Ujagar Singh

ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ -  ਉਜਾਗਰ ਸਿੰਘ

ਪੰਜਾਬੀ ਲੋਕ ਗਾਇਕੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਾਲੇ ਮਿਠਬੋਲੜੇ ਗਾਇਕ ਦੇ ਤੁਰ ਜਾਣ ਨਾਲ ਸੰਗੀਤ ਦੀ ਦੁਨੀਆਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੋਸਤਾਂ ਮਿੱਤਰਾਂ ਦਾ ਦਿਲਜਾਨੀ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਣ ਵਾਲਾ ਸੁਰਿੰਦਰ ਛਿੰਦਾ ਰੂਹ ਦੀ ਖਰਾਕ ਦਿੰਦਾ ਹੋਇਆ ਆਪ ਇਕ ਰੂਹ ਬਣ ਗਿਆਹੈ। ਪੰਜਾਬੀ ਲੋਕ ਗਾਇਕੀ ਦੀ ਵਿਰਾਸਤ ਦਾ ਪਹਿਰੇਦਾਰ ਸੁਰਿੰਦਰ ਛਿੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਤਾਂ ਕਹਿ ਗਿਆ ਹੈ ਪ੍ਰੰਤੂ ਉਸ ਦੇ ਤੁਰ ਜਾਣ ਨਾਲ ਹੀ ਲੋਕ ਗਾਥਾਵਾਂ ਦੀ ਸ਼ਾਨਦਾਰ ਗਾਇਕੀ ਦਾ ਅੰਤ ਵੀ ਹੋ ਗਿਆ ਹੈ। ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਲੋਕ ਗਾਥਾਵਾਂ ਦੀ ਗਾਇਕੀ ਦੇ ਸਭਿਅਚਾਰਕ ਥੰਮ ਸਨ, ਇਨ੍ਹਾਂ ਦੋਵਾਂ ਥੰਮਾਂ ਦੇ ਗਿਰਨ ਨਾਲ ਸਭਿਅਚਾਰਕ ਵਿਰਾਸਤ ਦੀ ਇਮਾਰਤ ਢਹਿ ਢੇਰੀ ਹੋ ਗਈ ਹੈ। ਇਕ ਕਿਸਮ ਨਾਲ ਪੰਜਾਬੀ ਲੋਕ ਗਾਇਕੀ ਦੇ ਸ਼ਾਨਦਾਰ ਦੌਰ ਦਾ ਅੰਤ ਹੋ ਗਿਆ ਹੈ। ਆਮ ਤੌਰ ਤੇ ਲੋਕ ਗਾਇਕੀ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਬਹੁਤੇ ਗਾਇਕਾਂ ਦੇ ਗੀਤ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਸਨ। ਉਨ੍ਹਾਂ ਗੀਤਾਂ ਦੇ ਸਿਰ ‘ਤੇ ਉਹ ਗਾਇਕ ਪ੍ਰਸਿੱਧੀ ਪ੍ਰਾਪਤ ਕਰਦੇ ਸਨ ਕਿਉਂਕਿ ਨੌਜਵਾਨ ਚੱਕਮੇਂ ਗੀਤਾਂ ਨੂੰ ਪਸੰਦ ਕਰਦੇ ਸਨ ਪ੍ਰੰਤੂ ਸੁਰਿੰਦਰ ਛਿੰਦੇ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਲੋਕ ਗਾਇਕੀ ਵਿੱਚ ਪ੍ਰਸਿੱਧੀ ਜਿਓਣਾ ਮੌੜ ਦੀ ਲੋਕ ਗਾਥਾ ਨਾਲ ਪ੍ਰਾਪਤ ਕੀਤੀ ਸੀ। ਜੀਓਣਾ ਮੌੜ ਸੁਰਿੰਦਰ ਛਿੰਦਾ ਦੀ ਗਾਇਕੀ ਦਾ ਸਿਖਰ ਸੀ। ਉਸ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਸ ਦੇ ਗੀਤ ਸਮਾਜ ਦੇ ਹਰ ਵਰਗ ਨੇ ਪਸੰਦ ਕੀਤੇ ਹਨ। ਉਹ ਬਹੁ-ਰੰਗਾ ਅਤੇ ਬਹੁ-ਪੱਖੀ ਗਾਇਕ  ਅਤੇ ਸਰਬਾਂਗੀ ਅਦਾਕਾਰ ਸੀ। ਉਸ ਦੀ ਕਮਾਲ ਇਹ ਸੀ ਕਿ ਉਹ ਲੋਕ ਗਾਥਾਵਾਂ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ। ਆਪਣੀ ਗਾਇਕੀ ਦੇ ਪੰਜਾਹ ਸਾਲ ਦੌਰਾਨ ਉਸ ਨੇ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਿਆਂ। ਜੇਕਰ ਉਸ ਨੇ ਜਿਓਣੇ ਮੌੜ ਦੀ ਲੋਕ ਗਾਥਾ ਨਾਲ ਨਾਮਣਾ ਖੱਟਿਆ ਤਾਂ ਇਸ ਦੇ ਨਾਲ ਹੀ ਉਸ ਨੇ ਉਚਾ ਦਰ ਬਾਬੇ ਨਾਨਕ ਦੀ ਗਾਇਕੀ ਨਾਲ ਵੀ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕੀਤਾ।  ਉਹ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੋਇਆ ਉਨ੍ਹਾਂ ਦੇ ਦਿਲ ਕੱਢ ਕੇ ਲੈ ਗਿਆ ਹੈ। ਸੁਰਿੰਦਰ ਛਿੰਦਾ ਨੂੰ ਲੋਕ ਗਾਇਕੀ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ। ਉਸ ਨੇ ਭਾਵੇਂ ਆਪਣੀ ਗਾਇਕੀ ਦਾ ਸਫਰ 1970 ਵਿੱਚ ਸ਼ੁਰੂ ਕਰ ਲਿਆ ਸੀ ਪ੍ਰੰਤੂ 1972 ਵਿੱਚ ਉਨ੍ਹਾਂ ਜਸਵੰਤ ਸਿੰਘ ਭੰਵਰਾ ਦੀ ਸ਼ਾਗਿਰਦੀ ਕੀਤੀ ਸੀ। ਉਸ ਨੇ ਗਾਇਕੀ ਨੂੰ ਰਿਆਜ਼ ਕਰਨ ਨਾਲ ਅਜਿਹਾ ਚਮਕਾਇਆ ਕਿ ਉਸ ਦਾ ਨਾਮ ਸੰਸਾਰ ਵਿੱਚ ਚਮਕਣ ਲੱਗ ਪਿਆ। ਸੁਰਿੰਦਰ ਛਿੰਦਾ ਦੇ ਵਿਵਹਾਰ, ਪਿਆਰ ਅਤੇ ਸਤਿਕਾਰ ਨੇ ਜਸਵੰਤ ਸਿੰਘ ਭੰਵਰਾ ਦੇ ਸੰਗੀਤਕ ਮਨ ਨੂੰ ਅਜਿਹਾ ਮੋਹ ਲਿਆ ਕਿ ਉਹ ਭੰਵਰਾ ਦਾ ਲਾਡਲਾ ਤੇ ਬਿਹਤਰੀਨ ਸ਼ਾਗਿਰਦ ਬਣ ਗਿਆ। ਜਸਵੰਤ ਸਿੰਘ ਭੰਵਰਾ ਨੇ ਹੀ ਸੁਰਿੰਦਰ ਛਿੰਦਾ ਨੂੰ 1975 ਵਿੱਚ  ਗਾਇਕਾ ਸੁਦੇਸ਼ ਕਪੂਰ ਨਾਲ ਦੋਗਾਣੇ ਵਿੱਚ ਮੌਕਾ ਦਿੱਤਾ। ਫਿਰ ਤਾਂ ਜਿਵੇਂ ਉਸ ਦੀ ਲਾਟਰੀ ਹੀ ਖੁਲ੍ਹ ਗਈ, ਉਹ ਲਗਾਤਾਰ ਅੱਗੇ ਹੀ ਵੱਧਦਾ ਗਿਆ। ਉਸ ਤੋਂ ਬਾਅਦ 1977 ਵਿੱਚ ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲਾ ਦੀਆਂ ਲਿਖੀਆਂ ਚਾਰ ਲੋਕ ਗਾਥਾਵਾਂ ਉਚਾ ਬੁਰਜ ਲਾਹੌਰ ਦਾ ਅਜਿਹਾ ਗਾਇਆ ਕਿ ਉਹ ਲੋਕਾਂ ਦੇ ਦਿਲਾਂ ‘ਤੇ ਛਾ ਗਿਆ। ਇਨ੍ਹਾਂ ਲੋਕ ਗਾਥਾਵਾਂ ਨੂੰ ਸੰਗੀਤ ਸੰਗੀਤਕਾਰ ਰਾਮ ਸਰਨ ਦਾਸ ਨੇ ਸੰਗੀਤਬੱਧ ਕੀਤਾ ਸੀ। ਇਨ੍ਹਾਂ ਲੋਕ ਗਾਥਾਵਾਂ ਕਰਕੇ ਸੁਰਿੰਦਰ ਛਿੰਦਾ ਦੀ ਗਾਇਕੀ ਦੀਆਂ ਧੁੰਮਾਂ ਪੈਣ ਲੱਗ ਗਈਆਂ। ਫਿਰ ਤਾਂ ਹਰ ਸਟੇਜ ‘ਤੇ ਸੁਰਿੰਦਰ ਛਿੰਦਾ ਦੀ ਧਾਂਕ ਪੈਣ ਲੱਗੀ। ਇਸ ਤੋਂ ਬਾਅਦ 1978 ਵਿੱਚ ਆਧੁਨਿਕ ਸੰਗੀਤਕਾਰ ਚਰਨਜੀਤ ਆਹੂਜਾ ਨੇ 12 ਲੋਕ ਗਾਥਾਵਾਂ ਨੈਣਾਂ ਦੇ ਵਣਜਾਰੇ ਨੂੰ ਸੰਗੀਤਬੱਧ ਕੀਤਾ, ਜਿਸ ਨੂੰ ਜਦੋਂ ਸੁਰਿੰਦਰ ਛਿੰਦਾ ਦੀ ਆਵਾਜ਼ ਦਾ ਜਾਦੂ ਚੜ੍ਹਿਆ ਤਾਂ ਨੌਜਵਾਨ ਕਾਲਜਾਂ ਦੇ ਲੜਕੇ ਅਤੇ ਲੜਕੀਆਂ ਉਸ ਦੇ ਦੀਵਾਨੇ ਹੋ ਗਏ। ਸੁਰਿੰਦਰ ਛਿੰਦਾ ਦੀਆਂ ਕਲੀਆਂ ਅਤੇ ਲੋਕ ਗਾਥਾਵਾਂ ਨੂੰ ਲੋਕਾਂ ਨੇ ਅਜਿਹੀ ਪ੍ਰਵਾਨਗੀ ਦਿੱਤੀ ਕਿ ਹਮੇਸ਼ਾ ਜਦੋਂ ਛਿੰਦਾ ਸਟੇਜ ਤੇ ਚੜ੍ਹਦਾ ਤਾਂ ਲੋਕ ਇਕ ਆਵਾਜ਼ ਵਿੱਚ ਕਲੀਆਂ ਅਤੇ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ। ਸੁਰਿੰਦਰ ਛਿੰਦਾ ਦੀ ਗਾਇਕੀ ਦੀ ਵਿਲੱਖਣ ਕਮਾਲ ਇਹੋ ਸੀ ਕਿ ਲੋਕ ਰੁਮਾਂਟਿਕ ਗੀਤਾਂ ਦੀ ਥਾਂ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ। ਸੁਰਿੰਦਰ ਛਿੰਦਾ ਨੇ ਪਹਿਲੀ ਕੈਸਟ 1975 ਵਿੱਚ ਸੁਦੇਸ਼ ਕਪੂਰ ਨਾਲ ਕੱਢਣ ਤੋਂ ਬਾਅਦ ਸਿਰਫ 6 ਸਾਲ ਦੇ ਗਾਇਕੀ ਦੇ ਖੇਤਰ ਤੋਂ ਬਾਅਦ 1981 ਵਿੱਚ ਦੇਵ ਥਰੀਕਿਆਂ ਵਾਲੇ ਦੀ ਲੋਕ ਗਾਥਾ ਜਿਓਣਾ ਮੌੜ ਗਾਉਣ ਕਰਕੇ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਲੱਗ ਗਿਆ ਸੀ। ਉਸ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤੇ ਪਸੰਦ ਕਰਦੇ ਸਨ। ਸੁਰਿੰਦਰ ਛਿੰਦਾ ਨੇ ਜਿਓਣੇ ਮੌੜ ਦੀ ਗਾਥਾ ਦੇ ਨਾਲ ਹੀ 1981 ਵਿੱਚ ਪੁੱਤ ਜੱਟਾਂ ਦੇ ਬੁਲਾਉਣ ਬੱਕਰੇ ਗੀਤ ਗਾਇਆ ਜਿਸ ਨੇ ਉਸ ਦੀ ਗਾਇਕੀ ਨੂੰ ਚਾਰ ਚੰਦ ਲਾ ਦਿੱਤੇ। ਇਸ ਸਮੇਂ ਸੁਰਿੰਦਰ ਛਿੰਦੇ ਦੀ ਗਾਇਕੀ ਵਿੱਚ ਇਤਨਾ ਨਿਖ਼ਾਰ ਆ ਗਿਆ ਕਿ ਉਸ ਦਾ ਸਿੱਕਾ ਚਲਣ ਲੱਗ ਪਿਆ। ਉਸ ਨੇ ਦੋਗਾਣੇ ਮਹਿੰਦਰ ਕਪੂਰ, ਸੁਰੇਸ਼ ਵਾਡੇਕਰ, ਅਨੁਰਾਧਾ ਪੌਡਵਾਲ, ਸੁਖਵੰਤ ਸੁੱਖੀ, ਹੰਸ ਰਾਜ ਹੰਸ, ਸੁਦੇਸ਼ ਕਪੂਰ, ਸੁਰਿੰਦਰ ਸੋਨੀਆ, ਨਰਿੰਦਰ ਬੀਬਾ, ਪਰਮਿੰਦਰ ਸੰਧੂ ਅਤੇ ਰੰਜਨਾ ਨਾਲ ਗਾਏ ਸਨ। ਸੋਲੋ ਗਾਣਿਆਂ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਸੁਰਿੰਦਰ ਛਿੰਦਾ ਲੋਕ ਗਾਇਕੀ ਦੇ ਨਾਲ ਹੀ ਬਿਹਤਰੀਨ ਅਦਾਕਾਰ ਸੀ। ਉਸ ਨੂੰ ਟੂ ਇਨ ਵਨ ਕਿਹਾ ਜਾ ਸਕਦਾ ਹੈ। ਉਸ ਨੇ ਡੇਢ ਦਰਜਨ ਫਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ।  ਉਸ ਨੇ ਪੁੱਤ ਜੱਟਾਂ ਦੇ, ਯਾਰਾਂ ਦਾ ਟਰੱਕ ਬੱਲੀਏ, ਬਲਬੀਰੋ ਭਾਬੀ, ਕੇਹਰ ਸਿੰਘ ਦੀ ਮੌਤ, ਉਚਾ ਦਰ ਬਾਬੇ ਨਾਨਕ ਦਾ, ਟਰੱਕ ਡਰਾਇਵਰ, ਬਦਲਾ ਜੱਟੀ ਦਾ, ਜੱਟ ਯੋਧੇ, ਬਗਾਬਤ, ਜੱਟ ਪੰਜਾਬ ਦਾ ਆਦਿ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ। ਉਸ  ਦੇ ਡਾਇਲਾਗ ਦਮਦਾਰ ਹੁੰਦੇ ਸਨ।
  ਸੁਰਿੰਦਰ ਛਿੰਦਾ ਦਾ ਜਨਮ 20 ਮਈ 1953 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਛੋਟੀ ਇਯਾਲੀ ਵਿਖੇ ਮਾਤਾ ਵਿਦਿਆਵਤੀ ਅਤੇ ਪਿਤਾ ਬਚਨ ਰਾਮ ਦੇ ਘਰ ਹੋਇਆ ਸੀ। ਉਸ ਨੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਮਲਟੀਪਰਪਜ਼ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ।  ਥੋੜ੍ਹੀ ਦੇਰ ਉਹ ਕਿਸੇ ਵਰਕਸ਼ਾਪ ਵਿੱਚ ਮਕੈਨਿਕੀ ਵੀ ਸਿਖਦਾ ਰਿਹਾ। ਗਾਇਕੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ। ਉਹ ਸਕੂਲ ਦੀਆਂ ਸਟੇਜਾਂ ‘ਤੇ ਸਭਿਅਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ। ਕਲਾਕਾਰ ਬਣਨ ਦੀ ਪ੍ਰਵਿਰਤੀ ਉਸ ਨੂੰ ਗਾਉਣ ਲਈ ਪ੍ਰੇਰਦੀ ਰਹਿੰਦੀ ਸੀ। ਫਿਰ ਉਸ ਨੇ ਗਾਇਕੀ ਵਲ ਮੁਹਾਰਾਂ ਮੋੜ ਦਿੱਤੀਆਂ। ਉਸ ਦਾ ਵਿਆਹ ਬੀਬੀ ਜੋਗਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਦੋ ਲੜਕੇ ਹਨ। ਉਨ੍ਹਾਂ ਦਾ ਇਕ ਲੜਕਾ ਮਨਿੰਦਰ ਛਿੰਦਾ ਗਾਇਕ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਉਸ ਦਾ ਲੜਕਾ ਪਰਿਵਾਰਿਕ ਵਿਰਾਸਤ ਨੂੰ ਬਰਕਰਾਰ ਰੱਖੇਗਾ। ਸੁਰਿੰਦਰ ਛਿੰਦਾ ਦਾ ਨਾਮ ਸੁਰਿੰਦਰ ਪਾਲ ਧੰਮਾ ਸੀ ਪ੍ਰੰਤੂ ਜਦੋਂ ਉਹ ਗਾਇਕੀ ਵਿੱਚ ਆਇਆ ਤਾਂ ਸੁਰਿੰਦਰ ਛਿੰਦਾ ਹੀ ਲਿਖਣ ਲੱਗ ਪਿਆ।  ਉਸ ਦਾ ਪਿਤਾ ਬਚਨ ਰਾਮ ਇਕ ਕਾਰਪੈਂਟਰ ਸੀ ਪ੍ਰੰਤੂ ਇਸ ਦੇ ਨਾਲ ਹੀ ਉਹ ਗਾਇਕ ਵੀ ਸੀ। ਸੁਰਿੰਦਰ ਛਿੰਦਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੀ ਪਰਿਵਾਰਕ ਵਿਰਾਸਤ ਵਿੱਚੋਂ ਹੀ ਮਿਲੀ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਸ ਗਵਰਧਨ ਦਾਸ ਤੋਂ ਉਸ ਦੇ ਪਿਤਾ ਬਚਨ ਰਾਮ ਨੇ ਸੰਗੀਤ ਸਿਖਿਆ ਸੀ ਉਸ ਤੋਂ ਹੀ ਸੁਰਿੰਦਰ ਛਿੰਦੇ ਨੇ ਸੰਗੀਤ ਦੀ ਸਿਖਿਆ ਲਈ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
     ujagarsingh48@yahoo.com

ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ - ਉਜਾਗਰ ਸਿੰਘ

ਦੇਸ਼ ਵਿੱਚ ਹਰ ਕੁਦਰਤੀ ਆਫ਼ਤ ਦੇ ਸਮੇਂ ਪਈ ਭੀੜ ਨੂੰ ਦੂਰ ਕਰਨ ਲਈ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੰਕਟ ਮੋਚਨ ਬਣਕੇ ਅੱਗੇ ਆਉਂਦੀਆਂ ਹਨ। ਇਥੋਂ ਤੱਕ ਕਿ ਸੰਸਾਰ ਵਿੱਚ ਵੀ ਜੇਕਰ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੇਵਾ ਭਾਵਨਾ ਨਾਲ ਤੱਤਪਰ ਰਹਿੰਦੇ ਹਨ। ਪੰਜਾਬੀ/ਸਿੱਖ ਬਹਾਦਰ, ਮਿਹਨਤੀ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਹਨ। ਇਸ ਦੀ ਤਾਜ਼ਾ ਮਿਸਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੇ ਬਚਾਓ ਅਤੇ ਉਨ੍ਹਾਂ ਲਈ ਡੂੰਘੇ ਪਾਣੀਆਂ ਵਿੱਚ ਜਾ ਕੇ ਰਾਹਤ ਸਮਗਰੀ ਵੰਡਣ ਤੋਂ ਸ਼ਪਸ਼ਟ ਹੁੰਦੀ ਹੈ। ਉਹ ਹਰ ਮੁਸੀਬਤ ਅਤੇ ਕੁਦਰਤੀ ਕਰੋਪੀ ਦੇ ਸਮੇਂ ਲੋਕਾਈ ਦੀ ਬਾਂਹ ਫੜਦੇ ਨਜ਼ਰ ਆਉਂਦੇ ਹਨ। ਇਸ ਸਮੇਂ ਭਾਰਤ ਵਿੱਚ ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਕਹਿਰ ਮਚਾ ਰੱਖਿਆ ਹੈ। ਦੇਸ਼ ਦੇ ਬਹੁਤੇ ਸੂਬੇ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਤ ਹੋ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਤ ਲੋਕ ਤਰਾਹ ਤਰਾਹ ਕਰ ਰਹੇ ਹਨ। ਕਿਸਾਨਾ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਜਾਨ ਅਤੇ ਮਾਲ ਦਾ ਬੇਇੰਤਹਾ ਨੁਕਸਾਨ ਹੋ ਗਿਆ ਹੈ। ਪੰਜਾਬ ਨੂੰ ਇਸ ਕੁਦਰਤੀ ਆਫ਼ਤ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਆਉਂਦਾ ਹੈ। ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਵਾਰਸ਼ਾਂ ਪੈਂਦੀਆਂ ਹਨ ਤਾਂ ਪੰਜਾਬ ਵਿੱਚ ਜਿਹੜੇ ਤਿੰਨ ਦਰਿਆ ਸਤਲੁਜ, ਬਿਆਸ ਅਤੇ ਰਾਵੀ ਦਾ ਕੁਝ ਹਿੱਸਾ ਵਗਦੇ ਹਨ, ਉਨ੍ਹਾਂ ਵਿੱਚ ਬੇਸ਼ੁਮਾਰ ਪਾਣੀ ਆ ਜਾਂਦਾ ਹੈ। ਕਈ ਵਾਰ ਭਾਖੜਾ ਅਤੇ ਹੋਰ ਡੈਮਾ ਵਿੱਚੋਂ ਪਾਣੀ ਵੀ ਛੱਡਣਾ ਪੈ ਜਾਂਦਾ ਹੈ। ਬਰਸਾਤੀ ਮੌਸਮ ਵਿੱਚ ਇਨ੍ਹਾਂ ਦਰਿਆਵਾਂ ਅਤੇ ਅਨੇਕਾਂ ਨਦੀਆਂ, ਨਾਲਿਆਂ, ਚੋਆਂ ਅਤੇ ਹੋਰ ਛੋਟੇ ਮੋਟੇ ਰਸਤਿਆਂ ਰਾਹੀਂ ਪਾਣੀ ਕਹਿਰ ਦਾ ਰੂਪ ਧਾਰ ਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਤਬਾਹੀ ਕਰਦਾ ਹੈ। ਇਸ ਪ੍ਰਕਾਰ ਪੰਜਾਬ ਦੀ ਆਰਥਿਕਤਾ ਨੂੰ ਗਹਿਰੀ ਸੱਟ ਵੱਜਦੀ ਹੈ। ਪੰਜਾਬੀ ਹਰ ਸਾਲ ਇਨ੍ਹਾਂ ਹੜ੍ਹਾਂ ਦਾ ਸੰਤਾਪ ਭੋਗਦੇ ਹਨ। ਬਹੁਤਾ ਪਿੰਡਾਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਦਰਿਆ ਅਤੇ ਨਦੀਆਂ ਨਾਲੇ ਪਿੰਡਾਂ ਵਿੱਚੋਂ ਲੰਘਦੇ ਹਨ ਪ੍ਰੰਤੂ ਕਈ ਸ਼ਹਿਰਾਂ ਜਿਵੇਂ ਪਟਿਆਲਾ, ਮੋਹਾਲੀ, ਰੋਪੜ ਅਤੇ ਲੁਧਿਆਣਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਪੰਜਾਬ ਵਿੱਚ ਹੁਣ ਤੱਕ 2 ਲੱਖ 40 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ 83000 ਹੈਕਟੇਅਰ ਖ਼ਰਾਬ ਹੋਏ ਰਕਬੇ ਵਿੱਚ ਖੇਤੀਬਾੜੀ ਵਿਭਾਗ ਵਾਲੇ ਕਹਿ ਰਹੇ ਹਨ ਕਿ ਦੁਬਾਰਾ ਝੋਨਾ ਲਗਾਇਆ ਜਾ ਸਕਦਾ ਹੈ ਪ੍ਰੰਤੂ ਦੁਬਾਰਾ ਝੋਨਾ ਲਾਉਣਾ ਸੰਭਵ ਨਹੀਂ ਕਿਉਂਕਿ ਪਨੀਰੀ ਤਿਆਰ ਕਰਨ ਲਈ ਸਮਾਂ ਲੱਗਦਾ ਹੈ। ਹੋਰ ਫ਼ਸਲਾਂ ਅਤੇ ਸਬਜ਼ੀਆਂ ਵੀ ਨੁਕਸਾਨੀਆਂ ਗਈਆਂ ਹਨ।
   ਲਗਪਗ 2500 ਹਜ਼ਾਰ ਲੋਕਾਂ ਨੂੰ ਹੜ੍ਹ ਵਾਲੇ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। 35 ਲੋਕ ਆਪਣੀਆਂ ਜਾਨਾ ਗੁਆ ਚੁੱਕੇ ਹਨ। ਹੜ੍ਹਾਂ ਨਾਲ 1390 ਪਿੰਡਾਂ ਅਤੇ ਸ਼ਹਿਰਾਂ ਵਿੱਚ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਤਾਂ ਅਸੰਭਵ ਹੈ। ਅਜਿਹੇ ਹਾਲਾਤ ਵਿੱਚ ਸਰਕਾਰਾਂ ਨੇ ਤਾਂ ਆਪਣੇ ਫਰਜ਼ ਨਿਭਾਉਣੇ ਹੀ ਹੁੰਦੇ ਹਨ ਪ੍ਰੰਤੂ ਸਰਕਾਰਾਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫ਼ਲ ਨਹੀਂ ਹੋ ਸਕਦੀਆਂ। ਪੰਜਾਬ ਦੀ ਬਹੁਤੀ ਆਬਾਦੀ ਅਜੇ ਵੀ ਪਿੰਡਾਂ ਵਿੱਚ ਵਸਦੀ ਹੈ। ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਖਾਸ ਤੌਰ ਤੇ ਜੀਰੀਆਂ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈਆਂ ਹਨ। ਪਿੰਡਾਂ ਦੇ ਲੋਕ ਆਪਣੇ ਹੋਏ ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀਆਂ ਜਾਨਾ ਤਲੀ ‘ਤੇ ਧਰ ਕੇ ਸ਼ਹਿਰਾਂ ਵਾਲਿਆਂ ਦੀ ਮਦਦ ਲਈ ਆ ਗਏ ਹਨ। ਬਿਜਲੀ ਤੇ ਪਾਣੀ ਦੇ ਬੰਦ ਹੋਣ ਕਰਕੇ ਸ਼ਹਿਰਾਂ ਦੀਆਂ ਹੜ੍ਹਾਂ ਤੋਂ ਪ੍ਰਭਾਵਤ ਕਾਲੋਨੀਆਂ ਅਤੇ ਪਿੰਡਾਂ ਵਿੱਚ ਫਸੇ ਹੋਏ ਬੱਚੇ, ਬੁਜ਼ਰਗ, ਇਸਤਰੀਆਂ ਪਾਣੀ ਅਤੇ ਖਾਣ ਪੀਣ ਦੇ ਸਮਾਨ ਲਈ ਤਰਸ ਰਹੇ ਸਨ। ਹਾਹਾਕਰ ਮੱਚੀ ਹੋਈ ਸੀ, ਬੱਚੇ ਦੁੱਧ ਅਤੇ ਪਾਣੀ ਕਰਕੇ ਕੁਰਲਾ ਰਹੇ ਸਨ। ਸ਼ਹਿਰਾਂ ਵਾਲੇ ਲੋਕ ਬਹੁਤੀ ਮੁਸੀਬਤ ਝੱਲ ਵੀ ਨਹੀਂ ਸਕਦੇ ਪ੍ਰੰਤੂ ਪਾਣੀ ਦਾ ਕਹਿਰ ਤਾਂ ਮੌਤ ਦੇ ਰੂਪ ਵਿੱਚ ਦਸਤਕ ਦੇ ਰਿਹਾ ਸੀ। ਪਟਿਆਲਾ ਦੀ ਪੋਸ਼ ਕਾਲੋਨੀ ਅਰਬਨ ਅਸਟੇਟ-1 ਅਤੇ 2 ਵਿੱਚ 10 ਜੁਲਾਈ ਦੀ ਸ਼ਾਮ ਨੂੰ ਪਾਣੀ ਆਇਆ ਸੀ ਪ੍ਰੰਤੂ ਪਿੰਡਾਂ ਦੇ ਲੋਕ ਸੂਰਜ ਦੀ ਟਿੱਕੀ ਨਿਕਲਦਿਆਂ ਹੀ ਦੁੱਧ, ਪਾਣੀ, ਡਬਲ ਰੋਟੀ, ਬਿਸਕੁਟ ਅਤੇ ਲੰਗਰ ਲੈ ਕੇ ਪਹੁੰਚ ਗਏ। ਇਸ ਤੋਂ ਪੰਜਾਬੀਆਂ ਦੀ ਦਿ੍ਰੜ੍ਹਤਾ, ਸੇਵਾ ਭਾਵਨਾ, ਸਰਬੱਤ ਦੇ ਭਲੇ ਅਤੇ ਇਨਸਾਨੀਅਤ ਦੀ ਕਦਰ ਦੀ ਬਿਹਤਰੀਨ ਪ੍ਰਵਿਰਤੀ ਸ਼ਪਸ਼ਟ ਹੁੰਦੀ ਹੈ। ਪੰਜਾਬੀਆਂ ਖਾਸ ਤੌਰ ‘ਤੇ ਪਿੰਡਾਂ ਵਾਲੇ ਲੋਕਾਂ ਅਤੇ ਸਵੈ ਇੱਛਤ ਅਤੇ ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਾਰੇ ਵਾਰੇ ਜਾਈਏ ਜਿਹੜੇ ਆਪ ਇਨ੍ਹਾਂ ਹੜ੍ਹਾਂ ਦਾ ਪ੍ਰਕੋਪ ਹੰਢਾਉਂਦੇ ਹੋਏ, ਆਪਣਾ ਸਾਰਾ ਕੁਝ ਗੁਆਉਣ ਦੇ ਬਾਵਜੂਦ ਸ਼ਹਿਰਾਂ ਦੇ ਲੋਕਾਂ ਦੀ ਮਦਦ ਲਈ ਆ ਬਹੁੜਦੇ ਹਨ। ਸੇਵਾ ਦੇ ਪੁੰਜ ਇਹ ਪਿੰਡਾਂ ਵਾਲੇ ਲੋਕ ਆਪਣੇ ਟ੍ਰੈਕਟਰਾਂ ਟਰਾਲੀਆਂ ਤੇ ਲੰਗਰ, ਦੁੱਧ ਅਤੇ ਪਾਣੀ ਲੈ ਕੇ ਡੂੰਘੇ ਹੜ੍ਹ ਦੇ ਪਾਣੀਆਂ ਵਿੱਚ ਆਪਣੀਆਂ ਜਾਨਾ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਰਤਾਉਂਦੇ ਵੇਖੇ ਗਏ। ਮੋਮ ਬੱਤੀਆਂ ਅਤੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਵੀ ਤਕਸੀਮ ਕੀਤੀਆਂ ਗਈਆਂ। ਗਲੀਆਂ ਵਿੱਚ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਘਰਾਂ ਵਿੱਚੋਂ ਬੁਲਾ ਕੇ ਖਾਣ ਪੀਣ ਦਾ ਸਾਮਾਨ ਤਕਸੀਮ ਕਰਦੇ ਰਹੇ ਹਨ। ਸਿੱਖ ਧਰਮ ਅਤੇ ਸਿੱਖੀ ਇਕ ਸੋਚ ਦਾ ਨਾਮ ਹੈ। ਸਦਭਾਵਨਾ, ਸਰਬੱਤ ਦੇ ਭਲੇ ਅਤੇ ਸਭੇ ਸਾਂਝਵਾਲ ਸਦਾਇਨ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੀ ਹੈ। ਜਿਵੇਂ ਭਾਈ ਘਨਈਆ ਚਮਕੌਰ ਦੀ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾ ਨੂੰ ਪਾਣੀ ਪਿਲਾ ਰਿਹਾ ਸੀ, ਉਸੇ ਤਰ੍ਹਾਂ ਪਿੰਡਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਲੰਗਰ ਪਹੁੰਚਾ ਰਹੇ ਸਨ। ਇਹ ਲੋਕ ਘਨਈਆ ਦੇ ਵਾਰਸ ਹਨ। ਇਨ੍ਹਾਂ ਲੋਕਾਂ ਦੀ ਸਮਰਪਣ ਭਾਵਨਾ ਅੱਗੇ ਸਿਰ ਝੁਕ ਰਹੇ ਸਨ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਸ ਬਣਕੇ ਵਿਚਰਦੇ ਰਹੇ। ਇਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਇਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ, ਇਸ ਕਰਕੇ ਲੋਕ ਇਨ੍ਹਾਂ ਲੋਕਾਂ ਅਤੇ ਸੰਸਥਾਵਾਂ ਦੀ ਸਲਾਘਾ ਕਰਦੇ ਥੱਕਦੇ ਨਹੀਂ। ਹਰ ਪਾਸੇ ਇਨ੍ਹਾਂ ਦੀ ਪ੍ਰਸੰਸਾ ਹੋ ਰਹੀ ਹੈ। ਇਸ ਤੋਂ ਸ਼ਪਸ਼ਟ ਹੋ ਰਿਹਾ ਸੀ ਕਿ ਇਨਸਾਨ ਹੀ ਇਨਸਾਨ ਦੀ ਮੁਸੀਬਤ ਵਿੱਚ ਦਾਰੂ ਬਣਦਾ ਹੈ। ਜਿਥੇ ਪ੍ਰਸ਼ਾਸ਼ਨ ਦੀਆਂ ਕਿਸ਼ਤੀਆਂ ਵੀ ਪਹੁੰਚ ਨਹੀਂ ਸਕੀਆਂ, ਉਨ੍ਹਾਂ ਥਾਵਾਂ ਤੇ ਇਹ ਲੋਕ ਟ੍ਰੈਕਟਰਾਂ ‘ਤੇ ਪਹੁੰਚੇ ਹਨ। ਲੋਕਾਂ ਦੀ ਸੰਕਟਮਈ ਸਥਿਤੀ ਵਿੱਚ ਇਹ ਲੋਕ ਸੰਕਟ ਮੋਚਨ ਸਾਬਤ ਹੋਏ ਹਨ। ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਸਥਾਨਕ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦੇ ਰਹੀਆਂ ਹਨ। ਏਥੇ ਹੀ ਬਸ ਨਹੀਂ ਸਾਫ ਸਫ਼ਾਈ ਦਾ ਪ੍ਰਬੰਧ ਕਰਨ ਵਿੱਚ ਵੀ ਜੁੱਟ ਗਏ ਹਨ। ਨਦੀਆਂ, ਨਾਲਿਆਂ ਅਤੇ ਰਜਵਾਹਿਆਂ ਵਿੱਚ ਪਏ ਪਾੜਾਂ ਨੂੰ ਵਰ੍ਹਦੇ ਮੀਂਹ ਅਤੇ ਤੇਜ ਪਾਣੀ ਦੇ ਵਹਾਓ ਦਰਮਿਆਨ ਬੰਧ ਲਗਾ ਰਹੇ ਹਨ। ਕਦੀ ਸਮਾਂ ਸੀ ਇਨ੍ਹਾਂ ਲੋਕਾਂ ਨੂੰ ਅਤਵਾਦੀ ਅਤੇ ਵਖਵਾਦੀ ਕਹਿ ਕੇ ਗਰਦਾਨਿਆਂ ਜਾ ਰਿਹਾ ਸੀ। ਉਹ ਲੋਕ ਸੇਵਾ ਦਾ ਨਮੂਨਾ ਬਣਕੇ ਵਿਚਰ ਰਹੇ ਹਨ। ਜਿਹੜੇ ਪਿੰਡਾਂ ਵਾਲਿਆਂ ਨੂੰ ਗਵਾਰ ਕਹਿੰਦੇ ਸਨ, ਦਫ਼ਤਰਾਂ ਵਿੱਚ ਜਾਇਜ਼ ਕੰਮਾ ਅਤੇ ਦੁਕਾਨਾਂ ‘ਤੇ ਸਾਜੋ ਸਾਮਾਨ ਲੈਣ ਲਈ ਆਇਆਂ ਦੀ ਛਿੱਲ ਲਾਹੁੰਦੇ ਸਨ, ਉਹ ਪਿੰਡਾਂ ਵਾਲੇ ਉਨ੍ਹਾਂ ਦੀ ਦੁੱਖ ਦੀ ਘੜੀ ਵਿੱਚ ਸਹਾਇਤਾ ਕਰਕੇ ਖ਼ੁਸ਼ੀ ਤੇ ਸੰਤੁਸ਼ਟੀ ਮਹਿਸੂਸ ਕਰ ਰਹੇ ਸਨ। ਇਹੋ ਹੀ ਇਨਸਾਨੀਅਤ ਹੁੰਦੀ ਹੈ। ਇਥੇ ਹੀ ਬਸ ਨਹੀਂ ਉਹ ਪ੍ਰਭਾਵਤ ਇਲਾਕਿਆਂ ਦੇ ਪਸ਼ੂਆਂ ਲਈ ਹਰਾ ਚਾਰਾ ਅਤੇ ਮੱਕੀ ਦਾ ਅਚਾਰ ਟਰੱਕਾਂ ਟਰਾਲੀਆਂ ਵਿੱਚ ਲੈ ਕੇ ਪਹੁੰਚ ਗਏ। ਸਤਲੁਜ, ਬਿਆਸ, ਰਾਵੀ, ਘੱਗਰ, ਮਾਰਕੰਡਾ, ਟਾਂਗਰੀ ਵਿੱਚ ਜਿਹੜੇ ਪਾੜ ਪਏ ਸਨ, ਉਨ੍ਹਾਂ ਪਾੜਾਂ ਨੂੰ ਭਰਨ ਲਈ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਪਾੜ ਬੰਦ ਕੀਤੇ। ਬਿਜਲੀ ਦੇ ਜਿਨ੍ਹਾਂ ਗਰਿਡਾਂ ਵਿੱਚ ਪਾਣੀ ਵੜ ਗਿਆ ਉਨ੍ਹਾਂ ਵਿੱਚੋਂ ਪਾਣੀ ਬਾਹਰ ਨਿਕਾਲਿਆ ਅਤੇ ਕਈ ਗਰਿਡਾਂ ਵਿੱਚ ਪਾਣੀ ਵੜਨ ਤੋਂ ਰੋਕਣ ਲਈ ਬੰਧ ਬਣਾਏ। ਪਟਿਆਲਾ ਵਿਖੇ ਕੁਝ ਮਕੈਨਕਾਂ ਨੇ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਨੁਕਸਾਨੀਆਂ ਗਈਆਂ ਕਾਰਾਂ, ਦੋਪਹੀਆ ਸਕੂਟਰਾਂ, ਮੋਟਰ ਸਾਈਕਲਾਂ ਅਤੇ ਕਪੜੇ ਧੋਣ ਵਾਲੀਆਂ ਮਸ਼ੀਨਾ ਦੀ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮੁੱਫ਼ਤ ਮੁਰੰਮਤ ਕੀਤੀ। ਸਾਰੀਆਂ ਹੀ ਸਿਆਸੀ ਪਾਰਟੀਆਂ ਕੁਦਰਤ ਦੀ ਕਰੋਪੀ ਤੇ ਸਿਆਸਤ ਕਰਕੇ ਸਿਆਸੀ ਲਾਹਾ ਲੈਣ ਵਿੱਚ ਜੁਟੀਆਂ ਰਹੀਆਂ। ਕੁਝ ਕੁ ਵਿਅਕਤੀ ਸਵੈ ਇੱਛਤ ਸੰਸਥਾਵਾਂ ਦੇ ਨਾਮ ਤੇ ਫੋਟੋਆਂ ਖਿਚਵਾ ਕੇ ਸ਼ੋਸ਼ਲ ਮੀਡੀਆ ਰਾਹੀਂ ਆਪੋ ਆਪਣਾ ਪ੍ਰਚਾਰ ਕਰਦੀਆਂ ਵੀ ਵੇਖੀਆਂ ਗਈਆਂ।
ਪੰਜਾਬੀਆਂ ਦੀ ਸੇਵਾ ਭਾਵਨਾ ਵੇਖਣ ਵਾਲੀ ਹੈ। ਸ਼ਾਲਾ ! ਇਨ੍ਹਾਂ ਵਿੱਚ ਇਹ ਭਾਵਨਾ ਪ੍ਰਜਵਲਤ ਰਹੇ ਤੇ ਲੋਕਾਈ ਦੀ ਸੇਵਾ ਕਰਦੇ ਰਹਿਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ  ਸਕੇਗਾ? - ਉਜਾਗਰ ਸਿੰਘ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਕੇ ਇਕ ਤੀਰ ਨਾਲ   ਕਈ ਨਿਸ਼ਾਨੇ ਮਾਰਨ ਦਾ ਪੱਤਾ ਖੇਡਿਆ ਹੈ। ਸੁਨੀਲ ਕੁਮਾਰ ਜਾਖੜ ਸਿਰਫ਼ ਇਕ ਸਾਲ ਪਹਿਲਾਂ ਆਪਣੀ ਪਿਤਾ ਪੁਰਖੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਭਾਰਤੀ ਜਨਤਾ ਪਾਰਟੀ ਵਿੱਚ ਨਵਾਂ ਹੋਣ ਕਰਕੇ ਸੁਨੀਲ ਜਾਖੜ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਪਹਿਲੀ ਚੁਣੌਤੀ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਅਤੇ ਮੈਂਬਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦਾ ਸਹਿਯੋਗ ਲੈਣਾ ਪਵੇਗਾ। ਕਾਂਗਰਸ ਪਾਰਟੀ ਵਿੱਚੋਂ ਭਾਰਤੀ ਜਨਤਾ ਪਾਰਟੀ ਵਿੱਚ ਆਏ ਨੇਤਾਵਾਂ ਦੀ ਥਾਂ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਤਰਜੀਹ ਦੇਣੀ ਪਵੇਗੀ। ਦੂਜੇ ਉਨ੍ਹਾਂ ਨੂੰ ਆਪਣੀ ਟੀਮ ਬਣਾਉਣ ਲਈ ਕੇਂਦਰੀ ਭਾਰਤੀ ਜਨਤਾ ਪਾਰਟੀ ਤੋਂ ਪ੍ਰਵਾਨਗੀ ਲੈ ਕੇ ਬਣਾਉਣੀ ਪਵੇਗੀ। ਜਿਲਿ੍ਹਆਂ ਅਤੇ ਮੰਡਲ ਪੱਧਰ ਦੀਆਂ ਇਕਾਈਆਂ ਵੀ ਬਣਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਆਪਣੇ ਪਸੰਦੀਦਾ ਭਰੋਸੇਯੋਗ ਵਰਕਰਾਂ ਨੂੰ ਸ਼ਾਮਲ ਕਰਨਾ ਹੋਵੇਗਾ ਕਿਉਂਕਿ ਭਰੋਸੇ ਦੇ ਆਗੂਆਂ ਤੋਂ ਬਿਨਾ ਸਫਲ ਹੋਣ ਵਿੱਚ ਰੁਕਵਟਾਂ ਪੈ ਸਕਦੀਆਂ ਹਨ। ਜਦੋਂ ਕਿ ਲੋਕ ਸਭਾ ਦੀਆਂ ਚੋਣਾ ਵਿੱਚ ਮਹਿਜ ਦਸ ਮਹੀਨੇ ਬਾਕੀ ਹਨ। ਇਸ ਮੰਤਵ ਲਈ ਉਹ ਕੇਂਦਰੀ ਲੀਡਰਸ਼ਿਪ ‘ਤੇ ਨਿਰਭਰ ਹੋਣਗੇ। ਸਭ ਤੋਂ ਵੱਡੀ ਗੱਲ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਸਮਝਣਾ ਪਵੇਗਾ ਕਿਉਂਕਿ ਉਹ ਪਿਛਲੇ 35 ਸਾਲਾਂ ਤੋਂ ਕਾਂਗਰਸ ਵਿੱਚ ਕੰਮ ਕਰ ਰਹੇ ਹਨ। ਕਾਂਗਰਸ ਨੂੰ ਧਰਮ ਨਿਰਪੱਖ ਅਤੇ ਭਾਰਤੀ ਜਨਤਾ ਪਾਰਟੀ ਨੂੰ ਧਾਰਮਿਕ ਪਾਰਟੀ ਕਿਹਾ ਜਾ ਰਿਹਾ ਹੈ। ਆਪਣੇ ਆਪ ਨੂੰ ਬਦਲਣਾ ਪਵੇਗਾ। ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮੁੱਚੇ ਪੰਜਾਬ ਵਿੱਚ ਮੀਟਿੰਗਾਂ ਕਰਨੀਆਂ ਪੈਣਗੀਆਂ। ਭਾਰਤੀ ਜਨਤਾ ਪਾਰਟੀ ਦਾ ਸ਼ਹਿਰਾਂ ਵਿੱਚ ਤਾਂ ਆਧਾਰ ਮਜ਼ਬੂਤ ਹੈ ਪ੍ਰੰਤੂ ਪਿੰਡਾਂ ਵਲ ਵਧੇਰੇ ਧਿਆਨ ਦੇਣਾ ਪਵੇਗਾ। ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ ਸੁਨੀਲ ਜਾਖੜ ਹਿੰਦੂਆਂ ਅਤੇ ਸਿੱਖਾਂ ਦੋਹਾਂ ਵਿੱਚ ਹਰਮਨ ਪਿਆਰਾ ਹੈ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਸਫਲ ਹੋਵੇਗਾ। ਭਾਰਤੀ ਜਨਤਾ ਪਾਰਟੀ ਦਾ ਤਿੰਨ ਖੇਤੀ ਕਾਨੂੰਨਾ ਦੇ ਲਾਗੂ ਕਰਨ ਸਮੇਂ ਸਭ ਤੋਂ ਵੱਧ ਵਿਰੋਧ ਪਿੰਡਾਂ ਦੇ ਲੋਕਾਂ ਖਾਸ ਤੌਰ ‘ਤੇ ਕਿਸਾਨਾ ਨੇ ਕੀਤਾ ਸੀ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਤਿੰਨ ਕਾਨੂੰਨ ਵਾਪਸ ਲੈਣ ਤੋਂ ਬਾਅਦ ਪਿੰਡਾਂ ਵਿੱਚ ਸਰਗਰਮੀਆਂ ਤੇਜ ਕਰ ਦਿੱਤੀਆਂ ਸਨ। ਇਸ ਪਾਸੇ ਉਹ ਸਫਲ ਵੀ ਹੋਏ ਹਨ। ਹੁਣ ਵੀ ਉਹ ਚਾਹੁੰਦੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾ ਸਕੇ। ਸੁਨੀਲ ਜਾਖੜ ਜਾਟ ਹੋਣ ਕਰਕੇ ਉਸ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਉਹ ਕਿਸਾਨਾ ਵਿੱਚ ਸੰਨ੍ਹ ਲਾਉਣ ਵਿੱਚ ਸਫਲ ਹੋਵੇਗਾ।
 ਸੁਨੀਲ ਕੁਮਾਰ ਜਾਖੜ ਨੂੰ ਕੇਂਦਰੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਅਸਤੀਫ਼ਾ ਲੈਣ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਇਆ ਉਦੋਂ ਜਾਤ ਬਿਰਾਦਰੀ ਦਾ ਪੱਤਾ ਖੇਡਦਿਆਂ ਸੁਨੀਲ ਕੁਮਾਰ ਜਾਖੜ ਨੂੰ ਹਿੰਦੂ ਹੋਣ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਸੀ। ਹਾਲਾਂ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਬਹੁਤੇ ਵਿਧਾਨਕਾਰ ਸੁਨੀਲ ਜਾਖੜ ਦੇ ਹੱਕ ਵਿੱਚ ਸਨ। ਸੁਨੀਲ ਕੁਮਾਰ ਜਾਖੜ ਇਸ ਕਰਕੇ ਉਦੋਂ ਹੀ ਕਾਂਗਰਸ ਤੋਂ ਨਰਾਜ਼ ਹੋ ਗਏ ਸਨ। ਉਹ ਨਰਾਜ਼ਗੀ ਦੇ ਨਤੀਜੇ ਵਜੋਂ ਉਸ ਨੇ ਕਾਂਗਰਸ ਪਾਰਟੀ ‘ਤੋਂ ਅਸਤੀਫ਼ਾ ਦੇ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਇਹ ਪੱਤਾ ਉਸ ਦੇ ਪੱਖ ਵਿੱਚ ਜਾਵੇਗਾ। ਦੂਜਾ ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ ਸੁਨੀਲ ਕੁਮਾਰ ਜਾਖੜ ਦਾ ਪਰਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਣ ਕਰਕੇ ਪੰਜਾਬ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜ ਲਵੇਗਾ। ਕਿਉਂਕਿ ਸੁਨੀਲ ਕੁਮਾਰ ਜਾਖੜ ਦਾ ਦਾਦਾ ਜ਼ੈਲਦਾਰ ਰਾਜਾ ਰਾਮ ਜਾਖੜ 1925 ਵਿੱਚ ਕਾਂਗਰਸ ਦਾ ਸਰਗਰਮ ਵਰਕਰ ਸੀ। ਫਿਰ ਸੁਨੀਲ ਜਾਖੜ ਦਾ ਪਿਤਾ ਬਲਰਾਮ ਜਾਖੜ 1965 ਵਿੱਚ ਸਰਗਰਮ ਸਿਆਸਤ ਵਿੱਚ ਆ ਗਿਆ ਅਤੇ 1972 ਵਿੱਚ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆਂ ਗਿਆ। ਜੂਨ 1977 ਤੋਂ ਫਰਵਰੀ 1980 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਰਿਹਾ। 1980 ਵਿੱਚ ਉਹ ਫੀਰੋਜਪੁਰ ਤੋਂ ਪਹਿਲੀ ਵਾਰ ਲੋਕ ਸਭਾ ਦਾ ਮੈਂਬਰ ਬਣ ਗਿਆ। ਹੈਰਾਨੀ ਤੇ ਮਾਣ ਵਾਲੀ ਗੱਲ ਹੈ ਕਿ ਉਹ ਪਹਿਲੀ ਵਾਰ ਲੋਕ ਸਭਾ ਦਾ ਮੈਂਬਰ ਬਣਿਆਂ ਤੇ ਪਹਿਲੀ ਵਾਰ ਹੀ ਲੋਕ ਸਭਾ ਦਾ ਸਪੀਕਰ ਬਣ ਗਿਆ। 1984 ਵਿੱਚ ਪੰਜਾਬ ਦੇ ਹਾਲਾਤ ਨਾਗਵਾਰ ਹੋਣ ਕਰਕੇ ਲੋਕ ਸਭਾ ਦੀਆਂ ਚੋਣਾਂ ਨਹੀਂ ਹੋ ਸਕੀਆਂ, ਇਸ ਲਈ ਬਲਰਾਮ ਜਾਖੜ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੇ ਸੀਕਰ ਲੋਕ ਸਭਾ ਹਲਕੇ ਤੋਂ ਚੋਣ ਲੜਾਕੇ ਲੋਕ ਸਭਾ ਦਾ ਮੈਂਬਰ ਬਣਾਇਆ। 1991 ਵਿੱਚ ਵੀ ਉਹ ਸੀਕਰ ਤੋਂ ਹੀ ਲੋਕ ਸਭਾ ਦੇ ਮੈਂਬਰ ਚੁਣੇ ਗਏ। 1980 ਤੋਂ 1989 ਤੱਕ ਸਭ ਤੋਂ ਲੰਬਾ ਸਮਾਂ ਲੋਕ ਸਭਾ ਦਾ ਸਪੀਕਰ ਰਿਹਾ। 1991 ਵਿੱਚ ਪੀ.ਵੀ.ਨਰਸਿਮਹਾ ਰਾਓ ਸਰਕਾਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਬਣੇ। 2004 ਤੋਂ 2009 ਤੱਕ ਰਾਜਪਾਲ ਰਹੇ। ਜਾਖੜ ਪਰਵਾਰ ਦਾ ਰਾਜਸਥਾਨ ਵਿੱਚ ਵੀ ਅਸਰ ਰਸੂਖ ਹੈ ਕਿਉਂਕਿ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਰਾਮ ਨਿਵਾਸ ਮਿਰਧਾ ਜਿਹੜਾ ਕੇਂਦਰ ਵਿੱਚ ਮੰਤਰੀ ਰਿਹਾ ਹੈ, ਉਸ ਦਾ ਪਰਵਾਰ ਵੀ ਪ੍ਰਭਾਵਸ਼ਾਲੀ ਸਥਾਨ ਰੱਖਦਾ ਹੈ। ਇਨ੍ਹਾਂ ਕਾਰਨਾ ਕਰਕੇ ਭਾਰਤੀ ਜਨਤਾ ਪਾਰਟੀ ਦੀ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਪਿਛੇ ਜਾਖੜ ਪਰਵਾਰ ਦੀ ਵਿਰਾਸਤ ਦਾ ਲਾਭ ਲੈਣ ਦੀ ਕੋਸ਼ਿਸ਼ ਦਾ ਨਤੀਜਾ ਹੈ। ਸੁਨੀਲ ਕੁਮਾਰ ਜਾਖੜ ਲਈ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾਂ ਵੱਡੀ ਚੁਣੌਤੀ ਹੈ ਕਿਉਂਕਿ ਬਦਲਾਓ ਦੇ ਨਾਮ ‘ਤੇ ਆਈ ਸਰਕਾਰ ਦਾ ਪ੍ਰਭਾਵ ਅਜੇ ਪੰਜਾਬ ਦੇ ਲੋਕਾਂ ਵਿੱਚ ਬਰਕਰਾਰ ਹੈ। ਭਾਵੇਂ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਇਕ ਹੀ ਮੈਂਬਰ ਹੈ। ਵੇਖਣ ਵਾਲੀ ਗੱਲ ਹੈ ਕਿ ਸੁਨੀਲ ਕੁਮਾਰ ਜਾਖੜ 2024 ਦੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਵਿੱਚੋਂ ਭਾਰਤੀ ਜਨਤਾ ਪਾਰਟੀ ਦੀਆਂ ਤਿੰਨ ਸੀਟਾਂ ਤੋਂ ਵੱਧ ਵਿੱਚ ਕਮਲ ਦਾ ਫੁੱਲ ਖਿੜਾਉਣ ਵਿੱਚ ਸਫਲ ਹੋਵੇਗਾ?
ਸੁਨੀਲ ਕੁਮਾਰ ਜਾਖੜ ਦਾ ਪੰਜਾਬ ਦੇ ਵਰਤਮਾਨ ਨੇਤਾਵਾਂ ਵਿੱਚ ਸਭ ਤੋਂ ਸਾਫ ਕਿਰਦਾਰ ਹੈ। ਉਸ ਉਪਰ ਅਜੇ ਤੱਕ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਲੱਗਿਆ। ਉਸ ਦਾ ਕਾਂਗਰਸੀ ਵਰਕਰਾਂ ਵਿੱਚ ਵੀ ਚੰਗਾ ਆਧਾਰ ਹੈ। ਉਹ ਹਿੰਦੂ ਅਤੇ ਸਿੱਖਾਂ ਵਿੱਚ ਇਕੋ ਜਿਹਾ ਹਰਮਨ ਪਿਆਰਾ ਹੈ। ਜਾਟ ਹੋਣ ਕਰਕੇ ਪੰਜਾਬ ਦੇ ਜੱਟਾਂ ਦੀਆਂ ਵੋਟਾਂ ‘ਤੇ ਵੀ ਅਸਰ ਪਾ ਸਕਦਾ ਹੈ। ਇਹ ਸਾਰੀਆਂ ਕਿਆਸ ਅਰਾਈਆਂ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਉਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਵੀ ਸਮਝਿਆ ਜਾ ਰਿਹਾ ਹੈ। ਸੁਨੀਲ ਕੁਮਾਰ ਜਾਖੜ 1990 ਵਿੱਚ ਕਾਂਗਰਸ ਦੀ ਸਰਗਰਮ ਸਿਆਸਤ ਵਿੱਚ ਆਇਆ ਸੀ। 1992 ਵਿੱਚ ਜਦੋਂ ਉਸ ਦਾ ਭਰਾ ਸੱਜਣ ਕੁਮਾਰ ਜਾਖੜ ਅਬੋਹਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਤਾਂ ਸੁਨੀਲ ਕੁਮਾਰ ਜਾਖੜ ਨੇ ਚੋਣ ਮੁਹਿੰਮ ਨੂੰ ਚਲਾਇਆ। ਸੱਜਣ ਕੁਮਾਰ ਜਾਖੜ ਇੱਕ ਵਾਰ ਵਿਧਾਨਕਾਰ ਜਿੱਤਣ ਤੋਂ ਬਾਅਦ ਫਿਰ ਚੋਣ ਨਹੀਂ ਲੜਿਆ, ਉਸ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਤਿੰਨ ਵਾਰ ਅਬੋਹਰ ਤੋਂ ਵਿਧਾਨਕਾਰ ਬਣਿਆਂ। ਇਸ ਦੌਰਾਨ ਮਾਰਚ 2012 ਤੋਂ ਦਸੰਬਰ 2015 ਤੱਕ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਿਹਾ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸੁਨੀਲ ਕੁਮਾਰ 2017 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆਂ ਅਤੇ 2021 ਤੱਕ ਇਸ ਅਹੁਦੇ ਤੇ ਰਿਹਾ। ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਅਸਤੀਫ਼ਾ ਲੈ ਲਿਆ ਗਿਆ ਸੀ। ਸੁਨੀਲ ਜਾਖੜ 2017 ਵਿੱਚ ਗੁਰਦਾਸਪੁਰ ਦੀ ਉਪ ਚੋਣ ਵਿੱਚ ਲੋਕ ਸਭਾ ਦਾ ਮੈਂਬਰ ਚੁਣਿਆਂ ਗਿਆ। 2019 ਤੱਕ ਉਹ ਲੋਕ ਸਭਾ ਦਾ ਮੈਂਬਰ ਰਿਹਾ।
  ਜਿਥੇ ਭਾਰਤੀ ਜਨਤਾ ਪਾਰਟੀ ਨੂੰ ਸੁਨੀਲ ਕੁਮਾਰ ਜਾਖੜ ਤੋਂ ਬਹੁਤ ਸਾਰੀਆਂ ਉਮੀਦਾਂ ਹਨ, ਉਥੇ ਹੀ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਿਚੋਂ ਪ੍ਰਧਾਨ ਨਾ ਬਣਾਉਣ ‘ਤੇ ਨਾਖ਼ੁਸ਼ ਹਨ। ਸੁਨੀਲ ਕੁਮਾਰ ਜਾਖੜ ਨੂੰ ਫਾਜਿਲਕਾ ਤੋਂ ਵਿਧਾਨ ਸਭਾ ਦੀ ਚੋਣ ਵਿੱਚ ਹਰਾਉਣ ਵਾਲਾ ਸਾਬਕਾ ਵਿਧਾਇਕ ਅਰੁਨ ਨਾਰੰਗ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ‘ਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਰੁਨ ਨਾਰੰਗ ਉਹ ਨੇਤਾ ਹੈ, ਜਿਸ ਨੂੰ ਤਿੰਨ ਖੇਤੀ ਕਾਨੂੰਨਾ ਵਿਰੁੱਧ ਐਜੀਟੇਸ਼ਨ ਸਮੇਂ ਕੁੱਟਿਆ ਅਤੇ ਨਿਵਸਤਰ ਕਰ ਦਿੱਤਾ ਸੀ। ਪਾਰਟੀ ਦੇ ਹੋਰ ਕਿਸੇ ਵੀ ਸੀਨੀਅਰ ਨੇਤਾ ਨੇ ਅਜੇ ਤੱਕ ਵਿਰੋਧੀ ਸੁਰ ਨਹੀਂ ਅਲਾਪੀ ਪ੍ਰੰਤੂ ਪਾਰਟੀ ਵਿੱਚ ਘੁਸਰ ਮੁਸਰ ਜ਼ਰੂਰ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵਿੱਚ ਭਾਰੂ ਪੈ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਸੁਨੀਲ ਕੁਮਾਰ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣ ਦੇ ਵਿਰੋਧ ਵਿੱਚ ਸੁਨੀਲ ਕੁਮਾਰ ਜਾਖੜ ਨੇ 2022 ਵਿੱਚ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਫਾਜਿਲਕਾ ਤੋਂ ਆਪਣੇ ਭਤੀਜੇ ਨੂੰ ਕਾਂਗਰਸ ਪਾਰਟੀ ਦਾ ਟਿਕਟ ਦਿਵਾ ਦਿੱਤਾ ਸੀ। ਉਸ ਦਾ ਭਤੀਜਾ ਚੋਣ ਜਿੱਤ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਸਿਆਸੀ ਨੇਤਾਵਾਂ ਵਿੱਚ ਅਹੁਦਿਆਂ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਹੈ। ਸੁਨੀਲ ਕੁਮਾਰ ਦਾ ਪਰਵਾਰ ਪਿਛਲੇ 100 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਪੰਜਾਬ ਕਾਂਗਰਸ ਨੇ ਡਰਦਿਆਂ ਆਪਣੇ ਨੇਤਾਵਾਂ ਨੂੰ ਪਾਰਟੀ ਨਾਲ ਜੋੜੀ ਰੱਖਣ ਦੀ ਕਵਾਇਦ ਉਨ੍ਹਾਂ ਦੀਆਂ ਮੀਟਿੰਗਾਂ ਆਯੋਜਤ ਕਰਕੇ ਸ਼ੁਰੂ ਕਰ ਦਿੱਤੀ ਹੈ। ਸੁਨੀਲ ਕੁਮਾਰ ਜਾਖੜ ਦੇ ਵਿਰੁੱਧ ਇਕ ਗੱਲ ਜਾ ਰਹੀ ਹੈ, ਕਾਂਗਰਸ ਪਾਰਟੀ ਵਾਲੇ ਉਸ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦਾ ਵਿਰੋਧ ਕਰਨ ਕਰਕੇ ਦਲਿਤ ਵਿਰੋਧੀ ਕਹਿ ਰਹੇ ਹਨ। ਇਸ ਇਲਜ਼ਾਮ ਤੋਂ ਮੁਕਤ ਹੋਣਾ ਪਵੇਗਾ। ਵੈਸੇ ਹੈਰਾਨੀ ਇਹ ਵੀ ਹੈ ਕਿ ਕਿਸੇ ਸੀਨੀਅਰ ਕਾਂਗਰਸੀ ਨੇਤਾ ਅਤੇ ਵਰਕਰ ਨੇ ਸੁਨੀਲ ਜਾਖੜ ਦੇ ਬੀ.ਜੇ.ਪੀ.ਦਾ ਪ੍ਰਧਾਨ ਬਣਨ ‘ਤੇ ਵਿਰੋਧ ਵਿੱਚ ਬਿਆਨ ਵੀ ਨਹੀਂ ਦਿੱਤਾ।  ਹੁਣ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072  
     ujagarsingh48@yahoo.com

ਅਲਵਿਦਾ! ਰੌੌਸ਼ਨ ਦਿਮਾਗ ਵਿਦਵਾਨ ਸਿਆਸਤਦਾਨ ਬੀਰ ਦਵਿੰਦਰ ਸਿੰਘ - ਉਜਾਗਰ ਸਿੰਘ

ਸ੍ਰ.ਬੀਰ ਦਵਿੰਦਰ ਸਿੰਘ ਕਿਸੇ ਸਿਆਸੀ ਨੇਤਾ ਦੇ ਘਨੇੜੇ ਚੜ੍ਹਕੇ ਸਿਆਸਤ ਵਿੱਚ ਨਹੀਂ ਆਇਆ ਸੀ, ਸਗੋਂ ਉਹ ਤਾਂ ਆਪਣੀ ਕਾਬਲੀਅਤ ਦੇ ਸਿਰ 'ਤੇ ਸਿਆਸਤ ਵਿੱਚ ਆਇਆ ਸੀ। ਉਸ ਦੇ ਪਿਤਾ ਸ੍ਰ. ਪ੍ਰਿਤਪਾਲ ਸਿੰਘ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ। ਨੌਕਰੀ ਦੌਰਾਨ ਉਨ੍ਹਾਂ ਦਾ ਕਤਲ ਹੋ ਗਿਆ ਸੀ। ਸ੍ਰ. ਬੀਰ ਦਵਿੰਦਰ ਸਿੰਘ ਨੂੰ ਵੱਡਾ ਲੜਕਾ ਹੋਣ ਕਰਕੇ ਪੁਲਿਸ ਵਿਭਾਗ ਵਿੱਚ ਨੌਕਰੀ ਦੀ ਆਫ਼ਰ ਹੋਈ ਸੀ ਪ੍ਰੰਤੂ ਉਨ੍ਹਾਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਸਮਾਜ ਦੀ ਬਿਹਤਰੀ ਲਈ ਕੁਝ ਵਿਲੱਖਣ ਕਰਨ ਦੀ ਪ੍ਰਵਿਰਤੀ ਸੀ। ਫਿਰ ਉਨ੍ਹਾਂ ਦੇ ਛੋਟੇ ਭਰਾ ਨੂੰ ਪੁਲਿਸ ਵਿੱਚ ਨੌਕਰੀ ਦਿੱਤੀ ਗਈ ਸੀ। ਇਹ ਜਾਣਕਰੀ ਮੈਨੂੰ ਸ੍ਰ.ਬੇਅੰਤ ਸਿੰਘ ਨੇ ਦਿੱਤੀ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਜਦੋਂ ਸ੍ਰ.ਬੀਰ ਦਵਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਲ ਹੋਏ ਸੀ ਤਾਂ ਉਹ ਅਤੇ ਓਮ ਪ੍ਰਕਾਸ਼ ਬੈਕਟਰ ਬੀਰ ਦਵਿੰਦਰ ਸਿੰਘ ਨੂੰ ਉਨ੍ਹਾਂ ਦੇ ਪਿੰਡ ਕੋਟਲਾ ਭਾਈਕਾ ਜਾ ਕੇ ਸਵਾਗਤ ਦੇ ਰੂਪ ਵਿੱਚ ਸ਼ਗਨ ਦੇ ਕੇ ਆਏ ਸਨ ਕਿਉਂਕਿ ਬੀਰ ਦਵਿੰਦਰ ਸਿੰਘ ਦੇ ਨਾਨਕੇ ਉਨ੍ਹਾਂ ਦੇ ਗੁਆਂਢੀ ਪਿੰਡ ਜੈਪੁਰੇ ਸਨ। ਇਸ ਗੱਲ ਦੀ ਤਸਦੀਕ ਓਮ ਪ੍ਰਕਾਸ਼ ਬੈਕਟਰ ਦੀ ਪੋਤਰੀ ਅਦਿੱਤੀ ਬੈਕਟਰ ਨੇ ਕੀਤੀ ਹੈ। ਸ੍ਰ.ਬੀਰ ਦਵਿੰਦਰ ਸਿੰਘ ਨੂੰ ਸਿਆਸਤ ਵਿੱਚ ਆਪਣੀ ਵਿਦਵਤਾ ਅਤੇ ਕਾਬਲੀਅਤ ਦਾ ਇਵਜ਼ਾਨਾ ਭੁਗਤਣਾ ਪਿਆ ਕਿਉਂਕਿ ਕਿਸੇ ਵੀ ਸੀਨੀਅਰ ਸਿਆਸਤਦਾਨ ਨੇ ਬੀਰ ਦਵਿੰਦਰ ਸਿੰਘ ਦੇ ਮਿਕਨਾਤੀਸੀ ਵਿਅਕਤਿਵ ਤੋਂ ਡਰਦਿਆਂ ਮਾਰਿਆਂ ਅੱਗੇ ਵੱਧਣ ਨਹੀਂ ਦਿੱਤਾ। ਸਗੋਂ ਉਸ ਦੇ ਰਾਹ ਵਿੱਚ ਅੜਿਕੇ ਪਾਏ। ਇਸ ਕਰਕੇ ਹੀ ਉਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਥੋਂ ਤੱਕ ਕਿ ਇਕ ਪਾਸੇ ਉਸ ਨੂੰ 2002 ਤੋਂ 2007 ਦੇ ਸਮੇਂ ਦੀ ਸੰਸਦੀ ਕਾਰਗੁਜ਼ਾਰੀ ਕਰਕੇ  'ਸਰਵੋਤਮ ਸੰਸਦ' ਦਾ ਖਿਤਾਬ ਦਿੱਤਾ ਗਿਆ ਪ੍ਰੰਤੂ ਦੂਜੇ ਪਾਸ 2007 ਦੀਆਂ ਵਿਧਾਨ ਸਭਾ ਚੋਣਾ ਸਮੇਂ ਕਾਂਗਰਸ ਪਾਰਟੀ ਨੇ  ਉਸ ਦਾ ਟਿਕਟ ਕੱਟ ਦਿੱਤਾ। 2002 ਵਿੱਚ ਵੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਉਸ ਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ ਪ੍ਰੰਤੂ ਉਹ ਸਿੱਧਾ ਸੋਨੀਆਂ ਗਾਂਧੀ ਦੀ ਦਖ਼ਲਅੰਦਾਜ਼ੀ ਨਾਲ ਟਿਕਟ ਲੈ ਕੇ ਆਇਆ ਸੀ। 20 ਦਿਨਾ ਵਿੱਚ ਹੀ ਚੋਣ ਪ੍ਰਚਾਰ ਕਰਕੇ ਚੋਣ ਜਿੱਤ ਗਿਆ ਸੀ। 2016 ਵਿੱਚ ਉਸ ਨੂੰ ਕਾਂਗਰਸ ਪਾਰਟੀ ਵੀ ਛੱਡਣੀ ਪਈ। ਜਿਸ ਕਰਕੇ ਉਸ ਨੂੰ ਕਈ ਪਾਰਟੀਆਂ ਵਿੱਚ ਮਜ਼ਬੂਰੀ ਵਸ ਜਾਣਾ ਪਿਆ। ਸਿਆਸਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੇ ਵਿਦਿਆਰਥੀ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਗੁੜ੍ਹਤੀ ਲੈ ਕੇ ਸਿਆਸਤ ਵਿੱਚ ਧਾਂਕ ਜਮਾਉਣ ਵਾਲੇ ਵਿਦਵਾਨ ਬੁਲਾਰੇ ਸ੍ਰ.ਬੀਰ ਦਵਿੰਦਰ ਸਿੰਘ 30 ਜੂਨ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ 74 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ। ਉਹ ਫੂਡ ਪਾਈਪ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪ੍ਰਭਾਵਤ ਸਨ। ਕੈਂਸਰ ਅਜੇ ਪਹਿਲੀ ਸਟੇਜ ਵਿੱਚ ਹੀ ਸੀ ਪ੍ਰੰਤੂ ਕੀਮੋ ਕਰਨ ਤੋਂ ਬਾਅਦ ਉਹ ਕਮਜ਼ੋਰ ਹੁੰਦੇ ਗਏ ਤੇ ਅਖ਼ੀਰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਦੋ ਸਾਲ ਪਹਿਲਾਂ ਦਿਲ ਦਾ ਅਪ੍ਰੇਸ਼ਨ ਹੋਇਆ ਸੀ। ਉਸ ਤੋਂ ਬਾਅਦ ਤਾਂ ਉਹ ਨਾਰਮਲ ਜਿੰਦਗੀ ਜੀਅ ਰਹੇ ਸਨ। ਕੁਝ ਸਮਾਂ ਪਹਿਲਾਂ ਹੀ ਨਾਮੁਰਾਦ ਬਿਮਾਰੀ ਨੇ ਦਲੇਰ ਸਿਆਸਤਦਾਨ ਨੂੰ ਲਪੇਟ ਲਿਆ। ਉਹ ਸਮਾਜ ਵਿੱਚ ਬਿਲਕੁਲ ਆਮ ਦੀ ਤਰ੍ਹਾਂ ਵਿਚਰਦੇ ਸਨ ਪ੍ਰੰਤੂ ਸਿਆਸਤ ਵਿੱਚੋਂ ਸੇਵਾ ਮੁਕਤੀ ਲੈ ਲਈ ਸੀ। ਉਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ਼ੁਰੂ ਕੀਤਾ ਸੀ। ਉਥੋਂ ਸਿਖਿਆ ਲੈ ਕੇ ਪੰਥ ਦੀ ਮਾਇਆ ਨਾਜ਼ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰੰਤੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਲਾਹ ਨਾਲ ਹੀ ਉਹ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਕਾਂਗਰਸ ਪਾਰਟੀ ਵਿੱਚ ਚਲੇ ਗਏ ਸਨ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇੜੇ ਉਸ ਸਮੇਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਨ। ਉਹ  ਪ੍ਰੇਮ ਸਿੰਘ ਚੰਦੂਮਾਜਰਾ ਦੀ ਥਾਂ ਬੀਰ ਦਵਿੰਦਰ ਸਿੰਘ ਨੂੰ ਸਰਹੰਦ ਵਿਧਾਨ ਸਭਾ ਹਲਕੇ ਵਿੱਚ ਮੋਹਰੀ ਨਹੀਂ ਬਣਾਉਣਾ ਚਾਹੁੰਦੇ ਸਨ। ਸ੍ਰ.ਬੀਰ ਦਵਿੰਦਰ ਸਿੰਘ 1971 ਤੋਂ 1977 ਤੱਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਸਨ। ਇਸ ਦੌਰਾਨ ਉਨ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਕੈਂਪ ਆਯੋਜਤ ਕਰਕੇ ਨੌਜਵਾਨਾ ਨੂੰ ਸਿੱਖੀ ਦੀ ਪਿਉਂਦ ਦਿੱਤੀ। ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਿਖਿਆ ਨੇ ਸ੍ਰ. ਬੀਰ ਦਵਿੰਦਰ ਸਿੰਘ ਦੇ ਵਿਅਕਤਿਵ ਵਿੱਚ ਨਿਖਾਰ ਅਜਿਹਾ ਲਿਆਂਦਾ ਕਿ ਉਹ ਸਿਆਸੀ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਰੌਸ਼ਨੀ ਦੇਣ ਲੱਗ ਪਏ। ਦੂਜੀ ਗੱਲ ਉਸ ਦਾ ਸਿੱਖ ਇਤਿਹਾਸ ਨੂੰ ਪੜ੍ਹਨਾ ਅਤੇ ਨਾਲ ਹੀ ਦੁਨੀਆਂ ਦੇ ਸਾਰੇ ਧਰਮਾ ਦਾ ਅਧਿਐਨ ਕਰਨਾ ਬੀਰ ਦਵਿੰਦਰ ਲਈ ਵਰਦਾਨ ਸਾਬਤ ਹੋਇਆ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਅਤੇ ਬੀਰ ਦਵਿੰਦਰ ਸਿੰਘ ਆਪਣੇ ਭਾਸ਼ਣਾ ਵਿੱਚ ਸਿੱਖ ਇਤਿਹਾਸ ਦੀਆਂ ਉਦਾਹਰਨਾ ਅਤੇ ਸ਼ਬਦਾਵਲੀ ਵਰਤਦੇ ਸਨ, ਜਿਹੜੀ ਸਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਸੀ। ਅਸਲ ਕਾਰਨ ਅਕਾਲੀ ਲੀਡਰਸ਼ਿਪ ਵੀ ਉਸ ਦੀ ਸਿਆਸੀ ਵਿਦਵਤਾ ਤੋਂ ਡਰਦੀ ਸੀ।  1977 ਤੱਕ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਅਗਵਾਈ ਸਰਗਰਮੀ ਨਾਲ ਕਰਦੇ ਰਹੇ ਸਨ। ਅਕਾਲੀ ਦਲ ਦੀ ਲੀਡਰਸ਼ਿਪ ਉਨ੍ਹਾਂ ਨੂੰ ਸਿਆਸਤ ਵਿੱਚ ਉਭਰਨ ਤੋਂ ਰੋਕਦੀ ਸੀ, ਇਸ ਲਈ ਉਸ ਨੇ 1978 ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ। 1980 ਵਿੱਚ ਉਹ ਸਰਹੰਦ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਉਸ ਸਮੇਂ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਾਫ਼ੀ ਨਜ਼ਦੀਕੀਆਂ ਵਿੱਚੋਂ ਇਕ ਸਨ ਪ੍ਰੰਤੂ ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ, ਸਿਰਫ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਵਿਪ ਬਣਾ ਦਿੱਤਾ, ਜਿਹੜਾ ਕੋਈ ਸੰਵਿਧਾਨਿਕ ਅਹੁਦਾ ਨਹੀਂ ਸੀ।  ਕਾਂਗਰਸੀ ਲੀਡਰ ਸਿਰਫ ਉਨ੍ਹਾਂ ਵਰਤਦੇ ਅਤੇ ਲੌਲੀ ਪੌਪ ਦਿੰਦੇ ਰਹੇ। ਕਈ ਵਾਰ ਉਨ੍ਹਾਂ ਨੇ ਸਹੁੰ ਚੁਕਣ ਲਈ ਜੈਕਟਾਂ ਅਤੇ ਅਚਕਨਾਂ ਸਿਲਾਈਆਂ ਪ੍ਰੰਤੂ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। 2002 ਦੀਆਂ ਵਿਧਾਨ ਸਭਾ ਚੋਣਾ ਵਿੱਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ। ਭਰਿਸ਼ਟਾਚਾਰ ਦਾ ਮੁੱਦਾ ਚੁੱਕਣ 'ਤੇ ਕਾਂਗਰਸ ਪਾਰਟੀ ਨੇ ਬੀਰ ਦਵਿੰਦਰ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਫਿਰ ਉਹ 2010 ਵਿੱਚ ਉਹ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2012 ਤੱਕ ਇਸ ਪਾਰਟੀ ਨਾਲ ਜੁੜੇ ਰਹੇ। 2019 ਵਿੱਚ ਸ਼ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ। ਜੁਲਾਈ 2020 ਵਿੱਚ ਸੁਖਦੇਵ ਸਿੰਘ ਢੀਂਡਸਾ ਵਾਲੇ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸੰਯੁਕਤ ਅਕਾਲੀ ਦਲ ਦਾ ਉਪ ਪ੍ਰਧਾਨ ਬਣਾਇਆ ਗਿਆ। ਉਥੇ ਵੀ ਬਹੁਤੀ ਦੇਰ ਚਲ ਨਹੀਂ ਸਕੇ ਫਿਰ ਉਹ ਅਸਤੀਫਾ ਦੇ ਕੇ ਸਿਆਸਤ ਤੋਂ ਕਿਨਾਰਾ ਕਰ ਗਏ। ਸਿਆਸਤ ਵਿੱਚ ਪੁਸਤਕ ਸਭਿਆਚਾਰ ਨਾਲ ਜੁੜਨ ਵਾਲੇ ਗਿਣਵੇਂ ਚੁਣਵੇਂ ਨੇਤਾਵਾਂ ਵਿੱਚੋਂ ਬੀਰ ਦਵਿੰਦਰ ਸਿੰਘ ਇਕ ਸਨ।
ਬੀਰਦਵਿੰਦਰ ਸਿੰਘ ਸਰਾਓ ਦੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਇੱਕ ਬੁਧੀਜੀਵੀ, ਵਿਦਵਾਨ, ਚਿੰਤਕ, ਸਰਵੋਤਮ ਬੁਲਾਰੇ ਅਤੇ ਹੰਢੇ ਵਰਤੇ ਸੂਝਵਾਨ ਸਿਆਸਤਦਾਨ ਤੋਂ ਵਾਂਝਾ ਹੋ ਗਿਆ ਹੈ। ਬੀਰਦਵਿੰਦਰ ਸਿੰਘ ਸਿਆਸੀ ਖੇਤਰ ਵਿੱਚ ਭਾਵੇਂ ਵੱਡੀਆਂ ਪੁਲਾਂਘਾਂ ਪੁੱਟ ਨਹੀਂ ਸਕਿਆ ਪ੍ਰੰਤੂ ਆਪਣੇ ਬਿਆਨਾ, ਲੇਖਾਂ ਅਤੇ ਮੀਡੀਆ ਵਿੱਚ ਦਿੱਤੀਆਂ ਇੰਟਰਵਿਊ ਨਾਲ ਸਿਆਸਤਦਾਨਾ ਨੂੰ ਵਕਤ ਪਾ ਕੇ ਰੱਖਦੇ ਸਨ। ਸਰਕਾਰਾਂ ਦੀਆਂ ਕਮਜ਼ੋਰੀਆਂ ਦਾ ਪਰਦਾ ਫਾਸ਼ ਕਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ। ਉਹ ਕਿਸੇ ਇਕ ਪਾਰਟੀ ਨਾਲ ਟਿਕ ਕੇ ਚਲ ਵੀ ਨਹੀਂ ਸਕਿਆ ਪ੍ਰੰਤੂ ਬੀਰਦਵਿੰਦਰ ਸਿੰਘ ਦੀ ਵਿਦਵਤਾ ਉਸਦੀ ਲੇਖਣੀ ਅਤੇ ਬੁਲਾਰੇ ਦੇ ਤੌਰ 'ਤੇ ਇਕ ਵੱਖਰੀ ਪਛਾਣ ਬਣਾਈ ਹੋਈ ਸੀ। ਉਸ ਦੀ ਕਿਸੇ ਮੁੱਖ ਮੰਤਰੀ ਨਾਲ ਵੀ ਬਹੁਤੀ ਬਣ ਨਹੀਂ ਸਕੀ ਕਿਉਂਕਿ ਉਸ ਵਿੱਚ ਸਰਵੋਤਮ ਨੇਤਾ ਬਣਨ ਦੀ ਸਮਰੱਥਾ ਸੀ, ਇਸ ਲਈ ਸਿਆਸੀ ਨੇਤਾ ਉਸ ਤੋਂ ਤਿਬਕਦੇ ਸਨ। ਬੀਰਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ। ਉਸ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤੱਕ ਜਾਣਕਾਰੀ ਸੀ। ਉਨ੍ਹਾਂ ਦਾ ਪਿੰਡ ਕੋਟਲਾ ਭਾਈਕਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਹੋਣ ਕਰਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਜਦੋਂ ਉਹ ਉਦਾਹਰਨਾ ਦੇਣ ਲੱਗਦੇ ਸਨ ਤਾਂ ਕਈ ਵਾਰ ਇਉਂ ਲਗਦਾ ਸੀ ਕਿ ਜਿਵੇਂ ਬਹੁਤ ਹੀ ਗੁਣੀ ਗਿਆਨੀ ਹੋਣ। ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਅਥਾਹ ਭਰਪੂਰ ਹੋਵੇ। ਧਾਰਮਿਕ ਉਦਾਹਰਨਾ ਦੇਣ ਸਮੇਂ ਉਹ ਅਧਿਆਤਮਿਕ ਰੂਹਾਨੀ ਵਿਦਵਾਨ ਲੱਗਦੇ ਹਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ ਕਿ ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਹਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਹਨ। ਉਹ ਸ਼ਬਦਾਂ ਦੇ ਜਾਦੂਗਰ ਸਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਸਨ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਸਰਕਾਰ ਸਮੇਂ 2003 ਤੋਂ 2004 ਤੱਕ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਨ। ਉਹ ਬਹੁਤੀ ਦੇਰ ਇਸ ਅਹੁਦੇ ਤੇ ਵੀ ਟਿਕ ਨਹੀਂ ਸਕੇ ਅਤੇ ਡਿਪਟੀ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ ਸਰਵੋਤਮ ਪਾਰਲੀਮੈਂਟੇਰੀਅਨ ਦਾ ਖਿਤਾਬ ਵੀ ਦਿੱਤਾ ਗਿਆ ਸੀ। 6 ਮਹੀਨੇ ਪਹਿਲਾਂ ਮੈਂ ਅਤੇ ਪ੍ਰੋ.ਕ੍ਰਿਪਾਲ ਕਾਜਾਕ ਉਨ੍ਹਾਂ ਨੂੰ ਮਿਲਕੇ ਆਏ ਸੀ, ਉਨ੍ਹਾਂ ਸਿਆਸੀ ਸ਼ਤਰੰਜ ਦੀਆਂ ਬਹੁਤ ਸਾਰੀਆਂ ਘਿਨੌਣੀਆਂ ਹਰਕਤਾਂ ਬਾਰੇ ਖੁਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਦਾ ਜਨਮ ਪਿਤਾ ਪ੍ਰਿਤਪਾਲ ਸਿੰਘ ਅਤੇ ਮਾਤਾ ਰਣਧੀਰ ਕੌਰ ਦੇ ਘਰ ਪਿੰਡ ਕੋਟਲਾ ਭਾਈਕਾ ਵਿਖੇ ਹੋਇਆ। ਉਨ੍ਹਾਂ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਸ੍ਰ.ਬੀਰ ਦਵਿੰਦਰ ਸਿੰਘ ਦਾ ਸਸਕਾਰ ਪਟਿਆਲਾ ਵਿਖੇ 3 ਜੁਲਾਈ ਨੂੰ ਬਡੂੰਗਰ ਸ਼ਮਸ਼ਾਨ ਘਾਟ ਵਿੱਚ 3-00 ਵਜੇ ਕੀਤਾ ਜਾਵੇਗਾ।

ਸਾਬਕਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072  
     ujagarsingh48@yahoo.com

ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ - ਉਜਾਗਰ ਸਿੰਘ

ਪ੍ਰਵੇਸ਼ ਸ਼ਰਮਾ ਪੰਜਾਬੀ, ਹਿੰਦੀ, ਅੰਗਰੇਜ਼ੀ, ਸੰਸਕਿ੍ਰਤ ਅਤੇ ਉਰਦੂ ਭਾਸ਼ਾਵਾਂ ਦਾ ਭਾਸ਼ਾਵਾਂ  ਵਿਦਵਾਨ ਹੈ। ਇਸ ਤੋਂ ਇਲਾਵਾ ਉਹ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦਾ ਵਿਅੰਗਕਾਰ ਲੇਖਕ ਹੈ। ਉਹ ਅਨੁਵਾਦਕ ਵੀ ਕਮਾਲ ਦਾ ਹੈ, ਉਸ ਦਾ ਕੀਤਾ ਅਨੁਵਾਦ ਮੌਲਿਕ ਰਚਨਾ ਹੀ ਹੁੰਦਾ ਹੈ।  ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਵਿਭਾਗ ਦਾ ਸੇਵਾ ਮੁਕਤ ਸੀਨੀਅਰ ਅਧਿਕਾਰੀ ਹੈ। ਇਸ ਵਿਭਾਗ ਵਿੱਚ ਜਾਣ ਤੋਂ ਪਹਿਲਾਂ ਉਹ ਬੈਂਕ ਅਤੇ ਲੜਕੀਆਂ ਦੇ ਇੱਕ ਦਿਹਾਤੀ ਪ੍ਰਾਈਵੇਟ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਅਤੇ ਪਿ੍ਰੰਸੀਪਲ ਵੀ ਰਿਹਾ ਹੈ। ਉਸ ਦੀ ਸਵੈ-ਜੀਵਨੀ ਬੜੀ ਦਿਲਚਸਪ ਅਤੇ ਜ਼ਿੰਦਗੀ ਦੀ ਜਦੋਜਹਿਦ ਦਾ ਦਸਤਾਵੇਜ ਹੈ। ਐਮ.ਏ.ਕਰਕੇ ਬੇਰੋਜ਼ਗਾਰੀ ਦੀ ਮਾਰ ਤੋਂ ਬਚਣ ਲਈ ਚੌਕੀਦਾਰ ਦੀ ਨੌਕਰੀ ਲਈ ਵੀ ਅਰਜ਼ੀ ਦਿੰਦਾ ਹੈ ਪ੍ਰੰਤੂ ਉਥੇ ਵੀ ਨਮੋਸ਼ੀ ਮਿਲਦੀ ਹੈ।  ਚਪੜਾਸੀ ਦੀ ਨੌਕਰੀ ਕਰਨ ਦਾ ਮੰਤਵ ਆਪਣੀ ਪੜ੍ਹਨ ਦੀ ਪ੍ਰਵਿਰਤੀ ਨੂੰ ਪੱਠੇ ਪਾਉਣ ਲਈ ਅਰਜ਼ੀ ਦਿੱਤੀ ਗਈ ਕਿਉਂਕਿ ਦਿਨ ਨੂੰ ਪੜ੍ਹਾਈ ਕਰਿਆ ਕਰੇਗਾ। ਕਮਾਲ ਦੀ ਸੋਚ ਹੈ ਪ੍ਰਵੇਸ਼ ਸ਼ਰਮਾ ਦੀ, ਉਸ ਦਾ ਭਾਵ ਇਸ ਛੋਟੀ ਨੌਕਰੀ ਦਾ ਮਹੱਤਵ ਵਧਾਉਣਾ ਸੀ, ਨੌਕਰੀ ਕੋਈ ਵੱਡੀ ਛੋਟੀ ਨਹੀਂ ਹੁੰਦੀ, ਇਨਸਾਨ ਦੀ ਮਾਨਸਿਕਤਾ ਤੇ ਸੋਚ ਅਜਿਹੀ ਹੋ ਸਕਦੀ ਹੈ। ਭਰਿਸ਼ਟਾਚਾਰ ਦੀ ਪ੍ਰਵਿਰਤੀ ਦਾ ਪਾਜ ਐਡਹਾਕ ਬੈਂਕ ਦੀ ਨੌਕਰੀ ਲਈ ਮੈਨੇਜਰ ਨੂੰ ਇਕ ਮਹੀਨੇ ਦੀ ਤਨਖ਼ਾਹ ਦੇ ਕੇ ਉਘਾੜਿਆ ਹੈ। ਇਹ ਸਵੈ-ਜੀਵਨੀ ਆਮ ਸਵੈ-ਜੀਵਨੀਆਂ ਵਰਗੀ ਨਹੀਂ ਸਗੋਂ ਵਿਲੱਖਣ ਕਿਸਮ ਦੀ ਹੈ। ਇਸ ਵਿੱਚ ਉਸ ਨੇ ਆਪਣੇ ਜੀਵਨ ਦੇ ਸਾਰੇ ਰੰਗਾਂ ਨੂੰ ਬਾਖ਼ੂਬੀ ਵਰਣਨ ਕੀਤਾ ਹੈ, ਕੋਈ ਵੀ ਰੰਗ ਫਿੱਕਾ ਨਹੀਂ ਪੈਣ ਦਿੱਤਾ। ਆਮ ਤੌਰ ‘ਤੇ ਲੋਕ ਸਵੈ-ਜੀਵਨੀ ਲਿਖਣ ਲੱਗਿਆਂ ਸਿਰਫ ਆਪਣੀਆਂ ਪ੍ਰਾਪਤੀਆਂ ਦਾ ਹੀ ਜ਼ਿਕਰ ਕਰਦੇ ਹਨ ਪ੍ਰੰਤੂ ਪ੍ਰਵੇਸ਼ ਸ਼ਰਮਾ ਨੇ ਆਪਣੀਆਂ ਊਣਤਾਈਆਂ ਅਤੇ ਅਸਫਲਤਾਵਾਂ ਨੂੰ ਵੀ ਬੇਬਾਕੀ ਨਾਲ ਲਿਖਿਆ ਹੈ। ਉਸ ਨੇ ਆਪਣੀ ਕੋਈ ਵੀ ਗੱਲ ਲੁਕਾਈ ਨਹੀਂ ਸਗੋਂ ਫਿਰ ਉਸ ਨੂੰ ਦਰੁਸਤ ਕਰਿਆ ਹੈ। ਪਾਠਕ ਇਕ ਵਾਰ ਪੜ੍ਹਨਾ ਸ਼ੁਰੂ ਕਰਕੇ ਪੂਰੀ ਸਵੈ-ਜੀਵਨੀ ਪੜ੍ਹਨ ਤੋਂ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਲਘੂ ਲੇਖਾਂ ਦੀ ਲੜੀ ਨਾਲ ਲੜੀ ਜੁੜਦੀ ਜਾਂਦੀ ਹੈ। ਹਰ ਚੈਪਟਰ ਇਕ ਦੂਜੇ ਤੋਂ ਵਧੇਰੇ ਦਿਲਚਸਪੀ ਵਾਲਾ ਹੁੰਦਾ ਹੈ। ਇਸ ਸਵੈ-ਜੀਵਨੀ ਵਿੱਚ ਉਸ ਨੇ ਪ੍ਰਾਇਮਰੀ ਸਕੂਲ ਤੋਂ ਲੈ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਮੌਕੇ ਆਪਣੇ ਰਾਹ ਵਿੱਚ ਆਈਆਂ ਵੰਗਾਰਾਂ ਦੇ ਦਿਲਚਸਪ ਪਹਿਲੂ ਲਿਖਦਿਆਂ ਕੋਈ ਝਿਜਕ ਮਹਿਸੂਸ ਨਹੀਂ ਕੀਤੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਜਿਹੜੇ ਤਜ਼ਰਬੇ ਹਾਸਲ ਕੀਤੇ ਉਹ ਲਾਜਵਾਬ ਹਨ। ਪ੍ਰਵੇਸ਼ ਐਨਾ ਭੋਲਾ ਸੀ ਕਿ ਯੂਨੀਵਰਸਿਟੀ ਦੀ ਜਮਾਤਣ ਨੂੰ ਭੈਣ ਜੀ ਕਹਿਕੇ ਸ਼ਰਮਿੰਦਾ ਹੋਣਾ ਪਿਆ। ਪ੍ਰਵੇਸ਼ ਦੀ ਸਵੈ-ਜੀਵਨੀ ਵਰਤਮਾਨ ਸਮੇਂ ਵਿੱਚ ਕੁੜੀਆਂ ਮੁੰਡਿਆਂ ਦੀ ਬੋਲਚਾਲ ਦੀ ਸ਼ਬਦਾਵਲੀ ਪੁਰਾਣੇ ਮਾਡਲਾਂ ਨੂੰ ਅਚੰਭਿਤ ਕਰਦੀ ਹੈ। ਰੈਗਿੰਗ ਦੀ ਪ੍ਰਵਿਰਤੀ ਨਵੇਂ ਪੜ੍ਹਾਕੂਆਂ ਲਈ ਆਫ਼ਤ ਬਣ ਜਾਂਦੀ ਹੈ ਪ੍ਰੰਤੂ ਪ੍ਰਵੇਸ਼ ਸ਼ਰਮਾ ਵਰਗਾ ਬੁੱਧੀਜੀਵੀ ਵਿਦਿਆਰਥੀ ਅਜਿਹੇ ਮਕੜਜਾਲ ਵਿੱਚੋਂ ਵੀ ਬਾਖ਼ੂਬੀ ਨਿਕਲ ਜਾਂਦਾ ਹੈ। ਦਫ਼ਤਰਾਂ ਦੀ ਕਾਰਗੁਜ਼ਾਰੀ, ਆਪਸੀ ਖਹਿਬਾਜ਼ੀ, ਚੁਸਕੀਆਂ, ਚੋਹਲ ਮੋਹਲ, ਨੋਕ ਝੋਕ ਅਤੇ ਦਫ਼ਤਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਵਹਾਰ ਦੇ ਆਪਸੀ ਸੰਬੰਧਾਂ ਨੂੰ ਬੜੇ ਸੁਚੱਜੇ ਦਿ੍ਰਸ਼ਟਾਂਤਿਕ ਢੰਗ ਨਾਲ ਲਿਖਿਆ ਗਿਆ ਹੈ। ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਪ੍ਰਵੇਸ਼ ਸ਼ਰਮਾ ਨਾਲ ਨਹੀਂ ਸਗੋਂ ਤੁਹਾਡੇ ਨਾਲ ਵਾਪਰਦਾ, ਤੁਸੀਂ ਸਭ ਕੁਝ ਆਪ ਵੇਖ ਰਹੇ ਹੋ। ਦਫ਼ਤਰਾਂ ਵਿੱਚ ਸਦਭਾਵਨਾ ਦਾ ਮਾਹੌਲ ਬਣਾਉਣ ਅਤੇ ਦਫ਼ਤਰੀ ਕਾਰਜ਼ਕੁਸ਼ਲਤਾ ਨੂੰ ਸਹਿਜਤਾ ਨਾਲ ਵਧਾਉਣ ਲਈ ਕਿਹੜੇ ਢੰਗ ਵਰਤਣੇ ਚਾਹੀਦੇ ਹਨ,ਉਨ੍ਹਾਂ ਬਾਰੇ ਵੀ ਲਿਖਿਆ ਹੈ। ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਅਸੀਂ ਸਾਥੀ ਮੁਲਾਜ਼ਮਾ ਦਾ ਸਤਿਕਾਰ ਕਰਾਂਗੇ ਤਾਂ ਹੀ ਸਾਨੂੰ ਸਤਿਕਾਰ ਮਿਲੇਗਾ। ਇਕ ਹੋਰ ਗੱਲ ਬਾਕੀ ਜੀਵਨੀਆਂ ਨਾਲੋਂ ਇਹ ਵੱਖਰੀ ਹੈ ਕਿ ਪ੍ਰਵੇਸ਼ ਸ਼ਰਮਾ ਦਾ ਜਿਹੜੇ ਵੀ ਵਿਅਕਤੀਆਂ ਨਾਲ ਵਾਹ ਪਿਆ ਹੈ, ਉਨ੍ਹਾਂ ਦੇ ਰੇਖਾ ਚਿਤਰ ਲਿਖਕੇ, ਉਨ੍ਹਾਂ ਤੋਂ ਕੁਝ ਸਿਖਣ ਅਤੇ ਕੁਝ ਗ਼ਲਤੀਆਂ ਦੂਰ ਕਰਨ ਦਾ ਉਤਸ਼ਾਹ ਮਿਲੇਗਾ। ਮੇਰਾ ਖਿਆਲ ਹੈ ਕਿ ਉਨ੍ਹਾਂ ਨੇ ਇਹ ਰੇਖਾ ਚਿਤਰ ਲਿਖਿਦਿਆਂ ਮਹਿਸੂਸ ਕੀਤਾ ਹੋਵੇਗਾ ਕਿ ਇਨ੍ਹਾਂ ਨੂੰ ਪੜ੍ਹਕੇ ਪਾਠਕ ਆਪੋ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆ ਸਕਣਗੇ। ਹੋ ਸਕਦਾ ਉਨ੍ਹਾਂ ਅਚੇਤ ਮਨ ਹੀ ਅਜਿਹੇ ਰੇਖਾ ਚਿਤਰ ਲਿਖੇ ਹੋਣ, ਪਰ ਗੱਲਾਂ ਸੱਚੀਆਂ ਤੇ ਖ਼ਰੀਆਂ ਹਨ। ਪ੍ਰਵੇਸ਼ ਸਰਮਾ ਦੇ ਪਿਤਾ ਦੀ ਹਰ ਤੀਜੇ ਦਿਨ ਬਦਲੀ ਇਮਾਨਦਾਰ ਮੁਲਾਜ਼ਮਾ ਦੀ ਤ੍ਰਾਸਦੀ ਬਾਰੇ ਜਾਣਕਾਰੀ ਦਾ ਪ੍ਰਗਟਾਵਾ ਕਰਦੀ ਹੈ। ਸਕੂਲਾਂ ਵਿੱਚ ਨਕਲ ਦੀ ਪ੍ਰਵਿਰਤੀ ਦਾ ਵੀ ਪਾਜ ਖੋਲਿ੍ਹਆ ਹੈ। ਭਾਗਵੰਤੀ ਪਟਵਾਰਨ ਅਤੇ ਗੌਰਾਂ ਦੇ ਟਿਪੀਕਲ ਕਿਰਦਾਰ ਪੁਰਾਣੇ ਸਮੇਂ ਵਿੱਚ ਦਿਹਾਤੀ ਇਸਤਰੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਮਮਤਾ ਦੇ ਇਸ਼ਕ ਦੀ ਦਲੇਰੀ ਦਾ ਮਿਰਜ਼ਾ ਸਾਹਿਬਾਂ ਦੇ ਇਸ਼ਕ ਨਾਲ ਤੁਲਨਾ ਕਰਕੇ ਪ੍ਰਵੇਸ਼ ਸ਼ਰਮਾ ਨੇ ਮਮਤਾ ਦੇ ਕਰੈਕਟਰ ਨੂੰ ਚਮਕਾ ਦਿੱਤਾ ਹੈ। ਖ਼ਚਰਾ ਬੁੜ੍ਹਾ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦਾ ਇਕ ਪਾਤਰ ਹੈ। ‘ਮੁਹੱਬਤ ਦਾ ਕਲ-ਕਲ ਵਹਿੰਦਾ ਚਸ਼ਮਾ-ਸ਼ਤੀਸ਼’ ਵਿੱਚ ਪ੍ਰਵੇਸ਼ ਸ਼ਰਮਾ ਨੇ ਦੋਸਤੀ ਦੇ ਸਹੀ ਅਰਥ ਲਿਖ ਦਿੱਤੇ ਹਨ। ਸਤ ਨਰਾਇਣ ਦੀ ਕਥਾ ਕਰਵਾਉਣ ਵਾਲੀ ਗੱਲ ਬਾਕਮਾਲ ਢੰਗ ਨਾਲ ਲਿਖੀ ਹੈ। ਹੋਸਟਲ ਦੀ ਜ਼ਿੰਦਗੀ ਅਤੇ ਮਹਿੰਦਰ ਸਿੰਘ ਵਰਗੇ ਦੋਸਤਾਂ ਦਾ ਵਰਿ੍ਹਆਂ ਬਾਅਦ ਆ ਕੇ ਅਚਾਨਕ ਮਿਲਣ ਦਾ ਮਾਣ ਦੋਸਤੀ ਨੂੰ ਹੋਰ ਪੀਢੀ ਕਰਦਾ ਹੈ। ਸਿਰਲੇਖ ਵੇਖਦਿਆਂ ਹੀ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਦਾ ਵਲ ਸ਼ਰਮਾ ਜੀ ਕੋਲ ਬਾਖ਼ੂਬੀ ਹੈ। ਕੱਚ ਦਾ ਜ਼ੇਵਰ ਗੱਲ ਤਾਂ ਨਿਗਾਹ ਕਮਜ਼ੋਰ ਹੋਣ ਤੋਂ ਬਾਅਦ ਐਨਕ ਲਗਾਉਣ ਦੀ ਹੈ, ਪ੍ਰੰਤੂ ਸਿਰਲੇਖ ਪਾਠਕ ਨੂੰ ਪੁਸਤਕ ਪੜ੍ਹਨ ਲਈ ਮਜ਼ਬੂਰ ਕਰ ਦਿੰਦਾ ਹੈ।  ਭਰਿਸ਼ਟ ਲੋਕਾਂ ਨੂੰ ਸੀ.ਬੀ.ਆਈ. ਦਾ ਨਾਮ ਹੀ ਡਰਾ ਦਿੰਦਾ ਹੈ। ਇਸ ਸਵੈ-ਜੀਵਨੀ ਦਾ ਲਗਪਗ ਸਾਰੇ ਹੀ ਪਾਤਰ ਬਹੁਤ ਹੀ ਦਿਲਚਸਪ ਅਤੇ ਆਪੋ ਆਪਣੇ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਵੇਸ਼ ਸ਼ਰਮਾ ਨੂੰ ਨੌਕਰੀ ਦੌਰਾਨ ਮੀਡੀਆ ਨਾਲ ਸੰਬੰਧਤ ਕੰਮ ਵੀ ਕਰਨਾ ਪਿਆ। ਹਾਲਾਂ ਕਿ ਉਹ ਆਪ ਆਲ ਇੰਡੀਆ ਰੇਡੀਓ ਦਾ ਪ੍ਰਤੀਨਿਧ ਰਿਹਾ ਹੈ, ਇਸ ਕਰਕੇ ਉਸ ਨੂੰ ਮੀਡੀਆ ਦੇ ਕੰਮ ਦੀ ਪੂਰੀ ਜਾਣਕਾਰੀ ਸੀ ਪ੍ਰੰਤੂ ਉਸ ਦੇ ਲੇਖ ਪੜ੍ਹਨ ਤੋਂ ਆਮ ਪਾਠਕ ਨੂੰ ਪਤਾ ਲਗਦਾ ਹੈ ਕਿ ਮੀਡੀਆ ਦਾ ਕੰਮ ਜੋਖ਼ਮ ਭਰਿਆ ਹੈ ਕਿਉਂਕਿ ਮੀਡੀਆ ਕਰਮੀ ਆਪਣੇ ਆਪ ਨੂੰ ਆਮ ਪਰਜਾ ਤੋਂ ਉਤਮ ਸਮਝਦੇ ਹਨ। ਮੈਨੂੰ ਪ੍ਰਵੇਸ਼ ਸ਼ਰਮਾ ਦੀ ਇਹ ਸਾਹਿਤਕ ਸਵੈ-ਜੀਵਨ ਲਗਦੀ ਹੈ ਕਿਉਂਕਿ ਉਸ ਦੀ ਸ਼ਬਦਾਵਲੀ ਨੇ ਸਾਹਿਤਕ ਪਿਉਂਦ ਦਿੱਤੀ ਹੋਈ ਹੈ।

ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072  
ujagarsingh48@yahoo.com                                                                               

24 ਜੂਨ ਨੂੰ ਭੋਗ 'ਤੇ ਵਿਸ਼ੇਸ਼ : ਯਾਦਾਂ ਦੇ ਝਰੋਖੇ 'ਚੋਂ ਵਿਛੜੇ ਸੱਜਣ : ਸੁਰਿੰਦਰ ਮੋਹਨ ਸਿੰਘ - ਉਜਾਗਰ ਸਿੰਘ

ਰੰਗਲੇ ਸੱਜਣਾ ਦੇ ਵਿਛੜ ਜਾਣ ਤੋਂ ਬਾਅਦ ਉਸ ਦੀਆਂ ਯਾਦਾਂ ਦੀ ਪਟਾਰੀ ਹੀ ਸਰਮਾਇਆ ਬਣਕੇ ਰਹਿ ਜਾਂਦੀ ਹੈ। ਅਸੀਂ ਸੁਰਿੰਦਰ ਮੋਹਨ ਸਿੰਘ ਦੇ ਦੋਸਤ ਮਿੱਤਰ ਉਸ ਦੇ ਠਹਾਕਿਆਂ ਅਤੇ ਨੋਕ-ਝੋਕ ਤੋਂ ਵਾਂਝੇ ਹੋ ਗਏ ਹਾਂ। ਉਸ ਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਨਾਲ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਬੇਰੰਗ ਹੋ ਗਈਆਂ ਹਨ ਕਿਉਂਕਿ ਉਨ੍ਹਾਂ ਵਿੱਚ ਰੰਗਾਂ ਦੀ ਖ਼ੁਸ਼ਬੂ ਫੈਲਾਉਣ ਵਾਲਾ ਦੋਸਤ ਅਣਦੱਸੇ ਪੈਂਡੇ 'ਤੇ ਚਲਾ ਗਿਆ ਹੈ। ਉਹ ਬਹੁਤ ਬੇਬਾਕ ਸੀ, ਆਪਣੀ ਗੱਲ ਕਹਿ ਦਿੰਦੇ ਸਨ ਭਾਵੇਂ ਕਿਸੇ ਗਿੱਟੇ ਤੇ ਗੋਡੇ ਲੱਗੇ। ਰੰਗਲੇ ਸੱਜਣ ਦੇ ਤੁਰ ਜਾਣ 'ਤੇ ਅੱਜ 1974 ਦੇ ਉਹ ਦਿਨ ਯਾਦ ਆ ਰਹੇ ਹਨ, ਜਦੋਂ ਸਾਰੇ ਦੋਸਤ ਮਿੱਤਰ ਸਿਆਸੀ ਚੁੰਝ ਚਰਚਾ ਸਿਵਲ ਸਕੱਤਰੇਤ ਦੇ ਗਲਿਆਰਿਆਂ ਵਿੱਚ ਕਰਦੇ ਹੁੰਦੇ ਸੀ। ਚੰਡੀਗੜ੍ਹ 22 ਸੈਕਟਰ ਦਾ 'ਰਾਈਟਰ ਕਾਰਨਰ' ਜਿਥੇ ਸਾਹਿਤਕ ਸੱਜਣਾਂ ਵਿਚ ਘਿਰੇ ਸੁਰਿੰਦਰ ਮੋਹਨ ਸਿੰਘ ਚਟਕਾਰੇ ਲਾ ਕੇ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਵਿਅੰਗਾਤਮਿਕ ਚਟਕਾਰੇ ਲਾਉਂਦੇ ਹੁੰਦੇ ਸਨ। ਸੁਰਿੰਦਰ ਮੋਹਨ ਸਿੰਘ ਅਕਾਲੀ/ਸਿੱਖ ਸਿਆਸਤ ਦਾ ਚਲਦਾ ਫਿਰਦਾ ਸ਼ਬਦ ਕੋਸ਼/ਵਿਸ਼ਵ ਕੋਸ਼ ਸੀ। ਉਹ ਸਿੱਖ ਖਾਸ ਤੌਰ 'ਤੇ ਅਕਾਲੀ ਸਿਆਸਤ ਦੀਆਂ ਬਾਰੀਕੀਆਂ ਤੋਂ ਭਲੀ ਭਾਂਤ ਜਾਣੂੰ ਸੀ। ਉਹ ਸਿੱਖ ਧਰਮ ਨੂੰ ਪ੍ਰਣਾਏ ਹੋਏ ਸਨ। ਅਕਾਲੀ/ਸਿੱਖ ਸਿਆਸਤ ਦੀਆਂ ਇਤਿਹਾਸਕ ਘਟਨਾਵਾਂ ਅਤੇ ਉਨ੍ਹਾਂ ਵਿੱਚ ਕਿਹੜੇ ਨੇਤਾਵਾਂ ਦਾ ਕੀ ਯੋਗਦਾਨ ਸੀ। ਇਥੋਂ ਤੱਕ ਉਨ੍ਹਾਂ ਮੀਟਿੰਗਾਂ ਵਿੱਚ ਕਿਹੜੀ ਚੁੰਝ ਚਰਚਾ ਹੁੰਦੀ ਸੀ, ਉਸ ਬਾਰੇ ਵੀ ਉਸ ਕੋਲ ਜਾਣਕਾਰੀ ਦਾ ਭੰਡਾਰ ਸੀ। ਇਹ ਸਾਰਾ ਕੁਝ ਉਸ ਦੇ ਪੋਟਿਆਂ 'ਤੇ ਸੀ। ਸੁਰਿੰਦਰ ਮੋਹਨ ਸਿੰਘ ਦਾ ਜਨਮ 27 ਸਤੰਬਰ 1945 ਨੂੰ ਲਾਹੌਰ ਵਿਖੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ।  ਉਸ ਦੇ ਮਾਤਾ ਪਿਤਾ ਧਾਰਮਿਕ ਰੁਚੀ ਦੇ ਮਾਲਕ ਸਨ। ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਉਹ ਸਿੱਖ ਧਰਮ ਦੀਆਂ ਧਾਰਮਿਕ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ। ਇਸ ਲਈ ਸਿੱਖੀ ਸੋਚ ਦੀ ਗੁੜ੍ਹਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ। ਪਰਵਾਰ ਲਾਹੌਰ ਤੋਂ ਆ ਕੇ ਲੁਧਿਆਣਾ ਵਸ ਗਿਆ। ਸੁਰਿੰਦਰ ਮੋਹਨ ਸਿੰਘ ਦਾ ਅਕਾਲੀ ਸਿਆਸਤਦਾਨ ਸੁਰਜਨ ਸਿੰਘ ਠੇਕੇਦਾਰ ਲੁਧਿਆਣਾ ਵਾਲਿਆਂ ਨਾਲ ਗੂੜ੍ਹਾ ਪ੍ਰੇਮ ਸੀ। ਬਸੰਤ ਸਿੰਘ ਖਾਲਸਾ ਅਤੇ ਕੈਪਟਨ ਕੰਵਲਜੀਤ ਸਿੰਘ ਦੇ ਵੀ ਉਹ ਨਜ਼ਦੀਕੀ ਰਹੇ ਸਨ।
ਉਹ 27 ਸਤੰਬਰ 1967 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਅਨੁਵਾਦਕ ਪੰਜਾਬੀ ਭਰਤੀ ਹੋ ਗਿਆ। 1974 ਵਿੱਚ ਉਨ੍ਹਾਂ ਦੀ ਨਿਬੰਧਕਾਰ ਪੰਜਾਬੀ ਦੀ ਤਰੱਕੀ ਹੋ ਗਈ। ਉਸ ਦੇ ਨਿਬੰਧਕਾਰ ਬਣਨ ਤੋਂ ਦੋ ਮਹੀਨੇ ਬਾਅਦ ਮੇਰੀ ਵੀ ਪੰਜਾਬੀ ਸ਼ੈਕਸ਼ਨ ਵਿੱਚ ਨਿਬੰਧਕਾਰ ਪੰਜਾਬੀ ਦੀ ਚੋਣ ਹੋ ਗਈ। ਸੁਖਪਾਲਵੀਰ ਸਿੰਘ ਹਸਰਤ ਪੀ.ਆਰ.ਓ ਪੰਜਾਬੀ ਤੋਂ ਬਿਨਾ ਸੁਰਿੰਦਰ ਮੋਹਨ ਸਿੰਘ ਹੀ ਸਭ ਤੋਂ ਪੁਰਾਣਾ ਸ਼ਾਖਾ ਵਿੱਚ ਕਰਮਚਾਰੀ ਸੀ। ਉਹ ਅਨੁਵਾਦ ਕਰਨ ਵਿੱਚ ਮਾਹਿਰ ਸੀ। ਉਹ ਜਦੋਂ ਅਨੁਵਾਦਕਾਂ ਦੀਆਂ ਗ਼ਲਤੀਆਂ ਕੱਢਦਾ ਸੀ ਤਾਂ ਹਮੇਸ਼ਾ ਵਿਅੰਗ ਨਾਲ ਕਟਾਕਸ਼ ਕਰਦਾ ਸੀ। ਭਾਵ ਗ਼ਲਤੀ ਟਕੋਰ ਮਾਰ ਕੇ ਸਮਝਾ ਵੀ ਦਿੰਦਾ ਸੀ ਤੇ ਨਾਲ ਹੀ ਸਿੱਖਣ ਦੀ ਪ੍ਰੇਰਨਾ ਦਿੰਦਾ ਸੀ। ਪੰਜਾਬੀ ਸ਼ਾਖਾ ਵਿੱਚ ਹਮੇਸ਼ਾ ਹਾਸੇ ਖਿਲਰਦੇ ਅਤੇ ਠਹਾਕੇ ਵਜਦੇ ਰਹਿੰਦੇ ਸਨ। ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋ ਸ਼ਾਖਾਵਾਂ ਪੰਜਾਬ ਸਿਵਲ ਸਕੱਤਰੇਤ ਦੇ ਇਕੋ ਹਾਲ ਵਿੱਚ ਪੰਜਵੀਂ ਮੰਜ਼ਲ ਦੇ ਕੋਨੇ ਵਿੱਚ ਹੁੰਦੀਆਂ ਸਨ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਖੇਤ ਦਾ ਅਖ਼ੀਰਲਾ ਕਿਆਰਾ ਸੁੱਕਾ ਰਹਿ ਜਾਂਦਾ ਹੈ ਪ੍ਰੰਤੂ ਇਹ ਕੋਨੇ ਦਾ ਕਿਆਰਾ ਖ਼ੁਸ਼ੀਆਂ ਅਤੇ ਹਾਸੇ ਠੱਠੇ ਦਾ ਕੇਂਦਰ ਬਿੰਦੂ ਹੁੰਦਾ ਸੀ। ਸੁਰਿੰਦਰ ਮੋਹਨ ਸਿੰਘ ਦੇ ਜਾਣ ਨਾਲ ਉਸ ਸਮੇਂ ਦੀਆਂ ਯਾਦਾਂ ਤਾਜ਼ਾ ਹੋ ਕੇ ਖਾਮੇਸ਼ ਹੋ ਗਈਆਂ ਹਨ।
ਪੰਜਾਬ ਸਿਵਲ ਸਕੱਤਰੇਤ ਵਿੱਚ ਨੌਕਰੀ ਕਰਦਿਆਂ ਉਸ ਦਾ ਤਾਲਮੇਲ ਅਕਾਲੀ/ਸਿੱਖ ਸਿਆਸਤਦਾਨਾ ਨਾਲ ਵਧੇਰੇ ਹੋਣ ਲੱਗ ਪਿਆ। ਅਕਾਲੀ ਪਰਵਾਰਿਕ ਪਿਛੋਕੜ ਹੋਣ ਕਰਕੇ ਉਸ ਨੂੰ ਸਿਆਸਤਦਾਨਾਂ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲ ਗਿਆ। 1977 ਵਿੱਚ ਉਸ ਦੀ ਇਸ਼ਤਿਹਾਰ ਸ਼ਾਖਾ ਵਿੱਚ ਕਾਪੀ ਰਾਈਟਰ ਦੀ ਤਰੱਕੀ ਹੋ ਗਈ। 1978 ਵਿੱਚ ਉਹ ਸਹਾਇਕ ਲੋਕ ਸੰਪਰਕ ਅਧਿਕਾਰੀ ਬਣ ਗਏ। ਪ੍ਰੰਤੂ ਉਸ ਦੀ ਤਰੱਕੀ ਲੋਕ ਸੰਪਰਕ ਅਧਿਕਾਰੀ ਦੀ ਨਿਬੰਧਕਾਰਾਂ ਵਿੱਚੋਂ ਹੋਈ ਸੀ। ਫਿਰ ਉਹ ਡਿਪਟੀ ਡਾਇਰੈਕਟਰ ਬਣ ਗਏ। ਉਹ ਪਟਿਆਲਾ, ਅਤੇ ਫਤਿਹਗੜ੍ਹ ਸਾਹਿਬ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵੀ ਰਹੇ। ਬਦਲੀਆਂ ਦੇ ਚੱਕਰ ਵਿੱਚੋਂ ਨਿਕਲਣ ਲਈ ਉਹ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਲੋਕ ਸੰਪਰਕ ਅਧਿਕਾਰੀ ਤੇ ਤੌਰ ਤੇ ਡੈਪੂਟੇਸ਼ਨ 'ਤੇ ਚਲੇ ਗਏ। ਉਨ੍ਹਾਂ ਨੇ ਸਿਰੀ ਰਾਮ ਅਰਸ਼ ਨਾਲ ਸਾਂਝੇ ਤੌਰ 'ਤੇ ਇਕ ਪੁਸਤਕ 'ਯਾਦਾਂ ਵਿੱਚ ਇਤਿਹਾਸ' ਵੀ ਸੰਪਾਦਿਤ ਕੀਤੀ ਸੀ। ਬਤੌਰ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਦੀ ਮਹੱਤਵਪੂਰਨ ਸ਼ਾਖਾ ਪ੍ਰੈਸ ਦੇ ਡਿਪਟੀ ਡਾਇਰੈਕਟਰ ਦੇ ਫਰਜ ਨਿਭਾਉਂਦੇ ਹੋਏ ਉਹ 2003 ਵਿੱਚ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਥੋੜ੍ਹਾਂ ਸਮਾਂ ਲੋਕ ਸਭਾ ਚੋਣ ਲਈ ਅਕਾਲੀ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੀ ਪਟਿਆਲਾ ਤੋਂ ਚੋਣ ਸਮੇਂ ਮੀਡੀਆ ਦਾ ਕੰਮ ਵੇਖਦੇ ਰਹੇ ਪ੍ਰੰਤੂ ਫਿਰ ਸਿਆਸੀ ਜ਼ੋਰ ਪੈਣ 'ਤੇ ਉਹ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੋਣ ਸਮੇਂ ਮੀਡੀਆ ਦਾ ਕੰਮ ਕਰਦੇ ਰਹੇ।  ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਕੈਨੇਡਾ, ਆਸਟਰੇਲੀਆ ਅਤੇ ਪਾਕਿਸਤਾਨ ਦਾ ਖੂਬ ਸੈਰ ਸਪਾਟਾ ਕੀਤਾ।
1976 ਵਿੱਚ ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋ ਗਿਆ। ਉਨ੍ਹਾਂ ਦੀ ਪਤਨੀ ਸਾਇੰਸ ਅਧਿਆਪਕਾ ਸਨ।  ਉਨ੍ਹਾਂ ਦੇ ਦੋ ਲੜਕੇ  ਜਸਮੋਹਨ ਸਿੰਘ ਕੈਨੇਡਾ ਅਤੇ ਕੁਸ਼ਲ ਮੋਹਨ ਸਿੰਘ ਆਸਟਰੇਲੀਆ ਰਹਿੰਦੇ ਹਨ। ਸੁਰਿੰਦਰ ਮੋਹਨ ਸਿੰਘ ਸੰਖੇਪ ਘਾਤਕ ਬਿਮਾਰੀ ਲੱਗ ਗਈ। ਬਿਹਤਰੀਨ ਇਲਾਜ ਦੇ ਮੱਦੇ ਨਜ਼ਰ ਉਹ ਆਪਣੇ ਸਪੁੱਤਰ ਕੋਲ ਪਤਨੀ ਸਮੇਤ ਆਸਟਰੇਲੀਆ ਚਲੇ ਗਏ। ਆਸਟਰੇਲੀਆ ਜਾਣ ਤੋਂ ਪਹਿਲਾਂ ਅਸੀਂ ਉਸ ਦੇ ਪੁਰਾਣੇ ਸਾਥੀ ਮਿਲਣ ਗਏ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਹ ਆਸਟਰੇਲੀਆ ਵਿਖੇ 29 ਸਤੰਬਰ 2022 ਨੂੰ ਸਵਰਗ ਸਿਧਾਰ ਗਏ ਸਨ। ਉਨ੍ਹਾਂ ਦੀ ਮਿੱਠੀ ਤੇ ਨਿਘੀ ਯਾਦ ਵਿੱਚ ਉਨ੍ਹਾਂ ਦੇ ਪਰਵਾਰ ਵੱਲੋਂ ਆਸਟਰੇਲੀਆ ਅਤੇ ਕੈਨੇਡਾ ਤੋਂ ਆ ਕੇ 24 ਜੂਨ 2023 ਨੂੰ ਗੁਰਦੁਆਰਾ ਸ਼੍ਰੀ ਕਲਗੀਧਰ ਫੇਜ-4 ਐਸ.ਏ.ਐਸ ਨਗਰ ਮੋਹਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਉਪਰੰਤ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਕੀਰਤਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਰੰਗਲੇ ਸੱਜਣ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣਗੇ।

ਤਸਵੀਰ: ਸੁਰਿੰਦਰ ਮੋਹਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
 ujagarsingh48@yahoo.com

ਸੁਰਜੀਤ ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ '#ਲਵੈਂਡਰ' ਸਾਹਿਤਕ ਫੁੱਲਾਂ ਦਾ ਗੁਲਦਸਤਾ - ਉਜਾਗਰ ਸਿੰਘ

ਸੁਰਜੀਤ ਟੋਰਾਂਟੋ ਨੇ #ਲਵੈਂਡਰ ਕਾਵਿ ਸੰਗ੍ਰਹਿ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਸੰਪਾਦਿਤ ਕੀਤੀ ਹੈ, ਜਿਸ ਵਿੱਚ ਪੰਜਾਬੀ ਮੂਲ ਰੂਪ ਦੇ 44 ਕਵੀਆਂ/ਕਵਿਤਰੀਆਂ ਦੀਆਂ ਪ੍ਰਕਾਸ਼ਤ ਕੀਤੀਆਂ ਕਵਿਤਾਵਾਂ ਦੀ ਖ਼ੁਸ਼ਬੋ ਫ਼ਿਜ਼ਾ ਨੂੰ ਸੁਗੰਧਤ ਕਰ ਰਹੀ ਹੈ। ਸੁਰਜੀਤ ਸਮੇਤ 44 ਕਵੀ/ਕਵਿਤਰੀਆਂ ਭਾਵੇਂ ਕੈਨੇਡਾ ਵਿੱਚ ਰਹਿ ਰਹੇ ਹਨ ਪ੍ਰੰਤੂ ਉਹ ਮਾਨਸਿਕ ਤੌਰ 'ਤੇ ਆਪਣੀ ਮਾਤ ਭੂਮੀ ਪੰਜਾਬ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ। ਪੰਜਾਬ ਵਿੱਚ ਕੋਈ ਵੀ ਚੰਗੀ ਜਾਂ ਮੰਦੀ ਘਟਨਾ ਵਾਪਰਦੀ ਹੈ ਤਾਂ ਇਨ੍ਹਾਂ ਮੂਲ ਰੂਪ ਪੰਜਾਬੀ ਕੈਨੇਡੀਅਨ ਕਵੀਆਂ/ਕਵਿਤਰੀਆਂ ਦੇ ਕਲੇਜੇ ਚੀਸ ਪੈਂਦੀ ਹੈ। ਫਿਰ ਇਹ ਆਪੋ ਆਪਣੀਆਂ ਕਲਮਾਂ ਚੁੱਕ ਕੇ ਆਪਣੀ ਚੀਸ ਦੀਆਂ ਪ੍ਰਤੀਕ੍ਰਿਆਵਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ। ਸੁਰਜੀਤ ਟੋਰਾਂਟੋ ਪੰਜਾਬ ਦੀ ਪੀੜ ਨਾਲ ਬਾਵਸਤਾ ਰਹਿੰਦੀ ਹੈ, ਉਹ ਲਗਪਗ ਹਰ ਸਾਲ ਆਪਣੀ ਮਾਤ ਭੂਮੀ ਨੂੰ ਨਤਮਸਤਕ ਹੁੰਦੀ ਹੈ। ਇਸ ਲਈ ਉਸ ਨੇ ਪੰਜਾਬੀ ਕਵੀਆਂ/ਕਵਿਤਰੀਆਂ ਦੀਆਂ ਭਾਵਨਾਵਾਂ ਵਿੱਚ ਲਪੇਟੀਆਂ ਬਿਹਤਰੀਨ ਕਵਿਤਾਵਾਂ ਨੂੰ ਇਕੱਤਰ ਕਰਕੇ ਇਕ ਕਾਵਿ ਸੰਗ੍ਰਹਿ ਦਾ ਰੂਪ ਦਿੱਤਾ ਹੈ। ਸੁਰਜੀਤ ਟੋਰਾਂਟੋ ਇਕ ਸੂਝਵਾਨ, ਵਿਸਮਾਦੀ, ਸੰਵੇਦਨਸ਼ੀਲ ਅਤੇ ਪ੍ਰਕ੍ਰਿਤੀ ਦੀ ਕਵਿਤਰੀ ਅਤੇ ਲੇਖਕਾ ਹੈ, ਉਸ ਨੇ ਇੱਕ ਸਾਲ ਦੀ ਸਖ਼ਤ ਮਿਹਨਤ ਤੇ ਦਿਲਚਸਪੀ ਨਾਲ ਕੈਨੇਡੀਅਨ ਪੰਜਾਬੀਆਂ ਦੀ ਕਵਿਤਾਵਾਂ ਦਾ ਪਾਠ ਕਰਦਿਆਂ ਉਨ੍ਹਾਂ ਵਿੱਚੋਂ ਆਪਣੀ ਪਸੰਦ ਦੀਆਂ ਕਵਿਤਾਵਾਂ ਨੂੰ ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਲ ਕਰਕੇ ਲਾਜਵਾਬ ਕੰਮ ਕੀਤਾ ਹੈ। ਕਵੀਆਂ ਅਤੇ ਕਵਿਤਾਵਾਂ ਦੀ ਚੋਣ ਕਰਨੀ ਜ਼ੋਖ਼ਮ ਭਰਿਆ ਕੰਮ ਹੁੰਦਾ ਹੈ। ਇਕ ਕਵੀ/ਕਵਿਤਰੀ ਲਈ ਹਰ ਕਵਿਤਾ ਬਿਹਤਰੀਨ ਹੁੰਦੀ ਹੈ ਪ੍ਰੰਤੂ ਉਨ੍ਹਾਂ ਵਿੱਚੋਂ ਚੋਣ ਕਰਨਾ ਕਠਨ ਕਾਰਜ ਹੁੰਦਾ ਹੈ। ਸੁਰਜੀਤ ਟੋਰਾਂਟੋ ਨੇ ਇਹ ਕਠਨ ਤਪੱਸਿਆ ਕਰਕੇ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਇਸ ਕਾਵਿ ਸੰਗ੍ਰਹਿ ਵਿੱਚ ਸਥਾਪਤ, ਨੌਜਵਾਨ ਅਤੇ ਇਸਤਰੀ ਕਵਿਤਰੀਆਂ ਨੂੰ ਸ਼ਾਮਲ ਕਰਕੇ ਵੱਖਰੇ-ਵੱਖਰੇ ਰੰਗਾਂ ਦੇ ਸਾਹਿਤਕ ਫੁੱਲਾਂ ਦਾ ਅਜਿਹਾ ਗੁਲਦਸਤਾ ਬਣਾਇਆ ਹੈ, ਜਿਹੜਾ ਖ਼ੂਬਸੂਰਤ ਬਹੁਰੰਗੀ ਖ਼ੁਸ਼ਬੋ ਦੀਆਂ ਛਹਿਬਰਾਂ ਨਾਲ ਸੁਗੰਧਤ ਕਰ ਰਿਹਾ ਹੈ। ਇਸ ਕਾਵਿ ਸੰਗ੍ਰਹਿ ਦੀ ਸਾਹਿਤਕ ਸੁਗੰਧ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਸੰਗੰਧਤ ਕਰ ਰਹੀ ਹੈ। ਇਹ ਕਾਵਿ ਸੰਗ੍ਰਹਿ ਸੁਰਜੀਤ ਦੀ ਸਾਹਿਤਕ ਸੋਚ ਦੀ ਖ਼ੁਸ਼ਬੋ ਦੇ ਕਲਾਤਮਿਕ ਦ੍ਰਿਸ਼ਟੀਕੋਣ ਦੀ ਜਾਣਕਾਰੀ ਦਿੰਦਾ ਹੈ। ਸੰਪਾਦਕ ਦਾ ਇਹ ਉਦਮ ਸਾਬਤ ਕਰਦਾ ਹੈ ਕਿ ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਕਾਰਜਸ਼ੀਲ ਹਨ ਪ੍ਰੰਤੂ ਆਤਮਿਕ ਤੌਰ 'ਤੇ ਉਹ ਪੰਜਾਬ ਦੀ ਮਿੱਟੀ ਦੀ ਮਹਿਕ ਵਿੱਚ ਵਿਚਰ ਰਹੇ ਹਨ। ਅਜਿਹੇ ਉਦਮਾ ਅਤੇ ਪਰਵਾਸੀ ਕਵੀਆਂ/ਕਵਿਤਰੀਆਂ ਦੀਆਂ ਕਲਮਾਂ ਦੀ ਕਰਾਮਾਤ ਸਦਕਾ ਪੰਜਾਬੀ ਮਾਂ ਬੋਲੀ ਹਮੇਸ਼ਾ ਇਸੇ ਤਰ੍ਹਾਂ ਸੰਸਾਰ ਵਿੱਚ ਆਪਣਾ ਬੋਲਬਾਲਾ ਕਾਇਮ ਰੱਖੇਗੀ। ਇਸ ਕਾਵਿ ਸੰਗ੍ਰਹਿ ਵਿੱਚ ਖੁਲ੍ਹੀਆਂ ਅਤੇ ਛੰਦ ਬੱਧ ਦੋਵੇਂ ਕਿਸਮ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਸਮੇਂ ਅਤੇ ਪ੍ਰਸਥਿਤੀਆਂ ਦੀ ਤਬਦੀਲੀ ਦੀਆਂ ਪ੍ਰਤੀਕ ਹਨ ਅਤੇ ਇਨ੍ਹਾਂ ਦੇ ਆਪੋ ਆਪਣੇ ਰੰਗ ਸਤਰੰਗੀ ਪੀਂਘ ਦੀ ਤਰ੍ਹਾਂ ਮਨੁੱਖਤਾ ਦੇ ਦਿਲਾਂ ਨੂੰ ਮਨਮੋਹਕ ਦ੍ਰਿਸ਼ ਨਾਲ ਆਕਰਸ਼ਿਤ ਕਰਦੇ ਹਨ। ਕਈ ਕਵਿਤਾਵਾਂ ਭਾਵਨਾਵਾਂ ਵਿੱਚ ਲਪੇਟੀਆਂ ਹੋਈਆਂ ਸਿੰਬਾਲਿਕ ਹਨ, ਜੋ ਬਿੰਬਾਂ ਨਾਲ ਪਿਆਰ ਦੀਆਂ ਪੀਂਘਾਂ ਝੂਟਦੀਆਂ ਨਜ਼ਰ ਆ ਰਹੀਆਂ ਹਨ, ਉਹ ਕਵਿਤਾਵਾਂ ਪਰਵਾਸ ਦੀ ਜ਼ਿੰਦਗੀ ਸਮੇਂ ਅਤੇ ਸਥਾਨ ਦੀ ਪ੍ਰਤੀਨਿਧਤਾ ਕਰਦੀਆਂ ਹਨ। ਪਰਵਾਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੀਆਂ ਤਬਦੀਲੀਆਂ ਆਈਆਂ ਹਨ, ਉਨ੍ਹਾਂ ਤਬਦੀਲੀਆਂ ਨੂੰ ਦੋਵੇਂ ਸਥਾਨਾ 'ਤੇ ਕਿਸ ਨਿਗਾਹ ਨਾਲ ਵੇਖਿਆ ਜਾਂਦਾ ਹੈ, ਕਵਿਤਾਵਾਂ ਦੇ ਵਿਸ਼ੇ ਹਨ। ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਅਤੇ ਪਰਵਾਸ ਦੀ ਪ੍ਰਣਾਲੀ ਅਤੇ ਕਾਨੂੰਨਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਉਸ ਅੰਤਰ ਦਾ ਦੋਵੇਂ ਸਥਾਨਾ 'ਤੇ ਕੀ ਪ੍ਰਭਾਵ ਪੈਂਦਾ ਹੈ। ਜਦੋਂ ਪਰਵਾਸ ਸ਼ੁਰੂ ਹੋਇਆ ਅਤੇ ਹੁਣ ਕਿਸ ਸੰਧਰਵ ਵਿੱਚ ਲਿਆ ਜਾਂਦਾ ਹੈ। ਕਵਿਤਾਵਾਂ ਵਿੱਚ ਪਰਵਾਸ ਦੀ ਚੀਸ ਅਤੇ ਖ਼ੁਸ਼ੀ ਦੋਵੇਂ ਮਿਲਦੇ ਹਨ। ਆਸ਼ਾ ਤੇ ਨਿਰਾਸ਼ਾ ਦੋਵੇਂ ਵਿਦਮਾਨ ਹਨ। ਪਰਵਾਸ ਵਿੱਚ ਸੱਧਰਾਂ ਦੇ ਮਰ ਜਾਣ ਦਾ ਸੰਤਾਪ ਵੀ ਹੈ। ਪ੍ਰੰਤੂ ਨਾਲ ਹੀ ਤੰਗੀਆਂ ਤਰੁਸ਼ੀਆਂ ਦਾ ਮੁਕਾਬਲਾ ਕਰਕੇ ਸਫਲਤਾ ਦਾ ਸਿਹਰਾ ਵੀ ਬੱਝਦਾ ਹੈ। ਪਰਿਵਾਰਿਕ ਰਿਸ਼ਤਿਆਂ, ਇਸਤਰੀ ਦੀ ਗ਼ੁਲਾਮੀ, ਅਨੇਕਾਂ ਗੁਰੂ ਘਰ ਹੋਣ ਦੇ ਬਾਵਜੂਦ ਜਾਤ ਪਾਤ ਦਾ ਬਰਕਰਾਰ ਰਹਿਣਾ ਅਤੇ ਪੰਜਾਬ ਦੀ ਤ੍ਰਾਸਦੀ ਕਵਿਤਾਵਾਂ ਵਿੱਚੋਂ ਝਲਕਦੀ ਹੋਈ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਕਵਿਤਾਵਾਂ ਇਨਸਾਨ ਨੂੰ ਅੰਤਰ ਝਾਤ ਮਾਰਨ 'ਤੇ ਜ਼ੋਰ ਦਿੰਦੀਆਂ ਹਨ ਤਾਂ ਜੋ  ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕੇ, ਖ਼ੁਸ਼ੀ ਕਿਸੇ ਵੀ ਚੀਜ਼ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਝ ਕਵਿਤਾਵਾਂ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ, ਜਿਵੇਂ ਇਸਤਰੀ ਦਾ ਹਰ ਰੋਣ ਧੋਣ ਬਰਦਾਸ਼ਤ ਕੀਤਾ ਜਾ ਸਕਦਾ ਪ੍ਰੰਤੂ ਔਰਤ ਦੇ ਪਿਆਰ ਨੂੰ ਅਣਡਿਠ ਕਰਨਾ ਝੱਲਿਆ ਨਹੀਂ ਜਾ ਸਕਦਾ ਕਿਉਂਕਿ ਔਰਤ ਖ਼ੁਸੀਆਂ ਅਤੇ ਖੇੜਿਆਂ ਦੀ ਪ੍ਰਤੀਕ ਹੁੰਦੀ ਹੈ। ਔਰਤ ਸ਼ਕਤੀਵਾਨ ਹੈ, ਉਸ ਨੂੰ ਆਪਣੀ ਛੁਪੀ ਸ਼ਕਤੀ ਦੀ ਪਛਾਣ ਕਰਨੀ ਚਾਹੀਦੀ ਹੈ। ਬੇਇਨਸਾਫ਼ੀ, ਜ਼ਾਲਮਾਂ ਤੇ ਲੁਟੇਰਿਆਂ ਵਿਰੁੱਧ, ਮਨੁੱਖਤਾ ਲਈ ਮੋਹ, ਹੱਕ ਸੱਚ 'ਤੇ ਪਹਿਰਾ, ਇਨਕਲਾਬੀ ਸੋਚ, ਸਵੱਛ ਵਾਤਾਵਰਨ, ਕਿਸਾਨਾ ਨਾਲ ਹਮਦਰਦੀ ਅਤੇ ਸੰਗੀਤ ਦੀ ਚਾਸ਼ਣੀ ਵਰਗੇ ਵਿਸ਼ਿਆਂ ਨਾਲ ਲਬਰੇਜ਼ ਕਵਿਤਾਵਾਂ ਮਨੁੱਖੀ ਮਨਾਂ ਵਿੱਚ ਸੰਵੇਦਨਾ ਪੈਦਾ ਕਰਦੀਆਂ ਹਨ। ਗੰਧਲੀ ਸਿਆਸਤ, ਬਲਾਤਕਾਰ ਅਤੇ ਨਸ਼ਿਆਂ ਦੇ ਖ਼ਤਰਨਾਕ ਸਿੱਟਿਆਂ ਬਾਰੇ ਚਿੰਤਾ ਪ੍ਰਗਟ ਕਰਦੀਆਂ ਹਨ। ਗੁਰੂ ਦੀ ਵਿਚਾਰਧਾਰ 'ਤੇ ਪਹਿਰਾ ਦੇਣ, ਵਿਰਾਸਤ ਦੀ ਸੰਭਾਲ, ਸ਼ਾਂਤੀ ਦੀ ਪੁਕਾਰ ਅਤੇ ਪੰਜਾਬੀ ਬੋਲੀ ਨੂੰ ਅਪਨਾਉਣ ਦੀ ਪ੍ਰੇਰਨਾ ਦੇ ਰਹੀਆਂ ਹਨ। ਹਿੰਦ ਪਾਕਿ ਦੀ ਵੰਡ ਦੀ ਹੂਕ ਪਾਉਂਦੀਆਂ ਕਵਿਤਾਵਾਂ ਵੀ ਹਨ। ਪਰਵਾਸ ਵਿੱਚ ਪੰਜਾਬੀ ਜਾਂਦੇ ਵੀ ਤਰੱਦਦ ਕਰਕੇ ਹਨ ਪ੍ਰੰਤੂ ਉਥੇ ਜਾ ਕੇ ਜਦੋਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਪਿਛਲਾ ਵਿਰਾਸਤ ਦਾ ਹੇਜ ਵੀ ਤੰਗ ਕਰਦਾ ਰਹਿੰਦਾ ਹੈ। ਇਨਸਾਨ ਬ੍ਰਾਂਡਡ ਉਲਝਣਾ ਵਿੱਚ ਫਸਿਆ ਰਹਿੰਦਾ ਹੈ, ਮੂਲ ਨਿਵਾਸੀ ਕੈਨੇਡੀਅਨ ਦਾ ਦਰਦ ਅਤੇ ਪੰਜਾਬ ਵਿੱਚ ਇਸਤਰੀਆਂ ਦੀ ਦੁਰਦਸ਼ਾ ਤੇ ਕੁਦਰਤ ਨਾਲ ਕੀਟਨਾਸ਼ਕ ਦਵਾਈਆਂ ਰਾਹੀਂ ਕੀਤੇ ਜਾਂਦੇ ਖਿਲਵਾੜ ਬਾਰੇ ਕਵਿਤਾਵਾਂ ਹਨ, ਜੋ ਪਾਠਕ ਨੂੰ ਕੁਰੇਦਦੀਆਂ ਹਨ। ਬੁੱਧ ਦਾ ਨਿਰਵਾਣ ਬੁੱਧ ਲਈ ਸ਼ਾਂਤੀ ਤਾਂ ਦੇ ਸਕਦਾ ਪ੍ਰੰਤੂ ਔਰਤ ਲਈ ਦੁੱਖਦਾਈ ਹੈ। ਕੁਝ ਕਵੀਆਂ/ਕਵਿਤਰੀਆਂ ਨੇ ਪੰਜਾਬ ਵਿੱਚ ਗ਼ਰੀਬ ਅਮੀਰ ਦੇ ਪਾੜੇ ਵਿੱਚ ਜ਼ਮੀਨ ਅਸਮਾਨ ਦੇ ਅੰਤਰ ਬਾਰੇ ਕਵਿਤਾਵਾਂ ਲਿਖਦਿਆਂ ਗ਼ਰੀਬਾਂ ਦੀ ਦਾਸਤਾਂ ਬਿਆਨ ਕੀਤੀ ਹੈ। ਜ਼ਿੰਦਗੀ ਵਿੱਚ ਬਚਪਨ, ਜਵਾਨੀ ਅਤੇ ਬੁਢਾਪੇ ਦੇ ਰੰਗਾਂ ਨੂੰ ਵੀ ਦਰਸਾਇਆ ਹੈ। ਆਪਣਿਆਂ ਦਾ ਵਿਗਾਨਿਆਂ ਦੀ ਤਰ੍ਹਾਂ ਵਿਵਹਾਰ ਤਕਲੀਫ ਦਿੰਦਾ ਹੈ। ਹਓਮੈ ਇਕ ਨਾ ਇਕ ਦਿਨ ਟੁੱਟ ਜਾਂਦੀ ਹੈ, ਆਸਾਂ ਦੇ ਸਿਰ ਜੀਵਨ ਬਸਰ ਹੁੰਦਾ ਹੈ ਪ੍ਰੰਤੂ ਉਹ ਕਦੀਂ ਪੂਰੀਆਂ ਨਹੀਂ ਹੁੰਦੀਆਂ। ਇਸ ਪੁਸਤਕ ਦੀਆਂ ਕਵਿਤਾਵਾਂ ਪਿਆਰ ਮੁਹੱਬਤ ਦੇ ਗੀਤ ਗਾਉਂਦੀਆਂ ਹੋਈਆਂ ਨਫ਼ਰਤਾਂ ਦੀਆਂ ਕੰਧਾਂ ਤੋੜਨ ਦੀ ਪੁਰਜ਼ੋਰ ਹਮਾਇਤ ਕਰਦੀਆਂ ਹਨ। ਮਨੁੱਖ ਦੀ ਇਸਤਰੀ ਦੇ ਸਰੀਰਕ ਖਿੱਚ ਦੀ ਪ੍ਰਵਿਰਤੀ  ਦਾ ਪਾਜ ਉਘੇੜਦੀ ਸੀਰਤ ਦੀ ਕਦਰ ਕਰਨ ਨੂੰ ਤਰਜ਼ੀਹ ਦੇਣ ਦੀ ਵਕਾਲਤ ਕੀਤੀ ਗਈ ਹੈ। ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਪੰਜਾਬੀਆਂ ਦੇ ਅੱਸੀਵਿਆਂ ਵਿੱਚ ਹੋਏ ਮਾਨਵਤਾ ਦੇ ਘਾਣ ਬਾਰੇ ਦੁੱਖਦਾਇਕ ਸਮੇਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹੋਈਆਂ ਵਰਤਮਾਨ ਜ਼ਿੰਦਗੀ ਨੂੰ ਮਾਨਣ ਦੀ ਪੁਰਜ਼ੋਰ ਤਾਕੀਦ ਕਰਦੀਆਂ ਹਨ। ਮਾਨਵਤਾ ਦੇ ਹੱਕਾਂ 'ਤੇ ਪਹਿਰਾ ਦਿੰਦੀਆਂ ਹਨ। ਮਨੁੱਖ ਮੁਖੌਟੇ ਪਾਈ ਫਿਰਦਾ ਹੈ, ਭਾਵ ਦੂਹਰੀ ਜ਼ਿੰਦਗੀ ਜਿਓ ਰਿਹਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਇਕ ਹੋਰ ਵੱਖਰੀ ਗੱਲ ਹੈ ਕਿ ਸੰਪਾਦਕ ਨੇ ਸੰਪਾਦਨਾ ਕਰਦਿਆਂ ਪੁਸਤਕ ਵਿੱਚ ਸ਼ਾਮਲ ਕਵੀਆਂ/ਕਵਿਤਰੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਉਨ੍ਹਾਂ ਦੇ ਸਮੁੱਚੇ ਯੋਗਦਾਨ ਦਾ ਸਾਰੰਸ਼ ਹੈ।
166 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਅਲੋਪ ਹੋ ਰਹੇ ਚੇਟਕਾਂ ਦਾ ਦੁੱਖ, ਪਰਵਾਸ ਦੀਆਂ ਪਰੰਪਰਾਵਾਂ, ਨਿਯਮਾ ਅਤੇ ਦੋਸਤੀਆਂ ਦੀ ਪ੍ਰਸੰਸਾ ਕੀਤੀ ਗਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
 ujagarsingh48@yahoo.com

'ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ' ਪੁਸਤਕ ਰੋਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ - ਉਜਾਗਰ ਸਿੰਘ

ਪੀਲੂ ਮਿਰਜਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਪਹਿਲਾ ਸ਼ਾਇਰ ਗਿਣਿਆਂ ਜਾਂਦਾ ਹੈ। ਪੀਲੂ ਨੇ ਮਿਰਜਾ ਸਾਹਿਬਾਂ ਦੇ ਰੋਮਾਂਸ ਦਾ ਕਿੱਸਾ ਲਿਖਿਆ। ਪੀਲੂ ਦੇ ਨਾਮ 'ਤੇ ਇਸ਼ਕ ਹਕੀਕੀ ਭਾਵ ਅਧਿਆਤਮਕ ਰਚਨਾ ਵੀ ਉਪਲਭਧ ਹੈ। ਇਸ ਲਈ ਸਾਹਿਤਕਾਰਾਂ ਤੇ ਪੜਚੋਲਕਾਰਾਂ ਵਿੱਚ ਵਿਚਾਰਾਂ ਦੇ ਵਖਰੇਵੇਂ ਹਨ ਹਨ ਕਿ ਪੀਲੂ ਇਕ ਜਾਂ ਦੋ ਸਨ। ਡਾ.ਭਗਵੰਤ ਸਿੰਘ ਅਤੇ ਡਾ.ਰਾਮਿੰਦਰ ਕੌਰ ਨੇ ਚਰਚਾ ਅਧੀਨ ਪੁਸਤਕ ਵਿੱਚ ਉਦਾਹਰਨਾ ਦੇ ਕੇ ਤੱਥਾਂ ਨਾਲ ਸਾਬਤ ਕੀਤਾ ਹੈ ਕਿ ਪੀਲੂ ਇਕ ਹੀ ਸੀ। ਜਵਾਨੀ ਵਿੱਚ ਉਸ ਨੇ ਮਿਰਜਾ ਸਾਹਿਬਾਂ ਦੇ ਇਸ਼ਕ ਦਾ ਰੋਮਾਂਟਿਕ ਕਿੱਸਾ ਲਿਖਿਆ ਸੀ। ਜਦੋਂ ਉਹ ਉਮਰ ਦਰਾਜ ਭਾਵ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਇਸ਼ਕ ਹਕੀਕੀ ਦੀ ਰਚਨਾ ਕੀਤੀ ਹੈ। ਲੇਖਕਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ 'ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ', ਕਿੱਸਾ ਕਲਾ', 'ਰਸ ਵਿਧਾਨ', 'ਮੂਲ ਪਾਠ' ਅਤੇ ਅੰਤਿਕਾਵਾਂ ਵਿੱਚ ਵੰਡਿਆ ਹੈ। ਵੈਸੇ ਤਾਂ ਸਾਰੇ ਭਾਗਾਂ ਦੀ ਲੜੀ ਆਪਸ ਵਿੱਚ ਜੁੜਦੀ ਹੈ ਪ੍ਰੰਤੂ ਫਿਰ ਵੀ ਪੰਜ ਭਾਗ ਬਣਾਏ ਹਨ।
ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ: ਲੇਖਕਾਂ ਅਨੁਸਾਰ ਪੀਲੂ ਪਹਿਲਾ ਪੰਜਾਬੀ ਦਾ ਵੱਡਾ ਸ਼ਾਇਰ ਹੈ, ਜਿਸ ਨੇ ਇਹ ਗਾਥਾ ਲਿਖੀ। ਪੀਲੂ ਦੀ ਇਹ ਗਾਥਾ ਇਤਨੀ ਪ੍ਰਵਾਨ ਹੋਈ ਕਿ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਗਾਈ ਜਾਂਦੀ ਹੈ। ਪੰਜਾਬ ਦੀ ਇਸ ਪ੍ਰਸਿੱਧ ਲੋਕ ਗਾਥਾ ਦਾ ਅੰਤ ਦੁੱਖ ਭਰਿਆ ਹੈ। ਇਹ ਗਾਥਾ ਪੰਜਾਬੀਆਂ ਦੇ ਲੋਕ ਮਨਾਂ ਵਿੱਚ ਡੂੰਘੀ ਸਮਾਈ ਹੋਈ ਹੈ। ਲੋਕਾਂ ਵਿੱਚ ਮਿਰਜਾ ਬਹਾਦਰ ਸੂਰਮੇ ਆਸ਼ਕ ਵਜੋਂ ਨਿਵਾਸ ਕਰਦਾ ਹੈ। ਭਾਵ ਉਹ ਲੋਕ ਨਾਇਕ ਬਣ ਗਿਆ। ਮਿਰਜਾ ਜੱਟ ਮਾਨਸਿਕਤਾ ਦਾ ਪ੍ਰਤੀਕ ਹੈ। ਲੇਖਕਾਂ ਅਨੁਸਾਰ ਪੀਲੂ ਦੇ ਜਨਮ ਸਥਾਨ ਬਾਰੇ ਪ੍ਰਮਾਣੀਕ ਸਬੂਤ ਨਹੀਂ ਮਿਲਦੇ ਪ੍ਰੰਤੂ ਤਰਨਤਾਰਨ ਦੇ ਨੇੜੇ ਇਕ ਖੂਹ ਹੈ, ਜਿਸ ਨੂੰ ਅੱਜ ਵੀ 'ਪੀਲੂ ਦਾ ਖੂਹ' ਕਹਿੰਦੇ ਹਨ। ਇਸ ਕਰਕੇ ਸਾਹਿਤਕਾਰਾਂ ਨੇ ਅਨੁਮਨ ਲਗਾਇਆ ਹੈ ਕਿ ਪੀਲੂ ਦਾ ਪਿੰਡ ਵੀ ਤਰਨਤਾਰਨ ਦੇ ਨਜ਼ਦੀਕ ਵੈਰੋਵਾਲ ਹੀ ਹੋਵੇਗਾ। ਪੀਲੂ ਆਪਣੀ ਉਮਰ ਦੇ ਆਖ਼ਰੀ ਸਮੇਂ ਸਾਂਦਲਬਾਰ ਦੇ ਇਲਾਕੇ ਵਿੱਚ ਬੰਦਗੀ ਕਰਦਿਆਂ ਸਵਰਗ ਸਿਧਾਰ ਗਿਆ। ਉਸ ਦੇ ਸਮੇਂ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਭਾਈ ਗੁਰਦਾਸ (1551-1637)  ਅਤੇ ਇਸ ਤੋਂ ਬਾਅਦ ਦਾ ਕਹਿੰਦੇ ਹਨ ਪ੍ਰੰਤੂ ਮੰਨਿਆਂ ਜਾ ਰਿਹਾ ਹੈ ਪ੍ਰੇਮ ਗਾਥਾ ਵਾਪਰਨ ਦਾ ਸਮਾਂ ਅਕਬਰ ਰਾਜ ਕਾਲ ਦਾ ਸੀ। ਪੀਲੂ ਅਨੁਸਾਰ ਸਾਹਿਬਾਂ ਖੀਵੇ ਖ਼ਾਨ ਦੇ ਘਰ ਜਨਮੀ ਅਤੇ ਮਿਰਜਾ ਦਾਨਾਬਾਦ ਵੰਝਲ ਦੇ ਘਰ ਕਰੜੇ ਵਾਰ ਵਿੱਚ ਜਨਮਿਆਂ ਸੀ। ਮਿਰਜਾ ਆਪਣੇ ਨਾਨਕੇ ਪੜ੍ਹਨ ਲਈ ਸਿਆਲੀਂ ਗਿਆ ਹੋਇਆ ਸੀ, ਜਿਥੇ ਮਸੀਤੇ ਪੜ੍ਹਦਿਆਂ ਸਾਹਿਬਾਂ ਨਾਲ ਮੁਹੱਬਤ ਹੋ ਗਈ। ਜਦੋਂ ਉਨ੍ਹਾਂ ਦਾ ਇਸ਼ਕ ਜੱਗ ਜ਼ਾਹਰ ਹੋ ਗਿਆ ਤਾਂ ਮਿਰਜੇ ਨੂੰ ਦਾਨਾਬਾਦ ਭੇਜ ਦਿੱਤਾ। ਓਧਰ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ  ਰੱਖ ਦਿੱਤਾ। ਸਾਹਿਬਾ ਨੇ ਕਰਮੂ ਬ੍ਰਾਹਮਣ ਹੱਥ ਮਿਰਜੇ ਨੂੰ ਸਨੇਹਾ ਦੇ ਕੇ ਬੁਲਾ ਲਿਆ। ਓਧਰ ਮਿਰਜੇ ਦੀ ਭੈਣ ਦਾ ਵਿਆਹ ਸੀ ਪ੍ਰੰਤੂ ਮਿਰਜੇ ਨੇ ਆਪਣੀ ਮਹਿਬੂਬ ਨੂੰ ਪਹਿਲ ਦਿੱਤੀ। ਮਿਰਜਾ ਸਾਹਿਬਾਂ ਨੂੰ ਭਜਾ ਕੇ ਲੈ ਗਿਆ। ਰਸਤੇ ਵਿੱਚ ਆਰਾਮ ਕਰਨ ਲੱਗਿਆ ਤਾਂ ਚੰਦੜ ਆ ਗਏ ਤੇ ਸਾਹਿਬਾਂ ਦੋ ਪੁੜਾਂ ਵਿੱਚ ਫਸ ਗਈ । ਇਕ ਪਾਸੇ ਭਰਾ ਦੂਜੇ ਪਾਸੇ ਆਸ਼ਕ। ਅਖੀਰ ਸਾਹਿਬਾਂ ਨੇ ਮਿਰਜੇ ਦੇ ਤੀਰ ਜੰਡ 'ਤੇ ਟੰਗ ਦਿੱਤੇ। ਚੰਦੜਾਂ ਨੇ ਮਿਰਜਾ ਮਾਰ ਦਿੱਤਾ। ਪੀਲੂ ਤੇ ਹਾਫਿਜ ਬਰਖੁਰਦਾਰ ਦੇ ਘਟਨਾਵਾਂ ਬਾਰੇ ਵਿਚਾਰ ਨਹੀਂ ਮਿਲਦੇ। ਲੇਖਕਾਂ ਨੇ ਦਸਮ ਗ੍ਰੰਥ, ਰਿਚਰਡ ਟੈਂਪਲ ਅਤੇ ਸਵਿਨਟਰਨ ਦੇ ਮਿਰਜਾ ਸਾਹਿਬਾਂ ਦੀ ਗਾਥਾ ਬਾਰੇ ਵਿਚਾਰ ਵੀ ਦਿੱਤੇ ਹਨ।
ਕਿੱਸਾ ਕਲਾ: ਲੇਖਕਾਂ ਨੇ ਲਿਖਿਆ ਹੈ ਕਿ ਪੀਲੂ ਦੀ ਕਿੱਸਾ ਕਲਾ ਦੀ ਪ੍ਰਸੰਸਾ ਉਸ ਦੇ ਸਮਕਾਲੀ ਕਿੱਸਾਕਾਰਾਂ ਨੇ ਬਾਖ਼ੂਬੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਪੀਲੂ ਦਾ ਮਿਰਜਾ ਸਰਵ ਪ੍ਰਵਾਨ ਸੀ। ਪੀਲੂ ਦੇ ਕਿੱਸੇ ਬਾਰੇ ਬਰਖ਼ੁਰਦਾਰ ਕਵੀ ਲਿਖਦਾ ਹੈ:
ਯਾਰੋ ਪੀਲੂ ਨਾਲ ਬਰਾਬਰੀ ਸ਼ਇਰ ਭੁਲ ਕਰੇਨ,
ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਧੀਂ ਦਸਤ ਧਰੇਨ।
ਅਹਿਮਦਯਾਰ ਪੀਲੂ ਦੀ ਕੱਲਾ ਕਲਾ ਬਾਰੇ ਲਿਖਦਾ ਹੈ:
ਪੀਲੂ ਨਾਲ ਨਾ ਰੀਸ ਕਿਸੇ ਉਸ ਦੀ ਸੋਜ਼ ਅਲਹਿਦੀ,
ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫ਼ਕੀਰ ਵਲੀ ਦੀ।
ਪੀਲੂ ਨੇ ਸ਼ਿੰਗਾਰ ਤੇ ਬੀਰ ਰਸ ਨੂੰ ਇਸ ਰੁਮਾਂਟਿਕ ਕਥਾ ਵਿੱਚ ਇਕੱਠਾ ਕਰਕੇ ਨਵੀਂ ਪ੍ਰਥਾ ਕਾਇਮ ਕਰਨ ਦਾ ਯਤਨ ਕੀਤਾ ਹੈ। ਪੀਲੂ ਮਿਰਜੇ ਦੀ ਮੌਤ ਦਾ ਕਾਰਨ ਹੋਣੀ ਨੂੰ ਮੰਨਦਾ ਹੈ:
ਮਿਰਜਿਆ ਐਡ ਪੈਗੰਬਰ ਮਰ ਗਏ ਤੂੰ ਕਿਹਦਾ ਪਾਣੀ ਹਾਰ।
ਪੀਲੂ ਦਾ ਪਾਤਰ ਚਿਤਰਣ ਬਹੁਤ ਸੁਚੱਜਾ ਹੈ। ਉਸ ਨੇ ਪਾਤਰਾਂ ਨੂੰ ਆਦਰਸ਼ਕ ਰੰਗ ਨਹੀਂ ਦਿੱਤਾ। ਮਾਂ, ਮਾਂ ਵਾਂਗ, ਭੈਣ, ਭੈਣਾਂ ਵਾਂਗ ਅਤੇ ਪਿਓ, ਪਿਓ ਵਾਂਗ ਜਦੋਂ ਉਹ ਮਿਰਜੇ ਨੂੰ ਵਰਜਦਾ ਕਹਿੰਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਵੰਝਲ ਦਿੰਦਾ ਮੱਤ,
ਭੱਠ ਰੰਨਾ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ,
ਜਿਸ ਘਰ ਲਾਈ ਦੋਸਤੀ ਮੂਲ ਨਾ ਘੱਤੇ ਲੱਤ।
ਮਿਰਜੇ ਦੀ ਮਾਂ ਬਾਰੇ ਪੀਲੂ ਲਿਖਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਮੱਤਾਂ ਦੇਵੇ ਮਾਂ,
ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ।
ਮਿਰਜਾ ਬੱਕੀ ਦੀ ਪ੍ਰਸੰਸਾ ਕਰਦਾ ਹੈ, ਉਸ ਦਾ ਘੁਮੰਡ ਵੀ ਪ੍ਰਗਟ ਹੁੰਦਾ ਹੈ
ਬੱਕੀ ਤੋਂ ਡਰਨ ਫਰਿਸ਼ਤੇ  ਮੈਥੋਂ ਡਰੇ ਖੁਦਾ,
ਚੁਭੇ ਵਿੱਚ ਪਤਾਲ ਉਡ ਕੇ ਚੜ੍ਹੇ ਅਕਾਸ਼।
ਮਿਰਜਾ ਮਾਰਿਆ ਮਲਕੁਲ ਮੌਤ ਨੇ ਕੁਝ ਮਾਰਿਆ ਗੁਮਾਨ।
ਵਿੱਚ ਕਬਰਾਂ ਦੇ ਖਪ ਗਿਆ ਮਿਰਜਾ ਸੋਹਣਾ ਜਵਾਨ।
ਪੀਲੂ ਨੇ ਅਲੰਕਾਰ ਅਤੇ ਰੂਪਕ, ਕਵਿਤਾ ਦੇ ਗਹਿਣਿਆਂ ਦੀ ਤਰ੍ਹਾਂ ਵਰਤੇ ਹਨ:
ਮਿਰਜਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ।
ਧਰਤੀ ਤਾਂਬਾ ਹੋ ਗਈ ਸਿਆਹੀ ਫਿਰੀ ਅਸਮਾਨ।
ਵਲ ਵਲ ਵੱਢ ਦਿਆਂ ਸੂਰਮੇ ਜਿਉਂ ਖੇਤੀਂ ਪੈਣ ਗੜੇ।
ਰਸ ਵਿਧਾਨ:
ਰਸ ਵਿਧਾਨ ਵੀ ਪੀਲੂ ਦਾ ਕਮਾਲ ਦਾ ਹੈ। ਉਸ ਨੇ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ ਅਤੇ ਹਾਸ ਰਸ ਦੀ ਵਰਤੋਂ ਕੀਤੀ ਹੈ। ਸ਼ਿੰਗਾਰ ਰਸ ਸੁਚੱਜੇ ਢੰਗ ਨਾਲ ਵਰਤਿਆ ਹੈ:
ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ,
ਗਜ ਗਜ ਲੰਮੀਆਂ ਮੀਢੀਆਂ ਰੰਗ ਜੋ ਗੋਰਾ ਸੀ।
ਪੀਲੂ ਦਾ ਬੀਰ ਰਸ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ:
ਕੋਈ ਦੀਹਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ,
ਕਟਕ ਭਿੜਾ ਦਿਆਂ ਅੰਬਰੀਂ ਮੈਥੋਂ ਭੀ ਰਾਠ ਡਰੇ।
ਸਿਰ ਸਿਆਲਾਂ ਦੇ ਵੱਢ ਕੇ ਸੁਟਾਂਗਾ ਵਿੱਚ ਰੜੇ।
ਪੀਲੂ ਭਾਵੇਂ ਮਝੈਲ ਸੀ ਪ੍ਰੰਤੂ ਉਸ ਦੀ ਭਾਸ਼ਾ ਠੇਠ ਪੰਜਾਬੀ ਹੈ। ਪੀਲੂ ਦੇ ਕਿੱਸੇ ਵਿੱਚ ਅਸ਼ਲੀਲਤਾ ਨਹੀਂ ਹੈ।
ਮੂਲ ਪਾਠ:ਕਿੱਸਾ ਮਿਰਜਾ ਸਾਹਿਬਾਂ
ਚੌਥੇ ਭਾਗ  ਵਿੱਚ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜਾ ਸਾਹਿਬਾਂ ਦਾ ਪੂਰਾ ਪਾਠ ਦਿੱਤਾ ਗਿਆ ਹੈ। ਪੀਲੂ ਦਾ ਕਿੱਸਾ ਲਿਖਤ ਰੂਪ ਵਿੱਚ ਨਹੀਂ ਮਿਲਦਾ ਪ੍ਰੰਤੂ ਜੋ ਮਿਲਦਾ ਹੈ, ਉਹ ਅੰਗਰੇਜ਼ ਰਿਚਰਡ ਟੈਂਪਲ ਦੁਆਰਾ'ਦਾ ਲੀਜੈਂਡਜ਼ ਆਫ਼ ਪੰਜਾਬ' ਵਿੱਚ ਪ੍ਰਕਾਸ਼ਤ ਕੀਤਾ ਮਿਲਦਾ ਹੈ। ਇਹ ਕਿੱਸਾ ਰਿਚਰਡ ਟੈਂਪਲ ਨੇ ਕਿਸੇ ਜਲੰਧਰ ਦੇ ਮੁਸਲਮਾਨ ਤੋਂ ਸੁਣਿਆਂ ਅਤੇ ਫਿਰ ਉਸ ਤੋਂ ਸੁਣ ਕੇ ਲਿਖਿਆ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਪ੍ਰਕਾਸ਼ਤ ਹੋਇਆ ਹੈ। ਦੋਵੇਂ ਲੇਖਕਾਂ ਦੀ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਕਿੱਸਾ ਵੀ ਮੁਕੰਮਲ ਨਹੀਂ ਹੈ। ਮੂਲ ਪਾਠ ਵਾਲੇ ਭਾਗ ਵਿੱਚ ਖੋਜੀ ਵਿਦਿਆਰਥੀਆਂ ਲਈ ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੋਰ ਨੇ ਪੀਲੂ ਸ਼ਾਇਰ ਦਾ ਹੀ ਦਿੱਤਾ ਹੈ ਪ੍ਰੰਤੂ ਅੰਤਿਕਾਵਾਂ ਵਾਲੇ ਭਾਗ ਵਿੱਚ ਛੇ ਅੰਤਿਕਾਵਾਂ ਹਨ। ਅੰਤਿਕਾ-1 ਵਿੱਚ ਪੀਲੂ ਦੇ ਕਿੱਸੇ ਵਿਚੇ ਜਿਹੜੇ ਮਿਥਿਹਾਸਕ/ਇਤਿਹਾਸਕ ਹਵਾਲੇ ਮਿਲਦੇ ਹਨ, ਪਾਠਕਾਂ ਦੀ ਸਹੂਲਤ ਲਈ ਉਨ੍ਹਾਂ 18 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅੰਤਿਕਾ-2 ਵਿੱਚ 'ਲੀਜੈਂਡਜ਼ ਆਫ਼ ਪੰਜਾਬ ਵਿਚਲਾ ਪਾਠ' ਅੰਤਿਕਾ-3 ਵਿੱਚ ਮਿਰਜਾ-ਸਾਹਿਬਾਂ ਕ੍ਰਿਤ ਹਾਫ਼ਿਜ ਬਰਖ਼ੁਰਦਾਰ, ਅੰਤਿਕਾ-4 ਵਿੱਚ 'ਦਸਮ ਗ੍ਰੰਥ' ਵਿਚਲੇ ਮਿਰਜਾ ਸਾਹਿਬਾਂ ਦੇ ਸ਼ਲੋਕ, ਅੰਤਿਕਾ-5 ਵਿੱਚ ਲੋਕ ਗੀਤਾਂ ਵਿੱਚ ਮਿਰਜਾ-ਸਾਹਿਬਾਂ ਦੀ ਗਾਥਾ ਅਤੇ ਅੰਤਿਕਾ-6 ਵਿੱਚ ਮਿਰਜਾ ਰਚਿਤ ਚਤਰ ਸਿੰਘ ਦਿੱਤਾ ਗਿਆ ਹੈ। ਪੁਸਤਕ ਦੇ ਅਖ਼ੀਰ ਵਿੱਚ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਤੱਥਾਂ ਕਰਕੇ ਇਹ ਹਵਾਲਾ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਸਾਰਥਿਕ ਸਾਬਤ ਹੋਵੇਗੀ।
ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ 120 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਯੁਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਐਸ.ਏ.ਐਸ.ਨਗਰ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com

‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ - ਉਜਾਗਰ ਸਿੰਘ

ਡਾ.ਮੇਘਾ ਸਿੰਘ ਸੰਜੀਦਾ, ਸਾਹਿਤਕਾਰ, ਪੱਤਰਕਾਰ ਅਤੇ ਜੁਝਾਰੂ ਇਨਕਲਾਬੀ ਯੋਧਾ ਹੈ।  ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲਿਖਕੇ ਉਹ ਖੱਬੇ-ਪੱਖੀ ਵਿਚਾਧਾਰਾ ਦਾ ਪਹਿਰੇਦਾਰ ਬਣਕੇ ਉਭਰਿਆ ਹੈ। ਭਾਵੇਂ ਉਸ ਦੀਆਂ ਪਹਿਲੀਆਂ 14 ਪੁਸਤਕਾਂ ਵੀ ਖੱਬੇ-ਪੱਖ ਸੋਚ ਦੀਆਂ ਲਖਾਇਕ ਹਨ। ਇਸ ਪੁਸਤਕ ਵਿੱਚੋਂ ਡਾ.ਮੇਘਾ ਸਿੰਘ ਦੀ ਖੱਬੇ-ਪੱਖੀ ਸੋਚ ਅਤੇ ਖੱਬੇ-ਪੱਖੀ ਪੱਤਰਕਾਰੀ ਦੀ ਪ੍ਰਤੀਬੱਧਤਾ ਅਤੇ ਬਚਨਬੱਧਵਾ ਦਾ ਪ੍ਰਗਟਾਵਾ ਹੁੰਦਾ ਹੈ। ਡਾ. ਮੇਘਾ ਸਿੰਘ ਦੀ ਦੀ ਖੋਜ ਕਰਨ ਸੰਬੰਧੀ ਦਿ੍ਰੜ੍ਹਤਾ , ਕਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਪੜ੍ਹਕੇ ਇਹ ਖੋਜ ਕਾਰਜ ਮੁਕੰਮਲ ਕੀਤਾ ਹੈ। ਉਨ੍ਹਾਂ ਇਸ ਪੁਸਤਕ ਵਿੱਚ ਖੋਜ ਕਰਕੇ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ, ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਹਵਾਲਾ ਪੁਸਤਕ ਬਣ ਗਈ ਹੈ। ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਡਾ.ਮੇਘਾ ਸਿੰਘ ਨੇ ਇਸ ਪੁਸਤਕ ਨੂੰ ਚਾਰ ਭਾਗਾਂ, (ੳ) ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ, (ਅ) ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ, (ੲ) ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਅਤੇ (ਸ) ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ ਵਿੱਚ ਵੰਡਿਆ ਹੈ। ਪੁਸਤਕ ਦਾ ਪਹਿਲਾ ਅਧਿਆਇ:
 ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ
  ਇਸ ਅਧਿਆਇ ਨੂੰ ਅੱਗੇ ਪੰਜ ਭਾਗਾਂ ਵਿੱਚ ਵੰਡਿਆ ਹੈ।
ੳ ‘ਪੱਤਰਕਾਰੀ: ਪਰਿਭਾਸ਼ਾ, ਸਰੂਪ ਅਤੇ ਉਦੇਸ਼’ ਵਿੱਚ ਪੱਤਰਕਾਰੀ ਦੀ ਸ਼ੁਰੂਆਤ ਸਤਾਰਵੀਂ ਸਦੀ ਵਿੱਚ ਹੋਈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਪੱਤਰਕਾਰੀ ਬਾਰੇ ਅਮੈਰਿਕਨ ਐਨਸਾਈਕਲੋਪੀਡੀਆ, ਐਨਸਾੲਕਲੋਪੀਡੀਆ ਆਫ਼ ਬਿ੍ਰਟੈਨਿਕਾ ਅਤੇ ਹੋਰ ਭਾਰਤੀ ਅਤੇ ਪਰਵਾਸੀ ਪ੍ਰਸਿੱਧ ਵਿਅਕਤੀਆਂ ਦੀਆਂ ਉਦਾਹਰਨਾ ਦੇ ਪੱਤਰਕਾਰੀ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪੱਤਰਕਾਰੀ ਖ਼ਬਰਾਂ ਇਕੱਤਰ ਕਰਨਾ, ਭਖਦੇ ਮਸਲਿਆਂ ਬਾਰੇ ਸਮਗਰੀ ਪੇਸ਼ ਕਰਨਾ, ਸੂਚਨਾਵਾਂ ਸੰਕਲਤ ਕਰਨੀਆਂ, ਸੂਚਨਾ ਦਾ ਸੰਚਾਰ ਕਰਨਾ ਅਤੇ ਫਿਰ ਇਨ੍ਹਾਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਤ/ਬ੍ਰਾਡਕਾਸਟ/ਟੈਲੀਕਾਸਟ ਹੋਣ ਲਈ ਭੇਜਣਾ ਹੁੰਦਾ ਹੈ। ਪੱਤਰਕਾਰੀ ਦਾ ਉਦੇਸ਼ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਹੁੰਦਾ ਹੈ। ਡਾ.ਮੇਘਾ ਸਿੰਘ ਨੇ ਦੱਸਿਆ ਹੈ ਕਿ ਜਰਮਨੀ ਦੇ ਵਿਅਕਤੀ ਜੌਹਨ ਗੁਟਨਬਰਗ ਨੇ 1440 ਈਸਵੀ ਵਿੱਚ ਧਾਤ ਦੇ ਟਾਈਪ ਵਾਲਾ ਛਾਪਾਖਾਨਾਂ ਬਣਾਇਆ ਸੀ। ਉਸ ਤੋਂ ਬਾਅਦ ਅਖ਼ਬਾਰ ਅਤੇ ਪੁਸਤਕਾਂ ਪ੍ਰਕਾਸ਼ਤ ਹੋਣ ਲੱਗੀਆਂ।
Êਅ ਪੱਤਰਕਾਰੀ ਦਾ ਪ੍ਰਾਰੰਭ:
ਪ੍ਰੈਸ ਕਮਿਸ਼ਨ ਦੀ ਰਿਪੋੋੋਰਟ ਅਨੁਸਾਰ ਪੰਜਾਬੀ ਦਾ ਪਹਿਲਾ ਪੱਤਰ 1850-60 ਈਸਵੀ ਦੇ ਵਿਚਕਾਰ ਲੁਧਿਆਣਾ ਦੇ ਮਿਸ਼ਨਰੀਆਂ ਨੇ ਪ੍ਰਕਾਸ਼ਤ ਕੀਤਾ। ਪ੍ਰੋ.ਪ੍ਰੀਤਮ ਸਿੰਘ ਅਨੁਸਾਰ ਇਸ ਦਾ ਨਾਮ ‘ਚੁਪੱਤਰੀਆ’ ਸੀ। 1856 ਵਿੱਚ ‘ਲਾਹੌਰ ਕਰਾਨੀਕਾਲ’ ਦੇ ਮਾਲਕਾਂ ਨੇ ਲੁਧਿਆਣਾ ਤੋਂ ਪੰਜਾਬੀ ਦਾ ਗੁਰਮੁਖੀ ਅਤੇ ਫਾਰਸੀ ਦਾ ਸਾਂਝਾ ਪੰਜਾਬੀ ਪੱਤਰ ਜਾਰੀ ਕੀਤਾ। 1838 ਵਿੱਚ ਪਟਿਆਲਾ ਤੋਂ ‘ਜਗਤ ਪ੍ਰਕਾਸ਼ ਦਰਸ਼’ ਪੇਪਰ ਨਿਕਲਿਆ। ਭਾਵ ਪੰਜਾਬੀ ਪੱਤਰਕਾਰੀ ਦਾ ਆਰੰਭ 19ਵੀਂ ਸਦੀ ਵਿੱਚ ਇਸਾਈ ਮਿਸ਼ਨਰੀਆਂ ਨੇ ਕੀਤਾ।
ੲ ਪੰਜਾਬੀ ਪੱਤਰਕਾਰੀ ਦਾ ਆਗਾਜ਼ ਤੇ ਵਿਕਾਸ:
 1 ਮਾਰਚ 1867 ‘ਅਖ਼ਬਾਰ ਸ੍ਰੀ ਦਰਬਾਰ ਸਾਹਿਬ, ਨੂਰ ਅਫ਼ਸਾਂ-1872, ਹਿੰਦੀ ਗੁਰਮੁਖੀ ਸਾਂਝਾ ‘ਸੁਕਬਿ ਸੰਬੋਧਨੀ’-1875, ‘ਅਖ਼ਬਾਰ ਕਾਵਯ ਚੰਦ੍ਰੋਦਯ’-1876, ਪਹਿਲਾ ਸ਼ੁਧ ਪੰਜਾਬੀ ਪੱਤਰ ‘ਅਕਾਲ ਪ੍ਰਕਾਸ਼’-1876, ‘ਗੁਰਮੁਖੀ ਅਖ਼ਬਾਰ’-1880, ਆਦਿ ਸਨ। ਉਨੀਵੀਂ ਸਦੀ ਦੇ ਅੰਤ ਤੱਕ ਪੰਜਾਬੀ ਭਾਸ਼ਾ ਦੇ ਦੋ ਦਰਜਨ ਅਖ਼ਬਾਰ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ ਸਨ, ਇਨ੍ਹਾਂ ਵਿੱਚੋਂ ਬਹੁਤੇ ਸਿੱਖ ਧਰਮ ਨਾਲ ਸੰਬੰਧਤ ਅਤੇ ਸਮਾਜ ਸੁਧਾਰਕ ਅਖ਼ਬਾਰ ਸਨ। ਜਿਨ੍ਹਾਂ ਵਿੱਚੋਂ ਬਹੁਤੇ ਬੰਦ ਹੋ ਗਏ ਕੁਝ ਕੁ ਪ੍ਰਸਿੱਧ ‘ਪੰਜਾਬ ਦਰਪਣ’ (1885) ‘ਖਾਲਸਾ ਅਖ਼ਬਾਰ’ (1886), ‘ਸਿੰਘ ਸਭਾ ਗਜਟ’ (1890), ਨਿਗੁਣਿਆਰਾ’ (1892), ਅਤੇ ‘ਖਾਲਸਾ ਸਮਾਚਾ’ (1899) ਵਰਨਣਯੋਗ ਹਨ। 1900 ਤੋਂ  1947 ਤੱਕ ਦੇ ਸਮੇਂ ਨੂੰ ਪੰਜਾਬੀ ਪੱਤਰਕਾਰੀ ਦਾ ਵਿਕਾਸ ਕਾਲ ਮੰਨਿਆਂ ਜਾ ਸਕਦਾ ਹੈ। ਇਸ ਸਮੇਂ ਦੌਰਾਨ  ਲਗਪਗ 300 ਪੱਤਰ ਜ਼ਾਰੀ ਹੋਏ, ਜਿਨ੍ਹਾਂ ਵਿੱਚ ਲਗਪਗ 27 ਰੋਜ਼ਾਨਾ, 122 ਸਪਤਾਹਿਕ, 7 ਪੰਦਰਾਂ ਰੋਜ਼ਾ, 130 ਮਾਸਕ ਅਤੇ ਦਰਜਨ ਦੇ ਕਰੀਬ ਤਿਮਾਹੀ, ਛਿਮਾਹੀ ਤੇ ਸਾਲਾਨਾ ਸਨ।
ਸ ਖੱਬੇ ਪੱਖੀ ਪੱਤਰਕਾਰੀ
1947 ਤੋਂ ਬਾਅਦ ਖੱਬੇ ਪੱਖੀ ਪੱਤਰਕਾਰੀ ਕਦੇ ਤੇਜ਼ ਕਦੇ ਮੱਠੀ ਚਾਲ ਨਿਰੰਤਰ ਵਿਕਾਸ ਕਰਦੀ ਰਹੀ। ਖੱਬੇ ਪੱਖੀ ਪੱਤਰਕਾਰੀ ਦਾ ਆਰੰਭ (1789-91)  ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਮੀਟਿੰਗ ਵਿੱਚ ਹੋਇਆ। 1842 ਵਿੱਚ  ਮੋਸੈਸ ਹੈਸ ਦੇ ਅਗਾਂਹਵਧੂ ਵਿਚਾਰਾਂ ਵਾਲੇ ਅਖ਼ਬਾਰ ‘ਰਾਈਨਿਸ਼ੇ ਜ਼ੀਤੁੰਗ’ ਲਈ ਲਿਖਣ ਨਾਲ ਸ਼ੁਰੂ ਹੋਇਆ। ਫਿਰ ਕਾਰਲ ਮਾਰਕਸ 10 ਮਹੀਨੇ ਬਾਅਦ ਇਸ ਅਖ਼ਬਾਰ ਦਾ ਸੰਪਾਦਕ ਬਣ ਗਿਆ। ਮਾਰਕਸ ਤੋਂ ਬਾਅਦ ਲੈਨਿਨ ਨੇ ਇਸ ਸਿਧਾਂਤ ਨੂੰ ਹੋਰ ਵਧੇਰੇ ਸ਼ਪਸ਼ਟ ਕਰਦਿਆਂ ਲੋਕ ਹਿਤਾਂ ਲਈ ਖੱਬੇ ਪੱਖੀ ਪੱਤਰਕਾਰੀ ਨੂੰ ਅਹਿਮੀਅਤ ਦਿੱਤੀ।
Êਹ ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ
1900 ਤੋਂ 1909 ਤੱਕ ਚਲੀ ਕਿਸਾਨ ਲਹਿਰ, 1910 ਤੋਂ 1917-18 ਤੱਕ ਚਲੀ ਗਦਰ ਲਹਿਰ ਅਤੇ ਜੱਲਿਆਂ ਵਾਲੇ ਬਾਗ ਦੇ ਸਾਕੇ ਨੇ ਪੰਜਾਬੀ ਪੱਤਰਕਾਰੀ ਵਿੱਚ ਜੁਝਾਰੂ ਅਤੇ ਇਨਕਲਾਬੀ ਸੁਰ ਦੇ ਬੀਜ ਬੀਜੇ। 1926 ਵਿੱਚ ਕਿਰਤੀ ਲਹਿਰ, ਰਿਆਸਤੀ ਰਾਜਿਆਂ ਵਿਰੁੱਧ ਉਠੀ ਲੋਕ ਲਹਿਰ, ਨੌਜਵਾਨ ਭਾਰਤ ਸਭਾਂ ਅਧੀਨ ਖਾੜਕੂ ਲਹਿਰ ਅਤੇ 1935-36 ਵਿੱਚ ਕਮਿਊਨਿਸਟ ਪਾਰਟੀ ਦੇ ਹੋਂਦ ਵਿੱਚ ਆਉਣ ਨਾਲ ਖੱਬੇ-ਪੱਖੀ ਪੱਤਰਕਾਰੀ ਵਿੱਚ ਨਿਖ਼ਾਰ ਆਇਆ। ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ ਦਾ ਮੁੱਢ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੋਇਆ।
ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ:
 ਇਸ ਅਧਿਆਇ ਨੂੰ  ਡਾ.ਮੇਘਾ ਸਿੰਘ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ।
Êੳ ਖੱਬੇ ਪੱਖੀ ਪੰਜਾਬੀ ਪੱਤਰਕਾਰ:ਪ੍ਰਸਥਿਤੀਆਂ, ਆਗਾਜ਼ ਤੇ ਵਿਕਾਸ
ਉਨੀਵੀਂ ਸਦੀ  ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਕਿਸਾਨਾ ਨੂੰ ਦਬਾਉਣਾ ਸ਼ੁਰੂ ਕੀਤਾ, ਜਿਵੇਂ ਨਹਿਰੀ ਪਾਣੀ ਦਾ ਮਾਲੀਆ ਵਧਾਉਣਾ, 1900 ਦਾ ਭੋਂ ਬਦਲੀ ਐਕਟ, 1904 ਦਾ ਪੰਜਾਬ ਮਿਆਦ ਐਕਟ, 1904 ਦਾ ਜਾਇਦਾਦ ਬਦਲੀ ਐਕਟ ਅਤੇ 1905 ਦਾ ਪੰਜਾਬ ਹੱਕ ਸੁਫ਼ਾ ਐਕਟ ਆਦਿ ਫ਼ੈਸਲਿਆਂ ਨੇ ਕਿਸਾਨਂ ਵਿੱਚ ਅੰਗਰੇਜ਼ਾਂ ਵਿਰੁੱਧ ਨਫਰਤ ਪੈਦਾ ਕਰ ਦਿੱਤੀ। ਅਜੀਤ ਸਿੰਘ ਦੀ ਅਗਵਾਈ ਵਿੱਚ ਕਿਸਾਨੀ ਲਹਿਰ ਹੋਂਦ ਵਿੱਚ ਆਈ। ਕਿਸਾਨੀ ਲਹਿਰ ਸਮੇਂ ‘ਪੰਜਾਬੀ’ ਅਤੇ 1909-10 ਵਿੱਚ‘ਸੁਦੇਸ਼ ਸੇਵਕ’ ਮਾਸਕ ਅਤੇ 1912 ਵਿੱਚ ‘ਸਨਸਾਰ’ ਪੱਤਰ ਅੰਗਰੇਜ਼ੀ ਰਾਜ ਵਿਰੁੱਧ ਸ਼ੁਰੂ ਹੋਏ। ਫਿਰ ਗਦਰ ਪਾਰਟੀ ਹੋਂਦ ਵਿੱਚ ਆਈ। 1913 ਵਿੱਚ ‘ਗਦਰ’ ਸਪਤਾਹਕ ਪੇਪਰ ਸ਼ੁਰੂ ਹੋਇਆ।
ਅ ਅੰਗਰੇਜ਼ੀ ਰਾਜ ਵਿਰੁੱਧ ਬਾਗ਼ੀ ਪੰਜਾਬੀ ਪੱਤਰਕਾਰੀ (ਰੂਸੀ ਇਨਕਲਾਬ ਤੱਕ)
ਅੰਗਰੇਜ਼ੀ ਰਾਜ ਵਿਰੁੱਧ ਬਗ਼ਾਬਤੀ ਸੁਰਾਂ ਵਾਲੇ ਸਾਰੇ ਅਖ਼ਬਾਰ ਪਰਵਾਸ ਵਿੱਚ ਹੀ ਸ਼ੁਰੂ ਕੀਤੇ ਗਏ ਕਿਉਂਕਿ ਚੇਤੰਨ ਲੋਕ ਪਰਵਾਸ ਵਿੱਚ ਪਹੁੰਚ ਕੇ ਪਰਵਾਸ ਅਤੇ ਭਾਰਤ ਵਿੱਚ ਹੋ ਰਹੀਆਂ ਨਸਲੀ ਅਤੇ ਹੋਰ ਜ਼ਿਆਦਤੀਆਂ ਬਾਰੇ ਜਾਗਰੂਕ ਹੋ ਗਏ ਸਨ। ਸਦੇਸ ਮਾਸਕ ਕੈਨੇਡਾ ਤੋਂ 1909-10 ਵਿੱਚ ਬਾਬੂ ਹਰਨਾਮ ਸਿੰਘ ਕਾਹਰੀ, ਸਨਸਾਰ ਸੰਸਾਰ ਕੈਨੇਡਾ ਤੋਂ 1912 ਵਿੱਚ ਕਰਤਾਰ ਸਿੰਘ ਹੁੰਦਲ, ਗ਼ਦਰ ਹਿੰਦੁਸਤਾਨ ਗ਼ਦਰ ਅਮਰੀਕਾ ਤੋਂ 1913 ਵਿੱਚ ਲਾਲਾ ਹਰਦਿਆਲ ਅਤੇ ਯੁਗਾਂਤਰ 1917 ਭਗਵਾਨ ਸਿੰਘ ਅਤੇ ਪ੍ਰੀਤਮ ਸਿੰਘ ਚਲਾਉਂਦੇ ਸਨ।
ੲ ਰੂਸੀ ਇਨਕਲਾਬ ਤੋਂ ਪ੍ਰਭਾਵਤ 1947 ਈਸਵੀ ਤੱਕ ਦੀ ਖੱਬੀ ਸੁਰ ਵਾਲੀ ਪੰਜਾਬੀ ਪੱਤਰਕਾਰੀ
1917 ਦੇ ਰੂਸੀ ਇਨਕਲਾਬ ਤੋਂ ਬਾਅਦ ਸਮੁੱਚੇ ਸੰਸਾਰ ਵਿੱਚ ਜਾਗ੍ਰਤੀ ਪੈਦਾ ਹੋਈ। ਭਾਰਤ ਦੇ ਲੋਕ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਦੌਰਾਨ  ਬਹੁਤ ਸਾਰੇ ਗ਼ਦਰੀ ਭਾਰਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। 1923 ਵਿੱਚ ਜਲੰਧਰ ਤੋਂ ਦੇਸ਼ ਸੇਵਕ ਸਪਤਾਹਿਕ, 1926 ਵਿੱਚ ਜਲੰਧਰ ਤੋਂ ਕਿਰਤੀ, 1927 ਵਿੱਚ ਗ਼ਦਰ ਢੰਡੋਰਾ ਪੰਦਰਵਾੜਾ, 1930 ਇੰਡੀਆ ਐਂਡ ਕੈਨੇਡਾ, 1931 ਪੰਜਾਬੀ ਸ਼ੇਰ ਸਪਤਾਹਿਕ, 1931 ਮਜ਼ਦੂਰ ਕਿਸਾਨ ਪੰਦਰਵਾੜਾ, 1934  ਕਮਿਊਨਿਸਟ ਅਤੇ ਬਾਲਸ਼ਵਿਕ, 1934 ਕਿ੍ਰਸਾਨ ਸਪਤਾਹਕ, 1930-35 ਪ੍ਰਭਾਤ ਮਾਸਕ, 1935 ਲਾਲ ਢੰਡੋਰਾ ਮਾਸਕ, 1933 ਪ੍ਰੀਤਲੜੀ, 1937 ਦੁਖੀ ਦੁਨੀਆਂ, 1938 ਕਿਰਤੀ ਲਹਿਰ, 1938 ਚਿੰਗਾੜੀ ਮਾਸਕ, 1924 ਫੁਲਵਾੜੀ ਮਾਸਕ, 1939 ਐਲਾਨ-ਏ-ਜੰਗ ਪੰਦਰਵਾੜਾ, 1940 ਇਨਕਲਾਬੀ ਮਜ਼ਦੂਰ, 1940 ਰੇਲਵੇ ਵਰਕਰ, 1940 ਜੁਗ ਪਲਟਾਊ ਸਪਤਾਹਕ, 1940 ਲਾਲ ਝੰਡਾ ਮਾਸਕ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ। ਇਹ ਸਾਰੇ ਅਖ਼ਬਾਰਾਂ ਨੇ ਖੱਬੇ-ਪੱਖੀ ਇਕਲਾਬੀ ਸੁਰ ਵਾਲੀ ਸੋਚ ‘ਤੇ ਰੂਸੀ ਇਨਕਲਾਬ ਤੋਂ ਪ੍ਰਭਾਵਤ ਹੋ ਕੇ ਪਹਿਰਾ ਦਿੱਤਾ।
ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ
ਇਸ ਤੀਜੇ ਅਧਿਆਇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ
ੳ ‘ਆਜ਼ਾਦੀ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’:
15 ਅਗਸਤ 1947 ਨੂੰ ਹੋਈ ਦੇਸ਼ ਦੀ ਵੰਡ ਹੋਣ ਕਰਕੇ ਇਕ ਕਰੋੜ ਤੋਂ ਵੱਧ ਪੰਜਾਬੀ-ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ, 20-25 ਲੱਖ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਲੱਖਾਂ ਮਾਵਾਂ ਧੀਆਂ ਬੇਪਤ ਹੋਈਆਂ। ਇਸ ਨਾਲ ਪੰਜਾਬੀਆਂ ਦੀ ਆਰਥਿਕਤਾ ਲੜਖੜਾ ਗਈ। ਸਮਾਜਕ ਤੇ ਸਿਆਸੀ ਹਾਲਤ ਤਰਸਯੋਗ ਬਣ ਗਈ। ਜਿਹੜੇ ਪੰਜਾਬੀ ਸਿੱਖ ਆਜ਼ਾਦੀ ਲਈ ਮੋਰਚੇ ਲਗਾਉਂਦੇ ਸਨ, ਉਨ੍ਹਾਂ ਨੂੰ ਪੰਜਾਬੀ ਸੂਬੇ ਲਈ ਮੋਰਚੇ ਲਾਉਣੇ ਪਏ। 1966 ਵਿੱਚ ਲੰਗੜਾ ਪੰਜਾਬੀ ਸੂਬਾ ਮਿਲਿਆ।  ਭਾਖੜਾ ਹੈਡ ਵਰਕਸ ਅਤੇ ਦਰਿਆਈ ਪਾਣੀਆਂ ਦਾ ਕੰਟਰੋਲ ਕੇਂਦਰ ਨ ਆਪਣੇ ਕੋਲ ਰੱਖ ਲਿਆ। ਵੰਡ ਦਾ ਪੱਤਰਕਾਰੀ ਤੇ ਅਸਰ ਪਿਆ ਕਿਉਂਕਿ ਪਹਿਲਾਂ ਪੱਤਰਕਾਰੀ ਦਾ ਕੇਂਦਰ ਲਾਹੌਰ ਸੀ। ਪੱਤਰਕਾਰੀ ਵੀ ਹਿੰਦੂ- ਸਿੱਖ ਵਿੱਚ ਵੰਡੀ ਗਈ।
ਅ ‘ਇਸ ਸਮੇਂ ਦੌਰਾਨ ਪੰਜਾਬ ਵਿੱਚ ਖੱਬੇ ਪੱਖੀ ਚੱਲੀਆਂ ਲੋਕ ਲਹਿਰਾਂ’
Êਪੰਜਾਬੀ ਸੂਬੇ ਦੀ ਲਹਿਰ ਚਲੀ ਜਿਸ ਨੂੰ ਦਬਾਉਣ ਲਈ ਪਰਤਾਪ ਸਿੰਘ ਕੈਰੋਂ ਅਤੇ ਕੇਂਦਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਇਹ ਮੰਗ ਲੋਕ ਲਹਿਰ ਬਣ ਗਈ। ਫਿਰ ਪੈਪਸੂ ਸਟੇਟ ਮੁਜ਼ਾਰਾ ਲਹਿਰ ਜ਼ਮੀਨੀ ਸੁਧਾਰਾਂ ਲਈ ਚਲ ਪਈ। ਇਸ ਲਹਿਰ ਦੀ ਅਗਵਾਈ ਲਾਲ ਪਾਰਟੀ ਨੇ ਕੀਤੀ। ਕੈਰੋਂ ਨੇ ‘ਖ਼ੁਸ਼ਹੈਸੀਅਤ ਟੈਕਸ’ ਲਾ ਦਿੱਤਾ ਜਿਸ ਵਿਰੁੱਧ ਲਹਿਰ ਚਲਾਈ ਗਈ। ਪੰਜਾਬ ਦੀਆਂ ਕਮਿਊਨਿਸਟ ਧਿਰਾਂ ਨੇ ਬੇਆਬਾਦ ਜ਼ਮੀਨ ਨੂੰ ਆਬਾਦ ਕਰਨ ਲਈ ਰੋਜ਼ੀ ਰੋਟੀ ਕਮਾਉਣ ਵਾਲ ਕਿਸਾਨਾ ਨੂੰ ਸਰਕਾਰ ਵੱਲੋਂ ਬੇਦਖ਼ਲ ਕਰਨ ਵਿਰੁੱਧ ਮੋਰਚਾ ਲਾਇਆ ਗਿਆ।
ੲ ‘ਇਸ ਸਮੇਂ ਦੀਆਂ ਖੱਬੇ-ਪੱਖੀ ਲਹਿਰਾਂ ਤੋਂ ਪ੍ਰਭਾਵਤ ਪੰਜਾਬੀ ਖੱਬੀ ਪੱਤਰਕਾਰੀ’
1947 ਤੋਂ ਬਾਅਦ ਖੱਬੇ-ਪੱਖੀ ਪੱਤਰਕਾਰੀ ਵਿੱਚ ਮਹੱਤਵਪੂਰਨ ਤਬਦੀਲੀ ਆਈ। ਇਸ ਸਮੇਂ ਹੇਠ ਲਿਖੇ ਪੇਪਰਾਂ ਦਾ ਯੋਗਦਾਨ ਵਰਣਨਯੋਗ ਰਿਹਾ:
ਫੁਲਵਾੜੀ: (ਮਾਸਕ) ਹੀਰਾ ਸਿੰਘ ਦਰਦ ਦੇ ਰਿਹਾ ਹੋਣ ਤੇ ਮੁੜ 1948 ਪ੍ਰਕਾਸ਼ਤ ਹੋਣਾ ਸ਼ੁਰੂ ਹੋ ਗਿਆ। ਇਹ ਅਖ਼ਬਾਰ ਲਾਲ ਪਾਰਟੀ ਦਾ ਬੁਲਾਰਾ ਬਣ ਗਿਆ। ਸਿਆਸੀ ਲੇਖ ਪ੍ਰਕਾਸ਼ਤ ਕੀਤੇ। ਪ੍ਰੀਤਲੜੀ (ਮਾਸਕ) ਭਾਵੇਂ 1933 ਤੋਂ ਛਪਦਾ ਸੀ ਪ੍ਰੰਤੂ ਇਸ ਸਮੇਂ ਦੌਰਾਨ ਧਾਰਮਿਕ ਕੱਟੜਤਾ, ਫਿਰਕਾਪ੍ਰਸਤੀ ਦੇ ਵਿਰੁੱਧ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਬਣਿਆਂ।  ਲਲਕਾਰ(ਸਪਤਾਹਿਕ) ਜਰਨੈਲ ਸਿੰਘ ਅਰਸ਼ੀ ਨੇ ਕੱਢਿਆ। ਮਜ਼ਦੂਰਾਂ, ਗ਼ਰੀਬ ਵਰਗਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਦਾ ਰਿਹਾ। ਸਾਡਾ ਜੁੱਗ(ਮਾਸਕ )1949:ਇਹ ਅਖ਼ਬਾਰ ਦੇਵ ਰਾਜ ਚਾਨਣ ਦੀ ਸੰਪਾਦਕੀ ਵਿੱਚ ਮੁੱਖ ਤੌਰ ‘ਤੇ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ।
ਨਵੇਂ ਰਾਹ (ਸਪਤਾਹਿਕ) 1949, ਨਵਾਂ ਜੁੱਗ (ਮਾਸਕ) 1949, ਲਾਲ ਸਵੇਰਾ (ਸਪਤਾਹਿਕ) 1950 ਪਰਵਾਨਾਂ (ਸਪਤਾਹਿਕ) 1951, ਲੋਕ ਯੁੱਗ (ਸਪਤਾਹਿਕ) 1951, ਸੋਵੀਅਤ ਯੂਨੀਅਨ ਸਮਾਚਾਰ ਤੇ ਵਿਚਾਰ (ਮਾਸਕ) 1952, ਪੰਜਾਬੀ ਜਨਤਾ (ਸਪਤਾਹਿਕ) 1955, ਨਵਾਂ ਜ਼ਮਾਨਾ (ਰੋਜ਼ਾਨਾ) 1956, ਕਿਸਾਨ ਲਹਿਰ (ਮਾਸਕ) 1958, ਲੋਕ ਯੁੱਗ (ਸਪਤਾਹਿਕ) 1960, ਏਕਤਾ (ਸਪਤਾਹਿਕ) 1964, ਦੇਸ਼ ਭਗਤ ਯਾਦਾਂ (ਮਾਸਕ) 1964, ਲੋਕ ਲਹਿਰ (ਸਪਤਾਹਿਕ) 1964, ਪਾਰਟੀ ਜੀਵਨ (ਮਾਸਕ) 1967, ਲਲਕਾਰ (ਮਾਸਕ) 1969 ਅਤੇ ਖੇਤ ਮਜ਼ਦੂਰ ਏਕਤਾ (ਮਾਸਕ) 1967 ਸਾਰੇ ਅਖ਼ਾਰਾਂ ਦਾ ਮੁੱਖ ਮੁੱਦਾ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਜਨਤਾ ਦੇ ਹੱਕਾਂ ‘ਤੇ ਪਹਿਰਾ ਦੇਣਾ ਸੀ, ਜਿਸ ਨੂੰ ਉਹ ਆਪੋ ਆਪਣੀ ਸਮਰੱਥਾ ਅਨੁਸਾਰ ਨਿਭਾਉਂਦੇ ਰਹੇ।
ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
 ਇਸ ਚੌਥੇ ਅਧਿਆਇ ਨੂੰ ਲੇਖਕ ਨੇ  ਚਾਰ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਅਧਿਆਇ
ੳ ‘ਨਕਸਲਵਾੜੀ ਲਹਿਰ:ਪਿਛੋਕੜ ਅਤੇ ਸੰਖੇਪ ਇਤਿਹਾਸ’
1817 ਦੇ ਰੂਸ ਦੇ ਇਨਕਲਾਬ ਤੋਂ ਬਾਅਦ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ। ਨਕਸਲਵਾੜੀ ਲਹਿਰ 1967 ਵਿੱਚ ਦਾਰਜÇਲੰਗ ਜਿਲ੍ਹੇ ਦੇ ਪਿੰਡ ਨਕਸਲਵਾੜੀ ਵਿਖੇ ਸੰਘਰਸ਼ ਕਰ ਰਹੇ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਟਕਰਾਓ ਹੋਣ ਕਰਕੇ 11 ਵਿਅਕਤੀ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ। ਇਕ ਕਿਸਮ ਨਾਲ ਨਕਸਲਵਾੜੀ ਲਹਿਰ ਦਾ ਇਹ ਆਗਾਜ਼ ਸੀ।
ਅ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਸ਼ੁਰੂਆਤ
ਪੰਜਾਬ ਵਿੱਚ ਕਮਿਊਨਿਸਟ ਸੁਚੇਤ ਨੇਤਾਵਾਂ ਨੇ ਪੱਛਵੀਂ ਬੰਗਾਲ ਤੋਂ ਪ੍ਰਭਾਵਤ ਹੋ ਕੇ ਲੋਕ ਪੱਖੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ 1971 ਵਿੱਓ ਨਕਸਲੀ ਲਹਿਰ ਦੇ ਤਿੰਨ ਗਰੁਪ ਕੰਮ ਕਰਨ ਲੱਗ ਪਏ ਅਤੇ 1972 ਵਿੱਚ ਇਸ ਦਾ ਪ੍ਰਭਾਵ ਸਾਹਮਣੇ ਆਇਆ।
ੲ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
 ਪੰਜਾਬ ਵਿੱਚ ਇਸ ਲਹਿਰ ਦੇ ਪ੍ਰਭਾਵ ਹੇਠ 100 ਦੇ ਲਗਪਗ ਪੇਪਰ ਪ੍ਰਕਾਸ਼ਤ ਹੋਏ। ਇਨ੍ਹਾਂ ਪੇਪਰਾਂ ਦੇ ਪ੍ਰਕਾਸ਼ਤ ਹੋਣ ਨਾਲ ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਭਾਵ ਸ਼ਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਸਾਹਿਤਕ  ਪੱਤਰਕਾਰੀ ਵੀ ਸਿਖ਼ਰਾਂ ਤੇ ਪਹੁੰਚ ਗਈ, ਇਕ ਕਿਸਮ ਨਾਲ ਪੰਜਾਬੀ ਪੱਤਰਕਾਰੀ ਵਿੱਚ ਇਨਕਲਾਬੀ ਤਬਦੀਲੀ ਆਈ।
 ਸ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਦੀ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਬੰਦ ਕਮਿਊਨਿਸਟ ਨੇਤਾਵਾਂ ਨੇ ਜੇਲ੍ਹਾਂ ਵਿੱਚੋਂ ਬਾਹਰ ਆ ਕੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। 2020 ਤੱਕ ਕਮਿਊਨਿਸਟ ਪੰਜਾਬੀਆਂ ਦੇ ਦੋ ਦਰਜਨ ਗਰੁਪ ਬਣ ਕੇ ਸਰਗਰਮ ਹੋ ਗਏ। ਇਸ ਸਮੇਂ ਦੌਰਾਨ ਪਹਿਲਾਂ ਪ੍ਰਕਾਸ਼ਤ ਹੋ ਰਹੇ ਕੁਝ ਅਖ਼ਬਾਰ ਬੰਦ ਹੋ ਗਏ ਅਤੇ ਕੁਝ ਨਵੇਂ ਸ਼ੁਰੂ ਹੋ ਗਏ। ਲਗਪਗ 80 ਅਖ਼ਬਾਰ ਪ੍ਰਕਾਸ਼ਤ ਹੁੰਦੇ ਰਹੇ।
 251 ਪੰਨਿਆਂ, 320 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸਮਾਜ ਸੇਵਾ ਨੂੰ ਪ੍ਰਣਾਇਆ : ਭਗਵਾਨ ਦਾਸ ਗੁਪਤਾ - ਉਜਾਗਰ  ਸਿੰਘ

ਭਗਵਾਨ ਦਾਸ ਗੁਪਤਾ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਹਰ ਸਮੇਂ ਸਮਾਜ ਸੇਵਾ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ। ਸਮਾਜ ਸੇਵਾ ਨਾਲ ਸੰਬੰਧਤ ਹਰ ਰੋਜ਼ ਹੀ ਅਖ਼ਬਾਰਾਂ ਵਿੱਚ ਭਗਵਾਨ ਦਾਸ ਗੁਪਤਾ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਈਆਂ ਹੁੰਦੀਆਂ ਹਨ। ਇਤਨੀਆਂ ਖ਼ਬਰਾਂ ਤਾਂ ਕਿਸੇ ਸਿਆਸਤਦਾਨ ਦੀਆਂ ਵੀ ਪ੍ਰਕਾਸ਼ਤ ਨਹੀਂ ਹੁੰਦੀਆਂ। ਇਨ੍ਹਾਂ ਖ਼ਬਰਾਂ ਤੋਂ ਉਸ ਦੀ ਸਮਾਜ ਸੇਵਾ ਬਾਰੇ ਬਚਨਵੱਧਤਾ ਦਾ ਪਤਾ ਲਗਦਾ ਹੈ। ਉਸ ਦਾ ਲੋਕ ਸੰਪਰਕ ਦਾ ਤਾਣਾ ਬਾਣਾ ਕਾਫੀ ਮਜ਼ਬੂਤ ਹੋਵੇਗਾ। ਇਉਂ ਮਹਿਸੂਸ ਹੋ ਰਿਹਾ ਹੈ ਕਿ ਚੋਣ ਲੜਨ ਦੀ ਇੱਛਾ ਉਸ ਦੇ ਮਨ ਵਿੱਚ ਤੁਣਕੇ ਮਾਰ ਰਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਤੋਂ ਪਹਿਲਾਂ ਪਟਿਆਲਾ ਵਿਖੇ ਪ੍ਰਾਣ ਸਭਰਵਾਲ ਦਾ ਲੋਕ ਸੰਪਰਕ ਸਭ ਤੋਂ ਮਜ਼ਬੂਤ ਗਿਣਿਆਂ ਜਾਂਦਾ ਸੀ। ਉਸ ਦੀਆਂ ਸਰਗਰਮੀਆਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ। ਭਗਵਾਨ ਦਾਸ ਗੁਪਤਾ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਿਕ, ਸਾਹਿਤਕ, ਕਲਾ, ਮਨੋਰੰਜਨ, ਸਵੈ-ਇੱਛਤ, ਆਰਥਿਕ ਅਤੇ ਫਿਲਮੀ ਸੰਸਥਾਵਾਂ ਦੇ ਪ੍ਰਧਾਨ/ਚੇਅਰਮੈਨ/ਮੈਂਬਰ ਹਨ। ਇਨ੍ਹਾਂ ਸੰਸਥਾਵਾਂ ਦੀਆਂ ਸਰਗਰਮੀਆਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਤ ਕਰਦੀਆਂ ਰਹਿੰਦੀਆਂ ਹਨ। ਇਤਨੇ ਮੋਮੈਂਟੋ ਅਤੇ ਤੋਹਫ਼ੇ ਭਗਵਾਨ ਦਾਸ ਗੁਪਤਾ ਦੇ ਡਰਾਇੰਗ ਰੂਮ ਦੀ ਸ਼ੋਭਾ ਵਧਾ ਰਹੇ ਹੋਣਗੇ। ਉਸ ਨੂੰ ਬਚਪਨ ਵਿੱਚ ਹੀ ਸਮਾਜ ਸੇਵਾ ਦੀ ਪ੍ਰਵਿਰਤੀ ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚੋਂ ਹੀ ਮਿਲੀ ਹੈ ਪ੍ਰੰਤੂ ਇਸ ਪ੍ਰਵਿਰਤੀ ਨੂੰ ਉਤਸ਼ਾਹ ਪਿੰਡ ਦੇ ਪ੍ਰਸਿੱਧ ਸਮਾਜ ਸੇਵਕ ਮਰਹੂਮ ਕਰਤਾਰ ਸਿੰਘ ਧਾਲੀਵਾਲ ਤੋਂ ਪ੍ਰੇਰਤ ਹੋ ਕੇ ਮਿਲਿਆ। ਸਮਾਜ ਸੇਵਾ ਨੂੰ ਭਗਵਾਨ ਦਾਸ ਗੁਪਤਾ ਆਪਣੀ ਪੁਸ਼ਤੈਨੀ ਜ਼ਿੰਮੇਵਾਰੀ ਸਮਝਦਾ ਹੈ। ਕਈ ਵਾਰ ਤਾਂ ਭਗਵਾਨ ਦਾਸ ਗੁਪਤਾ ਦੀ ਮਸ਼ਰੂਫੀਅਤ ਵੇਖ ਕੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਉਹ ਆਪਣੇ ਕਾਰੋਬਾਰ ਅਤੇ ਪਰਿਵਾਰਿਕ ਜ਼ਰੂਰਤਾਂ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ?
ਉਨ੍ਹਾਂ ਸਰਕਾਰੀ ਉਦਯੋਗਿਕ ਸੰਸਥਾ ਪਟਿਆਲਾ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਪਾਸ ਕੀਤਾ। ਉਸ ਤੋਂ ਬਾਅਦ ਉਸ ਨੇ ਹਾਰਲਿਕਸ ਫੈਕਟਰੀ ਨਾਭਾ ਵਿਖੇ ਇਕ ਸਾਲ ਜੂਨੀਅਰ ਡਰਾਫ਼ਟਸਮੈਨ ਦੀ ਨੌਕਰੀ ਕੀਤੀ। ਇਥੇ ਵੀ ਦਿਲ ਨਾ ਲੱਗਿਆ, ਉਸ ਨੇ ਜ਼ਿੰਦਗੀ ਵਿੱਚ ਸੈਟਲ ਹੋਣ ਲਈ ਬੜੇ ਪਾਪੜ ਵੇਲੇ। ਫਿਰ ਉਹ 1981 ਵਿੱਚ ਭਾਰਤੀ ਫ਼ੌਜ ਦੀ ਥਲ ਸੈਨਾ ਦੇ ਸਿਗਨਲ ਕੋਰ ਵਿੱਚ ਵਾਇਰਲੈਸ ਅਪ੍ਰੇਟਰ ਭਰਤੀ ਹੋ ਗਿਆ। ਘੁੰਮਣ ਫਿਰਨ ਵਾਲਾ ਆਜ਼ਾਦ ਪੰਛੀ ਭਗਵਾਨ ਦਾਸ ਗੁਪਤਾ ਲਈ ਫ਼ੌਜ ਦੀ ਅਨੁਸ਼ਾਸਨ ਵਾਲੀ ਨੌਕਰੀ ਵਿੱਚ ਰਹਿਣਾ ਔਖਾ ਹੋ ਗਿਆ, ਕਿਉਂਕਿ ਇਕ ਥਾਂ ਟਿਕ ਕੇ ਬੈਠਣਾ ਉਸ ਲਈ ਪਿੰਜਰੇ ਵਿੱਚ ਕੈਦ ਹੋਣ ਦੇ ਬਰਾਬਰ ਸੀ। ਉਥੇ ਵੀ ਉਸ ਨੇ 5 ਕੁ ਮਹੀਨੇ ਨੌਕਰੀ ਕੀਤੀ। ਇਸ ਲਈ ਉਹ ਫ਼ੌਜ ਦੀ ਨੌਕਰੀ ਨੂੰ ਤਿਲਾਂਜ਼ਲੀ ਦੇ ਕੇ ਵਾਪਸ ਆਪਣੇ ਪਿੰਡ ਮੰਡੌਰ ਆ ਗਿਆ। ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਖੇਡ ਟੂਰਨਾਮੈਂਟਾਂ, ਸਭਿਆਚਾਰਿਕ ਪ੍ਰੋਗਰਾਮਾ, ਭਲਵਾਨਾ ਦੀਆਂ ਕੁਸ਼ਤੀਆਂ ਦੇ ਅਖਾੜਿਆਂ ਅਤੇ ਹੋਰ ਸਰਗਰਮੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ। ਇਨ੍ਹਾਂ ਸਮਾਗਮਾ ਵਿੱਚ ਉਹ ਪਾਣੀ ਪਿਲਾਉਣ ਦੀ ਸੇਵਾ ਨਿਭਾਉਂਦਾ ਰਿਹਾ ਹੈ। ਪਟਿਆਲਾ ਆਉਣ ਤੋਂ ਪਹਿਲਾਂ ਉਹ ਰਖੜਾ ਤੋਂ ਪੱਤਰਕਾਰੀ ਵੀ ਕਰਦਾ ਰਿਹਾ। ਜਦੋਂ ਉਹ ਟਿਕ ਕੇ ਕੰਮ ਨਾ ਕਰ ਸਕਿਆ ਤਾਂ ਉਸ ਦੇ ਮਾਪਿਆਂ ਨੇ 15 ਦਸੰਬਰ 1985 ਨੂੰ ਪ੍ਰੇਮ ਲਤਾ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਗ੍ਰਹਿਸਤੀ ਦੇ ਪਿੰਜਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਪਟਿਆਲਾ ਸ਼ਹਿਰ ਵਿੱਚ ਆ ਕੇ ਵਸ ਗਿਆ। ਪਟਿਆਲਾ ਸ਼ਹਿਰ ਵਿੱਚ ਆ ਕੇ ਉਸ ਨੇ ਇਨ੍ਹਾਂ ਖੇਤਰਾਂ ਦੀਆਂ ਸਰਗਰਮੀਆਂ ਨੂੰ ਜ਼ਾਰੀ ਰੱਖਿਆ ਹੋਇਆ ਹੈ। ਉਨ੍ਹਾਂ ਸਤੰਬਰ 2011 ਵਿੱਚ ਆਪਣੇ ਸਹਿਯੋਗੀਆਂ ਨਾਲ ਰਲਕੇ ਡਰੀਮਜ਼ ਆਫ਼ ਸ਼ੋਸ਼ਲ ਟਰੈਂਡਜ਼ (ਦੋਸਤ) ਨਾਮ ਦੀ ਸੰਸਥਾ ਸਥਾਪਤ ਕੀਤੀ। ਇਸ ਸੰਸਥਾ ਰਾਹੀਂ ਸਰਦੀ ਦੇ ਮੌਸਮ ਵਿੱਚ ਗ਼ਰੀਬ ਲੋਕਾਂ ਨੂੰ ਰਜਾਈਆਂ ਵੰਡਣੀਆਂ, ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਆਰ.ਓ ਲਗਵਾਣੇ, ਛਾਂ-ਦਾਰ ਰੱਖ, ਮੈਡੀਸਨ ਅਤੇ ਫਲਦਾਰ ਪੌਦੇ ਲਗਵਾਣ ਦੀ ਸੇਵਾ ਕਰਦਾ ਰਿਹਾ। ਇਸੇ ਤਰ੍ਹਾਂ ਪਿੰਗਲਾ ਆਸ਼ਰਮ, ਬਿਰਧ ਆਸ਼ਰਮ, ਅਤੇ ਅਨਾਥ ਆਸ਼ਰਮਾਂ ਵਿੱਚ ਫਲ ਫਰੂਟ ਅਤੇ ਅਨਾਜ ਆਦਿ ਦਿੱਤੇ। ਗ਼ਰੀਬ ਲੋਕਾਂ ਨੂੰ ਰਾਸ਼ਣ ਵੰਡਿਆ। ਖ਼ੂਨ ਦਾਨ ਅਤੇ ਮੈਡੀਕਲ ਕੈਂਪ ਲਗਵਾਏ। ਨਸ਼ਿਆ ਵਿਰੁਧ ਜਾਗ੍ਰਤੀ ਮੁਹਿੰਮ ਚਲਾਈ ਗਈ।  ਅੰਗਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਭਗਵਾਨ ਦਾਸ ਗੁਪਤਾ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ, ਇੰਟਰਨੈਸ਼ਨਲ ਲੋਕ ਗਾਇਕ ਮੰਚ ਪੰਜਾਬ ਦੇ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਪਟਿਆਲਾ ਅਤੇ ਰਾਸ਼ਟਰੀਆ ਕਵੀ ਸੰਗਮ ਪੰਜਾਬ ਦੇ ਸਰਪ੍ਰਸਤ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲਕੇ ਸਮਾਜ ਸੇਵਾ ਦਾ ਕਾਰਜ ਕਰ ਰਹੇ ਹਨ।  ਉਹ ਪਟਿਆਲਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਟ੍ਰੈਫਿਕ ਮਾਰਸ਼ਲ, ਕਮਿਊਨਿਟੀ ਰਿਸੋਰਸ ਸੈਂਟਰ, ਪੁਲਿਸ ਸਾਂਝ ਕੇਂਦਰ ਤਿ੍ਰਪੜੀ ਦੇ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।  ਉਨ੍ਹਾਂ ਨੂੰ 1997 ਵਿੱਚ ਨਹਿਰੂ ਯੁਵਕ ਕੇਂਦਰ ਪਟਿਆਲਾ ਅਤੇ 26 ਜਨਵਰੀ 2015 ਵਿੱਚ ਪੰਜਾਬ ਸਰਕਾਰ ਵਲੋਂ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਸਨਮਾਨ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।
  ਭਗਵਾਨ ਦਾਸ ਗੁਪਤਾ ਦਾ ਜਨਮ 6  ਸਤੰਬਰ 1960 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਮੰਡੌਰ ਵਿਖੇ ਦੇ ਪਿਤਾ ਰਾਮ ਲਾਲ ਗੁਪਤਾ ਅਤੇ ਮਾਤਾ ਸੀਤਾ ਦੇਵੀ ਦੀ ਕੁਖੋਂ ਹੋਇਆ। ਉਸ ਨੂੰ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਲਈ ਪੰਜ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਨੌਹਰਾ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਟਿਆਲਾ, ਬੀ.ਐਨ.ਖਾਲਸਾ ਸਕੂਲ ਸਰਹੰਦ ਰੋਡ ਪਟਿਆਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਰ ਵਿੱਚ ਜਾਣਾ ਪਿਆ। ਉਸ ਤੋਂ ਬਾਅਦ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਮੰਡੌਰ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ।  ਉਸ ਦੇ ਤਿੰਨ ਬੱਚੇ ਹਨ। ਦੋ ਲੜਕੀਆਂ ਸਨੀ ਗੁਪਤਾ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ, ਇੰਜੀਨੀਅਰ ਪਲਵੀ ਗੁਪਤਾ ਭਾਰਤੀ ਸੰਚਾਰ ਨਿਗਮ ਵਿੱਚ ਜੇ.ਟੀ.ਓ, ਲੜਕਾ ਪੁਸ਼ਪਿੰਦਰ ਗੁਪਤਾ ਮਾਲ ਪਟਵਾਰੀ ਅਤੇ ਨੂੰਹ ਨਿਸ਼ੂਕਾ ਗੁਪਤਾ ਸਾਇੰਸ ਅਧਿਆਪਕਾ ਹਨ।

       ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ    
       ਮੋਬਾਈਲ-94178 13072
        ujagarsingh48@yahoo.com