
ਕਤਕਿ ਕੂੰਜਾਂ ਚੇਤਿ ਡਉ------------ ਸੁਖਪਾਲ ਸਿੰਘ ਗਿੱਲ
ਪ੍ਰਕਿਰਤੀ ਨੂੰ ਪਿਆਰ ਕਰਨ ਵਾਲਿਆਂ ਨੇ ਸਮਾਜ, ਸੱਭਿਆਚਾਰ ਅਤੇ ਸੱਭਿਅਤਾ ਜ਼ਰੀਏ ਰੁੱਤਾਂ,ਤਿੱਥਾਂ ਅਤੇ ਵਾਰਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।ਕੁਦਰਤ ਨੇ ਆਦਿ ਕਾਲ ਤੋਂ ਅਜੋਕੇ ਵਿਗਿਆਨਿਕ ਯੁੱਗ ਤੱਕ ਦੇਸੀ ਮਹੀਨਿਆਂ ਤੇ ਵੰਨ ਸੁਵੰਨਾ ਪ੍ਰਭਾਵ ਪਾਉਣਾ ਜਾਰੀ ਰੱਖਿਆ ਹੋਇਆ ਹੈ। ਦੇਸੀ ਮਹੀਨੇ ਪੰਜਾਬੀ ਸਮਾਜ ਦੇ ਸਿੱਕੇ ਦਾ ਦੂਜਾ ਪਾਸਾ ਹੁੰਦੇ ਹਨ।ਹਰ ਕਵੀ ਨੇ ਦੇਸੀ ਮਹੀਨਿਆਂ ਨੂੰ ਛੂੰਹਣ ਦੀ ਕੋਸ਼ਿਸ਼ ਕੀਤੀ। ਦੇਸੀ ਮਹੀਨਿਆਂ ਨੂੰ ਹਰ ਪੱਖੋਂ ਨਿਖਾਰ ਕੇ ਪੇਸ਼ ਕੀਤਾ। ਪੰਜਾਬੀ ਸਾਹਿਤ ਵਿੱਚ 12 ਮਹੀਨਿਆਂ ਦਾ ਪਾਤਰ ਚਿਤਰਨ ਗੂੰਜਦਾ ਰਹਿੰਦਾ ਹੈ। ਦੇਸੀ ਮਹੀਨੇ ਪੰਜਾਬ ਦੀ ਰੂਹ-ਏ-ਰਵਾਂ ਹਨ। ਇਹਨਾਂ ਦੇਸੀ ਮਹੀਨਿਆਂ ਵੱਲ ਸੁਚੇਤ ਅਤੇ ਅਚੇਤ ਤੌਰ ਤੇ ਸੰਸਕ੍ਰਿਤੀ ਧਾਰਨ ਵਾਲਿਆਂ ਵਲੋਂ ਝਾਤੀ ਮਾਰੀ ਹੀ ਜਾਂਦੀ ਹੈ। ਇਸੇ ਪ੍ਰਸੰਗ ਵਿੱਚ ਦੇਸੀ ਮਹੀਨਾ ਕੱਤਕ ਨਾਨਕਸ਼ਾਹੀ ਕੈਲੰਡਰ ਦਾ ਅੱਠਵਾਂ ਮਹੀਨਾ ਆਉਂਦਾ ਹੈ। ਇਸ ਪਿੱਛੇ ਅੱਸੂ ਅਤੇ ਅੱਗੇ ਮੱਘਰ ਮਹੀਨਾ ਹੁੰਦਾ ਹੈ।ਇਹ ਕੱਤਕ ਮਹੀਨਾ "ਅੱਸੂ ਮਾਹ ਨਿਰਾਲਾ,ਦਿਨੇ ਧੁੱਪ ਤੇ ਰਾਤੀਂ ਪਾਲਾ" ਦੀ ਵਿਰਾਸਤ ਨੂੰ ਅੱਗੇ ਤੋਰਦਾ ਹੈ।ਅਕਤੂਬਰ ਨਵੰਬਰ ਵਿਚਕਾਰ ਇਹ ਮਹੀਨਾ 30 ਦਿਨਾਂ ਦਾ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਛੇ ਕੱਤਕ ਨੂੰ ਹੁੰਦਾ ਹੈ।
ਗਰਮੀ ਦੇ ਝੰਬਿਆਂ ਨੂੰ ਇਸ ਮਹੀਨੇ ਸ਼ੁਰੂ ਹੋਈ ਠੰਡ ਇਸ ਤਰ੍ਹਾਂ ਲੱਗਦੀ ਹੈ, ਜਿਸ ਤਰ੍ਹਾਂ ਜੀਵਨ ਦੀ ਜਾਂਚ ਹੀ ਬਦਲ ਗਈ ਹੋਵੇ। ਰਾਤ ਨੂੰ ਤਰੇਲ ਔਸ ਪੈਂਦੀ ਹੈ। ਪਿਛਲੇ ਜ਼ਮਾਨੇ ਵਿੱਚ ਜਦੋਂ ਲੋਕ ਥੱਕ ਹਾਰ ਕੇ ਘਰ ਆਉਂਦੇ ਸਨ ਤਾਂ ਰਾਤ ਨੂੰ ਬਾਹਰ ਮੰਜਿਆਂ ਉੱਤੇ ਸੌਂਦੇ ਸਨ। ਇਸ ਮਹੀਨੇ ਦੇ ਸ਼ੁਰੂ ਹੁੰਦੇ ਹੀ ਮੱਠੀ-ਮੱਠੀ ਸਰਦੀ ਨਾਲ ਲੋਕ ਕੋਠਿਆਂ ਅੰਦਰ ਹੀ ਸੋਣਾ-ਪੈਣਾ ਸ਼ੁਰੂ ਕਰ ਦਿੰਦੇ ਹਨ। ਦਿਨ ਨੂੰ ਨਿੱਘੀ ਧੁੱਪ ਦਾ ਲੁਤਫ਼ ਵੀ ਲਿਆ ਜਾਂਦਾ ਹੈ। ਇਸ ਮਹੀਨੇ ਕਾਦਰ ਨੇ ਕੁਦਰਤ ਦੀ ਖੂਬਸੂਰਤੀ ਦੀ ਪੇਸ਼ਾਕਾਰੀ ਵੀ ਕੀਤੀ ਹੈ। ਪ੍ਰਕਿਰਤੀ ਅਤੇ ਧਰਤੀ ਵੱਖਰੇ-ਵੱਖਰੇ ਸੁਨੇਹੇ ਦਿੰਦੀਆਂ ਹਨ।
"ਕਤਕਿ ਕੂੰਜਾਂ ਚੇਤ ਡਉ,ਸਾਵਣਿ ਬਿਜੁਲੀਆ, ਸੀਆਲੇ ਸੋਹੰਦੀਆ ਪਿਰ ਗਲਿ ਬਾਹੜੀਆ"
ਸਾਈਬੇਰੀਆ ਅਤੇ ਚੀਨ ਵਰਗੇ ਦੇਸ਼ਾਂ ਦੀ ਦਿਸ਼ਾ ਤੋਂ ਕੱਤਕ ਮਹੀਨੇ ਕੂੰਜਾਂ ਲੰਬਾ ਪੈਂਡਾ ਤੈਅ ਕਰਕੇ ਪੰਜਾਬ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਕੱਤਕ ਮਹੀਨੇ ਆਕਾਸ਼ ਵਿੱਚ ਕੂੰਜਾਂ ਦਿਖਣੀਆਂ ਸ਼ੁਰੂ ਹੁੰਦੀਆਂ ਹਨ, ਉਹ ਨਜ਼ਾਰਾ ਵੀ ਦੇਖਣ ਵਾਲਾ ਹੁੰਦਾ ਹੈ। ਇੱਕ ਕੂੰਜ ਦੇ ਪਿੱਛੇ ਬਾਕੀ ਕੂੰਜਾਂ ਲੱਗੀਆਂ ਹੁੰਦੀਆਂ ਹਨ। ਕਪਾਹ, ਮੂੰਗੀ, ਤਿਲ ਬਾਜਰਾ, ਗੁਆਰਾ ਗੰਨਾ ਆਦਿ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਗੰਨਿਆਂ ਦੇ ਰਸ ਤੋਂ ਗੁੜ ਦੀ ਸ਼ੁਰੂਆਤ ਹੋ ਜਾਂਦੀ ਹੈ।ਇੱਕ ਸਮਾਂ ਸੀ ਜਦੋਂ ਛੱਪੜਾਂ ਟੋਭਿਆਂ ਵਿੱਚ ਇਸ ਮਹੀਨੇ ਸਣ ਦੱਬ ਕੇ ਰੱਖਿਆ ਜਾਂਦਾ ਸੀ। ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਸਣ ਨੂੰ ਕੱਢ ਕੇ ਧੋ ਸੰਵਾਰ ਕੇ ਰੱਸੀਆਂ ਰੱਸੇ ਵੱਟੇ ਜਾਂਦੇ ਸਨ,ਜੋ ਖੇਤੀ ਦੇ ਕੰਮ ਆਉਂਦੇ ਸਨ।ਇਸ ਨਜ਼ਰੀਏ ਨੂੰ ਇਉਂ ਕਲਮਬੰਦ ਕੀਤਾ ਹੈ:-
"ਕੱਤਕ ਮਹੀਨੇ ਖਿੜੀ ਕਪਾਹ,
ਜਿਉਂ ਰਾਤੀਂ ਅੰਬਰੀਂ ਤਾਰੇ,
ਘਰ ਆਏ ਤਿਲ ਬਾਜਰਾ,
ਮੋਠ ਮੂੰਗੀ ਸਣ ਗੁਆਰੇ"
ਅਧਿਆਤਮਿਕ ਤੌਰ ਤੇ ਕੱਤਕ ਮਹੀਨੇ ਦਾ ਵਰਣਨ ਮਿਲਦਾ ਹੈ। ਬਹੁਤ ਸਮਾਂ ਪਹਿਲਾਂ ਇੱਕ ਗਾਣਾ ਮਸ਼ਹੂਰ ਸੀ,"ਕੱਤਕ ਦੀ ਸੋਹਣੀ ਪੁੰਨਿਆ ਨੂੰ ਗੁਰੂ ਨਾਨਕ ਨੇ ਅਵਤਾਰ ਲਿਆ।"ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੱਤਕ ਮਹੀਨੇ ਨੂੰ ਇਉਂ ਸਾਰੇ ਅੰਕਿਤ ਕੀਤਾ ਗਿਆ ਹੈ:-
" ਕਤਿਕਿ ਕਰਮ ਕਮਾਵਣੇ, ਦੋਸ ਨ ਕਾਹੂ ਜੋਗੁ,
ਪਰਮੇਸ਼ਰ ਦੇ ਭੁਲਿਆ ਵਿਆਪਨਿ ਸਭੇ ਰੋਗ"
ਕੱਤਕ ਮਹੀਨਾ ਵਿਸ਼ਨੂ ਜੀ ਨਾਲ ਸੰਬੰਧਿਤ ਹੈ। ਇਸ ਮਹੀਨੇ ਹੀ ਵਿਸ਼ਨੂ ਜੀ ਨੇ ਮਤਸਯ ਅਵਤਾਰ ਦੇ ਰੂਪ ਵਿੱਚ ਜਲ ਵਿੱਚ ਵਿਰਾਮ ਕੀਤਾ ਸੀ।ਇਸੇ ਕਰਕੇ ਕੱਤਕ ਮਹੀਨੇ ਦਾ ਇਸ਼ਨਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਕੱਤਕ ਮਹੀਨਾ ਮਾਤਾ ਲਕਸ਼ਮੀ ਦੀ ਪੂਜਾ ਲਈ ਵੀ ਮੰਨਿਆ ਜਾਂਦਾ ਹੈ। ਵੈਦਿਕ ਕੈਲੰਡਰ ਅਨੁਸਾਰ ਤੁਲਸੀ ਵਿਆਹ ਹਰ ਸਾਲ ਕੱਤਕ ਮਹੀਨੇ ਹੁੰਦਾ ਹੈ। ਤੁਲਸੀ ਦਾ ਆਸ਼ੀਰਵਾਦ ਵੀ ਇਸੇ ਮਹੀਨੇ ਪ੍ਰਾਪਤ ਕੀਤਾ ਜਾਂਦਾ ਹੈ।
ਇਹ ਮਹੀਨਾ ਪ੍ਰਕਿਰਤੀ ਲਈ ਮੌਸਮ ਦੇ ਲਿਹਾਜ਼ ਤੋਂ ਉੱਤਮ ਹੁੰਦਾ ਹੈ।ਨਾ ਬਹੁਤੀ ਗਰਮੀ,ਨਾ ਪਾਲਾ ਹੁੰਦਾ ਹੈ। ਅਗਲੀ ਰੁੱਤ ਵਿੱਚ ਯਕੀਨ ਰੱਖਣ ਲਈ ਵੀ ਸਹਾਈ ਹੁੰਦਾ ਹੈ। ਕਿਸਾਨੀ ਪੱਖ ਲਈ ਵੀ ਇਹ ਮਹੀਨਾ ਖਾਸ ਮਹੱਤਵ ਰੱਖਦਾ ਹੈ। ਮੁੱਕਦੀ ਗੱਲ ਇਹ ਹੈ ਕਿ ਕੱਤਕ ਮਹੀਨਾ ਬਾਰਾਂ ਮਹੀਨਿਆਂ ਦੀ ਮਾਲਾ ਦਾ ਅਜਿਹਾ ਮੋਤੀ ਹੈ ਜੋ ਪ੍ਰਕਿਰਤੀ, ਸੱਭਿਅਤਾ ਅਤੇ ਸੱਭਿਆਚਾਰ ਦੇ ਪੱਖ ਤੋਂ ਕਿਸਾਨੀ ਲਈ ਉੱਤਮ ਸੁਨੇਹੇ ਦਿੰਦਾ ਹੈ।