
ਗੁਰਮੀਤ ਕੱਲਰਮਾਜਰੀ ਦਾ ਕਾਵਿ-ਸੰਗ੍ਰਹਿ ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਧਾਰਮਿਕ ਤੰਗਦਿਲੀ ਦੀ ਦਾਸਤਾਂ - ਉਜਾਗਰ ਸਿੰਘ
ਗੁਰਮੀਤ ਕੱਲਰਮਾਜਰੀ ਦੇ ਸੱਤ ਮੌਲਿਕ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਉਸਦਾ ਅੱਠਵਾਂ ਅਤੇ ਦੂਜਾ ਧਾਰਮਿਕ ਕਾਵਿ-ਸੰਗ੍ਰਹਿ ਹੈ। ਪਹਿਲਾ ਧਾਰਮਿਕ ਕਾਵਿ-ਸੰਗ੍ਰਹਿ ‘ਜਿਥੇ ਬਾਬਾ ਪੈਰੁ ਧਰਿ’ 2024 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਇਲਾਵਾ ਅੱਠ ਸੰਪਾਦਿਤ ਪੁਸਤਕਾਂ ਹਨ। ਧਾਰਮਿਕ ਅਤੇ ਇਤਿਹਾਸਕ ਵਿਸ਼ੇ ‘ਤੇ ਲਿਖਣਾ ਖੋਜ ਦਾ ਕੰਮ ਹੁੰਦਾ ਹੈ, ਕਿਉਂਕਿ ਇਤਿਹਾਸਕ ਤੱਥਾਂ ਦੀ ਤਸਦੀਕ ਕੀਤੇ ਬਿਨਾ ਲਿਖਿਆ ਵਾਦ-ਵਿਵਾਦ ਦਾ ਵਿਸ਼ਾ ਬਣ ਸਕਦਾ ਹੈ। ਇੱਕ ਕਿਸਮ ਨਾਲ ਇਤਿਹਾਸ ਵਿੱਚ ਮਿਲਾਵਟ ਵੀ ਹੋ ਜਾਂਦੀ ਹੈ। ਧਰਮ ਬਹੁਤ ਹੀ ਸੰਜੀਦਾ ਵਿਸ਼ਾ ਹੁੰਦਾ ਹੈ, ਇਸ ਸੰਬੰਧੀ ਵੀ ਤੱਥਾਂ ਸਮੇਤ ਖੋਜ ਤੋਂ ਬਾਅਦ ਹੀ ਲਿਖਿਆ ਜਾ ਸਕਦਾ ਹੈ। ਖੋਜ ਰੁੱਖਾ ਵਿਸ਼ਾ ਹੈ, ਪ੍ਰੰਤੂ ਕਵਿਤਾ ਸੰਗੀਤਮਈ ਹੁੰਦੀ ਹੈ। ਗੁਰਮੀਤ ਸਿੰਘ ਕੱਲਰਮਾਜਰੀ ਨੇ ‘ਠੰਡੇ ਬੁਰਜ ਦਾ ਹਲਫ਼ੀਆ ਬਿਆਨ’ ਕਾਵਿ-ਸੰਗ੍ਰਹਿ ਸੰਜੀਦਗੀ, ਸਿਆਣਪ, ਸਹਿਜਤਾ ਅਤੇ ਸੁਜੱਗਤਾ ਨਾਲ ਲਿਖਿਆ ਹੈ, ਜਿਸ ਵਿੱਚ ਧਾਰਮਿਕ ਤੇ ਇਤਿਹਾਸਕ ਤੱਥਾਂ ਦਾ ਧਿਆਨ ਰੱਖਿਆ ਗਿਆ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਸਮਾਜ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਵਾਲਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਰ੍ਹਾਂ ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਕੋਈ ਵਿਅਕਤੀ ਕਿਸੇ ਦੂਜੇ ਧਰਮ, ਖਾਸ ਤੌਰ ‘ਤੇ ਮਾਨਵਤਾ ਦੇ ਹੱਕਾਂ ਦੀ ਰਖਵਾਲੀ ਲਈ ਖੁਦ ਹਜ਼ਾਰਾਂ ਮੀਲਾਂ ਦਾ ਸਫ਼ਰ ਪੈਦਲ ਤਹਿ ਕਰਕੇ ਕੁਰਬਾਨੀ ਦੇਣ ਲਈ ਗਿਆ ਹੋਵੇ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਤਰ੍ਹਾਂ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਧਰਮ ਨਾ ਬਦਲਣ ਲਈ ਸ਼ਹੀਦ ਕੀਤਾ ਗਿਆ ਹੋਵੇ, ਇਹ ਵੀ ਕਿਤੇ ਇਤਿਹਾਸ ਵਿੱਚ ਨਹੀਂ ਮਿਲਦਾ। ਗੁਰਮੀਤ ਕੱਲਰਮਾਜਰੀ ਨੇ ਇਨ੍ਹਾਂ ਘਟਨਾਵਾਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਕਾਵਿਕ ਰੂਪ ਦੇ ਕੇ ਪਾਠਕਾਂ ਨੂੰ ਉਸ ਸਥਿਤੀ ਵਿੱਚ ਪਹੁੰਚਾ ਦਿੱਤਾ, ਜਿਸ ਕਰਕੇ ਉਨ੍ਹਾਂ ਵਿੱਚ ਆਪਣੇ ਸ਼ਹੀਦਾਂ ਲਈ ਅਤਿਅੰਤ ਸਤਿਕਾਰ ਅਤੇ ਸਮਰਪਣ ਦੀ ਭਾਵਨਾ ਪੈਦਾ ਹੋ ਗਈ। ਪਾਠਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੇ ਬ੍ਰਿਤਾਂਤ ਨੂੰ ਪੜ੍ਹਦਿਆਂ ਹੀ ਭਾਵਕ ਹੋ ਕੇ ਗਹਿਰੇ ਦੁੱਖ ਦੇ ਸੰਤਾਪ ਵਿੱਚ ਪਹੁੰਚ ਜਾਂਦੇ ਹਨ, ਇਹ ਕਵੀ ਦੀ ਕਾਬਲੀਅਤ ਦਾ ਨਤੀਜਾ ਹੈ। ਮੁਗਲਾਂ ਦੇ ਇਸ ਜ਼ੁਲਮ ਨੂੰ ਕਵੀ ਨੇ ਕਾਵਿਕ ਰੂਪ ਦੇ ਕੇ ਆਪਣੀ ਸ਼ਰਧਾ ਤੇ ਸੰਵੇਦਨਾ ਦਾ ਅਜਿਹਾ ਪ੍ਰਗਟਾਵਾ ਕੀਤੀ, ਜਿਸ ਨੂੰ ਪੜ੍ਹਦਿਆਂ ਮਨੁੱਖਤਾ ਦੇ ਦਿਲ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਰਹਿੰਦੇ, ਸਗੋਂ ਉਨ੍ਹਾ ਦੇ ਆਪ ਮੁਹਾਰੇ ਹੰਝੂ ਲੱਗ ਜਾਂਦੇ ਹਨ। ਅਜਿਹੇ ਬ੍ਰਿਤਾਂਤ ਵਿੱਚ ਸ਼ਾਹਿਬਜ਼ਾਦਿਆਂ ਦੀ ਦ੍ਰਿੜ੍ਹਤਾ, ਨਿਡਰਤਾ, ਸਵੈਮਾਣ ਅਤੇ ਦਲੇਰੀ ਦਾ ਭਾਵਪੂਰਤ ਪ੍ਰਗਟਾਵਾ ਗੁਰੂ ਦੀ ਸੰਗਤ ਨੂੰ ਡਰਾਉਂਦਾ ਨਹੀਂ, ਸਗੋਂ ਮਾਣ ਕਰਨ ਦੇ ਸਮਰੱਥ ਬਣਾਉਂਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਅਜਿਹੀ ਕਵਿਤਾ ਪੜ੍ਹਕੇ ਆਪਣੇ ਗੁਰੂ, ਸ਼ਾਹਿਬਜ਼ਾਦਿਆਂ ਅਤੇ ਯੋਧਿਆਂ ਤੋਂ ਸਿੱਖ ਕੌਮ ਦਾ ਮਾਣ ਵਧਾਉਣ ਲਈ ਪ੍ਰਭਾਵਤ ਹੋਣਗੀਆਂ। ਗੁਰਮੀਤ ਕੱਲਰਮਾਜਰੀ ਨੇ ਕੁੰਮਾ ਮਾਸ਼ਕੀ, ਗੰਗੂ ਬ੍ਰਾਹਮਣ, ਜਲਾਲੂਦੀਨ, ਕਾਜ਼ੀ ਮੁਲਾਣਿਆਂ, ਮਾਤਾ ਲਛਮੀ, ਵਜ਼ੀਰ ਖ਼ਾਨ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ, ਸੁੱਚਾ ਨੰਦ, ਨਵਾਬ, ਬਾਬਾ ਮੋਤੀ ਰਾਮ, ਬਾਬਾ ਬੰਦਾ ਬਹਾਦਰ, ਅਜੈ ਸਿੰਘ, ਜੈਨਾ ਬੇਗ਼ਮ ਅਤੇ ਦੀਵਾਨ ਟੋਡਰ ਮੱਲ ਪਾਤਰਾਂ ਦੀ ਅਜਿਹੀ ਸਿਰਜਣਾ ਕੀਤੀ, ਜਿਹੜੀ ਧੁਰ ਦਿਲ ਨੂੰ ਕੁਰੇਦਦੀ ਅੰਤਹਕਰਨ ਦਾ ਦਰਦ ਦਰਸਾਉਂਦੀ ਪਾਠਕਾਂ ਨੂੰ ਕੁਰਬਾਨ ਹੋਣ ਲਈ ਸਿਦਕ ਦੀ ਸਿਖਿਆ ਦਿੰਦੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਕਵੀ ਨੇ ਛੇ ਸਰਗਾਂ (ਅਧਿਆਇ) ਵਿੱਚ ਵੰਡਿਆ ਹੈ। ਕਵੀ ਆਪਣੀ ਕਾਵਿ ਦਿੱਭ ਦ੍ਰਿਸ਼ਟੀ ਨਾਲ ਪਾਠਕ ਨੂੰ ਜ਼ਜ਼ਬਾਤੀ ਕਰਕੇ ਸਿੱਖ ਇਤਿਹਾਸ ਦੀ ਵਿਰਾਸਤ ਨਾਲ ਅਜਿਹਾ ਜੋੜ ਦਿੰਦਾ ਹੈ, ਜਿਸਨੂੰ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਦਾ। ਸਰਗ-1 (ਅਧਿਆਇ) ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਦੁੱਖ ਦੂਰ ਕਰਨ ਲਈ ਕੁਰਬਾਨੀ ਦੇਣ ਵਾਸਤੇ ਭਾਈ ਸਤੀ ਦਾਸ, ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਨੂੰ ਰਵਾਨਾ ਹੋਣ ਦੇ ਸਫ਼ਰ ਨੂੰ ਭਾਵਪੂਰਤ ਸ਼ਬਦਾਵਲੀ ਵਿੱਚ ਬਿਆਨ ਕੀਤਾ ਗਿਆ ਹੈ। ਕਾਜ਼ੀ ਅਤੇ ਜਲਾਦਾਂ ਦੀ ਸੋਚ ਨੂੰ ਲਿਖਦਿਆਂ ਉਨ੍ਹਾਂ ਦੀ ਦਰਿੰਦਗੀ ਦਾ ਵਰਣਨ ਕੀਤਾ ਹੈ, ਜਿਸ ਨਾਲ ਪਾਠਕ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਨਿਡਰਤਾ ਦਾ ਪ੍ਰਤੱਖ ਪ੍ਰਮਾਣ ਕਵਿਤਾ ਦਾ ਰੂਪ ਧਾਰ ਗਿਆ, ਗੁਰੂ ਸਾਹਿਬ ਨੇ ਧਰਮ ਬਦਲਣ ਤੋਂ ਦਿੱਤਾ ਕੋਰਾ ਜਵਾਬ ਇਨਸਾਨੀਅਤ ਦੀ ਰੱਖਵਾਲੀ ਅਤੇ ਬਰਾਬਰਤਾ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ, ਜਿਸਨੂੰ ਕਵੀ ਨੇ ਆਪਣੀ ਕਾਵਿਕ ਪ੍ਰਤਿਭਾ ਰਾਹੀਂ ਪੇਸ਼ ਕਰਕੇ ਆਪਣੀ ਵਿਰਾਸਤ ‘ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ ਹੈ। ਕਵੀ ਨੇ ਬਰੋਟੇ ਦੇ ਦਰਖਤ ਦੇ ਪੱਤੇ-ਪੱਤੇ ਤੇ ਪੰਛੀਆਂ ਦੀ ਸੁੰਨੀ ਕੁਰਲਾਹਟ, ਕੱਚੀ ਗੜ੍ਹੀ ਦਾ ਸੀਨ, ਜੰਗਲ ਬੀਆਬੀਨ ਵਿੱਚ ਗਹਿਰੀ ਚੁੱਪ, ਸਰਸਾ ਨਦੀ ਦੀ ਵੇਦਨਾ, ਆਨੰਦਗੜ੍ਹ ਦਾ ਕਿਲਾ ਛੱਡਣਾ, ਚਮਕੌਰ ਦੀ ਗੜ੍ਹੀ ਵਿੱਚ ਸਾਹਿਜ਼ਾਦਿਆਂ ਦਾ ਤਲਵਾਰ ਨਾਲ ਖੇਡਣਾ, ਹਿਰਦਿਆਂ ਨੂੰ ਹਲੂਣਦਾ ਤੇ ਤੜਪਾਉਂਦਾ ਵਿਖਾਇਆ ਗਿਆ ਹੈ। ਸਰਗ-2 (ਅਧਿਆਇ) ਵਿੱਚ ਸਰਸਾ ਨਦੀ ਦਾ ਗਰਜਦੇ ਬੱਦਲਾਂ, ਤੂਫ਼ਾਨ ਦਾ ਦ੍ਰਿਸ਼, ਪਰਿਵਾਰ ਦਾ ਵਿਛੜਨਾ, ਰੁਲ਼ਦੀਆਂ ਦਸਤਾਰਾਂ, ਕੁੰਮਾ ਮਾਸ਼ਕੀ ਦਾ ਮਿਲਣਾ, ਉਸਦੀ ਝੋਂਪੜ੍ਹੀ ਦਾ ਦ੍ਰਿਸ਼, ਗੰਗੂ ਦਾ ਲਾਲਚ ਤੇ ਧ੍ਰੋਹ, ਮਾਤਾ ਗੁਜਰੀ ਤੇ ਸਾਹਿਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਦਾ ਕਾਵਿ ਰੂਪ ਪਾਠਕ ਦੀ ਮਨੋਦਸ਼ਾ ਨੂੰ ਜ਼ਖ਼ਮੀ ਕਰ ਦਿੰਦਾ ਹੈ। ਇੱਥੋਂ ਤੱਕ ਕਿ ਦਰਖਤਾਂ, ਪੰਛੀਆਂ, ਝੋਂਪੜੀ, ਹੱਥਕੜੀਆਂ ਦੀ ਜਕੜ, ਦਾ ਦ੍ਰਿਸ਼ ਇਨਸਾਨੀ ਮਾਨਸਿਕਤਾ ਨੂੰ ਝੰਜੋੜਕੇ ਰੱਖ ਦਿੰਦਾ ਹੈ। ਕਵੀ ਨੇ ਸਰਗ-3 (ਅਧਿਆਇ) ਵਿੱਚ ਠੰਗੇ ਬੁਰਜ ਦੇ ਮੰਤਵ, ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਠਹਿਰਨ, ਸਰਦੀ ਦੀ ਠੰਡ, ਭੁੱਖਣ ਭਾਣੇ ਰਹਿਣ, ਬਾਬਾ ਅਜੀਤ ਸਿੰਘ ਤੇ ਬਾਬਾ ਜੂਝਾਰ ਸਿੰਘ ਦੇ ਤਲਵਾਰਾਂ ਦੇ ਜ਼ੌਹਰ, ਸਰਸਾ ਨਦੀ ਵਿੱਚੋਂ ਲੰਘਣ, ਵਜ਼ੀਰ ਖਾਂ ਦੀ ਹਓਮੈ, ਸੁੱਚਾ ਨੰਦ ਦੀ ਬਦਲੇ ਦੀ ਅੱਗ, ਮਾਤਾ ਗੁਜਰੀ ਦੀਆਂ ਸ਼ਾਹਿਬਜ਼ਾਦਿਆਂ ਨੂੰ ਨਸੀਹਤਾਂ, ਕਾਜ਼ੀ ਦਾ ਫਤਵਾ, ਕਾਂਡੀ ਦਾ ਹੱਥੋਂ ਡਿਗਣਾ, ਪਿੰਡ ਚੱਕ ਦਾ ਪੱਤਣ ਅਤੇ ਹੰਸਲਾ ਨਦੀ ਦੇ ਵਹਾਅ ਦਾ ਦ੍ਰਿਸ਼ਟਾਂਤਿਕ ਵਿਵਰਣ ਪਾਠਕਾਂ ਵਿੱਚ ਮੁਗਲਾਂ ਦੇ ਜ਼ੁਲਮ ਵਿਰੁੱਧ ਨਫ਼ਰਤ ਪੈਦਾ ਕਰਕੇ ਉਨ੍ਹਾਂ ਦੇ ਹੰਝੂਆਂ ਨੂੰ ਦਰਿਆ ਦੇ ਵਹਿਣ ਦੀ ਤਰ੍ਹਾਂ ਵਗਣ ਲਾ ਦਿੰਦਾ ਹੈ। ਸਰਗ-4 (ਅਧਿਆਇ) ਵਿੱਚ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਪੋਹ ਦੀਆਂ ਛੇ ਰਾਤਾਂ ਦੀ ਸਥਿਤੀ ਵਰਣਨ ਕਰਨ ਦਾ ਦ੍ਰਿਸ਼ ਲਿਖਦਿਆਂ ਸਾਹਿਬਜ਼ਾਦਿਆਂ ਦੀ ਦਲੇਰੀ, ਲਾਲਚ ਨੂੰ ਅਣਡਿਠ ਕਰਨ, ਸਹੇੜੀ ਪਿੰਡ ਵਿੱਚ ਗੰਗੂ ਬ੍ਰਾਹਮਣ ਦੀ ਕਮੀਨਗੀ, ਮੋਰਿੰਡੇ ਕੋਤਵਾਲੀ ਵਿੱਚ ਗ੍ਰਿਫ਼ਤਾਰ ਕਰਕੇ ਲਿਜਾਣ, ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਨ ਲਈ ਲਿਜਾਣ ਦੇ ਹੁਕਮ, ਮਾਤਾ ਗੁਜਰੀ ਦਾ ਸਾਹਿਬਜ਼ਾਦਿਆਂ ਨੂੰ ਆਖ਼ਰੀ ਵਾਰ ਪਿਆਰ ਦੇਣਾ ਤੇ ਚੁੰਮਣਾ, ਸਾਹਿਬਜ਼ਾਦਿਆਂ ਦਾ ਬਿਨਾ ਸਿਰ ਝੁਕਾਏ ਕਚਹਿਰੀ ਵਿੱਚ ਜਾਣਾ, ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨਾ, ਜਲਾਦਾਂ ਵੱਲੋਂ ਸਾਹਿਬਜ਼ਾਦਿਆਂ ਦੇ ਸਿਰ ਕਤਲ ਕਰਨੇ, ਪੰਛੀਆਂ ਦੇ ਰੁਦਨ, ਵਜ਼ੀਰ ਖ਼ਾਨ ਦੀ ਮਾਨਸਿਕ ਸਥਿਤੀ, ਦੀਵਾਨ ਟੋਡਰ ਮੱਲ ਵੱਲੋਂ ਅਸ਼ਰਫੀਆਂ ਰੱਖ ਕੇ ਸਸਕਾਰ ਲਈ ਜਗਾਹ ਲੈਣਾ ਚੰਦਨ ਦੀ ਲੱਕੜ ਨਾਲ ਸਸਕਾਰ ਕਰਨਾ, ਭਾਈ ਜੋਧ ਸਿੰਘ ਦਾ ਅਸਥੀ ਕਲਸ਼ ਲਿਜਾਣ ਦੀ ਪ੍ਰਕ੍ਰਿਆ ਕਵੀ ਨੇ ਬਹੁਤ ਹੀ ਦਿਲ ਨੂੰ ਝੰਜੋੜਨ ਵਾਲੀ ਸ਼ਬਦਾਵਲੀ ਵਿੱਚ ਲਿਖਕੇ ਵਰਣਨ ਕੀਤਾ ਹੈ। ਸਰਗ-5 (ਅਧਿਆਇ) ਵਿੱਚ ਮਾਂ ਲੱਛਮੀ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਖਾਣਾ ਤੇ ਕਪੜੇ ਭੇਜਣ, ਜ਼ੈਨਾ ਬੇਗ਼ਮ ਦੀ ਵਜ਼ੀਰ ਖਾਂ ਅੱਗੇ ਫਰਿਆਦ ਕਰਨ, ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ, ਬਾਬਾ ਮੋਤੀ ਰਾਮ ਮਹਿਰਾ ਦਾ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਤੇ ਸਸਕਾਰ ਮੌਕੇ ਦੀਵਾਨ ਟੋਡਰ ਮਾਲ ਦਾ ਸਾਥ ਦੇਣ ਦੀਆਂ ਘਟਨਾਵਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਕੇ ਦਿਲ ਹਿਲਾ ਦਿੱਤੇ। ਇਸੇ ਤਰ੍ਹਾਂ ਸਰਗ-6 (ਅਧਿਆਇ) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜ ਚਿੜੀ ਦੀ ਲੜਾਈ, ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣਾ ਤੇ ਉਸਦੀ ਤੇ ਉਸਦੇ ਬੱਚੇ ਅਜੈ ਸਿੰਘ ਦੀ ਕਰੂਰਤਾ ਨਾਲ ਕੀਤੀ ਸ਼ਹੀਦੀ ਦਾ ਬ੍ਰਿਤਾਂਤ ਬਹੁਤ ਹੀ ਭਾਵਪੂਰਤ ਢੰਗ ਨਾਲ ਪ੍ਰਗਟਾਇਆ ਗਿਆ ਹੈ।
104 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਗੁਰਮੀਤ ਕੱਲਰਮਾਜਰੀ : 9417865377
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com