Ujagar Singh

ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ - ਉਜਾਗਰ ਸਿੰਘ

ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਅਜੇ ਪ੍ਰਕਾਸ਼ਤ ਹੋਈਆਂ ਹੀ ਨਹੀਂ ਪ੍ਰੰਤੂ ਅਕਾਲੀ ਦਲ ਨੇ ਗ਼ਲਤੀਆਂ ਦਾ ਰਾਮ ਰੌਲਾ ਪਹਿਲਾਂ ਹੀ ਪਾ ਦਿੱਤਾ। ਇਸ ਲਈ 'ਬਿਨਾ ਪਾਣੀ ਤੋਂ ਜੁੱਤੀ ਖੋਲ੍ਹਣਾ' ਕਹਾਵਤ ਅਕਾਲੀ ਦਲ ਤੇ ਢੁਕਦੀ ਹੈ ਕਿਉਂਕਿ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਪੁਸਤਕਾਂ ਅਜੇ ਪ੍ਰਕਾਸ਼ਤ ਹੋਈਆਂ ਹੀ ਨਹੀਂ ਵਾਦਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਚੋਟੀ ਦੇ ਇਤਿਹਾਸਕਾਰ ਅਤੇ ਵਿਦਵਾਨ ਜਿਹੜੇ ਇਨ੍ਹਾਂ ਪੁਸਤਕਾਂ ਵਿਚ ਸੁਧਾਈ ਦਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅਕਾਲੀ ਦਲ ਦੇ ਸਿਆਸਤਦਾਨਾ ਨੇ ਪੁਸਤਕਾਂ ਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਵੈਬਸਾਈਟ ਤੇ ਪੁਸਤਕ ਦੇ ਸੋਧੇ ਹੋਏ 5 ਚੈਪਟਰਾਂ ਦਾ ਖਰੜਾ ਪਾਇਆ ਹੀ ਇਸ ਕਰਕੇ ਸੀ ਕਿ ਜੇਕਰ ਕੋਈ ਊਣਤਾਈ ਹੋਵੇਗੀ ਤਾਂ ਪਤਾ ਲੱਗ ਜਾਵੇਗਾ। ਇਹ ਇਕ ਸਹੀ ਕੰਮ ਕਰਨ ਦੀ ਤਕਨੀਕ ਹੁੰਦੀ ਹੈ। ਪੰਜਾਬ ਦੇ ਸਿਆਸਤਦਾਨ ਹਰ ਗੰਭੀਰ ਵਿਸ਼ੇ ਤੇ ਸਿਆਸਤ ਕਰਨ ਨੂੰ ਪਹਿਲ ਦਿੰਦੇ ਹਨ, ਜਿਵੇਂ ਸਿਆਸਤ ਕਰਨ ਲਈ ਉਨ੍ਹਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੁੰਦਾ। ਧਰਮ ਇਕ ਨਿੱਜੀ ਵਿਸ਼ਾ ਹੈ, ਇਸਦੀ ਗੰਭੀਰਤਾ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਹਾਲਾਂਕਿ ਅਕਾਲੀ ਦਲ ਇਕ ਧਾਰਮਿਕ ਪਾਰਟੀ ਹੈ। ਬੱਚਿਆਂ ਦੇ ਭਵਿਖ ਨੂੰ ਵੀ ਇਨ੍ਹਾਂ ਨੇ ਦਾਅ ਤੇ ਲਾ ਦਿੱਤਾ ਹੈ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਥਾਂ ਅੰਤਰਾਸ਼ਟਰੀ ਪੱਧਰ ਦੇ 93 ਸਾਲਾ ਸਿੱਖ ਵਿਦਵਾਨ ਡਾ ਕ੍ਰਿਪਾਲ ਸਿੰਘ, ਜਿਸਨੇ ਹੁਣ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ''ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ'' ਦੀਆਂ 18 ਜਿਲਦਾਂ ਤਿਆਰ ਕੀਤੀਆਂ ਹਨ ਤੋਂ ਸਾਰਾ ਕੰਮ ਵਾਪਸ ਲੈ ਲਿਆ ਹੈ। ਇਸਤੋਂ ਇਲਾਵਾ ਉਸਨੇ ਸਿੱਖ ਇਤਿਹਾਸ ਦੀਆਂ 60 ਪੁਸਤਕਾਂ ਲਿਖੀਆਂ ਹਨ ਜੋ ਕਿ ਪੰਜਾਬੀ, ਅੰਗਰੇਜ਼ੀ ਅਤੇ ਫਾਰਸ਼ੀ ਭਾਸ਼ਾਵਾਂ ਵਿਚ ਹਨ। ਸ਼ਰੋਮਣੀ ਕਮੇਟੀ ਨੇ ਉਸਨੂੰ ਪ੍ਰਫੈਸਰ ਆਫ ਸਿੱਖਿਜ਼ਮ ਦੀ ਉਪਾਧੀ ਦਿੱਤੀ ਹੋਈ ਹੈ। ਜਿਹੜੀਆਂ ਪੁਸਤਕਾਂ ਅਕਾਲੀ ਰਾਜ ਵਿਚ ਪੜ੍ਹਾਈਆਂ ਜਾਂਦੀਆਂ ਸਨ, ਉਨ੍ਹਾਂ ਵਿਚ ਬਜ਼ਰ ਗ਼ਲਤੀਆਂ ਹਨ। ਜੇਕਰ ਸਿਆਸਤਦਾਨ ਗੰਭੀਰਤਾ ਨਾਲ ਧਿਆਨ ਦੇਣ ਤਾਂ ਸਿਆਸਤ ਕਰਨ ਲਈ ਪੰਜਾਬ ਵਿਚ ਬਹੁਤ ਭਖਦੇ ਮਸਲੇ ਹਨ ਪ੍ਰੰਤੂ ਸਿਆਸਤਦਾਨਾ ਦਾ ਮੰਤਵ ਤਾਂ ਕੁਰਸੀ ਪ੍ਰਾਪਤ ਕਰਨਾ ਹੀ ਬਣਕੇ ਰਹਿ ਗਿਆ ਹੈ। ਕੁਰਸੀ ਦੀ ਪ੍ਰਾਪਤੀ ਲਈ ਉਹ ਤਾਂ ਤਰਲੋ ਮੱਛੀ ਹੋ ਜਾਂਦੇ ਹਨ। ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫੇਰ ਸਿਆਸੀ ਤਾਕਤ ਦੇ ਨਸ਼ੇ ਵਿਚ ਉਹ ਸਾਰਾ ਕੁਝ ਭੁੱਲ ਭੁਲਾ ਜਾਂਦੇ ਹਨ। ਜਦੋਂ ਕਿ ਪੰਜਾਬ ਵਿਚ ਨਸ਼ੇ, ਆਤਮ ਹੱਤਿਆਵਾਂ, ਬੇਰੋਜ਼ਗਾਰੀ, ਮਿਲਾਵਟ, ਭਰਿਸ਼ਟਾਚਾਰ ਅਤੇ ਪ੍ਰਦੂਸ਼ਣ ਵਰਗੇ ਅਹਿਮ ਮਸਲੇ ਹਨ, ਜਿਹੜੇ ਸਾਡੇ ਭਵਿਖ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਕਲਾਸਾਂ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਸ਼ਾਮਲ ਕੀਤੇ ਗਏ ਚੈਪਟਰਾਂ ਵਿਚ ਗੁਰੂਆਂ ਬਾਰੇ ਵਰਤੀ ਗਈ ਸ਼ਬਦਾਵਲੀ ਅਤੇ ਸਹੀ ਤੱਥ ਨਾ ਦੇਣ ਦਾ ਮੁੱਦਾ ਉਠਾਕੇ ਧਰਨੇ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਆਪ ਉਹ 10 ਸਾਲ ਪੰਜਾਬ ਵਿਚ ਲਗਾਤਾਰ ਰਾਜ ਕਰਦੇ ਰਹੇ ਅਤੇ ਇਹੋ ਪਾਠ ਪੁਸਤਕਾਂ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਰਹੀਆਂ, ਉਦੋਂ ਇਨ੍ਹਾਂ ਨੂੰ ਇਤਰਾਜ ਕਿਉਂ ਨਹੀਂ ਹੋਇਆ। ਉਦੋਂ ਇਹ ਪੁਸਤਕਾਂ 1 ਲੱਖ 50 ਹਜ਼ਾਰ ਪਬਲਿਸ਼ਰ ਨੇ ਪ੍ਰਕਾਸ਼ਤ ਕਰਕੇ 450 ਰੁਪਏ ਪ੍ਰਤੀ ਪੁਸਤਕ ਦੇ ਹਿਸਾਬ ਵੇਚੀਆਂ ਅਤੇ ਪ੍ਰਕਾਸ਼ਕ ਨੇ 6 ਕਰੋੜ 75 ਲੱਖ ਰੁਪਈਆ ਕਮਾਇਆ। ਪ੍ਰਾਈਵੇਟ ਪ੍ਰਕਾਸ਼ਕਾਂ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਬੋਰਡ ਨੇ ਆਪ ਪੁਸਤਕਾਂ ਪ੍ਰਕਾਸ਼ਤ ਨਹੀਂ ਕਰਵਾਈਆਂ। ਵਿਦਿਆਰਥੀਆਂ ਨੂੰ ਮਜ਼ਬੂਰੀ ਵਸ ਪੁਸਤਕ ਖ੍ਰੀਦਣੀ ਪਈ ਕਿਉਂਕਿ ਹੋਰ ਕੋਈ ਸਿਲੇਬਸ ਅਨੁਸਾਰ ਪੁਸਤਕ ਹੈ ਹੀ ਨਹੀਂ ਸੀ। ਜੇ ਉਦੋਂ ਠੀਕ ਸਨ ਤਾਂ ਹੁਣ ਕਿਵੇਂ ਗ਼ਲਤ ਹੋ ਗਈਆਂ। ਹੁਣ ਜਦੋਂ ਆਪ ਗੱਦੀ ਤੋਂ ਉਤਰ ਗਏ ਹਨ, ਇਹ ਸਾਰਾ ਕੁਝ ਕਿਵੇਂ ਯਾਦ ਆ ਗਿਆ। ਦੂਜੀ ਗੱਲ ਜਿਹੜਾ ਪਾਠਕ੍ਰਮ ਬਦਲਿਆ ਜਾ ਰਿਹਾ ਹੈ, ਉਸ ਬਾਰੇ ਐਨ ਸੀ ਆਰ ਟੀ ਨੇ ਫੈਸਲਾ ਕੀਤਾ ਸੀ ਕਿ ਸਮੁੱਚੇ ਦੇਸ਼ ਵਿਚ ਪਾਠਕ੍ਰਮ ਇਕਸਾਰ ਹੋਵੇ। ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲਈ ਗਈ ਸੀ। ਸ੍ਰ ਦਲਜੀਤ ਸਿੰਘ ਚੀਮਾ ਉਦੋਂ ਪੰਜਾਬ ਦੇ ਸਿਖਿਆ ਮੰਤਰੀ ਸਨ। ਉਨ੍ਹਾਂ ਦੇ ਵਿਭਾਗ ਨੇ ਸਹਿਮਤੀ ਦਿੱਤੀ ਸੀ। ਪੰਜਾਬ ਦੇ ਸਹਿਮਤ ਹੋਣ ਨਾਲ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਬਹੁਤ ਥੋੜ੍ਹੀ ਰਹਿ ਗਈ। ਜੇਕਰ ਪੰਜਾਬ ਸਰਕਾਰ ਸਹਿਮਤ ਨਾ ਹੁੰਦੀ ਤਾਂ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਸੀ। ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਅਨੁਸਾਰ ਗ਼ਲਤੀ ਅਕਾਲੀ ਸਰਕਾਰ ਦੀ ਦੋਸ਼ ਵਰਤਮਾਨ ਸਰਕਾਰ ਤੇ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗ਼ਲਤ ਜਾਣਕਾਰੀ ਵਾਲੀ ਪੁਸਤਕ ਰੋਕ ਦਿੱਤੀ ਸੀ। ਅਗਲੀ ਗੱਲ ਸ਼ਰੋਮਣੀ ਅਕਾਲੀ ਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਕਠਪੁਤਲੀ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ। ਉਸਨੂੰ ਵੀ ਧਰਨਿਆਂ ਵਿਚ ਸ਼ਾਮਲ ਕਰ ਲਿਆ। ਸ਼ਰੋਮਣੀ ਕਮੇਟੀ ਦਾ ਕੰਮ ਧਾਰਮਿਕ ਹੈ। ਧਰਮ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰੰਤੂ ਉਹ ਆਪਣੇ ਕੰਮ ਵਿਚ ਤਾਂ ਅਸਫਲ ਹੋ ਗਈ ਹੈ। ਸਿੱਖ ਧਰਮ ਨਸ਼ਿਆਂ ਦੇ ਵਿਰੁਧ ਹੈ ਪ੍ਰੰਤੂ ਪ੍ਰਚਾਰ ਦੀ ਘਾਟ ਕਰਕੇ ਨੌਜਵਾਨੀ ਪਤਿਤ ਹੋ ਗਈ ਹੈ ਅਤੇ ਨਸ਼ਿਆਂ ਵਿਚ ਗ੍ਰਸਤ ਹੈ। ਸ਼ਰੋਮਣੀ ਕਮੇਟੀ ਕੀ ਕੰਮ ਕਰ ਰਹੀ ਹੈ। ਸ਼ਰੋਮਣੀ ਕਮੇਟੀ ਦੀ ਆਮਦਨ ਗੁਰੂ ਘਰਾਂ ਤੋਂ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਸਮੇਂ ਪੈਸੇ ਚੜ੍ਹਾਉਣ ਅਤੇ ਦਾਨੀ ਸਿੱਖਾਂ ਵੱਲੋਂ ਧਰਮ ਪ੍ਰਚਾਰ ਲਈ ਦਿੱਤੇ ਜਾਂਦੇ ਦਾਨ ਤੋਂ ਹੁੰਦੀ ਹੈ। ਸ਼ਰੋਮਣੀ ਕਮੇਟੀ ਅਕਾਲੀ ਦਲ ਦੇ ਕਹਿਣ ਤੇ ਅਖ਼ਬਾਰਾਂ ਵਿਚ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪੰਜਾਬ ਸਰਕਾਰ ਵਿਰੁੱਧ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਵਿਰੁਧ ਵੀ ਲਿਖ ਰਹੀ ਹੈ। ਸ਼ਰੋਮਣੀ ਕਮੇਟੀ ਇਕੱਲੇ ਅਕਾਲੀ ਦਲ ਦੀ ਨਹੀਂ ਇਹ ਸਮੁਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਦੀ ਹੈ। ਸ਼ਰਧਾਲੂਆਂ ਦਾ ਪੈਸਾ ਗ਼ਲਤ ਵਰਤਿਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ ਹੁੰਦੀ ਹੈ। ਪ੍ਰੰਤੂ ਹੋ ਇਸ ਤੋਂ ਉਲਟ ਰਿਹਾ ਹੈ। ਕੀ ਕਾਂਗਰਸ ਪਾਰਟੀ ਦੇ ਵਰਕਰ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦੇ, ਉਨ੍ਹਾਂ ਦਾ ਪੈਸਾ ਉਨ੍ਹਾਂ ਵਿਰੁਧ ਹੀ ਵਰਤਿਆ ਜਾ ਰਿਹਾ ਹੈ। ਏਥੇ ਹੀ ਬਸ ਨਹੀਂ ਜਦੋਂ ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮੁਆਫੀ ਨਾਮਾ ਦਿੱਤਾ ਅਤੇ ਫਿਰ ਵਾਪਸ ਲਿਆ ਗਿਆ, ਉਦੋਂ ਵੀ ਗ਼ਲਤ ਫੈਸਲੇ ਨੂੰ ਸਹੀ ਸਾਬਤ ਕਰਨ ਲਈ 93 ਲੱਖ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਦਿੱਤੇ ਗਏ। ਸਹੀ ਸਾਬਤ ਉਹ ਫਿਰ ਵੀ ਨਹੀਂ ਹੋਇਆ। ਸਾਡੀ ਧਾਰਮਿਕ ਸੰਸਥਾ ਕਿਧਰ ਨੂੰ ਜਾ ਰਹੀ ਹੈ। ਆਪਣਾ ਕੰਮ ਛੱਡਕੇ ਅਕਾਲੀ ਦਲ ਦਾ ਕੰਮ ਕਰ ਰਹੀ ਹੈ। ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਦਿੱਤਾ ਜਾ ਰਿਹਾ ਹੈ। ਰੱਬ ਦਾ ਵਾਸਤਾ ਭਲੇ ਮਾਣਸੋ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ, ਫੇਰ ਕਿਸੇ ਤੇ ਦੂਸ਼ਣ ਲਾਓ। ਅਕਾਲੀ ਦਲ ਵੱਲੋਂ ਨਵੀਂਆਂ ਪਾਠ ਪੁਸਤਕਾਂ ਤੇ ਇਤਰਾਜ ਕਰਨ ਤੇ ਪੰਜਾਬ ਸਰਕਾਰ ਨੇ ਪ੍ਰਸਿੱਧ ਇਤਿਹਾਸਕਾਰ ਡਾ ਕਿਰਪਾਲ ਸਿੰਘ ਦੀ ਅਗਵਾਈ ਵਿਚ 6 ਮੈਂਬਰੀ ਦਰੁਸਤ ਪੁਸਤਕ ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿਚ ਡਾ ਜੀ ਐਸ ਗਰੇਵਾਲ, ਡਾ ਪ੍ਰਿਥੀਪਾਲ ਸਿੰਘ ਕਪੂਰ ਅਤੇ  ਡਾ ਇੰਦੂ ਬਾਂਗਾ ਤੋਂ ਇਲਾਵਾ 2 ਸ਼ਰੋਮਣੀ ਕਮੇਟੀ ਦੇ ਮੈਂਬਰ ਡਾ ਬਲਵੰਤ ਸਿੰਘ ਢਿਲੋਂ ਸਿੰਘ ਅਤੇ ਡਾ ਇੰਦਰਜੀਤ ਸਿੰਘ ਗੋਗੋਆਣੀ ਸਨ। ਇਨ੍ਹਾਂ ਸਾਰਿਆਂ ਦੀ ਸਹਿਮਤੀ ਨਾਲ ਸੋਧ ਕੀਤੀ ਗਈ । ਇਹ ਸੋਧ ਸ਼ਰੋਮਣੀ ਕਮੇਟੀ ਦੇ ਚੰਡੀਗੜ੍ਹ ਵਾਲੇ ਦਫਤਰ ਵਿਚ ਬੈਠਕੇ ਕੀਤੇ ਗਏ ਸਨ। ਜੇ ਕੈਪਟਨ ਅਮਰਿੰਦਰ ਸਿੰਘ ਦੀ ਭਾਵਨਾ ਗ਼ਲਤ ਹੁੰਦੀ ਤਾਂ ਉਹ ਸ਼ਰੋਮਣੀ ਕਮੇਟੀ ਦੇ ਦੋ ਮੈਂਬਰ ਪੁਸਤਕ ਸੋਧ ਕਮੇਟੀ ਵਿਚ ਕਿਉਂ ਪਾਉਂਦੇ। ਇਹ ਸਾਰੇ ਮੈਂਬਰ ਅਕਾਦਮਿਕ ਅਤੇ ਸਭਿਆਚਾਰਕ ਪੱਧਰ ਤੇ ਪਿਛਲੀ ਅੱਧੀ ਸਦੀ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਨਾਲ ਜੁੜੇ ਰਹੇ ਹਨ। ਇਨ੍ਹਾਂ ਇਤਿਹਾਸਕਾਰਾਂ ਦੀਆਂ ਦਰਜਨਾ ਖੋਜ ਦੀਆਂ ਪੁਸਤਕਾਂ ਅਤੇ ਸੈਂਕੜੇ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਪ੍ਰਕਾਸ਼ਤ ਹੋ ਚੁੱਕੇ ਹਨ ਅਤੇ ਹਮੇਸ਼ਾ ਸਲਾਹੇ ਗਏ ਹਨ। ਗੁਰੂ ਸਾਹਿਬਾਨ ਦੀ ਬੇਅਦਬੀ ਅਤੇ ਸਿੱਖ ਪਰੰਪਰਾ ਨੂੰ ਕਮਜ਼ੋਰ ਕਰਨ ਦੀ ਸ਼ਾਜਸ਼ ਦੇ ਦੋਸ਼ ਬੇਬੁਨਿਆਦ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਅਤੇ ਸ਼ਰੋਮਣੀ ਕਮੇਟੀ ਇਨ੍ਹਾਂ ਇਤਿਹਾਸਕਾਰਾਂ ਤੋਂ ਕੰਮ ਕਰਵਾਵੇ, ਉਦੋਂ ਇਹ ਠੀਕ, ਜਦੋਂ ਕੋਈ ਹੋਰ ਸਰਕਾਰ ਕਰਵਾਵੇ ਤਾਂ ਇਹ ਗ਼ਲਤ। ਇਹ ਕਿਹੜਾ ਪੈਮਾਨਾ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਵਰਤ ਰਹੀ ਹੈ। ਟਾਈਪਿੰਗ ਦੀਆਂ ਗ਼ਲਤੀਆਂ ਨੂੰ ਹਊਆ ਬਣਾਇਆ ਹੋਇਆ ਹੈ। ਹੁਣ ਇਹ ਵੇਖੋ ਕਿ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨੇ 5 ਇਤਰਾਜ ਲਾਏ ਹਨ। ਪਹਿਲਾ ਇਤਰਾਜ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜ੍ਹੀ ਵਿਚੋਂ ਆਪਣੇ ਆਪ ਨਹੀਂ ਗਏ। ਇਤਿਹਾਸਕਾਰਾਂ ਅਨੁਸਾਰ ਕਵੀ ਸੈਨਾਪਤੀ ਨੇ ਆਪਣੀ ਕਵਿਤਾ ਵਿਚ ਇੰਜ ਹੀ ਲਿਖਿਆ ਹੈ ਕਿ ਉਹ ਆਪ ਆਪਣੀ ਮਰਜੀ ਨਾਲ ਗਏ ਸਨ ਕਿਉਂਕਿ ਹਾਲਾਤ ਹੀ ਅਜਿਹੇ ਬਣ ਗਏ ਸਨ। ਪਹਿਲੀ ਪੁਸਤਕ ਵਿਚ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ 3 ਸਿੱਖ ਇਕ ਇਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ। ਹੁਣ ਤੁਸੀਂ ਹੀ ਦੱਸੋ ਕਿ ਕਿਹੜੀ ਗ਼ਲਤ ਗੱਲ ਲਿਖ ਦਿੱਤੀ। ਦੂਜਾ ਇਤਰਾਜ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸ਼ਹੀਦ ਸ਼ਬਦ ਨਹੀਂ ਲਿਖਿਆ। ਜਦੋਂ ਕਿ ਪੂਰਾ ਇਕ ਚੈਪਟਰ ਦਾ ਸਿਰਲੇਖ ਹੀ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੈ। ਇਹ ਵੀ ਲਿਖਿਆ ਹੈ ਕਿ ਗੁਰੂ ਜੀ ਨੂੰ ਤਸੀਹੇਦਿੱਤੇ ਗਏ ਜਿਸ ਕਰਕੇ ਉਹ ਜੋਤੀ ਜੋਤਿ ਸਮਾ ਗਏ। ਇਸ ਵਿਚ ਕੀ ਗ਼ਲਤ ਗੱਲ ਹੈ।  ਭਾਈ ਗੁਰਦਾਸ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਲਿਖਿਆ ਹੈ। ਗੁਰੂ ਸਾਹਿਬਾਨ ਦੇ ਸਤਿਕਾਰ ਵਜੋਂ ਜੋਤੀ ਜੋਤਿ ਸਮਾਉਣਾ ਲਿਖਿਆ ਜਾਂਦਾ ਹੈ, ਹੋਰ ਕਿਸੇ ਬਾਰੇ ਨਹੀਂ। ਪੁਰਾਣੀ ਪੁਸਤਕ ਵਿਚ ਲਿਖਿਆ ਹੈ ਕਿ ਕੀ ਗੁਰੂ ਅਰਜਨ ਦੇਵ ਜੀ ਰਾਜਨੀਤਕ ਅਪਰਾਧੀ ਸਨ। ਤੀਜਾ ਇਤਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਨ੍ਹਾਂ ਦੇ ਜੀਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਬਾਰੇ ਹੈ, ਇਸਨੂੰ ਅਕਾਲੀ ਦਲ ਗ਼ਲਤ ਕਹਿੰਦਾ ਹੈ। ਅਸਲ ਵਿਚ 1680 ਦੀ ਇੱਕ ਹੱਥ ਲਿਖਤ ਬੀੜ ਵਿਚ ਗੁਰੂ ਜੀ ਦੀ ਬਾਣੀ ਦਰਜ ਹੈ। ਇਹ ਇਤਿਹਾਸਤਕ ਤੱਥ ਹੈ। ਚੌਥਾ ਇਤਰਾਜ ਇਹ ਕੀਤਾ ਹੈ ਕਿ ਇਹ ਕਿਉਂ ਲਿਖਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਕੁੱਤੇ ਰੱਖਦੇ ਸਨ। ਅਸਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਹੀ ਸਿੱਖਾਂ ਨੂੰ ਯੁਧਾਂ ਵਿਚ ਲੜਨ ਲਈ ਤਿਆਰ ਕਰਨ ਦਾ ਬੀੜਾ ਚੁੱਕਿਆ ਸੀ ਕਿਉਂਕਿ ਸਿੱਖਾਂ ਤੇ ਹਮਲੇ ਹੋ ਰਹੇ ਸਨ, ਸਿੱਖਾਂ ਨੂੰ ਮਾਰਸ਼ਲ ਕੌਮ ਬਣਾਉਣ ਲਈ ਕੁੱਤਿਆਂ ਤੇ ਨਿਸ਼ਾਨਾ ਲਾਉਣ ਦਾ ਸਿਖਾਇਆ ਜਾਂਦਾ ਸੀ। ਕੁੱਤੇ ਇਸ ਕਰਕੇ ਰੱਖੇ ਜਾਂਦੇ ਸਨ। ਸ੍ਰੀ ਗੁਰੂਹਰਿਗੋਬਿੰਦ ਬਾਰੇ ਪੁਰਾਣੀ ਪਾਠ ਪੁਸਤਕ ਵਿਚ ਗ਼ਲਤ ਗੱਲਾਂ ਲਿਖਕੇ ਨਾਲ ਲਿਖ ਦਿੱਤਾ ਕਿ ਇਹ ਮਨਘੜਤ ਹਨ। ਜੇ ਮਨਘੜਤ ਹਨ ਫਿਰ ਪੁਸਤਕ ਵਿਚ ਲਿਖਣ ਦੀ ਕੀ ਅੋੜ ਸੀ। ਪੰਜਵਾਂ ਇਤਰਾਜ ਜਾਇਜ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਲਸਨ ਪਿੰਡ ਲੁੱਟਿਆ ਸੀ, ਉਹ ਪੁਸਤਕ ਵਿਚੋਂ ਕੱਢ ਦਿੱਤਾ ਗਿਆ ਹੈ। ਇਹ ਸਾਰੇ ਇਤਰਾਜ ਤਾਂ ਇਸ ਤਰ੍ਹਾਂ ਹਨ ਜਿਵੇਂ ਕੋਈ ਔਰਤ ਕਹਿੰਦੀ ਹੈ ਕਿ ਮੈਂ ਇਸਦੇ ਨਹੀਂ ਰਹਿਣਾ ਕਿਉਂਕਿ ਇਸ ਆਦਮੀ ਦੀ ਰੋਟੀ ਖਾਂਦੇ ਦੀ ਦਾਹੜੀ ਹਿਲਦੀ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਵੀ ਅਕਾਲੀ ਦਲ ਤੇ ਢੁਕਦੀ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2007 ਵਿਚ ਹਿੰਦੀ ਭਾਸ਼ਾ ਵਿਚ ਸਿੱਖ ਇਤਿਹਾਸ ਲਿਖਵਾਇਆ। ਉਸ ਵਿਚ ਬਜਰ ਗ਼ਲਤੀਆਂ ਸਨ। ਸਿੱਖ ਧਰਮ ਦੇ ਵਿਰੁਧ ਲਿਖਿਆ ਹੋਇਆ ਸੀ। ਜਦੋਂ ਸਾਬਕਾ ਮੈਂਬਰ ਲੋਕ ਸਭਾ ਅਤਿੰਦਰਪਾਲ ਸਿੰਘ ਨੇ ਇਤਰਾਜ ਕੀਤਾ ਤਾਂ ਉਹ ਪੁਸਤਕ ਤੇ ਪਾਬੰਦੀ ਲਗਾਈ ਗਈ ਪ੍ਰੰਤੂ ਨਾ ਤਾਂ ਲੇਖਕ ਅਤੇ ਨਾ ਹੀ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਵਾਨਾ ਨੇ ਇਹ ਪੁਸਤਕ ਪ੍ਰਵਾਨ ਕੀਤੀ ਸੀ, ਉਨ੍ਹਾਂ ਤੇ ਕੋਈ ਕਾਰਵਾਈ ਕੀਤੀ ਗਈ। ਪ੍ਰੰਤੂ ਹੁਣ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਤੇ ਜਾ ਕੇ ਮੁਆਫੀ ਮੰਗਣ ਦੀ ਮੰਗ ਕਰ ਰਿਹਾ ਹੈ। ਪਹਿਲਾਂ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਰਾਮ ਰਹੀਮ ਨੂੰ ਮੁਆਫ ਕਰਨ ਅਤੇ 2007 ਵਾਲੀ ਹਿੰਦੀ ਦੀ ਪੁਸਤਕ ਬਾਰੇ ਆਪ ਮੁਆਫੀ ਮੰਗ ਲੈਣ। ਛੱਜ ਤਾਂ ਬੋਲੇ ਛਾਲਣੀ ਕੀ ਬੋਲੇ, ਜਿਸ ਵਿਚ ਅਨੇਕਾਂ ਛੇਕ ਹਨ। ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਖਾਮਖਾਹ ਇਤਿਹਾਸਕਾਰਾਂ ਦੇ ਕੰਮ ਵਿਚ ਦਖ਼ਲ ਦੇ ਰਹੀ ਹੈ। ਪਾਠ ਪੁਸਤਕਾਂ ਦਾ ਸਿਲੇਬਸ ਬਣਾਉਣਾ ਅਤੇ ਸਿਲੇਬਸ ਦੇ ਪਾਠ ਲਿਖਣੇ ਅਤੇ ਲਿਖਵਾਉਣੇ ਇਤਿਹਾਸਕਾਰਾਂ ਦਾ ਕੰਮ ਹੈ, ਸਿਆਸਤਦਾਨਾ ਦਾ ਨਹੀ। ਅਜੇ ਤਬਦੀਲੀਆਂ ਦਾ ਕੰਮ ਚਲ ਰਿਹਾ ਹੈ। ਐਸ ਜੀ ਪੀ ਸੀ ਦੇ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜੇ ਕੋਈ ਇਤਰਾਜ ਹੈ ਤਾਂ ਦੱਸਣ। ਅਸਤੀਫੇ ਸਿਆਸਤ ਤੋਂ ਪ੍ਰੇਰਤ ਹਨ। ਅਕਾਲੀ ਦਲ ਨੇ ਐਵੇਂ ਬਾਤ ਦਾ ਬਤੰਗੜ ਬਣਾਇਆ ਹੈ। ਰਾਜ ਭਾਗ ਇਨ੍ਹਾਂ ਧਰਨਿਆਂ ਨਾਲ ਨਹੀਂ ਮਿਲਣਾ। ਲੋਕਾਂ ਨੇ ਵੋਟਾਂ ਪਾ ਕੇ ਦੇਣਾ ਹੁੰਦਾ ਹੈ। ਜੇਕਰ ਗ਼ਲਤੀਆਂ ਹੀ ਕਰੀ ਜਾਓਗੇ ਤਾਂ ਰਾਜ ਭਾਗ ਨਹੀਂ ਮਿਲੇਗਾ। ਆਪਣੇ ਅੰਦਰ ਝਾਤੀ ਮਾਰਕੇ ਭੁੱਲਾਂ ਬਖ਼ਸ਼ਾਓ। ਪੰਜਾਬ ਨੂੰ ਧਰਨਿਆਂ ਦੀ ਰਾਜਨੀਤੀ ਵਿਚ ਨਾ ਘਸੀਟੋ। ਅਕਾਲੀ ਦਲ ਸ਼ਰੋਮਣੀ ਪ੍ਰਬੰਧਕ ਕਮੇਟੀ ਰਾਹਂ ਸਿਆਸਤ ਕਰ ਰਿਹਾ ਹੈ। ਅਕਾਲੀ ਦਲ ਦੇ ਇਤਰਾਜਾਂ ਤੋਂ ਬਾਅਦ ਪੁਰਾਣੀ ਪੁਸਤਕ ਫਿਰ ਲੱਗ ਗਈ ਪਬਲਿਸ਼ਰਾਂ ਅਤੇ ਹਿੱਸਾ ਪੱਤੀ ਲੈਣ ਵਾਲਿਆਂ ਦੀ ਚਾਂਦੀ ਹੋ ਗਈ। ਇਹੋ ਅਕਾਲੀ ਦਲ ਚਾਹੁੰਦਾ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

10 Nov. 2018

ਮੀ ਟੂ ਦਾ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿਥੋਂ ਤੱਕ ਸਹੀ? - ਉਜਾਗਰ ਸਿੰਘ

ਮੀ ਟੂ ਦੋ ਧਾਰੀ ਤਲਵਾਰ ਹੈ। ਜੇਕਰ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਸਤਰੀ ਲਈ ਵਰਦਾਨ ਸਾਬਤ ਹੋਵੇਗੀ ਪ੍ਰੰਤੂ ਜੇਕਰ ਇਸਦਾ ਗ਼ਲਤ ਇਸਤੇਮਾਲ ਹੋ ਗਿਆ ਤਾਂ ਆਦਮੀ ਲਈ ਇਸਤੋਂ ਵੱਧ ਕੋਈ ਹਥਿਆਰ ਖ਼ਤਰਨਾਕ ਨਹੀਂ ਹੋ ਸਕਦਾ। ਇਹ ਇੱਜ਼ਤ ਦਾ ਪਹਿਰੇਦਾਰ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਸਾਬਤ ਹੋ ਸਕਦਾ ਹੈ। ਮੀ ਟੂ  ਇਸਤਰੀਆਂ ਦੇ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦਾ ਹੈ। ਇਹ ਅੱਜ ਕਲ੍ਹ ਖੁੰਡ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਜੁਗਾਂ ਜੁਗਾਂਤਰ੍ਹਾਂ ਜਦੋਂ ਤੋਂ ਸ਼੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸਤਰੀਆਂ ਦਾ ਮਾਨਸਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ। ਮੀ ਟੂ  ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਪ੍ਰਗਟਾਉਣ ਲਈ ਦਿੱਤਾ ਗਿਆ ਨਾਂ ਹੈ। ਇਸਦੀ ਪਹਿਲੀ ਵਾਰ ਵਰਤੋਂ 2006 ਵਿਚ ਅਮਰੀਕਾ ਦੀ ਸਮਾਜ ਸੇਵਿਕਾ ਨੇ ਕੀਤੀ ਸੀ। 2017 ਵਿਚ ਅਮਰੀਕਾ ਦੀ ਇੱਕ ਫਿਲਮ ਐਕਟਰੈਸ ਨੇ ਇੱਕ ਫਿਲਮ ਡਾਇਰੈਕਟਰ ਵੱਲੋਂ ਉਸ ਨਾਲ ਮਾੜਾ ਵਿਵਹਾਰ ਕਰਨ ਲਈ ਮੀ ਟੂ ਸ਼ਬਦ ਦੀ ਵਰਤੋਂ ਕੀਤੀ ਸੀ। ਭਾਰਤ ਵਿਚ ਵੀ ਇੱਕ ਐਕਟਰੈਸ ਤਨੂ ਸ਼੍ਰੀ ਦੱਤਾ ਨੇ 2008 ਵਿਚ ਨਾਨਾ ਪਾਟੇਕਰ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਨੂੰ ਗ਼ਲਤ ਢੰਗ ਨਾਲ ਛੂਹਣ ਕਰਕੇ 10 ਸਾਲ ਬਾਅਦ ਥੋੜ੍ਹੇ ਦਿਨ ਪਹਿਲਾਂ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਤਾਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਵਿਅਕਤੀ ਉਪਰ ਇਲਜ਼ਾਮ ਲੱਗਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ। ਅੱਜ ਤੱਕ ਦਸ ਮਹੱਤਵਪੂਰਨ ਵਿਅਕਤੀਆਂ ਉਪਰ ਫਿਲਮ ਅਭੀਨੇਤਰੀਆਂ, ਮਾਡਲਾਂ ਅਤੇ ਪੱਤਰਕਾਰਾਂ ਨੇ ਮੀ ਟੂ ਰਾਹੀਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਦਿੱਤੇ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪੈ ਗਏ ਹਨ। ਪੰਜਾਬ ਦੇ ਇਕ ਮੰਤਰੀ ਉਪਰ ਮੀ ਟੂ ਦੀ ਤਲਵਾਰ ਲਟਕ ਰਹੀ ਹੈ। ਜੇ ਇਹ ਸਿਲਸਿਲਾ ਏਸੇ ਤਰ੍ਹਾਂ ਚਲਦਾ ਰਿਹਾ ਤਾਂ ਬਹੁਤ ਸਾਰੇ ਧਮਾਕੇ ਪੈਣ ਦੀ ਉਮੀਦ ਹੈ ਕਿਉਂਕਿ ਬਿਨਾਂ ਸਬੂਤਾਂ ਦੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਵੱਡੇ ਵਿਅਕਤੀਆਂ ਦੀ ਖ਼ੈਰ ਨਹੀਂ। ਉਨ੍ਹਾਂ ਨੂੰ ਕਿਸੇ ਵੀ ਸਮੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਉਪਰ ਲਗਪਗ 20 ਇਸਤਰੀਆਂ ਨੇ ਮੀ ਟੂ ਰਾਹੀਂ ਇਲਜ਼ਾਮ ਲਗਾਏ ਹਨ, ਜਿਸ ਕਰਕੇ ਉਸਨੂੰ ਅਸਤੀਫਾ ਦੇਣਾ ਪਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮਾ ਦੀ ਭਰੋਸੇਯੋਗਤਾ ਤੇ ਕਿਥੋਂ ਤੱਕ ਯਕੀਨ ਕੀਤਾ ਜਾ ਸਕਦਾ ਹੈ? ਇਹ ਤਾਂ ਗੱਲ ਪੱਕੀ ਹੈ ਕਿ ਭਵਿਖ ਵਿਚ ਇਸਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਲੋਕਾਂ ਵਿਚ ਡਰ ਪੈਦਾ ਹੋ ਜਾਵੇਗਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਕਦੀਂ ਵੀ ਭਾਂਡਾ ਫੋਟਿਆ ਜਾ ਸਕਦਾ ਹੈ। ਵਕਤੀ ਤੌਰ ਤੇ ਤਾਂ ਪ੍ਰਭਾਵਸ਼ਾਲੀ ਵਿਅਕਤੀ ਆਪਣਾ ਅਸਰ ਰਸੂਖ਼ ਵਰਤਕੇ ਇਸਤਰੀਆਂ ਲੜਕੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਸਨ ਪ੍ਰੰਤੂ ਹੁਣ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੜਕੀਆਂ ਦੇ ਪੜ੍ਹ ਲਿਖ ਜਾਣ ਨਾਲ ਜਾਗ੍ਰਤੀ ਆ ਗਈ ਹੈ। ਦਫਤਰਾਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਸਭ ਤੋਂ ਵੱਧ ਇਸ ਪੀੜਾ ਦਾ ਸੇਕ ਹੰਢਾ ਰਹੀਆਂ ਹਨ। ਕਾਨੂੰਨੀ ਨੁਕਤੇ ਤੋਂ ਵੀ ਵੇਖਣਾ ਪਵੇਗਾ, ਨਿਰਾ ਅਖ਼ਬਾਰਾਂ ਵਿਚ ਬਿਆਨ ਦੇਣ, ਟਵੀਟ ਕਰਨ ਜਾਂ ਸ਼ੋਸ਼ਲ ਮੀਡੀਆ ਤੇ ਪਾਉਣ ਨਾਲ ਤਾਂ ਨਹੀਂ ਸਰਨਾ। ਕੋਈ ਸਬੂਤ ਦੇਣੇ ਪੈਣਗੇ। ਜਦੋਂ ਕੋਈ ਵੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸਦੀ ਐਫ ਆਈ ਆਰ ਪਹਿਲਾਂ ਦਰਜ ਹੁੰਦੀ ਹੈ। ਫਿਰ ਉਸਦੀ ਪੜਤਾਲ ਕਰਕੇ ਚਲਾਣ ਪੇਸ਼ ਕੀਤਾ ਜਾਂਦਾ ਹੈ। ਅੰਤਮ ਫੈਸਲਾ ਕਚਹਿਰੀ ਦੇ ਹੱਥ ਹੁੰਦਾ ਹੈ। ਚਲਾਣ ਪੇਸ਼ ਕਰਨ ਲਈ ਸਬੂਤਾਂ ਦੀ ਲੋੜ ਹੁੰਦੀ ਹੈ। ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿਚ ਇਸਤਰੀਆਂ / ਲੜਕੀਆਂ ਅਜਿਹੀਆਂ ਹਰਕਤਾਂ ਬਾਰੇ ਸਾਹਮਣੇ ਆਉਣ ਲਈ ਤਿਆਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਤਾਂ ਬਦਨਾਮੀ ਦੇ ਡਰ ਕਰਕੇ ਉਹ ਆਪਣੇ ਉਪਰ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਬੋਲਦੀਆਂ ਹੀ ਨਹੀਂ ਸਨ। ਇੰਜ ਵੀ ਸ਼ਹਿਰੀ ਖੇਤਰਾਂ ਦੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਹੀ ਦੱਸ ਰਹੀਆਂ ਹਨ। ਜੁਗਾਂ ਜੁਗਾਂਤਰਾਂ ਤੋਂ ਇਸਤਰੀਆਂ ਨਾਲ ਅਨਿਆਂ ਹੁੰਦਾ ਆ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਸਤਰੀਆਂ ਦੇ ਹੱਕ ਵਿਚ ਬੋਲਣਾ ਪਿਆ ਸੀ ਕਿਉਂਕਿ ਸਾਡੇ ਸਮਾਜ ਵਿਚ ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਰਿਹਾ ਹੈ। ਅਜੇ ਤੱਕ ਵੀ ਇਸਤਰੀਆਂ ਨੂੰ ਕਈ ਧਾਰਮਿਕ ਸਥਾਨਾ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ। ਲੜਕੀਆਂ ਦੀ ਪੜ੍ਹਾਈ ਦਾ ਨਤੀਜਾ ਹੈ ਕਿ ਉਹ ਦਲੇਰ ਹੋ ਗਈਆਂ ਹਨ। ਬਰਾਬਰ ਦੇ ਹੱਕ ਲੈਣ ਲਈ ਇਸਤਰੀਆਂ ਦੀ ਦਲੇਰੀ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਵੀ ਵੇਖਣਾ ਪਵੇਗਾ ਕਿ ਇਸ ਦਲੇਰੀ ਅਤੇ ਅਜ਼ਾਦੀ ਨੂੰ ਨਜ਼ਾਇਜ ਨਾ ਵਰਤਿਆ ਜਾਵੇ। ਇਹ ਮੀ ਟੂ ਦਾ ਪ੍ਰਭਾਵ ਬਹੁਤਾ ਉਚ ਅਹੁਦਿਆਂ ਉਪਰ ਬੈਠੇ ਲੋਕਾਂ ਤੇ ਪਵੇਗਾ ਕਿਉਂਕਿ ਅਜੇਹੇ ਇਲਜ਼ਾਮ ਲੱਗਣ ਤੇ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਦੇ ਅਕਸ 'ਤੇ ਪ੍ਰਭਾਵ ਪੈਂਦਾ ਹੈ। ਸਿਆਸੀ ਲੋਕ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਆਪਣੇ ਸਿਆਸੀ ਵਿਰੋਧੀਆਂ ਨਾਲ ਆਪਣੀਆਂ ਦੁਸ਼ਮਣੀਆਂ ਵੀ ਕੱਢਕੇ ਸਿਆਸੀ ਰੋਟੀਆਂ ਸੇਕਣਗੇ। ਪਿਛੇ ਜਹੇ ਅਕਾਲੀ ਦਲ ਦੇ ਇਕ ਮਾਝੇ ਦੇ ਨੇਤਾ ਉਪਰ ਦੋਸ਼ ਲੱਗੇ ਸਨ, ਉਸਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਪ੍ਰੰਤੂ ਦੋਸ਼ ਲਾਉਣ ਵਾਲੀ ਇਸਤਰੀ ਕਚਹਿਰੀ ਵਿਚ ਬਿਆਨ ਦੇਣ ਸਮੇਂ ਮੁਕਰ ਗਈ। ਭਾਵੇਂ ਉਹ ਕੇਸ ਵਿਚੋਂ ਬਰੀ ਹੋ ਗਿਆ ਪ੍ਰੰਤੂ ਜਿਹੜੀ ਬਦਨਾਮੀ ਉਸਦੀ ਅਤੇ ਉਸ ਔਰਤ ਦੀ ਹੋ ਗਈ, ਉਸਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਕਿ ਇਲਜ਼ਾਮ ਲਾਉਣ ਵਾਲਾ ਜੇਕਰ ਆਪਣੇ ਬਿਆਨਾ ਤੋਂ ਮੁਕਰੇ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ। ਜੇਕਰ ਇਲਜ਼ਾਮ ਝੂਠੇ ਸਾਬਤ ਹੋ ਜਾਣ ਤਾਂ ਵੀ ਸਜਾ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਸ਼ਹਿਰਾਂ ਦੀਆਂ ਇਸਤਰੀਆਂ ਦੇ ਅੱਗੇ ਆਉਣ ਨਾਲ ਪਿੰਡਾਂ ਦੀਆਂ ਇਸਤਰੀਆਂ ਨੂੰ ਵੀ ਆਪਣੇ ਉਪਰ ਹੋ ਰਹੀਆਂ ਅਜਿਹੀਆਂ ਹਰਕਤਾਂ ਦਾ ਪਰਦਾ ਫਾਸ਼ ਕਰਨ ਦਾ ਉਤਸ਼ਾਹ ਮਿਲੇਗਾ ਕਿਉਂਕਿ ਸਭ ਨਾਲੋਂ ਜ਼ਿਆਦਾ ਉਹੀ ਜ਼ੁਲਮ ਭੁਗਤ ਰਹੀਆਂ ਹਨ। ਸਾਡੇ ਸਮਾਜ ਵਿਚ ਬਦਨਾਮੀ ਇਸਤਰੀ ਦੇ ਗਲ ਮੜ੍ਹੀ ਜਾਂਦੀ ਹੈ। ਆਦਮੀ ਭਾਵੇਂ ਕਿਤਨਾ ਵੀ ਗ਼ਲਤ ਕੰਮ ਕਰ ਲਵੇ, ਉਸਨੂੰ ਗ਼ਲਤ ਨਹੀਂ ਸਮਝਿਆ ਜਾਂਦਾ। ਹਾਲਾਂ ਕਿ ਕਸੂਰ ਦੋਹਾਂ ਦਾ ਬਰਾਬਰ ਹੁੰਦਾ ਹੈ। ਮੀ ਟੂ ਅਧੀਨ ਪ੍ਰਗਟਾਵਾ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਹੀ ਕਰ ਰਹੀਆਂ ਹਨ। ਸਰਕਾਰੀ ਖੇਤਰ ਵਿਚੋਂ ਵੀ ਅਜਿਹੇ ਕੇਸ ਆਉਣਗੇ। ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ਬੱਝੀ ਹੈ। ਇਸਦਾ ਕੰਮ ਕਾਰ ਤੇ ਵੀ ਅਸਰ ਪਵੇਗਾ ਕਿਉਂਕਿ ਇਥੇ ਵੀ ਡਰ ਅਧੀਨ ਲੜਕੀਆਂ ਨੂੰ ਕੰਮ ਕਾਰ ਲਈ ਕਹਿਣ ਤੋਂ ਵੀ ਝਿਜਕ ਰਹੇਗੀ। ਅਜੇ ਘਰਾਂ ਵਿਚ ਲੜਕੀਆਂ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਉਸ ਬਾਰੇ ਨਿਖਰਕੇ ਕੋਈ ਲੜਕੀ ਅੱਗੇ ਨਹੀਂ ਆਈ। ਸਭ ਤੋਂ ਜ਼ਿਆਦਾ ਸ਼ੋਸ਼ਣ ਤਾਂ ਘਰਾਂ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੋ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰਕਾਰਤਾ ਅਜਿਹਾ ਖੇਤਰ ਹੈ, ਜਿਸਨੇ ਕਿਸੇ ਕਿਸਮ ਦੇ ਵੀ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਨਾ ਹੁੰਦਾ ਹੈ, ਉਸ ਵਿਚ ਹੀ ਸੀਨੀਅਰ ਪੱਤਰਕਾਰਾਂ ਬਾਰੇ ਸਨਸਨੀਖੇਜ ਖੁਲਾਸੇ ਹੋਏ ਹਨ, ਜੇਕਰ ਉਹ ਦੋਸ਼ ਸੱਚੇ ਹਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ। ਵੱਡੀ ਉਮਰ ਦੇ ਵਿਅਕਤੀਆਂ ਵੱਲੋਂ ਸ਼ੋਸ਼ਣ ਬਾਰੇ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਕੁਝ ਵੀ ਹੋਵੇ ਹਰ ਗੱਲ ਦੇ ਲਾਭ ਤੇ ਹਾਨੀ ਦੇ ਦੋਵੇਂ ਪਹਿਲੂ ਹੁੰਦੇ ਹਨ। ਮੀ ਟੂ ਦਾ ਜਿਥੇ ਸਭ ਤੋਂ ਵੱਧ ਲਾਭ ਇਸਤਰੀਆਂ/ ਲੜਕੀਆਂ ਨੂੰ ਹੋਵੇਗਾ, ਉਥੇ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਬਿਨਾ ਤੱਥਾਂ ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਕਾਨੂੰਨੀ ਪੱਖ ਤਾਂ ਅਜੇ ਸ਼ਪੱਸਟ ਨਹੀਂ ਹੋਇਆ ਪ੍ਰੰਤੂ ਇਸਤਰੀਆਂ/ ਲੜਕੀਆਂ ਲਈ ਚੰਗਾ ਸਮਾਂ ਆਉਣ ਦੇ ਸੰਕੇਤ ਸਾਹਮਣੇ ਆ ਗਏ ਹਨ। ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

03 ਨਵੰਬਰ 2018

ਡਾ ਸੋਨੀਆਂ ਦੀ ਪੁਸਤਕ 'ਧੁੰਦ' ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ - ਉਜਾਗਰ ਸਿੰਘ

ਡਾ ਸੋਨੀਆਂ ਦੇ ਲੇਖਾਂ ਦੇ ਸੰਗ੍ਰਹਿ ਵਾਲੀ ਪੁਸਤਕ ਧੁੰਦ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਸ ਪੁਸਤਕ ਦੇ ਛੋਟੇ-ਛੋਟੇ 29 ਲੇਖਾਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਤੇ ਸੰਗਤਾਂ ਵੱਲੋਂ ਅਮਲ ਨਾ ਕਰਨ ਬਾਰੇ ਉਨ੍ਹਾਂ ਨੂੰ ਸਚੇਤ ਕੀਤਾ ਗਿਆ ਹੈ। ਬਹੁਤੇ ਲੇਖ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉਦਾਸੀਆਂ ਬਾਰੇ ਹਨ। ਸੋਨੀਆਂ ਦੀ ਪੁਸਤਕ ਦੇ ਸਿਰਲੇਖ ਧੁੰਦ ਤੋਂ ਹੀ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਕ ਸੋਚ ਵਿਚ ਮਿਲਾਵਟ ਹੋ ਰਹੀ ਹੈ। ਉਸ ਉਪਰ ਧੁੰਦ ਜੰਮ ਗਈ ਹੈ। ਅਸਲੀਅਤ ਨੂੰ ਧੁੰਦ ਨੇ ਢੱਕ ਲਿਆ ਹੈ। ਉਹ ਮਹਿਸੂਸ ਕਰਦੀ ਹੈ ਕਿ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਿਲਾਵਟ ਹੋਣ ਕਰਕੇ ਸਿੱਖ ਸੰਗਤਾਂ ਧਰਮ ਦੇ ਮੁੱਖ ਮੰਤਵ ਤੋਂ ਦੂਰ ਹੋ ਰਹੀਆਂ ਹਨ। ਜਿਸ ਮੰਤਵ ਨਾਲ ਗੁਰੂਆਂ ਨੇ ਸਿੱਖ ਧਰਮ ਸਥਾਪਤ ਕੀਤਾ ਸੀ, ਉਸਦੀ ਪੂਰਤੀ ਨਹੀਂ ਹੋ ਰਹੀ। ਲੇਖਕਾ ਦੇ ਲੇਖਾਂ ਅਨੁਸਾਰ  ਗੁਰੂ ਸਾਹਿਬਾਨ ਨੇ ਲੋਕਾਂ ਨੂੰ ਕਰਮਕਾਂਡਾਂ ਅਤੇ ਵਹਿਮਾ ਭਰਮਾ ਵਿਚੋਂ ਕੱਢਣ ਦੀ ਕੋਸ਼ਿਸ ਕੀਤੀ ਸੀ ਪ੍ਰੰਤੂ ਸਿੱਖ ਸੰਗਤ ਦੁਆਰਾ ਉਨ੍ਹਾਂ ਵਿਚ ਹੀ ਫਸ ਰਹੀ ਹੈ। ਉਹ ਲੋਕਾਂ ਨੂੰ ਅਜਿਹੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਸੰਬਾਦ ਕਰਨ ਦੀ ਪ੍ਰੇਰਨਾ ਕਰਦੀ ਹੈ। ਉਸਦੇ ਲੇਖਾਂ ਮੁਤਾਬਕ ਕੁਝ ਜਨਮ ਸਾਖੀਆਂ ਰਾਹੀਂ ਚਮਤਕਾਰ ਵਿਖਾਕੇ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ। ਜਨਮ ਸਾਖੀਆਂ ਵਿਚ ਜਾਣ ਬੁਝਕੇ ਮਿਲਾਵਟ ਕੀਤੀ ਹੋਈ ਹੈ। ਸਿੱਖ ਧਰਮ ਚਮਤਕਾਰਾਂ ਵਿਚ ਯਕੀਨ ਨਹੀਂ ਰੱਖਦਾ ਸਗੋਂ ਚਮਤਕਾਰਾਂ ਦਾ ਖੰਡਨ ਕਰਦਾ ਹੈ। ਇਥੋਂ ਤੱਕ ਕਿ ਪ੍ਰਵਾਨ ਸਿਰਲੇਖ ਵਾਲੇ ਲੇਖ ਵਿਚ ਗੁਰੂ ਨਾਨਕ ਦੇਵ ਦੇ ਬੱਚਿਆਂ ਨੇ ਵੀ ਕਰਾਮਾਤਾਂ ਕਰਨ ਦੀ ਕੋਸਿਸ਼ ਕੀਤੀ ਸੀ, ਜਿਸ ਕਰਕੇ ਗੁਰੂ ਸਾਹਿਬ ਨੇ ਗੁਰਗੱਦੀ ਆਪਣੇ ਪਰਿਵਾਰ ਵਿਚ ਨਹੀਂ ਦਿੱਤੀ। ਇਸ ਤੋਂ ਇਹ ਭਾਵ ਵੀ ਜਾਂਦਾ ਹੈ ਕਿ ਉਹ ਇਨਸਾਨ ਦੇ ਕਿਰਦਾਰ ਦੀ ਕਦਰ ਕਰਦੇ ਸਨ। ਚਮਤਕਾਰ ਲੋਕਾਂ ਨੂੰ ਗੁਮਰਾਹ ਕਰਦੇ ਹਨ। ਸੋਨੀਆਂ ਕਈ ਜਨਮ ਸਾਖੀਆਂ ਨੂੰ ਆਧਾਰ ਬਣਾਕੇ ਲੇਖ ਲਿਖਦੀ ਹੈ ਤੇ ਉਨ੍ਹਾਂ ਜਨਮ ਸਾਖੀਆਂ ਦੀ ਕਿਤੇ ਪ੍ਰਸੰਸਾ ਕਰਦੀ ਹੈ, ਜਿਵੇਂ ਤੇਰਾ ਤੇਰਾ ਸਿਰਲੇਖ ਵਾਲੀ ਜਨਮ ਸਾਖੀ ਵਿਚ ਕਰਾਮਾਤ ਵਿਖਾਉਂਦੀ ਹੈ ਪ੍ਰੰਤੂ ਇਸੇ ਜਨਮ ਸਾਖੀ ਵਿਚ ਮੂਰਤੀ ਪੂਜਾ ਨੂੰ ਸਿੱਖ ਧਰਮ ਦੇ ਵਿਰੁਧ ਸਮਝਦੀ ਹੈ।  ਸਾਧੂਆਂ ਨੂੰ ਲੰਗਰ ਛਕਾਉਣ ਨੂੰ ਖਰਾ ਸੌਦਾ ਕਹਿੰਦੀ ਹੈ। ਭਾਈ ਲਾਲੋ ਵਾਲੇ ਲੇਖ ਵਿਚ ਕਿਰਤ ਕਰਨ ਵਾਲੇ ਮਿਸਤਰੀ ਦੇ ਘਰ ਖਾਣਾ ਖਾ ਕੇ ਸੰਦੇਸ  ਦਿੰਦੇ ਹਨ ਕਿ ਮਲਿਕ ਭਾਗੋ ਗ਼ਰੀਬਾਂ ਦਾ ਖ਼ੂਨ ਚੂਸਣ ਵਾਲਾ ਚੰਗਾ ਵਿਅਕਤੀ ਨਹੀਂ ਹੈ ਪ੍ਰੰਤੂ ਨਾਲ ਹੀ ਭਾਈ ਲਾਲੋ ਦੇ ਸਾਦੇ ਖਾਣੇ ਵਿਚੋਂ ਦੁੱਧ ਅਤੇ ਮਲਿਕ ਭਾਗੋ ਦੇ ਖਾਣੇ ਵਿਚੋਂ ਖ਼ੂਨ ਦੀ ਕਰਾਮਾਤ ਦਾ ਸਮਰਥਨ ਕਰਦੀ ਹੈ।  ਇਸੇ ਤਰ੍ਹਾਂ ਰੀਠਿਆਂ ਵਾਲੀ ਅਤੇ ਸੱਚ ਖੰਡ ਵਾਲੇ ਲੇਖਾਂ ਵਿਚ ਵੀ ਕਰਾਮਾਤਾਂ ਵਿਖਾਈਆਂ ਗਈਆਂ ਹਨ, ਜਿਸ ਨਾਲ ਉਹ ਸਵੈ ਵਿਰੋਧੀ ਗੱਲਾਂ ਕਰਦੀ ਹੈ। ਖਰਾ ਸੌਦਾ ਸਿਰਲੇਖ ਵਾਲੇ ਲੇਖ ਵਿਚ ਲੰਗਰ ਪ੍ਰਥਾ ਦਾ ਸੰਬੰਧ ਸਾਧੂਆਂ ਨੂੰ ਖਾਣਾ ਖਲਾਉਣ ਨਾਲ ਜੋੜਕੇ ਵੇਖਦੀ ਹੋਈ ਪ੍ਰਸੰਸਾ ਕਰਦੀ ਹੈ ਪ੍ਰੰਤੂ ਨਾਲ ਹੀ ਅਜੋਕੇ ਮਹਿੰਗੇ ਲੰਗਰਾਂ ਦਾ ਵਿਰੋਧ ਕਰਦੀ ਹੈ। ਵੇਸੇ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਹਿੰਦੀ ਹੈ। ਇਸ ਲੇਖ ਵਿਚ ਖਾਲਸਾ ਏਡ ਸੰਸਥਾ ਦੀ ਤਾਰੀਫ ਕਰਦੀ ਹੋਈ ਸਿੱਖ ਧਰਮ ਦੀਆਂ ਪਰੰਪਰਾਵਾਂ ਰਾਹੀਂ ਕੁਦਰਤੀ ਆਫਤਾਂ ਮੌਕੇ ਲੋਕਾਂ ਦੀ ਮਦਦ ਕਰਨ ਲਈ ਲਿਖਦੀ ਹੈ। ਲੰਗਰ ਸਾਂਝੀਵਾਲਤਾ ਦਾ ਸੰਦੇਸ ਦਿੰਦਾ ਹੈ ਅਤੇ ਜਾਤਪਾਤ ਦਾ ਖੰਡਨ ਕਰਦਾ ਹੈ। ਪਰਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਗੋਰਿਆਂ ਨੂੰ ਲੰਗਰ ਛਕਾਉਣ ਦੀ ਥਾਂ ਸਿੱਖ ਧਰਮ ਦੀ ਵਿਚਾਰਧਾਰਾ ਬਾਰੇ ਦੱਸਿਆ ਜਾਵੇ ਤਾਂ ਜੋ ਨਸਲਵਾਦ ਅਤੇ ਪਛਾਣ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ। ਇਸਤਰੀਆਂ ਨੂੰ ਗੁਰੂ ਘਰਾਂ ਵਿਚ ਚੁਗਲੀਆਂ ਅਤੇ ਰੋਮਾਂਟਿਕ ਗੱਲਾਂ ਕਰਨ ਤੋਂ ਪਰਹੇਜ ਕਰਨ ਦੀ ਤਾਕੀਦ ਕਰਦੀ ਹੈ। ਅੱਜ ਦੀ ਰਾਜਨੀਤੀ ਵਿਚ ਆ ਰਹੀ ਗਿਰਾਵਟ ਤੋਂ ਵੀ ਲੇਖਕਾ ਚਿੰਤਾਜਨਕ ਹੈ ਕਿਉਂਕਿ ਰਾਜਨੀਤੀ ਵਿਚ ਵੀ ਪਖੰਡਵਾਦ ਭਾਰੂ ਹੋ ਰਿਹਾ ਹੈ। ਸੋਨੀਆਂ ਕਿਉਂਕਿ ਖੁਦ ਕਹਿਣੀ ਤੇ ਕਰਨੀ ਵਿਚ ਵਿਸ਼ਵਾਸ਼ ਰੱਖਦੀ ਹੈ, ਇਸ ਕਰਕੇ ਸਮਾਜ ਤੋਂ ਵੀ ਉਹੀ ਤਵੱਕੋ ਰੱਖਦੀ ਹੈ। ਉਹ ਭਾਵੇਂ ਰਹਿੰਦੀ ਸਵੀਡਨ ਵਿਚ ਹੈ ਪ੍ਰੰਤੂ ਪੰਜਾਬੀ ਅਤੇ ਸਿੱਖ ਸਭਿਆਚਾਰ ਨਾਲ ਗੜੁਚ ਹੈ। ਸਿੱਖ ਧਰਮ ਵਿਚ ਆ ਰਹੀ ਗਿਰਾਵਟ ਤੋਂ ਉਹ ਅਤਿਅੰਤ ਦੁੱਖੀ ਲੱਗਦੀ ਹੈ। ਉਹ ਆਪਣੇ ਲੇਖਾਂ ਵਿਚ ਸਿੱਖ ਧਰਮ ਬਾਰੇ ਬੜੀ ਦਲੇਰੀ ਅਤੇ ਬੇਬਾਕੀ ਨਾਲ ਲਿਖਦੀ ਹੈ। ਆਮ ਤੌਰ ਤੇ ਵੇਖਣ ਨੂੰ ਉਹ ਕੋਮਲ ਕਲਾ ਦੀ ਪ੍ਰਤੀਕ ਲੱਗਦੀ ਹੈ ਪ੍ਰੰਤੂ ਗ਼ਲਤ ਕੰਮਾਂ ਦੇ ਸਖਤ  ਵਿਰੁਧ ਹੈ ਜੋ ਉਸਦੇ ਲੇਖਾਂ ਵਿਚੋਂ ਸ਼ਪੱਸਟ ਹੁੰਦਾ ਹੈ। ਉਸਦੇ ਲੇਖ ਕਿਰਤ ਕਰੋ ਤੇ ਵੰਡ  ਕੇ ਛੱਕੋ ਦੀ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਤੀਕ ਹਨ। ਉਸ ਅਨੁਸਾਰ ਸਿੱਖ ਸੰਗਤਾਂ ਗੁਰਬਾਣੀ ਦਾ ਪਾਠ ਤਾਂ ਕਰਦੀਆਂ ਹਨ ਪ੍ਰੰਤੂ ਉਨ੍ਹਾਂ ਦੇ ਅਰਥ ਨਹੀਂ ਜਾਣਦੀਆਂ, ਜਿਸ ਕਰਕੇ ਊਣਤਾਈਆਂ ਆ ਰਹੀਆਂ ਹਨ। ਗ੍ਰੰਥੀ, ਰਾਗੀ ਅਤੇ ਕਥਾਕਾਰ ਬਹੁਤੇ ਪੜ੍ਹੇ ਲਿਖੇ ਨਹੀਂ ਹਨ। ਡੇਰਾਵਾਦ ਪ੍ਰਫੁਲਤ ਹੋ ਰਿਹਾ ਹੈ ਕਿਉਂਕਿ ਅਖੌਤੀ ਸੰਤ ਮਹਾਤਮਾ ਬਰਸੀਆਂ ਦੇ ਸਮਾਗਮ ਕਰਕੇ ਲੋਕਾਂ ਨੂੰ ਗੁਮਰਾਹ ਕਰ ਲੈਂਦੇ ਹਨ। ਡੇਰਿਆਂ ਵਿਚ ਬਹੁਤੀਆਂ ਇਸਤਰੀਆਂ ਹੀ ਜਾਂਦੀਆਂ ਹਨ। ਜੋ ਕੁਲ ਵੱਸੋਂ ਦਾ ਅੱਧਾ ਹਿੱਸਾ ਹਨ। ਅਨਪੜ੍ਹ ਲੋਕ ਵਹਿਮਾ ਭਰਮਾ ਵਿਚ ਫਸਕੇ ਗੁਮਰਾਹ ਹੋ ਜਾਂਦੇ ਹਨ। ਗਿਆਨ ਦੀ ਰੌਸ਼ਨੀ ਤੋਂ ਅਣਜਾਣ ਹਨ। ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ। ਪ੍ਰਚਾਰਕ ਤਾਂ ਬਹੁਤ ਹਨ ਪ੍ਰੰਤੂ ਧਰਮ ਸੁੰਗੜ ਰਿਹਾ ਹੈ। ਸਿੱਖ ਧਰਮ ਵਿਚ ਵੀ ਕਟੜਵਾਦ ਭਾਰੂ ਹੋ ਰਿਹਾ ਹੈ। ਪੁਸਤਕ ਦਾ ਪਹਿਲਾ ਹੀ ਲੇਖ ਗੁਰੂ ਸਾਹਿਬ ਦੇ ਜਨਮ ਦੇ ਸਿਰਲੇਖ ਵਾਲਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੇ ਜਨਮ ਬਾਰੇ ਵੀ ਸਿੱਖਾਂ ਦੇ ਇਕਮਤ ਨਾ ਹੋਣ ਕਰਕੇ ਚਿੰਤਾ  ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਜਿਹੇ ਮਤਭੇਦਾਂ ਕਰਕੇ ਸਿੱਖ ਭੰਬਲਭੂਸੇ ਵਿਚ ਪਏ ਹੋਏ ਹਨ। ਦੂਜਾ ਲੇਖ ਬਾਬਾ ਨਾਨਕ ਨੂੰ ਪੜ੍ਹਨੇ ਭੇਜਣਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਦੀ ਬਚਪਨ ਵਿਚ ਹੀ ਸਿਆਣਪ ਦਾ ਜਿਕਰ ਕੀਤਾ ਗਿਆ ਹੈ। ਇਸ ਲੇਖ ਵਿਚ ਗੁਰੂ ਨਾਨਕ ਦੇਵ ਜੀ ਆਮ ਪੜ੍ਹਾਈ ਦੀ ਥਾਂ ਅਜਿਹੀ ਪੜ੍ਹਾਈ ਕਰਨ ਦੀ ਪੁਰਜੋਰ ਸ਼ਿਫਾਰਸ ਕਰਦੇ ਹਨ, ਜਿਸ ਨਾਲ ਗਿਆਨ ਦੀ ਪ੍ਰਾਪਤੀ ਹੋਵੇ। ਇਥੇ ਸੋਨੀਆਂ ਪੰਜਾਬ ਵਿਚਲੀ ਵਰਤਮਾਨ ਪੜ੍ਹਾਈ ਦੀ ਤੁਲਨਾ ਕਰਦੀ ਹੋਈ ਲਿਖਦੀ ਹੈ ਕਿ ਇਹ ਅਧੂਰਾ ਗਿਆਨ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਆਪਣੇ ਲੇਖ ਵਿਚ ਲਿਖਦੀ ਹੈ ਕਿ ਅਜਿਹੀ ਪੜ੍ਹਾਈ ਦਾ ਕੀ ਲਾਭ ਜਿਸ ਦੇ ਪ੍ਰਾਪਤ ਕਰਨ ਨਾਲ ਬਲਾਤਕਾਰ ਲੁੱਟ, ਖੋਹ, ਧੋਖੇ ਅਤੇ  ਫਰੇਬ ਕਰਨ ਵਾਲੇ ਨੌਜਵਾਨ ਅੱਗੇ ਆਉਂਦੇ ਹਨ। ਲੋਭ, ਲਾਲਚ, ਘਰੇਲ ਹਿੰਸਾ ਅਤੇ ਖਾਦ ਪਦਾਰਥਾਂ ਵਿਚ ਮਿਲਾਵਟ ਦੇ ਵਿਰੁਧ ਵੀ ਆਵਾਜ਼ ਉਠਾਉਂਦੀ ਹੈ। ਉਹ ਇਹ ਵੀ ਲਿਖਦੀ ਹੈ ਕਿ ਅਜਿਹੀਆਂ ਗੱਲਾਂ ਦੀ ਇਕੱਲੀ ਸਰਕਾਰ ਹੀ ਜ਼ਿੰਮੇਵਾਰ ਨਹੀਂ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਆਮ ਤੌਰ ਤੇ ਅਸੀਂ ਸਰਕਾਰ ਨੂੰ ਕੋਸ ਕੇ ਆਪ ਸੁਰਖੁਰੂ ਹੋ ਜਾਂਦੇ ਹਾਂ। ਟੀ ਵੀ ਅਤੇ ਫਿਲਮਾਂ ਵੀ ਜ਼ਿੰਮੇਵਾਰ ਹਨ। ਜਨੇਊ ਪਵਾਉਣ ਵਾਲੇ ਲੇਖ ਵਿਚ ਉਹ ਇਸਨੂੰ ਵੀ ਪਖੰਡਵਾਦ ਕਹਿੰਦੀ ਹੈ ਕਿਉਂਕਿ ਅਜਿਹੇ ਕੰਮ ਕੀਤੇ ਜਾਣ ਜਿਨ੍ਹਾਂ ਦਾ ਸਥਾਈ ਲਾਭ ਹੋਵੇ। ਗੁਰਦੁਆਰਾ ਸਾਹਿਬ ਵਿਚ ਧੜੇਬੰਦੀਆਂ ਕਰਕੇ ਲੜਾਈਆਂ ਹੁੰਦੀਆਂ ਹਨ ਅਤੇ ਪ੍ਰਬੰਧਕ ਗੁਰਦਵਾਰਿਆਂ ਤੇ ਕਾਬਜ਼ ਹੋਣ ਲਈ ਜਦੋਜਹਿਦ ਕਰਦੇ ਹਨ । ਇੰਜ ਸਾਡੇ ਧਾਰਮਿਕ ਅਕੀਦੇ ਵਿਚ ਘਾਟ ਦਾ ਕਾਰਨ ਕਰਕੇ ਹੁੰਦਾ ਹੈ। ਜੇਕਰ ਸਾਡਾ ਪ੍ਰਚਾਰ ਠੀਕ ਹੋਵੇ ਤਾਂ ਨੌਜਵਾਨ ਨਸ਼ਿਆਂ ਵਲ ਕਿਉਂ ਜਾਣ। ਸ਼ਰਾਧ ਕਰਨੇ, ਮੜ੍ਹੀਆਂ ਮਸਾਣਾ ਨੂੰ ਪੂਜਣਾ ਅਤੇ ਫੈਸ਼ਨਪ੍ਰਸਤ ਹੋਣਾ ਪਤਿਤਪੁਣੇ ਦੇ ਮੁੱਖ ਕਾਰਨ ਹਨ। ਕਰਮ ਕਾਂਡ ਤੋਂ ਤੌਬਾ ਲੇਖ ਵਿਚ ਹਰਿਦੁਆਰ ਵਿਖੇ ਪੰਡਤਾਂ ਵੱਲੋਂ ਸੂਰਜ ਦੇ ਨਜਦੀਕ ਆਪਣੇ ਪ੍ਰਿਤ ਲੋਕ ਲਈ ਸ਼ਰਾਧਾਂ ਮੌਕੇ ਪਾਣੀ ਦੇਣ ਦੇ ਸਮੇਂ ਗੁਰੂ ਨਾਨਕ ਦੇਵ ਜੀ ਵੱਲੋਂ ਸੂਰਜ ਵਲ ਪਿਠ ਕਰਕੇ ਆਪਣੇ ਖੇਤਾਂ ਨੂੰ ਪਾਣੀ ਦੇਣਾ, ਉਨ੍ਹਾਂ ਨੂੰ ਬਾਦਲੀਲ ਸਮਝਾਉਣ ਲਈ ਸੀ, ਉਨ੍ਹਾਂ ਕਿਹਾ ਕਿ ਜੇ  ਤੁਹਾਡਾ ਪਾਣੀ ਲੱਖਾਂ ਮੀਲ ਦੂਰ ਜਾ ਸਕਦਾ ਹੈ ਤਾਂ ਮੇਰੇ ਖੇਤ ਤਾਂ ਬਹੁਤ ਨੇੜੇ ਹਨ। ਦਲੀਲ ਨਾਲ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ। ਪੰਜਾਬ ਵਿਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਲਿਖਿਆ ਹੈ ਕਿ ਅਸੀਂ ਗ਼ਰੀਬਾਂ ਦਾ ਬਾਈਕਾਟ ਕਰਕੇ ਅਤੇ ਉਨ੍ਹਾਂ ਨੂੰ ਦਲਿਤ ਕਹਿਕੇ ਗੁਰੂ ਦੀ ਵਿਚਾਰਧਾਰਾ ਦੀ ਬੇਅਦਬੀ ਹਰ ਰੋਜ਼ ਕਰਦੇ ਹਾਂ। ਜਾਤਾਂ ਪਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਰਹੇ ਹਾਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆੜੇ ਹੱਥੀਂ ਲੈਂਦੀ ਹੋਈ ਲਿਖਦੀ ਹੈ ਕਿ ਅਜਿਹੀ ਗਿਰਾਵਟ ਦੀ ਉਹ ਜ਼ਿੰਮੇਵਾਰ ਹੈ। ਭੇਖੀਆਂ ਦਾ ਵੀ ਪਰਦਾ ਫਾਸ਼ ਕਰਦੀ ਹੈ ਕਿ ਉਹ ਕਕਾਰ ਪਹਿਨਣ ਦਾ ਵਿਖਾਵਾ ਤਾਂ ਕਰਦੇ ਹਨ ਪ੍ਰੰਤੂ ਅਸਲੀ ਜ਼ਿੰਦਗੀ ਵਿਚ ਕੋਹਾਂ ਦੂਰ ਹਨ। ਗੁਰੂ ਨਾਨਕ ਦੇਵ ਜੀ ਨਸ਼ਿਆਂ ਦੇ ਵਿਰੁਧ ਸਨ, ਇਸ ਬਾਰੇ ਇਕ ਲੇਖ ਵਿਚ ਗੁਰੂ ਜੀ ਵੱਲੋਂ ਲੋਕਾਂ ਨੂੰ ਕੀਰਤਨ ਰਾਹੀਂ  ਨਸ਼ਿਆਂ ਵਿਰੁਧ ਲਾਮਬੰਦ ਕਰਨ ਦੀ ਕੋਸਿਸ਼ ਬਾਰੇ ਦੱਸਿਆ ਗਿਆ ਹੈ। ਲੋਕ ਪਾਠ ਵੀ ਕਰਾਉਂਦੇ ਹਨ ਪ੍ਰੰਤੂ ਉਸ ਤੋਂ ਬਾਅਦ ਸ਼ਰਾਬ ਅਤੇ ਮੀਟ ਦੀ ਵਰਤੋਂ ਕਰਦੇ ਹਨ। ਪੰਜਾਬ ਵਿਚ ਉਹ ਲਿਖਦੀ ਹੈ ਕਿ ਸਕੂਲਾਂ ਨਾਲੋਂ ਸ਼ਰਾਬ ਦੇ ਠੇਕੇ ਜ਼ਿਆਦਾ ਹਨ। ਸਰਕਾਰਾਂ ਆਪ ਆਪਣੀ ਆਮਦਨ ਵਧਾਉਣ ਲਈ ਨਸ਼ੇ ਵੇਚ ਰਹੀਆਂ ਹਨ। ਕੁਝ ਗਾਇਕ ਅਤੇ ਗੀਤਕਾਰ ਸਭਿਆਚਾਰਕ ਨਸ਼ੇ ਵੇਚ ਰਹੇ ਹਨ। ਸੋਨੀਆਂ ਅਨੁਸਾਰ ਸਭ ਤੋਂ ਲਾਭਦਾਇਕ ਨਸ਼ਾ ਪਰਮਾਤਮਾ ਦੇ ਨਾਮ ਦਾ ਹੈ, ਜੇ ਨਸ਼ਾ ਕਰਨਾ ਹੀ ਹੈ ਤਾਂ ਨਾਮ ਸਿਮਰਨ ਕੀਤਾ ਜਾਵੇ। ਉਹ ਇਕ ਲੇਖ ਵਿਚ ਇਹ ਵੀ ਲਿਖਦੀ ਹੈ ਕਿ ਪਾਪ ਦੀ ਝੂਠ ਬੋਲਕੇ ਕੀਤੀ ਕਮਾਈ ਨਹੀਂ ਕਰਨੀ ਚਾਹੀਦੀ। ਧਾਰਮਿਕ ਵਿਅਕਤੀਆਂ ਨੇ ਧਰਮ ਦੇ ਨਾਂ ਤੇ ਝੂਠ ਦੀਆਂ ਦੁਕਾਨਾ ਖੋਲ੍ਹੀਆਂ ਹੋਈਆਂ ਹਨ। ਰੱਬ ਇਕ ਅਤੇ ਹਰ ਥਾਂ ਮੌਜੂਦ ਹੈ, ਬਾਰੇ ਆਪਣੇ ਲੇਖ ਵਿਚ ਲੇਖਕਾ ਨੇ ਦੱਸਿਆ ਹੈ ਕਿ ਮੱਕੇ ਵਿਚ ਜਦੋਂ ਗੁਰੂ ਜੀ ਕਾਬੇ ਵੱਲ ਲੱਤਾਂ ਕਰਕੇ ਸੁੱਤੇ ਸੀ ਤਾਂ ਕਾਜੀ ਨੇ ਇਤਰਾਜ ਕੀਤਾ ਕਿ ਤੁਸੀਂ ਰੱਬ ਦੇ ਘਰ ਵਲ ਪੈਰ ਕੀਤੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਜਿੱਧਰ ਰੱਬ ਨਹੀਂ ਦੱਸੋ ਮੈਂ ਉਧਰ ਪੈਰ ਕਰ ਲੈਂਦਾ ਹਾਂ। ਕਾਜੀ ਨੂੰ ਮੰਨਣਾ ਪਿਆ ਕਿ ਰੱਬ ਹਰ ਥਾਂ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਆਦਮੀ ਦੇ ਬਾਰਬਰ ਰੁਤਬਾ ਦਿੱਤਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਭਰੂਣ ਹੱਤਿਆਵਾਂ ਕਰਕੇ ਇਹ ਦਰ ਘਟ ਗਈ ਹੈ। ਜਦੋਂ ਕਿ ਇਸਤਰੀ ਤੋਂ ਬਿਨਾਂ ਸੰਸਾਰ ਦੀ ਉਤਪਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੰਸਾਰ ਵਿਚ ਪੈਸੇ ਦੀ  ਹੋੜ ਲੱਗੀ ਹੋਈ ਹੈ।
    ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਮੁੱਖ ਤੌਰ ਸਿੱਖਾਂ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਆਮ ਲੋਕਾਂ ਅਤੇ ਧਾਰਮਿਕ ਪ੍ਰਚਾਰਕਾਂ ਦੀ ਅਣਪੜ੍ਹਤਾ ਕਰਕੇ ਧਾਰਮਿਕ ਕੁਰੀਤੀਆਂ ਵੱਧ ਰਹੀਆਂ ਹਨ। ਇਸ ਕੰਮ ਵਿਚ ਪੁਰਤਨ ਵਿਚਾਰ ਅਤੇ ਵਹਿਮਾਂ ਭਰਮਾਂ ਦਾ ਮੁੱਖ ਯੋਗਦਾਨ ਹੈ। ਜਿਸ ਕਾਰਨ ਕਰਕੇ ਲੋਕ ਧਰਮ ਦੇ ਠੇਕਦਾਰਾਂ ਦੇ ਟੇਟੇ ਚੜ੍ਹਕੇ ਡੇਰਿਆਂ, ਅਖੌਤੀ ਸੰਤਾਂ ਅਤੇ ਮੜ੍ਹੀ ਮਸਾਣਾਂ ਦੀ ਪੂਜਾ ਕਰਨ ਵਲ ਪ੍ਰੇਰਿਤ ਹੋ ਰਹੇ ਹਨ। ਇਸਤਰੀਆਂ ਨੂੰ ਡੇਰਿਆਂ ਵਲ ਪ੍ਰੇਰਤ ਹੋਣ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ। 

                                                   
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

30 Oct. 2018

ਘੋੜੀ ਤੇ ਜਾ ਕੇ ਅਖ਼ਬਾਰ ਲਿਆਉਣ ਵਾਲੇ ਬਾਬੂ ਜੀ ਕਰਤਾਰ ਸਿੰਘ - ਉਜਾਗਰ ਸਿੰਘ

ਇੰਟਰਨੈਟ ਦੇ ਜ਼ਮਾਨੇ ਵਿਚ ਦੂਰ ਦੁਰਾਡੇ ਇਲਾਕਿਆਂ ਵਿਚ ਵਸਣ ਵਾਲੇ ਲੋਕ ਜਿੱਥੇ ਅਖ਼ਬਾਰ ਦੇਰ ਨਾਲ ਪਹੁੰਚਦੇ ਹਨ, ਉਹ ਆਨ ਲਾਈਨ ਹੀ ਪੜ੍ਹ ਲੈਂਦੇ ਹਨ ਕਿਉਂਕਿ ਹਾਲਾਤ ਨਾਲ ਬਾਵਾਸਤਾ ਰਹਿਣ ਦੀ ਇਨਸਾਨ ਦੀ ਫਿਤਰਤ ਕੁਦਰਤੀ ਹੁੰਦੀ ਹੈ। ਜਿਹੜੇ ਆਨ ਲਾਈਨ ਅਖ਼ਬਾਰ ਨਹੀਂ ਪੜ੍ਹ ਸਕਦੇ, ਜਿਤਨੀ ਦੇਰ ਸਵੇਰੇ ਅਖ਼ਬਾਰ ਨਹੀਂ ਆਉਂਦਾ ਉਤਨੀ ਦੇਰ ਉਨ੍ਹਾਂ ਨੂੰ ਬੇਚੈਨੀ ਬਣੀ ਰਹਿੰਦੀ ਹੈ। ਕਈਆਂ ਨੂੰ ਤਾਂ ਅਖ਼ਬਾਰ ਬਿਨਾਂ ਚਾਹ ਪੀਣੀ ਵੀ ਚੰਗੀ ਨਹੀਂ ਲੱਗਦੀ। ਕੁਝ ਲੋਕ ਪਾਖ਼ਨੇ ਵਿਚ ਅਖ਼ਬਾਰ ਪੜ੍ਹਦੇ ਹਨ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਖਾਸ ਤੌਰ ਤੇ ਆਪਣੇ ਵਿਰਸੇ ਨਾਲ ਬਾਵਾਸਤਾ ਰਹਿਣ ਲਈ ਆਨ ਲਾਈਨ ਹੀ ਅਖ਼ਬਾਰ ਪੜ੍ਹਦੇ ਹਨ। ਕੋਈ ਜ਼ਮਾਨਾ ਹੁੰਦਾ ਸੀ ਕਿ ਅਖ਼ਬਾਰ ਸਿਰਫ ਸ਼ਹਿਰਾਂ ਤੱਕ ਹੀ ਨਿਯਮਤ ਹੁੰਦੇ ਸਨ। ਪਿੰਡਾਂ ਵਿਚ ਅਖ਼ਬਾਰ ਪਹੁੰਚਦੇ ਹੀ ਨਹੀਂ ਸਨ ਕਿਉਂਕਿ ਆਵਾਜਾਈ ਦੇ ਸਾਧਨ ਵੀ ਚੰਗੇ ਨਹੀਂ ਹੁੰਦੇ ਸਨ ਅਤੇ ਸੜਕਾਂ ਵੀ ਨਹੀਂ ਹੁੰਦੀਆਂ ਸਨ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਮੈਂ ਅਜੇ ਮਸਾਂ 6 ਕੁ ਸਾਲ ਦਾ ਸੀ ਜਾਣੀ ਕਿ 1954-55 ਦੀ ਗੱਲ ਹੈ। ਪਾਕਿਸਤਾਨ ਤੋਂ ਲੋਕ ਅਜੇ ਵੀ ਆ ਜਾ ਰਹੇ ਸਨ। ਮੇਰੇ ਪਿਤਾ ਜੀ ਮੈਨੂੰ ਉਂਗਲ ਫੜਕੇ ਪਿੰਡ ਦੇ ਦਰਵਾਜੇ ਸੱਥ ਵਿਚ ਲੈ ਜਾਂਦੇ ਸਨ ਕਿਉਂਕਿ ਉਥੇ ਬੈਠਿਆਂ ਨੂੰ ਪਿੰਡ ਅਤੇ ਆਲੇ ਦੁਆਲੇ ਦੇ ਇਲਾਕੇ ਦੀ ਸਾਰੀ ਖ਼ਬਰ ਸਾਰ ਮਿਲ ਜਾਂਦੀ ਸੀ। ਇੱਕ ਕਿਸਮ ਨਾਲ ਵਰਤਮਾਨ ਵੱਟਸ ਅਪ ਪਿੰਡ ਦੀ ਸੱਥ ਹੀ ਹੁੰਦੇ ਸਨ। ਸਕੂਲ ਅਜੇ ਦਾਖ਼ਲ ਹੀ ਹੋਏ ਸੀ, ਕਦੀਂ ਚਲੇ ਜਾਣਾ ਕਦੀਂ ਛੁਟੀ ਮਾਰ ਲੈਣੀ। ਅਧਿਆਪਕ ਬੱਚਿਆਂ ਨੂੰ ਘਰਾਂ ਵਿਚੋਂ ਲੈਣ ਲਈ ਆ ਜਾਂਦੇ ਸਨ, ਇਸ ਲਈ ਮੈਂ ਘਰੋਂ ਬਾਹਰ ਰਹਿਣਾ ਠੀਕ ਸਮਝਦਾ ਸੀ। ਮਾਸਟਰ ਘਰਾਂ ਵਿਚੋਂ ਦੁੱਧ ਵੀ ਪੀ ਜਾਂਦੇ ਅਤੇ ਖਾਣਾ ਖਾ ਜਾਂਦੇ ਸਨ। ਅਧਿਆਪਕਾਂ ਦਾ ਦਰਜਾ ਕਾਫੀ ਉਚਾ ਹੁੰਦਾ ਸੀ। ਦਰਵਾਜੇ ਜਾਣੀ ਕਿ ਸੱਥ ਵਿਚ ਇਕ ਵਿਅਕਤੀ ਕੁਰਸੀ ਡਾਹ ਕੇ ਬੈਠਾ ਹੁੰਦਾ ਸੀ, ਉਸਦੇ ਆਲੇ ਦੁਆਲੇ ਪਿੰਡ ਦੇ ਲੋਕ ਝੁਰਮਟ ਬਣਾਕੇ ਬੈਠੇ ਹੁੰਦੇ ਸਨ, ਉਸ ਵਿਅਕਤੀ ਦੀ ਘੋੜੀ ਵੀ ਇਕ ਪਾਸੇ ਖੜ੍ਹੀ ਹੁੰਦੀ ਸੀ। ਉਹ ਵਿਅਕਤੀ ਸੀ ਬਾਬੂ ਜੀ ਕਰਤਾਰ ਸਿੰਘ। ਲੋਕ ਉਸਨੂੰ ਬਾਬੂ ਜੀ ਕਹਿਕੇ ਹੀ ਬੁਲਾਉਂਦੇ ਸਨ, ਉਸਦਾ ਘਰ ਵੀ ਦਰਵਾਜੇ ਦੇ ਕੋਲ ਹੀ ਸੀ। ਦਰਵਾਜਾ ਪਿੰਡ ਦੀ ਸਾਂਝੀ ਥਾਂ ਨੂੰ ਕਿਹਾ ਜਾਂਦਾ ਸੀ, ਜਿਥੇ ਲੋਕ ਆ ਕੇ ਗੱਪ ਸ਼ੱਪ ਮਾਰਦੇ ਰਹਿੰਦੇ ਸਨ। ਦਰਵਾਜੇ ਵਿਚ ਹੀ ਬਰਾਤਾਂ ਠਹਿਰਦੀਆਂ ਸਨ। ਉਦੋਂ ਬਰਾਤਾਂ ਵੀ ਤਿੰਨ ਚਾਰ ਦਿਨ ਰਹਿੰਦੀਆਂ ਸਨ। ਪਿੰਡ ਅਤੇ ਇਲਾਕੇ ਦੀ ਹਰ ਖ਼ਬਰ ਉਥੋਂ ਹੀ ਮਿਲਦੀ ਸੀ। ਚੁੰਝ ਚਰਚਾ ਉਥੇ ਹੁੰਦੀ ਰਹਿੰਦੀ ਸੀ। ਸਦਭਾਵਨਾ ਵਾਲਾ ਮਾਹੌਲ ਹੁੰਦਾ ਸੀ। ਬਾਬੂ ਜੀ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦਿਨਾਂ ਵਿਚ ਉਰਦੂ ਦੇ ਅਖ਼ਬਾਰ ਤੋਂ ਖ਼ਬਰਾਂ ਚਸਕੇ ਲੈ ਕੇ ਪੜ੍ਹਕੇ ਸੁਣਾਉਂਦਾ ਹੁੰਦਾ ਸੀ। ਫਿਰ ਹਰ ਖ਼ਬਰ ਉਪਰ ਕਿੰਤੂ ਪ੍ਰੰਤੂ ਹੁੰਦਾ ਸੀ। ਉਦੋਂ ਪਿੰਡਾਂ ਵਿਚ ਅਖ਼ਬਾਰ ਅੱਜ ਦੀ ਤਰ੍ਹਾਂ ਨਹੀਂ ਆਉਂਦੇ ਸਨ। ਉਹ ਹਰ ਰੋਜ਼ ਸਵੇਰੇ ਹੀ ਚਾਹ ਪੀਣ ਤੋਂ ਬਾਅਦ ਆਪਣੀ ਘੋੜੀ ਲੈ ਕੇ ਦੋਰਾਹੇ ਤੋਂ ਅਖ਼ਬਾਰ ਲੈਣ ਚਲਾ ਜਾਂਦਾ ਸੀ। ਸਾਡੇ ਪਿੰਡ ਕੱਦੋਂ ਤੋਂ ਦੋਰਾਹਾ 3 ਮੀਲ ਸੀ। ਦੋਰਾਹੇ ਇਕ ਗੁਰਦਿਆਲ ਸਿੰਘ ਨਾਂ ਦਾ ਵਿਅਕਤੀ ਸਾਰੇ ਅਖ਼ਬਾਰਾਂ ਦਾ ਏਜੰਟ ਸੀ। ਉਹੀ ਸਾਰੇ ਅਖ਼ਬਾਰਾਂ ਨੂੰ ਇਲਾਕੇ ਦੀਆਂ ਖ਼ਬਰਾਂ ਭੇਜਦਾ ਸੀ। ਜਾਣੀ ਕਿ ਪੱਤਰਕਾਰ ਵੀ ਉਹੀ ਸੀ। ਬਦਕਿਸਮਤੀ ਇਹ ਰਹੀ ਕਿ ਪੰਜਾਬ ਦੇ ਮਾੜੇ ਦਿਨਾਂ ਵਿਚ ਉਹ ਵੀ ਗਰਮ ਹਵਾ ਦਾ ਸ਼ਿਕਾਰ ਹੋ ਗਿਆ ਸੀ। ਪਿੰਡ ਕੱਦੋਂ ਤੋਂ ਰਸਤਾ ਵੀ ਕੱਚਾ ਅਤੇ ਰੇਤਿਆਂ ਦੇ ਟਿੱਬੇ ਹੁੰਦੇ ਸਨ। ਸਾਈਕਲ ਨਾ ਹੁੰਦੇ ਸੀ ਅਤੇ ਨਾ ਹੀ ਰੇਤੇ ਵਿਚ ਚਲ ਸਕਦੇ ਸਨ। ਉਦੋਂ ਤਾਂ ਮੈਨੂੰ ਅਖ਼ਬਾਰਾਂ ਦੀ ਬਹੁਤੀ ਸਮਝ ਨਹੀਂ ਹੁੰਦੀ ਸੀ ਪ੍ਰੰਤੂ ਵੱਡੇ ਹੋ ਕੇ ਪਤਾ ਲੱਗਿਆ ਕਿ ਲੋਕ ਝੁਰਮਟ ਬਣਾ ਕੇ ਬਾਬੂ ਜੀ ਦੇ ਆਲੇ ਦੁਆਲੇ ਕਿਉਂ ਬੈਠਦੇ ਸਨ? 1947 ਦੀ ਦੇਸ਼ ਦੀ ਵੰਡ ਨੂੰ ਹੱਲੇ ਕਹਿੰਦੇ ਹੁੰਦੇ ਸਨ। ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਮੇਰਾ ਜਨਮ ਹੱਲਿਆਂ ਤੋਂ ਇਕ ਸਾਲ ਬਾਅਦ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਜਨਮ ਤਰੀਕਾਂ ਦਾ ਬਹੁਤਾ ਪਤਾ ਹੀ ਨਹੀਂ ਹੁੰਦਾ ਸੀ। ਸਕੂਲਾਂ ਵਿਚ ਦਾਖ਼ਲੇ ਸਮੇਂ ਵੀ ਅਧਿਆਪਕ ਨੂੰ ਅਟੇ ਸਟੇ ਨਾਲ ਦੇਸੀ ਮਹੀਨਿਆਂ ਅਨੁਸਾਰ ਦੱਸ ਦਿੱਤਾ ਜਾਂਦਾ ਸੀ ਅਤੇ ਅਧਿਆਪਕ ਆਪਣੀ ਮਰਜੀ ਨਾਲ ਹੀ ਅੰਗਰੇਜੀ ਜਨਮ ਤਰੀਕ ਲਿਖ ਲੈਂਦੇ ਸਨ। ਬਾਬੂ ਜੀ ਕਿਸੇ ਸਮੇਂ ਫ਼ੌਜ ਵਿਚ ਨੌਕਰੀ ਕਰਦਾ ਰਿਹਾ ਸੀ, ਉਰਦੂ ਦੇ ਅਖ਼ਬਾਰ ਤੋਂ ਖ਼ਬਰਾਂ ਪੜ੍ਹਕੇ ਸੁਣਾਉਂਦਾ ਹੁੰਦਾ ਸੀ ਪ੍ਰੰਤੂ ਫ਼ੌਜ ਵਿਚ ਨੌਕਰੀ ਕਰਨ ਕਰਕੇ ਹਿੰਦੋਸਤਾਨੀ ਵਿਚ ਗਲਬਾਤ ਕਰਦਾ ਸੀ। ਮੇਰੇ ਪਿਤਾ ਜੀ ਬਾਬੂ ਜੀ ਦੀਆਂ ਗੱਲਾਂ ਸੁਣਾਉਂਦੇ ਦੱਸਦੇ ਹੁੰਦੇ ਸਨ ਕਿ ਉਹ ਬੜਾ ਫਰਾਕ ਦਿਲ ਇਨਸਾਨ ਸੀ। ਗੁਰਬਾਣੀ ਦੀ ਵਿਚਾਰਧਾਰਾ ਤੇ ਅਮਲ ਕਰਦਿਆਂ ਉਹ ਕਿਰਤ ਕਰੋ ਤੇ ਵੰਡ ਕੇ ਛੱਕੋ ਵਿਚ ਵਿਸ਼ਵਾਸ ਰੱਖਦਾ ਸੀ। ਇਸ ਲਈ ਆਪਣੇ ਨੌਕਰਾਂ ਨੂੰ ਵੀ ਆਪਣੇ ਪਰਿਵਾਰ ਦੇ ਮੈਂਬਰ ਹੀ ਸਮਝਦਾ ਸੀ। ਅੱਜ ਦੀ ਤਰ੍ਹਾਂ ਮਾਲਕ ਅਤੇ ਨੌਕਰ ਵਿਚ ਪਾੜਾ ਨਹੀਂ ਹੁੰਦਾ ਸੀ। ਇਕ ਵਾਰ ਉਹ ਆਪਣੇ ਨੌਕਰਾਂ ਨੂੰ ਹਾਜ਼ਰੀ ਦੀ ਰੋਟੀ ਲੈ ਕੇ ਖੇਤਾਂ ਵਿਚ ਗਿਆ। ਅੱਜ ਕਲ੍ਹ ਹਾਜ਼ਰੀ ਦੀ ਰੋਟੀ ਨੂੰ ਬਰੇਕ ਫਾਸਟ ਕਹਿੰਦੇ ਹਨ। ਉਹ ਕਈ ਤਰ੍ਹਾਂ ਦੇ ਆਚਾਰ ਖਾਣ ਦਾ ਸ਼ੌਕੀਨ ਸੀ। ਹਾਜ਼ਰੀ ਦੀ ਰੋਟੀ ਨਾਲ ਆਚਾਰ ਲੈ ਕੇ ਜਾਂਦਾ ਸੀ। ਨੌਕਰਾਂ ਨੂੰ ਪੁਛੀ ਜਾਵੇ ਕਿ ਉਹ ਅੰਬ, ਗਲਗਲ, ਤੁਕਿਆਂ ਅਤੇ ਨਿੰਬੂ ਦੇ ਆਚਾਰ ਵਿਚੋਂ ਕਿਹੜਾ ਆਚਾਰ ਜਾਂ ਪਿਆਜ ਲੈਣਗੇ ਤਾਂ ਉਨ੍ਹਾਂ ਵਿਚੋਂ ਇਕ ਨੌਕਰ ਅੱਗੋਂ ਕਹਿੰਦਾ ਸਾਰੇ ਹੀ ਦੇ ਦਿਓ ਮਾਲਕੋ, ਤਾਂ ਬਾਬੂ ਜੀ ਕਹਿਣ ਲੱਗੇ ਕਿ 'ਹੈ ਤਾਂ ਸਾਲਾ ਕਾਲਾ ਜਿਹਾ ਪਰ ਸੁਆਦੀ ਬੜਾ ਹੈ' ਅਜਿਹੀਆਂ ਬੜੀਆਂ ਹੀ ਦਿਲਚਸਪ ਗੱਲਾਂ ਬਾਬੂ ਜੀ ਕਰਤਾਰ ਸਿੰਘ ਦੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਉਦੋਂ ਪਿੰਡਾਂ ਦੇ ਲੋਕ ਅੱਜ ਦੀ ਤਰ੍ਹਾਂ ਚੁਸਤ ਚਾਲਕ ਨਹੀਂ ਸਗੋ ਭੋਲੇ ਭਾਲੇ ਹੁੰਦੇ ਸਨ। ਉਨ੍ਹਾਂ ਅਣਭੋਲ ਲੋਕਾਂ ਦੀ ਗੱਲ ਵੀ ਪਿਤਾ ਜੀ ਸੁਣਾਉਂਦੇ ਹੁੰਦੇ ਸਨ ਕਿ ਜਦੋਂ ਰੇਡੀਓ ਅਤੇ ਟਰਾਂਜਿਸਟਰ ਨਵੇਂ ਨਵੇਂ ਆਏ ਤਾਂ ਉਨ੍ਹਾਂ ਦੇ ਚਚੇਰੇ ਭਰਾ ਸਾਧੂ ਸਿੰਘ ਠੇਕੇਦਾਰ ਨੇ ਸਾਡੇ ਪਿੰਡ ਵਿਚ ਸਭ ਤੋਂ ਪਹਿਲਾਂ ਟਰਾਂਜਿਸਟਰ ਲਿਆਂਦਾ ਸੀ। ਸਾਰਾ ਪਿੰਡ ਸ਼ਾਮ ਨੂੰ ਠੇਕੇਦਾਰ ਸਾਧੂ ਸਿੰਘ ਦੇ ਘਰ ਆ ਕੇ ਟਰਾਂਜਿਸਟਰ ਦੇ ਆਲੇ ਦੁਆਲੇ ਬੈਠਕੇ ਸੁਣਦਾ ਅਤੇ ਲੋਕ ਟਰਾਂਜਿਸਟਰ ਦੇ ਵਿਚ ਅਚੰਭੇ ਨਾਲ ਵੇਖਦੇ ਸਨ ਕਿ ਬੋਲਣ ਵਾਲਾ ਕਿਥੇ ਬੈਠਾ ਹੈ। ਪਿੰਡਾਂ ਵਿਚ ਲੋਕਾਂ ਦੇ ਪਰਿਵਾਰਾਂ ਦੀਆਂ ਅਲਾਂ ਬਾਰੇ ਬੜੀਆਂ ਦਿਲਚਸਪ ਗੱਲਾਂ ਸੁਣਾਉਂਦੇ ਸਨ। ਇਹ ਅੱਲਾਂ ਉਨ੍ਹਾਂ ਪਰਿਵਾਰਾਂ ਦੇ ਸੁਭਾਅ ਅਤੇ ਵਿਵਹਾਰ ਦਾ ਪ੍ਰਤੀਕ ਹੁੰਦੀਆਂ ਸਨ। ਕਿਸੇ ਪਰਿਵਾਰ ਦੇ ਘਰ ਦਾ ਪਤਾ ਕਿਸੇ ਮਹਿਮਾਨ ਨੇ ਪੁੱਛਣਾ ਹੁੰਦਾ ਤਾਂ ਪਰਿਵਾਰ ਦੀ ਅੱਲ ਲੈ ਕੇ ਪੁੱਛਿਆ ਜਾਂਦਾ ਸੀ ਜਿਵੇਂ ਭੂਤਾਂ ਦਾ, ਅਮਲੀਆਂ ਦਾ, ਬਾਬਿਆਂ ਦਾ, ਬਾਗੋ ਕਿਆਂ ਦਾ, ਮਾਹੀ ਕਿਆਂ ਦਾ, ਮੱਲ ਕਿਆਂ, ਪੋਲ੍ਹੋ ਕਿਆਂ, ਗਾਂਧੀ ਕਿਆਂ, ਰੁਲੀਏ ਕਿਆਂ ਅਤੇ ਭਗਤੇ ਕਿਆਂ ਦਾ ਲਾਣਾ ਕਿਹਾ ਜਾਂਦਾ ਸੀ, ਜਦੋਂ ਪਿੰਡ ਵਿਚ ਕੋਈ ਪ੍ਰਾਹੁਣਾ ਆਉਂਦਾ ਸੀ ਤਾਂ ਪਰਿਵਾਰ ਦੀ ਅਲ ਨਾਲ ਹੀ ਘਰ ਦੱਸਿਆ ਜਾਂ ਪੁੱਛਿਆ ਜਾਂਦਾ ਸੀ। ਲੋਕ ਪ੍ਰਾਹੁਣੇ ਨੂੰ ਘਰ ਤੱਕ ਛੱਡਕੇ ਆਉਂਦੇ ਸੀ। ਜੇਕਰ ਕਿਸੇ ਪ੍ਰਾਹੁਣੇ ਨੇ ਅੱਗੇ ਜਾਣਾ ਹੁੰਦਾ ਸੀ, ਰਾਤ ਪੈ ਜਾਵੇ ਤਾਂ ਪਿੰਡ ਦੇ ਲੋਕ ਬੜੇ ਚਾਅ ਅਤੇ ਆਦਰ ਨਾਲ ਆਪਣੇ ਘਰ ਠਹਿਰਾ ਲੈਂਦੇ ਸਨ। ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਸਾਡਾ ਪੁਰਾਤਨ ਵਿਰਸਾ ਅਤੇ ਪਰੰਪਰਾਵਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇੰਟਰਨੈਟ ਦੇ ਜਿਥੇ ਅਨੇਕਾਂ ਲਾਭ ਹਨ ਉਥੇ ਇਸਨੇ ਸਾਂਝੇ ਪਰਿਵਾਰ ਅਤੇ ਸੱਥਾਂ ਖ਼ਤਮ ਕਰ ਦਿੱਤੀਆਂ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ- 94178 13072
ujagarsingh48@yahoo.com 

24 Oct. 2018

ਸਿੱਖਾਂ ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ? - ਉਜਾਗਰ ਸਿੰਘ

ਸਿੱਖ ਕੌਮ ਸੰਸਾਰ ਵਿਚ ਬਹਾਦਰ, ਦੇਸ ਭਗਤ, ਗ਼ਰੀਬ ਅਤੇ ਗਊ ਗੁਰਬੇ ਦੀ ਰੱਖਿਅਕ, ਸਰਬਤ ਦਾ ਭਲਾ ਮੰਗਣ ਵਾਲੀ, ਮਨੁੱਖੀ ਹੱਕਾਂ ਦੀ ਪਹਿਰੇਦਾਰ, ਹੱਕ ਸੱਚ ਦੀ ਮੁੱਦਈ, ਸੰਗਤ ਤੇ ਪੰਗਤ ਵਿਚ ਵਿਸਵਾਸ ਰੱਖਣ ਵਾਲੀ, ਮਿਹਨਤੀ, ਮਾਨਵਤਾ ਦੇ ਦੁੱਖ ਸੁੱਖ ਦਾ ਸਾਥ ਦੇਣ ਵਾਲੀ ਅਤੇ ਵੰਡ ਕੇ ਛੱਕਣ ਵਾਲੀ ਦੇ ਤੌਰ ਤੇ ਜਾਣੀ ਜਾਂਦੀ ਹੈ। ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮੁਗਲਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸਿਸ਼ ਕੀਤੀ ਤਾਂ ਉਦੋਂ ਸਿੱਖ ਭਾਈਚਾਰੇ ਨੇ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ, ਉਨ੍ਹਾਂ ਲੜਕੀਆਂ ਨੂੰ ਸਿਰਫ ਜ਼ਾਲਮਾਂ ਦੇ ਚੁੰਗਲ ਵਿਚੋਂ ਛੁਡਵਾਕੇ ਹੀ ਨਹੀਂ ਲਿਆਂਦਾ ਸਗੋਂ ਮੁਗਲਾਂ ਦੇ ਦੰਦ ਖੱਟੇ ਕਰਕੇ ਭਜਾਇਆ। ਸ੍ਰੀ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਜੇ ਗੁਰੂ ਤੇਗ ਬਹਾਦਰ ਕੁਰਬਾਨੀ ਨਾ ਦਿੰਦੇ ਤਾਂ ਸਮੁੱਚੇ ਭਾਰਤ ਵਿਚ ਰਾਜ ਉਸ ਕੌਮ ਦਾ ਹੁੰਦਾ, ਜਿਸਤੋਂ ਉਨ੍ਹਾਂ ਦੀਆਂ ਧੀਆਂ ਭੈਣਾਂ ਸਿੱਖਾਂ ਨੇ ਬਚਾਈਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਤੇ ਫੁਲ ਚੜ੍ਹਾਉਂਦਿਆਂ ਮੁਗਲਾਂ ਦੀਆਂ ਵਧੀਕੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਕੇ ਸ਼ਹੀਦ ਕਰਨ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਕੇ ਲਿਆ। ਦੇਸ ਭਗਤੀ ਦਾ ਸਬੂਤ ਦਿੰਦਿਆਂ ਮੁਗਲਾਂ ਨਾਲ ਲੜਾਈਆਂ ਲੜੀਆਂ ਅਤੇ ਸ਼ਹਾਦਤ ਦੇ ਕੇ ਕਿਸਾਨਾ ਨੂੰ ਉਨ੍ਹਾਂ ਦੀਆਂ ਜ਼ਮੀਨਾ ਦੀ ਮਾਲਕੀਅਤ ਦੇ ਹੱਕ ਦਿਵਾਏ। ਦੇਸ ਦੀ ਆਜ਼ਾਦੀ ਦੀ ਪਹਿਲੀ ਲੜਾਈ ਸਿੱਖਾਂ ਨੇ ਲੜੀ। ਗਦਰੀ ਬਾਬਿਆਂ ਨੇ ਆਜ਼ਾਦੀ ਦੀ ਲੜਾਈ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦਿਆਂ ਕੁਰਬਾਨੀਆਂ ਦਿੱਤੀਆਂ। ਭਾਰਤ ਦੇ ਇਤਿਹਾਸ ਵਿਚ ਦਰਜ ਹੈ ਕਿ ਆਜ਼ਾਦੀ ਦੇ ਸੰਗਰਾਮ ਵਿਚ ਸਭ ਤੋਂ ਵੱਧ ਸਿੱਖ ਜੇਲ੍ਹਾਂ ਵਿਚ ਡੱਕੇ ਗਏ ਅਤੇ ਸ਼ਹੀਦੀਆਂ ਸਿੱਖਾਂ ਨੇ ਹੀ ਦਿੱਤੀਆਂ, ਫਿਰ ਸਿੱਖ ਕੌਮ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਜਦੋਂ ਕਿਸੇ ਵਿਅਕਤੀ ਨਾਲ ਕੋਈ ਜ਼ਿਆਦਤੀ ਹੁੰਦੀ ਸੀ, ਜੇਕਰ ਸਿੱਖ ਆ ਜਾਂਦਾ ਤਾਂ ਕਿਹਾ ਜਾਂਦਾ ਸੀ ਕਿ ਹੁਣ ਕਿਸੇ ਨੂੰ ਕੋਈ ਖ਼ਤਰਾ ਨਹੀਂ। ਸਿੱਖ ਬਚਾਓ ਦੀ ਛਤਰੀ ਗਿਣਿਆਂ ਜਾਂਦਾ ਸੀ। ਹੁਣ ਅਜ਼ਾਦ ਭਾਰਤ ਵਿਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਿਉਂ ਕੀਤਾ ਜਾਂਦਾ ਹੈ? ਉਹੀ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਸਿੱਖਾਂ ਨੇ ਬਚਾਇਆ, ਉਹੀ ਉਨ੍ਹਾਂ ਦੇ ਦੁਸ਼ਮਣ ਕਿਉਂ ਬਣੇ ਬੈਠੇ ਹਨ? ਇਸ ਬਾਰੇ ਸਿੱਖ ਕੌਮ ਨੂੰ ਸੰਬਾਦ ਕਰਨਾ ਚਾਹੀਦਾ ਹੈ ਕਿ ਗ਼ਲਤੀ ਕਿਥੇ ਹੋਈ ਹੈ ਕਿ ਸਿੱਖਾਂ ਦਾ ਸਤਿਕਾਰ ਤੇ ਮਾਣ ਕਿਉਂ ਘਟਿਆ ਹੈ? ਸਿੱਖ ਧਰਮ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਸੰਵਿਧਾਨਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਨੇਕਾਂ ਸੰਤ, ਬਾਬੇ, ਡੇਰੇ ਅਤੇ ਧਾਰਮਿਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਫਿਰ ਸਿੱਖਾਂ ਦੇ ਵਕਾਰ ਨੂੰ ਆਂਚ ਕਿਵੇਂ ਅਤੇ ਕਿਉਂ ਆਈ? ਇਥੋਂ ਤੱਕ ਕਿ ਸਿੱਖਾਂ ਨੂੰ ਦੇਸ ਵਿਰੋਧੀ ਅਤੇ ਅਤਵਾਦੀ ਕਿਉਂ ਕਿਹਾ ਜਾਣ ਲੱਗਿਆ ਹੈ? ਕਿਤੇ ਨਾ ਕਿਤੇ ਕੋਈ ਗੜਬੜ ਤਾਂ ਹੈ। ਕੁਝ ਸਿੱਖਾਂ ਦਾ ਵੀ ਕਸੂਰ ਹੋ ਸਕਦਾ ਹੈ। ਜਦੋਂ ਦੇਸ ਅਜ਼ਾਦ ਹੋਇਆ ਸੀ, ਉਸ ਸਮੇਂ ਸਿੱਖ ਕੌਮ ਨੇ ਜੋ ਫੈਸਲਾ ਭਾਰਤ ਵਿਚ ਰਹਿਣ ਦਾ ਕੀਤਾ ਸੀ। ਉਹ ਸਮਾਂ ਸੋਚ ਸਮਝ ਕੇ ਫੈਸਲਾ ਕਰਨ ਦਾ ਸੀ। ਸਿੱਖ ਲੀਡਰਸ਼ਿਪ ਨੇ ਜੋ ਵੀ ਫੈਸਲਾ ਕੀਤਾ ਸਹੀ ਜਾਂ ਗ਼ਲਤ, ਹੁਣ ਉਸ ਤੇ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ, ਈਦ ਮਗਰੋਂ ਰੋਜੇ ਰੱਖਣ ਦੀ ਕੋਈ ਤੁਕ ਨਹੀਂ ਸਗੋਂ ਸਿੱਖ ਕੌਮ ਨੂੰ ਉਸ ਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਅਜਿਹੇ ਫੈਸਲੇ ਕੋਈ ਬੱਚਿਆਂ ਦੀ ਖੇਡ ਨਹੀਂ ਹੁੰਦੇ। ਅਸਲ ਵਿਚ ਕੁਝ ਲੋਕਾਂ ਨੇ ਸਿੱਖ ਕੌਮ ਵਿਚ ਘੁਸਪੈਠ ਕਰਕੇ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ। ਸਿੱਖ ਭਾਈਚਾਰਾ ਬਹੁਤ ਜਲਦੀ ਭਾਵਨਾਤਮਿਕ ਹੋ ਜਾਂਦਾ ਹੈ। ਧਰਮ ਦੇ ਨਾਂ ਤੇ ਨੇਤਾਵਾਂ ਵੱਲੋਂ ਗ਼ਲਤ ਬਿਆਨੀ ਕਰਨ ਨਾਲ ਗੁਮਰਾਹ ਹੋ ਜਾਂਦਾ ਹੈ। ਕੁਝ ਧਾਰਮਿਕ ਅਤੇ ਰਾਜਨੀਤਕ ਨੇਤਾ ਲੋਕ ਭਾਵਨਾਤਮਕ ਭਾਸ਼ਣ ਦੇ ਕੇ ਸਿੱਖ ਕੌਮ ਨੂੰ ਗ਼ਲਤ ਬਿਆਨੀ ਕਰਨ ਲਈ ਉਤਸ਼ਾਹਤ ਕਰ ਜਾਂਦੇ ਹਨ। ਇਸ ਬਾਰੇ ਸਿੱਖ ਵਿਦਵਾਨਾ ਨੂੰ ਗੰਭੀਰਤਾ ਨਾਲ ਸੰਬਾਦ ਕਰਨਾ ਚਾਹੀਦਾ ਹੈ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਸੰਬਾਦ ਕਰਕੇ, ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ ਸੀ। ਦੁੱਖ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਇਕੱਠੇ ਹੋ ਕੇ ਬੈਠਦੇ ਨਹੀਂ ਸਗੋਂ ਆਪੋ ਆਪਣੀ ਡਫਲੀ ਵਜਾਉਂਦੇ ਹਨ ਅਤੇ ਉਹ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝਦੇ ਹਨ। ਸਿੱਖ ਕੌਮ ਨੂੰ ਹਓਮੈ ਤੋਂ ਖਹਿੜਾ ਛੁਡਾਉਣਾ ਪਵੇਗਾ ਤਾਂ ਕਿਤੇ ਜਾ ਕੇ ਅਸੀਂ ਮਿਲ ਬੈਠ ਸਕਾਂਗੇ। ਜਦੋਂ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਤਾਂ ਸਿੱਖ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ। ਚਾਹੀਦਾ ਤਾਂ ਇਹ ਸੀ ਕਿ ਦਲੀਲਾਂ ਨਾਲ ਸੰਵਿਧਾਨ ਬਣਾਉਣ ਵਾਲੀ ਕਮੇਟੀ ਨੂੰ ਆਪਣੀ ਗੱਲ ਮਨਾਉਂਦੇ। ਕਿਸੇ ਵੀ ਫੈਸਲੇ ਨਾਲ ਸਹਿਮਤ ਨਾ ਹੋਣ ਤੇ ਵਾਕ ਆਊਟ ਕਰਨਾ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਜਦੋਂ ਅਸੀਂ ਅਹੁਦਿਆਂ ਦੀ ਪ੍ਰਾਪਤੀ ਲਈ ਭਾਰਤ ਦੇ ਸੰਵਿਧਾਨ ਨੂੰ ਮੰਨ ਹੀ ਲਿਆ ਫਿਰ ਕਿੰਤੂ ਪ੍ਰੰਤੂ ਕਾਹਦਾ। ਜਾਂ ਫਿਰ ਸੰਵਿਧਾਨ ਵਿਚ ਤਰਮੀਮ ਕਰਵਾਈ ਜਾਵੇ। ਤਰਮੀਮ ਦੋ ਤਿਹਾਈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦੀ। ਸਿੱਖ ਦੇਸ ਵਿਚ ਘੱਟ ਗਿਣਤੀ ਵਿਚ ਹਨ। ਤਰਮੀਮ ਕਰਵਾਉਣ ਦੀ ਸਮਰੱਥਾ ਵਿਚ ਨਹੀਂ ਹਨ। ਇਸ ਲਈ ਸਿੱਖਾਂ ਦੇ ਜੋ ਧੜੇ ਲੋੜ ਤੋਂ ਵੱਧ ਗ਼ਲਤਬਿਆਨੀ ਕਰਦੇ ਹਨ, ਉਨ੍ਹਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਅਜ਼ਾਦ ਭਾਰਤ ਵਿਚ ਸਿੱਖ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਨ੍ਹਾਂ ਵਿਚ ਭਾਰਤ ਦਾ ਪਹਿਲਾ ਡਿਫੈਸ ਮਨਿਸਟਰ ਬਲਦੇਵ ਸਿੰਘ ਸਮੇਤ ਅੰਮ੍ਰਿਤ ਕੌਰ, ਹੁਕਮ ਸਿੰਘ, ਗੁਰਦਿਆਲ ਸਿੰਘ ਢਿਲੋਂ, ਸਵਰਨ ਸਿੰਘ ਅਤੇ ਬੂਟਾ ਸਿੰਘ ਆਦਿ ਸ਼ਾਮਲ ਹਨ। ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਬਣੇ। ਇਥੋਂ ਤੱਕ ਕਿ ਭਾਰਤੀ ਫੌਜਾਂ ਦੇ ਮੁੱਖੀ ਸਿੱਖ ਰਹੇ। ਹੁਣ ਸੋਚੋ ਕਿ ਇਹ ਵਾਦਵਿਵਾਦ ਖੜ੍ਹਾ ਕਿਸਨੇ ਕੀਤਾ। ਜਦੋਂ ਤਥਾਕਥਿਤ ਖਾਲਿਸਤਾਨ ਦੀ ਮੰਗ ਹੋਣ ਲੱਗੀ ਤਾਂ ਅਕਾਲੀ ਦਲ ਨੇ ਸਿੱਖਾਂ ਵਿਚ ਸਹਿਮਤੀ ਬਣਾਉਣ ਲਈ ਅਕਾਲੀ ਦਲ ਦੇ ਸਾਰੇ ਧੜਿਆਂ ਨਾਲ ਵਿਚਾਰ ਵਟਾਂਦਰਾ ਕੀਤਾ, ਜਿਸਦੇ ਸਿੱਟੇ ਵੱਜੋਂ ਕੁਝ ਵਿਦਵਾਨਾ ਵੱਲੋਂ ਮਤਾ ਤਿਆਰ ਕੀਤਾ ਗਿਆ ਜੋ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਮਸ਼ਹੂਰ ਹੋਇਆ। ਭਾਵੇਂ ਉਸ ਮਤੇ ਨਾਲ ਸਾਰੇ ਧੜੇ ਸਹਿਮਤ ਨਹੀਂ ਸਨ ਤਾਂ ਵੀ ਕਾਫੀ ਚਰਚਾ ਤੋਂ ਬਾਅਦ ਉਸ ਮਤੇ ਤੇ ਇਹ ਸਹਿਮਤੀ ਹੋਈ ਕਿ ਸਿੱਖ ਹੋਮ ਲੈਂਡ ਦੀ ਮੰਗ ਰੱਖੀ ਜਾਵੇ ਪ੍ਰੰਤੂ ਉਹ ਹੋਵੇ ਭਾਰਤ ਦੇ ਸੰਵਿਧਾਨ ਅਧੀਨ ਹੀ। ਖਾਲਿਸਤਾਨ ਦੀ ਥਾਂ ਸਿੱਖ ਹੋਮ ਲੈਂਡ ਕਹਿ ਦਿੱਤਾ। ਸੰਵਿਧਾਨ ਦੇ ਅਧੀਨ ਇਹ ਹੋਮ ਲੈਂਡ ਸੰਭਵ ਨਹੀਂ ਸੀ ਕਿਉਂਕਿ ਆਨੰਦਪੁਰ ਸਾਹਿਬ ਦਾ ਸਮੁੱਚਾ ਮਤਾ ਤਾਂ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ। ਜਦੋਂ ਸਿੱਖ ਭਾਰਤ ਦੇ ਸੰਵਿਧਾਨ ਵਿਚ ਤਰਮੀਮ ਨਹੀਂ ਕਰਵਾ ਸਕਦੇ ਫਿਰ ਅਜਿਹੀਆਂ ਮੰਗਾਂ ਸੋਚ ਸਮਝਕੇ ਕਰਨੀਆਂ ਚਾਹੀਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਤੇ ਨੂੰ ਸਰਬਪ੍ਰਵਾਨਤ ਸਿੱਖ ਬੁੱਧੀਜੀਵੀ ਵਿਦਵਾਨ, ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖ਼ਿਤਾਬ ਦਿੱਤਾ ਸੀ, ਸਿਰਦਾਰ ਕਪੂਰ ਸਿੰਘ ਨੇ ਤਿਆਰ ਕੀਤਾ ਸੀ। ਕੁਝ ਹੋਰ ਵਿਦਵਾਨ ਜਿਨ੍ਹਾਂ ਵਿਚ ਜਸਵੀਰ ਸਿੰਘ ਆਹਲੂਵਾਲੀਆ ਵੀ ਸ਼ਾਮਲ ਹੈ , ਉਹ ਇਸ ਮਤੇ ਨੂੰ ਬਨਾਉਣ ਦਾ ਸਿਹਰਾ ਆਪਣੇ ਸਿਰ ਤੇ ਬੰਨ੍ਹਦੇ ਹਨ। ਜਦੋਂ ਆਨੰਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਪਾਸ ਕਰ ਦਿੱਤਾ, ਉਸ ਦਿਨ ਤੋਂ ਬਾਅਦ ਹੀ ਭਾਰਤ ਸਰਕਾਰ ਦੇ ਮਨ ਵਿਚ ਸਿੱਖ ਕੌਮ ਦੀ ਨੀਯਤ ਤੇ ਸ਼ੱਕ ਦੀ ਸੂਈ ਘੁੰਮਣ ਲੱਗ ਗਈ। ਸਾਰੇ ਪੁਆੜੇ ਦੀ ਜੜ੍ਹ ਆਨੰਦਪੁਰ ਸਾਹਿਬ ਦਾ ਮਤਾ ਹੀ ਬਣ ਗਿਆ। ਅਸਿਧੇ ਤੌਰ ਤੇ ਇਹ ਤੂਹਮਤ ਸਿਰਦਾਰ ਕਪੂਰ ਸਿੰਘ ਤੇ ਲੱਗਾਈ ਜਾਂਦੀ ਹੈ। ਇਹ ਹਾਲਾਤ ਪੈਦਾ ਕਰਨ ਦਾ ਜ਼ਿੰਮੇਵਾਰ ਕੁਝ ਵਿਦਵਾਨ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਮਝਦੇ ਹਨ। ਇਸ ਮਤੇ ਤੋਂ ਬਾਅਦ ਸਿੱਖ ਕੌਮ ਨੇ ਖੱਟਿਆ ਕੁਝ ਨਹੀਂ ਸਗੋਂ ਗੁਆ ਸਭ ਕੁਝ ਲਿਆ ਹੈ। ਹੁਣ ਹਰ ਸਿੱਖ ਵੱਲ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਕੇਂਦਰ ਵਿਚ ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ, ਉਹ ਸਿੱਖ ਕੌਮ ਨੂੰ ਹਮੇਸ਼ਾ ਟੇਡੀ ਨਿਗਾਹ ਨਾਲ ਵੇਖਦੀ ਹੈ। ਸਿੱਖਾਂ ਤੇ ਵਿਸਾਹ ਹੀ ਨਹੀਂ ਕੀਤਾ ਜਾਂਦਾ। ਕੇਂਦਰੀ ਗੁਪਤਚਰ ਏਜੰਸੀਆਂ ਨੇ ਸਿੱਖਾਂ ਦੀਆਂ ਸਰਗਰਮੀਆਂ ਤੇ ਨਜ਼ਰਸਾਨੀ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਗੁਪਤਚਰ ਏਜੰਸੀਆਂ ਨੇ ਆਪਣੇ ਸੂਹੀਏ ਸਿਆਸੀ ਪਾਰਟੀਆਂ ਅਤੇ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰਾ ਦਿੱਤੇ। ਇਹ ਏਜੰਸੀਆਂ ਸਿੱਖ ਕੌਮ ਦੀ ਆਭਾ ਨੂੰ ਘਟਾਉਣ ਲਈ ਤਰਕੀਬਾਂ ਸੋਚਣ ਲੱਗ ਗਈਆਂ ਸਨ। ਰਹਿੰਦੀ ਖੂੰਹਦੀ ਕਸਰ ਰਾਸ਼ਟਰੀ ਸਿੱਖ ਸੰਗਤ ਨੇ ਕੱਢ ਦਿੱਤੀ। ਅਖ਼ੀਰ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉਪਰ ਫੌਜ ਦਾ ਹਮਲਾ ਇਨ੍ਹਾਂ ਗੁਪਤਚਰ ਏਜੰਸੀਆਂ ਦੀ ਸਾਜਸ਼ ਦਾ ਨਤੀਜਾ ਬਣਕੇ ਹੋਇਆ ਸੀ। ਸੋਚਣ ਵਾਲੀ ਗੱਲ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੁਰੱਖਿਆ ਏਜੰਸੀਆਂ ਦੇ ਆਦਮੀ ਨਿਯੁਕਤ ਸਨ ਤਾਂ ਅਸਲਾ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕਿਵੇਂ ਪਹੁੰਚ ਗਿਆ। ਉਥੇ ਅੰਦਰ ਅਸਲਾ ਪਹੁੰਚਣ ਤੋਂ ਸਾਫ ਹੋ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦੀ ਮਿਲੀ ਭੁਗਤ ਨਾਲ ਸਾਰਾ ਘਾਲਾਮਾਲਾ ਹੋਇਆ ਹੈ। ਸਿੱਖਾਂ/ਪੰਜਾਬੀਆਂ ਤੋਂ ਸਿੱਖਾਂ/ਪੰਜਾਬੀਆਂ ਨੂੰ ਮਰਵਾਇਆ ਗਿਆ। ਹੁਣ ਇਕ ਨਵਾਂ ਸ਼ਗਫੂਾ ਇੰਗਲੈਂਡ ਵਿਚ '' ਰਾਇਸ਼ੁਮਾਰੀ 2020'' ਦਾ ਨਾਅਰਾ ਲਾ ਕੇ ਛੱਡਿਆ ਗਿਆ। ਜਿਨ੍ਹਾਂ ਲੋਕਾਂ ਨੇ ਨਾ ਭਾਰਤ ਵਿਚ ਆਉਣਾ ਹੈ ਅਤੇ ਨਾ ਹੀ ਰਹਿਣਾ ਹੈ। ਉਹ ਰੈਫਰੈਂਡਮ ਦੀ ਗੱਲ ਕਰਦੇ ਹਨ। ਪੰਜਾਬੀਆਂ ਲਈ ਨਵੀਂ ਮੁਸੀਬਤ ਖੜ੍ਹੀ ਕਰਨੀ ਜਾਇਜ ਨਹੀਂ। ਅੱਗ ਲਾਈ ਡੱਬੂ ਕੰਧ ਤੇ ਵਾਲੀ ਗੱਲ ਹੈ। ਅੱਸੀਵਿਆਂ ਵਿਚ ਜੋ ਪੰਜਾਬੀਆਂ ਨੇ ਸੰਤਾਪ ਹੰਢਾਇਆ ਹੈ, ਉਹ ਉਹੀ ਜਾਣਦੇ ਹਨ। ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ। ਮਰਨ ਵਾਲੇ ਵੀ ਸਿੱਖ/ ਪੰਜਾਬੀ ਅਤੇ ਮਾਰਨ ਵਾਲੇ ਵੀ ਸਿੱਖ/ ਪੰਜਾਬੀ। ਉਨ੍ਹਾਂ ਲੋਕਾਂ ਤੋਂ ਸੁਚੇਤ ਰਹੋ, ਜਿਨ੍ਹਾਂ ਸਾਡੇ ਗੁਰੂਆਂ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਦੇਸ਼ ਦੀ ਵੰਡ ਸਮੇਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਅਤੇ ਲੁੱਟ ਮਾਰ ਕਰਕੇ ਕਤਲੇਆਮ ਕੀਤਾ। ਵਿਗਾਨੀ ਛਹਿ ਤੇ ਮੁੱਛਾਂ ਨਾ ਮੁਨਾਓ। ਦੁਸ਼ਮਣ ਤੇ ਦੋਸਤ ਦਾ ਫਰਕ ਸਮਝੋ। ਦੁਸ਼ਮਣ ਦੋਸਤੀ ਵਿਚ ਵੀ ਦੁਸ਼ਮਣੀ ਕਰਦਾ ਹੈ। ਉਸ ਦਾ ਦੋਸਤੀ ਲਈ ਵਧਾਇਆ ਹੱਥ ਖ਼ਤਰੇ ਤੋਂ ਖਾਲੀ ਨਹੀਂ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਤੇ ਫੌਜ ਦੇ ਹਮਲੇ ਸਮੇਂ ਪਿੱਠ ਵਿਖਾਉਣ ਵਾਲਿਆਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਸਿੱਖ ਭਰਾਵੋ ਅਤੇ ਭੈਣੋ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸਰਦਾਰੀ ਨੂੰ ਬਰਕਰਾਰ ਰੱਖੋ। ਧਰਮ ਦੇ ਠੇਕੇਦਾਰਾਂ ਤੋਂ ਬਚੋ। ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਵਾਲਿਆਂ ਦੀ ਪਛਾਣ ਕਰੋ। ਰਾਜ ਭਾਗ ਧਰਮ ਦੀ ਪ੍ਰਫੁਲਤਾ ਵਿਚ ਸਹਾਈ ਹੋਣਾ ਚਾਹੀਦਾ ਹੈ। ਰਾਜ ਭਾਗ ਨਾਲ ਆਨੰਦ ਦੀ ਪ੍ਰਾਪਤੀ ਕੋਈ ਮਾਇਨੇ ਨਹੀਂ ਰੱਖਦੀ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣਗੇ ਪ੍ਰੰਤੂ ਵੇਲਾ ਹੱਥੋਂ ਨਿਕਲਿਆ ਹੱਥ ਨਹੀਂ ਆਉਣਾ। ਪਦਾਰਥਵਾਦੀ ਰੁੱਚੀਆਂ ਦਾ ਤਿਆਗ ਕਰੋ। ਅਧਿਆਤਮਕਤਾ ਦਾ ਪੱਲਾ ਫੜੋ। ਪੰਥਕ ਮੁਖੌਟੇ ਵਿਚਲੇ ਪੰਥ ਵਿਰੋਧੀਆਂ ਦੀਆਂ ਗੁਮਰਾਹਕੁਨ ਚਾਲਾਂ ਤੋਂ ਸੁਚੇਤ ਰਹੋ।
                    
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 9417813072
ujagarsingh48@yahoo.com

17 Oct. 2018

ਸੰਗੀਤ, ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ - ਉਜਾਗਰ ਸਿੰਘ

ਵਿਗਿਆਨ ਖਾਸ ਤੌਰ ਤੇ ਸਿਹਤ ਵਿਗਿਆਨ ਦਾ ਸੰਗੀਤ ਅਤੇ ਸਾਹਿਤ ਨਾਲ ਸੁਮੇਲ ਵਿਲੱਖਣ ਸੰਯੋਗ ਹੈ ਕਿਉਂਕਿ ਵਿਗਿਆਨ ਤਾਂ ਨਿਸਚਿਤ ਅਸੂਲਾਂ ਅਤੇ ਸਿਧਾਂਤਾਂ ਦਾ ਦੂਜਾ ਨਾਮ ਹੈ। ਸਿਹਤ ਵਿਗਆਨ ਤਾਂ ਫਾਰਮੂਲਿਆਂ ਤੇ ਅਧਾਰਤ ਹੁੰਦਾ ਹੈ। ਕਈ ਸਾਲਟ ਅਤੇ ਕੈਮੀਕਲ ਮਿਲਾਕੇ ਦਵਾਈਆਂ ਬਣਦੀਆਂ ਹਨ। ਇਸ ਵਿਚ ਦੋ ਜਮਾ੍ਹਂ ਦੋ ਚਾਰ ਹੁੰਦੇ ਹਨ ਪ੍ਰੰਤੂ ਸੰਗੀਤ ਅਤੇ ਸਾਹਿਤ ਤਾਂ ਕਾਲਪਨਿਕ, ਅਹਿਸਾਸਾਂ ਅਤੇ ਭਾਵਨਾਵਾਂ ਦਾ ਪੁਲੰਦਾ ਹੁੰਦਾ ਹੈ, ਜਿਸਨੂੰ ਰੁਮਾਂਸਵਾਦ ਵਿਚ ਲਪੇਟਕੇ ਪਾਠਕਾਂ ਅਤੇ ਸਰੋਤਿਆਂ ਅੱਗੇ ਪ੍ਰੋਸਿਆ ਜਾਂਦਾ ਹੈ। ਪਾਠਕ ਅਤੇ ਸਰੋਤੇ ਆਪਣੇ ਮਨੋਰੰਜਨ ਲਈ ਸੁਆਦ ਲੈ ਕੇ ਪੜ੍ਹਦੇ ਅਤੇ ਸੁਣਦੇ ਹਨ। ਸੰਗੀਤ ਅਤੇ ਸਾਹਿਤ ਰੂਹ ਦੀ ਖ਼ੁਰਾਕ ਹੁੰਦੇ ਹਨ ਜਦੋਂ ਕਿ ਸਿਹਤ ਵਿਗਿਆਨ ਦਾ ਸੰਬੰਧ ਸਰੀਰ ਨਾਲ ਹੁੰਦਾ ਹੈ। ਡਾ ਮਨਜੀਤ ਸਿੰਘ ਬਲ ਇਕ ਅਜਿਹਾ ਵਿਅਕਤੀ ਹੈ, ਜਿਹੜਾ ਸਿਹਤ ਵਿਗਿਆਨ, ਸੰਗੀਤ ਅਤੇ ਸਾਹਿਤ ਦੀ ਤ੍ਰਿਵੈਣੀ ਹੈ। ਉਹ ਥਰੀ ਇਨ ਵਨ ਹੈ। ਉਹ ਮਾਨਵਤਾ ਦੀਆਂ ਸੰਗੀਤਕ, ਸਾਹਿਤਕ ਅਤੇ ਸਿਹਤ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਸੰਗੀਤ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦਾ ਹੈ, ਜਿਸ ਨਾਲ ਮਰੀਜ ਦੀ ਅੱਧੀ ਬਿਮਾਰੀ ਦੂਰ ਹੋ ਜਾਂਦੀ ਹੈ। ਕੁਦਰਤ ਨੇ ਉਸਦੇ ਗਲੇ ਵਿਚ ਮਿਸਰੀ ਘੋਲੀ ਹੋਈ ਹੈ। ਕਿਹਾ ਜਾਂਦਾ ਹੈ ਕਿ ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ। ਜਿਸਨੂੰ ਇਸ਼ਕ ਲੱਗ ਜਾਂਦਾ ਹੈ, ਉਹ ਚੈਨ ਨਾਲ ਬੈਠ ਨਹੀਂ ਸਕਦਾ। ਇਸ਼ਕ ਭਾਵੇਂ ਕਿਸੇ ਕਿਸਮ ਦਾ ਹੋਵੇ ਉਹ ਇਨਸਾਨ ਨੂੰ ਸਰਸਾਰ ਕਰ ਦਿੰਦਾ ਹੈ। ਡਾ ਮਨਜੀਤ ਸਿੰਘ ਬਲ ਨੂੰ ਸੰਗੀਤ ਨਾਲ ਇਸ਼ਕ ਹੋ ਗਿਆ ਹੈ, ਜਿਸ ਕਰਕੇ ਉਹ ਸੰਗੀਤ ਦੇ ਇਸ਼ਕ ਵਿਚ ਇਤਨਾ ਲਬਰੇਜ ਹੋਇਆ ਫਿਰਦਾ ਹੈ ਕਿ ਉਸਨੂੰ ਕਈ ਵਾਰੀ ਸੁੱਧ ਬੁੱਧ ਹੀ ਨਹੀਂ ਰਹਿੰਦੀ। ਉਹ ਸੰਗੀਤ ਵਿਚ ਗੜੁਚ ਹੋ ਜਾਂਦਾ ਹੈ। ਉਹ ਕਮਾਲ ਦਾ ਬੰਸਰੀ, ਬੈਂਜੋ ਅਤੇ ਹਰਮੋਨੀਅਮ ਵਾਦਕ ਹੈ। ਉਸਦੇ ਸਾਹ ਦੀ ਹਵਾ ਬੰਸਰੀ ਰਾਹੀਂ ਸੰਗੀਤਕ ਧੁਨਾਂ ਪੈਦਾ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੀ ਹੈ। ਉਸਦੀਆਂ ਉਂਗਲਾਂ ਦੀ ਛੋਹ ਹਰਮੋਨੀਅਮ ਅਤੇ ਬੈਂਜੋ ਦੀਆਂ ਸੁਰਾਂ ਵਿਸਮਾਦਮਈ ਕਰ ਦਿੰਦੀਆਂ ਹਨ। ਅਸਲ ਵਿਚ ਇਨ੍ਹਾਂ ਸੁਗਾਤਾਂ ਦੀ ਗੁੜ੍ਹਤੀ ਉਸਨੂੰ ਵਿਰਾਸਤ ਵਿਚੋਂ ਹੀ ਮਿਲੀ ਹੈ ਕਿਉਂਕਿ ਉਸਦਾ ਪਿਤਾ ਅਤੇ ਦਾਦਾ ਗੁਰੂ ਘਰ ਦੇ ਕੀਰਤਨੀਏਂ ਸਨ। ਕੀਰਤਨ ਦੇ ਸੰਗੀਤਮਈ ਰਸ ਨੇ ਉਸਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ। ਉਸਦਾ ਕਾਰਜਖੇਤਰ ਡਾਕਟਰੀ ਕਿੱਤਾ ਹੈ। ਉਹ ਬਿਮਾਰੀਆਂ ਕਿਉਂ, ਕਿਵੇਂ ਅਤੇ ਕਿਹੜੇ ਕਾਰਨਾ ਕਰਕੇ ਲਗਦੀਆਂ ਹਨ, ਨਵੀਂਆਂ ਅਤੇ ਪੁਰਾਣੀਆਂ ਖੋਜਾਂ ਅਨੁਸਾਰ ਬਿਮਾਰੀਆਂ ਦੇ ਇਲਾਜ ਕਿਵੇਂ ਕੀਤੇ ਜਾ ਸਕਦੇ ਹਨ ਬਾਰੇ ਖੋਜਾਂ ਕਰਕੇ ਉਨ੍ਹਾਂ ਦੇ ਇਲਾਜ ਦੀ ਸਲਾਹ ਦਿੰਦਾ ਹੈ ਪ੍ਰੰਤੂ ਕਈ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦੇ ਇਲਾਜ ਨਾਲੋਂ ਪ੍ਰਹੇਜ ਅਤੇ ਸੰਗੀਤਕ ਵਿਸਮਾਦ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਜ਼ਰੂਰਤ ਨੂੰ ਪੂਰੀ ਕਰਨ ਲਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਇਹ ਜਾਣਕਾਰੀ ਅਖ਼ਬਾਰਾਂ ਅਤੇ ਰਸਲਿਆਂ ਵਿਚੋਂ ਸਿਹਤ ਸੰਬੰਧੀ ਲੇਖ ਪੜ੍ਹਕੇ ਲਈ ਜਾ ਸਕਦੀ ਹੈ। ਇਸ ਤੇ ਕੋਈ ਖ਼ਰਚ ਵੀ ਨਹੀਂ ਹੁੰਦਾ। ਡਾਕਟਰੀ ਕਿੱਤਾ ਅੱਜ ਕਲ੍ਹ ਵਿਓਪਾਰਕ ਬਣ ਗਿਆ ਹੈ। ਟਾਂਵੇਂ ਟਾਂਵੇਂ ਡਾਕਟਰਾਂ ਨੂੰ ਛੱਡਕੇ ਕੋਈ ਵੀ ਡਾਕਟਰ ਮੁਫ਼ਤ ਨਾ ਤਾਂ ਸਲਾਹ ਦਿੰਦਾ ਹੈ ਅਤੇ ਨਾ ਹੀ ਮਰੀਜ ਨੂੰ ਵੇਖਦਾ ਹੈ। ਮਨਜੀਤ ਸਿੰਘ ਬਲ ਦਾ ਵਿਅਕਤਿਵ ਅਤੇ ਕਾਰਜਖੇਤਰ ਵੱਖਰਾ ਤੇ ਮਹੱਤਵਪੂਰਨ ਹੈ। ਉਹ ਆਪਣੀ ਪੜ੍ਹਾਈ ਅਤੇ ਤਜਰਬੇ ਤੇ ਅਧਾਰਤ ਜਾਣਕਾਰੀ ਆਪਣੇ ਲੇਖਾਂ ਰਾਹੀਂ ਪਾਠਕਾਂ ਨੂੰ ਰਸਦਾਇਕ ਬਣਾਕੇ ਦਿੰਦਾ ਰਹਿੰਦਾ ਹੈ। ਇਹ ਉਸਦਾ ਗੁਣ ਹੈ ਕਿ ਉਹ ਆਪਣੀ ਜਾਣਕਾਰੀ ਨੂੰ ਦਿਲਚਸਪ ਬਣਾਕੇ ਵਿਗਿਆਨਕ ਤੱਥਾਂ ਤੇ ਅਧਾਰਤ ਦਿੰਦਾ ਹੈ। ਉਸਦੇ ਲੇਖ ਮਰੀਜਾਂ ਨੂੰ ਡਰਾਉਂਦੇ ਨਹੀਂ ਸਗੋਂ ਬਿਮਾਰੀਆਂ ਦੇ ਅਗੇਤੇ ਇਲਾਜ ਦੀ ਸਲਾਹ ਦੇ ਕੇ ਮਰੀਜਾਂ ਦਾ ਹੌਸਲਾ ਵਧਾਉਂਦੇ ਹਨ। ਉਸ ਅਨੁਸਾਰ ਕੋਈ ਬਿਮਾਰੀ ਐਸੀ ਨਹੀਂ ਜਿਸਦਾ ਇਲਾਜ ਨਹੀਂ ਹੋ ਸਕਦਾ। ਉਹ ਮਰੀਜਾਂ ਨੂੰ ਆਪਣੀ ਇਛਾ ਸ਼ਕਤੀ ਮਜ਼ਬਤੂ ਕਰਨ ਲਈ ਪ੍ਰੇਰਦਾ ਹੈ। ਭਾਵੇਂ ਡਾਕਟਰ ਦਾ ਕਿੱਤਾ ਰੁਝੇਵਿਆਂ ਵਾਲਾ ਹੁੰਦਾ ਹੈ ਪ੍ਰੰਤੂ ਡਾਕਟਰ ਬਲ ਫਿਰ ਵੀ ਸਮਾਂ ਕੱਢਕੇ ਲਿਖਣ ਪੜ੍ਹਨ ਦਾ ਕੰਮ ਕਰਦਾ ਰਹਿੰਦਾ ਹੈ। ਸੰਗੀਤ ਉਸਦੀ ਰੂਹ ਦੀ ਖ਼ੁਰਾਕ ਹੈ। ਉਹ ਆਪਣੇ ਕਿੱਤੇ ਦੇ ਨਾਲ ਸਮਾਜ ਸੇਵਕ ਵੀ ਹੈ। ਸਾਹਿਤਕਾਰ ਦੇ ਤੌਰ ਤੇ ਸਾਹਿਤਕ ਸਮਾਗਮਾ ਵਿਚ ਸ਼ਰੀਕ ਹੁੰਦਾ ਰਹਿੰਦਾ ਹੈ। ਹੁਣ ਤੱਕ ਉਸਦੀਆਂ 11 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 2 ਹਿੰਦੀ ਅਤੇ 2 ਅੰਗਰੇਜੀ ਵਿਚ ਹਨ। ਇਸਤੋਂ ਇਲਾਵਾ ਉਸਨੂੰ ਗਾਉਣ ਦਾ ਵੀ ਸੌਕ ਹੈ। ਉਸਨੇ 2 ਫਿਲਮਾਂ ਵੀ ਬਣਾਈਆਂ ਹਨ। ਆਪ ਦੀਆਂ ਸਿਹਤ ਸੰਬੰਧੀ ਪੁਸਤਕਾਂ ਸਿਹਤ ਸਮੱਸਿਆਵਾਂ ਅਤੇ ਚੇਤਨਤਾ, ਰੋਗਾਂ ਦੀ ਉਤਪਤੀ ਕਿਵੇਂ ਤੇ ਕਿਉਂ?, ਸਿਹਤ ਸੰਭਾਲ ਕਿਵੇਂ ਕਰੀਏ ਅਤੇ ਗਦੂਦਾਂ ਦੀਆਂ ਸਮੱਸਿਆਵਾਂ ਬਹੁਤ ਹੀ ਹਰਮਨ ਪਿਆਰੀਆਂ ਹਨ। ਇਸਤੋਂ ਇਲਾਵਾ ਕਹਾਣੀਆਂ ਦੀ ਪੁਸਤਕ ''ਡੱਬੀਆਂ ਵਾਲਾ ਖੇਸ'' ਅਤੇ ਕਾਰਵਾਂ ਚਲਦਾ ਰਹੇ ਵੀ ਵਰਣਨਯੋਗ ਹਨ। ਡਾਕਟਰ ਬਲ ਬਹੁਪੱਖੀ ਸ਼ਖਸੀਅਤ ਦਾ ਮਾਲਕ ਹੈ। ਉਸਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਬਲ ਕਲਾਂ ਵਿਚ 1 ਅਪ੍ਰੈਲ 1953 ਨੂੰ ਪਿਤਾ ਸ੍ਰ ਸੰਤਾ ਸਿੰਘ ਅਤੇ ਮਾਤਾ ਸਰਦਾਰਨੀ ਪ੍ਰੀਤਮ ਕੌਰ ਦੇ ਘਰ ਹੋਇਆ। ਆਪਨੇ ਮਿਡਲ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਟਾਊਨ ਹਾਲ ਅੰਮ੍ਰਿਤਸਰ ਤੋਂ ਪਾਸ ਕੀਤੀ। ਪ੍ਰੀ ਮੈਡੀਕਲ ਡੀ ਏ ਵੀ ਕਾਲਜ ਅੰਮ੍ਰਿਤਸਰ ਤੋਂ ਕਰਨ ਤੋਂ ਬਾਅਦ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ ਬੀ ਬੀ ਐਸ ਦੀ ਡਿਗਰੀ ਪਾਸ ਕਰਕੇ 1987 ਵਿਚ ਪੈਥਾਲੋਜੀ ਵਿਚ ਮੁਹਾਰਤ ਐਫ ਆਈ ਸੀ ਪੀ ਪਾਸ ਕੀਤੀ। ਐਮ ਬੀ ਬੀ ਐਸ ਕਰਨ ਤੋਂ ਬਾਅਦ 1977 ਵਿਚ ਉਸਨੇ ਸਰਕਾਰੀ ਨੌਕਰੀ ਕੀਤੀ। ਉਹ ਕਈ ਪੇਂਡੂ ਡਿਸਪੈਂਸਰੀਆਂ ਵਿਚ ਬਤੌਰ ਮੈਡੀਕਲ ਅਫਸਰ ਕੰਮ ਕਰਦਾ ਰਿਹਾ। ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਇਲਾਕੇ ਵਿਚ ਇਤਿਹਾਸਕ ਪਿੰਡ ਛੀਨਾ ਬਿਧੀ ਚੰਦ ਵਿਖੇ ਨੌਕਰੀ ਦੌਰਾਨ ਉਸਨੇ ਗ਼ਰੀਬ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਿਆ ਅਤੇ ਰਾਤ ਬਰਾਤੇ ਵੀ ਮਰੀਜਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਵੇਖਦਾ ਰਿਹਾ। ਉਸ ਪਿੰਡ ਦੇ ਲੋਕ ਅੱਜ ਤੱਕ ਉਸਨੂੰ ਯਾਦ ਕਰਦੇ ਹਨ। ਉਸ ਤੋਂ ਬਾਅਦ 1 ਜਨਵਰੀ 1984 ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਨੌਕਰੀ ਕਰ ਲਈ। ਫਿਰ ਆਪਨੇ ਅਗਸਤ 1998 ਵਿਚ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵਿਚ ਪੈਥਾਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁੱਖੀ ਦੇ ਤੌਰ ਤੇ ਡਿਊਟੀ ਸੰਭਾਲ ਲਈ। ਮੈਡੀਕਲ ਕਾਲਜ ਵਿਚ ਪ੍ਰਬੰਧਕੀ ਜ਼ਿੰਮੇਵਾਰੀ ਕਾਰਜਕਾਰੀ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਇਨਟੈਂਡੈਟ ਦੀ ਵੀ ਨਿਭਾਈ। ਇਸ ਦੌਰਾਨ ਆਪ ਨੂੰ 2011 ਵਿਚ ਮੈਡੀਕਲ ਕੌਂਸਲ ਆਫ ਰਿਸਰਚ ਭਾਰਤ ਸਰਕਾਰ ਨੇ ਪੰਜਾਬ ਵਿਚ ਕੈਂਸਰ ਬਾਰੇ ਸਰਵੇ ਕਰਨ ਦੀ ਜ਼ਿੰਮੇਵਾਰੀ ਇਨਵੈਸਟੀਗੇਟਰ ਦੇ ਤੌਰ ਤੇ ਲਗਾਈ, ਜਿਸਨੂੰ ਆਪਨੇ ਬਾਖ਼ੂਬੀ ਨਾਲ ਨਿਭਾਇਆ। ਪਟਿਆਲਾ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਹੋਣ ਕਰਕੇ ਡਾ ਮਨਜੀਤ ਸਿੰਘ ਬਲ ਦੇ ਲਿਖਣ ਪੜ੍ਹਨ ਦੇ ਸੌਕ ਨੂੰ ਬੂਰ ਪੈਣ ਲੱਗ ਗਏ। ਉਹ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪੈਥਾਲੋਜੀ ਵਿਭਾਗ ਦੇ ਮੁੱਖੀ ਰਹੇ ਹਨ। ਉਥੋਂ ਹੀ ਸੇਵਾ ਮੁਕਤ ਹੋਏ ਹਨ। ਅੱਜ ਕਲ੍ਹ ਐਮ ਐਮ ਮੈਡੀਕਲ ਕਾਲਜ ਅਤੇ ਹਸਪਤਾਲ ਕੁਮਾਰਹੱਟੀ ਸੋਲਨ ਵਿਖੇ ਬਤੌਰ ਪ੍ਰੋਫੈਸਰ ਪੈਥਾਲੋਜੀ ਸੇਵਾ ਨਿਭਾ ਰਹੇ ਹਨ। ਉਸਨੇ ਆਪਣੀ ਨੌਕਰੀ ਦੌਰਾਨ ਬਹੁਤ ਸਾਰੇ ਸੈਮੀਨਾਰਾਂ ਅਤੇ ਸਿਹਤ ਕਨਵੈਨਸ਼ਨਾ ਵਿਚ ਦੇਸ ਵਿਦੇਸ ਵਿਚ ਹਿੱਸਾ ਲਿਆ ਅਤੇ ਆਪਣੇ ਖੋਜ ਭਰਪੂਰ ਪੇਪਰ ਪੜ੍ਹੇ ਜਿਹੜੇ ਸਲਾਹੇ ਗਏ। ਆਪ ਖੋਜ ਪੇਪਰ ਪੜ੍ਹਨ ਲਈ ਪਾਕਿਸਤਾਨ, ਸਿੰਘਾਪੁਰ, ਇੰਗਲੈਂਡ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਵਿਚ ਵਿਸੇਸ ਤੌਰ ਤੇ ਗਏ। ਇਸ ਦੌਰਾਨ ਆਪ ਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ, ਜਿਨ੍ਹਾਂ ਵਿਚ ਪਾਕਿਸਤਾਨ ਐਸੋਸੀਏਸ਼ਨ ਆਫ ਪੈਥਾਲੋਜਿਸਟਸ ਲਾਹੌਰ, ਬੰਗਲਾ ਦੇਸ਼ ਐਸੋਸੀਏਸ਼ਨ ਆਫ ਪੈਥਾਲੋਜਿਸਟਸ ਢਾਕਾ, ਸਿੰਘਾਪੁਰ ਕੈਂਸਰ ਸੋਸਾਇਟੀ ਸਿੰਘਾਪੁਰ, ਐਸੋਸੀਏਸ਼ਨ ਆਫ ਪੈਥਾਲੋਜਿਸਟਸ ਆਫ ਨੈਪਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ, ਸੈਂਟਰਲ ਯੂਨੀਵਰਸਿਟੀ ਬਠਿੰਡਾ, ਇੰਟਰਨੈਸ਼ਨਲ ਗਾਇਨੀਕਾਲੋਜੀ ਕੈਂਸਰ ਸੋਸਾਇਟੀ ਮੈਲਬਾਰਨ ਆਸਟਰੇਲੀਆ, ਗਿਆਨਦੀਪ ਸਾਹਿਤਯ ਸਾਧਨਾ ਮੰਚ ਪਟਿਆਲਾ, ਮੋਦੀ ਕਾਲਜ ਪਟਿਆਲਾ, ਗਲੋਬਲ ਪੰਜਾਬ ਫਾਊਂਡੇਸ਼ਨ ਪਟਿਆਲਾ, ਸਿਹਤ ਪਰਿਵਾਰ ਭਲਾਈ ਵਿਭਾਗ ਮਾਨਸਾ, ਰਾਸ਼ਟਰੀਯ ਕਵੀ ਸੰਮੇਲਨ ਪਟਿਆਲਾ, ਸਿੱਖ ਟੈਂਪਲ ਹੈਲੀਫੈਕਸ ਨੋਵਾਸਕੇਟੀਆ ਕੈਨੇਡਾ, ਗੁਰਦੁਆਰਾ ਸਚਖੰਡ ਰੋਜ਼ਵਿਲੇ ਸਕਾਰਮੈਂਟੋ ਅਮਰੀਕਾ, ਕਾਮਾਗਾਟਾ ਮਾਰੂ ਹੈਰੀਟੇਜ ਫਾਊਂਡੇਸ਼ਨ ਵੈਨਕੂਵਰ ਕੈਨੇਡਾ, ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ ਆਸਟਰੇਲੀਆ ਅਤੇ ਪੰਜਾਬੀ ਅਖ਼ਬਾਰ ਕੈਲਗਰੀ ਸ਼ਾਮਲ ਹਨ। ਡਾ ਮਨਜੀਤ ਸਿੰਘ ਬਲ ਦਾ ਸਮੁੱਚਾ ਪਰਿਵਾਰ ਪੜ੍ਹਿਆ ਲਿਖਿਆ ਹੈ ਇਸ ਲਈ ਪਰਿਵਾਰ ਦੇ ਸਾਰੇ ਮੈਂਬਰ ਉਸਨੂੰ ਪੂਰਾ ਸਾਥ ਦੇ ਰਹੇ ਹਨ। ੳਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਘਰੇਲੂ ਇਸਤਰੀ ਹੈ, ਜਿਸਨੇ ਡਾਕਟਰ ਮਨਜੀਤ ਸਿੰਘ ਦੇ ਰੁਝੇ ਰਹਿੰਦਿਆਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ ਹੈ। ਆਪਦੀ ਲੜਕਾ ਡਾ ਮਹਿਤਾਬ ਬਲ, ਲੜਕੀ ਡਾ ਸਿਮਰਨ ਅਤੇ ਜੁਆਈ ਡਾ ਉਪਿੰਦਰਧੀਰ ਸਿੰਘ ਸਾਰੇ ਡਾਕਟਰ ਹਨ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

09 Oct. 2018

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ ਖਾਲਸਾ ਏਡ ਮਿਸ਼ਨ ਸੰਸਥਾ - ਉਜਾਗਰ ਸਿੰਘ

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ। ਇਸ ਸੰਸਥਾ ਦੇ ਕਰਤਾਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦੀ ਵਿਚਾਰਧਾਰਾ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ। ਸਿੱਖੀ ਸਰੂਪ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1666 ਨੂੰ ਦਿੱਤਾ। ਉਸ ਦਿਨ ਤੋਂ ਅੱਜ ਤੱਕ ਸਿੱਖ ਜਗਤ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਕੋਸਿਸ਼ ਕਰ ਰਿਹਾ ਹੈ। ਗੁਰੂ ਨਾਨਕ ਦੇ ਕੁਝ ਅਨੁਆਈ ਗੁਰਮੁੱਖ ਸੰਸਾਰ ਵਿਚ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਇਨ੍ਹਾਂ ਗੁਰਮੁੱਖਾਂ ਵਿਚੋਂ ਰਵੀ ਸਿੰਘ ਇੱਕ ਅਜਿਹਾ ਸਿੱਖ ਹੈ ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਦੀਨ ਦੁਖੀਆਂ ਦੀ ਸੇਵਾ ਕਰ ਰਿਹਾ ਹੈ। ਸਿੱਖ ਸੇਵਾ ਦੀ ਵਿਰਾਸਤ ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆਂ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਬਚਨਵੱਧ ਹਨ। ਧਰਮ ਇੱਕ ਸਿੱਖ ਲਈ ਜ਼ਿੰਦਗੀ ਹੈ। ਉਹ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦਾ। ਸਿੱਖ ਧਰਮ ਸੰਸਾਰ ਵਿਚ ਸਾਰੇ ਧਰਮਾ ਵਿਚੋਂ ਆਧੁਨਿਕ ਸਮਾਜਿਕ ਬਰਾਬਰੀ, ਸਰਬੱਤ ਦਾ ਭਲਾ ਕਰਨ ਵਾਲਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਜਾਤ ਪਾਤ ਦੇ ਬੰਧਨਾ ਤੋਂ ਮੁਕਤ ਗਿਣਿਆਂ ਜਾਂਦਾ ਹੈ। ਹਰ ਇਨਸਾਨ ਦੇ ਦੁੱਖ ਸੁੱਖ ਦਾ ਪਹਿਰੇਦਾਰ ਹੈ। ਗ਼ਰੀਬ ਤੇ ਗਊ ਦੀ ਰੱਖਿਆ ਕਰਨ ਵਿਚ ਵੀ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜਦੋਂ ਵੀ ਕਿਸੇ ਇਨਸਾਨ ਤੇ ਕੋਈ ਭੀੜ ਪੈਂਦੀ ਹੈ ਤਾਂ ਸਿੱਖ ਧਰਮ ਦੇ ਅਨੁਆਈ ਉਸਦੀ ਮਦਦ ਕਰਨ ਲਈ ਹਮੇਸ਼ਾ ਬਿਨਾ ਕਿਸੇ ਭੇਦ ਭਾਵ ਦੇ ਤੱਤਪਰ ਰਹਿੰਦੇ ਹਨ। ਸਿੱਖ ਧਰਮ ਵਿਚ ਸੇਵਾ ਦੀ ਭਾਵਨਾ ਦਾ ਪ੍ਰੇਰਨਾ ਸਰੋਤ ਭਾਈ ਘਨ੍ਹਈਆ ਹੈ, ਜਿਹੜਾ ਮੁਗ਼ਲਾਂ ਨਾਲ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਲੜਾਈ ਵਿਚ ਬਿਨਾ ਭੇਦ ਭਾਵ ਦੋਹਾਂ ਧਿਰਾਂ ਦੇ ਜਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਰਿਹਾ ਹੈ। ਇਸੇ ਪਰੰਪਰਾ ਤੇ ਪਹਿਰਾ ਦਿੰਦਿਆਂ ਗੁਰਦੁਆਰਾ ਸਾਹਿਬਾਨ ਵਿਚ ਲੰਗਰ ਪ੍ਰਥਾ ਸੰਗਤ ਤੇ ਪੰਗਤ ਦੇ ਰੂਪ ਵਿਚ ਚਾਲੂ ਹੈ। ਪੰਗਤ ਵਿਚ ਬੈਠਣ ਦਾ ਭਾਵ ਹੈ ਕਿ ਸਾਰੇ ਅਮੀਰ ਗ਼ਰੀਬ ਅਤੇ ਹਰ ਇਨਸਾਨ ਬਰਾਬਰ ਦਾ ਹੱਕ ਰੱਖਦਾ ਹੈ। ਕਿਸੇ ਨਾਲ ਕੋਈ ਭੇਦ ਭਾਵ ਨਹੀਂ। ਇਸੇ ਵਿਚਾਰਧਾਰਾ ਤੇ ਗੁਰੂ ਦੇ ਸੇਵਕ ਉਦੋਂ ਤੋਂ ਹੀ ਪਹਿਰਾ ਦਿੰਦੇ ਆ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ ਨਾ ਕੋਈ ਵੈਰੀ ਨਾ ਬਿਗਾਨਾ ਦੀ ਪਰੰਪਰਾ ਤੇ ਚਲਦੀ ਹੋਈ ਮਨੁਖਤਾ ਦੇ ਜਮਹੂਰੀ ਹੱਕਾਂ ਉਪਰ ਪਹਿਰਾ ਦੇ ਕੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਗੁਰੂ ਦੇ ਅਨੁਆਈ ਸੰਸਾਰ ਵਿਚ ਇਨਸਾਨੀਅਤ ਦੀ ਸੇਵਾ ਵਿਚ ਜੁੱਟੇ ਹੋਏ ਹਨ। ਸਿੱਖ ਵਿਚਾਰਧਾਰਾ ਦਾ ਸੰਕਲਪ ਕਲਿਆਣਕਾਰੀ ਰਾਜ ਦਾ ਹੈ। ਕਲਿਆਣਕਾਰੀ ਪ੍ਰਵਿਰਤੀ ਹੋਣ ਕਰਕੇ ਹੀ ਸਿੱਖ ਸੰਗਤ ਇਹ ਸੇਵਾ, ਉਹ ਆਪਣੀ ਦਸਾਂ ਨਹੁੰਆਂ ਦੀ ਕ੍ਰਿਤ ਕਮਾਈ ਵਿਚੋਂ ਦਸੌਂਧ ਕੱਢਕੇ ਕਰਦੀ ਹੈ। ਗੁਰੂ ਘਰ ਵਿਚ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਜ਼ਾਤ, ਧਰਮ ਜਾਂ ਨਸਲ ਦਾ ਹੋਵੇ ਤਾਂ ਉਸਨੂੰ ਲੰਗਰ ਛੱਕਾਇਆ ਜਾਂਦਾ ਹੈ। ਜਦੋਂ ਵੀ ਸਮਾਜ ਵਿਚ ਕੋਈ ਕੁਦਰਤੀ ਆਫਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਉਸ ਸਮੇਂ ਸਿੱਖ ਧਰਮ ਦੇ ਵਾਰਸ ਸਹਾਇਤਾ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਭਾਵੇਂ ਕਿਤਨੇ ਹੀ ਮੁਸ਼ਕਲ ਹਾਲਾਤ ਹੋਣ ਪ੍ਰੰਤੂ ਗੁਰੂ ਦਾ ਸਿੱਖ ਹਰ ਹਾਲਤ ਵਿਚ ਉਥੇ ਪਹੁੰਚਕੇ ਮਦਦ ਕਰਦਾ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਜਿਹੇ ਭਲਾਈ ਦੇ ਕਾਰਜਾਂ ਵਿਚ ਸੰਸਾਰ ਦੇ ਵੱਖ-ਵੱਖ ਦੇਸਾਂ ਵਿਚ ਲੱਗੀਆਂ ਹੋਈਆਂ ਹਨ। ਜਿਸ ਕਰਕੇ ਸਿੱਖ ਧਰਮ ਦੀ ਮਾਣਤਾ, ਪਛਾਣ ਅਤੇ ਵਕਾਰ ਵਿਚ ਵਾਧਾ ਹੋ ਰਿਹਾ ਹੈ। ਸਿੱਖਾਂ ਦੀ ਜਿਹੜੀ ਪਛਾਣ ਦੀ ਸਮੱਸਿਆ ਵਿਦੇਸ਼ਾਂ ਵਿਚ ਪੈਦਾ ਹੋਈ ਹੈ, ਉਸਨੂੰ ਦੂਰ ਕਰਨ ਵਿਚ ਅਜਿਹੀ ਇੱਕ ਸਵੈ ਸੇਵੀ  ਨਿਰਸਵਾਰਥ ਸੰਸਥਾ ਨਾਨਕ ਨਾਮ ਲੇਵਾ ਭਾਈ ਰਾਵਿੰਦਰ ਸਿੰਘ, ਜਿਸਨੂੰ ਰਵੀ ਸਿੰਘ ਦੇ ਨਾਮ ਨਾਲ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ, ਨੇ ਇੰਗਲੈਂਡ ਦੇ ਸਲੋਹ ਸ਼ਹਿਰ ਵਿਚ ਖਾਲਸਾ ਦੀ ਸਾਜਨਾ ਦੇ 300ਵੇਂ ਵਰ੍ਹੇ 1999 ਵਿਚ ਖਾਲਸਾ ਏਡ ਮਿਸ਼ਨ ਸਥਾਪਤ ਕੀਤੀ ਸੀ। ਇਸ ਖਾਲਸਾ ਏਡ ਮਿਸ਼ਨ ਟਰੱਸਟ ਦੇ 6 ਟਰੱਸਟੀ ਹਨ। ਰਾਵਿੰਦਰ ਸਿੰਘ ਇਸਦੇ ਮੁੱਖੀ ਹਨ। ਇਹ ਸੰਸਥਾ ਇੰਗਲੈਂਡ ਦੇ ਚੈਰਿਟੀ ਕਮਿਸ਼ਨ ਅਧੀਨ ਰਜਿਸਟਰਡ ਕੀਤੀ ਗਈ ਹੈ। ਭਾਰਤ ਵਿਚ ਇਹ ਗੈਰਸਰਕਾਰੀ ਸੰਸਥਾ 2012 ਵਿਚ ਰਜਿਸਟਰ ਹੋਈ ਹੈ। ਭਾਰਤ ਵਿਚ ਇਸਦੇ 9 ਟਰੱਸਟੀ ਹਨ। ਇਸਦੇ ਭਾਰਤ ਦੇ ਡਾਇਰੈਕਟਰ ਅਮਰਜੀਤ ਸਿੰਘ ਹਨ। ਸੰਸਾਰ ਵਿਚ ਇਸ ਸੰਸਥਾ ਦੇ 18000 ਵਾਲੰਟੀਅਰ ਹਨ। ਇਹ ਸੰਸਥਾ ਸੰਸਾਰ ਵਿਚ ਕਿਸੇ ਵੀ ਥਾਂ ਤੇ ਕੋਈ ਭੀੜ ਪਵੇ, ਜੰਗ, ਤੂਫ਼ਾਨ, ਭੁਚਾਲ, ਸੁਨਾਮੀ, ਹੜ੍ਹ, ਭੁੱਖਮਰੀ ਜਾਂ ਕੋਈ ਵੀ ਹੋਰ ਕੁਦਰਤੀ ਆਫਤ ਆਈ ਹੋਵੇ, ਉਥੇ ਇਸਦੇ ਵਾਲੰਟੀਅਰ ਰਾਸ਼ਣ ਪਾਣੀ ਲੈ ਕੇ ਪਹੁੰਚ ਜਾਂਦੇ ਹਨ। ਮਾਨਵਤਾ ਦੀ ਸੇਵਾ ਇਸ ਸੰਸਥਾ ਦਾ ਮੁੱਖ ਕੰਮ ਹੈ। ਜਿਥੇ ਸਰਕਾਰਾਂ ਹੱਥ ਖੜ੍ਹੇ ਕਰ ਦਿੰਦੀਆਂ ਹਨ, ਉਥੇ ਇਸ ਸੰਸਥਾ ਦੇ ਵਾਲੰਟੀਅਰ ਸੇਵਾਦਾਰ ਪਹੁੰਚਕੇ ਇਨਸਾਨੀਅਤ ਦੀ ਸੇਵਾ ਕਰਦੇ ਹਨ। ਹੁਣ ਤੱਕ ਸੰਸਾਰ ਦੇ ਪੱਚੀ ਦੇਸਾਂ ਵਿਚ ਇਸਨੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਸੰਸਥਾ ਨੇ ਆਪਣੇ ਵਾਲੰਟੀਅਰ ਇਨ੍ਹਾਂ ਦੇਸਾਂ ਵਿਚ ਬਣਾ ਲਏ ਹਨ, ਜਿਹੜੇ ਆਪਣੀ ਹੱਕ ਸੱਚ ਦੀ ਕਮਾਈ ਦਾ ਦਸਵਾਂ ਹਿੱਸਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਸਵੰਦ ਕਿਹਾ ਜਾਂਦਾ ਹੈ, ਇਸ ਮਿਸ਼ਨ ਨੂੰ ਦਾਨ ਦਿੰਦੇ ਹਨ। ਜਿਸਦੇ ਨਾਲ ਇਹ ਸੰਸਥਾ ਮਾਨਵਤਾ ਦੀ ਸੇਵਾ ਕਰਦੀ ਹੈ। ਇਸ ਸੰਸਥਾ ਨੇ ਸੰਸਾਰ ਵਿਚ ਮਨੁੱਖਤਾ ਦੀ ਸੇਵਾ ਵਿਚ ਪਹਿਲ ਕਰਕੇ ਨਾਮਣਾ ਖੱਟਿਆ ਹੈ। ਇਸ ਸੰਸਥਾ ਵੱਲੋਂ ਪਿਛਲੇ 18 ਸਾਲਾਂ ਵਿਚ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਲੇਖਾ ਜੋਖਾ ਦੇਣ ਦੀ ਕੋਸਿਸ਼ ਕਰਾਂਗਾ ਜੋ ਸੰਖੇਪ ਵਿਚ ਇਸ ਪ੍ਰਕਾਰ ਹਨ-ਸਭ ਤੋਂ ਪਹਿਲਾਂ ਇਸ ਸੰਸਥਾ ਨੇ ਅਪ੍ਰੈਲ 1999 ਵਿਚ ਯੋਗੋਸਲਾਵੀਆ ਵਿਚ ਅਲਵਾਨੀਆਂ ਦੇ ਸਥਾਨ ਤੇ ਕੋਸੋਵ ਮਿਸ਼ਨ ਦੇ ਨਾਂ ਤੇ ਖ਼ੂਨੀ ਲੜਾਈ ਵਿਚ ਬੇਘਰ ਹੋਏ ਸ਼ਰਨਾਰਥੀਆਂ ਨੂੰ ਮੁਫ਼ਤ ਖਾਣਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਲੰਗਰ ਕਿਹਾ ਜਾਂਦਾ ਹੈ, ਟਰੱਕਾਂ ਵਿਚ ਲਿਜਾਕੇ ਖਿਲਾਇਆ। ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਜੰਗ ਦੌਰਾਨ ਭਾਈ ਘਨ੍ਹਈਆ ਦੀ ਤਰ੍ਹਾਂ ਸੇਵਾ ਕੀਤੀ। ਕਪੜਾ ਲੀੜਾ ਤਨ ਢੱਕਣ ਲਈ ਜਿਹੜਾ ਜ਼ਰੂਰੀ ਸੀ ਉਹ ਦਿੱਤਾ ਗਿਆ। ਅਗਸਤ 1999 ਵਿਚ ਤੁਰਕੀ ਵਿਚ ਭੁੱਚਾਲ ਆ ਗਿਆ ਜਿਸ ਵਿਚ ਅਨੇਕਾਂ ਲੋਕ ਘਰੋਂ ਬੇਘਰ ਹੋ ਗਏ। ਉਥੇ ਵੀ ਖਾਲਸਾ ਏਡ ਦੇ ਵਾਲੰਟੀਅਰ ਰਵੀ ਸਿੰਘ ਦੀ ਅਗਵਾਈ ਵਿਚ ਪਹੁੰਚੇ ਅਤੇ ਲੋੜਮੰਦਾਂ ਨੂੰ ਖਾਣ ਪੀਣ ਤੋਂ ਇਲਾਵਾ ਹਰ ਲੋੜੀਂਦਾ ਕਪੜਾ ਲੀੜਾ ਦਿੱਤਾ। ਦਸੰਬਰ 1999 ਵਿਚ ਭਾਰਤ ਵਿਚ ਉੜੀਸਾ ਵਿਚ ਸੁਨਾਮੀ ਆ ਗਈ ਜਿਸਨੇ ਇਨਸਾਨੀਅਤ ਨੂੰ ਵਖਤ ਪਾ ਦਿੱਤਾ। ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਖਾਲਸਾ ਏਡ ਦੇ ਵਾਲੰਟੀਅਰ ਉਥੇ ਪਹੁੰਚੇ ਅਤੇ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਲਗਾਤਾਰ ਖਲਾਉਂਦੇ ਰਹੇ। ਇਥੋਂ ਤੱਕ ਕਿ ਘਰ ਵੀ ਬਣਾਕੇ ਦਿੱਤੇ। ਇਸ ਤੋਂ ਬਾਅਦ ਲਗਾਤਾਰ ਸਮੁੱਚੇ ਸੰਸਾਰ ਵਿਚ ਇਹ ਸਿਲਸਿਲਾ ਚਲਦਾ ਆ ਰਿਹਾ ਹੈ। ਜਨਵਰੀ 2002 ਵਿਚ ਕਾਂਗੋ ਤੇ ਰਵਾਂਡਾ ਵਿਚ ਜਵਾਲਾਮੁੱਖੀ ਫੱਟਣ ਨਾਲ ਆਫਤ ਆ ਗਈ। ਖਾਲਸਾ ਏਡ ਨੇ ਉਥੇ ਪਹੁੰਚਕੇ ਖਾਣਾ ਅਤੇ ਹੋਰ ਸਾਜੋ ਸਾਮਾਨ ਸਪਲਾਈ ਕੀਤਾ। ਜੁਲਾਈ 2003 ਵਿਚ ਕਾਬੁਲ ਦੇ ਸ਼ਰਨਾਰਥੀਆਂ ਦੀ ਮਦਦ ਕੀਤੀ। ਦਸੰਬਰ 2004 ਵਿਚ ਭਾਰਤ ਦੇ ਅੰਡੇਮਾਨ ਟਾਪੂ ਵਿਚ ਸੁਨਾਮੀ ਆ ਗਈ ਇਥੇ ਵੀ ਵਾਲੰਟੀਅਰਾਂ ਨੇ ਜਾ ਕੇ ਲੰਗਰ ਲਾਇਆ ਅਤੇ ਕਪੜੇ ਲੀੜੇ ਦਿੱਤੇ। ਮਾਰਚ 2005 ਵਿਚ ਪਾਕਿਸਤਾਨ ਵਿਚ ਭੁਚਾਲ ਆ ਗਿਆ। ਇਸ ਮੌਕੇ ਵੀ ਖਾਲਸਾ ਏਡ ਨੇ ਖਾਣਾ ਪਹੁੰਚਾਇਆ ਅਤੇ ਲੋਕਾਂ ਦੇ ਮੁੜਵਸੇਬੇ ਵਿਚ ਮਦਦ ਕੀਤੀ। ਇਸੇ ਤਰ੍ਹਾਂ ਅਗਸਤ 2007 ਪੰਜਾਬ ਦੇ ਹੜ੍ਹਾਂ, ਜਨਵਰੀ 2010 ਵਿਚ ਹੈਤੀ ਭੁਚਾਲ, ਮਾਰਚ 2011 ਲਿਬੀਆ ਅਤੇ ਸੀਰੀਆ, 2013 ਵਿਚ ਉਤਰਾਖੰਡ ਹੜ੍ਹਾਂ ਦੌਰਾਨ, ਸਤੰਬਰ 2013 ਵਿਚ ਮੁਜ਼ੱਫਰਪੁਰ ਦੰਗੇ, ਸਤੰਬਰ 2014 ਜਮੂੰ ਕਸ਼ਮੀਰ ਹੜ੍ਹਾਂ ਦੌਰਾਨ, ਜੁਲਾਈ 2015 ਯਮਨ ਗ੍ਰਹਿ ਯੁੱਧ, ਮਈ 2016 ਗ੍ਰੀਸ ਸ਼ਰਨਾਰਥੀ ਅਤੇ 2017 ਅਗਸਤ ਰੋਹਿੰਗੀਆ ਮਿਸ਼ਨ ਵਿਚ ਲੰਗਰ ਕਪੜਾ ਲੀੜਾ ਅਤੇ ਹੋਰ ਸਾਮਾਨ ਉਪਲਭਧ ਕਰਵਾਇਆ। ਜਨਵਰੀ 2014 ਵਿਚ ਇੰਗਲੈਂਡ ਦੇ ਸਮਰਸੈਟ ਅਤੇ ਬਰਕਸ਼ਾਇਰ ਇਲਾਕਿਆਂ ਦੇ ਪਿੰਡਾਂ ਵਿਚ ਭਿਆਨਕ ਹੜ੍ਹ ਆ ਗਿਆ। ਹੜ੍ਹ ਇਤਨਾ ਜ਼ਿਆਦਾ ਸੀ ਕਿ ਘਰਾਂ ਦੇ ਘਰ ਰੋੜ੍ਹ ਕੇ ਲੈ ਗਿਆ। ਹਜ਼ਾਰਾਂ ਟਨ ਕੂੜਾ ਘਰਾਂ ਵਿਚ ਇਕੱਠਾ ਹੋ ਗਿਆ। ਉਥੋਂ ਦਾ ਪ੍ਰਬੰਧ ਵੀ ਬੇਬਸ ਹੋ ਗਿਆ। ਖਾਲਸਾ ਏਡ ਦੇ 50 ਵਾਲੰਟੀਅਰ ਉਥੇ ਪਹੁੰਚ ਗਏ, ਜਿਨ੍ਹਾਂ ਉਥੋਂ ਦੇ ਬੇਘਰ ਹੋਏ ਨਿਵਾਸੀਆਂ ਲਈ ਰਹਿਣ ਦਾ ਪ੍ਰਬੰਧ ਕੈਂਪਿੰਗ ਰਾਹੀਂ ਕੀਤਾ ਅਤੇ ਖਾਣ ਪੀਣ ਲਈ ਲੰਗਰ ਅਤੇ ਪਾਣੀ ਲਗਾਤਾਰ ਦਿੰਦੇ ਰਹੇ, ਜਿਤਨੀ ਦੇਰ ਤੱਕ ਉਨ੍ਹਾਂ ਦਾ ਸਥਾਈ ਪ੍ਰਬੰਧ ਨਹੀਂ ਹੋ ਗਿਆ। ਖਾਲਸਾ ਏਡ ਦੇ ਵਾਲੰਟੀਅਰਾਂ ਨੇ 1500 ਘੰਟੇ ਲਗਾਤਾਰ ਕੰਮ ਕਰਕੇ 1ਲੱਖ 600 ਟਨ ਕੂੜ ਕਬਾੜ ਦੇ ਬੈਗ ਢੋਅ ਕੇ ਘਰਾਂ ਵਿਚੋਂ ਬਾਹਰ ਸੁੱਟੇ। ਜੇਕਰ ਇਹ ਗੰਦ ਮੰਦ ਢੋਅ ਕੇ ਬਾਹਰ ਨਾ ਲਿਜਾਂਦੇ ਤਾਂ ਬਿਮਾਰੀਆਂ ਫੈਲਣ ਦਾ ਡਰ ਸੀ। ਖਾਲਸਾ ਏਡ ਦੀ ਸੇਵਾ ਭਾਵਨਾ ਵੇਖ ਕੇ ਸਥਾਨਕ ਗੋਰੇ ਵੀ ਵਾਲੰਟੀਅਰ ਬਣ ਗਏ। ਰਵੀ ਸਿੰਘ ਦੀ ਸੇਵਾ ਤੋਂ ਗੋਰੇ ਇਤਨੇ ਪ੍ਰਭਾਵਤ ਹੋਏ ਕਿ ਉਨਾਂ ਨੇ ਉਥੋਂ ਦੇ ''ਸਰਪ੍ਰਾਈਜ਼ ਸਰਪ੍ਰਾਈਜ਼'' ਟੈਲੀਵਿਜ਼ਨ ਸ਼ੋ ਵਿਚ ਰਵੀ ਸਿੰਘ ਨੂੰ ਬੁਲਾਕੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਅਤੇ ਉਸਦੀ ਪੁਰਾਣੀ ਕਬਾੜ ਹੋਈ ਕਾਰ ਦੀ ਮੁਰੰਮਤ ਕਰਵਾਕੇ ਦਿੱਤੀ। ਅਪ੍ਰੈਲ 2015 ਵਿਚ ਨੇਪਾਲ ਭੁਚਾਲ ਦੇ ਸਮੇਂ ਹਰ ਰੋਜ਼ 10 000 ਲੋਕਾਂ ਨੂੰ ਦੋ ਮਹੀਨੇ ਲਗਾਤਾਰ ਲੰਗਰ ਛਕਾਉਂਦੇ ਰਹੇ। ਇਸ ਤੋਂ ਇਲਾਵਾ ਕਪੜਾ ਲੀੜਾ ਦਿੱਤਾ ਅਤੇ 1200 ਘਰ ਨਵੇਂ ਉਸਾਰਕੇ ਦਿੱਤੇ। ਸੀਰੀਆ ਵਿਖੇ ਸ਼ਰਨਾਰਥੀਆਂ ਨੂੰ ਪਿਛਲੇ ਚਾਰ ਸਾਲ ਤੋਂ ਖਾਣਾ ਦੇ ਰਹੇ ਹਨ। ਹੁਣੇ ਕੇਰਲਾ ਵਿਚ ਹੜ੍ਹ ਆਏ ਹਨ ਜਿਥੇ  ਤੋਂ ਵੁਪਰ ਜਾਨੀ ਨੁਕਸਾਨ ਹੋਇਆ ਹੈ ਅਤੇ ਹਜਜ਼ਜਾਾਂ ਲੋਕ ਘਰੋਂ ਬੇਘਰ ਹੋ ਗਏ। ਇਥੇ ਵੀ ਖਾਲਸਾ ਏਡ ਦੇ ਵਾਲੰਟੀਅਰ ਪਹੁੰਚਕੇ ਲੰਗਰ ਲਗਾ ਰਹੇ ਹਨ।
  ਰਵੀ ਸਿੰਘ ਮਹਿਸੂਸ ਕਰ ਰਿਹਾ ਹੈ ਕਿ ਲੋਕਾਂ ਵਿਚ ਜਾਗ੍ਰਤੀ ਲਿਆਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਸਿਹਤ ਬਾਰੇ ਵੀ ਚਿੰਤਾਤੁਰ ਹੈ। ਇਸ ਲਈ ਉਸਨੇ ਆਪਣੇ ਵਾਲਟੀਅਰਜ਼ ਦੀ ਮਦਦ ਨਾਲ ਪੰਜਾਬ ਵਿਚ ਸਿਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੰਤਵ ਲਈ ਉਨ੍ਹਾਂ ਪੰਜਾਬ ਵਿਚ ਦੋ ਸਕੂਲ ਇਕ ਪਟਿਆਲਾ ਵਿਖੇ ਭਾਈ ਲਾਲੋ ਮਿਡਲ ਸਕੂਲ ਭਾਈ ਘਨ੍ਹਈਆ ਚੈਰੀਟੇਬਲ ਟਰੱਸਟ ਅਤੇ ਦੂਜਾ ਸੰਗਰੂਰ ਜਿਲ੍ਹੇ ਵਿਚ ਭਵਾਨੀਗੜ੍ਹ ਵਿਖੇ ਖਾਲਸਾ ਏਡ ਦਸ਼ਮੇਸ ਸਕੂਲ ਜੋ ਕਾਕੜਾ ਪਿੰਡ ਦੇ ਨਜ਼ਦੀਕ ਚੁਣੇ ਹਨ। ਇਨ੍ਹਾਂ ਸਕੂਲਾਂ ਦੇ 1500 ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਖਾਲਸਾ ਏਡ ਮਿਸ਼ਨ ਕਰ ਰਿਹਾ ਹੈ। ਖਾਲਸਾ ਦੀ ਪਛਾਣ ਬਰਕਰਾਰ ਰੱਖਣ ਵਿਚ ਇਸ ਸੰਸਥਾ ਦਾ ਯੋਗਦਾਨ ਵਿਲੱਖਣ ਹੈ।   

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

28 Aug. 2018

ਸਿੱਖੀ ਸੋਚ ਨੂੰ ਪ੍ਰਣਾਈ ਸਮਾਜ ਸੇਵਕਾ ਅਤੇ ਸਿੱਖਿਆ ਸ਼ਾਸ਼ਤਰੀ ਡਾ.ਕੁਲਵੰਤ ਕੌਰ - ਉਜਾਗਰ ਸਿੰਘ

ਸਮਾਜ ਸੇਵਾ ਨੂੰ ਸਿੱਖੀ ਸੋਚ ਦੀ ਪਾਣ ਚਾੜ੍ਹਕੇ ਕਰਨਾ ਆਪਣੇ ਆਪ ਵਿਚ ਵਿਲੱਖਣ ਕਾਰਜ ਹੈ। ਸਮਾਜ ਸੇਵਾ ਦੇ ਵੀ ਬਹੁਤ ਸਾਰੇ ਖੇਤਰ ਹਨ ਪ੍ਰੰਤੂ ਆਪਣੇ ਵਿਦਿਅਕ ਤਜਰਬੇ ਅਤੇ ਧਾਰਮਿਕ ਪ੍ਰਵਿਰਤੀ ਵਾਲੀ ਸੂਝ ਸਿਆਣਪ ਨੂੰ ਆਉਣ ਵਾਲੀ ਸਿੱਖ ਪੀੜ੍ਹੀ ਦੇ ਲੇਖੇ ਲਾਉਣਾ ਆਪਣੇ ਆਪ ਵਿਚ ਲਜਵਾਬ ਯੋਗਦਾਨ ਹੈ। ਸਿੱਖੀ ਸੋਚ ਨੂੰ ਖ਼ਾਰ ਲੱਗ ਚੁੱਕੀ ਹੈ। ਸਿੱਖ ਨੌਜਵਾਨੀ ਪਤਿਤ ਹੋ ਰਹੀ ਹੈ। ਆਧੁਨਿਕਤਾ ਦੀ ਪ੍ਰਵਿਰਤੀ ਦਾ ਅਸਰ ਸਾਫ ਵਿਖਾਈ ਦੇ ਰਿਹਾ ਹੈ। ਇਹ ਤਾਂਹੀ ਬਰਕਰਾਰ ਰਹਿ ਸਕਦੀ ਹੈ ਜੇਕਰ ਸਿਖ ਪਨੀਰੀ ਵਿਚ ਬਚਪਨ ਤੋਂ ਹੀ ਧਾਰਮਿਕ ਸੋਚ ਪੈਦਾ ਕੀਤੀ ਜਾਵੇ। ਇਸ ਮੰਤਵ ਦੀ ਪੂਰਤੀ ਲਈ ਡਾ.ਕੁਲਵੰਤ ਕੌਰ ਪ੍ਰਧਾਨ ਮਾਈ ਭਾਗੋ ਬ੍ਰਿਗੇਡ ਕੁਲ ਵਕਤੀ ਸੇਵਾ ਨਾਲ ਕੰਮ ਕਰ ਰਹੇ ਹਨ। ਇਸ ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਨੈਤਿਕ ਸਿੱਖਿਆ ਪੈਦਾ ਕਰਨਾ ਅਤੇ ਨੌਜਵਾਨਾਂ ਵਿਚ ਨਸ਼ਿਆਂ ਦੀ ਪ੍ਰਵਿਰਤੀ ਨੂੰ ਰੋਕਣਾ ਹੈ। ਇਸ ਲਈ ਉਹ ਆਪਣੀ ਸੰਸਥਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੇ ਸਿੱਖੀ ਸੋਚ ਤੇ ਅਧਾਰਤ ਸਮਾਗਮ ਕਰਵਾਕੇ ਉਨ੍ਹਾਂ ਵਿਚ ਸਿੱਖੀ ਪ੍ਰੰਪਰਾਵਾਂ ਅਤੇ ਵਿਚਾਰਧਾਰਾ ਉਪਰ ਭਾਸ਼ਣ ਪ੍ਰਤੀਯੋਗਤਾਵਾਂ, ਕੀਰਤਨ, ਗੁਰਬਾਣੀ ਕੰਠ ਮੁਕਾਬਲੇ ਅਤੇ ਜਿਹੜੇ ਬੱਚੇ ਸਕੂਲਾਂ ਵਿਚੋਂ ਪੜ੍ਹਾਈ ਛੱਡ ਚੁੱਕੇ ਹਨ, ਉਨ੍ਹਾਂ ਨੂੰ ਪ੍ਰੇਰਕੇ ਪੜ੍ਹਾਈ ਕਰਵਾ ਰਹੇ ਹਨ। ਇਸਤੋਂ ਇਲਾਵਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਪਤਿਤਪੁਣੇ ਦੀ ਰੋਕਥਾਮ, ਨਸ਼ਿਆਂ ਵਿਰੁਧ ਜਾਗਰੂਕਤਾ, ਬਾਲੜੀ ਸਸ਼ਕਤੀ ਕਰਨ, ਨੌਜਵਾਨਾਂ ਨੂੰ ਵਿਰਸੇ ਦੀ ਸੋਝੀ, ਧਾਰਮਿਕ ਫਿਲਮਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ, ਗ਼ਰੀਬ ਧੀਆਂ ਦੇ ਵਿਆਹ ਕਰਨ, ਪਛੜੇ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਉਣੇ, ਮੁੱਫ਼ਤ ਐਨਕਾਂ ਦੀ ਵੰਡ, ਸਕੂਲੀ ਬੱਚਿਆਂ ਦਾ ਮੈਡੀਕਲ ਚੈਕ ਅਪ ਕੈਂਪ, ਤੇਜ਼ਾਬ ਪੀੜਤ ਲੜਕੀਆਂ ਦੀ ਮਦਦ, ਕੈਂਸਰ ਮਰੀਜਾਂ ਦੀ ਮਦਦ, ਗ਼ਰੀਬਾਂ ਦੀਆਂ ਝੁਗੀਆਂ ਝੌਂਪੜੀਆਂ ਦੀ ਮੁਰੰਮਤ, 13 ਸਾਲਾਂ ਤੋਂ ਗ਼ਰੀਬ ਬੱਚਿਆਂ ਦੀਆਂ ਫੀਸਾਂ, ਵਰਦੀਆਂ, ਸਟੇਸ਼ਨਰੀ, ਕਿਤਾਬਾਂ ਆਦਿ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਕ 250 ਗਜ਼ ਦਾ ਪਲਾਟ ਖ੍ਰੀਦਕੇ ਉਥੇ ਵੱਡਾ ਹਾਲ ਕਮਰਾ ਅਤੇ ਦਫਤਰ ਬਣਾਇਆ ਗਿਆ ਹੈ, ਜਿਥੇ ਲਗਾਤਾਰ ਧਾਰਮਿਕ ਵਰਕਸ਼ਾਪਾਂ, ਸੈਮੀਨਾਰ, ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਹਨ। ਹਫ਼ਤੇ ਵਿਚ ਤਿੰਨ ਵਿਦਿਅਕ ਅਦਾਰਿਆਂ ਵਿਚ ਨੈਤਿਕ ਸਿੱਖਿਆ ਦੇ ਸੈਮੀਨਾਰ ਅਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਕੋਹੜੀ ਆਸ਼ਰਮ ਵਿਚ ਵੀ ਮਦਦ ਕੀਤੀ ਜਾਂਦੀ ਹੈ। ਇਸ ਮੰਤਵ ਦੀ ਪੂਰਤੀ ਲਈ ਸਮਾਜ ਸੇਵਕਾਂ ਦਾ ਇਕ ਜੱਥਾ ਬਣਾਇਆ ਹੋਇਆ ਹੈ, ਜਿਹੜਾ ਸਾਰੇ ਪ੍ਰੋਗਰਾਮਾਂ ਨੂੰ ਮੁਕੰਮਲ ਕਰਨ ਵਿਚ ਮਦਦ ਕਰਦਾ ਹੈ। ਡਾ. ਕੁਲਵੰਤ ਕੌਰ 27 ਸਾਲ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਪੜ੍ਹਾਉਂਦੇ ਰਹੇ ਹਨ। ਇਸ ਤੋਂ ਇਲਾਵਾ ਉਹ ਗੁਰਮਤਿ ਕਾਲਜ ਪਟਿਆਲਾ ਦੇ ਇਕ ਸਾਲ ਪ੍ਰਿੰਸੀਪਲ ਦੇ ਤੌਰ ਤੇ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਆਪਣੇ ਅਧਿਆਪਨ ਦੇ ਸਮੇਂ ਵਿਚ ਆਪਨੇ 13 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਇਸ ਤੋਂ ਇਲਾਵਾ 5 ਪੁਸਤਕਾਂ ਸੰਪਾਦਿਤ ਕੀਤੀਆਂ ਅਤੇ 1600 ਦੇ ਲਗਪਗ ਖੋਜ ਭਰਪੂਰ ਲੇਖ ਲਿਖੇ। ਇਥੇ ਇਕ ਗੱਲ ਦਸਣੀ ਬਣਦੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਹੀ ਪੁਸਤਕਾਂ ਧਾਰਮਿਕ ਰੰਗ ਵਿਚ ਰੰਗੀਆਂ ਹੋਈਆਂ ਹਨ। ਉਨ੍ਹਾਂ ਦੀ ਹਰ ਲੇਖਣੀ ਦਾ ਆਧਾਰ ਸਿੱਖ ਧਰਮ ਦੀ ਵਿਚਾਰਧਾਰਾ ਅਤੇ ਦਰਸ਼ਨ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਹਿਸਾਬ ਵਰਗੇ ਖ਼ੁਸ਼ਕ ਵਿਸ਼ੇ ਦੀ ਪੋਸਟ ਗ੍ਰੈਜੂਏਸ਼ਨ ਕਰਨ ਵਾਲੀ ਸ਼ਖ਼ਸੀਅਤ ਪੰਜਾਬੀ ਭਾਸ਼ਾ ਵਿਚ ਗੁਰਬਾਣੀ ਦੀ ਵਿਆਖਿਆ ਕਰਦੀ ਹੋਈ ਸਿੱਖ ਧਰਮ ਦੇ ਅਨੁਆਈਆਂ ਵਿਚ ਸਿੱਖੀ ਸੋਚ ਪ੍ਰਜਵਲਿਤ ਕਰਨ ਦੀ ਸਮਰੱਥਾ ਰੱਖਦੀ ਹੈ। ਉਹ ਪੰਜਾਬੀ ਦੀ ਐਮ.ਏ ਅਤੇ ਐਮ.ਐਸ.ਸੀ.ਹਿਸਾਬ ਦੇ ਵਿਸ਼ੇ ਵਿਚ ਹੈ। 1973-75 ਵਿਚ ਡੀ.ਏ.ਵੀ.ਕਾਲਜ ਜਲੰਧਰ ਵਿਚ ਐਮ.ਐਸ.ਸੀ.ਮੈਥ ਕਰਦਿਆਂ ਕਾਲਜ ਦੇ 5300 ਵਿਦਿਆਰਥੀਆਂ ਵਿਚੋਂ ਆਪਨੇ ਗੋਲਡਨ ਗਰਲ ਦਾ ਗੋਲਡ ਮੈਡਲ ਜਿੱਿਤਆ। ਲੀਡਰਸ਼ਿਪ ਦੇ ਗੁਣ ਆਪ ਵਿਚ ਬਚਪਨ ਤੋਂ ਹੀ ਸਨ ਜਿਸ ਕਰਕੇ ਆਪਨੂੰ ਕਾਲਜ ਕੌਂਸਲ ਵਿਚ ਵਿਦਿਆਰਥੀ ਕੌਂਸਲਰ ਨਿਯੁਕਤ ਕੀਤਾ ਗਿਆ। ਡੀ.ਏ.ਵੀ.ਕਾਲਜ ਵਿਚ ਹੀ ਪੰਜਾਬੀ ਸ਼ੈਕਸ਼ਨ ਦੀ ਵਿਦਿਆਰਥੀ ਸੰਪਾਦਕ ਦੇ ਤੌਰ ਕੰਮ ਵੀ ਕੀਤਾ। 1975 ਵਿਚ ਹੀ ਆਪ ਡੀ.ਏ.ਵੀ.ਕਾਲਜ ਜਲੰਧਰ ਵਿਚ ਲੈਕਚਰਾਰ ਨਿਯੁਕਤ ਹੋ ਗਏ। ਕਾਲਜ ਵਿਚ ਧਾਰਮਿਕ ਪ੍ਰੋਗਰਾਮਾਂ ਦੇ ਇਨਚਾਰਜ ਹੋਣ ਦੇ ਨਾਤੇ ਆਪਨੇ 1975 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਸਮਾਗਮਾਂ ਦਾ ਆਯੋਜਨ ਕੀਤਾ ਜਿਨ੍ਹਾਂ ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਆਪਨੂੰ 2100 ਰੁਪਏ ਦੇ ਕੇ ਸਨਮਾਨਿਤ ਕੀਤਾ। ਗੁਲਾਬ ਦੇਵੀ ਟੀ.ਵੀ.ਹਸਪਤਾਲ ਵਿਚ ਮਰੀਜਾਂ ਦੀ ਸੇਵਾ ਕਰਨ ਕਰਕੇ ਆਪਨੇ ਮਹਾਤਮਾ ਹੰਸ ਰਾਜ ਗੋਲਡ ਮੈਡਲ ਸਮਾਜ ਸੇਵਿਕਾ ਹੋਣ ਕਰਕੇ ਜਿੱਤਿਆ। ਡਾ.ਕੁਲਵੰਤ ਕੌਰ ਨੇ ਪੀ.ਐਚ.ਡੀ.ਗੁਰਬਾਣੀ ਦੇ ਵਿਚ ਕੀਤੀ ਹੈ। ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬੀ ਦੇ ਸੁਪ੍ਰਸਿਧ ਨਾਟਕਕਾਰ ਡਾ.ਹਰਚਰਨ ਸਿੰਘ ਦੀ ਭਤੀਜੀ ਹੈ। ਉਸਦਾ ਜਨਮ 16 ਜੂਨ 1950 ਵਿਚ ਨਵਾਂ ਸ਼ਹਿਰ ਦੁਆਬਾ ਦੇ ਪਿੰਡ ਉੜਾਪੁੜ ਵਿਖੇ ਪਿਤਾ ਮਨਸ਼ਾ ਸਿੰਘ ਦੇ ਘਰ ਹੋਇਆ। ਸਾਹਿਤਕ ਗੁੜ੍ਹਤੀ ਡਾ.ਹਰਚਰਨ ਸਿੰਘ ਤੋਂ ਮਿਲਣ ਕਰਕੇ ਉਨ੍ਹਾਂ ਦੀ ਪਹਿਲੀ ਆਲੋਚਨਾਤਮਕ ਪੁਸਤਕ '' ਨਾਨਕਾਇਣ:ਇਕ ਮੁਲਾਂਕਣ'' ਮਹਿਜ 24 ਸਾਲ ਦੀ ਉਮਰ ਵਿਚ ਪ੍ਰਕਾਸ਼ਤ ਹੋ ਗਈ ਸੀ। ਉਸਨੂੰ ਦੋ ਦਰਜਨ ਤੋਂ ਉਪਰ ਸੰਸਥਾਵਾਂ ਨੇ ਵਿਸ਼ੇਸ਼ ਅਵਾਰਡ ਅਤੇ ਏਨੀਆਂ ਹੀ ਸੰਸਥਾਵਾਂ ਨੇ ਦੇਸ਼ ਵਿਦੇਸ਼ ਵਿਚ ਸਨਮਾਨਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪ੍ਰਾਂਤਕ, ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਵਿਚ ਪੇਪਰ ਪੜ੍ਹੇ ਅਤੇ ਹਿੱਸਾ ਲਿਆ। ਵਿਦੇਸ਼ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਡੈਨਮਾਰਕ ਵਿਚ ਸੈਮੀਨਾਰਾਂ ਵਿਚ ਵੀ ਪੇਪਰ ਪੜ੍ਹੇ। ਡਾ.ਕੁਲਵੰਤ ਕੌਰ ਲਗਪਗ ਇਕ ਦਰਜਨ ਸੰਸਥਾਵਾਂ ਦੇ ਸਥਾਈ ਮੈਂਬਰ ਵੀ ਹਨ। ਸਮਾਜ ਸੇਵਾ ਦੀ ਪ੍ਰਵਿਰਤੀ ਉਨ੍ਹਾਂ ਦੇ ਖ਼ੂਨ ਵਿਚ ਸ਼ਾਮਲ ਹੈ, ਇਸ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਤੋਂ 2003 ਵਿਚ ਸੇਵਾ ਮੁਕਤੀ ਲੈ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨੌਜਵਾਨੀ ਨੂੰ ਪ੍ਰੇਰਨ ਦਾ ਜ਼ਿੰਮਾਂ ਲੈ ਲਿਆ। ਆਮ ਤੌਰ ਤੇ ਲੋਕ ਸਰਕਾਰੀ ਨੌਕਰੀਆਂ ਪਿੱਛੇ ਭੱਜੇ ਫਿਰਦੇ ਹਨ। ਜਦੋਂ ਉਨ੍ਹਾਂ ਦੀ ਸੇਵਾ ਮੁਕਤੀ ਦਾ ਸਮਾਂ ਹੁੰਦਾ ਹੈ ਤਾਂ ਉਹ ਸੇਵਾ ਕਾਲ ਵਿਚ ਵਾਧਾ ਕਰਵਾਉਣ ਦੀ ਹਰ ਕੋਸ਼ਿਸ਼ ਕਰਦੇ ਹਨ। ਡਾ.ਕੁਲਵੰਤ ਕੌਰ ਦਾ ਸਮਾਜ ਸੇਵਾ ਵਿਚ ਜਨੂੰਨ ਹੋਣ ਕਰਕੇ ਪ੍ਰੋਫ਼ੈਸਰ ਦੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਅੱਜ ਕਲ੍ਹ ਉਹ ਕੁਲਵਕਤੀ ਸਮਾਜ ਸੇਵਕ ਦੇ ਤੌਰ ਤੇ ਵਿਚਰ ਰਹੇ ਹਨ ਕਿਉਂਕਿ ਸਮਾਜ ਸੇਵਾ ਦੀ ਗੁੜ੍ਹਤੀ ਉਨ੍ਹਾਂ ਵਿਰਾਸਤ ਵਿਚੋਂ ਹੀ ਆਪਣੇ ਪਿਤਾ ਮਨਸ਼ਾ ਸਿੰਘ ਅਤੇ ਦਾਦਾ ਕਿਰਪਾ ਸਿੰਘ ਠੇਕਦਾਰ ਕੋਲੋਂ ਮਿਲੀ।  ਆਪਦੇ ਦਾਦਾ ਨੇ 1908 ਵਿਚ ਦੋਆਬੇ ਵਿਚ ਪਹਿਲਾ ਹਾਈ ਸਕੂਲ ਖੋਲ੍ਹਿਆ ਸੀ ਅਤੇ ਪਿਤਾ ਨੇ 1994 ਵਿਚ ਉੜਾਪੁੜ ਨਵਾਂ ਸ਼ਹਿਰ ਵਿਖੇ ਗੁਰੂ ਨਾਨਕ ਗਰਲਜ਼ ਕਾਲਜ ਆਰੰਭ ਕਰਵਾਇਆ ਸੀ।  ਆਪ 6 ਭੈਣਾਂ ਅਤੇ ਇਕ ਭਰਾ ਹੈ।  ਆਪਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ। ਕੁਲਵੰਤ ਕੌਰ ਸਾਰਿਆਂ ਵਿਚੋਂ ਵੱਧ ਪੜ੍ਹੀ ਲਿਖੀ, ਸੁਡੌਲ, ਸੁੰਦਰ ਅਤੇ ਹੁੰਦੜਹੇਲ ਹੋਣ ਕਰਕੇ ਹਰਮਨ ਪਿਆਰੀ ਸੀ। ਸਤਲੁਜ ਦੀ ਜਾਈ ਕੁਲਵੰਤ ਕੌਰ ਬਿਆਸ ਸੰਗ ਪ੍ਰਣਾਈ ਗਈ। ਭਾਵ ਡਾ.ਮਲਕੀਤ ਸਿੰਘ ਹਰਿਗੋਬਿੰਦਪੁਰ ਨਿਵਾਸੀ ਗੁਰਦਾਸਪੁਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਡਾ.ਮਲਕੀਤ ਸਿੰਘ ਪੰਜਾਬੀ ਯੂਨੀਵਰਸਿਟੀ ਵਿਚੋਂ ਡੀਨ ਸੇਵਾ ਮੁਕਤ ਹੋਏ ਹਨ। ਆਪਦੇ ਦੋਵੇਂ ਬੱਚੇ ਡਾਕਟਰ ਹਨ। ਸਪੁੱਤਰ ਡਾ.ਗੁਰਜੋਤ ਸਿੰਘ ਇੰਡੀਅਨ ਇਨਸਟੀਚਿਊਟ ਆਫ਼ ਸਾਇੰਸਜ਼ ਬੰਗਲੌਰ ਵਿਖੇ ਨੌਕਰੀ ਕਰ ਰਿਹਾ ਹੈ। ਸਪੁੱਤਰੀ ਪਰਥ ਆਸਟਰੇਲੀਆ ਵਿਚ ਸੈਟਲ ਹੋ ਗਈ ਹੈ। ਉਨ੍ਹਾਂ ਦੇ ਲੇਖ ਧਾਰਮਿਕ ਵਿਸ਼ਿਆਂ ਉਪਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਮਾਈ ਭਾਗੋ ਦੇ ਪਦ ਚਿੰਨ੍ਹਾਂ ਤੇ ਚਲਣ ਅਤੇ ਉਨ੍ਹਾਂ ਨੂੰ ਪ੍ਰੇਰਨਾ ਸਰੋਤ ਬਣਾਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਕਰਕੇ ਆਪਦੇ ਨਾਮ ਨਾਲ ਮਾਈ ਭਾਗੋ ਬਰੀਗੇਡ ਸ਼ਬਦ ਜੁੜ ਗਿਆ ਹੈ। ਅੱਜ ਦੇ ਆਧੁਨਿਕਤਾ ਦੇ ਯੁਗ ਵਿਚ ਜਦੋਂ ਵਿਗਿਆਨਕ, ਇਲੈਕਟਰਾਨਿਕ, ਇੰਟਰਨੈਟ, ਮੋਬਾਈਲ  ਅਤੇ ਸ਼ੋਸ਼ਲ ਮੀਡੀਆ ਆਦਿ ਦੇ ਆ ਜਾਣ ਨਾਲ ਨੌਜਵਾਨ ਪੀੜ੍ਹੀ ਦੇ ਗੁਮਰਾਹ ਹੋਣ ਦੇ ਮੌਕੇ ਬਣ ਰਹੇ ਹਨ ਤਾਂ ਖਾਸ ਤੌਰ ਤੇ ਲੜਕੀਆਂ ਵਿਚ ਧਾਰਮਿਕ ਵਿਰਾਸਤ ਬਾਰੇ ਜਾਣਕਾਰੀ ਦੇਣੀ ਅਤਿਅੰਤ ਜ਼ਰੂਰੀ ਹੋ ਗਈ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਵਿਚ ਡਾ.ਕੁਲਵੰਤ ਕੌਰ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
              
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

19 June 2018

 ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ ਕੀਤਾ  ? -  ਉਜਾਗਰ ਸਿੰਘ

ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ ਤੇ ਸ਼ਾਮਲ ਹੋਣਾ ਬਿਨਾ ਵਜਾਹ ਵਾਦਵਿਵਾਦ ਅਤੇ ਚੁੰਝ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਮੁੱਦਤ ਬਾਅਦ ਪਾਕਿਸਤਾਨ ਵੱਲੋਂ ਠੰਡੀ ਹਵਾ ਆਉਣ ਦੀ ਉਮੀਦ ਜਾਗੀ ਹੈ। ਨਵਜੋਤ ਸਿੰਘ ਸਿੱਧੂ ਵਿਰੁਧ ਰਾਮ ਰੌਲਾ ਪਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਵਰਕਰ ਹੀ ਹਨ। ਜਿਨ੍ਹਾਂ ਨੇ ਤਾਂ ਦੇਸ਼ ਦੀ ਵੰਡ ਦਾ ਸੰਤਾਪ ਹੰਢਾਇਆ ਅਤੇ ਝੱਲਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਅਤੇ ਸਮਝ ਹੈ। ਉਹ ਅਜਿਹੇ ਬਿਆਨ ਦੇ ਕੇ ਸਿੱਖ ਮਾਨਸਿਕਤਾ ਨੂੰ ਠੋਕਰ ਮਾਰ ਰਹੇ ਹਨ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਜ਼ਜਾਤ ਦਿੱਤੀ ਤਾਂ ਹੀ ਉਹ ਪਾਕਿਸਤਾਨ ਜਾ ਸਕਿਆ ਹੈ। ਜਦੋਂ ਉਥੇ ਜਾਣ ਦੀ ਪ੍ਰਵਾਨਗੀ ਕੇਂਦਰ ਸਰਕਾਰ ਨੇ ਦੇ ਦਿੱਤੀ ਤਾਂ ਉਥੇ ਗਏ ਨੂੰ ਤਾਂ ਸਮਾਗਮ ਵਿਚ ਕੋਈ ਵੀ ਵਿਅਕਤੀ ਮਿਲ ਸਕਦਾ ਹੈ। ਮੌਕੇ ਤੇ ਮਿਲਣ ਵਾਲੇ ਵਿਅਕਤੀਆਂ ਨੂੰ ਉਹ ਜਵਾਬ ਥੋੜ੍ਹੇ ਦੇ ਸਕਦਾ ਸੀ। ਇਹ ਤਾਂ ਸ਼ਿਸ਼ਟਾਚਾਰ ਅਤੇ ਸਲੀਕੇ ਦੀ ਗੱਲ ਹੁੰਦੀ ਹੈ। ਜੇਕਰ ਦੁਸ਼ਮਣ ਵੀ ਅਚਾਨਕ ਤੁਹਾਨੂੰ ਮਿਲ ਜਾਵੇ ਤੇ ਉਹ ਤੁਹਾਡੇ ਨਾਲ ਪਿਆਰ ਦਾ ਹੱਥ ਵਧਾ ਲਵੇ ਤਾਂ ਹੱਥ ਮਿਲਾਉਣਾ ਕੋਈ ਗ਼ਲਤ ਗੱਲ ਨਹੀਂ ਹੁੰਦੀ ਕਿਉਂਕਿ ਹੱਥ ਮਿਲਾਉਣ ਨਾਲ ਸਦਭਾਵਨਾ ਦਾ ਮਾਹੌਲ ਬਣ ਸਕਦਾ ਹੈ। ਨਾਲੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜੁਵੈਦ ਬਾਜਵਾ ਤਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਆਪ ਚਲਕੇ ਆਇਆ ਸੀ। ਨਵਜੋਤ ਸਿੰਘ ਸਿੱਧੂ ਉਸਨੂੰ ਵਿਸ਼ੇਸ ਤੌਰ ਤੇ ਮਿਲਣ ਨਹੀਂ ਗਿਆ। ਜਦੋਂ ਜਨਰਲ ਬਾਜਵਾ ਨੇ ਸਿੱਧੂ ਨੂੰ ਇਹ ਕਿਹਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਤੇ ਖੋਹਲਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਸਿੱਧੂ ਭਾਵਕ ਹੋ ਗਿਆ ਅਤੇ ਉਸਤੋਂ ਰਿਹਾ ਨਹੀਂ ਗਿਆ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿੱਧੂ ਇਸ ਖ਼ੁਸ਼ੀ ਨੂੰ ਕਾਬੂ ਨਹੀਂ ਕਰ ਸਕਿਆ। ਜਦੋਂ ਦੋ ਦੇਸਾਂ ਦੇ ਹਿਤਾਂ ਅਤੇ ਸੰਬੰਧਾਂ ਦਾ  ਮਸਲਾ ਹੋਵੇ ਤਾਂ ਕਿਸੇ ਵੀ ਸਿਆਸੀ ਨੇਤਾ ਨੂੰ ਬਿਆਨ ਨਹੀਂ ਦੇਣਾ ਚਾਹੀਦਾ। ਕੂਟਨੀਤਕ ਸੰਬੰਧਾਂ ਬਾਰੇ ਤਾਂ ਅਧਿਕਾਰਤ ਅਧਿਕਾਰੀਆਂ ਨੂੰ ਹੀ ਬੋਲਣਾ ਬਣਦਾ ਹੈ। ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਧਿਆਨ ਰੱਖਦਿਆਂ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਏਥੇ ਨਵਜੋਤ ਸਿੰਘ ਸਿੱਧੂ ਥੋੜ੍ਹੀ ਗ਼ਲਤੀ ਕਰ ਗਿਆ, ਉਸਨੂੰ ਇਤਨੀ ਜਲਦੀ ਜਨਰਲ ਬਾਜਵਾ ਨਾਲ ਹੋਈ ਗੱਲ ਨੂੰ ਪ੍ਰੈਸ ਵਿਚ ਦੱਸਣਾ ਨਹੀਂ ਬਣਦਾ ਸੀ। ਜੇ ਉਹ ਪ੍ਰੈਸ ਨੂੰ ਨਾ ਦਸਦਾ ਤਾਂ ਇਹ ਰਾਮ ਰੌਲਾ ਪੈਣਾ ਹੀ ਨਹੀਂ ਸੀ। ਅਜਿਹਾ ਬਿਆਨ ਤਾਂ ਦੋਵੇਂ ਸਰਕਾਰਾਂ ਦੇ ਮਨੋਨੀਤ ਅਧਿਕਾਰੀਆਂ ਵੱਲੋਂ ਆਉਣਾ ਚਾਹੀਦਾ ਸੀ। ਅਸਲ ਵਿਚ ਨਵਜੋਤ ਸਿੰਘ ਸਿੱਧੂ ਖ਼ੁਸ਼ੀ ਦੇ ਆਲਮ ਵਿਚ  ਜਲਦੀ ਕਰ ਗਿਆ ਕਿਉਂਕਿ ਇਹ ਕਰਤਾਰਪੁਰ ਦੇ ਲਾਂਘੇ ਦੀ ਤਾਂ ਚਿਰੋਕਣੀ ਮੰਗ ਲਟਕਦੀ ਆ ਰਹੀ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਸੰਬੰਧੀ ਪਹਿਲਾਂ ਹੀ ਚਿੱਠੀਆਂ ਲਿਖੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਜ ਸ਼ਰੀਫ ਦੇ ਜਨਮ ਦਿਨ ਤੇ ਬਿਨ ਬੁਲਾਏ ਵਧਾਈ ਦੇਣ ਅਤੇ ਬਰਿਆਨੀ ਖਾਣ ਲਈ ਪਾਕਿਸਤਾਨ ਪਹੁੰਚ ਗਏ ਸਨ। ਉਦੋਂ ਤਾਂ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਪਾਕਿਸਤਾਨ ਜਾ ਕੇ ਨਵਾਜ ਸ਼ਰੀਫ ਨੂੰ ਜੱਫੀ ਪਾਉਣ ਨੂੰ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਦੀ ਗੱਲ ਕਹੀ ਸੀ। ਹੁਣ ਕਿਹੜੀ ਬਿੱਲੀ ਛਿੱਕ ਮਾਰ ਗਈ। ਸਿੱਧੂ ਵੀ ਸਦਭਾਵਨਾ ਲਈ ਹੀ ਗਿਆ ਸੀ। ਅਟਲ ਬਿਹਾਰੀ ਵਾਜਪਾਈ ਸਾਜਗਾਰ ਸੰਬੰਧ ਬਣਾਉਣ ਦੇ ਇਰਾਦੇ ਨਾਲ ਆਪ  ਬਸ ਲੈ ਕੇ ਲਾਹੌਰ ਗਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੂੰ ਚਿੱਠੀ ਲਿਖਕੇ  ਗੁਆਂਢੀਆਂ ਨਾਲ ਸਾਰਥਕ ਤੇ ਉਸਾਰੂ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸਦਾ ਖੁਲਾਸਾ ਪਾਕਿਸਤਾਨ ਦੇ ਵਿਦੇਸ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੀਤਾ ਹੈ। ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਸ਼ਾਂਤੀ ਦਾ ਦੂਤ ਬਣਕੇ ਆਇਆ ਸੀ, ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਹਨ, ਉਹ ਲੋਕ ਇਸ ਖਿੱਤੇ ਦੀ ਸ਼ਾਂਤੀ ਦੇ ਦੁਸ਼ਮਣ ਹਨ ਕਿਉਂਕਿ ਸ਼ਾਂਤੀ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ। ਪੰਜਾਬੀਆਂ ਨੂੰ ਯਾਦ ਹੋਵੇਗਾ ਕਿ ਉਨ੍ਹਾਂ ਨੇ ਅਸ਼ਾਂਤ ਵਾਤਾਵਰਨ ਦਾ ਸੇਕ ਹੰਢਾਇਆ ਹੈ। ਇਥੇ ਹੀ ਬਸ ਨਹੀਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਦਸੰਬਰ 1999 ਦੇ ਅਖੀਰ ਵਿਚ ਭਾਰਤੀ ਵਿਦੇਸ ਮੰਤਰੀ ਜਸਵੰਤ ਸਿੰਘ ਭਾਰਤੀ ਜੇਲ੍ਹਾਂ ਵਿਚ ਬੰਦ ਤਿੰਨ ਖੂੰਖਾਰ ਅਤਵਾਦੀਆਂ ਮੌਲਾਨਾ ਮਸੂਦ ਅਜਹਰ, ਸ਼ੇਖ਼ ਉਮਰ ਅਤੇ ਮੁਸ਼ਤਾਕ ਜਰਗਰ ਨੂੰ ਵਿਸ਼ੇਸ਼ ਜਹਾਜ ਲੈ ਕੇ ਕੰਧਾਰ ਛੱਡਣ ਗਿਆ ਸੀ ਅਤੇ ਵੱਡੀ ਰਕਮ ਵੀ ਦਿੱਤੀ ਸੀ। ਉਦੋਂ ਤਾਂ ਕਿਸੇ ਨੇਤਾ ਨੂੰ ਕੋਈ ਪੀੜ ਨਹੀਂ ਹੋਈ। ਹੁਣ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਤਾਂ ਭਾਈਚਾਰਕ ਤੌਰ ਤੇ ਗਿਆ ਸੀ। ਸਿੱਧੂ ਨੂੰ ਤਾਂ ਬੁਲਾਇਆ ਗਿਆ ਸੀ। ਭਾਰਤੀ ਜਨਤਾ ਪਾਰਟੀ ਦੇ ਨੇਤਾ ਤਾਂ ਬਿਨ ਬੁਲਾਏ ਮਹਿਮਾਨ ਬਣਦੇ ਰਹੇ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ ਸ਼ਾਹਵਾ ਹੋ ਗਈ। ਇਹ ਪ੍ਰਸੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ, ਭਾਵੇਂ ਬਹੁਤ ਸਾਰੇ ਲੋਕ ਸਿੱਧੂ ਨੂੰ ਮੌਕਾ ਪ੍ਰਸਤ ਕਹਿ ਰਹੇ ਹਨ। ਇਸ ਵਿਚ ਥੋੜ੍ਹੀ ਸਚਾਈ ਵੀ ਹੈ ਪ੍ਰੰਤੂ ਸਿਆਸਤਦਾਨ ਹੁੰਦੇ ਹੀ ਮੌਕਾ ਪ੍ਰਸਤ ਹਨ। ਸਿਆਸਤ ਤਾਂ ਤਿਗੜਬਾਜ਼ੀ ਦਾ ਦੂਜਾ ਨਾਮ ਹੈ। ਹਰ ਸਿਆਸੀ ਵਿਅਕਤੀ ਆਪਣੇ ਅੰਦਰ ਝਾਤੀ ਮਾਰਕੇ ਵੇਖੇ ਕਿ ਉਹ ਸਿਆਸਤ ਵਿਚ ਕੁਰਸੀ ਕਰਕੇ ਹੀ ਆਉਂਦਾ ਹੈ। ਸਿੱਧੂ ਤੇ ਖਾਮਖਾਹ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸਭ ਤੋਂ ਮੁਕੱਦਸ ਅਤੇ ਪਵਿਤਰ ਸਥਾਨ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 17 ਸਾਲ ਰਹੇ, ਖੇਤੀ ਕੀਤੀ, ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦਾ ਸਿਧਾਂਤ ਦਿੱਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜਿਲ੍ਹੇ ਵਿਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ ਤੇ ਭਾਰਤ ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 4 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ। ਇਸ ਦੀ ਮਹੱਤਤਾ ਨੂੰ ਵੇਖਕੇ ਬਾਰਡਰ ਸਕਿਉਰਿਟੀ ਫੋਰਸ ਨੇ 6 ਮਈ 2001 ਨੂੰ ਬਾਬਾ ਨਾਨਕ ਸੈਕਟਰ ਵਿਚ ਕੰਡਿਆਲੀ ਤਾਰ ਦੇ ਨਜ਼ਦੀਕ ''ਕਰਤਾਰਪਰ ਦਰਸ਼ਨ ਅਸਥਾਨ '' ਬਣਾ ਦਿੱਤਾ, ਜਿਥੋਂ ਖੜ੍ਹਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ। ਹਰ ਮੱਸਿਆ, ਪੁੰਨਿਆਂ ਅਤੇ ਸੰਗਰਾਂਦ ਵਾਲੇ ਦਿਨ ਸੰਗਤਾਂ ਕਰਤਾਰਪੁਰ ਦਰਸ਼ਨ ਅਸਥਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇਥੇ ਖੜ੍ਹਕੇ ਦਰਸ਼ਨ ਕਰਨ ਆਉਂਦੀਆਂ ਹਨ। ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਮੰਗ ਨੇ 2001ਵਿਚ ਉਦੋਂ ਜ਼ੋਰ ਫੜਨਾ ਸ਼ੁਰੂ ਕੀਤਾ ਜਦੋਂ ਅਕਾਲੀ ਲੀਡਰ ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਨੇ '' ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ'' ਬਣਾਕੇ ਉਦੋਂ ਤੋਂ ਹੁਣ ਤੱਕ ਲਗਾਤਾਰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਰਦਾਸ ਇਸ ਥਾਂ ਤੇ ਆ ਕੇ ਕਰਨੀ ਸ਼ੁਰੂ ਕਰ ਦਿੱਤੀ। ਹਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਸਮੇਂ ਭਾਰਤ ਤੋਂ ਬਾਹਰ ਰਹਿ ਗਏ, ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕੀਤੀ ਜਾਂਦੀ ਹੈ। ਜਦੋਂ ਇਹ ਅਰਦਾਸ ਪੂਰੀ ਹੋਣ ਤੇ ਆਈ ਤਾਂ ਭਾਰਤੀ ਜਨਤਾ ਪਾਰਟੀ ਨੇ ਅੜਿਕਾ ਅਟਕਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅਤੇ  ਪਾਕਿਸਤਾਨ ਦੇ ਲੋਕ ਖਾਸ ਤੌਰ ਤੇ ਸਾਹਿਤਕ ਸਮਾਜਿਕ  ਸਭਿਆਚਾਰਕ ਅਤੇ ਸਵੈ ਇੱਛਤ ਸੰਸਥਾਵਾਂ ਜਿਨ੍ਹਾਂ ਵਿਚ ਹਿੰਦ ਪਾਕਿ ਦੋਸਤੀ ਮੰਚ, ਫੋਕ ਲੋਰ ਰਿਸਰਚ ਅਕਾਡਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਪੀਸ ਐਂਡ ਡੈਮੋਕਰੇਸੀ ਅਤੇ ਪੰਜਾਬ ਜਾਗ੍ਰਤੀ ਮੰਚ ਭਾਰਤ ਪਾਕਿ ਵਿਚ ਸਦਭਾਵਨਾ ਪੈਦਾ ਕਰਨ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਸਿੱਧੂ ਦੇ ਇਸ ਕਦਮ ਦਾ ਸਵਾਗਤ ਵੀ ਕੀਤਾ ਹੈ। ਹਿੰਦ ਪਾਕਿ ਦੋਸਤੀ ਮੰਚ ਤਾਂ ਹਰ ਸਾਲ ਸਰਹੱਦ ਤੇ ਸਾਹਿਤਕਾਰਾਂ ਅਤੇ ਪਤਵੰਤੇ ਲੋਕਾਂ ਨਾਲ ਜਾ ਕੇ ਮੋਮਬੱਤੀਆਂ ਜਲਾ ਕੇ ਦੋਸਤੀ ਦਾ ਸੰਦੇਸ ਦਿੰਦਾ ਹੈ।
    ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿਚ ਵਹਿਣ ਵਾਲਾ, ਦਿਲ ਦਾ ਸੱਚਾ ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ ਘੱਟ ਉਸਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਾ ਬਣਦਾ ਹੈ। ਉਸਨੇ ਭਾਵੇਂ ਹੁਣ ਤੱਕ ਸਿਆਸਤ ਵਿਚ ਜਿਤਨੀਆਂ ਵੀ ਗਲਤੀਆਂ ਕੀਤੀਆਂ ਹੋਣ ਪ੍ਰੰਤੂ ਉਸਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਜੇਕਰ ਸਰਹੱਦ ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਚਲਦਾ ਰਹੇਗਾ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੀ ਜਨਰਲ ਬਾਜਵਾ ਨਾਲ ਜੱਫੀ ਦੀ ਆਲੋਚਨਾ ਵਾਰੇ, ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਚਿੱਠੀ ਲਿਖਕੇ ਇੱਕ ਕਿਸਮ ਨਾਲ ਸਿੱਧੂ ਦੀ ਸਪੋਰਟ ਕਰ ਦਿੱਤੀ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਸਿੱਧੂ ਦੀ ਸਪੋਰਟ ਪਹਿਲਾਂ ਹੀ ਕਰ ਚੁੱਕੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ, ਜਸਵੰਤ ਸਿੰਘ ਅਤੇ ਪਾਕਿਸਤਾਨ ਤੋਂ ਤੋਹਫੇ ਵਿਚ ਭੇਡੂ ਲੈਣ ਵਾਲੇ ਪਰਕਾਸ਼ ਸਿੰਘ ਬਾਦਲ ਦੇਸ਼ ਧਰੋਹੀ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕਿਵੇਂ ਦੇਸ਼ ਧਰੋਹੀ ਬਣ ਗਿਆ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਅਜਿਹੇ ਧਾਰਮਿਕ ਮਸਲਿਆਂ ਤੇ ਪੰਜਾਬੀਆਂ ਦਾ ਵਿਰੋਧ ਕੀਤਾ ਹੈ। ਭਾਵੇਂ ਬਲਿਊ ਸਟਾਰ ਅਪ੍ਰੇਸ਼ਨ ਹੋਵੇ ਤੇ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਮੌਕੇ ਗੁਰੂ ਨਾਨਕ ਦੇਵ ਦੇ ਨਾਂ ਤੇ ਯੂਨੀਵਰਸਿਟੀ ਦਾ ਨਾਮ ਰੱਖਣ ਦਾ ਮਸਲਾ ਹੋਵੇ। ਯੂਨੀਵਰਸਿਟੀ ਦੇ ਨਾਮ ਰੱਖਣ ਕਰਕੇ ਉਦੋਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਵਿਰੋਧ ਦੇ ਕਰਕੇ ਵਿਰੋਧ ਨਹੀਂ ਸਗੋਂ ਅਸੂਲਾਂ ਤੇ ਵਿਰੋਧ ਕਰਨਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਦਾ ਨਵਾਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਂ ਖੇਡ ਸਪਿਰਟ ਵਿਖਾਉਂਦਾ ਹੋਇਆ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ  550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਕਰਤਾਰਪੁਰ ਲਾਂਘਾ ਖੋਲ੍ਹਕੇ ਪੰਜਾਬੀਆਂ ਦੇ ਦਿਲ ਜਿੱਤ ਲਵੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com 

24 Aug. 2018

ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼  - ਉਜਾਗਰ ਸਿੰਘ

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ ਹੈ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉੱਪਰ ਤਲਵਾਰ ਚਲਾ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ। ਹੁਣ ਬਠਿੰਡਾ ਦੀ ਵਾਲੰਟੀਅਰ ਕਾਨਫਰੰਸ ਪਾਰਟੀ ਵਿਚ ਦੂਜੀ ਵਾਰ ਦੋਫਾੜ ਪਾ ਕੇ ਸੇਹ ਦਾ ਤਕਲਾ ਗੱਡੇਗੀ। ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਲੀਡਰਸ਼ਿੱਪ ਵਿਚ ਤਰਥੱਲੀ ਮੱਚ ਗਈ ਹੈ। ਹੁਣ ਪਾਰਟੀ ਨੂੰ ਟੁੱਟਣ ਤੋਂ ਬਚਾਉਣਾ ਅਸੰਭਵ ਲੱਗਦਾ ਹੈ ਕਿਉਂਕਿ ਪਾਰਟੀ ਬਿਖਰਨ ਦੇ ਕਿਨਾਰੇ 'ਤੇ ਪਹੁੰਚ ਗਈ ਹੈ। ਹੁਣ ਭਾਵੇਂ ਇਹ ਪਾਰਟੀ ਦੋਫਾੜ ਵੀ ਨਾ ਹੋਵੇ ਪ੍ਰੰਤੂ ਇਸਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਚੰਗਾ ਬਦਲ ਚਾਹੁੰਦੇ ਸਨ, ਹੁਣ ਉਹ ਵੀ ਨਿਰਾਸ਼ਾ ਦੇ ਆਲਮ ਵਿਚ ਹਨ। ਅਰਵਿੰਦ ਕੇਜਰੀਵਾਲ ਲਈ ਪਾਰਟੀ ਨੂੰ ਇਕਮੁੱਠ ਰੱਖਣਾ ਹੀ ਵੱਡੀ ਚਣੌਤੀ ਬਣ ਗਿਆ ਹੈ। ਵਿਧਾਨਕਾਰਾਂ ਵਿਚ ਅਸੰਤੋਸ਼ ਪੈਦਾ ਹੋ ਗਿਆ ਹੈ। ਉਹ ਚੁੱਪ ਗੜੁੱਪ ਬੈਠੇ ਹਨ।
       ਕੰਵਰ ਸਿੰਘ ਸੰਧੂ ਵਿਧਾਨਕਾਰ ਨੇ ਤਾਂ ਵਿਧਾਨਕਾਰ ਪਾਰਟੀ ਦੇ ਸਪੋਕਸਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੋਰ ਵੀ ਧਮਾਕੇ ਹੋਣ ਦੀ ਸੰਭਾਵਨਾ ਹੈ ਕਿਉਂਕਿ 9 ਵਿਧਾਨਕਾਰਾਂ ਨੇ ਇਹ ਫੈਸਲਾ ਵਾਪਸ ਲੈਣ ਦੀ ਧਮਕੀ ਦਿੱਤੀ ਸੀ, ਜਿਸਨੂੰ ਸ਼ਿਸੋਧੀਆ ਨੇ ਅਸਵੀਕਾਰ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਬਠਿੰਡੇ ਵਿਖੇ ਪਾਰਟੀ ਵਰਕਰਾਂ ਦੀ ਕਨਵੈਨਸਸ਼ਨ ਵੀ ਬੁਲਾ ਲਈ ਹੈ। ਇਹ ਠੀਕ ਹੈ ਕਿ ਵਿਧਾਨਕਾਰ ਪਾਰਟੀ ਵਿਚ ਪਹਿਲਾਂ ਹੀ ਦੋ ਧੜੇ ਕੰਮ ਕਰ ਰਹੇ ਹਨ। ਇੱਕ ਧੜਾ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ 'ਤੇ ਖ਼ੁਸ਼ ਹੈ, ਦੂਜਾ ਧੜਾ ਖਹਿਰੇ ਦੇ ਹੱਕ ਵਿਚ ਡਟ ਗਿਆ ਹੈ। ਪ੍ਰੰਤੂ ਪਾਰਟੀ ਦੇ ਵਾਲੰਟੀਅਰ ਅਤੇ ਆਮ ਆਦਮੀ ਪਾਰਟੀ ਵਰਕਰ ਇਸ ਫੈਸਲੇ ਤੋਂ ਔਖੇ ਹਨ। ਇਸ ਲਈ ਕਿਸੇ ਵੀ ਸਮੇਂ ਪਾਰਟੀ ਵਿਚ ਕੋਈ ਧਮਾਕਾ ਹੋ ਸਕਦਾ ਹੈ। ਵਿਧਾਨਕਾਰ ਪਾਰਟੀ ਦੋਫਾੜ ਹੋਣਾ ਤਾਂ ਤੈਅ ਹੈ। ਪੰਜਾਬ ਦੇ ਲਗਪਗ ਅੱਧੇ ਜ਼ਿਲ੍ਹਿਆਂ ਦੇ ਪ੍ਹਧਾਨ ਅਤੇ ਹੋਰ ਅਹੁਦੇਦਾਰਾਂ ਨੇ ਪਿਛਲੇ ਦਿਨਾਂ ਵਿਚ ਅਸਤੀਫੇ ਦੇ ਦਿੱਤੇ ਹਨ। ਸਿਆਸੀ ਇਲਾਜ ਦਾ ਦਾਅਵਾ ਕਰਨ ਵਾਲੀ ਪਾਰਟੀ ਆਪ ਹੀ ਅਧਰੰਗ ਦਾ ਸ਼ਿਕਾਰ ਹੋ ਚੁੱਕੀ ਹੈ।
      ਪੰਜਾਬ ਨੇ ਮਈ 2014 ਦੀਆਂ ਲੋਕ ਸਭਾ ਚੋਣਾਂ ਵਿਚ 4 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਦੀ ਝੋਲੀ ਵਿਚ ਪਾਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਜ਼ਤ ਹੀ ਨਹੀਂ ਰੱਖੀ ਸੀ, ਸਗੋਂ ਸਮੁੱਚੇ ਦੇਸ਼ ਨੂੰ ਸੁਨੇਹਾ ਵੀ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਅਣਡਿੱਠ ਕਰਕੇ ਦੇਸ ਨੇ ਇਕ ਮੌਕਾ ਖੁੰਝਾ ਦਿੱਤਾ ਹੈ ਕਿਉਂਕਿ ਸਮੁੱਚੇ ਦੇਸ਼ ਵਿੱਚੋਂ ਇਕ ਵੀ ਲੋਕ ਸਭਾ ਸੀਟ ਹੋਰ ਕਿਸੇ ਰਾਜ ਵਿੱਚੋਂ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਸੀ। ਅਰਵਿੰਦ ਕੇਜਰੀਵਾਲ ਵੀ ਲੋਕ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰ ਗਿਆ ਸੀ।
       ਲੋਕ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪਰਵਾਸੀਆਂ ਨੇ ਸਭ ਤੋਂ ਵੱਧ ਚੋਣ ਫੰਡ ਦਿੱਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਨੇ ਉਹ ਸਾਰਾ ਫੰਡ ਸਮੁੱਚੇ ਦੇਸ ਵਿਚਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਤੇ ਵਰਤ ਲਿਆ। ਪੰਜਾਬ ਦੇ ਉਮੀਦਵਾਰਾਂ ਨੂੰ ਧੇਲਾ ਵੀ ਨਹੀਂ ਦਿੱਤਾ। ਪਰਵਾਸੀ ਅਤੇ ਪੰਜਾਬੀਆਂ ਨੂੰ ਕੇਜਰੀਵਾਲ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਉਂਕਿ ਕੇਜਰੀਵਾਲ ਨੇ ਸਿੱਖ ਭਾਈਚਾਰੇ ਨਾਲ ਹਾਅ ਦਾ ਨਾਅਰਾ ਵੀ ਮਾਰਿਆ ਸੀ। ਇਸ ਤੋਂ ਬਾਅਦ ਇਹ ਆਸ ਬੱਝ ਗਈ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ 2016 ਵਿਚ ਹੋਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਟ 'ਤੇ ਪਈ ਹੈ।
       ਅਰਵਿੰਦ ਕੇਜਰੀਵਾਲ, ਜਿਸਨੇ ਆਮ ਆਦਮੀ ਪਾਰਟੀ ਇਨ੍ਹਾਂ ਵਾਅਦਿਆਂ ਨਾਲ ਬਣਾਈ ਸੀ ਕਿ ਇਹ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਹੋਵੇਗੀ, ਇਸ ਵਿਚ ਨਾ ਤਾਂ ਪਰਿਵਾਰਵਾਦ ਦਾ ਬੋਲਬਾਲਾ ਹੋਵੇਗਾ ਅਤੇ ਨਾ ਹੀ ਪਾਰਟੀ ਪਰਧਾਨ ਦੀ ਹੀ ਤੂਤੀ ਬੋਲੇਗੀ, ਸਗੋਂ ਹਰ ਫੈਸਲਾ ਟਿਕਟਾਂ ਦੇਣ ਤੋਂ ਲੈ ਕੇ ਮੁੱਖ ਮੰਤਰੀ ਤੱਕ ਵਾਲੰਟੀਅਰਾਂ ਦਾ ਹੋਵੇਗਾ। ਯੋਜਨਾਵਾਂ ਮੁਹੱਲਵਾਈਜ਼ ਵਾਲੰਟੀਅਰ ਬਣਾਉਣਗੇ। ਜਾਣੀ ਕਿ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ। ਆਮ ਲੋਕ ਇਕ ਕਿਸਮ ਨਾਲ ਸਰਕਾਰ ਵਿਚ ਭਾਈਵਾਲ ਹੋਣਗੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸਾਰੇ ਸੀਨੀਅਰ ਨੇਤਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਨਿਗਾਹਾਂ ਲਾ ਕੇ ਬੈਠ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਵਿਚ ਖਿੱਚੋਤਾਣ ਵਧ ਗਈ। ਕੁਰਸੀ ਲਈ ਸਾਜਿਸ਼ਾਂ ਸ਼ੁਰੂ ਹੋ ਗਈਆਂ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਪਾਰਟੀ ਨੂੰ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕੀਤਾ ਸੀ, ਨੂੰ ਮਾਮੂਲੀ ਗੱਲ ਦਾ ਬਹਾਨਾ ਬਣਾਕੇ ਕਿ ਕਿਤੇ ਉਹ ਮੁੱਖ ਮੰਤਰੀ ਨਾ ਬਣ ਜਾਵੇ,ਇੱਕ ਸੀਨੀਅਰ ਲੀਡਰ ਅਤੇ ਲੋਕ ਸਭਾ ਦੇ ਮੈਂਬਰ ਦੇ ਕਹਿਣ ਉੱਪਰ ਪਾਰਟੀ ਵਿੱਚੋਂ ਮੱਖਣ ਵਿੱਚੋਂ ਵਾਲ ਕੱਢ ਦਿੱਤਾ। ਪੰਜਾਬੀਆਂ, ਖਾਸ ਤੌਰ 'ਤੇ ਸਿੱਖ ਭਾਈਚਾਰੇ ਨੇ ਇਸਦਾ ਬੁਰਾ ਮਨਾਇਆ। ਇਹ ਫੈਸਲਾ ਕਰਕੇ ਕੇਜਰੀਵਾਲ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਿਰਕਰਾ ਕਰ ਦਿੱਤਾ। ਸੁੱਚਾ ਸਿੰਘ ਛੋਟੇਪੁਰ ਵਰਗੇ ਗੁਰਸਿੱਖ ਅਤੇ ਇਮਾਨਦਾਰ ਸਿਆਸਤਦਾਨ ਦਾ ਬਦਲ ਇਕ ਸਿਆਸਤ ਦਾ ਅਨਾੜੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਬਣਾਕੇ ਪੰਜਾਬੀ ਸਿਆਸਤਦਾਨਾਂ ਦੀ ਹਿੱਕ ਤੇ ਮੂੰਗ ਦਲ ਦਿੱਤੇ।
      ਕੇਜਰੀਵਾਲ ਨੇ ਪਹਿਲਾਂ ਪਹਿਲ ਪ੍ਰਭਾਵ ਦਿੱਤਾ ਸੀ ਕਿ ਹਰ ਫੈਸਲੇ ਤੋਂ ਪਹਿਲਾਂ ਲੋਕਾਂ ਦੀ ਰਾਇ ਲਈ ਜਾਇਆ ਕਰੇਗੀ। ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਜਦੋਂ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਾਂ ਹਰ ਵਾਲੰਟੀਅਰ ਵਿਧਾਨ ਸਭਾ ਦੀ ਟਿਕਟ ਦਾ ਦਾਅਵੇਦਾਰ ਬਣ ਬੈਠਾ। ਇਕ-ਇੱਕ ਹਲਕੇ ਵਿਚ100-100 ਵਾਲੰਟੀਅਰ ਉਮੀਦਵਾਰ ਬਣ ਗਏ। ਟਿਕਟਾਂ ਦੀ ਵੰਡ ਵਿਚ ਮੁਲਾਹਜ਼ੇਦਾਰੀਆਂ ਅਤੇ ਪੈਸੇ ਦਾ ਬੋਲਬਾਲਾ ਰਿਹਾ। ਕਈ ਯੋਗ ਉਮੀਦਵਾਰ ਅਣਡਿੱਠ ਕਰ ਦਿੱਤੇ ਗਏ। ਵਾਲੰਟੀਅਰਾਂ ਦੇ ਪੱਲੇ ਕੁਝ ਨਹੀਂ ਪਿਆ, ਸਗੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਅਹੁਦਿਆਂ ਦੇ ਭੁੱਖੇ ਮੌਕਾ ਪ੍ਰਸਤ ਸਿਆਸਤਦਾਨਾਂ ਨੂੰ ਟਿਕਟਾਂ ਦੇ ਕੇ ਨਿਵਾਜ ਦਿੱਤਾ, ਜਿਸਦਾ ਵਾਲੰਟੀਅਰਾਂ ਨੇ ਵਿਰੋਧ ਕੀਤਾ। ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਘਰ ਘਰ ਅਤੇ ਗਲੀ ਗਲੀ ਆਪਣੇ ਖਰਚੇ 'ਤੇ ਪਾਰਟੀ ਦਾ ਪ੍ਰਚਾਰ ਕਰਦੇ ਘੱਟਾ ਫੱਕ ਰਹੇ ਸਨ। ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿਚ ਸਰਕਾਰ ਬਣਦੀ ਬਣਦੀ ਰਹਿ ਗਈ। ਫਿਰ ਵੀ ਆਮ ਆਦਮੀ ਪਾਰਟੀ ਅਕਾਲੀ ਦਲ ਨਾਲੋਂ ਵੱਧ ਸੀਟਾਂ ਜਿੱਤਕੇ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਬਣਕੇ ਉੱਭਰੀ।
       ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਧਾਨ ਸਭਾ ਪਾਰਟੀ ਦਾ ਲੀਡਰ ਚੁਣਕੇ ਸਿਆਣਪ ਤੋਂ ਕੰਮ ਲਿਆ ਪ੍ਰੰਤੂ ਉਸਦੇ ਕੰਮ ਵਿਚ ਵੀ ਦਖ਼ਲਅੰਦਾਜ਼ੀ ਜਾਰੀ ਰਹੀ ਅਤੇ ਉਸਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗਿਆ। ਅਖ਼ੀਰ ਉਸਨੇ ਵੀ ਖੁੰਦਕ ਖਾ ਕੇ ਅਸਤੀਫਾ ਦੇ ਦਿੱਤਾ। ਹਰਵਿੰਦਰ ਸਿੰਘ ਫੂਲਕਾ ਬੇਦਾਗ, ਇਮਾਨਦਾਰ ਅਤੇ ਗ਼ੈਰਤਮੰਦ ਵਿਅਕਤੀ ਹੈ। ਅਜਿਹੇ ਵਿਅਕਤੀ ਉੱਪਰ ਸੰਦੇਹ ਪ੍ਰਗਟਾਉਣਾ ਸਿਆਣੀ ਗੱਲ ਨਹੀਂ ਸੀ।
        ਫੂਲਕਾ ਸਾਹਿਬ ਦੀ ਥਾਂ 'ਤੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਲੀਡਰ ਬਣਾਉਣਾ ਬਹੁਤ ਹੀ ਚੰਗਾ ਫੈਸਲਾ ਸੀ। ਸੁਖਪਾਲ ਸਿੰਘ ਖਹਿਰਾ ਪੜ੍ਹਿਆ ਲਿਖਿਆ ਇਮਾਨਦਾਰ ਅਤੇ ਤੱਥਾਂ 'ਤੇ ਅਧਾਰਤ ਸਬੂਤ ਦੇਣ ਵਾਲਾ ਸਿਆਸਤਦਾਨ ਹੈ। ਉਸਨੇ ਹਰਵਿੰਦਰ ਸਿੰਘ ਫੂਲਕਾ ਦਾ ਬਦਲ ਵਿਲੱਖਣ ਬਣਾ ਕੇ ਪੇਸ਼ ਕੀਤਾ। ਸਿਆਸੀ ਪਰਿਵਾਰ ਵਿੱਚੋਂ ਆ ਕੇ ਤਿੰਨ ਵਾਰ ਵਿਧਾਨਕਾਰ ਰਹਿਣ ਕਰਕੇ ਉਸਦਾ ਤਜ਼ਰਬਾ ਵਿਸ਼ਾਲ ਹੈ ਪ੍ਰੰਤੂ ਉਸ ਤੋਂ ਵੀ ਕੁਝ ਗ਼ਲਤੀਆਂ ਹੋਈਆਂ ਹਨ। ਉਹ ਬਿਨਾਂ ਵਜਾਹ ਹੀ ਬਿਆਨਬਾਜ਼ੀ ਕਰਦਾ ਰਿਹਾ। ਫਿਰ ਵੀ ਇੰਨੀ ਸਜਾ ਦੇਣੀ ਵਾਜਬ ਨਹੀਂ ਸੀ। ਉਸਨੂੰ ਅਚਾਨਕ ਅਹੁਦੇ ਤੋਂ ਹਟਾਉਣਾ ਪਾਰਟੀ ਲਈ ਬਹੁਤ ਹੀ ਮੰਦਭਾਗਾ ਹੈ।
        ਹੁਣ ਤਾਂ ਸਿਆਸੀ ਆਲੋਚਕ ਕਿਆਸ ਅਰਾਈਆਂ ਲਾ ਰਹੇ ਹਨ ਕਿ ਝਾੜੂ ਦੇ ਤੀਲੇ ਇਕੱਠੇ ਰੱਖਣੇ ਮੁਸ਼ਕਲ ਹਨ। ਖਹਿਰੇ ਦਾ ਬਦਲ ਬਿਲਕੁਲ ਹੀ ਅਨਾੜੀ ਹੈ, ਜਿਸਨੂੰ ਵਿਧਾਨ ਸਭਾ ਦੀ ਵਰਕਿੰਗ ਦੀ ਅਜੇ ਜਾਣਕਾਰੀ ਵੀ ਨਹੀਂ। ਗੁਰਪ੍ਰੀਤ ਸਿੰਘ ਘੁਗੀ ਨੂੰ ਵੀ ਪ੍ਰਧਾਨ ਬਣਾਉਣ ਤੋਂ ਬਾਅਦ ਛੇਤੀ ਹੀ ਅਣਡਿੱਠ ਕਰਨਾ ਸ਼ੁਰੂ ਕਰ ਦਿੱਤਾ ਸੀ। ਅਖੀਰ ਉਹ ਵੀ ਪਾਰਟੀ ਨੂੰ ਅਲਵਿਦਾ ਕਹਿ ਗਿਆ।
       ਅਰਵਿੰਦ ਕੇਜਰੀਵਾਲ ਕਿਸੇ ਉੱਪਰ ਇਤਬਾਰ ਹੀ ਨਹੀਂ ਕਰਦਾ। ਉਹ ਲਗਾਤਾਰ ਗਲਤੀਆਂ ਕਰਦਾ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਉੱਭਰਨ ਦਾ ਮੁੱਖ ਕਾਰਨ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਭ੍ਰਿਸ਼ਟਾਚਾਰ ਸੀ। ਅਕਾਲੀਆਂ ਦੇ ਦਸ ਸਾਲ ਦੇ ਰਾਜ ਵਿਚ ਨੌਜਵਾਨੀ ਨਸ਼ਿਆਂ ਦੀ ਗ੍ਰਿਫਤ ਵਿਚ ਆ ਗਈ ਸੀ। ਇਸਦਾ ਵੀ ਕੇਜਰੀਵਾਲ ਨੇ ਲਾਹਾ ਲਿਆ। ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਦਾ ਲਾਭ ਉਠਾਕੇ ਬਿਕਰਮ ਸਿੰਘ ਮਜੀਠੀਏ ਨੂੰ ਬਿਨਾਂ ਸਬੂਤਾਂ ਤੋਂ ਹੀ ਨਸ਼ਿਆਂ ਦਾ ਸੌਦਾਗਰ ਤੱਕ ਕਹਿ ਦਿੱਤਾ। ਅਜੇ ਨਸ਼ਿਆਂ ਦਾ ਮੁੱਦਾ ਠੰਢਾ ਨਹੀਂ ਹੋਇਆ ਸੀ ਕਿ ਕੇਜਰੀਵਾਲ ਨੇ ਲਿਖਕੇ ਅਮ੍ਰਿਤਸਰ ਦੀ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਏ ਤੋਂ ਮੁਆਫੀ ਮੰਗ ਲਈ, ਜਿਸ ਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬੁਰਾ ਮਨਾਇਆ। ਇੱਥੋਂ ਤੱਕ ਕਿ ਭਗਵੰਤ ਮਾਨ ਨੇ ਤਾਂ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਭਗਵੰਤ ਮਾਨ ਅਜੇ ਤੱਕ ਪਾਰਟੀ ਦਾ ਕੰਮ ਨਹੀਂ ਕਰ ਰਿਹਾ।
        ਸੁਖਪਾਲ ਸਿੰਘ ਖਹਿਰਾ ਨੇ ਤਾਂ ਮੁਆਫੀਨਾਮੇ ਸਮੇਂ ਕੇਜਰੀਵਾਲ ਵਿਰੁੱਧ ਸਖਤ ਸ਼ਬਦਾਵਲੀ ਵਰਤੀ ਸੀ। ਕੇਜਰੀਵਾਲ ਨੇ ਇਸਦਾ ਹੀ ਬਦਲਾ ਲਿਆ ਹੈ। ਮੁਆਫੀਨਾਮੇ ਤੋਂ ਬਾਅਦ ਪਾਰਟੀ ਦਾ ਗਰਾਫ ਜੀਰੋ ਤੱਕ ਪਹੁੰਚ ਗਿਆ। ਅਜੇ ਪਾਰਟੀ ਨੇ ਸਥਾਪਤ ਹੋਣਾ ਸੀ ਪ੍ਰੰਤੂ ਪਹਿਲਾਂ ਹੀ ਇਸਨੂੰ ਖੋਰਾ ਲੱਗਣ ਲੱਗ ਪਿਆ। ਅਰਵਿੰਦ ਕੇਜਰੀਵਾਲ, ਜਿਸਨੂੰ ਪਾਰਟੀ ਬਣਾਉਣ ਦਾ ਸਿਹਰਾ ਜਾਂਦਾ ਹੈ, ਪੰਜਾਬ ਵਿਚ ਪਾਰਟੀ ਨੂੰ ਖੋਰਾ ਲਾਉਣ ਦਾ ਇਲਜ਼ਾਮ ਵੀ ਉਸੇ ਉੱਪਰ ਹੀ ਲੱਗਦਾ ਹੈ। ਉਹ ਵੀ ਬਾਕੀ ਪਾਰਟੀਆਂ ਦੇ ਨੇਤਾਵਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਆਪਣੀ ਜਾਗੀਰ ਸਮਝਣ ਲੱਗ ਪਿਆ ਹੈ। ਉਸ ਦੀਆਂ ਆਪ ਹੁਦਰੀਆਂ ਨੇ ਪੰਜਾਬ ਦੇ ਲੋਕਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ।
       ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਨਿਰਾਸ ਬੈਠੇ ਹਨ। ਉਨ੍ਹਾਂ ਨਾਲ ਤਾਂ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਨਾ ਉਹ ਪਾਰਟੀ ਵਿਚ ਰਹਿ ਸਕਦੇ ਹਨ ਅਤੇ ਨਾ ਹੀ ਛੱਡ ਸਕਦੇ ਹਨ। ਪਾਰਟੀ ਦੇ ਭਵਿੱਖ ਬਾਰੇ ਸਮਰਥਕ ਪਰਵਾਸੀ ਭੈਣਾਂ ਅਤੇ ਭਰਾ ਸੋਚਾਂ ਵਿਚ ਡੁੱਬੇ ਹੋਏ ਹਨ। ਇਕ ਆਸ ਦੀ ਕਿਰਨ ਜਿਹੜੀ ਨਿਕਲ ਰਹੀ ਸੀ, ਉਹ ਹੀ ਡੁੱਬਦੀ ਨਜ਼ਰ ਆ ਰਹੀ ਹੈ। ਜਿਹੜਾ ਭੁਚਾਲ ਸੁਖਪਾਲ ਸਿੰਘ ਖਹਿਰੇ ਨੂੰ ਹਟਾਉਣ 'ਤੇ ਆਇਆ ਹੈ, ਵੇਖੋ ਅਗਾਂਹ ਕੀ ਰੰਗ ਵਿਖਾਉਂਦਾ ਹੈ।
       ਕੇਜਰੀਵਾਲ ਸੁਖਪਾਲ ਸਿੰਘ ਖਹਿਰਾ ਦੀ ਰੈਫਰੈਂਡਮ ਵਰਗੇ ਸੰਜੀਦਾ ਮੁੱਦਿਆਂ ਬਾਰੇ ਬਿਆਨਬਾਜ਼ੀ ਤੋਂ ਦੁਖੀ ਸੀ। ਪੰਜਾਬ ਦੇ ਸਹਿ ਕਨਵੀਨਰ ਡਾ. ਬਲਬੀਰ ਸਿੰਘ ਬਾਰੇ ਸੁਖਪਾਲ ਸਿੰਘ ਖਹਿਰਾ ਦੀ ਟਿੱਪਣੀ ਨੇ ਬਲਦੀ ਉੱਪਰ ਤੇਲ ਦਾ ਕੰਮ ਕੀਤਾ, ਜਿਸ ਕਰਕੇ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹੱਥ ਧੋਣੇ ਪਏ। ਅਸਲ ਵਿਚ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿਚ ਰਿਹਾ ਹੈ।

05 Aug. 2018