
ਅਲਵਿਦਾ ਪੰਜਾਬ ਕਾਂਗਰਸ ਦੇ ਭੀਸ਼ਮ ਪਿਤਾਮਾ : ਲਾਲ ਸਿੰਘ ! - ਉਜਾਗਰ ਸਿੰਘ
ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਦਿਗਜ਼ ਨੇਤਾ ਲਾਲ ਸਿੰਘ 84 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 1977 ਤੋਂ ਲੈ ਕੇ ਲਗਪਗ ਅੱਧੀ ਸਦੀ ਉਹ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਉਸਨੂੰ ਮਾਣ ਜਾਂਦਾ ਹੈ ਕਿ ਉੁਹ ਪੰਜਾਬ ਦੇ ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਚਹੇਤਾ ਰਿਹਾ ਹੈ। ਉਹ ਟਕਸਾਲੀ ਕਾਂਗਰਸੀ ਸੀ। ਜਿਸ ਦਿਨ ਤੋਂ ਉਹ ਕਾਂਗਰਸ ਵਿੱਚ ਆਇਆ ਮੁੜਕੇ ਕਦੀ ਵੀ ਕਾਂਗਰਸ ਤੋਂ ਮੁੱਖ ਨਹੀਂ ਮੋੜਿਆ। ਉਸਨੇ ਆਪਣਾ ਸਿਆਸੀ ਜੀਵਨ ਪਟਿਆਲਾ ਤੋਂ ਲੋਕ ਸਭਾ ਦੇ ਮੇਂਬਰ ਸਤ ਪਾਲ ਕਪੂਰ ਦੇ ਨਿੱਜੀ ਸਕੱਤਰ ਤੋਂ ਸ਼ੁਰੂ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੱਕ ਪਹੁੰਚ ਗਿਆ। ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਲਈ ਦਰੀਆਂ ਵਿਛਾਉਣ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਸਟੇਟ ਪੱਧਰ ਦੇ ਸਮਾਗਮਾ ਦੀ ਪ੍ਰਧਾਨਗੀ ਕਰਦਾ ਰਿਹਾ। ਭਾਵੇਂ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਪ੍ਰੰਤੂ ਸਿਆਸਤ ਵਿੱਚ ਉਹ ਇਤਨਾ ਗੁੜ੍ਹਿਆ ਹੋਇਆ ਸੀ ਕਿ ਛੇਤੀ ਕੀਤਿਆਂ ਕਦੇ ਮਾਰ ਨਹੀਂ ਖਾਧੀ। ਉਹ ਇੱਕ ਅਜਿਹਾ ਤਿਗੜਬਾਜ਼ ਹੰਢਿਆ ਵਰਤਿਆ ਸਿਆਸਤਦਾਨ ਸੀ, ਜਿਹੜਾ ਆਪਣੀ ਲਿਆਕਤ ਨਾਲ ਕਹਿੰਦੇ ਕਹਾਉਂਦੇ ਸਿਆਸਤਦਾਨਾ ਨੂੰ ਉਂਗਲਾਂ ‘ਤੇ ਨਚਾਉਂਦਾ ਰਿਹਾ ਹੈ। ਉਸਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ ਇਹ ਸੀ ਕਿ ਉਹ ਜਿਸ ਵੀ ਸਿਆਸਤਦਾਨ ਨਾਲ ਜਿਤਨਾ ਸਮਾਂ ਰਿਹਾ , ਉਹ ਉਸਦਾ ਵਫ਼ਾਦਾਰ ਰਿਹਾ, ਪ੍ਰੰਤੂ ਜਦੋਂ ਉਹ ਉਸ ਸਿਆਸਤਦਾਨ ਤੋਂ ਦੂਰ ਹੋ ਗਿਆ ਤਾਂ ਉਸਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਬਣਕੇ ਵਿਚਰਿਆ। ਸਭ ਤੋਂ ਪਹਿਲਾਂ ਡਕਾਲਾ ਹਲਕੇ ਤੋਂ ਲਾਲ ਸਿੰਘ ਨੂੰ ਟਿਕਟ ਮਿਲਣ ਦਾ ਕਿੱਸਾ ਵਿਲੱਖਣ ਕਿਸਮ ਦਾ ਹੈ। ਲਾਲ ਸਿੰਘ ਨੂੰ ਡਿਕਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲਣ ਨੂੰ ਵੀ ਉਸਨੂੰ ਕਿਸਮਤ ਦਾ ਧਨੀ ਕਿਹਾ ਜਾ ਸਕਦਾ ਹੈ। 1977 ਵਿੱਚ ਡਕਾਲਾ ਹਲਕੇ ਤੋਂ ਕਾਂਗਰਸ ਦਾ ਟਿਕਟ ਚਪੜ ਪਿੰਡ ਦੇ ਸ੍ਰ.ਸਾਹਿਬ ਸਿੰਘ ਨੂੰ ਮਿਲ ਰਿਹਾ ਸੀ। ਸਾਹਿਬ ਸਿੰਘ ਦੀ ਉਮੀਦਵਾਰੀ ਲਗਪਗ ਤਹਿ ਹੋ ਗਈ ਸੀ, ਪ੍ਰੰਤੂ ਐਨ ਮੌਕੇ ‘ਤੇ ਸਾਹਿਬ ਸਿੰਘ ਚਪੜ ਇਨਕਾਰ ਕਰ ਗਿਆ। ਫਿਰ ਜਦੋਂ ਲਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਤੁਰੰਤ ਸਹਿਮਤ ਹੋ ਗਿਆ ਅਤੇ 1977 ਵਿੱਚ ਚੋਣ ਜਿੱਤਕੇ ਉਹ ਵਿਧਾਨਕਾਰ ਬਣ ਗਿਆ। ਉਸ ਤੋਂ ਬਾਅਦ ਤਾਂ ਚਲ ਸੋ ਚਲ ਲਾਲ ਸਿੰਘ ਪੰਜ ਵਾਰ 1977, 1980, 1992, 2002 ਅਤੇ 2007 ਵਿੱਚ ਵਿਧਾਨਕਾਰ ਬਣ ਗਿਆ। ਇਕੱਲਾ ਵਿਧਾਨਕਾਰ ਹੀ ਸਿਰਫ 1977 ਵਿੱਚ ਵਿਧਨਕਾਰ ਅਤੇ ਬਾਕੀ ਚਾਰੇ ਟਰਮਾ ਵਿੱਚ ਮੰਤਰੀ ਵੀ ਬਣਦਾ ਰਿਹਾ। ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਸ੍ਰ. ਭਗਵੰਤ ਸਿੰਘ ਸਿੱਧੂ ਪਟਿਆਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ। ਲਾਲ ਸਿੰਘ, ਬ੍ਰਹਮ ਮਹਿੰਦਰਾ ਅਤੇ ਬੀਰਦਵਿੰਦਰ ਸਿੰਘ ਭਗਵੰਤ ਸਿੰਘ ਸਿੱਧੂ ਦੇ ਸਭ ਤੋਂ ਨੇੜੇ ਹੁੰਦੇ ਸਨ। ਇਹ ਸਾਰੇ ਉਸ ਸਮੇਂ ਮਰਹੂਮ ਸ੍ਰ.ਦਰਬਾਰਾ ਸਿੰਘ ਦੇ ਖੇਮੇ ਵਿੱਚ ਚਲੇ ਗਏ। ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਦੂਜਾ ਧੜਾ ਗਿਆਨੀ ਜ਼ੈਲ ਸਿੰਘ ਦਾ ਹੁੰਦਾ ਸੀ। ਸ੍ਰ.ਦਰਬਾਰਾ ਸਿੰਘ ਨੇ ਲਾਲ ਸਿੰਘ ਨੂੰ ਪਨਸਪ ਦਾ ਚੇਅਰਮੈਨ ਬਣਾ ਦਿੱਤਾ। ਲਾਲ ਸਿੰਘ ਪਟਿਆਲਾ ਜਿਲ੍ਹੇ ਦੇ ਬਾਕੀ ਨੇਤਾ, ਜਿਹੜੇ ਅਚਕਨਾ ਸੁਆਈ ਬੈਠੇ ਰਹਿ ਗਏ ਸਨ, ਉਨ੍ਹਾਂ ਨੂੰ ਠਿੱਬੀ ਲਾ ਗਿਆ। ਮਾਰਚ 1986 ਵਿੱਚ ਸ੍ਰ.ਬੇਅੰਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣ ਗਏ। ਲਾਲ ਸਿੰਘ ਚੁਸਤ ਚਲਾਕ ਸਿਆਸਤਦਾਨ ਸੀ, ਜਦੋਂ ਉਸਨੂੰ ਦਰਬਾਰਾ ਸਿੰਘ ਦੇ ਧੜੇ ਦਾ ਡਾਊਨ ਫਾਲ ਦਿਸਣ ਲੱਗਿਆ ਤਾਂ ਉਹ 1991 ਵਿੱਚ ਸ੍ਰ.ਬੇਅੰਤ ਸਿੰਘ ਦੇ ਧੜੇ ਵਿੱਚ ਸ਼ਾਮਲ ਹੋ ਕੇ ਪਟਿਆਲਾ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਬਣ ਗਏ। ਫਰਵਰੀ 1992 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 92 ਸੀਟਾਂ ਜਿੱਤਕੇ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਬਣਾ ਲਈ। ਲਾਲ ਸਿੰਘ ਨੂੰ ਸਿਹਤ ਮੰਤਰੀ ਬਣਾਇਆ ਗਿਆ। ਸ੍ਰ.ਬੇਅੰਤ ਸਿੰਘ ਦੀ ਸਰਕਾਰ ਵਿੱਚ ਲਾਲ ਸਿੰਘ ਦੀ ਤੂਤੀ ਬੋਲਦੀ ਸੀ। ਉਹ ਮੁੱਖ ਮੰਤਰੀ ਦਾ ਸਭ ਤੋਂ ਨਜ਼ਦੀਕੀ ਮੰਤਰੀ ਗਿਣਿਆਂ ਜਾਂਦਾ ਸੀ। ਜੇ ਇਉਂ ਕਹਿ ਲਿਆ ਜਾਵੇ ਕਿ ਉਸਨੇ ਚੰਮ ਦੀਆਂ ਚਲਾਈਆਂ ਤਾਂ ਵੀ ਕੋਈ ਅਤਕਥਨੀ ਨਹੀਂ। ਲਾਲ ਸਿੰਘ ਦੀ ਸਿਆਸੀ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਬਿਹਤਰੀਨ ਸਮਾਂ ਰਿਹਾ ਹੈ। ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿੱਚ ਵੀ ਲਾਲ ਸਿੰਘ ਹੀ ਇੱਕ ਕਿਸਮ ਨਾਲ ਸਰਕਾਰ ਚਲਾਉਂਦਾ ਰਿਹਾ, ਕਿਉਂਕਿ ਹਰਚਰਨ ਸਿੰਘ ਬਰਾੜ ਨਿਹਾਇਤ ਹੀ ਸ਼ਰੀਫ ਮੁੱਖ ਮੰਤਰੀ ਸੀ। ਉਹ ਆਰਾਮਪ੍ਰਸਤ ਖਾਨਦਾਨੀ ਵਿਅਕਤੀ ਸੀ, ਜਿਹੜਾ ਨਾਮ ਦਾ ਹੀ ਮੁੱਖ ਮੰਤਰੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਵਿੱਚ ਆ ਜਾਣ ਤੋਂ ਬਾਅਦ ਲਾਲ ਸਿੰਘ ਨੇ ਉਸ ਨਾਲ ਆਪਣੀਆਂ ਨਜ਼ਦੀਕੀਆਂ ਬਣਾ ਲਈਆਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਕਾਂਗਰਸ ਛੱਡਣ ਕਰਕੇ ਪੰਜਾਬ ਕਾਂਗਰਸ ਦੀ ਸਿਆਸਤ ਤੋਂ ਦੂਰ ਰਿਹਾ ਸੀ। ਲਾਲ ਸਿੰਘ ਕਿਉਂਕਿ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਲੰਬਾ ਸਮਾਂ ਰਹਿਣ ਕਰਕੇ ਕਾਂਗਰਸ ਦੇ ਤਾਣੇ ਬਾਣੇ ਬਾਰੇ ਭਲੀ ਭਾਂਤ ਜਾਣਦਾ ਸੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਅਜਿਹਾ ਸਿਆਸਤਦਾਨ ਚਾਹੀਦਾ ਸੀ, ਜਿਹੜਾ ਦਿਲਚਸਪੀ ਨਾਲ ਕੰਮ ਕਰ ਸਕੇ। ਲਾਲ ਸਿੰਘ ਇਸ ਮੌਕੇ ਦਾ ਲਾਭ ਉਠਾਕੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਪਾਤਰ ਬਣ ਗਿਆ। ਉਸਨੇ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਸੀ। ਵਿਧਾਨ ਸਭਾ ਦੀ ਟਿਕਟ ਲੈਣ ਦੇ ਚਾਹਵਾਨ ਪਹਿਲਾਂ ਲਾਲ ਸਿੰਘ ਕੋਲ ਜਾਂਦੇ ਸਨ ਤੇ ਫਿਰ ਉਹ ਉਸਨੂੰ ਆਪਣੇ ਨਾਲ ਲਿਜਾਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਾਉਂਦੇ ਸਨ। 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਲਾਲ ਸਿੰਘ ਮਨਮਾਨੀਆਂ ਕਰਦਾ ਰਿਹਾ। ਲਾਲ ਸਿੰਘ ਦੀ ਇੱਕ ਖ਼ੂਬੀ ਰਹੀ ਕਿ ਉਸਨੇ ਪੰਜਾਬ ਦੇ ਅਤੇ ਖਾਸ ਕਰਕੇ ਡਕਾਲਾ ਹਲਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਵਿਕਾਸ ਦੇ ਕੰਮ ਕਰਵਾਕੇ ਨਾਮਣਾ ਖੱਟਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਬਣਾਉਣ ‘ਤੇ ਕੱਢਣ ਲਈ ਕਿਹੜਾ ਫਾਰਮੂਲਾ ਬਣਾਉਣਾ ਹੁੰਦਾ, ਕਿਹੜੀ ਗੁਪਤ ਥਾਂ ਬੈਠਕੇ ਅਜਿਹੇ ਫ਼ੈਸਲੇ ਕਰਨੇ ਹੁੰਦੇ ਸਨ, ਉਹ ਲਾਲ ਸਿੰਘ ਦੇ ਛਾਤਰ ਦਿਮਾਗ ਦੀ ਕਾਢ ਹੁੰਦਾ ਸੀ। ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਨਾਲੋਂ ਜ਼ਿਆਦਾ ਲਾਲ ਸਿੰਘ ਦੇ ਦੁਆਲੇ ਮਖਿਆਲ ਦੀਆਂ ਮੱਖੀਆਂ ਦੀ ਤਰ੍ਹਾਂ ਫਿਰਦੇ ਰਹਿੰਦੇ ਸਨ। 2017 ਵਿੱਚ ਲਾਲ ਸਿੰਘ ਨੇ ਆਪਣੇ ਲੜਕੇ ਰਾਜਿੰਦਰ ਸਿੰਘ ਸਮਾਣਾ ਹਲਕੇ ਤੋਂ ਟਿਕਟ ਦਵਾਕੇ ਵਿਧਾਇਕ ਬਣਾ ਲਿਆ। ਉਹ ਆਪ ਪੰਜਾਬ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਅਦਾਰੇ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣ ਗਿਆ। ਲਾਲ ਸਿੰਘ ਦੀ ਇੱਕ ਹੋਰ ਖ਼ੂਬੀ ਰਹੀ ਕਿ ਉਹ ਡੁਬਦੀ ਸਿਆਸੀ ਕਿਸ਼ਤੀ ਵਿੱਚ ਛਾਲ ਮਾਰਕੇ ਉਤਰਨ ਦਾ ਮਾਹਰ ਗਿਣਿਆਂ ਜਾਂਦਾ ਸੀ। ਉਹ ਹਮੇਸ਼ਾ ਵਿਤ, ਸਿਹਤ, ਖੁਰਾਕ ਤੇ ਸਿਵਲ ਸਪਲਾਈ, ਦਿਹਾਤੀ ਵਿਕਾਸ ਵਰਗੇ ਮਹੱਤਵਪੂਰਨ ਵਿਭਾਗਾਂ ਦਾ ਮੰਤਰੀ ਰਿਹਾ ਹੈ। ਲਾਲ ਸਿੰਘ ਸਿਰਫ਼ ਇੱਕ ਵਾਰ ਧੋਖਾ ਖਾ ਗਿਆ ਜਦੋਂ ਉਸਦੀ ਇੱਕ ਵੀਡੀਓ ਵਿੱਚ ਧਰਮਵੀਰ ਗਾਂਧੀ ਨੂੰ ਲੋਕ ਸਭਾ ਦੀ ਚੋਣ ਵਿੱਚ ਵੋਟਾਂ ਨਾ ਪਾਉਣ ਦੀ ਗੱਲ ਆਪਣੇ ਕਿਸੇ ਵਿਸ਼ਵਾਸ਼ ਪਾਤਰ ਨੂੰ ਕਹਿ ਰਿਹਾ ਸੀ, ਜਿਸਨੇ ਇਹ ਵੀਡੀਓ ਲੀਕ ਕਰ ਦਿੱਤੀ ਸੀ। ਇਸ ਤੋਂ ਬਿਨਾ ਲਾਲ ਸਿੰਘ ਦੀ ਕੋਈ ਵੀ ਵਿਚਾਰ ਚਰਚਾ ਲੀਕ ਨਹੀਂ ਹੋਈ। ਉਹ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਗੰਢ ਤਰੁਪ ਕਰਨ ਦਾ ਵੀ ਮਾਹਰ ਗਿਣਿਆਂ ਜਾਂਦਾ ਸੀ।
ਲਾਲ ਸਿੰਘ ਦਾ ਜਨਮ 1942 ਵਿੱਚ ਹੋਇਆ ਸੀ। ਉਸਦੇ ਦੇ ਇੱਕ ਲੜਕਾ ਰਾਜਿੰਦਰ ਸਿੰਘ ਅਤੇ ਇੱਕ ਲੜਕੀ ਹੈ। ਲਾਲ ਸਿੰਘ ਦਾ ਸਸਕਾਰ 29 ਮਾਰਚ ਕੀਤਾ ਜਾਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com