ਪੰਜਾਬ ਦੇ ਸਰਵੋਤਮ ਸਿਆਸੀ ਬੁਲਾਰੇ - ਉਜਾਗਰ ਸਿੰਘ
ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ। ਪੰਜਾਬ ਦਾ ਵੀ ਸਿਆਸੀ ਵਾਤਵਰਨ ਗਰਮ ਹੈ ਪ੍ਰੰਤੂ ਚੰਗੇ ਬੁਲਾਰਿਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਵਰਤਮਾਨ ਬੁਲਾਰਿਆਂ ਦਾ ਸਿਰਫ਼ ਦੁਸ਼ਣਬਾਜ਼ੀ ‘ਤੇ ਹੀ ਜ਼ੋਰ ਹੈ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੂਟਾ ਸਿੰਘ ਅਤੇ ਜਸਵੀਰ ਸਿੰਘ ਸੰਗਰੂਰ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਗਮੀਤ ਸਿੰਘ ਬਰਾੜ ਚੁੱਪ ਹਨ, ਬਲਵੰਤ ਸਿੰਘ ਰਾਮੂਵਾਲੀਆ ਉਤਰ ਪ੍ਰਦੇਸ਼ ਵਿੱਚ ਮਸ਼ਰੂਫ਼ ਹਨ, ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰ ਰਹੇ ਹਨ । ਪ੍ਰਮੁੱਖ ਬੁਲਾਰਿਆਂ ਵਿੱਚੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਪਾਲ ਸਿੰਘ ਖਹਿਰਾ ਹੀ ਚੋਣ ਮੈਦਾਨ ਵਿੱਚ ਗਰਜ ਰਹੇ ਹਨ। ਪੰਜਾਬ ਦੇ ਸਿਆਸਤਦਾਨ ਦੇਸ਼ ਦੀ ਸਿਆਸਤ ਵਿੱਚ ਹਮੇਸ਼ਾ ਹੀ ਨਾਮਣਾ ਖੱਟਦੇ ਰਹੇ ਹਨ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਸਿਆਸਤਦਾਨਾਂ ਅਤੇ ਸਿਆਸੀ ਬੁਲਾਰਿਆਂ ਦੀ ਨਰਸਰੀ ਰਹੀ ਹੈ। ਅਜ਼ਾਦੀ ਤੋਂ ਪਹਿਲਾਂ ਅਤੇ ਥੋੜ੍ਹੀ ਦੇਰ ਬਾਅਦ ਅਕਾਲੀ ਦਲ ਅਤੇ ਕਾਂਗਰਸੀ ਇਕੱਠੇ ਰਲ ਕੇ ਚੋਣਾ ਲੜਦੇ ਰਹੇ ਹਨ। ਅਕਾਲੀ ਦਲ ਸਿਆਸੀ ਪਾਰਟੀ ਨਹੀਂ ਸੀ, ਇਸ ਲਈ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣਾ ਲੜਦੇ ਸਨ। ਇਥੋਂ ਤੱਕ ਕਾਂਗਰਸ ਦੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ। ਭਾਵ ਇੱਕੋ ਸਮੇਂ ਦੋਵੇਂ ਅਹੁਦਿਆਂ ਤੇ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵਧੀਆ ਬੁਲਾਰੇ ਅਕਾਲੀ ਦਲ ਵਿੱਚੋਂ ਟਰੇਨਿੰਗ ਲੈ ਕੇ ਆਏ ਹੋਏ ਹਨ। ਮੇਰਾ ਇਥੇ ਇਹ ਦੱਸਣ ਦਾ ਭਾਵ ਹੈ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਹੈ ਅਤੇ ਉਸ ਦੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਪ੍ਰਬੁੱਧ ਵਿਆਖਿਆਕਾਰ ਬਣਦੇ ਹਨ। ਪ੍ਰਮੁੱਖ ਬੁਲਾਰਿਆਂ ਵਿੱਚ ਗਿਆਨੀ ਜ਼ੈਲ ਸਿੰਘ, ਸ੍ਰ.ਬੂਟਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ.ਬਲਵੰਤ ਸਿੰਘ ਰਾਮੂਵਾਲੀਆ, ਸ੍ਰ. ਬੀਰ ਦਵਿੰਦਰ ਸਿੰਘ, ਸ੍ਰ੍ਰ. ਜਗਮੀਤ ਸਿੰਘ ਬਰਾੜ ਅਤੇ ਸ੍ਰ. ਜਸਵੀਰ ਸਿੰਘ ਸੰਗਰੂਰ ਆਦਿ ਵਰਣਨਯੋਗ ਹਨ। ਇਨ੍ਹਾਂ ਸਾਰੇ ਸਿਆਸਤਦਾਨਾਂ ਦੀ ਵਿਰਾਸਤ ਅਕਾਲੀ ਦਲ ਰਿਹਾ ਹੈ। ਇਨ੍ਹਾਂ ਵਿੱਚ ਇਕ ਨਵਾਂ ਬੁਲਾਰਾ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਇਆ ਹੈ, ਜਿਹੜਾ ਲੱਛੇਦਾਰ ਵਿਸ਼ੇਸ਼ਣਾ ਦਾ ਸਹਾਰਾ ਲੈਂਦਾ ਹੈ ਪ੍ਰੰਤੂ ਸੰਜੀਦਗੀ ਦੀ ਘਾਟ ਮਹਿਸੂਸ ਹੁੰਦੀ ਹੈ। ਭਾਵੇਂ ਇਨ੍ਹਾਂ ਵਿੱਚੋਂ ਕੁਝ ਕੁ ਕਿਸੇ ਇਕ ਪਾਰਟੀ ਵਿੱਚ ਟਿਕ ਕੇ ਰਹਿ ਨਹੀਂ ਸਕੇ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ੍ਰ.ਬੂਟਾ ਸਿੰਘ ਧਾਰਮਿਕ ਸ਼ਬਦਾਵਲੀ ਦਾ ਸਹਾਰਾ ਲੈਂਦੇ ਸਨ। ਗਿਆਨੀ ਜ਼ੈਲ ਸਿੰਘ ਸਾਹਿਤਕ ਪਿਉਂਦ ਵੀ ਦੇ ਦਿੰਦੇ ਸਨ। ਇਹ ਵੀ ਜ਼ਰੂਰੀ ਨਹੀਂ ਰਿਹਾ ਕਿ ਸਰਵੋਤਮ ਬੁਲਾਰੇ ਸਿਆਸੀ ਪਿੜ ਵਿੱਚ ਸਫਲ ਹੋਏ ਹੋਣ। ਜਥੇਦਾਰ ਗੁਰਚਰਨ ਸਿੰਘ ਟੌਹੜਾ ਧਾਰਮਿਕ ਖੇਤਰ ਵਿੱਚ ਵਧੇਰੇ ਸਫਲ ਰਹੇ ਹਨ। ਸਿਆਸਤ ਵਿੱਚ ਸਫਲਤਾ ਲਈ ਬੁਲਾਰੇ ਹੋਣ ਤੋਂ ਇਲਾਵਾ ਤਿਗੜਬਾਜ਼ੀ ਜ਼ਰੂਰੀ ਸਾਬਤ ਹੁੰਦੀ ਹੈ। ਸਿਰਫ਼ ਚਾਰ-ਪੰਜ ਬੁਲਾਰੇ ਸਰਵੋਤਮ ਬੁਲਾਰਿਆਂ ਦੀ ਕੈਟੇਗਰੀ ਵਿੱਚ ਮੇਰੀ ਸਮਝ ਮੁਤਾਬਕ ਆਉਂਦੇ ਹਨ, ਉਨ੍ਹਾਂ ਵਿੱਚ ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਜਗਮੀਤ ਸਿੰਘ ਬਰਾੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਹਨ। ਸ੍ਰ.ਬੀਰ ਦਵਿੰਦਰ ਸਿੰਘ ਪਿਛਲੇ ਸਾਲ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਵਰਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਚੰਗਾ ਬੁਲਾਰਾ ਹੈ ਪਰੰਤੂ ਉਸਦਾ ਭਾਸ਼ਣ ਹਿਊਮਰ ਕਰਕੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਸਰਵੋਤਮ ਸਿਆਸੀ ਬੁਲਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਸਿਆਸਤ ਵਿੱਚ ਸੰਜੀਦਗੀ ਵੀ ਅਤਿਅੰਤ ਜ਼ਰੂਰੀ ਹੁੰਦੀ ਹੈ। ਮੇਰਾ ਭਾਵ ਇਹ ਵੀ ਨਹੀਂ ਹੈ ਕਿ ਬਾਕੀ ਸਿਆਸਤਦਾਨ ਚੰਗੇ ਬੁਲਾਰੇ ਨਹੀਂ ਹਨ। ਇਹ ਮੇਰੇ ਵਰਗਿਆਂ ਦੇ ਲਿਖਣ ਨਾਲ ਚੰਗੇ ਮਾੜੇ ਨਹੀਂ ਬਣਦੇ। ਸਰਵੋਤਮ ਬੁਲਾਰੇ ਤਾਂ ਆਪਣੇ ਆਪ ਸਮਾਜ ‘ਤੇ ਪ੍ਰਭਾਵ ਪਾ ਕੇ ਸਿਆਸੀ ਮੈਦਾਨ ਵਿੱਚ ਨਾਮਣਾ ਖੱਟਦੇ ਹਨ। ਸਰੋਤੇ ਉਨ੍ਹਾਂ ਨੂੰ ਸੁਣਕੇ ਅਸ਼-ਅਸ਼ ਕਰ ਉਠਦੇ ਹਨ। ਇਨ੍ਹਾਂ ਵਿੱਚੋਂ ਦੋ ਸ੍ਰ. ਬੀਰ ਦਵਿੰਦਰ ਸਿੰਘ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਟਕਸਾਲ ਦੀ ਪੈਦਾਇਸ਼ ਹਨ। ਉਨ੍ਹਾਂ ਤੋਂ ਸਿਆਸੀ ਗੁੜ੍ਹਤੀ ਅਤੇ ਸਿਖਿਆ ਲੈ ਕੇ ਸਿਆਸੀ ਮੈਦਾਨ ਵਿੱਚ ਨਿਤਰੇ ਹਨ। ਭਾਵੇਂ ਬਾਅਦ ਵਿੱਚ ਇਹ ਦੋਵੇਂ ਜਥੇਦਾਰ ਟੌਹੜਾ ਦੀ ਟਕਸਾਲ ਵਿੱਚੋਂ ਬਾਹਰ ਆ ਗਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸਰਦਾਰ ਬੀਰ ਦਵਿੰਦਰ ਸਿੰਘ ਨੂੰ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖੁਦ ਕਾਂਗਰਸ ਪਾਰਟੀ ਵਿੱਚ ਸਿਆਸੀ ਖਲਾਆ ਭਰਨ ਲਈ ਭੇਜਿਆ ਸੀ। ਇਨ੍ਹਾਂ ਸਾਰਿਆਂ ਵਿੱਚੋਂ ਬੀਰ ਦਵਿੰਦਰ ਸਿੰਘ ਦੀ ਕਾਬਲੀਅਤ ਵਰਣਨਯੋਗ ਹੈ। ਉਨ੍ਹਾਂ ਦੀ ਹਰ ਖੇਤਰ ਦੀ ਜਾਣਕਾਰੀ ਵਿਸ਼ਾਲ ਹੁੰਦੀ ਸੀ, ਜਿਵੇਂ ਇਤਿਹਾਸ, ਸਾਹਿਤ, ਵਿਰਾਸਤ ਅਤੇ ਸਾਰੇ ਧਰਮਾ ਦੀ ਡੂੰਘਾਈ ਤੱਕ ਜਾਣਕਾਰੀ। ਉਨ੍ਹਾਂ ਦਾ ਪਿੰਡ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਪਵਿਤਰ ਧਰਤੀ ਦੇ ਨਜ਼ਦੀਕ ਹੋਣ ਕਰਕੇ, ਉਨ੍ਹਾਂ ਨੂੰ ਰੂਹਾਨੀ ਤਾਕਤ ਮਿਲਦੀ ਰਹੀ। ਉਹ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ। ਜਦੋਂ ਉਹ ਉਦਾਹਰਨਾ ਦੇਣ ਲੱਗਦੇ ਸਨ ਤਾਂ ਕਈ ਵਾਰ ਇਉਂ ਲਗਦਾ ਸੀ, ਜਿਵੇਂ ਉਨ੍ਹਾਂ ਦੀ ਜਾਣਕਾਰੀ ਦਾ ਖ਼ਜਾਨਾ ਅਥਾਹ ਭਰਪੂਰ ਹੋਵੇ। ਧਾਰਮਿਕ ਉਦਾਹਰਨਾ ਦੇਣ ਸਮੇਂ ਉਹ ਅਧਿਆਤਮਿਕ ਰੂਹਾਨੀ ਵਿਦਵਾਨ ਲੱਗਦੇ ਹਨ। ਉਹ ਆਪਣੀ ਭਾਸ਼ਣ ਕਲਾ ਨਾਲ ਸਰੋਤਿਆਂ ਨੂੰ ਅਜਿਹੇ ਢੰਗ ਨਾਲ ਕੀਲ ਲੈਂਦੇ ਸਨ, ਸਰੋਤੇ ਉਨ੍ਹਾਂ ਦੇ ਸ਼ਬਦਾਂ ਦੇ ਵਹਿਣ ਵਿੱਚ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿ ਤੁਰਦੇ ਹਨ। ਉਦਾਹਰਣਾ, ਲੁਕੋਕਤੀਆਂ, ਵਿਸ਼ੇਸ਼ਣ, ਕੁਟੇਸ਼ਨਾ, ਧਾਰਮਿਕ ਅਤੇ ਸਾਹਿਤਕ ਤੁਕਾਂ ਉਨ੍ਹਾਂ ਦੇ ਭਾਸ਼ਣ ਨੂੰ ਰਸਦਾਇਕ ਬਣਾ ਦਿੰਦੀਆਂ ਹਨ। ਉਹ ਦਬੰਗ ਸਿਆਸਤਦਾਨ ਸਨ ਪਰੰਤੂ ਉਨ੍ਹਾਂ ਦਾ ਰਾਹ ਸਿਆਸਤਦਾਨ ਰੋਕਦੇ ਰਹੇ ਤਾਂ ਜੋ ਕਿਤੇ ਉਨ੍ਹਾਂ ਨੂੰ ਮਾਤ ਨਾ ਪਾ ਜਾਣ। ਬਲਵੰਤ ਸਿੰਘ ਰਾਮੂਵਾਲੀਆ ਵੀ ਬਿਹਤਰੀਨ ਬੁਲਾਰੇ ਹਨ। ਉਨ੍ਹਾਂ ਦੀ ਵਿਰਾਸਤ ਵੀ ਧਾਰਮਿਕ ਹੈ। ਉਹ ਸ਼ਾਤਰ ਸਿਆਸਤਦਾਨ ਹਨ। ਪਰੰਤੂ ਉਹ ਵੀ ਕਿਸੇ ਇਕ ਪਾਰਟੀ ਨਾਲ ਜੁੜਕੇ ਨਹੀਂ ਰਹਿ ਸਕੇ। ਉਹ ਆਪਣੀ ਭਾਸ਼ਣ ਦੀ ਕਲਾ ਕਰਕੇ ਵੱਖੋ-ਵੱਖਰੀਆਂ ਪਾਰਟੀਆਂ ਦੀ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹਿੰਦੇ ਹਨ। ਜਗਮੀਤ ਸਿੰਘ ਬਰਾੜ ਆਪਣੇ ਪਿਤਾ ਦੀ ਟਕਸਾਲ ਵਿੱਚੋਂ ਸਿਆਸੀ ਗੁੜ੍ਹਤੀ ਲੈ ਕੇ ਸਿਆਸਤ ਵਿੱਚ ਆਏ ਹਨ ਪਰੰਤੂ ਉਨ੍ਹਾਂ ਦੀ ਤ੍ਰਾਸਦੀ ਵੀ ਇਹੋ ਹੈ ਕਿ ਉਹ ਕਿਸੇ ਇਕ ਪਾਰਟੀ ਵਿੱਚ ਟਿਕ ਨਹੀਂ ਸਕੇ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਹੈ ਪ੍ਰੰਤੂ ਬੇਬਾਕ ਸਿਆਸਤਦਾਨ ਹੋਣ ਕਰਕੇ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਭਵਿਖ ਨੂੰ ਖ਼ਤਰੇ ਵਿੱਚ ਮਹਿਸੂਸ ਕਰਦਿਆਂ ਬਰਦਾਸ਼ਤ ਨਹੀਂ ਕੀਤਾ। ਆਰਥਿਕ ਤੌਰ ‘ਤੇ ਬਹੁਤਾ ਤਾਕਤਵਰ ਨਾ ਹੋਣਾ ਵੀ ਉਨ੍ਹਾਂ ਦੀ ਸਿਆਸਤ ਦੇ ਰਸਤੇ ਵਿੱਚ ਰੁਕਾਵਟ ਬਣਿਆਂ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿਆਸਤ ਵਿੱਚ ਤਰਜੀਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਦਿੱਤੀ। ਵੈਸੇ ਵੀ ਉਨ੍ਹਾਂ ਦਾ ਪਿੰਡ ਵੀ ਧਾਰਮਿਕ ਤੌਰ ‘ਤੇ ਜਾਗ੍ਰਤ ਇਲਾਕੇ ਵਿੱਚ ਪੈਂਦਾ ਹੈ, ਜਿਥੋਂ ਧਾਰਮਿਕ ਰੌਸ਼ਨੀ ਦੀ ਚਿਣਗ ਮਿਲਦੀ ਰਹੀ। ਸਿਆਸੀ ਪਿੜ ਵਿੱਚ ਉਤਾਰਨ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਉਨ੍ਹਾਂ ਤੋਂ ਮੂੰਹ ਮੋੜ ਗਏ ਸਨ। ਸੁਖਪਾਲ ਸਿੰਘ ਖਹਿਰਾ ਕੋਲ ਦਲੀਲ ਹੁੰਦੀ ਹੈ, ਤੱਥਾਂ ‘ਤੇ ਅਧਾਰਤ ਗੱਲ ਕਰਦਾ ਹੈ ਪ੍ਰੰਤੂ ਲੱਛੇਦਾਰ ਸ਼ਬਦਾਵਲੀ ਦੀ ਘਾਟ ਰੜਕਦੀ ਹੈ। ਸਿਆਸਤਦਾਨਾਂ ਨੂੰ ਪ੍ਰਬੁੱਧ ਬੁਲਾਰਾ ਬਣਨ ਲਈ ਇਤਿਹਾਸ ਅਤੇ ਧਾਰਮਿਕ ਗ੍ਰੰਥ ਪੜ੍ਹਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੀਦਾ ਹੈ। ਤੂਹਮਤਾਂ ਲਗਾ ਕੇ ਚੰਗਾ ਬੁਲਾਰਾ ਨਹੀਂ ਬਣਿਆਂ ਜਾ ਸਕਦਾ। ਤੱਥਾਂ ‘ਤੇ ਅਧਾਰਤ ਦਲੀਲ ਦੇਣ ਨਾਲ ਸਾਰਥਿਕਤਾ ਬਣਦੀ ਹੈ। ਇਸ ਲਈ ਸਿਆਸਤਦਾਨਾ ਦੀ ਨਵੀਂ ਪਨੀਰੀ ਨੂੰ ਸਰਵੋਤਮ ਬੁਲਾਰਿਆਂ ਦੇ ਭਾਸ਼ਣ ਸੁਣਕੇ ਉਨ੍ਹਾਂ ਦੀ ਤਰਜ ‘ਤੇ ਭਾਸ਼ਣ ਦੇਣ ਦੀ ਕਲਾ ਸਿੱਖਣੀ ਚਾਹੀਦੀ ਹੈ। ਗੁਮਰਾਹਕੁਨ ਵਿਚਾਰ ਬੁਲਾਰਿਆਂ ਦੀ ਕਲਾ ਨੂੰ ਗ੍ਰਹਿਣ ਲਗਾਉਂਦੇ ਹਨ, ਬੇਸ਼ਕ ਵਕਤੀ ਤੌਰ ‘ਤੇ ਉਹ ਲੋਕਾਂ ਦੀ ਸ਼ਾਹਵਾ ਵਾਹਵਾ ਲੈਣ ਵਿੱਚ ਸਫਲ ਹੋ ਜਾਣ ਪ੍ਰੰਤੂ ਆਪਣਾ ਕਿਰਦਾਰ ਉਘਾੜਨ ਵਿੱਚ ਅਸਫਲ ਰਹਿਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕਾਂਗਰਸ ਪਾਰਟੀ ਦੇ ਨਵੇਂ-ਨਵੇਂ ਫਾਰਮੂਲਿਆਂ ਦੇ ਕੀ ਨਤੀਜੇ ਨਿਕਲਣਗੇ? - ਉਜਾਗਰ ਸਿੰਘ
ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਕਾਂਗਰਸ ਪਾਰਟੀ ਨੇ ਇੱਕ ਹੋਰ ਨਵਾਂ ਫਾਰਮੂਲਾ ਬਣਾਕੇ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਆਪਣੇ ਪੈਰੀਂ ਖੁਦ ਹੀ ਕੁਹਾੜੀ ਮਾਰਨ ਵਾਲੀ ਲੱਗਦੀ ਹੈ। ਨਵੇਂ-ਨਵੇਂ ਫਾਰਮੂਲੇ ਦੇ ਕੇ ਕਾਂਗਰਸ ਪਾਰਟੀ ਆਪਣੇ ਹਿਸਾਬ ਨਾਲ ਤਾਂ ਵਧੀਆ ਚੋਣ ਰਣਨੀਤੀ ਬਣਾਉਂਦੀ ਹੈ ਪ੍ਰੰਤੂ ਅਜਿਹੀਆਂ ਰਣਨੀਤੀਆਂ ਹਮੇਸ਼ਾ ਸਾਰਥਿਕ ਸਾਬਤ ਨਹੀਂ ਹੁੰਦੀਆਂ। ਦਿਗਜ਼ ਨੇਤਾਵਾਂ ਨੂੰ ਟਿਕਟ ਦੇਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਸ ਦੇ ਨਾਲ ਸਥਾਨਕ ਨੇਤਾਵਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ, ਜਿਹੜੀ ਪਾਰਟੀ ਲਈ ਲਾਹੇਬੰਦ ਨਹੀਂ ਹੁੰਦੀ। ਦਿਗਜ਼ ਨੇਤਾਵਾਂ ਦਾ ਸਮੁੱਚੇ ਸੂਬੇ ਵਿੱਚ ਪ੍ਰਭਾਵ ਤਾਂ ਹੁੰਦਾ ਹੈ। ਇਹ ਪ੍ਰਭਾਵ ਚੋਣ ਪ੍ਰਚਾਰ ਲਈ ਤਾਂ ਸ਼ੁਭ ਸਾਬਤ ਹੋ ਸਕਦਾ ਹੈ ਪ੍ਰੰਤੂ ਖੁਦ ਦੂਜੇ ਥਾਂ ‘ਤੇ ਆ ਕੇ ਚੋਣ ਲੜਨ ਵਿੱਚ ਸਹਾਈ ਹੋਣਾ ਸੰਭਵ ਨਹੀਂ ਹੁੰਦਾ। ਇਸ ਵਾਰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਉਣ ਸਮੇਂ ਸਥਾਨਕ ਵਰਕਰਾਂ/ਨੇਤਾਵਾਂ ਨੂੰ ਅਣਡਿਠ ਕਰਕੇ ਆਪਣਾ ਨੁਕਸਾਨ ਆਪ ਹੀ ਕਰ ਲਿਆ ਲੱਗਦਾ ਹੈ। ਹਰ ਚੋਣ ਵਿੱਚ ਪਾਰਟੀ ਦੀ ਚੋਣ ਮੁਹਿੰਮ ਹਮੇਸ਼ਾ ਪਾਰਟੀ ਦੇ ਟਕਸਾਲੀ ਸਥਾਨਕ ਵਰਕਰ/ਨੇਤਾ ਹੀ ਚਲਾਉਂਦੇ ਹੁੰਦੇ ਹਨ। ਜੇਕਰ ਸਥਾਨਕ ਵਰਕਰਾਂ/ਨੇਤਾਵਾਂ ਨੇ ਮੀਟਿੰਗਾਂ ਅਤੇ ਜਲਸਿਆਂ ਵਿੱਚ ਦਰੀਆਂ ਹੀ ਵਿਛਾਉਣੀਆਂ ਹਨ ਤਾਂ ਫਿਰ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦਾ ਕੀ ਲਾਭ ਹੋਇਆ? ਜਦੋਂ ਬਾਹਰਲੇ ਉਮੀਦਵਾਰ ਆ ਕੇ ਪੈਰ ਜਮ੍ਹਾ ਲੈਂਦੇ ਹਨ ਤਾਂ ਫਿਰ ਉਨ੍ਹਾਂ ਦੇ ਸਿਆਸੀ ਭਵਿਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਬਰੇਕਾਂ ਲੱਗ ਜਾਂਦੀਆਂ ਹਨ ਤਾਂ ਇਹ ਵੀ ਅਟੱਲ ਸਚਾਈ ਹੈ। ਸਥਾਨਕ ਵਰਕਰਾਂ/ਨੇਤਾਵਾਂ ਦਾ ਭਵਿਖ ਸੁਨਹਿਰਾ ਨਹੀਂ ਬਣ ਸਕਦਾ। ਉਨ੍ਹਾਂ ਦੇ ਚੋਣ ਲੜਕੇ ਰਾਜ ਭਾਗ ਦੇ ਹਿੱਸੇਦਾਰ ਬਣਨ ਦੇ ਸਪਨੇ ਮਿੱਟੀ ਵਿੱਚ ਮਿਲ ਜਾਂਦੇ ਹਨ। ਚੋਣ ਪ੍ਰਚਾਰ ਉਹ ਨਿਰਾਸ਼ਾ ਦੇ ਆਲਮ ਵਿੱਚ ਕਰਦੇ ਹਨ। ਉਨ੍ਹਾਂ ਦੇ ਉਤਸ਼ਾਹ ਖ਼ਤਮ ਹੋ ਜਾਂਦੇ ਹਨ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪੰਜਾਬ ਵਿੱਚ 13 ਅਤੇ ਇੱਕ ਚੰਡੀਗੜ੍ਹ ਵਿੱਚੋਂ ਲੋਕ ਸਭਾ ਦੇ ਮੈਂਬਰ ਚੁਣੇ ਜਾਣੇ ਹਨ। ਕਾਂਗਰਸ ਹਾਈ ਕਮਾਂਡ ਨੇ ਸਥਾਨਕ ਨੇਤਾਵਾਂ ਨੇਤਾਵਾਂ ਦੀ ਥਾਂ 14 ਉਮੀਦਵਾਰਾਂ ਵਿੱਚੋਂ 4 ਉਮੀਦਵਾਰ ਬਾਹਰਲੇ ਜ਼ਿਲਿ੍ਹਆਂ ਵਿੱਚੋਂ ਲਿਆਕੇ ਮੜ੍ਹ ਦਿੱਤੇ ਹਨ, ਜਿਨ੍ਹਾਂ ਦਾ ਉਨ੍ਹਾਂ ਜ਼ਿਲਿ੍ਹਆਂ ਵਿੱਚ ਕੋਈ ਆਧਾਰ ਨਹੀਂ, ਇਸ ਲਈ ਉਨ੍ਹਾਂ ਨੂੰ ਸਥਾਨਕ ਵਰਕਰਾਂ/ਨੇਤਾਵਾਂ ‘ਤੇ ਨਿਰਭਰ ਰਹਿਣਾ ਪਵੇਗਾ। ਲੁਧਿਆਣਾ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਕਤਸਰ ਜ਼ਿਲ੍ਹੇ ਦੇ ਗਿਦੜਵਾਹਾ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ, ਉਸ ਨੇ ਗਿਦੜਵਾਹਾ ਵਿਧਾਨ ਸਭਾ ਹਲਕੇ ਤੋਂ 2012 ਵਿੱਚ ਉਸ ਸਮੇਂ ਦੇ ਅਕਾਲੀ ਦਲ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿੱਚ ਸੰਨ੍ਹ ਲਗਾਕੇ ਹਰਾਇਆ ਸੀ ਤੇ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਗਿਦੜਵਾਹਾ ਤੋਂ ਉਹ ਤਿੰਨ ਵਾਰ 2012, 2017 ਅਤੇ 2022 ਵਿੱਚ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਉਨ੍ਹਾਂ ਦਾ ਬਠਿੰਡਾ ਲੋਕ ਸਭਾ ਹਲਕੇ ਵਿੱਚ ਚੰਗਾ ਆਧਾਰ ਹੈ। 2019 ਦੀਆਂ ਲੋਕ ਸਭਾ ਚੋਣਾ ਸਮੇਂ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਅਤੇ ਥੋੜ੍ਹੇ ਫਰਕ ਨਾਲ ਹਾਰ ਗਏ ਸਨ। ਜੇਕਰ ਉਨ੍ਹਾਂ ਨੂੰ ਉਮੀਦਵਾਰ ਬਣਾਉਣਾ ਹੀ ਸੀ ਤਾਂ ਬਠਿੰਡਾ ਤੋਂ ਬਣਾਉਂਦੇ। ਭਾਵੇਂ ਉਹ ਜੋ ਮਰਜੀ ਬਿਆਨ ਦੇਈ ਜਾਣ ਪ੍ਰੰਤੂ ਦਿਲੋਂ ਉਹ ਲੁਧਿਆਣਾ ਆ ਕੇ ਖ਼ੁਸ਼ ਨਹੀਂ ਹੋਣਗੇ। ਉਹ ਬਠਿੰਡਾ ਤੋਂ ਆਪਣੀ ਪਤਨੀ ਅੰਮ੍ਰਿਤ ਵੜਿੰਗ ਲਈ ਟਿਕਟ ਦੇ ਚਾਹਵਾਨ ਸਨ, ਉਸ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਲੁਧਿਆਣਾ ਤੋਂ ਸਥਾਨਕ ਨੇਤਾ ਪੰਜਾਬ ਪ੍ਰਦੇਸ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਟਿਕਟ ਦੇ ਦਾਅਵੇਦਾਰ ਸਨ। ਉਨ੍ਹਾਂ ਵਿੱਚੋਂ ਭਾਰਤ ਭੂਸ਼ਨ ਆਸ਼ੂ ਦਾ ਲੁਧਿਆਣਾ ਵਿੱਚ ਚੰਗਾ ਅਸਰ ਰਸੂਖ਼ ਹੈ। ਉਸ ਨੂੰ ਅਣਡਿਠ ਕਰਨਾ ਪਾਰਟੀ ਲਈ ਨੁਕਸਾਨਦਾਇਕ ਹੋਵੇਗਾ। ਜਲੰਧਰ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਹਨ। ਖਰੜ ਦੇ ਵਸਨੀਕ ਹਨ, ਉਨ੍ਹਾਂ ਨੂੰ ਜਲੰਧਰ ਭੇਜਣ ਦੀ ਕੋਈ ਤੁਕ ਨਹੀਂ ਬਣਦੀ ਸੀ, ਵੈਸੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦੋ ਵਿਧਾਨ ਸਭਾ ਹਲਕਿਆਂ ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਚੋਣ ਲੜੇ ਸਨ ਅਤੇ ਚਮਕੌਰ ਸਾਹਿਬ ਦੋਹਾਂ ਸੀਟਾਂ ਤੋਂ ਉਹ ਤੋਂ ਹਾਰ ਗਏ ਸਨ। ਭਦੌੜ ਹਲਕੇ ਤੋਂ ਉਨ੍ਹਾਂ ਦੀ ਜ਼ਮਾਨਤ ਜਬਤ ਹੋ ਗਈ ਸੀ। ਜੇਕਰ ਉਸ ਨੂੰ ਕਾਂਗਰਸ ਦੀ ਚੋਣ ਲੜਾਉਣ ਦੀ ਮਜ਼ਬੂਰੀ ਸੀ ਤਾਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਚੋਣ ਲੜਾ ਦਿੰਦੇ, ਜਿਹੜਾ ਉਸਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਨਜ਼ਦੀਕ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਇਕ ਸਦੀ ਤੋਂ ਟਕਸਾਲੀ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਪਤਨੀ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇਣਾ ਬਣਦਾ ਸੀ ਕਿਉਂਕਿ ਉਹ ਉਪ ਚੋਣ ਪਹਿਲਾਂ ਲੜ ਚੁੱਕੀ ਸੀ। ਉਸ ਦਾ ਲੜਕਾ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਹਲਕੇ ਤੋਂ ਵਿਧਾਨਕਾਰ ਹਨ। ਚਲੋ ਜੇਕਰ ਉਸ ਪਰਿਵਾਰ ਨੂੰ ਟਿਕਟ ਨਹੀਂ ਦੇਣਾ ਸੀ ਤਾਂ ਮਹਿੰਦਰ ਸਿੰਘ ਕੇ.ਪੀ. ਨੂੰ ਟਿਕਟ ਦੇ ਦਿੰਦੇ ਜਿਹੜਾ ਪਹਿਲਾਂ ਵੀ ਉਥੋਂ ਲੋਕ ਸਭਾ ਦਾ ਮੈਂਬਰ ਰਿਹਾ ਹੈ। ਬਾਹਰੀ ਉਮੀਦਵਾਰ ਨੂੰ ਟਿਕਟ ਦੇ ਕੇ ਕਾਂਗਰਸ ਨੇ ਦੋ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਬਦਲਣ ਲਈ ਮਜ਼ਬੂਰ ਕਰ ਦਿੱਤਾ। ਸੰਗਰੂਰ ਲੋਕ ਸਭਾ ਦੀ ਉਪ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਖੰਗੂੜਾ ਨੂੰ ਟਿਕਟ ਦੇਣ ਦੀ ਥਾਂ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਬੇਸ਼ੱਕ ਸੁਖਪਾਲ ਸਿੰਘ ਖਹਿਰਾ ਇੱਕ ਬੇਬਾਕ ਧੜੱਲੇਦਾਰ ਵਕਤਾ ਹੈ ਪ੍ਰੰਤੂ ਉਸ ਨੂੰ ਸੰਗਰੂਰ ਵਿੱਚ ਲਿਆਕੇ ਪਾਰਟੀ ਨੇ ਫਸਾ ਦਿੱਤਾ ਹੈ। ਉਸ ਦਾ ਉਥੇ ਕੋਈ ਆਧਾਰ ਨਹੀਂ, ਸਥਾਨਕ ਵਰਕਰ/ਨੇਤਾ ਜਿਹੜੇ ਪਾਰਟੀ ਦੀਆਂ ਦਰੀਆਂ ਵਿਛਾਉਂਦੇ ਰਹੇ, ਉਹ ਨਿਰਾਸ਼ ਹੋ ਗਏ ਹਨ। ਸੰਗਰੂਰ ਦੀ ਟਿਕਟ ਦਾ ਦਾਅਵੇਦਾਰ ਨੌਜਵਾਨ ਨੇਤਾ ਦਲਵੀਰ ਸਿੰਘ ਗੋਲਡੀ ਪਾਰਟੀ ਛੱਡ ਗਿਆ। ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਦੇ 2022 ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੇ ਵਿਰੁੱਧ ਡੱਟਕੇ ਚੋਣ ਲੜੀ ਸੀ। ਉਹ ਪਹਿਲਾਂ ਵੀ ਲੋਕ ਸਭਾ ਦੀ ਉਪ ਚੋਣ ਲੜ ਚੁਕਿਆ ਹੈ, ਇਸ ਵਾਰ ਵੀ ਉਹ ਲੜਨਾ ਚਾਹੁੰਦਾ ਸੀ ਪ੍ਰੰਤੂ ਉਸ ਨੂੰ ਦਰਕਿਨਾਰ ਕਰਨ ਕਰਕੇ ਉਹ ਪਾਰਟੀ ਛੱਡ ਗਿਆ। ਜੇਕਰ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਨਹੀਂ ਦੇਣੀ ਸੀ ਤਾਂ ਸੰਗਰੂਰ ਤੋਂ 2009 ਵਿੱਚ ਲੋਕ ਸਭਾ ਦੇ ਰਹੇ ਮੈਂਬਰ ਤੇ ਫਿਰ 2017 ਵਿੱਚ ਵਿਧਾਨ ਸਭਾ ਦੇ ਮੈਂਬਰ ਵਿਜੇ ਇੰਦਰ ਸਿੰਗਲਾ ਨੂੰ ਦੇ ਦਿੰਦੇ, ਉਹ ਸਥਾਨਕ ਨੇਤਾ ਹੈਗਾ ਸੀ। ਲੋਕਾਂ ਨਾਲ ਤਾਲਮੇਲ ਵੀ ਸੀ। ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਿਹਾ ਸੀ। ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਆਨੰਦਪੁਰ ਸਾਹਿਬ ਲਈ ਸਥਾਨਕ ਨੇਤਾ ਰਾਣਾ ਕੇ.ਪੀ.ਸਿੰਘ ਅਤੇ ਬਲਬੀਰ ਸਿੰਘ ਸਿੱਧੂ ਵਿੱਚੋਂ ਇਕ ਨੂੰ ਬਣਾਉਣਾ ਚਾਹੀਦਾ ਸੀ। ਚੰਡੀਗੜ੍ਹ ਹਲਕੇ ਦੇ ਪੁਰਾਣੇ ਮੈਂਬਰ ਲੋਕ ਸਭਾ ਮਂੈਬਰ ਪਵਨ ਬਾਂਸਲ ਨੂੰ ਬਦਲਕੇ ਉਸ ਦੀ ਥਾਂ ‘ਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲਿਆ ਕੇ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾ ਦਿੱਤਾ ਹੈ। ਮਨੀਸ਼ ਤਿਵਾੜੀ 2009 ਵਿੱਚ ਲੁਧਿਆਣਾ ਅਤੇ 2019 ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਿਹਾ ਹੈ। ਉਹ ਲੁਧਿਆਣਾ ਲਈ ਵੀ ਵਧੀਆ ਉਮੀਦਵਾਰ ਹੋ ਸਕਦਾ ਸੀ। ਪਵਨ ਬਾਂਸਲ 2009 ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਾਜ ਮੰਤਰੀ ਰੇਲਵੇ ਰਿਹਾ ਹੈ। ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਥੋੜ੍ਹਾ ਸਮਾਂ ਖ਼ਜਾਨਚੀ ਵੀ ਰਿਹਾ ਹੈ। ਇਸ ਕਰਕੇ ਸਥਾਨਕ ਵਰਕਰਾਂ/ ਨੇਤਾਵਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਫਰੀਦਕੋਟ ਵਿੱਚ ਬਜ਼ੁਰਗ ਪੰਜਾਬੀ ਗਾਇਕ ਮੁਹੰਮਦ ਸਦੀਕ ਦੀ ਥਾਂ ਅਕਾਲੀ ਦਲ ਵਿੱਚੋਂ ਆਈ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਹੰਸ ਰਾਜ ਹੰਸ ਅਤੇ ਅਨਮੋਲ ਸਿੰਘ ਦੋਵੇਂ ਗਾਇਕਾਂ ਨੂੰ ਮੁਹੰਮਦ ਸਦੀਕ ਟੱਕਰ ਦੇਣ ਦੇ ਕਾਬਲ ਸੀ। ਉਹ ਦੋ ਵਾਰ ਵਿਧਾਇਕ ਅਤੇ ਹੁਣ ਫਰੀਦਕੋਟ ਤੋਂ ਲੋਕ ਸਭਾ ਦਾ ਮੈਂਬਰ ਹੈ। ਕਾਂਗਰਸ ਦੀ ਧੜੇਬੰਦੀ ਨੇ ਮੁਹੰਮਦ ਸਦੀਕ ਦੀ ਟਿਕਟ ਕੱਟਵਾ ਦਿੱਤੀ ਹੈ। ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਚੋਣ ਸਹੀ ਨਹੀਂ ਕੀਤੀ, ਜਿਸ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਵੇਗਾ। ਪੰਜਾਬ ਦੇ ਕਾਂਗਰਸੀ ਟਿਕਟਾਂ ਦੀ ਵੰਡ ਨੂੰ ਧੜੇਬੰਦੀ ਦਾ ਸਬੂਤ ਕਹਿ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ 2027 ਵਿੱਚ ਖਾਲੀ ਹੋਣ ਵਾਲੀ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਵਿੱਚ ਇੱਕ ਵੱਡੇ ਨੇਤਾ ਨੇ ਬਾਕੀ ਸੀਨੀਅਰ ਦਾਅਵੇਦਾਰ ਲੋਕ ਸਭਾ ਦੀਆਂ ਚੋਣਾ ਵਿੱਚ ਫਸਾ ਦਿੱਤੇ ਹਨ ਤਾਂ ਜੋ ਉਸ ਦੇ ਰਸਤੇ ਦਾ ਰੋੜਾ ਨਾ ਬਣ ਸਕਣ। ਜੇ ਕਿਤੇ ਦਿਗਜ਼ ਨੇਤਾ ਚੋਣ ਹਾਰ ਗਏ ਤਾਂ ਉਨ੍ਹਾਂ ਦਾ ਭਵਿਖ ਵੀ ਖ਼ਤਰੇ ਵਿੱਚ ਪੈ ਸਕਦਾ ਹੈ। ਨਵੇਂ ਫਾਰਮੂਲੇ ਪਹਿਲਾਂ ਵੀ ਕਾਂਗਰਸ ਲਈ ਸਾਰਥਿਕ ਸਾਬਤ ਨਹੀਂ ਹੋ ਸਕੇ। ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਕਿ 4 ਜੂਨ ਨੂੰ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗਿਆਨੀ ਗੁਰਦਿਤ ਸਿੰਘ ਦੇ ਕੋਤਰ ਸੌਵੇਂ ਜਨਮ ਦਿਵਸ 'ਤੇ ਵਿਸ਼ੇਸ਼ ਗੁਰਮਤਿ ਤੇ ਸਿੱਖ ਸੋਚ ਦੇ ਪਹਿਰੇਦਾਰ ਗਿਆਨੀ ਗੁਰਦਿਤ ਸਿੰਘ - ਉਜਾਗਰ ਸਿੰਘ
ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੇ ਮੁੱਦਈ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ, ਸਭਿਅਚਾਰ ਅਤੇ ਸਿੱਖੀ ਸੋਚ ਨੂੰ ਸਮਰਪਤ ਕਰਦਿਆਂ ਬਸਰ ਕਰ ਦਿੱਤਾ। ਭਾਵੇਂ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਗਿਆਨਵਾਨ ਉਹ ਅਨੋਖੀ ਕਿਸਮ ਦੇ ਸਨ। ਉਨ੍ਹਾਂ ਨੇ ਆਪਣੇ ਗਿਆਨ ਨੂੰ ਸਿੱਖ ਸਮਾਜ ਦੀ ਬਿਹਤਰੀ ਲਈ ਵਰਤਿਆ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਦਿਹਾਤੀ ਰਹਿਤਲ ਹੋਣ ਦੇ ਬਾਵਜੂਦ ਸ਼ਹਿਰੀ ਵਿਦਵਾਨਾ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਉਨ੍ਹਾਂ ਨੂੰ ਵਿਦਵਤਾ ਦਾ ਮੁਜੱਸਮਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਯੋਗਦਾਨ ਚੋਟੀ ਦੇ ਸਿੱਖ ਵਿਦਵਾਨਾ ਤੋਂ ਵਧੇਰੇ ਸੀ, ਸਗੋਂ ਉਨ੍ਹਾਂ ਦੀ ਵਿਦਵਤਾ ਤੇ ਦ੍ਰਿੜ੍ਹਤਾ ਨੇ ਪੰਜਾਬੀ ਅਤੇ ਸਿੱਖ ਵਿਰਾਸਤ ਨੂੰ ਅਮੀਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਗਿਆਨੀ ਗੁਰਦਿੱਤ ਸਿੰਘ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਜਿਨ੍ਹਾਂ 'ਤੇ ਸਿੱਖ ਸਮਾਜ ਹਮੇਸ਼ਾ ਮਾਣ ਕਰਦਾ ਹੋਇਆ ਅਗਵਾਈ ਲੈਂਦਾ ਰਹੇਗਾ। ਉਨ੍ਹਾਂ ਨੇ ਆਪਣੇ ਵਿਲੱਖਣ ਯੋਗਦਾਨ ਨਾਲ ਸਿੱਖ ਸਮਾਜ ਵਿੱਚ ਆਪਣੀ ਨਿਵੇਕਲੀ ਪਛਾਣ ਬਣਾ ਲਈ ਸੀ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖੀ ਸੋਚ 'ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਗੁਰਦਿੱਤ ਸਿੰਘ ਦੇ ਸਿੱਖੀ ਸਿਦਕ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜਦ ਕੀਤਾ ਗਿਆ। ਵਿਧਾਨ ਪ੍ਰੀਸ਼ਦ ਵਿੱਚ ਵੀ ਉਨ੍ਹਾਂ ਸਿੱਖ ਵਿਚਾਰਧਾਰਾ, ਸਾਹਿਤ ਅਤੇ ਸਭਿਅਚਾਰ ਦੀ ਪ੍ਰਫੁਲਤਾ ਲਈ ਆਪਣੇ ਕੀਮਤੀ ਵਿਚਾਰ ਸਰਕਾਰ ਗੋਚਰੇ ਕੀਤੇ ਤਾਂ ਜੋ ਪੰਜਾਬ ਸਰਕਾਰ ਨੂੰ ਸੁਚੱਜੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਆਪਣੀ ਲਿਆਕਤ ਨਾਲ ਕਈ ਅਜਿਹੇ ਕਾਰਜ ਕੀਤੇ ਜਿਸ ਨਾਲ ਉਨ੍ਹਾਂ ਦੀ ਦੇਣ ਇਤਿਹਾਸ ਦਾ ਹਿੱਸਾ ਬਣ ਗਈ। ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ। ਉਹ ਪਹਿਲੇ ਸਿੱਖ ਵਿਦਵਾਨ ਸਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਦੇਣ ਦਾ ਸਿੱਖ ਜਗਤ ਇਵਜਾਨਾ ਨਹੀਂ ਮੋੜ ਸਕਦਾ ਪ੍ਰੰਤੂ ਊਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ 2023 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਆਯੋਜਤ ਕੀਤੇ ਗਏ। ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਬਰੁਕ ਸਾਈਡ ਸਰੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕੈਨੇਡਾ ਅਤੇ ਗੁਰਦਆਰਾ ਸਿੰਘ ਸਭਾ ਵਾਸ਼ਿੰਗਟਨ, ਰੈਨਟਨ ਸਿਆਟਲ ਅਮਰੀਕਾ ਵਿੱਚ ਸਮਾਗਮ ਆਯੋਜਤ ਕੀਤੇ। ਸਿੱਖ ਨੈਸ਼ਨਲ ਆਰਕਾਈਵ ਆਫ ਟਰਾਂਟੋ ਕੈਨੇਡਾ ਨੇ ਇਕ ਸ਼ੈਕਸ਼ਨ ਗਿਆਨੀ ਗੁਰਦਿਤ ਸਿੰਘ ਦੇ ਨਾਮ 'ਤੇ ਸਥਾਪਤ ਕੀਤਾ ਹੈ। ਸ਼ਤਾਬਦੀ ਸਮਾਗਮਾ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਡਾ.ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਜੀਵਨੀ ' ਗਿਆਨੀ ਗੁਰਦਿੱਤ ਸਿੰਘ ਜੀਵਨ ਤੇ ਰਚਨਾ' ਪ੍ਰਕਾਸ਼ਤ ਕਰਵਾਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸੈਂਟਰਲ ਸਿੱਖ ਅਜਾਇਬ ਘਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ।
ਗਿਆਨੀ ਗੁਰਦਿੱਤ ਸਿੰਘ ਦਾ ਵਿਆਹ ਵਿਦਿਅਕ ਮਾਹਿਰ ਇੰਦਰਜੀਤ ਕੌਰ ਸੰਧੂ ਨਾਲ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਦੋਹਾਂ ਵਿਦਵਾਨਾਂ ਦੇ ਸਾਥ ਨੇ ਸਿੱਖ ਜਗਤ ਨੂੰ ਸ਼ਾਹਕਾਰ ਰਚਨਾਵਾਂ ਦਿੱਤੀਆਂ ਜਿਹੜੀਆਂ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁੱਦਈ, ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਹਮੇਸ਼ ਤੱਤਪਰ ਰਹਿੰਦੇ ਸਨ। ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ। ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ। ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਮੰਨੇ ਜਾਂਦੇ ਸਨ। ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਜਾਂਦਾ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ 'ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਖੋਜ ਕਾਰਜ ਲਈ ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਜਿਸ ਇਤਿਹਾਸਕ ਸਥਾਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ, ਜਿਥੇ ਗੁਰੂ ਸਾਹਿਬ ਗਏ ਹੋਣ ਉਥੋਂ ਤੱਥ ਇਕੱਤਰ ਕੀਤੇ। ਸਿੱਖ ਧਰਮ ਵਿੱਚ ਬਹੁਤ ਸਾਰੇ ਨੁਕਤਿਆਂ 'ਤੇ ਵਾਦਵਿਵਾਦ ਹੋਏ ਹਨ ਅਤੇ ਇਸ ਸਮੇਂ ਵੀ ਹੋ ਰਹੇ ਹਨ ਪ੍ਰੰਤੂ ਗਿਆਨੀ ਗੁਰਦਿੱਤ ਸਿੰਘ ਦੀਆਂ ਖੋਜਾਂ ਨੇ ਉਨ੍ਹਾਂ ਵਾਦ ਵਿਵਾਦਾਂ ਨੂੰ ਖ਼ਤਮ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਹਰ ਪੁਸਤਕ, ਲੇਖ ਅਤੇ ਕਿਤਾਬਚਿਆਂ ਨੂੰ ਲਿਖਣ ਸਮੇਂ ਪੁਰਾਤਨ ਖਰੜਿਆਂ ਵਿੱਚੋਂ ਉਦਾਹਰਣਾ ਦੇ ਕੇ ਸਹੀ ਤੱਥ ਸਾਹਮਣੇ ਲਿਆਂਦੇ ਸਨ। ਉਨ੍ਹਾਂ ਦੂਜੀਆਂ ਭਾਸ਼ਾਵਾਂ ਦਾ ਵੀ ਤੁਲਨਾਤਮਿਕ ਅਧਿਐਨ ਕਰਕੇ ਇਤਿਹਾਸਕ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕੋਈ ਵੀ ਪੁਸਤਕ ਜਲਦਬਾਜ਼ੀ ਵਿੱਚ ਨਹੀਂ ਪ੍ਰਕਾਸ਼ਤ ਕਰਵਾਈ। ਪੁਸਤਕਾਂ ਲਈ ਮੈਟਰ ਇਕੱਤਰ ਕਰਨ ਨੂੰ ਉਹ ਵਰ੍ਹੇ ਲਗਾ ਦਿੰਦੇ ਸਨ ਤਾਂ ਜੋ ਸਿੱਖ ਜਗਤ ਨੂੰ ਸਹੀ ਰਸਤਾ ਵਿਖਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਬਣਕੇ ਨਿਤਰੇ ਸਨ। ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ 'ਸਿੱਖ ਵਿਰਸਾ ਟਰੱਸਟ' ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਨੇ ਦਿਹਾਤੀ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕੀਤਾ। ਉਨ੍ਹਾਂ ਦੀ ਇਹ ਲੇਖਣੀ ਦ੍ਰਿਸ਼ਟਾਂਤਿਕ ਹੈ। ਪਾਠਕ ਨੂੰ ਪੜ੍ਹਦਿਆਂ ਹੀ ਪਿੰਡ ਦੀ ਰਹਿਤਲ ਵਿਖਾੲਂੀ ਦੇਣ ਲੱਗ ਜਾਂਦੀ ਹੈ। ਉਹ ਬੁੱਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਸ਼ਾਹਕਾਰ ਪੁਸਤਕ 'ਮੇਰਾ ਪਿੰਡ' ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ 'ਮੇਰਾ ਪਿੰਡ' ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ। ਗਿਆਨੀ ਗੁਰਦਿੱਤ ਸਿੰਘ ਚੋਟੀ ਦੇ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਨੇ ਬਹੁਤ ਹੀ ਛੋਟੀ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ 'ਪ੍ਰਕਾਸ਼' ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਇਸ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚ ਗਏ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ। ਗਿਆਨੀ ਗੁਰਦਿੱਤ ਸਿੰਘ ਦੀ ਖੋਜ ਦਾ ਭੰਡਾਰ ਸ਼੍ਰੇਸ਼ਟ ਸੀ। ਉਨ੍ਹਾਂ ਦੀ ਲਾਇਬਰੇਰੀ ਵਿੱਚ ਖੋਜੀ ਪੁਸਤਕਾਂ ਦੀ ਭਰਮਾਰ ਸੀ। ਉਨ੍ਹਾਂ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਗਿਆਨੀ ਗੁਰਦਿੱਤ ਸਿੰਘ ਦੀਆਂ ਤਜਵੀਜਾਂ ਅਨੁਸਾਰ ਕਾਰਵਾਈ ਕਰਦੇ ਸਨ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਾਹਿਤ ਦਾ ਕੋਈ ਅਜਿਹਾ ਰੂਪ ਨਹੀਂ, ਜਿਸ 'ਤੇ ਗਿਆਨੀ ਗੁਰਦਿੱਤ ਸਿੰਘ ਨੇ ਹੱਥ ਨਾ ਅਜਮਾਇਆ ਹੋਵੇ। ਪੰਜਾਬੀ ਦੇ ਸਿਰਕੱਢ ਵਿਦਵਾਨਾਂ ਦੀਆਂ ਜੀਵਨੀਆਂ ਲਿਖਕੇ ਪੰਜਾਬੀ ਸਾਹਿਤ ਦੀ ਵਿਰਾਸਤ ਵਿੱਚ ਵਾਧਾ ਕੀਤਾ। ਉਹ ਸਿਰੜ੍ਹੀ ਅਤੇ ਆਪਣੀ ਧੁਨ ਦੇ ਪੱਕੇ, ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। 'ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ' ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਜੋ ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ। ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।
19 ਫਰਵਰੀ 2024 ਨੂੰ 102ਵੇਂ ਜਨਮ ਦਿਨ 'ਤੇ ਵਿਸ਼ੇਸ਼ ਬੇਅੰਤ ਸਿੰਘ ਦਾ ਪੀ.ਜੀ.ਆਈ.ਦੇ ਮਰੀਜ਼ਾਂ ਲਈ ਸਰਾਂ ਬਣਾਉਣ ਦਾ ਸਪਨਾ ਅਧਵਾਟੇ - ਉਜਾਗਰ ਸਿੰਘ
ਬੇਅੰਤ ਸਿੰਘ ਮਾਨਵਤਾ ਦੇ ਹਿੱਤਾਂ ਦੇ ਪੁਜਾਰੀ ਸਨ ਕਿਉਂਕਿ ਉਹ ਸਮਝਦੇ ਸਨ ਕਿ ਲੋਕਤੰਤਤਰ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਬਣਨ ਤੋਂ ਬਿਨਾ ਸਫਲਤਾ ਸੰਭਵ ਨਹੀਂ। ਇਸ ਲਈ ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜਾਂ ਦੇ ਰਹਿਣ ਲਈ ਸਰਾਂ ਬਣਾਉਣ ਦਾ ਸੁਪਨਾ ਸਿਰਜਿਆ ਸੀ। ਸਿਆਸਤਦਾਨਾ ਦੇ ਕਿਰਦਾਰ ਅਤੇ ਵਰਤਾਰੇ ਵਿੱਚ ਦਿਨ-ਬਦਿਨ ਨਿਘਾਰ ਵਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵਿੱਚ ਸਿਆਸਤਦਾਨਾਂ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਹੀ ਨਹੀਂ ਲਈ। ਹੁਣ ਸਿਆਸਤਦਾਨ ਸਿਰਫ ਵੋਟਾਂ ਦੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਵੋਟਾਂ ਕਿਸ ਢਕਵੰਜ ਕਰਨ ਨਾਲ ਪ੍ਰਾਪਤ ਹੋ ਸਕਦੀਆਂ ਹਨ, ਇਸ ਦੇ ਢੰਗ ਤਰੀਕੇ ਸੋਚਦੇ ਰਹਿੰਦੇ ਹਨ। ਉਹ ਲੋਕਾਂ ਦੀ ਭਲਾਈ ਨੂੰ ਪ੍ਰਮੁੱਖਤਾ ਨਹੀਂ ਦਿੰਦੇ ਸਗੋਂ ਲੰਬਾ ਸਮਾਂ ਰਾਜ ਕਰਨ ਦੀਆਂ ਤਰਕੀਬਾਂ ਸੋਚਦੇ ਰਹਿੰਦੇ ਹਨ। ਵੋਟਾਂ ਵਟੋਰਨ ਦੇ ਨਵੇਂ-ਨਵੇਂ ਢੰਗ ਅਪਣਾ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮੰਤਵ ਲਈ ਉਹ ਰਣਨੀਤੀਕਾਰਾਂ ਦੀ ਮਦਦ ਲੈ ਰਹੇ ਹਨ। ਸਿਆਸਤਦਾਨਾ ਵਿੱਚ ਮਨੁੱਖਤਾ ਦੀ ਸੇਵਾ ਭਾਵਨਾ ਖੰਭ ਲਾ ਕੇ ਉਡ ਗਈ ਹੈ। ਇਸ ਲਈ ਲੋਕਾਂ ਦਾ ਪਰਜਾਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਨੂੰ ਆਜ਼ਾਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਵਾਲੇ ਸਵਤੰਤਰਤਾ ਸੈਨਾਨੀਆਂ ਤੋਂ ਪ੍ਰੇਰਨਾ ਲੈ ਕੇ ਸਿਆਸਤ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇਕਰ ਉਹ ਲੋਕਾਂ ਦੀ ਸੇਵਾ ਭਾਵਨਾ ਨਾਲ ਰਹਿਨੁਮਾਈ ਕਰਨਗੇ ਤਾਂ ਵੋਟਾਂ ਖੁਦ-ਬਖੁਦ ਮਿਲਣਗੀਆਂ। ਸ੍ਰ.ਬੇਅੰਤ ਸਿੰਘ ਜਦੋਂ ਫ਼ਰਵਰੀ 1992 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿੱਚ ਇੱਕ ਸਰਾਂ ਬਣਾਉਣ ਦਾ ਪ੍ਰਣ ਕੀਤਾ। ਕਾਂਗਰਸ ਭਵਨ ਪੀ.ਜੀ.ਆਈ.ਹਸਪਤਾਲ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੈ। ਪੀ.ਜੀ.ਆਈ.ਉਤਰੀ ਭਾਰਤ ਦਾ ਸਰਵੋਤਮ ਇਲਾਜ ਕਰਨ ਵਾਲਾ ਹਸਪਤਾਲ ਹੈ। ਏਥੇ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਮਰੀਜ਼ ਆਉਂਦੇ ਹਨ। ਜਦੋਂ ਉਹ ਪੀ.ਜੀ.ਆਈ.ਵਿੱਚ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਆਉਂਦੇ ਹਨ ਤਾਂ ਮਰੀਜਾਂ ਅਤੇ ਉਨ੍ਹਾਂ ਦੇ ਨਾਲ ਆਏ ਸੰਬੰਧੀਆਂ ਨੂੰ ਇਲਾਜ ਵਾਸਤੇ ਕਈ ਦਿਨ ਰਹਿਣਾ ਪੈਂਦਾ ਹੈ। ਪ੍ਰੰਤੂ ਉਹ ਵਿਚਾਰੇ ਹਸਪਤਾਲ ਦੇ ਵਰਾਂਡਿਆਂ ਵਿੱਚ ਰੁਲਦੇ ਰਹਿੰਦੇ ਹਨ। ਇਸ ਲਈ ਬੇਅੰਤ ਸਿੰਘ ਨੇ ਸਰਾਂ ਦੀ ਉਸਾਰੀ ਦਾ ਪ੍ਰਣ ਕੀਤਾ ਸੀ। ਉਸ ਸਰਾਂ ਵਿੱਚ ਘੱਟ ਦਰਾਂ ਤੇ ਰਹਿਣ ਲਈ ਕਮਰੇ ਅਤੇ ਇਕ ਰਸੋਈ ਬਣਾਉਣੀ ਸੀ, ਜਿਥੇ ਮਰੀਜਾਂ ਦੇ ਵਾਰਸ ਰਹਿ ਸਕਣ ਅਤੇ ਸਸਤਾ ਖਾਣਾ ਮਿਲ ਸਕੇ। ਪੰਜਾਬ ਕਾਂਗਰਸ ਭਵਨ ਵਿੱਚ ਬਰੈਡਲੇ ਹਾਲ ਬਣਾਉਣ ਲਈ ਥਾਂ ਰਾਖਵੀਂ ਰੱਖੀ ਹੋਈ ਸੀ, ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਬਰੈਡਲੇ ਹਾਲ ਬਣਿਆਂ ਹੋਇਆ ਸੀ। ਉਨ੍ਹਾਂ ਮੁੱਖ ਮੰਤਰੀ ਬਣਦਿਆਂ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਬਰੈਡਲੇ ਹਾਲ ਦੀ ਤਜਵੀਜ ਨੂੰ ਬਦਲ ਕੇ ਸਰਾਂ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾਵੇ। ਲੰਬੀ ਦਫ਼ਤਰੀ ਕਾਰਵਾਈ ਤੋਂ ਬਾਅਦ ਲੱਖਾਂ ਰੁਪਏ ਸਰਾਂ ਬਣਾਉਣ ਦੀ ਉਸਾਰੀ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਜਮ੍ਹਾਂ ਕਰਵਾਉਣ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪ੍ਰਵਾਨਗੀ ਦਿੱਤੀ। ਵੱਡੇ ਆਰਕੀਟੈਕਟ ਤੋਂ ਤਿੰਨ ਮੰਜਲਾ ਇਮਾਰਤ ਦਾ ਨਕਸ਼ਾ ਬਣਵਾਇਆ ਅਤੇ ਦਾਨੀ ਸੱਜਣਾ ਤੋਂ ਪੈਸਾ ਇਕੱਠਾ ਕੀਤਾ। ਨੀਂਹਾਂ ਪੁੱਟੀਆਂ ਗਈਆਂ ਅਤੇ ਦਾਨੀ ਦੋਸਤਾਂ ਮਿਤਰਾਂ ਨੇ ਰੇਤਾ ਬਜਰੀ ਤੇ ਸਰੀਆ ਲਿਆ ਕੇ ਦਿੱਤਾ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਕਮੇਟੀ ਬਣਾ ਕੇ ਉਸਾਰੀ ਦੀ ਵੇਖ ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ। ਦਾਨੀ ਸੱਜਣਾ ਦੀ ਰਕਮ ਕਾਂਗਰਸ ਪਾਰਟੀ ਦੇ ਖ਼ਜਾਨਚੀ ਕੋਲ ਜਮ੍ਹਾ ਕਰਵਾਈ ਗਈ। ਠੇਕੇਦਾਰ ਨੂੰ ਉਸਾਰੀ ਦਾ ਠੇਕਾ ਦੇ ਦਿੱਤਾ ਗਿਆ। ਨੀਹਾਂ ਭਰੀਆਂ ਗਈਆਂ, ਇਤਨੀ ਦੇਰ ਨੂੰ ਸ੍ਰ.ਬੇਅੰਤ ਸਿੰਘ ਬੰਬ ਧਮਾਕੇ ਵਿੱਚ ਸਵਰਗਵਾਸ ਹੋ ਗਏ। ਸਰਾਂ ਦੀ ਉਸਾਰੀ ਦਾ ਕੰਮ ਉਨ੍ਹਾਂ ਦੀ ਮੌਤ ਤੋਂ ਬਾਅਦ ਖੂਹ ਖਾਤੇ ਪੈ ਗਿਆ। ਕਾਂਗਰਸ ਪਾਰਟੀ ਦੇ ਕਿਸੇ ਵੀ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਨੇ ਸਰਾਂ ਦੀ ਉਸਾਰੀ ਵਿੱਚ ਦਿਲਚਸਪੀ ਨਹੀਂ ਲਈ, ਸਗੋਂ ਜਿਹੜੀ ਦਾਨੀਆਂ ਦੀ ਰਕਮ ਸੀ, ਉਹ ਵੀ ਪਾਰਟੀ ਦੇ ਸਮਾਗਮਾਂ ਵਿੱਚ ਖ਼ਰਚ ਕਰ ਦਿੱਤੀ ਗਈ। ਜਦੋਂ ਉਸ ਸਮੇਂ ਦੇ ਖ਼ਜਾਨਚੀ ਤੋਂ ਉਸ ਰਕਮ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਲੇ ਪ੍ਰਧਾਨਾ ਨੇ ਸਾਰੀ ਰਕਮ ਕਾਂਗਰਸ ਪਾਰਟੀ ਲਈ ਖ਼ਰਚ ਦਿੱਤੀ। ਸਰਾਂ ਦੀ ਉਸਾਰੀ ਦੀ ਤਾਂ ਗੱਲ ਹੀ ਛੱਡੋ, ਇਥੋਂ ਤੱਕ ਕਿ ਜਿਹੜਾ ਰੇਤਾ, ਬਜਰੀ, ਸਰੀਆ ਅਤੇ ਸੀਮਿੰਟ ਉਥੇ ਪਿਆ ਸੀ, ਉਹ ਵੀ ਖੁਰਦ-ਬੁਰਦ ਹੋ ਗਿਆ। ਇਹ ਸਿਆਸਤਦਾਨਾਂ ਦੀ ਸੋਚ ਦਾ ਨਤੀਜਾ ਹੈ, ਜਿਸ ਕਰਕੇ ਅੱਜ ਵੀ ਪੀ.ਜੀ.ਆਈ ਵਿੱਚ ਆਉਣ ਵਾਲੇ ਮਰੀਜ ਰੁਲਦੇ ਫਿਰਦੇ ਹਨ ਕਿਉਂਕਿ ਉਹ ਗ਼ਰੀਬ ਲੋਕ ਮਹਿੰਗੇ ਹੋਟਲਾਂ ਵਿੱਚ ਰਹਿ ਨਹੀਂ ਸਕਦੇ। ਰਾਜਨੀਤਕ ਲੋਕ ਤਾਂ ਸਰਕਾਰੀ ਆਰਾਮ ਘਰਾਂ ਅਤੇ ਹੋਟਲਾਂ ਵਿੱਚ ਠਹਿਰਦੇ ਹਨ ਪ੍ਰੰਤੂ ਗ਼ਰੀਬ ਲੋਕਾਂ ਦੀ ਬਾਂਹ ਕੋਈ ਨਹੀਂ ਫੜ੍ਹਦਾ। ਇਹ ਸਾਰਾ ਕਿਰਾਰਡ ਕਾਂਗਰਸ ਭਵਨ ਦੇ ਖੱਲ ਖੂੰਜੇ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲ ਮੌਜੂਦ ਪਿਆ ਹੋਵੇਗਾ। ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਲੋਕ ਪੱਖੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਜੇਕਰ ਕੋਈ ਸੰਜੀਦਾ ਸਿਆਸਤਦਾਨ ਲੋਕ ਭਲਾਈ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਸਰਾਂ ਦੀ ਉਸਾਰੀ ਦਾ ਸ਼ੁਭ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਦਾਨੀ ਸੱਜਣ ਬਹੁਤ ਹਨ ਪ੍ਰੰਤੂ ਕੰਮ ਜਰੂਰ ਸ਼ੁਰੂ ਕਰਨਾ ਚਾਹੀਦਾ ਹੈ। ਸਰਾਂ ਦੀ ਉਸਾਰੀ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਅੱਜ 19 ਫਰਵਰੀ 2024 ਨੂੰ ਸ੍ਰ.ਬੇਅੰਤ ਸਿੰਘ ਦੇ ਜਨਮ ਦਿਨ 'ਤੇ 42 ਸੈਕਟਰ ਚੰਡੀਗੜ੍ਹ ਉਨ੍ਹਾਂ ਦੀ ਸਮਾਧੀ ਤੇ ਪਰਿਵਾਰ ਵੱਲੋਂ ਸਰਵ ਧਰਮ ਪ੍ਰਾਰਥਨਾ ਸਭਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਆਯੋਜਤ ਕੀਤੀ ਜਾ ਰਹੀ ਹੈ।
‘ਮਨੀ ਪਲਾਂਟ ਵਰਗਾ ਆਦਮੀ ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ
ਹਰਦੀਪ ਸੱਭਰਵਾਲ ਦਾ ਕਾਵਿ ਸੰਗ੍ਰਹਿ ‘ਮਨੀ ਪਲਾਂਟ ਵਰਗਾ ਆਦਮੀ’ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਸ ਵਿਚਾਰ ਪ੍ਰਧਾਨ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਿੰਬਾਲਿਕ ਹਨ, ਜੋ ਇਨਸਾਨ ਦੀ ਮਾਨਸਿਕਤਾ ਅਤੇ ਸਮਾਜਿਕਤਾ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਹਰਦੀਪ ਸੱਭਰਵਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੈ। ਵਰਤਮਾਨ ਸਮੇਂ ਇਨਸਾਨ ਦੂਹਰੀ ਅਰਥਾਤ ਦੋਗਲੀ ਜ਼ਿੰਦਗੀ ਜੀਅ ਰਿਹਾ ਹੈ। ਉਸ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਉਸ ਦੇ ਮਨ ਦੀ ਕਿਸੇ ਵੀ ਗੱਲ ਦਾ ਸਹੀ ਜਵਾਬ ਲੱਭਣਾ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦੇ ਚਿਹਰੇ ਮੋਹਰੇ ਦੀਆਂ ਹਰਕਤਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਦੇ ਅੰਦਰ ਕੀ ਵਿਚਰ ਰਿਹਾ ਹੈ? ਇਸ ਲਈ ਕਵੀ ਨੇ ਖੁਲ੍ਹੀਆਂ ਕਵਿਤਾਵਾਂ ਰਾਹੀਂ ਇਨਸਾਨ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਕਾਵਿ ਸੰਗ੍ਰਹਿ ਦਾ ਨਾਮ ਵੀ ਸਿੰਬਾਲਿਕ ਹੈ। ਜੇਕਰ ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਸਮਾਜ ਆਰਥਿਕਤਾ ਦੇ ਆਲੇ ਦੁਆਲੇ ਘੁੰਮਦਾ ਹੈ। ਪੁਸਤਕ ਦਾ ਨਾਮ ਮਨੀ ਪਲਾਂਟ ਭਾਵੇਂ ਇਕ ਕਵਿਤਾ ਦੇ ਸਿਰਲੇਖ ਕਰਕੇ ਹੀ ਰੱਖਿਆ ਗਿਆ ਹੈ ਪ੍ਰੰਤੂ ਇਹ ਸਮਾਜ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਮਨੀ ਪਲਾਂਟ ਨਾਮ ਆਰਥਿਕਤਾ ਦਾ ਇਜ਼ਹਾਰ ਕਰਦਾ ਹੈ। ਰੁਪਇਆ ਪੈਸਾ ਭਾਵੇਂ ਜ਼ਿੰਦਗੀ ਜਿਓਣ ਲਈ ਜ਼ਰੂਰੀ ਹੁੰਦਾ ਹੈ ਪ੍ਰੰਤੂ ਸਭ ਕੁਝ ਨਹੀਂ ਹੁੰਦਾ। ਲੋਕ ਪੈਸਾ ਕਮਾਉਣ ਲਈ ਹਰ ਹੀਲਾ ਵਰਤਕੇ ਹਰ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਵਿ ਸੰਗ੍ਰਹਿ ਵਿੱਚ ਇਨ੍ਹਾਂ ਵਿਸੰਗਤੀਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਮ ਤੌਰ ‘ਤੇ ਘਰਾਂ ਵਿੱਚ ਮਨੀ ਪਲਾਂਟ ਲਗਾਕੇ ਵਹਿਮ ਪਾਲਿਆ ਜਾਂਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਮਨੁੱਖ ਵੀ ਪੈਸੇ ਕਮਾਉਣ ਦਾ ਸਾਧਨ ਸਮਝਿਆ ਜਾਂਦਾ ਹੈ। ਇਸ ਲਈ ਉਸ ਦੇ ਮਨ ਅੰਦਰ ਹਮੇਸ਼ਾ ਪੈਸੇ ਕਮਾਉਣ ਦੇ ਸਾਧਨ ਬਣਾਉਣ ਲਈ ਉਥਲ ਪੁਥਲ ਹੁੰਦੀ ਰਹਿੰਦੀ ਹੈ। ਇਸ ਲਈ ਮਨੀ ਪਲਾਂਟ ਅਤੇ ਆਦਮੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਸਮਾਜ ਇਕ ਦੂਜੇ ਦੀ ਮਾਨਸਿਕਤਾ ਨੂੰ ਸਮਝਣ ਦੇ ਆਹਰੇ ਲੱਗਿਆ ਰਹਿੰਦਾ ਹੈ ਪ੍ਰੰਤੂ ਇਨਸਾਨ ਦੇ ਅੰਦਰ ਜਿਹੜੇ ਭਾਂਬੜ ਮੱਚਦੇ ਹਨ ਅਤੇ ਜੋ ਅੱਗ ਸੁਲਗਦੀ ਹੈ, ਉਸ ਬਾਰੇ ਜਾਨਣਾ ਮੁਸ਼ਕਲ ਹੁੰਦਾ ਹੈ। ਸਮਾਜ ਵਿੱਚ ਵਹਿਮਾਂ ਭਰਮਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵੀ ਇਹੋ ਕੁਝ ਦਰਸਾ ਰਹੀਆਂ ਹਨ। ਕਵੀ ਜੋ ਸਮਾਜਿਕ ਤਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਾ ਰਿਹਾ ਹੈ, ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਜਿਨ੍ਹਾਂ ਨਾਲ ਆਮ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਜਨ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਬਾਰੇ ਕਵਿਤਾਵਾਂ ਲਿਖਕੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਹੋਣ ਦਾ ਸਬੂਤ ਦਿੱਤਾ ਹੈ। ਮਨੀ ਪਲਾਂਟ ਕਾਵਿ ਸੰਗ੍ਰਹਿ ਵਿੱਚ 74 ਕਵਿਤਾਵਾਂ ਹਨ ਜੋ ਮਨੁੱਖਤਾ ਦੀ ਮਾਨਸਿਕਤਾ ਅਤੇ ਸਮਾਜਿਕਤਾ ਦੇ ਅਨੇਕਾਂ ਰੰਗ ਖਿਲਾਰ ਰਹੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਹਿਤ/ਕਲਾ, ਕਲਾ ਲਈ ਨਹੀਂ ਸਗੋਂ ਲੋਕਾਂ ਦੇ ਦੁੱਖ ਦਰਦ ਦਾ ਪ੍ਰਗਟਾਵਾ ਕਰਨ ਵਾਲੀ ਹੋਣੀ ਚਾਹੀਦੀ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮਨੁੱਖਤਾ ਦੇ ਮਨ ਦੇ ਵਿਕਾਰਾਂ ਦੀ ਧੂੜ ਨੂੰ ਗੁਰਬਾਣੀ ਦੇ ਪਵਿਤਰ ਕੀਰਤਨ ਨਾਲ ਨਿਰਮਲ ਕਰਨ ਦੀ ਤਾਕੀਦ ਕਰਦੀ ਹੈ। ਦੂਜੀ ਕਵਿਤਾ ਮਾਂ ਤੋਂ ਸ਼ੁਰੂ ਹੋ ਕੇ ਧੀ ਅਤੇ ਫਿਰ ਇਸਤਰੀਆਂ ਨਾਲ ਮਰਦਾ ਪ੍ਰਧਾਨ ਸਮਾਜ ਵੱਲੋਂ ਕੀਤੇ ਜਾਂਦੇ ਬਲਾਤਕਾਰਾਂ ਦੇ ਸੰਤਾਪ ਦਾ ਜ਼ਿਕਰ ਕਰਦੀ ਹੈ। ਉਹ ਮਾਂ ਤੇ ਧੀ ਆਪਣੇ ਪਰਿਵਾਰ ਅਤੇ ਮਰਦ ਦੀ ਬਿਹਤਰੀ ਤੇ ਸਫਲਤਾ ਲਈ ਸੁਪਨੇ ਸਿਰਜਦੀਆਂ ਹਨ ਪ੍ਰੰਤੂ ਮਰਦ ਦੀ ਮਾਨਸਿਕਤਾ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀਆਂ ਕੋਝੀਆਂ ਚਾਲਾਂ ਬਾਰੇ ਵੀ ਦੱਸਿਆ ਗਿਆ ਹੈ, ਜਿਵੇਂ ਭਰਿਸ਼ਟਾਚਾਰ ਅਤੇ ਮਰਦ ਦੀ ਮਾਨਸਿਕਤਾ ਬਾਰੇ ਅਸ਼ਲੀਲ ਕਵਿਤਾ ਵਿੱਚ ਸ਼ਾਇਰ ਦੋਹਰੇ ਅਰਥਾਂ ਵਾਲੀ ਗੱਲ ਕਰਦਾ ਲਿਖਦਾ ਹੈ:
Êਪਰ ਕਿੱਥੇ ਹੁੰਦਾ ਹੈ ਕਲਾਤਮਿਕ ਜਿਹਾ
ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿੱਚ
ਭਿ੍ਰਸ਼ਟਾਚਾਰ ਦੀ ਗੱਲ ਕਰਦੀ ਕਵਿਤਾ
ਨਹੀਂ ਦਮ ਭਰਦੀ ਕਲਾਕਾਰੀ ਦਾ
ਸੜਕ ਦੇ ਵਿੱਚਕਾਰ ਦੌੜਦੀਆਂ
ਔਰਤ ਦੇ ਨੰਗੇ ਸਿਰ ਤੋਂ ਸ਼ੁਰੂ ਹੋ
ਮਰਦ ਦੀ ਨੰਗੀ ਸੋਚ ਤੱਕ ਸਿਮਟਦੀ ਹੈ
Çਲੰਗ ਭੇਦ ਦੀ ਕਥਾ ਕਹਿੰਦੀ ਕਵਿਤਾ।
ਕਵੀ ਬਹੁਤ ਸਾਰੇ ਵਿਸ਼ੇ ਸਿੰਬਾਲਿਕ ਢੰਗ ਨਾਲ ਛੋਂਹਦਾ ਹੈ, ਮੁੰਡਿਆਂ ਨੂੰ ਫ਼ੌਜੀ ਵਰਦੀ, ਜੰਗ ਤੋਂ ਬਾਅਦ ਦੀ ਦੁਰਦਸ਼ਾ, ਨਾਗਰਿਕਤਾ ਕਾਨੂੰਨ, ਇੱਕ ਭਾਸ਼ਾ ਇਕ ਦੇਸ਼, ਮੁਫ਼ਤਖ਼ੋਰੀ ਦੇ ਨੁਕਸਾਨ, ਚਮਚਿਆਂ ਦਾ ਯੋਗਦਾਨ, ਜ਼ੁਲਮੀ ਲੋਕ, ਧਾਰਮਿਕ ਕੱਟੜਤਾ ਆਦਿ। ਇਨ੍ਹਾਂ ਵਿਸ਼ਿਆਂ ਵਾਲੀਆਂ ਕਵਿਤਾਵਾਂ ਸਮਾਜ ਦਾ ਕੋਝਾ ਰੂਪ ਦਰਸਾਉਂਦੀਆਂ ਹੋਈਆਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਕਵੀ ਦੀਆਂ ਕਵਿਤਾਵਾਂ ਸਿਆਸਤਦਾਨਾ ਦੀ ਧਾਰਮਿਕ ਕੱਟੜਤਾ, ਬੇਰੋਜ਼ਗਾਰੀ, ਕਿਸਾਨੀ ਖ਼ੁਦਕਸ਼ੀਆਂ, ਸ਼ੋਸ਼ਲ ਮੀਡੀਆ ਵਿੱਚ ਜ਼ਾਅਲੀ ਅਕਾਊਂਟ, ਸਮੇਂ ਦੀ ਨਜ਼ਾਕਤ ਨੂੰ ਨਾ ਸਮਝਣਾ, ਮਨੁੱਖ ਦਾ ਮਨੀ ਪਲਾਂਟ ਦੀ ਤਰ੍ਹਾਂ ਵਿਚਰਣਾ, ਅਮੀਰ ਗ਼ਰੀਬ ਦਾ ਪਾੜਾ, ਬੇਘਰੇ ਲੋਕਾਂ ਦੀ ਤ੍ਰਾਸਦੀ, ਆਪਣੇ ਅੰਦਰ ਝਾਤ ਨਾ ਮਾਰਨਾ, ਮਿਹਨਤ ਤੋਂ ਪ੍ਰਹੇਜ, ਨੀਰਸ ਹੋਣਾ, ਮਨ ਦੀ ਧੂੜ ਨਾ ਲਾਹੁਣੀ, ਸਚਾਈ ਤੇ ਪਹਿਰਾ ਨਾ ਦੇਣਾ, ਸਾਹਿਤਕਾਰਾਂ ਦਾ ਮੁੱਖ ਮੁਦਿਆਂ ਤੋਂ ਪਾਸਾ ਵੱਟਣਾ, ਸਚਾਈ ਤੇ ਨਾ ਖੜ੍ਹਨਾ, ਜ਼ੁਲਮਾ ਦਾ ਵਿਰੋਧ ਨਾ ਕਰਨਾ, ਫ਼ਿਰਕਾਪ੍ਰਤੀ, ਦੇਸ਼ ਧਰੋਹ ਦੇ ਗ਼ਲਤ ਅਰਥ ਕੱਢਣੇ, ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾ ਦੀ ਅਣਵੇਖੀ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਬਾਖ਼ੂਬੀ ਕਵਿਤਾਵਾਂ ਵਿੱਚ ਚਿਤਰਿਆ ਹੈ ਤਾਂ ਜੋ ਲੋਕ ਪ੍ਰੇਰਨਾ ਲੈ ਕੇ ਆਪਣਾ ਭਵਿਖ ਸੁਨਹਿਰਾ ਬਣਾ ਸਕਣ। ਕਤਾਰ ਸਿਰਲੇਖ ਵਾਲੀ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤਕਸ਼ਾਂ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਸਗੋਂ ਉਨ੍ਹਾਂ ਦੀ ਮਿਹਨਤ ਦਾ ਫਲ ਵਿਓਪਾਰੀ ਆਰਥਾਤ ਵੱਡੇ ਮਗਰਮੱਛ ਨਿਗਲ ਜਾਂਦੇ ਹਨ। ਮੌਕਾਪ੍ਰਸਤੀ ਦਾ ਜ਼ਮਾਨਾ ਹੈ। ਪਿਆਰ ਸਿਰਲੇਖ ਵਾਲੀਆਂ ਦੋਵੇਂ ਕਵਿਤਾਵਾਂ ਦਾ ਸਿੱਟਾ ਨਿਕਲਦਾ ਹੈ ਕਿ ਪਿਆਰ ਦੁਕਾਨਦਾਰੀ ਬਣ ਗਿਆ ਹੈ। ਪਿਆਰ ਵਿੱਚ ਧੋਖੇ, ਫਰੇਬ ਅਤੇ ਚਲਾਕੀਆਂ ਚਲਦੀਆਂ ਹਨ ਅਤੇ ਮਾਸੂਮਾ ਨਾਲ ਹੋ ਰਹੇ ਖਿਲਵਾੜ ਦਾ ਜ਼ਿਕਰ ਕੀਤਾ ਗਿਆ ਹੈ। ਖੋਖਲੇ ਲੋਕਤੰਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਕਿੱਸਾ ਕਵਿਤਾ ਵਿੱਚ ਝੂਠੇ ਵਾਅਦਿਆਂ, ਖਾਈ ਵਿੱਚ ਜ਼ਾਤਪਾਤ, ਇਮੋਜੀ ਵਿੱਚ ਪਰਵਾਸ ਦੀ ਚਕਾਚੌਂਦ ਤੇ ਉਸ ਦੀ ਤ੍ਰਾਸਦੀ, ਬੇਬੇ ਵਿੱਚ ਦੇਸ਼ ਦੀ ਵੰਡ ਤੇ ਵਿਰਾਸਤ ਦੀ ਹੂਕ ਦਾ ਵਿਸ਼ਲੇਸ਼ਣ ਹੈ। ਰਿਜ਼ਰਵੇਸ਼ਨ ਕਵਿਤਾ ਵਿੱਚ ਗ਼ਰੀਬ ਅਤੇ ਅਮੀਰ ਬੱਚਿਆਂ ਦੀ ਪੜ੍ਹਾਈ ਦੇ ਮੌਕਿਆਂ ਦਾ ਅੰਤਰ, ਦੋਹਾਂ ਵਿੱਚ ਇਨਸਾਨੀਅਤ ਦਾ ਘਾਣ, ਇਲਕਲਾਬ ਵਿੱਚ ਸੁਪਨਿਆਂ ਦਾ ਮਰਨਾ, ਨਸ਼ਲਕੁਸ਼ੀ ਵਿੱਚ ਚੈਨਲਾਂ ‘ਤੇ ਝੂਠ ਤੇ ਕੁਫਰ ਦੇ ਪ੍ਰਚਾਰ ਨਾਲ ਝੂਠ ਨੂੰ ਸੱਚ ਬਣਾਉਣ, ਸੁਆਹ ਵਿੱਚ 1984 ਦੇ ਕਤਲੇਆਮ ਦੀ ਤ੍ਰਾਸਦੀ ਅਤੇ ਵਹਿਮਾ ਨਾਲ ਨਫ਼ਰਤ ਦਾ ਫ਼ੈਲਾਉਣਾ ਦਰਸਾਇਆ ਗਿਆ ਹੈ। ਜੰਗਲ ਨਾਮ ਦੀ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਅੰਦਰਲੇ ਜਾਨਵਰ ਨੂੰ ਮਾਰਨ ਦੀ ਨਸੀਅਤ ਦਿੱਤੀ ਗਈ ਹੈ ਤਾਂ ਜੋ ਇਨਸਾਨੀਅਤ ਬਰਕਰਾਰ ਰਹਿ ਸਕੇ। ਕੰਧ ਵਿੱਚ ਸਮੇਂ ਦੇ ਲੰਘਣ ਨਾਲ ਸੋਚ ਬਦਲਦੀ ਹੈ। ਐਤਵਾਰ ਕਵਿਤਾ ਵਿੱਚ ਕਿਹਾ ਕਿ ਚੰਗੀ ਜ਼ਿੰਦਗੀ ਜਿਓਣ ਲਈ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ, ਯੁਗ ਵਿੱਚ ਆਧੁਨਿਕਤਾ ਵਿਰਾਸਤ ਨੂੰ ਖ਼ਤਮ ਕਰਦੀ ਹੈ, ਡਰ ਜਾਣਾ ਵਿੱਚ ਚੁਗਲਖ਼ੋਰੀ, ਮੱਧ ਵਰਗ ਦੀਆਂ ਔਰਤਾਂ ਦੀ ਸੋਚ ਬਦਲਦੀ ਰਹਿੰਦੀ ਹੈ ਤੇ ਉਹ ਆਪਣੀਆਂ ਅਧੂਰੀਆਂ ਇਛਾਵਾਂ ਆਪਣੀ ਔਲਾਦ ਰਾਹੀਂ ਪੂਰੀਆਂ ਕਰਦੀਆਂ ਹਨ। ਹਰਦੀਪ ਸੱਭਰਵਾਲ ਨੇ ਸਮਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਸੰਬੰਧੀ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਦਾ ਉਪਰਾਲਾ ਕੀਤਾ ਹੈ।
104 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ 'ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਸਿਦਕ ਦਾ ਪ੍ਰਤੀਕ - ਉਜਾਗਰ ਸਿੰਘ
ਅਣਗੌਲਿਆ ਆਜ਼ਾਦੀ ਘੁਲਾਟੀਆ ਬਾਬਾ ਨਿਧਾਨ ਸਿੰਘ ਮਹੇਸਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਪ੍ਰਤੀਬੱਧ ਸੁਤੰਤਰਤਾ ਸੰਗਰਾਮੀਆਂ ਸੀ। ਡਾ.ਗੁਰਦੇਵ ਸਿੰਘ ਸਿੱਧੂ ਕਿੱਤੇ ਦੇ ਤੌਰ 'ਤੇ ਪੰਜਾਬੀ ਦਾ ਕਾਲਜ ਅਧਿਆਪਕ ਹੈ ਪ੍ਰੰਤੂ ਉਸ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਇਤਿਹਾਸ ਨਾਲ ਸੰਬੰਧਤ ਵਿਸ਼ਿਆਂ, ਖਾਸ ਤੌਰ 'ਤੇ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਗਤੀ ਨਾਲ ਸੰਬੰਧ ਪ੍ਰਕਾਸ਼ਤ ਕਰਵਾਈਆਂ ਹਨ। ਉਸ ਨੇ ਇੱਕ ਸੰਸਥਾ ਤੋਂ ਵਧੇਰੇ ਕੰਮ ਕੀਤਾ ਹੈ। ਉਸ ਨੂੰ ਅਜਿਹੇ ਵਿਸ਼ਿਆਂ ਬਾਰੇ ਲਿਖਣ ਦੀ ਦਿਲਚਸਪੀ ਉਦੋਂ ਪਈ ਜਦੋਂ ਉਹ ਆਪਣਾ 'ਮਾਲਵੇ ਦਾ ਕਿੱਸਾ ਸਾਹਿਤ' ਦੇ ਵਿਸ਼ੇ 'ਤੇ ਪੀ.ਐਚ.ਡੀ.ਦਾ ਥੀਸਸ ਲਈ ਮੈਟਰ ਇਕੱਠਾ ਕਰ ਰਿਹਾ ਸੀ। ਉਸ ਨੂੰ ਹੋਰ ਹੈਰਾਨੀ ਹੋਈ ਜਦੋਂ ਉਹ ਨੈਸ਼ਨਲ ਆਰਕਾਈਵ ਦਿੱਲੀ ਵਿੱਚ ਫਾਈਲਾਂ ਫਰੋਲ ਰਿਹਾ ਸੀ ਤਾਂ ਉਸ ਨੂੰ ਕੁਝ ਨਾਮ ਅਜਿਹੇ ਪਤਾ ਲੱਗੇ ਜਿਨ੍ਹਾਂ ਦਾ ਆਜ਼ਾਦੀ ਦੇ ਸੰਗਰਾਮ ਦੀ ਜਦੋਜਹਿਦ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੋਇਆ ਸੀ ਪ੍ਰੰਤੂ ਸਿਰਮੌਰ ਇਤਿਹਾਸਕਾਰਾਂ ਨੇ ਸਿੱਖਾਂ/ਪੰਜਾਬੀਆਂ ਉਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਤਿਆਰ ਕੀਤੀ ਨਾਮਲਵਲੀ “Who’s Who Punjab Freedom Fighters” ਵੱਡ-ਆਕਾਰੀ ਪੁਸਤਕ ਵਿੱਚ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ ਦਾ ਨਾਮ ਹੀ ਨਹੀਂ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸਰਗਰਮੀਆਂ ਦਾ ਪੂਰਾ ਵੇਰਵਾ ਫਾਈਲਾਂ ਵਿੱਚ ਲਿਖਿਆ ਹੋਇਆ ਹੈ। ਫਿਰ ਉਸ ਨੇ ਫ਼ੈਸਲਾ ਕਰ ਲਿਆ ਕਿ ਪੀ.ਐਚ.ਡੀ.ਕਰਨ ਤੋਂ ਬਾਅਦ ਅਜਿਹੇ ਅਣਗੌਲੇ ਸੁਤੰਤਰਤਾ ਸੰਗਰਾਮੀਆਂ ਬਾਰੇ ਪੁਸਤਕਾਂ ਦੀ ਲੜੀ ਲਿਖਾਂਗਾ। ਉਸ ਲੜੀ ਵਿੱਚ ਉਸ ਦੀ ਪਹਿਲੀ ਪੁਸਤਕ 'ਅਣਗੌਲਿਆ ਆਜ਼ਾਦੀ ਘੁਲਾਟੀਆ:ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ' ਹੈ। ਡਾ.ਗੁਰਦੇਵ ਸਿੰਘ ਸਿੱਧੂ ਨੇ ਇਸ ਪੁਸਤਕ ਦੇ 11 ਅਧਿਆਇ ਬਣਾਏ ਹਨ। ਇਸ ਤੋਂ ਇਲਾਵਾ ਮਾਣੂੰਕੇ ਗਿੱਲਾਂ ਪਿੰਡ ਦੇ 16 ਕਮਿਊਨਿਸਟਾਂ ਦੀਆਂ ਤਸਵੀਰਾਂ ਅਤੇ ਬਾਬਾ ਨਿਧਾਨ ਸਿੰਘ ਦੇ ਸਹੁਰਾ ਪਰਿਵਾਰ ਵਿੱਚੋਂ ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ ਵੀ ਛਾਪਿਆ ਹੈ। ਇਸ ਪੁਸਤਕ ਵਿੱਚ ਨੈਸ਼ਨਲ ਆਰਕਾਈਵ ਦਿੱਲੀ, ਪੰਜਾਬ ਸਟੇਟ ਆਰਕਾਈਵ ਚੰਡੀਗੜ੍ਹ, ਦੇਸ਼ ਭਗਤ ਯਾਦਗਾਰ ਲਾਇਬਰੇਰੀ ਜਲੰਧਰ ਅਤੇ ਉਸ ਦੇ ਪਿੰਡ ਮਹੇਸਰੀ ਤੇ ਸਹੁਰਾ ਪਰਿਵਾਰ ਦੇ ਪਿੰਡ ਦੇ ਬਜ਼ੁਰਗਾਂ ਵੱਲੋਂ ਮਿਲੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਪਹਿਲੇ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਨਿਧਾਨ ਸਿੰਘ ਦਾ ਜਨਮ ਉਸ ਸਮੇਂ ਦੇ ਫੀਰੋਜਪੁਰ ਜਿਲ੍ਹੇ ਦੀ ਮੋਗਾ ਤਹਿਸੀਲ ਦੇ ਪਿੰਡ ਮਹੇਸਰੀ ਵਿੱਚ ਹੀਰਾ ਸਿੰਘ ਦੇ ਘਰ ਹੋਇਆ। ਉਹ ਜੱਟ ਸਿੱਖ ਸੰਧੂ ਸਨ। ਨਿਧਾਨ ਸਿੰਘ ਦਾ ਜਨਮ 1890 ਦੇ ਨੇੜੇ ਤੇੜੇ ਹੋਇਆ। ਉਹ ਤਿੰਨ ਭਰਾ ਸਨ। ਨਿਧਾਨ ਸਿੰਘ ਨਿੱਡਰ ਅਤੇ ਅਥਰੇ ਸੁਭਾਅ ਦਾ ਮਾਲਕ ਸੀ। ਪਿੰਡ ਵਿੱਚ ਇਕ ਵਿਅਕਤੀ ਦੇ ਕਤਲ ਕੇਸ ਵਿੱਚ ਜੇਲ੍ਹ ਗਿਆ, ਬਰੀ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਫ਼ੈਸਲਾ ਕਰ ਲਿਆ। ਦੂਜੇ ਅਧਿਆਇ 'ਨਿਧਾਨ ਸਿੰਘ ਅਮਰੀਕਾ ਵਿੱਚ' ਜਾਣਕਾਰੀ ਦਿੱਤੀ ਹੈ ਕਿ ਉਹ ਪਹਿਲਾਂ 1912 ਵਿੱਚ ਮਨੀਲਾ ਤੇ ਫਿਰ ਫਿਲਪਾਈਨ ਗਿਆ। ਉਸ ਤੋਂ ਬਾਅਦ ਮਈ 1913 ਵਿੱਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸਨ ਫਰਾਂਸਿਸਕੋ ਸ਼ਹਿਰ ਵਿੱਚ ਪਹੁੰਚ ਗਿਆ। ਉਥੇ ਪਹਿਲਾਂ ਰਹਿ ਰਹੇ ਗ਼ਦਰੀਆਂ ਕੋਲ 'ਹੋਲਟ ਖੇਤੀ ਫਾਰਮ' ਜਿਸ ਨੂੰ 'ਭਾਈਆਂ ਦਾ ਡੇਰਾ' ਕਹਿੰਦੇ ਸਨ ਵਿੱਚ ਰਿਹਾ। ਏਥੇ ਕੰਮ ਕਰਦਿਆਂ ਭਾਰਤੀਆਂ ਨੂੰ ਹੀਣਤਾ ਮਹਿਸੂਸ ਹੋਈ ਫਿਰ ਉਨ੍ਹਾਂ ਨੇ 'ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਫਿਕ ਕੋਸਟ' ਨਾਂ ਦੀ ਸੰਸਥਾ ਬਣਾ ਲਈ। ਫਿਰ ਉਹ ਉਥੇ ਗਦਰ ਆਸ਼ਰਮ ਵਿੱਚ ਰਹਿਣ ਲੱਗ ਪਿਆ। ਪਰਿਵਾਰ ਨੇ ਲੜਾਈ ਝਗੜੇ ਦੇ ਡਰ ਕਰਕੇ ਪਿੰਡੋਂ ਭੇਜਿਆ ਪ੍ਰੰਤੂ ਏਥੇ ਆ ਕੇ ਗ਼ਦਰੀਆਂ ਦਾ ਨੇਤਾ ਬਣ ਗਿਆ। ਉਹ 1915 ਵਿੱਚ ਗ਼ਦਰ ਪਾਰਟੀ ਦਾ ਖਜਾਨਚੀ ਬਣ ਗਿਆ। ਦੋ ਸਾਲ ਇਸ ਅਹੁਦੇ ਤੇ ਰਿਹਾ ਪ੍ਰੰਤੂ ਗ਼ਦਰੀ ਸਰਗਰਮੀਆਂ ਕਰਕੇ ਜਨਵਰੀ 1918 ਵਿੱਚ ਗ੍ਰਿਫ਼ਤਾਰ ਹੋ ਗਿਆ। 4 ਮਹੀਨੇ ਦੀ ਸਜ਼ਾ ਫਰਾਂਸਿਸਕੋ ਦੀ ਕਾਊਂਟੀ ਜੇਲ੍ਹ ਓਕਲੈਂਡ ਵਿੱਚ ਕੱਟੀ। ਗ਼ਦਰੀਆਂ ਵਿੱਚ ਫੁੱਟ ਪੈ ਗਈ ਤੇ ਬਾਬਾ ਨਿਧਾਨ ਸਿੰਘ ਨੂੰ ਗ਼ਦਰ ਪਾਰਟੀ ਦਾ ਕਾਰਜਵਾਹਕ ਪ੍ਰਧਾਨ ਬਣਾ ਦਿੱਤਾ ਗਿਆ। 1928 ਵਿੱਚ ਗ਼ਦਰ ਪਾਰਟੀ ਦਾ ਪੱਕਾ ਪ੍ਰਧਾਨ ਚੁਣਿਆਂ ਗਿਆ। ਤੀਜਾ ਅਧਿਆਇ ' ਅਮਰੀਕਾ ਸਰਕਾਰ ਵੱਲੋਂ ਗ਼ਦਰੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ' ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਵਿੱਚ ਬਿਹਤਰੀਨ ਯੋਗਦਾਨ ਪਾਉਣ ਕਰਕੇ ਅਮਰੀਕਾ ਸਰਕਾਰ ਨੇ ਜੂਨ 1931 ਵਿੱਚ ਨਿਧਾਨ ਸਿੰਘ ਮਹੇਸਰੀ ਨੂੰ ਗ੍ਰਿਫ਼ਤਾਰ ਕਰ ਲਿਆ। ਸਰਕਾਰ ਦੇਸ਼ ਨਿਕਾਲਾ ਦੇਣਾ ਚਾਹੁੰਦੀ ਸੀ ਪ੍ਰੰਤੂ ਕਿਰਤੀ ਅਖ਼ਬਾਰ ਤੋਂ ਬਿਨਾ ਹੋਰ ਦਫ਼ਤਰ ਵਿੱਚੋਂ ਇਤਰਾਜ਼ਯੋਗ ਹੋਰ ਕੁਝ ਨਹੀਂ ਮਿਲਿਆ। ਏਧਰ ਬਰਤਾਨੀਆਂ ਦੀ ਭਾਰਤ ਸਰਕਾਰ ਉਸ ਨੂੰ ਭਾਰਤ ਭੇਜਣ ਨਾਲ ਆਜ਼ਾਦੀ ਮੁਹਿੰਮ ਦੇ ਤੇਜ਼ ਹੋਣ ਦੇ ਡਰ ਤੋਂ ਡਰਦੀ ਸੀ। ਅਧਿਆਇ-4 'ਗ਼ਦਰ ਪਾਰਟੀ ਦੇ ਪ੍ਰਧਾਨ ਵਜੋਂ ਕੀਤਾ ਕੰਮ' ਦੇ ਸਿਰਲੇਖ ਵਿੱਚ ਨਿਧਾਨ ਸਿੰਘ ਵੱਲੋਂ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ 9 ਸ਼ਾਖ਼ਾਵਾਂ ਬਣਾਉਣ ਦਾ ਜ਼ਿਕਰ ਹੈ। ਕੁਝ ਕਿਤਾਬਚੇ ਅਤੇ ਗ਼ਦਰ ਗੂੰਜ ਦੀ ਲੜੀ ਨੂੰ ਅੱਗੇ ਤੋਰਿਆ ਦੱਸਿਆ ਗਿਆ ਹੈ। ਅਧਿਆਇ 5 ਅਤੇ 6 ਨਿਧਾਨ ਸਿੰਘ ਮਹੇਸਰੀ ਦੇ ਮਾਸਕੋ ਜਾਣ ਅਤੇ ਵਾਪਸ ਪੰਜਾਬ ਆਉਣ ਬਾਰੇ ਹਨ। ਮਾਸਕੋ ਵਿਖੇ ਸਿਖਿਆ ਲੈਣ ਲਈ ਉਹ ਅਪ੍ਰੈਲ 1935 ਵਿੱਚ ਪੁਜਾ। ਉਸਦਾ ਨਾਮ ਡੀਗੋ ਲੀਪੋਜ ਰੱਖਿਆ ਗਿਆ ਤਾਂ ਜੋ ਉਸ ਦੀ ਪਛਾਣ ਗੁਪਤ ਰੱਖੀ ਜਾ ਸਕੇ। ਸਿੱਖਿਆ ਪੂਰੀ ਹੋਣ ਉਪਰੰਤ ਉਹ ਮਾਸਕੋ ਠਹਿਰ ਕੇ ਉਥੇ ਕਿਸਾਨਾ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਦਾ ਅਧਿਐਨ ਕਰਦਾ ਰਿਹਾ। ਉਸ ਨੂੰ ਸਰਕਾਰੀ ਰਿਕਾਰਡ ਵਿੱਚ ਕੱਟੜ ਕੌਮ ਪ੍ਰਸਤ ਲਿਖਦਾ ਹੈ, ਜੋ ਹਿੰਦੁਸਤਾਨ ਵਿੱਚ ਲੋਕ ਰਾਜ ਸਥਾਪਤ ਕਰਕੇ ਕਿਸਾਨਾ ਅਤੇ ਮਜ਼ਦੂਰਾਂ ਦੇ ਹੱਥ ਦੇਣਾ ਚਾਹੁੰਦਾ ਸੀ। ਭਾਰਤ ਪਹੁੰਚਣ ਤੋਂ ਪਹਿਲਾਂ ਉਸ ਨੇ ਕੇਸ ਦਾੜ੍ਹੀ ਰੱਖ ਲਏ ਸਨ ਅਤੇ ਉਸ ਦੀ ਨਿਗਰਾਨੀ ਲਈ ਇਕ ਸਿਪਾਹੀ ਪੱਕਾ ਲਗਾ ਦਿੱਤਾ ਗਿਆ। 1943 ਵਿੱਚ ਵਾਪਸ ਆਉਣ ਤੇ ਲਾਹੌਰ ਸਰਗਰਮੀਆਂ ਸ਼ੁਰੂ ਕੀਤੀਆਂ। 7ਵਾਂ ਅਧਿਆਇਆ ਆਜ਼ਾਦੀ ਮਿਲਣ ਪਿੱਛੋਂ ਵਿੱਚ ਪਿੰਡ ਪਹੁੰਚਣ ਸਮੇਂ ਪਿੰਡ ਵਾਸੀਆਂ ਨੇ ਹਾਰਦਿਕ ਸਵਾਗਤ ਕਰਦਿਆਂ ਰੇਲਵੇ ਸ਼ਟੇਸ਼ਨ ਤੋਂ ਜਲੂਸ ਦੀ ਸ਼ਕਲ ਵਿੱਚ ਪਿੰਡ ਲਿਆਂਦਾ। ਪਿੰਡ ਆ ਕੇ ਵੀ ਉਨ੍ਹਾਂ ਇਲਾਕੇ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਤਾਲਮੇਲ ਬਣਾਕੇ ਰੱਖਿਆ। ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਪਿੰਡ ਆ ਕੇ ਮਿਲਦੇ ਰਹੇ। 1937 ਵਿੱਚ ਵਿਧਾਨ ਸਭਾ ਦੀ ਚੋਣ ਲੜਿਆ ਪ੍ਰੰਤੂ ਹਾਰ ਗਿਆ। 8ਵੇਂ ਅਧਿਆਇ ਆਜ਼ਾਦੀ ਮਿਲਣ ਪਿੱਛੋਂ ਅਨੁਸਾਰ ਫਿਰ ਪਿੰਡ ਆ ਕੇ ਉਹ ਆਪਣੀ ਪਤਨੀ ਜਿਸਦਾ ਪੇਕਿਆਂ ਦਾ ਨਾਮ ਹਰ ਕੌਰ ਤੇ ਸਹੁਰਿਆਂ ਦਾ ਨਾਮ ਭਗਵਾਨ ਕੌਰ ਨਾਲ ਸਿਰਫ ਚਾਰ ਸਾਲ ਹੀ ਰਹਿ ਸਕਿਆ। ਭਗਵਾਨ ਕੌਰ ਦੀ ਮੌਤ ਹੋ ਗਈ। ਉਨ੍ਹਾਂ ਦੇ ਇਕ ਬੱਚੀ ਪੈਦਾ ਹੋਈ ਸੀ, ਜਿਸ ਦੀ ਮੌਤ ਹੋ ਗਈ। ਪਿੰਡ ਵਿੱਚ ਤੇਜਾ ਸਿੰਘ ਸੁਤੰਤਰ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਮਿਲਣ ਆਉਂਦੇ ਰਹੇ। ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਨਿਧਾਨ ਸਿੰਘ ਨੂੰ ਮਾਣੂੰਕੇ ਲੈ ਆਇਆ। ਏਥੇ ਵੀ ਉਸ ਨੇ ਕਮਿਊਨਿਸਟ ਪਾਰਟੀ ਦੀ ਇਕਾਈ ਬਣਾ ਲਈ। ਇਥੋਂ ਤੱਕ ਇਸਤਰੀਆਂ ਵੀ ਨਾਲ ਜੋੜ ਲਈਆਂ। ਸ਼ਰਨਾਰਥੀਆਂ ਦੇ ਪੁਨਰਵਾਸ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ 17 ਸਤੰਬਰ 1949 ਨੂੰ ਪੰਡਤ ਨਹਿਰੂ ਫੀਰੋਜਪੁਰ ਆਏ ਤਾਂ ਬਾਬਾ ਨਿਧਾਨ ਸਿੰਘ ਸਰਨਾਰਥੀਆਂ ਦੇ ਪੁਨਰਵਾਸ ਲਈ ਉਨ੍ਹਾਂ ਨੂੰ ਮਿਲਿਆ। ਪਿੰਡ ਮਾਣੂੰਕੇ ਵਿੱਚ ਕਮਿਊਨਿਸਟ ਪਾਰਟੀ ਦੀ ਤਿੰਨ ਰੋਜ਼ਾ ਕਾਨਫਰੰਸ 1950 ਵਿੱਚ ਕਰਵਾਈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1952 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਨਿਧਾਨ ਸਿੰਘ ਫੀਰੋਜਪੁਰ ਜਿਲ੍ਹੇ ਦੇ ਮਹਿਣਾ ਹਲਕੇ ਤੋਂ ਵਿਧਾਕਾਰ ਬਣੇ। ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਲੋਕ ਹਿੱਤਾਂ ਦੀ ਵਕਾਲਤ ਕਰਦੇ ਰਹੇ। 9ਵਾਂ ਅਧਿਆਇ ਬਾਬਾ ਨਿਧਾਨ ਸਿੰਘ ਦਾ ਅੰਤਲਾ ਸਮਾਂ ਸਿਰਲੇਖ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ 1953 ਵਿੱਚ ਅਧਰੰਗ ਹੋ ਗਿਆ ਸੀ ਪ੍ਰੰਤੂ ਇਲਾਜ਼ ਕਰਾਉਣ ਦੇ ਬਾਵਜੂਦ ਉਹ 24 ਜੂਨ 1954 ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਲਾਇਬਰੇਰੀ ਅਤੇ ਸਪੋਰਟਸ ਕਲੱਬ ਬਣਾਈ ਗਈ ਅਤੇ ਲੁਧਿਆਣਾ ਫੀਰੋਜਪੁਰ ਮਾਰਗ ਦਾ ਨਾਮ ਬਾਬਾ ਨਿਧਾਨ ਸਿੰਘ ਮਾਰਗ ਰੱਖਿਆ ਗਿਆ, ਜਿਸ ਦਾ ਪੱਥਰ ਹੁਣ ਗਾਇਬ ਹੈ। ਦਸਵਾਂ ਅਧਿਆਇ ਬਾਬਾ ਨਿਧਾਨ ਸਿੰਘ ਦੀ ਸ਼ਖ਼ਸੀਅਤ ਬਾਰੇ ਹੈ। ਬਾਬਾ ਜੀ ਨੂੰ ਪਾਰਟੀ ਦੇ ਕੰਮਾ ਲਈ ਪਰਿਵਾਰ ਨੇ ਘੋੜੀ ਲੈ ਕੇ ਦਿੱਤੀ ਪ੍ਰੰਤੂ ਉਨ੍ਹਾਂ ਉਹ ਘੋੜੀ ਕਿਸੇ ਹੋਰ ਵਰਕਰ ਨੂੰ ਦੇ ਦਿੱਤੀ ਕਿਉਂਕਿ ਉਸ ਦਾ ਕੰਮ ਜ਼ਿਆਦਾ ਸੀ। ਇਸ ਤੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਉਹ ਇਨਸਾਫ ਲਈ ਜਦੋਜਹਿਦ ਕਰਨ ਦੇ ਹਾਮੀ ਸਨ। ਉਹ ਮਹਿਸੂਸ ਕਰਦੇ ਸਨ ਕਿ ਆਜ਼ਾਦੀ ਤੋਂ ਬਾਅਦ ਪਾਰਟੀਬਾਜ਼ੀ ਕਰਕੇ ਸੁਤੰਤਰਤਾ ਸੰਗਰਾਮੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। 11ਵਾਂ ਅਧਿਆਇ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕਰਦਾ ਹੈ। ਉਨ੍ਹਾਂ ਵਿਧਾਨ ਸਭਾ ਵਿੱਚ ਕਿਸਾਨਾ, ਗ਼ਰੀਬਾਂ, ਪੁਲਿਸ ਦੀਆਂ ਜ਼ਿਆਦਤੀਆਂ, ਖੇਤੀਬਾੜੀ ਲਈ ਘੱਟ ਫੰਡਾਂ, ਮੁਰੱਬੰਦੀ ਵਿੱਚ ਘਾਟਾਂ, ਕਰਮਚਾਰੀਆਂ ਦੇ ਹਿੱਤਾਂ ਆਦਿ ਲਈ ਆਵਾਜ਼ ਬੁਲੰਦ ਕੀਤੀ। ਬਜਟ ਤੇ ਬਹੁਤ ਵਧੀਆ ਢੰਗ ਨਾਲ ਬੋਲਦੇ ਸਨ।
100 ਪਨਿਆਂ, 200 ਰੁਪਏ ਕੀਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ.ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮਿ੍ਰਤ ਬਾਣੀ:ਮਾਰਗ ਦਰਸ਼ਕ - ਉਜਾਗਰ ਸਿੰਘ
ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦੇ ਗਿਆਤਾ ਗੁਰਮੁੱਖ ਵਿਦਵਾਨ ਹਨ। ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਹੀ ਮਾਨਵਤਾ ਨੂੰ ਗੁਰਬਾਣੀ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੰਤਵ ਲਈ ਉਹ ਗੁਰਬਾਣੀ ਦੀ ਵਿਆਖਿਆ ਕਰਕੇ ਮਾਨਵਤਾ ਨੂੰ ਵਿਕਾਰਾਂ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੇ ਹੋਏ ਗੁਰਮਤਿ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਸਲਾਹ ਦਿੰਦੇ ਹਨ। ਵਿਚਾਰ ਅਧੀਨ ਪੁਸਤਕ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਵਿੱਚ ਉਨ੍ਹਾਂ ਦੇ ਪੰਜ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’, ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’, ‘ ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’, ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਅਤੇ ‘ਕ੍ਰੋਧ ਤੇ ਪ੍ਰੇਮ’ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਗੁਰਬਾਣੀ ਵਿੱਚੋਂ ਉਦਾਹਰਣਾ ਦੇ ਕੇ ਵਿਕਾਰਾਂ ਤੋਂ ਮੁਕਤੀ ਪਾਉਣ ਦਾ ਰਾਹ ਦੱਸਿਆ ਹੈ। ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਹੈ ਕਿ ਜ਼ਿੰਦਗੀ ਨੂੰ ਗ਼ਲਤ ਰਸਤੇ ਪਾਉਣ ਵਿੱਚ ਪੰਜ ਵਿਕਾਰਾਂ ਦਾ ਯੋਗਦਾਨ ਹੁੰਦਾ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾਉਣ ਦਾ ਰਾਹ ਉਨ੍ਹਾਂ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨਾ ਹੀ ਦੱਸਿਆ ਹੈ। ਇਸ ਪੁਸਤਕ ਵਿੱਚ ਪੰਜੇ ਲੇਖ ਇਕ ਦੂਜੇ ਤੇ ਨਿਰਭਰ ਹਨ। ਭਾਵ ਪਹਿਲੇ ਲੇਖ ‘ਤੇ ਅਮਲ ਕਰਨ ਨਾਲ ਦੂਜੇ ਲੇਖ ਦੀ ਲੜੀ ਜੁੜਦੀ ਹੈ। ਕਹਿਣ ਤੋਂ ਭਾਵ ਪੰਜ ਵਿਕਾਰ ਹੀ ਮਾਨਵਤਾ ਨੂੰ ਗ਼ਲਤ ਰਸਤੇ ਪਾਉਣ ਲਈ ਪੁਆੜੇ ਦੀ ਜੜ੍ਹ ਹਨ। ਲਗਪਗ ਸਾਰੇ ਦਸ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਉਦਾਹਰਨਾ ਜੀਵਨ ਸਫਲ ਬਣਾਉਣ ਲਈ ਦਿੱਤੀਆਂ ਗਈਆਂ ਹਨ। ਪਹਿਲੇ ਲੇਖ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦੇ ਨਾਮ ਤੇ ਹੀ ਪੁਸਤਕ ਦਾ ਨਾਮ ਰੱਖਿਆ ਗਿਆ ਹੈ। ਪਹਿਲੇ ਲੇਖ ਵਿੱਚ ਲੇਖਕ ਨੇ ਦੱਸਿਆ ਹੈ ਕਿ ਪੰਜ ਵਿਕਾਰ, ਕਾਮੁ, ਕ੍ਰੋਧ, ਲੋਭੁ, ਮੋਹੁ ਅਤੇ ਹੰਕਾਰ ਹੀ ਇਨਸਾਨ ਦੇ ਸੁਖੀ ਜੀਵਨ ਨੂੰ ਕੁਰਾਹੇ ਪਾਉਂਦੇ ਹਨ। ਇਹ ਵਿਕਾਰ ਇਨਸਾਨ ਦੇ ਅੰਦਰ ਹੀ ਬੈਠੇ ਹਨ। ਇਸ ਲਈ ਗੁਰੂ ਸਾਹਿਬ ਨੇ ਇਨ੍ਹਾਂ ਬਾਰੇ ਕਿਹਾ ਹੈ-
ਇਸੁ ਦੇਹੀ ਅੰਦਿਰ ਪੰਚ ਚੋਰ ਕਾਮੁ ਕ੍ਰੋਧੁ, ਲੋਭੁ, ਮੋਹੁ ਅਹੰਕਾਰ॥
ਅੰਮਿ੍ਰਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥
ਵੈਸੇ ਤਾਂ ਪੰਜੇ ਹੀ ਖ਼ਰਨਾਕ ਹਨ ਪ੍ਰੰਤੂ ਕ੍ਰੋਧ ਸਭ ਤੋਂ ਜ਼ਿਆਦਾ ਸੋਚ ਅਤੇ ਆਚਾਰ ਨੂੰ ਪ੍ਰਭਾਵਤ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੋਇਆ, ਆਪਣੇ ਕੰਮਾ ਨੂੰ ਠੀਕ ਸਮਝਦਾ ਹੈ, ਜਿਸ ਕਰਕੇ ਦੁੱਖਾਂ ਵਿੱਚ ਗ੍ਰਸਿਆ ਰਹਿੰਦਾ ਹੈ। ਇੰਦ੍ਰੀਆਂ ਦੀ ਖੁਲ੍ਹ ਵਿਕਾਰਾਂ ਨੂੰ ਜਨਮ ਦਿੰਦੀ ਹੈ। ਕ੍ਰੋਧ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ। ਵਿਕਾਰ ਝੂਠੇ ਹਨ। ਵਿਕਾਰਾਂ ਤੇ ਮਾਇਆ ਦਾ ਰਾਜ ਹੈ, ਜਿਸ ਨੇ ਮਨੁੱਖ ਨੂੰ ਗਿਆਨ ਤੋਂ ਵਿਹੂਣਾ ਤੇ ਭਾਵਨਾ ਤੋਂ ਅੰਨ੍ਹਾ, ਬੋਲਾ ਕਰ ਦਿੱਤਾ ਹੈ। ਅਗਿਆਨ ਕਾਰਨ ਮਨੁੱਖ ਸੱਚ ਦੀ ਪਛਾਣ ਕਰਨ ਦੇ ਯੋਗ ਨਹੀਂ ਰਹਿੰਦਾ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਅੰਮਿ੍ਰਤ ਜ਼ਰੂਰੀ ਹੈ। ਗੁਰਬਾਣੀ ਵਿੱਚ ਅੰਮਿ੍ਰਤ ਗੁਰੂ ਦਾ ਬਖ਼ਸ਼ਿਆ ਹੋਇਆ ਗਿਆਨ ਹੈ। ਕਾਮੁ ਕ੍ਰੋਧ ਨਾਲ ਸਰੀਰਕ ਬਲ ਘਟਣ ਲੱਗ ਜਾਂਦਾ ਹੈ। ਬਾਣੀ ਹੀ ਅੰਮਿ੍ਰਤ ਹੈ, ਜਿਸ ਦੇ ਸਹਾਰੇ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਖਹਿੜਾ ਛੁਡਾ ਸਕਦਾ ਹੈ। ਕ੍ਰੋਧ ਚੰਡਾਲ ਦਾ ਰੂਪ ਹੈ, ਮਨੁੱਖ ਦਾ ਨਾਸ਼ ਕਰਦਾ ਹੈ, ਕਲਜੁਗ ਦੀਆਂ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ, ਮਨੁੱਖ ਨੂੰ ਬਾਂਦਰ ਬਿਰਤੀ ਵਾਲਾ ਬਣਾ ਦਿੰਦਾ ਹੈ, ਭਟਕਣ ਵਧਾ ਦਿੰਦਾ ਹੈ, ਭਲਾ-ਬੁਰਾ ਤੇ ਸੱਚ-ਝੂਠ ਦਾ ਅੰਤਰ ਪਤਾ ਨਹੀਂ ਲਗਦਾ ਪਛਤਾਵਾ ਪੱਲੇ ਪੈਂਦਾ ਹੈ। ਵਿਕਾਰਾਂ ਵਿੱਚ ਫਸਿਆ ਮਨੁਖ ਖੋਤੇ ਦੇ ਤੁਲ ਹੁੰਦਾ ਹੈ। ਗੁਰੂ ਸਾਹਿਬ ਨੇ ਮਾਨਵਤਾ ਨੂੰ ਸਾਧਾਰਨ ਢੰਗ ਨਾਲ ਵਿਕਾਰਾਂ ਬਾਰੇ ਖੇਤੀ, ਕਿਸਾਨੀ ਤੇ ਫਸਲਾਂ ਦੀਆਂ ਉਦਾਹਰਨਾ ਦੇ ਕੇ ਸਿੱਧੇ ਰਸਤੇ ਪਾਉਣ ਦਾ ਵੁਪਰਾਲਾ ਕੀਤਾ ਹੈ। ਪੰਜੇ ਚੋਰ ਕ੍ਰੋਧ ਕਰਕੇ ਉਤਪਨ ਹੁੰਦੇ ਹਨ। ਲੇਖਕ ਨੇ ਦੱਸਿਆ ਹੈ ਕਿ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਨ ਨਾਲ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਸਕਦਾ ਹੈ। ਦੂਜੇ ਲੇਖ ‘ਆਤਮ ਪ੍ਰਬੋਧ ਦੀ ਅੰਮਿ੍ਰਤ ਬਾਣੀ’ ਵਿੱਚ ਦਰਸਾਇਆ ਗਿਆ ਹੈ ਕਿ ਮਨੁੱਖ ਆਪਣੇ ਬਾਰੇ ਗ਼ਲਤ ਭਰਮ ਪਾਲ ਬਹਿੰਦਾ ਹੈ, ਜਿਸ ਕਰਕੇ ਉਹ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅੰਮਿ੍ਰਤ ਬਾਣੀ ਹੀ ਇਸ ਭਰਮ ਤੋਂ ਖਹਿੜਾ ਛੁਡਾ ਸਕਦੀ ਹੈ। ਮੈਂ ਨੀਚ ਕਰਮਾ ਕਾਰਨ ਰੋ ਰਿਹਾ ਹਾਂ। ਅਸਲ ਵਿੱਚ ਕਰਮਾ ਨਹੀਂ ਸਗੋਂ ਕ੍ਰੋਧ ਇਨਸਾਨ ਨੂੰ ਪੁੱਠੇ ਰਸਤੇ ਪਾਉਂਦਾ ਹੈ। ਕ੍ਰੋਧ ਲੋਭ ਪੈਦਾ ਕਰਦਾ ਹੈ। ਲੋਭ ਵਿੱਚ ਮਨੁੱਖ ਠੱਗੀ ਮਾਰਦਾ ਹੈ। ਇਨਸਾਨ ਅੰਦਰੋਂ ਬਾਹਰੋਂ ਇਕਮਿਕ ਨਹੀਂ। ਦੋਹਰੀ ਜ਼ਿੰਦਗੀ ਜੀਅ ਰਿਹਾ ਹੈ, ਜਿਸ ਕਰਕੇ ਵਿਕਾਰ ਪੈਦਾ ਹੁੰਦੇ ਹਨ। ਜੇਕਰ ਸੁੱਖ ਪ੍ਰਾਪਤ ਕਰਨੇ ਹਨ ਤਾਂ ਆਪਣੀਆਂ ਗੱਲਾਂ ਤੇ ਕਰਮਾ ਦੇ ਫਰਕ ਨੂੰ ਦੋਖੀ ਮੰਨਕੇ ਦੂਰ ਕਰਨਾ ਚਾਹੀਦਾ ਹੈ। ਔਗਣ ਮਨੁੱਖ ਦੀ ਬੇੜੀ ਡੋਬ ਰਹੇ ਹਨ। ਮਨੁੱਖ ਆਪਣੇ ਆਪ ਨੂੰ ਖੇਤ ਦੇ ਰਾਖੇ ਦੀ ਤਰ੍ਹਾਂ ਸਮਝਣ ਲੱਗ ਜਾਂਦਾ ਹੈ। ਰਾਖਾ ਬਣਕੇ ਮਾਲਕ ਸਮਝਣ ਲੱਗ ਜਾਂਦਾ ਹੈ, ਜਿਸ ਕਰਕੇ ਦੁੱਖ ਪੈਦਾ ਹੁੰਦੇ ਹਨ। ਵਿਕਾਰ ਜ਼ਹਿਰ ਹਨ ਪ੍ਰੰਤੂ ਮਨੁੱਖ ਨੂੰ ਅੰਮਿ੍ਰਤ ਲੱਗਣ ਲੱਗ ਜਾਂਦੇ ਹਨ। ਇਸ ਕਰਕੇ ਮਨੁੱਖ ਗ਼ਲਤ ਰਸਤੇ ਪੈ ਜਾਂਦਾ ਹੈ। ਗਿਆਨ ਦਾ ਬੋਧ ਹੋਣਾ ਜ਼ਰੂਰੀ ਹੈ। ਸੱਚੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਅਗਿਆਨਤਾ ਅਤੇ ਵਿਕਾਰਾਂ ਵਾਲਾ ਜੀਵਨ ਜ਼ਿੰਦਗੀ ਦੇ ਮਨੋਰਥ ਨੂੰ ਢਾਹ ਲਾਉਂਦਾ ਹੈ। ਵਿਕਾਰ ਮਨੁੱਖ ਨੂੰ ਸਾੜ ਦਿੰਦੇ ਹਨ ਅਤੇ ਵਿਕਾਰੀ ਮਨੁੱਖ ਪਾਪ ਕਰਨ ਦੇ ਮਾਹਿਰ ਬਣ ਜਾਂਦੇ ਹਨ। ਮਨੁੱਖ ਆਵਾਗਵਨ ਦੇ ਫੇਰ ਨੂੰ ਸੋਚ ਦੇ ਕੇਂਦਰ ਵਿੱਚ ਰੱਖ ਕੇ ਆਪਣੀ ਉਤਪਤੀ ਤੇ ਅੰਤਰ ਅਵਸਥਾ ਦਾ ਵੀਚਾਰ ਤੇ ਗਿਆਨ ਹੀ ਆਤਮਿਕ ਬੋਧ ਹੈ। ਤੀਜਾ ਲੇਖ ‘ਆਤਮ ਰੱਖਿਆ ਦੀ ਅੰਮਿ੍ਰਤ ਬਾਣੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜਦੋਂ ਮਨੁੱਖ ਨੂੰ ਵਿਕਾਰਾਂ ਦਾ ਆਤਮ ਬੋਧ ਹੋ ਜਾਵੇ ਤਾਂ ਇਸ ਤੋਂ ਖਹਿੜਾ ਛੁਡਾਉਣ ਦੀ ਚਿੰਤਾ ਹੋ ਜਾਂਦੀ ਹੈ। ਵਿਕਾਰਾਂ ਤੋਂ ਦੂਰ ਜਾਣ ਲਈ ਪਰਮਾਤਮਾ ਦੀ ਮਿਹਰ ਜ਼ਰੂਰੀ ਹੈ। ਮਿਹਰ ਨਾਲ ਮਨ ਨਿਰਮਲ ਤੇ ਪਰਮਾਤਮਾ ਵਿੱਚ ਭਰੋਸਾ ਹੋ ਜਾਂਦਾ ਹੈ। ਸਚਾਈ ਨੂੰ ਸਵੀਕਾਰ ਕਰਨ ਨਾਲ ਵਿਕਾਰਾਂ ਦਾ ਨਾਸ ਹੁੰਦਾ ਹੈ, ਕ੍ਰੋਧ ਦੂਰ ਹੋ ਜਾਂਦਾ ਹੈ। ਪਰਮਾਤਮਾ ਨੂੰ ਸਮਰਪਤ ਕਰ ਦਿਓ। ਪਰਮਾਤਮਾ ਮਨ ਦੇ ਸਾਰੇ ਦੁੱਖਾਂ ਦਾ ਜਾਣੀ ਜਾਣ ਹੈ। ਆਪਣੇ ਆਪ ਨੂੰ ਘੋਰ ਪਾਪੀ ਸਮਝ ਪਰਮਾਤਮਾ ਦੇ ਲੜ ਲੱਗਣ ਨਾਲ ਉਸਦੀ ਮਿਹਰ ਹੋ ਜਾਵੇਗੀ। ਵਿਕਾਰਾਂ ਨੂੰ ਸਹੀ ਸਿੱਧ ਨਾ ਕਰੋ, ਅੰਮਿ੍ਰਤ ਦੀ ਥਾਂ ਬਿਖ ਦੀ ਚੋਣ ਕਰਨ ਦਾ ਪਛਤਾਵਾ ਕਰੋ, ਪੰਜਾਂ ਵਿਕਾਰਾਂ ਦਾ ਨਾਸ਼ ਪਰਮਾਤਮਾ ਹੀ ਕਰੇਗਾ। ਪਰਮਾਤਮਾ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਪਰਮਾਤਮਾ ਦੇ ਨਾਲ ਲਿਵ ਲਾਈ ਰੱਖੋ, ਨਾਮ ਜਪਣ ਨਾਲ ਹੀ ਸਾਰੇ ਕਸ਼ਟ ਦੂਰ ਹੁੰਦੇ ਹਨ। ਚੌਥਾ ਲੇਖ ‘ਆਤਮ ਆਨੰਦ ਦੀ ਅੰਮਿ੍ਰਤ ਬਾਣੀ’ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਪੰਜਾਂ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਕਾਰਾਂ ਤੋਂ ਨਿਜਾਤ ਪਾ ਕੇ ਲੋਕ, ਪਰਲੋਕ ਵਿੱਚ ਸੱਚੀ ਸ਼ੋਭਾ ਬਣਦੀ ਹੈ। ਗੁਰਬਾਣੀ ਮਨ ਸ਼ੀਤਲ ਕਰ ਦਿੰਦੀ ਹੈ, ਫਿਰ ਜਨਮ-ਜਨਮ ਦੇ ਪਾਪਾਂ ਦਾ ਭਾਰ ਉਤਰ ਜਾਂਦਾ ਹੈ। ਵਿਕਾਰ ਆਪ ਹੀ ਡਰ ਕੇ ਭੱਜ ਜਾਂਦੇ ਹਨ। ਨਾਮ ਜਪਣ ਨਾਲ ਪੂਰੇ ਪਰਿਵਾਰ ਦਾ ਉਧਾਰ ਹੋ ਜਾਂਦਾ ਹੈ। ਵਾਹਿਗੁਰੂ ਸੱਚੇ ਪ੍ਰੇਮ ਦੇ ਕਾਬਲ ਬਣਾ ਦਿੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਪਰਮਾਤਮਾ ਦੀ ਭਗਤੀ ਵਿੱਚ ਰਸ ਆਉਣ ਲੱਗ ਜਾਂਦਾ ਹੈ। ਹਰ ਥਾਂ ਪਰਮਾਤਮਾ ਸਹਾਈ ਹੁੰਦਾ ਹੈ। ਆਖ਼ਰੀ ਤੇ ਪੰਜਵਾਂ ਲੇਖ ‘ਕ੍ਰੇਧ ਤੇ ਪ੍ਰੇਮ ’ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਪ੍ਰੇਮ ਨਾਲ ਸ਼ੰਕਾ ਤੇ ਦੁਵਿਧਾ ਖ਼ਤਮ ਹੋ ਜਾਂਦੀ ਹੈ। ਹਮੇਸ਼ਾ ਪਰਮਾਤਮਾ ਨਾਲ ਲਿਵ ਲੱਗੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਔਖਧ ਜਾਂ ਦਵਾਈ ਕਿਹਾ ਹੈ। ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਦਾ ਆਧਾਰ ਹੈ। ਪ੍ਰੇਮ ਦੀ ਪ੍ਰਾਪਤੀ ਲਈ ਸਾਰੇ ਵਿਕਾਰਾਂ ਨੂੰ ਤਿਲਾਂਜਲੀ ਦਿੱਤੀ ਜਾਵੇ। ਫਿਰ ਸੁੱਖ ਆਨੰਦ ਤੇ ਪ੍ਰੇਮ ਦੀ ਪ੍ਰਾਪਤੀ ਅਵੱਸ਼ ਹੋ ਜਾਂਦੀ ਹੈ।
96 ਪੰਨਿਆਂ, 200 ਰੁਪਏ ਭੇਟਾ ਵਾਲੀ ਇਹ ‘ਕ੍ਰੋਧ ਨਿਵਾਰਣ ਅੰਮਿ੍ਰਤ ਬਾਣੀ’ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਬਾਜ਼ਾਰ ਮਾਈ ਸੇਵਾਂ, ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ - ਉਜਾਗਰ ਸਿੰਘ
ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ ਛੱਡ ਦੇਵੇ ਤਾਂ ਉਹ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਫਸਕੇ ਹੀ ਰਹਿ ਜਾਂਦਾ ਹੈ। ਜਦੋਜਹਿਦ ਦਾ ਨਾਮ ਹੀ ਜ਼ਿੰਦਗੀ ਹੈ। ਜਦੋਜਹਿਦ ਹੀ ਇਨਸਾਨ ਨੂੰ ਹਰ ਮੁਸ਼ਕਲ ਦੀ ਘੜੀ ਨੂੰ ਪਾਰ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਮਿਹਨਤ ਕਰਦਿਆਂ ਦਿ੍ਰੜ੍ਹਤਾ ਨਾਲ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਏਥੇ ਮੈਂ ਤੁਹਾਨੂੰ ਮੁਸ਼ਕਲਾਂ ਵਿੱਚ ਘਿਰੇ ਇੱਥ ਬੱਚੇ ਦੀ ਹਿੰਮਤ ਅਤੇ ਦਿ੍ਰੜ੍ਹਤਾ ਨਾਲ ਪ੍ਰਾਪਤ ਕੀਤੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਿਹਾ ਹਾਂ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਮਹਿਜ਼ 15 ਸਾਲ ਹੀ ਹੋਏ ਸਨ। ਪਛੜੇ ਇਲਾਕਿਆਂ ਵਿੱਚ ਪਿੰਡਾਂ ਦੇ ਸਕੂਲਾਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਵਿੱਚ ਬਹੁਤੀ ਜਾਗ੍ਰਤੀ ਨਹੀਂ ਆਈ ਸੀ। ਬੱਚਿਆਂ ਵਿੱਚ ਅਧਿਆਪਕਾਂ ਤੋਂ ਡਰਦਿਆਂ ਹੀਣਤਾ ਭਾਵਨਾ ਪੈਦਾ ਹੋ ਜਾਂਦੀ ਸੀ। ਉਦੋਂ ਅਧਿਆਪਕ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਦੇ ਵੀ ਸਨ। ਆਜ਼ਾਦੀ ਤੋਂ ਬਾਅਦ ਵਾਲੇ ਪੰਜਾਬ ਵਿੱਚ ਛਛਰੌਲੀ ਅੱਜ ਕਲ੍ਹ ਹਰਿਆਣਾ ਦੇ ਸਕੂਲ ਵਿੱਚ ਦਿਹਾਤੀ ਬੱਚੇ ਪੜ੍ਹ ਰਹੇ ਸਨ। ਉਨ੍ਹਾਂ ਵਿੱਚ ਇਕ ਬੱਚੇ ਆਰ.ਸੀ.ਬਾਲੀ. (ਰਤਨ ਚੰਦ ਬਾਲੀ) ਨੂੰ ਅਧਿਆਪਕਾਂ ਵੱਲੋਂ ਦਸਵੀਂ ਵਿੱਚ ਪੜ੍ਹਦਿਆਂ ਸਲੇਬਸ ਦੀਆਂ ਪੁਸਤਕਾਂ ਨਾ ਹੋਣ ਕਰਕੇ ਕਲਾਸ ਵਿੱਚ ਖੜ੍ਹਾ ਕਰਕੇ ਸਜਾ ਦਿੱਤੀ ਜਾਂਦੀ ਸੀ। ਰਤਨ ਚੰਦ ਬਾਲੀ ਨੂੰ ਮਾਪੇ ਗ਼ਰੀਬੀ ਕਰਕੇ ਪੁਸਤਕਾਂ ਖ੍ਰੀਦ ਕੇ ਨਹੀਂ ਦੇ ਸਕਦੇ ਸਨ। ਰਤਨ ਚੰਦ ਬਾਲੀ ਨੂੰ ਸਜ਼ਾ ਮਿਲਣ ‘ਤੇ ਹੀਣਤਾ ਮਹਿਸੂਸ ਹੁੰਦੀ ਸੀ ਪ੍ਰੰਤੂ ਉਹ ਆਪਣੀ ਪੜ੍ਹਾਈ ਜ਼ਾਰੀ ਰੱਖਣੀ ਚਾਹੁੰਦਾ ਸੀ। ਮਾਪਿਆਂ ਨੇ ਆਰਥਿਕ ਮਜ਼ਬੂਰੀਆਂ ਕਰਕੇ ਉਸ ਨੂੰ ਆਪਣੀ ਲੜਕੀ (ਰਤਨ ਚੰਦ ਬਾਲੀ ਦੀ ਭੈਣ) ਕੋਲ ਪੜ੍ਹਨ ਲਈ ਭੇਜ ਦਿੱਤਾ ਸੀ। ਉਹ ਆਪਣੀ ਭੈਣ ਅਤੇ ਭਣੋਈਏ ਤੋਂ ਪੁਸਤਕਾਂ ਲਈ ਪੈਸੇ ਮੰਗਣ ਤੋਂ ਸ਼ਰਮਾਉਂਦਾ ਸੀ। ਹਰ ਰੋਜ਼ ਦੀ ਸਜ਼ਾ ਤੋਂ ਤੰਗ ਆ ਕੇ ਇੱਕ ਦਿਨ ਬਾਲ ਵਿਦਿਆਰਥੀ ਰਤਨ ਚੰਦ ਬਾਲੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾ ਦੱਸਿਆਂ ਹੀ ਪੋਸਟ ਕਾਰਡ (ਚਿੱਠੀ) ਲਿਖ ਦਿੱਤਾ ‘‘ ਮੇਰੇ ਕੋਲ ਪੜ੍ਹਾਈ ਜ਼ਾਰੀ ਰੱਖਣ ਲਈ ਸਿਲੇਬਸ ਦੀਆਂ ਪੁਸਤਕਾਂ ਨਹੀਂ ਹਨ। ਇਸ ਲਈ ਮੈਨੂੰ ਪੁਸਤਕਾਂ ਦਿਵਾਈਆਂ ਜਾਣ। ਜੇਕਰ ਮੈਨੂੰ ਪੁਸਤਕਾਂ ਨਾ ਮਿਲੀਆਂ ਤਾਂ ਮੈਂ ਆਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸਕਾਂਗਾ।’’ ਪੋਸਟ ਕਾਰਡ ਤੇ ਆਪਣਾ ਅਤੇ ਸਕੂਲ ਦਾ ਨਾਮ ਲਿਖ ਦਿੱਤਾ। 1962 ਵਿੱਚ ਜਦੋਂ ਅਜੇ ਵਿਦਿਆਰਥੀਆਂ ਵਿੱਚ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਸੀ, ਵਿਦਿਆਰਥੀ ਤਾਂ ਆਪਣੇ ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ। ਰਤਨ ਚੰਦ ਬਾਲੀ ਦੇ ਪਰਵਿਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਇਸ ਲਈ ਨੌਵੀਂ ਤੋਂ ਬਾਅਦ ਉਸ ਨੂੰ ਉਸ ਦੀ ਭੈਣ ਦੇ ਕੋਲ ਦਸਵੀਂ ਵਿੱਚ ਪੜ੍ਹਨ ਲਈ ਪਾਉਂਟਾ ਸਾਹਿਬ ਦੇ ਨੇੜੇ ਛਛਰੌਲੀ ਭੇਜ ਦਿੱਤਾ। ਉਸ ਸਮੇਂ ਅਜੇ ਹਰਿਆਣਾ ਬਣਿਆਂ ਨਹੀਂ ਸੀ। ਇਥੇ ਉਸ ਨੂੰ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਕੋਲ ਪੁਸਤਕਾਂ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪੰਦਰਾਂ ਦਿਨਾਂ ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 30 ਰੁਪਏ ਦਾ ਮਨੀਆਰਡਰ ਸਕੂਲ ਦੇ ਮੁੱਖ ਅਧਿਆਪਕ ਦੇ ਨਾਮ ਭੇਜ ਦਿੱਤਾ ਤੇ ਲਿਖਿਆ ਹੋਇਆ ਸੀ ਕਿ ਵਿਦਿਆਰਥੀ ਨੂੰ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਜਾਣ ਪ੍ਰੰਤੂ ਵਿਦਿਆਰਥੀ ਦਾ ਨਾਮ ਨਹੀਂ ਲਿਖਿਆ ਸੀ। ਮੁੱਖ ਅਧਿਆਪਕ ਦੇ ਸਮਝ ਵਿੱਚ ਨਾ ਆਵੇ ਕਿ ਇਹ 30 ਰੁਪਏ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿਸ ਵਿਦਿਆਰਥੀ ਲਈ ਆਏ ਹਨ। ਸਾਰੇ ਅਧਿਆਪਕਾਂ ਨੂੰ ਆਪੋ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪਤਾ ਕਰਨ ਲਈ ਕਿਹਾ ਗਿਆ। ਫਿਰ ਕਿਤੇ ਜਾ ਕੇ ਰਤਨ ਚੰਦ ਬਾਲੀ ਦਾ ਪਤਾ ਚੱਲਿਆ। ਮੁੱਖ ਅਧਿਆਪਕ ਅਤੇ ਸਕੂਲ ਦੇ ਸਾਰੇ ਅਧਿਆਪਕ ਹੈਰਾਨ ਵੀ ਸਨ ਕਿ ਵਿਦਿਆਰਥੀ ਨੇ ਕਿਤਨਾ ਹੌਸਲਾ ਵਿਖਾਇਆ ਹੈ ਪ੍ਰੰਤੂ ਡਰ ਵੀ ਰਹੇ ਸਨ ਕਿ ਇਹ ਇਕ ਕਿਸਮ ਨਾਲ ਸਕੂਲ ਦੀ ਸ਼ਿਕਾਇਤ ਹੋ ਗਈ ਹੈ। ਫਿਰ ਰਤਨ ਚੰਦ ਬਾਲੀ ਨੂੰ ਸਕੂਲ ਦੀਆਂ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਗਈਆਂ।
ਦਸਵੀਂ ਪਾਸ ਕਰਨ ਤੋਂ ਬਾਅਦ ਰਤਨ ਚੰਦ ਬਾਲੀ 2 ਅਗਸਤ 1968 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਵਿਭਾਗ ਦੀ ਫੋਟੋ ਸ਼ੈਕਸ਼ਨ ਵਿੱਚ ਪਿ੍ਰੰਟਰ ਦੀ ਨੌਕਰੀ ਮਿਲ ਗਈ। ਰਤਨ ਚੰਦ ਬਾਲੀ ਨੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਸੀ, ਜਿਸ ਕਰਕੇ ਉਸ ਨੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਉਸ ਦੀ ਮਿਹਨਤ ਤੇ ਆਪਣੇ ਕੰਮ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਵਿਭਾਗ ਨੇ ਉਸ ਨੂੰ 24 ਨਵੰਬਰ 1972 ਨੂੰ ਜੂਨੀਅਰ ਫੋਟੋਗ੍ਰਾਫਰ ਦੀ ਤਰੱਕੀ ਕਰ ਦਿੱਤੀ। ਉਸ ਤੋਂ ਬਾਅਦ ਉਸ ਦੀ 26 ਫਰਵਰੀ 1979 ਨੂੰ ਸੀਨੀਅਰ ਫੋਟੋਗ੍ਰਾਫਰ, 1 ਜੂਨ 1989 ਨੂੰ ਕੈਮਰਾਮੈਨ ਅਤੇ 13 ਜੁਲਾਈ 2005 ਨੂੰ ਸਿਨਮਾ ਤੇ ਫੋਟੋ ਆਫੀਸਰ ਤਰੱਕੀ ਹੋ ਗਈ। ਉਸ ਨੂੰ ਆਪਣੀ ਨੌਕਰੀ ਦੌਰਾਨ 16 ਪ੍ਰਸੰਸਾ ਪੱਤਰ ਮਿਲੇ। ਹੈਰਾਨੀ ਦੀ ਗੱਲ ਹੈ ਕਿ ਰਤਨ ਚੰਦ ਬਾਲੀ ਦੀ ਦਿਆਨਤਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਵਿਭਾਗ ਦੇ ਵੱਡੇ ਅਧਿਕਾਰੀ ਉਸ ਦੇ ਪੈਰਾਂ ਨੂੰ ਛੂੰਹਦੇ ਰਹੇ। ਲੋਕ ਸੰਪਰਕ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ‘ਤੇ ਕੰਮ ਕਰਨਾ ਵੰਗਾਰ ਦੀ ਤਰ੍ਹਾਂ ਹੁੰਦਾ ਹੈ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਤਾਂ ਅਤਿਅੰਤ ਔਖੀਆਂ ਸਮੁੰਦਰ ਵਿੱਚੋਂ ਮੋਤੀ ਲੱਭਣ ਦੇ ਬਰਾਬਰ ਹੁੰਦੀਆਂ ਹਨ, ਜਿਨ੍ਹਾਂ ‘ਤੇ ਸਫਲ ਹੋਣ ਲਈ ਫੁਰਤੀਲਾਪਣ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ ਕੰਮ ਸਮੁੰਦਰ ਦੀਆਂ ਲਹਿਰਾਂ ਅਤੇ ਬਿਜਲੀ ਦੀ ਲਿਸ਼ਕ ਨੂੰ ਕੈਦ ਕਰਨ ਵਾਲਾ ਹੁੰਦਾ ਹੈ। ਉਨ੍ਹਾਂ ਵਿੱਚੋਂ ਫੋਟੋਗ੍ਰਾਫਰ ਦਾ ਕੰਮ ਹਵਾ ਦੇ ਝੋਕੇ ਨੂੰ ਪਕੜਨ ਦੀ ਤਰ੍ਹਾਂ ਹੁੰਦਾ ਹੈ। ਮੁੱਖ ਮਹਿਮਾਨ ਨੀਂਹ ਪੱਥਰ ਜਾਂ ਉਦਘਾਟਨ ਫਟਾਫਟ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਕੈਮਰੇ ਵਿੱਚ ਫੁਰਤੀ ਨਾਲ ਕੈਦ ਕਰਨਾ ਫੋਟੋਗ੍ਰਾਫਰ ਦਾ ਕੰਮ ਹੁੰਦਾ ਹੈ, ਅਜਿਹਾ ਹੀ ਇਕ ਫੋਟੋਗ੍ਰਾਫਰ ਆਰ.ਸੀ.ਬਾਲੀ ਹੈ, ਜਿਹੜਾ ਬਹੁਤ ਹੀ ਫੁਰਤੀ ਨਾਲ ਆਪਣੀ ਨੌਕਰੀ ਦੇ 37 ਸਾਲ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾ ਕੇ ਫੋਟੋਗ੍ਰਾਫੀ ਕਰਦਾ ਰਿਹਾ। ਪੰਜਾਬ ਦੇ 80ਵਿਆਂ ਦੇ ਮਾੜੇ ਦਿਨਾ ਵਿੱਚ ਜਦੋਂ ਸ਼ਾਮ ਨੂੰ ਘਰ ਵਾਪਸ ਪਹੁੰਚਣਾ ਗਨੀਮਤ ਸਮਝਿਆ ਜਾਂਦਾ ਸੀ। ਉਸ ਸਮੇਂ ਬੱਸਾਂ ‘ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਉਨ੍ਹਾਂ ਦਿਨਾਂ ਵਿੱਚ ਤਕਨਾਲੋਜੀ ਦਾ ਯੁਗ ਨਹੀਂ ਸੀ। ਪਹਿਲਾਂ ਤਸਵੀਰ ਖਿਚਣੀ ਤੇ ਰੀਲ ਨੂੰ ਧੋਣਾ ਤੇ ਫਿਰ ਤਸਵੀਰ ਬਣਾਉਣੀ ਬਹੁਤ ਹੀ ਮੁਸ਼ਕਲ ਹੁੰਦਾ ਸੀ ਕਿਉਂਕਿ ਇਹ ਤਸਵੀਰਾਂ ਅਖ਼ਬਾਰਾਂ ਵਿੱਚ ਗੱਡੀਆਂ ਰਾਹੀਂ ਭੇਜਣੀਆਂ ਹੁੰਦੀਆਂ ਸਨ। ਜਿਥੇ ਵੀ ਸਮਾਗਮ ਹੁੰਦਾ ਸੀ, ਉਸ ਦੇ ਨਜ਼ਦੀਕ ਦੇ ਸ਼ਹਿਰ ਜਾਂ ਕਸਬੇ ਵਿੱਚ ਕਿਸੇ ਫੋਟੋਗ੍ਰਾਫਰ ਦਾ ਸਟੂਡੀਓ ਵਰਤਕੇ ਕੰਮ ਕੀਤਾ ਜਾਂਦਾ ਸੀ। ਰਤਨ ਚੰਦ ਬਾਲੀ ਇੱਕ ਵਾਰ 12 ਅਗਸਤ 1982 ਨੂੰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਮਾਗਮ ਨੂੰ ਕਵਰ ਕਰਨ ਲਈ ਰਾਹੋਂ ਗਿਆ ਸੀ। ਉਥੇ ਸਮਾਗਮ ਵਾਲੀ ਥਾਂ ‘ਤੇ ਗਰਨੇਡ ਫੱਟ ਗਏ। ਰਤਨ ਚੰਦ ਬਾਲੀ ਸਣੇ 25-30 ਲੋਕ ਜ਼ਖ਼ਮੀ ਹੋ ਗਏ। ਰਤਨ ਚੰਦ ਬਾਲੀ ਨੂੰ ਦੋ ਮਹੀਨੇ ਤੰਦਰੁਸਤ ਹੋਣ ਲਈ ਲੱਗ ਗਏ। ਉਹ ਫਿਰ ਵੀ ਡਰਿਆ ਨਹੀਂ ਸਗੋਂ ਮੁੱਖ ਮੰਤਰੀ ਦੇ ਸਮਾਗਮ ਕਵਰ ਕਰਦਾ ਰਿਹਾ। ਏਸੇ ਤਰ੍ਹਾਂ 31 ਅਗਸਤ 1995 ਨੂੰ ਜਦੋਂ ਸਕੱਤਰੇਤ ਵਿਖੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਬੰਬਾਂ ਨਾਲ ਹਮਲਾ ਹੋਇਆ ਤਾਂ ਰਤਨ ਚੰਦ ਬਾਲੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ ਹੋਇਆ, ਇਸ ਘਟਨਾ ਤੋਂ ਪ੍ਰਭਾਵਤ ਗੱਡੀਆਂ ਅਤੇ ਲੋਕਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਜੇ ਉਹ ਫੋਟੋਆਂ ਨਾ ਖਿਚਦਾ ਤਾਂ ਹੋ ਸਕਦਾ ਵਿਭਾਗ ਉਸ ਦੀ ਜਵਾਬ ਤਲਬੀ ਕਰਦਾ ਪ੍ਰੰਤੂ ਵਿਭਾਗ ਨੇ ਉਸ ਵੱਲੋਂ ਖਿਚੀਆਂ ਤਸਵੀਰਾਂ ਦੀ ਵਰਤੋਂ ਨਹੀਂ ਕੀਤੀ। ਉਸ ਦੇ ਜੀਵਤ ਹੋਣ ਬਾਰੇ ਪਰਿਵਾਰ ਨੂੰ ਰਾਤ ਦੇ 11 ਵਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਘਰ ਨਹੀਂ ਪਹੁੰਚਿਆ। ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ। ਵਿਭਾਗ ਫੋਕੀ ਵਾਹਵਾ ਸ਼ਾਅਵਾ ਕਰਨ ਤੋਂ ਇਲਾਵਾ ਕੋਈ ਮਦਦ ਨਹੀਂ ਕਰਦਾ। । ਂਰਤਨ ਚੰਦ ਬਾਲੀ ਦਾ 31 ਅਗਸਤ 1947 ਨੂੰ ਡੇਰਾ ਬਰਮਿਆਂ ਜਿਲ੍ਹਾ ਰਾਵਲਪਿੰਡੀ ਵਿੱਚ ਰੋਟੀ ਅਤੇ ਰੋਜ਼ੀ ਦੀ ਜਦੋਜਹਿਦ ਕਰ ਰਹੇ ਸਾਧਾਰਨ ਪਰਿਵਾਰ ਵਿੱਚ ਪਿਤਾ ਰਾਏਜਾਦਾ ਕਿਸ਼ਨ ਚੰਦ ਤੇ ਮਾਤਾ ਚੰਦਰਾ ਬਾਲੀ ਦੀ ਕੁੱਖੋਂ ਜਨਮ ਹੋਇਆ। ਜਦੋਂ ਨੌਕਰੀ ‘ਤੇ ਲੱਗਿਆ ਸੀ ਤਾਂ ਉਹ ਦਸਵੀਂ ਪਾਸ ਸੀ। ਫਿਰ ਉਨ੍ਹਾਂ ਬੀ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਕੀਤੀ। ਉਸ ਦੇ ਪਿਤਾ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਅਲਾਟਮੈਂਟ ਅਧਿਕਾਰੀ ਨੇ ਵੱਡੀ ਹਵੇਲੀ ਅਲਾਟ ਕਰ ਦਿੱਤੀ। ਰਤਨ ਚੰਦ ਬਾਲੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਘਰ ਬਹੁਤ ਛੋਟਾ ਸੀ। ਇਸ ਲਈ ਛੋਟਾ ਘਰ ਦਿੱਤਾ ਜਾਵੇ। ਇਥੋਂ ਇਸ ਪਰਿਵਾਰ ਦੇ ਸਬਰ ਸੰਤੋਖ ਦੀ ਪ੍ਰਵਿਰਤੀ ਦਾ ਪਤਾ ਚਲਦਾ ਹੈ। ਰਤਨ ਚੰਦ ਬਾਲੀ ਦਾ ਵਿਆਹ 21 ਨਵੰਬਰ 1973 ਨੂੰ ਤੇਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਨੀਰਜ ਬਾਲੀ ਹੈ, ਜੋ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਲੜਕੀ ਨਮਰਤਾ ਪਾਹੂਜਾ ਅਮਰੀਕਾ ਵਿੱਚ ਸਰਕਾਰੀ ਅਧਿਆਪਕ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ - ਉਜਾਗਰ ਸਿੰਘ
ਕਮਲ ਬੰਗਾ ਸੈਕਰਾਮੈਂਟੋ ਪਰਵਾਸੀ ਪੰਜਾਬੀ ਗ਼ਜ਼ਲਗੋ ਹੈ। ਉਸ ਦੀ ਕਵਿਤਾ ਦੀਆਂ 16 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਨਵੀਂ-ਬੁਲਬੁਲ’ ਉਸ ਦੀ 17ਵੀਂ ਗ਼ਜ਼ਲਾਂ ਤੇ ਨਜ਼ਮਾ ਦੀ ਪੁਸਤਕ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਲੋਕਾਈ ਦੇ ਦਰਦ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਉਹ ਲਗਪਗ ਅੱਧੀ ਸਦੀ ਦੇ ਲੰਬੇ ਸਮੇਂ ਤੋਂ ਪਰਵਾਸ ਵਿੱਚ ਰਹਿ ਰਿਹਾ ਹੈ ਪ੍ਰੰਤੂ ਉਸ ਦੀ ਸ਼ਬਦਾਵਲੀ ਅਮੀਰ ਹੈ। ਜੇਕਰ ਉਸ ਨੂੰ ਸ਼ਬਦਾਂ ਦਾ ਕਾਰੀਗਰ ਕਹਿ ਲਈਏ ਤਾਂ ਵੀ ਕੋਈ ਅਤਕਥਨੀ ਨਹੀਂ। ਉਸ ਦੀ ਜ਼ਿੰਦਗੀ ਦੀ ਜਦੋਜਹਿਦ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਹ ਸੰਸਾਰ ਦੇ 35 ਦੇਸ਼ਾਂ ਦਾ ਭਰਮਣ ਕਰ ਚੁੱਕਾ ਹੈ। ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚੋਂ ਉਹ ਨਗੀਨਾ ਬਣਕੇ ਨਿਕਲਿਆ ਹੈ। ਉਸ ਨੂੰ 18 ਸਾਲ ਦੀ ਉਮਰ ਵਿੱਚ ਹੀ ਸਾਹਿਤਕ ਚੇਟਕ ਲੱਗ ਗਈ ਸੀ। ਪਰਵਾਸ ਵਿੱਚ ਸਾਹਿਤਕ ਮਹਿਫਲਾਂ ਦਾ ਸ਼ਿੰਗਾਰ ਰਿਹਾ ਹੈ। ਉਸ ਦੀ ਸਭਿਆਚਾਰਕ ਸਰਗਰਮੀ ਕਰਕੇ ਸਾਹਿਤਕ ਚੇਤਨਾ ਸੁਚੇਤ ਹੋ ਗਈ। ਕਮਲ ਬੰਗਾ ਸੈਕਰਾਮੈਂਟੋ ਦੀਆਂ ਗ਼ਜ਼ਲਾਂ ਤੇ ਨਜ਼ਮਾ ਦੇ ਵਿਸ਼ੇ ਲੋਕਾਈ ਦੀ ਜਦੋਜਹਿਦ ਵਿੱਚੋਂ ਲਏ ਹੋਏ ਹਨ। ਵਿਸ਼ਿਆਂ ਦੀ ਵੰਨਗੀ ਬਹੁ-ਰੰਗੀ ਤੇ ਬਹੁ-ਪੱਖੀ ਹੈ। ਉਹ ਕਿਸੇ ਇਕ ਵਿਸ਼ੇ ਜਾਂ ਵਾਦ ਨਾਲ ਜੁੜਿਆ ਹੋਇਆ ਨਹੀਂ। ਇਨਸਾਨ ਨੂੰ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮੁਸ਼ਕਲਾਂ ਹੀ ਕਮਲ ਬੰਗਾ ਦੇ ਵਿਸ਼ੇ ਹਨ। ਉਸ ਦੇ ਵਿਸ਼ਿਆਂ ਵਿੱਚ ਇਨਸਾਨੀ ਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਤ੍ਰੇੜਾਂ, ਬੇਇਨਸਾਫ਼ੀ, ਸਮਾਜਿਕ ਪੀੜਾ, ਮਾਨਸਿਕਤਾ, ਆਰਥਿਕ ਕਾਣੀ ਵੰਡ, ਪਿਆਰ-ਮੁਹੱਬਤ, ਇਸ਼ਕ-ਮੁਸ਼ਕ, ਨਫ਼ਰਤੀ ਵਰਤਾਰਾ, ਧਾਰਮਿਕ ਕੱਟੜਤਾ, ਗੰਧਲੀ ਰਾਜਨੀਤੀ, ਅਮੀਰ ਗ਼ਰੀਬ ਦਾ ਪਾੜਾ, ਬਿਰਹਾ, ਵਾਤਵਰਨ, ਰੁੱਖ, ਲਾਲਚ, ਸੰਸਾਰ ਜੰਗਾਂ, ਬਜ਼ੁਰਗਾਂ ਦੀ ਅਣਵੇਖੀ, ਮਾਨਵਤਾ ਤੇ ਸਾਹਿਤਕਾਰਾਂ ਦੇ ਕਿਰਦਾਰ, ਅਵਿਸ਼ਵਾਸ਼ ਅਤੇ ਪੱਖਪਾਤ ਸ਼ਾਮਲ ਹਨ। ਉਸ ਦੀ ਪਹਿਲੀ ਪੁਸਤਕ 2008 ਵਿੱਚ ‘ਪੈਂਤੀ ਸਾਹਿਤਕ ਕਿਰਨਾ’ ਪ੍ਰਕਾਸ਼ਤ ਹੋਈ ਸੀ। ਉਸ ਤੋਂ ਬਾਅਦ ਚਲ ਸੋ ਚਲ ਲਗਾਤਾਰ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ। ‘ਨਵੀਂ-ਬੁਲਬੁਲ’ 2023 ਵਿੱਚ ਪ੍ਰਕਾਸ਼ਤ ਹੋਈ ਹੈ। ਸਿਆਸਤ ਤੇ ਧਰਮ ਦਾ ਭਾਰੂ ਹੋਣਾ ਸ਼ਾਇਰ ਸਮਾਜ ਲਈ ਖ਼ਤਰਨਾਕ ਦੱਸਦਾ ਹੈ। ਨੋਟਾਂ ਤੇ ਵੋਟਾਂ ਦਾ ਵਿਓਪਾਰ ਵੀ ਦੇਸ਼ ਲਈ ਘਾਤਕ ਹੋਵੇਗਾ। ਸੱਚੇ ਸੁੱਚੇ ਲੋਕਾਂ ਲਈ ਖ਼ਤਰਾ ਵਧੇਰੇ ਹੈ। ਫਰੇਬੀ ਆਨੰਦ ਮਾਣਦੇ ਹਨ। ਲਾਲਚ ਤੇ ਧੋਖਾ ਇਨਸਾਨ ‘ਤੇ ਭਾਰੂ ਹੋ ਗਏ ਹਨ। ਨਕਲੀ ਵਿਖਾਵਾ ਲੋਕਾਂ ਦੀ ਫਿਤਰਤ ਬਣ ਗਈ ਹੈ। ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ। ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਪ੍ਰੰਤੂ ਦੁੱਖ ਨਾਲ ਜੀਵਨ ਵਿੱਚ ਹਨ੍ਹੇਰਾ ਆ ਜਾਂਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਬਹੁਤ ਸਾਰੀਆਂ ਅਟੱਲ ਸਚਾਈਆਂ ਦਾ ਵਰਣਨ ਕੀਤਾ ਗਿਆ ਹੈ। ਵਹਿਮ ਭਰਮ ਸਮਾਜ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰਦੇ ਹਨ। ਜ਼ਾਤ ਪਾਤ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਸਾਹਿਤਕਾਰ ਆਸ਼ਾਵਾਦੀ ਹੋਣੇ ਚਾਹੀਦੇ ਹਨ। ਫੋਕੀ ਵਾਹਵਾ ਸ਼ਾਹਵਾ ਚੰਗੀ ਨਹੀਂ ਹੁੰਦੀ। ਸਾਹਿਤਕ ਮਹਿਫਲਾਂ ਵਿੱਚ ਝਗੜੇ ਹੋ ਰਹੇ ਹਨ। ਸ਼ਾਇਰ ਕਵੀਆਂ ਨੂੰ ਸਲਾਹ ਦਿੰਦਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਬਾਰੇ ਲਿਖਣਾ ਚਾਹੀਦਾ, ਅਸ਼ਲੀਲ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ। ਭਾਸ਼ਾ ਸਰਲ ਵਰਤੀ ਜਾਵੇ। ਲਗਪਗ ਉਸ ਦੀਆਂ 125 ਗ਼ਜ਼ਲਾਂ ਤੇ ਨਜ਼ਮਾ ਵਿੱਚ ਸਾਹਿਤਕਾਰਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ ਗਿਆ। ਕਮਲ ਬੰਗਾ ਦਾ ਮੰਨਣਾ ਹੈ ਕਿ ਕਲਮਕਾਰ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹਨ। ਇਸ ਲਈ ਉਹ ਵਾਰ-ਵਾਰ ਸਾਹਿਤਕਾਰਾਂ ਨੂੰ ਕੁਰੇਦਦਾ ਹੈ ਕਿ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਤਾਂ ਸਮਾਜ ਬਿਹਤਰੀਨ ਪ੍ਰਣਾਲੀ ਅਪਣਾ ਸਕੇ। ਉਸ ਦਾ ਇਕ ਸ਼ਿਅਰ ਸਾਹਿਤਕਾਰਾਂ ਨੂੰ ਸੰਬੋਧਤ ਹੈ:
ਸਾਨੂੰ ਸਰੋਕਾਰਾਂ ਦਾ ਸ਼ੀਸ਼ਾ ਦੇਖਣਾ ਚਾਹੀਦਾ।
ਤੇ ਸਮਾਜ ‘ਚ ਕੀ-ਕੀ ਹੁੰਦਾ ਲਿਖਣਾ ਚਾਹੀਦਾ।
ਪ੍ਰਬੰਧਕੀ ਢਾਂਚੇ ਦੇ ਖੋਖਲਾਪਨ ਦੀ ਤਸਵੀਰ ਖਿਚਦਾ ਹੋਇਆ ਉਹ, ਜੇਲ੍ਹਾਂ ਵਿੱਚ ਹੋ ਰਹੀ ਐਸ਼ਪ੍ਰਸਤੀ ਦੀ ਨਿੰਦਿਆ ਕਰਦਾ ਹੈ। ਸ਼ਾਇਰ ਅਨੁਸਾਰ ਹੰਕਾਰ ਸਮਾਜ ਦਾ ਬੇੜਾ ਗਰਕ ਕਰ ਰਿਹਾ ਹੈ। ਜੇਕਰ ਇਨਸਾਨ ਨੇ ਵੱਡਾ ਬਣਨਾ ਹੈ ਤਾਂ ਹੰਕਾਰ ਛੱਡਣਾ ਪਵੇਗਾ। ਧਾਰਮਿਕ ਲੋਕਾਂ ਦੇ ਪਾਖੰਡ ਦਾ ਵੀ ਭਾਂਡਾ ਭੰਨਦਾ ਹੈ। ਧਰਮ ਨਿੱਜੀ ਹੁੰਦਾ ਹੈ, ਇਸ ਨੂੰ ਸਮਾਜ ‘ਤੇ ਠੋਸਣਾ ਨਹੀਂ ਚਾਹੀਦਾ। ਧਾਰਮਿਕ ਦੁਕਾਨਦਾਰੀਆਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਧਾਰਮਿਕ ਲੋਕਾਂ ਬਾਰੇ ਕਮਲ ਬੰਗਾ ਲਿਖਦਾ ਹੈ:
ਚਾਹੇ ਲੋਕ ਪਾਠ ਪੂਜਾ ਤੇ ਕਰਦੇ ਨੇ ਫ਼ਰਿਆਦਾਂ,
ਫਿਰ ਵੀ ਸ਼ਰੇਆਮ ਕਰੀ ਜਾਂਦੇ ਨੇ ਵੰਡ ਕਾਣੀ।
ਧਰਮ ਤੇ ਰਾਜਨੀਤੀ ਸਖ਼ਤ ਵੀ ਤੇ ਨਰਮ ਵੀ ਬੜੇ,
ਲੋਕ ਇੱਕ ਥਾਂ ਟਿਕਦੇ ਨਹੀਂ, ਥਾਂ ਥਾਂ ਮੱਥੇ ਰਗੜਦੇ।
ਅਸਲ ਵਿੱਚ ਧਰਮਾਂ ਤੇ ਸੱਚ-ਝੂਠ ਦੀ ਲੜਾਈ ਹੈ,
ਅਕਸਰ ਇਨ੍ਹਾਂ ਵਿਚ ਵੀ, ਸੱਚ ਨੂੰ ਟਾਲੀ ਜਾਂਦੇ ਨੇ।
ਅਮੀਰ ਲੋਕਾਂ ਨੂੰ ਸਲਾਹ ਦਿੰਦਾ ਸ਼ਾਇਰ ਲਿਖਦਾ ਹੈ ਕਿ ਪੈਸਾ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ। ਸਰੀਰਕ ਬਿਮਾਰੀ ਪੈਸੇ ਨਾਲ ਦੂਰ ਨਹੀਂ ਹੁੰਦੀ। ਵਾਤਵਰਨ ਬਾਰੇ ਵੀ ਸ਼ਾਇਰ ਕਾਫ਼ੀ ਚਿੰਤਤ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਰੁੱਖਾਂ, ਪਾਣੀ ਅਤੇ ਹਵਾ ਦੇ ਗੰਧਲੇਪਣ ਦਾ ਜ਼ਿਕਰ ਕਰਦਾ ਹੈ। ਰੁੱਖ ਤਾਂ ਹਰ ਦੁੱਖ ਝਲਕੇ ਇਨਸਾਨਾ ਦੀ ਛਤਰੀ ਬਣਦੇ ਹਨ ਪ੍ਰੰਤੂ ਇਨਸਾਨ ਉਨ੍ਹਾਂ ਦੀ ਛਾਂ ਮਾਣਦਾ ਹੋਇਆ ਵੀ ਰਹਿਮ ਨਹੀਂ ਕਰਦਾ। ਰੁੱਖਾਂ ਬਾਰੇ ਲਿਖਦਾ ਹੈ:
ਰੁੱਖ਼ਾਂ ਤੇ ਮਨੁੱਖ਼ਾਂ ਦੇ ਮੁੱਕਣ ਵਾਂਗ ਹੀ, ਪੰਛੀਆਂ ਨੂੰ ਵੀ, ਇਹੋ ਮਿਲਦੀ ਹੈ ਸਜ਼ਾ।
ਸਾਰੇ ਰੁੱਖ ਛਾਂ ਦੀਆਂ, ਛਤਰੀਆਂ ਬਣ ਕੇ ਖੜ੍ਹੇ ਨੇ,
ਇਨ੍ਹਾਂ ਖੜ੍ਹਿਆਂ-ਖੜ੍ਹਿਆਂ, ਸਭੇ ਸਾਂਝਾ ਪੁਗਾਈਆਂ ਨੇ।
Ñਲੋਕਾਂ ਨੂੰ ਇਨਸਾਫ਼ ਨਾ ਮਿਲਣ ‘ਤੇ ਲਾਲਚੀ ਸਮਾਜ ਬਾਰੇ ਚਿੰਤਤ ਹੋਇਆ ਕਮਲ ਬੰਗਾ ਲਿਖਦਾ ਹੈ-
ਚਾਹੇ ਸਮਾਜੀ ਰੰਗਤ ਹਰਿਕ ਮਨ ਵਿੱਚ ਹੀ, ਫਿਰ ਵੀ ਹਰਿਕ ਨੂੰ, ਇਨਸਾਫ਼ ਦੀ ਭਾਲ ਹੈ।
ਜ਼ੋਰਾਵਰ ਤੇ ਹਓਮੇ ਵਾਲੇ ਵੀ ਬਥੇਰੇ, ਘੱਟ ਹੀ ਗੱਲ ਕਰਦੇ, ਰੱਬੀ ਮਿਹਰ ਦੀ।
ਜ਼ਿੰਦਗੀ ਤਾਂ ਹਰਿਕ ਹੀ, ਮੰਗਦੀ ਸ਼ਾਂਤੀ, ਪਰ ਹਲਚਲ ਘੱਟਦੀ ਨਹੀਂ, ਲਾਲਚੀ-ਲਹਿਰ ਦੀ।
ਵਹਿਮ ਭਰਮ ਤੇ ਜ਼ਾਤ ਪਾਤ ਸਮਾਜ ਲਈ ਕਲੰਕ ਹਨ। ਇਹ ਸਮਾਜ ਦੀ ਮਾਨਸਿਕ ਪ੍ਰਗਤੀ ਦੇ ਰਾਹ ਵਿੱਚ ਰੋੜਾ ਬਣਦੇ ਹਨ-
ਇੰਡੀਅ ‘ਚ ਜ਼ਾਤਾਂ-ਪਾਤਾਂ ਦੀ ਮਧਾਣੀ ਫੇਰੀ ਜਾਂਦੇ,
ਧੱਕੇ ਨਾਲ ਵਹਿਮਾ ਦੀ ਫੜੀ ਪਟਾਰੀ ਹੁੰਦੀ ਹੈ।
ਵੈਸੇ ਤਾਂ ਇਨਸਾਨ ਦੀ, ਆਪਣੀ ਹੈ ਮਰਜ਼ੀ,
ਵਹਿਮਾਂ ਨਾਲ ਵੀ ਸੱਜਣੋ, ਜਿੰਦ ਖ਼ੱਜ਼ਲ ਹੁੰਦੀ ਹੈ।
ਰਾਜਨੀਤਕ ਲੋਕਾਂ ਨੂੰ ਸ਼ਾਇਰ ਆੜੇ ਹੱਥੀਂ ਲੈਂਦਾ ਹੋਇਆ ਲਿਖਦਾ ਹੈ-
ਰਾਜਨੀਤੀ ਵੀ ਮਿੱਠੀ ਜ਼ਹਿਰ, ਲੀਡਰ ਪੀਂਦੇ ਨੇ ਪਰ,
ਕਿਸੇ ਦੇ ਹੱਡ ਨਹੀਂ ਦੁੱਖਦੇ, ਇਸ ਦੀਆਂ ਮਾਰਾਂ ਵਿੱਚ।
ਸੋਨੇ ਰੰਗੀਆਂ ਕੁਰਸੀਆਂ ਦੇ ਵਾਂਗ ਹੀ,
ਉਪਰੋਂ ਉਪਰੋਂ ਚਮਕਦੀ ਹੁੰਦੀ ਸਰਕਾਰ ਹੈ।
ਕਹਿਣ ਨੂੰ ਦੁਨੀਆਂ ਕਹਿੰਦੀ, ਨਸ਼ਿਆਂ ਤੋਂ ਬਚੋ,
ਪਰ ਆਪ ਹੀ, ਸਭ ਕੁਝ ਬਣਾਉਂਦੀ ਨਸ਼ੀਲਾ ਹੈ।
ਇਕੱਲੇ ਸੱਪਾਂ ਵਿਚ ਹੀ, ਜ਼ਹਿਰ ਨਹੀਂ ਹੁੰਦੀ,
ਠੱਗੀ-ਠੋਰੀ ਵਾਲੇ ਵੀ, ਮਿੱਠੇ ਫ਼ਨੀਅਰ ਬਣੇ ਨੇ।
ਰਿਸ਼ਤੇ ਵੀ ਹੁਣ ਅਮੀਰਤ ਮਗਰ ਘੁੰਮਦੇ, ਚਾਹੇ ਮੁੰਡਾ ਚੰਦ ਵਰਗਾ ਤੇ ਕੁੜੀ ਨੂਰੀ ਹੈ।
ਪਰਵਾਸ ਦੀ ਜ਼ਿੰਦਗੀ ਸੰਬੰਧੀ ਵੀ ਸ਼ਾਇਰ ਕਾਫਪ ਗ਼ਜ਼ਲਾਂ ਲਿਖੀਆਂ ਹਨ-
ਸੜਕਾਂ ‘ਤੇ ਜ਼ੋਰ ਹੈ, ਕਾਰਾਂ ਤੇ ਟਰੱਕਾਂ ਦਾ, ਨਾਲੇ ਲੱਖਾਂ ਮੁਸਾਫ਼ਿਰ, ਜ਼ਾਜ਼ਾਂ ‘ਚ ਚੜ੍ਹਿਆ ਹੈ।
ਕੰਮਾਂ ਕਾਰਾਂ ਤੇ ਸ਼ਿਫਟਾਂ ਦੀ ਮਜ਼ਬੂਰੀ, ਪਹਿਲਾਂ ਵਾਂਗ ਰਹੇ ਨਹੀਂ, ਸਾਂਝੇ ਜਗਰਾਤੇ।
Êਪ੍ਰਦੇਸ ਚਾਹੇ ਦੂਰ ਹੈ, ਬੰਦਾ ਜਾਣ ਲਈ ਮਜ਼ਬੂਰ ਹੈ,
ਉਂਜ ਵੀ ਸੋਹਣੇ ਜੀਵਨ ਦਾ, ਗੁਜ਼ਾਰਾ ਸੋਹਣਾ ਚਾਹੀਦਾ।
ਰੂਸ ਅਤੇ ਯੂਕਰੇਨ ਦੀ ਲੜਾਈ ਵੀ ਸ਼ਾਇਰ ਨੂੰ ਚੁਭਦੀ ਹੈ। ਇਸ ਲਈ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਹਠਧਰਮੀ ਬਾਰੇ ਲਿਖਦਾ ਹੈ-
ਪੂਟਨ ਕਿਸੇ ਦੀ ਵੀ-ਮੰਨਦਾ ਨਹੀਂ, ਅੰਦਰੋਂ-ਬਾਹਰੋਂ ਖ਼ਾਮੋਸ਼ ਹੋਈ ਲੋਕਾਈ।
ਬੰਦਾ ਤਾਂ ਕੀ? ਂਰੱਬ ਵੀ ਕੀ ਕਰੇ ਕਮਲ, ਪੂਟਨ ਵਰਗੇ ਸ਼ਰੇਆਮ, ਜ਼ੋਰ ਦਿਖਾ ਰਹੇ ਨੇ।
ਕਮਲ ਬੰਗਾ ਦੀਆਂ ਗ਼ਜ਼ਲਾਂ ਵਿੱਚ ਇਸ਼ਕ-ਮੁਹੱਬਤ ਦਾ ਵੀ ਬੋਲਬਾਲਾ ਹੈ ਪ੍ਰੰਤੂ ਇਸ਼ਕ ਤਾਂ ਹੀ ਵਰਦਾਨ ਸਾਬਤ ਹੋ ਸਕਦਾ ਜੇਕਰ ਪ੍ਰੇਮੀ ਸੱਚੇ ਸੁਚੇ ਹੋਣ ਵਰਨਾ ਸੰਤਾਪ ਹੰਢਾਉਣਾ ਪੈਂਦਾ ਹੈ। ਸੱਚੇ ਪ੍ਰੇਮੀ ਅਮਰ ਹੁੰਦੇ ਹਨ, ਝੂਠੇ ਬਦਨਾਮੀ ਪੱਲੇ ਬੰਨ੍ਹਦੇ ਹਨ। ਇਸ਼ਕ ਵਿੱਚਲਾ ਬਿਰਹਾ ਮਾਨਸਿਕਤਾ ਨੂੰ ਸਾੜ ਦਿੰਦਾ ਹੈ। ਅੱਜ ਕਲ੍ਹ ਨੌਜਵਾਨੀ ਪਿਆਰ ਮੁਹੱਬਤ ਦੇ ਚਕਰ ਵਿੱਚ ਦੀਵਾਨੀ ਹੋਈ ਫਿਰਦੀ ਹੈ। ਵਫ਼ਾਦਾਰੀ ਦੀ ਘਾਟ ਰੜਕਦੀ ਹੈ। ਪਿਆਰ ਵਿਓਪਾਰ ਬਣਦਾ ਜਾ ਰਿਹਾ ਹੈ। ਸ਼ਾਇਰ ਲਿਖਦਾ ਹੈ:
ਜਿਹੜਾ ਹੁਣ ਲੋਚਦਾ ਹੈ ਵਫ਼ਾ ਨੂੰ, ਉਹਨੇ ਵੀ ਕੀਤੀ, ਕਿਸੇ ਨਾਲ ਬੇਵਫ਼ਾਈ ਹੈ।
ਪਾਕ ਮੁਹੱਬਤ ਬਨਾਮ ਹੁੰਦੀ ਵਫ਼ਾ ਯਾਰੋ, ਜੀਵਨ ਵਫ਼ਾ ਦਾ ਵੀ, ਰਾਗ ਛੇੜਦਾ ਹਾਂ।
ਦੋ ਦਿਲ ਸਾਫ਼ ਤਾਂ ਪਾਕ ਮੁਹੱਬਤ ਹੋ ਸਕਦੀ, ਨਾਲੇ ਪਾਕ ਮੁਹੱਬਤ ਦਾ ਬੂਟਾ-ਸੁੱਕਦਾ ਨਹੀਂ।
ਜੱਗ ‘ਤੇ ਮੁਹੱਬਤ ਨੇ, ਕਈ ਦਿਲ ਉਜਾੜੇ, ਪਰ ਕਈਆਂ ਨੇ ਮੁਹੱਬਤੀ ਸਾਂਝੀ ਛਤਰੀ ਤਾਣੀ।
ਇਸ ਗ਼ਜ਼ਲ ਸੰਗ੍ਰਹਿ ਵਿੱਚ 222 ਗ਼ਜ਼ਲਾਂ ਅਤੇ 18 ਨਜ਼ਮਾ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਦੀ ਦਿਖ ਸੁੰਦਰ ਹੈ ਪ੍ਰੰਤੂ ਬਾਈਂਡਿੰਗ ਸਮੇਂ ਦੋ ਫਰਮੇ ਉਲਟ ਪੁਲਟ ਲਗਾਏ ਹੋਏ ਹਨ। ਪ੍ਰਵਾਸ ਵਿੱਚ ਰਹਿਣ ਕਰਕੇ ਕੁਝ ਸ਼ਬਦ ਵੀ ਸ਼ਾਇਰ ਨੇ ਆਪੇ ਘੜੇ ਹੋਏ ਹਨ।
240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਵਿਰਸਾ ਟਰੱਸਟ ਰਜਿ. ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ
ਗੁਰਭਜਨ ਗਿੱਲ ਸਥਾਪਤ ਸ਼ਾਇਰ ਹੈ। ਉਹ ਸਰਬਕਲਾ ਸੰਪੂਰਨ ਤੇ ਹਰਫਨ ਮੌਲਾ ਸਾਹਿਤਕਾਰ ਹੈ। ਉਸ ਨੂੰ ਸਾਹਿਤਕ ਇਤਿਹਾਸਕਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਵਰਤਮਾਨ ਸਮੇਂ ਦੀਆਂ ਘਿਨੌਣੀਆਂ ਸਥਿਤੀਆਂ ਨੂੰ ਪਾਠਕਾਂ ਦੀ ਨਜ਼ਰਸਾਨੀ ਕਰਨ ਲਈ ਸਾਹਿਤਕ ਰੂਪ ਦੇ ਕੇ ਪ੍ਰਗਟਾਉਂਦਾ ਹੈ। ਗੁਰਭਜਨ ਗਿੱਲ ਦੀ ਇਕ ਹੋਰ ਵਿਲੱਖਣਤਾ ਹੈ ਕਿ ਉਹ ਖਾਸ ਤੌਰ ‘ਤੇ ਪੰਜਾਬੀ ਅਤੇ ਉਰਦੂ ਸਾਹਿਤ ਦੇ ਹਰ ਰੂਪ ਨੂੰ ਪੜ੍ਹਦਾ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਅਤੇ ਜਾਣਕਾਰੀ ਬਹੁਤ ਵਿਸ਼ਾਲ ਤੇ ਅਮੀਰ ਹੈ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਸ ਕੋਲ ਹਰ ਭਾਸ਼ਾ ਦੇ ਸਾਹਿਤਕਾਰਾਂ ਬਾਰੇ ਜਾਣਕਾਰੀ ਦਾ ਖ਼ਜ਼ਾਨਾ ਹੈ। ਉਸ ਨੂੰ ਸਾਹਿਤਕਾਰਾਂ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾ ਸਕਦਾ ਹੈ। ਉਸ ਦੀ ਸਾਹਿਤਕ ਸੋਚ ਆਮ ਲੋਕਾਂ ਦੀ ਸੋਚ ਬਣ ਗਈ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ਾ ਵਸਤੂ ਰੰਗ ਬਿਰੰਗੇ ਅਤੇ ਵੰਨ ਸੁਵੰਨੇ ਹਨ। ਗ਼ਰੀਬਾਂ, ਮਜ਼ਲੂਮਾਂ, ਕਿਸਾਨੀ ਅਤੇ ਕੁਦਰਤ ਦੀ ਕਰੋਪੀ ਦੇ ਦਰਦ, ਵਾਤਾਵਰਨ, ਹਵਾ, ਪਾਣੀ, ਪਰਵਾਸ, ਵਹਿਮ ਭਰਮ, ਸ਼ਾਜ਼ਸ਼ਾਂ, ਸ਼ਾਹੂਕਾਰਾਂ, ਪੁਲਿਸ ਜ਼ਿਆਦਤੀਆਂ, ਨਸ਼ੇ, ਰਾਜਨੀਤੀ ਅਤੇ ਜ਼ਾਤ ਪਾਤ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਬਦ ਆਪ ਮੁਹਾਰੇ ਬੋਲਦੇ ਹਨ। ਉਸ ਦਾ ਗ਼ਜ਼ਲਾਂ ਲਿਖਣ ਦਾ ਅੰਦਾਜ਼ ਵਿਲੱਖਣ ਹੈ। ਗੁਰਭਜਨ ਗਿੱਲ ਦੀਆਂ ਕਵਿਤਾਵਾਂ/ਗ਼ਜ਼ਲਾਂ ਸਮੇਂ ਦੀ ਨਜ਼ਾਕਤ ਨੂੰ ਅਨੁਭਵ ਕਰਕੇ ਲਿਖੀਆਂ ਹੋਈਆਂ ਹਨ। ਉਸ ਦੇ ਹੁਣ ਤੱਕ ਦੋ ਦਰਜਨ ਤੋਂ ਉਪਰ ਕਵਿਤਾ ਅਤੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਹਰ ਧੁਖਦਾ ਪਿੰਡ ਮੇਰਾ ਹੈ’ ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਤੇ ਦੂਜੀ ਪੁਸਤਕ ਹੈ। ਉਸ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਤੋਂ ਮਹਿਜ ਤਿੰਨ ਸਾਲ ਬਾਅਦ ਪਹਿਲਾ ਕਾਵਿ ਸੰਗ੍ਰਹਿ ‘ਸ਼ੀਸ਼ਾ ਝੂਠ ਬੋਲਦਾ ਹੈ’ ਆਉਣਾ ਆਪਣੇ ਆਪ ਵਿੱਚ ਉਸ ਦੀ ਸਾਹਿਤਕ ਪ੍ਰਤਿਭਾ ਦਾ ਸਬੂਤ ਹੈ। ਉਸ ਤੋਂ 7 ਸਾਲ ਬਾਅਦ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਪ੍ਰਕਾਸ਼ਤ ਹੋਇਆ ਸੀ। ਇਹ ਉਸ ਗ਼ਜ਼ਲ ਸੰਗ੍ਰਹਿ ਦਾ ਤੀਜਾ ਐਡੀਸ਼ਨ ਹੈ, ਜਿਹੜਾ ਵੱਡੇ ਰੂਪ ਵਿੱਚ 2021 ਵਿੱਚ ਪ੍ਰਕਾਸ਼ਤ ਹੋਇਆ ਸੀ। ਇਹ ਗ਼ਜ਼ਲ ਸੰਗ੍ਰ੍ਰਹਿ ਪੜ੍ਹਕੇ ਇੰਜ ਮਹਿਸੂਸ ਹੁੰਦਾ ਹੈ ਕਿ ਗੁਰਭਜਨ ਗਿੱਲ ਚੜ੍ਹਦੀ ਉਮਰ ਵਿੱਚ ਵੀ ਪ੍ਰੌੜ੍ਹ ਗ਼ਜ਼ਲਗੋ ਦੀ ਤਰ੍ਹਾਂ ਲਿਖਦਾ ਰਿਹਾ ਹੈ। ਗੁਰਭਜਨ ਗਿੱਲ ਦੀਆਂ ਮੁੱਢਲੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ਿਆਂ ਵਿੱਚ ਇਸ ਸਮੇਂ ਤੱਕ ਵੀ ਬਹੁਤੀ ਤਬਦੀਲੀ ਨਹੀਂ ਆਈ ਪ੍ਰੰਤੂ ਸੁਰ ਤਾਲ, ਰਦੀਫ ਅਤੇ ਸਾਹਿਤਕ ਮਾਪ ਦੰਡਾਂ ਵਿੱਚ ਪਰਪੱਕਤਾ ਜ਼ਰੂਰ ਆਈ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਨੇ ਗ਼ਜ਼ਲ ਦੇ ਮਾਪ ਦੰਡਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪ੍ਰੰਤੂ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਤ ਹਨ। ਉਹ ਆਮ ਕਵੀਆਂ ਅਤੇ ਗ਼ਜ਼ਲਗੋ ਵਾਂਗੂੰ ਆਪਣੀਆਂ ਰਚਨਾਵਾਂ ਵਿੱਚ ਪਿਆਰ ਮੁਹੱਬਤ ਤੇ ਬਿਰਹਾ ਦੇ ਰੋਣੇ ਧੋਣੇ ਨਹੀਂ ਰੋਂਦਾ। ਉਸ ਦੀਆਂ ਸਾਰੀਆਂ ਗ਼ਜ਼ਲਾਂ ਵਿੱਚੋਂ ਇਨਸਾਨੀਅਤ ਦੇ ਦਰਦ ਦੀ ਪੀੜ ਦਿ੍ਰਸ਼ਟਾਂਤਿਕ ਰੂਪ ਵਿੱਚ ਝਲਕਦੀ ਹੈ। ਗ਼ਜ਼ਲ ਪੜ੍ਹਦਿਆਂ ਹੀ ਵਾਪਰ ਰਹੀ ਘਟਨਾ ਦਾ ਸੀਨ ਵਿਖਾਈ ਦੇਣ ਲਗਦਾ ਹੈ। ਇਹੋ ਗ਼ਜ਼ਲਗੋ ਦੀ ਕਾਬਲੀਤ ਦਾ ਸਬੂਤ ਹੈ। ਉਸ ਦੀਆਂ ਗ਼ਜ਼ਲਾਂ ਨੀਰਸ ਨਹੀਂ ਹੁੰਦੀਆਂ ਸਗੋਂ ਜੋਸ਼ ਪੈਦਾ ਕਰਦੀਆਂ ਹਨ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਮਾਜ ਦੇ ਯਥਾਰਥ ਦਾ ਸ਼ੀਸ਼ਾ ਹਨ। ਸਾਹਿਤਕਾਰ ਦਾ ਮੰਤਵ ਸਿਰਫ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਪ੍ਰੰਤੂ ਉਸ ਦੀ ਰਚਨਾਵਾਂ ਸਮਾਜ ਵਿੱਚ ਰੋਜ ਮਰ੍ਹਰਾ ਦੀਆਂ ਵਿਸੰਗਤੀਆਂ ਨਾਲ ਸੰਬੰਧਤ ਵੀ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਲੋਕਾਈ ਲਈ ਪ੍ਰੇਰਨਾ ਸਰੋਤ ਬਣਨ। ਗੁਰਭਜਨ ਗਿੱਲ ਦੀਆਂ ਕੱਚੀ ਉਮਰ ਵਿੱਚ ਲਿਖੀਆਂ ਗ਼ਜ਼ਲਾਂ ਵੀ ਪਾਠਕਾਂ ਅਤੇ ਖਾਸ ਤੌਰ ‘ਤੇ ਨਵੇਂ ਉਭਰ ਰਹੇ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਅਜਿਹੇ ਤੁਣਕੇ ਮਾਰਦੀਆਂ ਹਨ ਕਿ ਉਹ ਸਮਾਜਕ ਦੁਖਾਂਤ ਨੂੰ ਸਿਰਫ ਮਹਿਸੂਸ ਹੀ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੇ ਹਲ ਲਈ ਵੀ ਪ੍ਰੇਰਿਤ ਕਰਦੀਆਂ ਹਨ। ਲਗਪਗ ਉਸ ਦੀ ਹਰ ਗ਼ਜ਼ਲ ਸਮਾਜਿਕ ਵਰਤਾਰੇ ਵਿੱਚ ਹੋ ਰਹੇ ਗ਼ਲਤ ਕੰਮਾ ਦਾ ਪਰਦਾ ਫਾਸ਼ ਕਰਦੀ ਹੈ ਪ੍ਰੰਤੂ ਗ਼ਜ਼ਲ ਦਾ ਆਖ਼ਰੀ ਸ਼ਿਅਰ ਉਸ ਦੇ ਹਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਭਾਵ ਹੈ ਕਿ ਉਸ ਦੀਆਂ ਗ਼ਜ਼ਲਾਂ ਸਮਾਜ ਵਿੱਚ ਵਾਪਰ ਰਹੀਆਂ ਦੁਸ਼ਾਵਰੀਆਂ ਬਾਰੇ ਜਾਣਕਾਰੀ ਹੀ ਨਹੀਂ ਦਿੰਦੀਆਂ ਸਗੋਂ ਉਨ੍ਹਾਂ ਤੋਂ ਖਹਿੜਾ ਕਿਵੇਂ ਛੱਡਵਾਇਆ ਜਾਵੇ, ਉਸ ਲਈ ਹੱਲਾ ਸ਼ੇਰੀ ਦਿੰਦੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਅਤੇ ਸ਼ੈਲੀ ਦਿਹਾਤੀ ਧਰਾਤਲ ਵਿੱਚੋਂ ਲਈ ਗਈ ਨਿਵੇਕਲੀ ਹੈ। ਗੁਰਭਜਨ ਗਿੱਲ ਤਿੱਖੀ ਬੁੱਧੀ ਦਾ ਮਾਲਕ ਹੈ, ਉਸ ਦਾ ਜੀਵਨ ਨੂੰ ਵੇਖਣ ਅਤੇ ਪਰਖਣ ਦਾ ਅਨੁਭਵ ਵਿਸ਼ਾਲ ਹੈ, ਜਿਸ ਕਰਕੇ ਉਸ ਨੇ ਵੇਖਕੇ ਜੋ ਮਹਿਸੂਸ ਕੀਤਾ ਉਸ ਨੂੰ ਬੇਬਾਕੀ ਨਾਲ ਲਿਖਿਆ ਹੈ। ਉਸ ਦੀ ਬੇਬਾਕੀ ਆਪਣੇ ਸਾਹਿਤਕਾਰ ਭਾਈਚਾਰੇ ਨੂੰ ਵੀ ਬਖ਼ਸ਼ਦੀ ਨਹੀਂ, ਉਹ ਕਲਮਾ ਵਾਲਿਆਂ ‘ਤੇ ਵਿਅੰਗਮਈ ਸੰਕੇਤਕ ਕਟਾਕਸ਼ ਕਰਦਿਆਂ ਲਿਖਦਾ ਹੈ:
ਡੁੱਲ੍ਹੇ ਖ਼ੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।
ਕਿਉਂ ਤੇਰੇ ਹੋਠਾਂ ‘ਤੇ ਚੁੱਪ ਦਾ ਪਹਿਰਾ,
ਨਾਗ ਤਾਂ ਜ਼ਹਿਰੀ ਮੁਸਕਣੀਆਂ ਸੰਗ ਖੇਲ੍ਹੇ।
‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਦੇ ਨਾਮ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਰਣਨ ਹੋਵੇਗਾ, ਜੋ ਸੱਚ ਸਾਬਤ ਹੋ ਰਿਹਾ ਹੈ। ਗ਼ਜ਼ਲਗੋ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਸੋਚਣੀ ਦੇ ਅੰਤਰ ਦਾ ਜ਼ਿਕਰ ਵੀ ਕਰਦਾ ਹੈ। ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਦੇ ਦਰਦ ਦੀ ਪੀੜ ਬਾਰੇ ਉਤਨੀ ਜਾਣਕਾਰੀ ਨਹੀਂ। ਸਰਕਾਰੀ ਤੰਤਰ ਪਿੰਡਾਂ ਦੇ ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਂਦਾ ਹੋਇਆ ਲੁੱਟਦਾ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਦੇ ਬਾਵਜੂਦ ਗ਼ਜ਼ਲਗੋ ਨਿਰਾਸ਼ ਨਹੀਂ, ਉਸ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਪਿੰਡਾਂ ਦੇ ਲੋਕ ਜਾਗ੍ਰਤ ਹੋਣਗੇ ਤੇ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣਗੇ। ਉਹ ਕਿਸੇ ਇਨਕਲਾਬ ਦੇ ਸਪਨੇ ਵੇਖ ਰਿਹਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਜ਼ੁਲਮਾਂ, ਵਧੀਕੀਆਂ, ਧੋਖਿਆਂ ਦਾ ਬੋਲਬਾਲਾ ਹੋਣ ਦੇ ਬਾਵਜੂਦ ਆਸ਼ਾ ਦੀ ਕਿਰਨ ਵੀ ਵਿਖਾਈ ਦਿੰਦੀ ਹੈ। ਪਿੰਡਾਂ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਉਸ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ਿਅਰ ਸ਼ਪਸਟ ਕਰਦੇ ਹਨ ਕਿ ਗੁਰਭਜਨ ਗਿੱਲ ਲੋਕਾਈ ਦੇ ਦਰਦ ਬਾਰੇ ਕਿਤਨਾ ਚਿੰਤਾਜਨਕ ਹੈ:
ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ,
ਹਰ ਬਸਤੀ, ਘਰ, ਸ਼ਹਿਰ, ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿੱਚ ਲਾਊਡ-ਸਪੀਕਰ ਉੱਚੀ ਉੱਚੀ ਗਾਵੇ।
ਠੰਢਾ-ਚੁੱਲ੍ਹਾ ਖ਼ਾਲੀ-ਬੋਰੀ ਸੱਖਣੇ-ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲਮ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ।
ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ ਗਏ ਰਲ ਮੰਡੀਆਂ ਦੇ ਚੋਰ।
ਆਦਮ-ਬੋ ਆਦਮ-ਬੋ ਕਰਦੇ ਫਿਰਨ ਸ਼ਿਕਾਰੀ ਏਥੇ,
ਖੇਤਾਂ ਤੇ ਮਲਿ੍ਹਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ।
ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿੱਚ ਮਿਲਾਇਆ ਹੈ,
ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸ ਦਾ।
ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ,
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ।
ਪੰਜਾਬ ਵਿੱਚ 80ਵਿਆਂ ਤੋਂ ਕਾਲਾ ਦੌਰ ਸ਼ੁਰੂ ਹੋਇਆ, ਜਿਸਦਾ ਸੇਕ ਲਗਪਗ ਹਰ ਪੰਜਾਬੀ ਪਰਿਵਾਰ ਨੂੰ ਹੰਢਾਉਣਾ ਪਿਆ। 1980 ਤੋਂ 85 ਤੱਕ ਜੋ ਪੰਜਾਬ ਵਿਚ ਇਨਸਾਨੀਅਤ ਦਾ ਘਾਣ ਹੋਇਆ, ਉਸ ਬਾਰੇ ਗੁਰਭਜਨ ਗਿੱਲ ਦਾ ਸਾਹਿਤਕ ਮਨ ਪ੍ਰਭਾਵਤ ਹੋਏ ਬਿਨਾ ਰਹਿ ਨਹੀਂ ਸਕਿਆ। ਇਸ ਲਈ ਉਸ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੌਰ ਦੀਆਂ ਕੋਝੀਆਂ ਹਰਕਤਾਂ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਇਹ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਿੰਬਾਲਿਕ ਹਨ, ਸਾਹਿਤਕ ਪਿਉਂਦ ਨਾਲ ਉਨ੍ਹਾਂ ਵਿਚ ਕਾਲੇ ਦੌਰ ਦਾ ਜ਼ਿਕਰ ਕੀਤਾ ਗਿਆ ਹੈ। ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਦੱਸੇ ਮਹਿਮਾਨ।
ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤੇ ਸਨ,
ਐਸਾ ਸੇਕਿਆ ਹਵਾ ਨੇ ਹੋਏ ਕੋਲ਼ਿਆਂ ਦੇ ਵਾਂਗ।
ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ।
ਅੰਬਰ ਦੇ ਵਿੱਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ,
ਅਪਣੀ ਗੁੱਡੀ ਦੀ ਨਾ ਜਦ ਤੱਕ ਆਪ ਸੰਭਾਲੂ ਡੋਰ।
ਝੱਖੜ-ਝਾਂਜਾ ਤੇਜ਼ ਹਨ੍ਹੇਰੀ ਅੱਗ ਬਲੇ ਪਈ ਜੰਗਲ ਵਿਚ,
ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ-ਬਿਰੰਗੀ ਆਸ ਦਾ।
‘ਵਰਿ੍ਹਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ,
ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ ‘ਤੇ।
ਅਖ਼ਬਾਰਾਂ ‘ਚ ਰੋਜ਼ਾਨਾ, ਮਰਿਆਂ ਦੀ ਖ਼ਬਰ ਲੱਗੇ।
ਜ਼ਹਿਰੀਲੀ ਹਵਾ ਦਾ ਹੀ, ਹਰਫਾਂ ਤੇ ਅਸਰ ਲੱਗੇ।
Êਪੰਜਾਬ ਵਿਚ ਅਵਾਰਾ ਪਸ਼ੂਆਂ ਨੇ ਲੋਕਾਈ ਦਾ ਜਿਓਣਾ ਦੁੱਭਰ ਕਰ ਦਿੱਤਾ ਹੈ। ਗਲੀਆਂ, ਮਹੱਲਿਆਂ ਅਤੇ ਬਾਜ਼ਾਰਾਂ ਵਿਚ ਅਨੇਕਾਂ ਪਸ਼ੂ ਘੁੰਮਦੇ ਵਿਖਾਈ ਦਿੰਦੇ ਹਨ, ਜਿਨ੍ਹਾਂ ਨੇ ਕਈ ਮਨੁਖੀ ਜਾਨਾ ਵੀ ਲੈ ਲਈਆਂ ਹਨ। ਇਨ੍ਹਾਂ ਸੰਬੰਧੀ ਗੁਰਭਜਨ ਗਿੱਲ ਦਾ ਸ਼ਿਅਰ ਹੈ:
ਭੁੱਖ ਦੀ ਸਤਾੲਂੀ ਪਈ ਗੰਦਗੀ ਫ਼ਰੋਲਦੀ,
ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।
150 ਰੁਪਏ ਕੀਮਤ, 72 ਪੰਨਿਆਂ ਵਾਲਾ ‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਸਤਵਿਕ ਬੁਕਸ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਇਹ ਗ਼ਜ਼ਲ ਸੰਗ੍ਰਹਿ ਸਿੰਘ ਬਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com