ਕੰਨਿਆਵਾਂ ਦੀ ਚਾਦਰ ਨੇ ਵਲੇਟੇ ਵਰ - ਸੁਖਪਾਲ ਸਿੰਘ ਗਿੱਲ

ਜਦੋਂ ਵੀ ਕਿਸੇ ਕਲਾਸ ਦਾ ਰਿਜਲਟ ਆਉਂਦਾ ਹੈ ਤਾਂ ਆਮ ਖਬਰ ਹੁੰਦੀ ਹੈ ਕਿ ਕੁੜੀਆਂ ਨੇ ਬਾਜ਼ੀ ਮਾਰੀ। ਇਸ ਦੇ ਸਨਮੁੱਖ ਮੁੰਡਿਆਂ ਨੂੰ ਉੱਡਦਾ ਪੰਜਾਬ ਵੀ ਆਪਣੀ ਚਾਦਰ ਵਿੱਚ ਵਲੇਟਦਾ ਜਾ ਰਿਹਾ ਹੈ। ਧੀਆਂ ਪ੍ਰਤੀ ਉਹਨਾਂ ਦੇ ਮਾਪੇ ਵੀ ਪਹਿਲਾਂ ਨਾਲੋਂ ਜਾਗਰੂਕ ਹੋਏ ਹਨ।ਇਸ ਤੋਂ ਇਲਾਵਾ ਧੀਆਂ ਦਾਜ ਦੇ ਲੋਭੀਆਂ ਨੂੰ ਨਿਕਾਰ ਰਹੀਆਂ ਹਨ। ਆਪਣੇ ਬਰਾਬਰ ਦਾ ਵਰ ਨਾ ਹੋਣ ਕਰਕੇ ਮੁੰਡਿਆਂ ਨੂੰ ਨਕਾਰ ਰਹੀਆਂ ਹਨ। ਪਹਿਲਾਂ ਵਾਲਾ ਜ਼ਮਾਨਾ ਵੀ ਗਿਆ ਕਿ ਬਾਪੂ ਆਪਣੀ ਮਰਜ਼ੀ ਨਾਲ ਰੁਪਿਆ ਦੇ ਆਉਂਦਾ ਸੀ, ਬਾਅਦ ਵਿੱਚ ਦੇਖੀ ਜਾਊਂ।ਵੱਟੇ ਦੇ ਵਿਆਹ ਤਾਂ ਇਸ ਤੋਂ ਪਹਿਲਾਂ ਹੀ ਰੁਕ ਗਏ ਸਨ।ਹੁਣ ਕੁੜੀਆਂ ਸਮਰੱਥ ਹਨ।ਇਸ ਦਾ ਕਾਰਨ ਇਹ ਵੀ ਹੈ ਕਿ ਭਰੂਣ ਹੱਤਿਆ ਕਾਨੂੰਨ ਦੇ ਨਾਲ ਨਾਲ ਸਰਕਾਰਾਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਕੁੜੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਛੇੜੀ ਹੈ। ਇਸ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਅੱਜ ਦਾ ਦੌਰ "ਧੀ ਜੰਮੀ ਵੰਡੋ ਮਠਿਆਈ ਇਹ ਸਾਕਾਰ ਲਕਸ਼ਮੀ ਆਈ" ਇੱਕ ਤਰ੍ਹਾਂ ਸਹੀ ਸਾਬਤ ਹੋ ਰਿਹਾ ਹੈ। ਧੀਆਂ ਪ੍ਰਤੀ ਪ੍ਰੀਵਾਰਾਂ ਵਿੱਚ ਸੋਚ ਸੁਧਰੀ ਜ਼ਰੂਰ ਹੈ।ਹੁਣ ਦੀਆਂ ਕੁੜੀਆਂ ਨੂੰ"ਸੱਸ ਚੰਦਰੀ ਦਾ ਡਰ ਵੀ ਵੱਢ-ਵੱਢ ਨਹੀਂ ਖਾਂਦਾ, ਬਲਕਿ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ"ਦਾ ਫ਼ਲਸਫ਼ਾ ਭਾਰੂ ਹੋ ਗਿਆ ਹੈ।
ਕੁਦਰਤ ਦਾ ਵਿਧਾਨ ਕੁੜੀਆਂ ਮੁੰਡੇ ਉੱਤੇ ਖੜ੍ਹਾ ਹੈ। ਜੇ ਇਹਨਾਂ ਵਿੱਚੋਂ ਕਿਸੇ ਇੱਕ ਦੀ ਰੇਸ਼ੋ ਵੀ ਘਟ ਜਾਵੇ ਤਾਂ ਸਮਾਜਿਕ ਵਖਰੇਵੇਂ ਸ਼ੁਰੂ ਹੋ ਜਾਂਦੇ ਹਨ। ਅੱਜ ਸ਼ੁਰੂ ਵੀ ਹੋਏ ਹਨ। ਪਿਛੋਕੜ ਤੇ ਝਾਤ ਮਾਰੀਏ ਤਾਂ ਇੱਕ ਸਮੇਂ ਕੌਮਾਂਤਰੀ ਮੈਡੀਕਲ ਪੱਤ੍ਰਿਕਾ ਲੈਂਨਸਟ ਅਨੁਸਾਰ 1980 ਤੋਂ ਲੈ ਕੇ 2010 ਤੱਕ 30 ਸਾਲਾਂ ਵਿੱਚ ਭਾਰਤ ਵਿੱਚ ਇੱਕ ਕਰੋੜ ਮਾਦਾ ਭਰੂਣ ਡੇਗੇ ਗਏ। ਇਸ ਅੰਕੜੇ ਨੇ ਭਾਰਤੀ ਅਤੇ ਪੰਜਾਬੀ ਸੱਭਿਅਤਾ ਨੂੰ ਖੇਰੂੰ ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ।ਪੰਜਾਬ ਵਿੱਚ ਇੱਕ ਖਾਕਾ ਬਣਿਆ ਸੀ ਕਿ 2010 ਤੱਕ ਜਿੰਨੀਆਂ ਗਰਭਵਤੀ ਰਜਿਸਟਰ ਹੋਈਆਂ ਉਹਨਾਂ ਵਿੱਚੋਂ 75000 ਭਰੂਣਾਂ ਦਾ ਪਤਾ ਹੀ ਨਹੀਂ ਚੱਲਿਆ। ਇਹ ਅੰਕੜੇ ਅੱਜ ਲੋਕਾਂ ਦੇ ਗਿੱਟਿਆਂ ਵਿੱਚ ਫਸ ਰਹੇ ਹਨ। ਸਰਕਾਰ ਦੇ ਕਾਇਦੇ ਵੀ "ਦੇਰ ਆਏ ਦਰੁਸਤ ਆਏ" ਸਾਬਤ ਹੋਏ ਹਨ। ਇਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਹੈ ਕਿ "ਵੇਲਾ ਬੀਤਣ ਤੋਂ ਬਾਅਦ ਹੀ ਸਾਡਾ ਜਾਗਣ ਦਾ ਸੁਭਾਅ ਹੈ"
ਸ਼ੈਕਸਪੀਅਰ ਦਾ ਕਥਨ ਹੈ ਕਿ "ਕੁਝ ਵੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਕੇਵਲ ਸਾਡੀ ਸੋਚ ਹੀ ਚੰਗੀ ਅਤੇ ਮਾੜੀ ਹੁੰਦੀ ਹੈ" ਇਸੇ ਸੰਦਰਭ ਵਿੱਚ ਕੁੜੀਆਂ ਦੀ ਅਤੇ ਕੁੜੀਆਂ ਪ੍ਰਤੀ  ਬਦਲੀ ਸੋਚ ਨੇ ਜਾਤ
-ਪਾਤ, ਪਰਿਵਾਰਕ ਹੰਉਮੈ ਅਤੇ ਭੇਦਭਾਵ ਮਿਟਾਉਣ ਵੱਲ ਪੈਰ ਪੁੱਟਿਆ ਹੈ। ਕੁੜੀਆਂ ਮੁੰਡੇ ਆਪਣੇ ਸਾਥੀ ਆਪ ਲੱਭ ਰਹੇ ਹਨ। ਇਹ ਗੱਲ ਤਾਂ ਹੈ ਪਰ ਫਿਰ ਵੀ ਮਾਂ ਪਿਓ ਨੂੰ ਭਰੋਸੇ ਵਿੱਚ ਲੈ ਕੇ ਆਪਣੀ ਦਲੀਲ ਨਾਲ ਗੱਲ ਮੰਨਵਾਉਣੀ ਚਾਹੀਦੀ ਹੈ। ਇਸ ਨਾਲ ਸਮਾਜਿਕ ਹਿੰਸਾ ਅਤੇ ਬੇਚੈਨੀ ਘਟੇਗੀ।ਨੌਕਰੀਆਂ, ਸਮਾਜਿਕ ਤੇ ਕੁਝ ਵਰਗ, ਅਤੇ ਆਈਲੈਟ ਵਾਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਫੈਸਲੇ ਆਪ ਕਰਨ ਲੱਗ ਪਏ ਹਨ।ਕਈ ਮੁੰਡੇ ਕੁੜੀਆਂ ਤਾਂ ਦੋ ਚਾਰ ਸਾਲ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਹੀ ਵਿਆਹ ਕਰਦੇ ਹਨ। ਇਸ ਨਾਲ ਮਾਂ ਪਿਓ ਦਾ ਬੋਝ ਵੀ ਘਟਿਆ ਹੈ ਪਰ ਨਾਲ ਹੀ ਨਾਂਹਪੱਖੀ ਪ੍ਰਭਾਵਾਂ ਤੋਂ ਵੀ ਬਚਿਆ ਨਹੀਂ ਜਾ ਸਕਦਾ।
                 ਮਾਂ ਪਿਓ ਦਾ ਰੂੜੀਵਾਦੀ ਸੋਚ ਵਿੱਚੋਂ ਨਿਕਲਣਾ ਅਜੋਕੀ ਪੀੜ੍ਹੀ ਤਾਂ ਚੰਗੀ ਗੱਲ ਹੈ, ਪਰ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਇੱਕ ਸਮਾਂ ਸੀ ਜਦੋਂ ਅਸੀਂ ਕੁੜੀਆਂ ਨੂੰ ਪੜ੍ਹਾਉਣਾ ਵੀ ਮੁਨਾਸਿਬ ਨਹੀਂ ਸਮਝਦੇ ਸੀ।ਫਿਰ ਸਮਾਂ ਆਇਆ ਸਕੂਲ ਜਾਂਦੇ ਸੀ ਤਾਂ ਮੁੰਡੇ ਕੁੜੀਆਂ ਟਾਟਾਂ ਉੱਤੇ ਅਲੱਗ-ਅਲੱਗ ਬੈਠਦੇ ਸਨ। ਇਸੇ ਤਰ੍ਹਾਂ ਫਿਰ ਬੈਂਚਾ ਉੱਤੇ ਵੀ ਅੱਡ-ਅੱਡ ਬੈਠਦੇ ਸਨ। ਕਾਲਿਜਾਂ ਵਿੱਚ ਵੀ ਬੈਠੇ ਤਾਂ ਅੱਡ-ਅੱਡ ਸੀ,ਪਰ ਕੁੜੀਆਂ-ਮੁੰਡੇ ਆਪਸੀ ਗੱਲਬਾਤ ਬੇਝਿਜਕ ਹੋ ਕੇ ਕਰਨ ਲੱਗੇ।ਇਸ ਨਾਲ ਹੀ ਨਵੇਂ ਦੌਰ ਦਾ ਆਗਾਜ਼ ਵੀ ਹੋਇਆ ਸੀ। ਇਸ ਪੱਖ ਦਾ ਇੱਕ ਪਹਿਲੂ ਇਹ ਵੀ ਹੈ ਕਿ ਹਰ ਬੱਚਾ ਜਾਗਰੂਕ ਨਹੀਂ ਹੁੰਦਾ,"ਦੇਸੀ ਟੱਟੂ  ਖੁਰਾਸਾਨੀ ਦੁਲੱਤੇ"ਵਾਲੇ ਇਸ ਪਹੁੰਚ ਤੋਂ ਦੂਰ ਰਹਿ ਕੇ ਮਾਂ ਪਿਓ ਅਤੇ ਰਿਸ਼ਤੇਦਾਰਾਂ ਦੀ ਸਲਾਹ ਲੈਣ ਤਾਂ ਚੰਗਾ ਹੋਵੇਗਾ।
ਇਸ ਸਬੰਧੀ ਕੁਲਦੀਪ ਮਾਣਕ ਦਾ ਗਾਣਾ ਪੁੱਖਤਾ ਗਵਾਹੀ ਵੀ ਦਿੰਦਾ ਹੈ,
"ਮੈਂ ਚਾਦਰ ਕੱਢਦੀ ਹਾਂ, ਉੱਤੇ ਪਾਵਾਂ ਪਾਵਾਂ ਤੋਤੇ,
 ਚੰਨ, ਹੁਸਨ ਜੁਵਾਨੀ ਨੀ, ਮਾਵਾਂ ਠੰਡੀਆਂ ਛਾਵਾਂ,
ਫਿਕਰਾਂ ਵਿੱਚ ਹੋਇਆ ਨੀ ਮੇਰਾ ਬਾਬਲ ਭੋਲਾ,
ਓਹਦੀ ਚਿੱਟੀ ਪਗੜੀ ਨੂੰ ਕਦੀ ਦਾਗ ਲਾਵਾਂ,
            ਸਿੱਖਿਆ ਨੇ ਧੀਆਂ ਨੂੰ ਆਪਣਾ ਵਰ ਆਪ ਚੁਣਨ ਦਾ ਅਧਿਕਾਰ ਦਿੱਤਾ ਹੈ।ਅਰਸਤੂ ਨੇ ਕਿਹਾ ਸੀ ਕਿ "ਵਿਦਿਆ ਖੁਸ਼ਹਾਲੀ ਸਮੇਂ ਗਹਿਣਾ ਹੈ, ਅਤੇ ਮੰਦਹਾਲੀ ਸਮੇਂ ਸ਼ਰਨਗਾਹ ਹੋ ਕੇ ਨਿਬੜਦੀ ਹੈ" ਇਸੇ ਤਰਜ਼ ਤੇ ਚਾਣਕੀਆ ਨੇ ਕਿਹਾ ਸੀ ਕਿ "ਵਿੱਦਿਆ ਪ੍ਰਾਪਤੀ ਨਾਲ ਛੋਟੀ ਕੁਲ ਵੀ ਦੇਵਤਾ ਬਣ ਜਾਂਦੀ ਹੈ" ਇਹ ਅੱਜ ਦੀਆਂ ਧੀਆਂ ਧਿਆਣੀਆਂ ਤੇ ਢੁੱਕਦਾ ਹੈ। ਪੰਜਾਬ ਵਿੱਚ ਅੱਜ ਜਿਸ ਕਦਰ ਕੁੜੀਆਂ ਘੱਟਣ ਨਾਲ ਮੁੰਡਿਆਂ ਦੇ ਵਿਆਹਾਂ ਵਿੱਚ ਖੜੋਤ ਆਈ ਹੈ, ਉਹ ਅਤੀਤ ਦੇ ਪਰਛਾਵੇਂ ਹੀ ਹਨ।ਭਵਿੱਖ ਸੰਵਾਰਨ ਦੇ ਸੁਨੇਹਾ ਲੇਟ ਮਿਲਣ ਲੱਗੇ। ਮੁੰਡਿਆਂ ਦੇ ਰਿਸ਼ਤਿਆਂ ਵਿੱਚ ਸਿੱਖਿਆ ਦੀ ਘਾਟ, ਨਸ਼ੇ ਅਤੇ ਸੈਕਸ਼ ਰੇਸ਼ੋ ਪ੍ਰਭਾਵਿਤ ਕਰ ਰਹੀ ਹੈ। ਕਾਫੀ ਪਹਿਲੇ ਯੂਨੀਸੈਫ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ,ਕਿ ਪੰਜਾਬ ਦੇ 60 ਲੱਖ ਮੁੰਡੇ ਇੱਕ ਸਮੇਂ ਕੁਆਰੇ ਰਹਿਣਗੇ। ਇਹ ਚਿੰਤਾ ਵੱਢ-ਵੱਢ ਖਾਂਦੀ ਹੈ।ਇਸ ਲਈ ਸਾਡੀਆਂ ਸਰਕਾਰਾਂ ਅਤੇ ਸਮਾਜ ਬਰਾਬਰ ਦੇ ਦੋਸ਼ੀ ਹਨ। ਸਰਕਾਰਾਂ ਦੀ ਦੇਰੀ ਤਾਂ ਹੈ ਹੀ, ਪਰ ਸਮਾਜ ਵਿੱਚ ਕਿਰਿਆਵਾਂ ਨੂੰ ਸਵੀਕਾਰਨਯੋਗ ਜਾਂ ਅਸਵੀਕਾਰਨਯੋਗ ਸਮਝ ਕੇ ਵਿਹਾਰ ਦੇ ਪੈਟਰਨ ਬਣਦੇ ਹਨ,ਇਹੀ ਸਮਾਜ ਦੇ ਨਿਯਮ ਜਾਂ ਮਰਿਆਦਾ ਬਣਦੀ ਹੈ। ਇਸੇ ਪ੍ਰਸੰਗ ਵਿੱਚ ਸਮਾਜ ਵੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਹੀ ਰਿਹਾ।
ਅੱਜ ਜਾਗਰੂਕਤਾ ਵਾਲੀਆਂ ਮਾਣਮੱਤੀ ਧੀਆਂ ਨੇ ਸਮਾਜ ਦੀਆਂ ਰੂੜੀਵਾਦੀ ਬੇੜੀਆਂ ਵੱਢ ਕੇ ਆਪਣੇ ਬਰਾਬਰ ਅਤੇ ਸੁਭਾਅ ਨਾਲ ਮੇਲ ਖਾਂਦੇ ਵਰ ਲੱਭ ਕੇ ਮਾਪਿਆਂ ਨੂੰ ਰਾਜ਼ੀ ਕਰਨ ਦਾ ਪੰਨਾ ਲਿਖਿਆ ਹੈ। ਸਿੱਕੇ ਦਾ ਦੂਜਾ  ਮੁੰਡਿਆਂ ਦੀ ਚਾਹਤ ਚ ਭਰੂਣਾਂ ਦੀ ਹੱਤਿਆ ਵਾਲਾ ਪਾਸਾ ਸਮਾਜ ਨੇ ਦਿੱਤਾ ਹੈ। ਸਮਾਜ ਵਿੱਚ ਈਰਖਾ ਵਧਣ, ਹਿੰਸਾ ਦੇ ਤੌਖ਼ਲੇ ਅਤੇ ਨੈਤਿਕ ਗਿਰਾਵਟ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ।ਰੱਬ ਖੈਰ ਕਰੇ।ਕੁਦਰਤੀ ਤੌਰ ਤੇ ਕੁੜੀਆਂ ਮੁੰਡਿਆਂ ਨਾਲੋਂ ਵੱਧ ਸਿਆਣੀਆਂ ਹਨ‌।ਇਹ ਮਸਲੇ ਸਮਾਜ,ਸਮਾਜ ਵਿਗਿਆਨ ਅਤੇ ਬੁੱਧੀਜੀਵੀਆਂ ਦੀ ਕਚਹਿਰੀ ਵਿੱਚ ਲਿਜਾ ਕੇ ਤੁਰੰਤ ਹਲ ਕਰਨੇ ਚਾਹੀਦੇ ਹਨ।ਮੁੰਡਿਆਂ ਦੀ ਚਾਹਤ ਚ ਹੋਈਆਂ ਭਰੂਣ ਹੱਤਿਆਵਾਂ , ਨਸ਼ਿਆਂ ਦਾ ਪ੍ਰਕੋਪ ਅਤੇ ਸਿੱਖਿਆ ਦੀ ਘਾਟ ਮੁੰਡਿਆਂ ਤੇ ਭਾਰੂ ਪੈਣ ਲੱਗੀ  ਹੈ। "ਵਰ ਲਈ ਕੰਨਿਆ" ਰਿਸ਼ਤਿਆਂ ਨੂੰ ਮਿਲਣ ਵਿੱਚ ਆਈ ਖੜੌਤ ਅਤੀਤ ਦੀ ਕੰਨਿਆਵਾਂ ਦੀ ਚਾਦਰ ਵਿੱਚ ਮੁੰਡਿਆਂ ਨੂੰ ਵਲੇਟਦੀ ਨਜ਼ਰ ਆਉਂਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445 ਸੋਧ ਕੇ ਦੁਬਾਰੇ ਭੇਜਿਆ