ਹਮਲੇ ਤੇ ਹਿੰਸਕ ਗਤੀਵਿਧੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੇ - ਉਜਾਗਰ ਸਿੰਘ

ਸਭਿਅਕ ਸਮਾਜ ਵਿੱਚ ਹਮਲੇ, ਅਰਾਜਕਤਾ, ਹਿੰਸਕ ਕਾਰਵਾਈਆਂ ਅਤੇ ਲੜਾਈਆਂ ਝਗੜੇ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਣ, ਉਹ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦੇ। ਇਨ੍ਹਾਂ ਹਮਲਿਆਂ ਨੂੰ ਇਨਸਾਨੀਅਤ ਦੇ ਭਲੇ ਲਈ ਚੰਗਾ ਵੀ ਨਹੀਂ ਸਮਝਿਆ ਜਾਂਦਾ। ਇਹ ਹੁੰਦੇ ਕਿਉਂ ਹਨ? ਇਨ੍ਹਾਂ ਤੇ ਪੰਜਾਬੀ/ਸਿੱਖ ਸੰਜੀਦਗੀ ਨਾਲ ਵਿਚਾਰ ਕਿਉਂ ਨਹੀਂ ਕਰਦੇ? ਇਹ ਕਦੀਂ ਵੀ ਕਿਸੇ ਵੀ ਸਮਾਜ ਦੇ ਸੁਨਹਿਰੇ ਭਵਿਖ ਲਈ ਚੰਗੇ ਨਹੀਂ ਹੁੰਦੇ, ਸਗੋਂ ਉਸਦੇ ਰਾਹ ਵਿੱਚ ਰੋੜਾ ਬਣਦੇ ਹਨ। ਹਮਲਾ ਕਰਨ ਵਾਲਿਆਂ ਦੀ ਮਾਨਸਿਕਤਾ ਅਤੇ ਦੁੱਖ ਦਰਦਾਂ ਦੀ ਸਮੀਖਿਆ ਕਰਕੇ ਸਰਕਾਰਾਂ/ਸਮਾਜ ਨੂੰ ਕੋਈ ਸਾਰਥਿਕ ਹੱਲ ਲੱਭਣੇ ਚਾਹੀਦੇ ਹਨ। ਕਿਸੇ ਸਮਾਜ ਦੀ ਤਰੱਕੀ ਸ਼ਾਂਤਮਈ ਮਾਹੌਲ ਵਿੱਚ ਹੀ ਹੋ ਸਕਦੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਤਨਖ਼ਾਹ ਦੀ ਪਾਲਣਾ ਕਰਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਚੋਬਦਾਰ ਵੱਜੋਂ ਸੇਵਾ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੇ ਇੱਕ ਵਾਰ ਫਿਰ ਪੰਜਾਬ ਦੇ ਕਾਲੇ ਦਿਨਾ ਦੀ ਯਾਦ ਤਾਜਾ ਕਰਵਾ ਦਿੱਤੀ ਹੈ। ਭਾਵੇਂ ਇਹ ਹਮਲਾ ਨਿੱਜੀ ਰੰਜਸ਼ ਦਾ ਲੱਗਦਾ ਹੈ ਪ੍ਰੰਤੂ ਸਾਰੇ ਪੱਖ ਅਜੇ ਪੜਤਾਲ ਦਾ ਵਿਸ਼ਾ ਹਨ। ਇਹ ਹਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਤਨਖ਼ਾਹ  ਕਰਕੇ ਚੋਬਦਾਰ ਦੇ ਰੂਪ ਵਿਚ ਤਨਖ਼ਾਹ ਪੂਰੀ ਕਰ ਰਹੇ ਸੇਵਾਦਾਰ ‘ਤੇ ਹਮਲਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਹ ਕੋਈ ਪਹਿਲੀ ਵਾਰ ਹਮਲਾ ਨਹੀਂ ਹੋਇਆ। ਸਿੱਖਾਂ ਦੀ ਖ਼ਾਨਜੰਗੀ ਕਰਕੇ ਪਹਿਲਾਂ ਵੀ ਆਪਸੀ ਖਹਿਬਾਜ਼ੀ ਕਰਕੇ ਕਈ ਨੌਜਵਾਨ ਕਾਲੇ ਦਿਨਾਂ ਵਿੱਚ ਪਾਟੋਧਾੜ ਕਰਕੇ ਮਾਰੇ ਗਏ ਸਨ। ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹਾਂ ਨਾਲ ਵੇਖਣਾਂ ਪੰਜਾਬੀਆਂ/ਸਿੱਖਾਂ ਲਈ ਹਮੇਸ਼ਾ ਘਾਤਕ ਸਾਬਤ ਹੁੰਦਾ ਰਿਹਾ ਹੈ, ਕਿਉਂਕਿ ਸਿੱਖ ਕੌਮ ਵਿੱਚ ਗ਼ਦਾਰਾਂ ਦਾ ਇਤਿਹਾਸ ਹੈ। ਇਸ ਤੋਂ ਪਹਿਲਾਂ ਅੱਸੀਵਿਆਂ ਵਿੱਚ ਅਨੇਕਾਂ ਘਟਨਾਵਾਂ ਹੋਈਆਂ। ਇਸੇ ਤਰ੍ਹਾਂ ਇੱਕ ਸ੍ਰੀ ਦਰਬਾਰ ਸਹਿਬ ਵਿੱਚ ਮੱਥਾ ਟੇਕਣ ਆਏ ਨੌਕਰੀ ਕਰ ਰਹੇ ਆਈ.ਪੀ.ਐਸ.ਅਧਿਕਾਰੀ ਅਟਵਾਲ ‘ਤੇ ਵੀ ਹਮਲਾ ਹੋਇਆ ਸੀ ਤੇ ਉਹ ਮਾਰਿਆ ਗਿਆ ਸੀ। ਹੋਰ ਵੀ ਕਈ ਨੌਜਵਾਨ ਕਈ ਘਟਨਾਵਾਂ ਦੌਰਾਨ ਮਾਰੇ ਗਏ ਸਨ।  ਉਦੋਂ ਵੀ ਪਕੜ ਧਕੜ ਪੰਜਾਬੀਆਂ/ਸਿੱਖਾਂ ਦੀ ਹੀ ਹੋਈ ਸੀ, ਉਨ੍ਹਾਂ ‘ਤੇ ਅਥਾਹ ਤਸ਼ੱਦਦ ਹੋਇਆ। ਉਦੋਂ ਮਰਨ ਤੇ ਮਾਰਨ ਵਾਲੇ ਭਾਵੇਂ ਉਹ ਪੁਲਿਸ ਵਾਲੇ ਹੀ ਕਿਉਂ ਨਾ ਹੋਣ ਉਹ ਵੀ ਸਾਰੇ ਪੰਜਾਬੀ/ਸਿੱਖ ਸਨ। ਹੁਣ ਵੀ ਗੋਲੀ ਚਲਾਉਣ ਵਾਲਾ ਇੱਕ ਪੰਜਾਬੀ/ਸਿੱਖ ਹੀ ਹੈ। ਗੋਲੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਬਾਹਰਲੇ ਦਰਵਾਜ਼ੇ ਨੂੰ ਲੱਗੀ ਹੈ। ਸ੍ਰੀ ਹਰਿਮੰਦਰ ਸਾਹਿਬ ਪੰਜਾਬੀਆਂ/ਸਿੱਖਾਂ ਦਾ ਸਰਵੋਤਮ ਪਵਿਤਰ ਧਾਰਮਿਕ ਸਥਾਨ ਹੈ। ਪੰਜਾਬੀਆਂ/ਸਿੱਖਾਂ ਨੇ ਅਰਾਜਕਤਾ ਦਾ ਬਹੁਤ ਹੀ ਦਰਦਨਾਕ ਸੰਤਾਪ ਭੋਗਿਆ ਹੈ। ਅਸਥਿਰਤਾ ਦੇ ਮਾਹੌਲ ਵਿੱਚ ਹਜ਼ਾਰਾਂ ਪੰਜਾਬੀ/ਸਿੱਖ ਆਪਣੀਆਂ ਜਾਨਾ ਦੀਆਂ ਕੁਰਬਾਨੀਆਂ ਦੇ ਚੁੱਕੇ ਹਨ। ਹਜ਼ਾਰਾਂ ਮਾਵਾਂ, ਪਤਨੀਆਂ ਅਤੇ ਧੀਆਂ ਭੈਣਾ ਆਪਣੇ ਨਜ਼ਦੀਕੀ ਸੰਬੰਧੀਆਂ ਨੂੰ ਗੁਆ ਚੁੱਕੀਆਂ ਹਨ। ਉਨ੍ਹਾਂ ਦੇ ਦਰਦਾਂ ਦੇ ਜ਼ਖ਼ਮਾਂ ਦੀ ਅਜੇ ਤੱਕ ਕਸਕ/ਚੀਸ ਪਣਪ ਰਹੀ ਹੈ। ਪੰਜਾਬੀਆਂ/ਸਿੱਖਾਂ ਨੇ ਇਹ ਕਦੀਂ ਸੋਚਿਆ ਹੈ ਕਿ ਉਸ ਦੌਰ ਵਿੱਚ ਨੁਕਸਾਨ ਕਿਸਦਾ ਹੋਇਆ? ਉਹ ਨੁਕਸਾਨ ਵੀ ਸਾਡਾ ਪੰਜਾਬੀਆਂ/ਸਿੱਖਾਂ ਦਾ ਆਪਣਾ ਹੀ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰੂ ਘਰਾਂ ‘ਤੇ ਹਮਲਾ ਹੋਇਆ, ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਕਤਲੇਆਮ ਹੋਏ, ਜਿਸਨੂੰ ਨਸਲਕੁਸ਼ੀ ਕਿਹਾ ਜਾ ਜਾਂਦਾ ਹੈ। ਫਿਰ ਅਸੀਂ ਪੰਜਾਬੀਆਂ/ਸਿੱਖਾਂ ਨੇ ਕੀ ਖੱਟਿਆ? ਸਰਕਾਰਾਂ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ। ਜਦੋਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਅਸੀਂ ਅਜਿਹੀਆਂ ਘਟਨਾਵਾਂ ਦੀ ਨਿੰਦਿਆ ਕਰਕੇ ਹੀ ਚੁੱਪ ਕਰ ਜਾਂਦੇ ਹਾਂ। ਜਿਵੇਂ ਹੁਣ ਸੁਖਬੀਰ ਸਿੰਘ ਉਪਰ ਹੋਈ ਜਾਨ ਲੇਵਾ ਇਸ ਘਟਨਾ ਦੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ, ਇਥੋਂ ਤੱਕ ਕਿ ਛੋਟੇ ਛੋਟੇ ਵਰਕਰਾਂ ਅਤੇ ਧਾਰਮਿਕ ਵਿਅਕਤੀਆਂ ਨੇ ਵੀ ਨਿੰਦਿਆ ਕੀਤੀ ਹੈ, ਇਹ ਚੰਗੀ ਗੱਲ ਹੈ ਪ੍ਰੰਤੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬੀ/ਸਿੱਖ ਇੱਕਮਤ ਤੇ ਇੱਕਮੁੱਠ ਕਿਉਂ ਨਹੀਂ ਹੁੰਦੇ? ਜਿਵੇਂ ਹੁਣ ਇੱਕ ਦੂਜੇ ਤੋਂ ਮੂਹਰੇ ਹੋ ਕੇ ਨਿੰਦਿਆ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਿਉਂ ਤਤਪਰ ਨਹੀਂ ਹੁੰਦੇ?Êਵਰਕਰਾਂ ਨੂੰ ਚਾਹੀਦਾ ਹੈ, ਜਦੋਂ ਉਨ੍ਹਾਂ ਦੇ ਨੇਤਾ ਮਨਮਰਜ਼ੀਆਂ ਕਰਕੇ ਲੋਕਾਂ ਨਾਲ ਧੋਖਾ ਕਰਦੇ ਹਨ ਤਾਂ ਉਨ੍ਹਾਂ ਨੂੰ ਚੁਪ ਕਰਕੇ ਬੈਠਣਾ ਨਹੀਂ ਚਾਹੀਦਾ ਸਗੋਂ ਗ਼ਲਤ ਨੂੰ ਗ਼ਲਤ ਕਹਿਣਾ ਚਾਹੀਦਾ। ਨੇਤਾਵਾਂ ਦੀ ਆਪਣੀਆਂ ਖੁਦਗਰਜੀਆਂ ਕਰਕੇ ਚਮਚਾਗਿਰੀ ਕਰਨ ਲੱਗ ਜਾਂਦੇ ਹਨ। ਇਨ੍ਹਾਂ ਵਰਕਰਾਂ/ਲੋਕਾਂ ਨੂੰ ਆਪੋ ਆਪਣੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਜਿਹੇ ਹਾਲਾਤਾਂ ਵਿੱਚੋਂ ਬਾਹਰ ਕੱਢਣ ਲਈ ਜ਼ੋਰ ਪਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਆਪਣੇ ਘਰ ਪਰਿਵਾਰ ਫੂਕ ਪੰਜਾਬੀ/ਸਿੱਖ ਤਮਾਸ਼ਾ ਵੇਖ ਰਹੇ ਹਨ। ਕੇਂਦਰੀ ਸਰਕਾਰਾਂ ਦੀਆਂ ਏਜੰਸੀਆਂ ਤਾਂ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਦਾ ਅਜਿਹੀਆਂ ਕਾਰਵਾਈਆਂ ਪਿੱਛੇ ਹੋਣ ਦੇ ਸ਼ੱਕ ਪੈਦਾ ਹੁੰਦੇ ਹਨ। ਉਨ੍ਹਾਂ ਏਜੰਸੀਆਂ ਵਿੱਚ ਵੀ ਸਾਡੇ ਆਪਣੇ ਹੁੰਦੇ ਹਨ। ਸੋਚਣਾ ਤਾਂ ਸਾਨੂੰ ਪੰਜਾਬੀਆਂ/ਸਿੱਖਾਂ ਨੂੰ ਪਵੇਗਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬੀਆਂ/ਸਿੱਖਾਂ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ। ਗੁਰਬਾਣੀ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਵੈਸੇ ਸਾਰੇ ਧਰਮ ਹੀ ਕਤਲੇਆਮ ਨੂੰ ਪ੍ਰਵਾਨ ਨਹੀਂ ਕਰਦੇ। ਅਸੀਂ ਪੰਜਾਬੀ ਸਿੱਖ/ਗ਼ਲਤੀ ਤੇ ਗ਼ਲਤੀ ਕਰਕੇ ਆਪਣਾ ਨੁਕਸਾਨ ਆਪ ਕਰ ਰਹੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹੁਣ ਵੀ ਸੰਗਠਤ ਹੋ ਕੇ ਸੰਵੇਦਨਸ਼ੀਲ ਬਣੋ ਤਾਂ ਜੋ ਪੰਜਾਬ ਬਚਿਆ ਰਹੇ।
    ਜੇਕਰ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਸੰਜੀਦਾ ਹੋ ਕੇ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੁਣ ਤਾਂ ਹਰ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ, ਜਦੋਂ ਵੀ ਲੋਕਾਈ ਦੀ ਕੋਈ ਮੰਗ ਉਠਦੀ ਹੈ ਤਾਂ ਸਰਕਾਰਾਂ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਿੱਚ ਸਮਾਂ ਬਰਬਾਦ ਕਰਦੀਆਂ ਹਨ। ਜੇਕਰ ਤੁਰੰਤ ਉਨ੍ਹਾਂ ਸਮੱਸਿਆਵਾਂ ਦੇ ਸਾਜਗਾਰ ਹੱਲ ਲੱਭ ਲਏ ਜਾਣ ਤਾਂ ਅਜਿਹੇ ਹਾਲਾਤ ਪੈਦਾ ਹੀ ਨਹੀਂ ਹੋ ਸਕਦੇ। ਵਕਤੀ ਤੌਰ ‘ਤੇ ਤਾਂ ਲੋਕ ਚੁੱਪ ਕਰ ਜਾਂਦੇ ਹਨ ਤੇ ਸਰਕਾਰਾਂ ਨੂੰ ਗ਼ਲਫਹਿਮੀ ਹੋ ਜਾਂਦੀ ਹੈ ਕਿ ਲੋਕ ਟਿਕ ਗਏ, ਅਸਲ ਵਿੱਚ ਅੰਦਰਖਾਤੇ ਲੋਕ ਰਿਝਦੇ ਰਹਿੰਦੇ ਹਨ। ਸਮਾਂ ਆਉਣ ਤੇ ਉਹ ਆਪਣਾ ਗੁੱਸਾ ਕੱਢਦੇ ਹਨ। ਉਨ੍ਹਾਂ ਵਿੱਚੋਂ ਕੁਝ ਕੁ ਜਿਹੜੇ ਜ਼ਿਆਦਾ ਗਰਮ ਖਿਆਲੀਏ ਹੁੰਦੇ ਹਨ, ਧਾਰਮਿਕ ਭਾਵਨਾਵਾਂ ਵਿੱਚ ਬੈਠਕੇ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ। ਫਿਰ ਸਰਕਾਰਾਂ ਉਨ੍ਹਾਂ ਨੂੰ ਸੁਧਾਰਨ ਦੀ ਥਾਂ ਤੰਗ ਪ੍ਰੇਸ਼ਾਨ ਕਰਦੀਆਂ ਹਨ। ਚਾਹੀਦਾ ਤਾਂ ਇਹ ਹੈ ਉਨ੍ਹਾਂ ਨੂੰ ਸਮਝਾ ਬੁਝਾਕੇ ਕੋਈ ਹੱਲ ਲੱਭਿਆ ਜਾਵੇ। ਵਰਤਮਾਨ ਘਟਨਾ ਦੇ ਪ੍ਰਤੀਕਰਮ ਵਜੋਂ ਕੁਝ ਸਿਆਸਤਦਾਨ ਇੱਕ ਦੂਜੇ ਦੇ ਵਿਰੁੱਧ ਦੋਸ਼ ਲਗਾਉਣ ਲੱਗ ਗਏ ਹਨ। ਉਹ ਅਜਿਹੀ ਮਾੜੀ ਘਟਨਾ ‘ਤੇ ਵੀ ਸੰਜੀਦਾ ਨਹੀਂ ਸਗੋਂ ਸਿਆਸੀ ਕਿੜਾਂ ਕੱਢਣ ਲੱਗ ਪਏ ਹਨ, ਜੋ ਸਮੇਂ ਦੀ ਨਜ਼ਾਕਤ ਅਨੁਸਾਰ ਠੀਕ ਨਹੀਂ ਹੈ। ਅਕਾਲੀ ਕਾਂਗਰਸ ਪਾਰਟੀ ਦੇ ਨੇਤਾਵਾਂ ‘ਤੇ ਇਲਜ਼ਾਮ ਲਗਾ ਰਹੇ ਹਨ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਤੇ ਅਕਾਲੀ ਸਰਕਾਰ ਦੀ ਅਣਗਹਿਲੀ ਕਹਿ ਰਹੇ ਹਨ। ਇਸ ਦੂਸ਼ਣਬਾਜ਼ੀ ਵਿੱਚੋਂ ਕੁਝ ਨਹੀਂ ਨਿਕਲਣਾ। ਮਿਲ ਬੈਠ ਕੇ ਕੋਈ ਸਮਾਧਾਨ ਲੱਭਿਆ ਜਾਵੇ। ਘਟਨਾ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਸ਼ਾਂਤੀ ਦੀ ਗੱਲ ਕਰਦੀਆਂ ਹਨ ਪ੍ਰੰਤੂ ਜਦੋਂ ਉਨ੍ਹਾਂ ਦੀ ਆਪਣੀ ਸਰਕਾਰ ਹੁੰਦੀ ਹੈ, ਉਦੋਂ ਸਿਆਸੀ ਤਾਕਤ ਦਾ ਆਨੰਦ ਮਾਣਦੇ ਹੋਏ ਲੋਕਾਈ ਦੀਆਂ ਭਾਵਨਾਵਾਂ ਨੂੰ ਛਿੱਕੇ ‘ਤੇ ਟੰਗ ਦਿੰਦੇ ਹਨ। ਵਰਤਮਾਨ ਹਾਲਾਤ ਦੇ ਸਾਰੇ ਸਿਆਸਤਦਾਨ ਜ਼ਿੰਮੇਵਾਰ ਹਨ। ਪੰਜਾਬ ਦੇ ਕਾਲੇ ਦਿਨਾਂ ਤੋਂ ਬਾਅਦ ਇੱਕ ਜਾਂਚ ਕਮਿਸ਼ਨ ਸਚਾਈ ਲੱਭਣ ਲਈ ਬਣਾਉਣ ਦੇ ਐਲਾਨ ਹੋਏ ਸਨ। ਉਹ ਕਮਿਸ਼ਨ ਅੱਜ ਤੱਕ ਨਹੀਂ ਬਣਿਆਂ, ਜਿਤਨੀ ਦੇ ਸਮੱਸਿਆ ਦੀ ਡੂੰਘਾਈ ਨਾਲ ਜਾਂਚ ਨਹੀਂ ਹੁੰਦੀ, ਉਤਨੀ ਦੇਰ ਕੋਈ ਹਲ ਨਹੀਂ ਨਿਕਲ ਸਕਦਾ। ਹੁਣ ਸਿਆਸਤ ਕਰਨ ਦਾ ਸਮਾਂ ਨਹੀਂ ਸਗੋਂ ਸਮੇਂ ਦੀ ਨਜ਼ਾਕਤ ਅਨੁਸਾਰ ਫ਼ੈਸਲੇ ਕਰਨੇ ਚਾਹੀਦੇ ਹਨ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com