
‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਇਤਿਹਾਸਕ ਦਸਤਾਵੇਜ਼ - ਉਜਾਗਰ ਸਿੰਘ
ਦਿਲਜੀਤ ਸਿੰਘ ਬੇਦੀ ਸਿੱਖ ਗੁਰਮਤਿ ਨੂੰ ਪ੍ਰਣਾਇਆ ਸਿੱਖ ਵਿਦਵਾਨ ਸੀ। ਉਸ ਦੀਆਂ ਸਿੱਖ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨਾਲ ਸੰਬੰਧਤ ਅੱਠ ਮੌਲਿਕ ਅਤੇ ਦੋ ਦਰਜਨ ਤੋਂ ਵੱਧ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸਿੱਖ ਧਰਮ ਦਾ ਇਤਿਹਾਸਕ ਵਿਸ਼ਲੇਸਣਕਾਰ ਸੀ। ਚਰਚਾ ਅਧੀਨ ‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਵਿੱਚ ਉਸਨੇ ਹੁਣ ਤੱਕ ਦੇ ਚੌਦਾਂ ਜਥੇਦਾਰ ਸਾਹਿਬਾਨ ਦੇ ਜੀਵਨ ਸੰਬੰਧੀ ਲੇਖ ਤੱਥਾਂ ਸਮੇਤ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਦੀ ਸੰਪਾਦਨਾ ਦਿਲਜੀਤ Çਸੰਘ ਬੇਦੀ ਨੇ ਬੜੀ ਸਿਆਣਪ ਅਤੇ ਵਿਦਵਤਾ ਨਾਲ ਕੀਤੀ ਸੀ, ਕਿਉਂਕਿ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਦੇ ਖੋਜੀ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਸੰਪਾਦਕ ਦੀ ਮਿਹਨਤ ਨਾਲ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਆਉਣ ਵਾਲੀ ਸਿੱਖ ਪਨੀਰੀ ਲਈ ਇਹ ਪੁਸਤਕ ਮਾਰਗ ਦਰਸ਼ਕ ਤੇ ਪ੍ਰੇਰਨਾ ਸਰੋਤ ਬਣੇਗੀ, ਕਿਉਂਕਿ ਬਹਾਦਰ ਜਥੇਦਾਰ ਸਾਹਿਬਾਨ ਦੇ ਸੰਘਰਸ਼ਮਈ ਜੀਵਨ ਅਤੇ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਹੋਏ ਹਨ। ਨਿਹੰਗ ਸਿੰਘਾਂ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ, ਕਿਉਂਕਿ ਉਹ ਸਿੱਖ ਪਰੰਪਰਾਵਾਂ, ਸਿਧਾਂਤਾਂ ਤੋਂ ਇਲਾਵਾ ਜੰਗ ਦੇ ਮੈਦਾਨ ਵਿੱਚ ਵੀ ਆਪਣੇ ਕਰਤਵ ਵਿਖਾਉਣ ਲਈ ਬਹਾਦਰੀ ਨਾਲ ਮੁਕਾਬਲਾ ਹੀ ਨਹੀਂ ਕਰਦੇ, ਸਗੋਂ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਇਸ ਪੁਸਤਕ ਵਿਚਲੇ ਚੌਦਾਂ ਜਥੇਦਾਰ ਜੰਗਜੂ, ਬਹਾਦਰ, ਕਮਾਂਡਰ, ਨਿਰਵੈਰ, ਨਿਰਪੱਖ, ਯੋਧੇ, ਯੁੱਧ ਰਣਨੀਤੀਕਾਰ, ਅਧਿਆਤਮਿਕ ਤੇ ਅਗਾਂਵਧੂ ਸਿੱਖ ਧਰਮ ਅਤੇ ਦੇਸ ਦੇ ਕੌਮੀ ਹਿੱਤਾਂ ਦੇ ਪਹਿਰੇਦਾਰ ਸਨ। ਇਹ ਵੀ ਮਾਣ ਦੀ ਗੱਲ ਹੈ ਕਿ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਨੇ ਆਪਣੇ ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛਤਰ ਤਾਇਆ ਵਿੱਚ ਅੰਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ ਸਨ। ਇਥੇ ਹੀ ਬਸ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਪੰਜ ਸਿੰਘ ਬਾਬਾ ਬਿਨੋਦ ਸਿੰਘ ਜੀ ਦੀ ਅਗਵਾਈ ਵਿੱਚ ਗੁਰਮਤਿ ਅਨੁਸਾਰ ਅਗਵਾਈ ਕਰਨ ਲਈ ਭੇਜਿਆ ਸੀ। ਬਾਬਾ ਬਿਨੋਦ ਸਿੰਘ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵੰਸ਼ ਵਿੱਚੋਂ ਸਨ। ਉਹ ਸੁਰਮਈ ਬਾਣਾ, ਦਸਤਾਰ ‘ਤੇ ਚਕਰ, ਰਹਿਤ ਮਰਿਆਦਾ ਦੇ ਪੱਕੇ ਅਤੇ ਗੁਰੂ ਦੇ ਆਗਿਆਕਾਰੀ ਵਫ਼ਾਦਾਰ ਸਿੰਘ ਸਨ। ਬੰਦਾ ਸਿੰਘ ਬਹਾਦਰ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਇਨ੍ਹਾਂ ਪੰਜ ਸਿੰਘਾਂ ਦੀ ਅਗਵਾਈ ਅਨੁਸਾਰ ਕੰਮ ਕਰਨ। ਸੰਪਾਦਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜ ਚਿੜੀ ਅਤੇ ਸਰਹੰਦ ਦੀ ਫਤਿਹ ਵਿੱਚ ਬਾਬਾ ਬਿਨੋਦ ਸਿੰਘ ਦੀ ਰਹਿਨੁਮਾਈ, ਯੋਜਨਾਬੰਦੀ ਅਤੇ ਯੁੱਧ ਦੇ ਨਿਯਮਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹ ਫੌਜ ਦੇ ਬਿਹਤਰੀਨ ਕਮਾਂਡਰ ਦੇ ਫ਼ਰਜ਼ ਨਿਭਾਉਂਦੇ ਰਹੇ ਸਨ। ਮੁੱਖ ਤੌਰ ‘ਤੇ ਬੰਦਾ ਬਹਾਦਰ ਦੇ ਸਲਾਹਕਾਰ ਸਨ। ਸਰਹੰਦ ਫਤਿਹ ਕਰਨ ਤੋਂ ਬਾਅਦ ਜਿਹੜਾ ਸਿੱਕਾ ਚਲਾਇਆ, ਉਸ ਉਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਭੁਸੱਤਾ ਲਿਖਵਾਇਆ। ਗੁਰਦਾਸ ਨੰਗਲ ਪਿੰਡ ਦੀ ਗੜ੍ਹੀ ਵਿੱਚ ਮੁਗਲ ਫੌਜਾਂ ਦੇ ਘੇਰੇ ਨੂੰ ਤੋੜਕੇ ਨਿਕਲਣ ਦੀ ਬਾਬਾ ਬੰਦਾ ਸਿੰਘ ਨੇ ਬਾਬਾ ਬਿਨੋਦ ਸਿੰਘ ਦੀ ਸਲਾਹ ਨਹੀਂ ਮੰਨੀ, ਜਿਸ ਕਰਕੇ ਦੋਹਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋ ਗਿਆ। ਅੰਮਿ੍ਰਤਸਰ ਰਹੇ ਜਿਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਅਤੇ ਬੰਦੀਆਂ ਦਾ ਮੁੱਖੀ ਕਰਮ ਸਿੰਘ ਚੜ੍ਹਾਵਾ ਲੈਣ ਦੇ ਝਗੜੇ ਵਿੱਚ ਮਾਰਿਆ ਗਿਆ। ਇਸ ਤੋਂ ਇਲਾਵਾ ਜਦੋਂ ਮਾਤਾ ਸੁੰਦਰੀ ਦੇ ਹੁਕਮ ਨੂੰ ਬੰਦਾ ਸਿੰਘ ਬਹਾਦਰ ਨੇ ਅਪ੍ਰਵਾਨ ਕਰ ਦਿੱਤਾ ਤਾਂ ਫਿਰ ਉਹ ਬੰਦਾ ਸਿੰਘ ਬਹਾਦਰ ਤੋਂ ਬਾਗੀ ਹੋ ਗਏ। ਉਨ੍ਹਾਂ ਦੇ ਜਨਮ ਅਤੇ ਮਰਨ ਬਾਰੇ ਪੱਕੀ ਜਾਣਕਾਰੀ ਉਪਲਭਧ ਨਹੀਂ ਹੈ। ਦੂਜੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸਮੇਂ ਸਿੱਖ ਬਾਬਾ ਬੰਦਾ ਸਿੰਘ ਦੀ ਮੌਤ ਤੋਂ ਬਾਅਦ ਫੁੱਟ ਦਾ ਸ਼ਿਕਾਰ ਸਨ। ਲਾਹੌਰ ਅਤੇ ਦਿੱਲੀ ਦਰਬਾਰ ਵੱਲੋਂ ਸਿੱਖਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਸਿੱਖ ਜੰਗਲਾਂ ਵਿੱਚ ਜਾਣ ਲਈ ਮਜ਼ਬੂਰ ਸਨ। ਦੀਵਾਨ ਦਰਬਾਰਾ ਸਿੰਘ ਦਾ ਜਨਮ ਨਾਨੂੰ ਸਿੰਘ ਦਿਲਵਾਨੀ ਦੇ ਘਰ 1644 ਨੂੰ ਹੋਇਆ। ਦਰਬਾਰਾ ਸਿੰਘ ਬਾਰਾਂ ਸਾਲ ਦੀ ਉਮਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਲੜ ਲੱਗ ਗਿਆ ਤੇ 16 ਸਾਲ ਦੀ ਉਮਰ ਵਿੱਚ ਦੀਵਾਨ ਦੀ ਪਦਵੀ ਮਿਲ ਗਈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਹਰਿਗੋਬਿੰਦ ਦੇ ਮੌਕੇ ਪੰਥ ਨਾਲ ਜੁੜ ਗਿਆ ਸੀ। ਦੀਵਾਨ ਦਰਬਾਰਾ ਸਿੰਘ 16 ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਗੜਵਈ ਰਿਹਾ ਸੀ। ਉਹ 1734 ਵਿੱਚ 90 ਸਾਲ ਦੀ ਉਮਰ ਭੋਗ ਕੇ ਸਵਰਗ ਸਿਧਾਰ ਗਏ ਸਨ। ਸਿੱਖ ਪੰਥ ਦਾ ਸ਼ੇਰਦਿਲ ਜਰਨੈਲ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਤੀਜੇ ਜਥੇਦਾਰ ਸਨ। ਉਹ ਵਿਰਕ ਗੋਤ ਦੇ ਸਨ। ਉਨ੍ਹਾਂ ਦਾ ਜਨਮ ਪਿੰਡ ਮਾਲੋ ਕੀ ਟਿੱਬੀ ਸ਼ੇਖੂਪੁਰ ਵਿੱਚ ਚੌਧਰੀ ਦਲੀਪ ਸਿੰਘ ਦੇ ਘਰ 1697 ਨੂੰ ਹੋਇਆ। ਅੱਠ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਦਮਦਮਾ ਸਾਹਿਬ ਪਿਤਾ ਨਾਲ ਪਹੁੰਚ ਗਿਆ। ਉਥੇ ਅੰਮਿ੍ਰਤ ਪਾਨ ਕੀਤਾ ਤੇ ਬਾਬਾ ਦੀਪ ਸਿੰਘ ਦੀ ਰਹਿਨਮਾਈ ਵਿੱਚ ਰਹਿਣ ਲੱਗ ਪਿਆ। 1715 ਵਿੱਚ ਫੌਜ ਨਾਲ ਲੜਾਈ ਵਿੱਚ ਉਸਦਾ ਪਿਤਾ ਸ਼ਹੀਦ ਹੋ ਗਿਆ। ਉਹ ਪ੍ਰਤਾਪੀ, ਸੁੰਦਰ, ਸਡੌਲ ਸਰੀਰ, ਚੌੜੀ ਛਾਤੀ, ਸ਼ਸਤਰ ਵਿਦਿਆ, ਤੇਗ, ਨੇਜ਼ੇ, ਢਾਲ ਦੀ ਵਰਤੋਂ ਕਰਨ ਵਾਲਾ ਅਤੇ ਨਿਹਾਇਤ ਦਾਨੀ ਸੀ। ਸਰਕਾਰੀ ਖ਼ਜਾਨੇ ਲੁੱਟ ਕੇ ਪੰਜ ਲੱਖ ਹੱਥ ਲੱਗ ਗਿਆ ਅਤੇ ਫਿਰ ਮੁਰਤਜ਼ਾ ਖ਼ਾਨ ਦੇ ਘੋੜਿਆਂ ਦੇ ਕਾਫਲੇ ਨੂੰ ਸੋਧ ਕੇ ਕਬਜ਼ੇ ਵਿੱਚ ਕਰ ਲਿਆ। 1732 ਵਿੱਚ ਕਪੂਰ ਸਿੰਘ ਨੇ ਫ਼ੈਜ਼ੁਲਾਪੁਰ ‘ਤੇ ਕਬਜ਼ਾ ਕਰ ਲਿਆ। 1733 ਵਿੱਚ ਮੁਗਲ ਸਰਕਾਰ ਨੇ ਨਵਾਬੀ ਦਾ ਖ਼ਿਤਾਬ ਦੇ ਦਿੱਤਾ। ਦੀਵਾਨ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਜਥੇਦਾਰੀ ਦੀ ਜ਼ਿੰਮੇਵਾਰੀ ਸੰਭਾਲ ਲਈ। ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਤੋਂ ਮੁਗਲਾਂ ਦਾ ਕਬਜ਼ਾ ਛੁਡਾ ਲਿਆ। 29 ਅਪ੍ਰੈਲ 1748 ਨੂੰ ਸਿੱਖ ਸ਼ਕਤੀ ਨੂੰ ਬਾਰਾਂ ਮਿਸਲਾਂ ਵਿੱਚ ਜਥੇਬੰਦ ਕਰਨ ਦਾ ਗੁਰਮਤਾ ਪਾ ਦਿੱਤਾ। ਸਾਂਝੇ ਦਲ ਖਾਲਸਾ ਦਾ ਜਥੇਦਾਰ ਨਵਾਬ ਕਪੂਰ ਸਿੰਘ ਨੂੰ ਬਣਾ ਦਿੱਤਾ। 28 ਸਾਲ ਦੀ ਅਣਥੱਕ ਸੇਵਾ ਤੋਂ ਬਾਅਦ 7 ਅਕਤੂਬਰ 1753 ਨੂੰ ਸਵਰਗ ਸਿਧਾਰ ਗਏ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁੱਖੀ ਸਨ, ਉਨ੍ਹਾਂ ਦਾ ਜਨਮ ਪਿਤਾ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੀ ਕੁੱਖੋਂ ਤਿੰਨ ਮਈ 1718 ਈ ਨੂੰ ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿੱਚ ਹੋਇਆ। ਉਸਦੀ ਛੋਟੀ ਉਮਰ ਹੀ ਸੀ ਕਿ ਪਿਤਾ ਦੀ ਮੌਤ ਹੋ ਗਈ। ਉਸਦੀ ਮਾਤਾ ਨਵਾਬ ਕਪੂਰ ਸਿੰਘ ਕੋਲ ਲੈ ਗਏ ਤੇ ਕਪੂਰ ਸਿੰਘ ਨੇ ਆਪਣੇ ਕੋਲ ਰੱਖਕੇ ਪਾਲਣ ਪੋਸ਼ਣ ਕੀਤਾ, ਘੋੜ ਸਵਾਰੀ, ਤੇਗ, ਜੌਹਰ, ਨੇਜ਼ੇਬਾਜ਼ੀ ਤੇ ਤੀਰ ਕਮਾਨ ਦੀ ਬਾਰੀਕੀ ਨਾਲ ਸਿਖਿਆ ਦਿਵਾਈ। 1738 ਵਿੱਚ ਹੀ ਜੱਸਾ ਸਿੰਘ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਿਆ। 1761 ਵਿੱਚ ਅਹਿਮਦ ਸ਼ਾਹ ਅਬਦਾਲੀ ਕੋਲੋਂ 2200 ਜਵਾਨ ਹਿੰਦੂ ਕੁੜੀਆਂ ਨੂੰ ਬਾਇਜ਼ਤ ਛੁਡਾਕੇ ਘਰੋ ਘਰੀ ਪਹੁੰਚਾਇਆ। ਲਾਹੌਰ ਫਤਿਹ ਕਰਨ ਕਰਕੇ ਜੱਸਾ ਸਿੰਘ ਨੂੰ ਸੁਲਤਾਨ-ਉਲ-ਕੌਮ ਦਾ ਖ਼ਿਤਾਬ ਦਿੱਤਾ ਗਿਆ ਤੇ ਬੁੱਢਾ ਦਲ ਦੇ ਚੌਥੇ ਜਥੇਦਾਰ ਤੇ ਅਕਾਲ ਤਖ਼ਤ ਦੇ ਜਥੇਦਾਰ ਬਣਾਇਆ ਗਿਆ। 11 ਮਾਰਚ 1783 ‘ਚ ਸਿੱਖ ਸਰਦਾਰਾਂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਝੁਲਾਇਆ। ਉਹ 20 ਅਕਤੂਬਰ 1783 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਤੋਂ ਬਾਅਦ ਬਾਬਾ ਨੈਣਾ ਸਿੰਘ ਪੰਜਵੇਂ ਜਥੇਦਾਰ ਬਣੇ, ਜਿਨ੍ਹਾਂ ਦਾ ਜਨਮ 1736 ਵਿੱਚ ਹੋਇਆ। ਉਨ੍ਹਾਂ ਦੇ ਜਨਮ ਸਥਾਨ ਬਾਰੇ ਵੀ ਵੱਖਰੀਆਂ ਰਾਵਾਂ ਹਨ। ਨਿਹੰਗ ਸਿੰਘ ਜੋ ਉਚਾ ਦੁਮਾਲਾ ਫ੍ਰਾ ਸਜਾਉਂਦੇ ਹਨ, ਬਾਬਾ ਨੈਣਾ ਸਿੰਘ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਦੋ ਹਜ਼ਾਰ ਘੋੜ ਸਵਾਰ ਸਿੰਘ, ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦੀ ਰਾਖੀ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਅਕਾਲੀ ਫੂਲਾ ਸਿੰਘ ਛੇਵੇਂ ਮੁੱਖੀ ਸਨ, ਉਨ੍ਹਾਂ ਦਾ ਜਨਮ ਇੱਕ ਜਨਵਰੀ 1761 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੀਹਾਂ ਵਿੱਚ ਹੋਇਆ। ਇੱਕ ਸਾਲ ਬਾਅਦ ਹੀ ਉਸਦੀ ਮਾਤਾ ਜੀ ਸਵਰਗਵਾਸ ਹੋ ਗਏ। ਫਿਰ ਉਸਦੀ ਪਾਲਣ ਪੋਸ਼ਣ ਨੈਣਾ ਸਿੰਘ ਨੇ ਕੀਤੀ। ਉਸਨੂੰ ਘੋੜ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਸਿਖਿਆ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਨ੍ਹਾਂ ਆਪਣੀ ਅਕਾਲ ਰਜਮੈਂਟ ਬਣਾ ਲਈ ਜਿਹੜੀ ਹਮੇਸ਼ਾ ਰਣਜੀਤ ਸਿੰਘ ਦੀ ਲੜਾਈ ਵਿੱਚ ਅੱਗੇ ਹੋ ਕੇ ਮਦਦ ਕਰਦੀ ਸੀ। ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਵੀ ਲਗਾਈ ਸੀ। ਬਾਬਾ ਹਨੂੰਮਾਨ ਸਿੰਘ ਸੱਤਵੇਂ ਜਥੇਦਾਰ ਬਣੇ। ਉਨ੍ਹਾਂ ਦਾ ਜਨਮ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਨੌਰੰਗਪੁਰ ਵਿੱਚ 18 ਮੱਗਰ 1813 ਨੂੰ ਪਿਤਾ ਗਰਜਾ ਸਿੰਘ ਬਾਠ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਮੁਦਕੀ ਦੀ ਜੰਗ ਵਿੱਚ ਬਰਤਾਨਵੀ ਸੈਨਾ ਨੂੰ ਭਜਾਇਆ। ਮਹਾਰਾਜਾ ਕਰਮ ਸਿੰਘ ਦੀ ਫੌਜ ਨਾਲ ਪਟਿਆਲਾ ਅਤੇ ਘੁੜਾਮ ਲੜਦਿਆਂ ਜ਼ਖਮੀ ਹੋ ਗਏ ਤੇ ਫਿਰ 1846 ਕੁੰਬੜਾ ਸੋਹਾਣਾ ਵਿਖੇ ਲੜਾਈ ਵਿੱਚ ਸ਼ਹੀਦ ਹੋ ਗਏ। 1846 ਵਿੱਚ ਬਾਬਾ ਪ੍ਰਹਿਲਾਦਾ ਸਿੰਘ ਅੱਠਵੇਂ ਜਥੇਦਾਰ ਬਣੇ। ਇਹ ਸਮਾਂ ਵੀ ਸਿੱਖਾਂ ਲਈ ਬਹੁਤ ਹੀ ਮੁਸ਼ਕਲਾਂ ਵਾਲਾ ਸੀ। ਬਾਬਾ ਪ੍ਰਹਿਲਾਦਾ ਸਿੰਘ ਗੋਦਾਵਰੀ ਨਜ਼ਦੀਕ ਹੈਦਰਾਬਾਦ ਰਿਆਸਤ ਵਿੱਚ ਸ਼ਹੀਦ ਕਰ ਦਿੱਤੇ ਗਏ। ਬਾਬਾ ਗਿਆਨਾ ਸਿੰਘ ਨੌਵੇਂ ਜਥੇਦਾਰ ਬਣੇ। ਬਾਬਾ ਗਿਆਨਾ ਸਿੰਘ ਦਿਉਲ ਜਗਰਾਉਂ ਤਹਿਸੀਲ ਦੇ ਭਰੋਵਾਲ ਪਿੰਡ ਦੇ ਸਨ। ਉਨ੍ਹਾਂ ਬਾਰੇ ਬਹੁਤੀ ਜਾਣਕਾਰੀ ਪੁਸਤਕ ਵਿੱਚ ਨਹੀਂ ਹੈ। ਦਸਵੇਂ ਜਥੇਦਾਰ ਤੇਜਾ ਸਿੰਘ 96 ਕਰੋੜੀ ਦਾ ਜਨਮ ਪਿੰਡ ਸਿੱਖਾਂਵਾਲੀ ਜ਼ਿਲ੍ਹਾ ਰਾਵਲਪਿੰਡੀ ਵਿੱਚ ਖ਼ਜਾਨ ਸਿੰਘ ਵੱਡੇ ਸ਼ਾਹੂਕਾਰ ਦੇ ਘਰ ਮਾਤਾ ਸੁਗੋ ਦੀ ਕੁੱਖੋਂ 1839 ਈਸਵੀ ਨੂੰ ਹੋਇਆ। ਉਨ੍ਹਾਂ ਨੇ 1907 ਬੁੱਢਾ ਦਲ ਦੀ ਜਥੇਦਾਰੀ ਸੰਭਾਲੀ ਤੇ ਬਾਈ ਸਾਲ 1929 ਆਪਣੇ ਆਖਰੀ ਸਮੇਂ ਤੱਕ ਜਥੇਦਾਰ ਰਹੇ। ਗਿਆਰਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦਾ ਜਨਮ 1876 ਵਿੱਚ ਖੰਨਾ ਨੇੜੇ ਭੜੀ ਪਿੰਡ ਵਿੱਚ ਹੋਇਆ। ਲਾਹੌਰ ਤੋਂ ਬੀ ਏ ਕਰਕੇ ਤਹਿਸੀਲਦਾਰ ਲੱਗ ਗਏ। ਫਿਰ ਅਸਤੀਫ਼ਾ ਦੇ ਕੇ ਨਿਹੰਗ ਸਿੰਘ ਸਜ ਗਏ। ਬਾਰਾਂ ਸਾਲ ਕਠਨ ਘਾਲ ਕੀਤੀ, ਜਿਸ ਕਰਕੇ ਕਲਾਧਾਰੀ ਕਿਹਾ ਜਾਂਦਾ ਹੈ। 1942 ਵਿੱਚ ਸਵਰਗ ਸਿਧਾਰ ਗਏ। ਬਾਬਾ ਚੇਤ ਸਿੰਘ ਬਾਰਵੇਂ ਜਥੇਦਾਰ ਦਾ ਜਨਮ 1903 ਵਿੱਚ ਤਲਵੰਡੀ ਸਾਬੋਕੀ ਵਿੱਚ ਰਾਮ ਸਿੰਘ ਦੇ ਘਰ ਮਾਤਾ ਪ੍ਰਧਾਨ ਕੌਰ ਦੀ ਕੁੱਖੋਂ ਹੋਇਆ। 13 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਭਰਤੀ ਹੋ ਗਏ। 1942 ਵਿੱਚ ਜਥੇਦਾਰ ਬਣ ਗਏ ਤੇ 65 ਸਾਲ ਦਾ ਆਦਰਸ਼ ਜੀਵਨਬਿਤਾਕੇ ਸਵਰਗ ਸਿਧਾਰ ਗਏ। ਤੇਰਵੇਂ ਮੁਖੀ ਬਾਬਾ ਸੰਤਾ ਸਿੰਘ ਦਾ ਜਨਮ 1928 ਵਿੱਚ ਪਿਤਾ ਭਗਵਾਨ ਸਿੰਘ ਤੇ ਮਾਤਾ ਪਿ੍ਰਤਪਾਲ ਕੌਰ ਦੀ ਕੁੱਖੋਂ ਹੋਇਆ। ਦਸ ਸਾਲ ਦੀ ਉਮਰ ਵਿੱਚ ਅੰਮਿ੍ਰਤ ਛੱਕ ਲਿਆ। ਕੋਟਕਪੂਰਾ ਗੁਰੂ ਘਰ ਵਿੱਚ ਬਾਰਾਂ ਸਾਲ ਸੇਵਾ ਕੀਤੀ। ਚਾਲੀ ਸਾਲ ਦੀ ਉਮਰ ਵਿੱਚ 1968 ਵਿੱਚ ਜਥੇਦਾਰ ਬਣੇ। ਚਾਲੀ ਸਾਲ ਹੀ ਬੁੱਢਾ ਦਲ ਦੀ ਅਗਵਾਈ ਕਰਕੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ। ਅੱਠ ਮਈ 2008 ਨੂੰ ਗੁਰੂ ਨੂੰ ਪਿਆਰੇ ਹੋ ਗਏ। ਬਾਬਾ ਬਲਬੀਰ ਸਿੰਘ ਅੱਠ ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਪਰਤੀ ਹੋ ਗਏ। ਉਹ ਬਾਬਾ ਸੰਤਾ ਸਿੰਘ ਦੇ ਗੜਵਈ ਅਤੇ ਹਜ਼ੂਰ ਸੇਵਕ ਲੰਬਾ ਸਮਾਂ ਰਹੇ। ਇੱਕ ਅਕਤੂਬਰ 2007 ਚੌਧਵੇਂ ਜਥੇਦਾਰ ਬਣੇ। ਉਨ੍ਹਾਂ ਦੇ ਸਮੇਂ ਬੁੱਢਾ ਦਲ ਨੇ ਅਨੇਕਾਂ ਬਾਕਮਾਲ ਕੰਮ ਕੀਤੇ ਵਿਦਿਅਕ ਖੇਤਰ ਵਿੱਚ ਪਬਲਿਕ ਸਕੂਲ ਸਥਾਪਤ ਕੀਤੇ। ਪਿ੍ਰੰਟਿੰਗ ਦੀ ਪ੍ਰੈਸ ਲਗਵਾਈ, ਬਹੁਤ ਸਾਰੀ ਪ੍ਰਚਾਰ ਸਮਗਰੀ ਪ੍ਰਕਾਸ਼ਤ ਕਰਵਾਈ, ਜਿਨ੍ਹਾਂ ਵਿੱਚ ਨਵੀਂਆਂ ਛਾਉਣੀਆਂ ਦੀ ਉਸਾਰੀ, ਕੁਆਰਟਰ, ਸਰਾਵਾਂ, ਸਰਬਲੋਹ ਗ੍ਰੰਥ ਦੀਆਂ ਦੋਵਂੇ ਜਿਲਦਾਂ, ਨਿਹੰਗ ਸਿੰਘ ਸੰਦੇਸ਼ ਰਸਾਲਾ, ਸਾਰੇ ਜਥੇਦਾਰਾਂ ਦੇ ਜੀਵਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਬਾਰੇ ਪੁਸਤਕ ਆਦਿ ਵਰਣਨਯੋਗ ਹਨ, Çਜਸ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ ਦਿੱਤੀ ਗਈ। ਤਖ਼ਤ ਹਰਿਮੰਦਰ ਸਾਹਿਬ ਪਟਨਾ ਤੋਂ ਸ਼੍ਰੋਮਣੀ ਪੰਥ ਰਤਨ ਤੋਂ ਇਲਾਵਾ ਸੰਸਾਰ ਦੇ ਇੱਕ ਸੌ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੇ ਇਤਿਹਾਸ ਵਿੱਚ ਆਪਣੀ ਕਾਰਜ਼ਸੈਲੀ ਨਾਲ ਇਤਿਹਾਸ ਸਿਰਜ ਦਿੱਤਾ ਹੈ। ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ।
128 ਪੰਨਿਆਂ, 250 ਰੁਪਏ ਭੇਟਾ ਵਾਲੀ ਇਹ ਪੁਸਤਕ, ਬੁੱਢਾ ਦਲ ਨੇ ਪ੍ਰਕਾਸ਼ਤ ਕੀਤੀ ਹੈ ਤੇ ਭਾ ਚਤਰ ਸਿੰਘ ਜੀਵਨ ਸਿੰਘ ਅੰਮਿ੍ਰਤਸਰ ਤੋਂ ਮਿਲਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48yahoo.com