ। 96 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬ ਪਬਲਿਸ਼ਰਜ਼ ਜਲੰਧਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਿੱਖ ਜਗਤ ਲਈ ਸੋਚਣ ਦਾ ਵਿਸ਼ਾ : ਬਲਿਊ ਸਟਾਰ ਅਪ੍ਰੇਸ਼ਨ ਲਈ ਜ਼ਿੰਮੇਵਾਰ ਕੌਣ? - ਉਜਾਗਰ ਸਿੰਘ
ਸਰੀਰਕ ਜ਼ਖ਼ਮ ਸਮੇਂ ਦੇ ਬੀਤਣ ਨਾਲ ਰਿਸਣ ਤੋਂ ਹੱਟ ਜਾਂਦੇ ਹਨ, ਪ੍ਰੰਤੂ ਮਾਨਸਿਕ ਜ਼ਖ਼ਮ ਹਮੇਸ਼ਾ ਅੱਲੇ ਰਹਿੰਦੇ ਹਨ ਤੇ ਰਿਸਣ ਤੋਂ ਕਦੀਂ ਬੰਦ ਨਹੀਂ ਹੁੰਦੇ। ਜੇਕਰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਜ਼ਖ਼ਮ ਹੋਣ ਤਾਂ ਫਿਰ ਉਨ੍ਹਾਂ ਦੇ ਰਿਸਣ ਦੇ ਬੰਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖਾਂ ਦੇ ਸਰਵੋਤਮ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ 40 ਦੇ ਕਰੀਬ ਗੁਰੂ ਘਰਾਂ ‘ਤੇ ਭਾਰਤੀ ਫੌਜਾਂ ਵੱਲੋਂ ਕੀਤੇ ਗਏ ਬਲਿਊ ਸਟਾਰ ਅਪ੍ਰੇਸ਼ਨ ਦੇ ਨਾਮ ਦੇ ਅਤਿਅੰਤ ਦੁੱਖਦਾਈ ਕੀਤੇ ਨੂੰ ਹਮਲੇ ਨੂੰ ਭਾਵੇਂ 41 ਸਾਲ ਹੋ ਗਏ ਹਨ ਪ੍ਰੰਤੂ ਉਸਦੇ ਜ਼ਖ਼ਮ ਅਜੇ ਵੀ ਅੱਲੇ ਹੀ ਹਨ, ਰਿਸਦੇ ਹਨ ਤੇ ਹਮੇਸ਼ਾ ਰਿਸਦੇ ਵੀ ਰਹਿਣਗੇ। ਸਿੱਖਾਂ ਨੂੰ ਕੁਝ ਲੋਕ ਸਲਾਹ ਦਿੰਦੇ ਹਨ ਕਿ ਉਸ ਮੰਦਭਾਗੀ ਹਮਲੇ ਨੂੰ ਭੁੱਲ ਜਾਓ, ਪ੍ਰੰਤੂ ਕਹਿਣਾ ਸੌਖਾ ਹੈ, ਭੁੱਲਣਾ ਅਸੰਭਵ ਹੈ, ਜਿਸਦਾ ਦਿਲ ਵਲੂੰਧਰਿਆ ਗਿਆ ਹੋਵੇ, ਉਸਦਾ ਦੁੱਖ ਉਹ ਹੀ ਮਹਿਸੂਸ ਕਰ ਸਕਦਾ ਹੈ। ਸਰਕਾਰੀ ਕਰੂਰਤਾ ਦੀ ਚੀਸ ਖ਼ਤਮ ਹੋਣ ਵਾਲੀ ਨਹੀਂ ਹੈ। ਕੋਈ ਵੀ ਗੁਰੂ ਦਾ ਸੱਚਾ ਸਿੱਖ ਉਸ ਅਣਮਨੁੱਖੀ ਹਮਲੇ ਦੇ ਸੰਤਾਪ ਨੂੰ ਭੁੱਲਣ ਦੀ ਗੁਸਤਾਖ਼ੀ ਕਰ ਹੀ ਨਹੀਂ ਸਕਦਾ। ਅਣਗਿਣਤ ਬੇਦੋਸ਼ੇ ਸ਼ਰਧਾਲੂਆਂ ਦੇ ਡੁਲ੍ਹੇ ਖ਼ੂਨ ਸਿਆਸਤਦਾਨਾ ਦੀਆਂ ਰੂਹਾਂ ਨੂੰ ਤੜਪਾਉਂਦੇ ਰਹਿਣਗੇ। ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਵੀ ਭਾਰਤ ਦੀ ਉਸ ਫੌਜ ਵੱਲੋਂ ਕੀਤਾ ਗਿਆ, ਜਿਸ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਕੁਰਬਾਨੀਆਂ ਦੇਣ ਵਾਲਿਆਂ ਵਿੱਚ ਸਿੱਖ ਸ਼ਾਮਲ ਹੀ ਨਹੀਂ ਸਗੋ ਂਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ ਹਨ। ਦੁੱਖ ਇਸ ਗੱਲ ਦਾ ਵੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲੇ ਫ਼ੌਜੀਆਂ ਦੀ ਅਗਵਾਈ ਦੋ ਸਿੱਖ ਜਰਨੈਲ ਆਰ ਐਸ ਦਿਆਲ ਸਲਾਹਕਾਰ ਰਾਜਪਾਲ ਪੰਜਾਬ ਅਤੇ ਲੈਫ਼ ਜਨਰਲ ਕੁਲਦੀਪ ਸਿੰਘ ਬਰਾੜ ਕਰ ਰਹੇ ਸਨ। ਏਥੇ ਹੀ ਬਸ ਨਹੀਂ ਦੇਸ਼ ਦੀਆਂ ਫ਼ੌਜਾਂ ਦੇ ਮੁੱਖੀ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਗ੍ਰਹਿ ਮੰਤਰੀ ਬੂਟਾ ਸਿੰਘ ਵੀ ਦੋਵੇਂ ਅੰਮਿ੍ਰਤਧਾਰੀ ਸਿੱਖ ਸਨ। ਫਿਰ ਸਰਕਾਰੀਤੰਤਰ ਵੱਲੋਂ ਬਿ੍ਰਤਾਂਤ ਇਹ ਸਿਰਜਿਆ ਗਿਆ ਕਿ ਇਸ ਕਾਰਵਾਈ ਦੇ ਜ਼ਿੰਮੇਵਾਰ ਇੱਕੋ-ਇੱਕ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸਿੱਖ ਧਰਮ ਦੇ ਪ੍ਰਚਾਰਕ ਸਨ। ਉਹ ਤਾਂ ਦਮਦਮੀ ਟਕਸਾਲ ਦੇ ਮੁੱਖੀ ਹੁੰਦੇ ਹੋਏ, ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਸਨ, ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਤ ਸਿਆਸਤਦਾਨ ਨਹੀਂ ਸਨ। ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਪ੍ਰਕਾਸ਼ਤ ਕੀਤੇ ‘ਵਾਈਟ ਪੇਪਰ’ ਅਤੇ ਇੰਦਰਾ ਗਾਂਧੀ ਵੱਲੋਂ ਦੋ ਜੂਨ 1984 ਨੂੰ ਰੇਡੀਓ ਦੇ ਦਿੱਤੇ ਗਏ ਭਾਸ਼ਣ ਵਿੱਚ ਕਿਹਾ ਗਿਆ ਹੈ। ਇੰਦਰਾ ਗਾਂਧੀ ਨੇ ਸੰਸਦ ਵਿੱਚ ਹੋਈ ਡੀਬੇਟ ਵਿੱਚ ਕਿਹਾ ਸੀ ਕਿ ਪੰਜਾਬ ਦੀ ਸਮੱਸਿਆ ਦਾ ਕੋਈ ਹਲ ਨਾ ਲੱਭਣ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖੁਦ ਹੈ ਕਿਉਂਕਿ ਹਰ ਮੀਟਿੰਗ ਵਿੱਚ ਉਹ ਨਵੀਂ ਮੰਗ ਰੱਖ ਦਿੰਦੇ ਸਨ। ਕੇਂਦਰ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੁੱਚੇ ਸਿੱਖਾਂ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਖਾਸ ਤੌਰ ‘ਤੇ ਸਿੱਖਾਂ ਦੇ ਨੇਤਾ ਜਿਹੜੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ, ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਇਨ੍ਹਾਂ ਗੱਲਾਂ ਦਾ ਖੰਡਨ ਨਹੀਂ ਕੀਤਾ। ਇਸ ਲਈ ਇਕਪਾਸੜ ਕਹਾਣੀ ਮੀਡੀਆ ਵਿੱਚ ਆਉਂਦੀ ਰਹੀ। ਇਹ ਸਾਰਾ ਕੁਝ ਨੈਟ ‘ਤੇ ਪਿਆ ਹੈ ਤੇ ਰਹਿੰਦੀ ਦੁਨੀਆਂ ਤੱਕ ਪਿਆ ਰਹੇਗਾ। ਜਦੋਂ ਵੀ ਕੋਈ ਬਲਿਊ ਸਟਾਰ ਅਪ੍ਰੇਸ਼ਨ ਬਾਰੇ ਜਾਨਣ ਲਈ ਨੈਟ ਤੋਂ ਪਤਾ ਕਰੇਗਾ ਤਾਂ ਇਹੋ ਨੈਗੇਟਿਵ ਜਵਾਬ ਮਿਲੇਗਾ। ਸਿੱਖ ਬਦਨਾਮ ਹੁੰਦੇ ਰਹਿਣਗੇ। ਇਸ ਸਾਰੇ ਕੁਝ ਦੇ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਹੈ। ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਰ ਵਾਰ ਸਰਕਾਰਾਂ ਰਹੀਆਂ, ਕਿਸੇ ਨੇ ਵੀ ਇਸ ਗੰਭੀਰ ਇਲਜ਼ਾਮਾਂ ਦਾ ਖੰਡਨ ਨਹੀਂ ਕੀਤਾ ਅਤੇ ਨਾ ਹੀ ਕੋਈ ਸਾਰਥਿਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਹਥਿਆਰਾਂ ਦੀ ਨੁਮਾਇਸ਼ ਲਾ ਕੇ ਬਦਨਾਮ ਕੀਤਾ। ਇਸ ਦਾ ਵੀ ਅਕਾਲੀਆਂ ਦੀ ਲੀਡਰਸ਼ਿਪ ਨੇ ਖੰਡਨ ਨਹੀਂ ਕੀਤਾ। ਜੇ ਹਥਿਆਰਾਂ ਦਾ ਬਰਾਮਦ ਹੋਣਾ ਸੱਚ ਹੈ ਤਾਂ ਇਹ ਹਥਿਆਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਫੋਰਸਾਂ ਦੇ ਨਾਕਿਆਂ ਰਾਹੀਂ ਲੰਘਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਿਵੇਂ ਪਹੁੰਚੇ? ਜਨਰਲ ਸ਼ੁਬੇਗ ਸਿੰਘ ਤੇ ਇਲਜ਼ਾਮ ਹੈ ਕਿ ਉਸਨੇ ਨੌਜਵਾਨਾ ਨੂੰ ਹਥਿਆਰਾਂ ਨਾਲ ਲਾਮਬੰਦ ਕਰਨ ਵਿੱਚ ਭੂਮਿਕਾ ਨਿਭਾਈ ਸੀ। ਇਸ ਦੀ ਵੀ ਪੜਤਾਲ ਹੋਣੀ ਜ਼ਰੂਰੀ ਸੀ। ਇਹ ਵੀ ਕਿਹਾ ਜਾਂਦਾ ਹੈ, ਜੇ ਸੰਤ ਜਰਨੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਾ ਜਾਂਦੇ ਤਾਂ ਫ਼ੌਜੀ ਕਾਰਵਾਈ ਨਹੀਂ ਹੋਣੀ ਸੀ। ਦਮਦਮੀ ਟਕਸਾਲ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਖ਼ਾਨਾਂਜੰਗੀ ਕਰਕੇ ਉਨ੍ਹਾਂ ਨੂੰ ਉਥੇ ਲਿਜਾਇਆ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕੁਝ ਸਪੋਰਟਰਾਂ ਨੂੰ ਮਾਰ ਦਿੱਤਾ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾ ਸੰਸਾਰ ਵਿੱਚ ਅੱਜ ਤੱਕ ਕਿਸੇ ਵੀ ਦੇਸ਼ ਦੀ ਫ਼ੌਜ ਨੇ ਧਾਰਮਿਕ ਸਥਾਨ ‘ਤੇ ਹਮਲਾ ਨਹੀਂ ਕੀਤਾ। ਹਮਲੇ ਤੋਂ ਪਹਿਲਾਂ ਹੋਰ ਕੋਈ ਵਿਕਲਪ ਕਿਉਂ ਨਹੀਂ ਵਰਤਿਆ ਗਿਆ? ਇਨ੍ਹਾਂ ਸਵਾਲਾਂ ਦੇ ਜਵਾਬ ਵੀ ਅਜੇ ਵਕਾਇਆ ਹਨ।
ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਸਿੱਖ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਹੋ ਗਏ ਸਨ। ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਕਰਕੇ ਡਰ ਲੱਗ ਰਿਹਾ ਸੀ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿੱਖ ਜਗਤ ਵਿੱਚ ਹਰਮਨਪਿਆਰਤਾ ਵੱਧ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੀ ਧੜਕਣ ਤੇਜ਼ ਹੋ ਰਹੀ ਸੀ, ਕਿ ਕਿਤੇ ਉਹ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਨਾ ਹੋ ਜਾਣ। ਅੰਦਰਖਾਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਿਰੁੱਧ ਬੋਲ ਰਹੀ ਸੀ। ਉਨ੍ਹਾਂ ਨੇ ਤਾਂ ਇੱਥੋਂ ਤੱਕ ਇਲਜ਼ਾਮ ਲਗਾ ਦਿੱਤਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗਿਆਨੀ ਜ਼ੈਲ ਸਿੰਘ ਅਕਾਲੀਆਂ ਵਿਰੁੱਧ ਵਰਤ ਰਿਹਾ ਹੈ। ਕਈ ਪੁਸਤਕਾਂ ਲਿਖਣ ਵਾਲੇ ਸਿੱਖ, ਜਿਨ੍ਹਾਂ ਵਿੱਚ ਸਾਬਕਾ ਂਰਾਅ ਦੇ ਮੁੱਖੀ ਜੀ ਪੀ ਐਸ ਸਿੱਧੂ, ਪੀ ਸੀ ਅਲੈਗਜੈਂਡਰ, ਏ ਪੀ ਪਾਂਡੇ ਅਤੇ ਕੁਝ ਹੋਰ ਅਧਿਕਾਰੀਆਂ ਨੇ ਵੀ ਇਹੋ ਸੰਦੇਹ ਪ੍ਰਗਟ ਕੀਤਾ ਸੀ, ਜਦੋਂ ਕਿ ਇਸ ਵਿੱਚ ਕੋਈ ਸਚਾਈ ਨਹੀਂ ਸੀ। ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੀ ਸਿਆਸੀ ਲੜਾਈ ਕਰਕੇ ਦਰਬਾਰਾ ਸਿੰਘ ਦਾ ਧੜਾ ਵੀ ਇਹੋ ਇਲਜ਼ਾਮ ਲਗਾਈ ਜਾ ਰਿਹਾ ਸੀ। ਸਿਆਸਤਦਾਨ ਹਮੇਸ਼ਾ ਦੂਜਿਆਂ ਦੇ ਮੋਢਿਆਂ ‘ਤੇ ਰੱਖਕੇ ਵਾਰ ਕਰਦੇ ਹਨ। ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਕਾਲਤ ਨਹੀਂ ਕਰ ਰਿਹਾ, ਪ੍ਰੰਤੂ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਕਿ ਉਹ ਕਿਸੇ ਧਰਮ ਦੇ ਵਿਰੁੱਧ ਉਕਸਾ ਰਹੇ ਹੋਣ। ਸੰਤ ਭਿੰਡਰਾਂਵਾਲਿਆਂ ਵਿਰੁੱਧ ਇਹ ਸਾਰੀਆਂ ਅਫ਼ਵਾਹਾਂ ਬਹੁ ਸੰਮਤੀ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਸਨ । ਉਨ੍ਹਾਂ ਨੇ ਕਦੀਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ, ਪ੍ਰੰਤੂ ਇਹ ਜ਼ਰੂਰ ਕਿਹਾ ਸੀ ਕਿ ਜੇ ਦੇਣ ਤਾਂ ਕੋਈ ਇਨਕਾਰ ਨਹੀਂ। ਉਹ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਕਹਿੰਦੇ ਸਨ।
ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਹੁੰਦਾ ਹੈ। ਆਸਾਮ ਵਿੱਚ ਚਾਰ ਸਾਲ ਹਿੰਸਕ ਮਾਹੌਲ ਰਿਹਾ। ਅਖ਼ੀਰ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਮਝੌਤਾ ਹੋ ਗਿਆ। ਪੰਜਾਬ ਵਿੱਚ ਸਮਝੌਤਾ ਕਿਉਂ ਨਹੀਂ ਹੋਇਆ? ਸਿੱਖ ਜਗਤ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੇਂਦਰੀ ਮੰਤਰੀਆਂ ਨਾਲ ਬਾਰਾਂ ਮੀਟਿੰਗਾਂ ਕੀਤੀਆਂ, ਪ੍ਰੰਤੂ ਇਹ ਗੱਲਬਾਤ ਸਿਰੇ ਕਿਉਂ ਨਹੀਂ ਚੜ੍ਹੀ? ਕਿਉਂਕਿ ਅਕਾਲੀ ਲੀਡਰਸ਼ਿਪ ਸਮਝੌਤਾ ਜਾਂ ਤਾਂ ਕਰਨਾ ਨਹੀਂ ਚਾਹੁੰਦੀ ਸੀ ਜਾਂ ਕਮਜ਼ੋਰ ਹੋਣ ਕਰਕੇ ਫੈਸਲਾ ਨਹੀਂ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਵਾਰ ਤਾਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਵੀ ਗੱਲਬਾਤ ਕੀਤੀ ਸੀ। ਹਰ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੀਟਿੰਗ ਵਿੱਚ ਇਹ ਕਹਿੰਦੀ ਰਹੀ ਕਿ ਬਾਅਦ ਵਿੱਚ ਦੱਸਾਂਗੇ। ਇਸ ਦਾ ਤਾਂ ਇਹੋ ਅਰਥ ਨਿਕਲਦਾ ਹੈ ਕਿ ਉਹ ਸਮਝੌਤਾ ਕਰਨਾ ਨਹੀਂ ਚਾਹੁੰਦੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਆਖ਼ਰੀ ਮੀਟਿੰਗ 26 ਮਈ 1984 ਨੂੰ ਹੋਈ ਸੀ, ਕੇਂਦਰ ਸਰਕਾਰ ਵੀ ਸੰਜੀਦਾ ਨਹੀਂ ਸੀ, ਇਕ ਪਾਸੇ ਮੀਟਿੰਗਾਂ ਕਰ ਰਹੀ ਸੀ ਤੇ ਦੂਜੇ ਪਾਸੇ ਬਲਿਊ ਸਟਾਰ ਅਪ੍ਰੇਸ਼ਨ ਦੀ ਤਿਆਰੀ ਕਰ ਰਹੀ ਸੀ। ਇਹ ਅਪ੍ਰੇਸ਼ਨ ਇੱਕ ਦਿਨ ਦਾ ਫੈਸਲਾ ਨਹੀਂ ਸੀ, ਲਗਪਗ ਇੱਕ ਸਾਲ ਤੋਂ ਤਿਆਰੀ ਕਰ ਰਹੇ ਸੀ। ਰਾਜੀਵ ਗਾਂਧੀ ਨੇ ਮਾਰਚ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧਾਰਮਿਕ ਸੰਤ ਪੁਰਸ਼ ਕਿਹਾ ਸੀ। ਫਿਰ ਇਤਨੀ ਜਲਦੀ ਉਸਨੂੰ ਅੱਤਵਾਦੀ ਬਣਾ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਦੀ ਪੜਚੋਲ ਕਰਨੀ ਬਣਦੀ ਹੈ। ਅੱਜ ਤੱਕ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਕਿਸੇ ਅਕਾਲੀ ਨੇਤਾ ਨੇ ਇਹ ਨਹੀਂ ਦੱਸਿਆ ਕਿ ਸਮਝੌਤਾ ਕਿਉਂ ਨਹੀਂ ਸਿਰੇ ਚੜ੍ਹ ਸਕਿਆ? ਉਨ੍ਹਾਂ ਵਿੱਚੋਂ ਕੁਝ ਨੇਤਾ ਤਾਂ ਅੱਜ ਵੀ ਜਿਉਂਦੇ ਹਨ। ਵੱਖ-ਵੱਖ ਸਮੇਂ ਵੱਖ-ਵੱਖ ਮੀਟਿੰਗਾਂ ਵਿੱਚ ਪਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਬਲਬੰਤ ਸਿੰਘ, ਰਵੀਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਆਦਿ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਸਨ। ਉਹ ਵੀ ਚੁੱਪ ਬੈਠੇ ਹਨ। ਇਹ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਰਿਕਾਰਡ ਵਿੱਚ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ 19 ਫਰਵਰੀ 1983 ਦਾ ਲਿਖਿਆ ਇੱਕ ਖ਼ਤ ਇੱਕ ਅਖ਼ਬਾਰ ਦੇ ਸੰਪਾਦਕ ਭਰਪੂਰ ਸਿੰਘ ਬਲਬੀਰ ਨੇ ਇੰਦਰਾ ਗਾਂਧੀ ਨੂੰ ਨਿੱਜੀ ਤੌਰ ‘ਤੇ ਮਿਲਕੇ ਦੇ ਕੇ ਦਿੱਤਾ ਸੀ ਤੇ ਫਿਰ ਇੰਦਰਾ ਗਾਂਧੀ ਨੇ ਉਸ ਖਤ ਦਾ ਜਵਾਬ ਭਰਪੂਰ ਸਿੰਘ ਬਲਬੀਰ ਰਾਹੀਂ ਦੋ ਦਿਨ ਬਾਅਦ 21 ਫਰਵਰੀ 1983 ਨੂੰ ਸੰਤਾਂ ਨੂੰ ਭਿਜਾਵਾਇਆ ਸੀ। ਮਰਹੂਮ ਪੱਤਰਕਾਰ ਦਲਬੀਰ ਸਿੰਘ ਦੇ ਸੰਪਰਕ ਰਾਹੀਂ ਪਤਾ ਲੱਗਿਆ ਸੀ ਕਿ ਸੰਤ ਜਰਨੈਲ ਸਿੰਘ ਨਾਲ ਇੰਦਰਾ ਗਾਂਧੀ ਦੀ ਮੀਟਿੰਗ ਵੀ ਨਿਸਚਤ ਹੋ ਗਈ ਸੀ, ਪ੍ਰੰਤੂ ਐਨ ਮੌਕੇ ‘ਤੇ ਕੁਝ ਵਿਅਕਤੀਆਂ ਨੇ ਅੜਿਕਾ ਪਾ ਕੇ ਮੀਟਿੰਗ ਰੱਦ ਕਰਵਾ ਦਿੱਤੀ ਸੀ। ਇਸਦਾ ਅਰਥ ਤਾਂ ਇਹ ਬਣਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੰਜਾਬ ਦੇ ਹਾਲਾਤ ਠੀਕ ਕਰਨਾ ਚਾਹੁੰਦਾ ਸੀ, ਪ੍ਰੰਤੂ ਕੁਝ ਸਿਆਸਤਦਾਨ ਨਹੀਂ ਚਾਹੁੰਦੇ ਸਨ, ਕਿਉਂਕਿ ਉਨ੍ਹਾਂ ਦੀਆਂ ਕੁਰਸੀਆਂ ਖਿਸਕਦੀਆਂ ਲੱਗਦੀਆਂ ਸਨ। ਸਾਰਾ ਦੋਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਰ ਲਾਇਆ ਜਾਂਦਾ ਹੈ। ਜੇ ਸਮਝੌਤਾ ਹੋ ਜਾਂਦਾ ਤਾਂ ਸਿੱਖਾਂ ਨੂੰ ਅਜਿਹੇ ਹਾਲਾਤ ਵਿੱਚੋਂ ਨਾ ਗੁਜਰਨਾ ਪੈਂਦਾ। ਸਿੱਖ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੇ ਦੂਜਿਆਂ ‘ਤੇ ਇਲਜ਼ਾਮ ਲਗਾਈ ਜਾਂਦੇ ਹਨ। ਸਿੱਖਾਂ ਨੂੰ ਇੱਕਮੁਠ ਹੋ ਕੇ ਆਪਣੇ ‘ਤੇ ਲੱਗੇ ਇਲਜ਼ਾਮ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤਾਂ ਜੋ ਸੰਸਾਰ ਵਿੱਚ ਸਿੱਖਾਂ ਦਾ ਅਕਸ ਬਲਿਊ ਸਟਾਰ ਬਾਰੇ ਸਾਫ ਹੋ ਸਕੇ, ਪ੍ਰੰਤੂ ਇਹ ਤਾਂ ਕੁਰਸੀਆਂ ਪਿੱਛੇ ਹੀ ਲੜੀ ਜਾ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਅਲਵਿਦਾ : ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ - ਉਜਾਗਰ ਸਿੰਘ
ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜਤਾ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ ਹੈੇ, ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁਜਾਂ ਮਾਰਦੇ ਰਹਿੰਦੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਨਮਰਤਾ ਨਾਲ ਸਿਆਸਤ ਕੀਤੀ ਹੈ। ਮੇਰੀ ਵਾਕਫ਼ੀ ਹਰਕੇਸ਼ ਸਿੰਘ ਸਿੱਧੂ ਨੇ ਢੀਂਡਸਾ ਸਾਹਿਬ ਨਾਲ ਕਰਵਾਈ ਸੀ। ਮੈਨੂੰ ਲੋਕ ਸੰਪਰਕ ਦੀ ਨੌਕਰੀ ਕਰਕੇ ਬਹੁਤ ਸਾਰੇ ਸਿਆਸਤਦਾਨਾਂ ਨਾਲ ਮਿਲਣ ਦਾ ਇਤਫ਼ਾਕ ਹੋਇਆੇ, ਉਨ੍ਹਾਂ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਇੱਕ ਬਿਹਤਰੀਨ ਇਨਸਾਨ ਸਨ। ਮੈਂ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਨੇੜੇ ਤੋਂ ਵੇਖਿਆੇ, ਉਸ ਆਧਾਰ ‘ਤੇ ਉਨ੍ਹਾਂ ਬਾਰੇ ਲਿਖ ਰਿਹਾ ਹਾਂ। ਅਕਾਲੀ ਦਲ ਦੀ ਸਿਆਸਤ ਵਿੱਚ ਦਿਗਜ਼ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ‘ਨਾ ਕਾਹੂ ਸੇ ਦੇਸੋਤੀ ਨਾ ਕਾਹੂ ਸੇ ਵੈਰ’ ਦੇ ਅਸੂਲ ‘ਤੇ ਚਲਣ ਕਰਕੇ, ਉਨ੍ਹਾਂ ਨੂੰ ਸਾਊ ਸਿਆਸਤਦਾਨ ਕਿਹਾ ਜਾ ਸਕਦਾ ਹੈ। ਉਹ ਧੀਮੀ ਆਵਾਜ਼ ਵਿੱਚ ਘੱਟ ਬੋਲਦੇ ਸਨ, ਪ੍ਰੰਤੂ ਜੋ ਬੋਲਦੇ ਉਹ ਤੋਲ ਕੇ ਸਹਿਜਤਾ ਨਾਲ ਬੋਲਦੇ ਸਨ। 1962 ਵਿੱਚ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਉਭਾਵਾਲ ਦੇ ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਮੁੜਕੇ ਪਿੱਛੇ ਨਹੀਂ ਵੇਖਿਆ, ਸਗੋਂ ਪੌੜੀ ਦਰ ਪੌੜੀ ਉਹ ਸਿਆਸਤ ਵਿੱਚ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੇ ਪਹੁੰਚਕੇ ਪਿੰਡ, ਦੇਸ਼ ਅਤੇ ਪੰਜਾਬ ਦੀ ਉਨਤੀ ਲਈ ਵਚਨਬੱਧਤਾ ਨਾਲ ਸਰਗਰਮ ਰਹੇ। ਅਜੋਕੇ ਸਿਆਸਤਦਾਨਾ ਦੇ ਕਿਰਦਾਰ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸਿਆਸਤ ਵਿਚ ਜੁਮਲੇਬਾਜ਼ੀ ਭਾਰੂ ਹੋ ਰਹੀ ਹੈ। ਚੋਣਾਂ ਜਿੱਤਣ ਅਤੇ ਆਪਣੀਆਂ ਹੀ ਪਾਰਟੀਆਂ ਵਿਚ ਆਪਣੀ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਜਿਹੜਾ ਸਿਆਸਤਦਾਨ ਸਾਥੀਆਂ ਨੂੰ ਠਿੱਬੀ ਲਾਉਣ ਦਾ ਮਾਹਰ ਹੁੰਦਾ ਹੈ, ਉਸਨੂੰ ਸਫਲ ਸਿਆਸਤਦਾਨ ਗਿਣਿਆਂ ਜਾਂਦਾ ਹੈ ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਇਕ ਪ੍ਰਬੁੱਧ, ਸ਼ਰੀਫ, ਸੁਲਝਿਆ ਹੋਇਆ, ਸਿਆਣਾ, ਸ਼ਹਿਣਸ਼ੀਲ, ਸਹਿਯੋਗੀ, ਨਮਰਤਾ ਤੇ ਸਬਰ ਸੰਤੋਖ਼ ਵਾਲਾ, ਸੰਜਮੀ, ਮਿਠਬੋਲੜਾ ਅਤੇ ਸਾਧਾਰਣਤਾ ਦਾ ਪ੍ਰਤੀਕ ਦਰਵੇਸ਼ ਸਿਆਤਦਾਨ ਸੀ। ਉਸਦੇ ਵਿਅਕਤਤਿਵ ਨਾਲ ਜਿਤਨੇ ਵੀ ਵਿਸ਼ੇਸ਼ਣ ਲਗਾ ਲਏ ਜਾਣ ਉਤਨੇ ਹੀ ਥੋੜ੍ਹੇ ਹਨ। ਸਿਆਸਤ ਵਿਚ ਆਪਣਾ ਸਥਾਨ ਆਪਣੀ ਹਿੰਮਤ, ਦਲੇਰੀ ਅਤੇ ਹਲੀਮੀ ਨਾਲ ਬਣਾਇਆ ਹੈ।
ਇਕ ਆਮ ਜੱਟ ਸਿੱਖ ਦਿਹਾਤੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿਚੋਂ ਉਠਕੇ ਭਾਰਤ ਦੀ ਸਿਆਸਤ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਸੀ। ਉਹ ਪਹਿਲੀ ਵਾਰ ਆਪਣੇ ਦਮ ਨਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਸਫਲ ਹੋਇਆ ਸੀ ਕਿਉਂਕਿ ਅਕਾਲੀ ਦਲ ਉਸਨੂੰ ਟਿਕਟ ਦੇਣ ਤੋਂ ਕੰਨੀ ਕਤਰਾਉਂਦਾ ਸੀ, ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਸਨ। ਉਸਨੇ ਆਪਣੀ ਕਾਰਗੁਜ਼ਾਰੀ ਤੇ ਕਾਬਲੀਅਤ ਦਾ ਸਬੂਤ ਦੇਣ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਅਤੇ ਚੋਣ ਜਿੱਤਕੇ 1972 ਵਿੱਚ ਪਹਿਲੀ ਵਾਰ ਐਮ.ਐਲ.ਏ.ਬਣ ਗਏ। ਚੋਣ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਦ ਉਹ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿੱਚ ਚੋਣ ਵੀ ਲੜੇ ਅਤੇ ਐਮ.ਐਲ.ਏ ਬਣ ਗਏ। ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਕਰਕੇ 1973 ਵਿੱਚ ਸ਼ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆੇ, ਕਿਉਂਕਿ ਉਹ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਬਣਕੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਰਹੇ ਹਨ। ਉਹ 1977 ਤੋਂ 80 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਸਰਕਾਰ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਵਰਗੇ ਘਾਗ ਨੇਤਾਵਾਂ ਦੇ ਜ਼ਿਲ੍ਹੇ ਵਿਚ ਸਥਾਪਤ ਹੋਣਾ ਬਹੁਤ ਮੁਸ਼ਕਲ ਸੀੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਨੇ ਹੌਸਲਾ ਨਹੀਂ ਹਾਰਿਆ। ਉਹ ਚੁੱਪ ਚੁਪੀਤੇ ਲੋਕਾਂ ਵਿੱਚ ਵਿਚਰਦੇ ਹੋਏ ਲੋਕ ਭਲਾਈ ਦੇ ਕੰਮ ਕਰਦੇ ਰਹੇ। ਸੁਖਦੇਵ ਸਿੰਘ ਢੀਂਡਸਾ ਗੁਰਬਾਣੀ ਦੇ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਨਮਰਤਾ ਨਾਲ ਸਮਾਜਿਕ ਤੇ ਸਿਆਸੀ ਦਾਇਰੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਅਕਾਲੀ ਦਲ ਦੀ ਸਿਆਸਤ ਵਿਚ ਕਈ ਵਾਰ ਉਤਰਾਅ ਚੜ੍ਹਾਅ ਆਏ, ਜਿਸ ਕਰਕੇ ਫਿਰ ਉਨ੍ਹਾਂ ਨੂੰ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ, ਜਿਸ ਅਹੁਦੇ ਤੇ ਉਹ 1998 ਤੱਕ ਰਹੇ। 1998 ਵਿੱਚ ਹੀ ਉਹ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਉਹ 1999 ਤੋਂ 2004 ਤੱਕ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਸ਼੍ਰੋਮਣੀ ਅਕਾਲੀ ਦਲ ਪੰਥਕ ਵਿਚਾਰਧਾਰਾ ਵਾਲੀ ਧਾਰਮਿਕ ਪਾਰਟੀ ਹੈ, ਅਜਿਹੀ ਪਾਰਟੀ ਵਿਚ ਧਰਮ ਨਿਰਪੱਖ ਰਹਿਣਾ ਅਤੇ ਪਾਰਟੀ ਦੀ ਸਿਖਰਲੀ ਪੌੜੀ ਦੇ ਨਜ਼ਦੀਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਦੀ ਹਲੀਮੀ ਅਤੇ ਸਭੇ ਸਾਂਝੀਵਾਲ ਸਦਾਇਨ ਵਿਚ ਵਿਸ਼ਵਾਸ਼ ਰੱਖਣ ਦੀ ਪ੍ਰਵਿਰਤੀ ਨੇ ਪਾਰਟੀ ਦੇ ਸਕੱਤਰ ਜਨਰਲ ਦੇ ਅਹੁਦੇ ਤੇ ਪਹੁੰਚਾਇਆ। ਇਹ ਅਹੁਦਾ ਵੀ ਸੁਖਦੇਵ ਸਿੰਘ ਢੀਂਡਸਾ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਸੀ। ਅਹੁਦੇ ਪ੍ਰਾਪਤ ਕਰਨੇ ਔਖੇ ਨਹੀਂ ਹੁੰਦੇ ਪ੍ਰੰਤੂ ਇਨ੍ਹਾਂ ਅਹੁਦਿਆਂ ਦੀ ਸ਼ਾਲੀਨਤਾ ਨੂੰ ਬਣਾਈ ਰੱਖਣਾ ਅਸੰਭਵ ਹੁੰਦਾ ਹੈ। ਉਨ੍ਹਾਂ ਇਨ੍ਹਾਂ ਅਹੁਦਿਆਂ ਦੀ ਮਾਣਤਾ ਵਧਾਈ। ਸਿਆਸਤ ਵਿੱਚ ਵਾਦ-ਵਿਵਾਦ ਸਿਆਸਤਦਾਨਾ ਦਾ ਖਹਿੜਾ ਨਹੀਂ ਛੱਡਦੇ, ਪ੍ਰੰਤੂ ਸੁਖਦੇਵ ਸਿੰਘ ਢੀਂਡਸਾ ਆਪਣੇ ਲੰਬੇ 65 ਸਾਲ ਦੇ ਸਿਆਸੀ ਕੈਰੀਅਰ ਵਿੱਚ ਸਾਰੀ ਉਮਰ ਕਿਸੇ ਵਾਦ-ਵਿਵਾਦ ਵਿਚ ਨਹੀਂ ਪਏ। ਉਨ੍ਹਾਂ ਦੀ ਵਿਲੱਖਣਤਾ ਇਹ ਹੈ ਕਿ ਇਤਨੇ ਲੰਮੇ ਸਿਆਸੀ ਕੈਰੀਅਰ ਵਿਚ ਜਦੋਂ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਅਤੇ ਮਹੱਤਵਪੂਰਨ ਖੇਡ ਸੰਸਥਾਵਾਂ ਦੇ ਮੁਖੀ ਰਹੇ, ਪ੍ਰੰਤੂ ਅੱਜ ਤੱਕ ਭਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਲੱਗਿਆ, ਭਾਵ ਆਪਣੀ ਸਿਆਸੀ ਚਿੱਟੀ ਚਾਦਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ। ਉਨ੍ਹਾਂ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਸੀ ਅਤੇ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਸਨ, ਜਿਨ੍ਹਾਂ ਵਿੱਚ ਸਾਈਕÇਲੰਗ ਫੈਡਰੇਸ਼ਨ ਆਫ਼ ਇੰਡੀਆ, ਓਲੰਪਿਕ ਐਸੋਸੀਏਸ਼ਨ ਅਤੇ ਪੰਜਾਬ ਬਾਕਸਿੰਗ ਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਹਲੀਮੀ ਦਾ ਪੁਜਾਰੀ ਹੋਣ ਕਰਕੇ ਸਤਿਕਾਰ ਦਿੰਦੇ ਹਨ। ਕਾਂਗਰਸ ਦੀਆਂ ਸਰਕਾਰਾਂ ਸਮੇਂ ਵੀ ਉਨ੍ਹਾਂ ਨੂੰ ਖੇਡ ਸੰਸਥਾਵਾਂ ਦੇ ਮੁੱਖੀ ਚੁਣਿਆਂ ਜਾਂਦਾ ਰਿਹਾ ਹੈ। ਉਸ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਸਰਪ੍ਰਸਤੀ ਦਿੱਤੀ ਤੇ ਉਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਕਾਲੀ ਦਲ ਦੇ ਸਕੱਤਰ ਜਨਰਲ ਹੁੰਦੇ ਹੋਏ, ਉਸਨੇ ਕਈ ਮਹੱਤਵਪੂਰਨ ਫ਼ੈਸਲਿਆਂ ਤੇ ਪਾਰਟੀ ਦੀਆਂ ਮੀਟਿੰਗਾਂ ਵਿਚ ਸਰਕਾਰ ਦੀਆਂ ਪੰਥ ਵਿਰੋਧੀ ਨੀਤੀਆਂ ਬਾਰੇ ਕਿੰਤੂ ਪ੍ਰੰਤੂ ਕੀਤਾ, ਬਰਗਾੜੀ ਕਾਂਡ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਜਦੋਂ ਇਹ ਸਾਫ਼ ਹੋ ਗਿਆ ਕਿ ਇਸ ਕਾਂਡ ਵਿਚ ਸਰਕਾਰ ਦੀ ਅਣਗਹਿਲੀ ਹੋਈ ਹੈ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਸੱਟ ਵੱਜੀ ਹੈ ਤਾਂ ਉਸਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਬਰਗਾੜੀ ਕਾਂਡ ਵਿਚ ਉਦੋਂ ਦੀ ਸਰਕਾਰ ਅਤੇ ਪਾਰਟੀ ਦੀ ਅਣਗਹਿਲੀ ਦੇ ਇਲਜ਼ਾਮ ਲਗਾਕੇ ਅਕਾਲੀ ਦਲ ਦੇ ਸੀਨੀਅਰ ਮਾਝੇ ਦੇ ਨੇਤਾਵਾਂ ਨੇ ਅਸਤੀਫੇ ਦਿੱਤੇ ਸਨ। ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੋਫ਼ਾੜ ਹੋ ਗਿਆ ਹੈ। ਇਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਦੀ ਸਰਪ੍ਰਸਤੀ ਕਰ ਰਹੇ ਸਨ।
ਸ੍ਰ.ਸੁਖਦੇਵ ਸਿੰਘ ਢੀਂਡਸਾ ਦਾ ਜਨਮ ਪਟਿਆਲਾ ਰਿਆਸਤ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਇਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਸ੍ਰ.ਰਤਨ ਸਿੰਘ ਅਤੇ ਮਾਤਾ ਸ਼੍ਰੀਮਤੀ ਲਾਭ ਕੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਉਸ ਨੇ ਮੁੱਢਲੀ ਸਿੱਖਿਆ ਗੁਰੂ ਨਾਨਕ ਹਾਈ ਸਕੂਲ ਸੰੰਗਰੂਰ ਅਤੇ ਬੀ.ਏ ਦੀ ਡਿਗਰੀ ਰਣਬੀਰ ਕਾਲਜ ਸੰਗਰੂਰ ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਸ ਨੇ ਸਿਆਸਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਉਹ ਕਾਲਜ ਦੀ ਸਟੂਡੈਂਟਸ ਯੂਨੀਅਨ ਦੇ ਵੀ ਪ੍ਰਧਾਨ ਰਹੇ। ਬੀ.ਏ ਕਰਨ ਤੋਂ ਬਾਅਦ ਥੋੜ੍ਹੀ ਦੇਰ ਲਈ ਰਣਬੀਰ ਕਾਲਜ ਦੀ ਲਾਇਬਰੇਰੀ ਵਿੱਚ ਕੰਮ ਕੀਤਾ। ਸੁਖਦੇਵ ਸਿੰਘ ਢੀਂਡਸਾ ਦਾ ਵਿਆਹ 1962 ਵਿੱਚ ਸ਼੍ਰੀਮਤੀ ਹਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦਾ ਇੱਕ ਲੜਕਾ ਪ੍ਰਮਿੰਦਰ ਸਿੰਘ ਢੀਂਡਸਾ ਅਤੇ ਦੋ ਲੜਕੀਆਂ ਹਨ। ਉਨ੍ਹਾਂ ਦਾ ਲੜਕਾ ਪ੍ਰਮਿੰਦਰ ਸਿੰਘ ਢੀਂਡਸਾ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਅਤੇ ਸੁਨਾਮ ਹਲਕੇ ਤੋਂ ਵਿਧਾਨਕਾਰ ਰਿਹਾ ਹੈ। ਉਹ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿਤ ਮੰਤਰੀ ਵੀ ਰਿਹਾ ਹੈ ਅਤੇ ਹੁਣ ਅਕਾਲੀ ਦਲ ਦੀ ਸੁਧਾਰ ਲਹਿਰ ਦਾ ਸਰਗਰਮ ਨੇਤਾ ਹੈ। ਉਨ੍ਹਾਂ ਦਾ ਇਕ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਆਈ.ਏ.ਐਸ.ਅਧਿਕਾਰੀ ਸੇਵਾ ਮੁਕਤ ਹੋਇਆ ਹੈ। ਉਹ ਆਪਣੇ ਪਿੱਛੇ ਪਤਨੀ ਹਰਜੀਤ ਕੌਰ, ਸਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ ਅਤੇ ਦੋ ਲੜਕੀਆਂ ਛੱਡ ਗਏ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
28 ਮਈ ਨੂੰ ਬਰਸੀ ‘ਤੇ ਵਿਸ਼ੇਸ਼ ਸੰਗੀਤ ਤੇ ਕਲਾ ਦਾ ਸੁਮੇਲ : ਅਮਰੀਕ ਸਿੰਘ ਛੀਨਾ - ਉਜਾਗਰ ਸਿੰਘ
ਸੰਗੀਤ, ਸਾਹਿਤ, ਲੋਕ ਨਾਚ, ਕਲਾ, ਪੁਰਾਤੱਤਵ ਤੇ ਵਿਰਾਸਤ ਦੀ ਜਿਉਂਦੀ ਜਾਗਦੀ ਪ੍ਰਤਿਭਾਵਾਨ ਸ਼ਖਸੀਅਤ ਦਾ ਨਾਮ ਸੀ ਅਮਰੀਕ ਸਿੰਘ ਛੀਨਾ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਨ੍ਹਾਂ ਵਿਰਾਸਤੀ ਕਲਾਵਾਂ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਸਾਹਿਤ, ਸੰਗੀਤ ਅਤੇ ਕਲਾ ਦੇ ਉਹ ਸ਼ੈਦਾਈ ਸਨ, ਹਰ ਵਕਤ ਗੁਣਗੁਣਾਉਂਦੇ ਅਤੇ ਪੈਰਾਂ ਦਾ ਥਿਰਕਦੇ ਰਹਿਣਾ ਉਸਦਾ ਕਲਾ ਪ੍ਰੇਮੀ ਹੋਣ ਦਾ ਪ੍ਰਤੱਖ ਪ੍ਰਮਾਣ ਸੀ। ਉਸ ਦੀ ਲਾਇਬਰੇਰੀ ਵਿੱਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਪੰਜਾਬੀ ਸਭਿਅਚਾਰ ਦੀਆਂ ਪ੍ਰਤੀਕ ਵਸਤਾਂ ਜਿਨ੍ਹਾਂ ਵਿੱਚ ਗੀਤ, ਸੰਗੀਤ, ਨਿ੍ਰਤ ਅਤੇ ਹੋਰ ਕਲਾਵਾਂ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਉਸਨੂੰ ਇਹ ਗੱਲ ਬਹੁਤ ਤਕਲੀਫ ਦਿੰਦੀ ਸੀ ਕਿ ਪੰਜਾਬੀ, ਆਪਣੀ ਅਮੀਰ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਕਿਉਂ ਨਹੀਂ ਹਨ? ਜਦੋਂ ਕਿ ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਨਿ੍ਰਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਹੀ ਨਹੀਂ ਦਿੱਤਾ, ਸਗੋਂ ਇਸਨੂੰ ਜੀਵਿਆ ਤੇ ਮਾਣਿਆਂ ਹੈ । 1984 ਵਿੱਚ ਜਦੋਂ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਇੰਡੀਆ ਚੈਪਟਰ ਦੀ ਮੁੱਖੀ ਪੁਪਲ ਜੈਕਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਇਆ ਅਤੇ ਅਮਰੀਕ ਸਿੰਘ ਛੀਨਾ ਨੂੰ ਕੋ-ਕਨਵੀਨਰ ਬਣਾਇਆ ਗਿਆ। ਇਸਦੇ ਨਾਲ ਹੀ ਅਮਰੀਕ ਸਿੰਘ ਛੀਨਾ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ, ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਉਨ੍ਹਾਂ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਤੱਤਕਾਲੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਮੁਬਾਰਕ ਪਟਿਆਲਾ ਵਿਖਾਉਣ ਲਈ ਲੈ ਕੇ ਆਇਆ ਸੀ ਅਤੇ ਕਿਲੇ ਦੀਆਂ ਇਮਾਰਤਾਂ ਨੂੰ ਢਾਹੁਣ ਦਾ ਕੰਮ ਰੁਕਵਾਇਆ ਸੀ। ਇਨ੍ਹਾਂ ਦੁਕਾਨਾ ਦੇ ਢਹਿਣ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਵੀ ਖੁਸ ਜਾਣੀ ਸੀ ਤੇ ਅਦਾਲਤ ਬਾਜ਼ਾਰ ਦੀ ਸ਼ਾਨ ਵੀ ਖ਼ਤਮ ਹੋ ਜਾਣੀ ਸੀ। ਅਦਾਲਤ ਬਾਜ਼ਾਰ ਪੰਜਾਬ ਦੀਆਂ ਵਿਰਾਸਤੀ ਕਲਾਵਾਂ ਤੇ ਸਭਿਅਚਾਰ ਦਾ ਕੇਂਦਰ ਬਿੰਦੂ ਹੈ। ਅੱਜ ਦਿਨ ਵੀ ਅਦਾਲਤ ਬਾਜ਼ਾਰ ਦੇ ਦੁਕਾਨਦਾਰ ਅਮਰੀਕ ਸਿੰਘ ਛੀਨਾਂ ਦੇ ਯੋਗਦਾਨ ਦੇ ਗੁਣ ਗਾਉਂਦੇ ਹਨ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜ਼ਿਆਂ ਨੂੰ ਢਾਹੁਣ ਤੋਂ ਰੁਕਵਾਇਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ।
ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਸੰਤ ਹਜ਼ਾਰਾ ਸਿੰਘ ਨਗਰ, ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਇਆ ਸੀ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਪਟਿਆਲਾ ਸ਼ਹਿਰ ਵਿਰਾਸਤੀ ਹੋਣ ਕਰਕੇ ਇਥੋਂ ਦੇ ਬਸ਼ਿੰਦੇ ਪਟਿਆਲਵੀ ਹਮੇਸ਼ਾ ਸਭਿਆਚਾਰਿਕ ਸਰਗਰਮੀਆਂ ਅਤੇ ਪੁਰਾਤਤਵ ਰੱਖ ਰਖਾਵ ਵਿੱਚ ਦਿਲਚਸਪੀ ਲੈਂਦੇ ਰਹਿੰਦੇ ਹਨ। ਅਮਰੀਕ ਸਿੰਘ ਛੀਨਾ ਪਟਿਆਲਵੀਆਂ ਦੇ ਦੂਤ ਦੇ ਤੌਰ ਤੇ ਵਿਚਰਦੇ ਸਨ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਉਨ੍ਹਾਂ ਦੇ ਇਸ ਸੰਸਾਰ ਤੋਂ ਅਲਵਿਦਾ ਕਹਿਣ ਤੋਂ ਬਾਅਦ ਪਟਿਆਲਾ ਦਾ ਸਭਿਆਚਾਰਕ ਘੇਰਾ ਸੁੰਗੜਕੇ ਰਹਿ ਗਿਆ।
ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਕਸਬੇ ਵਿਖੇ ਹੋਇਆ।
ਉਨ੍ਹਾਂ ਮੁੱਢਲੀ ਦਸਵੀਂ ਤੱਕ ਵਿਦਿਆ ਦੋਰਾਹਾ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਕਸਬੇ ਦੇ ਨੇੜੇ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵੰਤ ਕੌਰ ਛੀਨਾ, ਸਪੁੱਤਰ ਕਰਨਬੀਰ ਸਿੰਘ ਛੀਨਾ, ਨੂੰਹ ਖ਼ੁਸ਼ਵਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਅੱਜ ਛੀਨਾ ਪਰਿਵਾਰ, ਉਨ੍ਹਾਂ ਦੇ ਦੋਸਤਾਂ ਮਿਤਰਾਂ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ ਬਰਸੀ ਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਤ੍ਰਿਲੋਕ ਸਿੰਘ ਢਿਲੋਂ ਦੀ ‘ਵਾਟ ਹਯਾਤੀ ਦੀ ’ ਗ਼ਜ਼ਲ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ - ਉਜਾਗਰ ਸਿੰਘ
ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ ਅੱਠ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਛੇ ਪੁਸਤਕਾਂ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਗ਼ਜ਼ਲ ਸੰਗ੍ਰਹਿ ਉਸਦੀ ਦਸਵੀਂ ਪੁਸਤਕ ਹੈ। ਇਸ ਗ਼ਜ਼ਲ ਸੰਗ੍ਰਹਿ ਦੇ ਵਿਸ਼ੇ ਵੀ ਬਹੁ-ਰੰਗੀ ਹਨ। ਤ੍ਰਿਲੋਕ ਸਿੰਘ ਢਿਲੋਂ ਦੀਆਂ ਗ਼ਜ਼ਲਾਂ ‘ਗ਼ਜ਼ਲ-ਮੁਸੱਲਸਲ’ ਅਤੇ ‘ਗ਼ਜ਼ਲ-ਗ਼ੈਰ ਮੁਸੱਲਸਲ’ ਦੋਵੇਂ ਰੂਪਾਂ ਵਿੱਚ ਹਨ। ਭਾਵ ਕੁਝ ਗ਼ਜ਼ਲਾਂ ਵਿੱਚ ਸਾਰੇ ਸ਼ਿਅਰ ਇੱਕੋ ਹੀ ਭਾਵ ਦੀ ਪੇਸ਼ਕਾਰੀ ਕਰਦੇ ਹਨ ਅਤੇ ਕੁਝ ਵੱਖੋ-ਵੱਖਰੇ ਭਾਵਾਂ ਦੀ ਅਭੀਵਿਅਕਤੀ ਕਰਦੇ ਹਨ। ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਸੱਤ-ਸੱਤ ਸ਼ਿਅਰਾਂ ਵਾਲੀਆਂ ਹਨ। ਮੁੱਖ ਤੌਰ ‘ਤੇ ਤ੍ਰਿਲੋਕ ਸਿੰਘ ਢਿਲੋਂ ਨੇ ਲੋਕਾਈ ਦੀ ਆਵਾਜ਼ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਭਾਵ ਉਸ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਗ਼ਜ਼ਲ ਦੀ ਦਿਸ਼ਾ ਤੇ ਦਸ਼ਾ ਹੀ ਬਦਲਕੇ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ, ਜਿਨ੍ਹਾਂ ਵਿੱਚ ਨਸ਼ੇ, ਭਰੂਣ ਹੱਤਿਆ, ਇਸਤਰੀਆਂ ਦੀ ਦੁਰਦਸ਼ਾ, ਦਾਜ-ਦਹੇਜ, ਪ੍ਰਦੂਸ਼ਣ, ਆਰਥਿਕ ਅਸਾਵਾਂਪਣ, ਅਨੈਤਿਕਤਾ, ਡੇਰਾਵਾਦ, ਧਾਰਮਿਕ ਕੱਟੜਤਾ, ਰਾਜਨੀਤਕ ਗਿਰਾਵਟ ਆਦਿ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਵਿੱਚ 72 ਗ਼ਜ਼ਲਾਂ ਹਨ, ਜਿਹੜੀਆਂ ਆਪੋ ਆਪਣੇ ਵਿਸ਼ਿਆਂ ਦੇ ਰੰਗ ਵਿਖੇਰਦੀਆਂ ਹੋਈਆਂ ਲੋਕਾਈ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਆਮ ਤੌਰ ‘ਤੇ ਗ਼ਜ਼ਲ ਦਾ ਸੰਬੰਧ ਇਸ਼ਕ ਮਜ਼ਾਜ਼ੀ ਨਾਲ ਜੋੜਿਆ ਜਾਂਦਾ ਹੈ। ਭਾਵ ਗ਼ਜ਼ਲ ਔਰਤ ਦੇ ਆਲੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ, ਪ੍ਰੰਤੂ ਸ਼ਾਇਰ ਨੇ ਗ਼ਜ਼ਲ ਨੂੰ ਸਮਾਜਿਕ /ਧਾਰਮਿਕ/ਅਧਿਆਤਮਿਕ ਰੰਗ ਵਿੱਚ ਰੰਗਿਆ ਹੈ। ਦੋ ਸ਼ਿਅਰ ਧਾਰਮਿਕ/ਅਧਿਆਤਮਿਕ ਰੰਗ ਦੇ ਇਸ ਪ੍ਰਕਾਰ ਹਨ:
ਤਨ ਦਾ ਪਿਆਸਾ ਹੈ ਕੁਈ ਤੇ ਮੈਂ ਹਕੀਕੀ ਇਸ਼ਕ ਦਾ,
ਫ਼ਾਸਲਾ ‘ਢਿਲੋਂ’ ਲਈ ਹੈ ਕਾਮ ਈਮਾਨ ਵਿੱਚ।
ਗੁਰੂਆਂ ਭਗਤਾਂ ਦੀ ਬਾਣੀ ਹੀ ਰਾਹਨੁਮਾ ਮੇਰੀ ‘ਢਿਲੋਂ’
ਕਾਸ਼! ਮੈਂ ਬਾਣੀ ਦੇ ਅਰਥਾਂ ਦਾ ਸ਼ਾਹ ਬਣਾ ਸੁਲਤਾਨ।
ਸਾਹਿਤਕਾਰ ਦਾ ਮੁੱਖ ਮੰਤਵ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਦੀ ਬਿਹਤਰੀ ਲਈ ਪ੍ਰੇਰਨਾ ਦੇ ਕੇ ਸਮਾਜ ਨੂੰ ਸੇਧ ਦੇਣੀ ਹੁੰਦਾ ਹੈ। ਕਿਸੇ ਸਮੇਂ ਸਾਹਿਤ ਮਨੋਰੰਜਨ ਦਾ ਹੀ ਸਾਧਨ ਸਮਝਿਆ ਜਾਂਦਾ ਸੀ ਜਾਂ ਕਲਾ, ਕਲਾ ਲਈ ਕਿਹਾ ਜਾਂਦਾ ਸੀ। ਪ੍ਰੰਤੂ ਸਮੇਂ ਦੀ ਤਬਦੀਲੀ ਅਤੇ ਆਧੁਨਿਕਤਾ ਦੇ ਜ਼ਮਾਨੇ ਵਿੱਚ ਮਨੋਰੰਜਨ ਲਈ ਸਾਹਿਤ ਦੀ ਰਚਨਾ ਬਹੁਤੀ ਨਹੀਂ ਕੀਤੀ ਜਾਂਦੀ। ਪ੍ਰਗਤਸ਼ੀਲ ਸਾਹਿਤ ਬਹੁਤੀ ਮਾਤਰਾ ਵਿੱਚ ਰਚਿਆ ਜਾਂਦਾ ਹੈ, ਜਿਸ ਦਾ ਸਮਾਜ ਨੂੰ ਲਾਭ ਹੋ ਸਕੇ। ਇਸ ਸੰਧਰਵ ਵਿੱਚ ਗ਼ਜ਼ਲਕਾਰ ਬਹੁਤੀਆਂ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ। ਧਾਰਮਿਕ ਕੱਟੜਵਾਦ ਤੇ ਪਖੰਡਵਾਦ ਦਾ ਗ਼ਜ਼ਲਕਾਰ ਪਰਦਾ ਫਾਸ਼ ਕਰਦਾ ਹੋਇਆ ਕੁਝ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਦਾ ਹੈ:
ਆਪੇ ਮੰਦਰ, ਆਪ ਪੁਜਾਰੀ, ‘ਢਿਲੋਂ’ ਆਪ ਭਗਤ ਜਨ ਵੀ,
ਸਾਧੂ ਸੰਤ ਕਹਾਈਏ ਪਹਿਲਾਂ ਫਿਰ ਬਣਦੇ ਭਗਵਾਨ ਅਸੀਂ।
ਚਾੜ੍ਹ ਮਖੌਟੇ ਚਿਹਰੇ ਉੱਤੇ ਸਾਧਾਂ ਸੰਤਾਂ ਭਗਤਾਂ ਦੇ,
ਕਰਦੇ ਨੇ ਮੱਕਾਰੀ ਐਪਰ ਬਣਦੇ ਹਾਂ ਨਾਦਾਨ ਅਸੀਂ।
ਸਮਾਜਿਕ ਤਾਣੇ ਬਾਣੇ ਵਿੱਚ ਲੋਕ ਕਹਿਣੀ ਤੇ ਕਰਨੀ ਦੇ ਪੱਕੇ ਨਹੀਂ, ਉਹ ਇਸਤਰੀਆਂ ਦੀ ਭਲਾਈ ਅਤੇ ਬਿਹਤਰੀ ਬਾਰੇ ਦਮਗਜ਼ੇ ਮਾਰਦੇ ਰਹਿੰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੁੰਦੀ ਹੈ। ਸਾਹਿਤਕਾਰ ਅਜਿਹੀਆਂ ਹਰਕਤਾਂ ਬਾਰੇ ਚੇਤੰਨ ਹੁੰਦਾ ਹੈ। ਤ੍ਰਿਲੋਕ ਸਿੰਘ ਢਿਲੋਂ ਵੀ ਇਸਤਰੀਆਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਲਿਖਕੇ ਸਮਾਜ ਨੂੰ ਲਾਹਣਤਾਂ ਪਾਉਂਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਇਸਤਰੀਆਂ ਦੀ ਤ੍ਰਾਸਦੀ ਬਾਰੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਮਿਲੀ ਸੀ ਕੱਲ੍ਹ ਕਿਸੇ ਔਰਤ ਦੀ ਨੋਚੀ ਲਾਸ਼ ਜੋ ਰੁਲ਼ਦੀ,
ਖ਼ਬਰ ਇਹ ਹੈ ਕਿ ਇਨਸਾਨ ‘ਚ ਉਹ ਹੈਵਾਨ ਨਿਕਲੇ।
ਨ ਮੈਨੂੰ ਦਾਜ ਲੋੜੀਂਦਾ ਤੇ ਨਾ ਹੀ ਰਾਜ ਲੋੜੀਂਂਦਾ,
ਨ ਮੈਨੂੰ ਮਾਰ ਤੂੰ ਕੁੱਖ ਵਿੱਚ ਤੇ ਜਿਉਂਦਾ ਰਹਿਣ ਦੇ ਮੈਨੂੰ।
ਖ਼ਬਰ ਸੁਣ ਕੇ, ਕਿ ਇਸਮਤ ਧੀ ਦੀ ਲੀਰੋ-ਲੀਰ ਹੋਈ ਹੈ,
ਅਭਾਗਾ ਬਾਪ ਅੱਖੀਆਂ ਵਿੱਚ ਕਿਵੇਂ ਸੰਭਾਲਦਾ ਪਾਣੀ?
ਜਿਸਮ ਦੀ ਪ੍ਰਦਰਸ਼ਨੀ ਤਹਿਜ਼ੀਬ ਹੀ ਹੁਣ ਬਣ ਗਈ,
ਭੋਗ ਦੀ ਵਸਤੂ ਹੀ ਕੇਵਲ ਇਸਤਰੀ ਹੋਈ ਹੈ ਕਿਉਂ?
ਸਾਡੇ ਸਮਾਜ ਵਿੱਚ ਸਭ ਕੁਝ ਠੀਕ ਨਹੀਂ ਹੋ ਰਿਹਾ। ਅਮੀਰ ਲੋਕ ਆਪਣੀ ਅਮੀਰੀ ਕਰਕੇ ਫੋਕੀ ਹਓਮੈ ਦੇ ਸ਼ਿਕਾਰ ਹੋਏ ਪਏ ਹਨ। ਉਹ ਸਮਾਜ ਦੇ ਮੱਧ ਵਰਗੀ ਅਤੇ ਦੱਬੇ ਕੁਚਲੇ ਗ਼ਰੀਬ ਲੋਕਾਂ ਨੂੰ ਟਿਚ ਸਮਝਦੇ ਹਨ। ਉਹ ਆਪਣੇ ਆਪ ਨੂੰ ਪਰਮਾਤਮਾ ਦੇ ਵਰੋਸਾਏ ਹੋਏ ਉਚ ਵਰਗ ਦੇ ਨੁਮਾਇੰਦੇ ਸਮਝਦੇ ਹਨ। ਹਾਲਾਂ ਕਿ ਪਰਮਾਤਮਾ ਨੇ ਸਾਰੀ ਮਨੁੱਖਤਾ ਨੂੰ ਬਰਾਬਰ ਬਣਾਇਆ ਅਤੇ ਬਰਾਬਰ ਜੀਵਨ ਜਿਓਣ ਦੇ ਅਧਿਕਾਰ ਦਿੱਤੇ ਹਨ। ਹਓਮੈ ਵਾਲੇ ਘੁਮੰਡੀ ਲੋਕ ਸਾਜ਼ਿਸ਼ਾਂ ਰਚਕੇ ਆਪਣੀ ਮਨਮਾਨੀ ਕਰਦੇ ਹਨ। ਬਹੁਤੇ ਲੋਕ ਉਨ੍ਹਾਂ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦੇ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੇ ਰਹਿੰਦੇ ਹਨ। ਚੁੱਪ ਰਹਿਣ ਵਿੱਚ ਆਪਣੀ ਬਿਹਤਰੀ ਸਮਝਦੇ ਹਨ। ਅਜਿਹੇ ਲੋਕਾਂ ਬਾਰੇ ਗ਼ਜ਼ਲਕਾਰ ਆਪਣੇ ਸ਼ਿਅਰਾਂ ਵਿੱਚ ਲਿਖਦਾ ਹੈ:
ਜਦ ਤਾਕਤ ਤੇ ਹਓਮੈ ਮਿਲ ਕੇ ਸਾਜ਼ਿਸ਼ ਰਚਦੇ ਨੇ,
ਬੰਦਾ ਫਿਰ ਬੰਦਾ ਨ੍ਹੀ ਦਿਸਦਾ, ਜਾਬਰ ਦਿਸਦਾ ਹੈ।
ਪਰਜਾਤੰਤਰ ਦਾ ਪਹਿਰਾ ਹੈ ਸਖ਼ਤ ਬੜਾ,
ਕੰਨ ਵਿੱਚ ਸਿੱਕਾ, ਮੂੰਹ ‘ਤੇ ਤਾਲੇ ਦਿਸਦੇ ਨੇ।
Êਡਾਲਰਾਂ ਦੀ ਚਕਾਚੌਂਦ ਵਿੱਚ ਪੰਜਾਬੀ ਨੌਜਵਾਨੀ ਦਾ ਪ੍ਰਵਾਸ ਵਿੱਚ ਜਾਣਾ, ਮਾਪਿਆਂ ਲਈ ਖ਼ਤਰੇ ਦੀ ਘੰਟੀ ਬਣ ਚੁੱਕਿਆ ਹੈ। ਬੱਚੇ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਮਾਪਿਆਂ ਨੂੰ ਵਿਸਾਰ ਜਾਂਦੇ ਹਨ। ਡਾਲਰ ਕਮਾਉਣ ਦੇ ਚਕਰ ਵਿੱਚ ਜਦੋਜਹਿਦ ਕਰਦੇ ਰਹਿੰਦੇ ਹਨ, ਪਿੱਛੇ ਮਾਪੇ ਉਨ੍ਹਾਂ ਦੇ ਵਿਛੋੜੇ ਨੂੰ ਤਰਸਦੇ ਰਹਿੰਦੇ ਹਨ। ਇਸ ਤ੍ਰਾਸਦੀ ਨੇ ਖ਼ੂਨ ਦੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੱਤੀ ਹੈ। ਤ੍ਰਿਲੋਕ ਸਿੰਘ ਢਿਲੋਂ ਵੀ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਸਮਝਦਾ। ਇਸ ਕਰਕੇ ਉਹ ਆਪਣੇ ਸ਼ਿਅਰਾਂ ਵਿੱਚ ਲਿਖਦਾ ਹੈ:
ਚਮਕ ਵਿੱਚ ਡਾਲਰਾਂ ਦੀ ਮਾਪਿਆਂ ਨੂੰ ਭੁੱਲ ਜਿਨ੍ਹਾਂ ਜਾਣੈ,
ਉਨ੍ਹਾਂ ਪੁਤਰਾਂ ਨੂੰ ਦਾਤਾ! ਤੂੰ ਕੁਈ ਪਰਵਾਸ ਨਾ ਦੇਵੀਂ।
ਅਸਾਡੇ ਸਮਿਆਂ ਦਾ ਇਹ ਕੈਸਾ ਘੋਰ ਕਲਯੁਗ ਹੈ,
ਕਿ ਰਿਸ਼ਤਾ ਕੋਈ ਵੀ ਬੇਟੇ ਤੇ ਬਾਪ ਵਿੱਚ ਨ ਰਿਹਾ।
ਨਹੀਂ ਹੁਣ ਗਰਮਜੋਸ਼ੀ ਰਿਸ਼ਤਿਆਂ ਦੇ ਦਰਸ਼ਨਾ ਅੰਦਰ,
ਅਗਨ ਹਓਮੈ ਦੀ ਧੁਖਦੀ ਹੈ ਤਨਾਂ ਅੰਦਰ ਮਨਾਂ ਅੰਦਰ।
ਹੋ ਗਏ ਮਜ਼ਬੂਰ ਮਾਪੇ ਜਾਣ ਨੂੰ ਬਿਰਧ ਆਸ਼ਰਮ,
ਹੋਰ ਕੀ ਔਲਾਦ ਦਾ ਖ਼ੂਨ ਹੋਏਗਾ ਚਿੱਟਾ ਭਲਾਂ।
ਸਿਸਟਮ ਤੇ ਗ਼ਰੀਬੀ ਦੇ ਭੰਨ, ਪੁੱਤ ਰੁਲ਼ਦੇ ਨੇ ਜਾ ਕੇ ਪ੍ਰਦੇਸੀਂ,
ਫ਼ਿਕਰਾਂ ਵਿੱਚ ਡੁੱਬੀਆਂ ਮਾਵਾਂ ਦਾ, ਕਦ ਤੀਕਰ ਜੇਰਾ ਵੇਖਾਂਗੇ।
ਦੁਨੀਆਂ ਰੰਗ ਬਿਰੰਗੀ ਹੈ। ਗ਼ਰੀਬ ਤੇ ਅਮੀਰ ਵਿੱਚ ਬਹੁਤ ਵੱਡਾ ਪਾੜਾ ਹੈ। ਵਿਖਾਵਾ ਹੀ ਪ੍ਰਧਾਨ ਹੈ, ਅਮਲੀ ਤੌਰ ‘ਤੇ ਕੰਮ ਨਹੀਂ ਕੀਤੇ ਜਾ ਰਹੇ। ਇਨ੍ਹਾਂ ਸਾਰੀਆਂ ਗੱਲਾਂ ਦਾ ਸਾਹਿਤਕਾਰਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ। ਫਿਰ ਉਹ ਲੋਕਾਂ ਦੇ ਕਾਰਨਾਮਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਦਰਸਾਉਂਦੇ ਹਨ। ਤ੍ਰਿਲੋਕ ਸਿੰਘ ਢਿਲੋਂ ਨੇ ਅਜਿਹੇ ਲੋਕਾਂ ਦੇ ਮੁਖੌਟਿਆਂ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਵਰਣਨ ਕੀਤਾ ਹੈ। ਉਨ੍ਹਾਂ ਲੋਕਾਂ ਬਾਰੇ ਸ਼ਾਇਰ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਆਪਣੇ ਚਿਹਰੇ ਤੋਂ ਰਤਾ ਪਹਿਲਾਂ ਮਖੌਟਾ ਤਾਂ ਉਤਾਰ,
ਕਿਉਂ ਭਲਾ ਦਰਪਣ ਨੂੰ ਹੀ ਧਮਕਾਉਣ ਬਾਰੇ ਸੋਚਦੈਂ।
ਚਿਹਰੇ ‘ਤੇ ਖ਼ੁਸ਼ੀਆਂ ਖੇੜੇ, ਸੋਹਣੇ ਮੁਖੌਟੇ ਪਹਿਨੇ,
ਐਪਰ ਹੈ ਆਤਮਾ ਤਾਂ, ਦਿਲਗੀਰ ਆਦਮੀ ਦੀ।
ਪਾ ਕੇ ਚਿੜੀਆਂ ਦੇ ਮੁਖੌਟੇ ਆ ਗਏ ‘ਢਿਲੋਂ’
ਸ਼ਿਕਰਿਆਂ ਤੋਂ ਬੋਟ ਕਿੰਝ ਬਚਾਉਣਗੇ ਆਖ਼ਿਰ।
ਚਾੜ੍ਹ ਮੁਖੌਟੇ ਚਿਹਰੇ ਉਤੇ ਸਾਧਾਂ ਸੰਤਾਂ ਭਗਤਾਂ ਦੇ,
ਕਰਦੇ ਹਾਂ ਮੱਕਾਰੀ ਐਪਰ ਬਣਦੇ ਹਾਂ ਨਾਦਾਨ ਅਸੀਂ।
ਭਵਿਖ ਵਿੱਚ ਤ੍ਰਿਲੋਕ ਸਿੰਘ ਢਿਲੋਂ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਉਮੀਦ ਕੀਤੀ ਜਾ ਸਕਦੀ ਹੈ।
95 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ:ਤ੍ਰਿਲੋਕ ਸਿੰਘ ਢਿਲੋਂ :9855461644
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ - ਉਜਾਗਰ ਸਿੰਘ
ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ, ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ। ਮੁੱਢਲੇ ਤੌਰ ‘ਤੇ ਉਹ ਖੱਬੇ ਪੱਖੀ ਸੋਚ ਦਾ ਧਾਰਨੀ ਹੈ। ਸਰਬਜੀਤ ਕੰਗਣੀਵਾਲ ਸਿਰੜ੍ਹੀ, ਮਿਹਨਤੀ ਅਤੇ ਦ੍ਰਿੜ੍ਹਤਾਵਾਦੀ ਲੇਖਕ ਹੈ। ਇਸ ਕਰਕੇ ਉਸਨੇ ਖੱਬੇ ਪੱਖੀ ਲਹਿਰ ਨੂੰ ਪੰਜ ਜਿਲਦਾਂ ਵਿੱਚ ਪ੍ਰਕਾਸ਼ਤ ਕਰਨ ਦਾ ਦ੍ਰਿੜ੍ਹ ਨਿਸਚਾ ਕੀਤਾ, ਇਸ ਦੀ ਪਹਿਲੀ ਜਿਲਦ ‘ਪੰਜਾਬ ਦੀ ਖੱਬੀ ਲਹਿਰ’ (ਬਸਤੀਵਾਦ ਤੋਂ ਮੁੱਕਤੀ ਤੱਕ) ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਨੂੰ ਉਸਨੇ 7 ਅਧਿਆਇ ਵਿੱਚ ਵੰਡਿਆ ਹੈ। ਉਸਨੇ ਖੱਬੇ ਪੱਖੀ ਲਹਿਰ ਦੀ ਸੰਸਾਰ, ਭਾਰਤ ਅਤੇ ਪੰਜਾਬ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਤਿਹਾਸਕ ਪ੍ਰਗਤੀ ਅਤੇ ਖੋਜ ਭਰਪੂਰ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਪਹਿਲੇ ਅਧਿਆਇ ਵਿੱਚ ਲਹਿਰ ਦੀ ਪੰਜਾਬ ਵਿੱਚ ਸ਼ੁਰੂਆਤ ਤੋਂ ਜਾਣਕਾਰੀ ਦਿੱਤੀ ਗਈ ਹੈ। ਭੂਗੋਲਿਕ ਤੌਰ ‘ਤੇ ਵੈਦਿਕ ਕਾਲ ਵਿੱਚ ਸੱਤ ਦਰਿਆ ਦੇ ਇਲਾਕੇ ਨੂੰ ਸਪਤ ਸਿੰਧੂ ਤੇ ਯੂਨਾਨੀਆਂ ਦੇ ਸਮੇਂ ਪੰਜ ਦਰਿਆ ਹੋਣ ਕਰਕੇ ਪੰਜਾਬ ਬਣ ਗਿਆ। ਪੰਦਰਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੇ ਨਵਾਂ ਦੌਰ ਆਰੰਭ ਹੋਇਆ, ਜਿਹੜਾ 1699 ਵਿੱਚ ਸ੍ਰੀ ਗੁਰੂ ਗੋਬਿੰਦ ਤੱਕ ਪਹੁੰਚਦਿਆਂ ਜ਼ੁਲਮ ਦੇ ਵਿਰੁੱਧ ਸੰਘਰਸ਼ ਦੇ ਰੂਪ ਵਿੱਚ ਖਾਲਸੇ ਦੀ ਸਿਰਜਨਾ ਨਾਲ ਹੋਇਆ। 1710 ਵਿੱਚ ਬੰਦਾ ਬਹਾਦਰ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਫਿਰ ਸਿੱਖ ਮਿਸਲਾਂ ਦਾ ਰਾਜ ਸ਼ੁਰੂ ਹੋਇਆ, ਜੋ 1799 ਵਿੱਚ ਲਾਹੌਰ ‘ਤੇ ਕਬਜ਼ਾ ਕਰਨ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਤੱਕ ਹਿੰਦੁਸਤਾਨ ਬ੍ਰਿਟਿਸ਼ ਬਸਤੀਵਾਦ ਦਾ ਕਬਜ਼ਾ ਹੋ ਗਿਆ। 1857 ਦੇ ਗਦਰ ਤੋਂ ਬਾਅਦ 1947 ਵਿੱਚ ਭਾਰਤ ਆਜ਼ਾਦ ਹੋ ਗਿਆ ਤੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਫਰਾਂਸ ਦੇ ਇਨਕਲਾਬ ਸਮੇਂ ਰਾਜੇ ਦੇ ਵਿਰੋਧੀ ਖੱਬੇ ਤੇ ਸੱਜੇ ਦੋ ਗਰੁੱਪ ਬਣ ਗਏ। ਪਹਿਲਾਂ ਗ਼ਦਰੀ ਸਮਾਜਵਾਦੀ ਵਿਚਾਰਾਂ ਦੇ ਪੱਖੀ ਹੋਏ। ਅਕਤੂਬਰ 1920 ਵਿੱਚ ਤਾਸ਼ਕੰਦ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਦਸੰਬਰ 1925 ਵਿੱਚ ਭਾਰਤ ਵਿੱਚ ਕਾਨ੍ਹਪੁਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦਾ ਗਠਨ ਹੋਇਆ, 1934 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਨਾਲ ਇਲਹਾਕਬੱਧ ਹੋ ਗਈ। ਦੂਜਾ ਅਧਿਆਇ ‘ਖੱਬੀ ਲਹਿਰ ਦੀ ਪਿੱਠ ਭੂਮੀ’ ਵਿੱਚ ਦੱਸਿਆ ਗਿਆ ਹੈ ਕਿ ਅੰਗਰੇਜ਼ਾਂ ਦੇ ਪੰਜਾਬ ‘ਤੇ ਕਬਜ਼ੇ ਤੋਂ ਸੱਤ ਦਹਾਕਿਆਂ ਬਾਅਦ ਖੱਬੇ ਪੱਖੀ ਸਰਗਰਮੀਆਂ ਆਰੰਭ ਹੋਈਆਂ। ਮਹਾਰਾਜਾ ਰਣਜੀਤ ਸਿੰਘ ਨੇ ਸੰਗਠਿਤ ਪੰਜਾਬੀ ਕੌਮ ਦੀ ਭਾਵਨਾ ਪੈਦਾ ਕੀਤੀ। ਪਿੰਡ ਆਤਮ ਨਿਰਭਰ ਬਣਾਏ। ਸਾਰੇ ਵਰਗ ਇੱਕ ਦੂਜੇ ‘ਤੇ ਨਿਰਭਰ ਸਨ। ਰਾਜਾਸ਼ਾਹੀ ਦੇ ਆਖ਼ਰੀ ਦਹਾਕੇ ਵਿੱਚ ਖੜਕ ਸਿੰਘ, ਨੌਨਿਹਾਲ ਸਿੰਘ, ਸ਼ੇਰ ਸਿੰਘ, ਚਾਂਦ ਕੌਰ, ਖ਼ਾਨਜੰਗੀ ਰਾਜਗੱਦੀ ਦੀ ਕਸ਼ਮਕਸ਼ ਵਿੱਚ ਮਾਰੇ ਗਏ। ਦਲੀਪ ਸਿੰਘ ਨੂੰ ਜਾਨਸ਼ੀਨ ਬਣਾਕੇ ਅੰਗਰੇਜ਼ ਅਸਿੱਧੇ ਢੰਗ ਨਾਲ ਰਾਜ ਕਰਦੇ ਰਹੇ। 1849 ਵਿੱਚ ਪੰਜਾਬ ‘ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਏ। ਪੁਰਾਣੇ ਢਾਂਚੇ ਨੂੰ ਖ਼ਤਮ ਕਰਕੇ ਲਾਰਡ ਡਲਹੌਜੀ ਨੇ ਨਵਾਂ ਢਾਂਚਾ ਸੱਤ ਡਵੀਜਨਾ ਬਣਾ ਕੇ ਸਥਾਪਤ ਕੀਤਾ। ਹਥਿਆਰ ਜਮ੍ਹਾਂ ਕਰਵਾ ਲਏ, ਸਿੱਖ ਫ਼ੌਜ ਤੋੜ ਦਿੱਤੀ, ਸਿੱਖ ਬ੍ਰੀਗੇਡ ਬਣਾਈ, ਜ਼ਮੀਨ ਮਾਲਕੀ ਦੀ ਨਵੀਂ ਨੀਤੀ, ਟੈਕਸ ਪ੍ਰਣਾਲੀ ਅਤੇ ਨਹਿਰੀ ਪ੍ਰਣਾਲੀ ਸ਼ੁਰੂ ਕੀਤੀ, ਈਸਟ ਇੰਡੀਆ ਕੰਪਨੀ ਤਾਕਤਵਰ ਬਣਾਈ, ਰਿਆਸਤਾਂ ਦੀ ਨਵੀਂ ਨੀਤੀ ਬਣਾਈ। ਧਾਰਮਿਕ ਲਹਿਰਾਂ ਦਾ ਉਭਾਰ ਤੇ ਸਿਖਿਆ ਦੀ ਸ਼ੁਰੂਆਤ ਵਿੱਚ ਪੁਜਾਰੀਆਂ ਤੇ ਮਹੰਤਾਂ ਦੇ ਅਧਿਕਾਰ ਵਧਾ ਦਿੱਤੇ, ਫ਼ੌਜੀ ਯੂਨਿਟਾਂ ਵਿੱਚ ਧਰਮ ਦੇ ਆਧਾਰ ‘ਤੇ ਯੋਜਨਬੰਦੀ, ਧਰਮਾਂ ਨੂੰ ਵੰਡਣਾ ਆਦਿ। ਫਿਰ 1888 ਵਿੱਚ ਖਾਲਸਾ ਦੀਵਾਨ ਨਾਂ ਦੀ ਕੇਂਦਰੀ ਸੰਸਥਾ ਦਾ ਬਣਨਾ, ਖਾਲਸਾ ਕਾਲਜ ਦੀ ਸਥਾਪਨਾ, ਹਿੰਦੂਆਂ ਨੇ ਐਂਗਲੋਵੈਦਿਕ ਸਕੂਲ ਬਣਾਏ। ਨਾਮਧਾਰੀ ਲਹਿਰ ਨਾਲ ਬਸਤੀਵਾਦ ਸਰਕਾਰ ਵਿਰੁੱਧ ਵਿਦਰੋਹ ਸ਼ੁਰੂ, ਸਰਕਾਰ ਨੇ ਪੰਜਾਬ ਲਾਜ਼ ਐਕਟ ਬਣਾਇਆ, ਰੇਲਵੇ ਪੁਲਿਸ ਦਾ ਗਠਨ, ਖੇਤੀ ਸੈਕਟਰ ਦਾ ਨਵਾਂ ਦੌਰ ਸ਼ੁਰੂ, ਮਾਲੀਏ ਦੀ ਵੱਧ ਦਰ ਕਰਕੇ ਛੋਟੇ ਕਿਸਾਨ ਕਰਜ਼ਈ, ਨਿੱਜੀ ਮਾਲਕੀਅਤ ਸ਼ੁਰੂ, ਉਦਯੋਗ ਲਗਾਉਣੇ ਸ਼ੁਰੂ ਹੋਏ, ਸਿਆਸੀ ਸਰਗਰਮੀਆਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਸ਼ੁਰੂ ਕੀਤੀਆਂ, ਲੈਜਿਸਲੇਟਿਵ ਕੌਂਸਲ ਦੀ ਸਥਾਪਤੀ ਨਾਲ ਗਵਰਨਰ ਜਨਰਲ ਸ਼ਕਤੀਸ਼ਾਲੀ ਹੋ ਗਿਆ। ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖਾਂ ਨੇ ਬਹਾਦਰੀ ਦੇ ਝੰਡੇ ਗੱਡੇ। ਬਸਤੀਵਾਦੀ ਸ਼ਾਸਨ ਦੀ ਪਹਿਲੀ ਅੱਧੀ ਸਦੀ ਵਿੱਚ ਸੁਧਾਰ ਹੋਏ ਪ੍ਰੰਤੂ ਉਨ੍ਹਾਂ ਦਾ ਲੋਕਾਂ ‘ਤੇ ਮਾੜਾ ਪ੍ਰਭਾਵ ਪਿਆ। ਖੇਤੀ ਸੈਕਟਰ ਅਤੇ ਨਵਾਂ ਖੇਤੀ ਕਾਨੂੰਨ ਆਉਣ ਨਾਲ ਕਿਸਾਨੀ ਸ਼ਾਹੂਕਾਰਾਂ ‘ਤੇ ਨਿਰਭਰ ਹੋ ਗਈ। ਉਦਯੋਗਾਂ ਦੇ ਮਸ਼ੀਨੀਕਰਨ ਨਾਲ ਪੁਰਾਣੇ ਉਦਯੋਗ ਖ਼ਤਮ ਹੋ ਗਏ। ਲੋਕਾਂ ਵਿੱਚ ਅਸੰਜਮਤਾ ਪੈਦਾ ਹੋ ਗਈ। ਪਲੇਗ ਨਾਲ ਹਜ਼ਾਰਾਂ ਲੋਕ ਮਰ ਗਏ, ਪੁਲਿਸ ਵਿੱਚ ਹੜਤਾਲ ਹੋ ਗਈ, ਸਿੱਖਾਂ ਦੀਆਂ ਸੰਸਥਾਵਾਂ ਵਿੱਚ ਫੁੱਟ ਪਵਾਈ ਗਈ। ਰਾਸ਼ਟਰਵਾਦੀ ਲਹਿਰ ਤੋਂ ਬਾਅਦ ਬੰਗਾਲ ਨੂੰ ਵੰਡ ਦਿੱਤਾ, ਅਜੀਤ ਸਿੰਘ ਤੇ ਕਿਸ਼ਨ ਸਿੰਘ ਸਰਗਰਮ ਹੋ ਗਏ, ਜਨਤਕ ਜਲਸਿਆਂ ਤੇ ਭਾਸ਼ਣਾਂ ਤੇ ਪਾਬੰਦੀ ਲਾ ਦਿੱਤੀ ਗਈ। ਕਾਂਗਰਸ ਦੇ ਬਰਾਬਰ ਆਲ ਇੰਡੀਆ ਮੁਸਲਮ ਲੀਗ ਦੀ ਸਥਾਪਨਾ ਫਿਰਕੂ ਰੰਗਤ ਦੇਣ ਲਈ ਕੀਤੀ ਗਈ। ਮਿੰਟੋ ਮਾਰਲੇ ਸੁਧਾਰ ਲਹਿਰ ਸ਼ੁਰੂ ਕੀਤੀ ਗਈ। ਲਾਰਡ ਹਾਰਡਿੰਗ ਵਾਇਸਰਾਏ ਬਣਾਏ ਗਏ ਤੇ ਬੰਗਾਲ ਦੀ ਵੰਡ ਰੱਦ ਕਰ ਦਿੱਤੀ, ਵਾਇਸਰਾਏ ਤੇ ਬੰਬ ਸੁੱਟਿਆ ਗਿਆ, ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਕੀਤੀਆਂ, ਚਨਾਬ ਨਹਿਰ ਅਤੇ ਰੇਲ ਲਾਈਨਾ ਦਾ ਵਿਸਤਾਰ ਕੀਤਾ ਗਿਆ। ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਦੁਰਵਿਵਾਰ ਦੇ ਸਿੱਟੇ ਵਜੋਂ ਗ਼ਦਰ ਪਾਰਟੀ ਦੀ ਸਥਾਪਨਾ ਹੋਈ। 1913 ਵਿੱਚ ਗ਼ਦਰ ਅਖ਼ਬਾਰ ਸ਼ੁਰੂ ਕੀਤਾ, ਕਾਮਾਗਾਟਾ ਮਾਰੂ ਘਟਨਾਂ ਨਾਲ ਰੋਸ ਉਤਪਨ ਹੋ ਗਿਆ। ਲਾਹੌਰ ਸ਼ਾਜਸ਼ ਕੇਸ ਵਿੱਚ ਸਜ਼ਾਵਾਂ ਤੇ ਜਾਇਦਾਦਾਂ ਜ਼ਬਤ ਹੋਈਆਂ। ਦੂਜੀ ਸੰਸਾਰ ਜੰਗ ਤੋਂ ਬਾਅਦ ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਨੇ 1916 ਵਿੱਚ ਹੋਮ ਰੂਲ ਅੰਦੋਲਨ ਚਲਾਕੇ ਪੰਜਾਬੀਆਂ ਵਿੱਚ ਜੋਸ਼ ਭਰ ਦਿੱਤਾ। ਰੋਲਟ ਐਕਟ, ਜਲਿ੍ਹਆਂ ਵਾਲੇ ਬਾਗ ਦੀਆਂ ਘਟਨਾਵਾਂ, ਕਿਸਾਨੀ ਤੇ ਦਬਾਅ ਅਤੇ ਰੂਸ ਦੇ ਇਨਕਲਾਬ ਨੇ ਖਿਲਾਫਤ ਲਹਿਰ ਤੇਜ ਕਰ ਦਿੱਤੀ।1920 ਵਿੱਚ ਟਰੇਡ ਯੂਨੀਅਨ ਬਣ ਗਈ, ਕਿਰਤੀ ਸ਼੍ਰੇਣੀ ਇੱਕਮੁੱਠ ਹੋ ਗਈ, ਇਨਕਲਾਬ ਅਖ਼ਬਾਰ ਸ਼ੁਰੂ, ਯੂਨੀਅਨ ਪਾਰਟੀ ਦਾ ਗਠਨ, ਕਿਸਾਨ ਤੇ ਮਜ਼ਦੂਰ ਜਮਾਤ ਵਿੱਚ ਬੇਚੈਨੀ, ਕਮਿਊਨਿਸਟ ਪਾਰਟੀ ਦੀ ਸਥਾਪਨਾ ਵਿੱਚ ਪੰਜਾਬ ਦਾ ਯੋਗਦਾਨ ਗੌਲਣਯੋਗ ਸੀ। ਗਰਮ ਖਿਆਲੀ ਨੌਜਵਾਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸ਼ੀਏਸ਼ਨ ਦੂਜੇ ਪਾਸੇ ਆਰ.ਐਸ.ਐਸ ਤੇ ਜਨ ਸੰਘ ਬਣ ਗਏ। ਇਸੇ ਸਮੇਂ ਜਾਤੀਵਾਦਕ ਸਰਗਰਮੀਆਂ ਸ਼ੁਰੂ ਹੋਈਆ, ਦਲਿਤਾਂ ਨੇ ਧਰਮ ਪ੍ਰਾਇਮਰੀ ਸਕੂਲ ਖੋਲਿ੍ਹਆ, ਖੱਬੀ ਲਹਿਰ ਲਈ ਇਹ ਚੁਣੌਤੀ ਸੀ। ਨੌਜਵਾਨ ਸਭਾ ਬਣੀ, ਜਿਸਦੇ ਪ੍ਰਧਾਨ ਗੁਰੂ ਦੱਤ ਤੇ ਭਗਤ ਸਿੰਘ ਜਨਰਲ ਸਕੱਤਰ ਬਣੇ। ਕਿਰਤੀ ਕਿਸਾਨ ਪਾਰਟੀ ਵੀ ਬਣ ਗਈ। ਪਰਜਾਮੰਡਲ ਦਾ ਮੁੱਢ 1927 ਵਿੱਚ ਬੱਝ ਗਿਆ। ਹਿੰਦੁਸਤਾਨ ਰਿਪਬਲਿਕਨ ਪਾਰਟੀ ਨੇ ਨਵਾਂ ਨਾਮ ਹਿੰਦੁਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖ ਲਿਆ। ਸਾਈਮਨ ਕਮਿਸ਼ਨ ਦੇ ਵਿਰੋਧ ਕਰਦਿਆਂ ਲਾਲਾ ਲਾਜਪਤ ਰਾਏ ਦੀ ਬਾਅਦ ਵਿੱਚ ਮੌਤ ਹੋ ਗਈ। ਭਗਤ ਸਿੰਘ ਹੋਰਾਂ ਨੇ ਬਦਲਾ ਲੈਣ ਦੀ ਠਾਣ ਲਈ। ਕਾਂਗਰਸ ਨੇ ਡੋਮੀਨੀਅਨ ਰਾਜ ਦਾ ਦਰਜਾ ਦੇਣ ਦੀ ਮੰਗ ਰੱਖ ਦਿੱਤੀ। ਇੰਡਸਟਰੀਅਲ ਡਿਸਪਿਊਟ ਐਕਟ ਤੇ ਪਬਲਿਕ ਸੇਫਟੀ ਬਿਲ ਦੇ ਵਿਰੋਧ ਕਰਕੇ ਪੰਜਾਬ ਵਿੱਚੋਂ ਖੱਬੇ ਪੱਖੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਕਾਂਗਰਸ ‘ਤੇ ਖੱਬੇ ਪੱਖੀਆਂ ਦਾ ਦਬਾਅ ਵੱਧ ਗਿਆ। ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਨਾਲ ਸਿਆਸੀ ਹਾਲਤਾਂ ਵਿੱਚ ਪਰਿਵਰਤਨ ਆਇਆ। ਗੋਲਮੇਜ਼ ਕਾਨਫਰੰਸਾਂ ਦੀ ਰਾਜਨੀਤੀ ਸ਼ੁਰੂ ਹੋ ਗਈ। ਸਿਵਲ ਨਾ ਫੁਰਮਾਨੀ ਲਹਿਰ ਮੱਠੀ ਪੈ ਗਈ,7 ਅਪ੍ਰੈਲ 1934 ਨੂੰ ਵਾਪਸ ਲੈ ਲਈ। ਖੱਬੇ ਪੱਖੀ ਗਰੁਪ ਆਪੋ ਆਪਣੀ ਡਫਲੀ ਵਜਾ ਰਹੇ ਸਨ, ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦਾ ਗਠਨ ਹੋਇਆ। ਚੌਥੇ ਅਧਿਆਇ ਵਿੱਚ ਸਮਾਨਾਂਤਰ ਖੱਬੀ ਲਹਿਰ ਦੀ ਜਦੋਜਹਿਦ ਵਿੱਚ ਇਨਕਲਾਬ ਅਤੇ ਕਿਰਤੀ ਅਖ਼ਬਾਰ ਸ਼ੁਰੂ ਹੋਏ, ਮਜ਼ਦੂਰ ਯੂਨੀਅਨ ਗਠਿਤ, ਕਾਂਗਰਸ ਅਤੇ ਸੀ.ਪੀ.ਆਈ ਨੇ ਟਰੇਡ ਯੂਨੀਅਨ ਗਠਿਤ ਕੀਤੀਆਂ, ਜਲਿ੍ਹਆਂ ਵਾਲੇ ਬਾਗ ਦੀ ਘਟਨਾ ਨੇ ਰਾਸ਼ਟਰਵਾਦੀ ਉਭਾਰ ਪੈਦਾ ਕੀਤਾ ਤੇ ਨਾਮਿਲਵਰਤਨ ਲਹਿਰ ਰਾਹੀਂ ਸਵਦੇਸ਼ੀ ਦਾ ਪ੍ਰਚਾਰ ਆਰੰਭਿਆ। ਖਾਲਸਾ ਅਖ਼ਬਾਰ ਦਾ ਨਾਮ ਬਦਲਕੇ ਅਕਾਲੀ ਅਖ਼ਬਾਰ ਕੀਤਾ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਅਕਾਲੀ ਦਲ ਦੀ ਨਰਮ ਨੀਤੀ ਕਰਕੇ ਬੱਬਰ ਅਕਾਲੀ ਹੋਂਦ ਵਿੱਚ ਆਏ, ਬੱਬਰ ਅਕਾਲੀ ਦੋਆਬਾ ਅਖ਼ਬਾਰ ਸ਼ੁਰੂ ਕੀਤਾ। ਬੱਬਰ ਅਕਾਲੀ ਸ਼ਾਜ਼ਸ ਕੇਸ ਵਿੱਚ ਫਾਂਸੀ ਤੇ ਹੋਰ ਸਜ਼ਾਵਾਂ ਹੋਈਆਂ। ਚੌਰਾ-ਚੌਰੀ ਦੀ ਘਟਨਾ ਤੋਂ ਬਾਅਦ ਗਾਂਧੀ ਨੇ ਨਾਮਿਲਵਰਤਨ ਲਹਿਰ ਬੰਦ ਕਰ ਦਿੱਤੀ। ਇਨਕਲਾਬੀ ਕ੍ਰਾਂਤੀਕਾਰੀਆਂ ਤੇ ਸਰਕਾਰ ਨੇ ਸਿਕੰਜਾ ਕਸ ਦਿੱਤਾ। ਨੌਜਵਾਨ ਭਾਰਤ ਸਭਾ ਨੇ ਆਪਣੀ ਵਿਦਿਆਰਥੀਆਂ ਦੀ ਜਥੇਬੰਦੀ 1928 ਵਿੱਚ ਗਠਿਤ ਕੀਤੀ। ਜੇ.ਪੀ.ਸਾਂਡਰਸ ਦੀ ਹੱਤਿਆ, ਅਸੈਂਬਲੀ ਵਿੱਚ ਬੰਬ ਧਮਾਕਾ, ਵਾਇਸਰਾਏ ਦਾ ਡੱਬਾ ਲੰਘਣ ਤੋਂ ਬਾਅਦ ਧਮਾਕਾ, ਨੌਜਵਾਨ ਸਭਾ ਤੇ ਪਾਬੰਦੀ, ਭਗਤ ਸਿੰਘ ਸਮੇਤ ਨੌਜਵਾਨਾ ਦੀਆਂ ਗ੍ਰਿਫ਼ਤਾਰੀਆਂ ਅਤੇ ਭਗਤ ਸਿੰਘ ਰਾਜ ਗੁਰੂ ਤੇ ਸੁਖਦੇਵ ਨੂੰ ਫਾਂਸੀ ਦੀਆਂ ਸਜ਼ਾਵਾਂ ਹੋਈਆਂ। ਗਾਂਧੀ ਇਰਵਨ ਸਮਝੌਤਾ ਇੱਕ ਕਿਸਮ ਨਾਲ ਨੌਜਵਾਨਾ ਦੇ ਵਿਰੁੱਧ ਸੀ। ਫਾਂਸੀ ਦੇ ਵਿਰੁੱਧ ਸ਼ਰਧਾਂਜ਼ਲੀ ਸਮਾਗਮ ਅੱਚਰਵਾਲ ‘ਦੇਸ਼ ਭਗਤ ਮੇਲੇ’ ਦੇ ਨਾਂ ‘ਤੇ ਕੀਤਾ। ਨੌਜਵਾਨ ਸਭਾ ਤੋਂ ਪਾਬੰਦੀ ਤਾਂ ਹਟਾ ਲਈ ਪ੍ਰੰਤੂ ਜਥੇਬੰਦੀਆਂ ਨੇਤਾਵਾਂ ਤੋਂ ਵਿਹੂਣੀਆਂ ਹੋ ਗਈਆਂ। ਕਿਰਤੀ ਤੇ ਨੌਜਵਾਨ ਇੱਕਮਤ ਹੋ ਗਏ। ਪੰਜਵਾਂ ਅਧਿਆਇ ਸੀ.ਪੀ.ਆਈ. ਪੰਜਾਬ ਦੇ ਗਠਨ ਤੋਂ ਲੋਕ ਯੁੱਧ ਦੀ ਨੀਤੀ ਦਾ ਸਫ਼ਰ ਸ਼ੁਰੂ ਹੋਇਆ। ਜੁਲਾਈ 1934 ਵਿੱਚ ਸਰਕਾਰ ਨੇ ਸੀ.ਪੀ.ਆਈ. ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਵਿੱਚ ਕਾਟੋਕਲੇਸ਼ ਜ਼ਾਰੀ ਰਿਹਾ। ‘ਸੂਬਾਈ ਸਾਮਰਾਜ ਵਿਰੋਧੀ ਲੀਗ’, ‘ਸ਼ਹਿਨੀਅਤ ਵਿਰੋਧੀ ਲੀਗ’, ਪੀਪਲਜ਼ ਆਰਮੀ ਅਤੇ ਹੋਰ ਕਈ ਯੂਨੀਅਨ ਕਾਇਮ ਹੋ ਗਈਆਂ। 1935 ਵਿੱਚ ਪਾਰਟੀ ਲਿਬਰਲ ਹੋ ਕੇ ਸਰਮਾਏਦਾਰ ਜਮਾਤਾਂ ਨਾਲ ਮਿਲਕੇ ਕੰਮ ਕਰਨ ਲੱਗ ਗਈ। ਫਿਰ ਕਮਿਊਨਿਸਟਾਂ ਤੇ ਸ਼ੋਸ਼ਲਿਟਾਂ ਦਾ ਤਾਲ ਮੇਲ ਹੋ ਗਿਆ। 1937 ਦੀਆਂ ਚੋਣਾ ਕਿਰਤੀਆਂ ਤੇ ਕਮਿਊਨਿਸਟਾਂ ਨੇ ਕਾਂਗਰਸ ਵਿੱਚ ਰਹਿਕੇ ਦੇਸ਼ ਭਗਤ ਚੋਣ ਬੋਰਡ ਬਣਾਕੇ ਲੜੀਆਂ। ਯੂਨੀਅਨਿਸਟ ਪਾਰਟੀ ਦੀ ਸਰਕਾਰ ਬਣੀ। ਕਮਿਊਨਿਸਟ ਨਾਂ ਦਾ ਪੇਪਰ ਕੱਢਿਆ, ਕਾਂਗਰਸ ਵਿੱਚ ਸੁਭਾਸ਼ ਚੰਦਰ ਬੋਸ ਦਾ ਦਬਦਬਾ ਹੋ ਗਿਆ। ਦੂਜੀ ਸੰਸਾਰ ਜੰਗ ਦੇ ਵਿਰੋਧ ਵਜੋਂ ਹੜਤਾਲ ਵਿੱਚ 99000 ਮਜ਼ਦੂਰਾਂ ਨੇ ਭਾਗ ਲਿਆ। ਡਿਫ਼ੈਂਸ ਆਫ ਇੰਡੀਆ ਐਕਟ ਲਾਅ ਅਧੀਨ ਮਾਰਸ਼ਲ ਲਾਅ ਲਾਗੂ ਕਰਕੇ ਪਾਰਟੀ ‘ਤੇ ਤਸ਼ੱਦਦ ਕੀਤਾ। ਖੱਬੇ ਪੱਖੀਆਂ ਦੇ ਜੇਲ੍ਹਾਂ ਵਿੱਚ ਹੋਣ ਕਰਕੇ ਫ਼ਿਰਕਾਪ੍ਰਸਤੀ ਵੱਧ ਗਈ। 1942 ਵਿੱਚ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਨਾ ਹੋਣ ਲਈ ਕਿਹਾ। ਕਿਰਤੀ ਕਿਸਾਨ ਪਾਰਟੀ ਨੇ ਆਪਣਾ ਸੰਘਰਸ਼ ਜ਼ਾਰੀ ਰੱਖਿਆ। ਕਾਂਗਰਸ ਨਾਲ ਰਲਕੇ ਕੰਮ ਕਰਦਿਆਂ ਵੀ ਕਿਰਤੀਆਂ ‘ਤੇ ਸਖ਼ਤਾਈ ਰਹੀ। ਯੂਨੀਅਨਿਸਟ ਪਾਰਟੀ ਦੀ ਸਰਕਾਰ ਨੇ ਕਿਰਤੀਆਂ ਤੇ ਪ੍ਰਭਾਵ ਪਾ ਕੇ ਸਿਕੰਜਾ ਕਸਿਆ। ਫਿਰ ਕਿਰਤੀਆਂ ਨੇ ਮੇਰਠ ਮੁੱਖ ਦਫ਼ਤਰ ਬਣਾ ਲਿਆ। ਕਿਰਤੀ ਫ਼ਿਰਕਾਪ੍ਰਸਤੀ ਦੇ ਵਿਰੁੱਧ ਸਨ। ਯੁਗਪਲਟਾਊ ਦਲ ਦੀਆਂ ਸਰਗਰਮੀਆਂ ਤੋਂ ਸਰਕਾਰ ਦੁਖੀ ਸੀ, ਉਸਤੇ ਨਜ਼ਰ ਰੱਖ ਰਹੀ ਸੀ। ਛੇਵਾਂ ਅਧਿਆਇ ਵਿੱਚ ਕਿਰਤੀ ਕਮਿਊਨਿਸਟ ਏਕਤਾ ਦਾ ਦੌਰ ਵਿੱਚ ਦੋਹਾਂ ਪਾਰਟੀਆਂ ਵਿੱਚ ਬੜੀਆਂ ਮੀਟਿੰਗਾਂ ਤੇ ਜਦੋਜਹਿਦ ਤੋਂ ਬਾਅਦ ਏਕਤਾ ਹੋਈ। ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਚਲਾਇਆ ਤੇ 1942 ਵਿੱਚ ਹੀ ਕਰੋ ਜਾਂ ਮਰੋ ਦੇ ਮਤੇ ਤੇ ਪੁਜ ਗਈ। ਕਮਿਊਨਿਸਟ ਪਾਰਟੀ ਨੇ ਬਰਤਾਨਵੀ ਸਰਕਾਰ ਨੂੰ ਕਾਂਗਰਸ ਨੂੰ ਕੁਚਲਣ ਤੋਂ ਵਰਜਿਆ। ਸੀ.ਪੀ.ਆਈ.ਤੇ ਕਾਂਗਰਸ ਵਿੱਚ ਖਟਾਸ, ਖੱਬਿਆਂ ਲਈ ਦਿਕਤਾਂ ਰਹੀਆਂ। ਬੰਗਾਲ ਵਿੱਚ ਅਕਾਲ ਪਿਆ, ਸ਼ੁਭਾਸ਼ ਚੰਦਰ ਬੋਸ ਤੇ ਖੱਬੇ ਪੱਖੀਆਂ ਵਿੱਚ ਸਾਂਝ ਰਹੀ, ਪ੍ਰੰਤੂ ਫਾਰਵਰਡ ਬਲਾਕ ਵੀ ਬਣ ਗਿਆ। ਗਾਂਧੀ ਦੀ ਨਰਮ ਪਾਲਿਸੀ ਕਰਕੇ ਉਹ ਵੱਖਰਾ ਹੋ ਗਿਆ। ਸ਼ੁਭਾਸ਼ ਚੰਦਰ ਬੋਸ ਨੂੰ ਕਮਿਊਨਿਸਟਾਂ ਨੇ ਰੂਸ ਪਹੁੰਚਾਉਣ ਵਿੱਚ ਮਦਦ ਕੀਤੀ, ਜਦੋਂ ਜਰਮਨੀ ਤੇ ਰੂਸ ਵਿੱਚ ਉਹ ਸਫਲ ਨਾ ਹੋਇਆ ਤਾਂ ਆਜ਼ਾਦ ਹਿੰਦ ਫ਼ੌਜ ਬਣਾ ਲਈ ਤੇ ਭਾਰਤ ਆ ਕੇ ਰੂਪੋਸ਼ ਹੋ ਗਿਆ। ਸੱਤਵੇਂ ਅਧਿਆਇ ਬਸਤੀਵਾਦ ਤੋਂ ਛੁਟਕਾਰੇ ਦੇ ਆਖ਼ਰੀ ਵਰ੍ਹੇ ਵਿੱਚ ਦੇਸ਼ ਦੇ ਪਰਜਾਤੰਤਰ ਦੀ ਰੂਪ ਰੇਖਾ ਬਾਰੇ ਖੱਬੇ ਪੱਖੀਆਂ, ਕਾਂਗਰਸ ਅਤੇ ਮੁਸਲਮ ਲੀਗ ਵੱਲੋਂ ਦੱਸੇ ਗਏ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਗਾਂਧੀ ਵੱਲੋਂ ਜਿਨਾਹ ਨੂੰ ਮਿਲਣਾ ਤੇ ਕਾਇਦੇਆਜਮ ਕਹਿਣ ਨਾਲ ਜਿਨਾਹ ਦਾ ਰੁੱਖ ਬਦਲ ਗਿਆ ਤੇ ਉਸਦੇ ਦੇ ਅੜੀਅਲ ਰਵੱਈਏ ਕਰਕੇ ਦੇਸ਼ ਦੀ ਵੰਡ ਹੋਣ ਬਾਰੇ ਦੱਸਿਆ ਗਿਆ ਹੈ। ਡਾ.ਸਰਬਜੀਤ ਕੰਗਨੀਵਾਲ ਦੀ ਇਹ ਪੁਸਤਕ ਲਾਜਵਾਬ ਦੇਣ ਹੈ।
ਸੰਪਰਕ ਸਰਬਜੀਤ ਕੰਗਣੀਵਾਲ: 9780036118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਕਲੀ ਸ਼ਰਾਬ ਦੇ ਜ਼ਹਿਰ ਦਾ ਕਹਿਰ - ਉਜਾਗਰ ਸਿੰਘ
ਅੰਮਿ੍ਰਤਸਰ ਜ਼ਿਲੇ੍ਹ ਦੇ ਮਜੀਠਾ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 27 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਏ ਹਨ। 10 ਅਜੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਸ ਘਟਨਾ ਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ ਹੈ, ਜਦੋਂ ਅਜੇ ਪਹਿਲਗਾਮ ਵਿਖੇ ਬੇਕਸੂਰੇ ਸੈਲਾਨੀਆਂ ਦੇ ਮਾਰੇ ਜਾਣ ਅਤੇ ਪੰਜਾਬੀ, ਪਾਕਿਸਤਾਨ ਨਾਲ ਹੋਈ ਜੰਗ ਦੇ ਗਹਿਰੇ ਬੱਦਲਾਂ ‘ਚਂੋ ਬਾਹਰ ਹੀ ਨਿਕਲ ਰਹੇ ਸਨ। ਨਕਲੀ ਸ਼ਰਾਬ ਦੇ ਸਰਗਨਿਆਂ ਨੇ ਪੰਜਾਬ ਵਿੱਚ ਇੱਕ ਵਾਰ ਫਿਰ ਮੌਤਾਂ ਦੇ ਸੱਥਰ ਵਿਛਾ ਦਿੱਤੇ ਹਨ। ਉਨ੍ਹਾਂ ਦਾ ਇਹ ਧੰਧਾ ਪਿਛਲੇ ਪੰਜ ਸਾਲਾਂ ਤੋਂ ਬੇਬਾਕੀ ਨਾਲ ਲਗਾਤਾਰ ਚਲਦਾ ਆ ਰਿਹਾ ਹੈ। 2020 ਤੋਂ 2025 ਤੱਕ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਕਰਕੇ 180 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਮਰਨ ਵਾਲਿਆਂ ਵਿੱਚ ਸਾਰੇ ਗ਼ਰੀਬ ਦਿਹਾੜੀਦਾਰ ਹਨ, ਜਿਹੜੇ ਸਾਰੀ ਦਿਹਾੜੀ ਹੱਡ ਭੰਨਵੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਸਨ। ਨਕਲੀ ਸ਼ਰਾਬ ਦੇ ਮਾਫ਼ੀਏ ਵੱਲੋਂ ਸਰਕਾਰੀਤੰਤਰ ਦੀ ਮਿਲੀ ਭੁਗਤ ਨਾਲ ਆਪਣੇ ਧੰਧੇ ਚਲਾਏ ਜਾਂਦੇ ਹਨ। ਹਰ ਵਾਰ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਰਕਾਰਾਂ ਦੀ ਜਾਗ ਖੁਲ੍ਹਦੀ ਹੈ ਤੇ ਫਿਰ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਢਕੌਂਸਲਿਆਂ ਨਾਲ ਪੜਤਾਲੀਆ ਕਮੇਟੀਆਂ, ਪੁਲਿਸ ਦੀਆਂ ਐਸ ਆਈ ਟੀਜ਼ ਬਣਾਕੇ ਅਤੇ ਮਰਨ ਵਾਲਿਆਂ ਦੇ ਵਾਰਸਾਂ ਨੂੰ ਗ੍ਰਾਂਟਾ ਤੇ ਜ਼ਖਮੀਆਂ ਦੇ ਮੁਫ਼ਤ ਇਲਾਜ ਦੀ ਮਲ੍ਹਮ ਦੇ ਐਲਾਨ ਕਰਕੇ ਸੁਰਖੁਰੂ ਹੋ ਜਾਂਦੇ ਹਨ। ਥੋੜ੍ਹਾ ਸਮਾਂ ਪਬਲਿਕ, ਸਵੈ ਇੱਛਤ ਤੇ ਸਮਾਜਿਕ ਸੰਸਥਾਵਾਂ ਅਤੇ ਵਿਰੋਧੀ ਪਾਰਟੀਆਂ ਰੌਲਾ ਰੱਪਾ ਪਾਉਂਦੀਆਂ ਪਾਉਂਦੀਆਂ ਹੋਈਆਂ ਆਪਣਾ ਗੁੱਭ ਗੁਭਾਟ ਕੱਢਕੇ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾ ਲੈਂਦੀਆਂ ਹਨ, ਫਿਰ ਚੁੱਪ ਚਾਂਦ ਹੋ ਜਾਂਦੀ ਹੈ। ਗ਼ਰੀਬ ਲੋਕ ਵਿਤੀ ਮਦਦ ਲੈ ਕੇ ਚੁੱਪ ਕਰ ਜਾਂਦੇ ਹਨ, ਉਹ ਹੋਰ ਕਰ ਵੀ ਕੀ ਸਕਦੇ ਹਨ? ਵਿਰੋਧੀਆਂ ਨੂੰ ਵੀ ਕੋਈ ਨਵਾਂ ਮੁੱਦਾ ਮਿਲ ਜਾਂਦਾ ਹੈ ਤੇ ਉਹ ਓਧਰ ਪਲਾਹ ਸੋਟੇ ਮਾਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਜਾਂਦੇ ਹਨ। ਵਿਰੋਧੀ ਜਦੋਂ ਸਰਕਾਰ ਵਿੱਚ ਆਉਂਦੇ ਹਨ ਤਾਂ ਫਿਰ ਉਹ ਆਪਣੇ ਦਿੱਤੇ ਬਿਆਨਾਂ ਨੂੰ ਭੁੱਲ ਹੀ ਨਹੀਂ ਜਾਂਦੇ, ਸਗੋਂ ਸਰਕਾਰ ਦੀ ਸਿਆਸੀ ਤਾਕਤ ਦਾ ਆਨੰਦ ਮਾਨਣ ਵਿੱਚ ਮਸਤ ਹੋ ਜਾਂਦੇ ਹਨ। ਸਾਰੇ ਸਿਆਸਤਦਾਨ ਇੱਕੋ ਬੇੜੀ ਦੇ ਚੱਟੇ ਵੱਟੇ ਹਨ। ਪ੍ਰੰਤੂ ਜਿਸ ਪਾਰਟੀ ਦੀ ਸਰਕਾਰ ਸਮੇਂ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਮੌਕੇ ਦੀ ਸਰਕਾਰ ਹੀ ਜ਼ਿੰਮੇਵਾਰ ਹੁੰਦੀ ਹੈ ਤੇ ਉਸਦੀ ਹੀ ਬਦਨਾਮੀ ਹੁੰਦੀ ਹੈ।।
ਪੜਤਾਲੀਆ ਕਮੇਟੀਆਂ ਤੇ ਸਿੱਟਾਂ ਆਪਣੀਆਂ ਰਿਪੋਰਟਾਂ ਸਰਕਾਰਾਂ ਨੂੰ ਦੇ ਦਿੰਦੀਆਂ ਹਨ। ਫਿਰ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦੀਆਂ ਮੀਟਿੰਗਾਂ ਦਾ ਦੌਰ ਚਾਹ ਦੀਆਂ ਚੁਸਕੀਆਂ ਨਾਲ ਚਲਦਾ ਰਹਿੰਦਾ ਹੈ, ਕਦੀ ਕਦੀ ਸਰਬ ਪਾਰਟੀ ਮੀਟਿੰਗਾਂ ਵੀ ਹੁੰਦੀਆਂ ਹਨ। ਅਖ਼ੀਰ ਇਹ ਰਿਪੋਰਟਾਂ ਦਫ਼ਤਰੀ ਲਾਲ ਫੀਤਾਸ਼ਾਹੀ ਦੇ ਹੱਥਾਂ ਵਿੱਚ ਸਹਿਕਦੀਆਂ ਹੋਈਆਂ ਦਮ ਤੋੜ ਜਾਂਦੀਆਂ ਹਨ। ਇਹ ਪੜਤਾਲੀਆ ਰਿਪੋਰਟਾਂ ਸਰਕਾਰੀ ਫਾਈਲਾਂ ਦਾ ਸ਼ਿੰਗਾਰ ਬਣਕੇ ਪਹਿਲਾਂ ਪਏ ਫ਼ਈਲਾਂ ਦੇ ਗੁਬਾਰ ਵਿੱਚ ਸ਼ਾਮਲ ਹੋ ਕੇ ਗੁੰਮ ਜਾਂਦੀਆਂ ਹਨ। ਸਰਕਾਰਾਂ ਲੋਕਾਂ ਤੋਂ ਵੋਟਾਂ ਵਟੋਰਨ ਦੀਆਂ ਸਕੀਮਾ ਵਿੱਚ ਉਲਝੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿਆਸੀ ਲੋਕ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ, ਪ੍ਰੰਤੂ ਅਮਲੀ ਤੌਰ ‘ਤੇ ਕੋਈ ਸਾਰਥਿਕ ਕੰਮ ਨਹੀਂ ਕਰਦੇ। ਸਿਆਸਤਦਾਨਾਂ ਦੇ ਅਫਸੋਸ ਦੇ ਬਿਆਨਾ ਨਾਲ ਸਵਰਗਵਾਸ ਹੋਏ ਲੋਕ ਵਾਪਸ ਥੋੜ੍ਹਾ ਮੁੜ ਆਉਂਦੇ ਹਨ। ਸਿਆਸਤਦਾਨਾ ਤੇ ਅਧਿਕਾਰੀਆਂ ਕੋਲ ਅਜਿਹੀਆਂ ਰਿਪੋਰਟਾਂ ਦੀ ਡੂੰਘਾਈ ਨਾਲ ਘੋਖਣ ਦਾ ਸਮਾਂ ਹੀ ਨਹੀਂ ਹੁੰਦਾ। ਇਹ ਪ੍ਰਣਾਲੀ ਕਿਸੇ ਇੱਕ ਪਾਰਟੀ ਦੀ ਸਰਕਾਰ ਦੀ ਨਹੀਂ, ਸਗੋਂ ਹਰ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਸੰਜੀਦਗੀ ਤੋਂ ਕੰਮ ਨਹੀਂ ਲੈਂਦੀ। ਸਰਕਾਰਾਂ ਕੁਰਸੀਆਂ ਬਚਾਉਣ ਵਿੱਚ ਲੱਗੀਆਂ ਰਹਿੰਦੀਆਂ ਹਨ। ਅਸਲ ਵਿੱਚ ਉਨ੍ਹਾਂ ਨੂੰ ਸਰਕਾਰਾਂ ਬਚਾਉਣ ਤੋਂ ਵਿਹਲ ਹੀ ਨਹੀਂ ਮਿਲਦੀ। ਕਦੇ ਪਾਰਟੀਆਂ ਦੀ ਅੰਦਰੂਨੀ ਲੜਾਈ ਤੇ ਕਦੇ ਕੇਂਦਰ ਨਾਲ ਜੱਫਾ ਪਿਆ ਰਹਿੰਦਾ ਹੈ। ਵੋਟਰਾਂ ਨੂੰ ਤਾਂ ਮੁਫ਼ਤ ਦੀਆਂ ਵਸਤਾਂ ਦਾ ਲਾਲਚ ਦੇ ਕੇ ਭਰਮਾ ਲਿਆ ਜਾਂਦਾ ਹੈ। 2020 ਵਿੱਚ ਵੀ ਤਰਨਤਾਰਨ, ਅੰਮਿ੍ਰਤਸਰ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ 135 ਲੋਕ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਤੋਂ ਬਾਅਦ ਮਰ ਗਏ ਸਨ, ਜਿਨ੍ਹਾਂ ਵਿੱਚ ਇਕੱਲੇ ਤਰਨਤਾਰਨ ਦੇ 95 ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਉਦੋਂ ਵੀ ਪੜਤਾਲੀਆ ਕਮੇਟੀ ਤੇ ਪੁਲਿਸ ਦੀ ਸਿੱਟ ਬਣੀ ਸੀ। ਉਸਨੇ ਵੀ ਆਪਣੀ ਬੜੀ ਲਲੰ ਚੌੜੀ ਰਿਪੋਰਟ ਦਿੱਤੀ ਸੀ। ਉਸਤੋਂ ਚਾਰ ਸਾਲ ਬਾਅਦ 2024 ਵਿੱਚ ਸੰਗਰੂਰ ਜ਼ਿਲ੍ਹੇ ਦੇ ਦਿ੍ਰੜ੍ਹਬਾ ਹਲਕੇ ਵਿੱਚ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਨਾਲ 20 ਵਿਅਕਤੀ ਮਰ ਗਏ ਸਨ। ਇਸ ਹਲਕੇ ਦੇ ਪੰਜਾਬ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਇਕ ਹਨ ਤੇ ਇਹ ਜ਼ਿਲ੍ਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੈ। ਉਦੋਂ ਵੀ ਉਸ ਸਮੇਂ ਦੇ ਐਸ ਡੀ ਐਮ ਦੀ ਅਗਵਾਈ ਵਿੱਚ ਪੜਤਾਲੀਆ ਕਮੇਟੀ ਤੇ ਪੁਲਿਸ ਦੀ ਸਿੱਟ ਉਸ ਸਮੇਂ ਦੇ ਏ ਡੀ ਜੀ ਪੀ ਗੁਰਿੰਦਰ ਸਿੰਘ ਢਿਲੋਂ ਦੀ ਅਗਵਾਈ ਵਿੱਚ ਬਣੀ ਸੀ। ਪੁਲਿਸ ਵਿਭਾਗ ਦੀ ਉਸ ਸਿੱਟ ਨੇ ਅਜਿਹੀਆਂ ਦੁਰਘਟਨਾਵਾਂ ਰੋਕਣ ਲਈ ਪੰਜਾਬ ਵਿੱਚ ਹਰ ਪੁਲਿਸ ਸਬ ਡਵੀਜਨ ਵਿੱਚ ਸੰਬੰਧਤ ਡੀ ਐਸ ਪੀ, ਐਸ ਐਚ ਓ ਅਤੇ ਆਬਕਾਰੀ ਅਧਿਕਾਰੀ ਨੂੰ ਜ਼ਿੰਮੇਵਾਰ ਬਣਾਇਆ ਸੀ, ਪ੍ਰੰਤੂ ਪੰਚਾਇਤ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਇਸ ਘਟਨਾ ਦੀ ਪੜਤਾਲੀਆ ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਪੁਲਿਸ ਵਿਭਾਗ ਦਾ ਇੱਕ ਵੱਖਰਾ ਵਿੰਗ ਬਣਾ ਦਿੱਤਾ ਜਾਵੇ, ਜਿਹੜਾ ਨਕਲੀ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ‘ਤੇ ਨਿਗਰਾਨੀ ਰੱਖੇਗਾ ਤਾਂ ਜੋ ਨਕਲੀ ਸ਼ਰਾਬ ਬਣਾਈ ਹੀ ਨਾ ਜਾ ਸਕੇ। ਵਿਕੇਗੀ ਤਾਂ ਹੀ ਜੇ ਬਣੇਗੀ। ਬਿਮਾਰੀ ਦੀ ਜੜ੍ਹ ਨੂੰ ਹੀ ਖ਼ਤਮ ਕੀਤਾ ਜਾਵੇ। ਉਸ ਰਿਪੋਰਟ ਦਾ ਵੀ ਥਹੁ ਟਿਕਾਣਾ ਨਹੀਂ ਲੱਭ ਰਿਹਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਸਮੇਂ ਪੜਤਾਲੀਆ ਕਮੇਟੀ ਨੇ ਪੈਕਸੋ ਐਕਟ ਵਰਗੀਆਂ ਸਖ਼ਤ ਧਾਰਾਵਾਂ ਲਗਾਉਣ ਦਾ ਸੁਝਾਅ ਦਿੱਤਾ ਸੀ। ਉਹ ਵੀ ਖੰਧੇ ਖਾਤੇ ਵਿੱਚ ਪੈ ਗਿਆ। ਦਿੜ੍ਹਬਾ ਵਾਲੀ ਨਕਲੀ ਸ਼ਰਾਬ ਨਾਲ ਮਰਨ ਤੋਂ ਲਗਪਗ ਇੱਕ ਸਾਲ ਬਾਅਦ ਮਜੀਠਾ ਵਾਲੀ ਘਟਨਾ ਵਿੱਚ 27 ਵਿਅਕਤੀ ਨਕਲੀ ਸ਼ਰਾਬ ਪੀਣ ਨਾਲ ਮਰ ਗਏ ਹਨ। ਮਜੀਠਾ ਪੁਲਿਸ ਥਾਣੇ ਵਿੱਚ ਦੋ ਮਹੀਨੇ ਪਹਿਲਾਂ ਨਕਲੀ ਜ਼ਹਿਰੀਲ ਸਰਾਬ ਵਿਕਣ ਦੀ ਸ਼ਿਕਾਇਤ ਇਲਾਕੇ ਦੇ ਲੋਕਾਂ ਨੇ ਦਿੱਤੀ ਸੀ ਕਿ ਨਕਲੀ ਸ਼ਰਾਬ ਦੋ-ਦੋ ਲਿਟਰ ਦੀਆਂ ਬੋਤਲਾਂ ਵਿੱਚ ਪੈਪਸੀ ਦੇ ਨਾਮ ਹੇਠ ਵੇਚੀ ਜਾ ਰਹੀ ਹੈ, ਪ੍ਰੰਤੂ ਪੁਲਿਸ ਨੇ ਗੌਲਿਆ ਹੀ ਨਹੀਂ, ਕਿਉਂਕਿ ਪੁਲਿਸ ਉਸ ਸਮੇਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਰੁੱਝੀ ਹੋਈ ਸੀ, ਉਹ ਨਕਲੀ ਜ਼ਹਿਰੀਲੀ ਸ਼ਰਾਬ ਨੂੰ ਨਸ਼ਾ ਸਮਝਦੇ ਹੀ ਨਹੀਂ। ਸਮਝਣ ਵੀ ਕਿਵੇਂ ਸਰਕਾਰ ਨੇ ਤਾਂ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ। ਇਸ ਸਮੇਂ ਤਾਂ ਨਸ਼ਾ ਸਿੰਥਿੰਟਕ ਡਰੱਗ ਨੂੰ ਹੀ ਸਮਝਿਆ ਜਾ ਰਿਹਾ ਹੈ। ਵੈਸੇ ਜ਼ਹਿਰੀਲੀ ਸ਼ਰਾਬ ਦੀ ਘਟਨਾ ਨੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਦੀ ਮੁਹਿੰਮ ਨੂੰ ਗ੍ਰਹਿਣ ਲਾ ਦਿੱਤਾ ਹੈ। 27 ਵਿਅਕਤੀ ਹੀ ਨਹੀਂ ਮਰੇ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਖ਼ਤਮ ਹੋਣ ਕਿਨਾਰੇ ਪਹੁੰਚ ਗਏ ਕਿਉਂਕਿ ਉਨ੍ਹਾਂ ਦੀ ਰੋਟੀ ਰੋਜ਼ੀ ਦਾ ਮਸਲਾ ਖੜ੍ਹਾ ਹੋ ਗਿਆ। ਵਕਤੀ ਆਰਥਿਕ ਮਦਦ ਸਾਰੀ ਜ਼ਿੰਦਗੀ ਤਾਂ ਨਹੀਂ ਚਲ ਸਕਦੀ। ਹੁਣ ਸੰਬੰਧਤ ਵਿਭਾਗਾਂ ਦੇ ਛੋਟੇ ਪੱਧਰ ਦੇ ਅਧਿਕਾਰੀਆਂ ‘ਤੇ ਹਮੇਸ਼ਾ ਦੀ ਤਰ੍ਹਾਂ ਮੁਅੱਤਲੀ ਦੀ ਗਾਜ ਡਿਗ ਪਈ ਹੈ। ਇਹ ਕੰਮ ਤਾਂ ਇੱਕ ਮਾਫ਼ੀਏ ਦਾ ਹੈ, ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਸੇ ਕਰਕੇ ਤਾਂ ਪਿਛਲੀਆਂ ਰਿਪੋਰਟਾਂ ਦਾ ਕੁਝ ਨਹੀਂ ਬਣਿਆਂ। ਉਪਰੋਂ ਦਬਾਅ ਪੈਣ ਕਰਕੇ ਮਾਫ਼ੀਏ ਨੂੰ ਛੋਟੇ ਪੱਧਰ ਦੇ ਅਧਿਕਾਰੀ ਰੋਕ ਨਹੀਂ ਸਕਦੇ। ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇੇ ਖੁਦ ਹੀ ਬਿਆਨ ਦੇ ਦਿੱਤਾ ਹੈ ਕਿ ਇਹ ਸਾਰਾ ਕੁਝ ਸੰਬੰਧਤ ਵਿਭਾਗ, ਪੁਲਿਸ ਅਤੇ ਤਾਕਤਵਰ ਸਿਆਸਤਦਾਨਾ ਦੀ ਪੁਸ਼ਤ ਪਨਾਹੀ ਤੋਂ ਬਿਨਾ ਸੰਭਵ ਹੀ ਨਹੀਂ ਹੋ ਸਕਦਾ।
ਇਨ੍ਹਾਂ ਨਕਲੀ ਸ਼ਰਾਬ ਪੀਣ ਦੀਆਂ ਘਟਨਾਵਾਂ ਵਿੱਚ ਗ਼ਰੀਬ ਲੋਕ ਹੀ ਕਿਉਂ ਮਰਦੇ ਹਨ? ਇਹ ਵੀ ਵਿਚਾਰਨਯੋਗ ਹੈ ਕਿਉਂਕਿ ਗ਼ਰੀਬ ਮਹਿੰਗੀ ਸ਼ਰਾਬ ਖ੍ਰੀਦਕੇ ਪੀ ਨਹੀਂ ਸਕਦਾ ਕਿਉਂਂਕਿ ਉਸਨੇ ਬੱਚੇ ਵੀ ਪਾਲਣੇ ਹੁੰਦੇ ਹਨ। ਅਸਲੀ ਸ਼ਰਾਬ ਬਹੁਤ ਮਹਿੰਗੀ ਹੋ ਗਈ। ਇਸ ਲਈ ਉਹ ਸਸਤੀ ਸ਼ਰਾਬ ਖ੍ਰੀਦਦਾ ਹੈ। ਇਹ ਸ਼ਰਾਬ ਮੀਥੇਨੌਲ ਕੈਮੀਕਲ ਨਾਲ ਬਣਾਈ ਜਾਂਦੀ ਹੈ। ਜਦੋਂ ਇਹ ਸਾਰਾ ਕੁਝ ਪਤਾ ਹੈ ਕਿ ਮੈਥੇਨੌਲ ਵਰਤਿਆ ਜਾਂਦਾ ਹੈ ਤਾਂ ਇਸ ਦੀ ਵਿਕਰੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾਂਦੀ? ਕੇਂਦਰ ਸਰਕਾਰ ਵੱਲੋਂ ਇਸ ਦੀ ਖ੍ਰੀਦ ਦੇ ਨਿਯਮ ਬਣਾ ਦਿੱਤੇ ਜਾਣ, ਕੌਣ ਅਤੇ ਕਿਵੇਂ ਖ੍ਰੀਦ ਸਕਦਾ ਹੈ। ਜੇ ਸਰਕਾਰ ਸੰਜੀਦਗੀ ਤੋਂ ਕੰਮ ਲਵੇ ਤਾਂ ਸਾਰਾ ਕੁਝ ਨਿਯਮਤ ਹੋ ਸਕਦਾ ਹੈ। ਮੈਥੇਨੌਲ ਆਨ ਲਾਈਨ ਮਿਲਦਾ ਹੈ, ਜਿਸਨੂੰ ਕੋਈ ਵੀ ਖ੍ਰੀਦ ਸਕਦਾ ਹੈ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਰਕਾਰ ਕੋਈ ਸਾਰਥਿਕ ਅਜਿਹੇ ਕਾਨੂੰਨ ਬਣਾਏ ਜਿਹੜੇ ਮਿਸਾਲੀ ਸਜਾ ਦੇਣ ਦੇ ਸਮਰੱਥ ਹੋਣ ਤਾਂ ਜੋ ਕਚਹਿਰੀਆਂ ਵਿੱਚ ਜਾ ਕੇ ਦੋਸ਼ੀ ਬਚ ਨਾ ਸਕਣ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਜੰਗ ਨਾਲੋਂ ਜੰਗ-ਬੰਦੀ ਬਿਹਤਰ : ਨਫ਼ਾ ਨੁਕਸਾਨ ਨਹੀਂ ਵੇਖੀਦਾ - ਉਜਾਗਰ ਸਿੰਘ
ਜੰਗ ਸ਼ਬਦ ਹੀ ਖ਼ਤਰਨਾਕ ਹੁੰਦਾ ਹੈ। ਜੰਗ ਦਾ ਤਬਾਹਕੁਨ ਹੋਣਾ ਕੁਦਰਤੀ ਹੈ। ਜੰਗ ਤਬਾਹੀ ਦਾ ਪ੍ਰਤੀਕ ਹੁੰਦਾ ਹੈ। ਜੰਗ ਦੇ ਨਤੀਜੇ ਕਦੀਂ ਵੀ ਸਾਕਾਰਾਤਮਕ ਨਹੀਂ ਹੋ ਸਕਦੇ। ਜੰਗ ਦੇ ਨਤੀਜੇ ਹਮੇਸ਼ਾ ਦਿਲ ਨੂੰ ਦੁਖਾਉਣ, ਦਹਿਲਾਉਣ ਵਾਲੇ ਤੇ ਹਿਰਦੇਵੇਦਿਕ ਹੁੰਦੇ ਹਨ। ਜੰਗ-ਬੰਦੀ ਸਾਕਾਰਾਤਮਕ ਸੋਚ ਦਾ ਪ੍ਰਗਟਾਵਾ ਹੁੰਦੀ ਹੈ। ਜੰਗ-ਬੰਦੀ ਵਿੱਚ ਨਫ਼ਾ ਨੁਕਸਾਨ ਨਹੀਂ ਵੇਖਿਆ ਜਾਣਾ ਚਾਹੀਦਾ। ਜੰਗ ਮਾਨਵਤਾ ਦਾ ਘਾਣ ਕਰਦੀ ਹੈ, ਪ੍ਰੰਤੂ ਜੰਗ-ਬੰਦੀ ਮਾਨਵਤਾ ਦੇ ਭਲੇ ਵਿੱਚ ਹੁੰਦੀ ਹੈ ਤੇ ਮਾਨਵਤਾ ਦਾ ਬਚਾਓ ਕਰਦੀ ਹੈ। ਸ਼ਾਂਤੀ ਦਾ ਪ੍ਰਤੀਕ ਹੁੰਦੀ ਹੈ। ਸੁਹਾਵਣਾ ਜੀਵਨ ਜਿਓਣ ਲਈ ਸਾਂਤਮਈ ਵਾਤਾਵਰਨ ਜ਼ਰੂਰੀ ਹੁੰਦਾ ਹੈ। ਦੇਸ਼ ਦਾ ਆਰਥਿਕ, ਸਮਾਜਿਕ, ਸਭਿਅਚਾਰਕ, ਵਿਗਿਆਨਕ, ਸਰੀਰਕ ਤੇ ਮਾਨਸਿਕ ਵਿਕਾਸ ਸ਼ਾਂਤੀ ਦੇ ਸਮੇਂ ਹੀ ਹੋ ਸਕਦਾ ਹੈ। ਇਸ ਲਈ ਕਿਸੇ ਵੀ ਦੇਸ਼ ਦੇ ਵਿਕਾਸ ਲਈ ਸ਼ਾਂਤੀ ਹੋਣੀ ਜ਼ਰੂਰੀ ਹੁੰਦੀ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ-ਬੰਦੀ ਦਾ ਦੋਹਾਂ ਦੇਸ਼ਾਂ ਦੇ ਅਮਨਪਸੰਦ ਲੋਕਾਂ ਨੇ ਸਵਾਗਤ ਕੀਤਾ ਹੈ। ਜੰਗ-ਬੰਦੀ ਦਾ ਐਲਾਨ ਹੋਣ ‘ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਵਿੱਚ 26 ਸੈਰ ਸਪਾਟਾ ਕਰਨ ਗਏ ਬੇਕਸੂਰ ਮਾਸੂਮ ਲੋਕ ਮਾਰੇ ਗਏ ਸਨ। ਉਸ ਸਮੇਂ ਭਾਰਤ ਵਿੱਚ ਪਾਕਿਸਤਾਨ ਵਿਰੁੱਧ ਰੋਸ ਦੀ ਲਹਿਰ ਉਠ ਖੜ੍ਹੀ ਹੋਈ ਸੀ। ਭਾਰਤ ਦੇ ਲੋਕ ਸਰਕਾਰ ਤੋਂ ਪਾਕਿਸਤਾਨ ਤੋਂ ਬਦਲਾ ਲੈਣ ਲਈ ਕੋਈ ਸਾਰਥਿਕ ਕਾਰਵਾਈ ਉਮੀਦ ਰੱਖਦੇ ਸਨ। ਭਾਰਤ ਨੇ ਪੂਰੀ ਤਿਆਰੀ ਤੋਂ ਬਾਅਦ 6-7 ਮਈ ਦੀ ਰਾਤ ਨੂੰ ਪਾਕਿਸਤਾਨ ਵਿੱਚ ਸਥਿਤ ਅਤਵਾਦੀਆਂ ਦੇ 9 ਸਿਖਲਈ ਟਿਕਾਣਿਆਂ ‘ਤੇ ‘ਅਪ੍ਰੇਸ਼ਨ ਸਿੰਧੂਰ’ ਂਰਾਹੀਂ ਹਮਲਾ ਕਰਕੇ ਸਿਖਲਾਈ ਸੈਂਟਰ ਤਬਾਹ ਕਰ ਦਿੱਤੇ। ਫਿਰ ਪਾਕਿਸਤਾਨ ਦੇ 6 ਏਅਰ ਬੇਸ ਵੀ ਤਬਾਹ ਕਰ ਦਿੱਤੇ। ਪਾਕਿਸਤਾਨ ਨੇ ਵੀ ਭਾਰਤ ‘ਤੇ ਡਰੋਨਾ ਨਾਲ ਹਮਲੇ ਕੀਤੇ। ਇੱਕ ਕਿਸਮ ਨਾਲ ਦੋਹਾਂ ਦੇਸ਼ਾਂ ਦਰਮਿਆਨ ਲੜਾਈ ਸ਼ੁਰੂ ਹੋ ਗਈ। ਐਲ ਓ ਸੀ ‘ਤੇ ਵੀ ਗੋਲਾਬਾਰੀ ਹੁੰਦੀ ਰਹੀ। ਪੁਣਛ ਵਿੱਚ ਪਾਕਿਸਤਾਨ ਨੇ ਭਾਰਤ ਦਾ ਨੁਕਸਾਨ ਕੀਤਾ। ਇੱਕ ਕਿਸਮ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ‘ਅਪ੍ਰੇਸ਼ਨ ਸਿੰਧੂਰ’ ਕਰਨਾ ਬਿਲਕੁਲ ਜ਼ਾਇਜ ਸੀ ਪ੍ਰੰਤੂ ਇਸ ਨਾਲ ਬਦਲਾ ਤਾਂ ਲੈ ਲਿਆ ਪ੍ਰੰਤੂ ਜੇਕਰ ਜੰਗ ਜ਼ਾਰੀ ਰਹਿੰਦੀ ਤਾਂ ਬਹੁਤ ਸਾਰੀਆਂ ਇਸਤਰੀਆਂ ਦੇ ਸਿੰਧੂਰ ਲਹਿ ਜਾਣੇ ਸਨ। 10 ਮਈ ਨੂੰ ਸ਼ਾਮ 5-00 ਵਜੇ ਅਮਰੀਕਾ ਦੀ ਵਿਚੋਲਗੀ ਨਾਲ ਜੰਗ-ਬੰਦੀ ਦਾ ਦੋਹਾਂ ਦੇਸ਼ਾਂ ਨੇ ਐਲਾਨ ਕਰ ਦਿੱਤਾ, ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਦੋਹਾਂ ਦੇਸ਼ਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਹੋਣ ਲੱਗ ਪਏ। ਭਾਰਤ ਵਿੱਚ ਕੁਝ ਲੋਕਾਂ ਨੇ ਜੰਗ-ਬੰਦੀ ਦਾ ਸਵਾਗਤ ਕੀਤਾ, ਪ੍ਰੰਤੂ ਕੁਝ ਲੋਕਾਂ ਨੇ ਭਾਰਤ ਵੱਲੋਂ ਅਮਰੀਕਾ ਦੀ ਵਿਚੋਲਗੀ ‘ਤੇ ਸਵਾਲ ਚੁੱਕਦਿਆਂ ਇਸਨੂੰ ਭਾਰਤ ਦੇ ਹਿੱਤ ਵਿਰੁੱਧ ਕਿਹਾ, ਸਗੋਂ ਇਸਨੂੰ ਭਾਰਤ ਦੀ ਹਾਰ ਦੇ ਰੂਪ ਵਿੱਚ ਪ੍ਰਚਾਰਿਆ ਗਿਆ। ਜੋ ਸਰਾਸਰ ਗ਼ਲਤ ਹੈ, ਡੀਫੈਸ ਪੜਚੋਲਕਾਰਾਂ ਅਨੁਸਾਰ ਜੰਗ-ਬੰਦੀ ਨੂੰ ਜਿੱਤ-ਹਾਰ ਤੇ ਨਫ਼ਾ-ਨੁਕਸਾਨ ਦੇ ਤੌਰ ‘ਤੇ ਨਹੀਂ ਵੇਖਣਾ ਚਾਹੀਦਾ। ਜੰਗ-ਬੰਦੀ ਦੇਸ਼ ਦੀ ਆਰਥਿਕਤਾ ਲਈ ਲਾਹੇਬੰਦ ਹੁੰਦੀ ਹੈ। ਲੋਕ ਆਪਣਾ ਰੋਜ ਮਰ੍ਹਾ ਦਾ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਦੇ ਸਮਰੱਥ ਹੁੰਦੇ ਹਨ। ਜੰਗ ਦੌਰਾਨ ਜਨ-ਜੀਵਨ ਵਿੱਚ ਖੜੋਤ ਆ ਜਾਂਦੀ ਹੈ। ਕਰਫਿਊ ਤੇ ਬਲੈਕ ਆਊਟ ਕਾਰੋਬਾਰ ਬੰਦ ਕਰ ਦਿੰਦੀ ਹੈ। ਜਾਨ-ਮਾਲ ਦਾ ਵੱਖਰਾ ਨੁਕਸਾਨ ਹੁੰਦਾ ਹੈ। ਮਨੁੱਖੀ ਜੀਵਨ ਦਾ ਬਚਾਓ ਸਭ ਤੋਂ ਵੱਡੀ ਪ੍ਰਾਪਤੀ ਹੁੰਦਾ ਹੈ। ਲੋਕਾਂ ਦਾ ਸੁੱਖ-ਚੈਨ ਖ਼ਤਮ ਹੋ ਜਾਂਦਾ ਹੈ। ਜੰਗ-ਬੰਦੀ ਦੇਸ਼ ਅਤੇ ਲੋਕਾਂ ਦੇ ਹਿੱਤ ਵਿੱਚ ਹੁੰਦੀ ਹੈ। ਸਰਕਾਰਾਂ ਦਾ ਮੰਤਵ ਵੀ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਹੁੰਦਾ ਹੈ। ਭਾਰਤ ਲਈ ਜੰਗ-ਬੰਦੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਉਸ ਦੇ ਲਗਪਗ ਸਾਰੇ ਗੁਆਂਢੀ ਦੇਸ਼ਾਂ ਦੇ ਭਾਰਤ ਨਾਲ ਸੰਬੰਧ ਸਾਜਗਾਰ ਨਹੀਂ ਹਨ।
ਚੀਨ ਹਮੇਸ਼ਾ ਭਾਰਤ ਲਈ ਖ਼ਤਰਾ ਬਣਿਆਂ ਰਹਿੰਦਾ ਭਾਰਤ ਖਾਸ ਤੌਰ ‘ਤੇ ਪੰਜਾਬ ਨੇ 1947 ਵਿੱਚ ਦੇਸ ਦੀ ਵੰਡ, 1965 ਚੀਨ ਨਾਲ ਜੰਗ, 1971 ਪਾਕਿਸਤਾਨ ਨਾਲ ਲੜਾਈ, ਕਾਰਗਿੱਲ, ਪੁਲਵਾਮਾ ਤੇ ਹੁਣ ਪਹਿਲਗਾਮ ਦੇ ਭਿਆਨਕ ਨਤੀਜਿਆਂ ਦਾ ਸੰਤਾਪ ਭੋਗਿਆ ਹੈ। ਹਜ਼ਾਰਾਂ ਫੌਜੀਆਂ ਅਤੇ ਸਿਵਲੀਅਨ ਦਾ ਖ਼ੂਨ ਡੁਲਿ੍ਹਆ, ਇਸਤਰੀਆਂ ਵਿਧਵਾ ਹੋਈਆਂ, ਮਾਵਾਂ ਦੇ ਪੁੱਤ ਸ਼ਹੀਦ ਹੋਏ, ਭੈਣਾਂ ਭਰਾਵਾਂ ਦੇ ਰੱਖੜੀਆਂ ਬੰਨ੍ਹਣ ਤੋਂ ਰਹਿ ਗਈਆਂ ਤੇ ਬੱਚੇ ਮਾਤਾ ਪਿਤਾ ਤੋਂ ਵਾਂਝੇ ਹੋ ਗਏ। 1971 ਦੀ ਜੰਗ ਵਿੱਚ ਪਾਕਿਸਤਾਨਦਾ ਨੁਕਸਾਨ ਬਹੁਤ ਹੀ ਜਿਜ਼ਆਦ ਹੋਇਆ। ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬੰਗਲਾ ਦੇਸ ਪਾਕਿਸਤਾਨ ਨਾਲੋਂ ਵੱਖ ਹੋ ਗਿਆ। ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਸਦੇ 93000 ਫੌਜੀਆਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁੱਟ ਦਿੱਤੇ। ਪਾਕਿਸਤਾਨ ਇਤਨੀ ਬੁਰੀ ਤਰ੍ਹਾਂ ਹਾਰ ਤੇ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਸੁਧਰਨ ਦਾ ਨਾਮ ਨਹੀਂ ਲੈ ਰਿਹਾ। ਮਨੁੱਖਤਾ ਦਾ ਖ਼ੂਨ ਡੁਲ੍ਹਦਾ ਹੈ। ਅਸਲ ਵਿੱਚ ਪਾਕਿਸਤਾਨ ਵਿੱਚ ਲੋਕਾਂ ਦੀ ਸਰਕਾਰ ‘ਤੇ ਫੌਜ ਭਾਰੂ ਹੈ। ਉਥੇ ਫੌਜ ਦੀ ਹੀ ਪੁਗਦੀ ਹੈ। ਫੌਜ ਅਜਿਹੇ ਪੰਗੇ ਛੇੜੀ ਰੱਖਦੀ ਹੈ ਤਾਂ ਜੋ ਸਰਕਾਰ ਨੂੰ ਆਪਣੇ ਥੱਲੇ ਲਾ ਕੇ ਰੱਖ ਸਕੇ। ਜੰਗ ਕੋਈ ਖੇਡ ਨਹੀਂ ਹੁੰਦੀ। ਅੱਤਵਾਦੀਆਂ ਨੂੰ ਵੀ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ ਪ੍ਰੰਤੂ ਪਾਕਿਸਤਾਨ ਸਰਕਾਰ ਦੀ ਪੁਸਸ਼ ਪਨਾਹੀ ਹੋਣ ਕਰਕੇ ਗੁਮਰਾਹ ਹੋ ਕੇ ਫਿਰ ਵੀ ਉਹ ਅਜਿਹੇ ਕੰਮ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਨੇ 1980ਵਿਂਆਂ ਵਿੱਚ ਪਾਕਿਸਤਾਨ ਦੀ ਸ਼ਹਿ ‘ਤੇ ਕਥਿਤ ਅਤਵਾਦੀਆਂ ਤੇ ਸਰਕਾਰਾਂ ਦੀਆਂ ਜ਼ਿਆਦਤੀਆਂ ਦਾ ਸੰਤਾਪ ਭੋਗਿਆ। ਪੰਜਾਬ ਦੀ ਨੌਜਵਾਨੀ ਦਾ ਘਾਣ ਹੋਇਆ। ਇਸੇ ਤਰ੍ਹਾਂ 1984 ਵਿੱਚ ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿੱਚ ਸਿੱਖ ਨਸਲਕੁਸ਼ੀ ਹੋਈ, ਜਿਸ ਦਾ ਦੁੱਖ ਅੱਜ ਤੱਕ ਪੰਜਾਬੀਆਂ/ਸਿੱਖਾਂ ਦੇ ਅੱਲੇ ਜ਼ਖਮਾਂ ਵਿੱਚੋਂ ਰਿਸ ਰਿਹਾ ਹੈ। ਇਨ੍ਹਾਂ ਜੰਗਾਂ ਅਤੇ ਦੁਰਘਟਨਾਵਾਂ ਦਾ ਸਭ ਤੋਂ ਵੱਧ ਨੁਕਸਾਨ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਹੋਇਆ ਹੈ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਾਰਾ ਕੁਝ ਹੰਢਾਇਆ ਹੈ। ਇਨ੍ਹਾਂ ਪੰਜਾਬੀਆਂ ਨੂੰ ਪੁੱਛੋ ਜੰਗ ਦਾ ਕੀ ਨੁਕਸਾਨ ਹੁੰਦਾ ਹੈ? ਪੰਜਾਬੀ ਜੰਗ-ਬੰਦੀ ਦਾ ਸਵਾਗਤ ਕਰਦੇ ਹਨ। ਉਹ ਦੋਵੇਂ ਦੇਸਾਂ ਦੇ ਸਿਆਸਤਦਾਨਾ ਨੂੰ ਪੰਜਾਬੀਆਂ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਕੂਟਨੀਤਕ ਸੰਬੰਧਾਂ ਨਾਲ ਸਾਰੇ ਮਸਲੇ ਹੱਲ ਕਰਨ। ਕਿਸੇ ਵੀ ਦੇਸ਼ ਦੇ ਲੋਕਾਂ ਦਾ ਖ਼ੂਨ ਅਜਾਈਂ ਨਹੀਂ ਡੁਲ੍ਹਣਾ ਚਾਹੀਦਾ। ਪਾਕਿਸਤਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੈ, ਪ੍ਰੰਤੂ ਭਾਰਤ ਦੀ ਵੀ ਬਹੁਤੀ ਚੰਗੀ ਨਹੀਂ ਉਹ ਵੀ ਕਰਜ਼ਈ ਹੋਇਆ ਪਿਆ ਹੈ। ਸੰਸਾਰ ਦੇ ਵੱਡੇ ਦੇਸ਼ ਆਪੋ ਆਪਣੇ ਹਥਿਆਰ ਵੇਚਣ ਲਈ ਦੋਹਾਂ ਦੇਸਾਂ ਦੀ ਆਰਥਿਕਤਾ ਨੂੰ ਢਾਅ ਲਾ ਰਹੇ ਹਨ। ਰੂਸ ਜਿਸਨੂੰ ਭਾਰਤ ਆਪਣਾ ਹਮਦਰਦ ਕਹਿੰਦਾ ਹੈ, ਉਹ ਪਾਕਿਸਤਾਨ ਨੂੰ ਵੀ ਹਥਿਆਰ ਵੇਚਦਾ ਹੈ। ਹੀਰੋਸੀਮਾ ਤੇ ਨਾਗਾ ਸਾਕੀ ਦੇ ਪ੍ਰਮਾਣੂ ਹਮਲੇ ਦਾ ਭੂਤ ਅਜੇ ਤੱਕ ਮੰਡਰਾ ਰਿਹਾ ਹੈ, ਡੀਫੈਂਸ ਪੜਚੋਲਕਾਰਾਂ ਦੀ ਰਾਏ ਹੈ ਕਿ ਅਮਰੀਕਾ ਭਾਂਪ ਗਿਆ ਸੀ ਕਿ ਜੇਕਰ ਕਿਸੇ ਇੱਕ ਦੇਸ ਨੇ ਅਣਗਹਿਲੀ ਵਰਤ ਲਈ ਤਾਂ ਸੰਸਾਰ ਜੰਗ ਲੱਗ ਸਕਦੀ ਹੈ, ਸੰਸਾਰ ਆਰਥਿਕ ਮੰਦਹਾਲੀ ਵਿੱਚ ਤਾਂ ਪਹੁੰਚੇਗਾ ਹੀ ਪ੍ਰੰਤੂ ਪ੍ਰਮਾਣੂੰ ਖ਼ਤਰਾ ਸਭ ਤੋਂ ਵੱਧ ਨੁਕਸਾਨਦਾਇਕ ਹੋ ਸਕਦਾ ਹੈ, ਕਿਉਂਕਿ ਭਾਰਤ ਤੇ ਪਾਕਿਸਤਾਨ ਦੋਹਾਂ ਦੇਸਾਂ ਕੋਲ ਪ੍ਰਮਾਣੂ ਸ਼ਕਤੀ ਹੈ। ਰੂਸ ਅਤੇ ਯੂਕਰੇਨ ਦੀ ਲੜਾਈ ਖ਼ਤਮ ਹੋਣ ਵਿੱਚ ਨਹੀਂ ਆ ਰਹੀ। ਇਹ ਅਹੰਕਾਰ ਦੀ ਲੜਾਈ ਨਹੀਂ ਸਗੋਂ ਸ਼ਾਂਤੀ ਦਾ ਮਸਲਾ ਹੈ। ਜਿਹੜੇ ਲੋਕ ਸ਼ੋਸ਼ਲ ਮੀਡੀਆ ‘ਤੇ ਬੈਠਕੇ ਡੀਂਗਾਂ ਮਾਰ ਰਹੇ ਹਨ ਤੇ ਲੜਾਈ ਜਾਰੀ ਰੱਖਣ ਲਈ ਉਕਸਾ ਰਹੇ ਹਨ, ਉਨ੍ਹਾਂ ਨੂੰ ਜੰਗ ਦੇ ਸੰਤਾਪ ਬਾਰੇ ਤਜਰਬਾ ਨਹੀਂ। ਸਰਹੱਦਾਂ ‘ਤੇ ਜਦੋਂ ਸਾਡੇ ਸੈਨਿਕ ਸ਼ਹੀਦ ਹੁੰਦੇ ਹਨ ਤਾਂ ਕਿਤਨੇ ਘਰਾਂ ਵਿੱਚ ਮਾਤਮ ਦੀਆਂ ਸਫਾਂ ਵਿਛ ਜਾਂਦੀਆਂ ਹਨ। ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਦਮਗਜ਼ੇ ਮਾਰਨੇ ਸੌਖੇ ਹਨ, ਪ੍ਰੰਤੂ ਸਰਹੱਦਾਂ ਤੇ ਜਾ ਕੇ ਲੜਨਾ ਅਤਿ ਮੁਸ਼ਕਲ ਹੁੰਦਾ ਹੈ। ਫੌਜੀ ਭਰਾ ਕੜਾਕੇ ਦੀ ਠੰਡ ਵਿੱਚ ਲੜਦੇ ਹਨ। ਪੀਣ ਲਈ ਪਾਣੀ ਨਹੀਂ ਮਿਲਦਾ, ਬਰਫ ਨੂੰ ਪਿਘਲਾ ਕੇ ਪਾਣੀ ਪੀਂਦੇ ਹਨ। ਅਸੀਂ ਘਰਾਂ ਵਿੱਚ ਬੈਠੇ ਗੱਲਾਂ ਕਰਨ ਜੋਗੇ ਹਾਂ। ਇਸਤੋਂ ਇਲਾਵਾ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਕਿਸਾਨ ਰਹਿੰਦੇ ਹਨ, ਉਨ੍ਹਾਂ ਨੂੰ ਪੁੱਛੋ ਕਿਵੇਂ ਉਨ੍ਹਾਂ ਦੇ ਸਿਰਾਂ ‘ਤੇ ਮੌਤ ਦਾ ਸਾਇਆ ਲਟਕਦਾ ਰਹਿੰਦਾ ਹੈ। ਉਹ ਹਮੇਸ਼ਾ ਤਲਵਾਰ ਦੀ ਨੋਕ ‘ਤੇ ਜ਼ਿੰਦਗੀ ਬਸਰ ਕਰ ਰਹੇ ਹਨ। ਹਰ ਵਕਤ ਮੌਤ ਦਾ ਡਰ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਟੀ ਵੀ ਅਤੇ ਵੈਬ ਚੈਨਲਾਂ ਵਾਲਿਆਂ ਨੂੰ ਵੀ ਕੜਕ-ਕੜਕ ਕੇ ਲੋਕਾਂ ਨੂੰ ਉਕਸਾਉਣਾ ਨਹੀਂ ਚਾਹੀਦਾ। ਗ਼ਲਤ ਤੇ ਗੁੰਮਰਾਹਕੁਨ ਬਿਨਾ ਕਨਫਰਮ ਕੀਤੇ ਖ਼ਬਰਾਂ ਵੀ ਨਹੀਂ ਲਗਾਉਣੀਆਂ ਚਾਹੀਦੀਆਂ। ਅਖ਼ਬਾਰਾਂ ਦੇ ਪ੍ਰਤੀਨਿਧਾਂ ਨੂੰ ਵੀ ਖ਼ਬਰਾਂ ਭੇਜਣ ਲੱਗੇ ਸੁਣੀਆਂ ਸੁਣਾਈਆਂ ਖ਼ਬਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਕੁਝ ਦੇਸ ਵਿਰੋਧੀ ਲੋਕ ਅਫ਼ਵਾਹਾਂ ਫੈਲਾਉਂਦੇ ਰਹਿੰਦੇ ਹਨ, ਜਿਹੜੀਆਂ ਲੋਕਾਂ ਵਿੱਚ ਡਰ ਪੈਦਾ ਕਰਦੀਆਂ ਹਨ। ਇਸ ਲਈ ਸਾਰਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਪਹਿਲਗਾਮ ਵਿਖੇ ਮਾਰੇ ਗਏ ਸੈਲਾਨੀਆਂ ਦਾ ਦੁੱਖ ਹਰ ਭਾਰਤੀ ਨੂੰ ਹੈ, ਪ੍ਰੰਤੂ ਸਮੇਂ ਦੀ ਨਜ਼ਾਕਤ ਅਤੇ ਦੇਸ ਦੀ ਸਰਕਾਰ ਦੀਆਂ ਹਦਾਇਤਾਂ ਦੀ ਪਹਿਰੇਦਾਰੀ ਕਰਨਾ ਹਰ ਭਾਰਤੀ ਦਾ ਫ਼ਰਜ਼ ਬਣਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ - ਉਜਾਗਰ ਸਿੰਘ
ਹਰਪ੍ਰੀਤ ਕੌਰ ਸੰਧੂ ਮਨੋਵਿਗਿਆਨ ਦੀ ਵਿਦਿਆਰਥਣ ਹੈ। ਉਹ ਆਪਣੀ ਪੜ੍ਹਾਈ ਦੀ ਮੁਹਾਰਤ ਕਰਕੇ ਮਨੁੱਖ ਦੇ ਮਨ ਵਿੱਚ ਕੀ ਵਾਪਰ ਰਿਹਾ ਹੈ, ਉਸ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੀ ਹੈ? ਇਸ ਲਈ ਉਹ ਮਨ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਕੇ ਜ਼ਿੰੰਦਗੀ ਕਿਸ ਪ੍ਰਕਾਰ ਬਿਹਤਰੀਨ ਢੰਗ ਨਾਲ ਬਸਰ ਕੀਤੀ ਜਾ ਸਕਦੀ ਹੈ, ਬਾਰੇ ਨੁਸਖਿਆਂ ਦੇ ਰੂਪ ਵਿੱਚ ਲਘੂ ਲੇਖ ਲਿਖਦੀ ਰਹਿੰਦੀ ਹੈ। ਉਸ ਦੀ ਚਰਚਾ ਅਧੀਨ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਵਿੱਚ ਉਸ ਦੇ 63 ਲਘੂ ਲੇਖ ਹਨ। ਮਨੁੱਖੀ ਜ਼ਿੰਦਗੀ ਪਰਮਾਤਮਾ ਦਾ ਬਿਹਤਰੀਨ ਤੋਹਫ਼ਾ ਹੈ, ਇਸ ਤੋਹਫ਼ੇ ਸਦਉਪਯੋਗ/ਦੁਰਉਪਯੋਗ ਕਰਨਾ ਇਨਸਾਨ ਦੇ ਆਪਣੇ ਹੱਥ ਵਿੱਚ ਹੁੰਦਾ ਹੈ। ਇਨਸਾਨ ਨੂੰ ਦੁੱਖ/ਸੁੱਖ ਦਾ ਲਾਭ/ਨੁਕਸਾਨ ਹੁੰਦਾ ਹੈ। ਹੋਰ ਕਿਸੇ ਨੂੰ ਇਸ ਦਾ ਫ਼ਰਕ ਨਹੀਂ ਪੈਂਦਾ, ਫਿਰ ਇਨਸਾਨ ਲੋਕਾਂ ਦੀ ਖ਼ੁਸ਼ਹਾਲੀ ਵੇਖ ਕੇ ਦੁੱਖੀ ਕਿਉਂ ਹੁੰਦਾ ਹੈ? ਜਿਸ ਕਰਕੇ ਉਹ ਦੁੱਖੀ ਹੁੰਦਾ ਹੈ, ਉਸ ਦਾ ਦੂਜੇ ਇਨਸਾਨ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਫਿਰ ਇਨਸਾਨ ਆਪਣਾ ਨੁਕਸਾਨ ਕਿਉਂ ਕਰਦਾ ਹੈ? ਪ੍ਰਸੰਸਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪ੍ਰਸੰਸਾ ਕਰਨ ਵਿੱਚ ਕੋਈ ਖ਼ਰਚਾ ਨਹੀਂ ਹੁੰਦਾ ਪ੍ਰੰਤੂ ਜਿਸਦੀ ਪ੍ਰਸੰਸਾ ਕਰਦੇ ਹਾਂ, ਉਸ ਨੂੰ ਉਤਸ਼ਾਹ ਮਿਲਦਾ ਹੈ। ਨਿੰਦਿਆ ਕਰਨ ਨਾਲ ਇਨਸਾਨ ਨਿਰਉਤਸ਼ਾਹ ਹੁੰਦਾ ਹੈ। ਇਨ੍ਹਾਂ ਲੇਖਾਂ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਇਹੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਅਨੇਕਾਂ ਛੋਟੇ-ਛੋਟੇ ਨੁਸਖ਼ੇ ਇਸ ਪੁਸਤਕ ਵਿੱਚ ਦਿੱਤੇ ਹਨ। ਕਿਸੇ ਦੀ ਜ਼ਿੰਦਗੀ ਵਿੱਚ ਬੇਲੋੜਾ ਦਖ਼ਲ ਨਾ ਦਿੱਤਾ ਜਾਵੇ। ਖ਼ੁਸ਼ੀ ਇਨਸਾਨ ਦੇ ਅੰਦਰ ਹੀ ਹੈ, ਇਸ ਲਈ ਇਸ ਨੂੰ ਮਹਿਸੂਸ ਕਰਕੇ ਵੰਡਿਆ ਜਾਵੇ। ਕਿਸੇ ਦਾ ਦੁੱਖ ਵੰਡਿਆ ਜਾਵੇ ਤਾਂ ਦੁੱਖ ਘੱਟਦਾ ਹੈ। ਇਕ ਚੁੱਪ ਸੌ ਸੁੱਖ ਵਾਲਾ ਮੁਹਾਵਰਾ ਵੀ ਅੱਜ ਦੇ ਸਮੇਂ ਸਹੀ ਸਾਬਤ ਨਹੀਂ ਹੋ ਰਿਹਾ। ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਸੰਵੇਦਨਸ਼ੀਲਤਾ ਦੇ ਅਰਥ ਵੀ ਬਦਲਣ ਦੀ ਜ਼ਰੂਰਤ ਹੈ। ਕਿਸੇ ਨੂੰ ਠੇਸ ਨਾ ਪਹੁੰਚਾਓ। ਹਲੀਮੀ, ਪਿਆਰ ਸਤਿਕਾਰ ਇਨਸਾਨ ਦੇ ਗਹਿਣੇ ਹਨ। ਇਕੱਲਤਾ ਡਿਪਰੈਸਨ ਪੈਦਾ ਕਰਦਾ ਹੈ ਤੇ ਡਿਪਰੈਸ਼ਨ ਨਸ਼ੇ ਦਾ ਕਾਰਨ ਬਣਦਾ ਹੈ। ਇਸ ਲਈ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਲਗਾਈ ਰੱਖੋ। ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤੇ ਬਣਦੇ/ਵਿਗੜਦੇ ਹਨ। ਸਾਫ਼ ਤੇ ਸਪਸ਼ਟ ਗੱਲ ਕਰੋ। ਸੰਸਾਰ ਵਿੱਚ ਕੋਈ ਵੀ ਚੀਜ਼ ਸਥਾਈ ਨਹੀਂ, ਧਨ ਇਕੱਠਾ ਕਰਕੇ ਮਨੁੱਖ ਖ਼ੁਸ਼ ਨਹੀਂ ਰਹਿ ਸਕਦਾ, ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਲੋਕਾਂ ਨੂੰ ਬਹੁਤਾ ਮਹੱਤਵ ਦੇਣ ਦੀ ਥਾਂ ਆਪਣੀ ਪਛਾਣ ਕਰੋ। ਤੁਹਾਡੇ ਕੋਲ ਹੀ ਰਹਿਮਤਾਂ ਦਾ ਖ਼ਜਾਨਾ ਹੈ। ਆਪਣਾ ਵਿਵਹਾਰ ਠੀਕ ਰੱਖੋ, ਲੋਕ ਆਪੇ ਬਦਲ ਜਾਣਗੇ, ਜੇ ਨਾ ਵੀ ਬਦਲਣ, ਤੁਸੀਂ ਆਪਣੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਹਰ ਪਲ ਦਾ ਆਨੰਦ ਮਾਣੋ ਕਿਉਂਕਿ ਜੀਵਨ ਨਾਸ਼ਵਾਨ ਹੈ। ਸੱਚ ਨੂੰ ਸਮਝਣ ਅਤੇ ਸਵੀਕਾਰ ਕਰਨ ਨੂੰ ਪਹਿਲ ਦਿਓ। ਲੋਕ ਦੋਹਰੇ ਕਿਰਦਾਰ ਵਾਲੇ ਹਨ। ਜੀਵਨ ਵਿੱਚ ਤਕਲੀਫ਼ਾਂ ਤੇ ਖ਼ੁਸ਼ੀਆਂ ਆਉਣਗੀਆਂ ਹੀ ਹਨ, ਇਨ੍ਹਾਂ ਨੂੰ ਹਸ ਕੇ ਪ੍ਰਵਾਨ ਕਰੋ, ਰੋਣ ਧੋਣ ਦਾ ਕੋਈ ਲਾਭ ਨਹੀਂ। ਆਪਣੇ ਮਨ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹੋ ਤਾਂ ਸੁੱਖ ਪਾਓਗੇ। ਜ਼ਿੰਦਗੀ ਵਿੱਚ ਨਾਕਾਰਾਤਮਿਕ ਸੋਚ ਤੋਂ ਦੂਰ ਰਹੋ, ਵਿਸ਼ਵਾਸ ਸੋਚ ਸਮਝਕੇ ਕਰੋ। ਲੋਕ ਆਪਣੀ ਅਸੁਰੱਖਿਆ ਨੂੰ ਦੂਜਿਆਂ ਤੇ ਥੋਪਦੇ ਹਨ। ਦੂਜਿਆਂ ਬਾਰੇ ਹਮੇਸ਼ਾ ਉਸਾਰੂ ਸੋਚ ਰੱਖੋ, ਤੁਹਾਡਾ ਵਰਤਾਓ ਲੋਕਾਂ ਲਈ ਅਹਿਮੀਅਤ ਰੱਖਦਾ ਹੈ। ਜੇ ਤੁਸੀਂ ਚੰਗੇ ਹੋਵੋਗੇ ਤਾਂ ਲੋਕਾਈ ਨੂੰ ਲਾਭ ਹੋ ਸਕਦਾ ਹੈ। ਜ਼ਿੰਦਗੀ ਵਿੱਚ ਸਲੀਕਾ ਤੇ ਅਨੁਸਾਸ਼ਨ ਸਫਲਤਾ ਦੇ ਗਹਿਣੇ ਹਨ। ਨਿਯਮਾ ਅਨੁਸਾਰ ਚਲੋ, ਕੁਦਰਤ ਦੇ ਨਿਯਮਾਂ ਤੋਂ ਸਿਖਿਆ ਪ੍ਰਾਪਤ ਕਰੋ। ਦੋਸਤੀ ਬਹੁਤ ਜ਼ਰੂਰੀ ਹੈ, ਪ੍ਰੰਤੂ ਦੋਸਤ ਧਿਆਨ ਨਾਲ ਬਣਾਓ ਕਿਉਂਕਿ ਲੋਕ ਖੁਦਗਰਜ਼ ਹੋ ਗਏ ਹਨ। ਜ਼ਿੰਦਗੀ ਦਾ ਆਨੰਦ ਮਾਣੋ, ਜ਼ਿੰਦਗੀ ਕੱਟੋ ਨਾ, ਉਮਰ ਦੇ ਵੱਧਣ ਨਾਲ ਸਰੀਰ ਵਿੱਚ ਆਈਆਂ ਤਬਦੀਲੀਆਂ ਕੁਦਰਤ ਦੇ ਨਿਯਮ ਹਨ। ਅਪਣਤ ਨਾਲ ਸੰਸਾਰ ਵਿੱਚ ਵਿਚਰੋ, ਲੋਕ ਤੁਹਾਡੇ ਮੁਦਈ ਬਣਨਗੇ। ਨਮ੍ਰਤਾ ਦਾ ਭਾਵ ਇਹ ਨਹੀਂ ਕਿ ਤੁਸੀਂ ਦੂਸਰਿਆਂ ਅੱਗੇ ਵਿਛ ਜਾਓ। ਆਪਣੀ ਮਹੱਤਤਾ ਅਨੁਸਾਰ ਵਿਵਹਾਰ ਕਰੋ। ਔਰਤ ਤੇ ਮਰਦ ਦਾ ਕੋਈ ਟਕਰਾਓ ਨਹੀਂ, ਉਹ ਇੱਕ ਦੂਜੇ ਦੇ ਪੂਰਕ ਹਨ ਤੇ ਸਿਰਜਣਾ ਦੇ ਪ੍ਰਤੀਕ। ਦੋਵੇਂ ਇਕ ਦੂਜੇ ਦੇ ਚੰਗੇ ਗੁਣਾ ਨੂੰ ਅਪਣਾ ਲੈਣ। ਭਲਾਈ ਕਰਕੇ ਜਤਾਉਣਾ ਨਹੀਂ ਸਗੋਂ ਨੇਕੀ ਕਰੋ ਤੇ ਭੁੱਲ ਜਾਓ। ਆਪਣੀ ਸਿਹਤ ਦਾ ਧਿਆਨ ਰੱਖੋ, ਕਿਸੇ ਦਾ ਗੁੱਸਾ ਨਾ ਕਰੋ ਸਗੋਂ ਮੁਆਫ਼ ਕਰ ਦਿਓ। ਮੁਆਫ਼ ਕਰਨ ਨਾਲ ਦੋਵੇਂ ਸੰਤੁਸ਼ਟ ਹੋ ਜਾਣਗੇ। ਆਪਣਾ ਖਿਆਲ ਆਪ ਹੀ ਰੱਖੋ, ਦੂਜਿਆਂ ਤੇ ਆਸ ਨਾ ਕਰੋ। ਮਨੁੱਖ ਕੋਈ ਵੀ ਸੰਪੂਰਨ ਨਹੀਂ। ਊਣਤਾਈਆਂ ਜ਼ਿੰਦਗੀ ਦਾ ਹਿੱਸਾ ਹਨ, ਪਰਫੈਕਸ਼ਨ ਦੀ ਭਾਲ ਨੇ ਇਨਸਾਨ ਨੂੰ ਉਲਝਾ ਦਿੱਤਾ ਹੈ। ਆਪਣੇ ਬੱਚਿਆਂ ਖਾਸ ਤੌਰ ‘ਤੇ ਲੜਕੀਆਂ ਦੀ ਕਾਬਲੀਅਤ ਦੀ ਤਾਰੀਫ਼ ਕਰੋ, ਜੇਕਰ ਅਵੇਸਲੇ ਰਹਾਂਗੇ ਤਾਂ ਉਹ ਬਾਹਰਲੇ ਲੋਕਾਂ ਦੀ ਤਾਰੀਫ ਦੇ ਝਾਂਸੇ ਵਿੱਚ ਆ ਜਾਣਗੀਆਂ। ਜੇ ਹੋ ਸਕੇ ਇਕ ਦੂਜੇ ਦੀ ਬਾਂਹ ਫੜ੍ਹੋ, ਆਪਣੇ ਕੰਮ ਤੱਕ ਸੀਮਤ ਰਹੋ, ਬਹੁਤੇ ਹੱਥ ਪੈਰ ਨਾ ਪਸਾਰੋ। ਪਰਵਾਸ ਵਿੱਚ ਜਾ ਕੇ ਹਰ ਤਰ੍ਹਾਂ ਦਾ ਕੰਮ ਕਰਦੇ ਹੋ, ਭਾਰਤ ਵਿੱਚ ਹੀ ਕਰੋ, ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਮੁਹੱਬਤ ਸਿਰਫ਼ ਪਤੀ ਤੇ ਪਤਨੀ ਤੱਕ ਮਹਿਦੂਦ ਨਹੀਂ। ਮੁਹੱਬਤ ਭੈਣ-ਭਰਾ, ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨਾਲ ਹੋ ਸਕਦੀ ਹੈ। ਮੁਹੱਬਤ ਨੂੰ ਇਸ਼ਕ ਮਜ਼ਾਜੀ ਤੱਕ ਸੀਮਤ ਨਾ ਕਰੋ। ਫਿਲਮਾ ਅਸਲੀ ਜ਼ਿੰਦਗੀ ਨਹੀਂ ਹੁੰਦੀਆਂ। ਔਰਤ ਬਹੁਤ ਹੀ ਭਾਵਨਾਤਮਿਕ ਹੁੰਦੀ ਹੈ। ਦਿਲ ਤੋਂ ਜ਼ਿਆਦਾ ਕੰਮ ਲੈਂਦੀ ਤੇ ਤਿਆਗ ਦੀ ਮੂਰਤ ਹੁੰਦੀ ਹੈ। ਜ਼ਿੰਦਗੀ ਵਿੱਚ ਖੜੋਤ ਨਹੀਂ ਹੋਣੀ ਚਾਹੀਦੀ। ਸਵਾਲ ਜਵਾਬ ਦੇ ਚੱਕਰ ਵਿੱਚ ਕਈ ਵਾਰ ਰਿਸ਼ਤੇ ਵਿਗੜ ਜਾਂਦੇ ਹਨ। ਕਈ ਵਾਰ ਚੁੱਪ ਰਹਿਕੇ ਵੀ ਜਵਾਬ ਦਿੱਤਾ ਜਾ ਸਕਦਾ ਹੈ। ਮਨੁੱਖ ਗੁਣਾਂ ਦੀ ਗੁਥਲੀ ਹੁੰਦਾ ਹੈ, ਸਰੀਰਕ ਸੁੰਦਰਤਾ ਗੁਣਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਹਰ ਇਨਸਾਨ ਵਿੱਚ ਕੋਈ ਇਕ ਗੁਣ ਹੁੰਦਾ ਹੈ, ਉਸਦਾ ਸਦਉਪਯੋਗ ਕਰੋ। ਸਮਾਜਿਕ ਵਰਤਾਰੇ ਵਿੱਚ ਗ਼ਲਤ ਨੂੰ ਗ਼ਲਤ ਕਹਿਣਾ ਸਿੱਖੋ। ਕਹਿਣ ਦੀ ਜ਼ੁਅਰਤ ਕਰੋ। ਰਿਸ਼ਤਿਆਂ ਦੀਆਂ ਗੰਢਾਂ ਮਜ਼ਬੂਤ ਕਰਨ ਲਈ ਆਪਣਿਆਂ ਦੇ ਦਰਦ ਦੀ ਪਛਾਣ ਕਰੋ। ਇਹ ਜ਼ਰੂਰੀ ਨਹੀਂ ਕਿ ਔਰਤ ਜੇਕਰ ਤੁਹਾਡੇ ਨਾਲ ਚੰਗਾ ਵਿਵਹਾਰ ਕਰਦੀ ਹੈ ਤਾਂ ਉਹ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਹੈ। ਪਰ ਜੇਕਰ ਔਰਤ ਆਪਣੇ ਪ੍ਰੇਮੀ ਪੁਰਸ਼ ਨਾਲ ਹਮਬਿਸਤਰ ਹੋਣਾ ਚਾਹੁੰਦੀ ਹੈ ਤਾਂ ਉਹ ਚਰਿਤਰਹੀਣ ਨਹੀਂ, ਉਹ ਆਪਣੀਆਂ ਇਛਾਵਾਂ ਦੀ ਪੂਰਤੀ ਕਰਦੀ ਹੈ। ਬਿਮਾਰ ਮਾਨਸਿਕਤਾ ਵਾਲੇ ਔਰਤ ਨੂੰ ਚਰਿਤਰਹੀਣ ਕਹਿਣਗੇ ਪ੍ਰੰਤੂ ਮਰਦ ਅਜਿਹੇ ਰਿਸ਼ਤੇ ਬਣਾਉਂਦਾ ਤਾਂ ਉਸ ਨੂੰ ਬਹਾਦਰ ਗਿਣਿਆਂ ਜਾਂਦਾ ਹੈ। ਰਿਸ਼ਤਿਆਂ ਦੇ ਸਮੀਕਰਨ ਨੂੰ ਬਣਾ ਕੇ ਰੱਖਣਾ ਅਤਿਅੰਤ ਜ਼ਰੂਰੀ ਹੈ। ਰਿਸ਼ਤੇ ਰੂਹ ਦੇ ਹਾਣੀ ਨਾਲ ਖਿੜਦੇ ਹਨ। ਰਿਸ਼ਤਿਆਂ ਵਿੱਚ ਨਿਰਾਸਤਾ ਨਾ ਲਿਆਓ। ਕਈ ਵਾਰ ਰਿਸ਼ਤੇ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਰਿਸ਼ਤਿਆਂ ਨੂੰ ਬੋਝ ਨਾ ਬਣਨ ਦਿਓ। ਜੇਕਰ ਕੋਈ ਤੁਹਾਨੂੰ ਅਣਡਿਠ ਕਰਦਾ ਹੈ ਤਾਂ ਪਿੱਛੇ ਹਟ ਜਾਓ। ਪ੍ਰੰਤੂ ਕੁੜੱਤਣ ਨਾਲ ਰਿਸ਼ਤੇ ਖ਼ਤਮ ਨਾ ਕਰੋ। ਗ਼ਲਤਫਹਿਮੀ ਮੇਲ ਮਿਲਾਪ ਤੇ ਸੰਬੰਧ ਖ਼ਤਮ ਕਰਦੀ ਹੈ। ਗ਼ਲਤਫਹਿਮੀ ਦੇ ਅਰਥ ਹੀ ਸਾਫ਼ ਪ੍ਰਗਟਾਵਾ ਕਰਦੇ ਹਨ। ਆਪਣੀ ਆਤਮਾ ਦੀ ਆਵਾਜ਼ ਸੁਣਕੇ ਫ਼ੈਸਲੇ ਕਰੋ। ਜੋ ਤੁਸੀਂ ਕਰ ਰਹੇ ਹੋ, ਉਸ ਤੋਂ ਖ਼ੁਸ਼ ਰਹੋ ਦੁਚਿਤੀ ਵਿੱਚ ਨਾ ਪਓ। ਮਨ ਦੀ ਸ਼ਾਂਤੀ, ਖ਼ੁਸ਼ੀ ਅਤੇ ਸਕੂਨ ਮਨੁੱਖ ਦੇ ਅੰਦਰ ਹੀ ਹਨ, ਇਨ੍ਹਾਂ ਦਾ ਆਨੰਦ ਲੈਣਾ ਮਨੁੱਖ ਦੇੇ ਆਪਣੇ ਵਸ ਵਿੱਚ ਹੈ। ਸ਼ਰਾਫ਼ਤ ਕਮਜ਼ੋਰੀ ਨਹੀਂ ਹੁੰਦੀ ਪ੍ਰੰਤੂ ਚਲਾਕੀ ਕੋਈ ਗੁਣ ਨਹੀਂ ਹੁੰਦਾ। ਹੰਕਾਰ ਕਰਨ ਵਾਲਾ ਘਾਟੇ ਵਿੱਚ ਰਹਿੰਦਾ ਹੈ। ਅਣਖ਼ ਪੰਜਾਬੀਆਂ ਦੇ ਕਿਰਦਾਰ ਦਾ ਹਿੱਸਾ ਹੈ। ਹੰਕਾਰ ਤੇ ਅਣਖ ਦਰਮਿਆਨ ਥੋੜ੍ਹਾ ਜਿਹਾ ਅੰਤਰ ਹੈ। ਇਹ ਅੰਤਰ ਹੀ ਨੁਕਸਾਨ/ਲਾਭ ਦਾ ਕਾਰਨ ਬਣਦਾ ਹੈ। ਬੰਦਾ ਹੀ ਬੰਦੇ ਦਾ ਸਹਾਈ ਹੋ ਸਕਦਾ। ਹਰ ਇਨਸਾਨ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ, ਉਸ ਦੀ ਪਛਾਣ ਕਰੋ ਤੇ ਹੁਨਰਮੰਦ ਹੋ ਜਾਓ। ਕੁਦਰਤ ਬਹੁਰੰਗੀ ਹੈ। ਕੁਦਰਤ ਆਪਣੇ ਰੰਗਾਂ ਨਾਲ ਇਨਸਾਨ ਨੂੰ ਖ਼ੁਸ਼ੀ ਬਖ਼ਸ਼ਦੀ ਹੈ। ਵਿਖਾਵਾ, ਧੋਖਾ ਅਤੇ ਨਿਰਾਸ਼ਾ ਜ਼ਿੰਦਗੀ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ। ਘੜੱਮ ਚੌਧਰੀਆਂ ਤੋਂ ਦੂਰ ਰਹੋ। ਪਿੱਠ ਪਿੱਛੇ ਕਹੀਆਂ ਗੱਲਾਂ ਕਈ ਵਾਰ ਤੁਹਾਡੇ ਤੱਕ ਪਹੁੰਚਦੀਆਂ ਦੇ ਅਰਥ ਬਦਲ ਜਾਂਦੇ ਹਨ। ਕਦੀ ਵੀ ਹਾਰ ਨਾ ਮੰਨੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਲੇਖਿਕਾ ਨੇ ਇਨਸਾਨ ਨੂੰ ਆਪਣੀ ਜ਼ਿੰਦਗੀ ਬਿਹਤਰੀਨ ਢੰਗ ਨਾਲ ਜਿਓਣ ਦੇ ਨੁਕਤੇ ਦਿੱਤੇ ਹਨ। ਇਨ੍ਹਾਂ ਨੁਕਤਿਆਂ ਦੀ ਵਰਤੋਂ ਸੋਚ ਸਮਝਕੇ ਕਰਨੀ ਚਾਹੀਦੀ ਹੈ, ਹੋ ਸਕਦਾ ਹਰ ਇੱਕ ਲਈ ਇਹ ਸਾਰਥਿਕ ਨਾ ਹੋਣ ਪ੍ਰੰਤੂ ਇਹ ਨੁਕਤੇ ਵਜ਼ਨਦਾਰ ਹਨ।
112 ਪੰਨਿਆਂ, 195 ਰੁਪਏ ਕੀਮਤ ਵਾਲੀ ਇਹ ਪੁਸਤਕ ਕੈਲੀਬਰ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com