ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ - ਉਜਾਗਰ ਸਿੰਘ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਥਾਂ ਗ਼ਲਤੀ ਦਰ ਗ਼ਲਤੀ ਕਰਦੀ ਜਾ ਰਹੀ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੁਅਤਲੀ/ਜਥੇਦਾਰੀ ਦੇ ਅਹੁਦੇ ਦੇ ਫਰਜ਼ ਨਿਭਾਉਣ ‘ਤੇ ਲਗਾਈ ਗਈ ਰੋਕ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਦਾ ਖੁਸਿਆ ਹੋਇਆ ਵਕਾਰ ਬਹਾਲ ਕਰਨ ਵਿੱਚ ਸਹਾਈ ਹੋ ਸਕਦੀ ਹੈ? ਬਿਲਕੁਲ ਕੋਈ ਸੰਭਾਵਨਾ ਨਹੀਂ ਲੱਗਦੀ, ਸਗੋਂ ਇਉਂ ਲੱਗ ਰਿਹਾ ਹੈ ਕਿ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਨੂੰ ਖ਼ਤਮ ਕਰਨ ‘ਤੇ ਤੁਲੀ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੇ ਇਸ ਜਲਦਬਾਜੀ ਵਿੱਚ ਲਏ ਗਏ ਫ਼ੈਸਲੇ ਦਾ ਸਿੱਖ ਕੌਮ ਨੂੰ ਕੀ ਲਾਭ ਹੋਵੇਗਾ? ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਵਤ ਜਥੇਦਾਰ ਸਾਹਿਬਾਨ ਦੀ ਸ਼ਾਖ਼ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਰਤਮਾਨ ਫ਼ੈਸਲੇ ਨਾਲ ਉਨ੍ਹਾਂ ਦਾ ਖੋਇਆ ਹੋਇਆ ਵਕਾਰ ਮੁੜ ਬਹਾਲ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ ਅਜਿਹਾ ਫ਼ੈਸਲਾ ਪਹਿਲੀ ਵਾਰ ਨਹੀਂ ਕੀਤਾ, ਜਦੋਂ ਕੋਈ ਜਥੇਦਾਰ ਉਨ੍ਹਾਂ ਮੁਤਾਬਕ ਫ਼ੈਸਲੇ ਨਹੀਂ ਕਰਦਾ ਫਿਰ ਉਹ ਕੋਈ ਬਹਾਨਾ ਬਣਾਕੇ ਉਸਨੂੰ ਹਟਾ ਦਿੰਦੇ ਹਨ। ਸਭ ਤੋਂ ਪਹਿਲਾਂ 1999 ਵਿੱਚ ਭਾਈ ਰਣਜੀਤ ਸਿੰਘ , ਮਾਰਚ 2000 ਵਿੱਚ ਗਿਆਨੀ ਪੂਰਨ ਸਿੰਘ, 2003 ਵਿੱਚ ਭਾਈ ਮਨਜੀਤ ਸਿੰਘ, 2015 ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ, 2017 ਵਿੱਚ ਗਿਆਨੀ ਗੁਰਮੁੱਖ ਸਿੰਘ ਅਤੇ ਛੇਵੇਂ ਗਿਆਨੀ ਹਰਪ੍ਰੀਤ ਸਿੰਘ ਹਨ। ਹਾਲਾਂ ਕਿ ਜਥੇਦਾਰ ਸਾਹਿਬਾਨ ਵਿਰੁੱਘ ਅਜਿਹਾ ਫ਼ੈਸਲਾ ਕਰਨ ਦਾ ਅਧਿਕਾਰੀ ਕਮੇਟੀ ਕੋਲ ਹੈ ਹੀ ਨਹੀਂ। ਇਹ ਅਧਿਕਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਹੈ। ਜੇਕਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਿਰੁੱਧ ਕੋਈ ਸ਼ਿਕਾਇਤ ਹੋਵੇ ਉਸਦੀ ਪੜਤਾਲ ਦਾ ਅਧਿਕਾਰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਕੋਲ ਹੈ। ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਿਹੜੀ ਸ਼ਿਕਾਇਤ ਉਸਦੇ ਰਿਸ਼ਤੇਦਾਰ ਨੇ ਹੁਣ ਦਿੱਤੀ ਹੈ, ਇਹ ਇੱਕ ਪਰਿਵਾਰਿਕ ਮਸਲਾ/ਝਗੜਾ ਹੈ, ਜੋ ਹਰ ਪਰਿਵਾਰ ਵਿੱਚ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ‘ਤੇ 1999 ਵਿੱਚ ਇਹ ਦੋਸ਼ ਲੱਗੇ ਸੀ, ਸ਼੍ਰੋਮਣੀ ਕਮੇਟੀ ਨੇ 2007 ਪੜਤਾਲ ਕਰਵਾਈ ਤੇ ਗਿਆਨੀ ਹਰਪ੍ਰੀਤ ਸਿੰਘ ਨਿਰਦੋਸ਼ ਪਾਇਆ ਗਿਆ। ਪ੍ਰੰਤੂ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਦੀ ਇਸੇ ਸ਼ਿਕਾਇਤ ‘ਤੇ ਪੁਲਿਸ ਨੇ ਪੜਤਾਲ ਕੀਤੀ ਜਿਸ ਕਰਕੇ ਗੁਰਪ੍ਰੀਤ ਸਿੰਘ ਨੂੰ ਸਜਾ ਹੋ ਗਈ ਸੀ। ਇਹ ਸ਼ਿਕਾਇਤ ਸਜ਼ਾ ਯਾਫਤਾ ਵਿਅਕਤੀ ਨੇ ਦਿੱਤੀ ਹੈ। ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਸੀ। ਹੁਣ ਦੁਬਾਰਾ ਪੜਤਾਲ ਕਰਵਾਉਣ ਦਾ ਭਾਵ ਸ਼ਪਸ਼ਟ ਹੈ ਕਿ ਉਸਦਾ ਪੰਜ ਸਿੰਘ ਸਹਿਬਾਨ ਵਿੱਚ ਸ਼ਾਮਲ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲਗਾਉਣਾ ਹਜ਼ਮ ਨਹੀਂ ਹੋ ਰਿਹਾ। ਇਸ ਫ਼ੈਸਲੇ ‘ਤੇ ਸ਼ੱਕ ਦੀ ਸੂਈ ਘੁੰਮਦੀ ਹੈ ਕਿਉਂਕਿ ਇਹ ਫ਼ੈਸਲਾ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਨੂੰ ਤਨਖ਼ਾਹ ਲਗਾਏ ਜਾਣ ਦਾ ਪ੍ਰਤੀ ਕਰਮ ਹੈ। ਸਿੱਖ ਸੰਗਤ ਇਸ ਨੂੰ ਬਦਲੇ ਦੀ ਕਾਰਵਾਈ ਕਹਿ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਰਕਾਰ ਦੇ ਉਨ੍ਹਾਂ ਮੰਤਰੀਆਂ ਜਿਹੜੇ ਅਕਾਲੀ ਸਰਕਾਰ ਦਾ ਹਿੱਸਾ ਰਹੇ ਸਨ, ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹ ਲਗਾਏ ਜਾਣ ਤੋਂ ਬਾਅਦ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਭਵਿਖ ਖ਼ਤਰੇ ਵਿੱਚ ਪੈ ਗਿਆ ਲੱਗਦਾ ਸੀ। ਇਸ ਫ਼ੈਸਲੇ ਦਾ ਸੰਸਾਰ ਦੇ ਵੱਖ-ਵੱਖ ਹਿੱਸਿਆ ਵਿੱਚ ਵਸਦੀ ਸਿੱਖ ਸੰਗਤ ਨੇ ਖੁਲ੍ਹੇ ਦਿਲ ਨਾਲ ਸਵਾਗਤ ਕੀਤਾ, ਕਿਉਂਕਿ 1970 ਤੋਂ ਬਾਅਦ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਪੱਖਤਾ ਨਾਲ ਪੰਥਕ ਹਿੱਤਾਂ ਲਈ ਕੀਤਾ ਗਿਆ ਫ਼ੈਸਲਾ ਮੰਨਿਆਂ ਗਿਆ ਹੈ। ਇਸ ਫ਼ੈਸਲੇ ਨਾਲ ਅਕਾਲੀ ਫੂਲਾ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਨੂੰ ਲਗਾਈ ਤਨਖ਼ਾਹ ਦੀ ਯਾਦ ਤਾਜਾ ਹੋ ਗਈ ਹੈ। ਇਹ ਫ਼ੈਸਲਾ ਵੀ ਅਕਾਲੀ ਫੂਲਾ ਸਿੰਘ ਵਰਗਾ ਹੀ ਲੱਗਦਾ ਹੈ। ਸਿੱਖ ਸੰਗਤ ਨੂੰ ਮਹਿਸੂਸ ਹੋ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਉਹ ਕਿਸੇ ਸਿਆਸਤਦਾਨ ਦੇ ਹੱਥਠੋਕੇ ਨਹੀਂ ਹਨ ਅਤੇ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੁਸਤਾ ਤੇ ਮਾਣ ਮਰਿਆਦਾ ਸਰਵੋਤਮ ਹੈ। ਇਸ ਤੋਂ ਪਹਿਲਾਂ ਜਥੇਦਾਰ ਸਾਹਿਬਾਨ ‘ਤੇ ਇਲਜ਼ਾਮ ਲੱਗਦੇ ਰਹੇ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੋਠੀ ਬੁਲਾਕੇ ਫ਼ੈਸਲੇ ਕਰਨ ਦੇ ਹੁਕਮ ਦਿੱਤੇ ਜਾਂਦੇ ਸਨ। ਸਿੱਖ ਸੰਗਤ ਨੂੰ ਇਸ ਫ਼ੈਸਲੇ ਵਿੱਚੋਂ ਪੰਥਕ ਸੋਚ ਦੀ ਖ਼ੁਸ਼ਬੋ ਆਉਂਦੀ ਮਹਿਸੂਸ ਹੋ ਰਹੀ ਸੀ। ਇਉਂ ਵੀ ਲੱਗ ਰਿਹਾ ਸੀ ਕਿ ਸਜ਼ਾ ਭੁਗਤਣ ਤੋਂ ਬਾਅਦ ਸਿੱਖ ਸਿਆਸਤਦਾਨ ਸੱਚੇ ਮਾਰਗ ‘ਤੇ ਚਲਣਗੇ ਤੇ ਅਕਾਲੀ ਦਲ ਦੁਬਾਰਾ ਆਪਣੀ ਸ਼ਾਖ਼ ਬਣਾਉਣ ਦੇ ਸਮਰੱਥ ਹੋਵੇਗਾ। ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਤਨਖ਼ਾਹ ਤੋਂ ਬਾਅਦ ਲੰਬਾ ਸਮਾਂ ਸਜ਼ਾ ਨਾ ਸੁਣਾਏ ਜਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਘਬਰਾਹਟ ਵਿੱਚ ਆ ਗਏ ਸਨ, ਜਿਸਦੇ ਸਿੱਟੇ ਵਜੋਂ ਅਕਾਲੀ ਦਲ ਦੇ ਕੁਝ ਲੀਡਰਾਂ ਜਿਨ੍ਹਾਂ ਵਿੱਚੋਂ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਸਨ। ਸਮੁੱਚੇ ਸੰਸਾਰ ਦੀ ਸਿੱਖ ਸੰਗਤ ਨੇ ਵਿਰਸਾ ਸਿੰਘ ਵਲਟੋਹਾ ਦੇ ਇਲਜ਼ਾਮਾ ਦਾ ਬਹੁਤ ਬੁਰਾ ਮਨਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਅਕਾਲੀ ਦਲ ਵਿੱਚੋਂ ਕੱਢਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੂੰ ਹੁਕਮ ਕੀਤੇ ਸਨ। ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਕੱਢਿਆ ਨਹੀਂ ਸਗੋਂ ਉਸ ਤੋਂ ਅਸਤੀਫ਼ਾ ਲੈ ਲਿਆ। ਇਸ ਦਾ ਵੀ ਸਿੱਖ ਸੰਗਤ ਨੇ ਬੁਰਾ ਮਨਾਇਆ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਾ ਦੀ ਅਵੱਗਿਆ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦੇ ਪ੍ਰਧਾਨ ਦਾ ਅਸਤੀਫ਼ਾ ਕਾਰਜਕਾਰਨੀ ਨੂੰ ਤਿੰਨ ਦਿਨਾ ਵਿੱਚ ਮਨਜ਼ੂਰ ਕਰਨ ਦੀ ਹਦਾਇਤ ਤੇ ਵੀ ਅਜੇ ਤੱਕ ਅਮਲ ਨਹੀਂ ਹੋਇਆ। ਅਕਾਲੀ ਦਲ ਨੂੰ ਲਗਾਤਾਰ ਖੋਰਾ ਨੇਤਾਵਾਂ ਦੀਆਂ ਗ਼ਲਤੀਆਂ ਕਰਕੇ ਲੱਗ ਰਿਹਾ ਹੈ।
ਇਸ ਸਮੇਂ ਦੌਰਾਨ ਚਾਰ ਵਿਧਾਨ ਸਭਾ ਦੇ ਹਲਕਿਆਂ ਦੀ ਉਪ ਚੋਣ ਆ ਗਈ। ਅਕਾਲੀ ਦਲ ਨੇ ਉਪ ਚੋਣਾ ਨਾ ਲੜਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਦਾ ਅਰਥ ਇਹ ਨਿਕਲਦਾ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਦੀ ਹੋਂਦ ਹੀ ਨਹੀਂ ਜਾਂ ਇਉਂ ਕਹਿ ਲਵੋ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਕੋਲ ਕੋਈ ਸਮਰੱਥ ਨੇਤਾ ਹੀ ਨਹੀਂ। ਸਿੱਖ ਸੰਗਤ ਨੇ ਉਪ ਚੋਣਾ ਨਾ ਲੜਨ ਨੂੰ ਵੀ ਗ਼ਲਤ ਫ਼ੈਸਲਾ ਕਿਹਾ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਦਲ ਦੀ ਸ਼ੋਸ਼ਲ ਮੀਡੀਆ ਟੀਮ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ 10 ਇਲਜ਼ਾਮ ਲਗਾਕੇ ਮੀਡੀਆ ਵਿੱਚ ਸਰਕੂਲੇਟ ਕਰ ਦਿੱਤੇ ਹਨ। ਇਹ ਉਹੀ ਇਲਜ਼ਾਮ ਹਨ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਨੇ ਲਗਾਏ ਹਨ। ਇਸਦਾ ਅਰਥ ਹੈ ਕਿ ਅਕਾਲੀ ਤੇ ਸ਼੍ਰੋਮਣੀ ਕਮੇਟੀ ਨੇ ਇਹ ਇਲਜ਼ਾਮ ਉਸ ਵਿਅਕਤੀ ਤੋਂ ਖੁਦ ਲਏ ਹਨ। ਇਨ੍ਹਾਂ ਇਲਜ਼ਾਮਾ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਪਿਆਰਿਆਂ ਨੂੰ ਦੇ ਦਿੱਤਾ, ਕੀ ਹਰਜਿੰਦਰ ਸਿੰਘ ਧਾਮੀ ਦੀ ਅੰਤ੍ਰਿੰਗ ਕਮੇਟੀ ਪੰਜ ਪਿਆਰਿਆਂ ਨਾਲੋਂ ਵੱਡੀ ਹੈ? ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗਿ ਲੁਧਿਆਣਾ ਜ਼ਿਲ੍ਹਾ ਦੇ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਪ੍ਰੰਤੂ ਕੁਝ ਕਮੇਟੀ ਮੈਂਬਰਾਂ ਦੇ ਇਤਰਾਜ਼ ਕਰਨ ‘ਤੇ ਇੱਕ ਤਿੰਨ ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਬਣਾਈ ਹੈ, ਜਿਹੜੀ ਗਿਆਨੀ ਹਰਪ੍ਰੀਤ ‘ਤੇ ਲੱਗੇ ਦੋਸ਼ਾਂ ਦੀ ਪੜਤਾਲ ਕਰੇਗੀ, ਉਤਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ‘ਤੇ ਸ੍ਰੀ ਅਕਾਲ ਤਖ਼ਤ ਦੀਆਂ ਮੀਟਿੰਗਾਂ ਵਿੱਚ ਜਾਣ ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੀ ਥਾਂ ਤਖ਼ਤ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਤਖ਼ਤ ਦਾ ਕੰਮ ਵੇਖਣ ਦੀ ਹਦਾਇਤ ਕੀਤੀ ਗਈ ਹੈ। ਤਿੰਨ ਮੈਂਬਰੀ ਕਮੇਟੀ ਵਿੱਚ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਧੜੇ (ਬਾਦਲ) ਦੇ ਹੀ ਹਨ, ਫਿਰ ਉਹ ਕਮੇਟੀ ਫ਼ੈਸਲਾ ਨਿਰਪੱਖਤਾ ਨਾਲ ਕਿਵੇਂ ਕਰੇਗੀ? ਪਾਰਦਰਸ਼ਤਾ ਲਈ ਵਿਰੋਧੀ ਧਿਰ ਦਾ ਮੈਂਬਰ ਕਮੇਟੀ ਵਿੱਚ ਲੈਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕਦਮਾ ਨਾਲ ਉਸਦੀ ਨੀਅਤ ‘ਤੇ ਸ਼ੱਕ ਦੀ ਗੁੰਜਾਇਸ਼ ਬਣ ਗਈ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਜਿਤਨੀ ਦੇਰ ਜਥੇਦਾਰ ਸਾਹਿਬਾਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੇ, ਉਦੋਂ ਉਹ ਦੁੱਧ ਧੋਤੇ ਸਨ ਪ੍ਰੰਤੂ ਜਦੋਂ ਉਨ੍ਹਾਂ ਸਚਾਈ ਦਾ ਪੰਥਕ ਮਾਰਗ ਅਪਣਾਇਆ ਉਦੋਂ ਉਨ੍ਹਾਂ ‘ਤੇ ਚਿਕੜ ਉਛਾਲਣਾ ਸ਼ੁਰੂ ਕਰ ਦਿੱਤਾ। ਜਥੇਦਾਰ ਸਾਹਿਬਾਨ ਸਿੱਖ ਜਗਤ ਲਈ ਸਰਵੋਤਮ ਧਾਰਮਿਕ ਸ਼ਖ਼ਸੀਅਤਾਂ ਹਨ, ਇਨ੍ਹਾਂ ‘ਤੇ ਇਲਜ਼ਾਮ ਲਗਾਉਣਾ ਸ਼ੁਭ ਸ਼ਗਨ ਨਹੀਂ, ਸਗੋਂ ਇਹ ਇਲਜ਼ਾਮ ਉਦੋਂ ਲਗਾਉਣੇ ਵਾਜਬ ਸਨ ਜਦੋਂ ਸਿਰਸੇ ਵਾਲੇ ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕੀਤਾ ਸੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫ਼ੈਸਲਾ ਰੱਦ ਕਰ ਦੇਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ, ਇਤਿਹਾਸ ਵਿੱਚ ਉਨ੍ਹਾਂ ਦੇ ਨਾਮ ਉਨ੍ਹਾਂ ਜਥੇਦਾਰਾਂ ਨਾਲ ਅੰਕਤ ਹੋ ਜਾਣਗੇ ਜਿਨ੍ਹਾਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com