ਭਾਰਤੀ ਮੂਲ ਦੀ ਨਾਰੀ ਅਮਰੀਕਾ ਵਿੱਚ ਸਰਦਾਰੀ : ਤੁਲਸੀ ਗਵਾਰਡ - ਉਜਾਗਰ ਸਿੰਘ
ਭਾਰਤ ਵਿੱਚ ਇਸਤਰੀਆਂ ਨੇ ਸਿਆਸਤ ਵਿੱਚ ਨਾਮਣਾ ਖੱਟਿਆ ਹੈ, ਆਜ਼ਾਦੀ ਦੇ ਸੰਗਰਾਮ ਤੋਂ ਸ਼ੁਰੂ ਕਰਕੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿਕਾਸ ਵਿੱਚ ਵੀ ਇਸਤਰੀਆਂ ਨੇ ਵੱਡਮੁਲਾ ਯੋਗਦਾਨ ਪਾਇਆ ਹੈ। ਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਹੁਣ ਭਾਰਤੀ ਮੂਲ ਦੀਆਂ ਇਸਤਰੀਆਂ ਨੇ ਸੰਸਾਰ ਵਿੱਚ ਉਚ ਅਹੁਦਿਆਂ ਤੱਕ ਪਹੁੰਚਕੇ ਭਾਰਤ ਦਾ ਮਾਣ ਵਧਾਇਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਤੁਲਸੀ ਗਵਾਰਡ ਨੂੰ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਹੁਦੇ 'ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ' 'ਤੇ ਨਿਯੁਕਤ ਕੀਤਾ ਹੈ। ਸੈਨੇਟ ਨੇ ਵੀ ਉਸਦੀ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਹੈ। ਤੁਲਸੀ ਗਵਾਰਡ ਦੀ ਨਾਮਜ਼ਦਗੀ ਦੀ ਸੈਨਟ ਤੋਂ ਪ੍ਰਵਾਨਗੀ ਲੈਣ ਦੀ ਪ੍ਰਕ੍ਰਿਆ ਬੇਹੱਦ ਔਖੀ ਸੀ, ਕਿਉਂਕਿ ਰਿਪਬਲਿਕਨ ਪਾਰਟੀ ਦੇ ਕੁਝ ਸੈਨੇਟਰ ਵੀ ਉਸਦੀ ਨਿਯੁਕਤੀ 'ਤੇ ਕਿੰਤੂ ਪ੍ਰੰਤੂ ਕਰਦੇ ਸਨ। ਅਮਰੀਕਾ ਦੇ ਸੈਨੇਟਰਾਂ ਨੂੰ ਉਸਨੇ ਬੇਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ ਹਨ। ਡੋਨਾਲਡ ਟਰੰਪ ਦੀ ਨਿਗਾਹ ਵਿੱਚ ਉਸਦੀ ਦੀ ਫ਼ੌਜੀ ਵਿਰਾਸਤ ਤੇ ਨਿਡਰ ਜ਼ਜ਼ਬਾ ਬਾਕਮਾਲ ਹੈ, ਜਿਸ ਕਰਕੇ ਉਸਦੀ ਅਜਿਹੇ ਸੰਵੇਦਨਸ਼ੀਲ ਕਾਰਜ਼ ਲਈ ਚੋਣ ਕੀਤੀ ਗਈ ਹੈ। ਤੁਲਸੀ ਗਵਾਰਡ ਨੇ ਸੈਨਟ ਦੀ ਪ੍ਰਵਾਨਗੀ ਤੋਂ ਬਾਅਦ 12 ਫ਼ਰਵਰੀ 2025 ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮਹੱਤਵਪੂਰਨ ਅਹੁਦੇ 'ਤੇ ਰਹਿੰਦਿਆਂ ਉਹ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਮੁੱਖੀ ਦੇ ਤੌਰ 'ਤੇ ਫ਼ਰਜ਼ ਨਿਭਾਉਣਗੇ। ਉਹ 18 ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਕਰਨਗੇ ਜਿਨ੍ਹਾਂ ਵਿੱਚ ਸੀ.ਆਈ.ਏ., ਐਫ਼ ਬੀ.ਆਈ. ਅਤੇ ਨੈਸ਼ਨਲ ਸਕਿਉਰਿਟੀ ਏਜੰਸੀ ਅਤਿਅੰਤ ਮਹੱਤਵਪੂਰਨ ਹਨ। ਉਹ 70 ਆਰਬ ਡਾਲਰ ਤੋਂ ਵੱਧ ਦੇ ਬਜਟ ਨੂੰ ਵੀ ਸੰਭਾਲੇਗੀ। ਅਮਰੀਕਾ ਵਿੱਚ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਇਸਤਰੀ ਹੈ। ਭਾਰਤੀ ਮੂਲ ਦੀ ਵੀ ਤੁਲਸੀ ਗਵਾਰਡ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਇਸਤਰੀ ਹੈ। 43 ਸਾਲ ਦੀ ਇਤਨੀ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ ਮਿਲਣਾ ਉਸਦੀ ਕਾਬਲੀਅਤ ਦਾ ਪ੍ਰਤੀਕ ਹੈ। ਭਾਰਤ ਵਿੱਚ ਵੀ ਅਜੇ ਤੱਕ ਸੁਰੱਖਿਆ ਵਰਗੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਅਹੁਦੇ 'ਤੇ ਕੋਈ ਇਸਤਰੀ ਨਹੀਂ ਪਹੁੰਚ ਸਕੀ। ਤੁਲਸੀ ਗਵਾਰਡ ਦਲੇਰ, ਬਹਾਦਰ, ਬੇਬਾਕ ਅਤੇ ਦਬੰਗ ਸਿਆਸਤਦਾਨ ਹੈ। ਉਹ ਅੰਤਰਰਾਸ਼ਟਰੀ ਮਾਮਲਿਆਂ 'ਤੇ ਵੀ ਖੁਲ੍ਹਕੇ ਟਿੱਪਣੀਆਂ ਕਰਨ ਕਰਕੇ ਜਾਣੀ ਜਾਂਦੀ ਹੈ। ਮਨੁੱਖੀ ਹੱਕਾਂ ਦੀ ਹਮਾਇਤ ਕਰਨ ਵਾਲੀ ਤੁਲਸੀ ਗਵਾਰਡ ਬਰਾਬਰਤਾ ਅਤੇ ਬੋਲਣ ਦੀ ਆਜ਼ਾਦੀ ਵਰਗੇ ਵਿਸ਼ਿਆਂ 'ਤੇ ਨਿਧੱੜਕ ਹੋ ਕੇ ਖੁਲ੍ਹਕੇ ਬੇਬਾਕੀ ਨਾਲ ਬੋਲਣ ਵਾਲੀ ਸਿਆਸਤਦਾਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਰਿਪਬਲਿਕਨ ਪਾਰਟੀ ਦੇ ਸੈਨੇਟਰ ਵੀ ਤੁਲਸੀ ਗਵਾਰਡ ਦੇ ਇਸ ਅਹੁਦੇ 'ਤੇ ਨਿਯੁਕਤ ਹੋਣ 'ਤੇ ਹੈਰਾਨ ਤੇ ਪ੍ਰੇਸ਼ਾਨ ਹਨ, ਕਿਉਂਕਿ ਵ੍ਹਿਸਲਬਲੋਅਰ ਐਡਵਰਡ ਸਨੋਡਨ ਬਾਰੇ ਉਸ ਦੀਆਂ ਕੀਤੀਆਂ ਟਿੱਪਣੀਆਂ, ਸਰਕਾਰ ਦੇ ਨਿਗਰਾਨੀ ਅਥਾਰਟੀ ਬਾਰੇ ਉਸ ਦੇ ਵਿਚਾਰਾਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸੀਰੀਆ ਦੇ ਤਾਨਸ਼ਾਹ ਬਸ਼ਰ ਅਲ-ਅਸਦ ਨਾਲ ਉਸਦੇ ਸੰਬੰਧਾਂ ਤੇ ਰੀਪਬਲਿਕਨਾਂ ਨੂੰ ਗਹਿਰਾ ਇਤਰਾਜ਼ ਸੀ। ਉਹ ਇੱਕ ਦ੍ਰਿੜ੍ਹ ਇਰਾਦੇ ਵਾਲੀ ਸਟਰੌਂਗ ਔਰਤ ਸਿਆਸਤਦਾਨ ਹੈ।
2004 ਵਿੱਚ ਉਸਦੀ ਨੈਸ਼ਨਲ ਗਾਰਡ ਯੁਨਿਟ ਦੀ ਇਰਾਕ ਵਿੱਚ ਤਾਇਨਤੀ ਹੋ ਗਈ ਜਿਥੇ ਉਹ 2005 ਤੱਕ ਉਥੇ ਰਹੀ। 2007 ਵਿੱਚ ਉਸਨੇ ਆਰਮੀ ਦੀ ਟ੍ਰੇਨਿੰਗ ਅਲਬਾਮਾ ਮਿਲਟਰੀ ਅਕਾਦਮੀ ਤੋਂ ਪ੍ਰਾਪਤ ਕੀਤੀ। 2008 ਵਿੱਚ ਉਹ ਕੁਵੈਤ ਵਿਖੇ ਬਤੌਰ ਆਰਮੀ ਮਿਲਟਰੀ ਪੋਲੀਸ ਆਫ਼ੀਸਰ ਗਈ। ਤੁਲਸੀ ਗਵਾਰਡ ਦਾ ਪਿਛੋਕੜ ਆਰਮੀ ਦਾ ਹੋਣ ਕਰਕੇ ਅਮਰੀਕਾ ਵਿੱਚ 9/11 ਦੇ ਹੋਏ ਹਮਲੇ ਨੇ ਉਸਦੇ ਦਿਲ ਨੂੰ ਵੱਡੀ ਸੱਟ ਮਾਰੀ ਸੀ। 2015 ਵਿੱਚ ਹਵਾਈ ਆਰਮੀ ਨੈਸ਼ਨਲ ਗਾਰਡ ਵਿੱਚ ਉਸਦੀ ਤਰੱਕੀ ਮੇਜਰ ਦੀ ਹੋ ਗਈ। 2020 ਵਿੱਚ ਉਸਦੀ ਬਦਲੀ ਯੁਨਾਈਟਡ ਸਟੇਟ ਆਰਮੀ ਰਿਜ਼ਰਵ ਵਿੱਚ ਹੋ ਗਈ। ਉਥੇ ਹੀ ਉਸਦੀ ਤਰੱਕੀ ਲੈਫ਼ਟੀਨੈਂਟ ਕਰਨਲ ਦੀ ਤਰੱਕੀ ਹੋ ਗਈ। ਉਹ ਪਲਾਟੂਨ ਲੀਡਰ ਵਜੋਂ ਮੱਧ ਪੂਰਵ ਵਿੱਚ ਤਾਇਨਾਤ ਰਹੀ ਹੈ। ਉਹ ਇਰਾਕ ਵਿੱਚ ਇੱਕ ਮੈਡੀਕਲ ਯੁਨਿਟ ਵਿੱਚ ਸੇਵਾ ਕਰਨ ਵਾਲੀ ਇੱਕ ਸਾਬਕਾ ਫ਼ੌਜੀ ਹੈ, ਜਿਸਨੇ ਆਪਣੇ ਸਿਆਸੀ ਕੈਰੀਅਰ ਵਿੱਚ ਕਈ ਕਰਵਟਾਂ ਲਈਆਂ। ਉਸਨੇ 2006 ਵਿੱਚ ਸੈਨੇਟਰ ਵੈਟਰਨ ਅਫ਼ੇਅਰ ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਸੈਨੇਟਰ ਡੇਨੀਅਲ ਅਕਾਕਾ ਲਈ ਇੱਕ ਵਿਧਾਨਿਕ ਸਹਾਇਕ ਵਜੋਂ ਕੰਮ ਕਰਦਿਆਂ ਸ਼ੁਰੂ ਕੀਤਾ ਸੀ।
ਤੁਲਸੀ ਗਵਾਰਡ ਪਹਿਲੀ ਵਾਰ 2002 ਵਿੱਚ ਮਹਿਜ 21 ਸਾਲ ਦੀ ਉਮਰ ਵਿੱਚ ਹਵਾਈ ਹਾਊਸ ਆਫ਼ ਰਿਪ੍ਰਜੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਗਈ ਸੀ। ਉਹ 2013 ਤੋਂ 2021 ਤੱਕ ਹਵਾਈ ਦੇ ਦੂਜੇ ਜ਼ਿਲ੍ਹੇ ਦੀ ਕਾਂਗਰਸ ਮੈਂਬਰ ਰਹੀ ਹੈ। 2012 ਵਿੱਚ ਪ੍ਰਤੀਨਿਧੀ ਸਭਾ ਦੀ ਮੈਂਬਰ ਹੋਣ ਸਮੇਂ ਉਹ ਹਾਊਸ ਦੀਆਂ ਕਈਆਂ ਮਹੱਤਵਪੂਰਨ ਕਮੇਟੀਆਂ ਜਿਨ੍ਹਾਂ ਵਿੱਚ ਹਾਊਸ ਆਰਮਡ ਸਰਵਿਸ ਕਮੇਟੀ, ਹਾਊਸ ਫਾਰਨ ਅਫ਼ੇਅਰਜ਼ ਕਮੇਟੀ ਅਤੇ ਹਾਊਸ ਆਰਮਡ ਸਰਵਿਸ ਸਬ ਕਮੇਟੀ ਆਨ ਇੰਟੈਲੀਜੈਂਸ ਦੀ ਮੈਂਬਰ ਰਹੀ। ਉਸ ਸਮੇਂ ਦੌਰਾਨ ਕਈ ਲੋਕ ਹਿਤਾਂ ਦੇ ਮਸਲੇ ਪ੍ਰੀਤਨਿਧੀ ਸਭਾ ਵਿੱਚ ਉਠਾਏ। ਤੁਲਸੀ ਗਵਾਡ ਦੀਆਂ ਵਿਲੱਖਣ ਸੇਵਾਵਾਂ ਕਰਕੇ ਉਸਨੂੰ ਕਈ ਮਾਨ ਸਨਮਾਨ ਮਿਲੇ ਜਿਨ੍ਹਾਂ ਵਿੱਚ ਕੁਝ ਮਹੱਤਵਪੂਰਨ ਸਨਮਾਨ, ਕੰਬਾਟ ਮੈਡੀਕਲ ਬੈਜ, ਮੈਰੀਟਸਰੀਅਸ ਸਰਵਿਸ ਮੈਡਲ ਅਤੇ ਜਰਮਨ ਆਰਮਡ ਫ਼ੋਰਸਜ਼ ਬੈਜ ਫਾਰ ਮਿਲਟਰੀ ਪ੍ਰਾਫ਼ੀਸੈਂਸੀ ਇਨ ਗੋਲਡ ਆਦਿ ਹਨ।
ਉਹ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ, ਜੋ ਚਾਰ ਵਾਰ ਵਿਮੈਨ ਕਾਂਗਰਸ ਰਹੀ ਹੈ। ਪਹਿਲੀ ਵਾਰ ਇਹ ਭੂਮਿਕਾ ਇੱਕ ਹਿੰਦੂ ਔਰਤ ਨਿਭਾ ਰਹੀ ਸੀ। ਉਹ ਡੈਮੋਕਰੈਟਿਕ ਪਾਰਟੀ ਦੀ ਸਿਆਸਤ ਵਿੱਚ ਬਹੁਤ ਸਰਗਰਮ ਰਹੀ ਹੈ। ਉਸਨੇ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਡੈਮੋਕਰੈਟਿਕ ਪਾਰਟੀ ਵੱਲੋਂ ਦਾਖ਼ਲ ਕੀਤੀ ਸੀ। ਉਸਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ, ਮੁਫ਼ਤ ਕਾਲਜ ਟਿਊਸ਼ਨ ਅਤੇ ਹਥਿਆਰ ਨਿਯੰਤਰਣ ਵਰਗੇ ਉਦਾਰਵਾਦੀ ਮੁੱਦਿਆਂ ਦੀ ਹਿਮਾਇਤ ਕੀਤੀ ਸੀ। ਇਹ ਮੁੱਦੇ ਉਸਨੇ ਡੈਮੋਕਰੈਟਿਕ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਸਮੇਂ ਕੀਤੇ ਸਨ। ਉਦੋਂ ਰੂਸੀ ਮੀਡੀਆ ਵੱਲੋਂ ਉਸਦੀ ਚੋਣ ਮੁਹਿੰਮ ਦਾ ਪ੍ਰਚਾਰ ਕਰਨ ਕਰਕੇ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵੱਲੋਂ ਕਥਿਤ ਸਮਰਥਨ ਹਾਸਲ ਕਰਨ ਲਈ ਵੀ ਉਸਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਬਸ਼ਰ ਅਲ-ਅਸਦ ਨੂੰ ਰੂਸੀ ਸਹਿਯੋਗੀ ਕਿਹਾ ਜਾਂਦਾ ਹੈ। ਡੈਮੋਕਰੈਟਿਕ ਪਾਰਟੀ ਵੱਲੋਂ ਸਪੋਰਟ ਨਾ ਮਿਲਣ ਤੋਂ ਬਾਅਦ ਉਹ ਰਾਸ਼ਟਰਪਤੀ ਦੀ ਉਮੀਦਵਾਰੀ 'ਚੋਂ ਬਾਹਰ ਹੋ ਗਈ ਸੀ। ਫਿਰ ਉਸਨੇ ਜੋ ਬਾਇਡਨ ਦੀ ਸਪੋਰਟ ਕਰ ਦਿੱਤੀ ਸੀ। ਸਾਲ 2022 ਵਿੱਚ ਉਹ ਡੈਮੋਕਰੈਟਿਕ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੱਕ ਆਜ਼ਾਦ ਸਿਆਸੀ ਅਗੂ ਵਜੋਂ ਰਜਿਸਟਰ ਹੋਈ ਸੀ। ਫਿਰ ਉਹ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋ ਗਈ ਸੀ। ਅਕਤੂਬਰ 2024 ਵਿੱਚ ਉਹ ਫਾਰਮਲ ਤੌਰ 'ਤੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।
ਤੁਲਸੀ ਗਵਾਰਡ ਦਾ ਜਨਮ ਅਮਰੀਕੀ ਸਮੋਆ ਵਿੱਚ 12 ਅਪ੍ਰੈਲ 1981 ਨੂੰ ਮਾਤਾ ਕਰੋਲ ਪੋਰਟਰ ਗਵਾਰਡ ਤੇ ਪਿਤਾ ਗਰਲਡ ਮਾਈਕ ਲਗਵਾਰਡ (ਮਾਈਕ ਗਵਾਰਡ) ਦੇ ਘਰ ਹੋਇਆ। ਉਹ ਪੰਜ ਭੈਣ ਭਰਾ ਹਨ, ਉਨ੍ਹਾਂ ਦੇ ਨਾਮ ਹਿੰਦੂਆਂ ਵਾਲੇ ਭਕਤੀ, ਜੈ, ਆਰੀਅਨ ਅਤੇ ਵਰਿੰਦਾਵਨ ਹਨ। ਉਹ ਦੋ ਸਾਲ ਦੀ ਸੀ, ਜਦੋਂ ਉਸਦੇ ਮਾਪੇ ਹਵਾਈ ਆ ਗਏ। ਉਸਦਾ ਪਾਲਣ ਪੋਸ਼ਣ ਬਹੁ ਭਾਸ਼ੀ ਸਭਿਆਚਾਰ ਵਿੱਚ ਹਵਾਈ ਵਿਖੇ ਹੋਇਆ ਪ੍ਰੰਤੂ ਉਸਨੇ ਆਪਣਾ ਬਚਪਨ ਫਿਲਪੀਨ ਵਿੱਚ ਬਿਤਾਇਆ। ਉਸਦੀ ਮਾਂ ਜਰਮਨ ਤੇ ਯੂਰਪੀਅਨ ਪਿਛੋਕੜ ਵਾਲੀ ਹੈ। ਉਸਦਾ ਪਿਤਾ ਭਾਰਤ ਤੋਂ ਫਿਲਪੀਨ ਗਏ ਸਨ, ਜਿਥੋਂ ਉਹ ਅਮਰੀਕਾ ਆ ਗਏ ਸਨ। ਤੁਲਸੀ ਗਵਾਰਡ ਭਾਰਤੀ ਸਭਿਆਚਾਰ ਨਾਲ ਬਾਵਾਸਤਾ ਹੈ ਕਿਉਂਕਿ ਉਸਦੀ ਮਾਂ ਨੇ ਵੀ ਹਿੰਦੂ ਧਰਮ ਤੁਲਸੀ ਦੇ ਜਨਮ ਤੋਂ ਪਹਿਲਾਂ ਹੀ ਅਪਣਾ ਲਿਆ ਸੀ। ਉਸਨੇ 2013 ਵਿੱਚ ਭਗਵਦ ਗੀਤਾ ਗ੍ਰੰਥ 'ਤੇ ਹੱਥ ਰੱਖਕੇ ਸਹੁੰ ਚੁੱਕੀ ਸੀ। ਉਹ ਧਾਰਮਿਕ ਵਾਤਾਵਰਨ ਵਿੱਚ ਪਲੀ ਹੈ। ਤੁਲਸੀ ਗਵਾਰਡ ਕ੍ਰਿਸ਼ਨ ਭਗਤ ਹੈ, ਜੋ ਭਗਵਦ ਗੀਤਾ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਦੀ ਹੈ। 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਅਮਰੀਕਾ ਦੇ ਦੌਰੇ 'ਤੇ ਗਏ ਸਨ, ਉਨ੍ਹਾਂ ਨੂੰ ਭਗਵਦ ਗੀਤਾ ਭੇਂਟ ਕੀਤੀ ਸੀ। ਤੁਲਸੀ ਗਵਾਰਡ ਮਾਰਸ਼ਲ ਆਰਟ ਤੇ ਸਪੋਰਟਸ ਲਵਰ, ਯੋਗਾ ਤੇ ਮੈਡੀਟੇਸ਼ਨ ਕਰਦੀ ਹੈ।
2009 ਵਿੱਚ ਉਸਨੇ ਹਵਾਈ ਪੈਸੇਫਿਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਤੁਲਸੀ ਗਵਾਰਡ ਦਾ ਪਹਿਲਾ ਵਿਆਹ 2002 ਵਿੱਚ ਬਚਪਨ ਦੇ ਦੋਸਤ ਐਡੂਰਾਡੋ ਟਮਾਇਓ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਫ਼ੌਜ ਵਿੱਚ ਪੋਸਟਿੰਗ ਇਰਾਕ ਦੀ ਲੜਾਈ ਵਿੱਚ ਹੋ ਗਈ, ਜਿਥੇ ਪਰਿਵਾਰ ਨਹੀਂ ਰਹਿ ਸਕਦਾ ਸੀ, ਇਸ ਕਰਕੇ 2006 ਵਿੱਚ ਉਸਦਾ ਤਲਾਕ ਹੋ ਗਿਆ। 2015 ਵਿੱਚ ਉਸਦਾ ਦੂਜਾ ਵਿਆਹ ਅਬਰਾਹਿਮ ਵਿਲੀਅਮਜ਼ ਨਾਲ ਹੋ ਗਿਆ। ਉਸਦਾ ਪਤੀ ਫ਼ਿਲਮ ਮੇਕਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸੰਸਾਰ-2024 ਵਿਲੱਖਣ ਦਸਤਾਵੇਜ਼ - ਉਜਾਗਰ ਸਿੰਘ
ਕੀ ਇਹ ਸੋਚਿਆ ਜਾ ਸਕਦਾ ਹੈ ਕਿ ਇਕੱਲਾ-ਇਕੱਹਿਰਾ ਵਿਅਕਤੀ ਹਰ ਸਾਲ ਸੰਸਾਰ ਦੇ ਸਾਰੇ ਗੁਰੂ ਘਰਾਂ ਦੀ ਯਾਤਰਾ ਆਪ ਤਾਂ ਕਰਦਾ ਹੀ ਹੋਵੇ ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਪੰਜਾਬੀ/ਸਿੱਖ ਨੂੰ ਕਰਵਾ ਸਕਦਾ ਹੈ? ਹਾਂ ਅਜਿਹਾ ਇੱਕ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਹਰ ਸਾਲ ਸਚਿਤਰ, ਰੰਗਦਾਰ, ਵੱਡ ਆਕਾਰੀ, ਬਿਹਤਰੀਨ ਅਤੇ ਆਰਟ ਪੇਪਰ ‘ਤੇ ਪ੍ਰਕਾਸ਼ਤ ਪੁਸਤਕ ਰਾਹੀਂ ਸੰਸਾਰ ਦੇ ਹਰ ਗੁਰੂ ਘਰ ਦੇ ਦਰਸ਼ਨ ਕਰਵਾ ਦਿੰਦਾ ਹੈ। 80 ਸਾਲ ਤੋਂ ਵੀ ਵੱੱਧ ਉਮਰ ਹੋਣ ਦੇ ਬਾਵਜੂਦ ਉਹ ਇਤਨਾ ਵੱਡਾ ਕਾਰਜ ਕਰ ਰਿਹਾ ਹੈ, ਜਿਹੜਾ ਇੱਕ ਸੰਸਥਾ ਲਈ ਵੀ ਕਰਨਾ ਮੁਸ਼ਕਲ ਹੈ ਪ੍ਰੰਤੂ ਉਹ ਸਾਰਾ ਸਾਲ ਸਿਰਫ਼ ਤੇ ਸਿਰਫ਼ ਗੁਰੂ ਦੀ ਅਕੀਦਤ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਪਰਕਰਮਾ ਕਰਦਾ ਰਹਿੰਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਸਿੱਖ ਧਰਮ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਅੰਤਰਰਾਸ਼ਟਰੀ ਮਾਣਤਾ ਪ੍ਰਾਪਤ ਖੋਜੀ ਪੱਤਰਾਕਾਰ, ਉਦਮੀ ਅਤੇ ਲੇਖਕ ਹੈ। ਪੱਤਰਕਾਰੀ ਦੇ ਖੇਤਰ ਵਿੱਚ ਤਾਂ ਉਹ ਆਪਣਾ ਬੇਸ਼ਕੀਮਤੀ ਯੋਗਦਾਨ ਪਾ ਹੀ ਰਿਹਾ ਹੈ ਪ੍ਰੰਤੂ ਇਸ ਵਿੱਚ ਵੀ ਉਹ ਪੰਜਾਬੀਆਂ ਦੇ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਜਿਥੇ ਕਿਤੇ ਸਿੱਖਾਂ/ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਹੱਕ ਵਿੱਚ ਕਲਮ ਦੀ ਤਲਵਾਰ ਲੈ ਕੇ ਨਿਧੱੜਕ ਹੋ ਕੇ ਖੜ੍ਹ ਜਾਂਦਾ ਹੈ। ਉਹ 1966 ਵਿੱਚ ਇੰਗਲੈਂਡ ਵਿੱਚ ਚਲਾ ਗਿਆ ਸੀ ਪ੍ਰੰਤੂ ਉਸ ਦਾ ਦਿਲ ਪੰਜਾਬ ਲਈ ਧੜਕਦਾ ਰਹਿੰਦਾ ਹੈ, ਉਸਨੇ ਬਰਤਾਨੀਆਂ ਦੀ ਨਾਗਰਿਕਤਾ ਨਹੀਂ ਲਈ ਕਿਉਂਕਿ ਉਹ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਪਿੱਛਲੇ 59 ਸਾਲ ਤੋਂ ਸਿੱਖ ਧਰਮ ਅਤੇ ਪੰਜਾਬੀਅਤ ਦਾ ਪਰਚਮ ਸੰਸਾਰ ਵਿੱਚ ਬਾਖ਼ੂਬੀ ਝੁਲਾ ਰਿਹਾ ਹੈ। ਪਰਵਾਸ ਵਿੱਚ ਜਾ ਕੇ ਵੀ ਉਹ ਆਪਣੀ ਜਨਮ ਭੂਮੀ ਨੂੰ ਭੁੱਲਿਆ ਨਹੀਂ, ਸਗੋਂ ਆਪਣੀ ਜਨਮ ਭੂਮੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਇੱਕ ਅਜਿਹਾ ਵਿਲੱਖਣ ਕਾਰਜ ਕਰ ਰਿਹਾ ਹੈ, ਜਿਹੜਾ ਸਿੱਖ ਸੰਸਥਾਵਾਂ ਵੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਸਿੱਖ ਧਰਮ ਦੇ ਮੁੱਦਈ ਪੰਜਾਬੀ, ਸੰਸਾਰ ਵਿੱਚ ਅਜਿਹੇ ਬਾਕਮਾਲ ਤੇ ਲਾਜਵਾਬ ਕਾਰੋਬਾਰ ਤੇ ਕਾਰਜ ਕਰ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਵੱਖਰੀ ਪਛਾਣ ਬਣੀ ਹੋਈ ਹੈ, ਕਈ ਖੇਤਰਾਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਨਰਪਾਲ ਸਿੰਘ ਸ਼ੇਰਗਿੱਲ ਉਨ੍ਹਾਂ ਦੀ ਉਸ ਵੱਖਰੀ ਪਹਿਚਾਣ ਨੂੰ ਬਰਕਰਾਰ ਰੱਖਣ ਅਤੇ ਸੰਸਾਰ ਵਿੱਚ ਫ਼ੈਲਾਉਣ ਦਾ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾ ਰਹੇ ਹਨ। ਉਹ ਪਿੱਛਲੇ 26 ਸਾਲ ਤੋਂ ਲਗਾਤਾਰ ਸੰਸਾਰ ਵਿੱਚ ਜਿਨ੍ਹਾਂ ਸਿੱਖਾਂ/ਪੰਜਾਬੀਆਂ ਨੇ ਪੰਜਾਬ ਦਾ ਨਾਮ ਆਪਣੀਆਂ ਵਿਲੱਖਣ ਕਾਰਗੁਜ਼ਾਰੀਆਂ ਕਰਕੇ ਚਮਕਾਇਆ ਹੈ, ਉਨ੍ਹਾਂ ਦੀ ਜਾਣਕਾਰੀ ਇੱਕ ਵੱਡ ਆਕਾਰੀ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ’ ਦੇ ਵਿੱਚ ਹਰ ਸਾਲ ਸੰਕਲਿਤ ਕਰਕੇ ਪ੍ਰਕਾਸ਼ਤ ਕਰ ਰਹੇ ਹਨ ਤਾਂ ਜੋ ਸੰਸਾਰ ਨੂੰ ਸਿੱਖਾਂ/ਪੰਜਾਬੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਮਿਲ ਸਕੇ। ਇਹ ਪੁਸਤਕ ਇੱਕ ਕੀਮਤੀ, ਵਿਲੱਖਣ ਤੇ ਬੇਸ਼ਕੀਮਤੀ ਦਸਤਾਵੇਜ਼ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਮਹਾਨ ਵਿਅਕਤੀਆਂ/ਸੰਸਥਾਵਾਂ /ਹਾਈ ਕਮਿਸ਼ਨ/ਦੂਤ ਘਰਾਂ ਅਤੇ ਸੰਸਾਰ ਦੇ ਗੁਰੂ ਘਰਾਂ ਦੇ ਪੋਸਟਲ ਐਡਰੈਸ, ਈ.ਮੇਲ ਅਤੇ ਟੈਲੀਫ਼ੋਨ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਮਾਣ ਨਾਲ ਆਪਣਾ ਸਿਰ ਉਚਾ ਕਰ ਸਕਣ ਤੇ ਪੰਜਾਬੀ/ਸਿੱਖ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਣ ਅਤੇ ਸਮਾਜ ਸੇਵਾ ਦੀ ਭਾਵਨਾ ਉਨ੍ਹਾਂ ਵਿੱਚ ਪ੍ਰਜਵਲਤ ਹੋ ਸਕੇ। ਇਸ ਪੁਸਤਕ ਦੇ ਮੁੱਖ ਕਵਰ ‘ਤੇ ਸਾਲ 2024 ਵਿੱਚ ਦੁਨੀਆਂ ਵਿੱਚ ਵਿਲੱਖਣ ਕਾਰਜ ਕਰਕੇ ਆਪਣਾ ਸਿੱਕਾ ਜਮਾਉਣ ਵਾਲੇ ਪੰਜਾਬੀਆਂ/ਸਿੱਖਾਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਉਪਲਭਧ ਹੈ। 248 ਪੰਨਿਆਂ ਦੀ ਰੰਗਦਾਰ ਤਸਵੀਰਾਂ ਵਾਲੀ ਇਹ ਪੁਸਤਕ ਆਰਟ ਪੇਪਰ ‘ਤੇ ਪ੍ਰਕਾਸ਼ਤ ਹੋਈ ਹੈ। ਇਤਨਾ ਵੱਡਾ ਕੰਮ ਸੰਸਥਾਵਾਂ ਵੀ ਕਰ ਨਹੀਂ ਸਕੀਆਂ। 81 ਸਾਲ ਦੀ ਵਡੇਰੀ ਉਮਰ ਹੋਣ ਦੇ ਬਾਵਜੂਦ ਉਹ ਨੌਜਵਾਨਾ ਤੋਂ ਵੱਧ ਉਤਸ਼ਾਹ ਅਤੇ ਜ਼ਜ਼ਬੇ ਨਾਲ ਇੱਕ ਸੰਸਥਾ ਤੋਂ ਵੱਧ ਇਤਿਹਾਸਕ ਕੰਮ ਕਰ ਰਿਹਾ ਹੈ। ਮੈਨੂੰ ਕਈ ਵਾਰੀ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਕੇ ਇਹ ਪੁਸਤਕ ਪ੍ਰਕਾਸ਼ਤ ਕਿਉਂ ਕਰ ਰਿਹਾ? ਸ਼ਾਇਦ ਉਸਨੂੰ ਇਸਦਾ ਕੋਈ ਆਰਥਿਕ ਲਾਭ ਹੋਵੇਗਾ ਪ੍ਰੰਤੂ ਮੇਰਾ ਇਹ ਸੋਚਣਾ ਗ਼ਲਤ ਸਾਬਤ ਹੋਇਆ ਹੈ, ਉਹ ਸਿਰਫ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਲਈ ਚਿੰਤਾਤੁਰ ਹੋਣ ਕਰਕੇ ਪੰਜਾਬੀਆਂ/ਸਿੱਖਾਂ ਦੇ ਸੁਨਹਿਰੇ ਭਵਿਖ ਨੂੰ ਮੁੱਖ ਰੱਖਕੇ ਨਮੂਨੇ ਦਾ ਕੰਮ ਕਰ ਰਿਹਾ ਹੈ। ਹਰ ਵਿਅਕਤੀ ਆਪਣੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਸਮੁੱਚੇ ਪੰਜਾਬੀਆਂ ਲਈ ਕੰਮ ਕਰ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ, ਉਹ ਪੰਜਾਬੀਆਂ/ਸਿੱਖਾਂ ਨੂੰ ਭਵਿਖ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਵੀ ਵਾਪਰਨ ਤੋਂ ਪਹਿਲਾਂ ਅਨੁਭਵ ਕਰ ਲੈਂਦਾ ਹੈ। ਉਹ ਦੂਰਅੰਦੇਸ਼ ਤੇ ਤੇਜ ਬੁੱਧੀ ਵਾਲਾ ਅਨੁਭਵੀ ਇਨਸਾਨ ਹੈ। ਫਰਾਂਸ ਵਿੱਚ ਦਸਤਾਰ ਅਤੇ ਸਿੱਖਾਂ ਦੀ ਵੱਖਰੀ ਪਛਾਣ ਵਰਗੇ ਮਹੱਤਵਪੂਰਨ
ਮਸਲਿਆਂ ਨੂੰ ਉਸਨੇ ਪਹਿਲਾਂ ਹੀ ਭਾਂਪ ਲਿਆ ਸੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਅਤੇ ਪੰਜਾਬ ਸਰਕਾਰ ਵਰਗੇ ਵੱਡੇ ਅਦਾਰੇ, ਜਿਨ੍ਹਾਂ ਕੋਲ ਕਰੋੜਾਂ/ਅਰਬਾਂ/ਖ਼ਰਬਾਂ ਰੁਪਏ ਦਾ ਬਜਟ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀਆਂ ਹਨ, ਇਹ ਜ਼ਿੰਮੇਵਾਰੀ ਨਰਪਾਲ ਸਿੰਘ ਸ਼ੇਰਗਿੱਲ ਬਾਖ਼ੂਬੀ ਨਿਭਾ ਰਿਹਾ ਹੈ। ਉਸ ਦੀ ਪੰਜਾਬੀਆਂ/ਸਿੱਖਾਂ ਦੇ ਸੁਨਰਿਹੀ ਭਵਿਖ ਲਈ ਸੋਚਣ ਲਈ ਤੀਖਣ ਬੁੱਧੀ ਹੈ, ਜਿਸਦਾ ਉਹ ਉਪਯੋਗ ਕਰਕੇ ਸਮਾਜ ਦੀ ਅਗਵਾਈ ਕਰ ਰਿਹਾ ਹੈ। ਪੰਜਾਬ ਵਿੱਚੋਂ ਵਹੀਰਾਂ ਘੱਤ ਕੇ ਸਾਡੀ ਨੌਜਵਾਨੀ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਰੋਜ਼ਗਾਰ ਲਈ ਆਪਣੇ ਮਾਪਿਆਂ ਦੇ ਗਲਾਂ ਵਿੱਚ ਗੂਠੇ ਦੇ ਕੇ ਜਾ ਰਹੀ ਹੈ, ਨਰਪਾਲ ਸਿੰਘ ਸ਼ੇਰਗਿੱਲ ਦੀ ਇਹ ਪੁਸਤਕ ਉਨ੍ਹਾਂ ਨੂੰ ਜਾਣਕਾਰੀ ਦੇ ਕੇ ਪ੍ਰੇਰਨਾ ਦੇ ਰਹੀ ਹੈ ਕਿ ਉਹ ਮਿਹਨਤ ਕਰਕੇ ਇਸ ਪੁਸਤਕ ਵਿੱਚ ਦਿੱਤੇ ਗਏ ਪ੍ਰਵਾਸੀਆਂ ਦੀਆਂ ਜੀਵਨੀਆਂ ਪੜ੍ਹਕੇ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਉਹ ਗ਼ੈਰਕਾਨੂੰਨੀ ਢੰਗ ਦੀ ਵਰਤੋਂ ਕਰਕੇ ਪਰਵਾਸ ਨਾ ਜਾਣ। ਸੰਸਾਰ ਵਿੱਚ ਪੰਜਾਬੀਆਂ/ਸਿੱਖਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਨਣ ਲਈ ਨਰਪਾਲ ਸਿੰਘ ਸ਼ੇਰਗਿੱਲ ਸੰਸਾਰ ਦਾ ਭਰਮਣ ਕਰਦਾ ਰਹਿੰਦਾ ਹੈ, ਨਿੱਜੀ ਦਿਲਚਸਪੀ ਨਾਲ ਆਪਣੇ ਖ਼ਰਚੇ ‘ਤੇ ਉਨ੍ਹਾਂ ਕੋਲ ਪਹੁੰਚਕੇ ਜਾਣਕਾਰੀ ਇਕੱਤਰ ਕਰਦਾ ਹੈ। ਇਹ ਉਸਦਾ ਕੋਈ ਨਿੱਜੀ ਕੰਮ ਨਹੀਂ ਸਗੋਂ ਉਹ ਪੰਜਾਬੀ/ਸਿੱਖ ਸਮਾਜ ਦੇ ਨੌਜਵਾਨਾ ਦੇ ਚੰਗੇਰੇ ਭਵਿਖ ਲਈ ਉਦਮ ਕਰ ਰਿਹਾ ਹੈ। ਵਿਕਾਸ ਦਾ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਪੰਜਾਬੀਆਂ/ਸਿੱਖਾਂ ਨੇ ਝੰਡੇ ਨਾ ਗੱਡੇ ਹੋਣ, ਭਾਵੇਂ ਸਿਆਸਤਦਾਨ, ਤਕਨੀਕੀ ਮਾਹਿਰ, ਹੋਟਲ ਕਾਰੋਬਾਰੀ, ਖੇਤੀਬਾੜੀ ਦੇ ਖੇਤਰ ਵਿੱਚ, ਦਾਖਾਂ, ਆੜੂਆਂ, ਬਦਾਮਾ ਅਤੇ ਚੈਰੀ ਦੇ ਬਾਦਸ਼ਾਹ, ਟਰਾਂਸਪੋਰਟ, ਰੀਅਲ ਅਸਟੇਟ, ਆਰਟਿਸਟ, ਜੁਡੀਸ਼ਰੀ, ਸਮਾਜਿਕ, ਆਰਥਿਕ, ਸਾਹਿਤਕ ਆਦਿ, ਪ੍ਰੰਤੂ ਜਦੋਂ ਨਰਪਾਲ ਸਿੰਘ ਸ਼ੇਰਗਿੱਲ ਦੀ ਨਿਗਾਹ ਵਿੱਚ ਆ ਜਾਂਦਾ ਹੈ ਤਾਂ ਤੁਰੰਤ ਉਹ ਉਸ ਦੀ ਸਫਲਤਾ ਦੀ ਜਦੋਜਹਿਦ ਦੀ ਕਹਾਣੀ ਨੌਜਵਾਨੀ ਅੱਗੇ ਪ੍ਰੋਸਕੇ ਰੱਖ ਦਿੰਦਾ ਹੈ। ਸਾਡੀ ਨੌਜਵਾਨੀ ਅਜਿਹੇ ਵੱਡੇ ਉਦਮੀਆਂ ਤੋਂ ਪ੍ਰੇਰਨਾ ਲੈ ਕੇ ਦਫ਼ਤਰੀ ਬਾਬੂ ਬਣਨ ਦੀ ਥਾਂ ਉਦਮੀ ਬਣਨ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਨਗੇ। ਪੰਜਾਬੀਆਂ/ਸਿੱਖਾਂ ਨਾਲ ਸੰਬੰਧਤ ਸੰਸਾਰ ਵਿੱਚ ਕੋਈ ਵੀ ਧਾਰਮਿਕ, ਇਤਿਹਾਸਕ ਜਾਂ ਹੋਰ ਕਿਸੇ ਖੇਤਰ ਦੀ ਮਹੱਤਤਾ ਵਾਲਾ ਸਥਾਨ ਹੋਵੇ, ਹਰ ਉਸ ਸਥਾਨ ‘ਤੇ ਨਰਪਾਲ ਸਿੰਘ ਸ਼ੇਰਗਿੱਲ ਨੇ ਪਹੁੰਚਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ ਅਤੇ ਸਹੀ ਜਾਣਕਾਰੀ ਇਕੱਤਰ ਕਰਕੇ ਉਸਨੂੰ ਇਤਿਹਾਸ ਦਾ ਹਿੱਸਾ ਬਣਾਇਆ ਹੈ। ਇਹ ਪੁਸਤਕ ਪੜ੍ਹਦਿਆਂ ਮੈਨੂੰ ਬਹੁਤ ਸਾਰੀਆਂ ਨਵੀਂਆਂ ਗੱਲਾਂ ਬਾਰੇ ਜਾਣਕਾਰੀ ਮਿਲੀ ਹੈ। ਪੰਜਾਬੀ/ਸਿੱਖ ਔਰਤਾਂ ਨੇ ਵੀ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਸ਼ੇਰਗਿੱਲ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਇਸ ਪੁਸਤਕ ਵਿੱਚ ਵਰਣਨ ਕੀਤੀ ਹੈ।
ਸੰਪਰਕ ਨਰਪਾਲ ਸਿੰਘ ਸ਼ੇਰਗਿੱਲ: 9417104002
ਤਸਵੀਰ: ਨਰਪਾਲ ਸਿੰਘ ਸ਼ੇਰਗਿੱਲ ਸ੍ਰ ਬਰਜਿੰਦਰ ਸਿੰਘ ਨੂੰ ਪੁਸਤਕ ਭੇਂਟ ਕਰਦੇ ਹੋਏ। ਉਨ੍ਹਾਂ ਨਾ ਗੁਰਮੀਤ ਪਲਾਹੀ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨਾਲ ਅਕਾਲੀ ਦਲ ਵਿੱਚ ਘਬਰਾਹਟ - ਉਜਾਗਰ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਚਾਨਕ ਅਸਤੀਫ਼ੇ ਨਾਲ ਅਕਾਲੀ ਦਲ ਬਾਦਲ ਦੀਆਂ ਸਫਾਂ ਵਿੱਚ ਹਲਚਲ ਮੱਚ ਗਈ ਹੈ। ਇੱਕ ਕਿਸਮ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਗਹਿਰੇ ਸੰਕਟ ਵਿੱਚ ਫਸ ਗਿਆ ਹੈ ਤੇ ਤੂਫ਼ਾਨ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹਰਜਿੰਦਰ ਸਿੰਘ ਧਾਮੀ ਨੇ ਜਲਦਬਾਜ਼ੀ ਵਿੱਚ ਬੁਲਾਈ ਪ੍ਰੈਸ ਕਾਨਫ਼ਰੰਸ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਲਈ ਭਰਤੀ ਕਰਨ ਦੀ ਸੁਪਰਵੀਜ਼ਨ ਕਰਨ ਲਈ ਬਣਾਈ ਗਈ ਸਤ ਮੈਂਬਰੀ ਕਮੇਟੀ ਦੇ ਪ੍ਰਧਾਨਗੀ ਤੋਂ ਵੀ ਫਾਰਗ ਕਰਨ ਲਈ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਸ਼ੋਸ਼ਲ ਮੀਡੀਆ 'ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਸੀ ਕਿ ਮੰਦਭਾਗੀ ਗੱਲ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਸਤਿਕਾਰ ਕਰਦੇ ਹਨ, ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਦਾ ਫ਼ੈਸਲਾ ਉਸਦੀ ਪ੍ਰਧਾਨਗੀ ਵਿੱਚ ਹੋਇਆ ਹੈ, ਇਸ ਲਈ ਉਹ ਨੈਤਿਕ ਜ਼ਿੰਮੇਵਰੀ ਲੈਂਦਾ ਹੋਇਆ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹੈ। ਇਉਂ ਲੱਗਦਾ ਹੈ ਕਿ ਗਿਆਨੀ ਰਘਵੀਰ ਸਿੰਘ ਦੀ ਸ਼ੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਬਾਅ ਵਿੱਚ ਆ ਗਏ ਸਨ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਗਿਆਨੀ ਰਘਵੀਰ ਸਿੰਘ ਵਿਦੇਸ਼ੀ ਦੌਰੇ ਤੋਂ ਵਾਪਸ ਆ ਕੇ ਕੋਈ ਸਖ਼ਤ ਫ਼ੈਸਲਾ ਲੈ ਸਕਦੇ ਹਨ, ਇਸ ਲਈ ਉਨ੍ਹਾਂ ਤੁਰੰਤ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ। ਹਰਜਿੰਦਰ ਸਿੰਘ ਧਾਮੀ ਮਗਰ ਮੱਛ ਦੇ ਅਥਰੂ ਵਹਾ ਰਿਹਾ ਹੈ, ਜੇ ਉਸਨੂੰ ਸ੍ਰੀ ਅਕਾਲ ਤਖ਼ਤ ਅਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਇਤਨਾ ਹੀ ਸਤਿਕਾਰ ਸੀ ਤਾਂ ਉਸਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਸਤ ਮੈਂਬਰੀ ਕਮੇਟੀ ਦਾ ਚੇਅਰਮੈਨ ਹੁੰਦਿਆਂ ਅਕਾਲੀ ਦਲ ਨੂੰ ਆਪਣੀ ਮਰਜ਼ੀ ਨਾਲ ਭਰਤੀ ਕਰਨ ਦੀ ਇਜ਼ਾਜ਼ਤ ਕਿਉਂ ਦਿੰਦਾ ਰਿਹਾ? ਉਸਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਲ ਖੜ੍ਹਨਾ ਚਾਹੀਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਲਈ ਤਾਂ ਅੰਤ੍ਰਿਮ ਕਮੇਟੀ ਦੀ ਮੀਟਿੰਗ ਬੁਲਾ ਲਈ ਪ੍ਰੰਤੂ ਸਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਉਣ ਲਈ ਆਨੀ ਕਾਨੀ ਕਰਦਾ ਰਿਹਾ। ਹਰਜਿੰਦਰ ਸਿੰਘ ਧਾਮੀ ਦੀ ਇਹ ਭਾਂਜਵਾਦੀ ਕਾਰਵਾਈ ਹੈ। ਮੈਦਾਨ ਵਿੱਚੋਂ ਡਰਪੋਕ ਭੱਜਦੇ ਹੁੰਦੇ ਹਨ। ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਤੇ ਅਕਾਲੀ ਦਲ ਦਾ ਹਰ ਹੁਕਮ ਮੰਨਕੇ ਸਿੱਖ ਸੰਸਥਾਵਾਂ ਦਾ ਨੁਕਸਾਨ ਕਰਨ ਵਿੱਚ ਹਿੱਸੇਦਾਰ ਰਿਹਾ ਹੈ।
2 ਦਸੰਬਰ 2024 ਦਾ ਦਿਨ ਸਿੱਖ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਦਾ ਸਰਬਸੰਮਤੀ ਨਾਲ ਕੀਤਾ ਫ਼ੈਸਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸੁਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਕੀਤੇ ਗੁਨਾਹਾਂ ਨੂੰ ਮੁੱਖ ਰਖਦਿਆਂ ਤਨਖ਼ਾਹੀਆ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਬਾਕੀ ਅਕਾਲੀ ਸਰਕਾਰ ਦੇ ਮੰਤਰੀਆਂ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਸਜ਼ਾਵਾਂ ਦਿੱਤੀਆਂ ਸਨ। ਗਿਆਨੀ ਰਘਵੀਰ ਸਿੰਘ ਨੇ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਕੀਤਾ ਸੀ ਪ੍ਰੰਤੂ ਅਕਾਲੀ ਦਲ ਨੇ ਉਸ ਤੋਂ ਅਸਤੀਫ਼ਾ ਲੈ ਲਿਆ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਤਿੰਨ ਦਿਨਾ ਵਿੱਚ ਪ੍ਰਵਾਨ ਕਰਨ ਲਈ ਵੀ ਹੁਕਮ ਕੀਤਾ ਸੀ ਪ੍ਰੰਤੂ ਉਸ ਲਈ ਵੀ ਦੋ ਮਹੀਨੇ ਦਾ ਲੰਬਾ ਸਮਾਂ ਲੈ ਕੇ ਅਸਤੀਫ਼ਾ ਲਮਕਾ ਕੇ ਪ੍ਰਵਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਪ੍ਰਕ੍ਰਿਆ ਸਤ ਮੈਂਬਰੀ ਕਮੇਟੀ ਤੋਂ ਕਰਵਾਉਣ ਬਾਰੇ ਵਾਰ-ਵਾਰ ਅਕਾਲੀ ਦਲ ਦਾ ਡੈਪੂਟੇਸ਼ਨ ਜਥੇਦਾਰ ਸਾਹਿਬ ਨੂੰ ਮਿਲਕੇ ਇਹ ਕਹਿੰਦਾ ਰਿਹਾ ਕਿ ਚੋਣ ਕਮਿਸ਼ਨ ਅਕਾਲੀ ਦਲ ਦੀ ਮਾਣਤਾ ਰੱਦ ਕਰ ਦੇਵੇਗਾ। ਇਹ ਸਾਰੀਆਂ ਗੱਲਾਂ ਟਾਲ ਮਟੋਲ ਕਰਨ ਲਈ ਕੀਤੀਆਂ ਜਾ ਰਹੀਆਂ ਸਨ।
ਅਕਾਲੀ ਫੂਲਾ ਸਿੰਘ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਪਹਿਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਨ, ਜਿਨ੍ਹਾਂ ਨੇ ਸਿੱਖ ਧਰਮ ਦੀਆਂ ਸੰਸਥਾਵਾਂ ਦੇ ਵਕਾਰ ਨੂੰ ਮੁੜ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਜਿਤਨੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਏ ਹਨ, ਉਨ੍ਹਾਂ ਨੇ ਸਿਆਸਤਦਾਨਾ ਦੇ ਦਬਾਓ ਕਰਕੇ ਅਜਿਹੇ ਫ਼ੈਸਲੇ ਲੈਣ ਦੀ ਹਿੰਮਤ ਹੀ ਨਹੀਂ ਕੀਤੀ ਸੀ, ਸਗੋਂ ਜਿਹੜੇ ਜਥੇਦਾਰ ਸਾਹਿਬਾਨ ਸਿਆਸਤਦਾਨਾ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਹੁੰਦੇ ਸਨ, ਉਨ੍ਹਾਂ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਸੀ। ਸ੍ਰੀ ਅਕਾਲ ਸਾਹਿਬ ਨੂੰ ਅਕਾਲੀ ਦਲ ਦੇ ਅਧੀਨ ਸਮਝਿਆ ਜਾਂਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਆਪਣਾ ਵਿੰਗ ਸਮਝਣ ਲੱਗ ਪਿਆ ਸੀ। ਮਰਹੂਮ ਪਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ ਪ੍ਰੰਤੂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿੱਖ ਸੰਸਥਾਵਾਂ ਨੂੰ ਅਣਡਿਠ ਹੀ ਨਹੀਂ ਸਗੋਂ ਖ਼ਤਮ ਹੀ ਕਰ ਦਿੱਤਾ ਗਿਆ ਸੀ। ਇਨ੍ਹਾਂ ਸੰਸਥਾਵਾਂ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ, ਸਿੱਖ ਸਟੂਡੈਂਟ ਫੈਡਰੇਸ਼ਨ, ਸਿੱਖ ਐਜੂਕੇਸ਼ਨ ਕਾਨਫ਼ਰੰਸਾਂ ਆਦਿ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਤੋਂ ਸਿੱਖ ਪਰੰਪਰਾਵਾਂ ਅਤੇ ਰਹਿਤ ਮਰਿਆਦਾਵਾਂ ਦੇ ਵਿਰੁੱਧ ਫ਼ੈਸਲੇ ਕਰਵਾਏ ਜਾਂਦੇ ਰਹੇ। ਇੱਥੋਂ ਤੱਕ ਕਿ ਜਥੇਦਾਰ ਸਾਹਿਬਾਨ ਨੂੰ ਆਪਣੀ ਕੋਠੀ ਬੁਲਾਕੇ ਹੁਕਮ ਕੀਤੇ ਜਾਂਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਂਗ ਲਾਉਣ ਵਾਲੇ ਸਿਰਸਾ ਡੇਰਾ ਦੇ ਮੁੱਖੀ ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਅਤੇ ਇਸ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ 95 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ। ਇਸ ਦੌਰਾਨ ਪੁਲਿਸ ਨੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ। ਸੁਮੇਧ ਸਿੰਘ ਸੈਣੀ ਨੂੰ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਲਗਾਇਆ ਗਿਆ ਆਦਿ। ਇਨ੍ਹਾਂ ਸਾਰੀਆਂ ਗ਼ਲਤੀਆਂ/ਗੁਨਾਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਨਿਆਂ, ਜਿਸ ਕਰਕੇ ਉਸਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ 2008 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ ਅਤੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਗ੍ਰਹਿ ਵਿਭਾਗ ਦੇ ਮੰਤਰੀ ਸਨ। ਜਦੋਂ ਸ੍ਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਵੱਲੋਂ ਲਗਾਈ ਤਨਖ਼ਾਹ ਭੁਗਤ ਰਹੇ ਸਨ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਉਨ੍ਹਾਂ ਉਪਰ ਹਮਲਾ ਵੀ ਹੋਇਆ ਸੀ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਹਮਦਰਦੀ ਹੋ ਗਈ ਸੀ ਪ੍ਰੰਤੂ ਸੁਖਬੀਰ ਸਿੰਘ ਬਾਦਲ ਇਸ ਹਮਦਰਦੀ ਦਾ ਲਾਭ ਨਹੀਂ ਉਠਾ ਸਕਿਆ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨ ਤੋਂ ਟਾਲਾ ਵੱਟਦਾ ਰਿਹਾ। ਪਹਿਲਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨਂੀ ਹਰਪ੍ਰੀਤ ਸਿੰਘ ਦੀ ਉਸਦੇ ਰਿਸ਼ਤੇਦਾਰ ਵੱਲੋਂ ਕੀਤੀ ਸ਼ਿਕਾਇਤ 'ਤੇ ਪੜਤਾਲੀਆ ਕਮੇਟੀ ਬਣਾਕੇ ਉਸਨੂੰ ਆਪਣੇ ਫਰਜ਼ ਨਿਭਾਉਣ ਤੋਂ 15 ਦਿਨ ਲਈ ਰੋਕ ਦਿੱਤਾ ਗਿਆ। ਇਹ ਸ਼ਿਕਾਇਤ ਵੀ 18 ਸਾਲ ਪੁਰਾਣੇ ਕੇਸ ਨਾਲ ਸੰਬੰਧਤ ਸੀ, ਜਿਸਨੇ ਸ਼ਿਕਾਇਤ ਕੀਤੀ ਸੀ ਉਹ ਜੇਲ੍ਹ ਵਿਚੋਂ ਸਜਾ ਭੁਗਤ ਕੇ ਆਇਆ ਸੀ। ਲੋਕਾਂ ਨੂੰ ਗੁੱਸਾ ਸੀ ਕਿ ਇੱਕ ਸਜ਼ਾ ਯਾਫ਼ਤਾ ਵਿਅਕਤੀ ਦੀ ਸ਼ਿਕਾਇਤ ਤੇ ਪੜਤਾਲ ਕਰਵਾਈ ਜਾ ਰਹੀ ਹੈ। ਫਿਰ ਅਖ਼ੀਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਤਰਫ ਕਰ ਦਿੱਤਾ। ਜੇਕਰ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ ਸੀ ਤਾਂ ਸ੍ਰੀ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਕਿਉਂ ਬਣਾਇਆ ਗਿਆ ਸੀ? ਹੁਣ ਅਚਾਨਕ ਉਹ ਗ਼ਲਤ ਕਿਵੇਂ ਹੋ ਗਿਆ, ਉਦੋਂ ਦੁੱਧ ਧੋਤਾ ਸੀ ਤੇ ਹੁਣ ਗ਼ਲਤ ਹੋ ਗਿਆ। ਅਸਲ ਵਿੱਚ ਸ੍ਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਇਸ ਕਰਕੇ ਹੀ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਲਗਪਗ ਪੂਰੀ ਕਰਵਾ ਹੀ ਲਈ, ਜਦੋਂ ਕਿ ਇਹ ਭਰਤੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ ਕਰਨੀ ਸੀ। ਇਸ ਕਮੇਟੀ ਦੇ ਮੁੱਖੀ ਹਰਜਿੰਦਰ ਸਿੰਘ ਧਾਮੀ 'ਤੇ ਇਸ ਕਮੇਟੀ ਦੀ ਮੀਟਿੰਗ ਨਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ। ਹਫਤਾ ਪਹਿਲਾਂ ਧਾਮੀ ਸਾਹਿਬ ਨੇ ਮੀਟਿੰਗ ਬੁਲਾਈ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸ਼ਾਮਲ ਹੋਣ ਲਈ ਭਰਤੀ ਸੰਬੰਧੀ ਪੱਖ ਪੇਸ਼ ਕਰਨ ਲਈ ਕਿਹਾ ਸੀ ਪ੍ਰੰਤੂ ਪਹਿਲਾਂ ਤਾਂ ਉਨ੍ਹਾਂ ਰੁਝੇਵਿਆਂ ਦਾ ਬਹਾਨਾ ਲਾਇਆ, ਫਿਰ ਜਦੋਂ ਉਸਦੇ ਕਹਿਣ 'ਤੇ ਮੀਟਿੰਗ ਬੁਲਾਈ ਗਈ ਤਾਂ ਉਹ ਫਿਰ ਵੀ ਹਾਜ਼ਰ ਨਹੀਂ ਹੋਇਆ। ਅਜਿਹੇ ਹਾਲਾਤ ਵਿੱਚ ਕਮੇਟੀ ਦੇ ਮੁੱਖੀ ਹਰਜਿੰਦਰ ਸਿੰਘ ਧਾਮੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਬਲਵਿੰਦਰ ਸਿੰਘ ਭੁੰਦੜ ਨੂੰ ਉਨ੍ਹਾਂ ਦੇ ਘਰ ਮਿਲਣ ਲਈ ਗਏ ਤਾਂ ਉਨ੍ਹਾਂ ਦੋ ਦਿਨ ਦਾ ਸਮਾਂ ਲੈ ਲਿਆ। ਇਸ ਸਾਰੀ ਪ੍ਰਕ੍ਰਿਆ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਬਾਦਲ ਸ੍ਰੀ ਅਕਾਲ ਤਖ਼ਤ ਦੇ ਹੁਕਮ ਮੰਨਣ ਲਈ ਤਿਆਰ ਨਹੀਂ। ਸਿਆਸੀ ਪੜਚੋਲਕਾਰ ਇਹ ਮਹਿਸੂਸ ਕਰਦੇ ਹਨ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਡਾ ਦੁੱਖ ਉਨ੍ਹਾਂ ਦੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰੇ ਕੌਮ ਦਾ ਖ਼ਿਤਾਬ ਵਾਪਸ ਲੈਣ ਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਹਟਾਕੇ ਉਹ ਪਰਕਾਸ਼ ਸਿੰਘ ਬਾਦਲ ਦੇ ਫ਼ਖ਼ਰੇ ਕੌਮ ਵਾਲੇ ਫ਼ੈਸਲੇ ਨੂੰ ਰੱੱਦ ਕਰਵਾਉਣ ਦੀ ਤਾਕ ਵਿੱਚ ਸਨ। ਅੱਗੇ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ। ਪਰ ਇੱਕ ਗੱਲ ਸ਼ਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਪਹਿਲਾਂ ਨਾਲੋਂ ਵੀ ਵਧੇਰੇ ਨੀਂਵਾਂ ਹੋ ਗਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਜਸਵਿੰਦਰ ਪੰਜਾਬੀ ਦਾ ਨਾਵਲ ‘ਮੁਰਗਾਬੀਆਂ’ ਸਮਾਜਿਕ ਤੇ ਸਾਹਿਤਕ ਗੰਧਲਾਪਣ ਦਾ ਪ੍ਰਗਟਾਵਾ - ਉਜਾਗਰ ਸਿੰਘ
ਜਸਵਿੰਦਰ ਪੰਜਾਬੀ ਨਿਵੇਕਲੀ ਕਿਸਮ ਦੇ ਵਿਸ਼ਿਆਂ ‘ਤੇ ਲਿਖਣ ਵਾਲਾ ਸਾਹਿਤਕਾਰ ਹੈ। ਉਸ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਵਾਰਤਕ, ਦੋ ਕਾਵਿ ਸੰਗ੍ਰਹਿ, ਇੱਕ ਕਹਾਣੀ ਸੰਗ੍ਰਹਿ ਸਾਰੀਆਂ ਸੰਪਾਦਿਤ ਕੀਤੀਆਂ ਪੁਸਤਕਾਂ ਅਤੇ ਇੱਕ ਮੌਲਿਕ ‘ਕਾਵਿ ਸਾਂਝਾਂ’ ਕਾਵਿ ਸੰਗ੍ਰਹਿ ਪ੍ਰਕਾਸ਼ਤ ਸ਼ਾਮਲ ਹਨ। ਇੱਕ ਸੱਚੀਆਂ ਘਟਨਾਵਾਂ ‘ਤੇ ਅਧਾਰਤ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋਈ ਹੈ। ਭਾਵੇਂ ਜਸਵਿੰਦਰ ਪੰਜਾਬੀ ਦਾ ‘ਮੁਰਗਾਬੀਆਂ’ ਪਲੇਠਾ ਨਾਵਲ ਹੈ, ਪ੍ਰੰਤੂ ਇਹ ਪੰਜਾਬੀ ਦੇ ਸਾਹਿਤਕ ਭਾਈਚਾਰੇ ਵਿੱਚ ਤਹਿਲਕਾ ਮਚਾਉਣ ਦੇ ਸਮਰੱਥ ਹੈ। ਇਹ ਨਾਵਲ ਪੜ੍ਹਕੇ ਲੜਕੀਆਂ/ਇਸਤਰੀਆਂ ਦਾ ਸ਼ੋਸ਼ਣ ਕਰਨ ਵਾਲੇ ਭਵਿਖ ਵਿੱਚ ਅਜਿਹੀਆਂ ਕਰਤੂਤਾਂ ਕਰਨ ਤੋਂ ਪਹਿਲਾਂ ਸੌ ਵਾਰ ਜ਼ਰੂਰ ਸੋਚਣਗੇ। ਲੜਕੀਆਂ/ਇਸਤਰੀਆਂ ਵੀ ਅਜਿਹੀ ਦਲਦਲ ਵਿੱਚ ਜਾਣ ਤੋਂ ਝਿਜਕਣਗੀਆਂ। ਇਸ ਦਾ ਭਾਵ ਤਾਂ ਇਹ ਹੋਇਆ ਕਿ ਇਹ ਨਾਵਲ ਸਮਾਜ ਦੀ ਸੋਚ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਹੈ। ਜਸਵਿੰਦਰ ਪੰਜਾਬੀ ਨੇ ਇਹ ਨਾਵਲ ਬਹੁਤ ਹੀ ਗੰਭੀਰ, ਸੰਜੀਦਾ ਅਤੇ ਨਿਵੇਕਲੇ ਵਿਸ਼ਿਆਂ ਨੂੰ ਮੁੱਖ ਰੱਖਕੇ ਲਿਖਿਆ ਹੈ। ਇਨ੍ਹਾਂ ਵਿਸ਼ਿਆਂ ‘ਤੇ ਉਸਨੇ ਇਤਨੀ ਬੇਬਾਕੀ ਨਾਲ ਲਿਖਿਆ ਹੈ ਕਿ ਹੋ ਸਕਦਾ ਬਹੁਤ ਸਾਰੇ ਲੇਖਕਾਂ/ਲੋਕਾਂ ਨੂੰ ਇਸ ਵਿਚਲੀਆਂ ਗੱਲਾਂ ਚੁਭਵੀਂਆਂ ਵੀ ਲੱਗਣ ਕਿਉਂਕਿ ਸੱਚ ਨੂੰ ਬਰਦਾਸ਼ਤ ਕਰਨਾ ਔਖਾ ਲੱਗਦਾ ਹੁੰਦਾ ਹੈ, ਪ੍ਰੰਤੂ ਮੇਰੇ ਖਿਆਲ ਮੁਤਾਬਕ ਇੱਕ ਕਿਸਮ ਨਾਲ ਸਮਾਜਿਕ ਤੇ ਸਾਹਿਤਕ ਗੰਧਲੇਪਣ ਨੂੰ ਦੂਰ ਕਰਨ ਲਈ ਇਹ ਨਾਵਲ ਇੱਕ ਚੇਤਾਵਨੀ ਦੇ ਤੌਰ ‘ਤੇ ਲਿਆ ਜਾਣਾ ਚਾਹੀਦਾ ਹੈ। ਹੋ ਸਕਦਾ ਸੰਬੰਧਤ ਲੋਕ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਲੈਣ। ਆਮ ਤੌਰ ‘ਤੇ ਜੇਕਰ ਕਿਸੇ ਗੱਲ ਵਿੱਚ ਥੋੜ੍ਹੀ ਬਹੁਤੀ ਸਚਾਈ ਹੋਵੇ ਜਾਂ ਸਚਾਈ ਦੇ ਨੇੜੇ-ਤੇੜੇ ਹੋਵੇ ਤਾਂ ਉਸਦਾ ਸੇਕ ਕੁਝ ਪ੍ਰਭਾਵਤ ਲੋਕਾਂ ਨੂੰ ਜ਼ਰੂਰ ਲੱਗਦਾ ਹੈ, ਪ੍ਰੰਤੂ ਇਸ ਸੇਕ ਨੂੰ ਉਸਾਰੂ ਤੌਰ ‘ਤੇ ਲੈਣਾ ਚਾਹੀਦਾ ਹੈ। ਵਰਤਮਾਨ ਸਮੇਂ ਅਜਿਹੇ ਨਾਵਲ ਦੀ ਲੋੜ ਸੀ ਕਿਉਂਕਿ ਸਮਾਜ ਦੀ ਮਾਨਸਿਕ ਅਵਸਥਾ ਬਹੁਤ ਹੀ ਨੀਵੇਂ ਪੱਧਰ ‘ਤੇ ਪਹੁੰਚ ਚੁੱਕੀ ਹੈ। ਨਾਵਲ ਦਾ ਨਾਮ ‘ਮੁਰਗਾਬੀਆਂ’ ਇਸਤਰੀਆਂ ਲਈ ਵਰਤਿਆ ਗਿਆ, ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਸਾਰਾ ਨਾਵਲ ਸ਼ੋਸ਼ਣ ਖਾਸ ਤੌਰ ‘ਤੇ ਸਾਹਿਤਕ, ਸਮਾਜਿਕ ਅਤੇ ਲੜਕੀਆਂ/ਇਸਤਰੀਆਂ ਦੇ ਸ਼ੋਸ਼ਣ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਸ਼ੋਸ਼ਣ ਦਿਹਾਤੀ ਅਤੇ ਸ਼ਹਿਰੀ ਦੋਹਾਂ ਖੇਤਰਾਂ ਵਿੱਚ ਹੋ ਰਿਹਾ ਹੈ, ਭਾਵੇਂ ਉਨ੍ਹਾਂ ਦੇ ਢੰਗ ਵੱਖਰੇ ਹਨ। ਜਸਵਿੰਦਰ ਪੰਜਾਬੀ ਖੁਦ ਇੱਕ ਸਾਹਿਤਕਾਰ ਤੇ ਪ੍ਰਕਾਸ਼ਕ ਹੈ, ਹੋ ਸਕਦਾ ਉਸਨੂੰ ਸਾਹਿਤਕਾਰਾਂ ਅਤੇ ਪ੍ਰਕਾਸ਼ਕਾਂ ਵੱਲੋਂ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਲਈ ਵਰਤੇ ਜਾਂਦੇ ਹੱਥ ਕੰਡਿਆਂ ਬਾਰੇ ਵਧੇਰੇ ਸਾਰਥਿਕ ਜਾਣਕਾਰੀ ਹੋਵੇ, ਇਸ ਕਰਕੇ ਹੀ ਉਸ ਨੇ ਬੜੀ ਬਾਰੀਕੀ ਨਾਲ ਸਾਹਿਤਕ ਖੇਤਰ ਵਿੱਚ ਉਭਰਦੀਆਂ ਨੌਜਵਾਨ ਲੜਕੀਆਂ ਨੂੰ ਅਖ਼ਬਾਰਾਂ/ਰਸਾਲਿਆਂ/ਪੁਸਤਕਾਂ ਵਿੱਚ ਛਪਣ/ਪ੍ਰਕਾਸ਼ਤ ਕਰਵਾਉਣ ਅਤੇ ਇਨਾਮ ਦਿਵਾਉਣ ਦੇ ਲਈ ਪੁਸਤਕਾਂ ‘ਤੇ ਚਰਚਾਵਾਂ ਕਰਵਾਕੇ, ਖ਼ਬਰਾਂ ਲਗਵਾ ਕੇ ਲੋਕ ਆਪਣੇ ਜਾਲ ਵਿੱਚ ਫਸਾ ਲੈਂਦੇ ਹੋਣ। ਲੜਕੀਆਂ/ਇਸਤਰੀਆਂ ਦੀਆਂ ਮਜ਼ਬੂਰੀਆਂ ਅਤੇ ਜਲਦੀ ਸਥਾਪਤ ਹੋਣ ਦੀ ਲਾਲਸਾ ਉਨ੍ਹਾਂ ਦੇ ਭੰਬਲਭੂਸੇ ਵਿੱਚ ਪੈਣ ਦਾ ਕਾਰਨ ਬਣਦੀਆਂ ਹਨ। ਅਜਿਹੇ ਮੌਕੇ ‘ਤੇ ਉਹ ਇੱਕ ਦੂਜੀ ਨੂੰ ਅਖੌਤੀ ਸਾਹਿਤਕਾਰਾਂ ਵੱਲੋਂ ਆਪਣੀ ਦੋਸਤ ਬਣਾਉਣ ‘ਤੇ ਉਨ੍ਹਾਂ ਨਾਲ ਖ਼ਾਰ ਵੀ ਖਾਂਦੀਆਂ ਹਨ। ਸਮਾਜ ਦੇ ਹਰ ਵਰਗ ਵਿੱਚ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਬੰਦੇ ਹੁੰਦੇ ਹਨ। ਜਿਵੇਂ ਗੁਰਿੰਦਰ ਪਾਲ ਜ਼ਖ਼ਮੀ, ਦਵਿੰਦਰ ਪ੍ਰਵਾਨਾ, ਪ੍ਰੀਤਮ ਦਰਦੀ, ਪ੍ਰੋ.ਤਰਵਿੰਦਰ ਅਲੌਕਿਕ, ਪਰਿੰਦਾ, ਰੂਪ, ਪ੍ਰੋਫ਼ੈਸਰ ਗੁਰਮੇਲ, ਬਹਾਦਰ ਸਿੰਘ ਸਿੱਧੂ, ਰਾਮਿੰਦਰ ਰਮਨ, ਕਿਰਨ ਜੋਤੀ, ਪ੍ਰੀਤਜੀਤ ਵਰਗੇ ਬੁਰੇ ਕਿਰਦਾਰ ਵਾਲੇ ਤੇ ਰਿਖੀਦੇਵ ਤੇ ਪ੍ਰੀਤਜੀਤ ਭਰਾ ਭੈਣ ਦੇ ਰਿਸ਼ਤੇ ਅਧੀਨ ਅਜਿਹੇ ਪਵਿਤਰ ਰਿਸ਼ਤੇ ਨੂੰ ਦਾਗ਼ਦਾਰ ਕਰਨ ਵਾਲੇ। ਇਸ ਦੇ ਮੁਕਾਬਲੇ ਜੀਵਨ ਵਾਰਸੀ, ਮਨਦੀਪ, ਗੁਰਕੀਰਤ ਤੇ ਗੁਰਨੈਬ ਵਰਗੇ ਚੰਗੇ ਕਿਰਦਾਰ ਵਾਲੇ ਲੋਕ ਵੀ ਹੁੰਦੇ ਹਨ। ਇਹ ਪਹਿਲਾਂ ਸੁਣੀਂਦਾ ਸੀ ਕਿ ਸਾਹਿਤਕਾਰ ਦੋਹਰੇ ਕਿਰਦਾਰ ਵਾਲੇ ਠਰਕੀ ਹੁੰਦੇ ਹਨ। ਉਹ ਵਿਖਾਵਾ ਕੁਝ ਹੋਰ ਕਰਦੇ ਹਨ ਪ੍ਰੰਤੂ ਅਮਲੀ ਤੌਰ ‘ਤੇ ਬਿਲਕੁਲ ਉਲਟ ਹੁੰਦੇ ਹਨ। ਇਹ ਨਾਵਲ ਪੜ੍ਹਕੇ ਕਾਫੀ ਨਵੀਂ ਜਾਣਕਾਰੀ ਮਿਲੀ ਹੈ। ਗ਼ਲਤ ਸੋਚ ਵਾਲੇ ਮਾੜੇ ਬੰਦੇ ਕੰਮ ਵੀ ਮਾੜੇ ਕਰਦੇ ਹਨ ਪ੍ਰੰਤੂ ਸਿਆਸੀ ਪਹੁੰਚ ਕਰਕੇ ਉਹ ਫਸਦੇ ਵੀ ਨਹੀ, ਸਗੋਂ ਆਪਣਾ ਬਚਾਆ ਵੀ ਕਰ ਲੈਂਦੇ ਹਨ। ਨਾਵਲ ਪੜ੍ਹਕੇ ਸੱਚ ਲੱਗਣ ਲੱਗਿਆ ਕਿ ਇਹ ਸਮਾਜ ਲਈ ਕਲੰਕ ਹੁੰਦੇ ਹਨ। ਜਸਵਿੰਦਰ ਪੰਜਾਬੀ ਨੇ ਦੋਹਾਂ ਦਾ ਪਰਦਾ ਫਾਸ਼ ਕੀਤਾ ਹੈ। ਕੁਝ ਕੁ ਸਾਹਿਤਕਾਰਾਂ ਦੀ ਧੜੇਬੰਦੀ, ਸ਼ਰਾਬ ਦੀ ਆਦਤ ਅਤੇ ਲੜਕੀਆਂ/ਇਸਤਰੀਆਂ ਦੇ ਸ਼ੋਸ਼ਣ ਕਰਨ ਨੂੰ ਵੀ ਉਛਾਲਿਆ ਗਿਆ ਹੈ, ਜੋ ਸਮੁਚੇ ਵਰਗ ਦੀ ਬਦਨਾਮੀ ਦਾ ਕਾਰਨ ਬਣਦੇ ਹਨ। ਸਾਰੇ ਭਾਵੇਂ ਮਾੜੇ ਨਹੀਂ ਹੁੰਦੇ ਪ੍ਰੰਤੂ ਜਿਵੇਂ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਨ ਦੀ ਸਮਰੱਥਾ ਰੱਖਦੀ ਹੁੰਦੀ ਹੈ, ਏਸੇ ਤਰ੍ਹਾਂ ਇਹ ਲੋਕ ਸਮੁੱਚੇ ਭਾਈਚਾਰੇ ਨੂੰ ਬਦਨਾਮ ਕਰਦੇ ਹਨ। ਨਾਵਲ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਵਾਸੀ ਸਾਹਿਤਕ ਲੋਕਾਂ ਦਾ ਇਹ ਲੋਕ ਨਜ਼ਾਇਜ਼ ਲਾਭ ਵੀ ਉਠਾਕੇ ਆਪਣੀ ਹਵਸ ਦੀ ਪੂਰਤੀ ਕਰਦੇ ਹਨ। ਸਾਹਿਤਕ ਲੜਕੀਆਂ/ਇਸਤਰੀਆਂ ਦੀਆਂ ਰੁਚੀਆਂ ਦੀ ਸਮਾਨਤਾ ਵੀ ਦਰਸਾਈ ਗਈ ਹੈ। ਜਸਵਿੰਦਰ ਪੰਜਾਬੀ ਨੇ ਸਾਹਿਤਕ ਤੇ ਸਮਾਜਿਕ ਗੰਧਲੇਪਣ ਦਾ ਕੱਚਾ ਚਿੱਠਾ ਸਾਹਮਣੇ ਲਿਆ ਦਿੱਤਾ ਹੈ। ਫੇਸ ਬੁੱਕੀ ਸਾਹਿਤਕਾਰਾਂ ਦੀ ਅਨੋਖੀ ਦੁਨੀਆਂ ਹੁੰਦੀ ਹੈ, ਜਿਹੜੀ ਅਸਲੀਅਤ ਤੋਂ ਬਹੁਤ ਦੂਰ ਹੁੰਦੀ ਹੈ, ਉਸਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਡੇਰਿਆਂ ਵਾਲੇ ਪਰਿਵਾਰ ਵੀ ਆਪਸੀ ਸਾਂਝ, ਇੱਕੋ ਡੇਰੇ ਦੇ ਸਮਰਥਕ ਹੋਣ ਕਰਕੇ ਵਧਾ ਲੈਂਦੇ ਹਨ ਤੇ ਫਿਰ ਲੜਕੀਆਂ/ਇਸਤਰੀਆਂ ਦਾ ਸ਼ੋਸ਼ਣ ਕਰਦੇ ਹਨ। ਨਾਵਲਕਾਰ ਨੇ ਉਨ੍ਹਾਂ ਦੇ ਪਰਦੇ ਫਾਸ਼ ਕਰਨ ਦੀ ਵੀ ਹਿੰਮਤ ਕੀਤੀ ਹੈ। ਨਾਵਲਕਾਰ ਨੇ ਲੜਕੀਆਂ/ਇਸਤਰੀਆਂ ਦੇ ਦੋਵੇਂ ਰੂਪ ਦਰਸਾਏ ਹਨ, ਗ਼ਲਤ ਰਸਤੇ ਪਈਆਂ ਇਸਤਰੀਆਂ ਦੀ ਬਗ਼ਾਬਤ ਵੀ ਖ਼ੂੰਖ਼ਾਰ ਵਿਖਾਈ ਹੈ। ਫਿਰ ਉਹ ਹਰ ਹੱਦ ਬੰਨਾ ਪਾਰ ਕਰਨ ਲਈ ਝਿਜਕਦੀਆਂ ਨਹੀਂ, ਜਿਵੇਂ ਰਮਿੰਦਰ ਰਮਨ ਅਤੇ ਕਿਰਨ ਜੋਤੀ ਕਰਦੀਆਂ ਹਨ। ਪੜ੍ਹੇ ਲਿਖੇ ਲੋਕਾਂ ਦਾ ਜਾਤ ਪਾਤ ਦੇ ਜੰਜ਼ਾਲ ਵਿੱਚ ਫਸੇ ਹੋਣ ਬਾਰੇ ਵੀ ਲਿਖਿਆ ਹੈ। ਸਮਾਜ ਸੁਧਾਰਨ ਦਾ ਹੋਕਾ ਦੇਣ ਵਾਲੇ ਮਖੌਟੇ ਪਾਈ ਫਿਰਦੇ ਹਨ। ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਕਵਿਤਰੀਆਂ ਦੀਆਂ ਪੁਸਤਕਾਂ ਦੀ ਘੁੰਡ ਚੁਕਾਈ ਅਤੇ ਉਥੇ ਕਵਿਤਰੀਆਂ ਅਤੇ ਸਾਹਿਤਕਾਰਾਂ ਦੀ ਇੱਕ ਦੂਜੇ ਬਾਰੇ ਚੁੰਝ ਚਰਚਾ ਤੇ ਚੋਚਲੇ ਵੀ ਅਸਲੀਅਤ ਦੇ ਕਾਫੀ ਨੇੜੇ-ਤੇੜੇ ਹਨ। ਕਿਸ ਤਰ੍ਹਾਂ ਕਵਿਤਰੀਆਂ ਨੂੰ ਸਥਾਪਤ ਕਰਨ ਲਈ ਪੇਪਰ ਪੜ੍ਹੇ ਜਾਂਦੇ ਹਨ ਅਤੇ ਕਿਵੇਂ ਉਨ੍ਹਾਂ ਨੂੰ ਫੁਸਲਾਉਣ ਦੇ ਢੰਗ ਵਰਤੇ ਜਾਂਦੇ ਹਨ। ਨਾਵਲ ਵਿੱਚ ਸ਼ਬਦਾਵਲੀ ਠੇਠ ਦਿਹਾਤੀ ਹੈ, ਜਿਹੜੇ ਸ਼ਬਦ ਆਮ ਤੌਰ ‘ਤੇ ਵਰਤੇ ਨਹੀਂ ਜਾਂਦੇ ਤੇ ਵਰਜਿਤ ਵੀ ਹੁੰਦੇ ਹਨ ਪ੍ਰੰਤੂ ਵਰਤੇ ਜਾਂਦੇ ਹਨ। ਉਹ ਸ਼ਬਦਾਵਲੀ ਥੋੜ੍ਹੀ ਅਸੱਭਿਆ ਵੀ ਲੱਗਦੀ ਹੈ। ਇਹ ਨਾਵਲ ਦਿਹਾਤੀ ਤੇ ਸ਼ਹਿਰੀ ਸਭਿਆਚਾਰ ਦਾ ਸੁਮੇਲ ਹੈ। ਕਾਲਜਾਂ ਵਿੱਚ ਮੁੰਡੇ ਕੁੜੀਆਂ ਦੀਆਂ ਟੋਲੀਆਂ ਕਿਵੇਂ ਹਾਸੇ ਠੱਠੇ ਕਰਦਿਆਂ ਬੇਬਾਕੀ ਨਾਲ ਕਮੈਂਟ ਕਰਦੀਆਂ ਤੇ ਫਿਰ ਫਸ ਫਸਾ ਜਾਂਦੀਆਂ ਹਨ। ਪਿਆਰ ਮੁਹੱਬਤ ਵਿੱਚ ਰੰਗ ਰੂਪ ਤੇ ਅਮੀਰ ਗ਼ਰੀਬ ਨਹੀਂ ਵੇਖਿਆ ਜਾਂਦਾ, ਜਿਵੇਂ ਗੁਰਕੀਰਤ ਸੋਹਣੀ ਸੁਨੱਖੀ ਅਮੀਰਜ਼ਾਦੀ ਨੇ ਜੀਵਨ ਵਾਰਸੀ ਨਾਲ ਉਸਦਾ ਕਾਲਾ ਰੰਗ ਤੇ ਗ਼ਰੀਬੀ ਦੇ ਬਾਵਜੂਦ ਪਿਆਰ ਦੀ ਪੀਂਘ ਪਾ ਲਈ। ਇਥੇ ਇਹ ਵੀ ਦਰਸਾਇਆ ਗਿਆ ਹੈ ਕਿ ਪਿੰਡਾਂ ਦੇ ਲੋਕ ਸ਼ਰੀਕੇ ਦੇ ਮੁਕਾਬਲੇ ਆਰਥਿਕ ਸਮਰੱਥ ਨਾ ਹੋਣ ਦੇ ਬਾਵਜੂਦ ਬਰਾਬਰੀ ਕਰਦੇ ਹਨ, ਜਿਵੇਂ ਜੀਵਨ ਵਾਰਸੀ ਦੇ ਦਾਦੇ ਨੇ ਜ਼ਮੀਨ ਵੇਚਕੇ ਵਿਆਹ ਵਿੱਚ ਦਾਜ ਦਿੱਤਾ। ਨਾਵਲਕਾਰ ਨੇ ਪੰਜਾਬੀ ਇੰਟਰਨੈਸ਼ਨਲ ਕਾਨਫ਼ਰੰਸਾਂ ਵਿੱਚ ਸਿਫਾਰਸ਼ੀ ਗ਼ੈਰ ਸਾਹਿਤਕਾਰਾਂ ਦੇ ਜਾਣ ਅਤੇ ਵਿਦੇਸ਼ਾਂ ਵਿੱਚ ਅਨੈਤਿਕ ਕੰਮ ਕਰਨ ਬਾਰੇ ਵੀ ਲਿਖਿਆ ਹੈ। ਪੰਜਾਬੀ ਕਾਨਫ਼ਰੰਸਾਂ ਦੀ ਆੜ ਵਿੱਚ ਸਿਰਫ ਸੈਰ ਸਪਾਟਾ ਹੀ ਹੁੰਦਾ ਹੈ। ਇਸ ਨਾਵਲ ਨੂੰ ਸਮਾਜਿਕ ਸਰੋਕਾਰਾਂ ਨਾਲ ਵੀ ਜੋੜਿਆ ਜਾ ਸਕਦਾ ਹੈ ਕਿਉਂਕਿ ਨਾਵਲਕਾਰ ਨੇ ਨਾਵਲ ਵਿੱਚ ਨਸ਼ਿਆਂ ਦੇ ਪ੍ਰਕੋਪ, ਪ੍ਰਵਾਸ ਵਿੱਚ ਜਾਣ ਦੀ ਦੌੜ, ਏਡਜ਼, ਬੇਰੋਜ਼ਗਾਰੀ, ਪੜ੍ਹੇ ਲਿਖੇ ਲੋਕਾਂ ਦੀ ਪਿਛਾਂਹ ਖਿਚੂ ਸੋਚ, ਭਰਿਸ਼ਟਾਚਾਰ ਅਤੇ ਲੜਕੀਆਂ ਨੂੰ ਪਿਆਰ ਵਿਆਹ ਕਰਾਉਣ ਤੋਂ ਰੋਕਣ ਦੀ ਪ੍ਰਵਿਰਤੀ ਆਦਿ ਵਿਸ਼ਿਆਂ ਨੂੰ ਬਾਖ਼ੂਬੀ ਨਾਲ ਛੋਹਿਆ ਗਿਆ ਹੈ। ਨਾਵਲਕਾਰ ਨੇ ਪੀ.ਐਚ.ਡੀ.ਕਰਨ ਵਾਲੀਆਂ ਲੜਕੀਆਂ ਨਾਲ ਗਾਈਡਾਂ ਵੱਲੋਂ ਕੀਤੇ ਜਾਂਦੇ ਵਿਵਹਾਰ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸਾਹਿਤਕਾਰ ਆਪਣੀ ਹਵਸ ਪੂਰੀ ਕਰਨ ਲਈ ਐਚ.ਆਈ.ਵੀ. ਵਰਗੀ ਭਿਆਨਕ ਬਿਮਾਰੀ ਬਾਰੇ ਸੋਚਦੇ ਨਹੀਂ ਪ੍ਰੰਤੂ ਜਦੋਂ ਰਾਮਿੰਦਰ ਰਮਨ ਦੇ ਪਤੀ ਵਿਕਰਮ ਦੀ ਐਚ.ਆਈ.ਵੀ. ਦੀ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤੇ ਰਾਮਿੰਦਰ ਰਮਨ ਦੇ ਵੀ ਐਚ.ਆੲ.ਵੀ. ਦੀ ਬਿਮਾਰੀ ਬਾਰੇ ਪਤਾ ਚਲਦਾ ਹੈ ਤਾਂ ਫਿਰ ਮੌਤ ਸਾਹਮਣੇ ਵਿਖਾਈ ਦਿੰਦੀ ਹੈ ਤੇ ਉਦੋਂ ਸਮਾਜਿਕ ਬਦਨਾਮੀ ਯਾਦ ਆਉਂਦੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿਖ ਵਿੱਚ ਜਸਵਿੰਦਰ ਪੰਜਾਬੀ ਹੋਰ ਵਧੀਆ ਪੁਸਤਕ ਵੀ ਦੇਵੇਗਾ।
216 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਜੇ.ਪੀ.ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਜਸਵਿੰਦਰ ਪੰਜਾਬੀ:9781414118
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਤੇਜਿੰਦਰ ਚੰਡਿਹੋਕ ਦਾ ‘ਤਾਂਘ ਮੁਹੱਬਤ ਦੀ’ ਗ਼ਜ਼ਲ ਸੰਗ੍ਰਿਹਿ ਸਮਾਜਿਕਤਾ ਤੇ ਮੁਹੱਬਤ ਦਾ ਸੁਮੇਲ - ਉਜਾਗਰ ਸਿੰਘ
ਤੇਜਿੰਦਰ ਚੰਡਿਹੋਕ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਅੱਠ ਮੌਲਿਕ ਅਤੇ ਦੋ ਸੰਪਾਦਿਤ ਕੀਤੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਇੱਕ ਸਮੀਖਿਆ ਸੰਗ੍ਰਹਿ, ਇੱਕ ਸਫਰਨਾਮਾ, ਇੱਕ ਵਾਰਤਕ ਤੇ ਇੱਕ ਸਿਮਰਤੀ ਸੰਗ੍ਰਹਿ ਸ਼ਾਮਲ ਹਨ। ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ‘ਤਾਂਘ ਮੁਹੱਬਤ ਦੀ’ ਉਸਦੀ ਗਿਆਰਵੀਂ ਪੁਸਤਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 69 ਗ਼ਜ਼ਲਾਂ ਸ਼ਾਮਲ ਹਨ। ਇਹ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਅਤੇ ਪਿਆਰ ਮੁਹੱਬਤ ਵਾਲੀਆਂ ਹਨ। ਗ਼ਜ਼ਲਗੋ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਗ਼ਜ਼ਲਾਂ ਵਿੱਚ ਪ੍ਰੋਸਿਆ ਹੈ। ਮੁੱਖ ਤੌਰ ‘ਤੇ ਭਾਵੇਂ ਉਹ ਰੁਮਾਂਸਵਾਦੀ ਗ਼ਜ਼ਲਾਂ ਲਿਖਦਾ ਹੈ ਪ੍ਰੰਤੂ ਉਸਦੀ ਕਮਾਲ ਇਹ ਹੈ ਕਿ ਰੁਮਾਂਸਵਾਦੀ ਗ਼ਜ਼ਲਾਂ ਵਿੱਚ ਵੀ ਸਮਾਜਿਕਤਾ ਦੀ ਪਿਉਂਦ ਦੇ ਦਿੰਦਾ ਹੈ। ਇਸ ਕਰਕੇ ਹੀ ਇਸ ਗ਼ਜ਼ਲ ਸੰਗ੍ਰਹਿ ਨੂੰ ਸਮਾਜਿਕਤਾ ਅਤੇ ਮੁਹੱਬਤ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਮਾਜਕ ਤਾਣੇ-ਬਾਣੇ ਵਿੱਚ ਜਿਹੜੀ ਵੀ ਘਟਨਾ ਜਾਂ ਪ੍ਰਕ੍ਰਿਆ ਸਮਾਜ ਵਿਰੋਧੀ ਹੈ, ਉਸ ਬਾਰੇ ਤੇਜਿੰਦਰ ਚੰਡਿਹੋਕ ਦੀ ਕਲਮ ਆਪ ਮੁਹਾਰੇ ਪ੍ਰਤੀਕ੍ਰਿਆ ਦਿੰਦੀ ਹੈ। ਸਮਾਜਿਕ ਸਰੋਕਾਰ ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦਾ ਵਿਸ਼ਾ ਬਣੇ ਹਨ, ਜਿਵੇਂ ਆਰਥਿਕ, ਸਮਾਜਿਕ, ਸਭਿਅਚਾਰਿਕ, ਵਾਤਾਵਰਨ, ਕਿਸਾਨੀ ਅਤੇ ਮਾਂ ਬੋਲੀ ਵਰਗੇ ਮਹੱਤਵਪੂਰਨ ਮੁੱਦੇ ਹਨ। ਧੋਖ਼ੇ, ਫ਼ਰੇਬ, ਲਾਲਚ, ਆਰਥਿਕ ਨਾ ਬਰਾਬਰੀ, ਖੁਦਗਰਜ਼ੀ, ਬੇਵਿਸ਼ਵਾਸੀ ਅਤੇ ਮਾਨਸਿਕ ਖੋਟਾਂ ਬਾਰੇ ਵੀ ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਟਕੋਰਾਂ ਮਾਰਦਾ ਹੈ। ਕਿਸਾਨਾ, ਮਿਹਨਤਕਸ਼ਾਂ ਅਤੇ ਕਰੋਨਾ ਸੰਬੰਧੀ ਵੀ ਉਸਨੇ ਗ਼ਜ਼ਲਾਂ ਲਿਖੀਆਂ ਹਨ। ਸ਼ਾਇਰ ਨੂੰ ਮਾਨਵਤਾ ਦਾ ਦਰਦ ਮਹਿਸੂਸ ਹੁੰਦਾ ਹੈ, ਇਸ ਕਰਕੇ ਉਨ੍ਹਾਂ ਦੇ ਹਿੰਤਾਂ ‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਦਾ ਹੈ। ਰਾਜਨੀਤਕ ਲੋਕਾਂ ਦੀਆਂ ਗ਼ਲਤ ਬਿਆਨੀਆਂ ਅਤੇ ਵਾਅਦਿਆਂ ਤੋਂ ਮੁਕਰਨ ਵਰਗੀਆਂ ਗ਼ਲਤ ਹਰਕਤਾਂ ਸ਼ਾਇਰ ਦੀ ਕਲਮ ਲੋਕਾਈ ਨੂੰ ਵਿਦਰੋਹ ਕਰਨ ਲਈ ਪ੍ਰੇਰਤ ਕਰਦੀਆਂ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਸੁਰ, ਤਾਲ ਅਤੇ ਲੈ ਬਾਕਾਇਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਕਾਫ਼ੀਆ, ਰਦੀਫ਼ ਅਤੇ ਸੰਗੀਤ ਦੀ ਖ਼ੁਸ਼ਬੋ ਵੀ ਆਉਂਦੀ ਹੈ। ਭਾਵ ਗ਼ਜ਼ਲ ਉਸਨੂੰ ਲਿਖਣੀ ਆਉਂਦੀ ਹੈ। ਇਸ ਤੋਂ ਇਲਾਵਾ ਲੋਕਾਈ ਦੀ ਮਨ-ਮਸਤਿਕ ਵਿੱਚ ਜਿਹੜੀਆਂ ਲਹਿਰਾਂ ਚਲਦੀਆਂ ਹਨ, ਉਨ੍ਹਾਂ ਲਹਿਰਾਂ ਕਰਕੇ ਲੋਕਾਈ ਭਰਮ-ਭੁਲੇਖਿਆਂ ਦੇ ਚਕਰ ਵਿੱਚ ਉਲਝੀ ਰਹਿੰਦੀ ਹੈ, ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਉਨ੍ਹਾਂ ਲਹਿਰਾਂ ਦੇ ਕੁਪ੍ਰਭਾਵ ਦਰਸਾਏ ਹਨ। ਇਸ ਗ਼ਜ਼ਲ ਸੰਗ੍ਰਹਿ ਦੀ ਪਹਿਲੀ ਗ਼ਜ਼ਲ ‘ਤਮਾ ਆਦਮੀ ਦੀ. . ..’ ਵਿੱਚ ਸ਼ਾਇਰ ਨੇ ਦਰਸਾਇਆ ਹੈ ਕਿ ਮਨੁੱਖ ਦੀ ਲਾਲਸਾ ਕਦੇ ਵੀ ਪੂਰੀ ਨਹੀਂ ਹੁੰਦੀ, ਹਰ ਸਮੇਂ ਵਧਦੀ ਹੀ ਜਾਂਦੀ ਹੈ। ਉਹ ਤਮਾ ਨਾ ਪੂਰੀ ਹੁੰਦੀ ਹੈ ਅਤੇ ਨਾ ਹੀ ਮਰਦੀ ਹੈ, ਸਗੋਂ ਆਸ ਬਣੀ ਰਹਿੰਦੀ ਹੈ। ਇਸ ਲਈ ਉਸਨੂੰ ਆਸਾਵਾਦੀ ਸ਼ਾਇਰ ਕਿਹਾ ਜਾ ਸਕਦਾ ਹੈ। ਤੇਜਿੰਦਰ ਚੰਡਿਹੋਕ ਦੇ ਆਸ਼ਾਵਾਦੀ ਹੋਣ ਲਈ ਕੁਝ ਸ਼ਿਅਰਾਂ ਤੋਂ ਪਤਾ ਲੱਗਦਾ ਹੈ:
ਹਸਰਤਾਂ ਨੂੰ ਦਿਲ ‘ਚ ਰੱਖਣਾ, ਤੇ ਤੁਰੀ ਜਾਣਾ,
ਤੇਰਾ ਕਾਫ਼ਲੇ ਵਿੱਚ, ਮਿਲ ਜਾਣਾ ਮੁਬਾਰਕ।
ਰੋਜ਼ ਮੰਜ਼ਲ ਵੱਲ ਟੁਰਨਾ ਜ਼ਿੰਦਗੀ,
ਇੱਕ ਜਗ੍ਹਾ ਖੜ੍ਹ ਕੇ ਨ ਹੱਥ ਮਲਦਾ ਰਹੇ।
ਤੇਜਿੰਦਰ ਚੰਡਿਹੋਕ ਨਸੀਅਤ ਦਿੰਦਾ ਹੈ ਕਿ ਹਮੇਸ਼ਾ ਆਪਣੀ ਮੰਜ਼ਲ ਨੂੰ ਸਰ ਕਰਨ ਲਈ ਜਦੋਜਹਿਦ ਕਰਨੀ ਚਾਹੀਦੀ ਹੈ। ਇਕ-ਨਾ-ਇਕ ਦਿਨ ਸਫਲਤਾ ਜ਼ਰੂਰ ਮਿਲੇਗੀ। ਸ਼ਾਇਰ ਆਪਣੀ ਗ਼ਜ਼ਲ ਵਿੱਚ ਗੱਲ ਭਾਵੇਂ ਸੋਹਣੀ ਦੀ ਕਰਦਾ ਹੈ ਪ੍ਰੰਤੂ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦਾ ਹੈ। ਸਿਆਸਤਦਾਨਾ ਦੀਆਂ ਕੋਝੀਆਂ ਕਾਰਵਾਈਆਂ ਬਾਰੇ ਗ਼ਜ਼ਲਗੋ ਨੇ ਆਪਣੀਆਂ 10 ਗ਼ਜ਼ਲਾਂ ਵਿੱਚ ਦਰਸਾਇਆ ਹੈ ਕਿ ਉਹ ਸਿਰਫ ਵੋਟਾਂ ਵਟੋਰਨ ਲਈ ਹੀ ਵਾਅਦੇ ਕਰਦੇ ਹਨ ਪ੍ਰੰਤੂ ਉਨ੍ਹਾਂ ਦੇ ਵਾਅਦੇ ਕਦੇ ਵੀ ਵਫ਼ਾ ਨਹੀਂ ਹੁੰਦੇ। ਲੋਕਾਂ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ। ਸ਼ਾਇਰ ‘ਸਾਲ, ਮਹੀਨੇ, ਦਿਨ ਤਾਂ. . .’ ਸਿਰਲੇਖ ਵਾਲੀ ਗ਼ਜ਼ਲ ਵਿੱਚ ਲਿਖਦਾ ਹੈ:
ਬੇਗ਼ੈਰਤ ਲੋਕਾਂ ਦਾ ਮੈਂ ਕੀ ਆਖਾਂ, ਲੋਕਾਂ ਦੇ ਮਸਲੇ ਕਦ ਸੁਲਝਾਵਣਗੇ।
ਨੇਤਾ ਜਿੱਤ ਕੇ ਕੁਰਸੀ ਤੇ ਜਾ ਬੈਠਣ, ਜਨਤਾ ਦੇ ਉਹ ਕੰਮ ਕਦੋਂ ਆਵਣਗੇ।
‘ ਰੁੱਤ ਵੋਟਾਂ ਦੀ. . .’ ਸਿਰਲੇਖ ਵਾਲੀ ਗ਼ਜ਼ਲ ਦੇ ਸ਼ਿਅਰ ਹਨ:
ਂਰੁੱਤ ਵੋਟਾਂ ਦੀ ਆਈ ਹੈ, ਖ਼ਲਕਤ ਮਗਰੇ ਲਾਈ ਹੈ।
ਵਾਦੇ ਨਿਤ ਦਿਨ ਕਰਨ ਨਵੇਂ, ਟੁਕ ਜਨਤਾ ਨੂੰ ਪਾਈ ਹੈ।
ਲੋਕਾਂ ਦਾ ਚੇਤਾ ਆਇਆ, ਨੇਤਾ ਜੋ ਹਰਜਾਈ ਹੈ।
ਵੋਟਾਂ ਲੈ ਕੇ ਦਿਸਦੇ ਨਾ, ਕਿਹੜੀ ਜੁਗਤ ਬਣਾਈ ਹੈ।
ਸਰਕਾਰ ਬਣਾ ਭਰਦੇ ਘਰ, ਜਨਤਾ ਬੁੱਧੂ ਬਣਾਈ ਹੈ।
ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋ ਰਹੀਆਂ ਹਨ, ਜਿਹੜੀਆਂ ਇਨਸਾਨ ਦੇ ਇਨਸਾਨੀਅਤ ਤੋਂ ਦੂਰ ਹੋਣ ਨਾਲ ਸੰਬੰਧਤ ਹਨ। ਲੋਕ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਹਨ। ਗ਼ਜ਼ਲਗ਼ੋ ਨੂੰ ਇਸ ਜ਼ਮਾਨੇ ਦੀਆਂ ਹਰਕਤਾਂ ਅਸੰਜਮ ਵਿੱਚ ਪਹੁੰਚਾ ਰਹੀਆਂ ਹਨ। ਉਸਦਾ ਮਨ ਬੇਚੈਨ ਹੋ ਜਾਂਦਾ ਹੈ ਕਿਉਂਕਿ ਦੁਨੀਆਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ ਤੇ ਅਜਿਹੀ ਸਥਿਤੀ ਬਾਰੇ ਫਿਰ ਉਹ ਲਿਖਦਾ ਹੈ:
ਇਹ ਕੇਹਾ ਜ਼ਮਾਨਾ ਆਇਆ ਹੈ, ਕੁੱਲ ਦੁਨੀਆਂ ਰੂਪ ਵਟਾਇਆ ਹੈ।
ਕੂੜ, ਕਪਟ ਹਰ ਥਾਂ ਹੈ ਫ਼ੈਲ ਰਿਹਾ, ਹੱਕ, ਸੱਚ ਤੇ ਨਿਆਂ ਦਾ ਸਫ਼ਾਇਆ ਹੈ।
ਵਾੜ ਖ਼ੇਤ ਨੂੰ ਹੀ ਖਾਈ ਜਾਂਦੀ ਅਤੇ ਹਰ ਬੂਟਾ ਤ੍ਰਿਹਾਇਆ ਹੈ।
ਵਾਤਵਰਨ ਦੇ ਪ੍ਰਦੂਸ਼ਤ ਹੋਣ ਸੰਬੰਧੀ ਤੇਜਿੰਦਰ ਚੰਡਿਹੋਕ ਲਿਖਦਾ ਹੈ:
ਨਾ ਕਰ ਗੰਗਾ ਮੈਲੀ, ਕੁਝ ਹੋਸ਼ ਕਰ,
ਪਵਿੱਤਰ ਨਦੀ ਹੈ, ਪਵਿੱਤਰ ਵਹਿਣ ਦੇ।
ਫ਼ਿਜ਼ਾ ਵਿੱਚ ਜ਼ਹਿਰ ਜੋ ਘੋਲ ਰਿਹਾ ਹੈ,
ਮੌਤ ਲਈ ਉਹ ਦਰ ਖੋਲ੍ਹ ਰਿਹਾ ਹੈ।
ਸੰਸਾਰ ਵਿੱਚ ਆਪੋ-ਧਾਪੀ ਪਈ ਹੈ। ਇਨਸਾਨ ਆਪਣੇ ਨੈਤਿਕਤਾ ਦੇ ਰਸਤੇ ਤੋਂ ਭਟਕਦਾ ਜਾਂਦਾ ਹੈ। ਕਿਸੇ ਤੇ ਇਤਬਾਰ ਕਰਨ ਤੋਂ ਡਰ ਲਗਦਾ ਹੈ। ਰਈਸ ਲੋਕਾਂ ‘ਤੇ ਦੁਨੀਆਂਦਾਰੀ ਦਾ ਕੋਈ ਅਸਰ ਨਹੀਂ ਪੈਂਦਾ। ਉਹ ਆਪਣੀ ਹੈਸੀਅਤ ਨੂੰ ਵੱਡਾ ਸਮਝਦੇ ਹਨ। ਸੰਸਾਰ ਨਾਸ਼ਵਾਨ ਹੈ ਪ੍ਰੰਤੂ ਲੋਕ ਫਿਰ ਵੀ ਸਮਝਦੇ ਨਹੀਂ। ਉਹ ਲੋਕ ਹਓਮੈ ਦਾ ਸ਼ਿਕਾਰ ਹਨ। ਸ਼ਾਇਰ ਲਿਖਦਾ ਹੈ:
ਵਫ਼ਾ ਤਾਂ ਉਡ ਗਈ ਕਫ਼ੂਰ ਵਾਂਗ, ਬੇ ਵਫ਼ਾਈ ਤਾਂ ਬਹਾਨਾ ਹੋ ਗਿਆ।
ਨਹੀਂ ਸਮਝੇ ਜਿਹੜੇ ਅਜੇ ਤੀਕਰ, ਵਕਤ ਦੀਆਂ ਚਾਲਾਂ ਨੂੰ,
ਧੋਖਾ ਖਾਣਗੇ ਓਹ ਕਦੇ ਵੀ, ਸਾਡੇ ਤੁਰ ਜਾਣ ਤੋਂ ਮਗਰੋਂ।
ਸਾਡੀ ਦੋਸਤੀ ਨੂੰ ਐਵੇਂ ਸਮਝਦੇ ਰਹੇ, ਖ਼ਾਤਰ ਜਿਨ੍ਹਾਂ ਦੀ ਦਾਅ ‘ਤੇ ਲਾਣੀ ਚਾਹੀ।
ਲੋਕਾਂ ਦੇ ਦਿਲ ਪੱਥਰ ਹੁੰਦੇ ਜਾ ਰਹੇ ਹਨ। ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਇਨਸਾਨ ਨੂੰ ਸੱਚੇ ਸੁੱਚੇ ਦੋਸਤ ਬਣਾਉਣੇ ਚਾਹੀਦੇ ਹਨ। ਦੋਸਤ ਹੀ ਦੁੱਖ-ਸੁੱਖ ਵਿੱਚ ਖੜ੍ਹਦੇ ਹਨ। ਸਮਾਜਿਕ ਹਵਾ ਦਾ ਰੁੁੱਖ ਬਦਲ ਰਿਹਾ ਹੈ। ਲੋਕ ਇੱਕ ਦੂਜੇ ਨੂੰ ਮੋਹ ਕਰਨ ਦੀ ਥਾਂ ਦੁਰਕਾਰ ਰਹੇ ਹਨ। ਲੋਕਾਂ ਦੇ ਮਨਾ ਵਿੱਚ ਖੋਟਾਂ ਹਨ। ਨਫ਼ਰਤਾਂ ਤੇ ਜ਼ਾਤ ਪਾਤ ਦੇ ਬੀਜ ਬੋਏ ਜਾ ਰਹੇ ਹਨ। ਇਸ ਲਈ ਗ਼ਜ਼ਲਗ਼ੋ ‘ਚੇਤਨਾ ਦੀਪ ਜਗਾਓ. . .’ ਸਿਰਲੇਖ ਵਾਲੀ ਗ਼ਜ਼ਲ ਵਿੱਚ ਜ਼ਾਤ ਪਾਤ ਤੇ ਲਫ਼ਰਤਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕਰਦਾ ਹੈ:
ਸਭ ਨੇ ਕੁਦਰਤ ਦੇ ਹੀ ਬੰਦੇ, ਜਾਤਾਂ ਸਭ ਮਿਟਾਓ ਮਿੱਤਰੋ।
ਨਫ਼ਰਤ ਤੇ ਸਾੜੇ ਨੂੰ ਛੱਡੋ, ਜੀਵਨ ਸਹਿਜ ਬਣਾਓ ਮਿੱਤਰੋ।
ਸਮਾਜ ਵਿੱਚ ਚਾਰੇ ਪਾਸੇ ਲਾਲਚ ਪ੍ਰਧਾਨ ਹੋਇਆ ਪਿਆ ਹੈ। ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ। ਨਿੱਜਤਾ ਮੋਹਰੀ ਬਣ ਗਈ ਹੈ। ਜਦੋਂ ਕਿ ਸਮਾਜਕ ਪ੍ਰਾਣੀ ਨੂੰ ਇੱਕ ਦੂਜੇ ਦੇ ਸਹਾਈ ਹੋਣਾ ਚਾਹੀਦਾ ਹੈ। ਲੋਕਾਂ ਵਿੱਚ ਪਿਆਰ ਦੀ ਥਾਂ ਕਿਰਦਾਰ ਬਦਲ ਗਏ ਹਨ। ਸ਼ਾਇਰ ਲਿਖਦਾ ਹੈ:
ਕੀਮਤ ਬੰਦੇ ਦੀ ਹੈ ਜੀਰੋ ਅੱਜ, ਪਰ ਕਿਸੇ ‘ਤੇ ਇਤਬਾਰ ਨਹੀਂ ਹੈ।
ਪੈਸੇ ਦੀ ਹੀ ਸਭ ਦਿਲਦਾਰੀ ਏ, ਉਂਜ ਕੋਈ ਵੀ ਦਿਲਦਾਰ ਨਹੀਂ।
ਹੁਣ ਤਾਂ ਸਭ ਆਵਾ ਊਤ ਗਿਆ ਬਸ, ਚੰਡਿਹੋਕ ਖਿੜਦਾ ਗ਼ੁਲਜ਼ਾਰ ਨਹੀਂ ਹੈ।
ਸਾਇੰਸ ਤਰੱਕੀ ਕਰਕੇ ਹੁਣ ਤਾਂ, ਬੰਦੇ ਦੇ ਅੰਗ ਬਦਲਦੇ ਵੇਖੇ।
ਭੀੜ ਪਈ ਤੋਂ ਜਗ ਅੰਦਰ ਮੈਂ ਤਾਂ, ਲੋਕਾਂ ਦੇ ਫੰਗ ਬਦਲਦੇ ਵੇਖੇ।
ਤੇਜਿੰਦਰ ਚੰਡਿਹੋਕ ਨੇ ਪਿਆਰ, ਮੁਹੱਬਤ ਅਤੇ ਇਸ਼ਕ ਨਾਲ ਸੰਬੰਧਤ ਰੁਮਾਂਟਿਕ ਗ਼ਜ਼ਲਾਂ ਲਿਖੀਆਂ ਪ੍ਰੰਤੂ ਉਸ ਦੀਆਂ ਗ਼ਜ਼ਲਾਂ ਵਿੱਚ ਇਸ਼ਕ ਦਾ ਰੰਗ ਵੀ ਵੱਖਰਾ ਤੇ ਨਿਵੇਕਲਾ ਹੈ ਜਿਵੇਂ:
ਆਸ਼ਕ ਗਾਉਣ ਗੀਤ ਇਸ਼ਕ ਦੇ ਮਹਿਬੂਬਾ ਖ਼ਾਤਿਰ,
Êਪਰ ਨਾ ਪਤਾ ਉਹਨਾਂ ਨੂੰ ਮਾਅਨੇ ਏਸ ਤਰਾਨੇ ਦੇ।
ਦਿਲ ਤਾਂ ਦਿਲ ਦੇ ਕੈਨਵਸ ਉਪਰ, ਉਸਨੂੰ ਰੱਖਿਆ ਹੈ,
ਉਸਨੇ ਪਰ ਪਿਆਰ ਮੇਰੇ ਨੂੰ, ਹਰ ਪਲ ਪਰਖਿਆ ਹੈ।
ਛੇੜੀ ਜਦ ਵੀ ਗੱਲ ਕਿਸੇ ਨੇ ਇਸ਼ਕ ਮੁਹੱਬਤ ਦੀ,
ਮਹਿਫ਼ਲ ਵਿੱਚ ਯਾਰਾਂ ਦੀ ਤਦੋਂ ਹੀ ਮਸਲਾ ਭਖਿਆ ਹੈ।
88 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਤਾਲਿਫ਼ ਪ੍ਰਕਾਸ਼ਨਾ, ਅਗਰਸੈਨ ਚੌਕ ਬਰਨਾਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਤੇਜਿੰਦਰ ਚੰਡਿਹੋਕ: 950100224
ਸੰਪਰਕ:9501000224
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਦਿੱਲੀ ਵਿਧਾਨ ਸਭਾ ਚੋਣਾਂ : ਬੀ.ਜੇ.ਪੀ.ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ - ਉਜਾਗਰ ਸਿੰਘ
ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚੋਂ ਹਾਰਨ ਨਾਲ ਭਗਵੰਤ ਮਾਨ ਨੂੰ ਸੁੱਖ ਦਾ ਸਾਹ ਆਉਣ ਦੀ ਉਮੀਦ ਬੱਝ ਗਈ ਹੈ। ਹੁਣ ਉਹ ਪੰਜਾਬ ਵਿੱਚ ਦਖ਼ਲ ਨਹੀਂ ਦੇ ਸਕੇਗਾ। ਭਗਵੰਤ ਮਾਨ ਨੂੰ ਪਾਰਟੀ ‘ਤੇ ਪਕੜ ਬਣਾਉਣ ਦਾ ਮੌਕਾ ਮਿਲ ਗਿਆ ਹੈ। ਬਦਲਾਓ ਦੇ ਮੁੱਦੇ ਨਾਲ ਦਿੱਲੀ ਦੇ ਤਖ਼ਤ ਨੂੰ ਸਰ ਕਰਨ ਵਾਲਾ ਕੇਜਰੀਵਾਲ ਦਾ ਛੇਤੀ ਹੀ ਬਾਕੀ ਸਿਆਸੀ ਪਾਰਟੀਆਂ ਦੇ ਰਾਹ ‘ਤੇ ਤੁਰਨ ਕਰਕੇ ਦਿੱਲੀ ਵਿੱਚੋਂ ਸਫ਼ਾਇਆ ਹੋ ਗਿਆ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਨਾਲ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਦਿੱਲੀ ਵਿੱਚ ਖਿੜਨ ਜਾ ਰਿਹਾ ਹੈ। 1993 ਵਿੱਚ ਦਿੱਲੀ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 70 ਵਿੱਚੋਂ 49 ਸੀਟਾਂ ਜਿੱਤਕੇ ਇੱਕ ਪੰਜਾਬੀ ਮਦਨ ਲਾਲ ਖੁਰਾਣਾ ਨੂੰ ਮੁੱਖ ਮੰਤਰੀ ਬਣਾਇਆ ਸੀ। ਉਦੋਂ ਭਾਜਪਾ ਨੂੰ ਪੰਜਾਂ ਸਾਲਾਂ ਵਿੱਚ ਤਿੰਨ ਮੁੱਖ ਮੰਤਰੀ ਬਦਲਣੇ ਪਏ। ਸਾਹਿਬ ਸਿੰਘ ਵਰਮਾ ਮੁੱਖ ਮੰਤਰੀ ਬਣੇ ਤੇ ਫਿਰ ਸ਼ੁਸ਼ਮਾ ਸਵਰਾਜ 51 ਦਿਨਾ ਲਈ ਪਹਿਲੀ ਇਸਤਰੀ ਮੁੱਖ ਮੰਤਰੀ ਬਣੀ। ਉਸ ਤੋਂ ਬਾਅਦ 1998 ਵਿੱਚ ਕਾਂਗਰਸ ਪਾਰਟੀ ਨੇ 52 ਸੀਟਾਂ ਜਿੱਤੀਆਂ ਤੇ ਸ਼ੀਲਾ ਦੀਕਸ਼ਤ ਦੂਜੀ ਇਸਤਰੀ ਮੁੱਖ ਮੰਤਰੀ ਬਣੀ, ਜੋ ਪੰਦਰਾਂ ਸਾਲ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਰਹੀ। ਉਸਨੇ ਦਿੱਲੀ ਦਾ ਅਥਾਹ ਵਿਕਾਸ ਕਰਵਾਇਆ। ਪਹਿਲੇ ਚਾਰੇ ਮੁੱਖ ਮੰਤਰੀ ਪੰਜਾਬੀ ਸਨ। 2013 ਵਿੱਚ ਆਮ ਆਦਮੀ ਪਾਰਟੀ ਨੇ 28 ਸੀਟਾਂ ਜਿੱਤੀਆਂ ਅਤੇ ਕਾਂਗਰਸ ਦੇ ਅੱਠ ਮੈਂਬਰਾਂ ਦੀ ਬਾਹਰੋਂ ਸਪੋਰਟ ਨਾਲ ਸਰਕਾਰ ਬਣਾਈ, ਹਾਲਾਂ ਕਿ ਭਾਰਤੀ ਜਨਤਾ ਪਾਰਟੀ 31 ਸੀਟਾਂ ਜਿੱਤਕੇ ਵੱਡੀ ਪਾਰਟੀ ਸੀ। ਕੇਜਰੀਵਾਲ ਦੀ ਸਰਕਾਰ ਸਿਰਫ਼ 49 ਦਿਨ ਰਹੀ, ਦੁਬਾਰਾ ਫਰਵਰੀ 2015 ਵਿੱਚ ਆਮ ਆਦਮੀ ਪਾਰਟੀ 67 ਸੀਟਾਂ ਜਿੱਤ ਗਈ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। 2020 ਵਿੱਚ ਫਿਰ ਆਮ ਆਦਮੀ ਪਾਰਟਂੀ ਨੇ 62 ਸੀਟਾਂ ਜਿੱਤੀਆਂ ਤੇ ਕੇਜਰੀਵਾਲ ਮੁੱਖ ਮੰਤਰੀ ਬਣੇ। ਫਰਵਰੀ 2025 ਵਿੱਚ ਹੋਈਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 48 ਸੀਟਾਂ ਜਿੱਤ ਗਈ, ਆਮ ਆਦਮੀ ਪਾਰਟੀ 22 ਤੇ ਸਿਮਟ ਗਈ ਤੇ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਅਰਵਿੰਦ ਕੇਜਰੀਵਾਲ ਜਿਤਨਾ ਚਿਰ ਮੁੱਖ ਮੰਤਰੀ ਰਹੇ ਭਾਰਤੀ ਜਨਤਾ ਪਾਰਟੀ ਨਾਲ ਇੱਟ ਖੜੱਕਾ ਰਿਹਾ। ਕੇਜਰੀਵਾਲ ਹਮੇਸ਼ਾ ਕੇਂਦਰ ਸਰਕਾਰ ਨਾਲ ਟਕਰਾਓ ਦੀ ਸਿਆਸਤ ਕਰਦੇ ਰਹੇ ਹਨ। ਗੱਲਾਂ ਦਾ ਕੜਾਹ ਬਣਾਉਣਾ ਕੇਜਰੀਵਾਲ ਨੂੰ ਆਉਂਦਾ ਹੈ ਪ੍ਰੰਤੂ ਇਸ ਵਾਰ ਵਿਧਾਨ ਸਭਾ ਚੋਣਾ ਵਿੱਚ ਉਨ੍ਹਾਂ ਕੜਾਹ ਬਣਾਉਣ ਦੀ ਥਾਂ ਕੜ੍ਹੀ ਘੋਲ ਦਿੱਤੀ। ਕੁਦਰਤ ਦਾ ਨਿਯਮ ਹੈ, ਜਿਵੇਂ ਸਵੇਰੇ ਸੂਰਜ ਚੜ੍ਹਦਾ ਹੈ ਤਾਂ ਸ਼ਾਮ ਨੂੰ ਛਿਪ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਇੱਕ ਵਾਰ ਰਾਜ ਦਰਬਾਰ ਦਾ ਮਾਲਕ ਬਣਦਾ ਹੈ, ਇੱਕ-ਨਾ-ਇੱਕ ਦਿਨ ਉਸਨੇ ਗੱਦੀ ਤੋਂ ਉਤਰਨਾ ਹੁੰਦਾ ਹੈ। ਅਰਵਿੰਦ ਕੇਜਰੀਵਾਲ ਆਪਣੇ ਘੁਮੰਡ ਕਰਕੇ ਉਸਨੂੰ ਆਪਣੀ ਸਿਆਸਤ ਦੀ ਕੁਰਸੀ ਦਾ ਸੂਰਜ ਡੁੱਬਣ ਦੀ ਉਮੀਦ ਹੀ ਨਹੀਂ ਸੀ, ਉਹ ਕੁਦਰਤ ਦੇ ਨਿਯਮ ਨੂੰ ਬਦਲਣਾ ਚਾਹੁੰਦਾ ਸੀ ਪ੍ਰੰਤੂ ਕੁਦਰਤ ਨੂੰ ਮਾਤ ਦੇਣਾ ਇਨਸਾਨ ਦੇ ਵਸ ਦੀ ਗੱਲ ਨਹੀਂ। ਇਸ ਕਰਕੇ ਹੀ ਕੇਜਰੀਵਾਲ ਦਾ ਝੂਠੀ ਬਿਆਨਬਾਜ਼ੀ ਨਾਲ ਬਿਨਾ ਨੀਂਹਾਂ ਦੇ ਉਸਾਰਿਆ ਮਹਿਲ ਢਹਿ ਢੇਰੀ ਹੋ ਗਿਆ।
ਯੂ.ਪੀ.ਏ ਸਰਕਾਰ ਵਿਰੁੱਧ ਨਵੰਬਰ 2011 ਵਿੱਚ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਉਚ ਅਹੁਦਿਆਂ ਤੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸ਼ਕਤੀਸ਼ਾਲੀ ਜਨ ਲੋਕ ਪਾਲ ਨਿਯੁਕਤ ਕਰਨ ਦਾ ਕਾਨੂੰਨ ਬਣਾਉਣ ਲਈ ਦਿੱਲੀ ਵਿਖੇ ਅੰਦੋਲਨ ਸ਼ੁਰੂ ਕੀਤਾ ਸੀ। ਭਾਰਤੀ ਜਨਤਾ ਪਾਰਟੀ ਨੇ ਅੰਦਰਖਾਤੇ ਉਸਦੇ ਅੰਦੋਲਨ ਦੀ ਸਪੋਰਟ ਕੀਤੀ ਸੀ। ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਉਸ ਸਮੇਂ ਅੰਨਾ ਹਜ਼ਾਰੇ ਦੀ ਲੋਕ ਲਹਿਰ ਬਣ ਗਈ, ਜਿਸ ਕਰਕੇ ਲੋਕਾਂ ਦਾ ਹਜੂਮ ਉਨ੍ਹਾਂ ਨਾਲ ਜੁੜ ਗਿਆ ਸੀ। ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਉਤਸ਼ਾਹ ਦਾ ਲਾਭ ਉਠਾਉਂਦਿਆਂ 20 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰ ਲਈ ਸੀ। ਹਾਲਾਂਕਿ ਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਲਈ ਕੇਜਰੀਵਾਲ ਨੂੰ ਰੋਕਦਾ ਰਿਹਾ ਪ੍ਰੰਤੂ ਅਰਵਿੰਦ ਕੇਜ਼ਰੀਵਾਲ ਨੇ ਅੰਨਾ ਹਜ਼ਾਰੇ ਦੀ ਪ੍ਰਵਾਹ ਨਾ ਕਰਦਿਆਂ ਆਪ ਮੁਹਾਰੇ ਹੋ ਕੇ ਆਮ ਆਦਮੀ ਪਾਰਟੀ ਬਣਾ ਲਈ ਸੀ। ਆਮ ਆਦਮੀ ਪਾਰਟੀ ਵਾ-ਵਰੋਲੇ ਦੀ ਤਰ੍ਹਾਂ ਸਿਆਸੀ ਸੀਨ ‘ਤੇ ਆਈ ਸੀ, ਉਸੇ ਤਰ੍ਹਾਂ ਜਿਵੇਂ ਵਾ-ਵਰੋਲਾ ਚੰਦ ਮਿੰਟਾਂ ਵਿੱਚ ਅਸਮਾਨ ਵਿੱਚ ਪਹੁੰਚਦਾ ਤੇ ਫਿਰ ਜਲਦੀ ਹੀ ਤੀਲਾ-ਤੀਲਾ ਹੋ ਕੇ ਧਰਤੀ ‘ਤੇ ਬਿਖਰ ਜਾਂਦਾ ਹੈ, ਉਸੇ ਤਰ੍ਹਾਂ ਦਿੱਲੀ ਵਿੱਚ ਫਰਵਰੀ 2025 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਕੇ ਖਿੰਡ ਗਿਆ। ਅਰਵਿੰਦ ਕੇਜਰੀਵਾਲ ਸਥਾਪਤ ਪਾਰਟੀਆਂ ਤੋਂ ਵੱਖਰਾ ਢੰਗ ਵਰਤਕੇ ਸਿਆਸਤ ਵਿੱਚ ਬਦਲਾਓ ਲਿਆਉਣ ਦੇ ਦਾਅਵੇ ਕਰਦਾ ਸੀ। ਉਹ ਵਾਅਦੇ ਵਫ਼ਾ ਨਹੀਂ ਹੋਏ। ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਪ੍ਰਸ਼ਾਸ਼ਨ, ਸ਼ਕਤੀਸ਼ਾਲੀ ਲੋਕ ਪਾਲ ਦੀ ਨਿਯੁਕਤੀ, ਵੀ.ਆਈ.ਪੀ.ਕਲਚਰ ਖ਼ਤਮ ਕਰਨ, ਸੁਰੱਖਿਆ ਦੀ ਛੱਤਰੀ ਤੋਂ ਬਿਨਾ ਸਿਆਸਤ ਕਰਨ, ਸਾਦਗੀ ਨਾਲ ਜੀਵਨ ਬਸਰ ਕਰਨ, ਵੱਡੀਆਂ ਗੱਡੀਆਂ ਤੇ ਵੱਡੇ ਘਰ ਨਾ ਲੈਣਾ ਅਤੇ ਵਿਕਾਸ ਸਕੀਮਾ ਤੇ ਰਾਜਨੀਤਕ ਫ਼ੈਸਲੇ ਲੈਣ ਵਿੱਚ ਲੋਕਾਂ ਦੀ ਭਾਗੇਦਾਰੀ ਵਾਅਦਿਆਂ ਦੇ ਲਾਰਿਆਂ ਨਾਲ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਹੋਈ ਸੀ। ਦਿੱਲੀ ਦੇ ਲੋਕ 10 ਸਾਲ ਆਮ ਆਦਮੀ ਪਾਰਟੀ ਤੋਂ ਕੀਤੇ ਵਾਅਦਿਆਂ ਅਤੇ ਗਰੰਟੀਆਂ ਦੇ ਪੂਰੇ ਹੋਣ ਦੀ ਉਡੀਕ ਕਰਦੇ ਰਹੇ। ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ ਜਦੋਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ। ਅਰਵਿੰਦ ਕੇਜਰੀਵਾਲ ਦੇ ਘੁਮੰਡੀ, ਆਪ ਹੁਦਰੇਪਣ ਅਤੇ ਏਕਾਅਧਿਕਾਰ ਵਾਲੇ ਰਵੱਈਏ ਕਰਕੇ ਪਾਰਟੀ ਦੇ ਸੀਨੀਅਰ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਗਏ ਤੇ ਕੁਝ ਨੂੰ ਉਸਨੇ ਆਪਣੇ ਰਸਤੇ ਦਾ ਰੋੜਾ ਸਮਝਦਿਆਂ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਝੂਠ, ਘੁਮੰਡ ਅਤੇ ਲਾਰਿਆਂ ਦਾ ਮਹਿਲ ਲੜਖੜਾ ਗਿਆ ਹੈ। ਕਹਿਣੀ ਤੇ ਕਰਨੀ ਦੇ ਅੰਤਰ ਦਾ ਖ਼ਮਿਆਜਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ਼, ਸਤਿੰਦਰ ਜੈਨ ਅਤੇ ਦੁਰਗੇਸ਼ ਪਾਠਕ ਨੂੰ ਬੁਰੀ ਤਰ੍ਹਾਂ ਚੋਣ ਹਾਰ ਕੇ ਭੁਗਤਣਾ ਪਿਆ। ਇਸਤਰੀਆਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ 11 ਸਾਲ ਵਿੱਚ ਪੂਰਾ ਨਹੀਂ ਕੀਤਾ, ਸਗੋਂ 2025 ਦੀ ਚੋਣ ਵਿੱਚ 2500 ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਅਜਿਹੇ ਫੋਕੇ ਵਾਅਦੇ ਤੇ ਗਰੰਟੀਆਂ ਹੀ ਕੇਜਰੀਵਾਲ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰ ਗਏ। ਸਾਦਗੀ ਦੀ ਡੌਂਡੀ ਪਿੱਟਦੇ ਹੋਇਆਂ ਕੇਜਰੀਵਾਲ ਨੇ ਆਪਣੇ ਰਹਿਣ ਲਈ 48 ਕਰੋੜ ਰੁਪਏ ਨਾਲ ਸ਼ੀਸ਼ ਮਹਿਲ ਦੀ ਉਸਾਰੀ ਕਰ ਲਈ। ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਾਬਤ ਕਰਦਿਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਲੋਕਾਂ ਕੋਲ ਪਾਰਦਰਸ਼ਤਾ ਦਾ ਭਾਂਡਾ ਫੁੱਟ ਗਿਆ। ਲਾਲ ਬੱਤੀ ਕਲਚਰ ਤੇ ਸੁਰੱਖਿਆ ਦਾ ਰੌਲਾ ਪਾਉਂਦੇ ਰਹੇ ਪ੍ਰੰਤੂ ਖੁਦ ਲਈ ਪੰਜਾਬ ਪੁਲਿਸ ਦੇ 100 ਮੁਲਾਜ਼ਮਾ ਨੂੰ ਸੁਰੱਖਿਆ ਲਈ ਨਿਯੁਕਤ ਕਰਵਾ ਰੱਖਿਆ ਸੀ। ਸਾਰੇ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋ ਗਏ। ਇਨਕਲਾਬ ਦਾ ਮਖੌਟਾ ਉਤਰ ਗਿਆ ਹੈ।
ਭਾਰਤੀ ਜਨਤਾ ਪਾਰਨੀ ਨੇ 48 ਵਿਧਾਨ ਸਭਾ ਦੀਆਂ ਸੀਟਾਂ ਜਿੱਤਕੇ 45.6 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੇ 22 ਸੀਟਾਂ ਜਿੱਤਕੇ 43.6 ਫ਼ੀ ਸਦੀ ਵੋਟਾਂ ਲਈਆਂ ਹਨ। ਦੋਹਾਂ ਪਾਰਟੀਆਂ ਦਾ ਸਿਰਫ਼ 2 ਫ਼ੀ ਸਦੀ ਵੋਟਾਂ ਦਾ ਅੰਤਰ ਹੈ। ਕਾਂਗਰਸ ਪਾਰਟੀ ਨੂੰ 6.34 ਫ਼ੀ ਸਦੀ ਵੋਟਾਂ ਮਿਲੀਆਂ ਹਨ ਤੇ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ। ਭਾਰਤੀ ਜਨਤਾ ਪਾਰਟੀ ਨੂੰ ਦੋ ਤਿਹਾਈ ਬਹੁਮਤ ਮਿਲ ਗਿਆ ਹੈ। ਕਾਂਗਰਸ 19 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਵਿੱਚ ਸਫਲ ਰਿਹਾ, ਇਨ੍ਹਾਂ ਵਿੱਚੋਂ 12 ਸੀਟਾਂ ਵਿੱਚ ਜੇਕਰ ਉਹ ਆਮ ਆਦਮੀ ਨਾਲ ਰਲਕੇ ਚੋਣ ਲੜਦੀ ਤਾਂ ਉਸਦੇ ਉਮੀਦਵਾਰ ਜਿੱਤ ਸਕਦੇ ਸੀ। ਆਮ ਆਦਮੀ ਪਾਰਟੀ ਨੇ ਆਪਣੇ 62 ਵਿਧਾਇਕਾਂ ਵਿੱਚੋਂ 25 ਦੀਆਂ ਟਿਕਟਾਂ ਕੱਟ ਦਿੱਤੀਆਂ ਸਨ, ਨਵੇਂ 22 ਉਮੀਦਵਾਰ ਚੋਣ ਹਾਰ ਗਏ। ਜਿਹੜੇ 37 ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਸਨ, ਉਨ੍ਹਾਂ ਵਿੱਚੋਂ ਵੀ 22 ਚੋਣ ਹਾਰ ਗਏ ਸਿਰਫ 15 ਹੀ ਜਿੱਤ ਸਕੇ ਹਨ। ਇਸ ਪ੍ਰਕਾਰ ਆਮ ਆਦਮੀ ਪਾਰਟੀ ਦੀਆਂ 30 ਫ਼ੀ ਸਦੀ ਸੀਟਾਂ ਘਟ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਤਿੰਨ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚਾਰ-ਚਾਰ ਟਿਕਟਾਂ ਸਿੱਖ ਉਮੀਦਵਾਰਾਂ ਨੂੰ ਦਿੱਤੀਆਂ ਸਨ। ਇਸ ਵਾਰ ਤਿੰਨਾ ਪਾਰਟੀਆਂ ਨੇ 11 ਸਿੱਖ ਉਮੀਦਵਾਰਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਤਿੰਨੇ ਉਮੀਦਵਾਰ ਅਰਵਿੰਦਰ ਸਿੰਘ ਲਵਲੀ, ਮਨਜਿੰਦਰ ਸਿੰਘ ਸਿਰਸਾ ਅਤੇ ਤਰਵਿੰਦਰ ਮਰਵਾਹਾ, ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅਤੇ ਕਰਨੈਲ ਸਿੰਘ ਚੋਣ ਜਿੱਤ ਗਏ ਹਨ। ਕਾਂਗਰਸ ਪਾਰਟੀ ਦੇ ਚਾਰੇ ਉਮੀਦਵਾਰ ਚੋਣ ਹਾਰ ਗਏ ਹਨ। ਦਿੱਲੀ ਦੀ ਗ਼ਰੀਬ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਕੀਤੀ ਪ੍ਰੰਤੂ ਮੱਧਵਰਗ ਨੇ ਜਿਨ੍ਹਾਂ ਵਿੱਚ ਸਰਕਾਰੀ ਮੁਲਾਜਮ ਸ਼ਾਮਲ ਹਨ, ਉਨ੍ਹਾਂ ਨੇ ਕੇਂਦਰੀ ਬਜਟ ਵਿੱਚ ਇਨਕਮ ਟੈਕਸ ਵਿੱਚ 12 ਰੁਪਏ ਲੱਖ ਤੱਕ ਵਾਲਿਆਂ ਨੂੰ ਆਮਦਨ ਕਰ ਦੀ ਛੋਟ ਦੇਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ। ਇਨ੍ਹਾਂ ਨਤੀਜਿਆਂ ਦਾ ਪੰਜਾਬ ਦੀ ਸਿਆਸਤ ‘ਤੇ ਵੀ ਪ੍ਰਭਾਵ ਪੈਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣਾ ਭਾਰਤ ਦਾ ਅਪਮਾਨ ਅਮਰੀਕਾ ਦਾ ਗੁਮਾਨ - ਉਜਾਗਰ ਸਿੰਘ
ਅਮਰੀਕਾ ਨੇ 104 ਗ਼ੈਰ ਕਾਨੂੰਨੀ ਤੌਰ ‘ਤੇ ਗਏ ਭਾਰਤੀਆਂ ਨੂੰ ਬੇਇੱਜ਼ਤ ਢੰਗ ਨਾਲ ਵਾਪਸ ਭੇਜ ਦਿੱਤਾ ਹੈ, 487 ਹੋਰ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 12 ਫਰਵਰੀ ਨੂੰ ਅਮਰੀਕਾ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਦੋਸਤ ਡੋਨਾਲਡ ਟਰੰਪ ਨਾਲ ਹੱਥਕੜੀਆਂ ਅਤੇ ਬੇੜੀਆਂ ਪਹਿਨਾ ਕੇ ਵਾਪਸ ਭੇਜਣ ਤੋਂ ਰੋਕਣ ਲਈ ਗੱਲਬਾਤ ਕਰਨੀ ਚਾਹੀਦੀ ਹੈ। ਗ਼ੈਰ ਕਾਨੂੰਨੀ ਤੌਰ ‘ਤੇ ਏਜੰਟਾਂ ਦੇ ਧੱਕੇ ਚੜ੍ਹਕੇ ਅਮਰੀਕਾ ਗਏ ਭਾਰਤੀਆਂ ਨੂੰ ਅਮਰੀਕਾ ਦਾ ਭਾਰਤ ਵਿੱਚ ਫ਼ੌਜ ਦੇ ਜ਼ਹਾਜ ਰਾਹੀਂ ਹੱਥਕੜੀਆਂ, ਲੱਕ ਅਤੇ ਪੈਰਾਂ ਵਿੱਚ ਬੇੜੀਆਂ ਬੰਨ੍ਹਕੇ ਵਾਪਸ ਭੇਜਣਾ, ਅੱਜ ਕਲ੍ਹ ਸਮੁੱਚੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਇਉਂ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਨੇ ਕੋਈ ਘੋਰ ਅਪ੍ਰਾਧ ਕੀਤਾ ਹੋਵੇ। ਪ੍ਰੰਤੂ ਅਸਲੀਅਤ ਇਹ ਨਹੀਂ ਸੀ। ਦੇਸ਼ ਦੀ ਜਨਤਾ ਭਾਰਤ ਦਾ ਅਪਮਾਨ ਹੋਇਆ ਮਹਿਸੂਸ ਕਰ ਰਹੀ ਹੈ। ਫ਼ੌਜ ਦੇ ਜ਼ਹਾਜ ਦੇਸ਼ ਦੀ ਸੁਰੱਖਿਆ ਲਈ ਫ਼ੌਜ ਵੱਲੋਂ ਵਰਤੇ ਜਾਂਦੇ ਹਨ। ਕਿਸੇ ਖਾਸ ਹਾਲਾਤ ਵਿੱਚ ਸੁਰੱਖਿਆ ਕਾਰਨਾ ਕਰਕੇ ਦੇਸ਼ ਦੇ ਸਰਵਉਚ ਵਿਅਕਤੀਆਂ ਲਈ ਵੀ ਵਰਤਿਆ ਜਾਂਦੇ ਹਨ। ਵੈਸੇ ਇਤਨੇ ਵੱਡੇ ਜ਼ਹਾਜਾਂ ਦੀ ਫ਼ੌਜ ਦਾ ਸਾਮਾਨ ਟੈਂਕਾਂ ਵਗੈਰਾ ਦੀ ਢੋਅ ਢੁਆਈ ਲਈ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਜ਼ਹਾਜ ਵਿੱਚ ਸੀਟਾਂ ਨਹੀਂ ਸਨ, ਭਾਰਤੀਆਂ ਨੂੰ ਫਰਸ਼ ‘ਤੇ ਬਿਠਾਇਆ ਗਿਆ ਸੀ, ਜੇ ਇਹ ਸੱਚ ਹੈ ਤਾਂ ਬਹੁਤ ਮਾੜੀ ਗੱਲ ਹੈ। ਹੱਥਾਂ ਵਿੱਚ ਹੱਥਕੜੀਆਂ, ਲੱਕਾਂ ਅਤੇ ਪੈਰਾਂ ਵਿੱਚ ਬੇੜੀਆਂ ਲੱਗੀਆਂ ਹੋਈਆਂ ਸਨ। ਵਾਸ਼ ਰੂਮ ਜਾਣ ਸਮੇਂ ਵੀ ਇਹ ਖੋਲ੍ਹੀਆਂ ਨਹੀਂ ਜਾਂਦੀਆਂ ਸਨ, ਅਜਿਹੇ ਹਾਲਾਤ ਵਿੱਚ ਵਾਸ਼ ਰੂਮ ਜਾਣ ਲਈ ਵੀ ਸਮੱਸਿਆ ਪੈਦਾ ਹੁੰਦੀ ਰਹੀ ਹੈ। 40 ਘੰਟੇ ਦਾ ਸਫਰ ਬਹੁਤ ਹੀ ਬੇਇੰਤਜ਼ਾਮੀ ਵਾਲਾ ਤੇ ਅਣਮਨੁੱਖੀ ਰਿਹਾ, ਇੱਕ ਦੂਜੇ ਨਾਲ ਗੱਲ ਕਰਨ ਅਤੇ ਫਿਰਨ ਤੁਰਨ ਦੀ ਮਨਾਹੀ ਸੀ। ਭਾਰਤੀਆਂ ਵਿੱਚ 72 ਮਰਦ, 19 ਇਸਤਰੀਆਂ ਅਤੇ 13 ਬੱਚੇ ਸ਼ਾਮਲ ਸਨ। ਵੈਸੇ ਅਮਰੀਕਾ ਦਾ ਕਾਨੂੰਨ ਅਮਰੀਕਾ ਵਿੱਚ ਪਹੁੰਚੇ ਵਿਅਕਤੀ ਨੂੰ ਇਸ ਪ੍ਰਕਾਰ ਵਾਪਸ ਭੇਜਣ ਦੀ ਇਜ਼ਾਜ਼ਤ ਨਹੀਂ ਦਿੰਦਾ। ਜਿਹੜਾ ਵੀ ਵਿਅਕਤੀ ਇੱਕ ਵਾਰ ਅਮਰੀਕਾ ਵਿੱਚ ਪਹੁੰਚ ਜਾਂਦਾ, ਉਸਨੂੰ ਉਤਨੀ ਦੇਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ, ਜਿਤਨੀ ਦੇਰ ਉਹ ਕੋਈ ਕਰਾਈਮ ਨਹੀਂ ਕਰਦਾ। ਇਨ੍ਹਾਂ ਭਾਰਤੀਆਂ ਨੂੰ ਤਾਂ ਉਥੇ ਗਇਆਂ ਨੂੰ ਅਜੇ ਬਹੁਤ ਥੋੜ੍ਹਾ ਸਮਾਂ ਹੋਇਆ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ ਇਨ੍ਹਾਂ ਨੂੰ ਕਚਹਿਰੀ ਵਿੱਚ ਆਪਣੇ ਕੇਸ ਕਰਨ ਦੀ ਇਜ਼ਾਜ਼ਤ ਹੁੰਦੀ ਹੈ। ਇਹ ਲੋਕਾਂ ਨੇ ਅਜੇ ਅਪਲਾਈ ਕਰਨਾ ਸੀ ਪ੍ਰੰਤੂ ਇਨ੍ਹਾਂ ਨੂੰ ਅਪਲਾਈ ਕਰਨ ਹੀ ਨਹੀਂ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਇਹ ਸਾਰਾ ਕੁਝ ਟਰੰਪ ਦੇ ਜ਼ੁਬਾਨੀ ਕਲਾਮੀ ਹੁਕਮਾ ਨਾਲ ਚਲਦਾ ਹੈ। ਵਾਪਸ ਤਾਂ ਉਹ ਭੇਜ ਸਕਦੇ ਹਨ ਪ੍ਰੰਤੂ ਕਚਹਿਰੀ ਵਿੱਚ ਕੇਸ ਖ਼ਾਰਜ ਹੋਣ ਤੋਂ ਬਾਅਦ।
ਸਿਆਸੀ ਪਾਰਟੀਆਂ ਅਜਿਹੇ ਨਾਜ਼ੁਕ ਤੇ ਸੰਵੇਦਨਸ਼ੀਲ ਮੁੱਦੇ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਪਿੱਛੇ ਨਹੀਂ ਹੱਟ ਰਹੀਆਂ, ਸਗੋਂ ਉਨ੍ਹਾਂ ਲੲਂੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਘੇਰਨ ਲਈ ਜਿਵੇਂ ਸੁੰਢ ਦੀ ਗੱਠੀ ਦੀ ਕਹਾਵਤ ਦੀ ਤਰ੍ਹਾਂ ਨਵਾਂ ਮੁੱਦਾ ਮੁੱਦਤ ਬਾਅਦ ਲੱਭਿਆ ਹੋਵੇ। ਵੈਸੇ ਉਨ੍ਹਾਂ ਦਾ ਵਿਰੋਧ ਕਰਨਾ ਜ਼ਾਇਜ ਵੀ ਲੱਗਦਾ ਹੈ ਕਿਉਂਕਿ ਦੇਸ਼ ਦੇ ਨਾਗਰਿਕਾਂ ਦੇ ਮਾਨ ਸਨਮਾਨ ਦਾ ਮੁੱਦਾ ਹੈ। ਭਾਰਤ ਦੇ ਸਵੈਮਾਨ ਨੂੰ ਆਂਚ ਆਈ ਹੈ। ਭਾਰਤ ਸਰਕਾਰ ਨੂੰ ਵੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿ ਭਾਰਤੀਆਂ ਨਾਲ ਅਜਿਹਾ ਵਿਵਹਾਰ ਕਿਉਂ ਹੋਇਆ? ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੋਵੇਂ ਇੱਕ ਦੂਜੇ ਨੂੰ ਆਪਣੇ ਮਿੱਤਰ ਕਹਿੰਦੇ ਹਨ। ਇਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼੍ਰੀ ਨਰਿੰਦਰ ਮੋਦੀ ਦੇ ਸੱਦੇ ਤੇ ਇੱਕ ਕਿਸਮ ਨਾਲ ਭਾਰਤ ਚੋਣ ਪ੍ਰਚਾਰ ਲਈ ਵੀ ਆਏ ਸਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਚੋਣ ਸਮੇਂ ਮਦਦ ਕਰਨ ਲਈ ਅਮਰੀਕਾ ਵਿੱਚ ਭਾਰਤੀਆਂ ਦੇ ਇੱਕ ਜਲਸੇ ਨੂੰ ਸੰਬੋਧਨ ਕਰਕੇ ਆਏ ਸਨ, ਜਿਥੇ ਦੋਹਾਂ ਨੇਤਾਵਾਂ ਨੇ ਦੋਸਤੀ ਦੇ ਦਮਗਜ਼ੇ ਮਾਰੇ ਸੀ।
ਇਹ ਵੀ ਸਹੀ ਗੱਲ ਹੈ ਕਿ ਕਿਸੇ ਵੀ ਦੇਸ਼ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਉਥੇ ਪਹੁੰਚਣਾ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਸ ਦੇਸ਼ ਦਾ ਸੰਵਿਧਾਨ ਹੁੰਦਾ ਹੈ, ਉਸ ਅਨੁਸਾਰ ਉਹ ਗ਼ੈਰ ਕਾਨੂੰਨੀ ਲੋਕਾਂ ਨੂੰ ਦੇਸ਼ ਨਿਕਾਲਾ ਦੇ ਸਕਦਾ ਹੈ, ਪ੍ਰੰਤੂ ਵਾਪਸ ਭੇਜਣ ਲਈ ਉਨ੍ਹਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨੀ ਜ਼ਰੂਰੀ ਹੁੰਦੀ ਹੈ। ਖਾਸ ਤੌਰ ‘ਤੇ ਅਮਰੀਕਾ ਵਰਗੇ ਦੇਸ਼ ਲਈ ਜਿਹੜਾ ਮਨੁੱਖੀ ਅਧਿਕਾਰਾਂ ਦਾ ਆਪਣੇ ਆਪ ਨੂੰ ਰਖਵਾਲਾ ਸਮਝਦਾ ਹੋਇਆ, ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਜੇਕਰ ਮਨੁੱਖੀ ਹੱਕਾਂ ਦੀ ਉਲੰਘਣਾ ਹੁੰਦੀ ਹੈ ਤਾਂ ਤੁਰੰਤ ਦਖ਼ਲ ਦਿੰਦਾ ਰਹਿੰਦਾ ਹੈ। ਉਸ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਮੌਕੇ ਕੀਤਾ ਗਿਆ ਅਣਉਚਿਤ ਵਿਵਹਾਰ ਨਿੰਦਣਯੋਗ ਹੈ। ਅਮਰੀਕਾ ਦੇ ਭਾਰਤੀਆਂ ਨਾਲ ਕੀਤੇ ਗਏ ਵਿਵਹਾਰ ਦੇ ਸਿੱਟੇ ਵਜੋਂ ਸਮੁੱਚੇ ਭਾਰਤ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਅਮਰੀਕਾ ਨੇ ਭਾਰਤੀਆਂ ਨੂੰ ਵਾਪਸ ਭੇਜਣ ਤੋਂ ਪਹਿਲਾਂ ਭਾਰਤ ਨਾਲ ਤਾਲ ਮੇਲ ਕੀਤਾ ਸੀ, ਕਿਉਂਕਿ ਕੁਝ ਦਿਨ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਜੈ ਸ਼ੰਕਰ ਅਮਰੀਕਾ ਦੇ ਦੌਰੇ ‘ਤੇ ਗਏ ਸਨ ਤੇ ਉਨ੍ਹਾਂ ਦਾ ਬਿਆਨ ਆਇਆ ਸੀ ਕਿ ਉਹ ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਹਨ। ਉਸ ਮੌਕੇ ਵਿਦੇਸ਼ ਮੰਤਰੀ ਨੂੰ ਅਮਰੀਕਾ ਨੂੰ ਕਹਿਣਾ ਚਾਹੀਦਾ ਸੀ ਕਿ ਉਹ ਖ਼ੁਦ ਗ਼ੈਰ ਕਾਨੂੰਨੀ ਭਾਰਤੀਆਂ ਨੂੰ ਆਪਣੇ ਜ਼ਹਾਜ ਵਿੱਚ ਸਤਿਕਾਰ ਸਹਿਤ ਵਾਪਸ ਲੈ ਜਾਣਗੇ। ਹੁਣ ਸ਼੍ਰੀ ਜੈ ਸੰਕਰ ਵਿਦੇਸ਼ ਮੰਤਰੀ ਜੀ ਦਾ ਇਹ ਕਹਿਣਾ ਕਿ ਭਾਰਤੀ ਸਾਡੇ ਸਨਮਾਨਯੋਗ ਨਾਗਰਿਕ ਹਨ, ਇਤਨੇ ਨਿਰਾਦਰ ਤੋਂ ਬਾਅਦ ਇੰਜ ਕਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਅਜੇ ਤਾਂ ਅਮਰੀਕਾ ਦੀ ਸਰਕਾਰ ਵੱਲੋਂ 20407 ਗ਼ੈਰ ਕਾਨੂੰਨੀ ਭਾਰਤੀਆਂ ਦੀ ਕੀਤੀ ਪਛਾਣ ਵਿੱਚੋਂ 104 ਨੂੰ ਵਾਪਸ ਭੇਜ ਕੇ ਇੱਕ ਪੂਣੀ ਹੀ ਕੱਤੀ ਹੈ। ਬਾਕੀਆਂ ਦੀ ਵਾਪਸੀ ਸਮੇਂ ਕੇਂਦਰ ਸਰਕਾਰ ਨੂੰ ਆਪਣਾ ਜਹਾਜ ਭੇਜਣਾ ਚਾਹੀਦਾ ਹੈ। ਸ਼੍ਰੀ ਜੈ ਸ਼ੰਕਰ ਬਿਓਰੋਕਰੇਟ ਤੋਂ ਬਣਿਆਂ ਸਿਆਸਤਦਾਨ ਹੈ, ਇਹੋ ਸ਼ੁਰੂ ਤੋਂ ਸਿਆਸਤ ਵਿੱਚ ਆਏ ਸਿਆਸਤਦਾਨ ਦਾ ਅੰਤਰ ਹੁੰਦਾ ਹੈ, ਬਿਓਰੋਕਰੇਟ ਸਿਰਫ ਉਸ ਦੇਸ਼ ਦੇ ਕਾਨੂੰਨਾ ਨੂੰ ਵੇਖਦਾ ਹੈ, ਆਪਣੇ ਦੇਸ਼ ਦੇ ਨਾਗਰਿਕਾਂ ਬਾਰੇ ਸੋਚਦਾ ਹੀ ਨਹੀਂ। ਇਹ ਹੋ ਸਕਦਾ ਜੇਕਰ ਕੋਈ ਸਿਆਸਤਦਾਨ ਵਿਦੇਸ਼ ਮੰਤਰੀ ਹੁੰਦਾ ਤਾਂ ਉਹ ਜ਼ਰੂਰ ਆਪਣੀਆਂ ਵੋਟਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਦਾ। ਭਾਰਤ ਦੇ ਵਿਦੇਸ਼ ਮੰਤਰੀ ਕਹਿੰਦੇ ਹਨ ਕਿ 2012 ਤੋਂ ਵਾਪਸ ਭੇਜਣ ਦਾ ਕੰਮ ਅਮਰੀਕਾ ਕਰ ਰਿਹਾ ਹੈ, ਇਹ ਕੋਈ ਨਵਾਂ ਤੇ ਪਹਿਲੀ ਵਾਰ ਹੋਇਆ ਕੰਮ ਨਹੀਂ ਪ੍ਰੰਤੂ ਉਨ੍ਹਾਂ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਪਹਿਲਾਂ ਜਿਹੜੇ ਭਾਰਤੀਆਂ ਨੂੰ ਭੇਜਿਆ ਗਿਆ ਹੈ, ਉਨ੍ਹਾਂ ਨੂੰ ਕਦੀਂ ਵੀ ਇਸ ਪ੍ਰਕਾਰ ਜ਼ੰਜੀਰਾਂ ਨਾਲ ਜਕੜਕੇ ਦੁਰਵਿਵਹਾਰ ਨਾਲ ਨਹੀਂ ਭੇਜਿਆ ਗਿਆ। ਭਾਰਤੀਆਂ ਨਾਲ ਇਤਨੀ ਜ਼ਬਰਦਸਤੀ, ਬਦਸਲੂਕੀ, ਅਤੇ ਬੇਇਜ਼ਤੀ ਕਦੀਂ ਵੀ ਨਹੀਂ ਹੋਈ। ਅਮਰੀਕਾ ਸੰਸਾਰ ਦੇ ਹੋਰ ਦੇਸ਼ਾਂ ਦੇ ਗ਼ੈਰਕਾਨੂੰਨੀ ਨਾਗਰਿਕਾਂ ਨੂੰ ਵੀ ਵਾਪਸ ਭੇਜ ਰਹੀ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਅਨੁਸਾਰ ਇੱਕ ਕੋਲੰਬੀਆ ਦੇਸ਼ ਨੇ ਅਮਰੀਕਾ ਦੇ ਜਹਾਜ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਆਪਣੇ ਜਹਾਜ ਵਿੱਚ ਮਾਨ ਸਨਮਾਨ ਨਾਲ ਲੈਕ ਆਏ ਹਨ, ਫਿਰ ਭਾਰਤ ਅਜਿਹਾ ਕਿਉਂ ਨਹੀਂ ਕਰ ਸਕਿਆ?
ਭਾਰਤ ਨੂੰ ਪਰਵਾਸ ਵਿੱਚ ਗ਼ੈਰ ਕਾਨੂੰਨੀ ਪਰਵਾਸ ਕਰਨ ਵਾਲੇ ਨੌਜਵਾਨਾ ਬਾਰੇ ਸੰਜੀਦਗੀ ਨਾਲ ਸੋਚਣਾ ਪਵੇਗਾ ਕਿ ਇਹ ਪਰਵਾਸ ਕਿਉਂ ਹੋ ਰਿਹਾ ਹੈ? ਪਰਵਾਸ ਵਿੱਚ ਵਹੀਰਾਂ ਘੱਤ ਕੇ ਜਾਣ ਦੇ ਬਹੁਤ ਸਾਰੇ ਕਾਰਨ ਹਨ। ਗ਼ੈਰ ਕਾਨੂੰਨੀ ਪਰਵਾਸ ਪੰਜਾਬੀਆਂ ਵੱਲੋਂ ਗ਼ਦਰੀ ਬਾਬਿਆਂ ਦੇ ਸਮੇਂ ਤੋਂ ਹੋ ਰਿਹਾ ਹੈ। ਉਦੋਂ ਵੀ ਬਹੁਤ ਸਾਰੇ ਗ਼ਦਰੀ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਆਜ਼ਾਦੀ ਦੇ ਪ੍ਰਵਾਨੇ ਗਏ ਸਨ। ਉਦੋਂ ਉਨ੍ਹਾਂ ਦੀਆਂ ਸਿਆਸੀ ਮਜ਼ਬੂਰੀਆਂ ਹੋਣਗੀਆਂ ਪ੍ਰੰਤੂ ਵਰਤਮਾਨ ਪਰਵਾਸ ਦੇ ਮੁੱਖ ਕਾਰਨਾ ਪਿੱਛੇ ਬੇਰੋਜ਼ਗਾਰੀ, ਮਹਿੰਗਾਈ, ਕਿਸਾਨਾ ਦਾ ਕਰਜ਼ਈ ਹੋਣਾ। ਭਾਰਤ ਦੀ ਪ੍ਰਸ਼ਾਸ਼ਨਿਕ ਪ੍ਰਣਾਲੀ, ਏਜੰਟਾਂ ਵੱਲੋਂ ਵਿਖਾਏ ਗਏ ਸੁਨਹਿਰੀ ਸਬਜ਼ਬਾਗ ਅਤੇ ਭੇਡ ਚਾਲ ਸ਼ਾਮਲ ਹਨ। ਭਾਰਤ ਨੂੰ ਆਪਣੀ ਕੰਮਕਾਜ਼ੀ ਪ੍ਰਣਾਲੀ ਬਦਲਣੀ ਪਵੇਗੀ ਕਿਉਂਕਿ ਨੌਜਵਾਨ ਸਾਡੀ ਪ੍ਰਣਾਲੀ ਤੋਂ ਬਹੁਤ ਦੁੱਖੀ ਹਨ। ਹਰ ਨਿੱਕੀ ਤੋਂ ਨਿੱਕੀ ਗੱਲ ਵਿੱਚ ਸਿਆਸਤਦਾਨ ਦਖ਼ਲਅੰਦਾਜ਼ੀ ਕਰਦੇ ਹਨ। ਬਿਓਰੋਕਰੇਸੀ ਨੂੰ ਵੀ ਆਪਣੀ ਕਾਰਜਪ੍ਰਣਾਲੀ ਵਿੱਚ ਸੋਧ ਕਰਨੀ ਚਾਹੀਦੀ ਹੈ। ਬਿਊਰੋਕਰੇਸੀ ਤੇ ਸਿਆਸਤਦਾਨਾ ਦੀ ਮਿਲਭੁਗਤ ਕਰਕੇ ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ, ਫਿਰ ਉਨ੍ਹਾਂ ਵਿੱਚ ਅਸੰਤੁਸ਼ਟੀ ਵੱਧਦੀ ਹੈ। ਜੇਕਰ ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਸਿਰਫ਼ ਵੋਟਾਂ ਪ੍ਰਾਪਤ ਕਰਨ ਦੀ ਥਾਂ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਮੁੱਖ ਰੱਖਕੇ ਯੋਜਨਾਵਾਂ ਬਣਾਉਂਦੀਆਂ ਤਾਂ ਅੱਜ ਸਾਨੂੰ ਇਹ ਹਾਲਾਤ ਵੇਖਣੇ ਨਾ ਪੈਂਦੇ। ਸਰਕਾਰੀ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ, ਆਊਟ ਸੋਰਸਿੰਗ ਰਾਹੀਂ ਭਰਤੀ ਕੀਤੀ ਜਾ ਰਹੀ ਹੈ, ਬੰਨ੍ਹਵੀ ਤਨਖ਼ਾਹ ਬਹੁਤ ਘੱਟ ਦਿੱਤੀ ਜਾ ਰਹੀ ਹੈ, ਜਿਸ ਨਾਲ ਗੁਜ਼ਾਰਾ ਨਹੀਂ ਹੋ ਰਿਹਾ।
ਪੰਜਾਬ ਦੀ ਨੌਜਵਾਨੀ ਆਪਣੇ ਪਿਤਾ ਪੁਰਖੀ ਕੰਮ ਛੱਡਕੇ ਵਾਈਟ ਕਾਲਰ ਨੌਕਰੀਆਂ ਭਾਲਦੇ ਹਨ। ਇਸ ਲਈ ਨੌਜਵਾਨਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ, ਜਿਹੜੇ ਆਪਣੀ ਔਲਾਦ ਨੂੰ ਸਹੀ ਮਾਰਗ ਦਰਸ਼ਨ ਨਹੀਂ ਕਰ ਰਹੇ। ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਨਹੀਂ ਹੋਰਾਂ ਸੂਬਿਆਂ ਲੱਖਾਂ ਲੋਕ ਇੱਥੇ ਆ ਕੇ ਕੰਮ ਕਰ ਰਹੇ ਹਨ। ਪੰਜਾਬੀ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਭੱਜੇ ਜਾ ਰਹੇ ਹਨ। ਸਾਡੀ ਵਿਦਿਅਕ ਪ੍ਰਣਾਲੀ ਵੀ ਰੋਜ਼ਗਾਰ ਮੁੱਖੀ ਨਹੀਂ ਹੈ, ਇਸ ਪਾਸੇ ਵੀ ਸੁਧਾਰਾਂ ਦੀ ਲੋੜ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਜਿਹੜੀ ਵੀ ਨਵਂੀਂ ਯੋਜਨਾ ਬਣਾਉਂਦੇ ਹਨ, ਉਹ ਵੋਟਾਂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀ ਜੈ ਸ਼ੰਕਰ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਸਰਕਾਰ ਏਜੰਟਾਂ ਦੀ ਪੜਤਾਲ ਕਰਵਾਏਗੀ। ਇਹ ਬਹੁਤ ਚੰਗੀ ਗੱਲ ਹੈ, ਏਜੰਟਾਂ ‘ਤੇ ਸਰਕਾਰ ਨੂੰ ਸਿਕੰਜਾ ਕਸਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਰਾਜਾਂ ਵਿੱਚ ਏਜੰਟਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ। ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨਾਲ ਏਜੰਟਾਂ ਨੇ ਧੋਖੇ ਕੀਤੇ ਹਨ, ਉਸ ਸਮੇਂ ਰਾਜ ਸਰਕਾਰਾਂ ਨੇ ਜੇਕਰ ਏਜੰਟਾਂ ਨੂੰ ਪਕੜਕੇ ਸਜ਼ਾਵਾਂ ਦਿਵਾਈਆਂ ਹੁੰਦੀਆਂ ਤਾਂ ਹੁਣ ਤੱਕ ਅਜਿਹੇ ਕਾਰਜ ਬੰਦ ਹੋ ਜਾਂਦੇ। ਗੱਲ ਸਰਕਾਰਾਂ ਦੀ ਪ੍ਰਸ਼ਾਸ਼ਨਿਕ ਪ੍ਰਣਾਲੀ ਹੀ ਆ ਜਾਂਦੀ ਹੈ। ਰਾਜ ਅਤੇ ਕੇਂਦਰ ਸਰਕਾਰ ਨੂੰ ਏਜੰਟਾਂ ਬਾਰੇ ਸਾਰਾ ਕੁਝ ਪਤਾ ਹੈ ਪ੍ਰੰਤੂ ਇਹ ਹੀ ਏਜੰਟ ਸਿਆਸਤਦਾਨਾਂ ਨੂੰ ਚੋਣਾਂ ਸਮੇਂ ਚੋਣ ਫ਼ੰਡ ਦੇ ਦਿੰਦੇ ਸਨ ਤੇ ਸਰਕਾਰਾਂ ਨੂੰ ਸਿਆਸਤਦਾਨ ਚਲਾਉਂਦੇ ਹਨ। ਫਿਰ ਉਨ੍ਹਾਂ ਤੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲਕੇ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਜੋ ਗ਼ੈਰਕਾਨੂੰਨੀ ਪਰਵਾਸ ਨੂੰ ਰੋਕਿਆ ਜਾ ਸਕੇ। ਇੱਕ ਗੱਲ ਚੰਗੀ ਹੋਣ ਦੀ ਉਮੀਦ ਹੈ ਕਿ ਇਸ ਘਟਨਾ ਤੋਂ ਬਾਅਦ ਸ਼ਾਇਦ ਭਾਰਤੀ ਪਰਵਾਰ ਵਿੱਚ ਗ਼ੈਰਕਾਨੂੰਨੀ ਜਾਣਾ ਬੰਦ ਕਰ ਦੇਣ। ਇਹ ਵੀ ਸਮਝ ਨਹੀਂ ਆਉਂਦੀ ਕਿ ਡੋਨਾਲਡ ਟਰੰਪ ਭਾਰਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਹਰੀ ਸਿੰਘ ਚਮਕ ਦਾ ਕਵਿ ਸੰਗ੍ਰਹਿ ‘ਖ਼ਾਰੇ ਅਥਰੂ’ ਸਮਾਜਿਕ ਸਰੋਕਰਾਂ ਦਾ ਪ੍ਰਤੀਕ - ਉਜਾਗਰ ਸਿੰਘ
ਹਰੀ ਸਿੰਘ ਚਮਕ ਸੰਵੇਦਨਸ਼ੀਲ ਸ਼ਾਇਰ ਹੈ। ਬਚਪਨ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੂੰ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਕਹਾਣੀਆਂ ਲਿਖਣ ਲੱਗ ਗਿਆ ਅਤੇ ਕਾਲਜ ਦੀ ਸਾਹਿਤ ਸਭਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਿਆ। ਉਸ ਤੋਂ ਬਾਅਦ ਤਾਂ ਚਲ ਸੋ ਚਲ ਸਾਹਿਤਕ ਮਸ ਹੋਰ ਪਰਪੱਕ ਹੁੰਦਾ ਰਿਹਾ। ਪਟਿਆਲਾ ਨੌਕਰੀ ਕਰਦਿਆਂ ਸਥਾਨਕ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਆਉਣ ਕਰਕੇ ਉਸਦਾ ਸਾਹਿਤਕਾਰਾਂ ਨਾਲ ਮੇਲਜੋਲ ਵੱਧ ਗਿਆ। ਇਸ ਦੇ ਸਿੱਟੇ ਵਜੋਂ ਸਾਹਿਤਕ ਪ੍ਰਵਿਰਤੀ ਪ੍ਰਫੁੱਲਤ ਹੋ ਗਈ। ਇਸ ਸਮੇਂ ਦੌਰਾਨ ਉਸਦੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਅਖ਼ਬਾਰਾਂ ਅਤੇ ਮੈਗਜ਼ੀਨਾ ਵਿੱਚ ਪ੍ਰਕਾਸ਼ਤ ਹੁੰਦੇ ਰਹੇ। ਉਸਦੀ ਇਕ ਮਿੰਨੀ ਕਹਾਣੀਆਂ ਦੀ ਪੁਸਤਕ ‘ ਗਿਰਝਾਂ’ 2023 ਵਿੱਚ ਪ੍ਰਕਾਸ਼ਤ ਹੋਈ ਸੀ। ਹਰੀ ਸਿੰਘ ਚਮਕ ਦੀਆਂ ਕਵਿਤਾਵਾਂ ਪੰਜ ਕਾਵਿ ਸੰਗ੍ਰਹਿਾਂ ਅਤੇ ਇੱਕ ਮਿੰਨੀ ਕਹਾਣੀਆਂ ਦੀ ਪੁਸਤਕ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ‘ਖ਼ਾਰੇ ਹੰਝੂ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ 66 ਕਵਿਤਾਵਾਂ ਵੱਖਰੇ-ਵੱਖਰੇ ਰੰਗ ਬਖ਼ੇਰਦੀਆਂ ਹਨ। ਹਰੀ ਸਿੰਘ ਚਮਕ ਭਾਵਨਾਤਮਿਕ, ਯਥਾਰਥਵਾਦੀ, ਮਾਨਵਵਾਦੀ ਅਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵੀ ਹੈ। ਸਮਾਜਿਕ ਤਾਣੇ-ਬਾਣੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਉਸਦਾ ਪ੍ਰਭਾਵ ਹਰੀ ਸਿੰਘ ਚਮਕ ਦੀਆਂ ਕਵਿਤਾਵਾਂ ਵਿੱਚੋਂ ਵੇਖਣ ਨੂੰ ਮਿਲਦਾ ਹੈ। ਉਸਦੇ ਇੱਕ ਦਿਹਾਤੀ ਕਿਸਾਨੀ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਕਿਸਾਨੀ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ਨੂੰ ਬੜਾ ਨੇੜਿਓੁਂ ਵੇਖਣ ਦਾ ਮੌਕਾ ਮਿਲਦਾ ਰਿਹਾ, ਜਿਸ ਕਰਕੇ ਉਹ ਉਨ੍ਹਾਂ ਦੀ ਜ਼ਿੰਦਗੀ ਦੀਆਂ ਉਲਝਣਾਂ ਦੀਆਂ ਪਰਤਾਂ ਨੂੰ ਆਪਣੀ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਉਹ ਸਾਰੀ ਉਮਰ ਸਰਕਾਰੀ ਨੌਕਰੀ ਦੌਰਾਨ ਕਰਮਚਾਰੀਆਂ ਦੇ ਨੇਤਾ ਦੇ ਤੌਰ ‘ਤੇ ਅਗਵਾਈ ਕਰਦਾ ਰਿਹਾ ਹੈ। ਇਸ ਕਰਕੇ ਉਸਨੂੰ ਦਫ਼ਤਰਾਂ ਦੀਆਂ ਕੁਰੀਤੀਆਂ ਦੀ ਵੀ ਪੂਰੀ ਜਾਣਕਾਰੀ ਹੈ। ਉਹ ਉਨ੍ਹਾਂ ਦੀਆਂ ਬਾਰੀਕੀਆਂ ਵਾਰੇ ਵੀ ਸੰਜੀਦਗੀ ਨਾਲ ਕਵਿਤਾਵਾਂ ਲਿਖਦਾ ਹੈ। ਨੌਕਰੀ ਦੌਰਾਨ ਕਰਮਚਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਉਸਦਾ ਵਾਹ ਸਿਆਸਤਦਾਨਾ ਨਾਲ ਵੀ ਪੈਂਦਾ ਰਿਹਾ ਹੈ। ਹਰੀ ਸਿੰਘ ਚਮਕ ਸਿਆਸਤਦਾਨਾ ਬਾਰੇ ਲਿਖਦਾ ਹੈ ਕਿ ਉਹ ਲੋਕਾਈ ਦੇ ਮਾਰਗ ਦਰਸ਼ਕ ਹੋਣੇ ਚਾਹੀਦੇ ਹਨ ਪ੍ਰੰਤੂ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਹਨ। ਉਹ ਤਾਂ ਕੁਰਾਹੇ ਪੈ ਗਏ ਹਨ, ਜਿਸ ਦਾ ਅਸਰ ਸਮੁੱਚੀ ਲੋਕਾਈ ‘ਤੇ ਪੈ ਰਿਹਾ ਹੈ। ਭਰੂਣ ਹੱਤਿਆ, ਆਧੁਨਿਕ ਪੜ੍ਹੇ ਲਿਖੇ ਸਮਾਜ ਵਿੱਚ ਬਾਦਸਤੂਰ ਜ਼ਾਰੀ ਹੈ। ਨਸ਼ਿਆਂ ਦਾ ਪ੍ਰਕੋਪ ਵੀ ਘੱਟਣ ਦਾ ਨਾਮ ਨਹੀਂ ਲੈ ਰਿਹਾ। ਔਰਤਾਂ ‘ਤੇ ਅਤਿਆਚਾਰ ਕੀਤੇ ਜਾਂਦੇ ਹਨ। ਦਿਨ ਦਿਹਾੜੇ ਔਰਤਾਂ ਅਗਵਾ ਕੀਤੀਆਂ ਜਾਂਦੀਆਂ ਹਨ। ਅਜੇ ਵੀ ਬਲਾਤਕਾਰ ਆਮ ਹੋ ਰਹੇ ਹਨ। ਦਾਜ ਦੇ ਲਾਲਚ ਲੜਕੀਆਂ ਨੂੰ ਸਾੜਿਆ ਜਾ ਰਿਹਾ ਹੈ। ਕੋਈ ਸੁਣਵਾਈ ਨਹੀਂ। ਤਕੜੇ ਦਾ ਸੱਤੀਂ ਵੀਂਹੀਂ ਸੌ ਹੁੰਦੈ। ਇਨ੍ਹਾਂ ਸਾਰੀਆਂ ਅਲਾਮਤਾਂ ਨੂੰ ਉਹ ਆਪਣੀ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ। ਸ਼ਾਇਰ ਔਰਤਾਂ ਨੂੰ ਪੜ੍ਹਾਈ ਦੇ ਗਹਿਣੇ ਨਾਲ ਜ਼ਿੰਦਗੀ ਜਿਓਣ ਲਈ ਕਹਿੰਦਾ ਹੈ, ਜਿਸ ਨਾਲ ਮਾਪਿਆਂ ਦਾ ਸਿਰ ਉਚਾ ਹੋ ਸਕੇ। ਪੈਸਾ ਪ੍ਰਧਾਨ ਹੈ ਪ੍ਰੰਤੂ ਇਕ-ਨਾ-ਇੱਕ ਦਿਨ ਪੈਸੇ ਵਾਲਿਆਂ ਨੂੰ ਭੁਗਤਣਾ ਪੈਣਾ ਹੈ। ਸਿਆਸਤਦਾਨ ਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਪਰਜਾ ਦਾ ਸਤਿਆਨਾਸ ਕਰ ਰਹੀ ਹੈ। ਇਸ ਕਰਕੇ ਪਰਜਾ ਦੇ ਦੁੱਖ ਦੂਰ ਹੋਣ ਦੀ ਥਾਂ ਵੱਧਦੇ ਜਾ ਰਹੇ ਹਨ। ਸਮੁੱਚੇ ਸਮਾਜ ਵਿੱਚ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ। ਭਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਨ੍ਹਾਂ ਸਾਰੇ ਵਿਸ਼ਿਆਂ ਨੂੰ ਉਹ ਆਪਣੀਆਂ ਕਵਿਤਾਵਾਂ ਵਿੱਚ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਰੱਖ ਰਿਹਾ ਹੈ। ਸ਼ਾਇਰ ਦੇ ਅਤਿ ਸੰਜੀਦਾ ਹੋਣ ਦਾ ਉਸਦੀ ਪਹਿਲੀ ਕਵਿਤਾ ਤੋਂ ਹੀ ਲੱਗਦਾ ਹੈ, ਜਿਸ ਵਿੱਚ ਉਹ ਪ੍ਰਮਾਤਮਾ ਅੱਗੇ ਅਰਜ਼ੋਈ ਕਰਦਾ ਹੋਇਆ ਲਿਖਦਾ ਹੈ ਕਿ ਉਸਨੂੰ ਇਤਨੀ ਤਾਕਤ ਦੇਹ ਕਿ ਉਹ ਲੋਕਾਈ ਦੇ ਦਰਦ ਤੇ ਹੱਕ ਸੱਚ ਤੇ ਖੜ੍ਹਨ, ਕਿਰਤੀਆਂ ਦੀ ਕਦਰ ਕਰਨ ਨੂੰ ਬਿਨਾ ਡਰ ਅਤੇ ਭੈ ਤੋਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਰਹੇ। ਉਸ ਦੀਆਂ ਕਵਿਤਾਵਾਂ ਬਾਲ ਮਜ਼ਦੂਰੀ, ਬੇਇਨਸਾਫ਼ੀ, ਭਰੂਣ ਹੱਤਿਆ, ਅਨੈਤਿਕਤਾ, ਲੋਭ ਲਾਲਚ ਅਤੇ ਧੋਖ਼ੇ ਫ਼ਰੇਬਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ। ਉਸਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਜਿਸਦਾ ਭਲਾ ਕਰਦੇ ਹਾਂ, ਉਹੀ ਨੁਕਸਾਨ ਕਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜ਼ਮਾਨਾ ਇਤਨਾ ਖੁਦਗਰਜ਼ ਤੇ ਮਾੜਾ ਹੋ ਗਿਆ ਹੈ, ਕਿਸੇ ਤੇ ਵਿਸ਼ਵਾਸ਼ ਕਰਨਾ ਹੀ ਔਖਾ ਹੋ ਗਿਆ ਹੈ। ਵੋਟਾਂ ਮੌਕੇ ਸਿਆਤਦਾਨ ਵੋਟਰਾਂ ਨੂੰ ਰੱਬ ਦਾ ਰੂਪ ਕਹਿੰਦੇ ਹਨ, ਪ੍ਰੰਤੂ ਬਾਅਦ ਵਿੱਚ ਰੰਗ ਬਦਲ ਜਾਂਦੇ ਹਨ। ਪ੍ਰਸ਼ਾਸ਼ਨ ਵਿੱਚੋਂ ਪਾਰਦਰਸ਼ਤਾ ਖ਼ਤਮ ਹੋ ਗਈ ਹੈ। ਗ਼ਰੀਬਾਂ ਦਾ ਖ਼ੂਨ ਚੂਸਕੇ ਮਹਿਲ ਮਾੜੀਆਂ ਉਸਾਰੀਆਂ ਜਾਂਦੀਆਂ ਹਨ। ਲੋਕ ਹਿੱਤਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਪਰਜਾ ਧਰਨੇ ਅੰਦੋਲਨ ਕਰਕੇ ਥੱਕ ਜਾਂਦੀਆਂ ਹਨ। ਬਜ਼ੁਰਗਾਂ ਨੂੰ ਅਣਗੌਲਿਆ ਜਾਂਦਾ ਹੈ। ਮਾਵਾਂ ਦੀ ਮਮਤਾ ਦਾ ਮੁੱਲ ਨਹੀਂ ਮੋੜਿਆ ਜਾ ਰਿਹਾ। ਕੁਰਬਾਨੀ ਕਰਨ ਵਾਲੇ ਸ਼ਹੀਦਾਂ ਨੂੰ ਸਲਾਮੀਆਂ ਦੇਣਾ ਕੋਈ ਅਹਿਸਾਨ ਨਹੀਂ ਹੁੰਦਾ। ਅੰਦਰਲੇ ਰਾਵਣ ਨੂੰ ਮਾਰਨਾ ਪੈਣਾ ਹੈ। ਭਰਾ-ਭਰਾ ਦਾ ਲਾਲਚ ਕਰਕੇ ਦੁਸ਼ਮਣ ਬਣਿਆਂ ਫਿਰਦੈ। ਧਾਰਮਿਕ ਸਥਾਨਾ ਦੀ ਆੜ ਵਿੱਚ ਗ਼ਲਤ ਕੰਮ ਹੋ ਰਹੇ ਹਨ। ਲੋਕ ਮਖੌਟੇ ਪਾਈ ਫਿਰਦੇ ਹਨ। ਮਨੀਪੁਰ ਵਿਚਲੀਆਂ ਘਟਨਾਵਾਂ ਵੀ ਕਵੀ ਦੇ ਮਨ ਨੂੰ ਠੇਸ ਪਹੁੰਚਾਉਂਦੀਆਂ ਹਨ।
ਹਰੀ ਸਿੰਘ ਚਮਕ ਨੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿੱਚ 12 ਕਵਿਤਾਵਾਂ ਸਿੱਖ ਧਰਮ ਨਾਲ ਸੰਬੰਧਤ ਵੀ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪ੍ਰਮਾਤਮਾ ਦੀ ਰਜਾ ਵਿੱਚ ਰਹਿਣ ਵਾਲਾ ਸ਼ਾਇਰ ਹੈ। ਉਨ੍ਹਾਂ ਕਵਿਤਾਵਾਂ ਵਿੱਚ ਉਹ ਸਰਕਾਰਾਂ ਦੀਆਂ ਗ਼ਲਤੀਆਂ ਬਾਰੇ ਜਾਣਕਾਰੀ ਦਿੰਦਾ ਹੋਇਆ ਵਿਅੰਗ ਦੇ ਤੀਰ ਵੀ ਮਾਰਦਾ ਹੈ। ਕਿਸਾਨਂੀ ਅੰਦੋਲਨ ਨਾਲ ਸੰਬੰਧਤ ਇਸ ਕਾਵਿ ਸੰਗ੍ਰਹਿ ਵਿੱਚ 11 ਕਵਿਤਾਵਾਂ ਹਨ, ਜਿਹੜੀਆਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਣਗਹਿਲੀਆਂ ਬਾਰੇ ਕਟਾਕਸ਼ ਕਰਦੀਆਂ ਹਨ। ਕਿਸਾਨਾਂ ਨੂੰ ਮਿਲਾਵਟ ਵਾਲੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਇਸ ਪਾਸੇ ਅਵੇਸਲੀਆਂ ਹਨ। ਕਿਸਾਨਾ ਨੂੰ ਕਰਜ਼ੇ ਹੇਠ ਦੱਬਣ ਕਰਕੇ ਖੁਦਕਸ਼ੀਆਂ ਕਰਨੀਆਂ ਪੈਂਦੀਆਂ ਹਨ। ਕੋਈ ਵੀ ਸਰਕਾਰ ਕਿਸਾਨਾ ਦੀ ਬਾਂਹ ਨਹੀਂ ਫੜ੍ਹਦੀ। ਕੇਂਦਰ ਸਰਕਾਰ ਦੀ ਬੇਰੁੱਖੀ ਕਿਸਾਨਾਂ ਨੂੰ ਕਰਜ਼ੇ ਦੇ ਖੂਹ ਵਿੱਚ ਸੁੱਟ ਰਹੀ ਹੈ। ‘ਮੌਕਾ ਤੂੰ ਸੰਭਾਲ ਜੱਟਾ. . . ’ ਵਿੱਚ ਕਿਸਾਨੀ ਅੰਦੋਲਨ ਸਮੇਂ ਕਿਸਾਨਾਂ ਨੂੰ ਸਰਕਾਰੀ ਜ਼ਬਰ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਕਿਸਾਨਾ ਦੀ ਜਦੋਜਹਿਦ ਦੀਆਂ ਗੱਲਾਂ ਵੀ ਕਰਦਾ ਹੈ ਕਿ ਕਿਵੇਂ ਉਹ ਮਿਹਨਤ ਕਰਕੇ ਫ਼ਸਲ ਪਾਲਦੇ ਹਨ, ਪ੍ਰੰਤੂ ਉਨ੍ਹਾਂ ਵਾਜਬ ਮੁਲ ਵੀ ਨਹੀਂ ਮਿਲਦਾ। ਇਸਦੇ ਨਾਲ ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ਵਿੱਚ ਕਿਸਾਨ ਅੰਦੋਲਨ ਸਾਜ਼ਸ਼ ਤਹਿਤ ਲੀਹੋਂ ਲਾਹੁਣ ਮੌਕੇ ਸਰਕਾਰ ਦੀ ਬਦਨੀਤੀ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਭਾਵਪੂਰਤ ਭਾਵਕਤਾ ਦੇ ਵਿੱਚ ਵਹਿਣ ਸਮੇਂ ਡਿਗੇ ਹੰਝੂਆਂ ਨੂੰ ਖ਼ਾਰੇ ਹੰਝੂਆਂ ਦਾ ਨਾਮ ਦਿੱਤਾ ਗਿਆ ਹੈ, ਜਿਸਨੇ ਕਿਸਾਨ ਅੰਦੋਲਨ ਵਿੱਚ ਦੁਬਾਰਾ ਰੂਹ ਫੂਕ ਦਿੱਤੀ ਸੀ। ਸਾਉਣ ਦੇ ਮਹੀਨੇ ਜਿਥੇ ਹਰਿਆਵਲ ਹੁੰਦੀ ਹੈ, ਉਥੇ ਹੀ ਹੜ੍ਹ ਕਿਸਾਨੀ ਨੂੰ ਬਰਬਾਦ ਕਰ ਦਿੰਦੇ ਹਨ। ਕਰੋਨਾ ਕਾਲ ਦੇ ਮਾੜੇ ਪ੍ਰਭਾਵਾਂ ਅਤੇ ਅਮੀਰ ਲੋਕਾਂ ਵੱਲੋਂ ਗ਼ਰੀਬਾਂ ਦੀ ਲੁੱਟ ਤੇ ਕਿੰਤੂ ਪ੍ਰੰਤੂ ਕੀਤਾ ਹੈ। ਆਟਾ ਦਾਲ ਵਰਗੀਆਂ ਮੁਫ਼ਤਖ਼ੋਰੀ ਦੀਆਂ ਸਕੀਮਾ ਲੋਕਾਂ ਨੂੰ ਮੰਗਤੇ ਬਣਾ ਰਹੀਆਂ ਹਨ। ਆਜ਼ਾਦੀ ਅਤੇ ਦੇਸ਼ ਭਗਤੀ ਨਾਲ ਸੰਬੰਧਤ 8 ਕਵਿਤਾਵਾਂ ਹਨ। ਆਜ਼ਾਦੀ ਦੇ ਲਾਭ ਵੀ ਗਿਣੇ ਚੁਣੇ ਲੋਕਾਂ ਨੂੰ ਹੀ ਮਿਲੇ ਹਨ। ਗ਼ਰੀਬੀ ਤੇ ਬੇਰੋਜ਼ਗਾਰੀ ਬਰਕਰਾਰ ਹੈ। ਜਿਹੜੇ ਸਪਨੇ ਆਜ਼ਾਦੀ ਲਈ ਭਗਤ ਸਿੰਘ ਨੇ ਲਏ ਸੀ, ਉਹ ਸਾਕਾਰ ਨਹੀਂ ਹੋਏ। ਇੱਕ-ਨਾ-ਇੱਕ ਦਿਨ ਲੋਕ ਬਗ਼ਾਬਤ ਕਰਨਗੇ, ਫਿਰ ਅਸਲ ਆਜ਼ਾਦੀ ਆਵੇਗੀ। ਅਮੀਰਾਂ ਦਾ ਹੰਕਾਰ ਗ਼ਰੀਬ ਤੋੜਨਗੇ। ਦੋਹਰੇ ਕਿਰਦਾਰ ਦੇ ਲੋਕ ਸਭ ਤੋਂ ਖ਼ਤਰਨਾਕ ਹੁੰਦੇ ਹਨ। ਦੇਸ਼ ਦੀ ਵੰਡ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਲੜਕੀਆਂ ਨਾਲ ਹੋ ਰਹੇ ਅਤਿਆਚਾਰਾਂ ਬਾਰੇ ਤਾਂ ਕਵਿਤਾ ਲਿਖ ਦਿੱਤੀ ਪ੍ਰੰਤੂ 1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ ਔਰਤਾਂ ਨਾਲ ਦੁਰਾਚਾਰ ਬਾਰੇ ਅੰਮ੍ਰਿਤਾ ਪ੍ਰੀਤਮ ਨੇ ਇੱਕ ਸ਼ਬਦ ਨਹੀਂ ਲਿਖਿਆ, ਹਰੀ ਸਿੰਘ ਚਮਕ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਹੈ। ‘ਮਈ ਦਿਹਾੜ…ਾ …’ ਸਿਰਲੇਖ ਕਵਿਤਾ ਵਿੱਚ ਲਿਖਿਆ ਹੇ ਕਿ ਕਿਰਤੀਆਂ ਨੂੰ ਉਨ੍ਹਾਂ ਦਾ ਵਾਜਬ ਮਿਹਨਤਾਨਾਂ ਨਹੀਂ ਮਿਲ ਰਿਹਾ ਪ੍ਰੰਤੂ ਜਦੋਂ ਉਹ ਆਪਣੇ ਹੱਕਾਂ ਲਈ ਅੰਦੋਲਨ ਕਰਦੇ ਹਨ ਤਾਂ ਸਰਕਾਰਾਂ ਦਬਾ ਦਿੰਦੀਆਂ ਹਨ। ਧੀਆਂ ਬਾਰੇ ਲਿਖਿਦਿਆਂ ਦੱਸਿਆ ਹੈ ਕਿ ਅੱਜ ਕਲ੍ਹ ਧੀਆਂ ਹਰ ਖੇਤਰ ਜਿਵੇਂ ਪੜ੍ਹਾਈ, ਪੁਲਿਸ, ਸਿਵਲ, ਮਿਲਟਰੀ, ਪੁਲਾੜ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ। ਗਿਆਨ ਦੇ ਦੀਵੇ ਹੀ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ। ਸਾਧਾਂ ਅਤੇ ਉਨ੍ਹਾਂ ਦੇ ਡੇਰਿਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਭਵਿਖ ਵਿੱਚ ਹਰੀ ਸਿੰਘ ਚਮਕ ਤੋਂ ਹੋਰ ਵਧੀਆ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
128 ਪੰਨਿਆਂ, 250 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ਸ਼ਬਦਾਂਜਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਹਰੀ ਸਿੰਘ ਚਮਕ: 9317831521
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
ਕੋਟ ਫੱਤੇ ਦੇ ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ : ਗੋਪਾਲ ਸਿੰਘ - ਉਜਾਗਰ ਸਿੰਘ
ਤੰਗੀਆਂ ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ ਜਾਂਦਾ ਹੈ। ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ ਅਤੇ ਇੱਛਾ ਸ਼ਕਤੀ ਮਜ਼ਬੂਤ ਹੋਵੇ, ਤਾਂ ਵਿੰਗੇ ਟੇਡੇ ਰਾਹਾਂ ਦੇ ਵਿੰਗ ਵਲ ਕਦੀਂ ਵੀ ਰਸਤਾ ਨਹੀਂ ਰੋਕ ਸਕਦੇ। ਸਗੋਂ ਪਗਡੰਡੀਆਂ ਉਸ ਦੇ ਅੱਗੇ ਰਸਤੇ ਬਣ ਜਾਂਦੀਆਂ ਹਨ। ਕੋਟ ਫੱਤੇ ਦੇ ਟਿੱਬਿਆਂ ਦੀਆਂ ਪਗਡੰਡੀਆਂ ਨੂੰ ਵਿਸ਼ਾਲ ਮਨਮੋਹਕ ਵਾਤਾਵਰਨ ਵਾਲੇ ਰਸਤਿਆਂ ਵਿੱਚ ਬਦਲਣ ਵਾਲਾ ਮਾਨਸਾ ਦੇ ਟਿੱਬਿਆਂ ਦਾ ਰਾਹੀ ਗੋਪਾਲ ਸਿੰਘ ਹੈ, ਜਿਹੜਾ ਰੇਤਲੇ ਇਲਾਕੇ ਦੀਆਂ ਪਗਡੰਡੀਆਂ ‘ਤੇ ਤੁਰਦਾ ਹੋਇਆ, ਕਾਹੀ ਤੇ ਕੰਡਿਆਈ ਦੇ ਫ਼ੁੱਲਾਂ ਵਿੱਚੋਂ ਗੁਲਾਬ ਦਾ ਫ਼ੁੱਲ ਬਣਕੇ ਸਮਾਜਿਕਤਾ ਦੀ ਖ਼ੁਸ਼ਬੋ ਫੈਲਾ ਰਿਹਾ ਹੈ। ਭਾਵੇਂ ਸਮਾਜਿਕ ਤੇ ਪਰਿਵਾਰਿਕ ਹਾਲਾਤ ਉਸ ਅੱਗੇ ਪਹਾੜ ਬਣਕੇ ਖੜ੍ਹਦੇ ਰਹੇ ਪ੍ਰੰਤੂ ਗੋਪਾਲ ਸਿੰਘ ਦੇ ਸਿਰੜ੍ਹ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਪਹਾੜਾਂ ਦਾ ਸੀਨਾ ਚੀਰ ਕੇ ਆਪਣਾ ਰਸਤਾ ਆਪ ਬਣਾਇਆ। ਸਮਾਜਿਕ ਅਤੇ ਘਰੇਲੂ ਹਾਲਾਤ ਉਸ ਦੇ ਅੱਗੇ ਵਧਦੇ ਕਦਮਾ ਦੀ ਰਫ਼ਤਾਰ ਨੂੰ ਰਵਾਂ ਹੋਣ ਵਿੱਚ ਰੁਕਾਵਟ ਨਹੀਂ ਬਣ ਸਕੇ, ਸਗੋਂ ਦਾਦੇ ਦੀ ਹੱਲਾਸ਼ੇਰੀ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ ਸੌਖਾ ਕਰਦੀ ਰਹੀ। ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਨ ਨਾਲ ਜਦੋਜਹਿਦ ਕਰਦਾ ਰਿਹਾ ਤਾਂ ਜੋ ਆਪਣੇ ਦਾਦੇ ਦੀ ਸ਼ਾਬਾਸ਼ ਦਾ ਮੁੱਲ ਮੋੜ ਸਕੇ। ਪਿੰਡਾਂ ਵਿੱਚ ਆਮ ਤੌਰ ‘ਤੇ ਬੱਚਿਆਂ ਨੂੰ ਸਹੀ ਅਗਵਾਈ ਦੀ ਘਾਟ ਰਹਿੰਦੀ ਹੈ, ਪ੍ਰੰਤੂ ਉਸ ਦੀ ਇਸ ਘਾਟ ਨੂੰ ਪਿੰਡ ਦੇ ਪਰਉਪਕਾਰੀ ਲੋਕਾਂ ਨੇ ਪੂਰਿਆਂ ਕੀਤਾ। ਉਸ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਤੋਂ 1982 ਵਿੱਚ ਦਸਵੀਂ ਪਾਸ ਕਰਕੇ ਨੌਕਰੀ ਕਰਨ ਦਾ ਮਨ ਬਣਾਇਆ। ਨੌਕਰੀ ਦੀ ਪ੍ਰਾਪਤੀ ਲਈ ਉਸ ਦੇ ਇੱਕ ਗੁਆਂਢੀ ਨੇ ਉਸ ਨੂੰ ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈਣ ਦੀ ਸਲਾਹ ਦਿੱਤੀ। ਫਿਰ ਗੋਪਾਲ ਸਿੰਘ ਨੇ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈ ਲਈ ਪ੍ਰੰਤੂ ਹੋਰ ਕੋਈ ਨੌਕਰੀ ਨਾ ਮਿਲੀ, ਮਰਦਾ ਕੀ ਨਹੀਂ ਕਰਦਾ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਾ ਹੋਇਆ, ਅਗਸਤ 1984 ਵਿੱਚ ਉਹ ਲੋਕ ਨਿਰਮਾਣ ਵਿਭਾਗ ਵਿੱਚ ਬੇਲਦਾਰ ਭਰਤੀ ਹੋ ਗਿਆ। ਉਹ ਸਮਝਦਾ ਸੀ ਕਿ ਚਲਦੀ ਦਾ ਨਾਮ ਹੀ ਗੱਡੀ ਹੁੰਦਾ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਵਿੱਚ ਖੜੋਤ ਨਹੀਂ ਲਿਆਉਂਣੀ ਚਾਹੁੰਦਾ ਸੀ। ਦਫ਼ਤਰ ਦੇ ਨਰਮ ਦਿਲ ਮਦਦਗਾਰ ਅਧਿਕਾਰੀ ਨੇ ਉਸ ਦੀ ਕਾਬਲੀਅਤ ਵੇਖਕੇ ਦਫ਼ਤਰ ਵਿੱਚ ਟਾਈਪ ਦਾ ਕੰਮ ਕਰਨ ਦੀ ਡਿਊਟੀ ਲਾ ਦਿੱਤੀ। ਪ੍ਰੰਤੂ ਜਿਵੇਂ ਆਮ ਹੁੰਦਾ ਹੈ, ਦਫ਼ਤਰਾਂ ਵਿੱਚ ਕੁਝ ਮੁਲਾਜ਼ਮਾ ਨੂੰ ਇਕ ਬੇਲਦਾਰ ਦਾ ਦਫ਼ਤਰੀ ਕੰਮ ਕਰਨਾ ਰੜਕਣ ਲੱਗ ਪਿਆ। ਫ਼ਿਰ ਉਸ ਨੂੰ ਸੜਕਾਂ ਦੇ ਟੋਏ ਟਿੱਬੇ ਭਰਨ ਲਈ ਬੇਲਦਾਰ ਦਾ ਕੰਮ ਕਰਨ ਲਈ ਭੇਜ ਦਿੱਤਾ ਗਿਆ।
ਗੋਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਤ ਕਰਨ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਿਆਂ, ਕ੍ਰਿਤ ਨੂੰ ਉਸ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ। ਬੇਲਦਾਰੀ ਕਰਦੇ ਸਮੇਂ ਉਸ ਦੇ ਮਨ ਵਿੱਚ ਹੋਰ ਕੁਝ ਅਹੁਦਾ ਪ੍ਰਾਪਤ ਕਰਨ ਦੀ ਚਿਣਗ ਪੈਦਾ ਹੋ ਗਈ। ਉਸ ਸਮੇਂ ਕਿਸੇ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਗੋਪਾਲ ਸਿੰਘ ਇੱਕ ਦਿਨ ਆਪਣੀ ਕਾਬਲੀਅਤ ਨਾਲ ਪੀ.ਸੀ.ਐਸ. ਅਧਿਕਾਰੀ ਬਣਕੇ ਸਮਾਜਿਕ ਕੁਰੀਤੀਆਂ ਦੇ ਟੋਏ ਟਿੱਬੇ ਭਰਦਾ ਹੋਇਆ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਫ਼ਲ ਪ੍ਰਸ਼ਾਸਨਿਕ ਅਧਿਕਾਰੀ ਸਾਬਤ ਹੋਵੇਗਾ।
ਪੀ.ਸੀ.ਐਸ.ਬਣਕੇ ਲੋਕ ਸੇਵਾ ਕਰਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਉਦੋਂ ਲੱਗ ਗਏ ਜਦੋਂ ਇੱਕ ਵਾਰ ਉਹ ਆਪਣੇ ਸਰਟੀਫੀਕੇਟ ਅਟੈਸਟ ਕਰਵਾਉਣ ਲਈ ਕਚਹਿਰੀਆਂ ਵਿੱਚ ਆਪਣੇ ਪਿੰਡ ਦੇ ਇੱਕ ਮੁਲਾਜ਼ਮ ਕੋਲ ਗਿਆ ਤਾਂ ਇੱਕ ਪੁਲਿਸ ਅਧਿਕਾਰੀ ਨੇ ਉਸ ਮੁਲਾਜ਼ਮ ਨੂੰ ਸਲੂਟ ਮਾਰੀ। ਪੁਲਿਸ ਅਧਿਕਾਰੀ ਦੀ ਸਲੂਟ ਗੋਪਾਲ ਸਿੰਘ ਦੇ ਦਿਲ ਨੂੰ ਟੁੰਬ ਗਈ। ਗੋਪਾਲ ਸਿੰਘ ਵਿੱਚ ਉਸ ਮੁਲਾਜ਼ਮ ਦੀ ਤਰ੍ਹਾਂ ਬਣਨ ਦੀ ਚੇਸ਼ਟਾ ਐਸੀ ਉਤਪਨ ਹੋ ਗਈ ਕਿ ਉਸਦੀ ਮਿਹਨਤ ਕਰਨ ਦੀ ਰਫ਼ਤਾਰ ਛੜੱਪੇ ਮਾਰਨ ਲੱਗ ਗਈ। ਗੋਪਾਲ ਸਿੰਘ ਦੀ ਮਿਹਨਤ ਰੰਗ ਲਿਆਈ, ਉਹ ਉਸੇ ਮੁਲਾਜ਼ਮ ਦੀ ਥਾਂ ਕੋਰਟ ਵਿੱਚ ਨੌਕਰ ਹੋ ਗਿਆ। ਗੋਪਾਲ ਸਿੰਘ ਦੀ ਕਿਸਮਤ ਹਮੇਸ਼ਾ ਇਮਤਿਹਾਨ ਲੈਂਦੀ ਰਹੀ, ਜਿਹੜੀ ਕੋਰਟ ਵਿੱਚ ਉਹ ਕੰਮ ਕਰ ਰਿਹਾ ਸੀ, ਉਹ ਕੋਰਟ ਹੀ ਟੁੱਟ ਗਈ। ਉਸ ਦੀ ਵੀ ਨੌਕਰੀ ਚਲੀ ਗਈ ਪ੍ਰੰਤੂ ਉਸ ਨੇ ਹੌਸਲਾ ਨਹੀਂ ਛੱਡਿਆ। ਲਗਾਤਾਰ ਮਿਹਨਤ ਕਰਦਾ ਰਿਹਾ ਤਾਂ ਫਿਰ ਉਸ ਦੀ ਚੋਣ ਲੋਕ ਨਿਰਮਾਣ ਵਿੱਚ ਹੋ ਗਈ। ਇਹ ਵੀ ਨੌਕਰੀ ਬਹੁਤੀ ਦੇਰ ਚਲ ਨਾ ਸਕੀ। ਉਹ ਦੁਬਾਰਾ ਜੁਡੀਸ਼ੀਅਲ ਕੋਰਟ ਵਿੱਚ ਐਡਹਾਕ ਸਟੈਨੋ ਲੱਗ ਗਿਆ। ਉਸ ਤੋਂ ਬਾਅਦ ਉਸ ਦੀ ਰੈਗੂਲਰ ਤੌਰ ‘ਤੇ ਚੋਣ ਲੋਕ ਨਿਰਮਾਣ ਵਿਭਾਗ ਵਿੱਚ ਬਤੌਰ ਕਲਰਕ ਹੋ ਗਈ। ਫਿਰ ਦਫ਼ਤਰ ਦੇ ਇੱਕ ਅਧਿਕਾਰੀ ਨੇ ਉਸ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਆ। ਉਸ ਤੋਂ ਬਾਅਦ ਗੋਪਾਲ ਸਿੰਘ ਨੇ ਲਗਾਤਾਰ ਪ੍ਰਾਈਵੇਟ ਉਮੀਦਵਾਰ ਦੇ ਤੌਰ ‘ਤੇ ਬੀ.ਏ., ਐਮ.ਏ. ਰਾਜਨੀਤੀ ਸ਼ਾਸਤਰ, ਐਮ.ਏ.ਪੰਜਾਬੀ ਅਤੇ ਐਲ.ਐਲ.ਬੀ.ਪਾਸ ਕਰ ਲਈਆਂ। ਕਲਰਕ ਦੀ ਨੌਕਰੀ ਨਾਲ ਆਰਥਿਕ ਮਜ਼ਬੂਤੀ ਤਾਂ ਮਿਲੀ ਪ੍ਰੰਤੂ ਗੋਪਾਲ ਸਿੰਘ ਵਿੱਚ ਅਧਿਕਾਰੀ ਬਣਨ ਦਾ ਉਤਸ਼ਾਹ ਮੱਠਾ ਨਹੀਂ ਹੋਇਆ। ਲੋਕ ਨਿਰਮਾਣ ਵਿਭਾਗ ਵਿੱਚੋਂ ਛੁੱਟੀ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ.ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈਣ ਲਈ ਆ ਗਿਆ। ਦਫ਼ਤਰ ਵਾਲਿਆਂ ਨੇ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਤਾਂ ਉਹ ਅੱਧ ਵਿਚਾਲੇ ਕੋਚਿੰਗ ਛੱਡ ਕੇ ਦਫ਼ਤਰ ਹਾਜ਼ਰ ਹੋ ਗਿਆ। ਪ੍ਰੰਤੂ ਪੀ.ਸੀ.ਐਸ.ਬਣਨ ਦੀ ਚਿਣਗ ਘਟਣ ਦੀ ਥਾਂ ਵਧਦੀ ਰਹੀ। ਜਦੋਜਹਿਦ ਦੇ ਸਮੇਂ ਦੌਰਾਨ ਦੋਸਤਾਂ ਮਿੱਤਰਾਂ, ਅਮੀਰ, ਗ਼ਰੀਬ, ਦੌਲਤਮੰਦ ਅਤੇ ਹਰ ਵਿਅਕਤੀ ਦਾ ਬਹੁਤ ਸਹਿਯੋਗ ਰਿਹਾ। ਮਿਹਨਤੀ ਹੋਣ ਕਰਕੇ ਉਸ ਦੀ 1993 ਵਿੱਚ ਚੋਣ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਬਤੌਰ ਸਟੈਨੋ ਹੋ ਗਈ। ਉਥੇ ਉਸ ਨੇ ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ ਦਾ ਪੀ.ਏ ਅਤੇ ਸੁਪਰਇਨਟੈਂਡੈਂਟ ਰੈਵਨਿਊ ਦੇ ਤੌਰ ‘ਤੇ ਕੰਮ ਕੀਤਾ। ਇਸ ਦੌਰਾਨ ਉਸ ਦੀ ਪੀ.ਸੀ.ਐਸ.ਬਣਨ ਦੀ ਇੱਛਾ ਸ਼ਕਤੀ ਨੂੰ ਹੋਰ ਉਤਸ਼ਾਹ ਮਿਲਿਆ ਕਿਉਂਕਿ ਉਹ ਅਧਿਕਾਰੀਆਂ ਨੂੰ ਕੰਮ ਕਰਦਿਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਦਿਆਂ ਵੇਖਦਾ ਸੀ। ਫਿਰ ਉਸ ਨੇ 1993 ਵਿੱਚ ਪੀ.ਸੀ.ਐਸ. ਦਾ ਇਮਤਿਹਾਨ ਦਿੱਤਾ। ਪ੍ਰੰਤੂ ਸਫ਼ਲ ਨਾ ਹੋ ਸਕਿਆ। ਗੋਪਾਲ ਸਿੰਘ ਨੂੰ ਮਹਿਸੂਸ ਹੋਇਆ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੋ ਸਕਦਾ, ਇਸ ਲਈ ਉਸ ਨੇ ਮਿਹਨਤ ਕਰਨੀ ਨਾ ਛੱਡੀ। ਇਸ ਤੋਂ ਇਲਾਵਾ ਉਸ ਨੇ ਬਚਪਨ ਵਿੱਚ ‘‘ਕਿੰਗ ਬਰੂਸ ਐਂਡ ਸਪਾਈਡਰ’’ ਦੀ ਕਹਾਣੀ ਸੁਣੀ ਹੋਈ ਸੀ, ਇਸ ਲਈ ਉਹ ਵਾਰ ਵਾਰ ਬੀ.ਡੀ.ਪੀ.ਓ ਅਤੇ ਪੀ.ਸੀ.ਐਸ.ਦਾ ਇਮਤਿਹਾਨ ਦਿੰਦਾ ਰਿਹਾ। ਉਸ ਨੇ 1998 ਵਿੱਚ ਵੀ ਇਮਤਿਹਾਨ ਦਿੱਤਾ ਪਰ ਗੱਲ ਨਾ ਬਣੀ ਪ੍ਰੰਤੂ 2014 ਵਿੱਚ ਉਸ ਦੀ ਚੋਣ ਹੋ ਗਈ। ਇਹ ਚੋਣ ਵੀ ਕੋਰਟ ਕਚਹਿਰੀਆਂ ਦੇ ਚਕਰ ਵਿੱਚ ਪੈ ਗਈ ਅਤੇ ਹਾਈ ਕੋਰਟ ਵਿੱਚ ਕੇਸ ਹੋ ਗਿਆ। ਹਾਈ ਕੋਰਟ ਨੇ 2016 ਵਿੱਚ ਸਟੇਅ ਖੋਲ੍ਹੀ, ਜਿਸ ਤੋਂ ਬਾਅਦ ਉਸ ਦੀ ਮਿਹਨਤ ਨੂੰ ਬੂਰ ਪਿਆ। ਪੀ.ਸੀ.ਐਸ.ਬਣਨ ਤੋਂ ਬਾਅਦ ਉਸ ਨੇ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਦੇ ਅਸਿਟੈਂਟ ਕਮਿਸ਼ਨਰ ਜਨਰਲ, ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ, ਐਸ.ਡੀ.ਐਮ., ਡਿਪਟੀ ਸਕੱਤਰ ਪੰਜਾਬ ਸਰਕਾਰ ਅਤੇ ਸੰਯੁਕਤ ਸਕੱਤਰ ਲੋਕ ਸੰਪਰਕ ਵਿਭਾਗ ਵਰਣਨਯੋਗ ਹਨ। ਉਹ ਜੁਲਾਈ 2018 ਤੋਂ ਸਤੰਬਰ 2021 ਤੱਕ ਐਸ.ਡੀ.ਐਮ.ਮਲੋਟ ਰਿਹਾ, ਜਿਥੇ ਉਸ ਦੀ ਕਾਰਗੁਜ਼ਾਰੀ ਨੇ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ। ਸਾਹਿਤਕ ਦਿਲ ਹੋਣ ਕਰਕੇ ਲੋਕ ਮਸਲਿਆਂ ਨੂੰ ਮਾਨਵੀ ਪੱਖ ਤੋਂ ਵਿਚਾਰ ਕੇ ਫ਼ੈਸਲੇ ਕਰਦਾ ਰਿਹਾ ਸੀ। ਗੋਪਾਲ ਸਿੰਘ ਦਾ ਇਕ ਕਾਵਿ ਸੰਗ੍ਰਹਿ ‘ਕਸਕ’ ਵੀ ਪ੍ਰਕਾਸ਼ਤ ਹੋਇਆ ਹੈ। ਉਹ ਫ਼ਰਵਰੀ 2024 ਵਿੱਚ ਸੇਵਾ ਮੁਕਤ ਹੋਇਆ ਹੈ।
ਗੋਪਾਲ ਸਿੰਘ ਦਾ ਜਨਮ ਮਾਤਾ ਭੋਲੋ ਕੌਰ ਤੇ ਪਿਤਾ ਬਾਬੂ ਸਿੰਘ ਦੇ ਘਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ 15 ਫਰਵਰੀ 1966 ਨੂੰ ਹੋਇਆ ਸੀ। ਉਸ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ, ਜੋ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਦੋ ਲੜਕੇ ਕੈਪਟਨ ਮਿਰਾਜਿੰਦਰ ਸਿੰਘ ਅਤੇ ਨੂਰਿੰਦਰ ਸਿੰਘ ਹਨ। ਨੂਰਿੰਦਰ ਸਿੰਘ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਐਲ.ਐਲ.ਬੀ.ਕਰ ਰਿਹਾ ਹੈ।
ਸੰਪਰਕ: ਗੋਪਾਲ ਸਿੰਘ:9780888780
ਤਸਵੀਰ: ਗੋਪਾਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬਲਵਿੰਦਰ ਕੌਰ ਚੱਠਾ ਦੀ ਪੁਸਤਕ ‘ਨੈਤਿਕਤਾ’ ਬੱਚਿਆਂ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ
ਬਲਵਿੰਦਰ ਕੌਰ ਚੱਠਾ ਦੀ ਸੰਪਾਦਿਤ ਕੀਤੀ ਪੁਸਤਕ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ, ਸਮਾਜਿਕ ਅਤੇ ਸਭਿਅਚਾਰਕ ਪ੍ਰਫੁਲਤਾ ਲਈ ਬਿਹਤਰੀਨ ਸਾਬਤ ਹੋ ਸਕਦੀ ਹੈ, ਬਸ਼ਰਤੇ ਇਹ ਪੁਸਤਕ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਘਰਾਂ/ਸਕੂਲਾਂ ਵਿੱਚ ਪੜ੍ਹਾਈ ਜਾਵੇ। ਇਹ ਪੁਸਤਕ ਇਨਸਾਨ ਨੂੰ ਸੰਪੂਰਨ ਬਣਾਉਣ ਵਿੱਚ ਵੀ ਸਹਾਈ ਹੋਵੇਗੀ। ਵੈਸੇ ਨੈਤਿਕਤਾ ਸਮਾਜ ਦੇ ਹਰ ਵਰਗ ਬੱਚੇ, ਵਿਦਿਆਰਥੀ, ਨੌਜਵਾਨ ਅਤੇ ਬਜ਼ੁਰਗਾਂ ਲਈ ਵੀ ਜ਼ਰੂਰੀ ਹੈ, ਜੇਕਰ ਬੱਚਿਆਂ ਵਿੱਚ ਨੈਤਿਕਤਾ ਦਾ ਗੁਣ ਆ ਜਾਵੇ ਤਾਂ ਭਵਿਖ ਵਿੱਚ ਸਮੁੱਚਾ ਸਮਾਜ ਹੀ ਨੈਤਿਕਤਾ ਦਾ ਪਹਿਰੇਦਾਰ ਬਣ ਜਾਵੇਗਾ। ਨੌਜਵਾਨ ਵਰਗ ਪੰਜਾਬ/ਦੇਸ਼ ਦਾ ਭਵਿਖ ਸੁਨਹਿਰਾ ਬਣਾ ਸਕਦਾ ਹੈ। ਇਸੇ ਮੰਤਵ ਨਾਲ ਇਹ ਪੁਸਤਕ ਬਲਵਿੰਦਰ ਕੌਰ ਚੱਠਾ ਨੇ ਸੰਪਾਦਿਤ ਕੀਤੀ ਹੈ। ਇਹ ਪੁਸਤਕ ਬੱਚਿਆਂ ਨੂੰ ਘਰਾਂ ਵਿੱਚ ਪੜ੍ਹਾਉਣ ਲਈ ਮਾਪਿਆਂ ਦਾ ਸਹਿਯੋਗ ਤੇ ਸਾਥ ਅਤੇ ਸਕੂਲਾਂ ਵਿੱਚ ਸਲੇਬਸ ਦਾ ਹਿੱਸਾ ਬਣਾਉਣ ਵਿੱਚ ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਬਿਓਰੋਕਰੇਸੀ ਨੂੰ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਲੋੜ ਹੋਵੇਗੀ। ਪੰਜਾਬ ਦੇ ਵਰਤਮਾਨ ਹਾਲਾਤ ਅਜਿਹੇ ਹਨ ਕਿ ਪੰਜਾਬੀ ਉਦਮੀ ਹੋਣ ਕਰਕੇ ਸਿਰਫ਼ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਮਕਸਦ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਅੱਖਰੀ ਪੜ੍ਹਾਈ ਮੈਡੀਕਲ, ਆਰਟਸ, ਇੰਜਿਨੀਅਰਿੰਗ ਅਤੇ ਭਾਵੇਂ ਕਿਸੇ ਵੀ ਫੀਲਡ ਦੀ ਹੋਵੇ ਉਹ ਰੋਜ਼ੀ ਰੋਟੀ ਲਈ ਤਾਂ ਸਹਾਈ ਹੋ ਸਕਦੀ ਹੈ ਪ੍ਰੰਤੂ ਨੈਤਿਕ ਜ਼ਿੰਦਗੀ ਜਿਓਣ ਵਿੱਚ ਮਦਦਗਾਰ ਨਹੀਂ ਹੋ ਸਕਦੀ ਕਿਉਂਕਿ ਵਿਓਪਾਰ ਜਾਂ ਕਾਰੋਬਾਰ ਭਾਵੇਂ ਉਹ ਕਿਸੇ ਕਿਸਮ ਦਾ ਹੋਵੇ ਉਸ ਵਿੱਚ ਨੈਤਿਕਤਾ ਦੇ ਅਸੂਲਾਂ ਨੂੰ ਛਿੱਕੇ ‘ਤੇ ਟੰਗ ਦਿੱਤਾ ਜਾਂਦਾ ਹੈ ਪ੍ਰੰਤੂ ਜੇਕਰ ਨੈਤਿਕਤਾ ਅਪਣਾਈ ਜਾਵੇ ਤਾਂ ਵਿਓਪਾਰ ਸਮੇਤ ਸਾਰੇ ਕਾਰਜ ਸੁਚੱਜੇ ਢੰਗ ਨਾਲ ਚਲ ਸਕਦੇ ਹਨ। ਜ਼ਿੰਦਗੀ ਵਿੱਚ ਪੈਸਾ ਮੁੱਢਲੀ ਜ਼ਰੂਰਤ ਹੈ ਪ੍ਰੰਤੂ ਸਭ ਕੁਝ ਨਹੀਂ, ਪੈਸਾ ਕਮਾਉਣ ਲਈ ਝੂਠ, ਫ਼ਰੇਬ, ਧੋਖ਼ੇ ਅਤੇ ਬੇਈਮਾਨੀ ਭਾਰੂ ਹੁੰਦੀ ਹੈ। ਨੈਤਿਕਤਾ ਇਨ੍ਹਾਂ ਸਾਰੀਆਂ ਅਲਾਮਤਾਂ ਤੋਂ ਖਹਿੜਾ ਛੁਡਾਉਂਦੀ ਹੈ। ਨੈਤਿਕਤਾ ਦੇ ਅਸੂਲਾਂ ‘ਤੇ ਚਲਣ ਨਾਲ ਇਨਸਾਨੀਅਤ ਤੇ ਸਮਾਜ ਸੰਤੁਸ਼ਟ, ਸ਼ਾਂਤ ‘ਤੇ ਖ਼ੁਸ਼ਹਾਲ ਹੋਣਗੇ। ਇਹ ਪੁਸਤਕ ਇਸ ਮੰਤਵ ਲਈ ਇੱਕ ਅਮੁਲ ਖ਼ਜ਼ਾਨਾ ਹੈ, ਇਸ ਵਿੱਚ ਅਨੇਕਾਂ ਅਜਿਹੇ ਗੁਰ ਦੱਸੇ ਗਏ ਹਨ, ਜਿਹੜੇ ਨੈਤਿਕਤਾ ਦਾ ਪੱਲਾ ਫੜ੍ਹਨ ਦੀ ਤਾਕੀਦ ਕਰਦੇ ਹਨ। ਅਜੋਕੇ ਸਮੇਂ ਹਰ ਖੇਤਰ ਵਿੱਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ, ਤਬਦੀਲੀ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਇਸ ਤਬਦੀਲੀ ਦਾ ਲਾਭ ਨੈਤਿਕਤਾ ਨਾਲ ਲਿਆ ਜਾ ਸਕਦਾ ਹੈ। ਪੁਸਤਕ ਵਿੱਚ ਦੱਸਿਆ ਗਿਆ ਹੈ, ਨੈਤਿਕਤਾ ਸਿਰਫ ਇੱਕ ਸ਼ਬਦ ਹੀ ਨਹੀਂ ਸਗੋਂ ਇਸ ਵਿੱਚ ਸਮੁੱਚਾ ਵਿਅਕਤਿਤਵ ਆ ਜਾਂਦਾ ਹੈ। ਵਿਅਕਤਿਤਵ ਵਿੱਚ ਸਾਡਾ, ਸਲੀਕਾ, ਵਿਵਹਾਰ, ਵਫ਼ਾਦਾਰੀ, ਪਿਆਰ-ਸਤਿਕਾਰ, ਸਭਿਆਚਾਰ, ਰਹਿਣ-ਸਹਿਣ, ਵਿਸ਼ਵਾਸ, ਨਿਮਰਤਾ, ਭਾਈਚਾਰਕ ਸਾਂਝ, ਮਿਠਾਸ, ਇਮਾਨਦਾਰੀ, ਸੱਚ ਬੋਲਣਾ, ਕਿਰਤ ਕਰਨਾ, ਮੁਆਫ਼ ਕਰਨਾ, ਬੋਲਚਾਲ, ਖਾਣ-ਪੀਣ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਪਰੰਪਰਾਵਾਂ ਦਾ ਸਮੂਹ ਆ ਜਾਂਦਾ ਹੈ, ਜਿਹੜਾ ਜ਼ਿੰਦਗੀ ਦਾ ਅਸਲ ਮਕਸਦ ਪੂਰਾ ਕਰਦਾ ਹੈ। ਇਸ ਦੀ ਪੂਰਤੀ ਲਈ ਇਹ ਪੁਸਤਕ ਅਤਿਅੰਤ ਸਾਰਥਿਕ ਹੋ ਸਕਦੀ ਹੈ। ਬਲਵਿੰਦਰ ਕੌਰ ਚੱਠਾ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਨੈਤਿਕਤਾ ਬਾਰੇ ਜਾਣਕਾਰੀ ਦੇਣ ਲਈ ਲੇਖ ਅਤੇ ਦੂਜੇ ਭਾਗ ਵਿੱਚ ਮਿੰਨੀ ਕਹਾਣੀਆਂ ਹਨ। ਪੁਸਤਕ ਵਿੱਚ ਨੈਤਿਕਤਾ ਬਾਰੇ 29 ਛੋਟੇ-ਛੋਟੇ ਲੇਖ, 30 ਕਹਾਣੀਆਂ ਅਤੇ ਅਖ਼ੀਰ ਵਿੱਚ ਜ਼ਿੰਦਗੀ ਜਿਓਣ ਦੇ ਹੁਨਰ ਸਿੱਖਣ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚ ਦੋਸਤੀ, ਸੱਚਾਈਆਂ, ਹਰੇਕ ਚੀਜ਼ ਦੀ ਮਹੱਤਤਾ, ਸੱਚ ਤਾਂ ਬੋਲੋ, ਪਰ ਕਦੇ ਵੀ ਕਿਸੇ ਦਾ ਨੁਕਸਾਨ ਨਾ ਕਰੋ, ਨੈਤਿਕਤਾ ਦੀ ਅਹਿਮੀਅਤ ਅਤੇ ਕੁਝ ਸਵਾਲ ਜਵਾਬ ਹਨ। ਇਨ੍ਹਾਂ ਲੇਖਾਂ ਅਤੇ ਕਹਾਣੀਆਂ ਨੂੰ ਪੜ੍ਹਨ ਤੋਂ ਬਾਅਦ ਬੱਚਿਆਂ ਦੇ ਕੋਮਲ ਮਨਾਂ ‘ਤੇ ਗਹਿਰਾ ਪ੍ਰਭਾਵ ਪਵੇਗਾ ਤੇ ਫਿਰ ਉਹ ਸਾਰੀ ਉਮਰ ਸਚਾਈ ਦੇ ਮਾਰਗ ‘ਤੇ ਚਲਣ ਦਾ ਪ੍ਰਣ ਕਰਨਗੇ। ਹਰ ਲੇਖ ਵਿੱਚ ਉਸ ਲੇਖ ਦੇ ਵਿਸ਼ੇ ‘ਤੇ ਅਧਾਰਤ ਅਖ਼ੀਰ ਵਿੱਚ ਕੁਝ ਪ੍ਰਸ਼ਨ ਦਿੱਤੇ ਹੋਏ ਹਨ। ਉਨ੍ਹਾਂ ਪ੍ਰਸ਼ਨਾ ਦੇ ਉਤਰ ਖਾਲ੍ਹੀ ਥਾਵਾਂ ਛੱਡਕੇ ਬਚਿਆਂ ਦੇ ਭਰਨ ਲਈ ਦਿੱਤੇ ਗਏ ਹਨ। ਜਦੋਂ ਬੱਚੇ ਇਹ ਖਾਲ੍ਹੀ ਥਾਵਾਂ ਭਰਨਗੇ ਤਾਂ ਉਨ੍ਹਾਂ ਵਿੱਚ ਇਹ ਗੁਣ ਘਰ ਕਰ ਜਾਣਗੇ, ਕਿਉਂਕਿ ਖਾਲ੍ਹੀ ਥਾਵਾਂ ਲੇਖ ਨੂੰ ਪੜ੍ਹੇ ਅਤੇ ਸਮਝੇ ਬਿਨਾਂ ਨਹੀਂ ਭਰੇ ਜਾ ਸਕਦੇ, ਫਿਰ ਲੇਖ ਦਾ ਮੰਤਵ ਪੂਰਾ ਹੋ ਜਾਵੇਗਾ। ਪੁਸਤਕਾਂ ਵਿੱਚ ਲਿਖਿਆ ਬੱਚਿਆਂ ਲਈ ਰੱਬ ਦੇ ਬਰਾਬਰ ਹੁੰਦਾ ਹੈ। ਜਦੋਂ ਬੱਚਿਆਂ ਨੂੰ ਕਿਸੇ ਸਵਾਲ ਦੇ ਜਵਾਬ ਦੀ ਸਾਰਥਿਕਤਾ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਹੋ ਕਹਿੰਦੇ ਹਨ ਕਿ ਪੁਸਤਕ ਵਿੱਚ ਲਿਖਿਆ ਹੋਇਆ ਹੈ। ਇਸ ਲਈ ਇਹ ਪੁਸਤਕ ਬੱਚਿਆਂ ਉਪਰ ਗਹਿਰਾ ਪ੍ਰਭਾਵ ਪਾ ਸਕਦੀ ਹੈ। ਨੈਤਿਕ ਕਦਰਾਂ ਕੀਮਤਾਂ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਤਿਅੰਤ ਜ਼ਰੂਰੀ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਪ੍ਰੇਰਨਸ੍ਰੋਤ ਬਣਨਾ ਚਾਹੀਦਾ ਹੈ। ਨੈਤਿਕਤਾ ਨੂੰ ਸਿਖਾਉਣ ਤੇ ਉਸ ‘ਤੇ ਅਮਲ ਕਰਨ ਲੲਂੀ ਅਧਿਆਪਕ ਅਤੇ ਮਾਪੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੈਤਿਕਤਾ ਦਾ ਆਧਾਰ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੈਤਿਕਤਾ ਦਾ ਸੰਕਲਪ’ ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਸਚਾਈ, ਆਚਾਰ, ਪਿਆਰ, ਸ਼ਹਿਸ਼ੀਲਤਾ, ਭਾਈਚਾਰਕ ਸਾਂਝ, ਕਿਰਤ ਕਰਨੀ, ਸੇਵਾ, ਇਮਾਨਦਾਰੀ, ਆਗਿਆਕਾਰੀ, ਮੰਦਾ ਨਾ ਬੋਲਣਾ, ਸੰਜਮਤਾ, ਸੂਰਬੀਰਤਾ, ਸਵੈਭਰੋਸੇਯੋਗਤਾ, ਖਿਮਾ ਕਰਨੀ, ਘੁਮੰਢ ਨਾ ਕਰਨਾ, ਧੀਰਜ, ਸਵੈ ਪੜਚੋਲ ਅਤੇ ਇਸਤਰੀ ਦਾ ਸਨਮਾਨ ਕਰਨਾ ਵਰਗੀਆਂ ਬੇਸ਼ਕੀਮਤੀ ਸਿਖਿਆਵਾਂ ਦੀ ਜਾਣਕਾਰੀ ਮਿਲਦੀ ਹੈ। ਇਹ ਸਭ ਨੈਤਿਕਤਾ ਦੇ ਹੀ ਨੁਕਤੇ ਹਨ। ਇਨ੍ਹਾਂ ‘ਤੇ ਅਮਲ ਕਰਨਾ ਜ਼ਰੂਰੀ ਹੈ। ਧਰਮ ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਲਈ ਧਰਮ ਅਤੇ ਨੈਤਿਕਤਾ ਇੱਕ ਦੂਜੇ ਦੇ ਪੂਰਕ ਹਨ।
ਦੂਜੇ ਭਾਗ ਕਹਾਣੀਆਂ ਵਿੱਚ ਵੀ ਲੇਖਾਂ ਵਾਲੇ ਵਿਸ਼ੇ ਹੀ ਹਨ, ਜਿਹੜੇ ਨੈਤਿਕਤਾ ਦਾ ਜੀਵਨ ਜਿਓਣ ਦੀ ਸਿਖਿਆ ਦਿੰਦੇ ਹਨ ਪ੍ਰੰਤੂ ਲੇਖਾਂ ਨਾਲੋਂ ਇਕ ਅੰਤਰ ਇਹ ਹੈ ਕਿ ਕਹਾਣੀਆਂ ਪੜ੍ਹਨ ਦਾ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਅਤੇ ਇਹ ਦਿਲਚਸਪ ਵੀ ਹੁੰਦੀਆਂ ਹਨ। ਕਹਾਣੀਆਂ ਪੜ੍ਹਨ ਵਿੱਚ ਬੱਚੇ ਜ਼ਿਆਦਾ ਦਿਲਚਸਪੀ ਲੈਂਦੇ ਹਨ। ਕਹਾਣੀਆਂ ਵਿੱਚ ਕੁਝ ਨੁਕਤਿਆਂ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਜ਼ਿੰਦਗੀ ਲਈ ਸਾਹ ਜ਼ਰੂਰੀ ਹੁੰਦੇ ਹਨ, ਉਸੇ ਤਰ੍ਹਾਂ ਨੈਤਿਕਤਾ ਵੀ ਸਫਲਤਾ ਲਈ ਜ਼ਰੂਰੀ ਹੁੰਦੀ ਹੈ। ਕੁਝ ਕਹਿਣ ਤੋਂ ਪਹਿਲਾਂ ਸੋਚੋ, ਸੱਚ ਹੀ ਸੁਣੋ, ਅਹਿਸਾਨ ਦਾ ਬਦਲਾ ਨਾ ਲਵੋ, ਸੱਚ ਉਹ ਜੋ ਦੂਸਰਿਆਂ ਦਾ ਭਲਾ ਕਰੇ, ਇਮਾਨਦਾਰੀ ਚੰਗੀ ਨੀਤੀ ਹੈ, ਕਿਸੇ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਸੋਚੋ, ਜ਼ਿੰਮੇਵਾਰੀ ਮਹਿਸੂਸ ਕਰੋ, ਦੂਸਰਿਆਂ ਦੀ ਮਦਦ ਕਰੋ, ਕਿਰਤ ਕੋਈ ਵੱਡੀ ਛੋਟੀ ਨਹੀਂ ਹੁੰਦੀ, ਸੱਚ ਦਾ ਇਨਾਮ, ਪਿਆਰ ਸਭ ਤੋਂ ਵੱਡਾ ਤੋਹਫ਼ਾ, ਖੋਟੀ ਨੀਅਤ ਬਨਾਮ ਖ਼ਰੀ ਨੀਅਤ, ਆਪਣੇ ਆਪ ਨੂੰ ਸੁਧਾਰੋ, ਮਾਂ ਦੀ ਸੇਵਾ, ਨਿਮਰਤਾ, ਆਲੋਚਨਾ ਕਰਨ ਤੋਂ ਪਹਿਲਾਂ ਸੋਚੋ ਅਤੇ ਅਫ਼ਵਾਹ ਆਦਿ ਕਹਾਣੀਆਂ ਵਿੱਚ ਵੀ ਨੈਤਿਕਤਾ ਦੀ ਸਿੱਖਿਆ ਦਿੱਤੀ ਗਈ ਹੈ। ਜਗਤ ਪੰਜਾਬੀ ਸਭਾ ਨੇ ਨੈਤਿਕਤਾ ਨਾਲ ਸੰਬੰਧਤ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਵੀ ਉਸੇ ਲੜੀ ਦਾ ਹਿੱਸਾ ਹੈ। ਇਸ ਸ਼ੁਭ ਕਾਰਜ ਲਈ ਉਹ ਵਧਾਈ ਦੇ ਪਾਤਰ ਹਨ।
148 ਪੰਨਿਆਂ, 225 ਰੁਪਏ ਭਾਰਤੀ ਤੇ 10 ਪੌਂਡ ਕੀਮਤ ਵਾਲੀ ਇਹ ਪੁਸਤਕ ਅਸੀਮ ਪਬਲੀਕੇਸ਼ਨ ਬ੍ਰਾਮਪਟਨ ਕੈਨੇਡਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com