ਡਿਜੀਟਲ ਪਾੜਾ ਅਤੇ ਇਸ ਦੇ ਪ੍ਰਭਾਵ - ਸੁਖਪਾਲ ਸਿੰਘ ਗਿੱਲ
ਬਿਜਲਈ ਜਨ ਸੰਚਾਰ ਦੇ ਸਾਧਨ ਆਡੀਓ, ਵੀਡੀਓ, ਇੰਟਰਨੈੱਟ, ਮੋਬਾਈਲ ਅਤੇ ਸੋਸ਼ਲ ਮੀਡੀਆ ਵਗੈਰਾ ਜਨ ਸੰਚਾਰ ਦਾ ਆਦਾਨ ਪ੍ਰਦਾਨ ਕਰਦੇ ਹਨ।ਇਹ ਪ੍ਰਿੰਟ ਮੀਡੀਏ ਨੂੰ ਪਿੱਛੇ ਛੱਡ ਗਏ ਹਨ।ਅਜੋਕੇ ਸਮੇਂ ਵਿੱਚ ਇਸ ਦੀ ਵਧੇਰੇ ਮਹੱਤਤਾ ਹੈ।ਪਰ ਇਸ ਦਾ ਨਾਂਹ-ਪੱਖੀ ਪ੍ਰਭਾਵ ਇਹ ਵੀ ਹੈ ਕਿ ਜੋ ਮਰਜ਼ੀ ਇਹਨਾਂ ਰਾਹੀਂ ਫੈਲਾਈ ਜਾਵੇ, ਜਿੱਦਾਂ ਦੀ ਸੋਚ ਉਸਨੂੰ ਹੀ ਅੱਗੇ ਤੌਰੀ ਜਾਂਦੇ। ਅਗਲੇ ਪਾਸੇ ਵਾਲਾ ਵੀ ਨਿਤਾਰਾ ਕਰਨ ਦੀ ਬਜਾਏ ਬਿਨਾਂ ਸੋਚੇ ਸਮਝੇ ਆਪ ਪੜ੍ਹ ਸੁਣ ਕੇ ਅੱਗੇ ਤੋਰੀ ਜਾਂਦੇ ਹਨ। ਸ਼ੈਕਸਪੀਅਰ ਦਾ ਕਥਨ ਹੈ,"ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸਨੂੰ ਅਜਿਹਾ ਬਣਾਉਂਦੀ ਹੈ"ਆਪਣੇ ਆਲੇ ਦੁਆਲੇ ਵਾਪਰਦੇ ਘਟਨਾ ਕ੍ਰਮ ਵਿੱਚ ਸਿਆਣੇ ਬਣਨ ਦੀ ਲੋੜ ਹੈ । ਫੈਸਲਾ ਵਿਚਾਰ ਕੇ ਕਰੋ।ਆਪਣੇ ਵਿਚਾਰ ਸੋਚ ਸਮਝ ਕੇ ਅੱਗੇ ਭੇਜਣੇ ਚਾਹੀਦੇ ਹਨ ਜੋ ਵਿਚਾਰ ਆਪਣੇ ਕੋਲ ਆਉਣ ਉਹਨਾਂ ਉੱਤੇ ਵਿਚਾਰ ਕਰਨੀ ਚਾਹੀਦੀ ਹੈ।ਗਲਤ ਵਿਚਾਰਾਂ ਨੂੰ ਪਰੇ ਸੁੱਟ ਦੇਣਾ ਚਾਹੀਦਾ ਹਨ। ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਵਿਚਾਰ ਪੋਸਟ ਨੂੰ ਅੱਗੇ ਕਰ ਦੇਣ ਵਾਲੇ ਵਿਅਕਤੀ ਦੀ ਮਾਨਸਿਕਤਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ ਜਿਸ ਵਿੱਚ ਕੀੜੇ ਪੈਦਾ ਹੋਏ ਹੁੰਦੇ ਹਨ।ਅੱਜ ਮੋਬਾਈਲ ਫੋਨ ਖੋਲਦੇ ਹੀ ਅਨੇਕਾਂ ਅਸ਼ਲੀਲ ਪੋਸਟਾਂ, ਵੀਡੀਓਜ਼ ਅਤੇ ਕਾਰਟੂਨ ਸਾਹਮਣੇ ਆ ਜਾਂਦੇ ਹਨ , ਪ੍ਰੀਵਾਰ ਵਿੱਚ ਠਿੱਠ ਹੋਣਾ ਪੈਂਦਾ ਹੈ। ਇਹਨਾਂ ਨੂੰ ਇਗਨੋਰ ਕਰਨਾ ਜਾਂ ਕੱਟ ਦੇਣਾ ਹੀ ਬੁੱਧੀਮਾਨੀ ਹੈ।ਅੱਜ ਦੇ ਡਿਜੀਟਲ ਯੁੱਗ ਵਿੱਚ ਚੰਗੇ ਮਾੜੇ ਪ੍ਰਭਾਵਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਅਸੰਤੁਲਨ ਨਾ ਬਣੇ, ਬਲਕਿ ਸ਼ਹਿਣਸ਼ੀਲਤਾ ਬਣੀ ਰਹੇ। ਬੇਲਗਾਮ ਸੋਸ਼ਲ ਮੀਡੀਏ ਨੂੰ ਕਿਸੇ ਦਾਇਰੇ ਅਧੀਨ ਕਰਨਾ ਚਾਹੀਦਾ ਹੈ ਤਾਂ ਜੋ ਅਸੱਭਿਅਕ ਅਤੇ ਬੁਰੇ ਵਿਚਾਰਾਂ ਨੂੰ ਨੱਥ ਪਾਈ ਜਾ ਸਕੇ। ਬੱਚਿਆਂ ਤੋਂ ਇਲੈਕਟ੍ਰਾਨਿਕ ਅੰਗਾਂ ਨੂੰ ਅਸ਼ਲੀਲਤਾ ਦੇ ਡਰੋਂ ਦੂਰ ਰੱਖਿਆ ਜਾਵੇ।ਇਸ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਕੂਟਨੀਤਕ ਅਤੇ ਸਥਾਨਕ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਫਿਰਕੂ ਉਕਸਾਹਟ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾਣਕਾਰੀਆਂ ਘਾਤਕ ਹੁੰਦੀਆਂ ਹਨ। ਫਿਰਕੂਵਾਦ ਵਿਕਾਸ ਦਾ ਰੋੜਾ ਬਣ ਜਾਂਦਾ ਹੈ।
ਸੋਸ਼ਲ ਮੀਡੀਏ ਨੂੰ ਜ਼ਾਬਤੇ ਦੇ ਅਧੀਨ ਰੱਖਣਾ ਹਰ ਸੂਝਵਾਨ ਨਾਗਰਿਕ ਦਾ ਫਰਜ਼ ਹੈ। ਨਾਂਹ -ਪੱਖੀ ਪ੍ਰਭਾਵਾਂ ਲਈ ਹਰ ਨੌਜਵਾਨ ਅੱਗੇ ਆਵੇ।ਇਸ ਦੀ ਨਜਾਇਜ਼ ਵਰਤੋਂ ਨਾਲ ਲੋਕਤੰਤਰ ਦੇ ਰੂਝਾਨ ਅਤੇ ਸ਼ਾਨੋ ਸ਼ੌਕਤ ਨੂੰ ਮੰਜ਼ਿਲ ਤੱਕ ਨਹੀਂ ਪਹੁੰਚਾਇਆ ਜਾ ਸਕਦਾ।ਇਸ ਵਰਤਾਰੇ ਨਾਲ ਆਮ ਲੋਕਾਈ ਵਿੱਚ ਨਿਰਾਸ਼ਾ ਦਾ ਆਲਮ ਪੈਦਾ ਹੁੰਦਾ ਹੈ। ਪੜ੍ਹੇ ਲਿਖੇ ਅਤੇ ਜਾਣਕਾਰ ਤਾਂ ਸਮਝ ਲੈਂਦੇ ਹਨ,ਪਰ ਅਣਜਾਣ ਵਿਅਕਤੀ ਇਸ ਦੀਆਂ ਪੋਸਟਾਂ ਨੂੰ ਸਹੀ ਹੀ ਮੰਨ ਕੇ ਬੇਲੋੜੀ ਬਹਿਸ ਵਿੱਚ ਹਿੱਸਾ ਲੈਂਦਾ ਹੈ। ਕਾਰਪੋਰੇਟ ਦੇ ਗਲਬੇ ਅਧੀਨ ਕਈ ਵਾਰ ਸੋਸ਼ਲ ਮੀਡੀਆ ਕਦਰਾਂ ਕੀਮਤਾਂ ਨੂੰ ਢਾਅ ਲਾ ਦਿੰਦਾ ਹੈ।ਕਈ ਦੇਸ਼ਾਂ ਨੇ ਤਾਂ ਇਸ ਉੱਤੇ ਸ਼ਿਕੰਜਾ ਕੱਸਿਆ ਹੈ। ਬਦਕਿਸਮਤੀ ਇਹ ਹੈ ਇਸ ਦੇ ਪ੍ਰਭਾਵ ਹੇਠ ਆਇਆ ਨੂੰ ਸਮਝਾਉਣਾ ਵਸੋ ਬਾਹਰ ਦੀ ਗੱਲ ਹੋ ਜਾਂਦੀ ਹੈ।ਇਹ ਲੋਕ ਸੋਸ਼ਲ ਮੀਡੀਆ ਦੇ ਪ੍ਰਚਾਰ ਪ੍ਰਸਾਰ ਨੂੰ ਸੱਚ ਮੰਨ ਲੈਂਦੇ ਹਨ। ਅਜਿਹੇ ਵਰਗ ਦੀ ਕਚਹਿਰੀ ਵਿੱਚ ਸਹੀ ਅਤੇ ਸੱਚੀ ਜਾਣਕਾਰੀ ਲੰਬਿਤ ਪਈ ਰਹਿੰਦੀ ਹੈ।ਚੁਸਤ ਚਲਾਕ ਲੋਕ ਅਜਿਹੀ ਮਾਨਸਿਕਤਾ ਨੂੰ ਆਪਣੇ ਹਿੱਤਾਂ ਲਈ ਵਰਤ ਲੈਂਦੇ ਹਨ। ਸੱਚੀ ਗੱਲ ਦੀ ਹਾਮੀ ਭਰਨ ਵਾਲੇ ਕੁੱਝ ਹੀ ਰਹਿ ਜਾਂਦੇ ਹਨ। ਫਿਰਕਾਪ੍ਰਸਤੀ,ਊਟ ਪਟਾਂਗ ਅਤੇ ਅਸ਼ਲੀਲਤਾ ਅਜਿਹੇ ਮੌਕਿਆਂ ਤੇ ਉੱਪਰ ਚਲੀ ਜਾਂਦੀ ਹੈ। ਸਾਂਝੀਵਾਲਤਾ ਅਤੇ ਕੌਮੀ ਪਿਆਰ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ।ਸਮਾਜ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।ਆਊਟਸੋਰਸ ਅਤੇ ਠੇਕੇ ਤੇ ਅਧਾਰਿਤ ਮੁਲਾਜ਼ਮ ਵਰਗ ਆਪਣੀ ਅਸੁਰੱਖਿਆ ਦੇਖਦੇ ਹੋਏ ਇਸ ਦੀ ਦੁਰਵਰਤੋਂ ਕਰਦੇ ਹਨ।
ਸਾਡੇ ਮੁਲਕ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਕਾਫ਼ੀ ਵੱਧ ਰਿਹਾ ਹੈ।ਇਸ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਅਤੇ ਪ੍ਰਭਾਵਾਂ ਨੂੰ ਸੋਚ ਵਿਚਾਰ ਕੇ ਹੀ ਕਰਨਾ ਚਾਹੀਦਾ ਹੈ।ਕਈ ਵਾਰ ਪੁਆੜਾ ਡਿਜੀਟਲ ਦੀ ਦੁਰਵਰਤੋਂ ਵਿੱਚੋਂ ਉਪਜਦਾ ਹੈ। ਸਕੂਲ ਪੱਧਰ ਤੇ ਡਿਜੀਟਲ ਪਾੜਾ ਖ਼ਤਮ ਹੋਣਾ ਚਾਹੀਦਾ ਹੈ। ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਇਹ ਪਾੜਾ ਦਿੱਖਦਾ ਹੈ। ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਪੰਜਾਬ ਦੇ 47% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ ਜਦ ਕਿ ਗਵਾਂਢੀ ਸੂਬੇ ਹਰਿਆਣਾ ਦੇ 29% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ। ਪੰਜਾਬ ਮੁਕਾਬਲਤਨ ਵਧੀਆ ਹੈ।ਇਹ ਵਰਤਾਰਾ ਸਮਾਜਿਕ ਨਾ ਬਰਾਬਰੀ ਨੂੰ ਹੱਲਾਸ਼ੇਰੀ ਦਿੰਦਾ ਹੈ,ਜੋ ਅੱਗੇ ਜਾ ਕੇ ਕਈ ਅਲਾਮਤਾਂ ਨੂੰ ਜਨਮ ਦਿੰਦਾ ਹੈ।ਭਾਰਤ ਦਾ ਡਿਜੀਟਲ ਇੰਡੀਆ ਸੰਕਲਪ ਹੈ।ਪਰ 2023 ਵਿੱਚ ਭਾਰਤ ਵਿੱਚ 24.2% ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ। ਵਿਦਿਆਰਥੀਆਂ ਲਈ ਇਹ ਗਿਆਨ ਦੇ ਸਰੋਤ ਦਾ ਮੌਕਾ ਹੁੰਦਾ ਹੈ।ਇਹ ਗਰੀਬੀ ਅਮੀਰੀ ਦੇ ਪਾੜ ਵਿੱਚ ਫਸ ਜਾਂਦਾ ਹੈ। ਸੂਚਨਾ ਮਨੁੱਖ ਦੇ ਹਰ ਪੱਖ ਲਈ ਜ਼ਰੂਰੀ ਹੈ।ਇਸ ਲਈ ਇਹ ਹਰ ਗਰੀਬ ਅਮੀਰ ਤੱਕ ਪੁੱਜਣੀ ਚਾਹੀਦੀ ਹੈ।ਕਈ ਤੱਥ ਤੌੜ ਮਰੋੜ ਕੇ ਅਤੇ ਕਈ ਤੱਥ ਸਮੇਂ ਦੇ ਬਦਲਦੇ ਹਾਲਾਤ ਲਈ ਪ੍ਰਚਾਰ ਪ੍ਰਸਾਰ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਪੀਣ ਵਾਲੇ ਪਾਣੀ ਦਾ ਪਾੜਾ ਸਮਾਜਿਕ ਪੁਆੜਾ, ਪਾੜੇ ਦੇ ਅਧੀਨ ਹੈ।ਇਸ ਦੇ ਨਾਲ ਵਿਗਿਆਨ ਅਤੇ ਤਕਨਾਲੋਜੀ ਤਾਂ ਹੋਰ ਵੀ ਵੱਡੇ ਪਾੜੇ ਦੇ ਅਧੀਨ ਹਨ। ਸਰਕਾਰ ਨੇ ਪਿਛਲੇ ਸਾਲਾਂ ਵਿੱਚ ਪੰਚਾਇਤਾਂ ਨੂੰ ਬ੍ਰਾਂਡ ਬੈਂਡ ਦੇ ਕੁਨੈਕਸ਼ਨ ਦਿੱਤੇ ਜੋ ਜਾਰੀ ਹਨ। ਇਹਨਾਂ ਦਾ ਬਹੁਤਾ ਯੋਗਦਾਨ ਨਹੀਂ ਹੈ।ਦੂਰ ਦੁਰੇਡੀਆਂ ਪੰਚਾਇਤਾਂ ਅਜੇ ਇੰਟਰਨੈਟ ਨੂੰ ਉਡੀਕਦੀਆਂ ਹਨ।ਅੱਜ ਸੜਕਾਂ ਨਾਲੋਂ ਇੰਟਰਨੈਟ ਜ਼ਰੂਰੀ ਹੈ।ਗੈਰਇੰਟਰ ਨੈੱਟ ਵਾਲੇ ਇਲਾਕੇ ਬਾਕੀ ਇਲਾਕਿਆਂ ਨਾਲੋਂ ਟੁੱਟੇ ਰਹਿੰਦੇ ਹਨ। 23-11-1997 ਨੂੰ ਪ੍ਰਸਾਰ ਭਾਰਤੀ ਸੰਵਿਧਾਨਕ ਸੰਸਥਾ ਬਣੀ ਸੀ ਇਹ ਕਾਇਦੇ ਅਧੀਨ ਸੀ। ਇੱਥੋਂ ਇਲੈਕਟ੍ਰਾਨਿਕ ਮੀਡੀਆ ਦੇ ਹੋਰ ਅੰਗ ਫੈਲਦੇ ਅਤੇ ਇਜ਼ਾਦ ਹੁੰਦੇ ਗਏ ਪਰ ਜ਼ਾਬਤੇ ਤੋਂ ਬਾਹਰ ਵੀ ਹੁੰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਬੇਲਗਾਮਤਾ ਨੂੰ 1860 ਦੀ ਤਾਜ਼ੇਰਾਤ-ਏ-ਹਿੰਦ ਦੇ ਨਵੇਂ ਰੂਪਾਂ ਅਧੀਨ ਕਰਕੇ ਇਸ ਤੇ ਲਗਾਮ ਕੱਸੀ ਚਾਹੀਦੀ ਹੈ।
ਉਂਝ ਇਹ ਇਲੈਕਟ੍ਰਾਨਿਕ ਮੰਚ ਸੱਚ ਤਰਾਸ਼ਣ ਲਈ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਸਾਰ ਕਰਨ ਲਈ ਵਧੀਆ ਪਲੇਟ ਫਾਰਮ ਹੈ। ਮਿਖ਼ਾਇਲ ਬਾਖਤਿਕ ਦਾ ਕਥਨ ਹੈ,"ਸੱਚ ਕਿਸੇ ਇੱਕ ਮਨੁੱਖ ਦੇ ਮਨ ਵਿੱਚ ਜਨਮ ਨਹੀਂ ਲੈਂਦਾ,ਇਹ ਮਨੁੱਖਾਂ ਵਿੱਚਕਾਰ ਸੰਵਾਦ ਚੋਂ ਪੈਦਾ ਹੁੰਦਾ ਹੈ" ਇਹਨਾਂ ਰਾਹੀਂ ਸਾਰਥਿਕ ਪਹੁੰਚ ਅਪਣਾ ਕੇ ਹੀ ਸਹੀ ਨਕਸ਼ਾ ਨਜ਼ਰੀਆ ਚਿਤਰਿਆ ਜਾ ਸਕਦਾ ਹੈ।ਗਲਤ ਵਿਚਾਰਾਂ ਰਾਹੀਂ ਅਜ਼ਾਦੀ ਦਾ ਗਲਾ ਘੁੱਟਿਆ ਜਾਂਦਾ ਹੈ।2023 ਵਿੱਚ ਕੇਂਦਰ ਸਰਕਾਰ ਨੇ ਇੰਟਰਨੈਟ ਤੇ ਪਾਈ ਜਾਣ ਵਾਲੀ ਹਰੇਕ ਸਮਗਰੀ ਦੇ ਨਿਯਮਾਂ ਵਿੱਚ ਸੋਧ ਕੀਤੀ।ਗੱਲ ਇੰਨੀ ਹੈ ਕਿ ਜੇ ਕੋਈ ਖ਼ਬਰ ਸੂਚਨਾ ਗਲਤ ਹੈ ਤਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਜਾਵੇਗੀ।ਇਹ ਵੀ ਸ਼ੰਕਾਵਾਂ ਦੇ ਘੇਰੇ ਵਿੱਚ ਹਨ।ਇਸ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੀ ਜ਼ਿੰਮੇਵਾਰੀ ਵਧੀ। ਅਖ਼ਬਾਰੀ ਐਡੀਟਰਾਂ ਨੇ ਇਸ ਦਾ ਵਿਰੋਧ ਕੀਤਾ। ਇਹਨਾਂ ਨੇ ਕੁਦਰਤੀ ਨਿਆਂ ਦੇ ਵਿਰੁੱਧ ਅਤੇ ਸੈਂਸਰ ਵਰਗਾ ਦੱਸਿਆ। ਦੂਜੇ ਪਾਸੇ ਇੱਕ ਵਾਰ ਫੈਲੀ ਖ਼ਬਰ ਉਹੀ ਰਹਿੰਦੀ ਹੈ ਜੋ ਪਹਿਲੇ ਮਾਰਕੀਟ ਵਿੱਚ ਆ ਗਈ। ਸਰਕਾਰ ਨੇ ਵਿਆਪਕ ਅਤੇ ਆਲਮੀ ਪੱਧਰ ਤੇ ਦੇਖਣਾ ਹੁੰਦਾ ਹੈ ਜਦੋਂ ਕਿ ਹਟਾਏ ਤੱਥ ਇੱਕ ਵਰਗ ਨਾਲ ਸੰਬੰਧਿਤ ਹੁੰਦੇ ਹਨ। ਅਫਵਾਹਾਂ ਫੈਲਾਈਆਂ ਜਾਣਾ ਇਲੈਕਟ੍ਰਾਨਿਕ ਅੰਗਾਂ ਦਾ ਘਿਨਾਉਣਾ ਅਪਰਾਧ ਹੈ।ਇਹ ਜ਼ਿੰਮੇਵਾਰੀ ਨਾਲ ਕੰਮ ਕਰਨ। ਸਰਕਾਰ ਵੀ ਇਹਨਾਂ ਅੰਗਾਂ ਤੇ ਸੱਚੀ ਜਾਣਕਾਰੀ ਦੀ ਆਸ ਰੱਖੇ,ਨਾਲ ਹੀ ਖਾਹ ਮਖਾਹ ਇਹਨਾਂ ਦੇ ਕੰਮਾਂ ਵਿੱਚ ਦਖਲ ਨਾ ਦੇਵੇ।ਇਸ ਦਿਸ਼ਾ ਵੱਲ ਸਹੀ ਅਤੇ ਪੁੱਖਤਾ ਕਦਮ ਉਠਾਉਣਾ ਜ਼ਰੂਰੀ ਹੈ।ਇਹ ਭਰੋਸੇਯੋਗਤਾ ਨਾਲ ਜੁੜਿਆ ਮਾਮਲਾ ਹੈ। ਵਿਗਿਆਨਕ ਤਰੱਕੀ ਦੇ ਤੌਰ ਤੇ ਇਲੈਕਟ੍ਰਾਨਿਕ ਅੰਗਾਂ ਦੀ ਲੋੜ ਹੁੰਦੀ ਹੈ ਇਸ ਤੋਂ ਬਿਨਾਂ ਅਧੂਰਾ ਜਿਹਾ ਲੱਗਦਾ ਹੈ। ਇਹਨਾਂ ਦੀਆਂ ਤਰੰਗਾਂ, ਉਮੰਗਾਂ ਅਤੇ ਮੰਗਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਮੇਂ ਦਾ ਹਾਣੀ ਬਣਨ ਲਈ ਇਹਨਾਂ ਦੇ ਚੰਗੇ ਮਾੜੇ ਪ੍ਰਭਾਵਾਂ ਨੂੰ ਦੇਖਣਾ ਪਰਖਣਾ ਨੌਜਵਾਨ ਵਰਗ ਦੀ ਤਰਜੀਹ ਹੋਣੀ ਚਾਹੀਦੀ ਹੈ।
ਇਲੈਕਟ੍ਰਾਨਿਕ ਅੰਗਾਂ ਦੀਆਂ ਖੁਸ਼ੀਆਂ ਅਤੇ ਸੁਖਦ ਪਲਾਂ ਵਿੱਚ ਗਵਾਚ ਕੇ ਮਨੁੱਖ ਦੀ ਸਥਿਤੀ ਹਨੇਰੇ ਵਿੱਚ ਭਟਕੇ ਪੰਛੀ ਵਰਗੀ ਹੁੰਦੀ ਹੈ।ਮਾਪੇ ਆਪਣੇ ਬੱਚਿਆਂ ਨਾਲ ਖਿੱਝ ਖਿਝਾਉਣ ਵਿੱਚ ਪੈਣ ਨਾਲੋਂ ਉਹਨਾਂ ਨੂੰ ਮੋਬਾਈਲ, ਟੀਵੀ ਅਤੇ ਕੰਪਿਊਟਰ ਨੂੰ ਇੱਕ ਖੇਲ ਵਜੋਂ ਪੇਸ਼ ਕਰ ਦਿੰਦੇ ਹਨ। ਇੱਥੋਂ ਡਿਜੀਟਲ ਕੜਵਾਹਟ ਦੀ ਸ਼ੁਰੂਆਤ ਹੁੰਦੀ ਹੈ।ਐਂਡਰਿਊ ਬਰਾਊਨ ਕਹਿੰਦੇ ਹਨ ਕਿ,"ਇੰਟਰਨੈਟ ਇੰਨਾ ਵੱਡਾ, ਇੰਨਾ ਤਾਕਤਵਰ ਅਤੇ ਦਿਸ਼ਾਹੀਣ ਹੈ ਕਿ ਕੁੱਝ ਲੋਕਾਂ ਵਾਸਤੇ ਇਹ ਜ਼ਿੰਦਗੀ ਬਣ ਗਿਆ ਹੈ"ਨੌਜਵਾਨੀ ਲਈ ਨਸ਼ੇ ਦਾ ਇਹ ਦੂਜਾ ਰੂਪ ਹੈ। ਮੁੱਠੀ ਵਿੱਚ ਕੀਤੀ ਦੁਨੀਆਂ ਨਾਲ ਇਸ ਤੋਂ ਇਲਾਵਾ ਦੁਨੀਆ ਹੀ ਅਧੂਰੀ ਲੱਗਦੀ ਹੈ।ਇਹ ਮਾਨਸਿਕਤਾ ਨਾਲ ਨੇੜਿਓਂ ਜੁੜੇ ਹੋਏ ਹਨ।ਇਹ ਮਾਨਸਿਕਤਾ ਦੇ ਰੋਗੀਆਂ ਦੀ ਗਿਣਤੀ ਵਧਾ ਰਿਹਾ ਹੈ।ਮਾਰਕ ਫਿਸਰ ਨੇ ਇਸ ਨੂੰ ਇਉਂ ਪ੍ਰਮਾਣਿਤ ਕੀਤਾ,"ਇਹ ਅਤੀਅੰਤ ਨਿਰਾਸ਼ਾ ਵਿੱਚ ਦੱਬਣ ਵਾਲੀ ਖੁਸ਼ੀ ਹੈ,ਦੋਵੇਂ ਆਪਾਂ ਵਿਰੋਧੀ ਹਨ ਵਰਤੋਂਕਾਰ ਇਸ ਵਿੱਚੋਂ ਖੁਸ਼ੀ ਲੱਭਦੇ ਹੋਏ ਨਿਰਭਰ ਹੋ ਰਹੇ ਹਨ ਅਜੋਕੇ ਸਮੇਂ ਮਨੁਖੀ ਜੀਵਨ ਵਿੱਚ ਇਸ ਵਲੋਂ ਕੀਤੀ ਘੁਸਪੈਠ ਨੇ ਇਸ ਨੂੰ ਸਵੀਕਾਰਨ ਲਈ ਮਜਬੂਰ ਕਰ ਦਿੱਤਾ ਹੈ ਇਸ ਤੋਂ ਬਿਨਾਂ ਚਕਾਚੌਂਧ ਲੱਗਦਾ ਹੈ"ਇਹ ਅੰਗ ਨੌਜਵਾਨੀ ਨੂੰ ਅਸਲੀਅਤ ਤੱਕ ਜਾਣ ਤੋਂ ਰੋਕ ਕੇ ਫ਼ਰਜ਼ੀਵਾੜੇ ਦਾ ਲੇਪਨ ਕਰਕੇ ਅੱਗੇ ਜਾਣ ਤੋਂ ਰੋਕ ਦਿੰਦੇ ਹਨ। ਬੇਗਾਨਗੀ ਦੀ ਭਾਵਨਾ ਪੈਦਾ ਕਰਕੇ ਕੋਲ ਬੈਠਿਆਂ ਨੂੰ ਦੂਰੀ ਦਾ ਅਹਿਸਾਸ ਕਰਵਾਉਂਦੇ ਹਨ।ਇਹ ਬੁਰਾਈ ਆਦਤ ਸਮਝੀ ਜਾਂਦੀ ਹੈ।ਦਿੱਕਤ ਇਹ ਹੈ ਕਿ ਇਸ ਬੁਰੀ ਆਦਤ ਦੇ ਧਾਰਨੀ ਇਸ ਨੂੰ ਬੁਰੀ ਆਦਤ ਮੰਨਣ ਲਈ ਤਿਆਰ ਨਹੀਂ ਹਨ। ਸਗੋਂ ਸਹੀ ਸਿੱਧ ਕਰਨ ਦੀ ਵਕਾਲਤ ਕਰਦੇ ਹਨ।
ਸਵਾਲ ਇਹ ਉੱਠਦਾ ਹੈ ਕਿ ਇਲੈਕਟ੍ਰਾਨਿਕ ਅੰਗਾਂ ਨੂੰ ਅੱਖੋ ਉਹਲੇ ਕਰ ਦੇਣਾ ਚਾਹੀਦਾ ਹੈ? ਜਾਂ ਨਾਂਹ -ਪੱਖੀ ਪ੍ਰਭਾਵ ਕਰਕੇ ਨੌਜਵਾਨੀ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ? ਖੈਰ ਅਜਿਹਾ ਨਹੀਂ। ਸਮੇਂ ਦਾ ਹਾਣੀ ਬਣਨ ਦੀ ਕਾਫ਼ੀ ਲੋੜ ਹੈ।ਇਸ ਨੂੰ ਮਾਨਸਿਕ ਗੁਲਾਮੀ ਹੀ ਸਮਝ ਲੈਣਾ ਠੀਕ ਨਹੀਂ ਹੈ।ਇਸ ਦੇ ਹਾਂ ਪੱਖੀ ਪਹਿਲੂ ਵੀ ਤਰੱਕੀ ਨੂੰ ਗਤੀਸ਼ੀਲ ਕਰਦੇ ਹਨ।ਅੱਜ ਦੀ ਜਵਾਨੀ ਇਸ ਦੀ ਗੁਲਾਮੀ ਦੇ ਤੱਥ ਤਰਾਸ਼ ਕੇ ਇਹਨਾਂ ਦੇ ਹਾਂ ਪੱਖੀ ਪਹਿਲੂਆਂ ਨੂੰ ਵਿਚਾਰ ਕੇ ਇਹਨਾਂ ਵਿਰੁੱਧ ਮਜ਼ਬੂਤ ਇੱਛਾ ਸ਼ਕਤੀ ਨਾਲ ਨਜਿੱਠਣ ਦੀ ਸਖ਼ਤ ਲੋੜ ਹੈ। ਫੇਸਬੁੱਕ, ਇੰਟਰਨੈਟ, ਵਟਸਐਪ, ਸੋਸ਼ਲ ਮੀਡੀਆ ਅਤੇ ਮੋਬਾਈਲ ਜ਼ਰੀਏ ਇਸ ਦੀ ਨਫ਼ਰਤ ਤੇ ਅਸ਼ਲੀਲ ਉਤੇਜਨਾ ਪੈਦਾ ਕਰਨ ਵਾਲੇ ਤੱਥਾਂ ਨੂੰ ਪਛਾਣ ਕੇ ਗਿਆਨ ਵਰਧਕ ਅਤੇ ਹਾਂ ਪੱਖੀ ਉਤੇਜਨਾ ਪੈਦਾ ਕਰਨ ਦੀ ਲੋੜ ਹੈ। ਡਿਜੀਟਲ ਅਰੈਸਟ ਨਵਾਂ ਸੱਪ ਨਿਕਲ ਆਇਆ ਹੈ।ਇਸ ਦੀਆਂ ਅਨੇਕਾਂ ਠੱਗੀਆਂ ਸਾਹਮਣੇ ਆਈਆਂ ਹਨ। ਇਹਨਾਂ ਦੇ ਝੰਬੇ ਖ਼ੁਦਕੁਸ਼ੀਆਂ ਵਲ ਵੀ ਜਾਂਦੇ ਹਨ।ਇਸ ਨੇ ਸਮਾਂ ਘਟਾ ਕੇ ਜਲਦੀ ਮੇਲ ਜੋਲ ਕਰਾਏ। ਬਟਵਾਰੇ ਦੇ ਵਿਛੜੇ ਵੀ ਮਿਲਾਏ।ਇਸ ਦੀ ਗੁਲਾਮੀ ਦੀ ਪਛਾਣ ਕਰਨ ਲਈ ਨੌਜਵਾਨ ਖੁਦ ਅੱਗੇ ਆਉਣ ਇਹ ਵੀ ਵਿਚਾਰ ਕਰਨ ਕਿ ਗਿਆਨ ਅਤੇ ਤਰੱਕੀ ਵੀ ਇਸ ਵਿੱਚ ਹੀ ਛੁਪੀ ਬੈਠੀ ਹੈ।ਇਸ ਦੀ ਸਹੀ ਵਰਤੋਂ ਯਕੀਨੀ ਬਣੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਦਾਜ ਦਾ ਵਰਤਮਾਨ ਰੂਪ ਅਟਕੀ ਸੋਚ - ਸੁਖਪਾਲ ਸਿੰਘ ਗਿੱਲ
ਦਾਜ ਕੋਈ ਸਮੱਸਿਆ ਨਹੀਂ ਹੁੰਦੀ ਬਲਕਿ ਲਾਲਚਖੋਰਾਂ ਅਤੇ ਘੱਟ ਸੂਝਵਾਨਾਂ ਦੇ ਮਨ ਦੀ ਉੱਪਜ ਹੁੰਦੀ ਹੈ। ਹਾਲਾਂ ਕਿ ਭਾਰਤੀ ਸੰਸਕ੍ਰਿਤੀ ਵਿੱਚ ਧੀ ਦੇ ਵਿਆਹ ਨੂੰ ' ਕੰਨਿਆ ਦਾਨ'ਕਿਹਾ ਜਾਂਦਾ ਹੈ। ਇਸ ਵੱਡੇ ਦਾਨ ਨਾਲ ਛੋਟੇ ਦਾਨ ਆਪ ਹੀ ਸਹੇੜ ਲਏ। ਜਦੋਂ ਇਸ ਦੇ ਨਾਂਹ-ਪੱਖੀ ਪ੍ਰਭਾਵ ਸ਼ੁਰੂ ਹੋਏ ਤਾਂ ਸਰਕਾਰ ਨੇ 1961 ਵਿੱਚ ਦਾਜ ਵਿਰੋਧੀ ਕਾਨੂੰਨ ਸਥਾਪਿਤ ਕੀਤਾ।ਦਾਜ ਦਾ ਕੋਹੜ ਇਸ ਕਦਰ ਵਧਿਆ ਕਿ ਅਮੀਰ ਗਰੀਬ ਦਾ ਪਾੜਾ ਵੀ ਇਸੇ ਕਰਕੇ ਸ਼ਿਖ਼ਰ ਤੇ ਪੁੱਜਾ।ਇਸ ਨਾਲ ਸਮਾਜਿਕ ਤਾਣਾ ਬਾਣਾ ਪ੍ਰਭਾਵਿਤ ਹੋਇਆ, ਪਾਟੋਧਾੜ ਵਧੀ। ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਦੀ ਇੱਕ ਵਿਅੰਗਮਈ ਗੱਲ ਚਿੜਾ ਦਿੰਦੀ ਹੈ," ਆਵੇਗਾ ਤਾਂ ਕਿਆ ਲਿਆਵੇਗਾ, ਮੈਂ ਆਵਾਂ ਤਾਂ ਕਿਹਾ ਦੇਵੇਂਗਾ"ਲੱਖ ਦੀ ਲਾਹਣਤ। ਪੰਜਾਬੀ ਸੱਭਿਅਤਾ ਹੜੱਪਾ ਸਮੇਂ ਤੋਂ ਸੰਸਾਰ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਸੱਭਿਅਤਾ ਹੈ। ਪੰਜਾਬੀ ਇਸ ਦਾ ਅਨੰਦ ਮਾਣਦੇ ਹਨ,ਪਰ ਨਾਲ ਦੀ ਨਾਲ ਅਲਾਮਤਾਂ ਵੀ ਸਹੇੜੀ ਗਏ।ਦਾਜ, ਲੱਚਰਤਾ,ਚੰਮ ਲਾਹੂ ਵਿਆਜ,ਹਿੰਸਾ, ਨਸ਼ਾ ਅਤੇ ਗੈਰ ਹੁੰਨਰਵੰਦੀ ਜਿਹੀਆਂ ਅਲਾਮਤਾਂ ਨੇ ਪੈਰ ਦੀ ਮੋਚ ਵਾਂਗ ਅੱਗੇ ਨਹੀਂ ਵਧਣ ਦਿੱਤੇ। ਵਧੀਆ ਪ੍ਰੀਵਾਰ ਵੀ ਇਸ ਪ੍ਰਥਾ ਵਿੱਚ ਇਸ ਤਰ੍ਹਾਂ ਸਮਾਏ ਜਿਸ ਤਰ੍ਹਾਂ ਸਮੁੰਦਰ ਵਿੱਚ ਨਦੀਆਂ ਸਮਾ ਜਾਂਦੀਆਂ ਹਨ।
ਦਾਜ ਦੀ ਰੀਤ," ਲੋੜ ਕਾਂਢ ਦੀ ਮਾਂ ਹੈ" ਦੇ ਵਿਸ਼ੇ ਤੇ ਅਧਾਰਿਤ ਬਣੀ ਸੀ।ਇਹ ਇਸ ਲਈ ਸੀ ਕਿ ਸਮਾਜ ਦੀ ਨਵੀਂ ਯੂਨਿਟ ਪੈਦਾ ਹੁੰਦੀ ਹੈ।ਇੱਕ ਮਕਰੀ ਸੱਸ ਦੇ ਘਰ ਮਹਿਮਾਨ ਆਏ, ਉਹਨਾਂ ਨੂੰ ਖਾਣਪੀਣ ਲਈ ਤਿਆਰੀ ਆਰੰਭੀ।ਝੱਟ ਸੱਸ ਨੇ ਕਿਹਾ," ਲਿਆ ਬਹੂ ਆਪਣੇ ਭਾਂਡੇ ਕੱਢੀਂ, ਰੋਟੀ ਖਿਲਾਉਣੀ ਹੈ" ਬਹੂ ਆਪੇ ਵਿੱਚ ਗਵਾਚ ਕੇ ਭਾਂਡੇ ਕੱਢ ਲਿਆਈ।ਭਲਾ ਜੇ ਨਾ ਲੈ ਕੇ ਆਉਂਦੀ ਤਾਂ ਬਹੂ ਤੇ ਕੀ ਬੀਤਦੀ ? ਪਛਤਾਵਾ ਪੱਲੇ ਰਹਿ ਜਾਣਾ ਸੀ।ਕੁੱਝ ਸੱਸਾਂ ਵਡੇਰੀ ਉਮਰੇ ਮਾਲਾ ਫੜ ਲੈਂਦੀਆਂ ਹਨ," ਕਰਮ ਧਰਮ ਸਭ ਥੋਥੇ ਧਾਈਂ,ਦਇਆ ਨਾ ਜਿਸ ਮਨ ਆਈ"ਅਕਲ ਤੋਂ ਵਿਹੂਣੀਆਂ ਨੂੰਹਾਂ ਵੀ ਦਾਜ ਦੀ ਆੜ ਹੇਠ ਸਹੁਰਿਆਂ ਨੂੰ ਪ੍ਰੇਸ਼ਾਨ ਕਰ ਦਿੰਦੀਆਂ ਹਨ।ਦਾਜ ਦੀ ਸਮੱਸਿਆ ਦਾ ਇੱਕ ਰੂਪ ਇਹ ਵੀ ਰਿਹਾ ਹੈ ਕਿ ਕਨੂੰਨ ਦੀ ਦੁਰਵਰਤੋਂ ਵਿੱਚ ਨਜਾਇਜ਼ ਵੀ ਰਗੜੇ ਜਾਂਦੇ ਰਹੇ।
ਪੰਜਾਬ ਸਰਕਾਰ ਦੀ ਸੱਭਿਆਚਾਰਕ ਨੀਤੀ 2017-18 ਵਿੱਚ ਦਾਜ ਦੇ ਕਿਸੇ ਵੀ ਰੂਪ ਨੂੰ ਖਤਮ ਕਰਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ।ਇਸ ਦੇ ਅਜੋਕੇ ਸਮੇਂ ਚੱਲ ਰਹੇ ਵੱਖੋ ਵੱਖ ਰੂਪਾਂ ਵਿੱਚ ਪੰਜਾਬੀ ਅਮੀਰ ਸੱਭਿਅਤਾ ਦੇ ਨਾਂਹ-ਪੱਖੀ ਪ੍ਰਭਾਵ ਉਜਾਗਰ ਹੋ ਰਹੇ ਹਨ।ਇਸ ਬੁਰਾਈ ਨੂੰ ਮਾਰਨਾ ਜ਼ਰੂਰੀ ਹੈ।ਹਰ ਪੱਧਰ ਤੇ ਦਾਜ ਦੇ ਨਵੇਂ ਨਵੇਂ ਰੂਪਾਂ ਨਾਲੋਂ ਧੀਆਂ ਦੀ ਪੜ੍ਹਾਈ ਲਿਖਾਈ ਅਤੇ ਸਮਾਜੀਕਰਨ ਦਾ ਹੋਰ ਵੀ ਮਜ਼ਬੂਤ ਪ੍ਰਬੰਧ ਕੀਤਾ ਜਾਵੇ।ਦਾਜ ਦੇ ਰੂਪਾਂ ਨੇ ਸਿੱਕੇ ਦੇ ਦੋਵਾਂ ਪਾਸਿਆਂ ਵੱਲ ਆਪਣੀ ਹੋਂਦ ਬਣਾ ਲਈ ਹੈ।ਹੁਣ ਕਿਤੇ ਕਿਤੇ ਮੁੰਡੇ ਵਾਲੇ ਕੁੜੀ ਨੂੰ ਦਾਜ ਦਿੰਦੇ ਹਨ।ਲਾੜੀ ਦਾ ਮੁੱਲ ਵੀ ਪਾਇਆ ਜਾਂਦਾ ਹੈ।ਦਾਜ ਅਤੇ ਲਾੜੀ ਦਾ ਮੁੱਲ ਤਾਰਨਾ ਅੱਜ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹੈ।ਇਸ ਪਿੱਛੇ ਸਭ ਤੋਂ ਵੱਡੇ ਕਾਰਨ ਭਰੂਣ ਹਤਿਆਵਾਂ ਦੇ ਨਤੀਜੇ ਅਤੇ ਆਈ ਲੈਟਸ ਹੈ।ਉਂਝ ਵੀ ਪੰਜਾਬੀਆਂ ਦੀ ਪੜ੍ਹਾਈ ਲਿਖਾਈ ਆਈ ਲੈਟਸ ਤੇ ਖੜ੍ਹ ਜਾਂਦੀ ਹੈ। ਮੁੰਡੇ ਵਾਲੇ ਜ਼ਮੀਨਾਂ ਵੇਚ ਕੇ ਪੱਚੀ ਤੀਹ ਲੱਖ ਲਾ ਕੇ ਆਈ ਲੈਟ ਵਾਲੀ ਕੁੜੀ ਦੀਆਂ ਮਿੰਨਤਾਂ ਕਰਦੇ ਫਿਰਦੇ ਹਨ।ਕਈ ਵਾਰ ਵਿਦੇਸ਼ ਜਾ ਕੇ ਕੁੜੀਆਂ ਰਫੂਚੱਕਰ ਹੋ ਜਾਂਦੀਆਂ ਹਨ। ਇਹ ਵੀ ਪੰਜਾਬੀਆਂ ਦੀ ਸੱਭਿਅਤਾ ਅਤੇ ਵਿਰਸੇ ਨੂੰ ਝੰਜੋੜ ਦਿੰਦਾ ਹੈ।ਇਹ ਵਰਤਾਰਾ ਮੁੰਡੇ ਵਾਲਿਆਂ ਨੂੰ ਉਂਨਾ ਹੀ ਜ਼ਲੀਲ ਕਰਦਾ ਹੈ ,ਜਿੰਨਾ ਦਾਜ ਪਿੱਛੇ ਕੁੜੀ ਵਾਲਿਆਂ ਨੂੰ ਜ਼ਲੀਲ ਹੋਣਾ ਪੈਂਦਾ ਹੈ। ਸਰਦੂਲ ਸਿਕੰਦਰ ਦਾ ਗਾਣਾ ਢੁੱਕਦਾ ਹੈ," ਬੰਨ੍ਹ ਸਿਹਰੇ ਜਾਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਉਣ ਲਈ"ਸਾਡੀ ਸਿੱਖਿਆ, ਸੱਭਿਅਤਾ ਅਤੇ ਹੁਨਰ ਮੁੰਡੇ ਕੁੜੀ ਤੇ ਨਿਰਭਰ ਹੈ। ਦੋਵੇਂ ਧਿਰਾਂ ਇਧਰ ਉਧਰ ਹੋ ਕੇ ਦਾਜ ਦੇ ਲੁਕਵੇਂ ਰੂਪ ਵਿੱਚ ਅਸਲੀ ਮੁਕਾਮ ਤੋਂ ਖੁੰਝ ਜਾਂਦੀਆਂ ਹਨ।
ਦਾਜ ਦੇ ਅਤੀਤ ਅਤੇ ਵਰਤਮਾਨ ਦੀ ਪਰਖ ਪੜਚੋਲ ਕਰੀਏ ਤਾਂ ਦਾਜ ਦੇ ਮਾਰੂ ਰੂਪ ਜ਼ਰੂਰ ਘਟੇ ਹਨ।ਪਰ ਬਦਲਵੇਂ ਰੂਪ ਆ ਚੁੱਕੇ ਹਨ।ਹੁਣ ਪਿੰਡਾਂ ਵਿੱਚ ਟਰੱਕਾਂ ਟਰਾਲੀਆਂ ਤੇ ਦਾਜ ਨਹੀਂ ਜਾਂਦਾ।ਇਸ ਤੋਂ ਇਲਾਵਾ ਪੈਲੇਸਾਂ ਦਾ ਖਰਚ ਵੱਧ ਜਾਂਦਾ ਹੈ। ਦਿਖਾਵੇ ਵਾਲੇ ਦਾਜ ਨਾਲੋਂ ਗੱਬਰ ਤੇ ਗੁਪਤ ਮਾਲ ਵੀ ਲਿਆ ਜਾਂਦਾ ਹੈ।2001ਵਿੱਚ ਭਾਰਤ ਵਿੱਚ 7000 ਮੌਤਾਂ ਦਾਜ ਖਾਤਰ ਹੋਈਆਂ।2008 ਵਿੱਚ ਦਾਜ ਨਾਲ 3876 ਮੌਤਾਂ ਹੋਈਆਂ।2010 ਵਿੱਚ ਭਾਰਤ ਵਿੱਚ 8391 ਮੌਤਾਂ ਦਾਜ ਦੇ ਦੈਂਤ ਨੇ ਕੀਤੀਆਂ।2012 ਵਿੱਚ 8233 ਮੌਤਾਂ ਹੋਈਆਂ ਭਾਵ 90 ਮਿੰਟਾਂ ਵਿੱਚ ਇੱਕ ਅਬਲਾ ਦਾਜ ਦੀ ਭੇਂਟ ਚੜੀ।ਇੱਕ ਲੱਖ ਔਰਤਾਂ ਪਿੱਛੇ 1.4 ਔਰਤਾਂ ਦਾਜ ਦੀ ਭੇਂਟ ਚੜ੍ਹੀਆਂ।2017 ਤੋਂ 2022 ਤੱਕ ਭਾਰਤ ਵਿੱਚ 35493 ਧੀਆਂ ਦਾਜ ਨੇ ਖਾਧੀਆਂ।ਇਸ ਕਨੂੰਨ ਦੀ ਨਜਾਇਜ਼ ਦੁਰਵਰਤੋਂ ਵੀ ਹੋਈ। ਪਾਕਿਸਤਾਨ ਚ ਇੱਕ ਰਿਪੋਰਟ ਅਨੁਸਾਰ 1999 ਵਿੱਚ 1600 ਧੀਆਂ ਦਾਜ ਨੇ ਨਿਗਲੀਆਂ, ਕਨੂੰਨੀ ਸ਼ਿਕੰਜਾ ਨਰਮ ਰਿਹਾ। ਸਾਡੇ ਮੁਲਕ ਵਿੱਚ ਕਨੂੰਨ ਵੀ ਸਖ਼ਤੀ ਨਾਲ ਕੰਮ ਕਰਦਾ ਹੈ,ਪਰ ਨਜਾਇਜ਼ ਵੀ ਹੁੰਦਾ ਹੈ।9.6 ਫੀਸਦੀ ਵਿਆਹਾਂ ਚ ਦਾਜ ਭਾਰੂ ਰਹਿੰਦਾ ਹੈ।ਅੱਜ ਦਾਜ ਕੋਈ ਖਾਸ ਮਸਲਾ ਨਹੀਂ ਹੈ ਪਰ ਲੁਕਵੇਂ ਰੂਪ ਵਿੱਚ ਇਸ ਦੇ ਬਦਲੇ ਰੂਪਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਾਜ," ਅਟਕੀ ਸੋਚ ਅਤੇ ਪੈਰ ਦੀ ਮੋਚ ਵਾਂਗ"ਅੱਗੇ ਨਹੀਂ ਵਧਣ ਦਿੰਦਾ। ਸਾਡੀ ਮਾਨਸਿਕਤਾ ਦਾਜ ਨੂੰ ਰੀਤੀ ਬਣਾ ਕੇ ਘਰ ਦੇ ਗਲਿਆਰਿਆਂ ਵਿੱਚੋਂ ਬਾਹਰ ਕੱਡਣ ਦੀ ਬਜਾਏ ਅਟਕੀ ਸੋਚ ਵਾਂਗ ਉੱਥੋਂ ਅੱਗੇ ਨਹੀਂ ਤੁਰਨ ਦਿੰਦੀ।ਸੋਚ ਦਾ ਵਿਕਾਸ ਅਤੇ ਬਦਲਾਓ ਹੀ ਇਸ ਦਾ ਹੱਲ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਮਾਘਿ ਮਜਨੁ ਸੰਗਿ ਸਾਧੂਆ - ਸੁਖਪਾਲ ਸਿੰਘ ਗਿੱਲ
ਤਿਓਹਾਰਾਂ ਵਾਂਗ ਆਉਂਦੇ ਦੇਸੀ ਮਹੀਨਿਆਂ ਵਿੱਚੋਂ ਮਾਘ ੧੯੯੯ ਵਿੱਚ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਗਿਆਰਵਾਂ ਮਹੀਨਾ ਹੈ।ਇਹ ਮਹੀਨਾ ਸਰਦੀ, ਸ਼ਹੀਦੀਆਂ ਅਤੇ ਸ਼ਰਧਾ ਸਮਾਈ ਬੈਠੇ ਪੋਹ ਮਹੀਨੇ ਤੋਂ ਬਾਅਦ ਆਉਂਦਾ ਹੈ।ਪੋਹ ਨੂੰ ਮਾੜਾ ਮਹੀਨਾ ਮੰਨਿਆ ਜਾਂਦਾ ਹੈ ਇਸ ਲਈ ਆਉਂਦੇ ਮਾਘ ਮਹੀਨੇ ਵਿੱਚ ਕਾਰਜਾਂ ਦੀ ਭੀੜ ਬਣ ਜਾਂਦੀ ਹੈ।ਇਸ ਮਹੀਨੇ ਬਸੰਤ ਰੁੱਤ ਸਵਾਗਤ ਕਰਦੀ ਹੈ।ਸਰਦੀ ਅਤੇ ਕੋਹਰੇ ਦੀ ਝੰਬੀ ਪ੍ਰਕਿਰਤੀ ਬਹਾਰ ਰੁੱਤ ਦੀ ਆਮਦ ਵੱਲ ਤੁਰਦੀ ਹੈ।ਮਾਘ ਮਹੀਨੇ ਦੀ ਕੋਸੀ ਕੋਸੀ ਧੁੱਪ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀ:-
"ਮਾਘ ਨਜ਼ਾਰੇ ਧੁੱਪਾਂ ਦੇ,ਪੱਤੇ ਝੜਦੇ ਰੁੱਖਾਂ ਦੇ"
ਪੋਹ, ਮਾਘ ਅਤੇ ਫੱਗਣ ਇੱਕ ਦੂਜੇ ਨਾਲ ਪ੍ਰਕਿਰਤੀ ਦੇ ਤੌਰ ਤੇ ਜੁੜੇ ਹੋਏ ਹਨ। ਮਾਘਿ ਦੀ ਸ਼ੁਰੂਆਤ ਮਾਘੀ ਨਾਲ ਹੁੰਦੀ ਹੈ।ਇਸ ਵਿੱਚ ਗੁਰੂ ਹਰ ਰਾਏ ਸਾਹਿਬ ਅਤੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਨ ਵੀ ਆਉਂਦਾ ਹੈ।ਇਸ ਲਈ ਇਹ ਮਹੀਨਾ ਧਾਰਮਿਕ ਅਤੇ ਇਤਿਹਾਸਕ ਕੜੀਆਂ ਵੀ ਜੋੜਦਾ ਹੈ। ਬਰਫ਼ਾਨੀ ਜਿਹੀ ਰੁੱਤ ਕਰਕੇ ਇਸ ਮਹੀਨੇ ਜ਼ਰੀਏ ਇਸਤਰੀ ਨੂੰ ਪੰਚਮ ਗੁਰਦੇਵ ਪ੍ਰਭੂ ਮਾਹੀ ਨਾਲ ਮਿਲਾਪ ਦਾ ਤਰੀਕਾ ਇਉਂ ਸਮਝਾਉਂਦੇ ਹਨ:-
"ਹਿਮਕਰ ਰੁਤਿ ਮਨਿ ਭਾਵਤੀ,ਮਾਘੁ ਫਗਣੁ ਗੁਣਵੰਤ ਜੀਉ"
ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਨਾਮ ਸਿਮਰਨ ਨਾਲ ਅਠਾਹਟ ਤੀਰਥਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ:- "ਪੁੰਨ ਦਾਨ ਪੂਜਾ ਪ੍ਰਮੇਸੁਰ,ਜੁਗਿ ਜੁਗਿ ਏਕੋ ਜਾਤਾ, ਨਾਨਕ ਮਾਘਿ ਮਹਾ ਰਸੁ,ਹਰਿ ਜਪਿ ਅਠਸਠਿ ਤੀਰਥ ਨਾਤਾ"
ਮਾਝ ਬਾਰਹ ਮਾਹਾ ਮਹੱਲਾ੫ ੧੩੬ ਵਿੱਚ ਗੁਰੂ ਜੀ ਫੁਰਮਾਉਂਦੇ ਹਨ ਕਿ ਕਰਮਕਾਂਡਾਂ ਅਤੇ ਫੋਕਟ ਚੀਜ਼ਾਂ ਤੋਂ ਪਿੱਛੇ ਹਟ ਕੇ ਪ੍ਰਭ ਪਿਆਰ ਮਿਲਦਾ ਹੈ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ :-"ਮਾਘਿ ਮਜਨੁ ਸੰਗਿ,ਧੂੜੀ ਕਰਿ ਇਸਨਾਨੁ,
ਹਰਿ ਕਾ ਨਾਮੁ ਧਿਆਇ,ਸੁਣਿ ਸਭਨਾ ਨੋ ਕਰਿ ਦਾਨੁ,
ਜਨਮ ਕਰਮ ਮਲੁ ਉਚਰੈ,ਮਨਿ ਤੇ ਜਾਇ ਗੁਮਾਨੁ,
ਕਾਮ ਕਰੋਧਿ ਨ ਮੋਹੀਐ, ਬਿਨਸੈ ਲੋਭੁ ਸੁਥਾਨੁ, ਸੱਚੇ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ,
ਅਠਸਠਿ ਤੀਰਥ ਸਗਲ ਪੁੰਨ,ਜੀਅ ਦਇਆ ਪਰਵਾਨੁ,ਜਿਸੁ ਨੋ ਦੇਵੈ ਦਇਆ ਕਰਿ,ਸੋਈ ਪੁਰਖੁ ਸੁਜਾਨੁ,ਜਿਨਾ ਮਿਲਿਆ ਪ੍ਰਭੁ ਆਪਣਾ, ਨਾਨਕ ਤਿਨ ਕੁਰਬਾਨੁ, ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੂ ਮਿਹਰਵਾਨ"
ਕਿਸਾਨੀ ਪੱਖ ਤੋਂ ਇਹ ਮਹੀਨਾ ਵੱਖਰੀ ਪਹੁੰਚ ਰੱਖਦਾ ਹੈ।ਇਸ ਮਹੀਨੇ ਪੋਹ ਦੇ ਝੰਬੇ ਹਰੇ ਚਾਰੇ ਅਤੇ ਫ਼ਸਲਾਂ ਉਭਾਰ ਮਾਰਦੀਆਂ ਹਨ। ਪੋਹ ਮਹੀਨੇ ਦੀ ਠੰਢ ਤੋਂ ਵੱਡੇ ਦਿਨਾਂ ਦੀ ਆਮਦ ਨਾਲ ਧੁੱਪਾਂ ਪ੍ਰਕਿਰਤੀ ਅਤੇ ਜੀਵ ਜੰਤੂਆਂ ਨੂੰ ਨਿਖਾਰਦੀਆਂ ਹਨ।ਇਹ ਮਹੀਨਾ ਜ਼ਿਮੀਂਦਾਰ ਲਈ ਅਖੀਰਲਾ ਗਿਣਿਆ ਜਾਂਦਾ ਹੈ ਇਸ ਵਿੱਚ ਤੂੜੀ ਤੰਦ ,ਦਾਣਾ ਫੱਕਾ ਮੁੱਕਣ ਦੇ ਕੰਢੇ ਹੁੰਦਾ ਹੈ। ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬੱਚੇ ਬੁੱਢੇ ਧੂਣੀਆਂ ਸੇਕਦੇ ਹਨ।ਮਾਘ ਤੋਂ ਫੱਗਣ, ਫੱਗਣ ਤੋਂ ਚੇਤ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਬਾਰਾਂ ਮਹੀਨਿਆਂ ਦੇ ਰੁੱਤਾਂ ਤਿੱਥਾਂ ਦੇ ਚੱਕਰ ਵਿੱਚ ਮਾਘ ਵੱਖਰੀ ਵੰਨਗੀ ਤੇ ਸੁਹਾਵਣੀ ਕਿਸਮ ਦਾ ਮਹੀਨਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਪੀੜੀ ਦਾ ਪਾੜਾ, ਸਮਾਜਿਕ ਪੁਆੜਾ - ਸੁਖਪਾਲ ਸਿੰਘ ਗਿੱਲ
ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ,"ਵਖਤੁ ਵੀਚਾਰੇ ਸੁ ਬੰਦਾ ਹੋਇ" ਭਾਵ ਸਪਸ਼ਟ ਹੈ ਕਿ ਜੋ ਸਮੇਂ ਦੀ ਨਜ਼ਾਕਤ ਪਛਾਣ ਕੇ ਚੱਲਦਾ ਹੈ ਉਹੀ ਬੰਦਾ ਹੈ। ਪੀੜ੍ਹੀ ਦਾ ਪਾੜਾ ਇੱਕ ਨਿਰੰਤਰ ਸਮਾਜਿਕ ਵਰਤਾਰਾ ਹੈ।ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸਮਾਂ ਬਲਵਾਨ ਹੈ ਕਿ ਜਿਓਂ ਜਿਓਂ ਅੱਗੇ ਤੁਰਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਵਿਕਾਸ ਅਤੇ ਬੌਧਿਕ ਪ੍ਰਸਥਿਤੀਆਂ ਬਦਲ ਦੀਆਂ ਜਾਂਦੀਆਂ ਹਨ। ਇਹਨਾਂ ਦੇ ਨਾਲ ਨਾਲ ਬੰਦੇ ਦੀ ਸੋਚ ਵੀ ਬਦਲੀ ਜਾਂਦੀ ਹੈ। ਇਸਦੇ ਦੋ ਕਾਰਨ ਹਨ ਇੱਕ ਤਾਂ ਸੋਚ ਸਿੱਖਿਆ ਅਤੇ ਸਮਾਜੀਕਰਨ ਕਰਕੇ ਬਣਦੀ ਹੈ,ਦੂਜੀ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਕਾਰਨ ਬਣਦੀ ਹੈ। ਸਮਾਜਿਕ ਦਾਇਰਾ ਸੋਚ ਉੱਪਰ ਖੜ੍ਹਾ ਹੈ।ਆਮ ਭਾਸ਼ਾ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧ, ਗੈਰ ਸਮਾਜਿਕ ਕੰਮ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਸੋਚ ਬਦਲੋ।ਅੱਜ ਦੇ ਜੰਮੇ ਦੀ ਸੋਚ ਹੋਰ ਹੈ,ਦਸ ਸਾਲ ਪਹਿਲਾਂ ਦੀ ਹੋਰ,ਪੰਜਾਹ ਸਾਲ ਪਹਿਲਾਂ ਦੇ ਜੰਮੇ ਦੀ ਸੋਚ ਸਮੇਂ ਦੇ ਹਾਲਾਤਾਂ ਅਨੁਸਾਰ ਹੁੰਦੀ ਹੈ।ਇਸ ਪਿੱਛੇ ਜਨਰੇਸ਼ਨ ਗੈਪ ਹੀ ਹੁੰਦਾ ਹੈ।ਇਸੀ ਨਿਰੰਤਰ ਵਹਿੰਦੇ ਸਮੇਂ ਵਿੱਚ ਜੋ ਪਾੜਾ ਰਹਿ ਜਾਂਦਾ ਹੈ ਉਹ ਅਕਸਰ ਹੀ ਪੁਆੜੇ ਦੀ ਜੜ੍ਹ ਹੋ ਨਿੱਬੜਦਾ ਹੈ। ਸ਼ੈਕਸਪੀਅਰ ਦੇ ਕਥਨ ਅਨੁਸਾਰ,"ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ,ਕੇਵਲ ਸੋਚ ਹੀ ਇਸ ਨੂੰ ਅਜਿਹਾ ਬਣਾਉਂਦੀ ਹੈ"
ਨਵੀਂ ਅਤੇ ਪੁਰਾਣੀ ਪੀੜ੍ਹੀ ਦਾ ਪਾੜਾ ਆਪਣੀ ਆਪਣੀ ਜਗ੍ਹਾ ਆਪਣੇ ਸਮੇਂ ਦੀ ਸੋਚ ਅਨੁਸਾਰ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਹੈ, ਅਤੇ ਸਹੀ ਸਾਬਤ ਹੋਣ ਦੀ ਕੋਸ਼ਿਸ਼ ਵੀ ਕਰਦਾ ਹੈ।ਇਸ ਤਰ੍ਹਾਂ ਨਾਲ ਦੋਵੇਂ ਸੱਚੇ ਹੀ ਹੁੰਦੇ ਹਨ। ਪੁਰਾਣੀ ਪੀੜ੍ਹੀ ਨੂੰ ਇਸ ਦਾਰਸ਼ਨਿਕ ਦੇ ਅੱਗੇ ਲਿਖੇ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ,"ਜਿਹੜਾ ਵਿਅਕਤੀ ਆਪਣੀ ਸੋਚ ਵਿਚਾਰ ਨਹੀਂ ਬਦਲਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਪੁਰਾਣੀ ਪੀੜ੍ਹੀ ਸਮੇਂ ਦੇ ਵੇਗ ਅਨੁਸਾਰ ਆਪਣੀ ਸੋਚ ਬਦਲਦੀ ਜਾਵੇ ਤਾਂ ਮਾਨਸਿਕਤਾ ਦੇ ਕੀੜੇ ਪੈਦਾ ਨਹੀਂ ਹੋ ਸਕਦੇ।ਜੋ ਦਿਮਾਗ ਵਿੱਚ ਚੱਲਦਾ ਹੈ ਉਹੀ ਸੋਚ ਵਿੱਚ ਬਦਲ ਜਾਂਦਾ ਹੈ। ਪਹਿਲਾਂ ਪਿੰਡਾਂ ਵਿੱਚ ਸਾਂਝੇ ਪ੍ਰੀਵਾਰ ਹੁੰਦੇ ਸਨ,ਇੱਕ ਖੁੰਡੇ ਵਾਲੇ ਦੇ ਹੱਥ ਕਮਾਂਡ ਹੁੰਦੀ ਸੀ।ਫਿਰ ਲੋਕ ਪੜ੍ਹ ਲਿਖ ਕੇ ਅੱਡ ਅੱਡ ਹੋਣ ਲੱਗ ਪਏ।ਇਸ ਪਿੱਛੇ ਨਵੀਂ ਪੜੀ ਲਿਖੀ ਪੀੜ੍ਹੀ ਹੀ ਹੈ। ਇਹਨਾਂ ਨੇ ਪੁਰਾਣੀ ਪੀੜ੍ਹੀ ਦੇ ਰੂੜੀਵਾਦੀ ਵਿਚਾਰਾਂ ਨੂੰ ਨਕਾਰਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਪੁਰਾਣੀ ਪੀੜ੍ਹੀ ਆਪਣੇ ਅਨੁਸਾਰ ਢਾਲਣਾ ਚਾਹੁੰਦੀ ਹੈ।ਪਰ ਨਵੀਂ ਪੀੜ੍ਹੀ ਸਮੇਂ ਅਨੁਸਾਰ ਬਜ਼ੁਰਗਾਂ ਨੂੰ ਢਾਲਣ ਲਈ ਬਜਿੱਦ ਰਹਿੰਦੀ ਹੈ, ਨਤੀਜਾ ਪ੍ਰੀਵਾਰ ਵਿੱਚ ਨੋਕ ਝੋਕ ਸ਼ੁਰੂ ਹੋ ਜਾਂਦੀ ਹੈ।ਅੰਤ ਭਾਂਡਾ ਟੀਂਡਾ ਅੱਡ ਅੱਡ ਹੋ ਜਾਂਦਾ ਹੈ।ਇਸ ਪਿੱਛੇ ਨਵੀਂ ਪੀੜ੍ਹੀ ਸਮਾਜਿਕ ਨਿਯਮਾਂਵਲੀ ਦੀ ਪ੍ਰਵਾਹ ਵੀ ਨਹੀਂ ਕਰਦੀ। ਮੁੰਡਿਆਂ ਨੂੰ ਬਹੂਆਂ ਦੇ ਅਧੀਨ ਹੋਣ ਦਾ ਖਿਤਾਬ ਮਿਲ ਜਾਂਦਾ ਹੈ।
ਪੀੜ੍ਹੀ ਦੇ ਪਾੜੇ ਦਾ ਸ਼ਿਖਰ ਬਿਰਧ ਆਸ਼ਰਮ ਬਣਦੇ ਹਨ।ਬਿਰਧ ਆਸ਼ਰਮ ਉਹਨਾਂ ਲਈ ਸਮਾਜਿਕ ਕਲੰਕ ਹਨ ਜੋ ਸਭ ਕੁੱਝ ਹੁੰਦੇ ਸੁੰਦੇ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨ।ਕਈ ਜਾਣਾ ਨਹੀਂ ਚਾਹੁੰਦੇ ਪਰ ਕਠੋਰ ਮੁੰਡੇ ਬਹੂਆਂ ਭੇਜ ਕੇ ਸਾਹ ਲੈਂਦੇ ਹਨ। ਸਮਾਜਿਕ ਪ੍ਰਾਣੀ ਦਾ ਰੁਤਬਾ ਵੀ ਵਿੱਚੇ ਘੜੀਸ ਦਿੰਦੇ ਹਨ। ਪੁਰਾਣੀ ਪੀੜ੍ਹੀ ਲਈ ਢੁਕਵਾਂ ਹੈ ਕਿ ਅੱਖਾਂ ਨਾਲ ਐਨਕ ਸੋਂਹਦੀ ਹੈ,ਕਦਰ ਹੈ। ਤੁਸੀਂ ਤਾਂ ਹੀ ਕਦਰ ਵਾਲੇ ਅਤੇ ਸੋਂਹਦੇ ਹੋਣ ਦੇ ਹੱਕਦਾਰ ਹੋ ਜੇ ਹਾਲਾਤ ਨੂੰ ਸਮਝ ਕੇ ਪ੍ਰੀਵਾਰ ਵਿੱਚ ਵਿਚਰਦੇ ਹੋ। ਪਿੰਡਾਂ ਅਤੇ ਸ਼ਹਿਰਾਂ ਦੀ ਪੀੜ੍ਹੀ ਵਿੱਚ ਵੀ ਅੰਤਰ ਹੈ।ਇਸ ਅੰਤਰ ਨੂੰ ਕੰਮਕਾਰ ਅਤੇ ਰਹਿਣ ਸਹਿਣ ਨਿਖੇੜਦੇ ਹਨ,ਸੋਚ ਇੱਕੋ ਹੀ ਹੁੰਦੀ ਹੈ।ਬਾਪੂ ਕਹਿੰਦਾ ਮੈਂ ਵਾਣ ਵਾਲਾ ਮੰਜਾ ਲੈਣਾ ਔਲਾਦ ਕਹਿੰਦੀ ਅਸੀਂ ਬੈੱਡ ਲੈਣੇ। ਔਲਾਦ ਕਹਿੰਦੀ ਬੈੱਡ ਨਾਲ ਸਰੀਰ ਸਿੱਧਾ ਰਹਿ ਕੇ ਡਿਸਕ ਨਹੀਂ ਹੁੰਦੀ, ਬਾਪੂ ਕਹਿੰਦਾ ਡਿਸਕ ਡੂਸਕ ਦਾ ਨੀ ਮੈਨੂੰ ਪਤਾ ਮੇਰਾ ਤਾਂ ਬੈੱਡ ਉੱਪਰ ਖਾਧਾ ਪੀਤਾ ਉੱਪਰ ਨੂੰ ਆਉਂਦਾ । ਬੇਬੇ ਕਹਿੰਦੀ ਮੇਰਾ ਸੰਦੂਕ ਭਲਾ ਹੈ, ਨੂੰਹ ਕਹਿੰਦੀ ਚੁੱਕ ਲੈ ਮੈਂ ਅਲਮਾਰੀ ਰੱਖਣੀ ਹੈ। ਨਵੀਂ ਪੀੜ੍ਹੀ ਪਖਾਨੇ ਮਕਾਨ ਦੇ ਅੰਦਰ ਭਾਲਦੀ ਪੁਰਾਣੀ ਪੀੜ੍ਹੀ ਕਹਿੰਦੀ, ਅਸੀਂ ਪਖਾਨੇ ਅੰਦਰ ਸਹਿਣ ਨਹੀਂ ਕਰਨੇ ਇਹ ਸ਼ਾਇਦ ਹੁਣ ਮੋੜਾ ਪੈ ਗਿਆ ਹੈ। ਜਿਵੇਂ ਦੋ ਕੋਹ ਤੇ ਬੋਲੀ ਬਦਲਦੀ ਹੈ ਉਸੇ ਤਰ੍ਹਾਂ ਦੂਜੀ ਪੀੜ੍ਹੀ ਦੀ ਸੋਚ ਵਿਚਾਰ ਬਦਲ ਜਾਂਦੀ ਹੈ।ਹਰ ਪੀੜ੍ਹੀ ਦੀਆਂ ਆਪਣੀਆਂ ਰੁੱਚੀਆਂ ਹੁੰਦੀਆਂ ਹਨ। ਹਾਂ ਇੱਕ ਗੱਲ ਜ਼ਰੂਰ ਹੈ ਕਿ ਪੀੜ੍ਹੀ ਦੇ ਪਾੜੇ ਪਿੱਛੇ ਵਿਕਾਸ ਦੀ ਗਤੀ ਵੀ ਹੈ।ਦੂਜੀ ਗੱਲ ਇਹ ਵੀ ਹੈ ਕਿ ਸਾਰੀ ਤਬਦੀਲੀ ਵਿਕਾਸ ਨਹੀਂ ਹੁੰਦੀ।ਇਹ ਵੀ ਸਮਝਣਾ ਪਵੇਗਾ ਕਿ ਪੀੜ੍ਹੀਆਂ ਨੂੰ ਆਪਣੀ ਆਪਣੀ ਜਗ੍ਹਾ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਤਰਕ ਦੇ ਗੁਲਾਮ ਨਹੀਂ ਹਾਂ, ਆਪਣੀ ਸੋਚ ਸਮਝ ਵਰਤ ਕੇ ਤਰਕ ਲੜਾਉਣਾ ਹੈ।ਇਸ ਤਰ੍ਹਾਂ ਨਾ ਹੋਵੇ ਕਿ ਤਰਕ ਨੂੰ ਤਰੋੜ ਮਰੋੜ ਕੇ ਹਰ ਪੀੜ੍ਹੀ ਆਪਣੇ ਹਿੱਤਾਂ ਲਈ ਵਰਤੇ।
ਹਾਲਾਤਾਂ ਨਾਲ ਸਮਝੌਤਾ ਕਰਨ ਨਾਲ ਪੀੜ੍ਹੀ ਦਾ ਪਾੜਾ ਮੇਟਿਆ ਜਾ ਸਕਦਾ ਹੈ।ਮੰਗਣ ਤੇ ਸਲਾਹ ਦੇਣੀ ਚਾਹੀਦੀ ਹੈ, ਸਲਾਹ ਮਿਲਣ ਤੇ ਲਾਗੂ ਹੋਣੀ ਚਾਹੀਦੀ ਹੈ। ਸਮਾਜਿਕ ਪੁਆੜੇ ਬਾਰੇ ਅਸੀਂ ਇਹ ਨਹੀਂ ਸਮਝਦੇ ਕਿ ਸਮੱਸਿਆ ਜਿਸ ਸੋਚ ਕਰਕੇ ਆਈ ਹੈ ਉਹ ਸੋਚ ਅਸੀਂ ਹੀ ਪੈਦਾ ਕੀਤੀ ਹੈ।ਘਰ ਵਿੱਚ ਸਿਆਣੇ ਨਿਆਣੇ ਜਦੋਂ ਆਪਣੀ ਰਾਏ ਠੋਸੀ ਜਾਣ ਤਾਂ ਸਮਝੋ ਕਿ ਦੂਰਦਰਸ਼ੀ ਵਾਲਾ ਕੋਈ ਨਹੀਂ ਸਭ ਦੀ ਅਕਲ ਮਾਰੀ ਗਈ ਹੈ। ਮੈਂ ਕਿਸੇ ਅਧਿਆਪਕਾ ਦੇ ਘਰ ਗਿਆ। ਉਹਨਾਂ ਰਸੋਈ ਵਿੱਚੋਂ ਚਾਹ ਬਾਹਰ ਫੜਾਈ। ਮੈਂ ਆਪਣੇ ਬੱਚੇ ਨੂੰ ਕਿਹਾ,"ਕਾਕੇ ਮੋਘੇ ਵਿੱਚੋਂ ਚਾਹ ਫੜ" ਬੱਚੇ ਨੇ ਮੇਰੇ ਮੂੰਹ ਵੱਲ ਵੇਖ ਕੇ ਚਾਹ ਫੜ ਲਈ। ਮੈਨੂੰ ਫੜਾਉਣ ਵੇਲੇ ਕਹਿਣ ਲੱਗਾ," ਮੋਘਾ ਨਹੀਂ ਸਰਵਿਸ ਵਿੰਡੋ ਹੁੰਦੀ ਪਾਪਾ "ਮੈਂ ਪੀੜ੍ਹੀ ਦਾ ਪਾੜਾ ਭਲੀਭਾਂਤ ਸਮਝ ਗਿਆ। ਵੱਖਰੀ ਗੱਲ ਹੋਰ ਵੀ ਹੈ ਕਿ ਬਜ਼ੁਰਗਾਂ ਨੂੰ ਤਜਰਬਿਆਂ ਦਾ ਖਜ਼ਾਨਾ ਸਮਝ ਕੇ ਅਗਿਆਤ ਨੇ ਨੌਜਵਾਨੀ ਨੂੰ ਸੁਨੇਹਾ ਵੀ ਦਿੱਤਾ ਹੈ,"ਇੱਕ ਨੌਜਵਾਨ ਦੂਜੇ ਨੌਜਵਾਨ ਦੀ ਅਗਵਾਈ ਕਰਦਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਅੰਨ੍ਹਾ ਦੂਜੇ ਅੰਨ੍ਹੇ ਦੀ"ਭਾਵ ਇੱਕ ਖੂਹ ਚ ਡਿਗੇ ਦੂਜਾ ਵੀ ਉਸੇ ਖੂਹ ਚ ਡਿਗੇ।ਇਸ ਪਾੜੇ ਨੂੰ ਕਾਬੂ ਹੇਠ ਕਰਨ ਲਈ ਸਾਡੀ ਸਿੱਖਿਆ ਅਤੇ ਸਮਾਜੀਕਰਨ ਦਾ ਅਧਿਆਏ ਵਰਕਾ ਹੋਣਾ ਚਾਹੀਦਾ ਹੈ। ਉਮਰਾਂ ਦੇ ਤਕਾਜ਼ੇ ਕਰਕੇ ਤਾਂ ਨਹੀਂ ਬਲਕਿ ਸਿੱਖਿਆ ਅਤੇ ਸੰਸਕਾਰਾਂ ਕਰਕੇ ਤਾਂ ਪੀੜ੍ਹੀ ਦੇ ਪਾੜੇ ਨੂੰ ਇੱਕ ਸੋਚ ਅਧੀਨ ਕੀਤਾ ਜਾ ਸਕਦਾ ਹੈ।"ਇੱਕ ਨੇ ਕਹੀ ਦੂਜੇ ਨੇ ਮਾਨੀ ਦੋਹਾਂ ਦਾ ਲਾਭ ਦੋਵੇਂ ਬ੍ਰਹਮ ਗਿਆਨੀ"ਬਜ਼ੁਰਗਾਂ ਨੂੰ ਆਪਣੀ ਔਲਾਦ ਦੀ ਸੋਚ ਨੂੰ ਬੌਧਿਕ ਤਰੱਕੀ ਅਤੇ ਨੌਜਵਾਨੀ ਨੂੰ ਦਾਰਸ਼ਨਿਕ ਏ.ਜੀ ਗਾਰਡੀਨਰ ਦੇ ਕਥਨ," ਚੜ੍ਹਦੇ ਸੂਰਜ ਦੀ ਆਪਣੀ ਸੁੰਦਰਤਾ ਹੁੰਦੀ ਹੈ, ਛਿਪਦੇ ਸੂਰਜ ਦੀ ਆਪਣੀ ਸੁੰਦਰਤਾ ਮਨਮੋਹਣੀ ਅਤੇ ਰੂਹਾਨੀ ਹੁੰਦੀ ਹੈ"ਅਨੁਸਾਰ ਪ੍ਰੀਵਾਰ ਚਲਾਉਣੇ ਚਾਹੀਦੇ ਹਨ।ਇਸ ਨਾਲ ਇਸ ਪਨਪਦੀ ਪੀੜ੍ਹੀ ਦੇ ਪਾੜੇ ਦੀ ਸਮਾਜਿਕ ਬੁਰਾਈ ਨੂੰ ਸਮਾਜਿਕ ਜਾਬਤੇ ਅਧੀਨ ਕੀਤਾ ਜਾ ਸਕਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਹਾਅ ਦਾ ਨਾਅਰਾ - ਸੁਖਪਾਲ ਸਿੰਘ ਗਿੱਲ
ਇੱਕ ਰੱਬੀ ਰੀਤ ਹੈ ਕਿ ਜਦੋਂ ਵੀ ਕੋਈ ਅਨਿਆਂ, ਬੇਇਨਸਾਫ਼ੀ ਅਤੇ ਤਸ਼ੱਦਦ ਵਧਦਾ ਹੈ ਤਾਂ ਕੋਈ ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜ਼ਰੂਰ ਹੀ ਪੈਦਾ ਹੋ ਜਾਂਦਾ ਹੈ।ਇਸ ਦਾਸਤਾਨ ਨੂੰ ਪੋਹ ਮਹੀਨੇ ਵਿੱਚ ਨਵਾਬ ਮਲੇਰਕੋਟਲਾ ਤਾਜ਼ਾ ਰੱਖਦਾ ਹੈ।ਸੱਤ ਅਤੇ ਨੌਂ ਸਾਲ ਦੇ ਮਾਸੂਮਾਂ ਨੂੰ ਜਦੋਂ ਜ਼ੁਲਮ ਦੇ ਸ਼ਿਖਰ ਵਿੱਚੋਂ ਲੰਘਦੇ ਦੇਖਿਆ ਤਾਂ ਵਜ਼ੀਰ ਖਾਨ ਦੀ ਕਰਤੂਤ ਨੂੰ "ਹਾਅ ਦਾ ਨਾਹਰਾ"ਮਾਰ ਕੇ ਭੰਡਿਆ। ਇਸੇ ਲਈ ਸੱਚੇ ਮੁਸਲਮਾਨ ਅਤੇ ਸਿੱਖਾਂ ਵਿੱਚ ਨਵਾਬ ਮਲੇਰਕੋਟਲਾ ਨੇ ਕਾਬਲੇ ਅਹਿਤਰਾਮ ਵਿਅਕਤੀ ਦਾ ਰੁਤਬਾ ਪਾਇਆ,ਇਹ ਰੁਤਬਾ ਸਦੀਵੀ ਰਹੇਗਾ। ਪਿਛਲੇ ਸਾਲ ਹੀ ਉਹਨਾਂ ਦੀ ਆਖਰੀ ਨਿਸ਼ਾਨੀ ਬੇਗ਼ਮ ਮੁਸੱਵਰ ਕਰ ਨਿਸ਼ਾ ਵੀ ਜਹਾਨੋਂ ਰੁਖ਼ਸਤ ਹੋ ਗਈ ਸੀ। ਆਪਣੇ ਪ੍ਰੀਵਾਰ ਅਤੇ ਕੁਰਾਨ ਦੇ ਸੰਸਕਾਰ ਅਤੇ ਸਿੱਖਿਆ ਦੀ ਮਿਸਾਲ ਪੇਸ਼ ਕਰਕੇ ਨਵਾਬ ਮਲੇਰਕੋਟਲਾ ਨੇ ਸੱਚਾ ਮੁਸਲਮਾਨ ਹੋਣ ਦਾ ਸਬੂਤ ਪੇਸ਼ ਕੀਤਾ ਸੀ।ਓਧਰ ਗੁਰੂ ਦੇ ਮਸੂਮਾਂ ਨੇ ਗੁੜ੍ਹਤੀ ਰਾਹੀਂ ਮਿਲੇ ਸੰਸਕਾਰਾਂ ਦੀ ਵਿਆਖਿਆ ਇਉਂ ਕੀਤੀ "ਸੰਸਕਾਰ ਧਰਤ ਰੀਤ ਨਾਲ ਕੀਤਾ ਉਹ ਕਰਮ,ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ" ਇਹਨਾਂ ਸੰਸਕਾਰਾਂ ਨੇ ਹੀ ਇਸਲਾਮ ਨਹੀਂ ਮੰਨਣ ਦਿੱਤਾ, ਇਸ ਦੇ ਨਾਲ ਹੀ ਸੁਨਹਿਰੀ ਪੰਨਾ ਲਿਖ ਕੇ ਸ਼ਹੀਦ ਦੀ ਪ੍ਰੀਭਾਸ਼ਾ ਨੂੰ ਕਲਮ ਨਾਲ ਜਿੰਦਰਾ ਮਾਰਨ ਲਈ ਮਜਬੂਰ ਕਰ ਗਏ।
ਰਿਆਸਤ ਨੂੰ ਵਿਰਾਸਤ ਵਿੱਚ ਮਲੇਰਕੋਟਲਾ ਨਿੱਕੀਆਂ ਜਿੰਦਾਂ ਕਰਕੇ ਬਦਲਿਆ। ਨਵਾਬ ਮਲੇਰਕੋਟਲਾ ਨੇ ਫ਼ਾਰਸੀ ਭਾਸ਼ਾ ਵਿੱਚ ਔਰੰਗਜ਼ੇਬ ਨੂੰ ਇਸ ਜ਼ੁਲਮ ਵਿਰੁੱਧ ਪੱਤਰ ਭੇਜ ਕੇ ਦੱਸਿਆ ਕਿ ਇਹ ਅਮਾਨਵੀ ਅਤੇ ਕੁਰਾਨ ਇਸਲਾਮ ਦੇ ਸਿਧਾਂਤ ਦੇ ਵਿਰੁੱਧ ਹੈ।ਇਸ ਨੂੰ ਹੀ "ਹਾਅ ਦਾ ਨਾਅਰਾ"ਕਿਹਾ ਗਿਆ ਹੈ।ਹਾਇ ਦਾ ਮਤਲਬ ਦੁੱਖ ਪੀੜਾ ਵੇਲੇ ਬੋਲਿਆ ਜਾਣ ਵਾਲਾ ਸ਼ਬਦ, ਨਾਅਰਾ ਅਨਿਆਂ ਬੇਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਹੋਕਾ।ਹਾਅ ਦਾ ਨਾਅਰਾ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਤ ਬਨਾਮ ਔਰੰਗਜੇਬ -ਅਰਜ਼ਦਾਸਤ
ਹਜ਼ੂਰ ਇਸ ਸੰਸਾਰ ਵਿੱਚ ਰਹਿਮ ਕਰਮ ਕਰਨ ਲਈ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਖਾਨਦਾਨ ਵਲ ਤਵੱਜੋ ਦੇਣੀ ਬਣਦੀ ਸੀ ਪਰ ਹਾਕਮਿ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਬਣਾਇਆ ਹੈ।ਨਾ ਕੀਤੇ ਗੁਨਾਹਾਂ ਕਰਕੇ ਦੀਵਾਰ ਵਿੱਚ ਚਿਣਨ ਦਾ ਹੁਕਮ ਕੀਤਾ ਹੈ। ਬੇਸ਼ੱਕ ਹਾਕਮ ਦਾ ਹੁਕਮ ਅਟੱਲ ਹੈ, ਕਿਸੇ ਦੀ ਤਾਕਤ ਨਹੀਂ ਉਸ ਦੇ ਉਲਟ ਬੋਲੇ,ਪਰ ਅਰਜ਼ ਇਹ ਹੈ ਕਿ ਜ਼ਿੱਲੇ ਸੁਬਹਾਨੀ ਆਪਣੀ ਸ਼ਾਨ ਬਰਕਰਾਰ ਰੱਖਦੇ ਹੋਏ,ਥੌੜੀ ਸਜ਼ਾ ਦੇ ਕੇ ਤਾੜਨਾ ਕਰ ਦੇਣ ਤਦ ਠੀਕ ਹੈ।ਪਰ ਜਾਨ ਲੈਣੀ ਹੱਦ ਤੋਂ ਗੁਜ਼ਰਨਾ ਹੈ।ਜੋ ਕਿਸੇ ਹੁਕਮਰਾਨ ਨੂੰ ਸ਼ੋਭਦਾ ਨਹੀਂ,ਕਿ ਅਪਰਾਧੀ ਦਾ ਬਦਲਾ ਉਸ ਦੇ ਬੱਚਿਆਂ ਤੋਂ ਲਿਆ ਜਾਵੇ।ਜੋ ਮੁਕਾਬਲੇ ਵਿੱਚ ਨਹੀਂ ਖਲੋ ਸਕਦੇ।ਇਸ ਨਾਲ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਪ੍ਰਤੀ ਅਦਬ ਖਤਮ ਹੋ ਜਾਵੇਗਾ।ਅੱਛਾ ਇਹ ਹੈ ਕਿ ਜਾਨ ਬਖਸ਼ ਦਿੱਤੀ ਜਾਵੇ।ਇਹ ਕੈਦ ਵਿੱਚ ਰੱਖੇ ਜਾ ਸਕਦੇ ਹਨ ਕਿ ਸੁਧਰ ਜਾਣ।ਏਨੀ ਵੱਡੀ ਹੋਣ ਜਾ ਰਹੀ ਦੁਰਘਟਨਾ ਉੱਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।ਜਿਸ ਸਦਕਾ ਮੈਨੂੰ ਮੁਆਫ਼ ਕੀਤਾ ਜਾਵੇ।
ਦਸਤਖ਼ਤ ਸਮੇਤ ਮੋਹਰੀ
ਇਹ ਹੈ ਸੰਸਕਾਰ ਜਿਸ ਨਾਲ ਨਵੀਂ ਗਾਥਾ ਲਿਖੀ ਗਈ,ਇਸ ਦੀ ਮਿਸਾਲ ਅੱਜ ਤੱਕ ਹੋਰ ਕਿਤੇ ਨਹੀਂ ਮਿਲਦੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
"ਐ ਪੰਜਾਬ ਕਰਾਂ ਕੀ ਸਿਫਤ ਤੇਰੀ" - ਸੁਖਪਾਲ ਸਿੰਘ ਗਿੱਲ
ਪੰਜਾਬ ਦੀ ਰੂਹ -ਏ-ਰਵਾਂ ਲਾਲਾ ਧਨੀ ਰਾਮ ਚਾਤ੍ਰਿਕ 4 ਅਕਤੂਬਰ 1876 ਤੋਂ 18 ਦਸੰਬਰ 1954 ਤੱਕ ਸ਼ਰੀਰ ਕਰਕੇ ਤਾਂ ਨਹੀਂ ਅਤੇ ਰਚਨਾਵਾਂ ਕਰਕੇ ਅੱਜ ਵੀ ਸਾਡੇ ਦਰਮਿਆਨ ਹਨ। ਲਾਲਾ ਜੀ, ਧਨੀ ਰਾਮ, ਚਾਤ੍ਰਿਕ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਨਾਵਾਂ ਵਿੱਚ ਕੀ ਹੈ?ਇਹ ਸ਼ੈਕਸਪੀਅਰ ਦੇ ਕਥਨ ਅਨੁਸਾਰ ਹਨ ਕਿ ਗੁਲਾਬ ਨੂੰ ਨਾਂ ਨਾਲ ਫਰਕ ਨਹੀਂ ਪੈਂਦਾ,ਨਾ ਜੋ ਮਰਜ਼ੀ ਹੋਵੇ ਸੁਗੰਧੀ ਤਾਂ ਉਹੀ ਰਹੇਗੀ।ਇਸ ਤਰ੍ਹਾਂ ਚਾਤ੍ਰਿਕ ਦੀ ਵੀ ਰਚਨਾਵਾਂ ਕਰਕੇ ਸੁਗੰਧੀ ਉਹੀ ਹੈ ਨਾਂ ਕਈ ਕਹੇ ਜਾ ਸਕਦੇ ਹਨ। ਪੰਜਾਬੀਆਂ ਦਾ ਝੰਡਾ ਬਰਦਾਰ ਪੰਜਾਬ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ,"ਮੇਰੇ ਕੋਲ ਅਲਫਾਜ਼ ਨਹੀਂ ਹਨ ਕਿ ਤੇਰੀ ਸਿਫ਼ਤ ਕਿੰਝ ਕਰਾਂ?" ਆਲੇ ਦੁਆਲੇ ਦਾ ਵਰਣਨ ਕਰਕੇ ਲੱਗਦਾ ਹੈ ਕਿ ਸੁੰਦਰਤਾ, ਦਰਿਆ, ਜਰਖੇਜ਼ ਜ਼ਮੀਨ ਅਤੇ ਪਰਬਤ ਤੇਰੀ ਸ਼ਾਨ ਵਧਾਉਂਦੇ ਹਨ। ਦੇਸ਼ ਪਿਆਰ ਅਤੇ ਭਗਤੀ ਦੀਆਂ ਗੱਲਾਂ ਸੱਚ ਬਿਆਨਦਾ ਹੈ। ਪੰਜਾਬ ਸਿਹਾਂ ਤੇਰਾਂ ਛਤਰ ਭਾਰਤ ਮਾਤਾ ਦੇ ਸਿਰ ਉੱਤੇ ਹੈ। ਪੰਜਾਬੀਆਂ ਦੀ ਸੂਰਬੀਰਤਾ ਕਰਕੇ ਵੈਰੀ ਪੰਜਾਬ ਵੱਲ ਮੂੰਹ ਨਹੀਂ ਕਰ ਸਕਦੇ। ਇਤਿਹਾਸ ਵੀ ਇਹੀ ਹੈ। ਪੰਜਾਬ ਦਾ ਦੇਸ਼ ਕੌਮ ਪ੍ਰਤੀ ਹਕੀਕਤ ਅਤੇ ਮਿਜ਼ਾਜ ਇਹ ਦੱਸਿਆ ਹੈ ਕਿ ਘਰ ਦੇ ਪਿਆਰ ਤੋਂ ਹੀ ਦੇਸ਼ ਪਿਆਰ ਪੈਦਾ ਹੁੰਦਾ ਹੈ। ਪੰਜਾਬੀਆਂ ਅਤੇ ਪੰਜਾਬ ਦੇ ਸੁਹੱਪਣ ਅਤੇ ਨਿੱਘ ਵਿੱਚੋਂ ਕੌਮੀ ਪਿਆਰ ਦਾ ਚਸ਼ਮਾ ਫੁੱਟਦਾ ਹੈ । ਪੰਜਾਬ ਪ੍ਰਤੀ ਲਾਲਾ ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਵਿੱਚੋਂ ਵਾਰਿਸ ਸ਼ਾਹ ਵੀ ਬੋਲਦਾ ਹੈ,"ਵਾਰਿਸ ਸ਼ਾਹ ਨਿਬਾਹੀਏ ਤੋੜ ਤਾਈਂ,ਪ੍ਰੀਤ ਲਾਇ ਕੇ ਪਿੱਛਾ ਨਾ ਹਟੀਏ ਨੀਂ"
" ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਂਹ ਦੀ ਉਡੀਕ ਵਿੱਚ ਸਿਆੜ ਕੱਢਕੇ,
ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰੀ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ "
ਚਾਤ੍ਰਿਕ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨ , ਰਮਜ਼ਾਂ, ਧੁਨੀਆਂ ਅਤੇ ਪੰਜਾਬੀਅਤ ਨੂੰ ਇੱਕ ਗੁਲਦਸਤੇ ਵਾਂਗ ਰਚਨਾਵਾਂ ਵਿੱਚ ਨਿਹਾਰ ਕੇ ਹਕੀਕੀ ਅਤੇ ਯਥਾਰਥ ਭਰਿਆ ਸੁਨੇਹਾ ਦਿੱਤਾ। ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਆਪਣਾ ਕਬਜ਼ਾ ਨਹੀਂ ਦਰਸਾਇਆ, ਬਲਕਿ ਕਵਿਤਾ ਨਾਲ ਸਦੀਵੀ ਪਹਿਚਾਣ ਬਣਾ ਕੇ ਲਹਿੰਦੇ -ਚੜ੍ਹਦੇ ਵਿੱਚ ਅਮਰ ਹੋਏ। ਵਿਸਾਖੀ ਦੇ ਮੇਲੇ ਅਤੇ ਜੱਟਾਂ ਦੇ ਰਹਿਣ ਸਹਿਣ ਨੂੰ ਜੋ ਰੂਪ ਦਿੱਤਾ ਉਸ ਨਾਲ ਮੇਲੇ,ਜੱਟ ਅਤੇ ਪੰਜਾਬ ਅਤੀਤ ਤੋਂ ਅੱਜ ਤੱਕ ਸੱਭਿਆਚਾਰਕ ਮੰਜ਼ਿਲ ਵੱਲ ਅਗੇਰੇ ਕਦਮ ਪੁੱਟੀ ਜਾ ਰਿਹਾ ਹੈ। ਸਮਾਂ ਬਦਲ ਗਿਆ,ਪਰ ਆਨੰਦ ਉਹੀ ਹੈ। ਕਾਵਿ ਰਚਨਾਵਾਂ ਵਿੱਚ ਮੇਲੇ ਪੰਜਾਬੀਆਂ ਦੀ ਰੂਹ ਅਤੇ ਖੇਤ ਬੰਨੇ ਜਿੰਦ-ਜਾਨ ਹਨ।
ਪੰਜਾਬੀ ਲਈ ਚਿੰਤਾ ਸਮਾਈ ਬੈਠਾ ਕਾਫੀ ਕਵਿਤਾਵਾਂ ਲਿਖਦਾ ਹੈ,ਪਰ 'ਪੰਜਾਬੀ ਮਾਤਾ ਦੀ ਦੁਹਾਈ' ਕਵਿਤਾ ਰਾਹੀਂ ਉਸ ਨੇ ਦੋ ਕਰੋੜ ਪੰਜਾਬੀਆਂ ਦੀ ਚਿੰਤਾ ਜ਼ਾਹਰ ਕਰਦਿਆਂ ਮੋਹ ਪ੍ਰਗਟ ਕੀਤਾ।ਅੱਜ ਵੀ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਲਈ ਉਹੀ ਸੁਨੇਹਾ ਕਾਇਮ ਹੈ।ਜਾਗੋ ਜਾਗੋ ਜਾਗੋ ਨੂੰ ਪੁਕਾਰਿਆ,
" ਮੇਰਾ ਦੋ ਕਰੋੜ ਕਬੀਲਾ ਕੋਈ ਝੱਬਦੇ ਕਰਿਓ ਹੀਲਾ,
ਮੈਂ ਘਰ ਦੀ ਮਾਲਕਿਆਣੀ ਹੁੰਦੀ,ਜਾ ਰਹੀ ਪਰਾਈ ਵੇ"
ਪੰਜਾਬੀਆਂ ਨੂੰ ਜਾਗਦੇ ਰਹੋ ਦਾ ਹੋਕਾ ਦਿੰਦਾ ਰਿਹਾ।
ਗੁਲਾਮੀ ਨੂੰ ਦੁਰਕਾਰ ਕੇ ਪੰਜਾਬ ਦੀ ਆਨ-ਸ਼ਾਨ" ਨੂੰ ਸੰਵਾਰਨ ਲਈ ਤਤਪਰ ਹੈ। ਨੌਜਵਾਨਾਂ ਅਤੇ ਸੂਰਬੀਰਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ,"ਓ ਕੌਮ ਦੇ ਸਿਪਾਹੀਓ" ਕਵਿਤਾ ਰਾਹੀਂ ਜਵਾਨੀ ਨੂੰ ਤਸਵੀਰ ਖਿੱਚ ਕੇ ਇਉਂ ਦਿੰਦਾ ਹੈ,
"ਤੁਸੀਂ ਹੀ ਬਚਾਉਣੀ ਏ ਆਨ ਸ਼ਾਨ ਕੌਮ ਦੀ,
ਤੁਸੀਂ ਓ ਖੂਨ ਕੌਮ ਦਾ, ਤੁਸੀਂ ਓ ਜਾਨ ਕੌਮ ਦੀ,
ਤੁਸੀਂ ਬਣੋ ਜ਼ਬਾਨ ਏਸ ਬੇਜ਼ਬਾਨ ਕੌਮ ਦੀ,
ਦਿਲਾਂ ਨੁ ਬਾਦਬਾਨ ਵਾਂਗ ਚੌੜਿਆਂ ਬਣਾ ਦਿਓ,
ਮੁਸ਼ਕਿਲਾਂ ਤੋਂ ਪਾਰ ਲਾ ਦਿਓ"
ਪੰਜਾਬ ਦੇ ਕਿਸਾਨ ਦੀ ਗਰੀਬੀ ਚਾਤ੍ਰਿਕ ਦੇ ਸਮੇਂ ਤੋਂ ਹੁਣ ਤੱਕ ਉਹੀ ਹੈ।ਉਸ ਸਮੇਂ ਅੰਗਰੇਜ਼ਾਂ ਦੀ ਹੁਣ ਆਪਣਿਆਂ ਦੀ ਮਾਰ ਹੈ। ਆਪਣਿਆਂ ਦੀ ਮਾਰ ਇਸ ਇਮਾਨਦਾਰੀ ਅਤੇ ਸਾਧੂ ਬਿਰਤੀ ਨੂੰ ਪੈਣ ਕਰਕੇ ਜੀ ਵੱਧ ਦੁੱਖਦਾ ਹੈ। ਚਾਤ੍ਰਿਕ ਨੇ ਕਿਸਾਨ ਨੂੰ ਗਰੀਬ ਕਿਸਾਨ ਕਿਹਾ ਸੀ ਜੋ ਅੱਜ ਵੀ ਸੱਚੀ ਗਵਾਹੀ ਹੈ। ਤਾਰਿਆਂ ਦੀ ਲੋਅ ਚ ਖੇਤਾਂ ਨੂੰ ਪਾਣੀ, ਸ਼ਿਖਰ ਦੁਪਹਿਰੇ ਹਲ ਵਾਹੁਣਾ,ਕੁੱਕੜ ਦੀ ਬਾਂਗ ਨਾਲ ਫਿਰ ਖੇਤ ਵਿੱਚ,ਪੱਕੀ ਫਸਲ ਤੇ ਮਾਰ, ਕਰਜ਼ੇ ਦੀ ਮਾਰ ਅਤੇ ਬੋਹਲ਼ ਦੀ ਰਾਖੀ ਅੱਜ ਵੀ ਮੰਡੀਆਂ ਵਿੱਚ ਰੁਲਦੇ ਜੱਟ ਦੀ ਦਾਸਤਾਨ ਵਰਗੇ ਬਿਰਤਾਂਤ ਨਾਲ ਲੱਗਦਾ ਧਨੀ ਰਾਮ ਚਾਤ੍ਰਿਕ ਆ ਗਿਆ ਹੈ,
"ਪਿਛਲੇ ਪਹਿਰ ਤ੍ਰੇਲ ਦੇ, ਮੋਤੀ ਜੰਮਦੇ ਜਾਲ,
ਬੁੱਕਲੋਂ ਮੂੰਹ ਦੇ ਕੱਢੀਂ, ਪਾਲ਼ਾ ਪੈਂਦਾ ਖਾਣ,
ਇਸ ਵੇਲੇ ਤਾਰੇ ਜਗਦੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹੇ ਤੇ ਇਸ਼ਨਾਨ,
ਜਾਂ ਇੱਕ ਕਿਸਮਤ ਦਾ ਬਲੀ,ਜਾਗ ਰਿਹਾ ਕਿਰਸਾਣ"
ਗੁਰੂ ਸਹਿਬਾਨ ਬਾਰੇ ਬਾ-ਖੂਬੀ ਲਿਖਿਆ ਹੈ। ਸ਼ਹੀਦੀਆਂ ਨੂੰ ਕਾਵਿ ਰਾਹੀਂ ਮੂੰਹ ਤੋਂ ਬੋਲਣ ਲਾ ਦਿੱਤਾ,
"ਤਪਦੀਆਂ ਲੋਹਾਂ ਤੇ ਆਸਣ ਕਰ ਲਿਆ,
ਗਰਮ ਰੇਤਾ ਉਪਰੋਂ ਵੀ ਜਰ ਲਿਆ"
"ਧਰਮ ਦੀ ਖਾਤਰ ਰਚੀ ਕੁਰਬਾਨਗਾਹ,
ਹੋ ਗਿਆ ਕੁਰਬਾਨ ਪੰਚਮ ਪਾਤਿਸ਼ਾਹ"
ਪੰਚਮ ਪਾਤਸ਼ਾਹ ਦੀ ਕੁਰਬਾਨੀ ਨੂੰ ਸੁਰਜੀਤ ਪਾਤਰ ਨੇ ਇਸੇ ਪ੍ਰਸੰਗ ਵਿੱਚ ਲਿਖਿਆ ਸੀ ਕਿ ਤੱਤੀ ਤਵੀ ਤੇ ਬੈਠ ਕੇ ਬਣਦੇ ਸੱਚੇ ਪਾਤਸ਼ਾਹ।ਗੁਰੂਆਂ ਦੀ ਦਾਸਤਾਨ ਲਿਖਦਾ ਆਖਿਰ ਨਿਬੇੜਾ ਕਰਦਾ ਹੈ ਕਿ ਕੌਮ ਸ਼ੀਸ਼ ਦੇ ਕੇ ਅਨਾਥ ਹੋਣੋਂ ਬਚਾ ਲਈ,
"ਸ਼ੀਸ਼ ਕਰ ਕੁਰਬਾਨ, ਸ਼ਾਨ ਬਚਾ ਲਈ, ਨਾਥ ਹੋਇ ਅਨਾਥ ਕੌਮ ਬਚਾ ਲਈ"
ਸ਼ਾਹ ਅਸਵਾਰ ਇਸ ਕਵੀ ਨੇ ਪੰਜਾਬੀ ਕਵਿਤਾ ਦੇ ਸੰਸਥਾਪਕ ਦਾ ਰੁਤਬਾ ਪਾਇਆ।ਲੇਖਣੀ ਅਤੀਤ ਤੇ ਵਰਤਮਾਨ ਵਿੱਚ ਕੜੀ ਦਾ ਕੰਮ ਕਰਦੀ ਹੈ।ਉਹ ਪਹਿਲੇ ਕਵੀ ਸਨ, ਜੋ18 ਦਸੰਬਰ1954 ਨੂੰ ਸਰੀਰਕ ਰੂਪ ਵਿੱਚ ਚਲੇ ਗਏ, ਕਵਿਤਾ ਕਰਕੇ ਜੀਉਂਦੇ ਹੋਣ ਕਰਕੇ ਉਹਨਾਂ ਨੂੰ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਸੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਬਣੇ ਰਾਜਨੀਤੀ - ਸੁਖਪਾਲ ਸਿੰਘ ਗਿੱਲ
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਧਾਰਮਿਕ ਅਖਤਿਆਰ ਦੀ ਗੱਦੀ ਦੇ ਨਾਲ ਰਾਜਨੀਤਿਕ ਸਰਬੱਤ ਖਾਲਸਾ ਦੀਵਾਨ ਦੀ ਮੰਜੀ ਹੈ।ਇਹ ਦਰ ਹਮੇਸ਼ਾ ਬ਼ਖਸਿੰਦਗੀ ਬਖਸ਼ਿਸ਼ ਕਰਦਾ ਰਿਹਾ। ਇੱਥੇ ਹਮੇਸ਼ਾ ਇੱਕੋ ਹੀ ਅਵਾਜ਼ ਹੈ," ਪਿਛਲੇ ਅਉਗੁਣ ਬਖਸਿ ਲਏ, ਪ੍ਰਭੂ ਆਗੈ ਮਾਰਗਿ ਪਾਵੈ"
੧੬੯੯ ਚ ਖਾਲਸੇ ਦੀ ਸਾਜਨਾ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਭੇਜਿਆ। ਇਤਿਹਾਸ ਭਾਈ ਗੁਰਦਾਸ ਜੀ ਨੂੰ ਵੀ ਪਹਿਲੇ ਜਥੇਦਾਰ ਮੰਨਦਾ ਹੈ। ਅਕਾਲ ਤਖ਼ਤ ਸਾਹਿਬ ਤੋਂ ਕੋਈ ਉੱਪਰ ਨਹੀਂ, ਗੁਨਾਹ ਕਰਨ ਵਾਲਿਆਂ ਨੂੰ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਪੈਂਦਾ ਹੈ।ਅੱਜ ਦੇ ਦੌਰ ਵਿੱਚ ਇਹ ਗੱਲ ਸਾਬਿਤ ਹੋਈ ਹੈ ਕਿ ਜਿਵੇਂ ਦੁਕਾਨਦਾਰੀ ਗਾਹਕ ਸਿਖਾਉਂਦਾ ਹੈ,ਉਸੇ ਤਰ੍ਹਾਂ ਰਾਜਨੀਤੀ ਵੀ ਲੋਕ ਸਿਖਾਉਂਦੇ ਹਨ।ਸੰਗਤ ਵਲੋਂ ਦਿੱਤੇ ਸਬਕ ਤੋਂ ਬਾਅਦ ਸਭ ਨੂੰ ਬਖਸ਼ ਲਈ ਨਿਭਣਾ ਪਿਆ।ਦੇਰ ਹੋ ਗਈ ਇਸ ਦਾ ਨੁਕਸਾਨ ਵੀ ਹੋਇਆ। ਚਲੋ ਖੈਰ ਆਗੇ ਪ੍ਰਮਾਤਮਾ ਸੁਮੱਤ ਬਖਸ਼ਣ।
ਸਿੱਖ ਲਈ ਊਰਜਾ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਪੰਥਕ ਪੀੜਾ ਤੇ ਚਿੰਤਾ ਜ਼ਾਹਰ ਕੀਤੀ। ਸਿੱਖ ਸੰਗਤ ਲੋਚਦੀ ਵੀ ਹੈ ਜਥੇਦਾਰ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਨਿਰਪੱਖ ਫੈਸਲੇ ਕਰਨ। ਅੱਜ ਦੇ ਵਰਤਾਰੇ ਵਿੱਚ ਕਈ ਚਿੰਤਾਵਾਂ,ਕਈ ਸੁਆਲ ਅਤੇ ਹੱਲ ਉਭਰੇ ਹਨ।ਸੌ ਸਾਲਾ ਸ਼ਾਨਾਂਮੱਤੀ ਇਤਿਹਾਸ ਵਾਲੀ ਅਕਾਲੀ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਾਈ ਢਾਅ ਨੇ ਕਈ ਤੌਖਲੇ ਪੈਦਾ ਕੀਤੇ। ਆਖਿਰ ਸੁਖਬੀਰ ਬਾਦਲ ਨੇ ਸਭ ਗੁਨਾਹ ਕਬੂਲ ਕਰਕੇ ਨਿਮਰਤਾ, ਨਿਰਮਾਣਤਾ ਅਤੇ ਨਿਮਾਣੇ ਸਿੱਖ ਦਾ ਸਬੂਤ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਤੋਂ ਸੁਨੇਹਾ ਵੀ ਮਿਲਿਆ ਹੈ ਜੇ ਅਕਾਲੀ ਦਲ ਜੀਉਂਦਾ ਹੈ ਤਾਂ ਸਾਡੇ ਹਿੱਤਾਂ ਦੀ ਰਾਖੀ ਹੋਵੇਗੀ।ਇਹ ਘਟਨਾਕ੍ਰਮ ਮਹਾਰਾਜਾ ਰਣਜੀਤ ਸਿੰਘ ਵਾਲਾ ਇਤਿਹਾਸ ਰਚੇਗਾ ।ਤੌਰ, ਤਰੀਕਾ ਅਤੇ ਤਰਜ਼ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਦੀ ਹੈ,ਉਹ ਵੀ ਪੇਸ਼ ਹੋ ਕੇ ਅੱਗਾ ਸੁਧਾਰ ਗਏ ਸਨ,ਪਰ ਸਜ਼ਾ ਅੱਜ ਤੋਂ ਸਖ਼ਤ ਸੀ।
ਅੱਗੇ ਲਈ ਪੰਜਾਬ ਦੀਆਂ ਰਾਜਨੀਤਕ ਧਿਰਾਂ ਨੂੰ ਸੀ੍ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਕੰਮ ਕਰਨਾ ਪਵੇਗਾ। ਮਨਮਰਜ਼ੀਆਂ ਨੂੰ ਸਭ ਸੋਚ ਸਮਝ ਕੇ ਅੰਜ਼ਾਮ ਦੇਣਗੇ।ਸਮਝ ਲੈਣਾ ਚਾਹੀਦਾ ਹੈ,"ਗੁਰਮਤਿ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਹੈ,ਉਹ ਨਾਸ਼ਮਾਨ ਨਹੀਂ , ਸਦੀਵੀ ਹੈ। ਤਖ਼ਤ ਦੇ ਅਜਿਹੇ ਸੰਕਲਪ ਨੂੰ ਗੁਰੂ ਸਹਿਬਾਨ ਨੇ ਆਪ ਰੂਪ ਮਾਨ ਕੀਤਾ ਤੇ ਅਮਲੀ ਜਾਮਾ ਪਹਿਨਾਇਆ, ਅਕਾਲ ਤਖ਼ਤ ਸਾਹਿਬ ਵਿਅਕਤੀ ਸਮੂਹ ਦੀਆਂ ਗਤੀਵਿਧਿਆਂ ਦਾ ਕੇਂਦਰ ਨਹੀਂ ਇਹ ਗੁਰੂ ਪੰਥ ਦੀ ਸੁਤੰਤਰ ਨਿਰਪੱਖ ਪ੍ਰਭੂਸੱਤਾ ਸੰਪੰਨ ਸੰਸਥਾ ਹੈ" ਅਜੋਕੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਹਨ ਕਿ ਮੈਰਿਜ ਪੈਲੇਸਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੰਦ ਕਾਰਜ ਲਈ ਨਹੀਂ ਜਾਣਗੇ,ਦੂਜਾ ਅਨੰਦ ਕਾਰਜ਼ ਤੇ ਲੜਕੀ ਲਹਿੰਗਾ ਨਹੀਂ ਪਹਿਨੇਗੀ। ਇਹਨਾਂ ਤੇ ਸੌ ਪ੍ਰਤੀਸ਼ਤ ਅਮਲ ਹੋਇਆ।ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੰਜਾਬ ਦੀਆਂ ਸਰਕਾਰਾਂ ਨੂੰ ਜੁਆਬਦੇਹ ਬਣਵਾ ਦੇਣ, ਤਾਂ ਮਾੜੀਆਂ ਆਦਤਾਂ, ਕੰਮਾਂ ਅਤੇ ਗੱਲਾਂ ਦਾ ਅੰਤ ਹੋ ਜਾਵੇਗਾ।
ਸਭ ਤੋਂ ਪਹਿਲਾਂ ਹੁਕਮਨਾਮਾ ਸੀ ਕਿ ਪੰਚਮ ਪਾਤਸ਼ਾਹ ਜੰਨਤ ਵਿੱਚ ਚਲੇ ਗਏ, ਹਰਗੋਬਿੰਦ ਪਾਤਸ਼ਾਹ ਤਖ਼ਤ ਤੇ ਬੈਠਾ ਗਏ।ਜੋ ਗੁਰੂ ਸਹਿਬਾਨ ਦੇ ਦਰਸ਼ਨ ਕਰਨ ਆਉਣ ਉਹ ਆਪਣੇ ਨਾਲ ਸਿਰਫ ਚੰਗੇ ਘੋੜੇ ਅਤੇ ਚੰਗੇ ਹਥਿਆਰ ਤੋਹਫ਼ੇ ਵਜੋਂ ਲੈ ਕੇ ਆਉਣ। ਇੱਥੋਂ ਸ਼ੁਰੂਆਤ ਹੋਈ ਸੀ। ਅਕਾਲ ਤਖ਼ਤ ਸਾਹਿਬ,ਮੀਰੀ ਪੀਰੀ ਸਿਧਾਂਤ ਭਾਵ ਰਾਜਨੀਤਕ ਅਤੇ ਰੂਹਾਨੀ ਵਿਚਾਰਧਾਰਾ ਦਾ ਧੁਰਾ ਹੈ।15 ਜੂਨ 1606 ਨੂੰ ਹਰਗੋਬਿੰਦ ਪਾਤਸ਼ਾਹ ਨੇ ਤਿਆਰ ਕਰਵਾ ਕੇ ਇਸ ਦਰ ਨੂੰ ਸਿੱਖ ਜਗਤ ਚ ਲਾਗੂ ਕੀਤਾ।ਇਸ ਨਾਲ ਸਿੱਖ ਇਤਿਹਾਸ ਵਿੱਚ ਨਵਾਂ ਮੋੜ ਆਇਆ ਅੱਜ ਵੀ ਇਸੇ ਮੋੜ ਅਧੀਨ " ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ" 1762 ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਸਰਬੱਤ ਖਾਲਸੇ ਦਾ ਫੈਸਲਾ ਹੋਇਆ ਕਿ ਅਬਦਾਲੀ ਤੋਂ ਬਦਲਾ ਲਿਆ ਜਾਵੇ।ਇਹ ਇਤਿਹਾਸਕ ਫੈਸਲਾ ਹੈ। ਨਤੀਜਾ ਅਮ੍ਰਿਤਸਰ ਲਾਗੇ ਜੰਗ ਵਿੱਚੋਂ ਅਬਦਾਲੀ ਭੱਜ ਕੇ ਲਾਹੌਰ ਜਾ ਵੜਿਆ।1764 ਵਿੱਚ ਅਬਦਾਲੀ ਨੇ ਹਮਲਾ ਕੀਤਾ। ਅਬਦਾਲੀ ਨੂੰ ਮੁੜ ਜਾਣਾ ਪਿਆ। ਸਿੱਟਾ ਇਹ ਨਿਕਲਿਆ ਕਿ 1765 ਵਿੱਚ ਲਹੌਰ ਖਾਲਸਾ ਰਾਜ ਸਥਾਪਿਤ ਹੋ ਗਿਆ। ਇੱਥੋਂ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਾ ਰਾਜ ਦਾ ਮੁੱਢ ਬੱਝਿਆ ਸੀ। ਅਜੋਕੀ ਰਾਜਨੀਤੀ ਇਸ ਸਬਕ ਨੂੰ ਪੱਲੇ ਬੰਨ੍ਹ ਕੇ " ਰਾਜ ਨਹੀਂ,ਸੇਵਾ ਕਰ ਸਕਦੀ ਹੈ"ਇਹ ਵੀ ਸਮਝਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਭੈਅ ਹੇਠ ਰਾਜ ਕੀਤਾ।
ਸਿੱਖ ਮਿਸਲਾਂ ਸਮੇਂ ਅਕਾਲ ਤਖ਼ਤ ਸਾਹਿਬ ਜਮਹੂਰੀਅਤ ਦਾ ਕੇਂਦਰ ਰਿਹਾ।ਮਿਸਲ ਲੀਡਰ ਸਰਬਸੰਮਤੀ ਨਾਲ ਇੱਥੇ ਬੈਠ ਕੇ ਫ਼ੈਸਲੇ ਕਰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਿਖਰੀ ਕੌਮ ਨੂੰ ਇਕੱਠਾ ਕਰਨ ਦਾ ਜ਼ਿੰਮਾ ਭਾਈ ਮਨੀ ਸਿੰਘ ਨੂੰ ਦਿੱਤਾ ਗਿਆ ਸੀ।ਇਹ ਵੀ ਅੱਜ ਦੀ ਰਾਜਨੀਤੀ ਨੂੰ ਸੇਧ ਲੈਣ ਦੀ ਲੋੜ ਹੈ।ਅੱਜ ਪੰਜਾਬ ਦੀਆਂ ਰਾਜਨੀਤਕ ਧਿਰਾਂ ਲਈ ਇਹ ਦਰ ਪ੍ਰਰੇਨਾ ਸ੍ਰੋਤ ਲਾਜ਼ਮੀ ਬਣੇ।ਇਸ ਮਹਾਨ ਹਸਤੀ ਅਤੇ ਸ਼ਕਤੀ ਨੂੰ ਇੱਕ ਕੇਂਦਰ ਵਜੋਂ ਮੰਨ ਕੇ ਰਾਜ ਭਾਗ ਚਲਾਇਆ ਜਾਵੇ।ਇਸ ਨਾਲ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸਵੈ-ਵਿਸ਼ਵਾਸ ਪੈਦਾ ਹੋਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਅੱਗੇ ਲਈ ਰਾਜਨੀਤੀ ਤੇ ਨਜ਼ਰ ਰੱਖ ਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਹੋਰ ਉੱਚਾ ਕਰਨ ਲਈ ਸੰਗਤ ਲੋਚਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445
ਪਗੜੀ ਸੰਭਾਲ ਓ ਜੱਟਾ ਪਗੜੀ - ਸੁਖਪਾਲ ਸਿੰਘ ਗਿੱਲ
ਪਿਛਲੇ ਸਮੇਂ ਤੋਂ ਕਿਸਾਨੀ ਅਤੇ ਸਰਕਾਰ ਵਿਚਕਾਰ ਕਸ਼ਮਕਸ਼ ਚੱਲ ਰਹੀ ਹੈ।ਹੁਣ ਸ਼ੰਭੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਕਿਸਾਨ ਦੂਸ਼ਣਬਾਜੀ ਅਤੇ ਮੁਕਾਬਲੇਬਾਜ਼ੀ ਕਰਦੇ ਲੱਗਦੇ ਹਨ।ਅੱਡੋ ਅੱਡ ਰਸਤੇ ਅਪਣਾ ਕੇ ਕੁੱਝ ਵੀ ਪੱਲੇ ਨਹੀਂ ਪੈਣਾ। ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ।ਹੁਣ ਡੱਲੇਵਾਲ ਮਰਨ ਵਰਤ ਲਈ ਬਜਿੱਦ ਹੈ ਚੰਗੀ ਗੱਲ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੋਵੇ।ਸਰਬ ਪ੍ਰਵਾਣਿਤ ਰਣਨੀਤੀ ਬਣਾਈ ਕੇ ਕਿਸਾਨੀ ਦਾ ਨਕਸ਼ਾ ਨਜ਼ਰੀਆ ਚਿਤਰਨ ਅਤੇ ਸੰਘਰਸ਼ ਦੀ ਰੂਪ ਰੇਖਾ ਲਈ ਕਿਸਾਨ ਆਗੂਆਂ ਨੂੰ ਇੱਕਜੁੱਟ ਹੋ ਕੇ ਸੰਵਾਦ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਲੋਕਤੰਤਰ ਵਿੱਚ ਸਹੀ ਵੀ ਇਹੀ ਹੈ।ਮਰਨ ਵਰਤ ਦਾ ਭਾਵ ਮਸਲਾ ਹੱਲ ਜਾਂ ਮਰਨ ਤੱਕ ਭੁੱਖ ਹੁੰਦੀ ਹੈ।ਇਹ ਜਨਤਾ ਨੂੰ ਜਾਗਰੂਕ ਕਰਨ ਅਤੇ ਹਮਦਰਦੀ ਦਾ ਜ਼ਰੀਆ ਬਣਦਾ ਹੈ। ਭੁੱਖ ਹੜਤਾਲ ਕਰਨ ਵਾਲਿਆਂ ਦੀ ਇੱਛਾ ਅਤੇ ਨੀਅਤ ਵਿੱਚ ਸ਼ੱਕ ਨਹੀਂ ਹੋਣੀ ਚਾਹੀਦੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਸੂਬੇ ਚ ਰਲਾਉਣ ਲਈ ਮਰਨ ਵਰਤ ਰੱਖਿਆ ਇਹ ਯੋਧਾ ਅਦੁੱਤੀ ਸ਼ਹਾਦਤ ਦੇ ਗਿਆ,ਪਰ ਸਿਰੜ ਨਹੀਂ ਹਾਰਿਆ।ਇਸ ਦੀ ਕੁਰਬਾਨੀ ਲੀਡਰਾਂ ਨੇ ਰੋਲ ਦਿੱਤੀ।ਹਰ ਦੂ ਲਾਹਣਤ।
ਅੰਨਦਾਤੇ ਕਿਸਾਨਾਂ ਨਾਲ ਹੀ ਜੀਵਨ ਹੈ।ਅੰਨ ਨਾਲ ਹੀ ਪੇਟ ਭਰਦਾ ਹੈ। ਭਾਵੇਂ ਰੈਡੀਮੇਡ ਖਾਣੇ ਆ ਗਏ ਹਨ ਪਰ ਸਿਹਤ ਦਰੜ ਦਿੱਤੀ।ਹੁਣ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨੀ ਪਵਿੱਤਰ ਕਿੱਤੇ ਵਿੱਚ ਹੇਰਾਫੇਰੀ ਨਹੀਂ ਹੁੰਦੀ। ਅਜ਼ਾਦੀ ਤੋਂ ਬਾਅਦ ਸੱਠਵਿਆਂ ਦੇ ਨੇੜੇ ਭਾਰਤ ਨੂੰ ਭੁੱਖ ਮਰੀ ਤੋਂ ਬਚਾਉਣ ਲਈ ਸਵਾਮੀਨਾਥਨ ਦਾ ਵੱਡਾ ਯੋਗਦਾਨ ਹੈ। ਕਿਸਾਨਾਂ ਦੀ ਮੰਗ ਅਤੇ ਤ੍ਰਾਸਦੀ ਤੇ ਸਰਕਾਰ ਨੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸਵਾਮੀਨਾਥਨ ਰਿਪੋਰਟ ਤਿਆਰ ਕਰਵਾਈ। ਅਫਸੋਸ ਕਿਸੇ ਸਰਕਾਰ ਨੇ ਸਮਾਂ ਪੈਸਾ ਬਰਬਾਦ ਕਰਨ ਦੇ ਬਾਵਜੂਦ ਵੀ ਇਹੀ ਰਿਪੋਰਟ ਲਾਗੂ ਨਹੀਂ ਕੀਤੀ।ਹੁਣ ਇਹ ਰਿਪੋਰਟ ਲਾਗੂ ਕਰਵਾਉਣ ਲਈ ਸਭ ਨੂੰ ਅੱਗੇ ਆਉਣਾ ਪਵੇਗਾ। ਸਵਾਮੀਨਾਥਨ ਨੇ ਕਿਸਾਨਾਂ ਦਾ ਸਹਿਯੋਗ ਲੈਣ ਕੇ ਅਤੇ ਨਸੀਹਤ ਦੇ ਕੇ ਕਣਕ ਦਾ ਝਾੜ 65-66 ਵਿੱਚ 33.89 ਲੱਖ ਟਨ ਤੋਂ 85-86 ਤੱਕ 107.21 ਲੱਖ ਟਨ ਕੀਤਾ। ਸਰਕਾਰ ਨੂੰ ਇਸ ਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਸਵਾਮੀਨਾਥਨ ਦੀ ਸੋਚ ਇਹ ਵੀ ਸੀ ਕਿ ਹਰੀ ਕ੍ਰਾਂਤੀ ਹੰਢਣਸਾਰ ਨਹੀਂ ਹੋਣੀ, ਅਨਾਜ ਦੇ ਭੰਡਾਰ ਭਰਨ ਜਾਣੇ,ਪਰ ਗਰੀਬ ਅਨਾਜ ਕਿਵੇਂ ਖਰੀਦੇਗਾ।ਇਸ ਵਿਸ਼ੇ ਤੇ ਵੀ ਸਵਾਮੀਨਾਥਨ ਨੇ ਸੁਝਾਅ ਦਿੱਤਾ। ਸਵਾਮੀਨਾਥਨ ਮਹਾਰਾਸ਼ਟਰ ਵਿੱਚ ਵਿਸਰਭ ਵਿਖੇ ਕਿਸਾਨ ਦੀ ਦੁਰਦਸ਼ਾ ਦੇਖ ਕੇ ਰੋ ਪਿਆ ਸੀ। ਸਵਾਮੀਨਾਥਨ ਦੀ ਰਿਪੋਰਟ ਵਿੱਚ, ਫਸਲ ਉਤਪਾਦਨ ਮੁੱਲ ਤੋਂ 50% ਤੋਂ ਵੱਧ ਮੁੱਲ ਕਿਸਾਨਾਂ ਨੂੰ ਮਿਲੇ, ਚੰਗਾ ਬੀਜ ਚੰਗੀ ਸਲਾਹ, ਮਹਿਲਾ ਕਿਸਾਨਾਂ ਨੂੰ ਕਰੈਡਿਟ ਕਾਰਡ,ਫਸਲ ਬੀਮਾ ਕਰਜ਼ ਯੋਜਨਾ,ਫਸਲ ਦਾ ਸਹੀ ਅਤੇ ਸਮੇਂ ਤੇ ਮੁੱਲ ਮਿਲਣਾ ਵਗੈਰਾ ਵਗੈਰਾ ਸਨ।
ਕਿਸਾਨ ਅੰਦੋਲਨ ਨੇ ਲੋਕਤੰਤਰੀ ਢੰਗ ਨਾਲ ਸੰਵਾਦ ਰਾਹੀਂ ਜਿੱਤ ਪ੍ਰਾਪਤ ਕੀਤੀ ਸੀ। ਕੁਝ ਇਸ ਨੂੰ ਚਿੰਗਾਰੀ ਦੀ ਕੋਸ਼ਿਸ਼ ਨਾਲ ਪ੍ਰਧਾਨ ਮੰਤਰੀ ਉੱਤੇ ਜਿੱਤ ਦੱਸਦੇ ਰਹੇ। ਲੋਕਤੰਤਰ ਵਿੱਚ ਮਸਲੇ ਸੰਵਾਦ ਨਾਲ ਹੱਲ ਹੁੰਦੇ ਹਨ ਜਿੱਤ ਹਾਸਲ ਨਹੀਂ ਹੁੰਦੀ। ਅਫਸੋਸ ਜਿੱਤ ਦੇ ਜਸ਼ਨ ਮਨਾਉਣ ਦੇ ਨਾਲ ਨਾਲ ਅੱਡਰੇ ਰਾਹੀਂ ਤੁਰ ਪਏ। ਚੌਂਤੀ ਪੈਂਤੀ ਦੀ ਪੰਸੇਰੀ ਖਿਲਰ ਗਈ।ਆਪਣਾ ਕੀਤਾ ਵੀ ਗਵਾ ਲਿਆ।" ਏਕਾ ਤੂ ਸਬਰ ਜਿਤਾਉਂਦਾ ਮਿੱਤਰੋਂ ਬਈ ਜੰਗਾਂ ਨੂੰ" ਦਾ ਸਬਕ ਸਿੰਘੂ ਹੀ ਛੱਡ ਆਏ। ਹੁਣ ਡੱਲੇਵਾਲ ਨੇ ਫਾਕੜੀ ਹੋ ਕੇ ਮੰਗਾਂ ਲਈ ਹਿਆ ਕੀਤਾ ,ਪਰ ਬਾਕੀ ਸਭ ਆਪਣੇ ਆਪਣੇ ਰਾਹੀਂ। ਚੋਣਾਂ ਲੜਨਾ ਵੀ ਵੱਡੀ ਭੁੱਲ ਸਾਬਿਤ ਹੋਈ, ਕੀਤਾ ਕਰਾਇਆ ਸੁੱਟ ਦਿੱਤਾ। ਹਾਂ ਇੱਕ ਗੱਲ ਸਾਫ ਹੋ ਗਈ ਕਿ ਜੇ ਗਾਇਕ, ਨੌਜਵਾਨ ਅਤੇ ਦੀਪ ਸਿੱਧੂ ਫੈਕਟਰ ਨਾ ਹੁੰਦਾ ਤਾਂ ਉਦੋਂ ਵੀ ਸ਼ੰਭੂ ਵਿੱਚ ਹੀ ਗੋਡੇ ਟੇਕ ਹੋ ਜਾਣੇ ਸਨ।ਬਾਬੇ ਲੀਡਰਾਂ ਨੂੰ ਨੌਜਵਾਨੀ ਦਾ ਭਰਭੂਰ ਹੁੰਗਾਰਾ ਮਿਲਿਆ ਸੀ। ਚੰਗਾ ਹੁੰਦਾ ਕਿ ਸਵਾਮੀਨਾਥਨ ਰਿਪੋਰਟ ਮੰਨਵਾ ਕੇ ਹੀ ਉੱਠਦੇ।ਚਲੋ ਖੈਰ।
ਮਰਨ ਵਰਤ ਸਰਕਾਰ ਨੂੰ ਜਗਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਹਮਦਰਦੀ ਲੈਣਾ ਹੁੰਦਾ ਹੈ।ਇਹ ਵੀ ਸਭ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਵੇ, ਨਹੀਂ ਤਾਂ ਆਸ ਮੱਧਮ ਹੈ। ਦੂਜਿਆਂ ਨੂੰ ਵੀ ਆਪਣਾ ਰਾਗ ਅਲਾਪਣ ਨਾਲੋਂ ਇਸ ਨਵੇਂ ਯੁੱਧ ਵਿੱਚ ਕੁੱਦਣਾ ਚਾਹੀਦਾ ਹੈ ਨਹੀਂ ਤਾਂ ਉਂਗਲ ਉਹਨਾਂ ਵੱਲ ਵੀ ਉੱਠੇਗੀ। ਇਲਜ਼ਾਮ ਅਤੇ ਦੂਸ਼ਣਬਾਜੀ ਬੰਦ ਕਰਕੇ ਕਿਸਾਨਾਂ ਦੀਆਂ ਜਥੇਬੰਦੀਆਂ ਇੱਕਜੁੱਟ ਹੋਣ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੇਂਦਰ ਨਾਲ ਕਿਸਾਨਾਂ ਦਾ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ,ਪਰ ਸਿਆਸੀ ਰੁਕਾਵਟਾਂ ਪੈਰ ਨਹੀਂ ਲੱਗਣ ਦਿੰਦੀਆਂ। ਕੇਂਦਰ ਨੂੰ ਇਸ ਸੰਵੇਦਨਸ਼ੀਲ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ। ਕਿਸਾਨ ਆਗੂਆਂ ਅਤੇ ਜਥੇਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਬਾਂਕੇ ਦਿਆਲ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ:-"ਪੱਗੜੀ ਸੰਭਾਲ ਓ ਜੱਟਾ ਪਗੜੀ,
ਹਿੰਦ ਹੈ ਤੇਰਾ ਮੰਦਰ, ਤੂੰ ਇਸਦਾ ਪੂਜਾਰੀ,
ਝੱਲੇਗਾ ਅਜੇ ਕਦ ਤੱਕ ਹੋਰ ਖੁਆਰੀ,
ਮਰਨੇ ਦੀ ਕਰ ਲੈ ਹੁਣ ਤੂੰ ਵੱਡੀ ਤਿਆਰੀ,
ਮਰਨੇ ਤੋਂ ਜੀਣਾ ਭੈੜਾ ਹੋ ਕੇ ਬੇਹਾਲ ਓ,
ਪਗੜੀ ਸੰਭਾਲ ਓ ਜੱਟਾ ਪਗੜੀ"
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
9878111445
ਨਾਨਕ - ਸੁਖਪਾਲ ਸਿੰਘ ਗਿੱਲ
ਹੇ ਨਾਨਕ, ਮੈਂ ਆਇਆ ਤੇਰੇ ਦਰ ਤੇ ਰਹਿਮਤ ਲੱਭਣ,
ਮੇਰੀ ਝੋਲੀ ਇੱਕ ਉਂਜਲ, ਰਹਿਮਤ ਦੀ ਮਿਹਰ ਦਾ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜਾ ਤੂੰ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ”
ਮੈਂ ਪਾਪੀ ਅਕਿਰਤਘਣ ਪੰਜ ਚੋਰਾਂ ਦੇ ਘੇਰੇ ਵਿੱਚ ਹਾਂ,
ਧਿਆਨ ਲਾਉਂਦਾ ਹਾਂ, ਕੂੜ ਦੀ ਕੰਧ ਰਾਹ ਭੰਨਦੀ ਹੈ,
ਤੜਕੇ ਬਾਣੀ ਦੀਆਂ ਧੁਨਾਂ ਹਲੂਣਦੀਆਂ ਹਨ,
ਪਰ ਮੈਂ ਬੇਵੱਸ ।
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮ ਰਵਿੰਦੁ,
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ”
ਹੇ ਨਾਨਕ ਤੇਰੀ ਹੱਥ ਵਾਲੀ ਦਾਤ ਰੂਪੀ ਰੋਟੀ ਦੀ,
ਸਮਝ ਤਾਂ ਆਉਂਦੀ ਹੈ ਪਰ ਤਵੇ ਦੀ ਰੋਟੀ ਵੱਲ
ਧਿਆਨ ਜੁੜ ਜਾਂਦਾ ਹੈ ਹੱਥ ਦਾ ਖਿਆਲ ਨਹੀਂ ਰਹਿੰਦਾ,
ਸ਼ੁਕਰ ਨੂੰ ਨਾ-ਸ਼ੁਕਰਾਪਣ ਗੰਢ ਮਾਰ ਦਿੰਦਾ ਹੈ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਦਦਾ ਦਾਤਾ ਏਕੁ ਹੈ, ਸਭ ਕਉ ਦੇਵਨਹਾਰ”
ਮੈਂ ਸੁਣਦਾ, ਪੜ੍ਹਦਾ ਤੇ ਵਿਚਾਰ ਕਰਦਾ ਹਾਂ,
ਗੁਰੂ ਨੂੰ ਸਨਮੁੱਖ ਵੀ ਰੱਖਦਾ ਹਾਂ, ਪਰ ਪੰਜ ਚੋਰਾਂ ਤੋਂ ਖਹਿੜਾ,
ਨਹੀਂ ਛੁੱਟਦਾ, ਰਹਿਮਤ ਲਈ ਹਾੜੇ ਕੱਢਦਾ ਹਾਂ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਜੈਸਾ ਬਾਲਕੁ ਭਾਇ ਸੁਭਾਈ ਲੱਖ ਅਪਰਾਧ ਕਮਾਵੈ,
ਕਰਿ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ”
ਹੇ ਨਾਨਕ ਆਪਣੀ ਮਿਹਰ ਦਾ ਇੱਕ ਉਂਜਲ ਮੇਰੀ ਝੋਲੀ ਪਾ,
ਮੈਂ ਪੜ੍ਹਿਆ ਸੀ ਧੁਰੋਂ ਆਈ ਬਾਣੀ ਵਿੱਚ,
“ਪਿਛਲੇ ਅਉਗਣ ਬਖਸਿ ਲਏ, ਪ੍ਰਭ ਆਗੈ ਮਾਰਗਿ ਪਾਵੈ”
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ (9878111445)
ਆਓ ਪੰਜਾਬ ਨੂੰ ਨਸ਼ਾ ਮੁਕਤ ਕਰੀਏ - ਸੁਖਪਾਲ ਸਿੰਘ ਗਿੱਲ
"ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਦਾ ਸ਼ਬਦ ਕੰਨੀ ਪੈਂਦਾ ਹੈ ਤਾਂ ਹਰ ਪੰਜਾਬੀ ਦਾ ਜਿੰਮੇਵਾਰੀ ਨਾਲ ਸਿਰ ਉੱਚਾ ਹੋਣ ਲੱਗਦਾ ਹੈ। ਇਸ ਜ਼ਰੀਏ ਪੰਜਾਬ ਨੂੰ ਦਰਪੇਸ਼ ਬਹੁਤੀਆਂ ਅਲਾਮਤਾਂ ਅਤੇ ਵੰਗਾਰਾਂ ਉੱਤੇ ਪੰਜਾਬੀਆਂ ਨੇ ਜਿੱਤ ਹਾਸਿਲ ਕੀਤੀ। ਪੰਜਾਬ ਵਿੱਚ ਨਸ਼ਾ ਇੱਕ ਘੁੰਮਣਘੇਰੀ ਬਣੀ ਹੋਈ ਹੈ। ਇਸ ਨੇ ਪੰਜਾਬ ਦੇ ਸਵੈ-ਮਾਣ ਅਤੇ ਨੈਤਿਕ ਨਾਬਰੀ ਦੇ ਸੁਭਾਅ ਨੂੰ ਬੁਰੀ ਤਰ੍ਹਾ ਨਾਲ ਝੰਜੋੜਿਆ ਹੈ।ਇੱਕ ਦੂਜੇ ਤੇ ਦੋਸ਼ ਮੜਨ ਦੀ ਪ੍ਰਕਿਰਿਆ ਨਾਲ ਨਾਟਕ ਦੇ ਪਾਤਰ ਵਾਂਗ ਮਨ ਨੂੰ ਤਸੱਲੀ ਦੇ ਕੇ ਬੁੱਤਾ ਸਾਲ ਲਿਆ ਜਾਂਦਾ ਹੈ। ਸਭ ਤੋਂ ਅਚੰਭਾ ਇਸ ਗੱਲ ਦਾ ਹੈ ਕਿ ਪੰਜਾਬ ਨੇ ਇਸ ਨਸ਼ੇ ਤੇ ਆਪਣੇ ਸੁਭਾਅ ਅਨੁਸਾਰ ਕੋਈ ਮੱਲ ਮਾਰਨ ਦੀ ਸ਼ੁਰੂਆਤ ਨਹੀਂ ਕੀਤੀ। ਇਸ ਵਿਸ਼ੇ ਤੇ ਪੰਜਾਬੀ ਚਿੰਤਕ, ਬੁੱਧੀਜੀਵੀ ਅਤੇ ਮਾਹਰ ਵੀ ਲਹਿਰ ਨਹੀਂ ਅਰੰਭ ਸਕੇ। ਇਹ ਮਸਲਾ ਇਹਨਾਂ ਦਾਨਸ਼ਵੰਦਾਂ ਦੀ ਕਚਹਿਰੀ ਵਿੱਚ ਲੰਬਿਤ ਪਿਆ ਹੈ।
ਸਰਕਾਰ ਦੇ ਉਪਰਾਲੇ ਜਾਰੀ ਹਨ, ਪਰ ਇਹ ਉਪਰਾਲੇ ਲੋਕਾਂ ਦੇ ਸਹਿਯੋਗ ਦੀ ਪੁਰਜੋਰ ਮੰਗ ਕਰਦੇ ਹਨ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰੀ ਇੱਛਾ ਅਧੂਰੀ ਰਹਿੰਦੀ ਹੈ।ਨਸ਼ਿਆਂ ਖਿਲਾਫ ਸਰਕਾਰੀ ਸਿਕੰਜੇ ਦੇ ਰੂਝਾਨ ਜਾਰੀ ਹਨ। ਪਿਛਲੇ ਸਮਿਆਂ ਵਿੱਚ ਜਿਵੇਂ ਮਿਲੀਭੁਗਤ ਦੀਆਂ ਖਬਰਾਂ ਸਨ ਹੁਣ ਵੀ ਯਕੀਨ ਕਰਨਾ ਔਖਾ ਹੁੰਦਾ ਹੈ। ਰਾਜਨੀਤਿਕ ਗਲਿਆਰਿਆਂ ਦੀ ਸ਼ਮੂਲੀਅਤ ਨੇ ਤਾਂ ਉੱਪਰ ਥੱਲੇ ਕਰ ਦਿੱਤਾ ਸੀ। ਅਖਬਾਰੀ ਸੁਰਖੀਆਂ ਨੇ ਹਜ਼ਰਤ ਦਾਗ਼ ਦਾ ਸੇਅਰ ਯਾਦ ਕਰਵਾ ਦਿੱਤਾ ਸੀ,
" ਵਹੀ ਕਾਤਿਲ਼, ਵਹੀ ਮੁਖਬਿਰ, ਵਹੀ ਮੁਨਸਿਫ਼ ਠਹਿਰੇ,
ਅਕਿ੍ਬਾ ਮੇਰੇ ਕਰੇ ਖੂਨ ਕਾ ਦਾਅਵਾ ਕਿਸ ਪਰ "
ਨਸ਼ੇ ਦੀ ਲਪੇਟ ਚ ਆਏ ਪੰਜਾਬ ਬਾਰੇ ਇੱਕ ਵਾਰ ਸ੍ਰੀ ਰਾਹੁਲ ਗਾਂਧੀ ਨੇ ਵੀ ਚੋਟ ਕੀਤੀ ਸੀ। ਇਸ ਦਾ ਪੰਜਾਬੀਆਂ ਨੇ ਬੁਰਾ ਮਨਾਇਆ ਸੀ ਪਰ ਹਕੀਕਤ ਦਿਨ ਪਰ ਦਿਨ ਸਾਹਮਣੇ ਆਉਣ ਲੱਗੀ। ਇਕ ਸਮੇਂ ਤਾਂ ਇਹ ਮੁੱਦਾ ਇੰਨਾ ਭਾਰੂ ਸੀ ਕਿ ਇਸ ਨੂੰ ਨਿਤ ਸੁਣਨ ਨਾਲੋਂ ਸਹਿਣ ਹੀ ਕਰਨ ਲੱਗ ਪਏ ਸੀ।ਕੋਈ ਇਸ ਮੁੱਦੇ ਨੂੰ ਖਾਹਮ ਖਾਹ ਕੋਈ ਇਸ ਨੂੰ ਦਰੁਸਤ ਕਹੀ ਗਿਆ। ਪਰ ਸੁਰਜੀਤ ਪਾਤਰ ਦੀ ਲਿਖਤ ਇਸ ਮੁੱਦੇ ਤੇ ਉਹਨਾਂ ਲਈ ਕਾਫੀ ਹੈ ਜੋ ਨਸ਼ੇ ਨੂੰ ਮਜਾਕ ਦਾ ਪਾਤਰ ਬਣਾ ਰਹੇ ਹਨ,
"ਲੱਗੀ ਜੇ ਤੇਰੇ ਕਲੇਜੇ ਛੁਰੀ ਹੈ ਨੀ,
ਇਹ ਨਾ ਸਮਝੀ, ਕਿ ਸ਼ਹਿਰ ਦੀ ਹਾਲਤ ਬੁਰੀ ਹੈ ਨੀ"
ਰਣਜੀਤ ਬਾਵੇ ਅਤੇ ਗੁਰਦਾਸ ਮਾਨ ਵਗੈਰਾ ਨੇ ਸੱਚ ਬੋਲਣ ਦੀ ਜੁਰਅਤ ਦਿਖਾਈ ਸੀ ਜੋ ਪਚੀ ਨਹੀਂ ਸੀ। ਦੂਜੇ ਪਾਸੇ ਕੁਝ ਕਲਾਕਾਰਾਂ ਨੇ ਨਸ਼ਾ ਪਰਮੋਟ ਕੀਤਾ ਇਹ ਵੀ ਗਦਾਰੀ ਹੈ। ਅਤੀ ਦੇ ਸਿਖਰ ਨੂੰ ਟੁੰਬਣ ਤੋਂ ਬਾਅਦ ਸਰਕਾਰਾਂ ਨੇ ਉਪਰਾਲੇ ਕੀਤੇ,ਪਰ ਦਹਾਕੇ ਬੀਤਣ ਕਰਕੇ ਮਰਜ਼ ਬੜਤੀ ਗਈ। ਸਾਰੇ ਵਰਤਾਰੇ ਵਿੱਚੋਂ ਕੁੱਝ ਅਵਾਜਾਂ ਅਫੀਮ ਦੀ ਖੇਤੀ ਨੂੰ ਮਾਨਤਾ ਦੇਣ ਦੀਆਂ ਵੀ ਆਈਆਂ। ਇਸ ਨੂੰ ਸਿੰਥੈਟਿਕ ਨਸ਼ੇ ਦਾ ਬਦਲ ਵੀ ਸਮਝਿਆ ਜਾਂਦਾ ਹੈ। ਕੈਮਿਸਟ ਅਤੇ ਝੋਲਾ ਛਾਪ ਡਾਕਟਰ ਵੀ ਆੜ ਹੇਠ ਡਰੱਗਜ਼ ਵਰਤਾਉਂਦੇ ਰਹਿੰਦੇ ਹਨ। ਨਸ਼ੇ ਨੇ ਪੰਜਾਬ ਦੀ ਪੑਜਨਣ ਦਰ 1.6 ਨੂੰ ਹੋਰ ਝੰਜੋੜ ਕੇ 5 ਤੋਂ 20 ਤੱਕ ਜੋੜੇ ਬੇਔਲਾਦ ਅਤੇ 20-30 ਔਰਤਾਂ ਨੂੰ ਗਰਭ ਗਿਰਨ ਦੀ ਕਰੋਪੀ ਦਿੱਤੀ। 30 ਤੋ 35% ਜਨ ਸੰਖਿਆ ਇਸ ਕਰਕੇ ਹੋਰ ਬਿਮਾਰੀਆ ਸਹੇੜ ਰਹੀ ਹੈ। ਬਲਵਾਨ ਪੰਜਾਬੀ ਹੁੰਦੇ ਹੋਏ ਜੰਮਦੇ ਹੀ ਕਮਜੋਰ ਹਨ। ਅਗੇਤਾ ਬੁਢਾਪਾ ਜ਼ਮਾਦਰੂ ਬਿਮਾਰੀਆਂ ਵੀ ਇਸ ਕਰਕੇ ਹੀ ਹਨ। ਸਭ ਤੋਂ ਚਿੰਤਾ ਜਨਕ ਇਹ ਹੈ ਕਿ ਨਸ਼ੇ ਨੇ ਮਰਦ ਦੀ ਮਰਦਾਨਗੀ ਅਤੇ ਔਰਤ ਦੀ ਜਣਨ ਪੑਕਿਰਿਆ ਨੂੰ ਖਾਹ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਰਾਏ ਵੀਰਜ਼ ਅਤੇ ਕੁੱਖ ਬਾਰੇ ਚਿੰਤਾ ਜਾਹਿਰ ਕਰ ਚੁੱਕੇ। ਪੰਜਾਬ ਵਿੱਚ ਨਸ਼ੇ ਨਾਲ ਮੌਤ ਦਰ 20ਫੀਸਦੀ ਹੈ। 2. 62ਲੱਖ ਨਸ਼ੇ ਦੇ ਆਦੀ ਹਨ। ਸਰਕਾਰ ਨੇ 528 ਕੇੰਦਰ ਨਸ਼ੇ ਦੀ ਦਵਾ ਲਈ ਬਣਾਏ ਹਨ।2022 ਚ 144 ਮੌਤਾਂ ਓਵਰਡੋਜ਼ ਨਾਲ ਹੋਈਆਂ। ਇਹ ਸਿਰਫ ਸਰਕਾਰੀ ਅੰਕੜੇ ਹਨ। ਸਰਕਾਰ ਦੀ ਸੁਹਿਰਦ ਪਹੁੰਚ ਨਾਲ ਦਸੰਬਰ 2023 ਤੱਕ ਨਸ਼ੇ ਦੇ 26619 ਮਾਮਲੇ ਦਰਜ ਕੀਤੇ।ਹੈਰਾਨੀ ਵਧ ਜਾਂਦੀ ਹੈ ਕਿ ਬੱਚੇ ਵੀ ਨਸ਼ੇ ਦੇ ਆਦੀ ਹਨ।2015 ਵਿੱਚ ਮਾਨਯੋਗ ਹਾਈਕੋਰਟ ਨੇ ਸਿੰਥੈਟਿਕ ਨਸ਼ੇ ਦੇ ਵਪਾਰ ਦੇ ਕੇਸਾਂ ਲਈ ਪੜਤਾਲ ਹਿੱਤ ਟੀਮ ਬਣਵਾਈ ਜਿਸ ਦਾ ਨਤੀਜਾ ਭੋਲੇ ਤੱਕ ਤੋਂ ਦੂਰ ਅੱਗੇ ਤੱਕ ਗਿਆ। 2016 ਪੰਜਾਬ ਦਾ ਆਗੂ ਰਾਜਸਥਾਨ ਚ ਫੜਿਆ ਗਿਆ। ਸਰਕਾਰ ਨੇ 2018 ਦਾ ਸਾਲ ਨਸ਼ੇ ਦੇ ਵਿਰੁੱਧ ਮਨਾਇਆ। ਪਿੱਛੇ ਜਿਹੇ ਮੁੱਖ ਮੰਤਰੀ ਜੀ ਦੇ ਆਦੇਸ਼ ਤੇ ਦੋ ਨਸ਼ਾ ਤਸ਼ਕਰਾਂ ਦੀ 1ਕਰੋੜ 71ਲੱਖ 10 ਹਜਾਰ 300 ਸੌ ਰੁਪਏਦੀ ਜਾਇਦਾਦ ਤਰਨਤਾਰਨ ਚ ਜ਼ਬਤ ਕੀਤੀ। ਇੱਥੇ144 ਕੇਸ ਵੀ ਹੋਏ। ਅੰਕੜਾ ਹੈ ਕਿ ਹੁਣ ਤੱਕ 1ਅਰਬ 44 ਕਰੋੜ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ।ਸਰਕਾਰ ਦਾ ਰਾਸ਼ਟਰੀ ਟੋਲ ਫਰੀ ਨੰਬਰ1800-11-0031 ਨਸ਼ੇ ਛੱਡਣ ਅਤੇ ਛੁੱਡਵਾਉਣ ਵਾਲਿਆਂ ਲਈ। ਇਸ ਦੀ ਮਦਦ ਲਈ ਜਾ ਸਕਦੀ ਹੈ।
ਮੌਜੂਦਾ ਸਰਕਾਰ ਦੌਰਾਨ 242 ਮੌਤਾਂ ਓਵਰਡੋਜ਼ ਨਾਲ ਹੋਈਆਂ। 2022 ਵਿੱਚ 168 ਅਤੇ 2023 ਵਿੱਚ 66 ਮੌਤਾਂ ਓਵਰਡੋਜ਼ ਨਾਲ ਹੋਈਆਂ।23483 ਮਾਮਲੇ ਦਰਜ ਹੋਏ।ਇਹ ਮਾਮਲੇ ਸਰਕਾਰ ਦੀ ਨਸ਼ੇ ਵਿਰੁੱਧ ਸੁਹਿਰਦਤਾ ਅਤੇ ਇੱਛਾ ਸ਼ਕਤੀ ਨੂੰ ਦੱਸਦੇ ਹਨ। ਨਸ਼ੇ ਬਾਰੇ ਬਹੁਤ ਪੜਿਆ, ਲਿਖਿਆ, ਸੁਣਿਆ ਅਤੇ ਪ੍ਰਚਾਰਿਆ ਜਾ ਚੁੱਕਾ ਹੈ। ਹੁਣ ਵੇਲਾ ਹੈ,"ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੇ ਵਾਰੋ "ਸਾਡੀ ਪਵਿੱਤਰ ਗੁਰਬਾਣੀ ਦਾ ਸੰਦੇਸ਼ ਵੀ ਹੈ,"ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਏ ਅਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ" ਇਸ ਤੋਂ ਇਲਾਵਾ ਸੁਰਜੀਤ ਪਾਤਰ ਦੇ ਇਸ ਪੰਜਾਬ ਤੋਂ ਵੀ ਸਬਕ ਲੈਣ ਦੀ ਲੋੜ ਹੈ,
"ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਹੈ, ਇਹ ਇੱਕ ਗੀਤ, ਰੀਤ ਅਤੇ ਇਤਿਹਾਸ ਵੀ ਹੈ,
ਗੁਰੂਆਂ, ਰਿਸੀਆਂ ਅਤੇ ਸੂਫੀਆਂ ਸਿਰਜਿਆ ਹੈ,
ਇਹ ਇੱਕ ਫ਼ਲਸਫਾ, ਸੋਚ ਅਤੇ ਇਤਿਹਾਸ ਵੀ ਹੈ,
ਕਿੰਨੇ ਝੱਖੜ ਤੂਫਾਨਾਂ ਵਿੱਚੋਂ ਲੰਘਿਆ ਹੈ,
ਇਹਦਾ ਮੁੱਖੜਾ ਕੁੱਝ ਕੁੱਝ ਉਦਾਸ ਵੀ ਹੈ"
ਆਓ ਸਾਰੀਆਂ ਚਿੰਤਾਵਾਂ, ਬੁਰਾਈਆਂ ਅਤੇ ਕਿਆਸ ਅਰਾਈਆਂ ਦਾ ਅੰਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉੱਦਮ, ਉਪਰਾਲੇ ਅਤੇ ਉਪਚਾਰਾਂ ਦੀ ਲੋਕ ਲਹਿਰ ਅਰੰਭੀਏ। ਸਰਕਾਰੀ ਉਦਮਾਂ ਵਿੱਚ ਸ਼ਰੀਕ ਬਣੀਏ।ਦੁੱਧ, ਘਿਓ, ਖੇਡਾਂ, ਕਬੱਡੀਆਂ ਅਤੇ ਭੰਗੜੇ-ਗਿੱਧੇ ਵੱਲ ਚਲੀਏ। ਇਸ ਨਸ਼ੇ ਦੇ ਕੋਹੜ ਨੂੰ ਪਰੇ ਸੁੱਟ ਕੇ ਪੋ੍ਫੈਸਰ ਮੋਹਨ ਸਿੰਘ ਵਾਲਾ ਦਾ ਪੰਜਾਬ ਮੁੜ ਬਣਾਈਏ,
"ਪਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਵਿੱਚ ਲਿਆਈਏ ਫੁੱਲ ਗੁਲਾਬ ਦੀ "
ਸੁਖਪਾਲ ਸਿੰਘ ਗਿੱਲ ਅਬਿਆਣਾਂ ਕਲਾਂ
9878111445