ਤੈਂ ਕੀ ਦਰਦੁ ਨਾ ਆਇਆ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਤਕ ਦੀਆਂ ਸਾਰੀਆਂ ਪ੍ਰਚੱਲਤ ਵਿਆਖਿਆ ਪ੍ਰਣਾਲੀਆਂ ਨੇ ਇਸ ਪੰਗਤੀ ਦੇ ਜੋ ਅਰਥ ਕੀਤੇ ਹਨ, ਉਹ ਗੁਰਮਤਿ ਅਨੁਸਾਰ ਨਹੀਂ ਹਨ। ਸਭ ਨੇ ਏਹੀ ਲਿਖਿਆ ਕਿ ਇਨ੍ਹਾਂ ਗਰੀਬਾਂ ਨੂੰ ਇਤਨੀ ਮਾਰ ਪਈ ਰੱਬਾ, ਤੈਨੂੰ ਦਰਦ ਨਹੀਂ ਆਇਆ। ਮੈਨੂੰ ਵੀ ਜਿਤਨੀ ਕੁ ਸਮਝ ਸੀ ਉਸ ਮੁਤਾਬਕ ਇਹ ਅਰਥ ਹਜ਼ਮ ਤਾਂ ਨਹੀਂ ਸਨ ਹੁੰਦੇ, ਪਰ ਇਸ ਦੇ ਠੀਕ ਅਰਥ ਸਮਝਣ ਵਿੱਚ ਵੀ ਦਿਕਤ ਪੇਸ਼ ਆ ਰਹੀ ਸੀ। ਇਹ ਤਾਂ ਸਮਝ ਪੈਂਦੀ ਸੀ ਕਿ ਰੱਬ ਨੂੰ ਤਰਸ ਯਾ ਦਰਦ ਨਹੀਂ ਆਉਂਦਾ। ਉਹ ਤਾਂ ਕੁਦਰਤੀ ਨਿਯਮਾਂ ਦੇ ਰੂਪ ਵਿੱਚ ਜ਼ਾਲਮ ਵਿੱਚ ਵੀ ਹੈ, ਤੇ ਜ਼ੁਲਮ ਸਹਿਣ ਵਾਲੇ ਵਿੱਚ ਵੀ। ਕੁਦਰਤੀ ਨਿਯਮਾਂ ਮੁਤਾਬਕ ਤਕੜੇ ਨੂੰ ਜਿਉਣ ਦਾ ਹੱਕ ਹੈ ਤੇ ਮਾੜੇ ਨੇ ਖਤਮ ਹੀ ਹੋਣਾ ਹੈ। ਮਾੜੇ ਨੂੰ ਜ਼ੁਲਮ ਸਹਿਣਾ ਪੈਂਦਾ ਹੈ। ਇਸੇ ਕਰਕੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਖੰਡੂਰ ਸਾਹਿਬ ਵਿੱਚ ਮੱਲ ਅਖਾੜੇ ਬਣਾ ਕੇ ਕੌਮ ਨੂੰ ਸਰੀਰਕ ਤੌਰ ਤੇ ਬਲਵਾਨ ਬਨਾਉਣ ਦਾ ਉਪਰਾਲਾ ਕੀਤਾ ਤੇ ਇਸੇ ਕੋਸ਼ਿਸ ਕਰਕੇ ਹੀ ਹਜ਼ਾਰਾਂ ਸਾਲਾਂ ਤੋਂ ਮਾਰ ਖਾਣੀ ਕੌਮ ਨੇ ਅਠਾਹਰਵੀਂ ਸਦੀ ਦੇ ਅਖੀਰਲੇ ਅਤੇ ਉਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਏਸ਼ੀਆ ਦੇ ਸਭ ਤੋਂ ਵੱਧ ਤਾਕਤਵਰ ਹਮਲਾਵਰ ‘ਅਬਦਾਲੀ’ ਦੇ ਦੰਦ ਵੀ ਖੱਟੇ ਕੀਤੇ। ਦੂਸਰਾ ਕਾਰਣ ਪ੍ਰਚੱਲਤ ਅਰਥਾਂ ਨੂੰ ਨਾ ਮੰਨਣ ਦਾ ਇਹ ਵੀ ਹੈ ਕਿ ਗੁਰੂ ਨਾਨਕ ਪਿਤਾ ਰੱਬ ਨੂੰ ਤਾਹਨਾ-ਮਿਹਣਾ ਮਾਰ ਹੀ ਨਹੀਂ ਸਕਦੇ ਕਿਉਂਕਿ ਉਹ ਤਾਂ ਸੌ ਫੀ ਸਦੀ ਰੱਬ ਨੂੰ ਸਮਰਪਤ ਹਨ।
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥ ਪੰਨਾ 660, ਮ:1 ॥
ਦਾਸ ਮਾਲਕ ਨੂੰ ਤਾਹਨਾ-ਮਿਹਣਾ ਮਾਰਨ ਦਾ ਹੱਕ ਨਹੀਂ ਰੱਖਦਾ। ਮਾਲਕ ਵੱਡਾ ਤੇ ਦਾਸ ਛੋਟਾ ਹੈ। ਦਾਸ ਨੇ ਹੁਕਮ ਮੰਨਣਾ ਹੈ ਤੇ ਮਾਲਕ ਨੇ ਹੁਕਮ ਕਰਨਾ ਹੈ। ਇਹ ਨਿਯਮ ਗੁਰਬਾਣੀ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤਕ ਪੂਰੇ ਸਿਦਕ ਨਾਲ ਨਿਭਾਇਆ ਗਿਆ ਹੈ।
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ॥ ਪੰਨਾ 396, ਮ:5 ॥
ਸਾਰੀ ਗੁਰਬਾਣੀ ਵਿੱਚ ਸਭ ਬਾਣੀਕਾਰਾਂ ਨੇ ਸਾਨੂੰ ਏਹੀ ਸਮਝਾਇਆ ਹੈ ਕਿ ਰੱਬ ਦੇ ਨਿਯਮ ਦੇ ਉਲਟ ਜਾ ਕੇ ਕੋਈ ਮਨੁੱਖ ਕੁੱਝ ਨਹੀਂ ਕਰ ਸਕਦਾ। ਗੁਰੂ ਸਾਹਿਬ ਸਿਰਫ ਏਹੀ ਨਹੀਂ ਕਹਿੰਦੇ ਕਿ ਮੈਂ ਤੇਰਾ ਬੰਦਾ ਹਾਂ ਸਗੋਂ ਆਪਣੇ ਆਪ ਨੂੰ ਬੈ-ਖਰੀਦ ਬੰਦਾ ਦੱਸਦੇ ਹਨ। ਐਂਵੇ-ਝੈਵੇਂ ਦਾ ਨਹੀਂ ਸਗੋਂ ਬੈ-ਖਰੀਦਿਆ ਹੋਇਆ। ਬੈ ਖਰੀਦ ਦਾ ਮਤਲਬ ਹੈ ਸਦਾ ਵਾਸਤੇ ਤੇਰੀ ਮਾਲਕੀ ਪੱਕੀ।
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
ਤੇਰੇ ਲਾਲੇ ਕਿਆ ਚਤੁਰਾਈ ॥
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥
ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥ ਪੰਨਾ 991, ਮ:1 ॥
ਗੁਰੂ ਨਾਨਕ ਪਾਤਸ਼ਾਹ ਕੋਈ ਕਸਰ ਛੱਡਦੇ ਹੀ ਨਹੀਂ ਕਿ ਉਹ ਸੌ ਫੀ ਸਦੀ ਪ੍ਰਮਾਤਮਾ ਨੂੰ ਸਮਰਪਤ ਨਹੀਂ ਹਨ। ਮੇਰੀ ਮੱਤ ਤੇਰੀ ਗੋਲੀ ਹੈ ਤੇ ਮੇਰਾ ਸੰਤੋਖ ਰੂਪੀ ਪਿਤਾ ਜਿਨ੍ਹਾਂ ਦਾ ਮੈਂ ਜਾਇਆਂ ਹਾਂ, ਵੀ ਤੇਰੇ ਹੀ ਗੋਲੇ ਹਨ। ਇਸ ਕਰਕੇ ਮੈਂ ਖਰੀਦਿਆ ਹੋਇਆ ਗੋਲਾ, ਗੁਲਾਮ ਹਾਂ ਤੇ ਮੈਂ ਚੰਗੇ ਭਾਗਾਂ ਵਾਲਾ ਹਾਂ। ਐਸੇ ਵਿਚਾਰਾਂ ਵਾਲਾ ਪਰਮ ਮਨੁੱਖ, ਸਿੱਖ ਧਰਮ ਦਾ ਬਾਨੀ, ਆਪਣੇ ਆਪ ਨੂੰ ਰੱਬ ਦਾ ਗੋਲਾ ਸਮਝਣ ਵਾਲਾ, ਰੱਬ ਨੂੰ ਤਾਹਨਾ-ਮਿਹਣਾ ਨਹੀਂ ਮਾਰ ਸਕਦਾ।
ਅਸਲ ਵਿੱਚ ਇਹ ਹਿਮਾਚਲੀ ਪੰਜਾਬੀਆਂ ਦਾ ਪੰਜਾਬੀ ਬੋਲਣ ਦਾ ਲਹਿਜਾ ਹੈ। ਮੇਰਾ ਮੈਨੇਜਰ, ਦਿੱਲ੍ਹੀ ਵਿੱਚ ਹਿਮਾਚਲੀ ਸੀ ਤੇ ਜਦੋਂ ਹੀ ਉਸ ਨੂੰ ਕੋਈ ਗੱਲ ਪੁੱਛਣੀ ਤਾਂ ਉਸ ਨੇ ਕਹਿਣਾ ਕਿ “ਮੈਂ ਕੀ ਪਤਾ”। ਦਰਿਆਫਤ ਕਰਨ ਤੋਂ ਪਤਾ ਚੱਲਆ ਕਿ ਉਹ ਕਹਿ ਰਿਹਾ ਹੈ ਕਿ ਮੈਨੂੰ ਨਹੀਂ ਪਤਾ। ਸੋ ਗੁਰੂ ਨਾਨਕ ਪਿਤਾ ਜੀ ਵੀ ਏਹੀ ਕਹਿ ਰਹੇ ਹਨ “ਤੈਂ ਕੀ ਦਰਦੁ ਨਾ ਆਇਆ” ਮਤਲਬ ਤੈਨੂੰ ਦਰਦ ਆਉਂਦਾ ਹੀ ਨਹੀਂ।
ਹੁਣ ਆਈਏ ਪ੍ਰਚੱਲਤ ਮੁਹਾਵਰੇ ਵੱਲ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜ਼ਾਬਰ ਕਿਹਾ ਯਾ ਨਹੀਂ। ਸਾਰੇ ਇਹ ਕਹਿੰਦੇ ਹਨ ਪਰ ਜੇਕਰ ਪੁੱਛ ਲਿਆ ਜਾਵੇ ਕਿ ਭਾਈ ਤੂੰ ਇਹ ਕਿੱਥੇ ਪੜ੍ਹਿਆ ਹੈ ਤਾਂ ਕੋਈ ਜਵਾਬ ਨਹੀਂ। ਕੁੱਝ ਵਿਆਖਿਆਕਾਰ ਕਹਿੰਦੇ ਹਨ ਕਿ ਜਵਾਬ ਤਾਂ ਹੈ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ 360, ਮ:1 ॥
ਇਸ ਪੰਗਤੀ ਦਾ ਪਿੱਛਲੇਰਾ ਅੱਧ “ਤੈਂ ਕੀ ਦਰਦੁ ਨ ਆਇਆ” ਬਾਬਰ ਨੂੰ ਹੀ ਸੰਬੋਧਨ ਹੈ ਤੇ ਬਾਬਰ ਨੂੰ ਕਹਿ ਰਹੇ ਹਨ ਕਿ ਤੂੰ ਗਰੀਬਾਂ ਨੂੰ ਐਨੀ ਮਾਰ ਮਾਰੀ ਹੈ ਤੈਨੂੰ ਦਰਦ ਨਹੀਂ ਆਇਆ। ਇਹ ਹੈ ਬਾਬਰ ਨੂੰ ਜ਼ਾਬਰ ਕਹਿਣਾ। ਅਸਲ ਵਿੱਚ ਇਹ ਅਰਥ ਵੀ ਗਲਤ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤਾਂ ਸੈਦਪੁਰ ਦੀ ਤਬਾਹੀ ਤੋਂ ਕਾਫੀ ਦੇਰ ਬਾਅਦ ਉੱਥੇ ਪਹੁੰਚੇ ਹਨ। ਹਵਾਲਾ “ਸਿੱਖ ਤਵਾਰੀਖ ਭਾਗ ਪਹਿਲਾ ਪੰਨਾ 167” ਅਤੇ ਜਨਮ ਸਾਖੀ ਪ੍ਰੰਪਰਾ। ਬਾਬਰ ਨੇ ਗੁਰੂ ਨਾਨਕ ਪਿਤਾ ਨੂੰ ਜੇਲ ਵਿੱਚ ਸੁੱਟ ਦਿੱਤਾ, ਚੱਕੀ ਪੀਸਣ ਲਾ ਦਿੱਤਾ, ਚੱਕੀ ਆਪਣੇ ਆਪ ਚੱਲੀ ਜਾਵੇ, ਗੁਰੂ ਨਾਨਕ ਪਿਤਾ ਜੀ ਬਾਬਰ ਤੋਂ ਸੱਤ ਮੁੱਠਾਂ ਭੰਗ ਦੀਆਂ ਪੀਣ ਲਈ ਮੰਗਦੇ ਹਨ ਤੇ ਉਸ ਦੇ ਬਦਲੇ ਵਿੱਚ ਬਾਬਰ ਨੂੰ ਸੱਤ ਪੀੜ੍ਹੀਆਂ ਦਾ ਰਾਜ ਭਾਗ ਬਖਸ਼ਦੇ ਹਨ। ਇਹ ਕਰਾਮਾਤੀ ਕਹਾਣੀਆਂ ਸਭ ਝੂਠੀਆਂ ਹਨ। ਦਰਅਸਲ ਗੱਲ ਇਹ ਹੈ ਕਿ ਲੋਕ ਸਦੀਆਂ ਤੋਂ ਮਾਰ ਖਾਈ ਜਾ ਰਹੇ ਹਨ ਤੇ ਹਰ ਮਾਰ ਦਾ ਦੋਸ਼ ਉਹ ਰੱਬ ਨੂੰ ਦੇਈ ਜਾ ਰਹੇ ਹਨ। ਗੁਰੂ ਨਾਨਕ ਸਾਹਿਬ ਲੋਕਾਂ ਨੂੰ ਮੁਖਾਤਬ ਹੋ ਕੇ ਯਾ ਲੋਕ ਕੀ ਕਹਿੰਦੇ ਨੇਂ, ਉਹ ਗੁਰਬਾਣੀ ਰਾਹੀਂ ਵਰਨਣ ਕਰਦੇ ਹਨ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ਪੰਨਾ 417, ਮ:1 ॥
ਜੇ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਇਹ ਸਜ਼ਾ ਤੁਹਾਨੂੰ ਮਿਲਣੀ ਹੀ ਨਹੀਂ ਸੀ।।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਲੋਕ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾ ਕੇ ਦੋਸ਼ ਰੱਬ ਨੂੰ ਦੇ ਰਹੇ ਹਨ ਕਿ ਮੁਗਲਾਂ ਨੂੰ ਜਮਾਂ ਦੇ ਰੂਪ ਵਿੱਚ ਰੱਬ ਲੈ ਕੇ ਆਇਆ ਹੈ। ਇਹ ਓਹੀ ਗੱਲ ਹੈ ਜਿਵੇਂ ਕਿਸੇ ਦੇ ਘਰ ਜੁਆਨ ਬੱਚਾ ਮਰ ਜਾਵੇ ਤੇ ਲੋਕ ਕਹਿੰਦੇ ਹਨ ਕਿ ਰੱਬਾ ਤੈਨੂੰ ਸਾਡਾ ਹੀ ਘਰ ਦਿਸਿਆ ਐ। ਜੁਆਨ ਬੱਚਾ ਭਾਵੇਂ ਨਸ਼ੇ ਕਰਕੇ, ਸ਼ਰਾਬ ਪੀ ਕੇ, ਐਕਸੀਡੈਂਟ ਕਰਕੇ ਯਾ ਲਾਲਚ-ਭਰਮ ਤੇ ਵਹਿਮ ਕਰਕੇ ਮਰਿਆ ਹੋਵੇ ਪਰ ਅਸੀਂ ਮੂਰਖ ਲੋਕ ਦੋਸ਼ੀ ਰੱਬ ਨੂੰ ਹੀ ਠਹਿਰਾ ਰਹੇ ਹੁੰਦੇ ਹਾਂ। ਰੱਬ ਨਾ ਐਕਸੀਡੈਂਟ ਕਰਕੇ ਕਿਸੇ ਨੂੰ ਮਾਰਦਾ ਹੈ ਤੇ ਨਾ ਹੀ ਹੋਰ ਕਿਸੇ ਕਾਰਣ ਕਰਕੇ। ਕਸੂਰ ਬੰਦੇ ਦਾ ਆਪਣਾ ਹੁੰਦਾ ਹੈ ਤੇ ਥੋਪਦੇ ਆਪਾਂ ਰੱਬ ਦੇ ਨਾਮ ਤੇ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ ਪੰਨਾ 433, ਮ:1॥
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥੪॥ ਪੰਨਾ 795, ਮ:1 ॥
ਐ ਬੰਦੇ! ਜੇ ਤੇਰੇ ਵਿੱਚ ਚੰਗੇ ਗੁਣ ਨਹੀਂ, ਤੂੰ ਭਗਤਿ ਹੀਣ ਹੈਂ ਤਾਂ ਦੋਸ਼ ਰੱਬ ਨੂੰ ਨਾ ਦੇਹ। ਇਸ ਦੁਨੀਆ ਵਿੱਚ ਅਸਲ ਕਸੂਰਵਾਰ ਬੰਦਾ ਹੀ ਹੈ। ਗੁਰਬਾਣੀ ਵਿਚੋਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਮਿਲ ਸਕਦੀਆਂ ਹਨ।
ਅਸਲ ਵਿੱਚ ਸੈਦਪੁਰ/ਐਮਨਾਬਾਦ ਦੀ ਸਿਰਫ ਉਦਾਹਰਣ ਹੀ ਲਈ ਗਈ ਹੈ ਕਿਉਂਕਿ ਪੰਨਾ 359 ਤੇ ਸਲੋਕ ਨੰਬਰ 37 ਅਤੇ ਪੰਨਾ 360 ਤੇ ਸਲੋਕ ਨੰਬਰ 38 ਤਾਂ ਭਰਥਰ ਜੋਗੀ ਦੇ ਚੇਲਿਆਂ ਨਾਲ ਜਵਾਬ-ਸਵਾਲ ਹਨ।
ਹੁਣ ਆਪਾਂ ਰਹਾਉ ਦੀ ਪੰਗਤੀ ਦੀ ਵਿਚਾਰ ਕਰਦੇ ਹਾਂ ਤਾਂ ਬਿਲਕੁੱਲ ਸਪੱਸ਼ਟ ਹੋ ਜਾਂਦਾ ਹੈ ਕਿ ਰੱਬ ਤਾਂ ਸਾਰਿਆਂ ਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਦੁੱਖ ਇਸ ਗੱਲ ਦਾ ਹੈ ਕਿ ਜੇਕਰ ਰਾਜਾ ਰਾਜੇ ਨਾਲ ਭਿੜੇ, ਲੜਾਈ ਕਰਕੇ ਮਰੇ ਯਾ ਜੀਵੇ ਤਾਂ ਕਹਿੰਦੇ ਹਨ ਕਿ ਮੈਨੂੰ ਕੋਈ ਰੋਸ ਨਹੀਂ।
ਕਰਤਾ ਤੂੰ ਸਭਨਾ ਕਾ ਸੋਈ ॥
ਰੱਬਾ! ਤੂੰ ਤਾਂ ਸਾਰਿਆ ਦਾ ਹੈਂ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਗੁਰੂ ਜੀ ਸੰਕੇਤ ਕਰਦੇ ਹਨ ਕਿ ਰਾਜਾ ਤਾਂ ਦਿੱਲੀ ਬੈਠਾ ਹੈ ਤੇ ਬਾਬਰਾ ਤੂੰ ਨਿਰਦੋਸ਼ਿਆਂ ਨੂੰ , ਨਿਮਾਣਿਆਂ ਨੂੰ ਅਤੇ ਨਿਤਾਣਿਆਂ ਨੂੰ ਸੈਦਪੁਰ (ਪਿਛਲੇਰਾ ਨਾਮ ਐਮਨਾਬਾਦ) ਵਿੱਚ ਕੁੱਚਲ ਰਿਹਾ ਹੈਂ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ਪੰਨਾ 360॥
ਜੇ ਕਿਤੇ ਤਕੜਾ ਸ਼ੇਰ ਗਾਈਆਂ ਦੇ ਵੱਗ ਤੇ ਆ ਪਵੇ ਤੇ ਕੁੱਝ ਕੁ ਨੂੰ ਮਾਰ ਦੇਵੇ ਤਾਂ ਗਾਈਆਂ ਦੇ ਮਾਲਕ ਵੱਗ ਦੇ ਖਸਮ ਨਾਲ ਲੈਣ ਦੇਣ ਦੀ ਗੱਲ ਕਰਨਗੇ। ਇਸ ਕਰਕੇ ਕਸੂਰ ਦਿੱਲੀ ਬੈਠੇ ਰਾਜੇ ਦਾ ਹੈ। ਪੁੱਛ-ਗਿੱਛ ਉਸਦੀ ਹੋਣੀ ਚਾਹੀਦੀ ਹੈ।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥
ਹੀਰਿਆਂ ਵਰਗੇ ਨੌਜਵਾਨ ਤੇਰੇ ਕੁੱਤਿਆਂ (ਸਿਪਾਹੀਆਂ) ਨੇ ਮਾਰ ਮੁਕਾ ਦਿੱਤੇ ਹਨ ਤੇ ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ ਬਚਿਆ। ਆਪਣੇ ਆਪ ਵਿੱਚ ਕੋਈ ਕਿਤਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਜਿਤਨੇ ਮਰਜੀ ਮਨ ਭਾਉਂਦੇ ਰੰਗ ਤਮਾਸ਼ੇ ਕਰੇ ਪਰ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਤਾਂ ਉਹ ਇੱਕ ਕੀੜੇ ਦੇ ਸਮਾਨ ਹੀ ਹੈ। ਜੇ ਤੂੰ ਆਪਣੇ ਆਪ ਨੂੰ ਲੋਕਾਂ ਦੇ ਉਜਾੜੇ ਦੀ ਥਾਂ ਲੋਕ ਭਲਾਈ ਦਾ ਕੰਮ ਕਰਨ ਲੱਗ ਪਵੇਂ ਤਾਂ ਤੂੰ ਆਪਣੇ ਅੱਲਾ-ਤਾਲਾ ਦੇ ਦਰ ਤੋਂ ਕੁੱਝ ਪ੍ਰਾਪਤ ਕਰ ਸਕਦਾ ਹੈਂ?
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥ ਪੰਨਾ 360॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ਪੰਨਾ 360॥
ਇਸ ਪੰਗਤੀ ਦੇ ਅਰਥ ਵੀ ਅਕਸਰ ਇਹ ਕੀਤੇ ਜਾਂਦੇ ਹਨ ਕਿ ਭਾਈ ਇਹ ਪ੍ਰਮਾਤਮਾ ਦੀ ਹੀ ਮਰਜ਼ੀ ਹੈ ਚਾਹੇ ਉਹ ਕਿਸੇ ਨੂੰ ਬਚਾ ਲਵੇ ਚਾਹੇ ਮਾਰ ਦੇਵੇ। ਇਸਦਾ ਮਤਲਬ ਇਹ ਹੈ ਕਿ ਅਸੀਂ ਦੋਸ਼ ਰੱਬ ਦੇ ਸਿਰ ਮੜ੍ਹਦੇ ਹਾਂ। ਤੇ ਅਗਲੀ ਪੰਗਤੀ;
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ਪੰਨਾ 417॥
ਦੇ ਅਰਥ ਵੀ ਏਹੀ ਕੀਤੇ ਜਾਂਦੇ ਹਨ ਕਿ ਜੇ ਰੱਬ ਨੂੰ ਭਾਉਂਦਾ ਹੈ ਤਾਂ ਉਹ ਤੁਹਾਨੂੰ ਵਡਿਆਈਆਂ ਬਖਸ਼ ਦਿੰਦਾ ਹੈ ਜੇ ਨਹੀਂ ਤਾਂ ਸਜ਼ਾ। ਭਾਵ ਰੱਬ ਵੱਖਰੇਵਾਂ ਕਰਦਾ ਹੈ। ਪਰ ਗੁਰਬਾਣੀ ਦਾ ਰੱਬ ਤਾ ਸਭ ਦਾ ਸਾਂਝਾ ਹੈ। ਐ ਬੰਦੇ ਜੇ ਤੈਨੂੰ ਕੁਦਰਤ ਦੇ ਨਿਯਮਾਂ ਦੀ ਸਮਝ ਆ ਜਾਵੇ ਤਾਂ ਵਡਿਆਈ ਮਿਲ ਸਕਦੀ ਹੈ ਨਹੀਂ ਤਾਂ ਸਜਾ। ਜੇ ਇਸ ਨਿਯਮ ਨੂੰ ਦਿੱਲੀ ਦੇ ਰਾਜੇ ਨੇ ਸਮਝਿਆ ਹੁੰਦਾ ਕਿ ਤਕੜੇ ਨੂੰ ਜਿਉਣ ਦਾ ਹੱਕ ਹੈ ਤੇ ਮਾੜੇ ਨੇ ਖਤਮ ਹੋਣਾ ਹੀ ਹੈ, ਤਾਂ ਉਹ ਆਪਣੀ ਫੌਜੀ ਤਿਆਰੀ ਕਰਕੇ ਬਾਬਰ ਦੇ ਦੰਦ ਖੱਟੇ ਕਰਦਾ। ਮਤਲਬ ਸਜ਼ਾ ਬਾਬਰ ਨੂੰ ਦਿੰਦਾ। ਦਿੱਲੀ ਵਾਲਿਆਂ ਤਿਆਰੀ ਕੋਈ ਕੀਤੀ ਨਹੀਂ, ਕੁਦਰਤ ਦੇ ਨਿਯਮਾਂ ਨੂੰ ਸਮਝਿਆ ਨਹੀਂ, ਤਾਂ ਵਡਿਆਈਆਂ ਦੀ ਥਾਂ ਸਜ਼ਾ ਹੀ ਮਿਲਣੀ ਸੀ।
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥... ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ਪੰਨਾ 97, ਮ:5 ॥
ਗੁਰਬਾਣੀ ਦਾ ਰੱਬ ਨਾ ਕਿਸੇ ਨੂੰ ਕਿਸੇ ਨਾਲੋਂ ਤੋੜਦਾ ਹੈ ਨਾ ਕਿਸੇ ਨੂੰ ਕਿਸੇ ਨਾਲ ਜੋੜਦਾ ਹੈ, ਨਾ ਕਿਸੇ ਨੂੰ ਰੱਖਦਾ ਹੈ ਤੇ ਨਾ ਕਿਸੇ ਨੂੰ ਮਾਰਦਾ ਹੈ, ਨਾ ਕਿਸੇ ਨੂੰ ਸਜ਼ਾ ਦਿੰਦਾ ਹੈ ਤੇ ਨਾ ਕਿਸੇ ਨੂੰ ਵਡਿਆਈਆਂ ਬਖਸ਼ਦਾ ਹੈ। ਉਹ ਇੱਕ ਸਾਰ ਹੈ ਤੇ ਵੱਖਰੇਵਾਂ ਨਹੀਂ ਕਰਦਾ। ਉਪਰ ਲਿਖੀਆਂ ਦੋ ਸਤਰਾਂ ਵਾਲੀਆਂ ਸਾਰੀਆਂ ਗੱਲਾਂ, ਉਹ ਰੱਬ ਤਾਂ ਕਰ ਸਕਦਾ ਹੈ ਜਿਹੜਾ ਕਿਸੇ ਸੱਤਵੇਂ ਅਸਮਾਨ ਤੇ ਬੈਠਾ ਹੈ, ਪਰ ਗੁਰਬਾਣੀ ਵਿੱਚਲਾ ਰੱਬ ਸੱਤਵੇਂ ਅਸਮਾਨ ਤੇ ਨਹੀਂ ਬੈਠਾ ਉਹ ਤਾਂ,
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378॥ ਹਿਰਦੇ ਵਿੱਚ ਹੈ।
ਮੁੱਕਦੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਰੱਬ ਨੂੰ ਤਾਹਨਾ ਮਿਹਣਾ ਨਹੀਂ ਮਾਰਦੇ, ਸਗੋਂ ਲੋਕਾਂ ਨੂੰ ਲਾਹਨਤਾਂ ਪਾ ਰਹੇ ਹਨ ਕਿ ਲੋਕੋ! ਜੇ ਤਿਆਰੀ ਕੀਤੀ ਹੁੰਦੀ ਤਾਂ ਤੁਹਾਨੂੰ ਮਾਰ ਨਹੀਂ ਸੀ ਪੈਣੀ। ਕਿਉਂਕਿ ਤੁਸੀਂ ਤਿਆਰੀ ਨਹੀਂ ਕੀਤੀ, ਇਸ ਕਰਕੇ ਤੁਸੀਂ ਪੀੜ੍ਹੀ ਦਰ ਪੀੜ੍ਹੀ ਹਮਲਾਵਰਾਂ ਕੋਲੋਂ ਕੁੱਟ ਖਾਂਦੇ ਹੀ ਰਹੋਗੇ। ਕਿਸੇ ਨੇ ਲਿਖਿਆ ਹੈ ਕਿ “ਜਿਸ ਕੌਮ ਦੇ ਪਿਤਾ ਨੂੰ ਮਰਨ ਦਾ ਵੱਲ ਆ ਜਾਵੇ ਉਸ ਕੌਮ ਦੇ ਬੱਚਿਆਂ ਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ”। ਸਾਰੀ ਗੁਰਬਾਣੀ, ਭਗਤਾਂ ਤੋਂ ਲੈ ਕੇ ਗੁਰੂ ਸਾਹਿਬਾਨ ਤਕ, ਬੰਦੇ ਨੂੰ ਬੰਦਾ ਬਣਨ ਦਾ ਵੱਲ ਸਿਖਾਉਂਦੀ ਹੈ ਤੇ ਇਹ ਤਸਵੀਰ ਸਾਨੂੰ ਛੇਵੇਂ ਪਾਤਸ਼ਾਹ ਦੇ ਵੇਲੇ ਨਜ਼ਰ ਆਉਣੀ ਸ਼ੁਰੂ ਹੁੰਦੀ ਹੈ, ਦਸਵੇਂ ਗੁਰੂ ਜੀ ਵੇਲੇ ਜੋਬਨ ਵਿੱਚ ਦਿੱਸਦੀ ਹੈ, ਬੰਦਾ ਸਿੰਘ ਬਹਾਦਰ ਵੇਲੇ ਖੰਡਾ ਖੜਕਾਉਂਦੀ ਤੇ ਛਣਕਾਟੇ ਪਾਉਂਦੀ ਦਿੱਸਦੀ ਹੈ, ਮਿਸਲਾਂ ਦੇ ਸਮੇਂ ਕਹਿਰ ਝੱਲਦੀ ਤੇ ਮਰਦੀ ਨਜ਼ਰੀਂ ਪੈਂਦੀ ਹੈ ਪਰ ਏਹੋ ਲਹਿਰ ਮੁੜ ਸੁਰਜੀਤ ਹੋ ਕੇ ਖਾਲਸਾ ਰੂਪ ਵਿੱਚ ਲਾਹੌਰ ਤੇ ਕੇਸਰੀ ਨਿਸ਼ਾਨ ਝੁਲਾਉਂਦੀ ਪ੍ਰਤੱਖ ਦਿੱਸਦੀ ਹੈ। ਕਿਉਂਕਿ ਹੁਣ ਇਸਨੇ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਪੰਨਾ 417॥ ਨੂੰ ਆਪਣੇ ਹੱਡੀਂ ਹੰਢਾ ਲਿਆ ਹੈ। ਬਾਪ ਸ਼ਹੀਦੀ ਪਾ ਗਿਆ ਹੈ ਤੇ ਪੁੱਤਰਾਂ ਨੂੰ ਜਿਉਣ ਦੀ ਜਾਂਚ ਆ ਗਈ ਹੈ।
ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ ਪੰਨਾ 978, ਮ:5 ॥
ਗੁਰੂ ਅਰਜਨ ਪਾਤਸ਼ਾਹ ਜੀ ਵੀ ਇਸੇ ਸਿਧਾਂਤ ਦੀ ਗਵਾਹੀ ਉਪਰ ਲਿਖੇ ਸਲੋਕ ਵਿੱਚ ਭਰਦੇ ਹਨ ਕਿ ਮੈਂ ਤਾਂ ਤੈਨੂੰ ਉਲਾਹਮਾ ਦੇ ਹੀ ਨਹੀਂ ਸਕਦਾ ਤੇ ਤੇਰਾ ਹਰ ਹੁਕਮ ਮਿੱਠਾ ਕਰਕੇ ਮਨ ਵਿੱਚ ਮੰਨਦਾ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132