ਕੁੱਝ ਖੱਟੀਆਂ ਕੁੱਝ ਮਿੱਠੀਆਂ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਮੈਂ ਆਪਣੇ ਨਾਲ ਵਾਪਰੀਆਂ ਹੋਈਆਂ ਘਟਨਾਵਾਂ ਦਾ ਸਚੋ ਸੱਚ ਜ਼ਿਕਰ ਕਰੂੰਗਾ। ਦੋ ਕੁ ਹਫਤੇ ਪਹਿਲਾਂ ਕਿਸੇ ਸੱਜਣ ਦਾ ਸਰੀ ਬੀ.ਸੀ. ਤੋਂ ਫੂਨ ਆਇਆ ਕਿ ਸਾਨੂੰ ਸਿੰਘ ਸਭਾ ਕੈਨੇਡਾ ਵਲੋਂ ਛਾਪੇ ਜਾਂਦੇ ਮੈਗਜ਼ੀਨ ਦੀਆਂ, ਜਿਤਨੀਆਂ ਕਾਪੀਆਂ ਮਿਲ ਸਕਦੀਆਂ ਹਨ, ਭੇਜ ਦਿਓ ਅਤੇ ਇਹ ਵੀ ਦੱਸਿਆ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਕੋਲ ਜਿਹੜੇ ਟਰੱਕ ਪਾਰਕਿੰਗ ਲਈ ਦੋ ਥਾਂਵਾਂ ਹਨ, ਉਨ੍ਹਾਂ ਵਿਚੋਂ ਫਲਾਣੀ ਥਾਂ ਵਿਚ ਟਰੇਲਰ ਨੰਬਰ 720 ਵਿਚ ਤੁਸੀਂ ਇਹ ਮੈਗਜ਼ੀਨ ਰੱਖ ਦਿਓ, ਉਹ ਸਾਡੇ ਕੋਲ ਇਹ ਮੈਗਜ਼ੀਨ ਪਹੁੰਚਦੇ ਕਰ ਦੇਣਗੇ। ਸ਼ਾਮ ਦੇ ਕੋਈ ਨੌਂ ਕੁ ਵਜੇ ਮੈਂ ਸਕਿਉਰਟੀ ਤੇ ਤੈਨਾਤ ਦੋ ਸਰਦਾਰਾਂ ਨੂੰ ਇਹ ਸਮਾਨ ਰੱਖਣ ਲਈ ਪੁੱਛਿਆ। ਉਨ੍ਹਾਂ ਦੇ ਹਾਂ ਕਰਨ ਤੋਂ ਬਾਅਦ ਮੈਂ ਇਕ ਇਕ ਮੈਗਜ਼ੀਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਮੈਗਜ਼ੀਨ ‘ਦਸਮ ਗ੍ਰੰਥ’ ਬਾਰੇ ਹੈ। ਮੈਂ 2002 ਤੋਂ ਇਸ ਅਖੋਤੀ ‘ਦਸਮ ਗ੍ਰੰਥ’ ਬਾਰੇ ਲਿਖ ਰਿਹਾ ਹਾਂ ਅਤੇ ਵੱਡੇ ਵੱਡੇ ਸਾਧਾਂ ਅਤੇ ਜੱਥੇਦਾਰਾਂ ਦੇ ‘ਪਓੜ’ ਚੁਕਾਏ ਹਨ। ਉਨ੍ਹਾਂ ਵਿਚੋਂ ਇਕ ਕਹਿਣ ਲੱਗਾ “ਗੁਰੂ ਗੋਬਿੰਦ ਸਿੰਘ ਜੀ ਮੇਰੇ ਲਈ ਰੱਬ ਹਨ ਤੇ ਜੋ ਕੁੱਝ ਵੀ ਉਨ੍ਹਾਂ ਨੇ ਲਿਖਿਆ ਹੈ, ਸਾਡੇ ਲਈ ਹੈ ਤੇ ਮੈਂ ਉਸ ਨੂੰ ਮੰਨਦਾ ਹਾਂ”। ਮੈਂ ਕਿਹਾ ਜੀ ਤੁਸੀਂ ਇਹ ਤਾਂ ਦੱਸੋ ਕਿ ਉਨ੍ਹਾਂ ਨੇ ‘ਦਸਮ ਗ੍ਰੰਥ ਕਦੋਂ ਲਿਖਿਆ ਅਤੇ ਇਸ ਗ੍ਰੰਥ ਦਾ ਨਾਮ ‘ਦਸਮ ਗ੍ਰੰਥ ਕਦੋਂ ਪ੍ਰਚੱਲਤ ਹੋਇਆ’ ਜਵਾਬ ਸੀ ਇਹ ਤਾਂ ਮੈਨੂੰ ਪਤ ਨਹੀਂ ਪਰ ਮੈਂ ਗੁਰੂ ਜੀ ਨੂੰ ਰੱਬ ਮੰਨਦਾ ਹਾਂ। ਮੈਂ ਤਾਂ ਕ੍ਰਿਸ਼ਨ ਨੂੰ ਵੀ ਭਗਵਾਨ ਮੰਨਦਾ ਹਾਂ। ਮੇਰਾ ਅਗਲਾ ਸਵਾਲ ਸੀ ਤਾਂ ਫਿਰ ਇਸ ਦੁਨੀਆਂ ਵਿਚ ਕਈ ਸਾਰੇ ਰੱਬ ਹਨ ਜੋ ਜੰਮੇ ਵੀ ਤੇ ਮਰੇ ਵੀ ਪਰ ਗੁਰਬਾਣੀ ਦਾ ਰੱਬ;
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਪੰਨਾ 759, ਮ:4 ॥
ਉਨ੍ਹਾਂ ਵਿਚੋਂ ਇਕ ਸਿਰਦਾਰ ਸ਼ਕਲ ਵਾਲਾ ਹੋਰ ਉੱਚੀ ਉੱਚੀ ਕੂਕਣ ਲੱਗਾ। ਫਿਰ ਮੈਂ ਆਪਣੀ ਕਾਰ ਵਿਚੋਂ ਬਾਹਰ ਆ ਕੇ ਕਿਹਾ ਪਹਿਲਾਂ ਬੋਲਣ ਦੀ ਤਮੀਜ਼ ਤਾਂ ਸਿੱਖ ਲਓ ਫਿਰ ਆਪਣੇ ਆਪਣੇ ਰੱਬ ਬਣਾਈ ਜਾਣਾ। ਕੁੱਝ ਤਾਂ ਸੋਚੋ! ਕ੍ਰਿਸ਼ਨ ਤਾਂ ਲੋਕਾਂ ਦੀਆਂ ਕੁਆਰੀਆਂ ਕੁੜੀਆਂ ਦੀਆਂ ਕੁੱਖਾਂ ਹਰੀਆਂ ਕਰਦਾ, ਚੋਹਲ-ਮੋਹਲ ਕਰਦਾ ਅਤੇ ਨੰਗੀਆਂ ਨੂੰ ਵੇਖਣ ਲਈ ਉਨ੍ਹਾਂ ਨਦਾਨ ਔਰਤਾਂ ਦੇ ਕਪੜੇ ਚੋਰੀ ਕਰਕੇ ਦਰੱਖਤਾਂ ਤੇ ਬੈਠ ਜਾਂਦਾ ਸੀ। ਇਹ ਭਗਵਾਨ ਹੋਣ ਦੀਆਂ ਨਿਸ਼ਾਨੀ ਹਨ? ਬਸ ਫਿਰ ਲੜਾਈ ਹੋਣ ਵਾਲੀ ਹੀ ਸੀ ਕਿ ਮੈਂ ਆਪਣੇ ਆਪ ਤੇ ਕਾਬੂ ਪਾਇਆ ਤੇ ਮੈਗਜ਼ੀਨ ਟਰੇਲਰ ਵਿਚ ਰੱਖ ਕੇ ਆਪਣੇ ਘਰ ਨੂੰ ਤੁਰਦਾ ਬਣਿਆ। ਜੇਕਰ ਐਹੋ-ਜਿਹੇ ਲੋਕ ਸਿੱਖ ਹਨ ਤਾਂ ਫਿਰ ਉਹ ਆਪਣੀ ਔਲਾਦ ਨੂੰ ਵੀ ਐਹੋ-ਜਿਹੇ ਹੀ ਬਣਾਉਣਗੇ। ਕੀ ਅਸੀਂ ਗਰਕੇ ਹੋਏ ਸਿੱਖ ਨਹੀਂ ਹਾਂ?
ਪਿਛਲੇ ਐਤਵਾਰ ਨੂੰ ਸਵੇਰੇ ਸਵਾ ਕੇ ਅਠ ਵਜੇ ਮੇਰੇ ਘਰ ਦੇ ਸਾਹਮਣੇ ਬੱਸ ਸਟੈਂਡ ਤੇ ਤਿੰਨ ਲੜਕੀਆਂ ਖੜੀਆਂ ਸਨ ਤੇ ਮੈਂ ਆਪਣੇ ਘਰੋਂ ਕੰਮ ਤੇ ਜਾਣ ਲਈ ਨਿਕਲਿਆ। ਮੈਂ ਜਲਦੀ ਨਾਲ ਆਪਣੀ ਕਾਰ ਦੀ ਡਿੱਗੀ ਵਿਚੋਂ ਤਿੰਨ ਮੈਗਜ਼ੀਨ ਕੱਢੇ ਤੇ ਉਨ੍ਹਾਂ ਨੂੰ ਫੜਾਉਣ ਲਈ ਅੱਗੇ ਵਧਿਆ। ਉਨ੍ਹਾਂ ਵਿਚੋਂ ਦੋ ਨੇ ਤਾਂ ਇਕ ਹੀ ਮੈਗਜ਼ੀਨ ਲਿਆ ਅਤੇ ਕਿਹਾ ਕਿ ਅਸੀਂ ਇਕੱਠੀਆਂ ਰਹਿੰਦੀਆਂ ਹਾਂ ਸਾਡੇ ਲਈ ਇਕ ਹੀ ਕਾਫੀ ਹੈ। ਫਿਰ ਮੈਂ ਤੀਜੀ ਲੜਕੀ, ਜੋ ਦੋਮਾਲੇ ਵਾਲੀ ਅੰਸ-ਬੰਸ ਹੈ, ਨੂੰ ਮੈਗਜ਼ੀਨ ਦੇਣ ਤੋਂ ਪਹਿਲਾਂ ਕਿਹਾ; ਬੀਬਾ ਜੀ ਇਹ ‘ਦਸਮ ਗ੍ਰੰਥ’ ਬਾਰੇ ਹੈ। ਸਾਡੇ ਵੱਡੇ ਵੱਡੇ ਜੱਥੇਦਾਰਾਂ ਨੇ ਵੀ ਦਸਮ ਗ੍ਰੰਥ ਨਹੀਂ ਪੜ੍ਹਿਆ, ਐਵੇਂ ਹੀ ਟਾਹਰਾਂ ਮਾਰੀ ਜਾਂਦੇ ਹਨ। ਮੈਂ 2002 ਤੋਂ ਇਹ ਗ੍ਰੰਥ ਪੜ੍ਹ ਕੇ, ਸਮਝ ਕੇ, ਇਸ ਬਾਰੇ ਆਪਣੇ ਸ਼ੰਕੇ ਸਿੱਖ ਕੌਮ ਨਾਲ ਸਾਂਝੇ ਕਰ ਰਿਹਾ ਹਾਂ। ਤੁਹਾਡਾ ਮਨ ਮੰਨਦਾ ਹੈ ਤਾਂ ਲੈ ਲਵੋ। ਉਹ ਲੜਕੀ ਕਹਿਣ ਲੱਗੀ ਜੀ ਮੈਨੂੰ ਤਾਂ ‘ਦਸਮ ਗ੍ਰੰਥ’ ਤੇ ਪੂਰਨ ਭਰੋਸਾ ਹੈ। ਮੈਂ ਕਿਹਾ, ਬੀਬਾ ਜੀ! ਕੀ ਤੂੰ ਇਹ ਦੱਸ ਸਕਦੀ ਹੈ ਕਿ ਕੀ-ਕੀ, ਕਿੱਥੇ-ਕਿੱਥੇ ਲਿਖਿਆ ਹੈ। ਮੇਰੇ ਇਸੇ ਸਵਾਲ ਦਾ ਜਵਾਬ ਤਾਂ ਪਹਿਲੇ ਸਰਦਾਰ ਕੋਲ ਵੀ ਨਹੀਂ ਸੀ , ਜੋ ਉਲਟੀ ਕਰਨ ਵਾਲਿਆਂ ਵਾਂਗ ਸੰਘ ਪਾੜ-ਪਾੜ ‘ਦਸਮ ਗ੍ਰੰਥ’ ਗੁਰੂ ਦਾ ਲਿਖਿਆ ਹੋਣ ਦਾ ਦਾਹਵਾ ਕਰਦਾ ਸੀ, ਅਤੇ ਇਸ ਵਿਚਾਰੀ ਲੜਕੀ ਨੇ ਤਾਂ ਕੀ ਜਵਾਬ ਦੇਣਾ ਸੀ। ਜੀ ਮੈਂ ਇਸਦੀ ਬਾਣੀ ਦਾ ਨਿੱਤ ਪਾਠ ਕਰਦੀ ਹਾਂ। ਫਿਰ ਮੈਂ ਕਿਹਾ ਕਿ ਜੇ ਤੂੰ ਨਿੱਤ ਪਾਠ ਕਰਦੀ ਹੈਂ ਤਾਂ ਇਹ ਦੱਸ ਕਿ ਚੌਪਈ ਵਿਚ ਆਇਆ ਲਫਜ਼, “ਹੂਜੋ” ਦਾ ਕੀ ਮਤਲਬ ਹੈ। ਐਨੇ ਨੂੰ ਬੱਸ ਆ ਗਈ ਤੇ ਉਹ ਆਪਣੀ ਜਾਨ ਛੁਡਾ ਡਾਲਰ ਕਮਾਉਣ ਚਲੀ ਗਈ।
ਜੂਨ 2023 ਕਿਸੇ ਦਿਨ ਮੈਂ ਆਪਣੀ ਭੈਣ, ਜੋ ਸਾਹੂਵਾਲ, ਹਰਿਆਣਾ ਦੇ ਨੇੜੇ ਰਹਿੰਦੀ ਹੈ, ਨੂੰ ਮਿਲਣ ਚਲਾ ਗਿਆ। ਸਵੇਰੇ ਉੱਠ ਕੇ ਮੈਂ ਆਪਣੇ ਛੋਟੇ ਭਾਣਜੇ ਨੂੰ ਸੈਰ ਕਰਨ ਜਾਣ ਲਈ ਕਿਹਾ ਤੇ ਜਦੋਂ ਹੀ ਅਸੀਂ ਘਰੋਂ ਨਿਕਲੇ ਤਾਂ ਗੁਰਦਵਾਰੇ ਦੇ ਸਪੀਕਰ ਦੀ ਅਵਾਜ਼ ਨੇ ਮੇਰੇ ਪੈਰ ਅੱਗੇ ਚੱਲਣ ਤੋਂ ਰੋਕ ਲਏ। ਮੈਂ ਆਪਣੇ ਭਾਣਜੇ ਨੂੰ ਕਿਹਾ ਬਈ ਤੂੰ ਤਾਂ ਆਪਣੇ ਖੇਤਾਂ ਨੂੰ ਚੱਲ ਤੇ ਮੈਂ ਗੁਰਦਵਾਰੇ ਦੇ ਭਾਈ ਜੀ, ਜੋ “ਜਾਪੁ ਦਸਮ ਗ੍ਰੰਥ” ਵਾਲਾ ਦਾ ਪਾਠ ਕਰ ਰਿਹਾ ਹੈ, ਨਾਲ ਗੱਲ ਕਰਨ ਜਾਂਦਾ ਹਾਂ। ਅੱਗੇ ਗਿਆ ਤਾਂ ਤਿੰਨ ਚਾਰ ਪੰਜਾਬਣਾਂ, ਚੰਗੇ ਸੂਟ ਪਾਈ, ਬਾਹਰ ਝਾੜੂ ਲਾਈ ਜਾਣ। ਪੁੱਛਣ ਤੇ ਕਹਿੰਦੀਆਂ ਕਿ ਜੀ ਅਸੀਂ ਤਾਂ ਸੇਵਾ ਕਰ ਰਹੀਆ ਹਾਂ। ਮੈਂ ਕਿਹਾ ਜੀ ਕੀ ਤੁਸੀਂ ਇਹ ਝਾੜੂ ਆਪਣੇ ਘਰ ਨਹੀਂ ਲਾਉਂਦੀਆਂ? ਜਵਾਬ ਸੀ ਜੀ ਲਾਉਂਦੀਆਂ ਹਾਂ ਪਰ ਸਾਨੂੰ ਤਾਂ ਏਹੀ ਪਤਾ ਹੈ। ਮੈਂ ਕਿਹਾ ਜੀ ਗੁਰਬਾਣੀ ਦਾ ਫੁਰਮਾਣ ਹੈ;
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ॥
ਨਾਮੁ ਪਦਾਰਥੁ ਪਾਈਐ ਅਚਿੰਤ ਵਸੈ ਮਨਿ ਆਇ॥ ਪੰਨਾ 552, ਮ:3॥
ਗੁਰਦਵਾਰੇ ਆ ਕੇ ਕਦੀ ਮਨ ਨਾਲ ਸੇਵਾ ਕਰਿਆ ਕਰੋ? ਸੇਵਾ ਚਿੱਤ ਨਾਲ ਕਰਨੀ ਹੈ, ਭਾਵ ਗੁਰਦਵਾਰੇ ਆ ਕੇ ਪੜ੍ਹਿਆ ਕਰੋ, ਪੜ੍ਹਨ ਨਾਲ ਤੁਹਾਡੇ ਮਨ ਵਿਚ ਪ੍ਰਮਾਤਮਾ ਦਾ ਨਾਮ, ਜੋ ਸੱਚ ਹੈ, ਵੱਸ ਜਾਵੇਗਾ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਐਨੇ ਨੂੰ ਭਾਈ ਜੀ ਆਪਣੇ ਕਰਮ ਕਾਂਢ ਤੋਂ ਵਿਹਲਾ ਹੋਇਆ ਤਾਂ ਮੈਂ ਸਵਾਲ ਕਰ ਦਿੱਤਾ ਕਿ ਜਿਸ ਬਾਣੀ ਦਾ ਤੁਸੀਂ ਅੱਜ ਪਾਠ ਕਰ ਰਹੇ ਸੀ, ਇਨ੍ਹਾਂ ਸੱਜਣਾਂ ਨੂੰ ਦੱਸੋ ਕਿ ਉਹ ਬਾਣੀ ਕਿਸ ਗ੍ਰੰਥ ਵਿਚੋਂ ਹੈ ਤੇ ਕਿਸ ਗੁਰੂ ਸਹਿਬਾਨ ਦੀ ਲਿਖੀ ਹੈ? ਭਾਈ ਜੀ ਏਹੀ ਕਹੀ ਜਾਣ, ਜੀ ਮੈਂ ਤਾਂ ਪਾਠ ਕਰਕੇ ਸੁਣਾਇਆ ਹੈ, ਮੈਂ ਤਾਂ ਪਾਠ ਕਰ ਰਿਹਾ ਸੀ। ਬਸ ਫਿਰ ਕੀ ਸੀ ਉਹ ਪੰਜ ਛੇ ਜ਼ਿਮੀਦਾਰ, ਸਣੇ ਮੇਰੇ ਆਪਣੇ ਭੈਣੋਈਏ ਦੇ ਮੇਰੇ ਗਲ ਪੈ ਗਏ ਕਿ ਤੁੰ ਸਾਡਾ ਗੁਰਦਵਾਰਾ ਬੰਦ ਕਰਾਉਣਾ ਹੈ। ਜਿਸ ਭੈਣੋਈਏ ਨਾਲ ਪਿਛਲੇ 50 ਸਾਲਾਂ ਤੋਂ ਕਦੀ ਵੀ ਸੁੱਖ-ਸਾਂਦ ਪੁੱਛਣ ਤੋਂ ਅੱਗੇ ਗੱਲ ਨਹੀਂ ਸੀ ਚੱਲੀ ਅੱਜ ਉਹ ਵੀ ਬੰਦ ਹੋ ਗਈ। ਐਸੇ ਹਨ ਸਾਡੇ ਪੰਜਾਬੀ ਜੋ ਸਿੱਖੀ ਤੋਂ ਕੋਰੇ ਹਨ।
ਪੰਜ-ਸੱਤ ਕੁ ਸਾਲ ਪਹਿਲਾਂ ਸਿਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਕ ਲੇਖ ਕਿਸੇ ਅਖਬਾਰ ਵਿਚ ਛਪਿਆ ਸੀ ਕਿ ਜਿਹੜਾ ‘ਦਸਮ ਗ੍ਰੰਥ’ ਨੂੰ ਨਹੀਂ ਮੰਨਦਾ ਅਸੀਂ ਉਸਦਾ ਸਿਰ ਲਾਹ ਦਿਆਂਗੇ’। ਮੈਂ ਜਵਾਬੀ ਲੇਖ ਲਿਖ ਕੇ ਸੋਸ਼ਿਲ ਮੀਡੀਏ ਤੇ ਪਾਇਆ ਪਰ ਅੱਜ ਤਕ ਕੋਈ ਜਵਾਬ ਨਹੀਂ ਆਇਆ। ਆਹ ਕਥਾਵਾਚਿਕ ਜਸਵੰਤ ਸਿੰਘ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਤੇ ਇਸਦੇ ਨਾਲਦੇ ਹੋਰ ਬਹੁਤ ਸਾਰੇ ਇਸੇ ਕਿਸਮ ਦੇ ਸਿੱਖ ਮੌਜੂਦ ਹਨ। ਕੀ ਇਹ ਸਾਰੇ ਸਿੱਖ ਗੁਰੂ ਸਹਿਬਾਨ ਦੀ ਵੀਚਾਰਧਾਰਾ ਦੇ ਉਲਟ ਤਾਂ ਕੰਮ ਨਹੀਂ ਕਰ ਰਹੇ?
ਅੱਜ ਤੋਂ ਕੋਈ ਦਸ ਕੁ ਸਾਲ ਪਹਿਲਾਂ ਮੈਨੂੰ ਪਤਾ ਚੱਲਿਆ ਕਿ ਜੱਥੇਦਾਰ ਇਕਬਾਲ ਸਿੰਘ ਪਟਨੇ ਵਾਲਾ ਰਾਚਿਸਟਰ ਕਿਸੇ ਦੇ ਘਰ ਆ ਰਿਹਾ ਹੈ। ਮੈਂ ਰਾਚਿਸਟਰ ਵਾਲੇ ਭਲਵਾਨ ਦਲਜੀਤ ਸਿੰਘ ਨੂੰ ਫੂਨ ਕੀਤਾ ਤੇ ਉਸ ਨੂੰ ਨਾਲ ਲੈ ਕੇ ਅਸੀਂ ਉਸ ਥਾਂ ਪਹੁੰਚ ਗਏ ਜਿੱਥੇ ਇਕਬਾਲ ਸਿੰਘ ਨੇ ਆਉਣਾ ਸੀ। ਕੈਮਰਾ ਅਸੀਂ ਰੀਕਾਰਡਿੰਗ ਕਰਨ ਵਾਸਤੇ ਪਹਿਲਾਂ ਹੀ ਫਿਟ ਕਰ ਲਿਆ ਸੀ ਪਰ ਫਰਜ਼ੀ ਤੌਰ ਤੇ ਫਿਰ ਵੀ ਪੁੱਛ ਲਿਆ ਕਿ ਰੀਕਾਰਡਿੰਗ ਕਰ ਲਈਏ। ਉਸ ਦੀ ਨਾਂਹ ਨੁਕਰ ਦਾ ਤਾਂ ਸਾਨੂੰ ਪਤਾ ਹੀ ਸੀ ਇਸ ਕਰਕੇ ਕੈਮਰਾ ਅਸੀਂ ਪਹਿਲਾਂ ਹੀ ਚਾਲੂ ਕਰ ਦਿੱਤਾ ਸੀ। ਜੱਥੇਦਾਰ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਸੀਂ ਕਿਹਾ ਕਿ ਜੀ ਤੁਸੀਂ ‘ਦਸਮ ਗ੍ਰੰਥ’ ਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਹਿੰਦੇ ਹੋ, ਸਾਡੇ ਕਿਸੇ ਸਵਾਲ ਦਾ ਜਵਾਬ ਤਾਂ ਦਿਓ? ਸਾਡੀ ਇਸ ਵਾਰਤਾ ਨੂੰ ਤੁਸੀਂ ਸਿੰਘ ਸਭਾਕੈਨੇਡਾਡਾਟ ਕਾਮ ਤੇ ਜਾ ਕੇ ਪਟਨੇ ਵਾਲੇ ਇਕਬਾਲ ਸਿੰਘ ਦੀ ਅਸਲੀਅਤ ਯਾ ਯੂ ਟਿਊਬ ਤੇ ਜਾ ਕੇ ਅੱਜ ਵੀ ਦੇਖ ਸਕਦੇ ਹੋ। ਗੁਰਚਰਨ ਸਿੰਘ ਜਿਉਣ ਵਾਲਾ ਯੂ ਟਿਊਬ ਤੇ ਲੱਭੋ ਤੇ ਦੇਖੋ ਕਿ ਸਿੱਖ ਕੌਮ ਨੂੰ ਚਲਾਉਣ ਵਾਲੇ ਕਿੱਥੋਂ ਤਕ ਗਿਰੇ ਹੋਏ ਲੋਕ ਹਨ। ਅੱਜ ਵਾਲੇ ਅਕਾਲ ਤਖਤ ਦਾ ਜੱਥੇਦਾਰ, ਜਿਸ ਨੂੰ ਲੋਕ ਪੜ੍ਹਿਆ ਹੋਇਆ ਜੱਥੇਦਾਰ ਕਹਿੰਦੇ ਹਨ। ਇਸ ਨੇ ਕਿਸੇ ਮੌਲਵੀ ਨਾਲ ਮਿਲ ਕੇ ‘ਕੁਰਾਨ ਏ ਸ਼ਰੀਫ’, ਇਸਲਾਮ ਦੀ ਧਾਰਮਕ ਪੁਸਤਕ ਦਾ ਤਰਜ਼ਮਾ ਕੀਤਾ ਹੋਇਆ ਹੈ। ਇਸ ਨੇ ਤਾਂ ‘ਕੁਰਾਨ’ ਨੂੰ ‘ਕੁਰਆਨ’ ਹੀ ਲਿਖ ਦਿੱਤਾ ਤੇ ਤਰਜ਼ਮੇ ਵਿਚ ਕੀ ਚੰਦ ਚਾੜ੍ਹਿਆ ਹੋਵੇਗਾ? ਜੱਥੇਦਾਰ ਪੂਰਨ ਸਿੰਘ, ਭੰਗਪੀਣੇ ਵੇਦਾਂਤੀ ਅਤੇ ਕੁੜੀ ਮਾਰ ਪ੍ਰਧਾਨ ਬਾਰੇ ਸਾਰੇ ਲੋਕਾਂ ਨੂੰ ਪਤਾ ਹੀ ਹੈ।
ਜ਼ਿਆਦਾਤਰ ਮੇਰੀ ਕੋਸ਼ਿਸ ਏਹੀ ਹੁੰਦੀ ਹੈ ਕਿ ਕਿਸੇ ਬਾਹਰੀ ਦਿੱਖ ਵਾਲੇ ਸਿਰਦਾਰ ਨਾਲ ਗੱਲਬਾਤ ਨਾ ਹੀ ਕੀਤੀ ਜਾਵੇ। ਕਿਉਂਕਿ ਉਹ ਤਾਂ ਪਹਿਲਾਂ ਹੀ ਅਨਪੜ੍ਹ ਸਿੱਖ ਹੈ ਤੇ ਉਸ ਨੂੰ ਸਿੱਖੀ ਬਾਰੇ ਦੱਸਣ ਸਮਝਾਉਣ ਦੀ ਕੋਈ ਲੋੜ ਨਹੀਂ। ਦਾਹੜੀ ਅਤੇ ਕੇਸ ਕੱਟੇ ਪੰਜਾਬੀਆਂ ਵਿਚ ਸਿੱਖ ਧਰਮ ਬਾਰੇ ਜਾਨਣ ਦੀ ਇੱਛਾ ਬੜੀ ਪਰਬਲ ਹੈ। ਸਾਡੇ ਯਾਰਡ ਵਿਚ, ਸਾਡੀ ਪਾਰਕਿੰਗ ਦੇ ਬਿਲਕੁੱਲ ਸਾਹਮਣੇ ਇਕ ਸਿਰਦਾਰ ਜੀ ਲੋਕਲ ਡਲਿਵਰੀਆਂ ਕਰਨ ਦਾ ਕੰਮ ਕਰਦੇ ਹਨ। ਮੈਂ ਉਸ ਨੂੰ ਦੋ ਕਿਤਾਬਾਂ ਅਤੇ ਦੋ ਕੁ ਮੈਗਜ਼ੀਨ ਪੜ੍ਹਨ ਲਈ ਦਿੱਤੇ। ਦੋ-ਚਾਰ ਹਫਤਿਆਂ ਬਾਅਦ ਉਸ ਨੇ ਇਹ ਸਾਰਾ ਸਮਾਨ ਇਕ ਲਿਫਾਫੇ ਵਿਚ ਪਾ ਕੇ ਮੈਨੂੰ ਵਾਪਸ ਕਰ ਦਿੱਤਾ। ਜਦੋਂ ਮੈਂ ਪੁੱਛਿਆ ਕਿ ਇਸ ਵਿਚ ਕੀ ਗਲਤ ਹੈ ਤਾ ਕਹਿਣ ਲੱਗਾ ਜੀ ਮੈਂ ਤਾਂ ਸੰਤ ਸਿੰਘ ਸਮਕੀਨ ਤੇ ਭਾਈ ਪਿੰਦਰਪਾਲ ਤੋਂ ਬਗੈਰ ਹੋਰ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ। ਪਰ ਜਦੋਂ ਹੀ ਮੈਂ ਉਸ ਨਾਲ ਸੰਤ ਸਿੰਘ ਮਸਕੀਨ ਦੀ, ਅਸਮਾਨ ਵਿਚ ਰੂਹਾਂ ਉਡੀਆਂ ਫਿਰਦੀਆਂ ਹਨ ਚੰਗੀ ਰੂਹ ਚੰਗੀ ਕੁੱਖ ਵਿਚ ਤੇ ਮਾੜੀ ਰੂਹ ਮਾੜੀ ਕੁੱਖ ਵਿਚ ਪ੍ਰਵੇਸ਼ ਕਰਦੀ ਹੈ, ਵਾਲੀ ਕਹਾਣੀ ਉਸ ਨਾਲ ਸਾਂਝੀ ਕੀਤੀ ਤੇ ਕਿਹਾ ਕਿ ਬੀਬੀ ਭਾਨੀ ਜੀ ਦੀ ਉਸੇ ‘ਕੁੱਖ’ ਵਿਚੋਂ ਪਿਰਥੀ ਚੰਦ, ਮਹਾਂਦੇਵ ਅਤੇ ਸਾਡੇ ਪੰਜਵੇਂ ਪਾਤਸ਼ਾਹ, ਸਿੱਖ ਕੌਮ ਦੇ ਪਹਿਲੇ ਸ਼ਹੀਦ, ਪੈਦਾ ਹੋਏ ਹਨ ਤਾਂ ਉਹ ਸੋਚਾਂ ਵਿਚ ਪੈ ਗਿਆ। ਮੈਂ ਕਿਹਾ ‘ਕੁੱਖ’ ਦਾ ਕੀ ਕਸੂਰ ਇਸੇ ਹੀ ਤਰ੍ਹਾਂ ਇਕ ਦੋਮਾਲਾਧਾਰੀ ਮੇਰੇ ਨਾਲ ਕਿਸੇ ਕੰਪਨੀ ਵਿਚ ਟਰੱਕ ਚਾਲਉਂਦਾ ਸੀ ਤੇ ਮੈਂ ਉਸ ਨੂੰ ਵੀ ਇਕ ਖਾਲਸਾ ਅਖਬਾਰ ‘ਦਸਮ ਗ੍ਰੰਥ’ ਬਾਰੇ ਦੇ ਬੈਠਾ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਸ ਤਰ੍ਹਾਂ ਦਾ ਹੋਰ ਖਾਲਸਾ ਅਖਬਾਰ ਦੇਵਾਂ ਤਾਂ ਜਵਾਬ ਮਿਲਿਆ ਜੀ ਇਸ ਵਿਚਾਰਧਾਰਾ ਦਾ ਸਾਡੀ ਸਿੱਖੀ ਨਾਲ ਕੋਈ ਸੰਬੰਧ ਨਹੀਂ। ਧੰਨਵਾਦ।
ਜ਼ਮਾਨਾ ਬਦਲ ਚੁਕਿਆ ਹੈ। ਕੋਈ ਵੇਲਾ ਸੀ ਜਦੋਂ ਪੰਡਿਤ ਲੋਕ ਗੁਰੂ ਜੀ ਕੋਲ ਆਪਣੇ ਬਚਾਓ ਲਈ ਆ ਕੇ ਫਰਿਯਾਦ ਕਰਦੇ ਸਨ ਤੇ ਹੁਣ ਸਿੱਖ ਆਪਣੇ ਸੁਖੀ ਜੀਵਨ ਲਈ ਪੰਡਿਤ ਕੋਲ ਜਾ ਕੇ ਫਰਿਯਾਦ ਕਰਦੇ ਹਨ। ਸਿੱਖ ਭੁੱਲ ਗਿਆ ਕਿ ;
ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥
ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥ ਪੰਨਾ 1221, ਮ:5 ॥
ਇਸ ਤਰ੍ਹਾਂ ਦੇ ਕੁੱਝ ਕੌੜੇ ਅਤੇ ਕੁੱਝ ਮਿੱਠੇ ਤਜ਼ਰਬੇ ਮੇਰੀ ਜਿੰਦਗੀ ਵਿਚ ਹਰ ਰੋਜ ਵਾਪਰਦੇ ਰਹਿੰਦੇ ਹਨ ਅਤੇ ਕਈ ਵਾਰ ਗੱਲ ਹੱਥੋ-ਪਾਈ ਤਕ ਵੀ ਪਹੁੰਚ ਜਾਂਦੀ ਹੈ ਪਰ ਆਪਣੇ ਆਪ ਤੇ ਕਾਬੂ ਪਾ ਕੇ ਛੁਟਕਾਰਾ ਪਾਈਦਾ ਹੈ। ਧੰਨਵਾਦ ਸਿੱਖ ਪੰਥੀਆਂ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
‘ਗੁਰੂ ਗ੍ਰੰਥ ਸਾਹਿਬ’ ਸੰਪੂਰਣਤਾ ਦਿਵਸ ਕਹਾਣੀ ਫੱਬਦੀ ਨਹੀਂ। - ਗੁਰਚਰਨ ਸਿੰਘ ਜਿਉਣ ਵਾਲਾ
ਮੈਂ ਇਹ ਸਵਾਲ ਕਰਦਾ ਹਾਂ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ, ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਣ ਕੀਤੀ ਹੈ ਤਾਂ ਕੀ ਇਸ ਦਿਨ, 30 ਅਗਸਤ, ਤੋਂ ਪਹਿਲਾਂ ਪੋਥੀ ਸਾਹਿਬ ਅਧੂਰੇ ਸਨ? ਨਹੀਂ। ਕਿਉਂ? ਗੁਰੂ ਗ੍ਰੰਥ ਸਾਹਿਬ ‘ਚ ਕੋਈ ਇਤਹਾਸਕ ਵਰਨਣ ਨਹੀਂ ਯਾ ਗੁਰੂ ਗ੍ਰੰਥ ਸਾਹਿਬ ਕੋਈ ਇਤਹਾਸਕ ਗ੍ਰੰਥ ਨਹੀਂ ਜੋ ਸਮੇਂ ਯਾ ਕਾਲ ਨਾਲ ਸਬੰਧ ਰੱਖਦਾ ਹੈ ਤੇ ਜੇ ਕੋਈ ਘਟਨਾ ਕਰਮ ਇਸ ਵਿਚ ਸ਼ਾਮਲ ਨਹੀਂ ਤਾਂ ਇਹ ਅਧੂਰਾ ਹੈ। ਦੂਸਰੇ ਧਰਮਾਂ ਦੇ ਗ੍ਰੰਥਾਂ ਵਾਂਗਰ ਇਸ ਵਿਚ ਕਿਸੇ ਜੰਗ ਯਾ ਯੁੱਧ ਦਾ ਵਰਨਣ ਨਹੀਂ। ਇਸ ਵਿਚ ਕੋਈ ਗਰੁੜ ਪੁਰਾਣ ਵਾਲੀਆਂ ਕਹਾਣੀਆਂ ਨਹੀਂ ਕਿ ਜੇ ਕਰ ਅੱਧੀਆਂ ਸੁਣੀਆਂ ਤਾਂ ਪਤਾ ਨਹੀਂ ਚੱਲੇਗਾ ਕਿ ਅੱਗੇ ਕੀ ਹੋਇਆ? ਗੁਰੂ ਗ੍ਰੰਥ ਸਾਹਿਬ ਦਾ ਇਕ ਇਕ ਸਲੋਕ ਆਪਣੇ ਆਪ ਵਿਚ ਪੂਰਾ ਹੈ ਤੇ ਪੂਰਾ ਪੂਰਾ ਸੁਨੇਹਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਭਾਈ ਗੁਰਦਾਸ ਜੀ ‘ਕਿਤਾਬ’ ਲਿਖਦੇ ਹਨ:
“ਆਸਾ ਹਥਿ, ਕਿਤਾਬ ਕਛਿ, ਕੂਜਾ ਬਾਂਗ ਮੁਸੱਲਾ ਧਾਰੀ। ਵਾਰ 1, ਪਉੜੀ 32॥
ਪੁਛਿਨ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਵਾਰ 1, ਪੳੜਿੀ 33॥”
ਤਾਂ ਵੀ ਗੁਰੂ ਨਾਨਕ ਸਾਹਿਬ ਦਾ ਲਿਖਿਆ ਸੱਚ ਪੂਰਾ ਸੀ ਤੇ ਜੇ ਦੂਸਰੇ ਗੁਰੂ ਸਾਹਿਬਾਨ ਨੇ ਆਪਣੀ ਥੋੜੀ ਜਿਹੀ ਬਾਣੀ ਨਾਲ ਹੋਰ ਲਿਖੀ ਤਾਂ ਵੀ ਇਹ ਸੱਚ ਪੂਰਾ ਸੀ ਤੇ ਇਹ ਸਿਲਸਿਲਾ ਤੀਜੇ, ਚੌਥੇ, ਪੰਜਵੇ ਤੇ ਨੌਂਵੇ ਗੁਰੂ ਸਾਹਿਬਾਨ ਨਾਲ ਸਬੰਧ ਰੱਖਦਾ ਹੈ। ਹਾਂ ਇਸ ਤਰ੍ਹਾਂ ਹੋਰ ਗੁਰੂ ਸਹਿਬਾਨ ਦੀ ਬਾਣੀ ਨਾਲ ਜੁੜਨ ਯਾ ਜੋੜਨ ਨੂੰ ਵਿਸਥਾਰ ਤਾਂ ਕਿਹਾ ਜਾ ਸਕਦਾ ਹੈ ਪਰ ਵਿਕਾਸ ਨਹੀਂ ਕਿਹਾ ਜਾ ਸਕਦਾ। ਵਿਕਾਸ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਵੱਧਣਾ। ਗੁਰੂ ਨਾਨਕ ਸਾਹਿਬ ਜਿਸ ਸੱਚ ਨੂੰ ਜਿਨ੍ਹਾਂ ਅੱਖਰਾਂ ਵਿਚ ਬਿਆਨ ਕਰਦੇ ਹਨ ਉਸੇ ਸੱਚ ਨੂੰ ਹੀ ਦੂਸਰੇ ਗੁਰੂ ਸਾਹਿਬਾਨ ਦੂਸਰੇ ਅੱਖਰਾਂ ਵਿਚ ਬਿਆਨ ਕਰਦੇ ਹਨ। ਸੰਪੂਰਨ ਸੱਚ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਤੇ ਸੰਪੂਰਨ ਸੱਚ ਦਾ ਹੀ ਗੁਰੂ ਅੰਗਦ ਪਾਤਸ਼ਾਹ ਵਿਸਥਾਰ ਕਰਦੇ ਹਨ।
ਥਟਣਹਾਰੈ ਥਾਟੁ ਆਪੇ ਹੀ ਥਟਿਆ॥
ਆਪੇ ਪੂਰਾ ਸਾਹੁ ਆਪੇ ਹੀ ਖਟਿਆ॥
ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ॥
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ॥ ਪੰਨਾ 957॥
ਸੱਚ ਆਪਣੇ ਆਪ ਵਿਚ ਪੂਰਾ ਹੈ। ਫਿਰ ਇਹ ਸੰਪੂਰਨਤਾ ਦਿਵਸ ਦਮਦਮਾ, ਸਾਬੋ ਕੀ ਤਲਵੰਡੀ ਵਿਚ ਮਨਾਉਣ ਦਾ ਕੀ ਮਤਲਬ?
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਸੂਚਨਾ ਅਧੂਰੀ।
‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਗ੍ਰੰਥ 1920 ਵਿਚ, ਪ੍ਰੋ. ਗੁਰਮੁੱਖ ਸਿੰਘ , ਗਿਆਨੀ ਦਿੱਤ ਸਿੰਘ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਹਨ ਸਿੰਘ ਨਾਭਾ ਆਦਿ, ਗੁਰਸਿੱਖਾਂ ਦੀ ਬਦੌਲਤ ਗੁਰਦੁਆਰਾ ਸਾਹਿਬਾਨ ਵਿਚ ਪੜ੍ਹਨਾ ਬੰਦ ਕਰਾ ਦਿੱਤਾ ਗਿਆ ਸੀ। ਪਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਬਦਨੀਤੀ, ਲੋਭੀ, ਲਾਲਚੀ ਅਤੇ ਹੰਕਾਰੀ ਨੀਤੀ ਕਰਕੇ ਇਹ ਗ੍ਰੰਥ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਗ੍ਰੰਥ ਦੀ ਇਹ ਸੂਚਨਾ ਅਧਿਆਇ 8 ਪੰਨਾ 244-245 ਤੇ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰੂ ਗ੍ਰੰਥ ਉਚਾਰਣ ਕੀਤਾ ਅਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਮਦਮਾ, ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ, ਵਿਖੇ ਦਰਜ ਕੀਤੀ।
ਤਹਾਂ ਆਦਿ ਗੁਰੁ ਗ੍ਰਿੰਥ ਉਚਾਰੋ।
ਨਵਮ ਗੁਰੂ ਬਾਨੀ ਸੰਗਿ ਧਾਰੋਂ।
ੳਣਸਠ ਸਬਦ ਸਲੋਕ ਸਤਵੰਜਾ।
ਪੜੈ ਵੈਰਾਗ ਲਹੈ ਹਤ ਡੰਝਾ।
ਦਮਦਮਾ ਕਾਸ਼ੀ ਸਮ ਦੁਖ ਖੋਵੈ।
ਬਹੁ ਬੁਧਿ ਸੁਧ ਲਿਖਾਰੀ ਹੋਵੈਂ।
ਬੀੜ ਦਮਦਮੀ ਜਗਿ ਪ੍ਰਗਟਾਵੈ।
ਪੜੈ ਲਿਖੈ ਸੋ ਜਨਮ ਨ ਆਵੈ॥419॥
ਇਹ ਦਲੀਲ ਕਸਵੱਟੀ ਤੇ ਪੂਰੀ ਨਹੀਂ ਉਤਰਦੀ।
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਪੰਨਾ 99 ਦੂਜੇ ਕਾਲਮ ਵਿਚ ‘ਆਦਿ ਗੁਰ’ ਦੇ ਮਤਲਬ ਕਰਦੇ ਲਿਖਦੇ ਹਨ: ਗੁਰੂ ਨਾਨਕ ਦੇਵ, ਸਲੋਕੁ॥ ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥ 1॥ ਪੰਨਾ 262॥ ਅਕਾਲ ਪੁਰਖ॥
ਭਾਈ ਕਾਹਨ ਸਿੰਘ ਨਾਭਾ ਮੁਤਾਬਕ ਜੇ ਆਦਿ ਦਾ ਮਤਲਬ ਪਹਿਲਾ ਗੁਰੂ ਸਵੀਕਾਰ ਕਰ ਲਈਏ ਤਾਂ ਮਤਲਬ ਏਹੀ ਨਿਕਲਦਾ ਹੈ ਕਿ ਕੋਈ ਗੁਰੂ ਹੋਰ ਵੀ ਹੈ ਤੇ ਨੌਂ ਗੁਰੂ ਹੋਰ ਸਨ। ਇਸ ਕਰਕੇ ਆਦਿ ਦਾ ਮਤਲਬ ਪਹਿਲਾ ਕਰਨਾ ਠੀਕ ਬਣਦਾ ਹੈ। ਪਰ ਗੁਰੂ ਗ੍ਰੰਥ ਦੇ ਵਿਸਥਾਰ ਵਿਚ;
ਪੋਥੀ ਪਰਮੇਸਰ ਕਾ ਥਾਨੁ॥
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥1॥ ਰਹਾਉ॥ਪੰਨਾ 1226,ਮ:5॥
ਪੋਥੀ ਤੋਂ ਅਗਲਾ ਪੜਾ ਆਦਿ ਬੀੜ ਲਿਖਣਾ ਠੀਕ ਨਹੀਂ ਲੱਗਦਾ ਕਿਉਂਕਿ ਸਿੱਖਾਂ ਵਾਸਤੇ ‘ਗੁਰੂ ਗ੍ਰੰਥ’ ਤੋਂ ਸਿਵਾਏ ਹੋਰ ਗ੍ਰੰਥ ਹੈ ਹੀ ਨਹੀਂ ਤੇ ਜੇ ਅਸੀਂ ਆਪ ਇਹ ਲਿਖਦੇ ਹਾਂ ਤਾਂ ਦਸਮ ਗ੍ਰੰਥ ਨੂੰ ਵੀ ਸੱਦਾ ਆਪ ਹੀ ਦਿੰਦੇ ਹਾਂ।
ਮਹਾਨ ਕੋਸ਼ ਦੇ ਪੰਨਾ 101 ਮੁਤਾਬਕ ਦਮਦਮਾ ਅਨੰਦ ਪੁਰ ਸਾਹਿਬ ਵਿਚ ਪੱਛਮ ਵੱਲ ਨੂੰ ਹੈ। ਉਹ ਅਸਥਾਨ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਦੇ ਵਕਤ ਦਿਵਾਨ ਸਜਾਇਆ ਕਰਦੇ ਸਨ, ਨੂੰ ਦਮਦਮਾ ਕਿਹਾ ਜਾਦਾ ਹੈ। ਪ੍ਰੋ. ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਦੇ ਸਮੇਂ ਤੀਜੀ ਪੋਥੀ ਵਿਚ ਵੀ ਏਹੀ ਲਿਖਦੇ ਹਨ ਕਿ ਦਮਦਮਾ ਅਨੰਦ ਪੁਰ ਵਿਚ ਹੀ ਹੈ।
‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦੀ ਹੱਥ ਲਿਖਤ ਨੰ:97, ਜੋ 1984 ਵਿਚ ਸੜ ਕੇ ਸੁਆਹ ਹੋ ਚੁਕੀ ਹੈ, ਦੇ ਇਤਹਾਸ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਦਮਦਮਾ’ ਅਨੰਦ ਪੁਰ ਸਾਹਿਬ ਦੇ ਅਸਥਾਨ ਤੇ ਸਮੇਂ ਦੇ ਗੇੜ ਨਾਲ ‘ਪੋਥੀ ਸਾਹਿਬ’ ਵਿਚ ਵੱਖ ਵੱਖ ਲਿਖਾਰੀਆਂ ਵਲੋਂ ਵੱਖਰੇਵੇਂ ਨਾਲ ਚੜ੍ਹਾਈ ਜਾ ਰਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਆਪਣੀ ਨਿਗਰਾਨੀ ਹੇਠ ਦਰਜ ਕਰਵਾ ਕੇ ਇਸ ਕਾਰਜ਼ ਨੂੰ ਮੁਕੰਮਲ ਕੀਤਾ। ਇਸੇ ਹੀ ਬੀੜ ਨੂੰ ਬਾਅਦ ਵਿਚ ਦਮਦਮੀ ਬੀੜ ਕਿਹਾ ਜਾਣ ਲੱਗਾ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਰਹਿ ਚੁਕੇ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਜੀ ਨੇ ਆਪਣੀ ਪੁਸਤਕ ‘ਗੁਰਬਾਣੀ ਸੰਪਾਦਨ ਨਿਰਣੈ’ ਵਿਚ ਜਿਹੜੀਆਂ ਵੱਖ ਵੱਖ 9 ਬੀੜਾਂ ਦਾ ਜ਼ਿਕਰ ਕੀਤਾ ਹੈ ਉਸ ਨੂੰ ਵਾਚ ਕੇ ਕੋਈ ਵੀ ਜਿਉਂਦੀ ਜਾਗਦੀ ਆਤਮਾ ਵਾਲਾ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਪੋਥੀ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ‘ਦਮਦਮਾ’ ਸਾਬੋ ਕੀ ਤਲਵੰਡੀ ਚੜ੍ਹਾਈ ਗਈ ਹੈ ਤੇ ਦਮਦਮੀ ਬੀੜ ਸੰਪੂਰਨ ਹੋਈ। ਇਨ੍ਹਾਂ ਨੌਂ ਬੀੜਾਂ ਵਿਚ ਸ਼੍ਰ.ਸਮਸ਼ੇਰ ਸਿੰਘ ਅਸ਼ੋਕ ਵਾਲੀ ਉਹ ਬੀੜ, ਲਿਖਣ ਸਮਾਂ ਸੰਨ 1682, ਵੀ ਸ਼ਾਮਲ ਹੈ ਜਿਸ ਨੂੰ ਅਸ਼ੋਕ ਜੀ ‘ਦਮਦਮੀ ਸਰੂਪ’ ਮੰਨਦੇ ਹਨ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਰਹਿ ਚੁੱਕੇ ਪ੍ਰਿੰ. ਭਾਈ ਹਰਭਜਨ ਸਿੰਘ ਦੀ ਪੁਸਤਕ ‘ਬਿਬੇਕ-ਬੁੱਧਿ’ ਦੇ ਪੰਨਾ 145 ਤੇ ਕੇਸਗੜ੍ਹ ਸਹਿਬ ਦੇ ਸਾਬਕਾ ਜੱਥੇਦਾਰ ਸ੍ਰ. ਗੁਰਦਿਆਲ ਸਿੰਘ ਅਜਨੋਹਾ ਹੋਰਾਂ ਦੀ ਲਿਖਤੀ ਰਾਇ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਦਮਦਮਾ’ ਅਨੰਦ ਪੁਰ ਸਾਹਿਬ ਵਿਚ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ।
‘ਗੁਰਬਾਣੀ ਸੰਪਾਦਨ ਨਿਰਣੈ’ ਵਿਚੋਂ ਕਾਬਲੇ ਗੌਰ ਤਾਰੀਫ ਗਵਾਹੀਆਂ।
1. ਢਾਕੇ ਵਾਲੀ ਬੀੜ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ 13 ਦਿਨ ਪਹਿਲਾਂ ਸੰਮਤ 1732, ਸੰਨ 1675, ਅਗਹਨ 2 (ਹਿੰਦੀ ਕੋਸ਼ ਮੁਤਾਬਕ ਮੱਘਰ ਦਾ ਮਹੀਨਾ) ਵਦੀ 7 ਗ੍ਰੰਥ ਲਿਖਿਆ, ਦਮਦਮਾ ਅਨੰਦ ਪੁਰ ਵਿਚ ਮੁਕੰਮਲ ਹੋਈ ਹੈ ‘ਤੇ ਇਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਥਾਂ ਸਿਰ ਦਰਜ ਹੈ। ਗੁਰਬਾਣੀ ਸੰਪਾਦਨ ਨਿਰਣੈ ਪੰਨਾ 202।
2. ਪਿੰਡੀ ਲਾਲਾ (ਗੁਜਰਾਤ) ਵਾਲੀ ਬੀੜ- ਸੂਚੀ ਪੱਤਰ ਸੰਮਤ 1732 ਪੋਹ 23 ਤੇਈਵੇਂ ਪੋਥੀ ਲਿਖ ਪਹੁੰਚੇ। ਖਾਸ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਬੀੜ ਉਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਸਖਤ ਹਨ ਅਤੇ ਉਨ੍ਹਾਂ ਦੀ ਸਾਰੀ ਬਾਣੀ ਅਤੇ ਸੋਦਰ 5 ਸ਼ਬਦ, ਤੇ ਸੋ ਪੁਰਖ 4 ਸ਼ਬਦ ਅੰਕਿਤ ਹਨ। ਪਹਿਲੇ ਅਸਲ ਲਿਖਾਰੀ ਵਲੋਂ ਕੋਈ ਵਾਧੂ ਬਾਣੀ ਅੰਕਿਤ ਨਹੀਂ ਮਿਲਦੀ। ਬਿਬੇਕ ਬੁੱਧਿ ਪੰਨਾ 134।
3. ਸੂਚੀ ਪਤ੍ਰ ਪੋਥੀ ਕਾ, ਤਤਕਰਾ ਰਾਗਾਂ ਕਾ, ਸੰਮਤ 1735 ਵੈਸਾਖ 13, ਸੰਨ 1678 ਪੋਥੀ ਲਿਖ ਪਹੁੰਚੇ। ਇਸ ਪੋਥੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਦਰਜ ਹੈ ਅਤੇ ਮੰਗਲ ਇਕ ਸਮਾਨ ਹਨ। ਗੁ. ਸੰ. ਨਿਰਣੈ ਪੰਨਾ 202।
ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਕ ਬੀੜ ਤਿਆਰ ਕਰਵਾ ਕੇ ਉੱਸਦੇ ਕਈ ਸਾਰੇ ਹੋਰ ਉਤਾਰੇ ਕਰਵਾਏ ਤੇ ਮੌਕੇ ਦੀ ਸਰਕਾਰ ਦੇ ਤੌਰ ਤਰੀਕਿਆਂ ਨੂੰ ਭਾਂਪਦੇ ਹੋਏ ਉਨ੍ਹਾਂ ਨੇ ਇਹ ਬੀੜਾਂ ਵੱਖਰੇ ਵੱਖਰੇ ਥਾਵਾਂ ਤੇ ਪਹੁੰਚਾਈਆਂ ਕਿ ਜੇ ਕਰ ਕੁੱਝ ਬੀੜਾਂ ਜਬਤ ਵੀ ਹੋ ਜਾਣ ਤਾਂ ਕੁੱਝ ਕੁ ਤਾਂ ਬੱਚ ਸਕਣ। ਉਪਰਲੀਆਂ ਗਵਾਹੀਆਂ ਇਹ ਸਿੱਧ ਕਰਦੀਆਂ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਆਪ ਦਰਜ ਕਰਦੇ ਹਨ ਪਰ ਜਿਹੜੀਆਂ ਬੀੜਾਂ ਇੱਧਰ-ਉੱਧਰ ਗਈਆਂ ਹੋਈਆਂ ਸਨ ਉਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਇਕ ਤਰਤੀਬ ਦੇਣ ਦਾ ਕੰਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੁੰਮੇ ਲੱਗਾ। ਬਾਅਦ ਵਿੱਚ ਇਸ ਕੰਮ ਬਾਰੇ ਕਹਾਣੀ ਘੜ ਕੇ ਦਮਦਮਾ ਸਾਬੋ ਕੀ ਤਲਵੰਡੀ ਨਾਲ ਜੋੜ ਦਿੱਤਾ ਗਿਆ। ਇਸ ਕਹਾਣੀ ਨੂੰ ਬੰਸਾਵਲੀ ਨਾਮਾ ਕੇਸਰ ਸਿੰਘ ਛਿਬਰ ਲਿਖਣ ਸਮਾਂ ਸੰਮਤ 1826 (ਸੰਨ 1769) ਵਿਚ ਕੋਈ ਥਾਂ ਨਹੀਂ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਧੀਰਮੱਲ ਜੀ ਤੋਂ ਕਰਤਾਰਪੁਰੀ ਬੀੜ ਦਾ ਕੋਈ ਉਤਾਰਾ ਮੰਗਵਾਇਆ ਯਾ ਨਾ ਮਿਲਣ ਤੇ ਆਪਣੀ ਰਸਨਾ ਤੋਂ ਗੁਰੂ ਗ੍ਰੰਥ ਦਾ ਉਚਾਰਣ ਕੀਤਾ। ਇਸੇ ਹੀ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ (1822ਈ: ਤੋਂ 1921) ਦੀਆਂ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਦੀਆਂ ਲਿਖੀਆਂ ਦੋ ਪੁਸਤਕਾਂ, “ ਪੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ” ਦਾ ਜ਼ਿਕਰ ਕਰਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਆਪਣੀ ਪੁਸਤਕ ‘ਬਿਬੇਕ ਬੁੱਧਿ’ ਦੇ ਪੰਨਾ 132 ਅਤੇ 133 ਤੇ ਇੰਞ ਲਿਖਦੇ ਹਨ:
1. ਗਿਆਨੀ ਗਿਆਨ ਸਿੰਘ ਮੁਤਾਬਕ, “ਧੀਰਮੱਲ ਉਪਰੋਕਤ ਤਾਹਨੇ ਵਿਚ ਇਹ ਵੀ ਆਖਦਾ ਹੈ ਕਿ ਜਿਵੇਂ “ਨਵਾਂ ਪੰਥ ਰਚਿਆ ਹੈ, ਤਿਵੇਂ ‘ਨਵਾਂ ਗ੍ਰੰਥ’ ਰਚ ਲਵੋ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਥ ਦੀ ਸਾਜਨਾ ਤਾਂ ਸੰਨ 1699 (ਸੰਮਤ 1756) ਵਿਚ ਹੁੰਦੀ ਹੈ ਪਰ ਤਾਹਨਾ ਤਾਂ ਸੰਨ 1677 (ਸੰਮਤ 1733-34) ਵਿਚ ਮਿਲਦਾ ਹੈ। ਪੰਥ ਦੀ ਸਾਜਨਾ ਬਾਅਦ ਵਿਚ ਹੋਈ ਤੇ ਤਾਹਨਾ ਤਾਂ ਪਹਿਲਾਂ ਮਾਰਿਆ ਗਿਆ ਹੈ, ਫੇਰ ਗਿਆਨੀ ਜੀ ਦੀਆ ਦੋਵੇਂ ਗੱਲਾਂ, ਤਾਅਨਾ ਪਹਿਲਾਂ ਤੇ ਨਵਾਂ ਪੰਥ ਬਾਅਦ-ਕਿਵੇਂ ਜੁੜੀਆਂ?
ਕਿਉਂਕਿ, ਭੱਟ ਵਹੀਆਂ ਦੀ ਪ੍ਰਮਾਣੀਕ ਤੇ ਅਕੱਟ ਗਵਾਹੀ ਇਹ ਸਿੱਧ ਕਰਦੀ ਹੈ ਕਿ ਬਾਬਾ ਧੀਰਮੱਲ ਤੇ ਉੱਸਦੇ ਬੇਟੇ ਰਾਮ ਚੰਦ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਇਆਈ ਕਾਲ ਦੇ ਪਹਿਲੇ ਸਾਲ ਅਤੇ ਦਮਦਮਾ, ਤਲਵੰਡੀ ਸਾਬੋ ਕੀ, ਪਹੁੰਚਣ ਤੋਂ 23 ਸਾਲ ਪਹਿਲਾਂ ਹੀ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸੰਨ 1676 (ਸੰਮਤ 1733) ਵਿਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਅਤੇ ਰਣਥੰਬੋਰ ਦੇ ਕਿਲੇ ਵਿਚ ਨਜ਼ਰਬੰਦ ਰੱਖ ਕੇ ਫਿਰ ਅਗਲੇ ਸਾਲ ਸੰਨ 1677 (ਸੰਮਤ 1734) ਨੂੰ ਬਾਬਾ ਧੀਰਮੱਲ ਅਤੇ ਸੰਨ 1678 (ਸੰਮਤ 1735) ਵਿਚ ਉੱਸਦੇ ਬੇਟੇ ਰਾਮਚੰਦ ਨੂੰ ਕਤਲ ਕਰ ਦਿੱਤਾ ਗਿਆ ਸੀ।
ਪ੍ਰਿੰ. ਹਰਭਜਨ ਸਿੰਘ ਦੀ ਪੁਸਤਕ ‘ਬਿਬੇਕ ਬੁਧਿ’ ਦੇ ਪੰਨਾ 132 ‘ਤੇ ਭੱਟ ਵਹੀਆਂ ਦੀ ਲਿਖਤ ਦਾ ਵੇਰਵਾ ਇਸ ਪ੍ਰਕਾਰ ਹੈ: “ ਸੰਮਤ 1733 ਅਸੂ ਵਦੀ ਦੁਆਦਸ਼ੀ ( ਸੰਨ 1676) ਨੂੰ ਬਾਬਾ ਬਕਾਲਾ ਤੋਂ ਬਾਬਾ ਧੀਰਮੱਲ ਜੀ ਦਿੱਲ੍ਹੀ ਸਰਕਾਰ ਦੇ ਬੁਲਾਏ ਦਿੱਲ੍ਹੀ ਨੂੰ ਗਏ। ਗੁਰ ਪ੍ਰਣਾਲੀ ਕਰਤਾਪੁਰ ਸੋਢੀਆਂ, ਲਿਖਤ ਦਉਲਤ ਰਾਇ ਭੱਟ,ਲਹੌਰ ਨਿਵਾਸੀ।
2.ਗਿਆਨੀ ਗਿਆਨ ਸਿੰਘ ਜੀ ‘ਤਵਾਰੀਖ ਗੁਰੂ ਖਾਲਸਾ’ ਵਿਚ ਪੰਨਾ 1062 ਤੇ ਲਿਖਦੇ ਹਨ ਕਿ ਦਸਵੇਂ ਪਾਤਸ਼ਾਹ ਵਲੋਂ ਸ੍ਰੀ ਦਮਦਮੇ ਸਾਹਿਬ ਵਿਖੇ ਰਚੀ ਗਈ ਬੀੜ ਤੋਂ ਬਾਬਾ ਦੀਪ ਸਿੰਘ ਜੀ ਨੇ ਚਾਰ ਉਤਾਰੇ ਕੀਤੇ ਅਤੇ ਚੌਂਹ ਸ੍ਰੇਸ਼ਟ ਥਾਈਂ ਭੇਜੇ। ਦੂਸਰੇ ਗ੍ਰੰਥ ‘ਪੰਥ ਪ੍ਰਕਾਸ’ ‘ਚ ਏਹੀ ਗਿਆਨੀ ਜੀ ਲਿਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਨੇ ਭਾਈ ਬੰਨੋ ਵਾਲੀ ਬੀੜ ਤੋਂ ਕੇਵਲ ਇਕ ਉਤਾਰਾ ਕੀਤਾ ਤੇ ਉਸਨੂੰ ਕਰਤਾਰਪੁਰ ਸਾਹਿਬ ਵਾਲੀ ਆਦਿ ਬੀੜ ਤੋਂ ਕੇਵਲ ਪਹਿਲੇ ਪੰਜਾਂ ਸਤਿਗੁਰਾਂ, ਭਗਤਾਂ ਤੇ ਭੱਟਾਂ ਦੀ ਬਾਣੀ ਹੀ ਮੇਲੀ। ਨੌਵੇਂ ਮਹਲੇ ਦੀ ਬਾਣੀ ਜਿਵੇਂ ਭਾਈ ਬੰਨੋ ਵਾਲੀ ਬੀੜ ਵਿਚ ਅੰਕਿਤ ਸੀ, ਉਹ ਉਵੇਂ ਹੀ ਰੱਖ ਲਈ।
3. ਅੰਤ ਵਿਚ ਇਸੇ ਹੀ ਗ੍ਰੰਥ ਵਿਚ ਗਿਆਨੀ ਜੀ ਆਪ ਹੀ ਮੰਨਦੇ ਹਨ ਕਿ ਉਨ੍ਹਾਂ ਨੇ ਸ੍ਰੀ ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਬੀੜ ਰਚਨਾ ਦੀ ਗੱਲ “ਜਿਵੇਂ ਸੁਣੀ ਸੁਣਾਈ ਸੀ” ਤਿਵੇਂ ਲਿਖ ਦਿੱਤੀ।
ਗਿਆਨੀ ਜੀ ਦੇ ਦੋਵੇਂ ਗ੍ਰੰਥਾਂ ਵਿਚੋਂ ਕਿਤੇ ਇਹ ਹਵਾਲਾ ਨਹੀਂ ਮਿਲਦਾ ਕਿ ਦਸਮ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ‘ਪੋਥੀ ਸਾਹਿਬ’ ਵਿਚ ਪਹਿਲੀ ਵਾਰੀ ਅੰਕਿਤ ਕੀਤੀ ਹੈ।
ਇਸ ਸੰਪੂਰਣਤਾ ਦਿਵਸ ਦੇ ਸਬੰਧ ਵਿਚ ਸ੍ਰ. ਹਰਭਜਨ ਸਿੰਘ, ਪ੍ਰਿੰਸੀਪਲ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਲੁਧਿਆਣਾ, ਆਪਣੀ ਪੁਸਤਮ ‘ਬਿਬੇਕ ਬੁੱਧਿ’ ਦੇ ਪੰਨਾ 148 ਤੇ ਇਉਂ ਲਿਖਦੇ ਹਨ: “ਸਭ ਤੋਂ ਵੱਡਾ ਖੇਦ ਤੇ ਫਿਕਰ ਇਹ ਹੈ ਕਿ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਬਿਨਾਂ ਪਰਖੇ ਪੜਚੋਲੇ ਦੇ, ਆਪ ਸ਼੍ਰੋਮਣੀ ਯੰਤਰੀ 1997 ਵਿੱਚ ਇਸ ਇਤਿਹਾਸਕ ਘਟਨਾ ਨੂੰ ਪੱਕਿਆਂ ਕਰ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਣਤਾ ਦਿਨ 30 ਅਗਸਤ ਹੈ, ਸ੍ਰੀ ਦਮਦਮਾ ਸਾਹਿਬ”। ਇਹ ਸਾਰਾ ਕੁੱਝ ਰਾਜਸੀ ਦਬਾਓ ਕਾਰਣ ਹੋ ਰਿਹਾ ਹੈ ਜੋ ਪੰਥ ਲਈ ਅੱਗੇ ਜਾ ਕੇ ਘਾਤਕ ਸਿੱਧ ਹੋਵੇਗਾ। ਅੱਜ ਤਾਂ ਅਸੀਂ ਆਪਣੀਆਂ ਆਪਣੀਆਂ ਦੁਕਾਨਾਂ ਚਲਾਉਣ ਲਈ ਇਹ ਸਾਰਾ ਕੁੱਝ ਅੱਖਾਂ ਬੰਦ ਕਰਕੇ ਕਰੀ ਜਾ ਰਹੇ ਹਾਂ ਕੱਲ੍ਹ ਨੂੰ ਨਤੀਜਾ ਕੀ ਨਿਕਲੇਗਾ ਇਸ ਬਾਰੇ ਕਿਸੇ ਸੋਚਿਆ ਨਹੀਂ। ਇਤਹਾਸ ਬਦਲ ਦੇਣਾ ਕੌਮ ਨੂੰ ਖੂਹ ਵਿਚ ਸੁੱਟਣ ਦੇ ਬਰਾਬਰ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ।
ਬਲਾਤਕਾਰੀ ਧਰਮਰਾਜ ਕੋਲੋਂ ਲੇਖੇ-ਜੋਖੇ ਸਮੇਂ ਇਨਸਾਫ ਦੀ ਮੰਗ ਹੋ ਸਕਦੀ ਹੈ - ਗੁਰਚਰਨ ਸਿੰਘ ਜਿਉਣ ਵਾਲਾ
ਜਿਹੜਾ ਧਰਮਰਾਜ ਖੁਦ ਹੀ ਪਾਂਡਵਾ ਦੀ ਕੁੰਨਤੀ ਨਾਲ ਬਲਾਤਕਾਰ ਦੇ ਦੋਸ਼ ਦਾ ਸ਼ਿਕਾਰ ਹੈ ਉਹ ਸਾਡਾ ਲੇਖਾ ਜੋਖਾ ਕੀ ਕਰੇਗਾ? ਜਿਸ ਧਰਮਰਾਜ ਨੂੰ ਕਿਸੇ ਸਰਾਪ ਕਾਰਣ ਆਪਣੇ ਪੈਰ ਵਿਚ ਪਏ ਕੀੜੇ ਕੁੱਕੜ ਕੋਲੋਂ ਚੁਗਵਾ ਕੇ ਅਰਾਮ ਦੀ ਨੀਂਦਰ ਲਈ ਚੇਸ਼ਟਾ ਲੱਗੀ ਰਹਿੰਦੀ ਹੈ ਉਹ ਧਰਮਰਾਜ ਸਾਡਾ ਕੀ ਸਵਾਰੇਗਾ? ਜਿਹੜਾ ਧਰਮਰਾਜ ਸਦੀਆਂ ਨਹੀਂ ਕਰੋੜਾਂ ਸਾਲਾਂ ਤੋਂ ਇਹ ਸਜਾ ਭੁਗਤਦਾ ਆ ਰਿਹਾ ਹੈ, ਸਜਾ ਤੋਂ ਆਪ ਮੁਕਤ ਨਹੀਂ ਹੋ ਸਕਿਆ, ਉਹ ਸਾਡਾ ਮੁਕਤੀ ਦਾਤਾ ਕਿਵੇਂ ਹੋ ਸਕਦਾ ਹੈ? ਧਰਮ ਰਾਜ ਦੀ ਸਿਰਜਣਾ ਕਰਨ ਵਾਲਿਆਂ ਦੇ ਗ੍ਰੰਥਾਂ ਵਿਚ ਇਹ ਕਹਾਣੀ ਮੌਜੂਦ ਹੈ
ਕੀ ਗੁਰਬਾਣੀ ਕਿਸੇ ਐਸੇ ਧਰਮਰਾਜ/ਯਮਰਾਜ ਨੂੰ ਮੰਨਦੀ ਹੈ ਇਸ ਬਾਰੇ ਤਾਂ ਗੱਲ ਆਪਾਂ ਅੱਗੇ ਚੱਲ ਕੇ ਕਰਾਂਗੇ ਪਹਿਲਾਂ ਸਾਨੂੰ ਇਸ ਬਾਰੇ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿ ਇਹ ਧਰਮਰਾਜ/ਯਮਰਾਜ ਕਿਸ ਧਰਮ ਦੀ ਪਦਾਇਸ਼ ਹੈ? ਪਾਂਡੋ ਰਾਜਾ ਨ-ਮਰਦ ਹੈ ਤੇ ਉਸਦੇ ਕੋਈ ਉਲਾਦ ਪੈਦਾ ਨਹੀਂ ਹੁੰਦੀ। ਵੈਸੇ ਤਾਂ ਇਹ ਕੰਮ ਪੰਡਿਤ ਜੀ ਹੀ ਕਰ ਗਏ ਕਿਉਂਕਿ ਰਾਜੇ ਦੇ ਮਹਿਲਾਂ ਵਿਚ ਵੱਸ ਰਹੀਆਂ ਸੁੰਦਰੀਆਂ ਨਾਲ ਪੰਡਿਤ ਜੀ ਕਲੋਲਾਂ ਕਿਉਂ ਨਾ ਕਰਨ? ਪਰ ਫੇਰ ਵੀ ਰਾਜੇ ਦੇ ਡਰ ਕਾਰਨ ਇਹ ਲਿਖ ਧਰਿਆ ਕਿ ਕੁੰਨਤੀ ਨੂੰ ਉਲਾਦ ਦੀ ਚੇਸ਼ਟਾ ਹੋਈ ਤਾਂ ਪੰਡਿਤ ਜੀ ਨੇ ਇਕ ਮੰਤਰ ਲਿਖ ਕੇ ਦਿੱਤਾ ਜਿਸ ਦੀ ਅਰਾਧਨਾ ਕਰਨ ਤੇ ਸੂਰਜ ਦੇਵਤਾ ਜੀ ਮਨੁੱਖਾ ਸ਼ਰੀਰ ਧਾਰਨ ਕਰਕੇ ਆਏ ਅਤੇ ਕੁੰਨਤੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੁੰਨਤੀ ਦੇ ਪੇਟੋਂ ‘ਕਰਣ’ ਜੀ ਪੈਦਾ ਹੋਏ। ਇਸੇ ਹੀ ਤਰ੍ਹਾਂ ਕੁੰਨਤੀ ਨੇ ਦੂਸਰੀ ਵਾਰ ਮੰਤਰ ਦੀ ਅਰਾਧਣਾ ਕੀਤੀ ਤੇ ਧਰਮਰਾਜ/ਯਮਰਾਜ ਜੀ ਧਰਤੀ ਤੇ ਮਨੁੱਖਾਂ ਦੇਹੀ ਧਾਰਨ ਕਰਕੇ ਆਏ ਤੇ ਕੁੰਨਤੀ ਨਾਲ ਬਲਾਤਕਾਰ ਕਰਨ ਤੇ ਯੁਧਿਸ਼ਟਰ ਜੀ ਪੈਦਾ ਹੋਏ। ਕਰਤੇ ਕੀਆਂ ਬਾਤਾਂ ਦੇਖੋ ਕਿ ਪਿਓ ਅਤੇ ਪੁੱਤਰ ਦੇਵੇਂ ਇਕੋ ਹੀ ਔਰਤ ਨਾਲ ਬਲਾਤਕਾਰ ਕਰਦੇ ਹਨ ਫੇਰ ਵੀ ਅਸੀਂ ਇਨ੍ਹਾਂ ਨੂੰ ਦੇਵਤੇ ਸਵੀਕਾਰ ਕਰਦੇ ਹਾਂ। ਸੰਜਨਾ ਨਾਮ ਦੀ ਔਰਤ ਦੇ ਪੇਟੋਂ ਪੈਦਾ ਹੋਇਆ ਹੈ ਯੁਧਿਸ਼ਟਰ ਤੇ ਬਾਪ ਹੈ ਸੂਰਜ ਦੇਵਤਾ। ਸੂਰਜ ਦੀ ਪਤਨੀ ਦਾ ਨਾਮ ਹੈ ਸੰਜਨਾ । ਇਸੇ ਹੀ ਤਰਜ਼ ਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੇ ਵੀ ਗੁਰੂ ਹਰਿਗੋਬਿੰਦ ਪਾਤਸ਼ਾਹ ਦੀ ਸਾਰੀ ਉਲਾਦ ਸਤਿਨਾਮ ਜਾਂ ਵਾਹਿਗੁਰੂ ਦਾ ਮੰਤਰ ਚੂਸਣ ਨਾਲ ਹੀ ਪੈਦਾ ਕੀਤੀ ਹੈ। ਹੈ ਨਾ ਪੰਡਿਤ ਜੀ ਦੀ ਕਮਾਲ! ਲਿਖਾਰੀ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਸਨੇ ਕੀ ਲਿਖਣਾ ਹੈ ਤੇ ਸਿੱਖ ਇਤਹਾਸ ਸਿੱਖੀ ਦੇ ਦੁਸਮਣਾਂ ਨੇ ਲਿਖਿਆ ਹੈ ਇਸ ਕਰਕੇ ਸਿੱਖ ਇਤਹਾਸਕਾਰਾਂ ਕੋਲੋਂ ਇਸਨਾਫ ਦੀ ਮੰਗ ਨਾ ਕਰੋ। ਇਸਤਰੀ ਅਤੇ ਪੁਰਖ ਦਾ ਮਿਲਾਪ ਕੁਦਰਤੀ ਨਯਮਾਂ ਮੁਤਾਬਕ ਠੀਕ ਹੈ ਅਤੇ ਇਸਦੀ ਪਾਲਣਾ ਕਰਦੇ ਹੋਏ ਹੀ ਸਿੱਖ ਗੁਰੂ ਯੋਗ ਉਮਰ ਵਿਚ ਵਿਆਹ ਕਰਵਾਉਂਦੇ ਹਨ ਅਤੇ ਅੱਗੇ ਸਿੱਖਾਂ ਨੂੰ ਵੀ ਵਿਆਹ ਕਰਵਾਉਣ ਦਾ ਉਪਦੇਸ਼ ਦਿੰਦੇ ਹਨ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਨਾਨਕਸਰੀਏ ਸਾਧ ਅਤੇ ਇਨ੍ਹਾਂ ਦੇ ਡੇਰਿਆਂ ਦੇ ਪ੍ਰਬੰਧਕ/ਬਿਹੰਗਮ, ਸਿੱਖ ਨਹੀਂ ਹਨ।
ਇਸ ਧਰਤੀ ਤੇ ਧਰਮਰਾਜ/ਯਮਰਾਜ ਜੀ ਦੇ ਪਧਾਰਨ ਦਾ ਤਰੀਕਾ।
ਵਿਸ਼ਵਕਰਮਾ ਨੇ ਆਪਣੀ ਲੜਕੀ ਸੰਜਨਾ ਦੀ ਸ਼ਾਦੀ ਸੂਰਜ ਦੇਵਤਾ ਜੀ ਨਾਲ ਕਰ ਦਿੱਤੀ। ਆਪਣੀ ਲੜਕੀ ਦੀ ਪੁਕਾਰ, “ਪਿਤਾ ਜੀ ਸੂਰਜ ਬਹੁਤ ਗਰਮ ਹੈ ਮੈਂ ਉਸਦੇ ਨੇੜੇ ਨਹੀਂ ਜਾ ਸਕਦੀ”, ਸੁਣ ਕੇ ਵਿਸ਼ਵਕਰਮਾ ਜੀ ਨੇ ਸੂਰਜ ਨੂੰ ਆਪਣੀ ਸਾਣ ਤੇ ਚੜ੍ਹਾ ਕੇ ਖਰਾਦ ਦਿੱਤਾ ਤੇ ਫਿਰ ਜਿਹੜੀਆਂ ਛਿਲਤਰਾਂ ਵਗੈਰਾ ਸਨ ਉਹ ਤਾਂ ਤਾਰਿਆਂ ਦੇ ਰੂਪ ਵਿਚ ਖਿੰਡ ਗਈਆਂ ਤੇ ਸੂਰਜ ਦੀ ਤਪਸ਼ ਘੱਟਣ ਤੇ ਲੜਕੀ ਨੇ ਕਿਹਾ ਪਿਤਾ ਜੀ ਹੁਣ ਸਭ ਠੀਕ ਹੈ। ਵਿਸ਼ਵਕਰਮਾ, ਜਿਹੜਾ ਭਾਰਤੀ ਖਿਤੇ ਵਿਚ ਬ੍ਰਾਹਮਣ ਦੇ ਮੁੱਖੋਂ ਪੈਦਾ ਹੋਇਆ ਹੈ ਤੇ ਇਸਨੂੰ ਦੁਨੀਆਂ ਦਾ ਆਰਕੀਟੈਕਟ ਮੰਨਿਆ ਜਾਂਦਾ ਹੈ, ਨੂੰ ਪਾਕਿਸਤਾਨ ਦੀ ਹੱਦ ਟੱਪਦਿਆਂ ਹੀ ਕੋਈ ਨਹੀਂ ਜਾਣਦਾ ਤੇ ਪੱਛਮੀ ਸੱਭਿਅਤਾ ਜਿਹੜੀ ਦੁਨੀਆਂ ਦੀ ਸਾਰੀ ਇੰਜਨੀਅਰਿੰਗ ਸਾਂਭੀ ਬੈਠੀ ਹੈ, ਨੂੰ ਵਿਸ਼ਵਕਰਮਾ ਦਾ ਕੋਈ ਪਤਾ ਨਹੀਂ ਅਤੇ ਤਰੱਕੀ ਦੇ ਰਾਹ ਤੇ ਹਨ ਜਦੋਂ ਕਿ 50% ਭਾਰਤੀ ਲੋਕ ਭੁੱਖ ਨਾਲ ਮਰ ਰਹੇ ਹਨ ਜਿਸ ਧਰਤੀ ਤੇ ਵਿਸ਼ਵਕਰਮਾ ਜੀ ਹੋਏ ਹਨ। ਜੇ ਇਹ ਸਾਰਾ ਝੂਠ ਨਹੀਂ ਤਾਂ ਹੋਰ ਕੀ ਹੈ? ਵਿਸ਼ਵਕਰਮਾ ਨੇ ਧਰਤੀ ਨਾਲੋਂ ਕਈ ਗੁਣਾ ਵੱਡੇ ਸੂਰਜ ਨੂੰ ਕਿਸ ਸਾਣ ਅਤੇ ਕਿਸ ਧਰਤੀ ਤੇ ਕਿਵੇਂ ਰੱਖਿਆ, ਅੱਜ ਤਕ ਕਿਸੇ ਨੇ ਨਹੀਂ ਪੁੱਛਿਆ ਤੇ ਨਾ ਹੀ ਕਿਸੇ ਨੇ ਦੱਸਿਆ। ਮਿਸਰ ਜੀ ਜੋ ਕਹਿੰਦੇ ਹਨ ਉਹ ਸਭ ਸੱਚ ਹੈ। ਆਈ. ਆਈ. ਟੀ. ਦਿੱਲੀ ਤੋਂ 72 ਵਿਚ ਇੰਜਿਨੀਆਰ ਬਣੇ ਦਸਵੀ ਫੇਲ੍ਹ ਪੰਡਿਤ ਜੀ ਤੋਂ ਮੂਰਖ ਬਣਦੇ ਮੈਂ ਆਪ ਆਪਣੀਆਂ ਅੱਖਾਂ ਨਾਲ ਵੇਖੇ ਹਨ। ਜਦੋਂ ਤਾਂਤਰਿਕ ਚੰਦਰਾ ਸਵਾਮੀ ਨੇ ਇਹ ਗੱਲ ਰਾਤੋ ਰਾਤ ਦੁਨੀਆਂ ਭਰ ਵਿਚ ਫੈਲਾਈ ਸੀ ਕਿ ‘ਗਨੇਸ਼ ਮਹਾਂਰਾਜ’ ਜੀ ਦੁੱਧ ਪੀ ਰਹੇ ਹਨ। ਜਿਵੇਂ ਅੱਜ-ਕੱਲ ਅਕਾਲ ਤੱਖਤ ਦੇ ਜੱਥੇਦਾਰ ਦੇ ਨਾਮ ਹੇਠ ਪੰਡਿਤ ਜੀ ਸਾਰੇ ਸਿੱਖਾਂ ਦੇ ਨੱਕ ਵਿਚ ਨਕੇਲ ਪਾਈ ਬੈਠੇ ਹਨ ਠੀਕ ਉਸੇ ਹੀ ਤਰ੍ਹਾਂ ਸਾਰੇ ਭਾਰਤੀ ਖਿੱਤੇ ਵਿਚ ਵੱਸਣ ਵਾਲੇ ਲੋਕ ਜਾਂ ਤਾਂ ਸਿੱਧੇ ਤੌਰ ਤੇ ਪੰਡਿਤ ਦੇ ਕੋਲ ਮੰਦਰ ਵਿਚ ਜਾ ਕੇ ਛਿੱਲ ਲੁਹਾ ਰਹੇ ਹਨ ਜਾਂ ਫਿਰ ਭਾਰਤ ਵਿਚ ਉਚੀਆਂ ਪੱਦਵੀਆਂ ਤੇ ਬਿਰਾਜਮਾਨ 80% ਬ੍ਰਾਹਮਣਾਂ ਕੋਲੋਂ ਆਪਣੀ ਚਮੜੀ ਪਟਵਾ ਰਹੇ ਹਨ।
ਧਰਤੀ ਤੇ ਪਹਿਲੀ ਵਾਰ ਧਰਮਰਾਜ/ਯਮਰਾਜ ਜੀ ਚੜ੍ਹਾਈ ਕਰ ਗਏ। ਮਰਨ ਤੋਂ ਬਾਅਦ ਧਰਮਰਾਜ ਜੀ ਸਿੱਧੇ ਸਵਰਗ ਵਿਚ ਪਹੁੰਚ ਗਏ। ਇਸ ਨੇ ਹੀ ਸਵਰਗ ਦਾ ਰਸਤਾ ਲੱਭਿਆ। ਉੱਥੇ ਇਨ੍ਹਾਂ ਦੀ ਪੁਰੀ, ਸਿੰਘਾਸਣ, ਸਹਾਇਤਾ ਲਈ ਮੁਨੀਮ ਦੇ ਤੌਰ ਤੇ ਚਿਰਗੁਪਤ ਅਤੇ ਮਰੀਆਂ ਹੋਈਆਂ ਆਤਮਾਵਾਂ ਨੂੰ ਲੇਖੇ-ਜੋਖੇ ਲਈ ਲੈ ਕੇ ਜਾਣ ਲਈ ਦੋ ਕੁੱਤੇ ਵੀ ਮੌਜੂਦ ਹਨ ਜਿਨ੍ਹਾਂ ਦਾ ਨਾਮ ਸ਼ਰਮਯੇ ਹੈ। ਇਸਦੇ ਸਿੰਘਾਸਣ ਦਾ ਨਾਮ ਵਿਹਾਰ ਭੂ, ਮਹਿਲ ਦਾ ਨਾਮ ਕਲੀਚੀ ਅਤੇ ਪੁਰੀ ਦਾ ਨਾਮ ਸੰਯਮਨੀ ਹੈ। ਜਦੋਂ ਧਰਮਰਾਜ ਜੀ ਧਰਤੀ ਤੇ ਸਨ ਤਾਂ ਉਹ ਬਲਾਤਕਾਰੀ ਵੀ ਸੀ ਤੇ ਮਰ ਵੀ ਗਿਆ ਪਰ ਹੁਣ ਉਸਨੇ ਬਿਲਕੁਲ ਨਹੀਂ ਮਰਨਾ। ਅੱਜ ਤਕ ਕਿਸੇ ਨੇ ਨਹੀਂ ਪੁੱਛਿਆ ਕਿ ਕੀ ਕੋਈ ਸੂਰਜ ਮਨੁੱਖਾ ਸ਼ਰੀਰ ਧਾਰਨ ਕਰਕੇ ਕਿਸੇ ਔਰਤ ਨਾਲ ਸਰੀਰਕ ਸੰਬੰਧ ਪੈਦਾ ਕਰ ਸਕਦਾ ਹੈ? ਜਿਹੜਾ ਧਰਮਰਾਜ/ਯਮਰਾਜ ਧਰਤੀ ਤੇ ਮਰ ਗਿਆ ਉਹ ਕਿਸੇ ਅਖੌਤੀ ਸਵਰਗ ਵਿਚ ਪਹੁੰਚਦਿਆਂ ਸਾਰ ਹੀ ਅਮਰ ਕਿਵੇਂ ਹੋ ਗਿਆ? ਧਰਮਰਾਜ/ਯਮਰਾਜ ਜੀ ਨੇ ਧਰਤੀ ਤੇ ਹੁੰਦਿਆਂ ਕਿਹੜਾ ਚੰਗਾ ਕੰਮ ਕੀਤਾ ਜਿਸ ਕਰਕੇ ਮਰਨ ਤੋ ਬਾਅਦ ਧਰਮਰਾਜ/ਯਮਰਾਜ ਸਦਾ ਲਈ ਅਮਰ ਹੋ ਗਏ। ਇਸਨੂੰ ਦੂਸਰੇ ਲੋਕਾਂ ਦੇ ਲੇਖੇ-ਜੋਖੇ ਦਾ ਕੰਮ ਕਿਸਨੇ ਸੌਪਿਆ? ਇਹ ਸਾਰੀ ਲੀਲਾ ਨਾ ਤਾਂ ਧਰਮਰਾਜ/ਯਮਰਾਜ ਨੇ ਆਪ ਲਿਖੀ ਹੈ ਤੇ ਨਾ ਹੀ ਇਹ ਉਸਦੇ ਪਿਤਾ ਸਵਾਮੀ ਸੂਰਜ ਜੀ ਨੇ ਲਿਖੀ ਹੈ ਸਗੋਂ ਇਸ ਦੇ ਕਰਤਾ ਹਨ ਮਿਸਰ ਜੀ। ਕੀ ਕੋਈ ਇਹ ਵੀ ਦੱਸ ਸਕਦਾ ਹੈ ਕਿ ਧਰਮਰਾਜ/ਯਮਰਾਜ ਦੇ ਮਰਨ ਤੋਂ ਪਹਿਲਾਂ ਵੀ ਕੋਈ ਮਨੁੱਖ ਇਸ ਧਰਤੀ ਤੇ ਮਰਿਆ ਸੀ? ਜੇ ਧਰਮਰਾਜ ਤੋਂ ਪਹਿਲਾਂ ਕੋਈ ਇਸ ਧਰਤੀ ਤੇ ਮਰਿਆ ਸੀ ਤਾਂ ਉਸਦਾ ਲੇਖਾ-ਜੋਖਾ ਕਿਸ ਨੇ ਕੀਤਾ? ਕਿਸੇ ਕੋਲ ਕੋਈ ਸਬੂਤ ਹੈ ਕਿ ਧਰਮਰਾਜ ਤੋਂ ਪਹਿਲਾਂ ਇਸ ਧਰਤੀ ਤੇ ਕੋਈ ਮਰਿਆ ਹੀ ਨਹੀਂ, ਯਾ ਇਸ ਧਰਤੀ ਤੇ ਕੋਈ ਵੱਸਦਾ ਵੀ ਸੀ? ਆਦਿ।
ਆਓ ਹੁਣ ਦੇਖੀਏ ਕਿ ਇਸ ਊਲ-ਜਲੂਲ ਵਿਚੋਂ ਇਸ ਖਲਕਤ ਨੂੰ ਕੱਢਣ ਲਈ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ। ਗੁਰਬਾਣੀ ਮਨੁੱਖਤਾ ਦੀ ਪੂਰਨ ਅਜ਼ਾਦੀ ਦੀ ਗੱਲ ਕਰਦੀ ਹੈ। ਜਦੋਂ ਕਿ ਬ੍ਰਹਾਮਣ ਦਾ ਉਪਦੇਸ਼ ਮਨੁੱਖਤਾ ਨੂੰ ਡਰਾ ਕੇ ਆਪਣੇ ਵੱਸ ਵਿਚ ਕਰਨ ਤੋਂ ਹੀ ਸ਼ੁਰੂ ਹੁੰਦਾ ਹੈ। ਗੁਰਬਾਣੀ ਇਕ ਅਜ਼ਾਦ ਮਨੁੱਖ ਨੂੰ ਹਰ ਤਰ੍ਹਾਂ ਦੇ ਡਰ ਭੈ ਤੋਂ ਮੁਕਤ ਕਰਾਉਂਦੀ ਹੈ। ਇਸੇ ਕਰਕੇ ਹੀ ਤਾਂ ਭਾਈ ਗੁਰਦਾਸ ਜੀ ਬਾਬੇ ਨਾਨਕ ਦੇ ਨਿਰਮਲ ਪੰਥ ਦੀ ਗੱਲ ਕਰਦੇ ਹਨ। ਗੁਰਬਾਣੀ ਵਿਚ ਸਮੇਂ ਦੀ ਬੋਲੀ ਦੇ ਲਫਜ਼ ਤਾਂ ਓਹੀ ਵਰਤੀਂਦੇ ਹਨ ਪਰ ਗੁਰੂ ਜੀ ਇਸਦੇ ਮਤਲਬ ਬਦਲ ਦਿੰਦੇ ਹਨ। ਇਸੇ ਹੀ ਤਰ੍ਹਾਂ ਗੁਰਬਾਣੀ ਦਾ ਧਰਮਰਾਜ/ਯਮਰਾਜ ਕਿਤੇ ਬਾਹਰ ਅਸਮਾਨਾਂ ਵਿਚ ਨਹੀਂ ਬੈਠਾ ਸਗੋਂ ਮਨੁੱਖਾਂ ਮਨ ਵਿਚ ਹੀ ਸ਼ਸੋਭਤ ਹੈ।
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਪੰਨਾ 463,ਮ:1॥
ਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਣ ਹੈ ਕਿ ਜਦੋਂ ਹੀ ਜੀਵ ਪੈਦਾ ਹੋਇਆ ਜਾਂ ਕੀਤਾ ਪਰਮਾਤਮਾ ਨੇ ਨਿਯਮ ਰੂਪੀ ਧਰਮ/ਧਰਮਰਾਜ ਨੂੰ ਮਨੁੱਖਾ ਸ਼ਰੀਰ ਵਿਚ ਨਾਲ ਹੀ ਬਹਾਲ ਦਿੱਤਾ ਤੇ ਸੱਚ ਮੁਤਾਬਕ ਫੈਸਲਾ ਕਰਨ ਦਾ ਨਿਯਮ ਬਣਾ ਦਿੱਤਾ ਜਿਸ ਮੁਤਾਬਕ ਜਜਮਾਲਿਆ/ਮਾੜੇ ਕਰਮਾਂ/ਕੰਮਾਂ ਵਾਲੇ ਲੋਕਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਆਪਣੇ ਆਂਢ-ਗੁਆਂਢ ਵਿਚ ਝਾਤੀ ਮਾਰ ਕੇ ਦੇਖੋ ਚੰਗਾ ਮਾੜੇ ਮਨੁੱਖ ਨਾਲ ਰਾਬਤਾ ਕਾਇਮ ਨਹੀਂ ਕਰਦਾ।
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥
ਧਰਮਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥6॥ ਪੰਨਾ 980, ਮ:4॥
ਉਹ ਠਾਕੁਰ ਦੇ ਪਿਆਰੇ ਜਨ ਹਨ ਜਿਨ੍ਹਾਂ ਨੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਣਾ ਲਿਆ ਹੈ ਤੇ ਉਨ੍ਹਾਂ ਦੀ ਮਾੜੀ ਮੱਤ/ਪਾਪ ਖਤਮ ਹੋ ਗਏ ਹਨ। ਧਰਮਰਾਇ ਅਤੇ ਜਮ ਉਨ੍ਹਾਂ ਦੇ ਨੇੜੇ ਨਹੀਂ ਢੁੱਕਦੇ। ਹੁਣ ਧਰਮ ਰਾਇ ਦਾ ਕੰਮ ਖਤਮ ਹੋ ਗਿਆ ਹੈ।
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥
ਤਹ ਜਨਮ ਨ ਮਰਣੁ ਨ ਆਵਣ ਜਾਣਾ, ਸੰਸਾ ਦੂਖੁ ਮਿਟਾਇਆ॥
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥
ਨਾਨਕੁ ਸਿਖ ਦੇਇ, ਮਨ ਪ੍ਰੀਤਮ, ਹਰਿ ਲਦੇ ਖੇਪ ਸਵਲੀ ॥3॥ ਪੰਨਾ 79,ਮ:5॥
ਜਦੋਂ ਮਨੁੱਖ ਸੱਚ ਨੂੰ ਆਪਣੇ ਜੀਵਨ ਵਿਚ ਧਾਰਣ ਕਰ ਲੈਂਦਾ ਹੈ ਤਾਂ ਉਸਨੂੰ ਇਕ ਐਸੀ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਸ ਕਾਰਨ ਉਸਦਾ ਹਰ ਰੋਜ ਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਇਸ ਉਪਦੇਸ਼ ਕਰਕੇ ਹੀ ਚਿਤਰ ਗੁਪਤ ਦਾ ਲਿਖਿਆ ਹੋਇਆ ਸਾਰਾ ਲੇਖਾ-ਜੋਖਾ ਵੀ ਖਤਮ ਹੋ ਜਾਂਦਾ ਹੈ। ਹੇ ਮੇਰੇ ਪਿਆਰੇ ਮਨ ਪ੍ਰੀਤਮ ਜੀਓ! ਗੁਰੂ ਦੀ ਮੱਤ ਲੈ ਕੇ ਚੰਗੇ ਗੁਣਾਂ ਨੂੰ ਵਿਹਾਜ, ਚੰਗੇ ਗੁਣਾਂ ਦਾ ਵਪਾਰ ਕਰ, ਚੰਗੇ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਣਾ ਲਓ।
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥3॥
ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥4॥ ਪੰਨਾ 614,ਮ:5 ॥
ਚੰਗੇ ਗੁਣਾਂ ਦੀ ਪੂੰਜੀ ਪ੍ਰਾਪਤ ਹੋਣ ਨਾਲ ਮੇਰੇ ਮਨ ਦਾ ਭਰਮ ਖਤਮ ਹੋ ਗਿਆ। ਇਸ ਕਾਰਣ ਕਰਕੇ ਹੀ ਧਰਮ ਰਾਇ ਨੂੰ ਹੁਣ ਲੇਖਾ ਕਰਨ ਦੀ ਲੋੜ ਨਹੀਂ ਕਿਉਂਕਿ ਮਾੜਾ ਪਨ/ ਔਗੁਣ ਖਤਮ ਲੇਖਾ-ਜੋਖਾ ਖਤਮ। ਔਗੁਣਾਂ ਦੇ ਖਾਤਮੇ ਦੇ ਨਾਲ ਹੀ ਮਨ ਵਿਚ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।
ਜਿਨ ਕਉ ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ ॥
ਧਰਮਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥4॥ ਪੰਨਾ 697,ਮ:4 ॥
ਜਿਨ੍ਹਾਂ ਮਨੁੱਖੀ ਜੀਵਾਂ ਨੇ ਗੁਰੂ ਦੀ ਕ੍ਰਿਪਾ ਦੁਆਰਾ ਚੰਗੇ ਗੁਣ ਧਾਰਣ ਕਰ ਲਏ ਹਨ, ਮਨ ਵਿਚ ਵਸਾ ਲਏ ਹਨ ਉਨ੍ਹਾਂ ਦੇ ਲੇਖੇ-ਜੋਖੇ ਦੇ ਕਾਗਜ਼ ਧਰਮ ਰਾਜ ਦੇ ਦਰਬਾਰ ਵਿਚ ਫਟ ਜਾਂਦੇ ਹਨ ਜਾਂ ਧਰਮ ਰਾਜ ਆਪਣੇ ਦਰਬਾਰ ਵਿਚ ਉਨ੍ਹਾਂ ਦਾ ਲੇਖਾ-ਜੋਖਾ ਖਤਮ ਕਰ ਦਿੰਦਾ ਹੈ। ਇਨ੍ਹਾਂ ਸਾਰੇ ਸਲੋਕਾਂ ਵਿਚ ਏਹੀ ਸਮਝਾਇਆ ਗਿਆ ਹੈ ਕਿ ਜੇ ਕਰ ਮਨੁੱਖਾ ਜੀਵ ਚੰਗੇ ਕੰਮ ਕਰਦਾ ਹੈ ਤਾਂ ਉਸਨੂੰ ਲੇਖੇ-ਜੋਖੇ ਤੋਂ ਡਰਨ ਦੀ ਲੋੜ ਨਹੀਂ ਸਗੋ ਧਰਮ ਰਾਜ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ ਤੇ ਜਮਾਂ ਦੇ ਰਸਤੇ ਚੰਗੇ ਮਨੁੱਖੀ ਜੀਵਾਂ ਨੂੰ ਨਹੀਂ ਪਾਉਂਦਾ ਕਿਉਂਕਿ ਉਹ ਸਦਾ ਸੱਚ ਨਾਲ ਜੁੜੇ ਹੋਏ ਹਨ। ਇਨ੍ਹਾਂ ਹਰੀ ਦੇ ਜਨਾਂ ਦੀਆਂ ਆਤਮਾਵਾਂ ਨੂੰ ਕਿਸੇ ਕੋਲ ਜਾ ਕੇ ਲੇਖਾ-ਜੋਖਾ ਕਰਵਾਉਣ ਦੀ ਲੋੜ ਨਹੀਂ ਰਹਿੰਦੀ।
ਧਰਮਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥14॥ ਪੰਨਾ 1091,ਮ:3 ॥
ਮਨੁੱਖੀ ਜੀਵ ਦਾ ਡਰ ਖਤਮ ਕਰਨ ਦਾ ਤਰੀਕਾ ਵੀ ਇਹੋ ਹੀ ਹੋ ਸਕਦਾ ਹੈ ਕਿ ਧਰਮ ਰਾਜ ਨੂੰ ਮਨੁੱਖੀ ਜੀਵ ਦਾ ਮਿਤਰ ਹੀ ਬਣ ਦਿਓ।
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥2॥ ਪੰਨਾ 1091,ਮ:1॥
ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸਲੋਕ ਇਹ ਦੱਸਦਾ ਹੈ ਕਿ ਬਹੁਤੇ ਲੋਕ ਵੇਦਾਂ ਦੇ ਵਜਾਏ ਹੋਏ ਢੋਲ ਮਗਰ ਲੱਗੇ ਹੋਏ ਹਨ ਅਸਲ ਵਿਚ ਰਸਤਾ ਇਕੋ ਹੀ ਹੈ ਉਹ ਹੈ ਨਾਮ/ਸੱਚ ਨੂੰ ਜਿੰਦਗੀ ਵਿਚ ਅਪਨਾਉਣ ਦਾ।
ਗੁਰ ਸਿੱਖੀ ਵਿਚ ਕੁਦਰਤੀ ਨਿਯਮ ਹੀ ਧਰਮ ਰਾਜ ਦਾ ਕੰਮ ਕਰਦੇ ਹਨ ਤੇ ਦੂਸਰਾ ਸੰਗਤ ਵੀ ਧਰਮ ਰਾਜ ਦਾ ਕੰਮ ਕਰਦੀ ਹੈ। ਮਾਝੇ ਦੇ ਇਲਾਕੇ ਦੇ ਚੌਧਰੀ ਲੰਗਾਹ ਨੂੰ, ਜੋ ਗੁਰੂ ਅਰਜਨ ਪਾਤਸ਼ਾਹ ਕੋਲੋਂ ਸਿੱਖੀ ਲੈਣ ਆਇਆ ਸੀ, ਏਹੀ ਉਪਦੇਸ਼ ਦਿੱਤਾ ਸੀ ਕਿ ਤੂੰ ਸੱਚ ਦੇ ਲੜ ਲੱਗ ਪਰ ਉਹ ਕਹਿਣ ਲੱਗਾ ਕਿ ਗੁਰੂ ਜੀ ਫੈਸਲਾ ਕਰਦੇ ਸਮੇਂ ਥੋੜਾ ਪੱਖਪਾਤ ਤਾਂ ਹੋ ਹੀ ਜਾਂਦਾ ਹੈ। ਫਿਰ ਗੁਰੂ ਜੀ ਨੇ ਇਹ ਸਮਝਾਇਆ ਕਿ ਚਲੋ ਅਗਲੇ ਦਿਨ ਸੰਗਤ ਵਿਚ ਆ ਕੇ ਕੱਲ੍ਹ ਦਾ ਬੋਲਿਆ ਹੋਇਆ ਝੂਠ ਜ਼ਰੂਰ ਦੱਸ ਦੇਣਾ। ਇਸ ਤਰ੍ਹਾਂ ਕਰਨ ਨਾਲ ਉਹ ਚੌਧਰੀ ਨੇ ਚੌਧਰਪੁਣਾ ਛੱਡ ਦਿੱਤਾ ਤੇ ਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਲੱਗ ਪਿਆ। ਸਿੱਖੀ ਵਿਚ ਉਸ ਧਰਮ ਰਾਜ ਨੂੰ ਕੋਈ ਮਾਨਤਾ ਨਹੀਂ ਜਿਸ ਨੂੰ ਹਿੰਦੂ ਧਰਮ ਮੰਨਦਾ ਆ ਰਿਹਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ।
ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ‘ਸੱਸੀ’ ਲਿਖੀ ਸੀ? 16 - ਗੁਰਚਰਨ ਸਿੰਘ ਜਿਉਣ ਵਾਲਾ
ਐ ਗੁਰੂ ਨਾਨਕ ਪਾਤਸ਼ਾਹ! ਆਪਣੇ ਪਹਿਲੇ ਸ਼ਰੀਰਕ ਜਾਮੇ ਵਿਚ ਤੁਸਾਂ ਰਾਜਿਆਂ ਨੂੰ ਸ਼ੀਹ “ਰਾਜੇ ਸੀਹ ਮੁਕਦਮ ਕੁਤੇ” ਤੇ ਵਜੀਰਾਂ ਨੂੰ ਕੁਤੇ ਕਹਿ ਕਹਿ ਕੇ ਝਾੜਾਂ ਪਾਈਆਂ। ਬ੍ਰਾਹਮਣਾਂ ਨੂੰ “ਛੁਰੀ ਵਗਾਇਨਿ ਤਿਨ ਗਲਿ ਤਾਗ ” ਤੇ ਮੁਲਾਂ- ਮੌਲਾਣਿਆਂ ਨੂੰ “ਵੱਢੀ ਲੈ ਕੈ ਹਕੁ ਗਵਾਏ” ਕਹਿ ਕੇ ਲਾਹਨਤਾਂ ਪਾਈਆਂ ਤੇ ਆਪ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ ਗੁ.ਗ੍ਰੰਥ. ਪੰਨਾ 15॥
ਬਾਬਾ ਜੀ ਤੁਹਾਨੂੰ ਕੀ ਹੋਇਆ ਕਿ ਤੁਸੀਂ ਆਪਣੇ ਦਸਮੇ ਰੂਪ ਵਿਚ ਸੱਸੀ-ਪੁਨੂੰ, ਮਿਰਜਾ ਸਾਹਿਬਾਂ, ਹੀਰ ਰਾਂਝਾ ਮਤਲਬ ਅਲਫ ਲੇਲਾਂ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ? ਤੁਸੀਂ ਐਡੇ ਵੱਡੇ ਸਮਾਜ ਸੁਧਾਰਕ ਤੇ ਦਸਮੇ ਰੂਪ ਵਿਚ ਆਹ ਕੁੱਤੀ ਜਿਹੀ ਲਿਖਤ, ਜੋ ਸਮਾਜ ਨੂੰ ਔਜੜੇ ਪਾਉਂਦੀ ਹੈ, ਸਮਾਜ ਦਾ ਸੱਤਿਆ ਨਾਸ ਕਰਨ ਲਈ ਤੁਸੀਂ ਲੋਕਾਂ ਨੂੰ ਰੋਮ ਨਾਸ ਵਰਤਣ ਦੀਆਂ ਸਕੀਮਾਂ, ਸ਼ਰਾਬ ਵਿਚੋਂ ਸੱਤਵਾਰ ਸ਼ਰਾਬ ਕੱਢ ਕੇ ਪੀਣ ਦੀਆਂ ਤਰਕੀਬਾਂ, ਕੁਹਾਰਾਂ ਦੇ ਕੰਧਿਆਂ ਤੇ ਡੋਲੀ ਵਿਚ ਬੈਠ ਕੇ ਆਪਣੇ ਪਤੀ/ਖਸਮ ਦੇ ਸਾਹਮਣੇ ਆਪਣੇ ਯਾਰ ਨਾਲ ਕਾਮ ਤ੍ਰਿਪਤੀ ਦੀਆਂ ਬਹਾਰਾਂ ਲੈਣ ਦੇ ਵੱਲ ਦੱਸਣ ਲੱਗ ਪਏ ਹੋ। ਕੀ ਇਹ ਨਿਰਮਲ ਪੰਥ ਦੀਆਂ ਨਿਸ਼ਾਨੀਆਂ ਹਨ?
ਤੁਸੀਂ ਠੀਕ ਤਾਂ ਸੀ? ਤੁਹਾਡੇ ਚਲਾਏ ‘ਨਿਰਮਲ ਪੰਥ’ ਨੂੰ ਢਾਹੁਣ ਲਈ, ਖਤਮ ਕਰਨ ਲਈ ਤਾਂ ਬ੍ਰਹਮਣ ਤੁਹਾਡੇ ਜਨਮ ਤੋਂ ਹੀ ਤਾਕ ਲਾਈ ਬੈਠਾ ਸੀ। ਗੁਰੂ ਕੇ ਜੰਡਿਆਲੇ ਦੇ ਹੰਦਾਲੀਆਂ ਨੇ ਬਾਬਾ ਜੀ ਤੁਹਾਡੇ, ਗੁਰੂ ਅੰਗਦ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਨੂੰ ਕਲੰਕਤ ਕੀਤਾ ਸੀ। ਰੰਘੜੀ ਉਨ੍ਹਾਂ ਨੇ ਆਪਣੇ ਘਰ ਵਸਾਈ ਹੋਈ ਸੀ ਪਰ ਇਸ ਰੀਤ ਨੂੰ ਗੁਰੂ ਘਰ ਵਿਚ ਪ੍ਰੀਵਾਨਤ ਦਿਖਾਉਣ ਲਈ ਤੁਹਾਡਾ ਰੰਘੜੀ ਨਾਲ ਵਿਆਹ ਕੀਤਾ ਤੇ ਛੇਵੇਂ ਗੁਰੂ ਜੀ ਕੋਲੋਂ ਕਉਲਾਂ, ਇਕ ਨਾਬਾਲਗ ਲੜਕੀ, ਨੂੰ ਰਾਤ ਦੇ ਹਨੇਰੇ ਵਿਚ, ਘਰ ਦਿਆਂ ਤੋਂ ਚੋਰੀ, ਆਪਣੇ ਪਿੱਛੇ ਘੋੜੇ ਦੀ ਸਵਾਰੀ ਕਰਵਾ ਕੇ (ਬਹਿ ਜਾ ਨੀ ਪਲਾਕੀ ਮਾਰ ਕੇ) ਕੱਢਵਾ ਦਿੱਤਾ। ਫਿਰ ਰਾਜ ਕਵੀ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ ਵਰਗਿਆਂ ਤੇ 20ਵੀਂ ਸਦੀ ਦੇ ਸ਼ੁਰੂ ਵਿਚ ਸੰਤ ਕਵੀ ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ, ਪ੍ਰੋ. ਹਰਪਾਲ ਸਿੰਘ ਪੰਨੂੰ, ਪ੍ਰੋ. ਹਰਭਜਨ ਸਿੰਘ ਡੇਹਰਾਦੂਨ, ਐਡਵੋਕੇਟ ਗੁਰਚਰਨਜੀਤ ਸਿੰਘ ਲਾਂਬਾ ਅਤੇ ਡਾ. ਜੋਧ ਸਿੰਘ ਦੇ ਰੂਪ ਵਿਚ ਵਿਚਰ ਕੇ ਪੰਡਿਤ ਜੀ ਨੇ ਸਿੱਖੀ ਤੇ ਵਾਰ ਕੀਤਾ। ਇੱਥੇ ਹੀ ਬੱਸ ਨਹੀਂ ਅੰਗਰੇਜਾਂ ਨੇ 1906 ਈ: ‘ਚ ਪੰਜ ਅਤਰ ਸਿੰਘ (ਅਤਰ ਸਿੰਘ ਮਸਤੂਆਣਾ, ਅਤਰ ਸਿੰਘ ਰੇਰੂ ਸਾਹਿਬ ਰਾੜੇ ਵਾਲੇ ਹੋਏ, ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਘੁਣਸਾਂ ਵਾਲਾ ਤੇ ਅਤਰ ਸਿੰਘ ਜਲਾਲਾਬਾਦ ਵਿਸਟ), ਜਵਾਲਾ ਸਿੰਘ ਹਰਖੌਵਾਲੀਆ, ਕਰਤਾਰ ਸਿੰਘ ਕਲਾਸ ਵਾਲਾ ਅਤੇ ਅਨੇਕਾਂ ਹੋਰ ਸੰਤ ਰੂਪ ਵਿਚ ਸਿੱਖੀ ਦੇ ਘੋੜੇ ਤੇ ਸਵਾਰ ਕਰਕੇ ਸਿੱਖੀ ਦੇ ਬੀਜ ਨੂੰ ਕੁਚਲਣ ਲਈ ਛੱਡ ਦਿੱਤਾ, ਜਿਹੜੇ ਅੱਜ ਹਜਾਰਾਂ ਦੀ ਗਿਣਤੀ ਵਿਚ ਦੇਓ ਬਣ ਕੇ ਤੇਰੇ ਭੋਲੇ-ਭਾਲੇ ਲੋਕਾਂ ਨੂੰ ਖਾ ਰਹੇ ਹਨ। ਇਨ੍ਹਾਂ ਦੀ ਗਿਣਤੀ ਕਰਨੀ ਹੀ ਬੜੀ ਔਖੀ ਹੈ।
19ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਦੀ ਸਕੀਮ ਬਣਾਈ ਤੇ ਤੇਰੇ ਦਸਮੇ ਜਾਮੇ ਦੇ ਨਾਮ ਤੇ ਇਕ ਸਿਧਾਂਤਹੀਣ, ਸਮਾਜ ਵਿਰੋਧੀ, ਵਿਭਚਾਰ ਭਰਿਆ ਕਾਮ ਦਾ ਪੋਥਾ ਸਿੱਖੀ ਸਿਧਾਂਤਾਂ ਦੇ ਬਿਲਕੁੱਲ ਵਿਪਰੀਤ ਕਵੀਆਂ, ‘ਰਾਮ, ਸ਼ਾਮ ਤੇ ਕੱਲ, ਆਤਮਾ ਰਾਮ, ਬੁੱਧ’ ਕੋਲੋਂ ਲਿਖਵਾ ਕੇ ਮੜ੍ਹ ਦਿੱਤਾ। ਤੇਰੀਆਂ ਲਾਡਲੀਆਂ ਫੌਜਾਂ ਇਸ ਗ੍ਰੰਥ ਨੂੰ ਪੜ੍ਹ ਪੜ੍ਹ ਕੇ ਸਿਧਾਂਤਹੀਣ ਤੇ ਭੰਗ ਪੀਣੀਆਂ ਬਣ ਗਈਆਂ। ਸਾਕਤ ਮੱਤੀਆਂ ਦਾ ਲਿਖਿਆ ਇਹ ਗ੍ਰੰਥ ਸਿੱਖੀ ਦੇ ਬੂਟੇ ਨੂੰ ਅੰਦਰੋਂ ਘੁਣ ਵਾਂਗ ਖਾ ਚੁੱਕਿਆ ਹੈ ਸਿਰਫ ਉਪਰਲਾ ਪੋਲ ਹੀ ਬਾਕੀ ਹੈ ਜਿਸ ਨੂੰ ਖਾਣ ਲਈ ਦਮਦਮੀ ਟਕਸਾਲ, ਰਣਧੀਰ ਸਿੰਘੀਏ, ਨਾਨਕਸਰੀਏ, ਆਸ਼ੂਤੋਸ਼ੀਏ, ਨੂਰ ਮਹਿਲੀਏ, ਭਨਿਆਰੇ ਵਾਲੇ, ਬਿਆਸਾ ਵਾਲੇ, ਆਗਰੇ ਵਾਲੇ, ਸਰਸੇ ‘ਚ ਸੱਚੇ ਸੌਦੇ ਵਾਲੇ ਤੇ ਹੋਰ ਪਤਾ ਨਹੀਂ ਕਿਨ੍ਹੇ ਕੁ ਲੱਗੇ ਹੋਏ ਹਨ। ਹਾਂ ਬੜੂ ਵਾਲੇ ਇਕਬਾਲ ਸਿੰਘ (ਬਾਬਾ) ਦਾ ਨਾਮ ਤਾਂ ਮੈਂ ਭੁੱਲ ਹੀ ਗਿਆ ਸੀ ਜਿਹੜਾ ਅੱਜ ਗੁਰੂ ਕੀ ਨਗਰੀ ਵਿਚ ਯੂਨੀਵਰਸਿਟੀ ਦੇ ਨਾਮ ਤੇ ਲੁੱਟ ਰਿਹਾ ਹੈ। ਜਿਸ ਬਾਬੇ ਨੂੰ ਇਹ ਪਤਾ ਨਹੀਂ ਕਿ ਗੁਰੂ ਸਿਧਾਂਤ ਮੁਤਾਬਕ “ਆਤਮਘਾਤੀ ਹੈ ਜਗਤ ਕਸਾਈ” ਉਹ ਆਪਣੀ ਕਿਤਾਬ ‘ਸਿੱਖ ਸਿਧਾਂਤ’ ਪੰਜਵਾਂ ਐਡੀਸ਼ਨ ਦੇ ਪੰਨਾ 200 ਉਪਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਗੁਪਤ ਸ਼ਹੀਦੀ ਦਵਾਈ ਜਾ ਰਿਹਾ ਹੈ। ਇਸੇ ਹੀ ਕਿਤਾਬ ਦੇ ਮੁੱਖ ਪੰਨੇ ਤੇ ‘ਬਾਬਾ’ ਨਾਮ ਬਰੈਕਟ ਵਿਚ ਲਿਖਿਆ ਹੈ। ਕਿਉਂ? ਇਸ ਬਾਰੇ ਤਾਂ ਓਹੀ ਦੱਸ ਸਕਦਾ ਹੈ।
ਦਸਮ ਗ੍ਰੰਥ ਦੇ ਪੰਨਾ 954 ਤੇ ਸੱਸੀ-ਪੁਨੂੰ ਦਾ ਚਰਿਤ੍ਰ ਸ਼ੁਰੂ ਹੁੰਦਾ ਹੈ। ਗੁਰੂ ਨਾਨਕ ਪਿਤਾ ਜੀ ਤੁਸੀਂ ਫੁਰਮਾਣ ਕਰਦੇ ਹੋ ਕਿ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥
ਬਿੰਬ ਬਿਨਾ ਕੈਸੇ ਕਪਰੇ ਧੋਈ॥
ਘੋਰ ਬਿਨਾ ਕੈਸੇ ਅਸਵਾਰ॥ ਗੁ.ਗ੍ਰੰ.ਪੰਨਾ 872॥
ਪਰ ਦਸਮ ਗ੍ਰੰਥ ਦੇ 108ਵੇਂ ਤਰਿਯਾ ਚਰਿਤ੍ਰ ਵਿਚ ਤੁਸੀਂ ਇਹ ਲਿਖ ਦਿੱਤਾ ਕਿ ਕਪਲ ਮੁਨੀ ਦਾ ਰੰਭਾ ਅਪਸਰ ਦੇ ਰੂਪ ਨੂੰ ਦੇਖ ਕੇ ਵੀਰਜ ਧਰਤੀ ਤੇ ਗਿਰ ਗਿਆ ਜਿਸ ਤੋਂ ਰੰਭਾ ਨਾਮੀ ਅਪਸਰਾ ਗਰਭਵਤੀ ਹੋ ਗਈ।
ਰੰਭਾ ਨਾਮ ਅਪਸਰਾ ਤਾਕੇ ਰੂਪ ਨਿਹਾਰ॥
ਮੁਨਿ ਕੋ ਗਿਰਯੋ ਤੁਰਤੁ ਹੀ ਬੀਰਜ ਭੂਮਿ ਮਝਾਰ॥2॥
ਗਿਰਯੋ ਰੇਤਿ ਮੁਨਿ ਕੋ ਜਬੈ ਰੰਭਾ ਰਹਯੋ ਅਧਾਨ॥ ਦਸਮ ਗ੍ਰੰਥ ਪੰਨਾ 954॥
ਗੁਰੂ ਨਾਨਕ ਪਿਤਾ ਜੀ ਤੁਸੀਂ ਇਹ ਕੀ ਕੀਤਾ। ਕਪਲ ਮੁਨੀ ਨਾਲ ਜੇ ਰੰਬਾ ਹਮਬਿਸਤਰ ਹੋਈ ਹੀ ਨਹੀਂ ਤੇ ਕਪਲ ਮੁਨੀ ਦਾ ਵੀਰਜ ਗਿਰਿਆ ਵੀ ਧਰਤੀ ਤੇ ਹੈ ਤਾਂ ਰੰਭਾ ਗਰਭਵਤੀ ਕਿਵੇਂ ਹੋਈ? ਵੀਰਜ ਨੂੰ ਹਵਾ ਲੱਗਣ ਨਾਲ ਉਹ ਕਿਸੇ ਨੂੰ ਜਨਮ ਦੇਣ ਯੋਗਾ ਰਹਿ ਹੀ ਨਹੀਂ ਜਾਂਦਾ। ਬਾਬਾ ਨਾਨਕ ਜੀ ਤੁਹਾਡੀ ਹਰ ਦਲੀਲ ਅੱਜ ਸਾਇੰਸ ਦੇ ਯੁੱਗ ਵਿਚ ਵੀ ਖਰੀ ਉਤਰਦੀ ਹੈ ਪਰ ਆਹ ਕੀ ਕਮਲਾਪਨ ਕਿ ਵੀਰਜ ਧਰਤੀ ਵਿਚ ਗਿਰਿਆ ਤੇ ਇੰਦਰ ਦੇ ਅਖਾੜੇ ਦੀ ਪਰੀ/ਦੇਵੀ ਗਰਭ ਧਾਰਨ ਕਰ ਗਈ। ਸਾਨੂੰ ਹੁਣ ਇਹ ਦੱਸੋ ਕਿ ਤੁਸੀਂ ਪਹਿਲੇ ਜਾਮੇ ਵਿਚ ਸੱਚ ਲਿਖਿਆ ਸੀ ਜਾਂ ਦਸਮੇ ਜਾਮੇ ਵਿਚ? ਬਾਬਾ ਜੀ ਤੁਸੀਂ ਪਹਿਲੇ ਜਾਮੇ ਵਿਚ ਨਾ ਝੂਠ ਲਿਖਿਆ, ਨਾ ਝੂਠ ਬੋਲਿਆ ਤੇ ਨਾ ਹੀ ਦਸਮੇ ਜਾਮੇ ਵਿਚ। ਤੇਰੀਆਂ ਦਿੱਤੀਆਂ ਸਿਰਦਾਰੀਆਂ ਨਾ ਅੰਗਰੇਜ਼ਾਂ ਨੂੰ ਭਾਉਂਦੀਆਂ ਸਨ ਤੇ ਨਾ ਹੀ ਬ੍ਰਾਹਮਣ ਨੂੰ। ਇਸ ਕਰਕੇ ਇਨ੍ਹਾਂ ਨੇ ਮਿਲ ਕੇ ਤੇਰੀ ਸਿੱਖੀ ਦਾ ਭੋਗ ਪਾਉਣ ਲਈ, ਆਪਣਾ ਰਾਜ-ਭਾਗ ਕਾਇਮ ਕਰਨ ਲਈ ਤੇ ਜਿਸ ਸਨਾਤਨੀ ਧਰਮ ਦਾ ਕੋਈ ਢਾਂਚਾ ਹੀ ਨਹੀਂ, ਕੋਈ ਸਿਰ-ਪੈਰ ਹੀ ਨਹੀਂ, ਚਾਹੇ ਕੋਈ ਸੱਚ ਬੋਲੇ ਚਾਹੇ ਝੂਠ, ਚਾਹੇ ਕੋਈ ਇੱਟਾਂ ਵੱਟੇ ਪੂਜੇ ਯਾ ਸ਼ਿਵ ਲਿੰਗ, ਚਾਹੇ ਕੁੱਤੇ ਬਿੱਲੇ ਜਾਂ ਚੂਹੇ, ਚਾਹੇ ਬੰਦੇ ਦੀ ਬਲੀ ਦੇਵੇ ਜਾਂ ਝੋਟੇ ਦੀ, ਜੋ ਮਰਜੀ ਕੁਕਰਮ ਕਰੇ ਓਹ ਫਿਰ ਵੀ ਹਿੰਦੂ ਹੀ ਹੈ, ਨੂੰ ਬਰਕਰਾਰ ਰੱਖਣ ਲਈ ਬ੍ਰਾਹਮਣ ਵੀ ਨਾਲ ਆ ਰਲਿਆ ਹੈ।
ਰੰਭਾ ਗਰਭਵਤੀ ਹੋਈ। ਕੁੜੀ ਪੈਦਾ ਹੋਈ। ਉਸ ਨੂੰ ਕਿਸੇ ਬਕਸੇ ਵਿਚ ਰੱਖ ਕੇ ਨਦੀ ਵਿਚ ਰੋੜ ਦਿਤਾ। ਅੱਗੇ ਸਿੰਧ ਦੇ ਰਾਜੇ ਨੇ ਉਸ ਨੂੰ ਕੱਢ ਲਿਆ,ਪਾਲਿਆ ਤੇ ਵੱਡੀ ਕੀਤਾ। ਸਿੰਧ ਦਾ ਕਿਹੜਾ ਰਾਜਾ? ਦਸਮ ਪਿਤਾ ਜੀ ਜੇਕਰ ਤੁਸੀਂ ਇਤਹਾਸ ਲਿਖਣ ਹੀ ਲੱਗੇ ਹੋ ਤਾਂ ਸਾਨੂੰ ਸੱਚੋ ਸੱਚ ਦੱਸੋ ਕਿ ਤੁਹਾਨੂੰ ਕੁੱਝ ਆਉਂਦਾ ਵੀ ਹੈ ਜਾਂ ਨਹੀਂ? ਵਰ ਲਈ ਰਾਜਾ ਪੁਨੂੰ ਚੁਣਿਆ। ਪੁਨੂੰ ਦੀਆਂ ਅੱਗੇ ਵੀ ਕਈ ਰਾਣੀਆਂ ਹਨ ਤੇ ਵੱਡੀ ਰਾਣੀ ਨੇ ਦੇਖਿਆ ਕੇ ਰਾਜਾ ਸਾਡੇ ਨਾਲ ਗੱਲਬਾਤ ਹੀ ਨਹੀਂ ਕਰਦਾ। ਵੱਡੀ ਰਾਣੀ ਨੇ ਜੰਤ੍ਰਾਂ ਮੰਤ੍ਰਾਂ ਨਾਲ ਸੱਸੀ ਦਾ ਖਾਣਾ ਪੀਣਾ ਬੰਦ ਕਰ ਦਿੱਤਾ ਤੇ ਚਿਹਰੇ ਤੇ ਉਦਾਸੀ ਛਾ ਗਈ। ਸੱਸੀ ਨੇ ਫਿਰ ਜੰਤ੍ਰਾਂ-ਮੰਤ੍ਰਾਂ ਨਾਲ ਪੁਨੂੰ ਨੂੰ ਆਪਣੇ ਵੱਸ ਵਿਚ ਕਰ ਲਿਆ ਤੇ ਦਿਨ ਰਾਤ ਕਾਮ ਦੀ ਤ੍ਰਿਪਤੀ ਕਰਨ ‘ਚ ਮਸਤ ਰਹਿੰਦੀ ਹੈ। ਬਾਬਾ ਜੀ ਇਹ ਵੀ ਦੱਸ ਦਿਓ ਕਿ ਕੀ ਤੁਸੀਂ ਜੱਤ੍ਰਾਂ, ਮੰਤਰਾਂ ਨਾਲ ਕਿਸੇ ਨੂੰ ਵੱਸ ਕਰਨ ਦੇ ਹਾਮੀ ਹੋ? ਵੱਡੀ ਰਾਣੀ ਨੇ ਕਿਸੇ ਦੂਤ ਨੂੰ ਪੈਸੇ ਦੇ ਕੇ ਸ਼ਿਕਾਰ ਖੇਡਣ ਗਏ ਪੁਨੂੰ ਦੀ ਛਾਤੀ ਵਿਚ ਤੀਰ ਮਰਵਾ ਕੇ ਮਾਰ ਦਿੱਤਾ ਤੇ ਜੰਗਲ ਵਿਚ ਹੀ ਦਫਨਾ ਦਿੱਤਾ ਤੇ ਸੱਸੀ ਨੂੰ ਪਤਾ ਲੱਗਣ ਤੇ ਪੁਨੂੰ ਦੀ ਕਬਰ ਕੋਲ ਜਾ ਕੇ ਉਸ ਨੇ ਵੀ ਪਰਾਣ ਤਿਆਗ ਦਿੱਤੇ। ਦੋਹਾਂ ਨੂੰ ਇੰਦਰ ਦੀਆਂ ਅਪੱਸਰਾਂ ਆ ਕੇ ਬੇਬਾਨਾਂ ਵਿਚ ਬੈਠਾ ਕੇ ਸਵਰਗ ਨੂੰ ਲੈ ਗਈਆਂ। ਬਾਬਾ ਜੀ ਐਸਾ ਸਵਰਗ ਕਿੱਥੇ ਹੈ ਜਿੱਥੋਂ ਐਸੇ ਮਨਚਲਿਆਂ ਦੇ ਮਰਨ ਤੇ ਅਪੱਸਰਾਂ ਬੇਬਾਨ ਲੈ ਕੇ ਆਉਂਦੀਆਂ ਹਨ ਤੇ ਬਗੈਰ ਕਿਸੇ ਹੀਲ ਹੁਜਤ ਦੇ ਉਹ ਕਿਸੇ ਅਖੌਤੀ ਸਵਰਗ ਦੇ ਨਿਵਾਸੀ ਬਣ ਜਾਂਦੇ ਹਨ। ਪਰ ਬਾਬਾ ਜੀ ਬਾਣੀ ਤਾਂ ਸਵਰਗ ਨਰਕ ਨੂੰ ਕੱਟਦੀ ਹੈ:
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ ਪੰਨਾ 969॥
ਚਰਿਤ੍ਰ 109 ਵਿਚ ਧਰਮਰਾਇ ਨੇ ਸਕੀਮ ਬਣਾਈ ਕਿ ਜਿਸ ਇਸਤ੍ਰੀ ਨੇ ਕ੍ਰੋਧਿਤ ਹੋ ਕਿ ਆਪਣੇ ਪਤੀ ਨੂੰ ਮਾਰਿਆ ਹੈ ਉਸ ਨੂੰ ਵੀ ਉਸੇ ਦੁੱਖ ਨਾਲ ਮਾਰਿਆ ਜਾਏ ਤੇ ਉਸ ਨੇ ਅਜਿਹਾ ਉਪਾਓ ਕੀਤਾ। ਇਕ ਉਰਵਸ਼ੀ ਨੂੰ ਮਰਦਾਵਾਂ ਭੇਸ ਧਾਰਨ ਕਰਵਾ ਕੇ ਵੱਡੀ ਰਾਣੀ ਕੋਲ ਭੇਜ ਦਿੱਤਾ। ਉਰਵਸ਼ੀ ਨੇ ਸਿਕਿਆਂ ਦਾ ਬਨਾਵੱਟੀ ਲਿੰਗ ਆਪਣੇ ਅੱਗੇ ਬੰਨ ਕੇ ਉਸ ਉਪਰ ਮੋਮ ਤੇ ਜ਼ਹਿਰ ਲਾ ਕੇ ਰਾਣੀ ਨਾਲ ਕਾਮ-ਕ੍ਰੀੜਾ ਕੀਤੀ ਤੇ ਉਹ ਵੀ ਚੱਲ ਵਸੀ। ਬਣਾਵਟੀ ਲਿੰਗ ਬਣਾਉਣ ਤੇ ਵਰਤਣ ਦਾ ਤਰੀਕਾ ਪੁਲਸ ਦੇ ਫਲੌਰ ਟਰੇਨਿੰਗ ਸੈਂਟਰ ਵਿਚ ਸਿਖਾਇਆ ਜਾਂਦਾ ਹੈ ਜੋ ਅੰਗਰੇਜ਼ਾਂ ਦਾ ਚਾਲੂ ਕੀਤਾ ਹੋਇਆ ਹੈ।
ਦਸਮ ਪਿਤਾ ਜੀ ਸੱਸੀ ਪੁਨੂੰ ਦੀ ਇਹ ਕਹਾਣੀ ਲੋਕ ਬੋਲੀ ਵਿਚ ਪ੍ਰਚੱਲਤ ਸੱਸੀ-ਪੁਨੂੰ ਦੀ ਕਹਾਣੀ ਨਾਲੋਂ ਤਾਂ ਕੁੱਝ ਹੱਟ ਕੇ ਹੈ ਹੀ। ਹਾਂ ਤੁਸੀਂ ਸਾਰੇ ਸ਼ਹਿਰ ਵਿਚ ਸ਼ਹਿਨਾਈਆਂ ਜ਼ਰੂਰ ਵਜਾ ਦਿੱਤੀਆਂ, ਹੁਸਨ ਦੀ ਤਾਰੀਫ ਜ਼ਰੂਰ ਕਰਵਾ ਦਿੱਤੀ ਤੇ ਦੋਵਾਂ ਪਿਆਰਿਆਂ ਨੂੰ ਕਾਮ ਦੀ ਝੋਲੀ ‘ਚ ਵੀ ਪਾ ਦਿੱਤਾ ਨਾਲੇ ਤੁਹਾਡੀ ਬੋਲੀ-ਸ਼ੈਲੀ ਵੀ ਕਿਸੇ ਮਾਰਕੇ ਦੀ ਨਹੀਂ ਸਗੋਂ ਅੱਗੇ ਲਿਖੀਆਂ ਕੁੱਝ ਸਤਰਾਂ ਨਾਲੋਂ ਕਮ, ਘੱਟ ਹੈ।
ਲਓ ਸੁਣੋ ਹੁਣ ਪਾਕਸਤਾਨੀ ਲਿਖਾਰੀਆਂ ਦੀਆ ਕੁੱਝ ਸੱਤਰਾਂ।
ਪਾਣੀ ਛੰਨੇ ਵਿਚੋਂ ਕਾਂ ਪੀਤਾ। ਪੁਨੂੰ ਵਿਚੋਂ ਰੱਬ ਦੇਖਿਆ ਇਹਨੂੰ ਸਿਜਦਾ ਮੈਂ ਤਾਂ ਕੀਤਾ।
ਪਾਣੀ ਬੁੱਕ ਵਿਚੋਂ ਕਿਰ ਜਾਂਦਾ। ਜਿੱਧਰ ਪੁਨੂੰ ਮੂੰਹ ਮੋੜੇ ਉੱਧਰ ਕਾਬਾ ਵੀ ਫਿਰ ਜਾਂਦਾ।
ਮੈਂ ਨੀਲ ਘੜਾਈਆਂ ਨੀਲੀਆਂ ਮੇਰਾ ਤਨ ਮਨ ਨੀਲੋ ਨੀਲ।
ਮੈਂ ਸੌਦੇ ਕੀਤੇ ਦਿਲਾਂ ਦੇ ਵਿਚ ਧਰ ਲਏ ਨੈਣ ਵਕੀਲ।
ਜਾਗ ਸੱਸੀਏ ਕਿਸਮਤਾਂ ਜਾਗੀਆਂ ਨੀ, ਗਮ ਜਿਨ੍ਹਾ ਨੇ ਲਾਏ, ਉਹ ਆ ਗਏ ਨੀ।
ਜਿਨ੍ਹਾਂ ਵਾਸਤੇ ਡੁੱਬ ਕੇ ਤਰੀ ਸੈਂ ਤੂੰ, ਮਹਿਰਮ ਘਰ ਆਏ, ਉਹ ਆ ਗਏ ਨੀ।
ਲੱਖ ਬਾਗ ਉਜਾੜਨਾ ਜਿਨ੍ਹਾਂ ਤੇਰਾ, ਆਣ ਟੱਲ ਖੜਕਾਏ, ਉਹ ਆ ਗਏ ਨੀ।
ਉੱਠ ਵੰਡ ਸ਼ੀਰਨੀਆਂ ਫੌਤ ਦੀਆਂ, ਜਾਦੂ ਜਿਨ੍ਹਾਂ ਦੇ ਪਾਏ, ਉਹ ਆ ਗਏ ਨੀ।
ਅਜ਼ਮਤ ਇਨ੍ਹਾਂ ਦੀ ਕਰੀਂ, ਰੱਜ ਰੱਜ ਕਰੀਂ ਸੇਵਾ, ਭੁੱਖੇ ਤ੍ਰਿਹਾਏ , ਉਹ ਆ ਗਏ ਨੀ।
ਊਠਾਂ ਵਾਲੇ ਟੁਰ ਜਾਣਗੇ ਫਿਰ ਲੱਭਦੀ ਰਹੇਂਗੀ ਹਾਣੀ।
ਨੀ ਸੱਸੀਏ ਜਾਗਦੀ ਰਹੋ ਰਾਹ ਤੱਕਦੀ ਨੀਂਦ ਨੀਮਾਣੀ।
ਇਨ੍ਹਾਂ ਅਲਫ ਲੇਲਾਂ ਦੀਆਂ ਕਹਾਣੀਆਂ ਨੂੰ ਗੁਰੂ ਕ੍ਰਿਤ ਮੰਨਣ ਵਾਲਿਓ! ਤੁਹਾਨੂੰ ਰੱਬ ਦਾ ਵਾਸਤਾ, ਗੁਰੂ ਦੇ ਚਰਿਤ੍ਰ/ ਜੀਵਨ ਵੱਲ ਝਾਤ ਮਾਰੋ। ਐਸੀਆਂ ਬੇਤੁਕੀਆਂ ਤੇ ਸਮਾਜਕ ਪੱਧਰ ਤੋਂ ਗਿਰੀਆਂ ਕਹਾਣੀਆਂ ਨੂੰ ਗੁਰੂ ਦੇ ਨਾਮ ਨਾਲ ਜੋੜ ਕੇ ਗੁਰੂ ਜੀ ਦਾ ਚਰਿਤ੍ਰਘਾਣ ਨਾ ਕਰੋ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਚਰਿਤ੍ਰ ਦੇਖਣਾ ਹੈ ਤਾਂ ਯਾਦ ਕਰੋ ਭੰਗਾਣੀ ਦੇ ਮੈਦਾਨੇ ਜੰਗ ਨੂੰ, ਇਸ ਜੰਗ ਵਿਚ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰਾਂ ਤੇ 500 ਮੁਰੀਦਾਂ ਨੂੰ, ਨਦੌਣ ਦੇ ਯੁੱਧ ਨੂੰ, ਅਨੰਦਪੁਰ ਦੇ ਪੰਜ ਕਿਲਿਆਂ ਨੂੰ, ਅਨੰਦਪੁਰ ਦੇ ਘੇਰੇ ਨੂੰ, ਭਾਈ ਬਚਿਤਰ ਸਿੰਘ ਦੀ ਹਾਥੀ ਨਾਲ ਲੜਾਈ ਨੂੰ, ਚਮਕੌਰ ਦੀ ਜੰਗ ਨੂੰ ਤੇ ਇੱਥੋਂ ਬੱਚ ਕੇ ਨਿਕਲਣ ਦੀ ਸਕੀਮ ਨੂੰ। ਯਾਦ ਕਰੋ ਹਜ਼ਾਰਾਂ ਦੀ ਤੈਦਾਦ ਵਿਚ ਸ਼ਹੀਦ ਹੋਏ ਸਿੱਖਾਂ ਨੂੰ, ਪਿਤਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ, ਚਾਰਾਂ ਲਾਲਾਂ ਦੀ ਸ਼ਹਾਦਤ ਨੂੰ, ਖਾਰਦਾਣੇ ਦੀ ਢਾਬ ਦੀ ਲੜਾਈ ਨੂੰ। ਯਾਦ ਕਰੋ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸੁੱਚਾ ਨੰਦ ਤੇ ਵਜੀਰ ਖਾਨ ਨੂੰ ਦਿੱਤੀਆਂ ਸਜਾਵਾਂ ਨੂੰ, ਫਤਿਹ ਕੀਤੀ ਸਿਰਹੰਦ ਤੇ ਗੁਰੂ ਮਾਰੀ ਸਿਰਹੰਦ ਨੂੰ। ਯਾਦ ਕਰੋ ਬਾਬਾ ਬੰਦਾ ਸਿੰਘ ਬਹਾਦਰ ਦੇ ਚਲਾਏ ਰਾਜ-ਭਾਗ ਨੂੰ, ਯਾਦ ਕਰੋ ਮੁਜ਼ਾਹਰਿਆਂ ਨੂੰ ਦਿੱਤੀਆਂ ਜਗੀਰਾਂ ਨੂੰ। ਜਿਸ ਸਿਧਾਂਤ ਨਾਲ ਬੱਝੇ ਹੋਏ ਸਿੱਖਾਂ ਨੇ ਮੁਗਲ-ਸਲਤਨੱਤ ਦਾ ਖਾਤਮਾ ਕੀਤਾ, ਹਿੰਦੋਸਤਾਨ ਅਜ਼ਾਦ ਕਰਵਾਇਆ, ਉਹ ਕੋਈ ਹੋਰ ਨਹੀਂ ਸਨ। ਓਹ ਓਹੀ ਸਿੱਖ ਸਨ ਜਿਹੜੇ ਗੁਰੂ ਨਾਨਕ ਪਿਤਾ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਸਨ ਜਿਸ ਸਿਧਾਂਤ ਨੂੰ ਗੁਰੂ ਨਾਨਕ ਪਿਤਾ ਨੇ ਸ਼ੁਰੂ ਕੀਤਾ ਤੇ ਬਾਕੀ ਨੌਂ ਗੁਰੂ ਸਹਿਬਾਨ ਨੇ ਆਪਣੇ ਆਪਣੇ ਜੀਵਨ ਕਾਲ ਵਿਚ ਸਿੰਝਿਆ। ਲੱਖਾਂ ਸਿੰਘਾਂ ਸਿਘਣੀਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਸ਼ਹਾਦਤ ਨੇ ਆਪਣੇ ਖੂਨ ਦਾ ਪਾਣੀ ਦੇ ਕੇ ਇਸ ਸਿੱਖੀ ਦੇ ਬੂਟੇ ਨੂੰ ਪਾਲਿਆ ਪਲੋਸਿਆ ਤਾਂ ਜਾ ਕੇ ਕਿਤੇ ਸਿੱਖ ਮਿਸਲਾਂ ਦੇ ਰੂਪ ਵਿੱਚ ਦੀ ਹੁੰਦਾ ਹੋਇਆ ਸਿੱਖ ਰਾਜ ਸਥਾਪੱਤ ਹੋਇਆ ਸੀ। ‘ਦਸਮ ਗ੍ਰੰਥ ਵਰਗੇ ਕਾਮ ਦੇ ਪੋਥੇ’ ਲਿਖਣ ਵਾਲਿਆਂ ਕਦੀ ਕਿਸੇ ਸਮਾਜ ਦਾ ਭਲਾ ਤਾਂ ਕੀ ਕਰਨਾ ਸੀ ਸਗੋਂ ਉਜਾੜਾ ਹੀ ਕੀਤਾ ਹੈ। ਇਹ ਸਾਡੇ ਸਿੱਖ ਗੁਰੂ ਸਹਿਬਾਨ ਦਾ ਜੀਵਨ ਨਹੀਂ।
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
ਪੰਨਾ 969, ਭਗਤ ਕਬੀਰ ਜੀਓ॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦੇ ਅਸਲ ਕਾਰਣ - ਗੁਰਚਰਨ ਸਿੰਘ ਜਿਉਣ ਵਾਲਾ
ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ” ਦਾ ਸੁਨੇਹਾ ਦੇਣ ਵਾਲੀ ਇਹ ਸਿੱਖ ਲਹਿਰ, ਜੋ ਗਰੀਬ ਲੋਕਾਂ ਨੂੰ ਅੰਧ-ਵਿਸ਼ਵਾਸ਼ ਵਿਚੋਂ ਕੱਢਣ ਦਾ ਕੰਮ ਰਹੀ ਸੀ ਅਤੇ ਨਾਲ ਦੀ ਨਾਲ ਆਮ ਜਨਤਾ ਨੂੰ ਆਪਣੇ ਹੱਕ-ਹਕੂਕਾਂ ਦੀ ਰਾਖੀ ਲਈ ਜੂਝ ਕੇ ਮਰਨ ਲਈ ਤਿਆਰ ਕਰ ਰਹੀ ਸੀ, ਗੁਰੂ ਨਾਨਕ ਪਿਤਾ ਤੋਂ ਗੁਰੂ ਅਮਰ ਦਾਸ ਜੀ ਤਕ ਬਗੈਰ ਸਰਕਾਰੀ ਵੈਰ-ਵਿਰੋਧ ਦੇ ਚੱਲਦੀ ਰਹੀ। ਭਾਂਵੇ ਤੀਸਰੇ ਅਤੇ ਚੌਥੇ ਪਾਤਸ਼ਾਹ ਨੂੰ ਗੁਰਬਾਣੀ ਦੀ ਵਿਆਖਿਆ ਕਰਕੇ ਬਾਦਸ਼ਾਹ ਅਕਬਰ ਨੂੰ ਸੰਤੁਸ਼ਟ ਕਰਨਾ ਪਿਆ ਪਰ ਫਿਰ ਵੀ ਗੁਰੂ ਘਰ ਲਈ ਜਾਗੀਰਾਂ ਮਿਲੀਆਂ। ਗੁਰੂ ਅਰਜਨ ਪਾਤਸ਼ਾਹ ਵੇਲੇ ਤਾਂ ਇਹ ਲਹਿਰ ਹੋਰ ਵੀ ਬਹੁਤ ਜ਼ੋਰ ਫੜ ਗਈ। ਲੋਕ ਸੇਵਾ ਦੇ ਹੋਰ ਕਈ ਸਾਰੇ ਉਪਰਾਲਿਆਂ ਦੇ ਨਾਲ-ਨਾਲ ਸਨ 1595 ਵਿਚ ‘ਨੱਕੇ’ ਦੇ ਇਲਾਕੇ ਵਿਚ (ਝਨਾਂ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ) ਕਾਲ ਪਿਆ ਤਾਂ ਗੁਰੂ ਜੀ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਦਾ ਕੰਮ ਵਿੱਚੇ ਛੱਡ ਕੇ ਅਤੇ ਸੰਗਤਾਂ ਨੂੰ ਦਸਵੰਧ ਦੀ ਮਾਇਆ ਭੁੱਖਿਆਂ ਅਤੇ ਕਾਲ ਪੀੜਤ ਲੋਕਾਂ ਦੀ ਮੱਦਦ ਲਈ ਲਾਹੌਰ ਲਿਆਉਣ ਦਾ ਹੋਕਾ ਦੇ ਕੇ ਆਪ ਉੱਥੇ ਚਲੇ ਗਏ। ਗੁਰੂ ਜੀ ਨੇ ਅੱਠ ਮਹੀਨੇ ਇੱਥੇ ਰਹਿ ਕੇ ਪੀੜਤ ਲੋਕਾਂ ਦੀ ਆਪਣੇ ਹੱਥੀਂ ਮੱਦਦ ਕੀਤੀ। ਇਸ ਸਮੇਂ ਅਕਬਰ ਵੀ ਲਾਹੌਰ ਆਇਆ ਹੋਇਆ ਸੀ। ਇਸ ਉਪਰਾਲੇ ਨੂੰ ਵੇਖ ਕੇ ਉਸ ਨੇ ਗੁਰੂ ਜੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਸਾਨਾਂ ਦਾ ਕੁੱਝ ਮਾਲੀਆ ਵੀ ਮੁਆਫ ਕੀਤਾ। ਐਸੇ ਪਰਉਪਕਾਰਾਂ ਕਰਕੇ ਇਸ ਇਲਾਕੇ ਦੇ ਲੋਕ ਸਖੀ-ਸਰਵਰ ਨੂੰ ਛੱਡ ਕੇ ਸਿੱਖ ਲਹਿਰ ਨਾਲ ਆ ਜੁੜੇ। ਗੁਰੂਆਂ ਦੀ ਚਲਾਈ ਹੋਈ ਇਸ ਲਹਿਰ ਦੀ ਚੜ੍ਹਦੀ ਕਲਾਂ ਦੇ ਹੁੰਦਿਆਂ ਹੋਇਆਂ ਵੀ ਅਕਬਰ ਨੇ ਇਸ ਵੱਲ ਕਹਿਰੀ ਅੱਖ ਨਾਲ ਨਹੀਂ ਸੀ ਦੇਖਿਆ।
ਪਰ ਸ਼ੇਖ ਅਹਿਮਦ ਸਰਹੰਦੀ ਜੋ ਨਕਸ਼ਬੰਦੀ ਇਸਲਾਮਕ ਸੈਂਟਰ ਦਾ ਮੋਢੀ ਸੀ ਉਸ ਨੂੰ ਸਿੱਖ ਲਹਿਰ ਦੀ ਚੜ੍ਹਦੀ ਕਲਾ ਦੇ ਵਜਦੇ ਨਗਾਰੇ ਇਸਲਾਮਕ ਰਾਜ ਲਈ ਖਤਰਨਾਕ ਭਾਸ ਰਹੇ ਸਨ ਜੋ 19ਵੀਂ ਸਦੀ ਦੇ ਅਖੀਰਲੇ ਸਾਲ 1899 ਵਿਚ, ਜਦੋਂ ਮਹਾਂਰਾਜੇ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਹੈਦਰੀ ਝੰਡੇ ਦੀ ਥਾਂ ਖਾਲਸਾ ਰਾਜ ਦਾ ਝੰਡਾ ਝੁਲਾਇਆ ਤਾਂ, ਸ਼ੇਖ ਅਹਿਮਦ ਸਰਹੰਦੀ ਦਾ ਸ਼ੱਕ ਸੱਚ ਸਾਬਤ ਹੋਇਆ। ਇਸੇ ਕਰਕੇ ਬਾਦਸ਼ਾਹ ਅਕਬਰ ਦੀ ਮੌਤ ਤੋਂ ਪਹਿਲਾਂ ਹੀ ਸ਼ੇਖ ਸਰਹੰਦੀ ਨੇ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਲਈ ਇਕ ਸ਼ਰਤ ਰੱਖੀ ਸੀ ਕਿ ਉਹ ਇਸ ਲਹਿਰ ਨੂੰ ਖਤਮ ਕਰੇਗਾ ਜੋ ਉਸ ਦੀ ਆਪਣੀ ਲਿਖਤ ,” ਮਕਤੂਬਾਤਿ ਅਮਾਮਿ ਰੱਬਾਨੀ ਵਿਚ ਦਰਜ ਹੈ। “ਇਹਨਾਂ ਦਿਨਾਂ ਵਿਚ ਹੀ ਜੋ ਗੋਇੰਦਵਾਲ ਦੇ ਭ੍ਰਸ਼ਟੇ ਹੋਏ ਕਾਫਰ ਨੂੰ ਕਤਲ ਕਰ ਦਿੱਤਾ ਗਿਆ ਹੈ, ਇਹ ਬੜੀ ਸ਼ੁਭ ਘਟਨਾ ਹੋਈ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਇਕ ਵੱਡੀ ਸਿਕਸ਼ਤ ਹੋਈ ਹੈ। ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਭੀ ਮਾਰ ਮਕਾਉਣ ਨਾਲ ਕਾਫਰਾਂ ਦੀ ਵੱਡੀ ਹਾਨੀ ਹੋਈ ਹੈ ਅਤੇ ਮੁਸਲਮਾਨਾਂ ਲਈ ਇਹ ਸ਼ੁਭ ਤੇ ਮਹਾਨ ਲਾਭ ਦੀ ਗੱਲ ਬਣੀ ਹੈ। ਇਸ ਬੇਈਮਾਨ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇਕ ਦਿੱਬ ਸੁਪਨਾ ਆਇਆ ਸੀ ਕਿ ਪਾਤਸ਼ਾਹ (ਜਹਾਂਗੀਰ) ਨੇ ਭ੍ਰਸ਼ਟ ਅਧਰਮ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿਚ ਸੰਸ਼ਾ ਨਹੀਂ ਕਿ ਉਹ (ਗੁਰੂ ਅਰਜਨ) ਕਾਫਰ ਹਿੰਦੂਆਂ ਦਾ ਜਗਤ-ਗੁਰੂ ਸੀ ਤੇ ਅਧਾਰਮਿਕ ਰੁਚੀਆਂ ਰੱਖਣ ਵਾਲਿਆਂ ਦਾ ਸ਼ਹਿਨਸ਼ਾਹ ਸੀ... ਆਦਿ ”। ਜਹਾਂਗੀਰ ਦੇ ਆਪਣੇ ਹੁਕਮ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਸੰਕੇਤ ਸਾਨੂੰ ‘ਤੌਜ਼ਿਕ-ਏ- ਜਹਾਂਗੀਰ, ਜਿਲਦ ਪਹਿਲੀ, ਸਫਾ 72’ ਤੇ ਦਰਜ ਮਿਲਦਾ ਹੈ। ਇਹ ਜਾਣਕਾਰੀ ਸਾਨੂੰ ਹਿਸਟੋਰੀਅਨ ਡਾ. ਗੰਡਾ ਸਿੰਘ ਨੇ 1945-46 ਵਿਚ ਤਹਿਰਾਨ (ਈਰਾਨ) ਵਿਚ ਰੀਸਰਚ ਕਰਦਿਆਂ ਲੱਭ ਕੇ ਦਿੱਤੀ ਜੋ ਇੰਞ ਹੈ: “ ਬੜੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਬਿਆਸਾ ਦੇ ਕੰਢੇ, ਇਸ ਝੂਠ ਦੀ ਦੁਕਾਨ (ਸਿੱਖ ਮੱਤ) ਨੂੰ ਢਾ ਢੇਰੀ ਕਰਾਂ ਜੋ ਪਿਛਲੀਆਂ ਤਿੰਨ-ਚਾਰ ਪੀੜ੍ਹੀਆਂ ਤੋਂ ਚੱਲ ਰਹੀ ਹੈ, ਯਾ ਗੁਰੂ ਨੂੰ ਇਸਲਾਮੀਆਂ ਦੇ ਟੋਲੇ ਵਿਚ ਸ਼ਾਮਲ ਕਰ ਲਵਾਂ ....”। ਜਹਾਂਗੀਰ ਦੇ ਹੁਕਮ ਨਾਲ ਯਾਸਾ ਕਾਨੂੰਨ, ਮੁਜ਼ਰਮ ਦਾ ਖੂੰਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਦੇ ਤਹਿਤ ਗੁਰੂ ਅਰਜਨ ਪਿਤਾ ਜੀ ਨੂੰ ਲਾਹੌਰ ਰਾਵੀ ਦਰਿਆ ਦੇ ਕੰਢੇ ਹੱਥ ਪਿੱਛੇ ਬੰਨ੍ਹ ਕੇ ਤੱਤੀ ਬਰੇਤੀ ਤੇ ਸੁੱਟ ਦਿੱਤਾ ਗਿਆ। ਤਿੰਨ ਕੁ ਦਿਨਾਂ ਦੇ ਅਸਿਹ ਕਸ਼ਟ ਸਹਾਰਦੇ ਹੋਏ ਗੁਰੂ ਪਿਤਾ ਜੀ ਸ਼ਹੀਦੀ ਪਾ ਗਏ ਪਰ ਈਨ ਨਹੀਂ ਮੰਨੀ। ਸਰਕਾਰੀ ਕਰਿੰਦਿਆਂ ਨੇ ਗੁਰੂ ਜੀ ਦੇ ਸ਼ਰੀਰ ਨਾਲ ਕੋਈ ਵਜ਼ਨ ਬੰਨ ਕੇ ਰਾਵੀ ਦਰਿਆ ਵਿਚ ਰੋੜ ਦਿੱਤਾ ਤਾਂ ਕਿ ਮੌਤ ਉਪਰੰਤ ਲਾਸ਼ ਦਰਿਆ ਵਿਚੋਂ ਬਾਹਰ ਨਾ ਆਵੇ।
ਦਿੱਲੀ ਤੋਂ ਇਕ ਰੇਲ ਜੰਮੂ ਨੂੰ ਚੱਲਦੀ ਹੈ ਜਿਸਦਾ ਨਾਮ ਹੈ ‘ਜੰਮੂ ਤਵੀ’। ਜੰਮੂ ਨਗਰ ਪਾਸ ਵਹਿਣ ਵਾਲੀ ਇਕ ਨਦੀ ਦਾ ਨਾਮ ‘ਤਵੀ’ ਹੈ, ‘ਮਹਾਨ ਕੋਸ਼ ਪੰਨਾ 581’। ਜਲੰਧਰ ਸ਼ਹਿਰ ‘ਚੋਂ ਜਿਥੋਂ ਜੰਮੂ ਨੂੰ ਸੜਕ ਨਿਕਲਦੀ ਹੈ ਉਸਦਾ ਨਾਮ ਵੀ ‘ਤਵੀ ਵਾਲਾ ਮੋੜ’ ਬਹੁਤ ਮਸ਼ਹੂਰ ਹੈ। ਜਲੰਧਰ ਵਿਚ ਜੰਮੂ ਵਾਲੇ ਮੋੜ/ਤਵੀ ਵਾਲਾ ਮੋੜ ਤੇ ਵੀ ਬਹੁਤ ਰੇਤਾ ਪਈ ਹੈ ਅਤੇ ਜੰਮੂ ਰੇਲਵੇ ਸਟੇਸ਼ਨ ਤੇ ਵੀ। ਇਸੇ ਹੀ ਤਰ੍ਹਾਂ ਲਾਹੌਰ ਸ਼ਹਿਰ ਰਾਵੀ ਦੇ ਕੰਢੇ ਵੀ ਰੇਤਾ ਬਹੁਤ ਸੀ। ਇਸ ਤਰ੍ਹਾਂ ਦਰਿਆਈ ਬਰੇਤੀ ਨੂੰ ਹੀ ਤਵੀ ਅਤੇ ਤੱਤੀ ਰੇਤਾ ਨੂੰ ਹੀ ਤੱਤੀ ਤਵੀ ਕਹਾ ਗਿਆ ਹੈ ਅਤੇ ਇਹੋ ਤੱਤੀ ਰੇਤਾ ਹੀ ਗੁਰੂ ਜੀ ਦੇ ਸਾਰੇ ਸ਼ਰੀਰ ਤੇ ਪਾਈ ਗਈ ਜਿਸ ਨਾਲ ਜਿਸਮ ਤੇ ਛਾਲੇ ਹੋ ਗਏ। ਤੱਤੀ ਤਵੀ ਤੇ ਬਠਾਉਣਾ ਅਤੇ ਦੇਗ ਵਿਚ ਉਬਾਲਣ ਦੀ ਗੱਲ ਵੀ ਝੂਠੀ ਹੈ। ਚੰਦੂ ਜੋ ਕਲਾਨੌਰ ਦੇ ਰਹਿਣ ਵਾਲਾ ਹੈ, ਕੋਲੋਂ ਹਵੇਲੀ ਵਿਚ ਗੁਰੂ ਜੀ ਨੂੰ ਤਸੀਹੇ ਦੁਆਉਣੇ ਅਤੇ ਮਾਰ ਮਕਾਉਣ ਵਾਲੀ ਗੱਲ ਵੀ ਝੂਠੀ ਹੈ ਕਿਉਂਕਿ ਕਿਸੇ ਐਸੇ ਮਹਾਨ ਆਗੂ ਨੂੰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਮਾਰਨ ਨਾਲ ਜਨਤਾ ਵਿਚ ਸਹਿਮ ਦਾ ਮਹੌਲ ਪੈਦਾ ਕਰਨਾ ਹੁੰਦਾ ਹੈ। ਇਸ ਕਰਕੇ ਗੁਰੂ ਜੀ ਨੂੰ ਰੜੇ ਮੈਦਾਨ, ਰਾਵੀ ਦੇ ਕੰਢੇ, ਅਸਹਿ ਤਸੀਹੇ ਅਤੇ ਕਸ਼ਟ ਦੇ ਕੇ ਮਾਰਿਆ ਗਿਆ। ਸਰਕਾਰ ਨੇ ਗੁਰੂ ਜੀ ਦੀ ਸ਼ਹਾਦਤ ਦਾ ਜ਼ੁਰਮ ਆਪਣੇ ਗਲੋਂ ਲਾਹ ਕੇ ਕਿਸੇ ਹਿੰਦੂ ਦੇ ਸਿਰ ਮੜਨ ਵਾਲੀ ਕਹਾਣੀ ਘੜੀ ਜਾਪਦੀ ਹੈ। ਕਿਉਂਕਿ ਐਸੀਆਂ ਘਾੜਤਾਂ ਸਰਕਾਰਾਂ ਅਕਸਰ ਘੜਦੀਆਂ ਹੀ ਹੁੰਦੀਆਂ ਹਨ। ਇਕ ਹੋਰ ਤੱਥ “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਮੁਤਾਬਕ ਤਾਂ ਚੰਦੂ ਲਹੌਰ ਦਰਬਾਰ ਦਾ ਕਰਿੰਦਾ ਨਾ ਹੋ ਕੇ ਦਿੱਲੀ ਦਰਬਾਰ ਦਾ ਇਕ ਅਹਿਲਕਾਰ ਹੈ। ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਗੱਲਬਾਤ, ਰਿਸ਼ਤੇ ਨੂੰ ਨਾ ਮਨਜ਼ੂਰ ਕਰਨਾ ਅਤੇ ਦਿੱਲੀ ਦੀ ਸੰਗਤ ਦੀ ਚਿੱਠੀ ਦਿੱਲੀਓ ਆਉਣੀ ਵੀ ਇਹ ਸਾਬਤ ਕਰਦੀ ਹੈ ਕਿ ਚੰਦੂ ਦਿੱਲੀ ਦਰਬਾਰ ਦਾ ਕਰਮਚਾਰੀ ਹੈ। ਚੰਦੂ ਨੂੰ ਛੇਵੇਂ ਪਾਤਸ਼ਾਹ ਦੇ ਹਵਾਲੇ ਕਰਨਾ ਅਤੇ ਨੱਕ ਵਿਚ ਨਕੇਲ ਪਾ ਕੇ ਲਹੌਰ ਸ਼ਹਿਰ ਵਿਚ ਘੁਮਾਉਣਾ ਅਤੇ ਅੰਤ ਵਿਚ ਮਾਰ ਮੁਕਾਉਣਾ ਵੀ ਸਹੀ ਨਹੀਂ ਜਾਪਦਾ। ਕੋਈ ਸਰਕਾਰ ਆਪਣੇ ਕਰਿੰਦਿਆਂ ਨੂੰ ਕਦੀ ਵੀ ਦੁਸ਼ਮਣ ਦੇ ਹਵਾਲੇ ਨਹੀਂ ਕਰਦੀ ਸਗੋਂ ਆਪਣੇ ਮਤਲਬ ਲਈ ਵਰਤਦੀ ਹੈ।
ਦੁਨੀਆਂ ਦੇ ਇਤਹਾਸ ਵਿਚ ਐਸੀ ਮਿਸਾਲ ਕਿਧਰੇ ਨਹੀਂ ਮਿਲਦੀ ਕਿ ਕੌਮ ਦਾ ਸਵਿਧਾਨ ਪਹਿਲਾਂ ਤਿਆਰ ਕਰ ਲਿਆ ਗਿਆ ਹੋਵੇ ਅਤੇ ਕੌਮ ਹਾਲੇ ਮੁਕੰਮਲ ਰੂਪ ਵਿਚ ਘੜੀ ਵੀ ਨਾ ਗਈ ਹੋਵੇ। ਇਹ ਸਿਹਰਾ ਸਿਰਫ ਤੇ ਸਿਰਫ ਸਿੱਖ ਕੌਮ ਦੇ ਘਾੜਿਆਂ ਦੇ ਸਿਰ ਹੀ ਬੱਝਦਾ ਹੈ। 1604 ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੁੰਦਾ ਹੈ। 1605 ਵਿਚ ਜਹਾਂਗੀਰ ਦਿੱਲੀ ਦੇ ਤਖਤ ਤੇ ਬੈਠਦਾ ਹੈ ਅਤੇ 30 ਮਈ 1606 ਨੂੰ ਪੰਚਮ ਪਾਤਸ਼ਾਹ ਸ਼ਹੀਦੀ ਦਾ ਜਾਮ ਪੀ ਜਾਂਦੇ ਹਨ। ਕੁੱਝ ਇਤਿਹਾਸਕ ਹਵਾਲਿਆਂ ਮੁਤਾਬਕ ਲਾਹੌਰ ਦੇ ਕਵੀ, ਕਾਹਨਾ, ਛੱਜੂ, ਪੀਹਲੂ ਅਤੇ ਸ਼ਾਹ ਹੁਸੈਨ ਆਦਿ ਦੀਆਂ ਰਚਨਾਵਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦਰਜ ਕਰਣ ਕਰਕੇ ਗੁਰੂ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਨਾ ਕਿਸੇ ਨੂੰ ਸੱਦਿਆ ਗਿਆ ਅਤੇ ਨਾ ਹੀ ਕਿਸੇ ਨੂੰ ਖਾਲੀ ਮੋੜਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਲਕੁੱਲ ਚੁੱਪ ਚਪੀਤੇ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਉਹਲੇ ਹਿ ਤਿਆਰ ਕੀਤਾ ਗਿਆ ਅਤੇ ਤਿਆਂਰ ਹੋਣ ਤਕ ਭਾਫ ਵੀ ਨਹੀਂ ਨਿਕਲਣ ਦਿੱਤੀ ਗਈ, ਨਹੀਂ ਤਾਂ ਸਰਕਾਰ ਨੇ ਇਹ ਕੰਮ ਹੋਣ ਹੀ ਨਹੀਂ ਸੀ ਦੇਣਾ। ਕੁੱਝ ਵੀ ਹੋਵੇ ਨਵੀਂ ਉੱਠ ਰਹੀ ਕੌਮ ਨੂੰ ਅਗਵਾਈ ਦੇਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਤਿਆਰ ਹੋਣਾ, ਜੋ ਸਰਕਾਰੀ ਅੱਖਾਂ ਵਿਚ ਕੱਖ ਨਹੀਂ ਲਟੈਣ ਵਾਂਗਰ ਰੜਕਦਾ ਸੀ, ਗੁਰੂ ਜੀ ਦੀ ਸ਼ਹਾਦਤ ਦਾ ਅਸਲ ਕਾਰਣ ਹੈ।
ਐਸੀ ਅਦੁੱਤੀ ਸ਼ਹਾਦਤ ਏਸ਼ੀਆ ਵਿਚ ਪਹਿਲਾਂ ਕਦੀ ਨਹੀਂ ਹੋਈ। ਇਸੇ ਕਰਕੇ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ ਕਿ ਜਿਸ ਤਲਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੇ ਮੈਦਾਨ ਵਿਚ ਚਲਾਇਆ ਉਸ ਲਈ ਫੌਲਾਦ ਗੁਰੂ ਨਾਨਕ ਪਾਤਸ਼ਾਹ ਹੀ ਤਿਆਰ ਕਰ ਗਏ ਸਨ। ਇਸੇ ਹੀ ਤਰ੍ਹਾਂ ਗੁਰਬਾਣੀ ਨੂੰ ਜਿਸ ਤਰਤੀਬ ਨਾਲ ਲਿਖ ਕੇ ਗ੍ਰੰਥ ਤਿਆਰ ਕਰਨਾ ਸੀ ਉਸ ਦਾ ਮੁੱਢ ਵੀ ਗੁਰੂ ਨਾਨਕ ਪਿਤਾ ਜੀ ਆਪ ਹੀ ਬੰਨਦੇ ਹਨ। “ਫੇਰਿ ਅੰਗਦ ਸਿਖ ਨੋ ਆਗਿਆ ਕੀਤੀੳਨੁ॥ ਜਿ ਪੁਰਖਾ ਜਿ ਤੂੰ ਹੈ ਸਿ ਅਸੀਂ ਹਾਂ॥ ਜਿਥੈ ਜਿਥੈ ਮੇਰੈ ਅਖਰ ਦੀਆਂ ਪਉੜੀਆਂ ਸਲੋਕ ਹੈਨਿ ਤੂੰ ਓਹ ਸਲੋਕ ਸਬਦ ਲੈ ਕੇ ਸੋਦਰਹੁ ਸਭਿ ਏਸ ਜਪੁ ਵਿਚ ਆਂਣਿ ਆਂਣਿ ਬਣਾਇ ਅਤੈ ਮੈਨੂ ਸੁਣਾਇਦਾ ਜਾਇ..........। ਤਾਂ ਬਾਬੇ ਨਾਨਕ ਆਪਣਾ ਖਜ਼ਾਨਾ ਅੰਗਦ ਸਿਖ ਦੇ ਹਵਾਲੇ ਕੀਤਾ”। ਇਹ ਗਵਾਹੀ ਗੁਰੂ ਰਾਮ ਦਾਸ ਜੀ ਦੇ ਪੋਤਰੇ ਮਿਹਰਵਾਨ (1581-1640 ਈ.) ਦੇ ਨਾਂ ਨਾਲ ਸਬੰਧਤ ‘ਜਪੁ ‘ ਦੇ ਪ੍ਰਮਾਰਥ ਵਿਚੋਂ ਹਨ, ਸਿੱਕੇਬੰਦ ਗਵਾਹੀ ਹੈ, ਭਰੋਸੇਯੋਗ ਹੈ: ਇਸ ਮਨੌਤ ਦੀ ਪ੍ਰੋੜਤਾ ‘ਪੁਰਾਤਨ ਜਨਮ ਸਾਖੀ’ ਵੀ ਕਰਦੀ ਹੈ: ਤਿਤ ਮਹਿਲ ਜੋ ਸਬਦੁ ਹੋਇਆ ਸੋ ਪੋਥੀ ਜੁਬਾਨਿ ਗੁਰੂ ਅਗਦ ਜੋਗ ਮਿਲੀ”
ਆਖਰ ਵਿਚ ਆਪਣੇ ਖਿੱਤੇ ਦੇ ਸਭ ਪੰਜਾਬੀਆਂ ਨੂੰ ਇਕ ਸਵਾਲ ਹੈ ਕਿ ਜੇ ਪੰਜਾਬ ਨੂੰ ਘੁੱਗ ਵੱਸਦਾ ਦੇਖਣਾ ਚਾਹੁੰਦੇ ਹੋ ਤਾਂ ਗੁਰਮੁਖੀ ਲਿੱਪੀ ਵਿਚ ਸਾਡੇ ਗੁਰੂ ਸਾਹਿਬਾਨ ਦਾ ਸੰਪਾਦਨ ਕੀਤਾ ਹੋਇਆ ‘ਗੁਰੂ ਗ੍ਰੰਥ’ ਜ਼ਰੂਰ ਆਪ ਪੜ੍ਹੋ, ਅਮਲ ਕਰੋ, ਆਪ ਇਸ ਨੂੰ ਸਮਝੋ ਅਤੇ ਬੱਚਿਆਂ ਨੂੰ ਸਮਝਾਓ। ਫਿਰ ਦੇਖਣਾ ਪੰਜਾਬ ਦਾ ਰੰਗ ਜੋ ‘ਵੱਸਦਾ ਗੁਰਾਂ ਦੇ ਨਾਂ ਤੇ’।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
ਸਿੱਖ ਧਾਰਮਿਕ ਅਸਥਾਨਾਂ ਦਾ ਹਾਲ ਅਤੇ ਬੇ-ਅਕਲੇ ਜੱਥੇਦਾਰ - ਗੁਰਚਰਨ ਸਿੰਘ ਜਿਉਣ ਵਾਲਾ
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ॥
ਅੱਜ-ਕੱਲ੍ਹ ਸਾਡੇ ਧਰਮ ਕਮਾਉਣ ਵਾਲੇ ਅਸਥਾਨ ਸੋਝੀ ਦੇਣ ਦੀ ਥਾਂ ਸਗੋਂ ਅਗਿਆਨਤਾ ਵੰਡ ਰਹੇ ਹਨ। ਇਹ ਅਸਥਾਨ ਹੁਣ ਸਮਾਜਕ ਰੀਤਾਂ-ਰਿਵਾਜ਼ਾਂ ਨਿਭਾਉਣ ਦੇ ਅਸਥਾਨ ਬਣ ਚੁੱਕੇ ਹਨ। ਜਿਵੇਂ ਵਿਆਹ ਦੀ ਰਸਮ, ਮਰਨੇ ਦੀ ਰਸਮ, ਜਨਮ ਤੋਂ ਬਾਅਦ ਨਾਮ ਕਰਨ ਦੀ ਰਸਮ ਅਤੇ ਸੁੱਖਣਾ ਸੁੱਖਣ ਦੀ ਥਾਂ ਅਤੇ ਸੁੱਖਣਾ ਪੂਰੀ ਹੋਣ ਤੇ ਚੜ੍ਹਾਵਾ ਚੜ੍ਹਾਉਣ ਦੀ ਥਾਂ, ਵਰ੍ਹੀਣੇ ਮਨਾਉਣ ਦੀ ਥਾਂ। ਜਿਨ੍ਹਾਂ ਰੀਤੀ-ਰਿਵਾਜਾਂ ਅਤੇ ਸਰਕਾਰੀ ਹੋਕਿਆਂ ਤੇ ਠੋਕਿਆਂ ਨੂੰ ਬਾਬਾ ਜੀ ਦੀਆਂ ਅੱਖਾਂ ਟਿਚ ਕਰਕੇ ਜਾਣਦੀਆਂ ਸਨ ਅੱਜ ਅਸੀਂ ਆਪ ਉਨ੍ਹਾਂ ਅੱਖਾਂ ਮੂਹਰੇ ਪਰਦਾ ਕਰਕੇ ਸਗੋਂ ਬਾਬਾ ਜੀ ਨੂੰ ਹੀ ਸ਼ੀਸ਼ਾ ਵਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਅਸੀਂ ਤੇਰੀ ਸਿੱਖੀ ਨੂੰ ਇਸ ਤਰ੍ਹਾਂ ਹੀ ਮੰਨਣਾ ਹੈ ਤੇ ਤੁਹਾਡੀ ਸਿਖਿਆ ਗਲਤ ਹੈ। ਇਹ ਹੈ ਪੰਡਿਤਵਾਦ-ਬ੍ਰਹਮਣਵਾਦ ਦੀ ਸੋਚ ਦਾ ਕਮਾਲ।
ਏਸ ਵਿਰੋਧਤਾ ਦੀ ਸ਼ੁਰੂਆਤ ਤਾਂ ਗੁਰੂ ਬਾਬਾ ਨਾਨਕ ਜੀ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਬਾਬਾ ਜੀ ਨੇ 13-14 ਸਾਲ ਦੀ ਉਮਰ ਵਿਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਗੁਰੂ ਜੀ ਨੇ ਪੰਡਿਤ ਨੂੰ ਸਵਾਲ ਕੀਤਾ ਕਿ;
ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ {ਪੰਨਾ 471}॥
ਆਹ ਚਾਰ ਕੌਡੀਆਂ ਦਾ ਧਾਗਾ ਮੁੱਲ ਲਿਆ ਕੇ, ਮੇਰੇ ਗਲ ਵਿਚ ਪਾ ਕੇ, ਕੰਨ ਵਿਚ ਉਪਦੇਸ਼ ਦਿੰਦਾ ਹੈਂ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋਇਆ ਪਰ ਮੈਨੂੰ ਇਹ ਸਵੀਕਾਰ ਨਹੀਂ। ਮੈਨੂੰ ਤਾਂ ਦਇਆ, ਸੰਤੋਖ ਤੇ ਜਤ ਨਾਲ ਓਤ-ਪੋਤ ਜਨੇਊ ਚਾਹੀਦਾ ਹੈ ਜਿਹੜਾ ਨਾ ਟੁੱਟਦਾ ਹੈ ਨਾ ਮੈਲਾ ਹੁੰਦਾ ਹੈ, ਨਾ ਹੀ ਪੁਰਾਣਾ ਹੁੰਦਾ ਤੇ ਨਾ ਹੀ ਜਲਦਾ ਹੈ। ਐਸਾ ਜਨੇਊ ਜੇ ਤੇਰੇ ਕੋਲ ਹੈ ਤਾਂ ਮੇਰੇ ਗਲ ਪਾ। ਐਸੀ ਸਥਿਤੀ ਵਿਚ ਬ੍ਰਾਹਮਣ ਦੀ ਖਾਨਿਓ ਗਈ ਤੇ ਉਸ ਨੂੰ ਉਸੇ ਵਕਤ ਇਹ ਪਤਾ ਲੱਗ ਗਿਆ ਸੀ ਕਿ ਇਹ ਬਾਲਕ ਸਾਡੀਆਂ ਜੜ੍ਹਾਂ ਵੱਢੇਗਾ ਤੇ ਇਸਦਾ ਇਲਾਜ ਹੁਣੇ ਤੋਂ ਕਰਨਾ ਪਵੇਗਾ।
ਸ਼੍ਰੋ.ਗੁ.ਪ੍ਰ.ਕਮੇਟੀ ਅੰਮ੍ਰਿਤਸਰ ਬਣਾਈ ਤਾਂ ਸਿੱਖ ਪੰਥ ਦੇ ਨਿਆਰੇਪਨ ਨੂੰ ਬਚਾਉਣ ਲਈ ਸੀ ਪਰ 1925 ਵਿਚ ਗੁਰਦਵਾਰਾ ਐਕਟ ਬਣਦਿਆਂ ਸਾਰ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਸਰਕਾਰੀ ਮਨਜ਼ੂਰੀ ਤੋਂ ਬਗੈਰ ਇਸ ਦੇ ਇਜਲਾਸ ਸੱਦਣੇ ਮਨਾਹ, ਇਸ ਦੀ ਚੋਣ ਕਰਾਉਣੀ ਮਨਾਹ, ਅਕਾਲ ਤਖਤ ਦੇ ਜੱਥੇਦਾਰ ਦੀ ਨਿਯੁਕਤੀ ਮਨਾਹ ਆਦਿ। ਸਿੱਖ ਧਰਮ ਨਾਲ ਸਬੰਧਿਤ ਪੁਸਤਕਾਂ ਵਿਚ ਹੀ ਸਿੱਖ ਧਰਮ ਦੇ ਉਲਟ ਯਾ ਕਹਿ ਲਓ ਗੁਰੂ ਸਹਿਬਾਨ ਦੀ ਨਿਖੇਧੀ ਕੀਤੀ ਗਈ ਜੋ ਇਨ੍ਹਾਂ ਸਰਬਰਾਹਾਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਧਿਆਨ ਵਿਚ ਨਹੀਂ ਆਉਂਦਾ ਤੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ। ਸਿੱਖ ਇਤਹਾਸ ਨਾਲ ਸਬੰਧਿਤ ਕਿਤਾਬਾਂ ਵਿਚ ਹੀ, ਸਿੱਖ ਗੁਰੂ ਸਹਿਬਾਨ ਦੀ ਵੀਚਾਰਧਾਰਾ ਦੇ ਉਲਟ ਲਿਖ ਕੇ ਅਤੇ ਗੁਰੂ ਸਹਿਬਾਨ ਨੂੰ ਹੀ ਚੋਰ-ਡਾਕੂ ਲਿਖ ਕੇ, ਅੰਮ੍ਰਿਤਸਰ ਕਮੇਟੀ ਵਲੋਂ ਹੀ ਛਾਪ ਕੇ ਵੰਡਿਆ ਗਿਆ ਇਤਹਾਸ, ਜੋ ਇਤਰਾਜ਼ ਹੋਣ ਤੇ ਫਿਰ ਵਾਪਸ ਵੀ ਲਿਆ ਗਿਆ ਪਰ ਜੋ ਕਿਸੇ ਦੇ ਹੱਥੀਂ ਲੱਗਾ ਉਹ ਵਾਪਸ ਕਿਵੇਂ ਲਿਆ ਜਾਵੇਗਾ? ਇਸੇ ਹੀ ਤਰ੍ਹਾਂ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਵਲੋਂ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੋਲਕ ਦੀ ਮਾਇਆ ਨਾਲ ਛਾਪਿਆਂ ਗਿਆ, ਵੰਡਿਆ ਤੇ ਵੇਚਿਆ ਵੀ ਗਿਆ। ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਲੇਖਾਂ ਨੇ, ਜੋ ਸਪੋਕਸਮੈਨ ਚੰਡੀਗੜ੍ਹ ਵਿਚ ਛਪੇ, ਇਸ ਕਿਤਾਬ ਦੀਆਂ ਧੱਜੀਆਂ ਉਡਾ ਦਿੱਤੀਆਂ। ਫਿਰ ਮਜਬੂਰਨ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਹ ਕਿਤਾਬ ਵਾਪਸ ਲੈਣੀ ਪਈ। ਪਰ ਅਫਸੋਸ ਇਸ ਗੱਲ ਦਾ ਕਿ ਪਹਿਲੇ ਕੁੱਝ ਪੰਨਿਆਂ ਦੀ ਬਦਲੀ ਕਰਕੇ ਮੁੜ ਤੋਂ ਇਹੀ ਸਿੱਖ ਫਲਸਫੇ ਦਾ ਘਾਤ ਕਰਨ ਵਾਲੀ ਕਿਤਾਬ ਸਿੱਖਾਂ ਦੇ ਘਰ-ਘਰ ਪਹੁੰਚਾ ਦਿੱਤੀ ਗਈ।
ਦੋ ਕੁ ਦਿਨ ਪਹਿਲਾਂ ਬਰੈਂਪਟਨ ਦੇ ਇਕ ਪੰਜਾਬੀ ਕੈਦੀ ਦਾ, ਜਿਸ ਨੂੰ ਸਿੰਘ ਸਭਾ ਇੰਟਰਨੈਸ਼ਨਲ ਬਰੈਂਪਟਨ ਕਿਤਾਬਾਂ ਭੇਜਦੀ ਰਹਿੰਦੀ ਹੈ, ਜੇਲ ਵਿਚੋਂ ਫੂਨ ਆਇਆ। ਜਿਸ ਨੇ ਦੱਸਿਆ ਕਿ ਓਨਟੈਰੀਓ ਦਾ ਕੋਈ ਇਕ ਵੀ ਐਸਾ ਗੁਰਦਵਾਰਾ ਐਸਾ ਨਹੀਂ ਜੋ ਸਾਨੂੰ ਕੈਦੀਆਂ ਨੂੰ, ਸਰਕਾਰੀ ਅਫਸਰਾਂ ਦੀ ਨਿਗਰਾਨੀ ਹੇਠ, ਮੱਥਾ ਟੇਕਣ ਆਉਣ ਦੀ ਇਜ਼ਾਜਤ ਦਿੰਦਾ ਹੋਵੇ ਸਿਵਾਏ ਰੈਕਸਡੇਲ ਗੁਰਦਵਾਰੇ ਦੇ ਜੋ ‘ਕਨੇਡੀਅਨ ਟਾਇਰ’ ਵਾਲੀ ਬਿਲਡਿੰਗ ਵਿਚ ਬਣਿਆ ਹੋਇਆ ਹੈ। ਕੀ ਗੁਰਦਵਾਰਿਆਂ ਨੂੰ ਚਲਾਉਣ ਵਾਲਿਆਂ ਦੀ ਇਹ ਸੋਚ ਗੁਰੂ ਨਾਨਕ ਪਾਤਸ਼ਾਹ ਦੇ ‘ਨਿਰਮਲ ਪੰਥ’ ਵਾਲੀ ਸੋਚ ਹੈ? ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਜਾਂਦੇ ਹੀ ਚੋਰਾਂ-ਡਾਕੂਆਂ, ਪੰਡਿਤਾਂ, ਮੁੱਲਾਂ-ਮੌਲਾਣਿਆਂ, ਜੋਗੀਆਂ ਅਤੇ ਹੋਰ ਕਈ ਕਿਸਮ ਦੇ ਵਿਗੜੇ ਹੋਏ ਲੋਕਾਂ ਕੋਲ ਹਨ। ਜਿਸ ‘ਕੌਡੇ ਰਾਕਸ਼’ ਨੂੰ ਅਸੀਂ ਅੱਜ ਵੀ ‘ਕੌਡਾ ਰਾਕਸ਼’ ਕਰਕੇ ਪੁਕਾਰਦੇ ਹਾਂ ਉਹ ਗੁਰੂ ਨਾਨਕ ਪਿਤਾ ਦਾ ਪਹਿਲਾ ਸਿੱਖ ਪ੍ਰਚਾਰਕ ਹੋਇਆ ਹੈ। ਉਸਦਾ ਅਸਲ ਨਾਮ ਹੈ ਕੌਡਾ ਭੀਲ। ਭੂਮੀਆ ਚੋਰ, ਸੱਜਣ ਠੱਗ, ਭਾਈ ਬਿਧੀ ਚੰਦ ਅਤੇ ਹੋਰ ਅਨੇਕਾਂ ਜਿਹੜੇ ਸਮਾਜ ਲਈ ਕਲੰਕ ਸਨ ਉਹ, ਗੁਰੂ ਸਹਿਬਾਨ ਦੇ ਪ੍ਰਚਾਰ ਦੀ ਬਦੌਲਤ, ਸਮਾਜ ਸੁਧਾਰਕ ਹੋ ਨਿਬੜੇ। ਕਾਰਣ ਕਿਹੜੇ ਹੋ ਸਕਦੇ ਹਨ ਜਿਸ ਕਰਕੇ ਸਿੱਖਾਂ ਦੇ ਧਾਰਮਿਕ ਅਸਥਾਨ ਕੈਦੀਆਂ ਨੂੰ ਆਉਣ ਤੋਂ ਰੋਕਦੇ ਹਨ। ਕੈਦੀਆਂ ਕੋਲ ਖਾਲੀ ਬਟੂਆ ਅਤੇ ਵਰਦੀਧਾਰੀ ਪੁਲਸ ਕਰਮਚਾਰੀਆਂ ਦਾ ਗੁਰਦਵਾਰੇ ਵਿਚ ਆਉਣਾ ਹੀ ਪ੍ਰਬੰਧਕਾਂ ਨੂੰ ਮਸੀਬਤ ਲੱਗਦੀ ਹੈ ਜਦੋਂ ਕਿ ਇਹ ਕੇਂਦਰ ‘ਸੁਧਾਰ ਘਰ’ ਦਾ ਰੋਲ ਨਿਭਾਉਣ ਦੇ ਯੋਗ ਹਨ।
‘ਸੁਧਾਰ ਘਰ’ ਇਹ ਗੁਰਦਵਾਰੇ ਤਾਂ ਹੀ ਬਣਦੇ ਜੇ ਇਹ ਸਾਡੇ ਹੁੰਦੇ ਅਤੇ ਅੱਜ ਦੇ ਜੱਥੇਦਾਰ ਸਿਆਣੇ, ਯੋਗ ਤੇ ਇਮਾਨ ਵਾਲੇ ਹੁੰਦੇ। ਇਮਾਨ ਦੇ ਤਾਂ ਇਹ ਕੋਲ ਦੀ ਵੀ ਨਹੀਂ ਲੰਘਦੇ। ਮੁਕਤਸਰ ਵਿਚ ਧਾਰਮਿਕ ਸਮਾਗਮਾਂ ਵੇਲੇ ਮੰਜੇ ਤੇ ਕੜੇ-ਕਛਿਹਰੇ ਰੱਖ ਕੇ ਵੇਚਣ ਵਾਲਾ ਗੁਰਬਚਨ ਸਿੰਘ ਜੱਥੇਦਾਰ ਲੱਗੇਗਾ ਤਾਂ ਸਿੱਖ ਕੌਮ ਦਾ ਹਾਲ ਏਹੀ ਹੋਣਾ ਹੈ ਜੋ ਅੱਜ ਅਸੀਂ ਵੇਖ ਰਹੇ ਹਾਂ। ਉਂਝ ਉਹ ਆਪਣੇ ਆਪ ਨੂੰ ਸਰਬੋਤਮ ਮੰਨਦਾ ਏਹੀ ਕਹਿੰਦਾ ਹੈ ਕਿ ਮੈਂ ਕਿਸੇ ਸਰਕਾਰੀ ਤੰਤਰ ਦੇ ਪੇਸ਼ ਨਹੀਂ ਹੋਣਾ ਪਰ ਬੇਈਮਾਨੀ ਨਾਲ ਤਿੰਨ ਤਾਰਾ ਹੋਟਲ ਮੁਕਤਸਰ ‘ਚ ਜ਼ਰੂਰ ਉਸਾਰ ਸਕਦਾ ਹਾਂ। ਇਵੇਂ ਹੀ ਅੱਜ ਵਾਲਾ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਕਰੋੜਾਂ ਰੁਪੱਈਆਂ ਨਾਲ ਬਣਾਈ ਜਾਣ ਵਾਲੀ “ਹਵਾਈ ਰੱਸੀ”, ਜੋ ਹੇਮਕੁੰਟ ਨੂੰ ਜਾਣ ਵਾਲੇ ਰਸਤੇ ਨੂੰ ਸੁਖੱਲਾ ਬਣਾਵੇਗੀ, ਦੀ ਤਾਰੀਫ ਕਰਦਾ ਥੱਕਦਾ ਨਹੀਂ ਜਦੋਂ ਕਿ ਇਸ ‘ਹੇਮਕੁੰਟ’ ਨਾਲ ਸਿੱਖ ਗੁਰੂ ਸਾਹਿਬਾਨ ਦਾ ਦੂਰ ਦਾ ਵੀ ਵਾਸਤਾ ਨਹੀਂ। ਜੇ ਇਸਦਾ ਕੋਈ ਵਾਸਤਾ ਹੈ ਤਾਂ ਭਗਵਤ ਪੁਰਾਣ ਦੇ ਦਸਵੇਂ ਸਕੰਧ ਮੁਤਾਬਕ ਪਾਂਡਵ ਰਾਜਿਆਂ ਦਾ ਹੈ ਜਿਨ੍ਹਾਂ ਨੇ ਦੇਸ ਨਿਕਾਲੇ ਸਮੇਂ ਇਥੇ ਬੈਠ ਕੇ ਯੋਗ ਕਮਾਇਆ ਸੀ। ਇਹ ਸਾਰਾ ਬ੍ਰਿਤਾਂਤ ਭਗਵਤ ਪੁਰਾਣ ਵਿਚੋਂ ਲੈ ਕੇ ਬਚਿਤ੍ਰ ਨਾਟਕ ਗ੍ਰੰਥ ਵਿਚ ਦਰਜ ਕਰ ਲਿਆ ਗਿਆ ਤੇ ਹੌਲੀ-ਹੌਲੀ ਇਸੇ ਬਚਿਤ੍ਰ ਨਾਟਕ ਦਾ ਨਾਮ ਬਦਲ ਕੇ 1812 ਵਿਚ ਦਸਵੇਂ ਪਾਤਸ਼ਾਹ ਕਾ ਗ੍ਰੰਥ ਬਣਾ ਧਰਿਆ ਤੇ ਇਸੇ ਨੂੰ ਹੀ ਹੁਣ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਬਣਾ ਦਿੱਤਾ ਗਿਆ ਹੈ। ਜੱਥੇਦਾਰ ਹਰਪ੍ਰੀਤ ਸਿੰਘ ਜੀ ਜਵਾਬ ਦੇਣ ਦੇ ਤਾਂ ਤੁਸੀਂ ਕਾਬਲ ਵੀ ਨਹੀਂ ਹੋ ਪਰ ਮੈਂ ਫਿਰ ਵੀ ਪੁੱਛ ਲੈਂਦਾ ਹਾਂ ਕਿ ਸਿੱਖ ਗੁਰੂ ਸਹਿਬਾਨ ਦੀ ਗੁਰਬਾਣੀ ਦੀ ਕਿਹੜੀ ਪੰਗਤੀ ਹੈ ਜੋ ਸਾਨੂੰ ‘ਹੇਮਕੁੰਟ” ਨਾਲ ਜੋੜਦੀ ਹੈ? ਯਾ ਕਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਇਸ ‘ਹੇਮਕੁੰਟ’ ਦੇ ਸਥਾਨ ਤੇ ਗਏ?ਯਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਉਂਦੇ ਜੀਅ ਕਿਸੇ ਆਪਣੇ ਸਿੱਖ ਨੂੰ ਇਹ ਦੱਸਿਆ ਸੀ ਕਿ ਮੈਂ ਫਲਾਣੇ ਪ੍ਰਬਤ ਤੇ ਫਲਾਣੇ ਸਮੇਂ ਤਪੱਸਿਆ ਕੀਤੀ ਸੀ, ਪਿਛਲੇ ਜਨਮ ‘ਚ? ਜਿਸ ਤਪੱਸਿਆ ਨੂੰ ਗੁਰਬਾਣੀ ਮੂਲੋਂ ਹੀ ਕੱਟਦੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਉਸ ਸਿਧਾਂਤ ਦੇ ਉਲਟ ਜਾ ਕੇ ਲੋਕਾਂ ਨੂੰ ਉਪਦੇਸ਼ ਦੇਣਗੇ? ਮੈਨੂੰ ਪਤਾ ਹੈ ਜਵਾਬ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਕਿਉਂਕਿ ਤੁਹਾਡੀ ਲਿਆਕਤ ਦਾ ਪਤਾ ਉਦੋਂ ਚੱਲ ਗਿਆ ਸੀ ਜਦੋਂ ਤੁਸੀਂ ‘ਕੁਰਾਨ ਸ਼ਰੀਫ’ ਦਾ ਉਲੱਥਾ ਕਰਦੇ ਸਮੇਂ ਇਸ ਦੇ ਨਾਮ ਨੂੰ ਹੀ ‘ ਪਵਿਤਰ ਕੁਰਆਨ’ ਬਦਲ ਛੱਡਿਆ। ਜਿਹੜਾ ਰਾਰੇ ਨੂੰ ਕੰਨਾ ਲੱਗਿਆ ਹੈ ਉਹ ਅੱਧੇ ਐੜੇ ਦੀ ਅਵਾਜ਼ ਕੱਢਦਾ ਹੈ। ਤੁਹਾਡਾ ਉਹ ਹਾਲ ਹੈ ਜਿਵੇਂ ਚੂਹੇ ਨੂੰ ਲੱਭੀ ਸੁੰਢ ਦੀ ਗੰਡੀ ਤੇ ਉਹ ਪਨਸਾਰੀ ਬਣ ਬੈਠਾ।
ਆਓ ਹੁਣ ਆਪਾਂ ਵੀਚਾਰੀਏ ਕਿ ਹੋਣਾ ਕੀ ਚਾਹੀਦਾ ਹੈ। “ ਗੁਰੂ ਕੀ ਗੋਲਕ ਗਰੀਬ ਦਾ ਮੂੰਹ” ਜੇਕਰ ਜਿਤਨੇ ਵੀ ਗੁਰਦਵਾਰੇ ਹਨ ਉਹ ਇਸ ਮੁਹਾਵਰੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਆਉਣ ਵਾਲੇ 10-20 ਸਾਲਾਂ ਵਿਚ ਜਿਤਨੇ ਵੀ ਗਰੀਬ ਸਿੱਖ ਹਨ ਅਤੇ ਲਾਲਚ ‘ਚ ਆ ਕੇ ਧਰਮ ਪ੍ਰੀਵਰਤਨ ਕਰ ਰਹੇ ਹਨ ਉਹ ਹਟ ਜਾਣਗੇ, ਸੰਭਲ ਜਾਣਗੇ ਅਤੇ ਗਰੀਬਾਂ ਦੀ ਗਰੀਬੀ ਖਤਮ ਹੋ ਜਾਵੇਗੀ। ਗਰੀਬੀ ਹੀ ਦੁਨੀਆਂ ‘ਚ ਤੋਂ ਵੱਡੀ ਬਿਮਾਰੀ ਹੈ। ਜੇਕਰ ਅਸੀਂ ਸਿੱਖ ਕੌਮ ਅਤੇ ਹੋਰ ਗਰੀਬਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਸਭ ਦਾ ਭਲਾ ਮੰਗਦੇ ਹਾਂ ਤਾਂ ਸਾਨੂੰ ਇਸ ਦਿਸ਼ਾ ਵੱਲ ਕਦਮ ਪੁੱਟਣੇ ਪੈਣਗੇ । ਭਲਾ ਮੰਗਣ ਨਾਲ ਭਲਾ ਨਹੀਂ ਹੋਣ ਲੱਗਾ ਤੇ ਕਿਸੇ ਦਾ ਬੁਰਾ ਮੰਗਿਆਂ ਵੀ ਬੁਰਾ ਨਹੀਂ ਹੁੰਦਾ ਤਾਂ ਸਾਨੂੰ ਭਲਾ ਕਰਨ ਵੱਲ ਵੱਧਣਾ ਚਾਹੀਦਾ ਹੈ। ਜਦੋਂ ਹੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣ ਜਾਵੇਗੀ ਤਦੋਂ ਹੀ ਗੁਰਦਵਾਰਿਆਂ ਵਿਚ ਕੁਰਸੀ ਦੀ ਲੜਾਈ ਮੁੱਕ ਜਾਵੇਗੀ, ਚੌਧਰ ਦੀ ਭੁੱਖ ਵੀ ਮਿੱਟ ਜਾਵੇਗੀ। ਉਦੋਂ ਹੀ ਇਨ੍ਹਾਂ ਗੁਰਦਵਾਰਿਆਂ ਦੇ ਦਰਵਾਜ਼ੇ ਸਭ ਲਈ ਖੁਲ੍ਹ ਜਾਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132
ਰਾਮ ਰਾਮ ਵਿਚ ਅੰਤਰ? ਕੀ ਰਾਮ ਮੁੱਲ ਵਿਕਦਾ ਹੈ? - ਗੁਰਚਰਨ ਸਿੰਘ ਜਿਉਣ ਵਾਲਾ
ਬਹੁਤੇ ਸਿੱਖ, ਸਿੱਖ ਧਰਮ ਦੇ ਦੋਖੀ ਤੇ ਬ੍ਰਾਹਮਣ ਜਮਾਤ ਦੇ ਹਾਮੀ ਅਕਸਰ ਇਹੀ ਕਹਿੰਦੇ ਸੁਣੇ ਗਏ ਹਨ ਕਿ , “ਦੇਖੋ ਜੀ ਇਹ ਤਾਂ ਐਂਵੇ ਸਿੱਖਾਂ ਤੇ ਹਿੰਦੂਆਂ ਵਿਚ ਪਾੜਾ ਪਾਉਣ ਲਈ ਭਾਸ਼ਨ ਦੇਈ ਜਾਂਦੇ ਹਨ ਕਿ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਕੋਈ ਵਾਸਤਾ ਨਹੀਂ। ਸਾਰੇ ਸਿੱਖ ਗੁਰੂਆਂ ਨੇ ਕਿਨੀ ਵਾਰੀ ਲਫਜ਼ ‘ਰਾਮ’ ਗੁਰਬਣੀ ਵਿਚ ਵਰਤਿਆ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਰਾਮ ਲਫਜ਼ ਵੱਖਰੇ ਵੱਖਰੇ ਰੂਪਾਂ ਵਿਚ ਕੁੱਲ ਮਿਲਾ ਕੇ 2048 ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ। ਰਾਮ 1758 ਵਾਰੀ, ਰਾਮੁ 254, ਰਾਮਿ 8 ਵਾਰੀ, ਰਾਮੈ 19 ਵਾਰੀ ਤੇ ਰਾਮਹਿ 9 ਵਾਰੀ। ਇਸ ਕਰਕੇ ਇਸ ਲੇਖ ਵਿਚ ਦੋ ਤਿੰਨ ਪੱਖਾਂ ਤੇ ਵਿਚਾਰਾਂ ਕਰਨੀਆਂ ਜ਼ਰੂਰੀ ਹਨ। ਕੀ ਰਾਜਾ ਦਸ਼ਰਥ ਦੇ ਪੁੱਤਰ ਰਾਮ ਚੰਦਰ ਤੋਂ ਪਹਿਲਾਂ ਵੀ ਰਾਮ ਲਫਜ਼ ਇਸ ਜਗਤ ਵਿਚ ਪ੍ਰੱਚਲਤ ਸੀ? ਕੀ ਗੁਰਬਾਣੀ ਦਾ ਰਾਮ ਤੇ ਹਿੰਦੂ ਜਗਤ ਦਾ ਭਗਵਾਨ ਰਾਮ ਇੱਕ ਹੀ ਹਨ? ਕੀ ਜਿਵੇਂ ਅੱਜ ਸਿੱਖ ਕਰ ਰਹੇ ਹਨ ਰਾਮ ਮੁੱਲ ਖਰੀਦਿਆ ਜਾ ਸਕਦਾ ਹੈ? ਕੀ ਰਾਮ ਵਕਾਊ ਮਾਲ ਹੈ? ਅਥਰਵੇਦ ਦਾ ਉਪਨਿਸ਼ਦ ਤੇ ਰਾਮਤਪਨੀ ਉਪਨਿਸ਼ਦ ਵਿਚ ਜੋ ਰਾਮ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਉਹ ਇਸ ਤਰ੍ਹਾਂ ਹੈ। “ ਰਾਮ ਉਹ ਪਾਰਬ੍ਰਹਮ ਹੈ ਜੋ ਸਰਬ-ਥਾਈਂ ਰਮਣ ਕਰ ਰਿਹਾ ਹੈ ਜਿਸ ਵਿਚ ਜੋਗੀ ਜਨ ਰਮਣ ਕਰਦੇ ਹਨ” ਇਸ ਤੋਂ ਇਲਾਵਾ ਜੋਗਿ-ਵਸ਼ਿਸ਼ਟ ਵਿਚ ਵੀ ਰਾਮ ਸ਼ਬਦ ਦੀ ਵਿਆਖਿਆ ਏਹੀ ਕੀਤੀ ਗਈ ਹੈ। ਏਥੋਂ ਤਕ ਕਿ ਬਾਲਮੀਕ ਰਮਾਇਣ ਵਿਚ ਵੀ ਰਾਮ ਚੰਦਰ ਨੂੰ ਪਰਸ਼ੋਤਮ ਪੁਰਖ ਨਹੀਂ ਮੰਨਿਆ ਗਿਆ। ਪ੍ਰਾਚੀਨ ਕਾਲ ਤੋਂ ਸ਼ਬਦ ਰਾਮ ਪਾਰਬ੍ਰਹਮ ਵਾਸਤੇ ਵਰਤਿਆ ਜਾਂਦਾ ਰਿਹਾ ਹੈ ਤੇ ਰਾਜੇ ਦਸ਼ਰਥ ਨੇ ਆਪਣੇ ਪੁੱਤਰ ਲਈ ਨਾਂ ਇਹਨਾਂ ਗ੍ਰੰਥਾਂ ਦੇ ਅਧਾਰ ਤੇ ਹੀ ਚੁਣਿਆ ਸੀ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਵਾਸਤੇ ਗੁਰੂ ਗ੍ਰੰਥ ਦੀ ਬਾਣੀ ਦਾ ਆਸਰਾ ਲਿਆ ਹੋਵੇ। ਗੁਰੂ ਤੇਗ ਬਹਾਦਰ ਜੀ ਨੂੰ ਅਸਾਮ ਵਿਚ ਜਦੋਂ ਨਵ-ਜਨਮੇ ਬੱਚੇ ਦੀ ਖਬਰ ਮਿਲਦੀ ਹੈ ਤਾਂ ਗੁਰੂ ਜੀ ਵਧਾਈ ਨੂੰ ਮੰਨ ਕੇ ਖਬਰ ਦੇਣ ਵਾਲੇ ਵਿਆਕਤੀ ਦੇ ਹੱਥ ਵਾਪਸੀ ਸੁਨੇਹਾ ਇਹੀ ਭੇਜਦੇ ਹਨ ਕਿ ਬਾਲਕ ਦਾ ਨਾਮ ਗੋਬਿੰਦ ਰੱਖਣਾ। ਜੇ ਕਰ ਅੱਜ-ਕੱਲ੍ਹ ਕੋਈ ਆਪਣਾ ਨਾਮ ਗੋਬਿੰਦ ਰੱਖ ਲਵੇ ਤਾਂ ਉਹ ਸ਼ਖਸ਼ ਸਿੱਖਾਂ ਦਾ ਦਸਵਾਂ ਗੁਰੂ ਤਾਂ ਨਹੀ ਬਣ ਜਾਂਦਾ। ਇਸੇ ਤਰ੍ਹਾਂ ਜੋ ਰਾਮ ਸ਼ਬਦ ਗੁਰਬਾਣੀ ਵਿਚ ਵਰਤਿਆ ਗਿਆ ਹੈ ਅਤੇ ਬਾਕੀ ਦੇ ਹੋਰ ਨਾਮ, ਜਿਨ੍ਹਾਂ ਦਾ ਮਤਲਬ ਰਾਮ ਨਿਕਲਦਾ ਹੈ, ਦਾ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸਬੰਧ ਨਹੀ ਤੇ ਜਿੱਥੇ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸਬੰਧ ਹੈ ਉੱਥੇ ਬਕਾਇਦਾ ਵੇਰਵਾ ਪਇਆ ਗਿਆ ਹੈ ਇਸ ਲੇਖ ਵਿਚ ਅੱਗੇ ਚੱਲ ਕੇ ਲਿਖਾਂਗਾ।
ਗੁਰਬਾਣੀ ਦਾ ਰਾਮ ਜੰਮਦਾ ਮਰਦਾ ਨਹੀ।
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗ ਜੀਵਨੁ ਸੋਈ ॥ ਕਰਿ ਆਚਾਰੁ ਸਚੁ, ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥15॥ {ਮ:1, ਪੰਨਾ 931}
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰ ਸਕਦਾ । ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁੱਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾਸੀ ॥1॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥…….॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥ {ਮ:5, ਪੰਨਾ 1136}
ਸਾਰੀਆਂ ਥਿਤਾਂ ਨੂੰ ਪਾਸੇ ਰੱਖ ਕੇ ਇਹ ਕਹਿ ਦਿੱਤਾ ਕਿ ਅਸ਼ਟਮੀ ਨੂੰ ਸ਼੍ਰੀ ਕ੍ਰਿਸਨ ਜੀ ਜਨਮੇ ਸੀ। ਭਰਮ ਵਿਚ ਪਏ ਹੋਏ ਲੋਕ ਆਪ ਹੀ ਪਹਿਲਾਂ ਕ੍ਰਿਸ਼ਨ ਦੀ ਮੂਰਤੀ ਨੁੰ ਖਰਬੂਜੇ ਵਿਚ ਰੱਖਦੇ ਹਨ ਤੇ ਆਪ ਹੀ ਉਸ ਖਰਬੂਜੇ ਨੂੰ ਕੱਟ ਕੇ ਭਗਵਾਨ ਨੂੰ ਉਸ ਵਿਚੋਂ ਬਾਹਰ ਕੱਢਦੇ ਹਨ। ਪਰ ਸਾਡਾ ‘ਨਾਰਾਇਣ’ ਤਾਂ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ।
ਪਉੜੀ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ (ਮ5, ਪੰਨਾ 1095)।
ਗੁਰਬਾਣੀ ਦੇ ਰੱਬ ਦਾ ਕੋਈ ਰੂਪ ਨਹੀਂ, ਉਹ ਕਿਸੇ ਜੂਨੀ ਵਿਚ ਨਹੀਂ ਆਉਂਦਾ ਅਤੇ ਉਹ ਇਹ ਸ੍ਰਿਸ਼ਟੀ ਪੈਦਾ ਕਰਕੇ ਉਸ ਵਿਚ ਹੀ ਸਮਾਇਆ ਹੋਇਆ ਹੈ ਤੇ ਉਸ ਵਿਚੋਂ ਹੀ ਸਾਨੂੰ ਉਹ ਦਿੱਸਣਾ ਚਾਹੀਦਾ ਹੈ। ਇਨ੍ਹਾਂ ਸਲੋਕਾਂ ਦੀ ਵਿਸਥਾਰ ਸਹਿਤ ਵਿਆਖਿਆ ਵੇਖਣ ਲਈ gurugrantdarpan.org ਤੇ ਜਾਓ ਜੀ।
ਹੁਣ ਇਹ ਗੱਲ ਸਾਫ ਹੋਈ ਕਿ ਰੱਬ, ਰਾਮ, ਭਗਵਾਨ, ਅਕਾਲ ਪੁਰਖ ਜਾਂ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਨਮ ਮਰਣ ਤੋਂ ਰਹਿਤ ਹੈ, ਸਾਰਿਆਂ ਵਿਚ ਰਮਿਆ ਹੋਇਆ ਹੈ ਤੇ ਗੁਰੂ ਅਰਜਨ ਦੇਵ ਜੀ ਤਾਂ ਇਹ ਵੀ ਲਿਖਦੇ ਹਨ ਕਿ ਉਹ ਮੁੱਖ ਹੀ ਸੜ ਜਾਏ ਜੋ ਇਹ ਆਖਦਾ ਹੈ ਕਿ ਠਾਕਰ, ਭਗਵਾਨ, ਅਕਾਲ ਪੁਰਖ ਜਾਂ ਪ੍ਰਮਾਤਮਾ ਫਲਾਣੀ ਤਾਰੀਖ ਨੂੰ ਪੈਦਾ ਹੋਇਆ ਸੀ। ਪਾਰਬ੍ਰਹਮ ਦੀ ਕੀਮਤ ਨਹੀ ਪਾਈ ਜਾ ਸਕਦੀ। ਸਭ ਥਾਂਈ ਰਮਿਆ ਰਾਮ ਗੁਰਬਾਣੀ ਦਾ ਰਾਮ ਹੈ।
ਸਾਰਗ ਮਹਲਾ 4॥ ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਸਤਿ ਸਤਿ ਰਾਮੁ ॥ ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ ਪੰਨਾ1202॥
ਹੇ (ਮੇਰੇ) ਮਨ ! ਸਿਰੀ ਰਾਮ (ਦਾ ਨਾਮ) ਜਪਿਆ ਕਰ, (ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਹੇ ਭਾਈ ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ।1।
ਗੋਂਡ ਮਹਲਾ 5॥ ਰਾਮ ਰਾਮ ਸੰਗਿ ਕਰਿ ਬਿਉਹਾਰ॥ ਰਾਮ ਰਾਮ ਰਾਮ ਪ੍ਰਾਨ ਅਧਾਰ॥ ਰਾਮ ਰਾਮ ਰਾਮ ਕੀਰਤਨੁ ਗਾਇ॥ ਰਮਤ ਰਾਮੁ ਸਭ ਰਹਿਓ ਸਮਾਇ॥1॥ ਪੰਨਾ 865॥ ਸਭ ਥਾਂਈ ਰਮੇ ਰਾਮ ਦੀ ਗੱਲ ਹੈ।
ੴ ਸਤਿਗੁਰ ਪ੍ਰਸਾਦਿ॥ ਰਾਗੁ ਬਸੰਤੁ ਹਿੰਡੋਲ ਮਹਲਾ 9॥ ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥1॥ ਰਹਾਉ ॥ ਪੰਨਾ 1186॥
ਗੁਰੂ ਤੇਗ ਬਹਾਦਰ ਜੀ ਤਾਂ ਕੋਈ ਕਸਰ ਹੀ ਨਹੀ ਛੱਡਦੇ ਕਿ ਉਹ ਕਿਹੜੇ ਰਾਮ ਦੀ ਗੱਲ ਕਰਦੇ ਹਨ। ਸਰੀਰ ਤਾਂ ਨਾਸਵੰਤ ਹੈ ਤੇ ਜਿਹੜਾ ਰਾਮ ਇਸ ਦੇ ਅੰਦਰ ਵੱਸਦਾ ਹੈ ਉੱਸ ਨੂੰ ਸੱਚ ਕਰਕੇ ਜਾਣੋ। ਉਹ ਹੀ ਸਦਾ ਰਹਿਣ ਵਾਲਾ ਹੈ। ਹਿੰਦੂ ਧਰਮ ਵਾਲਾ ਰਾਮ ਚੰਦਰ ਤਾਂ ਮਰ ਗਿਆ, ਮਰ ਹੀ ਨਹੀਂ ਗਿਆ ਬਲਕਿ ਉਹ ਤਾਂ ਆਤਮ ਘਾਤੀ ਹੈ ਜਿਸ ਨੂੰ ਗੁਰਬਾਣੀ ਵਿਚ “ਆਤਮ ਘਾਤੀ ਹੈ ਜਗਤ ਕਸਾਈ” ਕਿਹਾ ਗਿਆ ਹੈ ਤਾਂ ਫਿਰ ਇਹ ਸਨਾਤਨੀ ਧਰਮ ਵਾਲਾ ਰਾਮ ਨਹੀ ਜਿਸ ਦਾ ਗੁਰਬਾਣੀ ਵਿਚ ਜ਼ਿਕਰ ਹੈ।
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ {ਭਗਤ ਕਬੀਰ ਜੀ, ਪੰਨਾ 338}
ਕਬੀਰ ਜੀ ਵੀ ਕੋਈ ਭੁਲੇਖਾ ਹੀ ਨਹੀ ਛੱਡਦੇ ਕਿ ਉਨ੍ਹਾਂ ਦਾ ਠਾਕੁਰ ਕੌਣ ਹੈ? ਕਬੀਰ ਦਾ ਸੁਆਮੀ/ਠਾਕੁਰ ਉਹ ਹੈ ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਪਿਉ। ਪਰ ਰਾਮ ਚੰਦਰ ਦੇ ਬਾਪ ਦਾ ਨਾਮ ਤਾਂ ਦਸ਼ਰਥ ਹੈ।
ਰਾਜੇ ਦਸ਼ਰਥ ਦੇ ਪੁੱਤਰ ਰਾਮ ਚੰਦਰ ਦਾ ਬਾਣੀ ਵਿਚ ਜ਼ਿਕਰ।
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥ (ਪੰਨਾ 1412)। ਜਦੋਂ ਸੀਤਾ ਨੂੰ ਰਾਵਣ ਲੈ ਗਿਆ ਤੇ ਲਛਮਣ ਸਰਾਪ ਨਾਲ ਮਰ ਗਿਆ ਜਾਂ ਮੂਰਛਤ ਹੋ ਗਿਆ ਤਾਂ ਰਾਮ ਚੰਦਰ ਝੂਰਦਾ ਹੈ ਪਿਆ ਤੇ ਬਾਂਦਰਾਂ ਦੀ ਸੈਨਾ ਦੀ ਆਪਣੀ ਸੈਨਾਂ ਰਾਹੀਂ ਸੇਵਾ ਕਰ ਰਿਹਾ ਹੈ ਅਗੇਰੇ ਮੱਦਦ ਲੈਣ ਲਈ।
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥3॥(ਭਗਤ ਨਾਮਦੇਵ ਜੀ, ਪੰਨਾ 874)। ਪਾਂਡੇ ਤੁੰ ਓਸ ਰਾਮ ਚੰਦਰ ਦੀ ਗੱਲ ਕਰਦਾ ਹੈਂ ਜਿਸਨੇ ਰਾਵਣ ਨਾਲ ਲੜੀ ਕਰਕੇ ਆਪਣੀ ਘਰ ਵਾਲੀ ਹੀ ਗਵਾ ਲਈ ਸੀ।
ਬਿਲਾਵਲੁ ਮਹਲਾ 5॥ ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ॥1॥ ਰਹਾਉ ॥ ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥ ਸਾਧ ਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥1॥ (ਪੰਨਾ 817)।
ਹੇ ਭਾਈ ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)। ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ।
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥ ਲੰਕਾ ਲੂਟੀ ਦੈਤ ਸੰਤਾਪੈ॥ ਰਾਮਚੰਦਿ ਮਾਰਿਓ ਅਹਿ ਰਾਵਣੁ॥ ਭੇਦੁ ਬਭੀਖਣ, ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥40॥ {ਮ:1, ਪੰਨਾ 942}
ਤੁਸੀਂ ਇਹ ਕਹਿੰਦੇ ਹੋ ਕਿ ਰਾਮ ਚੰਦਰ ਨੇ ‘ਰਾਮ ਸੇਤੂ’ ਪੁਲ ਬਣਾਇਆ ਇਸ ਕਰਕੇ ਤੁਸੀਂ ਰਾਮ ਨੂੰ ਬਿਧਾਤਾ, ਭਗਵਾਨ ਕਹਿੰਦੇ ਹੋ? ਪਰ ਵੇਖੋ ਪੁੱਲ ਬਣਾ ਕੇ(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ। ਲੰਕਾ ਲੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ, ਲੁਟੇਰਾ ? ਰਾਮਚੰਦਰ (ਜੀ) ਨੇ ਰਾਵਣ ਨੂੰ ਮਾਰਿਆ, ਜਦੋਂ ਕਿ ਇਹ ਕੰਮ ਰਾਮ ਤੋਂ ਹੋ ਹੀ ਨਹੀਂ ਰਿਹਾ ਸੀ ਪਰ ਰਾਵਣ ਦੇ ਭਰਾ ਨੇ ਰਾਮ ਚੰਦਰ ਨੂੰ ਭੇਤ ਦਿੱਤਾ ਤਾਂ ਹੀ ਉਹ ਰਾਵਣ ਨੂੰ ਮਾਰ ਸਕਿਆ। ਕੀ ਇਹ ਕਿਸੇ ਦੇ ਭਗਵਾਨ ਹੋਣ ਦੀ ਨਿਸ਼ਾਨੀ ਹੈ? ਨਹੀਂ ਮੁਕਬਰੀ।
ਹੁਣ ਕਿਸੇ ਨੂੰ ਤੇ ਖਾਸ ਕਰਕੇ ਅੱਜ-ਕੱਲ੍ਹ ਦੇ ਐਕਟਰ ਅਕਸ਼ੇ ਕੁਮਾਰ, ਯੂ.ਪੀ.ਦਾ ਤੱਤਕਾਲੀਨ ਮੁੱਖ ਮੰਤਰੀ, ਹੇਮਵਤੀ ਨੰਦਨ ਬਹੁਗੁਣਾਂ ਅਤੇ ਇਕ ਦਿੱਲੀ ਦਾ ਵਪਾਰੀ, ਓਂਕਾਰ ਸਿੰਘ ਥਾਪਰ, ਜਿਹੜਾ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਗੁਰਬਾਣੀ ਵਿਚ ਭਗਵਾਨ ਰਾਮ ਦਾ ਨਾਮ ਤਾਂ 2500 ਵਾਰੀ ਆਇਆ ਹੈ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਮ ਦਾ ਸ਼ਬਦ ਕੱਢ ਦਿੱਤਾ ਜਾਵੇ ਤਾਂ ਬਾਕੀ ਕੁੱਝ ਵੀ ਨਹੀਂ ਬੱਚਦਾ, ਨੂੰ ਕੋਈ ਸ਼ੱਕ ਨਹੀ ਰਹਿ ਜਾਣਾ ਚਾਹੀਦਾ ਕਿ ਗੁਰਬਾਣੀ ਵਿਚ ਕਿੱਧਰੇ ਵੀ ਕਿਸੇ ਦਸ਼ਰਥ ਦੇ ਪੁੱਤਰ ਰਾਮਚੰਦ ਦੀ ਕੋਈ ਸ਼ਲਾਘਾ ਨਹੀਂ ਕੀਤੀ ਗਈ ਹੈ
ਰਾਮ ਰਾਮ ਵਿਚ ਅੰਤਰ, ਰਾਮ ਮੁੱਲ ਨਹੀ ਖਰੀਦਿਆ ਜਾ ਸਕਦਾ।
ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥190॥ ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ ॥191॥(1374)।
ਭਗਤ ਕਬੀਰ ਜੀ ਤਾਂ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੰਦੇ ਜਦੋਂ ਉਹ ਇਹ ਕਹਿੰਦੇ ਹਨ ਕਿ ਰਾਮ ਕਹਿਣ ਵੇਲੇ ਸੋਚੋ! ਇਕ ਰਾਮ ਤਾਂ ਉਹ ਹੈ ਜੋ ਸਾਰਿਆਂ ਵਿਚ ਸਮਾਇਆ ਹੋਇਆ ਹੈ ਤੇ ਇਕ ਰਾਮ ਦਾ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ, ਉਹ ਇਹਦੀ ਮੂਰਤੀ-ਪੂਜਾ ਕਰਦੇ ਹਨ ਜੋ ਵਿਆਰਥ ਹੈ) ॥190-191॥
ਸਿਰੀ ਰਾਗੁ ਮਹਲਾ 1॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥1॥ ਰਹਾਉ ॥ ਪੰਨਾ 14॥
ਇਸ ਸਾਰੇ ਸਲੋਕ ਵਿਚ ਏਹੀ ਜ਼ਿਕਰ ਹੈ ਕਿ ਜੇ ਸਰੀਰ ਨੂੰ ਰੱਤੀ ਰੱਤੀ ਕਰਕੇ ਅੱਗ ਵਿਚ ਜਾਲ ਵੀ ਦੇਈਏ, ਜੇ ਮੇਰੀ ਬਹੁਤ ਲੰਮੀ ਉਮਰ ਹੋ ਜਾਏ ਤੇ ਜੇ ਮੈਂ ਲੱਖਾਂ ਮਣ ਕਾਗਜ਼ਾਂ ਤੇ ਦਾਤੇ ਦੀ ਉਸਤਤ ਲਿਖ ਵੀ ਦੇਵਾਂ, ਜੇ ਪੰਖੀ ਬਣ ਕੇ ਸੈਂਕੜੇ ਅਸਮਾਨਾਂ ਵਿਚ ਉੱਡਦਾ ਹੀ ਰਹਾਂ ਮਤਲਬ ਕਿਸੇ ਵੀ ਤਰੀਕੇ ਨਾਲ ਪ੍ਰਮਾਤਮਾ ਦੀ ਕੀਮਤ ਨਹੀ ਪਾਈ ਜਾ ਸਕਦੀ।
ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ, ਰਾਮੁ ਲੀਆ ਹੈ ਮੋਲਿ ॥1॥ ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥ 1॥(ਪੰਨਾ 327)।
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।1। ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ।
ਅੱਜ ਦਾ ਸਿੱਖ ਤਾਂ ਹਰ ਅਡੰਬਰ ਕਰਕੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਵਿਚ ਕੋਈ ਕਸਰ ਨਹੀ ਛੱਡਦਾ। ਅਖੰਡ ਪਾਠਾਂ ਦੀਆਂ ਲੜੀਆਂ ਤੇ ਝੜੀਆਂ ਲੱਗੀਆਂ ਹੋਈਆਂ ਹਨ। ਕੀ ਇਹੀ ਸਿੱਖੀ ਹੈ? ਜਿਸ ਗ੍ਰੰਥ ਦਾ ਸਿੱਖ ਅਖੰਡ ਪਾਠ ਕਰਵਾਉਂਦੇ ਹਨ ਓਹੀ ਗ੍ਰੰਥ ਇਸ ਸਾਰੇ ਅਡੰਬਰ ਦੇ ਉਲਟ ਸਿਖਿਆ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਕਰਨ/ਕਰਵਾਉਣ ਨੂੰ ਨਹੀ ਕਹਿੰਦੇ, ‘ ਪੜੀਐ ਨਾਹੀ ਭੇਦੁ ਬੁਝਿਐ ਪਾਵਣਾ॥ ਪੰਨਾ 148’ ਪਰ ਗੁਰੂਬਾਣੀ ਨੂੰ ਪੜ੍ਹ ਕੇ, ਸਮਝ ਕੇ, ਜ਼ਿੰਦਗੀ ਵਿਚ ਗੁਰੂ ਦੇ ਦਿੱਤੇ ਹੋਏ ਨਿਰਮਲ ਸਿਧਾਂਤ ਨੂੰ ਲਾਗੂ ਕਰਨ ਲਈ ਆਖਦੇ ਹਨ ਪਰ ਅਸੀਂ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਤੋਂ ਵੀ ਪਿਛਾਂਹ ਨਹੀ ਹਟੇ। ਰਾਮ ਮੁੱਲ ਨਹੀ ਖਰੀਦਿਆ ਜਾ ਸਕਦਾ। ਪਰ ਹੁਣੇ ਹੁਣੇ ਨੌਂ ਕਰੋੜ ਦਾ ਲੈਂਪ ਕਿਸੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਾ ਕੇ ਸ਼ਾਇਦ ਰੱਬ ਮੁੱਲ ਲੈ ਵੀ ਲਿਆ ਹੋਵੇ? ਅਸੀਂ ਲੰਬੀਆਂ ਲੰਬੀਆਂ ਅਰਦਾਸਾਂ ਭਾਈਆਂ ਕੋਲੋਂ ਕਰਵਾ ਕਰਵਾ ਕੇ ਆਪਣੇ ਮਨ ਦੀ ਝੂਠੀ ਖੁਸ਼ੀ ਲਈ ਰਾਮ ਨੂੰ ਆਪਣੀ ਜੇਬ ਵਿਚ ਹੀ ਪਾ ਲੈਂਦੇ ਹਾਂ। ਜਹਾਂਗੀਰ ਤੇ ਔਰੰਗਜ਼ੇਬ ਨੇ ਗੁਰੂ ਸਾਹਿਬਾਨ ਨੂੰ ਕਤਲ ਕੀਤਾ ਜਾਂ ਕਰਵਾਇਆ, ਬੱਚਿਆਂ ਨੂੰ ਵੀ ਨਹੀ ਬਖਸ਼ਿਆ, ਮਾਤਾ ਪਿਤਾ ਨੂੰ ਵੀ ਨਹੀ ਛੱਡਿਆ ਤੇ ਹੋਰ ਲੱਖਾਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਵਜੂਦ ਵੀ ਉਹ ਸਿੱਖੀ ਦਾ ਉਨ੍ਹਾਂ ਨੁਕਸਾਨ ਨਹੀ ਕਰ ਸਕੇ ਜਿਤਨਾ ਅੱਜ ਦੇ ਸਿੱਖਾਂ ਨੇ ‘ਸਿੱਖੀ ਬਾਣਾ’ ਪਾ ਕੇ ਸਿੱਖੀ ਦਾ ਨੁਕਸਾਨ ਕੀਤਾ ਹੈ। ਗਿਆਨੀ ਪਿੰਦਰਪਾਲ ਸਿੰਘ ਜੋ ਕਿੱਕਰਾਂ ਤੋਂ ਮਠਿਆਈਆਂ ਝਾੜਦਾ ਹੈ ਅਤੇ ਸੰਤ ਸਿੰਘ ਮਸਕੀਨ ਵੀ ਇੱਕ ਉਦਾਹਰਣ ਹਨ “ਸਿੱਖ ਬਾਣੇ ਵਿਚ ਬ੍ਰਹਾਮਣ”।
ਸਿੱਖ ਭਰਾਵੋ ਮਸਝਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਹੁਕਮ ਕੀ ਹੈ ਤੇ ਅਸੀਂ ਕੀ ਕਰੀ ਜਾਂਦੇ ਹਾਂ। ਇਸ ਗੱਲ ਦੀ ਸਮਝ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਆਪ ਸਾਰੀ ਗੁਰਬਾਣੀ ਪੜ੍ਹਾਂਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132
ਮੇਲਾ ਮੇਲੀਆਂ ਦਾ - ਗੁਰਚਰਨ ਸਿੰਘ ਜਿਉਣ ਵਾਲਾ
ਕਈ ਸਾਲਾਂ ਬਾਅਦ ਤਿੰਨ ਨਵੰਬਰ ਵੀਹ ਸੌ ਤੇਈ ਨੂੰ ਮੈਂ ਹੌਂਸਲਾ ਜਿਹਾ ਕਰਕੇ ਸੈਕਰਾਮਿੰਟੋ ਜਾ ਪਹੁੰਚਿਆ। ਸੈਲ ਫੂੰਨ ਘਰ ਭੁੱਲਣ ਕਾਰਨ ਰਸਤੇ ਵਿਚ ਕਿਹੜੀ ਕਿਹੜੀ ਮਸੀਬਤ ਦਾ ਸਾਹਮਣਾ ਕਰਨਾ ਪਿਆ ਇਹ ਲਿਖਣਾ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ ਪਰ ਹਾਂ ਮੱਦਦ ਕਰਨ ਵਾਲਿਆਂ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਹੈ ਨਾ। ਜਦੋਂ ਅਸੀਂ ਡੈਨਵਰ ਏਅਰ ਪੋਰਟ ਤੇ ਬੈਠੇ ਅਗਲੀ ਉਡਾਣ ਦੀ ਦੀ ਉਡੀਕ ਕਰ ਰਹੇ ਸਾਂ ਤਾਂ ਮੇਰੀ ਨਜ਼ਰ ਇਕ ਅੰਮ੍ਰਿਤਧਾਰੀ ਗੁਰਸਿੱਖ, ਹਰਕੀਰਤ ਸਿੰਘ ਸੰਧੂ, ਜੋ ਸ਼ਿਕਾਗੋ ਤੋਂ ਹਨ, ਨਾਲ ਜਾ ਮਿਲੀ। ਉਨ੍ਹਾਂ ਮੇਰੀ ਬੇਨਤੀ ਸਵੀਕਾਰ ਕਰਕੇ ਮੈਨੂੰ ਦੋ ਚਾਰ ਇੱਧਰ ਉੱਧਰ ਫੂੰਨ ਕਰਨ ਲਈ ਆਪਣਾ ਸੈਲ ਫੂੰਨ ਦੇ ਦਿੱਤਾ ਤੇ ਮੈਂ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਕੇ ਸਿਰਦਾਰ ਜੀ ਨੂੰ ਧੰਨਵਾਦ ਸਹਿਤ ਫੂੰਨ ਵਾਪਸ ਕਰ ਦਿੱਤਾ।
ਕਈਆਂ ਸੱਜਣਾਂ ਮਿੱਤਰਾਂ ਨੂੰ ਭੇਜੀਆਂ ਗਈਆਂ ਕਿਤਾਬਾਂ ਜਿਉਂ ਦੀਆ ਤਿਉਂ ਹੀ ਪਾਈਆਂ ਸਨ। ਪੈਸਾ ਤਾਂ ਬਹੁਤ ਸਾਰੇ ਮਿੱਤਰ ਦੋਸਤ ਕਿਤਾਬਾਂ ਦੀ ਛਪਾਈ ਵਾਸਤੇ ਦੇ ਹੀ ਦਿੰਦੇ ਹਨ ਪਰ ਇਨ੍ਹਾਂ ਨੂੰ ਲੋਕਾਂ ਤਕ ਪਹੁੰਚਾਣ ਲਈ ਸਮਾ ਨਹੀਂ ਕੱਢ ਸਕਦੇ ਯਾ ਹੋਂਸਲਾ ਹੀ ਨਹੀਂ ਕਰਦੇ, ਕਿਸੇ ਵਜ੍ਹਾ ਕਰਕੇ। ਇਸ ਕਰਕੇ ਮੈਂ ਆਪਣੇ ਪਰਮ ਮਿੱਤਰ ਚਮਕੌਰ ਸਿੰਘ ਨੂੰ ਨਾਲ ਲੈ ਕੇ ਚਾਰ ਨਵੰਬਰ ਨੂੰ ਸਵੇਰੇ ਗਿਆਰਾਂ ਕੁ ਵਜੇ ਯੂਬਾ ਸਿੱਟੀ ਨਗਰ ਕੀਰਤਨ ਵਾਲੀ ਜਗ੍ਹਾ ਪਹੁੰਚ ਗਿਆ ਅਤੇ ਅਸੀਂ ਦੋਹਾਂ ਨੇ ਸ਼ਾਮ ਤਕ ਤਕਰੀਬਨ ਦਸ ਗਿਆਰਾਂ ਵੱਡੇ ਬਕਸੇ ਕਿਤਬਾਂ ਅਤੇ ਮੈਗਜ਼ੀਨਾਂ ਦੇ ਆਈਆਂ ਸੰਗਤਾਂ ਦੇ ਹੱਥਾਂ ਵਿਚ ਦੇ ਦਿੱਤੇ।
ਅਗਲੇ ਦਿੱਨ ਸੱਤ ਵਜੇ ਸਵੇਰੇ ਹੀ ਅਸਾਂ ਦੋਹਾਂ ਨੇ ਮੁੜ ਮੋਰਚਾ ਜਾ ਸੰਭਾਲਿਆ। ਬਸ ਫਿਰ ਕੀ ਸੀ ਤੇ ਕੀ ਨਹੀਂ ਪਤਾ ਹੀ ਨਹੀਂ ਚੱਲਿਆ ਕਿ ਸੱਤ ਤੋਂ ਸ਼ਾਮ ਦੇ ਸਾਡੇ ਚਾਰ ਕਦੋਂ ਵੱਜ ਗਏ ਤੇ ਅਸੀਂ ਬਾਈ ਦੇ ਬਾਈ ਬਕਸੇ ਕਿਤਬਾਂ, ਮੈਗਜ਼ੀਨਜ਼ ਅਤੇ ਤਿੰਨ-ਚਾਰ ਕੁ ਹਜ਼ਾਰ ਦੇ ਨੇੜ ‘ਸਿੱਖ ਕੌਣ ਹਨ’ ਵਾਲੇ ਪੈਂਫਲਿਟ ਵੰਡ ਕੇ ਸਾਰੀ ਦਿਹਾੜੀ ਦੇ ਭੁੱਖੇ ਤਿਹਾਏ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਸ਼ਹਿਰ ਵਿਚ ਗੇੜਾ ਦੇਣ ਲਈ ਲਿਜਾਇਆ ਜਾ ਰਿਹਾ ਸੀ ਤਾਂ, ਅਸੀਂ ਦੋਨੋਂ ਸਾਥੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਲਈ ਦੂਰ ਕਿਸੇ ਸਟਾਲ ਤੇ ਜਾ ਪਹੁੰਚੇ। ਲੋੜ ਮੁਤਾਬਕ ਰੋਟੀ ਸਾਗ ਅਤੇ ਜਲੇਬੀਆਂ ਥਾਲੀਆਂ ਵਿਚ ਪਾ ਕੇ ਅਸੀਂ ਬੈਠਣ ਲਈ ਜਗ੍ਹਾ ਢੂੰਡਦੇ ਢੂੰਡਦੇ ਕਿਸੇ ਨੁਕਰੇ ਇਕ ਮੇਜ ਨਾਲ ਦੋ ਲੱਗੀਆਂ ਕੁਰਸੀਆਂ ਲੱਭ ਕੇ ਬੈਠ ਗਏ। ਖਾਣਾ ਤਾਂ ਚਲੋ ਖਾਣਾ ਹੀ ਸੀ ਪਰ ਚਮਕੌਰ ਸਿੰਘ ਵਾਲੇ ਪਾਸੇ ਇਕ ਬੀਬੀ ਬੈਠੀ ਸੀ, ਜਿਹੜੀ ਮਾਯੂਸ ਤੇ ਉਦਾਸ ਦਿੱਸ ਰਹੀ ਸੀ, ਜਿਸ ਦੀ ਸੱਸ ਤੇ ਉਹਦਾ ਆਦਮੀ ਵੀ ਨਾਲ ਹੀ ਸਿਆਟਲ ਕੋਲੋਂ ਕਿਸੇ ਛੋਟੇ ਸ਼ਹਿਰ, ਬੁਰਲਿੰਗਟਨ ਯਾ ਵਾਸ਼ਿੰਗਟਨ, ਤੋਂ ਆਏ ਸਨ। ਗੱਲਾਂ ਕਰਦਿਆਂ ਕਰਦਿਆਂ ਗੱਲ ਸਾਹਮਣੇ ਆਈ ਕਿ ਉਹ ਕਿਸੇ ਮਹਾਂਪੁਰਖ ਦੀ ਭਾਲ ਵਿਚ ਇਸ ਮੇਲੇ ਤੇ ਆਏ ਹਨ ਜਿਸ ਦੀ ਅਸ਼ੀਰਵਾਦ ਨਾਲ ਹੋ ਸਕਦਾ ਹੈ ਕਿ ਉਨ੍ਹਾਂ ਦੇ ਘਰ ਕੋਈ ਬਾਲ ਜਨਮ ਲੈ ਲਵੇ।
ਬਸ ਫਿਰ ਚਮਕੌਰ ਸਿੰਘ ਨੇ ਗੁਰਬਾਣੀ, “ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥ ਬਿੰਬ ਬਿਨਾ ਕੈਸੇ ਕਪਰੇ ਧੋਈ॥ ਘੋਰ ਬਿਨਾ ਕੈਸੇ ਅਸਵਾਰ॥ ਸਾਧੂ ਬਿਨ ਨਾਹੀ ਦਰਬਾਰ”॥ ਮੁਤਾਬਕ ਉਸ ਮਾਈ ਤੇ ਉਸ ਦੀ ਨੂੰਹ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਬੇ ਨਾਨਕੀ ਦੇ ਘਰ ਉਲਾਦ ਨਹੀਂ ਸੀ ਜੇਕਰ ਕਿਸੇ ਮਹਾਂਪੁਰਖ ਦੇ ਕਹਿਣ ਤੇ ਬੇਬੇ ਨਾਨਕੀ ਦੇ ਘਰ ਉਲਾਦ ਹੋ ਸਕਦੀ ਹੁੰਦੀ ਤਾਂ ਬਾਬਾ ਨਾਨਕ ਜ਼ਰੂਰ ਆਪਣੀ ਭੇਣ ਨੂੰ ਉਲਾਦ ਦੀ ਬਖਸ਼ਿਸ਼ ਕਰਦੇ। ਬਾਬੇ ਤੋਂ ਵੱਡਾ ਤੇ ਕੋਈ ਮਹਾਂਪੁਰਖ ਨਹੀਂ ਹੈ ਨਾ ਸਿੱਖਾਂ ਵਾਸਤੇ, ਪਰ ਨਹੀਂ, ਬਾਬਾ ਜੀ ਨੇ ਆਪਣਾ ਵੱਡਾ ਪੁੱਤਰ ਹੀ ਆਪਣੀ ਭੈਣ ਨੂੰ ਦੇ ਦਿੱਤਾ।
ਭੈਣੇ ਮੇਰੀਏ ਆਪਣੇ ਪੁੱਤਰ ਤੇ ਨੂੰਹ ਦਾ ਡਾਕਟਰੀ ਮੁਆਇਨਾ ਕਰਵਾ ਫਿਰ ਪੱਤਾ ਚੱਲੂ ਕਿ ਨੁਕਸ ਕਿਸ ਵਿਚ ਹੈ। ਤੇ ਡਾਕਟਰੀ ਇਲਾਜ਼ ਕਰਵਾਉਣ ਤੋਂ ਬਾਅਦ ਬੱਚਾ ਵੀ ਹੋਊ ਪਰ ਰੁਮੀ ਵਾਲੇ ਬੂਬਨੇ ਸਾਧ ਦੇ ਚੱਕਰ ਵਿਚ ਨਾ ਫਸ ਜਾਇਓ ਜਿਹੜਾ ਮਿੱਟੀ ਖੁਆ ਖੁਆ ਕੇ ਔਰਤਾਂ ਨੂੰ ਮੁੰਡੇ ਹੀ, ਕੁੜੀਆਂ ਨਹੀਂ, ਦੇਈ ਜਾਂਦਾ ਹੈ ਯਾ ਫਿਰ ਪਟਿਆਲੇ ਵਾਲਾ ਠਾਕੁਰ ਸਿੰਘ, ਦੁਨੀਆ ਦਾ ਵੱਡਾ ਗੱਪੀ, ਸੇਬਾਂ ਨਾਲ ਮੁੰਡਿਆਂ ਦੀਆਂ ਲਾਈਨਾਂ ਲਾਈ ਜਾਂਦਾ ਹੈ, ਇਹ ਸੱਭ ਗੱਪ ਹਨ। ਪੁਰਾਣੀਆਂ ਗੱਲਾਂ ਛੱਡੋ, ਨਵੇਂ ਰਸਤੇ ਅਖਤਿਆਰ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੇ ਪੈਸਾ ਤੇ ਆਪਣੀ ਇੱਜ਼ਤ ਬਚਾਉਣੀ ਹੈ ਤਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦਸ ਕੁ ਫੁੱਟ ਧਰਤੀ ਤੋਂ ਉੱਚੀ ਕਿਸੇ ਟਰੱਕ ਤੇ ਪ੍ਰਕਾਸ਼ ਕਰਕੇ ਗੁਰਦਵਾਰਾ ਸਾਹਿਬ ਤੋਂ ਬਾਹਰ ਲਿਆਂਦੀ ਗਈ। ਪਾਣੀ ਵਾਲੀਆਂ ਨਿੱਕੀਆਂ ਨਿੱਕੀਆਂ ਪਲਾਸਟਕ ਦੀਆਂ ਬੋਤਲਾਂ ਦੇ ਢੱਕਣਾਂ ਵਿਚ ਗਲੀਆਂ ਕਰਕੇ ਨੌਜਵਾਨ ਮੁੰਡੇ ਕੁੜੀਆਂ ਟਰੱਕ ਦੇ ਅੱਗੇ ਅੱਗੇ ਛਿੜਕਾ ਕਰੀ ਜਾ ਰਹੇ ਸਨ ਤੇ ਦਸ ਬਾਰਾਂ ਦੇ ਕਰੀਬ ਝਾੜੂ ਵਾਲੇ, ਕੋਈ ਇੱਧਰ ਨੂੰ ਤੇ ਕੋਈ ਉੱਧਰ ਨੂੰ ਸੜਕ ਸਾਫ ਕਰ ਰਹੇ ਸਨ ਜਿੱਥੇ ਨਾ ਕੋਈ ਗੰਦ ਸੀ ਤੇ ਨਾ ਹੀ ਮਿੱਟੀ। ਇਸ ਵਾਰ ਪਹਿਲੀ ਵਾਰ ਇਨ੍ਹਾਂ ਹੀ ਝਾੜੂਬਰਦਾਰਾਂ ਕੋਲੋਂ ਸੁਣਨ ਨੂੰ ਮਿਲਿਆ ਕਿ ਇਹ ਅਸੀਂ ਅੰਧਵਿਸ਼ਵਾਸ ਪਾਲ ਰਹੇ ਹਾਂ ਪਰ ਫਿਰ ਵੀ ਕਰ ਰਹੇ ਹਾਂ। ਜਿਹੜੀ ਜਨਤਾ ਸੜਕ ਤੇ ਖੜ੍ਹੀ ਦਿੱਸ ਰਹੀ ਸੀ ਉਹ ਆਪਣੀਆਂ ਜੇਬਾਂ ਵਿਚੋਂ ਨੋਟ ਕੱਢ ਕੇ ਹੱਥ ਵਿਚ ਫੜੀ ਤੇ ਸੇਵਾਦਾਰਾਂ ਨੂੰ ਦਿੰਦੇ ਦਿਖਾਈ ਦੇ ਰਹੇ ਸਨ ਜਿਵੇਂ ਏਥੇ ਗੁਰੂ ਜੀ ਨੂੰ ਮੱਥਾ ਟੇਕਣ ਦਾ ਕੋਈ ਹੋਰ ਲਾਭ ਹੁੰਦਾ ਹੋਵੇ ਉਸ ਨਾਲੋਂ ਜਿਹੜਾ ਅਸੀਂ ਗੁਰਦਵਾਰੇ ਅੰਦਰ ਟੇਕ ਕੇ ਆਏ ਹਾਂ। ਪਰ ਕਿਸੇ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੱਥਾ ਟੇਕਣ ਦਾ ਕੀ ਮਤਲਬ ਹੈ, ਮੱਥਾ ਟੇਕਣਾ ਕਿਵੇਂ ਹੈ ਜੋ ਗੁਰੂ ਸਾਹਿਬ ਜੀ ਨੂੰ ਸਵੀਕਾਰਤ ਹੈ? ਹਰ ਗੱਲ ਤੇ ਅਸੀਂ ਇਹ ਹੀ ਸੁਣ ਰਹੇ ਸੀ ਕਿ ਇਹ ਆਪਣੀ ਆਪਣੀ ਸ਼ਰਧਾ ਹੈ ਤੇ ਨਾ ਹੀ ਲੋਕਾਂ ਨੂੰ ਇਹ ਪਤਾ ਹੈ ਕਿ ਸ਼ਰਧਾ ਦਾ ਮਤਲਬ ਕੀ ਹੈ। ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ ਸ਼ਰਧਾ ਦੇ ਮਤਲਬ ਦਾ ਤਾਂ ਸਾਬਕਾ ਪਟਨੇ ਵਾਲੇ ਜੱਥੇਦਾਰ ਇਕਬਾਲ ਸਿੰਘ ਨੂੰ ਵੀ ਨਹੀਂ ਪਤਾ ਊਂ ਅਸੀਂ ਜੱਥੇਦਾਰ ਹਾਂ?
ਕਿਸੇ ਨੇ ਲੰਗਰ ਇਕ ਦਿੱਨ ਲਗਾਇਆ ਤੇ ਕਿਸੇ ਨੇ ਦੋਨੋ ਦਿੱਨ ਅਖੇ ਜੀ ਸਾਡੀ ਸ਼ਰਧਾ ਹੈ। ਕਈ ਆਪਣੇ ਵੱਡੇ ਵੱਡੇ ਝੋਲੇ ਵੀ ਨਾਲ ਲਿਆਏ ਸਨ ਤੇ ਉਹ ਦੋ ਚੰਹੂ ਦਿੱਨਾਂ ਦੀ ਰਸਦ ਇਕੱਠੀ ਕਰਕੇ ਘਰਾਂ ਨੂੰ ਚੱਲਦੇ ਬਣੇ। ਕੋਈ ਗੰਨੇ ਦਾ ਰਸ ਪਿਲਾ ਰਿਹਾ ਸੀ, ਕੋਈ ਬਰਗਰ ਖਲਾ ਰਿਹਾ ਸੀ, ਕੋਈ ਕੁਲਫੀਆਂ ਵੰਡ ਰਿਹਾ ਸੀ ਜਾਣੀ ਖਾਣ ਵਾਸਤੇ ਹਰ ਕਿਸਮ ਦੀ ਚੀਜ ਉਪਲੱਬਧ ਸੀ ਪਰ ਕਿਤਾਬਾਂ ਖਰੀਦਣ ਲਈ ਐਵੇਂ ਦੋ ਚਾਰ ਸਟਾਲ ਹੀ ਸਨ ਤੇ ਮੁਫਤ ਵਿਚ ਵੰਡਣ ਲਈ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਾਲੇ ਹੀ ਸਨ, ਪਰ ਫਿਰ ਵੀ ਸਾਨੂੰ ਕੁੱਝ ਕੁ ਸੱਜਣਾਂ ਨੇ ਦੋ ਦੋ, ਪੰਜ ਪੰਜ ਤੇ ਵੀਹ ਕੁ ਡਾਲਰ ਦੇ ਨੋਟਾਂ ਨਾਲ ਸਤਿਕਾਰਿਆ ਤੇ ਇਕ ਨੌਜਵਾਨ ਜੋ ਲੁਧਿਆਣੇ ਮਿਸ਼ਨਰੀ ਕਾਲਜ਼ ਤੋਂ ਪੜ ਕੇ ਆਇਆ ਸੀ, ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ, ਤੁਸੀਂ ਸੇਵਾ ਕਰ ਰਹੇ ਹੋ ਤੇ ਉਹ ਇਕ ਕਿਤਾਬ ਦਾ ਸਾਨੂੰ ਸੌ ਅਮਰੀਕਨ ਡਾਲਰ ਦੇ ਗਿਆ। ਇਸ ਤਰ੍ਹਾਂ ਸਾਡੇ ਕੋਲ ਤਕਰੀਬਨ ਅੱਠ ਸੌ ਡਾਲਰ ਇਕੱਠਾ ਹੋਇਆ ਤੇ ਉਹ ਵੀ ਬਗੈਰ ਮੰਗਣ ਦੇ। ਕੁੱਝ ਬੀਬੀਆਂ ਐਸੀਆਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੂੰ ਪੜ੍ਹਨਾ ਤੇ ਨਹੀਂ ਆਉਂਦਾ ਸੀ ਪਰ ਕਿਤਾਬ ਲੈ ਕੇ ਝੋਲੇ ਵਿਚ ਇੰਞ ਮਾਰੀ ਜਿਵੇਂ ਮੁਫਤ ਵਿਚ ਕੋਈ ਖਾਣ ਵਾਲੀ ਵਸਤੂ ਮਿਲੀ ਹੋਵੇ। ਪੁੱਛਣ ਤੇ ਜਵਾਬ ਮਿਲਿਆ ਕਿ ਭਾਈ ਪੜ੍ਹਨੀ ਤਾਂ ਨਹੀਂ ਆਉਂਦੀ ਪਰ ਬਾਗ ਵਿਚ ਅੱਗ ਮਚਾਉਣ ਦੇ ਕੰਮ ਤਾਂ ਆਊਗੀ। ਇਹ ਸੁਣ ਕੇ ਮੈਂ ਕਿਤਾਬ ਝੋਲੇ ਵਿਚੋਂ ਕੱਢ ਕਿਸੇ ਹੋਰ ਦੇ ਹੱਥ ਫੜਾਈ ਜੋ ਮੈਨੂੰ ਸਮਝਦਾਰ ਲੱਗਿਆ। ਮੇਰੇ ਆਪਣੇ ਦੋਸਤ ਵੀ ਮਿਲੇ ਪਰ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਦੋ ਚਾਰ ਮਿੰਟ ਕਿਤਾਬਾਂ ਵੰਡਣ ਦਾ ਕੰਮ ਕਰਨ ਤੋਂ ਇਨਕਾਰ ਕਰ ਗਏ। ਇਨ੍ਹਾਂ ਦੋ ਚਾਰ ਘਟਨਾ ਰਾਹੀਂ ਮੈਂ ਸਿੱਖ ਸਮਾਜ ਦੇ ਦਿਮਾਗੀ ਪੱਧਰ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਜੋ ਬਹੁਤ ਹੀ ਤਰਸ ਯੋਗ ਹੈ। ਪਤਾ ਨਹੀਂ ਕਿੰਨ੍ਹੇ ਲੋਕਾਂ ਹਵਾਈ ਸੈਰ ਕਰਕੇ, ਦਿਹਾੜੀਆਂ ਭੰਨ ਕੇ, ਸਕਿਉਰਟੀ ਵਾਲਿਆਂ ਨੂੰ ਲੱਖਾਂ ਡਾਲਰ ਦੇ ਕੇ, ਸਟਾਲ ਲਾਉਣ ਲਈ ਥਾਵਾਂ ਦਾ ਕਰਾਇਆ ਤੇ ਕੇ ਅਤੇ ਲੰਗਰ ਛਕਾ ਕੇ ਆਪਣਾ ਆਪਣਾ ਸ਼ੋਂਕ ਪੂਰਾ ਕੀਤਾ ਤੇ ਲੱਖਾਂ ਡਾਲਰਾਂ ਨੂੰ ਖੂਹ ਵਿਚ ਸੁਟਿਆ। ਜੇ ਕਿਤੇ ਏਹੀ ਪੈਸਾ ਅਸੀਂ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਲਾਉਣਾ ਸਿੱਖ ਲੈਂਦੇ ਤਾਂ ਅੱਜ ਸਿੱਖਾਂ ਵਿਚ ਗਰੀਬੀ ਦਾ ਨਾਓ-ਨਿਸ਼ਾਨ ਵੀ ਨਹੀਂ ਸੀ ਦਿਸਣਾ ਜਿਵੇਂ ਦੁਨੀਆ ਦੇ ਕੁੱਝ ਕਬੀਲੇ ਅੱਜ ਵੀ ਆਪਣੀ ਕੌਮ ਦੇ ਲੋਕਾਂ ਦੀ ਇਕੱਠੇ ਹੋ ਕੇ ਮੱਦਦ ਕਰਦੇ ਹਨ। ਪਰ ਨਹੀਂ ਸਾਨੂੰ ਤਾਂ ਸਾਡੀ ਸ਼ਰਧਾ ਹੀ ਪਿਆਰੀ ਲੱਗਦੀ ਹੈ। ਢੋਲਕੀਆਂ ਛੈਣਿਆਂ ਦੀ ਖੜਖੜਾਹਟ ਵਿਚ ਕੀਰਤਨੀਏ ਸਿੰਘਾਂ ਦੀ ਅਵਾਜ ਵੀ ਗੁੰਮ ਹੋ ਗਈ ਪਰ ਖਲਸਤਾਨ ਦੇ ਨਾਹਰੇ ਮਾਰਨ ਵਾਲਿਆਂ ਦੀ ਅਵਾਜ਼ ਉੱਤਨਾ ਚਿਰ ਸੁਣਦੀ ਰਹੀ ਜਿੱਤਨਾ ਚਿਰ ਉੱਥੇ ਲੜਾਈ ਨੇ ਆਪਣਾ ਜੌਹਰ ਨਹੀਂ ਦਿਖਾਇਆ। ਸਿੱਖ ਨੇ ਸਿੱਖ ਕੌਮ ਤੋਂ ਕੀ ਲੈਣਾ ਹੈ ਮੇਰੇ ਮਨ ਵਿਚ ਇਹ ਮੇਲਾ ਸਵਾਲ ਛੱਡ ਗਿਆ ਏ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
ਗੁਰੂ ਗੋਬਿੰਦ ਸਿੰਘ ਦਾ ਸਿੰਘ ਤੇ ਘਰ ਰੱਖੇ ਚੋਰਾਂ ਨੂੰ? - ਗੁਰਚਰਨ ਸਿੰਘ ਜਿਉਣਵਾਲਾ
ਮੈਂ ਤਾਂ ਅੱਜ ਤਕ ਇਹੀ ਸੁਣਿਆ ਸੀ ਕਿ ਮੁਗਲ ਹਕੂਮਤ, ਜੋ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਤੁਲੀ ਹੋਈ ਸੀ, ਉਹ ਵੀ ਸਿੱਖ ਦੀ ਗਵਾਹੀ ਤੇ ਵਿਸ਼ਵਾਸ਼ ਕਰਕੇ ਹੀ ਫੈਸਲਾ ਸੁਣਾਉਂਦੀ ਸੀ। ਗੁਰੂ ਗੋਬਿੰਦ ਸਿੰਘ ਜੀ! ਤੁਸੀਂ ਇਹ ਇਕ ਅਜੀਬ ਚਰਿਤ੍ਰ ਲਿਖਿਆ ਹੈ ਕਿ ਤੁਹਾਡੇ ਸਿੱਖ ਹੀ ਚੋਰਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦੇ ਸਨ। ਇਕ ਸਿੱਖ ਦੀ ਘਾੜਤ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਘੜੀ ਜਾ ਰਹੀ ਹੈ ਇਹ ਓਹ ਤੇ ਹੈ ਨਹੀਂ? ਮੇਰੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ “ਮਾਰਿਆ ਸਿਕਾ ਜਗਤੁ ਵਿਚਿ ਨਾਨਕ ਨਿਰਮਲ ਪੰਥ ਚਲਾਇਆ” ਦੇ ਨਿਰਮਲ ਸਿਧਾਂਤ ਨੂੰ ਦਸਮੇ ਪਿਤਾ ਆਪ ਤਿਲਾਂਜਲੀ ਦੇ ਗਏ ਜਾਂ ਕਿਸੇ ਸਾਜ਼ਿਸ਼ ਅਧੀਨ ਤੁਹਾਨੂੰ ਇਸ ਤਰ੍ਹਾਂ ਦੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗੁਰੂ ਪਿਤਾ ਜੀ ਕੁੱਝ ਖੋੜਸ ਦਿਮਾਗ, ਜੋ ਆਪਣੇ ਆਪ ਨੂੰ ਪ੍ਰੰਪਰਾਵਾਦੀ ਸਿੱਖ ਅਖਵਾਉਂਦੇ ਹਨ, ਜਿਵੇ:- ਹਰਨਾਮ ਸਿੰਘ ਧੂੰਮਾ ਤੇ ਦੂਜਾ ਭਾਈ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ, ਭਾਈ ਰਣਧੀਰ ਸਿੰਘ ਦੇ ਜੱਥੇਵਾਲੇ ਜੋ ਰਾਗਮਾਲਾ ਨੂੰ ਤੇ ਨਹੀਂ ਮੰਨਦੇ ਪਰ ਜਿਸ ਗ੍ਰੰਥ ਵਿਚ ਇਹ ਦਰਜ ਹੈ ਉਸ ਦਸਮ ਗ੍ਰੰਥ ਨੂੰ ਜ਼ਰੂਰ ਮੰਨਦੇ ਹਨ, ਪਟਿਆਲਾ ਯੂਨੀਵਰਸਿਟੀ ਦੇ ਡਾ. ਹਰਪਾਲ ਸਿੰਘ ਪੰਨੂੰ, ਡਾ. ਯੋਧ ਸਿੰਘ. ਡਾ. ਅਨੁਰਾਗ ਸਿੰਘ, ਵਕੀਲ ਗੁਰਚਰਨ-ਜੀਤ ਸਿੰਘ ਲਾਂਬਾ, ਸ਼ੇਰ ਸਿੰਘ ਨਿਹੰਗ ਅੰਬਾਲਾ ਅਤੇ ਤਖਤਾਂ ਦੇ ਜੱਥੇਦਾਰ ਜਿਵੇਂ ਇਕਬਾਲ ਸਿੰਘ ਪਟਨੇ ਵਾਲਾ ਤੇ ਕੁੱਝ ਹੋਰ, ਕੀ ਇਹ ਸਿੱਖ ਅਖਵਾਉਣ ਦੇ ਵੀ ਹੱਕਦਾਰ ਹਨ? ਦਸਮ ਗ੍ਰੰਥ ਦੇ ਪੰਨਾ 891 ਅਤੇ 893 ਤੇ ਕ੍ਰਮ ਅਨੁਸਾਰ 62ਵੇਂ ਅਤੇ 64ਵੇਂ ਚਰਿਤ੍ਰ ‘ਚ ਮਹਾਂ ਸਿੰਘ ਅਤੇ ਮੈਂਗਲ ਸਿੰਘ ਦਾ ਜੋ ਚਾਲ-ਚੱਲਣ ਬਿਆਨ ਕੀਤਾ ਗਿਆ ਹੈ ਕੀ ਇਹ ਗੁਰਬਾਣੀ ਦੀ ‘ਸਚੀ ਟਕਸਾਲੁ’ ਦੀ ਘਾੜਤ ਅਨੁਸਾਰ ਹੈ? ਆਓ ਵੇਖੀਏ ਕਿ ਦਸਮ ਗ੍ਰੰਥ ਦਾ 62ਵਾਂ ਚਰਿਤ੍ਰ ਦਸਮ ਗ੍ਰੰਥ ਪੰਨਾ 891 ਕੀ ਸਿੱਖਿਆ ਦਿੰਦਾ ਹੈ।
ਦੋਹਰਾ॥ ਮਹਾ ਸਿੰਘ ਕੇ ਘਰ ਬਿਖੈ ਤਸਕਰ ਰਹੈ ਅਪਾਰ ॥ ਨਿਤਿਪ੍ਰਤਿ ਤਾ ਕੇ ਲ੍ਯਾਵਹੀ ਅਧਿਕ ਖਜਾਨੋ ਮਾਰਿ ॥੧॥
ਮਹਾਂ ਸਿੰਘ ਦੇ ਘਰ ਵਿਚ ਬਹੁਤ ਚੋਰ ਰਹਿੰਦੇ ਹਨ। ਨਿੱਤ ਪ੍ਰਤਿ ਬਹੁਤ ਖਜ਼ਾਨੇ (ਧਨ ਦੌਲਤ) ਲੁੱਟ ਕੇ ਉਸ ਨੂੰ ਲਿਆ ਕੇ ਦਿੰਦੇ।1।
ਚੌਪਈ।
ਹਰਨ ਦਰਬੁ ਤਸਕਰ ਚਲਿ ਆਯੋ ॥ ਸੋ ਗਹਿ ਲਯੋ ਜਾਨ ਨਹਿ ਪਾਯੋ ॥ ਮਹਾ ਸਿੰਘ ਤਾ ਕੋ ਯੌ ਕਹਿਯੋ ॥ ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ ॥੨॥ ਇਕ ਚੋਰ ਧਨ ਚੁਰਾਉਣ ਲਈ (ਉਥੇ) ਆ ਗਿਆ। ਉਸ (ਮਹਾਂ ਸਿੰਘ ਨੇ) ਪਕੜ ਲਿਆ ਅਤੇ ਜਾਣ ਨਾ ਦਿੱਤਾ। ਮਹਾਂ ਸਿੰਘ ਨੇ ਉਸ ਨੂੰ ਇਸ ਤਰ੍ਹਾਂ ਕਿਹਾ- ਤੂੰ ਆਪਣੇ ਚਿਤ ਵਿਚ ਪੱਕਾ ਰਹੀਂ।2।
ਦੋਹਰਾ ॥ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹ੍ਵੈ ਤਰਵਾਰਿ ॥ ਤੁਮ ਡਰਿ ਕਛੁ ਨ ਉਚਾਰਿਯੋ ਲੈ ਹੋ ਜਿਯਤ ਉਬਾਰਿ ॥੩॥
ਚੌਪਈ ॥ ਤੇਰੇ ਸਿਰ ਉਤੇ (ਸਿਪਾਹੀ) ਤਲਵਾਰ ਕੱਢ ਕੇ ਖੜੋਤੇ ਹੋਣਗੇ ਪਰ ਤੂੰ ਡਰ ਕੇ ਕੁੱਝ ਨ ਬੋਲੀਂ, ਮੈਂ ਤੈਨੂੰ ਜੀਉਂਦਾ ਬਚਾ ਲਵਾਂਗਾ।3।
ਚੌਪਈ। ਤੁਮ ਕੋ ਮਾਰਨ ਕੌ ਲੈ ਜੈਹੈ ॥ ਕਾਢਿ ਭਗਵੌਤੀ ਠਾਢੇ ਹ੍ਵੈ ਹੈ ॥ ਢੀਠਤੁ ਆਪਨ ਚਿਤ ਮੈ ਗਹਿਯਹੁ ॥ ਤ੍ਰਾਸ ਮਾਨਿ ਕਛੁ ਤਿਨੈ ਨ ਕਹਿਯਹੁ ॥੪॥ ਤੈਨੂੰ ਮਾਰਨ ਲਈ ਲੈ ਜਾਣਗੇ। ਤਲਵਾਰਾਂ ਕੱਢ ਕੇ ਖਲੋਤੇ ਹੋਣਗੇ। (ਤੂੰ) ਆਪਣੇ ਚਿਤ ਵਿਚ ਦ੍ਰਿੜ੍ਹ ਰਹੀਂ ਅਤੇ ਡਰ ਮੰਨ ਕੇ ਉਨ੍ਹਾ ਨੂੰ ਕੁੱਝ ਨ ਕਹੀਂ।4।
ਦੋਹਰਾ ॥
ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ ॥ ਤੁਰਤ ਘਾਵ ਤਾ ਕੋ ਕਿਯੋ ਹਨਤ ਨ ਲਾਗੀ ਬਾਰਿ ॥੫॥
ਉਸ ਤੋਂ ਬਹੁਤ ਢੀਠਾਈ ਕਰਵਾ ਕੇ ਤਲਵਾਰ ਕੱਢ ਲਈ ਅਤੇ ਉਸ ਉਤੇ ਤੁਰਤ ਵਾਰ ਕਰ ਦਿੱਤਾ ਅਤੇ ਮਾਰਨ ਵਿਚ ਜ਼ਰਾ ਦੇਰ ਨ ਲਗੀ।5।
ਤਾ ਕੋ ਹਨਿ ਡਾਰਤ ਭਯੋ ਕਛੂ ਨ ਪਾਯੋ ਖੇਦ ॥ ਗਾਵ ਸੁਖੀ ਅਪਨੇ ਬਸਿਯੋ ਕਿਨੂੰ ਨ ਜਾਨ੍ਯੋ ਭੇਦ ॥੬॥
ਉਸ ਨੂੰ ਮਰਵਾ ਕੇ ਜ਼ਰਾ ਜਿੰਨ੍ਹਾ ਵੀ ਦੁੱਖੀ ਨਾ ਹੋਇਆ। (ਉਹ) ਆਪਣੇ ਪਿੰਡ ਵਿਚ ਸੁਖੀ ਵਸਣ ਲੱਗਾ ਅਤੇ ਉਸ ਦਾ ਭੇਦ ਕਿਸੇ ਨੇ ਵੀ ਨਾ ਪਾਇਆ।6।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥ ਅਰਥਕਾਰ ਡਾ. ਰਤਨ ਸਿੰਘ ਜੱਗੀ।
ਗੁਰੂ ਜੀ ਪਹਿਲੇ ਜਾਮਿਆਂ ‘ਚ ਤੁਸੀਂ ਚੋਰਾਂ ਨੂੰ ਸਿੱਖ/ਚੰਗੇ ਇਨਸਾਨ ਬਣਾਇਆ। ਪਰ ਹੁਣ ਤੁਸੀਂ ਆਪ ਹੀ ਸਿੱਖਾਂ ਦੇ ਚਾਲ-ਚੱਲਣ ਬਾਰੇ ਐਸਾ ਮੰਦਾ ਲਿਖ ਰਹੇ ਹੋ। ਵਿਸ਼ਵਾਸ ਹੀ ਨਹੀਂ ਹੁੰਦਾ ਕਿ ਪਹਿਲੇ ਨੌਂ ਜਾਮਿਆਂ ‘ਚ ਤੁਸੀਂ ਸਿੱਖ ਵੀ ਬਣਾਏ ਸਨ? ਗੁਰੂ ਜੀ! ਕੀ ਤੁਸੀਂ ਵਿਸਾਹਘਾਤੀ ਸਿੱਖ ਪੈਦਾ ਕਰਕੇ ਗਏ ਸੀ?
ਦਸਮ ਗ੍ਰੰਥ ਪੰਨਾ 893॥
ਚੌਪਈ ॥ ਮੈਂਗਲ ਸਿੰਘ ਰਾਵ ਇਕ ਰਹਈ ॥ ਰਘੁ ਬੰਸੀ ਜਾ ਕੋ ਜਗ ਕਹਈ ॥ ਤਾ ਕੇ ਭਵਨ ਏਕ ਬਰ ਨਾਰੀ ॥ ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥ ਇਕ ਮੈਂਗਲ ਸਿੰਘ ਰਾਜਾ ਹੁੰਦਾ ਸੀ। ਉਸ ਨੂੰ ਲੋਕੀਂ ਰਘੂਬੰਸੀ ਕਹਿੰਦੇ ਸਨ। ਉਸ ਦੇ ਘਰ ਇਕ ਸੁੰਦਰ ਇਸਤਰੀ ਸੀ। ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਘੜ ਕੇ ਬਣਾਈ ਹੋਵੇ।1।
ਸੋਰਠਾ ॥ ਦੰਤ ਪ੍ਰਭਾ ਤਿਹ ਨਾਮ ਜਾ ਕੋ ਜਗ ਜਾਨਤ ਸਭੈ ॥ ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ ॥੨॥ਉਸ (ਇਸਤਰੀ) ਦਾ ਨਾਂ ਦੰਤ ਪ੍ਰਭਾ ਸੀ। ਜੋ ਸਾਰਾ ਜਗਤ ਜਾਣਦਾ ਸੀ। ਉਸ ਦੀ ਸੁੰਦਰ ਸ਼ੌਭਾ ਨੂੰ ਵੇਖ ਵੇਖ ਕੇ ਦੇਵਤੇ ਅਤੇ ਇੰਦਰ ਥੱਕ ਜਾਂਦੇ ਸਨ।2।
ਦੋਹਰਾ। ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ ॥ ਬੇਦ ਬ੍ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥
ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ ॥ ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥
ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁੰਨ ਇਕ ਦਾਸੀ ਸੀ।(ਉਹ) ਵੇਦ ਵਿਆਕਰਣ, ਛੇ ਸ਼ਾਸ਼ਤ੍ਰ ਅਤੇ ਕੋਕ ਸ਼ਾਸ਼ਤ੍ਰ ਤੇ ਸੰਗੀਤ ਪੜ੍ਹੀ ਹੋਈ ਸੀ।3।ਉਸ ਦਾ ਰੂਪ ਵੇਖ ਕੇ ਰਾਜਾ ਉਸ ਨਾਲ ਅਟਕ ਗਿਆ। ਪਰ (ਆਪਣੀ) ਇਸਤਰੀ ਤੋਂ ਸੰਗਦਿਆਂ (ਅਰਥਾਤ-ਡਰਦਿਆਂ) ਉਸ ਨੂੰ ਕੁੱਝ ਦੇ ਨਹੀਂ ਸਕਦਾ ਸੀ।4।
ਚੌਪਈ ॥ ਏਕ ਅੰਗੂਠੀ ਨ੍ਰਿਪ ਕਰ ਲਈ ॥ ਲੈ ਤਵਨੈ ਚੇਰੀ ਕੌ ਦਈ ॥ ਤਾਹਿ ਕਥਾ ਇਹ ਭਾਤਿ ਸਿਖਾਈ ॥ ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥ ਇਕ ਅੰਗੂਠੀ ਰਾਜੇ ਨੇ ਹੱਥ ਵਿਚ ਲਈ ਅਤੇ ਲੈ ਕੇ ਉਸ ਦਾਸੀ ਨੂੰ ਦੇ ਦਿੱਤੀ। ਉਸ ਨੂੰ ਇਹ ਗੱਲ ਸਮਝਾ ਦਿੱਤੀ ਕਿ ਕਹਿਣਾ, ਮੈਨੂੰ ਡਿੱਗੀ ਹੋਈ ਮਿਲੀ ਹੈ।5।
ਏਕ ਦਿਵਸ ਨ੍ਰਿਪ ਸਭਾ ਬਨਾਈ ॥ ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ ॥ ਨ੍ਰਿਪਤਿ ਕਹੀ ਮੁੰਦ੍ਰੀ ਮਮ ਗਈ ॥ ਵਹੁ ਕਹਿ ਉਠੀ ਚੀਨਿ ਮੈ ਲਈ ॥੬॥ ਇਕ ਦਿਨ ਰਾਜੇ ਨੇ ਸਭਾ ਬੁਲਾ ਲਈ ਅਤੇ ਸਾਰੀਆਂ ਇਸਤਰੀਆਂ ਨੂੰ ਘਰੋਂ ਬੁਲਾ ਲਿਆ। ਰਾਜੇ ਨੇ ਕਿਹਾ-ਮੇਰੀ ਮੁੰਦਰੀ (ਗੁੰਮ ਹੋ) ਗਈ ਹੈ। ਉਹ ਦਾਸੀ ਉਠ ਕੇ ਕਹਿਣ ਲੱਗੀ- ਮੈਨੂੰ ਮਿਲੀ ਹੈ, ਪਛਾਣ ਲਵੋ।6।
ਯਹ ਮੁੰਦ੍ਰਿਕਾ ਕਹਾ ਤੇ ਪਾਈ ॥ ਡਾਰੀ ਹੁਤੀ ਦ੍ਰਿਸਟਿ ਮਮ ਆਈ ॥ ਸੋ ਮੈ ਕਰਿ ਉਠਾਇ ਕਰ ਲਈ ॥ ਲੈ ਰਾਜਾ ਜੀ ਤੁਮ ਕੌ ਦਈ ॥੭॥(ਰਾਜੇ ਨੇ ਪੁਛਿਆ) ਇਹ ਮੁੰਦਰੀ (ਤੈਨੂੰ) ਕਿਥੋਂ ਮਿਲੀ ਹੈ? (ਰਸਤੇ ਵਿਚ) ਪਈ ਸੀ, ਮੇਰੇ ਨਜ਼ਰ ਚੜ੍ਹ ਗਈ। ਉਹ ਮੈਂ ਹੱਥ ਨਾਲ ਉਠਾ ਲਈ। ਹੇ ਰਾਜਨ! ਹੁਣ ਮੈਂ ਤੁਹਾਨੂੰ ਦਿੰਦੀ ਹਾਂ।7।
ਦੋਹਰਾ ॥ ਜਾ ਕੋ ਪਰਮੇਸੁਰ ਦਈ ਮੈ ਤਾਹੂ ਕੋ ਦੀਨ ॥ ਭੇਦ ਨ ਕਾਹੂ ਤ੍ਰਿਯ ਲਹਿਯੋ ਨ੍ਰਿਪ ਛਲ ਗਯੋ ਪ੍ਰਬੀਨ ॥੮॥
(ਰਾਜੇ ਨੇ ਕਿਹਾ-) ਜਿਸ ਨੂੰ ਪਰਮੇਸ਼ਰ ਨੇ ਦਿੱਤੀ ਹੈ, ਮੈਂ ਉਸੇ ਨੂੰ ਦਿੰਦਾ ਹਾਂ। ਉਸ ਦੀ ਇਸਤਰੀ ਨੇ ਭੇਦ ਨੂੰ ਬਿਲਕੁਲ ਨਾ ਸਮਝਿਆ। ਇਸ ਤਰ੍ਹਾਂ ਪ੍ਰਬੀਨ ਰਾਜੇ ਨੇ ਉਸ ਨੂੰ ਛਲ ਲਿਆ।8।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥
ਗੁਰੂ ਜੀ ਤੁਹਾਡੇ ਸਿੱਖ ਦਾ ਨਾਮ ਮੈਂਗਲ ਸਿੰਘ ਤੇ ਉਸ ਦੀ ਔਰਤ ਦਾ ਨਾਮ ਦੰਤ ਪ੍ਰਭਾ। ਇਹ ਕੈਸਾ ਜੋੜ ਹੈ। ਔਰਤਾਂ ਨੂੰ ਤੇ ਤੁਸੀਂ ‘ਕੌਰ’ ਨਾਮ ਦਿੱਤਾ ਸੀ। ਇਹ ਤੇ ਕਿਸੇ ਪਹਾੜੀ ਔਰਤ ਦਾ ਨਾਮ ਹੈ। ਤੁਹਾਡੇ ਨਾਮ ਨਾਲ ਮੜ੍ਹੇ ਜਾ ਰਹੇ ‘ਦਸਮ ਗ੍ਰੰਥ’ ਵਿਚ ਸਾਰੀਆਂ ਔਰਤਾਂ ਦੇ ਨਾਮ ਪਹਾੜਨਾਂ ਵਾਲੇ ਹਨ। ਕੀ ਤੁਸੀਂ ਕਦੀ ਪੰਜਾਬ ਵਿਚ ਵੀ ਵਿਚਰੇ ਸੀ? ਤੁਹਾਡੇ ਬਚਪਨ ਦੇ 7-8 ਸਾਲਾਂ ਨੂੰ ਛੱਡ ਕੇ, ਜੋ ਤੁਸੀਂ ਪਟਨੇ ਵਿਚ ਬਿਤਾਏ, ਬਾਕੀ ਸਾਰੀ ਉਮਰ ਪੰਜਾਬੀ ਬੋਲਦੇ ਇਲਾਕਿਆਂ ਵਿਚ ਹੀ ਰਹੇ। ਪਰ ਚਰਿਤ੍ਰਾਂ ਵਿਚ ਤਾਂ ਤੁਸੀਂ ਸਿਰਫ ਪਹਾੜਨਾਂ ਨੂੰ ਹੀ ਬਦਨਾਮ ਕਰ ਰਹੇ ਹੋ। ਤੁਹਾਡੇ ਨੇੜੇ ਰਹਿੰਦੀਆਂ ਪੰਜਾਬਣਾਂ ਵਿਚ ਤੁਹਾਨੂੰ ਕੋਈ ਐਬ ਨਹੀਂ ਦਿਸਿਆ? ਰਘੁ ਬੰਸੀ ਤੇ ਮੈਂਗਲ ਸਿੰਘ ਤਾਂ ਲਿਖ ਦਿੱਤਾ ਪਰ ਉਹ ਹੋਇਆ ਕਿਹੜੇ ਸ਼ਹਿਰ ਵਿਚ? ਕੀ ਤੁਸੀਂ ਭੁੱਲੜ ਲਿਖਾਰੀ ਹੋ? ਤੁਹਾਡੇ ‘ਦਸਮ ਗ੍ਰੰਥ’ ਮੁਤਾਬਕ ਤਾਂ ਤੁਸੀਂ ਭੁੱਲੜ ਹੀ ਨਹੀਂ ਸਗੋਂ ਲੋਕਾਂ ਨੂੰ ਖੁਸ਼ ਕਰਕੇ ਪੈਸਾ-ਧੇਲਾ ਕਮਾਉਣ ਦੇ ਲਾਲਚੀ ਵੀ ਹੋ।
ਜਿਵੇਂ:- ਤਾ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸਨ ਜਾਈ ਰਿਝੈ ਹੈ।
ਜੋ ਬਲ ਪੈ ਕਹਿ ਹੈ ਕਬ ਪੰਡਿਤ ਰੀਝ ਘਨੋ ਤਿਹ ਕੋ ਧਨ ਦੇ ਹੈ॥1177॥ (ਕ੍ਰਿਸ਼ਨ ਅਵਤਾਰ)
ਸਾਧਾਰਣ ਕਿਸਮ ਦਾ ਕਵੀ:-
ਧਨਖ ਤੇਜ ਮੈ ਬਰਨਿਯੋ ਕਿਸਨ ਕਥਾ ਕੇ ਕਾਜ।ਅਤਿ ਹੀ ਚੂਕ ਮੋ ਤੇ ਭਈ ਛਿਮੀਯੌ ਸੋ ਮਹਾਰਾਜ॥834॥ (ਕ੍ਰਿਸ਼ਨਾਵਤਾਰ)
ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ। ਮੋ ਸਮਤਕ ਤਵੈ ਪਗ ਸਦਾ ਰਹੈ ਦਾਸ ਕੇ ਭਾਇ॥756॥ (ਕਿਸ਼੍ਰਨਾਵਤਾਰ)
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਧਿ ਬੁਧਵਾਰ। ਨਗਤ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ॥983॥ (ਕਿਸ਼ਨਾਵਤਾਰ)
ਭੁੱਲਾਂ ਲਈ ਮੁਆਫੀ ਮੰਗਣੀ:-
ਜਹ ਭੁਲ ਭਈ ਹਮ ਤੇ ਲਹੀਯੋ। ਸੇ ਕਬੋ ਤਹ ਅਛ੍ਰ ਬਨਾ ਕਹੀਯੋ॥6॥ (ਰਾਮਾਵਤਾਰ)
ਤਾਂਤੇ ਥੋਰੀਯੈ ਕਥਾ ਕਹਾਈ। ਭੁਲਿ ਦੇਖਿ ਕਬ ਲੇਹੁ ਬਨਾਈ॥6॥ (ਨਰ ਅਵਤਾਰ)
ਟਕਸਾਲੀ ਸਿੰਘ ਤਾਂ ਤੁਹਾਡੀ ਕਲਮ ਦੀ ਰਫਤਾਰ ਹਵਾ ਨਾਲੋਂ ਵੀ ਜ਼ਿਆਦਾ ਤੇਜ਼ ਬਿਆਨ ਕਰਦੇ ਥੱਕਦੇ ਨਹੀਂ। ਪਰ ਦਸਮ ਗ੍ਰੰਥ ਲਿਖਦੇ ਸਮੇਂ ਤੁਸੀਂ ਬਾਰ ਬਾਰ ਇਹੀ ਰੱਟ ਲਾਈ ਹੋਈ ਹੈ ਕਿ ‘ਗ੍ਰੰਥ ਬਢਿਨ ਤੇ ਅਧਿਕ ਡਰ ਪਾਊਂ’। ਗੁਰੂ ਜੀ ਕ੍ਰਿਪਾ ਕਰਕੇ ਇਹ ਦੱਸੋ ਕਿ ਟਕਸਾਲੀ ਸਿੰਘ ਠੀਕ ਹਨ ਜਾਂ ਤੁਸੀਂ? ਗੁਰੂ ਗ੍ਰੰਥ ਨੂੰ ਮੰਨਣ ਵਾਲਿਆਂ ਨੂੰ ਤਾਂ ਕੋਈ ਸ਼ੱਕ ਨਹੀਂ ਕਿ ‘ਦਸਮ ਗ੍ਰੰਥ’ ਤੁਹਾਡੀ ਲਿਖਤ ਨਹੀਂ ਹੈ ਤੇ ਨਾ ਹੀ ਉਸ ਸਮੇਂ ਦੇ ਸਿੱਖਾਂ ਦਾ ਚਾਲ-ਚੱਲਣ ਐਸਾ ਹੋ ਸਕਦਾ ਹੈ। ਪਰ ‘ਦਸਮ ਗ੍ਰੰਥ’ ਲਿਖਣ ਤੇ ਲਿਖਵਾਉਣ ਵਾਲਿਆਂ ਨੇ ਜੋ ਵੀ ਸੋਚ ਸਮਝ ਕੇ ਕੀਤਾ ਹੈ ਉਸ ਚਾਲ ਵਿਚ ਉਹ ਕਾਮਯਾਬ ਹੋਏ ਹਨ। ਸਿੱਖ ਅੱਜ ਵਿਸਾਹਘਾਤੀ ਵੀ ਹਨ, ਸ਼ਰਾਬੀ ਤੇ ਕਬਾਬੀ ਵੀ, ਧੋਖੇਬਾਜ਼ , ਕੌਮ-ਘਾਤਕ ਤੇ ਅੱਤ ਦਰਜ਼ੇ ਦੇ ਲਾਲਚੀ ਵੀ। ਇਹ ਸਾਰਾ ਕੁੱਝ ‘ਗੁਰੂ ਗ੍ਰੰਥ’ ਨਾਲੋਂ ਤੋੜਨ ਤੇ “ਦਸਮ ਗ੍ਰੰਥ” ਤੇ ਹੋਰ ਐਰਾ-ਵਗੈਰਾ ਗ੍ਰੰਥਾਂ ਨਾਲ ਜੁੜਨ ਕਰਕੇ ਹੀ ਹੋਇਆ ਹੈ। ਸਿੱਖੋ! ਸਮਾ ਅਵਾਜ਼ਾਂ ਦੇ ਰਿਹਾ ਹੈ ਤੇ ਗੁਰੂ ਦਾ ਅਵਾਜ਼ਾ ਇਹੋ ਹੀ ਹੈ ‘ਗੁਰੂ ਗ੍ਰੰਥ’ ਨਾਲ ਜੁੜਨਾ । “ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ”॥ ਪੰਨਾ 1326॥ ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ) ਕੈਨੇਡਾ # +1 647 966 3132,brar_jiwanwala@hotmail.com
ਸਿੱਖਾਂ ਦੇ ਧਾਰਮਿਕ ਗ੍ਰੰਥਾਂ ਵਿਚ ਵਰਣਤ ਰੱਬਾਂ ਦਾ ਆਪਸੀ ਟਕਰਾਓ - ਗੁਰਚਰਨ ਸਿੰਘ ਜਿਉਣ ਵਾਲਾ
ਦੁਨੀਆਂ ਦੇ ਵੱਡੇ ਪੰਜ-ਸੱਤ ਧਰਮਾਂ ਦੇ ਭਗਵਾਨਾਂ ਨੂੰ ਜੇਕਰ ਇਕ ਪਾਸੇ ਰੱਖ ਕੇ ਬਾਕੀ ਦਿਆਂ ਦੀ ਗੱਲ ਕਰੀਏ ਤਾਂ ਦੁਨੀਆਂ ਵਿਚ ਜਿਤਨੇ ਵੱਡੇ ਵੱਡੇ ਖੇਤਰ ਹਨ ਉਤਨੇ ਹੀ ਵੱਖਰੇ ਵੱਖਰੇ ਰੱਬ/ਪ੍ਰਮਾਤਮਾ/ਭਗਵਾਨ ਹਨ। ਸਾਰੇ ਅਫਰੀਕਾ ਵਿਚ ਹੀ ਕਈ ਸੌ ਕੁ ਦੇ ਕਰੀਬ ਜਾਂ ਹਜ਼ਾਰਾਂ ਦੀ ਗਿਣਤੀ ‘ਚ ਰੱਬ ਹੋਣਗੇ ਕਿਉਂਕਿ ਮੇਰੇ ਆਪਣੇ ਪਿੰਡ ਵਿਚ ਹੀ ਇਕ ਰੱਬ ਤੇ ਦੋ ਕੁ ਰੱਬਣੀਆਂ ਬਣੀਆਂ ਬੈਠੀਆਂ ਹਨ। ਜਿਨ੍ਹੀਆਂ ਬੋਲੀਆਂ ਇਸ ਦੁਨੀਆਂ ਵਿਚ ਅੱਜ ਮੌਜ਼ੂਦ ਹਨ ਤਕਰੀਬਨ ਉਸ ਤੋਂ ਕਈ ਗੁਣਾਂ ਜ਼ਿਆਦਾ ਰੱਬਾਂ ਦੀ ਗਿਣਤੀ ਹੋ ਸਕਦੀ ਹੈ। ਕਿਸੇ ਨੇ ਰੱਬ ਸੱਤਵੇਂ ਅਕਾਸ਼ ਤੇ ਮਿੱਥ ਲਿਆ, ਕਿਸੇ ਨੇ ਸਮੁੰਦਰ ਵਿਚ ਸ਼ੇਸ਼ਨਾਗ ਦੇ ਸਿਰ ਤੇ ਸਮਾਧੀ ਲਾਈ ਬੈਠਾ ਮੰਨ ਲਿਆ, ਕਿਸੇ ਨੇ ਕਿਤੇ ਤੇ ਕਿਸੇ ਨੇ ਕਿਤੇ।
ਹੁਣ ਆਪਾਂ ਗੱਲ ਕਰੀਏ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਿਆਂ ਦੇ ਰੱਬ ਦੀ। ਇਸਲਾਮ ਦੇ ਸੂਫੀ ਕਵੀਆਂ ਨੇ ਇਸਲਾਮ ਦੇ ਰੱਬ ਨੂੰ ਅਕਾਸ਼ ਤੋਂ ਥੱਲੇ ਲਾਹ ਕੇ ਰੱਬ ਦਿਲਾਂ ਵਿਚ ਵੱਸਦੇ ਹੋਣ ਦਾ ਹੋਕਾ ਦਿੱਤਾ ਤੇ ਸੂਲੀ ਚਾੜ੍ਹ ਦਿੱਤੇ ਗਏ। ਇਕ ਸੂਫੀ ਕਵੀ ਦੇ ਬੋਲ:
ਮੰਦਰ ਢਾਹ ਦੇ ਮਸਜ਼ਦ ਢਾਹ ਦੇ ਢਾਹ ਦੇ ਜੋ ਕੁੱਝ ਢਹਿੰਦਾ।
ਇਕ ਬੰਦੇ ਦਾ ਦਿਲ ਨਾ ਢਾਹੀਂ ਰੱਬ ਦਿਲਾਂ ਵਿਚ ਰਹਿੰਦਾ।
ਬਾਬਾ ਫਰੀਦ ਜੀ ਵੀ ਏਹੋ ਹੀ ਫਰਮਾਣ ਕਰਦੇ ਹਨ:
ਆਸਾ ਸੇਖ ਫਰੀਦ ਜੀਉ ਕੀ ਬਾਣੀ॥ ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥ ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਬਾਬਾ ਫਰੀਦ ਜੀ ਨੇ ਵੀ ਰੱਬ ਨੂੰ ਜੰਗਲਾਂ ਬੇਲਿਆਂ ਵਿਚੋਂ ਬਾਹਰ ਕੱਢ ਕੇ ਮਨੁੱਖਤਾ ਦੇ ਦਿਲਾਂ ਵਿਚ ਵੱਸਣ ਦਾ ਹੋਕਾ ਦਿੱਤਾ
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣਿ ਕੰਡਾ ਮੋੜੇਹਿ॥ ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ॥{ਪੰਨਾ 1378}
ਤੇ ਬਾਬੇ ਨਾਨਕ ਜੀ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਰੱਬ ਤੁਹਾਡੇ ਦਿਲਾਂ ਵਿਚ ਹੀ ਵੱਸਦਾ ਹੈ ਉਸਦੀ ਪਹਿਚਾਣ ਕਰੋ।
ਗੁਪਤੁ ਪਰਗਟੁ ਤੂੰ ਸਭਨੀ ਥਾਈ॥ ਗੁਰ ਪਰਸਾਦੀ ਮਿਲਿ ਸੋਝੀ ਪਾਈ॥ ਨਾਨਕ ਨਾਮੁ ਸਲਾਹਿ ਸਦਾ ਤੂੰ, ਗੁਰਮੁਖਿ ਮੰਨਿ ਵਸਾਵਣਿਆ॥8॥24॥25॥ {ਪੰਨਾ 124}
ਬਾਬੇ ਨਾਨਕ ਤੇ ਫਰੀਦ ਜੀ ਦੇ ਇਨ੍ਹਾਂ ਫੁਰਮਾਣਾਂ ਦੇ ਬਾਵਜੂਦ ਵੀ ਮਾਤਾ ਕੌਲਾਂ ਵਾਲੇ ਕੀਰਤਨੀਏ ਗੁਰ ਇਕਬਾਲ ਸਿੰਘ ਨੇ ਬਾਬਾ ਫਰੀਦ ਜੀ ਨੂੰ ਬਾਰਾਂ ਸਾਲਾਂ ਲਈ ਜੰਗਲ ਵਿਚ ਪੁੱਠੇ ਲਟਕਾ ਦਿੱਤਾ ਤੇ ਅਸੀਂ ਨਾਸਮਝੀ ਕਾਰਣ ਉਸ ਨੂੰ ਮਾਲੋ ਮਾਲ ਕਰ ਦਿੱਤਾ।
ਦਸਮ ਗ੍ਰੰਥ/ ਬਚਿੱਤ੍ਰ ਨਾਟਿਕ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਸਿਧਾਂਤਕ ਰੂਪ ਵਿਚ ਬਿਲਕੁਲ ਵੱਖਰੇ-ਵੱਖਰੇ, ਇਕ ਦੂਜੇ ਦੇ ਉਲਟ ਹਨ।
ੴ ਸਤਿਗੁਰ ਪ੍ਰਸਾਦਿ ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ॥ {ਪੰਨਾ784}
ਗੁਰਬਾਣੀ ਦਾ ਰੱਬ ਸਰਬ ਵਿਆਪਕ ਹੈ ਤੇ ਹੈ ਵੀ ਮਿੱਠ ਬੋਲੜਾ। ਗੁਰੂ ਅਰਜਨ ਪਾਤਸਾਹ ਜੀ ਫੁਰਮਾਉਂਦੇ ਹਨ ਕਿ ਮੈਂ ਭਾਲ ਕੇ ਥੱਕ ਗਿਆ ਹਾਂ ਪਰ ਉਹ ਕਦੇ ਵੀ ਕੌੜਾ ਬੋਲ ਬੋਲਦਾ ਨਹੀਂ ਸੁਣਿਆ ਅਤੇ ਉਹ ਕਦੇ ਵੀ ਕਿਸੇ ਦੇ ਔਗਣ ਨਹੀਂ ਚਿਤਾਰਦਾ, ਉਹ ਪੂਰਨ ਭਗਵਾਨ ਹੈ।
ਇਸ ਤੋਂ ਅੱਗੇ ਆਪਾਂ ਕੁੱਝ ਵੰਨਗੀਆਂ ਦਸਮ ਗ੍ਰੰਥ/ਬਚਿੱਤ੍ਰ ਨਾਟਿਕ ਗ੍ਰੰਥ ਦੇ ਰੱਬ ਦੀਆਂ ਵੇਖਦੇ ਹਾਂ।
ਦਸਮ ਗ੍ਰੰਥ ਦਾ ਲਿਖਾਰੀ ਇਕ ਅੱਧ ਪੰਗਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮਿਲਦੀ ਲਿੱਖ ਕੇ:
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ॥ ਦ.ਗ੍ਰੰ.ਪੰਨਾ 39॥
ਕਿ ਉਸ ਦਾ ਕੋਈ ਰੂਪ ਨਹੀਂ, ਰੰਗ ਨਹੀਂ,ਰੇਖ ਨਹੀਂ ਅਤੇ ਨਾ ਹੀ ਸਨੇਹ (ਰਾਗੰ) ਹੈ ਪਰ ਨਾਲ ਹੀ:
ਚਤੁਰ ਬਾਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ ਬਜੀ ਬੰਬ ਸੰਖੰ॥ ਉਠੇ ਨਾਦ ਬੰਖੰ॥33॥ ਦ.ਗ੍ਰੰ. ਪੰਨਾ 41॥ ਇਹ ਵੀ ਦੱਸਣ ਦੀ ਢਿੱਲ ਨਹੀਂ ਕਰਦਾ ਕਿ ਉਸ ਦੀਆਂ ਚਾਰ ਸੁੰਦਰ ਬਾਹਾਂ ਹਨ, ਸਿਰ ਤੇ ਜੂੜਾ ਵੀ ਕੀਤਾ ਹੋਇਆ ਹੈ, ਉਸ ਕੋਲ ਗਦਾ ਵੀ ਹੈ ਜੋ ਜਮਾਂ ਦੇ ਮਨ ਨੂੰ ਮੋਹ ਰਹੀ ਹੈ। ਜੀਭ ਵਿਚੋਂ ਜੁਆਲਾ ਨਿਕਲ ਰਹੀ ਹੈ ਜਾਂ ਅੱਗ ਵਰਗੀ ਜੀਭ ਹੈ, ਦਾੜ੍ਹਾਂ ਬਹੁਤ ਭਿਆਨਕ ਹਨ, ਧੌਂਸੇ ਤੇ ਸੰਖ ਵੱਜ ਰਹੇ ਹਨ ਅਤੇ ਉਸ ਵਿਚੋਂ ਸਮੁੰਦਰ ਦੀ ਗਰਜ ਵਰਗਾ ਨਾਦ ਨਿਕਲ ਰਿਹਾ ਹੈ।
ਜੇਕਰ ਉੱਪਰ ਵਰਨਤ ਨਿੱਕੜ-ਸੁੱਕੜ ਮੁਮਕਨ ਹੈ ਤਾਂ ਉਹ ਰੱਬ ਜ਼ਰੂਰ ਦੇਹਧਾਰੀ ਹੈ ਤੇ ਜਵਾਲਾਮੁੱਖੀ ਦੇਵੀ ਵਰਗਾ, ਨੈਣਾਂ ਦੇਵੀ ਵਰਗਾ ਹੋਵੇਗਾ ਜਾਂ ਦੁਰਗਾ ਦੇਵੀ ਵਰਗਾ। ਜੇਕਰ ਉਸ ਦੇ ਜੀਭ ਹੈ, ਸਿਰ ਤੇ ਜੂੜਾ ਹੈ ਅਤੇ ਮੂੰਹ ਵਿਚ ਦਾੜ੍ਹਾਂ ਤੇ ਉਹ ਵੀ ਭਿਆਨਕ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਆਦਮੀ ਦੀ ਸ਼ਕਲ ਵਿਚ ਦਿਸਿਆ ਹੋਵੇਗਾ ਤੇ ਉਹ ਮਰ ਵੀ ਗਿਆ ਹੋਵੇਗਾ ਕਿਉਂਕਿ ਗੁਰਬਾਣੀ ਦਾ ਫੁਰਮਾਣ ਹੈ:
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ (ਪੰਨਾ 50, ਮ:5)
ਮੇਰੇ ਮਨ ਆਪਣੀ ਮੱਤ ਛੱਡ ਕੇ ਗਿਆਨ ਦੀ ਗੱਲ ਸਮਝ ਕਿ ਜੋ ਵੀ ਦਿਸਦਾ ਹੈ ਉਸ ਨੇ ਮਰਨਾ ਹੈ। ਪਰ ਗੁਰਬਾਣੀ ਦਾ ਰੱਬ ਤਾਂ ਅਬਨਾਸੀ ਹੈ ਤੇ ਅਜੂਨੀ ਵੀ:
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥ {ਪੰਨਾ 759}
ਗੁਰਬਾਣੀ ਤਾਂ ਕਿਸੇ ਰੱਬ ਕੋਲ ਸੰਖ, ਗਦਾ, ਚੱਕ੍ਰ ਹੋਣ ਨੂੰ ਕੱਟਦੀ ਹੋਈ ਰੱਬ ਦੇ ਪੈਦਾ ਹੋਣ ਨੂੰ ਵੀ ਕੱਟਦੀ ਹੈ। ਉਸ ਵਰਗਾ ਹੋਰ ਕੋਈ ਨਹੀਂ, ਉਹ ਅਸਚਰਜ ਰੂਪ ਹੈ, ਉਹ ਗੁਰਮੁੱਖਾਂ/ਸਾਧੇ ਹੋਏ ਭਗਤ ਜਨਾਂ ਦੇ ਮਨਾਂ ਵਿਚ ਵੱਸਦਾ ਹੈ ਤੇ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ ॥ ਅਸਚਰਜ ਰੂਪੰ, ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ, ਬੁਝੰਤਿ ਨਾਨਕ ਬਡਭਾਗੀਅਹ ॥57॥ (ਗੁ. ਗ੍ਰ.ਪੰਨਾ 1359)
ਨਵ ਨੇਵਰ ਨਾਦ ਸੁਰੰ ਨ੍ਰਿਮਲੰ॥ ਮੁਖ ਬਿੱਜੁਲ ਜਵਾਲ ਘਣੰ ਪ੍ਰਜੁਲੰ॥
ਮਦਰਾ ਕਰ ਮੱਤ ਮਹਾ ਭਭਕੰ॥ਬਨ ਮੈ ਮਨੋ ਬਾਘ ਬਚਾ ਬਬਕੰ॥ ਦ. ਗੰ. ਪੰਨਾ 42॥
ਦਸਮ ਗ੍ਰੰਥ ਦਾ ਲਿਖਾਰੀ ਤਾਂ ਆਪਣੇ ਰੱਬ ਦੇ ਪੈਰੀਂ ਝਾਂਜਰਾਂ ਪੁਆ ਕੇ ਕਹਿੰਦਾ ਹੈ ਕਿ ਉਸ ਦੀਆਂ ਝਾਂਜਰਾਂ ਵਿਚੋਂ ਨਿਰਮਲ ਨਾਦ ਨਿਕਲਦਾ ਹੈ, ਮੁੱਖ ਬਿਜਲੀ ਦੀ ਅੱਗ ਵਾਂਗ ਲਿਸ਼ਕਦਾ ਹੈ। ਉਹ ਸ਼ਰਾਬ ਪੀ ਕੇ ਹਾਥੀ ਵਾਂਗ ਭੱਬਕਦਾ ਹੈ ਮਾਨੋ ਜਿਵੇਂ ਜੰਗਲ ਵਿਚ ਸ਼ੇਰ ਦਾ ਬੱਚਾ ਦਾਹੜ ਰਿਹਾ ਹੋਵੇ। ਇਹ ਸਾਰਾ ਕੁੱਝ ਸਾਨੂੰ ਕੀ ਸਮਝਾ ਰਿਹਾ ਹੈ? ਦਸਮ ਗ੍ਰੰਥ ਦਾ ਰੱਬ ਜੂਨਾਂ ਵਿਚ ਆਉਂਦਾ ਹੈ। ਪਰ ਇਹ ਤਾਂ ਤਾਂਤ੍ਰਕ ਮੱਤ ਹੈ ਤੇ ਵੱਡੇ ਢਿੱਡਾਂ ਵਾਲੇ, ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲੇ, ਵਿਹਲੜ ਤੇ ਲਫੰਗੇ ਸਾਧੜੇ ਵੀ ਤਾਂ ਏਹੀ ਪ੍ਰਚਾਰ ਕਰਦੇ ਹਨ ਕਿ ਸਾਡਾ ਫਲਾਣਾ ਪਰਮ ਮਨੁੱਖ, ਬ੍ਰਿਹਮਗਿਆਨੀ ,ਪੂਰਨ ਬ੍ਰਿਹਮਗਿਆਨੀ, ਗੁਰਮਤਿ ਮਾਰਤੰਡ ਆਦਿ।
ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਬੰਦੇ ਨੂੰ ਖਾਲਸਾ ਰੂਪ ਦੇਣ ਲਈ ਖੰਡੇ ਦੀ ਪਾਹੁਲ ਛਕਾਉਂਦੇ ਹਨ ਤੇ ਦੂਸਰੇ ਪਾਸੇ ਉਹ ਇਹ ਕਿਵੇਂ ਲਿਖ ਸਕਦੇ ਹਨ ਕਿ ਜੇ ਤੂੰ ਦਸਮ ਗ੍ਰੰਥ ਦੇ ਇਸ਼ਟ, ਮਹਾਂਕਾਲ ਦਾ ਸਿੱਖ/ਸ਼ਿਸ਼ ਬਣਨਾ ਹੈ ਤਾਂ ਸ਼ਰਾਬ ਭੰਗ ਦਾ ਸੇਵਨ ਕਰ:
ਦਿਜ ਹਮ ਮਹਾ ਕਾਲਕੋ ਮਾਨੈ। ਪਾਹਨ ਮੈ ਮਨ ਕੋ ਨਹਿ ਆਨੈ॥ ਪਾਹਨ ਕੋ ਪਾਹਨ ਕਰਿ ਜਾਨਤ॥ ਤਾ ਤੇ ਬੁਰੋ ਲੋਗ ਏ ਮਾਨਤ।91।ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਿਵਾਇ॥ 125॥ ਚਰਿਤ੍ਰ 266, ਪੰਨਾ 1210॥ ਅਖਰੀਲਾ ਬੰਦ॥
ਪਰ ਗੁਰਬਾਣੀ ਤਾਂ ਮਹਾਂਕਾਲ ਨੂੰ ਵੀ ਰੱਦ ਕਰਦੀ ਹੈ:
ਰਾਮਕਲੀ ਮਹਲਾ 5 ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥1॥ ਰਹਾਉ ॥ {ਪੰਨਾ 885-886}
ਸਲੋਕ ਮਃ ੨ ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ {ਪੰਨਾ 954}
ਗੁਰ ਸਿੱਖ ਭਰਾਵੋ! ਮੈਂ ਤਾਂ ਤੁਹਾਨੂੰ ਅਪੀਲ ਹੀ ਕਰ ਸਕਦਾ ਹਾਂ, ਅੰਧੇ ਲੋਕਾਂ ਦੇ ਦੱਸੇ ਰਾਹ ਤੇ ਤਾਂ ਅੰਧੇ ਲੋਕ ਹੀ ਚੱਲਣਗੇ ਪਰ ਜੇ ਕੋਈ ਸੁਜਾਖਾ ਹੋਵੇਗਾ ਤਾਂ ਉਹ ਔਝੜੇ ਨਹੀਂ ਪਏਗਾ, ਕਿ ਆਪਾਂ ਸੁਜਾਖੇ ਬਣੀਏ, ਲੰਮੇ ਚੋਲਿਆਂ ਵਾਲੇ ਤੇ ਗੋਢਿਆਂ ਤਕ ਲਮਕਦੇ ਢਿੱਡਾਂ ਵਾਲਿਆਂ ਤੋਂ ਕਿਨਾਰਾ ਕਰੀਏ, ਬੰਟੀ ਬਈਏ ਵਾਰਗਿਆਂ ਨੂੰ ਧਾਰਮਿਕ-ਇਤਹਾਸਕ ਅਸਥਾਨਾਂ ਤੇ ਬੋਲਣ ਤੋ ਰੋਕਿਆ ਜਾਵੇ। ਜੇਕਰ ਸਾਰੇ ਦਾ ਸਾਰਾ ਸਾਧ ਲਾਣਾ ਸਿੱਖੀ ਦਾ ਪ੍ਰਚਾਰ ਕਰਦਾ ਹੈ ਤਾਂ ਸਾਰਿਆਂ ਸਿੱਖ ਧਰਮ ਦੇ ਪ੍ਰੇਮੀਆਂ ਨੂੰ ਸਵਾਲ ਹੈ ਕਿ ਸਿੱਖੀ ਕਿੱਥੇ ਹੈ? ਆਓ ਸਾਰੇ ਰਮ-ਮਿਲ ਕੇ ਬਾਬੇ ਦੇ ਉਪਦੇਸ਼ ਨੂੰ ਪ੍ਰਚਾਰਣ ਦਾ ਕੰਮ ਕਰੀਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132