ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕੀ ਰੰਗ ਲਿਆਵੇਗਾ ? - ਉਜਾਗਰ ਸਿੰਘ

ਸਿਆਸਤ ਵਿਚੋਂ ਸੰਜੀਦਗੀ ਅਤੇ ਸਿਧਾਂਤ ਦੋਵੇਂ ਪਰ ਲਾ ਕੇ ਗਾਇਬ ਹੋ ਗਏ ਹਨ। ਖਾਸ ਤੌਰ ਤੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤਾਂ ਸੰਜੀਦਗੀ ਦੇ ਸਾਰੇ ਹੱਦ ਬੰਨੇ ਹੀ ਟੱਪ ਗਈ ਹੈ। ਸੰਜੀਦਾ ਮੁਦਿਆਂ ਉਪਰ ਵੀ ਹਲਕੀਆਂ ਤੂਹਮਤਾਂ ਦਾ ਦੌਰ ਚਲ ਰਿਹਾ ਹੈ। ਸਮਝ ਨਹੀਂ ਆ ਰਹੀ ਇਹ ਨੇਤਾ ਨੌਜਵਾਨ ਸਿਆਸਤਦਾਨਾ ਨੂੰ ਕਿਹੜੀ ਪ੍ਰੇਰਨਾ ਦੇਣੀ ਚਾਹੁੰਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਣ। ਤਾਜ਼ਾ ਉਦਾਹਰਣ ਪੰਜਾਬ ਵਿਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ 119 ਇਨਸਾਨਾ ਦੀ ਮੌਤ ਦਾ ਮੁੱਦਾ ਹੈ। ਸਿਆਸਤਦਾਨਾ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਜਾਨੀ ਨੁਕਸਾਨ ਦੀ ਪੜਤਾਲ ਕਰਨ ਲਈ ਆਪਸ ਵਿਚ ਮਿਲ ਬੈਠਕੇ ਵਿਚਾਰ ਵਟਾਂਦਰਾ ਕਰਕੇ ਘਟਨਾ ਦੀ ਤਹਿ ਤੱਕ ਜਾ ਕੇ ਪੜਤਾਲ ਕਰਨ ਦੀ ਗੱਲ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀਆਂ ਤਜ਼ਵੀਜਾਂ ਦਾ ਮੁਲਾਂਕਣ ਕਰਦੇ ਸਗੋਂ ਉਹ ਤਾਂ ਆਪਸ ਵਿਚ ਹੀ ਉਲਝ ਗਏ। ਇਨਸਾਨੀਅਤ ਦੀਆਂ ਮੌਤਾਂ ਨੂੰ ਢਾਲ ਬਣਾਕੇ ਨਿੱਜੀ ਰੰਜ਼ਸ਼ਾਂ ਕੱਢਣਾ ਸਿਆਸਤਦਾਨਾ ਦਾ ਮੁੱਖ ਕੰਮ ਨਹੀਂ। ਇਤਨਾ ਸੰਜੀਦਾ ਮਸਲਾ ਉਥੇ ਦਾ ਉਥੇ ਹੀ ਖੜ੍ਹਾ ਰਹਿ ਗਿਆ। ਸਰਕਾਰ ਇਹ ਕਹਿਕੇ ਕਿ ਪੜਤਾਲ ਕਰਵਾਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਵਾਵਾਂਗੇ ਪੱਲਾ ਝਾੜਕੇ ਦੋਸ਼ ਮੁਕਤ ਨਹੀਂ ਹੋ ਸਕਦੀ। ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਿਸ ਕਰਵਟ ਬੈਠੇਗਾ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸਿਆਸਤ ਦੇ ਅਨਾੜੀ ਖਿਡਾਰੀਆਂ ਵਾਂਗ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ ਦੋਵੇਂ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ, ਤਿੰਨੋ ਇਕ ਦੂਜੇ ਤੇ ਹਲਕੇ ਪੱਧਰ ਦੇ ਦੋਸ਼ ਲਗਾ ਰਹੇ ਹਨ, ਜੋ ਉਨ੍ਹਾਂ ਦੇ ਸਟੇਟਸ ਅਨੁਸਾਰ ਸ਼ੋਭਾ ਨਹੀਂ ਦਿੰਦੇ। ਇਨ੍ਹਾਂ ਨੇਤਾਵਾਂ ਨੂੰ ਤਾਂ ਨੌਜਵਾਨ ਪੀੜ੍ਹੀ ਦੇ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ। ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਉਪਰ ਸੀਨੀਅਰ ਨੇਤਾਵਾਂ ਦੀ ਦੂਸ਼ਣਬਾਜ਼ੀ ਬੰਦ ਨਹੀਂ ਹੋ ਰਹੀ ਪਤਾ ਨਹੀਂ ਉਨ੍ਹਾਂ ਦੀ ਇਹ ਲੜਾਈ ਕੀ ਗੁਲ ਖਿਲਾਏਗੀ ਪ੍ਰੰਤੂ ਇਕ ਗੱਲ ਤਾਂ ਸਾਫ ਹੈ ਕਿ ਇਸ ਦੂਸ਼ਣਬਾਜ਼ੀ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਅਕਸ ਨੂੰ ਗਹਿਰਾ ਧੱਕਾ ਲੱਗੇਗਾ। ਦੋਵੇਂ ਧਿਰਾਂ ਆਪੋ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਵਿਚ ਲੱਗੀਆਂ ਹੋਈਆਂ ਹਨ। ਦੋਹਾਂ ਵਿਚੋਂ ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ। ਇਸ ਦੂਸ਼ਣਬਾਜ਼ੀ ਨੂੰ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਰੋਕਣ ਦੀ ਕੋਸਿਸ਼ ਨਹੀਂ ਕਰ ਰਹੀ। ਅਸਲ ਵਿਚ ਇਹ ਬਿਆਨਬਾਜ਼ੀ ਕਮਜ਼ੋਰ ਕੇਂਦਰੀ ਲੀਡਰਸ਼ਿਪ ਦਾ ਨਤੀਜਾ ਹੈ। ਪੰਜਾਬ ਕਾਂਗਰਸ ਦੇ ਕੇਂਦਰੀ ਇਨਚਾਰਜ ਆਸ਼ਾ ਕੁਮਾਰੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋਈ ਹੈ। ਕੇਂਦਰ ਦੇ ਇਨਚਾਰਜ ਦਾ ਫਰਜ ਬਣਦਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨਾਲ ਬਿਹਤਰ ਤਾਲਮੇਲ ਰੱਖੇ। ਉਸਨੂੰ ਕਿਸੇ ਇਕ ਧੜੇ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਸ਼ਮਸ਼ੇਰ ਸਿੰਘ ਦੂਲੋ ਦੇ ਬਿਆਨ ਤੋਂ ਸਾਬਤ ਹੋ ਰਿਹਾ ਹੈ ਕਿ ਆਸ਼ਾ ਕੁਮਾਰੀ ਇਕ ਪਾਸੜ ਯੋਗਦਾਨ ਪਾ ਰਹੀ ਹੈ। ਇਹ ਬਿਲਕੁਲ ਸੱਚ ਹੈ ਕਿ ਸਿਆਸਤ ਵਿਚ ਹਰ ਵਿਅਕਤੀ ਕਿਸੇ ਅਹੁਦੇ ਦੀ ਪ੍ਰਾਪਤੀ ਦਾ ਨਿਸ਼ਾਨਾ ਲੈ ਕੇ ਆਉਂਦਾ ਹੈ। ਇਸਦਾ ਅਰਥ ਇਹ ਨਹੀਂ ਕਿ ਉਹ ਗ਼ਲਤ ਢੰਗ ਅਪਣਾਕੇ ਇਸਦੀ ਪ੍ਰਾਪਤੀ ਕਰੇ। ਸਿਆਸਤ ਵਿਚ ਲੋਕ ਸੇਵਾ ਦਾ ਸੰਕਲਪ ਖ਼ਤਮ ਹੁੰਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਿਚ ਇਸ ਸਮੇਂ ਹਰ ਸਿਆਸਤਦਾਨ ਵਰਕਰ ਬਣਕੇ ਕੰਮ ਕਰਨ ਨੂੰ ਤਿਆਰ ਨਹੀਂ, ਹਰ ਕੋਈ ਨੇਤਾ ਬਣਨਾ ਪਸੰਦ ਕਰਦਾ ਹੈ। ਸਿਆਸਤਦਾਨਾਂ ਵਿਚੋਂ ਦਰੀਆਂ ਵਿਛਾਕੇ, ਹੇਠਲੇ ਪੱਧਰ ਤੋਂ ਲੋਕ ਸੇਵਾ ਅਤੇ ਮਿਹਨਤ ਨਾਲ ਸਿਆਸਤ ਦੀ ਪੌੜੀ ਚੜ੍ਹਨਾ ਇਕ ਸਪਨਾ ਬਣਕੇ ਹੀ ਰਹਿ ਗਿਆ। ਲੋਕ ਸੇਵਾ ਦਾ ਸਭਿਆਚਾਰ ਸਿਆਸਤ ਵਿਚੋਂ ਮਨਫੀ ਹੋ ਗਿਆ ਹੈ। ਕਾਂਗਰਸ ਦਾ ਹਰ ਸਿਆਸਤਦਾਨ ਮੁੱਖ ਮੰਤਰੀ, ਮੰਤਰੀ, ਵਿਧਾਨਕਾਰ ਜਾਂ ਕੋਈ ਹੋਰ ਅਹੁਦੇ ਤੋਂ ਬਿਨਾ ਆਪਣੇ ਆਪਨੂੰ ਅਧੂਰਾ ਸਮਝਦਾ ਹੈ। ਇਸ ਲਈ ਇਨ੍ਹਾਂ ਅਹੁਦਿਆਂ ਦੀ ਪ੍ਰਾਪਤੀ ਲਈ ਸ਼ਾਰਟ ਕਟ ਮਾਰਕੇ ਸਿਖਰਲੀ ਪੌੜੀ ਚੜ੍ਹਨ ਦੀ ਕੋਸਿਸ਼ ਕਰ ਰਿਹਾ ਹੈ। ਜਿਸ ਕਰਕੇ ਪਾਰਟੀ ਵਿਚ ਨਿਘਾਰ ਆ ਰਿਹਾ ਹੈ। ਤਾਜਾ ਘਟਨਾਵਾਂ ਵਿਜੇਦਿਤਿਆ ਰਾਜੇ ਸਿੰਧੀਆ ਅਤੇ ਰਾਜੇਸ਼ ਪਾਇਲਟ ਦੀਆਂ ਹਨ, ਜਿਹੜੇ ਆਪਣੀ ਕਾਬਲੀਅਤ ਕਰਕੇ ਨਹੀਂ ਸਗੋਂ ਪਰਿਵਾਰਵਾਦ ਕਰਕੇ ਭਰ ਜਵਾਨੀ ਵਿਚ ਵੱਡੇ ਅਹੁਦੇ ਲੈ ਕੇ ਵੀ ਸੰਤੁਸ਼ਟ ਨਹੀਂ ਹੋਏ ਸਨ। ਇਨ੍ਹਾਂ ਦੋਹਾਂ ਨੌਜਵਾਨ ਨੇਤਾਵਾਂ ਦੇ ਵਿਵਹਾਰ ਦਾ ਸਾਰੇ ਰਾਜਾਂ ਦੀ ਕਾਂਗਰਸ ਤੇ ਪ੍ਰਭਾਵ ਪੈ ਰਿਹਾ ਹੈ। ਸਮੁੱਚੇ ਦੇਸ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਦਿਨ ਬਦਿਨ ਪਤਲੀ ਹੁੰਦੀ ਜਾ ਰਹੀ ਸੀ ਪ੍ਰੰਤੂ ਇਸਦੇ ਮੁਕਾਬਲੇ ਪੰਜਾਬ ਕਾਂਗਰਸ ਦੀ ਸਥਿਤੀ ਮਜ਼ਬੂਤ ਰਹੀ ਹੈ। 2009 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੇ ਦੇਸ ਵਿਚ ਕਾਂਗਰਸ ਪਾਰਟੀ ਨਿਘਾਰ ਵਲ ਨੂੰ ਜਾ ਰਹੀ ਹੈ।  2009 ਅਤੇ 2014 ਦੀਆਂ ਲੋਕ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਨੇਤਾ ਬਣਨ ਜੋਗੀਆਂ ਸੀਟਾਂ ਵੀ ਜਿੱਤ ਨਹੀਂ ਸਕੀ ਪ੍ਰੰਤੂ ਪੰਜਾਬ ਵਿਚ 2014 ਦੀਆਂ ਲੋਕ ਸਭਾ ਦੀਆਂ 13 ਸੀਟਾਂ ਵਿਚੋਂ 3 ਅਤੇ 2019 ਵਿਚ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿਚ ਕਾਂਗਰਸ ਪਾਰਟੀ ਦਾ ਆਧਾਰ ਅਜੇ ਬਰਕਰਾਰ ਹੈ ਪ੍ਰੰਤੂ ਪੰਜਾਬ ਸਰਕਾਰ ਦੀ ਕਮਜ਼ੋਰ ਕਾਰਗੁਜ਼ਾਰੀ ਅਤੇ ਨੇਤਾਵਾਂ ਦੀਆਂ ਖ਼ੁਦਗਰਜ਼ੀਆਂ ਵਾਲੀਆਂ ਹਰਕਤਾਂ ਪੰਜਾਬ ਕਾਂਗਰਸ ਨੂੰ ਵੀ ਲੈ ਡੁਬਣਗੀਆਂ। ਪੰਜਾਬ ਵਿਚ 2017 ਵਿਚ ਭਾਰੀ ਬਹੁਮਤ ਨਾਲ ਪੰਜਾਬ ਵਿਧਾਨ ਸਭਾ ਦੀ ਚੋਣ ਜਿਤਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਵੀ ਬਣਾ ਲਈ ਸੀ। ਪੰਜਾਬ ਦੇ ਕਾਂਗਰਸੀਆਂ ਨੂੰ ਸਰਕਾਰ ਰਾਸ ਨਹੀਂ ਆ ਰਹੀ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਾਂਗਰਸੀ ਨੇਤਾ ਸਰਕਾਰ ਦਾ ਅਕਸ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਨਿਤ ਦਿਨ ਨਵਾਂ ਵਾਦਵਿਵਾਦ ਛਿੜਿਆ ਰਹਿੰਦਾ ਹੈ। ਹਰ ਨੇਤਾ ਮੁੱਖ ਮੰਤਰੀ ਅਤੇ ਮੰਤਰੀ ਦੀਆਂ ਕੁਰਸੀਆਂ ਉਪਰ ਨਿਗਾਹ ਟਿਕਾਈ ਬੈਠਾ ਹੈ। ਇਸ ਕਰਕੇ ਹਰ ਤੀਜੇ ਦਿਨ ਕੋਈ ਨਾ ਕੋਈ ਅਜਿਹਾ ਬਿਆਨ ਦਾਗ ਦਿੰਦੇ ਹਨ, ਜਿਸ ਨਾਲ ਸਰਕਾਰ ਦੀ ਬਦਨਾਮੀ ਹੋਵੇ। ਇਹ ਨੇਤਾ ਕੇਂਦਰ ਵਿਚ ਬੈਠੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਸ਼ਹਿ ਉਪਰ ਢੋਲ ਵਜਾ ਰਹੇ ਹਨ। ਦਿੱਲੀ ਬੈਠੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੀ ਕਾਂਗਰਸ ਦੀਆਂ ਜੜਾਂ ਵਿਚ ਤੇਲ ਦੇ ਰਹੀ ਹੈ। ਇਕ ਕਹਾਵਤ ਹੈ, 'ਚੁੱਕੀ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ' ਇਹੋ ਪੰਜਾਬ ਦੇ ਕਾਂਗਰਸੀ ਕਰ ਰਹੇ ਹਨ। ਕੇਂਦਰ ਵਿਚ ਕਾਂਗਰਸ ਪਾਰਟੀ ਅਤਿਅੰਤ ਕਮਜ਼ੋਰ ਹੋਣ ਕਰਕੇ ਨਾ ਤਾਂ ਅਨੁਸ਼ਾਸਨ ਭੰਗ ਕਰਨ ਵਾਲਿਆਂ ਅਤੇ ਨਾ ਹੀ ਮੁੱਖ ਮੰਤਰੀ ਨੂੰ ਸਮਝਾਉਣ ਦੇ ਸਮਰੱਥ ਹੈ। ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਭਾਵੇਂ ਇਮਾਨਦਾਰ ਅਤੇ ਲੋਕਾਂ ਵਿਚ ਹਰਮਨ ਪਿਆਰਾ ਹੈ ਪ੍ਰੰਤੂ ਉਸਦੇ ਬਿਆਨਾ ਕਰਕੇ ਸਰਕਾਰ ਦੀਆਂ ਜੜ੍ਹਾਂ ਵਿਚ ਸੇਹ ਦਾ ਤਕਲਾ ਗੱਡਿਆ ਰਿਹਾ। ਚਲੋ ਉਹ ਤਾਂ ਅਜੇ ਸਿਆਸਤ ਵਿਚ ਬਹੁਤਾ ਤਜ਼ਰਬੇਕਾਰ ਵੀ ਨਹੀਂ ਸੀ, ਇਸ ਕਰਕੇ  ਬਿਆਨਬਾਜ਼ੀ ਕਰਦਾ ਰਿਹਾ। ਉਹ ਤਾਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ  ਦੀ ਦਖ਼ਲਅੰਦਾਜ਼ੀ ਨਾਲ ਸਿਧਾਂਤਾਂ ਨੂੰ ਮੁੱਖ ਰਖਕੇ ਨਹੀਂ ਸਗੋਂ ਇਕ ਨਿਸ਼ਾਨੇ ਨੂੰ ਆਧਾਰ ਬਣਾਕੇ ਕਾਂਗਰਸ ਵਿਚ ਆਇਆ ਸੀ, ਜਦੋਂ ਉਸਦਾ ਨਿਸ਼ਾਨਾ ਪੂਰਾ ਹੁੰਦਾ ਨਾ ਦਿਖਿਆ ਤਾਂ ਉਹ ਅਖ਼ੀਰ ਅਸਤੀਫਾ ਦੇ ਕੇ ਮੰਤਰੀ ਮੰਡਲ ਵਿਚੋਂ ਬਾਹਰ ਚਲਾ ਗਿਆ। ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਮੰਤਰੀ ਦੇ ਅਹੁਦੇ ਦੇ ਕੇ ਨਿਵਾਜਣ ਨਾਲ ਵੀ ਪੁਰਾਣੇ ਕਾਂਗਰਸੀਆਂ ਵਿਚ ਖੁਸਰਮੁਸਰ ਹੁੰਦੀ ਰਹੀ। ਪੰਜਾਬ ਦਾ ਤਾਜ਼ਾ ਘਟਨਾਕਰਮ ਬੜਾ ਹੀ ਅਜ਼ੀਬ ਕਿਸਮ ਦਾ ਹੋਇਆ ਹੈ। ਦੋ ਬਹੁਤ ਹੀ ਸੀਨੀਅਰ ਨੇਤਾ ਸ਼ਮਸ਼ੇਰ ਸਿੰਘ ਦੂਲੋ ਅਤੇ ਪਰਤਾਪ ਸਿੰਘ ਬਾਜਵਾ, ਦੋਵੇਂ ਸਾਬਕਾ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ, ਸਾਬਕਾ ਪੰਜਾਬ ਦੇ ਮੰਤਰੀ ਅਤੇ ਵਰਤਮਾਨ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਪਿਛਲੇ ਦਿਨੀ ਆਪਣੇ ਹੀ ਮੁੱਖ ਮੰਤਰੀ ਦੇ ਵਿਰੁੱਧ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਪੜਤਾਲ ਸੀ ਬੀ ਆਈ ਤੋਂ ਕਰਵਾਉਣ ਲਈ ਰਾਜਪਾਲ ਕੋਲ ਪਹੁੰਚ ਗਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਪੜਤਾਲ ਉਪਰ ਯਕੀਨ ਹੀ ਨਹੀਂ। ਚਾਹੀਦਾ ਤਾਂ ਇਹ ਸੀ ਕਿ ਉਹ ਪਹਿਲਾਂ ਮੁੱਖ ਮੰਤਰੀ ਨੂੰ ਸੀ ਬੀ ਆਈ ਪੜਤਾਲ ਕਰਵਾਉਣ ਲਈ ਕਹਿੰਦੇ, ਜੇ ਉਹ ਨਾ ਸੁਣਦੇ ਤਾਂ ਪਾਰਟੀ ਪੱਧਰ ਤੇ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਆਪਣੀ ਗੱਲ ਦੱਸਦੇ।  ਪ੍ਰੰਤੂ ਉਨ੍ਹਾਂ ਤਾਂ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੀ ਤਰ੍ਹਾਂ ਜਿਵੇਂ ਉਸਨੇ ਆਪਣੇ ਹੀ ਮੁੱਖ ਮੰਤਰੀ ਦੇ ਭਰਿਸ਼ਟਾਚਾਰ ਵਿਰੁਧ ਰਾਜਪਾਲ ਨੂੰ ਯਾਦ ਪੱਤਰ ਦਿੱਤਾ ਸੀ, ਉਸੇ ਤਰ੍ਹਾਂ ਕੀਤਾ। ਇਹ ਦੋਵੇਂ ਨੇਤਾ ਪੜ੍ਹੇ ਲਿਖੇ, ਕਾਬਲ ਅਤੇ ਤਜ਼ਰਬੇਕਾਰ ਸਿਆਸਤਦਾਨ ਹਨ। ਉਹ ਆਪ ਉਚ ਅਹੁਦਿਆਂ ਤੇ ਰਹੇ ਹਨ। ਇਸ ਤਰ੍ਹਾਂ ਰਾਜਪਾਲ ਕੋਲ ਜਾਣ ਦੇ ਅਰਥ ਵੀ ਸਮਝਦੇ ਹਨ। ਉਨ੍ਹਾਂ ਨੂੰ ਇਸ ਯਾਦ ਪੱਤਰ ਦੇ ਲਾਭ ਨੁਕਸਾਨ ਬਾਰੇ ਸਭ ਕੁਝ ਪਤਾ ਹੈ। ਇਹ ਜਗਦੇਵ ਸਿੰਘ ਤਲਵੰਡੀ ਵਰਗੇ ਸਿਆਸਤਦਾਨ ਨਹੀਂ। ਏਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮੁੱਖ ਮੰਤਰੀ ਨੂੰ ਵੀ ਸੀਨੀਅਰ ਨੇਤਾਵਾਂ ਦੇ ਖਤਾਂ ਉਪਰ ਕਾਰਵਾਈ ਕਰਕੇ ਉਨ੍ਹਾਂ ਨੂੰ ਜਾਣਕਾਰੀ ਦੇਣੀ ਬਣਦੀ ਸੀ। ਦੋਹਾਂ ਨੇਤਾਵਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਪਹਿਲਾਂ ਬਹੁਤ ਸਾਰੇ ਮਸਲਿਆਂ ਬਾਰੇ ਖਤ ਲਿਖੇ ਹਨ ਪ੍ਰੰਤੂ ਮੁੱਖ ਮੰਤਰੀ ਦਫਤਰ ਨਾ ਤਾਂ ਕੋਈ ਕਾਰਵਾਈ ਕਰਦਾ ਹੈ ਅਤੇ ਨਾ ਹੀ ਕੋਈ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਰਾਜਪਾਲ ਕੋਲ ਉਨ੍ਹਾਂ ਦਾ ਜਾਣਾ ਜਾਇਜ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਨੂੰ ਸੰਜੀਦਾ ਕਿਸਮ ਦਾ ਸਿਆਸਤਦਾਨ ਸਮਝਿਆ ਜਾਂਦਾ ਸੀ ਉਸਨੇ ਤਾਂ ਪੈਂਦੀ ਸੱਟੇ ਜਲਦਬਾਜ਼ੀ ਵਿਚ ਇਨ੍ਹਾਂ ਦੋਹਾਂ ਸੀਨੀਅਰ ਨੇਤਾਵਾਂ ਵਿਰੁਧ ਕੌਮੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਅਨੁਸ਼ਾਸਨ ਭੰਗ ਕਰਨ ਕਰਕੇ  ਅਨੁਸ਼ਾਸਨੀ ਕਾਰਵਾਈ ਕਰਨ ਲਈ ਲਿਖ ਦਿੱਤਾ। ਕਾਂਗਰਸ ਪਾਰਟੀ ਰਾਜ ਸਭਾ ਦੇ ਮੈਂਬਰਾਂ ਵਿਰੁਧ ਕਾਰਵਾਈ ਕਰਨ ਦੀ ਸਥਿਤੀ ਵਿਚ ਨਹੀਂ ਕਿਉਂਕਿ ਕਈ ਮਹੱਤਵਪੂਰਨ ਬਿਲ ਸੰਸਦ ਦੇ ਮੌਨਸੂਨ ਸੈਸਨ ਵਿਚ ਪੇਸ ਹੋਣੇ ਹਨ। ਏਥੇ ਹੀ ਬਸ ਨਹੀਂ ਪੰਜਾਬ ਦੇ ਮੰਤਰੀਆਂ ਨੇ ਵੀ ਦੋਹਾਂ ਨੇਤਾਵਾਂ ਵਿਰੁਧ ਕਾਰਵਾਈ ਕਰਨ ਲਈ ਬਿਆਨ ਦਾਗ ਦਿੱਤੇ ਹਨ। ਦੋਹਾਂ ਧਿਰਾਂ ਦੀਆਂ ਨਿੱਜੀ ਰੰਜ਼ਸਾਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਦੋਵੇਂ ਧਿਰਾਂ ਪੁਰਾਣੀਆਂ ਕਿੜਾਂ ਕੱਢ ਰਹੇ ਹਨ। ਕੋਈ ਵੀ ਕਾਂਗਰਸ ਪਾਰਟੀ ਹਿਤਾਂ ਨੂੰ ਮੁੱਖ ਰਖਕੇ ਸੰਜੀਦਗੀ ਤੋਂ ਕੰਮ ਨਹੀਂ ਲੈ ਰਿਹਾ। ਸ਼ਮਸ਼ੇਰ ਸਿੰਘ ਦੂਲੋ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਵੀ ਉਨ੍ਹਾਂ ਦਾ ਛੱਤੀ ਦਾ ਅੰਕੜਾ ਰਿਹਾ ਹੈ। ਉਸਨੇ ਤਾਂ ਇਕ ਹੋਰ ਬਿਆਨ ਦਿੱਤਾ ਹੈ ਜਿਸ ਵਿਚ ਸਾਰੇ ਮੰਤਰੀ ਮੰਡਲ ਅਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ। ਤਾਜ਼ਾ ਬਿਆਨਬਾਜ਼ੀ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਦੇਵੇਗੀ। ਅਸਲ ਵਿਚ ਕਾਂਗਰਸੀਆਂ ਦੇ ਸਿਆਸੀ ਤਾਕਤ ਵੀ ਹਜ਼ਮ ਨਹੀਂ ਹੁੰਦੀ। ਕਾਂਗਰਸੀ ਹੀ ਵਿਰੋਧੀ ਪਾਰਟੀ ਦਾ ਰੋਲ ਅਦਾ ਕਰ ਰਹੇ ਹਨ। ਉਦੋਂ ਵੀ 2007 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਨੂੰ ਦੋਹਾਂ ਦੀ ਲੜਾਈ ਦਾ ਨੁਕਸਾਨ ਹੋਇਆ ਸੀ। ਹੁਣ ਵੀ ਪਾਰਟੀ ਘਾਟੇ ਵਿਚ ਰਹੇਗੀ ਜੇਕਰ ਕੇਂਦਰੀ ਕਾਂਗਰਸ ਨੇ ਕੋਈ ਸਾਰਥਿਕ ਕਾਰਵਾਈ ਨਾ ਕੀਤੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072
ujagarsingh48@yahoo.com